"ਗੁਆਚ ਗਿਐ ਮੌਕਾ ਕਦੇ ਹੱਥ ਨਹੀਂ ਆਉਂਦੈ...!" - "ਸਿਡਨੀ ਤੋਂ ਮਨਮੋਹਨ ਸਿੰਘ ਖੇਲਾ"

ਨੋਟ:-(ਇਹ ਤਿੰਨ ਕਿਸ਼ਤਾਂ ਵਿਚ ਛਪਣ ਵਾਲਾ ਲੇਖ ਹੈ ਜਿਸਦੀ ਇਹ ਪਹਿਲੀ ਕਿਸ਼ਤ ਹੈ,ਜਿਹੜਾ ਕਿ ਪਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸੰਭਲਣ ਲਈ ਪੰਜ ਜੂਨ ਵੀਹ ਸੌ ਚੌਦਾਂ ਵਿੱਚ ਭੇਜਿਆ ਸੀ, ਪਰ ਸੰਭਲ਼ ਨਹੀ ਹੋਇਆ, ਜਿਸ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ)
ਸਿੱਖੀ ਦੀ ਹੋਂਦ ਦੁਨੀਆਂ ਦੇ ਬਾਕੀ ਧਰਮਾਂ,ਫਿਰਕਿਆਂ ਸਮੇਤ ਸਭਿਆਚਾਰਾਂ ਤੋਂ ਨਿਵੇਕਲੀ ਅਤੇ ਦੁਨੀਆਂ ਦੇ ਹਰ ਫਿਰਕੇ ਦੇ ਧਰਮ ਦਾ ਆਦਰ ਸਤਿਕਾਰ ਕਰਨ ਦੇ ਅਧਾਰ 'ਤੇ ਬਣਾਈ ਗਈ ਸੀ।ਸਮਾਜ 'ਚ ਦਰੜੇ ਕੁਚਲੇ ਅਤੇ ਪਛਾੜੇ ਹੋਏ ਲੋਕਾਂ ਨੂੰ ਵੀ ਸਮਾਜ 'ਚ ਬਰਬਰਤਾ ਦਾ ਅਧਿਕਾਰ ਦੁਆਉਂਣਾ ਸਿੱਖੀ ਦਾ ਮੁੱਖ ਉਦੇਸ਼ ਰਿਹਾ ਹੈ।ਜਦੋਂ ਹਿੰਦੋਸਤਾਨ ਨੂੰ ਲੁੱਟਣ ਦੀ ਨੀਅਤ ਰੱਖਣ ਵਾਲੇ ਲੁਟੇਰੇ ਧਾੜਵੀਆਂ ਅਹਿਮਦ ਸ਼ਾਹ ਅਬਦਾਲੀ, ਮੱਸੇ ਰੰਗੜ, ਮੁਹੰਮਦ ਗੌਰੀ ਅਤੇ ਮਹਿਮੂਦ ਗਜਨਵੀ ਵਰਗੇ ਧਾੜਵੀਆਂ ਨੇ ਹਮਲੇ ਕਰਕੇ ਹਿੰਦੋਸਤਾਨੀਆਂ ਤੋਂ ਸੋਨਾ ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਸਮਾਨ ਲੁੱਟਿਆ।ਉਦੋਂ ਉਨ੍ਹਾਂ ਦੀਆਂ ਫੌਜ ਦੇ ਸਿਪਾਹੀਆਂ ਨੇ ਸੋਹਣੀਆਂ ਸੁਨੱਖੀਆਂ ਹਿੰਦ ਦੀਆਂ ਧੀਆਂ, ਭੈਣਾਂ, ਮਾਵਾਂ ਦੀਆਂ ਇੱਜਤਾਂ ਲੁੱਟਣ ਬਾਅਦ ਇਹ ਧਾੜਵੀ ਇਨਾਂ੍ਹ ਸਭ ਨੂੰ ਆਪਣੇ ਨਾਲ ਹੀ ਭੇਡਾਂ ਬੱਕਰੀਆਂ ਦੇ ਈਜੜ ਦੀ ਤਰ੍ਹਾਂ ਆਪਣੀ ਦਹਿਸ਼ਤ ਦੇ ਜੋਰ ਅਗੇ ਲਾ ਕੇ ਗਜਨੀ ਲੈ ਜਾਂਦੇ ਸਨ।ਇਹ ਧਾੜਵੀ ਗਜ਼ਨੀ ਦੇ ਬਜ਼ਾਰਾਂ ਵਿਚ ਟਕੇ-ਟਕੇ (ਦੋ-ਦੋ ਪੈਸੇ) ਵਿਚ ਵੇਚ ਦਿਂਦੇ ਸਨ।ਉਦੋਂ ਹਿੰਦੋਸਤਾਨ 'ਚ ਬਾਕੀ ਕੌਮਾਂ ਦੇ ਮੁਕਾਬਲੇ ਅਣਖੀ 'ਤੇ ਗੈਰਤਵੰਦ ਖਾਲਸੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ।ਉਸ ਵੇਲੇ ਹਿੰਦੋਸਤਾਨ 'ਚ ਧਾੜਵੀਆਂ ਦਾ ਜੋਰ 'ਤੇ ਬੋਲਬਾਲਾ ਹੋਣ ਕਰਕੇ ਪਹਿਲੇ ਗੁਰੂ ਬਾਬੇ ਨਾਨਕ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣ ਵਾਲੇ ਖਾਲਸੇ ਸਿੱਖ ਜੰਗਲਾਂ ਵਿਚ ਹੀ ਆਪਣੀ ਆਨ 'ਤੇ ਸ਼ਾਨ ਨਾਲ ਰਹਿੰਦੇ ਹੁੰਦੇ ਸਨ।ਜਦੋਂ ਇਨ੍ਹਾਂ ਖਾਲਸਿਆਂ ਨੂੰ ਪਤਾ ਲਗਦਾ ਕਿ ਹਿੰਦ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜਤਾਂ ਲੁੱਟਣ ਬਾਅਦ ਧਾੜਵੀ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਰਹੇ ਹਨ।ਉਸ ਵੇਲੇ ਇਹ ਖਾਲਸੇ ਆਪਣੀ ਗਿਣਤੀ ਨਾਮਾਤਰ ਹੋਣ ਦੇ ਬਾਵਯੂਦ ਵੀ ਰਾਤ ਦੇ ਬਾਰਾਂ ਵਜੇ ਉਨ੍ਹਾਂ 'ਤੇ ਹੱਲਾ ਬੋਲ ਕੇ "ਬੋਲੋ ਸੋ ਨਿਹਾਲ ਸਤਿ ਸ਼੍ਰੀ ਅਕਾਲ" ਦੇ ਜੈਕਾਰੇ ਬੁਲਾਉਂਦੇ ਹੋਏ ਇਨ੍ਹਾਂ ਧੀਆਂ, ਭੈਣਾਂ, ਮਾਵਾਂ ਨੂੰ ਧਾੜਵੀਆਂ ਪਾਸੋਂ ਰਿਹਾ ਕਰਵਾ ਕੇ ਉਨ੍ਹਾਂ ਦੇ ਆਪੋ-ਆਪਣੇ ਘਰੀਂ ਪਹੁੰਚਾਉਂਦੇ ਹੁੰਦੇ ਸਨ।ਇਹ ਖਾਲਸੇ ਧਾੜਵੀਆਂ ਤੋਂ ਲੁੱਟ ਦਾ ਮਾਲ ਵੀ ਵਾਪਸ ਲਿਆ ਕੇ ਗਰੀਬਾਂ ਵਿਚ ਵੰਡ ਦਿੰਦੇ ਹੁੰਦੇ ਸਨ।ਉਸ ਸਮੇਂ ਇਨ੍ਹਾਂ ਧਾੜਵੀਆਂ ਨੂੰ ਰਾਤ ਵੇਲੇ ਸਿੱਖਾਂ ਦੇ ਬਾਰਾਂ ਵੱਜਣ ਦਾ ਡਰ ਬਣਿਆ ਹੋਇਆ ਸੀ, ਕਿ ਸਿੱਖਾਂ ਨੇ ਰਾਤ ਦੇ ਬਾਰਾਂ ਵਜੇ ਹੱਲਾ ਬੋਲ ਦੇਣਾ ਹੈ।ਪਰ ਅੱਜ ਕੁਝ ਕੁ ਸ਼ਰਾਰਤੀ ਗੈਰ ਸਿੱਖ ਲੋਕ, ਜਿਨ੍ਹਾਂ ਦੇ ਵੱਡੇ-ਵਡਾਰੂਆਂ ਦੀ ਰੁਲ਼ ਰਹੀ ਇੱਜਤ ਨੂੰ ਇਹ ਖਾਲਸੇ ਰਾਤ ਦੇ ਬਾਰਾਂ ਵਜੇ ਬਚਾ ਕੇ ਘਰੋ-ਘਰੀਂ ਪਹੁੰਚਾ ਦਿੰਦੇ ਹੁੰਦੇ ਸਨ, ਉਹੀ ਗੈਰ ਸਿੱਖ ਲੋਕ ਅੱਜ ਇਸ ਬਾਰਾਂ ਵਜੇ ਨੂੰ ਸਿੱਖਾਂ ਦਾ ਮਜਾਕ ਬਣਾ ਕੇ ਖਿੱਲੀ ਉਡਾਉਂਣ ਵਜੋਂ ਵਰਤ ਰਹੇ ਹਨ।ਜਦ ਕਿ ਇਹ ਲੋਕੀਂ ਤਾਂ ਸਿੱਖਾਂ ਵਲੋਂ ਕੀਤੀ ਗਈ ਨੇਕੀ ਦਾ ਕਦੇ ਵੀ ਮੁੱਲ ਨਹੀਂ ਮੋੜ ਸਕਦੇ।ਦੁਨੀਆਂ ਜਾਣਦੀ ਹੈ ਕਿ ਜੇ ਦਸਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਸ਼ਮੀਰੀ ਪੰਡਿਤਾਂ ਦੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਖਾਤਰ ਬਲੀਦਾਨ ਦੇਣ ਲਈ ਦਿੱਲੀ ਦਰਬਾਰ 'ਚ ਨਾ ਭੇਜਦੇ।ਤਾਂ ਅੱਜ ਹਿੰਦੋਸਤਾਨ ਵਿਚ ਕੋਈ ਵੀ ਹਿੰਦੂ ਧਰਮ ਨੂੰ ਮੰਨਣ ਵਾਲਾ ਹਿੰਦੂ ਨਹੀਂ ਸੀ ਹੋਣਾ।ਅੱਜ ਹਿੰਦੋਸਤਾਨ ਵਿਚ ਸਭਨਾ ਦਾ ਧਰਮ ਮੁਸਲਮਾਨ ਹੋਣਾ ਸੀ।
