Manmohan-Singh-Khela-SYDNEY

ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? - ਸਿਡਨੀ ਤੋਂ ਮਨਮੋਹਨ ਸਿੰਘ ਖੇੇਲਾ

ਜਿਹੜੇ ਕਹਿਣ ਮੇਰੀ ਛੁਪੇ ਰਹਿਣ ਦੀ ਚਾਹ ਮੈਂ ਨੀਵਾਂ ਉਗਿਆ।
ਆਪਣੇ ਬਜੁਰਗਾਂ ਵਲੋਂ ਕਹੇ ਹੋਏ ਲਫਜਾਂ ਨੂੰ ਯਾਦ ਰੱਖਦਿਆਂ, "ਬੱਚਿਓ, ਜੋ ਮਰਜੀ ਬਣ ਜਾਇਓ ਪਰ ਪਿੰਡੇ 'ਤੇ ਹੰਢਾਈ ਹੋਈ ਗਰੀਬੀ ਨੂੰ ਕਦੇ ਨਾ ਭੁੱਲਿਓ!" ਇਹ ਜ਼ਿਹਨ ਵਿੱਚ ਵਸਿਆ ਹੋਇਆ ਸੀ ਪਰ ਅਸੀਂ ਤਾਂ ਹੈ ਹੀ ਗਰੀਬ ਸਾਂ 'ਤੇ ਗਰੀਬੀ 'ਚੋਂ ਹੀ ਨਿਕਲੇ ਸਾਂ! ਏਸੇ ਕਰਕੇ ਹੀ ਆਏ ਸਾਂ ਆਸਟ੍ਰੇਲੀਆ ਕਿ ਗਰੀਬ ਦੀ ਮਦਤ ਕਰਾਂਗੇ, ਨਾਲ ਹੀ ਆਪਣੀ ਗਰੀਬੀ ਵੀ ਦੂਰ ਕਰਾਂਗੇ। ਪਹਿਲਾਂ ਪਹਿਲ ਦਿਲ ਵਿੱਚ ਬੜਾ ਹੀ ਚਾਅ ਸੀ ਵਿਦੇਸ਼ ਜਾ ਕੇ ਉਸ ਨੂੰ ਵੇਖਣ ਦਾ ਜੋ ਕਿ ਪਹਿਲਾਂ ਪਹਿਲ ਵੱਧੀਆ ਵੀ ਲੱਗਣ ਲੱਗਾ ਕਿ ਹੁਣ ਸਾਡੀ ਗਰੀਬੀ ਦੂਰ ਹੋ ਜਾਵੇਗੀ।ਜਦੋਂ ਆ ਕੇ ਕੁਝ ਦੇਰ ਬਾਅਦ ਸਿਸਟਮ ਅਤੇ ਆਪਣੇ ਭਾਈਚਾਰੇ ਦਾ ਵਰਤਾਰਾ ਵੇਖਿਆ ਓਦੋਂ ਦਿਲ ਉਚਾਟ ਹੋ ਗਿਆ ਅਤੇ ਹੌਲੀ ਹੌਲੀ ਬਾਹਰ ਆਉਣ ਦਾ ਚਾਅ ਜਿਹਾ ਵੀ ਲਹਿ ਗਿਆ।ਏਥੇ ਜਦੋਂ ਕੰਮਾਂ ਕਾਰਾਂ ਦੀ ਭੱਜ ਦੌੜ ਵੇਖੀ ਕੋਈ ਦੁਪਹਿਰੇ, ਕੋਈ ਸਵੇਰੇ, ਕੋਈ ਸ਼ਾਮੀ, ਕੋਈ ਰਾਤ ਨੂੰ ਆਪਣੇ ਕੰਮ ਲਈ ਦੌੜ ਰਿਹਾ ਸੀ। ਆਪਣੇ ਪਰਵਾਰਕ ਮੈਂਬਰ ਵੀ ਕਈ ਕਈ ਦਿਨ ਆਪਸ ਵਿੱਚ ਮਿਲਦੇ ਨਜਰ ਨਾ ਆਉਣੇ। ਦੂਜੇ ਪਾਸੇ ਵਿਹਲੇ ਬੰਦੇ ਦਾ ਇਕਲਿਆਂ ਘਰ 'ਚ ਰਹਿਣਾ। ਤੀਜੇ ਏਥੋਂ ਦੇ ਕਲਚਰ ਦਾ ਵਖਰੇਵਾਂ ਅਤੇ ਚੌਥੇੇ ਏਥੋਂ ਦੀ ਬੋਲੀ ਦਾ ਵਖਰੇਵਾਂ ਆਦਿ ਹੋਰ ਵੀ ਉਦਾਸੀ ਦਾ ਕਾਰਨ ਬਣਨ ਲੱਗੇ।
ਇਕ ਦਿਨ ਜਦੋਂ ਵੱਡੇ ਬੇਟੇ ਨੂੰ ਛੁੱਟੀ ਸੀ। ਗਲੈਨਵੁੱਡ (ਪਾਰਕਲੀ) ਜਦੋਂ ਗੁਰਦੁਆਰਾ ਸਾਹਿਬ ਆਏ। ਆਪਣਾ ਭਾਈਚਾਰਾ ਵੇਖ ਕੇ ਬਹੁਤ ਹੀ ਵਧੀਆ ਲਗਿਆ। ਓਦੋਂ ਦਿਲ ਨੂੰ ਢਾਰਸ ਬੱਝੀ ਅਤੇ ਕੁਝ ਕੁ ਸਕੂਨ ਵੀ ਮਿਲਿਆ ਕਿ ਸਾਡੇ ਆਪਣੇ ਵਰਗੇ ਹੋਰ ਵੀ ਏਥੇ ਹਨ। ਜਦੋਂ ਇਹਨਾਂ ਆਪਣਿਆਂ ਵਿੱਚ ਘੁਲ ਮਿਲ ਕੇ ਵਿਚਰੇ ਤਾਂ ਏਥੇ ਵੀ ਇੱਕ ਦੂਜੇ ਪ੍ਰਤੀ ਨਫ਼ਰਤ, ਚੁਗਲੀ, ਸਾੜਾ, ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਆਪਣੇ ਆਪ ਨੂੰ ਨਾਢੂ ਖਾਂ ਕਹਾਉਣਾ। ਆਪਣੀ ਵਡਿਆਈ ਕਰਵਾਉਣੀ ਆਦਿ ਵੇਖ ਕੇ ਦਿਲ ਪਛਤਾਉਣ ਲੱਗਾ ਕਿ ਅਸੀਂ ਏਥੇ ਕਿਉਂ ਆ ਗਏ ਹਾਂ?
ਕਿਸੇ ਹੋਰ ਦਿਨ ਦੁਬਾਰਾ ਗੁਰਦੁਆਰਾ ਸਾਹਿਬ ਸਿੱਖ ਸੈਨਟਰ ਗਲੈਨਵੁੱਡ ਵਿਖੇ, ਸਾਲ ੨੦੦੪ ਵਿੱਚ ਨਵਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ, ਸਿਡਨੀ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ, ਕੀਰਤਨ ਕਰਨ ਆਏ ਜਥੇ ਨੂੰ ਮਿਲਣ ਗਏ ਸਾਂ। ਉਹਨਾਂ ਵਿੱਚ ਗਿਆਨੀ ਜਸਵਿੰਦਰ ਸਿੰਘ ਜੀ, ਪਿਛਿਓਂ ਪਿੰਡ ਸੋਅਤਾ ਅਸਮਾਨਪੁਰ ਤੋਂ, ਗਿਆਨੀ ਇਕਬਾਲ ਸਿੰਘ ਜੀ ਹਾਰਟਾ ਵਡਾਲਾ ਤੋਂ ਅਤੇ ਤਬਲਾ ਵਾਦਕ ਭਾਈ ਸਤਪਾਲ ਸਿੰਘ ਜੀ ਸਵਾਜਪੁਰ ਤੋਂ, ਸਾਡੇ ਨੇੜੇ ਦੇ ਪਿੰਡਾਂ ਤੋਂ ਸਨ।
ਏਥੇ ਇਹਨਾਂ ਕੋਲ ਹੀ ਸਬੱਬੀਂ ਮੇਰਾ ਮੇਲ, ਮਿਲਾਪੜੇ ਸੁਭਾਅ ਦੇ ਮਾਲਕ, ਗਿਆਨੀ ਸੰਤੋਖ ਸਿੰਘ ਜੀ ਨਾਲ ਵੀ ਹੋਇਆ। ਜਦੋਂ ਮੈਂ ਉਹਨਾਂ ਨੂੰ ਮਿਲਿਆ ਅਤੇ ਆਪਣੇ ਬਾਰੇ ਦੱਸਿਆ ਕਿ ਅਸੀਂ ਆਸਟ੍ਰੇਲੀਆ ਆਉਣ ਵਾਲੀ ਬਹੁਤ ਵੱਡੀ ਗਲਤੀ ਕਰ ਲਈ ਹੈ। ਪੰਜਾਬ ਵਿੱਚ ਹੀ ਠੀਕ ਸਾਂ। ਭਾਵੇਂ ਕਿ ਅਸੀਂ ਓਥੇ ਮਾਇਕ ਪਖੋਂ ਕਾਫੀ ਪਛੜੇ ਹੋਏ ਸਾਂ ਪਰ ਇਸ ਦੇ ਬਾਵਜੂਦ ਬਜ਼ੁਰਗਾਂ ਦੇ ਪਿਛੋਕੜ ਵੱਲੋਂ ਇਮਾਨਦਾਰ ਰਹਿ ਕੇ, ਹਰ ਕਿਸੇ ਨਾਲ ਪਿਆਰ ਭਰੀ ਭਾਵਨਾ ਨਾਲ ਮਿਲਵਰਤਣ ਰੱਖਣਾ ਅਤੇ ਨੀਵੇਂ ਰਹਿਣ ਦੀ ਗੁੜ੍ਹਤੀ ਦਿਤੀ ਹੋਣ ਕਰਕੇ, ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚ ਕਾਫੀ ਸਤਿਕਾਰ ਭਰੀ ਇੱਜਤ ਨਾਲ ਵਿਚਰਦੇ ਸਾਂ।
ਇਹ ਸਾਰਾ ਕੁਝ ਸੁਣ ਕੇ ਗਿਆਨੀ ਜੀ ਨੇ ਮੈਨੂੰ ਵੱਧੀਆ ਗੱਲ ਬਾਤ ਨਾਲ ਪਹਿਲੀ ਮਿਲਣੀ ਵਿੱਚ ਹੀ ਕਾਇਲ ਕਰ ਲਿਆ ਅਤੇ ਆਪਣੇ ਤਜਰਬੇ ਅਨੁਸਾਰ ਗੁਰਬਾਣੀ ਰਾਹੀਂ ਦਲੀਲਾਂ ਦੇ ਕੇ ਆਸਟ੍ਰੇਲੀਆ ਰਹਿਣ ਦੀ ਤਸਵੀਰ ਦਾ ਦੂਜਾ ਪਾਸਾ ਵੀ ਵਿਖਾ ਦਿੱਤਾ। ਉਸ ਦਿਨ ਤੋਂ ਜਿਵੇਂ ਜਿਵੇਂ ਗਿਆਨੀ ਜੀ ਹੋਰਾਂ ਨਾਲ ਨੇੜਤਾ ਹੁੰਦੀ ਗਈ, ਉਹਨਾਂ ਦੇ ਗਿਆਨ ਬਾਰੇ ਅਤੇ ਉਹਨਾਂ ਦੀ ਸਾਦਗੀ ਬਾਰੇ ਅਤੇ ਉਹਨਾਂ ਦੀਆਂ ਵਧੀਆ ਇਨਸਾਨੀ ਕਦਰਾਂ ਕੀਮਤਾਂ ਬਾਰੇ ਵੀ ਪਤਾ ਲੱਗਦਾ ਰਿਹਾ ਕਿ ਉਹ ਕਿਹੋ ਜਿਹੇ ਸੱਚੇ ਸੁੱਚੇ ਇਨਸਾਨ ਹਨ।
