ਸਿੱਖਾਂ ਦੇ ਪਹਿਲੇ ਤੇ ਆਖਰੀ ਰਾਜੇ ਬਾਰੇ ਸੱਚੋ ਸੱਚ - ਗੁਰਚਰਨ ਸਿੰਘ ਜਿਉਣਵਾਲਾ

ਬਾਬਾ ਬੰਦਾ ਸਿੰਘ ਨੇ ਵੀ ਰਾਜ ਭਾਗ ਕਾਇਮ ਕੀਤਾ ਪਰ ਉਹ ਬਹੁਤਾ ਲੰਮਾ ਸਮਾਂ ਰਾਜ ਨਹੀਂ ਕਰ ਸਕਿਆ। ਮੈਂ ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਵੱਡੇ ਅਤੇ ਸਮੁਚੇ ਪੰਜਾਬ ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ ਹਾਂ ਜਿਸ ਨੇ ਲਾਹੌਰ ਨੂੰ ਮੁੱਖ ਦਰਬਾਰ ਬਣਾਇਆ ਅਤੇ ਉਸ ਦੇ ਰਾਜ ਦੀਆਂ ਧੁੰਮਾਂ ਦੁਨੀਆਂ ਵਿੱਚ ਪਈਆਂ ਸਨ। ਰੂਸੀ ਸ਼ਹਿਜਾਦਾ ਸੋਲਟੀਕੂਫ 1842 ਵਿੱਚ ਮਿਤਰਤਾ ਵਾਲਾ ਖਤ ਲੈ ਕੇ ਲਾਹੌਰ ਪਹੁੰਚਿਆ ਅਤੇ ਇਥੇ ਇਹ ਮਹਾਂਰਾਜਾ ਸ਼ੇਰ ਸਿੰਘ ਦਾ ਪ੍ਰਾਹੁਣਾ ਬਣਿਆ। ਲਾਹੌਰ ਦੇ ਸ਼ਾਲਾਮਾਰ ਬਾਗ ਦੀ ਰੌਣਕ ਅਤੇ ਸਫਾਈ ਵੇਖ ਕੇ ਇਹ ਕਹਿੰਦਾ ਹੈ ਕਿ ਇਹ ਫਰਾਂਸ ਦੇ ਵਰਸਾਈਲ ਮਹਿਲਾਂ ਦੇ ਤੁਲ ਹੈ ਜੋ ਸਵਰਗ ਦੇ ਨਜ਼ਾਰੇ ਦੀ ਝਲਕ ਦਿੰਦਾ ਹੈ। 1804 ਵਿੱਚ ਰਾਵੀ ਵਿਚੋਂ ਛੋਟੀ ਨਹਿਰ (ਜਿਸ ਨੂੰ ਹੰਸਲੀ ਕਹਿੰਦੇ ਹਨ) ਕੱਢ ਕੇ ਸ਼ਾਲਾਮਾਰ ਬਾਗ ਨੂੰ ਹਰਿਆ-ਭਰਿਆ ਕਰਨ ਦਾ ਕੰਮ ਵੀ ਰਾਜੇ ਰਣਜੀਤ ਸਿੰਘ ਨੇ ਹੀ ਕੀਤਾ ਸੀ। ਫਰਾਂਸ ਦੇ ਰਾਜੇ ਦਾ ਵੀ ਇੱਕ ਐਸਾ ਖਤ ਮਹਾਂਰਾਜੇ ਰਣਜੀਤ ਸਿੰਘ ਦੇ ਜਿਉਂਦੇ ਜਿਉਂਦੇ ਲਾਹੌਰ ਦਰਬਾਰ ਵਿੱਚ ਪਹੁੰਚ ਚੁੱਕਿਆ ਸੀ।
ਸਿੱਖੋ! ਮਾਣ ਕਰੋ ਆਪਣੇ ਮਹਾਂਰਾਜੇ ਰਣਜੀਤ ਸਿੰਘ ਤੇ ਜਿਸ ਨੂੰ ਆਪਣੇ ਬਾਪ ਕੋਲੋਂ ਵਿਰਸੇ ਵਿੱਚ ਕੁੱਝ ਕੁ ਸੈਂਕੜੇ ਸਿਪਾਹੀ ਅਤੇ ਪਿੰਡ ਮਿਲੇ ਸਨ ਅਤੇ ਆਪਣੇ 40 ਕੁ ਸਾਲਾਂ ਦੇ ਰਾਜ ‘ਚ ਖਾਲਸਾ ਰਾਜ ਨੂੰ ਦੁਨੀਆਂ ਦੀ ਸੁਪਰ-ਪਾਵਰ ਬਣਾ ਦਿੱਤਾ। ਰਣਜੀਤ ਸਿੰਘ ਸਿਰਫ 13 ਸਾਲਾਂ ਦਾ ਸੀ ਜਦੋਂ ਸ਼ਿਕਾਰ ਖੇਡਦਾ ਖੇਡਦਾ ਚੱਠਿਆਂ ਦੀ ਜੂਹ ਵਿੱਚ ਜਾ ਵੜਿਆ ਤੇ ਓਹ ਪਹਿਲਾਂ ਹੀ ਇਸ ਦਾ ਸ਼ਿਕਾਰ ਕਰਨ ਲਈ ਤਾਕ ਲਾਈ ਬੈਠੇ ਸਨ। ਤੂ-ਤੂ ਮੈਂ-ਮੈਂ ਹੋਣ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੇ ਤਲਵਾਰ ਦੇ ਇਕੋ ਵਾਰ ਨਾਲ ਚੱਠਿਆਂ ਦੇ ਸਿਰਦਾਰ ਦਾ ਸਿਰ ਕਲਮ  ਕਰ ਦਿੱਤਾ। ਚੱਠਿਆਂ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਸਿਰਦਾਰ ਦੀ ਧੜ ਤਾਂ ਤੁਸੀਂ ਉਠਾ ਲਈ ਹੋਵੇਗੀ ਪਰ ਸਿਰਦਾਰ ਦਾ ਸਿਰ ਮੇਰੇ ਕੋਲ ਗਿਰਵੀ ਹੈ। ਜਿਤਨਾ ਚਿਰ ਤੁਸੀਂ ਸ਼ੁਕਰਚੱਕੀਆ ਮਿਸਲ ਦੀ ਸਿਰਦਾਰੀ ਨਹੀਂ ਕਬੂਲਦੇ ਉਤਨਾ ਚਿਰ ਮੈਂ ਇਹ ਸੀਸ ਤੁਹਾਨੂੰ ਵਾਪਸ ਨਹੀਂ ਕਰਾਂਗਾ। ਚੱਠਿਆਂ ਦੀ ਮਿਸਲ ਨੇ ਰਣਜੀਤ ਸਿੰਘ ਦੀ ਸਿਰਦਾਰੀ ਕਬੂਲ ਕਰਕੇ ਆਪਣੇ ਸਿਰਦਾਰ ਦਾ ਸਿਰ ਵਾਪਸ ਲਿਆ ਤੇ ਫਿਰ ਉਸ ਨੂੰ ਦਫਨ ਕੀਤਾ। ਰਸ਼ੀਆ ਵਾਂਗਰ ਨਹੀਂ ਕਿ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਆਪਣੇ ਹੀ ਦੁਸ਼ਮਣ ਤੋਂ ਮੰਗਣਾ ਪਵੇ। ਖਾਲਸਾ ਰਾਜ ਤਾਂ ਖਾਣ ਲਈ ਕੁਦਰਤੀ ਲੂਣ/ਨਮਕ ਦਰਾਮਦ ਕਰਕੇ ਹੀ ਲੱਖਾਂ ਰੁਪਿਆਂ ਦਾ ਵਪਾਰ ਕਰਦਾ ਸੀ। ਸ਼ਹਿਦ, ਰੇਸ਼ਮੀ ਕਪੜਾ ਤੇ ਗੁਲਬਦਨ ਅੰਮ੍ਰਿਤਸਰ ਤੇ ਮੁਲਤਾਨ ਵਿੱਚ ਵਪਾਰ ਲਈ ਤਿਆਰ ਕੀਤੇ ਜਾਂਦੇ ਸਨ ਅਤੇ ਕਿਸ਼ਤੀਆਂ ਦਾਦਨਖਾਨ ਤੋਂ।
ਮੈਂ ਫਰੀਦਕੋਟ ਰਿਆਸਤ  ਦੇ ਰਹਿਣ ਵਾਲਾ ਹਾਂ ਤੇ ਇਸ ਪਾਸੇ ਦੇ ਪੰਜਾਬ ਵਿੱਚ ਤਾਂ ਏਹੀ ਪ੍ਰਚਾਰ ਕੀਤਾ ਗਿਆ ਕਿ ਅਗਰੇਜ਼ਾਂ ਨੇ 1872-80 ਵਿੱਚ ਨਹਿਰਾਂ ਕੱਢ ਕੇ ਲੋਕਾਂ ਨੂੰ ਖੇਤੀ ਕਰਨ ਦਾ ਤਰੀਕਾ ਸਿਖਾਇਆ, ਨਹਿਰਾਂ ਰਾਹੀਂ ਵਪਾਰ ਕਰਨਾ ਤੇ ਲੱਕੜ ਦੀ ਢੋ-ਢੁਆਈ ਸਿਖਾਈ। ਪਰ ਰਣਜੀਤ ਸਿੰਘ ਨੇ ਤਾਂ 1837ਈ: ਤਕ ਨਹਿਰੀ ਪਾਣੀ ਨਾਲ 37,500 ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਲਿਆ ਸੀ। ਪਿਛਲੇ ਸਾਲਾਂ ਦੇ ਮੁਕਾਬਲਤਨ ਜਦੋਂ ਇਸ ਸਾਲ ਲੋਕਾਂ ਦੀ ਹਾਲਤ ਚੰਗੀ ਹੋਈ ਤੇ ਸਰਕਾਰੀ ਖਜ਼ਾਨੇ ਵਿੱਚ ਮਾਮਲਾ ਵੀ ਜ਼ਿਆਦਾ ਆਇਆ ਤਾਂ ਅਗਲੇ ਸਾਲ, 1838ਈ: ‘ਚ, ਦਸ ਲੱਖ ਏਕੜ ਜ਼ਮੀਨ ਦੀ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ ਗਈ। ਇਸ ਸਾਲ ਤਕ ਨਹਿਰਾਂ ਦੀ ਲੰਬਾਈ 300 ਕੋਹ/ 650 ਤੋਂ 700 ਕਿਲੋਮੀਟਰ ਸੀ ਜੋ ਬਾਅਦ ਵਿੱਚ ਹੋਰ ਵੀ ਵਧਾਈ ਗਈ। ਨਹਿਰਾਂ ਵਿੱਚ ਚੱਲਣ ਵਾਲੀਆਂ ਕਿਸ਼ਤੀਆਂ, ਪਿੰਡ ਦਾਦਨ ਖਾਨ ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ, ਦੁਨੀਆਂ ਭਰ ਵਿੱਚ ਮਸ਼ਹੂਰ ਸਨ। ਲੋਕਾਂ ਨੂੰ ਖੂਹ ਅਤੇ ਝੱਟੇ ਲਾਉਣ ਲਈ ਸਰਕਾਰੀ ਖਜ਼ਾਨੇ ਵਿਚੋਂ ਬਗੈਰ ਵਿਆਜ ਤੋਂ ਪੈਸਾ ਦਿੱਤਾ ਗਿਆ ਜੋ ਬਗੈਰ ਕਿਸੇ ਕਸ਼ਟ ਉਠਾਇਆਂ ਵਾਪਸ ਕਰਨ ਲਈ ਕਿਹਾ ਗਿਆ ਅਤੇ ਕੁੱਝ ਕੁ ਹਾਲਤਾਂ ਵਿੱਚ ਜੇਕਰ ਕੋਈ ਕਿਸਾਨ ਵਾਪਸ ਨਹੀਂ ਕਰ ਸਕਦਾ ਸੀ ਤਾਂ ਮੁਆਫ ਵੀ ਕੀਤਾ ਗਿਆ। ਮਹਾਂਰਾਜੇ ਦੀ ਇਹ ਸੋਚ ਸੀ ਕਿ ਜੇਕਰ ਜ਼ਿਮੀਦਾਰ ਖੁਸ਼ਹਾਲ ਹਨ ਤਾਂ ਹੀ ਤਾਂ ਉਹ ਮੇਰੇ ਰਾਜ ਦੀ ਰਾਖੀ ਕਰਨ ਲਈ ਚੰਗੇ ਡੀਲ-ਡੌਲ ਅਤੇ ਤੰਦਰੁਸਤ ਨੌਜਵਾਨ ਪੈਦਾ ਕਰਨਗੇ। ਹਵਾਲਾ ‘ਪੰਜਾਬ ਦਾ ਸਮਾਜਕ ਇਤਿਹਾਸ’ (ਖਾਲਸਾ ਰਾਜ-ਕਾਲ ਵਿੱਚ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ।
ਜਦੋਂ ਹੀ ਮੈਂ ਇਹ ਗੱਲ ਪ੍ਰਿੰ. ਸਰਵਣ ਸਿੰਘ ਢੁੱਡੀਕਿਆਂ ਵਾਲਿਆਂ ਨਾਲ ਸਾਂਝੀ ਕੀਤੀ ਤਾਂ ਕਹਿਣ ਲੱਗੇ ਕਿ ਮੋਘਿਆਂ ਦੇ ਨੰਬਰ ਦਿਓ ਤਾਂ ਮੇਰਾ ਇਹ ਉੱਤਰ ਸੀ ਕਿ ਤੁਸੀਂ ਉਨ੍ਹਾਂ ਮੁਸਲਮਾਨੀ ਔਰਤਾਂ, ਜਿਨ੍ਹਾਂ ਦਾ ਵਿਆਹ ਮਹਾਂਰਾਜੇ ਰਣਜੀਤ ਸਿੰਘ ਨਾਲ ਕਰਵਾਇਆ ਹੈ, ਦੇ ਨੱਕ, ਕੰਨ, ਅੱਖਾਂ ਅਤੇ ਲੱਤਾਂ-ਬਾਹਾਂ ਅਤੇ ਲੱਕ ਦੀ ਮਿਣਤੀ ਦੀਆਂ ਫੋਟੋ ਵਿਖਾਓ ਕਿ ਉਹ ਕੇਹੋ ਜਿਹੀਆਂ ਸਨ ਅਤੇ ਕੀ ਕੀ ਪਹਿਨਦੀਆਂ ਸਨ। ਮੈਂ ਕਿਹਾ ਸਰਵਣ ਸਿੰਘ ਜੀ ਇਹ ਤਾਂ ਉਹ ਗੱਲ ਹੋਈ ਕਿ, “ਗਏ ਸੀ ਨਮਾਜ਼ ਭਗਤਾਉਣ ਪੈ ਗਏ ਰੋਜ਼ੇ ਗਲ”। ਮੈਂ ਤਾਂ ਮੋਘਿਆਂ ਦੇ ਨੰਬਰ ਪਾਕਿਸਤਾਨ ਜਾ ਕੇ ਲੱਭ ਲਿਆਵਾਂਗਾ ਪਰ ਤੁਸੀਂ ਮਹਾਂਰਾਜੇ ਰਣਜੀਤ ਸਿੰਘ ਦਾ ਮੁਸਲਮਾਨੀ ਨਾਮ ਕਿਵੇਂ ਪੈਦਾ ਕਰੋਗੇ? ਚੰਗਾ ਹੁੰਦਾ ਜੇਕਰ ਤੁਸੀਂ ਕਬੱਡੀ ਬਾਰੇ ਝਖਾਂ ਮਾਰੀ ਜਾਂਦੇ ਪਰ ਖੋਜ ਕੰਮ ਬਾਰੇ ਗੱਲ ਨਾ ਕਰਦੇ।
