Balwant-Singh-Gill

ਕੋਹੜ ਦੀ ਬੀਮਾਰੀ - ਬਲਵੰਤ ਸਿੰਘ ਗਿੱਲ

ਚਰਨੋਂ ਦੋ-ਹੱਥੜੀਆਂ ਮਾਰ-ਮਾਰ ਕੇ ਆਪਣੇ ਇਕਲੌਤੇ ਪੁੱਤਰ ਗੁਰਕੰਵਲ ਦੀ ਲਾਸ਼ ਸਰ੍ਹਾਣੇ ਬੈਠੀ ਪਿੱਟ ਰਹੀ ਸੀ। ਘੰਟਾ ਕੁ ਪਹਿਲਾਂ ਗੁਰਕੰਵਲ ਦੀ ਲਾਸ਼ ਹਵੇਲੀ ਦੇ ਪੱਖੇ ਤੋਂ ਥੱਲੇ ਲਾਹ ਕੇ ਜ਼ਮੀਨ 'ਤੇ ਲਿਟਾਈ ਗਈ ਸੀ। ਜਦੋਂ ਪਿੰਡ ਦੇ ਵਸਨੀਕਾਂ ਨੂੰ ਇਸ ਖ਼ੌਫ਼ਨਾਕ ਮੌਤ ਦਾ ਪਤਾ ਲੱਗਾ ਤਾਂ ਉਹ ਭੱਜੇ ਭੱਜੇ ਚਰਨੋਂ ਦੀ ਹਵੇਲੀ ਵਿੱਚ ਆ ਗਏ। ਲਾਸ਼ ਦਾ ਮੂੰਹ ਦੇਖਣ ਲਈ ਹਰ ਪਿੰਡ ਵਾਸੀ ਇੱਕ ਦੂਸਰੇ ਤੋਂ ਮੂਹਰੇ ਹੋ ਕੇ ਹਵੇਲੀ ਪਹੁੰਚਿਆ। ਚਰਨੋਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਅਤੇ ਵਾਰ ਵਾਰ ਗਸੀਆਂ ਪੈ ਗਈਆਂ ਸਨ। ਇਸ ਦੀ ਗੁਆਂਢਣ ਗਿਆਨੋਂ ਚਰਨੋਂ ਦੇ ਮੂੰਹ ਵਿੱਚ ਦੋ ਘੁੱਟ ਪਾਣੀ ਪਾ ਕੇ ਇਸ ਨੂੰ ਹੋਸ਼ ਵਿੱਚ ਲਿਆਉਂਦੀ। ਪਰ ਜਦੋਂ ਗੁਰਕੰਵਲ ਦੀ ਮਾਂ ਦੀ ਨਿਗਾਹ ਆਪਣੇ ਕੜੀ ਵਰਗੇ ਜੁਆਨ ਪੁੱਤ ਦੀ ਲਾਸ਼ ਉੱਤੇ ਪੈਂਦੀ ਤਾਂ ਇਸ ਨੂੰ ਫੇਰ ਗਸ਼ੀ ਪੈ ਜਾਂਦੀ। ਚਰਨੋਂ ਆਪਣੀ ਛਾਤੀ ਪਿੱਟਦੀ ਦੁਹਾਈਆਂ ਪਾ ਰਹੀ ਸੀ, "ਲੋਕੋ, ਮੇਰੇ ਪੁੱਤ ਨੂੰ ਇਹ ਸਰਕਾਰਾਂ ਖਾ ਗਈਆਂ। ਪਿਛਲੇ ਕਈ ਸਾਲਾਂ ਤੋਂ ਇਲਾਕੇ ਦੀ ਪੁਲਿਸ ਕੋਲ ਬਥੇਰੀਆਂ ਸ਼ਿਕਾਇਤਾਂ ਕੀਤੀਆਂ ਸਨ ਕਿ ਪਿੰਡ 'ਚ ਨਸ਼ਾ ਬੇਰੋਕ ਵਿੱਕ ਰਿਹਾ ਹੈ, ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਓ। ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਾ ਸਰਕੀ। ਆਹ ਨਤੀਜਾ ਦੇਖ ਲਓ, ਮੇਰਾ ਪੁੱਤ ਨਸ਼ਿਆਂ ਨੇ ਖਾ ਲਿਆ।"
ਦੇਖਦਿਆਂ-ਦੇਖਦਿਆਂ ਪਿੰਡ ਦਾ ਸਰਪੰਚ ਅਤੇ ਹੋਰ ਪੰਚਾਇਤ ਦੇ ਮੈਂਬਰ ਵੀ ਹਵੇਲੀ ਪਹੁੰਚ ਗਏ। ਜਦੋਂ ਨੇੜੇ ਦੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਭੱਜੇ ਭੱਜੇ ਚਰਨੋਂ ਦੀ ਹਵੇਲੀ ਪਹੁੰਚ ਗਏ। ਲੱਗਦਾ ਸੀ, ਸਾਰੇ ਇਲਾਕੇ ਨੂੰ ਇਸ ਭਰ ਜਵਾਨ ਗੱਭਰੂ ਦੀ ਅਚਾਨਕ ਮੌਤ ਦਾ ਸਦਮਾ ਪਹੁੰਚਾ ਹੋਏਗਾ। ਨਾਲ ਦੇ ਪਿੰਡ ਦੀ ਇੱਕ ਸਮਾਜ ਸੇਵੀ ਸੰਸਥਾ ਨੂੰ ਜਦੋਂ ਪਤਾ ਲੱਗਾ ਕਿ ਗੁਰਕੰਵਲ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਉਹ ਵੀ ਪਤਾ ਕਰਨ ਆ ਗਏ ਕਿ ਗੁਰਕੰਵਲ ਦਾ ਆਤਮਹੱਤਿਆ ਕਰਨ ਦਾ ਅਸਲੀ ਕਾਰਨ ਕੀ ਸੀ?
ਗੁਰਕੰਵਲ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ ਅਤੇ ਇਸ ਦੀ ਇੱਕ ਭੈਣ ਸੁਖਜੀਵਨ, ਜੋ ਕਿ ਵਿਆਹੀ ਹੋਈ ਸੀ। ਘਰ ਵਿੱਚ ਅਤਿ ਦੀ ਗਰੀਬੀ ਸੀ ਪਰ ਗੁਰਕੰਵਲ ਦੇ ਬਾਪ ਗੁਲਜ਼ਾਰਾ ਸਿੰਘ ਨੇ ਆਪ ਤੰਗੀਆਂ ਝੱਲ ਕੇ ਆਪਣੇ ਦੋਹਾਂ ਬੱਚਿਆਂ ਨੂੰ ਪੜ੍ਹਾ ਲਿਆ ਸੀ। ਬਾਪ ਨੇ ਬੈਂਕ ਤੋਂ ਕਰਜ਼ਾ ਚੁੱਕ ਕੇ ਵੱਡੀ ਬੇਟੀ ਸੁਖਜੀਵਨ ਦਾ ਬੀ.ਏ. ਕਰਨ ਤੋਂ ਬਾਅਦ ਵਿਆਹ ਕਰ ਦਿੱਤਾ ਸੀ ਅਤੇ ਗੁਰਕੰਵਲ ਨੂੰ ਐਮ.ਏ. ਤੱਕ ਪੜ੍ਹਾ ਲਿਆ ਸੀ।
ਗੁਰਕੰਵਲ ਆਪਣੇ ਬਾਪੂ ਵਾਂਗ ਚੰਗਾ ਕੱਦ-ਕਾਠ ਕਰ ਗਿਆ ਸੀ। ਛੇ ਫੁੱਟਾ ਲੰਮਾ ਕੱਦ ਅਤੇ ਉਵੇਂ ਵੀ ਸੋਹਣਾ ਸੁਨੱਖਾ ਦਰਸ਼ਨੀ ਜੁਆਨ ਨਿਕਲਿਆ ਸੀ। ਕਾਲਜ ਦੇ ਸਲਾਨਾ ਖੇਡ ਮੁਕਾਬਲਿਆਂ ਅਤੇ ਸੂਬੇ ਦੀਆਂ ਖੇਡਾਂ  ਵਿੱਚ ਚੰਗੇ ਇਨਾਮ ਜਿੱਤ ਕੇ ਘਰ ਆਉਂਦਾ। ਬਾਪੂ ਦਾ ਇਹ ਸਭ ਕੁੱਝ ਦੇਖ ਕੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਬੇਬੇ ਚਰਨੋਂ ਵੀ ਫ਼ਖ਼ਰ ਨਾਲ ਆਪਣੇ ਗੱਭਰੂ ਪੁੱਤ ਦੀਆਂ ਸਿਫ਼ਤਾਂ ਆਂਡ-ਗੁਆਂਢ ਜਾ ਕੇ ਕਰਦੀ।ਮਾਂ ਬਾਪ ਸੋਚ ਰਹੇ ਸਨ ਕਿ ਉਨ੍ਹਾਂ ਦਾ ਬੇਟਾ ਚੰਗੀ ਨੌਕਰੀ 'ਤੇ ਲੱਗ ਕੇ ਆਪਣਾ ਚੰਗਾ ਜੀਵਨ ਬਤੀਤ ਕਰੇਗਾ ਅਤੇ ਉਨ੍ਹਾਂ ਦਾ ਬੁਢਾਪੇ 'ਚ ਸਹਾਰਾ ਬਣੇਗਾ।
ਗੁਰਕੰਵਲ ਆਪਣੀ ਐਮ.ਏ. ਦੀ ਪੜ੍ਹਾਈ ਚੰਗੇ ਨੰਬਰਾਂ 'ਚ ਪਾਸ ਕਰਕੇ ਰੁਜ਼ਗਾਰ ਦੀ ਮੰਡੀ ਵਿੱਚ ਕਿਸੇ ਨੌਕਰੀ ਦੀ ਭਾਲ਼ 'ਚ ਜੁੱਟ ਗਿਆ। ਪਰ ਇਸ ਨੂੰ ਇਸ ਮੈਦਾਨ 'ਚ ਕੋਈ ਸਫ਼ਲਤਾ ਨਜ਼ਰ ਨਾ ਆਈ। ਸਾਰੇ ਪਾਸੇ ਵੱਢੀਆਂ ਅਤੇ ਸਿਫ਼ਾਰਸ਼ਾਂ ਦਾ ਜ਼ੋਰ ਸੀ। ਇਸ ਗਰੀਬ ਨੌਜਵਾਨ ਕੋਲ ਨਾ ਤਾਂ ਵੱਢੀ ਦੇਣ ਲਈ ਸਰਮਾਇਆ ਸੀ ਅਤੇ ਨਾ ਹੀ ਕਿਸੇ ਨਾਮਵਰ ਲੀਡਰ ਦੀ ਸਿਫ਼ਾਰਸ਼। ਰੁਜ਼ਗਾਰ ਲਈ ਟੋਲ-ਟੱਕਰਾਂ ਮਾਰਦਿਆਂ ਤਿੰਨ ਚਾਰ ਸਾਲ ਲੰਘ ਗਏ। ਖੇਤੀ ਦੀ ਥੋੜ੍ਹੀ ਆਮਦਨ ਵਿੱਚੋਂ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ  ਵੀ ਨਾ ਪੂਰੀਆਂ ਹੁੰਦੀਆਂ। ਬਾਪੂ ਜਿਸ ਨੂੰ ਆਸ ਸੀ ਕਿ ਇਸ ਦਾ ਪੁੱਤਰ ਪੜ੍ਹਾਈ ਤੋਂ ਬਾਅਦ ਚੰਗੀ ਨੌਕਰੀ ਲੱਭ ਕੇ ਇਸ ਦੇ ਕਰਜ਼ੇ ਨੂੰ ਲਾਹੁਣ 'ਚ ਮਦਦ ਕਰੇਗਾ,  ਉਹ ਪੁੱਤਰ ਅੱਜ ਨੌਕਰੀ ਲੱਭਣ ਲਈ ਥਾਂ-ਥਾਂ  ਕੋਸ਼ਿਸ਼ਾਂ ਕਰਕੇ ਖ਼ਾਲੀ ਘਰ ਮੁੜ ਆਉਂਦਾ ਸੀ।
ਕਰਜ਼ੇ ਦੀਆਂ ਜ਼ਿਆਦਾ ਕਿਸ਼ਤਾਂ ਜਮਾਂ ਹੁੰਦੀਆਂ ਦੇਖ ਕੇ ਬੈਂਕ ਮੈਨੇਜਰ ਨੇ ਬਾਪੂ ਗੁਲਜ਼ਾਰ ਸਿੰਘ ਨੂੰ ਜ਼ਮੀਨ 'ਤੇ ਕਬਜ਼ਾ ਕਰਨ ਦਾ ਨੋਟਿਸ ਭੇਜ ਦਿੱਤਾ। ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ। ਇਸੇ 'ਤੇ ਤਾਂ ਸਾਰੀਆਂ ਪੁਸ਼ਤਾਂ ਰੋਟੀ ਖਾਂਦੀਆਂ ਆ ਰਹੀਆਂ ਸਨ। ਇਹ ਗੱਲ ਵੱਖਰੀ ਸੀ ਕਿ ਇਨ੍ਹਾਂ ਦੇ ਦਾਦੇ ਪੜ੍ਹਦਾਦਿਆਂ ਨੇ ਜ਼ਮੀਨ 'ਤੇ ਕੋਈ ਕਰਜ਼ਾ ਨਹੀਂ ਸੀ ਚੁੱਕਿਆ। ਪਰ ਬੁਚਿਆਂ ਨੂੰ ਉੱਚ ਵਿਦਿਆ ਤੱਕ ਪੜ੍ਹਾਉਣ ਵਰਗੇ ਖ਼ਰਚੇ ਵੀ ਤਾਂ ਨਹੀਂ ਸਨ। ਮਾਪਿਆਂ ਨੇ ਆਪਣੇ ਪੁੱਤ ਨੂੰ ਚੰਗਾ ਪੜ੍ਹਾ ਕੇ ਕਿਸੇ ਚੰਗੀ ਨੌਕਰੀ ਦੇ  ਸੁਨਿਹਰੀ ਸੁਪਨੇ ਦੇਖ ਰੱਖੇ ਸਨ। ਸੁਪਨੇ ਜਿਹੜੇ ਕਿ ਹੁਣ ਸਕਾਰ ਹੁੰਦੇ ਨਜ਼ਰ ਨਹੀਂ ਆ ਰਹੇ ਸਨ। ਆਪਣੀ ਜ਼ਮੀਨ ਦੀ ਕੁਰਕੀ ਦੇ ਡਰ ਵਿੱਚ ਗੁਲਜ਼ਾਰਾ ਸਿੰਘ ਫ਼ਿਕਰਾਂ ਵਿੱਚ ਰਹਿਣ ਲੱਗ ਪਿਆ। ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਨੇ ਇਸ 'ਤੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਚਰਨੋਂ ਅਤੇ ਗੁਰਕੰਵਲ ਬਾਪੂ ਨੂੰ ਬਥੇਰਾ ਦਿਲਾਸਾ ਦਿੰਦੇ ਕਿ ਨੌਕਰੀ ਮਿਲਦਿਆਂ ਸਾਰ, ਇਸ ਦਾ ਕਰਜ਼ਾ ਉਤਰ ਜਾਏਗਾ। ਪਰ ਨੌਕਰੀ ਦੀਆਂ ਆਸਾਂ ਗੁਰਕੰਵਲ ਲਈ ਪੂਰੀਆਂ ਨਹੀਂ ਹੋ ਰਹੀਆਂ ਸਨ।
ਬੀਮਾਰੀਆਂ ਨਾਲ ਜੂਝਦੇ ਬਾਪੂ ਗੁਲਜ਼ਾਰਾ ਸਿੰਘ ਦੀ ਸਿਹਤ ਦਿਨ ਪ੍ਰਤੀ ਦਿਨ ਵਿੱਗੜਦੀ ਗਈ। ਇੱਕ ਦਿਨ ਅਚਾਨਕ ਦਿਲ ਦਾ ਵੱਡਾ ਦੌਰਾ ਪੈ ਗਿਆ। ਗੁਰਕੰਵਲ ਅਤੇ ਇਸ ਦੀ ਮਾਤਾ ਚਰਨੋਂ ਗੁਲਜ਼ਾਰਾ ਸਿੰਘ ਨੂੰ ਲਾਗਲੇ ਹਸਪਤਾਲ 'ਚ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਇਸ ਦੇ ਦਿਲ ਦਾ ਬਾਈ ਪਾਸ ਕਰਨਾ ਪਵੇਗਾ ਅਤੇ ਇਸ ਆਪਰੇਸ਼ਨ ਦਾ ਘੱਟ ਤੋਂ ਘੱਟ ਇੱਕ ਲੱਖ ਰੁਪਿਆ ਖਰਚਾ ਆਏਗਾ। ਚਰਨੋਂ ਅਤੇ ਗੁਰਕੰਵਲ ਨੇ ਸੋਚਿਆ ਕਿ ਜਾਨ ਨਾਲੋਂ ਕੀ ਚੰਗਾ, ਜ਼ਮੀਨ ਦੇ ਦੋ ਖੇਤਾਂ ਵਿੱਚੋਂ ਚਾਰ ਕਨਾਲ ਜ਼ਮੀਨ ਬੈਅ ਕਰ ਦਿੰਦੇ ਹਾਂ। ਚਰਨੋਂ ਨੇ ਆਪਣੇ ਘਰ ਵਾਲੇ ਨੂੰ ਆਖਿਆ ਕਿ ਕੱਲ੍ਹ ਨੂੰ ਉਹ ਹਸਪਤਾਲ ਤੋਂ ਛੁੱਟੀ ਕਰਾ ਇਸ ਨੂੰ ਤਸੀਲੇ ਜ਼ਮੀਨ ਵੇਚਣ ਲਈ ਲਿਜਾਣਾ ਚਾਹੁੰਦੇ ਹਨ। ਉੱਥੇ ਇਹ ਚਾਰ ਕਨਾਲ ਜ਼ਮੀਨ ਬੈਅ ਕਰਨ ਲਈ ਰਜਿਸਟਰੀ 'ਤੇ ਦਸਤਖ਼ਤ ਕਰ ਦੇਵੇ। ਇਹ ਸੁਣ ਕੇ ਗੁਲਜ਼ਾਰਾ ਸਿੰਘ ਨੂੰ ਬਹੁਤ ਹੀ ਵੱਡਾ ਧੱਕਾ ਲੱਗਾ। ਪੁਰਖ਼ਿਆਂ ਦੀ ਜ਼ਮੀਨ ਆਪਣੀ ਹੱਥੀਂ ਵਿਕਣ ਦੇ ਖਿਆਲ ਮਨ ਵਿੱਚ ਸੋਚਦਿਆਂ ਇਸ ਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਸਨ। ਜਦੋਂ ਡਾਕਟਰਾਂ ਨੂੰ ਸੱਦ ਕੇ ਗੁਲਜ਼ਾਰ ਸਿੰਘ ਨੂੰ ਚੈੱਕ ਕਰਾਇਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਇੱਕ ਹੋਰ ਦੌਰਾ ਪੈ ਗਿਆ ਹੈ। ਦੇਖਦਿਆਂ-ਦੇਖਦਿਆਂ ਗੁਲਜ਼ਾਰਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ।
ਸਿਰ ਤੋਂ ਸਾਈਂ ਦਾ ਸਾਇਆ ਚੁੱਕੇ ਜਾਣ ਤੋਂ ਬਾਅਦ ਚਰਨੋਂ ਦੀ ਤਾਂ ਦੁਨੀਆਂ ਹੀ ਉੱਜੜ ਗਈ ਸੀ। ਪੁੱਤ ਕਿੰਨੇ ਸਾਲਾਂ ਦਾ ਘਰ ਵਿੱਚ ਬੇਰੁਜ਼ਗਾਰ ਬੈਠਾ ਹੋਇਆ ਸੀ। ਬੈਂਕਾਂ ਵਾਲੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਜ਼ੋਰ ਪਾ ਰਹੇ ਸਨ। ਗੱਲ ਕੀ, ਪਰਿਵਾਰ 'ਤੇ ਬਿਪਤਾ ਦਾ ਪਹਾੜ ਟੁੱਟ ਪਿਆ। ਮਾਤਾ ਚਰਨੋਂ ਨੂੰ ਫ਼ਿਕਰਾਂ 'ਚ ਪਈ ਨੂੰ ਦੇਖ ਕੇ ਗੁਰਕੰਵਲ ਵੀ ਉਦਾਸੀ 'ਚ ਰਹਿਣ ਲੱਗ ਪਿਆ ਸੀ। ਉਸ ਨੂੰ ਚੰਗੇ ਨੰਬਰਾਂ 'ਚ ਪਾਸ ਕੀਤੀ ਆਪਣੀ ਐਮ.ਏ. ਦੀ ਡਿਗਰੀ 'ਤੇ ਸ਼ਰਮ ਆਉਂਣ ਲੱਗ ਪਈ ਸੀ।
ਇੱਕ ਦਿਨ ਗੁਰਕੰਵਲ ਦੇ ਬਾਪੂ ਦਾ ਅਫ਼ਸੋਸ ਕਰਨ ਲਈ ਇਸ ਦਾ ਇੱਕ ਕਲਾਸਮੇਟ ਭਾਨਾ ਇਸ ਦੇ ਘਰ ਆਇਆ। ਅਫ਼ਸੋਸ ਦੀਆਂ ਗੱਲਾਂ ਕਰਦਿਆਂ ਇਸ ਦੇ ਕਲਾਸਮੇਟ ਨੇ ਇਸ ਦੀ ਨੌਕਰੀ ਦੀ ਗੱਲ ਛੇੜ ਲਈ। ਜਦੋਂ ਭਾਨੇ ਨੇ ਪੁੱਛਿਆ ਕਿ  ਨੌਕਰੀ  ਲਈ ਕਿਤੇ ਕੋਈ ਨਹੁੰ ਅੜ੍ਹਦਾ ਕਿ ਨਹੀਂ ਤਾਂ ਗੁਰਕੰਵਲ ਨੇ ਜਵਾਬ ਦਿੱਤਾ, "ਦੋਸਤਾ, ਅੱਜ ਕੱਲ੍ਹ ਪੜ੍ਹਾਈਆਂ ਨੂੰ ਕੌਣ ਪੁੱਛਦਾ ਹੈ, ਸਿਫਾਰਸ਼ਾਂ ਅਤੇ ਵੱਢੀਆਂ ਦਾ ਹੀ ਬੋਲਬਾਲਾ ਹੈ। ਸਾਡੇ ਵਰਗੇ ਗਰੀਬਾਂ ਨੂੰ ਨੌਕਰੀਆਂ ਕਿੰਨ੍ਹੇ ਦੇਣੀਆਂ। ਜੇ ਕੋਈ ਛੋਟੀ ਮੋਟੀ ਨੌਕਰੀ ਮਿਲੀ ਹੁੰਦੀ ਤਾਂ ਬੈਂਕ ਦੀਆਂ ਇੰਨੀਆਂ ਕਿਸ਼ਤਾਂ ਕਿਉਂ ਜਮ੍ਹਾਂ ਹੁੰਦੀਆਂ ਅਤੇ ਬਾਪੂ ਦੀ ਮੌਤ ਕਿਉਂ ਹੁੰਦੀ।"  ਸ਼ਰਮਿੰਦੇ ਅਤੇ ਮਾਯੂਸ ਹੋਏ  ਗੁਰਕੰਵਲ ਨੇ ਆਪਣੀ ਦਰਦ ਭਰੀ ਵੇਦਨਾ  ਭਾਨੇ ਨੂੰ ਸੁਣਾਈ।"ਓਏ ਕਿੰਨਾ ਕੁ ਚਿਰ ਇਨ੍ਹਾਂ ਸਰਕਾਰਾਂ ਦੀਆਂ ਨੌਕਰੀਆਂ ਦੀ ਆਸ ਵਿੱਚ ਊਟ ਦੇ ਬੁੱਲ ਡਿੱਗਣ ਵਾਂਗ ਉਡੀਕ ਕਰੇਂਗਾ। ਆ ਜਾ ਤੈਨੂੰ ਮੈਂ ਆਪਣੇ ਬਿਜ਼ਨਸ ਦਾ ਪਾਰਟਨਰ ਬਣਾ ਲੈਂਦਾ ਹਾਂ।" ਭਾਨੇ ਨੇ ਗੁਰਕੰਵਲ ਵੱਲ ਬਿਜ਼ਨਸ ਦਾ ਪਰਸਤਾਵ ਰੱਖਦਿਆਂ ਦੋਸਤੀ ਦਾ ਹੱਥ ਵਧਾਇਆ। "ਕਿਸ ਚੀਜ਼ ਦਾ ਪਾਰਟਨਰ, ਮੇਰੇ ਪਾਸ ਤਾਂ ਤੇਰੇ ਬਿਜ਼ਨਸ 'ਚ ਹਿੱਸਾ ਪਾਉਣ ਲਈ ਦੁਆਨੀ ਵੀ ਨਹੀਂ।" ਗੁਰਕੰਵਲ ਨੇ ਆਪਣੀ ਵਿੱਤੀ ਮਜ਼ਬੂਰੀ ਦੱਸੀ। "ਹਿੱਸਾ ਪਾਉਣ ਦੀ ਤੂੰ ਚਿੰਤਾ ਨਾ ਕਰ। ਇਸ ਧੰਦੇ ਵਿੱਚ ਬਹੁਤੇ ਸਰਮਾਏ ਦੀ ਜ਼ਰੂਰਤ ਨਹੀਂ। ਬੱਸ ਪੈਸਾ ਮੇਰਾ ਅਤੇ ਸਮਾਨ ਵੀ ਮੇਰਾ। ਤੂੰ ਪਿੰਡਾਂ ਵਿੱਚ  ਜਾ ਕੇ  ਮੇਰਾ ਸਮਾਨ ਵੇਚ ਛੱਡੀਂ। ਤੈਨੂੰ ਇਸ ਵਿੱਕਰੀ ਦਾ ਕਮਿਸ਼ਨ ਮਿਲ ਜਾਏਗਾ।"
ਗੁਰਕੰਵਲ ਨੂੰ ਪਤਾ ਲੱਗ ਗਿਆ ਸੀ ਕਿ ਭਾਨਾ ਇਸ ਰਾਹੀਂ ਨੌਜਵਾਨਾਂ ਨੂੰ ਨਸ਼ਾ ਵੇਚਣ ਲਈ ਆਖ ਰਿਹਾ ਹੈ। ਇਸ ਦੇ ਮਨ ਵਿੱਚ ਇੱਕ ਹਲੂਣਾ ਜਿਹਾ ਆਇਆ ਕਿ ਐਨੀਆਂ ਪੜ੍ਹਾਈਆਂ ਕਰਕੇ ਕੀ ਹੁਣ ਮੇਰੇ ਪੱਲੇ ਨਸ਼ੇ ਵੇਚਣਾ ਹੀ ਰਹਿ ਗਿਆ ਹੈ! ਉਹ ਵੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਨ ਲਈ। ਦੂਸਰੇ ਪਾਸੇ ਗੁਰਕੰਵਲ ਨੂੰ ਕੋਈ ਰੌਸ਼ਨੀ ਦੀ ਕਿਰਨ ਵੀ ਤਾਂ ਨਜ਼ਰ ਨਹੀਂ ਆ ਰਹੀ ਸੀ। ਬੈਂਕ ਦੇ ਕਰਜ਼ੇ ਦੀ ਮਾਂ ਪੁੱਤ 'ਤੇ ਲਟਕਦੀ ਤਲਵਾਰ ਰਾਤਾਂ ਦੀ ਨੀਂਦ ਖ਼ਰਾਬ ਕਰ ਰਹੀ ਸੀ। ਇਨ੍ਹਾਂ ਝੋਰਿਆਂ ਨੇ ਮਾਤਾ ਚਰਨੋਂ ਦੀ ਸਿਹਤ ਵੀ ਵਿਗਾੜਨੀ ਸ਼ੁਰੂ ਕਰ ਦਿੱਤੀ ਸੀ ਜਿਹੜੀ ਦਿਨੇ ਰਾਤ ਪੁੱਤਰ ਦੀ ਬੇਰੁਜ਼ਗਾਰੀ ਅਤੇ ਬੈਂਕ ਦੇ ਸਿਰ ਚੜ੍ਹੇ ਕਰਜ਼ੇ ਬਾਰੇ ਸੋਚਦੀ ਰਹਿੰਦੀ ਸੀ।ਇਨ੍ਹਾਂ ਫਿਕਰਾਂ ਦਾ ਬੋਝ ਗੁਰਕੰਵਲ ਦੇ ਦਿਮਾਗ 'ਤੇ ਵੀ ਸਦਾ ਬਣਿਆ ਰਹਿੰਦਾ।
ਆਪਣੇ ਦਿਮਾਗ ਨਾਲ ਜੱਦੋ-ਜ਼ਹਿਦ ਕਰਦੇ ਗੁਰਕੰਵਲ ਨੇ ਭਾਨੇ ਨੂੰ ਆਖਿਆ,"ਭਾਨਿਆ, ਮੈਨੂੰ ਮਨਜ਼ੂਰ ਹੈ। ਦੱਸ ਕਦੋਂ ਤੋਂ ਇਹ ਵਿਉਪਾਰ ਸ਼ੁਰੂ ਕਰਨਾ ਹੈ?" ਗੁਰਕੰਵਲ ਨੇ ਸਾਰਾ ਕੁੱਝ ਸੋਚ ਸਮਝ ਕੇ ਬਿਜ਼ਨਸ ਪਾਰਟਨਰ ਬਨਣ ਲਈ ਭਾਨਾ ਨਾਲ ਹੱਥ ਮਿਲਾ ਲਿਆ। ਉਸ ਦਿਨ ਤੋਂ ਭਾਨੇ ਨੇ  ਗੁਰਕੰਵਲ ਰਾਹੀਂ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਲਈ ਵੱਖ-ਵੱਖ ਅੱਡੇ ਦੱਸ ਦਿੱਤੇ। ਚਿੱਟੇ ਅਤੇ ਹੋਰ ਨਸ਼ਿਆਂ ਦੀਆਂ ਪੁੜੀਆਂ ਕਿਸ ਨੂੰ ਅਤੇ ਕਿਸ ਭਾਅ ਵੇਚਣੀਆਂ ਹਨ, ਸਭ ਕੁੱਝ ਵੇਰਵੇ ਨਾਲ ਸਮਝਾ ਦਿੱਤਾ। ਭਾਨੇ ਨੇ ਇਸ ਸਪਲਾਈ ਕਰਨ ਦੇ ਧੰਦੇ ਲਈ ਗੁਰਕੰਵਲ ਨੂੰ ਇੱਕ ਮੋਟਰ ਸਾਇਕਲ ਵੀ ਦੇ ਦਿੱਤਾ।
ਗੁਰਕੰਵਲ ਸਕੂਲਾਂ, ਕਾਲਜਾਂ ਅਤੇ ਹੋਰ ਨੌਜਵਾਨਾਂ ਦੇ ਟਿਕਾਣਿਆਂ 'ਤੇ ਪਹੁੰਚ ਜਾਂਦਾ ਅਤੇ ਆਪਣੇ ਧੰਦੇ ਨੂੰ ਕਾਮਯਾਬ ਕਰਦਾ ਗਿਆ। ਭਾਨਾ ਇਸ ਨੂੰ ਇਸ ਦਾ ਬਣਦਾ ਸਰਦਾ ਕਮਿਸ਼ਨ ਦੇ ਦਿੰਦਾ। ਇਸ ਤਰ੍ਹਾਂ ਦੀ ਕਮਾਈ ਨਾਲ ਗੁਰਕੰਵਲ ਦੇ ਘਰ ਦਾ ਗੁਜ਼ਾਰਾ ਹੋਣਾ ਸ਼ੁਰੂ ਹੋ ਗਿਆ ਅਤੇ ਬੈਂਕ ਦੀਆਂ ਕਿਸ਼ਤਾਂ ਦਾ ਵੀ ਤੋਰਾ ਤੁਰ ਪਿਆ। ਕਦੇ-ਕਦੇ ਗੁਰਕੰਵਲ ਦੇ ਮਨ ਵਿੱਚ ਆ ਰਿਹਾ ਸੀ ਕਿ ਉਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਪਰ  ਫੇਰ ਇਸ ਦੀਆਂ ਅੱਖਾਂ ਸਾਹਮਣੇ ਆਪਣੀਆਂ ਆਰਥਿਕ ਮਜ਼ਬੂਰੀਆਂ ਅਤੇ ਚਿਰਾਂ ਦੀ ਬੇਰੁਜ਼ਗਾਰੀ ਚੱਕਰ ਕੱਢਣ ਲੱਗ ਪੈਂਦੀ। ਖਿਆਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਸੋਚਦਾ ਕਿ ਭੁੱਖਾ ਮਰਨਾ ਹੈ ਜਾਂ ਫਿਰ ਨੈਤਿਕ ਫ਼ਰਜ਼ ਪੂਰੇ ਕਰਨੇ ਹਨ।ਇਸ ਦੇ ਦਿਮਾਗ 'ਤੇ ਇੱਕ ਵਾਰ ਫੇਰ ਬੇਰੁਜ਼ਗਾਰੀ ਅਤੇ ਗਰੀਬੀ ਦੇ ਦਿਨਾਂ ਵਾਲਾ ਘੇਰਾ ਭਾਰੂ ਪੈ ਜਾਂਦਾ।
ਗੁਰਕੰਵਲ ਦੀ ਇਸ ਦਲਦਲ ਵਿੱਚ ਪੈਰ ਧੱਸਦਿਆਂ ਇਹ ਹਾਲਤ ਹੋ ਗਈ ਕਿ ਉਹ ਨਸ਼ੇ ਸਪਲਾਈ ਕਰਦਾ-ਕਰਦਾ ਆਪ ਖ਼ੁਦ ਨਸ਼ਾ ਖਾਣ ਲੱਗ ਪਿਆ ਸੀ। ਚਿੱਟੇ ਅਤੇ ਦੂਸਰੇ ਹੋਰ ਨਸ਼ਿਆਂ ਦਾ ਐਨਾ ਆਦੀ ਹੋ ਗਿਆ ਕਿ ਇਸ ਦਾ ਆਪਦਾ ਨਸ਼ੇ ਖਾਧੇ ਬਿਨਾਂ ਝੱਟ ਨਾ ਲੰਘਦਾ। ਖੁੱਲ੍ਹੀ ਆਮਦਨ ਹੋ ਰਹੀ ਸੀ। ਗਰੀਬੀ ਦੀ ਹਾਲਤ ਵਿੱਚੋਂ ਅਚਾਨਕ ਛੁੱਟਕਾਰਾ ਮਿਲਿਆ ਸੀ। ਛੇ ਫੁੱਟਾ ਦਰਸ਼ਨੀ ਜੁਆਨ ਸੁੱਕ ਕੇ ਤੀਲਾ ਬਣਨਾ ਸ਼ੁਰੂ ਹੋ ਗਿਆ। ਜਦੋਂ ਮਾਤਾ ਚਰਨੋਂ ਇਸ ਨੂੰ ਇਸ ਦੇ ਕੰਮ ਬਾਰੇ ਪੁੱਛਦੀ ਤਾਂ ਇਹ ਝੂਠ ਬੋਲ ਦਿੰਦਾ ਹੈ ਕਿ ਇਸ ਦੇ ਦੋਸਤ ਦਾ ਵਿਉਪਾਰ ਹੈ। ਇਹ ਉਸ ਲਈ ਦੁਕਾਨਾਂ 'ਤੇ ਉਸਦੇ ਸਮਾਨ ਦੀ ਸਪਲਾਈ ਕਰਦਾ ਹੈ। ਕੁੱਝ ਸਾਲ ਇਸ ਤਰ੍ਹਾਂ ਢੱਕੀ ਹੋਈ ਰਿੱਝਦੀ ਰਹੀ। ਚਰਨੋਂ ਦੇ ਆਂਢ-ਗੁਆਂਢ ਤੱਕ ਸ਼ੱਕ ਕਰਨ ਲੱਗ ਪਏ ਸਨ ਕਿ ਇੱਕ ਦੋ ਸਾਲਾਂ ਵਿੱਚ ਹੀ ਗੁਰਕੰਵਲ ਨੇ ਘਰ ਦੇ ਵਾਰੇ-ਨਿਆਰੇ ਕਿਵੇਂ ਹੋ ਗਏ ਸਨ!
ਭਾਨਾ ਇੱਕ ਦੋ ਸਾਲ ਇਸ ਦੇ ਕੰਮ ਤੋਂ ਖੁਸ਼ ਹੋ ਕੇ ਇਸ ਨੂੰ ਮੂੰਹ ਮੰਗਿਆ ਕਮਿਸ਼ਨ ਦਿੰਦਾ ਰਿਹਾ। ਪਰ ਗੱਲ ਉਸ ਸਮੇਂ ਉਲਝਣ ਲੱਗੀ ਜਦੋਂ ਗੁਰਕੰਵਲ ਨੇ ਭਾਨੇ ਨੂੰ ਆਖ ਦਿੱਤਾ ਕਿ ਉਹ ਖ਼ੁਦ ਆਪ ਆਪਣਾ ਇਹੋ ਧੰਦਾ ਕਰਨਾ ਚਾਹੁੰਦਾ ਹੈ। ਭਾਨੇ ਨੇ ਇਹ ਸੁਣ ਕੇ ਥੋੜ੍ਹਾ ਗੁੱਸਾ ਮਨਾਇਆ ਕਿ ਸਾਡੇ ਪਰ੍ਹਾਂ ਤੋਂ ਉੱਡਣਾ ਸਿੱਖ ਕੇ, ਆਲ੍ਹਣਾ ਕਿਤੇ ਹੋਰ ਬਣਾਉਣ ਚੱਲਿਆ ਹੈ। ਇਸ ਨੇ ਸ਼ਰਤ ਲਾ ਦਿੱਤੀ ਕਿ ਜੇਕਰ ਇਸ ਨੇ ਵੱਖਰਾ ਧੰਦਾ ਕਰਨਾ ਹੀ ਹੈ ਤਾਂ ਇਸ ਦੇ ਇਲਾਕੇ ਤੋਂ ਪਰ੍ਹੇ ਹੋਰ ਕਿਤੇ ਇਹ ਧੰਦਾ ਕਰੇ। ਇਹ ਆਪਣੇ ਗਾਹਕ ਗੁਆਉਣੇ ਨਹੀਂ ਚਾਹੁੰਦਾ ਸੀ। ਉਸ ਵੇਲੇ ਗੁਰਕੰਵਲ ਨੇ ਮੌਕਾ ਸੰਭਾਲਣ ਲਈ ਹਾਂ ਕਰ ਦਿੱਤੀ ।ਪਰ ਇਸ ਦੇ ਦਿਮਾਗ਼ ਵਿੱਚ ਇਹ ਸੀ ਕਿ ਬਾਅਦ 'ਚ ਕਿਸ ਨੇ ਪੁੱਛਣਾ ਹੈ। ਨਾਲੇ ਨਸ਼ੇ ਦੇ ਗਾਹਕਾਂ ਨਾਲ ਤਾਂ ਇਸ ਦੀ ਜਾਣ ਪਹਿਚਾਣ ਸੀ। ਕਿਸੇ ਦੂਸਰੇ ਪਾਸੇ ਜਾਂ ਇਲਾਕੇ ਵਿੱਚ ਇਹੋ ਜਿਹੀ ਪੈਂਠ ਬਨਾਉਣ ਨੂੰ ਸਮਾਂ ਲੱਗਣਾ ਸੀ।
ਗੁਰਕੰਵਲ ਨੇ ਆਪਣੀ ਜਾਣ ਪਹਿਚਾਣ ਨਾਲ ਨਸ਼ੇ ਦੇ ਗਾਹਕ ਤਾਂ ਪੱਕੇ ਕਰ ਰੱਖੇ ਸਨ। ਹੁਣ ਪੁਲਿਸ ਵਾਲਿਆਂ ਨਾਲ ਵੀ ਗੰਢ ਸਾਂਝ ਵਰਗੇ ਨੁਕਤਿਆਂ ਨੂੰ ਅਪਣਾ ਲਿਆ ਸੀ। ਪੁਲਿਸ ਨੇ ਕੀਤੇ ਮਹੀਨੇ ਨਾਲ ਗੁਰਕੰਵਲ ਦਾ ਵਿਓਪਾਰ ਚੱਲਦਾ ਰਿਹਾ। ਕੁੱਝ ਚਿਰ ਬਾਅਦ ਭਾਨੇ ਨੂੰ ਸਮਝ ਆਉਣ ਲੱਗੀ ਕਿ ਗੁਰਕੰਵਲ ਨੇ ਇਸ ਦੇ ਸਥਾਪਿਤ ਗਾਹਕਾਂ 'ਤੇ ਹੀ ਕਬਜ਼ਾ ਕੀਤਾ ਹੋਇਆ ਹੈ। ਇਸ ਗੱਲ ਤੇ ਭਾਨੇ ਨੇ ਗੁਰਕੰਵਲ ਨੂੰ  ਇੱਕ ਵਾਰ ਫੇਰ ਸਖ਼ਤ ਚਿਤਾਵਨੀ ਦੇ ਦਿੱਤੀ ਕਿ ਉਹ ਕਿਸੇ ਹੋਰ ਇਲਾਕੇ 'ਚ ਇਹ ਧੰਦਾ ਚਲਾਵੇ। ਗੁਰਕੰਵਲ ਨੇ ਭਾਨੇ ਦੀ ਇਹ ਚਿਤਾਵਨੀ ਸੁਣ ਕੇ ਬਹੁਤਾ ਗੌਰ ਨਾ ਕੀਤਾ
ਮਾਤਾ ਚਰਨੋਂ ਨੂੰ ਆਪਣੇ ਪੁੱਤਰ ਦੀ ਕਾਰਗੁਜ਼ਾਰੀ 'ਤੇ ਸ਼ੱਕ ਹੋਣ ਲੱਗ ਪਿਆ ਸੀ, ਜਦੋਂ ਇਹ ਨੋਟਾਂ ਦੇ ਥੱਬੇ ਘਰ ਵਿੱਚ ਲਿਆਉਣ ਲੱਗ ਪਿਆ ਸੀ। ਇਸ ਨੇ ਇੱਕ ਦਿਨ ਪੁੱਤਰ ਨੂੰ ਪੁੱਛ ਹੀ ਲਿਆ, "ਕਾਕਾ, ਮੈਨੂੰ ਤੇਰੇ ਚਾਲੇ ਠੀਕ ਜਿਹੇ ਨਹੀਂ ਲੱਗਦੇ। ਇੱਕ ਤਾਂ ਤੇਰੀਆਂ ਅੱਖਾਂ ਹਮੇਸ਼ਾਂ ਨਸ਼ਈ ਜਿਹੀਆਂ ਹੁੰਦੀਆਂ ਹਨ। ਕੀ ਤੂੰ ਕੋਈ ਨਸ਼ਾ ਪੱਤਾ ਕਰਦੈਂ।ਦੂਸਰਾ ਤੂੰ ਐਨੇ ਪੈਸੇ ਰੋਜ਼ ਕਿੱਥੋਂ ਲਿਆਉਂਦਾ ਹੈਂ? ਪੁੱਤਰਾ ਕੋਲਿਆਂ ਦੀ ਦਲਾਲੀ 'ਚ ਹਮੇਸ਼ਾਂ ਮੂੰਹ ਕਾਲਾ ਹੁੰਦਾ ਹੈ। ਮੈਨੂੰ ਲੱਗਦਾ ਏ ਕਿ ਤੂੰ ਕਿਸੇ ਨਸ਼ੇ ਦੇ ਵਪਾਰ 'ਚ ਪੈ ਗਿਆ ਏਂ। ਤੂੰ ਹੁਣ ਵੀ ਲੀਹ 'ਤੇ ਆ ਜਾ, ਨਹੀਂ ਤਾਂ ਬਹੁਤ ਪਛਤਾਏਂਗਾ।ਸੌ ਦਿਨ ਚੋਰ ਦਾ ਹੁੰਦਾ ਹੈ ਪਰ ਇੱਕ ਦਿਨ ਸਾਧ ਦਾ ਵੀ ਆ ਜਾਂਦਾ ਹੈ। ਇਸ ਧੰਦੇ 'ਚ ਕੋਈ ਨਹੀਂ ਜਿੱਤਿਆ। ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਪੁੱਤਰਾ,  ਮੈਂ ਮਿੰਨਤ ਕਰਦੀ ਹਾਂ।  ਮੇਰੀ ਮੰਨ ਕੇ ਕੋਈ ਹੋਰ ਛੋਟੀ ਮੋਟੀ ਨੌਕਰੀ ਲੱਭ ਲੈ।"
"ਮਾਤਾ ਮੈਂ ਤੇਰਾ ਦੁੱਖ ਦਰਦ ਸਮਝਦਾ ਹਾਂ। ਪਰ ਕੋਈ ਨੌਕਰੀ ਵੀ ਤਾਂ ਨਹੀਂ ਮਿਲੀ। ਮੈਂ ਬਥੇਰਾ ਚਿਰ ਵਿਹਲਾ ਰਹਿ ਕੇ ਦੇਖ ਲਿਆ। ਬੈਂਕ ਦੇ ਕਰਜ਼ੇ ਥੱਲੇ ਦੱਬਿਆ ਬਾਪੂ ਤਾਂ  ਮੈਂ ਹੱਥੋਂ ਗੁਆ ਲਿਆ ਸੀ ਹੁਣ ਤੈਨੂੰ ਵੀ ਗੁਆ ਲਵਾਂ।" ਚਰਨੋਂ ਨੇ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਬਥੇਰੇ ਪਰਿਵਾਰਾਂ ਦੀਆਂ ਉਦਾਹਰਣਾਂ ਦੇ ਕੇ ਆਪਣੇ ਪੁੱਤ ਦਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਪੁੱਤਰ ਦੇ ਮੂੰਹ ਨੂੰ ਕੁੱਤੇ ਦੀ ਹੱਡੀ ਵਾਲਾ ਸੁਆਦ ਪੈ ਚੁੱਕਾ ਸੀ। ਉਹ ਸਲੂਣਾ ਸੁਆਦ ਜਿਹੜਾ ਇਸ ਨੂੰ ਆਪਣਾ ਰਾਹ ਨਾ ਛੱਡਣ ਲਈ ਮਜ਼ਬੂਰ ਕਰ ਰਿਹਾ ਸੀ।
ਚਰਨੋਂ ਨੇ ਜਦੋਂ ਦੇਖਿਆ ਕਿ ਇਸ ਦਾ ਪੁੱਤਰ ਨਸ਼ੇ ਦਾ ਬਹੁਤ ਆਦੀ ਹੋ ਚੁੱਕਾ ਸੀ ਅਤੇ ਇਸ ਦੀਆਂ ਸੌ ਨਸੀਹਤਾਂ ਦੇ ਬਾਵਜ਼ੂਦ ਵੀ ਇਹ ਧੰਦਾ ਛੱਡਣ ਲਈ ਤਿਆਰ ਨਹੀਂ ਸੀ  ਤਾਂ ਥਾਣੇ ਜਾ ਕੇ ਥਾਣੇਦਾਰ ਨੂੰ ਮਿਲੀ ਅਤੇ ਆਪਣੇ ਪੁੱਤਰ ਨੂੰ ਇਸ ਵਾਦੀ ਤੋਂ ਹਟਾਉਣ ਲਈ ਤਰਲਾ ਪਾਇਆ। ਥਾਣੇਦਾਰ ਨੂੰ ਮਹੀਨਾ ਮਿਲਦਾ ਹੋਣ ਕਰਕੇ ਅਤੇ ਉਸ ਦੀ ਸਾਮੀ ਉਸ ਦੇ ਹੱਥੋਂ ਜਾਂਦੀ ਦੇਖਦਿਆਂ ਚਰਨੋਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੁੱਤਰ ਨੂੰ ਇਸ ਮਾੜੀ ਆਦਤ ਤੋਂ ਆਪ ਹਟਾਵੇ। ਚਰਨੋਂ ਨੇ ਥਾਣੇਦਾਰ ਨੂੰ ਆਖਿਆ ਕਿ  ਜਦੋਂ ਨਸ਼ੇ ਦੇ ਵੱਡੇ ਵਪਾਰੀ ਸੂਬੇ 'ਚ ਨਸ਼ਾ ਲਿਆਉਣਾ ਬੰਦ ਕਰ ਦੇਣ ਤਾਂ ਗੁਰਕੰਵਲ ਵਰਗੇ ਛੋਟੇ ਵਪਾਰੀ ਆਪੇ ਬੰਦ ਹੋ ਜਾਣਗੇ । ਉਸ ਦਾ ਪੁੱਤਰ ਤਾਂ ਇੱਕ ਛੋਟਾ ਵਪਾਰੀ ਹੈ। ਇਸ ਤੇ ਥਾਣੇਦਾਰ ਨੇ ਜਵਾਬ ਦਿੱਤਾ ਸੀ ਕਿ ਇਹ ਕੰਮ ਸਰਕਾਰਾਂ ਦਾ ਹੈ। ਉਹ ਕੋਈ ਕਾਨੂੰਨ ਬਣਾਉਣ। ਇਹ ਨਸ਼ੇ ਆਪੇ ਬੰਦ ਹੋ ਜਾਣਗੇ। ਇਸ ਤਰ੍ਹਾਂ ਚਰਨੋਂ ਨਿਰਾਸ਼ਾ ਵਾਲਾ ਜਵਾਬ ਲੈ ਕੇ ਘਰ ਮੁੜ ਆਉਂਦੀ। ਗੁਰਕੰਵਲ ਆਪ ਨਸ਼ਾ ਖਾਂਦਾ ਅਤੇ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਰਿਹਾ।
ਦੂਸਰੇ ਪਾਸੇ ਭਾਨਾ ਇਸ ਦੀ ਕਾਰਗੁਜ਼ਾਰੀ ਤੋਂ ਬੇਹੱਦ ਖ਼ਫ਼ਾ ਸੀ। ਉਹ ਇਸ ਨੂੰ ਕਾਫੈ ਵਾਰ ਸਖ਼ਤ ਤਾੜਨਾ ਕਰ ਚੁੱਕਾ ਸੀ। ਪਰ ਗੁਰਕੰਵਲ ਹੁਣ ਆਪਣੇ ਆਪ ਨੂੰ ਉਸ ਤੋਂ ਵੱਡਾ ਸਮਝਣ ਲੱਗ ਪਿਆ ਸੀ। ਭਾਨੇ ਦੇ ਗਾਹਕ ਤਾਂ ਪਿੰਡਾਂ ਅਤੇ ਪਿੰਡ ਦੇ ਸਕੂਲਾਂ ਵਿੱਚ ਹੀ ਸਨ ਪਰ ਗੁਰਕੰਵਲ ਕਾਲਜ 'ਚ ਪੜ੍ਹਿਆ ਹੋਣ ਕਰਕੇ ਇਸ ਦੀ ਪੈਂਠ ਕਾਲਜ ਦੇ ਵਿਦਿਆਰਥੀਆਂ ਤੱਕ ਵੀ ਪੈ ਗਈ ਸੀ।ਇਹ ਆਪਣੇ ਆਪ ਨੂੰ ਇਸ ਇਲਾਕੇ ਦਾ ਸਰਗਣਾ ਸਮਝਣ ਲੱਗ ਪਿਆ ਸੀ। ਥਾਣੇ 'ਚ  ਚੰਗੀ ਪਹੁੰਚ ਅਤੇ ਧੰਦੇ 'ਚੋਂ ਆ ਰਿਹਾ ਖੁੱਲਾ ਪੈਸਾ।
ਮਾਤਾ ਚਰਨ ਕੌਰ ਸੰਗਦੀ ਘਰੋਂ ਬਾਹਰ ਘੱਟ ਹੀ ਨਿਕਲਦੀ ਕਿ ਕਿਤੇ ਲੋਕ ਇਸ ਦੇ ਪੁੱਤ ਦੀ ਕਾਰਗੁਜ਼ਾਰੀ ਵਾਰੇ ਕੋਈ ਸਵਾਲ ਨਾ ਪੁੱਛ ਲੈਣ। ਉੱਧਰ ਭਾਨਾ ਵਪਾਰੀ ਆਪਣੇ ਧਮਦੇ ਦਾ ਨੁਕਸਾਨ ਹੁੰਦਾ ਦੇਖ ਕੇ ਗੁਰਕੰਵਲ 'ਤੇ ਅੱਗ ਭੰਬੂਕਾ ਹੋ ਰਿਹਾ ਸੀ। ਉਹ ਕਿਸੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਇਸ ਨੂੰ ਇਸ ਦੀ ਕੀਤੀ ਦਾ ਸਬਕ ਸਿਖਾਏ। ਇਸ ਨੇ ਅੱਕ ਕੇ ਇਸ ਨੂੰ ਤਾੜਨਾ ਕੀਤੀ ਕਿ ਜੇ ਇਹ ਆਪਣੀਆਂ ਕਰਤੂਤਾਂ ਤੋਂ ਵਾਜ਼ ਨਾ ਆਇਆ ਤਾਂ ਇਹ ਆਪਣਾ ਪੜ੍ਹਿਆ ਵਿਚਾਰ ਲਵੇ। ਪਰ ਗੁਰਕੰਵਲ ਸਮਝਦਾ ਸੀ ਕਿ ਸਹੇ ਨੂੰ ਲੱਤਾਂ ਹੀ ਸਿਰਫ਼ ਤਿੰਨ ਹਨ। ਇਹ ਬੇਖ਼ੌਫ਼ ਆਪਣੇ ਧਮਦੇ 'ਚ ਮਸਤ ਰਿਹਾ।
ਅੱਜ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰਨ ਵਾਰੇ ਸਭ ਪਿੰਡ ਵਾਸੀਆਂ ਨੂੰ ਹੈਰਾਨੀ ਹੋ ਰਹੀ ਸੀ। ਉਨ੍ਹਾਂ ਨੇ ਨਸ਼ੇ ਦੀ ਘਾਟ ਜਾਂ ਤੋੜ ਆਉਣ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੀਆਂ ਜਾਨਾਂ ਲੈਂਦੇ ਤਾਂ ਦੇਖਿਆ ਅਤੇ ਸੁਣਿਆ ਸੀ। ਪਰ ਚੰਗਾ ਗੁਜ਼ਾਰਾ ਕਰਦੇ ਗੁਰਕੰਵਲ ਦੀ ਆਤਮ ਹੱਤਿਆ ਸਭ ਲਈ ਬੁਝਾਰਤ ਬਣੀ ਹੋਈ ਸੀ। ਪਿੰਡ ਵਾਸੀ ਚਾਹੁੰਦੇ ਸਨ ਕਿ ਇਸ ਦੀ ਮੌਤ ਦੇ ਕਾਰਨ ਦਾ ਸਹੀ ਪਤਾ ਲੱਗਣਾ ਚਾਹੀਦਾ ਹੈ।ਬਹੁਤੇ ਲੋਕਾਂ ਨੂੰ ਸ਼ੱਕ ਸੀ ਕਿ ਗੁਰਕੰਵਲ ਅਚਾਨਕ ਫਾਹਾਂ ਲੈ ਕੇ ਨਹੀ ਮਰ ਸਕਦਾ ਸੀ।
ਪਿੰਡ ਦੇ ਲੋਕ ਜਿਹੜੇ  ਕਈਆਸਾਲਾਂ ਤੋਂ ਨਸ਼ੇ ਵਿਰੁੱਧ ਥਾਣੇ ਅਤੇ ਸਰਕਾਰ ਦੇ ਮੰਤਰੀਆਂ ਤੱਕ ਪਹੁੰਚ ਕਰ ਚੁੱਕੇ ਸਨ ਕਿ ਇਲਾਕੇ ਵਿੱਚੋਂ ਇਸ ਵੱਧ ਰਹੀ ਬੀਮਾਰੀ 'ਤੇ ਰੋਕ ਲਾਈ ਜਾਵੇ। ਪਿੰਡਾਂ 'ਚ ਵਿੱਕ ਰਹੇ ਸ਼ਰੇਆਮ ਨਸ਼ੇ ਦੇ ਵਿਉਪਾਰੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ। ਪਰ ਉਨ੍ਹਾਂ ਦੀ ਇਸ ਮੰਗ 'ਤੇ ਪੁਲਿਸ ਅਤੇ ਸਰਕਾਰ ਦੇ ਕੰਨਾਂ 'ਤੇ ਜੂੰ ਵੀ ਨਹੀਂ ਸਰਕ ਰਹੀ ਸੀ। ਥਾਣੇ ਵਾਲਿਆਂ ਨੂੰ ਮਿਲਦਾ ਮਹੀਨੇ ਦਾ ਚੜ੍ਹਾਵਾ ਅਤੇ ਸਰਕਾਰ ਨੂੰ ਮਿਲਦੀਆਂ ਚੋਣਾਂ ਵਿੱਚ ਵੋਟਾਂ, ਇਸ ਬੀਮਾਰੀ 'ਤੇ ਪੜ੍ਹਦਾ ਪਾਈ ਜਾਂਦੀਆਂ ਸਨ।
ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕਰ ਲਿਆ ਕਿ ਜਿੰਨਾ ਚਿਰ ਪੁਲਿਸ ਗੁਰਕੰਵਲ ਦੀ ਮੌਤ ਦਾ ਕੋਈ ਰਾਜ਼ ਨਹੀਂ ਖੋਲਦੀ ਅਤੇ ਨਸ਼ਿਆਂ 'ਤੇ ਠੱਲ ਪਾਉਣ ਦਾ ਕੋਈ ਉਚਿੱਤ ਭਰੋਸਾ ਨਹੀਂ ਦਿਵਾਉਂਦੀ, ਪਿੰਡ ਵਾਲੇ ਗੁਰਕੰਵਲ ਦੀ ਦੇਹ ਦਾ ਸਸਕਾਰ ਨਹੀਂ ਕਰਨ ਦੇਣਗੇ। ਪੰਚਾਇਤ ਨੇ ਚਰਨੋਂ ਦੀ ਰਜ਼ਾਮੰਦੀ ਲਈ ਅਤੇ ਗੁਰਕੰਵਲ ਦੀ ਲਾਸ਼ ਇੱਕ ਸੜਕ 'ਤੇ ਰੱਖ ਕੇ ਟ੍ਰੈਫਿਕ ਜਾਮ ਕਰ ਦਿੱਤਾ। ਪੁਲਿਸ ਨੂੰ ਫ਼ਿਕਰ ਪੈ ਗਿਆ ਕਿ ਮੀਡੀਆ ਵਾਲੇ ਬਿਨਾਂ ਕਿਸੇ ਦੇਰੀ ਤੋਂ ਇਹ ਖ਼ਬਰ ਸਾਰੇ ਪੰਜਾਬ 'ਚ ਫੈਲਾਉਣ ਵਿੱਚ ਦੇਰੀ ਨਹੀਂ ਕਰਨਗੇ। ਥਾਣੇਦਾਰ ਨੇ ਸੜਕ 'ਤੇ ਇਕੱਠੇ ਹੋਏ ਇਲਾਕੇ ਦੇ ਹਜ਼ੂਮ ਨੂੰ ਆਖਿਆ, "ਇਲਾਕਾ ਨਿਵਾਸੀਓ, ਸਾਨੂੰ ਬੇਹੱਦ ਅਫ਼ਸੋਸ ਹੈ ਕਿ ਤੁਹਾਡੇ ਇਲਾਕੇ ਦਾ ਇੱਕ ਗੱਭਰੂ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਇਸ ਨੇ ਆਪ ਖ਼ੁਦ ਆਤਮ ਹੱਤਿਆ ਕੀਤੀ ਹੈ। ਜੇਕਰ ਤੁਹਾਨੂੰ ਕਿਸੇ 'ਤੇ ਸ਼ੱਕ ਹੈ ਕਿ ਇਹ ਆਤਮ ਹੱਤਿਆ ਨਹੀਂ ਬਲਕਿ ਕਤਲ ਹੈ ਤਾਂ ਨਿਰਸੰਦੇਹ ਸਾਨੂੰ ਦੱਸ ਦਿੱਤਾ ਜਾਵੇ। ਅਸੀਂ ਪੂਰੀ ਪੜਤਾਲ ਕਰਾਂਗੇ। ਪਰ ਤੁਸੀਂ ਇਸ ਗੱਭਰੂ ਦੀ ਲਾਸ਼ ਸੜਕ 'ਤੇ ਰੱਖ ਕੇ ਆਮ ਆਵਾਜਾਈ ਬੰਦ ਨਾ ਕਰੋ। ਤੁਸੀਂ ਇਜਾਜ਼ਤ ਦਿਓ, ਅਸੀਂ ਇਸ ਦੇ ਸਸਕਾਰ ਦਾ ਇੰਤਜਾਮ ਕਰੀਏ।
ਮੌਕੇ 'ਤੇ ਹਾਜ਼ਰ ਸਮਾਜ ਸੇਵੀ ਸੰਸਥਾ ਦੀ ਹਲਾਸ਼ੇਰੀ ਨਾਲ ਹਜ਼ਾਰਾਂ ਦਾ ਇਕੱਠ ਉੱਚੀ-ਉੱਚੀ ਪੁਲਿਸ ਮੁਰਦਾਬਾਦ ਦੇ ਨਾਹਰੇ ਲਾਉਣ ਲੱਗ ਪਿਆ। ਥਾਣੇਦਾਰ ਨੂੰ ਲੱਗਾ ਕਿ ਇਹ ਹਜ਼ੂਮ ਕਾਨੂੰਨ ਵਿਵਸਥਾ ਖ਼ਰਾਬ ਕਰ ਦੇਣਗੇ। ਜ਼ਿਲ੍ਹੇ ਦੇ ਐਸ. ਪੀ. ਨੇ ਇਸ ਨੂੰ ਤਲਬ ਕਰ ਲੈਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਅਮਨ ਚੈਨ ਦੀ ਸਥਿਤੀ ਨੂੰ ਬਰਕਰਾਰ ਨਹੀਂ ਰੱਖ ਰਿਹਾ। ਪਰ ਦੂਸਰੇ ਪਾਸੇ ਇਸ ਨੂੰ ਇਹ ਫ਼ਿਕਰ ਵੀ ਵੱਢ-ਵੱਢ ਖਾ ਰਿਹਾ ਸੀ ਕਿ ਜੇ ਇਸ ਨੂੰ ਮਿਲਦੇ ਮਹੀਨੇ ਦਾ ਪਿੰਡ ਵਾਲਿਆਂ ਨੇ ਰੌਲਾ ਪਾ ਦਿੱਤਾ ਤਾਂ ਨਿਰਸੰਦੇਹ ਜ਼ਿਲ੍ਹੇ ਦੇ ਸੁਪਰਡੈਂਟ ਨੇ ਇਸ ਨੂੰ ਲਾਇਨ ਹਾਜ਼ਰ ਕਰ ਲੈਣਾ ਹੈ। ਥਾਣੇਦਾਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਪਿੰਡ ਦੇ ਸਰਪੰਚ ਨੂੰ ਹੱਥਾਂ 'ਚ ਕਰ ਕੇ ਇਸ ਲਾਸ਼ ਦੇ ਸਸਕਾਰ ਲਈ ਮਨਾ ਲਿਆ ਜਾਵੇ।
ਥਾਣੇਦਾਰ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੂੰ ਇੱਕ ਪਾਸੇ ਲੈ ਗਿਆ ਅਤੇ ਪਤਾ ਨਹੀਂ ਉਸਨੇ ਸਰਪੰਚ ਦੇ ਕੰਨ 'ਚ ਕੀ ਫੂਕ ਮਾਰੀ ਉਹ ਇਲਾਕੇ ਵਾਸੀਆਂ ਨੂੰ ਆਪਣੇ ਪੱਖ ਵਿੱਚ ਕਰਕੇ ਗਰਕੰਵਲ ਦੀ ਲਾਸ਼ ਦਾ ਸਸਕਾਰ ਕਰਾਉਣ ਲਈ ਮਨਾ ਲਿਆ। ਲੋਕਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਪਿੰਡਾਂ 'ਚ ਕਿਸੇ ਨਸ਼ੇ ਦੇ ਵਿਕਰੇਤੇ ਨੂੰ ਵੜਨ ਨਹੀਂ ਦਿੱਤਾ ਜਾਏਗਾ। ਗੁਰਕੰਵਲ ਦੀ ਮੌਤ ਹੋਣ ਕਰਕੇ ਮਾਤਾ ਚਰਨੋਂ ਨੂੰ ਸਰਕਾਰ ਵੱਲੋਂ ਕੁੱਝ ਮਾਇਕ ਸਹਾਇਤਾ ਦਾ ਵੀ ਭਰੋਸਾ ਦਵਾਇਆ।
ਗੁਰਕੰਵਲ ਦੇ ਸਸਕਾਰ ਲਈ ਪਿੰਡ ਵਾਸੀਆਂ ਨੇ ਉਸ ਦੇ ਦੇਹ ਦੇ ਇਸ਼ਨਾਨ ਲਈ ਉਸ ਦੇ ਕੱਪੜੇ ਉਤਾਰੇ। ਗੁਰਕੰਵਲ ਦੇ ਨਜ਼ਦੀਕੀ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਗੁਰਕੰਵਲ ਦੀ ਦੇਹ 'ਤੇ ਕੁੱਟ ਮਾਰ ਦੇ ਨਿਸ਼ਾਨ ਦੇਖੇ। ਉਸ ਦੇ ਗਲ ਉੱਪਰ ਵੀ ਸਾਹ ਰਗ ਲਾਗੇ ਨੀਲੇ ਨਿਸ਼ਾਨ ਸਨ। ਜਿਨ੍ਹਾਂ ਤੋਂ ਸ਼ੱਕ ਪੈਣ ਲੱਗੀ ਕਿ ਇਸ ਦੀ ਆਤਮ ਹੱਤਿਆ ਕਰਕੇ ਨਹੀਂ ਬਲਕਿ ਗਲਾ ਘੁੱਟਣ ਕਰਕੇ ਮੌਤ ਹੋਈ ਹੈ। ਪਿੰਡ ਵਾਲਿਆਂ ਨੇ ਇਸ ਸ਼ੱਕ ਵਿੱਚ ਗੁਰਕੰਵਲ ਦਾ ਸਸਕਾਰ ਰੋਕ ਲਿਆ।
ਇਸੇ ਸ਼ੱਕ ਵਿੱਚ ਗੁਰਕੰਵਲ ਦੇ ਨਜ਼ਦੀਕੀ ਰਿਸ਼ਤੇਦਾਰ ਇਸ ਮੌਤ ਦੀ ਡੂੰਘਾਈ ਵਿੱਚ ਸੋਚਣ ਲੱਗੇ। ਇੱਕ ਨੇ ਸਲਾਹ ਦਿੱਤੀ ਕਿ ਗੁਰਕੰਵਲ ਦੀਆਂ ਜੇਬਾਂ ਫਰੋਲ ਕੇ ਦੇਖੋ ਸ਼ਾਇਦ ਗੁਰਕੰਵਲ ਦਾ ਮੌਤ ਤੋਂ ਪਹਿਲਾਂ ਕੋਈ ਘਰ ਵਾਲਿਆਂ ਲਈ ਸੁਨੇਹਾ ਹੋਵੇ। ਕੱਪੜਿਆਂ ਦੀ ਫੋਲਾ ਫਰਾਲੀ ਕਰਦਿਆਂ ਇਸ ਦੀ ਜੇਬ ਵਿੱਚੋਂ ਗੁਰਕੰਵਲ ਦੇ ਹੱਥਾਂ ਦਾ ਲਿਖਿਆ ਇੱਕ ਨੋਟ ਮਿਲਿਆ। ਜਿਸ ਵਿੱਚ ਲਿਖਿਆ ਸੀ,
"ਮਾਤਾ ਜੀ, ਮੇਰੇ ਸਕੂਲ ਦੇ ਸਾਥੀ ਭਾਨੇ ਨੇ ਇਸ  ਧੰਦੇ 'ਚ ਪਾਇਆ ਸੀ। ਮੈਂ ਇਸ ਦੇ ਕਈ ਗਾਹਕ ਆਪਣੇ ਵਲ ਖਿੱਚ ਲਏ ਸਨ। ਪਰ ਇਹ ਇਸ ਗੱਲ ਦੀ ਖ਼ਾਰ ਚਿਰਾਂ ਤੋਂ ਖਾ ਰਿਹਾ ਹੈ। ਕੁੱਝ ਚਿਰਾਂ ਦਾ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ। ਮੈਂ ਹੋਰ ਕਿਸੇ ਤੋਂ ਤਾਂ ਨਹੀਂ ਡਰਦਾ ਪਰ ਇਸ ਕੋਲ ਮੇਰੇ ਸਾਰੇ ਭੇਦ ਹੋਣ ਕਰਕੇ ਇਹ ਮੇਰਾ ਕਦੇ ਵੀ ਕੋਈ ਨੁਕਸਾਨ ਕਰ ਸਕਦਾ ਹੈ।ਇਸ ਧੰਦੇ ਵਿੱਚ ਮੇਰਾ ਪੁਲਿਸ ਅਤੇ ਭਾਨੇ ਵਰਗੇ ਗੈਂਗਸਟਰ ਨਾਲ ਵਾਹ ਪੈ ਗਿਆ ਸੀ। ਥਾਣੇਦਾਰ ਨੂੰ ਤਾਂ ਮੈਂ ਹਰ ਮਹੀਨੇ ਉਸ ਦਾ ਚੜ੍ਹਾਵਾ ਚਾੜ੍ਹ ਕੇ ਚੁੱਪ ਕਰਾ ਦਿੰਦਾ ਸੀ ਇਸੇ ਕਰਕੇ ਮੈਂ ਇਹ ਹੱਥ ਲਿਖਤੀ ਚਿੱਠੀ ਆਪਣੀ ਜੇਬ 'ਚ ਰੱਖਦਾ ਹਾਂ ਕਿ ਅਚਾਨਕ ਹੋਈ ਮੇਰੀ ਮੌਤ ਦਾ ਕੋਈ ਬੇਕਸੂਰ ਇਨਸਾਨ ਨਾ ਫੜਿਆ ਜਾਏ । ਮਾਤਾ ਜੀ ਤੁਸੀਂ ਮੈਨੂੰ ਇਹ ਕੋਝਾ ਰਾਹ ਛੱਡਣ ਲਈ ਕਈ ਵਾਰ ਨਸੀਹਤਾਂ ਦਿੱਤੀਆਂ ਸਨ। ਪਰ ਮੈਂ ਮੰਨੀਆਂ ਨਹੀਂ ਸਨ। ਉਹ ਇਸ ਕਰਕੇ ਨਹੀਂ ਕਿ ਮੈਂ ਤੁਹਾਡਾ ਕਿਹਾ ਨਹੀਂ ਸੀ ਮੰਨਣਾ ਚਾਹੁੰਦਾ। ਮੈਨੂੰ ਮੇਰਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਮੇਰੀ ਪੜ੍ਹਾਈ ਮੇਰੇ ਕਿਸੇ ਕੰਮ ਨਾ ਆਈ। ਇਸ ਦੀ ਰੁਜ਼ਗਾਰ ਦੀ ਮੰਡੀ 'ਚ ਧੇਲਾ ਵੀ ਕੀਮਤ ਨਹੀਂ ਪਈ। ਸਿਫਾਰਸ਼ਾਂ ਪਾ ਕੇ ਨੌਕਰੀ ਲੱਭਣ ਦਾ ਮੇਰੇ ਕੋਲ ਕੋਈ ਵਸੀਲਾ ਨਹੀਂ ਸੀ। ਹਾਰ ਕੇ ਮੈਂ ਇਹ ਕੰਡਿਆਲ਼ਾ ਰਾਹ ਚੁਣਿਆ ਸੀ।
ਪਿੰਡ  ਵਾਸੀ ਹੁਣ ਦੁੱਬਧਾ ਵਿੱਚ ਫਸ ਗਏ ਸਨ ਕਿ ਇਸ ਨੂੰ ਗੁਰਕੰਵਲ ਦੀ ਆਤਮ ਹੱਤਿਆ ਸਮਝਣ ਜਾਂ ਫਿਰ ਥਾਣੇਦਾਰ ਜਾਂ ਭਾਨੇ ਵੱਲੋਂ ਕੀਤਾ ਗਿਆ ਕਤਲ। ਲਾਸ਼ ਦਾ ਸਸਕਾਰ ਹੋਣ ਤੋਂ ਪਿੰਡ ਵਾਲਿਆਂ ਨੇ ਰੋਕ ਲਿਆ ਸੀ। ਲਾਸ਼ ਨੂੰ ਬਰਫ਼ ਦੇ ਇੱਕ ਟੱਬ 'ਚ ਰੱਖ ਕੇ ਇਲਾਕੇ ਦੇ ਲੋਕ ਪੁਲਿਸ ਅਤੇ ਸਰਕਾਰਾਂ ਵਿਰੁੱਧ ਮੁਜ਼ਾਹਰਾ ਕਰ ਰਹੇ ਸਨ। ਮੀਡੀਆ ਰਾਹੀਂ ਖ਼ਬਰ ਇਲਾਕੇ ਦੇ ਐਮ. ਐਲ. ਏ. ਤੱਕ ਪਹੁੰਚ ਗਈ। ਉਹ ਆਪਣੇ ਸਾਰੇ ਦੌਰੇ ਵਿੱਚ ਰੱਦ ਕਰਦਾ ਹੋਇਆ ਗੁਰਕੰਵਲ ਦੀ ਲਾਸ਼ ਕੋਲ ਪਹੁੰਚਿਆ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮੌਕੇ 'ਚੇ ਪਹੁੰਚੇ ਵਿਧਾਇਕ ਨੂੰ ਕਾਫੀ ਖ਼ਰੀਆਂ ਫ਼ਰੀਆਂ ਸੁਣਾਈਆਂ ਕਿ ਉਹ ਕਿਉਂ ਨਹੀਂ ਇਸ ਕੋਹੜ ਨੂੰ  ਇਸ ਸਮਾਜ ਵਿੱਚੋਂ ਦੂਰ ਕਰਦੇ? ਕਿਉਂ ਮਾਵਾਂ ਦੇ ਅਨੇਕਾਂ ਪੁੱਤ, ਭੈਣਾਂ ਦੇ ਲਾਡਲੇ ਵੀ ਅਤੇ ਲੱਖਾਂ ਸੁਹਾਗਯਣ ਦੇ  ਪਤੀ ਇਨਾਂ੍ਹ ਨਸ਼ਿਆਂ ਦੀ ਅਨਿਆਈ ਭੇਂਟ ਚੜ੍ਹ ਰਹੇ ਨੇ? ਸ਼ਿਰਮਿੰਦਾ ਹੋਇਆ ਅਤੇ  ਆਪਣੇ ਹਲਕੇ ਦਾ ਵੋਟ ਬੈਂਕ ਟੁੱਟਦਾ ਹੋਇਆ ਸੋਚ ਕੇ ਵਿਧਾਇਕ ਲੋਕਾਂ ਮੂਹਰੇ ਹੱਥ ਜੋੜ ਕੇ ਭਰੋਸਾ ਦੇਣ ਲੱਗਾ ਕਿ ਉਹ ਪੁਲੀਸ ਤੋਂ ਇਸ ਦੀ ਪੂਰੀ ਜਾਂਚ ਪੜਤਾਲ ਕਰਾਏਗਾ ਅਤੇ ਸੰਬਧਤ ਵਿਭਾਗ ਨਾਲ ਮੀਂਟਗ ਕਰਕੇ ਨਸ਼ਿਆਂ ਦੀ ਸਪਲਾਈ ਬੰਦ ਕਰਾਉਣ ਲਈ ਪੂਰੇ ਯਤਨ ਕਰੇਗਾ।
ਉਸ ਦੇ ਵਿਸ਼ਵਾਸ ਵਿੱਚ ਆਈ ਸਮਾਜ ਸੇਵੀ ਸੰਸਥਾ ਦੇ ਕਾਰਕੁਨਾਂ ਅਤੇ ਪਿੰਡ ਵਾਸੀਆ ਨੇ ਗੁਰਕੰਵਲ ਦੇ ਸਸਕਾਰ ਦੀ ਇਜ਼ਾਜਤ ਦੇ ਦਿੱਤੀ। ਲੋਕੀਂ ਜਕੀਨ ਕਰ ਕੇ ਆਪੋ ਆਪਣੇ ਘਰੀਂ ਚੈਨ ਨਾਲ ਬਹਿ ਗਏ ਕਿ ਸ਼ਾਇਦ ਗੁਰਕੰਵਲ ਦੀ ਆਤਮ ਹੱਤਿਆ ਦੀ ਗੁੱਥੀ ਸੁੱਲਝ ਗਈ ਹੋਵੇਗੀ। ਇਸ ਦਾ ਭੇਦ ਖੁੱਲਣ ਤੋਂ ਬਾਅਦ ਵੀ  ਠੰਡੇ ਵਸਤੇ 'ਚ ਪਾ ਦਿੱਤਾ ਗਿਆ ਸੀ।
ਵੱਢੀ ਲੈਣ ਲਈ ਵੱਡੀ ਸਾਮੀ ਹੱਥ ਆਉਣ ਦੇ  ਚਾਅ 'ਚ ਉਸੇ ਦਿਨ ਭਾਨੇ ਨੂੰ  ਗੁਰਕੰਵਲ ਦੇ ਕਤਲ ਦੇ ਕੇਸ 'ਚ ਥਾਣੇ ਲੈ ਆਦਾ। ਇਲੳਕੇ ਦੇ ਲੋਕਾਂ ਦਾ ਦਬਾਅ ਅਤੇ ਹਲਕੇ ਦੇ ਵਿਧਾਇਕ ਦਾ ਡਰ ਦਿੰਦੇ ਹੋਏ ਥਾਣੇਦਾਰ ਬੋਲਿਆ, " ਦੇਖ ਬਾਈ ਭਾਨਿਆਂ, ਹੁਣ ਲੋਕਾਂ ਦੇ ਸ਼ੱਕ ਦੀ ਸੂਈ ਹੁਣ ਤੇਰੇ ਵਲ ਜਾ ਰਹੀ ਹੈ। ਹੁਣ ਤੇਰਾ 'ਤੇ ਕਤਲ ਦਾ ਕੇਸ ਤਾਂ ਬਣਦਾ ਹੀ ਹੈ। ਤੇਰੇ 'ਤੇ 302 ਦੀ ਧਾਰਾ ਰਾਹੀਂ ਰਿਪੋਰਟ ਦਰਜ਼ ਕਰਕੇ ਕਤਲ ਦਾ ਕੇਸ ਦਾਇਰ ਕਰਨਾ ਹੈ।" "ਥਾਣੇਦਾਰ ਸਾਬ੍ਹ ਦੇਖ ਲਓ, ਪਿਛਲੇ ਪੰਜਾਂ ਸਾਲਾਂ ਤੋਂ ਤੁਹਾਨੂੰ ਚੜ੍ਹਾਵਾ ਚਾੜ੍ਹ ਰਿਹਾ ਹਾਂ। ਤੁਸੀਂ ਆਪ ਹੀ ਦੇਖ ਲਵੋ, ਮੁਰਗੀ ਖਾਣੀ ਹੈ ਜਾਂ ਫਿਰ ਲੰਬੇ ਸਮੇਂ ਲਈ ਅੰਡੇ ਖਾਣੇ ਹਨ? ਜਿਹੜਾ ਚਾਰ ਪੰਜ ਲੱਖ ਲੈਣਾ ਹੈ,  ਲੈ ਕੇ ਗੱਲ ਮੁਕਾਓ। ਇਸ ਨਾਲ ਸਾਡੀ ਚਿਰਾਂ ਤੋਂ ਚੱਲੀ ਆ ਰਹੀ ਸਾਂਝ ਬਰਕਰਾਰ ਰਹੇਗੀ। ਲੋਕਾਂ ਨੂੰ ਦੱਸ ਦਿਓ ਕਿ ਭਾਨੇ 'ਤੇ ਕਤਲ ਦਾ ਕੇਸ ਚਲਾ ਦਿੱਤਾ ਹੈ। ਪੰਜ ਛੇ ਮਹੀਨੇ ਲੰਘਣ ਬਾਅਦ ਲੋਕਾਂ ਦਾ ਗੁੱਸਾ ਠੰਡਾ ਹੋ ਜਾਏਗਾ। ਸੱਪ ਵੀ ਮਰ ਜਾਊ ਅਤੇ ਸੋਟੀ ਵੀ ਨਾ ਟੁਟੇਗੀ।
"ਥਾਣੇਦਾਰ ਨੇ ਭਾਨੇ ਤੋਂ ਮੂੰਹ ਮੰਗੀ ਰਿਸ਼ਵੱਤ ਲੈ ਕੇ ਭਾਨੇ ਨੂੰ ਛੇ ਕੁ ਮਹੀਨੇ ਲਈ ਇਲਾਕੇ ਤੋਂ ਬਾਹਰ ਰਹਿਣ ਦੀ ਹਿਦਾਇਤ ਦੇ ਦਿੱਤੀ। ਉਸ ਸਿਰ ਕਤਲ ਦਾ ਕੇਸ  ਕੇਸ ਅਖਵਾਰਾਂ 'ਚ ਛਪਵਾ ਕੇ, ਲੋਕਾਂ ਦੇ ਅੱਖਾਂ 'ਚ ਘੱਟਾ ਪਾ ਦਿੱਤਾ। ਲੋਕੀਂ ਆਸਾਂ ਲਾਈ ਘਰ ਸ਼ਾਂਤ ਹੋ ਕੇ ਬੈਠ ਗਏ ਕਿ ਸ਼ਾਇਦ ਇਸ ਬੀਮਾਰੀ 'ਤੇ ਠੱਲ੍ਹ ਪੈ ਜਾਏਗੀ। ਅਤੇ ਭਾਨੇ ਵਰਗੇ ਅਨੇਕਾਂ ਚਿੱਟੇ ਦੇ ਵਪਾਰੀ ਜੇਲ ਦੀਆਂ ਸਲਾਖ਼ਾਂ ਪਿੱਛੇ ਹੋਣਗੇ। ਭਾਨੇ 'ਤੇ  ਪਾਏ ਕਤਲ ਕੇਸ ਦਾ ਕੀ ਬਣਿਆ, ਫੈਸਲੇ ਦੀ ਜਨਤਾ ਅੱਜ ਵੀ ੳਡੀਕ ਕਰ ਰਹੀ ਹੈ। ਆਪਣੇ ਇੱਕੋ ਇੱਕ ਪੜ੍ਹੇ ਲਿਖੇ ਪੁੱਤ ਨੂੰ ਇਸ ਸਮਾਜਿਕ ਬੀਮਾਰੀ ਦੀ ਭੇਂਟ ਚੜ੍ਹਾ ਕੇ ਉਸ ਦੀ ਬੁੱਢੀ ਮਾਈ ਆਪਣੀ ਕਿਸਮਤ ਨੂੰ ਫੁੱਟ ਫੁੱਟ ਕੇ ਰੋ ਰਹੀ ਹੈ ਅਤੇ ਅਜੇ ਵੀ ਸਰਕਾਰਾਂ 'ਤੇ ਆਸ ਲਾਈ ਬੈਠੀ ਹੈ ਕਿ ਕਦੋਂ ਇਨਸਾਫ਼ ਮਿਲੇਗਾ! ਕਦੋਂ ਮੌਕੇ ਦੀਆਂ ਸਰਕਾਰਾਂ ਇਸ ਬੀਮਾਰੀ ਦੀ ਜੜ੍ਹ ਤੱਕ ਪਹੁੰਚਣਗੀਆਂ ਅਤੇ ਇਸ ਸਮਾਜਿਕ ਕੋਹੜ ਦੀ ਬੀਮਾਰੀ ਦਾ ਇਲਾਜ਼ ਕਰਨਗੀਆਂ।

