Dr Harshinder Kaur

ਦਾਲਚੀਨੀ ਦੇ ਫ਼ਾਇਦੇ - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਕਹਿੰਦੇ ਨੇ ਕਿ ਬਾਦਸ਼ਾਹ ਨੀਰੋ ਨੇ ਆਪਣੀ ਪਤਨੀ ਸਬੀਨਾ ਦੀ ਮੌਤ ਉੱਤੇ ਦਾਲਚੀਨੀ ਨੂੰ ਬਹੁਤ ਮਹੱਤਾ ਦਿੰਦਿਆਂ ਪੂਰੇ ਇੱਕ ਸਾਲ ਵਿਚ ਵਰਤੀ ਜਾਣ ਵਾਲੀ ਦਾਲਚੀਨੀ ਨੂੰ ਇੱਕੋ ਸਮੇਂ ਬਾਲਿਆਂ ਤਾਂ ਜੋ ਚੁਫ਼ੇਰੇ ਉਸ ਦੀ ਖੁਸ਼ਬੂ ਫੈਲਦੀ ਰਹੇ। ਈਸਾ ਮਸੀਹ ਤੋਂ ਲਗਭਗ 2800 ਸਾਲ ਪਹਿਲਾਂ ਤੋਂ ਚੀਨ ਵਿਚ ਦਾਲਚੀਨੀ ਦੀ ਵਰਤੋਂ ਦਾ ਜ਼ਿਕਰ ਮਿਲਦਾ ਹੈ। ਇਸ ਨੂੰ ਬੇਸ਼ਕੀਮਤੀ ਖ਼ੁਸ਼ਬੂਦਾਰ ਬੂਟੇ ਵਜੋਂ ਮਾਨਤਾ ਦਿੱਤੀ ਗਈ ਹੈ। ਦਾਲਚੀਨੀ ਦੀ ਮਹਿਕ ਸਦਕਾ ਇਸ ਨੂੰ ਲੁੱਟਣ ਲਈ ਕੁੱਝ ਜੰਗਾਂ ਦਾ ਵੀ ਜ਼ਿਕਰ ਮਿਲਦਾ ਹੈ ਕਿਉਂਕਿ ਇਸ ਦੀ ਵਰਤੋਂ ਨਾਲ ਉਤੇਜਨਾ ਵੀ ਜੋੜੀ ਗਈ ਹੈ। ਈਜਿਪਟ ਵਿਖੇ ਮੌਤ ਤੋਂ ਬਾਅਦ 'ਮੰਮੀ' ਬਣਾਉਣ ਲਈ ਵੀ ਸਰੀਰ ਦੇ ਆਲੇ ਦੁਆਲੇ ਦਾਲਚੀਨੀ ਦਾ ਲੇਪ ਲਾਇਆ ਜਾਂਦਾ ਸੀ।
ਦਾਲਚੀਨੀ ਦੀ ਮਹੱਤਾ ਤਾਂ ਇਸ ਧਰਤੀ ਉੱਤੇ ਪਹਿਲੀ ਸਦੀ ਵਿਚ ਲੱਗੀ ਇਸ ਦੀ ਕੀਮਤ ਤੋਂ ਹੀ ਹੋ ਜਾਂਦੀ ਹੈ ਜਦੋਂ 350 ਗ੍ਰਾਮ ਦਾਲਚੀਨੀ ਦੇ ਬਦਲੇ ਸਾਢੇ ਪੰਜ ਕਿੱਲੋ ਚਾਂਦੀ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ।
ਪੁਰਾਣੇ ਸਮਿਆਂ ਵਿਚ ਖੰਘ, ਜ਼ੁਕਾਮ, ਗਲੇ ਦੀ ਖ਼ਰਾਸ਼ ਆਦਿ ਲਈ ਦਾਲਚੀਨੀ ਕਈ ਸਦੀਆਂ ਤੱਕ ਵਰਤੀ ਜਾਂਦੀ ਰਹੀ। ਸ਼ਿਕਾਰ ਤੋਂ ਬਾਅਦ ਮਾਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਤੇ ਕੀਟਾਣੂਆਂ ਤੋਂ ਬਚਾਉਣ ਲਈ, ਉਸ ਨੂੰ ਚੰਗੀ ਤਰ੍ਹਾਂ ਦਾਲਚੀਨੀ ਪਾਊਡਰ ਵਿਚ ਲਪੇਟ ਕੇ ਰੱਖਿਆ ਜਾਂਦਾ ਸੀ।
ਸਤਾਹਰਵੀਂ ਸਦੀ ਵਿਚ ਸੀਲੋਨ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਦਾਲਚੀਨੀ ਦਾ ਭੰਡਾਰ ਲੱਭਿਆ ਗਿਆ ਸੀ। ਇੰਗਲੈਂਡ ਨੇ ਇਸ ਨੂੰ ਹੱਥਿਆਉਣ ਲਈ ਸੀਲੋਨ ਉੱਤੇ ਹੀ ਕਬਜ਼ਾ ਕਰ ਲਿਆ ਸੀ।
ਜਦੋਂ ਉਗਾਉਣ ਦੀ ਜਾਚ ਆ ਗਈ ਤਾਂ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ  ਦਾਲਚੀਨੀ ਉਗਾਈ ਜਾਣ ਲੱਗ ਪਈ ਹੈ। ਬਹੁਤ ਸਾਰੇ ਮੁਲਕਾਂ ਵਿਚ ਇਸ ਨੂੰ ਨਸ਼ੇ ਵਾਂਗ ਵਰਤਿਆ ਜਾ ਰਿਹਾ ਹੈ। ਨੌਜਵਾਨ ਬੱਚੇ 'ਦਾਲਚੀਨੀ ਚੈਲੈਂਜ'' ਅਧੀਨ ਜਦੋਂ ਚਮਚ ਭਰ ਕੇ ਦਾਲਚੀਨੀ ਪਾਊਡਰ ਇਕਦਮ ਅੰਦਰ ਲੰਘਾਉਂਦੇ ਹਨ ਤਾਂ ਕਈ ਵਾਰ ਸਾਹ ਦੀ ਨਾਲੀ ਬੰਦ ਹੋ ਜਾਣ ਨਾਲ ਥਾਏਂ ਮੌਤ ਵੀ ਹੋ ਜਾਂਦੀ ਹੈ।
ਹਜ਼ਾਰਾਂ ਸਾਲਾਂ ਤੋਂ ਵਰਤੀ ਜਾਂਦੀ ਦਾਲਚੀਨੀ ਉੱਤੇ ਹੋਈਆਂ ਖੋਜਾਂ ਦੌਰਾਨ ਇਸ ਦੇ ਸ਼ੱਕਰ ਰੋਗੀਆਂ ਉੱਤੇ ਬਹੁਤ ਵਧੀਆ ਅਸਰ ਵੇਖੇ ਗਏ ਸਨ। ਐਂਟੀਆਕਸੀਡੈਂਟ ਭਰਪੂਰ ਹੋਣ ਸਦਕਾ ਇਹ ਦਿਲ ਲਈ ਵੀ ਲਾਹੇਵੰਦ ਸਾਬਤ ਹੋ ਚੁੱਕੀ ਹੈ।
ਜ਼ਿਆਦਾਤਰ ਦਾਲਚੀਨੀ ਦੀਆਂ ਦੋ ਕਿਸਮਾਂ ਮਿਲਦੀਆਂ ਹਨ :- ਸੀਲੋਨ ਅਤੇ ਕੇਸੀਆ। ਸੀਲੋਨ ਅਸਲ ਦਾਲਚੀਨੀ ਦੀ ਕਿਸਮ ਹੈ ਅਤੇ ਮਹਿੰਗੀ ਹੈ। ਆਮ ਤੌਰ ਉੱਤੇ ਬਜ਼ਾਰ ਵਿਚ ਕੇਸੀਆ ਕਿਸਮ ਹੀ ਮਿਲਦੀ ਹੈ। ਦਰਖ਼ਤ ਦੀਆਂ ਟਾਹਣੀਆਂ ਦੀ ਛਿਲੜ ਨੂੰ ਸੁਕਾ ਕੇ, ਪੀਸ ਕੇ, ਦਾਲਚੀਨੀ ਪਾਊਡਰ ਬਣਾਇਆ ਜਾਂਦਾ ਹੈ। ਇਸ ਵਿਚਲੇ ਤੇਲ ਸਦਕਾ ਹੀ ਖ਼ੁਸ਼ਬੂ ਚੁਫੇਰੇ ਫੈਲਦੀ ਹੈ, ਜਿਸ ਵਿਚ ''ਸਿਨਾਮੈਲਡੀਹਾਈਡ'' ਹੁੰਦਾ ਹੈ। ਇਹੀ ਅਰਅਸਲ ਐਂਟੀਆਕਸੀਡੈਂਟ ਨਾਲ ਭਰਿਆ ਪਿਆ ਹੈ। ਪੌਲੀਫੀਨੋਲ ਵੀ ਦਾਲਚੀਨੀ ਵਿਚ ਹੁੰਦੇ ਹਨ ਜੋ ਸਰੀਰ ਅੰਦਰਲੀ ਸੋਜ਼ਿਸ਼ ਘਟਾਉਂਦੇ ਹਨ। ਇਹ ਏਨਾ ਤਗੜਾ ਅਸਰ ਵਿਖਾਉਂਦੇ ਹਨ ਕਿ ਬਥੇਰੇ ਖਾਣਿਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਦਾਲਚੀਨੀ ਨੂੰ ਕੁਦਰਤੀ 'ਪ੍ਰੀਜ਼ਰਵੇਟਿਵ' ਵਜੋਂ ਵਰਤਿਆ ਜਾ ਰਿਹਾ ਹੈ।
ਇੱਕ ਖੋਜ ਵਿਚ 100 ਸ਼ੱਕਰ ਰੋਗੀ ਮਰੀਜ਼ਾਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਖੁਆਉਣ ਬਾਅਦ ਵੇਖਿਆ ਗਿਆ ਕਿ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਕਾਫੀ ਘੱਟ ਹੋ ਗਈ।
ਉਸ ਤੋਂ ਬਾਅਦ 13 ਖੋਜਾਂ ਦਿਲ ਦੇ ਰੋਗੀ ਮਰੀਜ਼ਾਂ ਉੱਤੇ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਭ ਦੇ ਸਰੀਰਾਂ ਅੰਦਰ ਟਰਾਈਗਲਿਸਰਾਈਡ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਘਟੀ ਹੋਈ ਲੱਭੀ। ਇਨ੍ਹਾਂ ਸਭ ਨੂੰ ਤਿੰਨ ਮਹੀਨੇ ਅੱਧਾ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।
ਜਿਨ੍ਹਾਂ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਅੱਠ ਹਫ਼ਤਿਆਂ ਲਈ ਖੁਆਈ ਗਈ ਸੀ, ਉਨ੍ਹਾਂ ਸਾਰਿਆਂ ਦਾ ਬਲੱਡ ਪ੍ਰੈੱਸ਼ਰ ਵੀ ਘੱਟ ਗਿਆ ਤੇ ਕੁੱਝ ਨੂੰ ਬਲੱਡ ਪ੍ਰੈੱਸ਼ਰ ਦੀ ਦਵਾਈ ਬੰਦ ਵੀ ਕਰ ਦਿੱਤੀ ਗਈ।
ਇਨਸੂਲਿਨ ਦਾ ਅਸਰ ਵਧਾਉਣਾ :-
ਟਾਈਪ ਦੋ ਸ਼ੱਕਰ ਰੋਗੀਆਂ ਵਿਚ ਸਰੀਰ ਅੰਦਰ ਨਿਕਲਦੀ ਇਨਸੂਲਿਨ ਦਾ ਅਸਰ ਕਾਫ਼ੀ ਘੱਟ ਹੋ ਜਾਂਦਾ ਹੈ। ਸਿਰਫ਼ ਹਾਲੇ ਤੱਕ ਦੋ ਖੋਜਾਂ ਵਿਚ ਦਾਲਚੀਨੀ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਵਧਦਾ ਵੇਖਿਆ ਗਿਆ ਹੈ। ਹੋਰ ਖੋਜਾਂ ਜਾਰੀ ਹਨ ਜਿਨ੍ਹਾਂ ਰਾਹੀਂ ਸਪਸ਼ਟ ਪਤਾ ਲੱਗ ਸਕੇਗਾ ਕਿ ਇਹ ਅਸਰ ਕਿਵੇਂ ਹੁੰਦਾ ਹੈ ਅਤੇ ਕਿੰਨੀ ਦੇਰ ਤੱਕ ਅਸਰਦਾਰ ਸਾਬਤ ਹੁੰਦਾ ਹੈ। ਇਹ ਅਸਰ ਸ਼ੱਕਰ ਰੋਗੀਆਂ ਲਈ ਕੁਦਰਤੀ ਵਰਦਾਨ ਸਾਬਤ ਹੋ ਸਕਦਾ ਹੈ।
