ਕੋਹੜ ਦੀ ਬੀਮਾਰੀ - ਬਲਵੰਤ ਸਿੰਘ ਗਿੱਲ
ਚਰਨੋਂ ਦੋ-ਹੱਥੜੀਆਂ ਮਾਰ-ਮਾਰ ਕੇ ਆਪਣੇ ਇਕਲੌਤੇ ਪੁੱਤਰ ਗੁਰਕੰਵਲ ਦੀ ਲਾਸ਼ ਸਰ੍ਹਾਣੇ ਬੈਠੀ ਪਿੱਟ ਰਹੀ ਸੀ। ਘੰਟਾ ਕੁ ਪਹਿਲਾਂ ਗੁਰਕੰਵਲ ਦੀ ਲਾਸ਼ ਹਵੇਲੀ ਦੇ ਪੱਖੇ ਤੋਂ ਥੱਲੇ ਲਾਹ ਕੇ ਜ਼ਮੀਨ 'ਤੇ ਲਿਟਾਈ ਗਈ ਸੀ। ਜਦੋਂ ਪਿੰਡ ਦੇ ਵਸਨੀਕਾਂ ਨੂੰ ਇਸ ਖ਼ੌਫ਼ਨਾਕ ਮੌਤ ਦਾ ਪਤਾ ਲੱਗਾ ਤਾਂ ਉਹ ਭੱਜੇ ਭੱਜੇ ਚਰਨੋਂ ਦੀ ਹਵੇਲੀ ਵਿੱਚ ਆ ਗਏ। ਲਾਸ਼ ਦਾ ਮੂੰਹ ਦੇਖਣ ਲਈ ਹਰ ਪਿੰਡ ਵਾਸੀ ਇੱਕ ਦੂਸਰੇ ਤੋਂ ਮੂਹਰੇ ਹੋ ਕੇ ਹਵੇਲੀ ਪਹੁੰਚਿਆ। ਚਰਨੋਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਅਤੇ ਵਾਰ ਵਾਰ ਗਸੀਆਂ ਪੈ ਗਈਆਂ ਸਨ। ਇਸ ਦੀ ਗੁਆਂਢਣ ਗਿਆਨੋਂ ਚਰਨੋਂ ਦੇ ਮੂੰਹ ਵਿੱਚ ਦੋ ਘੁੱਟ ਪਾਣੀ ਪਾ ਕੇ ਇਸ ਨੂੰ ਹੋਸ਼ ਵਿੱਚ ਲਿਆਉਂਦੀ। ਪਰ ਜਦੋਂ ਗੁਰਕੰਵਲ ਦੀ ਮਾਂ ਦੀ ਨਿਗਾਹ ਆਪਣੇ ਕੜੀ ਵਰਗੇ ਜੁਆਨ ਪੁੱਤ ਦੀ ਲਾਸ਼ ਉੱਤੇ ਪੈਂਦੀ ਤਾਂ ਇਸ ਨੂੰ ਫੇਰ ਗਸ਼ੀ ਪੈ ਜਾਂਦੀ। ਚਰਨੋਂ ਆਪਣੀ ਛਾਤੀ ਪਿੱਟਦੀ ਦੁਹਾਈਆਂ ਪਾ ਰਹੀ ਸੀ, "ਲੋਕੋ, ਮੇਰੇ ਪੁੱਤ ਨੂੰ ਇਹ ਸਰਕਾਰਾਂ ਖਾ ਗਈਆਂ। ਪਿਛਲੇ ਕਈ ਸਾਲਾਂ ਤੋਂ ਇਲਾਕੇ ਦੀ ਪੁਲਿਸ ਕੋਲ ਬਥੇਰੀਆਂ ਸ਼ਿਕਾਇਤਾਂ ਕੀਤੀਆਂ ਸਨ ਕਿ ਪਿੰਡ 'ਚ ਨਸ਼ਾ ਬੇਰੋਕ ਵਿੱਕ ਰਿਹਾ ਹੈ, ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਓ। ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਾ ਸਰਕੀ। ਆਹ ਨਤੀਜਾ ਦੇਖ ਲਓ, ਮੇਰਾ ਪੁੱਤ ਨਸ਼ਿਆਂ ਨੇ ਖਾ ਲਿਆ।"
ਦੇਖਦਿਆਂ-ਦੇਖਦਿਆਂ ਪਿੰਡ ਦਾ ਸਰਪੰਚ ਅਤੇ ਹੋਰ ਪੰਚਾਇਤ ਦੇ ਮੈਂਬਰ ਵੀ ਹਵੇਲੀ ਪਹੁੰਚ ਗਏ। ਜਦੋਂ ਨੇੜੇ ਦੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਭੱਜੇ ਭੱਜੇ ਚਰਨੋਂ ਦੀ ਹਵੇਲੀ ਪਹੁੰਚ ਗਏ। ਲੱਗਦਾ ਸੀ, ਸਾਰੇ ਇਲਾਕੇ ਨੂੰ ਇਸ ਭਰ ਜਵਾਨ ਗੱਭਰੂ ਦੀ ਅਚਾਨਕ ਮੌਤ ਦਾ ਸਦਮਾ ਪਹੁੰਚਾ ਹੋਏਗਾ। ਨਾਲ ਦੇ ਪਿੰਡ ਦੀ ਇੱਕ ਸਮਾਜ ਸੇਵੀ ਸੰਸਥਾ ਨੂੰ ਜਦੋਂ ਪਤਾ ਲੱਗਾ ਕਿ ਗੁਰਕੰਵਲ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਉਹ ਵੀ ਪਤਾ ਕਰਨ ਆ ਗਏ ਕਿ ਗੁਰਕੰਵਲ ਦਾ ਆਤਮਹੱਤਿਆ ਕਰਨ ਦਾ ਅਸਲੀ ਕਾਰਨ ਕੀ ਸੀ?
ਗੁਰਕੰਵਲ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ ਅਤੇ ਇਸ ਦੀ ਇੱਕ ਭੈਣ ਸੁਖਜੀਵਨ, ਜੋ ਕਿ ਵਿਆਹੀ ਹੋਈ ਸੀ। ਘਰ ਵਿੱਚ ਅਤਿ ਦੀ ਗਰੀਬੀ ਸੀ ਪਰ ਗੁਰਕੰਵਲ ਦੇ ਬਾਪ ਗੁਲਜ਼ਾਰਾ ਸਿੰਘ ਨੇ ਆਪ ਤੰਗੀਆਂ ਝੱਲ ਕੇ ਆਪਣੇ ਦੋਹਾਂ ਬੱਚਿਆਂ ਨੂੰ ਪੜ੍ਹਾ ਲਿਆ ਸੀ। ਬਾਪ ਨੇ ਬੈਂਕ ਤੋਂ ਕਰਜ਼ਾ ਚੁੱਕ ਕੇ ਵੱਡੀ ਬੇਟੀ ਸੁਖਜੀਵਨ ਦਾ ਬੀ.ਏ. ਕਰਨ ਤੋਂ ਬਾਅਦ ਵਿਆਹ ਕਰ ਦਿੱਤਾ ਸੀ ਅਤੇ ਗੁਰਕੰਵਲ ਨੂੰ ਐਮ.ਏ. ਤੱਕ ਪੜ੍ਹਾ ਲਿਆ ਸੀ।
ਗੁਰਕੰਵਲ ਆਪਣੇ ਬਾਪੂ ਵਾਂਗ ਚੰਗਾ ਕੱਦ-ਕਾਠ ਕਰ ਗਿਆ ਸੀ। ਛੇ ਫੁੱਟਾ ਲੰਮਾ ਕੱਦ ਅਤੇ ਉਵੇਂ ਵੀ ਸੋਹਣਾ ਸੁਨੱਖਾ ਦਰਸ਼ਨੀ ਜੁਆਨ ਨਿਕਲਿਆ ਸੀ। ਕਾਲਜ ਦੇ ਸਲਾਨਾ ਖੇਡ ਮੁਕਾਬਲਿਆਂ ਅਤੇ ਸੂਬੇ ਦੀਆਂ ਖੇਡਾਂ ਵਿੱਚ ਚੰਗੇ ਇਨਾਮ ਜਿੱਤ ਕੇ ਘਰ ਆਉਂਦਾ। ਬਾਪੂ ਦਾ ਇਹ ਸਭ ਕੁੱਝ ਦੇਖ ਕੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਬੇਬੇ ਚਰਨੋਂ ਵੀ ਫ਼ਖ਼ਰ ਨਾਲ ਆਪਣੇ ਗੱਭਰੂ ਪੁੱਤ ਦੀਆਂ ਸਿਫ਼ਤਾਂ ਆਂਡ-ਗੁਆਂਢ ਜਾ ਕੇ ਕਰਦੀ।ਮਾਂ ਬਾਪ ਸੋਚ ਰਹੇ ਸਨ ਕਿ ਉਨ੍ਹਾਂ ਦਾ ਬੇਟਾ ਚੰਗੀ ਨੌਕਰੀ 'ਤੇ ਲੱਗ ਕੇ ਆਪਣਾ ਚੰਗਾ ਜੀਵਨ ਬਤੀਤ ਕਰੇਗਾ ਅਤੇ ਉਨ੍ਹਾਂ ਦਾ ਬੁਢਾਪੇ 'ਚ ਸਹਾਰਾ ਬਣੇਗਾ।
