ਜੱਟਾਂ ਦਾ ਯਾ ਪੰਜਾਬੀਆਂ ਦਾ ਪਹਿਲਾ ਤੇ ਆਖਰੀ ਲਾਹੌਰੀ ਰਾਜਾ - ਗੁਰਚਰਨ ਸਿੰਘ ਜਿਉਣਵਾਲਾ

ਅੱਜ ਸਵੇਰੇ ਉਠਿਆ ਤਾਂ ਫੇਸਬੁੱਕ ਤੇ ਦੋ ਲਹਿੰਦੇ ਪੰਜਾਬ ਦੇ ਸਰਦੇ-ਵਰਦੇ ਅਤੇ ਸੂਝਵਾਨ ਪੰਜਾਬੀਆਂ ਦੀ ਆਪਸ ਵਿੱਚ ਗੱਲਬਾਤ ਸੁਣਨ ਦਾ ਮੌਕਾ ਮਿਲਿਆ। ਗੱਲ-ਬਾਤ ਬੜੀ ਧਹਿਮਲ/ਠਰੰਮੇ ਨਾਲ ਹੋਈ। ਇੱਕ ਕਹਿੰਦਾ ਕਿ ਮਹਾਂਰਾਜਾ ਰਣਜੀਤ ਸਿੰਘ ਜੱਟਾਂ ਦਾ ਪਹਿਲਾ ਰਾਜਾ ਹੋਇਆ ਜਿਸ ਨੇ ਪੰਜਾਬ ਤੇ ਰਾਜ ਕੀਤਾ। ਦੂਸਰਾ ਕਹਿਣ ਲੱਗਾ ਇਹ ਗੱਲ ਠੀਕ ਨਹੀਂ ਓਹ ਪਹਿਲਾ ਪੰਜਾਬੀ ਪੰਜਾਬੀਆਂ ਦਾ ਰਾਜਾ ਹੋਇਆ ਹੈ ਜਿਸ ਨੇ ਲਾਹੌਰ ਨੂੰ ਮੁੱਖ ਦਰਬਾਰ ਬਣਾ ਕੇ ਰਾਜ ਕੀਤਾ। ਬਾਕੀ ਸਭ ਬਾਹਰਲੇ ਹੁਕਮਰਾਨ ਆਏ ਜਿਨ੍ਹਾਂ ਨੇ ਪੰਜਾਬ ਤੇ ਰਾਜ ਤਾਂ ਕੀਤਾ ਪਰ ਨਾਲ ਦੀ ਨਾਲ ਲੁੱਟ-ਖਸੁੱਟ ਵੀ ਬਹੁਤ ਕੀਤੀ। ਚਾਹੇ ਆਪਾਂ ਹਜ਼ਾਰ ਸਾਲ ਪਿਛਾਂਹ ਨੂੰ ਗਿਣਤੀ ਕਰੀਏ ਤਾਂ ਵੀ ਪਤਾ ਚੱਲਦਾ ਹੈ ਕਿ ਐਸਾ ਰਾਜ-ਭਾਗ ਹੋਰ ਕਿਸੇ ਰਾਜੇ ਨੇ ਪੰਜਾਬ ਨੂੰ ਨਹੀਂ ਦਿੱਤਾ।
ਹੁਣ ਮੈਂ ਗੱਲ ਕਰਾਂ ਚੜ੍ਹਦੇ ਪੰਜਾਬ ਵਾਲੇ ਪੰਜਾਬੀਆਂ ਦੀ। ਸੜਕਨਾਮੇ ਵਾਲੇ ਬਲਦੇਵ ਸਿੰਘ ਅਤੇ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਵਾਲਿਆਂ ਦੀ। ਸੜਕਨਾਮੇ ਨੇ ਤਾਂ ਮਹਾਂਰਾਜੇ ਰਣਜੀਤ ਸਿੰਘ ਨੂੰ ਆਪਣੀ ਕਿਤਾਬ ‘ਸੂਰਜ ਦੀ ਅੱਖ’ ਵਿੱਚ ਸਿਵਾਏ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਉਣ ਤੋਂ, ਹੋਰ ਕੁੱਝ ਲਿਖਿਆ ਹੀ ਨਹੀਂ। ਕਬਾਬ ਦੇ ਨਾਲ ਸ਼ਰਾਬ ਵੀ ਆਪਣੇ ਆਪ ਜੁੜ ਹੀ ਜਾਂਦੀ ਹੈ। ਜਦੋਂ ਸੜਕਨਾਮੇ ਨੂੰ ਮੋਗੇ, ਪੰਜਾਬ, ‘ਚ ਫੂੰਨ ਕਰਕੇ ਸਵਾਲ ਕੀਤਾ ਕਿ ਬਲਦੇਵ ਸਿੰਘ ਮੇਰਾ ਇੱਕ ਸਵਾਲ ਹੈ ਕਿ ਕੀ ਕੋਈ ਕਾਜ਼ੀ ਮਹਾਂਰਾਜੇ ਰਣਜੀਤ ਸਿੰਘ ਦਾ ਨਿਕਾਹ ਪੜ੍ਹ ਸਕਦਾ ਹੈ ਜਿਤਨੀ ਦੇਰ ਰਾਜਾ ਆਪਣਾ ਧਰਮ ਤਬਦੀਲ ਕਰਕੇ ਮੁਸਲਮਾਨ ਨਹੀਂ ਬਣ ਜਾਂਦਾ, ਕ੍ਰਿਪਾ ਕਰਕੇ ਮਹਾਂਰਾਜੇ ਦਾ ਮੁਸਲਮਾਨੀ ਨਾਮ ਦੱਸੋ? ਕਿਉਂਕਿ ਮਨਘੜਤ ਅਤੇ ਜਿਨ੍ਹਾਂ ਅੰਗਰੇਜ਼ਾਂ ਨੇ ਪੰਜਾਬੀ ਜਨਤਾ ਵਿੱਚ ਰਾਜੇ ਰਣਜੀਤ ਸਿੰਘ ਪ੍ਰਤੀ  ਨਫਰਤ ਫੈਲਾਉਣੀ ਸੀ ਤਾਂ ਕਿ ਲੋਕ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਸਮਝਣ ਲੱਗ ਪੈਣ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ‘ਸੂਰਜ ਦੀ ਅੱਖ’ ਲਿਖੀ ਗਈ ਸੀ, ਸੜਕਨਾਮਾ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਬਸ ਐਨਾ ਹੀ ਕਿਹਾ ਕਿ ਸਮਾਂ ਆਉਣ ਤੇ ਜ਼ਰੂਰ ਜਵਾਬ ਦੇਵਾਂਗਾ। ਮੇਰਾ ਜਵਾਬ ਸੀ ਕਿ ਬਲਦੇਵ ਸਿੰਘ ਜੀ ਸਮਾਂ ਤੁਹਾਡੇ ਸਾਹਮਣੇ ਖੜਾ ਹੈ ਤੇ ਫੇਰ ਕਦੇ  ਨਹੀਂ ਆਉਣਾ। ਪੰਜਾਬੀ ਭਰਾਵੋ ‘ਸੂਰਜ ਦੀ ਅੱਖ’ ਕਿਤਾਬ ਬੁਰਜ ਢਾਹਾਂਕਲੇਰਾਂ/ਵੈਨਕੂਵਰ ਵਾਲੇ ਨੇ 25,000.00 (ਪੱਚੀ ਹਜ਼ਾਰ ਕਨੇਡੀਅਨ ਡਾਲਰ) ਇਨਾਮ ਵਜੋਂ ਦੇ ਕੇ ਲਿਖਵਾਈ ਹੈ। ਜਦੋਂ ਇਨਾਮ ਦਿੱਤਾ ਗਿਆ ਸੀ ਤਾਂ ਵੈਨਕੂਵਰ ਵਿੱਚ ਕਾਫੀ ਰੌਲਾ ਵੀ  ਪਿਆ ਸੀ। ਜਿਸ ਰਾਜੇ ਦਾ ਰਾਜ ਅੰਗਰੇਜ਼ਾਂ ਖੋਇਆ ਸੀ ਅਤੇ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਨੇ ਮਹਾਂਰਾਜੇ ਰਣਜੀਤ ਸਿੰਘ ਨੂੰ ਅੱਜ-ਤੱਕ ਦਾ ਸਰਵੋਤਮ ਰਾਜਾ ਐਲਾਨਿਆ ਹੈ ਤੇ ਸਾਡੇ ਆਪਣੇ ਪੰਜਾਬੀ ਨੇ 10-12 ਲੱਖ ਰੁਪਿਆਂ ਦੀ ਖਾਤਰ ਰਾਜੇ ਰਣਜੀਤ ਸਿੰਘ ਦਾ ਚ੍ਰਿਤਰਘਾਣ ਕਰਕੇ ਆਪਣੇ ਸਿਰ ਵਿੱਚ ਖੇਹ ਪੁਆਈ ਹੈ।  ਰਾਜੇ ਦੀ ਚੰਗੀ ਭਲੀ ਅੱਖ ਤੇ ਵੀ ਮਿੱਟੀ ਮਲ ਦਿੱਤੀ।
ਇਸੇ ਹੀ ਕਿਤਾਬ ਦਾ ਰੀਵਿਊ ਪ੍ਰਿੰ.ਸਰਵਣ ਸਿੰਘ ਜੀ ਨੇ ਲਿਖਿਆ ਅਤੇ ਇਸ ਕਿਤਾਬ ਨੂੰ ਸਲਾਹਿਆ। ਜੋ ਛਪਿਆ ਵੀ ਤੇ ਮੇਰੇ ਕਿਸੇ ਮਿੱਤਰ ਨੇ ਮੈਨੂੰ ਭੇਜ ਦਿੱਤਾ। ਮੈਂ ਪ੍ਰਿੰ. ਸਰਵਣ ਸਿੰਘ ਨੂੰ ਪੁਛਿਆ ਕਿ ‘ਸੂਰਜ ਦੀ ਅੱਖ’ਕਿਤਾਬ ਵਿੱਚ ਕਿਹੜੀ ਚੰਗੀ ਗੱਲ ਹੈ? ਤਾਂ ਜਵਾਬ ਇਹ ਮਿਲਿਆ ਕਿ ਇੱਕ ਕਿਤਾਬ ਵਿੱਚ ਸਾਰਾ ਕੁੱਝ ਨਹੀਂ ਬਿਆਨ ਕੀਤਾ ਜਾ ਸਕਦਾ। ਮੈਂ ਕਿਹਾ ਜੀ ਤੁਸੀਂ ਠੀਕ ਨਹੀਂ ਕਹਿ ਰਹੇ? ਹੋ ਸਕਦਾ ਹੈ ਕਿ ਤੁਸੀਂ ਹੀਰ ਵਾਰਸ ਸ਼ਾਹ ਪੜ੍ਹੀ ਹੋਵੇ? ਰਾਜੇ ਰਣਜੀਤ ਸਿੰਘ ਦੇ ਰਾਜ ਬਾਰੇ ਇੱਕ ਬੰਦ:
ਤਦੋਂ ਦੇਸ ਦੇ ਜੱਟ ਸਰਦਾਰ ਆਹੇ!