ਇਹ ਤਾਂ ਪਹਿਲਾਂ ਹੀ ਸਾਬਤ ਹੋ ਚੁੱਕਿਆ ਹੈ ਕਿ ਖਾਣੇ ਅੰਦਰਲੇ ਮਿੱਠੇ ਨੂੰ ਦਾਲਚੀਨੀ ਛੇਤੀ ਹਜ਼ਮ ਨਹੀਂ ਹੋਣ ਦਿੰਦੀ ਜਿਸ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਛੇਤੀ ਨਹੀਂ ਵਧਦੀ। ਕਈ ਤਰ੍ਹਾਂ ਦੇ ਰਸ ਜਿਹੜੇ ਕਾਰਬੋਹਾਈਡ੍ਰੇਟ ਨੂੰ ਤੋੜ ਕੇ ਸਰੀਰ ਅੰਦਰ ਸ਼ੱਕਰ ਵਧਾਉਂਦੇ ਹਨ, ਉਨ੍ਹਾਂ ਦੇ ਕੰਮ ਕਾਰ ਨੂੰ ਦਾਲਚੀਨੀ ਕਾਫੀ ਘਟਾ ਦਿੰਦੀ ਹੈ।
ਦਾਲਚੀਨੀ ਵਿਚਲਾ ਇੱਕ ਅੰਸ਼ ਤਾਂ ਆਪ ਹੀ ਇਨਸੂਨਿਨ ਵਰਗਾ ਅਸਰ ਵਿਖਾ ਦਿੰਦਾ ਹੈ। ਦੋ ਮਹੀਨੇ ਲਗਾਤਾਰ ਦਾਲਚੀਨੀ ਖਾਣ ਵਾਲੇ ਸ਼ੱਕਰ ਰੋਗੀਆਂ ਦੀ 'ਐਚ.ਬੀ.ਏ. ਇੱਕ ਸੀ' ਮਾਤਰਾ ਵੀ ਠੀਕ ਹੋਈ ਲੱਭੀ। ਇਸ ਖੋਜ ਵਿਚ ਮਰੀਜ਼ਾਂ ਨੂੰ ਲਗਭਗ ਇੱਕ ਤੋਂ ਦੋ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।
ਨਸਾਂ ਉੱਤੇ ਅਸਰ :-
ਚੂਹਿਆਂ ਉੱਤੇ ਹੋਈ ਖੋਜ ਵਿਚ ਦਾਲਚੀਨੀ ਨਾਲ ਦਿਮਾਗ਼ ਅੰਦਰਲੀ ਇੱਕ ਪ੍ਰੋਟੀਨ ਘਟੀ ਹੋਈ ਲੱਭੀ ਜਿਸ ਨੇ ਨਿਊਰੋਟਰਾਂਸਮੀਟਰ ਰਸ ਦੀ ਮਾਤਰਾ ਵਧਾ ਕੇ ਪਾਰਕਿਨਸਨ ਵਰਗੇ ਰੋਗ ਵਿਚ ਫ਼ਾਇਦਾ ਦੇ ਦਿੱਤਾ ਤੇ ਯਾਦਾਸ਼ਤ ਦਾ ਸੈਂਟਰ ਵੀ ਰਵਾਂ ਹੁੰਦਾ ਵੇਖਿਆ ਗਿਆ। ਇਸ ਖੋਜ ਨੂੰ ਐਲਜ਼ੀਮਰ ਅਤੇ ਪਾਰਕਿਨਸਨ ਰੋਗੀ ਬੰਦਿਆਂ ਉੱਤੇ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਕਿ ਕਿੰਨੀ ਖ਼ੁਰਾਕ, ਕਿੰਨੀ ਦੇਰ ਖੁਆਉਣ ਨਾਲ ਕਿੰਨਾ ਕੁ ਅਸਰ ਹੋਵੇਗਾ!
ਕੈਂਸਰ :-
ਚੂਹਿਆਂ ਵਿਚ ਹੋਈ ਖੋਜ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਅੰਡਕੋਸ਼ ਦੇ ਕੈਂਸਰ ਵਿਚ ਦਾਲਚੀਨੀ ਵਿਚਲੇ ਸਿਨਾਮੈਲਡੀਹਾਈਡ ਸਦਕਾ ਸੈੱਲਾਂ ਦਾ ਫੈਲਣਾ ਘੱਟ ਹੋ ਗਿਆ। ਇਹ ਖੋਜ ਸਿਰਫ਼ ਚੂਹਿਆਂ ਉੱਤੇ ਹੀ ਕੀਤੀ ਗਈ ਹੈ। ਔਰਤਾਂ ਉੱਤੇ ਹਾਲੇ ਤੱਕ ਇਹ ਖੋਜ ਸੰਪੂਰਨ ਨਹੀਂ ਹੋਈ ਕਿ ਕਿੰਨੇ ਫੈਲੇ ਕੈਂਸਰ ਉੱਤੇ ਕਿੰਨੀ ਖ਼ੁਰਾਕ ਨਾਲ ਸਹੀ ਅਸਰ ਦਿਸੇਗਾ।
ਭਾਰ ਘਟਣਾ :-
ਹਾਲੇ ਤੱਕ ਸਿਰਫ਼ ਇਕ ਖੋਜ ਰਾਹੀਂ ਇਹ ਤੱਥ ਉਘਾੜਿਆ ਗਿਆ ਹੈ ਕਿ ਸੀਲੋਨ ਦਾਲਚੀਨੀ ਨਾਲ ਸਰੀਰ ਅੰਦਰਲੇ ਥਿੰਦੇ ਦੇ ਸੈੱਲ ਛੇਤੀ ਖੁਰਨ ਲੱਗ ਪੈਂਦੇ ਹਨ ਜਿਸ ਸਦਕਾ ਭਾਰ ਘਟਾਇਆ ਜਾ ਸਕਦਾ ਹੈ ਬਸ਼ਰਤੇ ਕਿ ਰੋਜ਼ਾਨਾ ਕਸਰਤ ਅਤੇ ਸੰਤੁਲਿਤ ਖ਼ੁਰਾਕ ਨਾਲੋ ਨਾਲ ਲਈ ਜਾਵੇ।
ਬਲੱਡ ਪ੍ਰੈੱਸ਼ਰ :-
ਸਾਰੀਆਂ ਖੋਜਾਂ ਵਿਚ ਉਨ੍ਹਾਂ ਸ਼ੱਕਰ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਨਾਲ ਬਲੱਡ ਪ੍ਰੈੱਸ਼ਰ ਦਾ ਰੋਗ ਵੀ ਸੀ। ਇਨ੍ਹਾਂ ਮਰੀਜ਼ਾਂ ਨੂੰ ਹਰ ਰੋਜ਼ ਅੱਧਾ ਚਮਚ ਦਾਲਚੀਨੀ ਤਿੰਨ ਮਹੀਨੇ ਰੈਗੂਲਰ ਖੁਆਈ ਗਈ। ਚਾਰੋ ਖੋਜਾਂ ਵਿਚ ਇਹ ਲੱਭਿਆ ਗਿਆ ਕਿ ਉੱਪਰਲਾ ਬਲੱਡ ਪ੍ਰੈੱਸ਼ਰ 5 ਪਾਇੰਟ ਘਟ ਗਿਆ। ਕਿਸੇ ਵੀ ਖੋਜ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਅਸਰ ਕਿੰਨੀ ਦੇਰ ਤੱਕ ਰਹਿ ਜਾਂਦਾ ਹੈ ! ਕੀ ਤਿੰਨ ਮਹੀਨੇ ਖਾਣ ਬਾਅਦ ਅੱਗੋਂ ਫਿਰ ਦਾਲਚੀਨੀ ਖਾਣ ਦੀ ਲੋੜ ਪਵੇਗੀ ਜਾਂ ਨਹੀਂ, ਇਹ ਹਾਲੇ ਤੱਕ ਗੱਲ ਸਾਫ਼ ਨਹੀਂ ਕੀਤੀ ਜਾ ਸਕੀ।
ਯਾਦਾਸ਼ਤ ਦੇ ਸੈਂਟਰ ਉੱਤੇ ਅਸਰ :-
ਜਿਨ੍ਹਾਂ ਚੂਹਿਆਂ ਉੱਤੇ ਦਾਲਚੀਨੀ ਨਾਲ ਖੋਜ ਕੀਤੀ ਗਈ ਸੀ, ਉਨ੍ਹਾਂ ਵਿਚ ਪਹਿਲਾਂ ਰੱਖੀ ਚੀਜ਼ ਵੱਲ ਪਹੁੰਚਣ ਦੇ ਰਾਹ ਨੂੰ ਯਾਦ ਰੱਖਣ ਦੀ ਤਾਕਤ ਵੱਧ ਲੱਭੀ। ਹਾਲੇ ਤੱਕ ਅਜਿਹੀ ਇੱਕ ਵੀ ਖੋਜ ਇਨਸਾਨਾਂ ਉੱਤੇ ਨਹੀਂ ਕੀਤੀ ਗਈ।
ਜੋੜਾਂ ਦੇ ਦਰਦ :-
ਲਗਭਗ 115 ਤਰ੍ਹਾਂ ਦੇ ਖਾਣਿਆਂ ਵਿੱਚੋਂ ਸੋਜ਼ਿਸ਼ ਨਾਲ ਜੂਝਣ ਦੀ ਤਾਕਤ ਸਭ ਤੋਂ ਵੱਧ ਸੀਲੋਨ ਦਾਲਚੀਨੀ ਵਿਚ ਹੀ ਲੱਭੀ ਹੈ। ਇਸੇ ਲਈ ਜਦੋਂ ਰੋਜ਼ ਅੱਧਾ ਚਮਚ ਦਾਲਚੀਨੀ ਰਿਊਮੈਟਾਇਡ ਆਰਥਰਾਈਟਿਸ ਦੇ ਮਰੀਜ਼ਾਂ ਨੂੰ 8 ਹਫ਼ਤੇ ਖੁਆਈ ਗਈ ਤਾਂ ਉਨ੍ਹਾਂ ਨੂੰ ਪੀੜ ਅਤੇ ਸੋਜ਼ਿਸ਼ ਵਿਚ ਕਾਫੀ ਆਰਾਮ ਦਿਸਿਆ।
ਕੋਲੈਸਟਰੋਲ :-
ਦੋ ਗਰੁੱਪਾਂ ਵਿਚ 60-60 ਮਰੀਜ਼ ਵੰਡ ਕੇ ਜਦੋਂ ਇੱਕ ਗਰੁੱਪ ਦੇ 60 ਮਰੀਜ਼ਾਂ ਨੂੰ ਚੌਥਾ ਹਿੱਸਾ ਚਮਚ ਦਾ ਸੀਲੋਨ ਦਾਲਚੀਨੀ ਦਾ 40 ਦਿਨ ਖੁਆਇਆ ਗਿਆ ਤਾਂ ਇਸ ਗਰੁੱਪ ਦੇ ਮਰੀਜ਼ਾਂ ਦਾ ਮਾੜਾ ਕੋਲੈਸਟਰੋਲ ਘੱਟ ਹੋ ਗਿਆ। ਜਦੋਂ 18 ਹਫਤੇ ਲਗਾਤਾਰ ਖੁਆਉਣਾ ਜਾਰੀ ਰੱਖਿਆ ਗਿਆ ਤਾਂ ਚੰਗੇ ਕੋਲੈਸਟਰੋਲ ਵਿਚ ਵਾਧਾ ਹੋਇਆ ਵੀ ਲੱਭਿਆ। ਇਸ ਖੋਜ ਵਿਚ ਇਹ ਅਸਰ ਕਿੰਨੀ ਦੇਰ ਤੱਕ ਰਿਹਾ, ਬਾਰੇ ਹਾਲੇ ਦੱਸਿਆ ਨਹੀਂ ਗਿਆ ਪਰ ਫ਼ਾਇਦਾ ਜ਼ਰੂਰ ਲੱਭਿਆ ਗਿਆ ਹੈ।
ਬੱਚੇਦਾਨੀ ਦੇ ਰਾਹ ਦੀ ਸੋਜ਼ਿਸ਼ :-
ਲੈਬਾਰਟਰੀ ਵਿਚ 'ਕੈਂਡੀਡਾ ਐਲਬੀਕੈਨਸ' (ਉੱਲੀ) ਉੱਤੇ ਜਦੋਂ ਖੋਜ ਕੀਤੀ ਗਈ ਤਾਂ ਸੀਲੋਨ ਦਾਲਚੀਨੀ ਦੇ ਪਾਊਡਰ ਦੇ ਘੋਲ ਵਿਚ ਪਾਉਣ ਬਾਅਦ ਇਹ ਉੱਕਾ ਹੀ ਖ਼ਤਮ ਹੋਈ ਲੱਭੀ। ਇਸੇ ਲਈ ਹੁਣ ਇਹ ਖੋਜ ਸ਼ੁਰੂ ਕੀਤੀ ਗਈ ਹੈ ਕਿ ਕੀ ਅਸਲ ਵਿਚ ਵੀ ਜਦੋਂ ਬੱਚੇਦਾਨੀ ਦੇ ਰਾਹ ਦੀ ਸੋਜ਼ਿਸ਼ ਵਾਸਤੇ ਜੇ ਦਵਾਈ ਵਿਚ ਇਸ ਨੂੰ ਵਰਤਿਆ ਜਾਵੇ ਤਾਂ ਕੀ ਕੁਦਰਤੀ ਢੰਗ ਨਾਲ ਬਿਹਤਰ ਨਤੀਜੇ ਕੱਢੇ ਜਾ ਸਕਦੇ ਹਨ? ਹੁਣ ਤੱਕ ਕਈ ਕੈਪਸੂਲਾਂ ਵਿਚ ਜਾਂ ਦਵਾਈਆਂ ਵਿਚ ਪਹਿਲਾਂ ਹੀ ਦਾਲਚੀਨੀ ਸ਼ਾਮਲ ਕੀਤੀ ਜਾ ਚੁੱਕੀ ਹੈ ਅਤੇ ਚਾਹ ਦੇ ਨਾਲ-ਨਾਲ ਕਈ ਮੂੰਹ ਉੱਤੇ ਲਾਏ ਜਾਣ ਵਾਲੇ ਮਾਸਕ ਵੀ ਦਾਲਚੀਨੀ ਭਰਪੂਰ ਮਿਲਦੇ ਹਨ। ਕਈ ਕਿਸਮਾਂ ਦੇ ਪਾਊਡਰ, ਕਰੀਮ, ਲਿਪਸਟਿਕ ਵਿਚ ਵੀ ਦਾਲਚੀਨੀ ਮਿਲਾਈ ਹੋਈ ਮਿਲਦੀ ਹੈ ਜੋ ਇਨ੍ਹਾਂ ਚੀਜ਼ਾਂ ਨੂੰ ਛੇਤੀ ਖ਼ਰਾਬ ਨਹੀਂ ਹੋਣ ਦਿੰਦੀ।
