ਉੱਜੜੇ ਬਾਗ ਦਾ ਫੁੱਲ - ਬਲਵੰਤ ਸਿੰਘ ਗਿੱਲ
ਕੈਨੇਡਾ ਦੇ ਇੱਕ ਪਾਰਕ ਵਿੱਚ ਐਤਵਾਰ ਵਾਲੇ ਦਿਨ, ਕਰਮਾ ਆਪਣੀ ਪੋਤੀ ਨੂੰ ਨਾਲ ਦੇ ਪਾਰਕ ਵਿੱਚ ਖਿਡਾਉਣ ਲੈ ਆਇਆ।ਇਸੇ ਪਾਰਕ ਵਿੱਚ ਗੁਆਂਢੀ ਸੱਬੋ ਵੀ ਆਪਣੇ ਦੋਹਤੇ ਅਤੇ ਦੋਹਤੀ ਨੂੰ ਪੀਘਾਂ 'ਤੇ ਝੂਟੇ ਦੇਣ ਲੈ ਗਿਆ ਸੀ।
ਇਹ ਪਹਿਲਾਂ ਵੀ ਕਈ ਵਾਰ ਇਸ ਤਰਾਂ ਬੱਚਿਆਂ ਨੂੰ ਖਿਡਾਉਣ ਇਸ ਪਾਰਕ ਵਿੱਚ ਲੈ ਆਇਆ ਕਰਦੇ ਸਨ। ਖੇਡ ਕੇ ਨਾਲੇ ਬੱਚੇ ਖੁਸ਼ ਹੋ ਜਾਂਦੇ ਸਨ ਅਤੇ ਨਾਲ ਹੀ ਇਹ ਬਜ਼ੁਰਗ ਆਪਣੀਆਂ ਪੁਰਾਣੀਆਂ ਗੱਲਾਂ ਕਰਕੇ ਮਨ ਪਰਚਾ ਲੈਂਦੇ।ਕੰਮ ਤੋਂ ਰਿਟਾਇਰ ਇਨ੍ਹਾਂ ਬਜ਼ੁਰਗਾਂ ਦਾ ਘਰ ਵਿੱਚ ਵਹਿਲਿਆਂ ਦਾ ਸਮਾਂ ਵੀ ਔਖਾ ਹੀ ਬੀਤਦਾ ਸੀ।
"ਕਰਮਿਆਂ, ਕੱਲ ਤੂੰ ਕਿਸੇ ਮੇਜਰ ਸਿਓਂ ਨਾਂਅ ਦੇ ਆਪਣੇ ਪੇਂਡੂ ਦੀ ਗੱਲ ਛੇੜੀ ਸੀ। ਮੈਂਨੂੰ ਘਰੋਂ ਸੱਦਾ ਆਉਣ ਕਰਕੇ ਪਾਰਕ 'ਚੋਂ ਤੇਰੀ ਗੱਲ ਵਿੱਚੇ ਛੱਡ ਕੇ ਘਰ ਜਾਣਾ ਪਿਆ ਸੀ। ਕੱਲ ਤੂੰ ਦੱਸ ਰਿਹਾ ਸੀ ਕਿ ਵਿਚਾਰੇ ਮੇਜਰ ਨੂੰ ਕਿਸੇ ਕਾਰਨ ਕਰਕੇ ਬਹੁਤ ਤੰਗੀਆਂ ਝੱਲਣੀਆਂ ਪਈਆਂ ਸਨ। ਇੰਨੇ ਮਿਹਨਤੀ ਹੋਣ ਦੇ ਬਾਵਯੂਦ ਉਸ ਨੂੰ ਇੰਨੀਆਂ ਤਕਲੀਫ਼ਾਂ ਰਾਹੀਂ ਕਿਉਂ ਲੰਘਣਾ ਪਿਆ? ਮੈਂਨੂੰ ਕੱਲ ਦਾ ਇਸ ਮਿਹਨਤੀ ਜ਼ਿੰਮੀਦਾਰ ਦੀ ਗਰੀਬੀ ਦੀ ਗੱਲ ਸੁਣ ਕੇ ਤਰਸ ਜਿਹਾ ਆਈ ਜਾਂਦਾ। ਤੂੰ ਉਸ ਦੀ ਗੱਲ ਮੈਨੂੰ ਜਰ੍ਹਾ ਖੋਲ੍ਹ ਕੇ ਸੁਣਾ।"
"ਸੱਬੋ ਲੈ ਸੁਣ, ਸਾਡੇ ਪਿੰਡ ਦੇ ਮੇਜਰ ਸਿੰਘ ਅਤੇ ਪਰਗਾਸ਼ ਕੌਰ ਦੇ ਦੋ ਬੱਚੇ ਸਨ। ਵੱਡਾ ਪੁੱਤਰ ਦਲਵੀਰ ਅਤੇ ਇਸ ਤੋਂ ਛੋਟੀ ਬੱਚੀ ਸਿਮਰਨ। ਮਾਤਾ ਪਿਤਾ ਇੱਕ ਛੋਟੀ ਜਿਹੀ ਪੈਲ਼ੀ ਵਿੱਚ ਖੇਤੀ ਕਰਦੇ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸਨ। ਦਲਵੀਰ ਨੂੰ ਪਿੰਡ 'ਚ ਛੋਟੇ ਨਾਂਅ ਨਾਲ ਲੋਕੀਂ ਦੁੱਲਾ ਹੀ ਆਖਦੇ ਸਨ। ਘਰ ਵਿੱਚ ਖ਼ੁਰਾਕ ਭਾਵੇਂ ਦਰਮਿਆਨੀ ਜਿਹੀ ਹੀ ਸੀ ਪਰ ਇਹ ਕਸਰਤ ਕਰਕੇ ਆਪਣਾ ਸਰੀਰ ਨਰੋਆ ਰੱਖਦਾ। ਜਿੰਨਾਂ ਇਸ ਦਾ ਸਰੀਰ ਸੁਢੌਲ ਸੀ, ਉੰਨਾਂ ਹੀ ਇਹ ਦਿਮਾਗ ਵੱਲੋਂ ਚੁੱਸਤ ਸੀ।
ਘਰ ਦੀ ਆਰਥਿਕ ਹਾਲਤ ਬਹੁਤੀ ਮਜ਼ਬੂਤ ਨਾ ਹੋਣ ਕਰਕੇ ਦੁੱਲੇ ਦਾ ਬਾਪ ਆਪਣੇ ਦੋਹਾਂ ਬੱਚਿਆਂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਤਾਂ ਨਾ ਪਾ ਸਕਿਆ ਪਰ ਦੁੱਲਾ ਅਤੇ ਸਿਮਰਨ ਗੌਰਮਿੰਟ ਸਕੂਲ ਵਿੱਚ ਹੀ ਚੰਗੀ ਪੜ੍ਹਾਈ ਕਰਦੇ ਗਏ। ਇਨ੍ਹਾਂ ਦੇ ਪਿਤਾ ਮੇਜਰ ਸਿੰਘ ਅਤੇ ਮਾਤਾ ਪ੍ਰਗਾਸ਼ ਕੌਰ ਹਮੇਸ਼ਾ ਆਪਣੇ ਬੱਚਿਆਂ 'ਤੇ ਮਾਣ ਕਰਦੇ ਕਿ ਇਨ੍ਹਾਂ ਦੀ ਔਲਾਦ ਦੇ ਸਿਰ 'ਤੇ ਪ੍ਰਮਾਤਮਾ ਦਾ ਹੱਥ ਹੈ। ਇਸੇ ਕਰਕੇ ਨਾ ਤਾਂ ਇਨ੍ਹਾਂ ਬੱਚਿਆਂ ਨੂੰ ਵੱਡੀਆਂ-ਵੱਡੀਆਂ ਫ਼ੀਸਾਂ ਦੇ ਕੇ ਵੱਡੇ ਸਕੂਲਾਂ ਵਿੱਚ ਦਾਖ਼ਲ ਕਰਾਉਣ ਦੀ ਜ਼ਰੂਰਤ ਪਈ ਅਤੇ ਨਾ ਹੀ ਟਿਊਸ਼ਨਾਂ ਪੜ੍ਹਾਉਣ ਦੀ। ਘਰ ਦੀ ਆਰਥਿਕ ਮਜ਼ਬੂਰੀ ਨੂੰ ਜਾਣਦੇ ਹੋਏ ਦੋਵੇਂ ਬੱਚੇ ਸਰਕਾਰੀ ਸਕੂਲ ਵਿੱਚ ਹੀ ਚੰਗੇ ਨੰਬਰਾਂ 'ਚ ਪਾਸ ਹੁੰਦੇ ਗਏ।
ਮੇਜਰ ਆਪਣੀ ਅਗਲੀ ਫ਼ਸਲ ਬੀਜਣ ਲਈ ਬੀਜਾਂ, ਖਾਦਾਂ ਅਤੇ ਸਪਰੇਆਂ ਲਈ ਆਪਣੇ ਆੜ੍ਹਤੀਏ ਮਹਿੰਗਾ ਰਾਮ ਤੋਂ ਅਗਾਊਂ ਕਰਜ਼ਾ ਚੁੱਕ ਲੈਂਦਾ। ਫ਼ਸਲ ਚੁੱਕਣ ਤੋਂ ਬਾਅਦ ਉਸ ਦਾ ਕਰਜ਼ਾ ਲਾਹ ਕੇ ਜੋ ਥੋੜ੍ਹਾ ਬਹੁਤਾ ਪੈਸਾ ਬੱਚਦਾ, ਆਪਣੇ ਘਰ ਦੇ ਖ਼ਰਚ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਿੰਦਾ। ਇਸ ਤਰ੍ਹਾਂ ਇਸ ਦੇ ਆਮਦਨ ਖ਼ਰਚਿਆਂ ਦੀ ਮਾਮੂਲੀ ਆਈ ਚਲਾਈ ਹੀ ਹੁੰਦੀ। ਬਚਦਾ ਬਚਾਉਂਦਾ ਕੁੱਝ ਵੀ ਨਹੀਂ ਸੀ। ਜੇਕਰ ਘਰ ਵਿੱਚ ਕੋਈ ਵੱਡਾ ਖ਼ਰਚਾ ਆ ਜਾਵੇ ਤਾਂ ਇਸ ਨੂੰ ਕਿਤਿਉਂ ਨਾ ਕਿਤਿਉਂ ਪੈਸੇ ਉਧਾਰ ਫੜਨੇ ਪੈਂਦੇ।
ਤੰਗੀਆਂ ਤੁਰਸ਼ੀਆਂ ਦੇ ਹਲਾਤਾਂ ਵਿੱਚੋਂ ਗੁਜ਼ਰਦੇ ਇਸ ਪਰਿਵਾਰ ਦੇ ਦੋਨੋਂ ਬੱਚੇ ਹੁਣ ਬੀ.ਏ. ਤੱਕ ਦੀ ਪੜ੍ਹਾਈ ਕਰ ਗਏ। ਮਾਤਾ ਪਿਤਾ ਦੀ ਤੰਗੀ ਦੀ ਹਾਲਤ ਦੇਖ ਕੇ ਸਿਮਰਨ ਨੇ ਆਪ ਹੀ ਆਖ ਦਿੱਤਾ ਕਿ ਉਹ ਅੱਗੇ ਹੋਰ ਨਹੀਂ ਪੜ੍ਹੇਗੀ। ਪਰ ਦੁੱਲਾ ਹੋਰ ਉਚੇਰੀ ਪੜ੍ਹਾਈ ਕਰਨਾ ਚਾਹੁੰਦਾ ਸੀ। ਇਸ ਦਾ ਖ਼ਿਆਲ ਸੀ ਕਿ ਜੇਕਰ ਇਹ ਐਮ. ਏ. ਰਾਜਨੀਤੀ ਵਿਸ਼ੇ ਵਿੱਚ ਕਰ ਲਵੇ ਤਾਂ ਸ਼ਾਇਦ ਇਸ ਨੂੰ ਕਿਸੇ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਜਾਏ।ਇਸ ਤਰ੍ਹਾਂ ਕਰਨ ਨਾਲ ਘਰ ਦੀ ਗਰੀਬੀ ਨੂੰ ਥੋੜ੍ਹੀ ਬਹੁਤ ਠੱਲ੍ਹ ਪੈ ਜਾਏਗੀ।
ਦੁੱਲੇ ਨੇ ਅੱਗੇ ਪੜ੍ਹਾਈ ਜਾਰੀ ਰੱਖੀ ਅਤੇ ਐਮ. ਏ. ਰਾਜਨੀਤੀ ਵਿੱਚ ਦਾਖ਼ਲਾ ਲੈ ਲਿਆ। ਇਸ ਦੀ ਉਚੇਰੀ ਪੜ੍ਹਾਈ ਕਰਨ ਨਾਲ ਮਾਪਿਆਂ 'ਤੇ ਆਰਥਿਕ ਬੋਝ ਤਾਂ ਪੈਣਾ ਹੀ ਸੀ, ਪਰ ਨਾਲ ਹੀ ਸਿਮਰਨ ਦੇ ਵਿਆਹ ਕਰਨ ਦੀ ਚਿੰਤਾ ਵੀ ਵੱਢ-ਵੱਢ ਕੇ ਖਾਣ ਲੱਗੀ। ਆਮਦਨ ਦੇ ਸਾਧਨ ਤਾਂ ਪਹਿਲਾਂ ਹੀ ਸੀਮਤ ਸਨ।ਹਾੜੀ ਸਾਉਣੀ ਦੀਆਂ ਦੋਵੇਂ ਫ਼ਸਲਾਂ ਘਰ ਆਉਣ ਤੋਂ ਪਹਿਲਾਂ ਹੀ ਆੜ੍ਹਤੀਏ ਅਤੇ ਪਿੰਡ ਦੇ ਦੁਕਾਨਦਾਰ ਦੀ ਭੇਂਟ ਚੜ੍ਹ ਜਾਂਦੀਆਂ ਸਨ।ਆੜ੍ਹਤੀਆ ਪਹਿਲਾਂ ਬੀਜਾਂ, ਖਾਦਾਂ ਅਤੇ ਸਪਰੇਆਂ ਲਈ ਲਿਆ ਉਧਾਰ ਕੱਟ ਲੈਂਦਾ ਅਤੇ ਬਾਕੀ ਬਚੇ ਪੈਸਿਆਂ ਵਿੱਚੋਂ ਪਿੰਡ ਦੇ ਦੁਕਾਨ ਤੋਂ ਚੁੱਕਿਆ ਰਾਸ਼ਣ ਦਾ ਉਧਾਰ ਮੋੜਨਾ ਪੈਂਦਾ। ਜੇ ਇਨ੍ਹਾਂ ਦੋਹਾਂ ਧਿਰਾਂ ਦਾਂ ਉਧਾਰ ਮੋੜਨ ਬਾਅਦ ਕੁੱਝ ਬੱਚ ਜਾਂਦਾ ਤਾਂ ਬਾਕੀ ਪੈਸੇ ਸ਼ਹਿਰ ਵਿੱਚ ਕੱਪੜੇ ਲੀੜੇ ਅਤੇ ਦੁੱਲੇ ਦੀ ਕਾਲਜ ਦੀ ਪੜ੍ਹਾਈ 'ਤੇ ਲੱਗ ਜਾਂਦੇ। ਫਿਰ ਇਨ੍ਹਾਂ ਹਾਲਾਤਾਂ ਵਿੱਚ ਸਿਮਰਨ ਦੇ ਵਿਆਹ ਲਈ ਪੈਸੇ ਕਿੱਥੋਂ ਜੁੜਨ?