ਘਰੋ ਘਰੀਂ ਜਾ ਨਵੀਂ ਸਰਕਾਰ ਹੋਈ।
ਅਸ਼ਰਾਫ ਖਰਾਬ, ਕਮੀਣ  ਤਾਂਜ਼ੀ, ਜ਼ਿੰਮੀਦਾਰ ਨੂੰ ਵੱਡੀ ਬਹਾਰ ਹੋਈ।
ਚੋਰ ਚੌਧਰੀ, ਯਾਰ ਨੇ ਪਾਕ ਦਾਮਨ, ਭੂਤ ਮੰਡਲੀ ਇੱਕ ਦੂ ਚਾਰ ਹੋਈ।
ਵਾਰਸਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਾਤ ਪਾਰ ਹੋਈ॥ 619॥
ਭੂਰਿਆਂ ਵਾਲੇ ਰਾਜੇ ਕੀਤੇ।
ਮੁਗਲਾਂ ਜ਼ਹਿਰ ਪਿਆਲੇ ਪੀਤੇ। ਬੁਲ੍ਹੇ ਸ਼ਾਹ।
ਰਾਜੇ ਦੇ ਰਾਜ ਦੇ ਫਕੀਰ ਕਵੀ ਤਾਂ ਮਹਾਂਰਾਜੇ ਦੇ ਰਾਜ ਨੂੰ ਸਲਾਹੁੰਦੇ ਨਹੀਂ ਥੱਕਦੇ ਪਰ ਚੰਦ ਟੱਕਿਆਂ ਨਾਲ ਖਰੀਦੇ ਪੰਜਾਬੀ ਦੇ ਲਿਖਾਰੀ, ਪੰਜਾਬੀ ਰਾਜੇ ਦੀ ਚੰਗੀ-ਭਲੀ ਅੱਖ ਤੇ ਵੀ ਕਾਲਖ ਮਲਣੋ ਨਹੀਂ ਹੱਟਦੇ। ਪ੍ਰਿੰ. ਸਰਵਣ ਸਿੰਘ ਜੀ ਤੁਸੀਂ ਕਬੱਡੀ ਬਾਰੇ ਲਿਖੋ, ਕਿਸੇ ਨੇ ਕਿਸੇ ਦਾ ਗੁੱਟ ਫੜਿਆ, ਥੱਲੇ ਰੱਖਿਆ, ਟੰਗ ਮਰੋੜੀ, ਕੈਂਚੀ ਮਾਰੀ, ਢਾਹ ਲਿਆ ਢਾਹ ਲਿਆ ਬਸ ਨੰਬਰ ਹਾਸਲ ਕਰ ਲਿਆ। ਇਹ ਕੁੱਝ ਲਿਖਣ ਤੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜੋ ਕੁੱਝ ਅੱਖੀਂ ਦੇਖਿਆ ਓਹੀ ਲਿਖ ਮਾਰਿਆ। ਪਰ ਤੁਸੀਂ ਖੋਜ ਕਰਕੇ ਲਿਖਣ ਦੇ ਕਾਬਲ ਨਹੀਂ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ।  ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੇ ਪਾਲ ਸਿੰਘ ਪੰਛੀ, ਢਾਡੀ ਕੀ ਲਿਖਦੇ ਹਨ;
ਅੱਜ ਸੌਂ ਗਿਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ।
ਲਾੜੀ ਮੌਤ ਵਿਆਹ ਕੇ ਲੈ ਗਈ ਕਰ ਪੰਜਾਬ ਨਿਥਾਵਾਂ।