ਆਸਟ੍ਰੇਲੀਆ ਦੇ ਹਰੇਕ ਸ਼ਹਿਰ ਦਾ ਪੰਜਾਬੀ ਗਿਆਨੀ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਤਿਕਾਰ ਸਾਹਿਤ ਪਿਆਰ ਸਤਿਕਾਰ ਵੀ ਕਰਦਾ ਹੈ। ਗਿਆਨੀ ਜੀ ਸਿੱਖ ਇਤਿਹਾਸ ਦੀ ਚੱਲਦੀ ਫਿਰਦੀ ਡਿਕਸ਼ਨਰੀ ਹੀ ਨਹੀਂ ਸਗੋਂ ਸਫ਼ਲਤਾ ਦੀ ਕੁੰਜੀ ਵੀ ਕਹੇ ਜਾ ਸਕਦੇ ਹਨ, ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਸੰਸਾਰ ਵਿੱਚ ਸ਼ਾਇਦ ਹੀ ਕੋਈ ਧਾਰਮਿਕ ਪੰਜਾਬੀ ਸਿੱਖ ਹਸਤੀ ਹੋਵੇਗੀ ਜਿਹੜੀ ਇਹਨਾਂ ਨੂੰ ਨਾ ਜਾਣਦੀ ਹੋਵੇ! ਏਥੇ ਹੀ ਮੈਂ ਇਹਨਾਂ ਦੇ ਜੋ ਵਾਰਤਕ ਲੇਖ, ਏਥੋਂ ਦੀਆਂ ਸਾਰੀਆਂ ਲੋਕਲ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ, ਉਹਨਾਂ ਨੂੰ ਪੜ੍ਹ ਕੇ ਵੀ ਮੈਂ ਕਾਫੀ ਪ੍ਰਭਾਵਤ ਹੋਇਆ ਕਿਉਂਕਿ ਉਹਨਾਂ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਇਹਨਾਂ ਦੇ ਵਾਰਤਕ ਲੇਖਾਂ ਬਾਰੇ ਮੈਂ ਜਰੂਰ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਤੁਸੀਂ ਇਹਨਾਂ ਲੇਖਾਂ ਨੂੰ ਸਦੀਵੀ ਸਾਂਭਣ ਲਈ ਕਿਤਾਬੀ ਰੂਪ ਜਰੂਰ ਦਿਓ। ਉਸ ਵੇਲੇ ਜਰੂਰ ਇਹਨਾਂ ਨੇ ਹੈਰਾਨ ਹੋ ਕੇ ਕਿਹਾ ਸੀ, 'ਕੀ ਇਵੇਂ ਵੀ ਹੋ ਸਕਦਾ ਹੈ?" ਮੈਂ ਕਿਹਾ ਸੀ, "ਹਾਂ, ਗਿਆਨੀ ਜੀ ਇਵੇਂ ਹੋ ਸਕਦਾ ਹੈ। ਤੁਸੀਂ ਆਪਣੀਆਂ ਲਿਖਤਾਂ ਨੂੰ ਪ੍ਰਿੰਟ ਕਰਕੇ ਜਾਂ ਉਹਨਾਂ ਨੂੰ ਯੂ.ਐਸ.ਬੀ. ਵਿੱਚ ਸਟੋਰ ਕਰਕੇ, ਪੰਜਾਬ ਲਿਜਾ ਕੇ ਕਿਸੇ ਵੀ ਕਿਤਾਬਾਂ ਪ੍ਰਿੰਟ ਕਰਨ ਵਾਲੀ ਪ੍ਰਿਟਿੰਗ ਪ੍ਰੈਸ ਜਾ ਕੇ ਪ੍ਰਿੰਟ ਕਰਵਾ ਸਕਦੇ ਹੋ।"
ਉਸ ਦਿਨ ਤੋਂ ਗਿਆਨੀ ਜੀ ਨੇ ਇਹ ਗੱਲ ਪੱਲੇ ਬੰਨ੍ਹ ਲਈ। ਪਹਿਲੀ ਕਿਤਾਬ 'ਸੱਚੇ ਦਾ ਸੱਚਾ ਢੋਆ' ਛਪਵਾਉਣ ਤੋਂ ਬਾਅਦ, ਅੱਜ ਤੱਕ ਗਿਆਰਾਂ ਵੱਖੋ-ਵੱਖਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਦਿੱਤੀਆਂ ਹਨ। ਸਾਲ ੨੦੦੬ ਦੀ ਨਵੰਬਰ ਵਿੱਚ ਪਹਿਲੀ ਕਿਤਾਬ 'ਸੱਚੇ ਦਾ ਸੱਚਾ ਢੋਆ' ਛੇ ਐਡੀਸ਼ਨਾਂ ਵਿੱਚ ਸੱਤ ਹਜਾਰ ਕਾਪੀ ਵਿੱਚ ਛਪ ਚੁੱਕੀ ਹੈ ਜਿਸ ਤੋਂ ਪੰਜਾਬੀ ਸੱਥ ਲਾਂਬੜਾ ਗੋਲਡ ਮੈਡਲ ਵੀ ਪ੍ਰਾਪਤ ਹੋ ਚੁੱਕਿਆ ਹੈ।
(ਇਹ ਤਸਵੀਰ ਗਿ. ਸੰਤੋਖ ਸਿੰਘ ਜੀ ਦੀ ਹੈ ਅਤੇ ਉਹਨਾਂ ਬਾਰੇ ਹੀ ਹੈ ਇਹ ਲੇਖ)
ਗਿਆਨੀ ਜੀ ਆਮ ਸਾਧਾਰਨ ਕਿਸਾਨੀ ਸਿੱਖ ਪਰਵਾਰ ਵਿਚ ਰਹਿਣ ਵਾਲੇ ਮਾਤਾ ਜਸਵੰਤ ਕੌਰ ਜੀ ਅਤੇ ਪਿਤਾ ਭਾਈ ਗਿਆਨ ਸਿੰਘ ਜੀ ਦੇ ਘਰ, ਸਾਲ ੧੯੪੩ ਨੂੰ ਪੈਦਾ ਹੋਏ। ਆਪਣੀ ਮੁੱਢਲੀ ਸਿਖਿਆ ਪ੍ਰਾਪਤ ਕਰਨ ਲਈ ਆਪਣੇ ਪਿੰਡ ਦੇ ਨੇੜਲੇ ਪਿੰਡ ਉਦੋ ਨੰਗਲ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੇ ਸਖਤ ਸੁਭਾਓ ਵਾਲੇ ਰਵਈਏ ਨੂੰ ਪਸੰਦ ਨਾ ਕਰਦੇ ਹੋਏ ਕੁਝ ਕੁ ਦਿਨ ਹੀ ਸਕੂਲ ਗਏ ਤੇ ਪਹਿਲੀ ਜਮਾਤ ਵਿਚੋਂ ਹੀ ਘਰ ਨੂੰ ਮੁੜ ਆਏ। ੳ ਅ ਪਿੰਡ ਦੇ ਗੁਰਦੁਆਰੇ ਵਿਚ ਜਮੀਨ ਉਪਰ ਵਿਛੇ ਘੱਟੇ ਵਿਚ ਸੱਜੇ ਹੱਥ ਦੀ ਉਂਗਲੀ ਨਾਲ ਲਿਖਣਾ ਸਿੱਖ ਲਿਆ। ਬਾਅਦ 'ਚ ਗਰਮੁਖੀ ਲਿੱਪੀ ਦੀ ਵਰਨਮਾਲਾ ਪਹਿਲੀ ਜਮਾਤ ਦੇ ਕਾਇਦੇ ਨੂੰ ਅਤੇ ਦੂਜੀ ਜਮਾਤ ਦੀ ਕਿਤਾਬ ਨੂੰ ਘਰੇ ਆਪਣੇ ਪਿਤਾ ਤੋਂ ਸਿੱਖ ਕੇ ਅਤੇ ਮੁਹਾਰਨੀ ਨੂੰ ਰੱਟਾ ਲਾ ਕੇ, ਛੇਤੀ ਹੀ ਪੰਜ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਅਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਵੀ ਸਿੱਖ ਲਿਆ।
ਸਾਲ ੧੯੫੫ ਵਿਚ, ਖਾਲਸਾ ਵਿਦਿਆਲਾ ਤਰਨ ਤਾਰਨ ਤੋਂ ਕੀਰਤਨ ਸਿੱਖਣ ਦੇ ਨਾਲ ਨਾਲ ਬਹੁਤਾ ਸਮਾ ਗੁਰਮੁਖੀ ਲਿਖਣੀ ਸਿਖਣ 'ਤੇ ਹੀ ਲਾਇਆ।ਇਸ ਦੇ ਨਾਲ ਹੀ ਭਗਤ ਬਾਣੀ ਦੇ ਅਰਥ ਪੜ੍ਹੇ ਅਤੇ ਵਿਦਿਆਲੇ ਦੀ ਲਾਇਬ੍ਰੇਰੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੁਆਰਾ ਧਾਰਮਿਕ ਅਤੇ ਰਾਜਨੀਤਕ ਸਾਹਿਤ ਤੋਂ ਇਲਾਵਾ ਸਿੱਖ ਰਾਜ ਦੇ ਇਤਿਹਾਸ ਸਬੰਧੀ ਵੀ ਕਈ ਕਿਤਾਬਾਂ ਪੜ੍ਹੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਵੱਲੋਂ ਚੱਲਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਦਾ ਕੋਰਸ ੧੯੫੮ ਤੋਂ ੧੯੬੦ ਤੱਕ ਪੂਰਾ ਕਰਕੇ, ਕਮੇਟੀ ਅਧੀਨ ਹੀ ਸੇਵਾ ਵਿਚ ਰਾਗੀ ਵਜੋਂ ਸ਼ਾਮਲ ਹੋ ਗਏ, ਜਿੱਥੇ ਇਹਨਾਂ ਦੀ ਯੋਗਤਾ ਅਨੁਸਾਰ, ਪ੍ਰਬੰਧਕਾਂ ਵੱਲੋਂ ੧੯੬੦ ਤੋਂ ਲੈ ਕੇ੧੯੭੩ ਤੱਕ, ਵੱਖ ਵੱਖ ਅਹੁਦਿਆਂ ਉਪਰ ਸੇਵਾਵਾਂ ਲਈਆਂ ਗਈਆਂ।