ਦੁੱਲਾ ਆਪਣੀ ਮਿਹਨਤ ਨਾਲ ਐਮ. ਏ. ਦਾ ਪਹਿਲਾ ਸਾਲ ਚੰਗੇ ਨੰਬਰਾਂ ਵਿੱਚ ਪਾਸ ਕਰ ਗਿਆ। ਮਾਂ ਬਾਪ ਨੂੰ ਘਰ ਦੀ ਗਰੀਬੀ ਦੀ ਨਮੋਸ਼ੀ ਨਾਲੋਂ ਦੁੱਲੇ ਦੇ ਪਾਸ ਹੋਣ ਦੀ ਖੁਸ਼ੀ ਜ਼ਿਆਦਾ ਸੀ। ਮੇਜਰ ਅਤੇ ਪ੍ਰਗਾਸੋ ਆਪਣੇ ਮੁੰਡੇ ਦੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ। ਦੁੱਲਾ ਵੀ ਛੁੱਟੀਆਂ ਵਿੱਚ ਆਪਣੇ ਮਾਂ ਬਾਪ ਦਾ ਖੇਤੀ ੱਿਵਚ ਥੋੜ੍ਹਾ ਬਹੁਤ ਹੱਥ ਵੰਡਾ ਛੱਡਦਾ। ਸਿਮਰਨ ਵੀ ਆਪਣੇ ਭਰਾ ਦਾ ਹੌਸਲਾ ਵਧਾਉਂਦੀ ਰਹਿੰਦੀ। ਗਰੀਬੀ ਅਤੇ ਤੰਗੀ ਹੋਣ ਦੇ ਬਾਵਯੂਦ ਵੀ, ਪਰਿਵਾਰ ਸਹਿਜ ਅਤੇ ਸੰਤੋਖ ਵਾਲੀ ਜਿੰਦਗੀ ਬਤੀਤ ਕਰਦਾ। ਪਰਿਵਾਰ ਆਸ਼ਾਵੰਦ ਸੀ ਕਿ ਦੁੱਲੇ ਦੀ ਪੜ੍ਹਾਈ ਇੱਕ ਦਿਨ ਜਰੂਰ ਰੰਗ ਲਿਆਏਗੀ ਅਤੇ ਇਹ ਚੰਗੀ ਨੌਕਰੀ ਲੱਭ ਲਵੇਗਾ।
ਦੁੱਲਾ ਐਮ. ਏ. ਦੇ ਦੂਸਰੇ ਸਾਲ ਵੀ ਚੰਗੇ ਨੰਬਰਾਂ ਵਿੱਚ ਪਾਸ ਹੋ ਗਿਆ। ਦੁੱਲੇ ਨੂੰ ਐਮ. ਏ. ਫਾਸ ਕਰਨ ਦੀ ਖੁਸ਼ੀ ਤਾਂ ਸੀ, ਪਰ ਇਸ ਨਾਲੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਰਾਜਨੀਤੀ ਮਜ਼ਬੂਨ ਦੀ ਪੜ੍ਹਾਈ ਕਰਦਿਆਂ ਇਸ ਨੂੰ ਸਰਕਾਰਾਂ ਦੀ ਪੁੱਠੇ ਸਿੱਧੇ ਕੰਮਾਂ ਦੀ ਸੋਝੀ ਆ ਗਈ ਸੀ। ਅਸਲੀ ਲੋਕਤੰਤਰ ਕੀ ਹੁੰਦਾ ਹੈ, ਇਸ ਦੇ ਦਾਅ ਪੇਚਾਂ ਦਾ ਕਾਫੀ ਅਧਿਐਨ ਹੋ ਗਿਆ ਸੀ।
ਇਸ ਨੂੰ ਪਤਾ ਲੱਗ ਗਿਆ ਕਿ ਕਿਵੇਂ ਵਿਧਾਇਕ ਅਤੇ ਸਾਂਸਦ ਆਪਣੀ ਲੋੜ ਮੁਤਾਬਿਕ ਕਨੂੰਨ ਬਣਾਉਂਦੇ ਹਨ ਅਤੇ ਆਪਣੀ ਲੋੜ ਮੁਤਾਬਿਕ ਹੀ ਇਨ੍ਹਾਂ ਨੂੰ ਵਿੰਗੇ ਟੇਢੇ ਕਰ ਲੈਂਦੇ ਹਨ, ਜਾਂ ਫਿਰ ਤੋੜ ਵੀ ਲੈਂਦੇ ਹਨ।ਇਸ ਨੂੰ ਗਿਆਨ ਹੋ ਗਿਆ ਕਿ ਭਾਰਤ ਦੀ ਗੰਦੀ ਰਾਜਨੀਤੀ ਵਿੱਚ ਸਰਕਾਰਾਂ ਕਿਵੇਂ ਆਮ ਜਨਤਾ ਨੂੰ ਉੱਲੂ ਬਣਾਉਂਦੀਆਂ ਹਨ।ਕਿਵੇਂ ਅਮੀਰ-ਅਮੀਰ ਹੋਈ ਜਾ ਰਿਹਾ ਅਤੇ ਗਰੀਬ ਹੋਰ ਗਰੀਬ। ਆਮ ਜਨਤਾ ਇਨ੍ਹਾਂ ਦੇ ਦਾਅ ਪੇਚਾਂ ਤੋਂ ਅਣਜਾਣ, ਕਿਵੇਂ ਧੋਖਾ ਖਾਈ ਜਾਂਦੀ ਹੈ ਅਤੇ ਜਨਤਾ ਫਿਰ ਵੀ ਉਨਾਂ ਹੀ ਉਮੀਦਵਾਰਾਂ ਨੂੰ ਹੀ ਵੋਟਾਂ ਪਾਈ ਜਾਂਦੀ ਹੈ।
ਦੁੱਲੇ ਦੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਮੇਜਰ ਅਤੇ ਪ੍ਰਗਾਸ ਕੌਰ ਨੇ ਸੋਚਿਆ ਕਿ ਔਖੇ ਸੌਖੇ ਕਿਉਂ ਨਾ ਸਿਮਰਨ ਦੇ ਹੱਥ ਪੀਲੇ ਕਰ ਦਿੱਤੇ ਜਾਣ। ਆੜ੍ਹਤੀਏ ਮਹਿੰਗਾ ਰਾਮ ਪਾਸੋਂ ਮੇਜਰ ਨੇ ਇਸ ਵਾਰ ਹੋਰ ਜ਼ਿਆਦਾ ਕਰਜ਼ੇ ਦੀ ਮੰਗ ਕੀਤੀ। ਮਹਿੰਗਾ ਰਾਮ ਨੇ ਜ਼ਮੀਨ ਦੀ ਆਮਦਨ ਦੀਆਂ ਜ਼ਰਬਾਂ ਤਕਸੀਮਾਂ ਲਾ ਕੇ, ਮੇਜਰ ਨੂੰ ਹੋਰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਗਰੀਬ ਮਾਂ ਬਾਪ ਨੂੰ ਫ਼ਿਕਰ ਪੈ ਗਿਆ ਕਿ ਹੁਣ ਪੈਸਿਆਂ ਦੇ ਇੰਤਜ਼ਾਮ ਦਾ ਕੀ ਬਣੂੰ?
"ਕਰਮਿਆਂ ਇਸੇ ਕਰਕੇ ਤਾਂ ਸਾਡਾ ਸਮਾਜ ਕੁੜੀਆਂ ਜੰਮਣ ਤੇ ਸੌ ਸੌ ਘਤਿੱਤਾਂ ਕੱਢਦਾ ਏ। ਤੂੰ ਦੱਸ ਫੇਰ ਮੇਜਰ ਸਿੰਘ ਨੂੰ ਆਪਣੀ ਲੜਕੀ ਦੇ ਵਿਆਹ ਲਈ ਕਿੱਤਿਓਂ ਪੈਸਿਆਂ ਦਾ ਇੰਤਜਾਮ ਹੋਇਆ?"