ਕੀਟਾਣੂਆਂ ਦੀ ਰੋਕਥਾਮ ਲਈ :-
ਕੁੱਝ ਕਿਸਮ ਦੇ ਕੀਟਾਣੂ ਜਿਵੇਂ ਸਾਲਮੋਨੈਲਾ, ਈ. ਕੋਲਾਈ, ਉੱਲੀ, ਕੁੱਝ ਵਾਇਰਸ ਕੀਟਾਣੂਆਂ ਆਦਿ, ਉੱਤੇ ਲੈਬਾਰਟਰੀ ਵਿਚ ਕੀਤੀ ਖੋਜ ਬਹੁਤ ਅਸਰਦਾਰ ਸਿੱਧ ਹੋ ਚੁੱਕੀ ਹੈ ਜੋ ਸੀਲੋਨ ਦਾਲਚੀਨੀ ਦੇ ਹੁੰਦਿਆਂ ਪਨਪ ਹੀ ਨਹੀਂ ਸਕਦੇ। ਇਹ ਖੋਜ ਭਾਵੇਂ ਇਨਸਾਨਾਂ ਉੱਤੇ ਹਾਲੇ ਸੰਪੂਰਨ ਨਹੀਂ ਹੋਈ ਪਰ ਮੁੱਢਲੇ ਤੌਰ ਉੱਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਕਿ ਬੀਮਾਰੀ ਵਿਚ ਦਾਲਚੀਨੀ ਦੀ ਚਾਹ ਬਣਾ ਕੇ ਲੈਂਦੇ ਰਹਿਣ ਨਾਲ ਛੇਤੀ ਠੀਕ ਹੋਇਆ ਜਾ ਸਕਦਾ ਹੈ।
ਸਿਨਾਮਨ ਤੇਲ ਸਦਕਾ ਹੀ ਇਹ ਚੰਗੇ ਅਸਰ ਦਿਸਦੇ ਹਨ ਜਿਸ ਨਾਲ ਖੰਘ, ਜ਼ੁਕਾਮ ਕਈ ਵਾਰ ਬਿਨਾਂ ਦਵਾਈ ਦੇ ਹੀ ਠੀਕ ਕੀਤਾ ਜਾ ਸਕਦਾ ਹੈ। ਇੱਕ ਕੱਪ ਪਾਣੀ ਵਿਚ ਦਾਲਚੀਨੀ ਦਾ ਟੋਟਾ ਜਾਂ ਚੂੰਡੀ ਪਾਊਡਰ ਸਮੇਤ ਇੱਕ ਲੌਂਗ, ਇੱਕ ਛੋਟੀ ਲਾਚੀ, ਇੱਕ ਮੋਟੀ ਲਾਚੀ, ਥੋੜੀ ਸੌਂਫ ਅਤੇ ਕੁੱਝ ਤੁਲਸੀ ਦੇ ਪੱਤੇ ਪਾ ਕੇ ਉਬਾਲ ਲਵੋ। ਉਬਾਲਣ ਬਾਅਦ ਢਕ ਕੇ ਰੱਖਣ ਵੇਲੇ ਉਸ ਵਿਚ ਤਾਜ਼ਾ ਅਦਰਕ ਅਤੇ ਤਾਜ਼ੀ ਕੱਚੀ ਹਲਦੀ ਰਤਾ ਕੁ ਕੁੱਟ ਕੇ ਮਿਲਾ ਕੇ ਰੱਖ ਦਿਓ। ਕੋਸੇ ਕੋਸੇ ਇਸ ਪਾਣੀ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਗਲਾ ਖ਼ਰਾਬ ਛੇਤੀ ਠੀਕ ਕੀਤਾ ਜਾ ਸਕਦਾ ਹੈ।
ਡੇਂਗੂ ਵਿਚ ਵੀ ਇਹੀ ਨੁਸਖ਼ਾ ਅਜ਼ਮਾਇਆ ਜਾ ਸਕਦਾ ਹੈ।
ਮੂੰਹ ਅੰਦਰੋਂ ਬਦਬੂ ਆਉਂਦੀ ਹੋਵੇ ਤਾਂ ਵੀ ਦਾਲਚੀਨੀ ਨੂੰ ਮੂੰਹ ਅੰਦਰ ਰੱਖ ਕੇ, ਚੂਸ ਕੇ ਜਾਂ ਇਸ ਦੇ ਪਾਣੀ ਨਾਲ ਚੂਲੀਆਂ ਕਰ ਕੇ ਬਦਬੂ ਹਟਾਈ ਜਾ ਸਕਦੀ ਹੈ।
ਹਾਰਮੋਨਾਂ ਦੀ ਗੜਬੜੀ :-
ਜਿਨ੍ਹਾਂ ਔਰਤਾਂ ਦੇ ਮੂੰਹ ਉੱਤੇ ਵਾਲ ਆਉਣ ਲੱਗ ਪੈਣ ਜਾਂ ਮਾਹਵਾਰੀ ਰੈਗੂਲਰ ਨਾ ਹੋਵੇ, ਉਨ੍ਹਾਂ ਵਿਚ ਹਾਰਮੋਨਾਂ ਦੀ ਦਵਾਈ ਖਾਂਦੇ ਰਹਿਣ ਨਾਲ ਜੇ ਅੱਧਾ ਚਮਚ ਸੀਲੋਨ ਦਾਲਚੀਨੀ ਰੋਜ਼ 6 ਮਹੀਨੇ ਖੁਆਈ ਜਾਵੇ ਤਾਂ ਮਾਹਵਾਰੀ ਰੈਗੂਲਰ ਹੋਣ ਬਾਰੇ ਇੱਕ ਸਾਰਥਕ ਖੋਜ ਸਾਹਮਣੇ ਆ ਚੁੱਕੀ ਹੈ। ਜੇ ਸਿਰਫ਼ ਦਾਲਚੀਨੀ ਹੀ ਖਾਧੀ ਜਾਵੇ ਤਾਂ ਹਾਰਮੋਨਾਂ ਦੀ ਮਾਤਰਾ ਨਾਰਮਲ ਨਹੀਂ ਪਹੁੰਚਦੀ ਭਾਵੇਂ ਮਾਹਵਾਰੀ ਠੀਕ ਹੋਣ ਲੱਗ ਪੈਂਦੀ ਹੈ। ਇਸੇ ਲਈ ਨਾਲੋ ਨਾਲ ਡਾਕਟਰੀ ਸਲਾਹ ਨਾਲ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।
ਚਮੜੀ ਲਈ :-
ਸੀਲੋਨ ਦਾਲਚੀਨੀ ਚਮੜੀ ਵਿਚਲੇ ਕੋਲਾਜਨ ਨੂੰ ਲਚਕੀਲਾ ਬਣਾਉਂਦੀ ਹੈ ਜਿਸ ਸਦਕਾ ਅਨੇਕ ਮਹਿੰਗੇ ਫੇਸ ਪੈਕ ਇਸ ਨੂੰ ਸ਼ਾਮਲ ਕਰਨ ਲੱਗ ਪਏ ਹਨ ਕਿ ਚਿਹਰੇ ਦੀ ਰੌਣਕ ਦੇ ਨਾਲੋ ਨਾਲ ਚਮੜੀ ਦੀ ਲਚਕ ਵੀ ਬਰਕਰਾਰ ਰਹੇ। ਕਿਲ ਮੁਹਾਂਸੇ ਲਈ ਇਹ ਬਿਹਤਰੀਨ ਸਾਬਤ ਹੋ ਚੁੱਕੀ ਹੈ। ਉਸ ਵਾਸਤੇ ਤਿੰਨ ਚਮਚ ਸ਼ਹਿਦ ਵਿਚ ਇੱਕ ਚਮਚ ਸੀਲੋਨ ਦਾਲਚੀਨੀ ਮਿਲਾ ਕੇ 30 ਸਕਿੰਟ ਲਈ ਮਾਈਕਰੋਵੇਵ ਵਿਚ ਰੱਖ ਕੇ 10 ਮਿੰਟ ਲਈ ਮੂੰਹ ਉੱਤੇ ਲੇਪ ਲਾ ਕੇ ਮੂੰਹ ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਹਫ਼ਤੇ ਵਿਚ ਇੱਕ ਵਾਰ ਵਰਤਣ ਨਾਲ ਕਿੱਲ ਮੁਹਾਂਸੇ ਦੋ ਕੁ ਮਹੀਨਿਆਂ ਵਿਚ ਸਾਫ਼ ਹੋ ਜਾਂਦੇ ਹਨ।
ਅੰਤ ਵਿਚ ਇਹ ਦੱਸਣਾ ਜ਼ਰੂਰੀ ਹੈ ਕਿ ਦਾਲਚੀਨੀ ਦੀਆਂ ਸਾਰੀਆਂ ਖੋਜਾਂ ਸੀਲੋਨ ਕਿਸਮ ਨਾਲ ਹੀ ਕੀਤੀਆਂ ਗਈਆਂ ਹਨ। ਬਜ਼ਾਰ ਵਿਚ ਕੇਸੀਆ ਕਿਸਮ ਹੀ ਵੱਧ ਮਿਲਦੀ ਹੈ ਜਿਸ ਵਿਚ 'ਕੁਮਾਰਿਨ' ਹੋਣ ਸਦਕਾ ਇਸ ਦੀ ਵਾਧੂ ਵਰਤੋਂ ਤਗੜਾ ਨੁਕਸਾਨ ਵੀ ਕਰ ਸਕਦੀ ਹੈ।
ਇੰਜ ਹੀ ਸੁੱੱਕੀ ਲੱਕੜ ਵਿਚ ਲੱਗੀ ਉੱਲੀ ਵੀ ਖ਼ਤਰਨਾਕ ਹੋ ਸਕਦੀ ਹੈ ਜੋ ਬਹੁਤ ਧਿਆਨ ਨਾਲ ਵਰਤਣੀ ਚਾਹੀਦੀ ਹੈ।
ਅੱਗੇ ਤੋਂ ਦਾਲਚੀਨੀ ਖ਼ਰੀਦਣ ਤੋਂ ਪਹਿਲਾਂ ਬਾਹਰ ਲਿਖਿਆ 'ਸੀਲੋਨ' ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਜੇ 'ਸੀਲੋਨ' ਨਹੀਂ ਲਿਖਿਆ ਹੋਇਆ, ਤਾਂ ਸਮਝ ਲਇਓ ਕਿ ਇਹ 'ਕੇਸੀਆ' ਕਿਸਮ ਹੀ ਹੈ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਜੋੜ ਤੰਦਰੁਸਤ ਰੱਖਣ ਲਈ ਕੀ ਕਰੀਏ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਅੱਜ ਕਲ ਗੋਡੇ ਬਦਲਣ ਦਾ ਰਿਵਾਜ਼ ਓਨਾ ਹੀ ਆਮ ਹੈ ਜਿੰਨਾ ਕਾਰ ਜਾਂ ਸਕੂਟਰ ਬਦਲਣ ਦਾ। ਬਹੁਤਿਆਂ ਦੇ ਗੋਡੇ ਇਕ ਵਾਰ ਬਦਲਣ ਤੋਂ ਬਾਅਦ ਕਦੇ ਵੀ ਦੁਬਾਰਾ ਨਾਰਮਲ ਵਾਂਗ ਹੋ ਨਹੀਂ ਸਕਦੇ। ਕਈਆਂ ਦੇ ਦੂਜੀ ਜਾਂ ਤੀਜੀ ਵਾਰ ਵੀ ਬਦਲਣੇ ਪੈ ਜਾਂਦੇ ਹਨ। ਇਸੇ ਲਈ ਜੇ ਸ਼ੁਰੂ ਤੋਂ ਹੀ ਗੋਡਿਆਂ ਦਾ ਧਿਆਨ ਰੱਖ ਲਈਏ ਤਾਂ ਦੇਰ ਤੱਕ ਤੰਦਰੁਸਤ ਰਿਹਾ ਜਾ ਸਕਦਾ ਹੈ।
ਸਭ ਤੋਂ ਅਹਿਮ ਹੈ ਗੋਡਿਆਂ ਉੱਤੇ ਪੈਂਦਾ ਭਾਰ! ਜੇ ਸਰੀਰ ਦਾ ਭਾਰ ਇੱਕ ਪੌਂਡ ਵੀ ਵਧ ਜਾਵੇ ਤਾਂ ਗੋਡਿਆਂ ਉੱਤੇ ਚਾਰ ਗੁਣਾ ਜ਼ੋਰ ਪੈ ਜਾਂਦਾ ਹੈ ਜੋ ਨਾ ਸਿਰਫ਼ ਗੋਡੇ, ਬਲਕਿ ਪਿੱਠ, ਕਮਰ, ਲੱਤਾਂ ਅਤੇ ਪੈਰਾਂ ਉੱਤੇ ਵੀ ਤਗੜਾ ਅਸਰ ਪਾ ਕੇ ਉਨ੍ਹਾਂ ਦਾ ਘਸਣਾ ਵਧਾ ਦਿੰਦਾ ਹੈ। ਇਸੇ ਨਾਲ ਹੌਲੀ-ਹੌਲੀ ਲਗਾਤਾਰ ਪੀੜ ਰਹਿਣੀ ਸ਼ੁਰੂ ਹੋ ਜਾਂਦੀ ਹੈ। ਜੇ ਭਾਰ ਵਧਣਾ ਲਗਾਤਾਰ ਜਾਰੀ ਰਹੇ ਤਾਂ ਬਾਕੀ ਦੇ ਜੋੜ, ਜਿਵੇਂ ਹੱਥ ਜਾਂ ਮੋਢੇ ਵਿਚ ਵੀ ਖਿੱਚ ਅਤੇ ਪੀੜ ਮਹਿਸੂਸ ਹੋਣ ਲੱਗ ਪੈਂਦੀ ਹੈ ਕਿਉਂਕਿ ਦਿਮਾਗ਼ ਇੱਕੋ ਸੁਣੇਹਾ ਸਾਰੇ ਪਾਸੇ ਭੇਜ ਦਿੰਦਾ ਹੈ। ਇਸੇ ਲਈ ਲੰਮੇ ਸਮੇਂ ਤੱਕ ਗੋਡੇ ਸਹੀ ਰੱਖਣ ਲਈ ਹਰ ਹਾਲ ਭਾਰ ਉੱਤੇ ਕਾਬੂ ਰੱਖਣਾ ਪੈਂਦਾ ਹੈ।