ਗੁਰਕੰਵਲ ਆਪਣੀ ਐਮ.ਏ. ਦੀ ਪੜ੍ਹਾਈ ਚੰਗੇ ਨੰਬਰਾਂ 'ਚ ਪਾਸ ਕਰਕੇ ਰੁਜ਼ਗਾਰ ਦੀ ਮੰਡੀ ਵਿੱਚ ਕਿਸੇ ਨੌਕਰੀ ਦੀ ਭਾਲ਼ 'ਚ ਜੁੱਟ ਗਿਆ। ਪਰ ਇਸ ਨੂੰ ਇਸ ਮੈਦਾਨ 'ਚ ਕੋਈ ਸਫ਼ਲਤਾ ਨਜ਼ਰ ਨਾ ਆਈ। ਸਾਰੇ ਪਾਸੇ ਵੱਢੀਆਂ ਅਤੇ ਸਿਫ਼ਾਰਸ਼ਾਂ ਦਾ ਜ਼ੋਰ ਸੀ। ਇਸ ਗਰੀਬ ਨੌਜਵਾਨ ਕੋਲ ਨਾ ਤਾਂ ਵੱਢੀ ਦੇਣ ਲਈ ਸਰਮਾਇਆ ਸੀ ਅਤੇ ਨਾ ਹੀ ਕਿਸੇ ਨਾਮਵਰ ਲੀਡਰ ਦੀ ਸਿਫ਼ਾਰਸ਼। ਰੁਜ਼ਗਾਰ ਲਈ ਟੋਲ-ਟੱਕਰਾਂ ਮਾਰਦਿਆਂ ਤਿੰਨ ਚਾਰ ਸਾਲ ਲੰਘ ਗਏ। ਖੇਤੀ ਦੀ ਥੋੜ੍ਹੀ ਆਮਦਨ ਵਿੱਚੋਂ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਵੀ ਨਾ ਪੂਰੀਆਂ ਹੁੰਦੀਆਂ। ਬਾਪੂ ਜਿਸ ਨੂੰ ਆਸ ਸੀ ਕਿ ਇਸ ਦਾ ਪੁੱਤਰ ਪੜ੍ਹਾਈ ਤੋਂ ਬਾਅਦ ਚੰਗੀ ਨੌਕਰੀ ਲੱਭ ਕੇ ਇਸ ਦੇ ਕਰਜ਼ੇ ਨੂੰ ਲਾਹੁਣ 'ਚ ਮਦਦ ਕਰੇਗਾ, ਉਹ ਪੁੱਤਰ ਅੱਜ ਨੌਕਰੀ ਲੱਭਣ ਲਈ ਥਾਂ-ਥਾਂ ਕੋਸ਼ਿਸ਼ਾਂ ਕਰਕੇ ਖ਼ਾਲੀ ਘਰ ਮੁੜ ਆਉਂਦਾ ਸੀ।
ਕਰਜ਼ੇ ਦੀਆਂ ਜ਼ਿਆਦਾ ਕਿਸ਼ਤਾਂ ਜਮਾਂ ਹੁੰਦੀਆਂ ਦੇਖ ਕੇ ਬੈਂਕ ਮੈਨੇਜਰ ਨੇ ਬਾਪੂ ਗੁਲਜ਼ਾਰ ਸਿੰਘ ਨੂੰ ਜ਼ਮੀਨ 'ਤੇ ਕਬਜ਼ਾ ਕਰਨ ਦਾ ਨੋਟਿਸ ਭੇਜ ਦਿੱਤਾ। ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ। ਇਸੇ 'ਤੇ ਤਾਂ ਸਾਰੀਆਂ ਪੁਸ਼ਤਾਂ ਰੋਟੀ ਖਾਂਦੀਆਂ ਆ ਰਹੀਆਂ ਸਨ। ਇਹ ਗੱਲ ਵੱਖਰੀ ਸੀ ਕਿ ਇਨ੍ਹਾਂ ਦੇ ਦਾਦੇ ਪੜ੍ਹਦਾਦਿਆਂ ਨੇ ਜ਼ਮੀਨ 'ਤੇ ਕੋਈ ਕਰਜ਼ਾ ਨਹੀਂ ਸੀ ਚੁੱਕਿਆ। ਪਰ ਬੁਚਿਆਂ ਨੂੰ ਉੱਚ ਵਿਦਿਆ ਤੱਕ ਪੜ੍ਹਾਉਣ ਵਰਗੇ ਖ਼ਰਚੇ ਵੀ ਤਾਂ ਨਹੀਂ ਸਨ। ਮਾਪਿਆਂ ਨੇ ਆਪਣੇ ਪੁੱਤ ਨੂੰ ਚੰਗਾ ਪੜ੍ਹਾ ਕੇ ਕਿਸੇ ਚੰਗੀ ਨੌਕਰੀ ਦੇ ਸੁਨਿਹਰੀ ਸੁਪਨੇ ਦੇਖ ਰੱਖੇ ਸਨ। ਸੁਪਨੇ ਜਿਹੜੇ ਕਿ ਹੁਣ ਸਕਾਰ ਹੁੰਦੇ ਨਜ਼ਰ ਨਹੀਂ ਆ ਰਹੇ ਸਨ। ਆਪਣੀ ਜ਼ਮੀਨ ਦੀ ਕੁਰਕੀ ਦੇ ਡਰ ਵਿੱਚ ਗੁਲਜ਼ਾਰਾ ਸਿੰਘ ਫ਼ਿਕਰਾਂ ਵਿੱਚ ਰਹਿਣ ਲੱਗ ਪਿਆ। ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਨੇ ਇਸ 'ਤੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਚਰਨੋਂ ਅਤੇ ਗੁਰਕੰਵਲ ਬਾਪੂ ਨੂੰ ਬਥੇਰਾ ਦਿਲਾਸਾ ਦਿੰਦੇ ਕਿ ਨੌਕਰੀ ਮਿਲਦਿਆਂ ਸਾਰ, ਇਸ ਦਾ ਕਰਜ਼ਾ ਉਤਰ ਜਾਏਗਾ। ਪਰ ਨੌਕਰੀ ਦੀਆਂ ਆਸਾਂ ਗੁਰਕੰਵਲ ਲਈ ਪੂਰੀਆਂ ਨਹੀਂ ਹੋ ਰਹੀਆਂ ਸਨ।
ਬੀਮਾਰੀਆਂ ਨਾਲ ਜੂਝਦੇ ਬਾਪੂ ਗੁਲਜ਼ਾਰਾ ਸਿੰਘ ਦੀ ਸਿਹਤ ਦਿਨ ਪ੍ਰਤੀ ਦਿਨ ਵਿੱਗੜਦੀ ਗਈ। ਇੱਕ ਦਿਨ ਅਚਾਨਕ ਦਿਲ ਦਾ ਵੱਡਾ ਦੌਰਾ ਪੈ ਗਿਆ। ਗੁਰਕੰਵਲ ਅਤੇ ਇਸ ਦੀ ਮਾਤਾ ਚਰਨੋਂ ਗੁਲਜ਼ਾਰਾ ਸਿੰਘ ਨੂੰ ਲਾਗਲੇ ਹਸਪਤਾਲ 'ਚ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਇਸ ਦੇ ਦਿਲ ਦਾ ਬਾਈ ਪਾਸ ਕਰਨਾ ਪਵੇਗਾ ਅਤੇ ਇਸ ਆਪਰੇਸ਼ਨ ਦਾ ਘੱਟ ਤੋਂ ਘੱਟ ਇੱਕ ਲੱਖ ਰੁਪਿਆ ਖਰਚਾ ਆਏਗਾ। ਚਰਨੋਂ ਅਤੇ ਗੁਰਕੰਵਲ ਨੇ ਸੋਚਿਆ ਕਿ ਜਾਨ ਨਾਲੋਂ ਕੀ ਚੰਗਾ, ਜ਼ਮੀਨ ਦੇ ਦੋ ਖੇਤਾਂ ਵਿੱਚੋਂ ਚਾਰ ਕਨਾਲ ਜ਼ਮੀਨ ਬੈਅ ਕਰ ਦਿੰਦੇ ਹਾਂ। ਚਰਨੋਂ ਨੇ ਆਪਣੇ ਘਰ ਵਾਲੇ ਨੂੰ ਆਖਿਆ ਕਿ ਕੱਲ੍ਹ ਨੂੰ ਉਹ ਹਸਪਤਾਲ ਤੋਂ ਛੁੱਟੀ ਕਰਾ ਇਸ ਨੂੰ ਤਸੀਲੇ ਜ਼ਮੀਨ ਵੇਚਣ ਲਈ ਲਿਜਾਣਾ ਚਾਹੁੰਦੇ ਹਨ। ਉੱਥੇ ਇਹ ਚਾਰ ਕਨਾਲ ਜ਼ਮੀਨ ਬੈਅ ਕਰਨ ਲਈ ਰਜਿਸਟਰੀ 'ਤੇ ਦਸਤਖ਼ਤ ਕਰ ਦੇਵੇ। ਇਹ ਸੁਣ ਕੇ ਗੁਲਜ਼ਾਰਾ ਸਿੰਘ ਨੂੰ ਬਹੁਤ ਹੀ ਵੱਡਾ ਧੱਕਾ ਲੱਗਾ। ਪੁਰਖ਼ਿਆਂ ਦੀ ਜ਼ਮੀਨ ਆਪਣੀ ਹੱਥੀਂ ਵਿਕਣ ਦੇ ਖਿਆਲ ਮਨ ਵਿੱਚ ਸੋਚਦਿਆਂ ਇਸ ਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਸਨ। ਜਦੋਂ ਡਾਕਟਰਾਂ ਨੂੰ ਸੱਦ ਕੇ ਗੁਲਜ਼ਾਰ ਸਿੰਘ ਨੂੰ ਚੈੱਕ ਕਰਾਇਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਇੱਕ ਹੋਰ ਦੌਰਾ ਪੈ ਗਿਆ ਹੈ। ਦੇਖਦਿਆਂ-ਦੇਖਦਿਆਂ ਗੁਲਜ਼ਾਰਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ।