੧੯੬੬ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਵੀ ਪਾਸ ਕੀਤਾ। ਅਫ਼੍ਰੀਕਾ ਵਿਚ ਰਹਿੰਦਿਆਂ ਲੰਡਨ ਦੇ ਆਈ.ਸੀ.ਐਸ. ਕਾਲਜ ਤੋਂ ਚਿੱਠੀ ਪੱਤਰ ਰਾਹੀਂ ਜਰਨਲਿਜਮ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਪਰ ਕੁਝ ਕਾਰਨਾਂ ਕਰਕੇ ਵਿਚੇ ਹੀ ਛੱਡ ਦਿਤੀ।
ਮਾਰਚ, ੧੯੭੩ ਵਿਚ ਬਿਨਾ ਤਨਖਾਹ ਤੋਂ ਇਕ ਸਾਲ ਦੀ ਛੁੱਟੀ ਲੈ ਕੇ, ਦੋ ਸਾਲ ਦੇ ਵਰਕਿੰਗ ਵੀਜ਼ੇ ਉਤੇ, ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਲਈ ਪਹੁੰਚ ਗਏ। ਇਕ ਸਾਲ ਬਾਅਦ ਓਥੋਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੇਵਾ ਤੋਂ ਆਪਣਾ ਅਸਤੀਫਾ ਭੇਜ ਦਿੱਤਾ।
ਮਲਾਵੀ, ਦੋ ਟਰਮਾਂ ਵਿਚ ਸਾਢੇ ਕੁ ਤਿੰਨ ਸਾਲ ਸੇਵਾ ਨਿਭਉਣ ਉਪ੍ਰੰਤ ਆਪਣੇ ਪਰਵਾਰ ਨੂੰ ਵਾਪਸ ਅੰਮ੍ਰਿਤਸਰ ਭੇਜ ਕੇ, ਆਪ ਜੀ ਨੇ ਪੱਲੇ ਖਰਚਾ ਬੰਨ੍ਹ ਕੇ, ਅਰਾਊਂਡ ਦਾ ਵਰਲਡ ਵੱਖੋ-ਵੱਖਰੇ ਦੇਸ਼ਾਂ ਦਾ ਚੱਕਰ ਲਾਉਣ ਲਈ ਚਾਲੇ ਪਾ ਲਏ। ਜਿਵੇਂ ਕਿ ਅਫ਼੍ਰੀਕਾ ਦੇ ਮੁਲਕ ਮਲਾਵੀ ਤੋਂ, ਕੀਨੀਆ, ਤਨਜਾਨੀਆਂ, ਮੁਜ਼ੰਬਿਕ, ਜਿੰਬਾਬਵੇ, ਬੋਟਸਵਾਨਾ, ਜੈਂਬੀਆ, ਸਾਊਥ ਅਫ਼੍ਰੀਕਾ, ਮਿਸਰ, ਇੰਗਲੈਂਡ, ਨੀਦਰ ਲੈਂਡ, ਦੋਵੇਂ ਜਰਮਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਪੋਲੈਂਡ, ਅਫਗਾਨਸਤਾਨ, ਪਾਕਿਸਤਾਨ, ਥਾਈਲੈਂਡ, ਮਲੇਸ਼ੀਆ, ਸਿੰਘਾਪੁਰ, ਹਾਂਗ ਕਾਂਗ, ਚੀਨ, ਨਿਊ ਕੈਲੇਡੋਰਨੀਆਂ, ਇੰਡੋਨੇਸ਼ੀਆ, ਨਿਊ ਜ਼ੀਲੈਂਡ, ਫਿਜੀ ਆਦਿ ਦੇਸ਼ਾਂ ਵਿਚ ਘੁੰਮਦਿਆਂ ਹੋਇਆਂ ਨੇ, ਦੁਨੀਆਂ ਦੀਆਂ ਵੱਖੋ-ਵੱਖਰੀਆਂ ਕੌਮਾਂ ਦੇ ਧਾਰਮਿਕ ਵਿਦਵਾਨਾਂ, ਪੱਤਰਕਾਰਾਂ, ਸਾਹਿਤਕਾਰ ਭਾਈਚਾਰਿਆਂ ਨੂੰ ਮਿਲ ਕੇ ਉਹਨਾਂ ਤੋਂ ਹੋਰ ਵੀ ਗਿਆਨ ਵੀ ਪ੍ਰਾਪਤ ਕੀਤਾ। ਇਹਨਾਂ ਖਿੱਤਿਆਂ ਦੇ ਸਿਆਸੀ, ਭੂਗੋਲਕ, ਸਭਿਆਚਾਰਕ, ਸਦਾਚਾਰਕ ਜਿਹੇ ਪਹਿਲੂਆਂ ਨੂੰ ਨੇੜਿਉਂ ਵੇਖਣ ਦਾ ਮੌਕਾ ਮਿਲਿਆ। ਇਹਨਾਂ ਯਾਤਰਾਵਾਂ ਸਦਕਾ ਹੀ ਬਹੁਤ ਸਾਰੇ ਵਾਰਤਕ ਲੇਖਾਂ ਦੀ ਉਪਜ ਹੋਈ ਜਾਪਦੀ ਹੈ।
ਦੁਨੀਆਂ ਦੇ ਵੱਖ ਵੱਖ ਦੇਸ਼ਾਂ ਨੂੰ ਵੇਖਦੇ ਅਤੇ ਘੁੰਮਦੇ ਹੋਏ ਗਿਆਨੀ ਜੀ ੨੫ ਅਕਤੂਬਰ ੧੯੭੯ ਨੂੰ ਆਸਟ੍ਰੇਲੀਆ ਦੀ ਧਰਤੀ ਉਤੇ ਆਣ ਪਹੁੰਚੇ। ਏਥੇ ਆ ਕੇ ਪੱਕੇ ਹੋਣ ਦੀ ਉਡੀਕ ਕਰਦਿਆਂ ਨੂੰ ਹੀ ਦੋ ਦਿਨ ਘੱਟ ਪੂਰਾ ਇਕ ਸਾਲ ਗੁਜਰ ਗਿਆ। ਓਧਰੋਂ ਪਿੰਡੋਂ ਖ਼ਬਰ ਆਈ ਕਿ ਪਾਲਣ ਵਾਲੀ ਦਾਦੀ ਮਾਂ ਜੀ ਬਿਮਾਰ ਹਨ। ਇਸ ਕਰਕੇ ਗਿਆਨੀ ਜੀ ਦਾ ਆਸਟ੍ਰੇਲੀਆ ਤੋਂ ਦਿਲ ਉਦਾਸ ਹੋ ਗਿਆ। ਵਾਪਸ ਪੰਜਾਬ ਮੁੜ ਜਾਣ ਲਈ ਪਰਵਾਸ ਅਫਸਰ ਤੋਂ ਆਪਣਾ ਪਾਸਪੋਰਟ ਵਾਪਸ ਲੈਣ ਲਈ ਪਰਵਾਸ ਦਫਤਰ ਪਹੁੰਚ ਕੇ ਪਾਸਪੋਰਟ ਮੰਗਿਆ। ਪਰਵਾਸ ਅਫਸਰ ਨੇ ਗਿਆਨੀ ਜੀ ਹੋਰਾਂ ਵਲੋਂ ਗੱਲਬਾਤ ਕਰਨ ਦੇ ਢੰਗ ਤਰੀਕਾ ਵੇਖ ਕੇ, ਓਸੇ ਵੇਲੇ ਪੀ.ਆਰ. ਦੀ ਮੋਹਰ ਲਗਾ ਕੇ, ਪਾਸਪੋਰਟ ਗਿਆਨੀ ਜੀਨੂੰ ਫੜਾਉਂਦਿਆਂ ਹੋਇਆਂ ਵਧਾਈ ਦੇ ਦਿਤੀ।
ਪੀ.ਆਰ. ਦੀ ਮੋਹਰ ਲੱਗਣ ਬਾਅਦ ਫਿਰ ਕੰਮ ਲੱਭਣ ਦਾ ਦੌਰ ਚੱਲਿਆ। ਫੈਕਟਰੀਆਂ, ਖੇਤਾਂ, ਡਾਕਖਾਨਾ, ਬੱਸ ਕੰਡਕਟਰੀ, ਰੇਲਵੇ, ਕਲਰਕੀ, ਬੈਂਕ ਆਦਿ ਦੀ ਨੌਕਰੀ ਲਈ, ਕਈ ਥਾਵਾਂ 'ਤੇਂ ਟੱਕਰਾਂ ਮਾਰੀਆਂ। ਆਸਟ੍ਰੇਲੀਆ ਵਿਚ ਆ ਕੇ ਵੀ ਵਿੱਦਿਆ ਪ੍ਰਾਪਤੀ ਦੇ ਜਤਨ ਜਾਰੀ ਰੱਖੇ। ਸਿਡਨੀ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਦਾ ਕੋਰਸ ਵੀ ਪਾਸ ਕੀਤਾ। ਇਸ ਤੋਂ ਇਲਾਵਾ, ਭਾਰਤ ਦੀ ਆਈ.ਟੀ.ਆਈ ਵਰਗੀ ਵਿਦਿਅਕ ਸੰਸਥਾ, ਟੇਫ ਤੋਂ ਵੀ ਕੁਝ ਹੋਰ ਕੋਰਸ ਕੀਤੇ।
ਗਿਆਨੀ ਸੰਤੋਖ ਸਿੰਘ ਜੀ ਹੈ, ਬੜੇ ਮਾਣ ਅਤੇ ਸਤਿਕਾਰ ਨਾਲ ਸਾਰੇ ਹੀ ਭਾਰਤੀ ਭਾਈਚਾਰੇ ਵਿੱਚ ਅਤੇ ਸਾਰੇ ਹੀ ਪੰਜਾਬੀ ਭਾਈਚਾਰੇ ਵਿੱਚ, ਸਮੇਤ ਏਥੋਂ ਦੇ ਕਈ ਹੋਰ ਵੱਖੋ ਵੱਖਰੇ ਭਾਈਚਾਰਿਆਂ ਵਿੱਚ ਇੱਕ ਵੱਖਰੀ ਪਛਾਣ ਬਣਾ ਕੇ ਰਹਿ ਰਿਹਾ ਹੈ। ਇਹਨਾਂ ਦੀ ਲਿਆਕਤ ਅਤੇ ਕਾਬਲੀਅਤ ਵੇਖ ਕੇ ਹਰ ਕੋਈ ਫਖ਼ਰ ਅਤੇ ਮਾਣ ਮਹਿਸੂਸ ਕਰਦਾ ਹੈ। ਗਿਆਨੀ ਜੀ ਦੇ ਭਾਸ਼ਣਾਂ ਦੀ ਬੋਲਣ ਸ਼ੈਲੀ ਇੱਕ ਵੱਖਰੀ ਕਿਸਮ ਦੀ ਮੁਹਾਰਤ ਅਤੇ ਹਾਸਿਆਂ ਰਾਹੀਂ ਮਨੋਰੰਜਨ ਭਰਪੂਰ ਹੁੰਦੀ ਹੈ। ਯਾਦ ਸ਼ਕਤੀ ਬਹੁਤ ਤੇਜ ਤਰਾਰ ਹੋਣ ਕਰਕੇ ਇਤਿਹਾਸ ਦੀਆਂ ਘਟਨਾਵਾਂ ਬਾਰੇ ਦਿਨ ਸਾਲ ਮਹੀਨੇ ਅਤੇ ਤਰੀਕਾਂ ਤੱਕ ਸਭ ਕੁਝ ਇਹਨਾਂ ਨੂੰ ਮੂੰਹ ਜਬਾਨੀ ਯਾਦ ਹੋਣ ਕਰਕੇ, ਸਰੋਤਿਆਂ ਨੂੰ ਹੈਰਾਨ ਹੋ ਜਾਂਦੇੇ ਹਨ। ਇਸ ਵੱਡੀ ਮੁਹਾਰਤ ਕਰਕੇ ਹੀ ਵੱਖੋ-ਵੱਖਰੀਆਂ ਸਰਕਾਰਾਂ, ਉਚ ਵਿਦਿਅਕ ਸੰਸਥਾਵਾਂ, ਸਾਹਿਤਕ ਸਭਾਵਾਂ ਵਲੋਂ ਵੱਡੇ ਵੱਡੇ ਧਾਰਮਿਕ, ਸਾਹਿਤਕ, ਅਤੇ ਇਤਿਹਾਸਕ ਸਮਾਗਮਾਂ ਵੇਲੇ ਸਰੋਤਿਆਂ ਨੂੰ ਕੀਲਣ ਲਈ ਭਾਸ਼ਣ ਦੇਣ ਲਈ ਖਾਸ ਤੌਰ 'ਤੇ ਗਿਆਨੀ ਜੀ ਨੂੰ ਦੇਸ਼ ਵਿਦੇਸ਼ ਤੋਂ ਬੁਲਾਇਆ ਜਾਂਦਾ ਹੈ, ਕਿਉਂਕਿ ਸਮੇ ਅਨੁਸਾਰ ਸਿੱਖੀ ਸਿਧਾਤਾਂ ਵਾਲੀ ਚੱਲਦੀ ਹੋਈ ਵਾਰਤਾ ਨੂੰ, ਉਦਾਹਰਣਾਂ ਸਹਿਤ, ਸਬੰਧਤ ਗੱਲ ਨੂੰ ਸਰੋੋਤਿਆਂ ਵਿੱਚ ਦਿਲਚਸਪੀ ਪੈਦਾ ਕਰਕੇ, ਪੱਲੇ ਪਾ ਦਿੰਦੇ ਹਨ।
