Thakur-Dalip-Singh

ਰਸਨਾ ਅਤੇ ਕਾਮ-ਇੰਦ੍ਰੀ ਦੇ ਅਧੀਨ ਮਨੁੱਖ - ਠਾਕੁਰ ਦਲੀਪ ਸਿੰਘ

ਭਾਰਤੀ ਸੰਸਕ੍ਰਿਤੀ ਅਨੁਸਾਰ, ਵਿਦਵਾਨਾਂ ਨੇ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਮੰਨੀਆਂ ਹਨ। ਇਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਪੰਜ ਰਸ ਵੀ ਲਿਖੇ ਹਨ: ਅੱਖਾਂ ਦਾ ਰੂਪ, ਨੱਕ ਦਾ ਗੰਧ, ਕੰਨ ਦਾ ਧਵਨੀ, ਰਸਨਾ ਦਾ ਰਸ (ਸੁਆਦ) ਅਤੇ ਚਮੜੀ ਦਾ ਸਪਰਸ਼ (ਛੋਹ) ਰਸ ਹੈ। ਭਾਵੇਂ ਮਨੁੱਖ ਸਾਰੀਆਂ ਗਿਆਨ ਇੰਦਰੀਆਂ ਦੇ ਅਧੀਨ ਰਹਿੰਦਾ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ “ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ” (ਪੰਨਾ 335)। ਪਰੰਤੂ, ਖਾਸ ਕਰਕੇ, ਰਸਨਾ ਅਤੇ ਕਾਮ-ਇੰਦ੍ਰੀ ਦੇ ਵੱਧ ਅਧੀਨ ਹੈ “ਜਿਹਵਾ ਇੰਦ੍ਰੀ ਸਾਦਿ ਲੋਭਾਨਾ” (ਮ. ੧, ਪੰਨਾ 903)। ਇਨ੍ਹਾਂ ਦੋਹਾਂ ਗਿਆਨ ਇੰਦਰੀਆਂ ਦਾ ਰਸ ਪ੍ਰਾਪਤ ਕਰਨ ਲਈ, ਮਨੁੱਖ ਕਿਸੇ ਵੀ ਸੀਮਾ ਨੂੰ ਲੰਘ ਸਕਦਾ ਹੈ। ਜਦ ਕਿ ਬਾਕੀ ਗਿਆਨ ਇੰਦਰੀਆਂ ਨੱਕ, ਕੰਨ, ਅੱਖਾਂ ਦਾ ਰਸ ਪ੍ਰਾਪਤ ਕਰਨ ਲਈ, ਉਹ ਸੀਮਾ ਪਾਰ ਨਹੀਂ ਕਰਦਾ। ਉਦਾਹਰਣ ਵਜੋਂ; ਕਿਸੇ ਫੁੱਲ ਜਾਂ ਅਤਰ ਦੀ ਖੁਸ਼ਬੂ ਪ੍ਰਾਪਤ ਕਰਨ ਲਈ, ਮਨੁੱਖ ਕੋਈ ਬਹੁਤਾ ਔਖਾ ਕੰਮ ਨਹੀਂ ਕਰਦਾ। ਇਸੇ ਤਰ੍ਹਾਂ, ਮਧੁਰ ਸੰਗੀਤ ਰਾਹੀਂ ਕੰਨ-ਰਸ ਪ੍ਰਾਪਤ ਕਰਨ ਲਈ ਵੀ, ਕੋਈ ਅਤਿਅੰਤ ਔਖਾ ਕੰਮ ਨਹੀਂ ਕਰਦਾ। ਪਰ, ਉੱਪਰ ਦੱਸੀਆਂ ਦੋ ਇੰਦਰੀਆਂ ਦਾ ਰਸ ਪ੍ਰਾਪਤ ਕਰਨ ਲਈ: ਉਹ ਕੋਈ ਵੀ ਅੱਤ ਔਖਾ ਕੰਮ ਕਰ ਸਕਦਾ ਹੈ। ਕਈ ਵਾਰ ਤਾਂ ਉਹ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਵੀ, ਇਹ ਦੋਵੇਂ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ “ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ” (ਮ. ੫, ਪੰਨਾ 821)।

  ਜੇਕਰ ਵਿਚਾਰ ਕਰੀਏ ਤਾਂ ਕਾਮ-ਇੰਦ੍ਰੀ ਦਾ ਰਸ ਤਾਂ ਅਸਲ ਵਿੱਚ ਤਵੱਚਾ (ਚਮੜੀ) ਦਾ ਸਪਰਸ਼-ਰਸ ਹੀ ਹੈ। ਪਰ, ਉਹ ਚਮੜੀ ਇੱਕ ਵਿਸ਼ੇਸ਼ ਸਥਾਨ ਉੱਤੇ ਹੋਣ ਕਰਕੇ ਅਤੇ ਇੱਕ ਵਿਸ਼ੇਸ਼ ਕੰਮ ਲਈ ਹੋਣ ਕਾਰਣ: ਉਸਦਾ ਵਿਸ਼ੇਸ਼, ਵਿਲੱਖਣ, ਅਨੰਦ ਅਨੁਭਵ ਹੁੰਦਾ ਹੈ। ਜਿਸ ਕਾਰਨ ਮਨੁੱਖ ਉਸ ਇੰਦ੍ਰੀ ਦੇ ਏਨਾ ਅਧੀਨ ਹੋ ਜਾਂਦਾ ਹੈ ਕਿ ਉਸ ਦੇ ਆਨੰਦ ਲਈ ਉਹ ਯੋਗ, ਅਯੋਗ, ਔਖਾ, ਸੌਖਾ, ਪੁੰਨ, ਪਾਪ ਆਦਿ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ।

ਮਨੁੱਖ ਨੂੰ ਇੰਦਰੀਆਂ ਦੇ ਅਧੀਨ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵਿੱਚ ਵੀ ਲਿਖਿਆ ਹੈ “ਪਾਚਉ ਇੰਦ੍ਰੀ ਬਸਿ ਕਰਿ ਰਾਖੈ” (ਭਗਤ ਬੇਣੀ ਜੀ, ਪੰਨਾ 974)। ਪਰੰਤੂ, ਆਮ ਤੌਰ ਉੱਤੇ, ਉਹ ਇੰਦਰੀਆਂ ਦੇ ਅਧੀਨ ਹੀ ਰਹਿੰਦਾ ਹੈ। ਸੂਝਵਾਨ, ਵਿਵੇਕੀ ਅਤੇ ਸਾਧੂਜਨ; ਗਿਆਨ ਇੰਦਰੀਆਂ ਦੇ ਅਧੀਨ ਨਹੀਂ ਹੁੰਦੇ, ਉਹ ਇੰਦਰੀ-ਰਸ ਵਿੱਚ ਲਿਪਤ ਵੀ ਨਹੀਂ ਹੁੰਦੇ: ਉਹ ਆਪਣੀਆਂ ਗਿਆਨ ਇੰਦਰੀਆਂ ਨੂੰ ਆਪਣੇ ਅਧੀਨ ਰੱਖਦੇ ਹਨ ਅਤੇ ਆਪਣੀ ਇੱਛਾ ਅਨੁਸਾਰ ਉਹਨਾਂ ਨੂੰ ਵਰਤਦੇ ਹਨ “ਇੰਦ੍ਰੀ ਵਸਿ ਸਚਿ ਸੰਜਮਿ ਜੁਗਤਾ” (ਮ. ੩, ਪੰਨਾ 121)।

ਮਨੁੱਖ ਨੂੰ, ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ “ਪਾਂਚਉ ਇੰਦ੍ਰੀ ਨਿਗ੍ਰਹ ਕਰਈ” (ਕਬੀਰ ਜੀ, ਪੰਨਾ 340)। ਪਰੰਤੂ, ਸਮੱਸਿਆ ਇਹ ਹੈ ਕਿ ਬਹੁਤੇ ਮਨੁੱਖ ਇਨ੍ਹਾਂ ਗੱਲਾਂ ਉੱਤੇ ਵਿਚਾਰ ਹੀ ਨਹੀਂ ਕਰਦੇ। ਔਖਾ ਕੰਮ ਹੋਣ ਕਾਰਣ, ਇੰਦਰੀਆਂ ਨੂੰ ਆਪਣੇ ਅਧੀਨ ਕਰਨ ਅਤੇ ਆਪ ਸੁਤੰਤਰ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਇੰਦਰੀ-ਰਸ ਦਾ ਆਨੰਦ ਲੈਣਾ ਕੋਈ ਪਾਪ ਨਹੀਂ, ਗਲਤ ਕੰਮ ਨਹੀਂ: ਪਰੰਤੂ, ਆਪ ਇੰਦਰੀਆਂ ਦੇ ਅਧੀਨ ਹੋ ਜਾਣਾ; ਇਹ ਪਾਪ ਹੈ, ਬਹੁਤ ਗਲਤ ਕੰਮ ਹੈ। ਜਿਵੇਂ: ਕਾਮ ਇੰਦ੍ਰੀ ਦੇ ਰਸ ਅਧੀਨ ਹੋ ਕੇ ਮਨੁੱਖ ਨੂੰ ਏਡਜ਼ ਵਰਗੇ ਅਸਾਧ ਰੋਗ ਲੱਗ ਜਾਂਦੇ ਹਨ, ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੈ। ਬਹੁਤ ਸਾਰੇ ਲੜਾਈ-ਝਗੜੇ ਵੀ ਇਸੇ ਕਾਮ-ਇੰਦ੍ਰੀ ਦੇ ਰਸ ਕਾਰਣ ਹੁੰਦੇ ਹਨ; ਜਿਸ ਕਾਰਣ ਮਨੁੱਖ ਦਾ ਜੀਵਨ ਤਬਾਹ ਹੋ ਜਾਂਦਾ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਹਨ। ਇਸੇ ਤਰ੍ਹਾਂ, ਰਸਨਾ ਦੇ ਅਧੀਨ ਹੋ ਕੇ ਅਜਿਹਾ ਸਵਾਦੀ ਭੋਜਨ ਖਾਣ ਨਾਲ, ਜੋ ਸਿਹਤ ਲਈ ਹਾਨੀਕਾਰਕ ਹੈ, ਜਾਂ ਜ਼ਿਆਦਾ ਮਾਤਰਾ ਵਿੱਚ ਸੁਆਦੀ ਭੋਜਨ ਖਾ ਲੈਣ ਨਾਲ ਵੀ; ਮਨੁੱਖ ਰੋਗੀ ਹੋ ਕੇ ਬਹੁਤ ਦੁਖ ਵੀ ਭੋਗਦਾ ਹੈ। ਜਿਵੇਂ: ਮਿੱਠੇ ਪਦਾਰਥਾਂ ਦਾ ਬਹੁਤਾ ਸੇਵਨ ਕਰਨ ਨਾਲ ਸ਼ੂਗਰ (ਮਧੂਮੇਹ) ਵਰਗੇ ਭਿਆਨਕ ਰੋਗ ਲੱਗ ਜਾਂਦੇ ਹਨ। ਜ਼ਿਆਦਾ ਨਮਕ, ਮਿਰਚ ਮਸਾਲਾ ਅਤੇ ਖਟਿਆਈ ਖਾਣ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ। “ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ” (ਮ. ੫, ਪੰਨਾ 212) ਭਾਵ: ਇਹਨਾਂ ਦੋਵੇਂ ਇੰਦ੍ਰੀ-ਰਸਾਂ ਦੇ ਅਧੀਨ ਹੋ ਕੇ ਮਨੁੱਖ ਆਪਣਾ ਸਾਰਾ ਕੁਝ ਇਸ ਤਰ੍ਹਾਂ ਤਬਾਹ ਕਰ ਲੈਂਦਾ ਹੈ, ਜਿਵੇਂ ਜੂਏ ਵਿੱਚ ਜੁਆਰੀਆ ਆਪਣਾ ਸਭ ਕੁਝ ਤਬਾਹ ਕਰ ਬੈਠਦਾ ਹੈ।

ਇਸ ਕਰਕੇ, ਮਨੁੱਖ ਨੂੰ ਗਿਆਨ ਇੰਦਰੀਆਂ ਦੇ ਅਧੀਨ/ਗੁਲਾਮ ਨਹੀਂ ਹੋਣਾ ਚਾਹੀਦਾ; ਇੰਦਰੀਆਂ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਹੈ। “ਇੰਦ੍ਰੀ ਜਿਤ ਪੰਚ ਦੋਖ ਤੇ ਰਹਤ” (ਮ. ੫, ਪੰਨਾ 274) ਇੰਦਰੇਜਿੱਤ ਮਨੁੱਖ ਸਦਾ ਸੁਖੀ ਰਹਿੰਦਾ ਹੈ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
 
ਫੋਨ: +1 604 308 6663
ਈਮੇਲ : maanbabushahi@gmail.com

ਜਨਮ ਦਿਹੜੇ ’ਤੇ ਵਿਸ਼ੇਸ਼  : ਠਾਕੁਰ ਦਲੀਪ ਸਿੰਘ ਵਲੋਂ ਭਾਈਚਾਰਕ ਸਾਂਝ ਵਧਾਉਣ ਦਾ ਇੱਕ ਹੋਰ ਨਵੇਕਲਾ ਕਦਮ - ਰਾਜਪਾਲ ਕੌਰ

ਜਿਵੇਂ ਇੱਕ ਘਰ ਨੂੰ ਜੀਵੰਤ ਰੱਖਣ ਲਈ ਹਰ ਦਿਨ ਸਫਾਈ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਮਾਜ ਨੂੰ ਚੰਗਾ ਬਣਾਈ ਰੱਖਣ ਲਈ ਵੀ ਹਰ ਸਮੇਂ ਉਸਾਰੂ ਸੋਚ ਰੱਖਣ ਵਾਲੇ ਰਹਿਬਰਾਂ ਦੀ ਲੋੜ ਹੁੰਦੀ ਹੈ। ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਬੜੀ ਸ਼ਿੱਦਤ ਨਾਲ ਅਜੋਕੇ ਵਰਤਾਰਿਆਂ ਨੂੰ ਸਮਝ ਕੇ ਉਹਨਾਂ ਪ੍ਰਤੀ ਲੋਕਾਈ ਨੂੰ ਹਮੇਸ਼ਾ ਸੁਚੇਤ ਕਰਦੇ ਰਹਿੰਦੇ ਹਨ। ਉਹਨਾਂ ਅਜੋਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਿੱਥੇ ਨਾਮਧਾਰੀ ਸਮਾਜ ਰਾਹੀਂ ਸਮਾਜ ਵਿਚ ਕਈ ਕ੍ਰਾਂਤੀਕਾਰੀ ਪਰਿਵਰਤਨ ਲਿਆਂਦੇ ਹਨ ਜਿਵੇਂ ਇਸਤਰੀਆਂ ਨੂੰ ਹਰ ਧਾਰਮਿਕ ਕੰਮਾਂ ਵਿਚ ਵੀ ਸਨਮਾਨਜਨਕ ਸਥਾਨ ਦੇਣਾ, ਜਾਤ-ਪਾਤ ਦੇ ਭੇਦਭਾਵ ਨੂੰ ਦੂਰ ਕਰਨਾ, ਵਿੱਦਿਆ ਦਾਨ ਲਈ ਪ੍ਰੇਰਿਤ ਕਰਨਾ, ਆਪਸੀ ਸਾਂਝੀਵਾਲਤਾ ਅਤੇ ਏਕਤਾ ਲਈ ਮਹਾਨ ਸੰਦੇਸ਼ ਅਤੇ ਪੁਰਜ਼ੋਰ ਯਤਨ ਕਰਨਾ ਆਦਿ। ਠਾਕੁਰ ਦਲੀਪ ਸਿੰਘ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਸਮਝਾਉਂਦੇ ਹੋਏ ਸੋਨੇ ਦੀਆਂ ਪਾਲਕੀਆਂ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਮਹਾਨ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ 21 ਅਪ੍ਰੈਲ 2014 ਨੂੰ ਦਿੱਲੀ ਵਿਖੇ  "ਗੁਰੂ ਨਾਨਕ ਨਾਮ ਲੇਵਾ ਕਾਨਫਰੰਸ",  ਹਿੰਦੂ ਸਿੱਖਾਂ ਨੂੰ ਇਕੱਠਾ ਕਰਨ ਲਈ 16 ਅਗਸਤ 2016 ਨੂੰ ਚੰਡੀਗੜ੍ਹ ਵਿਖੇ  "ਹਿੰਦੂ ਸਿੱਖ ਏਕਤਾ ਸਮਾਗਮ" ਅਤੇ ਭਾਰਤ ਦੇ ਸਾਰੇ ਮੂਲ ਧਰਮਾਂ ਨੂੰ ਇਕੱਠਿਆਂ ਕਰਨ ਲਈ 27 ਮਾਰਚ 2022 ਨੂੰ ਕਲਾਨੌਰ ਵਿਖੇ  "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣ ਦੀ ਮਹਾਨ ਪਹਿਲ ਕੀਤੀ ।

ਠਾਕੁਰ ਦਲੀਪ ਸਿੰਘ ਨੇ ਆਪਣੇ ਸਿੱਖ ਭਰਾਵਾਂ ਵਿਚ ਆਪਸੀ ਨੇੜਤਾ ਵਧਾਉਣ ਅਤੇ ਆਪਸੀ ਵਖਰੇਵਿਆਂ ਨੂੰ ਖਤਮ ਕਰਨ ਲਈ ਨਾਮਧਾਰੀਆਂ ਵਿੱਚੋਂ ਵੀ ਲੁਪਤ ਹੋ ਰਹੀਆਂ ਖਾਲਸਾਈ ਮਰਿਆਦਾਵਾਂ  ਨੂੰ ਮੁੜ ਬਹਾਲ ਕੀਤਾ ਹੈ। ਜਿਵੇਂ ਕਿ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ ਦੇ ਕੇ ਉਹਨਾਂ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਇੱਕ ਹੋਰ ਨਵੇਕਲਾ ਕਦਮ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ਕੁੱਝ ਸਮੇਂ ਤੋਂ ਨਾਮਧਾਰੀ ਪੰਥ ਵਿਚ ਖਾਲਸਾਈ ਮਰਿਯਾਦਾ ਦੇ ਕੁਝ ਅੰਸ਼ ਲੁਪਤ ਹੋ ਚੁੱਕੇ ਸਨ, ਕਿਉਂਕਿ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ ਤਾਂ ਸਮੁੱਚੀ ਨਾਮਧਾਰੀ ਸੰਗਤ ਅੰਗਰੇਜ਼ ਵਿਰੋਧੀ ਸੀ ਇਸ ਕਰਕੇ ਸਰਕਾਰ ਨਾਮਧਾਰੀਆਂ ਨੂੰ ਕਿਰਪਾਨ ਨਹੀਂ ਸੀ ਰੱਖਣ ਦਿੰਦੀ ਫਿਰ ਉਸ ਸਮੇਂ ਨਾਮਧਾਰੀਆਂ ਨੇ ਚਿੰਨ੍ਹ ਮਾਤਰ ਕਿਰਪਾਨ ਕੰਘੇ ਵਿੱਚ ਰੱਖ ਲਈ ਅਤੇ ਸ਼ਸ਼ਤਰ ਦੇ ਰੂਪ ਵਿੱਚ ਟਕੂਆ ਭਾਵ ਸਫ਼ਾਜੰਗ ਰੱਖ ਲਿਆ। ਵਰਤਮਾਨ ਸਮੇਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਮੇਂ ਦੀ ਲੋੜ ਨੂੰ ਵੇਖਦੇ ਹੋਏ, ਨਾਮਧਾਰੀਆਂ ਵਿਚ ਖਾਲਸਾਈ ਮਰਿਯਾਦਾ ਦੇ ਲੁਪਤ ਹੋ ਰਹੇ ਹਿੱਸੇ ਦੁਬਾਰਾ ਲਾਗੂ ਕਰਵਾ ਦਿੱਤੇ ਹਨ।  ਜਿਸ ਅਨੁਸਾਰ ਆਪ ਨੇ ਸਭ ਤੋਂ ਪਹਿਲਾਂ ਨਾਮਧਾਰੀਆਂ ਨੂੰ ਵੀ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ ਦਿੱਤੀ। ਇਸ ਮਹਾਨ ਕਾਰਜ ਦੀ ਆਗਿਆ ਆਪ ਜੀ ਨੇ ਸਤੰਬਰ  2015 ਨੂੰ ਅੰਮ੍ਰਿਤਸਰ ਦੇ ਸ਼ਹੀਦੀ ਸਮਾਗਮ ਸਮੇਂ ਦਿੱਤੀ ਅਤੇ ਇਹ ਐਲਾਨ ਕਰ ਦਿੱਤਾ ਕੇ ਅੱਜ ਤੋਂ ਬਾਅਦ ਅੰਮ੍ਰਿਤ ਛਕਣ ਅਤੇ ਛਕਾਉਣ ਸਮੇਂ ਨਾਮਧਾਰੀ ਸਿੰਘ, ਸਿੰਘਣੀਆਂ ਗਾਤਰੇ ਵਿਚ ਪਾ ਕੇ ਵੱਡੀ ਕਿਰਪਾਨ ਪਹਿਨਣ ਅਤੇ ਇਹ ਵੀ ਦੱਸਿਆ ਕਿ ਸਫ਼ਾਜੰਗ ਉਸ ਵੇਲੇ ਰੱਖਣੇ ਪਏ ਜਦੋਂ ਅੰਗਰੇਜ਼ ਸਾਨੂੰ ਰੱਖਣ ਨਹੀਂ ਸੀ ਦਿੰਦੇ ਪਰ ਹੁਣ ਸਾਨੂੰ ਕੋਈ ਮਨਾਹੀ ਨਹੀਂ ਅਤੇ ਲੋੜ ਪੈਣ ਤੇ ਅਸੀਂ ਵੱਡੀ ਕਿਰਪਾਨ ਧਾਰਨ ਕਰ ਸਕਦੇ ਹਾਂ।  ਇਸ ਦੇ ਨਾਲ ਹੀ ਆਪ ਜੀ ਨੇ  8 ਸਿੰਘਾਂ ਅਤੇ ਸਿੰਘਣੀਆਂ ਨੂੰ ਕਿਰਪਾਨ ਪੁਆ ਕੇ ਇਹ ਰੀਤ ਦਾ ਸ਼ੁਭ ਆਰੰਭ ਕੀਤਾ ਅਤੇ ਆਪ ਵੀ ਪੰਥ ਦੇ ਮਹਾਨ ਸੰਤ ਬਾਬਾ ਛਿੰਦਾ ਜੀ ਕੋਲੋਂ ਕਿਰਪਾਨ ਧਾਰਨ ਕਰਕੇ ਕਥਨੀ ਅਤੇ ਕਰਨੀ ਦੇ ਪੱਕੇ ਹੋਣ ਦਾ ਸਬੂਤ ਦਿੱਤਾ। ਨਾਮਧਾਰੀ ਸਮਾਜ ਵਿੱਚ ਇੱਹ ਉਹਨਾਂ ਦੇ ਕ੍ਰਾਂਤੀਕਾਰੀ ਕਾਰਜ ਹਨ ਜਿਹਨਾਂ ਨੂੰ ਲਾਗੂ ਕਰਕੇ ਉਹ ਹਜਾਰਾਂ ਨਾਮਧਾਰੀ ਸਿੰਘਾਂ ਦੇ ਰਾਹ ਦਸੇਰੇ ਬਣ ਰਹੇ ਹਨ।

ਇਸ ਤੋਂ ਇਲਾਵਾ ਆਪ ਜੀ ਨੇ ਜਿਹੜੀਆਂ ਖਾਲਸਾਈ ਮਰਿਆਦਾ ਨੂੰ ਮੁੜ ਲਾਗੂ ਕੀਤਾ ਹੈ ਜਿਵੇਂ :ਸ੍ਰੀ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਸਤਿਕਾਰ ਦੇਣਾ, ਸਤਿ ਸ੍ਰੀ ਅਕਾਲ ਦੇ ਨਾਲ ਗੁਰੂ ਫਤਿਹ ਬੁਲਾਉਣ ਦੀ ਆਗਿਆ ਦੇਣਾ ਅਤੇ ਆਪਣੇ ਮੁੱਖ ਸਥਾਨ ਸ੍ਰੀ ਜੀਵਨ ਨਗਰ ਵਿਖੇ ਸਫੈਦ ਰੰਗ ਦੇ ਨਿਸ਼ਾਨ ਸਾਹਿਬ ਨਾਲ 18 ਅਕਤੂਬਰ 2015 ਨੂੰ 111 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਆਪਣੇ ਪੰਥ ਨੂੰ ਵਿਕਸਿਤ ਸੋਚ ਅਤੇ ਭਾਈਚਾਰਕ ਸਾਂਝ ਦੀ ਪੱਧਰ  ਲਿਆ ਖੜ੍ਹਾ ਕੀਤਾ ਹੈ। ਆਪਣੀ ਮਾਨਵਵਾਦੀ ਸੋਚ ਚਲਦਿਆਂ ਆਪ ਜੀ ਅਜਿਹਾ ਵੀ ਫੁਰਮਾਉਂਦੇ ਹਨ ਕਿ ਸਾਨੂੰ ਢਾਈ ਜ਼ਿਲਿਆਂ ਦਾ ਖਾਲਸਾ ਰਾਜ ਨਹੀਂ ਸਗੋਂ ਪੂਰੇ ਸੰਸਾਰ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ "ਖਾਲਸਾ ਰਾਜ", "ਖਾਲਸਾ" ਭਾਵ ਨਿਰਮਲ ਰਾਜ ਸਥਾਪਿਤ ਕਰਨ ਦੀ ਗੱਲ ਬਾਰੇ ਵਕਾਲਤ ਕਰਨੀ ਚਾਹੀਦੀ ਹੈ। ਅੱਜ ਸਾਨੂੰ ਠਾਕੁਰ ਦਲੀਪ ਸਿੰਘ ਵਰਗੇ ਰਹਿਬਰਾਂ ਦੀ ਵੱਡੀ ਲੋੜ ਹੈ। ਸਾਨੂੰ ਲੋੜ ਹੈ ਕਿ ਅਸੀਂ ਐਸੀ ਮਹਾਨ ਸ਼ਖ਼ਸੀਅਤ ਦੇ ਮਾਰਗ ਦਰਸ਼ਨ ਤੇ ਚੱਲ ਕੇ ਆਪਸੀ ਸਾਂਝ ਨੂੰ ਵਧਾਉਂਦੇ ਹੋਏ ਸਮਾਜ ਵਿਚ ਅਮਨ ਸ਼ਾਂਤੀ ਬਹਾਲ ਕਰ ਸਕੀਏ।

ਸੰਪਰਕ ਨੰਬਰ : 9311590001
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663

ਗੁਰਬਾਣੀ ਅਨੁਸਾਰ ਕੌਣ ਸਿੱਖ ਹੈ ?  - ਠਾਕੁਰ ਦਲੀਪ ਸਿੰਘ

“ਸੋ ਸਿਖੁ, ਸਖਾ, ਬੰਧਪੁ ਹੈ ਭਾਈ: ਜਿ ਗੁਰ ਕੇ ਭਾਣੇ ਵਿਚਿ ਆਵੈ” (ਮ.੩) ਸਤਿਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ, “ਸਿੱਖ” ਉਹ ਹੈ, ਜੋ ਗੁਰੂ ਕਾ ਭਾਣਾ (ਬਚਨ) ਮੰਨਦਾ ਹੈ। ਗੁਰੂ ਜੀ ਦਾ ਬਚਨ ਕੀ ਹੈ? “ਹਰਿ ਕੋ ਨਾਮੁ ਜਪਿ ਨਿਰਮਲ ਕਰਮੁ” (ਮ.੫) ਭਾਵ: ਪ੍ਰਭੂ ਦਾ ਨਾਮ ਜਪ ਅਤੇ ਸ਼ੁਭ ਕਰਮ ਕਰ। ਜੋ ਵੀ ਮਨੁੱਖ, ਸਤਿਗੁਰੂ ਜੀ ਦੇ ਇਸ ਬਚਨ ਨੂੰ ਮੰਨਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਉੱਪਰ ਸ਼ਰਧਾ ਰੱਖਦਾ ਹੈ; ਉਹ ਹੀ “ਸਿੱਖ” (ਸ਼ਿਸ਼/ਮੁਰੀਦ) ਹੈ। ਕਿਉਂਕਿ "ਸਿੱਖੀ" ਸ਼ਰਧਾ ਨਾਲ ਹੈ, "ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ" (ਮ.੪)। ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਸਿਰਫ ਮਨੁੱਖ ਹੀ ਨਹੀਂ, ਹਰ ਪ੍ਰਾਣੀ: ਨਾਨਕਪੰਥੀ-ਸਿੱਖ (ਸ਼ਿਸ਼/ਮੁਰੀਦ) ਹੈ। ਜਿਸ ਸੱਪ ਨੇ ਗੁਰੂ ਜੀ ਉੱਤੇ ਛਾਂ ਕੀਤੀ, ਉਹ ਵੀ ਸਿੱਖ ਸੀ।

          “ਗੁਰਦੁਆਰਾ ਐਕਟ” ਵਿੱਚ ਲਿਖੀ ਹੋਈ “ਸਿੱਖ” ਦੀ ਪਰਿਭਾਸ਼ਾ, ਕੇਵਲ ਗੁਰਦਵਾਰਾ ਚੋਣਾਂ ਨਾਲ ਸੰਬੰਧਿਤ ਹੈ। ਪਰੰਤੂ, ਇਹ ਪਰਿਭਾਸ਼ਾ ਗੁਰੂ ਆਸ਼ੇ ਤੋਂ ਵਿਰੁੱਧ ਹੈ ਜੋ ਕਿ ਅੰਗਰੇਜ਼ਾਂ ਨੇ ਸਿੱਖ ਪੰਥ ਨੂੰ ਘਟਾਉਣ ਵਾਸਤੇ ਬਣਾਈ ਸੀ। ਜੋ ਪਰਿਭਾਸ਼ਾ; ਇੱਥੇ ਮੈਂ ਲਿਖ ਰਿਹਾ ਹਾਂ, ਇਹ ਪਰਿਭਾਸ਼ਾ ਤਾਂ ਪੂਰਨ ਰੂਪ ਵਿੱਚ ਗੁਰਬਾਣੀ ਆਧਾਰਿਤ ਹੈ।

         ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਿੱਖੀ ਦੀ ਵਿਆਖਿਆ ਇਹ ਹੈ: “ਸਿਖੀ ਸਿਖਿਆ ਗੁਰ ਵੀਚਾਰਿ” (ਪੰਨਾ 465) ਭਾਵ: ਗੁਰੂ ਦੀ ਸਿੱਖਿਆ ਨੂੰ ਵੀਚਾਰ ਕੇ ਮੰਨਣਾ ਹੀ ਸਿੱਖੀ ਹੈ। ਗੁਰਬਾਣੀ ਅਨੁਸਾਰ, ਸਿੱਖੀ ਬਾਹਰਲੇ ਸਰੂਪ ਨਾਲ ਨਹੀਂ ਅਤੇ ਕਿਸੇ ਵਿਸ਼ੇਸ਼ ਪਹਿਰਾਵੇ ਨਾਲ ਵੀ ਨਹੀਂ। ਬਾਣੀ ਵਿੱਚ ਤਾਂ ਹਰ ਵੇਸ/ਭੇਖ ਦਾ ਖੰਡਨ ਹੈ "ਛੋਡਹੁ ਵੇਸੁ ਭੇਖ ਚਤੁਰਾਈ" (ਮ.੧)। ਸਤਿਗੁਰੂ ਅਮਰਦਾਸ ਜੀ ਉਚਾਰਣ ਕਰਦੇ ਹਨ ‘ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ”। ਭਾਵ: ਕਿਸੇ ਵੀ ਬਾਹਰਲੇ ਸਰੂਪ ਨਾਲ ਪ੍ਰਭੂ-ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਭੂ-ਪ੍ਰਾਪਤੀ ਕੇਵਲ ਉਸੇ ਨੂੰ ਹੁੰਦੀ ਹੈ ਜੋ ਗੁਰੂ ਕੀ ਸਿੱਖਿਆ ਨੂੰ ਸੁਣ ਕੇ ਮੰਨਦਾ ਹੈ।  

          ਸੋ, ਸਿੱਖੀ ਤਾਂ ਸ਼ਰਧਾ ਨਾਲ ਹੈ “ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ” (ਮ:੧)। ਪ੍ਰਭੂ ਰੂਪ ਗੁਰੂ ਨੂੰ “ਸ਼ਰਧਾ” ਵਾਲੀ ਭਗਤੀ ਹੀ ਚੰਗੀ ਲੱਗਦੀ ਹੈ। ਇਹਨਾਂ ਤੁਕਾਂ ਅਨੁਸਾਰ ਸ਼ਰਧਾ ਰੱਖਣ ਵਾਲੇ ਮੋਨੇ (ਕੇਸ-ਰਹਿਤ) ਵੀ ਸਿੱਖ ਹਨ। ਅਸੀਂ ਮੋਨਿਆਂ ਨੂੰ ਨਹੀਂ ਕਹਿ ਸਕਦੇ “ਤੂੰ ਸਿੱਖ ਨਹੀਂ”। ਕਿਉਂਕਿ, ਬਹੁਤ ਸਾਰੇ “ਹਿੰਦੂ ਕਹੇ ਜਾਂਦੇ” ਮੋਨੇ ਵੀਰ; ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ ਅਤੇ ਕਈ ਤਾਂ ਗੁਰੂ ਜੀ ਉੱਤੇ ਸਾਡੇ ਤੋਂ ਵੀ ਵੱਧ ਸ਼ਰਧਾ ਰੱਖਦੇ ਹਨ। ਇਸ ਲਈ, ਉਹ ਵੀ ਸਿੱਖ ਹਨ। ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ “ਨਾ ਸਤਿ ਮੂੰਡ ਮੁਡਾਈ, ਕੇਸੀ ਨ ਸਤਿ” (ਪੰਨਾ 952)। ਭਾਵ: ਪ੍ਰਭੂ ਪ੍ਰਾਪਤੀ, ਨਾ ਤਾਂ ਸਿਰ ਮੁਨਾਇਆ ਹੁੰਦੀ ਹੈ ਅਤੇ ਨਾ ਹੀ ਕੇਸ ਰੱਖਣ ਨਾਲ ਹੁੰਦੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ “ਅਕਾਲ ਉਸਤਤ” ਵਿੱਚ ਲਿਖਿਆ ਹੈ “ਕੇਸ ਧਰੇ ਨ ਮਿਲੇ ਹਰਿ ਪਿਆਰੇ” ਭਾਵ: ਸਿਰਫ਼ ਕੇਸ ਰੱਖਿਆਂ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਵੀ ਲਿਖਿਆ ਹੈ “ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ” (ਪੰਨਾ 1365)।  

ਉਪਰੋਕਤ ਤੁਕਾਂ ਅਨੁਸਾਰ ਸਿੱਖ ਬਣਨ ਵਾਸਤੇ ਕੇਸ ਦਾੜ੍ਹੀ ਰੱਖਣੇ ਜਰੂਰੀ ਨਹੀਂ: ਕੇਸ ਦਾੜ੍ਹੀ ਤੋਂ ਬਿਨਾਂ ਵੀ ਸਿੱਖ ਹੋ ਸਕਦਾ ਹੈ। ਇਸ ਕਰਕੇ ਸਿੱਖੀ: ਕੇਸ ਦਾੜ੍ਹੀ ਨਾਲ ਨਹੀਂ; ਸਿੱਖੀ ਤਾਂ ਗੁਰੂ ਉੱਤੇ ਵਿਸ਼ਵਾਸ ਅਤੇ ਸ਼ਰਧਾ ਨਾਲ ਹੈ। ਕਿਉਂਕਿ ਗੁਰੂ ਜੀ ਉਚਾਰਦੇ ਹਨ “ਜਾ ਕੇ ਮਨਿ ਗੁਰ ਕੀ ਪਰਤੀਤਿ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ” (ਮ. ੫ )। ਜਿਸ ਦੇ ਮਨ ਵਿੱਚ ਗੁਰੂ ਉੱਤੇ ਪ੍ਰਤੀਤ ਹੈ, ਪ੍ਰਭੂ ਉਸਦੇ ਹੀ ਚਿਤ ਵਿੱਚ ਵਸਦਾ ਹੈ; ਬਾਹਰਲੇ ਸਰੂਪ ਅਤੇ ਕੇਸ-ਦਾੜ੍ਹੀ ਦੀ ਕੋਈ ਮਹੱਤਤਾ ਨਹੀਂ।

          ਸਤਿਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ: ਅੰਮ੍ਰਿਤਧਾਰੀ ਖਾਲਸੇ ਲਈ ਕੇਸ ਦਾੜ੍ਹੀ ਰੱਖਣੇ ਜਰੂਰੀ ਹਨ। ਪਰ ਗੁਰੂ ਜੀ ਨੇ ਇਹ ਬਚਨ ਵੀ ਨਹੀਂ ਕੀਤਾ “ਜਿਹੜਾ ਅੰਮ੍ਰਿਤ ਨਹੀਂ ਛਕਦਾ ਅਤੇ ਕੇਸ-ਦਾੜ੍ਹੀ ਨਹੀਂ ਰੱਖਦਾ; ਉਹ ਸਿੱਖ ਹੀ ਨਹੀਂ ਹੈ”। "ਅੰਮ੍ਰਿਤਧਾਰੀ ਖ਼ਾਲਸਾ ਪੰਥ” ਤਾਂ ਸਮੁੱਚੇ ਸਿੱਖ ਪੰਥ ਦਾ ਇੱਕ “ਸ੍ਰੇਸ਼ਟ-ਅੰਗ” ਹੈ। ਪਰੰਤੂ, ਪੂਰਾ ਸਿੱਖ ਪੰਥ: ਸਿਰਫ਼ "ਅੰਮ੍ਰਿਤਧਾਰੀ ਖ਼ਾਲਸਾ" ਹੀ ਨਹੀਂ; ਸਿੱਖ ਪੰਥ ਤਾਂ ਸਾਰੀਆਂ “ਨਾਨਕ-ਪੰਥੀ” ਸੰਪਰਦਾਵਾਂ ਨੂੰ ਮਿਲਾ ਕੇ ਬਣਦਾ ਹੈ। ਬਾਕੀ ਸਿੱਖ ਸੰਪਰਦਾਵਾਂ ਵਾਂਗ “ਅੰਮ੍ਰਿਤਧਾਰੀ ਖਾਲਸਾ” ਵੀ ਇੱਕ ਸੰਪਰਦਾ ਹੈ।  ਭਾਈ ਘਨਈਆ, ਭਾਈ ਨੰਦਲਾਲ, ਦੀਵਾਨ ਟੋਡਰਮੱਲ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ “ਅੰਮ੍ਰਿਤਧਾਰੀ” ਨਹੀਂ ਸਨ: ਪਰ, ਉਹ ਵੀ ਮਹਾਨ ਸਿੱਖ ਸਨ। ਰਾਇ ਬੁਲਾਰ, ਗਨੀ ਖਾਂ, ਨਬੀ ਖਾਂ, ਪੀਰ ਬੁੱਧੂ ਸ਼ਾਹ ਆਦਿ ਵੀ ਸਿੱਖ/ਮੁਰੀਦ ਸਨ। ਅੱਜ ਵੀ ਜੋ ਪ੍ਰਾਣੀ ਗੁਰੂ ਜੀ ਉੱਤੇ ਸ਼ਰਧਾ ਰੱਖਦਾ ਹੈ;  ਉਹ ਹੀ ਨਾਨਕਪੰਥੀ-ਸਿੱਖ (ਮੁਰੀਦ) ਹੈ।

          ਸਿੱਖ ਪੰਥ “ਭਗਤੀ ਮਾਰਗ” ਹੈ। ਕਿਉਂਕਿ ਸਿੱਖ ਨੂੰ ਗੁਰੂ ਜੀ ਨੇ ਭਗਤ ਬਣਾਇਆ ਹੈ। ਇਸ ਕਰਕੇ, ਭਗਤਾਂ ਦੇ ਜੋ ਲੱਛਣ ਗੁਰੂ ਜੀ ਨੇ ਲਿਖੇ ਹਨ, ਉਹ ਹੀ ਲੱਛਣ ਸਿੱਖ ਦੇ ਵੀ ਹੋਣੇ ਚਾਹੀਦੇ ਹਨ। ਇਹਨਾਂ ਲੱਛਣਾਂ ਵਿੱਚ ਗੁਰੂ ਜੀ ਨੇ ਕਿਸੇ ਵੀ ਪਹਿਰਾਵੇ, ਕੇਸ-ਦਾੜ੍ਹੀ ਆਦਿ ਬਾਹਰਲੇ ਸਰੂਪ ਦਾ ਕੋਈ ਜਿਕਰ ਹੀ ਨਹੀਂ ਕੀਤਾ।

