ਹਰਿਮੰਦਿਰ ਸਾਹਿਬ ਉੱਤੇ ਹਮਲਾ ਕਿਉਂ ਹੋਇਆ? -ਠਾਕੁਰ ਦਲੀਪ ਸਿੰਘ

ਇਸ ਵਿਸ਼ੇ ਉੱਤੇ ਲੋਕ ਆਪਣੀ-ਆਪਣੀ ਰਾਏ ਦਿੰਦੇ ਹਨ। ਪਰੰਤੂ, ਜੋ ਅਸਲ ਵਿੱਚ ਇਸ ਹਮਲੇ ਦੀ ਜੜ ਹੈ, ਉਸ ਬਾਰੇ ਕੋਈ ਬੋਲਦਾ ਨਹੀਂ; ਸਭ ਉੱਪਰਲੇ ਦਿਸਦੇ ਕਾਰਣ ਹੀ ਦੱਸਦੇ ਹਨ। ਜਿਹੜੀ ਗੱਲ ਕੋਈ ਨਹੀਂ ਦੱਸਦਾ, ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਉਸ ਨਾਲ ਸਹਿਮਤ ਹੋਵੋਂਗੇ। ਉਹ ਕੌੜੀ ਸੱਚਾਈ ਹੈ ਅਤੇ ਡੂੰਘੀ ਗੱਲ ਹੈ; ਜਿਆਦਾਤਰ ਲੋਕਾਂ ਨੂੰ ਤਾਂ ਉਸ ਦੀ ਸਮਝ ਹੀ ਨਹੀਂ ਆਵੇਗੀ।
ਹਰਿਮੰਦਿਰ ਸਾਹਿਬ ਉੱਤੇ ਹਮਲਾ ਹੋਣ ਦਾ ਅਸਲ ਕਾਰਣ ਹੈ: ਸਿੱਖ ਸੋਚ ਰੱਖਣ ਵਾਲੇ ਸ਼ਰਧਾਲੂਆਂ ਦਾ ਰਾਜ, ਪੰਜਾਬ ਉੱਤੇ ਨਹੀਂ ਸੀ ਅਤੇ ਭਾਰਤ ਉੱਤੇ ਵੀ ਨਹੀਂ ਸੀ। ਜੇ ਰਾਜ ਹੁੰਦਾ, ਤਾਂ ਹਰਿਮੰਦਿਰ ਉੱਤੇ ਹਮਲਾ ਹੋ ਹੀ ਨਹੀਂ ਸਕਦਾ ਸੀ। ਦੂਸਰੀ ਗੱਲ: ਯੋਧੇ ਹੋਣ ਕਾਰਨ, ਸਿੱਖ ਬਹੁਤ ਭਾਵੁਕ ਹੁੰਦੇ ਹਨ। ਪਰੰਤੂ, ਰਾਜਨੀਤੀ ਨੂੰ ਨਹੀਂ ਪਛਾਣਦੇ। ਰਾਜਨੀਤੀ ਨਾ ਪਛਾਣ ਸਕਣ ਕਾਰਣ, ਰਾਜਨੀਤਿਕਾਂ ਨੇ ਸਿੱਖਾਂ ਨੂੰ ਆਪਣੀ ਚਾਲ ਵਿੱਚ ਫਸਾ ਲਿਆ।
ਵਿਸ਼ੇਸ਼ ਰੂਪ ਵਿੱਚ, ਇਹ ਦੋ ਕਾਰਣ ਹੀ ਇਸ ਹਮਲੇ ਦੀ ਅਸਲੀ ਜੜ ਹਨ, ਜੋ ਕੋਈ ਸਾਹਮਣੇ ਲਿਆਉਂਦਾ ਹੀ ਨਹੀਂ। ਇਸ ਲਈ, ਜੇ ਅਜਿਹੇ ਹਮਲਿਆਂ ਤੋਂ ਭਵਿੱਖ ਵਿੱਚ ਸਿੱਖਾਂ ਨੇ ਬਚਣਾ ਹੈ, ਤਾਂ ਉਹਨਾਂ ਨੂੰ ਰਾਜਨੀਤੀ ਸਮਝਣ ਦੀ ਲੋੜ ਹੈ। ਰਾਜਨੀਤੀ ਵਿੱਚ ਆ ਕੇ ਰਾਜ ਲੈਣ ਦੀ ਲੋੜ ਹੈ ਅਤੇ ਰਾਜ ਵੀ ਕੇਵਲ ਛੋਟੇ ਜਿਹੇ ‘ਖਾਲਿਸਤਾਨ’ ਕਹੇ ਜਾਂਦੇ ਖਿੱਤੇ ਦਾ ਨਹੀਂ; ਪੂਰੇ ਭਾਰਤ ਦਾ ਰਾਜ ਲੈਣ ਦੀ ਲੋੜ ਹੈ।