ਸਿੱਖਾਂ ਵਲੋਂ ਸਿੱਖੀ ਅਤੇ ਮੂਲ ਧਰਮ ਨੂੰ ਬਚਾਉਣ ਖਾਤਰ ਆਪਣੇ ਸਰੀਰਾਂ ਦੇ ਬੰਦ ਬੰਦ (ਟੁਕੜੇ ਟੁਕੜੇ) ਕੱਟ ਹੋਕੇ ਕੁਤਰਾ ਹੋਣਾ ਪਿਆ।ਆਪਣੇ ਸਰੀਰਾਂ ਨੂੰ ਲਕੜੀ ਦੀ ਤਰ੍ਹਾਂ ਆਰਿਆਂ ਨਾਲ ਚਿਰਵਾਉਂਣਾ ਪਿਆ।ਆਪਣੇ ਸਰੀਰਾਂ ਨੂੰ ਰੂੰ ਦੀ ਤਰ੍ਹਾਂ ਚਰਖੜੀਆਂ 'ਤੇ ਚੜ੍ਹ ਕੇ ਪਿੰਜਵਾਉਣਾ ਪਿਆ।ਆਪਣੇ ਹੀ ਬੱਚਿਆਂ ਦੇ ਟੁਕੜਿਆਂ ਨੂੰ ਹਾਰ ਬਣਵਾ ਕੇ ਗਲਾ 'ਚ ਪੁਆਉਂਣਾ ਪਿਆ।ਛੋਟੇ ਸਾਹਿਬਜਾਦਿਆਂ ਨੂੰ ਦੀਵਾਰਾਂ ਵਿਚ ਚਿਣ ਹੋਣਾ ਪਿਆ।ਵੱਡਿਆਂ ਨੂੰ ਜੰਗੇ ਮੈਦਾਨ 'ਚ ਸ਼ਹੀਦ ਹੋਣਾ ਪਿਆ।ਹੋਰ ਵੀ ਬੇਅੰਤ ਸਿੰਘਾਂ ਨੂੰ ਜੰਡਾਂ ਨਾਲ ਬੱਝ ਕੇ ਸੜਨਾ ਪਿਆ।ਗੱਲ ਕੀ ਸਿੱਖੀ ਦੀ ਹੌਂਦ ਨੂੰ ਬਰਕਰਾਰ ਰੱਖਣ ਖਾਤਰ ਅਤੇ ਹਿੰਦੂ ਧਰਮ ਦੀ ਰੱਖਿਆ ਖਾਤਰ ਬੇਅੰਤ ਜਿੰਦਾਂ ਨੂੰ ਆਪਣੇ ਸਰੀਰ ਦੇ ਪੋਟੇ-ਪੋਟੇ ਕਟਵਾਉਂਣੇ ਪਏ।ਦੁਨੀਆਂ ਜਾਣਦੀ ਹੀ ਨਹੀ ਬਲਕਿ ਗਵਾਹ ਹੈ ਕਿ ਸੈਕੜੇ ਹਜਾਰਾਂ ਦੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਵਿਚ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਸਿੱਖੀ ਅਤੇ ਹਿੰਦੋਸਤਾਨੀਆਂ ਦੇ ਧਰਮ ਦੇ ਬੂਟਿਆਂ ਨੂੰ ਆਪਣਾ ਖੂਨ ਪਾ ਕੇ ਸਿੰਜਿਆ ਏ।ਜਿਹੜਾ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਤੇ ਫਖਰ ਵਾਲੀ ਗੱਲ ਹੈ।ਸਾਨੂੰ ਸੱਭਨਾ ਨੂੰ ਉਨ੍ਹਾਂ ਵਲੋਂ ਪਾਏ ਗਏ ਪੂਰਨਿਆਂ 'ਤੇ ਚਲਣਾ ਚਾਹੀਦਾ ਹੈ।ਜਿਨ੍ਹਾਂ ਨੇ ਆਪਣੇ ਆਪ ਨੂੰ ਕਸ਼ਟ 'ਤੇ ਤਸੀਹੇ ਝੱਲ ਕੇ ਵੀ ਬਾਕੀ ਸਮਾਜ ਦੇ ਸੁੱਖ ਅਰਾਮ ਅਤੇ ਬਰਾਬਰਤਾ ਲਈ ਬਿਨਾ ਕਿਸੇ ਲੋਭ ਲਾਲਚ ਤੋਂ ਉਹ ਕੁੱਝ ਕੀਤ।ਜਿਸ ਨੂੰ ਦੁਨੀਆਂ ਦਾ ਕੋਈ ਹੋਰ ਦੁਨਿਆਵੀ ਬੰਦਾ ਕਤਈ ਨਹੀਂ ਕਰ ਸਕਦਾ।ਬਾਦਲ ਸਾਹਿਬ ਸਾਨੂੰ ਆਪਣੇ ਵੱਡੇ ਵਡੇਰਿਆਂ 'ਤੇ ਫਖਰ ਹੋਣਾ ਚਾਹੀਦੈ ਕਿ ਅਸੀਂ ਇਨ੍ਹਾਂ ਇਨਸਾਫ ਦੇ ਪੁੰਜ ਧਰਮੀ ਪੁਰਸ਼ਾਂ, ਸ਼ੁਰਬੀਰਾਂ 'ਤੇ ਯੋਧਿਆਂ ਦੀ ਉਲਾਦ ਹਾਂ।ਹਿੰਦੋਸਤਾਨ ਅੰਦਰ ਮਹਾਰਾਜਾ ਅਸ਼ੋਕ,ਹਰਸ਼ ਵਰਧਨ ਸਮੇਤ ਰਾਮ ਚੰਦਰ ਜੀ ਨੇ ਆਪਣੀ ਪਰਜਾ ਲਈ ਰਾਮ ਰਾਜ ਦਾ ਪ੍ਰਸਾਸ਼ਨ ਦੇ ਕੇ ਉਹ ਵਾਹ ਵਾਹ ਖੱਟੀ ਸੀ।ਜਿਸ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ।ਇਹ ਪਰਜਾ ਦੇ ਪ੍ਰਸਾਸ਼ਕ ਹੀ ਨਹੀਂ ਸਨ ਬਲਕਿ ਭੇਸ ਬਦਲ ਕੇ ਲੋਕਾਂ ਦੇ ਦੁੱਖ-ਦਰਦਾਂ ਦਾ ਵੀ ਪਤਾ ਲਗਵਾਉਂਦੇ ਸਨ।ਰਾਤ ਵੇਲੇ ਲੋਕਾਂ ਵਲੋਂ ਸਰਕਾਰ ਦੇ ਖਿਲਾਫ ਬੋਲੀਆਂ ਜਾ ਰਹੀਆਂ ਸ਼ਕਾਇਤਾਂ ਰੂਪੀ ਦੁੱਖਾਂ ਦਾ ਪਤਾ ਲਗਾ ਕੇ ਸਵੇਰੇ ਹੀ ਉਨ੍ਹਾਂ ਦਾ ਹੱਲ ਕੱਢ ਕੇ ਨਿਪਟਾਰਾ ਕਰ ਦਿੰਦੇ ਸਨ।ਤਾਹੀਓ ਅੱਜ ਵੀ ਰਾਮ ਚੰਦਰ ਜੀ ਦੇ ਰਾਜ ਨੂੰ ਲੋਕ ਹਤੈਸ਼ੀ ਰਾਜ ਵਜੋਂ ਯਾਦ ਕੀਤਾ ਜਾ ਰਿਹੈ।
ਬਾਦਲ ਸਾਹਬ ਸਾਨੂੰ ਹੋਰ ਵੀ ਫਖਰ ਹੋ ਰਿਹੈ ਕਿ ਜਿਸ ਪੰਜ ਦਰਿਆਵਾਂ ਵਾਲੀ ਧਰਤੀ ਦੇ ਅਸੀਂ ਵਸਨੀਕ ਹਾਂ।ਉਸ ਧਰਤੀ 'ਤੇ ਸਾਡੇ ਹੀ ਫਿਰਕੇ ਦੇ ਸਾਡੇ ਹੀ ਧਰਮ ਨਾਲ ਸੰਬਧ ਰੱਖਣ ਵਾਲੇ ਸ਼ਾਸ਼ਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਰਾਜ ਕੀਤਾ ਹੈ।ਉਹ ਵੀ ਉਦੋਂ ਜਦੋਂ ਸਾਰੀ ਦੁਨੀਆਂ ਸਮੇਤ ਹਿੰਦੋਸਤਾਨ ਨੂੰ ਵੀ ਬ੍ਰਿਟਿਸ਼ ਗੋਰਿਆਂ ਨੇ ਆਪਣੇ ਕਬਜੇ ਵਿਚ ਲਿਆ ਹੋਇਆ ਸੀ।ਪਰ ਹਿੰਦੋਸਤਾਨ ਵਿਚ ਪੰਜਾਬ ਹੀ ਇੱਕ ਅਜਿਹਾ ਖੁੱਦਮਖਤਿਆਰ ਰਾਜ ਸੀ ਜਿੱਥੇ ਗੋਰਿਆਂ ਨੇ ਮਹਾਂਰਾਜਾ ਰਣਜੀਤ ਸਿੰਘ ਤੋਂ ਹਾਰ ਦਾ ਸਾਹਮਣਾ ਕਰਦਿਆਂ ਦਰਿਆਏ ਅੱਟਕ ਨੂੰ ਆਪਣੀ ਸਰਹੱਦ ਮੰਨ ਕੇ ਪੰਜਾਬ ਵਿਚ ਕਦੇ ਵੀ ਨਾ ਵੜਨ ਵਾਰੇ ਸਮਝੋਤਾ ਕਰ ਲਿਆ ਸੀ।ਉਸ ਵੇਲੇ ਪੰਜਾਬ ਦੁਨੀਆਂ ਦਾ ਇੱਕ ਵੱਖਰਾ ਦੇਸ਼ ਸੀ ਜਿਸ ਦੀ ਸਰਹੱਦ ਅਫਗਾਨਿਸਤਾਨ ਵਿਚ ਕਾਬਲ ਕੰਧਾਰ ਤੱਕ ਸੀ।ਜਿਸ ਦਾ ਜਰਨੈਲ ਹਰੀ ਸਿੰਘ ਨਲੂਆ ਚੌਦਾ ਸਾਲ ਦੀ ਉਮਰ 'ਚ ਭਰਤੀ ਹੋ ਕੇ ਆਪਣੇ ਦੇਸ਼ ਪਿਆਰ ਦੇ ਜਜਬੇ ਨਾਲ ਕੰਮ ਕਰਦਾ ਹੋਇਆ ਇਮਾਨਦਾਰੀ ਨਾਲ ਫੌਜ ਦਾ ਖਾਸਮ ਖਾਸ ਜਰਨੈਲ ਬਣ ਗਿਆ ਸੀ।ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਗੋਰਿਆਂ ਨੇ ਪੰਜਾਬ 'ਤੇ ਹਮਲਾ ਕਰ ਦਿੱਤਾ।ਸਿੱਖ ਫੌਜ ਪਾਸ ਬਰੂਦ-ਅਸਲਾ ਖਤਮ ਹੋਣ ਦੇ ਬਾਵਯੂਦ ਵੀ ਗੋਰਿਆਂ ਨੂੰ ਬਹਾਦਰੀ ਦੇ ਉਹ ਜੋਹਰ ਵਿਖਾਏ ਕਿ ਗੋਰੀ ਫੌਜ ਸਿੱਖਾਂ ਦੇ ਅੱਗੇ-ਅੱਗੇ ਭੱਜ ਗਈ।ਬਦਕਿਮਤੀ ਨੂੰ ਗੱਦੀ ਪ੍ਰਾਪਤੀ ਦੇ ਭੁੱਖੇ ਸਿੱਖਾਂ ਦੇ ਆਪਣੇ ਹੀ ਕੁੱਝ ਕੁ ਗਦਾਰ ਜਰਨੈਲਾਂ ਨੇ ਗੋਰਿਆਂ ਦੀ ਭੱਜੀ ਜਾ ਰਹੀ ਫੌਜ਼ ਨੂੰ ਰੋਕ ਕੇ ਦਸਿਆ ਕਿ ਤੁਸੀਂ ਕਿਉਂ ਭੱਜ ਰਹੇ ਹੋ।ਜਿਨ੍ਹਾਂ ਪਾਸੋਂ ਤੁਸੀਂ ਡਰ ਕੇ ਭੱਜ ਰਹੇ ਹੋ ਉਨ੍ਹਾਂ ਪਾਸ ਤਾਂ ਅਸਲਾ-ਬਰੂਦ ਖਤਮ ਹੋ ਗਿਆ ਹੈ।ਹੁਣ ਤਾਂ ਉਨ੍ਹਾਂ ਪਾਸ ਕੁੱਝ ਵੀ ਨਹੀਂ ਹੈ।ਉਸ ਵੇਲੇ ਉਨ੍ਹਾਂ ਆਪਣੇ ਹੀ ਗਦਾਰਾਂ ਦੀ ਬਦੌਲਤ ਗੋਰਿਆਂ ਨੇ ਦੁਵਾਰਾ ਵਾਪਿਸ ਮੁੜ ਕੇ ਹੱਲ੍ਹਾ ਬੋਲ ਪੰਜਾਬ ਨੂੰ ਵੀ ਆਪਣੇ ਕਬਜੇ ਵਿਚ ਲੈ ਲਿਆ ਸੀ।ਪੰਜਾਬ ਵਿਚ ਬ੍ਰਿਟਿਸ਼ ਸਰਕਾਰ ਦਾ ਰਾਜ ਹਿੰਦੋਸਤਾਨ ਨਾਲੋਂ ਸੌ ਸਾਲ ਬਾਅਦ ਵਿਚ ਆਇਆ ਸੀ।ਉਸ ਵੇਲੇ ਸਿੱਖਾਂ ਅਤੇ ਗੋਰਿਆਂ ਦਾ ਯੁੱਧ ਆਪਣੇ ਅੱਖੀਂ ਵੇਖਣ ਵਾਲੇ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਲਿਖਿਆ ਹੈ ਕਿ:- "ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ" ਬਾਦਲ ਸਾਹਿਬ ਤੁਸੀਂ ਵੀ ਜਦੋਂ ਸਤਾ ਸੰਭਾਲੀ ਸੀ ਪੰਜਾਬ ਦੀ ਪਰਜਾ ਨੂੰ ਇਹ ਕਿਹਾ ਸੀ ਕਿ ਅਸੀਂ ਪੰਜਾਬ ਦੀ ਪਰਜਾ ਨੂੰ ਰਾਮ ਚੰਦਰ ਵਰਗਾ ਰਾਮ ਰਾਜ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦਿਆਂਗੇ।ਜਿਸ ਨੇ ਕਿ ਆਪਣੀ ਪਰਜਾ ਲਈ ਇਨਸਾਫ ਦੇਣ ਲਈ ਬਹੁਤ ਕੁੱਝ ਕੀਤਾ ਪਰਜਾ ਦੀ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਜਰੂਰਤ ਨੂੰ ਉਸੇ ਵੇਲੇ ਪੂਰਾ ਕੀਤਾ।ਉਸ ਦੇ ਰਾਜ ਵਿਚ ਊਚ ਨੀਚ ਗਰੀਬ ਅਮੀਰ ਦਾ ਕੋਈ ਪਾੜਾ ਨਹੀਂ ਸੀ।
ਅੱਗੇ ਚਲਦਾ ਹੈਾ:-
"ਗੁਆਚ ਗਿਐ ਮੌਕਾ ਕਦੇ ਹੱਥ ਨਹੀਂ ਆਉਂਦੈ...!" - "ਸਿਡਨੀ ਤੋਂ ਮਨਮੋਹਨ ਸਿੰਘ ਖੇਲਾ"
{ਨੋਟ:-ਇਹ ਦੂਜੀ ਕਿਸ਼ਤ ਹੈ ਕ੍ਰਿਪਾ ਕਰਕੇ ਲੜੀ ਜੋੜਨ ਲਈ ਪਹਿਲੀ ਕਿਸ਼ਤ ਪੜ੍ਹੋ}
ਇੱਕ ਮਰਾਸੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਹਮਣੇ ਹੀ ਇੱਕ ਗੀਤ ਗਾ ਕੇ ਇੱਕ ਨਹੀਂ ਕਈ ਵੇਰ ਕਾਣਾ ਕਹਿ ਦਿੱਤਾ ਸੀ ਜਿਸ ਦਾ ਉਨ੍ਹਾਂ ਬਿਲਕੁੱਲ ਕੋਈ ਗੁੱਸਾ ਨਹੀਂ ਕੀਤਾ।ਉਹ ਪਰਜਾ ਦੇ ਦੁੱਖ ਤਕਲੀਫਾਂ ਜਾਨਣ ਲਈ ਪਰਜਾ ਵਿਚ ਭੇਸ ਬਦਲ ਕੇ ਘੁੰਮਦੇ ਹੁੰਦੇ ਸਨ।ਇੱਕ ਵੇਰ ਪੰਜਾਬ ਵਿਚ ਅਕਾਲ ਪੈ ਗਿਆ ਸੀ ਕੁਦਰਤ ਦੀ ਕਰੋਪੀ ਕਾਰਨ ਫਸਲਾਂ ਤਬਾਹ ਹੋ ਗਈਆਂ ਸਨ।ਉਸ ਸਮੇਂ ਲੋਕ ਭੁੱਖੇ ਮਰਨ ਲੱਗ ਪਏ ਸਨ ਲੋਕ ਅਨਾਜ ਦੇ ਦਾਣੇ ਦਾਣੇ ਨੂੰ ਤਰਸ ਰਹੇ ਸਨ।ਉਦੋਂ ਸ਼ੇਰੇ ਪੰਜਾਬ ਨੇ ਆਪਣੀ ਪਰਜਾ ਲਈ ਆਪਣੇ ਸਰਕਾਰੀ ਅੰਨ-ਭੰਡਾਰ ਆਮ ਜਨਤਾ ਲਈ ਖੋਲ੍ਹ ਦਿੱਤੇ ਸਨ।ਸਾਰੀ ਪਰਜਾ ਵਿਚ ਢੰਡੋਰਾ ਪਿਟਵਾ ਦਿੱਤਾ ਸੀ ਕਿ ਜਿਸ ਕਿਸੇ ਨੂੰ ਜਿੰਨੇ ਅਨਾਜ ਦੀ ਜਰੂਰਤ ਹੈ।ਉਹ ਸਰਕਾਰੀ ਭੰਡਾਰ ਵਿਚੋਂ ਅਨਾਜ ਮੁਫਤ ਵਿਚ ਲਿਜਾ ਸਕਦੈ।ਇੱਕ ਅੱਸੀ ਸਾਲ ਦੇ ਬੁੱਢੜੇ ਮੋਚੀ ਦੇ ਤੋਤਲੀ ਬੋਲੀ ਬੋਲਣ ਵਾਲੇ ਪੋਤਰੇ ਨੇ ਜਦੋਂ ਢੰਡੋਰਾ ਦੇਣ ਵਾਲੇ ਦੀ ਸਰਕਾਰੀ ਭੰਡਾਰੇ ਵਿਚੋਂ ਅਨਾਜ ਮੁਫਤ ਲਿਜਾਉਂਣ ਵਾਲੀ ਗੱਲ ਸੁਣ ਕੇ ਆਪਣੇ ਬਾਬੇ ਨੂੰ ਤੋਤਲੀ ਬੋਲੀ ਵਿਚ ਦੱਸੀ ਕਿ:-
"ਬਾਦਾ ਦੀ ਇੱਤ ਥਰਕਾਰੀ ਧਾਈ ਥੋਥਾ ਦੰਦਾ ਥੀ, ਥਰਕਾਰੀ ਧੰਦਾਰੇ ਟੋਂ ਥਬ ਦਾਣੇ ਲੇ ਓ, ਜਿੰਗੇ ਤੋਈ ਵੀ ਟੁੱਕ ਥਕਦਾ ਉੱਨੇ ਈ ਓ ਲੈ ਜਾਵੇ,ਉੱਥੇ ਕੋਈ ਘਾਤਾ ਨੀ ਥਬ ਬੇਪ੍ਰਵਾਹੀ ਏ"
ਬੁੱਢੜੇ ਬਾਬੇ ਨੇ ਜਦੋਂ ਆਪਣੇ ਇਆਣੇ ਬਾਲ ਪੋਤਰੇ ਦੀ ਗੱਲ ਸੁਣੀ ਬਹੁਤ ਖੁਸ਼ ਹੋਇਆ ਪਰ! ਦੂਜੇ ਹੀ ਪਲ਼ ਨਿਰਾਸ ਹੋ ਕੇ ਸੋਚੀਂ ਪੈ ਗਿਆ।ਆਪਣੇ ਪੋਤਰੇ ਨੂੰ ਕਹਿਣ ਲੱਗਾ ਪੁੱਤਰਾ ਮੈਂ ਡੰਗੋਰੀ ਨਾਲ ਟੁਰਨ ਵਾਲਾ ਅੱਸੀਂ ਸਾਲਾ ਬਜੁਰਗ ਬੁੱਢਾ ਹਾਂ 'ਤੇ ਤੂੰ ਬਾਲ  ਇਆਣਾ ਏਂ 'ਤੇ ਬਹੁਤ ਹੀ ਛੋਟਾ ਜਿਹਾ ਬੱਚਾ ਏਂ,ਅਸੀਂ ਦਾਣਿਆਂ ਦੀ ਪੰਡ ਕਿਵੇਂ ਚੁੱਕਾਗੇ।ਪਰ ਪੋਤਰਾ ਉਸ ਦੀ ਡੰਗੋਰੀ ਫੜ ਕੇ ਅੱਗੇ ਹੋ ਗਿਆ 'ਤੇ ਬਾਬਾ ਪਿੱਛੇ-ਪਿੱਛੇ।ਸਰਕਾਰੀ ਭੰਡਾਰੇ ਪਹੁੰਚ ਕੇ ਬਾਬੇ ਨੇ ਖੇਸ ਵਿਛਾ ਕੇ ਦਾਣਿਆਂ ਦੀ ਭਾਰੀ ਪੰਡ ਪਾ ਲਈ।ਉਹ ਪੰਡ ਬਾਬੇ ਤੋਂ ਚੁੱਕੀ ਨਹੀਂ ਸੀ ਜਾਂਦੀ, ਪੋਤਰਾ ਵੀ ਬਹੁਤ ਨਿਆਣਾ ਬਾਲ ਸੀ।ਉੱਥੇ ਕੁਦਰਤੀ ਹੀ ਭੇਸ ਬਦਲ ਕੇ ਪਰਜਾ ਦੀਆਂ ਦੁੱਖ-ਤਕਲੀਫਾਂ ਸੁਨਣ ਅਤੇ ਵੇਖਣ ਲਈ ਸ਼ੇਰੇ ਪੰਜਾਬ ਘੁੰਮਦੇ ਹੋਏ ਆਣ ਪਹੁੰਚੇ।ਨਿਰਾਸ ਹੋਏ ਬਾਬੇ ਦੀ ਲਚਾਰਗੀ ਸਮਝਦੇ ਹੋਇਆਂ ਜਦੋਂ ਬਦਲੇ ਹੋਏ ਭੇਸ ਵਿਚ ਸ਼ੇਰੇ ਪੰਜਾਬ ਨੇ ਬਾਬੇ ਨੂੰ ਪੁੱਛਿਆ ਕੀ ਗੱਲ ਬਾਬਾ ਜੀ ਤੁਹਾਨੂੰ ਕਿਸੇ ਮਦਤ ਦੀ ਲੋੜ ਹੈ? ੳਨ੍ਹਾਂ ਦੀ ਇਹ ਗੱਲ ਸੁਣ ਬਾਬੇ ਨੇ ਕਿਹਾ ਜਵਾਨਾ ਮੈਂ ਅੱਸੀ ਸਾਲ ਦਾ ਸਿਆਣਾ ਬਜੁਰਗ ਹਾਂ ਇਸ ਛੋਟੇ ਜਹੇ ਬੱਚੇ ਪਿੱਛੇ ਲੱਗ ਕੇ ਮੈਂ ਲਾਲਚ ਕਰ ਕੇ ਭਾਰੀ ਪੰਡ ਪਾ ਲਈ ਹੈ।ਸਾਡੇ ਦੋਵਾਂ ਤੋਂ ਬਹੁਤ ਭਾਰੀ ਹੈ ਚੁੱਕੀ ਨਹੀਂ ਜਾਂਦੀ।ਉਸ ਵੇਲੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਉਹ ਉਸ ਬਾਬੇ ਦੀ ਭਾਰੀ ਪੰਡ ਆਪਣੇ ਸਿਰ 'ਤੇ ਚੁੱਕ ਲਈ 'ਤੇ ਉਸ ਬਾਬੇ ਦੇ ਘਰ ਜਾ ਛੱਡੀ।ਜਦੋਂ ਸ਼ੇਰੇ ਪੰਜਾਬ ਦਾਣਿਆਂ ਦੀ ਪੰਡ ਬਾਬੇ ਦੇ ਘਰ ਲਾਹ ਕੇ ਵਾਪਿਸ ਮੁੜਨ ਲੱਗੇ।ਬਾਬੇ ਨੇ ਕਿਹਾ ਸਰਦਾਰਾ ਕੀ ਨਾ ਹੈ ਤੇਰਾ 'ਤੇ ਤੂੰ ਕੌਣ ਏ ਸਾਡਾ ਰਾਜਾ ਰਣਜੀਤ ਸਿੰਘ ਬਹੁਤ ਹੀ ਧਰਮਾਤਮਾ ਪੁਰਸ਼ ਹੈ, ਬਹੁਤ ਹੀ ਪਰਜਾ ਦੀ ਭਲਾਈ ਕਰਨ ਵਾਲਾ ਏ।ਮੈਂ ਉਨ੍ਹਾਂ ਨੂੰ ਤੇਰੇ ਵਾਰੇ ਦਸਾਂਗਾ ਕਿ ਤੇਰੇ ਰਾਜ ਵਿਚ ਸਾਡੇ ਬੇਵਸ ਲਾਚਾਰ ਗਰੀਬਾਂ 'ਤੇ ਤਰਸ ਕਰਕੇ ਇਸ ਨੇ ਸਾਡੀ ਮਦਤ ਕੀਤੀ ਹੈ।ਸ਼ੇਰੇ ਪੰਜਾਬ ਨੇ ਕਿਹਾ ਬਾਬਾ ਜੀ ਮੈਂ ਪੰਜਾਬ ਦਾ ਮਹਾਰਾਜਾ ਹਾਂ ਮੇਰਾ ਨਾ ਰਣਜੀਤ ਸਿੰਘ ਹੈ।ਮੈਂ ਲੋਕਾਂ ਦਾ ਸੇਵਕ ਹਾਂ ਮੈਂ ਆਪਣੀ ਪਰਜਾ ਦਾ ਕੂਕਰ ਹਾਂ, ਨੇਕੀ ਕਰਨਾ ਮੇਰਾ ਧਰਮ 'ਤੇ ਫਰਜ ਏ, ਮੈਂ ਤੇਰੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ।ਮੈਂ ਤਾਂ ਆਪਣੇ ਫਰਜ ਨੂੰ ਹੀ ਨਿਭਾਇਆ ਹੈ।
ਬਾਦਲ ਸਾਹਿਬ ਤੁਸੀਂ ਵੀ ਇਹੋ ਜਿਹਾ ਰਾਜ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਵਾਇਦਾ ਕੀਤਾ ਸੀ।ਅਸਲ ਵਿਚ ਕਿਸੇ ਦੇਸ਼ ਕਿਸੇ ਰਾਜ ਕਿਸੇ ਹੋਰ ਵੀ ਖੇਤਰ ਦੇ ਪ੍ਰਸ਼ਾਸ਼ਕਾਂ ਦੇ ਫਰਜ਼ ਵੀ ਇਹੋ ਜਹੇ ਹੀ ਹੋਣੇ ਚਾਹੀਦੇ ਹਨ।ਤੁਸੀਂ ਕਿਹਾ ਸੀ ਕਿ ਅਸੀਂ ਪੰਜਾਬ 'ਚ ਰਾਮ ਰਾਜ ਸਥਾਪਿਤ ਕਰਾਂਗੇ 'ਤੇ ਪੰਜਾਬ ਨੂੰ ਕੈਲੋਫੋਰਨੀਆਂ ਵਰਗਾ ਬਣਾਵਾਂਗੇ।ਪੰਜਾਬ ਦੀ ਜਨਤਾ ਬੇਸਬਰੀ ਨਾਲ ਅੱਜ ਤੀਕ ਤੁਹਾਡੀਆਂ ਕਹੀਆਂ ਗੱਲਾਂ ਦਾ ਇੰਤਜਾਰ ਕਰਦੀ ਰਹੀ ਹੈ ਕਿ ਕਦੋਂ ਸਾਨੂੰ ਰਾਮ ਰਾਜ ਅਤੇ ਸ਼ੇਰੇ ਪੰਜਾਬ ਵਰਗਾ ਇਨਸਾਫ ਦੇਣ ਵਾਲਾ ਰਾਜ ਮਿਲੇ।