ਸਿਰ ਤੋਂ ਸਾਈਂ ਦਾ ਸਾਇਆ ਚੁੱਕੇ ਜਾਣ ਤੋਂ ਬਾਅਦ ਚਰਨੋਂ ਦੀ ਤਾਂ ਦੁਨੀਆਂ ਹੀ ਉੱਜੜ ਗਈ ਸੀ। ਪੁੱਤ ਕਿੰਨੇ ਸਾਲਾਂ ਦਾ ਘਰ ਵਿੱਚ ਬੇਰੁਜ਼ਗਾਰ ਬੈਠਾ ਹੋਇਆ ਸੀ। ਬੈਂਕਾਂ ਵਾਲੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਜ਼ੋਰ ਪਾ ਰਹੇ ਸਨ। ਗੱਲ ਕੀ, ਪਰਿਵਾਰ 'ਤੇ ਬਿਪਤਾ ਦਾ ਪਹਾੜ ਟੁੱਟ ਪਿਆ। ਮਾਤਾ ਚਰਨੋਂ ਨੂੰ ਫ਼ਿਕਰਾਂ 'ਚ ਪਈ ਨੂੰ ਦੇਖ ਕੇ ਗੁਰਕੰਵਲ ਵੀ ਉਦਾਸੀ 'ਚ ਰਹਿਣ ਲੱਗ ਪਿਆ ਸੀ। ਉਸ ਨੂੰ ਚੰਗੇ ਨੰਬਰਾਂ 'ਚ ਪਾਸ ਕੀਤੀ ਆਪਣੀ ਐਮ.ਏ. ਦੀ ਡਿਗਰੀ 'ਤੇ ਸ਼ਰਮ ਆਉਂਣ ਲੱਗ ਪਈ ਸੀ।
ਇੱਕ ਦਿਨ ਗੁਰਕੰਵਲ ਦੇ ਬਾਪੂ ਦਾ ਅਫ਼ਸੋਸ ਕਰਨ ਲਈ ਇਸ ਦਾ ਇੱਕ ਕਲਾਸਮੇਟ ਭਾਨਾ ਇਸ ਦੇ ਘਰ ਆਇਆ। ਅਫ਼ਸੋਸ ਦੀਆਂ ਗੱਲਾਂ ਕਰਦਿਆਂ ਇਸ ਦੇ ਕਲਾਸਮੇਟ ਨੇ ਇਸ ਦੀ ਨੌਕਰੀ ਦੀ ਗੱਲ ਛੇੜ ਲਈ। ਜਦੋਂ ਭਾਨੇ ਨੇ ਪੁੱਛਿਆ ਕਿ ਨੌਕਰੀ ਲਈ ਕਿਤੇ ਕੋਈ ਨਹੁੰ ਅੜ੍ਹਦਾ ਕਿ ਨਹੀਂ ਤਾਂ ਗੁਰਕੰਵਲ ਨੇ ਜਵਾਬ ਦਿੱਤਾ, "ਦੋਸਤਾ, ਅੱਜ ਕੱਲ੍ਹ ਪੜ੍ਹਾਈਆਂ ਨੂੰ ਕੌਣ ਪੁੱਛਦਾ ਹੈ, ਸਿਫਾਰਸ਼ਾਂ ਅਤੇ ਵੱਢੀਆਂ ਦਾ ਹੀ ਬੋਲਬਾਲਾ ਹੈ। ਸਾਡੇ ਵਰਗੇ ਗਰੀਬਾਂ ਨੂੰ ਨੌਕਰੀਆਂ ਕਿੰਨ੍ਹੇ ਦੇਣੀਆਂ। ਜੇ ਕੋਈ ਛੋਟੀ ਮੋਟੀ ਨੌਕਰੀ ਮਿਲੀ ਹੁੰਦੀ ਤਾਂ ਬੈਂਕ ਦੀਆਂ ਇੰਨੀਆਂ ਕਿਸ਼ਤਾਂ ਕਿਉਂ ਜਮ੍ਹਾਂ ਹੁੰਦੀਆਂ ਅਤੇ ਬਾਪੂ ਦੀ ਮੌਤ ਕਿਉਂ ਹੁੰਦੀ।" ਸ਼ਰਮਿੰਦੇ ਅਤੇ ਮਾਯੂਸ ਹੋਏ ਗੁਰਕੰਵਲ ਨੇ ਆਪਣੀ ਦਰਦ ਭਰੀ ਵੇਦਨਾ ਭਾਨੇ ਨੂੰ ਸੁਣਾਈ।"ਓਏ ਕਿੰਨਾ ਕੁ ਚਿਰ ਇਨ੍ਹਾਂ ਸਰਕਾਰਾਂ ਦੀਆਂ ਨੌਕਰੀਆਂ ਦੀ ਆਸ ਵਿੱਚ ਊਟ ਦੇ ਬੁੱਲ ਡਿੱਗਣ ਵਾਂਗ ਉਡੀਕ ਕਰੇਂਗਾ। ਆ ਜਾ ਤੈਨੂੰ ਮੈਂ ਆਪਣੇ ਬਿਜ਼ਨਸ ਦਾ ਪਾਰਟਨਰ ਬਣਾ ਲੈਂਦਾ ਹਾਂ।" ਭਾਨੇ ਨੇ ਗੁਰਕੰਵਲ ਵੱਲ ਬਿਜ਼ਨਸ ਦਾ ਪਰਸਤਾਵ ਰੱਖਦਿਆਂ ਦੋਸਤੀ ਦਾ ਹੱਥ ਵਧਾਇਆ। "ਕਿਸ ਚੀਜ਼ ਦਾ ਪਾਰਟਨਰ, ਮੇਰੇ ਪਾਸ ਤਾਂ ਤੇਰੇ ਬਿਜ਼ਨਸ 'ਚ ਹਿੱਸਾ ਪਾਉਣ ਲਈ ਦੁਆਨੀ ਵੀ ਨਹੀਂ।" ਗੁਰਕੰਵਲ ਨੇ ਆਪਣੀ ਵਿੱਤੀ ਮਜ਼ਬੂਰੀ ਦੱਸੀ। "ਹਿੱਸਾ ਪਾਉਣ ਦੀ ਤੂੰ ਚਿੰਤਾ ਨਾ ਕਰ। ਇਸ ਧੰਦੇ ਵਿੱਚ ਬਹੁਤੇ ਸਰਮਾਏ ਦੀ ਜ਼ਰੂਰਤ ਨਹੀਂ। ਬੱਸ ਪੈਸਾ ਮੇਰਾ ਅਤੇ ਸਮਾਨ ਵੀ ਮੇਰਾ। ਤੂੰ ਪਿੰਡਾਂ ਵਿੱਚ ਜਾ ਕੇ ਮੇਰਾ ਸਮਾਨ ਵੇਚ ਛੱਡੀਂ। ਤੈਨੂੰ ਇਸ ਵਿੱਕਰੀ ਦਾ ਕਮਿਸ਼ਨ ਮਿਲ ਜਾਏਗਾ।"
ਗੁਰਕੰਵਲ ਨੂੰ ਪਤਾ ਲੱਗ ਗਿਆ ਸੀ ਕਿ ਭਾਨਾ ਇਸ ਰਾਹੀਂ ਨੌਜਵਾਨਾਂ ਨੂੰ ਨਸ਼ਾ ਵੇਚਣ ਲਈ ਆਖ ਰਿਹਾ ਹੈ। ਇਸ ਦੇ ਮਨ ਵਿੱਚ ਇੱਕ ਹਲੂਣਾ ਜਿਹਾ ਆਇਆ ਕਿ ਐਨੀਆਂ ਪੜ੍ਹਾਈਆਂ ਕਰਕੇ ਕੀ ਹੁਣ ਮੇਰੇ ਪੱਲੇ ਨਸ਼ੇ ਵੇਚਣਾ ਹੀ ਰਹਿ ਗਿਆ ਹੈ! ਉਹ ਵੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਨ ਲਈ। ਦੂਸਰੇ ਪਾਸੇ ਗੁਰਕੰਵਲ ਨੂੰ ਕੋਈ ਰੌਸ਼ਨੀ ਦੀ ਕਿਰਨ ਵੀ ਤਾਂ ਨਜ਼ਰ ਨਹੀਂ ਆ ਰਹੀ ਸੀ। ਬੈਂਕ ਦੇ ਕਰਜ਼ੇ ਦੀ ਮਾਂ ਪੁੱਤ 'ਤੇ ਲਟਕਦੀ ਤਲਵਾਰ ਰਾਤਾਂ ਦੀ ਨੀਂਦ ਖ਼ਰਾਬ ਕਰ ਰਹੀ ਸੀ। ਇਨ੍ਹਾਂ ਝੋਰਿਆਂ ਨੇ ਮਾਤਾ ਚਰਨੋਂ ਦੀ ਸਿਹਤ ਵੀ ਵਿਗਾੜਨੀ ਸ਼ੁਰੂ ਕਰ ਦਿੱਤੀ ਸੀ ਜਿਹੜੀ ਦਿਨੇ ਰਾਤ ਪੁੱਤਰ ਦੀ ਬੇਰੁਜ਼ਗਾਰੀ ਅਤੇ ਬੈਂਕ ਦੇ ਸਿਰ ਚੜ੍ਹੇ ਕਰਜ਼ੇ ਬਾਰੇ ਸੋਚਦੀ ਰਹਿੰਦੀ ਸੀ।ਇਨ੍ਹਾਂ ਫਿਕਰਾਂ ਦਾ ਬੋਝ ਗੁਰਕੰਵਲ ਦੇ ਦਿਮਾਗ 'ਤੇ ਵੀ ਸਦਾ ਬਣਿਆ ਰਹਿੰਦਾ।
ਆਪਣੇ ਦਿਮਾਗ ਨਾਲ ਜੱਦੋ-ਜ਼ਹਿਦ ਕਰਦੇ ਗੁਰਕੰਵਲ ਨੇ ਭਾਨੇ ਨੂੰ ਆਖਿਆ,"ਭਾਨਿਆ, ਮੈਨੂੰ ਮਨਜ਼ੂਰ ਹੈ। ਦੱਸ ਕਦੋਂ ਤੋਂ ਇਹ ਵਿਉਪਾਰ ਸ਼ੁਰੂ ਕਰਨਾ ਹੈ?" ਗੁਰਕੰਵਲ ਨੇ ਸਾਰਾ ਕੁੱਝ ਸੋਚ ਸਮਝ ਕੇ ਬਿਜ਼ਨਸ ਪਾਰਟਨਰ ਬਨਣ ਲਈ ਭਾਨਾ ਨਾਲ ਹੱਥ ਮਿਲਾ ਲਿਆ। ਉਸ ਦਿਨ ਤੋਂ ਭਾਨੇ ਨੇ ਗੁਰਕੰਵਲ ਰਾਹੀਂ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਲਈ ਵੱਖ-ਵੱਖ ਅੱਡੇ ਦੱਸ ਦਿੱਤੇ। ਚਿੱਟੇ ਅਤੇ ਹੋਰ ਨਸ਼ਿਆਂ ਦੀਆਂ ਪੁੜੀਆਂ ਕਿਸ ਨੂੰ ਅਤੇ ਕਿਸ ਭਾਅ ਵੇਚਣੀਆਂ ਹਨ, ਸਭ ਕੁੱਝ ਵੇਰਵੇ ਨਾਲ ਸਮਝਾ ਦਿੱਤਾ। ਭਾਨੇ ਨੇ ਇਸ ਸਪਲਾਈ ਕਰਨ ਦੇ ਧੰਦੇ ਲਈ ਗੁਰਕੰਵਲ ਨੂੰ ਇੱਕ ਮੋਟਰ ਸਾਇਕਲ ਵੀ ਦੇ ਦਿੱਤਾ।