ਬਹਾਦਰ ਥਾਣੇਦਾਰ - ਬਲਵੰਤ ਸਿੰਘ ਗਿੱਲ

ਗੁਰਚੇਤ ਸਿੰਘ ਇੱਕ ਸੁੱਘੜ ਅਤੇ ਸਿਆਣਾ ਸਕੂਲ ਮਾਸਟਰ ਸੀ। ਆਪਣੇ ਕਿੱਤੇ ਵਿੱਚ ਉਹ ਏਨਾ ਮਾਹਰ ਸੀ ਕਿ ਉਸ ਦੇ ਸਾਰੇ ਵਿਦਿਆਰਥੀ ਉਸ ਦੀ ਸਿਆਣਪ ਦੀ ਕਦਰ ਕਰਦੇ ਸਨ।ਉਸਨੇ ਆਪਣੇ ਹੱਥ ਵਿੱਚ ਕਦੇ ਸੋਟੀ ਨਹੀਂ ਸੀ ਫੜੀ ਪਰ ਉਸ ਦੀ ਕਲਾਸ ਦਾ ਨਤੀਜਾ ਹਮੇਸ਼ਾ ਅੱਬਲ ਹੁੰਦਾ। ਮਾਪਿਆਂ ਦੀ ਸੇਵਾ ਅਤੇ ਸਤਿਕਾਰ ਵਰਗੇ ਚੰਗੇ ਸਮਾਜਿਕ ਗੁਣ ਬੱਚਿਆ ਨੁੰ ਸਿਖਾਉਂਦਾ ਰਹਿੰਦਾ।ਦਿਨ ਦੀ ਪੜ੍ਹਾਈ ਦੀ ਪੂਰੀ ਤਿਆਰੀ ਕਰਕੇ ਬੱਚਿਆਂ ਨੂੰ ਪੜਾਉਂਦਾ ਅਤੇ ਕੰਮਜ਼ੋਰ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦਿੰਦਾ। ਗੱਲ ਕੀ ਸਾਰੇ ਇਲਾਕੇ ਵਿੱਚ ਗੁਰਚੇਤ ਸਿੰਘ ਦੇ ਪੜ੍ਹਾਉਣ ਦੇ ਤਰੀਕੇ ਦੀ ਸਿਫ਼ਤ ਹੁੰਦੀ ਸੀ।
ਗੁਰਚੇਤ ਸਿੰਘ ਜਿੰਨਾ ਸਿਆਣਾ ਸਕੂਲ ਮਾਸਟਰ ਸੀ, ਵਿਚਾਰਾ ਉਨਾ ਹੀ ਗ਼ਰੀਬੀ ਨੇ ਘੇਰਿਆ ਹੋਇਆ ਸੀ। ਜ਼ਮੀਨ ਦੇ ਸਿਰਫ਼ ਤਿੰਨ ਖੇਤ ਸਨ, ਜਿਹੜੇ ਕਿ ਉਸ ਨੇ ਅੱਧ ਵਟਾਈ 'ਤੇ ਦਿੱਤੇ ਹੋਏ ਸਨ। ਪਤਨੀ ਟੀ. ਬੀ. ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੀ ਸੀ।ਤਨਖ਼ਾਹ ਦੇ ਜਿਹੜੇ ਚਾਰ ਪੈਸੇ ਆਉਂਦੇ ਸਨ, ਉਹ ਉਸਦੀ ਬੀਮਾਰੀ 'ਤੇ ਲੱਗਦੇ ਜਾ ਰਹੇ ਸਨ। ਗੁਰਚੇਤ ਸਿੰਘ ਦਾ ਇੱਕੋ ਇੱਕ ਪੁੱਤਰ ਮੁਖ਼ਤਿਆਰ ਸਿੰਘ ਸੀ, ਜਿਹੜਾ ਕਿ ਅਜੇ ਹਾਈ ਸਕੂਲ ਵਿੱਚ ਪੜ੍ਹ ਰਿਹਾ ਸੀ।
ਗੁਰਚੇਤ ਸਿੰਘ ਦੇ ਰੀਟਾਇਰ ਹੋਣ ਵਿੱਚ ਕੁੱਝ ਕੁ ਮਹੀਨੇ ਹੀ ਬਾਕੀ ਸਨ ਕਿ ਉਸਦੀ ਘਰ ਵਾਲੀ ਆਪਣੀ ਬੀਮਾਰੀ ਨਾਲ ਜੱਦੋ-ਜਹਿਦ ਕਰਦੀ ਹੋਈ ਦਮ ਤੋੜ ਗਈ। ਹੁਣ ਸਿਰਫ਼ ਮੁਖ਼ਤਿਆਰ ਹੀ ਉਸ ਦੀ ਆਸ ਦਾ ਇੱਕ ਸਿਤਾਰਾ ਸੀ, ਜਿਸ ਵੱਲ ਉਹ ਟਿਕਟਿਕੀ ਲਗਾਈ ਬੈਠਾ ਸੀ।ਉਸ ਨੇ ਹੀ ਬੁਢਾਪੇ ਵਿੱਚ ਉਸ ਦੀ ਡੰਗੋਰੀ ਬਣਨਾ ਸੀ।ਮੁਖ਼ਤਿਆਰ ਨੂੰ ਉਹ ਆਪਣੀਆਂ ਆਸਾਂ ਅਤੇ ਉਮੀਦਾਂ ਨਾਲ ਉੱਚ ਕੋਟੀ ਤੱਕ ਪੜ੍ਹਾਉਣਾ ਚਾਹੁੰਦਾ ਸੀ।
ਗੁਰਚੇਤ ਸਿੰਘ ਰੀਟਾਇਰ ਹੋ ਗਿਆ।ਰੀਟਾਇਰ ਹੁੰਦਿਆਂ ਸਾਰ ਹੀ ਆਪਣੇ ਤਿੰਨ ਖ਼ੱਤਿਆਂ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਤਿੰਨ ਖੱਤਿਆਂ ਨੇ ਕਿੰਨੀ ਕੁ ਉਪਜ ਦੇਣੀ ਸੀ? ਜਿਹੜੇ ਚਾਰ ਮਣ ਦਾਣੇ ਹੁੰਦੇ ਉਹ ਕੁੱਝ ਖਾਦਾਂ, ਬੀਜਾਂ ਅਤੇ ਦੁਆਈਆਂ ਨੇ ਖਾ ਜਾਂਦੀਆਂ। ਜਿਹੜੇ ਚਾਰ ਪੈਸੇ ਬਚਣੇ, ਉਹ ਘਰੇਲੂ ਖ਼ਰਚਿਆਂ ਅਤੇ ਬਾਣੀਏ ਦਾ ਉਧਾਰ ਲੈ ਜਾਂਦਾ। ਪਰ ਫੇਰ ਵੀ ਗੁਰਚੇਤ ਸਿੰਘ ਆਪਣੀ ਥੋੜੀ ਮਿਲਦੀ ਪੈਨਸ਼ਨ ਨਾਲ ਮੁਖ਼ਤਿਆਰ ਦੀ ਪੜ੍ਹਾਈ ਕਰਾਉਂਦਾ ਗਿਆ।
ਮੁਖ਼ਤਿਆਰ ਨੂੰ ਆਪਣੇ ਬਾਪੂ ਦੀ ਹੱਡ ਭੰਨਵੀਂ ਮਿਹਨਤ ਦੀ ਕਦਰ ਸੀ। ਉਹ ਦਿਲ ਲਾ ਕੇੇੇ ਮਿਹਨਤ ਕਰਦਾ ਗਿਆ। ਚੰਗੇ ਨੰਬਰਾਂ ਵਿੱਚ ਦਸਵੀਂ ਕਰ ਗਿਆ।ਬਾਪੂ ਨੇ ਅਗਲੀ ਪੜ੍ਹਾਈ ਲਈ ਉਸਨੂੰ ਕਾਲਜ ਦਾਖ਼ਲ ਕਰਵਾ ਦਿੱਤਾ।ਸਕੂਲ ਤੱਕ ਮੁਖ਼ਤਿਆਰ ਦੀ ਪੜ੍ਹਾਈ 'ਤੇ ਜੋ ਖ਼ਰਚ ਆ ਰਿਹਾ ਸੀ, ਉਹ ਤਾਂ ਗੁਰਚੇਤ ਸਿੰਘ ਦੀ ਪਹੁੰਚ ਵਿੱਚ ਸੀ। ਪਰ ਕਾਲਜ ਦੀ ਪੜ੍ਹਾਈ ਦਾ ਖ਼ਰਚਾ ਜ਼ਿਆਦਾ ਹੋਣ ਕਰਕੇ ਉਸਨੂੰ ਮਾਇਕ ਪ੍ਰੇਸ਼ਾਨੀਆਂ ਆਉਣ ਲੱਗੀਆਂ।
ਹੱਥ ਜ਼ਿਆਦਾ ਤੰਗ ਹੁੰਦਾ ਦੇਖ ਕੇ ਉਸਨੂੰ ਆਪਣੇ ਭਰਾਵਾਂ ਪਾਸੋਂ ਆਪਣੇ ਮੁੰਡੇ ਦੀ ਪੜ੍ਹਾਈ ਖ਼ਾਤਿਰ ਹੱਥ ਅੱਡਣੇ ਪਏ। ਪਰ ਗੁਰਚੇਤ ਸਿੰਘ ਦੇ ਭਰਾਵਾਂ ਨੇ ਸ਼ਰੀਕਾਂ ਵਾਲਾ ਹੀ ਸਲੂਕ ਕੀਤਾ। ਉਹ ਤਾਂ ਪਹਿਲਾਂ ਹੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਸ਼ਰੀਕਾਂ ਵਿੱਚੋਂ ਕੋਈ ਮੁੰਡਾ ਉੱਚ-ਵਿੱਦਿਆ ਪ੍ਰਾਪਤ ਕਰੇ।ਉਨ੍ਹਾਂ ਦਾ ਆਪਣਾ ਕੋਈ ਵੀ ਮੁੰਡਾ ਦਸਵੀਂ ਨਹੀਂ ਸੀ ਟੱਪਿਆ। ਸਭ ਪਾਸਿਉਂ ਇਨਕਾਰ ਹੁੰਦਾ ਵੇਖ ਕੇ ਆਖ਼ਰਕਾਰ ਗੁਰਚੇਤ ਸਿੰਘ ਨੇ ਆਪਣੀ ਕੁੱਝ ਜਮੀਨ ਕਿਸੇ ਆੜਤੀਏ ਕੋਲ ਗਿਰਵੀ ਰੱਖੀ ਅਤੇ ਮੁੰਡੇ ਦੀ ਪੜ੍ਹਾਈ ਨੂੰ ਜਾਰੀ ਰੱਖਿਆ।
ਮੁਖ਼ਤਿਆਰ ਆਪਣੇ ਬਾਪੂ ਦਾ ਹੋਣਹਾਰ ਪੁੱਤਰ ਨਿਕਲਿਆ ਅਤੇ ਡੱਟ ਕੇ ਮਿਹਨਤ ਕਰਦਾ ਗਿਆ। ਆਖ਼ਰਕਾਰ ਮਿਹਨਤ ਨੂੰ ਫ਼ੱਲ ਲੱਗਾ। ਮੁਖ਼ਤਿਆਰ ਪਹਿਲੀ ਡਵੀਜ਼ਨ ਵਿੱਚ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕਰ ਗਿਆ। ਉਸਦਾ ਆਪਣਾ ਨਿੱਜੀ ਇਰਾਦਾ ਤਾਂ ਅਜੇ ਪੀ. ਐਚ. ਡੀ. ਕਰਨ ਦਾ ਸੀ। ਪਰ ਪੈਸੇ ਵਲੋਂ ਤੰਗੀ ਹੋਣ ਕਰਕੇ ਉਹ ਹੁਣ ਆਪਣੇ ਬਾਪੂ ਉੱਪਰ ਆਪਣੀ ਪੜ੍ਹਾਈ ਦਾ ਹੋਰ ਬੋਝ ਪਾਉਣਾ ਨਹੀਂ ਚਾਹੁੰਦਾ ਸੀ। ਹੁਣ ਤਾਂ ਉਸਦੀ ਇਹੀ ਤਮੰਨਾ ਸੀ ਕਿ ਉਹ ਕੋਈ ਨੌਕਰੀ ਲੱਭ ਲਵੇ ਅਤੇ ਆਪਣੇ ਬੁੱਢੇ ਬਾਪੂ ਲਈ ਸਹਾਰਾ ਬਣੇ।
ਉਹ ਆਪਣਾ ਨਾਂ ਰੁਜ਼ਗਾਰ ਦਫ਼ਤਰ ਵਿੱਚ ਲਿਖਵਾ ਆਇਆ ਅਤੇ ਪ੍ਰਾਈਵੇਟ ਨੌਕਰੀ ਲਈ ਵੀ ਟੋਲ ਟੱਕਰਾਂ ਮਾਰਨ ਲੱਗਾ। ਪਰ ਬੱਦਕਿਸਮਤੀ ਨੂੰ ਉਸਨੂੰ ਕੋਈ ਨੌਕਰੀ ਨਾ ਮਿਲੀ। ਹਰ ਪਾਸੇ ਵੱਢੀਆ ਅਤੇ ਸਿਫ਼ਾਰਸ਼ਾਂ ਦਾ ਜ਼ੋਰ ਸੀ। ਜੇ ਕੋਈ ਉਸਦੀ ਪੜ੍ਹਾਈ ਦੀ ਕਦਰ ਕਰਦਾ ਵੀ ਸੀ ਤਾਂ ਤਜ਼ਰਬਾ ਨਾ ਹੋਣ ਕਰਕੇ ਨੌਕਰੀ ਨਾ ਦੇਣ ਵਾਲਿਆਂ ਨੂੰ ਬਹਾਨਾ ਮਿਲ ਜਾਂਦਾ। ਜਦੋਂ ਕੋਈ ਨੌਕਰੀ ਨਾ ਮਿਲੀ ਤਾਂ ਮੁਖ਼ਤਿਆਰ ਕਾਫ਼ੀ ਮਾਯੂਸ ਰਹਿਣ ਲੱਗ ਪਿਆ। ਜ਼ਮੀਨ ਦੇ ਸਿਰਫ ਦੋ ਖੇਤ ਹੀ ਰਹਿ ਗਏ ਸਨ। ਜਿਨਾਂ 'ਤੇ ਦੋ ਆਦਮੀਆਂ ਲਈ ਖੇਤੀ ਕਰਨਾ ਲਾਹੇਵੰਦ ਨਹੀਂ ਸੀ।
ਮੁਖ਼ਤਿਆਰ ਸੂਝਵਾਨ ਅਤੇ ਉਸਾਰੂ ਦਿਮਾਗ਼ ਦਾ ਮਾਲਕ ਸੀ। ਉਸਨੇ ਸਰਕਾਰ ਤੋਂ ਕੁੱਝ ਕਰਜ਼ਾ ਲੈ ਕੇ ਆਪਣੇ ਇੱਕ ਖੇਤ ਵਿੱਚ ਹੀ ਮੁੱਰਗ਼ੀਖਾਨਾ ਖੋਲ੍ਹ ਲਿਆ।ਕੁਦਰਤ ਨੇ ਮੁਖ਼ਤਿਆਰ ਦਾ ਸਾਥ ਦਿੱਤਾ ਅਤੇ ਪਿਓ ਪੁੱਤਰ ਨੇ ਵੀ ਮਿਹਨਤ ਕਰਨ ਤੋਂ ਕੋਈ ਕਸਰ ਬਾਕੀ ਨਾ ਛੱਡੀ। ਦੋ ਕੁ ਸਾਲਾਂ ਵਿੱਚ ਹੀ ਇਸ ਦਾ ਮੁੱਰਗ਼ੀਖਾਨਾ ਚੰਗੀ ਉੱਨਤੀ 'ਤੇ ਚਲਾ ਗਿਆ। ਇਸ ਮੁੱਰਗ਼ੀਖਾਨੇ 'ਤੇ ਪਿਓ ਪੁੱਤ ਦੋਹਾਂ ਦਾ ਗੁਜ਼ਾਰਾ ਤੁਰ ਪਿਆ। ਇਸੇ ਆਮਦਨ ਨਾਲ ਮੁਖ਼ਤਿਆਰ ਨੇ ਗਹਿਣੇ ਰੱਖੀ ਜਮੀਨ ਵੀ ਸ਼ਾਹੂਕਾਰਾਂ ਪਾਸੋਂ ਛੁਡਵਾ ਲਈ।
ਚੰਗਾ ਗੁਜ਼ਾਰਾ ਹੁੰਦਾ ਦੇਖ ਕੇ ਮੁਖ਼ਤਿਆਰ ਦੇ ਸ਼ਰੀਕ ਈਰਖਾ ਖਾਣ ਲੱਗੇ। ਬਾਕੀ ਸ਼ਰੀਕਾਂ ਨਾਲੋਂ ਇਸ ਦੇ ਤਾਏ ਦੇ ਵੱਡੇ ਮੁੰਡੇ ਨਿਰਭੈ ਸਿੰਘ ਨੂੰ ਕੁੱਝ ਜ਼ਿਆਦਾ ਹੀ ਚਿੜ ਹੋਣ ਲੱਗੀ। ਉਹ ਆਪ ਖ਼ੁਦ ਇੱਕ ਸਮੱਗਲਰ ਸੀ। ਪੈਸੇ ਧੇਲੇ ਵੱਲੋਂ ਚੰਗਾ ਚੱਲਦਾ ਪੁਰਜ਼ਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਪਿੰਡ ਅਤੇ ਇਲਾਕੇ ਵਿੱਚ ਕੋਈ ਇਨਸਾਨ ਪੈਸੇ ਵਿੱਚ ਉਸਦਾ ਮੁਕਾਬਲਾ ਕਰੇ, ਖ਼ਾਸ ਕਰਕੇ ਸ਼ਰੀਕ ਭਰਾ।
ਉਸਨੇ ਥਾਣੇ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਆਪਣੀ ਪੈਂਠ ਜਮਾਈ ਹੋਈ ਸੀ।ਇਲਾਕੇ ਦਾ ਹਰੇਕ ਨੇਤਾ ਨਿਰਭੈ ਦੇ ਇਲਾਕੇ ਵਿੱਚ ਆਇਆ ਉਸਦੀ ਹਵੇਲੀ ਵਿੱਚ ਰਿਹਾਇਸ਼ ਕਰਿਆ ਕਰਦਾ ਸੀ। ਨੇਤਾ ਲੋਕ ਰਿਹਾਇਸ਼ ਕਰਨ ਵੀ ਕਿਉਂ ਨਾ। ਜਦੋਂ ਕਦੇ ਇਲੈਕਸ਼ਨ ਆਉਂਦੀ ਸੀ ਤਾਂ ਨਿਰਭੈ ਭਰੀ ਸਭਾ ਵਿੱਚ ਹਜ਼ਾਰਾਂ ਰੁਪਿਆਂ ਦੀਆਂ ਥੈਲੀਆਂ ਇਨ੍ਹਾਂ ਨੇਤਾਵਾਂ ਨੂੰ ਮੁੱਠੀ ਵਿੱਚ ਕਰਨ ਲਈ ਭੇਂਟ ਕਰਦਾ ਹੁੰਦਾ ਸੀ।ਘਰ ਆਏ ਅਫ਼ਸਰਾਂ ਨੂੰ ਚੰਗਾ ਚੋਸਾ ਖਾਣ ਨੂੰ ਦਿੰਦਾ ਅਤੇ ਤਰਾਂ ਤਰਾਂ ਦੀ ਸ਼ਰਾਬ ਦਾ ਦੌਰ ਲਾਉਂਦਾ।
ਮੁਖਤਿਆਰ ਦੇ ਮੁੱਰਗੀਖ਼ਾਨੇ ਦੀ ਤਰੱਕੀ ਦੇਖ ਕੇ ਨਿਰਭੈ ਦੇ ਸਿਰ ਉੱਪਰ ਈਰਖਾ ਦਾ ਇੰਨਾ ਭੂਤ ਸਵਾਰ ਹੋ ਗਿਆ ਕਿ ਉਸਨੇ ਇੱਕ ਰਾਤ ਕਿਸੇ ਤੋਂ ਮੁਰਗੀਆਂ ਦੀ ਖ਼ੁਰਾਕ ਵਿੱਚ ਜ਼ਹਿਰ ਰਲਾ ਕੇ ਮੁੱਰਗੀਖਾਨੇ ਵਿੱਚ ਪੁਆ ਦਿੱਤੀ। ਜਦੋਂ ਸਵੇਰੇ ਮੁਖ਼ਤਿਆਰ ਮੁਰਗੀਖ਼ਾਨੇ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਧੀਆਂ ਨਾਲੋਂ ਜ਼ਿਆਦਾ ਮੁਰਗੀਆਂ ਮਰੀਆਂ ਪਈਆਂ ਸਨ ਅਤੇ ਬਾਕੀ ਮਰਨ ਕਿਨਾਰੇ ਸਨ। ਮੁਖ਼ਤਿਆਰ ਨੂੰ ਸ਼ੱਕ ਪੈ ਗਈ ਕਿ ਇਹ ਜ਼ਰੂਰੀ ਕਿਸੇ ਨੇ ਬੇਈਮਾਨੀ ਕੀਤੀ ਹੈ। ਉਹ ਸਿੱਧਾ ਥਾਣੇ ਗਿਆ ਅਤੇ ਇਸ ਬਾਰੇ ਰੀਪੋਰਟ ਦਰਜ ਕਰਵਾਉਣ ਲਈ ਬੇਨਤੀ ਕੀਤੀ। ਥਾਣੇਦਾਰ ਹੂੰ ਹਾਂ ਕਰਕੇ ਟਾਲ ਗਿਆ। ਕਹਿਣ ਲੱਗਾ "ਮੁਖਤਿਆਰ, ਕਿਉਂ ਐਵੇਂ ਕਿਸੇ 'ਤੇ ਸ਼ੱਕ ਕਰਦੈਂ। ਤੇਰੀਆਂ ਮੁਰਗੀਆਂ ਨੂੰ ਕੋਈ ਬੀਮਾਰੀ ਪੈ ਗਈ ਹੋਵੇਗੀ। ਇਹ ਸਾਲੀਆਂ ਤਾਂ ਐਵੇਂ ਵੰਗਾਂ ਦਾ ਧੰਨ ਹੁੰਦੀਆਂ ਹਨ।ਇਹ ਮੁਰਗੀ ਖ਼ਾਨੇ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ"। ਥਾਣੇਦਾਰ ਹਰਜੀਤ ਸਿੰਘ ਦੇ ਨਿਰਭੈ ਨਾਲ ਤਾਂ ਪਹਿਲਾਂ ਹੀ ਗੂੜੇ ਸੰਬੰਧ ਸਨ।
................................................................................
ਮੁਖ਼ਤਿਆਰ ਦੀ ਕੀਤੀ ਕਰਾਈ ਮਿਹਨਤ 'ਤੇ ਪਾਣੀ ਫਿਰ ਗਿਆ। ਦੁਬਾਰਾ ਪਹਿਲੀ ਹਾਲਤ ਵਿੱਚ ਆਉਂਦਿਆਂ ਕੁੱਝ ਸਾਲ ਲੱਗ ਗਏ। ਇਹਨਾਂ ਜ਼ਿੰਦਗੀ ਦੇ ਮਾਰੂ ਹਿਚਕੋਲਿਆਂ ਨਾਲ ਮੁਖ਼ਤਿਆਰ ਦੇ ਬਾਪੂ ਦੀ ਸਿਹਤ ਡਿੱਗਣ ਲੱਗੀ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਅਤੇ ਲੱਤਾਂ ਵੀ ਜਵਾਬ ਦੇਣ ਲੱਗ ਪਈਆਂ। ਗੁਰਚੇਤ ਸਿੰਘ ਨੂੰ ਪੂਰੀ ਸ਼ੱਕ ਸੀ ਕਿ ਇਸ ਦੇ ਸ਼ਰੀਕ ਇੱਕ ਨਾ ਇੱਕ ਦਿਨ ਕੋਈ ਪੁੱਠਾ ਕਾਰਾ ਜਰੂਰ ਕਰਨਗੇ। ਗੁਰਚੇਤ ਸਿੰਘ ਨੂੰ ਗ਼ਰੀਬੀ ਦਾ ਏਨਾ ਫ਼ਿਕਰ ਨਹੀਂ ਸੀ ਜਿੰਨਾ ਕਿ ਸ਼ਰੀਕਾਂ ਦੀ ਈਰਖਾ ਦਾ।ਇਸ ਫਿਕਰ ਦਾ ਜ਼ਿਕਰ ਅਕਸਰ ਮੁੱਖਤਿਆਰ ਪਾਸ ਵੀ ਕਰਦਾ ਰਹਿੰਦਾ ਸੀ। ਇਸ ਨੂੰ ਸੁਚੇਤ ਰਹਿਣ ਲਈ ਖ਼ਬਰਦਾਰ ਵੀ ਕਰਦਾ। ਪਰ ਮੁਖਤਿਆਰ ਨਿਰਭੈ ਨੂੰ ਆਪਣੇ ਸਕੇ ਚਾਚੇ ਦਾ ਮੁੰਡਾ ਸਮਝ ਕੇ ਬਾਪੂ ਦੀ ਗੱਲ ਦਾ ਬਹੁਤਾ ਗੰਭੀਰ ਨੋਟਿਸ ਨਾ ਲੈਂਦਾ।
ਮੁਖ਼ਤਿਆਰ ਆਪਣੇ ਮੁੱਰਗੀ ਫਾਰਮ ਦੀ ਮੁੜ-ਉਸਾਰੀ ਦੇ ਨਾਲ-ਨਾਲ ਆਪਣੀ ਨੌਕਰੀ ਲਈ ਵੀ ਯਤਨਸ਼ੀਲ ਰਿਹਾ।ਜਦੋਂ ਵੀ ਕਿਸੇ ਨੌਕਰੀ ਦਾ ਇਮਤਿਹਾਨ ਜਾਂ ਕੰਪੀਟੀਸ਼ਨ ਆਉਂਦਾ, ਉਹ ਪੂਰੀ ਤਿਆਰੀ ਕਰਕੇ ਡੱਟ ਕੇ ਕੰਪੀਟੀਸ਼ਨ ਵਿੱਚ ਜਾ ਹਿੱਸਾ ਲੈਂਦਾ। ਕੋਈ ਵੀ ਉੱਚ ਕੋਟੀ ਦੀ ਸਰਵਿਸ ਦਾ ਇਮਤਿਹਾਨ ਮੁਖ਼ਤਿਆਰ ਨੇ ਨਾ ਛੱਡਿਆ।
ਆਖਰਕਾਰ ਉਸ ਦੀ ਮਿਹਨਤ ਰੰਗ ਲਿਅਈ। ਮੁਖ਼ਤਿਆਰ ਆਈ. ਏ. ਐਸ. ਦਾ ਇਮਤਿਹਾਨ ਪਾਸ ਕਰ ਗਿਆ।ਇੰਟਰਵਿਊ ਵੀ ਸਫ਼ਲ ਰਹੀ ਤੇ ਮੁਖ਼ਤਿਆਰ ਦੀ ਡੀ. ਸੀ. ਦੀ ਪੋਸਟ ਵਾਸਤੇ ਸਿਲੈਕਸ਼ਨ ਹੋ ਗਈ।
ਮੁਖ਼ਤਿਆਰ ਦੇ ਮਿੱਤਰ ਦੋਸਤ ਮੁਖ਼ਤਿਆਰ ਦੀ ਇਸ ਉੱਚ ਨੌਕਰੀ ਵਾਸਤੇ ਉਸਨੂੰ ਵਧਾਈਆਂ ਦੇਣ ਆਉਣ ਲੱਗੇ।ਇਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਾ ਰਹਿੰਦਾ।ਕਈਆਂ ਨੂੰ ਆਪਣੇ ਅੜੇ ਹੋਏ ਕੰਮ ਕਢਾਉਣ ਦੀ ਆਸ ਵੱਝ ਗਈ। ਬਾਪੂ ਗੁਰਚੇਤ ਸਿੰਘ ਵੀ ਆਪਣੇ ਲਾਡਲੇ ਪੁੱਤ ਦੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ 'ਤੇ  ਰੱਜ ਕੇ ਫ਼ਖਰ ਕਰਦਾ। ਸਾਰੇ ਇਲਾਕੇ ਵਿੱਚ ਮੁਖ਼ਤਿਆਰ ਦੀ ਸਫ਼ਲਤਾ ਦੀ ਚਰਚਾ ਹੋਣ ਲੱਗੀ। ਲੋਕੀਂ ਹੈਰਾਨ ਸਨ ਕਿ ਇੱਕ ਮਾਮੂਲੀ ਸਕੂਲ ਮਾਸਟਰ ਦਾ ਮੁੰਡਾ ਡੀ ਸੀ ਲੱਗਣ ਵਾਲਾ ਹੈ।
ਮੁਖ਼ਤਿਆਰ ਦੀ ਸਫ਼ਲਤਾ ਦੀ ਨਿਰਭੈ ਨੂੰ ਖੁਸ਼ੀ ਹੋਣ ਦੀ ਬਿਜਾਏ ਗ਼ਮੀ ਜ਼ਿਆਦਾ ਹੋ ਗਈ। ਉਹ ਤਾਂ ਉਸਦੇ ਮੁੱਰਗੀ ਫਾਰਮ ਦੀ ਤਰੱਕੀ ਤੋਂ ਨਾ ਖੁਸ਼ ਸੀ। ਇਹ ਵੱਡੀ ਨੌਕਰੀ ਸੁਣ ਕੇ ਉਸ ਨੂੰ ਤਾਂ ਸੱਤੀਂ ਕੱਪੜੀਂ ਲੱਗ ਗਈ। ਉਸ ਦੇ ਦਿਲ 'ਤੇ ਦੋ ਚੜ੍ਹਨ ਅਤੇ ਦੋ ਉਤਰਨ।ਇਸ ਤੋਂ ਪਹਿਲਾਂ ਕਿ ਮੁਖ਼ਤਿਆਰ ਆਪਣੀ ਨੌਕਰੀ 'ਤੇ ਜਾਂਦਾ, ਇਸ ਸ਼ਰੀਕ ਨੇ ਈਰਖਾ ਦਾ ਪ੍ਰਗਟਾਵਾ ਕਰ ਹੀ ਦਿੱਤਾ। ਨਿਰਭੈ ਦਿਨ ਢੱਲਦੇ ਨੂੰ ਆਪਣੀ ਕਾਰ ਵਿੱਚ ਥਾਣੇ ਪਹੁੰਚ ਗਿਆ। ਥਾਣੇਦਾਰ ਹਰਜੀਤ ਸਿੰਘ ਨਾਲ ਕੁੱਝ ਕਾਨਾਫੂਸੀ ਕਰਕੇ ਤ੍ਰਿਕਾਲਾਂ ਨੂੰ ਮੁੜ ਘਰ ਆ ਗਿਆ। ਰਾਤੋ-ਰਾਤ ਚਿੱਟੇ ਦੇ ਦੋ ਡੱਬੇ ਅਤੇ ਭੁੱਕੀ ਦੀਆਂ ਦੋ ਬੋਰੀਆ ਮੁਖ਼ਤਿਆਰ ਦੇ ਘਰ ਲਕੋ ਦਿੱਤੀਆਂ।
ਮਿੱਥੀ ਸਾਜ਼ਿਸ਼ ਅਨੁਸਾਰ ਸਵੇਰੇ ਤੜਕੇ  ਥਾਣੇਦਾਰ ਅਤੇ ਕੁੱਝ ਸਿਪਾਹੀ ਆਏ ਅਤੇ ਗੁਰਚੇਤ ਸਿੰਘ ਨੂੰ ਘਰ ਦੀ ਤਲਾਸ਼ੀ ਦੇਣ ਲਈ ਆਖਿਆ। ਗੁਰਚੇਤ ਸਿੰਘ ਅਤੇ ਮੁਖ਼ਤਿਆਰ ਦੋਵੇਂ ਹੱਕੇ ਬੱਕੇ ਰਹਿ ਗਏ ਕਿ ਇਹ ਕਿਹੜੀ ਚਾਲ ਹੋਵੇਗੀ? ਘਰ ਦੇ ਇੱਕ ਖੂੰਜਿਉਂ ਚਿੱਟਾ ਅਤੇ ਭੁੱਕੀ ਕੱਢ ਕੇ ਪਿਓ ਪੁੱਤ ਸਾਹਮਣੇ ਰੱਖ ਦਿੱਤੇ 'ਤੇ ਥਾਣੇਦਾਰ ਲੱਗਾ ਗਾਲ੍ਹਾਂ ਦੀ ਬੁਛਾੜ ਕਰਨ। ਮੁਖ਼ਤਿਆਰ ਨੇ ਬਥੇਰਾ ਆਖਿਆ ਕਿ ਇਹ ਸਾਡੇ ਨਾਲ ਕਿਸੇ ਨੇ ਸਾਜ਼ਿਸ਼ ਕੀਤੀ ਹੈ। ਪਰ ਥਾਣੇਦਾਰ ਟੁੱਟ ਕੇ ਪੈ ਗਿਆ ਅਤੇ ਥੱਪੜ ਮਾਰ ਕੇ ਗੁਰਚੇਤ ਸਿੰਘ ਦੀ ਪੱਗ ਵਗਾ੍ਹ ਕੇ ਓਹ ਮਾਰੀ। ਆਖਣ ਲੱਗਾ, "ਸਾਲਿਓ ਨਾਲੇ ਸਮਗਲਿੰਗ ਕਰਦੇ ਹੋ 'ਤੇ ਨਾਲੇ ਦੂਜਿਆਂ 'ਤੇ ਉਲਟਾ ਇਲਜ਼ਾਮ ਲਾਉਂਦੇ ਹੋ।"
ਗੱਲ ਕੀ ਪਿੰਡ ਦੇ ਸੈਂਕੜੇ ਲੋਕਾਂ ਸਾਹਮਣੇ ਥਾਣੇਦਾਰ ਨੇ ਪਤਾ ਨਹੀਂ ਗੁਰਚੇਤ ਸਿੰਘ ਅਤੇ ਮੁਖ਼ਤਿਆਰ ਤੇ ਕਿੰਨਾ ਗੰਦ ਬਕਿਆ। ਥਾਣੇਦਾਰ ਦੇ ਖੱਬੇ ਪਾਸੇ ਖੜ੍ਹੇ ਨਿਰਭੈ ਨੇ ਗੱਲ ਤੇ ਪੋਚਾ ਜਿਹਾ ਪਾਉਂਦਿਆਂ ਮੁਖ਼ਤਿਆਰ ਹੁਣਾਂ ਲਈ ਫਰਜ਼ੀ ਜਿਹੀ ਹਮਦਰਦੀ ਜਿਤਾਈ।ਥਾਣੇਦਾਰ ਹਰਜੀਤ ਸਿੰਘ ਨੂੰ ਅੱਖ ਜਿਹੀ ਮਾਰ ਕੇ ਆਖਣ ਲੱਗਾ, "ਥਾਣੇਦਾਰ ਸਾਹਿਬ, ਸਾਡਾ ਭਰਾ ਇਹੋ ਜਿਹੀ ਮਾੜੀ ਹਰਕਤ ਨਹੀਂ ਕਰ ਸਕਦਾ। ਜ਼ਰੂਰ ਇਨ੍ਹਾਂ ਵਿਚਾਰਿਆਂ ਨਾਲ ਕਿਸੇ ਨੇ ਧੋਖਾ ਕੀਤਾ ਹੋਣਾ ਏ।" ਇਹ ਕਹਿੰਦਾ ਹੋਇਆ ਅਤੇ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਸਾਰੇ ਲੋਕਾਂ ਨੂੰ ਵਿੱਚੇ ਛੱਡ ਕੇ ਘਰ ਚਲਾ ਗਿਆ। ਪੁਲੀਸ ਮੁਖ਼ਤਿਆਰ ਅਤੇ ਗੁਰਚੇਤ ਸਿੰਘ ਨੂੰ ਥਾਣੇ ਲੈ ਗਈ।
ਥਾਣੇ ਲਿਜਾ ਕੇ ਪਿਓ ਪੁੱਤ ਦੋਹਾਂ 'ਤੇ ਲੋਹੜਿਆਂ ਦਾ ਤਸ਼ਦੱਦ ਕੀਤਾ ਅਤੇ ਮੁਖ਼ਤਿਆਰ ਅਤੇ ਗੁਰਚੇਤ ਸਿੰਘ 'ਤੇ ਸਮਗਲਿੰਗ ਦਾ ਕੇਸ ਦਰਜ ਕਰ ਲਿਆ ਗਿਆ।ਸਬੂਤਾਂ ਦੇ ਅਧਾਰ 'ਤੇ ਪਿਓ ਅਤੇ ਪੁੱਤ ਦੋਹਾਂ ਨੂੰ, ਅਦਾਲਤ ਵਲੋਂ ਪੰਜ-ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।
ਇਸ ਕੇਸ ਵਿੱਚ ਮੁਖ਼ਤਿਆਰ ਨੂੰ ਮਿਲਣ ਵਾਲੀ  ਨੌਕਰੀ ਜਾਂਦੀ ਰਹੀ।ਗੁਰਚੇਤ ਸਿੰਘ ਤਾਂ ਇਹਨਾਂ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਨਾਲ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਸੀ ਕਿ ਇੱਕ ਸਦਮਾ ਉੱਪਰੋਂ ਹੋਰ ਆ ਪਿਆ। ਗ਼ਮਾਂ ਦੀ ਚੱਕੀ ਥੱਲੇ ਪਿੱਸਦਾ ਗੁਰਚੇਤ ਸਿੰਘ ਦੋ ਕੁ ਮਹੀਨੇ ਦੀ ਸਜ਼ਾ ਕੱਟਦਾ ਜੇਲ੍ਹ ਵਿੱਚ ਹੀ ਦਮ ਤੋੜ ਗਿਆ।
ਮੁਖ਼ਤਿਆਰ ਪਾਸ ਹੁਣ ਗ਼ਮਾਂ ਦੇ ਸਿਵਾਏ ਹੋਰ ਕੁੱਝ ਨਾ ਰਹਿ ਗਿਆ।ਛੋਟਾ ਮੋਟਾ ਕਾਰੋਬਾਰ ਸੀ ਅਤੇ ਕਰੜੀ ਮਿਹਨਤ ਨਾਲ  ਆਲੀਸ਼ਾਨ ਨੌਕਰੀ ਹਾਸਲ ਕੀਤੀ ਸੀ।ਉਹ ਨੌਕਰੀ ਸਜਾ ਹੋਣ ਕਾਰਨ ਹੱਥੋਂ ਜਾਂਦੀ ਲੱਗੀ। ਨਾਲ ਹੀ ਸਾਰੇ ਇਲਾਕੇ' ਚ ਬੇਹੱਦ ਨਮੋਸ਼ੀ।ਮੁੱਖ਼ਤਿਆਰ ਦੀ ਜ਼ਿੰਦਗੀ ਦੀ ਬੇੜੀ ਇੱਕ ਐਸੀ ਮੰਝਧਾਰ ਵਿੱਚ ਪਹੁੰਚ ਗਈ, ਜਿਸ ਦਾ ਕੋਈ ਕਿਨਾਰਾ ਨਜ਼ਰ ਨਹੀਂ ਆ ਰਿਹਾ ਸੀ। ਮਾੜੇ ਤੋਂ ਮਾੜੇ ਆਰਥਿਕ ਦੌਰਾਂ ਵਿੱਚੋਂ ਦੀ ਗੁਜ਼ਰਨਾ ਪਿਆ। ਇਸ ਦੇ ਨਾਲ ਨਾਲ ਲੋਹੜਿਆਂ ਦੀ ਇਲਾਕੇ ਵਿੱਚ ਬੇਇੱਜ਼ਤੀ।
ਇਹਨਾਂ ਸਾਰੇ ਗ਼ਮਾਂ ਅਤੇ ਨਮੋਸ਼ੀਆਂ ਤੋਂ ਇਲਾਵਾ ਬਾਪੂ ਦੀ ਅਸਿਹ ਮੌਤ। ਬਾਪੂ  ਸਾਰੀ ਜ਼ਿੰਦਗੀ ਉਸ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਲਈ ਜੱਦੋ-ਜ਼ਹਿਦ ਕਰਦਾ ਰਿਹਾ। ਜਦੋਂ ਆਰਾਮ ਦਾ ਵਕਤ ਆਇਆ ਤਾਂ ਇਹਨਾਂ ਝੋਰਿਆਂ ਨੇ ਉਸਦੀ ਜ਼ਿੰਦਗੀ ਲੈ ਲਈ। ਬਾਪੂ ਹੀ ਤਾਂ ਮੁਖ਼ਤਿਆਰ ਦੀ ਜ਼ਿੰਦਗੀ ਦਾ ਇੱਕੋ ਇੱਕ ਮਾਰਗ ਦਰਸ਼ਕ ਸੀ। ਉਹ ਵੀ ਦੁਨੀਆਂ ਛੱਡ ਗਿਆ। ਇਹੋ ਜਿਹੇ ਉਤਰਾ ਚੜਾ੍ਹ  ਮੁਖ਼ਤਿਆਰ ਦੇ ਦਿਮਾਗ਼ ਵਿੱਚ ਗੇੜੀਆਂ ਕੱਢਦੇ ਰਹਿੰਦੇ। ਉਚੀਆਂ ਬੁਲੰਦੀਆਂ ਛੂੁੰਹਣ ਵਾਲਾ ਇੱਕ ਅਜ਼ਾਦ ਪੰਛੀ, ਮਾੜੀ ਨਿਗਾਹ ਵਾਲੇ ਸ਼ਿਕਾਰੀਆਂ ਨੇ ਪਿੰਜਰੇ 'ਚ ਪਾ ਲਿਆ।
ਜ੍ਹੇਲ ਦੇ ਸੈੱਲ ਵਿੱਚ ਬੈਠਾ ਮੁਖ਼ਤਿਆਰ ਆਪਣੇ ਬਾਪੂ ਦੀਆਂ ਨਸੀਹਤਾਂ ਨੂੰ ਯਾਦ ਕਰਦਾ ਰਹਿੰਦਾ। ਬਾਪੂ ਜਿਹੜਾ ਇਸ ਨੂੰ ਵਰਜਿਆ ਕਰਦਾ ਸੀ ਕਿ ਕਾਕਾ ਤੂੰ ਇਹਨਾਂ ਸ਼ਰੀਕਾਂ ਤੋਂ ਬਚੀਂ। ਇਹਨਾਂ ਨੇ ਤੇਰੀ ਤਰੱਕੀ 'ਚ ਰੋੜਾ ਬਣਨਾ ਹੈ। ਨਿਰਭੈ ਬਾਰੇ ਉਹ ਖ਼ਾਸ ਤੌਰ 'ਤੇ ਸਮਝਾਇਆ ਕਰਦਾ ਸੀ ਕਿ ਇਸ ਮੁੰਡੇ ਦੀਆਂ ਹਰਕਤਾਂ ਠੀਕ ਨਹੀਂ। ਇਹ ਸਦਾ ਥਾਣੇਦਾਰਾਂ ਦੀਆਂ ਬਾਹਾਂ 'ਚ ਬਾਹਾਂ ਪਾਈ ਫਿਰਦਾ ਰਹਿੰਦਾ ਹੈ।
ਮੁਖ਼ਤਿਆਰ ਨਿਰਭੈ ਦੀਆਂ ਇਹਨਾਂ ਸਾਰੀਆਂ ਹਰਕਤਾਂ ਤੋਂ ਵਾਕਿਫ਼ ਹੁੰਦਾ ਹੋਇਆ ਵੀ ਨਿਰਭੈ ਨੂੰ ਆਪਣਾ ਭਰਾ ਸਮਝਦਾ ਸੀ। ਸ਼ੱਕ ਤਾਂ ਇਸਨੂੰ ਉਦੋਂ ਹੀ ਹੋ ਗਈ ਸੀ ਜਦੋਂ ਨਿਰਭੈ ਨੇ ਮੁਖ਼ਤਿਆਰ ਦੇ ਮੁਰਗ਼ੀਖਾਨੇ ਵਿੱਚ ਜ਼ਹਿਰ ਰਲਾ ਕੇ ਪੁਆ ਦਿੱਤੀ ਸੀ।ਜਦੋਂ ਸਿਰ ਤੋਂ ਪਾਣੀ ਹੀ ਲੰਘ ਗਿਆਂ ਤਾਂ ਮੁਖਤਿਆਰ ਦੇ ਸਿਰ 'ਤੇ ਜੂੰ ਸਰਕਣ ਲੱਗੀ। ਆਪਣੇ ਹੀ ਉਸ ਦੀਆਂ ਬੇੜੀਆਂ 'ਚ ਵੱਟੇ ਪਾ ਦੇਣਗੇ, ਇਸ ਗੱਲ ਦੀ ਮੁਖਤਿਆਰ ਨੂੰ ਬਿੱਲਕੁੱਲ ਆਸ ਨਹੀਂ ਸੀ।ਮੁਖ਼ਤਿਆਰ ਗੁੱਸੇ ਵਿੱਚ ਵਾ-ਵਰੋਲਾ ਹੋਇਆ ਬਦਲੇ ਦੀ ਭਾਵਨਾ ਵਿੱਚ ਘੁੱਲਣ ਲੱਗਾ।
ਮੁਖ਼ਤਿਆਰ ਅਤੇ ਉਸਦੇ ਬਾਪੂ ਦੀ ਸਜ਼ਾ ਦੀ ਚਰਚਾ ਸਾਰੀ ਜੇਲ੍ਹ ਵਿੱਚ ਹੋ ਰਹੀ ਸੀ। ਸਾਰੇ ਜੇਲ੍ਹੀ ਹੈਰਾਨ ਸਨ ਕਿ ਇਹ ਸਾਊ ਅਤੇ ਸੂਝਵਾਨ ਇਨਸਾਨ ਏਨਾ ਵੱਡਾ ਕਾਰਾ ਕਿਸ ਤਰ੍ਹਾਂ ਕਰ ਸਕਦਾ ਹੈ। ਜੇਲ੍ਹ ਦੇ ਸਟਾਫ਼ ਤੱਕ ਮੁਖ਼ਤਿਆਰ ਲਈ ਹਮਦਰਦੀ ਸੀ। ਸ਼ਾਦੀ ਲਾਲ ਜਿਹੜਾ ਕਿ ਸੰਤਰੀ ਦੀ ਡਿਊਟੀ 'ਤੇ ਹੁੰਦਾ ਸੀ, ਆਉਂਦਾ ਜਾਂਦਾ ਬੈਰਕਾਂ ਵਿੱਚ ਮੁਖਤਿਆਰ ਦੀ ਖ਼ਬਰਸਾਰ ਲੈ ਛੱਡਦਾ।ਉਸਦਾ ਮੁਖ਼ਤਿਆਰ ਲਈ ਖ਼ਾਸ ਹੀ ਹਿੱਤ ਹੋ ਗਿਆ।ਇੱਕ ਸ਼ਾਮ ਜਦੋਂ ਸਾਰੇ ਕੈਦੀ ਇੱਕ ਕਮਰੇ ਵਿੱਚ ਬੈਠੇ ਗੱਪਾਂ ਮਾਰ ਰਹੇ ਸਨ ਤਾਂ ਸ਼ਾਦੀ ਲਾਲ ਮੁਖ਼ਤਿਆਰ ਸਿੰਘ ਪਾਸ ਬੈਠ ਕੇ ਦੋ ਤਿੰਨ ਮਿੰਟਾਂ ਵਿੱਚ ਕੋਈ ਹੌਲੀ-ਹੌਲੀ ਘੁਸਰ ਮੁਸਰ ਕਰ ਗਿਆ।
ਦੂਸਰੀ ਸ਼ਾਮ ਸ਼ਾਦੀ ਲਾਲ ਦੀ ਡਿਊਟੀ ਸ਼ੁਰੂ ਹੋ ਗਈ। ਰਾਤ ਦੇ ਕੋਈ ਸਾਢੇ ਕੁ ਬਾਰਾਂ ਵਜੇ ਹੋਣਗੇ ਕਿ ਮੁਖ਼ਤਿਆਰ ਸ਼ਾਦੀ ਲਾਲ ਦੀ ਬੰਦੂਕ ਲੈ ਕੇ ਸੀਖਾਂ ਤੋੜ ਕੇ ਫਰਾਰ ਹੋ ਗਿਆ। ਸ਼ਾਦੀ ਲਾਲ ਨੇ ਜ਼ਬਰਦਸਤੀ ਦਾ ਨਾਟਕ ਕਰਨ ਲਈ ਬਾਹਾਂ ਅਤੇ ਮੱਥੇ 'ਤੇ ਥੋੜੀਆਂ ਬਹੁਤ ਸੱਟਾਂ ਮਰਵਾ ਲਈਆਂ ਸਨ। ਜ਼ਖ਼ਮੀ ਹਾਲਤ 'ਚ ਧਰਤੀ 'ਤੇ ਸਪਾਲ ਲੰਮਾ ਪੈ ਗਿਆ, ਜਿਵੇਂ ਕਿ ਉਹ ਬੇਹੋਸ਼ ਹੋਵੇ।
ਜਦੋਂ ਗਸ਼ਤ ਕਰਦਾ ਹੋਇਆ ਜੇਲ੍ਹ-ਵਾਰਡ ਉਧਰੋਂ ਲੰਘਿਆ ਤਾਂ ਹੈਰਾਨ ਰਹਿ ਗਿਆ ਕਿ ਸ਼ਾਦੀ ਲਾਲ ਧਰਤੀ 'ਤੇ ਬੇਹੋਸ਼ ਪਿਆ ਸੀ। ਉਸਨੇ ਛੇਤੀ ਛੇਤੀ ਜਾ ਕੇ ਖ਼ਤਰੇ ਦਾ ਅਲਾਰਮ ਵਜਾਇਆ 'ਤੇ ਸ਼ਾਦੀ ਲਾਲ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਉਸਨੂੰ ਹੋਸ਼ ਵਿੱਚ ਲਿਆਂਦਾ। ਮੁਖ਼ਤਿਆਰ ਦੇ ਫਰਾਰ ਹੋਣ ਦੀ ਖ਼ਬਰ ਸਾਰੀ ਜੇਲ੍ਹ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।
ਮੁਖ਼ਤਿਆਰ ਸਿੱਧਾ ਪਿੰਡ ਪਹੁੰਚਾ 'ਤੇ ਜਾਂਦੇ ਨੇ ਬੰਦੂਕ ਦੀ ਨਾਲੀ ਨਿਰਭੈ ਦੀ ਧੌਣ 'ਤੇ ਜਾ ਰੱਖੀ। ਉਹ ਉਸ ਵੇਲੇ ਆਪਣੀ ਹਵੇਲੀ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ ਪਿਆ ਸੀ। ਮੁਖ਼ਤਿਆਰ ਗੁੱਸੇ ਵਿੱਚ ਅੱਗ ਭਵੂੰਕਾ ਹੋ ਕੇ ਬੋਲਿਆ, "ਕਮੀਨਿਆ ਤੂੰ ਮੇਰੀ ਸੋਲਾਂ ਸਾਲਾਂ ਦੀ ਤਪੱਸਿਆ ਨੂੰ ਅਤੇ ਮੇਰੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ ਨੂੰ ਇੱਕ ਬੇਹੂਦਾ ਇਲਜ਼ਾਮ ਲਾ ਕੇ ਮਿੱਟੀ ਵਿੱਚ ਮਿਲਾਇਆ ਹੈ। ਆਹ ਦੇਖ, ਹੁਣ ਮੈਂ ਤੇਰਾ ਕੀ ਹਸ਼ਰ ਕਰਨ ਲੱਗਾ ਹਾਂ।" ਏਨੇ ਨੂੰ ਨਰਭੈ ਆਪਣਾ ਪਿਸਤੌਲ ਸਿਰਾਣ੍ਹੇ ਥੱਲਿਉਂ ਕੱਢਦਾ, ਚਾਰ ਪੰਜ ਗੋਲੀਆਂ ਉਸ ਦਾ ਸੀਨਾ ਛਾਣ ਚੁੱਕੀਆਂ ਸਨ। ਜਾਂਦਾ ਹੋਇਆ ਮੁਖ਼ਤਿਆਰ ਇੱਕ ਪਰਚੀ ਜਿਹੀ ਲਿਖ ਕੇ ਨਿਰਭੈ ਦੀ ਜੇਬ ਵਿੱਚ ਪਾ ਗਿਆ।
ਪਿੰਡ ਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਤਾਂ ਸੁਣੀ, ਪਰ ਉਹ ਅਣਸੁਣੀ ਕਰ ਗਏ। ਕਾਰਨ ਇਹ ਸੀ ਕਿ ਨਿਰਭੈ ਆਪ ਖ਼ੁਦ ਲੋਕਾਂ 'ਤੇ ਦਬ ਦਬਾ ਕਾਇਮ ਰੱਖਣ ਲਈ ਵੇਲੇ ਕੁਵੇਲੇ ਪੰਜ ਚਾਰ ਰੌਂਦ ਸ਼ੌਂਕੀਆ ਤੌਰ 'ਤੇ ਦਾਗ ਦਿਆ ਕਰਦਾ ਸੀ।
ਜਦੋਂ ਨਿਰਭੈ ਦੇ ਘਰ ਵਾਲੇ ਸਵੇਰੇ ਹਵੇਲੀ ਪਹੁੰਚੇ ਤਾਂ ਨਿਰਭੈ ਦੀ ਲਾਸ਼ ਖੂਨ ਵਿੱਚ ਲੱਥ-ਪੱਥ ਹੋਈ ਦੇਖੀ।ਉਨ੍ਹਾਂ ਨੇ ਦੇਖਦਿਆਂ ਹੀ ਚੀਕ ਚਿਹਾੜਾ ਪਾ ਦਿੱਤਾ।ਉਨ੍ਹਾਂ ਵਿੱਚੋਂ ਇੱਕ ਥਾਣੇ ਵੀ ਖ਼ਬਰ ਕਰ ਆਇਆ। ਦੇਖਦਿਆਂ-ਦੇਖਦਿਆਂ ਪੁਲੀਸ ਹਵੇਲੀ ਆ ਪਹੁੰਚੀ। ਆਲੇ ਦੁਆਲੇ ਦੀ ਫਰੋਲਾ ਫਰਾਲੀ ਕੀਤੀ ਤਾਂ ਨਿਰਭੈ ਦੀ ਜੇਬ ਵਿੱਚੋਂ ਇੱਕ ਪਰਚੀ ਨਿਕਲੀ।
ਥਾਣੇਦਾਰ ਦੀਆਂ ਦੇਖਦੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਜਦੋਂ ਉਸਨੇ ਦੇਖਿਆ ਕਿ ਉਹ ਪਰਚੀ ਲਿਖੀ ਹੀ ਥਾਣੇਦਾਰ ਦੇ ਆਪਣੇ ਨਾਂ ਸੀ। "ਥਾਣੇਦਾਰਾ! ਮੈਂ ਕਦਾਚਿੱਤ ਇਸ ਰਾਸਤੇ ਨਹੀਂ ਸੀ ਪੈਣਾ ਚਾਹੁੰਦਾ।ਪਰ ਤੇਰੀਆਂ ਅਤੇ ਤੇਰੇ ਯਾਰ ਦੀਆਂ ਕਾਲੀਆਂ ਕਰਤੂਤਾਂ ਕਰ ਕੇ ਮੈਂ ਇਹ ਪੁੱਠੇ ਰਸਤੇ ਪਿਆਂ ਹਾਂ ।ਤੂੰ ਸੋਚਦਾ ਹੋਵੇਂਗਾ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਦੀ ਜ਼ਿੰਦਗੀ ਨੂੰ ਤਬਾਹ ਕਰਨਾ ਮਾਮੂਲੀ ਜਹੀ ਗੱਲ ਹੈ। ਪਰ ਤੂੰ ਕੰਨ ਖੋਲ੍ਹ ਕੇ ਸੁਣ ਲੈ। ਤੇਰਾ ਜੋਟੀਦਾਰ ਤਾਂ ਮੈਂ ਬੰਨੇ ਲਾ ਦਿੱਤਾ ਅਤੇ ਤੂੰ ਵੀ ਹੁਣ ਆਪਣੀ ਜ਼ਿੰਦਗੀ ਦੀ ਖ਼ੈਰ ਮੰਗਿਆ ਕਰ।"
ਇਲਾਕੇ ਵਿੱਚ ਪੁਲੀਸ ਫੋਰਸ ਚੌਕੰਨੀ ਕਰ ਦਿੱਤੀ ਗਈ। ਥਾਣੇਦਾਰ ਹਰਜੀਤ ਸਿੰਘ ਨੂੰ ਸਪੈਸ਼ਲ ਬਾਡੀਗਾਰਡ ਦਿੱਤੇ ਗਏ। ਮੁਖ਼ਤਿਆਰ ਦੇ ਪਿੰਡ ਪੁਲੀਸ ਚੌਂਕੀ ਬਿਠਾ ਦਿੱਤੀ ਗਈ। ਪਿੰਡ-ਪਿੰਡ ਵਿੱਚ ਮੁਖ਼ਤਿਆਰ ਦੀ ਫੋਟੋ ਵਾਲੇ ਇਸ਼ਤਿਹਾਰ ਲਾ ਦਿੱਤੇ ਗਏ। ਇਕੱਲਾ ਦੁਕੱਲਾ ਸਿਪਾਹੀ ਡਰਦਾ ਕਿਤੇ ਛਾਪਾ ਮਾਰਨ ਜਾਂ ਡਿਊਟੀ ਦੇਣ ਨਾ ਜਾਂਦਾ।
ਉੱਧਰ ਮੁਖ਼ਤਿਆਰ ਦੇ ਗੁੱਸੇ ਦਾ ਦਰਿਆ ਅਜੇ ਵੀ ਠਾਠਾਂ ਮਾਰ ਰਿਹਾ ਸੀ। ਉਸਨੂੰ ਸਜ਼ਾ ਦਵਾਉਣ ਵਿੱਚ ਜਿੰਨਾ ਹੱਥ ਨਿਰਭੈ ਦਾ ਸੀ ਉੇੰਨਾ ਹੀ ਉਸ ਥਾਣੇਦਾਰ ਦਾ ਵੀ ਸੀ। ਉਹ ਉਸ ਮੌਕੇ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਜਦੋਂ ਕਿ ਉਹ ਉਸ ਥਾਣੇਦਾਰ ਨੂੰ ਪਾਰ ਬੁਲਾ ਕੇ ਆਪਣਾ ਹਿਰਦਾ ਠੰਡਾ ਕਰੇ।
ਲੁੱਕਦਿਆਂ ਛਿੱਪਦਿਆਂ ਮੁਖ਼ਤਿਆਰ ਦੀਆਂ ਉਡੀਕਾਂ ਦਾ ਦਿਨ ਆ ਹੀ ਗਿਆ। ਇੱਕ ਦਿਨ ਓਹੀ ਥਾਣੇਦਾਰ ਅਤੇ ਕੁੱਝ ਹੋਰ ਸਿਪਾਹੀ ਕਿਸੇ ਪਿੰਡ ਸ਼ਰਾਬ ਦੀ ਰੇਡ ਕਰਨ ਜਾ ਰਹੇ ਸਨ। ਤੜਕੇ ਦਾ ਸਮਾਂ ਸੀ ਅਤੇ ਚਾਰ ਪੰਜ ਸਿਪਾਹੀ ਅਸਲੇ ਨਾਲ ਲੈਸ ਜੀਪ ਵਿੱਚ ਸਵਾਰ ਸਨ। ਕੁਝ ਅੱਗੇ ਲੰਘੇ ਤਾਂ ਸੜਕ ਦੇ ਇੱਕ ਪਾਸਿਉਂ ਝਾੜੀਆਂ ਵਿੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਸਿਪਾਹੀ ਤਾਂ ਛਾਲਾਂ ਮਾਰ ਕੇ ਜੀਪ ਦੀ ਆੜ ਲੈ ਕੇ ਆਪੋ ਆਪਣੀਆਂ ਪੁਜ਼ੀਸ਼ਨਾਂ ਲੈ ਗਏ, ਪਰ ਥਾਣੇਦਾਰ ਗੋਲੀਆਂ ਨਾਲ ਭੁੰਨਿਆ ਜਾ ਚੁੱਕਾ ਸੀ।
ਸਿਪਾਹੀਆਂ ਦਾ ਅਤੇ ਮੁਖ਼ਤਿਆਰ ਸਿੰਘ ਦਾ ਆਪਸ ਵਿੱਚ ਗੋਲੀਆਂ ਨਾਲ ਕਾਫ਼ੀ ਮਕਾਬਲਾ ਹੋਇਆ। ਸਿਪਾਹੀ ਚਾਰ ਸਨ ਅਤੇ ਮੁਖ਼ਤਿਆਰ ਇਕੱਲਾ।ਮੁਖ਼ਤਿਆਰ ਪਾਸੋਂ ਰੌਂਦ ਮੁੱਕ ਗਏ।ਦੋ ਤਿੰਨ ਗੋਲੀਆਂ ਮੁਖਤਿਆਰ ਦੀ ਲੱਤ ਵਿੱਚ ਲੱਗ ਗਈਆਂ ਸਨ ਪਰ ਫਿਰ ਵੀ ਰੀਂਗਦੇ ਰੀਂਗਦੇ ਨੇ ਇੱਕ ਸਿਪਾਹੀ ਦੀ ਬੰਦੂਕ ਨੂੰ ਜਾ ਹੱਥ ਪਾਇਆ। ਉਸ ਦੀ ਹੀ ਬੰਦੂਕ ਨਾਲ ਉਸ ਸਿਪਾਹੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਅੱਖ ਦੇ ਫ਼ੋਰ ਵਿੱਚ ਗੱਡੀ ਚੜ੍ਹਾ ਦਿੱਤਾ। ਜਦੇ ਨੂੰ ਇੱਕ ਹੋਰ ਸਿਪਾਹੀ ਦਾ ਇੱਕ ਰੌਂਦ ਇਸ ਦਾ ਸੀਨਾ ਚੀਰ ਗਿਆ। ਕੁੱਝ ਹੀ ਮਿੰਟਾਂ ਵਿੱਚ ਮੁਖ਼ਤਿਆਰ ਗੋਲੀਆਂ ਨਾਲ ਭੁੰਨਿਆ ਗਿਆ।
ਦੂਸਰੇ ਹੀ ਦਿਨ ਸੂਬੇ ਦੀਆਂ ਆਮ ਅਖ਼ਬਾਰਾਂ ਵਿੱਚ ਮੂਹਰਲੇ ਸਫ਼ੇ 'ਤੇ ਮੁਖ਼ਤਿਆਰ ਦੇ ਮਰੇ ਹੋਏ ਦੀ ਫੋਟੋ ਸੀ। ਜਿਸ ਤੇ ਦਸ ਪੰਦਰਾਂ ਸਿਪਾਹੀ ਅਤੇ ਦੋ ਤਿੰਨ ਥਾਣੇਦਾਰ ਆਪਣੇ ਬੰਦੂਕਾਂ ਦੀਆਂ ਨਾਲੀਆਂ ਮੁਖ਼ਤਿਆਰ ਦੀ ਹਿੱਕ ਤਾਣੀ ਇਸ ਦੇ ਆਲੇ ਦੁਆਲੇ ਘੇਰਾ ਪਾਈ ਖੜ੍ਹੇ ਸਨ।ਉਸ ਦਿਨ ਅਖ਼ਬਾਰਾਂ ਦੀ ਮੁੱਖ ਖ਼ਬਰ ਸੀ, "ਇੱਕ ਬਾਗ਼ੀ ਇਸ਼ਤਿਹਾਰੀ ਭਗੌੜੇ ਨੂੰ ਮਾਰਦਾ ਹੋਇਆ, ਬਹਾਦਰ ਥਾਣੇਦਾਰ ਹਰਜੀਤ ਸਿੰਘ ਸ਼ਹੀਦੀ ਪਾ ਗਿਆ।"