ਉਂਗਲਾਂ ਅਤੇ ਅੰਗੂਠਾ :-
ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈ। ਇੰਜ ਹੀ ਦੇਰ ਤੱਕ ਲੈਪਟਾਪ ਉੱਤੇ ਅੰਗੂਠੇ ਤੇ ਉਂਗਲਾਂ ਵੱਲੋਂ ਹਰਕਤ ਕਰਨ ਨਾਲ ਜੋੜਾਂ ਉੱਤੇ ਲਗਾਤਾਰ ਜ਼ੋਰ ਪੈਂਦਾ ਹੈ, ਜਿਸ ਨਾਲ ਹੱਥਾਂ ਦੇ ਜੋੜ ਪੀੜ ਕਰਨ ਲੱਗ ਪੈਂਦੇ ਹਨ। ਗਰਦਨ ਨੂੰ ਹੇਠਾਂ ਝੁਕਾ ਕੇ ਮੋਬਾਈਲ ਵੇਖਦੇ ਰਹਿਣ ਨਾਲ ਗਰਦਨ ਦੇ ਜੋੜਾਂ ਉੱਤੇ ਬਹੁਤ ਮਾੜਾ ਅਸਰ ਪੈ ਜਾਂਦਾ ਹੈ। ਖੋਜਾਂ ਦਸਦੀਆਂ ਹਨ ਕਿ ਨਾ ਸਿਰਫ਼ ਗਰਦਨ, ਬਲਕਿ ਮੋਢਿਆਂ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਹਰ ਇਕ ਇੰਚ ਅੱਗੇ ਝੁਕੇ ਸਿਰ ਨਾਲ ਮੋਢਿਆਂ ਉੱਤੇ ਦੁਗਣਾ ਭਾਰ ਪੈ ਜਾਂਦਾ ਹੈ। ਜੇ ਕਿਤੇ ਠੋਡੀ ਛਾਤੀ ਦੇ ਨੇੜੇ ਹੋ ਜਾਵੇ ਤਾਂ ਗਰਦਨ ਦੀਆਂ ਮਲੂਕ ਹੱਡੀਆਂ ਨੂੰ ਪੰਜ ਸਿਰਾਂ ਜਿੰਨਾ ਭਾਰ ਚੁੱਕਣ ਵਰਗਾ ਅਸਰ ਪੈਂਦਾ ਹੈ। ਇਸੇ ਲਈ ਗਰਦਨ ਤੇ ਮੋਢਿਆਂ ਨੂੰ ਤੰਦਰੁਸਤ ਰੱਖਣ ਲਈ ਮੇਜ਼ ਕੁਰਸੀ ਉੱਤੇ ਸਿੱਧਾ ਬਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ।