ਉਹਨੂੰ ਰੋਈ ਭਾਰਤ ਅੰਬੜੀ, ਕਰ ਉਚੀਆਂ ਬਾਹਵਾਂ।
ਉਹਨੂੰ ਘਰ ਘਰ ਰੋਈਆਂ ਬੈਠ ਕੇ, ਮਰਦਾਂ ਦੀਆਂ ਮਾਵਾਂ।
ਤੇਰਾ ਹੋਵੇ ਵਾਸਾ ਸਵਰਗ ਵਿੱਚ, ਇਉਂ ਦੇਣ ਦੁਆਵਾਂ।
ਅੱਜ ਸਿੰਘਾਂ ਦੇ ਰਾਜ ਦਾ ਢਲਿਆ ਪਰਛਾਵਾਂ।
ਉਹਦੀ ਯਾਦ ‘ਚ ਕੇਰੇ ਰੱਜ ਕੇ , ਹੰਝੂ ਦਰਿਆਵਾਂ।
ਸੀ ਬਹੁਤੇ ਸੁੱਖ ਸਰਕਾਰ ਦੇ, ਕੀ ਆਖ ਸੁਣਾਵਾਂ।
ਏਥੇ ‘ਪੰਛੀ’ ਤੋਤੇ ਉਡ ਗਏ, ਕਰ ਸੁੰਨੀਆਂ ਥਾਵਾਂ।
8 ਫਰਵਰੀ 2023 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਅਤੇ ਪੁਰਾਣੀ ਸੂਫੀ ਕਵਿਤਾ ਦੇ ਪ੍ਰੋਫੈਸਰ ਡਾ. ਆਸਮਾ ਕਾਦਰੀ ਜੀ ਸਿੰਘ ਸਭਾ ਦੇ ਸੱਦੇ ਤੇ ਕਨੇਡਾ ਆਏ। ਉਨ੍ਹਾਂ ਦਾ ਬਾਬਾ ਫਰੀਦ, ਬਾਬਾ ਕਬੀਰ, ਬਾਬਾ ਨਾਨਕ, ਹੋਰ ਗੁਰੂ ਸਾਹਿਬਾਨ, ਭਗਤ ਸਹਿਬਾਨ ਦੀ ਬਾਣੀ ਅਤੇ ਹੋਰ ਸੂਫੀ ਕਵੀਆਂ ਦੀਆਂ ਲਿਖਤਾਂ ਨਾਲ ਪਿਆਰ ਅਤੇ ਸਤਿਕਾਰ ਹੋਣ ਕਰਕੇ ਸਿੰਘ ਸਭਾ ਇੰਟਰਨੈਸਨਲ ਕੈਨੇਡਾ ਨੇ ਉਨ੍ਹਾਂ ਦੇ ਬੋਲਣ ਦਾ ਕਈ ਥਾਵਾਂ ਤੇ ਇੰਤਜ਼ਾਮ ਕੀਤਾ। ਦੋ ਗੁਰਦਵਾਰਿਆਂ, ਦੋ ਰੇਡੀਓ ਅਤੇ ਦੋ ਹੀ ਟੀ.ਵੀ. ਪ੍ਰੋਗਰਾਮ ਕੀਤੇ ਗਏ। ਇਸ ਤੋਂ ਇਲਾਵਾ ਕਈ ਪ੍ਰੀਵਾਰਾਂ ਨਾਲ ਅਤੇ ਖਾਸ ਕਰਕੇ ਮੁਸਲਮਾਨ ਕਵੀਆਂ ਅਤੇ ਲਿਖਾਰੀਆਂ ਨਾਲ ਵੀ ਬੈਠਕ ਹੋਈ। ਵਿਹਲੇ ਵੇਲੇ ਮੈਂ ਮਹਾਂਰਾਜੇ ਦੇ ਰਾਜ ਬਾਰੇ ਪੁੱਛ-ਗਿੱਛ ਕਰਦਾ ਰਿਹਾ। ਜੋ ਗੱਲ ਉਭਰ ਕੇ ਸਾਹਮਣੇ ਆਈ ਉਹ ਇਹ ਹੈ ਕਿ ਰਾਜੇ ਰਣਜੀਤ ਸਿੰਘ ਦਾ ਵਿਆਹ ਕਿਸੇ ਵੀ ਮੁਸਲਮਾਨ ਔਰਤ ਨਾਲ ਨਹੀਂ ਹੋਇਆ। ਮੋਰਾਂ ਬਾਰੇ ਯੂਨੀਵਰਸਿਟੀ ਵਿੱਚ ਪਏ ਇਤਿਹਾਸ ਤੋਂ ਤਾਂ ਏਹੀ ਪਤਾ ਚੱਲਦਾ ਹੈ ਕਿ ਉਹ ਨੱਚਣ-ਗਉਣ ਵਾਲੀ ਇੱਕ ਨਾਚੀ ਸੀ। ਇੱਕ ਦਿਨ ਉਸ ਨੇ ਇਹ ਫੈਸਲਾ ਕੀਤਾ ਕਿ ਬੱਸ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਤੇ ਉਹ ਦੂਰ ਕਿਸੇ ਰੋਹੀ ਬੀਆਬਾਨ ਕਿਨਾਰੇ ਬੈਠ ਗਈ। ਰਾਜੇ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਬੀਮਾਰ ਹੋਣ ਦੇ ਬਾਵਜੂਦ ਵੀ ਉਸ ਨਾਲ ਗੱਲ-ਬਾਤ ਕਰਨ ਗਿਆ। ਸਵਾਲ ਸੀ ਕੋਈ ਤਕਲੀਫ ਜੋ ਮੇਰੇ ਕਰਮਚਾਰੀ ਹੱਲ ਕਰ ਸਕਦੇ ਹੋਣ। ਜਵਾਬ; ਕੋਈ ਤਕਲੀਫ ਨਹੀਂ ਹੁਣ ਇਸ ਕੰਮ ਤੋਂ ਤੋਬਾ। ਮੈਂ ਪਹਿਲਾਂ ਵੀ ਲਿੱਖ ਚੁੱਕਿਆ ਹਾਂ ਕਿ ਰਾਜੇ ਨੇ ਜੇਕਰ ਮੋਰਾਂ ਨਾਲ ਵਿਆਹ ਰਚਾਇਆ ਹੁੰਦਾ ਤਾਂ ਆਪਣੇ ਸਰਕਾਰੀ ਪ੍ਰਭਾਵ ਕਰਕੇ ਨਾਚੀ ਮੋਰਾਂ ਨੇ ਮਾਈ ਮੋਰਾਂ ਦਾ ਨਾਮ ਹਾਸਲ ਕਰ ਲੈਣਾ ਸੀ। ਅੰਮ੍ਰਿਤਸਰ ਤੋਂ ਲਾਹੌਰ ਜਾਂਦਿਆਂ ਰਸਤੇ ਵਿੱਚ ਇੱਕ ਕੰਜਰੀ ਪੁਲ ਆਉਂਦਾ ਹੈ। ਇਹ ਪੁਲ ਵੀ ਮੋਰਾਂ ਦੇ ਕਹਿਣ ਤੇ ਹੀ ਰਾਜੇ ਨੇ ਬਣਵਾਇਆ ਸੀ। ਇਸ ਪੁਲ ਦਾ ਨਾਮ ਅੱਜ ਵੀ ਕੰਜਰੀ ਪੁਲ ਨਾਲ ਜਾਣਿਆ ਜਾਂਦਾ ਹੈ। ਜੇ ਕਿਤੇ ਉਸਦਾ ਵਿਆਹ ਰਾਜੇ ਨਾਲ ਹੋਇਆ ਹੁੰਦਾ ਤਾਂ ਇਸ ਪੁਲ ਦਾ ਨਾਮ ‘ਮਾਈ ਮੋਰਾਂ’ ਦਾ ਪੁਲ ਵੱਜਣਾ ਸੀ ਪਰ ਨਹੀਂ ਸਚਾਈ ਕੁੱਝ ਹੋਰ ਹੈ ਜੋ ਅਸੀਂ ਜਾਨਣਾ ਨਹੀਂ ਚਾਹੁੰਦੇ।  ਜਦੋਂ ਹੀ ਅਸੀਂ ਅਟਾਰੀ ਬਾਰਡਰ ਤੋਂ ਪਾਕਿਸਤਾਨ ਦੇਸ਼ ਵਿੱਚ ਅੰਦਰ ਜਾਂਦੇ ਹਾਂ ਤੇ ਅਖੀਰਲੇ ਰੇਂਜ਼ਰ ਦੇ ਬਿਲਕੁੱਲ ਕੋਲੋਂ ਹੀ ਸੱਜੇ ਪਾਸੇ ਪਿੰਡ ਹੈ “ਚੱਠੇ’।
