"ਦੁਨੀਆਂ ਦੀ ਉਹ ਥਾਂ ਜਿਥੇ ਦਰੱਖਤ ਵੀ ਹਜਾਰਾਂ ਸਾਲ ਤੱਕ ਜੀਊਂਦੇ ਨੇ" - ਸਿਡਨੀ ਤੋਂ ਮਨਮੋਹਨ ਸਿੰਘ ਖੇਲਾ
ਅਸਟ੍ਰੇਲੀਆ ਦੇ ਰਾਜ ਤਸਮਾਨੀਆ 'ਚ 10518 ਸਾਲ ਦੀ ਉਮਰ ਦਾ ਦੇਵਦਾਰ ਅਥਵਾ (ਬਿਆਰ) ਦਾ ਦਰੱਖਤ ਜੋ ਅੱਗੇ ਤੋਂ ਅੱਗੇ ਆਪਣੀਆਂ ਜੜਾਂ ਛੱਡਦਾ ਹੋਇਆ 950 ਮੀਟਰ ਤੱਕ ਦੀ ਲੰਬਾਈ ਤੱਕ ਫੈਲ ਗਿਆ ਹੋਇਆ ਹੈ।
ਇਸ ਬ੍ਰਿਹਮੰਡ ਦੀ ਹੋਂਦ ਅਥਵਾ ਉਤਪਤੀ ਹੋਣ ਤੋਂ ਬਾਅਦ ਜਦੋਂ ਇਸ ਪ੍ਰਾਕ੍ਰਿਤੀ ਦੇ ਸਿਰਜਣਹਾਰ ਨੇ ਹਰ ਤਰ੍ਹਾਂ ਦੇ ਪ੍ਰਾਣੀ ਜੀਵ-ਜਤੂੰਆਂ,ਪਸ਼ੂ-ਪੰਛੀਆਂ,ਜੜੀ-ਬੂਟੀਆਂ, ਦਰਖਤਾਂ, ਜਾਨਵਰਾਂ ਆਦਿ ਦੀ ਸਿਰਜਣਾ ਕੀਤੀ ਸੀ।ਉਦੋਂ ਹੀ ਉਨ੍ਹਾਂ ਲਈ ਖੁਰਾਕ ਸਮੇਤ ਜਿਊਂਦੇ ਰਹਿਣ ਲਈ ਹਰ ਤਰ੍ਹਾਂ ਦੇ ਵਸੀਲੇ ਵੀ ਪੈਦਾ ਕਰ ਦਿੱਤੇ।ਅੱਜ ਦੀ ਮਨੁੱਖਤਾ ਦੇ ਜੀਵਨ ਦਾ ਪਿਛੋਕੜ ਵੀ ਇਨ੍ਹਾਂ ਸਭਨਾ ਜੀਵਾਂ ਵਿਚੋਂ ਹੀ ਹੈ।ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਮੇਂ ਸਾਰੀ ਪਰਾਕ੍ਰਿਤੀ ਦੇ ਸਾਰੇ ਹੀ ਜੀਵ ਇਕੋ ਜਗਾ ਇੱਕ ਦੂਜੇ ਦੇ ਨੇੜੇ-ਨੇੜੇ ਹੀ ਰਹਿੰਦੇ ਹੋਣਗੇ ਕਿਉਂ ਕਿ ਇਨ੍ਹਾਂ ਦੀ ਉਤਪਤੀ ਵੀ ਵਾਤਾਵਰਨ ਦੀਆਂ ਲੋੜਾਂ ਦੇ ਅਨੁਕੂਲ ਇੱਕ ਦੂਜੇ ਦੇ ਅਸਲੀ ਰੂਪ ਦੀ ਬਣਤਰ ਵਿਚੋਂ ਨਿਕਲ ਕੇ ਸੁਧਰਦੀ ਰਹੀ ਹੈ।ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਾਰੇ ਹੀ ਪ੍ਰਾਣੀ ਇੱਕ ਦੂਜੇ ਉੱਤੇ ਆਪਸ 'ਚ ਨਿਰਭਰ ਵੀ ਹੋਣਗੇ।ਸਮੇਂ ਦੀ ਕਰਵਟ ਅਨੁਸਾਰ ਇਨ੍ਹਾਂ ਸਾਰੇ ਜੀਵਾਂ ਵਿਚੋਂ ਹੌਲ਼ੇ ਹੌਲ਼ੇ ਮਨੁੱਖਤਾ ਦਾ ਵਿਕਾਸ ਹੋਣਾ ਵੀ ਸ਼ੁਰੂ ਹੋਇਆ ਹੋਵੇਗਾ।ਮਨੁੱਖਤਾ ਆਪਣੇ ਵਿਕਾਸ ਬਾਅਦ ਸਮੇਂ ਦੀਆਂ ਲੋੜਾਂ ਅਨੁਸਾਰ ਬਾਕੀਆਂ ਨਾਲੋਂ ਦਿਮਾਗੀ ਤੌਰ 'ਤੇ ਸੁਚੇਤ ਅਤੇ ਬੁੱਧੀਮਾਨ ਹੋਣ ਕਰਕੇ ਜੀਊਣ ਦੇ ਤਰੀਕਿਆਂ ਨੂੰ ਸਮਝ ਗਈ ਹੋਵੇਗੀ।ਜਿਸ ਸਦਕਾ ਉਸ ਵੇਲੇ ਦੀ ਮਨੁੱਖਤਾ ਸਭਿਅਕ ਸਮਾਜ ਸਿਰਜਣ ਲਈ ਤਿਆਰ ਹੋ ਗਈ ਹੋਵੇਗੀ।