ਬਾਦਲ ਸਾਹਿਬ ਬਿਨਾ ਸ਼ੱਕ ਤੁਸੀਂ ਪੰਜਾਬ ਦੇ ਮੁਲਾਜਮਾਂ, ਪੰਜਾਬ ਦੇ ਕਿਸਾਨਾਂ ਲਈ ਅਤੇ ਪੰਜਾਬ ਦੇ ਮਜਦੂਰਾਂ ਲਈ ਬਹੁਤ ਵੱਧੀਆਂ ਸਹੂਲਤਾਂ 'ਤੇ ਪੇ ਸਕੇਲ ਦਿੱਤੇ।ਪਰ ਇਨ੍ਹਾਂ ਸਹੂਲਤਾਂ ਦੇ ਨਾਲ਼ ਬਹੁਤ ਸਾਰੀਆਂ ਬੇਲੋੜੀਆਂ ਸਹੂਲਤਾਂ ਵੀ ਦੇ ਹੋ ਗਈਆਂ ਜਿਨ੍ਹਾਂ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਢਾਹ ਲੱਗ ਰਹੀ ਹੈ।ਵੋਟਰਾਂ ਨੂੰ ਭਰਮਾਉਂਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੇਲੋੜੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ,ਜਿਨ੍ਹਾਂ ਦਾ ਕੋਈ ਵੀ ਮਤਲਵ ਨਹੀਂ ਹੈ ਜਿਨ੍ਹਾਂ ਦਾ ਕਦੇ ਵੀ ਸਰਕਾਰ ਨੂੰ ਅਤੇ ਪਾਰਟੀ ਨੂੰ ਲਾਭ ਨਹੀਂ ਹੋਇਆ।ਸਗੋਂ ਇਹ ਸਹੂਲਤਾਂ ਹੁਣ ਗਲੇ ਦੀ ਹੱਡੀ ਬਣ ਸਰਕਾਰ ਦਾ ਸਾਹ ਬੰਦ ਕਰ ਰਹੀਆਂ ਹਨ।ਜਿਨ੍ਹਾਂ ਕਰਕੇ ਪੰਜਾਬ ਸਰਕਾਰ ਦੀ ਆਰਥਿਕਤਾ ਦਾ ਤਾਣਾ ਬਾਣਾ ਉਲਝ ਗਿਆ ਹੈ।ਸਰਕਾਰਾਂ ਨੂੰ ਲੋਕ ਭਲਾਈ ਵਾਲੇ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਸਰਕਾਰ ਦੀ ਆਰਥਿਕਤਾ ਕਦੇ ਵੀ ਡਗਮਗਾਏ ਨਾ 'ਤੇ ਆਰਥਿਕਤਾ ਤੇ ਕੋਈ ਮਾਰੂ ਅਸਰ ਨਾ ਪਏ।ਜਿਸ ਨਾਲ ਸਾਰੀ ਪਰਜਾ ਨੂੰ ਲਾਭ ਹੋਵੇ।ਜਿਸ ਨਾਲ ਕਦੇ ਵੀ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਪਾਸ ਜਾ ਕੇ ਲੇਲੜੀਆਂ ਕੱਢ ਕੇ ਆਪਣੀ ਝੋਲੀ ਨਾ ਅੱਡਣੀ ਪਏ।ਸਰਕਾਰੀ ਤਾਣਾ ਬਾਣਾ ਆਮ ਲੋਕਾਂ ਨਾਲ ਵੱਧੀਆ ਵਰਤਾਓ ਕਰੇ।ਆਮ ਜਨਤਾ ਦੀਆਂ ਰੋਜਮਰਾ ਦੀਆਂ ਜਰੂਰਤਾਂ ਬੜੀ ਅਸਾਨੀ ਨਾਲ ਪੂਰੀਆਂ ਹੁੰਦੀਆਂ ਰਹਿਣ।ਸ਼ਹਿਰਾਂ ਸਮੇਤ ਪਿੰਡਾਂ ਦੀ ਨੁਹਾਰ ਬਦਲਣ ਲਈ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣੀਆਂ ਹੋਣਗੀਆਂ।ਜਿਨ੍ਹਾਂ 'ਚ ਮੁੱਖ ਤੌਰ 'ਤੇ ਆਮ ਜਨਤਾ ਲਈ ਮੁਫਤ ਤੇ ਵੱਧੀਆ ਸਿਹਤ ਸਹੂਲਤਾਂ,ਨੈਤਿਕਤਾ ਭਰਪੂਰ ਸਰਵਪੱਖੀ ਵਿਕਾਸ ਵਾਲੀ ਸਿੱਖਿਆ, ਇੱਕ ਦੂਜੇ ਥਾਵੇਂ ਜਾਣ ਲਈ ਆਵਾਜਾਈ ਦੇ ਵੱਧੀਆ ਸਾਧਨਾਂ ਤੋਂ ਇਲਾਵਾ ਵੱਧੀਆ ਸੜਕਾਂ 'ਤੇ ਰਸਤਿਆਂ ਦੀ ਵੀ ਅੱਤੀ ਲੋੜ ਹੈ।ਪਿੰਡਾਂ ਦੀਆਂ ਲਿੰਕ ਸੜਕਾਂ ਦਾ ਬੁਰਾ ਹਾਲ ਹੈ,ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੈ।ਗਲੀਆਂ ਨਾਲੀਆਂ ਸੜਕਾਂ 'ਤੇ ਗੰਦਾ ਪਾਣੀ ਖੜਾ ਰਹਿਣ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ।
ਅੱਜ ਲੋੜ ਹੈ ਧਰਤੀ ਦੇ ਹੇਠਾਂ ਅੰਡਰ ਗਰਾਉਂਡ ਪਾਈਪਾਂ ਵਾਲੀਆਂ ਸੀਵਰੇਜਾਂ ਪਾਕੇ ਗੰਦੇ ਪਾਣੀਆਂ ਦੀ ਸਮਸਿਆ ਦਾ ਪੱਕਾ ਹੱਲ ਕੀਤਾ ਜਾਵੇ।ਲੋੜ ਹੈ ਪਿੰਡਾਂ ਨੂੰ ਵੀ ਸ਼ਹਿਰਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਵੱਧੀਆ ਸਹੂਲਤਾਂ ਦਿੱਤੀਆਂ ਜਾਣ।ਸਰਕਾਰਾਂ ਨੂੰ ਲੋਕਾਂ ਅਨੁਸਾਰ ਚੱਲਣ ਲਈ ਨਵੀਆਂ ਸੇਧਾਂ 'ਤੇ ਨਵੇਂ ਰਾਵਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਲੱਭਣਾ 'ਤੇ ਤਲਾਸ਼ ਕਰ ਕੇ ਅਪਨਾਉਂਣਾ ਹੁੰਦੈ।ਜਦੋਂ ਪੁਰਾਣੇ ਰਸਤਿਆਂ 'ਤੇ ਤੁਰਦਿਆਂ ਹੋਇਆਂ ਲਗਦੈ ਕਿ ਹੁਣ ਇਸ ਰਸਤੇ 'ਤੇ ਚਲਦੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ।ਉਸੇ ਵੇਲੇ ਆਪਣੇ ਰਸਤਿਆਂ ਨੂੰ ਤੁੰਰਤ ਬਦਲ ਲੈਣਾ ਚਾਹੀਦੈ।ਆਪਣੇ ਧੁਰ ਅੰਦਰ ਤੱਕ ਝਾਤੀ ਮਾਰਦਿਆਂ ਹੋਇਆਂ ਆਪਣੇ ਸਕੇ ਸੰਬਧੀਆਂ ਦਾ ਮੋਹ ਵੀ ਤਿਆਗ ਕੇ ਪਰਾਂਹ ਵਗਾਹ ਮਾਰਨਾ ਚਾਹੀਦੈ।ਅੱਜ ਦਿਲ ਨੂੰ ਕਰੜਾ ਕਰਕੇ ਬਹੁਤ ਸੱਖਤ ਫੈਸਲੇ ਲੈਣ ਦੀ ਅੱਤੀ ਲੋੜ ਹੈ।ਬਾਦਲ ਸਾਹਿਬ ਪੰਜਾਬ ਦੀ ਜਨਤਾ ਨੂੰ ਆਪ ਜੀ ਪਾਸੋਂ ਬਹੁਤ ਆਸਾਂ ਉਮੀਦਾਂ ਸਨ।