ਮਹਾਂਰਾਜੇ ਰਣਜੀਤ ਸਿੰਘ ਬਾਰੇ ਕਿਸੇ ਮੌਲਵੀ ਦੇ ਖੁਲਾਸੇ - ਗੁਰਚਰਨ ਸਿੰਘ ਜਿਉਣ ਵਾਲਾ

ਬਲਦੇਵ ਸਿੰਘ ਸੜਖਨਾਮੇ ਨੂੰ ਕੀ ਪਤਾ ਕਿ ਮਹਾਂਰਾਜਾ ਕੌਣ ਸੀ? ਉਸ ਨੂੰ ਤਾਂ ਵੂਨਕੂਵਰ ਵਾਲੇ (25000.00) ਪੱਚੀ ਹਜ਼ਾਰ ਡਾਲਰ ਦਿੱਸਦੇ ਹਨ ਤੇ ਪ੍ਰਿੰ. ਸਰਬਣ ਸਿੰਘ ਢੁੱਡੀਕਿਆਂ ਵਾਲੇ ਨੁੰ ਖਿਡਾਰੀਆਂ ਦੇ ਗਿੱਟੇ, ਗੋਡੇ, ਗੁੱਟ ਤੇ ਧੌਣ ਹੀ ਦਿੱਸਦੀ ਹੋਣ ਕਰਕੇ ਉਹ ਕਬੱਡੀ ਬਾਰੇ 10-20 ਕਿਤਾਬਾਂ ਤਾਂ ਲਿਖ ਸਕਦਾ ਹੈ ਪਰ ਖੋਜ ਕੰਮ ਬਾਰੇ ਇਹਨੂੰ ਕੀ ਪਤਾ।
ਕੱਲ੍ਹ ਹੀ ਇੱਕ ਮੌਲਵੀ ਦੀ ਤਕਰੀਰ ਸੁਣੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਬੋਲ ਰਿਹਾ ਸੀ। ਬੋਲ ਓਹ ਐਨਾ ਉੱਚੀ ਉੱਚੀ ਸੀ ਕਿ ਜਿਵੇਂ ਓਹ ਮਹਾਂਰਾਜੇ ਤੋਂ ਕਿਸੇ ਗੱਲੋਂ ਖਿਝਿਆ ਹੋਵੇ ਪਰ ਅਸਲੀਅਤ ਵਿੱਚ ਓਹ ਸੱਚ ਬੋਲ ਰਿਹਾ ਸੀ। ਮਹਾਰਾਜਾ ਜੀ ਦੇ ਬੜੇ ਮਹਾਨਤਾ ਭਰੇ ਪੱਖ ਉਸ ਨੇ ਪਰਗਟ ਕੀਤੇ। ਅੱਜ ਇੱਕ ਇਹ ਪੱਖ ਹੈ ਕਿ ਉਨਾਂ ਨੇ ਖਤਰਿਆਂ ਵਿੱਚ ਪਈ ਸ਼ੁਕਰਚੱਕੀਆ ਮਿਸਲ ਤੋਂ ਭਾਰੀ ਰਾਜ ਛੋਟੀ ਉਮਰ ਵਿੱਚ ਸਥਾਪਿਤ ਕੀਤਾ। ਉਨਾਂ ਨੇ ਕਿਸੇ ਇਖਲਾਕੀ ਗੁਨਾਹ ਦਾ ਭਾਰ ਆਪਣੇ ਸਿਰ ਤੇ ਨਹੀਂ ਲਿਆ। ਉਹ ਅੰਤਿਮ ਸਮੇਂ ਤਕ ਵੈਰੀਆਂ ਹਥੋਂ ਜੇਲ ਖਾਨਿਆਂ ਵਿੱਚ ਨਹੀਂ ਪਿਆ ਤੇ ਨਾਹੀ ਸਾਰੀ ਉਮਰ ਕਿਸੇ ਦੀ ਈਨ ਮੰਨੀ। ਇਸ ਦੇ ਮੁਕਾਬਲੇ ਤੇ ਵੱਡੇ ਵੱਡੇ ਜਰਨੈਲਾਂ ਦਾ ਜਲੀਲ ਹੋਣਾ, ਖੁਆਰ ਹੋਣਾ, ਹੌਂਸਲਾ ਹਾਰ ਜਾਣਾ,ਲਿਖਿਆ ਮਿਲਦਾ ਹੈ।
ਹਨੀਬਾਲ ਨੇ ਇੱਟਲੀ ਤੇ ਹਮਲਾ ਕਰਕੇ ਉਸ ਦੀ ਸਲਤਨਤ ਦਾ ਬਰਫਾਨੀ ਐਲਪਸ ਪਹਾੜ ਰਾਹੀਂ ਖੁਰਾ ਖੋਜ ਮਿਟਾ ਦਿਤਾ। ਅਖੀਰ ਇਹ ਬਹਾਦਰ ਆਪਣੇ ਦੇਸ਼ ਕਾਰਥੀਜ਼ ਵਿੱਚ ਨੱਠਾ ਜਾਂਦਾ ਸਿਰ ਵਡਾ ਬੈਠਾ।