ਇਸੇ ਦਾ ਹੀ ਸਬੂਤ ਉਸ ਵੇਲੇ ਸਿੰਧ ਘਾਟੀ, ਮਹਿੰਜੋਧਾੜੋ, ਹੜਪਾ,ਯੂਨਾਨ ਆਦਿ ਵਰਗੀਆਂ ਹੋਰ ਵੀ ਬੇਅੰਤ ਪੁਰਾਤਨ ਸਭਿਆਤਾਵਾਂ ਨੇ ਜਨਮ ਲਿਆ ਸੀ।ਉਸ ਤੋਂ ਬਾਅਦ ਪੱਥਰ ਕਾਲ 'ਚ ਆਪਣੀ ਰੋਜਾਨਾ ਜਿੰਦਗੀ ਦੀ ਵਰਤੋਂ ਲਈ ਪੱਥਰਾਂ ਨੂੰ ਘੜ ਕੇ ਬਰਤਨ ਅਤੇ ਹੱਥਿਆਰ ਬਣਾਏ ਗਏ।ਇਸ ਸਮੇਂ ਹੀ ਆਪਣਾ ਭੋਜਨ ਪਕਾ ਕੇ ਖਾਣ ਲਈ ਪੱਥਰਾਂ ਦੀ ਅਤੇ ਬਾਂਸ ਵਰਗੇ ਕਈ ਹੋਰ ਦੱਰਖਤਾਂ ਦੀ ਆਪਸੀ ਰਗੜ ਨਾਲ ਅੱਗ ਬਾਲਣੀ ਵੀ ਸਿੱਖੀ।ਇਸ ਦੇ ਨਾਲ ਹੀ ਦਿਮਾਗ ਵੀ ਵਿਕਸਤ ਹੋਣ ਦੇ ਨਾਲ ਨਾਲ ਹੋਰ ਸੱਭਿਅਕ ਵੀ ਹੁੰਦਾ ਗਿਆ।ਪੱਥਰ ਜੁੱਗ ਤੋਂ ਬਾਅਦ ਧਾਤੂ-ਕਾਲ ਦਾ ਅਰੰਭ ਹੋਣ ਨਾਲ ਧਰਤ ਵਿਚ ਦੱਬੀਆਂ ਹੋਈਆਂ ਧਾਤਾਂ ਅਤੇ ਖਣਿਜ ਪਦਾਰਥਾਂ ਵਾਰੇ ਵੀ ਮਨੁੱਖ ਨੇ ਖੋਜ ਕੀਤੀ।ਉਸ ਸਮੇਂ 'ਚ ਹਰ ਤਰ੍ਹਾਂ ਦੇ ਬਰਤਨ ਅਤੇ ਹਥਿਆਰ ਧਾਤਾਂ ਦੇ ਬਣਾਏ ਗਏ।ਇਸ ਤਰ੍ਹਾਂ ਸੱਭਿਅਤਾ ਵਿਕਸਤ ਹੋਣ ਦੇ ਨਾਲ ਲੋੜਾਂ ਮੁਤਾਬਕ ਖੋਜਾਂ ਵੀ ਹੁੰਦੀਆਂ ਗਈਆਂ।ਮਨੁੱਖਤਾ ਜੰਗਲਾ 'ਚੋਂ ਨਿਕਲ ਕੇ ਪ੍ਰੀਵਾਰਾਂ ਸਮੇਤ ਕਬੀਲਿਆਂ ਦੇ ਸਮੂਹਾਂ 'ਚ ਰਹਿਣ ਲੱਗੀ।ਪਹਿਲਾਂ ਪਹਿਲ ਪਹਾੜਾਂ ਨੂੰ ਖੋਦ ਕੇ ਉਨ੍ਹਾਂ ਦੀਆਂ ਕੁੰਦਰਾਂ ਬਣਾ ਕੇ ਘਰ ਬਣਾਏ ਗਏ।ਫਿਰ ਘਾਹ-ਫੁਸ ਦੀਆਂ ਝੌਂਪੜੀਆਂ, ਛੱਪਰੀਆਂ ਅਥਵਾ ਕੁੱਲੀਆਂ ਬਣੀਆਂ।ਫਿਰ ਮਿੱਟੀ ਦੀਆਂ ਕੱਚੀਆਂ ਕੰਧਾਂ ਦੇ ਮਕਾਨਾਂ ਤੋਂ ਬਾਅਦ ਹੌਲ਼ੀ-ਹੌਲ਼ੀ ਹੋਰ ਜਾਗ੍ਰਤੀ ਆਉਂਣ ਨਾਲ ਪੱਥਰਾਂ ਨੂੰ ਘੜ ਕੇ ਪੱਥਰਾਂ ਦੀਆਂ ਕੰਧਾਂ ਵਾਲੇ ਘਰਾਂ ਨੇ ਜਨਮ ਲਿਆ।ਫਿਰ ਮਿੱਟੀ ਦੀਆਂ ਇੱਟਾਂ ਨੂੰ ਅੱਗ 'ਚ ਪਕਾ ਕੇ ਪੱਕੀਆਂ ਇੱਟਾਂ ਦੀਆਂ ਕੰਧਾਂ ਦੇ ਘਰ ਬਗਾਏ ਗਏ।ਇਸੇ ਤਰ੍ਹਾਂ ਤਨ ਢਕਣ ਲਈ ਪਹਿਲਾਂ ਪਹਿਲ ਦਰੱਖਤਾਂ ਦੇ ਪੱਤਿਆਂ ਨੂੰ ਫਿਰ ਉਨ੍ਹਾਂ ਦੀ ਛਿੱਲੜ ਨੂੰ ਉਸ ਤੋਂ ਬਾਅਦ ਜਾਨਵਰਾਂ ਦੀ ਖੱਲ (ਚੰਮੜੀ) ਨੂੰ ਤਨ ਢਕਣ ਲਈ ਵਰਤੋਂ 'ਚ ਲਿਆਂਦਾ ਗਿਆ।ਉਸ ਤੋਂ ਬਾਅਦ 'ਚ ਕਈ ਦਰੱਖਤਾਂ ਦੇ ਰੇਸ਼ਿਆਂ ਸਮੇਤ ਰੇਸ਼ਮ ਪੈਦਾ ਕਰਦੇ ਕੀੜਿਆਂ ਦੀ ਅਤੇ ਕਪਾਹ ਦੀ ਖੋਜ ਹੋਣ ਨਾਲ ਸੂਤੀ ਕਪੜੇ ਸਮੇਤ ਰੇਸ਼ਮੀ ਕਪੜੇ ਦਾ ਜਨਮ ਹੋਇਆ।ਇਸ ਬ੍ਰਿਹਮੰਡ ਵਿਚ ਧਰਤੀ ਅਤੇ ਪਰਾਕ੍ਰਿਤੀ ਉੱਤੇ ਹੋਈ ਬਹੁਤ ਵਾਰ ਉੱਥਲ-ਪੁੱਥਲ ਕਾਰਨ ਵਿਕਸਤ ਹੋ ਰਹੀ ਸੱਭਿਅਤਾ ਦਾ ਬਹੁਤ ਵਾਰ ਘਾਣ ਵੀ ਹੋਇਆ।