ਤੁਸਾਂ ਉਨ੍ਹਾਂ ਨੂੰ ਰਾਮ ਰਾਜ 'ਤੇ ਸ਼ੇਰੇ ਪੰਜਾਬ ਵਰਗਾ ਰਾਜ ਦੇਣ ਦੇ ਵਾਅਦੇ ਕਰਦਿਆਂ ਕਿਹਾ ਸੀ ਕਿ ਮੈਂ ਅਤੇ ਮੇਰੇ ਵਜ਼ੀਰ ਪੰਜਾਬ ਦੇ ਸਰਕਾਰੀ ਖਜ਼ਾਨੇ ਵਿਚੋਂ ਮਹਿਨਤਾਨੇ ਵਜੋਂ ਕੋਈ ਤਨਖਾਹ ਨਹੀਂ ਲੈਣਗੇ ਸਿਰਫ ਇੱਕ ਰੁਪਿਆ ਹੀ ਤਨਖਾਹ ਵਜੋਂ ਵਸੂਲ ਕਰਨਗੇ।ਤੁਸਾਂ ਕਿਹਾ ਸੀ ਅਸੀਂ ਪਰਜਾ ਦੇ ਸੇਵਕ ਬਣ ਕੇ ਵਿਚਰਦੇ ਰਵਾਂਗੇ।ਪਰ ਅੱਜ ਹਾਲਾਤ ਬਿਲਕੁੱਲ ਉੱਲਟ ਹੋ ਗਏ ਹਨ।ਪਾਰਟੀ ਰੂਪੀ ਮਿਸ਼ਨਰੀ ਨੂੰ ਪੂਰੀ ਤਰ੍ਹਾਂ ਜੰਗਾਲ ਲੱਗ ਗਿਆ ਹੈ।ਇਸ ਨੂੰ ਠੀਕ ਢੰਗ ਨਾਲ ਚਲਦਾ ਰੱਖਣ ਲਈ ਹੁਣ ਓਵਰ ਹਾਲਿੰਗ ਹੋਣੀ ਚਾਹੀਦੀ ਹੈ।ਆਮ ਜਨਤਾ ਆਪਣੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਕਰਨ ਲਈ ਖਜੱਲ-ਖੁਆਰ ਹੋ ਰਹੀ ਹੈ।ਲੋਕਾਂ ਨੂੰ ਆਪਣੇ ਰੈਣ ਬਸੇਰੇ ਤੱਕ ਦੀਆਂ ਉਸਾਰੀਆਂ ਕਰਨ ਲਈ ਰੇਤਾ ਬਜਰੀ ਸੀਮਿੰਟ ਪ੍ਰਾਪਤ ਕਰਨ ਲਈ ਵੀ ਸ਼ਰੇਆਮ ਰਿਸ਼ਵਤ ਦੇਣੀ ਪੈ ਰਹੀ ਹੈ।
(ਅਗੇ ਚਲਦਾ ਹੈ}
"ਗੁਆਚ ਗਿਐ ਮੌਕਾ ਕਦੇ ਹੱਥ ਨਹੀਂ ਆਉਂਦੈ...!" - "ਸਿਡਨੀ ਤੋਂ ਮਨਮੋਹਨ ਸਿੰਘ ਖੇਲਾ"
ਨੋਟ:-(ਤੀਜੀ 'ਤੇ ਆਖਰੀ ਕਿਸ਼ਤ, ਲੜੀ ਜੋੜਨ ਲਈ ਪਹਿਲੀ ਅਤੇ ਦੂਜੀ ਕਿਸ਼ਤ ਪੜ੍ਹੋ)
ਭ੍ਰਿਸ਼ਟਾਚਾਰ ਰਾਜ ਵਿਚ ਪੂਰੀ ਤਰ੍ਹਾਂ ਲੱਤਾ ਪਸਾਰ ਚੁੱਕੈ ਇਸ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇ।ਬਹੁਤ ਸਾਰੇ ਅਪਰਾਧ ਕਰਨ ਵਾਲੇ ਪੇਸ਼ੇਵਰ ਅਪਰਾਧੀ ਲੋਕੀਂ ਅਤੇ ਸਰਕਾਰੀ ਜਾਂ ਗੈਰ ਸਰਕਾਰੀ ਮੁਲਾਜਮ ਆਪਣੇ ਦਫਤਰਾਂ ਵਿਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਬਰਖਾਸਤ ਕੀਤੇ ਜਾਂਦੇ ਹਨ।ਪਰ ਉਹ ਆਪਣੇ ਸਿਆਸੀ ਅਸਰ ਰਸ਼ੂਖ ਵਰਤ ਕੇ ਬਹਾਲ ਹੋ ਜਾਂਦੇ ਹਨ ਜਾਂ ਉਹ ਦੇਸ਼ ਦੇ ਦੂਜੇ ਰਾਜਾਂ ਵੱਲ ਨੂੰ ਜਾਂ ਵਿਦੇਸ਼ਾਂ ਵੱਲ ਨੂੰ ਭੱਜ ਜਾਂਦੇ ਹਨ।ਦੂਜੇ ਰਾਜਾਂ 'ਤੇ ਵਿਦੇਸ਼ਾਂ ਵਿਚ ਸੈੱਟ ਹੋਣ ਲਈ ਪੁਲੀਸ ਕਲੀਅਰਿਨਸ ਵਗੈਰਾ ਦੀ ਲੋੜ ਹੁੰਦੀ ਹੈ।ਪੰਜਾਬ ਦੇ ਵਿਭਾਗੀ ਸਿਸਟਮ ਵਿਚ ਦੋਸ਼ੀਆਂ ਖਿਲਾਫ ਕਨੂੰਨੀ ਸਜਾ ਸਬੰਧੀ ਸਿਸਟਮ ਵਿਚ ਲਿੰਕ ਨਾ ਹੋਣ ਕਰਕੇ ਇਹ ਭ੍ਰਿਸ਼ਟ ਅਪਰਾਧੀ ਕਿਸਮ ਦੇ ਲੋਕ ਪੁਲੀਸ ਵਿਭਾਗ ਤੋਂ ਬੜੀ ਅਸਾਨੀ ਨਾਲ ਪੁਲੀਸ ਕਲੀਅਰਿਨਸ ਪ੍ਰਾਪਤ ਕਰ ਲੈਂਦੇ ਹਨ।ਸੋ ਅੱਜ ਲੋੜ ਹੈ ਹਰ ਦੋਸ਼ੀ ਸਬੰਧੀ ਕਾਰਵਾਈ ਹਰ ਵਿਭਾਗ ਦੇ ਸਿਸਟਮ ਵਿਚ ਦਰਜ ਕੀਤੀ ਜਾਵੇ।ਜਿਸ ਨਾਲ ਦੋਸ਼ੀ ਸਿਸਟਮ ਦੀ ਕਮਜੋਰੀ ਦਾ ਅਤੇ ਸਿਆਸੀ ਤਾਣੇ ਬਾਣੇ ਦਾ ਲਾਭ ਨਾ ਲੈ ਸਕਣ।
ਜੇ ਲੋਕਾਂ ਦੀ ਇੱਜਤ 'ਤੇ ਜਾਨ ਮਾਲ ਦੀ ਰੱਖਿਆ ਕਰਨ ਵਾਲੇ ਇੱਕ ਪੁਲੀਸ ਅਫਸਰ ਨੂੰ ਵੀ ਆਪਣੀ ਲੜਕੀ ਦੀ ਇੱਜਤ ਬਚਾਉਂਣ ਖਾਤਰ ਸ਼ਾਸ਼ਕ ਪਾਰਟੀ ਦੇ ਵਰਕਰਾਂ ਦੇ ਠੁੱਡੇ ਖਾਣੇ ਪੈਣ 'ਤੇ ਗੋਲੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਦੀ ਬਲੀ ਦੇਣੀ ਪਏ।'ਤੇ ਸਰਕਾਰ ਵਲੋਂ ਕੋਈ ਵੀ ਪੁੱਖਤਾ ਕਦਮ ਨਾ ਚੁੱਕਿਆ ਜਾਵੇ।ਇਹ ਕਿਥੋਂ ਦਾ ਰਾਮ ਰਾਜ ਅਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਏ।ਬਾਦਲ ਸਾਹਿਬ ਪਰਜਾ ਨੂੰ ਵੱਧੀਆ ਰਾਜ ਦੇਣ ਖਾਤਰ ਅਤੇ ਪਰਜਾ ਦੀ ਖੁਸ਼ੀ ਖਾਤਰ ਓਲਾਦ ਦਾ ਮੋਹ ਵੀ ਤਿਆਗਣਾ ਪੈਂਦੈ।ਜੇ ਤੁਸੀਂ ਪਾਰਟੀ ਦਾ ਭਲਾ ਚਾਹੁੰਦੇ ਹੋ 'ਤੇ ਚਾਹੁੰਦੇ ਹੋ ਕਿ ਅਕਾਲੀ ਪਾਰਟੀ ਸਦਾ ਸਤਾ ਵਿਚ ਰਵੇ।ਪਾਰਟੀ ਦਾ ਆਤਮ ਮੰਥਨ ਅਥਵਾ ਮੰਚਨ ਕਰੋ ਉਹ ਕਾਰਨ ਲੱਭੋ ਜਿਨ੍ਹਾਂ ਕਾਰਨਾ ਕਰਕੇ ਪਾਰਲੀਮੈਂਟ ਚੋਣਾਂ ਵਿਚ ਲੋਕ ਆਮ ਮੁਹਾਰੇ ਪਾਰਟੀ ਖਿਲਾਫ ਬੋਲ ਰਹੇ ਸਨ।ਕੁੱਝ ਕੁ ਕਾਰਨਾ ਕਰਕੇ ਪਾਰਟੀ ਪ੍ਰਤੀ ਲੋਕਾਂ ਵਿਚ ਗੁੱਸੇ ਦੀ ਲਹਿਰ ਨੇ ਜੋਰ ਫੜ੍ਹ ਲਿਆ ਹੋਇਐ।