"ਸੁਣ ਸੱਬੋ...... ਮੁੰਡੇ ਨੂੰ ਅਜੇ ਨੌਕਰੀ ਨਹੀਂ ਮਿਲੀ ਸੀ ਅਤੇ ਉੱਤੋਂ ਆੜਤੀਏ ਨੇ ਹੋਰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਕੁੜੀ ਦੀ ਉਮਰ ਵਿਆਹ ਤੋਂ ਟੱਪਦੀ ਜਾ ਰਹੀ ਸੀ। ਮੁਟਿਆਰ ਕੁੜੀ ਨੂੰ ਘਰ ਵਿੱਚ ਕੋਈ ਕਿੰਨਾ ਕੁ ਚਿਰ ਬਿਠਾਈ ਰੱਖੂ। ਹਾਰ ਹੰਭ ਕੇ ਮੇਜਰ ਅਤੇ ਪ੍ਰਗਾਸੋ ਨੇ ਆਪਣੇ ਇੱਕ ਰੱਜੇ ਪੁੱਜੇ ਰਿਸ਼ਤੇਦਾਰ ਪਾਸ ਇਸ ਔਖੀ ਘੜੀ ਵਿੱਚ ਪੈਸੇ ਉਧਾਰ ਲੈਣ ਲਈ ਪੱਲਾ ਅੱਡਿਆ। ਉਹ ਰਿਸ਼ਤੇਦਾਰ ਵੀ ਮੂੰਹ ਵਿੱਚ ਉਂਗਲੀਆਂ ਪਾਉਣ ਲੱਗਾ ਅਤੇ ਮੇਜਰ ਨੂੰ ਆਖਣ ਲੱਗਾ,
"ਮੇਜਰ ਸਿਆਂ ਤੇਰਾ ਮੁੰਡਾ ਅਜੇ ਕੰਮ ਤੇ ਨਹੀਂ ਲੱਗਾ। ਜ਼ਮੀਨ ਤੇਰੀ ਪਹਿਲਾਂ ਹੀ ਥੋੜ੍ਹੀ ਹੈ। ਫੇਰ ਇਹ ਕਰਜ਼ਾ ਮੋੜੂੰ ਕਿਵੇਂ?" ਖ਼ੈਰ ਮੇਜਰ ਅਤੇ ਪ੍ਰਗਾਸੋ ਨੇ ਮਿੰਨਤ ਤਰਲਾ ਕਰਕੇ ਇਨ੍ਹਾਂ ਪਾਸੋਂ ਦੋ ਲੱਖ ਰੁਪਿਆ ਵਿਆਜ 'ਤੇ ਲੈ ਲਿਆ।
ਮੇਜਰ ਅਤੇ ਪ੍ਰਗਾਸੋ ਨੇ ਇਸ ਦੋ ਲੱਖ ਨਾਲ ਸਿਮਰਨ ਦਾ ਮਾੜਾ ਪਤਲਾ ਵਿਆਹ ਕਰ ਦਿੱਤਾ। ਸਿਮਰਨ ਆਪਣੇ ਬਜ਼ੁਰਗ ਮਾਪਿਆਂ ਨੂੰ ਕਰਜ਼ੇ ਥੱਲੇ ਦੱਬ ਕੇ ਇੰਨੀ ਖੁਸ਼ ਤਾਂ ਨਹੀਂ ਸੀ। ਪਰ ਇਸ ਪਾਸ ਹੋਰ ਹੀਲਾ ਵੀ ਕੀ ਸੀ? ਇਸ ਨੇ ਅਕਸਰ ਇੱਕ ਦਿਨ ਬੇਗਾਨੇ ਘਰ ਜਾਣਾ ਹੀ ਸੀ। ਸਿਮਰਨ ਆਪਣੇ ਮਾਪਿਆਂ ਦੇ ਘਰ ਤੋਂ ਵਿਦਾਈ ਲੈ ਕੇ ਡਾਢੀ ਰੋਈ।
ਭਰਾ ਨੇ ਆਪਣੀ ਭੈਣ ਨੂੰ ਆਸ਼ੀਰਵਾਦ ਦਿੰਦੇ ਹੋਏ ਅੱਖਾਂ ਭਰ ਲਈਆਂ ਅਤੇ ਵੈਰਾਗ ਵਿੱਚ ਭੈਣ ਦੇ ਗੱਲ਼ ਲੱਗ ਕੇ ਅਸ਼ੀਰਵਾਦ ਦੇਣ ਲੱਗਾ, "ਭੈਣੇ...... ਆਪਣੇ ਘਰ ਸੁੱਖੀ ਵੱਸੀਂ ਅਤੇ ਤੈਨੂੰ ਕੋਈ ਤੱਤੀ ਵਾਅ ਨਾ ਲੱਗੇ। ਫਿਕਰ ਨਾ ਕਰੀਂ, ਮਾਪਿਆਂ ਸਿਰ ਚੜ੍ਹਿਆ ਕਰਜ਼ਾ ਮੈਂ ਛੇਤੀ ਲਾਹ ਦੇਣਾ ਹੈ, ਬੱਸ ਨੌਕਰੀ ਮਿਲਣ ਦੀ ਹੀ ਦੇਰ ਹੈ।"
ਦੁੱਲਾ ਆਪਣੀ ਚੰਗੇ ਨੰਬਰਾਂ ਵਿੱਚ ਕੀਤੀ ਐਮ. ਏ. ਦੀ ਡਿਗਰੀ ਲੈ ਕੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਵਿੱਚ ਨੌਕਰੀ ਲਈ ਅਪਲਾਈ ਕਰਦਾ ਗਿਆ। ਹਰ ਥਾਂ ਵੱਢੀਆਂ ਅਤੇ ਸਿਫ਼ਾਰਿਸ਼ਾਂ ਦਾ ਜੋਰ। ਡੋਨੇਸ਼ਨਾਂ ਦੇ ਨਾਂਅ ਥੱਲੇ ਸਾਰੇ ਕਾਲਜਾਂ ਦੀਆਂ ਕਮੇਟੀਆਂ ਮੂੰਹ ਅੱਡੀ ਖੜ੍ਹੀਆਂ ਸਨ। ਨਾਲ ਹੀ ਇਹ ਕਮੇਟੀਆਂ ਕਿਸੇ ਵਿਧਾਇਕ, ਵਜ਼ੀਰ ਜਾਂ ਅਫ਼ਸਰ ਦੀ ਸਿਫ਼ਾਰਿਸ਼ ਦੀ ਵੀ ਗੱਲ ਕਰਦੀਆਂ। ਇੱਕ ਗਰੀਬ ਘਰ ਵਿੱਚੋਂ ਤੰਗੀਆਂ ਤੁਰਸ਼ੀਆਂ ਨਾਲ ਪੜ੍ਹਿਆ ਇਹ ਮੁੰਡਾ ਕਿੱਥੋਂ ਵੱਢੀਆਂ ਦੇਵੇ ਅਤੇ ਕਿੱਥੋਂ ਸਿਫ਼ਾਰਿਸ਼ਾਂ ਲਿਆਵੇ?
ਇਸ ਦੀ ਚੰਗੇ ਨੰਬਰਾਂ ਵਿੱਚ ਪ੍ਰਾਪਤ ਕੀਤੀ ਡਿਗਰੀ ਵੱਲ ਕੋਈ ਚੱਜ ਨਾਲ ਦੇਖੇ ਵੀ ਨਾ।ਹਰ ਥਾਂ ਦੁੱਲੇ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਸੀ। ਕਈ ਵਾਰ ਦੁੱਲਾ ਬੇਵੱਸ ਹੋਇਆ ਇੰਟਰਵਿਊ ਪੈਨਲ ਦੇ ਮੈਂਬਰਾਂ ਅੱਗੇ ਅਰਜ਼ੋਈ ਕਰਦਾ ਕਿ ਕੁੱਝ ਸਮਾਂ ਮੈਨੂੰ ਘੱਟ ਤਨਖਾਹ 'ਤੇ ਨੌਕਰੀ ਦੇ ਦਿਓ ਤਾਂ ਕਿ ਮੈਂ ਆਪਣੇ ਪੈਰਾਂ 'ਤੇ ਤਾਂ ਖੜ੍ਹ ਸਕਾਂ। ਅੱਗਿਓਂ ਪੈਨਲ ਦਾ ਜਵਾਬ ਹੋਣਾ ਕਿ ਕਾਮਯਾਬ ਉਮੀਦਵਾਰ ਨੂੰ ਤਨਖਾਹ ਤਾਂ ਘੱਟ ਦੇਣੀ ਹੀ ਹੈ ਪਰ ਪਹਿਲਾਂ ਸਕੂਲ ਜਾਂ ਕਾਲਜ ਦੇ ਖ਼ਰਚਿਆਂ ਵਾਸਤੇ ਡੋਨੇਸ਼ਨ ਚਾਹੀਦਾ ਹੈ।ਇਹ ਡੋਨੇਸ਼ਨ ਹਮੇਸ਼ਾ ਲੱਖਾਂ ਰੁਪਿਆ ਵਿੱਚ ਹੁੰਦਾ। ਜਿਸ ਦੀ ਦੁੱਲੇ ਦੇ ਪਰਿਵਾਰ ਵਿੱਚ ਦੇਣ ਦੀ ਹਿੰਮਤ ਨਹੀਂ ਸੀ।
ਦੁੱਲੇ ਨੂੰ ਰੁਜ਼ਗਾਰ ਦੀ ਮੰਡੀ ਵਿੱਚ ਆਪਣੀ ਡਿਗਰੀ ਦੀ ਨੁੰਮਾਇਸ਼ ਲਾਇਆਂ ਕਈ ਸਾਲ ਲੰਘ ਗਏ। ਪਰ ਦੁੱਲੇ ਦੀ ਝੋਲੀ ਵਿੱਚ ਨੌਕਰੀ ਦੀ ਕੋਈ ਖ਼ੈਰ ਨਾ ਪਈ। ਇਸ ਨੂੰ ਤਾਂ ਬੇਰੁਜ਼ਗਾਰੀ ਦੀ ਪੀੜ ਸਤਾ ਹੀ ਰਹੀ ਸੀ, ਪਰ ਇਸ ਦੇ ਨਾਲ-ਨਾਲ ਇਸ ਦੇ ਮਾਂ ਬਾਪ ਵੀ ਬਹੁਤ ਫ਼ਿਕਰਮੰਦ ਹੋ ਗਏ। ਕਦੇ ਇਹ ਆਪਣੀ ਕਿਸਮਤ ਨੂੰ ਕੋਸਣ ਅਤੇ ਕਦੇ-ਕਦੇ ਸਰਕਾਰਾਂ ਦੀਆਂ ਭੈੜੀਆਂ ਨੀਅਤਾਂ ਅਤੇ ਨੀਤੀਆਂ ਨੂੰ।
ਜਦੋਂ ਮਾਯੂਸ ਹੋਏ ਦੁੱਲੇ ਨੂੰ ਉਸ ਦੇ ਮਾਂ ਬਾਪ ਦੇਖਦੇ ਤਾਂ ਉਹ ਹੋਰ ਵੀ ਫ਼ਿਕਰਾਂ ਵਿੱਚ ਪੈ ਜਾਂਦੇ। ਇਸੇ ਕਰਕੇ ਦੁੱਲਾ ਬਹੁਤ ਕਰਕੇ ਘਰੋਂ ਬਾਹਰ ਹੀ ਰਹਿੰਦਾ। ਇਹ ਬਹੁਤਾ ਸਮਾਂ ਖੇਤਾਂ ਵਿੱਚ ਹੁੰਦਾ ਜਾਂ ਫਿਰ ਪਿੰਡ ਦੇ ਚੌਂਕ ਤੇ ਸਿਰ ਫੜ੍ਹ ਕੇ ਬੈਠਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ।
ਇੱਕ ਦਿਨ ਦੁੱਲੇ ਨੂੰ ਪਿੰਂਡ ਦੇ ਥੱੜੇ ਤੇ ਇਕੱਲਿਆਂ ਮਾਯੂਸ ਬੈਠੇ ਨੂੰ ਦੇਖ ਕੇ ਬੱਲੀ ਨੇ ਪੁੱਛਿਆ, "ਦੁੱਲਿਆ, ਤੈਨੂੰ ਅਜੇ ਕੋਈ ਨੜੀ ਨੌਕਰੀ ਨਹੀਂ ਮਿਲੀ ? ਜਦ ਦੇਖਦਾਂ, ਹੈਥੇ ਸਿਰ ਫੜ੍ਹ ਕੇ ਬੈਠਾ ਹੁੰਦੈਂ!"