ਉਸ ਉੱਥਲ-ਪੁੱਥਲ ਕਾਰਨ ਖੰਡਰਾਤ ਬਣੀ ਪੁਰਾਤਨ ਸੱਭਿਅਤਾ ਦੇ ਨਿਸ਼ਾਨ ਕਈ ਹੋਰ ਵੱਖੋ-ਵਖੱਰੇ ਦੇਸ਼ਾਂ ਵਾਂਗ ਆਪਣੇ ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਇਲਾਵਾ ਪੰਜਾਬ 'ਚ ਵੀ ਰੋਪੜ ਸ਼ਹਿਰ ਵਿਖੇ ਖੋਦਾਈ ਕਰਨ ਦੁਰਾਨ ਮਿਲੇ।ਜਿਸ ਤੋਂ ਪਤਾ ਚਲਦਾ ਹੈ ਕਿ ਅਜੋਕੀ ਸੱਭਿਅਤਾ ਤੋਂ ਹਜਾਰਾਂ ਸਾਲ ਪਹਿਲਾਂ ਵੀ ਮਨੁੱਖਤਾ ਬਹੁਤ ਵੱਧੀਆ ਢੰਗ ਤਰੀਕਿਆਂ ਨਾਲ ਸੱਭਿਅਕ ਸਮਾਜ 'ਚ ਰਹਿੰਦੀ ਸੀ।ਜਿਸ ਨੂੰ ਕੁਦਰਤੀ ਆਫਤਾਂ ਨੇ ਧਰਤੀ ਹੇਠ ਹੀ ਦੱਬ ਦਿੱਤਾ।ਪਰ ਫਿਰ ਵੀ ਸਮੇਂ ਦੇ ਵਕਫੇ ਨਾਲ ਔਕੜਾਂ ਦਾ ਮੁਕਾਬਲਾ ਕਰਦੀ ਹੋਈ ਵਰਤਮਾਨ ਸੰਸਾਰ ਦੇ ਮੌਜੂਦਾ ਸਮੇਂ ਦੇ ਰੂਪ 'ਚ ਬਾਕੀ ਗ੍ਰਿਹਾਂ ਦੀ ਖੋਜ ਕਰਦੀ ਹੋਈ ਚੰਦਰਮਾ ਤੱਕ ਪਹੁੰਚ ਚੁੱਕੀ ਹੈ।ਇਸ ਸੱਭਿਅਤਾ ਨੇ ਜਿੱਥੇ ਮਨੁੱਖਤਾ ਦੇ ਭਲੇ ਲਈ ਬਹੁਤ ਕੁੱਝ ਕੀਤਾ ਉੱਥੇ ਹੀ ਮਨੁੱਖਤਾ ਦੇ ਵਿਨਾਸ਼ ਲਈ ਵੀ ਬਹੁਤ ਕਰ ਦਿੱਤਾ ਹੈ।ਇਸ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਨੁੱਖ ਨੇ ਆਪਣੇ ਸੁਖ ਆਰਾਮ ਲਈ ਅਤੇ ਜੀਵਨ ਨਿਰਵਾਹ ਨੂੰ ਵੱਧੀਆ ਬਨਾਉਂਣ ਲਈ ਦੂਜਿਆਂ ਨੂੰ ਆਪਣੇ ਹੇਠਾਂ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ।ਇੱਥੋਂ ਤੱਕ ਕਿ ਜੜੀ-ਬੂਟੀਆਂ, ਦਰੱਖਤਾਂ, ਪਸ਼ੂ-ਪੰਛੀਆਂ, ਜੰਗਲੀ ਜੀਵ-ਜੰਤੂਆਂ ਨੂੰ ਵੀ ਆਪਣਾ ਜੀਵਨ ਜੀਊਂਣ ਦੀ ਕੋਈ ਅਜਾਦੀ ਨਹੀਂ ਹੈ।ਜਿਹੜੇ ਕਿ ਪਹਿਲਾਂ ਪਹਿਲ ਅਜਾਦ ਵਾਤਾਵਰਨ 'ਚ ਆਪਸੀ ਪਿਆਰ ਰੱਖਦੇ ਹੋਏ ਅਜਾਦੀ ਨਾਲ ਆਪਣੀ ਪੂਰੀ ਉਮਰ ਭੋਗਦੇ ਸਨ।ਪਰ ਹੁਣ ਜੇ ਆਪਾਂ ਆਪਣੇ ਭਾਰਤ ਦੇਸ਼ ਸਮੇਤ ਆਪਣੇ ਗੁਆਂਢੀ ਦੇਸ਼ਾਂ ਦੀ ਹੀ ਗੱਲ ਕਰੀਏ ਸਰਕਾਰਾਂ ਅਤੇ ਆਮ ਜਨਤਾ ਕੁਦਰਤ ਨਾਲ ਛੇੜ-ਛਾੜ ਕਰਕੇ ਕੁਦਰਤ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।ਜੜੀ-ਬੂਟੀਆਂ ਦਰੱਖਤਾਂ ਦੀ ਹੀ ਜੇ ਗੱਲ ਕਰੀਏ ਇਨ੍ਹਾਂ ਨੂੰ ਆਪਣੀ ਉਮਰ ਭੋਗਣ ਤੋਂ ਪਹਿਲਾਂ ਹੀ ਪ੍ਰਾਣੀਆਂ ਵਲੋਂ ਆਪਣੇ ਸੁਆਰਥਾਂ ਕਰਕੇ ਧੜਾ-ਧੜ ਕਟਿਆ ਜਾ ਰਿਹਾ ਹੈ ਅਤੇ ਪਹਾੜਾਂ ਨੂੰ ਢਾਹਿਆ ਜਾ ਰਿਹਾ ਹੈ।