ਲੋਕਾਂ ਦੇ ਗੁੱਸੇ ਸਬੰਧੀ ਮਿਸਾਲ ਸਾਹਮਣੇ ਹੈ ਕਿ ਹੁਣੇ ਐਤਕੀਂ ਹੀ ਹੋਂਦ 'ਚ ਆਈ ਨਵੀਂ ਪਾਰਟੀ ਜਿਸ ਨੂੰ ਬਾਕੀ ਹਿੰਦੋਸਤਾਨ ਵਿਚ ਲੋਕਾਂ ਨੇ ਨਕਾਰ ਦਿੱਤਾ ਹੈ।ਪਰ ਪੰਜਾਬ ਵਿਚ ਉਨ੍ਹਾਂ ਵਲੋਂ ਪਹਿਲੀ ਵਾਰ ਹੀ ਚਾਰ ਸੀਟਾਂ ਜਿੱਤ ਜਾਣੀਆਂ ਅਤੇ ਉਨ੍ਹਾਂ ਦੇ ਮੁੱਖੀ ਵਲੋਂ ਪਹਿਲੀ ਕਤਾਰ ਦੇ ਲੀਡਰ ਨੂੰ ਬਹੁਤ ਜਿਆਦਾ ਵੋਟਾਂ ਦੇ ਫਰਕ ਨਾਲ ਹਰਾਉਂਣਾ ਅਕਾਲੀ ਪਾਰਟੀ ਲਈ ਬਹੁਤ ਵੱਡੀ ਚਣੌਤੀ ਹੈ।ਪਹਿਲੀ ਵੇਰ ਹੀ ਵੋਟ ਪ੍ਰਤੀਸ਼ਤ ਵਿਚ ਬਹੁਤ ਵੱਡਾ ਵਾਧਾ ਖਤਰੇ ਦੀ ਘੰਟੀ ਹੈ।ਬਾਦਲ ਸਾਹਿਬ ਤੁਹਾਡੀ ਸਾਈਕਲ ਰੂਪੀ ਪਾਰਟੀ ਨੂੰ ਹੁਣ ਜੰਗ ਲੱਗ ਗਿਆ ਹੈ।ਇਸ ਦੇ ਕੁੱਝ ਪੁਰਜੇ ਘਸ ਕੇ ਖਰਾਬ ਹੋ ਕੇ ਚੀਕੁ-ਚੀਕੁ ਕਰ ਰਹੇ ਹਨ, ਜਿਨ੍ਹਾਂ ਨੂੰ ਬਦਲਣ ਦੀ ਅੱਤੀ ਲੋੜ ਹੈ।ਇਸ ਦੇ ਫਰੇਮ, ਰਿਮਾਂ ਸਮੇਤ ਸਮੂਹ ਪੁਰਜਿਆਂ 'ਤੇ ਗਰੀਸ ਦੀ ਚਿਕਨਾਹਟ ਦੁਆਰਾ ਧੂੜ ਮਿੱਟੀ-ਘੱਟਾ ਬੁਰੀ ਤਰ੍ਹਾਂ ਜੰਮ ਗਿਆ ਹੈ।ਹੁਣ ਤਾਂ ਰੜੇ ਮੈਦਾਨ 'ਚ ਭੱਠੀ ਹੇਠ ਅੱਗ ਬਾਲ਼ ਕੇ ਉੱਤੇ ਵੱਡੀ ਕੜਾਹੀ ਧਰ ਪਾਣੀ 'ਚ ਕਾਸਟਕ ਸੋਡਾ ਪਾ ਕੇ ਧੋਣ ਲਈ ਉਬਾਲਾ ਦੇਣ ਬਾਅਦ ਸਾਈਕਲ ਰੂਪੀ ਪਾਰਟੀ ਦੀ ਓਵਰ ਹਾਲਿੰਗ ਕਰਨੀ ਪੈਣੀ ਹੈ।ਬਹੁਤ ਸਾਰੇ ਚੀਕੁ-ਚੀਕੁ ਕਰਨ ਵਾਲੇ ਖਰਾਬ ਹੋ ਚੁੱਕੇ ਪੁਰਜਿਆਂ ਨੂੰ ਬਦਲਣ ਦੀ ਅੱਤੀ ਲੋੜ ਹੈ।ਜਿਵੇਂ ਕਿ ਆਪ ਜੀ ਦੀ ਪਾਰਟੀ ਪੰਜ ਸਾਲ ਪੂਰੇ ਕਰਨ ਬਾਅਦ ਦੂਜੀ ਵਾਰ ਪੰਜਾਬ ਦੀ ਵਾਗ-ਡੋਰ ਸੰਭਾਲੀ ਬੈਠੀ ਹੈ।ਏਨੇ ਵੱਡੇ ਅਰਸੇ ਵਿਚ ਜਨਤਾ ਆਪ ਜੀ ਦੀ ਸਰਕਾਰ ਪਾਸੋਂ ਬਹੁਤ ਖੁਸ਼ ਹੋਣੀ ਚਾਹੀਦੀ ਸੀ।ਪਰ ਹਾਲਾਤ ਇੱਥੇ ਅੱਪੜ ਗਏ ਹਨ ਕਿ ਦੇਸ਼ ਦੀਆਂ ਲੋਕ ਸਭਾ ਚੋਣਾ ਵਿਚ ਕੋਮੀਂ ਪੱਧਰ 'ਤੇ ਇੱਕ ਨਵੀਂ ਉਸਰ ਰਹੀ ਪਾਰਟੀ ਨੂੰ ਬਾਕੀ ਸਾਰੇ ਦੇਸ਼ ਵਿਚ ਲੋਕਾਂ ਨੇ ਨਕਾਰ ਦਿੱਤਾ ਹੈ।ਪਰ ਪੰਜਾਬ ਵਿਚ ਉਹ ਤੁਹਾਡੇ ਬਰਾਬਰ ਚਾਰ ਸੀਟਾਂ ਲੈ ਗਈ ਹੈ ਉਸ ਦਾ ਮੁੱਖੀ ਪੰਜਾਬ ਵਿਚ ਸੱਭ ਤੋਂ ਵੱਧ ਵੋਟਾਂ ਲੈ ਗਿਆ ਹੈ, ਜਿਹੜਾ ਕਿ ਤੁਹਾਡੇ ਲਈ ਖਤਰੇ ਦੀ ਦਸਤਕ ਹੈ।ਬਾਦਲ ਸਾਹਿਬ ਜੇ ਸੰਭਲ ਸਕਦੇ ਹੋ ਤਾਂ ਛੇਤੀਂ ਸੰਭਲ ਜਾਓ, ਵਰਨਾ ਹਾਲਾਤ ਏਥੇ ਅਪੜ ਗਏ ਹਨ ਕਿ ਆਪ ਜੀ ਦੀ ਪਾਰਟੀ ਫਿਰ ਕਦੇ ਵੀ ਸਤਾ ਹਾਸਲ ਨਹੀਂ ਕਰ ਸਕੇਗੀ।ਵੋਟਰਾਂ ਨੂੰ ਭਰਮਾਉਂਣ ਵਾਲੀਆਂ ਫਜੂਲ ਵਾਲੀਆਂ ਸਾਰੀਆਂ ਸਕੀਮਾ ਬੰਦ ਕਰ ਦਿੱਤੀਆਂ ਜਾਣ।ਸਿਰਫ ਲੋਕ ਭਲਾਈ ਸਕੀਮਾਂ ਨੂੰ ਹੀ ਚਲਦੇ ਰੱਖਿਆ ਜਾਵੇ।
ਸਰਕਾਰਾਂ ਨੂੰ ਚਲਾਉਂਣ ਲਈ ਸਰਕਾਰੀ ਖਜ਼ਾਨੇ ਵਿਚ ਪੈਸੇ ਦੀ ਲੋੜ ਹੁੰਦੀ ਹੈ।ਸਰਕਾਰੀ ਖਜ਼ਾਨੇ ਵਿਚ ਪੈਸੇ ਆਉਂਣ ਲਈ ਹਰ ਨਾਗਰਿਕ ਨੂੰ ਆਪਣੀ ਆਮਦਨ ਮੁਤਾਬਕ ਟੈਕਸ ਅਦਾ ਕਰਨਾ ਚਾਹੀਦੈ।ਸਿਸਟਮ ਨੂੰ ਇਹੋ ਜਿਹਾ ਬਣਾਇਆ ਜਾਵੇ।ਜਿਸ ਨਾਲ ਹਰ ਨਾਗਰਿਕ ਟੈਕਸ ਅਦਾ ਕਰੇ।ਉਹ ਟੈਕਸ ਲੋਕ ਭਲਾਈ ਸਕੀਮਾ ਲਈ ਹੀ ਵਰਤਿਆ ਜਾਵੇ।ਵਰਤਮਾਨ ਸਿਸਟਮ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਟੈਕਸ ਅਦਾ ਕਰਨਾ ਚਾਹੀਦਾ ਹੈ ਸਿਸਟਮ ਦੀਆਂ ਕਮਜੋਰ ਨੀਤੀਆਂ ਕਾਰਨ ਉਹ ਲੋਕੀਂ ਟੈਕਸ ਦੇਣ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਨ।ਟੈਕਸ ਸਿਰਫ ਮੁਲਾਜਮ ਹੀ ਅਦਾ ਕਰ ਰਹੇ ਹਨ।ਰਾਜ ਦੀ ਆਰਥਿਕ ਹਾਲਤ ਬਹਿਤਰ ਬਨਾਉਂਣ ਖਾਤਰ ਇਸ ਢਾਂਚੇ ਨੂੰ ਸੁਧਾਰਨ ਦੀ ਅੱਤੀ ਤੋਂ ਵੀ ਅੱਤੀ ਲੋੜ ਹੈ।ਆਉਂਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਵਿਰਸੇ 'ਤੇ ਸੱਭਿਆਚਾਰ ਨਾਲ ਜੋੜਨ ਲਈ ਵੱਧ ਤੋਂ ਵੱਧ ਧਾਰਮਿਕ ਅਤੇ ਇਤਹਾਸਿਕ ਯਾਦਗਾਰਾਂ ਸਮੇਤ ਲੋਕਾਂ ਦੇ ਮੰਨੋਰੰਜਨ ਲਈ ਹਰ ਸ਼ਹਿਰ ਲਾਗੇ ਪਿੰਡ ਸਥਾਪਿਤ ਕਰਨੇ ਚਾਹੀਦੇ ਹਨ।ਉਨ੍ਹਾਂ ਨੂੰ ਵੇਖਣ ਲਈ ਲੋਕਾਂ ਦੀ ਪਹੁੰਚ ਅਨੁਸਾਰ ਟਿਕਟ ਰੱਖੀ ਜਾਵੇ।ਜਿਸ ਨਾਲ ਸਰਕਾਰੀ ਖਜਾਨੇ ਵਿਚ ਪੈਸਾ ਆਵੇ।