''ਸਤਾ ਖਾਤਰ ਪੰਜਾਬੀਆਂ ਨੂੰ ਮੁਫਤਖੋਰ ਮੰਗਤੇ ਬਣਾ ਕੇ ਕੇਂਦਰ ਦੇ ਕਰਜੇ ਹੇਠ ਨਾ ਦਬਾਓ'' - ਮਨਮੋਹਨ ਸਿੰਘ ਖੇਲਾ ( ਸਿਡਨੀ ਤੋਂ )
ਸਿਰੜੀ ਅਤੇ ਸਖਤ ਮਹਿਨਤ ਕਰਨ ਵਾਲੇ ਸਾਰੇ ਵਰਗਾਂ ਦੇ ਪੰਜਾਬੀਆਂ ਤੋਂ ਸਿਆਸੀ ਪਾਰਟੀਆਂ ਵਲੋਂ ਵੋਟਾਂ ਵਟੋਰਨ ਅਤੇ ਸੱਤਾ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਇਦਿਆਂ ਰਾਹੀਂ ਫਰੀ ਵਾਲੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਕੇ ਮੰਗਤੇ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਿਰੀ ਕੋਸ਼ਿਸ਼ ਹੀ ਨਹੀਂ ਬਲਕਿ ਤਰ੍ਹਾਂ ਤਰ੍ਹਾਂ ਦੇ ਵਾਇਦੇ ਕਰਕੇ ਮੁਫਤ ਵਿੱਚ ਆਟਾ ਦਾਲ ਕਣਕ ਸਕੀਮ ਤੋਂ ਇਲਾਵਾ ਮੁਫਤ ਬਿਜਲੀ ਮੁਫਤ ਪਾਣੀ ਆਦਿ ਦੇ ਕੇ ਲੋਕਾਂ ਨੂੰ ਵਿਹਲੜ ਅਤੇ ਨਿਕੰਮੇ ਵੀ ਬਣਾਇਆ ਜਾ ਰਿਹੈ।ਇਸ ਤੋਂ ਬਿਨਾ ਸਿਆਸੀ ਲੋਕ ਇਹ ਵੀ ਚਾਹੁੰਦੇ ਹਨ ਕਿ ਪੰਜਾਬੀ ਹਰ ਤਰ੍ਹਾਂ ਨਾਲ ਸਰਕਾਰਾਂ 'ਤੇ ਹੀ ਨਿਰਭਰ ਹੋ ਜਾਣ।ਜਿਸ ਕਰਕੇ ਰੁਜਗਾਰ ਦੀ ਵੀ ਮੰਗ ਨਾ ਕਰ ਸਕਣ।ਜਦ ਕਿ ਚਾਹੀਦਾ ਸੀ ਲਗਾਤਾਰ ਬਿਜਲੀ ਦੇਣਾ ,ਵੱਧੀਆ ਸਿਹਤ 'ਤੇ ਵਿਦਿਆ ਸਹੂਲਤਾਂ ਦੇਣਾ ,ਰੁਜਗਾਰ ਦੇ ਸਾਧਨ ਉਪਲਭਧ ਕਰਨੇ,ਸਰਕਾਰੀ ਤੰਤਰ ਕੁਰੱਪਸ਼ਨ ਮੁਕਤ 'ਤੇ ਲੋਕ ਪੱਖੀ ਬਨਾਉਣਾ 'ਤੇ ਪਾਰਦਰਸ਼ੀ ਆਮਦਨ ਦੇ ਸਾਧਨ ਬਨਾਉਣੇ 'ਤੇ ਲੋਕ ਵਿਕਾਸ ਹਿੱਤਾਂ 'ਤੇ ਖਰਚ ਕਰਨਾ, ਆਮਦਨ ਦੇ ਸਾਧਨਾਂ ਨੂੰ ਮਜਬੂਤ ਕਰਨ ਲਈ ਹਰ ਇੱਕ ਤੋਂ ਟੈਕਸ ਵਸੂਲਣ ਦੇ ਸਰੋਤ ਪੈਦਾ ਕਰਨੇ ਜਰੂਰੀ ਹੋਣ।ਜਿਸ ਨਾਲ ਲੋਕ ਵਿਕਾਸ ਸਹੂਲਤਾਂ ਲਈ ਆਰਥਿਕ ਲੋੜ ਪੂਰੀ ਕਰਨ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦੱਬ ਹੋਣ ਲਈ ਲੇਲੜੀਆਂ ਨਾ ਕੱਢਣੀਆਂ ਪੈਣ।ਰਾਜ ਦੇ ਵਿਕਾਸ ਅਤੇ ਲੋਕ ਵਿਕਾਸ ਸਹੂਲਤਾਂ ਲਈ ਰਾਜ ਸਰਕਾਰ ਆਪਣੇ ਵਸੀਲਿਆਂ ਨਾਲ ਹੀ ਪ੍ਰਬੰਧ ਕਰ ਸਕਣ ਦੇ ਯੋਗ ਹੋ ਸਕੇ।ਇਸ ਤੋਂ ਇਲਾਵਾ ਰਾਜ ਵਿਧਾਨ ਸਭਾ ਸਮੇਤ ਲੋਕ ਸਭਾ ਮੈਬਰਾਂ ਦੀ ਟਰਮ ਖਤਮ ਹੋਣ ਬਾਅਦ ਪੈਂਨਸ਼ਨ ਲੈਣ ਦਾ ਹੱਕ ਇੱਕ ਵਾਰ ਹੀ ਦਿੱਤਾ ਜਾਵੇ,ਬਹੁਤੀ ਵਾਰ ਚੁਣ ਹੋ ਕੇ ਲੱਗੀ ਪੈਂਨਸ਼ਨ ਬੰਦ ਹੋਵੇ।
ਅਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬੇਸ਼ੱਕ ਪੰਜਾਬ ਵਿੱਚ ਵਿਦਿਆ ਹਰ ਇੱਕ ਲਈ ਲਾਜਮੀ ਨਹੀਂ ਸੀ।ਪੰਜਾਬ ਦੇ ਲੋਕੀਂ ਆਪਣੇ ਉਸ ਬੱਚੇ ਨੂੰ ਹੀ ਵਿਦਿਆ ਦੁਆਉਂਦੇ ਸਨ ਜਿਹੜਾ ਬੱਚਾ ਤੰਦਰੁਸਤ 'ਤੇ ਹੁਸ਼ਿਆਰ ਹੁੰਦਾ ਸੀ।ਬਾਕੀਆਂ ਤੋਂ ਘਰ ਦੇ ਹੋਰ ਕੰਮ ਕਰਵਾਏ ਜਾਂਦੇ ਸਨ।ਪੰਜਾਬ ਦੀ ਸਿਖਿਆ ਦਾ ਮਿਆਰ ਸਾਰੇ ਭਾਰਤ ਦੇਸ਼ ਤੋਂ ਉੱਚਾ ਸੀ।ਪੰਜਾਬ ਯੂਨੀਵਰਸਿਟੀ ਦਾ ਮਿਆਰ ਵੀ ਲੰਡਨ ਦੀ ਔਕਸ ਫੋਰਡ ਯੂਨੀਵਰਸਿਟੀ ਨਾਲੋਂ ਵੀ ਵੱਧੀਆ ਸੀ।ਇਸੇ ਤਰ੍ਹਾਂ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵਿਦਿਅਕ ਢਾਂਚਾ ਵੀ ਵਰਤਮਾਨ ਸਮੇਂ ਦੀਆਂ ਸਰਕਾਰਾਂ ਨਾਲੋਂ ਵੱਧੀਆਂ ਸੀ।ਭਾਵੇਂ ਉਸ ਵੇਲੇ ਸਕੂਲਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਗੁਰੂ ਘਰਾਂ, ਮੰਦਿਰਾਂ, ਮਸਜਿਦਾਂ,ਚਰਚਾਂ'ਤੇ ਗਿਰਜਾ ਘਰ ਆਦਿ ਵਿੱਚ ਸੱਭ ਨੂੰ ਹਰ ਤਰ੍ਹਾਂ ਦੀ ਵਿਦਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਵਾਲੀ ਵਿਦਿਆ ਵੀ ਦਿੱਤੀ ਜਾਂਦੀ ਸੀ।ਅੱਜ ਬੇਸ਼ੱਕ ਹਰ ਇੱਕ ਬੱਚੇ ਨੂੰ ਵਿਦਿਆ ਲਾਜਮੀ ਕਰਕੇ ਹਰ ਪਿੰਡ ਵਿੱਚ ਸਕੂਲ ਖੋਹਲ ਦਿੱਤੇ ਗਏ ਹਨ।ਇਨ੍ਹਾਂ ਹਰ ਪਿੰਡ ਵਿੱਚ ਖੁਲ਼ੇ ਸਕੂਲਾਂ ਵਿੱਚ ਇੱਕਲਾ ਇੱਕ ਅਧਿਆਪਕ ਹੈ ਕਈਆਂ ਵਿੱਚ ਇੱਕ ਵੀ ਨਹੀਂ ਹੈ।