ਬਹਾਦਰ ਥਾਣੇਦਾਰ - ਬਲਵੰਤ ਸਿੰਘ ਗਿੱਲ

ਗੁਰਚੇਤ ਸਿੰਘ ਇੱਕ ਸੁੱਘੜ ਅਤੇ ਸਿਆਣਾ ਸਕੂਲ ਮਾਸਟਰ ਸੀ। ਆਪਣੇ ਕਿੱਤੇ ਵਿੱਚ ਉਹ ਏਨਾ ਮਾਹਰ ਸੀ ਕਿ ਉਸ ਦੇ ਸਾਰੇ ਵਿਦਿਆਰਥੀ ਉਸ ਦੀ ਸਿਆਣਪ ਦੀ ਕਦਰ ਕਰਦੇ ਸਨ।ਉਸਨੇ ਆਪਣੇ ਹੱਥ ਵਿੱਚ ਕਦੇ ਸੋਟੀ ਨਹੀਂ ਸੀ ਫੜੀ ਪਰ ਉਸ ਦੀ ਕਲਾਸ ਦਾ ਨਤੀਜਾ ਹਮੇਸ਼ਾ ਅੱਬਲ ਹੁੰਦਾ। ਮਾਪਿਆਂ ਦੀ ਸੇਵਾ ਅਤੇ ਸਤਿਕਾਰ ਵਰਗੇ ਚੰਗੇ ਸਮਾਜਿਕ ਗੁਣ ਬੱਚਿਆ ਨੁੰ ਸਿਖਾਉਂਦਾ ਰਹਿੰਦਾ।ਦਿਨ ਦੀ ਪੜ੍ਹਾਈ ਦੀ ਪੂਰੀ ਤਿਆਰੀ ਕਰਕੇ ਬੱਚਿਆਂ ਨੂੰ ਪੜਾਉਂਦਾ ਅਤੇ ਕੰਮਜ਼ੋਰ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦਿੰਦਾ। ਗੱਲ ਕੀ ਸਾਰੇ ਇਲਾਕੇ ਵਿੱਚ ਗੁਰਚੇਤ ਸਿੰਘ ਦੇ ਪੜ੍ਹਾਉਣ ਦੇ ਤਰੀਕੇ ਦੀ ਸਿਫ਼ਤ ਹੁੰਦੀ ਸੀ।
ਗੁਰਚੇਤ ਸਿੰਘ ਜਿੰਨਾ ਸਿਆਣਾ ਸਕੂਲ ਮਾਸਟਰ ਸੀ, ਵਿਚਾਰਾ ਉਨਾ ਹੀ ਗ਼ਰੀਬੀ ਨੇ ਘੇਰਿਆ ਹੋਇਆ ਸੀ। ਜ਼ਮੀਨ ਦੇ ਸਿਰਫ਼ ਤਿੰਨ ਖੇਤ ਸਨ, ਜਿਹੜੇ ਕਿ ਉਸ ਨੇ ਅੱਧ ਵਟਾਈ 'ਤੇ ਦਿੱਤੇ ਹੋਏ ਸਨ। ਪਤਨੀ ਟੀ. ਬੀ. ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੀ ਸੀ।ਤਨਖ਼ਾਹ ਦੇ ਜਿਹੜੇ ਚਾਰ ਪੈਸੇ ਆਉਂਦੇ ਸਨ, ਉਹ ਉਸਦੀ ਬੀਮਾਰੀ 'ਤੇ ਲੱਗਦੇ ਜਾ ਰਹੇ ਸਨ। ਗੁਰਚੇਤ ਸਿੰਘ ਦਾ ਇੱਕੋ ਇੱਕ ਪੁੱਤਰ ਮੁਖ਼ਤਿਆਰ ਸਿੰਘ ਸੀ, ਜਿਹੜਾ ਕਿ ਅਜੇ ਹਾਈ ਸਕੂਲ ਵਿੱਚ ਪੜ੍ਹ ਰਿਹਾ ਸੀ।
ਗੁਰਚੇਤ ਸਿੰਘ ਦੇ ਰੀਟਾਇਰ ਹੋਣ ਵਿੱਚ ਕੁੱਝ ਕੁ ਮਹੀਨੇ ਹੀ ਬਾਕੀ ਸਨ ਕਿ ਉਸਦੀ ਘਰ ਵਾਲੀ ਆਪਣੀ ਬੀਮਾਰੀ ਨਾਲ ਜੱਦੋ-ਜਹਿਦ ਕਰਦੀ ਹੋਈ ਦਮ ਤੋੜ ਗਈ। ਹੁਣ ਸਿਰਫ਼ ਮੁਖ਼ਤਿਆਰ ਹੀ ਉਸ ਦੀ ਆਸ ਦਾ ਇੱਕ ਸਿਤਾਰਾ ਸੀ, ਜਿਸ ਵੱਲ ਉਹ ਟਿਕਟਿਕੀ ਲਗਾਈ ਬੈਠਾ ਸੀ।ਉਸ ਨੇ ਹੀ ਬੁਢਾਪੇ ਵਿੱਚ ਉਸ ਦੀ ਡੰਗੋਰੀ ਬਣਨਾ ਸੀ।ਮੁਖ਼ਤਿਆਰ ਨੂੰ ਉਹ ਆਪਣੀਆਂ ਆਸਾਂ ਅਤੇ ਉਮੀਦਾਂ ਨਾਲ ਉੱਚ ਕੋਟੀ ਤੱਕ ਪੜ੍ਹਾਉਣਾ ਚਾਹੁੰਦਾ ਸੀ।
ਗੁਰਚੇਤ ਸਿੰਘ ਰੀਟਾਇਰ ਹੋ ਗਿਆ।ਰੀਟਾਇਰ ਹੁੰਦਿਆਂ ਸਾਰ ਹੀ ਆਪਣੇ ਤਿੰਨ ਖ਼ੱਤਿਆਂ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਤਿੰਨ ਖੱਤਿਆਂ ਨੇ ਕਿੰਨੀ ਕੁ ਉਪਜ ਦੇਣੀ ਸੀ? ਜਿਹੜੇ ਚਾਰ ਮਣ ਦਾਣੇ ਹੁੰਦੇ ਉਹ ਕੁੱਝ ਖਾਦਾਂ, ਬੀਜਾਂ ਅਤੇ ਦੁਆਈਆਂ ਨੇ ਖਾ ਜਾਂਦੀਆਂ। ਜਿਹੜੇ ਚਾਰ ਪੈਸੇ ਬਚਣੇ, ਉਹ ਘਰੇਲੂ ਖ਼ਰਚਿਆਂ ਅਤੇ ਬਾਣੀਏ ਦਾ ਉਧਾਰ ਲੈ ਜਾਂਦਾ। ਪਰ ਫੇਰ ਵੀ ਗੁਰਚੇਤ ਸਿੰਘ ਆਪਣੀ ਥੋੜੀ ਮਿਲਦੀ ਪੈਨਸ਼ਨ ਨਾਲ ਮੁਖ਼ਤਿਆਰ ਦੀ ਪੜ੍ਹਾਈ ਕਰਾਉਂਦਾ ਗਿਆ।