‘ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥  

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥   (ਮ. ੩, ਪੰਨਾ 918)

          ਉਪਰੋਕਤ ਸ਼ਬਦ ਦਾ ਸੰਖੇਪ ਭਾਵ ਹੈ ਕਿ ਆਮ ਲੋਕਾਂ ਨਾਲੋਂ ਭਗਤਾਂ/ਸਿੱਖਾਂ ਦੀ ਜੀਵਨ ਸ਼ੈਲੀ ਵੱਖਰੀ ਹੁੰਦੀ ਹੈ: ਮਾੜੇ ਕਰਮ ਅਤੇ ਤ੍ਰਿਸ਼ਨਾ ਨੂੰ ਤਿਆਗ ਕੇ, ਗੁਰੂ-ਕਿਰਪਾ ਨਾਲ ਆਪਾ-ਭਾਵ ਛੱਡ ਕੇ, ਪ੍ਰਭੂ ਭਗਤੀ ਕਰਨੀ। ਕਿਉਂਕਿ, ਕਾਮ, ਕ੍ਰੋਧ, ਤ੍ਰਿਸ਼ਨਾ ਆਦਿ ਵਿਕਾਰਾਂ ਨੂੰ ਛੱਡਣਾ ਬਹੁਤ ਹੀ ਔਖਾ ਹੈ। ਇਸੇ ਕਰਕੇ, ਇਹ “ਭਗਤੀ ਮਾਰਗ” ਖੰਡੇ ਦੀ ਧਾਰ ਉੱਤੇ ਚੱਲਣ ਸਮਾਨ ਔਖਾ ਹੈ।

ਸਮੁੱਚੀ ਆਦਿ, ਦਸਮ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ, ਕਿਤੇ ਵੀ ਸਿੱਖ ਦਾ ਕੋਈ ਵੀ ਬਾਹਰਲਾ ਸਰੂਪ ਜਾਂ ਭੇਖ/ਪਹਿਰਾਵਾ ਨਿਰਧਾਰਿਤ ਨਹੀਂ ਕੀਤਾ ਗਿਆ। ਭਾਈ ਗੁਰਦਾਸ ਜੀ ਅਨੁਸਾਰ: ਗੁਰੂ ਜੀ ਦੇ ਪਾਸ ਸੰਗਤ ਵਿੱਚ ਆਉਣ ਵਾਲੇ ਸਿੱਖ ਤਿਲਕ ਲਗਾਉਂਦੇ ਸੀ “ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ”।

ਗੁਰੂ ਜੀ ਵੱਲੋਂ, ਸਿੱਖ ਨੂੰ ਕਿਸੇ ਵੀ ਪ੍ਰਕਾਰ ਦਾ ਬਾਹਰਲਾ ਸਰੂਪ (ਤਿਲਕ, ਜੰਝੂ, ਟੋਪੀ, ਸੁੰਨਤ, ਕੇਸ, ਦਾੜ੍ਹੀ, ਦਸਤਾਰ) ਅਤੇ ਕੋਈ ਵਿਸ਼ੇਸ਼ ਪਹਿਰਾਵਾ ਪਾਉਣ ਦਾ; ਗੁਰਬਾਣੀ ਵਿੱਚ ਆਦੇਸ਼ ਵੀ ਨਹੀਂ ਅਤੇ ਮਨਾਹੀ ਵੀ ਨਹੀਂ ਕੀਤੀ ਗਈ। ਕਈ ਸਿੱਖ ਸੰਪਰਦਾਵਾਂ ਦੇ ਆਪੋ-ਆਪਣੇ ਬਾਹਰਲੇ ਸਰੂਪ ਅਤੇ ਭੇਖ ਹਨ (ਜਿਵੇਂ ਨਾਮਧਾਰੀ ਸਿੰਘ ਚਿੱਟੇ ਬਸਤ੍ਰ ਪਹਿਨਦੇ ਹਨ, ਨਿਹੰਗ ਸਿੰਘ ਨੀਲੇ ਬਸਤ੍ਰ ਪਹਿਨਦੇ ਹਨ ਅਤੇ ਨਿਰਮਲੇ ਮਹਾਤਮਾ ਭਗਵੇ ਬਸਤ੍ਰ ਪਹਿਨਦੇ ਹਨ), ਉਹਨਾਂ ਸੰਪਰਦਾਵਾਂ ਨੂੰ ਮੰਨਣ ਵਾਲਿਆਂ ਵਾਸਤੇ ਉਹ ਸਾਰੇ ਸਰੂਪ ਠੀਕ ਹਨ। ਪਰ, ਸਿੱਖ ਤਾਂ ਕਿਸੇ ਵੀ ਬਾਹਰਲੇ ਸਰੂਪ ਅਤੇ ਭੇਖ ਤੋਂ ਬਿਨਾਂ ਵੀ ਹੋ ਸਕਦਾ ਹੈ। ਕਿਉਂਕਿ, ਸਿੱਖੀ ਸ਼ਰਧਾ ਨਾਲ ਹੈ; ਬਾਹਰਲੇ ਸਰੂਪ ਨਾਲ ਨਹੀਂ ਹੈ।

 ਦਸ਼ਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ ਰਾਮ ਅਵਤਾਰ - ਠਾਕੁਰ ਦਲੀਪ ਸਿੰਘ

 ਰਾਮ ਅਵਤਾਰ ਦੇ ਛੋਟੇ ਜਿਹੇ ਪ੍ਰਸੰਗ ਵਿੱਚ ਲਿਖੇ ਅਤਿ ਮਨੋਹਰ, ਦੁਰਲੱਭ ਅਤੇ ਵਿਚਿਤ੍ਰ -ਰੂਪ ਛੰਦਾਂ ਦੀ ਇਤਨੀ ਵੱਡੀ ਵਿਵਿਧਤਾ, ਸਾਰੇ ਵਿਸ਼ਵ ਵਿੱਚ ਨਹੀਂ ਲੱਭ ਸਕਦੀ। ਇਸ ਕਰਕੇ, ਮੈਂ ਇਸ ਰਚਨਾ ਨੂੰ ਗੁਰੂ ਜੀ ਦੀ ਆਪਣੀ ਰਚਨਾ ਮੰਨਦਾ ਹਾਂ। ਜੋ ਸੱਜਣ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਉਹ ਵਿਵਾਦ ਕਰਨ ਦੀ ਥਾਂ ਇਸ ਨੂੰ ਉੱਤਮ ਸਾਹਿਤ ਮੰਨ ਲੈਣ ਪਰ, ਵਿਵਾਦ ਨਾ ਕਰਨ। ਇਸ ਸਮੇਂ, ਪੰਥ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ ਇਹ ਗੁਰਬਾਣੀ ਹੈ ਜਾਂ ਨਹੀਂ, ਇਸਨੂੰ ਸਤਿਕਾਰ ਦੇਣਾ ਹੈ ਜਾਂ ਨਹੀਂ। ਮੈਂ ਉਸ ਵਿਵਾਦ ਵਿੱਚ ਨਹੀਂ ਪੈਂਦਾ; ਕਿਉਂਕਿ ਗੁਰਬਾਣੀ ਵਿੱਚ ਬਚਨ ਹੈ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ। ਮੈਂ ਉਸ ਵਿਵਾਦ ਨੂੰ ਛੱਡ ਕੇ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਮੌਜੂਦ ਹੈ; ਭਾਵੇਂ ਗੁਰੂ ਜੀ ਦੀ ਆਪਣੀ ਰਚਨਾ ਹੈ ਜਾਂ ਉਹਨਾਂ ਨੇ ਰਚਵਾਈ ਹੈ; ਉਸ ਵਿੱਚੋਂ ਇੱਕ ਵੰਨਗੀ; ਸ੍ਰੇਸ਼ਟਤਮ ਕਵਿਤਾ ਦੇ ਰੂਪ ਵਿੱਚ ਆਪ ਜੀ ਨੂੰ ਛੰਦ ਵਿਆਖਿਆ ਸਹਿਤ ਪ੍ਰਸਤੁਤ ਕਰ ਰਿਹਾ ਹਾਂ। ਕਿਉਂਕਿ, ਪੂਰੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਛੰਦਾਂ ਦੀ ਵਿਵਿਧਤਾ ਰਾਮ ਅਵਤਾਰ ਪ੍ਰਸੰਗ ਵਿੱਚ ਹੀ ਹੈ।

ਜਿਵੇਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰੀ ਬਾਣੀ ਗੁਰੂ ਜੀ ਦੀ ਰਚੀ ਨਹੀਂ, ਹੋਰ ਬਹੁਤ ਸਾਰੇ ਮਹਾਂਪੁਰਖਾਂ ਦੀ ਬਾਣੀ ਵੀ ਹੈ। ਇਸੇ ਹੀ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ, ਹੋਰ ਕਈ ਕਵੀਆਂ ਦੀ ਰਚਨਾ ਰੂਪੀ ਬਾਣੀ ਸੰਭਵ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਵੀ ਹੈ, ਜਿਸ ਰੂਪ ਵਿੱਚ ਵੀ ਹੈ, ਉਸ ਵਿੱਚੋਂ ਵਿੱਦਵਤਾ ਸਿੱਧ ਹੁੰਦੀ ਹੈ। ਇਸ ਤੱਥ ਤੋਂ ਕੋਈ ਮੁੱਕਰ ਨਹੀਂ ਸਕਦਾ।

ਹਰ ਗੁਰਦੁਆਰੇ ਵਿੱਚ, ਹਰ ਰੋਜ਼, ਰਹਿਰਾਸ ਵਿੱਚ ਪੜ੍ਹੇ ਜਾਣ ਵਾਲੇ; ਪਾਇ ਗਹੇ ਜਬ ਤੇ ਵਾਲਾ ਸਵੈਯਾ ਅਤੇ ਗੋਬਿੰਦ ਦਾਸ ਤੁਹਾਰ ਵਾਲਾ ਦੋਹਰਾ, ਰਾਮ ਅਵਤਾਰ ਦਾ ਹੀ ਹਿੱਸਾ ਹਨ। ਜੇ ਇਹ ਦੋਵੇਂ ਸ਼ਬਦ ਪੰਥ ਪ੍ਰਵਾਣਿਤ ਗੁਰਬਾਣੀ ਹਨ ਤਾਂ ਬਾਕੀ ਦਾ ਰਾਮ ਅਵਤਾਰ ਗੁਰਬਾਣੀ ਕਿਉਂ ਨਹੀਂ?

ਕਮਰ ਕ੍ਰਿਪਾਨ ਅਰੁ ਕਰ ਮੇ ਕਲਮ ਗਹੇ, ਸਿੰਘ ਕਵਿਗਨ ਕੇ ਸਮਾਜ ਮੇ ਸੁਹਾਵਤੋ।…

ਕੁਵਰੇਸ, ਹੰਸਰਾਮ, ਮੰਗਲ ਕੀ ਰਚਨਾ ਕੋ ਸੋਧ, ਸੈਨਾਪਤਿ ਸੇ ਜੋ ਨਕਲ ਕਰਾਵਤੋ।

                                      ਅਤੇ
ਲਖ ਅਵਿੱਦ੍ਯ ਨਿਜ ਦੇਸ਼, ਕਵੀ ਕੋਵਿਦ ਇਕੱਤ੍ਰ ਕਰ।

ਕਰ ਧਰ ਕਲਮ, ਅਨੂਪ ਰਚ੍ਯੋ ਜਿਹ ਕਾਵ੍ਯ ਮਨੋਹਰ। (ਭਾਈ ਕਾਹਨ ਸਿੰਘ)

ਉਪਰੋਕਤ ਤੁਕਾਂ ਇਹ ਸਿਧ ਕਰਦੀਆਂ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਭਾਰਤ ਵਾਸੀਆਂ ਦੇ ਵਿੱਦਿਆ ਦਾਤੇ ਸਨ। ਜੇ ਉਹ ਵਿੱਦਿਆ ਨਾ ਦਿੰਦੇ ਤਾਂ ਆਪਾਂ ਅਨਪੜ੍ਹ ਹੀ ਰਹਿ ਜਾਣਾ ਸੀ। ਇਸੇ ਕਰਕੇ ਮੈਂ ਇਹ ਨਵਾਂ ਨਾਅਰਾ ਬਣਾਇਆ ਹੈ; ਵਿੱਦਿਆ ਦਾਤੇ ਦਸ਼ਮੇਸ਼, ਪ੍ਰਗਟੇ ਆਪ ਪ੍ਰਮੇਸ਼। ਗੁਰੂ ਜੀ ਨੇ ਅਸਾਨੂੰ ਵਿਦਵਾਨ ਬਨਾਉਣ ਵਾਸਤੇ, ਕਿਰਪਾ ਕਰਕੇ, ਆਪ ਕਵਿਤਾ ਰਚੀ ਅਤੇ ਰਚਵਾਈ। 52 ਵਿਦਵਾਨ ਕਵੀ ਰੱਖੇ, ਇਤਨੇ ਵਿਦਵਾਨ ਕਵੀ, ਇੰਨੀ ਵੱਡੀ ਗਿਣਤੀ ਵਿੱਚ, ਕਿਸੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ, ਕਦੀ ਨਹੀਂ ਰੱਖੇ ਗਏ। ਗੁਰੂ ਜੀ ਨੇ ਬਹੁਤ ਸਾਰੇ ਔਖੇ ਗ੍ਰੰਥਾਂ ਦਾ ਸਰਲ ਭਾਸ਼ਾ ਵਿੱਚ ਅਤੇ ਪੰਜਾਬੀ ਵਿੱਚ ਤਰਜ਼ਮਾ ਕਰਵਾਇਆ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਇਕ ਵੱਡੇ ਭਾਗ ਨੂੰ ਬਚਿਤ੍ਰ ਨਾਟਕ ਨਾਮ ਵੀ ਦਿਤਾ ਗਿਆ ਹੈ। ਉਸ ਸਮੇਂ ਅਨੇਕਾਂ ਗ੍ਰੰਥਾਂ ਦੇ ਰੂਪ ਵਿਚ ਸਾਹਿਤ ਦੀ ਵਡੀ ਰਚਨਾ ਹੋਈ, ਜਿਸ ਵਿਚੋਂ ਕਰੀਬ 100ਵਾਂ ਭਾਗ ਹੀ ਬਚਿਆ ਹੋਇਆ ਹੈ, ਜਿਸਨੂੰ  ਸ੍ਰੀ ਦਸਮ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਇਸ ਦਾ ਪ੍ਰਤੱਖ ਪ੍ਰਮਾਣ, ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਲਿਖੇ ਭਗਵਾਨ ਵਿਸ਼ਨੂੰ ਜੀ ਦੇ 21ਵੇਂ ਅਵਤਾਰ, ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਚੋਂ ਮਿਲਦਾ ਹੈ। ਜੇ ਜੇ ਕਿਸਨ ਚਰਿਤ੍ਰ ਦਿਖਾਏ॥ ਦਸਮ ਬੀਚ ਸਭ ਭਾਖ ਸੁਨਾਏ॥ ਗਯਾਰਾ ਸਹਸ ਬਾਨਵੇ ਛੰਦਾ॥ ਕਹੇ ਦਸਮ ਪੁਰ ਬੈਠ ਅਨੰਦਾ' (ਅੰਗ 255, ੨੫੫)। ਉਸ ਸਮੇਂ ਕ੍ਰਿਸ਼ਨ ਅਵਤਾਰ ਦੇ 11092 ਛੰਦ ਰਚੇ ਗਏ ਸਨ, ਜਦ ਕਿ, ਇਸ ਸਮੇਂ ਕੇਵਲ 2492 ਛੰਦ ਹੀ ਮਿਲਦੇ ਹਨ। (ਸਰਬਲੋਹ ਗ੍ਰੰਥ ਅਤੇ ਗੋਵਿੰਦ ਗੀਤਾ ਆਦਿ ਕੁਛ ਐਸੇ ਗ੍ਰੰਥ ਮਿਲਦੇ ਹਨ ਜੋ ਗੁਰੂ ਜੀ ਦੇ ਆਪ ਰਚੇ ਜਾਂ ਰਚਵਾਏ ਉਸ ਵੱਡੀ ਸਾਹਿਤ ਰਚਨਾ ਹੋ ਸਕਦੇ ਹਨ)। ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਉਸ ਸਮੇਂ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ, ਉੱਥੇ, ਉਸੇ ਸਮੇਂ ਦੌਰਾਨ ਉਸ ਕੀਮਤੀ ਸਾਹਿਤ ਦਾ ਵੀ ਬਹੁਤ ਵੱਡਾ ਹਿੱਸਾ ਸਿੱਖ ਪੰਥ ਹੱਥੋਂ ਜਾਂਦਾ ਰਿਹਾ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ, ਅਤਿ ਉੱਤਮ ਕੋਟੀ ਦੇ ਸਾਹਿਤ ਦੀ ਰਚਨਾ ਹੈ ਅਤੇ ਸ੍ਰੇਸ਼ਟਤਮ ਕਵਿਤਾ ਉਸ ਵਿੱਚ ਵਿਦਮਾਨ ਹੈ। ਦੁੱਖ ਦੀ ਗੱਲ ਇਹ ਹੈ ਕਿ ਸਿੱਖ ਪੰਥ ਨੇ, ਉਸ ਉੱਤਮ ਕਵਿਤਾ ਰੂਪੀ ਸਾਹਿਤ-ਰਚਨਾ ਵੱਲ ਪੂਰਾ ਧਿਆਨ ਨਹੀਂ ਦਿੱਤਾ, ਪਰ, ਉਸ ਬਾਰੇ ਵਿਵਾਦ ਜ਼ਰੂਰ ਛੇੜ ਦਿੱਤਾ।

ਸਿੱਖ ਵੀਰੋ! ਸਿੱਖ ਧਰਮ; ਸ਼ਰਧਾ ਪੂਰਵਕ ਵਿਸ਼ਵਾਸ ਦਾ ਵਿਸ਼ਾ ਹੈ, ਖੋਜ ਕਰਕੇ ਤਰਕ ਨਾਲ ਸ਼ਰਧਾ ਘਟਾਉਣ ਦਾ ਵਿਸ਼ਾ ਨਹੀਂ। ਇਸ ਲਈ ਖੋਜ ਉਹ ਹੋਣੀ ਚਾਹੀਦੀ ਹੈ, ਜਿਸ ਨਾਲ ਸ਼ਰਧਾ ਵਧੇ, ਵਿਸ਼ਵਾਸ਼ ਦ੍ਰਿੜ ਹੋਵੇ। ਵਿਵਾਦਾਂ ਦਾ ਹਲ ਕੱਢ ਕੇ ਸਮਾਜ ਨੂੰ ਸ਼ਾਂਤੀ ਮਾਰਗ ਦੀ ਸਹੀ ਸੇਧ ਦੇਣ ਨਾਲ ਵਿਦਵਤਾ ਸਿੱਧ ਹੁੰਦੀ ਹੈ। ਨਵੇਂ ਵਿਵਾਦ ਖੜੇ ਕਰਕੇ, ਸਮਾਜ ਨੂੰ ਭੰਭਲ ਭੂਸੇ ਪਾਉਣਾ ਵਿਦਵਤਾ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਵਿਦਵਾਨ ਬਣਾਇਆ ਹੈ। ਇਸ ਲਈ ਸਿੱਖ ਪੰਥ ਨੂੰ ਆਪਣੇ ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਦੇ ਹੋਏ, ਆਪ ਵਿਦਵਾਨ ਬਣਨਾ ਚਾਹੀਦਾ ਹੈ। ਕਿਉਂਕਿ, ਵਿਦਵਾਨ ਹੀ ਰਾਜ ਕਰਦੇ ਹਨ, ਵਿਦਵਾਨ ਹੀ ਹਰ ਥਾਂ ਉੱਤੇ ਮਾਣ ਪਾਉਂਦੇ ਹਨ, ਜਿਸ ਵਾਸਤੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਅੰਗ 1329,੧੩੨੯)

      ਮੇਰੀ ਬੇਨਤੀ ਹੈ, ਆਪਾਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਵਿਵਾਦ ਰਹਿਤ ਸੋਚ ਬਣਾ ਕੇ, ਇਸ ਨੂੰ ਵਿੱਦਿਆ ਸਰੋਤ ਅਤੇ ਉੱਤਮ ਸਾਹਿਤ ਦੇ ਰੂਪ ਵਿੱਚ ਲੈ ਕੇ, ਉੱਤਮ ਕਵਿਤਾ ਦਾ ਅਨੰਦ ਮਾਣ ਕੇ, ਵਿਦਿਆ ਦਾਤੇ ਦਸ਼ਮੇਸ਼ ਜੀ ਨੂੰ ਯਾਦ ਕਰਦਿਆਂ ਹੋਇਆਂ, ਆਪ ਵੀ ਉੱਤਮ ਸਾਹਿਤ ਅਤੇ ਮਨੋਹਰ ਕਵਿਤਾ ਰਚਣੀ ਚਾਹੀਦੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਭਗਵਾਨ ਵਿਸ਼ਨੂ ਜੀ ਦੇ 24 ਅਵਤਾਰਾਂ ਦੀਆਂ ਕਥਾਵਾਂ ਲਿਖੀਆਂ ਹੋਈਆਂ ਹਨ ਜਿੰਨਾਂ ਵਿੱਚੋਂ 20ਵੀਂ ਕਥਾ ਰਾਮ ਅਵਤਾਰ ਦੀ ਹੈ। ਇਸ ਵਿੱਚ 70 ਕਿਸਮ ਦੇ ਛੰਦ ਅੰਕਿਤ ਹਨ। ਆਪਾਂ, ਉਹਨਾਂ ਦਾ ਰੂਪ ਜਾਣੀਏ ਅਤੇ ਉਹਨਾਂ ਦਾ ਆਨੰਦ ਮਾਣੀਏ। ਗੁਰੂ ਜੀ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਐਸੇ ਵਿਲਕਸ਼ਣ ਅਤੇ ਮਨੋਹਰ ਛੰਦਾਂ ਵਿੱਚ, ਛੰਦ ਬੱਧ ਰਚਨਾ, ਆਪਾਂ ਵੀ ਕਰਨੀ ਸ਼ੁਰੂ ਕਰੀਏ।

   ਜੋ ਪੁਰਾਣਿਕ ਕਥਾਵਾਂ, ਸਤਿਗੁਰੂ ਗੋਬਿੰਦ ਸਿੰਘ ਜੀ ਨੇ 'ਸ੍ਰੀ ਦਸਮ ਗ੍ਰੰਥ ਸਾਹਿਬ' ਵਿੱਚ ਲਿਖੀਆਂ ਹਨ। ਕੁਝ ਸੱਜਣ ਕਹਿੰਦੇ ਹਨ ਕਿ ਐਸੀਆਂ ਹਿੰਦੂ ਮਿਥਿਹਾਸਕ ਕਥਾਵਾਂ ਗੁਰੂ ਜੀ ਨਹੀਂ ਲਿਖ ਸਕਦੇ। ਉਹਨਾਂ ਸੱਜਣਾ ਨੂੰ ਆਪ ਵਿਚਾਰਨ ਦੀ ਲੋੜ ਹੈ, ਕਿ 'ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ' ਐਸੀਆਂ ਹਿੰਦੂ ਪੁਰਾਣਿਕ ਕਥਾਵਾਂ ਨਾਲ ਭਰਪੂਰ ਹੈ। ਆਦਿ ਬਾਣੀ ਵਿੱਚ ਲਿਖੀਆਂ ਪੁਰਾਣਿਕ ਕਥਾਵਾਂ ਅਤੇ ਉਹਨਾਂ ਦੀ ਪ੍ਰੋੜ੍ਹਤਾ, ਸਿਰਫ਼ ਭਗਤ ਬਾਣੀ ਵਿੱਚ ਹੀ ਨਹੀਂ, ਗੁਰੂ ਜੀ ਦੀ ਆਪਣੀ ਬਾਣੀ ਵਿੱਚ ਵੀ ਹੈ। ਅੰਤਰ ਕੇਵਲ ਇਤਨਾ ਹੈ ਕਿ ਆਦਿ ਬਾਣੀ ਵਿਚ ਐਸੀਆਂ ਕਥਾਵਾਂ ਸੰਖੇਪ ਵਿਚ ਹਨ, ਜੋ ਦਸਮ ਬਾਣੀ ਵਿਚ ਵਿਸਤਾਰ ਪੂਰਵਕ ਹਨ। ਉਦਾਹਰਨ ਵਾਸਤੇ ਪ੍ਰਮਾਣ:- ਧਰਣੀਧਰ, ਈਸ, ਨਰਸਿੰਘ, ਨਾਰਾਇਣ॥ ਦਾੜਾ ਅਗ੍ਰੇ; ਪ੍ਰਿਥਮਿ ਧਰਾਇਣ॥ ਬਾਵਨ ਰੂਪੁ ਕੀਆ ਤੁਧੁ ਕਰਤੇ; ਸਭ ਹੀ ਸੇਤੀ ਹੈ ਚੰਗਾ॥ ਸ੍ਰੀ ਰਾਮਚੰਦ; ਜਿਸੁ ਰੂਪੁ ਨ ਰੇਖਿਆ॥ ਬਨਵਾਲੀ ਚਕ੍ਰਪਾਣਿ; ਦਰਸਿ ਅਨੂਪਿਆ॥ (ਮਾਰੂ ਮਹਲਾ 5, ੫. ਅੰਗ 1082, ੧੦੮੨)। ਉਪਰੋਕਤ ਆਦਿ ਬਾਣੀ ਦੀਆਂ ਤੁਕਾਂ ਵਿਚ ਅੱਠ ਅਵਤਾਰਾਂ ਦਾ (ਵਿਸ਼ਨੂੰ ਅਵਤਾਰ, ਸ਼ੇਸਨਾਗ ਅਵਤਾਰ, ਨਰ ਸਿੰਘ ਅਵਤਾਰ, ਨਾਰਾਇਣ ਅਵਤਾਰ, ਵਰਾਹ ਅਵਤਾਰ, ਵਾਮਨ ਅਵਤਾਰ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ) ਜ਼ਿਕਰ ਸਤਿਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ ਆਪ ਕੀਤਾ ਹੈ ਅਤੇ ਇਹਨਾਂ ਨੂੰ ਪ੍ਰਭੂ ਅਵਤਾਰ ਮੰਨਿਆ ਹੈ।

ਛੰਦ ਦੀ ਜਾਤੀ ਜਾਨਣ ਵਾਸਤੇ: ਛੰਦ ਦੇ ਅੱਖਰ, ਗਣ ਅਤੇ ਮਾਤਰਾ, ਗਿਣ ਕੇ ਉਸ ਦਾ ਰੂਪ ਜਾਣਿਆ ਜਾ ਸਕਦਾ ਹੈ। ਕਾਵਿ ਸ਼ਾਸਤ੍ਰ ਅਨੁਸਾਰ, ਛੰਦ ਚਾਰ ਪ੍ਰਕਾਰ ਦੇ ਹੁੰਦੇ ਹਨ। ਮਾਤ੍ਰਿਕ, ਵਰਣਿਕ, ਅਤੇ ਗਣ। ਤਿੰਨਾਂ ਨੂੰ ਮਿਲਾਕੇ ਚੌਥਾ ਰੂਪ ਮਿਸ਼ਰਿਤ ਬਣਦਾ ਹੈ।

ਏਥੇ ਛੰਦਾਂ ਦੇ ਨਾਮ, ਅੱਖਰ ਕ੍ਰਮ ਅਨੁਸਾਰ ਦਿੱਤੇ ਗਏ ਹਨ। ਸੋਰਠਾ, ਦੋਹਰਾ, ਸੰਗੀਤ ਛਪੈ, ਛਪੈ ਅਤੇ ਛਪਯ ਤੋਂ ਬਿਨ੍ਹਾਂ ਇਥੇ ਲਿਖੇ ਬਾਕੀ ਸਾਰੇ ਛੰਦਾਂ ਦੀਆਂ ਚਾਰ ਤੁਕਾਂ ਹਨ।

1. ਉਗਾਧ ਛੰਦ:- ਇਸ ਦਾ ਨਾਮ ਤਿਲਕੜੀਆ' ਅਤੇ ਯਸ਼ੋਦਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਜ ਅੱਖਰ ਹੁੰਦੇ ਹਨ। ਕਹਿਯੋ ਕੁਨਾਰੀ॥ ਕੁਬ੍ਰਿੱਤ ਕਾਰੀ॥ ਕਲੰਕ ਰੂਪਾ॥ ਕੁਵ੍ਰਿਤ ਕੂਪਾ ॥ (ਅੰਗ 212, ੨੧੨)
2. ਉਗਾਥਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਦਸ ਅੱਖਰ ਹੁੰਦੇ ਹਨ। ਅਛਿੱਦ ਛਿੱਦੇ, ਅਦੱਗ ਦਾਗੇ॥ ਅਚੋਰ ਚੋਰੇ, ਅਠੱਗ ਠਾਗੇ॥ ਅਭਿੱਦ ਭਿੱਦੇ, ਅਫੋੜ ਫੋੜੇ॥ ਅਕੱਜ ਕੱਜੇ, ਅਜੋੜ ਜੋੜੇ॥ (ਅੰਗ 545,੫੪੫)  ਧਿਆਨਯੋਗ:- ਇਸ ਛੰਦ ਦੀ ਹਰ ਤੁਕ ਵਿੱਚ, ਹਰ ਦੂਸਰਾ ਸ਼ਬਦ ਅ ਨਾਲ ਸ਼ੁਰੂ ਹੁੰਦਾ ਹੈ।

3. ਉਟੰਙਣ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਈ ਅੱਖਰ ਹੁੰਦੇ ਹਨ। ਚਉਰ ਚੰਦ੍ਰ ਕਰੰ, ਛੱਤ੍ਰ ਸੂਰ ਧਰੰ, ਬੇਦ ਬ੍ਰਹਮਾ ਰਰੰ; ਦੁਆਰ ਮੇਰੇ॥ ਪਾਕ ਪਾਵਕ ਕਰੰ, ਨੀਰ ਬਰਣੰ ਭਰੰ, ਜੱਛ ਬਿਦਿਆ ਧਰੰ, ਕੀਨ ਚੇਰੇ॥ ਅਰਬ ਖਰਬੰ ਪੁਰੰ, ਚਰਬ ਸਰਬੰ ਕਰੇ, ਦੇਖੁ ਕੈਸੇ ਕਰੋਂ, ਬੀਰ ਖੇਤੰ॥ ਚਿੰਕ ਹੈ ਚਾਵਡਾ, ਫਿੰਕ ਹੈ ਫਿੰਕਰੀ, ਨਾਚ ਹੈ ਬੀਰ; ਬੈਤਾਲ ਪ੍ਰੇਤੰ ॥ (ਅੰਗ 576, ੫੭੬)

4. ਅਕਰਾ ਛੰਦ:- ਇਸ ਛੰਦ ਦੇ ਨਾਮ ਅਣਕਾ, ਅਨਹਦ, ਅਨੁਭਵ, ਸ਼ਸ਼ਿਵਦਨਾ, ਚੰਡਰਸਾ ਅਤੇ ਮਧੁਰ ਧੁਨਿ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਜਬ ਪ੍ਰਭ ਮਾਰੇ॥ ਸਬ ਦਲ ਹਾਰੇ॥ ਬਹੁ ਬਿਧਿ ਭਾਗੇ॥ ਦੁਐ ਸਿਸ ਆਗੇ॥ (ਅੰਗ 636, ੬੩੬)

5. ਅਕੜਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਨੌ ਅੱਖਰ ਹੁੰਦੇ ਹਨ। ਕਹੂੰ ਚਿੱਤ੍ਰ ਚਾਰੁ ਕਮਾਨ॥ ਕਹੂੰ ਅੰਗ ਜੋਧਨ ਬਾਨ॥ ਕਹੂੰ ਅੰਗ ਘਾਇ ਭਭੱਕ॥ ਕਹੂੰ ਸ੍ਰੋਣ ਸਰਤ ਛਲੱਕ॥ (ਅੰਗ 631, ੬੩੧)

6. ਅਜਬਾ ਛੰਦ:- ਇਸ ਦਾ ਨਾਮ ਅਕਵਾ, ਕੰਨ੍ਯਾ ਅਤੇ ਤੀਰਣਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਘੁੱਮੇ ਘਾਯੰ॥ ਜੁੱਮੇ ਚਾਯੰ॥ ਰੱਜੇ ਰੋਸੰ॥ ਤੱਜੇ ਹੋਸੰ॥ (ਅੰਗ 599, ੫੯੯)

7. ਅਣਕਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਇਸ ਦਾ ਨਾਮ ਅਕਰਾ, ਅਨਹਦ, ਅਨੁਭਵ, ਸ਼ਸ਼ਿਵਦਨਾ', ਚੰਡਰਸਾ ਅਤੇ ਮਧੁਰ ਧੁਨਿ ਵੀ ਹੈ। ਲਵ ਅਰਿ ਮਾਰੇ॥ ਤਵ ਦਲ ਹਾਰੇ॥ ਦ੍ਵੈ ਸਿਸ ਜੀਤੇ॥ ਨਹ ਭਯ ਭੀਤੇ॥ (ਅੰਗ 628, ੬੨੮)

8. ਅਨਕਾ ਛੰਦ:- ਇਸ ਦਾ ਨਾਮ ਸ਼ਸ਼ੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤਿੰਨ ਅੱਖਰ ਹੁੰਦੇ ਹਨ।

ਅਜਾ ਹੈ॥ ਅਤਾ ਹੈ॥ ਅਲੈ ਹੈ॥ ਅਜੈ ਹੈ॥ (ਅੰਗ 623, ੬੨੩) ਧਿਆਨਯੋਗ; ਉਪਰੋਕਤ ਛੰਦ ਦੀ ਹਰ ਤੁਕ ਅ ਨਾਲ ਸ਼ੁਰੂ ਹੋ ਰਹੀ ਹੈ।

9. ਅਨਾਦ ਛੰਦ:- ਇਸ ਦਾ ਨਾਮ ਵਾਪੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਟੁੱਟਰ ਟੀਕ, ਟੁੱਟੇ ਟੋਪ॥ ਭੱਗੇ ਭੂਪ, ਭੰਨੀ ਧੋਪ॥ ਘੁੱਮੇ ਘਾਇ, ਝੂੱਮੀ ਭੂਮ॥ ਅਉਝੜ ਝਾੜ, ਧੂਮੀ ਧੂਮ॥ (ਅੰਗ 602, ੬੦੨)

10. ਅਨੂਪ ਨਰਾਜ ਛੰਦ:- ਵਰਣ ਮੈਤ੍ਰੀ ਕਰਕੇ ਅਨੂਪ ਸ਼ਬਦ ਨੂੰ ਨਰਾਜ ਤੋਂ ਪਹਿਲਾਂ ਲਿਖਿਆ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੇ ਦੋ ਰੂਪ ਹੁੰਦੇ ਹਨ। ਇਸ ਦੀ ਹਰ ਤੁਕ ਵਿੱਚ ਲਘੂ ਗੁਰੂ ਦੇ ਕ੍ਰਮ ਅਨੁਸਾਰ, ਇਕ ਰੂਪ ਵਿਚ ਅੱਠ ਅੱਖਰ ਅਤੇ ਦੂਜੇ ਰੂਪ ਵਿਚ ਸੋਲਾਂ ਅੱਖਰ ਹੁੰਦੇ ਹਨ। ਭਭੱਕ ਭੂਤ ਭੈ ਕਰੰ॥ ਚਚੱਕ ਚਉਦਣੋ ਚਕੰ॥ ਤਤੱਖ ਪੱਖਰੰ ਤੁਰੇ॥ ਬੱਜੇ ਨਿਨੱਦ ਸਿੰਧੁਰੇ॥ (ਅੰਗ 605, ੬੦੫) ਇਸ ਦਾ ਦੂਸਰਾ ਰੂਪ ਇਹ ਵੀ ਹੈ: ਭਜੰਤ ਭੈ ਧਰੰ ਭਟੰ; ਬਿਲੋਕ ਭਰਥਣੋ ਰਣੰ॥ ਚਲਯੋ ਚਿਰਾਇ ਕੈ ਚਲੀ; ਬਬਰਖ ਸਾਇਕੋ ਸਿਤੰ॥ ਸੁਕ੍ਰੁਧ ਸਾਇਕੰ ਸਿਸੰ; ਬਬੱਧ ਭਾਲਣੋ ਭਟੰ॥ ਪਪਾਤ ਪ੍ਰਿਥਵੀਯੰ ਹਠੀ; ਮਮੋਹ ਆਸ੍ਰਮੰ ਗਤੰ ॥ (ਅੰਗ 633, ੬੩੩)

11. ਅਨੰਤ ਤੁਕਾ, ਭੁਜੰਗ ਪ੍ਰਯਾਤ ਛੰਦ:- ਜਿਸ ਛੰਦ ਦੀ ਤੁਕ ਦਾ ਅੰਤ ਨਾ ਮਿਲੇ, ਉਹ ਅਨੰਤ ਤੁਕਾ ਕਿਹਾ ਜਾਂਦਾ ਹੈ। ਰਾਮ ਅਵਤਾਰ ਵਿੱਚ, ਸਵੈਯਾ ਅਤੇ ਭੁਜੰਗ ਪ੍ਰਯਾਤ ਛੰਦ ਸਿਰਲੇਖ ਹੇਠ ਅਨੰਤ ਤੁਕਾ ਦੀ ਉਦਾਹਾਰਣ ਮਿਲਦੀ ਹੈ। ਜਬੈ ਰਾਮ ਦੇਖੈ; ਸਬੈ ਬਿੱਪ ਆਏ॥ ਪਰ੍ਯੋ ਧਾਇ ਪਾਯੰ; ਸੀਆ ਨਾਥ ਜਗਤੰ॥ ਦਯੋ ਆਸਨੰ ਅਰਘੁ ਪਾਦ ਰਘੁ ਤੇਣੰ॥ ਦਈ ਆਸਿਖ ਮੋਨਨੇਸੰ ਪ੍ਰਸਿੰਨ੍ਯਿੰ॥ (ਅੰਗ 621, ੬੨੧)

12. ਅਪੂਰਬ ਛੰਦ:- ਰਾਮ ਅਵਤਾਰ ਵਿੱਚ ਇਸਦੇ ਦੋ ਰੂਪ ਆਏ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਪਹਿਲਾ: ਉੱਚਰੇ ਸੰਦੇਸ॥ ਉਰਧ ਗੇ ਅਉਧੇਸ॥ ਪੱਤ੍ਰ ਬਾਚੇ ਭਲੇ॥ ਲਾਗ ਸੰਗੰ ਚਲੇ (ਅੰਗ 554, ੫੫੪) ਅਤੇ ਦੂਜਾ ਰੂਪ: ਇਸ ਦਾ ਨਾਮ ਅਰੂਪਾ ਅਤੇ ਕ੍ਰੀੜਾ ਵੀ ਹੈ। ਗਣੇ ਕੇਤੇ॥ ਹਣੇ ਜੇਤੇ॥ ਕਈ ਮਾਰੇ॥ ਕਿਤੇ ਹਾਰੇ॥ (ਅੰਗ 630, ੬੩੦)

13. ਅਰਧ ਨਰਾਜ ਛੰਦ:- ਇਸ ਛੰਦ ਦਾ ਨਾਮ ਨਗਸ੍ਵਰੂਪਿਣੀ, ਪ੍ਰਮਾਣਿਕਾ ਅਤੇ ਅੱਧਾ ਨਰਾਜ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਕਰੰਤ ਚਾਚਰੋ ਚਰੰ॥ ਨਚੰਤ ਨਿਰਤਣੋ ਹਰੰ॥ ਪੁਅੰਤ ਪਾਰਬਤੀ ਸਿਰੰ॥ ਹਸੰਤ ਪ੍ਰੇਤਣੀ ਫਿਰੰ॥ (ਅੰਗ 604, ੬੦੪)

14. ਅਰੂਪਾ ਛੰਦ:- ਇਸ ਛੰਦ ਦਾ ਨਾਮ ਕ੍ਰੀੜਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਮਨੰ ਭਾਈ॥ ਉਰੰ ਲਾਈ॥ ਸਤੀ ਜਾਨੀ॥ ਮਨੈ ਮਾਨੀ'॥ (ਅੰਗ 638, ੬੩੮)