ਨਜ਼ੀਰ ਰੋਮ ਦੇ ਪਹਿਲੇ ਖਾਈਜ਼ਰ ਦੀ ਬਾਤ ਹੈ ਜਿਸ ਨੇ ਰੋਮ ਸਾਮਰਾਜ ਵਧਾਇਆ ਪਰ ਅਖੀਰ ਬੇਤਰਸੀ ਨਾਲ ਆਪਣੇ ਹੀ ਸਹਾਇਕਾਂ ਹੱਥੋਂ ਕਤਲ ਹੋਇਆ।
ਨੈਪੋਲੀਅਨ ਬੋਨਾਪਾਰਟ ਨੇ ਫਰਾਂਸ ਦੀਆਂ ਹੱਦਾਂ ਅਗੇ ਵਧਾ ਦਿੱਤੀਆਂ ਕਈ ਜੰਗਾਂ ਤੇ ਬਾਦਸ਼ਾਹਾਂ ਦੀਆਂ ਹਕੂਮਤਾਂ ਦੇ ਜ਼ੋਰ ਨਾਲ ਤਬਾਦਲੇ ਕੀਤੇ ਪਰ ਅਖੀਰ ਵਿੱਚ ਇੱਕ ਨਿਰਜਨ ਟਾਪੂ ‘ਸੈਂਟ ਹੈਲਨਾ’ ਵਿੱਚ ਸਾਗਰ ਦੇ ਕੰਡੇ ਬੈਠਾ ਗੀਟੀਆਂ ਗਿਣਦਾ ਆਪਣੀ ਕੈਦ ਦੇ ਦਿਨ ਗੁਜਾਰਦਾ ਹੈ ਅਤੇ ਨਿਰਾਸ਼ਤਾ ਵਿੱਚ ਮਰਦਾ ਹੈ।
ਨਾਦਰ ਸ਼ਾਹ ਇੱਕ ਗਡਰੀਏ ਤੋਂ ਉੱਠ ਕੇ ਈਰਾਨ ਦਾ ਬਾਦਸ਼ਾਹ ਬਣਦਾ ਹੈ ਸ਼ਕਤੀਸ਼ਾਲੀ ਬਾਦਸ਼ਾਹਤ ਕਾਇਮ ਕਰਦਾ ਹੈ ਦਿੱਲੀ ਵਿੱਚ ਕੀਤੀ ਕਤਲੋਗਾਰਤ ਦਾ ਧੱਬਾ ਨਾ ਧੋ ਸਕਿਆ, ਛੇਕੜ ਕਮਲੇ ਹੋ ਕੇ ਜਿੰਦਗੀ ਗੁਜ਼ਾਰੀ।
ਨਾਦਰ ਸ਼ਾਹ ਨੇ ਦਿਲੀ ਵਿੱਚ 15,000 ਦੇ ਲਗਭਗ ਬੇਦੋਸ਼ੇ ਮਰਦ ਤੀਵੀਆਂ ਤੇ ਬੱਚੇ ਕਤਲ ਕੀਤੇ ਸਨ। ਆਪਣੀ ਮੌਤ ਤਕ ਉਹ ਇਸ ਧੱਬੇ ਨੂੰ ਨਹੀਂ ਧੋ ਸਕਿਆ। ਆਪਣੇ ਪੁੱਤਰ ਰਜਾਕਅਲੀ ਦੀਆਂ ਅੱਖਾਂ, ਆਪਣੇ ਸਾਹਮਣੇ ਕੱਢਵਾ ਸੁਟੀਆਂ, ਆਪਣੇ ਵਜ਼ੀਰ ਮਾਰੇ ਤੇ ਆਪਣੇ ਨਮਕਖੋਰਾਂ ਹੱਥੋਂ ਕਤਲ ਹੋਇਆ।
ਬਹਾਦਰ ਮਹਾਰਾਣਾ ਪਰਤਾਪ ਸਾਰੀ ਉਮਰ ਅਕਬਰ ਨਾਲ ਲੜਦਾ ਰਿਹਾ। ਚੇਟਕ ਘੋੜੇ ਦਾ ਸਵਾਰ ਅਖੀਰ ਜੰਗਲਾਂ ਵਿੱਚ ਟੁੱਟ ਜਾਂਦਾ ਹੈ ਜਦੋਂ ਉਸ ਦੇ ਭੁੱਖੇ ਪੁੱਤਰ ਕੋਲੋਂ ਜੰਗਲੀ ਬਿੱਲੀ ਰੋਟੀ ਖੋਹ ਕੇ ਲੈ ਗਈ ਉਸ ਦੀਆਂ ਅੱਖਾਂ ਨੇ ਨਿਰਾਸ਼ਾ ਵਿੱਚ ਅੱਥਰੂਆਂ ਦੀ ਝੜੀ ਲਗਾ ਦਿੱਤੀ ਤੇ ਉਸੇ ਸਮੇਂ ਅਕਬਰ ਦੀ ਈਨ ਮੰਨਣ ਨੂੰ ਲਿੱਖਦਾ ਹੈ।