ਮੁਖ਼ਤਿਆਰ ਨੂੰ ਆਪਣੇ ਬਾਪੂ ਦੀ ਹੱਡ ਭੰਨਵੀਂ ਮਿਹਨਤ ਦੀ ਕਦਰ ਸੀ। ਉਹ ਦਿਲ ਲਾ ਕੇੇੇ ਮਿਹਨਤ ਕਰਦਾ ਗਿਆ। ਚੰਗੇ ਨੰਬਰਾਂ ਵਿੱਚ ਦਸਵੀਂ ਕਰ ਗਿਆ।ਬਾਪੂ ਨੇ ਅਗਲੀ ਪੜ੍ਹਾਈ ਲਈ ਉਸਨੂੰ ਕਾਲਜ ਦਾਖ਼ਲ ਕਰਵਾ ਦਿੱਤਾ।ਸਕੂਲ ਤੱਕ ਮੁਖ਼ਤਿਆਰ ਦੀ ਪੜ੍ਹਾਈ 'ਤੇ ਜੋ ਖ਼ਰਚ ਆ ਰਿਹਾ ਸੀ, ਉਹ ਤਾਂ ਗੁਰਚੇਤ ਸਿੰਘ ਦੀ ਪਹੁੰਚ ਵਿੱਚ ਸੀ। ਪਰ ਕਾਲਜ ਦੀ ਪੜ੍ਹਾਈ ਦਾ ਖ਼ਰਚਾ ਜ਼ਿਆਦਾ ਹੋਣ ਕਰਕੇ ਉਸਨੂੰ ਮਾਇਕ ਪ੍ਰੇਸ਼ਾਨੀਆਂ ਆਉਣ ਲੱਗੀਆਂ।
ਹੱਥ ਜ਼ਿਆਦਾ ਤੰਗ ਹੁੰਦਾ ਦੇਖ ਕੇ ਉਸਨੂੰ ਆਪਣੇ ਭਰਾਵਾਂ ਪਾਸੋਂ ਆਪਣੇ ਮੁੰਡੇ ਦੀ ਪੜ੍ਹਾਈ ਖ਼ਾਤਿਰ ਹੱਥ ਅੱਡਣੇ ਪਏ। ਪਰ ਗੁਰਚੇਤ ਸਿੰਘ ਦੇ ਭਰਾਵਾਂ ਨੇ ਸ਼ਰੀਕਾਂ ਵਾਲਾ ਹੀ ਸਲੂਕ ਕੀਤਾ। ਉਹ ਤਾਂ ਪਹਿਲਾਂ ਹੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਸ਼ਰੀਕਾਂ ਵਿੱਚੋਂ ਕੋਈ ਮੁੰਡਾ ਉੱਚ-ਵਿੱਦਿਆ ਪ੍ਰਾਪਤ ਕਰੇ।ਉਨ੍ਹਾਂ ਦਾ ਆਪਣਾ ਕੋਈ ਵੀ ਮੁੰਡਾ ਦਸਵੀਂ ਨਹੀਂ ਸੀ ਟੱਪਿਆ। ਸਭ ਪਾਸਿਉਂ ਇਨਕਾਰ ਹੁੰਦਾ ਵੇਖ ਕੇ ਆਖ਼ਰਕਾਰ ਗੁਰਚੇਤ ਸਿੰਘ ਨੇ ਆਪਣੀ ਕੁੱਝ ਜਮੀਨ ਕਿਸੇ ਆੜਤੀਏ ਕੋਲ ਗਿਰਵੀ ਰੱਖੀ ਅਤੇ ਮੁੰਡੇ ਦੀ ਪੜ੍ਹਾਈ ਨੂੰ ਜਾਰੀ ਰੱਖਿਆ।
ਮੁਖ਼ਤਿਆਰ ਆਪਣੇ ਬਾਪੂ ਦਾ ਹੋਣਹਾਰ ਪੁੱਤਰ ਨਿਕਲਿਆ ਅਤੇ ਡੱਟ ਕੇ ਮਿਹਨਤ ਕਰਦਾ ਗਿਆ। ਆਖ਼ਰਕਾਰ ਮਿਹਨਤ ਨੂੰ ਫ਼ੱਲ ਲੱਗਾ। ਮੁਖ਼ਤਿਆਰ ਪਹਿਲੀ ਡਵੀਜ਼ਨ ਵਿੱਚ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕਰ ਗਿਆ। ਉਸਦਾ ਆਪਣਾ ਨਿੱਜੀ ਇਰਾਦਾ ਤਾਂ ਅਜੇ ਪੀ. ਐਚ. ਡੀ. ਕਰਨ ਦਾ ਸੀ। ਪਰ ਪੈਸੇ ਵਲੋਂ ਤੰਗੀ ਹੋਣ ਕਰਕੇ ਉਹ ਹੁਣ ਆਪਣੇ ਬਾਪੂ ਉੱਪਰ ਆਪਣੀ ਪੜ੍ਹਾਈ ਦਾ ਹੋਰ ਬੋਝ ਪਾਉਣਾ ਨਹੀਂ ਚਾਹੁੰਦਾ ਸੀ। ਹੁਣ ਤਾਂ ਉਸਦੀ ਇਹੀ ਤਮੰਨਾ ਸੀ ਕਿ ਉਹ ਕੋਈ ਨੌਕਰੀ ਲੱਭ ਲਵੇ ਅਤੇ ਆਪਣੇ ਬੁੱਢੇ ਬਾਪੂ ਲਈ ਸਹਾਰਾ ਬਣੇ।
ਉਹ ਆਪਣਾ ਨਾਂ ਰੁਜ਼ਗਾਰ ਦਫ਼ਤਰ ਵਿੱਚ ਲਿਖਵਾ ਆਇਆ ਅਤੇ ਪ੍ਰਾਈਵੇਟ ਨੌਕਰੀ ਲਈ ਵੀ ਟੋਲ ਟੱਕਰਾਂ ਮਾਰਨ ਲੱਗਾ। ਪਰ ਬੱਦਕਿਸਮਤੀ ਨੂੰ ਉਸਨੂੰ ਕੋਈ ਨੌਕਰੀ ਨਾ ਮਿਲੀ। ਹਰ ਪਾਸੇ ਵੱਢੀਆ ਅਤੇ ਸਿਫ਼ਾਰਸ਼ਾਂ ਦਾ ਜ਼ੋਰ ਸੀ। ਜੇ ਕੋਈ ਉਸਦੀ ਪੜ੍ਹਾਈ ਦੀ ਕਦਰ ਕਰਦਾ ਵੀ ਸੀ ਤਾਂ ਤਜ਼ਰਬਾ ਨਾ ਹੋਣ ਕਰਕੇ ਨੌਕਰੀ ਨਾ ਦੇਣ ਵਾਲਿਆਂ ਨੂੰ ਬਹਾਨਾ ਮਿਲ ਜਾਂਦਾ। ਜਦੋਂ ਕੋਈ ਨੌਕਰੀ ਨਾ ਮਿਲੀ ਤਾਂ ਮੁਖ਼ਤਿਆਰ ਕਾਫ਼ੀ ਮਾਯੂਸ ਰਹਿਣ ਲੱਗ ਪਿਆ। ਜ਼ਮੀਨ ਦੇ ਸਿਰਫ ਦੋ ਖੇਤ ਹੀ ਰਹਿ ਗਏ ਸਨ। ਜਿਨਾਂ 'ਤੇ ਦੋ ਆਦਮੀਆਂ ਲਈ ਖੇਤੀ ਕਰਨਾ ਲਾਹੇਵੰਦ ਨਹੀਂ ਸੀ।
ਮੁਖ਼ਤਿਆਰ ਸੂਝਵਾਨ ਅਤੇ ਉਸਾਰੂ ਦਿਮਾਗ਼ ਦਾ ਮਾਲਕ ਸੀ। ਉਸਨੇ ਸਰਕਾਰ ਤੋਂ ਕੁੱਝ ਕਰਜ਼ਾ ਲੈ ਕੇ ਆਪਣੇ ਇੱਕ ਖੇਤ ਵਿੱਚ ਹੀ ਮੁੱਰਗ਼ੀਖਾਨਾ ਖੋਲ੍ਹ ਲਿਆ।ਕੁਦਰਤ ਨੇ ਮੁਖ਼ਤਿਆਰ ਦਾ ਸਾਥ ਦਿੱਤਾ ਅਤੇ ਪਿਓ ਪੁੱਤਰ ਨੇ ਵੀ ਮਿਹਨਤ ਕਰਨ ਤੋਂ ਕੋਈ ਕਸਰ ਬਾਕੀ ਨਾ ਛੱਡੀ। ਦੋ ਕੁ ਸਾਲਾਂ ਵਿੱਚ ਹੀ ਇਸ ਦਾ ਮੁੱਰਗ਼ੀਖਾਨਾ ਚੰਗੀ ਉੱਨਤੀ 'ਤੇ ਚਲਾ ਗਿਆ। ਇਸ ਮੁੱਰਗ਼ੀਖਾਨੇ 'ਤੇ ਪਿਓ ਪੁੱਤ ਦੋਹਾਂ ਦਾ ਗੁਜ਼ਾਰਾ ਤੁਰ ਪਿਆ। ਇਸੇ ਆਮਦਨ ਨਾਲ ਮੁਖ਼ਤਿਆਰ ਨੇ ਗਹਿਣੇ ਰੱਖੀ ਜਮੀਨ ਵੀ ਸ਼ਾਹੂਕਾਰਾਂ ਪਾਸੋਂ ਛੁਡਵਾ ਲਈ।