ਉੱਜੜੇ ਬਾਗ ਦਾ ਫੁੱਲ - ਬਲਵੰਤ ਸਿੰਘ ਗਿੱਲ

ਕੈਨੇਡਾ ਦੇ ਇੱਕ ਪਾਰਕ ਵਿੱਚ ਐਤਵਾਰ ਵਾਲੇ ਦਿਨ, ਕਰਮਾ ਆਪਣੀ ਪੋਤੀ ਨੂੰ ਨਾਲ ਦੇ ਪਾਰਕ ਵਿੱਚ ਖਿਡਾਉਣ ਲੈ ਆਇਆ।ਇਸੇ ਪਾਰਕ ਵਿੱਚ ਗੁਆਂਢੀ ਸੱਬੋ ਵੀ ਆਪਣੇ ਦੋਹਤੇ ਅਤੇ ਦੋਹਤੀ ਨੂੰ ਪੀਘਾਂ 'ਤੇ ਝੂਟੇ ਦੇਣ ਲੈ ਗਿਆ ਸੀ।
ਇਹ ਪਹਿਲਾਂ ਵੀ ਕਈ ਵਾਰ ਇਸ ਤਰਾਂ ਬੱਚਿਆਂ ਨੂੰ ਖਿਡਾਉਣ ਇਸ ਪਾਰਕ ਵਿੱਚ ਲੈ ਆਇਆ ਕਰਦੇ ਸਨ। ਖੇਡ ਕੇ ਨਾਲੇ ਬੱਚੇ ਖੁਸ਼  ਹੋ ਜਾਂਦੇ ਸਨ ਅਤੇ ਨਾਲ ਹੀ ਇਹ ਬਜ਼ੁਰਗ ਆਪਣੀਆਂ ਪੁਰਾਣੀਆਂ ਗੱਲਾਂ ਕਰਕੇ ਮਨ ਪਰਚਾ ਲੈਂਦੇ।ਕੰਮ ਤੋਂ ਰਿਟਾਇਰ ਇਨ੍ਹਾਂ ਬਜ਼ੁਰਗਾਂ ਦਾ ਘਰ ਵਿੱਚ ਵਹਿਲਿਆਂ ਦਾ ਸਮਾਂ ਵੀ ਔਖਾ ਹੀ ਬੀਤਦਾ ਸੀ।
"ਕਰਮਿਆਂ, ਕੱਲ ਤੂੰ ਕਿਸੇ ਮੇਜਰ ਸਿਓਂ ਨਾਂਅ ਦੇ ਆਪਣੇ ਪੇਂਡੂ ਦੀ ਗੱਲ ਛੇੜੀ ਸੀ। ਮੈਂਨੂੰ ਘਰੋਂ ਸੱਦਾ ਆਉਣ ਕਰਕੇ ਪਾਰਕ 'ਚੋਂ ਤੇਰੀ ਗੱਲ ਵਿੱਚੇ ਛੱਡ ਕੇ ਘਰ ਜਾਣਾ ਪਿਆ ਸੀ। ਕੱਲ ਤੂੰ ਦੱਸ ਰਿਹਾ ਸੀ ਕਿ ਵਿਚਾਰੇ ਮੇਜਰ ਨੂੰ ਕਿਸੇ ਕਾਰਨ ਕਰਕੇ ਬਹੁਤ ਤੰਗੀਆਂ ਝੱਲਣੀਆਂ ਪਈਆਂ ਸਨ। ਇੰਨੇ ਮਿਹਨਤੀ ਹੋਣ ਦੇ ਬਾਵਯੂਦ ਉਸ ਨੂੰ ਇੰਨੀਆਂ ਤਕਲੀਫ਼ਾਂ ਰਾਹੀਂ ਕਿਉਂ ਲੰਘਣਾ ਪਿਆ? ਮੈਂਨੂੰ  ਕੱਲ ਦਾ ਇਸ ਮਿਹਨਤੀ ਜ਼ਿੰਮੀਦਾਰ ਦੀ ਗਰੀਬੀ ਦੀ ਗੱਲ ਸੁਣ ਕੇ ਤਰਸ ਜਿਹਾ ਆਈ ਜਾਂਦਾ। ਤੂੰ ਉਸ ਦੀ ਗੱਲ ਮੈਨੂੰ ਜਰ੍ਹਾ ਖੋਲ੍ਹ ਕੇ ਸੁਣਾ।"
"ਸੱਬੋ ਲੈ ਸੁਣ, ਸਾਡੇ ਪਿੰਡ ਦੇ ਮੇਜਰ ਸਿੰਘ ਅਤੇ ਪਰਗਾਸ਼ ਕੌਰ ਦੇ ਦੋ ਬੱਚੇ ਸਨ। ਵੱਡਾ ਪੁੱਤਰ ਦਲਵੀਰ ਅਤੇ ਇਸ ਤੋਂ ਛੋਟੀ ਬੱਚੀ ਸਿਮਰਨ। ਮਾਤਾ ਪਿਤਾ ਇੱਕ ਛੋਟੀ ਜਿਹੀ ਪੈਲ਼ੀ ਵਿੱਚ ਖੇਤੀ ਕਰਦੇ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸਨ। ਦਲਵੀਰ ਨੂੰ ਪਿੰਡ 'ਚ ਛੋਟੇ ਨਾਂਅ ਨਾਲ ਲੋਕੀਂ ਦੁੱਲਾ ਹੀ ਆਖਦੇ ਸਨ। ਘਰ ਵਿੱਚ ਖ਼ੁਰਾਕ ਭਾਵੇਂ ਦਰਮਿਆਨੀ ਜਿਹੀ ਹੀ ਸੀ ਪਰ ਇਹ ਕਸਰਤ ਕਰਕੇ ਆਪਣਾ ਸਰੀਰ ਨਰੋਆ ਰੱਖਦਾ। ਜਿੰਨਾਂ ਇਸ ਦਾ ਸਰੀਰ ਸੁਢੌਲ ਸੀ, ਉੰਨਾਂ ਹੀ ਇਹ ਦਿਮਾਗ ਵੱਲੋਂ ਚੁੱਸਤ ਸੀ।
ਘਰ ਦੀ ਆਰਥਿਕ ਹਾਲਤ ਬਹੁਤੀ ਮਜ਼ਬੂਤ ਨਾ ਹੋਣ ਕਰਕੇ ਦੁੱਲੇ ਦਾ ਬਾਪ ਆਪਣੇ ਦੋਹਾਂ ਬੱਚਿਆਂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਤਾਂ ਨਾ ਪਾ ਸਕਿਆ ਪਰ ਦੁੱਲਾ ਅਤੇ ਸਿਮਰਨ ਗੌਰਮਿੰਟ ਸਕੂਲ ਵਿੱਚ ਹੀ ਚੰਗੀ ਪੜ੍ਹਾਈ ਕਰਦੇ ਗਏ। ਇਨ੍ਹਾਂ ਦੇ ਪਿਤਾ ਮੇਜਰ ਸਿੰਘ ਅਤੇ ਮਾਤਾ ਪ੍ਰਗਾਸ਼ ਕੌਰ ਹਮੇਸ਼ਾ ਆਪਣੇ ਬੱਚਿਆਂ 'ਤੇ ਮਾਣ ਕਰਦੇ ਕਿ ਇਨ੍ਹਾਂ ਦੀ ਔਲਾਦ ਦੇ ਸਿਰ 'ਤੇ ਪ੍ਰਮਾਤਮਾ ਦਾ ਹੱਥ ਹੈ। ਇਸੇ ਕਰਕੇ ਨਾ ਤਾਂ ਇਨ੍ਹਾਂ ਬੱਚਿਆਂ ਨੂੰ ਵੱਡੀਆਂ-ਵੱਡੀਆਂ ਫ਼ੀਸਾਂ ਦੇ ਕੇ ਵੱਡੇ ਸਕੂਲਾਂ ਵਿੱਚ ਦਾਖ਼ਲ ਕਰਾਉਣ ਦੀ ਜ਼ਰੂਰਤ ਪਈ ਅਤੇ ਨਾ ਹੀ ਟਿਊਸ਼ਨਾਂ ਪੜ੍ਹਾਉਣ ਦੀ। ਘਰ ਦੀ ਆਰਥਿਕ ਮਜ਼ਬੂਰੀ ਨੂੰ ਜਾਣਦੇ ਹੋਏ ਦੋਵੇਂ ਬੱਚੇ ਸਰਕਾਰੀ ਸਕੂਲ ਵਿੱਚ ਹੀ ਚੰਗੇ ਨੰਬਰਾਂ 'ਚ ਪਾਸ ਹੁੰਦੇ ਗਏ।
ਮੇਜਰ ਆਪਣੀ ਅਗਲੀ ਫ਼ਸਲ ਬੀਜਣ ਲਈ ਬੀਜਾਂ, ਖਾਦਾਂ ਅਤੇ ਸਪਰੇਆਂ ਲਈ ਆਪਣੇ ਆੜ੍ਹਤੀਏ ਮਹਿੰਗਾ ਰਾਮ ਤੋਂ ਅਗਾਊਂ ਕਰਜ਼ਾ ਚੁੱਕ ਲੈਂਦਾ। ਫ਼ਸਲ ਚੁੱਕਣ ਤੋਂ ਬਾਅਦ ਉਸ ਦਾ ਕਰਜ਼ਾ ਲਾਹ ਕੇ ਜੋ ਥੋੜ੍ਹਾ ਬਹੁਤਾ ਪੈਸਾ ਬੱਚਦਾ, ਆਪਣੇ ਘਰ ਦੇ ਖ਼ਰਚ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਿੰਦਾ। ਇਸ ਤਰ੍ਹਾਂ ਇਸ ਦੇ ਆਮਦਨ ਖ਼ਰਚਿਆਂ ਦੀ ਮਾਮੂਲੀ ਆਈ ਚਲਾਈ ਹੀ ਹੁੰਦੀ। ਬਚਦਾ ਬਚਾਉਂਦਾ ਕੁੱਝ ਵੀ ਨਹੀਂ ਸੀ। ਜੇਕਰ ਘਰ ਵਿੱਚ ਕੋਈ ਵੱਡਾ ਖ਼ਰਚਾ ਆ ਜਾਵੇ ਤਾਂ ਇਸ ਨੂੰ ਕਿਤਿਉਂ ਨਾ ਕਿਤਿਉਂ  ਪੈਸੇ ਉਧਾਰ ਫੜਨੇ ਪੈਂਦੇ।
ਤੰਗੀਆਂ ਤੁਰਸ਼ੀਆਂ ਦੇ ਹਲਾਤਾਂ ਵਿੱਚੋਂ ਗੁਜ਼ਰਦੇ ਇਸ ਪਰਿਵਾਰ ਦੇ ਦੋਨੋਂ ਬੱਚੇ ਹੁਣ ਬੀ.ਏ. ਤੱਕ ਦੀ ਪੜ੍ਹਾਈ ਕਰ ਗਏ। ਮਾਤਾ ਪਿਤਾ ਦੀ ਤੰਗੀ ਦੀ ਹਾਲਤ ਦੇਖ ਕੇ ਸਿਮਰਨ ਨੇ ਆਪ ਹੀ ਆਖ ਦਿੱਤਾ ਕਿ ਉਹ ਅੱਗੇ ਹੋਰ ਨਹੀਂ ਪੜ੍ਹੇਗੀ। ਪਰ ਦੁੱਲਾ ਹੋਰ ਉਚੇਰੀ ਪੜ੍ਹਾਈ ਕਰਨਾ ਚਾਹੁੰਦਾ ਸੀ। ਇਸ ਦਾ ਖ਼ਿਆਲ ਸੀ ਕਿ ਜੇਕਰ ਇਹ ਐਮ. ਏ. ਰਾਜਨੀਤੀ ਵਿਸ਼ੇ ਵਿੱਚ ਕਰ ਲਵੇ ਤਾਂ ਸ਼ਾਇਦ ਇਸ ਨੂੰ ਕਿਸੇ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਜਾਏ।ਇਸ ਤਰ੍ਹਾਂ ਕਰਨ ਨਾਲ ਘਰ ਦੀ ਗਰੀਬੀ ਨੂੰ ਥੋੜ੍ਹੀ ਬਹੁਤ ਠੱਲ੍ਹ ਪੈ ਜਾਏਗੀ।
ਦੁੱਲੇ ਨੇ ਅੱਗੇ ਪੜ੍ਹਾਈ ਜਾਰੀ ਰੱਖੀ ਅਤੇ ਐਮ. ਏ. ਰਾਜਨੀਤੀ ਵਿੱਚ ਦਾਖ਼ਲਾ ਲੈ ਲਿਆ। ਇਸ ਦੀ ਉਚੇਰੀ ਪੜ੍ਹਾਈ ਕਰਨ ਨਾਲ ਮਾਪਿਆਂ 'ਤੇ ਆਰਥਿਕ ਬੋਝ ਤਾਂ ਪੈਣਾ ਹੀ ਸੀ, ਪਰ ਨਾਲ ਹੀ ਸਿਮਰਨ ਦੇ ਵਿਆਹ ਕਰਨ ਦੀ ਚਿੰਤਾ ਵੀ ਵੱਢ-ਵੱਢ ਕੇ ਖਾਣ ਲੱਗੀ। ਆਮਦਨ ਦੇ ਸਾਧਨ ਤਾਂ ਪਹਿਲਾਂ ਹੀ ਸੀਮਤ ਸਨ।ਹਾੜੀ ਸਾਉਣੀ ਦੀਆਂ ਦੋਵੇਂ ਫ਼ਸਲਾਂ ਘਰ ਆਉਣ ਤੋਂ ਪਹਿਲਾਂ ਹੀ ਆੜ੍ਹਤੀਏ ਅਤੇ ਪਿੰਡ ਦੇ ਦੁਕਾਨਦਾਰ ਦੀ ਭੇਂਟ ਚੜ੍ਹ ਜਾਂਦੀਆਂ ਸਨ।ਆੜ੍ਹਤੀਆ ਪਹਿਲਾਂ ਬੀਜਾਂ, ਖਾਦਾਂ ਅਤੇ ਸਪਰੇਆਂ ਲਈ ਲਿਆ ਉਧਾਰ ਕੱਟ ਲੈਂਦਾ ਅਤੇ ਬਾਕੀ ਬਚੇ ਪੈਸਿਆਂ ਵਿੱਚੋਂ ਪਿੰਡ ਦੇ ਦੁਕਾਨ ਤੋਂ ਚੁੱਕਿਆ ਰਾਸ਼ਣ ਦਾ ਉਧਾਰ ਮੋੜਨਾ ਪੈਂਦਾ। ਜੇ ਇਨ੍ਹਾਂ ਦੋਹਾਂ ਧਿਰਾਂ ਦਾਂ ਉਧਾਰ ਮੋੜਨ ਬਾਅਦ ਕੁੱਝ ਬੱਚ ਜਾਂਦਾ ਤਾਂ ਬਾਕੀ ਪੈਸੇ ਸ਼ਹਿਰ ਵਿੱਚ ਕੱਪੜੇ ਲੀੜੇ ਅਤੇ ਦੁੱਲੇ ਦੀ ਕਾਲਜ ਦੀ ਪੜ੍ਹਾਈ 'ਤੇ ਲੱਗ ਜਾਂਦੇ। ਫਿਰ ਇਨ੍ਹਾਂ ਹਾਲਾਤਾਂ ਵਿੱਚ ਸਿਮਰਨ ਦੇ ਵਿਆਹ ਲਈ ਪੈਸੇ ਕਿੱਥੋਂ ਜੁੜਨ?
ਦੁੱਲਾ ਆਪਣੀ ਮਿਹਨਤ ਨਾਲ ਐਮ. ਏ. ਦਾ ਪਹਿਲਾ ਸਾਲ ਚੰਗੇ ਨੰਬਰਾਂ ਵਿੱਚ ਪਾਸ ਕਰ ਗਿਆ। ਮਾਂ ਬਾਪ ਨੂੰ ਘਰ ਦੀ ਗਰੀਬੀ ਦੀ ਨਮੋਸ਼ੀ ਨਾਲੋਂ ਦੁੱਲੇ ਦੇ ਪਾਸ ਹੋਣ ਦੀ ਖੁਸ਼ੀ ਜ਼ਿਆਦਾ ਸੀ। ਮੇਜਰ ਅਤੇ ਪ੍ਰਗਾਸੋ ਆਪਣੇ ਮੁੰਡੇ ਦੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ। ਦੁੱਲਾ ਵੀ ਛੁੱਟੀਆਂ ਵਿੱਚ ਆਪਣੇ ਮਾਂ ਬਾਪ ਦਾ ਖੇਤੀ ੱਿਵਚ ਥੋੜ੍ਹਾ ਬਹੁਤ ਹੱਥ ਵੰਡਾ ਛੱਡਦਾ। ਸਿਮਰਨ ਵੀ ਆਪਣੇ ਭਰਾ ਦਾ ਹੌਸਲਾ ਵਧਾਉਂਦੀ ਰਹਿੰਦੀ। ਗਰੀਬੀ ਅਤੇ ਤੰਗੀ ਹੋਣ ਦੇ ਬਾਵਯੂਦ ਵੀ, ਪਰਿਵਾਰ ਸਹਿਜ ਅਤੇ ਸੰਤੋਖ ਵਾਲੀ ਜਿੰਦਗੀ ਬਤੀਤ ਕਰਦਾ। ਪਰਿਵਾਰ ਆਸ਼ਾਵੰਦ ਸੀ ਕਿ ਦੁੱਲੇ ਦੀ ਪੜ੍ਹਾਈ ਇੱਕ ਦਿਨ ਜਰੂਰ ਰੰਗ ਲਿਆਏਗੀ ਅਤੇ ਇਹ ਚੰਗੀ ਨੌਕਰੀ ਲੱਭ ਲਵੇਗਾ।
ਦੁੱਲਾ ਐਮ. ਏ. ਦੇ ਦੂਸਰੇ ਸਾਲ ਵੀ ਚੰਗੇ ਨੰਬਰਾਂ ਵਿੱਚ ਪਾਸ ਹੋ ਗਿਆ। ਦੁੱਲੇ ਨੂੰ ਐਮ. ਏ. ਫਾਸ ਕਰਨ ਦੀ ਖੁਸ਼ੀ ਤਾਂ ਸੀ, ਪਰ ਇਸ ਨਾਲੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਰਾਜਨੀਤੀ ਮਜ਼ਬੂਨ ਦੀ ਪੜ੍ਹਾਈ ਕਰਦਿਆਂ ਇਸ ਨੂੰ ਸਰਕਾਰਾਂ ਦੀ ਪੁੱਠੇ ਸਿੱਧੇ ਕੰਮਾਂ ਦੀ ਸੋਝੀ ਆ ਗਈ ਸੀ। ਅਸਲੀ ਲੋਕਤੰਤਰ ਕੀ ਹੁੰਦਾ ਹੈ, ਇਸ ਦੇ ਦਾਅ ਪੇਚਾਂ ਦਾ ਕਾਫੀ ਅਧਿਐਨ ਹੋ ਗਿਆ ਸੀ।
ਇਸ ਨੂੰ ਪਤਾ ਲੱਗ ਗਿਆ ਕਿ ਕਿਵੇਂ ਵਿਧਾਇਕ ਅਤੇ ਸਾਂਸਦ ਆਪਣੀ ਲੋੜ ਮੁਤਾਬਿਕ ਕਨੂੰਨ ਬਣਾਉਂਦੇ ਹਨ ਅਤੇ ਆਪਣੀ ਲੋੜ ਮੁਤਾਬਿਕ ਹੀ ਇਨ੍ਹਾਂ ਨੂੰ ਵਿੰਗੇ ਟੇਢੇ ਕਰ ਲੈਂਦੇ ਹਨ, ਜਾਂ ਫਿਰ ਤੋੜ ਵੀ ਲੈਂਦੇ ਹਨ।ਇਸ ਨੂੰ ਗਿਆਨ ਹੋ ਗਿਆ ਕਿ  ਭਾਰਤ ਦੀ ਗੰਦੀ ਰਾਜਨੀਤੀ ਵਿੱਚ ਸਰਕਾਰਾਂ ਕਿਵੇਂ ਆਮ ਜਨਤਾ ਨੂੰ ਉੱਲੂ ਬਣਾਉਂਦੀਆਂ ਹਨ।ਕਿਵੇਂ ਅਮੀਰ-ਅਮੀਰ ਹੋਈ ਜਾ ਰਿਹਾ ਅਤੇ ਗਰੀਬ ਹੋਰ ਗਰੀਬ। ਆਮ ਜਨਤਾ ਇਨ੍ਹਾਂ ਦੇ ਦਾਅ ਪੇਚਾਂ ਤੋਂ ਅਣਜਾਣ, ਕਿਵੇਂ ਧੋਖਾ ਖਾਈ ਜਾਂਦੀ ਹੈ ਅਤੇ ਜਨਤਾ ਫਿਰ ਵੀ ਉਨਾਂ  ਹੀ ਉਮੀਦਵਾਰਾਂ ਨੂੰ ਹੀ ਵੋਟਾਂ ਪਾਈ ਜਾਂਦੀ ਹੈ।
ਦੁੱਲੇ ਦੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਮੇਜਰ ਅਤੇ ਪ੍ਰਗਾਸ ਕੌਰ ਨੇ ਸੋਚਿਆ ਕਿ ਔਖੇ ਸੌਖੇ ਕਿਉਂ ਨਾ ਸਿਮਰਨ ਦੇ ਹੱਥ ਪੀਲੇ ਕਰ ਦਿੱਤੇ ਜਾਣ। ਆੜ੍ਹਤੀਏ ਮਹਿੰਗਾ ਰਾਮ ਪਾਸੋਂ ਮੇਜਰ ਨੇ ਇਸ ਵਾਰ ਹੋਰ ਜ਼ਿਆਦਾ ਕਰਜ਼ੇ ਦੀ ਮੰਗ ਕੀਤੀ। ਮਹਿੰਗਾ ਰਾਮ ਨੇ ਜ਼ਮੀਨ ਦੀ ਆਮਦਨ ਦੀਆਂ ਜ਼ਰਬਾਂ ਤਕਸੀਮਾਂ ਲਾ ਕੇ, ਮੇਜਰ ਨੂੰ ਹੋਰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਗਰੀਬ ਮਾਂ ਬਾਪ ਨੂੰ ਫ਼ਿਕਰ ਪੈ ਗਿਆ ਕਿ ਹੁਣ ਪੈਸਿਆਂ ਦੇ ਇੰਤਜ਼ਾਮ ਦਾ  ਕੀ ਬਣੂੰ?
"ਕਰਮਿਆਂ ਇਸੇ ਕਰਕੇ ਤਾਂ ਸਾਡਾ ਸਮਾਜ ਕੁੜੀਆਂ ਜੰਮਣ ਤੇ ਸੌ ਸੌ ਘਤਿੱਤਾਂ ਕੱਢਦਾ ਏ। ਤੂੰ ਦੱਸ ਫੇਰ ਮੇਜਰ ਸਿੰਘ ਨੂੰ ਆਪਣੀ ਲੜਕੀ ਦੇ ਵਿਆਹ ਲਈ ਕਿੱਤਿਓਂ ਪੈਸਿਆਂ ਦਾ ਇੰਤਜਾਮ ਹੋਇਆ?"
"ਸੁਣ ਸੱਬੋ...... ਮੁੰਡੇ ਨੂੰ ਅਜੇ ਨੌਕਰੀ ਨਹੀਂ ਮਿਲੀ ਸੀ ਅਤੇ ਉੱਤੋਂ ਆੜਤੀਏ ਨੇ ਹੋਰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਕੁੜੀ ਦੀ ਉਮਰ ਵਿਆਹ ਤੋਂ ਟੱਪਦੀ ਜਾ ਰਹੀ ਸੀ। ਮੁਟਿਆਰ ਕੁੜੀ ਨੂੰ ਘਰ ਵਿੱਚ ਕੋਈ ਕਿੰਨਾ ਕੁ ਚਿਰ ਬਿਠਾਈ ਰੱਖੂ। ਹਾਰ ਹੰਭ ਕੇ ਮੇਜਰ ਅਤੇ ਪ੍ਰਗਾਸੋ ਨੇ ਆਪਣੇ ਇੱਕ ਰੱਜੇ ਪੁੱਜੇ ਰਿਸ਼ਤੇਦਾਰ ਪਾਸ ਇਸ ਔਖੀ ਘੜੀ ਵਿੱਚ ਪੈਸੇ ਉਧਾਰ ਲੈਣ ਲਈ ਪੱਲਾ ਅੱਡਿਆ। ਉਹ ਰਿਸ਼ਤੇਦਾਰ ਵੀ ਮੂੰਹ ਵਿੱਚ ਉਂਗਲੀਆਂ ਪਾਉਣ ਲੱਗਾ ਅਤੇ ਮੇਜਰ ਨੂੰ ਆਖਣ ਲੱਗਾ,
"ਮੇਜਰ ਸਿਆਂ ਤੇਰਾ ਮੁੰਡਾ ਅਜੇ ਕੰਮ ਤੇ ਨਹੀਂ ਲੱਗਾ। ਜ਼ਮੀਨ ਤੇਰੀ ਪਹਿਲਾਂ ਹੀ ਥੋੜ੍ਹੀ ਹੈ। ਫੇਰ ਇਹ ਕਰਜ਼ਾ ਮੋੜੂੰ ਕਿਵੇਂ?" ਖ਼ੈਰ ਮੇਜਰ ਅਤੇ ਪ੍ਰਗਾਸੋ ਨੇ ਮਿੰਨਤ ਤਰਲਾ ਕਰਕੇ ਇਨ੍ਹਾਂ ਪਾਸੋਂ ਦੋ ਲੱਖ ਰੁਪਿਆ ਵਿਆਜ 'ਤੇ  ਲੈ ਲਿਆ।
ਮੇਜਰ ਅਤੇ ਪ੍ਰਗਾਸੋ ਨੇ ਇਸ ਦੋ ਲੱਖ ਨਾਲ ਸਿਮਰਨ ਦਾ ਮਾੜਾ ਪਤਲਾ ਵਿਆਹ ਕਰ ਦਿੱਤਾ। ਸਿਮਰਨ ਆਪਣੇ ਬਜ਼ੁਰਗ ਮਾਪਿਆਂ ਨੂੰ ਕਰਜ਼ੇ ਥੱਲੇ ਦੱਬ ਕੇ ਇੰਨੀ ਖੁਸ਼ ਤਾਂ ਨਹੀਂ ਸੀ। ਪਰ ਇਸ ਪਾਸ ਹੋਰ ਹੀਲਾ ਵੀ ਕੀ ਸੀ? ਇਸ ਨੇ ਅਕਸਰ ਇੱਕ ਦਿਨ ਬੇਗਾਨੇ ਘਰ ਜਾਣਾ ਹੀ ਸੀ। ਸਿਮਰਨ ਆਪਣੇ ਮਾਪਿਆਂ ਦੇ ਘਰ ਤੋਂ ਵਿਦਾਈ ਲੈ ਕੇ ਡਾਢੀ ਰੋਈ।
ਭਰਾ ਨੇ ਆਪਣੀ ਭੈਣ ਨੂੰ ਆਸ਼ੀਰਵਾਦ ਦਿੰਦੇ ਹੋਏ ਅੱਖਾਂ ਭਰ ਲਈਆਂ ਅਤੇ ਵੈਰਾਗ ਵਿੱਚ ਭੈਣ ਦੇ ਗੱਲ਼ ਲੱਗ ਕੇ ਅਸ਼ੀਰਵਾਦ ਦੇਣ ਲੱਗਾ, "ਭੈਣੇ...... ਆਪਣੇ ਘਰ ਸੁੱਖੀ ਵੱਸੀਂ ਅਤੇ ਤੈਨੂੰ ਕੋਈ ਤੱਤੀ ਵਾਅ ਨਾ ਲੱਗੇ। ਫਿਕਰ ਨਾ ਕਰੀਂ, ਮਾਪਿਆਂ ਸਿਰ ਚੜ੍ਹਿਆ ਕਰਜ਼ਾ ਮੈਂ ਛੇਤੀ ਲਾਹ ਦੇਣਾ ਹੈ, ਬੱਸ ਨੌਕਰੀ ਮਿਲਣ ਦੀ ਹੀ ਦੇਰ ਹੈ।"
ਦੁੱਲਾ ਆਪਣੀ ਚੰਗੇ ਨੰਬਰਾਂ ਵਿੱਚ ਕੀਤੀ ਐਮ. ਏ. ਦੀ ਡਿਗਰੀ ਲੈ ਕੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਵਿੱਚ ਨੌਕਰੀ ਲਈ ਅਪਲਾਈ ਕਰਦਾ ਗਿਆ। ਹਰ ਥਾਂ ਵੱਢੀਆਂ ਅਤੇ ਸਿਫ਼ਾਰਿਸ਼ਾਂ ਦਾ ਜੋਰ। ਡੋਨੇਸ਼ਨਾਂ ਦੇ ਨਾਂਅ ਥੱਲੇ ਸਾਰੇ ਕਾਲਜਾਂ ਦੀਆਂ ਕਮੇਟੀਆਂ ਮੂੰਹ ਅੱਡੀ ਖੜ੍ਹੀਆਂ ਸਨ। ਨਾਲ ਹੀ ਇਹ ਕਮੇਟੀਆਂ ਕਿਸੇ ਵਿਧਾਇਕ, ਵਜ਼ੀਰ ਜਾਂ ਅਫ਼ਸਰ ਦੀ ਸਿਫ਼ਾਰਿਸ਼ ਦੀ ਵੀ ਗੱਲ ਕਰਦੀਆਂ। ਇੱਕ ਗਰੀਬ ਘਰ ਵਿੱਚੋਂ ਤੰਗੀਆਂ ਤੁਰਸ਼ੀਆਂ ਨਾਲ ਪੜ੍ਹਿਆ ਇਹ ਮੁੰਡਾ ਕਿੱਥੋਂ ਵੱਢੀਆਂ ਦੇਵੇ ਅਤੇ ਕਿੱਥੋਂ ਸਿਫ਼ਾਰਿਸ਼ਾਂ ਲਿਆਵੇ?
ਇਸ ਦੀ ਚੰਗੇ ਨੰਬਰਾਂ ਵਿੱਚ ਪ੍ਰਾਪਤ ਕੀਤੀ ਡਿਗਰੀ ਵੱਲ ਕੋਈ ਚੱਜ ਨਾਲ ਦੇਖੇ ਵੀ ਨਾ।ਹਰ ਥਾਂ ਦੁੱਲੇ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਸੀ। ਕਈ ਵਾਰ ਦੁੱਲਾ ਬੇਵੱਸ ਹੋਇਆ ਇੰਟਰਵਿਊ ਪੈਨਲ ਦੇ ਮੈਂਬਰਾਂ ਅੱਗੇ ਅਰਜ਼ੋਈ ਕਰਦਾ ਕਿ ਕੁੱਝ ਸਮਾਂ ਮੈਨੂੰ ਘੱਟ ਤਨਖਾਹ 'ਤੇ ਨੌਕਰੀ ਦੇ ਦਿਓ ਤਾਂ ਕਿ ਮੈਂ ਆਪਣੇ ਪੈਰਾਂ 'ਤੇ ਤਾਂ ਖੜ੍ਹ ਸਕਾਂ। ਅੱਗਿਓਂ ਪੈਨਲ ਦਾ ਜਵਾਬ ਹੋਣਾ ਕਿ ਕਾਮਯਾਬ ਉਮੀਦਵਾਰ ਨੂੰ ਤਨਖਾਹ ਤਾਂ ਘੱਟ ਦੇਣੀ ਹੀ ਹੈ ਪਰ ਪਹਿਲਾਂ ਸਕੂਲ ਜਾਂ ਕਾਲਜ ਦੇ ਖ਼ਰਚਿਆਂ ਵਾਸਤੇ ਡੋਨੇਸ਼ਨ ਚਾਹੀਦਾ ਹੈ।ਇਹ ਡੋਨੇਸ਼ਨ ਹਮੇਸ਼ਾ ਲੱਖਾਂ ਰੁਪਿਆ ਵਿੱਚ ਹੁੰਦਾ। ਜਿਸ ਦੀ ਦੁੱਲੇ ਦੇ ਪਰਿਵਾਰ ਵਿੱਚ ਦੇਣ ਦੀ ਹਿੰਮਤ ਨਹੀਂ ਸੀ।
ਦੁੱਲੇ ਨੂੰ ਰੁਜ਼ਗਾਰ ਦੀ ਮੰਡੀ ਵਿੱਚ ਆਪਣੀ ਡਿਗਰੀ ਦੀ ਨੁੰਮਾਇਸ਼ ਲਾਇਆਂ ਕਈ ਸਾਲ ਲੰਘ ਗਏ। ਪਰ ਦੁੱਲੇ ਦੀ ਝੋਲੀ ਵਿੱਚ ਨੌਕਰੀ ਦੀ ਕੋਈ ਖ਼ੈਰ ਨਾ ਪਈ। ਇਸ ਨੂੰ ਤਾਂ ਬੇਰੁਜ਼ਗਾਰੀ ਦੀ ਪੀੜ ਸਤਾ ਹੀ ਰਹੀ ਸੀ, ਪਰ ਇਸ ਦੇ ਨਾਲ-ਨਾਲ ਇਸ ਦੇ ਮਾਂ ਬਾਪ ਵੀ ਬਹੁਤ ਫ਼ਿਕਰਮੰਦ ਹੋ ਗਏ। ਕਦੇ ਇਹ ਆਪਣੀ ਕਿਸਮਤ ਨੂੰ ਕੋਸਣ ਅਤੇ ਕਦੇ-ਕਦੇ ਸਰਕਾਰਾਂ ਦੀਆਂ ਭੈੜੀਆਂ ਨੀਅਤਾਂ ਅਤੇ ਨੀਤੀਆਂ ਨੂੰ।
ਜਦੋਂ ਮਾਯੂਸ ਹੋਏ ਦੁੱਲੇ ਨੂੰ ਉਸ ਦੇ ਮਾਂ ਬਾਪ ਦੇਖਦੇ ਤਾਂ ਉਹ ਹੋਰ ਵੀ ਫ਼ਿਕਰਾਂ ਵਿੱਚ ਪੈ ਜਾਂਦੇ। ਇਸੇ ਕਰਕੇ ਦੁੱਲਾ ਬਹੁਤ ਕਰਕੇ ਘਰੋਂ ਬਾਹਰ ਹੀ ਰਹਿੰਦਾ। ਇਹ ਬਹੁਤਾ ਸਮਾਂ ਖੇਤਾਂ ਵਿੱਚ ਹੁੰਦਾ ਜਾਂ ਫਿਰ ਪਿੰਡ ਦੇ ਚੌਂਕ ਤੇ ਸਿਰ ਫੜ੍ਹ ਕੇ ਬੈਠਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ।
ਇੱਕ ਦਿਨ ਦੁੱਲੇ ਨੂੰ ਪਿੰਂਡ ਦੇ ਥੱੜੇ ਤੇ ਇਕੱਲਿਆਂ ਮਾਯੂਸ ਬੈਠੇ ਨੂੰ ਦੇਖ ਕੇ ਬੱਲੀ ਨੇ ਪੁੱਛਿਆ, "ਦੁੱਲਿਆ, ਤੈਨੂੰ ਅਜੇ ਕੋਈ ਨੜੀ ਨੌਕਰੀ ਨਹੀਂ ਮਿਲੀ ? ਜਦ ਦੇਖਦਾਂ, ਹੈਥੇ ਸਿਰ ਫੜ੍ਹ ਕੇ ਬੈਠਾ ਹੁੰਦੈਂ!"
ਬੱਲੀ, ਦੁੱਲੇ ਦੇ ਪ੍ਰਾਇਮਰੀ ਸਕੂਲ ਦਾ ਜਮਾਤੀ ਸੀ। ਇਹ ਅੱਗੇ ਪੜ੍ਹਿਆ ਤਾਂ ਨਹੀਂ ਸੀ, ਪਰ ਆਪਣੇ ਮਾਪਿਆਂ ਦੀ ਅਮੀਰੀ ਦਾ ਵਿਗੜਿਆ ਪਿੰਡਾਂ ਵਿੱਚ ਨਸ਼ਾ ਪੱਤਾ ਵੇਚ ਛੱਡਦਾ ਅਤੇ ਚਾਰ ਪੈਸੇ ਕਮਾ ਲੈਂਦਾ।
"ਵੀਰਾ, ਤਿੰਨ ਚਾਰ ਸਾਲ ਹੋ ਗਏ ਨੌਕਰੀ ਭਾਲਦੇ ਨੂੰ। ਕੋਈ ਸੰਸਥਾ ਡਿਗਰੀ ਵੱਲ ਤਾਂ ਨਿਗਾਹ ਵੀ ਨਹੀਂ ਮਾਰਦੀ। ਸਾਰੇ ਮੇਰੀ ਜੇਬ ਵੱਲ ਹੀ ਦੇਖਦੇ ਰਹਿੰਦੇ ਹਨ ਕਿ ਇਸ ਪਾਸ ਵੱਢੀ ਦੇਣ ਲਈ ਚਾਰ ਪੈਸੇ ਹੈਨ ਵੀ ਜਾਂ ਨਹੀਂ। ਇਨ੍ਹਾਂ ਭੱਦਰ ਪੁਰਸ਼ਾਂ ਨੂੰ ਕੋਈ ਪੁੱਛੇ ਕਿ ਜਦੋਂ ਤੁਸੀਂ ਕੋਈ ਨੌਕਰੀ ਨਹੀਂ ਦੇਣੀ ਤਾਂ ਇਨ੍ਹਾਂ ਖਾਲੀ ਜੇਬਾਂ ਵਿੱਚ ਪੈਸਾ ਕਿੱਥੋਂ ਆਊ।" ਬੱਲੀ ਨੇ ਆਪਣੇ ਜਮਾਤੀ ਦੀ ਮਜ਼ਬੂਰੀ ਸੁਣ ਕੇ ਹਾਂ ਵਿੱਚ ਹਾਂ ਰਲਾਈ। ਇਸ ਨੂੰ ਲੱਗਿਆ ਕਿ ਇਹ ਜਰੂਰ ਇਸ ਦਾ ਪੱਕਾ ਗਾਹਕ ਬਣੇਗਾ।
"ਦੁੱਲਿਆ, ਤੂੰ ਮਾਯੂਸ ਨਾ ਹੋ, ਆਹ ਪੁੜੀ ਦਾ ਫੱਕਾ ਮਾਰ ਲੈ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ।"
"ਇਸ ਪੁੜੀ ਵਿੱਚ ਕੀ ਹੈ?" "ਤੂੰ ਅੰਬ ਚੂਪਣਾ ਜਾਂ ਫਿਰ ਦਰਖ਼ਤ ਵੇਖਣਾ? ਐਵੇਂ ਚਿੱਟਾ ਜਿਹਾ ਪਾਊਡਰ ਹੈ, ਦੁਆਈ ਸਮਝ ਕੇ ਫੱਕਾ ਮਾਰ ਲੈ। ਤੇਰੀਆਂ ਸਾਰੀਆਂ ਨਮੋਸ਼ੀਆਂ ਖੰਭ ਲਾ ਕੇ ਉਡ ਜਾਣਗੀਆਂ"
"ਨਾ ਬੱਲੀ,  ਮੈਂ ਇਹ ਡਰੱਗ ਨਹੀਂ ਲੈਣੀ, ਮੈਂ ਇਸ ਦਾ ਆਦੀ ਹੋ ਜਾਊਂਗਾ। ਮੇਰੇ ਘਰਦਿਆਂ ਪਾਸ ਤਾਂ ਰੋਟੀ ਜੋਗੇ ਪੈਸੇ ਮਸਾਂ ਹਨ।"
"ਜਾਹ ਫਿਰ ਤੇਰੀ ਮਰਜ਼ੀ, ਲੈ ਮੈਂ ਗਹਾਂ ਜਾ ਕੇ ਕਿਸੇ ਹੋਰ ਦੇ ਦੁੱਖ ਦਰਦ ਦੂਰ ਕਰ ਦਊਂ।" ਬੱਲੀ ਨੇ ਮੋਟਰ ਸਾਇਕਲ ਤੇ ਲੱਤ ਮਾਰੀ ਅਤੇ ਘੂੰ ਘੂੰ ਕਰਦਾ ਦੂਸਰੇ ਪਿੰਡ ਚੱਲਿਆ ਗਿਆ।
ਫ਼ਿਕਰਾਂ ਵਿੱਚ ਦੁੱਲਾ ਅਤੇ ਇਸ ਦੇ ਮਾਪੇ ਤਿੱਲ਼-ਤਿੱਲ਼ ਕਰਕੇ ਖੁਰਨ ਲੱਗੇ।ਦੂਸਰੇ ਪਾਸੇ ਸਿਮਰਨ ਵੀ ਆਪਣੇ ਵੱਡੇ ਵੀਰ ਦੀ ਨੌਕਰੀ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦੀ। ਕਦੇ ਆਪਣੇ ਆਪ ਨੂੰ ਕੋਸਦੀ ਕਿ ਨਾ ਉਹ ਵਿਆਹ ਕਰਾਉਂਦੀ ਅਤੇ ਨਾ ਉਸਦੇ ਵੀਰ ਨੂੰ ਇਨ੍ਹਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਗਰੀਬੀ ਦੇ ਵਾਤਾਵਰਣ ਨੇ ਸਾਰੇ ਪਰਿਵਾਰ ਦੇ ਜੀਆਂ ਦਾ ਜਿਉਣਾ ਦੁਸ਼ਵਾਰ ਕਰ ਦਿੱਤਾ।
ਦੁੱਲੇ ਨੂੰ ਇਸ ਹਨ੍ਹੇਰੀ ਸੁੰਰਗ ਵਿੱਚੋਂ ਕਿਤੇ ਰੋਸ਼ਨੀ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਮਾਨਸਿਕ ਪ੍ਰੇਸ਼ਾਨੀਆਂ ਦਾ ਘੇਰਿਆ, ਇਹ ਹਮੇਸ਼ਾ ਚੁੱਪ-ਚੁੱਪ ਰਹਿੰਦਾ।ਇਸ ਨੂੰ ਦੇਖ ਕੇ ਇਸ ਦੇ ਮਾਪੇ ਹੋਰ ਫ਼ਿਕਰਾਂ ਵਿੱਚ ਪੈ ਜਾਂਦੇ। ਉਪਰੋਂ ਆੜਤੀਏ ਅਤੇ ਰਿਸ਼ਤੇਦਾਰਾਂ ਪਾਸੋਂ ਚੁੱਕੇ ਕਰਜ਼ੇ ਨੂੰ ਲਾਹੁਣ ਦਾ ਡਾਢਾ ਫ਼ਿਕਰ। ਇਸ ਉਧੇੜ ਬੁਣ ਵਿੱਚ ਦੁੱਲੇ ਦੇ ਮਾਪਿਆਂ ਨੂੰ ਸਾਰੀ ਰਾਤ ਨੀਂਦ ਨਾ ਆਉਂਦੀ। ਬਾਪੂ ਤੜਕੇ ਉੱਠ ਕੇ ਸ਼ੁਦਾਈਆਂ ਵਾਂਗ ਘਰ ਦੇ ਵਿਹੜੇ ਵਿੱਚ ਤੁਰਿਆ ਫਿਰਦਾ ਰਹਿੰਦਾ। ਸਾਰੀ ਰਾਤ ਫਿਕਰਾਂ ਵਿੱਚ ਤਾਰੇ ਗਿਣਦਾ ਰਹਿੰਦਾ।
ਹਰ ਰੋਜ਼ ਦੇ ਦੁੱਖਾਂ ਅਤੇ ਫ਼ਿਕਰਾਂ ਦਾ ਦੁੱਲੇ ਦੇ ਬਾਪ 'ਤੇ ਡਾਢਾ ਅਸਰ ਹੋਇਆ। ਉਸ ਨੂੰ ਕਰਜ਼ੇ ਦੀ ਦੱਲਦਲ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਜਰ ਨਹੀਂ ਆ ਰਿਹਾ ਸੀ।ਮਾਨਸਿਕ ਪ੍ਰੇਸ਼ਾਨੀਆਂ ਨੇ ਇਸ ਦੀ ਹਾਲਤ ਪਾਗਲਾਂ ਵਰਗੀ ਕਰ ਦਿੱਤੀ। ਆਪਣਾ ਵਾਲ ਵਾਲ ਕਰਜ਼ੇ ਵਿੱਚ ਫਸਿਆਂ ਸੋਚ ਕੇ ਅਤੇ ਇਸ ਨੂੰ ਉਤਾਰਨ ਦਾ ਕੋਈ ਵਸੀਲਾ ਨਾ ਬਣਦਾ ਦੇਖ ਕੇ, ਇੱਕ ਦਿਨ ਆਪਣੇ ਟਿਊਬਵੈੱਲ ਦੇ ਕੋਠੇ ਦੀ ਛੱਤ ਨੂੰ ਰੱਸਾ ਪਾ ਕੇ ਮੇਜਰ ਨੇ ਫਾਹਾ ਲੈ ਲਿਆ।
ਜਦੋਂ ਦੇਰ ਤੱਕ ਬਾਪੂ ਖੇਤਾਂ ਵਿੱਚੋਂ ਨਾ ਮੁੜਿਆ ਤਾਂ ਦੁੱਲਾ ਉਸ ਨੂੰ ਮਗਰ ਦੇਖਣ ਗਿਆ। ਕੀ ਦੇਖਦਾ ਹੈ ਕਿ ਬਾਪੂ ਦੀ ਲਾਸ਼ ਰੱਸੇ 'ਤੇ ਲਟਕ ਰਹੀ ਸੀ। ਦੁੱਲਾ ਭੁੱਬਾਂ ਮਾਰ-ਮਾਰ ਰੋਣ ਲੱਗਾ। ਨਾਲ ਦੇ ਟਿਊਬਵੈੱਲ ਵਾਲੇ ਜ਼ਿੰਮੀਦਾਰ ਨੇ ਦੁੱਲੇ ਦੀ ਸਹਾਇਤਾ ਕਰ ਕੇ ਲਾਸ਼ ਰੱਸੇ ਤੋਂ ਥੱਲੇ ਲਾਹੀ। ਸਾਰੇ ਪਰਿਵਾਰ ਵਿੱਚ ਸੋਗ ਦਾ ਪਹਾੜ ਟੁੱਟ ਪਿਆ।ਘਰ ਦੀ ਕਮਾਈ ਅਤੇ ਅਗਵਾਈ ਦੇਣ ਵਾਲਾ ਆਗੂ, ਪਰਿਵਾਰ ਨੂੰ ਕਰਜ਼ੇ ਵਿੱਚ ਫਸਿਆਂ ਛੱਡ ਕੇ ਕਿਸੇ ਹੋਰ ਦੁਨੀਆਂ ਵਿੱਚ ਚੱਲ ਵੱਸਿਆ।
ਦੁੱਲੇ ਦੀ ਮਾਤਾ ਪ੍ਰਗਾਸੋ ਅਤੇ ਭੈਣ ਸਿਮਰਨ ਰੋ-ਰੋ ਕਮਲੀਆਂ ਹੋਣ ਲੱਗੀਆਂ। ਬੜੇ ਹੀ ਦੁੱਖੀ ਹਿਰਦੇ ਨਾਲ ਪੁੱਤ ਨੇ ਆਪਣੇ ਪਿਉ ਦੀ ਅਰਥੀ ਨੂੰ ਮੋਢਾ ਦਿੱਤਾ।
ਅਸੈਂਬਲੀ ਚੋਣਾਂ ਦੇ ਦਿਨ ਆ ਗਏ। ਚੋਣ ਪ੍ਰੌਪੇਗੰਡਾ ਕਰਨ ਲਈ ਇਸ ਹਲਕੇ ਦਾ ਉਮੀਦਵਾਰ ਦੁੱਲੇ ਦੇ ਪਿੰਡ ਪਹੁੰਚਿਆ। ਇਹ ਉਮੀਦਵਾਰ ਪਿਛਲੀ ਸਰਕਾਰ ਵਿੱਚ ਮੰਤਰੀ ਦੇ ਆਹੁਦੇ 'ਤੇ ਸੀ।ਇਹ ਭਰੀ ਸਭਾ ਵਿੱਚ ਬੋਲਣ ਲੱਗਾ,
"ਪਿੰਡ ਵਾਸੀਓ, ਤੁਸੀਂ ਵੋਟਾਂ ਪਾ ਕੇ ਮੇਰਾ ਸਾਥ ਦਿਓ। ਮੈਂ ਪਿੰਡ ਦੀਆਂ ਗਲੀਆਂ ਪੱਕੀਆਂ ਕਰ ਦਊਂ, ਸਿਵਿਆਂ ਨੂੰ ਜਾਂਦੀ ਸੜਕ ਪੱਕੀ ਕਰਾ ਦਊਂ ਅਤੇ ਛੋਟੀਆਂ ਜਾਤਾਂ ਨੂੰ ਆਟਾ, ਦਾਲ ਅਤੇ ਚੌਲ ਦੇਊਂ।"
ਇਸ ਸਭਾ ਵਿੱਚ ਪੂਰੇ ਗੁੱਸੇ ਦਾ ਭਰਿਆ ਦੁੱਲਾ ਵੀ ਪੁੰਹਚ ਗਿਆ। ਇਸ ਨੇ ਉਮੀਦਵਾਰ ਨੂੰ ਸਵਾਲ ਕੀਤਾ,
"ਨੇਤਾ ਜੀ, ਇਨ੍ਹਾਂ ਗਲੀਆਂ, ਸੜਕਾਂ ਅਤੇ ਆਟਾ ਦਾਲਾਂ ਨੇ ਲੋਕਾਂ ਦਾ ਕਿੰਨਾ ਕੁ ਚਿਰ ਢਿੱਡ ਭਰਨਾ ਏ? ਕੀ ਤੁਹਾਡੇ ਚੋਣ ਮੈਨੀਫ਼ੈਸਟੋ ਵਿੱਚ ਰੁਜ਼ਗਾਰ ਦੀ ਕੋਈ ਕਾਰਗਰ ਪਾਲਿਸੀ ਹੈ? ਮੈਨੂੰ ਚਾਰ ਸਾਲ ਹੋ ਗਏ ਨੌਕਰੀਆਂ ਲਈ ਥਾਂ-ਥਾਂ ਧੱਕੇ ਖਾਂਦਿਆਂ। ਮੇਰੀ ਕੋਈ ਬਾਂਹ ਨਹੀਂ ਫੜ ਰਿਹਾ।ਤੁਹਾਡੀਆਂ ਬਣਾਈਆਂ ਹੋਈਆਂ ਪੱਕੀਆਂ ਗਲੀਆਂ ਅਤੇ ਸੜਕਾਂ ਨੇ, ਕੀ ਸਾਡੇ ਪਿੰਡ ਵਾਸੀਆਂ ਦੇ ਚੁੱਲੇ ਤਪਾ ਦੇਣੇ ਹਨ?"
ਦੁੱਲੇ ਦੇ ਦਿਲ ਦਿਮਾਗ 'ਚੋਂ ਨਿੱਕਲੇ ਕੋਰੇ ਸਵਾਲ  ਇਸ ਉਮੀਦਵਾਰ  ਦੇ ਸਿਰ 'ਤੇ ਹਥੋੜੇ ਵਾਂਗ ਵੱਜੇ। ਉਸ ਨੇ ਹੌਲੀ ਕਰਕੇ ਆਪਣੇ ਸੈਕਟਰੀ ਦੇ ਕੰਨ ਵਿੱਚ ਘੁੱਸਰ ਮੁੱਸਰ ਕੀਤੀ ਅਤੇ ਆਪਣਾ ਭਾਸ਼ਣ ਬੰਦ ਕਰਕੇ ਦੁੱਲੇ ਨੂੰ ਇੱਕ ਪਾਸੇ ਲੈ ਗਿਆ ਤੇ ਆਖਣ ਲੱਗਾ,
"ਦੁੱਲਿਆ ਤੂੰ ਤੇ ਬੜਾ ਹੀ ਕੰਮ ਦਾ ਬੰਦਾ ਹੈਂ।ਤੂੰ ਕਿੰਨਾ ਸੋਹਣਾ ਜੁਆਨ ਅਤੇ ਤੇਰੇ ਪਾਸ ਕਿੰਨੀ ਸੋਹਣੀ ਡਿਗਰੀ ਏ। ਪਤਾ ਨਹੀਂ ਪੰਜਾਬ ਦੀਆਂ ਅਣਜਾਣ ਸੰਸਥਾਵਾਂ ਤੇਰੇ ਵਰਗੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਦਿੰਦੀਆਂ। ਤੂੰ ਇਸ ਤਰ੍ਹਾਂ ਕਰ, ਕੱਲ੍ਹ ਇਕੱਲਾ ਹੀ ਮੇਰੇ ਦਫ਼ਤਰ ਵਿੱਚ ਪਹੁੰਚ। ਮੈਂ ਤੇਰੇ ਲਈ ਜਰੂਰ ਕੁੱਝ ਕਰਾਂਗਾ।"
ਦੂਸਰੇ ਦਿਨ ਦੁੱਲਾ ਚੰਗੀ ਉਮੀਦ ਲੈ ਕੇ ਇਸ ਉਮੀਦਵਾਰ ਦੇ ਦਫ਼ਤਰ ਪਹੁੰਚ ਗਿਆ। ਇਸ ਨੇਤਾ ਨੇ ਦੁੱਲੇ  ਨੂੰ ਆਖਿਆ ਕਿ ਅੱਜ ਤੋਂ ਤੂੰ ਮੇਰਾ ਅੰਗ ਰੱਖਿਅਕ ਬਣੇਂਗਾ।ਹੱਥ ਬੰਦੂਕ ਫੜਾ ਕੇ ਥੋੜ੍ਹੀ ਜਿਹੀ ਸਿਖਲਾਈ ਦੁਆ ਦਿੱਤੀ ਅਤੇ ਆਖਿਆ, "ਦੁੱਲਿਆ, ਅੱਜ ਤੋਂ ਤੂੰ ਮੇਰੀ ਜਾਨ ਦੀ ਰਖਵਾਲੀ ਕਰਨੀ ਹੈ। ਮੈਂ ਤੈਨੂੰ ਗੁਜ਼ਾਰੇ ਜੋਗੀ ਤਨਖਾਹ ਦੇ ਦਿਆ ਕਰਾਂਗਾ।"
ਦੁੱਲੇ ਪਾਸ ਕੋਈ ਰੋਟੀ ਦਾ ਸਾਧਨ ਨਾ ਹੋਣ ਕਰਕੇ ਮਜ਼ਬੂਰੀ ਨੂੰ ਇਸ ਨੇਤਾ ਦੀ ਇਹੋ ਜਿਹੀ ਘੱਟ ਤਨਖਾਹ ਵਾਲੀ ਨੌਕਰੀ ਲੈਣੀ ਪਈ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਜਿਵੇਂ ਆਰਥਿਕ ਪੱਖੋਂ ਟੁੱਟ ਹੀ ਗਿਆ ਸੀ। ਇਸ ਨੌਕਰੀ ਨਾਲ ਪਰਿਵਾਰ ਦੀ ਪਾਟੀ ਹੋਈ ਚਾਦਰ ਨੂੰ ਸਿਉਂਣ ਦਾ ਥੋੜ੍ਹਾ ਬਹੁਤ ਮੌਕਾ ਤਾਂ ਮਿਲਿਆ।
ਇਸ ਹਲਕੇ ਦਾ ਇਹ ਉਮੀਦਵਾਰ ਆਪਣੀ ਸੀਟ ਜਿੱਤ ਗਿਆ। ਇਸ ਨੂੰ ਇਸ ਦੇ ਪੁਰਾਣੇ ਤਜ਼ਰਬੇ ਕਰਕੇ ਇਸ ਵਾਰ ਫਿਰ ਮੰਤਰੀ ਬਣਾ ਦਿੱਤਾ ਗਿਆ। ਇਸ ਤਰ੍ਹਾਂ ਕਰਨ ਨਾਲ ਦੁੱਲੇ ਦੀ ਕੱਚੀ ਨੌਕਰੀ ਹੁਣ ਪੱਕੀ ਹੋ ਗਈ ਅਤੇ ਮੰਤਰੀ ਨੇ ਥੋੜ੍ਹੀ ਤਨਖਾਹ ਵੀ ਵਧਾ ਦਿੱਤੀ। ਮੰਤਰੀ ਦੌਰੇ 'ਤੇ ਜਾਣ ਲੱਗਿਆਂ ਦੁੱਲੇ ਨੂੰ ਨਾਲ ਤਾਂ ਲਿਜਾਂਦਾ ਹੀ ਸੀ ਪਰ ਕਦੇ-ਕਦੇ ਕਾਰ ਦੇ ਕੇ ਕੁੱਝ ਸਮਾਨ ਆਲ਼ੇ ਦੁਆਲ਼ੇ ਉਪੜਦਾ ਕਰਨ ਨੂੰ ਵੀ ਆਖ ਦਿੰਦਾ ਸੀ।
'ਨੌਕਰ ਕੀ ਤਾਂ ਨੱਖਰਾ ਕੀ', ਦੁੱਲਾ ਆਪਣੇ ਸਾਹਿਬ ਦਾ ਹੁਕਮ ਮੰਨ ਕੇ ਜਿੱਥੇ ਆਖਦਾ, ਉੱਥੇ ਇਹ ਸਮਾਨ ਵੀ ਉੱਪੜਦਾ ਕਰਦਾ ਰਹਿੰਦਾ। ਇਸ ਨੂੰ ਇਹ ਕੀ ਪਤਾ ਸੀ ਕਿ ਇਨ੍ਹਾਂ ਗੁਪਤ ਫੇਰੀਆਂ ਰਾਹੀਂ ਸਮੱਗਲਿੰਗ ਹੁੰਦੀ ਹੈ।ਇਹ ਮੰਤਰੀ ਦੁੱਲੇ ਰਾਹੀਂ ਸਾਰਾ ਸਾਲ ਇਹ ਧੰਦਾ ਕਰਵਾਉਂਦਾ ਰਿਹਾ।ਪੁਲੀਸ ਆਮ ਕਰਕੇ ਨਾਕਿਆਂ 'ਤੇ ਦੁੱਲੇ ਦੀ ਕਾਰ ਖੜ੍ਹੀ ਨਾ ਕਰਦੀ।ਮੰਤਰੀ ਸਾਹਿਬ ਦੀ ਕਾਰ ਦੀਆਂ ਲਾਲ ਬੱਤੀਆਂ ਪੁਲਸ ਦੀਆਂ ਖੁੱਲੀਆਂ ਅੱਖਾਂ ਵੀ ਬੰਦ ਕਰਵਾ ਦਿੰਦੀਆਂ ਸਨ।ਹੌਲੀ-ਹੌਲੀ ਇਸ ਕਾਰੇ ਦੀ ਦੁੱਲੇ ਨੂੰ ਵੀ ਭਿੱਣਕ ਪੈਣੀ ਸ਼ੁਰੂ ਹੋ ਗਈ। ਇਸ ਨੇ ਆਪਣੇ ਮੰਤਰੀ ਨੂੰ ਆਖਿਆ ,
"ਸਾਹਿਬ ਮੈਂ ਇਹ ਗੰਦਾ ਧੰਦਾ ਨਹੀਂ ਕਰ ਸਕਦਾ। ਅਗਰ ਤੁਸੀਂ ਇਹ ਡਰੱਗ ਦਾ ਧੰਦਾ ਆਪ ਕਰਦੇ ਹੋ ਅਤੇ ਕਰਾਉਂਦੇ ਹੋ ਤਾਂ ਜਨਤਾ ਕਿਵੇਂ ਸੁਧਰੇਗੀ? ਸਾਡੇ ਹਲਕੇ ਦੇ ਵਾਸੀ ਅਤੇ ਨੌਜਵਾਨ ਤੁਹਾਡੀ ਪਰਜਾ ਹਨ। ਤੁਸੀਂ ਆਪਣੀ ਪਰਜ਼ਾ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹੋ।" ਦੁੱਲੇ ਨੇ ਇਹ ਕਹਿ ਕੇ ਆਪਣੀ ਇਹ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ।
"ਕਾਕਾ ਤੂੰ ਪਾਗਲ ਨਾ ਬਣ। ਦੇਖ ਤੇਰੇ 'ਤੇ ਤਰਸ ਖਾ ਕੇ ਮੈਂ ਇਹ ਨੌਕਰੀ ਤੈਨੂੰ ਦਿੱਤੀ ਹੈ। ਨਹੀਂ ਤਾਂ ਤੇਰੇ ਵਰਗੇ ਵਥੇਰੇ ਸੜਕਾਂ 'ਤੇ ਤੁਰੇ ਫਿਰਦੇ ਹਨ। ਤੇਰੇ ਘਰ ਵਿੱਚ ਤੇਰੀ ਮਾਂ ਇਕੱਲੀ ਹੈ। ਤੂੰ ਅਜੇ ਵਿਆਹ ਵੀ ਕਰਾਉਣਾ ਹੈ। ਆਪਣੇ ਇਨ੍ਹਾਂ ਹਾਲਾਤਾਂ 'ਤੇ ਨਿਗਾਹ ਮਾਰ ਅਤੇ ਸਿਰ ਨੀਵਾਂ ਕਰਕੇ ਨੌਕਰੀ ਕਰਨ ਵਿੱਚ ਹੀ ਤੇਰਾ ਭਲਾ ਹੈ।"
"ਨਹੀਂ ਮੰਤਰੀ ਸਾਹਿਬ, ਮੈਂ ਇਹੋ ਜਿਹੀ ਨੌਕਰੀ ਨਹੀਂ ਕਰਨੀ ਜਿਸ ਨਾਲ ਮੇਰੇ ਹੱਥ ਸਾਡੇ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਜਾ ਰਹੇ ਹੋਣ।"
"ਦੇਖ ਲੈ, ਤੂੰ ਨੌਕਰੀ ਛੱਡ ਕੇ ਸਿਰਫ ਆਪਣੀ ਰੋਟੀ 'ਤੇ ਹੀ ਸੱਟ ਨਹੀਂ ਮਾਰ ਰਿਹੈਂ, ਸਗੋਂ ਤੂੰ ਆਪਣੀ ਜਾਨ ਵੀ ਖ਼ਤਰੇ ਵਿੱਚ ਪਾ ਲੈਣੀ ਹੈ।ਤੂੰ ਅਕਸਰ ਮੇਰਾ ਸਾਲ ਭਰ ਮਾਲ ਢੋਇਆ ਹੈ। ਵਿਰੋਧੀ ਪਾਰਟੀਆਂ ਵਾਲਿਆਂ ਨੂੰ ਕੀ ਪਤਾ ਨਹੀਂ ਕਿ ਤੂੰ ਮੇਰੀ ਲਈ ਸਮੱਗਲਿੰਗ ਵਿੱਚ ਹੱਥ ਵੰਡਾਉਂਦਾ ਸੀ?"
ਪਰ ਦੁੱਲਾ ਆਪਣੇ ਅਸੂਲਾਂ ਤੇ ਅੜਿਆ ਰਿਹਾ। ਇਸ ਨੇ ਆਪਣੇ ਅਸੂਲਾਂ ਤੇ ਸਮਝੌਤਾ ਨਾ ਕਰਦੇ ਹੋਏ, ਨੌਕਰੀ ਨੂੰ ਛੱਡ ਦੇਣ ਨੂੰ ਪਹਿਲ ਦਿੱਤੀ ਅਤੇ ਅਸਤੀਫ਼ਾ ਦੇ ਕੇ ਘਰ ਵਾਪਿਸ ਆ ਗਿਆ।
ਮੰਤਰੀ ਨੂੰ ਹੁਣ ਫ਼ਿਕਰ ਪੈ ਗਿਆ ਕਿ ਦੁੱਲੇ ਨੂੰ ਹੁਣ ਇਸ ਦੇ ਸਾਰੇ ਅੰਦਰੂਨੀ ਭੇਦਾਂ ਦਾ ਪਤਾ ਹੈ। ਕਿਸ ਜਗ੍ਹਾ ਤੋਂ ਡਰੱਗ ਆਉਂਦੀ ਹੈ ਅਤੇ ਕਿਸ ਜਗ੍ਹਾ ਪਹੁੰਚਦੀ ਹੈ। ਇਸ ਧੰਦੇ ਵਿੱਚ ਕਿਹੜੇ ਕਿਹੜੇ ਹੋਰ ਵਿਧਾਇਕ, ਅਫ਼ਸਰ ਅਤੇ ਪੁਲਿਸ ਵਾਲੇ ਭਾਗੀਦਾਰ ਹਨ। ਇਸ ਮੰਤਰੀ ਨੇ ਸੋਚਿਆ ਕਿ ਇਸ ਬੰਦੇ ਦਾ ਕੰਡਾ ਕੱਢਣਾ ਹੀ ਬੇਹਿਤਰ ਹੈ। ਇਹ ਇੱਕ ਦਿਨ ਇਸ ਦਾ ਭੇਦ ਖੋਲ੍ਹ ਕੇ ਇਸ ਨੂੰ ਜਰੂਰ ਫਸਾਏਗਾ। ਅਗਰ ਇਹ ਫਸਾਏਗਾ ਨਹੀਂ ਤਾਂ ਇਸ ਦੇ ਵਕਾਰ 'ਤੇ ਜ਼ਰੂਰ ਸੱਟ ਮਾਰੇਗਾ। ਦੁੱਲਾ ਪੜ੍ਹਿਆ ਲਿਖਿਆ ਨੌਜਵਾਨ ਹੈ ਅਤੇ ਰਾਜਨੀਤਕ ਸੂਝ ਰੱਖਦਾ ਹੈ। ਇਸੇ ਨੇ ਤਾਂ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਗਏ ਨੇ ਉਸ ਨੂੰ ਜ਼ਮਾਨੇ ਦਾ ਸੱਚ ਸੁਣਾਇਆ ਸੀ। ਹੋ ਸਕਦਾ ਹੈ ਕੱਲ੍ਹ ਨੂੰ ਇਹ ਆਪ ਉਮੀਦਵਾਰ ਬਣ ਕੇ ਇਸ ਦੀਆਂ ਸਿਆਸਤ ਵਿੱਚ ਗੋਡਣੀਆਂ ਲੁਆ ਦੇਵੇ।
ਮੰਤਰੀ ਸਾਹਿਬ ਇਸ ਦੇ ਅਸਤੀਫ਼ੇ ਤੋਂ ਬੁਰੀ ਤਰ੍ਹਾਂ ਖ਼ਫ਼ਾ ਹੋ ਗਏ ਅਤੇ ਗੁੱਸੇ ਵਿੱਚ ਅੱਗ ਭਬੂਕਾ ਹੋਣ ਲੱਗੇ।ਮੰਤਰੀ ਨੇ ਕੁੱਝ ਹਫ਼ਤੇ ਇਸ ਉੱਬਲਦੀ ਕੜ੍ਹੀ ਨੂੰ ਠੰਡਾ ਹੋਣ ਦਿੱਤਾ ਤਾਂ ਕਿ ਲੋਕਾਂ ਨੂੰ ਸ਼ੱਕ ਨਾ ਪਵੇ ਕਿ ਮੰਤਰੀ ਦੀ ਨੌਕਰੀ ਛੱਡਣ ਕਰਕੇ ਇਸ ਮੰਤਰੀ ਨੇ ਇਸ ਦਾ ਨੁਕਸਾਨ ਕਰ ਦਿੱਤਾ।
............................................................................................................
ਪੰਜ ਛੇ ਸਾਲ ਦਾ ਵਕਫ਼ਾ ਪੈ ਗਿਆ ਹੋਣ ਕਰਕੇ ਹੁਣ ਦੁੱਲੇ ਦਾ ਇੱਕ  ਸਰਕਾਰੀ ਮਹਿਕਮੇ ਵਿੱਚ ਨੌਕਰੀ ਲਈ ਨੰਬਰ ਆ ਗਿਆ। ਦੁੱਲਾ ਇੱਕ ਸੰਸਥਾ ਵਿੱਚ ਕਲਰਕ ਦੀ ਨੌਕਰੀ 'ਤੇ ਲੱਗ ਗਿਆ। ਜਿੰਨੇ ਕੁ ਪੈਸੇ ਮੰਤਰੀ ਦੀ ਨੌਕਰੀ ਕਰਦਿਆਂ ਮਿਲਦੇ ਸਨ, ਉੰਨੀ ਹੀ ਤਨਖ਼ਾਹ ਇਸ ਨੂੰ ਇਸ ਮਹਿਕਮੇ ਦੀ ਕਲਰਕੀ ਕਰਦਿਆਂ ਮਿਲਣ ਲੱਗੀ। ਦੁੱਲੇ ਨੇ ਵੀ ਹੁਣ ਪ੍ਰੋਫ਼ੈਸਰੀਆਂ ਜਾਂ ਉੱਚੀਆਂ ਨੌਕਰੀਆਂ ਲੈਣ ਦੇ ਸੁਪਨੇ ਛੱਡ ਦਿੱਤੇ। ਇਸ ਨੇ ਮਾਂ ਪਿਓ ਦੇ ਕਰਜ਼ੇ ਉਤਾਰਨ ਨੂੰ ਪਹਿਲ ਦਿੱਤੀ।
ਕਰਮਾ ਆਪਣੇ ਗੁਆਂਢੀ ਸੱਬੋ ਨੂੰ ਦੁੱਲੇ ਦੀ ਹੱਡਬੀਤੀ ਸੁਣਾਉਂਦਾ ਗਿਆ।ਬੱਚੇ ਆਪਣੇ ਪੜਦਾਦੇ ਅਤੇ ਨਾਨੇ ਤੋਂ ਅਜ਼ਾਦ, ਪਾਰਕ ਦੀਆਂ ਖੇਡਾਂ ਦਾ ਅਨੰਦ ਮਾਣਦੇ ਗਏ।
"ਨੌਕਰੀ ਲੱਗਣ ਤੋਂ ਬਾਅਦ ਤਾਂ ਮੇਜਰ ਸਿਓਂ ਦੇ ਮੁੰਡੇ ਨੂੰ ਕਰਜ਼ਾ ਲਾਹ ਕੇ ਕੁੱਝ ਸੁੱਖ ਦਾ ਸਾਹ ਆਇਆ ਹੋਏਗਾ?" ਸੱਬੋ ਨੇ ਦੁੱਲੇ ਦੇ ਉੱਜਲੇ ਭਵਿੱਖ ਦੀਆਂ ਕਿਆਸ ਅਰਾਈਆਂ ਲਾਉਂਦੇ ਕਰਮੇ ਨੂੰ ਸਵਾਲ ਕੀਤਾ।
ਇੱਕ ਦਿਨ ਦੁੱਲਾ ਆਪਣੇ ਦਫ਼ਤਰ ਤੋਂ ਸ਼ਿਫ਼ਟ ਲਾ ਕੇ ਮੋਟਰ ਸਾਇਕਲ 'ਤੇ ਘਰ ਨੂੰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਦੋ ਮੁੰਡਿਆਂ ਨੇ ਇਸ ਨੂੰ ਮੋਟਰ ਸਾਇਕਲ ਰੋਕਣ ਲਈ ਹੱਥ ਦਿੱਤਾ। ਕਿਸੇ ਵੀ ਮਾੜੀ ਘਟਨਾ ਤੋਂ ਬੇਖ਼ਬਰ ਦੁੱਲਾ ਬਰੇਕ ਲਾ ਕੇ ਖੜ੍ਹ ਗਿਆ। ਦੇਖਦਿਆਂ-ਦੇਖਦਿਆਂ ਇੱਕ ਮੁੰਡੇ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢਿਆ ਅਤੇ ਕਾੜ-ਕਾੜ ਕਰਦੀਆਂ ਤਿੰਨ ਚਾਰ ਗੋਲੀਆਂ ਦੁੱਲੇ 'ਤੇ ਦਾਗ ਦਿੱਤੀਆਂ। ਦੁੱਲਾ ਧੜੰਮ ਕਰਦਾ ਧਰਤੀ 'ਤੇ ਜਾ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਖ਼ੂਨ ਸਰੀਰ ਵਿੱਚੋਂ ਬੇਮੁਹਾਰੇ ਵੱਗ ਰਿਹਾ ਸੀ। ਉਸੇ ਹੀ ਸਮੇਂ ਅੱਗਿਓਂ ਇੱਕ ਕਾਰ ਆ ਗਈ। ਇਹ ਦੋਵੇਂ ਮੁੰਡੇ ਇਸ ਕਾਰ ਨੂੰ ਦੇਖ ਕੇ ਡਰਦੇ ਭੱਜ ਗਏ।
ਉਸ ਕਾਰ ਵਾਲੇ ਨੌਜਵਾਨ ਨੇ ਕਾਰ ਖੜ੍ਹੀ ਕਰਕੇ ਦੁੱਲੇ ਨੂੰ ਚੁੱਕਿਆ ਅਤੇ ਆਪਣੀ ਕਾਰ ਵਿੱਚ ਪਾ ਕੇ ਹਸਪਤਾਲ ਵਿੱਚ ਲੈ ਗਿਆ। ਹਸਪਤਾਲ ਵਿੱਚ ਪਹੁੰਚਦਿਆਂ ਦੁੱਲੇ ਦੀ ਹਾਲਤ ਗੰਭੀਰ ਹੋ ਗਈ।ਨਬਜ਼ ਅਜੇ ਹੌਲ੍ਹੀ ਹੌਲ੍ਹੀ ਚੱਲ ਰਹੀ ਸੀ। ਡਾਕਟਰਾਂ ਨੇ ਇਸ ਨੂੰ ਇਕ ਦਮ ਲਾਈਫ਼ ਸਪੋਰਟ ਮਸ਼ੀਨ 'ਤੇ ਲਾ ਦਿੱਤਾ। ਇਸ ਨਾਲ ਦੁੱਲੇ ਨੂੰ ਕੋਈ-ਕੋਈ ਸਾਹ ਆਉਂਦਾ ਰਿਹਾ।
ਜਦੋਂ ਇਸ ਦੁਰਘਟਨਾ ਦਾ ਪਤਾ ਦੁੱਲੇ ਦੀ ਮਾਤਾ ਪ੍ਰਗਾਸੋ ਨੂੰ ਲੱਗਾ ਤਾਂ ਉਹ ਸਾਹੋ ਸਾਹ ਹੁੰਦੀ ਹੋਈ ਹਸਪਤਾਲ ਪਹੁੰਚ ਗਈ। ਆਪਣੇ ਪੁੱਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖ ਕੇ ਇਹ ਆਪ ਖ਼ੁਦ ਬੇਹੋਸ਼ ਹੋਣ ਨੂੰ ਫਿਰਦੀ ਸੀ ਕਿ ਇਲਾਜ਼ ਕਰਦੀ ਡਾਕਟਰ ਸੀਮਾ ਨੇ ਮਾਤਾ ਜੀ ਦਾ ਹੱਥ ਫੜ੍ਹ ਕੇ ਭਰੋਸਾ ਦਿੱਤਾ,
"ਮਾਤਾ ਜੀ ਮੌਤ ਤਾਂ ਪ੍ਰਮਾਤਮਾ ਦੇ ਹੱਥ ਵੱਸ ਹੈ। ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਇਸ ਦੀ ਕਿਸੇ ਨਾ ਕਿਸੇ ਤਰ੍ਹਾਂ ਜਾਨ ਬਚਾਈ ਜਾ ਸਕੇ।"
ਪ੍ਰਗਾਸੋ ਕੁੱਝ ਹੌਸਲੇ ਵਿੱਚ ਆਈ। "ਧੀਏ ਮੇਰੇ ਪੁੱਤ ਨੂੰ ਬਚਾ ਲੈ। ਮੇਰਾ ਤੇਰਾ ਅਹਿਸਾਨ ਸਾਰੀ ਉਮਰ ਨਾ ਭੁੱਲਾਂਗੀ। ਮੈਂ ਸਾਰੀ ਉਮਰ ਤੇਰੇ ਪੈਰ ਧੋ ਧੋ ਪੀਊਂ।"
"ਮਾਤਾ ਇਸ ਤਰ੍ਹਾਂ ਨਾ ਕਹੋ। ਮੈਂ ਵੀ ਤੇਰੀਆਂ ਧੀਆਂ ਵਰਗੀ ਹਾਂ। ਸਾਡਾ ਪੇਸ਼ਾ ਸਾਡਾ ਧਰਮ ਹੈ।ਅਸੀਂ ਪੂਰੀ ਵਾਹ ਲਾ ਕੇ ਮਰੀਜ਼ ਨੂੰ ਬਚਾਉਣਾ ਹੁੰਦਾ ਹੈ। ਨਾਲੇ ਦੁੱਲੇ ਨੂੰ ਮੈਂ ਪਹਿਚਾਣ ਲਿਆ ਹੈ। ਇਹ ਕਾਲਿਜ ਸਮੇਂ ਮੇਰਾ ਕਲਾਸ ਫੈਲੋ ਸੀ। ਅਸੀਂ ਇਕੱਠਿਆਂ ਨੇ ਬੀ.ਏ. ਤੱਕ ਪੜ੍ਹਾਈ ਕੀਤੀ ਹੈ। ਇਹ ਐਮ.ਏ. ਕਰਨ ਲੱਗ ਪਿਆ ਤੇ ਮੈਂ ਡਾਕਟਰੀ ਪੜ੍ਹਾਈ ਕਰਦੀ ਗਈ। ਡਾਕਟਰ ਸੀਮਾ ਨੇ ਦੁੱਲੇ ਨੂੰ ਜਾਣਦੀ ਹੋਣ ਦਾ ਸਬੂਤ ਦੇ ਕੇ ਮਾਤਾ ਦਾ ਹੌਸਲਾ ਵਧਾਇਆ।
ਡਾਕਟਰ ਸੀਮਾ ਹਰ ਰੋਜ਼ ਦੁੱਲੇ ਦਾ ਵਿਸ਼ੇਸ਼ ਧਿਆਨ ਰੱਖਦੀ। ਦੁੱਲਾ ਅਜੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਸੀ, ਪਰ ਹਾਲਤ ਸਾਂਵੀਂ ਸੀ। ਮਸ਼ੀਨਾਂ ਰਾਹੀਂ ਦਿਲ ਚੱਲ ਰਿਹਾ ਸੀ।ਢੂੰਘੇ ਜ਼ਖ਼ਮ ਹੋਣ ਕਰਕੇ ਦੁੱਲੇ ਦੇ ਸਰੀਰ ਵਿੱਚੋਂ ਖ਼ੂਨ ਬਹੁਤ ਵੱਗ  ਚੁੱਕਾ ਸੀ। ਇਸ ਹਾਲਤ ਵਿੱਚ ਦੁੱਲੇ ਨੂੰ ਦਿਲ ਦਾ ਦੌਰਾ ਪੈ ਵੀ ਸਕਦਾ ਸੀ। ਡਾਕਟਰ ਸੀਮਾ ਅਤੇ ਦੁੱਲੇ ਦਾ ਖ਼ੂਨ ਦਾ ਗਰੁੱਪ ਇੱਕੋ ਸੀ। ਡਾਕਟਰ ਨੇ ਦੋ ਵਾਰ ਆਪਣਾ ਖ਼ੂਨ ਦੇ ਕੇ ਦੁੱਲੇ ਦੇ ਦਿਲ ਦੀ ਧੜਕਣ ਚਾਲੂ ਰੱਖੀ।
ਮਹੀਨਾ ਭਰ ਦੁੱਲੇ ਨੂੰ ਹੋਸ਼ ਨਾ ਆਈ। ਦੁੱਲੇ ਦੀ ਮਾਤਾ ਅਤੇ ਇਸ ਦੀ ਭੈਣ ਹਰ ਰੋਜ਼ ਪ੍ਰਮਾਤਮਾ ਅੱਗੇ ਦੁਆਵਾਂ ਕਰਦੀਆਂ ਰਹਿੰਦੀਆਂ ਕਿ ਦੁੱਲਾ ਦੇ ਸਰੀਰ ਵਿੱਚ ਸਾਹ ਚੱਲ ਪੈਣ। ਬਹੁਤੀ ਵੇਰ ਤਾਂ ਖ਼ੂਨ ਦਾ ਦੌਰਾ ਇੰਨਾ ਵੱਧ ਜਾਂ ਘੱਟ ਜਾਂਦਾ ਤਾਂ ਡਾਕਟਰ ਸੀਮਾ ਨੂੰ ਵੀ ਤਰੇਲੀਆਂ ਆ ਜਾਂਦੀਆਂ। ਪਰ ਇਹ ਦਲੇਰ ਡਾਕਟਰ ਪੂਰੀ ਤਨ ਦੇਹੀ ਨਾਲ ਦੁੱਲੇ ਦਾ ਇਲਾਜ਼ ਕਰਦੀ ਰਹੀ ਅਤੇ ਹਰ ਉਪਾਅ ਕਰ ਕੇ ਦੁੱਲੇ ਦੀ ਦਿਲ ਦੀ ਧੱੜਕਣ ਨੂੰ ਚਾਲੂ ਰੱਖਿਆ।
ਪੂਰੇ ਛੇਆਂ ਹਫ਼ਤਿਆਂ ਬਾਅਦ ਦੁੱਲੇ ਨੇ ਮਾਤਾ ਜੀ ਸਾਹਮਣੇ ਮਾੜੀ ਜਿਹੀ ਅੱਖ ਖੋਲ੍ਹੀ। ਮਾਤਾ ਜੀ ਪੁੱਤ ਦੀ ਖੁੱਲਦੀ ਅੱਖ ਦੇਖ ਕੇ ਬੜੀ ਖੁਸ਼ ਹੋਈ ਅਤੇ ਖੁਸ਼ੀ 'ਚ ਉਸ ਦਾ ਮੁੱਖ ਚੁੰਮਿਆ।ਮਾਤਾ ਛੇਤੀ ਜਾ ਕੇ ਡਾਕਟਰ ਸੀਮਾ ਨੂੰ ਸੱਦ ਕੇ ਲਿਆਈ,
"ਦੇਖ ਧੀਏ, ਮੇਰੇ ਪੁੱਤਰ ਨੇ ਮਾੜੀ ਜਿਹੀ ਅੱਖ ਖੋਲ੍ਹੀ ਹੈ।" "ਮਾਤਾ ਜੀ ਅਕਾਲ ਪੁਰਖ ਤੇ ਭਰੋਸਾ ਰੱਖੋ, ਕੁੱਝ ਦਿਨਾਂ ਤੱਕ ਤੇਰਾ ਪੁੱਤ ਪੂਰੀਆਂ ਅੱਖਾਂ ਵੀ ਖੋਲ੍ਹਣ ਲੱਗ ਪਏਗਾ।"
"ਸੁਣਿਆ ਇੰਡੀਆ 'ਚ ਡਾਕਟਰ ਬੜੇ ਲਾਲਚੀ ਹੋ ਗਏ ਹਨ।ਸੀਮਾ ਡਾਕਟਰ ਦੀ ਗੱਲ ਸੁਣ ਕੇ ਤਾ ਲੱਗਦੈ ਅਜੇ ਧਰਮੀ ਡਾਕਟਰਾਂ ਦਾ ਵੀ ਕੋਈ ਘਾਟਾ ਨਹੀਂ।" ਕਰਮੇ ਤੋਂ ਸੀਮਾ ਦੀ ਸਿਫ਼ਤ ਕੀਤੇ ਬਿਨਾਂ ਰਿਹਾ ਨਾ ਗਿਆ।ਸੱਬੋ ਨੂੰ ਆਖਣ ਲੱਗਾ,
"ਸੱਬੋ ਕੌਣ ਕਹਿੰਦਾ ਹੈ ਇਸ ਯੁੱਗ ਵਿੱਚ ਧਰਮੀ ਬੰਦੇ ਨਹੀਂ ਰਹੇ। ਸੀਮਾ ਤਾਂ ਦੁੱਲੇ ਲਈ ਨਿਰੀ ਦੇਵੀ ਬਣ ਕੇ ਆਈ ਸੀ।"
ਉਸ ਦਿਨ ਪ੍ਰਗਾਸੋ ਨੇ ਗੁਰਦੁਆਰੇ ਜਾ ਕੇ ਪ੍ਰਸ਼ਾਦ ਕਰਾਇਆ ਅਤੇ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਡਾਕਟਰ ਸੀਮਾ ਦਾ ਹੱਥ ਫੜ ਕੇ ਮਾਤਾ ਆਖਣ ਲੱਗੀ, "ਧੀਏ ਤੂੰ ਤਾਂ ਪਰਮਾਤਮਾ ਦਾ ਰੂਪ ਹੈਂ, ਜਿਸ ਨੇ ਮੇਰਾ ਪੁੱਤ ਬਚਾ ਲਿਆ। ਤੈਨੂੰ ਰੱਬ ਹੋਰ ਤਰੱਕੀਆਂ ਦੇਵੇ। ਦੁੱਧੀਂ ਨਾ੍ਹਵੇਂ, ਪੁੱਤੀ ਫ਼ਲ਼ੇਂ।"
ਦੁੱਲਾ ਹੁਣ ਦਿਨ-ਪ੍ਰਤੀ-ਦਿਨ ਠੀਕ ਹੁੰਦਾ ਗਿਆ। ਨਰਸਾਂ ਸਹਾਰਾ ਦੇ ਕੇ  ਦੁੱਲੇ ਨੂੰ ਤੋਰਨ ਲੱਗ ਪਈਆਂ। ਦੁੱਲਾ ਹੌਲੀ-ਹੌਲੀ ਗੱਲਾਂ ਵੀ ਕਰਨ ਲੱਗਾ। ਜਦੋਂ ਦੁੱਲੇ ਨੂੰ ਇਹ ਪਤਾ ਲੱਗਾ ਕਿ ਇਲਾਜ਼ ਕਰਕੇ ਇਸ ਦੀ ਜਾਨ ਬਚਾਉਣ ਵਾਲੀ ਕੋਈ ਹੋਰ ਨਹੀ ਪਰ ਡਾਕਟਰ ਸੀਮਾ ਹੈ, ਜਿਹੜੀ  ਕਾਲਜ ਵਿੱਚ ਇਸ ਦੀ ਕਲਾਸਮੇਟ ਰਹੀ ਹੈ। ਇਹ ਜਾਣ ਕੇ ਇਸ ਦਾ ਦਰਦ ਖੰਭ ਲਾ ਕੇ ਉੱਡਣ ਲੱਗਾ।
ਕਾਲਜ ਵਿੱਚ ਇਹ ਕੁੜੀ ਦੁੱਲੇ ਦੀ ਗੁੱਝੀ ਪ੍ਰਸ਼ੰਸਕ ਸੀ। ਮਨ ਹੀ ਮਨ ਵਿੱਚ ਦੁੱਲੇ ਨਾਲ ਪਿਆਰ ਕਰਦੀ ਸੀ ਪਰ ਦੁਨਿਆਵੀ ਬੰਦਸ਼ਾਂ ਅਤੇ ਕਾਲਜ ਦੀ ਪੜ੍ਹਾਈ ਦੇ ਫ਼ਿਕਰ ਕਰਕੇ ਇਸ ਦਾ ਹੌਸਲਾ ਦੁੱਲੇ ਨਾਲ ਗੱਲ ਕਰਨ ਲਈ ਨਹੀਂ ਪੈਂਦਾ ਸੀ। ਸੀਮਾ ਦੀਆਂ ਸਹੇਲੀਆਂ ਕਈ ਵਾਰ ਇਸ ਦੇ ਗੁੱਝਾ ਤੀਰ ਮਾਰ ਜਾਂਦੀਆਂ,
"ਤੂੰ ਤਾਂ ਦੁੱਲੇ 'ਤੇ ਮਰਦੀ ਹੈਂ, ਪਰ ਉਹ ਤੇਰੇ ਵੱਲ ਝਾਕਦਾ ਵੀ ਨਹੀਂ।" ਸਹੇਲੀਆਂ ਦੇ ਤਾਹਨੇ ਸੁਣ ਕੇ ਸੀਮਾ ਮਿੰਨ੍ਹਾ ਜਿਹਾ ਮੁਸਕਰਾ ਛੱਡਦੀ ਅਤੇ ਪਾਸਾ ਮਾਰ ਕੇ ਇੱਕ ਪਾਸੇ ਤੁਰ ਜਾਂਦੀ।
ਦੁੱਲਾ ਹੁਣ ਤਕਰੀਬਨ ਸਿਹਤਮੰਦ ਹੋ ਗਿਆ। ਦੁੱਲੇ ਨੂੰ ਫ਼ਿਕਰ ਪੈ ਗਿਆ ਕਿ ਹੁਣ ਇਸ ਹਸਪਤਾਲ ਦਾ ਲੱਖਾਂ ਦਾ ਬਿੱਲ ਕੌਣ ਤਾਰੂ। ਦੁੱਲੇ ਨੇ ਆਪਣੀ ਮਾਤਾ ਨੂੰ ਕੋਲ ਬੁਲਾ ਕੇ ਕਿਹਾ,
"ਮਾਤਾ ਜੀ, ਸਾਡੇ ਪਾਸ ਪੈਸਿਆਂ ਦਾ ਤਾਂ ਕੋਈ ਹੋਰ ਇੰਤਜ਼ਾਮ ਨਹੀਂ। ਕਿਉਂ ਨਾ ਬਾਪੂ ਦੀ ਕੁੱਝ ਜ਼ਮੀਨ ਵੇਚ ਕੇ ਹਸਪਤਾਲ ਦਾ ਬਿੱਲ ਤਾਰ ਦੇਈਏ!" ਨਾਲ ਦੀ ਕੁਰਸੀ 'ਤੇ ਬੈਠੀ ਡਾਕਟਰ ਸੀਮਾ ਨੇ ਇਹ ਗੱਲ ਸੁਣ ਲਈ 'ਤੇ ਆਖਣ ਲੱਗੀ,
"ਮਾਤਾ ਜੀ ਫ਼ਿਕਰ ਨਾ ਕਰੋ।ਦੁੱਲਾ ਜੇਕਰ ਤੁਹਾਡਾ ਪੁੱਤਰ ਹੈ ਤਾਂ ਮੇਰਾ ਵੀ ਕੁੱਝ ਲੱਗਦਾ ਹੀ ਹੈ। ਬਿੱਲ ਮੈਂ ਆਪ ਖ਼ੁਦ ਤਾਰਾਂਗੀ।"
"ਧੀਏ, ਇੰਨਾ ਥੋੜ੍ਹਾ ਕਿ ਤੂੰ ਮੇਰੇ ਪੁੱਤ ਦੀ ਜਾਨ ਬਚਾ ਲਈ। ਹੁਣ ਤੂੰ ਪੈਸੇ ਵੀ ਕੋਲੋਂ ਦੇਵੇਂਗੀ!! ਨਾ ਨਾ ਧੀਏ, ਸਾਡੇ 'ਤੇ ਇੰਨਾ ਭਾਰ ਨਾ ਚੜ੍ਹਾ!!" ਡਾਕਟਰ ਸੀਮਾ ਨੇ ਨੇੜੇ ਹੋ ਕੇ ਮਾਤਾ ਦਾ ਮੱਥਾ ਚੁੰਮਿਆ ਅਤੇ ਇਸ ਨੂੰ ਪੈਸਿਆਂ ਦੀ ਗੱਲ ਕਰਨ ਤੋਂ ਮਨ੍ਹਾ ਕੀਤਾ।
ਅੱਜ ਦੁੱਲਾ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਰਿਹਾ ਸੀ। ਡਾਕਟਰ ਸੀਮਾ ਦੀਆਂ ਅੱਖਾਂ ਨੱਮ ਸਨ। ਮਾਤਾ ਪ੍ਰਗਾਸੋ ਅਤੇ ਦੁੱਲੇ ਦੀ ਭੈਣ ਸਿਮਰਨ ਨੇ ਡਾਕਟਰ ਸੀਮਾ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ। ਦੁੱਲਾ ਆਪਣੇ ਹਿਰਦੇ ਦੀਆਂ ਡੁੰਘਿਆਈਆਂ 'ਚੋਂ ਡਾਕਟਰ ਸੀਮਾ ਦਾ ਧੰਨਵਾਦ ਕਰ ਰਿਹਾ ਸੀ ਪਰ ਉਸ ਦੇ ਦਿਲ ਦੀ ਧੜਕਣ ਕੁੱਝ ਹੋਰ ਵੀ ਬਿਆਨ ਕਰ ਰਹੀ ਸੀ। ਇਸ ਤੋਂ ਆਖਰ ਕਹਿ ਹੀ ਹੋ ਗਿਆ,
"ਡਾਕਟਰ ਸੀਮਾ, ਮੇਰੀ ਜਾਨ ਬਚਾ ਕੇ ਤੂੰ ਮੈਨੂੰ ਆਪਣਾ ਕਰਜ਼ਾਈ ਬਣਾ ਲਿਆ। ਕਾਲਜ ਵਿੱਚ ਭਾਵੇਂ ਮੈਂ ਤੈਨੂੰ ਅਣਗੌਲਿਆਂ ਕਰ ਰਿਹਾ ਸੀ। ਪਰ ਹੁਣ ਤੂੰ ਸਾਬਤ ਕਰ ਦਿੱਤਾ ਕਿ ਤੂੰ ਮੈਨੂੰ ਸੱਚ ਮੁੱਚ ਪਿਆਰ ਕਰਦੀ ਹੈਂ। ਹੁਣ ਤੇਰੇ ਰਾਹੀਂ ਰੱਬ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਜ਼ਿੰਦਗੀ ਤੇਰੇ ਲੇਖੇ ਹੀ ਲੱਗੇਗੀ। ਅਗਰ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਸਦਾ ਲਈ ਤੇਰਾ ਬਣ ਕੇ ਰਹਿਣਾ ਚਾਹੁੰਦਾ ਹਾਂ।"  ਦੁੱਲੇ ਦੀਆਂ ਭਰੀਆਂ ਅੱਖਾਂ ਦਾ ਤਰਲਾ ਦੇਖ ਕੇ ਹੁਣ ਡਾਕਟਰ ਸੀਮਾ ਦੀ ਚੁੱਪ ਅਤੇ ਮਿੰਨੀ ਮੁਸਕਾਨ ਵੀ ਕੋਈ ਗੁੱਝੀ ਹਾਮੀ ਭਰ ਰਹੀ ਸੀ।
ਡਾਕਟਰ ਸੀਮਾ ਅਤੇ ਦੁੱਲਾ ਹੁਣ ਛੇਤੀ ਛੇਤੀ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਦੇ ਰਹਿੰਦੇ ਅਤੇ ਆਪਸ 'ਚ ਮਿਲਦੇ ਰਹਿੰਦੇ । ਇਹਨਾਂ ਪਿਆਰ ਦੀਆਂ ਮਿਲਣੀਆਂ ਨੇ ਰਿਸ਼ਤੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ।ਸਮੇਂ ਦੀ ਗਰਦਸ਼ ਵਿੱਚ ਦੱਬੇ ਕੋਮਲ ਫੁੱਲ ਅੱਜ ਫੇਰ ਪਿਆਰ ਦੀਆਂ ਮਹਿਕਾਂ ਖਿਲਾਰਨ ਲੱਗੇ।
ਕੁੱਝ ਹੀ ਮਹੀਨਿਆਂ ਵਿੱਚ ਡਾਕਟਰ ਸੀਮਾ ਨੇ ਦੁੱਲੇ ਨਾਲ ਵਿਆਹ ਕਰਾ ਲਿਆ।ਇਸ ਦੀ ਰਾਜਨੀਤੀ ਅਤੇ ਸਮਾਜ ਵਾਰੇ ਡੂੰਘੀ ਦਿਲਚਸਪੀ ਹੋਣ ਕਰਕੇ ਸੀਮਾ ਨੇ ਦੁੱਲੇ ਨੂੰ ਆਪਣੇ ਹੀ ਖ਼ਰਚ ਤੇ ਪੱਤਰਕਾਰੀ ਦਾ ਡਿਪਲੋਮਾ ਕਰਾ ਦਿੱਤਾ। ਹੁਣ ਦੁੱਲਾ ਰਾਜਨੀਤੀ ਅਤੇ ਸਮਾਜ ਦੀਆਂ ਆਮ ਕਾਰਗੁਜ਼ਾਰੀਆਂ ਦੀ ਮੁਹਾਰਤ ਹਾਸਲ ਕਰ ਗਿਆ। ਪਹਿਲਾਂ ਰਾਜਨੀਤੀ ਮਜ਼ਬੂਨ ਵਿੱਚ ਕੀਤੀ ਇਸ ਦੀ ਡਿਗਰੀ ਸੋਨੇ ਤੇ ਸੁਹਾਗੇ ਵਾਂਗ ਕੰਮ ਕਰ ਗਈ।
ਇੱਕ ਟੈਲੀਵਿਯਨ ਚੈਨਲ ਵਾਲਿਆਂ ਨੇ ਦੁੱਲੇ ਦੀ ਲਿਆਕਤ ਭਾਂਪਦੇ ਹੋਏ ਇਸ ਨੂੰ ਆਪਣੇ ਮੀਡੀਏ ਵਿੱਚ ਪੱਤਰਕਾਰੀ ਦੀ ਨੌਕਰੀ ਦੇ ਦਿੱਤੀ।ਦੁੱਲਾ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਸਿਆਸਤਦਾਨਾਂ ਅਤੇ ਸਮਾਜ ਦੀਆਂ ਕੁਰੀਤੀਆਂ ਦੀਆਂ ਪਰਤਾਂ ਫੋਲਦਾ ਰਹਿੰਦਾ।ਇਸ ਦੀ ਨਿਰਪੱਖ ਅਤੇ ਸੁੱਥਰੀ ਪੱਤਰਕਾਰੀ ਦੀ ਚਰਚਾ ਆਮ ਹੋਣ ਲੱਗੀ। ਚੈਨਲ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਣ ਲੱਗਾ ਅਤੇ ਇਸ ਦੇ ਨਾਲ ਹੀ ਇਸ ਦੀ ਤਨਖ਼ਾਹ ਵਿੱਚ।
ਇੱਕ ਦਿਨ ਦੁੱਲੇ ਨੇ ਆਪਣੇ ਟੈਲੀਵਿਜ਼ਨ ਚੈਨਲ 'ਤੇ ਭਰਿਸ਼ਟਾਚਾਰ ਦੇ ਮਸਲੇ 'ਤੇ ਬਹਿਸ ਕਰਨ ਲਈ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵਿਧਾਇਕ ਸੱਦੇ। ਜਿਨ੍ਹਾਂ ਵਿੱਚ ਇਸ ਦੇ ਇਲਾਕੇ ਦਾ ਮੰਤਰੀ ਵੀ ਸੀ। ਉਹੀ ਮੰਤਰੀ ਜਿਸ ਨੇ ਇਸ ਨੂੰ ਆਪਣੇ ਗੁੰਡਿਆਂ ਪਾਸੋਂ ਗੋਲੀ ਮਰਵਾਈ ਸੀ। ਬਾਕੀ ਸਭ ਪਾਰਟੀਆਂ ਦੇ ਨੁੰਮਾਇੰਦਿਆਂ ਨੇ ਖੁੱਲ ਕੇ ਬਹਿਸ ਵਿੱਚ ਹਿੱਸਾ ਲਿਆ। ਪਰ ਟੈਲੀਵਜ਼ਿਨ ਪੈਨਲ 'ਤੇ ਇਸ ਵਿਧਾਇਕ ਦੀ ਕੁਰਸੀ ਖਾਲੀ ਸੀ। ਵਾਰ ਵਾਰ ਫ਼ੋਨ ਕਰਕੇ ਇੰਟਰਵਿਊ ਪੈਨਲ 'ਤੇ ਸੱਦਿਆ ਗਿਆ। ਪਰ ਫ਼ੋਨ ਦੀ ਘੰਟੀ ਵੱਜਦੀ ਹੋਣ ਦੇ ਬਾਵਯੂਦ ਵੀ ਕੋਈ ਜਵਾਬ ਨਹੀਂ ਸੀ ਆ ਰਿਹਾ।
ਦੁੱਲੇ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪਰਿਵਾਰ ਸਿਰ ਚੜ੍ਹਿਆ ਹੋਇਆ ਕਰਜਾ ਲਾਹ ਦਿੱਤਾ।ਡਾਕਟਰ ਸੀਮਾ ਆਪਣੇ ਪੇਸ਼ੇ ਵਿੱਚ ਸੁਚੱਜੀ ਸੇਵਾ ਦਿੰਦੀ ਗਈ।ਦੁੱਲਾ ਆਪਣੀ ਨਿਪੁੰਨ ਅਤੇ ਨਿਰਪੱਖ ਪੇਸ਼ਕਾਰੀ ਕਰਦਾ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਣ ਲੱਗਾ। ਉੱਘੇ ਅਰਥਸ਼ਾਸਤਰੀ, ਸਮਾਜਸ਼ਾਸ਼ਤਰੀ, ਸਿਆਸਤਦਾਨ, ਕਲਾਕਾਰ, ਖਿਡਾਰੀ ਅਤੇ ਹੋਰ ਬੁੱਧੀਜੀਵੀ ਚੈਨਲ 'ਤੇ ਇਸ ਨਾਲ ਇੰਟਰਵਿਊ ਦੇ ਕੇ ਆਪਣੇ ਧੰਨਭਾਗ ਸਮਝਦੇ। ਕਿਉਂਕਿ ਇਸ ਨਾਲ ਉਨ੍ਹਾਂ ਦੇ ਕਿਰਦਾਰ ਅਤੇ ਵਕਾਰ ਵਿੱਚ ਨਿਖ਼ਾਰ ਆਉਂਦਾ ਸੀ।
ਮਾਤਾ ਜੀ ਅਤੇ ਭੈਣ ਸਿਮਰਨ ਦੇ ਚਿਹਰਿਆਂ 'ਤੇ ਖੁਸ਼ੀਆਂ ਮੰਡਲਾਉਣ ਲੱਗੀਆਂ। ਉੱਜੜੇ ਬਾਗ ਦਾ ਮੁੱਰਝਾਇਆ ਫੁੱਲ, ਡਾਕਟਰ ਸੀਮਾ ਵਰਗੀ ਪਤਨੀ ਪਾ ਕੇ ਅੱਜ ਫਿਰ ਪੂਰੇ ਜੋਬਨ ਵਿੱਚ ਖਿੜ ਕੇ ਪੰਜਾਬ ਦੀ ਗੰਧਲੀ ਫ਼ਿਜ਼ਾਂ ਵਿੱਚ ਆਪਣੀ ਮਹਿਕ ਖਿਲਾਰਨ ਲੱਗਾ।"
"ਕਰਮਿਆਂ, ਤੂੰ ਮੇਜਰ ਸਿਓਂ ਦੀ ਗੱਲ ਸੁਣਾ ਕੇ ਮੈਨੂੰ ਸੱਚ ਮੁੱਚ ਹੀ ਭਾਵੁੱਕ ਕਰ ਦਿੱਤਾ।ਅਗਰ ਪੰਜਾਬ ਦੇ ਵੋਟਰ ਇਮਾਨਦਾਰ ਅਤੇ ਅਗਾਂਹ ਵਧੂ ਨੀਤੀਆਂ ਵਾਲੇ ਆਗੂਆਂ ਦੀ ਚੋਣ ਕਰਨ ਅਤੇ ਸੀਮਾ ਵਰਗੇ ਬੁੱਧੀਜੀਵੀ ਇਨਸਾਨ ਪਰਸ਼ਾਸ਼ਨ ਨੂੰ ਚਲਾਉਣ, ਤਾਂ ਕੀ ਲੋੜ ਹੈ ਸਾਡੀ ਜਵਾਨੀ ਬਿਦੇਸ਼ਾਂ ਵਿੱਚ ਆਪਣਾ ਭਵਿੱਖ ਸਵਾਰਨ ਲਈ ਭੱਜੀ ਜਾਵੇ।"
ਸੱਬੋ ਕਰਮੇ ਤੋਂ ਦੁੱਲੇ ਦੀ ਗੱਲ ਸੁਣ ਕੇ ਕੁੱਝ ਆਸ਼ਾਵਾਦੀ ਜਾਪ ਰਿਹਾ ਸੀ।ਸੋਚਣ ਲੱਗਾ ਕਾਸ਼! ਉਹ ਦਿਨ ਆਉਣ ਜਦੋਂ ਪੰਜਾਬ ਦੇ ਉਜੜੇ ਬਾਗਾਂ ਵਿੱਚ ਦੁੱਲੇ ਵਰਗੇ ਫੁੱਲ ਇੱਕ ਵਾਰ ਫੇਰ ਖਿੜਨ। ਇਨ੍ਹਾਂ ਖਿਆਲਾਂ ਦੀ ਉਧੇੜ ਬੁੱਣਤੀ ਕਰਦਾ ਹੋਇਆ ਆਪਣੇ ਦੋਹਤੇ ਦੋਹਤੀ ਦੀ ਉਂਗਲ ਫੜ ਕੇ ਘਰ ਵੱਲ ਤੁਰ ਪਿਆ।