15. ਅਲਕਾ ਛੰਦ:- ਇਸ ਛੰਦ ਦਾ ਨਾਮ ਕੁਸੁਮ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਚਰਪਟ ਰਾਨੀ, ਸਟਪਟ ਧਾਈ॥ ਰਟਪਟ ਰੋਵਤ, ਅਟਪਟ ਆਈ॥ ਚਟਪਟ ਲਾਗੀ, ਅਟਪਟ ਪਾਯੰ॥ ਨਰ ਬਰ ਨਿਰਖੇ, ਰਘੁਬਰ ਰਾਯੰ॥ (ਅੰਗ 614, ੬੧੪) ਧਿਆਨਯੋਗ: ਇਸ ਦੀ ਹਰ ਤੁਕ ਵਿਚ ਅੱਠ ਮੁਕਤੇ ਅੱਖਰ ਹਨ। ਅਤੇ ਟ ਅੱਖਰ ਗਿਆਰਾਂ ਵਾਰੀ ਵਰਤਿਆ ਗਿਆ ਹੈ।

16. ਅੜੂਹਾ ਛੰਦ:- ਇਸਦਾ ਨਾਮ ਸੰਯੁਕ੍ਤਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਦਸ ਅੱਖਰ ਹੁੰਦੇ ਹਨ। ਪੁਨਿ ਬੈਠ; ਮੰਤ੍ਰ ਬਿਚਾਰਯੋ॥ ਤੁਮ ਜਾਹੁ ਭਰਥ, ਉਚਾਰਯੋ॥ ਮੁਨਿ ਬਾਲ ਦ੍ਵੈ; ਜਿਨਿ ਮਾਰੀਯੋ॥ ਧਰਿ ਆਨ; ਮੋਹਿ ਦਿਖਾਰੀਯੋ॥ (ਅੰਗ 630, ੬੩੦)

17. ਸਮਾਨਕਾ ਛੰਦ:- ਇਸ ਦਾ ਨਾਮ ਪ੍ਰਮਾਣਿਕਾ ਵੀ ਹੈ। ਇਸ ਦੇ ਦੋ ਰੂਪ ਹੁੰਦੇ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਦੇ ਇਕ ਰੂਪ ਵਿੱਚ ਸੱਤ ਅੱਖਰ ਅਤੇ ਦੂਜੇ ਰੂਪ ਵਿਚ ਅੱਠ ਅੱਖਰ ਹੁੰਦੇ ਹਨ। ਇਹ ਰੂਪ ਅੱਠ ਅੱਖਰਾਂ ਵਾਲਾ ਹੈ। ਨਰੇਸ ਦੇਸ ਦੇਸ ਕੇ॥ ਸੁਭੰਤ ਬੇਸ ਬੇਸ ਕੇ॥ ਬਿਸੇਖ ਸੂਰ ਸੋਭਹੀਂ॥ ਸੁਸੀਲ ਨਾਰਿ ਲੋਭਹੀਂ'॥ (ਅੰਗ 538, ੫੩੮)

18. ਸਵੈਯਾ ਛੰਦ:- ਅਤਿ ਰੋਚਕ ਅਤੇ ਸਰਵਪ੍ਰਿਯ ਮਨਮੋਹਕ ਛੰਦ ਸਵੈਯਾ, ਜਿਸ ਦੇ ਕਈ ਰੂਪ ਹਨ। ਜੇ ਸਵੈਯੇ ਦੀਆਂ ਚਾਰੇ ਤੁਕਾਂ ਦਾ ਨਹੀਂ, ਤਾਂ ਘੱਟੋ ਘੱਟ ਦੋ ਤੁਕਾਂ ਦਾ ਅੰਤਿਮ ਅਨੁਪ੍ਰਾਸ ਜ਼ਰੂਰ ਮਿਲਣਾ ਚਾਹੀਦਾ ਹੈ। ਰਾਵਨ ਰੋਸ ਭਰ੍ਯੋ ਰਨ ਮੋ; ਗਹਿ ਬੀਸ ਹੂੰ ਬਾਹਿ, ਹਥ੍ਯਿਾਰ ਪ੍ਰਹਾਰੇ॥ ਭੂੰਮਿ, ਅਕਾਸ, ਦਿਸਾ, ਬਿਦਿਸਾ; ਚਕਿ ਚਾਰ ਰੁੱਕੇ, ਨਹੀ ਜਾਤ ਨਿਹਾਰੇ। ਫੋਕਨ ਤੈ, ਫਲ ਤੈ, ਮੱਧ ਤੈ, ਅੱਧ ਤੈ; ਬਧ ਕੈ, ਰਣਮੰਡਲ ਡਾਰੇ॥ ਛੱਤ੍ਰ, ਧੁਜਾ ਬਰ, ਬਾਜ, ਰਥੀ, ਰਥ; ਕਾਟਿ ਸਭੈ ਰਘੁਰਾਜ ਉਤਾਰੇ॥ (ਅੰਗ 612, ੬੧੨)

19. ਸਵੈਯਾ ਅਨੰਤ ਤੁਕਾ:- ਜਿਸ ਸਵੈਯਾ ਦਾ ਤੁਕਾਂਤ ਨਾ ਮਿਲੇ, ਉਹ ਅਨੰਤ ਤੁਕਾ ਸਵੈਯਾ ਕਿਹਾ ਜਾਂਦਾ ਹੈ। ਰੋਸ ਭਰ੍ਯੋ, ਤਜ ਹੋਸ ਨਿਸਾਚਰ; ਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ॥ ਜੋਸ ਬਡੋ ਕਰਿ ਕਉਸਲਿਸੰ; ਅਧ ਬੀਚ ਹੀ ਤੇ ਸਰ ਕਾਟ ਉਤਾਰੇ॥ ਫੇਰ ਬਡੋ ਕਰ ਰੋਸ, ਦਿਵਾਰਦਨ; ਧਾਇ ਪਰੈਂ ਕਪਿ ਪੁੰਜ ਸੰਘਾਰੈਂ॥ ਪਟਿਸ, ਲੋਹ ਹਥੀ, ਪਰਸੰ; ਗੜੀਏ, ਜੰਬੁਵੇ, ਜਮਦਾੜ, ਚਲਾਵੈ॥ (ਅੰਗ 611, ੬੧੧)

20. ਸਾਰਸੁਤੀ ਛੰਦ:- ਇਸ ਦੇ ਨਾਮ ਰੁਆਮਣ', ਰੁਆਮਲ, ਰੁਆਲ, ਰੁਆਲਾ ਅਤੇ ਰੂਆਲ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸਤਾਰਾਂ ਅੱਖਰ ਹੁੰਦੇ ਹਨ। ਰਾਮ ਪਰਮ ਪਵਿਤ੍ਰ ਹੈ; ਰਘੁਬੰਸ ਕੇ ਅਵਤਾਰ॥ ਦੁਸਟ ਦੈਤਨ ਕੇ ਸੰਘਾਰਕ; ਸੰਤ ਪ੍ਰਾਨ ਅਧਾਰ॥ ਦੇਸਿ ਦੇਸਿ ਨਰੇਸ ਜੀਤਿ; ਅਸੇਸ ਕੀਨ ਗੁਲਾਮ॥ ਜੱਤ੍ਰ ਤੱਤ੍ਰ ਧੁਜਾ ਬਧੀ; ਜੈ ਪੱਤ੍ਰ ਕੀ ਸਬ ਧਾਮ॥ (ਅੰਗ 540, ੫੪੦)

21. ਸਿਰਖਿੰਡੀ ਛੰਦ:- ਇਸ ਦਾ ਨਾਮ ਸਿਰੀਖੰਡ ਵੀ ਹੈ। ਇਹ ਪਲਵੰਗਮ ਦਾ ਹੀ ਇੱਕ ਰੂਪ ਹੈ। ਇਸ ਦਾ ਤੁਕਾਂਤ ਬੇ ਮੇਲ ਹੁੰਦਾ ਹੈ। ਪਰ, ਤੁਕ ਦੇ ਵਿਚਾਲੇ ਅਨੁਪ੍ਰਾਸ ਮਿਲਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇੱਕੀ ਮਾਤਰਾ ਹੁੰਦੀਆਂ ਹਨ।ਓਰੜਏ ਹੰਕਾਰੀ ਧੱਗਾਂ ਵਾਇ ਕੈ॥ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ॥ਵੱਗੇ ਰੁੱਤ ਝੁਲਾਰੀ, ਝਾੜੀ ਕੈਬਰੀ॥ਪਾਈ ਧੂੰਮ ਲੁੱਝਾਰੀ,   ਰਾਵਣ ਰਾਮ ਦੀ॥ (ਅੰਗ 591, ੫੯੧( ਧਿਆਨਯੋਗ: ਇਸ ਵਿੱਚ ਪੰਜਾਬੀ ਦੀ ਝੱਲਕ ਆਉਂਦੀ ਹੈ।

22. ਸੁਖਦਾ ਛੰਦ:- ਇਹ ਇਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਮਾਤਰਾ ਹੁੰਦੀਆਂ ਹਨ। ਅੰਤ ਵਿਚ ਗੁਰੂ ਤੇ ਲਘੂ ਹੁੰਦਾ ਹੈ। ਇਸ ਦੇ ਦੋ ਰੂਪ ਹਨ। ਇੱਕ ਰੂਪ, ਇਹ ਹੈ। ਪ੍ਰਭੁ ਭ੍ਰਾਤ ਸੰਗਿ॥ ਸੀਅ ਸੰਗ ਸੁਰੰਗ॥ ਤਜਿ ਚਿੰਤ ਅੰਗ॥ ਧਸੇ ਬਨ ਨਿਸੰਗ॥ (ਅੰਗ 327, ੩੨੭)

23. ਸੁੰਦਰੀ ਛੰਦ:- ਇਸ ਦਾ ਨਾਮ ਦ੍ਰੁਤ ਵਿਲੰਬਿਤਾ ਵੀ ਹੈ। ਇਹ ਛੰਦ ਮਾਤ੍ਰਿਕ ਅਤੇ ਵਰਣਿਕ ਦੋਵੇਂ ਪ੍ਰਕਾਰ ਦਾ ਹੈ। ਇਸ ਦੇ ਕਈ ਰੂਪ ਹਨ। ਇਸ ਦਾ ਇਹ ਰੂਪ ਮਾਤ੍ਰਿਕ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਉੱਛਲੀਏ ਕੱਛੀ ਕੱਛਾਲੇ॥ ਉੱਡੇ ਜਣੁ, ਪੱਬੰ ਪੱਛਾਲੇ॥ ਜੁੱਟੇ ਭਟ, ਛੁੱਟੇ ਮੁੱਛਾਲੇ॥ ਰੁਲੀਏ ਆਹਾੜੰ ਪਖਰਾਲੇ॥ (ਅੰਗ 524, ੫੨੪)

24. ਸੋਰਠਾ:- ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ। ਦੋਹਰੇ ਤੋਂ ਉਲਟ ਹੈ ਅਤੇ ਇਸ ਵਿੱਚ ਤੁਕਾਂਤ ਦਾ ਮੇਲ ਨਹੀਂ ਹੁੰਦਾ, ਪਰ ਵਿਚਾਲੇ ਮੇਲ ਹੁੰਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਮਾਤਰਾ ਹੁੰਦੀਆਂ ਹਨ। ਸੁਨਿ ਸੀਅ ਸੁਜਸ ਸੁਜਾਨ; ਰਹੋ ਕੌਸੱਲਿਆ ਤੀਰ ਤੁਮ॥ ਰਾਜ ਕਰਉ ਫਿਰਿ ਆਨ; ਤੋਹਿ ਸਹਿਤ, ਬਨਬਾਸ ਬਸਿ॥ (ਅੰਗ 548, ੫੪੮)

'ਰਾਮ ਅਵਤਾਰ' ਵਿੱਚ ਸੰਗੀਤ ਸ਼ਬਦ ਪਹਿਲਾਂ ਲਾ ਕੇ ਕਈ ਛੰਦਾਂ ਦੇ ਨਾਮ ਆਏ ਹਨ। ਜਿਵੇਂ ਸੰਗੀਤ ਪਾਧੜੀ ਛੰਦ, ਸੰਗੀਤ ਅਤੇ ਭੁਜੰਗ ਪ੍ਰਯਾਤ ਛੰਦ ਆਦਿ। ਇੱਥੇ ਸੰਗੀਤ ਸ਼ਬਦ ਪਹਿਲਾਂ ਲਾਉਣ ਦਾ ਭਾਵ ਹੈ ਕਿ ਇਹਨਾਂ ਛੰਦਾਂ ਦਾ ਪਾਠ, ਲੈਅ-ਤਾਲ ਦਾ ਧਿਆਨ ਰੱਖ ਕੇ ਕੀਤਾ ਜਾਵੇ। ਜਿੰਨਾਂ ਛੰਦਾਂ ਵਿੱਚ ਵਾਦਯ ਸੰਗੀਤ ਮ੍ਰਿਦੰਗ ਆਦਿ ਪਖਾਵਜ ਦੇ ਬੋਲ ਸ਼ਾਮਿਲ ਹੋਣ, ਉਸ ਛੰਦ ਦੇ ਨਾਮ ਤੋਂ ਪਹਿਲਾਂ ਸੰਗੀਤ ਸ਼ਬਦ ਵਰਤਿਆ ਗਿਆ ਹੈ। ਇਹਨਾਂ ਵਿਚੋਂ ਕਈਆਂ ਦੇ ਰੂਪ ਵੀ ਆਮ ਛੰਦਾਂ ਤੋਂ ਵੱਖਰੇ ਹਨ।

25. ਸੰਗੀਤ ਛਪੈ ਛੰਦ:- ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਇਸ ਦੀਆਂ ਛੇ ਤੁਕਾਂ ਹੁੰਦੀਆਂ ਹਨ। ਇਸ ਦਾ ਰੂਪ ਛਪੈ ਵਾਲਾ ਹੈ ਅਤੇ 'ਛੱਪਯ' ਨਾਲੋਂ ਵੱਖਰਾ ਹੈ। ਇਸ ਦੀਆਂ ਹਰ ਦੋ-ਦੋ ਤੁਕਾਂ ਦਾ ਤੁਕਾਂਤ ਮਿਲਦਾ ਹੈ। ਨਾਗੜਦੀ ਨਰਾਂਤਕ ਗਿਰਤ; ਦਾਗੜਦੀ ਦੇਵਾਂਤਕੁ ਧਾਯੋ॥ ਜਾਗੜਦੀ ਜੁੱਧ ਕਰ ਤੁੱਮਲ; ਸਾਗੜਦੀ ਸੁਰਲੋਕ ਸਿਧਾਯੋ॥ ਦਾਗੜਦੀ ਦੇਵ ਰਹਸੰਤ; ਆਗੜਦੀ ਅਸੁਰਣ ਰਣ ਸੋਗੰ॥ਸਾਗੜਦੀ ਸਿੱਧ ਸਰ ਸੰਤ; ਨਾਗੜਦੀ ਨਾਚਤ ਤਜਿ ਜੋਗੰ॥ ਖੰਖਾਗੜਦੀ ਖਯਾਹ ਭਏ ਪ੍ਰਾਪਤਿ ਖਲ; ਪਾਗੜਦੀ ਪੁਹਪ ਡਾਰਤ ਅਮਰ॥ ਜੰਜਾਗੜਦੀ ਸਕਲ ਜੈ ਜੈ ਜਪੈ; ਸਾਗੜਦੀ ਸੁਰਪੁਰਹਿ ਨਾਰ ਨਰ॥ (ਅੰਗ 580, ੫੮੦)

26. ਸੰਗੀਤ ਪਧਿਸਟਕਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਡਾਗੜਦੰਗ ਡਉਰ ਡਾਕਣ ਡਹੱਕ॥ ਕਾਗੜਦੰਗ ਕ੍ਰੂਰ ਕਾਕੰ ਕਹੱਕ॥ ਚਾਗੜਦੰਗ ਚਤ੍ਰ ਚਾਵਡੀ ਚਿਕਾਰ॥ ਭਾਗੜਦੰਗ ਭੂਤ ਡਾਰਤ ਧਮਾਰ॥ (ਅੰਗ 594, ੫੯੪)

27. ਸੰਗੀਤ ਬਹੜਾ ਛੰਦ:- ਇਹ ਇੱਕ ਮਾਤ੍ਰਿਕ ਛੰਦ ਹੈ। ਇਥੇ ਸੰਗੀਤ ਬਹੜਾ ਛੰਦ ਬਹੜਾ ਨਾਲੋਂ ਵੱਖਰਾ ਰੂਪ ਹੈ। ਇਸ ਦੀ ਹਰ ਤੁਕ ਵਿੱਚ ਤੀਹ ਮਾਤਰਾ ਹੁੰਦੀਆਂ ਹਨ। ਕਾਗੜਦੀ ਕਟਕ ਕਪਿ ਭਜ੍ਯੋ; ਲਾਗੜਦੀ ਲਛਮਣ ਜੁੱਝਯੋ ਜਬ॥ ਰਾਗੜਦੀ ਰਾਮ ਰਿਸ ਭਰ੍ਯੋ; ਸਾਗੜਦੀ ਗਹਿ ਅੱਸਤ੍ਰ ਸੱਸਤ੍ਰ ਸਬ॥ ਧਾਗੜਦੀ ਧਉਲ ਧੜਹੜ੍ਯੋ; ਕਾਗੜਦੀ ਕੋੜੰਭ ਕੜੱਕਯੋ॥ ਭਾਗੜਦੀ ਭੂੰਮਿ ਭੜਹੜੀ; ਪਾਗੜਦੀ ਜਨ ਪ੍ਰਲੈ ਪਲੱਟ੍ਯੋ॥ (ਅੰਗ 604, ੬੦੪)

28. ਸੰਗੀਤ ਭੁਜੰਗ ਪ੍ਰਯਾਤ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ।ਹਾਗੜਦੰਗ ਹਨੂ, ਕਾਗੜਦੰਗ ਕੋਪਾ॥ ਬਾਗੜਦੰਗ ਬੀਰਾਨ ਮੋ, ਪਾਵ ਰੋਪਾ॥ ਸਾਗੜਦੰਗ ਸੂਰੰ, ਹਾਗੜਦੰਗ ਹਾਰੇ॥ ਤਾਗੜਤੰਗ ਤੈ ਕੈ, ਹਨੂ ਤਉ ਪੁਕਾਰੇ॥ (ਅੰਗ 605, ੬੦੫)

ਉਪਰੋਕਤ ਚਾਰ ਛੰਦਾਂ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿੱਚ ਪਖਾਵਜ ਦੇ ਬੋਲ ਵਰਤੇ ਗਏ ਹਨ। ਸੰਗੀਤ ਪਧਿਸਟਕਾ ਛੰਦ ਦੇ ਅਖ਼ੀਰ ਵਿੱਚ ਧਮਾਰ ਸ਼ਬਦ ਆਇਆ ਹੈ। ਧਮਾਰ ਪਖਾਵਜ ਨਾਲ ਹੀ ਗਾਈ ਜਾਂਦੀ ਹੈ। ਇਸੇ ਕਰਕੇ ਇਹਨਾਂ ਛੰਦਾਂ ਦੇ ਨਾਮ ਨਾਲ ਸੰਗੀਤ ਸ਼ਬਦ ਲਿਖਿਆ ਗਿਆ ਹੈ ਅਤੇ ਇਸਦਾ ਪੜ੍ਹਨ ਦਾ ਢੰਗ ਵੀ ਲੈਅ-ਤਾਲ ਦੇ ਮੁਤਾਬਿਕ ਹੀ ਹੈ।

29. ਹੋਹਾ ਛੰਦ:- ਇਸ ਦਾ ਨਾਮ ਸੁਧੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਘੁੱਮੇ ਘਯੰ॥ ਭਰੇ ਭਯੰ॥ ਚਪੇ ਚਲੇ॥ ਭਟੰ ਭਲੇ॥ (ਅੰਗ 595, ੫੯੫)