ਗੁਰਕੰਵਲ ਸਕੂਲਾਂ, ਕਾਲਜਾਂ ਅਤੇ ਹੋਰ ਨੌਜਵਾਨਾਂ ਦੇ ਟਿਕਾਣਿਆਂ 'ਤੇ ਪਹੁੰਚ ਜਾਂਦਾ ਅਤੇ ਆਪਣੇ ਧੰਦੇ ਨੂੰ ਕਾਮਯਾਬ ਕਰਦਾ ਗਿਆ। ਭਾਨਾ ਇਸ ਨੂੰ ਇਸ ਦਾ ਬਣਦਾ ਸਰਦਾ ਕਮਿਸ਼ਨ ਦੇ ਦਿੰਦਾ। ਇਸ ਤਰ੍ਹਾਂ ਦੀ ਕਮਾਈ ਨਾਲ ਗੁਰਕੰਵਲ ਦੇ ਘਰ ਦਾ ਗੁਜ਼ਾਰਾ ਹੋਣਾ ਸ਼ੁਰੂ ਹੋ ਗਿਆ ਅਤੇ ਬੈਂਕ ਦੀਆਂ ਕਿਸ਼ਤਾਂ ਦਾ ਵੀ ਤੋਰਾ ਤੁਰ ਪਿਆ। ਕਦੇ-ਕਦੇ ਗੁਰਕੰਵਲ ਦੇ ਮਨ ਵਿੱਚ ਆ ਰਿਹਾ ਸੀ ਕਿ ਉਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਪਰ ਫੇਰ ਇਸ ਦੀਆਂ ਅੱਖਾਂ ਸਾਹਮਣੇ ਆਪਣੀਆਂ ਆਰਥਿਕ ਮਜ਼ਬੂਰੀਆਂ ਅਤੇ ਚਿਰਾਂ ਦੀ ਬੇਰੁਜ਼ਗਾਰੀ ਚੱਕਰ ਕੱਢਣ ਲੱਗ ਪੈਂਦੀ। ਖਿਆਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਸੋਚਦਾ ਕਿ ਭੁੱਖਾ ਮਰਨਾ ਹੈ ਜਾਂ ਫਿਰ ਨੈਤਿਕ ਫ਼ਰਜ਼ ਪੂਰੇ ਕਰਨੇ ਹਨ।ਇਸ ਦੇ ਦਿਮਾਗ 'ਤੇ ਇੱਕ ਵਾਰ ਫੇਰ ਬੇਰੁਜ਼ਗਾਰੀ ਅਤੇ ਗਰੀਬੀ ਦੇ ਦਿਨਾਂ ਵਾਲਾ ਘੇਰਾ ਭਾਰੂ ਪੈ ਜਾਂਦਾ।
ਗੁਰਕੰਵਲ ਦੀ ਇਸ ਦਲਦਲ ਵਿੱਚ ਪੈਰ ਧੱਸਦਿਆਂ ਇਹ ਹਾਲਤ ਹੋ ਗਈ ਕਿ ਉਹ ਨਸ਼ੇ ਸਪਲਾਈ ਕਰਦਾ-ਕਰਦਾ ਆਪ ਖ਼ੁਦ ਨਸ਼ਾ ਖਾਣ ਲੱਗ ਪਿਆ ਸੀ। ਚਿੱਟੇ ਅਤੇ ਦੂਸਰੇ ਹੋਰ ਨਸ਼ਿਆਂ ਦਾ ਐਨਾ ਆਦੀ ਹੋ ਗਿਆ ਕਿ ਇਸ ਦਾ ਆਪਦਾ ਨਸ਼ੇ ਖਾਧੇ ਬਿਨਾਂ ਝੱਟ ਨਾ ਲੰਘਦਾ। ਖੁੱਲ੍ਹੀ ਆਮਦਨ ਹੋ ਰਹੀ ਸੀ। ਗਰੀਬੀ ਦੀ ਹਾਲਤ ਵਿੱਚੋਂ ਅਚਾਨਕ ਛੁੱਟਕਾਰਾ ਮਿਲਿਆ ਸੀ। ਛੇ ਫੁੱਟਾ ਦਰਸ਼ਨੀ ਜੁਆਨ ਸੁੱਕ ਕੇ ਤੀਲਾ ਬਣਨਾ ਸ਼ੁਰੂ ਹੋ ਗਿਆ। ਜਦੋਂ ਮਾਤਾ ਚਰਨੋਂ ਇਸ ਨੂੰ ਇਸ ਦੇ ਕੰਮ ਬਾਰੇ ਪੁੱਛਦੀ ਤਾਂ ਇਹ ਝੂਠ ਬੋਲ ਦਿੰਦਾ ਹੈ ਕਿ ਇਸ ਦੇ ਦੋਸਤ ਦਾ ਵਿਉਪਾਰ ਹੈ। ਇਹ ਉਸ ਲਈ ਦੁਕਾਨਾਂ 'ਤੇ ਉਸਦੇ ਸਮਾਨ ਦੀ ਸਪਲਾਈ ਕਰਦਾ ਹੈ। ਕੁੱਝ ਸਾਲ ਇਸ ਤਰ੍ਹਾਂ ਢੱਕੀ ਹੋਈ ਰਿੱਝਦੀ ਰਹੀ। ਚਰਨੋਂ ਦੇ ਆਂਢ-ਗੁਆਂਢ ਤੱਕ ਸ਼ੱਕ ਕਰਨ ਲੱਗ ਪਏ ਸਨ ਕਿ ਇੱਕ ਦੋ ਸਾਲਾਂ ਵਿੱਚ ਹੀ ਗੁਰਕੰਵਲ ਨੇ ਘਰ ਦੇ ਵਾਰੇ-ਨਿਆਰੇ ਕਿਵੇਂ ਹੋ ਗਏ ਸਨ!
ਭਾਨਾ ਇੱਕ ਦੋ ਸਾਲ ਇਸ ਦੇ ਕੰਮ ਤੋਂ ਖੁਸ਼ ਹੋ ਕੇ ਇਸ ਨੂੰ ਮੂੰਹ ਮੰਗਿਆ ਕਮਿਸ਼ਨ ਦਿੰਦਾ ਰਿਹਾ। ਪਰ ਗੱਲ ਉਸ ਸਮੇਂ ਉਲਝਣ ਲੱਗੀ ਜਦੋਂ ਗੁਰਕੰਵਲ ਨੇ ਭਾਨੇ ਨੂੰ ਆਖ ਦਿੱਤਾ ਕਿ ਉਹ ਖ਼ੁਦ ਆਪ ਆਪਣਾ ਇਹੋ ਧੰਦਾ ਕਰਨਾ ਚਾਹੁੰਦਾ ਹੈ। ਭਾਨੇ ਨੇ ਇਹ ਸੁਣ ਕੇ ਥੋੜ੍ਹਾ ਗੁੱਸਾ ਮਨਾਇਆ ਕਿ ਸਾਡੇ ਪਰ੍ਹਾਂ ਤੋਂ ਉੱਡਣਾ ਸਿੱਖ ਕੇ, ਆਲ੍ਹਣਾ ਕਿਤੇ ਹੋਰ ਬਣਾਉਣ ਚੱਲਿਆ ਹੈ। ਇਸ ਨੇ ਸ਼ਰਤ ਲਾ ਦਿੱਤੀ ਕਿ ਜੇਕਰ ਇਸ ਨੇ ਵੱਖਰਾ ਧੰਦਾ ਕਰਨਾ ਹੀ ਹੈ ਤਾਂ ਇਸ ਦੇ ਇਲਾਕੇ ਤੋਂ ਪਰ੍ਹੇ ਹੋਰ ਕਿਤੇ ਇਹ ਧੰਦਾ ਕਰੇ। ਇਹ ਆਪਣੇ ਗਾਹਕ ਗੁਆਉਣੇ ਨਹੀਂ ਚਾਹੁੰਦਾ ਸੀ। ਉਸ ਵੇਲੇ ਗੁਰਕੰਵਲ ਨੇ ਮੌਕਾ ਸੰਭਾਲਣ ਲਈ ਹਾਂ ਕਰ ਦਿੱਤੀ ।ਪਰ ਇਸ ਦੇ ਦਿਮਾਗ਼ ਵਿੱਚ ਇਹ ਸੀ ਕਿ ਬਾਅਦ 'ਚ ਕਿਸ ਨੇ ਪੁੱਛਣਾ ਹੈ। ਨਾਲੇ ਨਸ਼ੇ ਦੇ ਗਾਹਕਾਂ ਨਾਲ ਤਾਂ ਇਸ ਦੀ ਜਾਣ ਪਹਿਚਾਣ ਸੀ। ਕਿਸੇ ਦੂਸਰੇ ਪਾਸੇ ਜਾਂ ਇਲਾਕੇ ਵਿੱਚ ਇਹੋ ਜਿਹੀ ਪੈਂਠ ਬਨਾਉਣ ਨੂੰ ਸਮਾਂ ਲੱਗਣਾ ਸੀ।
ਗੁਰਕੰਵਲ ਨੇ ਆਪਣੀ ਜਾਣ ਪਹਿਚਾਣ ਨਾਲ ਨਸ਼ੇ ਦੇ ਗਾਹਕ ਤਾਂ ਪੱਕੇ ਕਰ ਰੱਖੇ ਸਨ। ਹੁਣ ਪੁਲਿਸ ਵਾਲਿਆਂ ਨਾਲ ਵੀ ਗੰਢ ਸਾਂਝ ਵਰਗੇ ਨੁਕਤਿਆਂ ਨੂੰ ਅਪਣਾ ਲਿਆ ਸੀ। ਪੁਲਿਸ ਨੇ ਕੀਤੇ ਮਹੀਨੇ ਨਾਲ ਗੁਰਕੰਵਲ ਦਾ ਵਿਓਪਾਰ ਚੱਲਦਾ ਰਿਹਾ। ਕੁੱਝ ਚਿਰ ਬਾਅਦ ਭਾਨੇ ਨੂੰ ਸਮਝ ਆਉਣ ਲੱਗੀ ਕਿ ਗੁਰਕੰਵਲ ਨੇ ਇਸ ਦੇ ਸਥਾਪਿਤ ਗਾਹਕਾਂ 'ਤੇ ਹੀ ਕਬਜ਼ਾ ਕੀਤਾ ਹੋਇਆ ਹੈ। ਇਸ ਗੱਲ ਤੇ ਭਾਨੇ ਨੇ ਗੁਰਕੰਵਲ ਨੂੰ ਇੱਕ ਵਾਰ ਫੇਰ ਸਖ਼ਤ ਚਿਤਾਵਨੀ ਦੇ ਦਿੱਤੀ ਕਿ ਉਹ ਕਿਸੇ ਹੋਰ ਇਲਾਕੇ 'ਚ ਇਹ ਧੰਦਾ ਚਲਾਵੇ। ਗੁਰਕੰਵਲ ਨੇ ਭਾਨੇ ਦੀ ਇਹ ਚਿਤਾਵਨੀ ਸੁਣ ਕੇ ਬਹੁਤਾ ਗੌਰ ਨਾ ਕੀਤਾ