ਮੁਰੱਬਿਆਂ ਵਾਲੀ -  ਬਲਵੰਤ ਸਿੰਘ ਗਿੱਲ

"ਨਵਕਿਰਨ, ਤੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ ਐਮ. ਐਸ. ਸੀ. ਫ਼ਸਟ ਡਵੀਜ਼ਨ ਵਿੱਚ ਕੀਤੀ। ਇਸੇ ਕਰਕੇ ਤੈਨੂੰ ਇਸੇ ਹੀ ਯੂਨੀਵਰਸਿਟੀ ਵਿੱਚ ਰਿਸਰਚ ਅਸਿਸਟੈਂਟ ਦੀ ਚੰਗੀ ਤਨਖ਼ਾਹ ਵਾਲੀ ਨੌਕਰੀ ਮਿਲੀ ਸੀ। ਪਰ ਤੂੰ ਇਹ ਸਭ ਕੁੱਝ ਛੱਡ ਕੇ ਆਪਣੇ ਪਿੰਡ ਆ ਗਈ ਅਤੇ ਆ ਕੇ ਦਰਜ਼ੀਪੁਣੇ ਦਾ ਕਾਰੋਬਾਰ ਚਲਾ ਲਿਆ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇੰਨਾ ਸੋਹਣਾ ਸ਼ਹਿਰ ਅਤੇ ਇੰਨੀ ਸੋਹਣੀ ਨੌਕਰੀ ਛੱਡਣ ਦੀ ਤੈਨੂੰ ਕਿਉਂ ਜ਼ਰੂਰਤ ਪੈ ਗਈ!" "ਸੋਨੀ ਤੈਨੂੰ ਇਸ ਗੱਲ ਦੀ ਹੌਲੀ-ਹੌਲੀ ਸਮਝ ਲੱਗੇਗੀ। ਇੱਦਾਂ ਕਰ ਤੂੰ ਆਹ ਅਖ਼ਵਾਰ ਪੜ੍ਹ, ਜਦੇ ਨੂੰ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ।" ਨਵਕਿਰਨ ਨੇ ਆਪਣੇ ਡਰਾਇੰਗ ਰੂਮ ਦੇ ਕੌਫ਼ੀ ਟੇਬਲ ਦੇ ਥੱਲੇ ਵਾਲੇ ਦਰਾਜ ਵਿੱਚੋਂ ਉਸ ਦਿਨ ਦੀ ਤਾਜ਼ੀ ਅਖ਼ਵਾਰ ਸੋਨੀ ਨੂੰ ਪੜ੍ਹਨ ਨੂੰ ਦੇ ਦਿੱਤੀ ਅਤੇ ਆਪ ਰਸੋਈ ਵਿੱਚ ਚਾਹ ਬਣਾਉਣ ਚਲੇ ਗਈ। ਸੋਨੀ ਬਹੁਤ ਚਿਰਾਂ ਬਾਅਦ ਮੁਹਾਲੀ ਤੋਂ ਅੱਜ ਆਪਣੀ ਸਹਿਪਾਠਨ ਨੂੰ ਉਸ ਦੇ ਪਿੰਡ ਮਿਲਣ ਆਈ ਸੀ।ਨਵਕਿਰਨ ਅਤੇ ਸੋਨੀ ਚੰਡੀਗੜ੍ਹ ਵਿੱਚ ਇੱਕੋ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ। ਨਵਕਿਰਨ ਐਮ. ਐਸ. ਸੀ. ਦੀ ਵਿਦਿਆਰਥਣ ਸੀ ਅਤੇ ਸੋਨੀ ਇਤਿਹਾਸ ਦੀ ਐਮ. ਏ. ਕਰ ਰਹੀ ਸੀ। ਹੋਸਟਲ ਵਿੱਚ ਦੋਹਾਂ ਕੁੜੀਆਂ ਦੇ ਨਾਲ-ਨਾਲ ਦੇ ਕਮਰੇ ਸਨ। ਪੜ੍ਹਨ ਵਿੱਚ ਦੋਨੋਂ ਕੁੜੀਆਂ ਖੂਬ ਹੁਸ਼ਿਆਰ ਸਨ। ਇਨ੍ਹਾਂ ਦੋਹਾਂ ਸਹੇਲੀਆਂ ਦਾ ਫ਼ਰਕ ਬੱਸ ਇੰਨਾ ਸੀ ਕਿ ਨਵਕਿਰਨ ਇੱਕ ਗਰੀਬ ਘਰ ਦੀ ਲੜਕੀ ਸੀ ਅਤੇ ਸੋਨੀ ਦੇ ਮਾਂ ਬਾਪ ਸਰਦੇ ਪੁੱਜਦੇ ਘਰਾਣੇ ਵਿੱਚੋਂ ਸਨ। ਪੜ੍ਹਾਈ ਖ਼ਤਮ ਕਰਦਿਆਂ ਨਵਕਿਰਨ ਦਾ ਵਿਆਹ ਇਸ ਦੇ ਹੀ ਇੱਕ ਸਹਿਪਾਠੀ ਅਮਰੀਕ ਨਾਲ ਹੋ ਗਿਆ ਸੀ ਅਤੇ ਸੋਨੀ ਦਾ ਵਿਆਹ ਇੱਕ ਪ੍ਰਸਿੱਧ ਗਾਇਕ ਸ਼ੀਰੇ ਸੰਧੂ ਨਾਲ ਹੋ ਗਿਆ ਸੀ।
"ਸੋਨੀ, ਆਹ ਫੜ ਚਾਹ ਦਾ ਕੱਪ ਅਤੇ ਸੁਣਾ ਆਪਣਾ ਹਾਲ-ਚਾਲ। ਕਾਫ਼ੀ ਦੇਰ ਹੋ ਗਈ ਜਦੋਂ ਦੀ ਯੂਨੀਵਰਸਿਟੀ ਛੱਡੀ, ਸਾਡਾ ਮੇਲ ਹੀ ਨਹੀਂ ਹੋਇਆ। ਕਿਵੇਂ ਹੈ ਤੇਰਾ ਪਰਿਵਾਰ?" "ਭੈਣੇ, ਮੈਂ ਐਮ. ਏ. ਫ਼ਸਟ ਡਵੀਜ਼ਨ ਵਿੱਚ ਕਰਨ ਤੋਂ ਬਾਅਦ ਸਾਲ ਕੁ ਵਹਿਲੀ ਰਹੀ। ਮੈਨੂੰ ਨੌਕਰੀ ਕਿਤੇ ਮਿਲੇ ਨਾ। ਮੇਰੇ ਮਾਪੇ ਤਾਂ ਮੇਰੇ ਤੇ ਨੌਕਰੀ ਲਈ ਰੱਤੀ ਵੀ ਦਬਾਅ ਨਹੀਂ ਪਾਉਂਦੇ ਸਨ। ਜਦ ਕਦੇ ਮੈਂ ਨੌਕਰੀ ਨਾ ਮਿਲਣ ਕਰਕੇ ਉਨ੍ਹਾਂ ਪਾਸ ਆਪਣੀ ਮਾਯੂਸੀ ਦਿਖਾਉਣੀ ਤਾਂ ਉਨ੍ਹਾਂ ਨੇ ਮੈਨੂੰ ਦਿਲਾਸਾ ਦੇ ਦੇਣਾ ਕਿ ਪਰਮਾਤਮਾ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੋਇਆ ਹੈ, ਐਵੇਂ ਚਿੰਤਾ ਨਾ ਕਰ।ਜਦ ਕਦੇ ਕੋਈ ਨੌਕਰੀ ਮਿਲੀ ਤਾਂ ਕਰ ਲਵੀਂ।ਅਗਰ ਨਾ ਵੀ ਮਿਲੀ ਤਾਂ ਕੋਈ ਪਹਾੜ ਨਹੀਂ ਡਿੱਗਣ ਲੱਗਾ।ਸਮਾਂ ਬਿਤਾਉਣ ਲਈ ਮੈਂ ਅਤੇ ਮੇਰੀ ਇੱਕ ਹੋਰ ਸਹੇਲੀ ਸੀਮਾ ਦੋਹਾਂ ਨੇ ਕਦੇ ਫ਼ਿਲਮ ਦੇਖਣ ਚਲੇ ਜਾਣਾ ਜਾਂ ਫਿਰ ਸ਼ਹਿਰ ਵਿੱਚ ਜਾਂ ਲਾਗਲੇ ਕਸਬੇ ਵਿੱਚ ਕਿਸੇ ਗਾਇਕ ਦਾ ਪ੍ਰੋਗਰਾਮ (ਕੋਨਸਰਟ) ਦੇਖਣ ਚਲੇ ਜਾਣਾ। ਵਹਿਲੀਆਂ ਦਾ ਮੰਨਪ੍ਰਚਾਵੇ ਦਾ ਵੀ ਕੋਈ ਸਾਧਨ ਚਾਹੀਦਾ ਸੀ।" ਸੋਨੀ ਆਪਣੇ ਵਿਹਲੇ ਸਮੇਂ ਨੂੰ ਬਤਾਉਣ ਦੀਆਂ ਬਾਤਾਂ ਪਾਉਂਦੀ ਗਈ। "ਇੱਕ ਦਿਨ ਨਾਲ ਵਾਲੇ ਸ਼ਹਿਰ ਵਿੱਚ ਸ਼ੀਰੇ ਸੰਧੂ ਦਾ ਅਖਾੜਾ ਲੱਗਣਾ ਸੀ। ਅਸੀਂ ਦੋਵੇਂ ਸਹੇਲੀਆਂ ਨੇ ਟਿਕਟ ਲਏ ਅਤੇ ਮੋਹਰਲੀ ਕਤਾਰ ਵਿੱਚ ਬੈਠ ਗਈਆਂ। ਕੀ ਦੱਸਾਂ ਭੈਣੇ, ਸ਼ੀਰੇ ਸੰਧੂ ਦੀ ਸਾਰੇ ਅਖਾੜੇ ਦੇ ਸਮੇਂ ਮੇਰੇ 'ਤੇ ਹੀ ਅੱਖ ਰਹੀ। ਹਰ ਗਾਣੇ ਵਿੱਚ ਮੈਨੂੰ ਸੈਨਤ ਜਿਹੀ ਮਾਰ ਜਾਇਆ ਕਰੇ।" "ਸੋਨੀ ਇਸ ਵਿੱਚ ਤੇਰਾ ਕਸੂਰ ਨਹੀਂ ਸੀ। ਕਸੂਰ ਤੇਰੀ ਸੋਹਣੀ ਸੂਰਤ, ਸਰੂ ਵਰਗੇ ਕੱਦ ਅਤੇ ਗੁੰਦਵੇਂ ਸਰੀਰ ਦਾ ਸੀ। ਕਿਹੜਾ ਗੱਭਰੂ ਹੋਵੇਗਾ ਜਿਹੜਾ ਤੇਰੀ ਸੂਰਤ 'ਤੇ ਨਾ ਮਰਦਾ। ਅੱਗੇ ਦੱਸ ਫੇਰ ਕੀ ਹੋਇਆ?" "ਨਵਕਿਰਨ, ਹੋਣਾ ਕੀ ਸੀ, ਕੌਨਸਰਟ ਖ਼ਤਮ ਹੁੰਦਿਆਂ ਸ਼ੀਰੇ ਦਾ ਇੱਕ ਅੰਗ ਰੱਖਿਅਕ ਮੇਰੇ ਕੋਲ ਆ ਕੇ ਆਖਣ ਲੱਗਾ ਕਿ ਤੈਨੂੰ ਸ਼ੀਰੇ ਨੇ ਪਿੱਛੇ ਚੇਂਜਿੰਗ ਰੂਮ ਵਿੱਚ ਬੁਲਾਇਆ ਹੈ। ਮੈਂ ਪਹਿਲਾਂ ਤਾਂ ਇਸ ਹੱਟੇ ਕੱਟੇ ਬਾਊਂਸਰ ਨੂੰ ਦੇਖ ਕੇ ਡਰ ਗਈ। ਫੇਰ ਦੂਸਰਾ ਡਰ ਮੈਨੂੰ ਸ਼ੀਰੇ ਦਾ ਮੈਨੂੰ ਇਕੱਲੀ ਨੂੰ ਬੁਲਾਉਣ ਦਾ ਪੈ ਗਿਆ। ਪਰ ਮਨ ਵਿੱਚ ਡਰ ਦੇ ਨਾਲ-ਨਾਲ ਥੋੜ੍ਹੀ ਖੁਸ਼ੀ ਵੀ ਸੀ ਕਿ ਹਜ਼ਾਰਾਂ ਦੀ ਭੀੜ ਵਿੱਚੋਂ ਮੈਨੂੰ ਇਸ ਪ੍ਰਸਿੱਧ ਕਲਾਕਾਰ ਨੇ ਬੁਲਾਇਆ ਹੈ।ਲੋਕੀਂ ਤਾਂ ਉਸ ਨਾਲ ਸੈਲਫ਼ੀਆਂ ਲੈਣ ਲਈ ਤਰਸਦੇ ਸਨ। ਮੈਂ ਆਪਣੀ ਸਹੇਲੀ ਨੂੰ ਇਹ ਦੱਸ ਕੇ ਉਸ ਅੰਗ ਰੱਖਿਅਕ ਦੇ ਨਾਲ ਤੁਰ ਪਈ ਕਿ ਮੈਂ ਗਈ ਤੇ ਆਈ।" ਸੋਨੀ ਕਿਤੇ ਕੋਈ ਮਾੜੀ ਘਟਨਾ ਤੇ ਨਹੀਂ ਵਾਪਰ ਗਈ? ਇਨ੍ਹਾਂ ਸਿੰਗਰਾਂ ਦਾ ਕੋਈ ਭਰੋਸਾ ਨਹੀਂ।"
"ਨਵਕਿਰਨ, ਸ਼ੀਰਾ ਸੰਧੂ ਮੈਨੂੰ ਦੇਖਦਿਆਂ ਹੀ ਆਖਣ ਲੱਗਾ, ਕੁੜੀਏ ਤੇਰੀ ਸੂਰਤ ਨੇ ਤਾਂ ਮੇਰਾ ਗਾਉਣਾ ਭਾਰੀ ਕੀਤਾ ਹੋਇਆ ਸੀ। ਮੈਂ ਬਹੁਤ ਕੋਸ਼ਿਸ਼ ਕਰਦਾ ਰਿਹਾ ਕਿ ਬਾਕੀ ਸਰੋਤਿਆਂ ਨੂੰ ਸਬੋਂਧਨ ਹੋਵਾਂ ਅਤੇ ਆਪਣੇ ਗਾਉਣ ਵਿੱਚ ਧਿਆਨ ਰੱਖਾਂ। ਪਰ ਚੰਦਰਾ ਮਨ ਤੇਰੀ ਸੋਹਣੀ ਸੂਰਤ ਦਾ ਕੀਲਿਆ ਹੋਇਆ ਸੀ।ਮੇਰੀ ਰੂਹ ਕਿਸੇ ਹੋਰ ਪਾਸੇ ਦੇਖਣ ਨੂੰ ਕਰਦੀ ਹੀ ਨਹੀਂ ਸੀ।। ਜੇ ਗੁੱਸਾ ਨਾ ਕਰੇ ਤਾਂ ਕਹਿ ਦਿਆਂ, "ਤੂੰ ਤੇ ਪਰੀਆਂ ਨਾਲੋਂ ਵੀ ਸੋਹਣੀ ਹੈਂ। ਮੈਨੂੰ ਤੂੰ ਬੜੀ ਪਸੰਦ ਹੈਂ।"
ਇਸ ਮਿਲਣੀ ਤੋਂ ਬਾਅਦ ਸ਼ੀਰਾ ਸੰਧੂ ਮੈਨੂੰ ਆਪਣੇ ਹਰ ਅਖਾੜੇ ਵਿੱਚ ਬੁਲਾ ਲੈਂਦਾ। ਮੈਨੂੰ ਟਿਕਟ ਵੀ ਖ੍ਰੀਦਣ ਨਹੀਂ ਦਿੰਦਾ ਸੀ। ਅਸੀਂ ਇੱਕ ਦੂਸਰੇ ਨੂੰ ਹਰ ਹਫ਼ਤੇ ਮਿਲਦੇ ਇੱਕ ਦੂਸਰੇ ਦੇ ਕਾਫ਼ੀ ਨਜ਼ਦੀਕ ਹੋ ਗਏ। ਪਹਿਲਾਂ-ਪਹਿਲਾਂ ਤੇ ਮੈਂ ਇਸ ਤੋਂ ਸਰੀਰਕ ਵਿੱਥ ਰੱਖੀ ਪਰ ਜਦੋਂ ਤੋਂ ਮੈਂ ਇਸ ਦੇ ਸੁਭਾਅ ਨੂੰ ਜਾਣ ਲਿਆ ਕਿ ਇਹ ਮੁੰਡਾ ਮੇਰੇ ਸਰੀਰ ਦਾ ਨਹੀਂ ਬਲਕਿ ਮੇਰੇ ਪਿਆਰ ਦਾ ਭੁੱਖਾ ਹੈ ਤਾਂ ਮੈਂ ਵੀ ਆਪਣੀਆਂ ਸਮਾਜੀ ਅਤੇ ਦਿਮਾਗੀ ਜਕੜਾਂ ਨੂੰ ਢਿੱਲਾ ਕਰ ਦਿੱਤਾ।ਮੇਰਾ ਦਿਲ ਵੀ ਇਸ ਤੇ ਡੁੱਲ ਗਿਆ। ਅਸੀਂ ਸਮਾਜੀ ਦੂਰੀਆਂ ਖ਼ਤਮ ਕਰਦੇ ਹੋਏ ਇੱਕ ਦੂਸਰੇ ਦੇ ਬਹੁਤ ਹੀ ਨਜ਼ਦੀਕ ਹੋ ਗਏ। ਫੇਰ ਤਾਂ ਭੈਣੇ ਕੀ ਦੱਸਾਂ, ਅਸੀਂ ਦੋਨੋਂ ਇੱਕ ਮਿੱਕ ਹੋ ਗਏ।" "ਤੂੰ ਆਪਣਾ ਸਭ ਕੁੱਝ ਗੁਆ ਕੇ ਉਸ ਨੂੰ ਆਪਣਾ ਬਣਾਇਆ ਵੀ ਕਿ ਨਹੀਂ?" ਨਵਕਿਰਨ ਨੇ ਆਪਣੀ ਸ਼ੰਕਾ ਜਾਹਿਰ ਕਰ ਹੀ ਦਿੱਤੀ। "ਮੈਂ ਇੱਕ ਦਿਨ ਸ਼ੀਰੇ ਨੂੰ ਆਖਿਆ ਕਿ ਉਹ ਮੇਰੇ ਨਾਲ ਹੁਣ ਵਿਆਹ ਕਰਾ ਲਵੇ। ਮੇਰੇ ਕਹਿਣ ਤੇ ਉਹ ਝੱਟ ਮੰਨ ਗਿਆ। ਸ਼ਾਇਦ ਉਹ ਮੇਰੀ ਹਾਮੀ ਭਾਲਦਾ ਹੋਏਗਾ। ਅਸੀਂ ਕੁੱਝ ਹੀ ਮਹੀਨਿਆਂ ਵਿੱਚ ਆਪਣੇ ਗ੍ਰਹਿਸਥੀ ਜੀਵਨ ਵੱਲ ਪੈਰ ਪੁੱਟ ਲਿਆ ਅਤੇ ਵਿਆਹ ਕਰਾ ਲਿਆ।" ਸਾਡੇ ਇੱਕ ਲੜਕੀ ਜਿਸ ਦਾ ਨਾਂਅ ਅਸੀਂ ਮਨਜੋਤ ਰੱਖਿਆ ਅਤੇ ਇੱਕ ਲੜਕਾ ਅਤੇ ਉਸ ਦਾ ਨਾਂਅ ਮਨਕੀਰਤ ਰੱਖਿਆ।"
"ਸਾਡਾ ਵਿਆਹੁਤਾ ਜੀਵਨ ਬੜਾ ਹੀ ਖੁਸ਼ੀਆਂ ਭਰਿਆ ਗੁਜ਼ਰਨ ਲੱਗਾ। ਸ਼ੀਰੇ ਦਾ ਦਿਲ ਸਦਾ ਮੇਰੇ ਦਿਲ ਵਿੱਚ ਧੱੜਕਦਾ ਅਤੇ ਮੇਰਾ ਸ਼ੀਰੇ ਵਿੱਚ। ਸੱਚਮੁੱਚ ਹੀ ਸ਼ੀਰਾ ਮੇਰੇ ਨਾਲ ਦਿਲੀ ਪਿਆਰ ਕਰਦਾ ਸੀ। ਸ਼ੀਰੇ ਸੰਧੂ ਦੀ ਗਾਇਕੀ ਦੀ ਗੁੱਡੀ ਵੀ ਅਸਮਾਨੇ ਚੜ੍ਹਦੀ ਗਈ। ਕੋਈ ਹੀ ਹਫ਼ਤਾ ਖਾਲੀ ਜਾਂਦਾ ਹੋਏਗਾ, ਨਹੀਂ ਤਾਂ ਉਸਦੇ ਤਕਰੀਬਨ ਮਹੀਨੇ ਦੇ 25-26 ਦਿਨ ਪਰੋਗਰਾਮ ਬੁੱਕ ਹੁੰਦੇ। ਘਰ ਵਿੱਚ ਨੋਟਾਂ ਦੀ ਧਾਂਕ ਲੱਗੀ ਰਹਿੰਦੀ ਅਤੇ ਬੈਂਕ ਬੈਲੇਂਸ ਵੀ ਛਾਲਾਂ ਮਾਰਦਾ ਉਪਰ ਨੂੰ ਜਾ ਰਿਹਾ ਸੀ। ਇੰਨੀ ਕਮਾਈ ਦੇਖਦਿਆਂ ਸ਼ੀਰੇ ਨੇ ਮੁਹਾਲੀ ਵਿੱਚ ਇੱਕ ਮਹਿੰਗੀ ਕੋਠੀ ਕੁੱਝ ਡਿਪਾਜ਼ਿਟ ਰੱਖ ਕੇ ਖ੍ਰੀਦ ਲਈ ਅਤੇ ਇਸੇ ਤਰ੍ਹਾਂ ਇੱਕ ਕੀਮਤੀ ਕਾਰ। ਆਪਣੇ ਪ੍ਰੋਗਰਾਮਾਂ ਦੀ ਆਮਦਨ ਵਿੱਚੋਂ ਘਰ ਅਤੇ ਕਾਰ ਦੀਆਂ ਅਸਾਨੀ ਨਾਲ ਕਿਸ਼ਤਾਂ ਤਰਦੀਆਂ ਰਹੀਆਂ।ਬੱਚੇ ਪਰਾਈਵੇਟ ਸਕੂਲ ਵਿੱਚ ਦਾਖ਼ਲ ਕਰਾ ਦਿੱਤੇ। ਸ਼ੀਰੇ ਨੇ ਆਪਣੀ ਕਮਾਈ ਦੇ ਭਰੋਸੇ 'ਚ ਵਿੱਚ ਮੈਨੂੰ ਵੀ ਕੰਮ 'ਤੇ ਲੱਗਣ ਨਾ ਦਿੱਤਾ।"
"ਸੋਨੀ, ਤੇਰਾ ਵਹਿਲੀ ਦਾਂ ਸਮਾਂ ਫਿਰ ਕਿਸ ਤਰਾਂ ਗੁਜਰਦਾ ਸੀ। ਨਵਕਿਰਨ ਨੇ ਹੈਰਾਨ ਹੁੰਦੀ ਨੇ ਪੁੱਛਿਆ, "ਪੈਸੇ ਵਲੋਂ ਤਾਂ ਸਾਡੇ ਘਰ ਲਹਿਰਾਂ ਬਹਿਰਾਂ ਸਨ ਪਰ ਮਨ ਕਰਦਾ ਰਹਿੰਦਾ ਕਿ ਮੈਂ ਵੀ ਕਮਾਈ ਕਰਾਂ ਅਤੇ ਇਸ ਤਰਾਂ ਕਰਨ ਨਾਲ ਮੇਰਾ ਬਾਹਰਲੀ ਦੁਨੀਆਂ ਨਾਲ ਵਾਸਤਾ ਪਵੇ।ਬੱਚੇ ਸਕੂਲ ਪੜ੍ਹਨ ਚਲੇ ਜਾਂਦੇ ਸਨ। ਇਕੱਲੀ ਨੂੰ ਘਰ ਖਾਣ ਨੂੰ ਪੈਂਦਾ ਅਤੇ ਜਮੋਂ ਹੀ ਘਰ ਵਿੱਚ ਮਨ ਨਾ ਲੱਗਦਾ।ਪੈਸਿਆਂ ਵੱਲੋਂ ਤਾਂ ਨਿਰਸੰਦੇਹ ਬੜੀ ਸੁਰੱਗੀ ਸੀ, ਪਰ ਚਾਰ ਦੀਵਾਰੀ ਵਿੱਚ ਕਦੇ-ਕਦੇ ਮੇਰਾ ਮਨ ਘੁੱਟਣ ਜਿਹਾ ਲੱਗਦਾ ਸੀ।ਜਦੋਂ ਮੈਂ ਸ਼ੀਰੇ ਕੋਲ ਕਿਤੇ ਨੌਕਰੀ ਲੱਗਣ ਦੀ ਗੱਲ ਕਰਦੀ ਤਾਂ ਉਹ ਆਖ ਦਿੰਦਾ ਕਿ ਕਿ ਸਾਨੂੰ ਕਿਹੜੀ ਪੈਸੇ ਦੀ ਘਾਟ ਹੈ।ਜਦੋਂ ਮੈਂ ਆਖਦੀ ਕਿ ਇਕੱਲੀ ਦਾ ਮੇਰਾ ਘਰ ਵਿੱਚ ਜੀਅ ਨਹੀਂ ਲੱਗਦਾ ਤਾਂ ਉਹ ਆਖ ਦਿੰਦਾ ਕਿ ਮੋਹਰਲੇ ਸਾਲ ਮੇਰਾ ਵਿਦੇਸ਼ ਦਾ ਟਰਿੱਪ ਹੈ, ਮੈਂ ਜਾਂਦਾ ਹੋਇਆ ਨਾਲ ਲੈ ਕੇ ਜਾਵਾਂਗਾ। ਪਰ ਆਪਣੇ ਦੇਸ਼ ਵਿੱਚ ਹੀ ਪ੍ਰੋਗਰਾਮਾਂ ਦੀ ਭਰਮਾਰ ਹੋਣ ਕਰਕੇ ਨਾ ਉਹ ਵਿਦੇਸ਼ ਗਿਆ ਅਤੇ ਨਾ ਹੀ ਮੈਂ ਆਪਣੇ ਆਪ ਨੂੰ ਬਾਹਰ ਦੀ ਹਵਾ ਲੁਆ ਸਕੀ।"
"ਸੋਨੀ ਤੇਰੀ ਪੜ੍ਹਾਈ ਤਾਂ ਫਿਰ ਅਜਾਈਂ ਹੀ ਗਈ, ਪੈਸਾ ਭਾਵੇਂ ਬਥੇਰਾ ਹੋ ਗਿਆ ਹੋਏਗਾ?" "ਮੇਰੀ ਪੜ੍ਹਾਈ ਦੀ ਵਰਤੋਂ ਕਿੱਥੇ ਹੋਣੀ ਸੀ। ਸਾਰਾ ਦਿਨ ਘਰ ਬੈਠੀ ਆਪਣੇ ਪਤੀ ਦੀ ਵਾਪਸ ਆਉਣ ਦੀ ਉਡੀਕ ਕਰਦੀ ਰਹਿੰਦੀ।ਕਦੇ ਕਦੇ ਲੱਗਣਾ ਕਿ ਮਂੈ ਤਾਂ ਸ਼ੀਰੇ ਦੇ ਪੈਸਾ ਸੰਭਾਲਣ ਵਾਲੀ ਸੇਫ ਹਾਂ ਜਿਸ ਵਿੱਚ ਸ਼ੀਰਾ ਦਿਨ ਭਰ ਦੀ ਕਮਾਈ ਲਿਆ ਕੇ ਭਰ ਦਿੰਦਾ ਹੈ।ਜਿਸ ਦਾ ਬਾਹਰ ਦੀ ਦੁਨੀਆਂ ਨਾਲ ਕੋਈ ਵਾਸਤਾ ਹੀ ਨਹੀਂ।"
ਸੋਨੀ ਆਪਣਾ ਵਿਆਹੁਤਾ ਜੀਵਨ ਬਿਆਨ ਕਰਦੀ ਗਈ। "ਭੈਣੇ ਸ਼ੀਰੇ ਦੀ ਚੜ੍ਹਤ ਬਹੁਤੀ ਦੇਰ ਨਾ ਰਹੀ। ਪਤਾ ਨਹੀਂ ਕਿਸੇ ਚੰਦਰੇ ਦੀ ਕਿਹੜੀ ਨਜ਼ਰ ਲੱਗ ਗਈ। ਇੱਕ ਦਿਨ ਸ਼ੀਰਾ ਆਪਣੇ ਪ੍ਰੋਗਰਾਮ 'ਤੇ ਜਾ ਰਿਹਾ ਸੀ। ਅਚਾਨਕ ਇਸ ਦੀ ਕਾਰ ਮੋਹਰੇ ਤੋਂ ਆਉਂਦੇ ਇੱਕ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਵੱਡਾ ਸੀ ਕਿ ਸ਼ੀਰੇ ਦੀ ਥਾਈਂ ਮੌਤ ਹੋ ਗਈ। ਭੈਣੇ, ਮੇਰਾ ਤਾਂ ਹੱਸਦਾ ਵੱਸਦਾ ਸੰਸਾਰ ਉੱਜੜ ਗਿਆ। ਮੁੰਡਾ ਅਤੇ ਕੁੜੀ ਮਸਾਂ ਨੌਂ ਦਸ ਸਾਲ ਦੇ ਹੋਣਗੇ, ਇਨਾਂ ਦੇ ਸਿਰ ਤੋਂ ਬਾਪ ਦਾ ਸਾਇਆ ਚੁੱਕਿਆ ਗਿਆ। ਘਰ ਅਤੇ ਕਾਰ ਦੀਆਂ ਅਜੇ ਕਾਫ਼ੀ ਕਿਸ਼ਤਾਂ ਬਾਕੀ ਸਨ। ਉਪਰੋਂ ਬੱਚਿਆਂ ਦੀ ਅੰਗਰੇਜ਼ੀ ਸਕੂਲ ਦੀ ਮਹਿੰਗੀ ਪੜ੍ਹਾਈ। ਮੇਰੇ ਕੋਲ ਕੋਈ ਹੋਰ ਆਮਦਨ ਦਾ ਸਾਧਨ ਨਹੀਂ ਸੀ। ਨੌਕਰੀ ਕਰਨ ਦੇ ਉਪਜਾਊ ਸਾਲ ਮੈਂ ਆਪਣੇ ਘਰਵਾਲੇ ਦੀ ਅਮੀਰੀ ਥੱਲੇ ਗਾਲ਼ ਲਏ ਸਨ। ਬੈਂਕ ਵਿੱਚ ਥੋੜ੍ਹੀ ਬਹੁਤ ਜਿਹੜੀ ਬੱਚਤ ਸੀ, ਉਹ ਦੋ ਕੁ ਸਾਲ ਵਿੱਚ ਮੁੱਕਦੀ-ਮੁੱਕਦੀ ਮੁੱਕ ਗਈ। ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਘਰ ਅਤੇ ਕਾਰ ਦੀਆਂ ਕਿਸ਼ਤਾਂ ਪਿੱਛੇ ਪੈਣ ਲੱਗ ਪਈਆਂ।ਥੋੜੀ ਬਹੁਤ ਜਮੀਨ ਸੀ, ਉਹ ਵੀ ਵਿਕ ਗਈ। ਬਹੁਤਾ ਸਮਾਂ ਨਾ ਲੰਘਿਆ ਜਦੋਂ ਬੈਂਕ ਵਾਲਿਆਂ ਨੇ ਘਰ ਅਤੇ ਕਾਰ ਆਪਣੇ ਕਬਜ਼ੇ ਵਿੱਚ ਕਰ ਲਏ। ਮੇਰੀ ਤਰਸਯੋਗ ਹਾਲਤ ਦੇਖ ਕੇ ਮਾਪਿਆਂ ਨੇ ਮੈਨੂੰ ਅਤੇ ਬੱਚਿਆਂ ਨੂੰ ਆਪਣੇ ਕੋਲ ਸੱਦ ਲਿਆ। ਅਮੀਰੀ ਵਿੱਚ ਖੇਡਦੀ ਦੀ ਮੇਰੀ ਹਾਲਤ ਭਿਖਾਰੀਆਂ ਵਾਲੀ ਹੋ ਗਈ। ਮੇਰੇ ਬਾਪ ਨੇ ਮੇਰੇ  ਕਹਿਣ ਤੇ ਦੋਨੋਂ ਬੱਚੇ ਆਈਲੈਟਸ ਤੱਕ ਪੜ੍ਹਾ ਦਿੱਤੇ।"
ਸੋਨੀ ਆਪਣੀ ਦੁੱਖ ਭਰੀ ਗਾਥਾ ਅੱਗੇ ਸੁਣਾਉਂਦੀ ਗਈ।ਨਵਕਿਰਨ ਸੁਣ ਕੇ ਭਾਵੁਕ ਹੁੰਦੀ ਗਈ। "ਨਵਕਿਰਨ, ਮੈਂ ਇੱਕ ਦਿਨ ਆਪਣੇ ਬਾਪੂ ਦੀ ਮਿੰਨਤ ਕੀਤੀ ਕਿ ਮੈਂ ਤੁਹਾਡੇ 'ਤੇ ਸਾਰੀ ਉਮਰ ਭਾਰ ਨਹੀਂ ਬਨਣਾ ਚਾਹੁੰਦੀ। ਤੁਸੀਂ ਜਿੱਥੇ ਮੇਰੀ ਇੰਨੀ ਮਦਦ ਕੀਤੀ ਹੈ, ਹੁਣ ਤੁਸੀਂ ਮੇਰੇ ਦੋਨੋਂ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਭੇਜ ਦਿਓ। ਤਾਂ ਕਿ ਇਹ ਵਿਚਾਰੇ ਮੇਰੇ ਵਾਂਗ ਨਾ ਰੁੱਲਣ।" ਮੇਰੇ ਮਾਂ ਬਾਪ ਤਾਂ ਪਹਿਲੋਂ ਹੀ ਮੇਰੀ ਹਰ ਗੱਲ ਮੰਨ ਲੈਂਦੇ ਸਨ। ਪਰ ਕਿੰਨਾ ਕੁ ਚਿਰ ਕੋਈ ਵਹਿਲਾ ਰਹਿ ਕੇ ਆਪਣੇ ਮਾਪਿਆਂ 'ਤੇ ਬੋਝ ਬਣਿਆ ਰਹਿ ਸਕਦਾ ਸੀ। ਉਹ ਬੁਢਾਪੇ ਦੀ ਉਮਰ ਵਿੱਚ ਸਨ ਅਤੇ ਬਾਕੀ ਪਰਿਵਾਰ ਦੀ ਪਾਲਣਾ ਵੀ ਕਰਦੇ ਸਨ। ਮੇਰੇ ਮਾਂ ਬਾਪ ਨੇ ਮੇਰੇ 'ਤੇ ਤਰਸ ਕਰਕੇ ਆਪਣੇ ਕੋਲੋਂ ਖ਼ਰਚ ਕਰਕੇ ਮਨਜੋਤ ਅਤੇ ਮਨਕੀਰਤ ਨੂੰ ਕੈਨੇਡਾ ਭੇਜ ਦਿੱਤਾ। ਉੱਥੇ ਜਾ ਕੇ ਮੇਰੇ ਬੱਚੇ ਪੜ੍ਹਾਈ ਦੇ ਨਾਲ-ਨਾਲ ਥੋੜ੍ਹਾ ਬਹੁਤ ਕੰਮ ਵੀ ਕਰਨ ਲੱਗੇ। ਬੱਚਿਆਂ ਨੇ ਮੈਨੂੰ ਵੀ ਦੋ ਕੁ ਸਾਲ ਬਾਅਦ ਆਪਣੇ ਪਾਸ ਕੈਨੇਡਾ ਸੱਦ ਲਿਆ।"
"ਕੈਨੇਡਾ ਪਹੁੰਚ ਕੇ ਤਾਂ ਫਿਰ ਤੁਹਾਡੀ ਮਾਇਕ ਹਾਲਤ ਸੁਧਰਨੀ ਸ਼ੁਰੂ ਹੋ ਗਈ ਹੋਏਗੀ?" ਗੱਲਾਂ ਦੀ ਲੜੀ ਅੱਗੇ ਤੋਰਦੀ ਹੋਈ ਨਵਕਿਰਨ ਨੇ ਸੋਨੀ ਦੀ ਦਰਦ ਭਰੀ ਗਾਥਾ ਵਿੱਚ ਹੋਰ ਹੱਮਦਰਦੀ ਪਰਗਟਾਈ। "ਬੱਚੇ ਥੋੜ੍ਹਾ ਬਹੁਤ ਕੰਮ ਕਰਕੇ ਆਪਣੀ ਪੜ੍ਹਾਈ ਦਾ ਅਤੇ ਘਰ ਦਾ ਖ਼ਰਚ ਚੁੱਕ ਰਹੇ ਸਨ। ਮੇਰੇ ਜਾਣ ਨਾਲ ਤਾਂ ਮੈਂ ਉਨ੍ਹਾਂ 'ਤੇ ਵਾਧੂ ਦਾ ਭਾਰ ਬਣ ਗਈ।ਕੈਨੇਡਾ ਵਿੱਚ ਮੇਰੀ ਇਕੱਲੀ ਦਾ ਜੀਅ ਨਾ ਲੱਗੇ। ਮੈਂ ਅੱਕ ਕੇ ਤਿਕਾਲਾਂ ਨੂੰ ਆਪਣੀ ਗੁਆਂਢਣ ਬਿੰਦਰ ਕੋਲ ਜਾਕੇ ਕੁਝ ਸਮਾਂ ਬਿਤਾ ਆਉਂਦੀ।ਦਿਨ ਸਮੇਂ ਉਹ ਕੰਮ 'ਤੇ ਗਈ ਹੁੰਦੀ ਸੀ।ਮੈਂਨੂੰ ਘਰ ਵਿੱਚ ਮਾਯੂਸ ਹਾਲਤ ਵਿੱਚ ਬੈਠੀ ਨੂੰ ਦੇਖ ਕੇ ਇੱਕ ਦਿਨ ਸਾਡੀ ਗੁਆਂਢਣ ਨੇ ਮੈਨੂੰ ਪੁੱਛ ਹੀ ਲਿਆ ਕਿ ਉਨ੍ਹਾਂ ਦੀ ਕੰਮ ਵਾਲੀ ਫੈਕਟਰੀ ਵਿੱਚ ਇੱਕ ਕਾਮੇ ਦੀ ਜ਼ਰੂਰਤ ਹੈ। ਜੇਕਰ ਮੈਂ ਚਾਹੁੰਦੀ ਹਾਂ ਤਾਂ ਉਹ ਇਸ ਨੂੰ ਫੈਕਟਰੀ ਵਿੱਚ ਕੰਮ ਤੇ ਲੁਆ ਸਕਦੀ ਹੈ। ਮੈਂ ਜੱਕੋ ਤੱਕੋ ਵਿੱਚ ਪੈ ਗਈ।ਮੈਂ ਸੋਚਦੀ ਕਿ ਮੇਰੀ ਸਾਰੀ ਉਮਰ ਤਾਂ ਵਿਹਲੀ ਦੀ ਲੰਘ ਗਈ। ਮਨ ਬਿਲਕੁੱਲ ਆਲਸੀ ਹੋ ਚੁੱਕਾ ਸੀ। ਵੱਡੀ ਗੱਲ ਤਾਂ ਇਹ ਸੀ ਕਿ ਸਰਦੇ ਪੁੱਜਦੇ ਘਰ ਦੀ ਧੀ ਹੋਣ ਕਰਕੇ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਇਆ ਸੀ। ਹੁਣ ਇਸ ਫੈਕਟਰੀ ਵਿੱਚ ਜਣੀ ਖਣੀ ਨਾਲ ਕੰਮ ਕਰਨਾ ਪਏਗਾ। ਜ਼ਨਾਨੀਆਂ ਕੀ ਆਖਣਗੀਆਂ ਇੱਕ ਐਮ. ਏ. ਪਾਸ ਕੁੜੀ ਅਤੇ ਉਹ ਵੀ ਪ੍ਰਸਿੱਧ ਕਲਾਕਾਰ ਦੀ ਤੀਵੀਂ ਆਮ ਵਾਂਗ ਫੈਕਟਰੀਆਂ ਵਿੱਚ ਧੱਕੇ ਖਾ ਰਹੀ ਹੈ।"
"ਮੈਨੂੰ ਲੱਗਦਾ ਸ਼ੀਰੀ ਤੇਰਾ ਮਨ ਕੰਮ ਕਰਨ ਨੂੰ ਮੰਨਿਆ ਨਹੀਂ ਹੋਵੇਗਾ?" "ਭੈਣੇ, 'ਮਰਦੀ ਨੂੰ ਅੱਕ ਚੱਬਣਾ' ਪੈ ਗਿਆ ਸੀ। ਮੇਰੀ ਗੁਆਂਢਣ ਨੇ ਮੈਨੂੰ ਆਪਣੀ ਫੈਕਟਰੀ ਵਿੱਚ ਕੰਮ 'ਤੇ ਲੁਆ ਦਿੱਤਾ।ਫੈਕਟਰੀ ਵਿੱਚ  ਕੰਮ ਕਰਦੀਆਂ  ਜਨਾਨੀਆਂ ਵਿੱਚ ਕੁੱਝ ਕੁੜੀਆਂ, ਕੁਝ ਅੱਧਖੜ ਜਨਾਨੀਆਂ ਅਤੇ ਕੁਝ ਕੁ ਬੁਢਾਪੇ ਨੂੰ ਪਹੁੰਚੀਆਂ ਜਨਾਨੀਆਂ ਮਸ਼ੀਨਾਂ ਨਾਲ ਮਸ਼ੀਨਾਂ ਹੋ ਕੇ ਕੰਮ ਕਰ ਰਹੀਆਂ ਸਨ। ਮੈਂਨੂੰ ਵੀ ਇੱਕ ਮਸ਼ੀਨ ਤੇ ਕੰਮ ਤੇ ਲਾ ਦਿੱਤਾ ਗਿਆ। ਕਿਸੇ ਵੀ ਜ਼ਨਾਨੀ ਕੋਲ ਦੂਸਰੀ ਨਾਲ ਗੱਲ ਕਰਨ ਸਮਾਂ ਨਹੀਂ ਸੀ। ਜੇਕਰ ਧਿਆਨ ਗੱਲਾਂ ਵਿੱਚ ਪੈਂਦਾ ਤਾਂ ਫੈਕਟਰੀ ਦਾ ਕੰਮ ਪਿੱਛੇ ਪੈ ਜਾਂਦਾ।ਸੁਪਰਵਾਈਜ਼ਰ ਆਕੇ ਕੌੜੀਆਂ ਅੱਖਾਂ ਨਾਲ ਦੇਖਦਾ ਅਤੇ ਕੰਮ ਤੇਜੀ ਨਾਲ ਮੁਕਾਉਣ ਦੀ ਤਾੜਨਾ ਕਰਦਾ।ਜਦੋਂ ਤਿੰਨਾਂ ਚੋਹਾਂ ਘੰਟਿਆਂ ਬਾਅਦ ਟੀ ਬਰੇਕ ਹੋਣੀ ਤਾਂ ਮੈਂ ਦੇਖਦੀ ਸੀ ਕਿ ਇਨ੍ਹਾਂ ਜ਼ਨਾਨੀਆਂ ਵਿੱਚ ਕੋਈ ਤਹਿਸੀਲਦਾਰ ਦੀ ਤੀਵੀਂ, ਕੋਈ ਥਾਣੇਦਾਰ ਦੀ ਘਰਵਾਲੀ ਅਤੇ ਕੋਈ ਐਸ. ਪੀ. ਦੀ ਭਰਜਾਈ ਸੀ। ਮੈਂ ਜਦੋਂ ਪਹਿਲੀ ਦਿਹਾੜੀ ਲਾ ਕੇ ਘਰ ਆਈ ਤਾਂ ਮੇਰੀਆਂ ਲੱਤਾਂ ਬਾਹਾਂ ਦਾ ਵਾਹਣ ਹੋ ਗਿਆ। ਚਿੱਤ ਕਰੇ, ਬਿਨਾਂ ਖਾਧੇ ਪੀਤੇ ਬੈੱਡ ਤੇ ਡਿੱਗ ਪਵਾਂ। ਮਨ ਹੀ ਮਨ ਵਿੱਚ ਆਪਣੇ ਆਪ ਨੂੰ ਕੋਸਦੀ ਕਿ ਮੈਂ ਜ਼ਿੰਦਗੀ ਨੂੰ ਪਹਿਲਾਂ ਇੰਨਾ ਅਰਾਮ-ਪ੍ਰੱਸਤ ਨਾ ਬਣਾਇਆ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਇਸ ਤਰ੍ਹਾਂ ਫੈਕਟਰੀ ਵਿੱਚ ਮਸਾਂ ਸਾਲ ਕੁ ਲਾਇਆ ਅਤੇ ਮਨ ਬਣਾ ਲਿਆ ਕਿ ਜੋ ਕੁੱਝ ਅਤੀਤ ਵਿੱਚ ਹੋ ਗਿਆ ਉਸ ਨੂੰ ਭੁੱਲ ਕੇ ਇੰਡੀਆ ਜਾ ਕੇ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂ।"
"ਲੋਕੀਂ ਤਾਂ ਲੱਖਾਂ ਰੁਪਏ ਲਾ ਕੇ ਕੈਨੇਡਾ ਵਲ ਭੱਜੀ ਜਾਂਦੇ ਹਨ ਪਰ ਤੂੰ ਇੰਡੀਆ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇਰਾਦਾ ਬਣਾ ਲਿਆ। ਮੈਨੂੰ ਤਾਂ ਭੈਣੇ, ਤੇਰੀ ਇਸ ਸੋਚ ਤੇ ਹੈਰਾਨੀ ਹੋਈ ਹੈ!" "ਨਵਕਿਰਨ ਜੇਕਰ ਤੂੰ ਸੱਚ ਪੁੱਛਣਾ ਚਾਹੁੰਦੀ ਹੈਂ ਤਾਂ ਤੇਰੀ ਜ਼ਿੰਦਗੀ ਤੋਂ ਮੈਂ ਬੜਾ ਹੀ ਪ੍ਰਭਾਵਿਤ ਹੋਈ ਹਾਂ।"
"ਭੈਣੇ ਮੈਂ ਕਿਹੜਾ ਮਾਰਕਾ ਮਾਰ ਲਿਆ, ਤੂੰ ਮੇਰੇ ਤੋਂ ਪ੍ਰਭਾਵਿਤ ਹੋ ਗਈ?"
"ਨਵਕਿਰਨ ਤੇਰੇ ਬੂਟੀਕ ਦੇ ਸਫ਼ਲ ਕਾਰੋਬਾਰ ਦੀਆਂ ਤੇਰੀਆਂ ਕਾਫ਼ੀ ਇੰਟਰਵਿਊ ਮੈਂ ਕੈਨੇਡਾ ਦੇ ਵੱਖ-ਵੱਖ  ਚੈਨਲਾਂ ਤੇ ਦੇਖੀਆਂ ਕਿ ਕਿਵੇਂ ਇੱਕ ਪੜ੍ਹੀ ਲਿਖੀ ਔਰਤ ਨੇ ਆਪਣੀ ਚੰਗੀ ਪੜ੍ਹਾਈ ਅਤੇ ਨੌਕਰੀ ਨੂੰ ਛੱਡ ਕੇ ਆਪਣੇ ਨਿੱਜੀ ਕਾਰੋਬਾਰ ਚਲਾਉਣ ਨੂੰ ਤਰਜੀਹ ਦਿੱਤੀ। ਕਿਵੇਂ ਤੂੰ ਦੋ ਤਿੰਨਾਂ ਮਸ਼ੀਨਾਂ ਤੋਂ ਸ਼ੁਰੂ ਹੋ ਕੇ ਅੱਜ ਸੈਂਕੜੇ ਜ਼ਨਾਨੀਆਂ ਨੂੰ ਰੁਜ਼ਗਾਰ ਵਿੱਚ ਪਾਇਆ ਹੋਇਆ ਹੈ। ਤੇਰੀ ਗਿਣਤੀ ਪੰਜਾਬ ਵਿੱਚ ਕੱਪੜੇ ਦੀਆਂ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੀਆਂ ਸਫ਼ਲ  ਕੱਪੜੇ ਦੇ ਡੀਜ਼ਾਇਨਰਾਂ ਵਿੱਚ ਆਉਂਦੀ ਹੈ।"
ਦੋਹਾਂ ਸਹੇਲੀਆਂ ਦੇ ਕੱਪਾਂ ਵਿੱਚ ਅੱਧ ਬਚੀ ਚਾਹ ਠੰਡੀ ਹੋ ਚੁੱਕੀ ਸੀ। ਪਰ ਇਹ ਦੋਵੇਂ ਸਹੇਲੀਆਂ ਗੱਲਾਂ ਵਿੱਚ ਪੂਰੀਆਂ ਮਗਨ ਸਨ। ਨਵਕਿਰਨ ਆਪਣੀ ਸਹੇਲੀ ਦੀ ਦੁੱਖਦਾਈ ਜੀਵਨੀ ਤੋਂ ਕਾਫ਼ੀ ਭਾਵੁਕ ਸੀ ਅਤੇ ਚਾਹੁੰਦੀ ਸੀ ਕਿ ਇਸ ਨੂੰ ਕੋਈ ਕਾਰਗਿਰ ਸਲਾਹ ਦੇ ਕੇ ਇਸ ਦੀ ਮਦਦ ਕੀਤੀ ਜਾਏ। "ਭੈਣੇ, ਤੂੰ ਤਾਂ ਮੈਨੂੰ ਮੇਰਾ ਰਾਹ ਦਸੇਰਾ ਜਾਪ ਰਹੀ ਹੈਂ, ਜਿਸ ਨੇ ਨੌਕਰੀ ਦਾ ਤਿਆਗ ਕਰਕੇ ਆਪਣੇ ਬੱਲਬੂਤੇ 'ਤੇ ਆਪਣੀ ਇੰਨੀ ਵੱਡੀ ਸਫ਼ਲ ਵਿਉਪਾਰੀ ਸੱਲਤਨਤ ਖੜ੍ਹੀ ਕੀਤੀ ਹੋਈ ਹੈ। ਆਮ ਨੌਜਵਾਨਾਂ ਜਾਂ ਮੁਟਿਆਰਾਂ ਵਾਂਗ ਨਾ ਤਾਂ ਤੂੰ ਛੋਟੀਆਂ ਮੋਟੀਆਂ ਨੌਕਰੀਆਂ ਲਈ ਲੇਲੜੀਆਂ ਕੱਢੀਆਂ ਅਤੇ ਨਾ ਹੀ ਆਪਣੇ ਪੁਰਖਾਂ ਦੀ ਜ਼ਮੀਨ ਵਿਕਾ ਕੇ ਵਿਦੇਸ਼ਾਂ ਵੱਲ ਵਹੀਰਾਂ ਘੱਤੀਆਂ। ਭਾਰਤ ਵਿੱਚ ਰਹਿੰਦਿਆਂ ਤੂੰ ਸਾਬਤ ਕਰ ਦਿੱਤਾ ਕਿ ਜ਼ਨਾਨੀ ਦੇ ਵਿੱਚ ਵੀ ਏਨੀ ਤਾਕਤ ਹੈ ਕਿ ਉਹ ਅਣਹੋਣੀ ਨੂੰ ਵੀ ਹੋਣੀ ਕਰ ਸਕਦੀ ਹੈ।"
"ਭੈਣੇ, ਇਹ ਸਭ ਪਿਛੋਕੜ ਵਿੱਚ ਖਾਧੀਆਂ ਠੋਕਰਾਂ ਅਤੇ ਉਨ੍ਹਾਂ ਠੋਕਰਾਂ ਤੋਂ ਮਿਲੇ ਸਬਕ ਦਾ ਹੀ ਨਤੀਜਾ ਹੈ ਕਿ ਮੈਂ ਅੱਜ ਆਪਣੇ ਪੈਰਾਂ ਤੇ ਖੜ੍ਹੀ ਹਾਂ। ਮੈਂ ਅਜੇ ਪੰਜ ਛੇ ਕੁ ਸਾਲ ਦੀ ਹੀ ਸੀ ਜਦੋਂ ਮੇਰੇ ਪਿਤਾ ਜੀ ਦੀ ਫ਼ੌਜ ਦੀ ਲੜਾਈ ਵਿੱਚ ਮੌਤ ਹੋ ਗਈ ਸੀ। ਮੇਰੇ ਮਾਤਾ ਜੀ ਨੇ ਆਪਣੇ ਸਮੇਂ ਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਈ ਸੀ। ਮੇਰੇ ਬਾਪ ਨੇ ਮੇਰੀ ਮਾਤਾ ਨੂੰ ਨੌਕਰੀ ਕਰਨ ਤੋਂ ਮਨਾਹੀ ਕੀਤੀ ਹੋਈ ਸੀ। ਪਿਤਾ ਜੀ ਦੀ ਮੌਤ ਤੋਂ ਬਾਅਦ ਮਾਤਾ ਜੀ ਆਰਥਿਕ ਤੌਰ ਤੇ ਬੇਜ਼ਾਰ ਹੋ ਗਏ। ਮਾਤਾ ਜੀ ਨੇ ਨੌਕਰੀ ਜਾਂ ਕੋਈ ਕੰਮ ਨਾ ਕੀਤਾ ਹੋਣ ਕਰਕੇ ਸਰੀਰ ਬਿਲਕੁੱਲ ਬੋਝਲ ਹੋ ਚੁੱਕਾ ਸੀ।ਪਿਤਾ ਜੀ ਦੀ ਮੌਤ ਤੋਂ ਬਾਅਦ ਸਾਡੇ ਘਰ ਵਿੱਚ ਕਮਾਈ ਦਾ ਕੋਈ ਹੋਰ ਵਸੀਲਾ ਨਾ ਰਿਹਾ। ਪਿਤਾ ਜੀ ਦੀ ਥੋੜੀ ਜਿਹੀ ਜਮੀਨ ਵਿੱਚ ਸਾਡਾ ਗੁਜ਼ਾਰਾ ਹੋਣਾ ਔਖਾ ਹੋ ਗਿਆ। ਜਦੋਂ ਸਾਡੇ ਤੇ ਗਰੀਬੀ ਦਾ ਬਹੁਤਾ ਬੋਝ ਪੈ ਗਿਆ ਤਾਂ ਮੇਰੇ ਨਾਨੇ ਸਰਦਾਰ ਕਿਸ਼ਨ ਸਿੰਘ ਨੂੰ ਸਾਡੇ ਤੇ ਤਰਸ ਆਇਆ ਅਤੇ ਮਾਵਾਂ ਧੀਆਂ ਦੋਹਾਂ ਨੂੰ ਨਾਨਕੇ ਪਿੰਡ ਸੱਦ ਲਿਆ। ਨਾਨਾ ਜੀ ਨੇ ਮੈਨੂੰ ਪਾਲ਼ਿਆ ਪੋਸਿਆ ਅਤੇ ਮੇਰੀ ਪੜ੍ਹਾਈ ਕਰਵਾਈ। ਮੈਂ ਪੜ੍ਹਦਿਆਂ-ਪੜ੍ਹਦਿਆਂ ਹੀ ਆਪਣੇ ਮਨ ਵਿੱਚ ਧਾਰ ਲਿਆ ਸੀ ਕਿ ਮੈਂ ਪੜ੍ਹਾਈ ਤੋਂ ਬਾਅਦ ਕਿਸੇ 'ਤੇ ਵੀ ਬੋਝ ਨਹੀਂ ਬਣਨਾ। ਇੰਨਾ ਥੋੜ੍ਹਾ ਹੈ ਕਿ ਨਾਨਾ ਜੀ ਨੇ ਮੈਨੂੰ ਪਾਲ਼ ਕੇ ਅਤੇ ਪੜ੍ਹਾ ਕੇ ਇਸ ਯੋਗ ਬਣਾਇਆ ਕਿ ਮੈਂ ਆਪਣਾ ਆਪ ਸੰਵਾਰ ਸਕਾਂ।"
     ਨਵਕਿਰਨ ਆਪ ਬੀਤੀ ਘਟਨਾ ਬਿਆਨ ਕਰਦੀ ਗਈ।" ਮੈਂ ਆਪਣੀ ਆਪਣੀ ਮਾਤਾ ਵਾਂਗ ਇੱਕ ਚਾਰ ਦੀਵਾਰੀ ਵਿੱਚ ਰਹਿ ਕੇ ਆਪਣੀ ਜੁਆਨੀ ਦੇ ਉਪਜਾਊ ਸਾਲ ਬੇਅਰਥ ਨਹੀਂ ਗੁਆਉਣਾ ਚਾਹੁੰਦੀ ਸਾਂ। ਮੈਂ ਬੀ. ਐਸ. ਸੀ. ਕਰਦੀ ਨੇ ਹੀ ਸਿਲਾਈ ਮਸ਼ੀਨ ਲੈ ਕੇ ਆਪਣੇ ਪਿੰਡ ਦੀਆਂ ਕੁੜੀਆਂ ਦੇ ਸੂਟ ਸਿਉਣੇ ਸ਼ੁਰੂ ਕਰ ਦਿੱਤੇ ਸਨ, ਜਿੱਥੋਂ ਮੈਨੂੰ ਆਪਣੀ ਜੇਬ ਖਰਚ ਦੇ ਪੈਸੇ ਮਿਲ ਜਾਂਦੇ ਸਨ। ਐਮ. ਐਸ. ਸੀ. ਤੱਕ ਪਹੁੰਚਦਿਆਂ ਮੇਰਾ ਕੰਮ ਹੋਰ ਵੱਧ ਗਿਆ ਅਤੇ ਮੈਂ ਪਿੰਡ ਦੀਆਂ ਦੋ ਹੋਰ ਕੁੜੀਆਂ ਤੋਂ ਸੂਟਾਂ ਦਾ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ। ਮੇਰਾ ਸੁਭਾਅ ਅਤੇ ਦਿਮਾਗ ਸ਼ੁਰੂ ਤੋਂ ਹੀ ਸਿਰਜਨਾਤਮਿਕ (CREATIVE) ਹੋਣ ਕਰਕੇ ਮੈਂ ਨਵੇਂ ਡੀਜ਼ਾਇਨਾਂ ਨੂੰ ਲੱਭਦੀ ਅਤੇ ਘੋਖਦੀ ਰਹਿੰਦੀ ਅਤੇ ਝੱਟ ਪਟ ਉਸ ਦਾ ਨਕਸ਼ਾ ਆਪਣੇ ਮਨ ਵਿੱਚ ਲਿਆ ਕੇ ਸੂਟਾਂ ਦੇ ਡਿਜ਼ਾਇਨ ਕਰਦੀ। ਮੈਨੂੰ ਆਪਣੇ ਇਸ ਕੰਮ ਵਿੱਚੋਂ ਕਿਸੇ ਵੀ ਨੌਕਰੀ ਨਾਲੋਂ ਆਪਣਾ ਭਵਿੱਖ ਜ਼ਿਆਦਾ ਸੁਰੱਖਿਅਤ ਦਿਸਿਆ। ਮੈਂ ਮੰਨਦੀ ਹਾਂ ਕਿ ਮੈਨੂੰ ਮੇਰੀ ਪੜ੍ਹਾਈ ਨੇ ਇੱਕ ਚੰਗੀ ਸੇਧ ਦਿੱਤੀ ਅਤੇ ਦਿਮਾਗ ਨੂੰ ਤਰਾਸ਼ਿਆ।"
"ਤੈਨੂੰ ਭੈਣੇ ਸ਼ਰਮ ਨਾ ਆਈ ਕਿ ਇੰਨੀ ਪੜ੍ਹੀ ਲਿਖੀ ਕੁੜੀ ਕੱਪੜੇ ਸਿਉਣ ਦੇ ਕੰਮ ਵਿੱਚ ਪੈ ਗਈ? ਸਮਾਜ ਨੇ ਤੈਨੂੰ ਕੋਈ ਲਾਹਨਤ ਨਹੀਂ ਪਾਈ?" "ਪਿੰਡ ਦੇ ਲੋਕ ਬਥੇਰੇ ਆਖਦੇ ਸਨ ਕਿ ਇਸ ਕੁੜੀ ਨੇ ਇਹ ਕਿਹੜਾ ਕੰਮ ਫੜ ਲਿਆ।ਇਹ ਕੁੜੀ ਬਾਕੀ ਪਿੰਡ ਦੀਆਂ ਕੁੜੀਆਂ ਨੂੰ ਪੜ੍ਹਾਈ ਕਰਨ ਤੋਂ ਨਿਰਉਤਸ਼ਾਹਿਤ ਕਰੇਗੀ। ਪਰ ਮੈਂ ਆਪਣੇ ਨਿਸ਼ਾਨੇ ਅਤੇ ਇਰਾਦੇ ਤੇ ਪੱਕੀ ਸੀ। ਸਮਾਜੀ ਲਾਹਨਤਾਂ ਦੇ ਬਥੇਰੇ ਝੱਖੜ ਆਏ ਪਰ ਮੈਂ ਆਪਣੇ ਇਰਾਦੇ ਦੀ ਬੇੜੀ ਨੂੰ ਮਿਹਨਤ ਦੇ ਚੱਪੂ ਲਾਉਂਦੀ ਗਈ। ਮੇਰੇ ਪਤੀ ਸਰਦਾਰ ਅਮਰੀਕ ਸਿੰਘ ਨੇ ਮੇਰਾ ਪੂਰਾ ਸਾਥ ਦਿੱਤਾ। ਕਿਉਂਕਿ ਉਹ ਆਪ ਖ਼ੁਦ ਪੋਸਟ ਗ੍ਰੈਜੂਏਟ ਸਨ ਅਤੇ ਮੇਰੇ ਇਰਾਦੇ ਤੋਂ ਪੂਰੀ ਤਰ੍ਹਾਂ ਵਾਕਿਫ਼ ਸਨ। ਸਾਡਾ ਕੰਮ ਵੱਧਦਾ-ਵੱਧਦਾ ਦੇਸ਼ ਵਿਦੇਸ਼ ਤੱਕ ਪਹੁੰਚਣਾ ਸ਼ੁਰੂ ਹੋ ਗਿਆ। ਸਾਡੇ ਡੀਜ਼ਾਇਨ ਕੀਤੇ ਕੱਪੜੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਅਤੇ ਯੂਰਪੀਅਨ ਮੁਲਕਾਂ ਵਿੱਚ ਜਾਣ ਲੱਗੇ। ਸੱਚ ਜਾਣ ਭੈਣੇ ਸਾਡੇ ਪਾਸ ਕੰਮ ਦੇ ਆਰਡਰ ਹਮੇਸ਼ਾ ਜਮ੍ਹਾਂ ਰਹਿੰਦੇ ਹਨ।ਇਸ ਸਮੇਂ ਪਰਮਾਤਮਾ ਦੀ ਸਾਡੇ ਸਿਰ 'ਤੇ ਪੂਰੀ ਕਿਰਪਾ ਹੈ।"
"ਤੇਰੀ ਇਸੇ ਹੀ ਮਹਿਮਾ ਨੂੰ ਸੁਣ ਕੇ ਤਾਂ ਮੇਰੇ ਤੇਰੇ ਕੋਲ ਆਈ ਹਾਂ ਕਿ ਭੈਣ ਮੈਨੂੰ ਵੀ ਕੋਈ ਚੰਗੀ ਸਲਾਹ ਦੇਵੇਗੀ। ਮੈਨੂੰ ਵੀ ਕੋਈ ਰਾਇ ਦੇ, ਜਿਸ ਨਾਲ ਮੈਂ ਥੋੜ੍ਹੀ ਪੂੰਜੀ ਨਾਲ ਆਪਣੇ ਪੈਰਾਂ 'ਤੇ ਖੜ ਸਕਾਂ।" ਸੋਨੀ ਨੇ ਆਪਣੀ ਸਹਿਪਾਠਨ ਪਾਸੋਂ ਕਿਸੇ ਚੰਗੇ ਵਿਉਪਾਰ ਦੀ ਸਲਾਹ ਮੰਗੀ। "ਹਾਂ ਸੋਨੀ, ਮੈਂ ਤੇਰੀ ਮਦਦ ਜ਼ਰੂਰ ਕਰਾਂਗੀ। ਜੇਕਰ ਮੇਰੀ ਮਦਦ ਨਾਲ ਕੋਈ ਆਪਣੇ ਪੈਰਾਂ 'ਤੇ ਖੜ ਸਕੇ, ਮੈਨੂੰ ਅੰਤਾਂ ਦੀ ਖੁਸ਼ੀ ਹੋਏਗੀ। ਤੇਰੇ ਲਈ ਮੇਰੇ ਮਨ ਵਿੱਚ ਦੋ ਵਿਉਪਾਰੀ ਨੁਕਤੇ ਹਨ। ਪਹਿਲੀ ਗੱਲ ਤੈਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਤੂੰ ਜ਼ਿਆਦਾ ਪੜ੍ਹੀ ਲਿਖੀ ਕੁੜੀ ਹੈਂ। ਦੂਸਰੀ ਸਲਾਹ ਹੈ ਕਿ ਤੈਨੂੰ ਦੁਨੀਆਦਾਰੀ ਦੀ ਪ੍ਰਵਾਹ ਛੱਡਣੀ ਪਏਗੀ ਕਿ ਤੇਰੇ ਵਾਰੇ ਕੋਈ ਕੀ ਕਹਿੰਦਾ ਹੈ।ਸਮਾਜੀ ਤੋਹਮਤਾਂ ਤੋਂ ਅੱਖਾਂ ਨੂੰ ਖੋਪੇ ਲਾ ਕੇ ਸਿੱਧੀ ਆਪਣੇ ਨਿਸ਼ਾਨੇ ਵੱਲ ਤੁਰੀ ਜਾਂਵੀਂ। ਰਸਤਾ ਔਕੜਾਂ ਭਰਿਆ ਹੋਏਗਾ, ਪਰ ਹੌਸਲਾ ਨਾ ਹਾਰੀਂ। ਕੋਠੇ ਦੀ ਟੀਸੀ ਤੇ ਪਹੁੰਚਣ ਲਈ ਪੌੜੀ ਦਾ ਇੱਕ-ਇੱਕ ਪੌਡਾ ਚੜ੍ਹਨਾ ਪੈਂਦਾ ਹੈ। ਜੇਕਰ ਛੱਤ ਲਾਗੇ ਜਾ ਕੇ ਥੱਲੇ ਵੱਲ ਜਾਂ ਆਲੇ ਦੁਆਲੇ ਵਲ ਦੇਖ ਕੇ ਡਰ ਜਾਓ ਤਾਂ ਉਹ ਇੱਕ ਵੱਡੀ ਭੁੱਲ ਹੁੰਦੀ ਹੈ।ਕਿਉਂਕਿ ਉਸ ਸਮੇਂ ਤੁਸੀਂ ਛੱਤ 'ਤੇ ਪੈਰ ਰੱਖਣ ਵਾਲੇ ਹੀ ਹੁੰਦੇ ਹੋ।"
    "ਭੈਣੇ ਕੋਈ ਇਹੋ ਜਿਹਾ ਵਿਉਪਾਰ ਦੱਸ ਜਿਹੜਾ ਬਹੁਤ ਥੋੜੇ ਸਰਮਾਏ ਨਾਲ ਚਾਲੂ ਕੀਤਾ ਜਾ ਸਕੇ। ਮੈਂ ਵੀ ਚਾਹੁੰਦੀ ਹਾਂ ਕਿ ਮੈਂ ਆਪਣੇ ਪੈਰਾਂ ਤੇ ਖੜ ਕੇ ਕਿਸੇ ਦੀ ਵੀ ਮੁਹਤਾਜ ਨਾ ਹੋਵਾਂ।" ਸੋਨੀ ਨੇ ਆਪਣੀ ਕਾਮਯਾਬ ਸਹੇਲੀ ਤੋਂ ਸਲਾਹ ਮੰਗੀ। "ਸੋਨੀ ਜੇਕਰ ਤੂੰ ਆਪਣਾ ਕਾਰੋਬਾਰ ਕਰਨ ਦਾ ਮਨ ਬਣਾ ਹੀ ਲਿਆ ਹੈ ਤਾਂ ਮੇਰੇ ਪਾਸ ਤੇਰੇ ਵਾਸਤੇ ਦੋ ਕਾਰੋਬਾਰੀ (IDEAS) ਖ਼ਿਆਲ ਹਨ।ਖਿਆਲ ਭਾਵੇਂ ਕਿ ਦੇਸੀ ਅਤੇ ਹਾਸੋਹੀਣੇ ਜਿਹੇ ਲੱਗਣਗੇ ਪਰ ਗੌਰ ਨਾਲ ਸੁਣ। ਪਹਿਲੀ ਰਾਇ ਕਿ ਤੂੰ ਪਿੰਨੀਆਂ ਬਣਾ ਕੇ ਦੁਕਾਨਾਂ ਨੂੰ ਸਪਲਾਈ ਕਰੇਂ। ਦੂਸਰੀ ਰਾਇ, ਵੱਖ-ਵੱਖ ਫਲ਼ਾਂ ਦਾ ਮੁਰੱਬਾ ਅਤੇ ਅਚਾਰ ਬਣਾ ਕੇ ਛੋਟੀਆਂ ਦੁਕਾਨਾਂ ਨੂੰ ਵੇਚਣ ਦਾ ਧੰਦਾ ਸ਼ੁਰੂ ਕਰੇਂ।" ਰਾਇ ਸੁਣਦਿਆਂ ਸੋਨੀ ਬੁੱਲਾਂ 'ਚ ਮਿੰਨ੍ਹਾ ਜਿਹਾ ਮੁਸਕਰਾਈ ਪਰ ਨਵਕਿਰਨ ਨੂੰ ਜ਼ਾਹਿਰ ਨਾ ਹੋਣ ਦਿੱਤਾ ਅਤੇ ਗੱਲ ਅੱਗੇ ਤੋਰਨ ਲਈ ਆਖਿਆ।" ਸੋਨੀ ਸੱਚ ਜਾਣ ਮੈਨੂੰ ਇਸ ਵਿਉਪਾਰ ਵਿੱਚ ਤੇਰਾ ਭਵਿੱਖ ਰੋਸ਼ਨ ਦਿਖਾਈ ਦੇ ਰਿਹਾ ਹੈ।" "ਨਵਕਿਰਨ ਮੈਨੂੰ ਫ਼ਲਾਂ ਦੇ ਮੁਰੱਬੇ ਦਾ ਖ਼ਿਆਲ ਕੁੱਝ ਜ਼ਿਆਦਾ ਚੰਗਾ ਲੱਗਾ। ਇਸ ਵਿੱਚ ਕਿੰਨਾ ਕੁ ਪੈਸਾ ਚਾਹੀਦਾ ਹੈ ਅਤੇ ਇਸ ਦੀਆਂ ਕੁੱਝ ਬਰੀਕੀਆਂ ਬਾਰੇ ਵੀ ਕੁੱਝ ਦੱਸ?"
"ਸੋਨੀ ਬੜੀ ਥੋੜ੍ਹੀ ਪੂੰਜੀ ਦੀ ਜ਼ਰੂਰਤ ਹੈ। ਨਾਲੇ ਤੂੰ ਇਹ ਕਾਰੋਬਾਰ ਛੋਟੇ ਸਕੇਲ ਤੇ ਚਾਲੂ ਕਰਨਾ ਹੈ। ਅੰਬਾਂ, ਔਲਿਆਂ ਅਤੇ ਸੇਬਾਂ ਦੇ ਮੁਰੱਬੇ ਤੋਂ ਸ਼ੁਰੂ ਕਰ ਲੈ। ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਸੈਂਪਲ ਦੇ ਤੌਰ 'ਤੇ ਛੋਟੀਆਂ ਦੁਕਾਨਾਂ ਨੂੰ ਮੁਫ਼ਤ ਵਿੱਚ ਸਪਲਾਈ ਕਰ। ਇਸ ਨਾਲ ਮਾਰਕਿਟ ਵਿੱਚ ਤੇਰੀ ਮੁਰੱਬਿਆਂ ਦੇ ਵਿਉਪਾਰ ਵਜੋਂ ਜਾਣ ਪਹਿਚਾਣ ਹੋਏਗੀ।" ਨਵਕਿਰਨ ਨੇ ਆਪਣੀ ਸਹੇਲੀ ਨੂੰ ਕੁੱਝ ਚੰਗੇ ਵਿਉਪਾਰੀ ਗੁਣ ਵੀ ਸਮਝਾ ਦਿੱਤੇ ਜਿਨਾਂ੍ਹ 'ਤੇ ਚੱਲਦਿਆਂ ਸੋਨੀ ਆਪਣੇ ਕਿੱਤੇ ਵਿੱਚ ਸਫ਼ਲਤਾ ਪ੍ਰਾਪਤ ਕਰ ਸਕੇ। ਸੋਨੀ ਨੇ ਨਵਕਿਰਨ ਦੀ ਸਲਾਹ ਪੱਲੇ ਬੰਨ੍ਹ ਲਈ ਅਤੇ ਆਪਣੇ ਨਿੱਜੀ ਕਾਰੋਬਾਰ ਵਿੱਚ ਜੁੱਟ ਗਈ। ਅੰਬ, ਔਲੇ ਅਤੇ ਸੇਬ ਤਿੰਨ ਤਰ੍ਹਾਂ ਦਾ ਮੁਰੱਬਾ ਅਤੇ ਅੰਬ ਦੇ ਅਚਾਰ ਤੋਂ ਕੰਮ ਸ਼ੁਰੂ ਕਰ ਲਿਆ। ਛੋਟੀਆਂ ਦੁਕਾਨਾਂ ਵਿੱਚ ਛੋਟੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਸੈਂਪਲ ਭੇਜ ਕੇ ਗਾਹਕਾਂ ਨੂੰ ਭੇਜਣ ਲੱਗੀ। ਥੋੜ੍ਹਾ ਸਮਾਂ ਤਾਂ ਲੱਗ ਗਿਆ ਪਰ ਗਾਹਕ ਸੋਨੀ ਦੇ ਮੁਰੱਬਿਆਂ ਦੇ ਗੁਣ ਗਾਉਣ ਲੱਗੇ। ਇਸ ਤੋਂ ਬਾਅਦ ਡੱਬਿਆਂ ਵਿੱਚ ਭਰ ਕੇ ਮੁਰੱਬਾ ਅਤੇ ਅਚਾਰ ਭੇਜਣਾ ਸ਼ੁਰੂ ਕਰ ਦਿੱਤਾ।ਪਰ ਮੁਨਾਫ਼ਾ ਬਹੁਤ ਹੀ ਵਾਜ਼ਿਬ ਰੱਖਿਆ। ਇਸ ਨਾਲ ਗਾਹਕਾਂ ਦੀ ਮੰਗ ਵੱਧਦੀ ਗਈ।ਕਾਰੋਬਾਰ ਵੱਧਦਾ ਦੇਖ ਕੇ ਸੋਨੀ ਨੇ ਡੱਬੇ ਪੈਕ ਕਰਨ ਵਾਲੀ ਮਸ਼ੀਨ ਲੈ ਆਂਦੀ। ਸੇਬ ਹਿਮਾਚਲ ਅਤੇ ਕਸ਼ਮੀਰ ਤੋਂ ਸਿੱਧੇ ਮੰਗਵਾਉਣੇ ਸ਼ੁਰੂ ਕਰ ਦਿੱਤੇ। ਦੋ ਚਾਰ ਕਾਮਿਆਂ ਤੋਂ ਸ਼ੁਰੂ ਹੋਇਆ ਕੰਮ ਚਾਲੀ ਪੰਜਾਹਾਂ ਕਾਮਿਆਂ ਤੇ ਪਹੁੰਚ ਗਿਆ। ਅੰਬ ਦੇ ਅਚਾਰ ਨਾਲ ਕੁੱਝ ਫ਼ਲਾਂ ਦੀ ਚੱਟਣੀ ਦਾ ਵੀ ਵਿਉਪਾਰ ਨਾਲ ਜੋੜ ਲਿਆ। ਮੁਰੱਬਾ ਅਚਾਰ ਅਤੇ ਚੱਟਣੀਆਂ ਏਨੀਆਂ ਸੁਆਦੀ ਸਨ ਕਿ ਇਨ੍ਹਾਂ ਦੀ ਮੰਗ ਵਿਦੇਸ਼ਾਂ ਤੋਂ ਵੀ ਆਉਣੀ ਸ਼ੁਰੂ ਹੋ ਗਈ। ਕੁੱਝ ਹੀ ਸਾਲਾਂ ਵਿੱਚ ਸੋਨੀ ਸੰਧੂ ਦਾ ਮੁਰੱਬੇ ਦਾ ਵਿਉਪਾਰ ਸਿਖ਼ਰਾਂ ਛੂੰਹਣ ਲੱਗਾ। ਸੋਨੀ ਦੇ ਸਫ਼ਲ ਵਿਉਪਾਰ ਦੀ ਚਰਚਾ ਆਮ ਹੋਣ ਲੱਗੀ। ਨਵਕਿਰਨ ਨੇ ਵੀ ਆਪਣੀ ਸਹੇਲੀ ਦੀ ਸੋਭਾ ਸੁਣ ਕੇ ਸੋਨੀ ਨੂੰ ਫ਼ੋਨ 'ਤੇ ਵਧਾਈ ਦਿੱਤੀ, "ਸੋਨੀ, ਤੇਰੀ ਖ਼ਬਰ ਅਤੇ ਫੋਟੋ ਕੱਲ੍ਹ ਮੈਂ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਵਿੱਚ ਦੇਖੀ। ਵਧਾਈਆਂ ਭੈਣੇ, ਤੂੰ ਤੇ ਕਮਾਲ ਕਰ ਤੀ। ਮੈਨੂੰ ਤਾਂ ਉਮੀਦ ਨਹੀਂ ਸੀ ਕਿ ਇੰਨਾਂ ਚਿਰ ਵਹਿਲੀ ਰਹਿ ਕੇ ਤੂੰ ਕੋਈ ਧੰਦਾ ਕਰ ਵੀ ਸਕੇਂਗੀ ਕਿ ਨਹੀਂ।"
"ਭੈਣੇ, ਤੇਰੀਆਂ ਨੇਕ ਸਲਾਹਾਂ ਦਾ ਹੀ ਤਾਂ ਨਤੀਜਾ ਹੈ। ਤੂੰ ਮੇਰੀ ਬਾਂਹ ਨਾ ਫੜਦੀ ਤਾਂ ਮੇਰਾ ਇਸ ਔਖੀ ਘਾਟੀ 'ਤੇ ਚੜ੍ਹਨ ਦਾ ਕਿੱਥੋਂ ਹੌਸਲਾ ਪੈਣਾ ਸੀ। ਤੂੰ ਸੱਚ ਮੁੱਚ ਹੀ ਮੇਰੇ ਲਈ ਦੇਵੀ ਹੈਂ। ਤੇਰੇ ਦੱਸੇ ਰਾਹ ਤੇ ਤੁਰ ਕੇ ਮੈਂ ਤਾਂ ਅੱਗੇ ਤੋਂ ਅੱਗੇ ਹੀ ਤੁਰਦੀ ਗਈ। ਜਦੋਂ ਮੇਰਾ ਵਿਉਪਾਰ ਇੰਨਾ ਵੱਧ ਗਿਆ ਤਾਂ ਮੈਂ ਮਨਜੋਤ ਅਤੇ ਮਨਕੀਰਤ ਨੂੰ ਵੀ ਕੈਨੇਡਾ ਵਿੱਚੋਂ ਸੱਦ ਕੇ ਆਪਣੇ ਹੀ ਨਾਲ ਵਿਉਪਾਰ ਵਿੱਚ ਪਾ ਲਿਆ। ਉਨ੍ਹਾਂ ਦੇ ਕੈਨੇਡਾ ਵਿੱਚ ਨਵੇਂ ਖ਼ਿਆਲਾਂ ਅਤੇ ਪੜ੍ਹਾਈ ਨੇ ਮੇਰੇ ਵਿਉਪਾਰ ਨੂੰ ਹੋਰ ਵੀ ਗੂੜੀ ਰੰਗਤ ਦਿੱਤੀ। ਮਾਰਕਿਟਿੰਗ ਦਾ ਕੰਮ ਮੇਰੀ ਧੀ ਅਤੇ ਲੜਕੇ ਨੇ ਸਾਂਭ ਲਿਆ। ਫੈਕਟਰੀ ਦਾ ਵਿਵਹਾਰਿਕ ਕੰਮ ਮੈਂ ਆਪ ਸਾਂਭ ਲਿਆ। ਹੁਣ ਤਾਂ ਭੈਣੇ ਤੇਰੀਆਂ ਸ਼ੁੱਭ ਅਸੀਸਾਂ ਅਤੇ ਨੇਕ ਸਲਾਹਾਂ ਸਦਕਾ ਵਾਹਿਗੁਰੂ ਦੀ ਦਇਆ ਨਾਲ ਜਿਸ ਕੰਮ ਨੂੰ ਹੱਥ ਪਾਉਂਦੀ ਹਾਂ, ਫ਼ਤਿਹ ਹੀ ਮਿਲਦੀ ਹੈ। ਭੈਣੇ ਤੇਰੀ ਸਹੀ ਮੌਕੇ ਦਿੱਤੀ ਨੇਕ ਸਲਾਹ ਨੇ ਇੱਕ ਗਰੀਬੀ ਵਿੱਚ ਨਿੱਘਰਦੀ ਜਾਂਦੀ ਅਤੇ ਬੇ-ਜਮੀਨੀ ਜ਼ਨਾਨੀ ਨੂੰ ਅੱਜ ਸੱਚ ਮੁੱਚ ਹੀ 'ਮੁਰੱਬਿਆਂ ਵਾਲੀ' ਬਣਾ ਦਿੱਤਾ।"