30. ਕਬਿੱਤ:- ਇਸ ਦਾ ਨਾਮ ਮਨਹਰ ਅਤੇ ਮਨਹਰਣ ਵੀ ਹੈ। ਵੈਸੇ ਤਾਂ ਹਰ ਇੱਕ ਛੰਦ ਨੂੰ ਕਬਿੱਤ ਕਿਹਾ ਜਾ ਸਕਦਾ ਹੈ, ਪਰ ਇਸ ਦੀ ਚਾਲ ਨੂੰ ਸੁੰਦਰ ਰੱਖਣ ਲਈ ਕੁਝ ਨਿਯਮ ਵੀ ਥਾਪੇ ਗਏ ਹਨ। ਕਬਿੱਤ ਦੇ ਕਈ ਰੂਪ ਹਨ। ਇਹ ਮੁਕਤ ਜਾਤੀ ਦਾ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇਕੱਤੀ ਅੱਖਰ ਹੁੰਦੇ ਹਨ। ਨਿਸਾ ਨਿਸਨਾਥਿ ਜਾਨੈ; ਦਿਨ ਦਿਨਪਤਿ ਮਾਨੈ, ਭਿੱਛਕਨ ਦਾਤਾ ਕੈ; ਪ੍ਰਮਾਨੇ, ਮਹਾਂ ਦਾਨਿ ਹੈਂ। ਅਉਖਧੀ ਕੈ ਰੋਗਨ; ਅਨੰਤ ਰੂਪ ਜੋਗਨ, ਸਮੀਪ ਕੈ ਬਿਯੋਗਨ; ਮਹੇਸ ਮਹਾ ਮਾਨ ਹੈਂ॥ ਸਤ੍ਰ ਖੱਗ ਖਯਾਤਾ; ਸਿਸ ਰੂਪਨ ਕੈ ਮਾਤਾ, ਮਹਾਂ ਗਯਾਨੀ ਗਯਾਨ ਗਯਾਤਾ; ਕੈ ਬਿਧਾਤਾ ਕੇ ਸਮਾਨ ਹੈਂ॥ ਗਨਨ ਗਨੇਸ ਮਾਨੇ; ਸੁਰਨ ਸੁਰੇਸ ਜਾਨੇ, ਜੈਸੇ ਪੇਖੇ, ਤੈਸੇਈ; ਲਖੇ ਬਿਰਾਜਮਾਨ ਹੈਂ॥ (ਅੰਗ 535, ੫੩੫)

31. ਕਲਸ:- ਇਸ ਦਾ ਨਾਮ ਉੱਲਾਸ ਅਤੇ ਹੁਲਾਸ ਵੀ ਹੈ। ਦੋ ਛੰਦਾਂ ਦੇ ਮੇਲ ਤੋਂ ਕਲਸ ਬਣਾਇਆ ਜਾਂਦਾ ਹੈ। ਤ੍ਰਿਭੰਗੀ ਅਤੇ ਚੌਪਈ ਦੇ ਮੇਲ ਤੋਂ ਇਥੇ ਕਲਸ ਬਣਿਆ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਭਰਹਰੰਤ ਭੱਜਤ, ਰਣ ਸੂਰੰ॥ ਥਰਹਰ ਕਰਤ, ਲੋਹੇ ਤਨ ਪੂਰੰ॥ ਤੜਭੜ ਬੱਜੈਂ ਤਬਲ, ਅਰ ਤੂਰੰ॥ ਘੁੱਮੀ ਪੇਖ ਸੁਭਟ, ਰਨ ਹੂਰੰ॥ (ਅੰਗ 608, ੬੦੮)

32. ਕੁਸਮ ਬਚਿਤ੍ਰ ਛੰਦ:- ਇਸ ਦਾ ਨਾਮ ਕੁਸੁਮ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਗਹਿ ਧਨੁ ਰਾਮੰ; ਸਰ ਬਰ ਪੂਰੰ॥ ਅਰਿ ਬਰ ਥਹਰੇ; ਖਲ ਦਲ ਸੂਰੰ॥ ਨਰ ਬਰ ਹਰਖੇ; ਘਰਿ ਘਰਿ ਅਮਰੰ॥ ਅਮਰਰਿ ਧਰਕੇ; ਲਹਿ ਕਰ ਸਮਰੰ॥ (ਅੰਗ 555, ੫੫੫)

33. ਕੰਠ ਅਭੂਖਨ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਆਖਰੀ ਤੁਕ ਵਿੱਚ ਇਸ ਛੰਦ ਦਾ ਨਾਮ ਆਇਆ ਹੈ। ਜੱਜਰ ਭਯੋ ਝੁਰਿ; ਝੰਝਰ ਜਿਉਂ ਤਨ॥ ਰਾਖਤ ਸ੍ਰੀ ਰਘੁਰਾਜ ਬਿਖੈ ਮਨ॥ ਬੈਰਨ ਕੇ ਰਨ ਬ੍ਰਿੰਦ ਨਿਕੰਦਤ॥ ਭਾਸਨ ਕੰਠ ਅਭੂਖਨ ਛੰਦਤ॥ (ਅੰਗ 556, ੫੫੬)


34. ਗੀਤਾ ਮਾਲਤੀ ਛੰਦ:- ਇਸ ਦਾ ਨਾਮ ਗੀਤ ਮਾਲਿਤੀ ਅਤੇ ਗੀਯਾਮਾਲਤੀ ਵੀ ਹੈ। ਇਸ ਦੇ ਦੋ ਰੂਪ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅਠਾਈ ਮਾਤਰਾ ਹੁੰਦੀਆਂ ਹਨ। ਪੱਛਰਾਜ ਰਾਵਨ ਮਾਰਿ ਕੈ; ਰਘੁਰਾਜ ਸੀਤਹਿ ਲੈ ਗਯੋ॥ ਨਭਿ ਓਰ ਖੋਰ ਨਿਹਾਰ ਕੈ; ਸੁ ਜਟਾਯੁ ਸੀਅ ਸੰਦੇਸ ਦਯੋ॥ ਤਬ ਜਾਨ ਰਾਮ ਗਏ ਬਲੀ; ਸੀਅ ਸੱਤ ਰਾਵਨ ਹੀ ਹਰੀ॥ ਹਨਵੰਤ ਮਾਰਗ ਮੋ ਮਿਲੇ, ਤਬ ਮਿਤ੍ਰਤਾ ਤਾ ਸੋਂ ਕਰੀ॥ (ਅੰਗ 570, ੫੭੦)

35. ਚਬੋਲਾ ਛੰਦ:- ਚਉਬੋਲਾ ਜਾਂ ਚੌਬੋਲਾ ਛੰਦ ਦੇ ਕਈ ਰੂਪ ਗੁਰੂ ਜੀ ਨੇ ਲਿਖੇ ਹਨ। ਚਉਬੋਲਾ ਕਿਸੇ ਵੀ ਜਾਤੀ ਦਾ ਛੰਦ ਹੋ ਸਕਦਾ ਹੈ, ਜਿਸ ਦੇ ਚਾਰੇ ਅਨੁਪ੍ਰਾਸ ਵੱਖੋ ਵੱਖ ਹੋਣ ਅਤੇ ਤੁਕਾਂਤ ਵੱਖਰੇ ਹੋਣ। ਰਾਮ ਅਵਤਾਰ ਵਿੱਚ ਸਵੱਈਏ ਦਾ ਇੱਕ ਭੇਦ ਵੀ ਚਉਬੋਲਾ ਦੇ ਨਾਮ ਹੇਠ ਆਇਆ ਹੈ। ਕਿਉਂਕਿ, ਇਸਦੇ ਚਾਰੇ ਤੁਕਾਂਤ ਅਤੇ ਅਨੁਪ੍ਰਾਸ ਵੱਖੋ ਵੱਖ ਹਨ।

ਸ੍ਰੀ ਰਘੁਰਾਜ ਸਰਾਸਨ ਲੈ; ਰਿਸ ਠਾਟ ਘਨੀ ਰਨ ਬਾਨ ਪ੍ਰਹਾਰੇ॥ ਬੀਰਨ ਮਾਰ ਦੁਸਾਰ ਗਏ ਸਰ; ਅੰਬਰ ਤੇ ਬਰਸੇ ਜਨ ਓਰੇ॥ ਬਾਜ, ਗਜੀ, ਰਥ, ਸਾਜ, ਗਿਰੇ ਧਰ; ਪਤ੍ਰ ਅਨੇਕ ਸੁ ਕਉਨ ਗਨਾਵੈ॥ ਫਾਗਨ ਪਉਨ ਪ੍ਰਚੰਡ ਬਹੇ ਬਨ; ਪੱਤ੍ਰਨ ਤੇ ਜਨ ਪੱਤ੍ਰ ਉਡਾਨੇ॥ (ਅੰਗ 611, ੬੧੧)

ਚਉਬੋਲਾ ਦਾ ਹੀ ਦੂਸਰਾ ਭੇਦ ਇੱਥੇ ਆਇਆ ਹੈ, ਜਿਸ ਵਿੱਚ ਚਾਰ ਭਾਸ਼ਾਵਾਂ ਹਨ। ਪਰ, ਇੱਥੇ ਵੀ ਤੁਕਾਂਤ ਅਤੇ ਅਨੁਪ੍ਰਾਸ ਨਹੀਂ ਮਿਲਦੇ। ਇੱਥੇ ਚਾਰ ਭਾਸ਼ਾਵਾਂ ਹੋਣ ਕਰਕੇ ਇਸਦਾ ਨਾਮ ਚਉਬੋਲਾ ਦਿੱਤਾ ਗਿਆ ਹੈ। ਇਸ ਵਿਚ ਬ੍ਰਿਜ ਭਾਸ਼ਾ, ਮੁਲਤਾਨੀ, ਡਿੰਗਲ, ਅਤੇ ਖੜੀ ਹਿੰਦੀ ਹੈ। ਗਾਜੇ ਮਹਾਂ ਸੂਰ, ਘੁਮੀ ਰਣੰ ਹੂਰ; ਭਰਮੀ ਨਭੰ ਪੂਰਿ, ਬੇਖੰ ਅਨੂਪੰ॥ ਵਲੇ ਵੱਲ ਸਾਈ, ਜੀਵੀ ਜੁੱਗਾਂ ਤਾਈ; ਤੈਂਡੇ ਘੋਲੀ ਜਾਈ, ਅਲਾਵੀਤ ਐਸੇ॥ ਲਗੋ ਨਾਰ ਥਾਨੇ, ਬਰੋ ਰਾਜ ਮਾਨੇ; ਕਹੋ ਅਉਰ ਕਾਨੇ, ਹਠੀ ਛਾਡ ਥੇ ਸੋ॥ ਬਰੋ ਆਨ ਮੋਕੋ, ਭਜੋ ਆਸ ਤੋਕੋ; ਚਲੋ ਦੇਵ ਲੋਕੋ, ਤਜੋ ਬੇਗ ਲੰਕਾ॥ (ਅੰਗ 611, ੬੧੧)

36. ਚਰਪਟ ਛੀਗਾ ਕੇ ਆਦ ਕ੍ਰਿਤ ਛੰਦ:- ਇਹ 'ਚਰਪਟ ਛੰਦ' ਦਾ ਹੀ ਇੱਕ ਰੂਪ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਮਾਤਰਾ ਹੁੰਦੀਆਂ ਹਨ। ਦੁਰਦੰ ਗਾਮੀ॥ ਧਰਮੰ ਧਾਮੀ॥ ਜੋਗੰ ਜ੍ਵਾਲੀ॥ ਜੋਤੰ ਮਾਲੀ'॥ (ਅੰਗ 526, ੫੨੬)

37. ਚਾਚਰੀ ਛੰਦ:- ਇਸ ਦਾ ਨਾਮ ਸੁਧੀ ਅਤੇ ਸ਼ਸ਼ੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤਿੰਨ ਅੱਖਰ ਹੁੰਦੇ ਹਨ। ਉਠਾਏ॥ ਗਿਰਾਏ॥ ਭਗਾਏ॥ ਦਿਖਾਏ॥ (ਅੰਗ 627, ੬੨੭)

38. ਚੌਪਈ:- ਚੌਪਈ ਨਾਮ ਦੇ ਥੱਲੇ ਕਈ ਪ੍ਰਕਾਰ ਦੇ ਛੰਦ, ਵੱਖੋ ਵੱਖਰੇ ਰੂਪਾਂ ਵਿੱਚ ਲਿਖੇ ਗਏ ਹਨ। ਮਾਤਰਾ ਅਤੇ ਗਣ ਦੇ ਅੰਤਰ ਨਾਲ ਇਸ ਦੇ ਕਈ ਰੂਪ ਮੰਨੇ ਗਏ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਦਰਾਂ ਮਾਤਰਾ ਹੁੰਦੀਆਂ ਹਨ। ਅਬ ਮੈ ਕਹੌ ਰਾਮ ਅਵਤਾਰਾ॥ ਜੈਸ ਜਗਤ ਮੋ ਕਰਾ ਪਸਾਰਾ॥ ਬਹੁਤੁ ਕਾਲ ਬੀਤਤ ਭ੍ਯੋ ਜਬੈ॥ ਅਸੁਰਨ ਬੰਸ ਪ੍ਰਗਟ ਭ੍ਯੋ ਤਬੈ॥ (ਅੰਗ 506, ੫੦੬)

39. ਚੌਪਈ ਛੰਦ:- ਇਹ ਚੌਪਈ ਦਾ ਹੀ ਰੂਪ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਰਾਵਣਾਦਿ ਰਣ ਹਾਂਕ ਸੰਘਾਰੇ॥ ਭਾਂਤ ਭਾਂਤ ਸੇਵਕ ਗਣ ਤਾਰੇ॥ ਲੰਕਾ ਦਈ ਟੰਕ ਜਨੁ ਦੀਨੋ॥ ਇਹ ਬਿਧ ਰਾਜ ਜਗਤ ਮੈ ਕੀਨੋ॥ (ਅੰਗ 639, ੬੩੯)

40. ਛਪਯ ਛੰਦ:- ਇਸ ਦੀਆਂ ਛੇ ਤੁਕਾਂ ਹੋਣ ਕਰਕੇ ਇਸ ਦਾ ਨਾਮ ਛਪਯ ਅਤੇ ਖਟਪਟ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਇਸ ਦੀਆਂ ਤੁਕਾਂ ਵਿੱਚ ਮਾਤਰਾ ਵੱਧ-ਘੱਟ ਹੁੰਦੀਆਂ ਹਨ। ਵਿਦਵਾਨਾਂ ਨੇ ਇਸਦੇ 71 ਭੇਦ ਮੰਨੇ ਹਨ। ਪਹਿਲੀਆਂ ਚਾਰ ਤੁਕਾਂ ਦਾ ਤੁਕਾਂਤ ਆਪਸ ਵਿਚ ਮਿਲਦਾ ਹੈ ਪਰ ਅਖੀਰਲੀਆਂ ਦੋ ਤੁਕਾਂ ਦਾ ਤੁਕਾਂਤ ਪਹਿਲੀਆਂ ਚਾਰ ਤੁਕਾਂ ਨਾਲ ਨਹੀਂ ਮਿਲਦਾ। ਉਤੈ ਦੂਤ ਰਾਵਣੈ ਜਾਇ, ਹਤ ਬੀਰ ਸੁਣਾਯੋ॥ ਇਤ ਕਪਿਪਤ ਅਰੁ ਰਾਮਦੂਤ ਅੰਗਦਹਿ ਪਠਾਯੋ॥ ਕਹੀ ਕੱਥ, ਤਿੱਹ ਸੱਥ; ਗੱਥ ਕਰਿ, ਤੱਥ ਸੁਨਾਯੋ॥ ਮਿਲਹੁ ਦੇਹੁ ਜਾਨਕੀ; ਕਾਲ ਨਾਤਰ ਤੁਹਿ ਆਯੋ॥ ਪਗ ਭੇਟ, ਚਲਤ ਭਯੋ ਬਾਲ ਸੁਤ; ਪ੍ਰਿਸਟ ਪਾਨ ਰਘੁਬਰ ਧਰੇ॥ ਭਰ ਅੰਕ, ਪੁਲਕ ਤਨ ਪਸਜਿਯੋ; ਭਾਂਤ ਅਨਿ ਆਸਿਖ ਕਰੇ॥ (ਅੰਗ 572, ੫੭੨)

41. ਛਪੈ ਛੰਦ:-  ਇਸ ਛੰਦ ਦੀਆਂ ਛੇ ਤੁਕਾਂ ਹੁੰਦੀਆਂ ਹਨ ਪਰ, ਇਸ ਦਾ ਰੂਪ ਛੱਪਯ ਨਾਲੋਂ ਵੱਖਰਾ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਇਸ ਵਿਚ ਹਰ ਦੋ ਤੁਕਾਂ ਦੇ ਤੁਕਾਂਤ ਆਪਸ ਵਿਚ ਮਿਲਦੇ ਹਨ। ਇੱਕ ਇੱਕ ਆਰੁਹੇ; ਇੱਕ ਇੱਕਨ ਕੱਹ ਤੱਕੈਂ॥ ਇੱਕ ਇੱਕ ਲੈ ਚੱਲੈਂ; ਇੱਕ ਕਹ ਇੱਕ ਉੱਚਕੈਂ॥ ਇੱਕ ਇੱਕ ਸਰ ਬਰਖ; ਇੱਕ ਧਨ ਕਰਖ ਰੋਸ ਭਰ॥ ਇੱਕ ਇੱਕ ਤਰਫੰਤ; ਇੱਕ ਭਵ ਸਿੰਧ ਗਏ ਤਰਿ॥ ਰਣਿ ਇੱਕ ਇੱਕ ਸਾਵੰਤ ਭਿੜੈਂ; ਇੱਕ ਇੱਕ ਹੁਐ ਬਿੱਝੜੈ॥ ਨਰ ਇੱਕ ਅਨਿਕ ਸਸਤ੍ਰਣ ਭਿੜੇ; ਇੱਕ ਇੱਕ ਅਵਝੜ ਝੜੈਂ॥ (ਅੰਗ 596, ੫੯੬) ਪਾਠਕ ਗਿਣਤੀ ਕਰਨ ਕਿ ਉਪਰੋਕਤ ਛੰਦ ਵਿੱਚ ਕਿੰਨੀ ਵਾਰੀ ਇੱਕ ਸ਼ਬਦ ਵਰਤਿਆ ਗਿਆ ਹੈ। ਪਰ, ਉਹ ਬੁਰਾ ਨਹੀਂ ਲੱਗਦਾ।

42.  ਝੂਲਨਾ ਛੰਦ:- ਇਸ ਨੂੰ ਸਵੱਈਏ ਦਾ ਮਣਿਧਰ ਰੂਪ ਵੀ ਮੰਨਿਆ ਗਿਆ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਅੱਖਰ ਹੁੰਦੇ ਹਨ। ਗਣ ਅਤੇ ਮਾਤ੍ਰਿਕ ਛੰਦ ਦੇ ਭੇਦ ਕਾਰਨ ਇਸ ਦੇ ਕਈ ਰੂਪ ਹਨ। ਸੁਨੇ ਕੂਕ ਕੇ; ਕੋਕਲਾ ਕੋਪ ਕੀਨੇ, ਮੁਖੰ ਦੇਖ ਕੈ ਚੰਦ; ਦਾਰੇਰ ਖਾਈ॥ ਲਖੈ ਨੈਨ ਬਾਂਕੇ; ਮਨੈ ਮੀਨ ਮੋਹੈ, ਲਖੇ ਜਾਸਕੇ; ਸੂਰ ਕੀ ਜੋਤਿ ਛਾਈ॥ ਮਨੋ ਫੂਲ ਫੂਲੇ; ਲਗੇ ਨੈਨ ਝੂਲੇ, ਲਖੇ ਲੋਗ ਭੂਲੇ; ਬਨੇ ਜੋਰ ਐਸੇ॥ ਲਖੇ ਨੈਨ ਥਾਰੇ; ਬਿਧੇ ਰਾਮ ਪਿਆਰੇ, ਰੰਗੇ ਰੰਗ ਸ਼ਾਰਾਬ; ਸ਼ਹਾਬ ਜੈਸੇ॥ (ਅੰਗ 558, ੫੫੮)

43. ਝੂਲਾ ਛੰਦ:- ਇਸ ਦਾ ਨਾਮ ਸੋਮਰਾਜੀ ਅਤੇ ਅਰਧ ਭੁਜੰਗ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। 'ਬਿਧੁ ਬਾਕ ਬੈਣੀ॥ ਮ੍ਰਿਗੀ ਰਾਜ ਨੈਣੀ॥ ਕਟੰ ਛੀਨ ਦੇਸੀ॥ ਪਰੀ ਪਦਮਿਨੀ ਸੀ॥ (ਅੰਗ 557, ੫੫੭)

44. ਤਾਰਕਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਰਾਂ ਅੱਖਰ ਹੁੰਦੇ ਹਨ। ਰਨ ਰਾਜ ਕੁਮਾਰ ਬਿਰੱਚਹਿ ਗੇ॥ ਸਰ ਸੇਲ ਸਰਾਸਨ ਨੱਚਹਿ ਗੇ॥ ਸੁ ਬਿਰੁੱਧ ਅਵਧਿਸੁ ਗਾਜਹਿ ਗੇ॥ ਰਣਰੰਗਹਿ ਰਾਮ ਬਿਰਾਜਹਿ ਗੇ॥ (ਅੰਗ 564, ੫੬੪)

45. ਤਿਲਕਾ ਛੰਦ:- ਇਸ ਛੰਦ ਦੇ ਨਾਮ ਅਕਵਾ, ਅਜਬਾ ਅਤੇ ਕਨ੍ਯਾ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਅਉਰੈ ਭੇਸ॥ ਖੁੱਲੇ ਕੇਸ॥ ਸਸਤ੍ਰੰ ਛੋਰ॥ ਦੈ ਦੈ ਕੋਰ॥ (ਅੰਗ 635, ੬੩੫)

46. ਤਿਲਕੜੀਆ ਛੰਦ:- ਇਸ ਦੇ ਨਾਮ ਉਗਾਧ ਅਤੇ ਯਸ਼ੋਦਾ ਵੀ ਹਨ। ਇਹ ਇਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਜ ਅੱਖਰ ਹੁੰਦੇ ਹਨ। ਖਹੰਤ ਖੱਤ੍ਰੀ॥ ਭਿਰੰਤ ਅੱਤ੍ਰੀ॥ ਬੁਠੰਤ ਬਾਣੰ॥ ਖਿਵੈ ਕ੍ਰਿਪਾਣੰ॥ (ਅੰਗ 590, ੫੯੦)

47. ਤ੍ਰਿਗਤਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ।  ਯੁੱਧ ਸਮੇਂ ਇਹ ਛੰਦ ਮਾਰੂ ਰਾਗ ਵਿੱਚ ਗਾਉਣ ਲਈ ਵਰਤਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਅਜਬਾ ਅਤੇ ਅਕਵਾ ਦਾ ਹੀ ਰੂਪ ਹੈ। ਵਿਸ਼ੇਸ ਲੱਛਣ; ਇਸ ਦੀ ਹਰੇਕ ਤੁਕ ਵਿੱਚ ਇੱਕ ਹੀ ਅੱਖਰ, ਤਿੰਨ ਵਾਰੀ ਆਉਂਦਾ ਹੈ। ਇਸ ਦਾ ਪਾਠ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਪਾਠ ਦੇ ਪਹਿਲੇ ਰੂਪ ਦਾ ਨਾਮ ਰਮਾ ਜਾਂ ਦੇਵੀ ਵੀ ਹੈ। ਤੱਤ ਤਾਜੀ॥ ਗੱਗ ਗਾਜੀ॥ ਮੱਮ ਮਾਰੇ॥ ਤੱਤ ਤਾਰੇ॥  ਪਾਠ ਦਾ ਦੂਸਰਾ ਰੂਪ: ਤੱ ਤੱ ਤਾਜੀ॥ ਗੱ ਗੱ ਗਾਜੀ॥ ਮੱ ਮੱ ਮਾਰੇ॥ ਤੱ ਤੱ ਤਾਰੇ॥ (ਅੰਗ 601, ੬੦੧)

48. ਤ੍ਰਿਣਣਿਣ ਛੰਦ:- ਇਹ ਅਕਰਾ, ਅਣਕਾ, ਸ਼ਸ਼ਿਵਦਨਾ ਦਾ ਹੀ ਰੂਪ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਇਸ ਦੇ ਨਾਮ ਦਾ ਕਾਰਨ ਯੁੱਧ ਵਿੱਚ ਹੋਣ ਵਾਲੇ ਸ਼ਬਦਾਂ ਦਾ ਅਨੁਕਰਣ ਅਤੇ ਛੰਦ ਦੇ ਮੁੱਢ ਤ੍ਰਿਣਣਿਣ ਪਾਠ ਹੈ। ਤ੍ਰਿਣਣਿਣ ਤੀਰੰ॥ ਬ੍ਰਿਣਣਿਣ ਬੀਰੰ॥ ਢ੍ਰਣਣਣ ਢਾਲੰ॥ ਜ੍ਰਣਣਣ ਜ੍ਵਾਲੰ॥…… ਖ੍ਰਣਣਣ ਖੋਲੰ॥ ਬ੍ਰਣਣਣ ਬੋਲੰ॥ ਕ੍ਰਣਣਣ ਰੋਸੰ॥ ਜ੍ਰਣਣਣ ਜੋਸੰ॥ (ਅੰਗ 600, ੬੦੦)

49. ਤ੍ਰਿਭੰਗੀ ਛੰਦ:-  ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬੱਤੀ ਮਾਤਰਾ ਹੁੰਦੀਆਂ ਹਨ ਅਤੇ ਹਰ ਤੁਕ ਵਿਚ ਤਿੰਨ ਅਨੁਪ੍ਰਾਸ ਹੋਣੇ ਜਰੂਰੀ ਹਨ। ਘੁੱਮੀ ਰਣ ਹੂਰੰ, ਨਭ ਝੜ ਪੂਰੰ; ਲਖ ਲਖ ਸੂਰੰ, ਮਨ ਮੋਹੀ॥ ਆਰੁਣ ਤਨ ਬਾਣੰ, ਛਬ ਅਪ੍ਰਮਾਣੰ; ਅਣਦੁਤ ਖਾਣੰ, ਤਨ ਸੋਹੀ॥ ਕਾਛਨੀ ਸੁਰੰਗੰ, ਛਬਿ ਅੰਗ ਅੰਗੰ; ਲੱਜਤ ਅਨੰਗੰ, ਲਖ ਰੂਪੰ॥ ਸਾਇਕ ਦ੍ਰਿੱਗ ਹਰਣੀ, ਕੁਮੱਤ ਪ੍ਰਜਰਣੀ; ਬਰ ਬਰ ਬਰਣੀ, ਬੁੱਧ ਕੂਪੰ॥ (ਅੰਗ 608, ੬੦੮)

50. ਤੋਟਕ ਛੰਦ:- ਇਸਦਾ ਦਾ ਨਾਮ ਅਸਤਾ, ਕਿਲਕਾ ਅਤੇ ਤਾਕਤ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਭਾਂਤਿ ਕਥਾ; ਉਹ ਠੌਰ ਭਈ॥ ਅਬ ਰਾਮ ਜਯਾ; ਪਰ ਬਾਤ ਗਈ॥ ਕੁਹੜਾਮ ਜਹਾਂ; ਸੁਨੀਐ ਸਹਰੰ॥ ਤੱਹ ਕੌਸਲ ਰਾਜ; ਨ੍ਰਿਪੇਸ ਬਰੰ॥ (ਅੰਗ 507, ੫੦੭)

51. ਦੋਹਰਾ:- ਦੋ ਤੁਕਾਂ ਵਾਲੇ ਛੰਦ ਨੂੰ ਦੋਹਰਾ ਕਿਹਾ ਜਾਂਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਮਾਤਰਾ ਹੁੰਦੀਆਂ ਹਨ। ਦੋਹਰੇ ਵਿੱਚ ਮਾਤ੍ਰਿਕ ਗਣਾਂ ਨੂੰ ਵੱਧ-ਘੱਟ ਅਤੇ ਅੱਗੇ-ਪਿੱਛੇ ਕਰਕੇ ਕਈ ਰੂਪ ਬਣ ਜਾਂਦੇ ਹਨ। ਪਹਿਲਾ ਰੂਪ: ਭੂਪ ਧਰਨ, ਬਿਨ ਬੁੱਧਿ ਗਿਰ੍ਯੋ; ਸੁਨਤ ਬਚਨ ਤ੍ਰਿਯ ਕਾਨ॥ ਜਿਮ ਮ੍ਰਿਗੇਸ ਬਨ ਕੇ ਬਿਖੈ; ਬਧ੍ਯੋ ਬੱਧਕ ਬਰਿ ਬਾਨ॥ (ਅੰਗ 547, ੫੪੭) ਦੂਸਰਾ ਰੂਪ:ਲੁੱਥ ਜੁੱਥ ਬਿੱਥੁਰ ਰਹੀ; ਰਾਵਣ ਰਾਮ ਬਿਰੁੱਧ॥ ਹਤ੍ਯੋ ਮਹੋਦਰ ਦੇਖ ਕਰਿ, ਹਰਿ ਅਰਿ ਫਿਰਿਯੋ ਸੁ ਕ੍ਰੁੱਧ॥ (ਅੰਗ 591, ੫੯੧)

52. ਦੋਧਕ ਛੰਦ:- ਇਸ ਦਾ ਨਾਮ ਬੰਧੁ ਅਤੇ ਮੋਦਕ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਘੋਰ ਉਠੀ ਘਹਰਾਇ ਘਟਾ ਤਬ॥ ਚਾਰੋ ਦਿਸ ਦਿਗ ਦਾਹ ਲਖਯੋ ਸਬ॥ ਮੰਤ੍ਰੀ ਮਿਤ੍ਰ ਸਬੈ ਅਕੁਲਾਨੇ॥ ਭੂਪਤਿ ਸੋ ਇੱਹ ਭਾਂਤ ਬਖਾਨੇ॥ (ਅੰਗ 537, ੫੩੭)

53. ਨਗ ਸਰੂਪੀ ਛੰਦ:- ਇਸ ਦਾ ਨਾਮ ਨਗਸਰੂਪਿਣੀ, ਨਗਸ੍ਵਰੂਪਿਣੀ ਅਤੇ ਪ੍ਰਮਾਣਿਕਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਅਨੇਕ ਸੰਤ ਤਾਰਣੰ॥ ਅਦੇਵ ਦੇਵ ਕਾਰਣੰ॥ ਸੁਰੇਸ ਭਾਇ ਰੂਪਣੰ॥ ਸਮ੍ਰਿੱਧ ਸਿੱਧ ਕੂਪਣੰ॥ (ਅੰਗ 542, ੫੪੨)

54. ਨਗ ਸਰੂਪੀ ਅੱਧਾ ਛੰਦ:- ਇਸ ਦਾ ਨਾਮ ਸੁਧੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। 'ਨਰੇਸ ਜੀ॥ ਉਸੇਸ ਲੀ॥ ਘੁਮੇ ਘਿਰੇ॥ ਧਰਾ ਗਿਰੇ'॥ (ਅੰਗ 543, ੫੪੩)

55. ਨਰਾਜ ਛੰਦ:- ਇਸ ਦਾ ਨਾਮ ਨਰਾਚ, ਨਾਗਰਾਜ, ਪੰਚ ਚਾਮਰ ਅਤੇ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਅੱਖਰ ਹੁੰਦੇ ਹਨ। ਅਖੰਡ ਖੰਡ ਖੰਡ ਕੈ; ਅਡੰਡ ਡੰਡ ਦੰਡ ਹੈਂ॥ ਅਜੀਤ ਜੀਤ ਜੀਤ ਕੈ; ਬਿਸੇਖ ਰਾਜ ਮੰਡ ਹੈਂ॥ ਕਲੰਕ ਦੂਰ ਕੈ ਸਬੈ; ਨਿਸੰਕ ਲੰਕ ਘਾਇ ਹੈਂ॥ ਸੁ ਜੀਤ ਬਾਹ ਬੀਸ; ਗਰਬ ਈਸ ਕੋ ਮਿਟਾਇ ਹੈਂ॥ (ਅੰਗ 512, ੫੧੨) ਧਿਆਨਯੋਗ: ਇਸ ਦੀ ਪਹਿਲੀ ਤੁਕ ਵਿਚ ਡਡਾ ਅੱਖਰ ਅੱਠ ਵਾਰੀ ਵਰਤਿਆ ਗਿਆ ਹੈ। ਫਿਰ ਵੀ ਰੋਚਕ ਲਗਦਾ ਹੈ।

56. ਨਵ ਨਾਮਕ ਛੰਦ:- ਇਸ ਦਾ ਨਾਮ ਨਰਹਰੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ।  ਉਝਰਤ ਜੁੱਝ ਕਰ॥ ਬਿਝੁਰਤ ਜੁੱਝ ਨਰ॥ ਹਰਖਤ ਮਸਹਰ॥ ਬਰਖਤ ਸਿਤ ਸਰ॥ (ਅੰਗ 590, ੫੯੦)

57. ਪਾਧਰੀ ਛੰਦ:- ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਤਬ ਰੁੱਕ੍ਯੋ ਸੈਨ, ਮਕਰਾਛ ਆਨ॥ ਕਹ ਜਾਹੁ ਰਾਮ; ਨਹੀ ਪੈਹੋ ਜਾਨ॥ ਜਿਨ ਹਤਯੋ ਤਾਤ, ਰਣ ਮੋ ਅਖੰਡ॥ ਸੋ ਲਰੋ ਆਨ, ਮੋਸੋਂ ਪ੍ਰਚੰਡ॥ (ਅੰਗ 599, ੫੯੯)

58. ਪਾਧੜੀ ਛੰਦ:- ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਇੰਦ੍ਰਾਰਿ ਵੀਰ; ਕੁੱਪ੍ਯੋ ਕਰਾਲ॥ ਮੁਕਤੰਤ ਬਾਣ; ਗਹਿ ਧਨੁ ਬਿਸਾਲ॥ ਥਰਕੰਤ ਲੁੱਥ; ਫਰਕੰਤ ਬਾਹ॥ ਜੁਝੰਤ ਸੂਰ; ਅੱਛਰੈ ਉਛਾਹ॥ (ਅੰਗ 592, ੫੯੨)

59. ਬਹੜਾ ਛੰਦ:- ਇਸ ਦਾ ਨਾਮ 'ਪੁਨਹਾ' ਵੀ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇੱਕੀ ਮਾਤਰਾ ਹੁੰਦੀਆਂ ਹਨ। ਸਿਮਟ ਸਾਂਗ ਸੰਗ੍ਰਹੈ; ਸਮੁਹ ਹੁਐ ਜੂਝਹੀ॥ ਟੂਕ ਟੂਕ ਹੁਐ ਗਿਰਤ; ਨ ਘਰ ਕੱਹੁ ਬੂਝਹੀ॥ ਖੰਡ ਖੰਡ ਹੁਐ ਗਿਰਤ; ਖੰਡ ਧਨ ਖੰਡ ਰਨ॥ ਤਨਿਕ ਤਨਿਕ ਲਗ ਜਾਂਹਿ; ਅਸਨ ਕੀ ਧਾਰ ਤਨ॥ (ਅੰਗ 603, ੬੦੩)

60. ਬਹੋੜਾ ਛੰਦ:- ਇਸ ਦਾ ਨਾਮ ਪਾਧੜੀ ਵੀ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਤਬ ਰੁੱਕਯੋ ਤਾਸ, ਸੁਗ੍ਰੀਵ ਆਨ॥ ਕਹਾ ਜਾਤ ਬਾਲ? ਨਹੀ ਪੈਸ ਜਾਨ॥ ਤਬ ਹਣ੍ਯੋ ਬਾਣ, ਤਿਹ ਭਾਲ ਤੱਕ॥ ਤਿੱਹ ਲਗ੍ਯੋ ਭਾਲ ਮੌ, ਰਹ੍ਯੋ ਚੱਕ॥ (ਅੰਗ 633, ੬੩੩)

61. ਬਿਜੈ ਛੰਦ:- ਇਹ ਸਵੈਯੇ ਦਾ ਹੀ ਇੱਕ ਰੂਪ ਹੈ। ਇਸ ਦਾ ਨਾਮ ਮੱਤ ਗਯੰਦ', ਇੰਦਵ ਅਤੇ ਮਾਲਤੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਈ ਅੱਖਰ ਹੁੰਦੇ ਹਨ। ਚੰਦ ਕੀ ਅੰਸ ਚਕੋਰਨ ਕੈ ਕਰਿ; ਮੋਰਨ ਬਿੱਦੁਲਤਾ ਅਨਮਾਨੀ॥ ਮੱਤ ਗਇੰਦਨ ਇੰਦ੍ਰ ਬਧੂ; ਭੁਨਸਾਰ ਛਟਾ ਰਵਿ ਕੀ ਜੀਅ ਜਾਨੀ॥ ਦੇਵਨ, ਦੋਖਨ ਕੀ ਹਰਤਾ; ਅਰ ਦੇਵਨ, ਕਾਲ ਕ੍ਰਿਯਾ ਕਰ ਮਾਨੀ॥ ਦੇਸਨ ਸਿੰਧ, ਦਿਸੇਸਨ ਬ੍ਰਿਧ; ਜੋਗੇਸਨ ਗੰਗ ਕੈ ਰੰਗ ਪਛਾਨੀ॥ (ਅੰਗ 552, ੫੫੨) ਧਿਆਨਯੋਗ: ਇਸ ਦੀ ਤੀਜੀ ਤੁੱਕ ਵਿੱਚ ਦੋ ਵਾਰ ਦੇਵਨ ਸ਼ਬਦ ਆਇਆ ਹੈ। ਪਹਿਲੇ ਦੇਵਨ ਦਾ ਅਰਥ ਦੇਵਤੇ ਹੈ ਅਤੇ ਦੂਜੇ ਦੇਵਨ ਦਾ ਅਰਥ ਹੈ ਦੈਂਤ।

62. ਬਿਰਾਜ ਛੰਦ:- ਇਸਦਾ ਦੂਸਰਾ ਨਾਮ ਵਿਜੋਹਾ ਅਤੇ ਵਿਮੋਹਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। 'ਹੱਕ ਦੇਬੀ ਕਰੰ॥ ਸੱਦ ਭੈਰੋ ਰਰੰ॥ ਚਾਵਡੀ ਚਿੰਕਰੰ॥ ਡਾਕਣੀ ਡਿੰਕਰੰ॥ (ਅੰਗ 586, ੫੮੬)

63. ਭੁਜੰਗ ਪ੍ਰਯਾਤ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਜਿਣੀ ਰਾਮ ਸੀਤਾ, ਸੁਣੀ ਸ੍ਰਉਣ ਰਾਮੰ॥ ਗਹੇ ਸੱਸਤ੍ਰ ਅਸਤ੍ਰੰ, ਰਿਸਯੋ ਤਉਨ ਜਾਮੰ॥ ਕਹਾ ਜਾਤ ਭਾਖਯੋ, ਰਹੁ ਰਾਮ ਠਾਢੇ॥ ਲਖੋ ਆਜ ਕੈਸੇ, ਭਏ ਬੀਰ ਗਾਢੇ॥ (ਅੰਗ 523, ੫੨੩)। ਇਸ ਛੰਦ ਵਿੱਚ ਦੋ ਰਾਮ ਜੀ ਦਾ ਸੰਵਾਦ ਲਿਖਿਆ ਹੈ। ਪਹਿਲੀ ਤੁਕ ਵਿੱਚ ਦੋ ਵਾਰੀ 'ਰਾਮ' ਸ਼ਬਦ ਆਇਆ ਹੈ, ਪਹਿਲੇ ਤੋਂ ਭਾਵ ਰਾਮਚੰਦਰ ਜੀ ਅਤੇ ਦੂਸਰੇ ਤੋਂ ਪਰਸਰਾਮ ਜੀ ਹੈ।

64. ਮਕਰਾ ਛੰਦ:- ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਮਾਤਰਾ ਹੁੰਦੀਆਂ ਹਨ। ਇਸ ਛੰਦ ਦੇ ਅੰਤਿਮ ਅਨੁਪ੍ਰਾਸ ਤਿੰਨ ਤਰਾਂ ਦੇ ਹੁੰਦੇ ਹਨ। ਜਿਨ੍ਹਾਂ ਵਿਚੋਂ ਇਕ ਰੂਪ ਇਹ ਹੈ। ਰੋਸਨ ਜਹਾਨ ਖੂਬੀ॥ ਜਾਹਿਰ ਕਲੀਮ ਹਫਤ ਜਿ॥ ਆਲਮ ਖੁਸਾਇ ਜਲਵਾ॥ ਵਹ ਗੁਲ ਚਿਹਰ ਕਹਾਂ ਹੈ॥ (ਅੰਗ 617, ੬੧੭)