ਚੰਗਾ ਗੁਜ਼ਾਰਾ ਹੁੰਦਾ ਦੇਖ ਕੇ ਮੁਖ਼ਤਿਆਰ ਦੇ ਸ਼ਰੀਕ ਈਰਖਾ ਖਾਣ ਲੱਗੇ। ਬਾਕੀ ਸ਼ਰੀਕਾਂ ਨਾਲੋਂ ਇਸ ਦੇ ਤਾਏ ਦੇ ਵੱਡੇ ਮੁੰਡੇ ਨਿਰਭੈ ਸਿੰਘ ਨੂੰ ਕੁੱਝ ਜ਼ਿਆਦਾ ਹੀ ਚਿੜ ਹੋਣ ਲੱਗੀ। ਉਹ ਆਪ ਖ਼ੁਦ ਇੱਕ ਸਮੱਗਲਰ ਸੀ। ਪੈਸੇ ਧੇਲੇ ਵੱਲੋਂ ਚੰਗਾ ਚੱਲਦਾ ਪੁਰਜ਼ਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਪਿੰਡ ਅਤੇ ਇਲਾਕੇ ਵਿੱਚ ਕੋਈ ਇਨਸਾਨ ਪੈਸੇ ਵਿੱਚ ਉਸਦਾ ਮੁਕਾਬਲਾ ਕਰੇ, ਖ਼ਾਸ ਕਰਕੇ ਸ਼ਰੀਕ ਭਰਾ।
ਉਸਨੇ ਥਾਣੇ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਆਪਣੀ ਪੈਂਠ ਜਮਾਈ ਹੋਈ ਸੀ।ਇਲਾਕੇ ਦਾ ਹਰੇਕ ਨੇਤਾ ਨਿਰਭੈ ਦੇ ਇਲਾਕੇ ਵਿੱਚ ਆਇਆ ਉਸਦੀ ਹਵੇਲੀ ਵਿੱਚ ਰਿਹਾਇਸ਼ ਕਰਿਆ ਕਰਦਾ ਸੀ। ਨੇਤਾ ਲੋਕ ਰਿਹਾਇਸ਼ ਕਰਨ ਵੀ ਕਿਉਂ ਨਾ। ਜਦੋਂ ਕਦੇ ਇਲੈਕਸ਼ਨ ਆਉਂਦੀ ਸੀ ਤਾਂ ਨਿਰਭੈ ਭਰੀ ਸਭਾ ਵਿੱਚ ਹਜ਼ਾਰਾਂ ਰੁਪਿਆਂ ਦੀਆਂ ਥੈਲੀਆਂ ਇਨ੍ਹਾਂ ਨੇਤਾਵਾਂ ਨੂੰ ਮੁੱਠੀ ਵਿੱਚ ਕਰਨ ਲਈ ਭੇਂਟ ਕਰਦਾ ਹੁੰਦਾ ਸੀ।ਘਰ ਆਏ ਅਫ਼ਸਰਾਂ ਨੂੰ ਚੰਗਾ ਚੋਸਾ ਖਾਣ ਨੂੰ ਦਿੰਦਾ ਅਤੇ ਤਰਾਂ ਤਰਾਂ ਦੀ ਸ਼ਰਾਬ ਦਾ ਦੌਰ ਲਾਉਂਦਾ।
ਮੁਖਤਿਆਰ ਦੇ ਮੁੱਰਗੀਖ਼ਾਨੇ ਦੀ ਤਰੱਕੀ ਦੇਖ ਕੇ ਨਿਰਭੈ ਦੇ ਸਿਰ ਉੱਪਰ ਈਰਖਾ ਦਾ ਇੰਨਾ ਭੂਤ ਸਵਾਰ ਹੋ ਗਿਆ ਕਿ ਉਸਨੇ ਇੱਕ ਰਾਤ ਕਿਸੇ ਤੋਂ ਮੁਰਗੀਆਂ ਦੀ ਖ਼ੁਰਾਕ ਵਿੱਚ ਜ਼ਹਿਰ ਰਲਾ ਕੇ ਮੁੱਰਗੀਖਾਨੇ ਵਿੱਚ ਪੁਆ ਦਿੱਤੀ। ਜਦੋਂ ਸਵੇਰੇ ਮੁਖ਼ਤਿਆਰ ਮੁਰਗੀਖ਼ਾਨੇ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਧੀਆਂ ਨਾਲੋਂ ਜ਼ਿਆਦਾ ਮੁਰਗੀਆਂ ਮਰੀਆਂ ਪਈਆਂ ਸਨ ਅਤੇ ਬਾਕੀ ਮਰਨ ਕਿਨਾਰੇ ਸਨ। ਮੁਖ਼ਤਿਆਰ ਨੂੰ ਸ਼ੱਕ ਪੈ ਗਈ ਕਿ ਇਹ ਜ਼ਰੂਰੀ ਕਿਸੇ ਨੇ ਬੇਈਮਾਨੀ ਕੀਤੀ ਹੈ। ਉਹ ਸਿੱਧਾ ਥਾਣੇ ਗਿਆ ਅਤੇ ਇਸ ਬਾਰੇ ਰੀਪੋਰਟ ਦਰਜ ਕਰਵਾਉਣ ਲਈ ਬੇਨਤੀ ਕੀਤੀ। ਥਾਣੇਦਾਰ ਹੂੰ ਹਾਂ ਕਰਕੇ ਟਾਲ ਗਿਆ। ਕਹਿਣ ਲੱਗਾ "ਮੁਖਤਿਆਰ, ਕਿਉਂ ਐਵੇਂ ਕਿਸੇ 'ਤੇ ਸ਼ੱਕ ਕਰਦੈਂ। ਤੇਰੀਆਂ ਮੁਰਗੀਆਂ ਨੂੰ ਕੋਈ ਬੀਮਾਰੀ ਪੈ ਗਈ ਹੋਵੇਗੀ। ਇਹ ਸਾਲੀਆਂ ਤਾਂ ਐਵੇਂ ਵੰਗਾਂ ਦਾ ਧੰਨ ਹੁੰਦੀਆਂ ਹਨ।ਇਹ ਮੁਰਗੀ ਖ਼ਾਨੇ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ"। ਥਾਣੇਦਾਰ ਹਰਜੀਤ ਸਿੰਘ ਦੇ ਨਿਰਭੈ ਨਾਲ ਤਾਂ ਪਹਿਲਾਂ ਹੀ ਗੂੜੇ ਸੰਬੰਧ ਸਨ।
................................................................................