ਪਰਾਏ ਦੇਸ - ਬਲਵੰਤ ਸਿੰਘ ਗਿੱਲ

"ਜੱਸੀ ਤੇਰੀ ਨਾਂਹ ਨਾਂਹ ਨੇ ਬੇੜਾ ਗਰਕ ਕਰ ਦੇਣਾ। ਦੇਖ ਇਹੋ ਜਿਹੇ ਮੌਕੇ ਵਾਰ-ਵਾਰ ਹੱਥ ਨਹੀਂ ਆਉਂਦੇ। ਹੁਣ ਤਾਂ ਆਸਟਰੇਲੀਆ ਸਰਕਾਰ ਵਿੱਦਿਆ ਦੇ ਕਾਨੂੰਨ ਰਾਹੀਂ ਇੱਥੇ ਆਉਣ ਦਾ ਮੌਕਾ ਦਿੰਦੀ ਹੈ। ਪਰ ਫੇਰ ਜੇ ਸਰਕਾਰ ਬਦਲ ਗਈ ਜਾਂ ਫਿਰ ਇਸ ਨੇ ਆਪਣੀ ਪਾਲਿਸੀ ਬਦਲ ਲਈ ਫਿਰ ਇੱਥੇ ਆਇਆ ਨਹੀਂ ਜਾਣਾ। ਹੁਣ-ਹੁਣ ਮੌਕਾ ਹੈ, ਮੌਕੇ ਨੂੰ ਸਾਂਭ ਲੈ ਅਤੇ ਆਸਟਰੇਲੀਆ ਆ ਜਾ।" ਸ੍ਹਾਬੀ ਨੇ ਆਪਣੇ ਦੋਸਤ ਜੱਸੀ ਨੂੰ ਆਸਟਰੇਲੀਆ ਆਉਣ ਦਾ ਮੌਕਾ ਹੱਥੋਂ ਨਾ ਗੁਆੳੇਣ ਲਈ ਫ਼ੋਨ 'ਤੇ ਚਿਤਾਵਨੀ ਦਿੱਤੀ।
"ਦੇਖ ਸ੍ਹਾਬੀ! ਤੇਰੀ ਸਲਾਹ ਸਿਰ ਮੱਥੇ, ਪਰ ਮੇਰੀ ਬੇਬੇ ਮੰਨਦੀ ਨਹੀਂ। ਜਦ ਕਦੇ ਅਸਟਰੇਲੀਆ ਜਾਂ ਕੈਨੇਡਾ ਜਾਣ ਦੀ ਗੱਲ ਕਰਾਂ ਤਾਂ ਅੱਖਾਂ ਭਰ ਲੈਂਦੀ ਹੈ 'ਤੇ ਆਖਦੀ ਹੈ ਕਿ ਉਸਨੇ ਮੈਨੂੰ ਵਾਹਿਗੁਰੂ ਪਾਸੋਂ ਲੱਖਾਂ ਮਿੰਨਤਾਂ ਤਰਲੇ ਕਰਕੇ ਮੰਗਿਆ ਹੈ। ਮੈਥੋਂ ਪਹਿਲਾਂ ਬੇਬੇ ਦੀ ਕੁੱਖੋਂ ਤਿੰਨ ਬੱਚੇ ਹੋਏ ਸਨ। ਦੋ ਤਾਂ ਉਸਦੇ ਪੇਟ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਸਨ ਅਤੇ ਇੱਕ ਮੁੰਡਾ ਬਚਪਨ ਵਿੱਚ ਹੀ ਕਿਸੇ ਘਾਤਿਕ ਬੀਮਾਰੀ ਹੋਣ ਕਰਕੇ ਮਰ ਗਿਆ ਸੀ। ਹੁਣ ਬੇਬੇ ਮੈਨੂੰ ਆਪਣੀਆਂ ਅੱਖਾਂ ਤੋਂ ਪਰ੍ਹੇ ਇੱਕ ਪਲ ਵੀ ਨਹੀਂ ਕਰਨਾ ਚਾਹੁੰਦੀ।" ਜੱਸੀ ਨੇ ਆਪਣੀ ਮਜ਼ਬੂਰੀ ਸਾਬੀ ਅੱਗੇ ਬਿਆਨ ਕੀਤੀ।
ਜੱਸੀ ਨੇ ਸ੍ਹਾਬੀ ਦਾ ਸੁਨੇਹਾ ਇੱਕ ਵਾਰ ਫੇਰ ਆਪਣੀ ਬੇਬੇ ਨੂੰ ਸੁਣਾਇਆ,"ਬੇਬੇ ਕੱਲ੍ਹ ਫੇਰ ਆਸਟਰੇਲੀਆ ਤੋਂ ਮੇਰੇ ਦੋਸਤ ਸਾਬੀ ਦਾ ਫ਼ੋਨ ਆਇਆ ਸੀ 'ਤੇ ਉਹ ਜ਼ੋਰ ਪਾ ਰਿਹਾ ਸੀ ਕਿ ਮੈਨੂੰ ਆਸਟਰੇਲੀਆ ਜਾਣ ਦਾ ਮੌਕਾ ਹੱਥੋਂ ਖੂੰਝਾਉਣਾ ਨਹੀਂ ਚਾਹੀਦਾ। ਆਖਦਾ ਸੀ ਕਿ ਅਜੇ ਤਾਂ ਆਸਟਰੇਲੀਆ ਸਰਕਾਰ ਵਿਦਿਆਰਥੀਆਂ ਨੂੰ ਉੱਥੇ ਜਾਣ ਦਾ ਮੌਕਾ ਦਿੰਦੀ ਹੈ। ਪਰ ਫੇਰ ਕੋਈ ਭਰੋਸਾ ਨਹੀਂ ਕਿ ਇਹੋ ਜਿਹਾ ਮੌਕਾ ਮਿਲੇ ਜਾਂ ਨਾ ਮਿਲੇ। ਤੂੰ ਮੈਨੂੰ ਆਸਟਰੇਲੀਆ ਜਾ ਲੈਣ ਦੇ।" ਜੱਸੀ ਨੇ ਆਪਣੀ ਬੇਬੇ ਪਾਸ ਆਸਟਰੇਲੀਆ ਜਾਣ ਦਾ ਤਰਲਾ ਪਾਇਆ।
ਬੇਬੇ ਕਰਤਾਰੀ ਨੂੰ ਜੱਸੀ ਦੀ ਗੱਲ ਇਸ ਤਰ੍ਹਾਂ ਚੁੱਭੀ ਜਿਵੇਂ ਕਿਸੇ ਨੇ ਉਸਦੇ ਅੱਲ੍ਹੇ ਜ਼ਖ਼ਮਾਂ ਤੇ ਲੂਣ ਭੁੱਕ ਦਿੱਤਾ ਹੋਵੇ। "ਪੁੱਤ ਜੱਸੀ, ਦੇਖ ਪਾਗਲ ਨਹੀਂ ਬਣੀਦਾ। ਤੈਨੂੰ ਘਰ ਦੇ ਸਾਰੇ ਹਾਲਾਤਾਂ ਦਾ ਭਲੀ ਭਾਂਤ ਪਤਾ ਹੈ ਕਿ ਤੈਨੂੰ ਮੈਂ ਰੱਬ ਕੋਲੋਂ ਸੌ ਸੁੱਖਾਂ ਮੰਗ ਕੇ ਲਿਆ ਸੀ। ਜਦੋਂ ਤੂੰ ਅਜੇ ਪੰਜ ਕੁ ਸਾਲ ਦਾ ਹੋਇਆ ਸੀ ਤਾਂ ਤੇਰਾ ਬਾਪੂ ਗ਼ਰੀਬੀ ਦੁੱਖੋਂ ਕੀੜੇ ਮਾਰਨ ਵਾਲੀ ਦੁਆਈ ਖਾ ਕੇ ਆਪਣੀ ਜਾਨ ਗੁਆ ਗਿਆ ਸੀ। ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੰਨਿਆਂ ਦੁੱਖਾਂ ਨਾਲ ਪਾਲ਼ਿਆ ਹੈ। ਤੂੰ ਹੁਣ ਕਹਿਨੈਂ ਕਿ ਮੈਂ ਵਿਦੇਸ਼ ਜਾਣਾ  ਚਾਹੁੰਦਾ ਹੈਂ। ਕਾਕਾ! ਅੱਧੀ ਖਾ ਲਈਏ, ਪਰਦੇਸਾਂ ਦੇ ਧੱਕੇ ਨਹੀਂ ਖਾਈਦੇ।"
ਬੇਬੇ ਆਪਣੇ ਬੇਟੇ ਨੂੰ ਅੱਗੇ ਸਮਝਾਉਂਦੀ ਹੋਈ ਬੋਲੀ,
" ਬੇਟਾ, ਤੇਰੀ ਢਾਈ ਏਕੜ ਜ਼ਮੀਨ ਹੈ। ਮੈਂ ਇਸ 'ਤੇ ਕਰਜ਼ਾ ਚੁੱਕ ਕੇ ਜਾਂ ਥੋੜ੍ਹੀ ਪੈਲੀ ਵੇਚ ਕੇ ਤੈਨੂੰ ਇੱਥੇ ਹੀ ਡੇਅਰੀ ਖ੍ਹੋਲ ਦਿੰਦੀ ਹਾਂ। ਆਪਾਂ ਮਾਂ-ਪੁੱਤ ਦੋਵੇਂ ਨਾਲੇ ਆਪਣੀ ਜ਼ਮੀਨ ਵਿੱਚ ਬਿਨਾਂ ਰੇਹਾਂ ਸਪਰੇਹਾਂ ਤੋਂ ਖੇਤੀ ਕਰਿਆ ਕਰਾਂਗੇ ਅਤੇ ਨਾਲ ਹੀ ਆਪਣੀ ਡੇਅਰੀ ਦੀਆਂ ਮੱਝਾਂ ਦਾ ਦੁੱਧ ਵੇਚਿਆ ਕਰਾਂਗੇ। ਮੈਂ ਇੱਕ ਦਿਨ ਟੈਲੀ 'ਤੇ ਸੁਣਿਆਂ ਕਿ ਰੇਹਾਂ ਸਪਰੇਹਾਂ ਤੋਂ ਬਿਨਾਂ ਫਸਲਾਂ ਦੀ ਬੜੀ ਮੰਗ ਹੈ। ਯਕੀਨ ਰੱਖ ਮੈਂ ਤੈਨੂੰ ਇਸ ਮੁਲਕ ਵਿੱਚ ਭੁੱਖਾ ਨਹੀਂ ਰਹਿਣ ਦਿੰਦੀ।" ਬੇਬੇ ਜੀ ਨੇ ਜੱਸੀ ਦਾ ਹੌਂਸਲਾ ਵਧਾਉਂਦਿਆਂ ਉਸ ਦਾ ਆਸਟਰੇਲੀਆ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।
ਜੱਸੀ ਨੂੰ ਲੱਗਾ ਕਿ ਉਸ ਦੀ ਬੇਬੇ  ਭਾਰਤੀ ਨਿਜ਼ਾਮ ਦੀਆਂ ਹਕੀਕਤਾਂ ਤੋਂ ਬੇਖ਼ਬਰ ਹੈ 'ਤੇ ਐਵੇਂ ਟੈਲੀਵਿਯਨ 'ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਫ਼ੋਕੇ ਜਿਹੇ ਪ੍ਰੋਗਰਾਮ ਦੇਖ ਕੇ ਆਪਣਾ ਧਰਵਾਸਾ ਬੰਨ੍ਹੀ ਬੈਠੀ ਹੈ। ਸ਼ਾਇਦ ਇਸ ਨੂੰ ਡੇਅਰੀ ਵਿੱਚ ਮੱਝਾਂ/ ਗਾਂਈਆ ਨੂੰ ਪਾਲਣ ਦੇ ਖ਼ਰਚਿਆਂ ਦਾ ਅੰਦਾਜ਼ਾ ਨਹੀਂ ਹੈ।
ਜਿਹੜਾ ਇਹ ਬਿਨ੍ਹਾਂ ਖਾਦਾਂ, ਰੇਹਾਂ ਸਪਰੇਆਂ ਅਤੇ ਕੀਟ-ਨਾਸ਼ਕ ਦਵਾਈਆਂ ਤੋਂ ਫ਼ਸਲ ਉੱਗਾ ਕੇ ਖੇਤੀ ਮਾਹਿਰਾਂ ਦੀਆਂ ਗੱਲਾਂ ਵਿੱਚ ਆ ਗਈ ਹੈ, ਇਸ ਨੂੰ ਸ਼ਾਇਦ ਆਰਗੈਨਿਕ/ ਜੈਵਿਕ ਫ਼ਸਲਾਂ ਦੇ ਝਾੜ ਦਾ ਪਤਾ ਨਹੀਂ ਜਿਹੜਾ ਹੁਣ ਦੇ ਕਣਕ ਝੋਨੇ ਦੇ ਝਾੜ ਤੋਂ ਅੱਧਾ ਵੀ ਨਹੀਂ ਹੋਵੇਗਾ। ਸਰਕਾਰਾਂ ਨੇ  ਇਨ੍ਹਾਂ ਫਸਲਾਂ ਦਾ ਕਿਹੜਾ ਜਿਆਦਾ ਮੁੱਲ ਪਾਉਣਾ। ਉਹ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਖੇਤੀ ਛੁਡਵਾ ਕੇ ਵਹਿਲਾ ਕੀਤਾ ਚਾਹੁੰਦੀ ਹੈ, ਤਾਂ ਕਿ ਖੇਤੀ ਤੇ ਕਾਰਪੋਰੇਟ ਕਬਜ਼ਾ ਕਰ ਲੈਣ।
"ਬੇਬੇ, ਮਿੰਨਤ ਨਾਲ ਮੇਰੀ ਗੱਲ ਮੰਨ ਲੈ। ਮੈਨੂੰ ਮੇਰੇ ਦੋਸਤ ਸ੍ਹਾਬੀ ਦੀ ਗੱਲ ਵਜ਼ਨਦਾਰ ਲੱਗਦੀ ਹੈ। ਇੱਥੇ ਮੇਰੇ ਵਰਗੇ ਨੌਜਵਾਨਾਂ ਦਾ ਕੋਈ ਭਵਿੱਖ ਨਹੀਂ ਹੈ। ਹੁਣ-ਹੁਣ ਮੌਕਾ ਹੈ ਆਸਟਰੇਲੀਆ ਜਾਣ ਦਾ। ਮੈਨੂੰ ਆਪਣਾ ਭਵਿੱਖ ਸਵਾਰਨ ਦੇ।ਮੈਨੂੰ ਪੱਕਾ ਪਤਾ ਹੈ ਕਿ ਤੂੰ ਮੇਰਾ ਵਿਛੋੜਾ ਨਹੀਂ ਝੱਲ ਸਕਦੀ। ਮੈਂ ਤੈਨੂੰ ਭਰੋਸਾ ਦਿੰਦਾ ਹਾਂ ਕਿ ਜਿੰਨੀ ਛੇਤੀ ਮੈਂ ਆਸਟਰੇਲੀਆ ਵਿੱਚ ਪੱਕਾ ਹੋਇਆ, ਤੈਨੂੰ ਉੱਦੋਂ ਹੀ ਮੰਗਵਾ ਲਵਾਂਗਾ।"
ਪੁੱਤਰ ਦੀਆਂ ਤਰਕਾਂ ਅੱਗੇ ਬੇਬੇ ਕਰਤਾਰੀ ਦੀ ਕੋਈ ਪੇਸ਼ ਨਾ ਗਈ। ਇੱਥੇ ਮਾਂ ਦੀ ਮਮਤਾ ਆਪਣੇ ਪੁੱਤ ਦੀਆਂ ਅੱਖਾਂ ਵਿੱਚ ਭਾਰਤੀ ਸਰਕਾਰ ਦੀਆਂ ਨੌਜਵਾਨਾਂ ਲਈ ਕੋਈ ਕਾਰਗਰ ਨੀਤੀਆਂ ਅਤੇ ਯੋਜਨਾਵਾਂ ਦੀ ਘਾਟ ਦੇਖਦੀ ਹੋਈ, ਆਪਣੇ ਪੁੱਤਰ ਦੀ ਗੱਲ ਮੰਨਣ ਲਈ ਮਜ਼ਬੂਰ ਹੋ ਗਈ।
ਬੇਬੇ ਨੇ ਆਪਣੇ ਇਕਲੌਤੇ ਅਤੇ ਲਾਡਲੇ ਪੁੱਤ ਨੂੰ ਅਸਟਰੇਲੀਆ ਭੇਜਣ ਦਾ ਕੌੜਾ ਘੁੱਟ ਭਰਨ ਲਈ ਆਪਣੀ ਜ਼ਮੀਨ ਦਾ ਇੱਕ ਖੱਤਾ ਵੇਚ ਦਿੱਤਾ। ਪੰਦਰਾਂ ਲੱਖ ਰੁੱਪਿਆ ਜੱਸੇ ਦੇ ਹੱਥ ਫ਼ੜਾ ਦਿੱਤੇ।
ਜੱਸੀ ਨੇ ਏਜੰਟ ਨਾਲ ਗੱਲ ਕੀਤੀ ਅਤੇ ਇਹ ਸਾਰੀ ਮਾਇਆ ਉਸ ਦੀ ਝੋਲੀ ਵਿੱਚ ਪਾ ਕੇ ਆਸਟਰੇਲੀਆ ਪੜ੍ਹਾਈ ਕਰਨ ਪਹੁੰਚ ਗਿਆ। ਕਾਲਜ ਦੀ ਬਾਕੀ ਫ਼ੀਸ ਉੱਥੇ ਪਹੁੰਚ ਕੇ ਅਤੇ ਕੰਮ ਕਰਕੇ ਤਾਰਨੀ ਸੀ।
ਜੱਸੀ ਅਤੇ ਸ੍ਹਾਬੀ ਦੋਵੇਂ ਇੱਕ ਘਰ ਦੀ ਬੇਸਮੈਂਟ (ਘਰ ਦੇ ਥੱਲੇ ਦੇ ਹਿੱਸੇ) ਵਿੱਚ ਰਹਿਣ ਲੱਗੇ। ਸ੍ਹਾਬੀ ਜੱਸੀ ਤੋਂ ਦੋ ਤਿੰਨ ਸਾਲ ਪਹਿਲਾਂ ਆਸਟਰੇਲੀਆ ਗਿਆ ਹੋਣ ਕਰਕੇ ਇਸ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਅਤੇ ਨਾਲ ਹੀ ਇਸ ਨੇ ਆਪਣੀ ਪੀ. ਆਰ. (ਪੱਕੇ ਹੋਣ) ਦਾ ਕੇਸ ਅਪਲਾਈ ਕੀਤਾ ਹੋਇਆ ਸੀ।
ਸ੍ਹਾਬੀ ਨੇ ਜੱਸੀ ਨੂੰ ਆਪਣੇ ਨਾਲ ਹੀ ਗੈਸ ਸਟੇਸ਼ਨ ' ਤੇ ਕੈਸ਼ੀਅਰ ਦੇ ਕੰਮ ਤੇ ਲਗਵਾ ਲਿਆ ਤਾਂ ਕਿ ਇਹ ਕਾਲਿਜ ਦੀ ਫ਼ੀਸ ਤਾਰ ਸਕੇ। ਇਸੇ ਗੈਸ ਸਟੇਸ਼ਨ ਤੇ ਮਨਪ੍ਰੀਤ ਜੋ ਕੇ ਕੁਝ ਸਾਲ ਪਹਿਲਾਂ ਪੰਜਾਬ ਤੋਂ ਆਸਟਰੇਲੀਆ ਪੜ੍ਹਨ ਲਈ ਆਈ ਹੋਈ ਸੀ, ਕੈਸ਼ੀਅਰ ਦਾ ਕੰਮ ਕਰ ਰਹੀ ਸੀ। ਉਸ ਦੀ ਮਦਦ ਨਾਲ ਜੱਸੀ ਨੂੰ ਗਾਹਕਾਂ ਨੂੰ ਭੁੱਗਤਾਉਣ ਲਈ ਬੋਲੀ ਬੋਲਣ ਦੀ ਬਹੁਤੀ ਦਿੱਕਤ ਪੇਸ਼ ਨਾ ਆਈ। ਉਵੇਂ ਹੀ ਮਨਪ੍ਰੀਤ ਬੜੇ ਹੀ ਮਿਲਾਪੜੇ ਸੁਭਾਅ ਵਾਲੀ ਸੁਸ਼ੀਲ ਲੜਕੀ ਸੀ।
ਜੱਸੀ ਮਨ ਲਾ ਕੇ ਪੜ੍ਹਦਾ ਰਿਹਾ ਅਤੇ ਹਮੇਸ਼ਾ ਮਾੜੀ ਸੰਗਤ ਤੋਂ ਪਰ੍ਹੇ ਰਹਿੰਦਾ। ਪੜ੍ਹਾਈ ਦੇ ਨਾਲ-ਨਾਲ ਕੁੱਝ ਕੰਮ ਕਰਦਾ ਹੋਣ ਕਰਕੇ ਬੇਬੇ ਕਰਤਾਰੀ 'ਤੇ ਵੀ ਆਰਥਿਕ ਬੋਝ ਨਾ ਪਾਉਂਦਾ। ਸਗੋਂ ਉਸ ਦੇ ਖ਼ਰਚ ਵਾਸਤੇ ਥੋੜ੍ਹੇ ਬਹੁਤ ਪੈਸੇ ਭੇਜ ਛੱਡਦਾ। ਆਪਣੇ ਦੋਸਤ ਸ੍ਹਾਬੀ ਦਾ ਸਾਥ ਅਤੇ ਸਹਾਇਤਾ ਉਸਨੂੰ ਬੜੀ ਹੀ ਲਾਹੇਵੰਦ ਸੀ । ਨਾਲ ਹੀ ਕੰਮ 'ਤੇ ਮਨਪ੍ਰੀਤ ਦਾ ਸੁਹਿਰਦ ਸਾਥ।
ਜਦੋਂ ਕਦੇ ਜੱਸੀ ਆਪਣੀ ਮਾਤਾ ਨੂੰ ਫ਼ੋਨ ਕਰਦਾ ਤਾਂ ਹਮੇਸ਼ਾ ਦੱਸਦਾ ਕਿ ਇਨ੍ਹਾਂ ਦੋਹਾਂ ਇਨਸਾਨਾਂ ਦੇ ਸਾਥ ਅਤੇ ਸਹਾਇਤਾ ਨੇ ਉਸਨੂੰ ਆਸਟਰੇਲੀਆ ਵਿੱਚ ਓਪਰਾ ਮਹਿਸੂਸ ਨਹੀਂ ਹੋਣ ਦਿੱਤਾ। ਕਾਲਜ ਵਿੱਚ ਅਗਰ ਫ਼ੀਸਾਂ ਵਗੈਰਾ ਦੀ ਕੋਈ ਘਾਟ ਵੀ ਆਉਂਦੀ ਤਾਂ ਇਹ ਤਿੰਨੇ ਦੋਸਤ ਆਪਸ ਵਿੱਚ ਨਜਿੱਠ ਲੈਂਦੇ। ਜੱਸੀ ਕਦੇ ਵੀ ਆਪਣੀ ਮਾਤਾ ਜੀ ਨੂੰ ਆਪਣਾ ਕੋਈ ਵੀ ਦੁੱਖ ਤਕਲੀਫ਼ ਨਾ ਦੱਸਦਾ।
ਜੱਸੀ ਦੀ ਬੇਬੇ ਆਪਣੇ ਪੁੱਤਰ ਦੇ ਵਿਦੇਸ਼ ਵਿੱਚ ਰਹਿੰਦਿਆਂ ਪੈਸੇ ਧੇਲੇ ਦੀ ਤਕਲੀਫ਼ ਦੀ ਘੱਟ ਚਿੰਤਾ ਕਰਦੀ, ਪਰ ਉਸ ਨੂੰ ਘਰ ਵਿੱਚ ਇਕੱਲੇ ਰਹਿੰਦਿਆਂ ਘਰ ਖਾਣ ਨੂੰ ਪੈਂਦਾ। ਰੋਟੀ ਖਾਂਦਿਆਂ, ਉੱਠਦਿਆਂ, ਬਹਿੰਦਿਆਂ ਅਤੇ ਜੱਸੀ ਦੇ ਕਮਰੇ ਵਿੱਚ ਗੇੜਾ ਮਾਰਦਿਆਂ, ਜੱਸੀ ਯਾਦ ਆ ਜਾਂਦਾ ਅਤੇ ਕਾਲਜੇ ਨੂੰ ਧੂਹ ਪੈਂਦੀ। ਮਾਂ ਆਪਣੀ ਮਮਤਾ ਨੂੰ ਕਿੰਨਾ ਕੁ ਚਿਰ ਛੁਪਾ ਸਕਦੀ ਸੀ। ਜਦੋਂ ਜੱਸੀ ਨੇ ਮਾਤਾ ਨੂੰ ਫ਼ੋਨ ਕਰਨਾ ਤਾਂ ਰੋਂਦੀ ਹੋਈ ਮਾਤਾ ਨੇ ਉਸਨੂੰ ਸਭ ਕੁੱਝ ਵਿੱਚ ਹੀ ਛੱਡ ਕੇ ਮਿਲਣ ਦਾ ਤਰਲਾ ਪਾਉਣਾ। ਜੱਸੀ ਨੇ ਫੇਰ ਉਹੀ ਲਾਰਾ ਲਾ ਦੇਣਾ ਕਿ ਬੱਸ ਹੁਣ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਪੱਕਿਆਂ ਹੁੰਦਿਆਂ ਸਾਰ ਹੀ ਉਹ ਛੇਤੀ ਉਸਨੂੰ ਆਪਣੇ ਪਾਸ ਬੁਲਾ ਲਵੇਗਾ।
ਦਿਨ ਬੀਤਦੇ ਗਏ, ਸਮਾਂ ਲੰਘਦਾ ਗਿਆ। ਜੱਸੀ ਆਪਣੇ ਸਾਥੀਆਂ, ਸ੍ਹਾਬੀ ਅਤੇ ਮਨਪ੍ਰੀਤ ਨਾਲ ਹੱਸ ਕੇ ਸਮਾਂ ਬਿਤਾਉਂਦਾ ਗਿਆ। ਮਨਪ੍ਰੀਤ ਦਾ ਕਾਲਜ ਅਤੇ ਪੜ੍ਹਾਈ ਜੱਸੀ ਨਾਲੋਂ ਵੱਖਰੀ ਸੀ। ਪਰ ਜੱਸੀ ਮਨਪ੍ਰੀਤ ਦੀ ਪੜ੍ਹਾਈ ਵਿੱਚ ਹਰ ਸਮੇਂ ਮਦਦ ਕਰਦਾ ਰਹਿੰਦਾ। ਕੰਮ 'ਤੇ ਵੀ ਇਕੱਠਿਆਂ ਦਾ ਸੋਹਣਾ ਸਮਾਂ ਬੀਤਦਾ।
"ਜੱਸੀ, ਪੰਜਾਬ ਵਿੱਚ ਕੋਈ ਗਰਲ ਫਰੈਂਡ ਵੀ ਹੈ ਕਿ ਨਹੀਂ?" ਕਦੇ ਦੇਖਿਆ ਨਹੀਂ ਆਪਣੀ ਮਾਤਾ ਤੋਂ ਬਿਨਾਂ ਕਿਸੇ ਹੋਰ ਨੂੰ ਫ਼ੋਨ ਕਰਦਿਆਂ?" ਮਨਪ੍ਰੀਤ ਨੇ ਜੱਸੀ ਦੇ ਪਿਆਰ ਵਾਲੇ ਝਰੋਖ਼ੇ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ।
"ਮਨਪ੍ਰੀਤ, ਪਹਿਲਾਂ ਆਪਣੀ ਜ਼ਿੰਦਗੀ ਤਾਂ ਸੰਵਾਰ ਲਈਏ। ਨਾਲੇ ਸਾਡੇ ਵਰਗੇ ਗ਼ਰੀਬਾਂ ਨਾਲ ਵੱਡੇ ਘਰਾਂ ਦੀਆਂ ਕੁੜੀਆਂ ਕਿਉਂ ਪਿਆਰ ਪਾਉਣ?" ਜੱਸੀ ਨੇ ਆਪਣੇ ਪਿਆਰ ਵਾਲੇ ਬੋਝੇ ਨੂੰ ਮਨਪ੍ਰੀਤ ਦੇ ਸਾਹਮਣੇ ਖ਼ਾਲੀ ਦਿਖਾਇਆ।
"ਜੱਸੀ ਕੱਲ੍ਹ ਐਤਵਾਰ ਹੈ, ਅਗਰ ਤੂੰ ਵਿਹਲਾ ਹੈਂ ਤਾਂ ਕਿਤੇ ਕੌਫ਼ੀ ਪੀਣ ਚੱਲੀਏ?" ਮਨਪ੍ਰੀਤ ਨੇ ਜੱਸੀ ਵਲ ਦੋਸਤੀ ਦਾ ਪਹਿਲਾ ਕਦਮ ਪੁੱਟਦਿਆਂ ਪੁੱਛਿਆ।
"ਕੰਮ ਤਾਂ ਕੋਈ ਨਹੀਂ, ਥੋੜ੍ਹਾ ਕਾਲਜ ਦਾ ਕੰਮ ਹੈ, ਉਹ ਰਾਤ ਨੂੰ ਕਰ ਲਵਾਂਗਾ।"
ਦੂਸਰੇ ਦਿਨ ਜੱਸੀ ਅਤੇ ਮਨਪ੍ਰੀਤ ਕਿਸੇ ਕੈਫ਼ੇ 'ਤੇ ਕੌਫ਼ੀ ਦਾ ਕੱਪ ਸਾਂਝਾ ਕਰਨ ਚਲੇ ਗਏ।
ਮਨਪ੍ਰੀਤ ਨੇ ਜੱਸੀ ਲਈ ਆਪਣੇ ਦਿਲ ਵਿੱਚ ਬਣਾਈ ਕਿਸੇ ਗੁੱਝੀ ਥਾਂ ਦੀ ਗਾਥਾ ਉਸਨੂੰ ਹੱਮ-ਸਫ਼ਰ ਜਾਣ ਕੇ ਸੁਣਾਈ। ਉਹ ਗਾਥਾ, ਜਿਸ ਨੂੰ ਸੁਣਾਉਣ ਲਈ ਉਸ ਨੇ ਪਹਿਲਾਂ ਬਹੁਤ ਵਾਰੀ ਕੋਸ਼ਿਸ ਕੀਤੀ ਸੀ।ਪਰ ਉਸ ਦਾ ਜੱਸੀ ਨੂੰ ਦੱਸਣ ਦਾ ਹੌਸਲਾ ਨਹੀਂ ਸੀ ਪੈਂਦਾ।ਅੱਜ ਦੋਵੇਂ ਪਿਆਰ ਭੁੱਖੀਆਂ ਰੂਹਾਂ ਆਪਣੇ ਰੁਮਾਂਸ ਦੀ ਮੰਜ਼ਿਲ ਵਲ ਤੁਰ ਪਈਆਂ।
ਮਨਪ੍ਰੀਤ ਅਤੇ ਜੱਸੀ ਦੀ ਕੌਫ਼ੀ ਦੀ ਮਿਲਣੀ ਦੋਸਤੀ ਵਿੱਚ ਬਦਲ ਗਈ। ਦੋਵੇਂ ਹੱਮ-ਉਮਰ ਪ੍ਰੇਮ ਦੇ ਪੁਜਾਰੀ, ਇੱਕ ਦੂਸਰੇ ਲਈ ਬੇਹੱਦ ਖਿੱਚ ਰੱਖਣ ਲੱਗ ਪਏ। ਇਕੱਠੇ ਕੰਮ ਕਰਦੇ ਅਤੇ ਪੰਜਾਬ ਤੋਂ ਆਰਥਿਕ ਹਾਲਤ ਵੀ ਇਨਾਂ ਦੋਹਾਂ ਦੇ ਇਕੋ ਜਿਹੇ। ਲੱਗਦਾ ਸੀ, ਰੱਬ ਨੇ ਇਨ੍ਹਾਂ ਦਾ ਆਪਣੇ ਦੇਸ਼ ਤੋਂ ਹਜਾਰਾਂ ਮੀਲ ਦੂਰ ਭੇਜ ਕੇ ਹੀ ਮੇਲ ਕਰਾਉਣਾ ਹੋਵੇ। ਜੱਸੀ ਅਤੇ ਮਨਪ੍ਰੀਤ ਆਪਣਾ ਹਰ ਦੁੱਖ-ਸੁੱਖ ਇੱਕ ਦੂਸਰੇ ਨਾਲ ਸਾਂਝਾ ਕਰ ਲੈਂਦੇ।ਜੱਸੀ ਦੇ ਦੋਸਤ ਸ੍ਹਾਬੀ ਨੂੰ ਵੀ  ਇਨ੍ਹਾਂ ਦੀ ਦੋਸਤੀ ਦੀ ਬਹੁਤ ਖੁਸ਼ੀ ਹੋਈ।
ਜੱਸੀ ਨੇ ਮਨਪ੍ਰੀਤ ਨਾਲ ਆਪਣੀ ਦੋਸਤੀ ਦਾ ਜ਼ਿਕਰ ਆਪਣੀ ਬੇਬੇ ਪਾਸ ਵੀ ਕੀਤਾ ਅਤੇ ਦੱਸਿਆ ਕਿ ਕਿਵੇਂ ਮਨਪ੍ਰੀਤ ਉਸ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦਿੰਦੀ ਹੈ। ਮਨਪ੍ਰੀਤ ਵੀ ਜੱਸੀ ਦੀ ਮਾਤਾ ਜੀ ਨਾਲ ਕਦੇ-ਕਦੇ ਫ਼ੋਨ 'ਤੇ ਗੱਲ ਕਰ ਲੈਂਦੀ ਅਤੇ ਉਨ੍ਹਾਂ ਦਾ ਪੂਰਾ ਪਿਆਰ ਅਤੇ ਸਤਿਕਾਰ ਕਰਦੀ।
ਜੱਸੀ ਦੀ ਮਾਤਾ ਜੀ ਆਪਣੇ ਪੁੱਤਰ ਨੂੰ ਹਮੇਸ਼ਾ ਤਾੜਦੀ ਅਤੇ ਕਹਿੰਦੀ " ਕਾਕਾ, ਜੇਕਰ ਤੂੰ ਮਨਪ੍ਰੀਤ ਨੂੰ ਪਸੰਦ ਕੀਤਾ ਹੈ ਤਾਂ ਇਸ ਦਾ ਘੁੱਟ ਕੇ ਹੱਥ ਫੜੀਂ। ਮੈਂ ਤੇਰੇ ਨਾਲ ਬਹੁਤ ਗੁੱਸੇ ਹੋਵਾਂਗੀ, ਜੇਕਰ ਤੂੰ ਇਸ ਨੂੰ ਦਗ਼ਾ ਦਿੱਤਾ।"
ਜੱਸੀ ਹਾਸੇ ਮਖ਼ੌਲ ਵਿੱਚ ਮਾਤਾ ਤੇ ਟਕੋਰ ਕਰਦਾ "ਮਾਤਾ ਮੈਂ ਤਾਂ ਦਗ਼ਾ ਨਾ ਦੇਊਂ, ਪਰ ਜੇਕਰ ਇਹ ਮੈਨੂੰ ਛੱਡ ਗਈ ਤਾਂ ਕੀ ਬਣੂੰ?" ਮਾਂ ਪੁੱਤ ਦੀਆਂ ਇਸ ਤਰਾਂ ਦੀਆ ਪਿਆਰੀਆਂ ਜਹੀਆਂ ਨੋਕਾਂ ਝੋਕਾਂ ਸੁਣ ਕੇ ਮਨਪ੍ਰੀਤ ਮਿੰਨਾ ਜਿਹਾ ਬੁੱਲਾਂ ਵਿੱਚ ਮੁਸਕਰਾ ਛੱਡਦੀ।
ਦੋਹਾਂ ਦੀ ਦੋਸਤੀ ਦੀਆਂ ਤੰਦਾਂ ਇੰਨੀਆਂ ਪੀਡੀਆਂ ਹੋ ਗਈਆਂ ਕਿ ਇਹਨਾਂ ਦਾ ਇੱਕ ਦੂਸਰੇ ਨੂੰ ਦੇਖੇ ਬਿਨਾਂ ਸਮਾਂ ਨਾ ਬੀਤਦਾ। ਸ਼ਾਮ ਨੂੰ ਗੈਸ ਸਟੇਸ਼ਨ ਤੋਂ ਦਸ ਵਜੇ ਕੰਮ ਖ਼ਤਮ ਕਰਕੇ ਇਕੱਠੇ ਤੁਰ ਕੇ ਆਪਣੇ ਕਿਰਾਏ ਵਾਲੇ ਮਕਾਨ 'ਤੇ ਪਹੁੰਚਦੇ।ਪਿਆਰ ਭਰੀਆਂ ਗੱਲਾਂ ਕਰਦਿਆਂ ਪਤਾ ਨਹੀਂ ਕਦੋਂ ਘਰ ਦਾ ਸਫ਼ਰ ਮੁੱਕ ਜਾਂਦਾ।
"ਕਾਕਾ ਤੈਨੂੰ ਹੁਣ ਤਿੰਨ ਸਾਲ ਹੋ ਗਏ, ਹੈਧਰ ਗਏ ਨੂੰ। ਮੇਰਾ ਬੜਾ ਹੀ ਜੀਅ ਕਰਦਾ ਤੈਨੂੰ ਦੇਖਣ ਨੂੰ। ਤੂੰ ਮੈਨੂੰ ਆ ਕੇ ਛੇਤੀ ਮਿਲ ਜਾ ਅਤੇ ਨਾਲੇ ਮੇਰੀ ਹੋਣ ਵਾਲੀ ਨੂੰਹ ਨੂੰ ਵੀ ਦਿਖਾਲ ਜਾ।" ਮਾਂ ਨੇ ਆਪਣੀ ਮਮਤਾ ਦਾ ਵਾਸਤਾ ਪਾਉਂਦੇ ਹੋਏ ਆਪਣੇ ਪੁੱਤ ਨੂੰ ਚੇਤੇ ਕਰਾਇਆ ਕਿ ਕਿਵੇਂ ਉਹ ਉਸ ਬਿਨਾਂ ਦਿਨ ਰਾਤ ਤੜਫ਼ਦੀ ਰਹਿੰਦੀ ਹੈ।
"ਬੇਬੇ ਹੁਣ ਤਾਂ ਮੇਰੀ ਪੀ. ਆਰ. ਆਉਣ ਹੀ ਵਾਲੀ ਹੈ। ਅਗਰ ਮੈਂ ਹੁਣ ਭਾਰਤ ਆਉਂਦਾ ਹਾਂ ਤਾਂ ਮੈਨੂੰ ਛੇਤੀ ਵਾਪਸ ਆਸਟਰੇਲੀਆ ਆਉਣਾ ਪਵੇਗਾ। ਅਗਰ ਦੋ ਚਾਰ ਮਹੀਨੇ ਹੋਰ ਕੱਢ ਲਵਾਂ ਤਾਂ ਸਾਨੂੰ ਦੋਹਾਂ ਨੂੰ ਇੱਧਰ ਪੱਕੀ ਰਿਹਾਇਸ਼ ਮਿਲ ਜਾਣੀ ਹੈ।ਤੂੰ ਸਾਡਾ ਵਿਆਹ ਆਪਣੀਆਂ ਰੀਝਾਂ ਨਾਲ ਕਰ ਦੇਵੀਂ ਅਤੇ ਨਾਲ ਹੀ ਅਸੀਂ ਤੇਰੇ ਪਾਸ ਖੁੱਲ੍ਹਾ ਸਮਾਂ ਰਹਿ ਸਕਾਂਗੇ।"
"ਵੇ ਪੁੱਤਾ! ਮੁੰਡੇ ਇੱਦਾਂ ਹੀ ਕਹਿੰਦੇ ਹੁੰਦੇ ਆ, ਫੇਰ ਮਗਰੋਂ ਆਪਣੇ ਘਰਵਾਲੀਆਂ ਦੇ ਹੀ ਹੋ ਕੇ ਰਹਿ ਜਾਂਦੇ ਆ।" ਬੇਬੇ ਨੇ ਜ਼ਮੀਨੀ ਹਕੀਕਤ ਬਿਆਨ ਕੀਤੀ।
"ਨਹੀਂ ਬੇਬੇ, ਸੌਂਹ ਬਾਬੇ ਦੀ ਜੇ ਮੈਂ ਝੂਠ ਬੋਲਾਂ, ਪੱਕਿਆਂ ਹੁੰਦਿਆਂ ਸਾਰ ਹੀ ਤੇਰੇ ਪਾਸ ਪਹੁੰਚਾਂਗੇ।"
"ਪੁੱਤਰਾ, ਜੇ ਤੂੰ ਵਾਅਦਾ ਕੀਤਾ ਹੈ ਤਾਂ ਆਹ ਦੇਖ ਮੈਂ ਅੱਜ ਤੋਂ ਹੀ ਕੰਧ 'ਤੇ ਲੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੰਨੀ ਦੇਰ ਲਾਏਂਗਾ, ਉਨ੍ਹੀਆਂ ਲਕੀਰਾਂ ਹੋਰ ਵੱਧ ਜਾਣਗੀਆਂ।" ਮਾਤਾ ਜੀ ਨੇ ਕੋਲੇ ਦੀ ਡਲੀ ਨਾਲ ਕੰਧ ਤੇ ਲੀਕਾਂ ਵਹੁਣੀਆਂ  ਸ਼ੁਰੂ ਕਰ ਦਿੱਤੀਆਂ।
ਉੱਧਰ ਦੋਵੇਂ ਪਿਆਰ ਭੁੱਖੀਆਂ ਰੂਹਾਂ ਇੱਕ ਦੂਸਰੇ ਦਾ ਪਿਆਰਾ ਸਾਥ ਮਾਣਦੀਆਂ ਰਹੀਆਂ। ਆਸਟਰੇਲੀਆ ਵਰਗੇ ਬੇਗਾਨੇ ਮੁਲਕ ਵਿੱਚ ਵੀ ਮਾੜੀ ਮੋਟੀ ਤਕਲੀਫ਼ ਇਨ੍ਹਾਂ ਦੇ ਰਾਹ ਨਾ ਰੋਕ ਸਕੀ।ਮਨਪ੍ਰੀਤ ਨੇ ਵੀ ਆਪਣੇ ਮਾਂ ਬਾਪ ਨੂੰ ਜੱਸੀ ਦੇ ਪਿਆਰੇ ਸਾਥ ਬਾਰੇ ਜਾਣਕਾਰੀ ਦੇ ਦਿੱਤੀ। ਹੁਣ ਤਾਂ ੳੇਡੀਕ ਉਸ ਘੜੀ ਦੀ ਸੀ ਕਿ ਕਿਹੜੀ ਘੜੀ ਪੀ. ਆਰ. ਮਿਲ ਜਾਏ, 'ਤੇ ਉਹ ਵਾਪਸ ਆਪਣੇ ਵਤਨ ਪਹੁੰਚ ਕੇ ਮਾਪਿਆਂ ਦੇ ਦਰਸ਼ਨ ਕਰਨ। ਉਨ੍ਹਾਂ ਦੇ ਅਸ਼ੀਰਵਾਦ ਲੈ ਕੇ ਆਪਣਾ ਗ੍ਰਹਿਸਥੀ ਜੀਵਨ ਸ਼ੁਰੂ ਕਰਨ।
ਰਾਤ ਨੂੰ ਦਸ ਵਜੇ ਦੋਹਾਂ ਨੇ ਆਪਣੇ ਕੰਮ ਤੋਂ ਛੁੱਟੀ ਕੀਤੀ ਅਤੇ ਇੱਕ ਦੂਸਰੇ ਦਾ ਹੱਥ ਫੜ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਘਰ ਤੋਂ ਅਜੇ ਅੱਧਾ ਕੁ ਮੀਲ ਦੂਰ ਹੋਣਗੇ ਕਿ ਇੱਕ ਕਾਲੇ ਰੰਗ ਦੀ ਕਾਰ ਇਨ੍ਹਾਂ ਪਾਸ ਰੁੱਕ ਗਈ। "ਹੇ! ਡੂ ਯੂ ਨੀਡ ਏ ਲਿਫ਼ਟ?" ਕਾਰ ਦੀ ਤਾਕੀ ਵਿਚੋਂ ਤਿੰਨਾਂ ਗੋਰਿਆਂ ਵਿਚੋਂ ਇੱਕ ਗੋਰਾ ਬੋਲਿਆ। ਜੱਸੀ ਨੇ ਨੋ ਥੈਂਕਸ ਆਖਿਆ ਅਤੇ ਅੱਗੇ ਤੁਰ ਪਏ। ਕਾਰ ਵਿੱਚੋਂ ਗੋਰੇ ਉੱਤਰੇ ਅਤੇ ਮਨਪ੍ਰੀਤ ਨੂੰ ਬਾਹੋਂ ਫੜ ਕੇ ਕਾਰ ਵੱਲ ਖਿੱਚਣ ਲੱਗੇ।
ਜੱਸੀ ਨੂੰ ਇਹ ਦੇਖ ਕੇ ਗੁੱਸਾ ਆਇਆ ਤਾਂ ਉਹ ਵੀ ਗੋਰਿਆਂ 'ਤੇ ਝੱਪਟ ਪਿਆ। ਜੱਸੀ ਨੇ ਪੂਰਾ ਜ਼ੋਰ ਲਾ ਕੇ ਮਨਪ੍ਰੀਤ ਨੂੰ ਖਿੱਚੀ ਲਿਜਾ ਰਹੇ ਗੋਰੇ ਨੂੰ ਭੁੰਜੇ ਸੁੱਟ ਲਿਆ। ਇੰਨੇ ਨੂੰ ਦੂਸਰੇ ਦੋਵੇਂ ਗੋਰੇ ਜੱਸੀ ਨੂੰ ਪੈ ਗਏ। ਮਨਪ੍ਰੀਤ ਨੇ ਬਥੇਰਾ ਰੌਲਾ ਪਾਇਆ। ਪਰ ਰਾਤ ਦਾ ਵੇਲਾ ਅਤੇ ਏਕਾਂਤ ਸੜਕ ਹੋਣ ਕਰਕੇ ਕੋਈ ਵੀ ਸੱਜਣ ਇਨ੍ਹਾਂ ਦੀ ਮੱਦਦ ਨਾ ਕਰ ਸਕਿਆ। ਜੱਸੀ ਨੂੰ ਆਪਣੇ ਤੇ ਭਾਰੂ ਹੁੰਦਾ ਦੇਖ ਕੇ ਇੱਕ ਗੋਰੇ ਨੇ ਜੇਬ ਵਿੱਚੋਂ ਚਾਕੂ ਕੱਢਿਆ ਅਤੇ ਜੱਸੀ ਦੇ ਢਿੱਡ ਵਿੱਚ ਖੋਭ ਦਿੱਤਾ। ਜਦੋਂ ਨੂੰ ਦੂਰੋਂ ਕਿਸੇ ਕਾਰ ਆਉਣ ਦੀ ਲਾਈਟ ਦਿੱਸੀ। ਗੋਰੇ ਆਪਣੇ ਆਪ ਨੂੰ ਖ਼ਤਰੇ ਵਿੱਚ ਦੇਖ ਕੇ ਭੱਜ ਤੁਰੇ।
ਮਨਪ੍ਰੀਤ ਨੇ ਰੋਂਦੀ ਕਰਲਾਉਂਦੀ ਨੇ ਆਉਂਦੀ ਹੋਈ ਕਾਰ ਨੂੰ ਹੱਥ ਦਿੱਤਾ। ਆਪਣੀ ਚੁੰਨੀ ਨਾਲ ਜੱਸੀ ਦੇ ਢਿੱਡ ਵਿੱਚ ਖੁੱਭੇ ਚਾਕੂ ਦੇ ਲਹੂ ਦੇ ਵਹਾਅ ਨੂੰ ਰੋਕਣ ਲਈ ਘੁੱਟ ਕੇ ਗੰਢ ਮਾਰੀ। ਕਾਰ ਡਰਾਈਵਰ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਦੋ ਮਿੰਟਾਂ ਵਿੱਚ ਹੀ ਐਂਬੂਲੈਂਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਈ। ਜੱਸੀ ਦੇ ਜ਼ਖ਼ਮ ਵਿੱਚੋਂ ਖ਼ੂਨ ਬੇਮੁਹਾਰੇ ਵੱਗ ਰਿਹਾ ਸੀ। ਮਨਪ੍ਰੀਤ ਨੇ ਐਂਬੂਲੈਂਸ ਵਿੱਚ ਬੈਠਿਆਂ ਜੱਸੀ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ 'ਤੇ ਦਿਲਾਸਾ ਦੇ ਰਹੀ ਸੀ, "ਜੱਸੀ ਘਬਰਾ ਨਾ, ਪ੍ਰਮਾਤਮਾ ਭਲੀ ਕਰੇਗਾ। ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਜਾ ਨਹੀਂ ਸਕਦਾ।"
ਚਾਕੂ ਦਾ ਜ਼ਖ਼ਮ ਜੱਸੀ ਦੇ ਦਿਲ ਤੱਕ ਪਹੁੰਚ ਗਿਆ ਸੀ।ਡਰਾਇਵਰ ਨੇ ਐਂਬੂਲੈਂਸ ਬਥੇਰੀ ਭਜਾਈ ਕਿ ਉੇਹ ਹਸਪਤਾਲ ਲਿਜਾ ਕੇ ਜੱਸੀ ਦੀ ਜਾਨ ਬਚਾ ਸਕੇ। ਪਰ ਚਾਕੂ ਦਾ ਜ਼ਖਮ ਇੰਨਾ ਡੂੰਘਾ ਸੀ ਕਿ ਜੱਸੀ ਆਖਰੀ ਸਾਹਾਂ ਤੇ ਪਹੁੰਚ ਗਿਆ। ਜੱਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਅਤੇ ਮਨਪ੍ਰੀਤ ਨੂੰ ਸਿਰਫ਼ ਇਹ ਹੀ ਕਹਿ ਸਕਿਆ,
"ਮਨਪ੍ਰੀਤ ਮੈਨੂੰ ਮੁਆਫ਼ ਕਰੀਂ, ਮੈਂ ਤੇਰਾ ਸਾਥ ਉਮਰ ਭਰ ਨਹੀਂ ਨਿਭਾ ਸਕਿਆ। ਮਾਤਾ ਤੋਂ ਵੀ ਮੁਆਫ਼ੀ ਮੰਗੀਂ ਕਿ ਤੇਰਾ ਪੁੱਤ ਤੈਨੂੰ ਦਿੱਤੀ ਸੌਂਹ ਪੂਰੀ ਨਾ ਕਰ ਸਕਿਆ।"  ਇਹ ਕਹਿੰਦਿਆਂ ਮਨਪ੍ਰੀਤ ਹੱਥੋਂ ਜੱਸੀ ਦਾ ਹੱਥ ਛੁੱਟ ਗਿਆ ਅਤੇ ਬੇਵੱਸ ਮਨਪ੍ਰੀਤ ਦੀਆਂ ਭੁੱਬਾਂ ਆਮ ਮੁਹਾਰੇ ਨਿੱਕਲ ਗਈਆਂ।
ਮਨਪ੍ਰੀਤ ਨੇ ਆਪਣੇ ਟੁੱਟੇ ਹੋਏ ਦਿਲ ਨਾਲ ਬੇਬੇ ਨੂੰ ਫ਼ੋਨ 'ਤੇ ਇਹ ਮਨਹੂਸ ਖ਼ਬਰ ਸੁਣਾਈ ਅਤੇ ਮਨਪ੍ਰੀਤ ਦੇ ਵੈਰਾਗ ਦਾ ਹੱੜ ਬੇਮੁਹਾਰੇ ਵਹਿ ਤੁਰਿਆ,
"ਮਾਂਜੀ ਤੇਰਾ ਪੁੱਤ ਜਾਣ ਲੱਗਾ ਤੈਥੋਂ ਮੁਆਫ਼ੀ ਮੰਗਦਾ ਸੀ ਕਿ ਤੈਨੂੰ ਮਿਲਣ ਦੀ ਸੋਂਹ ਪੂਰੀ ਨਹੀਂ ਕਰ ਸਕਿਆ।"
ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਬੇਬੇ ਹੱਥੋਂ ਫ਼ੋਨ ਡਿੱਗ ਪਿਆ ਤੇ ਉਹ ਬੇਹੋਸ਼ ਹੋਣ ਤੋਂ ਪਹਿਲਾਂ ਸਿਰਫ਼ ਇੰਨਾ ਹੀ ਕਹਿ ਸਕੀ, "ਵੇ ਪੁੱਤਾ! ਮੈਂ ਤੇਰਾ ਆਸਟਰੇਲੀਆ ਦੇਸ਼ ਜਾਣ ਦਾ ਦੁੱਖ ਤਾਂ ਝੱਲ ਲਿਆ ਸੀ ਪਰ ਹੁਣ ਜਿਸ ਪਰਾਏ ਦੇਸ ਚਲਾ ਗਿਆ ਹੈਂ, ਇਸ ਦਾ ਦੁੱਖ ਕਿਵੇਂ ਝੱਲਾਂ?"
ਮਨਪ੍ਰੀਤ ਆਪਣੇ ਕੰਨ ਨਾਲ ਲਾਏ ਸ਼ਾਂਤ ਹੋਏ ਫ਼ੋਨ ਵਿਚ ਵੀ ਇਕ ਬੇਵੱਸ ਮਾਂ ਦੀ ਅਵਾਜ਼ ਦੀ ਉਡੀਕ ਕਰ ਰਹੀ ਸੀ, ਤਾਂਕਿ ਉਹ ਉਸਤੋਂ ਮੁਆਫ਼ੀ ਮੰਗ ਸਕੇ ਕਿ ਉਹ ਉਸਦੇ ਲਾਡਲੇ ਪੁੱਤ ਨੂੰ ਬਚਾ ਨਹੀਂ ਸਕੀ। ਫੇਰ ਆਪਣੇ ਪ੍ਰੇਮੀ ਦੀ ਲਾਸ਼ ਦੇ ਗਲ਼ ਲੱਗ ਕੇ ਭੁੱਬਾਂ ਮਾਰ ਮਾਰ ਰੋਣ ਲਗੀ।