ਕਾਲਿੰਗਾ ਦੇ ਯੁੱਧ ਵਿੱਚ ਹੋਈ ਤਬਾਹੀ ਤੇ ਕਤਲੋਗਾਰਤ ਨੇ ਅਸ਼ੋਕ ਦੇ ਮਨ ਵਿੱਚ ਹਲ-ਚੱਲ ਪੈਦਾ ਕਰ ਦਿੱਤੀ ਜਿਸ ਦੇ ਕਾਰਨ ਉਹ ਬੋਧੀ ਭਿਖਸ਼ੂ ਬਣਦਾ ਹੈ ਤੇ ਜੰਗਲ ਵਿੱਚ ਮਾਰਿਆ ਜਾਂਦਾ ਹੈ ।
ਔਰੰਜ਼ੇਬ ਜਿਸ ਨੇ ਆਪਣੇ ਪਿਤਾ ਨੂੰ ਆਗਰੇ ਜੇਲ੍ਹ ਵਿੱਚ ਕੈਦ ਕੀਤਾ, ਕੈਦ ਵਿੱਚ ਪੀਣ ਨੂੰ ਪਾਣੀ ਨਹੀਂ ਦਿੱਤਾ ਸਗੋਂ ਜਵਾਬੀ ਚਿੱਠੀ ਵਿੱਚ ਜਵਾਬ ਇਹ ਦਿੱਤਾ ਕਿ ਆਪਣੇ ਹੰਝੂਆਂ ਨੂੰ ਗਿਲਾਸ ਵਿੱਚ ਇਕੱਠਾ ਕਰਕੇ ਪੀ ਲਿਆ ਕਰ ਪਾਣੀ ਤਾਂ ਤੈਨੂੰ ਇੱਕ ਗਲਾਸ ਹੀ ਮਿਲੇਗਾ, ਆਪਣੇ ਸਕੇ ਭਰਾਵਾਂ ਨੂੰ ਕਤਲ ਕਰਕੇ ਬਾਦਸ਼ਾਹ ਦੀ ਗੱਦੀ ਪ੍ਰਾਪਤ ਕੀਤੀ, ਐਸੇ ਦੋਸ਼ਾਂ ਤੋਂ ਉਹ ਵੀ ਮੁਕਤ ਹੋ ਕੇ ਨਹੀਂ ਮਰ ਸਕਿਆ।
ਇਨਾਂ ਸਾਰੇ ਮਸਲਿਆਂ ਤੋਂ ਮਹਾਰਾਜਾ ਰਣਜੀਤ ਸਿੰਘ ਸੋਹਣਾ ਤੇ ਬੇਲਾਗ ਸੀ। ਉਹ ਇਖਲਾਕੀ ਤੌਰ ਤੇ ਉੱਚਾ, ਸਿਰੇ ਦਾ ਬਹਾਦਰ, ਅਣਖ ਗੈਰਤ ਰੱਖਣ ਵਾਲਾ ਪਰਉਪਕਾਰੀ ਤੇ ਦਿਆਲੂ ਸੀ। ਅਕਾਰਣ ਯੁਧ ਦੇ ਮੈਦਾਨ ਤੋਂ ਬਿਨਾਂ ਉਹ ਖੂਨ ਨਹੀਂ ਸੀ ਡੋਲ੍ਹਦਾ। ਉਹ ਸਿਰੇ ਦਾ ਸਿਵਲ ਪ੍ਰਸਾਸ਼ਨ ਦੇਣ ਵਾਲਾ ਮਹਾਨ ਬਾਦਸ਼ਾਹ ਸੀ।
ਇਸੇ ਕਾਰਣ ਕਰਕੇ ਬੈਰਨਹੂਗਲ ਲਿਖਦਾ ਹੈ ਕਿ ਸੰਸਾਰ ਤੇ ਕਦੀ ਵੀ ਏਨੀ ਵੱਡੀ ਸਲਤਨਤ ਇੱਕ ਆਦਮੀ ਨੇ ਕਾਇਮ ਨਹੀਂ ਕੀਤੀ ਜਿਸ ਤਰਾਂ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਉਹ ਕਿਸੇ ਭਾਰੀ ਇਖਲਾਕੀ ਅਪਰਾਧ ਤੋਂ ਬਚਿਆ ਰਿਹਾ ਹੋਵੇ ।