ਮੁਖ਼ਤਿਆਰ ਦੀ ਕੀਤੀ ਕਰਾਈ ਮਿਹਨਤ 'ਤੇ ਪਾਣੀ ਫਿਰ ਗਿਆ। ਦੁਬਾਰਾ ਪਹਿਲੀ ਹਾਲਤ ਵਿੱਚ ਆਉਂਦਿਆਂ ਕੁੱਝ ਸਾਲ ਲੱਗ ਗਏ। ਇਹਨਾਂ ਜ਼ਿੰਦਗੀ ਦੇ ਮਾਰੂ ਹਿਚਕੋਲਿਆਂ ਨਾਲ ਮੁਖ਼ਤਿਆਰ ਦੇ ਬਾਪੂ ਦੀ ਸਿਹਤ ਡਿੱਗਣ ਲੱਗੀ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਅਤੇ ਲੱਤਾਂ ਵੀ ਜਵਾਬ ਦੇਣ ਲੱਗ ਪਈਆਂ। ਗੁਰਚੇਤ ਸਿੰਘ ਨੂੰ ਪੂਰੀ ਸ਼ੱਕ ਸੀ ਕਿ ਇਸ ਦੇ ਸ਼ਰੀਕ ਇੱਕ ਨਾ ਇੱਕ ਦਿਨ ਕੋਈ ਪੁੱਠਾ ਕਾਰਾ ਜਰੂਰ ਕਰਨਗੇ। ਗੁਰਚੇਤ ਸਿੰਘ ਨੂੰ ਗ਼ਰੀਬੀ ਦਾ ਏਨਾ ਫ਼ਿਕਰ ਨਹੀਂ ਸੀ ਜਿੰਨਾ ਕਿ ਸ਼ਰੀਕਾਂ ਦੀ ਈਰਖਾ ਦਾ।ਇਸ ਫਿਕਰ ਦਾ ਜ਼ਿਕਰ ਅਕਸਰ ਮੁੱਖਤਿਆਰ ਪਾਸ ਵੀ ਕਰਦਾ ਰਹਿੰਦਾ ਸੀ। ਇਸ ਨੂੰ ਸੁਚੇਤ ਰਹਿਣ ਲਈ ਖ਼ਬਰਦਾਰ ਵੀ ਕਰਦਾ। ਪਰ ਮੁਖਤਿਆਰ ਨਿਰਭੈ ਨੂੰ ਆਪਣੇ ਸਕੇ ਚਾਚੇ ਦਾ ਮੁੰਡਾ ਸਮਝ ਕੇ ਬਾਪੂ ਦੀ ਗੱਲ ਦਾ ਬਹੁਤਾ ਗੰਭੀਰ ਨੋਟਿਸ ਨਾ ਲੈਂਦਾ।
ਮੁਖ਼ਤਿਆਰ ਆਪਣੇ ਮੁੱਰਗੀ ਫਾਰਮ ਦੀ ਮੁੜ-ਉਸਾਰੀ ਦੇ ਨਾਲ-ਨਾਲ ਆਪਣੀ ਨੌਕਰੀ ਲਈ ਵੀ ਯਤਨਸ਼ੀਲ ਰਿਹਾ।ਜਦੋਂ ਵੀ ਕਿਸੇ ਨੌਕਰੀ ਦਾ ਇਮਤਿਹਾਨ ਜਾਂ ਕੰਪੀਟੀਸ਼ਨ ਆਉਂਦਾ, ਉਹ ਪੂਰੀ ਤਿਆਰੀ ਕਰਕੇ ਡੱਟ ਕੇ ਕੰਪੀਟੀਸ਼ਨ ਵਿੱਚ ਜਾ ਹਿੱਸਾ ਲੈਂਦਾ। ਕੋਈ ਵੀ ਉੱਚ ਕੋਟੀ ਦੀ ਸਰਵਿਸ ਦਾ ਇਮਤਿਹਾਨ ਮੁਖ਼ਤਿਆਰ ਨੇ ਨਾ ਛੱਡਿਆ।
ਆਖਰਕਾਰ ਉਸ ਦੀ ਮਿਹਨਤ ਰੰਗ ਲਿਅਈ। ਮੁਖ਼ਤਿਆਰ ਆਈ. ਏ. ਐਸ. ਦਾ ਇਮਤਿਹਾਨ ਪਾਸ ਕਰ ਗਿਆ।ਇੰਟਰਵਿਊ ਵੀ ਸਫ਼ਲ ਰਹੀ ਤੇ ਮੁਖ਼ਤਿਆਰ ਦੀ ਡੀ. ਸੀ. ਦੀ ਪੋਸਟ ਵਾਸਤੇ ਸਿਲੈਕਸ਼ਨ ਹੋ ਗਈ।
ਮੁਖ਼ਤਿਆਰ ਦੇ ਮਿੱਤਰ ਦੋਸਤ ਮੁਖ਼ਤਿਆਰ ਦੀ ਇਸ ਉੱਚ ਨੌਕਰੀ ਵਾਸਤੇ ਉਸਨੂੰ ਵਧਾਈਆਂ ਦੇਣ ਆਉਣ ਲੱਗੇ।ਇਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਾ ਰਹਿੰਦਾ।ਕਈਆਂ ਨੂੰ ਆਪਣੇ ਅੜੇ ਹੋਏ ਕੰਮ ਕਢਾਉਣ ਦੀ ਆਸ ਵੱਝ ਗਈ। ਬਾਪੂ ਗੁਰਚੇਤ ਸਿੰਘ ਵੀ ਆਪਣੇ ਲਾਡਲੇ ਪੁੱਤ ਦੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ 'ਤੇ  ਰੱਜ ਕੇ ਫ਼ਖਰ ਕਰਦਾ। ਸਾਰੇ ਇਲਾਕੇ ਵਿੱਚ ਮੁਖ਼ਤਿਆਰ ਦੀ ਸਫ਼ਲਤਾ ਦੀ ਚਰਚਾ ਹੋਣ ਲੱਗੀ। ਲੋਕੀਂ ਹੈਰਾਨ ਸਨ ਕਿ ਇੱਕ ਮਾਮੂਲੀ ਸਕੂਲ ਮਾਸਟਰ ਦਾ ਮੁੰਡਾ ਡੀ ਸੀ ਲੱਗਣ ਵਾਲਾ ਹੈ।
ਮੁਖ਼ਤਿਆਰ ਦੀ ਸਫ਼ਲਤਾ ਦੀ ਨਿਰਭੈ ਨੂੰ ਖੁਸ਼ੀ ਹੋਣ ਦੀ ਬਿਜਾਏ ਗ਼ਮੀ ਜ਼ਿਆਦਾ ਹੋ ਗਈ। ਉਹ ਤਾਂ ਉਸਦੇ ਮੁੱਰਗੀ ਫਾਰਮ ਦੀ ਤਰੱਕੀ ਤੋਂ ਨਾ ਖੁਸ਼ ਸੀ। ਇਹ ਵੱਡੀ ਨੌਕਰੀ ਸੁਣ ਕੇ ਉਸ ਨੂੰ ਤਾਂ ਸੱਤੀਂ ਕੱਪੜੀਂ ਲੱਗ ਗਈ। ਉਸ ਦੇ ਦਿਲ 'ਤੇ ਦੋ ਚੜ੍ਹਨ ਅਤੇ ਦੋ ਉਤਰਨ।ਇਸ ਤੋਂ ਪਹਿਲਾਂ ਕਿ ਮੁਖ਼ਤਿਆਰ ਆਪਣੀ ਨੌਕਰੀ 'ਤੇ ਜਾਂਦਾ, ਇਸ ਸ਼ਰੀਕ ਨੇ ਈਰਖਾ ਦਾ ਪ੍ਰਗਟਾਵਾ ਕਰ ਹੀ ਦਿੱਤਾ। ਨਿਰਭੈ ਦਿਨ ਢੱਲਦੇ ਨੂੰ ਆਪਣੀ ਕਾਰ ਵਿੱਚ ਥਾਣੇ ਪਹੁੰਚ ਗਿਆ। ਥਾਣੇਦਾਰ ਹਰਜੀਤ ਸਿੰਘ ਨਾਲ ਕੁੱਝ ਕਾਨਾਫੂਸੀ ਕਰਕੇ ਤ੍ਰਿਕਾਲਾਂ ਨੂੰ ਮੁੜ ਘਰ ਆ ਗਿਆ। ਰਾਤੋ-ਰਾਤ ਚਿੱਟੇ ਦੇ ਦੋ ਡੱਬੇ ਅਤੇ ਭੁੱਕੀ ਦੀਆਂ ਦੋ ਬੋਰੀਆ ਮੁਖ਼ਤਿਆਰ ਦੇ ਘਰ ਲਕੋ ਦਿੱਤੀਆਂ।