ਮੋਹਣੇ ਦੀ ਮਿੰਦੋ - ਬਲਵੰਤ ਸਿੰਘ ਗਿੱਲ


"ਸੁਣਾ ਮੋਹਣਿਆ, ਜ਼ਮੀਨ ਅੱਗੇ ਕਿਸੇ ਨੂੰ ਵਟਾਈ 'ਤੇ ਦਿੱਤੀ ਕਿ ਨਹੀਂ?" ਧਰਮੇ ਨੇ ਵਿਆਹ ਦੀ ਪਾਰਟੀ ਵਿੱਚ ਆਪਣੇ ਟੇਬਲ ਦੀ ਨਾਲ ਵਾਲੀ ਕੁਰਸੀ 'ਤੇ ਬੈਠੇ ਮੋਹਣੇ ਨੂੰ ਪੁੱਛਿਆ। "ਕੀ ਦੱਸਾਂ ਧਰਮਿਆਂ, ਸਾਡੀ ਜ਼ਮੀਨ ਵਾਹੁਣ ਵਾਲੇ ਜੋਰੇ ਠੇਕੇਦਾਰ ਨੇ ਜ਼ਮੀਨ ਛੱਡਣ ਤੋਂ ਨਾਂਹ ਕਰ ਦਿੱਤੀ। ਕਹਿੰਦਾ ਹੈ ਕਿ ਤੂੰ ਠੇਕਾ ਹੀ ਲੈਣਾ ਹੈ, ਮੈਂ ਦੇ ਦਿਆਂਗਾ। ਹੁਣ ਮੈਂ ਤੇਰੀ ਜ਼ਮੀਨ ਵਿੱਚ ਢੇਰ ਮਿੱਟੀ ਪਾ ਕੇ ਅਤੇ ਉੱਚੀ ਨੀਂਵੀਂ ਜਮੀਨ ਨੂੰ ਪੱਧਰਾ ਕੀਤਾ ਹੈ। ਹੁਣ ਮੈਨੂੰ ਚਾਰ ਕੁ ਸਾਲ ਹੋਰ ਵਾਹ ਲੈਣ ਦੇ।"
ਇਸ ਤਰ੍ਹਾਂ ਜੋਰੇ ਨੂੰ ਮੋਹਣੇ ਦੀ ਜ਼ਮੀਨ ਵਹੁੰਦਿਆਂ ਪੰਦਰਾਂ ਸਾਲ ਹੋ ਗਏ। ਵਿੱਚ ਵਿਚਾਲੇ ਦੋ ਤਿੰਨ ਸਾਲਾਂ ਦਾ ਹਾਲ੍ਹਾ ਵੀ ਨਹੀਂ ਦਿੱਤਾ। ਇਹ ਆਖ ਕੇ ਕਿ ਮੀਂਹਾਂ, ਸੋਕੇ ਅਤੇ ਹੜ੍ਹਾਂ ਨਾਲ ਦਾਣਾ ਫੱਕਾ ਹੀ ਨਹੀਂ ਹੋਇਆ। ਮੋਹਣਾ ਜੇਕਰ ਜ਼ਮੀਨ ਕਿਸੇ ਹੋਰ ਨੂੰ ਠੇਕੇ 'ਤੇ ਚਾੜ੍ਹਦਾ ਤਾਂ ਪਿਛਲਾ ਠੇਕਾ ਮਰਦਾ ਅਤੇ ਉਪਰੋਂ ਜੋਰੇ ਨਾਲ ਵੈਰ। ਉਸ ਦਾ ਹਾਲ ਸੱਪ ਦੇ ਮੂੰਹ ਵਿੱਚ ਕਿਰਲੀ ਵਾਲਾ ਹੋ ਗਿਆ।
"ਚੱਕ ਖਾਲੀ ਕਰ ਗਲਾਸੀ, ਲੱਗਦਾ ਹੈ ਮੋਹਣਿਆ ਤੈਨੂੰ ਜ਼ਮੀਨ ਦੇ ਹਾਲ੍ਹੇ ਵਾਲੀ ਗੱਲ ਨੇ ਫ਼ਿਕਰਾਂ ਵਿੱਚ ਹੀ ਪਾ ਦਿੱਤਾ। ਚਿੰਤਾ ਨਹੀਂ ਕਰੀਦੀ, ਜੇਕਰ ਜੋਰੇ ਨੇ ਸਾਲ ਦੋ ਸਾਲਾਂ ਦਾ ਠੇਕਾ ਨਹੀਂ ਵੀ ਦਿੱਤਾ ਤਾਂ ਕੀ ਕਹਿਰ ਹੋ ਗਿਆ। ਉਸਨੇ ਵੀ ਆਪਣੇ ਨਿਆਣੇ ਪਾਲਣੇ ਹਨ।" ਵਿਆਹ ਦੀ ਪਾਰਟੀ ਵਿੱਚ ਇਸੇ ਟੇਬਲ ਦੇ ਦੂਸਰੇ ਪਾਸੇ ਬੈਠੇ ਸੰਸਾਰੇ ਨੇ ਮੋਹਣੇ ਦਾ ਦਿਲ ਰੱਖਣ ਦਾ ਹੌਂਸਲਾ ਦਿੱਤਾ। "ਸੰਸਾਰਿਆ, ਸਾਲਾ ਜੋਰਾ ਕਿਹੜਾ ਗ਼ਰੀਬ ਹੈ, ਲੋਕਾਂ ਦੀਆਂ ਜ਼ਮੀਨਾਂ ਵਾਹ-ਵਾਹ ਕੋਠੀ ਪਾਈ ਬੈਠਾ ਹੈ।" ਮੋਹਣੇ ਨੇ ਆਪਣੇ ਦਿਲ ਅੰਦਰ ਦੀ ਭੜਾਸ ਕੱਢੀ।
ਵਿਆਹ ਦੀ ਇਸ ਪਾਰਟੀ ਦੀ ਮਹਿਫ਼ਲ ਵਿੱਚ ਇੱਕ ਟੇਬਲ ਦੁਆਲੇ ਬੈਠੇ ਅੱਠੇ ਸੱਜਣ, ਪੰਜਾਬ ਵਿੱਚ ਆਪਣੀ ਜ਼ਮੀਨ ਦੇ ਰੰਡੀ ਰੋਣੇ ਰੋਂਦੇ ਰਹੇ। ਇੱਕ ਸੱਜਣ ਜਿਸ ਨੂੰ ਇਹ ਭਾਈਵੰਦ ਮਾਸਟਰ ਕਹਿ ਕੇ ਬੁਲਾਉਂਦੇ ਸਨ, ਉਸਨੇ ਮਾਸਟਰਾਂ ਵਾਲੀ ਸਿਆਣੀ ਸਲਾਹ ਦਿੱਤੀ। "ਬਾਈ ਸੱਜਣੋਂ, ਹੈ ਤਾਂ ਇਹ ਗੱਲ ਕੌੜੀ, ਪਰ ਹੈ ਬੜੀ ਸੱਚ। ਤੁਸੀਂ ਸਾਰੇ ਆਪਣੀ ਜ਼ਮੀਨ ਦਾ ਫਾਹਾ ਹੀ ਕਿਉਂ ਨਹੀਂ ਵੱਢ ਆਉਂਦੇ। ਨਾ ਰਹੂ ਬਾਂਸ ਅਤੇ ਨਾ ਵੱਜੂ ਬਾਂਸਰੀ। ਐਂਵੇਂ ਵਾਧੂ ਦਾ ਵੈਰ ਕਮਾਉਣ ਤੋਂ ਬਚੋਂਗੇ। ਲੰਬੀ ਸੋਚੋ, ਜੇ ਤੁਹਾਡੇ ਹੁੰਦੇ ਹੋਇਆਂ ਜ਼ਮੀਨ ਵਿੱਕ ਗਈ ਤਾਂ ਠੀਕ ਹੈ। ਇੱਥੇ ਦੇ ਜੰਮਿਆਂ ਨਿਆਣਿਆਂ ਤੋਂ ਤਾਂ ਇੱਕ ਮਰਲਾ ਵੀ ਵੇਚ ਨਹੀਂ ਹੋਣਾ।"
ਲਾਗੇ ਹੀ ਬੈਠੀ ਬਚਨੀ ਨੇ ਮਾਸਟਰ ਦੀ ਤਜ਼ਵੀਜ ਦੀ ਹਾਮੀ ਭਰਦਿਆਂ ਵਿੱਚੇ ਹੀ ਟੋਰਾ ਲਾਇਆ, "ਭਾਜੀ ਮੈਂ ਤਾਂ ਆਪਣੇ ਘਰਵਾਲੇ ਨੂੰ ਵੀ ਇਹੋ ਸਲਾਹ ਦਿੱਤੀ ਹੈ ਕਿ ਜਿੰਨੀ ਛੇਤੀ ਹੋਵੇ ਆਪਣੀ ਜ਼ਮੀਨ ਦਾ ਫਾਹਾ ਵੱਢ ਆ। ਨਹੀਂ ਤਾਂ ਸ਼ਰੀਕ ਹੀ ਵਹੁਣਗੇ। ਇੰਨਾਂ ਨਿਆਣਿਆਂ ਦੇ ਤਾਂ ਪਟਵਾਰੀਆਂ ਅਤੇ ਤਹਿਸੀਲਦਾਰਾਂ ਨੇ ਪੈਰ ਹੀ ਨਹੀਂ ਲੱਗਣ ਦੇਣੇ। ਨਾਲੇ ਇੱਥੇ ਦੇ ਜੰਮਿਆਂ ਬੱਚਿਆਂ ਨੂੰ ਕੀ ਪਤਾ ਕਿ ਇਨ੍ਹਾਂ ਦੇ ਬਜ਼ੁਰਗਾਂ ਦੀ ਜ਼ਮੀਨ ਕਿੱਥੇ ਹੈ ਅਤੇ ਕਿੰਨੀ ਹੈ......?"
"ਸੱਜਣੋਂ, ਅਜੇ ਜ਼ਮੀਨ ਵੇਚਣ ਦਾ ਕੋਈ ਫ਼ਾਇਦਾ ਨਹੀਂ। ਪੈਂਤੀ ਲੱਖ 'ਚ ਵਿਕਣ ਵਾਲਾ ਖੱਤਾ ਅੱਜ ਬਾਰਾਂ ਤੇਰ੍ਹਾਂ ਲੱਖ ਦਾ ਵੀ ਨਹੀਂ ਵਿਕਦਾ। ਤੁਸੀਂ ਭੰਗਾਂ ਦੇ ਭਾੜੇ ਜ਼ਰੂਰ ਵੇਚਣੀ ਹੈ?" ਜੀਤ ਨੇ ਸਾਰਿਆਂ ਦੇ ਵਿਚਾਲੇ ਆਪਣੀ ਲੱਤ ਅੜਾ ਦਿੱਤੀ। ਹੁਣ ਮੋਹਣੇ ਦੀ ਪੀਤੀ ਹੋਈ ਵੀ ਉਤਰਨ ਲੱਗੀ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਥੇ ਆਪ ਤੰਗੀਆਂ ਕੱਟ ਕੇ ਪੈਨੀ ਪੈਨੀ ਜੋੜ ਕੇ ਖ੍ਰੀਦੀ ਜ਼ਮੀਨ ਕਿਤੇ ਅਜਾਈਂ ਹੀ ਨਾ ਚਲੀ ਜਾਵੇ। ਉਸਨੂੰ ਵਿਆਹ ਵਿੱਚ ਪੀਤੀ ਦੇ ਨਸ਼ੇ ਨਾਲੋਂ ਸੱਜਣਾਂ ਮਿੱਤਰਾਂ ਦੇ ਜ਼ਮੀਨ ਬਾਰੇ ਦਿੱਤੇ ਵੱਖ-ਵੱਖ ਖ਼ਿਆਲਾਂ ਦਾ ਜ਼ਿਆਦਾ ਫ਼ਿਕਰ ਪੈ ਗਿਆ।
"ਭਾਗਵਾਨੇ, ਅੱਜ ਵਿਆਹ ਵਿੱਚ ਮੇਰਾ ਤੇਰੀ ਮੱਤ ਵਰਗੇ ਕਈ ਕਮਲ਼ਿਆਂ ਨਾਲ ਵਾਹ ਪੈ ਗਿਆ। ਵਿਆਹ ਦੀ ਪਾਰਟੀ ਵਿੱਚ ਬਹੁਤੇ ਸੱਜਣ ਤੇਰੇ ਵਾਲੀ ਹੀ ਸਲਾਹ ਦਿੰਦੇ ਸਨ ਕਿ ਬਾਹਰ ਵੱਸਦੇ ਪੰਜਾਬੀਆਂ ਨੂੰ ਜ਼ਮੀਨਾਂ ਦਾ ਫਾਹਾ ਵੱਢਣਾ ਹੀ ਹੋਏਗਾ।ਦਲੀਲਾਂ ਦਿੰਦੇ ਸਨ ਕਿ ਇਨ੍ਹਾਂ ਵਲੈਤ ਜੰਮਿਆਂ ਬੱਚਿਆਂ ਤੋਂ ਤਾਂ ਪੰਜਾਬ ਵਿੱਚ ਇਹ ਜ਼ਮੀਨ ਵੇਚ ਨਹੀਂ ਹੋਣੀ। ਜ਼ਮੀਨ ਦੇ ਠੇਕੇ ਬਾਰੇ ਵੀ ਭਾਈਵੰਦ ਵੱਖ-ਵੱਖ ਤੂਤੀਆਂ ਬੋਲਦੇ ਸਨ।" ਮੋਹਣੇ ਨੇ ਵਿਆਹ ਦੀ ਪਾਰਟੀ ਤੋਂ ਘਰ ਵੜਦਿਆਂ ਆਪਣੀ ਘਰਵਾਲੀ ਮੂਹਰੇ ਆਪਣੇ ਦਿਲ ਦੀ ਭੜਾਸ ਕੱਢ ਮਾਰੀ।
"ਟੋਨੀ ਦੇ ਭਾਪਾ, ਮੈਂ ਤਾਂ ਤੈਨੂੰ ਪਿਛਲੇ ਤਿੰਨਾਂ ਸਾਲਾਂ ਦੀ ਦੁਹਾਈ ਪਾ ਰਹੀ ਹਾਂ, ਇਸ ਜ਼ਮੀਨ ਨੂੰ ਕਿਸੇ ਪਾਸੇ ਲਾ। ਕਾਹਨੂੰ ਤੂੰ ਨਿਆਣਿਆਂ ਨੂੰ ਇਸ ਭੰਬਲ ਭੂਸੇ ਵਿੱਚ ਫਸਾਉਣਾ ਹੈ।ਇਨ੍ਹਾਂ ਨੂੰ ਤਾਂ ਇੰਡੀਆ ਦੀਆਂ ਕੋਟ ਕਚਿਹਰੀਆਂ ਦਾ ਇੱਲ ਤੇ ਕੁੱਕੜ ਦਾ ਪਤਾ ਨਹੀਂ। ਇਹ ਕਿੱਥੇ ਕਚਿਹਰੀਆਂ ਵਿੱਚ ਖੱਜਲ ਖੁਆਰ ਹੁੰਦੇ ਫਿਰਨਗੇ। ਕਦੇ ਕਦਾਈਂ ਜੇਕਰ ਧੱਕੇ ਨਾਲ ਇਨ੍ਹਾਂ ਨੂੰ ਇੰਡੀਆ ਲੈ ਕੇ ਜਾਈਏ ਤਾਂ ਇਨ੍ਹਾਂ ਪਾਸ ਗਿਣਤੀ ਦੀਆਂ ਹੀ ਛੁੱਟੀਆਂ ਹੁੰਦੀਆਂ ਹਨ।" ਮੋਹਣੇ ਦੀ ਘਰਵਾਲੀ ਮਿੰਦੋ ਨੇ ਪਹਿਲਾਂ ਵਾਂਗ ਫੇਰ ਆਪਣੇ ਘਰਵਾਲੇ ਦਾ ਜ਼ਮੀਨ ਵੇਚਣ ਵੱਲ ਧਿਆਨ ਖਿੱਚਿਆ।
"ਮਿੰਦੋੋ ਤੈਨੂੰ ਕੀ ਪਤਾ ਸਾਡੇ ਬਾਪੂ ਨੇ ਪੁਰਖਿਆਂ ਦੀ ਜੱਦੀ ਜ਼ਮੀਨ ਦੇ ਚਾਰ ਖੱਤਿਆਂ ਵਿੱਚ ਸਾਨੂੰ ਚੌਹਾਂ ਭਰਾਵਾਂ ਨੂੰ ਕਿਵੇਂ ਪਾਲ਼ਿਆ ਅਤੇ ਪੜ੍ਹਾਇਆ ਹੈ? ਇਸੇ ਜ਼ਮੀਨ ਦੀ ਆਮਦਨ 'ਚੋਂ ਸਰਫ਼ਾ ਕਰਕੇ ਮੇਰੀਆਂ ਦੋਹਾਂ ਭੈਣਾਂ ਦੇ ਵਿਆਹ ਕੀਤੇ ਹਨ। ਇਸੇ ਜ਼ਮੀਨ ਦੀ ਆਮਦਨ ਰਾਹੀਂ ਮੈਂ ਇੱਧਰ ਵਲ਼ੈਤ 'ਚ ਆਇਆਂ ਹਾਂ। ਇਹ ਜ਼ਮੀਨ, ਜਿਸ ਨੇ ਆਪਣੀ ਕੁੱਖ ਵਿੱਚੋਂ ਉਗਾਏ ਅੰਨ ਨਾਲ ਸਾਡੇ ਪੁਰਖਿਆਂ ਅਤੇ ਸਾਨੂੰ ਪਾਲ਼ਿਆ ਹੈ। ਤੂੰ ਉਸ ਮਾਂ ਵਰਗੀ ਜ਼ਮੀਨ ਨੂੰ ਵੇਚਣ ਦੀ ਗੱਲ ਕਰਦੀ ਹਂੈ......!" ਮੋਹਣਾ ਆਪਣੀਆਂ ਭਰੀਆਂ ਅੱਖਾਂ ਨਾਲ ਮਿੰਦੋ ਨੂੰ ਆਪਣੀ ਜ਼ਮੀਨ ਨਾਲ ਮੋਹ ਦੀ ਹਾਲ ਬਿਆਨੀ ਕਰ ਰਿਹਾ ਸੀ।
"ਮੇਰੇ ਵਲ਼ੈਤ ਆਉਣ ਤੋਂ ਪਹਿਲਾਂ, ਮੈਂ ਟਾਹਲੀ ਵਾਲੇ ਖੂਹ ਤੇ ਪਸ਼ੂ ਹੱਕ ਕੇ ਹੱਲਟ ਚਲਾਇਆ ਕਰਦਾ ਸਾਂ। ਬਾਪੂ ਮੈਨੂੰ ਛੋਟੇ ਹੁੰਦੇ ਨੂੰ ਹੱਲਟ ਦੀ ਗਾ੍ਹਦੀ 'ਤੇ ਬਿਠਾ ਦਿੰਦਾ ਸੀ ਅਤੇ ਮੈਂ ਬੱਲਦਾਂ ਨੂੰ ਚਿਟਕਾਰੀ ਮਾਰ ਕੇ ਤੇਜ਼ ਕਰਦਾ ਹੁੰਦਾ ਸੀ। ਕਦੇ-ਕਦੇ ਬਾਪੂ ਮੈਨੂੰ ਕਹਿੰਦਾ ਸੀ, ਜਾਹ ਮੋਹਣਿਆ ਮੋੜ ਵਾਲੇ ਖੇਤ ਦਾ ਨੱਕਾ ਮੋੜ ਕੇ ਆ। ਮੈਨੂੰ ਅਜੇ ਵੀ ਯਾਦ ਹੈ ਜਦੋਂ ਹਾੜ੍ਹੀਆਂ ਦੀਆਂ ਤੱਪਦੀਆਂ ਧੁੱਪਾਂ ਵਿੱਚ ਮੈਂ ਆਪਣੇ ਬਾਪੂ ਨਾਲ ਉਸੇ ਮੋੜ ਵਾਲੇ ਖੇਤ ਵਿੱਚ ਫਲ਼ਿਆਂ ਨਾਲ ਕਣਕ ਗਾਹੁੰਦਾ ਹੁੰਦਾ ਸੀ। ਜ਼ਿਆਦਾ ਗਰਮੀ ਹੋਣ ਕਰਕੇ ਸਾਡੇ ਪਿੰਡ ਦਾ ਲਾਗੀ ਹਰੀਆ ਆਪਣੀ ਮੱਛਕ ਨਾਲ ਪਾਣੀ ਪਿਲਾਉਣ ਆਇਆ ਕਰਦਾ ਸੀ ਅਤੇ ਮੈਨੂੰ ਮਿੱਠੀਆਂ ਖੱਟੀਆਂ ਗੋਲੀਆਂ ਦਿੰਦਾ ਹੁੰਦਾ ਸੀ। ਉਨ੍ਹਾਂ ਮਿੱਠੀਆਂ ਗੋਲੀਆਂ ਦੇ ਚਾਅ ਵਿੱਚ ਮੈਨੂੰ ਜੇਠ ਹਾੜ ਦੀਆਂ ਧੁੱਪਾਂ ਵੀ ਚੁੱਭਦੀਆਂ ਨਹੀਂ ਸਨ......।" ਮੋਹਣਾ ਆਪਣੇ ਖੇਤਾਂ ਨਾਲ ਜੁੜੀਆਂ ਅਭੁੱਲ ਯਾਦਾਂ ਦੀ ਲੜੀ ਨੂੰ ਇੱਕ ਸਿਰਿਉਂ ਸੁਣਾ ਰਿਹਾ ਸੀ।
"ਮਿੰਦੋ, ਪੁਰਖਿਆਂ ਦੀ ਜੱਦੀ ਜ਼ਮੀਨ ਵਿੱਚੋਂ ਵੰਡੀਆਂ ਪਾ ਕੇ ਸਾਨੂੰ ਚੋਹਾਂ ਭਰਾਵਾਂ ਨੂੰ ਤਾਂ ਇੱਕ-ਇੱਕ ਖੇਤ ਹੀ ਆਇਆ ਸੀ। ਬਾਕੀ ਚਾਰ ਖੇਤ ਤਾਂ ਆਪਾਂ ਦੋਹਾਂ ਦੀ ਢਿੱਡ ਘੁੱਟਵੀਂ ਕਮਾਈ ਨਾਲ ਹੀ ਖਰੀਦੇ ਹੋਏ ਹਨ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਮਰਲਾ ਮਰਲਾ ਕਰਕੇ ਖਰੀਦੀ ਜ਼ਮੀਨ ਨੂੰ ਅਸੀਂ ਭੰਗਾਂ ਦੇ ਭਾੜੇ ਵੇਚ ਦੇਈਏ।ਖ਼ਾਸ ਕਰਕੇ ਜਦੋਂ ਸਾਡੇ ਪੁਰਖਿਆਂ ਦੀਆਂ ਅਭੁੱਲ ਯਾਦਾਂ ਇਸ ਜ਼ਮੀਨ ਨਾਲ ਜੁੜੀਆਂ ਹੋਣ?" ਮੋਹਣਾ ਇਹ ਯਾਦਾਂ ਤਾਜ਼ੀਆਂ ਕਰਦਾ ਹੋਇਆ ਪਤਾ ਨਹੀਂ ਕਿੰਨੀ ਵਾਰੀ ਅੱਖਾਂ ਭਰਦਾ ਰਿਹਾ।
ਨਾਲ ਹੀ ਬੈਠੇ ਮੋਹਣੇ ਦੇ ਲੜਕੇ ਟੋਨੀ ਨੇ ਆਪਣੇ ਬਾਪੂ ਦੀ ਜਮੀਨ ਦੀ ਸਾਰੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਅਤੇ ਵਿੱਚੇ ਟੋਰਾ ਲਾਉਣ ਲੱਗਾ। "ਡੈਡ, ਮੰਮ ਰਾਈਟ ਤਾਂ ਕਹਿੰਦੀ ਹੈ, ਤੁਸੀਂ ਇੰਡੀਆ ਵਾਲੀ ਲੈਂਡ ਸੈੱਲ ਕਰ ਦਿਓ। ਸਾਨੂੰ ਤਾਂ ਇੰਡੀਅਨ ਸਿਸਟਮ ਦਾ ਕੋਈ ਨੌਲਿਜ ਵੀ ਨਹੀਂ।ਮੇੜੇ ਫ਼ਰੈਂਡ ਕਹਿੰਦੇ ਹੁੰਦੇ ਆ, ਸਾੜੇ ਅਫ਼ਸਰ ਵੱਦੀ (ਵੱਢੀ) ਮੰਗਦੇ ਹੁੰਦੇ ਹਨ। ਨਾਲੇ ਤੁਸੀਂ ਤਾਂ ਮੈਨੂੰ  ਛੋਟੇ ਹੁੰਦੇ ਨੂੰ ਸਿੜਫ ਇੱਕ ਵਾੜੀ ਹੀ ਇੰਡੀਆ ਲੈ ਕੇ ਗਏ ਸੀ। ਮੈਨੂੰ ਕੀ ਪਤਾ ਸਾਡੀ ਜ਼ਮੀਣ ਕਿੱਠੇ ਹੈ? ਤੁਸੀਂ ਮੰਮੀ ਦੀ ਗੱਲ ਮੰਨੋ ਅਤੇ ਲੈਂਡ ਸੈਲ ਕਰਕੇ ਸਾਡੇ ਘਰ ਦੀ ਮੌਰਗੇਜ਼ ਲਾਹੋ।" ਟੋਨੀ ਨੇ ਦਰੜ ਫ਼ਰੜ ਪੰਜਾਬੀ ਵਿੱਚ ਆਪਣੀ ਮੰਮੀ ਦੀ ਗੱਲ ਦੀ ਪ੍ਰੋੜ੍ਹਤਾ ਕਰਦੇ ਹੋਏ ਬਾਪੂ ਨੂੰ ਜ਼ਮੀਨ ਵੇਚਣ ਦਾ ਜ਼ੋਰ ਪਾਇਆ।
ਮਿੰਦੋ ਨੇ ਵੀ ਆਪਣੇ ਪੁੱਤ ਦੀ ਗੱਲ ਦੀ ਹਮਾਇਤ ਕਰਦੇ ਹੋਏ ਆਪਣੇ ਘਰਵਾਲੇ ਨੂੰ ਤਾੜਨਾ ਕੀਤੀ ਕਿ ਉਸ ਦੇ ਜੀਉਂਦੇ ਜੀਅ ਤਾਂ ਜ਼ਮੀਨ ਸ਼ਾਇਦ ਵਿੱਕ  ਹੀ ਜਾਵੇਗੀ। ਪਰ ਉਸ ਦੇ ਮਰਨ ਬਾਅਦ, ਉਸ ਦੀ ਅਤੇ ਉਸ ਦੇ ਪੁੱਤਰ ਦੀ ਇੰਡੀਆ ਵਿੱਚ ਕਿਸੇ ਨੇ ਸੁਣਨੀ ਨਹੀਂ।ਜ਼ਮੀਨ ਵਿੱਚ ਆਂਢੀਆਂ ਗੁਆਂਢੀਆਂ ਦੇ ਹੀ ਟਰੈਕਟਰ ਚੱਲਣਗੇ।
"ਮਿੰਦੋ, ਦੇਖ ਮੂਰਖ਼ ਨਹੀਂ ਬਣੀਦਾ। ਅਕਲ ਤੋਂ ਕੰਮ ਲੈ।ਸਾਡੇ ਪਿਓ, ਦਾਦੇ, ਪੜਦਾਦੇ ਅਤੇ ਉਨ੍ਹਾਂ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਸਾਡੀ ਇਸ ਮਾਂ ਧਰਤੀ ਨੇ ਆਪਣੀ ਕੁੱਖ ਵਿੱਚੋਂ ਪਾਲ਼ੀਆਂ ਹਨ। ਆਪਣੇ ਪਿੰਡੇ ਤੇ ਮੀਂਹ, ਹਨ੍ਹੇਰੀਆਂ, ਧੁੱਪਾਂ ਅਤੇ ਸਰਦੀਆਂ, ਪਤਾ ਨਹੀਂ ਕੀ ਕੁੱਝ ਨਹੀਂ ਹੰਢਾਇਆ। ਫੇਰ ਵੀ ਸਾਨੂੰ ਖਾਣ ਨੂੰ ਅੰਨ ਦਿੱਤਾ, ਫ਼ਲ ਦਿੱਤੇ ਅਤੇ ਪਸ਼ੂਆਂ ਨੂੰ ਚਾਰਾ ਦਿੱਤਾ। ਜਦੋਂ ਤੁਸੀਂ ਮਾਂ ਪੁੱਤ ਜ਼ਮੀਨ ਵੇਚਣ ਦੀ ਗੱਲ ਕਰਦੇ ਹੋ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਮੇਰੀ ਮਾਂ ਦਾ ਗਲ਼ ਵੱਢਣ ਦੀ ਮੈਂਨੂੰ ਸਲਾਹ ਦਿੰਦੇ ਹੋ। ਮੈਂ ਇਸ ਮਾਂ ਧਰਤੀ ਨਾਲ ਜੁੜੀਆਂ ਪਿਆਰੀਆਂ ਅਤੇ ਅਭੁੱਲ ਯਾਦਾਂ ਅਤੇ ਆਪਣੇ ਪਿਛੋਕੜ ਨੂੰ ਕਿਵੇਂ ਭੁਲਾਵਾਂ? ਕਾਕਾ ਜੇ ਤੇਰੀ ਥੋੜ੍ਹੀ ਬਹੁਤ ਘਰ ਦੀ ਮਾਰਗੇਜ਼ ਹੈ, ਉਹ ਮੇਰੇ ਮਰੇ ਤੋਂ ਬਾਅਦ ਮੇਰੇ ਜਿਹੜੇ ਚਾਰ ਪੌਂਡ ਬੈਂਕ 'ਚ ਜਮਾਂ ਹਨ, ਉਨ੍ਹਾਂ ਨਾਲ ਲਾਹ ਲਵੀਂ। ਪਰ ਮੇਰੇ ਕੋਲ ਜ਼ਮੀਨ ਵੇਚਣ ਦੀ ਗੱਲ ਨਾ ਕਰ। ਕਾਕਾ, ਇਹੋ ਜਹੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਫੱਟਦਾ ਹੈ।"
...........ਮੋਹਣ ਸਿੰਘ ਦੇ ਪਰਿਵਾਰ ਵਿੱਚ ਜ਼ਮੀਨ ਵੇਚਣ ਦੀ ਗੱਲ ਕੁੱਝ ਸਮਾਂ ਤਾਂ ਠੰਡੀ ਰਹਿੰਦੀ। ਪਰ ਕਦੇ-ਕਦੇ ਜਦੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਮੋਹਣੇ ਦਾ ਸੱਜਣ ਮਿੱਤਰ ਆਉਣ, ਤਾਂ ਮਿੰਦੋ ਨੇ ਜਾਣ ਬੁੱਝ ਕੇ ਜ਼ਮੀਨ ਵਾਲੀ ਗੱਲ ਛੇੜ ਲੈਣੀ। ਮੋਹਣੇ ਨੂੰ ਇਸ ਤਰ੍ਹਾਂ ਲੱਗਣਾ ਕਿ ਇਸ ਦੇ ਅੱਲ੍ਹੇ ਜ਼ਖ਼ਮਾਂ 'ਤੇ ਮਿੰਦੋ ਲੂਣ ਛਿੜਕ ਰਹੀ ਹੈ।
ਥੱਕ ਹਾਰ ਕੇ ਮੋਹਣੇ ਨੂੰ ਆਪਣੀ ਜ਼ਮੀਨ ਬਾਰੇ ਇੱਕ ਸਕੀਮ ਸੁੱਝੀ ਅਤੇ ਉਹ ਟਿਕਟ ਲੈ ਕੇ ਪੰਜਾਬ ਚਲਾ ਗਿਆ।ਪੰਜਾਬ ਪਹੁੰਚਦਿਆਂ, ਮੋਹਣਾ ਇੱਕ ਨਾਮੀ ਵਕੀਲ ਪਾਸ ਪਹੁੰਚਿਆ ਅਤੇ ਆਪਣੀ ਜਮੀਨ ਦੀ ਕਹਾਣੀ ਬਿਆਨ ਕੀਤੀ। ਉਸ ਵਕੀਲ ਦੀ ਸਲਾਹ ਲੈ ਕੇ ਉਹ ਆਪਣੇ ਪੁਰਖਿਆਂ ਦੀ ਜ਼ਮੀਨ ਵੇਚਣ ਤੋਂ ਇਲਾਵਾ ਇਸ ਦਾ ਕੋਈ ਸਾਰਥਿਕ ਹੱਲ ਲੱਭਿਆ ਚਾਹੁੰਦਾ ਸੀ। ਇਹੋ ਜਿਹਾ ਹੱਲ ਜਿਸ ਨਾਲ ਉਸ ਦੇ ਮਰਨ ਤੋਂ ਬਾਅਦ ਜ਼ਮੀਨ ਵੇਚਣੀ ਵੀ ਨਾ ਪਵੇ ਅਤੇ ਇਸ ਦਾ ਸਮਾਜ ਨੂੰ ਵੀ ਕੋਈ ਲਾਭ ਹੋਵੇ।
ਸਿਆਣੇ ਵਕੀਲ ਨੇ ਸਿਆਣੀ ਸਲਾਹ ਦਿੰਦਿਆਂ ਆਖਿਆ, "ਮੋਹਣ ਸਿਆਂ, ਜਿਹੜੀ ਸਕੀਮ ਮੈਂ ਦੱਸਣ ਲੱਗਾ ਹਾਂ, ਉਸਦਾ ਤੇਰੇ ਪਰਿਵਾਰ ਨੂੰ ਆਰਥਿਕ ਲਾਭ ਤਾਂ ਨਹੀਂ ਹੋਣਾ ਪਰ ਸਮਾਜ ਤੇਰੇ ਗੁਣ ਜਰੂਰ ਗਾਵੇਗਾ। ਉਹ ਹੱਲ ਇਹ ਹੈ ਕਿ ਇਸ ਜ਼ਮੀਨ ਅਤੇ ਜਾਇਦਾਦ ਦਾ ਇੱਕ ਟਰੱਸਟ (ਸੰਸਥਾ) ਬਣਾ। ਜੀਉਂਦੇ ਜੀਅ ਇਸ ਟਰੱਸਟ ਦਾ ਸੰਚਾਲਿਕ ਤੂੰ ਖ਼ੁਦ ਆਪ ਹੋਵੇਂਗਾ ਅਤੇ ਮਰਨ ਉਪਰੰਤ ਤੂੰ ਇਸ ਦੇ ਸੰਚਾਲਿਨ ਦੀ ਜ਼ਿੰਮੇਵਾਰੀ ਕਿਸੇ ਨੂੰ ਵੀ ਨਾਮਜ਼ਦ ਕਰ ਸਕਦਾ ਹਂੈ।"
"ਵਕੀਲ ਸਾਹਿਬ ਜਰ੍ਹਾ ਖੋਲ ਕੇ ਗੱਲ ਸਮਝਾਓ, ਟਰੱਸਟ ਵਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ?" ਮੋਹਣਾ ਟਰੱਸਟ ਦਾ ਨਾਂਅ ਸੁਣ ਕੇ ਸ਼ਸ਼ੋਪੰਜ ਵਿੱਚ ਪੈ ਗਿਆ।
"ਮੋਹਣ ਸਿਆਂ, ਤੇਰੇ ਟਰੱਸਟ ਦੀ ਬਣਤਰ ਕੁੱਝ ਇਸ ਤਰਾਂ ਦੀ ਹੋਏਗੀ।ੲਸ ਟਰੱਸਟ ਦੇ ਕੁੱਝ ਗਿਣਤੀ ਦੇ ਮੈਂਬਰ ਹੋਣਗੇ। ਉਹ ਮੈਂਬਰ ਇਸ ਦਾ ਅਸਲੀ ਤੌਰ 'ਤੇ ਸੰਚਾਲਿਨ ਕਰਨਗੇ। ਉਹ ਮੈਂਬਰ ਕੁੱਝ ਵਕਫ਼ੇ ਤੋਂ ਬਾਅਦ ਟਰੱਸਟ ਦੀ ਕਾਰਗੁਜ਼ਾਰੀ ਦੀਆਂ ਬੈਠਕਾਂ ਕਰਿਆ ਕਰਨਗੇ ਅਤੇ ਹਰ ਇੱਕ ਮੈਂਬਰ ਦਾ ਟਰੱਸਟ ਦੀ ਆਮਦਨ ਅਤੇ ਖ਼ਰਚ ਤੇ ਇੱਕੋ ਜਿੰਨਾ ਕੰਟਰੋਲ ਹੋਵੇਗਾ।ਟਰੱਸਟ ਦਾ ਹਰ ਸਾਲ ਆਮ ਇਜ਼ਲਾਸ ਹੋਇਆ ਕਰੇਗਾ। ਟਰੱਸਟ ਦੇ ਕਿਸੇ ਮੈਂਬਰ ਨੇ ਅਗਰ ਸੇਵਾ ਮੁਕਤੀ ਲੈਣੀ ਹੈ ਤਾਂ ਆਮ ਇਜ਼ਲਾਸ ਵਿੱਚ ਸਰਬਸੰਮਤੀ ਨਾਲ ਨਵਾਂ ਮੈਂਬਰ ਭਰਤੀ ਕੀਤਾ ਜਾਵੇਗਾ। ਟਰੱਸਟ ਦੇ ਕਾਰਜ ਖੇਤਰ ਵਿੱਚ ਪਿੰਡ ਦੇ ਸਕੂਲ ਦਾ ਸੰਚਾਲਿਨ, ਪਿੰਡ ਵਿੱਚ ਹੋ ਰਹੀਆਂ ਖੇਡਾਂ, ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਅਤੇ ਨੌਜਵਾਨਾਂ ਲਈ ਜਿੰਮ ਦਾ ਪ੍ਰਬੰਧ ਕਰਨਾ ਹੋਏਗਾ। ਇਸ ਦੇ ਨਾਲ ਹੀ ਪਿੰਡ ਵਿੱਚ ਖੇਡਾਂ ਪ੍ਰਫੁੱਲਤ ਕਰਨ ਲਈ ਕਿਸੇ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ।
ਵਕੀਲ ਮੋਹਣੇ ਨੂੰ ਇਸ ਦੇ ਟਰੱਸਟ ਵਾਰੇ ਬਰੀਕੀ ਨਾਲ ਸਮਝਾ ਰਿਹਾ ਸੀ। "ਪਿੰਡ ਵਿੱਚ ਇੱਕ ਲਾਇਬਰੇਰੀ ਖ਼ੋਲੀ ਜਾਏਗੀ। ਪੜ੍ਹਾਈ ਅਤੇ ਕੋਰਸਾਂ ਵਾਰੇ ਨੌਜਵਾਨਾਂ ਨੂੰ ਸੇਧ ਦੇਣ ਲਈ ਹਰ ਸਾਲ ਕੋਚਿੰਗ ਦੇ ਦੋ ਤਿੰਨ ਸੈਸ਼ਨ ਹੋਇਆ ਕਰਨਗੇ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸੜਕਾਂ ਦੁਆਲੇ ਅਤੇ ਸ਼ਾਮਲਾਟ ਦੀ ਜ਼ਮੀਨ ਵਿੱਚ ਦਰਖ਼ਤ ਅਤੇ ਫ਼ੱਲਦਾਰ ਦਰੱਖ਼ਤ ਲਾਏ ਜਾਣਗੇ। ਮੋਹਣੇ ਦੀ ਜ਼ਮੀਨ ਦੇ ਠੇਕੇ ਦੀ ਆਮਦਨ ਇਸ ਟਰੱਸਟ ਦਾ ਸਾਰਾ ਖ਼ਰਚਾ ਚਲਾਏਗੀ। ਆਮਦਨ ਅਤੇ ਖ਼ਰਚੇ ਦੇ ਲੇਖੇ ਜੋਖ਼ੇ ਦਾ ਸਾਲਾਨਾ ਅਕਾਊਂਟ ਬਣਿਆ ਕਰੇਗਾ।ਟਰੱਸਟ ਦੇ ਕਿਸੇ ਵੀ ਮੈਂਬਰ ਨੂੰ ਲੇਖੇ ਜੋਖੇ ਪ੍ਰਤੀ ਸਵਾਲ ਹੋਵੇ ਤਾਂ ਉਸ ਸਵਾਲ ਦਾ ਜਵਾਬ ਪੁੱਛਣ ਦਾ ਹਰ ਇੱਕ ਨੂੰ ਬਰਾਬਰ ਹੱਕ ਹੋਏਗਾ।"
ਵਕੀਲ ਨੇ ਜਦੋਂ ਇਸ ਟਰੱਸਟ (ਸੰਸਥਾ) ਬਾਰੇ ਖੁੱਲ੍ਹ ਕੇ ਸਲਾਹ ਦਿੱਤੀ ਤਾਂ ਮੋਹਣੇ ਦੇ ਮਨ ਨੂੰ ਬੜੀ ਹੀ ਚੰਗੀ ਲੱਗੀ। ਉਹ ਸੋਚ ਰਿਹਾ ਸੀ ਕਿ ਇਸ ਵਿਧੀ ਨਾਲ  ਉਸਨੂੰ ਜ਼ਮੀਨ ਵੇਚਣ ਤੋਂ ਰਾਹਤ ਮਿਲੇਗੀ। ਸਗੋਂ ਪਿੰਡ ਵਾਸੀਆਂ ਨੂੰ ਫ਼ਾਇਦਾ ਹੋਵੇਗਾ। ਮੋਹਣਾ ਸੋਚਣ ਲੱਗਾ, ਹੋ ਸਕਦਾ ਹੈ ਮਿੰਦੋ ਅਤੇ ਇਨ੍ਹਾਂ ਦਾ ਪੁੱਤਰ ਇਸ ਵਿਧੀ ਨਾਲ ਨਾ-ਖੁਸ਼ ਹੋਣ। ਪਰ ਲੰਬੇ ਸਮੇਂ ਲਈ ਜ਼ਰੂਰ ਉਹ ਸੋਚਣਗੇ ਕਿ ਇਨ੍ਹਾਂ ਦਾ ਬਜ਼ੁਰਗ ਕੋਈ ਕੰਮ ਦੀ ਗੱਲ ਕਰ ਗਿਆ ਹੈ।
...............ਵਕੀਲ ਦੀ ਦਿੱਤੀ ਸਲਾਹ ਮੁਤਾਬਿਕ ਮੋਹਣੇ ਨੇ ਆਪਣੀ ਜ਼ਮੀਨ ਅਤੇ ਕੋਠੀ ਦਾ ਇੱਕ ਟਰੱਸਟ ਬਣਾ ਲਿਆ। ਆਪਣੀ ਕੋਠੀ ਨੂੰ ਇਸ ਟਰੱਸਟ ਦਾ ਦਫ਼ਤਰ/ਕੇਂਦਰ ਬਣਾ ਲਿਆ। ਪਿੰਡ ਦੇ ਦਸ ਕੁ ਸੂਝਵਾਨ ਨੌਜਵਾਨਾਂ ਨੂੰ ਇਸ ਟਰੱਸਟ ਦੇ ਮੈਂਬਰ ਬਣਾ ਲਿਆ ਅਤੇ ਕੁੱਝ ਸਿਆਣੇ ਸਲਾਹਕਾਰ ਮੈਂਬਰ। ਜ਼ਮੀਨ ਵਿੱਚੋਂ ਜਿੰਨਾ ਵੀ ਠੇਕਾ ਹੁੰਦਾ, ਇਸ ਟਰੱਸਟ ਦੇ ਸੰਚਾਲਿਨ ਅਤੇ ਪਿੰਡ ਦੀ ਉੱਨਤੀ ਅਤੇ ਪੜ੍ਹਾਈ ਨਮਿੱਤ ਲੱਗਦਾ। ਮੋਹਣੇ ਨੇ ਆਪਣੀ ਘਰਵਾਲੀ ਦੇ ਜ਼ਮੀਨ ਬਣਾਉਣ ਅਤੇ ਘਰ ਦੀ ਆਰਥਿਕ ਹਾਲਤ ਸੁਧਾਰਨ ਦੇ ਯੋਗਦਾਨ ਨੂੰ ਸਤਿਕਾਰ ਦਿੰਦੇ ਹੋਏ, ਇਸ ਦਾ ਨਾਮ ਟਰੱਸਟ ਵਿੱਚ ਆਪਣੇ ਨਾਂ ਤੋਂ ਪਹਿਲਾਂ ਮੁੱਖੀ ਵਜੋਂ ਰੱਖਿਆ।ਟਰੱਸਟ ਬਣਾਉਣ ਦੀ ਸਾਰੀ ਕਾਗਜ਼ੀ ਕਾਰਵਾਈ ਅਦਾਲਤ ਵਿੱਚ ਕਨੁੂੰਨੀ ਤੌਰ 'ਤੇ ਕੀਤੀ ਗਈ।
ਇਸ ਇਤਿਹਾਸਿਕ ਫ਼ੈਸਲੇ ਬਾਰੇ ਮੋਹਣੇ ਨੇ ਆਪਣੀ ਘਰਵਾਲੀ ਅਤੇ ਪੁੱਤਰ ਨੂੰ ਫੋਨ 'ਤੇ ਜਾਣਕਾਰੀ ਦਿੱਤੀ। ਪਹਿਲਾਂ ਤਾਂ ਉਨ੍ਹਾਂ ਦੋਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਮੋਹਣੇ ਨੂੰ ਵਕੀਲਾਂ ਨੇ ਐਵੇਂ ਹੀ ਕਿਸੇ ਝਾਂਸੇ ਵਿੱਚ ਲੈ ਕੇ ਠੱਗ ਲਿਆ ਹੈ। ਮਿੰਦੋ ਦੇ ਦਿਮਾਗ ਵਿੱਚ ਦੋ ਚੜ੍ਹਨ ਅਤੇ ਦੋ ਉਤਰਨ ਕਿ ਬੁੜੇ ਨੇ ਵਕੀਲਾਂ ਹੱਥੇ ਚੜ ਕੇ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਅੱਗ ਲਾ ਦਿੱਤੀ। ਪਰ ਫੇਰ ਮਾਂ ਪੁੱਤ ਸੋਚਣ ਲੱਗੇ ਕਿ ਉਨ੍ਹਾਂ ਦੇ ਬਜ਼ੁਰਗ ਨੇ ਅਗਰ ਕੋਈ ਫ਼ੈਸਲਾ ਕੀਤਾ ਤਾਂ ਉਸਨੇ ਥੋੜ੍ਹੀ ਬਹੁਤ ਸਿਆਣਪ ਤਾਂ ਜਰੂਰ ਹੀ ਵਰਤੀ ਹੋਵੇਗੀ।
ਹੁਣ ਮੋਹਣਾ ਬਹੁਤਾ ਸਮਾਂ ਪਿੰਡ ਹੀ ਬਿਤਾਉਂਦਾ ਅਤੇ ਆਪਣੇ ਟਰੱਸਟ ਦੀ ਬਰੀਕੀ ਨਾਲ ਦੇਖ ਭਾਲ ਕਰਦਾ। ਸਾਲ ਵਿੱਚ ਇੱਕ ਦੋ ਵਾਰ ਆ ਕੇ ਆਪਣੇ ਟੱਬਰ ਨੂੰ ਇੰਗਲੈਂਡ ਮਿਲ ਜਾਂਦਾ।ਇੰਨੀਆਂ ਜੱਦੋ-ਜਹਿਦਾਂ ਵਿੱਚੋਂ ਲੰਘ ਕੇ ਬਣਾਏ ਟਰੱਸਟ ਨੂੰ ਉਹ ਕਦੇ ਵੀ ਫ਼ੇਲ ਹੁੰਦਾ ਨਹੀਂ ਦੇਖਣਾ ਚਾਹੁੰਦਾ ਸੀ।ਇਸ ਨੇ ਆਪਣੀ ਬੱਚਤ ਵਿੱਚੋਂ ਵੀ ਕਾਫੀ ਰਕਮ ਇਸ ਪਰੋਜੈਕਟ ਨੂੰ ਕਾਮਯਾਬ ਕਰਨ ਹਿੱਤ ਲਾ ਦਿੱਤੀ। ਮੋਹਣੇ ਦੇ ਇਸ ਲੋਕ ਭਲਾਈ ਦੇ ਕਾਰਜ਼ ਦੀ ਕਾਮਜਾਬੀ ਦੇਖਦੇ ਹੋਏ, ਕਈ ਹੋਰ ਐਨ ਆਰ ਆਈ ਵੀ ਇਸ ਨਾਲ ਮਾਇਕ ਹੱਥ ਵੰਡਾਉਣ ਲੱਗੇ। ਪਿੰਡ ਵਿੱਚ ਇੱਕ ਕਾਮਯਾਬ ਲਾਇਬਰੇਰੀ ਬਣ ਗਈ। ਸਕੂਲ ਵਿੱਚ ਹਰ ਕਲਾਸ ਲਈ ਅਧਿਆਪਕ ਮਿਲ ਗਿਆ। ਦਸਵੀਂ ਜਮਾਤ ਅਤੇ ਪਲੱਸ ਟੂ ਦੀ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਅੱਗੇ ਕੋਰਸ ਕਰਨ ਦੀ ਸੇਧ ਮਿਲਣੀ ਸ਼ੁਰੂ ਹੋ ਗਈ। ਪਿੰਡ ਦੇ ਜਿੰਮ ਵਿੱਚ ਲੋੜੀਂਦੀਆਂ ਵਰਜਿਸ਼ਾਂ ਕਰਨ ਦੀਆਂ ਮਸ਼ੀਨਾਂ ਆ ਗਈਆਂ। ਪਿੰਡ ਦੇ ਕੁੱਝ ਨਸ਼ੇੜੀ ਮੁੰਡੇ ਬਾਕੀ ਮੁੰਡਿਆਂ ਦੇ ਡੌਲ੍ਹਿਆਂ ਅਤੇ ਪੱਟਾਂ 'ਤੇ ਪੈਂਦੀਆਂ ਗੁੱਲੀਆਂ ਦੇਖ ਕੇ ਨਸ਼ੇ ਛੱਡਣ ਲੱਗ ਪਏ। ਗੱਲ ਕੀ ਜਿਹੜੇ ਕੰਮ ਪੰਚਾਇਤਾਂ ਜਾਂ ਸੂਬਾ ਸਰਕਾਰਾਂ ਨੇ ਕਰਨੇ ਸਨ, ਉਹ ਕੰਮ ਮੋਹਣੇ ਦੇ ਟਰੱਸਟ ਰਾਹੀਂ ਹੋਣ ਲੱਗ ਪਏ। ਲਾਗਲੇ ਪਿੰਡਾਂ ਅਤੇ ਇਲਾਕੇ ਵਿੱਚ ਇਸ ਟਰੱਸਟ ਦੀ ਕਾਮਯਾਬੀ ਦੀ ਚਰਚਾ ਹੋਣ ਲੱਗੀ। ਅਖ਼ਬਾਰਾਂ ਅਤੇ ਟੈਲੀਵਿਯਨ ਚੈਨਲਾਂ 'ਤੇ ਸਮੇਂ-ਸਮੇਂ ਬਾਅਦ ਇਹ ਟਰੱਸਟ ਚਰਚਾ ਦਾ ਕੇਂਦਰ ਹੁੰਦਾ।
ਮੋਹਣੇ ਦੁਆਰਾ ਸਥਾਪਿਤ ਟਰੱਸਟ' ਹਰ ਸਾਲ ਤਰੱਕੀ ਦੀਆਂ ਮੰਜ਼ਿਲਾਂ ਛੂੁਹਣ ਲੱਗਾ। ਪਿੰਡ ਵਿੱਚ ਨੌਜਵਾਨਾਂ ਦੀ ਸਿਹਤ, ਪੜ੍ਹਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਵਾਲੇ ਮਾਰਕੇ ਦੇ ਕੰਮ ਹੋਣ ਲੱਗ ਪਏ। ਨੌਕਰੀਆਂ ਵਾਰੇ ਉਸਾਰੂ ਸਲਾਹ ਮਿਲਣ ਕਰਕੇ ਪਿੰਡ ਦੇ ਨੌਜਵਾਨ ਚੰਗੀਆਂ ਨੌਕਰੀਆਂ ਵਿੱਚ ਨਿਯੁੱਕਤ ਹੋਣ ਲੱਗੇ। ਪਿੰਡ ਦਾ ਇੱਕ ਮੁੰਡਾ ਤਾਂ ਚੰਗੀ ਸਿੱਖਿਆ ਮਿਲਣ ਕਰਕੇ ਡੀਸੀ ਵੀ ਲੱਗ ਗਿਆ।ਦੋ ਤਿੰਨ ਖਿਡਾਰੀ ਨੈਸ਼ਨਲ ਪੱਧਰ 'ਤੇ ਖੇਡਣ ਯੋਗ ਹੋ ਗਏ। ਮੋਹਣੇ ਦਾ ਆਪਣੇ ਟਰੱਸਟ ਦੀ ਕਾਮਜਾਬੀ ਦੇਖ ਕੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਅਤੇ ਉਹ ਆਪਣੇ ਇਸ ਫ਼ੈਸਲੇ 'ਤੇ ਫ਼ਕਰ ਕਰਦਾ।
ਇੰਗਲੈਂਡ ਵਿੱਚ ਮਿੰਦੋ ਅਤੇ ਇਸ ਦਾ ਪੁੱਤਰ ਟੋਨੀ ਜਦੋਂ ਆਪਣੇ ਬਾਪੂ ਦੇ ਇਸ ਸੂਝਵਾਨ ਕਦਮ ਦੀ ਸਫ਼ਲਤਾ ਦੇ ਸੋਹਲੇ ਸੁਣਦੇ ਤਾਂ ਉਨ੍ਹਾਂ ਦਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਮਿੰਦੋ ਆਪਣੀ ਮਿੰਨੀ ਜਿਹੀ ਖੁਸ਼ੀ ਜਾਹਿਰ ਕਰਦੀ ਹੋਈ ਆਪਣੇ ਪੁੱਤ ਨੂੰ ਆਖਦੀ, "ਟੋਨੀ, ਤੇਰਾ ਬਾਪੂ ਹੈ ਭਾਮੇਂ ਅੱੜਬ ਸੁਭਾ ਦਾ, ਪਰ ਜਦੋਂ ਕੋਈ ਪੈਰ ਚੱਕਦਾ ਹੈ ਤਾਂ ਲੋਕੀਂ ਪਰ੍ਹਿਆ ਵਿੱਚ ਬੈਠੇ ਸਿਫ਼ਤਾਂ ਕਰਦੇ ਹਨ। ਕਿੰਨਾ ਸੋਹਣਾ ਹੋਇਆ, ਤੇਰੇ ਬਾਪੂ ਨੇ ਆਪਣੀ ਵੀ ਪੁਗਾ ਲਈ ਅਤੇ ਲੋਕਾਂ ਦਾ ਵੀ ਫੈਦਾ ਹੋ ਗਿਆ।"
ਇੰਗਲੈਂਡ ਵਿੱਚ ਜਦੋਂ ਮੋਹਣੇ ਨੂੰ ਵਿਆਹ ਵਾਲੀ ਪਾਰਟੀ ਵਿੱਚ ਜਮੀਨ ਵੇਚਣ ਦੀ ਸਲਾਹ ਦੇਣ ਵਾਲੇ ਸੱਜਣਾਂ, ਧਰਮੇ, ਸੰਸਾਰੇ, ਮਾਸਟਰ ਅਤੇ ਜੀਤੇ ਨੂੰ ਇਸ ਦੇ ਟਰੱਸਟ ਦੀ ਕਾਮਜਾਬੀ ਦੀ ਖ਼ਬਰ ਮਿਲੀ ਤਾਂ ਉਹ ਮਿੰਦੋ ਕੋਲ ਵਧਾਈਆਂ ਦੇਣ ਆਏੇ। "ਭਰਜਾਈਏ, ਤੇਰੇ ਘਰ ਵਾਲਾ ਤਾਂ ਸੱਚਮੁੱਚ ਹੀ ਮਹਾਨ ਅਤੇ ਦੂਰ ਅੰਦੇਸ਼ੀ ਪੁਰਸ਼ ਹੈ। ਸਾਡੇ ਸਾਰਿਆਂ ਦੀ ਸਕੀਮ ਤੋਂ ਵੱਖਰਾ ਆਪਣਾ ਹੀ ਸਿੱਕਾ ਚਲਾ ਗਿਆ। ਇਸ ਦੀ ਕਾਮਜਾਬੀ ਨੂੰ ਦੇਖ ਕੇ ਹੁਣ ਸਾਡੇ ਪਿੰਡੋਂ ਵੀ ਫ਼ੋਨ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਪਿੰਡ ਵੀ ਇਹੋ ਜਿਹਾ ਟਰੱਸਟ ਬਣਨਾ ਚਾਹੀਦਾ ਹੈ।ਮਿੰਦੋ, ਧੰਨ ਹੈ ਤੇਰਾ ਮੋਹਣਾ ਅਤੇ ਧੰਨ ਹੈਂ ਤੂੰ, ਜਿਨਾਂ ਨੇ ਟਰੱਸਟ ਬਣਾ ਕੇ ਬਾਕਿਅਈ ਮਾਰਕੇ ਵਾਲਾ ਅਤੇ ਲੋਕ ਭਲਾਈ ਦਾ ਕੰਮ ਕੀਤਾ ਹੈ। ਨਾਲ ਹੀ ਆਪਣੇ ਪੁਰਖ਼ਾਂ ਦੀ ਜਮੀਨ ਸਸਤੇ ਭਾਅ ਵਿਕਣ ਤੋਂ ਬਚਾ ਲਈ।"
ਮੋਹਣੇ ਦੀ ਮਿੰਦੋ ਜਿਹੜੀ ਕਦੇ ਆਪਣੇ ਘਰ ਵਾਲੇ ਨੂੰ ਜਮੀਨ ਜਾਇਦਾਦ ਵੇਚ ਕੇ ਬੱਚਿਆਂ ਦੇ ਘਰਾਂ ਦੀ ਮੌਰਗੇਜ਼ ਲਾਹੁਣ ਦੀ ਰੱਟ ਲਾਈ ਰੱਖਦੀ ਸੀ, ਅੱਜ ਉੁਹ ਮਾਣ ਨਾਲ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਇਸੇ ਰਾਹੇ ਪੈਣ ਦੀ ਸਲਾਹ ਦੇ ਰਹੀ ਸੀ।
   

ਕੰਗਾਲ ਕੁੜੀ - ਬਲਵੰਤ ਸਿੰਘ ਗਿੱਲ

ਸਰਦਾਰ ਕਰਮ ਸਿੰਘ ਅਤੇ ਉਸ ਦੀ ਸੁਪੱਤਨੀ ਬੀਬੀ ਚਿੰਤ ਕੌਰ ਦਰਿਮਿਆਨੀ ਜਿਹੀ ਪੈਲ਼ੀ ਵਿੱਚ ਖੇਤੀ ਕਰਦੇ। ਇਨ੍ਹਾਂ ਦੇ ਤਿੰਨ ਬੱਚੇ ਪੈਦਾ ਹੋਏ। ਵੱਡਾ ਪੁੱਤਰ ਜੀਤਾ, ਉਸ ਤੋਂ ਛੋਟਾ ਪੁੱਤਰ ਦੀਸ਼ਾ ਅਤੇ ਇਨ੍ਹਾਂ ਤੋਂ ਛੋਟੀ ਧੀ ਮਨਜੀਤ ਕੌਰ। ਥੋੜ੍ਹੀ ਜ਼ਮੀਨ ਹੋਣ ਕਰਕੇ ਆਮਦਨ ਵੀ ਬੜੀ ਸੀਮਤ ਸੀ। ਕਰਮ ਸਿੰਘ ਦੇ ਦੋਨੋਂ ਪੁੱਤਰ ਪੜ੍ਹਨ ਵਿੱਚ ਨਲਾਇਕ ਨਿਕਲੇ। ਨਲਾਇਕ ਕੀ, ਮਹਾਂ ਨਲਾਇਕ ਨਿਕਲੇ। ਦੋਹਾਂ ਪੁੱਤਰਾਂ ਤੋਂ ਦਸਵੀਂ ਜਮਾਤ ਵੀ ਪਾਸ ਨਾ ਹੋਈ। ਪੜ੍ਹਾਈ ਕੀ ਕਰਨੀ ਸੀ, ਜੁਆਨ ਹੁੰਦਿਆਂ ਨਸ਼ਿਆਂ ਦੀ ਆਦਤ ਪੈ ਗਈ। ਪਿਓ ਨੇ ਬਥੇਰਾ ਝਿੜਕਣਾ ।ਪਰ ਇਹ ਸਹਿਜ਼ਾਦੇ ਆਪਣੀ ਮਾਤਾ ਦੀ ਭਲਮਾਣਸੀ ਦਾ ਨਜ਼ਾਇਜ ਫ਼ਾਇਦਾ ਉਠਾਉਂਦੇ। ਉਸ ਤੋਂ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਲਈ ਉਸਨੂੰ ਭਰਮਾ ਲੈਂਦੇ। ਕਰਮ ਸਿੰਘ ਨੂੰ ਜਦੋਂ ਲੱਗਿਆ ਕਿ ਉਸ ਦੇ ਪੁੱਤਰ ਤਾਂ ਪੜ੍ਹਾਈ ਦਾ ਖ਼ਿਆਲ ਨਹੀਂ ਕਰਦੇ। ਉਸ ਨੇ ਹਾਰ ਹੰਭ ਕੇ ਦੋਨਾਂ ਨੂੰ ਆਪਣੇ ਨਾਲ ਖੇਤੀ ਵਿੱਚ ਹੀ ਜੋੜ ਲਿਆ।
ਮਨਜੀਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਨਿਕਲੀ। ਸ਼ਾਇਦ ਇਸ ਕਰਕੇ ਕਿ ਇਸ ਦੇ ਮਾਪਿਆਂ ਦੇ ਪੁੱਤਰ ਤਾਂ ਮੂਲੋਂ ਹੀ ਪੜ੍ਹਨ ਵਿੱਚ ਨਿਕੰਮੇ ਸਨ ਅਤੇ ਇਹ ਰੀਝ ਲਾ ਕੇ ਪੜ੍ਹਾਈ ਕਰਦੀ ਗਈ। ਮਾਪਿਆਂ ਨੂੰ ਹੱਡ ਭੰਨਵੀਂ ਕਮਾਈ ਕਰਦਿਆਂ ਦੇਖ ਕੇ ਮਨਜੀਤ ਦਾ ਦਿਲ ਪਸੀਜ ਜਾਂਦਾ। ਇਹ ਨਹੀਂ ਸੀ ਚਾਹੁੰਦੀ ਕਿ ਇਸ ਦੇ ਮਾਪਿਆਂ ਦੇ ਮੱਥੇ ਤੇ ਸਾਰੀ ਹੀ ਨਿਕੰਮੀ ਔਲਾਦ ਦਾ ਟਿੱਕਾ ਲੱਗੇ। ਮਨਜੀਤ ਸਗੋਂ ਆਪਣੇ ਭਰਾਵਾਂ ਨੂੰ ਨਸ਼ੇ ਦੀ ਭੈੜੀ ਵਾਦੀ ਤੋਂ ਹਟਾਉਣ ਲਈ ਪੂਰੀ ਕੋਸ਼ਿਸ਼ ਕਰਦੀ। ਉਨ੍ਹਾਂ ਨੂੰ ਹਰ ਵਕਤ ਸਮਝਾਉਂਦੀ ਕਿ ਵਿਹਲੇ ਬੈਠਿਆਂ ਅਤੇ ਨਸ਼ੇ ਕਰਦਿਆਂ ਕਈ ਪਰਿਵਾਰਾਂ ਨੇ ਆਪਣੀਆਂ ਸਾਰੀਆਂ ਜ਼ਮੀਨਾਂ ਵੇਚ ਸੁੱਟੀਆਂ ਅਤੇ ਸਿਹਤਾਂ ਵਿਗਾੜ ਲਈਆਂ।ਰੱਬ ਦਾ ਵਾਸਤਾ  ਪਾਉਂਦੀਆਂ ਕਿ ਇਹ ਭੈੜੀ ਲੱਤ ਛੱਡ ਦੇਣ। ਪਰ 'ਲਾਤੋਂ ਕੇ ਭੂਤ ਬਾਤੋਂ ਸੇ ਕੈਸੇ ਮਾਨਤੇ'। ਜੀਤਾ ਅਤੇ ਦੀਸ਼ਾ ਆਪਣੀ ਭੈਣ ਦੀਆਂ ਨਸੀਹਤਾਂ ਇੱਕ ਕੰਨ ਸੁਣ ਕੇ ਦੂਸਰੇ ਕੰਨ ਰਾਹੀਂ ਕੱਢ ਸੁੱਟਦੇ।
ਆਪਣੇ ਭਰਾਵਾਂ ਦੀ ਇਸ ਵਿਗੜੀ ਹੋਈ ਹਾਲਤ ਨੂੰ ਦੇਖ ਕੇ ਮਨਜੀਤ ਹਰ ਪਲ ਝੁੱਰਦੀ ਰਹਿੰਦੀ। ਭਰਾਵਾਂ ਤੋਂ ਛੋਟੀ ਸੀ, ਕਦੇ ਜ਼ੋਰ ਪਾ ਕੇ ਵੀ ਕੋਈ ਗੱਲ ਨਾ ਕਰਦੀ। ਡਰਦੀ ਰਹਿੰਦੀ ਕਿ ਭੂਤਰੇ ਹੋਏ ਕਿਤੇ ਇਸ ਨੂੰ ਹੀ ਨਾ ਝੰਬ ਸੁੱਟਣ। ਪਰ ਮਾਂ ਬਾਪ ਦੀ ਹੱਡ ਭੰਨਵੀਂ ਕਮਾਈ ਨਸ਼ਿਆਂ 'ਚ ਰੁੜਦੀ ਦੇਖ ਕੇ ਮਾਂ ਬਾਪ ਦੀ ਹਾਲਤ ਤੇ ਬੇਹੱਦ ਤਰਸ ਕਰਦੀ। ਬਹੁਤੀ ਵਾਰੀ ਉਸ ਦੇ ਮਨ ਵਿੱਚ ਖ਼ਿਆਲ ਆਉਂਦੇ ਕਿ ਭਰਾਵਾਂ ਨੇ ਤਾਂ ਆਪਣੇ ਮਾਂ-ਬਾਪ ਦੇ ਮਾਇਕ ਅਤੇ ਮਾਨਸਿਕ ਹਾਲਾਤਾਂ ਨੂੰ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਉਹ ਆਪ ਖ਼ੁਦ ਪੜ੍ਹਾਈ ਵਿੱਚ ਪੂਰੀ ਮਿਹਨਤ ਕਰਕੇ ਇੱਕ ਦਿਨ ਜ਼ਰੂਰ ਹੀ ਆਪਣੇ ਮਾਪਿਆਂ ਦਾ ਸਹਾਰਾ ਬਣੇਗੀ।
ਮਨਜੀਤ ਆਪਣੇ ਸਿਰੜ ਅਤੇ ਸਖ਼ਤ ਮਿਹਨਤ ਸਦਕਾ ਦਸਵੀਂ ਪਾਸ ਕਰ ਗਈ ਅਤੇ ਇਸੇ ਤੋਂ ਬਾਅਦ ਪਲੱਸ ਟੂ ਦੀ ਪੜ੍ਹਾਈ। ਹੁਣ ਮਨਜੀਤ ਅੱਗੇ ਇੱਕ ਵੱਡਾ ਸਵਾਲ ਸੀ ਕਿ ਉਹ ਅੱਗੇ ਉਚੇਰੀ ਪੜ੍ਹਾਈ ਕਰਨ ਲਈ ਕਿਸੇ ਕਾਲਜ ਵਿੱਚ ਦਾਖ਼ਲਾ ਲਵੇ, ਜਾਂ ਫਿਰ ਕੋਈ ਹੋਰ ਰਾਹ ਅਪਣਾਵੇ। ਉਚੇਰੀ ਪੜ੍ਹਾਈ ਕਰਨ ਲਈ ਵੱਡੀ ਮੁਸ਼ਕਲ ਇਸ ਦੇ ਮਾਂ ਬਾਪ ਦੇ ਸੀਮਤ ਮਾਇਕ ਸਾਧਨ ਸਨ। ਚੋਂਹ ਖੱਤਿਆਂ ਦੀ ਕਮਾਈ ਵਿੱਚੋਂ ਸਾਰਾ ਟੱਬਰ ਪਾਲਣਾ ਅਤੇ ਫੇਰ ਉਚੇਰੀ ਪੜ੍ਹਾਈ ਲਈ ਪੈਸੇ ਬਚਾਉਣੇ। ਪੈਸੇ ਦੀ ਬੱਚਤ ਤਾਂ ਇਨ੍ਹਾਂ ਦੇ ਨਸ਼ੇੜੀ ਭਰਾ ਹੋਣ ਹੀ ਨਹੀਂ ਸਨ ਦਿੰਦੇ। 'ਖੂਹ ਦੀ ਮਿੱਟੀ ਖੂਹ ਨੂੰ ' ਹੀ ਲੱਗ ਰਹੀ ਸੀ। ਇਸ ਮੁਸ਼ਕਲ ਤੋਂ ਵੀ ਜੋ ਵੱਡੀ ਮੁਸ਼ਕਲ ਮਨਜੀਤ ਜੋ ਭਾਂਪ ਰਹੀ ਸੀ, ਉਹ ਸੀ ਪੜ੍ਹਿਆਂ ਲਿਖਿਆਂ ਦੀ ਬੇਰੁਜ਼ਗਾਰੀ। ਮਨਜੀਤ ਜਾਣ ਬੁੱਝ ਕੇ ਇਸ ਦੱਲਦਲ ਵਿੱਚ ਨਹੀਂ ਫਸਣਾ ਚਾਹੁੰਦੀ ਸੀ। ਉਹ ਅਣਚਾਹਿਆ ਬੋਝ ਪਾ ਕੇ ਆਪਣੇ ਮਾਂ-ਬਾਪ ਨੂੰ ਹੋਰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ।
"ਬਾਪੂ ਜੀ, ਮੈਂ ਅੱਗੇ ਕਾਲਜ ਵਿੱਚ ਉੱਚੀ ਵਿੱਦਿਆ ਲਈ ਦਾਖ਼ਲਾ ਨਹੀਂ ਲੈਣਾ।" ਮਨਜੀਤ ਨੀ ਆਪਣੇ ਦਿਲ ਦੀ ਗੱਲ ਮਾਪਿਆਂ ਨਾਲ ਕੀਤੀ।"ਪੁੱਤ ਤੇਰੇ ਦਸਵੀਂ ਅਤੇ ਪਲੱਸ ਟੂ ਵਿੱਚੋਂ ਵਧੀਆ ਨੰਬਰ ਆਏ ਹਨ। ਤੂੰ ਅੱਗੇ ਪੜ੍ਹਾਈ ਕਿਉਂ ਨਹੀਂ ਕਰਨੀ?" ਬਾਪੂ ਜੀ ਮੈਨੂੰ ਤੁਹਾਡੀ ਮਾਇਕ ਹਾਲਤ ਦਾ ਪੂਰਾ ਪਤਾ ਹੈ ਅਤੇ ਉਤੋਂ ਮੇਰੇ ਭਰਾਵਾਂ ਨੇ ਤਾਂ ਪੈਸਿਆਂ ਦਾ ਉਜਾੜਾ ਕਰਨਾ ਲਿਆ ਹੋਇਆ ਹੈ।  ਪੁੱਤਰ ਫੇਰ ਤੂੰ ਪੜ੍ਹਾਈ ਛੱਡ ਕੇ ਵਿਆਹ ਕਰਾਏਂਗੀ?" "ਨਹੀਂ ਬਾਪੂ ਜੀ ਮੈਂ ਆਈਲੈਟਸ ਕਰਕੇ ਕਨੇਡਾ ਜਾਣਾ ਚਾਹੁੰਦੀ ਹਾਂ। ਮੇਰੀਆਂ ਕੁੱਝ ਸਹੇਲੀਆਂ ਪੜ੍ਹਾਈ ਕਰਨ ਲਈ ਪਿਛਲੇ ਸਾਲ ਕਨੇਡਾ ਚਲੇ ਗਈਆਂ ਸਨ।" ਬਾਪੂ ਕਰਮ ਸਿੰਘ ਆਪਣੀ ਧੀ ਦਾ ਸੁਝਾਓ ਸੁਣ ਕੇ ਸੋਚਾਂ ਵਿੱਚ ਪੈ ਗਿਆ। ਸੋਚਣ ਲੱਗਾ ਕਨੇਡਾ ਦਾ ਵੀਜ਼ਾ, ਤਿੰਨ ਚਾਰ ਸਾਲ ਦੀ ਪੜ੍ਹਾਈ ਅਤੇ ਉੱਥੇ ਰਹਿਣ ਸਹਿਣ ਦਾ ਖ਼ਰਚਾ। ਸਭ ਤੋਂ ਵੱਧ ਖ਼ਦਸ਼ਾ ਆਪਣੀ ਧੀ ਨੂੰ ਇਕੱਲਿਆਂ ਵਿਦੇਸ਼ ਭੇਜਣ ਦਾ। ਜਿਸ ਧੀ ਨੂੰ ਕਦੇ ਇੱਕ ਦਿਨ ਵੀ ਇਕੱਲਿਆਂ ਨਹੀਂ ਸੀ ਛੱਡਿਆ। ਕਰਮ ਸਿੰਘ ਮਨ ਹੀ ਮਨ ਵਿੱਚ ਆਪਣੀ ਧੀ ਦੀ ਗੱਲ 'ਤੇ ਵਿਚਾਰ ਕਰਨ ਲੱਗਾ। "ਧੀਏ ਤੂੰ ਵਿਦੇਸ਼ ਜਾਣ ਦੀ ਗੱਲ ਕਰਕੇ ਮੇਰਾ ਕਲੇਜਾ ਹੀ ਧੂਹ ਲਿਆ। ਅਸੀਂ ਤੇਰਾ ਵਿਛੋੜਾ ਕਿਵੇਂ ਸਹਾਰਾਂਗੇ। ਤੇਰੇ ਦੇਖੇ ਬਿਨਾਂ ਤਾਂ ਸਾਨੂੰ ਰੋਟੀ ਸੁਆਦ ਨਹੀਂ ਲੱਗਦੀ। ਤੂੰ ਤਿੰਨ ਚਾਰ ਸਾਲ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਗੱਲ ਕਰਤੀ।" "ਬਾਪੂ ਜੀ ਕੁੱਝ ਪਾਉਣ ਲਈ ਕੁੱਝ ਤਾਂ ਗੁਆਉਣਾ ਹੀ ਪਵੇਗਾ। ਨਾਲੇ ਤਿੰਨ ਚਾਰ ਸਾਲਾਂ ਦਾ ਹੀ ਤਾਂ ਗੱਲ  ਹੈ,।ਇਹ ਅੱਖ ਝਮਕਦਿਆਂ ਹੀ ਬੀਤ ਜਾਣੇ ਹਨ।" ਮਨਜੀਤ ਨੇ ਝੂਠੀ ਜਿਹੀ ਤਸੱਲੀ ਆਪਣੇ ਮਾਂ ਬਾਪ ਨੂੰ ਦੇ ਦਿੱਤੀ।
"ਚਿੰਤੀਏ, ਧੀ ਤਾਂ ਵਿਦੇਸ਼ ਜਾਣ ਦੀ ਪੱਕੀ ਧਾਰੀ ਬੈਠੀ ਹੈ। ਕੀ ਖ਼ਿਆਲ ਏ ਤੂੰ ਮਨਜੀਤ ਦਾ ਵਿਛੋੜਾ ਝੱਲ ਲਏਂਗੀ?" ਗੱਲ ਸੁਣਦਿਆਂ ਹੀ ਚਿੰਤੀ ਦੀਆਂ ਅੱਖਾਂ ਦੇ ਕੋਏ ਭਰ ਆਏ ਅਤੇ ਇਕਦਮ ਰੌਣ ਲੱਗ ਪਈ। ਅਕਸਰ ਇੱਕ ਧੀ ਦੀ ਮਾਂ ਸੀ, ਕਿਵੇਂ ਆਪਣਾ ਰੋਣਾ ਰੋਕਦੀ।ਮਮਤਾ ਛਲਕਦੀ ਹੋਈ ਚਿੰਤੀ ਦੇ ਚਿਹਰੇ 'ਤੇ ਆ ਗਈ। "ਸਰਦਾਰ ਜੀ ਸਾਡੇ ਮੁੰਡਿਆਂ ਨੇ ਤਾਂ ਘਰ ਦਾ ਬੇੜਾ ਡੋਬਣ ਤੇ  ਹੀ ਲੱਕ ਬੰਨ੍ਹਿਆ ਹੋਇਆ ਹੈ। ਜੇ ਧੀ ਕਿਸੇ ਚੰਗੇ ਕੰਮ ਨੂੰ ਹੱਥ ਪਾਉਂਦੀ ਹੈ ਤਾਂ ਕੌੜਾ ਘੁੱਟ ਭਰ ਲਵਾਂਗੇ। ਪੁੱਛ ਸ਼ਾਹੂਕਾਰਾਂ ਦੇ ਧਨੀ ਨੂੰ ਜੇ ਉਹ ਸਾਡੀ ਜ਼ਮੀਨ ਖ੍ਰੀਦਦਾ ਹੈ। ਵੇਚ ਦੇ ਦੋ ਖੱਤੇ ਅਤੇ ਕਰਦੇ ਧੀ ਦੀ ਰੀਝ ਪੂਰੀ। ਔਖੇ-ਸੌਖੇ ਸਾਰ ਲਵਾਂਗੇ।"
ਕਰਮੇ ਨੇ ਆਪਣੇ ਚੋਂਹ ਖੱਤਿਆਂ ਵਿੱਚੋਂ ਦੋ ਖੱਤੇ ਵੇਚੇ ਅਤੇ ਮਨਜੀਤ ਲਈ 30 ਲੱਖ ਰੁਪਏ ਤਿਆਰ ਕਰ ਲਏ। ਮਨਜੀਤ ਨੇ ਕਿਸੇ ਏਜੰਟ ਰਾਹੀਂ ਫਾਇਲ ਤਿਆਰ ਕਰਕੇ ਕੈਨੇਡਾ ਦੀ ਐਬੈਸੀ ਵਿੱਚ ਵੀਜ਼ੇ ਲਈ ਆਪਣਾ ਕੇਸ ਲਾ ਦਿੱਤਾ। ਇਸ ਤੀਹ ਲੱਖ ਵਿੱਚ ਏਜੰਟ ਨੇ ਕਨੇਡਾ ਦਾ ਵੀਜ਼ਾ, ਕਿਸੇ ਕਾਲਜ ਦੇ ਕੋਰਸ ਲਈ ਛੇ ਮਹੀਨਿਆਂ ਦੀ ਫ਼ੀਸ ਅਤੇ 6 ਮਹੀਨਿਆਂ ਦਾ ਹੋਸਟਲ ਦਾ ਕਰਾਇਆ ਦੇਣਾ ਸੀ।
ਦੋ ਕੁ ਮਹੀਨਿਆਂ ਵਿੱਚ ਮਨਜੀਤ ਦਾ ਕਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ। ਮਨਜੀਤ ਦੇ ਭਰਾ ਜੀਤਾ ਅਤੇ ਦੀਸ਼ਾ ਤਾਂ ਇਸ ਦੇ ਕਨੇਡਾ ਜਾਣ ਦੀ ਖ਼ਬਰ ਸੁਣ ਕੇ ਨੱਕ ਬੁੱਲ੍ਹ ਅਟੇਰਨ ਲੱਗੇ। ਸ਼ਾਇਦ ਸੋਚਦੇ ਹੋਣਗੇ ਕਿ ਬਾਪੂ ਨੇ ਸਾਡੇ ਨਸ਼ੇ ਦੇ ਸਾਧਨ ਸੀਮਤ ਕਰ ਦਿੱਤੇ ਸਨ। ਕਿਉਂਕਿ ਹੁਣ ਚੋਂਹ ਖੱਤਿਆਂ ਦੀ ਬਿਜਾਏ ਹੁਣ ਦੋ ਖੱਤਿਆਂ ਦੀ ਹੀ ਆਮਦਨ ਘਰ ਆਏਗੀ। ਕਰਮ ਸਿੰਘ ਅਤੇ ਮਾਤਾ ਚਿੰਤੀ ਆਪਣੀ ਧੀ ਦੇ ਕਨੇਡਾ ਜਾ ਕੇ ਆਪਣੀ ਜ਼ਿੰਦਗੀ ਚੰਗੀ ਬਨਾਉਣ ਵਿੱਚ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ ਪਰ ਮਾਂ ਦੀ ਮਮਤਾ ਅਤੇ ਪਿਓ ਦਾ ਧੀ ਲਈ ਅਨੋਖਾ ਪਿਆਰ ਕਿਤੇ ਨਾ ਕਿਤੇ ਦਿਲ ਵਿੱਚ ਧੂਹ ਪਾਈ ਜਾਂਦਾ ਸੀ।
ਮਨਜੀਤ ਆਪਣੀ ਪੜ੍ਹਾਈ ਕਰਨ ਲਈ ਕਨੇਡਾ ਤੁਰ ਗਈ। ਪਰ ਮਾਂ ਬਾਪ ਨੂੰ ਆਪਣੀ ਧੀ ਦਾ ਵਿਛੋੜਾ ਵੱਢ-ਵੱਢ ਖਾ ਰਿਹਾ ਸੀ। ਜਿਸ ਧੀ ਨੂੰ ਉਨ੍ਹਾਂ ਨੇ ਇੱਕ ਦਿਨ ਵੀ ਇਕੱਲਿਆਂ ਨਹੀਂ ਸੀ ਛੱਡਿਆ, ਅੱਜ ਉਹ ਧੀ ਕਈ ਸਾਲਾਂ ਲਈ ਹਜ਼ਾਰਾਂ ਮੀਲ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਜਾਣ ਲੱਗੀ ਸੀ।
ਮਨਜੀਤ ਨੇ ਕਨੇਡਾ ਜਾ ਕੇ ਆਪਣੇ ਕੋਰਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਰਿਹਾਇਸ਼ ਹੋਸਟਲ ਵਿੱਚ ਸੀ। ਪਰ ਇਸ ਛੇ ਮਹੀਨਿਆਂ ਦੀ ਹੋਸਟਲ ਦੀ ਰਿਹਾਇਸ਼ ਦੇ ਦਿਨ ਮੁੱਕਦੇ ਜਾ ਰਹੇ ਸਨ ਅਤੇ ਮੋਹਰਲੀ ਛਿਮਾਹੀ ਦਾ ਦਾਖ਼ਲਾ ਮਨਜੀਤ ਨੂੰ ਇੱਕ ਭੁੱਖੇ ਦੈਂਤ ਵਾਂਗ ਡਰਾ ਰਿਹਾ ਸੀ। ਜੇਬ ਖ਼ਰਚ ਲਈ ਲਿਆਂਦੇ ਪੈਸੇ ਇੱਕ-ਇੱਕ ਕਰਕੇ ਮੁੱਕਦੇ ਜਾ ਰਹੇ ਸਨ। ਮਨਜੀਤ ਨੂੰ ਇਹ ਝੋਰਾ ਵੱਢ-ਵੱਢ ਖਾ ਰਿਹਾ ਸੀ। ਮਨਜੀਤ ਨੇ ਆਪਣੇ ਹੋਸਟਲ ਵਿੱਚ ਰਹਿੰਦੀ ਇੱਕ ਸਹੇਲੀ ਨਾਲ ਆਪਣਾ ਇਹ ਦੁੱਖ ਸਾਂਝਾ ਕੀਤਾ। ਉਸ ਦਾ ਨਾਂਅ ਗੁਰਸੇਵਕ ਸੀ ਅਤੇ ਸੀ ਵੀ ਨਿਰੀ ਗੁਰਸੇਵਕ। ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਕ ਗੈਸ ਸਟੇਸ਼ਨ ਤੇ ਇੱਕ ਕੈਸ਼ੀਅਰ ਦਾ ਕੰਮ ਕਰਦੀ ਸੀ। ਗੁਰਸੇਵਕ ਨੇ ਮਨਜੀਤ ਦੀ ਇਸ  'ਤੇ ਤਰਸ ਕਰਕੇ ਕੇ ਆਪਣੇ ਗੈਸ ਸਟੇਸ਼ਨ ਦੇ ਮਾਲਕ ਨਾਲ ਗੱਲ ਕੀਤੀ ਅਤੇ ਇਸ ਨੂੰ ਪਾਰਟ ਟਾਇਮ ਦਾ ਕੰਮ ਦੁਆ ਦਿੱਤਾ। ਹੁਣ ਮਨਜੀਤ ਦਾ ਕਿਸੇ ਹੱਦ ਤੱਕ ਮਾਨਸਿਕ ਦਬਾਅ ਘੱਟ ਗਿਆ। ਇਸ ਆਮਦਨ ਨਾਲ ਮੋਹਰਲੀ ਛਿਮਾਹੀ ਦਾ ਦਾਖ਼ਲਾ ਦੇ ਸਕੇਗੀ ਅਤੇ ਆਪਣੀ ਮਾੜੀ ਪਤਲੀ ਰਿਹਾਇਸ਼ ਦਾ ਕਮਰਾ ਲੈ ਸਕੇਗੀ।
ਕਾਲਜ ਦੇ ਛੇ ਮਹੀਨੇ ਬੀਤਣ ਤੋਂ ਬਾਅਦ ਮਨਜੀਤ ਅਤੇ ਗੁਰਸੇਵਕ ਨੇ ਕਿਸੇ ਪੰਜਾਬੀ ਪਰਿਵਾਰ ਦੇ ਮਕਾਨ ਦੀ ਬੇਸਮੈਂਟ ਵਿੱਚ ਕਮਰਾ ਕਿਰਾਏ ਤੇ ਲੈ ਲਿਆ। ਕਮਰੇ ਦਾ ਕਿਰਾਇਆ ਇਹ ਦੋਵੇਂ ਸਹੇਲੀਆਂ ਵੰਡ ਲੈਂਦੀਆਂ। ਖਾਣ ਪੀਣ ਦਾ ਰਾਸ਼ਨ ਵੀ ਇਨ੍ਹਾਂ ਦੋਹਾਂ ਦਾ ਸਾਂਝਾ ਸੀ।
ਮਾੜੇ ਦਿਨ ਆਉਣ ਲੱਗਿਆਂ ਕਦੇ ਦੇਰ ਨਹੀਂ ਲੱਗਦੀ। ਬਦਕਿਸਮਤੀ ਨੂੰ ਇਨ੍ਹਾਂ ਦੋਹਾਂ ਸਹੇਲੀਆਂ ਦਾ ਗੈਸ ਸਟੇਸ਼ਨ ਦਾ ਕੰਮ ਬੰਦ ਹੋ ਗਿਆ। ਦੋਹਾਂ ਨੂੰ ਹੁਣ ਫ਼ਿਕਰ ਪੈ ਗਿਆ ਕਿ ਹੁਣ ਕਿਵੇਂ ਗੁਜ਼ਾਰਾ ਹੋਊ। ਇਹ ਥਾਂ-ਥਾਂ ਜਾ ਕੇ ਕਿਸੇ ਕੰਮ ਦੀ ਭਾਲ ਕਰਦੀਆਂ ਅਤੇ ਨਾਲ ਹੀ ਕਾਲਜ ਦੀ ਪੜ੍ਹਾਈ ਦਾ ਫ਼ਿਕਰ। ਭਾਰਤ ਤੋਂ ਜਦੋਂ ਇਨ੍ਹਾਂ ਦਿਆਂ ਮਾਪਿਆਂ ਨੇ ਫ਼ੋਨ ਕਰਕੇ ਰਾਜ਼ੀ ਖੁਸ਼ੀ ਦਾ ਪਤਾ ਕਰਨਾ ਤਾਂ ਇਨ੍ਹਾਂ ਦਾ ਜਵਾਬ 'ਬੱਸ ਸਭ ਕੁੱਝ ਠੀਕ ਠਾਕ ਹੈ' ਹੋਣਾ। ਪਰ ਅੰਦਰੋਂ ਅੰਦਰੀਂ ਇਹ ਫ਼ਿਕਰਾਂ ਨਾਲ ਘੁੱਲ ਰਹੀਆਂ ਸਨ।
ਮਹੀਨਾ ਭਰ ਵਹਿਲੇ ਰਹਿਣ ਤੋਂ ਬਾਅਦ ਮਨਜੀਤ ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਬਣਾਉਣ ਅਤੇ ਭਾਂਡੇ ਧੌਣ ਦਾ ਕੰਮ ਮਿਲ ਗਿਆ ਅਤੇ ਇਸ ਦੀ ਸਹੇਲੀ ਵੀ ਇੱਕ ਵੇਅਰ-ਹਾਊਸ ਵਿੱਚ ਬਕਸੇ ਚੁੱਕਣ ਦੇ ਕੰਮ ਤੇ ਲੱਗ ਗਈ।
ਇਸ ਤਰ੍ਹਾਂ ਕਦੇ ਮਨਜੀਤ ਦਾ ਕੰਮ ਛੁੱਟ ਜਾਣਾ ਅਤੇ ਕਦੇ ਕੰਮ ਮਿਲ ਜਾਣਾ। ਉਪਰੋਂ ਕਾਲਜ ਦੀ ਸਖ਼ਤ ਪੜ੍ਹਾਈ। ਇਵੇਂ ਲੱਗਦਾ ਜਿਵੇਂ ਜ਼ਿੰਦਗੀ ਇਸ ਦੇ ਦੋ ਇਮਤਿਹਾਨ ਲੈ ਰਹੀ ਹੋਵੇ। ਇੱਕ ਕਾਲਜ ਦੀ ਪੜ੍ਹਾਈ ਦਾ ਅਤੇ ਦੂਸਰਾ ਦੁਨਿਆਵੀ ਜ਼ਿੰਦਗੀ ਵਿੱਚ ਸੈਟਲ ਹੋਣ ਦਾ। ਇਸ ਤੋਂ ਵੀ ਵੱਧ ਕਨੇਡਾ ਵਿੱਚ ਪੁਰਾਣੇ ਸੈਟਲ ਹੋ ਚੁੱਕੇ ਪੰਜਾਬੀਆਂ ਦੀਆਂ ਦਿਲ ਚੀਰਵੀਆਂ ਨਸੀਹਤਾਂ, 'ਜੇ ਮਾਪਿਆਂ ਕੋਲ ਤੁਹਾਨੂੰ ਇੱਥੇ ਭੇਜਣ ਜੋਗੇ ਪੈਸੇ ਨਹੀਂ ਸਨ ਤਾਂ ਇੱਡਾ ਵੱਡਾ ਪੰਗਾ ਕਿਉਂ ਲਿਆ'। ਕਿਸੇ ਕਿਸੇ ਦਿਨ ਇਨਾਂ੍ਹ ਦੋਹਾਂ ਸਹੇਲੀਆਂ ਨੂੰ ਇੱਕ ਡੰਗ ਦੀ ਰੋਟੀ ਵੀ ਨਸੀਬ ਨਾ ਹੁੰਦੀ।
ਇੱਧਰ ਮਨਜੀਤ ਆਪਣੀ ਮਿਹਨਤ ਨਾਲ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦੀ ਆਪਣੀਆਂ ਸਫ਼ਲਤਾ ਦੀਆਂ ਮੰਜ਼ਿਲਾਂ ਤਹਿ ਕਰਦੀ ਗਈ। ਕਿਵੇਂ ਨਾ ਕਿਵੇਂ ਇਹ ਦੋਵੇਂ ਸਹੇਲੀਆਂ ਇੱਕ ਦੂਸਰੀ ਨੂੰ ਦਿਲਾਸਾ ਦਿੰਦੀਆਂ ਆਪਣੇ ਤਿੰਨਾਂ ਸਾਲਾਂ ਦੀ ਪੜ੍ਹਾਈ ਪੂਰੀ ਕਰ ਗਈਆਂ। ਮਨਜੀਤ ਨੇ ਇਹ ਖੁਸ਼ੀ ਦੀ ਖ਼ਬਰ ਆਪਣੇ ਮਾਂ ਬਾਪ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੂਸਰੇ ਪਾਸੇ ਮਨਜੀਤ ਦੇ ਭਰਾਵਾਂ ਦੀ ਨਸ਼ੇ ਦੀ ਲੱਤ ਹੋਰ ਵਿਗੜਦੀ ਗਈ। ਨਸ਼ੇ ਨਾ ਮਿਲਣ ਦੀ ਹਾਲਤ ਵਿੱਚ ਇਹ ਆਪਣੇ ਮਾਂ ਬਾਪ ਨੂੰ ਆਤਮ ਹੱਤਿਆ ਕਰਕੇ ਮਰਨ ਦੀਆਂ ਧਮਕੀਆਂ ਦੇ ਕੇ ਆਪਣੀ ਲੱਤ ਪੂਰੀ ਕਰਦੇ।
ਮਨਜੀਤ ਨੂੰ ਆਪਣੀ ਤਿੰਨ ਸਾਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਦੋ ਸਾਲ ਦਾ ਵਰਕ ਪਰਮਿਟ ਇਸ ਸ਼ਰਤ 'ਤੇ ਮਿਲਣਾ ਸੀ ਕਿ ਉਹ ਕਾਲਜ ਵਿੱਚ ਕਿਸੇ ਹੋਰ ਕੋਰਸ ਵਿੱਚ ਦਾਖ਼ਲਾ ਲਵੇ। ਮਨਜੀਤ ਨੇ ਦੋ ਸਾਲ ਦਾ ਇੱਕ ਹੋਰ ਕੋਰਸ ਲੈ ਲਿਆ ਅਤੇ ਇਸ ਨੂੰ ਦੋ ਸਾਲ ਕੰਮ ਕਰਨ ਦੀ ਇਜਾਜ਼ਤ ਮਿਲ ਗਈ।
ਮਨਜੀਤ ਨੂੰ ਕੈਨੇਡਾ ਵਿੱਚ ਤਿੰਨ ਸਾਲ ਰਹਿੰਦਿਆਂ ਹੋਣ ਕਰਕੇ ਇੱਥੋਂ ਦੇ ਆਰਥਿਕ, ਸਮਾਜਿਕ ਅਤੇ ਹੋਰ ਪਹਿਲੂਆਂ ਦੀ ਕਾਫ਼ੀ ਜਾਣਕਾਰੀ ਮਿਲ ਗਈ ਸੀ। ਜਾਣਕਾਰੀ ਮਿਲਦੀ ਵੀ ਕਿਉਂ ਨਾ ਇਹ ਸੰਘਰਸ਼ਾਂ ਨਾਲ ਲੜਨ ਵਾਲੀ ਉਹ ਦਲੇਰ ਜ਼ਨਾਨੀ ਸੀ ਜਿਸ ਨੇ ਇੰਨੀਆਂ ਆਰਥਿਕ ਅਤੇ ਮਾਨਸਿਕ ਤੰਗੀਆਂ ਅੱਗੇ ਵੀ ਆਪਣੇ ਗੋਡੇ ਨਹੀਂ ਸਨ ਟੇਕੇ। ਹਰ ਹਾਲਾਤਾਂ ਨਾਲ ਖਿੱੜੇ ਮੱਥੇ ਟਾਕਰਾ ਕੀਤਾ। ਪਰ ਇਨਾਂ੍ਹ ਮੁਸੀਬਤਾਂ ਦੀ ਆਪਣੇ ਮਾਂ ਬਾਪ ਕੋਲ ਕਦੀ ਭਿਣਕ ਨਹੀਂ ਪੈਣ ਦਿੱਤੀ।ਜਦੋਂ ਵੀ ਆਪਣੇ ਮਾਪਿਆਂ ਨਾਲ ਫ਼ੋਨ 'ਤੇ ਗੱਲਵਾਤ ਕਰਦੀ, ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੀ।
ਇੱਕ ਦਿਨ ਮਨਜੀਤ ਨੂੰ ਕਿਸੇ ਕੰਮ ਤੇ ਜਾਣ ਲਈ ਟੈਕਸੀ ਚਾਹੀਦੀ ਸੀ। ਮਨਜੀਤ ਨੇ ਫੋਨ ਕਰਕੇ ਟੈਕਸੀ ਮੰਗਵਾ ਲਈ। ਇਹ ਟੈਕਸੀ ਕਿਸੇ ਨਿੱਜੀ ਕੰਪਨੀ ਦੀ ਸੀ, ਜੋ ਔਨ ਲਾਇਨ ਸਰਵਿਸ ਕਰਦੀ ਸੀ। ਟੈਕਸੀ ਦੀ ਡਰਾਈਵਰ ਇੱਕ ਜ਼ਨਾਨੀ ਸੀ। ਮਨਜੀਤ ਨੇ ਇਸ ਗੋਰੀ ਤੋਂ ਟੈਕਸੀ ਚਲਾਉਣ ਦੀ ਕਾਫ਼ੀ ਹੱਦ ਤੱਕ ਜਾਣਕਾਰੀ ਲੈ ਲਈ। ਇਸ ਨੇ ਮਨ ਵਿੱਚ ਧਾਰ ਲਿਆ ਕਿ ਇਹ ਵੀ ਟੈਕਸੀ ਦਾ ਕੰਮ ਕਰੇਗੀ। ਗੋਰੀ ਦੀ ਸਲਾਹ ਮੁਤਾਬਕ ਇਸ ਨੇ  ਡਰਾਇਵਿੰਗ ਦਾ ਇੱਕ ਸਾਲ ਦਾ ਤਜ਼ਰਬਾ ਲੈ ਕੇ ਟੈਕਸੀ ਦਾ ਲਾਇਸੰਸ ਲੈ ਲਿਆ। ਇਸ ਨੇ ਟੈਕਸੀ ਡਰਾਇਵਿੰਗ ਲਈ ਆਪਣਾ ਨਾਂਅ ਰਜਿਸਟਰ ਕਰਵਾ ਲਿਆ।
ਹੁਣ ਮਨਜੀਤ ਇੱਕ ਟੈਕਸੀ ਡਰਾਈਵਰ ਬਣ ਗਈ ਸੀ। ਕੈਨੇਡਾ ਵੱਸਦੇ ਆਪਣੇ ਪੰਜਾਬੀ ਭਾਈਚਾਰੇ ਨੇ ਜਦੋਂ ਮਨਜੀਤ ਨੂੰ ਟੈਕਸੀ ਚਲਾਉਂਦਿਆਂ ਦੇਖਿਆ ਤਾਂ ਉਹ ਮੂੰਹ ਵਿੱਚ ਉਂਗਲੀਆਂ ਪਾਉਣ ਲੱਗ ਪਏ। ਕਈ ਸਿਆਣੇ ਆਖਦੇ ਕਿ ਇਸ ਛੋਕਰੀ ਨੇ ਸ਼ਰਮ ਹੀਆ ਹੀ ਲਾਹ ਲਈ ਹੈ। ਕਈ ਸੱਜਣ ਇਸ ਕੰਮ ਨੂੰ ਜੋਖਮ ਭਰਿਆ ਕੰਮ ਸਮਝਦੇ। ਮਨਜੀਤ ਨੂੰ ਗੱਲਾਂ ਗੱਲਾਂ ਨਾਲ ਹੀ ਸਮਝਾਉਂਦੇ ਕਈ ਟੈਕਸੀ ਡਰਾਈਵਰਾਂ 'ਤੇ ਘਾਤੀ ਹਮਲੇ ਹੋਏ ਸਨ ਅਤੇ ਉਨ੍ਹਾਂ ਨੂੰ  ਗਾਹਕ ਟੈਕਸੀ ਦਾ ਕਿਰਾਇਆ ਦੇਣ ਦੀ ਬਿਜਾਏ ਸਗੋਂ ਉਨ੍ਹਾਂ ਤੋਂ ਹੋਰ ਪੈਸੇ ਵੀ ਖੋਹ ਲੈ ਜਾਂਦੇ ਸਨ। ਸਲਾਹ ਦਿੰਦੇ ਕਿ ਜ਼ਨਾਨੀਆਂ ਲਈ ਤਾਂ ਸਗੋਂ ਹੋਰ ਵੀ ਖ਼ਤਰੇ ਦਾ ਕੰਮ ਹੈ। ਪੈਸਿਆਂ ਦੇ ਲੁੱਟ ਖੋਹ ਦੇ ਨਾਲ-ਨਾਲ ਆਪਣੀ ਇੱਜ਼ਤ ਵੀ ਗੁਆਏਂਗੀ ।ਪਰ ਮਨਜੀਤ ਆਪਣੇ ਸੰਘਰਸ਼ਮਈ ਜ਼ਿੰਦਗੀ ਵਿੱਚੋਂ ਗੁਜ਼ਰੀ ਹੋਣ ਕਰਕੇ ਇੱਕ ਦਲੇਰ ਅਤੇ ਉਸਾਰੂ ਦਿਮਾਗ਼ ਦੀ ਮਾਲਕਣ ਬਣ ਗਈ ਸੀ। ਪਰਿਵਾਰ ਦੀ ਗਰੀਬੀ, ਮਾਪਿਆਂ ਦਾ ਇਸ ਗਰੀਬੀ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਸਭ ਤੋਂ ਵੱਧ ਨਲਾਇਕ ਅਤੇ ਵਿਗੜੇ ਭਰਾਵਾਂ ਦੀਆਂ ਨਸ਼ੇ ਪੱਤੇ ਦੀਆਂ ਆਦਤਾਂ ਨੂੰ ਦੇਖਦੀ ਨੂੰ ਇਹ ਨਸੀਹਤਾਂ ਕਿਵੇਂ ਰੋਕ ਸਕਦੀਆਂ ਸਨ। ਅੱਗ ਵਿੱਚ ਢੱਲੇ ਹੋਏ ਸੋਨੇ ਵਾਂਗ ਮਨਜੀਤ ਦੀ ਜ਼ਿੰਦਗੀ ਵੀ ਨਿਖਰ ਕੇ ਸਮਾਜ ਸਾਹਮਣੇ ਆ ਗਈ ਸੀ।
"ਬੇਟਾ ਤੈਨੂੰ ਟੈਕਸੀ ਚਲਾਉਂਦਿਆਂ ਇਕੱਲੀ ਨੂੰ ਕਦੇ ਡਰ ਨਹੀਂ ਲੱਗਾ ਕਿ ਤੇਰਾ ਵਾਹ ਕਦੇ ਸ਼ਰਾਬੀ ਕਬਾਬੀਆਂ ਜਾਂ ਲੁੱਚੇ ਬਦਮਾਸ਼ਾਂ ਨਾਲ ਪਵੇਗਾ?" ਟੈਕਸੀ ਵਿੱਚ ਇੱਕ ਬਜ਼ੁਰਗ ਪੰਜਾਬੀ ਬਾਬੇ ਨੇ ਮਨਜੀਤ ਨੂੰ ਪੁੱਛ ਹੀ ਲਿਆ। "ਬਾਬਾ ਜੀ ਕੰਮ ਤਾਂ ਕੰਮ ਹੀ ਹੁੰਦਾ ਹੈ। ਹਰ ਕੰਮ ਵਿੱਚ ਖ਼ਤਰਾ ਹੈ। ਅੱਜ-ਕੱਲ੍ਹ ਜ਼ਨਾਨੀਆਂ ਪਾਇਲਟ ਹਨ। ਜਦੋਂ ਉਹ ਇੰਨੀ ਉਚਾਈ ਤੇ ਹਵਾਈ ਜਹਾਜ਼ ਉਡਾਉਂਦੀਆਂ ਡਰੀਆਂ ਨਹੀਂ, ਮੈਨੂੰ ਕਾਹਦਾ ਖ਼ਤਰਾ। ਹਾਂ ਕਦੇ-ਕਦੇ ਬੱਦ-ਦਿਮਾਗ਼ ਸਵਾਰੀਆਂ ਨਾਲ ਵਾਹ ਪੈ ਜਾਂਦਾ ਹੈ ਪਰ ਮੈਂ ਕਦੇ ਵਾਦ-ਵਿਵਾਦ ਵਿੱਚ ਨਹੀਂ ਪਈ। ਜੇਕਰ ਸਾਰੇ ਦਿਨ ਵਿੱਚ ਇੱਕ ਆਧ ਇਸ ਤਰ੍ਹਾਂ ਦੀ ਸਵਾਰੀ ਮਿਲ ਜਾਵੇ ਤਾਂ ਰੱਬ ਦਾ ਭਾਣਾ ਭੰਨ ਕੇ ਸਬਰ ਕਰ ਲਈਦਾ ਹੈ। ਕੁੱਝ ਡਾਲਰਾਂ ਪਿੱਛੇ ਜਾਨ ਨੂੰ ਖ਼ਤਰੇ ਵਿੱਚ ਪਾਉਣਾ ਮੈਂ ਸਿਆਣਪ ਨਹੀਂ ਸਮਝਦੀ।"
ਮਨਜੀਤ ਤਿੰਨ ਦਿਨ ਕਾਲਜ ਦੀ ਪੜ੍ਹਾਈ ਕਰਦੀ ਅਤੇ ਬਾਕੀ ਦਿਨ ਟੈਕਸੀ ਚਲਾ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੀ ਜਾਂਦੀ। ਹੁਣ ਕੁੱਝ ਚੰਗੀ ਕਮਾਈ ਹੋਣੀ ਸ਼ੁਰੂ ਹੋ ਗਈ। ਆਪਣੀ ਪੜ੍ਹਾਈ ਅਤੇ ਬਾਕੀ ਖ਼ਰਚੇ ਕੱਢ ਕੇ ਇਹ ਚਾਰ ਪੈਸੇ ਆਪਣੇ ਮਾਂ ਬਾਪ ਨੂੰ ਵੀ ਭੇਜ ਛੱਡਦੀ। ਇਸ ਨੇ ਪੱਕੇ ਹੋਣ ਲਈ ਪੀ ਆਰ ਦਾ ਕੇਸ ਵੀ ਲਾ ਦਿੱਤਾ ਸੀ। ਕਦੇ-ਕਦੇ ਮਾਤਾ ਨੇ ਭਰੇ ਹੋਏ ਗਲ਼ੇ ਨਾਲ ਟੈਲੀਫੋਨ ਤੇ ਗੱਲ ਬਾਤ ਕਰਦਿਆਂ ਮਨਜੀਤ ਨੂੰ ਆਖਣਾ, "ਧੀਏ ਇਨ੍ਹਾਂ ਦੋ ਨਿਕੰਮੇ ਅਤੇ ਨਿਖੱਟੂ ਪੁੱਤਰਾਂ ਦੀ ਬਜਾਏ ਅਸੀਂ ਇੱਕ ਧੀ ਹੋਰ ਜੰਮ ਲੈਂਦੇ ਤਾਂ ਕਿੰਨਾ ਚੰਗਾ ਹੁੰਦਾ। ਮਨਜੀਤ ਤੇਰੀ ਕਮਾਈ ਖਾਂਦਿਆਂ ਸਾਨੂੰ ਸ਼ਰਮ ਆ ਰਹੀ ਹੈ। ਧੀਆਂ ਨੂੰ ਤਾਂ ਮਾਪੇ ਦਿੰਦੇ ਹੁੰਦੇ ਹਨ ਨਾ ਕਿ ਉਨ੍ਹਾਂ ਤੋਂ ਕੁੱਝ ਲੈਂਦੇ। ਪਰ ਇੱਧਰ ਤੇਰੇ ਭਰਾਵਾਂ ਨੇ ਸਾਡੀ ਹਾਲਤ ਦੁੱਭਰ  ਕਰ ਰੱਖੀ ਹੈ। ਧੀਏ ਜੀਤੇ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜੇ ਇਸਨੂੰ ਮੰਗਣ 'ਤੇ  ਨਸ਼ੇ ਨਾ ਮਿਲੇ ਤਾਂ ਇਹ ਮਾਰਨ ਤੱਕ ਆਉਂਦਾ ਹੈ। ਦੀਸ਼ਾ ਪਾਗਲਾਂ ਵਾਂਗ ਐਵੇਂ ਅਵਾ ਤਵਾ ਬੋਲਦਾ ਰਹਿੰਦਾ ਹੈ। ਮੈਨੂੰ ਨਹੀਂ ਪਤਾ ਇਹ ਲੰਬਾ ਸਮਾਂ ਜੀ ਸਕਣਗੇ ਵੀ ਨਹੀਂ। ਪਿਛਲੇ ਹਫਤੇ ਜਦੋਂ ਇਹ ਆਪਣੇ ਬਿਸਤਰੇ ਤੇ ਬਿਹੋਸ਼ ਪਏ ਸਨ ਤਾਂ ਡਾਕਟਰ ਨੂੰ ਸੱਦ ਕੇ ਇਨਾਂੂ ਨੂੰ ਚੈੱਕ ਕਰਾਇਆ ਸੀ। ਉਹ ਦੱਸਦਾ ਸੀ ਕਿ ਇਨ੍ਹਾਂ ਦੀਆਂ ਕਿਡਨੀਆਂ ਫੇਲ੍ਹ ਹੋਣ ਕਿਨਾਰੇ ਹਨ।"
ਮਨਜੀਤ ਬਾਪੂ ਦੀਆਂ ਗੱਲਾਂ ਸੁਣ ਕੇ ਡਾਢੀ ਪ੍ਰੇਸ਼ਾਨ ਹੋਈ। "ਬਾਪੂ ਫ਼ਿਕਰ ਨਾ ਕਰੋ, ਮੈਂ ਪੱਕਿਆਂ ਹੁੰਦਿਆਂ ਸਾਰ ਤੁਹਾਨੂੰ ਦੋਹਾਂ ਨੂੰ ਇੱਧਰ ਸੱਦ ਲਵਾਂਗੀ। ਜੀਤੇ ਅਤੇ ਦੀਸ਼ੇ ਨੂੰ ਵੀ ਫੋਨ ਤੇ ਤਾੜਾਂਗੀ।" ਧੀ ਨੇ ਆਪਣੇ ਦੁੱਖੀ ਮਾਪਿਆਂ ਨੂੰ ਜ਼ਰਾ ਕੁ ਧਰਵਾਸਾ ਦਿੱਤਾ।
ਪੜ੍ਹਾਈ ਵਿੱਚ ਅਤੇ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦੀ ਮਨਜੀਤ ਆਪਣੀ ਪੜ੍ਹਾਈ ਪੂਰੀ ਕਰ ਗਈ। ਨਾਲ ਹੀ ਕੁੱਝ ਮਹੀਨਿਆਂ ਬਾਅਦ ਇਸ ਨੂੰ ਕੈਨੇਡਾ ਦੀ ਪੀ ਆਰ ਮਿਲ ਗਈ। ਪੜ੍ਹਾਈ ਨਾਲ ਸਬੰਧਤ ਕੋਈ ਨੌਕਰੀ ਲੈਣ ਦੀ ਬਜਾਏ ਇਸ ਨੇ ਟੈਕਸੀ ਡਰਾਇਵਿੰਗ ਦੇ ਕੰਮ ਨੂੰ ਹੀ ਤਰਜੀਹ ਦਿੱਤੀ। ਇਸ ਕੰਮ ਵਿੱਚ ਪੈਸੇ ਚੋਖੇ ਬਣ ਜਾਂਦੇ ਸਨ ਅਤੇ ਉਵੇਂ ਵੀ ਆਜ਼ਾਦੀ ਸੀ ਕਿ ਕਿੰਨੇ ਦਿਨ ਕੰਮ ਕਰਨਾ ਹੈ। ਔਨ ਲਾਇਨ  ਟੈਕਸੀ ਸਰਵਿਸ ਕਰਕੇ ਇਸ ਦੀ ਮਰਜ਼ੀ ਹੁੰਦੀ ਸੀ ਕਿ ਕਿਸ ਦਿਨ ਇਸ ਨੇ ਕੰਮ ਤੇ ਕਿਸ ਦਿਨ ਜਾਣਾ ਹੈ ਜਾਂ ਛੁੱਟੀ ਕਰਨੀ ਹੈ।
ਮਨਜੀਤ ਨੇ ਬੱਚਤ ਕਰਕੇ ਕੁੱਝ ਪੈਸੇ ਜੋੜ ਲਏ।ਇਹ ਹੁਣ ਆਪਣਾ ਘਰ ਲੈਣ ਦੀ ਵਿਚਾਰ ਕਰ ਰਹੀ ਸੀ ਤਾਂ ਕਿ ਆਪਣੇ ਮਾਂ ਬਾਪ ਨੂੰ ਆਪਣੇ ਹੀ ਘਰ ਵਿੱਚ ਸੱਦਿਆ ਜਾਵੇ। ਪੰਜਾਬ ਜਾਕੇ ਆਪਣੇ ਭਰਾਵਾਂ ਨੂੰ ਕਿਸੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਾ ਕੇ ਇਨ੍ਹਾਂ ਦੀ ਜਿੰਦਗੀ ਸੁਧਾਰੀ ਜਾਵੇ ਅਤੇ ਵਿਆਹ ਕਰ ਕੇ ਇਨ੍ਹਾਂ ਦੇ ਘਰ ਵਸਾਏ ਜਾਣ।
ਸਵੇਰੇ ਆਪਣੀ ਬੈੱਡ ਤੋਂ ਉੱਠਦਿਆਂ ਮਨਜੀਤ ਦੇ ਫੋਨ ਦੀ ਘੰਟੀ ਵੱਜੀ। ਮਨਜੀਤ ਹੈਰਾਨ ਹੋ ਗਈ ਕਿ ਇੰਨੀ ਸੁਵੱਖਤੇ ਕੀਹਦਾ ਫੋਨ ਆ ਗਿਆ। ਇਹ ਫੋਨ ਇਸ ਦੇ ਬਾਪੂ ਦਾ ਸੀ। "ਧੀਏ ਅਸੀਂ ਮੂਲੋਂ ਹੀ ਲੁੱਟੇ ਗਏ। ਸਾਰਾ ਟੱਬਰ ਹੀ ਤਬਾਹ ਹੋ ਗਿਆ।" ਬਾਪੂ ਕੀ ਹੋ ਗਿਆ, ਜ਼ਰਾ ਗੱਲ ਤਾਂ ਦੱਸੋ?" ਫੋਨ ਦੇ ਪਿਛੋਕੜ ਵਿੱਚੋਂ ਆਪਣੀ ਮਾਤਾ ਦੀਆਂ ਧਾਹਾਂ ਸਾਫ਼ ਸੁਣਾਈ ਦੇ ਰਹੀਆਂ ਸਨ। "ਬਾਪੂ, ਮਾਤਾ ਕਿਉਂ ਰੋ ਰਹੀ ਹੈ? ਕੀ ਭਾਣਾ ਵਰਤਿਆ ਜਰਾ ਦੱਸੋ ਤਾਂ ਸਹੀ?" "ਧੀਏ ਤੇਰੇ ਦੋਨੋਂ ਭਰਾਵਾਂ ਨੇ ਮੋਟਰ ਤੇ ਜਾ ਕੇ ਫਾਹਾ ਲੈ ਲਿਆ।" ਗੱਲ ਕਰਦਿਆਂ ਬਾਪੂ ਕਰਮ ਸਿੰਘ ਦੇ ਹੱਥੋਂ ਫ਼ੋਨ ਡਿੱਗ ਪਿਆ ਅਤੇ ਫੁੱਟ ਫੁੱਟ ਰੋਣ ਲੱਗਾ।
ਜਦੋਂ ਬਾਪੂ ਨੇ ਇਹ ਮਨਹੂਸ ਖ਼ਬਰ ਆਪਣੇ ਬਾਪੂ ਤੋਂ ਸੁਣੀ ਤਾਂ ਮਨਜੀਤ ਦੀਆਂ ਵੀ ਭੁੱਬਾਂ ਨਿਕਲ ਗਈਆਂ। ਜਿਵੇਂ ਇਸ ਦੀ ਦੁਨੀਆਂ ਹੀ ਲੁੱਟ ਗਈ ਹੋਵੇ। "ਵੀਰੀਆ, ਤੁਹਾਨੂੰ ਕਿੰਨਾ ਸਮਝਾਇਆ ਇਹ ਨਸ਼ੇ ਸਭ ਕੁੱਝ ਬਰਬਾਦ ਕਰ ਦਿੰਦੇ ਹਨ। ਪਰ ਤੁਸੀਂ ਇਸ ਤੋਂ ਟਲੇ ਨਹੀਂ। ਆਪਣੀਆਂ ਜਾਨਾਂ ਲੈ ਕੇ ਤੁਸੀਂ ਮੇਰੇ ਬੁੱਢੇ ਮਾਂ ਬਾਪ ਨੂੰ ਵੀ ਰੋਲ ਦਿੱਤਾ।" ਇਹ ਰੋਣਾ-ਧੋਣਾ ਸੁਣ ਕੇ ਮਨਜੀਤ ਦੀ ਸਹੇਲੀ ਗੁਰਸੇਵਕ ਆਪਣੇ ਨਾਲ ਵਾਲੇ ਕਮਰੇ ਵਿੱਚੋਂ ਭੱਜੀ ਆਈ। ਮਨਜੀਤ ਬੇਹੋਸ਼ ਫਰਸ਼ 'ਤੇ ਡਿੱਗੀ ਪਈ ਸੀ। ਗੁਰਸੇਵਕ ਨੇ ਮਨਜੀਤ ਦੇ ਮੂੰਹ ਵਿੱਚ ਦੋ ਕੁ ਘੁੱਟ ਪਾਣੀ ਦੇ ਪਾ ਕੇ ਇਸ ਨੂੰ ਹੋਸ਼ ਵਿੱਚ ਲਿਆਂਦਾ। ਆਪਣੇ ਕਲਾਵੇ ਵਿੱਚ ਲੈ ਕੇ ਪੂਰਾ ਧਰਵਾਸਾ ਦਿੱਤਾ।
ਮਨਜੀਤ ਨੇ ਖੜ੍ਹੇ ਪੈਰ ਇੰਡੀਆ ਦੀ ਟਿਕਟ ਲਈ ਅਤੇ ਪਿੰਡ ਪਹੁੰਚ ਗਈ। ਜਿਸ ਦਰਵਾਜ਼ੇ ਲੰਘਦਿਆਂ ਇਸ ਦੀ ਮਾਤਾ ਨੇ ਖੁਸ਼ੀਆਂ ਨਾਲ ਤੇਲ ਚੋਅ ਕੇ ਇਸ ਦਾ ਆਦਰ ਮਾਣ ਕਰਨਾ ਸੀ, ਉਸ ਦਰਵਾਜ਼ੇ ਅੰਦਰ ਲੰਘਦਿਆਂ ਮਾਤਾ ਦੀਆਂ ਧਾਹਾਂ ਨਿਕਲ ਰਹੀਆਂ ਸਨ, ਕੀਰਨੇ ਪੈ ਰਹੇ ਸਨ। ਬਾਪੂ ਪਾਗ਼ਲਾਂ ਵਾਂਗ ਆਪਣੀ ਚਿਰਾਂ ਤੋਂ ਵਿਛੜੀ ਧੀ ਨੂੰ ਕਲਾਵੇ 'ਚ ਲੈ ਕੇ ਰੋ ਰਿਹਾ ਸੀ।ਮਾਤਾ ਜੀ ਨੂੰ ਘੜੀ ਮੁੜੀ ਗਸੀਆਂ ਪੈ ਰਹੀਆਂ ਸਨ।
ਜਿਸ ਭੈਣ ਨੇ ਆਪਣੇ ਭਰਾਵਾਂ ਦੇ ਵਿਆਹਾਂ ਤੇ ਪੱਗਾਂ 'ਤੇ ਕਲਗੀਆਂ ਸਜਾਉਣੀਆਂ ਸਨ, ਉਹ ਭੈਣ ਅੱਜ ਆਪਣੇ ਮੋਇਆਂ ਭਰਾਵਾਂ ਦੀਆਂ ਅਰਥੀਆਂ ਸਜ਼ਾ ਰਹੀ ਸੀ । ਆਥਣ ਵੇਲੇ ਘਰ ਵਿੱਚੋਂ ਦੋਨੋਂ ਪੁੱਤਰਾਂ ਦੀਆਂ ਅਰਥੀਆਂ ਤੁਰਦੀਆਂ ਦੇਖ ਕੇ  ਬਾਪੂ ਕਰਮ ਸਿੰਘ ਅਤੇ ਮਨਜੀਤ ਦੀਆਂ ਭੁੱਬਾਂ ਨਿਕਲ ਰਹੀਆ ਸਨ। ਮਾਤਾ ਜੀ ਨੂੰ ਗਸੀਆਂ ਪੈ ਰਹੀਆਂ ਸਨ। ਜਿਸ ਘਰ ਵਿੱਚ ਸਖਤ ਮਿਹਨਤ ਨਾਲ ਕਾਮਯਾਬ  ਹੋਈ ਧੀ ਦੇ ਆਉਣ ਦੇ ਸ਼ਗਨ ਮਨਾਏ ਜਾਣੇ ਸਨ, ਅੱਜ ਉਸ ਘਰ ਵਿੱਚ ਕੀਰਨੇ ਅਤੇ ਵੈਣ ਪੈ ਰਹੇ ਸਨ।
ਦੋਨੋਂ ਪੁੱਤਰਾਂ ਅਤੇ ਭੈਣ ਦੇ ਦੋਨੋਂ ਵੀਰਾਂ ਦਾ ਸਸਕਾਰ ਕਰ ਕੇ ਪਰਿਵਾਰ ਘਰ ਆਇਆ। ਆਂਢ ਗੁਆਂਢ ਅਤੇ ਸਾਕ ਸੰਬੰਧੀ ਪਰਿਵਾਰ ਪਾਸ ਵਿਛੜੀਆਂ ਰੂਹਾਂ ਦਾ ਅਫ਼ਸੋਸ ਕਰ ਰਹੇ ਸਨ। ਪਰ ਬਹੁਤਿਆਂ ਦਿਆਂ ਚਿਹਰਿਆਂ ਤੋਂ ਜਾਪ ਰਿਹਾ ਸੀ ਕਿ ਉਹ ਉਪਰੇ ਦਿਲੋਂ ਹੀ ਪਰਿਵਾਰ ਨਾਲ ਅਫ਼ਸੋਸ ਦੀ ਸਾਂਝ ਪਾ ਰਹੇ ਸਨ। ਪਰ ਦਰੀ ਦੇ ਇੱਕ ਖੂੰਜੇ ਬੈਠੀ ਉਨ੍ਹਾਂ ਭਰਾਵਾਂ ਦੀ ਭੈਣ ਵਿਛੋੜੇ ਵਿੱਚ ਗੁੰਮ ਸੁੰਮ ਹੋਈ ਪਈ ਸੀ। ਭੈਣਾਂ ਨੂੰ ਭਰਾ ਤਾਂ ਹਮੇਸ਼ਾ ਸਤਕਾਰਿਤ ਹੀ ਹੁੰਦੇ ਹਨ, ਭਾਵੇਂ ਕਿ ਉਹ ਵਿਗੜੇ ਹੋਏ ਵੀ ਕਿਉਂ ਨਾ ਹੋਣ। ਖ਼ਿਆਲਾਂ ਵਿੱਚ ਡੁੱਬੀ ਮਨਜੀਤ ਸੋਚ ਰਹੀ ਸੀ ਕਿ ਜੇਕਰ ਉਸਦੇ ਭਰਾ ਨਸ਼ਿਆਂ ਦੀ ਬੁਰੀ ਆਦਤ ਨਾ ਪਾਉਂਦੇ, ਨਾ ਉਹ ਅਨਿਆਈ ਮੌਤੇ ਮਰਦੇ । ਸਗੋਂ ਉਸ ਦੇ ਕੈਨੇਡਾ ਵਾਪਸ ਆਉਣ ਦਾ ਉਨ੍ਹਾਂ ਨੂੰ ਭੈਣ ਦਾ ਕਿੰਨਾ ਚਾਅ ਹੁੰਦਾ। ਘਰ ਖੁਸ਼ੀਆਂ ਨਾਲ ਭਰਿਆ ਜਾਪਣਾ ਸੀ। ਮਾਂ ਬਾਪ ਦੇ ਖੁਸ਼ੀਆਂ ਵਿੱਚ ਪੈਰ ਨਹੀਂ ਸਨ ਲੱਗਣੇ। ਉਹ ਭਰਾਵਾਂ ਦੇ ਵਿਆਹਾਂ ਦੇ ਸ਼ਗਨ ਮਨਾਉਂਦੀ। ਬਾਪੂ ਅਤੇ ਮਾਂ ਜੀ ਪੁੱਤਰਾਂ ਨੂੰ ਚਾਂਈਂ ਚਾਂਈਂ ਘੋੜੀ ਚਾੜ੍ਹਦੇ।
ਖ਼ਿਆਲਾਂ 'ਚ ਡੁੱਬੀ ਮਨਜੀਤ ਇੰਨੀ ਭਾਵੁਕ ਹੋ ਗਈ ਕਿ ਬੈਠੀ-ਬੈਠੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ। ਦੇਖਦਿਆਂ-ਦੇਖਦਿਆਂ ਉਹ ਬੇਹੋਸ਼ ਹੋ ਗਈ। ਬਾਪੂ ਦੌੜ ਕੇ ਜਾ ਕੇ ਪਾਣੀ ਦਾ ਗਿਲਾਸ ਲਿਆਇਆ ਅਤੇ ਆਪਣੀ ਧੀ ਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ। ਹੋਸ਼ ਆਉਂਦਿਆਂ ਮਨਜੀਤ ਆਪਣੇ ਬਾਪੂ ਦੇ ਗਲ਼ ਚਿੰਬੜ ਗਈ। ਬਾਪੂ ਨੂੰ ਜਾਪਿਆ ਜਿਵੇਂ ਉਸਦੇ ਦੋਵੇਂ ਵਿਛੜੇ ਪੁੱਤਰਾਂ ਦੇ ਵਿਛੋੜੇ ਦਾ ਨਿੱਘ ਆਪਣੀ ਧੀ ਰਾਹੀਂ ਮਾਣ ਰਿਹਾ ਹੋਵੇ। ਇੱਕ ਪਾਸੇ ਪੁੱਤਰਾਂ ਦੇ ਵਿਛੋੜੇ 'ਚ ਡੁੱਬੀ ਮਾਤਾ ਚਿੰਤੀ ਇੱਕ ਪਲ਼ ਪੁੱਤਰਾਂ ਨੂੰ ਭੁੱਲ ਕੇ ਧੀ ਨੁੰ ਆਪਣੇ ਬਾਪੂ ਦੇ ਗ਼ਲ ਚਿੰਬੜੀ ਹੋਈ ਨੂੰ ਦੇਖ ਕੇ  ਪੁੱਤਰਾਂ ਦੀ ਝਲਕ ਦੇਖ ਰਹੀ ਸੀ। ਮਨਜੀਤ ਆਪਣੀ ਆਰਥਿਕ ਸਫ਼ਲਤਾ ਪ੍ਰਾਪਤ ਕਰਨ ਦੇ ਬਾਵਯੂਦ ਵੀ ਆਪਣੇ ਆਪ ਨੂੰ ਪਰਿਵਾਰਿਕ ਤੌਰ 'ਤੇ ਇੱਕ ਕੰਗਾਲ ਕੁੜੀ ਮਹਿਸੂਸ ਕਰ ਰਹੀ ਸੀ।