ਇਹੋ ਜਹੀਆਂ ਸਕੀਮਾਂ ਘੜੀਆਂ ਜਾਣ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਵੀ ਨਾ ਹੋਵੇ 'ਤੇ ਸਰਕਾਰੀ ਖਜਾਨੇ 'ਚ ਵੀ ਮਾਇਆ ਆਉਂਦੀ ਰਵੇ।ਹੁਣ ਤੁਸੀਂ ਚੰਦ ਤੱਕ ਪੱਕੀਆਂ ਸੜਕਾਂ ਬਨਾਉਂਣ ਦੇ ਸਪਨੇ ਲੈਣੇ ਬੰਦ ਕਰਕੇ ਧਰਤੀ ਉੱਤੇ ਪੰਜਾਬ ਰਾਜ ਦੀਆਂ ਟੁੱਟੀਆਂ ਲਿੰਕ ਸੜਕਾਂ ਦੀ ਹੀ ਮੁਰੰਮਤ ਕਰਵਾ ਦਿਓ।ਪਾਕਿਸਤਾਨ, ਅਫਗਾਨਿਸਤਾਨ ਨੂੰ ਵਾਧੂ ਬਿਜਲੀ ਵੇਚਣ ਦੇ ਸਪਨੇ ਲੈਣੇ ਵੀ ਛੱਡ ਕੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੂੰ ਦਿੱਤੀ ਜਾਂਦੀ ਫਰੀ ਦੀ ਬਿਜਲੀ ਬੰਦ ਕਰਕੇ ਲਗਾਤਾਰ ਬਿਜਲੀ ਦੇਣ ਦਾ ਪ੍ਰਬੰਧ ਕਰੋ।ਆਪਣੇ ਪੰਜਾਬ ਦੀ ਸਮੂਹ ਪਰਜਾ ਦੀ ਬਹਿਤਰੀ ਲਈ ਹੀ ਸੋਚੋ,ਸਰਕਾਰੀ ਤਾਣੇ-ਬਾਣੇ ਨੂੰ ਚੁਸਤ-ਫੁਰਤ ਲੋਕ ਹਤੈਸ਼ੀ ਬਨਾਉਂਣ ਵਾਰੇ ਕੰਮ ਕਰੋ।ਅੱਜ ਛੋਟੇ ਤੋਂ ਵੱਡੇ ਅਫਸਰ ਤੱਕ ਪੰਜਾਬ ਦਾ ਪ੍ਰਸ਼ਾਸ਼ਕੀ ਤਾਣਾ-ਬਾਣਾ ਉਲਝਿਆ ਪਿਆ ਹੈ।ਰਿਸ਼ਵਤ ਦਾ ਪੂਰਾ ਬੋਲਬਾਲਾ ਹੈ,ਆਮ ਆਦਮੀ ਬਹੁਤ ਤੰਗ ਹੈ ਉਹ ਸਰਕਾਰ ਨੂੰ ਗਾਲੀਆਂ ਦੇ ਰਿਹੈ।ਬਾਦਲ ਸਾਹਿਬ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਸ਼੍ਰੀ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਨੂੰ ਆਪਣਾ ਸਹਾਇਕ ਬਣਾ ਕੇ ਜੇ ਪੰਜਾਬ ਦਾ ਕੁੱਝ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਸ਼ਾਸ਼ਕ ਕਾਲ ਦੇ ਸਮੇਂ ਅੰਦਰ ਕਰ ਲਵੋ ਨਹੀਂ ਤਾਂ ਪਾਰਟੀ ਦੀ ਕਾਰਜੁਗਾਰੀ ਬਦਨਾਮੀ ਵੱਲ਼ ਜਾ ਰਹੀ ਹੈ।ਜਿਸ ਦੀ ਵਜ੍ਹਾ ਕਰਕੇ ਬਾਅਦ ਵਿਚ ਆਪ ਜੀ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦੈ।ਕ੍ਰਿਸ਼ਨ ਕੁਮਾਰ ਜੀ ਨੇ ਡੀ ਸੀ ਹੁੰਦਿਆਂ ਜਿਲ੍ਹੇ ਦੀ ਜਨਤਾ ਲਈ ਉਹ ਕੰਮ ਕੀਤੇ, ਜਿਨ੍ਹਾਂ ਨੂੰ ਜਨਤਾ ਕਦੇ ਵੀ ਭੁਲਾ ਨਹੀਂ ਸਕਦੀ।ਪੰਜਾਬ ਦੇ ਸਿਖਿਆ ਵਿਭਾਗ ਵਿਚ ਜੋ ਸੁਧਾਰ ਸੱਠ ਬਾਹਟ ਸਾਲ ਵਿਚ ਪੰਜਾਬ ਸਿਖਿਆ ਵਿਭਾਗ ਦੇ ਡਾਇਰੈਕਟਰ,ਜਿਲ੍ਹਾ ਸਿਖਿਆ ਮੁੱਖੀ ਅਤੇ ਹੋਰ ਬੇਅੰਤ ਸਰਕਾਰੀ ਅਫਸਰ ਕਰਨ ਤੋਂ ਅਸਮਰਥ ਰਹੇ।ਪਰ ਮਾਈ ਦੇ ਲਾਲ ਕ੍ਰਿਸ਼ਨ ਕੁਮਾਰ ਨੇ ਚਾਰਜ ਸੰਭਾਲਦਿਆਂ ਹੀ ਇੱਕ ਸਾਲ ਦੇ ਅੰਦਰ ਅੰਦਰ ਇੱਕਲੇ ਨੇ ਹੀ ਸਾਰੇ ਮਹਿਕਮੇ ਨੂੰ ਚੁਸਤ-ਫੁਰਤ ਕਰਕੇ ਪੰਜਾਬ ਦੀ ਜਨਤਾ ਨੂੰ ਹੈਰਾਨ ਕਰ ਦਿੱਤਾ।ਪਰ ਕੁੱਝ ਕੁ ਕਮਚੋਰ ਸਰਕਾਰੀ ਚਾਪਲੂਸ ਲੋਕਾਂ ਨੂੰ ਉਹ ਰਾਸ ਨਹੀਂ ਆਇਆ।ਇਸੇ ਤਰ੍ਹਾਂ ਹੀ ਉਸ ਨੇ ਸਿਹਤ ਵਿਗਾਗ ਵਿਚ ਵੀ ਸੁਧਾਰ ਕੀਤੇ ਪਰ ਉੱਥੇ ਵੀ ਨਾ ਕੰਮ ਕਰਨ ਵਾਲਿਆਂ ਸਰਕਾਰੀ ਚਾਪਲੂਸਾਂ ਨੇ ਉਸ ਨੂੰ ਟਿਕਣ ਨਹੀਂ ਦਿੱਤਾ ਜਦ ਕਿ ਆਮ ਜਨਤਾ ਦੇ 97-98% ਲੋਕੀ ਉਨ੍ਹਾਂ ਪਾਸੋਂ ਖੁਸ਼ ਸਨ।ਆਪਣੀ ਕਾਬਲੀਅਤ ਦੇ ਬਲਬੂਤੇ ਕ੍ਰਿਸ਼ਨ ਕੁਮਾਰ ਜੀ ਨੇ ਉਹ ਕੰਮ ਕੀਤੇ ਜਿਨ੍ਹਾਂ ਦੀਆਂ ਨਿਸ਼ਾਨੀਆਂ (ਸੁਵਿਧਾ ਕੇਂਦਰਾਂ) ਦੇ ਰੂਪ 'ਚ ਅੱਜ ਵੀ ਮੌਜੂਦ ਹਨ।ਬਾਦਲ ਸਾਹਿਬ ਕੁੱਝ ਕੁ ਖੁਸ਼ਾਮੰਦ ਲੋਕੀਂ ਜੇ ਨਰਾਜ਼ ਹੁੰਦੇ ਹਨ ਹੋ ਜਾਣ ਦਿਓ ਪੰਜਾਬ ਦੀ ਪਰਜਾ ਲਈ ਉਹ ਰਸਤੇ ਖੋਹਲ ਜਾਓ ਜਿਨ੍ਹਾਂ ਨੂੰ ਆਉਂਣ ਵਾਲੀਆਂ ਨਸਲਾ ਯਾਦ ਰੱਖਣ।ਪਰ ਇਹ ਕੰਮ ਬਹੁਤ ਹੀ ਕਠਨ 'ਤੇ ਔਖਾ ਹੈ, ਤੁਹਾਨੂੰ ਫੈਸਲੇ ਲੈਣ ਲੱਗਿਆਂ ਆਪਣਾ ਦਿਲ ਬਹੁਤ ਕਠੋਰ ਕਰਨਾ ਪਏਗਾ।ਜਿਸ ਲਈ ਤੁਹਾਨੂੰ ਆਪਣੀਆਂ ਰਿਸ਼ਤੇਦਾਰੀਆਂ ਦਾ ਮੋਹ ਵੀ ਤਿਆਗਣਾ ਹੋਏਗਾ।ਜੇ ਤੁਸੀਂ ਆਪਣਾ ਹਿਰਦਾ ਕਰੜਾ ਕਰ ਗਏ ਤਾਂ ਪਾਰਟੀ ਮੁੜ ਖੜ੍ਹੀ ਹੋ ਸਕਦੀ ਹੈ।ਜੇ ਤੁਸੀਂ ਇਵੇਂ ਕਰ ਗਏ ਫਿਰ ਤੁਸੀਂ ਇਸ ਅਗਨ ਪ੍ਰੀਖਿਆ 'ਚੋਂ ਪਾਸ ਹੋ ਜਾਓਗੇ ਵਰਨਾ ਹਾਲਾਤ ਕੋਈ ਵੱਧੀਆ ਸੰਕੇਤ ਨਹੀਂ ਦੇ ਰਹੇ ਸੱਭ ਖੇਰੂ-ਖੇਰੂ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ।
(ਸਮਾਪਤ)