ਫਰਵਰੀ 15, 2024 ਨੂੰ ਮੈਂ ਆਪਣੇ ਦੋ ਹੋਰ ਦੋਸਤਾਂ ਨਾਲ ਪਾਕਿਸਤਾਨ ਗਿਆ ਅਤੇ ਕਾਫੀ ਕੁੱਝ ਦੇਖਣ ਤੋਂ ਬਾਅਦ ਅਸੀਂ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਵਾਹਗਾ ਸਰਹੱਦ ਨੂੰ ਗਏ ਤੇ ਜਿੱਥੇ ਪਹਿਲਾ ਰੇਂਜਰ ਖੜਾ ਹੈ, ਉੱਥੋਂ ਉੱਤਰ ਪੁਰਬ ਵੱਲ ਨੂੰ ਚੱਠਾ ਪਿੰਡ ਦਿਖਾਈ ਦਿੰਦਾ ਹੈ। ਉਸ ਪਿੰਡ ਦੇ ਇੱਕ ਚੌਧਰੀ ਨਾਲ ਗੱਲਬਾਤ ਕਰਨ ਤੋਂ ਪਤਾ ਚਲਿਆ ਕਿ ਕੰਜਰੀ ਪੁੱਲ ਹੁਣ ਢਹਿ ਚੁੱਕਿਆ ਹੈ, ਉੱਥੇ ਉਹ ਵਾਹਾ ਵੀ ਨਹੀਂ, ਹਾਂ ਐਨਾ ਜ਼ਰੂਰ ਹੈ ਕਿ ਓਸ ਥਾਂ ਤੇ, ਜਿੱਥੇ ਸਫੈਦੇ ਦੇ ਦਰੱਖਤ ਖੜ੍ਹੇ ਦਿਖਾਈ ਦਿੰਦੇ ਹਨ, ਓਥੇ ਕੰਜਰੀ ਪੁੱਲ ਸੀ ਜੋ ਹੁਣ ਨਹੀਂ ਹੈ। ਇਸ ਪਿੰਡ ਦੇ ਚੌਧਰੀ ਨੇ ਸਾਡੀ ਚੰਗੀ ਆਓ ਭਗਤ ਵੀ ਕੀਤੀ ਤੇ ਚੁੱਪ-ਚਾਪ ਫੋਟੋ ਖਿੱਚਣ ਦੀ ਸਲਾਹ ਵੀ ਦਿੱਤੀ।
ਰਾਜਾ ਰਣਜੀਤ ਸਿੰਘ ਦਾ ਦਿਨ-ਰਾਤ ਕਿਵੇਂ ਗੁਜਰਦਾ ਸੀ ? ਕਵੀ ਸਾਹਿਬ ਸਿੰਘ ਲਿਖਦਾ ਹੈ:-
ਸਦ ਹੀ ਕਮਰ ਕਸੀ ਹਮ ਦੇਖੀ।
ਕਬਹੂੰ ਨਾ ਸੁਸਤੀ ਮੁੱਖ ਪਰ ਪੇਖੀ।
ਸ਼ਰਾਬੀ-ਕਬਾਬੀ ਦੀ ਇਹ ਦਿੱਖ ਨਹੀਂ ਹੁੰਦੀ।
ਸਰ ਹੈਨਰੀ ਲਾਰੰਸ ਲਿਖਦਾ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਵਰਗਾ ਬਚਨ ਦਾ ਪੱਕਾ, ਮੈਂ ਨਾ ਗੁਜ਼ਰੇ ਬਾਦਸ਼ਹਾਂ ਵਿੱਚ ਸੁਣਿਆ ਹੈ ਅਤੇ ਨਾ ਮੌਜੂਦਾ ਵਿੱਚ ਡਿੱਠਾ ਹੈ।
ਇਹ ਰਾਏ ਮੇਜਰ ਵੈਡ ਦੀ ਹੈ।
ਰਾਜੇ ਰਣਜੀਤ ਸਿੰਘ ਨੂੰ ਸ਼ੇਰ, ਚੀਤੇ ਤੇ ਰਿੱਛ ਦੇ ਸ਼ਿਕਾਰ ਦਾ ਬੜਾ ਸ਼ੌਕ ਸੀ। ਉਨ੍ਹਾਂ ਨੂੰ ਉਹ ਨੇਜੇ ਦੀ ਨੋਕ ਤੇ ਯਾ ਤਲ਼ਵਾਰ ਨਾਲ ਮਾਰਦਾ ਹੁੰਦਾ ਸੀ। ਉਸ ਦੀ ਪੁਸ਼ਾਕ ਸਾਦੀ ਪਰ ਡਾਢੀ ਸੁਥਰੀ ਹੁੰਦੀ ਸੀ।