ਇੱਕਲਾ ਇੱਕ ਅਧਿਆਪਕ ਪੰਜ ਕਲਾਸਾਂ ਦੇ ਪੜ੍ਹਦੇ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜੀ, ਗਣਿਤ, ਸਮਾਜਿਕ ਸਿਖਿਆ, ਵਿਗਿਆਨ. ਕਲਾ ਅਤੇ ਸਰੀਰਕ ਸਿਖਿਆਂ ਆਦਿ ਵਰਗੇ ਬਹੁਤ ਸਾਰੇ ਵਿਸ਼ਿਆਂ ਦਾ ਗਿਆਨ ਇਕਲਾ ਕਿਵੇਂ ਦੇ ਸਕਦਾ ਹੈ ? ਜਦ ਕਿ ਇੱਕਲਾ ਅਧਿਆਪਕ ਤਾਂ ਵੱਖੋ-ਵੱਖਰੀਆਂ ਜਮਾਤਾਂ ਦੇ ਬੱਚਿਆਂ ਨੂੰ ਰੌਲ਼ਾ ਪਾਉਣੋਂ ਬੰਦ ਕਰਾਕੇ ਸਿਰਫ ਚੁੱਪ ਚਾਪ ਬਿਠਾ ਕੇ ਹੀ ਰੱਖ ਸਕਦਾ ਹੈ।ਨੈਤਿਕ ਸਿਖਿਆ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ।ਸਰਕਾਰਾਂ ਦੇ ਇਨ੍ਹਾਂ ਤਰ੍ਹਾਂ-ਤਰ੍ਹਾਂ ਦੇ ਕਦੇ ਹਰ ਇੱਕ ਨੂੰ ਲਾਜਮੀ ਸਿਖਿਆ ਕਦੇ ਪੜ੍ਹੋ ਪੰਜਾਬ ਕਦੇ ਕਿਸੇ ਨੂੰ ਫੇਲ਼ ਨਾ ਕਰਨਾ ਕਦੇ ਕੁੱਝ ਹੋਰ ਤੋਂ ਹੋਰ ਨਿੱਤ ਦੇ ਨਵੇਂ ਬਦਲਦੇ ਤਜਰਬਿਆਂ ਕਰਕੇ ਸਿਖਿਆਂ ਦਾ ਮਿਆਰ ਬਹੁਤ ਹੇਠਾਂ ਆਇਆ ਹੈ।ਜਦ ਕਿ ਇਸ ਦੇ ਉਲਟ ਸਕੂਲਾਂ ਦੀ ਗਿਣਤੀ ਬੇਸ਼ੱਕ ਘੱਟ ਹੁੰਦੀ ਦੋ-ਦੋ ਜਾਂ ਤਿੰਨਾਂ-ਤਿੰਨਾਂ ਪਿੰਡਾਂ ਦਾ ਭਾਵੇਂ ਇੱਕ ਹੀ ਸਕੂਲ ਹੁੰਦਾ ਪਰ ਅਧਿਆਪਕਾਂ ਦੀ ਗਿਣਤੀ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਵਧ ਕੇ ਹੋਣੀ ਚਾਹੀਦੀ ਸੀ।ਹਰ ਪਿੰਡ ਵਿੱਚ ਖੋਹਲੇ ਗਏ ਸਕੂਲ ਸਿਆਸੀ ਲੋਕਾਂ ਨੇ ਰਾਜ ਸੱਤਾ ਦੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਖੋਹਲੇ ਹਨ।ਜਿਸ ਕਰਕੇ ਲੋਕ ਖੁੱਸ਼ ਹੋ ਕੇ ਵੋਟਾਂ ਪਾ ਕੇ ਇਨ੍ਹਾਂ ਸਿਆਸੀ ਲੋਕਾਂ ਨੂੰ ਸੱਤਾ ਦੁਆ ਸਕਣ।ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਸਹੂਲਤਾਂ ਕਰਕੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਕੇ ਉਨ੍ਹਾਂ ਦੇ ਬੱਚੇ ਉੱਚ ਪੱਧਰੀ ਸਿਖਿਆਂ ਤੋਂ ਵਾਂਝੇ ਹੋ ਰਹੇ ਹਨ।ਜੋ ਬੱਚੇ ਮਾਪਿਆਂ ਦੀ ਹਿੰਮਤ ਸਦਕੇ ਪੜ੍ਹ ਲਿਖ ਗਏ ਹਨ।ਉਹ ਰੁਜਗਾਰ ਲੈਣ ਖਾਤਰ ਗਰਮੀ ਸਰਦੀ ਵਾਰਿਸ਼ ਦੀ ਪ੍ਰਵਾਹ ਕੀਤੇ ਬਿਨਾ ਸੜਕਾਂ 'ਤੇ ਬੈਠ, ਟੈਕੀਆਂ 'ਤੇ ਚੜ੍ਹ ਅਤੇ ਮੰਤਰੀਆਂ, ਮੁੱਖ-ਮੰਤਰੀਆਂ ਦੇ ਘਰਾਂ ਅੱਗੇ ਮੁਜਾਹਰੇ ਕਰਦੇ ਹੋਏ ਸਰਕਾਰ ਦੀਆਂ ਡਾਂਗਾ ਖਾ ਰਹੇ ਹਨ ਅਤੇ ਬਹੁਤ ਸਾਰੇ ਆਇਲਟਸ ਪਾਸ ਕਰ ਵਿਦਿਆਰਥੀ ਬਣ ਰੁਜਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ਼ ਨੂੰ ਜਾ ਰਹੇ ਹਨ।