ਮਾਤਾ ਚਰਨੋਂ ਨੂੰ ਆਪਣੇ ਪੁੱਤਰ ਦੀ ਕਾਰਗੁਜ਼ਾਰੀ 'ਤੇ ਸ਼ੱਕ ਹੋਣ ਲੱਗ ਪਿਆ ਸੀ, ਜਦੋਂ ਇਹ ਨੋਟਾਂ ਦੇ ਥੱਬੇ ਘਰ ਵਿੱਚ ਲਿਆਉਣ ਲੱਗ ਪਿਆ ਸੀ। ਇਸ ਨੇ ਇੱਕ ਦਿਨ ਪੁੱਤਰ ਨੂੰ ਪੁੱਛ ਹੀ ਲਿਆ, "ਕਾਕਾ, ਮੈਨੂੰ ਤੇਰੇ ਚਾਲੇ ਠੀਕ ਜਿਹੇ ਨਹੀਂ ਲੱਗਦੇ। ਇੱਕ ਤਾਂ ਤੇਰੀਆਂ ਅੱਖਾਂ ਹਮੇਸ਼ਾਂ ਨਸ਼ਈ ਜਿਹੀਆਂ ਹੁੰਦੀਆਂ ਹਨ। ਕੀ ਤੂੰ ਕੋਈ ਨਸ਼ਾ ਪੱਤਾ ਕਰਦੈਂ।ਦੂਸਰਾ ਤੂੰ ਐਨੇ ਪੈਸੇ ਰੋਜ਼ ਕਿੱਥੋਂ ਲਿਆਉਂਦਾ ਹੈਂ? ਪੁੱਤਰਾ ਕੋਲਿਆਂ ਦੀ ਦਲਾਲੀ 'ਚ ਹਮੇਸ਼ਾਂ ਮੂੰਹ ਕਾਲਾ ਹੁੰਦਾ ਹੈ। ਮੈਨੂੰ ਲੱਗਦਾ ਏ ਕਿ ਤੂੰ ਕਿਸੇ ਨਸ਼ੇ ਦੇ ਵਪਾਰ 'ਚ ਪੈ ਗਿਆ ਏਂ। ਤੂੰ ਹੁਣ ਵੀ ਲੀਹ 'ਤੇ ਆ ਜਾ, ਨਹੀਂ ਤਾਂ ਬਹੁਤ ਪਛਤਾਏਂਗਾ।ਸੌ ਦਿਨ ਚੋਰ ਦਾ ਹੁੰਦਾ ਹੈ ਪਰ ਇੱਕ ਦਿਨ ਸਾਧ ਦਾ ਵੀ ਆ ਜਾਂਦਾ ਹੈ। ਇਸ ਧੰਦੇ 'ਚ ਕੋਈ ਨਹੀਂ ਜਿੱਤਿਆ। ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਪੁੱਤਰਾ, ਮੈਂ ਮਿੰਨਤ ਕਰਦੀ ਹਾਂ। ਮੇਰੀ ਮੰਨ ਕੇ ਕੋਈ ਹੋਰ ਛੋਟੀ ਮੋਟੀ ਨੌਕਰੀ ਲੱਭ ਲੈ।"
"ਮਾਤਾ ਮੈਂ ਤੇਰਾ ਦੁੱਖ ਦਰਦ ਸਮਝਦਾ ਹਾਂ। ਪਰ ਕੋਈ ਨੌਕਰੀ ਵੀ ਤਾਂ ਨਹੀਂ ਮਿਲੀ। ਮੈਂ ਬਥੇਰਾ ਚਿਰ ਵਿਹਲਾ ਰਹਿ ਕੇ ਦੇਖ ਲਿਆ। ਬੈਂਕ ਦੇ ਕਰਜ਼ੇ ਥੱਲੇ ਦੱਬਿਆ ਬਾਪੂ ਤਾਂ ਮੈਂ ਹੱਥੋਂ ਗੁਆ ਲਿਆ ਸੀ ਹੁਣ ਤੈਨੂੰ ਵੀ ਗੁਆ ਲਵਾਂ।" ਚਰਨੋਂ ਨੇ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਬਥੇਰੇ ਪਰਿਵਾਰਾਂ ਦੀਆਂ ਉਦਾਹਰਣਾਂ ਦੇ ਕੇ ਆਪਣੇ ਪੁੱਤ ਦਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਪੁੱਤਰ ਦੇ ਮੂੰਹ ਨੂੰ ਕੁੱਤੇ ਦੀ ਹੱਡੀ ਵਾਲਾ ਸੁਆਦ ਪੈ ਚੁੱਕਾ ਸੀ। ਉਹ ਸਲੂਣਾ ਸੁਆਦ ਜਿਹੜਾ ਇਸ ਨੂੰ ਆਪਣਾ ਰਾਹ ਨਾ ਛੱਡਣ ਲਈ ਮਜ਼ਬੂਰ ਕਰ ਰਿਹਾ ਸੀ।
ਚਰਨੋਂ ਨੇ ਜਦੋਂ ਦੇਖਿਆ ਕਿ ਇਸ ਦਾ ਪੁੱਤਰ ਨਸ਼ੇ ਦਾ ਬਹੁਤ ਆਦੀ ਹੋ ਚੁੱਕਾ ਸੀ ਅਤੇ ਇਸ ਦੀਆਂ ਸੌ ਨਸੀਹਤਾਂ ਦੇ ਬਾਵਜ਼ੂਦ ਵੀ ਇਹ ਧੰਦਾ ਛੱਡਣ ਲਈ ਤਿਆਰ ਨਹੀਂ ਸੀ ਤਾਂ ਥਾਣੇ ਜਾ ਕੇ ਥਾਣੇਦਾਰ ਨੂੰ ਮਿਲੀ ਅਤੇ ਆਪਣੇ ਪੁੱਤਰ ਨੂੰ ਇਸ ਵਾਦੀ ਤੋਂ ਹਟਾਉਣ ਲਈ ਤਰਲਾ ਪਾਇਆ। ਥਾਣੇਦਾਰ ਨੂੰ ਮਹੀਨਾ ਮਿਲਦਾ ਹੋਣ ਕਰਕੇ ਅਤੇ ਉਸ ਦੀ ਸਾਮੀ ਉਸ ਦੇ ਹੱਥੋਂ ਜਾਂਦੀ ਦੇਖਦਿਆਂ ਚਰਨੋਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੁੱਤਰ ਨੂੰ ਇਸ ਮਾੜੀ ਆਦਤ ਤੋਂ ਆਪ ਹਟਾਵੇ। ਚਰਨੋਂ ਨੇ ਥਾਣੇਦਾਰ ਨੂੰ ਆਖਿਆ ਕਿ ਜਦੋਂ ਨਸ਼ੇ ਦੇ ਵੱਡੇ ਵਪਾਰੀ ਸੂਬੇ 'ਚ ਨਸ਼ਾ ਲਿਆਉਣਾ ਬੰਦ ਕਰ ਦੇਣ ਤਾਂ ਗੁਰਕੰਵਲ ਵਰਗੇ ਛੋਟੇ ਵਪਾਰੀ ਆਪੇ ਬੰਦ ਹੋ ਜਾਣਗੇ । ਉਸ ਦਾ ਪੁੱਤਰ ਤਾਂ ਇੱਕ ਛੋਟਾ ਵਪਾਰੀ ਹੈ। ਇਸ ਤੇ ਥਾਣੇਦਾਰ ਨੇ ਜਵਾਬ ਦਿੱਤਾ ਸੀ ਕਿ ਇਹ ਕੰਮ ਸਰਕਾਰਾਂ ਦਾ ਹੈ। ਉਹ ਕੋਈ ਕਾਨੂੰਨ ਬਣਾਉਣ। ਇਹ ਨਸ਼ੇ ਆਪੇ ਬੰਦ ਹੋ ਜਾਣਗੇ। ਇਸ ਤਰ੍ਹਾਂ ਚਰਨੋਂ ਨਿਰਾਸ਼ਾ ਵਾਲਾ ਜਵਾਬ ਲੈ ਕੇ ਘਰ ਮੁੜ ਆਉਂਦੀ। ਗੁਰਕੰਵਲ ਆਪ ਨਸ਼ਾ ਖਾਂਦਾ ਅਤੇ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਰਿਹਾ।
ਦੂਸਰੇ ਪਾਸੇ ਭਾਨਾ ਇਸ ਦੀ ਕਾਰਗੁਜ਼ਾਰੀ ਤੋਂ ਬੇਹੱਦ ਖ਼ਫ਼ਾ ਸੀ। ਉਹ ਇਸ ਨੂੰ ਕਾਫੈ ਵਾਰ ਸਖ਼ਤ ਤਾੜਨਾ ਕਰ ਚੁੱਕਾ ਸੀ। ਪਰ ਗੁਰਕੰਵਲ ਹੁਣ ਆਪਣੇ ਆਪ ਨੂੰ ਉਸ ਤੋਂ ਵੱਡਾ ਸਮਝਣ ਲੱਗ ਪਿਆ ਸੀ। ਭਾਨੇ ਦੇ ਗਾਹਕ ਤਾਂ ਪਿੰਡਾਂ ਅਤੇ ਪਿੰਡ ਦੇ ਸਕੂਲਾਂ ਵਿੱਚ ਹੀ ਸਨ ਪਰ ਗੁਰਕੰਵਲ ਕਾਲਜ 'ਚ ਪੜ੍ਹਿਆ ਹੋਣ ਕਰਕੇ ਇਸ ਦੀ ਪੈਂਠ ਕਾਲਜ ਦੇ ਵਿਦਿਆਰਥੀਆਂ ਤੱਕ ਵੀ ਪੈ ਗਈ ਸੀ।ਇਹ ਆਪਣੇ ਆਪ ਨੂੰ ਇਸ ਇਲਾਕੇ ਦਾ ਸਰਗਣਾ ਸਮਝਣ ਲੱਗ ਪਿਆ ਸੀ। ਥਾਣੇ 'ਚ ਚੰਗੀ ਪਹੁੰਚ ਅਤੇ ਧੰਦੇ 'ਚੋਂ ਆ ਰਿਹਾ ਖੁੱਲਾ ਪੈਸਾ।
