ਗੁਰਬਾਣੀ ਅਨੁਸਾਰ ਕੌਣ ਸਿੱਖ ਹੈ ?  - ਠਾਕੁਰ ਦਲੀਪ ਸਿੰਘ

“ਸੋ ਸਿਖੁ, ਸਖਾ, ਬੰਧਪੁ ਹੈ ਭਾਈ: ਜਿ ਗੁਰ ਕੇ ਭਾਣੇ ਵਿਚਿ ਆਵੈ” (ਮ.੩) ਸਤਿਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ, “ਸਿੱਖ” ਉਹ ਹੈ, ਜੋ ਗੁਰੂ ਕਾ ਭਾਣਾ (ਬਚਨ) ਮੰਨਦਾ ਹੈ। ਗੁਰੂ ਜੀ ਦਾ ਬਚਨ ਕੀ ਹੈ? “ਹਰਿ ਕੋ ਨਾਮੁ ਜਪਿ ਨਿਰਮਲ ਕਰਮੁ” (ਮ.੫) ਭਾਵ: ਪ੍ਰਭੂ ਦਾ ਨਾਮ ਜਪ ਅਤੇ ਸ਼ੁਭ ਕਰਮ ਕਰ। ਜੋ ਵੀ ਮਨੁੱਖ, ਸਤਿਗੁਰੂ ਜੀ ਦੇ ਇਸ ਬਚਨ ਨੂੰ ਮੰਨਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਉੱਪਰ ਸ਼ਰਧਾ ਰੱਖਦਾ ਹੈ; ਉਹ ਹੀ “ਸਿੱਖ” (ਸ਼ਿਸ਼/ਮੁਰੀਦ) ਹੈ। ਕਿਉਂਕਿ "ਸਿੱਖੀ" ਸ਼ਰਧਾ ਨਾਲ ਹੈ, "ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ" (ਮ.੪)। ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਸਿਰਫ ਮਨੁੱਖ ਹੀ ਨਹੀਂ, ਹਰ ਪ੍ਰਾਣੀ: ਨਾਨਕਪੰਥੀ-ਸਿੱਖ (ਸ਼ਿਸ਼/ਮੁਰੀਦ) ਹੈ। ਜਿਸ ਸੱਪ ਨੇ ਗੁਰੂ ਜੀ ਉੱਤੇ ਛਾਂ ਕੀਤੀ, ਉਹ ਵੀ ਸਿੱਖ ਸੀ।

          “ਗੁਰਦੁਆਰਾ ਐਕਟ” ਵਿੱਚ ਲਿਖੀ ਹੋਈ “ਸਿੱਖ” ਦੀ ਪਰਿਭਾਸ਼ਾ, ਕੇਵਲ ਗੁਰਦਵਾਰਾ ਚੋਣਾਂ ਨਾਲ ਸੰਬੰਧਿਤ ਹੈ। ਪਰੰਤੂ, ਇਹ ਪਰਿਭਾਸ਼ਾ ਗੁਰੂ ਆਸ਼ੇ ਤੋਂ ਵਿਰੁੱਧ ਹੈ ਜੋ ਕਿ ਅੰਗਰੇਜ਼ਾਂ ਨੇ ਸਿੱਖ ਪੰਥ ਨੂੰ ਘਟਾਉਣ ਵਾਸਤੇ ਬਣਾਈ ਸੀ। ਜੋ ਪਰਿਭਾਸ਼ਾ; ਇੱਥੇ ਮੈਂ ਲਿਖ ਰਿਹਾ ਹਾਂ, ਇਹ ਪਰਿਭਾਸ਼ਾ ਤਾਂ ਪੂਰਨ ਰੂਪ ਵਿੱਚ ਗੁਰਬਾਣੀ ਆਧਾਰਿਤ ਹੈ।

         ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਿੱਖੀ ਦੀ ਵਿਆਖਿਆ ਇਹ ਹੈ: “ਸਿਖੀ ਸਿਖਿਆ ਗੁਰ ਵੀਚਾਰਿ” (ਪੰਨਾ 465) ਭਾਵ: ਗੁਰੂ ਦੀ ਸਿੱਖਿਆ ਨੂੰ ਵੀਚਾਰ ਕੇ ਮੰਨਣਾ ਹੀ ਸਿੱਖੀ ਹੈ। ਗੁਰਬਾਣੀ ਅਨੁਸਾਰ, ਸਿੱਖੀ ਬਾਹਰਲੇ ਸਰੂਪ ਨਾਲ ਨਹੀਂ ਅਤੇ ਕਿਸੇ ਵਿਸ਼ੇਸ਼ ਪਹਿਰਾਵੇ ਨਾਲ ਵੀ ਨਹੀਂ। ਬਾਣੀ ਵਿੱਚ ਤਾਂ ਹਰ ਵੇਸ/ਭੇਖ ਦਾ ਖੰਡਨ ਹੈ "ਛੋਡਹੁ ਵੇਸੁ ਭੇਖ ਚਤੁਰਾਈ" (ਮ.੧)। ਸਤਿਗੁਰੂ ਅਮਰਦਾਸ ਜੀ ਉਚਾਰਣ ਕਰਦੇ ਹਨ ‘ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ”। ਭਾਵ: ਕਿਸੇ ਵੀ ਬਾਹਰਲੇ ਸਰੂਪ ਨਾਲ ਪ੍ਰਭੂ-ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਭੂ-ਪ੍ਰਾਪਤੀ ਕੇਵਲ ਉਸੇ ਨੂੰ ਹੁੰਦੀ ਹੈ ਜੋ ਗੁਰੂ ਕੀ ਸਿੱਖਿਆ ਨੂੰ ਸੁਣ ਕੇ ਮੰਨਦਾ ਹੈ।  

          ਸੋ, ਸਿੱਖੀ ਤਾਂ ਸ਼ਰਧਾ ਨਾਲ ਹੈ “ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ” (ਮ:੧)। ਪ੍ਰਭੂ ਰੂਪ ਗੁਰੂ ਨੂੰ “ਸ਼ਰਧਾ” ਵਾਲੀ ਭਗਤੀ ਹੀ ਚੰਗੀ ਲੱਗਦੀ ਹੈ। ਇਹਨਾਂ ਤੁਕਾਂ ਅਨੁਸਾਰ ਸ਼ਰਧਾ ਰੱਖਣ ਵਾਲੇ ਮੋਨੇ (ਕੇਸ-ਰਹਿਤ) ਵੀ ਸਿੱਖ ਹਨ। ਅਸੀਂ ਮੋਨਿਆਂ ਨੂੰ ਨਹੀਂ ਕਹਿ ਸਕਦੇ “ਤੂੰ ਸਿੱਖ ਨਹੀਂ”। ਕਿਉਂਕਿ, ਬਹੁਤ ਸਾਰੇ “ਹਿੰਦੂ ਕਹੇ ਜਾਂਦੇ” ਮੋਨੇ ਵੀਰ; ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ ਅਤੇ ਕਈ ਤਾਂ ਗੁਰੂ ਜੀ ਉੱਤੇ ਸਾਡੇ ਤੋਂ ਵੀ ਵੱਧ ਸ਼ਰਧਾ ਰੱਖਦੇ ਹਨ। ਇਸ ਲਈ, ਉਹ ਵੀ ਸਿੱਖ ਹਨ। ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ “ਨਾ ਸਤਿ ਮੂੰਡ ਮੁਡਾਈ, ਕੇਸੀ ਨ ਸਤਿ” (ਪੰਨਾ 952)। ਭਾਵ: ਪ੍ਰਭੂ ਪ੍ਰਾਪਤੀ, ਨਾ ਤਾਂ ਸਿਰ ਮੁਨਾਇਆ ਹੁੰਦੀ ਹੈ ਅਤੇ ਨਾ ਹੀ ਕੇਸ ਰੱਖਣ ਨਾਲ ਹੁੰਦੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ “ਅਕਾਲ ਉਸਤਤ” ਵਿੱਚ ਲਿਖਿਆ ਹੈ “ਕੇਸ ਧਰੇ ਨ ਮਿਲੇ ਹਰਿ ਪਿਆਰੇ” ਭਾਵ: ਸਿਰਫ਼ ਕੇਸ ਰੱਖਿਆਂ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਵੀ ਲਿਖਿਆ ਹੈ “ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ” (ਪੰਨਾ 1365)।  