ਆਮ ਲੋਕਾਂ ਦਾ ਜਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਸ਼ਾਤਰ ਸਿਆਸਤਦਾਨ ਕਦੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ ਤੋਂ ਇਲਾਵਾ ਗਰੀਬਾਂ ਦੀ ਘਰੇਲੂ ਬਿਜਲੀ ਮੁਫਤ, ਨਾ ਵਰਤਣਯੋਗ ਮੁਫਤ ਆਟਾ ਦਾਲ ਸਕੀਮ ਅਤੇ ਕਿਸਾਨਾਂ ਨੂੰ ਅੱਖ ਮੁਟੱਕਾ ਕਰਨ ਵਾਲੀ ਪਾਣੀ ਬਿਜਲੀ ਮੁਫਤ ਵਾਲੀਆਂ ਸਕੀਮਾਂ ਦੇ ਕੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਵਲੋਂ ਅਸਲ ਵਿੱਚ ਇਹ ਮਿੱਠਾ ਜਹਿਰ ਦਿੱਤਾ ਜਾ ਰਿਹਾ ਹੈ।ਜਿਸ ਕਰਕੇ ਬਹੁਤ ਸਾਰੇ ਲੋਕ ਵਿਹਲੇ ਰਹਿਣਾ ਪਸੰਦ ਕਰਨ ਲੱਗ ਪਏ ਹਨ।ਮੁਫਤ ਦਾ ਪਾਣੀ ਮਿਲਣ ਕਰਕੇ ਪਾਣੀ ਦੀ ਦੁਰ ਵਰਤੋਂ ਬਹੁਤ ਜਿਆਦਾ ਵੱਧ ਗਈ ਹੈ।ਲੋਕ ਆਪਣੇ ਘਰਾਂ ਵਿੱਚ ਆ ਰਹੇ ਪਾਣੀ ਦੀਆਂ ਟੁੱਟੀਆਂ ਨੂੰ ਲਗਾਤਾਰ ਚਲਦੀਆਂ ਹੀ ਰਹਿਣ ਦਿੰਦੇ ਹਨ।ਉਹ ਪਾਣੀ ਗਲੀਆਂ ਨਾਲੀਆਂ ਵਿੱਚ ਆਵਾਗੌਣ ਘੁੰਮਦਾ ਰਹਿੰਦਾ ਹੈ।ਅੱਗੇ ਕਿਧਰੇ ਨਿਕਾਸ ਨਾ ਹੋਣ ਕਰਕੇ ਛੱਪੜ ਭਰ ਕੇ ਨਾਲ ਲਗਦੇ ਖੇਤਾਂ ਵਾਲਿਆਂ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਕਰਦਾ ਹੈ।ਜਿਸ ਨਾਲ ਪਿੰਡਾਂ ਵਿੱਚ ਲੜਾਈ ਝਗੜੇ ਵੀ ਵਧਦੇ ਹਨ।ਕਿਸਾਨਾਂ ਨੂੰ ਵੀ ਖੇਤੀ ਸਿੰਚਾਈ ਮੋਟਰਾਂ ਦੇ ਬਿਜਲੀ ਦੇ ਬਿਲ ਨਾ ਹੋਣ ਕਰਕੇ ਕਿਸਾਨ ਵੀ ਪਾਣੀ ਦੀ ਦੁਰਵਰਤੋਂ ਕਰ ਲੈਂਦੇ ਹਨ।ਸਾਰਾ ਦਿਨ ਅਤੇ ਸਾਰੀ ਰਾਤ ਖੇਤਾਂ ਵਿੱਚ ਪਾਣੀ ਖੁੱਲ਼ਾ ਛੱਡ ਦਿੰਦੇ ਹਨ।ਕਈ ਵਾਰ ਪਾਣੀ ਟੁੱਟ ਕੇ ਗਵਾਂਢੀਆਂ ਦੇ ਖੇਤਾਂ ਵਿੱਚ ਵੀ ਵੜ ਜਾਂਦਾ ਹੈ।ਪਾਣੀ ਦੀ ਵਰਤੋਂ ਬਿਨਾ ਲੋੜ ਤੋਂ ਵੀ ਹੁੰਦੀ ਰਹਿੰਦੀ ਹੈ।ਇਸ ਨਾਲ ਬਿਜਲੀ ਦੀ ਖਪਤ ਕਰਕੇ ਕਈ ਵਾਰ ਕਈ-ਕਈ ਦਿਨ ਬਿਜਲੀ ਆਉਂਦੀ ਹੀ ਨਹੀਂ ਪਾਣੀ ਲਈ ਲੋਕ ਖਜਲ ਖਆਰ ਵੀ ਹੁੰਦੇ ਹਨ।ਜਦ ਕਿ ਲੋਕਾਂ ਨੂੰ ਵਾਰ ਵਾਰ ਬਿਜਲੀ ਨਾ ਆਉਣ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਲਗਾਤਾਰ ਬਿਜਲੀ ਸਪਲਾਈ ਦੀ ਅਤੀ ਲੋੜ ਹੈ।
ਇਨ੍ਹਾਂ ਮੁਫਤ ਵਾਲੀਆਂ ਸਹੂਲਤਾਂ ਕਰਕੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਨੇ ਮੁਫਤ ਦੇ ਜਹਿਰ ਵਿੱਚ ਫਸਾ ਕੇ ਪਹਿਲੇ ਸਮਿਆਂ ਦਾ ਬਦਲਵਾਂ ਫਸਲੀ ਚੱਕਰ ਵੀ ਭੁਲਾ ਕੇ ਕਣਕ ਝੋਨੇ ਦੇ ਚੱਕਰ ਵਿੱਚ ਹੀ ਫਸਾ ਦਿੱਤਾ ਹੈ।ਜਦ ਕਿ ਪੰਜਾਬ ਦਾ ਕਿਸਾਨ ਪਹਿਲਾਂ ਸੌਣੀ ਅਤੇ ਹਾੜੀ ਦੀਆਂ ਸਾਰੀਆਂ ਹੀ ਫਸਲਾਂ ਨੂੰ ਬੀਜਦਾ ਹੁੰਦਾ ਸੀ।ਜਦ ਕਿ ਹੁਣ ਸਿਵਾਏ ਕਣਕ ਝੋਨੇ ਬਿਨਾ ਹੋਰ ਕੁਝ ਵੀ ਨਹੀਂ ਬੀਜ ਰਿਹਾ।ਜਿਸ ਨਾਲ ਕਿਸਾਨੀ ਸਭਿਆਚਾਰ 'ਤੇ ਵਿਰਸੇ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।ਪੰਜਾਬ ਦੇ ਕਿਸਾਨ ਸਣ, ਸਨੁਕੜਾ, ਕਮਾਦ, ਸਰੋਂ, ਰਾਇਆ, ਮੇਥੇ, ਮੱਕੀ, ਚਰੀ, ਬਾਜਰਾ, ਤਿਲ. ਸੀਹਲ, ਮਾਂਹ, ਮੂੰਗੀ, ਮਸਰ, ਮੋਠ, ਛੋਲੇ, ਕਣਕ ਅਤੇ ਸਾਰੀਆਂ ਸਬਜੀਆਂ ਸਮੇਤ ਘਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਫਸਲਾਂ ਬੀਜਦੇ ਸਨ।ਜਿਨ੍ਹਾਂ ਕਰਕੇ ਜਦੋਂ ਸਿਆਲ ਦੀਆਂ ਸਰਦ ਰਾਤਾਂ ਨੂੰ ਜਦੋਂ ਲੋਕੀ ਧੂਣੀ ਬਾਲ਼ ਕੇ ਸੇਕਦੇ ਹੋਏ ਇੱਕਠੇ ਹੋ ਕੇ ਸਨੁਕੜਾ 'ਤੇ ਸਣ ਅਦਿ ਕੱਢਦੇ ਹੁੰਦੇ ਸਨ।ਉਦੋਂ ਪੰਜਾਬੀ ਵਿਰਸੇ ਅਤੇ ਇਤਹਾਸ ਨੂੰ ਜੋੜੀ ਰੱਖਣ ਵਾਲੀਆਂ ਲੰਬੀਆਂ-ਲੰਬੀਆਂ ਸਿਖਿਆਦਾਇਕ ਗੱਲਾਂ ਕਰਦੇ ਹੋਏ ਬਜੁਰਗ ਪੁਰਾਣੇ ਇਤਹਾਸ ਵਾਰੇ ਸਿਖਿਆਦਾਇਕ 'ਤੇ ਨੈਤਿਕਤਾ ਭਰਪੂਰ ਕਹਾਣੀਆਂ ਅਤੇ ਬਾਤਾਂ ਪਾਉਂਦੇ ਹੁੰਦੇ ਸਨ।