ਉੱਚੀ ਅੱਡੀ ਵਾਲੀ ਜੁੱਤੀ :-
ਜਿੰਨੀ ਜ਼ਿਆਦਾ ਉੱਚੀ ਅੱਡੀ ਹੋਵੇ, ਓਨਾ ਹੀ ਪੈਰਾਂ ਦੀਆਂ ਉਂਗਲਾਂ ਅਤੇ ਪੰਜੇ ਉੱਤੇ ਵੱਧ ਜ਼ੋਰ ਪੈਂਦਾ ਹੈ। ਪੱਟਾਂ ਦੇ ਪੱਠਿਆਂ ਨੂੰ ਹੱਦੋਂ ਵੱਧ ਜ਼ੋਰ ਲਾ ਕੇ ਗੋਡੇ ਸਿੱਧੇ ਰੱਖਣੇ ਪੈਂਦੇ ਹਨ। ਇਹੀ ਕਾਰਨ ਹੈ ਕਿ ਰੋਜ਼ ਉੱਚੀ ਅੱਡੀ ਪਾਉਣ ਵਾਲਿਆਂ ਦੇ ਜੋੜਾਂ ਵਿਚਲਾ ਨਰਮ ਗੁੱਦਾ ਛੇਤੀ ਘਸ ਜਾਂਦਾ ਹੈ ਤੇ ਉਨ੍ਹਾਂ ਨੂੰ ਓਸਟੀਓ ਆਰਥਰਾਈਟਸ ਦਾ ਰੋਗ ਛੇਤੀ ਹੋ ਜਾਂਦਾ ਹੈ।