ਉਪਰੋਕਤ ਤੁਕਾਂ ਅਨੁਸਾਰ ਸਿੱਖ ਬਣਨ ਵਾਸਤੇ ਕੇਸ ਦਾੜ੍ਹੀ ਰੱਖਣੇ ਜਰੂਰੀ ਨਹੀਂ: ਕੇਸ ਦਾੜ੍ਹੀ ਤੋਂ ਬਿਨਾਂ ਵੀ ਸਿੱਖ ਹੋ ਸਕਦਾ ਹੈ। ਇਸ ਕਰਕੇ ਸਿੱਖੀ: ਕੇਸ ਦਾੜ੍ਹੀ ਨਾਲ ਨਹੀਂ; ਸਿੱਖੀ ਤਾਂ ਗੁਰੂ ਉੱਤੇ ਵਿਸ਼ਵਾਸ ਅਤੇ ਸ਼ਰਧਾ ਨਾਲ ਹੈ। ਕਿਉਂਕਿ ਗੁਰੂ ਜੀ ਉਚਾਰਦੇ ਹਨ “ਜਾ ਕੇ ਮਨਿ ਗੁਰ ਕੀ ਪਰਤੀਤਿ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ” (ਮ. ੫ )। ਜਿਸ ਦੇ ਮਨ ਵਿੱਚ ਗੁਰੂ ਉੱਤੇ ਪ੍ਰਤੀਤ ਹੈ, ਪ੍ਰਭੂ ਉਸਦੇ ਹੀ ਚਿਤ ਵਿੱਚ ਵਸਦਾ ਹੈ; ਬਾਹਰਲੇ ਸਰੂਪ ਅਤੇ ਕੇਸ-ਦਾੜ੍ਹੀ ਦੀ ਕੋਈ ਮਹੱਤਤਾ ਨਹੀਂ।

          ਸਤਿਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ: ਅੰਮ੍ਰਿਤਧਾਰੀ ਖਾਲਸੇ ਲਈ ਕੇਸ ਦਾੜ੍ਹੀ ਰੱਖਣੇ ਜਰੂਰੀ ਹਨ। ਪਰ ਗੁਰੂ ਜੀ ਨੇ ਇਹ ਬਚਨ ਵੀ ਨਹੀਂ ਕੀਤਾ “ਜਿਹੜਾ ਅੰਮ੍ਰਿਤ ਨਹੀਂ ਛਕਦਾ ਅਤੇ ਕੇਸ-ਦਾੜ੍ਹੀ ਨਹੀਂ ਰੱਖਦਾ; ਉਹ ਸਿੱਖ ਹੀ ਨਹੀਂ ਹੈ”। "ਅੰਮ੍ਰਿਤਧਾਰੀ ਖ਼ਾਲਸਾ ਪੰਥ” ਤਾਂ ਸਮੁੱਚੇ ਸਿੱਖ ਪੰਥ ਦਾ ਇੱਕ “ਸ੍ਰੇਸ਼ਟ-ਅੰਗ” ਹੈ। ਪਰੰਤੂ, ਪੂਰਾ ਸਿੱਖ ਪੰਥ: ਸਿਰਫ਼ "ਅੰਮ੍ਰਿਤਧਾਰੀ ਖ਼ਾਲਸਾ" ਹੀ ਨਹੀਂ; ਸਿੱਖ ਪੰਥ ਤਾਂ ਸਾਰੀਆਂ “ਨਾਨਕ-ਪੰਥੀ” ਸੰਪਰਦਾਵਾਂ ਨੂੰ ਮਿਲਾ ਕੇ ਬਣਦਾ ਹੈ। ਬਾਕੀ ਸਿੱਖ ਸੰਪਰਦਾਵਾਂ ਵਾਂਗ “ਅੰਮ੍ਰਿਤਧਾਰੀ ਖਾਲਸਾ” ਵੀ ਇੱਕ ਸੰਪਰਦਾ ਹੈ।  ਭਾਈ ਘਨਈਆ, ਭਾਈ ਨੰਦਲਾਲ, ਦੀਵਾਨ ਟੋਡਰਮੱਲ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ “ਅੰਮ੍ਰਿਤਧਾਰੀ” ਨਹੀਂ ਸਨ: ਪਰ, ਉਹ ਵੀ ਮਹਾਨ ਸਿੱਖ ਸਨ। ਰਾਇ ਬੁਲਾਰ, ਗਨੀ ਖਾਂ, ਨਬੀ ਖਾਂ, ਪੀਰ ਬੁੱਧੂ ਸ਼ਾਹ ਆਦਿ ਵੀ ਸਿੱਖ/ਮੁਰੀਦ ਸਨ। ਅੱਜ ਵੀ ਜੋ ਪ੍ਰਾਣੀ ਗੁਰੂ ਜੀ ਉੱਤੇ ਸ਼ਰਧਾ ਰੱਖਦਾ ਹੈ;  ਉਹ ਹੀ ਨਾਨਕਪੰਥੀ-ਸਿੱਖ (ਮੁਰੀਦ) ਹੈ।