ਇੱਕਠੇ ਹੋ ਕੇ ਆਵਤ (ਮੁਫਤ ਵਿੱਚ ਮਦਤ) ਦੇ ਰੂਪ ਵਿੱਚ ਇੱਕ ਦੂਜੇ ਦੀ ਫਸਲ ਦੀ ਬਿਜਾਈ ਕਰਵਾਉਣਾ, ਵਾਢੀ ਕਰਨਾ, ਦਾਣਿਆਂ ਨੂੰ ਅਤੇ ਪੱਠਿਆਂ ਨੂੰ ਵੱਖਰੇ ਵੱਖਰੇ ਕਰਵਾਉਣਾ ਅਤੇ ਫਸਲ ਨੂੰ ਰੇਹ ਆਦਿ ਤੱਕ ਖੇਤਾਂ ਵਿੱਚ ਪਾਉਣ ਆਦਿ ਦੀ ਭਾਈਚਾਰਕ ਸਾਂਝ ਰੱਖ ਕੇ ਹਰ ਤਰ੍ਹਾਂ ਦੇ ਕੰਮ ਰਲ਼ ਮਿਲ ਕੇ ਕਰਦੇ ਸਨ।
ਸਿਆਸੀ ਪਾਰਟੀਆਂ ਵਲੋਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਰੂਪੀ ਜਹਿਰ ਨੇ ਆਪਸੀ ਵਿਰਸੇ ਵਾਲੀ ਸਾਂਝ ਹੀ ਖਤਮ ਨਹੀਂ ਕੀਤੀ ਬਲਕਿ ਸਾਡਾ ਸਾਰਾ ਫਸਲੀ ਚਕਰ ਵੀ ਪੰਜਾਬ ਵਿੱਚੋਂ ਗਾਇਬ ਕਰ ਕੇ ਕਣਕ ਝੋਨੇ ਦੀ ਲੱਤ ਵਿੱਚ ਫਸਾ ਦਿੱਤਾ ਹੈ।ਜਿਸ ਨਾਲ ਪੰਜਾਬ ਦਾ ਪਾਣੀ ਵੀ ਜਹਿਰੀਲਾ ਹੋ ਕੇ ਖਤਮ ਹੋਣ ਦੀ ਕੰਗਾਰ 'ਤੇ ਖੜ੍ਹਾ ਕਰ ਦਿਤਾ ਗਿਆ ਹੈ।ਸਿਆਸੀ ਪਾਰਟੀਆਂ ਦੀਆਂ ਸਮੇਂ-ਸਮੇਂ ਬਣਦੀਆਂ ਸਰਕਾਰਾਂ ਵਲੋਂ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਦੇ ਨਾਮ ਵਾਲੀਆਂ ਕਈ ਤਰ੍ਹਾਂ ਦੀਆਂ ਕ੍ਰਾਂਤੀਆਂ ਦੇ ਨਾਮ ਹੇਠ ਸਾਡੇ ਪੰਜਾਬ ਦੀ ਜਰਖੇਜ ਧਰਤ-ਮਾਤਾ ਵਿੱਚ ਬੇਅੰਤ ਤਰ੍ਹਾਂ ਦੀ ਸੁੱਟੀ ਜਾ ਰਹੀ ਜਹਿਰ ਦੇ ਰੂਪ ਵਿੱਚ ਕੀਟ ਨਾਸ਼ਕ ਦਵਾਈਆਂ ਅਤੇ ਕੈਮੀਕਲ ਰੂਪੀ ਬਨਾਉਟੀ ਖਾਦਾਂ ਰੂਪੀ ਰੇਹ ਨਾਲ ਧਰਤ-ਮਾਤਾ ਨੂੰ ਜਹਿਰ ਨਾਲ ਲੱਥ ਪੱਥ ਕਰਕੇ ਕੇਂਸਰ ਵਰਗੀਆਂ ਬਿਮਾਰੀਆਂ ਚੰਬੇੜ ਦਿੱਤੀਆਂ ਗਈਆਂ ਹਨ।ਜਿਨ੍ਹਾਂ ਨਾਲ ਸਾਡੀ ਧਰਤ-ਮਾਤਾ ਨੂੰ ਦਵਾਈਆਂ ਅਤੇ ਬਨਾਉਟੀ ਖਾਦਾਂ ਪਾ-ਪਾ ਖੋਖਲਾ ਕਰਕੇ ਆਦੀ ਵੀ ਬਣਾ ਦਿੱਤਾ ਗਿਆ ਹੈ।ਪੰਜਾਬ ਦੀ ਧਰਤ-ਮਾਤਾ ਵਿੱਚੋਂ ਉੱਗਣ ਵਾਲੀ ਹਰ ਸਬਜੀ ਅਤੇ ਹਰ ਤਰ੍ਹਾਂ ਦੇ ਅਨਾਜ ਵਿੱਚ ਬਹੁਤ ਸਾਰੀ ਮਾਤਰਾ ਜਹਿਰ ਨਾਲ ਭਰੀ ਹੋਈ ਹੈ।ਜਿਹੜੀ ਕਿ ਅਸੀਂ ਸਾਰੇ ਨਿੱਤ ਖਾ ਰਹੇ ਹਾਂ।ਜਿਸ ਕਰਕੇ ਪੰਜਾਬੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਖਤਰਨਾਖ ਬਿਮਾਰੀਆਂ ਘੇਰ ਰਹੀਆਂ ਹਨ।