ਘਸੇ ਹੋਏ ਜੁੱਤੇ ਪਾਉਣੇ :-
ਅੱਡੀਆਂ ਅਤੇ ਪੰਜਿਆਂ ਤੋਂ ਘਸੇ ਜੁੱਤੇ ਨਾ ਸਿਰਫ਼ ਪੈਰਾਂ, ਗੋਡੇ, ਕੂਹਲੇ ਬਲਕਿ ਪਿੱਠ ਦੇ ਜੋੜਾਂ ਉੱਤੇ ਵੀ ਮਾੜਾ ਅਸਰ ਪਾ ਦਿੰਦੇ ਹਨ। ਇਸੇ ਲਈ ਜੁੱਤਿਆਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਵੱਖੋ-ਵੱਖ ਖੇਡਾਂ ਲਈ ਵੀ ਵੱਖ ਤਰ੍ਹਾਂ ਦੇ ਜੁੱਤੇ ਬਣਾਏ ਗਏ ਹਨ। ਜਿਵੇਂ, ਬਾਸਕਟਬੌਲ ਲਈ ਰਤਾ ਮੋਟਾ ਥੱਲਾ ਤਾਂ ਜੋ ਗੋਡਿਆਂ ਉੱਤੇ ਜ਼ੋਰ ਨਾ ਪਵੇ। ਬਹੁਤ ਜ਼ਿਆਦਾ ਕੁਸ਼ਨ ਥੱਲਾ, ਜਿਸ ਵਿਚ ਪੈਰ ਦੇ ਅੰਦਰਲੇ ਪਾਸੇ ਵਾਲਾ ਹਿੱਸਾ ਸਖ਼ਤ ਕਰ ਕੇ ਉੱਚਾ ਕੀਤਾ ਹੋਵੇ, ਵੀ ਲੱਤ ਦੇ ਪੱਠਿਆਂ ਉੱਤੇ ਖਿੱਚ ਪਾ ਦਿੰਦਾ ਹੈ।

ਜੋੜਾਂ ਦੇ ਪਟਾਕੇ ਮਾਰਨੇ :-
ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਕਦੇ ਉਂਗਲਾਂ 'ਚ ਪਟਾਕੇ ਨਾ ਮਾਰੇ ਹੋਣ! ਉਂਗਲਾਂ ਦੇ ਜੋੜਾਂ ਨੂੰ ਖਿੱਚ ਕੇ ਜਾਂ ਪੁੱਠਾ ਮੋੜ ਕੇ ਪਟਾਕੇ ਕੱਢਣੇ ਬਹੁਤ ਆਮ ਜਿਹੀ ਆਦਤ ਹੋ ਚੁੱਕੀ ਹੈ। ਇੰਜ ਕਰਨ ਨਾਲ ਆਰਥਰਾਈਟਿਸ ਭਾਵੇਂ ਨਾ ਹੋਵੇ ਪਰ ਹੌਲੀ-ਹੌਲੀ ਵਧਦੀ ਉਮਰ ਨਾਲ ਹੱਥਾਂ ਵਿਚ ਸੋਜ਼ਿਸ਼ ਜਾਂ ਪਕੜ ਵਿਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ।

ਭਾਰਾ ਪਰਸ ਜਾਂ ਪਿੱਠੂ ਚੁੱਕਣਾ :-
ਰੋਜ਼ ਦੀ ਡਿਊਟੀ ਜਾਂ ਪੜ੍ਹਾਈ ਵੇਲੇ ਚੁੱਕੇ ਭਾਰੇ ਬਸਤੇ, ਪਿੱਠੂ ਜਾਂ ਭਾਰਾ ਪਰਸ ਟੰਗ ਕੇ ਤੁਰਨ ਨਾਲ ਗਲੇ ਜਾਂ ਮੋਢੇ ਦੀ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਭਾਰੀ ਪਿੱਠੂ ਜਾਂ ਪਰਸ ਦਾ ਪਾਸਾ ਛੇਤੀ-ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਵਿਚ ਖਿੱਚ ਨਾ ਪਵੇ।

ਭਾਰ ਚੁੱਕਣਾ ਜਾਂ ਧੱਕਣਾ :-
ਜੇ ਭਾਰੀ ਚੀਜ਼ ਧੱਕਣੀ ਹੋਵੇ ਤਾਂ ਹਥ ਨਾਲ ਧੱਕਣ ਦੀ ਥਾਂ ਮੋਢੇ ਨਾਲ ਧੱਕਣੀ ਠੀਕ ਰਹਿੰਦੀ ਹੈ। ਇਸੇ ਹੀ ਤਰ੍ਹਾਂ ਭਾਰਾ ਮੰਜਾ ਪਰਾਂ ਧੱਕਣਾ ਜਾਂ ਉੱਤੇ ਚੁੱਕਣਾ ਹੋਵੇ ਤਾਂ ਗੋਡਿਆਂ ਨੂੰ ਮੋੜ ਕੇ ਲੱਤਾਂ ਦੇ ਪੱਠਿਆਂ ਉੱਤੇ ਭਾਰ ਪਾਉਣਾ ਚਾਹੀਦਾ ਹੈ ਨਾ ਕਿ ਸਿੱਧੇ ਕੀਤੇ ਗੋਡੇ ਉੱਤੇ। ਜੇ ਹੱਥ ਨਾਲ ਭਾਰਾ ਥੈਲਾ ਚੁੱਕਣਾ ਪਵੇ ਤਾਂ ਉਂਗਲਾਂ ਨਾਲੋਂ ਪੂਰੀ ਮੁੱਠੀ ਵਿਚ ਘੁੱਟ ਕੇ ਚੁੱਕਣਾ ਚਾਹੀਦਾ ਹੈ ਤਾਂ ਜੋ ਇਕੱਲੀਆਂ ਉਂਗਲਾਂ ਦੇ ਜੋੜ ਖਿੱਚੇ ਨਾ ਜਾਣ।

ਸੌਣ ਦਾ ਢੰਗ :-
ਸਿੱਧੇ ਲੇਟਣ ਨਾਲ ਜ਼ਿਆਦਾ ਭਾਰ ਚੁਫ਼ੇਰੇ ਵੰਡਿਆ ਜਾਂਦਾ ਹੈ ਪਰ ਪੁੱਠੇ ਢਿੱਡ ਭਾਰ ਲੇਟਣ ਨਾਲ ਸਿਰ ਇੱਕ ਪਾਸੇ ਰੱਖ ਕੇ ਰੀੜ੍ਹ ਦੀ ਹੱਡੀ ਟੇਢੀ ਕਰ ਕੇ ਹਮੇਸ਼ਾ ਲੇਟਣ ਨਾਲ ਹੌਲੀ-ਹੌਲੀ ਰੀੜ੍ਹ ਦੀ ਹੱਡੀ ਤਕਲੀਫ਼ ਦੇਣ ਲੱਗ ਪੈਂਦੀ ਹੈ। ਇੰਜ ਹੀ ਬਹੁਤ ਉੱਚਾ ਸਿਰਹਾਣਾ ਲੈ ਕੇ ਨਹੀਂ ਲੇਟਣਾ ਚਾਹੀਦਾ।


ਸਰੀਰ ਨੂੰ ਖਿੱਚ ਪਾਉਣੀ :-
ਬਾਹਵਾਂ ਅਤੇ ਲੱਤਾਂ ਨੂੰ ਖਿੱਚ ਕੇ ਆਕੜ ਲੈਣੀ ਜਾਂ ਰੈਗੂਲਰ ਪੱਠਿਆਂ ਨੂੰ ਪੂਰੀ ਤਰ੍ਹਾਂ ਖਿੱਚ ਕੇ ਸਿੱਧੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਦੀ ਲਚਕ ਬਰਕਰਾਰ ਰਹੇ।

ਹੱਡੀਆਂ ਤਗੜੀਆਂ ਕਰਨੀਆਂ :-
40 ਸਾਲਾਂ ਦੀ ਉਮਰ ਪੂਰੀ ਹੋ ਜਾਣ ਉੱਤੇ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਲਈ ਹਲਕਾ ਭਾਰ ਚੁੱਕ ਕੇ ਕਸਰਤ ਕਰਨੀ ਅਤੇ ਰੈਗੂਲਰ ਭੱਜਣਾ ਜਾਂ ਤੇਜ਼ ਤੁਰਨਾ ਜਿੱਥੇ ਪੱਠੇ ਮਜ਼ਬੂਤ ਕਰਦਾ ਹੈ, ਉੱਥੇ ਹੱਡੀਆਂ ਵੀ ਛੇਤੀ ਖੁਰਨ ਨਹੀਂ ਦਿੰਦਾ। ਇੰਜ ਜੋੜ ਵੀ ਲਚਕੀਲੇ ਹੋ ਜਾਂਦੇ ਹਨ।