ਕੀ ਕਰਾਣ ਹੋ ਸਕਦਾ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਐਸੇ ਵੱਡਿਆਂ ਧੱਬਿਆਂ ਤੋਂ ਬਚਿਆ ਰਿਹਾ? ਬਦੇਸ਼ੀਆਂ ਅਤੇ ਸਾਡੇ ਆਪਣਿਆਂ ਨੇ ਸ਼ੋਹਰਤ ਦੀ ਖਾਤਰ, ਆਪਣੀਆਂ ਜੇਬਾਂ ਭਰਨ ਵਾਸਤੇ ਇਤਿਹਾਸਕਾਰੀ ਵਾਲਾ ਧੱਬਾ ਆਪਣੇ ਮੱਥੇ ਤੇ ਲਗਵਾਉਣ ਤੋਂ ਵੀ ਸੰਕੋਚ ਨਹੀਂ ਕੀਤਾ। ਜੋ ਇਤਿਹਾਸਕਾਰ ਕਿਸੇ ਰਾਜੇ ਤੋਂ ਡਰ ਕੇ ਇਤਿਹਾਸ ਲਿਖ ਰਿਹਾ ਹੈ, ਯਾ ਲਾਲਚ ਵੱਸ ਹੋ ਕੇ ਲਿਖ ਰਿਹਾ ਹੈ, ਯਾ ਪੱਖ-ਪਾਤ ਕਰਕੇ ਲਿਖ ਰਿਹਾ ਹੈ, ਯਾ ਫੋਕੀ ਸ਼ੋਹਰਤ ਖੱਟਣ ਦੀ ਲਾਲਸਾ ਵੱਸ ਹੋ ਕੇ ਲਿਖ ਰਿਹਾ ਹੈ ਉਹ ਇਤਿਹਾਸਕਾਰਾਂ ਦੀ ਸ਼੍ਰੈਣੀ ਵਿੱਚ ਗਿਣਿਆ ਜਾਣ ਦੇ ਲਾਇੱਕ ਨਹੀਂ।
ਜੇਕਰ ਮਹਾਰਾਜੇ ਰਣਜੀਤ ਸਿੰਘ ਨੇ ਯੁੱਧ ਦੇ ਮੈਦਾਨ ਤੋਂ ਬਾਹਰ ਖੂੰਨ ਨਹੀਂ ਡੋਲ੍ਹਿਆ, ਸਾਰੀਆਂ ਕੌਮਾਂ ਉਸ ਦੇ ਰਾਜ ਵਿੱਚ ਸੁਖੀ ਅਤੇ ਘੁੱਗ ਵੱਸਦੀਆਂ ਸਨ ਅਤੇ ਮਰਦੇ ਦਮ ਤਕ ਉਸ ਨੇ ਕਿਸੇ ਦੀ ਈਨ ਨਹੀਂ ਮੰਨੀ ਤਾਂ ਮੇਰੀ ਸਮਝ ਮੁਤਾਬਕ ਇੱ ਕੋ ਇੱਕ ਕਾਰਨ ਹੋ ਸਕਦਾ ਹੈ ਕਿ ਉਸ ਦੇ ਮਨ ਤੇ ਸਾਕਾ ਚਮਕੌਰ ਅਤੇ ਸਾਕਾ ਸਿਰਹੰਦ ਨੇ ਜ਼ਰੂਰ ਅਸਰ ਕੀਤਾ ਹੌਵੇਗਾ। ਉਸ ਦੇ ਵਿਆਕਤੀਤੱਵ ਨੂੰ ਘੜਨ ਵਿੱਚ ਇਨ੍ਹਾਂ ਸਾਕਿਆਂ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਛੋਟੀਆਂ-ਛੋਟੀਆਂ ਮਿਸਲਾਂ ਬਾਹਰੀ ਹਮਲੇ ਵੇਲੇ ਭਾਵੇਂ ਇਕੱਠੀਆਂ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਸਨ ਪਰ ਉਸ ਨੂੰ ਸਦਾ ਵਾਸਤੇ ਰੋਕਣ ‘ਚ ਸਮਰੱਥ ਨਹੀਂ ਸਨ ਹੋ ਸਕਦੀਆਂ। ਇਸੇ ਕਰਕੇ ਇਨ੍ਹਾਂ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਵੱਡਾ ਰਾਜ-ਭਾਗ ਸਥਾਪਤ ਕਰਨਾ ਵੀ ਉਸ ਮੌਕੇ ਦੀ ਭਾਰੀ ਲੋੜ ਸੀ। ਜਿਸ ਨੂੰ ਮਹਾਂਰਾਜੇ ਦੀ ਦੂਰ ਦ੍ਰਿਸ਼ਟੀ ਨੇ ਸਮਝਿਆ ਅਤੇ ਲਾਗੂ ਕੀਤਾ।
ਜਦੋਂ ਸਾਨੂੰ ਇਤਿਹਾਸ ਵਿਚੋਂ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਮਹਾਂਰਾਜੇ ਨੇ ਨਾਦੇੜ ‘ਚ ਗੁਰੂ ਗੋਬਿੰਦ ਸਿੰਘ ਦੀ ਯਾਦ ‘ਚ ਗੁਰਦਵਾਰਾ ਸਾਹਿਬ ਦੀ ਇਮਾਰਤ ਬਣਵਾਈ ਤਾਂ ਰਾਜੇ ਦੇ ਦਿਮਾਗ ਤੇ ਸਿੱਖ ਗੁਰੂ ਸਹਿਬਾਨ ਦੀਆਂ ਕੁਬਾਨੀਆਂ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਭਾਵੇਂ ਰਾਜੇ ਰਣਜੀਤ ਸਿੰਘ ਨੇ ਹਰ ਧਰਮ ਦੇ ਸਥਾਨ ਨੂੰ ਖੁਲ੍ਹ-ਦਿਲੀ ਨਾਲ ਮਾਇਆ ਅਤੇ ਸੋਨਾ ਵੀ ਦਾਨ ‘ਚ ਦਿੱਤਾ, ਜਿਸਦਾ ਕਿਸੇ ਧਰਮ ਨਾਲ ਕੋਈ ਵੀ ਸੰਬੰਧ ਨਹੀਂ, ਪਰ ਰਾਜੇ ਦੇ ਮਨ ਵਿੱਚ ਹਰ ਧਰਮ ਪ੍ਰਤੀ ਸਤਿਕਾਰ ਦਾ ਚਿਤ੍ਰ ਤਾਂ ਸਾਨੂੰ ਨਜ਼ਰੀਂ ਆਉਦਾ ਹੀ ਹੈ ਨਾ। ਇਸ ਦੇ ਉਲਟ ਅੰਗਰੇਜ਼ਾਂ ਨੇ ਇਹ ਅਫਵਾਹ ਫੈਲਾਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਮੇਰੀ ਯਾਦਗਾਰ ਸਥਾਪਤ ਕਰੇਗਾ ਉਸ ਦਾ ਬੀਜ਼ ਨਾਸ ਹੋਵੇਗਾ। ਜਦੋਂ ਕਿ ਮਹਾਂਰਾਜੇ ਰਣਜੀਤ ਸਿੰਘ ਜੀ ਦਾ ਬੀਜ਼ ਨਾਸ ਗੋਰਿਆਂ ਨੇ ਆਪ ਹੀ ਕੀਤਾ ਹੈ।
ਚਾਰਲਸ ਮੈਟਕਾਫ ਨੇ 1809 ਪੰਜਾਬ ਦੇਖਣ ਤੋਂ ਬਾਅਦ ਆਪਣੀ ਰੀਪੋਰਟ ਵਿੱਚ ਕੀ ਲਿਖਿਆ ਹੈ? ਉਸ ਨੇ ਆਪਣੀ ਚਿੱਠੀ ਵਿੱਚ ਬਰਤਾਨੀਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ: “ਰਣਜੀਤ ਸਿੰਘ ਦਾ ਰਾਜ ਯੂਰਪ ਅਤੇ ਸਾਡੇ ਬਰਤਾਨੀਆਂ ਕੋਲੋਂ 50 ਸਾਲ ਅੱਗੇ ਹੈ ਜਿਤਨਾ ਚਿਰ ਮਹਾਂਰਾਜਾ ਰਣਜੀਤ ਸਿੰਘ ਜਿਉਂਦਾ ਹੈ ਉਸਦੀ ਹਕੂਮਤ ਅਤੇ ਪੰਜਾਬੀਆਂ ਨਾਲ ਪੰਗਾ ਨਾ ਲੈਣਾ, ਆਪਾਂ ਨੂੰ ਮਹਿਗਾ ਪੈ ਸਕਦਾ ਹੈ”।
