ਬੁਢਾਪੇ ਵਿੱਚ ਮਾਤਾ-ਪਿਤਾ ਕੋਲ, ਬੱਚੇ ਕਿਉਂ ਨਹੀਂ ਰਹਿੰਦੇ? - ਠਾਕੁਰ ਦਲੀਪ ਸਿੰਘ
ਮਾਤਾ ਪਿਤਾ, ਵਿਸ਼ੇਸ਼ ਰੂਪ ਵਿੱਚ ਭਾਰਤੀ ਮਾਤਾ-ਪਿਤਾ ਦੇ ਬੱਚੇ: ਜਦੋਂ ਬੁਢਾਪੇ ਵਿੱਚ ਉਨ੍ਹਾਂ ਕੋਲ ਨਹੀਂ ਰਹਿੰਦੇ, ਉਨ੍ਹਾਂ ਦੀ ਸੇਵਾ ਨਹੀਂ ਕਰਦੇ; ਤਾਂ ਮਾਤਾ-ਪਿਤਾ ਨੂੰ ਮਾਨਸਿਕ ਕਸ਼ਟ ਪਹੁੰਚ ਕੇ, ਬਹੁਤ ਕ੍ਰੋਧ ਆਉਂਦਾ ਹੈ “ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ” (ਮ. ੩)। ਮਾਤਾ-ਪਿਤਾ ਇਸ ਕਸ਼ਟ ਦਾ ਕਾਰਨ ਨਹੀਂ ਸਮਝ ਪਾਉਂਦੇ। ਉਹ ਸੋਚਦੇ ਹਨ, “ਅਸੀਂ ਆਪਣੇ ਮਾਤਾ-ਪਿਤਾ ਕੋਲ ਰਹਿੰਦੇ ਸੀ, ਉਨ੍ਹਾਂ ਦੀ ਆਗਿਆ ਮੰਨਦੇ ਸੀ ਅਤੇ ਸੇਵਾ ਕਰਦੇ ਸੀ “ਬ੍ਰਿਧ ਮਾਤਾ ਅਰੁ ਤਾਤ ਕੀ ਸੇਵਾ ਕਰਿਯੋ ਨਿਤ” (ਪਾਤਸ਼ਾਹੀ ੧੦); ਅੱਜ ਦੇ ਬੱਚੇ, ਅਸਾਡੇ ਕੋਲ ਕਿਉਂ ਨਹੀਂ ਰਹਿੰਦੇ? ਅਤੇ, ਅਸਾਡੀ ਸੇਵਾ ਕਿਉਂ ਨਹੀਂ ਕਰਦੇ?” ਜਿਨ੍ਹਾਂ ਮਾਤਾ-ਪਿਤਾ ਨੂੰ ਇਹ ਕਸ਼ਟ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਸੇਵਾ ਕਿਉਂ ਨਹੀਂ ਕਰਦੇ; ਉਨ੍ਹਾਂ ਨੂੰ ਕਸ਼ਟ-ਮੁਕਤ ਕਰਨ ਲਈ, ਮੈਂ ਜੀਵਨ ਦੀ ਇੱਕ ਅਟੱਲ ਸੱਚਾਈ ਦੱਸ ਰਿਹਾ ਹਾਂ, ਜੋ ਸ਼ਾਇਦ ਮਾਪਿਆਂ ਦੇ ਧਿਆਨ ਵਿੱਚ ਨਾ ਹੋਵੇ। ਸੰਭਵ ਹੈ: ਇਸ ਨਾਲ ਉਨ੍ਹਾਂ ਦਾ ਕਸ਼ਟ ਦੂਰ ਹੋ ਜਾਵੇਗਾ।
ਜੇ ਤੁਹਾਡੇ ਬੱਚੇ: ਤੁਹਾਡੇ ਨਾਲ ਨਹੀਂ ਰਹਿੰਦੇ, ਤੁਹਾਡੀ ਸੇਵਾ ਨਹੀਂ ਕਰਦੇ; ਤਾਂ ਇਸ ਲਈ ਤੁਸੀਂ ਬਿਨਾਂ ਸੋਚੇ-ਸਮਝੇ ਉਨ੍ਹਾਂ ਨੂੰ ਦੋਸ਼ ਨਾ ਦਿਓ। ਇਸ ਵਿੱਚ ਸਭ ਤੋਂ ਪਹਿਲਾਂ ਦੋਸ਼ ਤੁਹਾਡਾ ਹੀ ਹੈ। ਤੁਸੀਂ ਬੱਚਿਆਂ ਨੂੰ ਅਜਿਹੇ ਸੰਸਕਾਰ ਨਹੀਂ ਦਿੱਤੇ, ਜਿਸ ਨਾਲ ਉਹ ਤੁਹਾਡੇ ਨਾਲ ਰਹਿ ਕੇ, ਤੁਹਾਡੀ ਸੇਵਾ ਕਰ ਸਕਣ।