ਬੱਲੀ, ਦੁੱਲੇ ਦੇ ਪ੍ਰਾਇਮਰੀ ਸਕੂਲ ਦਾ ਜਮਾਤੀ ਸੀ। ਇਹ ਅੱਗੇ ਪੜ੍ਹਿਆ ਤਾਂ ਨਹੀਂ ਸੀ, ਪਰ ਆਪਣੇ ਮਾਪਿਆਂ ਦੀ ਅਮੀਰੀ ਦਾ ਵਿਗੜਿਆ ਪਿੰਡਾਂ ਵਿੱਚ ਨਸ਼ਾ ਪੱਤਾ ਵੇਚ ਛੱਡਦਾ ਅਤੇ ਚਾਰ ਪੈਸੇ ਕਮਾ ਲੈਂਦਾ।
"ਵੀਰਾ, ਤਿੰਨ ਚਾਰ ਸਾਲ ਹੋ ਗਏ ਨੌਕਰੀ ਭਾਲਦੇ ਨੂੰ। ਕੋਈ ਸੰਸਥਾ ਡਿਗਰੀ ਵੱਲ ਤਾਂ ਨਿਗਾਹ ਵੀ ਨਹੀਂ ਮਾਰਦੀ। ਸਾਰੇ ਮੇਰੀ ਜੇਬ ਵੱਲ ਹੀ ਦੇਖਦੇ ਰਹਿੰਦੇ ਹਨ ਕਿ ਇਸ ਪਾਸ ਵੱਢੀ ਦੇਣ ਲਈ ਚਾਰ ਪੈਸੇ ਹੈਨ ਵੀ ਜਾਂ ਨਹੀਂ। ਇਨ੍ਹਾਂ ਭੱਦਰ ਪੁਰਸ਼ਾਂ ਨੂੰ ਕੋਈ ਪੁੱਛੇ ਕਿ ਜਦੋਂ ਤੁਸੀਂ ਕੋਈ ਨੌਕਰੀ ਨਹੀਂ ਦੇਣੀ ਤਾਂ ਇਨ੍ਹਾਂ ਖਾਲੀ ਜੇਬਾਂ ਵਿੱਚ ਪੈਸਾ ਕਿੱਥੋਂ ਆਊ।" ਬੱਲੀ ਨੇ ਆਪਣੇ ਜਮਾਤੀ ਦੀ ਮਜ਼ਬੂਰੀ ਸੁਣ ਕੇ ਹਾਂ ਵਿੱਚ ਹਾਂ ਰਲਾਈ। ਇਸ ਨੂੰ ਲੱਗਿਆ ਕਿ ਇਹ ਜਰੂਰ ਇਸ ਦਾ ਪੱਕਾ ਗਾਹਕ ਬਣੇਗਾ।
"ਦੁੱਲਿਆ, ਤੂੰ ਮਾਯੂਸ ਨਾ ਹੋ, ਆਹ ਪੁੜੀ ਦਾ ਫੱਕਾ ਮਾਰ ਲੈ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ।"
"ਇਸ ਪੁੜੀ ਵਿੱਚ ਕੀ ਹੈ?" "ਤੂੰ ਅੰਬ ਚੂਪਣਾ ਜਾਂ ਫਿਰ ਦਰਖ਼ਤ ਵੇਖਣਾ? ਐਵੇਂ ਚਿੱਟਾ ਜਿਹਾ ਪਾਊਡਰ ਹੈ, ਦੁਆਈ ਸਮਝ ਕੇ ਫੱਕਾ ਮਾਰ ਲੈ। ਤੇਰੀਆਂ ਸਾਰੀਆਂ ਨਮੋਸ਼ੀਆਂ ਖੰਭ ਲਾ ਕੇ ਉਡ ਜਾਣਗੀਆਂ"
"ਨਾ ਬੱਲੀ, ਮੈਂ ਇਹ ਡਰੱਗ ਨਹੀਂ ਲੈਣੀ, ਮੈਂ ਇਸ ਦਾ ਆਦੀ ਹੋ ਜਾਊਂਗਾ। ਮੇਰੇ ਘਰਦਿਆਂ ਪਾਸ ਤਾਂ ਰੋਟੀ ਜੋਗੇ ਪੈਸੇ ਮਸਾਂ ਹਨ।"
"ਜਾਹ ਫਿਰ ਤੇਰੀ ਮਰਜ਼ੀ, ਲੈ ਮੈਂ ਗਹਾਂ ਜਾ ਕੇ ਕਿਸੇ ਹੋਰ ਦੇ ਦੁੱਖ ਦਰਦ ਦੂਰ ਕਰ ਦਊਂ।" ਬੱਲੀ ਨੇ ਮੋਟਰ ਸਾਇਕਲ ਤੇ ਲੱਤ ਮਾਰੀ ਅਤੇ ਘੂੰ ਘੂੰ ਕਰਦਾ ਦੂਸਰੇ ਪਿੰਡ ਚੱਲਿਆ ਗਿਆ।
ਫ਼ਿਕਰਾਂ ਵਿੱਚ ਦੁੱਲਾ ਅਤੇ ਇਸ ਦੇ ਮਾਪੇ ਤਿੱਲ਼-ਤਿੱਲ਼ ਕਰਕੇ ਖੁਰਨ ਲੱਗੇ।ਦੂਸਰੇ ਪਾਸੇ ਸਿਮਰਨ ਵੀ ਆਪਣੇ ਵੱਡੇ ਵੀਰ ਦੀ ਨੌਕਰੀ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦੀ। ਕਦੇ ਆਪਣੇ ਆਪ ਨੂੰ ਕੋਸਦੀ ਕਿ ਨਾ ਉਹ ਵਿਆਹ ਕਰਾਉਂਦੀ ਅਤੇ ਨਾ ਉਸਦੇ ਵੀਰ ਨੂੰ ਇਨ੍ਹਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਗਰੀਬੀ ਦੇ ਵਾਤਾਵਰਣ ਨੇ ਸਾਰੇ ਪਰਿਵਾਰ ਦੇ ਜੀਆਂ ਦਾ ਜਿਉਣਾ ਦੁਸ਼ਵਾਰ ਕਰ ਦਿੱਤਾ।
ਦੁੱਲੇ ਨੂੰ ਇਸ ਹਨ੍ਹੇਰੀ ਸੁੰਰਗ ਵਿੱਚੋਂ ਕਿਤੇ ਰੋਸ਼ਨੀ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਮਾਨਸਿਕ ਪ੍ਰੇਸ਼ਾਨੀਆਂ ਦਾ ਘੇਰਿਆ, ਇਹ ਹਮੇਸ਼ਾ ਚੁੱਪ-ਚੁੱਪ ਰਹਿੰਦਾ।ਇਸ ਨੂੰ ਦੇਖ ਕੇ ਇਸ ਦੇ ਮਾਪੇ ਹੋਰ ਫ਼ਿਕਰਾਂ ਵਿੱਚ ਪੈ ਜਾਂਦੇ। ਉਪਰੋਂ ਆੜਤੀਏ ਅਤੇ ਰਿਸ਼ਤੇਦਾਰਾਂ ਪਾਸੋਂ ਚੁੱਕੇ ਕਰਜ਼ੇ ਨੂੰ ਲਾਹੁਣ ਦਾ ਡਾਢਾ ਫ਼ਿਕਰ। ਇਸ ਉਧੇੜ ਬੁਣ ਵਿੱਚ ਦੁੱਲੇ ਦੇ ਮਾਪਿਆਂ ਨੂੰ ਸਾਰੀ ਰਾਤ ਨੀਂਦ ਨਾ ਆਉਂਦੀ। ਬਾਪੂ ਤੜਕੇ ਉੱਠ ਕੇ ਸ਼ੁਦਾਈਆਂ ਵਾਂਗ ਘਰ ਦੇ ਵਿਹੜੇ ਵਿੱਚ ਤੁਰਿਆ ਫਿਰਦਾ ਰਹਿੰਦਾ। ਸਾਰੀ ਰਾਤ ਫਿਕਰਾਂ ਵਿੱਚ ਤਾਰੇ ਗਿਣਦਾ ਰਹਿੰਦਾ।
ਹਰ ਰੋਜ਼ ਦੇ ਦੁੱਖਾਂ ਅਤੇ ਫ਼ਿਕਰਾਂ ਦਾ ਦੁੱਲੇ ਦੇ ਬਾਪ 'ਤੇ ਡਾਢਾ ਅਸਰ ਹੋਇਆ। ਉਸ ਨੂੰ ਕਰਜ਼ੇ ਦੀ ਦੱਲਦਲ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਜਰ ਨਹੀਂ ਆ ਰਿਹਾ ਸੀ।ਮਾਨਸਿਕ ਪ੍ਰੇਸ਼ਾਨੀਆਂ ਨੇ ਇਸ ਦੀ ਹਾਲਤ ਪਾਗਲਾਂ ਵਰਗੀ ਕਰ ਦਿੱਤੀ। ਆਪਣਾ ਵਾਲ ਵਾਲ ਕਰਜ਼ੇ ਵਿੱਚ ਫਸਿਆਂ ਸੋਚ ਕੇ ਅਤੇ ਇਸ ਨੂੰ ਉਤਾਰਨ ਦਾ ਕੋਈ ਵਸੀਲਾ ਨਾ ਬਣਦਾ ਦੇਖ ਕੇ, ਇੱਕ ਦਿਨ ਆਪਣੇ ਟਿਊਬਵੈੱਲ ਦੇ ਕੋਠੇ ਦੀ ਛੱਤ ਨੂੰ ਰੱਸਾ ਪਾ ਕੇ ਮੇਜਰ ਨੇ ਫਾਹਾ ਲੈ ਲਿਆ।
ਜਦੋਂ ਦੇਰ ਤੱਕ ਬਾਪੂ ਖੇਤਾਂ ਵਿੱਚੋਂ ਨਾ ਮੁੜਿਆ ਤਾਂ ਦੁੱਲਾ ਉਸ ਨੂੰ ਮਗਰ ਦੇਖਣ ਗਿਆ। ਕੀ ਦੇਖਦਾ ਹੈ ਕਿ ਬਾਪੂ ਦੀ ਲਾਸ਼ ਰੱਸੇ 'ਤੇ ਲਟਕ ਰਹੀ ਸੀ। ਦੁੱਲਾ ਭੁੱਬਾਂ ਮਾਰ-ਮਾਰ ਰੋਣ ਲੱਗਾ। ਨਾਲ ਦੇ ਟਿਊਬਵੈੱਲ ਵਾਲੇ ਜ਼ਿੰਮੀਦਾਰ ਨੇ ਦੁੱਲੇ ਦੀ ਸਹਾਇਤਾ ਕਰ ਕੇ ਲਾਸ਼ ਰੱਸੇ ਤੋਂ ਥੱਲੇ ਲਾਹੀ। ਸਾਰੇ ਪਰਿਵਾਰ ਵਿੱਚ ਸੋਗ ਦਾ ਪਹਾੜ ਟੁੱਟ ਪਿਆ।ਘਰ ਦੀ ਕਮਾਈ ਅਤੇ ਅਗਵਾਈ ਦੇਣ ਵਾਲਾ ਆਗੂ, ਪਰਿਵਾਰ ਨੂੰ ਕਰਜ਼ੇ ਵਿੱਚ ਫਸਿਆਂ ਛੱਡ ਕੇ ਕਿਸੇ ਹੋਰ ਦੁਨੀਆਂ ਵਿੱਚ ਚੱਲ ਵੱਸਿਆ।
ਦੁੱਲੇ ਦੀ ਮਾਤਾ ਪ੍ਰਗਾਸੋ ਅਤੇ ਭੈਣ ਸਿਮਰਨ ਰੋ-ਰੋ ਕਮਲੀਆਂ ਹੋਣ ਲੱਗੀਆਂ। ਬੜੇ ਹੀ ਦੁੱਖੀ ਹਿਰਦੇ ਨਾਲ ਪੁੱਤ ਨੇ ਆਪਣੇ ਪਿਉ ਦੀ ਅਰਥੀ ਨੂੰ ਮੋਢਾ ਦਿੱਤਾ।
ਅਸੈਂਬਲੀ ਚੋਣਾਂ ਦੇ ਦਿਨ ਆ ਗਏ। ਚੋਣ ਪ੍ਰੌਪੇਗੰਡਾ ਕਰਨ ਲਈ ਇਸ ਹਲਕੇ ਦਾ ਉਮੀਦਵਾਰ ਦੁੱਲੇ ਦੇ ਪਿੰਡ ਪਹੁੰਚਿਆ। ਇਹ ਉਮੀਦਵਾਰ ਪਿਛਲੀ ਸਰਕਾਰ ਵਿੱਚ ਮੰਤਰੀ ਦੇ ਆਹੁਦੇ 'ਤੇ ਸੀ।ਇਹ ਭਰੀ ਸਭਾ ਵਿੱਚ ਬੋਲਣ ਲੱਗਾ,
"ਪਿੰਡ ਵਾਸੀਓ, ਤੁਸੀਂ ਵੋਟਾਂ ਪਾ ਕੇ ਮੇਰਾ ਸਾਥ ਦਿਓ। ਮੈਂ ਪਿੰਡ ਦੀਆਂ ਗਲੀਆਂ ਪੱਕੀਆਂ ਕਰ ਦਊਂ, ਸਿਵਿਆਂ ਨੂੰ ਜਾਂਦੀ ਸੜਕ ਪੱਕੀ ਕਰਾ ਦਊਂ ਅਤੇ ਛੋਟੀਆਂ ਜਾਤਾਂ ਨੂੰ ਆਟਾ, ਦਾਲ ਅਤੇ ਚੌਲ ਦੇਊਂ।"
ਇਸ ਸਭਾ ਵਿੱਚ ਪੂਰੇ ਗੁੱਸੇ ਦਾ ਭਰਿਆ ਦੁੱਲਾ ਵੀ ਪੁੰਹਚ ਗਿਆ। ਇਸ ਨੇ ਉਮੀਦਵਾਰ ਨੂੰ ਸਵਾਲ ਕੀਤਾ,
"ਨੇਤਾ ਜੀ, ਇਨ੍ਹਾਂ ਗਲੀਆਂ, ਸੜਕਾਂ ਅਤੇ ਆਟਾ ਦਾਲਾਂ ਨੇ ਲੋਕਾਂ ਦਾ ਕਿੰਨਾ ਕੁ ਚਿਰ ਢਿੱਡ ਭਰਨਾ ਏ? ਕੀ ਤੁਹਾਡੇ ਚੋਣ ਮੈਨੀਫ਼ੈਸਟੋ ਵਿੱਚ ਰੁਜ਼ਗਾਰ ਦੀ ਕੋਈ ਕਾਰਗਰ ਪਾਲਿਸੀ ਹੈ? ਮੈਨੂੰ ਚਾਰ ਸਾਲ ਹੋ ਗਏ ਨੌਕਰੀਆਂ ਲਈ ਥਾਂ-ਥਾਂ ਧੱਕੇ ਖਾਂਦਿਆਂ। ਮੇਰੀ ਕੋਈ ਬਾਂਹ ਨਹੀਂ ਫੜ ਰਿਹਾ।ਤੁਹਾਡੀਆਂ ਬਣਾਈਆਂ ਹੋਈਆਂ ਪੱਕੀਆਂ ਗਲੀਆਂ ਅਤੇ ਸੜਕਾਂ ਨੇ, ਕੀ ਸਾਡੇ ਪਿੰਡ ਵਾਸੀਆਂ ਦੇ ਚੁੱਲੇ ਤਪਾ ਦੇਣੇ ਹਨ?"