ਜਿਸ ਕਰਕੇ ਪਰਾਕ੍ਰਿਤੀ ਦੀ ਹੋ ਰਹੀ ਹਿੱਲਜੁਲ ਨਾਲ ਦੁਨੀਆਂ ਦੇ ਬਣੇ ਕੁਦਰਤੀ ਢਾਚੇ ਦਾ ਸੰਤੁਲਿਤ ਵਿਗੜ ਕੇ ਮੌਸਮਾਂ, ਰੁਤਾਂ ਅਤੇ ਦੁਨੀਆਂ ਦੇ ਵਾਤਾਵਰਨ 'ਚ ਬਹੁਤ ਬਦਲਾਓ ਆ ਰਿਹਾ ਹੈ।ਜਿਸ ਦਾ ਸਿੱਧਾ ਪ੍ਰਭਾਵ ਇਸ ਧਰਤੀ 'ਤੇ ਵਸਣ ਵਾਲੇ ਪ੍ਰਾਣੀਆਂ ਅਤੇ ਬਨਸਪਤੀ 'ਤੇ ਪਏਗਾ।ਜਿਸ ਕਰਕੇ ਨਵੀਆਂ ਨਵੀਆਂ ਬਿਮਾਰੀਆਂ ਅਤੇ ਕਈ ਤਰ੍ਹਾਂ ਦੀਆਂ ਅੋਕੜਾਂ ਵੱਧਣ ਨਾਲ ਬਨਸਪਤੀ ਦਾ ਅਸਲ ਰੂਪ ਵਿਗੜ ਕੇ ਪ੍ਰਾਕ੍ਰਿਤੀ ਦਾ ਸੰਤੁਲਿਤ ਵਿਗੜ ਜਾਵੇਗਾ।ਕਈ ਤਰ੍ਹਾਂ ਦੀਆਂ ਆਫਤਾਂ ਇਸ ਨੂੰ ਘੇਰਾ ਪਾ ਲੈਣਗੀਆਂ ਜਿਨ੍ਹਾਂ ਤੋਂ ਛੁਟਕਾਰਾ ਪਾਉਂਣਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਰਹੇਗੀ।
ਇਸੇ ਹੀ ਤਰ੍ਹਾਂ ਇਨ੍ਹਾਂ ਦੇਸ਼ਾਂ ਦੇ ਪਸ਼ੂ-ਪੰਛੀ, ਜੀਵ ਜੰਤੂ ਅਤੇ ਜੰਗਲੀ ਜਾਨਵਰ ਵੀ ਪੂਰੀ ਤਰ੍ਹਾਂ ਅਜਾਦ ਨਹੀਂ ਹਨ।ਪ੍ਰਾਣੀਆਂ ਵਲੋਂ ਆਪਣੇ ਨਿੱਜੀ ਸੁਆਰਥਾਂ ਖਾਤਰ ਇਨ੍ਹਾਂ ਸਾਰਿਆਂ ਦੇ ਗਲ਼ਾਂ 'ਚ ਲੋਹੇ ਦੇ ਸੰਗਲ਼ 'ਤੇ ਜੰਜੀਰਾਂ ਪਾਕੇ ਕਿਲਿਆਂ ਨਾਲ ਬੰਨ੍ਹਿਆ ਹੋਇਆ ਹੈ ਜਾਂ ਪਿੰਜਰਿਆਂ ਵਿਚ ਕੈਦ ਕੀਤਾ ਹੋਇਆ ਹੈ।ਕਈਆਂ ਥਾਵਾਂ 'ਤੇ ਇਨ੍ਹਾਂ ਜੀਵਾਂ ਦਾ ਧੱੜਾ-ਧੱੜ ਸ਼ਿਕਾਰ ਵੀ ਕੀਤਾ ਜਾ ਰਿਹਾ ਹੈ।ਜਿਸ ਦੇ ਪ੍ਰਭਾਵ ਕਰਕੇ ਬਹੁਤ ਸਾਰੇ ਪੰਛੀਆਂ ਅਤੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਨਸਲਾਂ ਖਤਮ ਹੋ ਚੁੱਕੀਆਂ ਹਨ।ਇਨ੍ਹਾਂ ਦਾ ਵੀ ਪ੍ਰਾਕਿਰਤੀ ਦੇ ਸੰਤੁਲਿਨ ਨੂੰ ਵਿਗਾੜਨ ਦਾ ਪੂਰਾ ਪੂਰਾ ਯੋਗਦਾਨ ਹੈ ਜਿਹੜਾ ਕਿ ਬਹੁਤ ਘਾਤਕ 'ਤੇ ਖਤਰਨਾਕ ਹੈ।ਪ੍ਰਾਕਿਰਤੀ ਉੱਤੇ ਪੈਦਾ ਹੋਈ ਸਾਰੀ ਬਨਸਪਤੀ ਦੇ ਸੰਤੁਲਿਨ ਨੂੰ ਇਕਸਾਰ ਰੱਖਣ ਦੀ ਅੱਤੀ ਲੋੜ ਹੈ।ਜਿਸ ਵਿਚ ਦੁਨੀਆਂ ਦੇ ਦੇਸ਼ਾਂ ਦੀਆਂ ਸਰਕਾਰਾਂ ਸਮੇਤ ਆਮ ਜਨਤਾ ਦਾ ਮੁੱਖ ਰੋਲ ਹੁੰਦਾ ਹੈ।ਇਸ ਕਰਕੇ ਦੁਨੀਆਂ 'ਚ ਪੈਦਾ ਹੋਏ ਹਰ ਬੁੱਧੀਮਾਨ ਦਾ ਨੈਤਿਕ ਫਰਜ ਅਤੇ ਜੁਮੇਂਵਾਰੀ ਬਣਦੀ ਹੈ ਕਿ ਆਪਣੀ ਸੂਝਬੂਝ ਰਾਹੀਂ ਪ੍ਰਾਕ੍ਰਿਤੀ ਦੁਆਰਾ ਸਾਜੀ ਬਨਸਪਤੀ ਦਾ ਸੰਤੁਲਨ ਘੱਟ ਵੱਧ ਨਾ ਹੋਣ ਦਿੱਤਾ ਜਾਵੇ।ਲੋਕਾਂ 'ਚ ਗਿਆਨ ਦੀ ਘਾਟ ਅਤੇ ਨਿੱਜੀ ਹਿੱਤਾਂ ਨਾਲ ਛੇਤੀ ਅਮੀਰ ਬਨਣਾ ਅਤੇ ਜਿਮੇਂਵਾਰ ਸਰਕਾਰਾਂ ਦੀ ਅਣਗਿਹਲੀ ਸਾਡੇ ਦੇਸ਼ਾਂ 'ਚ ਆਪਸੀ ਪਾੜਾ ਵਧਾਉਂਣ 'ਚ ਵਾਧਾ ਕਰ ਰਹੀਆਂ ਹਨ।