ਬਾਇਰਨ ਚਾਰਲਿਸ ਹੂਗਲ ਜਿਹੜਾ ਹੈ ਤਾਂ ਅੰਗਰੇਜ਼ਾਂ ਦਾ ਜਾਸੂਸ ਪਰ ਆਇਆ ਉਹ ਯਾਤਰੂ ਬਣਕੇ ਸੀ। ਕਈ ਵਾਰ ਉਹ ਮਹਾਂਰਾਜੇ ਰਣਜੀਤ ਸਿੰਘ ਨੂੰ ਮਿਲਿਆ ਵੀ। ਉਹ ਆਪਣੀ ਕਿਤਾਬ,“ਕਸ਼ਮੀਰ ਅਤੇ ਪੰਜਾਬ ਦੀ ਯਾਤਰਾ” ਵਿੱਚ ਲਿਖਦਾ ਹੈ ਕਿ ਆਸਟਰੀਆ ਦੀ ਫੌਜ ਬਹੁਤ ਹੀ ਨਿਸ਼ਾਨੇਬਾਜ ਸਮਝੀ ਜਾਂਦੀ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਦੀ ਫੌਜ ਦਾ ਨਿਸ਼ਾਨਾ ਉਨ੍ਹਾਂ ਤੋਂ ਕਿਤੇ ਵੱਧ ਠੀਕ ਅਤੇ ਪੱਕਾ ਹੈ। ਇਨ੍ਹਾਂ ਦੀਆਂ ਤੋਪਾਂ ਦੇ ਨਿਸ਼ਾਨੇ ਵੇਖ ਮੈਂ ਹੈਰਾਨ ਹਾਂ ਜੋ ਅੰਗਰੇਜਾਂ ਯਾ ਯੂਰਪੀਅਨ ਤੋਪਾਂ ਨਾਲੋਂ ਕਿਤੇ ਵੱਧ ਠੀਕ ਹਨ। ਰਵਾਇਤੀ ਹੱਥਿਆਰ ਜਿਵੇਂ ਕਿਰਪਾਨ, ਨੇਜ਼ਾ, ਭਾਲਾ ਤਾਂ ਸਾਡੇ ਨਾਲੋਂ ਵਧੀਆ ਹੈ ਹੀ ਹਨ ਪਰ ਜੇ ਕਿਧਰੇ ਯੁਰਪੀਅਨ ਤੋਪਾਂ ਤੇ ਮਹਾਂਰਾਜੇ ਦੀਆਂ ਤੋਪਾਂ ਨੂੰ ਰਲਾ ਕੇ ਰੱਖ ਦਿੱਤਾ ਜਾਵੇ ਤਾਂ ਕੋਈ ਨਹੀਂ ਪਛਾਂਣ ਸਕੇਗਾ ਕਿ ਕਿਹੜੀ ਕਿਸਦੀ ਹੈ। ਇਹ ਸਾਰੀ ਕਾਰੀਗਰੀ ਭਾਈ ਲਹਿਣਾ ਸਿੰਘ ਦੀ ਸੀ ਜਿਹੜਾ ਕਦੇ ਕਿਸੇ ਚੀਜ਼ ਨੂੰ ਵੇਖ ਆਉਂਦਾ ਉਸ ਤੋਂ ਵਧੀਆ ਓਹੀ ਚੀਜ਼ ਓਹ ਇੱਕ ਦੋ ਮਹੀਨਿਆਂ ਵਿੱਚ ਤਿਆਰ ਕਰਕੇ ਮਹਾਂਰਾਜੇ ਦੇ ਪੇਸ਼ ਕਰ ਦਿੰਦਾ। ਬਾਬਾ ਪ੍ਰੇਮ ਸਿੰਘ ਹੋਤੀ ਇਸੇ ਕਿਤਾਬ ਵਿੱਚ ਲਿਖਦੇ ਹਨ ਕਿ ਘੋੜੇ ਦੀ ਨਾਲ (ਪੈਰ ਵਿੱਚ ਖੁਰੀ ਲਾਉਣ ਲਈ ਵਰਤੀ ਜਾਂਦੀ ਮੇਖ) ਤੋਂ ਲੈ ਕੇ ਅਫਸਰਾਂ ਦੀ ਪੱਗ ਤਕ ਰਾਜੇ ਦੀ ਨਜ਼ਰ ਹੇਠੋਂ ਦੀ ਲੰਘਦੀ। ਆਪਣੇ ਪ੍ਰਧਾਨ ਮੰਤਰੀ ਅਜ਼ੀਜ਼ੂਦੀਨ ਨੂੰ ਇਹ ਹੁਕਮ ਸੀ ਕਿ ਮੈਂ ਸਿੱਖ ਰਾਜਾ ਹਾਂ ਇਸ ਕਰਕੇ  ਕਿਸੇ ਸਿੱਖ ਨਾਲ ਕਾਨੂੰਨੀ ਤੌਰ ਤੇ ਲਿਹਾਜ਼ ਕਰੇਂ ਅਤੇ ਤੂੰ ਮੁਸਲਮਾਨ ਹੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਮੁਸਲਮਾਨ ਨਾਲ ਲਿਹਾਜ਼ ਕਰੇਂ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।
ਮਹਾਂਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿੱਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖਾਲਸਾ ਰਾਜ ਵਿੱਚ ਕਿਧਰੇ ਵਿਦਰੋਹ ਨਹੀਂ ਹੋਇਆ। ਖਲੀਫਾ ਸੱਯਦ ਮੁਹੰਮਦ ਅਤੇ ਬਾਰਕਜ਼ਈ ਭਰਾਵਾਂ ਮੁਹੰਮਦ ਆਜ਼ਮ ਖਾਨ ਅਤੇ ਦੋਸਤ ਮੁਹੰਮਦ ਖਾਨ ਨੇ ਕਈ ਵਾਰ ਮਜ਼੍ਹਬ ਦੇ ਨਾਂ ਤੇ ਮੁਸਲਮਾਨਾਂ ਨੂੰ ਭੜਕਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ ਕਿਉਂਕਿ ਖਾਲਸਾ ਰਾਜ ਵਿੱਚ ਵੱਸਦੇ ਮੁਸਲਮਾਨ ਵੀ ਉਤਨੇ ਹੀ ਖੁਸ਼ਹਾਲ ਸਨ ਜਿਤਨੇ ਸਿੱਖ ਯਾ ਕੋਈ ਹੋਰ ਕੌਮ ਦੇ ਬੰਦੇ। ਹੋਰ ਜ਼ਿਆਦਾ ਵਿਸਥਾਰ ਨਾਲ ਮਹਾਂਰਾਜੇ ਬਾਰੇ ਪੜ੍ਹਨਾ ਹੋਵੇ ਤਾਂ ਹੋਨਿੰਗ ਬਰਗਰ ਦੀ ਕਿਤਾਬ ‘35 ਯੀਅਰਜ਼ ਇਨ ਈਸਟ’ ਪੜ੍ਹੋ। ਬਰਨਜ਼ ਅਤੇ ਯਕੋਮਾਂ ਫਰਾਂਸੀਸੀ ਦੇ ਵਿਚਾਰ ਜਾਨਣਾ ਚਾਹੁੰਦੇ ਹੋ ਤਾਂ ਪਟਿਆਲਾ ਯੂਨੀਵਰਸਿਟੀ ਦੀ ਛਾਪੀ ਹੋਈ ਕਿਤਾਬ, “ ਪੰਜਾਬ ਦਾ ਇਤਿਹਾਸ ( ਖਾਲਸਾ ਰਾਜ-ਕਾਲ ਵਿਖੇ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ ਪੜ੍ਹੋ। ਬਰਨਜ਼ ਲਿਖਦਾ ਹੈ ਕਿ ਮੈਂ ਭਾਰਤ ਦੇ ਹੋਰ ਰਾਜਾਂ ਵਿੱਚ ਪਹਿਲੇ ਰਾਜਿਆਂ ਦੇ ਪ੍ਰੀਵਾਰਾਂ ਨੂੰ ਭੀਖ ਮੰਗਦੇ ਦੇਖਿਆ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਨੇ ਜਿਸ ਕਿਸੇ ਵੀ ਸਿਰਦਾਰ ਦਾ ਰਾਜ ਆਪਣੇ ਨਾਲ ਮਿਲਾਇਆ ਉਸਦੇ ਪ੍ਰੀਵਾਰ ਨੂੰ ਸੁਖ ਸਹੂਲਤਾਂ ਵਾਸਤੇ ਵੱਡੀਆਂ ਵੱਡੀਆਂ ਜ਼ਗੀਰਾਂ ਦੇ ਕੇ ਨਿਵਾਜਿਆ। ਪੁਰਾਣੇ ਰਾਜਿਆਂ ਦੇ ਪ੍ਰੀਵਾਰਾਂ ਵਿਚੋਂ ਪੰਜਾਬ ਵਿੱਚ ਮੈਂ ਕਿਸੇ ਨੂੰ ਭੀਖ ਮੰਗਦੇ ਨਹੀਂ ਦੇਖਿਆ।
ਜ਼ਨਾਨਖਾਨਿਆਂ ਵਿੱਚ ਕੰਮ ਕਰਨ ਵਾਸਤੇ ਮਹਾਂਰਾਜੇ ਰਣਜੀਤ ਸਿੰਘ ਨੇ ਖੁਸਰੇ ਨਹੀਂ ਰੱਖੇ ਸਗੋਂ ਜ਼ਨਾਨੀਆਂ ਦੀ ਹਿਫਾਜ਼ਤ ਲਈ ਯਾ ਰਾਣੀਆਂ ਦੀ ਸੇਵਾ ਲਈ ਜ਼ਨਾਨੀਆਂ ਹੀ ਮੁਕਰੱਰ ਕੀਤੀਆਂ ਹੋਈਆਂ ਸਨ। ਇਹ ਠੀਕ ਹੈ ਕਿ ਰਾਜੇ ਨੇ ਜਿਸ ਕਿਸੇ ਮਿਸਲ ਨੂੰ ਆਪਣੇ ਰਾਜ ਵਿੱਚ ਮਿਲਾਉਣ ਲਈ ਲੜਾਈ ਕੀਤੀ ਤੇ ਸਿਰਦਾਰ ਦੀ ਮੌਤ ਹੋ ਗਈ ਉਸ ਦੀ ਸਿਰਦਾਰਨੀ ਨੂੰ ਆਪਣੇ ਮਹਿਲਾਂ ਵਿੱਚ ਰਾਣੀ ਦੀ ਤਰ੍ਹਾਂ ਸਹੂਲਤਾਂ ਦਿੱਤੀਆਂ। ਇਹ ਵੀ ਹੋ ਸਕਦਾ ਹੈ ਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ਗੀ ਲਈ ਉਨ੍ਹਾਂ ਔਰਤਾਂ ਨੂੰ ਆਪਣੀ ਅਯਾਸ਼ੀ ਲਈ ਵਰਤਿਆ ਜਾਂਦਾ ਹੋਵੇ ਪਰ ਉਹ ਗੁਲਾਮ ਬਣਾ ਕੇ ਨਹੀਂ ਰੱਖੀਆਂ ਹੋਈਆਂ ਸਨ ਜਿਵੇਂ ਪੁਰਾਣੇ ਮੁਗਲ-ਬਾਦਸ਼ਾਹ ਕਰਦੇ ਸਨ।