ਪੰਜਾਬੀਆਂ ਦੀ ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਮੁਫਤ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਬੇਸ਼ੱਕ ਬੰਦ ਕਰ ਦਿੱਤਾ ਜਾਵੇ।ਪਰ ਪੰਜਾਬ ਦੇ ਕਿਸਾਨ ਦੀਆਂ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਨਿਯਮਾਂ ਅਨੂਸਾਰ ਗੰਰਟੀ ਦਿੱਤੀ ਜਾਵੇ।ਮਜਦੂਰਾਂ ਅਤੇ ਕਿਰਤੀਆਂ ਦੇ ਕੰਮਾਂ ਨੂੰ ਅਤੇ ਦਿਹਾੜੀ ਰੇਟਾਂ ਨੂੰ ਫਿਕਸ ਕਰਕੇ ਰੁਜਗਾਰ ਦੀ ਪੂਰੀ ਗਰੰਟੀ ਦਿੱਤੀ ਜਾਵੇ।ਕੁਦਰਤੀ ਆਫਤਾਂ ਨਾਲ ਫਸਲਾਂ ਦੀ ਤਬਾਹੀ ਸਮੇਤ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਖੇਤੀ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਸੂਰਤ ਵਿੱਚ ਜੀਵਨ ਬੀਮਾ 'ਤੇ ਫਸਲੀ ਬੀਮਾਂ ਸਕੀਮਾਂ ਨੂੰ ਅਮਲੀ ਰੂਪ ਦਿੱਤੇ ਜਾਣ।ਪੰਜਾਬ ਦੇ ਹਰ ਪਿੰਡ ਵਿੱਚ ਭਾਵੇਂ ਸਕੂਲ ਨਾ ਵੀ ਹੋਣ ਬੇਸ਼ੱਕ ਦੋ ਪਿੰਡਾਂ ਦਾ ਜਾਂ ਤਿੰਨ ਪਿੰਡਾਂ ਦਾ ਸਾਂਝਾ ਸਕੂਲ ਹੋਵੇ ਜਿੱਥੇ ਵੀ ਸਰਕਾਰੀ ਸਕੂਲ ਹੋਵੇ ੳੱਥੇ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਅਧਿਆਪਕ ਹਰ ਹਾਲਤ ਵਿੱਚ ਪੂਰੇ ਹੋਣੇ ਚਾਹੀਦੇ ਹਨ।ਅਧਿਆਪਕ ਪੂਰੇ ਹੋਣ ਨਾਲ ਵਿਦਿਆ ਦਾ ਮਿਆਰ ਆਪਣੇ ਆਪ ਉੱਚਾ ਹੋ ਜਾਵੇਗਾ।ਪੰਜਾਬੀਆਂ ਨੂੰ ਵੱਧੀਆਂ ਵਿਦਿਆ ਸਿਸਟਮ ਦੀ ਲੋੜ ਹੈ ਨਾ ਕਿ ਸਕੂਲਾਂ ਦੀ ਗਿਣਤੀ ਦੀ ਲੋੜ ਹੈ।ਪਿੰਡ-ਪੰਡ ਗਲੀਆਂ ਮੁੱਹਲਿਆਂ ਵਿੱਚ ਬਿਨਾ ਕਿਸੇ ਸਰਕਾਰੀ ਮਾਨਤਾ ਤੋਂ ਵੱਡੀਆਂ ਵੱਡੀਆਂ ਫੀਸਾਂ ਅਤੇ ਵਰਦੀਆਂ ਕਿਤਾਬਾਂ ਕਾਪੀਆਂ ਆਦਿ ਦੀ ਆੜ ਵਿੱਚ ਲੋਕਾਂ ਦੀ ਲੁੱਟ ਕਰਨ ਵਾਲੀਆਂ ਦੁਕਾਨ ਨੁਮਾਂ ਸਕੂਲਾਂ 'ਤੇ ਪਾਬੰਦੀ ਲਾ ਕੇ ਬੰਦ ਕਰਵਾਇਆ ਜਾਵੇ।ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਜੇ ਉਹ ਸਾਰਾ ਕੁੱਝ ਮਿਲਣ ਲੱਗ ਜਾਵੇ, ਤਾਂ ਕਿੰਨਾ ਵੱਧੀਆਂ ਹੋਵੇਗਾ ਜਿਸ ਦੀ ਸ਼ੋਸ਼ੇਵਾਸੀ ਨਾਲ ਆਪਣੀ ਲੁੱਟ ਕਰਵਾਉਣ ਦੁਕਾਨਾਂ ਨੁਮਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਜਾਂਦੇ ਹਨ।ਪੰਜਾਬ ਦੇ ਸਕੂਲਾਂ ਵਿੱਚ ਪੂਰੇ ਅਧਿਆਪਕ ਦੇ ਕੇ ਸਿਸਟਮ ਨੂੰ ਸੁਧਾਰਨਾ ਬਹੁਤ ਜਰੂਰੀ ਹੈ।
ਪੰਜਾਬ ਵਾਸੀਆਂ ਨੂੰ ਸਿਆਸੀ ਪਾਰਟੀਆਂ ਤੋਂ ਪਾਣੀ 'ਤੇ ਬਿਜਲੀ ਮੁਫਤ ਵਿੱਚ ਨਹੀਂ ਚਾਹੀਦੀ ਬਲਕਿ ਬਿਜਲੀ ਦੀ ਸਪਲਾਈ ਲਗਾਤਾਰ ਨਿਰਵਿਘਨ ਚਾਹੀਦੀ ਹੈ।ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਅਫਸਰਾਂ ਅਤੇ ਮੁਲਾਜਮਾਂ ਦਾ ਆਮ ਜਨਤਾ ਪ੍ਰਤੀ ਰਵਈਆ ਬਦਲਾਉਣ ਦੀ ਲੋੜ ਹੈ।ਜਿਸ ਨਾਲ ਜਰੂਰੀ ਕੰਮਾਂ ਲਈ ਦਫਤਰਾਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਬੰਦ ਹੋਣੀ ਹੋਵੇ।ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਵਸੀਲੇ ਬਣਾ ਕੇ ਨੌਕਰੀਆਂ ਦਿੱਤੀਆਂ ਜਾਣ।ਪੰਜਾਬ ਦੇ ਲੋਕਾਂ ਲਈ ਵੱਧੀਆਂ ਸਿਹਤ ਸਹੂਲਤਾਂ ਦੇ ਉਪਰਾਲੇ ਕੀਤੇ ਜਾਣ।ਜਿਸ ਨਾਲ ਰਾਜ ਦਾ ਵਿਕਾਸ ਹੋ ਸਕੇ 'ਤੇ ਰਾਜ ਸਰਕਾਰ ਨੂੰ ਮਾਇਕ ਸਹਾਇਤਾ ਲੈਣ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦਬਣਾ ਨਾ ਪਵੇ।ਇਸ ਕਰਕੇ ਸਿਆਸੀ ਪਾਰਟੀਆਂ ਨੂੰ ਚਾਹੀਦੈ ਕਿ ਸਤਾ ਲੈਣ ਖਾਤਰ ਲੋਕਾਂ ਨੂੰ ਮੁਫਤ ਵਾਲੀਆਂ ਸਹੂਲਤਾਂ ਦੇ ਲੋਲੀਪੋਪ ਵਾਲੇ ਲਾਲਚ ਨਾ ਦੇਣ ਸਗੋਂ ਹਰ ਪੰਜਾਬੀ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਨ ਦੇ ਯੋਗ ਬਨਾਉਣ।ਜਿਸ ਨਾਲ ਲੋਕਾਂ ਵਿੱਚ ਮਹਿਨਤ ਕਰਨ ਦੀ ਰੁਚੀ ਪੈਦਾ ਹੋ ਸਕੇ।ਜਿਸ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਵੇ ਅਤੇ ਪੰਜਾਬੀ ਸਾਰੇ ਦੇਸ਼ ਵਾਸੀਆਂ ਨੂੰ ਅਣੋਖੀ ਅਤੇ ਨਿਵੇਕਲੀ ਕਿਸਮ ਦੀ ਪਛਾਣ ਬਨਣ ਦਾ ਮਾਣ ਹਾਸਲ ਕਰ ਸਕਣ।