ਇਸ ਲਈ, ਸਿੱਖ ਭਰਾਵੋ, ਰਾਜਨੀਤੀ ਵਿੱਚ ਆਓ ਅਤੇ ਰਾਜ ਲਵੋ। ਫਿਰ ਕਦੇ ਵੀ ਕੋਈ ਹਰਿਮੰਦਰ ਸਾਹਿਬ ਉੱਤੇ ਹਮਲਾ ਨਹੀਂ ਕਰੇਗਾ, ਨਾ ਹੀ ਸਿੱਖ ਨੌਜਵਾਨਾਂ ਨੂੰ ਮਾਰੇਗਾ। ਪਰੰਤੂ, ਉਹ ਰਾਜ ਕੇਵਲ ਕੇਸਾਧਾਰੀਆਂ ਦਾ ਨਹੀਂ, ਉਹ ਰਾਜ ਤਾਂ ਸਾਰੇ ‘ਗੁਰੂ ਨਾਨਕ ਨਾਮ ਲੇਵਾ’ ਸ਼ਰਧਾਲੂ ਸਿੱਖਾਂ ਦਾ ਹੋਣਾ ਚਾਹੀਦਾ ਹੈ; ਜੋ ਆਪਣੀ ਪਦਵੀ ਤੋਂ ਜਿਆਦਾ ਸਿੱਖ ਪੰਥ ਲਈ ਸੋਚਦੇ ਹੋਣ, ਚਾਹੇ ਉਹ ਕੇਸ ਦਾੜੀ ਨਾ ਵੀ ਰੱਖਣ। ਜੋ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਹੋਣਗੇ, ਉਹਨਾਂ ਦਾ ਰਾਜ ਹੀ “ਸਿੱਖ ਰਾਜ” ਹੋਵੇਗਾ। ਉਹ ਕਦੇ ਵੀ ਹਰਿਮੰਦਿਰ ਸਾਹਿਬ ਆਦਿ ਸਿੱਖ ਗੁਰਦੁਆਰਿਆਂ ਉੱਤੇ ਨਾ ਹਮਲਾ ਕਰਨਗੇ, ਅਤੇ ਨਾ ਕਰਨ ਦੇਣਗੇ। ਉਹ ਕਦੇ ਵੀ ਸਿੱਖ ਨੌਜਵਾਨਾਂ ਨੂੰ ਨਹੀਂ ਮਾਰਨਗੇ ਅਤੇ ਮਰਨ ਵੀ ਨਹੀਂ ਦੇਣਗੇ।
ਰਾਜ ਲੈਣ ਵਾਸਤੇ: ਸਿੱਖਾਂ ਨੂੰ ਮਰਨ-ਮਾਰਨ, ਸ਼ਹੀਦੀਆਂ ਦੇਣ ਦੀ ਨਹੀਂ; ਰਾਜਨੀਤੀ ਕਰਨ ਦੀ ਲੋੜ ਹੈ। ਜੋ ਸੱਜਣ, ਦੂਸਰਿਆਂ ਨੂੰ ਸ਼ਹੀਦੀਆਂ ਦੇਣ ਲਈ ਉਕਸਾਉਂਦੇ ਹਨ, ਉਹ ਆਪ ਜਾ ਕੇ ਕਿਉਂ ਨਹੀਂ ਸ਼ਹੀਦੀਆਂ ਦੇ ਦਿੰਦੇ? ਸਿੱਖਾਂ ਨੂੰ ਰਾਜ ਲੈਣ ਅਤੇ ਕਰਨ ਵਾਸਤੇ: ਇਹ ਸਾਰੇ ਔਗੁਣ ਧਾਰਨ ਕਰਨ ਦੀ ਲੋੜ ਹੈ, ਜੋ ਬਾਕੀ ਰਾਜਨੇਤਾ ਵੀ ਕਰਦੇ ਹਨ। ਰਾਜ ਲੈਣ ਲਈ ਸ਼ਹੀਦੀਆਂ ਦੇਣ ਵਾਸਤੇ ਉਕਸਾਉਣ ਵਾਲੇ, ਇਹ ਨਹੀਂ ਦੱਸਦੇ: ਜੇ ਸਿੱਖ ਹੀ ਸ਼ਹੀਦ ਹੋ ਗਏ; ਤਾਂ ਰਾਜ ਕੌਣ ਕਰੇਗਾ ਅਤੇ ਰਾਜ ਦਾ ਆਨੰਦ ਕੌਣ ਮਾਣੇਗਾ? ਰਾਜ ਲੈਣ ਅਤੇ ਕਰਨ ਵਾਸਤੇ:ਰਾਜਨੀਤੀ ਕਰਨੀ ਹੀ ਪੈਂਦੀ ਹੈ। ਰਾਜਨੀਤੀ ਕਦੇ ਵੀ ਪਵਿੱਤਰ ਨਹੀਂ ਸੀ, ਅਤੇ ਪਵਿੱਤਰ ਹੋ ਵੀ ਨਹੀਂ ਸਕਦੀ। ਛਲ ਕਪਟ, ਝੂਠ, ਹਿੰਸਾ: ਰਾਜਨੀਤੀ ਦੇ ਮੁੱਖ ਅਟੁੱਟ ਅੰਗ ਹਨ।