ਇਸ ਦੇ ਉਲਟ ਅਗਰ ਭਾਰਤ ਦੇ ਦੱਖਣ-ਉੱਤਰ ਦੀ ਗੁੱਠ ਵੱਲ਼ ਵਸੇ ਹੋਏ ਦੇਸ਼ ਅਸਟ੍ਰੇਲੀਆ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਬੜੇ ਗਹੁ ਨਾਲ ਘੁੰਮ ਕੇ ਵੇਖਿਆ ਜਾਵੇ।ਜਿੱਥੇ ਗਾਵਾਂ ਮੱਝਾਂ ਭੇਡਾਂ ਬਕਰੀਆਂ ਘੋੜਿਆਂ ਹਿਰਨਾਂ ਬਾਰਾਂ-ਸਿੰਗਿਆਂ ਸਮੇਤ ਹਰ ਤਰ੍ਹਾਂ ਦੇ ਜੀਵਾਂ ਤੇ ਡੰਗਰਾਂ ਨੂੰ ਵੱਡੇ-ਵੱਡੇ ਫਾਰਮਾਂ 'ਚ ਖੁੱਲ੍ਹੇ ਆਮ ਅਜਾਦ ਛੱਡਿਆ ਹੋਇਆ ਹੈ।ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਪੂਰਨ ਰੂਪ 'ਚ ਫਾਰਮ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੁੰਮਣ ਫਿਰਨ ਦੀ, ਘਾਹ ਚੁਗਣ ਦੀ ਪਾਣੀ ਪੀਣ ਦੀ ਜਦੋਂ ਜੀ ਚਾਹਿਆ ਬੈਠਣ ਦੀ, ਉੱਠਣ ਦੀ, ਸੌਣ ਦੀ ਤੇ ਜਾਗਣ ਦੀ ਪੂਰਨ ਅਜਾਦੀ ਹੈ।ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਪਿੰਜਰੇ ਜੰਜੀਰ ਜਾਂ ਸੰਗਲ ਨਾਲ ਬੰੰਨ੍ਹ ਕੇ ਕੈਦ ਨਹੀਂ ਕੀਤਾ ਜਾਂਦਾ।ਇਸੇ ਹੀ ਤਰ੍ਹਾਂ ਹੋਰ ਪੰਛੀ ਜੀਵ ਜੰਤੂ ਅਤੇ ਜੰਗਲੀ ਜਾਨਵਰ ਵੀ ਇੱਥੇ ਪੂਰੀ ਤਰ੍ਹਾਂ ਅਜਾਦ ਹਨ।ਜੰਗਲਾਂ ਅਤੇ ਚਿੜੀਆ ਘਰਾਂ 'ਚ ਵੀ ਉਹ ਪੂਰੀ ਅਜਾਦੀ ਨਾਲ ਰਹਿ ਰਹੇ ਅਤੇ ਘੁੰਮ ਫਿਰ ਰਹੇ ਹਨ।ਉਨ੍ਹਾਂ ਨੂੰ ਸੰਗਲਾਂ ਜਾਂ ਜੰਜੀਰਾਂ ਨਾਲ ਜਾਂ ਪਿੰਜਰਿਆਂ ਵਿਚ ਕੈਦ ਨਹੀਂ ਕੀਤਾ ਹੋਇਆ।ਉਨ੍ਹਾਂ ਨੂੰ ਖੁੱਲ੍ਹੇ ਘੁੰਮਦੇ ਵੇਖਣ ਲਈ ਦ੍ਰਸ਼ਕਾਂ ਵਲੋਂ ਸੁਰਖਿਅਤ ਬੰਦ ਗੱਡੀਆਂ 'ਚ ਸਵਾਰ ਹੋਕੇ ਵੇਖਣ ਲਈ ਜਾਇਆ ਜਾ ਸਕਦਾ ਹੈ।ਆਮ ਜਨਤਾ ਦੀ ਸੁਰਖਿਆ ਲਈ ਬਹੁਤ ਖੁੱਲ੍ਹੇ ਏਰੀਏ ਦੇ ਚੁਫੇਰੇ ਜਾਲੀਦਾਰ ਕੰਡਿਆਲੀ ਤਾਰ ਲਾਕੇ ਉਸ ਏਰੀਏ ਦੇ ਅੰਦਰਵਾਰ ਇਨ੍ਹਾਂ ਜੰਗਲੀ ਜੀਵਾਂ ਨੂੰ ਪੂਰੀ ਅਜਾਦੀ ਹੈ।ਇਸੇ ਹੀ ਤਰ੍ਹਾਂ ਇੱਥੇ ਦ੍ਰਖਤ ਵੀ ਆਪਣੀ ਲੰਬੀ ਉਮਰ ਭੋਗਣ ਲਈ ਪੂਰੀ ਤਰ੍ਹਾਂ ਅਜਾਦ ਹਨ।ਇਸ ਦੇਸ਼ ਵਿਚ ਸੈਕੜਿਆਂ ਹੀ ਨਹੀਂ ਬਲਕਿ ਹਜਾਰਾਂ ਸਾਲਾਂ ਦੀ ਉਮਰ ਦੇ ਖੜ੍ਹੇ ਦ੍ਰਖਤ ਤੁਹਾਨੂੰ ਵੇਖਣ ਲਈ ਆਮ ਮਿਲਣਗੇ।