ਗਿਆਨੀ ਜੀ, ਗਿਆਨਵਾਨ ਹੋਣ ਦੇ ਨਾਲ ਨਾਲ ਹਰ ਇਕ ਦਾ ਸਤਿਕਾਰ ਕਰਨਾ ਮਿੱਠਾ ਬੋਲਣਾ ਅਤੇ ਨਿਮਰਤਾ ਵਾਲੇ ਗੁਣਾਂ ਦੇ ਧਾਰਨੀ ਹਨ। ਸਿਡਨੀ ਦੇ ਬਹੁਤ ਸਾਰੇ ਸੂਝਵਾਨਾਂ ਨੇ ਇਹਨਾਂ ਨੂੰ "ਵਾਕਿੰਗ ਇਨਸਾਈਲੋਪੀਡੀਆ ਆਫ ਸਿੱਖਇਜ਼ਮ" ਦਾ ਨਾਮ ਵੀ ਦਿੱਤਾ ਹੋਇਆ ਹੈ। ਕਈ ਨੌਜਵਾਨ ਮਖੌਲ ਵਜੋਂ ਇਹਨਾਂ ਨੂੰ "ਸਾਈਬਰ ਗਿਆਨੀ" ਵੀ ਕਹਿ ਦਿੰਦੇ ਹਨ।
ਇਹਨਾਂ ਵਿੱਚ ਇੱਕ ਬਹੁਤੀ ਖਾਸ ਸਿਫਤ ਇਹ ਹੈ ਕਿ ਵਿਰੋਧੀਆਂ ਦੇ ਸ਼ਬਦੀ ਹਮਲੇ ਨਾਲ ਕਦੇ ਵੀ ਗੁੱਸੇ ਨਹੀਂ ਹੁੰਦੇ ਸਗੋਂ ਉਹਨਾਂ ਦੀ ਹਰ ਗੱਲ ਦਾ ਜਵਾਬ ਬਹੁਤ ਨਿਮਰਤਾ ਅਤੇ ਤਰਕ ਨਾਲ ਦਿੰਦੇ ਹਨ ਜਿਹੜਾ ਕਿ ਅਗਲਾ ਸੁਣ ਕੇ ਆਪਣੇ ਪ੍ਰਭਾਵਤ ਹੋ ਜਾਂਦਾ ਹੈ। ਇਹਨਾਂ ਦੀ ਲੇਖਣੀ ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਵੀ ਸੁਧਾਰ ਰਹੀ ਹੈ; ਜਿਵੇਂ ਕਿ ਰੁਮਾਲਿਆਂ ਦੀ ਸੁੱਚਜੀ ਅਤੇ ਕੁਚੱਜੀ ਵਰਤੋਂ ਬਾਰੇ ਵੀ ਇਹਨਾਂ ਨੇ ਬਹੁਤ ਵਿਸਥਾਰ ਵਿੱਚ ਦਸਿਆ ਹੈ। ਇਹਨਾਂ ਦੀ ਹਰ ਲਿਖਤ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀ ਹੈ। ਗਿਆਨੀ ਜੀ ਵਲੋਂ ਪੰਜਾਬੀ ਬੋਲੀ ਦੇ ਸ਼ਬਦ ਜੋੜਾਂ ਦੀਆਂ ਗਲਤੀਆਂ ਬਾਰੇ ਅਤੇ ਬਿੰਦੀ ਟਿੱਪੀ ਦੀ ਬੇਲੋੜੀ ਵਰਤੋਂ ਬਾਰੇ ਬਹੁਤ ਸਾਰੇ ਸੁਝਾਓ ਦੇ ਕੇ ਲਗਾਂ ਮਾਤਰਾਵਾਂ ਦੀ ਬੇਲੋੜੀ ਵਰਤੋਂ ਸਬੰਧੀ ਆਪਣੇ ਲੇਖਾਂ ਰਾਹੀਂ ਸਮੇ ਸਮੇ ਵਿਸਥਾਰ ਪੂਰਬਕ ਵੀ ਦਸਿਆ ਜਾਂਦਾ ਰਿਹਾ ਹੈ। ਇਸ ਕਰਕੇ ਗਿਆਨੀ ਜੀ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨੂੰ ਵੱਡੀ ਦੇਣ ਵੀ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਗਿਆਨੀ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਇਹਨਾਂ ਦੀ ਉਮਰ ਵੀ ਪੰਜਾਬੀ ਦੇ ਲੋਕ ਗੀਤਾਂ ਜਿੰਨੀ ਲੰਮੀ ਹੋਵੇ ਤਾਂ ਕਿ ਇਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਅਤੇ ਸਿੱਖ ਇਤਹਾਸ ਦਾ ਪ੍ਰਚਾਰ ਕਰਕੇ, ਸਾਡੇ ਵਰਗੇ ਅਨਜਾਣ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਾਣੂ ਕਰਵਾ ਸਕਣ।
ਜਦੋਂ ਇਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਆ ਜਾਣ ਕਰਕੇ, ਹੁਣ ਖਾਤਮੇ ਵੱਲ ਤੁਰ ਰਿਹਾ ਹੈ; ਗਿਆਨੀ ਜੀ ਤੁਸੀਂ ਹੁਣ ਕੀ ਕਰੋਗੇ? ਇਹਨਾਂ ਦਾ ਇਹੋ ਜਵਾਬ ਹੁੰਦਾ ਹੈ, "ਅਕਾਲੀ ਸੀ, ਅਕਾਲੀ ਹਾਂ, ਹਮੇਸ਼ਾਂ ਹੀ ਅਕਾਲੀ ਰਹਾਂਗਾ।" ਹਾਂ, ਜੇ ਕੁਝ ਊਣਤਾਈਆਂ ਜਾਂ ਘਾਟਾਂ ਆਈਆਂ ਹੋਣਗੀਆਂ, ਉਹਨਾਂ ਨੂੰ ਘੋਖ ਕੇ, ਵਿੱਚ ਰਹਿ ਕੇ ਸੁਝਾਅ  ਦੇ ਕੇ ਸੁਧਾਰਨ ਦਾ ਯਤਨ ਕਰਦਾ ਰਹਾਂਗਾ। ਸਾਰੀ ਉਮਰ ਪੰਥ ਵਿੱਚ ਰਹਿ ਕੇ ਹੁਣ ਇਸ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਸੇ ਕਰਕੇ ਇਹਨਾਂ ਦੀਆਂ ਧਰਮ ਪ੍ਰਤੀ, ਸਮਾਜ ਪ੍ਰਤੀ, ਸਾਹਿਤ ਪ੍ਰਤੀ, ਪੰਜਾਬੀ ਬੋਲੀ ਪ੍ਰਤੀ, ਵਿਦਿਆ ਪ੍ਰਤੀ ਅਤੇ ਕੌਮ ਪ੍ਰਤੀ, ਦੇਸ਼ ਵਿਦੇਸ਼ ਪੱਧਰ 'ਤੇ ਕੀਤੀਆਂ ਗਈਆਂ ਸੇਵਾਵਾਂ ਦਾ ਮਾਣ ਸਤਿਕਾਰ ਕਰਦਿਆਂ, ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਨਤਾ ਦੇ ਕੇ ਸਮੇ ਸਮੇ ਸਨਮਾਨਤ ਕੀਤਾ ਜਾਂਦਾ ਹੈ। ਮਿਸਾਲ ਵਜੋਂ:
(੧) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਧਾਰਮਿਕ ਸੇਵਾਵਾਂ ਲਈ) (੨) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ (ਪੰਥਕ ਸੇਵਾਵਾਂ ਲਈ) (੩) ਸ਼੍ਰੋਮਣੀ ਅਕਾਲੀ ਦਲ (ਪੰਥਕ ਸੇਵਾਵਾਂ ਲਈ) (੪) ਪੰਜਾਬੀ ਸੰਗੀਤ ਸੈਂਟਰ ਆਸਟ੍ਰੇਲੀਆ (ਡਿਸਟਿੰਗੁਇਸ਼ਡ ਸਿੱਖ ਸਕਾਲਰ ਵਜੋਂ) (੫) ਪੰਜਾਬੀ ਕੌਸਲ ਆਫ ਆਸਟ੍ਰੇਲੀਆ (ਪੰਜਾਬੀਅਤ ਦਾ ਮਾਣ ਭਗਤ ਪੂਰਨ ਸਿੰਘ ਐਵਾਰਡ ਨਾਲ) (੬) ਪੰਜਾਬੀ ਸੱਥ ਲਾਂਬੜਾ ਪੰਜਾਬ (ਪ੍ਰਿੰਸੀਪਲ ਤੇਜਾ ਸਿੰਘ ਸਾਹਿਤਕ ਐਵਾਰਡ, ਗੋਲਡ ਮੈਡਲ ਨਾਲ ਸਨਮਾਨਤ) (੭) ਯੂਰਪੀਅਨ ਸੱਥ ਬਰਮਿੰਘਮ (ਪ੍ਰੋਫੈਸਰ ਪੂਰਨ ਸਿੰਘ ਸਾਹਿਤਕ ਐਵਾਰਡ) (੮) ਸਿੱਖ ਕਮਿਊਨਟੀ ਐਂਡ ਯੂਥ ਸਰਵਿਸ ਯੂ.ਕੇ. (ਭਗਤ ਬਾਬਾ ਧੰਨਾ ਜੱਟ ਸਾਹਿਤਕ ਸਾਲਾਨਾ ਐਵਾਰਡ) (੯) ਗੁਰੂ ਨਾਨਕ ਸੋਸਾਇਟੀ ਆਫ ਆਸਟ੍ਰੇਲੀਆ (ਧਾਰਮਿਕ ਸੇਵਾ ਐਵਾਰਡ) (੧੦) ਖਾਲਸਾ ਦੀਵਾਨ ਹਾਂਗ ਕਾਂਗ (ਪ੍ਰਚਾਰ ਸੇਵਾ ਐਵਾਰਡ) (੧੧) ਅਕਾਲੀ ਸਿੰਘ ਸਿੱਖ ਸੋਸਾਇਟੀ ਵੈਨਕੂਵਰ ਕੇਨੇਡਾ (ਪ੍ਰਚਾਰ ਸੇਵਾ ਐਵਾਰਡ) (੧੨) ਸ਼੍ਰੋਮਣੀ ਅਕਾਲੀ ਦਲ ਕੈਨੇਡਾ (ਪੰਥਕ ਸੇਵਾ ਐਵਾਰਡ) ਆਦਿ।