          ਸਿੱਖ ਪੰਥ “ਭਗਤੀ ਮਾਰਗ” ਹੈ। ਕਿਉਂਕਿ ਸਿੱਖ ਨੂੰ ਗੁਰੂ ਜੀ ਨੇ ਭਗਤ ਬਣਾਇਆ ਹੈ। ਇਸ ਕਰਕੇ, ਭਗਤਾਂ ਦੇ ਜੋ ਲੱਛਣ ਗੁਰੂ ਜੀ ਨੇ ਲਿਖੇ ਹਨ, ਉਹ ਹੀ ਲੱਛਣ ਸਿੱਖ ਦੇ ਵੀ ਹੋਣੇ ਚਾਹੀਦੇ ਹਨ। ਇਹਨਾਂ ਲੱਛਣਾਂ ਵਿੱਚ ਗੁਰੂ ਜੀ ਨੇ ਕਿਸੇ ਵੀ ਪਹਿਰਾਵੇ, ਕੇਸ-ਦਾੜ੍ਹੀ ਆਦਿ ਬਾਹਰਲੇ ਸਰੂਪ ਦਾ ਕੋਈ ਜਿਕਰ ਹੀ ਨਹੀਂ ਕੀਤਾ।

‘ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥  

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥   (ਮ. ੩, ਪੰਨਾ 918)

          ਉਪਰੋਕਤ ਸ਼ਬਦ ਦਾ ਸੰਖੇਪ ਭਾਵ ਹੈ ਕਿ ਆਮ ਲੋਕਾਂ ਨਾਲੋਂ ਭਗਤਾਂ/ਸਿੱਖਾਂ ਦੀ ਜੀਵਨ ਸ਼ੈਲੀ ਵੱਖਰੀ ਹੁੰਦੀ ਹੈ: ਮਾੜੇ ਕਰਮ ਅਤੇ ਤ੍ਰਿਸ਼ਨਾ ਨੂੰ ਤਿਆਗ ਕੇ, ਗੁਰੂ-ਕਿਰਪਾ ਨਾਲ ਆਪਾ-ਭਾਵ ਛੱਡ ਕੇ, ਪ੍ਰਭੂ ਭਗਤੀ ਕਰਨੀ। ਕਿਉਂਕਿ, ਕਾਮ, ਕ੍ਰੋਧ, ਤ੍ਰਿਸ਼ਨਾ ਆਦਿ ਵਿਕਾਰਾਂ ਨੂੰ ਛੱਡਣਾ ਬਹੁਤ ਹੀ ਔਖਾ ਹੈ। ਇਸੇ ਕਰਕੇ, ਇਹ “ਭਗਤੀ ਮਾਰਗ” ਖੰਡੇ ਦੀ ਧਾਰ ਉੱਤੇ ਚੱਲਣ ਸਮਾਨ ਔਖਾ ਹੈ।