ਮਿੱਥੀ ਸਾਜ਼ਿਸ਼ ਅਨੁਸਾਰ ਸਵੇਰੇ ਤੜਕੇ  ਥਾਣੇਦਾਰ ਅਤੇ ਕੁੱਝ ਸਿਪਾਹੀ ਆਏ ਅਤੇ ਗੁਰਚੇਤ ਸਿੰਘ ਨੂੰ ਘਰ ਦੀ ਤਲਾਸ਼ੀ ਦੇਣ ਲਈ ਆਖਿਆ। ਗੁਰਚੇਤ ਸਿੰਘ ਅਤੇ ਮੁਖ਼ਤਿਆਰ ਦੋਵੇਂ ਹੱਕੇ ਬੱਕੇ ਰਹਿ ਗਏ ਕਿ ਇਹ ਕਿਹੜੀ ਚਾਲ ਹੋਵੇਗੀ? ਘਰ ਦੇ ਇੱਕ ਖੂੰਜਿਉਂ ਚਿੱਟਾ ਅਤੇ ਭੁੱਕੀ ਕੱਢ ਕੇ ਪਿਓ ਪੁੱਤ ਸਾਹਮਣੇ ਰੱਖ ਦਿੱਤੇ 'ਤੇ ਥਾਣੇਦਾਰ ਲੱਗਾ ਗਾਲ੍ਹਾਂ ਦੀ ਬੁਛਾੜ ਕਰਨ। ਮੁਖ਼ਤਿਆਰ ਨੇ ਬਥੇਰਾ ਆਖਿਆ ਕਿ ਇਹ ਸਾਡੇ ਨਾਲ ਕਿਸੇ ਨੇ ਸਾਜ਼ਿਸ਼ ਕੀਤੀ ਹੈ। ਪਰ ਥਾਣੇਦਾਰ ਟੁੱਟ ਕੇ ਪੈ ਗਿਆ ਅਤੇ ਥੱਪੜ ਮਾਰ ਕੇ ਗੁਰਚੇਤ ਸਿੰਘ ਦੀ ਪੱਗ ਵਗਾ੍ਹ ਕੇ ਓਹ ਮਾਰੀ। ਆਖਣ ਲੱਗਾ, "ਸਾਲਿਓ ਨਾਲੇ ਸਮਗਲਿੰਗ ਕਰਦੇ ਹੋ 'ਤੇ ਨਾਲੇ ਦੂਜਿਆਂ 'ਤੇ ਉਲਟਾ ਇਲਜ਼ਾਮ ਲਾਉਂਦੇ ਹੋ।"
ਗੱਲ ਕੀ ਪਿੰਡ ਦੇ ਸੈਂਕੜੇ ਲੋਕਾਂ ਸਾਹਮਣੇ ਥਾਣੇਦਾਰ ਨੇ ਪਤਾ ਨਹੀਂ ਗੁਰਚੇਤ ਸਿੰਘ ਅਤੇ ਮੁਖ਼ਤਿਆਰ ਤੇ ਕਿੰਨਾ ਗੰਦ ਬਕਿਆ। ਥਾਣੇਦਾਰ ਦੇ ਖੱਬੇ ਪਾਸੇ ਖੜ੍ਹੇ ਨਿਰਭੈ ਨੇ ਗੱਲ ਤੇ ਪੋਚਾ ਜਿਹਾ ਪਾਉਂਦਿਆਂ ਮੁਖ਼ਤਿਆਰ ਹੁਣਾਂ ਲਈ ਫਰਜ਼ੀ ਜਿਹੀ ਹਮਦਰਦੀ ਜਿਤਾਈ।ਥਾਣੇਦਾਰ ਹਰਜੀਤ ਸਿੰਘ ਨੂੰ ਅੱਖ ਜਿਹੀ ਮਾਰ ਕੇ ਆਖਣ ਲੱਗਾ, "ਥਾਣੇਦਾਰ ਸਾਹਿਬ, ਸਾਡਾ ਭਰਾ ਇਹੋ ਜਿਹੀ ਮਾੜੀ ਹਰਕਤ ਨਹੀਂ ਕਰ ਸਕਦਾ। ਜ਼ਰੂਰ ਇਨ੍ਹਾਂ ਵਿਚਾਰਿਆਂ ਨਾਲ ਕਿਸੇ ਨੇ ਧੋਖਾ ਕੀਤਾ ਹੋਣਾ ਏ।" ਇਹ ਕਹਿੰਦਾ ਹੋਇਆ ਅਤੇ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਸਾਰੇ ਲੋਕਾਂ ਨੂੰ ਵਿੱਚੇ ਛੱਡ ਕੇ ਘਰ ਚਲਾ ਗਿਆ। ਪੁਲੀਸ ਮੁਖ਼ਤਿਆਰ ਅਤੇ ਗੁਰਚੇਤ ਸਿੰਘ ਨੂੰ ਥਾਣੇ ਲੈ ਗਈ।
ਥਾਣੇ ਲਿਜਾ ਕੇ ਪਿਓ ਪੁੱਤ ਦੋਹਾਂ 'ਤੇ ਲੋਹੜਿਆਂ ਦਾ ਤਸ਼ਦੱਦ ਕੀਤਾ ਅਤੇ ਮੁਖ਼ਤਿਆਰ ਅਤੇ ਗੁਰਚੇਤ ਸਿੰਘ 'ਤੇ ਸਮਗਲਿੰਗ ਦਾ ਕੇਸ ਦਰਜ ਕਰ ਲਿਆ ਗਿਆ।ਸਬੂਤਾਂ ਦੇ ਅਧਾਰ 'ਤੇ ਪਿਓ ਅਤੇ ਪੁੱਤ ਦੋਹਾਂ ਨੂੰ, ਅਦਾਲਤ ਵਲੋਂ ਪੰਜ-ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।
ਇਸ ਕੇਸ ਵਿੱਚ ਮੁਖ਼ਤਿਆਰ ਨੂੰ ਮਿਲਣ ਵਾਲੀ  ਨੌਕਰੀ ਜਾਂਦੀ ਰਹੀ।ਗੁਰਚੇਤ ਸਿੰਘ ਤਾਂ ਇਹਨਾਂ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਨਾਲ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਸੀ ਕਿ ਇੱਕ ਸਦਮਾ ਉੱਪਰੋਂ ਹੋਰ ਆ ਪਿਆ। ਗ਼ਮਾਂ ਦੀ ਚੱਕੀ ਥੱਲੇ ਪਿੱਸਦਾ ਗੁਰਚੇਤ ਸਿੰਘ ਦੋ ਕੁ ਮਹੀਨੇ ਦੀ ਸਜ਼ਾ ਕੱਟਦਾ ਜੇਲ੍ਹ ਵਿੱਚ ਹੀ ਦਮ ਤੋੜ ਗਿਆ।
ਮੁਖ਼ਤਿਆਰ ਪਾਸ ਹੁਣ ਗ਼ਮਾਂ ਦੇ ਸਿਵਾਏ ਹੋਰ ਕੁੱਝ ਨਾ ਰਹਿ ਗਿਆ।ਛੋਟਾ ਮੋਟਾ ਕਾਰੋਬਾਰ ਸੀ ਅਤੇ ਕਰੜੀ ਮਿਹਨਤ ਨਾਲ  ਆਲੀਸ਼ਾਨ ਨੌਕਰੀ ਹਾਸਲ ਕੀਤੀ ਸੀ।ਉਹ ਨੌਕਰੀ ਸਜਾ ਹੋਣ ਕਾਰਨ ਹੱਥੋਂ ਜਾਂਦੀ ਲੱਗੀ। ਨਾਲ ਹੀ ਸਾਰੇ ਇਲਾਕੇ' ਚ ਬੇਹੱਦ ਨਮੋਸ਼ੀ।ਮੁੱਖ਼ਤਿਆਰ ਦੀ ਜ਼ਿੰਦਗੀ ਦੀ ਬੇੜੀ ਇੱਕ ਐਸੀ ਮੰਝਧਾਰ ਵਿੱਚ ਪਹੁੰਚ ਗਈ, ਜਿਸ ਦਾ ਕੋਈ ਕਿਨਾਰਾ ਨਜ਼ਰ ਨਹੀਂ ਆ ਰਿਹਾ ਸੀ। ਮਾੜੇ ਤੋਂ ਮਾੜੇ ਆਰਥਿਕ ਦੌਰਾਂ ਵਿੱਚੋਂ ਦੀ ਗੁਜ਼ਰਨਾ ਪਿਆ। ਇਸ ਦੇ ਨਾਲ ਨਾਲ ਲੋਹੜਿਆਂ ਦੀ ਇਲਾਕੇ ਵਿੱਚ ਬੇਇੱਜ਼ਤੀ।