ਮਾਤਾ ਚਰਨ ਕੌਰ ਸੰਗਦੀ ਘਰੋਂ ਬਾਹਰ ਘੱਟ ਹੀ ਨਿਕਲਦੀ ਕਿ ਕਿਤੇ ਲੋਕ ਇਸ ਦੇ ਪੁੱਤ ਦੀ ਕਾਰਗੁਜ਼ਾਰੀ ਵਾਰੇ ਕੋਈ ਸਵਾਲ ਨਾ ਪੁੱਛ ਲੈਣ। ਉੱਧਰ ਭਾਨਾ ਵਪਾਰੀ ਆਪਣੇ ਧਮਦੇ ਦਾ ਨੁਕਸਾਨ ਹੁੰਦਾ ਦੇਖ ਕੇ ਗੁਰਕੰਵਲ 'ਤੇ ਅੱਗ ਭੰਬੂਕਾ ਹੋ ਰਿਹਾ ਸੀ। ਉਹ ਕਿਸੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਇਸ ਨੂੰ ਇਸ ਦੀ ਕੀਤੀ ਦਾ ਸਬਕ ਸਿਖਾਏ। ਇਸ ਨੇ ਅੱਕ ਕੇ ਇਸ ਨੂੰ ਤਾੜਨਾ ਕੀਤੀ ਕਿ ਜੇ ਇਹ ਆਪਣੀਆਂ ਕਰਤੂਤਾਂ ਤੋਂ ਵਾਜ਼ ਨਾ ਆਇਆ ਤਾਂ ਇਹ ਆਪਣਾ ਪੜ੍ਹਿਆ ਵਿਚਾਰ ਲਵੇ। ਪਰ ਗੁਰਕੰਵਲ ਸਮਝਦਾ ਸੀ ਕਿ ਸਹੇ ਨੂੰ ਲੱਤਾਂ ਹੀ ਸਿਰਫ਼ ਤਿੰਨ ਹਨ। ਇਹ ਬੇਖ਼ੌਫ਼ ਆਪਣੇ ਧਮਦੇ 'ਚ ਮਸਤ ਰਿਹਾ।
ਅੱਜ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰਨ ਵਾਰੇ ਸਭ ਪਿੰਡ ਵਾਸੀਆਂ ਨੂੰ ਹੈਰਾਨੀ ਹੋ ਰਹੀ ਸੀ। ਉਨ੍ਹਾਂ ਨੇ ਨਸ਼ੇ ਦੀ ਘਾਟ ਜਾਂ ਤੋੜ ਆਉਣ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੀਆਂ ਜਾਨਾਂ ਲੈਂਦੇ ਤਾਂ ਦੇਖਿਆ ਅਤੇ ਸੁਣਿਆ ਸੀ। ਪਰ ਚੰਗਾ ਗੁਜ਼ਾਰਾ ਕਰਦੇ ਗੁਰਕੰਵਲ ਦੀ ਆਤਮ ਹੱਤਿਆ ਸਭ ਲਈ ਬੁਝਾਰਤ ਬਣੀ ਹੋਈ ਸੀ। ਪਿੰਡ ਵਾਸੀ ਚਾਹੁੰਦੇ ਸਨ ਕਿ ਇਸ ਦੀ ਮੌਤ ਦੇ ਕਾਰਨ ਦਾ ਸਹੀ ਪਤਾ ਲੱਗਣਾ ਚਾਹੀਦਾ ਹੈ।ਬਹੁਤੇ ਲੋਕਾਂ ਨੂੰ ਸ਼ੱਕ ਸੀ ਕਿ ਗੁਰਕੰਵਲ ਅਚਾਨਕ ਫਾਹਾਂ ਲੈ ਕੇ ਨਹੀ ਮਰ ਸਕਦਾ ਸੀ।
ਪਿੰਡ ਦੇ ਲੋਕ ਜਿਹੜੇ ਕਈਆਸਾਲਾਂ ਤੋਂ ਨਸ਼ੇ ਵਿਰੁੱਧ ਥਾਣੇ ਅਤੇ ਸਰਕਾਰ ਦੇ ਮੰਤਰੀਆਂ ਤੱਕ ਪਹੁੰਚ ਕਰ ਚੁੱਕੇ ਸਨ ਕਿ ਇਲਾਕੇ ਵਿੱਚੋਂ ਇਸ ਵੱਧ ਰਹੀ ਬੀਮਾਰੀ 'ਤੇ ਰੋਕ ਲਾਈ ਜਾਵੇ। ਪਿੰਡਾਂ 'ਚ ਵਿੱਕ ਰਹੇ ਸ਼ਰੇਆਮ ਨਸ਼ੇ ਦੇ ਵਿਉਪਾਰੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ। ਪਰ ਉਨ੍ਹਾਂ ਦੀ ਇਸ ਮੰਗ 'ਤੇ ਪੁਲਿਸ ਅਤੇ ਸਰਕਾਰ ਦੇ ਕੰਨਾਂ 'ਤੇ ਜੂੰ ਵੀ ਨਹੀਂ ਸਰਕ ਰਹੀ ਸੀ। ਥਾਣੇ ਵਾਲਿਆਂ ਨੂੰ ਮਿਲਦਾ ਮਹੀਨੇ ਦਾ ਚੜ੍ਹਾਵਾ ਅਤੇ ਸਰਕਾਰ ਨੂੰ ਮਿਲਦੀਆਂ ਚੋਣਾਂ ਵਿੱਚ ਵੋਟਾਂ, ਇਸ ਬੀਮਾਰੀ 'ਤੇ ਪੜ੍ਹਦਾ ਪਾਈ ਜਾਂਦੀਆਂ ਸਨ।
ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕਰ ਲਿਆ ਕਿ ਜਿੰਨਾ ਚਿਰ ਪੁਲਿਸ ਗੁਰਕੰਵਲ ਦੀ ਮੌਤ ਦਾ ਕੋਈ ਰਾਜ਼ ਨਹੀਂ ਖੋਲਦੀ ਅਤੇ ਨਸ਼ਿਆਂ 'ਤੇ ਠੱਲ ਪਾਉਣ ਦਾ ਕੋਈ ਉਚਿੱਤ ਭਰੋਸਾ ਨਹੀਂ ਦਿਵਾਉਂਦੀ, ਪਿੰਡ ਵਾਲੇ ਗੁਰਕੰਵਲ ਦੀ ਦੇਹ ਦਾ ਸਸਕਾਰ ਨਹੀਂ ਕਰਨ ਦੇਣਗੇ। ਪੰਚਾਇਤ ਨੇ ਚਰਨੋਂ ਦੀ ਰਜ਼ਾਮੰਦੀ ਲਈ ਅਤੇ ਗੁਰਕੰਵਲ ਦੀ ਲਾਸ਼ ਇੱਕ ਸੜਕ 'ਤੇ ਰੱਖ ਕੇ ਟ੍ਰੈਫਿਕ ਜਾਮ ਕਰ ਦਿੱਤਾ। ਪੁਲਿਸ ਨੂੰ ਫ਼ਿਕਰ ਪੈ ਗਿਆ ਕਿ ਮੀਡੀਆ ਵਾਲੇ ਬਿਨਾਂ ਕਿਸੇ ਦੇਰੀ ਤੋਂ ਇਹ ਖ਼ਬਰ ਸਾਰੇ ਪੰਜਾਬ 'ਚ ਫੈਲਾਉਣ ਵਿੱਚ ਦੇਰੀ ਨਹੀਂ ਕਰਨਗੇ। ਥਾਣੇਦਾਰ ਨੇ ਸੜਕ 'ਤੇ ਇਕੱਠੇ ਹੋਏ ਇਲਾਕੇ ਦੇ ਹਜ਼ੂਮ ਨੂੰ ਆਖਿਆ, "ਇਲਾਕਾ ਨਿਵਾਸੀਓ, ਸਾਨੂੰ ਬੇਹੱਦ ਅਫ਼ਸੋਸ ਹੈ ਕਿ ਤੁਹਾਡੇ ਇਲਾਕੇ ਦਾ ਇੱਕ ਗੱਭਰੂ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਇਸ ਨੇ ਆਪ ਖ਼ੁਦ ਆਤਮ ਹੱਤਿਆ ਕੀਤੀ ਹੈ। ਜੇਕਰ ਤੁਹਾਨੂੰ ਕਿਸੇ 'ਤੇ ਸ਼ੱਕ ਹੈ ਕਿ ਇਹ ਆਤਮ ਹੱਤਿਆ ਨਹੀਂ ਬਲਕਿ ਕਤਲ ਹੈ ਤਾਂ ਨਿਰਸੰਦੇਹ ਸਾਨੂੰ ਦੱਸ ਦਿੱਤਾ ਜਾਵੇ। ਅਸੀਂ ਪੂਰੀ ਪੜਤਾਲ ਕਰਾਂਗੇ। ਪਰ ਤੁਸੀਂ ਇਸ ਗੱਭਰੂ ਦੀ ਲਾਸ਼ ਸੜਕ 'ਤੇ ਰੱਖ ਕੇ ਆਮ ਆਵਾਜਾਈ ਬੰਦ ਨਾ ਕਰੋ। ਤੁਸੀਂ ਇਜਾਜ਼ਤ ਦਿਓ, ਅਸੀਂ ਇਸ ਦੇ ਸਸਕਾਰ ਦਾ ਇੰਤਜਾਮ ਕਰੀਏ।
ਮੌਕੇ 'ਤੇ ਹਾਜ਼ਰ ਸਮਾਜ ਸੇਵੀ ਸੰਸਥਾ ਦੀ ਹਲਾਸ਼ੇਰੀ ਨਾਲ ਹਜ਼ਾਰਾਂ ਦਾ ਇਕੱਠ ਉੱਚੀ-ਉੱਚੀ ਪੁਲਿਸ ਮੁਰਦਾਬਾਦ ਦੇ ਨਾਹਰੇ ਲਾਉਣ ਲੱਗ ਪਿਆ। ਥਾਣੇਦਾਰ ਨੂੰ ਲੱਗਾ ਕਿ ਇਹ ਹਜ਼ੂਮ ਕਾਨੂੰਨ ਵਿਵਸਥਾ ਖ਼ਰਾਬ ਕਰ ਦੇਣਗੇ। ਜ਼ਿਲ੍ਹੇ ਦੇ ਐਸ. ਪੀ. ਨੇ ਇਸ ਨੂੰ ਤਲਬ ਕਰ ਲੈਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਅਮਨ ਚੈਨ ਦੀ ਸਥਿਤੀ ਨੂੰ ਬਰਕਰਾਰ ਨਹੀਂ ਰੱਖ ਰਿਹਾ। ਪਰ ਦੂਸਰੇ ਪਾਸੇ ਇਸ ਨੂੰ ਇਹ ਫ਼ਿਕਰ ਵੀ ਵੱਢ-ਵੱਢ ਖਾ ਰਿਹਾ ਸੀ ਕਿ ਜੇ ਇਸ ਨੂੰ ਮਿਲਦੇ ਮਹੀਨੇ ਦਾ ਪਿੰਡ ਵਾਲਿਆਂ ਨੇ ਰੌਲਾ ਪਾ ਦਿੱਤਾ ਤਾਂ ਨਿਰਸੰਦੇਹ ਜ਼ਿਲ੍ਹੇ ਦੇ ਸੁਪਰਡੈਂਟ ਨੇ ਇਸ ਨੂੰ ਲਾਇਨ ਹਾਜ਼ਰ ਕਰ ਲੈਣਾ ਹੈ। ਥਾਣੇਦਾਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਪਿੰਡ ਦੇ ਸਰਪੰਚ ਨੂੰ ਹੱਥਾਂ 'ਚ ਕਰ ਕੇ ਇਸ ਲਾਸ਼ ਦੇ ਸਸਕਾਰ ਲਈ ਮਨਾ ਲਿਆ ਜਾਵੇ।