ਦੂਸਰਾ: ਜਦੋਂ ਬੱਚੇ ਘਰੋਂ ਬਾਹਰ ਨਿਕਲ ਕੇ ਵਿਚਰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਤੋਂ ਜੋ ਸਿੱਖਿਆ ਮਿਲਦੀ ਹੈ, ਜੋ ਉਹ ਆਸ-ਪਾਸ ਦੇਖਦੇ ਹਨ; ਉਸ ਤੋਂ ਪ੍ਰਭਾਵਿਤ ਹੋ ਕੇ ਹੀ, ਉਹ ਕੋਈ ਕੰਮ ਕਰਦੇ ਹਨ। ਬੱਚੇ ਤੁਹਾਡੇ ਨੌਕਰ ਨਹੀਂ ਹਨ, ਜੋ ਸਿਰਫ਼ ਤੁਹਾਡੇ ਕਹਿਣੇ ਉੱਤੇ ਹੀ ਚੱਲਣਗੇ। ਤੁਸੀਂ ਉਨ੍ਹਾਂ ਨੂੰ ਬਹੁਤ ਵਧੀਆ ਪੜ੍ਹਾਈ ਕਰਵਾ ਕੇ, ਵਪਾਰ/ਨੌਕਰੀ ਕਰਨ ਯੋਗ ਬਣਾ ਦਿੱਤਾ ਹੈ। ਇਸ ਕਾਰਨ, ਉਨ੍ਹਾਂ ਨੂੰ ਤੁਹਾਡੇ ਤੋਂ ਦੂਰ ਜਾ ਕੇ ਵਪਾਰ/ਨੌਕਰੀ ਕਰਨੀ ਪੈਂਦੀ ਹੈ “ਤਜਿ ਮਾਤ ਪਿਤਾ ਸੁਤ ਬਾਲ ਕਿਤੈ” (ਪਾਤਸ਼ਾਹੀ ੧੦)। ਜੇ ਉਹ ਕੰਮ ਕਰਨ ਬਾਹਰ ਨਹੀਂ ਜਾਣਗੇ, ਤਾਂ ਉਹ ਕਮਾਈ ਵੀ ਨਹੀਂ ਕਰ ਸਕਣਗੇ। ਇਸ ਕਾਰਨ, ਜੇ ਉਹ ਚਾਹੁਣ ਵੀ ਕਿ ਉਹ ਤੁਹਾਡੇ ਕੋਲ ਰਹਿਣ; ਤਾਂ ਵੀ ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਤੁਹਾਡੇ ਕੋਲ ਨਹੀਂ ਰਹਿ ਸਕਦੇ। ਕਿਉਂਕਿ, ਉਨ੍ਹਾਂ ਨੇ ਨੌਕਰੀ ਜਾਂ ਵਪਾਰ ਕਰਕੇ ਪੈਸੇ ਕਮਾਉਣੇ ਹਨ। ਸੰਭਵ ਹੈ ਕਿ ਜੋ ਪੈਸੇ, ਉਹ ਤੁਹਾਡੇ ਤੋਂ ਦੂਰ ਰਹਿ ਕੇ ਕਮਾਉਣਗੇ, ਉਹਨਾਂ ਵਿੱਚੋਂ ਕੁਝ ਪੈਸੇ ਉਹ ਤੁਹਾਨੂੰ ਵੀ ਦੇ ਸਕਣ ਅਤੇ ਤੁਹਾਡੀ ਸੇਵਾ ਵੀ ਹੋ ਸਕੇ। ਜੇ ਉਹ ਕਮਾਈ ਨਹੀਂ ਕਰਨਗੇ, ਤਾਂ ਬੁਢਾਪੇ ਵਿੱਚ ਤੁਹਾਡੀ ਸੰਭਾਲ ਲਈ ਪੈਸੇ ਵੀ ਨਹੀਂ ਹੋ ਸਕਣਗੇ। ਇਸ ਕਾਰਨ, ਚਾਹੁੰਦੇ ਹੋਏ ਵੀ ਉਹ ਤੁਹਾਡੇ ਕੋਲ ਨਹੀਂ ਰਹਿ ਸਕਦੇ। ਤੁਹਾਡੇ ਕੋਲ ਰਹਿ ਕੇ, ਕਈ ਵਾਰ ਬੱਚੇ ਇੰਨੀ ਕਮਾਈ ਨਹੀਂ ਕਰ ਸਕਦੇ; ਜਿੰਨੀ ਕਮਾਈ, ਉਹ ਤੁਹਾਡੇ ਤੋਂ ਦੂਰ ਜਾ ਕੇ ਕਰ ਸਕਦੇ ਹਨ।