ਦੁੱਲੇ ਦੇ ਦਿਲ ਦਿਮਾਗ 'ਚੋਂ ਨਿੱਕਲੇ ਕੋਰੇ ਸਵਾਲ ਇਸ ਉਮੀਦਵਾਰ ਦੇ ਸਿਰ 'ਤੇ ਹਥੋੜੇ ਵਾਂਗ ਵੱਜੇ। ਉਸ ਨੇ ਹੌਲੀ ਕਰਕੇ ਆਪਣੇ ਸੈਕਟਰੀ ਦੇ ਕੰਨ ਵਿੱਚ ਘੁੱਸਰ ਮੁੱਸਰ ਕੀਤੀ ਅਤੇ ਆਪਣਾ ਭਾਸ਼ਣ ਬੰਦ ਕਰਕੇ ਦੁੱਲੇ ਨੂੰ ਇੱਕ ਪਾਸੇ ਲੈ ਗਿਆ ਤੇ ਆਖਣ ਲੱਗਾ,
"ਦੁੱਲਿਆ ਤੂੰ ਤੇ ਬੜਾ ਹੀ ਕੰਮ ਦਾ ਬੰਦਾ ਹੈਂ।ਤੂੰ ਕਿੰਨਾ ਸੋਹਣਾ ਜੁਆਨ ਅਤੇ ਤੇਰੇ ਪਾਸ ਕਿੰਨੀ ਸੋਹਣੀ ਡਿਗਰੀ ਏ। ਪਤਾ ਨਹੀਂ ਪੰਜਾਬ ਦੀਆਂ ਅਣਜਾਣ ਸੰਸਥਾਵਾਂ ਤੇਰੇ ਵਰਗੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਦਿੰਦੀਆਂ। ਤੂੰ ਇਸ ਤਰ੍ਹਾਂ ਕਰ, ਕੱਲ੍ਹ ਇਕੱਲਾ ਹੀ ਮੇਰੇ ਦਫ਼ਤਰ ਵਿੱਚ ਪਹੁੰਚ। ਮੈਂ ਤੇਰੇ ਲਈ ਜਰੂਰ ਕੁੱਝ ਕਰਾਂਗਾ।"
ਦੂਸਰੇ ਦਿਨ ਦੁੱਲਾ ਚੰਗੀ ਉਮੀਦ ਲੈ ਕੇ ਇਸ ਉਮੀਦਵਾਰ ਦੇ ਦਫ਼ਤਰ ਪਹੁੰਚ ਗਿਆ। ਇਸ ਨੇਤਾ ਨੇ ਦੁੱਲੇ ਨੂੰ ਆਖਿਆ ਕਿ ਅੱਜ ਤੋਂ ਤੂੰ ਮੇਰਾ ਅੰਗ ਰੱਖਿਅਕ ਬਣੇਂਗਾ।ਹੱਥ ਬੰਦੂਕ ਫੜਾ ਕੇ ਥੋੜ੍ਹੀ ਜਿਹੀ ਸਿਖਲਾਈ ਦੁਆ ਦਿੱਤੀ ਅਤੇ ਆਖਿਆ, "ਦੁੱਲਿਆ, ਅੱਜ ਤੋਂ ਤੂੰ ਮੇਰੀ ਜਾਨ ਦੀ ਰਖਵਾਲੀ ਕਰਨੀ ਹੈ। ਮੈਂ ਤੈਨੂੰ ਗੁਜ਼ਾਰੇ ਜੋਗੀ ਤਨਖਾਹ ਦੇ ਦਿਆ ਕਰਾਂਗਾ।"
ਦੁੱਲੇ ਪਾਸ ਕੋਈ ਰੋਟੀ ਦਾ ਸਾਧਨ ਨਾ ਹੋਣ ਕਰਕੇ ਮਜ਼ਬੂਰੀ ਨੂੰ ਇਸ ਨੇਤਾ ਦੀ ਇਹੋ ਜਿਹੀ ਘੱਟ ਤਨਖਾਹ ਵਾਲੀ ਨੌਕਰੀ ਲੈਣੀ ਪਈ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਜਿਵੇਂ ਆਰਥਿਕ ਪੱਖੋਂ ਟੁੱਟ ਹੀ ਗਿਆ ਸੀ। ਇਸ ਨੌਕਰੀ ਨਾਲ ਪਰਿਵਾਰ ਦੀ ਪਾਟੀ ਹੋਈ ਚਾਦਰ ਨੂੰ ਸਿਉਂਣ ਦਾ ਥੋੜ੍ਹਾ ਬਹੁਤ ਮੌਕਾ ਤਾਂ ਮਿਲਿਆ।
ਇਸ ਹਲਕੇ ਦਾ ਇਹ ਉਮੀਦਵਾਰ ਆਪਣੀ ਸੀਟ ਜਿੱਤ ਗਿਆ। ਇਸ ਨੂੰ ਇਸ ਦੇ ਪੁਰਾਣੇ ਤਜ਼ਰਬੇ ਕਰਕੇ ਇਸ ਵਾਰ ਫਿਰ ਮੰਤਰੀ ਬਣਾ ਦਿੱਤਾ ਗਿਆ। ਇਸ ਤਰ੍ਹਾਂ ਕਰਨ ਨਾਲ ਦੁੱਲੇ ਦੀ ਕੱਚੀ ਨੌਕਰੀ ਹੁਣ ਪੱਕੀ ਹੋ ਗਈ ਅਤੇ ਮੰਤਰੀ ਨੇ ਥੋੜ੍ਹੀ ਤਨਖਾਹ ਵੀ ਵਧਾ ਦਿੱਤੀ। ਮੰਤਰੀ ਦੌਰੇ 'ਤੇ ਜਾਣ ਲੱਗਿਆਂ ਦੁੱਲੇ ਨੂੰ ਨਾਲ ਤਾਂ ਲਿਜਾਂਦਾ ਹੀ ਸੀ ਪਰ ਕਦੇ-ਕਦੇ ਕਾਰ ਦੇ ਕੇ ਕੁੱਝ ਸਮਾਨ ਆਲ਼ੇ ਦੁਆਲ਼ੇ ਉਪੜਦਾ ਕਰਨ ਨੂੰ ਵੀ ਆਖ ਦਿੰਦਾ ਸੀ।
'ਨੌਕਰ ਕੀ ਤਾਂ ਨੱਖਰਾ ਕੀ', ਦੁੱਲਾ ਆਪਣੇ ਸਾਹਿਬ ਦਾ ਹੁਕਮ ਮੰਨ ਕੇ ਜਿੱਥੇ ਆਖਦਾ, ਉੱਥੇ ਇਹ ਸਮਾਨ ਵੀ ਉੱਪੜਦਾ ਕਰਦਾ ਰਹਿੰਦਾ। ਇਸ ਨੂੰ ਇਹ ਕੀ ਪਤਾ ਸੀ ਕਿ ਇਨ੍ਹਾਂ ਗੁਪਤ ਫੇਰੀਆਂ ਰਾਹੀਂ ਸਮੱਗਲਿੰਗ ਹੁੰਦੀ ਹੈ।ਇਹ ਮੰਤਰੀ ਦੁੱਲੇ ਰਾਹੀਂ ਸਾਰਾ ਸਾਲ ਇਹ ਧੰਦਾ ਕਰਵਾਉਂਦਾ ਰਿਹਾ।ਪੁਲੀਸ ਆਮ ਕਰਕੇ ਨਾਕਿਆਂ 'ਤੇ ਦੁੱਲੇ ਦੀ ਕਾਰ ਖੜ੍ਹੀ ਨਾ ਕਰਦੀ।ਮੰਤਰੀ ਸਾਹਿਬ ਦੀ ਕਾਰ ਦੀਆਂ ਲਾਲ ਬੱਤੀਆਂ ਪੁਲਸ ਦੀਆਂ ਖੁੱਲੀਆਂ ਅੱਖਾਂ ਵੀ ਬੰਦ ਕਰਵਾ ਦਿੰਦੀਆਂ ਸਨ।ਹੌਲੀ-ਹੌਲੀ ਇਸ ਕਾਰੇ ਦੀ ਦੁੱਲੇ ਨੂੰ ਵੀ ਭਿੱਣਕ ਪੈਣੀ ਸ਼ੁਰੂ ਹੋ ਗਈ। ਇਸ ਨੇ ਆਪਣੇ ਮੰਤਰੀ ਨੂੰ ਆਖਿਆ ,
"ਸਾਹਿਬ ਮੈਂ ਇਹ ਗੰਦਾ ਧੰਦਾ ਨਹੀਂ ਕਰ ਸਕਦਾ। ਅਗਰ ਤੁਸੀਂ ਇਹ ਡਰੱਗ ਦਾ ਧੰਦਾ ਆਪ ਕਰਦੇ ਹੋ ਅਤੇ ਕਰਾਉਂਦੇ ਹੋ ਤਾਂ ਜਨਤਾ ਕਿਵੇਂ ਸੁਧਰੇਗੀ? ਸਾਡੇ ਹਲਕੇ ਦੇ ਵਾਸੀ ਅਤੇ ਨੌਜਵਾਨ ਤੁਹਾਡੀ ਪਰਜਾ ਹਨ। ਤੁਸੀਂ ਆਪਣੀ ਪਰਜ਼ਾ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹੋ।" ਦੁੱਲੇ ਨੇ ਇਹ ਕਹਿ ਕੇ ਆਪਣੀ ਇਹ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ।
"ਕਾਕਾ ਤੂੰ ਪਾਗਲ ਨਾ ਬਣ। ਦੇਖ ਤੇਰੇ 'ਤੇ ਤਰਸ ਖਾ ਕੇ ਮੈਂ ਇਹ ਨੌਕਰੀ ਤੈਨੂੰ ਦਿੱਤੀ ਹੈ। ਨਹੀਂ ਤਾਂ ਤੇਰੇ ਵਰਗੇ ਵਥੇਰੇ ਸੜਕਾਂ 'ਤੇ ਤੁਰੇ ਫਿਰਦੇ ਹਨ। ਤੇਰੇ ਘਰ ਵਿੱਚ ਤੇਰੀ ਮਾਂ ਇਕੱਲੀ ਹੈ। ਤੂੰ ਅਜੇ ਵਿਆਹ ਵੀ ਕਰਾਉਣਾ ਹੈ। ਆਪਣੇ ਇਨ੍ਹਾਂ ਹਾਲਾਤਾਂ 'ਤੇ ਨਿਗਾਹ ਮਾਰ ਅਤੇ ਸਿਰ ਨੀਵਾਂ ਕਰਕੇ ਨੌਕਰੀ ਕਰਨ ਵਿੱਚ ਹੀ ਤੇਰਾ ਭਲਾ ਹੈ।"
"ਨਹੀਂ ਮੰਤਰੀ ਸਾਹਿਬ, ਮੈਂ ਇਹੋ ਜਿਹੀ ਨੌਕਰੀ ਨਹੀਂ ਕਰਨੀ ਜਿਸ ਨਾਲ ਮੇਰੇ ਹੱਥ ਸਾਡੇ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਜਾ ਰਹੇ ਹੋਣ।"
"ਦੇਖ ਲੈ, ਤੂੰ ਨੌਕਰੀ ਛੱਡ ਕੇ ਸਿਰਫ ਆਪਣੀ ਰੋਟੀ 'ਤੇ ਹੀ ਸੱਟ ਨਹੀਂ ਮਾਰ ਰਿਹੈਂ, ਸਗੋਂ ਤੂੰ ਆਪਣੀ ਜਾਨ ਵੀ ਖ਼ਤਰੇ ਵਿੱਚ ਪਾ ਲੈਣੀ ਹੈ।ਤੂੰ ਅਕਸਰ ਮੇਰਾ ਸਾਲ ਭਰ ਮਾਲ ਢੋਇਆ ਹੈ। ਵਿਰੋਧੀ ਪਾਰਟੀਆਂ ਵਾਲਿਆਂ ਨੂੰ ਕੀ ਪਤਾ ਨਹੀਂ ਕਿ ਤੂੰ ਮੇਰੀ ਲਈ ਸਮੱਗਲਿੰਗ ਵਿੱਚ ਹੱਥ ਵੰਡਾਉਂਦਾ ਸੀ?"
ਪਰ ਦੁੱਲਾ ਆਪਣੇ ਅਸੂਲਾਂ ਤੇ ਅੜਿਆ ਰਿਹਾ। ਇਸ ਨੇ ਆਪਣੇ ਅਸੂਲਾਂ ਤੇ ਸਮਝੌਤਾ ਨਾ ਕਰਦੇ ਹੋਏ, ਨੌਕਰੀ ਨੂੰ ਛੱਡ ਦੇਣ ਨੂੰ ਪਹਿਲ ਦਿੱਤੀ ਅਤੇ ਅਸਤੀਫ਼ਾ ਦੇ ਕੇ ਘਰ ਵਾਪਿਸ ਆ ਗਿਆ।
ਮੰਤਰੀ ਨੂੰ ਹੁਣ ਫ਼ਿਕਰ ਪੈ ਗਿਆ ਕਿ ਦੁੱਲੇ ਨੂੰ ਹੁਣ ਇਸ ਦੇ ਸਾਰੇ ਅੰਦਰੂਨੀ ਭੇਦਾਂ ਦਾ ਪਤਾ ਹੈ। ਕਿਸ ਜਗ੍ਹਾ ਤੋਂ ਡਰੱਗ ਆਉਂਦੀ ਹੈ ਅਤੇ ਕਿਸ ਜਗ੍ਹਾ ਪਹੁੰਚਦੀ ਹੈ। ਇਸ ਧੰਦੇ ਵਿੱਚ ਕਿਹੜੇ ਕਿਹੜੇ ਹੋਰ ਵਿਧਾਇਕ, ਅਫ਼ਸਰ ਅਤੇ ਪੁਲਿਸ ਵਾਲੇ ਭਾਗੀਦਾਰ ਹਨ। ਇਸ ਮੰਤਰੀ ਨੇ ਸੋਚਿਆ ਕਿ ਇਸ ਬੰਦੇ ਦਾ ਕੰਡਾ ਕੱਢਣਾ ਹੀ ਬੇਹਿਤਰ ਹੈ। ਇਹ ਇੱਕ ਦਿਨ ਇਸ ਦਾ ਭੇਦ ਖੋਲ੍ਹ ਕੇ ਇਸ ਨੂੰ ਜਰੂਰ ਫਸਾਏਗਾ। ਅਗਰ ਇਹ ਫਸਾਏਗਾ ਨਹੀਂ ਤਾਂ ਇਸ ਦੇ ਵਕਾਰ 'ਤੇ ਜ਼ਰੂਰ ਸੱਟ ਮਾਰੇਗਾ। ਦੁੱਲਾ ਪੜ੍ਹਿਆ ਲਿਖਿਆ ਨੌਜਵਾਨ ਹੈ ਅਤੇ ਰਾਜਨੀਤਕ ਸੂਝ ਰੱਖਦਾ ਹੈ। ਇਸੇ ਨੇ ਤਾਂ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਗਏ ਨੇ ਉਸ ਨੂੰ ਜ਼ਮਾਨੇ ਦਾ ਸੱਚ ਸੁਣਾਇਆ ਸੀ। ਹੋ ਸਕਦਾ ਹੈ ਕੱਲ੍ਹ ਨੂੰ ਇਹ ਆਪ ਉਮੀਦਵਾਰ ਬਣ ਕੇ ਇਸ ਦੀਆਂ ਸਿਆਸਤ ਵਿੱਚ ਗੋਡਣੀਆਂ ਲੁਆ ਦੇਵੇ।
ਮੰਤਰੀ ਸਾਹਿਬ ਇਸ ਦੇ ਅਸਤੀਫ਼ੇ ਤੋਂ ਬੁਰੀ ਤਰ੍ਹਾਂ ਖ਼ਫ਼ਾ ਹੋ ਗਏ ਅਤੇ ਗੁੱਸੇ ਵਿੱਚ ਅੱਗ ਭਬੂਕਾ ਹੋਣ ਲੱਗੇ।ਮੰਤਰੀ ਨੇ ਕੁੱਝ ਹਫ਼ਤੇ ਇਸ ਉੱਬਲਦੀ ਕੜ੍ਹੀ ਨੂੰ ਠੰਡਾ ਹੋਣ ਦਿੱਤਾ ਤਾਂ ਕਿ ਲੋਕਾਂ ਨੂੰ ਸ਼ੱਕ ਨਾ ਪਵੇ ਕਿ ਮੰਤਰੀ ਦੀ ਨੌਕਰੀ ਛੱਡਣ ਕਰਕੇ ਇਸ ਮੰਤਰੀ ਨੇ ਇਸ ਦਾ ਨੁਕਸਾਨ ਕਰ ਦਿੱਤਾ।
............................................................................................................