ਜੇਕਰ ਮੋਰਾਂ ਨਾਚੀ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਰਾਜੇ ਰਣਜੀਤ ਸਿੰਘ ਦੇ ਪ੍ਰਭਾਵ ਕਾਰਣ ਮੋਰਾਂ ਦਾ ਨਾਂ ਮਾਈ ਮੋਰਾਂ ਪੈ ਜਾਣਾ ਸੁਭਾਵਕ ਹੀ ਸੀ। ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਂਦਿਆਂ ਜਿਹੜਾ ਪੁਲ ਮੋਰਾਂ ਦੇ ਕਹਿਣ ਤੇ ਮਹਾਂਰਾਜੇ ਨੇ ਬਣਵਾਇਆ ਸੀ ਉਸ ਪੁਲ ਦਾ ਨਾਮ ਅੱਜ ਵੀ ਕੰਜਰੀ-ਪੁਲ ਹੀ ਹੈ। ਜੇਕਰ ਮਹਾਂਰਾਜੇ ਨੇ ਉਸ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਪੁਲ ਦਾ ਨਾਮ ਜ਼ਰੂਰ ਮਾਈ ਮੋਰਾਂ-ਪੁਲ ਸੱਦਿਆ ਜਾਣਾ ਸੀ। ਮੈਨੂੰ ਤਾਂ ਮੋਰਾਂ ਨਾਚੀ ਨਾਲ ਸਬੰਧਾਂ ਯਾ ਵਿਆਹ ਕਰਵਾਉਣ ਵਾਲੀ ਗੱਲ ਵੀ ਅੰਗਰੇਜ਼ਾਂ ਵੇਲੇ ਪ੍ਰਚੱਲਤ ਕੀਤੀ ਲੱਗਦੀ ਹੈ ਜਿਵੇਂ ਸਾਡੇ ਹੀ ਪ੍ਰਚਾਰਕਾਂ ਕੋਲੋਂ ਅੰਗਰੇਜ਼ਾਂ ਨੇ ਇਹ ਅਫਵਾਹ ਉਡਵਾਈ ਕਿ, “ ਗੁਰੂ ਤੇਗ ਬਹਾਦਰ ਜੀ ਲਾਲ ਕਿਲੇ ਦੀ ਛੱਤ ਤੇ ਖੜ੍ਹ ਕੇ ਦੂਰ ਨਜ਼ਰ ਮਾਰ ਕੇ ਵੇਖਦੇ ਸਨ ਕਿ ਮੇਰੇ ਟੋਪੀ ਵਾਲੇ ਸਿੱਖ ਆ ਕੇ ਮੁਗਲੀਆ ਸਲਤਨਤ ਦਾ ਖਾਤਮਾ ਕਰਨਗੇ। ਕਿਉਂਕਿ ਜਿਹੜਾ ਰਾਜਾ ਗਿਆਨੀ ਗਿਆਨ ਸਿੰਘ ਤੋਂ ਸੁਬਾਹ/ਸਵੇਰੇ ਉਠ ਕੇ ਹਰ ਰੋਜ਼ ‘ਛੇ ਅਸ਼ਟਪਦੀਆਂ’ ਸੁਖਮਨੀ ਬਾਣੀ ਦਾ ਪਾਠ ਸੁਣਨ ਦਾ ਆਦੀ ਹੋਵੇ ਉਹ ਜ਼ਰੂਰ ਸ਼ਾਮ ਨੂੰ ਜਲਦੀ ਸੋਂਵੇਗਾ।
ਮੈਂ 15 ਤੋਂ 24 ਫਰਵਰੀ 2024 ਤਕ ਪਾਕਿਸਤਾਨ ਵਿੱਚ ਸਾਂ। ਇੱਕ ਦਿਨ ਸਪੈਸ਼ਲ ਤੋਰ ਤੇ ਕੰਜਰੀ ਪੁੱਲ ਦੇਖਣ ਲਈ ਵਾਹਗਾ ਬਾਰਡਰ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਚੱਠੇ ਗਿਆ ਜਿਸ ਦੀ ਜੂਹ ਵਿੱਚ ਇਹ ਕੰਜਰੀ ਪੁੱਲ ਬਣਾਇਆ ਗਿਆ ਸੀ। ਪਿੰਡ ਦੇ ਚੌਧਰੀ ਨੇ ਕਿਹਾ ਕਿ ਚੁੱਪ ਚਪੀਤੇ ਓਸ ਸਫੈਦੇ ਦੇ ਦਰੱਖਤ ਦੀਆਂ ਫੋਟੋ ਲੈ ਲਓ ਪਰ ਰੇਂਜਰਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਓਹ ਤੁਹਾਡਾ ਫੂੰਨ ਵੀ ਖੋਹ ਕੇ ਲੈ ਜਾਣਗੇ ਤੇ ਤੁਹਾਨੂੰ ਵੀ ਤਕਲੀਫ ਦੇ ਸਕਦੇ ਹਨ। ਅੱਜ ਓਸ ਥਾਂ ਤੇ ਨਾਂ ਤਾਂ ਕੋਈ ਛੋਟਾ ਮੋਟਾ ਨਾਲਾ ਯਾ ਨਹਿਰ ਹੈ ਤੇ ਨਾ ਹੀ ਪੁੱਲ। ਪੇਂਡੂ ਲੋਕਾਂ ਤੇ ਪਾਕਿਸਤਾਨ ਦੇ ਇਤਿਹਾਸ ਦੇ ਪਰੋਫੈਸਰਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਮੋਰਾਂ ਨਾਲ ਵਿਆਹ ਦੀ ਕਹਾਣੀ ਵੀ ਚੜ੍ਹਦੇ ਪੰਜਾਬ ਵਾਲੇ ਪਾਸੇ ਹੀ ਉਡਾਈ ਗਈ ਹੈ ਤਾਂ ਕਿ ਆਪਣੇ ਰਾਜੇ ਪ੍ਰਤੀ ਸਿੱਖ ਲੋਕ ਚੰਗੀ ਰਾਏ ਖਤਮ ਕਰਕੇ ਸਗੋਂ ਰਾਜੇ ਨੂੰ ਨਫਰਤ ਭਰੀਆਂ ਅੱਖੀਆਂ ਨਾਲ ਦੇਖਣ ਲੱਗ ਪੈਣ।
ਬਾਬਾ ਪ੍ਰੇਮ ਸਿੰਘ ਹੋਤੀ ਜੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਦਰਬਾਰੀਆਂ ਨੇ ਕਈ ਵਾਰੀ ਰਾਜੇ ਨੂੰ ਆਪਣੇ ਮਹਿਲਾਂ ਵਿੱਚ ਅੰਮ੍ਰਿਤਸਰ ਵੱਲ ਮੂੰਹ ਕਰਕੇ ਧਰਤੀ ਤੇ ਬੈਠਿਆਂ, ਜਿੱਥੇ ਘਾਹ ਲਗਾਇਆ ਹੋਇਆ ਸੀ, ਰੋ ਰੋ ਕੇ ਅਰਦਾਸਾਂ ਕਰਦਿਆਂ ਦੇਖਿਆ ਸੀ, “ਧੰਨ ਗੁਰੂ ਰਾਮਦਾਸ ਜੀ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਤੇ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਜਾਵੇ”। ਐਸੇ ਰਾਜੇ ਦੇ ਰਾਜ-ਮਹਿਲਾਂ ਵਿੱਚ ਗੁਲੂ ਮਾਸ਼ਕੀ ਦੀ ਹਿੰਮਤ ਹੋ ਸਕਦੀ ਹੈ ਕਿ ਉਹ ਕਿਸੇ ਰਾਣੀ ਨਾਲ ਸਬੰਧਿ ਪੈਦਾ ਕਰ ਸਕੇ? ਬਲਦੇਵ ਸਿੰਘ ਸੜਕਨਾਮਾ ਵਾਲੇ ਨੇ ਆਪਣੀ ਕਿਤਾਬ, “ਸੂਰਜ ਦੀ ਅੱਖ” ਵਿੱਚ ਜੋ ਕੜ੍ਹੀ ਘੋਲੀ ਹੈ ਉਹ ਕਾਬਲੇ ਬਰਦਾਸ਼ਤ ਨਹੀਂ।  ਬਲਦੇਵ ਸਿੰਘ ਲਿਖਦਾ ਹੈ, ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁੱਕਿਆ ਸੀ, ਰਾਜੇ ਦਾ ਇੱਕ ਲੜਕਾ ਗੁਲੂ ਮਾਸ਼ਕੀ ਦਾ ਸੀ, ਰਾਜੇ ਰਣਜੀਤ ਸਿੰਘ ਨੇ ਇਕੱਲੀ ਮੋਰਾਂ ਨਾਚੀ ਨਾਲ ਹੀ ਨਿਕਾਹ ਨਹੀਂ ਕਰਵਾਇਆ ਸਗੋਂ ਚਾਰ ਪੰਜ ਹੋਰ ਮੁਸਲਮਾਨਣੀਆਂ ਨਾਲ ਵੀ ਨਿਕਾਹ ਕਰਾਏ ਸਨ। ਇਸ ਬਲਦੇਵ ਸਿੰਘ ਨੂੰ ਰਾਜੇ ਦਾ ਇੱਕ ਵੀ ਚੰਗਾ ਕੰਮ ਨਹੀਂ ਦਿਸਿਆ। ਜੇਕਰ ਇਸਨੂੰ ਰਾਜਾ ਦਿਸਿਆ ਤਾਂ ਅਯਾਸ਼ੀ ਕਰਦਾ ਹੀ ਦਿਸਿਆ। ਇਸ ਨੂੰ ਰਾਜੇ ਦੇ ਖਾਲਸਾ ਰਾਜ ਦਾ ਸੁਪਰ ਪਾਵਰ ਹੋਣਾ ਨਹੀਂ ਦਿਸਿਆ, ਓਸ ਵੇਲੇ ਇੱਕ ਰੁਪੱਈਏ ਦੇ ਮੁਕਾਬਲੇ ਤੇ 13 ਅੰਗਰੇਜ਼ੀ ਪੌਂਡ ਦਾ ਹੋਣਾ ਨਹੀਂ ਦਿਸਿਆ। ਘੁੱਗ ਵੱਸਦਾ ਪੰਜਾਬ ਨਹੀਂ ਦਿਸਿਆ ਪਰ ਕੁੱਝ ਅੰਗਰੇਜ਼ਾਂ ਦੀਆਂ ਕਿਤਾਬਾਂ, ਜੋ ਮਹਾਂਰਾਜੇ ਦੀ ਮੌਤ ਅਤੇ ਪੰਜਾਬ ਨੂੰ ਹੜੱਪੇ ਜਾਣ ਤੋਂ ਬਾਅਦ ਹੀ ਲਿਖੀਆਂ ਗਈਆਂ ਹਨ, ਦੇ ਵਿਚੋਂ ਰੈਫਰੈਂਸ ਲੈ ਕੇ ਇਸਨੇ ਰਾਜੇ ਰਣਜੀਤ ਸਿੰਘ ਦੀ ਦੂਜੀ ਅੱਖ ਤੇ ਵੀ ਮਿੱਟੀ ਮਲ ਦਿੱਤੀ ਜੋ ਬਹੁਤ ਹੀ ਨਿੰਦਣ ਯੋਗ ਹੈ।
ਬਲਦੇਵ ਸਿੰਘ ਸੜਕਨਾਮਾ ਜੀ! ਜਿਹੜੇ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਹੱਥਿਆਉਣ ਲਈ ਡੋਗਰੇ ਖਰੀਦੇ, ਹੋਰ ਚੋਰ ਮੋਰੀਆਂ ਪੈਦਾ ਕੀਤੀਆਂ ਅਤੇ ਡਰਦੇ ਮਾਰੇ ਮਹਾਂਰਾਜੇ ਦੀ ਮੌਤ ਦੀ ਉਡੀਕ ਕਰਨ ਲੱਗੇ ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਦੇ ਸਰਵੇ ਦੀ ਰੀਪੋਰਟ ਵਿੱਚ ਮਹਾਂਰਾਜੇ ਰਣਜੀਤ ਸਿੰਘ ਨੂੰ ਉਨੀਂਵੀ ਸਦੀ ਦਾ ਸਰਬੋਤਮ ਰਾਜਾ ਐਲਾਣਿਆ ਗਿਆ ਹੈ। ਤੁਹਾਡੀ ਕਿਤਾਬ ਠੀਕ ਹੈ ਯਾ ਬੀ.ਬੀ.ਸੀ? ਭਾਵੇਂ ਉਹ ਅੱਖਰੀ ਗਿਆਨ ਤੋਂ ਕੋਰਾ ਸੀ ਪਰ ਫਿਰ ਵੀ ਉਹ ਬਹੁਤ ਹੀ ਸਿਆਣਾ ਤੇ ਸਮਝਦਾਰ ਰਾਜਾ ਸੀ। ਗਿਆਨ ਸਿਰਫ ਅੱਖਰਾਂ ਰਾਹੀਂ ਹੀ ਨਹੀਂ ਪ੍ਰਾਪਤ ਕੀਤਾ ਜਾਂਦਾ ਸਗੋਂ ਕੰਨਾਂ ਨਾਲ ਸੁਣ ਕੇ ਅਤੇ ਅੱਖਾਂ ਨਾਲ ਦੇਖ ਕੇ ਵੀ ਪ੍ਰਾਪਤ ਕੀਤਾ ਜਾਂਦਾ ਹੈ। ਬਾਦਸ਼ਾਹ ਅਕਬਰ ਵੀ ਇਸੇ ਨਸਲ ਦਾ ਰਾਜਾ ਸੀ। ਉਹ ਵੀ ਗਿਆਨ-ਗੋਸ਼ਟੀਆਂ ਕਰਵਾਉਂਦਾ, ਸੁਣਦਾ ਤੇ ਗਿਆਨ ਪ੍ਰਾਪਤ ਕਰਦਾ ਸੀ। ਢੁੱਢੀਕਿਆਂ ਵਾਲਾ ਪ੍ਰਿੰਸੀਪਲ ਸਰਵਣ ਸਿੰਘ ਤੇ ਬਲਦੇਵ ਸਿੰਘ ਸੜਕਨਾਮਾ ਨੇ ਮਹਾਂਰਾਜੇ ਰਣਜੀਤ ਸਿੰਘ ਦੇ ਵਿਰੁੱਧ ਜੋ ਕੁਫਰ ਤੋਲਿਆ ਤੇ ਕੜ੍ਹੀ ਘੋਲੀ ਹੈ ਉਸ ਤੋਂ ਸਾਨੂੰ ਬੱਚਣ ਦੀ ਸਖਤ ਜ਼ਰੂਰਤ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# +1 647 966 3132