ਆਨਰੇਬਲ ਆਜ਼ਬਰਨ ਲਿਖਦਾ ਹੈ ਕਿ ਮਹਾਂਰਾਜਾ ਰਾਤ ਨੂੰ ਸੌਂਦਾ ਸੀ ਤਾਂ ਉਸ ਦਾ ਹੁਕਮ ਸੀ ਕਿ ਇੱਕ ਜੋਤਿਆ ਜਤਾਇਆ ਘੋੜਾ ਤਿਆਰ ਕਰਕੇ ਉਸ ਦੇ ਪਲੰਘ ਦਾ ਲਾਗੇ ਰਹੇ। ਉਹ ਗੈਂਡੇ ਦੀ ਢਾਲ ਤੇ ਤਲਵਾਰ ਸੁੱਤੇ ਪਏ ਵੀ ਆਪਣੇ ਨਾਲ ਪਲੰਘ ਦੇ ਸਿਰਹਾਣੇ ਰੱਖਦਾ ਸੀ। ਆਖੀਰ ਵਿੱਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਇੱਕ ਹਵਾਲਾ ਦੇ ਕੇ ਇਸ ਲੇਖ ਨੂੰ ਬੰਦ ਕਰਦਾ ਹਾਂ। ਨਿੱਤਨੇਮ ਦੇ ਪਿਛੋਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਆਪਣੀਆਂ ਫੌਜਾਂ ਦੀ ਕਵਾਇਦ ਦੇਖਣ ਲਈ ਚਲਾ ਜਾਂਦਾ ਸੀ। ਦੋ ਘੰਟੇ ਕਵਾਇਦ ਦੇਖ ਕੇ ਦਸ ਵਜੇ ਤਕ ਦਰਬਾਰ ਵਿੱਚ ਆ ਜਾਂਦਾ ਤੇ  ਬਾਹਰਲੇ ਇਲਾਕਿਆਂ ਤੋਂ ਆਈਆਂ ਰਿਪੋਰਟਾਂ ਸੁਣਦਾ ਅਤੇ ਉਨ੍ਹਾਂ ਤੇ ਹੁਕਮ ਲਿਖਵਾਂਦਾ ਹੁੰਦਾ ਸੀ। ਹੁਕਮ ਦੀ ਇਬਾਰਤ ਮਹਾਂਰਾਜਾ ਆਪ ਬੋਲਦਾ ਤੇ ਅਗੋਂ ਪੇਸ਼ਕਾਰ (ਸਕੱਤਰ) ਲਿੱਖਦਾ ਜਾਂਦਾ। ਲਿੱਖੇ ਹੋਏ ਹੁਕਮ ਨੂੰ ਮੁੜ ਸੁਣਦਾ ਤਾਂ ਜੋ ਪੇਸ਼ਕਾਰ ਕੁੱਝ ਭੁੱਲ ਨਾ ਕਰ ਬਹੇ। ਜਿਹੜੇ ਲੋਕ ਉਸ ਬਾਰੇ ਲਿਖਦੇ ਯਾ ਸੁਣਾਉਂਦੇ ਹਨ ਕਿ ਰਾਜਾ ਜ਼ਨਾਨੀਬਾਜ ਸੀ ਉਹ ਆਪਣੀ ਭੁੱਲ ਨੂੰ ਦਰੁਸਤ ਕਰਨ। ਜ਼ਨਾਨੀਬਾਜ ਮਨੁੱਖ ਇੱਕ ਛੋਟੀ ਜਿਹੀ ਰਿਆਸਤ ਨੂੰ ਦੁਨੀਆਂ ਦੀ ਸੁਪਰ ਪਾਵਰ ਨਹੀਂ ਬਣਾ ਸਕਦਾ ਪਰ ਰਾਜੇ ਰਣਜੀਤ ਸਿੰਘ ਨੇ ਇਹ ਕਰ ਵਿਖਾਇਆ। ਹੁਣ ਤੁਸੀਂ ਆਪ ਸੋਚੋ ਕਿ ਓਹ ਕੀ ਸੀ ਅਤੇ ਅਸੀਂ ਕੀ ਸੁਣਿਆ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132