ਥਾਣੇਦਾਰ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੂੰ ਇੱਕ ਪਾਸੇ ਲੈ ਗਿਆ ਅਤੇ ਪਤਾ ਨਹੀਂ ਉਸਨੇ ਸਰਪੰਚ ਦੇ ਕੰਨ 'ਚ ਕੀ ਫੂਕ ਮਾਰੀ ਉਹ ਇਲਾਕੇ ਵਾਸੀਆਂ ਨੂੰ ਆਪਣੇ ਪੱਖ ਵਿੱਚ ਕਰਕੇ ਗਰਕੰਵਲ ਦੀ ਲਾਸ਼ ਦਾ ਸਸਕਾਰ ਕਰਾਉਣ ਲਈ ਮਨਾ ਲਿਆ। ਲੋਕਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਪਿੰਡਾਂ 'ਚ ਕਿਸੇ ਨਸ਼ੇ ਦੇ ਵਿਕਰੇਤੇ ਨੂੰ ਵੜਨ ਨਹੀਂ ਦਿੱਤਾ ਜਾਏਗਾ। ਗੁਰਕੰਵਲ ਦੀ ਮੌਤ ਹੋਣ ਕਰਕੇ ਮਾਤਾ ਚਰਨੋਂ ਨੂੰ ਸਰਕਾਰ ਵੱਲੋਂ ਕੁੱਝ ਮਾਇਕ ਸਹਾਇਤਾ ਦਾ ਵੀ ਭਰੋਸਾ ਦਵਾਇਆ।
ਗੁਰਕੰਵਲ ਦੇ ਸਸਕਾਰ ਲਈ ਪਿੰਡ ਵਾਸੀਆਂ ਨੇ ਉਸ ਦੇ ਦੇਹ ਦੇ ਇਸ਼ਨਾਨ ਲਈ ਉਸ ਦੇ ਕੱਪੜੇ ਉਤਾਰੇ। ਗੁਰਕੰਵਲ ਦੇ ਨਜ਼ਦੀਕੀ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਗੁਰਕੰਵਲ ਦੀ ਦੇਹ 'ਤੇ ਕੁੱਟ ਮਾਰ ਦੇ ਨਿਸ਼ਾਨ ਦੇਖੇ। ਉਸ ਦੇ ਗਲ ਉੱਪਰ ਵੀ ਸਾਹ ਰਗ ਲਾਗੇ ਨੀਲੇ ਨਿਸ਼ਾਨ ਸਨ। ਜਿਨ੍ਹਾਂ ਤੋਂ ਸ਼ੱਕ ਪੈਣ ਲੱਗੀ ਕਿ ਇਸ ਦੀ ਆਤਮ ਹੱਤਿਆ ਕਰਕੇ ਨਹੀਂ ਬਲਕਿ ਗਲਾ ਘੁੱਟਣ ਕਰਕੇ ਮੌਤ ਹੋਈ ਹੈ। ਪਿੰਡ ਵਾਲਿਆਂ ਨੇ ਇਸ ਸ਼ੱਕ ਵਿੱਚ ਗੁਰਕੰਵਲ ਦਾ ਸਸਕਾਰ ਰੋਕ ਲਿਆ।
ਇਸੇ ਸ਼ੱਕ ਵਿੱਚ ਗੁਰਕੰਵਲ ਦੇ ਨਜ਼ਦੀਕੀ ਰਿਸ਼ਤੇਦਾਰ ਇਸ ਮੌਤ ਦੀ ਡੂੰਘਾਈ ਵਿੱਚ ਸੋਚਣ ਲੱਗੇ। ਇੱਕ ਨੇ ਸਲਾਹ ਦਿੱਤੀ ਕਿ ਗੁਰਕੰਵਲ ਦੀਆਂ ਜੇਬਾਂ ਫਰੋਲ ਕੇ ਦੇਖੋ ਸ਼ਾਇਦ ਗੁਰਕੰਵਲ ਦਾ ਮੌਤ ਤੋਂ ਪਹਿਲਾਂ ਕੋਈ ਘਰ ਵਾਲਿਆਂ ਲਈ ਸੁਨੇਹਾ ਹੋਵੇ। ਕੱਪੜਿਆਂ ਦੀ ਫੋਲਾ ਫਰਾਲੀ ਕਰਦਿਆਂ ਇਸ ਦੀ ਜੇਬ ਵਿੱਚੋਂ ਗੁਰਕੰਵਲ ਦੇ ਹੱਥਾਂ ਦਾ ਲਿਖਿਆ ਇੱਕ ਨੋਟ ਮਿਲਿਆ। ਜਿਸ ਵਿੱਚ ਲਿਖਿਆ ਸੀ,
"ਮਾਤਾ ਜੀ, ਮੇਰੇ ਸਕੂਲ ਦੇ ਸਾਥੀ ਭਾਨੇ ਨੇ ਇਸ ਧੰਦੇ 'ਚ ਪਾਇਆ ਸੀ। ਮੈਂ ਇਸ ਦੇ ਕਈ ਗਾਹਕ ਆਪਣੇ ਵਲ ਖਿੱਚ ਲਏ ਸਨ। ਪਰ ਇਹ ਇਸ ਗੱਲ ਦੀ ਖ਼ਾਰ ਚਿਰਾਂ ਤੋਂ ਖਾ ਰਿਹਾ ਹੈ। ਕੁੱਝ ਚਿਰਾਂ ਦਾ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ। ਮੈਂ ਹੋਰ ਕਿਸੇ ਤੋਂ ਤਾਂ ਨਹੀਂ ਡਰਦਾ ਪਰ ਇਸ ਕੋਲ ਮੇਰੇ ਸਾਰੇ ਭੇਦ ਹੋਣ ਕਰਕੇ ਇਹ ਮੇਰਾ ਕਦੇ ਵੀ ਕੋਈ ਨੁਕਸਾਨ ਕਰ ਸਕਦਾ ਹੈ।ਇਸ ਧੰਦੇ ਵਿੱਚ ਮੇਰਾ ਪੁਲਿਸ ਅਤੇ ਭਾਨੇ ਵਰਗੇ ਗੈਂਗਸਟਰ ਨਾਲ ਵਾਹ ਪੈ ਗਿਆ ਸੀ। ਥਾਣੇਦਾਰ ਨੂੰ ਤਾਂ ਮੈਂ ਹਰ ਮਹੀਨੇ ਉਸ ਦਾ ਚੜ੍ਹਾਵਾ ਚਾੜ੍ਹ ਕੇ ਚੁੱਪ ਕਰਾ ਦਿੰਦਾ ਸੀ ਇਸੇ ਕਰਕੇ ਮੈਂ ਇਹ ਹੱਥ ਲਿਖਤੀ ਚਿੱਠੀ ਆਪਣੀ ਜੇਬ 'ਚ ਰੱਖਦਾ ਹਾਂ ਕਿ ਅਚਾਨਕ ਹੋਈ ਮੇਰੀ ਮੌਤ ਦਾ ਕੋਈ ਬੇਕਸੂਰ ਇਨਸਾਨ ਨਾ ਫੜਿਆ ਜਾਏ । ਮਾਤਾ ਜੀ ਤੁਸੀਂ ਮੈਨੂੰ ਇਹ ਕੋਝਾ ਰਾਹ ਛੱਡਣ ਲਈ ਕਈ ਵਾਰ ਨਸੀਹਤਾਂ ਦਿੱਤੀਆਂ ਸਨ। ਪਰ ਮੈਂ ਮੰਨੀਆਂ ਨਹੀਂ ਸਨ। ਉਹ ਇਸ ਕਰਕੇ ਨਹੀਂ ਕਿ ਮੈਂ ਤੁਹਾਡਾ ਕਿਹਾ ਨਹੀਂ ਸੀ ਮੰਨਣਾ ਚਾਹੁੰਦਾ। ਮੈਨੂੰ ਮੇਰਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਮੇਰੀ ਪੜ੍ਹਾਈ ਮੇਰੇ ਕਿਸੇ ਕੰਮ ਨਾ ਆਈ। ਇਸ ਦੀ ਰੁਜ਼ਗਾਰ ਦੀ ਮੰਡੀ 'ਚ ਧੇਲਾ ਵੀ ਕੀਮਤ ਨਹੀਂ ਪਈ। ਸਿਫਾਰਸ਼ਾਂ ਪਾ ਕੇ ਨੌਕਰੀ ਲੱਭਣ ਦਾ ਮੇਰੇ ਕੋਲ ਕੋਈ ਵਸੀਲਾ ਨਹੀਂ ਸੀ। ਹਾਰ ਕੇ ਮੈਂ ਇਹ ਕੰਡਿਆਲ਼ਾ ਰਾਹ ਚੁਣਿਆ ਸੀ।