ਦਿਹਾੜੀ ਦੇ ਪੈਸੇ - ਬਲਵੰਤ ਸਿੰਘ ਗਿੱਲ

ਉਂਵੇ ਤਾਂ ਸੰਤੀ ਦੀ ਸਿਹਤ ਕਈਆਂ ਸਾਲਾਂ ਤੋਂ ਖ਼ਰਾਬ ਚਲ ਰਹੀ ਸੀ ਪਰ ਕੁੱਝ ਦਿਨਾਂ ਤੋਂ ਤਾਂ ਉਸਨੂੰ ਖਾਣਾ ਹਜ਼ਮ ਹੋਣੋ ਘੱਟ ਗਿਆ ਸੀ। ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਦਰਦਾਂ ਉੱਠ ਰਹੀਆਂ ਸਨ। ਦਿਨ ਰਾਤ ਹੂੰਗਦਿਆਂ ਲੰਘ ਜਾਂਦੀ। ਘਰ ਵਿੱਚ ਉਸ ਦਾ ਦੁੱਖ ਦਰਦ ਸੁਨਣ ਵਾਲਾ ਕੋਈ ਨਹੀਂ ਸੀ, ਸਵਾਏ ਗੁਆਂਢਣ ਸੱਤੋ ਦੇ। ਸੱਤੋ ਗੁਆਂਢਣ ਸੰਤੋ ਦੀਆਂ ਦਰਦ ਵਾਲੀਆਂ ਚੀਕਾਂ ਸੁਣ ਕੇ ਇਸ ਨੂੰ ਪਾਣੀ ਧਾਣੀ ਪਿਲਾ ਜਾਂਦੀ ਅਤੇ ਮਾੜਾ ਮੋਟਾ ਖਾਣ ਨੂੰ ਦੇ ਦਿੰਦੀ। ਇਸ ਦੇ ਮਲ ਮੂਤਰ ਨਾਲ ਲਿੱਬੜੇ ਕੱਪੜੇ ਬਦਲ ਦਿੰਦੀ ਅਤੇ ਕਦੇ ਕਦੇ ਨਹਾ ਧੁਆ ਵੀ ਦਿੰਦੀ। ਜਦ ਕਦੇ ਸੱਤੋ ਇਸ ਦੀ ਖ਼ਬਰਸਾਰ ਨਾ ਪੁੱਛਦੀ ਤਾਂ ਸੰਤੀ ਵਿਚਾਰੀ ਦੇ ਸਿਰ ਦੇ ਵਾਲ ਜੁੜ ਕੇ ਜਟਾਂ ਬਣ ਜਾਂਦੀਆਂ ਅਤੇ ਜੂੰਆਂ ਸਿਰ ਵਿੱਚ ਆਪ ਮੁਹਾਰੇ ਘੁੰਮਦੀਆਂ। ਇੱਥੋਂ ਤੱਕ ਇਸ ਦੀ ਤੇੜ ਦੇ ਕੱਪੜਿਆਂ ਵਿੱਚ ਵੀ ਚੰਮ ਜੂੰਆਂ ਪੈ ਜਾਂਦੀਆਂ। ਘਰ ਵਿੱਚ ਚੂਹੇ ਅਤੇ ਕੀੜੇ ਮਕੌੜੇ ਦੌੜਦੇ ਫਿਰਦੇ। ਗੱਲ ਕੀ ਸੰਤੀ ਦੀ ਜ਼ਿੰਦਗੀ ਨਰਕ ਬਣੀ ਪਈ ਸੀ। ਕਦੇ ਕਦੇ ਆਪ ਹੀ ਕਹਿ ਦਿੰਦੀ ਕਿ ਮੈਂ ਕੋਈ ਪਿਛਲੇ ਮਾੜੇ ਕਰਮਾਂ ਦਾ ਫ਼ਲ ਭੋਗ ਰਹੀ ਹਾਂ।
ਸੱਤੋ ਨੂੰ ਸੰਤੀ ਦੀ ਇਸ ਤਰਸਯੋਗ ਹਾਲਤ ਤੋਂ ਪਤਾ ਨਹੀਂ ਕਿਉਂ ਇੰਨਾ ਤਰਸ ਆਉਂਦਾ ਸੀ। ਪਤਾ ਨਹੀਂ ਇਸ ਕਰਕੇ ਕਿ ਉਸ ਨੂੰ ਸੰਤੀ ਵਿਚੋਂ ਉਸ ਨੂੰ ਉਸ ਦੀ ਵਿੱਛੜੀ ਹੋਈ ਮਾਂ ਨਜ਼ਰ ਆਉਂਦੀ ਸੀ ਜਾਂ ਫਿਰ ਉਹ ਕੋਈ ਚੰਗੇ ਕਰਮ ਕਮਾ ਕੇ ਆਪਣਾ ਭਵਿੱਖ ਸੁਆਰਾਨਾ ਚਾਹੁੰਦੀ ਸੀ।ਸੰਤੀ ਕੋਲੋਂ ਉਸ ਦੇ ਪੁੱਤ ਦੀਆਂ ਬੇਰਹਿਮੀ ਅਤੇ ਬੇਗਾਨਗੀ ਵਾਲੀਆਂ ਗੱਲਾਂ ਸੁਣ ਸੁਣ ਉਸ ਦਾ ਦਿਲ ਪਸੀਜਦਾ ਸੀ।
ਅੱਜ ਸੰਤੀ ਨੂੰ ਕੁੱਝ ਜ਼ਿਆਦਾ ਹੀ ਤਕਲੀਫ਼ ਵਿੱਚ ਦੇਖ ਕੇ ਸੱਤੋ ਆਪਣੀ ਇੱਕ ਹੋਰ ਗੁਆਂਢਣ ਦਾਸੋ ਨੂੰ ਵੀ ਸੱਦ ਲਿਆਈ। ਸੱਤੋ ਨੂੰ ਲੱਗਾ ਕਿ ਸੰਤੀ ਹੁਣ ਬਹੁਤਾ ਚਿਰ ਨਹੀਂ ਜੀ ਸਕੇਗੀ। ਸਰੀਰ ਦੇ ਦਰਦ ਸੰਤੀ ਦੀ ਬਰਦਾਸ਼ਤ ਦੀ ਹੱਦੋਂ ਵੱਧ ਰਹੇ ਸਨ। ਸੱਤੋ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਡਾਕਟਰ ਸੱਦ ਲਿਆ। ਡਾਕਟਰ ਨੇ ਬੜੇ ਧਿਆਨ ਨਾਲ ਸੰਤੀ ਦਾ ਚੈੱਕ ਅੱਪ ਕੀਤਾ ਅਤੇ ਸੱਤੋ ਨੂੰ ਦੱਸਿਆ ਕਿ ਇਸ ਮਾਈ ਨੂੰ ਸਰੀਰਕ ਰੋਗ ਤਾਂ ਹੈਨ ਹੀ ਪਰ ਇਹ ਕਿਸੇ ਮਾਨਸਿਕ ਰੋਗ ਦੀ ਵੀ ਸ਼ਿਕਾਰ ਹੈ।
-- "ਸੱਤੋ ਕੀ ਤੂੰ ਦੱਸ ਸਕਦੀ ਹੈਂ ਕਿ ਇਸ ਮਾਈ ਦਾ ਪਰਿਵਾਰ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ?" ਡਾਕਟਰ ਨੇ ਮਰੀਜ਼ ਦੀ ਮਰਜ਼ ਦੀ ਤਹਿ ਤੱਕ ਪਹੁੰਚਣ ਲਈ ਸਵਾਲ ਕੀਤਾ।
"ਡਾਕਟਰ ਜੀ ਇਸ ਦੇ ਪਰਿਵਾਰ ਦੀ ਕਹਾਣੀ ਤਾਂ ਬੜੀ ਹੀ ਦਿਲ ਹਿਲਾਊ ਹੈ। ਤੁਹਾਨੂੰ ਜਰਾ ਜਿਗਰੇ ਨਾਲ ਸੁਨਣੀ ਪਵੇਗੀ।" " ਹਾਂ ਸੱਤੋ ਤੁਸੀਂ ਕੁੱਝ ਦੱਸੋ ਸ਼ਾਇਦ ਮੈਂ ਇਸ ਮਰੀਜ਼ ਦੀ ਮਦਦ ਕਰ ਸਕਾਂ। ਮੈਂ ਸਰੀਰਕ ਰੋਗਾਂ ਦੀ ਡਾਕਟਰੀ  ਦੇ ਨਾਲ ਨਾਲ ਮਾਨਸਿਕ ਰੋਗਾਂ ਦੀ ਵੀ ਪੜ੍ਹਾਈ ਕੀਤੀ ਹੋਈ ਹੈ।"
"ਲਓ ਡਾਕਟਰ ਸਾਹਿਬ ਸੁਣੋ। ਸੰਤੀ ਮਾਈ ਆਪ ਖ਼ੁਦ ਦੱਸਦੀ ਸੀ ਕਿ ਉਸਦੇ ਵਿਆਹ ਦੇ ਦਸ ਸਾਲ ਬੀਤਣ ਤੋਂ ਬਾਅਦ ਵੀ ਉਸਦੇ ਕੋਈ ਔਲਾਦ ਨਾ ਹੋਈ। ਇਸ ਨੇ ਬਥੇਰੇ ਚੇਲੇ ਚਾਟਕਿਆਂ ਨੂੰ ਹੱਥ ਦਿਖਾਇਆ। ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਵੀ ਫ਼ਕੀਰ ਅਤੇ ਸਿਆਣਾ ਨਹੀਂ ਛੱਡਿਆ, ਜਿਸ ਤੋਂ ਇਸ ਨੇ ਔਲਾਦ ਦੀ ਭੀਖਿਆ ਨਾ ਮੰਗੀ ਹੋਵੇ। ਆਪਣਾ ਸਾਰਾ ਗਹਿਣਾ ਗੱਟਾ ਇਨ੍ਹਾਂ ਸਾਧਾਂ ਦੀ ਭੇਟਾ ਚੜ੍ਹਾ ਦਿੱਤਾ ।ਪਰ ਔਲਾਦ ਦੀ ਖ਼ੈਰ ਇਸ ਦੀ ਝੋਲੀ ਵਿੱਚ ਨਾ ਪਈ। ਇਹ ਹਾਰ ਹੰਭ ਕੇ ਪਿੰਡ ਦੇ ਗੁਰਦੁਆਰੇ ਜਾ ਕੇ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗੀ। ਕੁੱਝ ਮਹੀਨਿਆਂ ਵਿੱਚ ਇਸ ਦੀ ਵਾਹਿਗੁਰੂ ਨੇ ਸੁਣ ਲਈ ਅਤੇ ਇਸ ਦੇ ਘਰ ਲੜਕੇ ਨੇ ਜਨਮ ਲਿਆ। ਗੁਰਦੁਆਰੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਇਸ ਦੇ ਮੁੰਡੇ ਦਾ ਨਾਂਅ ਕਢਾਇਆ ਗਿਆ ਅਤੇ ਉਸ ਦਾ ਨਾਂਅ ਸਤਨਾਮ ਰੱਖਿਆ। ਇਸ ਦੇ ਘਰ ਵਾਲੇ ਬਿਸ਼ਨੇ ਅਤੇ ਸੰਤੀ ਨੇ ਇਸ ਦੇ ਇਸ ਦੁਨੀਆਂ ਵਿੱਚ ਆਉਣ ਦੀਆਂ ਹੱਦ ਪਰ੍ਹੇ ਦੀਆਂ ਖੁਸ਼ੀਆਂ ਮਨਾਈਆਂ ਅਤੇ ਮਠਿਆਈਆਂ ਵੰਡੀਆਂ। ਇਸ ਦੀ ਪੂਰਾ ਜ਼ੋਰ ਲਾ ਕੇ ਪਰਵਰਸ਼ ਕੀਤੀ।ਕਿਸੇ ਕਿਸਮ ਦੀ ਵੀ ਕਸਰ ਬਾਕੀ ਨਾ ਛੱਡੀ। ਪੜ੍ਹਨ ਵਿੱਚ ਸਤਨਾਮ ਬਹੁਤਾ ਹੁਸ਼ਿਆਰ ਨਾ ਨਿਕਲਿਆ । ਮਰ ਟੁੱਟ ਕੇ ਮਸਾਂ ਅੱਠਵੀਂ ਪਾਸ ਕੀਤੀ। ਪੜ੍ਹਨ ਦੀ ਬਿਜਾਏ ਇਹ ਕਿਸੇ ਨਾ ਕਿਸੇ ਨਾਲ ਝਗੜ ਕੇ ਘਰ ਉਲਾਂਭੇ ਲਿਆਉਣ ਲੱਗਾ।ਕਦੇ ਕਦੇ ਕਿਸੇ ਕੁੜੀ ਨੂੰ ਛੇੜਨ ਦੀ ਵੀ ਸ਼ਕਾਇਤ ਲੈ ਆਉਂਦਾ।
ਬਿਸ਼ਨੇ ਨੇ ਇਸ ਦੀਆਂ ਇਹ ਕਰਤੂਤਾਂ ਦੇਖ ਕੇ ਆਪਣੇ ਭਣੋਈਏ ਦੀ ਮਦਦ ਨਾਲ ਇਸ ਨੂੰ ਇੰਗਲੈਂਡ ਭੇਜ ਦਿੱਤਾ।ਘਰ ਵਿੱਚ ਪੈਸੇ ਤਾਂ ਹੈ ਨਹੀਂ ਸਨ। ਕੁੱਝ ਕਰਜ਼ਾ ਫੜ ਕੇ ਅਤੇ ਕੁੱਝ ਜਮੀਨ ਵੇਚ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਇੰਗਲੈਂਡ ਪਹੁੰਚਣ ਦੀ ਹੀ ਦੇਰ ਦੀ ਕਿ ਸਤਨਾਮ ਨੂੰ ਖੰਭ ਲੱਗ ਗਏ। ਜਿੰਨਾਂ ਕੁ ਕਮਾਉਂਦਾ ਉਨ੍ਹਾਂ ਕੁ ਖ਼ਰਚ ਛੱਡਦਾ। ਇਸ ਦਾ ਵੀਕ ਐਂਡ ਪੱਬਾਂ ਕਲੱਬਾਂ ਵਿੱਚ ਗੁੱਜਰਦਾ।'ਟੱਬਰ ਭੁੱਖਾ ਮਰੇ ਅਤੇ ਬਨਰਾ ਸੈਂਲਾਂ ਕਰੇ'। ਕਈ ਵਾਰ ਬਹੁਤੀ ਖਾਧੀ ਪੀਤੀ ਕਰਕੇ ਕੰਮ ਤੇ ਵੀ ਨਾ ਜਾਂਦਾ। ਇਹੋ ਜਿਹੇ ਹਾਲਤਾਂ ਵਿੱਚ ਇਸ ਨੇ ਮਾਪਿਆਂ ਦੀ ਮਾਇਕ ਮਦਦ ਕੀ ਕਰਨੀ ਸੀ, ਇਸ ਦਾ ਤਾਂ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ। ਬਿਸ਼ਨੇ ਅਤੇ ਸੰਤੀ ਨੇ ਇਸ ਨੂੰ ਵਲ਼ੈਤ ਭੇਜਣ ਲਈ ਜਿਹੜਾ ਕਰਜ਼ਾ ਵਿਆਜੂ ਲਿਆ ਸੀ, ਉਸ ਕਰਜ਼ੇ ਨੂੰ ਮੋੜਨ ਦੀ ਗੱਲ ਦੂਰ ਦੀ ਰਹੀ, ਉਹ ਇਸ ਦਾ ਵਿਆਜ ਮੋੜਨ ਦੇ ਵੀ ਅਸਮਰੱਥ ਹੋ ਗਏ। ਇਨ੍ਹਾਂ ਬਜ਼ੁਰਗਾਂ ਨੂੰ ਆਪਣੇ ਚਾਰ ਸਿਆੜ ਵੀ ਗਹਿਣੇ ਧਰਨੇ ਪੈ ਗਏ। ਇਨ੍ਹਾਂ ਦੀ ਮਾਇਕ ਹਾਲਤ ਕੰਗਾਲਾਂ ਵਰਗੀ ਹੋ ਗਈ। ਜਦੋਂ ਮਾਪੇ ਇਸ ਨੂੰ ਚਿੱਠੀ ਪਾ ਕੇ ਆਪਣੇ ਹਾਲਾਤ ਦੱਸਣ ਦੀ ਕੋਸ਼ਿਸ਼ ਕਰਦੇ ਤਾਂ ਇਹ ਦਾਦਣਾ ਕੋਈ ਜਵਾਬ ਹੀ ਨਾ ਦਿੰਦਾ। ਇਨ੍ਹਾਂ ਦੋਨਾਂ ਦੀ ਇਸ ਫ਼ਿਕਰ ਨਾਲ ਸਿਹਤ ਡਿੱਗਣੀ ਸ਼ੁਰੂ ਹੋ ਗਈ। ਅਸੀਂ ਆਂਢੀਆਂ ਗੁਆਂਢੀਆਂ ਨੇ ਵੀ ਸਤਨਾਮ ਨੂੰ ਇਨ੍ਹਾਂ ਦੇ ਮਾਪਿਆਂ ਦੀ ਸਿਹਤ ਬਾਰੇ ਜਾਣੂੰ ਕਰਾਉਣ ਲਈ ਚਿੱਠੀਆਂ ਪਾਈਆਂ ਪਰ ਇਹ ਕਿਸੇ ਵੀ ਚਿੱਠੀ ਦਾ ਜਵਾਬ ਨਾ ਦਿੰਦਾ।
ਇਹੋ ਜਿਹੇ ਫ਼ਿਕਰਾਂ ਅਤੇ ਔਕੜਾਂ ਦੀ ਤਾਬ ਨਾ ਝੱਲਦਾ ਹੋਇਆ ਇਸ ਦਾ ਬਾਪ ਬਿਸ਼ਨਾ ਪਾਗ਼ਲ ਹੋ ਗਿਆ। ਸੜਕਾਂ ਤੇ ਬੇਮੁਹਾਰਾ ਲੋਕਾਂ ਨੂੰ ਬੁਰਾ ਭਲਾ ਬੋਲੀ ਜਾਵੇ। ਆਉਂਦੀਆਂ ਜਾਂਦੀਆਂ ਜ਼ਨਾਨੀਆਂ ਨੂੰ ਗਾਲ੍ਹਾਂ ਕੱਢੀ ਜਾਵੇ ।ਆਖਦਾ ਕਿ ਤੁਸੀਂ ਮੇਰਾ ਮੁੰਡਾ ਵਿਗਾੜ ਦਿੱਤਾ ਹੈ, ਤਾਂ ਹੀ ਤੇ ਉਹ ਸਾਨੂੰ ਦੇਖਣ ਲਈ ਨਹੀਂ ਆਉਂਦਾ। ਕਦੇ ਕਿਸੇ ਨੇ ਆਖ ਦੇਵੇ ਕਿ ਤੂੰ ਸਾਡੇ ਮੁੰਡੇ ਤੇ ਕੋਈ ਜਾਦੂ ਕੀਤਾ ਹੋਇਆ ਹੈ। ਇਸ ਨੂੰ ਆਪਣੀ ਅਤੇ ਆਪਣੇ ਕੱਪੜਿਆਂ ਦੀ ਕੋਈ ਸ਼ੁੱਧ ਨਾ ਰਹਿੰਦੀ।ਪਾਟੇ ਪੁਰਾਣੇ ਕੱਪੜੇ ਪਾਈ ਇਹ ਗਲ਼ੀਆਂ ਮੁਹੱਲਿਆਂ ਵਿੱਚ ਦੌੜਾ ਫਿਰਦਾ। ਬਹੁਤੀ ਵਾਰ ਬਾਹਰ ਫਿਰਦੇ ਨੂੰ ਸੰਤੀ ਖਿੱਚ ਧੂ ਕੇ ਘਰ ਲਿਆਉਂਦੀ। ਉਹ ਆਪ ਕਿਹੜੀ ਤੰਦਰੁਸਤ ਸੀ। ਉਸਨੂੰ ਦੂਹਰੀ ਮੁਸੀਬਤ ਪੈ ਗਈ। ਇੱਕ ਆਪਣੇ ਪੁੱਤਰ ਦਾ ਵਿਛੋੜਾ ਦੂਸਰੀ ਉਸ ਦੀ ਬੇਗਾਨਗੀ। ਇਨਾਂ ਸਭਨਾਂ ਤੋਂ ਵੱਧ ਪਤੀ ਦੀ ਪਾਗ਼ਲਪਣ ਦੀ ਹਾਲਤ।"
ਸੱਤੋ ਦੁਆਰਾ ਦੱਸੀ ਹੋਈ ਇਸ ਪਰਿਵਾਰ ਦੀ ਕਹਾਣੀ ਡਾਕਟਰ ਸਾਹਿਬ ਬੜੀ ਰੀਝ ਨਾਲ ਸੁਣ ਰਹੇ ਸਨ। ਉਸਨੇ ਭਾਵੇਂ ਹਜ਼ਾਰਾਂ ਹੀ ਸਰੀਰਕ ਅਤੇ ਮਾਨਸਿਕ ਰੋਗੀ ਦੇਖੇ ਹੋਣਗੇ ਅਤੇ ਰਾਜ਼ੀ ਕੀਤੇ ਹੋਣਗੇ ਪਰ ਇਹੋ ਜਿਹਾ ਕੇਸ ਉਨ੍ਹਾਂ ਦੇ ਜਿੰਦਗੀ ਵਿੱਚ ਪਹਿਲੀ ਵਾਰੀ ਆਇਆ ਸੀ। ਜਿਸ ਦੀਆਂ ਗੁੰਝਲਾਂ ਨੂੰ ਸਮਝਣਾ ਉਸ ਲਈ ਵੀ ਔਖਾ ਜਾਪ ਰਿਹਾ ਸੀ। ਉਹ ਮੂੰਹ ਵਿੱਚ ਉਂਗਲਾਂ ਪਾਈ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਦਿਮਾਗ਼ ਦੀ ਸੂਈ ਇੰਡੀਆ 'ਚੋਂ ਨਿਕਲ ਕੇ ਵਲ਼ੈਤ ਵਿੱਚ ਸਤਨਾਮ ਤੱਕ ਪਹੁੰਚ ਜਾਂਦੀ। ਡਾਕਟਰ ਨੇ ਸੱਤੋ ਰਾਹੀ ਇਸ ਦੇ ਮੁੰਡੇ ਦਾ ਮਾਪਿਆਂ ਨਾਲ ਵਤੀਰੇ ਵਾਰੇ ਜਾਨਣਾ ਚਾਹਿਆ। "ਸੱਤੋ ਤੂੰ ਇਹ ਦੱਸ, ਇਸ ਦਾ ਮੁੰਡਾ ਸਤਨਾਮ ਇਨ੍ਹਾਂ ਨੂੰ  ਕਦੇ ਪਿੰਡ ਮਿਲਣ ਵੀ ਆਇਆ ਜਾਂ ਫਿਰ ਕੋਈ ਪੈਸੇ ਧੇਲੇ ਦੀ ਮੱਦਦ ਕੀਤੀ?" "ਵਾਹਿਗੁਰੂ ਕਹੋ ਡਾਕਟਰ ਜੀ, ਜੇ ਉਸ ਦਾ ਆਪਣਾ ਗੁਜ਼ਾਰਾ ਹੁੰਦਾ ਤਾਂ ਹੀ ਕੋਈ ਧੇਲਾ ਭੇਜਦਾ। 'ਜੇ ਆਪ ਭੁੱਖੀ ਰੱਜੇ ਤਾਂ ਹੀ ਕੋਈ ਜੂਠ ਛੱਡੇ', ਉਸ ਦਾ ਤਾਂ ਆਪਣਾ ਹੀ ਨਸ਼ਾ ਪੱਤਾ ਬੜੀ ਮੁਸ਼ਕਲ ਨਾਲ ਚੱਲਦਾ। ਇੰਗਲੈਂਡ ਰਹਿੰਦੇ ਸਤਨਾਮ ਦੇ ਕਈ ਨਜ਼ਦੀਕੀ ਸੁਨੇਹਾ ਭੇਜਦੇ ਰਹਿੰਦੇ ਹਨ ਕਿ ਇਹ ਗੋਰੀਆਂ ਨੂੰ ਖੁਆਉਂਦਾ ਪਿਆਉਂਦਾ ਆਪਣੀ ਕਮਾਈ ਰੋੜੀ ਜਾਂਦਾ ਹੈ। ਇਸ ਨੇ ਤਾਂ ਵਲ਼ੈਤ ਵਿੱਚ ਆਪਣਾ ਘਰ ਵੀ ਨਹੀਂ ਲਿਆ। ਕਰਾਏ ਤੇ ਕਮਰਾ ਲੈ ਕੇ ਰਹਿੰਦਾ ਹੈ। ਕਈ ਵਾਰ ਇਸ ਪਾਸ ਖਾਣੇ ਲਈ ਪੈਸੇ ਵੀ ਨਹੀਂ ਬੱਚਦੇ ਤਾਂ ਇਹ ਲਾਗਲੇ ਗੁਰਦੁਆਰੇ ਲੰਗਰ ਖਾ ਕੇ ਆਪਣਾ ਢਿੱਡ ਭਰਦਾ ਹੈ। ਸੁਣਿਆ ਹੈ ਕਿ ਕਈ ਵਾਰ ਨਸ਼ੇ ਦੀ ਤੋਟ ਵਿੱਚ ਦੁਕਾਨਾਂ ਤੋਂ ਖਾਣ ਪੀਣ ਦਾ ਸਮਾਨ ਚੋਰੀ ਵੀ ਚੁੱਕ ਲਿਆਉਂਦਾ ਹੈ।ਇਹੋ ਜਿਹੀ ਹਾਲਤ ਵਿੱਚ ਇਨ੍ਹਾਂ ਮਾਪਿਆਂ ਦੀ ਸਾਰ ਕੌਣ ਲਵੇ!
ਸੱਤੋ ਨੇ ਸੰਤੀ ਦੀ ਇਹ ਕਹਾਣੀ ਅੱਗੇ ਤੋਰੀ। "ਸੰਤੀ ਦਾ ਘਰਵਾਲਾ ਬਿਸ਼ਨਾ ਇੱਕ ਦਿਨ ਪਾਗਲਪਣ ਦੀ ਹਾਲਤ ਵਿੱਚ ਵੱਗਦੀ ਹੋਈ ਸੜਕ ਤੇ ਉੱਤਰ ਪਿਆ। ਤੇਜ਼ ਆਉਂਦੀ ਕਾਰ ਦੀ ਟੱਕਰ ਵੱਜੀ ਅਤੇ ਬਿਸ਼ਨਾ ਥਾਂਈਂ ਦਮ ਤੋੜ ਗਿਆ। ਕੁੱਝ ਬੰਦਿਆਂ ਨੇ ਸੜਕ ਤੋਂ ਇਸ ਦੀ ਲਾਸ਼ ਚੁੱਕ ਕੇ ਹਸਪਤਾਲ ਪਹੁੰਚਾਈ। ਹਸਪਤਾਲ ਵਾਲਿਆਂ ਨੇ ਇਸ ਨੂੰ ਮਿਰਤਕ ਘੋਸ਼ਤ ਕਰਕੇ ਇਸ ਦੀ ਲਾਸ਼ ਸੰਤੀ ਨੂੰ ਦੇ ਦਿੱਤੀ। ਵਿਚਾਰੀ ਸੰਤੀ ਕੋਲ ਇਸ ਲਾਸ਼ ਨੂੰ ਸਸਕਾਰ ਕਰਨ ਦੇ ਪੈਸੇ ਕਿੱਥੇ ਸਨ। ਅਸੀਂ ਆਂਢੀਆਂ ਗੁਆਂਢੀਆਂ ਨੇ ਲੱਕੜਾਂ ਇਕੱਠੀਆਂ ਕਰਕੇ ਇਸ ਦਾ ਦਾਹ ਸਸਕਾਰ ਕੀਤਾ। ਉਸ ਦਿਨ ਤੋਂ ਸੰਤੀ ਦੀ ਸਿਹਤ ਵਿਗੜ ਗਈ ਅਤੇ ਦਿਨ ਪ੍ਰਤੀ ਦਿਨ  ਹੋਰ ਵਿਗੜਦੀ ਗਈ। ਜੇਕਰ ਅਸੀਂ ਇਸ ਦੀ ਮਾੜੀ ਮੋਟੀ ਦੇਖਭਾਲ ਨਾ ਕਰੀਏ ਤਾਂ ਇਹ ਵਿਚਾਰੀ ਤਾਂ ਕਦੋਂ ਦੀ ਮਰ ਮੁੱਕ ਚੁੱਕੀ ਹੁੰਦੀ।"
ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਗੁੰਝਲਦਾਰ ਮਰਜ਼ ਦਾ ਇਲਾਜ ਤਾਂ ਉਸ ਪਾਸ ਵੀ ਨਹੀਂ। ਜੇ ਇਲਾਜ਼ ਹੈ ਤਾਂ ਉਹ ਹੈ ਇਸ ਪੁੱਤਰ। ਉਹ ਕਿਵੇਂ ਇਸ ਦਾ ਪੁੱਤਰ ਇਸ ਪਾਸ ਲਿਆ ਕੇ ਦੇਵੇ। ਇਸ ਸਮਾਜਿਕ ਬੀਮਾਰੀ ਦਾ ਇਲਾਜ਼ ਸ਼ਾਇਦ ਸਮਾਜ ਪਾਸ ਹੀ ਹੈ, ਡਾਕਟਰਾਂ ਪਾਸ ਨਹੀਂ। ਡਾਕਟਰ ਨੇ ਸੰਤੀ ਦੇ ਗੁਲੂਕੋਸ਼ ਲਾਇਆ ਅਤੇ ਕੁੱਝ ਕੁ ਦੁਆਈਆਂ ਦੇ ਦਿੱਤੀਆਂ। ਡਾਕਟਰ ਦੁਆ ਖਾਣ ਦੀ ਤਰਤੀਬ ਸੱਤੋ ਗੁਆਂਢਣ ਨੂੰ ਸਮਝਾ ਗਿਆ।
ਸੰਤੀ ਨੂੰ ਮਾਮੂਲੀ ਜਿਹਾ ਅਰਾਮ ਆ ਗਿਆ। ਉਸ ਰਾਤ ਸੱਤੋ ਆਪਣੀ ਗੁਆਂਢਣ ਨੂੰ ਕੁੱਝ ਖਲ਼ਾ ਪਿਲ਼ਾ ਕੇ ਆਪਣੇ ਘਰ ਚਲੇ ਗਈ ਅਤੇ ਦੱਸ ਗਈ ਕਿ ਸਵੇਰੇ ਸੁਵੱਖਤੇ ਉਹ ਫਿਰ ਇਸ ਦੀ ਖ਼ਬਰ ਨੂੰ ਆਵੇਗੀ। ਸੱਤੋ ਜਾਂਦੀ ਹੋਈ ਸੰਤੀ ਦੇ ਸਰ੍ਹਾਣੇ ਪਾਣੀ ਅਤੇ ਡਾਕਟਰ ਦੀ ਦਿੱਤੀ ਹੋਈ ਦੁਆਈ ਰੱਖ ਗਈ ਅਤੇ ਤਾਗੀਦ ਕਰ ਗਈ ਕਿ ਉਹ ਟਾਇਮ ਸਿਰ ਆਪਣੀ ਦੁਆਈ ਖਾ ਲਵੇ।
ਸੰਤੀ ਦੀ ਰਾਤ ਬਹੁਤ ਮੁਸ਼ਕਲ ਨਾਲ ਬੀਤੀ। ਉਸ ਨੂੰ ਦਰਦਾਂ ਕਰਕੇ ਨੀਂਦ ਨਾ ਆਵੇ। ਜਦੋਂ ਦੁਆਈ ਖਾਵੇ ਤਾਂ ਉਸ ਦੇ ਨਸ਼ੇ ਜਾਂ ਅਸਰ ਕਰਕੇ ਉਸਦੀ ਕੁੱਝ ਚਿਰ ਅੱਖ ਲੱਗ ਜਾਂਦੀ।ਉਸਨੂੰ ਨੀਂਦ ਵਿੱਚ ਭੈੜੇ ਭੈੜੇ ਸੁਪਨੇ ਸਿਤਾਉਣ ਲੱਗਦੇ। ਉਸਨੂੰ ਸੁਪਨੇ ਵਿੱਚ ਆਪਣਾ ਮੋਇਆ ਘਰਵਾਲਾ ਪਾਗਲ ਬਣ ਬਣ ਡਰਾਵੇ। ਕਦੇ ਉਸ ਦੇ ਦਾਦੇ ਪੜਦਾਦੇ ਆ ਕੇ ਡਰਾਉਣਾ ਰੂਪ ਦਿਖਾਲਣ। ਸੰਤੀ ਤਰੱਭਕ ਤਰੱਭਕ ਕੇ ਮੰਜੇ ਤੋਂ ਉੱਠ ਕੇ ਬੈਠ ਜਾਂਦੀ। ਇੰਨੀ ਰਾਤ ਪਈ ਤੇ ਕਿਸ ਨੂੰ ਜਗਾਵੇ। ਉਸ ਦੀ ਆਪਣੀ ਹਾਲਤ ਪਾਗਲਾਂ ਵਰਗੀ ਹੋ ਗਈ। ਬੜੀ ਉੱਚੀ-ਉੱਚੀ ਚੀਕਾਂ ਮਾਰੇ। ਸਿਵਾਏ ਸੱਤੋ ਅਤੇ ਦਾਸੋ ਗੁਆਂਢਣ ਦੇ, ਇਸ ਦੀਆਂ ਚੀਕਾਂ ਸੁਨਣ ਵਾਲਾ ਵੀ ਕੌਣ ਸੀ? ਬਾਕੀ ਗੁਆਂਢੀਆਂ ਦੇ ਘਰਾਂ ਨੂੰ ਤਾਂ ਜੰਦਰੇ ਲੱਗੇ ਹੋਏ ਸਨ। ਬਹੁਤੇ ਗੁਆਂਢੀ ਬਿਦੇਸ਼ਾਂ ਵਿੱਚ ਵਸੇ ਹੋਏ ਸਨ। ਕਿਸੇ ਕਿਸੇ ਘਰ ਵਿੱਚ ਬਿਹਾਰੀ ਭੱਈਆਂ ਨੇ ਨਿਵਾਸ ਕੀਤਾ ਹੋਇਆ ਸੀ। ਉਨ੍ਹਾਂ ਨੂੰ ਕੀ, 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ'।ਸੰਤੀ ਦੀਆਂ ਚੀਕਾਂ ਅਤੇ ਪੁਕਾਰਾਂ ਘਰ ਦੀ ਚਾਰ ਦੀਵਾਰੀ ਵਿੱਚ ਟਕਰਾਂ ਖਾ ਕੇ ਉਸ ਦੇ ਸਿਰ ਵਿੱਚ ਵੱਜਦੀਆਂ।
ਸੰਤੀ ਦੁੱਖਾਂ ਦਰਦਾਂ ਅਤੇ ਡਰ ਦਾ ਸ਼ਿਕਾਰ ਸਾਰੀ ਰਾਤ ਰੌਲਾ ਪਾਉਂਦੀ ਰਹੀ। ਸੱਤੋ ਅਤੇ ਦਾਸੋ  ਨੂੰ ਵੀ ਉਸ ਦੀਆਂ ਚੀਕਾਂ ਜਗਾ ਨਾ ਸਕੀਆਂ। ਇਨ੍ਹਾਂ ਗੁਆਂਢਣਾਂ ਨੂੰ  ਦਿਨ ਦੀ ਥਕਾਵਟ ਕਰਕੇ ਗੂੜੀ ਨੀਂਦ ਆਈ ਹੋਈ ਸੀ। ਤੜਕਸਾਰ ਸੰਤੀ ਦੀ ਰੌਲਾ ਪਾਉਂਦੀ ਦੀ ਅਚਾਨਕ ਜੁਬਾਨ ਬੰਦ ਹੋ ਗਈ। ਦਿਨ ਚੜ੍ਹਿਆ ਅਤੇ ਸੱਤੋ ਆਮ ਦਿਨਾਂ ਵਾਂਗ ਆਪਣੀ ਗੁਆਂਢਣ ਦੀ ਖ਼ਬਰਸਾਰ ਲੈਣ ਇਸ ਦੇ ਘਰ ਪਹੁੰਚ ਗਈ। ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਦੀ ਹੈ ਕਿ ਸੱਤੋ ਦੀਆਂ ਅੱਖਾਂ ਅੱਡੀਆਂ ਹੋਈਆਂ ਸਨ ਅਤੇ ਸਾਹ-ਸਾਹ ਕੋਈ ਚੱਲ ਰਿਹਾ ਸੀ। ਸੱਤੋ  ਦੇ ਸੰਤੀ ਦੀ ਇਸ ਬੇਹੋਸ਼ੀ ਦੀ ਹਾਲਤ ਦੇਖ ਕੇ ਤੌਰ ਭੌਰ ਉਡ ਗਏ। ਉਹ ਦੌੜ ਕੇ ਆਪਣੀ ਦੂਜੀ ਸਾਥਣ ਦਾਸੋ ਨੂੰ ਸੱਦ ਲਿਆਈ ਤਾਂ ਕਿ ਉਸ ਦੀ ਜਾਨ ਬਚਾਈ ਜਾ ਸਕੇ। ਸੱਤੋ ਨੇ ਸੰਤੀ ਦਾ ਮੂੰਹ ਅੱਡ ਕੇ ਪਾਣੀ ਦੇ ਦੋ ਘੁੱਟ ਪਾਏ। ਸੰਤੀ ਦੀਆਂ ਮਾੜੀਆਂ ਜਿਹੀਆਂ ਅੱਖਾਂ ਖੁੱਲ੍ਹੀਆਂ ਅਤੇ ਬੁੱਲ੍ਹ ਫਰ ਫਰਾਏ। ਮਸਾਂ ਇੰਨਾ ਕੁ ਕਹਿ ਸਕੀ, "ਧੀਏ ਮੈਨੂੰ ਮੇਰੇ ਪੁੱਤ ਨਾਲ ਮਿਲਾ ਦਿਓ।" ਇਹ ਕਹਿ ਕੇ ਸੰਤੀ ਨੇ ਦੋ ਤਿੰਨ ਡੂੰਘੇ ਡੂੰਘੇ ਸਾਹ ਲਏ ਅਤੇ ਪ੍ਰਾਣ ਤਿਆਗ ਗਈ। ਦੋਹਾਂ ਗੁਆਂਢਣਾਂ ਦੇ ਹੰਝੂ ਬੇਮੁਹਾਰੇ ਵੱਗ ਤੁਰੇ। ਦੋਵੇਂ ਪਿੱਟ ਪਿੱਟ ਰੋਦੀਆਂ ਹੋਈਆਂ ਉਸ ਅਕ੍ਰਿਤਘਣ ਨੂੰ ਲਾਹਨਤਾਂ ਪਾਉਣ ਲੱਗੀਆਂ 'ਵੇ ਨਿਮਾਣਿਆ ਆਪਣੀ ਮਰਦੀ ਹੋਈ ਮਾਂ ਦੀ ਆਖਰੀ ਰੀਝ ਤਾਂ ਪੂਰੀ ਕਰ ਜਾਂਦਾ'।
ਸੱਤੋ ਨੇ ਹੰਝੂਆਂ ਦੇ ਵੇਗ ਵਿੱਚ ਸਤਨਾਮ ਨੂੰ  ਇਹ ਮਨਹੂਸ ਖਬਰ ਦੱਸਣ ਲਈ  ਉਸ ਨੂੰ  ਫ਼ੋਨ ਕੀਤਾ ਕਿ ਕਿਸ ਤਰ੍ਹਾਂ ਉਸਦੀ ਮਾਂ ਉਸਨੂੰ ਦੇਖਣ ਲਈ ਤੜਫਦੀ ਹੋਈ ਜਾਨ ਤਿਆਗ ਗਈ।ਆਖਰੀ ਸਾਹ ਲੈਣ ਤੋਂ ਪਹਿਲਾਂ ਵੀ ਉਹ ਤੈਨੂੰ ਮਿਲਣਾ ਚਾਹੁੰਦੀ ਸੀ। ਜੇਕਰ ਜਿਉਂਦੀ ਦਾ ਮੂੰਹ ਦੇਖਣਾ ਨਸੀਬ ਨਹੀਂ ਸੀ ਪਰ ਹੁਣ ਮਰੀ ਹੋਈ ਦਾ ਮੂੰਹ ਤਾਂ ਦੇਖ ਜਾ।ਤੈਨੂੰ ਬੜੇ ਤਰਲਿਆਂ ਨਾਲ ਸੌ ਮਿੰਨਤਾਂ ਕਰਕੇ ਰੱਬ ਕੋਲੋਂ ਮੰਗਿਆ ਸੀ। ਫੇਰ ਕਿਤੇ ਤੇਰਾ ਜਨਮ ਹੋਇਆ ਸੀ। ਔਖਿਆਂ ਹੋ ਕੇ ਤੇਰਾ ਪਾਲਣ ਪੋਸ਼ਣ ਕੀਤਾ ਅਤੇ ਪੜ੍ਹਾਇਆ। ਬਹੁਤੀ ਵੱਡੀ ਗੱਲ ਹੈ ਤੈਨੂੰ ਉਸ ਅਮੀਰ ਦੇਸ਼ ਵਿੱਚ ਆਪਣਾ ਸਾਰਾ ਗਹਿਣਾ ਗੱਟਾ ਅਤੇ ਜ਼ਮੀਨ ਵੇਚ ਕੇ ਭੇਜਿਆ। ਸਾਰੀ ਉਮਰ ਤੈਨੂੰ ਦੇਖਣ ਲਈ ਤੇਰਾ ਬਾਪ ਵੀ ਪਾਗਲਾਂ ਵਾਲੀ ਜ਼ਿੰਦਗੀ ਜਿਉਂਦਾ ਹੋਇਆ ਦੁਨੀਆਂ ਤੋਂ ਤੁਰ ਗਿਆ। ਹੁਣ ਤੇਰੀ ਮਾਂ ਦੁੱਖਾਂ ਦਰਦਾਂ ਵਿੱਚ ਰਹਿੰਦੀ ਹੋਈ ਵੀ ਤੇਰੇ ਦਰਸ਼ਨਾਂ ਨੂੰ ਤਰਸਦੀ ਜਾਨ ਦੇ ਗਈ।
ਸਤਨਾਮ ਨੇ ਫੋਨ ਤੇ ਸੱਤੋ ਦੀ ਸਾਰੀ ਗੱਲ ਸੁਣ ਕੇ ਜਵਾਬ ਦਿੱਤਾ, "ਹਾਏ ਸੱਤੋ ਆਂਟੀ, ਹੁਣ ਜੋ ਕੁੱਝ ਹੋਣਾ ਸੀ ਉਹ ਤਾਂ ਹੋ ਗਿਆ।ਮੇਰਾ ਕੁੱਝ ਚਿਰ ਦਾ ਹੱਥ ਤੰਗ ਜਿਹਾ ਹੈ।ਮੇਰਾ ਕੰਮ ਥੋੜਾ ਚਿਰ ਪਹਿਲਾਂ ਖਤਮ ਹੋ ਗਿਆ ਸੀ। ਤੈਨੂੰ ਪਤਾ ਹੀ ਕਿ ਵਲੈਤ ਵਿੱਚ ਥੋੜੇ ਕੀਤੇ ਕੰਮ ਨਹੀਂ ਮਿਲਦੇ। ਹੁਣ ਤੁਸੀਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਮਾਈ ਲਈ ਲੱਕੜਾਂ ਲੈ ਕੇ ਫੂਕ ਆਓ। ਮੈਨੂੰ ਜਿੰਨਾ ਖ਼ਰਚਾ ਹੋਇਆ ਦੱਸ ਦਿਓ। ਮੇਰੇ ਪਾਸ ਜਦੋਂ ਪੈਸੇ ਹੋਏ ਤੁਹਾਨੂੰ ਭੇਜ ਦਿਊਂਗਾ। ਮੇਰੇ ਪਾਸ ਇੰਨਾ ਟੈਮ ਨਹੀਂ। ਕੱਲ੍ਹ ਨੂੰ ਮੇਰੀ ਇੱਕ ਫਰੈਂਡ ਦੀ ਲੜਕੀ ਦਾ ਬਰਥਡੇ ਹੈ। ਮੈਨੂੰ ਪਿਛਲੇ ਮਹੀਨੇ ਦਾ ਕਾਰਡ ਆਇਆ ਹੋਇਆ ਹੈ। ਮੈਂ ਇਹ ਪਾਰਟੀ ਮਿੱਸ ਨਹੀਂ ਕਰ ਸਕਦਾ। ਆਂਟੀ ਤੈਨੂੰ ਤਾਂ ਪਤਾ ਹੀ ਹੈ ਕਿ ਜੇਕਰ ਤੁਸੀਂ ਕਿਸੇ ਦੀ ਖੁਸ਼ੀ ਵਿੱਚ ਨਹੀਂ ਜਾਂਦੇ, ਤਾਂ ਤੁਹਾਡੇ ਕੌਣ ਆਊ। ਸੋਈ ਮੇਰੀ ਮਜ਼ਬੂਰੀ ਹੈ ।ਮੈਂ ਮਾਤਾ ਦੇ ਸਸਕਾਰ ਤੇ ਨਹੀਂ ਆ ਸਕਦਾ। ਨਾਲੇ ਮੈਂ ਕਿਹੜਾ ਪਿੰਡ ਆ ਕੇ ਮਾਤਾ ਨੂੰ ਜਿਉਂਦੀ ਕਰ ਦੇਣਾ ਹੈ।" 'ਤੁੰਮੇ ਦਾ ਤਰਬੂਜ਼ ਨਹੀਂ ਬਣਦਾ ਭਾਵੇਂ ਲੈ ਮੱਕੇ ਨੂੰ ਜਾਈਏ'।ਸੱਤੋ ਸਤਨਾਮ ਦੀ ਵਾਰਤਾਲਾਪ ਸੁਣ ਕੇ ਦੰਗ ਰਹਿ ਗਈ ਅਤੇ ਮੂੰਹ ਵਿੱਚ ਉਗਲਾਂ ਟੁੱਕਦੀ ਹੋਈ ਨੇ ਫ਼ੋਨ ਬੰਦ ਕਰ ਦਿੱਤਾ।
ਸੱਤੋ ਅਤੇ ਦਾਸੋ ਨੇ ਰਲ਼ ਕੇ ਸੰਤੀ ਦੇ ਦਾਹ ਸਸਕਾਰ ਲਈ ਲੱਕੜਾਂ ਖ੍ਰੀਦੀਆਂ, ਸੀੜ੍ਹੀ ਬਣਾਈ ਅਤੇ ਭੰਨਣ ਲਈ ਕੁੱਜਾ ਖ੍ਰੀਦ ਕੇ ਆਪਣੀ ਗੁਆਂਢਣ ਨੂੰ ਆਖਰੀ ਵਿਦਾਇਗੀ ਦੀ ਜਿੰਨੀ ਹੋ ਸਕੀ ਤਿਆਰੀ ਕੀਤੀ।ਪਰ ਆਂਢ ਗੁਆਂਢ ਵਿੱਚ ਇਸ ਗਰੀਬਣ ਦੀ ਅਰਥੀ ਨੂੰ ਮੋਢਾ ਦੇਣ ਲਈ ਬੰਦਿਆਂ ਦੀ ਘਾਟ ਨਜ਼ਰ ਆ ਰਹੀ ਸੀ। ਮੁਹੱਲੇ ਦੀਆਂ ਬਹੁਤੀਆ ਕੋਠੀਆਂ ਨੂੰ ਜੰਦਰੇ ਲੱਗੇ ਹੋਣ ਕਰਕੇ ਸੰਤੀ ਦੀ ਅਰਥੀ ਪਿੱਛੇ ਕੌਣ ਤੁਰੇ। ਇਸ ਗਰੀਬਣੀ ਦਾ ਗੁਰਵੱਤ ਵਿੱਚ ਕੌਣ ਸਹਾਈ ਹੋਵੇ।ਪਿੰਡ 'ਚੋਂ ਪੰਜ ਸੱਤ  ਜਨਾਨੀਆਂ ਤਾਂ ਇਕੱਠੀਆਂ ਹੋ  ਹੀ ਗਈਆਂ, ਪਰ ਬੰਦੇ ਸਿਰਫ਼ ਤਿੰਨ ਹੀ ਰਹਿ ਗਏ। ਸੱਤੋ ਦਾ ਘਰ ਵਾਲਾ ਕਰਤਾਰਾ , ਦਾਸੋ ਦੇ ਘਰਵਾਲਾ ਭਗਤਾ ਅਤੇ ਸੰਤੀ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਆਦਮੀ। ਰਲ਼ ਮਿਲ ਕੇ ਅਰਥੀ ਨੂੰ ਮੋਢਾ ਦੇਣ ਲਈ ਤਿੰਨ ਬੰਦੇ ਤਿਆਰ ਹੋਏ। ਕਰਤਾਰਾ ਆਖਣ ਲੱਗਾ ਕਿ ਘੱਟੋ-ਘੱਟ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਲਈ ਚਾਹੀਦੇ ਹਨ। ਪਰ ਚੌਥਾ ਬੰਦਾ ਕਿੱਥੋਂ ਲੈ ਕੇ ਆਉਣ। ਜ਼ਨਾਨੀਆਂ ਅਰਥੀ ਨੂੰ ਮੋਢਾ ਦੇ ਨਹੀਂ ਸਕਦੀਆਂ ਸਨ। ਪਿੰਡ ਦੇ ਸਾਰੇ ਪਾਸੇ ਨਿਗਾਹ ਮਾਰੀ ਪਰ ਚੌਥਾ ਬੰਦਾ ਨਾ ਮਿਲਿਆ। ਮਿਲੇ ਵੀ ਕਿਥੋਂ ਜਿੱਥੇ ਪਿੰਡ ਦੇ ਬਹੁਤੇ ਵਸਨੀਕ ਤਾਂ ਬਾਹਰਲੇ ਦੇਸ਼ਾਂ ਵਿੱਚ ਵਸੇ ਹੋਏ ਸਨ। ਜਿਹੜੇ ਪਿੰਡ ਵਸਦੇ ਸਨ ਉਹ  ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਸਨ। ਉਵੇਂ ਵੀ ਗਰੀਬ ਦੀ ਬਾਂਹ ਕਿਸ ਨੇ ਫੜਨੀ ਸੀ? ਸੱਤੋ ਵਿਚਾਰੀ ਮਾਯੂਸੀ ਦੀ ਹਾਲਤ ਵਿੱਚ ਸਿਰ ਫੜ ਕੇ ਬੈਠ ਗਈ।
ਕਰਤਾਰੇ ਨੇ ਸਲਾਹ ਦਿੱਤੀ ਕਿ ਜੇਕਰ ਪਿੰਡ ਵਿੱਚੋਂ ਚੌਥਾ ਬੰਦਾ ਅਰਥੀ ਨੂੰ ਮੋਢਾ ਦੇਣ ਲਈ ਨਹੀਂ ਲੱਭਦਾ ਤਾਂ ਕਿਉਂ ਨਾ ਗੁਆਂਢੀ ਦੀ ਕੋਠੀ ਵਿੱਚ ਵਸੇ ਹੋਏ ਇੱਕ ਬਿਹਾਰੀ ਭੱਈਏ ਨੂੰ ਪੁੱਛਿਆ ਜਾਵੇ। ਗੁਆਂਢੀ ਭੱਈਏ ਨੂੰ  ਕਰਤਾਰੇ ਨੇ ਪੁੱਛਿਆ , "ਆ ਬਈ ਰਮੇਸ਼ ਤੂੰ ਸਾਡੇ ਨਾਲ ਚੱਲ, ਸੰਤੀ ਦੀ ਅਰਥੀ ਨੂੰ ਮੋਢਾ ਦੇਣਾ ਹੈ।" ਰਮੇਸ਼ ਬੋਲਿਆ, "ਸਰਦਾਰ ਜੀ ਹਮ ਕੁਆੜ ਕਾ ਕਾਮ ਕਰਤੇ ਹੈਂ। ਹਮਾਰੀ ਰੋਜ਼ੀ ਰੋਟੀ ਇਸ ਰੋਜ਼ ਕੀ ਕਮਾਈ ਸੇ ਚਲਤੀ ਹੈ। ਜਿਤਨਾ ਕਮਾਤੇ ਹੈਂ ਉਸ ਮੇਂ ਸੇ ਖਾਨੇ ਕੇ ਲੀਏ ਕੁੱਛ ਰੱਖ ਕਰ ਬਾਕੀ ਹਮੇਂ ਆਪਨੇ ਮਾਂ ਬਾਪ ਕੀ ਸੇਵਾ ਕੇ ਲੀਏ ਭੇਜਨਾ ਹੋਤਾ ਹੈ।ਹੰਮ ਲੋਗ ਆਪਨੇ ਦੇਸ ਸੇ ਜਹਾਂ ਕਮਾਈ ਕਰਨੇ ਕੇ ਲੀਏ ਆਏ ਹੈਂ। ਅਗਰ ਹਮ ਆਪ ਕੇ ਸਾਥ ਅਰਥੀ ਕੋ ਮੋਢਾ ਦੇਨੇ ਕੇ ਲੀਏ ਚਲੇ ਗਏ ਤੋ ਹਮਾਰੀ ਤੋ ਪਾਂਚ ਸੌ ਕੀ ਦਿਹਾੜੀ ਗਈ। ਅਗਰ ਆਪ ਪਾਂਚ ਸੌ ਕੀ ਦਿਹਾੜੀ ਦੇਨੇ ਕੇ ਲੀਏ ਤਿਆਰ ਹੈਂ ਤੋ ਹਮ ਆਪ ਕੀ ਮਾਈ ਕੀ ਅਰਥੀ ਕੋ ਮੋਢਾ ਦੇਨੇ ਕੇ ਲੀਏ ਤਿਆਰ ਹੈਂ। ਸੱਤੋ ਨੇ ਪੰਜ ਸੌ ਦਾ ਨੋਟ ਭੱਈਏ ਹੱਥ ਫੜਾਇਆ ਅਤੇ ਭਰੀਆ ਅੱਖਾਂ ਨਾਲ ਇੱਕ ਵਲ਼ੈਤੀਏ ਦੀ ਮਾਂ ਦਾ ਸਸਕਾਰ ਕੀਤਾ।