ਇਹਨਾਂ ਸਾਰੇ ਗ਼ਮਾਂ ਅਤੇ ਨਮੋਸ਼ੀਆਂ ਤੋਂ ਇਲਾਵਾ ਬਾਪੂ ਦੀ ਅਸਿਹ ਮੌਤ। ਬਾਪੂ  ਸਾਰੀ ਜ਼ਿੰਦਗੀ ਉਸ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਲਈ ਜੱਦੋ-ਜ਼ਹਿਦ ਕਰਦਾ ਰਿਹਾ। ਜਦੋਂ ਆਰਾਮ ਦਾ ਵਕਤ ਆਇਆ ਤਾਂ ਇਹਨਾਂ ਝੋਰਿਆਂ ਨੇ ਉਸਦੀ ਜ਼ਿੰਦਗੀ ਲੈ ਲਈ। ਬਾਪੂ ਹੀ ਤਾਂ ਮੁਖ਼ਤਿਆਰ ਦੀ ਜ਼ਿੰਦਗੀ ਦਾ ਇੱਕੋ ਇੱਕ ਮਾਰਗ ਦਰਸ਼ਕ ਸੀ। ਉਹ ਵੀ ਦੁਨੀਆਂ ਛੱਡ ਗਿਆ। ਇਹੋ ਜਿਹੇ ਉਤਰਾ ਚੜਾ੍ਹ  ਮੁਖ਼ਤਿਆਰ ਦੇ ਦਿਮਾਗ਼ ਵਿੱਚ ਗੇੜੀਆਂ ਕੱਢਦੇ ਰਹਿੰਦੇ। ਉਚੀਆਂ ਬੁਲੰਦੀਆਂ ਛੂੁੰਹਣ ਵਾਲਾ ਇੱਕ ਅਜ਼ਾਦ ਪੰਛੀ, ਮਾੜੀ ਨਿਗਾਹ ਵਾਲੇ ਸ਼ਿਕਾਰੀਆਂ ਨੇ ਪਿੰਜਰੇ 'ਚ ਪਾ ਲਿਆ।
ਜ੍ਹੇਲ ਦੇ ਸੈੱਲ ਵਿੱਚ ਬੈਠਾ ਮੁਖ਼ਤਿਆਰ ਆਪਣੇ ਬਾਪੂ ਦੀਆਂ ਨਸੀਹਤਾਂ ਨੂੰ ਯਾਦ ਕਰਦਾ ਰਹਿੰਦਾ। ਬਾਪੂ ਜਿਹੜਾ ਇਸ ਨੂੰ ਵਰਜਿਆ ਕਰਦਾ ਸੀ ਕਿ ਕਾਕਾ ਤੂੰ ਇਹਨਾਂ ਸ਼ਰੀਕਾਂ ਤੋਂ ਬਚੀਂ। ਇਹਨਾਂ ਨੇ ਤੇਰੀ ਤਰੱਕੀ 'ਚ ਰੋੜਾ ਬਣਨਾ ਹੈ। ਨਿਰਭੈ ਬਾਰੇ ਉਹ ਖ਼ਾਸ ਤੌਰ 'ਤੇ ਸਮਝਾਇਆ ਕਰਦਾ ਸੀ ਕਿ ਇਸ ਮੁੰਡੇ ਦੀਆਂ ਹਰਕਤਾਂ ਠੀਕ ਨਹੀਂ। ਇਹ ਸਦਾ ਥਾਣੇਦਾਰਾਂ ਦੀਆਂ ਬਾਹਾਂ 'ਚ ਬਾਹਾਂ ਪਾਈ ਫਿਰਦਾ ਰਹਿੰਦਾ ਹੈ।
ਮੁਖ਼ਤਿਆਰ ਨਿਰਭੈ ਦੀਆਂ ਇਹਨਾਂ ਸਾਰੀਆਂ ਹਰਕਤਾਂ ਤੋਂ ਵਾਕਿਫ਼ ਹੁੰਦਾ ਹੋਇਆ ਵੀ ਨਿਰਭੈ ਨੂੰ ਆਪਣਾ ਭਰਾ ਸਮਝਦਾ ਸੀ। ਸ਼ੱਕ ਤਾਂ ਇਸਨੂੰ ਉਦੋਂ ਹੀ ਹੋ ਗਈ ਸੀ ਜਦੋਂ ਨਿਰਭੈ ਨੇ ਮੁਖ਼ਤਿਆਰ ਦੇ ਮੁਰਗ਼ੀਖਾਨੇ ਵਿੱਚ ਜ਼ਹਿਰ ਰਲਾ ਕੇ ਪੁਆ ਦਿੱਤੀ ਸੀ।ਜਦੋਂ ਸਿਰ ਤੋਂ ਪਾਣੀ ਹੀ ਲੰਘ ਗਿਆਂ ਤਾਂ ਮੁਖਤਿਆਰ ਦੇ ਸਿਰ 'ਤੇ ਜੂੰ ਸਰਕਣ ਲੱਗੀ। ਆਪਣੇ ਹੀ ਉਸ ਦੀਆਂ ਬੇੜੀਆਂ 'ਚ ਵੱਟੇ ਪਾ ਦੇਣਗੇ, ਇਸ ਗੱਲ ਦੀ ਮੁਖਤਿਆਰ ਨੂੰ ਬਿੱਲਕੁੱਲ ਆਸ ਨਹੀਂ ਸੀ।ਮੁਖ਼ਤਿਆਰ ਗੁੱਸੇ ਵਿੱਚ ਵਾ-ਵਰੋਲਾ ਹੋਇਆ ਬਦਲੇ ਦੀ ਭਾਵਨਾ ਵਿੱਚ ਘੁੱਲਣ ਲੱਗਾ।
ਮੁਖ਼ਤਿਆਰ ਅਤੇ ਉਸਦੇ ਬਾਪੂ ਦੀ ਸਜ਼ਾ ਦੀ ਚਰਚਾ ਸਾਰੀ ਜੇਲ੍ਹ ਵਿੱਚ ਹੋ ਰਹੀ ਸੀ। ਸਾਰੇ ਜੇਲ੍ਹੀ ਹੈਰਾਨ ਸਨ ਕਿ ਇਹ ਸਾਊ ਅਤੇ ਸੂਝਵਾਨ ਇਨਸਾਨ ਏਨਾ ਵੱਡਾ ਕਾਰਾ ਕਿਸ ਤਰ੍ਹਾਂ ਕਰ ਸਕਦਾ ਹੈ। ਜੇਲ੍ਹ ਦੇ ਸਟਾਫ਼ ਤੱਕ ਮੁਖ਼ਤਿਆਰ ਲਈ ਹਮਦਰਦੀ ਸੀ। ਸ਼ਾਦੀ ਲਾਲ ਜਿਹੜਾ ਕਿ ਸੰਤਰੀ ਦੀ ਡਿਊਟੀ 'ਤੇ ਹੁੰਦਾ ਸੀ, ਆਉਂਦਾ ਜਾਂਦਾ ਬੈਰਕਾਂ ਵਿੱਚ ਮੁਖਤਿਆਰ ਦੀ ਖ਼ਬਰਸਾਰ ਲੈ ਛੱਡਦਾ।ਉਸਦਾ ਮੁਖ਼ਤਿਆਰ ਲਈ ਖ਼ਾਸ ਹੀ ਹਿੱਤ ਹੋ ਗਿਆ।ਇੱਕ ਸ਼ਾਮ ਜਦੋਂ ਸਾਰੇ ਕੈਦੀ ਇੱਕ ਕਮਰੇ ਵਿੱਚ ਬੈਠੇ ਗੱਪਾਂ ਮਾਰ ਰਹੇ ਸਨ ਤਾਂ ਸ਼ਾਦੀ ਲਾਲ ਮੁਖ਼ਤਿਆਰ ਸਿੰਘ ਪਾਸ ਬੈਠ ਕੇ ਦੋ ਤਿੰਨ ਮਿੰਟਾਂ ਵਿੱਚ ਕੋਈ ਹੌਲੀ-ਹੌਲੀ ਘੁਸਰ ਮੁਸਰ ਕਰ ਗਿਆ।