ਸੋਸ਼ਲ ਮੀਡੀਆ ਤੋਂ, ਵਿਦਿਅਕ ਸੰਸਥਾਵਾਂ ਤੋਂ, ਜਾਂ ਆਸ-ਪਾਸ ਤੋਂ ਵੀ ਉਨ੍ਹਾਂ ਨੂੰ ਜੋ ਦੇਖਣ ਨੂੰ ਅਤੇ ਪੜ੍ਹਨ ਨੂੰ ਮਿਲਦਾ ਹੈ; ਉਸ ਵਿੱਚ ਮਾਪਿਆਂ ਦੀ ਸੇਵਾ ਦੀ ਪ੍ਰੇਰਣਾ ਨਹੀਂ ਹੁੰਦੀ। ਉਸ ਵਿੱਚ ਤਾਂ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਕੈਰੀਅਰ ਬਣਾਓ, ਕਮਾਈ ਕਰ ਕੇ ਨਿੱਜੀ ਉੱਨਤੀ ਕਰੋ, ਆਪਣੇ ਬਾਰੇ ਸੋਚੋ। ਇਸ ਕਾਰਨ ਵੀ ਉਨ੍ਹਾਂ ਦੇ ਮਨ ਵਿੱਚ, ਤੁਹਾਡੇ ਪ੍ਰਤੀ ਉਹ ਸੇਵਾ-ਭਾਵਨਾ ਨਹੀਂ ਹੁੰਦੀ; ਜੋ ਤੁਹਾਡੇ ਮਨ ਵਿੱਚ ਆਪਣੇ ਮਾਤਾ-ਪਿਤਾ ਪ੍ਰਤੀ ਸੀ। ਇਸ ਵਿੱਚ ਤੁਹਾਨੂੰ ਇਹ ਸਮਝਣ ਦੀ ਲੋੜ ਹੈ: ਜਦੋਂ ਤੁਸੀਂ ਬਾਲ ਅਤੇ ਯੁਵਾ ਅਵਸਥਾ ਵਿੱਚ ਸੀ, ਤਾਂ ਜੋ ਸੰਸਕਾਰ ਤੁਹਾਨੂੰ ਮਿਲੇ ਸਨ ਅਤੇ ਜੋ ਤੁਹਾਡੇ ਬੱਚਿਆਂ ਨੂੰ ਮਿਲੇ ਹਨ; ਉਨ੍ਹਾਂ ਵਿੱਚ ਬਹੁਤ ਵੱਡਾ ਅੰਤਰ ਹੈ। ਅਜੋਕੇ ਯੁੱਗ ਵਿੱਚ ਦੂਰ-ਦੁਰਾਡੇ ਜਾ ਕੇ, ਕਮਾਈ ਕਰਨ ਦੇ ਸਾਧਨ ਬਹੁਤ ਵੱਧ ਗਏ ਹਨ। ਜੇ ਤੁਸੀਂ ਉਸ ਅੰਤਰ ਨੂੰ ਸਮਝ ਸਕੋ ਗੇ; ਤਾਂ ਬੱਚਿਆਂ ਪ੍ਰਤੀ ਤੁਹਾਡਾ ਕ੍ਰੋਧ ਘਟ ਕੇ, ਮਨ ਸ਼ਾਂਤ ਹੋ ਜਾਵੇਗਾ। ਕ੍ਰੋਧ ਸ਼ਾਂਤ ਹੋਣ ਨਾਲ, ਤੁਹਾਡੇ ਮਨ ਅਤੇ ਤਨ ਦੇ ਬਹੁਤ ਸਾਰੇ ਕਸ਼ਟ ਨਵਿਰਤ ਹੋ ਜਾਣਗੇ। ਕਿਉਂਕਿ, ‘ਕ੍ਰੋਧ’ ਵਰਗੇ ਬਲਵਾਨ ਸੂਰਮੇ ਅੱਗੇ ‘ਸ਼ਾਂਤ’ ਨਾਮ ਦਾ ਸੂਰਮਾ ਹੀ ਡਟ ਸਕਦਾ ਹੈ, ਜਿਸ ਬਾਰੇ ਦਸ਼ਮੇਸ਼ ਜੀ ਨੇ ਲਿਖਿਆ ਹੈ:-
ਪਵਨ ਬੇਗ ਰਥ ਚਲਤ ਗਵਨ ਲਖਿ ਮੋਹਿਤ ਨਾਗਰ ॥
ਅਤਿ ਪ੍ਰਤਾਪ ਅਮਿਤੋਜ ਅਜੈ ਪ੍ਰਿਤਮਾਨ ਪ੍ਰਭਾ ਧਰ ॥
ਅਤਿ ਬਲਿਸਟ ਅਧਿਸਟ ਸਕਲ ਸੈਨਾ ਕਹੁ ਜਾਨਹੁ ॥
ਕ੍ਰੋਧ ਨਾਮ ਬਢਿਯਾਛ ਬਡੋ ਜੋਧਾ ਜੀਅ ਮਾਨਹੁ ॥
ਧਰਿ ਅੰਗਿ ਕਵਚ ਧਰ ਪਨਚ ਕਰਿ ਜਿਦਿਨ ਤੁਰੰਗ ਮਟਕ ਹੈ ॥
ਬਿਨੁ ਏਕ ਸਾਂਤਿ ਸੁਨ ਸਤਿ ਨ੍ਰਿਪ ਸੁ ਅਉਰ ਨ ਕੋਊ ਹਟਕਿ ਹੈ ॥