ਗਿਆਨੀ ਜੀ ਵਿੱਚ ਇੱਕ ਹੋਰ ਬਹੁਤ ਵੱਡੀ ਵਿਲੱਖਣਤਾ ਵੇਖਣ ਲਈ ਓਦੋਂ ਮਿਲੀ ਜਦੋਂ ਮੈਂ ਇਹਨਾਂ ਦੇ ਜੀਵਨ ਬਾਰੇ ਕੁਝ ਲਿਖਣ ਦੀ ਇੱਛਾ ਜਾਹਰ ਕੀਤੀ ਤਾਂ ਇਹਨਾਂ ਨੇ ਮੈਨੂੰ ਇਹ ਆਖ ਕੇ ਜਵਾਬ ਦੇ ਦਿਤਾ, "ਮੈਂ ਕਿਹੜਾ ਦੁਨੀਆਂ ਵਿੱਚ ਆ ਕੇ ਕੋਈ ਵੱਖਰਾ ਕੰਮ ਕੀਤਾ ਹੈ! ਦੁਨੀਆਂ ਵਿੱਚ ਬਹੁਤ ਵੱਡੀਆਂ ਮਹਾਨ ਹਸਤੀਆਂ ਮੌਜੂਦ ਹਨ ਜਿਨ੍ਹਾਂ ਨੇ ਮਨੁਖਤਾ ਲਈ ਬਹੁਤ ਕੁਝ ਕੀਤਾ ਹੋਇਆ ਹੈ, ਮੈਂ ਤਾਂ ਉਹਨਾਂ ਦੇ ਪਾਸਕੂ ਵੀ ਨਹੀਂ। ਮੇਰੀ ਛੁਪੇ ਰਹਿਣ ਦੀ ਚਾਹ! ਮੇਰੀ ਨੀਵਾਂ ਰਹਿਣ ਦੀ ਚਾਹ, ਕਿਉਂਕਿ ਮੈਂ ਨੀਵਾਂ ਹੀ ਹਾਂ।"
ਇਹ ਉਹਨਾਂ ਦਾ ਕਿੱਡਾ ਵੱਡਾ ਵਡੱਪਣ ਹੈ ਕਿ ਐਡੇ ਵੱਧੀਆ ਲਿਖਾਰੀ, ਵਾਰਤਾਕਾਰ ਅਤੇ ਅਦਰਸ਼ਵਾਦੀ ਸ਼ਖਸ਼ੀਅਤ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਨੀਵਾਂ ਤੇ ਨਿਮਾਣਾ ਜਿਹਾ ਹੀ ਦੱਸ ਰਹੇ ਹਨ। ਇਹੋ ਜਿਹੀ ਸ਼ਖਸ਼ੀਅਤ ਨੂੰ ਸਿਜਦਾ ਹੈ। ਇਹ ਸਾਰੀ ਜਾਣਕਾਰੀ ਉਹਨਾਂ ਨੇ ਮੈਨੂੰ ਲੇਖ ਲਿਖਣ ਲਈ ਨਹੀਂ ਦਿੱਤੀ। ਉਹਨਾਂ ਨੇ ਜਵਾਬ ਦੇ ਦਿੱਤਾ ਸੀ ਪਰ ਮੈਂ ਅਣਜਾਣ ਬਣ ਕੇ ਉਹਨਾਂ ਕੋਲੋਂ ਵੈਸੇ ਹੀ ਗੱਲਾਂ ਗੱਲਾਂ ਵਿੱਚ ਜਾਣਕਾਰੀ ਲੈ ਲਈ ਕਿ ਤੁਸੀਂ ਆਸਟ੍ਰੇਲੀਆ ਕਦੋਂ ਆਏ? ਕੀ ਕੀ ਕੀਤਾ? ਕਿੱਥੇ ਕਿੱਥੇ ਗਏ? ਆਦਿ ਗੱਲਾਂ ਗੱਲਾਂ ਵਿਚ, ਸਾਰਾ ਕੁਝ ਪੁੱਛ ਲਿਆ। ਜਦੋਂ ਮੈਂ ਕਿਹਾ ਕਿ ਮੈਂ ਕੁਝ ਤੁਹਾਡੇ ਬਾਰੇ ਲਿਖਣਾ ਚਾਹੁੰਦਾ ਹਾਂ ਤਾਂ ਉਹਨਾਂ ਦੱਸਣ ਤੋਂ ਮੈਨੂੰ ਜਵਾਬ ਦੇ ਦਿੱਤਾ ਸੀ। ਕੁਝ ਕੁ ਮੈਂ ਉਹਨਾਂ ਦੀਆਂ ਕਿਤਾਬਾਂ ਵਿੱਚੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ।
ਧੰਨ ਹਨ ਇਹੋ ਜਿਹੀਆਂ ਸ਼ਖਸ਼ੀਅਤਾਂ, ਜਿਨ੍ਹਾਂ ਨੂੰ ਸਦਾ ਯਾਦ ਰੱਖਣਾ ਅਤੇ ਇਹਨਾਂ ਦੇ ਕਦਮ ਚਿੰਨ੍ਹਾਂ 'ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ, ਜਿਹੜੇ ਕਿ ਬਹੁਤ ਹੀ ਵਧੀਆ ਅਤੇ ਖਾਸ ਹੋਣ ਦੇ ਬਾਵਜੂਦ ਛਿਪੇ ਰਹਿਣ ਦੀ ਤਮੰਨਾ ਰਖਦੇ ਹਨ।
ਕਿੱਡੀ ਵੱਡੀ ਮਹਾਨ ਸ਼ਖਸ਼ੀਅਤ ਹਨ ਸਾਡੇ ਗਿਆਨੀ ਜੀ!

''ਸਤਾ ਖਾਤਰ ਪੰਜਾਬੀਆਂ ਨੂੰ ਮੁਫਤਖੋਰ ਮੰਗਤੇ ਬਣਾ ਕੇ ਕੇਂਦਰ ਦੇ ਕਰਜੇ ਹੇਠ ਨਾ ਦਬਾਓ'' - ਮਨਮੋਹਨ ਸਿੰਘ ਖੇਲਾ ( ਸਿਡਨੀ ਤੋਂ )

ਸਿਰੜੀ ਅਤੇ ਸਖਤ ਮਹਿਨਤ ਕਰਨ ਵਾਲੇ ਸਾਰੇ ਵਰਗਾਂ ਦੇ ਪੰਜਾਬੀਆਂ ਤੋਂ ਸਿਆਸੀ ਪਾਰਟੀਆਂ ਵਲੋਂ ਵੋਟਾਂ ਵਟੋਰਨ ਅਤੇ ਸੱਤਾ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਇਦਿਆਂ ਰਾਹੀਂ ਫਰੀ ਵਾਲੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਕੇ ਮੰਗਤੇ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਿਰੀ ਕੋਸ਼ਿਸ਼ ਹੀ ਨਹੀਂ ਬਲਕਿ ਤਰ੍ਹਾਂ ਤਰ੍ਹਾਂ ਦੇ ਵਾਇਦੇ ਕਰਕੇ ਮੁਫਤ ਵਿੱਚ ਆਟਾ ਦਾਲ ਕਣਕ ਸਕੀਮ ਤੋਂ ਇਲਾਵਾ ਮੁਫਤ ਬਿਜਲੀ ਮੁਫਤ ਪਾਣੀ ਆਦਿ ਦੇ ਕੇ ਲੋਕਾਂ ਨੂੰ ਵਿਹਲੜ ਅਤੇ ਨਿਕੰਮੇ ਵੀ ਬਣਾਇਆ ਜਾ ਰਿਹੈ।ਇਸ ਤੋਂ ਬਿਨਾ ਸਿਆਸੀ ਲੋਕ ਇਹ ਵੀ ਚਾਹੁੰਦੇ ਹਨ ਕਿ ਪੰਜਾਬੀ ਹਰ ਤਰ੍ਹਾਂ ਨਾਲ ਸਰਕਾਰਾਂ 'ਤੇ ਹੀ ਨਿਰਭਰ ਹੋ ਜਾਣ।ਜਿਸ ਕਰਕੇ ਰੁਜਗਾਰ ਦੀ ਵੀ ਮੰਗ ਨਾ ਕਰ ਸਕਣ।ਜਦ ਕਿ ਚਾਹੀਦਾ ਸੀ ਲਗਾਤਾਰ ਬਿਜਲੀ ਦੇਣਾ ,ਵੱਧੀਆ ਸਿਹਤ 'ਤੇ ਵਿਦਿਆ ਸਹੂਲਤਾਂ ਦੇਣਾ ,ਰੁਜਗਾਰ ਦੇ ਸਾਧਨ ਉਪਲਭਧ ਕਰਨੇ,ਸਰਕਾਰੀ ਤੰਤਰ ਕੁਰੱਪਸ਼ਨ ਮੁਕਤ 'ਤੇ ਲੋਕ ਪੱਖੀ ਬਨਾਉਣਾ 'ਤੇ ਪਾਰਦਰਸ਼ੀ ਆਮਦਨ ਦੇ ਸਾਧਨ ਬਨਾਉਣੇ 'ਤੇ ਲੋਕ ਵਿਕਾਸ ਹਿੱਤਾਂ 'ਤੇ ਖਰਚ ਕਰਨਾ, ਆਮਦਨ ਦੇ ਸਾਧਨਾਂ ਨੂੰ ਮਜਬੂਤ ਕਰਨ ਲਈ ਹਰ ਇੱਕ ਤੋਂ ਟੈਕਸ ਵਸੂਲਣ ਦੇ ਸਰੋਤ ਪੈਦਾ ਕਰਨੇ ਜਰੂਰੀ ਹੋਣ।ਜਿਸ ਨਾਲ ਲੋਕ ਵਿਕਾਸ ਸਹੂਲਤਾਂ ਲਈ ਆਰਥਿਕ ਲੋੜ ਪੂਰੀ ਕਰਨ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦੱਬ ਹੋਣ ਲਈ ਲੇਲੜੀਆਂ ਨਾ ਕੱਢਣੀਆਂ ਪੈਣ।ਰਾਜ ਦੇ ਵਿਕਾਸ ਅਤੇ ਲੋਕ ਵਿਕਾਸ ਸਹੂਲਤਾਂ ਲਈ ਰਾਜ ਸਰਕਾਰ ਆਪਣੇ ਵਸੀਲਿਆਂ ਨਾਲ ਹੀ ਪ੍ਰਬੰਧ ਕਰ ਸਕਣ ਦੇ ਯੋਗ ਹੋ ਸਕੇ।ਇਸ ਤੋਂ ਇਲਾਵਾ ਰਾਜ ਵਿਧਾਨ ਸਭਾ ਸਮੇਤ ਲੋਕ ਸਭਾ ਮੈਬਰਾਂ ਦੀ ਟਰਮ ਖਤਮ ਹੋਣ ਬਾਅਦ ਪੈਂਨਸ਼ਨ ਲੈਣ ਦਾ ਹੱਕ ਇੱਕ ਵਾਰ ਹੀ ਦਿੱਤਾ ਜਾਵੇ,ਬਹੁਤੀ ਵਾਰ ਚੁਣ ਹੋ ਕੇ ਲੱਗੀ ਪੈਂਨਸ਼ਨ ਬੰਦ ਹੋਵੇ।
              ਅਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬੇਸ਼ੱਕ ਪੰਜਾਬ ਵਿੱਚ ਵਿਦਿਆ ਹਰ ਇੱਕ ਲਈ ਲਾਜਮੀ ਨਹੀਂ ਸੀ।ਪੰਜਾਬ ਦੇ ਲੋਕੀਂ ਆਪਣੇ ਉਸ ਬੱਚੇ ਨੂੰ ਹੀ ਵਿਦਿਆ ਦੁਆਉਂਦੇ ਸਨ ਜਿਹੜਾ ਬੱਚਾ ਤੰਦਰੁਸਤ 'ਤੇ ਹੁਸ਼ਿਆਰ ਹੁੰਦਾ ਸੀ।ਬਾਕੀਆਂ ਤੋਂ ਘਰ ਦੇ ਹੋਰ ਕੰਮ ਕਰਵਾਏ ਜਾਂਦੇ ਸਨ।ਪੰਜਾਬ ਦੀ ਸਿਖਿਆ ਦਾ ਮਿਆਰ ਸਾਰੇ ਭਾਰਤ ਦੇਸ਼ ਤੋਂ ਉੱਚਾ ਸੀ।ਪੰਜਾਬ ਯੂਨੀਵਰਸਿਟੀ ਦਾ ਮਿਆਰ ਵੀ ਲੰਡਨ ਦੀ ਔਕਸ ਫੋਰਡ ਯੂਨੀਵਰਸਿਟੀ ਨਾਲੋਂ ਵੀ ਵੱਧੀਆ ਸੀ।ਇਸੇ ਤਰ੍ਹਾਂ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵਿਦਿਅਕ ਢਾਂਚਾ ਵੀ ਵਰਤਮਾਨ ਸਮੇਂ ਦੀਆਂ ਸਰਕਾਰਾਂ ਨਾਲੋਂ ਵੱਧੀਆਂ ਸੀ।ਭਾਵੇਂ ਉਸ ਵੇਲੇ ਸਕੂਲਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਗੁਰੂ ਘਰਾਂ, ਮੰਦਿਰਾਂ, ਮਸਜਿਦਾਂ,ਚਰਚਾਂ'ਤੇ ਗਿਰਜਾ ਘਰ ਆਦਿ ਵਿੱਚ ਸੱਭ ਨੂੰ ਹਰ ਤਰ੍ਹਾਂ ਦੀ ਵਿਦਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਵਾਲੀ ਵਿਦਿਆ ਵੀ ਦਿੱਤੀ ਜਾਂਦੀ ਸੀ।ਅੱਜ ਬੇਸ਼ੱਕ ਹਰ ਇੱਕ ਬੱਚੇ ਨੂੰ ਵਿਦਿਆ ਲਾਜਮੀ ਕਰਕੇ ਹਰ ਪਿੰਡ ਵਿੱਚ ਸਕੂਲ ਖੋਹਲ ਦਿੱਤੇ ਗਏ ਹਨ।ਇਨ੍ਹਾਂ ਹਰ ਪਿੰਡ ਵਿੱਚ ਖੁਲ਼ੇ ਸਕੂਲਾਂ ਵਿੱਚ ਇੱਕਲਾ ਇੱਕ  ਅਧਿਆਪਕ ਹੈ ਕਈਆਂ ਵਿੱਚ ਇੱਕ ਵੀ ਨਹੀਂ ਹੈ।ਇੱਕਲਾ ਇੱਕ ਅਧਿਆਪਕ ਪੰਜ ਕਲਾਸਾਂ ਦੇ ਪੜ੍ਹਦੇ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜੀ, ਗਣਿਤ, ਸਮਾਜਿਕ ਸਿਖਿਆ, ਵਿਗਿਆਨ. ਕਲਾ ਅਤੇ ਸਰੀਰਕ ਸਿਖਿਆਂ ਆਦਿ ਵਰਗੇ ਬਹੁਤ ਸਾਰੇ ਵਿਸ਼ਿਆਂ ਦਾ ਗਿਆਨ ਇਕਲਾ ਕਿਵੇਂ ਦੇ ਸਕਦਾ ਹੈ ? ਜਦ ਕਿ ਇੱਕਲਾ ਅਧਿਆਪਕ ਤਾਂ ਵੱਖੋ-ਵੱਖਰੀਆਂ ਜਮਾਤਾਂ ਦੇ ਬੱਚਿਆਂ ਨੂੰ ਰੌਲ਼ਾ ਪਾਉਣੋਂ ਬੰਦ ਕਰਾਕੇ ਸਿਰਫ ਚੁੱਪ ਚਾਪ ਬਿਠਾ ਕੇ ਹੀ ਰੱਖ ਸਕਦਾ ਹੈ।ਨੈਤਿਕ ਸਿਖਿਆ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ।ਸਰਕਾਰਾਂ ਦੇ ਇਨ੍ਹਾਂ ਤਰ੍ਹਾਂ-ਤਰ੍ਹਾਂ ਦੇ ਕਦੇ ਹਰ ਇੱਕ ਨੂੰ ਲਾਜਮੀ ਸਿਖਿਆ ਕਦੇ ਪੜ੍ਹੋ ਪੰਜਾਬ ਕਦੇ ਕਿਸੇ ਨੂੰ ਫੇਲ਼ ਨਾ ਕਰਨਾ ਕਦੇ ਕੁੱਝ ਹੋਰ ਤੋਂ ਹੋਰ ਨਿੱਤ ਦੇ ਨਵੇਂ ਬਦਲਦੇ ਤਜਰਬਿਆਂ ਕਰਕੇ ਸਿਖਿਆਂ ਦਾ ਮਿਆਰ ਬਹੁਤ ਹੇਠਾਂ ਆਇਆ ਹੈ।ਜਦ ਕਿ ਇਸ ਦੇ ਉਲਟ ਸਕੂਲਾਂ ਦੀ ਗਿਣਤੀ ਬੇਸ਼ੱਕ ਘੱਟ ਹੁੰਦੀ ਦੋ-ਦੋ ਜਾਂ ਤਿੰਨਾਂ-ਤਿੰਨਾਂ ਪਿੰਡਾਂ ਦਾ ਭਾਵੇਂ ਇੱਕ ਹੀ ਸਕੂਲ ਹੁੰਦਾ ਪਰ ਅਧਿਆਪਕਾਂ ਦੀ ਗਿਣਤੀ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਵਧ ਕੇ ਹੋਣੀ ਚਾਹੀਦੀ ਸੀ।ਹਰ ਪਿੰਡ ਵਿੱਚ ਖੋਹਲੇ ਗਏ ਸਕੂਲ ਸਿਆਸੀ ਲੋਕਾਂ ਨੇ ਰਾਜ ਸੱਤਾ ਦੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਖੋਹਲੇ ਹਨ।ਜਿਸ ਕਰਕੇ ਲੋਕ ਖੁੱਸ਼ ਹੋ ਕੇ ਵੋਟਾਂ ਪਾ ਕੇ ਇਨ੍ਹਾਂ ਸਿਆਸੀ ਲੋਕਾਂ ਨੂੰ ਸੱਤਾ ਦੁਆ ਸਕਣ।ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਸਹੂਲਤਾਂ ਕਰਕੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਕੇ ਉਨ੍ਹਾਂ ਦੇ ਬੱਚੇ ਉੱਚ ਪੱਧਰੀ ਸਿਖਿਆਂ ਤੋਂ ਵਾਂਝੇ ਹੋ ਰਹੇ ਹਨ।ਜੋ ਬੱਚੇ ਮਾਪਿਆਂ ਦੀ ਹਿੰਮਤ ਸਦਕੇ ਪੜ੍ਹ ਲਿਖ ਗਏ ਹਨ।ਉਹ ਰੁਜਗਾਰ ਲੈਣ ਖਾਤਰ ਗਰਮੀ ਸਰਦੀ ਵਾਰਿਸ਼ ਦੀ ਪ੍ਰਵਾਹ ਕੀਤੇ ਬਿਨਾ ਸੜਕਾਂ 'ਤੇ ਬੈਠ, ਟੈਕੀਆਂ 'ਤੇ ਚੜ੍ਹ ਅਤੇ ਮੰਤਰੀਆਂ, ਮੁੱਖ-ਮੰਤਰੀਆਂ ਦੇ ਘਰਾਂ ਅੱਗੇ ਮੁਜਾਹਰੇ ਕਰਦੇ ਹੋਏ ਸਰਕਾਰ ਦੀਆਂ ਡਾਂਗਾ ਖਾ ਰਹੇ ਹਨ ਅਤੇ ਬਹੁਤ ਸਾਰੇ ਆਇਲਟਸ ਪਾਸ ਕਰ ਵਿਦਿਆਰਥੀ ਬਣ ਰੁਜਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ਼ ਨੂੰ ਜਾ ਰਹੇ ਹਨ।