ਇੱਥੋਂ ਦੇ ਤਸਮਾਨੀਆ ਰਾਜ ਵਿਚ ਤੁਹਾਨੂੰ 10518 ਸਾਲ ਤੱਕ ਪਹਿਲਾਂ ਉੱਗੇ ਹੋਏ ਦੇਵਦਾਰ ਦੇ ਦਰੱਖਤ ਵੇਖਣ ਲਈ ਅੱਜ ਵੀ ਮਿਲਣਗੇ ਜਿਸ ਨੂੰ ਤੁਸੀਂ ਉਪਰੋਕਤ ਤਸਵੀਰ ਰਾਹੀਂ ਵੀ ਵੇਖ ਸਕਦੇ ਹੋ।ਇਸ ਤੋਂ ਇਲਾਵਾ ਹੋਰ ਵੀ ਸੈਕੜੇ ਸਾਲ ਪੁਰਾਣੇ ਦ੍ਰਖਤ ਤੁਸੀਂ ਹਰ ਥਾਵੇਂ ਆਮ ਵੇਖ ਸਕਦੇ ਹੋ।ਆਪਣੇ ਫਾਰਮਾਂ ਅਤੇ ਘਰਾਂ ਵਿਚੋਂ ਕੋਈ ਵੀ ਮਾਲਕ ਉੱਥੇ ਉੱਗੇ ਹੋਏ ਦਰੱਖਤਾਂ ਨੂੰ ਸਰਕਾਰ ਦੀ ਮੰਨਜੂਰੀ ਤੋਂ ਬਿਨਾ ਕੱਟ ਨਹੀਂ ਸਕਦਾ।ਜਮੀਨ 'ਚ ਉੱਗੇ ਹੋਏ ਦਰੱਖਤ ਆਪਣੀ ਪੂਰੀ ਉਮਰ ਭੋਗਣ ਬਾਅਦ ਜਦੋਂ ਸੁੱਕ ਜਾਂਦੇ ਹਨ ਉਦੋਂ ਵੀ ਉਨ੍ਹਾਂ ਨੂੰ ਕੋਈ ਨਹੀਂ ਛੇੜਦਾ ਸਾਲਾਂ ਬੱਧੀ ਖੜ੍ਹੇ ਰਹਿੰਦੇ ਹਨ।ਅਖੀਰ ਜਦੋਂ ਜਮੀਨ 'ਤੇ ਗਿਰ ਜਾਂਦੇ ਹਨ ਬਹੁਤ ਸਾਲਾਂ ਬਾਅਦ ਗਲ਼੍ਹ-ਪਚ ਕੇ ਮਿੱਟੀ ਬਣ ਜਾਂਦੇ ਹਨ।ਇਸੇ ਤਰ੍ਹਾਂ ਸਵੇਰੇ ਸ਼ਾਮ ਹਰ ਤਰ੍ਹਾਂ ਦੇ ਪੰਛੀਆਂ ਦੀਆਂ ਮਨ-ਮੋਹਣੀਆਂ ਅਵਾਜਾਂ ਤੁਹਾਨੂੰ ਸੁਨਣ ਲਈ ਮਿਲਣਗੀਆਂ ਜਦ ਕਿ ਭਾਰਤ 'ਚ ਬਹੁਤ ਸਾਰੇ ਪੰਛੀਆਂ ਦੀਆਂ ਨਸਲਾਂ ਹੀ ਅਲੋਪ ਹੋ ਕੇ ਖਤਮ ਹੀ ਹੋ ਗਈਆਂ ਹਨ। ਅਸਟ੍ਰੇਲੀਆ ਦੇਸ਼ ਦੀ ਵਿਸ਼ੇਸ਼ ਖਾਸੀਅਤ ਇਹ ਹੈ ਕਿ ਇਸ ਦੇਸ਼ ਦੀ ਸਰਕਾਰ ਸਮੇਤ ਆਮ ਜਨਤਾ ਕੁਦਰਤ ਦੁਆਰਾ ਸਾਜੀ ਹੋਈ ਪ੍ਰਾਕ੍ਰਿਤੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ ਛਾੜ ਨਹੀਂ ਕਰਦੇ।ਉਸ ਦੇ ਵਾਧੇ ਲਈ ਯਤਨ ਤਾਂ ਜਰੂਰ ਕਰਨਗੇ।ਜੇ ਆਪਾਂ ਘਰਾਂ ਲਈ ਵਰਤੋਂ 'ਚ ਲਿਆਂਦੀ ਜਮੀਨ ਦੀ ਹੀ ਗੱਲ ਕਰੀਏ ਉਸ ਨੂੰ ਸਾਵੀਂ ਪੱਧਰੀ ਬਿੱਲਕੁਲ ਨਹੀਂ ਕਰਨਗੇ।ਜਿਹੋ ਜਹੀ ਉੱਚੀ ਨੀਵੀਂ ਜਮੀਨ ਹੋਵੇਗੀ ਉਸੇ ਤੇ ਹੀ ਘਰ ਬਣਾ ਲੈਣਗੇ।ਇੰਡੀਆ ਦੀ ਤਰ੍ਹਾਂ ਬਹੁਤ ਉੱਚਾ ਚੁੱਕ ਕੇ ਘਰ ਨਹੀਂ ਬਨਾਉਣਂਗੇ।ਕੁਦਰਤ ਵਲੋਂ ਬਖਸ਼ੇ ਹੋਏ ਰੂਪ ਅਨੁਸਾਰ ਹੀੇ ਘਰ ਬਣਾ ਦੇਣਗੇ।ਗੱਲ ਕੀ ਇਸ ਦੇਸ਼ ਦਾ ਅਸੂਲ ਹੈ ਕਿ ਕੁਦਰਤ ਵਲੋਂ ਬਣੀ ਹੋਈ ਕਿਸੇ ਵੀ ਚੀਜ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਨਹੀਂ ਕੀਤੀ ਜਾਂਦੀ।