ਪੰਜ ਛੇ ਸਾਲ ਦਾ ਵਕਫ਼ਾ ਪੈ ਗਿਆ ਹੋਣ ਕਰਕੇ ਹੁਣ ਦੁੱਲੇ ਦਾ ਇੱਕ ਸਰਕਾਰੀ ਮਹਿਕਮੇ ਵਿੱਚ ਨੌਕਰੀ ਲਈ ਨੰਬਰ ਆ ਗਿਆ। ਦੁੱਲਾ ਇੱਕ ਸੰਸਥਾ ਵਿੱਚ ਕਲਰਕ ਦੀ ਨੌਕਰੀ 'ਤੇ ਲੱਗ ਗਿਆ। ਜਿੰਨੇ ਕੁ ਪੈਸੇ ਮੰਤਰੀ ਦੀ ਨੌਕਰੀ ਕਰਦਿਆਂ ਮਿਲਦੇ ਸਨ, ਉੰਨੀ ਹੀ ਤਨਖ਼ਾਹ ਇਸ ਨੂੰ ਇਸ ਮਹਿਕਮੇ ਦੀ ਕਲਰਕੀ ਕਰਦਿਆਂ ਮਿਲਣ ਲੱਗੀ। ਦੁੱਲੇ ਨੇ ਵੀ ਹੁਣ ਪ੍ਰੋਫ਼ੈਸਰੀਆਂ ਜਾਂ ਉੱਚੀਆਂ ਨੌਕਰੀਆਂ ਲੈਣ ਦੇ ਸੁਪਨੇ ਛੱਡ ਦਿੱਤੇ। ਇਸ ਨੇ ਮਾਂ ਪਿਓ ਦੇ ਕਰਜ਼ੇ ਉਤਾਰਨ ਨੂੰ ਪਹਿਲ ਦਿੱਤੀ।
ਕਰਮਾ ਆਪਣੇ ਗੁਆਂਢੀ ਸੱਬੋ ਨੂੰ ਦੁੱਲੇ ਦੀ ਹੱਡਬੀਤੀ ਸੁਣਾਉਂਦਾ ਗਿਆ।ਬੱਚੇ ਆਪਣੇ ਪੜਦਾਦੇ ਅਤੇ ਨਾਨੇ ਤੋਂ ਅਜ਼ਾਦ, ਪਾਰਕ ਦੀਆਂ ਖੇਡਾਂ ਦਾ ਅਨੰਦ ਮਾਣਦੇ ਗਏ।
"ਨੌਕਰੀ ਲੱਗਣ ਤੋਂ ਬਾਅਦ ਤਾਂ ਮੇਜਰ ਸਿਓਂ ਦੇ ਮੁੰਡੇ ਨੂੰ ਕਰਜ਼ਾ ਲਾਹ ਕੇ ਕੁੱਝ ਸੁੱਖ ਦਾ ਸਾਹ ਆਇਆ ਹੋਏਗਾ?" ਸੱਬੋ ਨੇ ਦੁੱਲੇ ਦੇ ਉੱਜਲੇ ਭਵਿੱਖ ਦੀਆਂ ਕਿਆਸ ਅਰਾਈਆਂ ਲਾਉਂਦੇ ਕਰਮੇ ਨੂੰ ਸਵਾਲ ਕੀਤਾ।
ਇੱਕ ਦਿਨ ਦੁੱਲਾ ਆਪਣੇ ਦਫ਼ਤਰ ਤੋਂ ਸ਼ਿਫ਼ਟ ਲਾ ਕੇ ਮੋਟਰ ਸਾਇਕਲ 'ਤੇ ਘਰ ਨੂੰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਦੋ ਮੁੰਡਿਆਂ ਨੇ ਇਸ ਨੂੰ ਮੋਟਰ ਸਾਇਕਲ ਰੋਕਣ ਲਈ ਹੱਥ ਦਿੱਤਾ। ਕਿਸੇ ਵੀ ਮਾੜੀ ਘਟਨਾ ਤੋਂ ਬੇਖ਼ਬਰ ਦੁੱਲਾ ਬਰੇਕ ਲਾ ਕੇ ਖੜ੍ਹ ਗਿਆ। ਦੇਖਦਿਆਂ-ਦੇਖਦਿਆਂ ਇੱਕ ਮੁੰਡੇ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢਿਆ ਅਤੇ ਕਾੜ-ਕਾੜ ਕਰਦੀਆਂ ਤਿੰਨ ਚਾਰ ਗੋਲੀਆਂ ਦੁੱਲੇ 'ਤੇ ਦਾਗ ਦਿੱਤੀਆਂ। ਦੁੱਲਾ ਧੜੰਮ ਕਰਦਾ ਧਰਤੀ 'ਤੇ ਜਾ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਖ਼ੂਨ ਸਰੀਰ ਵਿੱਚੋਂ ਬੇਮੁਹਾਰੇ ਵੱਗ ਰਿਹਾ ਸੀ। ਉਸੇ ਹੀ ਸਮੇਂ ਅੱਗਿਓਂ ਇੱਕ ਕਾਰ ਆ ਗਈ। ਇਹ ਦੋਵੇਂ ਮੁੰਡੇ ਇਸ ਕਾਰ ਨੂੰ ਦੇਖ ਕੇ ਡਰਦੇ ਭੱਜ ਗਏ।
ਉਸ ਕਾਰ ਵਾਲੇ ਨੌਜਵਾਨ ਨੇ ਕਾਰ ਖੜ੍ਹੀ ਕਰਕੇ ਦੁੱਲੇ ਨੂੰ ਚੁੱਕਿਆ ਅਤੇ ਆਪਣੀ ਕਾਰ ਵਿੱਚ ਪਾ ਕੇ ਹਸਪਤਾਲ ਵਿੱਚ ਲੈ ਗਿਆ। ਹਸਪਤਾਲ ਵਿੱਚ ਪਹੁੰਚਦਿਆਂ ਦੁੱਲੇ ਦੀ ਹਾਲਤ ਗੰਭੀਰ ਹੋ ਗਈ।ਨਬਜ਼ ਅਜੇ ਹੌਲ੍ਹੀ ਹੌਲ੍ਹੀ ਚੱਲ ਰਹੀ ਸੀ। ਡਾਕਟਰਾਂ ਨੇ ਇਸ ਨੂੰ ਇਕ ਦਮ ਲਾਈਫ਼ ਸਪੋਰਟ ਮਸ਼ੀਨ 'ਤੇ ਲਾ ਦਿੱਤਾ। ਇਸ ਨਾਲ ਦੁੱਲੇ ਨੂੰ ਕੋਈ-ਕੋਈ ਸਾਹ ਆਉਂਦਾ ਰਿਹਾ।
ਜਦੋਂ ਇਸ ਦੁਰਘਟਨਾ ਦਾ ਪਤਾ ਦੁੱਲੇ ਦੀ ਮਾਤਾ ਪ੍ਰਗਾਸੋ ਨੂੰ ਲੱਗਾ ਤਾਂ ਉਹ ਸਾਹੋ ਸਾਹ ਹੁੰਦੀ ਹੋਈ ਹਸਪਤਾਲ ਪਹੁੰਚ ਗਈ। ਆਪਣੇ ਪੁੱਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖ ਕੇ ਇਹ ਆਪ ਖ਼ੁਦ ਬੇਹੋਸ਼ ਹੋਣ ਨੂੰ ਫਿਰਦੀ ਸੀ ਕਿ ਇਲਾਜ਼ ਕਰਦੀ ਡਾਕਟਰ ਸੀਮਾ ਨੇ ਮਾਤਾ ਜੀ ਦਾ ਹੱਥ ਫੜ੍ਹ ਕੇ ਭਰੋਸਾ ਦਿੱਤਾ,
"ਮਾਤਾ ਜੀ ਮੌਤ ਤਾਂ ਪ੍ਰਮਾਤਮਾ ਦੇ ਹੱਥ ਵੱਸ ਹੈ। ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਇਸ ਦੀ ਕਿਸੇ ਨਾ ਕਿਸੇ ਤਰ੍ਹਾਂ ਜਾਨ ਬਚਾਈ ਜਾ ਸਕੇ।"
ਪ੍ਰਗਾਸੋ ਕੁੱਝ ਹੌਸਲੇ ਵਿੱਚ ਆਈ। "ਧੀਏ ਮੇਰੇ ਪੁੱਤ ਨੂੰ ਬਚਾ ਲੈ। ਮੇਰਾ ਤੇਰਾ ਅਹਿਸਾਨ ਸਾਰੀ ਉਮਰ ਨਾ ਭੁੱਲਾਂਗੀ। ਮੈਂ ਸਾਰੀ ਉਮਰ ਤੇਰੇ ਪੈਰ ਧੋ ਧੋ ਪੀਊਂ।"
"ਮਾਤਾ ਇਸ ਤਰ੍ਹਾਂ ਨਾ ਕਹੋ। ਮੈਂ ਵੀ ਤੇਰੀਆਂ ਧੀਆਂ ਵਰਗੀ ਹਾਂ। ਸਾਡਾ ਪੇਸ਼ਾ ਸਾਡਾ ਧਰਮ ਹੈ।ਅਸੀਂ ਪੂਰੀ ਵਾਹ ਲਾ ਕੇ ਮਰੀਜ਼ ਨੂੰ ਬਚਾਉਣਾ ਹੁੰਦਾ ਹੈ। ਨਾਲੇ ਦੁੱਲੇ ਨੂੰ ਮੈਂ ਪਹਿਚਾਣ ਲਿਆ ਹੈ। ਇਹ ਕਾਲਿਜ ਸਮੇਂ ਮੇਰਾ ਕਲਾਸ ਫੈਲੋ ਸੀ। ਅਸੀਂ ਇਕੱਠਿਆਂ ਨੇ ਬੀ.ਏ. ਤੱਕ ਪੜ੍ਹਾਈ ਕੀਤੀ ਹੈ। ਇਹ ਐਮ.ਏ. ਕਰਨ ਲੱਗ ਪਿਆ ਤੇ ਮੈਂ ਡਾਕਟਰੀ ਪੜ੍ਹਾਈ ਕਰਦੀ ਗਈ। ਡਾਕਟਰ ਸੀਮਾ ਨੇ ਦੁੱਲੇ ਨੂੰ ਜਾਣਦੀ ਹੋਣ ਦਾ ਸਬੂਤ ਦੇ ਕੇ ਮਾਤਾ ਦਾ ਹੌਸਲਾ ਵਧਾਇਆ।
ਡਾਕਟਰ ਸੀਮਾ ਹਰ ਰੋਜ਼ ਦੁੱਲੇ ਦਾ ਵਿਸ਼ੇਸ਼ ਧਿਆਨ ਰੱਖਦੀ। ਦੁੱਲਾ ਅਜੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਸੀ, ਪਰ ਹਾਲਤ ਸਾਂਵੀਂ ਸੀ। ਮਸ਼ੀਨਾਂ ਰਾਹੀਂ ਦਿਲ ਚੱਲ ਰਿਹਾ ਸੀ।ਢੂੰਘੇ ਜ਼ਖ਼ਮ ਹੋਣ ਕਰਕੇ ਦੁੱਲੇ ਦੇ ਸਰੀਰ ਵਿੱਚੋਂ ਖ਼ੂਨ ਬਹੁਤ ਵੱਗ ਚੁੱਕਾ ਸੀ। ਇਸ ਹਾਲਤ ਵਿੱਚ ਦੁੱਲੇ ਨੂੰ ਦਿਲ ਦਾ ਦੌਰਾ ਪੈ ਵੀ ਸਕਦਾ ਸੀ। ਡਾਕਟਰ ਸੀਮਾ ਅਤੇ ਦੁੱਲੇ ਦਾ ਖ਼ੂਨ ਦਾ ਗਰੁੱਪ ਇੱਕੋ ਸੀ। ਡਾਕਟਰ ਨੇ ਦੋ ਵਾਰ ਆਪਣਾ ਖ਼ੂਨ ਦੇ ਕੇ ਦੁੱਲੇ ਦੇ ਦਿਲ ਦੀ ਧੜਕਣ ਚਾਲੂ ਰੱਖੀ।