                ਆਮ ਲੋਕਾਂ ਦਾ ਜਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਸ਼ਾਤਰ ਸਿਆਸਤਦਾਨ ਕਦੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ ਤੋਂ ਇਲਾਵਾ ਗਰੀਬਾਂ ਦੀ ਘਰੇਲੂ ਬਿਜਲੀ ਮੁਫਤ, ਨਾ ਵਰਤਣਯੋਗ ਮੁਫਤ ਆਟਾ ਦਾਲ ਸਕੀਮ ਅਤੇ ਕਿਸਾਨਾਂ ਨੂੰ ਅੱਖ ਮੁਟੱਕਾ ਕਰਨ ਵਾਲੀ ਪਾਣੀ ਬਿਜਲੀ ਮੁਫਤ ਵਾਲੀਆਂ ਸਕੀਮਾਂ ਦੇ ਕੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਵਲੋਂ ਅਸਲ ਵਿੱਚ ਇਹ ਮਿੱਠਾ ਜਹਿਰ ਦਿੱਤਾ ਜਾ ਰਿਹਾ ਹੈ।ਜਿਸ ਕਰਕੇ ਬਹੁਤ ਸਾਰੇ ਲੋਕ ਵਿਹਲੇ ਰਹਿਣਾ ਪਸੰਦ ਕਰਨ ਲੱਗ ਪਏ ਹਨ।ਮੁਫਤ ਦਾ ਪਾਣੀ ਮਿਲਣ ਕਰਕੇ ਪਾਣੀ ਦੀ ਦੁਰ ਵਰਤੋਂ  ਬਹੁਤ ਜਿਆਦਾ ਵੱਧ ਗਈ ਹੈ।ਲੋਕ ਆਪਣੇ ਘਰਾਂ ਵਿੱਚ ਆ ਰਹੇ ਪਾਣੀ ਦੀਆਂ ਟੁੱਟੀਆਂ ਨੂੰ ਲਗਾਤਾਰ ਚਲਦੀਆਂ ਹੀ ਰਹਿਣ ਦਿੰਦੇ ਹਨ।ਉਹ ਪਾਣੀ ਗਲੀਆਂ ਨਾਲੀਆਂ ਵਿੱਚ ਆਵਾਗੌਣ ਘੁੰਮਦਾ ਰਹਿੰਦਾ ਹੈ।ਅੱਗੇ ਕਿਧਰੇ ਨਿਕਾਸ ਨਾ ਹੋਣ ਕਰਕੇ ਛੱਪੜ ਭਰ ਕੇ ਨਾਲ ਲਗਦੇ ਖੇਤਾਂ ਵਾਲਿਆਂ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਕਰਦਾ ਹੈ।ਜਿਸ ਨਾਲ ਪਿੰਡਾਂ ਵਿੱਚ ਲੜਾਈ ਝਗੜੇ ਵੀ ਵਧਦੇ ਹਨ।ਕਿਸਾਨਾਂ ਨੂੰ ਵੀ ਖੇਤੀ ਸਿੰਚਾਈ ਮੋਟਰਾਂ ਦੇ ਬਿਜਲੀ ਦੇ ਬਿਲ ਨਾ ਹੋਣ ਕਰਕੇ ਕਿਸਾਨ ਵੀ ਪਾਣੀ ਦੀ ਦੁਰਵਰਤੋਂ ਕਰ ਲੈਂਦੇ ਹਨ।ਸਾਰਾ ਦਿਨ ਅਤੇ ਸਾਰੀ ਰਾਤ ਖੇਤਾਂ ਵਿੱਚ ਪਾਣੀ ਖੁੱਲ਼ਾ ਛੱਡ ਦਿੰਦੇ ਹਨ।ਕਈ ਵਾਰ ਪਾਣੀ ਟੁੱਟ ਕੇ ਗਵਾਂਢੀਆਂ ਦੇ ਖੇਤਾਂ ਵਿੱਚ ਵੀ ਵੜ ਜਾਂਦਾ ਹੈ।ਪਾਣੀ ਦੀ ਵਰਤੋਂ ਬਿਨਾ ਲੋੜ ਤੋਂ ਵੀ ਹੁੰਦੀ ਰਹਿੰਦੀ ਹੈ।ਇਸ ਨਾਲ ਬਿਜਲੀ ਦੀ ਖਪਤ ਕਰਕੇ ਕਈ ਵਾਰ ਕਈ-ਕਈ ਦਿਨ ਬਿਜਲੀ ਆਉਂਦੀ ਹੀ ਨਹੀਂ ਪਾਣੀ ਲਈ ਲੋਕ ਖਜਲ ਖਆਰ ਵੀ ਹੁੰਦੇ ਹਨ।ਜਦ ਕਿ ਲੋਕਾਂ ਨੂੰ ਵਾਰ ਵਾਰ ਬਿਜਲੀ ਨਾ ਆਉਣ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਲਗਾਤਾਰ ਬਿਜਲੀ ਸਪਲਾਈ ਦੀ ਅਤੀ ਲੋੜ ਹੈ।
               ਇਨ੍ਹਾਂ ਮੁਫਤ ਵਾਲੀਆਂ ਸਹੂਲਤਾਂ ਕਰਕੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਨੇ ਮੁਫਤ ਦੇ ਜਹਿਰ ਵਿੱਚ ਫਸਾ ਕੇ ਪਹਿਲੇ ਸਮਿਆਂ ਦਾ ਬਦਲਵਾਂ ਫਸਲੀ ਚੱਕਰ ਵੀ ਭੁਲਾ ਕੇ ਕਣਕ ਝੋਨੇ ਦੇ ਚੱਕਰ ਵਿੱਚ ਹੀ ਫਸਾ ਦਿੱਤਾ ਹੈ।ਜਦ ਕਿ ਪੰਜਾਬ ਦਾ ਕਿਸਾਨ ਪਹਿਲਾਂ ਸੌਣੀ ਅਤੇ ਹਾੜੀ ਦੀਆਂ ਸਾਰੀਆਂ ਹੀ ਫਸਲਾਂ ਨੂੰ ਬੀਜਦਾ ਹੁੰਦਾ ਸੀ।ਜਦ ਕਿ ਹੁਣ ਸਿਵਾਏ ਕਣਕ ਝੋਨੇ ਬਿਨਾ ਹੋਰ ਕੁਝ ਵੀ ਨਹੀਂ ਬੀਜ ਰਿਹਾ।ਜਿਸ ਨਾਲ ਕਿਸਾਨੀ ਸਭਿਆਚਾਰ 'ਤੇ ਵਿਰਸੇ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।ਪੰਜਾਬ ਦੇ ਕਿਸਾਨ ਸਣ, ਸਨੁਕੜਾ, ਕਮਾਦ, ਸਰੋਂ, ਰਾਇਆ, ਮੇਥੇ, ਮੱਕੀ, ਚਰੀ, ਬਾਜਰਾ, ਤਿਲ. ਸੀਹਲ, ਮਾਂਹ, ਮੂੰਗੀ, ਮਸਰ, ਮੋਠ, ਛੋਲੇ, ਕਣਕ ਅਤੇ ਸਾਰੀਆਂ ਸਬਜੀਆਂ ਸਮੇਤ ਘਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਫਸਲਾਂ ਬੀਜਦੇ ਸਨ।ਜਿਨ੍ਹਾਂ ਕਰਕੇ ਜਦੋਂ ਸਿਆਲ ਦੀਆਂ ਸਰਦ ਰਾਤਾਂ ਨੂੰ ਜਦੋਂ ਲੋਕੀ ਧੂਣੀ ਬਾਲ਼ ਕੇ ਸੇਕਦੇ ਹੋਏ ਇੱਕਠੇ ਹੋ ਕੇ ਸਨੁਕੜਾ 'ਤੇ ਸਣ ਅਦਿ ਕੱਢਦੇ ਹੁੰਦੇ ਸਨ।ਉਦੋਂ ਪੰਜਾਬੀ ਵਿਰਸੇ ਅਤੇ ਇਤਹਾਸ ਨੂੰ ਜੋੜੀ ਰੱਖਣ ਵਾਲੀਆਂ ਲੰਬੀਆਂ-ਲੰਬੀਆਂ ਸਿਖਿਆਦਾਇਕ ਗੱਲਾਂ ਕਰਦੇ ਹੋਏ ਬਜੁਰਗ ਪੁਰਾਣੇ ਇਤਹਾਸ ਵਾਰੇ ਸਿਖਿਆਦਾਇਕ 'ਤੇ ਨੈਤਿਕਤਾ ਭਰਪੂਰ ਕਹਾਣੀਆਂ ਅਤੇ ਬਾਤਾਂ ਪਾਉਂਦੇ ਹੁੰਦੇ ਸਨ।ਇੱਕਠੇ ਹੋ ਕੇ ਆਵਤ (ਮੁਫਤ ਵਿੱਚ ਮਦਤ) ਦੇ ਰੂਪ ਵਿੱਚ ਇੱਕ ਦੂਜੇ ਦੀ ਫਸਲ ਦੀ ਬਿਜਾਈ ਕਰਵਾਉਣਾ, ਵਾਢੀ ਕਰਨਾ, ਦਾਣਿਆਂ ਨੂੰ ਅਤੇ ਪੱਠਿਆਂ ਨੂੰ ਵੱਖਰੇ ਵੱਖਰੇ ਕਰਵਾਉਣਾ ਅਤੇ ਫਸਲ ਨੂੰ ਰੇਹ ਆਦਿ ਤੱਕ ਖੇਤਾਂ ਵਿੱਚ ਪਾਉਣ ਆਦਿ ਦੀ ਭਾਈਚਾਰਕ ਸਾਂਝ ਰੱਖ ਕੇ ਹਰ ਤਰ੍ਹਾਂ ਦੇ ਕੰਮ ਰਲ਼ ਮਿਲ ਕੇ ਕਰਦੇ ਸਨ।
             ਸਿਆਸੀ ਪਾਰਟੀਆਂ ਵਲੋਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਰੂਪੀ ਜਹਿਰ ਨੇ ਆਪਸੀ ਵਿਰਸੇ ਵਾਲੀ ਸਾਂਝ ਹੀ ਖਤਮ ਨਹੀਂ ਕੀਤੀ ਬਲਕਿ ਸਾਡਾ ਸਾਰਾ ਫਸਲੀ ਚਕਰ ਵੀ ਪੰਜਾਬ ਵਿੱਚੋਂ ਗਾਇਬ ਕਰ ਕੇ ਕਣਕ ਝੋਨੇ ਦੀ ਲੱਤ ਵਿੱਚ ਫਸਾ ਦਿੱਤਾ ਹੈ।ਜਿਸ ਨਾਲ ਪੰਜਾਬ ਦਾ ਪਾਣੀ ਵੀ ਜਹਿਰੀਲਾ ਹੋ ਕੇ ਖਤਮ ਹੋਣ ਦੀ ਕੰਗਾਰ 'ਤੇ ਖੜ੍ਹਾ ਕਰ ਦਿਤਾ ਗਿਆ ਹੈ।ਸਿਆਸੀ ਪਾਰਟੀਆਂ ਦੀਆਂ ਸਮੇਂ-ਸਮੇਂ ਬਣਦੀਆਂ ਸਰਕਾਰਾਂ ਵਲੋਂ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਦੇ ਨਾਮ ਵਾਲੀਆਂ ਕਈ ਤਰ੍ਹਾਂ ਦੀਆਂ ਕ੍ਰਾਂਤੀਆਂ ਦੇ ਨਾਮ ਹੇਠ ਸਾਡੇ ਪੰਜਾਬ ਦੀ ਜਰਖੇਜ ਧਰਤ-ਮਾਤਾ ਵਿੱਚ ਬੇਅੰਤ ਤਰ੍ਹਾਂ ਦੀ ਸੁੱਟੀ ਜਾ ਰਹੀ ਜਹਿਰ ਦੇ ਰੂਪ ਵਿੱਚ ਕੀਟ ਨਾਸ਼ਕ ਦਵਾਈਆਂ ਅਤੇ ਕੈਮੀਕਲ ਰੂਪੀ ਬਨਾਉਟੀ ਖਾਦਾਂ ਰੂਪੀ ਰੇਹ ਨਾਲ ਧਰਤ-ਮਾਤਾ ਨੂੰ ਜਹਿਰ ਨਾਲ ਲੱਥ ਪੱਥ ਕਰਕੇ ਕੇਂਸਰ ਵਰਗੀਆਂ ਬਿਮਾਰੀਆਂ ਚੰਬੇੜ ਦਿੱਤੀਆਂ ਗਈਆਂ ਹਨ।ਜਿਨ੍ਹਾਂ ਨਾਲ ਸਾਡੀ ਧਰਤ-ਮਾਤਾ ਨੂੰ ਦਵਾਈਆਂ ਅਤੇ ਬਨਾਉਟੀ ਖਾਦਾਂ ਪਾ-ਪਾ ਖੋਖਲਾ ਕਰਕੇ ਆਦੀ ਵੀ ਬਣਾ ਦਿੱਤਾ ਗਿਆ ਹੈ।ਪੰਜਾਬ ਦੀ ਧਰਤ-ਮਾਤਾ ਵਿੱਚੋਂ ਉੱਗਣ ਵਾਲੀ ਹਰ ਸਬਜੀ ਅਤੇ ਹਰ ਤਰ੍ਹਾਂ ਦੇ ਅਨਾਜ ਵਿੱਚ ਬਹੁਤ ਸਾਰੀ ਮਾਤਰਾ ਜਹਿਰ ਨਾਲ ਭਰੀ ਹੋਈ ਹੈ।ਜਿਹੜੀ ਕਿ ਅਸੀਂ ਸਾਰੇ ਨਿੱਤ ਖਾ ਰਹੇ ਹਾਂ।ਜਿਸ ਕਰਕੇ ਪੰਜਾਬੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਖਤਰਨਾਖ ਬਿਮਾਰੀਆਂ ਘੇਰ ਰਹੀਆਂ ਹਨ।