ਸਿਗਰਟਨੋਸ਼ੀ :-
ਸਿਗਰਟ ਵਿਚਲੀ ਨਿਕੋਟੀਨ ਹੱਡੀਆਂ ਵੱਲ ਜਾਂਦੇ ਲਹੂ ਨੂੰ ਘਟਾ ਦਿੰਦੀ ਹੈ ਤੇ ਜੋੜਾਂ ਨੂੰ ਸਖ਼ਤ ਕਰ ਦਿੰਦੀ ਹੈ। ਹੱਡੀਆਂ ਵਿਚ ਕੈਲਸ਼ੀਅਮ ਦਾ ਜੰਮਣਾ ਵੀ ਘਟਾ ਦਿੰਦੀ ਹੈ ਅਤੇ ਈਸਟਰੋਜਨ ਹਾਰਮੋਨ ਦੀ ਟੁੱਟ ਫੁੱਟ ਵਧਾ ਦਿੰਦੀ ਹੈ ਜਿਸ ਨਾਲ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਤੇ ਛੇਤੀ ਤਿੜਕ ਜਾਂਦੀਆਂ ਹਨ। ਜੋੜ ਵੀ ਚੀਕਣ ਲੱਗ ਪੈਂਦੇ ਹਨ।

ਉਨੀਂਦਰਾ :-
ਜਿਨ੍ਹਾਂ ਨੂੰ ਆਰਥਰਾਈਟਿਸ ਹੋਵੇ, ਉਨ੍ਹਾਂ ਨੂੰ ਉਨੀਂਦਰੇ ਨਾਲ ਵੱਧ ਪੀੜ ਮਹਿਸੂਸ ਹੁੰਦੀ ਹੈ। ਇਸੇ ਲਈ ਪੂਰੇ 8 ਘੰਟੇ ਦੀ ਨੀਂਦਰ ਜ਼ਰੂਰ ਲੈਣੀ ਚਾਹੀਦੀ ਹੈ।

ਕਾਊਚ ਪੋਟੈਟੋ :-
ਆਰਾਮ ਕੁਰਸੀ ਉੱਤੇ ਪਸਰ ਕੇ ਲੇਟਣ ਵਾਲੇ ਜ਼ਿਆਦਾਤਰ ਜੋੜਾਂ ਦੀ ਦਰਦ ਸਹੇੜ ਲੈਂਦੇ ਹਨ ਕਿਉਂਕਿ ਵੱਖੋ-ਵੱਖ ਜੋੜ ਹੌਲੀ-ਹੌਲੀ ਟੇਡੇ ਹੋ ਕੇ ਜਾਮ ਹੋਣ ਲੱਗ ਪੈਂਦੇ ਹਨ। ਪਿੱਠ ਦਾ ਵੀ ਨਾਸ ਵੱਜ ਜਾਂਦਾ ਹੈ। ਇਸੇ ਲਈ ਸਿੱਧੇ ਕੁਰਸੀ ਉੱਤੇ ਬੈਠਣ ਵਿਚ ਹੀ ਭਲਾਈ ਹੈ।

ਪੀੜ ਨੂੰ ਜਰਨਾ :-
ਕਸਰਤ ਦੌਰਾਨ ਹਲਕੀ ਪੀੜ ਨੂੰ ਜ਼ਰੂਰ ਜਰਨਾ ਚਾਹੀਦਾ ਹੈ ਤੇ ਕਸਰਤ ਜਾਰੀ ਰੱਖਣੀ ਚਾਹੀਦੀ ਹੈ। ਤਿੱਖੀ ਪੀੜ ਹੋਣ ਲੱਗ ਪਵੇ ਤਾਂ ਡਾਕਟਰੀ ਚੈੱਕਅਪ ਜ਼ਰੂਰੀ ਹੈ।

ਟੈਨਿਸ ਐਲਬੋ :-
ਜੇ ਇੱਕੋ ਹੀ ਗੇਮ ਖੇਡੀ ਜਾ ਰਹੀ ਹੋਵੇ ਤਾਂ ਇਕ ਜੋੜ ਉੱਤੇ ਪੂਰਾ ਜ਼ੋਰ ਪੈ ਜਾਂਦਾ ਹੈ ਤੇ ਜੋੜ ਖ਼ਰਾਬ ਹੋ ਸਕਦਾ ਹੈ। ਜਿਵੇਂ ਟੈਨਿਸ ਗੇਮ ਖੇਡਦਿਆਂ ਅਰਕ ਦਾ ਆਕੜ ਜਾਣਾ ਜਾਂ ਪੀੜ ਹੋਣ ਲੱਗ ਪੈਣਾ। ਇਸੇ ਲਈ ਬਾਕੀ ਜੋੜਾਂ ਦੀ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਵਿਚ-ਵਿਚ ਕਿਸੇ ਦਿਨ ਉਹ ਗੇਮ ਛੱਡ ਕੇ ਹੋਰ ਕਸਰਤਾਂ ਕਰਨ ਦੀ ਲੋੜ ਹੁੰਦੀ ਹੈ।

ਸਿਹਤਮੰਦ ਜੋੜਾਂ ਲਈ ਖ਼ੁਰਾਕ ਕੀ ਹੋਵੇ?
1.    ਓਮੇਗਾ ਤਿੰਨ ਫੈਟੀ ਏਸਿਡ ਜੋੜਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਇਸੇ ਲਈ     ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ ਅਤੇ ਚੀਆ ਬੀਜ, ਅਲਸੀ ਜ਼ਰੂਰ ਲੈਂਦੇ ਰਹਿਣਾ     ਚਾਹੀਦਾ ਹੈ।
2.    ਮੱਛੀ
3.    ਫਲ ਜਿਵੇਂ ਬਲੂਬੈਰੀਆਂ, ਅਨਾਨਾਸ
4.    ਸਬਜ਼ੀਆਂ ਜਿਵੇਂ ਟਮਾਟਰ, ਫੁੱਲ ਗੋਭੀ, ਬਰੌਕਲੀ, ਹਰੀਆਂ ਫਲੀਆਂ ਆਦਿ।
5.    ਦਾਲਾਂ, ਸੋਇਆਬੀਨ
6.    ਓਲਿਵ ਤੇਲ
7.    ਛਾਣਬੂਰੇ ਵਾਲਾ ਆਟਾ, ਖ਼ਾਸ ਕਰ ਰਾਗੀ ਦਾ ਆਟਾ ਅਤੇ ਕੋਧਰਾ
8.    ਗੰਢੇ, ਅਦਰਕ, ਥੋਮ, ਹਲਦੀ
9.    ਡਾਰਕ ਚਾਕਲੇਟ