ਮਹੀਨਾ ਭਰ ਦੁੱਲੇ ਨੂੰ ਹੋਸ਼ ਨਾ ਆਈ। ਦੁੱਲੇ ਦੀ ਮਾਤਾ ਅਤੇ ਇਸ ਦੀ ਭੈਣ ਹਰ ਰੋਜ਼ ਪ੍ਰਮਾਤਮਾ ਅੱਗੇ ਦੁਆਵਾਂ ਕਰਦੀਆਂ ਰਹਿੰਦੀਆਂ ਕਿ ਦੁੱਲਾ ਦੇ ਸਰੀਰ ਵਿੱਚ ਸਾਹ ਚੱਲ ਪੈਣ। ਬਹੁਤੀ ਵੇਰ ਤਾਂ ਖ਼ੂਨ ਦਾ ਦੌਰਾ ਇੰਨਾ ਵੱਧ ਜਾਂ ਘੱਟ ਜਾਂਦਾ ਤਾਂ ਡਾਕਟਰ ਸੀਮਾ ਨੂੰ ਵੀ ਤਰੇਲੀਆਂ ਆ ਜਾਂਦੀਆਂ। ਪਰ ਇਹ ਦਲੇਰ ਡਾਕਟਰ ਪੂਰੀ ਤਨ ਦੇਹੀ ਨਾਲ ਦੁੱਲੇ ਦਾ ਇਲਾਜ਼ ਕਰਦੀ ਰਹੀ ਅਤੇ ਹਰ ਉਪਾਅ ਕਰ ਕੇ ਦੁੱਲੇ ਦੀ ਦਿਲ ਦੀ ਧੱੜਕਣ ਨੂੰ ਚਾਲੂ ਰੱਖਿਆ।
ਪੂਰੇ ਛੇਆਂ ਹਫ਼ਤਿਆਂ ਬਾਅਦ ਦੁੱਲੇ ਨੇ ਮਾਤਾ ਜੀ ਸਾਹਮਣੇ ਮਾੜੀ ਜਿਹੀ ਅੱਖ ਖੋਲ੍ਹੀ। ਮਾਤਾ ਜੀ ਪੁੱਤ ਦੀ ਖੁੱਲਦੀ ਅੱਖ ਦੇਖ ਕੇ ਬੜੀ ਖੁਸ਼ ਹੋਈ ਅਤੇ ਖੁਸ਼ੀ 'ਚ ਉਸ ਦਾ ਮੁੱਖ ਚੁੰਮਿਆ।ਮਾਤਾ ਛੇਤੀ ਜਾ ਕੇ ਡਾਕਟਰ ਸੀਮਾ ਨੂੰ ਸੱਦ ਕੇ ਲਿਆਈ,
"ਦੇਖ ਧੀਏ, ਮੇਰੇ ਪੁੱਤਰ ਨੇ ਮਾੜੀ ਜਿਹੀ ਅੱਖ ਖੋਲ੍ਹੀ ਹੈ।" "ਮਾਤਾ ਜੀ ਅਕਾਲ ਪੁਰਖ ਤੇ ਭਰੋਸਾ ਰੱਖੋ, ਕੁੱਝ ਦਿਨਾਂ ਤੱਕ ਤੇਰਾ ਪੁੱਤ ਪੂਰੀਆਂ ਅੱਖਾਂ ਵੀ ਖੋਲ੍ਹਣ ਲੱਗ ਪਏਗਾ।"
"ਸੁਣਿਆ ਇੰਡੀਆ 'ਚ ਡਾਕਟਰ ਬੜੇ ਲਾਲਚੀ ਹੋ ਗਏ ਹਨ।ਸੀਮਾ ਡਾਕਟਰ ਦੀ ਗੱਲ ਸੁਣ ਕੇ ਤਾ ਲੱਗਦੈ ਅਜੇ ਧਰਮੀ ਡਾਕਟਰਾਂ ਦਾ ਵੀ ਕੋਈ ਘਾਟਾ ਨਹੀਂ।" ਕਰਮੇ ਤੋਂ ਸੀਮਾ ਦੀ ਸਿਫ਼ਤ ਕੀਤੇ ਬਿਨਾਂ ਰਿਹਾ ਨਾ ਗਿਆ।ਸੱਬੋ ਨੂੰ ਆਖਣ ਲੱਗਾ,
"ਸੱਬੋ ਕੌਣ ਕਹਿੰਦਾ ਹੈ ਇਸ ਯੁੱਗ ਵਿੱਚ ਧਰਮੀ ਬੰਦੇ ਨਹੀਂ ਰਹੇ। ਸੀਮਾ ਤਾਂ ਦੁੱਲੇ ਲਈ ਨਿਰੀ ਦੇਵੀ ਬਣ ਕੇ ਆਈ ਸੀ।"
ਉਸ ਦਿਨ ਪ੍ਰਗਾਸੋ ਨੇ ਗੁਰਦੁਆਰੇ ਜਾ ਕੇ ਪ੍ਰਸ਼ਾਦ ਕਰਾਇਆ ਅਤੇ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਡਾਕਟਰ ਸੀਮਾ ਦਾ ਹੱਥ ਫੜ ਕੇ ਮਾਤਾ ਆਖਣ ਲੱਗੀ, "ਧੀਏ ਤੂੰ ਤਾਂ ਪਰਮਾਤਮਾ ਦਾ ਰੂਪ ਹੈਂ, ਜਿਸ ਨੇ ਮੇਰਾ ਪੁੱਤ ਬਚਾ ਲਿਆ। ਤੈਨੂੰ ਰੱਬ ਹੋਰ ਤਰੱਕੀਆਂ ਦੇਵੇ। ਦੁੱਧੀਂ ਨਾ੍ਹਵੇਂ, ਪੁੱਤੀ ਫ਼ਲ਼ੇਂ।"
ਦੁੱਲਾ ਹੁਣ ਦਿਨ-ਪ੍ਰਤੀ-ਦਿਨ ਠੀਕ ਹੁੰਦਾ ਗਿਆ। ਨਰਸਾਂ ਸਹਾਰਾ ਦੇ ਕੇ ਦੁੱਲੇ ਨੂੰ ਤੋਰਨ ਲੱਗ ਪਈਆਂ। ਦੁੱਲਾ ਹੌਲੀ-ਹੌਲੀ ਗੱਲਾਂ ਵੀ ਕਰਨ ਲੱਗਾ। ਜਦੋਂ ਦੁੱਲੇ ਨੂੰ ਇਹ ਪਤਾ ਲੱਗਾ ਕਿ ਇਲਾਜ਼ ਕਰਕੇ ਇਸ ਦੀ ਜਾਨ ਬਚਾਉਣ ਵਾਲੀ ਕੋਈ ਹੋਰ ਨਹੀ ਪਰ ਡਾਕਟਰ ਸੀਮਾ ਹੈ, ਜਿਹੜੀ ਕਾਲਜ ਵਿੱਚ ਇਸ ਦੀ ਕਲਾਸਮੇਟ ਰਹੀ ਹੈ। ਇਹ ਜਾਣ ਕੇ ਇਸ ਦਾ ਦਰਦ ਖੰਭ ਲਾ ਕੇ ਉੱਡਣ ਲੱਗਾ।
ਕਾਲਜ ਵਿੱਚ ਇਹ ਕੁੜੀ ਦੁੱਲੇ ਦੀ ਗੁੱਝੀ ਪ੍ਰਸ਼ੰਸਕ ਸੀ। ਮਨ ਹੀ ਮਨ ਵਿੱਚ ਦੁੱਲੇ ਨਾਲ ਪਿਆਰ ਕਰਦੀ ਸੀ ਪਰ ਦੁਨਿਆਵੀ ਬੰਦਸ਼ਾਂ ਅਤੇ ਕਾਲਜ ਦੀ ਪੜ੍ਹਾਈ ਦੇ ਫ਼ਿਕਰ ਕਰਕੇ ਇਸ ਦਾ ਹੌਸਲਾ ਦੁੱਲੇ ਨਾਲ ਗੱਲ ਕਰਨ ਲਈ ਨਹੀਂ ਪੈਂਦਾ ਸੀ। ਸੀਮਾ ਦੀਆਂ ਸਹੇਲੀਆਂ ਕਈ ਵਾਰ ਇਸ ਦੇ ਗੁੱਝਾ ਤੀਰ ਮਾਰ ਜਾਂਦੀਆਂ,
"ਤੂੰ ਤਾਂ ਦੁੱਲੇ 'ਤੇ ਮਰਦੀ ਹੈਂ, ਪਰ ਉਹ ਤੇਰੇ ਵੱਲ ਝਾਕਦਾ ਵੀ ਨਹੀਂ।" ਸਹੇਲੀਆਂ ਦੇ ਤਾਹਨੇ ਸੁਣ ਕੇ ਸੀਮਾ ਮਿੰਨ੍ਹਾ ਜਿਹਾ ਮੁਸਕਰਾ ਛੱਡਦੀ ਅਤੇ ਪਾਸਾ ਮਾਰ ਕੇ ਇੱਕ ਪਾਸੇ ਤੁਰ ਜਾਂਦੀ।
ਦੁੱਲਾ ਹੁਣ ਤਕਰੀਬਨ ਸਿਹਤਮੰਦ ਹੋ ਗਿਆ। ਦੁੱਲੇ ਨੂੰ ਫ਼ਿਕਰ ਪੈ ਗਿਆ ਕਿ ਹੁਣ ਇਸ ਹਸਪਤਾਲ ਦਾ ਲੱਖਾਂ ਦਾ ਬਿੱਲ ਕੌਣ ਤਾਰੂ। ਦੁੱਲੇ ਨੇ ਆਪਣੀ ਮਾਤਾ ਨੂੰ ਕੋਲ ਬੁਲਾ ਕੇ ਕਿਹਾ,
"ਮਾਤਾ ਜੀ, ਸਾਡੇ ਪਾਸ ਪੈਸਿਆਂ ਦਾ ਤਾਂ ਕੋਈ ਹੋਰ ਇੰਤਜ਼ਾਮ ਨਹੀਂ। ਕਿਉਂ ਨਾ ਬਾਪੂ ਦੀ ਕੁੱਝ ਜ਼ਮੀਨ ਵੇਚ ਕੇ ਹਸਪਤਾਲ ਦਾ ਬਿੱਲ ਤਾਰ ਦੇਈਏ!" ਨਾਲ ਦੀ ਕੁਰਸੀ 'ਤੇ ਬੈਠੀ ਡਾਕਟਰ ਸੀਮਾ ਨੇ ਇਹ ਗੱਲ ਸੁਣ ਲਈ 'ਤੇ ਆਖਣ ਲੱਗੀ,
"ਮਾਤਾ ਜੀ ਫ਼ਿਕਰ ਨਾ ਕਰੋ।ਦੁੱਲਾ ਜੇਕਰ ਤੁਹਾਡਾ ਪੁੱਤਰ ਹੈ ਤਾਂ ਮੇਰਾ ਵੀ ਕੁੱਝ ਲੱਗਦਾ ਹੀ ਹੈ। ਬਿੱਲ ਮੈਂ ਆਪ ਖ਼ੁਦ ਤਾਰਾਂਗੀ।"
"ਧੀਏ, ਇੰਨਾ ਥੋੜ੍ਹਾ ਕਿ ਤੂੰ ਮੇਰੇ ਪੁੱਤ ਦੀ ਜਾਨ ਬਚਾ ਲਈ। ਹੁਣ ਤੂੰ ਪੈਸੇ ਵੀ ਕੋਲੋਂ ਦੇਵੇਂਗੀ!! ਨਾ ਨਾ ਧੀਏ, ਸਾਡੇ 'ਤੇ ਇੰਨਾ ਭਾਰ ਨਾ ਚੜ੍ਹਾ!!" ਡਾਕਟਰ ਸੀਮਾ ਨੇ ਨੇੜੇ ਹੋ ਕੇ ਮਾਤਾ ਦਾ ਮੱਥਾ ਚੁੰਮਿਆ ਅਤੇ ਇਸ ਨੂੰ ਪੈਸਿਆਂ ਦੀ ਗੱਲ ਕਰਨ ਤੋਂ ਮਨ੍ਹਾ ਕੀਤਾ।
ਅੱਜ ਦੁੱਲਾ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਰਿਹਾ ਸੀ। ਡਾਕਟਰ ਸੀਮਾ ਦੀਆਂ ਅੱਖਾਂ ਨੱਮ ਸਨ। ਮਾਤਾ ਪ੍ਰਗਾਸੋ ਅਤੇ ਦੁੱਲੇ ਦੀ ਭੈਣ ਸਿਮਰਨ ਨੇ ਡਾਕਟਰ ਸੀਮਾ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ। ਦੁੱਲਾ ਆਪਣੇ ਹਿਰਦੇ ਦੀਆਂ ਡੁੰਘਿਆਈਆਂ 'ਚੋਂ ਡਾਕਟਰ ਸੀਮਾ ਦਾ ਧੰਨਵਾਦ ਕਰ ਰਿਹਾ ਸੀ ਪਰ ਉਸ ਦੇ ਦਿਲ ਦੀ ਧੜਕਣ ਕੁੱਝ ਹੋਰ ਵੀ ਬਿਆਨ ਕਰ ਰਹੀ ਸੀ। ਇਸ ਤੋਂ ਆਖਰ ਕਹਿ ਹੀ ਹੋ ਗਿਆ,