ਦੂਸਰੀ ਸ਼ਾਮ ਸ਼ਾਦੀ ਲਾਲ ਦੀ ਡਿਊਟੀ ਸ਼ੁਰੂ ਹੋ ਗਈ। ਰਾਤ ਦੇ ਕੋਈ ਸਾਢੇ ਕੁ ਬਾਰਾਂ ਵਜੇ ਹੋਣਗੇ ਕਿ ਮੁਖ਼ਤਿਆਰ ਸ਼ਾਦੀ ਲਾਲ ਦੀ ਬੰਦੂਕ ਲੈ ਕੇ ਸੀਖਾਂ ਤੋੜ ਕੇ ਫਰਾਰ ਹੋ ਗਿਆ। ਸ਼ਾਦੀ ਲਾਲ ਨੇ ਜ਼ਬਰਦਸਤੀ ਦਾ ਨਾਟਕ ਕਰਨ ਲਈ ਬਾਹਾਂ ਅਤੇ ਮੱਥੇ 'ਤੇ ਥੋੜੀਆਂ ਬਹੁਤ ਸੱਟਾਂ ਮਰਵਾ ਲਈਆਂ ਸਨ। ਜ਼ਖ਼ਮੀ ਹਾਲਤ 'ਚ ਧਰਤੀ 'ਤੇ ਸਪਾਲ ਲੰਮਾ ਪੈ ਗਿਆ, ਜਿਵੇਂ ਕਿ ਉਹ ਬੇਹੋਸ਼ ਹੋਵੇ।
ਜਦੋਂ ਗਸ਼ਤ ਕਰਦਾ ਹੋਇਆ ਜੇਲ੍ਹ-ਵਾਰਡ ਉਧਰੋਂ ਲੰਘਿਆ ਤਾਂ ਹੈਰਾਨ ਰਹਿ ਗਿਆ ਕਿ ਸ਼ਾਦੀ ਲਾਲ ਧਰਤੀ 'ਤੇ ਬੇਹੋਸ਼ ਪਿਆ ਸੀ। ਉਸਨੇ ਛੇਤੀ ਛੇਤੀ ਜਾ ਕੇ ਖ਼ਤਰੇ ਦਾ ਅਲਾਰਮ ਵਜਾਇਆ 'ਤੇ ਸ਼ਾਦੀ ਲਾਲ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਉਸਨੂੰ ਹੋਸ਼ ਵਿੱਚ ਲਿਆਂਦਾ। ਮੁਖ਼ਤਿਆਰ ਦੇ ਫਰਾਰ ਹੋਣ ਦੀ ਖ਼ਬਰ ਸਾਰੀ ਜੇਲ੍ਹ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।
ਮੁਖ਼ਤਿਆਰ ਸਿੱਧਾ ਪਿੰਡ ਪਹੁੰਚਾ 'ਤੇ ਜਾਂਦੇ ਨੇ ਬੰਦੂਕ ਦੀ ਨਾਲੀ ਨਿਰਭੈ ਦੀ ਧੌਣ 'ਤੇ ਜਾ ਰੱਖੀ। ਉਹ ਉਸ ਵੇਲੇ ਆਪਣੀ ਹਵੇਲੀ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ ਪਿਆ ਸੀ। ਮੁਖ਼ਤਿਆਰ ਗੁੱਸੇ ਵਿੱਚ ਅੱਗ ਭਵੂੰਕਾ ਹੋ ਕੇ ਬੋਲਿਆ, "ਕਮੀਨਿਆ ਤੂੰ ਮੇਰੀ ਸੋਲਾਂ ਸਾਲਾਂ ਦੀ ਤਪੱਸਿਆ ਨੂੰ ਅਤੇ ਮੇਰੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ ਨੂੰ ਇੱਕ ਬੇਹੂਦਾ ਇਲਜ਼ਾਮ ਲਾ ਕੇ ਮਿੱਟੀ ਵਿੱਚ ਮਿਲਾਇਆ ਹੈ। ਆਹ ਦੇਖ, ਹੁਣ ਮੈਂ ਤੇਰਾ ਕੀ ਹਸ਼ਰ ਕਰਨ ਲੱਗਾ ਹਾਂ।" ਏਨੇ ਨੂੰ ਨਰਭੈ ਆਪਣਾ ਪਿਸਤੌਲ ਸਿਰਾਣ੍ਹੇ ਥੱਲਿਉਂ ਕੱਢਦਾ, ਚਾਰ ਪੰਜ ਗੋਲੀਆਂ ਉਸ ਦਾ ਸੀਨਾ ਛਾਣ ਚੁੱਕੀਆਂ ਸਨ। ਜਾਂਦਾ ਹੋਇਆ ਮੁਖ਼ਤਿਆਰ ਇੱਕ ਪਰਚੀ ਜਿਹੀ ਲਿਖ ਕੇ ਨਿਰਭੈ ਦੀ ਜੇਬ ਵਿੱਚ ਪਾ ਗਿਆ।
ਪਿੰਡ ਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਤਾਂ ਸੁਣੀ, ਪਰ ਉਹ ਅਣਸੁਣੀ ਕਰ ਗਏ। ਕਾਰਨ ਇਹ ਸੀ ਕਿ ਨਿਰਭੈ ਆਪ ਖ਼ੁਦ ਲੋਕਾਂ 'ਤੇ ਦਬ ਦਬਾ ਕਾਇਮ ਰੱਖਣ ਲਈ ਵੇਲੇ ਕੁਵੇਲੇ ਪੰਜ ਚਾਰ ਰੌਂਦ ਸ਼ੌਂਕੀਆ ਤੌਰ 'ਤੇ ਦਾਗ ਦਿਆ ਕਰਦਾ ਸੀ।
ਜਦੋਂ ਨਿਰਭੈ ਦੇ ਘਰ ਵਾਲੇ ਸਵੇਰੇ ਹਵੇਲੀ ਪਹੁੰਚੇ ਤਾਂ ਨਿਰਭੈ ਦੀ ਲਾਸ਼ ਖੂਨ ਵਿੱਚ ਲੱਥ-ਪੱਥ ਹੋਈ ਦੇਖੀ।ਉਨ੍ਹਾਂ ਨੇ ਦੇਖਦਿਆਂ ਹੀ ਚੀਕ ਚਿਹਾੜਾ ਪਾ ਦਿੱਤਾ।ਉਨ੍ਹਾਂ ਵਿੱਚੋਂ ਇੱਕ ਥਾਣੇ ਵੀ ਖ਼ਬਰ ਕਰ ਆਇਆ। ਦੇਖਦਿਆਂ-ਦੇਖਦਿਆਂ ਪੁਲੀਸ ਹਵੇਲੀ ਆ ਪਹੁੰਚੀ। ਆਲੇ ਦੁਆਲੇ ਦੀ ਫਰੋਲਾ ਫਰਾਲੀ ਕੀਤੀ ਤਾਂ ਨਿਰਭੈ ਦੀ ਜੇਬ ਵਿੱਚੋਂ ਇੱਕ ਪਰਚੀ ਨਿਕਲੀ।
ਥਾਣੇਦਾਰ ਦੀਆਂ ਦੇਖਦੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਜਦੋਂ ਉਸਨੇ ਦੇਖਿਆ ਕਿ ਉਹ ਪਰਚੀ ਲਿਖੀ ਹੀ ਥਾਣੇਦਾਰ ਦੇ ਆਪਣੇ ਨਾਂ ਸੀ। "ਥਾਣੇਦਾਰਾ! ਮੈਂ ਕਦਾਚਿੱਤ ਇਸ ਰਾਸਤੇ ਨਹੀਂ ਸੀ ਪੈਣਾ ਚਾਹੁੰਦਾ।ਪਰ ਤੇਰੀਆਂ ਅਤੇ ਤੇਰੇ ਯਾਰ ਦੀਆਂ ਕਾਲੀਆਂ ਕਰਤੂਤਾਂ ਕਰ ਕੇ ਮੈਂ ਇਹ ਪੁੱਠੇ ਰਸਤੇ ਪਿਆਂ ਹਾਂ ।ਤੂੰ ਸੋਚਦਾ ਹੋਵੇਂਗਾ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਦੀ ਜ਼ਿੰਦਗੀ ਨੂੰ ਤਬਾਹ ਕਰਨਾ ਮਾਮੂਲੀ ਜਹੀ ਗੱਲ ਹੈ। ਪਰ ਤੂੰ ਕੰਨ ਖੋਲ੍ਹ ਕੇ ਸੁਣ ਲੈ। ਤੇਰਾ ਜੋਟੀਦਾਰ ਤਾਂ ਮੈਂ ਬੰਨੇ ਲਾ ਦਿੱਤਾ ਅਤੇ ਤੂੰ ਵੀ ਹੁਣ ਆਪਣੀ ਜ਼ਿੰਦਗੀ ਦੀ ਖ਼ੈਰ ਮੰਗਿਆ ਕਰ।"