ਸਮੁੱਚੀ ਆਦਿ, ਦਸਮ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ, ਕਿਤੇ ਵੀ ਸਿੱਖ ਦਾ ਕੋਈ ਵੀ ਬਾਹਰਲਾ ਸਰੂਪ ਜਾਂ ਭੇਖ/ਪਹਿਰਾਵਾ ਨਿਰਧਾਰਿਤ ਨਹੀਂ ਕੀਤਾ ਗਿਆ। ਭਾਈ ਗੁਰਦਾਸ ਜੀ ਅਨੁਸਾਰ: ਗੁਰੂ ਜੀ ਦੇ ਪਾਸ ਸੰਗਤ ਵਿੱਚ ਆਉਣ ਵਾਲੇ ਸਿੱਖ ਤਿਲਕ ਲਗਾਉਂਦੇ ਸੀ “ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ”।

ਗੁਰੂ ਜੀ ਵੱਲੋਂ, ਸਿੱਖ ਨੂੰ ਕਿਸੇ ਵੀ ਪ੍ਰਕਾਰ ਦਾ ਬਾਹਰਲਾ ਸਰੂਪ (ਤਿਲਕ, ਜੰਝੂ, ਟੋਪੀ, ਸੁੰਨਤ, ਕੇਸ, ਦਾੜ੍ਹੀ, ਦਸਤਾਰ) ਅਤੇ ਕੋਈ ਵਿਸ਼ੇਸ਼ ਪਹਿਰਾਵਾ ਪਾਉਣ ਦਾ; ਗੁਰਬਾਣੀ ਵਿੱਚ ਆਦੇਸ਼ ਵੀ ਨਹੀਂ ਅਤੇ ਮਨਾਹੀ ਵੀ ਨਹੀਂ ਕੀਤੀ ਗਈ। ਕਈ ਸਿੱਖ ਸੰਪਰਦਾਵਾਂ ਦੇ ਆਪੋ-ਆਪਣੇ ਬਾਹਰਲੇ ਸਰੂਪ ਅਤੇ ਭੇਖ ਹਨ (ਜਿਵੇਂ ਨਾਮਧਾਰੀ ਸਿੰਘ ਚਿੱਟੇ ਬਸਤ੍ਰ ਪਹਿਨਦੇ ਹਨ, ਨਿਹੰਗ ਸਿੰਘ ਨੀਲੇ ਬਸਤ੍ਰ ਪਹਿਨਦੇ ਹਨ ਅਤੇ ਨਿਰਮਲੇ ਮਹਾਤਮਾ ਭਗਵੇ ਬਸਤ੍ਰ ਪਹਿਨਦੇ ਹਨ), ਉਹਨਾਂ ਸੰਪਰਦਾਵਾਂ ਨੂੰ ਮੰਨਣ ਵਾਲਿਆਂ ਵਾਸਤੇ ਉਹ ਸਾਰੇ ਸਰੂਪ ਠੀਕ ਹਨ। ਪਰ, ਸਿੱਖ ਤਾਂ ਕਿਸੇ ਵੀ ਬਾਹਰਲੇ ਸਰੂਪ ਅਤੇ ਭੇਖ ਤੋਂ ਬਿਨਾਂ ਵੀ ਹੋ ਸਕਦਾ ਹੈ। ਕਿਉਂਕਿ, ਸਿੱਖੀ ਸ਼ਰਧਾ ਨਾਲ ਹੈ; ਬਾਹਰਲੇ ਸਰੂਪ ਨਾਲ ਨਹੀਂ ਹੈ।