"ਡਾਕਟਰ ਸੀਮਾ, ਮੇਰੀ ਜਾਨ ਬਚਾ ਕੇ ਤੂੰ ਮੈਨੂੰ ਆਪਣਾ ਕਰਜ਼ਾਈ ਬਣਾ ਲਿਆ। ਕਾਲਜ ਵਿੱਚ ਭਾਵੇਂ ਮੈਂ ਤੈਨੂੰ ਅਣਗੌਲਿਆਂ ਕਰ ਰਿਹਾ ਸੀ। ਪਰ ਹੁਣ ਤੂੰ ਸਾਬਤ ਕਰ ਦਿੱਤਾ ਕਿ ਤੂੰ ਮੈਨੂੰ ਸੱਚ ਮੁੱਚ ਪਿਆਰ ਕਰਦੀ ਹੈਂ। ਹੁਣ ਤੇਰੇ ਰਾਹੀਂ ਰੱਬ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਜ਼ਿੰਦਗੀ ਤੇਰੇ ਲੇਖੇ ਹੀ ਲੱਗੇਗੀ। ਅਗਰ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਸਦਾ ਲਈ ਤੇਰਾ ਬਣ ਕੇ ਰਹਿਣਾ ਚਾਹੁੰਦਾ ਹਾਂ।" ਦੁੱਲੇ ਦੀਆਂ ਭਰੀਆਂ ਅੱਖਾਂ ਦਾ ਤਰਲਾ ਦੇਖ ਕੇ ਹੁਣ ਡਾਕਟਰ ਸੀਮਾ ਦੀ ਚੁੱਪ ਅਤੇ ਮਿੰਨੀ ਮੁਸਕਾਨ ਵੀ ਕੋਈ ਗੁੱਝੀ ਹਾਮੀ ਭਰ ਰਹੀ ਸੀ।
ਡਾਕਟਰ ਸੀਮਾ ਅਤੇ ਦੁੱਲਾ ਹੁਣ ਛੇਤੀ ਛੇਤੀ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਦੇ ਰਹਿੰਦੇ ਅਤੇ ਆਪਸ 'ਚ ਮਿਲਦੇ ਰਹਿੰਦੇ । ਇਹਨਾਂ ਪਿਆਰ ਦੀਆਂ ਮਿਲਣੀਆਂ ਨੇ ਰਿਸ਼ਤੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ।ਸਮੇਂ ਦੀ ਗਰਦਸ਼ ਵਿੱਚ ਦੱਬੇ ਕੋਮਲ ਫੁੱਲ ਅੱਜ ਫੇਰ ਪਿਆਰ ਦੀਆਂ ਮਹਿਕਾਂ ਖਿਲਾਰਨ ਲੱਗੇ।
ਕੁੱਝ ਹੀ ਮਹੀਨਿਆਂ ਵਿੱਚ ਡਾਕਟਰ ਸੀਮਾ ਨੇ ਦੁੱਲੇ ਨਾਲ ਵਿਆਹ ਕਰਾ ਲਿਆ।ਇਸ ਦੀ ਰਾਜਨੀਤੀ ਅਤੇ ਸਮਾਜ ਵਾਰੇ ਡੂੰਘੀ ਦਿਲਚਸਪੀ ਹੋਣ ਕਰਕੇ ਸੀਮਾ ਨੇ ਦੁੱਲੇ ਨੂੰ ਆਪਣੇ ਹੀ ਖ਼ਰਚ ਤੇ ਪੱਤਰਕਾਰੀ ਦਾ ਡਿਪਲੋਮਾ ਕਰਾ ਦਿੱਤਾ। ਹੁਣ ਦੁੱਲਾ ਰਾਜਨੀਤੀ ਅਤੇ ਸਮਾਜ ਦੀਆਂ ਆਮ ਕਾਰਗੁਜ਼ਾਰੀਆਂ ਦੀ ਮੁਹਾਰਤ ਹਾਸਲ ਕਰ ਗਿਆ। ਪਹਿਲਾਂ ਰਾਜਨੀਤੀ ਮਜ਼ਬੂਨ ਵਿੱਚ ਕੀਤੀ ਇਸ ਦੀ ਡਿਗਰੀ ਸੋਨੇ ਤੇ ਸੁਹਾਗੇ ਵਾਂਗ ਕੰਮ ਕਰ ਗਈ।
ਇੱਕ ਟੈਲੀਵਿਯਨ ਚੈਨਲ ਵਾਲਿਆਂ ਨੇ ਦੁੱਲੇ ਦੀ ਲਿਆਕਤ ਭਾਂਪਦੇ ਹੋਏ ਇਸ ਨੂੰ ਆਪਣੇ ਮੀਡੀਏ ਵਿੱਚ ਪੱਤਰਕਾਰੀ ਦੀ ਨੌਕਰੀ ਦੇ ਦਿੱਤੀ।ਦੁੱਲਾ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਸਿਆਸਤਦਾਨਾਂ ਅਤੇ ਸਮਾਜ ਦੀਆਂ ਕੁਰੀਤੀਆਂ ਦੀਆਂ ਪਰਤਾਂ ਫੋਲਦਾ ਰਹਿੰਦਾ।ਇਸ ਦੀ ਨਿਰਪੱਖ ਅਤੇ ਸੁੱਥਰੀ ਪੱਤਰਕਾਰੀ ਦੀ ਚਰਚਾ ਆਮ ਹੋਣ ਲੱਗੀ। ਚੈਨਲ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਣ ਲੱਗਾ ਅਤੇ ਇਸ ਦੇ ਨਾਲ ਹੀ ਇਸ ਦੀ ਤਨਖ਼ਾਹ ਵਿੱਚ।
ਇੱਕ ਦਿਨ ਦੁੱਲੇ ਨੇ ਆਪਣੇ ਟੈਲੀਵਿਜ਼ਨ ਚੈਨਲ 'ਤੇ ਭਰਿਸ਼ਟਾਚਾਰ ਦੇ ਮਸਲੇ 'ਤੇ ਬਹਿਸ ਕਰਨ ਲਈ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵਿਧਾਇਕ ਸੱਦੇ। ਜਿਨ੍ਹਾਂ ਵਿੱਚ ਇਸ ਦੇ ਇਲਾਕੇ ਦਾ ਮੰਤਰੀ ਵੀ ਸੀ। ਉਹੀ ਮੰਤਰੀ ਜਿਸ ਨੇ ਇਸ ਨੂੰ ਆਪਣੇ ਗੁੰਡਿਆਂ ਪਾਸੋਂ ਗੋਲੀ ਮਰਵਾਈ ਸੀ। ਬਾਕੀ ਸਭ ਪਾਰਟੀਆਂ ਦੇ ਨੁੰਮਾਇੰਦਿਆਂ ਨੇ ਖੁੱਲ ਕੇ ਬਹਿਸ ਵਿੱਚ ਹਿੱਸਾ ਲਿਆ। ਪਰ ਟੈਲੀਵਜ਼ਿਨ ਪੈਨਲ 'ਤੇ ਇਸ ਵਿਧਾਇਕ ਦੀ ਕੁਰਸੀ ਖਾਲੀ ਸੀ। ਵਾਰ ਵਾਰ ਫ਼ੋਨ ਕਰਕੇ ਇੰਟਰਵਿਊ ਪੈਨਲ 'ਤੇ ਸੱਦਿਆ ਗਿਆ। ਪਰ ਫ਼ੋਨ ਦੀ ਘੰਟੀ ਵੱਜਦੀ ਹੋਣ ਦੇ ਬਾਵਯੂਦ ਵੀ ਕੋਈ ਜਵਾਬ ਨਹੀਂ ਸੀ ਆ ਰਿਹਾ।
ਦੁੱਲੇ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪਰਿਵਾਰ ਸਿਰ ਚੜ੍ਹਿਆ ਹੋਇਆ ਕਰਜਾ ਲਾਹ ਦਿੱਤਾ।ਡਾਕਟਰ ਸੀਮਾ ਆਪਣੇ ਪੇਸ਼ੇ ਵਿੱਚ ਸੁਚੱਜੀ ਸੇਵਾ ਦਿੰਦੀ ਗਈ।ਦੁੱਲਾ ਆਪਣੀ ਨਿਪੁੰਨ ਅਤੇ ਨਿਰਪੱਖ ਪੇਸ਼ਕਾਰੀ ਕਰਦਾ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਣ ਲੱਗਾ। ਉੱਘੇ ਅਰਥਸ਼ਾਸਤਰੀ, ਸਮਾਜਸ਼ਾਸ਼ਤਰੀ, ਸਿਆਸਤਦਾਨ, ਕਲਾਕਾਰ, ਖਿਡਾਰੀ ਅਤੇ ਹੋਰ ਬੁੱਧੀਜੀਵੀ ਚੈਨਲ 'ਤੇ ਇਸ ਨਾਲ ਇੰਟਰਵਿਊ ਦੇ ਕੇ ਆਪਣੇ ਧੰਨਭਾਗ ਸਮਝਦੇ। ਕਿਉਂਕਿ ਇਸ ਨਾਲ ਉਨ੍ਹਾਂ ਦੇ ਕਿਰਦਾਰ ਅਤੇ ਵਕਾਰ ਵਿੱਚ ਨਿਖ਼ਾਰ ਆਉਂਦਾ ਸੀ।
ਮਾਤਾ ਜੀ ਅਤੇ ਭੈਣ ਸਿਮਰਨ ਦੇ ਚਿਹਰਿਆਂ 'ਤੇ ਖੁਸ਼ੀਆਂ ਮੰਡਲਾਉਣ ਲੱਗੀਆਂ। ਉੱਜੜੇ ਬਾਗ ਦਾ ਮੁੱਰਝਾਇਆ ਫੁੱਲ, ਡਾਕਟਰ ਸੀਮਾ ਵਰਗੀ ਪਤਨੀ ਪਾ ਕੇ ਅੱਜ ਫਿਰ ਪੂਰੇ ਜੋਬਨ ਵਿੱਚ ਖਿੜ ਕੇ ਪੰਜਾਬ ਦੀ ਗੰਧਲੀ ਫ਼ਿਜ਼ਾਂ ਵਿੱਚ ਆਪਣੀ ਮਹਿਕ ਖਿਲਾਰਨ ਲੱਗਾ।"
"ਕਰਮਿਆਂ, ਤੂੰ ਮੇਜਰ ਸਿਓਂ ਦੀ ਗੱਲ ਸੁਣਾ ਕੇ ਮੈਨੂੰ ਸੱਚ ਮੁੱਚ ਹੀ ਭਾਵੁੱਕ ਕਰ ਦਿੱਤਾ।ਅਗਰ ਪੰਜਾਬ ਦੇ ਵੋਟਰ ਇਮਾਨਦਾਰ ਅਤੇ ਅਗਾਂਹ ਵਧੂ ਨੀਤੀਆਂ ਵਾਲੇ ਆਗੂਆਂ ਦੀ ਚੋਣ ਕਰਨ ਅਤੇ ਸੀਮਾ ਵਰਗੇ ਬੁੱਧੀਜੀਵੀ ਇਨਸਾਨ ਪਰਸ਼ਾਸ਼ਨ ਨੂੰ ਚਲਾਉਣ, ਤਾਂ ਕੀ ਲੋੜ ਹੈ ਸਾਡੀ ਜਵਾਨੀ ਬਿਦੇਸ਼ਾਂ ਵਿੱਚ ਆਪਣਾ ਭਵਿੱਖ ਸਵਾਰਨ ਲਈ ਭੱਜੀ ਜਾਵੇ।"
ਸੱਬੋ ਕਰਮੇ ਤੋਂ ਦੁੱਲੇ ਦੀ ਗੱਲ ਸੁਣ ਕੇ ਕੁੱਝ ਆਸ਼ਾਵਾਦੀ ਜਾਪ ਰਿਹਾ ਸੀ।ਸੋਚਣ ਲੱਗਾ ਕਾਸ਼! ਉਹ ਦਿਨ ਆਉਣ ਜਦੋਂ ਪੰਜਾਬ ਦੇ ਉਜੜੇ ਬਾਗਾਂ ਵਿੱਚ ਦੁੱਲੇ ਵਰਗੇ ਫੁੱਲ ਇੱਕ ਵਾਰ ਫੇਰ ਖਿੜਨ। ਇਨ੍ਹਾਂ ਖਿਆਲਾਂ ਦੀ ਉਧੇੜ ਬੁੱਣਤੀ ਕਰਦਾ ਹੋਇਆ ਆਪਣੇ ਦੋਹਤੇ ਦੋਹਤੀ ਦੀ ਉਂਗਲ ਫੜ ਕੇ ਘਰ ਵੱਲ ਤੁਰ ਪਿਆ।