ਉਸ ਵਕਤ ਨਾਨਕਸ਼ਾਹੀ ਰੁਪਿਆ 13 ਪਾਊਂਡ ਦੇ ਬਰਾਬਰ ਸੀ। ਨੀਲ, ਨਮਕ, ਕਿਸ਼ਤੀਆਂ, ਮਿਰਚ ਮਸਾਲੇ, ਰੇਸ਼ਮੀ ਅਤੇ ਊਨੀ ਕਪੜੇ ਦੀ ਦਰਾਮਦ ਕਰਕੇ ਇਵਜ਼ ਵਿੱਚ ਸੋਨਾ ਲਿਆ ਜਾਂਦਾ ਸੀ। ਹਵਾਲਾ ਫਕੀਰ ਅਜ਼ੀਜ਼ੂਦੀਨ ਦੀ ਪੰਜਵੀ ਪੀੜ੍ਹੀ।
ਮੋਇਆ ਜਦੋਂ ਪੰਜਾਬ ਦਾ ਮਹਾਂਰਾਜਾ, ਮੋਈ ਵੀਰਤਾ ਵੀਰ ਪੰਜਾਬੀਆਂ ਦੀ।
ਜਿਸਦੇ ਨਾਲ ਵੈਰੀ ਥਰ ਥਰ ਕੰਬਦੇ ਸੀ, ਟੁੱਟ ਗਈ ਸਮਸ਼ੀਰ ਪੰਜਾਬੀਆਂ ਦੀ।
ਉਹਦੇ ਰੰਗ ਮਹਿਲ ਵਿੱਚ ਲਹੂ ਡੁਲ੍ਹਾ, ਗਈ ਲਿਬੜ ਤਸਵੀਰ ਪੰਜਾਬੀਆਂ ਦੀ।
ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ, ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ।
ਕਿੰਨੂੰ ਕਹੀਏ ਅੱਜ ਦੁਪਹਿਰ ਵੇਲੇ, ਲੁੱਟੀ ਗਈ ਫਿਰ ਹੀਰ ਪੰਜਾਬੀਆਂ ਦੀ।
ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
                                                                  ਵਿਧਾਤਾ ਸਿੰਘ ਤੀਰ।
ਛੱਡ ਪੰਜਾਂ ਤੱਤਾਂ ਦੇ ਪੁੱਤਲੇ ਨੂੰ,
ਜਿਸ ਦਿਨ ਦੀ ਖਾਲਸਾ ਸਰਕਾਰ ਗਈ।
ਹਾਲਤ ਹੋਈ ਵਾਂਙ ਫਕੀਰਾਂ ਦੇ,
ਤੇ ਓਸ ਦਿਨ ਦੀ ਕੌਮ ਮੰਝਧਾਰ ਪਈ।
ਚੋਰ ਲੱਗੇ ਵੱਡਣ ਜੜ੍ਹਾਂ ਨੂੰ,
ਲੈ ਸਾਰ ਬਹੁੜ ਕੇ ਮਾਲੀਆ ਵੇ।
ਲੈ ਥਾਪੜਾ ਗੁਰੂ ਗੋਬਿੰਦ ਸਿੰਘ ਦਾ,
ਮੁੜ ਆ ਪੰਜਾਬ ਦਿਆ ਮਾਲੀਆ ਵੇ।
                      ਆਲਮ ਭੱਠਲ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ + 1 647 966 3132