ਹਰ ਥਾਵੇਂ ਹਰ ਕਿਸੇ ਦੀ ਚਾਹੇ ਉਹ ਇਨਸਾਨ ਹੈ ਚਾਹੇ ਉਹ ਜਾਨਵਰ ਹੈ ਚਾਹੇ ਉਹ ਪਸ਼ੂ ਹੈ ਚਾਹੇ ਉਹ ਪੰਛੀ ਹੈ ਭਾਵੇਂ ਕੋਈ ਜੜੀ ਬੂਟੀਆਂ ਦਰਖਤਾਂ ਸਮੇਤ ਹਰ ਤਰ੍ਹਾਂ ਦੀ ਹੋਰ ਬਨਸਪਤੀ ਵੀ ਕਿਉਂ ਨਾ ਹੋਵੇ ਹਰ ਇੱਕ ਦੀ ਪੂਰਨ ਅਜਾਦੀ ਨਾਲ ਜੀਵਨ ਜੀਉਂਣ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ।ਇਸੇ ਹੀ ਤਰ੍ਹਾਂ ਇੱਥੇ ਹਰ ਬੱਚੇ ਤੋਂ ਬੁੱਢੇ ਇਨਸਾਨ ਤੱਕ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਇੱਥੇ ਆਇਆ ਹੋਵੇ ਕਿਸੇ ਵੀ ਰੰਗ ਦਾ ਕਿਸੇ ਵੀ ਨਸਲ ਦਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ।ਇੱਥੋਂ ਦੇ ਸਿਸਟਮ ਅਨੁਸਾਰ ਉਸ ਨੂੰ ਹਰ ਤਰ੍ਹਾਂ ਦੀ ਅਜਾਦੀ ਮਾਨਣ ਦਾ ਪੂਰਾ ਅਧਿਕਾਰ ਹੈ।ਦੇਸ਼ ਦੀ ਹਰ ਤਰ੍ਹਾਂ ਦੀ ਕੌਮੀ ਮਲਕੀਅਤ ਤੇ ਵੀ ਉਸ ਦਾ ਪੂਰਾ ਪੂਰਾ ਹੱਕ ਹੈ।ਸਮਾਜ ਸੈਵੀ ਸੰਸਥਾਵਾਂ ਅਤੇ ਸਰਕਾਰਾਂ ਵਲੋਂ ਇਸ ਦੇਸ਼ 'ਚ 0 ਸਾਲ ਦੇ ਨਿੱਕੇ ਬੱਚੇ ਤੋਂ ਲੈ ਕੇ ਮੌਤ ਦੇ ਨਜਦੀਕ ਪਹੁੰਚੇ 100-150 ਸਾਲ ਦੀ ਅਖੀਰਲੀ ਉਮਰ ਤੱਕ ਦੇ ਬੁੱਢੇ ਦੀ ਹਰ ਲੋੜ ਦਾ ਖਿਆਲ ਰੱਖਿਆ ਜਾਂਦਾ ਹੈ।ਇਸ ਦੇਸ਼ ਨੂੰ ਜੇ ਧਰਤੀ ਦਾ ਸਵਰਗ ਵੀ ਕਹਿ ਦਿੱਤਾ ਜਾਵੇ ਤਾਂ ਕੋਈ ਅੱਤਿ ਕੱਥਨੀ ਨਹੀਂ ਹੋਏਗਾ।ਸਾਡੇ ਗੁਰੂਆਂ ਪੀਰਾਂ ਵਲੋਂ ਸਾਨੂੰ ਦਿੱਤੀਆਂ ਗਈਆਂ ਕਦਰਾਂ ਕੀਮਤਾਂ ਵਾਲੀਆਂ ਸਿਖਿਆਂਵਾਂ ਨੂੰ ਅਸੀਂ ਮੰਨਣ ਵਾਲੇ ਮੰਨਦੇ ਹੋਏ ਵੀ ਪੂਰੀ ਤਰ੍ਹਾਂ ਨਹੀਂ ਮੰਨ ਰਹੇ।ਪਰ ਇਸ ਦੇ ਉਲਟ ਜੋ ਇਸ ਦੇਸ਼ 'ਚ ਰਹਿ ਰਹੇ ਹਨ ਉਹ ਆਪਣੇ ਦਿਲੋਂ ਇਨ੍ਹਾਂ ਸਿਖਿਆਵਾਂ ਅਨੁਸਾਰ ਚਲ ਰਹੇ ਹਨ।ਕਈ ਵਾਰ ਇਹ ਭੁਲੇਖਾ ਪੈ ਰਿਹਾ ਹੈ ਕਿ ਸਾਡੇ ਗੁਰੂਆਂ ਪੀਰਾਂ ਵਲੋਂ ਦਿੱਤੀਆਂ ਸਿਖਿਆਵਾਂ ਮੰਨਣ ਵਾਲੇ ਅਸਲੀ ਚੇਲੇ ਇਹ ਲੋਕ ਹਨ।ਅਸੀਂ ਤਾਂ ਲੋਕਾਂ ਨੂੰ ਬੁੱਧੂ ਬਨਾਉਂਣ ਦਾ ਅੇਵੇਂ ਝੂਠਾ-ਮੂਠਾ ਅਡੰਬਰ ਹੀ ਰਚਾ ਰਹੇ ਹਾਂ।ਜਿਨ੍ਹਾਂ ਨੇ 1699 ਦੀ ਵਿਸਾਖੀ ਤੋਂ 326 ਸਾਲ ਬੀਤ ਜਾਣ ਬਾਅਦ ਵੀ ਜਾਤ-ਪਾਤ ਖਤਮ ਕਰਨ ਦੀ ਮਨੁੱਖਤਾ ਨੂੰ ਬਰਾਬਰ ਲਿਆਉਂਣ ਵਾਲੀ ਦਸਵੇਂ ਗੁਰੂ ਜੀ ਵਲੋਂ ਦਿੱਤੀ ਸਿਖਿਆਵਾਂ ਨੂੰ ਅੱਜ ਤੱਕ ਵੀ ਨਹੀਂ ਮੰਨਿਆਾਂ।