                 ਪੰਜਾਬੀਆਂ ਦੀ ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਮੁਫਤ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਬੇਸ਼ੱਕ ਬੰਦ ਕਰ ਦਿੱਤਾ ਜਾਵੇ।ਪਰ ਪੰਜਾਬ ਦੇ ਕਿਸਾਨ ਦੀਆਂ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਨਿਯਮਾਂ ਅਨੂਸਾਰ ਗੰਰਟੀ ਦਿੱਤੀ ਜਾਵੇ।ਮਜਦੂਰਾਂ ਅਤੇ ਕਿਰਤੀਆਂ ਦੇ ਕੰਮਾਂ ਨੂੰ ਅਤੇ ਦਿਹਾੜੀ ਰੇਟਾਂ ਨੂੰ ਫਿਕਸ ਕਰਕੇ ਰੁਜਗਾਰ ਦੀ ਪੂਰੀ ਗਰੰਟੀ ਦਿੱਤੀ ਜਾਵੇ।ਕੁਦਰਤੀ ਆਫਤਾਂ ਨਾਲ ਫਸਲਾਂ ਦੀ ਤਬਾਹੀ ਸਮੇਤ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਖੇਤੀ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਸੂਰਤ ਵਿੱਚ ਜੀਵਨ ਬੀਮਾ 'ਤੇ ਫਸਲੀ ਬੀਮਾਂ ਸਕੀਮਾਂ ਨੂੰ ਅਮਲੀ ਰੂਪ ਦਿੱਤੇ ਜਾਣ।ਪੰਜਾਬ ਦੇ ਹਰ ਪਿੰਡ ਵਿੱਚ ਭਾਵੇਂ ਸਕੂਲ ਨਾ ਵੀ ਹੋਣ ਬੇਸ਼ੱਕ ਦੋ ਪਿੰਡਾਂ ਦਾ ਜਾਂ ਤਿੰਨ ਪਿੰਡਾਂ ਦਾ ਸਾਂਝਾ ਸਕੂਲ ਹੋਵੇ ਜਿੱਥੇ ਵੀ ਸਰਕਾਰੀ ਸਕੂਲ ਹੋਵੇ ੳੱਥੇ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਅਧਿਆਪਕ ਹਰ ਹਾਲਤ ਵਿੱਚ ਪੂਰੇ ਹੋਣੇ ਚਾਹੀਦੇ ਹਨ।ਅਧਿਆਪਕ ਪੂਰੇ ਹੋਣ ਨਾਲ ਵਿਦਿਆ ਦਾ ਮਿਆਰ ਆਪਣੇ ਆਪ ਉੱਚਾ ਹੋ ਜਾਵੇਗਾ।ਪੰਜਾਬੀਆਂ ਨੂੰ ਵੱਧੀਆਂ ਵਿਦਿਆ ਸਿਸਟਮ ਦੀ ਲੋੜ ਹੈ ਨਾ ਕਿ ਸਕੂਲਾਂ ਦੀ ਗਿਣਤੀ ਦੀ ਲੋੜ ਹੈ।ਪਿੰਡ-ਪੰਡ ਗਲੀਆਂ ਮੁੱਹਲਿਆਂ ਵਿੱਚ ਬਿਨਾ ਕਿਸੇ ਸਰਕਾਰੀ ਮਾਨਤਾ ਤੋਂ ਵੱਡੀਆਂ ਵੱਡੀਆਂ ਫੀਸਾਂ ਅਤੇ ਵਰਦੀਆਂ ਕਿਤਾਬਾਂ ਕਾਪੀਆਂ ਆਦਿ ਦੀ ਆੜ ਵਿੱਚ ਲੋਕਾਂ ਦੀ ਲੁੱਟ ਕਰਨ ਵਾਲੀਆਂ ਦੁਕਾਨ ਨੁਮਾਂ ਸਕੂਲਾਂ 'ਤੇ ਪਾਬੰਦੀ ਲਾ ਕੇ ਬੰਦ ਕਰਵਾਇਆ ਜਾਵੇ।ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਜੇ ਉਹ ਸਾਰਾ ਕੁੱਝ ਮਿਲਣ ਲੱਗ ਜਾਵੇ, ਤਾਂ ਕਿੰਨਾ ਵੱਧੀਆਂ ਹੋਵੇਗਾ ਜਿਸ ਦੀ ਸ਼ੋਸ਼ੇਵਾਸੀ ਨਾਲ ਆਪਣੀ ਲੁੱਟ ਕਰਵਾਉਣ ਦੁਕਾਨਾਂ ਨੁਮਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਜਾਂਦੇ ਹਨ।ਪੰਜਾਬ ਦੇ ਸਕੂਲਾਂ ਵਿੱਚ ਪੂਰੇ ਅਧਿਆਪਕ ਦੇ ਕੇ ਸਿਸਟਮ ਨੂੰ ਸੁਧਾਰਨਾ ਬਹੁਤ ਜਰੂਰੀ ਹੈ।
                ਪੰਜਾਬ ਵਾਸੀਆਂ ਨੂੰ ਸਿਆਸੀ ਪਾਰਟੀਆਂ ਤੋਂ ਪਾਣੀ 'ਤੇ ਬਿਜਲੀ ਮੁਫਤ ਵਿੱਚ ਨਹੀਂ ਚਾਹੀਦੀ ਬਲਕਿ ਬਿਜਲੀ ਦੀ ਸਪਲਾਈ ਲਗਾਤਾਰ ਨਿਰਵਿਘਨ ਚਾਹੀਦੀ ਹੈ।ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਅਫਸਰਾਂ ਅਤੇ ਮੁਲਾਜਮਾਂ ਦਾ ਆਮ ਜਨਤਾ ਪ੍ਰਤੀ ਰਵਈਆ ਬਦਲਾਉਣ ਦੀ ਲੋੜ ਹੈ।ਜਿਸ ਨਾਲ ਜਰੂਰੀ ਕੰਮਾਂ ਲਈ ਦਫਤਰਾਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਬੰਦ ਹੋਣੀ ਹੋਵੇ।ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਵਸੀਲੇ ਬਣਾ ਕੇ ਨੌਕਰੀਆਂ ਦਿੱਤੀਆਂ ਜਾਣ।ਪੰਜਾਬ ਦੇ ਲੋਕਾਂ ਲਈ ਵੱਧੀਆਂ ਸਿਹਤ ਸਹੂਲਤਾਂ ਦੇ ਉਪਰਾਲੇ ਕੀਤੇ ਜਾਣ।ਜਿਸ ਨਾਲ ਰਾਜ ਦਾ ਵਿਕਾਸ ਹੋ ਸਕੇ 'ਤੇ ਰਾਜ ਸਰਕਾਰ ਨੂੰ ਮਾਇਕ ਸਹਾਇਤਾ ਲੈਣ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦਬਣਾ ਨਾ ਪਵੇ।ਇਸ ਕਰਕੇ ਸਿਆਸੀ ਪਾਰਟੀਆਂ ਨੂੰ ਚਾਹੀਦੈ ਕਿ ਸਤਾ ਲੈਣ ਖਾਤਰ ਲੋਕਾਂ ਨੂੰ ਮੁਫਤ ਵਾਲੀਆਂ ਸਹੂਲਤਾਂ ਦੇ ਲੋਲੀਪੋਪ ਵਾਲੇ ਲਾਲਚ ਨਾ ਦੇਣ ਸਗੋਂ ਹਰ ਪੰਜਾਬੀ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਨ ਦੇ ਯੋਗ ਬਨਾਉਣ।ਜਿਸ ਨਾਲ ਲੋਕਾਂ ਵਿੱਚ ਮਹਿਨਤ ਕਰਨ ਦੀ ਰੁਚੀ ਪੈਦਾ ਹੋ ਸਕੇ।ਜਿਸ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਵੇ ਅਤੇ ਪੰਜਾਬੀ ਸਾਰੇ ਦੇਸ਼ ਵਾਸੀਆਂ ਨੂੰ ਅਣੋਖੀ ਅਤੇ ਨਿਵੇਕਲੀ ਕਿਸਮ ਦੀ ਪਛਾਣ ਬਨਣ ਦਾ ਮਾਣ ਹਾਸਲ ਕਰ ਸਕਣ।