ਇਲਾਕੇ ਵਿੱਚ ਪੁਲੀਸ ਫੋਰਸ ਚੌਕੰਨੀ ਕਰ ਦਿੱਤੀ ਗਈ। ਥਾਣੇਦਾਰ ਹਰਜੀਤ ਸਿੰਘ ਨੂੰ ਸਪੈਸ਼ਲ ਬਾਡੀਗਾਰਡ ਦਿੱਤੇ ਗਏ। ਮੁਖ਼ਤਿਆਰ ਦੇ ਪਿੰਡ ਪੁਲੀਸ ਚੌਂਕੀ ਬਿਠਾ ਦਿੱਤੀ ਗਈ। ਪਿੰਡ-ਪਿੰਡ ਵਿੱਚ ਮੁਖ਼ਤਿਆਰ ਦੀ ਫੋਟੋ ਵਾਲੇ ਇਸ਼ਤਿਹਾਰ ਲਾ ਦਿੱਤੇ ਗਏ। ਇਕੱਲਾ ਦੁਕੱਲਾ ਸਿਪਾਹੀ ਡਰਦਾ ਕਿਤੇ ਛਾਪਾ ਮਾਰਨ ਜਾਂ ਡਿਊਟੀ ਦੇਣ ਨਾ ਜਾਂਦਾ।
ਉੱਧਰ ਮੁਖ਼ਤਿਆਰ ਦੇ ਗੁੱਸੇ ਦਾ ਦਰਿਆ ਅਜੇ ਵੀ ਠਾਠਾਂ ਮਾਰ ਰਿਹਾ ਸੀ। ਉਸਨੂੰ ਸਜ਼ਾ ਦਵਾਉਣ ਵਿੱਚ ਜਿੰਨਾ ਹੱਥ ਨਿਰਭੈ ਦਾ ਸੀ ਉੇੰਨਾ ਹੀ ਉਸ ਥਾਣੇਦਾਰ ਦਾ ਵੀ ਸੀ। ਉਹ ਉਸ ਮੌਕੇ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਜਦੋਂ ਕਿ ਉਹ ਉਸ ਥਾਣੇਦਾਰ ਨੂੰ ਪਾਰ ਬੁਲਾ ਕੇ ਆਪਣਾ ਹਿਰਦਾ ਠੰਡਾ ਕਰੇ।
ਲੁੱਕਦਿਆਂ ਛਿੱਪਦਿਆਂ ਮੁਖ਼ਤਿਆਰ ਦੀਆਂ ਉਡੀਕਾਂ ਦਾ ਦਿਨ ਆ ਹੀ ਗਿਆ। ਇੱਕ ਦਿਨ ਓਹੀ ਥਾਣੇਦਾਰ ਅਤੇ ਕੁੱਝ ਹੋਰ ਸਿਪਾਹੀ ਕਿਸੇ ਪਿੰਡ ਸ਼ਰਾਬ ਦੀ ਰੇਡ ਕਰਨ ਜਾ ਰਹੇ ਸਨ। ਤੜਕੇ ਦਾ ਸਮਾਂ ਸੀ ਅਤੇ ਚਾਰ ਪੰਜ ਸਿਪਾਹੀ ਅਸਲੇ ਨਾਲ ਲੈਸ ਜੀਪ ਵਿੱਚ ਸਵਾਰ ਸਨ। ਕੁਝ ਅੱਗੇ ਲੰਘੇ ਤਾਂ ਸੜਕ ਦੇ ਇੱਕ ਪਾਸਿਉਂ ਝਾੜੀਆਂ ਵਿੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਸਿਪਾਹੀ ਤਾਂ ਛਾਲਾਂ ਮਾਰ ਕੇ ਜੀਪ ਦੀ ਆੜ ਲੈ ਕੇ ਆਪੋ ਆਪਣੀਆਂ ਪੁਜ਼ੀਸ਼ਨਾਂ ਲੈ ਗਏ, ਪਰ ਥਾਣੇਦਾਰ ਗੋਲੀਆਂ ਨਾਲ ਭੁੰਨਿਆ ਜਾ ਚੁੱਕਾ ਸੀ।
ਸਿਪਾਹੀਆਂ ਦਾ ਅਤੇ ਮੁਖ਼ਤਿਆਰ ਸਿੰਘ ਦਾ ਆਪਸ ਵਿੱਚ ਗੋਲੀਆਂ ਨਾਲ ਕਾਫ਼ੀ ਮਕਾਬਲਾ ਹੋਇਆ। ਸਿਪਾਹੀ ਚਾਰ ਸਨ ਅਤੇ ਮੁਖ਼ਤਿਆਰ ਇਕੱਲਾ।ਮੁਖ਼ਤਿਆਰ ਪਾਸੋਂ ਰੌਂਦ ਮੁੱਕ ਗਏ।ਦੋ ਤਿੰਨ ਗੋਲੀਆਂ ਮੁਖਤਿਆਰ ਦੀ ਲੱਤ ਵਿੱਚ ਲੱਗ ਗਈਆਂ ਸਨ ਪਰ ਫਿਰ ਵੀ ਰੀਂਗਦੇ ਰੀਂਗਦੇ ਨੇ ਇੱਕ ਸਿਪਾਹੀ ਦੀ ਬੰਦੂਕ ਨੂੰ ਜਾ ਹੱਥ ਪਾਇਆ। ਉਸ ਦੀ ਹੀ ਬੰਦੂਕ ਨਾਲ ਉਸ ਸਿਪਾਹੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਅੱਖ ਦੇ ਫ਼ੋਰ ਵਿੱਚ ਗੱਡੀ ਚੜ੍ਹਾ ਦਿੱਤਾ। ਜਦੇ ਨੂੰ ਇੱਕ ਹੋਰ ਸਿਪਾਹੀ ਦਾ ਇੱਕ ਰੌਂਦ ਇਸ ਦਾ ਸੀਨਾ ਚੀਰ ਗਿਆ। ਕੁੱਝ ਹੀ ਮਿੰਟਾਂ ਵਿੱਚ ਮੁਖ਼ਤਿਆਰ ਗੋਲੀਆਂ ਨਾਲ ਭੁੰਨਿਆ ਗਿਆ।
ਦੂਸਰੇ ਹੀ ਦਿਨ ਸੂਬੇ ਦੀਆਂ ਆਮ ਅਖ਼ਬਾਰਾਂ ਵਿੱਚ ਮੂਹਰਲੇ ਸਫ਼ੇ 'ਤੇ ਮੁਖ਼ਤਿਆਰ ਦੇ ਮਰੇ ਹੋਏ ਦੀ ਫੋਟੋ ਸੀ। ਜਿਸ ਤੇ ਦਸ ਪੰਦਰਾਂ ਸਿਪਾਹੀ ਅਤੇ ਦੋ ਤਿੰਨ ਥਾਣੇਦਾਰ ਆਪਣੇ ਬੰਦੂਕਾਂ ਦੀਆਂ ਨਾਲੀਆਂ ਮੁਖ਼ਤਿਆਰ ਦੀ ਹਿੱਕ ਤਾਣੀ ਇਸ ਦੇ ਆਲੇ ਦੁਆਲੇ ਘੇਰਾ ਪਾਈ ਖੜ੍ਹੇ ਸਨ।ਉਸ ਦਿਨ ਅਖ਼ਬਾਰਾਂ ਦੀ ਮੁੱਖ ਖ਼ਬਰ ਸੀ, "ਇੱਕ ਬਾਗ਼ੀ ਇਸ਼ਤਿਹਾਰੀ ਭਗੌੜੇ ਨੂੰ ਮਾਰਦਾ ਹੋਇਆ, ਬਹਾਦਰ ਥਾਣੇਦਾਰ ਹਰਜੀਤ ਸਿੰਘ ਸ਼ਹੀਦੀ ਪਾ ਗਿਆ।"