ਜਦ ਕਿ ਇਸ ਦੇ ਉਲਟ ਅਸਟ੍ਰੇਲੀਆ ਦੇਸ਼ 'ਚ ਕਿਸੇ ਕਿਸਮ ਦੀ ਕੋਈ ਜਾਤ-ਪਾਤ, ਨਸਲ ਆਦਿ ਦਾ ਭਿੰਨ-ਭੇਦ ਨਹੀਂ ਹੈ।ਸਭ ਨੂੰ ਬਰਾਬਰ ਦੇ ਇਨਸਾਨ ਸਮਝਿਆ ਜਾਂਦਾ ਹੈ। ਇਸੇ ਕਰਕੇ ਇਸ ਦੁਨੀਆਂ 'ਚ ਪੈਦਾ ਹੋਏ ਹਰ ਪ੍ਰਾਣੀ ਸਮੇਤ ਬਨਸਪਤੀ ਦਾ ਹੱਕ ਬਣਦਾ ਹੈ ਕਿ ਅਸਟ੍ਰੇਲੀਆ ਦੀ ਤਰ੍ਹਾਂ ਹੀ ਉਸ ਨਾਲ ਉਸ ਦੇ ਆਪਣੇ ਦੇਸ਼ 'ਚ ਵੀ ਵਰਤਾਓ ਹੋਵੇ।ਇਸ ਮਿਸ਼ਨ ਨੂੰ ਪੂਰਾ ਕਰਨ ਲਈ ਪੰਜਾਬ 'ਚ ਪੈਦਾ ਹੋਏ ਉਸਾਰੂ ਸੋਚ ਦੇ ਕੁੱਝ ਕੁ ਚਿੰਤਕ ਪ੍ਰਾਣੀਆਂ ਵਲੋਂ ਵੀ ਧਰਤੀ ਉੱਤੇ ਹੁੰਦੀ ਛੇੜ-ਛਾੜ ਨੂੰ ਰੋਕ ਕੇ ਹਰਿਆਵਲ ਲਿਆਉਂਣ ਅਤੇ ਵਾਤਾਵਰਨ ਅਤੇ ਪਾਣੀਆਂ ਦਾ ਗੰਧਲਾਪਨ ਦੂਰ ਕਰਨ ਅਤੇ ਉਸ ਨੂੰ ਸਾਫ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ।ਜਿਹੜਾ ਕਿ ਬਹੁਤ ਹੀ ਸੁਲਾਹਣਯੋਗ ਉੱਦਮ ਹੈ।ਉੱਥੇ ਹੀ ਗਰੀਬਦਾਸ ਭੁਰੀਵਾਲੇ ਸੰਸਥਾ ਦੇ ਗੱਦੀ ਨਸ਼ੀਨ ਮਹਾਰਾਜ ਸੰਤ ਚੇਤਨਾ ਨੰਦ ਜੀ ਭੁਰੀਵਾਲਿਆਂ ਵਲੋਂ ਵੀ ਜੰਗਲਾ ਅਥਵਾ ਪਹਾੜੀਆਂ ਨਾਲ ਲਗਦੇ ਭਾਰਤ ਦੇ ਕਈ ਰਾਜਾਂ ਜਿਨ੍ਹਾਂ 'ਚ ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ, ਝਾਰਖੰਡ ਅਤੇ ਪੰਜਾਬ ਦੇ ਪਹਾੜੀ 'ਤੇ ਨੀਮ ਪਹਾੜੀ ਇਲਾਕਿਆਂ 'ਚ ਵਾਤਾਵਰਨ ਦੀ ਸੰਤੁਲਿਤਾ ਬਣਾਈ ਰੱਖਣ ਲਈ ਬਹੁਤ ਸਾਰੇ ਦਰੱਖਤ ਬੂਟੇ ਵੀ ਲਗਵਾਏ ਗਏ ਹਨ।ਪਸ਼ੂਆਂ ਪੰਛੀਆਂ 'ਤੇ ਜੰਗਲੀ ਜੀਵਾਂ ਦੀ ਭੁੱਖ ਅਤੇ ਪਿਆਸ ਬੁਝਾਉਂਣ ਲਈ ਸੀਮਿੰਟ ਇੱਟਾਂ ਦੀਆਂ ਪੱਕੀਆਂ ਹੌਦੀਆਂ (ਖੈਲ਼ਾਂ) ਬਣਾ ਕੇ ਉਨ੍ਹਾਂ 'ਚ ਹਰ ਰੋਜ ਟੈਂਕੀਆਂ ਰਾਹੀਂ ਪਾਣੀ ਪਾਇਆ ਜਾਂਦਾ ਹੈ।ਪੰਛੀਆਂ ਦੇ ਆਲ਼੍ਹਣੇ ਬਣਾ ਕੇ ਹਰ ਇੱਕ ਨੂੰ ਖਾਣ ਲਈ ਖਾਣਯੋਗ ਹਰ ਤਰ੍ਹਾਂ ਦੀ ਖੁਰਾਕ ਵੀ ਰੱਖੀ ਜਾਂਦੀ ਹੈ।ਜਿਹੜਾ ਕਿ ਪ੍ਰਾਕ੍ਰਿਤੀ ਦੇ ਨਿਯਮਾਂ ਅਨੁਸਾਰ ਸਾਰੇ ਬ੍ਰਹਿਮੰਡ ਦੇ ਪ੍ਰਾਣੀਆਂ ਦਾ ਸੰਤੁਲਿਨ ਬਰਾਬਰ ਬਣਾਈ ਰੱਖਣ ਲਈ ਸਰਕਾਰਾਂ ਸਮੇਤ ਆਮ ਜਨਤਾ ਲਈ ਨੈਤਿਕਤਾ ਵੱਲ਼ ਜਾਣ ਵਾਰੇ ਉਨ੍ਹਾਂ ਦੀ ਰੂਹ ਨੂੰ ਹਲੂਣਾ ਹੈ ਅਤੇ ਇਨਸਾਨੀ ਕਦਰਾ ਕੀਮਤਾਂ ਵੱਲ਼ ਜਾਣ ਵਾਲਾ ਵਡਮੁਲਾ ਸੁਨੇਹਾ ਵੀ ਹੈ।