ਪਿੰਡ ਵਾਸੀ ਹੁਣ ਦੁੱਬਧਾ ਵਿੱਚ ਫਸ ਗਏ ਸਨ ਕਿ ਇਸ ਨੂੰ ਗੁਰਕੰਵਲ ਦੀ ਆਤਮ ਹੱਤਿਆ ਸਮਝਣ ਜਾਂ ਫਿਰ ਥਾਣੇਦਾਰ ਜਾਂ ਭਾਨੇ ਵੱਲੋਂ ਕੀਤਾ ਗਿਆ ਕਤਲ। ਲਾਸ਼ ਦਾ ਸਸਕਾਰ ਹੋਣ ਤੋਂ ਪਿੰਡ ਵਾਲਿਆਂ ਨੇ ਰੋਕ ਲਿਆ ਸੀ। ਲਾਸ਼ ਨੂੰ ਬਰਫ਼ ਦੇ ਇੱਕ ਟੱਬ 'ਚ ਰੱਖ ਕੇ ਇਲਾਕੇ ਦੇ ਲੋਕ ਪੁਲਿਸ ਅਤੇ ਸਰਕਾਰਾਂ ਵਿਰੁੱਧ ਮੁਜ਼ਾਹਰਾ ਕਰ ਰਹੇ ਸਨ। ਮੀਡੀਆ ਰਾਹੀਂ ਖ਼ਬਰ ਇਲਾਕੇ ਦੇ ਐਮ. ਐਲ. ਏ. ਤੱਕ ਪਹੁੰਚ ਗਈ। ਉਹ ਆਪਣੇ ਸਾਰੇ ਦੌਰੇ ਵਿੱਚ ਰੱਦ ਕਰਦਾ ਹੋਇਆ ਗੁਰਕੰਵਲ ਦੀ ਲਾਸ਼ ਕੋਲ ਪਹੁੰਚਿਆ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮੌਕੇ 'ਚੇ ਪਹੁੰਚੇ ਵਿਧਾਇਕ ਨੂੰ ਕਾਫੀ ਖ਼ਰੀਆਂ ਫ਼ਰੀਆਂ ਸੁਣਾਈਆਂ ਕਿ ਉਹ ਕਿਉਂ ਨਹੀਂ ਇਸ ਕੋਹੜ ਨੂੰ ਇਸ ਸਮਾਜ ਵਿੱਚੋਂ ਦੂਰ ਕਰਦੇ? ਕਿਉਂ ਮਾਵਾਂ ਦੇ ਅਨੇਕਾਂ ਪੁੱਤ, ਭੈਣਾਂ ਦੇ ਲਾਡਲੇ ਵੀ ਅਤੇ ਲੱਖਾਂ ਸੁਹਾਗਯਣ ਦੇ ਪਤੀ ਇਨਾਂ੍ਹ ਨਸ਼ਿਆਂ ਦੀ ਅਨਿਆਈ ਭੇਂਟ ਚੜ੍ਹ ਰਹੇ ਨੇ? ਸ਼ਿਰਮਿੰਦਾ ਹੋਇਆ ਅਤੇ ਆਪਣੇ ਹਲਕੇ ਦਾ ਵੋਟ ਬੈਂਕ ਟੁੱਟਦਾ ਹੋਇਆ ਸੋਚ ਕੇ ਵਿਧਾਇਕ ਲੋਕਾਂ ਮੂਹਰੇ ਹੱਥ ਜੋੜ ਕੇ ਭਰੋਸਾ ਦੇਣ ਲੱਗਾ ਕਿ ਉਹ ਪੁਲੀਸ ਤੋਂ ਇਸ ਦੀ ਪੂਰੀ ਜਾਂਚ ਪੜਤਾਲ ਕਰਾਏਗਾ ਅਤੇ ਸੰਬਧਤ ਵਿਭਾਗ ਨਾਲ ਮੀਂਟਗ ਕਰਕੇ ਨਸ਼ਿਆਂ ਦੀ ਸਪਲਾਈ ਬੰਦ ਕਰਾਉਣ ਲਈ ਪੂਰੇ ਯਤਨ ਕਰੇਗਾ।
ਉਸ ਦੇ ਵਿਸ਼ਵਾਸ ਵਿੱਚ ਆਈ ਸਮਾਜ ਸੇਵੀ ਸੰਸਥਾ ਦੇ ਕਾਰਕੁਨਾਂ ਅਤੇ ਪਿੰਡ ਵਾਸੀਆ ਨੇ ਗੁਰਕੰਵਲ ਦੇ ਸਸਕਾਰ ਦੀ ਇਜ਼ਾਜਤ ਦੇ ਦਿੱਤੀ। ਲੋਕੀਂ ਜਕੀਨ ਕਰ ਕੇ ਆਪੋ ਆਪਣੇ ਘਰੀਂ ਚੈਨ ਨਾਲ ਬਹਿ ਗਏ ਕਿ ਸ਼ਾਇਦ ਗੁਰਕੰਵਲ ਦੀ ਆਤਮ ਹੱਤਿਆ ਦੀ ਗੁੱਥੀ ਸੁੱਲਝ ਗਈ ਹੋਵੇਗੀ। ਇਸ ਦਾ ਭੇਦ ਖੁੱਲਣ ਤੋਂ ਬਾਅਦ ਵੀ ਠੰਡੇ ਵਸਤੇ 'ਚ ਪਾ ਦਿੱਤਾ ਗਿਆ ਸੀ।
ਵੱਢੀ ਲੈਣ ਲਈ ਵੱਡੀ ਸਾਮੀ ਹੱਥ ਆਉਣ ਦੇ ਚਾਅ 'ਚ ਉਸੇ ਦਿਨ ਭਾਨੇ ਨੂੰ ਗੁਰਕੰਵਲ ਦੇ ਕਤਲ ਦੇ ਕੇਸ 'ਚ ਥਾਣੇ ਲੈ ਆਦਾ। ਇਲੳਕੇ ਦੇ ਲੋਕਾਂ ਦਾ ਦਬਾਅ ਅਤੇ ਹਲਕੇ ਦੇ ਵਿਧਾਇਕ ਦਾ ਡਰ ਦਿੰਦੇ ਹੋਏ ਥਾਣੇਦਾਰ ਬੋਲਿਆ, " ਦੇਖ ਬਾਈ ਭਾਨਿਆਂ, ਹੁਣ ਲੋਕਾਂ ਦੇ ਸ਼ੱਕ ਦੀ ਸੂਈ ਹੁਣ ਤੇਰੇ ਵਲ ਜਾ ਰਹੀ ਹੈ। ਹੁਣ ਤੇਰਾ 'ਤੇ ਕਤਲ ਦਾ ਕੇਸ ਤਾਂ ਬਣਦਾ ਹੀ ਹੈ। ਤੇਰੇ 'ਤੇ 302 ਦੀ ਧਾਰਾ ਰਾਹੀਂ ਰਿਪੋਰਟ ਦਰਜ਼ ਕਰਕੇ ਕਤਲ ਦਾ ਕੇਸ ਦਾਇਰ ਕਰਨਾ ਹੈ।" "ਥਾਣੇਦਾਰ ਸਾਬ੍ਹ ਦੇਖ ਲਓ, ਪਿਛਲੇ ਪੰਜਾਂ ਸਾਲਾਂ ਤੋਂ ਤੁਹਾਨੂੰ ਚੜ੍ਹਾਵਾ ਚਾੜ੍ਹ ਰਿਹਾ ਹਾਂ। ਤੁਸੀਂ ਆਪ ਹੀ ਦੇਖ ਲਵੋ, ਮੁਰਗੀ ਖਾਣੀ ਹੈ ਜਾਂ ਫਿਰ ਲੰਬੇ ਸਮੇਂ ਲਈ ਅੰਡੇ ਖਾਣੇ ਹਨ? ਜਿਹੜਾ ਚਾਰ ਪੰਜ ਲੱਖ ਲੈਣਾ ਹੈ, ਲੈ ਕੇ ਗੱਲ ਮੁਕਾਓ। ਇਸ ਨਾਲ ਸਾਡੀ ਚਿਰਾਂ ਤੋਂ ਚੱਲੀ ਆ ਰਹੀ ਸਾਂਝ ਬਰਕਰਾਰ ਰਹੇਗੀ। ਲੋਕਾਂ ਨੂੰ ਦੱਸ ਦਿਓ ਕਿ ਭਾਨੇ 'ਤੇ ਕਤਲ ਦਾ ਕੇਸ ਚਲਾ ਦਿੱਤਾ ਹੈ। ਪੰਜ ਛੇ ਮਹੀਨੇ ਲੰਘਣ ਬਾਅਦ ਲੋਕਾਂ ਦਾ ਗੁੱਸਾ ਠੰਡਾ ਹੋ ਜਾਏਗਾ। ਸੱਪ ਵੀ ਮਰ ਜਾਊ ਅਤੇ ਸੋਟੀ ਵੀ ਨਾ ਟੁਟੇਗੀ।
"ਥਾਣੇਦਾਰ ਨੇ ਭਾਨੇ ਤੋਂ ਮੂੰਹ ਮੰਗੀ ਰਿਸ਼ਵੱਤ ਲੈ ਕੇ ਭਾਨੇ ਨੂੰ ਛੇ ਕੁ ਮਹੀਨੇ ਲਈ ਇਲਾਕੇ ਤੋਂ ਬਾਹਰ ਰਹਿਣ ਦੀ ਹਿਦਾਇਤ ਦੇ ਦਿੱਤੀ। ਉਸ ਸਿਰ ਕਤਲ ਦਾ ਕੇਸ ਕੇਸ ਅਖਵਾਰਾਂ 'ਚ ਛਪਵਾ ਕੇ, ਲੋਕਾਂ ਦੇ ਅੱਖਾਂ 'ਚ ਘੱਟਾ ਪਾ ਦਿੱਤਾ। ਲੋਕੀਂ ਆਸਾਂ ਲਾਈ ਘਰ ਸ਼ਾਂਤ ਹੋ ਕੇ ਬੈਠ ਗਏ ਕਿ ਸ਼ਾਇਦ ਇਸ ਬੀਮਾਰੀ 'ਤੇ ਠੱਲ੍ਹ ਪੈ ਜਾਏਗੀ। ਅਤੇ ਭਾਨੇ ਵਰਗੇ ਅਨੇਕਾਂ ਚਿੱਟੇ ਦੇ ਵਪਾਰੀ ਜੇਲ ਦੀਆਂ ਸਲਾਖ਼ਾਂ ਪਿੱਛੇ ਹੋਣਗੇ। ਭਾਨੇ 'ਤੇ ਪਾਏ ਕਤਲ ਕੇਸ ਦਾ ਕੀ ਬਣਿਆ, ਫੈਸਲੇ ਦੀ ਜਨਤਾ ਅੱਜ ਵੀ ੳਡੀਕ ਕਰ ਰਹੀ ਹੈ। ਆਪਣੇ ਇੱਕੋ ਇੱਕ ਪੜ੍ਹੇ ਲਿਖੇ ਪੁੱਤ ਨੂੰ ਇਸ ਸਮਾਜਿਕ ਬੀਮਾਰੀ ਦੀ ਭੇਂਟ ਚੜ੍ਹਾ ਕੇ ਉਸ ਦੀ ਬੁੱਢੀ ਮਾਈ ਆਪਣੀ ਕਿਸਮਤ ਨੂੰ ਫੁੱਟ ਫੁੱਟ ਕੇ ਰੋ ਰਹੀ ਹੈ ਅਤੇ ਅਜੇ ਵੀ ਸਰਕਾਰਾਂ 'ਤੇ ਆਸ ਲਾਈ ਬੈਠੀ ਹੈ ਕਿ ਕਦੋਂ ਇਨਸਾਫ਼ ਮਿਲੇਗਾ! ਕਦੋਂ ਮੌਕੇ ਦੀਆਂ ਸਰਕਾਰਾਂ ਇਸ ਬੀਮਾਰੀ ਦੀ ਜੜ੍ਹ ਤੱਕ ਪਹੁੰਚਣਗੀਆਂ ਅਤੇ ਇਸ ਸਮਾਜਿਕ ਕੋਹੜ ਦੀ ਬੀਮਾਰੀ ਦਾ ਇਲਾਜ਼ ਕਰਨਗੀਆਂ।