65. ਮਧੁਰ ਧੁਨਿ ਛੰਦ:- ਇਸ ਦੇ ਨਾਮ ਅਕਰਾ, ਅਣਕਾ, ਅਨਹਦ, ਅਨੁਭਵ, ਸ਼ਸ਼ਿਵਦਨਾ ਅਤੇ ਉਭਰਸਾ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਛਰ ਹਰ ਅੰਗੰ॥ ਚਰ ਖਰ ਸੰਗੰ॥ ਜਰ ਬਰ ਜਾਮੰ॥ ਝਰ ਹਰ ਰਾਮੰ॥ (ਅੰਗ 526, ੫੨੬)

66. ਮਨੋਹਰ ਛੰਦ:- ਇਸ ਦਾ ਨਾਮ ਬਿਜੈ ਅਤੇ ਮੱਤ ਗਯੰਦ' ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਈ ਅੱਖਰ ਹੁੰਦੇ ਹਨ। ਜਉ ਨ ਰਹਉ ਸਸੁਰਾਰ ਕ੍ਰਿਸੋਦਰ; ਜਾਹਿ ਪਿਤਾ ਗ੍ਰਿਹ ਤੋਹਿ ਪਠੈ ਦਿਉ॥ ਨੈਕ ਸੁਭਾਨਨ ਤੇ ਹਮ ਕਉ, ਜੋਈ ਠਾਟ ਕਹੋ; ਸੋਈ ਗਾਠ ਗਿਠੈ ਦਿਉ॥ ਜੇ ਕਿਛੁ ਚਾਹ ਕਰੋ ਧਨ ਕੀ; ਟੁਕ ਮੋਹ ਕਹੋ, ਸਭ ਤੋਹਿ ਉਠੈ ਦਿਉ॥ ਕੇਤਕ ਅਉਧ ਕੋ ਰਾਜ ਸੁਲੋਚਨ; ਰੰਕ ਕੋ ਲੰਕ ਨਿਸੰਕ ਲੁਟੈ ਦਿਉ॥ (ਅੰਗ 549, ੫੪੯)

67. ਮ੍ਰਿਤਗਤ ਛੰਦ:- ਇਸ ਦਾ ਨਾਮ ਅਮ੍ਰਿਤ ਗਤਿ ਵੀ ਹੈ। ਇਸ ਦੇ ਕਈ ਰੂਪ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਮਾਤਰਾ ਹੁੰਦੀਆਂ ਹਨ। ਅਰਿ ਹਰਿ, ਨਰ ਕਰ ਜਾਨੇ॥ ਦੁਖ ਹਰ, ਸੁਖ ਕਰ ਮਾਨੇ॥ ਪੁਰ ਧਰ, ਨਰ ਬਰ ਸੇ ਹੈ॥ ਰੂਪ ਅਨੂਪ ਅਭੈ ਹੈ॥ (ਅੰਗ 622, ੬੨੨)

68. ਮੋਹਣੀ ਛੰਦ:- ਇਸ ਦੇ ਇਕ ਰੂਪ ਦਾ ਨਾਮ ਮੋਦਕ ਵੀ ਹੈ। ਇਸ ਛੰਦ ਦੇ ਵਰਣਿਕ ਅਤੇ ਮਾਤਰਿਕ ਦੋਵੇਂ ਰੂਪ ਹਨ। ਇਹ ਰੂਪ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਝੱਲੈ ਅਵਝੜੀਯੰ ਉੱਝਾੜੰ॥ ਰਣਿ ਉਠੈ ਬੈਹੈਂ ਬੱਬਾੜੰ॥ ਘੈ ਘੁੱਮੇ ਘਾਯੰ ਅੱਘਾਯੰ॥ ਭੂਅ ਡਿੱਗੇ ਅੱਧੋ ਅੱਧਾਯੰ॥ (ਅੰਗ 589, ੫੮੯)

69. ਰਸਾਵਲ ਛੰਦ:- ਇਸ ਦਾ ਨਾਮ ਰੋਲਾ ਅਤੇ ਅਰਧ ਭੁਜੰਗ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਚਲੀ ਮੋਦ ਕੈ ਕੈ॥ ਹਨੂੰ ਸੰਗ ਲੈ ਕੈ॥ ਸੀਆ ਰਾਮ ਦੇਖੇ॥ ਉਹੀ ਰੂਪ ਲੇਖੇ॥ (ਅੰਗ 615, ੬੧੫)

70. ਰੂਆਮਲ ਛੰਦ:- ਇਸ ਦਾ ਨਾਮ ਰੂਆਲ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸਤਾਰਾਂ ਅੱਖਰ ਹੁੰਦੇ ਹਨ। ਪਸਮ ਬਸਤ੍ਰ ਪਟੰਬਰਾਦਿਕ; ਦੀਏ ਭੂਪਨ ਭੂਪ॥ ਰੂਪ ਅਨੂਪ ਸਰੂਪ ਸੋਭਿਤ; ਕਉਨ ਇੰਦ੍ਰ ਕੁਰੂਪ॥ ਦੁਸਟ ਪੁਸਟ ਤ੍ਰਸੈ ਸਬੈ; ਥਰਹਰਯੋ ਸੁਨਿ ਗਿਰਰਾਇ॥ ਕਾਟਿ ਕਾਟਿ ਨ ਦੈ ਮੁਝੈ ਨ੍ਰਿਪ; ਬਾਂਟਿ ਬਾਂਟਿ ਲੁਟਾਇ॥ (ਅੰਗ 513, ੫੧੩)

ਅੰਤਿਕਾ:- ਇਹ ਜਗ ਧੂਅਰੋ ਧਉਲਹਰਿ; ਕਿਹ ਕੇ ਆਯੋ ਕਾਮ॥ ਰਘੁਬਰ ਬਿਨੁ ਸੀਅ ਨਾ ਜੀਐ; ਸੀਅ ਬਿਨੁ ਜੀਐ ਨ ਰਾਮ॥ (ਅੰਗ 640, ੬੪੦)

 

 ਵੱਲੋਂ-ਵਰਤਮਾਨ ਨਾਮਧਾਰੀ ਪੰਥ ਮੁੱਖੀ ਠਾਕੁਰ ਦਲੀਪ ਸਿੰਘ

ਸਿੱਖ ਕੌਣ ਹੈ ? ਕਿਹੜੇ ਸ਼ਰਧਾਲੂਆਂ ਨੂੰ ਮਿਲਾ ਕੇ; "ਸਿੱਖ ਪੰਥ" ਬਣਦਾ ਹੈ ? -  ਠਾਕੁਰ ਦਲੀਪ ਸਿੰਘ  

ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ "ਸਿੱਖ" ਹੈ, ਕਿਉਂਕਿ "ਸਿੱਖੀ" ਸ਼ਰਧਾ ਨਾਲ ਹੈ ; ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ (ਮ:1) । ਸਿਰਫ ਮਨੁੱਖ ਹੀ ਨਹੀਂ, ਹਰ ਪ੍ਰਾਣੀ "ਸਿੱਖ"(ਸ਼ਿਸ਼ /ਮੁਰੀਦ) ਹੈ। ਸਾਰੇ ਗੁਰੂ ਨਾਨਕ ਨਾਮ ਲੇਵਾ (ਨਾਨਕ ਪੰਥੀਆਂ) ਨੂੰ ਮਿਲਾ ਕੇ ਹੀ ਸਮੁੱਚਾ ਸਿੱਖ ਪੰਥ ਬਣਦਾ ਹੈ। ਸਿੱਖ ਪੰਥ: ਸਿਰਫ "ਅੰਮ੍ਰਿਤਧਾਰੀ ਖਾਲਸੇ" ਹੀ ਨਹੀਂ; ਜਦ ਕਿ "ਅੰਮ੍ਰਿਤਧਾਰੀ ਖਾਲਸੇ" (ਖਾਲਸਾ ਪੰਥ) ਤਾਂ ਸਮੁੱਚੇ ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹਨ। ਭਾਈ ਘਨਈਆ, ਭਾਈ ਨੰਦ ਲਾਲ, ਦੀਵਾਨ ਟੋਡਰ ਮੱਲ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ "ਅੰਮ੍ਰਿਤਧਾਰੀ"ਨਹੀਂ ਸਨ: ਪਰ ਉਹ ਵੀ ਮਹਾਨ ਸਿੱਖ ਸਨ। ਅੱਜ ਵੀ ਜੋ ਹਿੰਦੂ, ਮੁਸਲਮਾਨ, ਜੈਨ, ਬੁੱਧ ਆਦਿ ਗੁਰੂ ਜੀ ਉੱਤੇ ਸ਼ਰਧਾ ਰੱਖਦੇ ਹਨ, ਉਹ ਸਾਰੇ ਹੀ "ਨਾਨਕ ਪੰਥੀ" ਹਨ ਅਤੇ "ਸਿੱਖ" (ਸ਼ਿਸ਼ /ਮੁਰੀਦ) ਹਨ। ਕਿਉਂਕਿ, ਗੁਰੂ ਜੀ ਨੇ ਕੋਈ ਵੀ ਵੱਖਰਾ ਪੰਥ ਕਦੇ ਵੀ ਨਹੀਂ ਬਣਾਇਆ ਅਤੇ ਨਾ ਹੀ ਉਹਨਾਂ ਨੇ ਇਹ ਬਚਨ ਕੀਤਾ: "ਮੈਂ ਇਹ ਵੱਖਰਾ ਨਵਾਂ ਪੰਥ ਬਣਾ ਰਿਹਾ ਹਾਂ, ਇਸਦਾ ਨਾਮ "ਸਿੱਖ"(ਉ ) ਹੋਵੇਗਾ।         

     ਜੇਕਰ ਗੁਰੂ ਜੀ  ਨੇ ਆਪਣਾ ਨਵਾਂ ਵੱਖਰਾ ਪੰਥ ਬਣਾ ਕੇ ਉਸ ਨੂੰ "ਸਿੱਖ" ਨਾਮ ਦਿੱਤਾ ਹੁੰਦਾ ਤਾਂ ਮੁਸਲਮਾਨਾਂ ਦੇ ਵੱਡੇ-ਵੱਡੇ ਪੀਰ: ਜਿਵੇਂ ਸਾਂਈ ਮੀਆਂ ਮੀਰ, ਪੀਰ ਬੁੱਧੂ ਸ਼ਾਹ ਆਦਿ; ਉਹ ਕਦੇ ਵੀ ਗੁਰੂ ਜੀ ਦੇ ਸ਼ਰਧਾਲੂ ਨਾ ਬਣਦੇ। ਜੇਕਰ ਗੁਰੂ ਜੀ ਨੇ ਵੱਖਰਾ ਪੰਥ ਬਣਾਇਆ ਹੁੰਦਾ, ਤਾਂ 'ਪੀਰ ਭੀਖਣ ਸ਼ਾਹ' ਦੋ ਕੁੱਜੀਆਂ ਦੀ ਥਾਂ, ਤਿੰਨ ਕੁੱਜੀਆਂ ਲੈ ਕੇ ਆਉਂਦਾ। ਪਰ, ਗੁਰੂ ਜੀ ਨੇ ਆਪਣਾ ਵੱਖਰਾਪਣ: ਵੱਖਰਾ ਧਰਮ, ਵੱਖਰਾ ਪੰਥ ਕਦੇ ਬਣਾਇਆ ਹੀ ਨਹੀਂ। ਗੁਰੂ ਜੀ ਨੇ ਸਾਂਝਾ ਸ਼ੁਭ ਉਪਦੇਸ਼ ਦਿੱਤਾ, ਤਾਂ ਹੀ:ਲਾਮੇ, ਹਿੰਦੂ, ਮੁਸਲਮਾਨ, ਬੋਧੀ ਆਦਿ ਸਾਰੇ ਹੀ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸੇਵਕ ਬਣੇ। ਇਸ ਲਈ ਹਰ 'ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ' "ਸਿੱਖ" ਹੈ। ਜੋ ਵੀ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦਾ/ਸ਼ਰਧਾ ਰੱਖਦਾ ਹੈ ਅਤੇ ਉਹਨਾਂ ਦੇ ਗੱਦੀ-ਨਸ਼ੀਨ ਗੁਰੂ ਸਾਹਿਬਾਨਾਂ ਨੂੰ ਮੰਨਦਾ ਹੈ: ਭਾਵੇਂ ਉਹ ਇੱਕ ਨੂੰ ਮੰਨੇ ਜਾਂ ਬਹੁਤਿਆਂ ਨੂੰ ਮੰਨੇ; ਉਹ ਮਨੁੱਖ ਆਪਣੇ ਉਸੇ ਵਿਸ਼ਵਾਸ ਅਤੇ ਸ਼ਰਧਾ ਸਮੇਤ ਹੀ ਸਿੱਖ/ਸ਼ਿਸ਼ /ਮੁਰੀਦ ਹੈ। ਜਿਵੇਂ ਮੁਸਲਮਾਨ, ਧੀਰਮੱਲੀਏ, ਰਾਮਰਾਈਏ, ਸਹਿਜਧਾਰੀ, ਨਾਮਧਾਰੀ ਆਦਿ।   

      "ਗੁਰੂ ਨਾਨਕ ਪੰਥੀਆਂ" ਨੂੰ, ਉਹ ਜਿਸ ਵਿਸਵਾਸ਼ ਵਿਚ ਵੀ ਸਤਿਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜਿੰਨੇ ਵੀ ਗੱਦੀ ਨਸ਼ੀਨਾਂ ਨੂੰ ਮੰਨਦੇ ਹਨ; ਉਹਨਾਂ ਸ਼ਰਧਾਲੂਆਂ ਨੂੰ, ਓਸੇ ਰੂਪ ਵਿਚ "ਨਾਨਕ ਪੰਥੀ" ਹੋਣ ਕਰਕੇ "ਸਿੱਖ" ਪ੍ਰਵਾਨ ਕਰਨਾ ਯੋਗ ਹੈ। ਜਿਵੇਂ ਕਿ ਉਦਾਸੀ: ਸਤਿਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਬਾਬਾ ਸ੍ਰੀ ਚੰਦ ਜੀ ਨੂੰ, ਧੀਰਮੱਲੀਏ: ਬਾਬਾ ਧੀਰਮੱਲ ਜੀ ਨੂੰ, ਰਾਮਰਾਈਏ: ਬਾਬਾ ਰਾਮਰਾਇ ਜੀ ਨੂੰ ਅਤੇ ਨਾਮਧਾਰੀਏ:  ਸਤਿਗੁਰੂ ਰਾਮ ਸਿੰਘ ਜੀ ਨੂੰ ਮੰਨਦੇ ਹਨ। ਇਸੇ ਤਰ੍ਹਾਂ ਬਾਕੀ ਸੰਪਰਦਾਵਾਂ ਦੇ ਵੀ ਆਪੋ ਆਪਣੇ ਵਿਸ਼ਵਾਸ ਹਨ. ਉਹਨਾਂ ਦੇ ਵਿਸ਼ਵਾਸਾਂ ਨੂੰ ਓਸੇ ਤਰ੍ਹਾਂ ਹੀ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਅਤੇ ਕਿਸੇ ਵੀ ਸੰਪਰਦਾ ਨੂੰ ਆਪਣੇ ਵਿਸ਼ਵਾਸ, ਦੂਸਰੀ ਸੰਪਰਦਾ ਉੱਤੇ ਠੋਸਣੇ ਨਹੀਂ ਚਾਹੀਦੇ। ਜੇਕਰ ਅਸੀਂ ਇਸ ਉੱਤਮ ਅਤੇ  ਵਿਸ਼ਾਲ ਸੋਚ ਨੂੰ ਅਪਣਾ ਲਈਏ, ਤਾਂ ਸਾਰੇ ਗੁਰੂ ਨਾਨਕ ਪੰਥੀਆਂ ਨੂੰ ਮਿਲਾ ਕੇ ਸਿੱਖ ਪੰਥ ਦੀ ਗਿਣਤੀ 50 ਕਰੋੜ ਤੋਂ ਵੱਧ ਹੋ ਜਾਵੇਗੀ। (ਕਿਉਂਕਿ, ਬਹੁਤ ਸਾਰੇ ਹਿੰਦੂ ਆਖੇ ਜਾਂਦੇ ਵੀਰ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ।)

     ਸਤਿਗੁਰੂ ਨਾਨਕ ਦੇਵ ਜੀ ਦੀ ਰੰਗ ਬਿਰੰਗੀ ਫੁਲਵਾੜੀ ਦੇ ਰੰਗ ਬਿਰੰਗੇ ਫੁੱਲ; ਕਈ ਸੰਪਰਦਾਵਾਂ ਦੇ ਰੂਪ ਵਿਚ ਹਨ। ਕੁਝ "ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ" ਦੇ ਨਾਮ ਹੇਠ ਲਿਖੇ ਹਨ, ਪਰ ਸਾਰੇ ਨਹੀਂ ਮਿਲੇ:

1) ਉਦਾਸੀ. 2) ਸਿੰਧੀ. 3) ਧੀਰਮੱਲੀਏ. 4) ਰਾਮਰਾਈਏ. 5) ਸਤਿ ਕਰਤਾਰੀਏ. 6) ਹਿੰਦਲੀਏ. 7) ਹੀਰਾ ਦਾਸੀਏ. 8) ਨਾਮਧਾਰੀ. 9) ਨਿਰੰਕਾਰੀ. 10) ਨਿਹੰਗ. 11) ਬੰਦਈ. 12) ਨਿਰਮਲੇ. 13) ਸੇਵਾ ਪੰਥੀ. 14) ਗਹਿਰ ਗੰਭੀਰੀਏ. 15) ਨੀਲਧਾਰੀ. 16) ਅਕਾਲੀ. 17) ਭਗਤਪੰਥੀ. 18)ਸਿਕਲੀਗਰ. 19) ਸਤਿਨਾਮੀ. 20) ਜੌਹਰੀ. 21) ਅਫਗਾਨੀ. 22) ਮਰਦਾਨੇ ਕੇ. 23) ਅਸਾਮੀ. 24) ਲਾਮੇ. 25) ਵਣਜਾਰੇ. 26) ਅਗਰਹਾਰੀ.  27) ਸਹਿਜਧਾਰੀ, ਆਦਿ।          

  ਵਿਸ਼ੇਸ਼ : ਇਹਨਾਂ ਸੰਪਰਦਾਵਾਂ ਦੇ ਵਿਸ਼ਵਾਸ, ਬਾਹਰਲੇ ਸਰੂਪ ਅਤੇ ਪ੍ਰੰਪਰਾਵਾਂ ਆਪੋ-ਆਪਣੀਆਂ, ਵੱਖੋ-ਵੱਖ ਹਨ। ਉਸ ਵਖਰੇਵੇਂ ਕਾਰਣ ਹੀ, ਸਤਿਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਰੰਗ-ਬਿਰੰਗੀ ਹੈ। ਉਸ ਰੰਗ-ਬਿਰੰਗੀ ਫੁਲਵਾੜੀ ਨੂੰ, ਰੰਗ ਬਿਰੰਗੀ ਹੀ ਰੱਖਣ ਦੀ ਲੋੜ ਹੈ।

(ਉ) ਸੰਸਕ੍ਰਿਤ ਦੇ "ਸ਼ਿਸ਼੍ਯ" ਸ਼ਬਦ ਤੋਂ ਪੰਜਾਬੀ ਦਾ ਸ਼ਬਦ "ਸਿੱਖ" ਬਣਿਆ ਹੈ। ਗੁਰੂ ਜੀ ਦੇ ਸ਼ਿਸ਼ /ਸਿੱਖ ਹੋਣ ਕਰਕੇ ਸਾਡਾ ਸਿੱਖ ਨਾਮ ਪ੍ਰਚੱਲਿਤ ਹੋ ਗਿਆ ਹੈ। ਜੋ ਕਿ ਸਹੀ ਹੈ, ਇਸ ਨਾਮ ਨੂੰ ਵਰਤਣਾ ਯੋਗ ਹੈ। ਅੱਜ ਸਾਰੇ ਸੰਸਾਰ ਵਿਚ ਸਿੱਖ ਨਾਮ ਵਾਲੇ ਧਰਮ/ਪੰਥ ਦਾ ਬੜਾ ਜਸ ਹੈ।

 
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663
ਈਮੇਲ : maanbabushahi@gmail.com