ਬਚਨੀ ਦਾ ਲੰਗਰ - ਬਲਵੰਤ ਸਿੰਘ ਗਿੱਲ


ਐਤਵਾਰ ਦਾ ਦਿਨ ਸੀ ਅਤੇ ਤੜਕੇ ਦਾ ਸਮਾਂ। ਸਾਰੇ ਪਾਸੇ ਸਨਾਟਾ ਛਾਇਆ ਹੋਇਆ ਸੀ ਅਤੇ ਮੌਤ ਵਰਗੀ ਚੁੱਪ ਸੀ। ਪਰ ਕਦੇ ਕਦਾਈਂ ਕਿਸੇ-ਕਿਸੇ ਕਾਰ ਲੰਘਣ ਦੀ ਆਵਾਜ਼ ਆਉਂਦੀ ਸੀ।
ਸਾਰਾ ਹਫ਼ਤਾ ਕੰਮ ਕਰਨ ਕਾਰਨ ਸਰੀਰ ਥੱਕਾ ਟੁੱਟਾ ਪਿਆ ਸੀ ਤਾਂ ਟੈਲੀਫੂਨ ਦੀ ਘੰਟੀ ਖੜਕੀ। ਪਹਿਲਾਂ ਤਾਂ ਮੈਂ ਸੁੱਤੇ ਪਏ ਨੇ ਯਕੀਨ ਨਾ ਕੀਤਾ ਕਿ ਇਸ ਵੇਲੇ ਕਿਸ ਦਾ ਫੋਨ ਆਉਣਾ ਹੈ। ਇਹ ਸੋਚ ਕੇ ਪਿਆ ਰਿਹਾ ਕਿ ਸ਼ਾਇਦ ਫੋਨ ਸੁਪਨੇ ਵਿੱਚ ਹੀ ਆਇਆ ਹੋਵੇ। ਪਰ ਫੋਨ ਤਾਂ ਅਕਸਰ ਫੋਨ ਹੀ ਸੀ। ਜਦੋਂ ਘੰਟੀ ਵੱਜਣੋਂ ਨਾ ਹਟੀ ਤਾਂ ਜਲਦੀ ਜਲਦੀ ਕਦਮ ਪੁੱਟਦਾ ਟੈਲੀਫੂਨ ਵੱਲ ਵਧਿਆ ਮਤੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਨੂੰ ਜ਼ਰੂਰੀ ਕੰਮ ਜਾਂ ਬਿਪਤਾ ਨਾ ਆ ਪਈ ਹੋਵੇ। ਫੋਨ ਚੁੱਕਿਆ ਤਾਂ ਕਿਸੇ ਜ਼ਨਾਨੀ ਦੀ ਆਵਾਜ਼ ਆਈ, "ਵੇ ਤੂੰ ਗਿੱਲ ਬੋਲਦਾਂ?"
"ਹਾਂ ਜੀ ਮੈਂ ਗਿੱਲ ਹੀ ਹਾਂ।"
"ਵੇ ਤੇਰੀ ਘਰ ਵਾਲੀ ਕਿੱਥੇ ਆ?" ਜ਼ਨਾਨੀ ਨੇ ਪੁਲਸੀਆਂ ਵਾਂਗ ਤਾੜ ਕੇ ਪੁੱਛਿਆ।
ਮੈਂ ਮਨ ਵਿੱਚ ਸੋਚਿਆ ਘਰਵਾਲੀ ਘਰ ਹੀ ਹੋਵੇਗੀ। ਐਸ ਵੇਲੇ ਰਾਤ ਨੂੰ ਉਸਨੇ ਢੱਠੇ ਖੂਹ ਵਿੱਚ ਜਾਣਾ ਹੈ।
"ਵੇ ਛੇਤੀ ਕਰ ਫੂਨ ਉਸ ਨੂੰ ਫੜਾ, ਦਾਲ ਥੱਲੇ ਲੱਗ ਰਹੀ ਹੈ।"
ਮੈਂ ਸੋਚਿਆ ਰਾਤ ਨੂੰ ਦਾਲ ਥੱਲੇ ਲੱਗ ਰਹੀ ਹੈ, ਜ਼ਨਾਨੀਆਂ ਤਾਂ ਵਲ਼ੈਤ ਵਿੱਚ ਦਿਨ ਨੂੰ ਬੜੀ ਮੁਸ਼ਕਲ ਨਾਲ ਦਾਲ ਧਰਦੀਆਂ ਹਨ। ਮੈਂ ਬਹੁਤਾ ਵਾਦ ਵਿਵਾਦ ਨਾ ਪਿਆ। ਘਰਵਾਲੀ ਨੂੰ ਫ਼ੋਨ ਚੁੱਕਣ ਲਈ ਆਵਾਜ਼ ਦਿੱਤੀ, "ਮੈਂ ਕਿਹਾ ਤੇਰਾ ਫੋਨ ਆਇਆ ਹੈ"।
ਉਹ ਬੇਪ੍ਰਵਾਹ ਘੁਰਾੜੇ ਮਾਰ ਰਹੀ ਸੀ, ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਝੋਟਾ ਜ਼ਿਆਦਾ ਥੱਕ ਜਾਣ ਬਾਅਦ ਕਿਸੇ ਚੱਲਦੀ ਆੜ ਦੇ ਲਾਗੇ ਤੂਤਾਂ ਦੀ ਛਾਵੇਂ ਬੈਠਾ ਛੂੰਕਦਾ ਹੋਵੇ। ਦੋਬਾਰਾ ਫੋਨ ਬਾਰੇ ਦੱਸਿਆ ਤਾਂ ਉਹ ਫੇਰ ਹੂੰ ਹਾਂ ਕਰਕੇ ਸੌਂ ਗਈ। "ਮੈਂ ਕਿਹਾ ਦਾਲ ਥੱਲੇ ਲੱਗ ਰਹੀ ਹੈ।" ਉਸਨੂੰ ਮੈਂ ਫੋਨ ਵਾਲੀ ਦੀ ਜ਼ਰੂਰਤ ਬਾਰੇ ਦੱਸਿਆ।
"ਸੌਂ ਵੀ ਜਾਉ ਅਰਾਮ ਨਾਲ ਰਾਤ ਨੂੰ ਵੀ ਦਾਲਾਂ ਦੇ ਹੀ ਸੁਪਨੇ ਆਉਂਦੇ ਹਨ।" ਘਰਵਾਲੀ ਨੇ ਉਬਾਸੀ ਜਿਹੀ ਲੈਂਦਿਆਂ ਆਖਿਆ।
ਜਦੋਂ ਕੋਈ ਹੋਰ ਵਾਹ ਪੇਸ਼ ਚੱਲਦੀ ਨਾ ਦੇਖੀ ਤਾਂ ਮੈਂ ਉਸ ਨੂੰ ਬਾਹੋਂ ਫੜ ਕੇ ਫੋਨ ਪਾਸ ਲੈ ਗਿਆ। ਘਰਵਾਲੀ ਨੇ ਅੱਖਾਂ ਮਲ਼ਦੀ ਨੇ ਫੋਨ ਕੰਨ ਨੂੰ ਲਗਾਇਆ ਤਾਂ ਅੱਗਿਉਂ ਓਹੀ ਜ਼ਨਾਨੀ ਬੋਲੀ, "ਮੈਂ ਬਚਨੀ ਆਂ, ਕਿਊਨ ਪਾਰਕ ਤੋਂ ਬੋਲਦੀ ਆਂ।" ਬਚਨੀ ਦੀ ਅੱਧੀ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਘਰਵਾਲੀ ਨੇ ਸਤਿ ਸ੍ਰੀ ਅਕਾਲ ਬੁਲਾ ਮਾਰੀ।
"ਸਸਰੀਕਾਲ ਦੀਏ ਲੱਗਦੀਏ, ਤੈਨੂੰ ਪਤਾ ਨਹੀਂ ਮੇਰਾ ਅੱਜ ਗੁਰਦੁਆਰੇ ਲੰਗਰ ਆ।"
"ਅੰਟੀ, ਮੈਨੂੰ ਤੂੰ ਕਿਹੜਾ ਪਹਿਲੋਂ ਦੱਸਿਆ? ਭਤੀਜੀ ਨੇ ਅੰਟੀ ਤੇ ਲੰਗਰ ਬਾਰੇ ਪਹਿਲਾਂ ਨਾ ਦੱਸਣ ਦਾ ਰੋਸ ਜਿਹਾ ਕੀਤਾ।"
"ਛੇਤੀ ਕਰ, ਇੱਥੇ ਪਹੁੰਚ, ਤੈਨੂੰ ਪਤਾ ਮਾਂਹਾਂ ਦੀ ਦਾਲ ਨੂੰ ਤੁੜਕਾ ਲਾਉਣ ਵਾਲਾ ਹੈ, ਛੋਲਿਆਂ ਦੀ ਦਾਲ ਧਰਨ ਵਾਲੀ ਪਈ ਹੈ, ਖੀਰ ਬਨਾਉਣ ਵਾਲੀ ਪਈ ਹੈ।" ਗੱਲ ਕੀ ਬਚਨੀ ਪਤਾ ਨਹੀਂ ਕਿੰਨੇ ਪਦਾਰਥ ਗਿਣ ਗਈ।
ਧਰਮ ਪਤਨੀ ਨੇ ਫੋਨ ਰੱਖਿਆ ਅਤੇ ਇਸ਼ਨਾਨ ਕਰਨ ਲੱਗ ਪਈ। ਮੈਂ ਸੋਚਿਆ ਕਿ ਇਸ ਨੇ ਬਚਨੀ ਨੂੰ ਲੰਗਰ ਤੇ ਜਾਣ ਦੀ ਥੋੜ੍ਹੀ ਬਹੁਤ ਵੀ ਨਾਂਹ ਨੁੱਕਰ ਨਾ ਕੀਤੀ, ਮਤੇ ਇਹ ਸੋਚਦੀ ਹੋਵੇਗੀ ਕਿ ਅੱਜ ਬਚਨੀ ਦੇ ਲੰਗਰ ਤੇ ਮੈਂ ਨਾ ਗਈ ਤਾਂ ਕੱਲ੍ਹ ਨੂੰ ਜਦੋਂ ਇਸ ਨੇ ਲੰਗਰ ਕਰਵਾਇਆ ਤਾਂ ਉਸਨੇ ਕਿਹੜਾ ਆਉਣਾ ਹੈ। ਨਹਾ ਧੋ ਕੇ ਪਤਨੀ ਨੇ ਗੁਰਦੁਆਰੇ ਵਲ ਚਾਲੇ ਪਾ ਲਏ ਤੇ ਨਾਲ 4-5 ਹੋਰ ਗੁਆਂਢਣਾਂ ਨੂੰ ਦੱਸ ਗਈ ਕਿ ਅੱਜ ਬਚਨੀ ਦਾ ਲੰਗਰ ਹੈ।
ਇੰਨਾ ਜ਼ਿਆਦਾ ਹਨ੍ਹੇਰਾ ਹੋਣ ਕਰਕੇ ਮੈਂ ਘਰਵਾਲੀ ਨੂੰ ਤੁਰ ਕੇ ਨਾ ਜਾਣ ਦਿੱਤਾ ਤੇ ਕਾਰ ਵਿੱਚ ਗੁਰਦੁਆਰੇ ਛੱਡਣ ਲਈ ਚੱਲ ਪਿਆ। ਅਜੇ ਇਸ ਨੇ ਲੰਗਰ ਵੱਲ ਕਦਮ ਵਧਾਏ ਹੀ ਸਨ ਕਿ ਅੱਗਿਉਂ ਬਚਨੀ ਦਾਲ ਵਿੱਚ ਕੜਛੀ ਫੇਰਦੀ ਬੋਲੀ, "ਲੱਗ ਗਿਆ ਵਿਹਲ? ਏਨਾ ਕੁਵੇਲਾ ਕਰ ਦਿੱਤਾ, ਤੈਨੂੰ ਚੰਦਰੀਏ ਪਤਾ ਨਹੀਂ ਕਿ ਸਾਰਾ ਕੰਮ ਕਰਨਾ ਵਾਲਾ ਪਿਆ ਹੈ। ਆਹ ਫੜ ਚੌਲ ਇਹਨਾਂ ਨੂੰ ਚੁੱਗ ਅਤੇ ਖੀਰ ਬਣਾ।" ਅੰਟੀ ਦੀ ਭਤੀਜੀ ਖੀਰ ਬਨਾਉਣ ਲੱਗ ਪਈ ਅਤੇ ਮੈਂ ਘਰ ਆ ਗਿਆ।
ਇਸ਼ਨਾਨ ਕਰਕੇ ਮੈਂ ਵੀ ਗੁਰਦੁਆਰੇ ਜਾਣ ਦੀ ਤਿਆਰੀ ਕੀਤੀ। ਵੈਸੇ ਤਾਂ ਮੈਂ ਘੱਟ ਹੀ ਗੁਰਦੁਆਰੇ ਜਾਂਦਾ ਹਾਂ ਪਰ ਸੋਚਿਆ ਕਿਤੇ ਘਰਵਾਲੀ ਨਾ ਨਾਰਾਜ਼ ਹੋ ਜਾਵੇ, ਪਈ ਉਸ ਦੀ ਅੰਟੀ ਦੇ ਲੰਗਰ ਤੇ ਆਇਆ ਨਹੀਂ।
ਗੁਰਦੁਆਰੇ ਪਹੁੰਚਿਆ ਤਾਂ ਕੀ ਦੇਖਦਾ ਹਾਂ ਕਿ ਅੰਟੀ ਬਚਨੀ ਨੰਗੇ ਪੈਰੀਂ ਇੱਧਰ ਉੱਧਰ ਦੌੜੀ ਫਿਰੇ, ਜਿਸ ਤਰ੍ਹਾਂ ਵਿਆਹ ਵਿੱਚ ਮੇਲਣ ਮੇਲ੍ਹਦੀ ਹੋਵੇ।
"ਨੀਂ ਕਿਸ਼ਨੀਏ ਤੂੰ ਮਾਂਹ ਦੀ ਦਾਲ ਵਿੱਚ ਲੂਣ ਦੇਖਿਆ ਕਿ ਨਹੀਂ? ਨੀਂ ਸਿਮਰੋ ਤੂੰ ਦੇਖ ਮਟਰ ਉਬਲੇ ਕਿ ਨਹੀਂ? ਤੂੰ ਕਰਤਾਰੀਏ ਚਾਹ ਬਣਾ ਲੈ।" ਗੱਲ ਕੀ ਫ਼ੌਜਾਂ ਦੀ ਕਮਾਂਡਰ ਵਾਂਗ ਬਚਨੀ ਸੇਵਾਦਾਰਾਂ ਨੂੰ ਹੁਕਮ ਕਰੀ ਜਾਵੇ। ਬਚਨੀ ਚਾਹੁੰਦੀ ਨਹੀਂ ਸੀ ਕਿ ਉਸ ਦੇ ਲੰਗਰ ਵਿੱਚ ਕਿਸੇ ਚੀਜ਼ ਦੀ ਘਾਟ ਰਹਿ ਜਾਵੇ ਜਾਂ ਕੋਈ ਜ਼ਨਾਨੀ ਉਸ ਦੇ ਪਕਾਏ ਪਦਾਰਥਾਂ ਵਿੱਚ ਨੁਕਸ ਕੱਢ ਜਾਵੇ। ਉਸ ਨੂੰ ਡਰ ਸੀ ਕਿ ਜੇ ਕੋਈ ਨੁਕਸ ਰਹਿ ਗਿਆ ਤਾਂ ਕੰਮ ਤੇ ਜ਼ਨਾਨੀਆਂ ਨੇ ਉਸਨੂੰ ਲਾ ਲਾ ਕੇ ਗੱਲਾਂ ਕਰੀ ਜਾਣੀਆਂ ਹਨ।
ਮੈਂ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਬੈਠ ਗਿਆ। ਕੁੱਝ ਚਿਰ ਬੈਠੇ ਨੂੰ ਹੋਇਆ ਸੀ, ਇੱਕ ਲੰਗੜੀ ਜਿਹੀ ਜ਼ਨਾਨੀ ਲੰਗਰ ਵੱਲ ਤਿੰਨ ਚਾਰ ਗੇੜੇ ਕੱਢ ਆਈ। ਮੈਂ ਮਨ ਵਿੱਚ ਸੋਚਿਆ ਕਿ ਇਸ ਜ਼ਨਾਨੀ ਦੀ ਲਿਵ ਗੁਰੂ ਮਹਾਰਾਜ ਨਾਲੋਂ ਲੰਗਰ ਖਾਣ ਵਿੱਚ ਜ਼ਿਆਦਾ ਲੱਗੀ ਹੋਈ ਹੈ।
ਕਿੰਨਾਂ ਚਿਰ ਬੈਠੇ ਰਹਿਣ ਕਰਕੇ ਨਿਆਣੇ ਆਪਣੀਆਂ ਲੱਤਾਂ ਸਿੱਧੀਆਂ ਕਰਨ ਲਈ ਇੱਧਰ ਉਧਰ ਦੁੜੰਗੇ ਲਾਉਂਦੇ ਫਿਰਦੇ ਸਨ। ਛੋਟੇ-ਛੋਟੇ ਬੱਚੇ ਕੀਰਤਨ ਕਰਨ ਵਾਲੇ ਗਿਆਨੀਆਂ ਦੇ ਸ਼ਬਦ ਨਾਲ ਹੀ ਲੇਰਾਂ ਮਾਰਦੇ ਸਨ। ਕਦੇ-ਕਦੇ ਸੈਕਟਰੀ ਸਾਹਿਬ ਬੀਬੀਆਂ ਨੂੰ ਬੱਚੇ ਚੁੱਪ ਕਰਾਉਣ ਵਾਸਤੇ ਬੇਨਤੀ ਕਰਦਾ, ਪਰ ਉਹ ਰਾਮ ਕਹਾਣੀਆਂ ਵਿੱਚ ਜੁੱਟੀਆਂ ਪਈਆਂ ਸਨ।ਕਾਂਤੋ ਧੰਤੀ ਨੂੰ ਆਖਣ ਲੱਗੀ, "ਘਰ ਨੌਂਹ ਨੀ ਨਿਆਣਿਆਂ ਨੂੰ ਖੇਲਣ ਦਿੰਦੀ ਪਈ ਗੰਦ ਪਾਉਂਦੇ ਆ, ਇੱਥੇ ਗਿਆਨੀ ਝਿੱੜਕਦੇ ਆ। ਦੱਸ ਨਿਆਣੇ ਜਾਣ ਤਾਂ ਕਿੱਥੇ ਜਾਣ?"
ਮੇਰੇ ਨਾਲ ਹੀ ਬੈਠੀ ਭਜਨੋ ਨੇ ਸੀਸੋ ਨੂੰ ਪੁੱਛਿਆ, "ਕੁੜੇ ਸੀਸੋ ਆਹ ਸੂਟ ਤੇਰੇ ਕਿੰਨੇ ਪੌਣੀ ਗਜ਼ ਆਇਆ?"
ਸੀਸੋ ਨੇ ਨੱਕ ਦਾ ਸੁੰਘਾਟਾ ਜਿਹਾ ਮਾਰ ਕੇ ਆਖਿਆ, "ਪੰਜੀ ਪੌਣੀ ਗਜ਼ ਆਇਆ।"
"ਕੁੜੇ ਮੈਨੂੰ ਤਾਂ ਇਹ ਕਿਤੋਂ ਮਿਲਦਾ ਹੀ ਨੀ, ਮੈਂ ਤਾਂ ਸਾਰਾ ਟੌਨ ਗਾਹ ਮਾਰਿਆ।" ਭਜਨੋ ਨੇ ਸੀਸੋ ਤੋਂ ਸੂਟ ਦੀ ਜਾਣਕਾਰੀ ਲੈਣ ਲਈ ਆਖਿਆ।
"ਸੌਥਾਲੋਂ ਲਿਆਂਦਾ, ਇਹੋ ਜਿਹਾ ਸੂਟ ਇੱਥੋਂ ਕਿੱਥੇ ਮਿਲਣਾ!" ਸੀਸੋ ਨੇ ਸੂਟ ਦਾ ਮੁੱਲ ਸੋਨੇ ਵਾਂਗ ਪਾਉਂਦਿਆਂ ਆਖਿਆ।
"ਕੁੜੇ ਜੇ ਹੁਣ ਸੌਥਾਲ ਗਈ ਤਾਂ ਦੋ ਸੂਟ ਮੇਰੇ ਲਈ ਪੜਾ ਲਿਆਈਂ। ਪਰ ਸੁਣ ਸਾਡੇ ਘਰ ਕਿਸੇ ਨੂੰ ਦੱਸੀਂ ਨਾ, ਪੈਸੇ ਤੈਨੂੰ ਮੈਂ ਕੰਮ ਤੇ ਹੀ ਦੇਉਂ।" ਭਜਨੋ ਨੇ ਸੀਸੋ ਨੂੰ ਸੂਟ ਲਿਆਉਣ ਲਈ ਇਸ ਤਰ੍ਹਾਂ ਤਾਗੀਦ ਕੀਤੀ, ਜਿਸ ਤਰ੍ਹਾਂ ਉਸ ਦੀ ਉਸ ਸੂਟ ਬਿਨਾਂ ਜਾਨ ਨਿਕਲਦੀ ਜਾਂਦੀ ਹੋਵੇ।
ਖੱਬੇ ਪਾਸਿਉਂ ਵੀ ਜ਼ਨਾਨੀਆਂ ਦੇ ਘੁੱਸਰ-ਫੁੱਸਰ ਕਰਨ ਦੀ ਆਵਾਜ਼ ਆ ਰਹੀ ਸੀ। ਗੱਲਾਂ ਦਾ ਵਿਸ਼ਾ ਸ਼ਾਇਦ ਸਰਦਾਰਾ ਸਿੰਘ ਦੀ ਕੁੜੀ ਦਾ ਸੀ, ਜਿਹੜੀ ਪਿਛਲੇ ਹਫ਼ਤੇ ਕਿਸੇ ਜਮੀਕਿਆਂ ਦੇ ਮੁੰਡੇ ਨਾਲ ਨਿਕਲੀ ਗਈ ਸੀ।
ਭਾਈ ਸਾਹਿਬ ਨੇ ਜਦੋਂ ਜ਼ਿਆਦਾ ਹੀ ਰੌਲੀ ਪੈਂਦੀ ਸੁਣੀ, ਤਾਂ ਉਸ ਨੂੰ ਇੱਕ ਤਜਵੀਜ਼ ਸੁੱਝੀ। ਉਸਨੇ ਦੇਸੀ ਧਾਰਨਾ ਵਿੱਚ ਬੀਬੀਆਂ ਅਤੇ ਸਾਰੀ ਸੰਗਤ ਨੂੰ ਨਾਲ ਮਿਲ ਕੇ ਸ਼ਬਦ ਪੜ੍ਹਨ ਲਈ ਆਖਿਆ। ਸ਼ਬਦ ਸੀ, "ਸਾਡਾ ਸਤਿਗੁਰੂ ਨਾਨਕ ਪਿਆਰਾ, ਜਾਂਦੇ ਨੇ ਮੱਕਾ ਘੁੱਮਾਤਾ।"
ਪਰ ਬੀਬੀਆਂ ਜਿਹਨਾਂ ਦੀ ਗੱਪਾਂ ਦੀ ਲੜੀ ਅਜੇ ਮੁੱਕੀ ਨਹੀਂ ਸੀ, ਉਨ੍ਹਾਂ ਦੇ ਕੰਨੀਂ ਇਹ ਸ਼ਬਦ ਕਿੱਥੋਂ ਪਵੇ? ਉਨ੍ਹਾਂ ਨੂੰ ਪਹਿਲੀ ਤੁੱਕ 'ਸਾਡਾ ਸਤਿਗੁਰੂ ਨਾਨਕ ਪਿਆਰਾ', ਤਾਂ ਸਮਝ ਲੱਗ ਗਈ, ਪਰ ਦੂਜੀ ਤੁੱਕ 'ਜਾਂਦੇ ਨੇ ਮੱਕਾ ਘੁੱਮਾਤਾ' ਨਾ ਸਮਝ ਪਈ। ਉਨ੍ਹਾਂ ਨੇ ਇਹ ਸ਼ਬਦ ਇਸ ਤਰ੍ਹਾਂ ਉਚਾਰਿਆ, "ਸਾਡਾ ਸਤਿਗੁਰੂ ਨਾਨਕ ਪਿਆਰਾ, ਜਾਂਦੇ ਨੇ ਜੱਫ਼ਾ ਪਾ ਲਿਆ" ਸ਼ਬਦ ਗਾਉਂਦੇ ਸਮੇਂ ਗੱਲ ਸ਼ਾਇਦ ਕਿਸੇ ਨਿਆਣੇ ਦੇ ਰਿਵਰ (ਨਦੀ) ਵਿੱਚ ਡੁੱਬਣ ਦੀ ਚੱਲਦੀ ਸੀ, ਜਿਸਨੂੰ ਡੁੱਬਦਿਆਂ ਦੇਖ ਕੇ ਉਸ ਦਾ ਬਾਪ ਜੱਫ਼ਾ ਪਾ ਕੇ ਬਾਹਰ ਕੱਢ ਲਿਆਇਆ ਸੀ।ਜਿਨ੍ਹਾਂ ਜਨਾਨੀਆਂ ਨੂੰ ਇਸ ਸ਼ਬਦ ਦੀ ਸਮਝ ਸੀ, ਉਹਨਾਂ ਨੇ ਮੂੰਹ ਘੁੱਟ ਕੇ ਆਪਣਾ ਹਾਸਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਹਾਸਾ ਦੰਦਾਂ ਤੋਂ ਬਾਹਰ ਆ ਹੀ ਗਿਆ।।
ਕਾਫ਼ੀ ਦੇਰ ਬੈਠਿਆਂ ਹੋਣ ਕਰਕੇ ਜਦੋਂ ਲੱਤਾਂ ਸੌਂਣ ਲੱਗੀਆਂ, ਮੈਂ ਲੱਤਾਂ ਦੀ ਭਾਫ਼ ਕੱਢਣ ਲਈ ਬਾਹਰ ਨਿਕਲਿਆ। ਬਾਹਰ ਜਾਣ ਲਈ ਲੰਗਰ ਵਾਲੇ ਕਮਰੇ ਵਿੱਚੋਂ ਦੀ ਲੰਘਿਆ ਜਾਂਦਾ ਹੈ। ਕੀ ਦੇਖਦਾ ਹਾਂ ਕਿ ਜ਼ਨਾਨੀਆਂ ਲੰਗਰ ਪਕਾ ਕੇ ਬਚਨੀ ਦੁਆਲੇ ਇਕੱਠੀਆਂ ਹੋਈਆਂ ਖੜ੍ਹੀਆਂ ਸਨ 'ਤੇ ਕਾਫ਼ੀ ਕਾਂਵਾਂ ਰੌਲੀ ਪਾਈ ਹੋਈ ਸੀ। ਗੱਲਾਂ ਦਾ ਵਿਸ਼ਾ ਸ਼ਾਇਦ ਰਵਿਦਾਸੀਆਂ ਦਾ ਸੇਮਾ ਸੀ, ਜਿਸ ਨੇ ਕੁੱਝ ਦਿਨ ਹੋਏ ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਸੀ। ਕੁੱਝ ਚਿਰ ਲੱਤਾਂ ਨੂੰ ਦਮ ਦੁਆ ਕੇ ਮੈਂ ਫਿਰ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ।
ਕੁੱਝ ਚਿਰ ਕੀਰਤਨ ਸੁਣਦਿਆਂ ਹੋਇਆ ਸੀ, ਕਿ ਲੰਗਰ ਵਾਲੇ ਕਮਰੇ ਵਿੱਚੋਂ ਫਿਰ ਜ਼ਿਆਦਾ ਰੌਲੇ ਦੀ ਆਵਾਜ਼ ਆਈ। ਮੈਂ ਅਤੇ ਦੋ ਤਿੰਨ ਹੋਰ ਬੰਦੇ ਲੰਗਰ ਵੱਲ ਭੱਜੇ ਮਤੇ ਕੋਈ ਸਕਿੱਨਹੈਡ ਗੋਰਾ ਇੱਲਤ ਫਿਲਤ ਨਾ ਕਰ ਗਿਆ ਹੋਵੇ। ਲੰਗਰ ਵਿੱਚ ਪੈਰ ਪਾਇਆ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਦੇਖਿਆ ਕਿ ਗਿਆਨੋ ਤੇ ਜੁਗਿੰਦਰੋ ਨੇ ਇੱਕ ਦੂਜੀ ਦੀਆਂ ਗੁੱਤਾਂ ਫੜੀਆਂ ਹੋਈਆਂ ਸਨ ਅਤੇ ਇੱਕ ਦੇ ਹੱਥ ਵਿੱਚ ਖੁਰਚਣਾ ਤੇ ਦੂਸਰੀ ਦੇ ਕੱੜਛੀ ਫੜੀ ਹੋਈ ਸੀ। ਉਹ ਇੱਕ ਦੂਜੀ ਨੂੰ ਉੱਚੀ-ਉੱਚੀ ਗੰਦੀਆਂ ਗਾਲ੍ਹਾਂ ਕੱਢ ਰਹੀਆਂ ਸਨ। ਮੇਰਾ ਚਿੱਤ ਕੀਤਾ ਕਿ ਕਿਤੇ ਭੱਜ ਜਾਵਾਂ। ਨਾਲ ਖੜ੍ਹੀਆਂ ਜ਼ਨਾਨੀਆਂ ਮੂੰਹ 'ਚ ਉਂਗਲਾਂ ਪਾਈ ਖੜ੍ਹੀਆਂ ਸਨ, ਸ਼ਾਇਦ ਉਹ ਡਰਦੀਆਂ ਹੋਣ ਕਿ ਜੇ ਉਨ੍ਹਾਂ ਨੂੰ ਛੁਡਾਉਣ ਲੱਗੀਆਂ ਤਾਂ ਇੱਕ ਅੱਧਾ ਖੁਰਚਣਾ ਉਨ੍ਹਾਂ ਦੇ ਸਿਰ ਵਿੱਚ ਨਾ ਆ ਪਵੇ।
ਮੈਂ ਇਹੋ ਜਿਹੀ ਭਿਆਨਕ ਦ੍ਰਿਸ਼ ਦੇਖ ਕੇ ਡਰ ਗਿਆ, ਕਿਤੇ ਕਿਸੇ ਦਾ ਖੂਨ ਨਾ ਹੋ ਜਾਵੇ। ਖੜ੍ਹੀਆਂ ਜ਼ਨਾਨੀਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਕੁੰਡੀਆਂ ਦੇ ਸਿੰਗ ਛੁਡਾਓ। ਆਖਰਕਾਰ ਕਿਸ਼ਨੀ ਅਤੇ ਬਿਸ਼ਨੀ ਨੇ ਹੌਂਸਲਾ ਕਰ ਹੀ ਲਿਆ ਅਤੇ ਸਾਰਾ ਜ਼ੋਰ ਲਾ ਕੇ ਇੱਕ ਦੂਜੀ ਨੂੰ ਵੱਖ ਕੀਤਾ।
ਉਹ ਸਾਹੋ ਸਾਹ ਹੋਈਆਂ-ਹੋਈਆਂ ਵੀ "ਤੂੰ ਫਲਾਣੇ ਦੀ ਰੰਨ, ਤੂੰ ਧਿਮਕੜੇ ਦੀ ਰੰਨ" ਆਖ ਰਹੀਆਂ ਸਨ। ਹੁਣ ਕੀਰਤਨ ਸੁਣਦੀ ਸਾਧ ਸੰਗਤ ਵੀ ਲੰਗਰ ਵਾਲੇ ਕਮਰੇ ਵਿੱਚ ਰੌਲਾ ਸੁਣ ਕੇ ਆ ਚੁੱਕੀ ਸੀ। ਸਾਰਾ ਕਮਰਾ ਆਦਮੀਆਂ, ਜ਼ਨਾਨੀਆਂ ਨਾਲ ਭਰਿਆ ਪਿਆ ਸੀ। ਨਿਆਣੇ ਆਪਣੇ ਆਪ ਦਾਲਾਂ ਸਬਜ਼ੀਆਂ ਪਾ ਪਾ ਕੇ ਖਾ ਰਹੇ ਸਨ। ਨਿੱਕੇ-ਨਿੱਕੇ ਨਿਆਣੇ ਚੀਕ ਚਿਹਾੜਾ ਪਾਈ ਜਾ ਰਹੇ ਸਨ। ਸ਼ਾਇਦ ਉਨ੍ਹਾਂ ਦੀਆਂ ਮੰਮੀਆਂ ਇਸ ਘੱਲੂਘਾਰੇ ਵਿੱਚ ਗੁਆਚ ਗਈਆਂ ਸਨ। ਫਰਸ਼ ਪੀਲਾ-ਪੀਲਾ ਹੋਇਆ ਪਿਆ ਸੀ। ਸ਼ਾਇਦ ਆਲੂਆਂ ਦੀ ਦਾਲ ਡੁੱਲਣ ਨਾਲ ਜਦੋਂ ਗਿਆਨੋ ਨੇ ਜੁਗਿੰਦਰੋ ਨੂੰ ਧੱਕਾ ਮਾਰਿਆ ਸੀ। ਹਰਨਾਮ ਕੌਰ ਨੂੰ ਜਦੋਂ ਪੁੱਛਿਆ ਇਹ ਕਿਉਂ ਫੱਸ ਪਈਆਂ ਸਨ ਤਾਂ ਪਤਾ ਲੱਗਾ ਕਿ ਪਿਛਲੇ ਹਫ਼ਤੇ ਲੰਗਰ ਦਾ ਬਚਿਆ ਰਾਸ਼ਨ ਜੁਗਿੰਦਰੋ ਇਕੱਲੀ ਹੀ ਘਰ ਲੈ ਗਈ ਸੀ।

ਜੁਗਾੜ - ਬਲਵੰਤ ਸਿੰਘ ਗਿੱਲ

ਸ਼ਰਨ ਦੀਆਂ ਪੰਜੇ ਸਹੇਲੀਆਂ ਮੈਟ੍ਰਿਕ ਤੋਂ ਬਾਅਦ ਆਈਲੈਟਸ ਦੀ ਪੜ੍ਹਾਈ ਕਰਕੇ ਕਨੇਡਾ ਪਹੁੰਚ ਗਈਆਂ, ਪਰ ਸ਼ਰਨ ਨੇ ਆਪਣੀ ਉਚੇਰੀ ਵਿੱਦਿਆ ਜਾਰੀ ਰੱਖੀ। ਉਸ ਨੂੰ ਆਸ ਸੀ ਕਿ ਉਹ ਪੜ੍ਹ ਲਿਖ ਕੇ ਜ਼ਰੂਰ ਕੋਈ ਚੰਗੀ ਨੌਕਰੀ ਆਪਣੇ ਹੀ ਦੇਸ਼ ਵਿੱਚ ਭਾਲ ਲਵੇਗੀ। ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨਾ ਅਤੇ ਦੂਸਰੇ ਮੁਲਕਾਂ ਦੀ ਗ਼ੁਲਾਮੀ ਝੱਲਣਾ, ਸ਼ਾਇਦ ਉਹ ਪਸੰਦ ਨਹੀਂ ਕਰਦੀ ਸੀ।
      ਸ਼ਰਨ ਦੀਆਂ ਸਹੇਲੀਆਂ ਨੇ ਏਜੰਟਾਂ ਦੀ ਵਿਉਂਤ ਮੁਤਾਬਕ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਛੋਟੇ ਮੋਟੇ ਕੋਰਸਾਂ ਦੇ ਦਾਖ਼ਲੇ ਲੈ ਲਏ ਅਤੇ ਨਾਲ ਹੀ ਪ੍ਰਾਈਵੇਟ ਕੰਮ ਕਰਕੇ ਆਪਣਾ ਰੋਜ਼ਾਨਾ ਦਾ ਖ਼ਰਚਾ ਤੋਰਨਾ ਸ਼ੁਰੂ ਕਰ ਦਿੱਤਾ। ਸਹੇਲੀਆਂ ਨੂੰ ਇਹ ਆਸ ਸੀ ਕਿ ਕੋਰਸ ਕਰਨ ਉਪਰੰਤ ਉਹ ਛੋਟੀਆਂ ਮੋਟੀਆਂ ਨੌਕਰੀਆਂ ਕਰਕੇ ਆਪਣੇ ਪੱਕੇ ਹੋਣ ਦੀ ਵਿਉਂਤ ਬਣਾ ਲੈਣਗੀਆਂ।
     ਇੱਧਰ ਪੰਜਾਬ ਵਿੱਚ ਸ਼ਰਨ ਆਪਣੀ ਮਿਹਨਤ ਨਾਲ ਕਾਲਜ ਦੀ ਉੱਚ ਵਿੱਦਿਆ ਦੀਆਂ ਪੌੜੀਆਂ ਚੜ੍ਹਦੀ ਗਈ।ਹੁਣ ਸ਼ਰਨ ਐਮ. ਏ. ਪਾਸ ਕਰ ਗਈ।ਅਖ਼ਬਾਰਾਂ ਵਿੱਚ ਨਿਕਲਦੀਆਂ ਹਰ ਢੁੱਕਵੀਆਂ ਅਸਾਮੀਆਂ ਲਈ ਆਪਣੀਆਂ ਅਰਜ਼ੀਆਂ ਦੇਣੀਆਂ ਨਾ ਭੁੱਲਦੀ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਪਰ ਸ਼ਰਨ ਨੂੰ ਕੋਈ ਨੌਕਰੀ ਨਾ ਮਿਲੀ। ਜਦੋਂ ਕਦੇ ਦੋ ਤਿੰਨ ਮਹੀਨਿਆਂ ਬਾਅਦ ਕੋਈ ਇੰਟਰਵਿਊ ਆਉਣੀ ਤਾਂ ਸ਼ਰਨ ਨੇ ਖ਼ੂਬ ਤਿਆਰੀ ਕਰਕੇ ਆਪਣੇ ਸਰਟੀਫ਼ਿਕੇਟਾਂ ਦਾ ਝੋਲਾ ਭਰ ਕੇ ਇੰਟਰਵਿਊ 'ਤੇ ਪਹੁੰਚ ਜਾਣਾ।ਅੱਗੋਂ ਇੰਟਰਵਿਊ ਪੈਨਲ ਦਾ ਇਹੀ ਫ਼ੈਸਲਾ ਹੋਣਾ ਕਿ ਅਸੀਂ ਤੈਨੂੰ ਦੋ ਤਿੰਨ ਹਫ਼ਤਿਆਂ ਤੱਕ ਕੋਈ ਜਵਾਬ ਦੇਵਾਂਗੇ।ਇਹ ਜਵਾਬ ਤਾਂ ਅਕਸਰ ਨੌਕਰੀ ਤੋਂ ਹੀ ਜਵਾਬ ਹੁੰਦਾ।
      ਇੱਕ ਅਸਾਮੀ ਲਈ ਸੈਂਕੜੇ ਅਰਜ਼ੀਆਂ ਅਤੇ ਉਹ ਵੀ ਬਹੁਤਾ ਕਰਕੇ ਮੰਤਰੀਆਂ ਦੇ ਰਿਸ਼ਤੇਦਾਰਾਂ ਜਾਂ ਚਹੇਤਿਆਂ ਦੇ ਹਿੱਸੇ ਪੈ ਜਾਣੀ। ਅਗਰ ਇੱਕ ਤੋਂ ਵੱਧ ਅਸਾਮੀਆਂ ਨਿਕਲਣੀਆਂ ਤਾਂ ਉਨ੍ਹਾਂ 'ਤੇ ਰਿਜ਼ਰਵੇਸ਼ਨ ਦਾ ਕੋਟਾ। ਇਸ ਦੀ ਫ਼ਸਟ ਡਵੀਜ਼ਨ ਵਿੱਚ ਕੀਤੀ ਐਮ. ਏ. ਨੂੰ ਕੋਈ ਨਾ ਪੁੱਛਦਾ, ਪਰ ਤੀਜੇ ਦਰਜੇ ਵਿੱਚ ਕੀਤੀਆਂ ਡਿਗਰੀਆਂ ਵਾਲਿਆਂ ਨੂੰ ਪਹਿਲ ਮਿਲ ਜਾਂਦੀ। ਨੌਕਰੀ ਵਿੱਚ ਮੈਰਿਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਹਰ ਥਾਂ ਸਿਫ਼ਾਰਸ਼ ਅਤੇ ਵੱਢੀ ਪ੍ਰਧਾਨ ਹੁੰਦੀ।
    ਹਰ ਮਹਿਕਮੇ ਤੋਂ ਨੌਕਰੀ ਹੱਥੋਂ ਮਾਯੂਸ ਹੋਈ ਸ਼ਰਨ ਖ਼ਾਲੀ ਹੱਥ ਮੁੜਦੀ ਰਹੀ। ਅਧਿਆਪਕਾਂ ਦੇ ਕਿੱਤੇ ਤੋਂ ਉਹ ਪਹਿਲੋਂ ਹੀ ਵਾਕਿਫ਼ ਸੀ ਕਿ ਸਾਲਾਂ ਬੱਧੀ ਕੱਚੀਆਂ ਨੌਕਰੀਆਂ ਤੇ ਲੱਗੇ ਅਧਿਆਪਕ ਪੱਕੇ ਹੋਣ ਲਈ ਥਾਂ-ਥਾਂ ਧਰਨੇ ਲਾ ਰਹੇ ਸਨ। ਕਾਲਜਾਂ ਵਿੱਚ ਲੈਕਚਰਾਰ ਲੱਗਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ। ਆਪਣੇ ਦੇਸ਼ ਵਿੱਚ ਉੱਚ ਵਿੱਦਿਆ ਲੈ ਕੇ ਆਪਣੇ ਹੀ ਦੇਸ਼ ਦੀ ਸੇਵਾ ਕਰਨ ਦੀ ਚਾਹਵਾਨ ਇਹ ਪੰਜਾਬ ਦੀ ਮੁਟਿਆਰ ਨੌਕਰੀ ਲਈ ਥਾਂ-ਥਾਂ ਧੱਕੇ ਖਾਣ ਲਈ ਮਜ਼ਬੂਰ ਹੋ ਗਈ। ਕਦੇ-ਕਦੇ ਸੋਚਦੀ ਕਿ ਮੇਰੇ ਵਡੇਰਿਆਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਦੇਸ਼ ਨੂੰ ਇਸ ਕਰਕੇ ਆਜ਼ਾਦ ਕਰਾਇਆ ਸੀ ਕਿ ਉੱਚ ਵਿੱਦਿਆ ਲੈ ਕੇ ਵੀ ਕੋਈ ਛੋਟੀ ਮੋਟੀ ਨੌਕਰੀ ਨਾ ਮਿਲੇ ਅਤੇ ਮਜ਼ਬੂਰਨ ਦੇਸ਼ ਦੀ ਜੁਆਨੀ ਨੂੰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵੱਲ ਭੱਜਣਾ ਪਵੇ।
    ਸ਼ਰਨ ਦੀਆਂ ਸਹੇਲੀਆਂ ਨੇ ਕਨੇਡਾ ਵਿੱਚ ਆਪਣੇ ਸ਼ੁਰੂ ਕੀਤੇ ਹੋਏ ਕੋਰਿਸ ਪੂਰੇ ਕਰ ਲਏ ਅਤੇ ਕੰਮਾਂ 'ਤੇ ਲੱਗ ਗਈਆਂ। ਇਸ ਨਾਲ ਉਨ੍ਹਾਂ ਨੂੰ ਪੀ. ਆਰ. ਮਿਲਣ ਵਿੱਚ ਮੱਦਦ ਮਿਲੀ ਅਤੇ ਉਹ ਆਪਣੇ ਪੈਰਾਂ ਤੇ ਖੜਨ ਯੋਗ ਹੋ ਗਈਆਂ। ਦੂਸਰੇ ਪਾਸੇ ਸ਼ਰਨ ਅਜੇ ਵੀ ਕਿਸੇ ਨੌਕਰੀ ਲਈ ਕੋਸ਼ਿਸ਼ਾਂ ਕਰ ਰਹੀ ਸੀ। ਇੱਕ ਪਾਸੇ ਨੌਕਰੀ ਨਾ ਮਿਲਣ ਦੀ ਮਾਯੂਸੀ ਤੇ ਦੂਸਰੇ ਪਾਸੇ ਮਾਪਿਆਂ ਵੱਲੋਂ ਉਸ ਦੇ ਪੜ੍ਹਾਈ ਤੇ ਕੀਤੇ ਖ਼ਰਚ ਦਾ ਮਨ ਤੇ ਬੋਝ। ਇਸ ਤੋਂ ਬਾਅਦ ਮਾਪਿਆਂ ਵੱਲੋਂ ਉਸਦੇ ਵਿਆਹ ਤੇ ਹੋਣ ਵਾਲਾ ਖ਼ਰਚੇ ਦੀ ਵੀ ਚਿੰਤਾ। ਇਨ੍ਹਾਂ ਘੁੰਮਣ ਘੇਰੀਆਂ ਵਿੱਚ ਘਿਰੀ ਸ਼ਰਨ ਉਦਾਸ ਜਿਹੀ ਰਹਿਣ ਲੱਗ ਪਈ। ਕਨੇਡਾ ਰਹਿੰਦੀਆਂ ਸਹੇਲੀਆਂ ਨਾਲ ਟੈਲੀਫ਼ੋਨ ਤੇ ਸੰਪਰਕ ਹੋਣਾ ਤਾਂ ਉਸਨੂੰ ਆਪਣੀ ਬੇਰੁਜ਼ਗਾਰੀ ਦੀ ਉਨ੍ਹਾਂ ਸਾਹਮਣੇ ਬਹੁਤ ਹੀ ਨਿਮੋਸ਼ੀ ਹੋਣੀ। ਕਿਉਂਕਿ ਉਹ ਤਾਂ ਆਸਵੰਦ ਸੀ ਕਿ ਉੱਚ ਵਿੱਦਿਆ ਲੈਣ ਤੋਂ ਬਾਅਦ ਉਸਨੂੰ ਉਸਦਾ ਮੁਲਕ ਕੋਈ ਨੌਕਰੀ ਜਰੂਰ ਦੇਵੇਗਾ। ਇਸ ਨਿਮੋਸ਼ੀ ਦੀ ਮਾਰੀ ਉਹ ਸਹੇਲੀਆਂ ਨੂੰ ਫ਼ੋਨ ਵੀ ਵਿਰਲਾ ਹੀ ਕਰਦੀ।
    ਹੁਣ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣ ਗਏ ਕਿ ਸ਼ਰਨ ਨੂੰ ਆਪਣੀਆਂ ਸਹੇਲੀਆਂ ਦੀ ਦਿੱਤੀ ਸਲਾਹ ਕਿ ਉਹ ਵੀ ਆਈਲੈਟਸ ਕਰਕੇ ਕਿਸੇ ਕੋਰਸ ਲਈ ਕਨੇਡਾ ਆ ਜਾਵੇ, ਚੇਤੇ ਆਉਣ ਲੱਗੀ। ਸ਼ਰਨ ਨੂੰ ਮਰਦੀ ਨੂੰ ਅੱਕ ਚੱਬਣਾ ਪੈ ਗਿਆ। ਅਗਰ ਉਹ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਸੀ ਤਾਂ ਪਹਿਲਾਂ ਵਾਂਗ ਬੇਰੁਜ਼ਗਾਰੀ ਦੀ ਦੱਲਦਲ ਵਿੱਚ ਧੱਸੀ ਜਾਂਦੀ ਅਤੇ ਆਪਣੀ ਮਾਯੂਸੀ ਦੇ ਨਾਲ-ਨਾਲ ਆਪਣੇ ਮਾਂ-ਬਾਪ ਨੂੰ ਵੀ ਚਿੰਤਾ ਵਿੱਚ ਪਾਉਂਦੀ। ਸ਼ਰਨ ਨੇ ਆਈਲੈਟਸ ਦੀ ਪੜ੍ਹਾਈ ਵਿੱਚ ਦਾਖ਼ਲਾ ਲੈ ਲਿਆ ਅਤੇ ਬਿਨਾਂ ਕਿਸੇ ਵੱਡੀ ਕੋਸ਼ਿਸ਼ ਤੋਂ ਇੱਕ ਸਾਲ ਵਿੱਚ ਹੀ ਆਈਲੈਟਸ ਚੰਗੇ ਬੈਂਡਾਂ ਵਿੱਚ ਪਾਸ ਕਰ ਲਿਆ।
    ਪੜ੍ਹਾਈ ਤਾਂ ਹੋ ਗਈ ਪਰ ਸ਼ਰਨ ਨੂੰ ਹੁਣ ਅਗਲੀ ਮੰਜ਼ਿਲ ਔਖੀ ਲੱਗ ਰਹੀ ਸੀ। ਏਜੰਟ ਕਨੇਡਾ ਵਿੱਚ ਭੇਜਣ ਅਤੇ ਯੂਨੀਵਰਸਿਟੀ ਵਿੱਚ ਦਾਖ਼ਲਾ ਦਿਵਾਉਣ ਦੇ ਲੋਹੜਿਆਂ ਦੇ ਪੈਸੇ ਮੰਗਦੇ ਸਨ। ਬਾਪੂ ਪਾਸ ਤਾਂ ਉਹੀ ਦੋ ਖੱਤੇ ਹੀ ਸਨ ਜਿਸ ਵਿੱਚ ਉਸਨੇ ਸਾਰੀ ਉਮਰ ਗੁਜ਼ਾਰਾ ਕਰਨਾ ਸੀ ਅਤੇ ਨਾਲ ਹੀ ਇਸ ਦਾ ਵਿਆਹ। ਅਗਰ ਇਹ ਜ਼ਮੀਨ ਇਸ ਦੇ ਕਨੇਡਾ ਭੇਜਣ ਦੇ ਨਮਿੱਤ ਲੱਗ ਗਈ, ਤਾਂ ਭਵਿੱਖ ਦਾ ਕੀ ਬਣੇਗਾ?
    ਸ਼ਰਨ ਨੇ ਬਾਪੂ ਪਾਸ ਇਸ ਖ਼ਰਚੇ ਦਾ ਤਰਲਾ ਪਾਇਆ। ਬਾਪੂ ਮੁਖ਼ਤਿਆਰ ਸਿੰਘ ਚਿਰਾਂ ਤੋਂ ਸ਼ਰਨ ਦੀ ਮਾਯੂਸੀ ਦੀ ਹਾਲਤ ਨੂੰ ਭਲੀਭਾਂਤ ਦੇਖ ਰਿਹਾ ਸੀ। ਬਾਪੂ ਮੁਖ਼ਤਿਆਰ ਸਿੰਘ ਨੇ ਜ਼ਿੰਦਗੀ ਦਾ ਇਹ ਵੱਡਾ ਜੋਖ਼ਿਮ ਲੈਂਦਿਆਂ ਹੋਇਆਂ ਆਪਣੇ ਦੋਵੇਂ ਖੱਤੇ ਗਹਿਣੇ ਧਰ ਦਿੱਤੇ 'ਤੇ ਸ਼ਰਨ ਦੇ ਕਨੇਡਾ ਜਾਣ ਦਾ ਪ੍ਰਬੰਧ ਕੀਤਾ।
    ਸ਼ਰਨ ਹੁਣ ਆਪਣੀਆਂ ਸਹੇਲੀਆਂ ਪਾਸ ਸਰੀ, ਕਨੇਡਾ ਪਹੁੰਚ ਗਈ। ਏਜੰਟ ਦੇ ਨਿਰਧਾਰਤ ਕਾਲਜ ਵਿੱਚ ਦਾਖ਼ਲਾ ਲੈ ਕੇ ਕੋਰਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਪੜ੍ਹਾਈ ਦੇ ਨਾਲ ਹੀ ਉਸਨੂੰ ਉਸਦੇ ਵੀਜ਼ੇ ਮੁਤਾਬਕ ਕੁੱਝ ਕੰਮ ਕਰਨ ਦੀ ਇਜ਼ਾਜਤ ਮਿਲ ਗਈ। ਸ਼ਰਨ ਆਪਣੀਆਂ ਬਾਕੀ ਸਹੇਲੀਆਂ ਨਾਲ ਸਰੀ ਵਿੱਚ ਕਿਰਾਏ 'ਤੇ ਰਹਿਣ ਲੱਗੀ।
    ਸਹੇਲੀਆਂ ਵਿੱਚੋਂ ਇੱਕ ਫੂਡ ਟੇਕ ਅਵੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ 'ਤੇ ਉਸਨੇ ਆਪਣੀ ਦੇਸ਼ੀ ਮਾਲਕਣ ਦੇ ਨਾਲ ਗੱਲ ਕਰਕੇ ਸ਼ਰਨ ਨੂੰ ਆਪਣੇ ਹੀ ਨਾਲ ਕੰਮ 'ਤੇ ਲੁਆ ਲਿਆ। ਅੰਗਰੇਜ਼ੀ ਬੋਲਣ ਅਤੇ ਸਮਝਣ ਦੀ ਅਜੇ ਦਿੱਕਤ ਹੋਣ ਕਰਕੇ ਪਿੱਛੇ ਰਸੋਈ ਵਿੱਚ ਭਾਂਡੇ ਮਾਂਜਣ ਅਤੇ ਸਾਫ਼ ਸਫ਼ਾਈ ਦਾ ਕੰਮ ਕਰਨ ਲੱਗ ਪਈ। ਕੰਮ ਦੀ ਮਾਲਕਣ ਸ਼ਰਨ ਨੂੰ ਹਮੇਸ਼ਾ ਤਾੜ ਕੇ ਰੱਖਦੀ ਕਿ ਉਹ ਸਫ਼ਾਈ ਵਿੱਚ ਕਿਤੇ ਢਿੱਲ ਨਾ ਵਰਤ ਜਾਏ, ''ਫੂਡ ਹਾਈਜੀਨ ਬਹੁਤ ਜ਼ਰੂਰੀ ਆ, ਹੈਲਥ ਇੰਨਸਪੈਕਟਰ ਹਰ ਤੀਜੇ ਦਿਨ ਸਿਰ 'ਤੇ ਚੜ੍ਹੇ ਰਹਿੰਦੇ ਨੇ, ਅਗਰ ਸਫ਼ਾਈ ਨਾ ਹੋਈ ਤਾਂ ਬੜਾ ਵੱਡਾ ਫਾਈਨ ਕਰ ਜਾਂਦੇ ਨੇ।'' ਸ਼ਰਨ ਇੱਕ ਨਿਮਾਣੀ ਜਿਹੀ ਹਾਲਤ ਵਿੱਚ ਮਾਲਕਣ ਦੀ ਤਾੜਨਾ ਦੀ ਹਾਮੀ ਭਰ ਕੇ ਸਿਰ ਹਿਲਾ ਦਿੰਦੀ। ''ਬੀਬੀ ਫ਼ਿਕਰ ਨਾ ਕਰੋ ਤੇਰੀ ਦੁਕਾਨ ਸਾਡੀ ਤਾਂ ਹੈ, ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ।''
    ਸ਼ਰਨ ਪਾਰਟ ਟਾਈਮ ਕਰਦੀ ਆਪਣੀ ਪੜ੍ਹਾਈ ਕਰਦੀ ਰਹੀ। ਪਰ ਸ਼ਰਨ ਨੂੰ ਆਪਣੀ ਆਖ਼ਰੀ ਮੰਜ਼ਿਲ ਅਜੇ ਵੀ ਦਿਖਾਈ ਨਹੀਂ ਦੇ ਰਹੀ ਸੀ। ਉਹ ਸੋਚਦੀ ਕਿ ਉਸ ਦੇ ਕੋਰਸ ਕਰਨ ਤੋਂ ਬਾਅਦ ਸਾਇਦ ਉਸ ਨੂੰ  ਪੀ. ਆਰ. ਨਾ ਮਿਲੇ।ਕਿਉਂਕਿ ਇਸ ਦਾ ਕੋਰਸ ਬਹੁਤਾ ਹੁਨਰ (SKILL) ਵਾਲਾ ਨਹੀਂ ਸੀ। ਉਸਨੂੰ ਡਰ ਸੀ ਕਿ ਕੋਰਸ ਕਰਨ ਉਪਰੰਤ ਉਸਨੂੰ ਕਿਤੇ ਪੰਜਾਬ ਵਾਪਸ ਨਾ ਜਾਣਾ ਪੈ ਗਿਆ ਤਾਂ ਕਹਿਰ ਹੋ ਜਾਏਗਾ, ਕਿਉੇਂਕਿ ਬਾਪੂ ਦੀ ਸਾਰੀ ਜਮੀਨ ਤਾਂ ਗਹਿਣੇ ਪੈ ਚੁੱਕੀ ਸੀ।ਪੱਕੇ ਹੋਣ ਦਾ ਇੱਕੋ ਇੱਕ ਰਸਤਾ ਸੀ ਕਿ ਉਹ ਕੋਰਸ ਕਰਨ ਉਪਰੰਤ ਕਿਸੇ ਕਨੇਡੀਅਨ ਨਾਗਰਿਕ ਨਾਲ ਵਿਆਹ ਕਰਾਵੇ। ਇਹ ਰਸਤਾ ਵੀ ਕੋਈ ਸੌਖਾ ਨਹੀਂ ਸੀ। ਸ਼ਰਨ ਨੂੰ ਭਲੀ ਭਾਂਤ ਪਤਾ ਸੀ ਕਿ ਮੁੰਡੇ ਦੋ ਸਾਲ ਕੁੜੀਆਂ ਨਾਲ ਘੁੰਮ ਫਿਰ ਕੇ, ਦੂਸਰੀਆਂ ਵਲ ਚੱਲੇ ਜਾਂਦੇ ਹਨ। ਬਹੁਤੇ ਤਾਂ ਕਨੇਡਾ ਦੇ ਜੰਮਪਲ ਕਨੇਡਾ ਦੀਆਂ ਜੰਮੀਆਂ ਪਲ੍ਹੀਆਂ ਕੁੜੀਆਂ ਨਾਲ ਹੀ ਆਪਣੀ ਦੋਸਤੀ ਪੁਗਾਉਂਦੇ ਹਨ 'ਤੇ ਵਿਆਹ ਕਰਵਾਉਂਦੇ ਹਨ।
    ਸ਼ਰਨ ਪੰਜਾਬ ਦੀ ਬੇਰੁਜ਼ਗਾਰੀ ਦਾ ਰਸਤਾ ਤਹਿ ਕਰਦੀ ਹੋਈ ਕਨੇਡਾ ਆਈ ਹੋਈ ਨੇ ਦਿਲ ਨਹੀਂ ਛੱਡਿਆ।ਸ਼ਾਇਦ ਬੇਰੁਜ਼ਗਾਰੀ ਅਤੇ ਪੁਰਖ਼ਿਆਂ ਦੀ ਜੱਦੀ ਜ਼ਮੀਨ ਨੂੰ ਦਾਅ 'ਤੇ ਲਾ ਕੇ ਆਈ ਸ਼ਰਨ ਦਾ ਮਨ ਹੁਣ ਦ੍ਰਿੜ੍ਹ ਹੋ ਗਿਆ ਸੀ।ਉਵੇਂ ਵੀ ਜਿੰਦਗੀ ਦੇ ਕੌੜੇ ਤਜ਼ਰਬਿਆਂ ਨੇ ਸ਼ਰਨ ਵਿੱਚ ਔਖਆਈਆਂ ਨਾਲ ਮੱਥਾ ਲਾਉਣ ਦੀ ਤਾਕਤ ਭਰ ਦਿੱਤੀ ਸੀ। ਉਹ ਹਨ੍ਹੇਰੇ ਵਿੱਚੋਂ ਵੀ ਚਾਨਣ ਦੀ ਕਿਰਨ ਲੱਭ ਰਹੀ ਸੀ।
    ਸ਼ਰਨ ਦੀ ਜ਼ਿੰਦਗੀ ਪਹਿਲਾਂ ਹੀ ਸਖ਼ਤ ਇਮਤਿਹਾਨਾਂ ਵਿੱਚੋਂ ਲੰਘ ਰਹੀ ਸੀ, ਪਰ ਹੁਣ ਉਸਨੂੰ ਇੱਕ ਹੋਰ ਮੁਸੀਬਤ ਨੇ ਘੇਰ ਲਿਆ। ਉਸ ਦੀ ਮਾਲਕਣ ਨੇ ਕੰਮ ਤੋਂ ਇਸਨੂੰ ਇਸ ਕਰਕੇ ਜਵਾਬ ਦੇ ਦਿੱਤਾ ਕਿ ਰੈਸਟੋਰੈਂਟ ਦੀ ਕਮਾਈ ਘੱਟ ਗਈ ਹੈ। ਉਸ ਦਾ ਮਾੜਾ ਮੋਟਾ ਖਰਚੇ ਦਾ ਸਾਧਨ ਵੀ ਜਾਂਦਾ ਲੱਗਾ। ਸ਼ਰਨ ਲਈ ਬਿਨਾਂ ਕਿਸੇ ਆਮਦਨ ਤੋਂ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਕਾਲਜ ਦੀ ਫ਼ੀਸ, ਕਮਰੇ ਦਾ ਕਿਰਾਇਆ ਅਤੇ ਹੋਰ ਖ਼ਰਚੇ। ਸ਼ਰਨ ਇੱਕ ਦਿਨ ਘਰ ਦੇ ਪਿਛਵਾੜੇ ਫ਼ਿਕਰਾਂ ਵਿੱਚ ਸਿਰ ਫੜੀ ਬੈਠੀ ਨੂੰ ਉਸਦੀ ਗੁਆਂਢਣ ਸੀਤੋ ਨੇ ਸ਼ਰਨ ਨੂੰ ਉਦਾਸ ਦੇਖ ਕੇ ਪੁੱਛ ਹੀ ਲਿਆ, ''ਨੀ ਧੀਏ! ਉਦਾਸ ਕਿਉਂ ਬੈਠੀਂ ਹੈਂ, ਪਿੱਛੇ ਪਰਿਵਾਰ ਤਾਂ ਸਭ ਠੀਕ ਠਾਕ ਹੈ?'' ਸ਼ਰਨ ਨੇ ਮਾਯੂਸੀ ਵਿੱਚ ਜਵਾਬ ਦਿੱਤਾ, ''ਆਂਟੀ ਮੇਰਾ ਪਿਛਲੇ ਹਫ਼ਤੇ ਕੰਮ ਛੁੱਟ ਗਿਆ ਹੈ, ਹੁਣ ਸਮਝ ਹੀ ਨਹੀਂ ਲੱਗਦੀ ਖ਼ਰਚ ਕਿਵੇਂ ਤੁਰੂ!''
    ਸੀਤੋ ਨੇ ਪਹਿਲਾਂ ਤਾਂ ਸੋਚਿਆ ਕਿ ਸ਼ਰਨ ਪੜ੍ਹੀ ਲਿਖੀ ਕੁੜੀ ਹੋਣ ਕਰਕੇ ਫਾਰਮਾਂ ਦੇ ਕੰਮ ਨੂੰ ਨਾਂਹ ਕਰੇਗੀ, ਪਰ ਫਿਰ ਵੀ ਪੁੱਛ ਲਿਆ, ''ਧੀਏ ਫਾਰਮ ਵਿੱਚ ਬਲੂਬਰੀ (ਬੇਰੀਆਂ) ਤੋੜਨ ਦਾ ਕੰਮ ਕਰਨਾ ਚਾਹੁੰਦੀ ਹੈਂ?'' ਸ਼ਰਨ ਦੇ ਮੂਹਰੇ ਇੱਕਦਮ ਉਹ ਤਸਵੀਰ ਆ ਗਈ ਜਿਹੜੀ ਇਸ ਦੀਆਂ ਸਹੇਲੀਆਂ ਨੇ ਆਪਣੀਆਂ ਦੇਸੀ ਬੀਬੀਆਂ ਦੀ ਬੇਰੀਆਂ ਤੋੜਨ ਬਾਰੇ ਦੱਸੀ ਸੀ ਕਿ ਕਿਵੇਂ ਮੀਂਹ ਨ੍ਹੇਰੀਆਂ ਅਤੇ ਧੁੱਪਾਂ ਵਿੱਚ ਵੀ ਸਾਰਾ ਦਿਨ ਕੁੱਬੇ ਹੋ ਕੇ ਪਿੱਠ ਪਿੱਛੇ ਬੇਰੀਆਂ ਦੀ ਬਾਲਟੀ ਲਟਕਾਈ, ਬੇਰੀਆਂ ਤੋੜਨੀਆਂ ਪੈਂਦੀਆਂ ਹਨ। ਪਰ ਸ਼ਰਨ ਨੂੰ ਦੂਸਰੇ ਪਾਸੇ ਕਾਲਜ ਦੀ ਫ਼ੀਸ ਅਤੇ ਰਹਿਣ ਦਾ ਖ਼ਰਚਾ ਵੱਢ-ਵੱਢ ਖਾ ਰਿਹਾ ਸੀ। ਸ਼ਰਨ ਨੇ ਆਪਣੇ ਖ਼ਰਚਿਆਂ ਦੀਆਂ ਜ਼ਰਬਾਂ ਤਕਸੀਮਾਂ ਦੇ ਕੇ ਸੀਤੋ ਨੂੰ ਸਵੇਰੇ ਕੰਮ 'ਤੇ ਜਾਣ ਦੀ ਹਾਂ ਕਰ ਦਿੱਤੀ।
    ਸ਼ਰਨ ਨੇ ਆਪਣੀ ਆਂਟੀ ਦੀ ਦਿੱਤੀ ਹਦਾਇਤ ਮੁਤਾਬਿਕ ਸਵੇਰੇ ਉੱਠ ਕੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਚਾਹ ਵਾਲੀ ਬੋਤਲ ਝੋਲੇ ਵਿੱਚ ਪਾ ਕੇ ਘਰ ਦੇ ਦਰਵਾਜ਼ੇ ਅੱਗੇ ਖੜ੍ਹ ਗਈ। ਪੈਰੀਂ ਪਲਾਸਟਿਕ ਦੀ ਵੱਡੀ ਸਾਰੀ ਜੁੱਤੀ (ਵੈਲਿੰਗਟਨ) ਪਾ ਲਈ ਤਾਂ ਕਿ ਗਾਰੇ ਨਾਲ ਪੈਰ ਨਾ ਲਿਬੜਨ ਅਤੇ ਮੈਲੇ ਕੁਚੈਲੇ ਕੱਪੜੇ ਪਾ ਕੇ ਤਿਆਰ ਹੋ ਕੇ ਖ਼ੜੀ ਸ਼ਰਨ, ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕੋਈ ਭੱਈਏਆਣੀ ਕਿਸੇ ਜੱਟ ਦੇ ਝੋਨਾ ਲਾਉਣ ਚੱਲੀ ਹੋਵੇ।
       ਕੰਮ 'ਤੇ ਲਿਜਾਣ ਵਾਲੇ ਦੇਸੀ ਡਰਾਈਵਰ ਨੇ ਅੱਗ ਦੇ ਭੰਬੂਕੇ ਵਾਂਗ ਵੈਨ ਸ਼ਰਨ ਦੇ ਬੂਹੇ ਅੱਗੇ ਖੜ੍ਹੀ ਕੀਤੀ। ਸ਼ਰਨ ਵੈਨ ਵਿੱਚ ਬਹਿ ਗਈ, ਪਰ ਉਸ ਦੀ ਆਂਟੀ ਸੀਤੋ ਜਿਸ ਨੇ ਇਸੇ ਹੀ ਵੈਨ ਵਿੱਚ ਜਾਣਾ ਸੀ, ਉਹ ਅਜੇ ਆਈ ਨਾ। ਡਰਾਈਵਰ ਨੇ ਚਾਰ ਪੰਜ ਹਾਰਨ ਮਾਰੇ ਤਾਂ ਸੀਤੋ ਘਰੋਂ ਛਾਲਾਂ ਮਾਰਦੀ ਹੋਈ ਡਰਾਇਵਰ 'ਤੇ ਬੁੱੜਕ ਪਈ, '' ਤੇਤੋਂ ਜਿਗਰਾ ਨੀ ਕਰ ਹੁੰਦਾ, ਟੈਂ ਟੈਂ ਲਾਈ ਆ। ਗੁਆਂਢੀ ਗੋਰੇ ਕੀ ਆਖਣਗੇ, ਇੰਡੀਅਨਾਂ ਨੂੰ ਅਕਲ ਹੀ ਨਈਂ!'' ਜਵਾਬ ਵਿੱਚ ਡਰਾਈਵਰ ਸੀਤੋ ਨੂੰ ਝਿੜਕਾਂ ਲੈ ਕੇ ਪੈ ਗਿਆ, ''ਸੀਤੋ ਤੈਨੂੰ ਵੀਹ ਵਾਰ ਆਖਿਆ ਕਿ ਟੈਮ ਸਿਰ ਤਿਆਰ ਹੋਇਆ ਕਰ, ਤੈਨੂੰ ਇਹ ਨਹੀਂ ਪਤਾ ਮੈਂ ਰਸਤੇ 'ਚੋਂ ਹੋਰ ਦਸ ਕੁੜੀਆਂ ਚੁੱਕਣੀਆਂ?'' ਸ਼ਰਨ ਡਰਾਈਵਰ ਦੀ ਇਸ ਦੇਸੀ ਬੋਲੀ ਤੋਂ ਬੁੱਲਾਂ ਵਿੱਚ ਮੁਸਕਰਾਈ। ਡਰਾਈਵਰ ਜ਼ਨਾਨੀਆਂ ਨੂੰ ਫਾਰਮ ਕੰਢੇ ਲਾਹ ਕੇ ਦੂਸਰੀ ਸ਼ਿਫ਼ਟ ਦੀਆਂ ਜ਼ਨਾਨੀਆਂ ਨੂੰ ਚੁੱਕਣ ਚਲਿਆ ਗਿਆ।
    ਸ਼ਰਨ ਨੂੰ ਕੰਮ 'ਤੇ ਇੱਕ ਬਾਲਟੀ ਦੇ ਦਿੱਤੀ ਗਈ। ਇਸ ਨੇ ਪਿੱਠ ਪਿੱਛੇ ਬਾਲਟੀ ਬੰਨੀ ਅਤੇ ਇਸ ਤਰਾਂ ਲੱਗ ਰਹੀ ਸੀ ਜਿਵੇਂ ਕਿਸੇ ਜ਼ਨਾਨੀ ਨੇ ਆਪਣੇ ਨਵੇਂ ਜੰਮੇ ਬੱਚੇ ਨੂੰ ਪਿੱਠ ਪਿੱਛੇ ਬੰਨ੍ਹ ਕੇ ਕਪਾਹ ਚੁੱਗਣੀ ਹੋਵੇ। ਜ਼ਨਾਨੀਆਂ ਜਿੰਨੀਆਂ ਵੀ ਬਲੂਬਰੀ ਭਰੀਆਂ ਬਾਲਟੀਆਂ ਤੋੜਦੀਆਂ, ਉਹ ਭਰਨ ਉਪਰੰਤ ਇੱਕ ਵੱਡੇ ਸਾਰੇ ਭਾਂਡੇ ਵਿੱਚ ਪਾਈ ਜਾਂਦੀਆਂ, ਤੇ ਇਨ੍ਹਾਂ ਬਾਲਟੀਆਂ ਦਾ ਹਿਸਾਬ ਕਿਤਾਬ ਇੱਕ ਦੇਸੀ ਸੁਪਰਵਾਈਜ਼ਰ ਇੱਕ ਰਜਿਸਟਰ ਤੇ ਲਿਖ ਕੇ ਰੱਖਦਾ। ਕਿਸੇ-ਕਿਸੇ ਹੌਲੀ ਹੌਲੀ ਬਲੂਬਰੀਆਂ ਤੋੜਨ ਵਾਲੀ ਜ਼ਨਾਨੀ ਨੂੰ ਦੇਖ ਕੇ ਸੁਪਰਵਾਜ਼ਿਰ ਤਾੜਨਾ ਕਰਦਾ ਹੋਇਆ ਤੇਜ਼ ਹੋਣ ਲਈ ਵੀ ਕਹਿੰਦਾ, ''ਇੰਡੀਆ 'ਚ ਕਹਿੰਦੀਆਂ ਸਨ ਕਿ ਡਾਲਰ ਦਰੱਖ਼ਤਾਂ ਨੂੰ ਲੱਗਦੇ ਹਨ, ਹੁਣ ਚੁੱਗ ਲਓ ਜਿੰਨੇ ਚੁਗਣੇ।''
      ਸ਼ਰਨ ਦੀ ਬਲੂਬਰੀਆਂ ਤੋੜਨ ਦੀ ਰਫ਼ਤਾਰ ਹੌਲ਼ੀ ਸੀ। ਜਿੰਨ੍ਹਾ ਉਂਗਲਾਂ ਨੇ ਸਾਰੀ ਉਮਰ ਕਲਮ ਚਲਾਈ ਹੋਵੇ ਉਹ ਉਂਗਲਾਂ ਭਲਾ ਬਲੂਬਰੀਆਂ ਕਿਵੇਂ ਤੋੜਨ? ਬਾਕੀ ਜ਼ਨਾਨੀਆਂ ਜਿੱਥੇ ਤਿੰਨ-ਤਿੰਨ ਬਾਲਟੀਆਂ ਭਰੀ ਜਾਣ, ਇਸ ਤੋਂ ਇੱਕ ਵੀ ਭਰੇ ਨਾ। 'ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਰੱਬਾ ਤੁਰਨਾ ਪਿਆ' ਦੇ ਰਾਹਾਂ ਤੇ ਤੁਰਦੀ ਗਈ ਸ਼ਰਨ ਬਲੂਬਰੀਆਂ ਤੋੜਦੀ ਰਹੀ ਅਤੇ ਆਪਣੇ ਪੜ੍ਹਾਈ ਦਾ ਪੈਂਡਾ ਤਹਿ ਕਰਦੀ ਰਹੀ।
    ਪਰ ਸ਼ਰਨ ਦੀ ਇਸ ਮੰਜ਼ਿਲ ਪਾਉਣ ਤੋਂ ਬਾਅਦ ਇਸ ਦੀ ਅਸਲੀ ਮੰਜ਼ਿਲ ਕਨੇਡਾ ਵਿੱਚ ਪੱਕੇ ਹੋਣ ਦੀ ਜਿਉਂ ਦੀ ਤਿਉਂ ਖੜ੍ਹੀ ਸੀ। ਸ਼ਰਨ ਦੀਆਂ ਸਹੇਲੀਆਂ ਨੇ ਉਸ ਨੂੰ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਸਲਾਹ ਦਿੰਦੀਆਂ, ''ਸ਼ਰਨ ਸਾਧਣੀ ਬਣ ਕੇ ਕਨੇਡਾ 'ਚ ਪੱਕੇ ਹੋਣ ਦੀ ਆਸ ਛੱਡ ਦੇ, ਜੇ ਪੀ ਆਰ ਚਾਹੁੰਦੀ ਹੈਂ ਤਾਂ ਕੋਈ ਕਨੇਡਾ ਦਾ ਪੱਕਾ ਪੰਛੀ ਲੱਭ ਕੇ ਉਸ 'ਤੇ ਜਾਲ਼ ਸੁੱਟ ਲੈ।''  ਪਰ ਸ਼ਰਨ ਇਹ ਸਲਾਹ ਨੂੰ ਬੜਾ ਹੀ ਜੋਖ਼ਿਮ ਭਰਿਆ ਅਤੇ ਘਟੀਆ ਸਮਝ ਰਹੀ ਸੀ।ਉਹ ੳਾਪਣੀਆਂ ਸਹੇਲੀਆਂ ਨੂੰ ਨੋੜਵਾਂ ਜਵਾਬ ਦਿੰਦੀ, ''ਕੀ ਪਤਾ ਕੋਈ ਅਨਜਾਣ ਜਾਨਵਰ ਅੰਬੀਆਂ ਚੂਪ ਕੇ ਕਿਸੇ ਹੋਰ ਟਾਹਣੀ 'ਤੇ ਬੈਠ ਜਾਏ? ਨਾ ਇੱਜ਼ਤ ਰਹੇਗੀ ਅਤੇ ਨਾ ਹੀ ਪੀ. ਆਰ. ਮਿਲੇਗੀ।'' ਉਸ ਦੀਆਂ ਸਹੇਲੀਆਂ ਵਿੱਚੋਂ ਇੱਕ ਧਾਕੜ ਸਹੇਲੀ ਬੋਲੀ, ''ਮੁਟਿਆਰ ਵਿੱਚ ਮੱੜਕ ਚਾਹੀਦੀ ਹੈ ਅਤੇ ਬੋਲਾਂ ਵਿੱਚ ਰੜਕ ਚਾਹੀਦੀ ਹੈ, ਕਿਹੜਾ ਮਰਦ ਇਹੋ ਜਿਹੀ ਗ਼ੁਸਤਾਖ਼ੀ ਕਰ ਜਾਊ?'' ਸ਼ਰਨ ਨੇ ਸਾਫ਼-ਸਾਫ਼ ਜਵਾਬ ਦੇ ਦਿੱਤਾ, ''ਨੀਂ ਭੈਣੇਂ ਮੇਰੇ 'ਚ ਇੰਨੀ ਰੜਕ ਅਤੇ ਮੜਕ ਨਹੀਂ ਅਤੇ ਨਾ ਹੀ ਮੈਂ ਇਸ ਪੰਗੇ 'ਚ ਪੈਣਾ।''
      ਸ਼ਰਨ ਦੇ ਪਾਸ ਕਨੇਡਾ ਵਿੱਚ ਕੁੱਝ ਸਮਾਂ ਹੋਰ ਰਹਿਣ ਸਕਣ ਦਾ ਇੱਕੋ ਢੰਗ ਸੀ ਕਿ ਉਹ ਇੱਕ ਹੋਰ ਕੋਰਸ ਦੀ ਫ਼ੀਸ ਭਰੇ ਤਾਂ ਉਸ ਨੂੰ ਵੀਜ਼ੇ ਦੀ ਬਢੌਤਰੀ ਮਿਲ ਸਕਦੀ ਸੀ।ਉਸਨੇ ਇਵੇਂ ਹੀ ਕੀਤਾ, ਇੱਕ ਹੋਰ ਕੋਰਸ ਲਈ ਨਾ ਚਾਹੁੰਦੇ ਹੋਏ ਵੀ ਦਾਖ਼ਲਾ ਭਰ ਦਿੱਤਾ। ਹੁਣ ਸ਼ਰਨ ਦੂਸਰਾ ਕੋਰਸ ਕਰਨ ਲੱਗੀ ਅਤੇ ਫ਼ਾਰਮਾਂ ਵਿੱਚ ਕੰਮ ਕਰਦੀ ਰਹੀ।
     ਸਹੇਲੀਆਂ ਦੀ ਦਿੱਤੀ ਚੰਗੀ ਮੰਦੀ ਸਲਾਹ ਨੂੰ ਕੁਦਰਤੀ ਤੌਰ ਤੇ ਬੂਰ ਪੈਣ ਲੱਗਾ।ਇੱਕ ਦਿਨ ਫਾਰਮ ਵਿੱਚ ਕੰਮ ਕਰਦਿਆਂ ਇਸ ਦੀ ਮੁਲਾਕਾਤ ਫਾਰਮ ਵਿੱਚ ਹੀ ਕੰਮ ਕਰਦੇ ਸ਼ਮਸ਼ੇਰ ਨਾਲ ਹੋ ਗਈ। ਇਹ ਕਨੇਡਾ ਵਿਆਹ ਕਰਨ ਦੇ ਜ਼ਰ੍ਹੀਏ ਆਇਆ ਸੀ ਪਰ ਇਸ ਦੀ ਵਹੁਟੀ ਇਸ ਨੂੰ ਵਿਆਹ ਤੋਂ ਛੇਤੀ ਹੀ ਬਾਅਦ ਛੱਡ ਗਈ ਸੀ। ਇਸ ਦੇ ਮਿੰਨਤਾਂ ਤਰਲੇ ਕਰਨ ਕਰਕੇ ਇਸ ਨੂੰ ਪੀ. ਆਰ. ਤਾਂ ਦੁਆ ਗਈ ਸੀ ਪਰ ਇਸ ਨਾਲ ਰਹਿਣ ਤੋਂ ਇਨਕਾਰੀ ਸੀ। ਸ਼ਾਇਦ ਵਿਆਹ ਤੋਂ ਪਹਿਲਾਂ ਇਸ ਕੁੜੀ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਸੀ, ਪਰ ਘਰਦਿਆਂ ਨੇ ਜ਼ਬਰਦਸਤੀ ਇਸ ਦਾ ਵਿਆਹ ਸਮਸ਼ੇਰ ਨਾਲ ਕਰ ਦਿੱਤਾ ਸੀ।
         ਸਮਸ਼ੇਰ ਅਜੇ ਤਾਜ਼ਾ-ਤਾਜ਼ਾ ਭਾਰਤ ਤੋਂ ਆਇਆ ਹੋਣ ਕਰਕੇ ਆਪਣੇ ਵਿਆਹ ਲਈ ਚਾਰ ਪੈਸੇ ਜੋੜਨੇ ਚਾਹੁੰਦਾ ਸੀ। ਸ਼ਰਨ ਨੂੰ ਗੱਲਾਂ ਬਾਤਾਂ ਵਿੱਚ ਸਮਸ਼ੇਰ ਦੇ ਪਿਛੋਕੜ ਵਾਰੇ ਤਾਂ ਪਤਾ ਲੱਗ ਗਿਆ ਸੀ ਪਰ ਕਾਹਲੀ ਨਾਲ ਤੱਤੇ ਦੁੱਧ ਨੂੰ ਮੂੰਹ ਲਾ ਕੇ ਬੁੱਲੀਆਂ ਸਾੜਨੀਆਂ ਨਹੀਂ ਚਾਹੁੰਦੀ ਸੀ।ਨਾਲੇ ਆਪੇ ਤਾਂ ਸਹੇਲੀਆਂ ਨੂੰ ਵਰਜਦੀ ਹੁੰਦੀ ਸੀ ਕਿ ਅਨਜਾਣ ਪੰਛੀਆ ਤੋਂ ਅੰਬਾਂ ਨੂੰ ਟੁੱਕਣ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਇਹੀ ਧਾਰਨਾ ਸਮਸ਼ੇਰ ਦੀ ਸੀ, ਜਿਸ ਨੇ ਸੁਣ ਰੱਖਿਆ ਸੀ ਕਿ ਬਾਹਰ ਪੱਕੇ ਹੁੰਦਿਆਂ ਸਾਰ ਹੀ ਕੁੜੀਆਂ ਚੰਗੇ ਭਲੇ ਮੁੰਡਿਆਂ ਦੀ ਪਿੱਠ 'ਤੇ ਲੱਤ ਮਾਰ ਕੇ ਕਿਨਾਰਾ ਕਰ ਜਾਂਦੀਆਂ ਹਨ।
        ਸਮਸ਼ੇਰ ਵਾਂਗ ਸ਼ਰਨ ਵੀ ਆਪਣੀ ਜ਼ਿੰਦਗੀ ਦੀ ਘੁੱਪ ਹਨੇਰ ਸੁਰੰਗ ਪਿੱਛੋਂ ਰੋਸ਼ਨੀ ਦੀ ਭਾਲ਼ ਕਰ ਰਿਹਾ ਸੀ। ਦੂਸਰੇ ਪਾਸੇ ਸਮਸ਼ੇਰ ਨੂੰ ਸ਼ਰਨ ਵਿੱਚ ਇੱਕ ਸਦੀਵੀ ਜੀਵਨ ਸਾਥਣ ਦੀ ਆਸ ਵੱਝਦੀ ਦਿਸ ਰਹੀ ਸੀ।ਸ਼ਮਸ਼ੇਰ ਅਤੇ ਸ਼ਰਨ ਗੁੱਝੇ ਗੁੱਝੇ ਇੱਕ ਦੂਸਰੇ ਨੂੰ ਪਰਖਦੇ ਰਹੇ ਪਰ ਬਹੁਤਾ ਨਜ਼ਦੀਕ ਹੋਣ ਦਾ ਹੌਸਲਾ ਨਾ ਕਰਨ।ਪਰ ਦਰਿਆਵਾਂ ਦੇ ਪਾਣੀਆਂ ਨੂੰ ਕੋਈ ਕਿੰਨਾ ਕੁ ਚਿਰ ਬੰਨ ਲਾ ਕੇ ਡੱਕੀ ਰੱਖੂ, ਅਖੀਰ ਨੂੰ ਆਪਣੇ ਜੋਰ ਨਾਲ ਹੱਦਾਂ ਬੰਨੇ ਤੋੜ ਹੀ ਦਿੰਦੇ ਹਨ। ਦੋਹਾਂ ਦਾ ਆਪਸੀ ਪਿਆਰ ਜ਼ਿੰਦਗੀ ਦੇ ਭਰਮਾਂ ਭੁਲੇਖਿਆਂ 'ਤੇ ਭਾਰੂ ਪੈ ਗਿਆ।
        ਦੋਹਾਂ ਦੇ ਪਿਆਰ ਦੀਆਂ ਤਾਰਾਂ ਵਿੱਚੋਂ ਇਸ਼ਕ ਦਾ ਮਧੁਰ ਸੰਗੀਤ ਗੂੰਜਣ ਲੱਗ ਪਿਆ। ਰੋਜ਼ ਕੰਮ ਕਰਦਿਆਂ ਮੁਲਾਕਾਤ ਡੂੰਘੀ ਹੁੰਦੀ ਗਈ। ਇੱਕ ਦਿਨ ਸ਼ਰਨ ਨੇ ਸ਼ਮਸ਼ੇਰ ਨੂੰ ਪੁੱਛ ਹੀ ਲਿਆ। ''ਦੇਖ ਸ਼ਮਸ਼ੇਰ ਲੱਗਦਾ ਹੈ ਕਿ ਸਾਡੀ ਦੋਵੇਂ ਦੀ ਜ਼ਿੰਦਗੀਆਂ ਦੀਆਂ ਬੇੜੀਆਂ ਇੱਕੋ ਜਿਹੀਆਂ ਘੁੰਮਣ ਘੇਰੀਆਂ ਦੀਆਂ ਸ਼ਿਕਾਰ ਹਨ, ਕਿਉਂ ਨਾ ਆਪਾਂ ਦੋਵੇਂ ਜ਼ਿੰਦਗੀ ਦਾ ਕੋਈ ਪੱਕਾ ਕਿਨਾਰਾ ਲੱਭ ਲਈਏ?'' ਸਮਸ਼ੇਰ ਨੂੰ ਲੱਗਾ ਕਿ ਸ਼ਰਨ ਨੇ ਉਸ ਦੇ ਦਿਲ ਦੀ ਗੱਲ ਕੀਤੀ ਹੈ, ਤੇ ਉਸਨੂੰ ਆਖ ਦਿੱਤਾ ਕਿ ਉਹ ਤਾਂ ਆਪ ਵੀ ਇਸ ਨੂੰ ਪੁੱਛਣ ਵਾਲਾ ਹੀ ਸੀ।ਆਖ਼ਿਰ ਨੂੰ ਇਹ ਪਿਆਰ ਭੁੱਖੀਆਂ ਰੂਹਾਂ ਇੱਕ ਦੂਜੇ ਦੀ ਗਲਵੱਕੜੀ ਵਿੱਚ ਆ ਗਈਆਂ। ਦੋਹਾਂ ਨੇ ਆਪਣੇ ਮਾਪਿਆਂ ਨੂੰ ਇਸ ਸ਼ੁਭ ਖ਼ਬਰ ਦੀ ਜਾਣਕਾਰੀ ਦੇ ਦਿੱਤੀ।ਦੋਹਾਂ ਦੇ ਮਾਪੇ ਇਨ੍ਹਾਂ ਦੀ ਪਸੰਦ 'ਤੇ ਬੇਹੱਦ ਖੁਸ਼ ਹੋਏ ਅਤੇ ਇਸ ਚੰਗੇ ਕਾਰਜ਼ ਨੂੰ ਛੇਤੀ ਨੇਪਰੇ ਚ੍ਹਾੜਨ ਦੀ ਤਗੀਦ ਕੀਤੀ।
    ਸਮਸ਼ੇਰ ਨੇ ਆਪਣੀ ਬੈਂਕ 'ਚ ਜਮਾਂ ਰਾਸ਼ੀ ਨਾਲ ਇੱਕ ਸਧਾਰਨ ਵਿਆਹ ਕਰਨ ਦਾ ਸ਼ਰਨ ਨੂੰ ਭਰੋਸਾ ਦੁਆਇਆ ਅਤੇ ਦੋ ਕੁ ਹਫ਼ਤਿਆਂ ਵਿੱਚ ਹੀ ਵਿਆਹ ਰੱਖ ਲਿਆ।ਅਜੇ ਇਸ ਖ਼ਬਰ ਨੂੰ ਆਪਣੇ ਦੋਹਾਂ ਵਿਚਕਾਰ ਹੀ ਰੱਖਿਆ।ਜਦੋਂ ਸ਼ਰਨ ਨੇ ਆਪਣੀਆਂ ਸਹੇਲੀਆਂ ਨੂੰ ਇਹ ਖ਼ਬਰ ਅਚਾਨਕ ਸੁਣਾਈ ਤਾਂ ਉਹ ਦੰਗ ਰਹਿ ਗਈਆਂ ਤਾਂ ਉਨ੍ਹਾਂ 'ਚੋਂ ਇੱਕ ਆਖਣ ਲੱਗੀ, '' ਬੜੀ ਛੁੱਪੀ ਰੁੱਸਤਮ ਨਿਕਲੀ, ਸਾਨੂੰ ਆਖਦੀ ਸੀ ਕਿ ਮੈਂ ਅਣਜਾਣਾਂ ਨਾਲ ਇਹੋ ਜਿਹਾ ਪੰਗਾ ਨਹੀਂ ਲੈਣਾ, ਹੁਣ ਇਸ ਸ਼ਿਕਾਰੀ ਦੇ ਜਾਲ ਵਿੱਚ ਚਿੱਟੀ ਕਬੂਤਰੀ ਕਿਵੇਂ ਫਸ ਗਈ?''
      ਦੂਸਰੀ ਸਹੇਲੀ ਨੇ ਇੱਕ ਤੀਰ ਹੋਰ ਛੱਡ ਦਿੱਤਾ, '' ਆਪੇ ਫ਼ੜਾਂ ਮਾਰਦੀ ਸੀ ਕਿ ਅਨਜਾਣ ਪੰਛੀਆਂ ਤੋਂ ਅੰਬੀਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਹੁਣ ਪਤਾ ਨਹੀਂ ਕਿੱਦਾਂ ਕਿਸੇ ਅਨਜਾਣ ਪੰਛੀ ਨੂੰ ਆਪਣੇ ਦਰੱਖਤ ਤੇ ਬੈਠਣ ਦੇ ਦਿੱਤਾ?'' ਸ਼ਰਨ ਸ਼ਰਮਾਉਂਦੀ ਹੋਈ ਨੇ ਉਨ੍ਹਾਂ ਸਹੇਲੀਆਂ ਦੇ ਤਿੱਖੇ ਵਾਰ ਰੋਕ ਲਏ, ''ਜਾਹ ਭੈਣੇਂ ਇਹੋ ਜਿਹੇ ਮਜ਼ਾਕ ਨਹੀਂ ਕਰੀਦੇ, ਸਮਸ਼ੇਰ ਤਾਂ ਮੇਰੀ ਜਿੰਦ ਜਾਨ ਹੈ। ਮੈਂ ਕਿਹੜਾ ਉਸਨੂੰ ਫ਼ਾਰਮਾਂ 'ਚ ਭਾਲਣ ਗਈ ਸੀ, ਰੱਬ ਨੇ ਇਹ ਜੁਗਾੜ ਆਪੇ ਹੀ ਤਾਂ ਬਣਾ ਦਿੱਤਾ।ਹੁਣ ਤੁਸੀ ਮੂਹਰਲੇ ਐਤਵਾਰ ਨੂੰ ਵਿਆਹ ਦੀ ਤਿਆਰੀ ਕਰੋ ਅਤੇ ਤੁਸੀਂ ਹੀ ਰਲ ਮਿਲ ਕੇ ਸਾਡੇ ਦੋਹਾਂ ਦੇ ਨਾਨਕੇ ਦਾਦਕੇ ਬਣਨਾ ਹੈੇ।''