ਕਿਹੜੇ ਖਾਣੇ ਨਹੀਂ ਖਾਣੇ ਚਾਹੀਦੇ :-
*    ਪ੍ਰੋਸੈੱਸਡ ਖਾਣੇ
*    ਤਲੇ ਖਾਣੇ
*    ਓਮੇਗਾ 6 ਫੈੱਟੀ ਏਸਿਡ, ਸੈਚੂਰੇਟਿਡ ਥਿੰਦਾ
*    ਖੰਡ
ਸਾਰ :-
ਗੱਡੀ ਵੀ ਜੇ ਬਹੁਤੀ ਦੇਰ ਖੜ੍ਹੀ ਰਹੇ ਤਾਂ ਜਾਮ ਹੋ ਜਾਂਦੀ ਹੈ। ਇੰਜ ਹੀ ਸਰੀਰ ਨੂੰ ਜੇ ਨਾ ਤੋਰਿਆ ਜਾਵੇ ਤਾਂ ਸਰੀਰ ਅੰਦਰਲਾ ਸਾਰਾ ਕਾਰਖ਼ਾਨਾ ਹੀ ਜਾਮ ਹੋ ਜਾਂਦਾ ਹੈ। ਇਸੇ ਲਈ ਰੋਜ਼ਾਨਾ ਦੀ ਕਸਰਤ, ਸੰਤੁਲਿਤ ਖ਼ੁਰਾਕ, ਬੈਠਣ ਦਾ ਸਹੀ ਢੰਗ ਅਪਣਾਉਣ ਤੇ ਬੇਲੋੜੀ ਮੋਬਾਈਲ ਦੀ ਵਰਤੋਂ ਨਾ ਕਰਨਾ ਸਾਨੂੰ ਤੰਦਰੁਸਤ ਰੱਖਣ ਲਈ ਬੇਹਦ ਜ਼ਰੂਰੀ ਹਨ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਅੰਜੀਰ - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਤੁਰਕੀ ਵਿਚ ਇਸ ਸਮੇਂ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਉੱਗ ਰਹੀ ਅਤੇ ਹੋਰਨਾਂ ਮੁਲਕਾਂ ਵਿਚ ਭੇਜੀ ਜਾਣ ਵਾਲੀ ਅੰਜੀਰ ਨੂੰ 'ਸੁਰਗਾਂ ਦਾ ਫਲ' ਕਿਹਾ ਜਾਂਦਾ ਹੈ।
ਭਾਰਤ ਵਿਚ ਸਭ ਤੋਂ ਪੁਰਾਣਾ ਅੰਜੀਰ ਦਾ ਦਰਖਤ ਬੋਧ ਗਯਾ ਵਿਚ ਬੋਧੀਆਂ ਵੱਲੋਂ ਬੀਜਿਆ ਅੱਜ ਵੀ ਵੇਖਿਆ ਜਾ ਸਕਦਾ ਹੈ ਜੋ 2305 ਸਾਲ ਪੁਰਾਣਾ ਹੈ।
ਜੇ ਕਿਸੇ ਨੇ ਜੌਰਡਨ ਦੇ ਇਕ ਪੁਰਾਤਨ ਪਿੰਡ ਵਿਚ ਕੀਤੀ ਖੁਦਾਈ ਬਾਰੇ ਪੜ੍ਹਿਆ ਸੁਣਿਆ ਹੋਵੇ, ਤਾਂ ਉੱਥੇ ਪੱਥਰ ਬਣ ਚੁੱਕੀਆਂ ਅੰਜੀਰਾਂ ਦੀਆਂ 9 ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ ਜੋ ਈਸਾ ਮਸੀਹ ਤੋਂ 9400 ਸਾਲ ਪਹਿਲਾਂ ਦੀਆਂ ਹਨ।
    ਸੰਸਕ੍ਰਿਤ ਵਿਚ ਉਦੁੰਬਰਾ ਵਜੋਂ ਜਾਣੀ ਜਾਂਦੀ ਅੰਜੀਰ ਬਾਰੇ ਕੁਰਾਨ ਵਿਚ ਵੀ ਜ਼ਿਕਰ ਹੈ ਕਿ - ''ਰਬ ਵੀ ਅੰਜੀਰ ਦੀ ਸਹੁੰ ਖਾ ਕੇ ਕਹਿੰਦਾ ਹੈ।'' (ਤਰਜਮੇ ਦੀ ਕਾਪੀ ਵਿੱਚੋਂ ਲਿਖਿਆ ਮਿਲਿਆ ਹੈ -By the fig)
ਈਸਾ ਮਸੀਹ ਤੋਂ 5000 ਸਾਲ ਪਹਿਲਾਂ ਪੁਰਾਣੇ ਰੋਮ ਵਿੱਚੋਂ ਖੁਦਾਈ ਦੌਰਾਨ 29 ਵੱਖੋ ਵੱਖ ਕਿਸਮਾਂ ਦੀਆਂ ਅੰਜੀਰਾਂ ਲੱਭੀਆਂ ਜਾ ਚੁੱਕੀਆਂ ਹਨ।
ਇਹ ਮੰਨਿਆ ਜਾ ਚੁੱਕਿਆ ਹੈ ਕਣਕ ਜਾਂ ਬਾਜਰੇ ਤੋਂ ਵੀ ਕਈ ਹਜ਼ਾਰ ਵਰ੍ਹੇ ਪਹਿਲਾਂ ਮਨੁੱਖ ਨੇ ਅੰਜੀਰ ਦਾ ਦਰਖਤ ਲਾਉਣਾ ਸ਼ੁਰੂ ਕੀਤਾ ਸੀ। ਇਸ ਦੇ ਸਬੂਤ ਵਜੋਂ ਰੋਮ ਦੇ ਨੇੜੇ 11,400 ਸਾਲ ਪਹਿਲਾਂ ਦੇ ਅਨੇਕ ਦਰਖ਼ਤ ਇੱਕੋ ਥਾਂ ਉਗਾਏ ਲੱਭੇ ਜਾ ਚੁੱਕੇ ਹਨ।
ਭਾਰਤ ਵਿਚ ਅੱਜ ਦੇ ਦਿਨ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ, ਕਰਨਾਟਕ ਅਤੇ ਤਾਮਿਲ ਨਾਡੂ ਵਿਖੇ ਅੰਜੀਰ ਕਾਫ਼ੀ ਉਗਾਈ ਜਾ ਰਹੀ ਹੈ।
ਅੰਜੀਰ ਦੀ ਸਭ ਤੋਂ ਵੱਧ ਮਹੱਤਾ ਇਸ ਨਾਲ ਮਿਲਦੇ ਮਰਦਾਨਾ ਕਮਜ਼ੋਰੀ ਵਿਚ ਫ਼ਾਇਦੇ ਸਦਕਾ ਹੈ। ਅਣਗਿਣਤ ਆਯੁਰਵੈਦਿਕ ਦਵਾਈਆਂ, ਐਲੋਪੈਥਿਕ ਖੋਜਾਂ ਅਤੇ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਵੱਲੋਂ ਸੁਝਾਏ ਨੁਕਤਿਆਂ ਅਨੁਸਾਰ ਮਰਦਾਨਾ ਕਮਜ਼ੋਰੀ ਲਈ ਰਾਤ ਭਰ ਭਿਉਂ ਕੇ ਰੱਖੀਆਂ ਦੋ ਅੰਜੀਰਾਂ, 4 ਬਦਾਮ ਅਤੇ 2 ਅਖਰੋਟ ਜਦੋਂ ਗਰਮ ਦੁੱਧ ਨਾਲ ਸਵੇਰੇ ਲੈ ਲਏ ਜਾਣ ਤਾਂ ਮਰਦਾਨਾ ਕਮਜ਼ੋਰੀ ਵਿਚ ਬਹੁਤ ਫ਼ਰਕ ਪੈ ਜਾਂਦਾ ਹੈ।
ਐਲੋਪੈਥਿਕ ਡਾਕਟਰ ਮੰਨਦੇ ਹਨ ਕਿ ਬਹੁਗਿਣਤੀ ਮਰਦਾਨਾ ਕਮਜ਼ੋਰੀ ਦੇ ਮਰੀਜ਼ਾਂ ਨੂੰ ਕੋਈ ਬੀਮਾਰੀ ਹੁੰਦੀ ਹੀ ਨਹੀਂ। ਘਬਰਾਹਟ ਅਤੇ ਮਾਨਸਿਕ ਨਿਤਾਣਾਪਨ ਹੀ ਹੁੰਦਾ ਹੈ ਜੋ ਅੰਜੀਰ ਖਾਣ ਨਾਲ ਬੰਦਾ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪੈਂਦਾ ਹੈ।
ਖੋਜਾਂ ਇਹ ਵੀ ਸਪਸ਼ਟ ਕਰ ਚੁੱਕੀਆਂ ਹਨ ਕਿ ਜਿਹੜੇ ਅੰਸ਼ ਅਤੇ ਤੱਤ ਸ਼ਕਰਾਣੂਆਂ ਨੂੰ ਤੰਦਰੁਸਤ ਰੱਖਣ ਅਤੇ ਹਿਲਜੁਲ ਸਹੀ ਕਰਨ ਲਈ ਲੋੜੀਂਦੇ ਹਨ, ਜਿਵੇਂ ਸੀਲੀਨੀਅਮ, ਵਿਟਾਮਿਨ ਈ, ਜ਼ਿੰਕ, ਓਮੇਗਾ ਤਿੰਨ ਫੈਟੀ ਏਸਿਡ, ਫੋਲੇਟ ਆਦਿ, ਸਭ ਅੰਜੀਰ ਵਿਚ ਮੌਜੂਦ ਹਨ ਤੇ ਪੂਰੀ ਮਾਤਰਾ ਵਿਚ ਹਨ। ਇਸੇ ਲਈ ਮਰਦਾਨਾ ਤਾਕਤ ਲਈ ਸੁਪਰ-ਫੂਡ ਮੰਨੀ ਜਾ ਚੁੱਕੀ ਅੰਜੀਰ ਨੂੰ ਹੁਣ ਕਈ ਲੋਕ ਰਾਤ ਭਰ ਭਿਉਂ ਕੇ ਉਸ ਨਾਲ ਭਿੱਜੇ ਬਦਾਮ, ਅਖਰੋਟ ਅਤੇ ਨਾਲੋ ਨਾਲ ਹੇਜ਼ਲ ਨੱਟ ਵੀ ਖਾਣ ਲੱਗ ਪਏ ਹਨ।
2 ਸੁੱਕੀਆਂ ਅੰਜੀਰਾਂ (ਦੋ ਕੱਟੇ ਟੋਟਿਆਂ) ਵਿਚ ਲਗਭਗ 95 ਕੈਲਰੀਆਂ ਹੁੰਦੀਆਂ ਹਨ।
ਲੋਹ ਕਣਾਂ ਵਿਚ ਭਰਪੂਰ ਹੋਣ ਸਦਕਾ ਅੰਜੀਰ ਲਹੂ ਦੀ ਕਮੀ ਨਾਲ ਜੂਝਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੋ ਚੁੱਕੀ ਹੈ। ਥਕਾਨ ਬਾਅਦ ਜੇ ਦੋ ਅੰਜੀਰਾਂ ਖਾ ਲਈਆਂ ਜਾਣ ਤਾਂ ਝਟਪਟ ਥਕਾਵਟ ਦੂਰ ਹੋ ਜਾਂਦੀ ਹੈ।
ਜੇ ਯੂਰਿਕ ਏਸਿਡ ਵਧਿਆ ਹੋਵੇ ਤਾਂ ਪੂਰੀ ਦਵਾਈ ਖਾਣ ਦੇ ਨਾਲੋ ਨਾਲ ਖਾਣ-ਪੀਣ ਵਿਚ ਪਰਹੇਜ਼ ਕਰਨ ਅਤੇ ਇੱਕ ਮਹੀਨੇ ਲਈ ਅੰਜੀਰ ਖਾਣ ਨਾਲ ਯੂਰਿਕ ਏਸਿਡ ਛੇਤੀ ਘੱਟ ਹੋ ਜਾਂਦਾ ਹੈ।
ਫਾਈਬਰ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਕਬਜ਼ ਵੀ ਠੀਕ ਹੋ ਸਕਦੀ ਹੈ। ਕੈਲਸ਼ੀਅਮ ਤੇ ਫ਼ਾਸਫੋਰਸ ਕਾਰਨ ਅੰਜੀਰ ਹੱਡੀਆਂ ਵੀ ਤੰਦਰੁਸਤ ਰੱਖਦੀ ਹੈ। ਦਿਲ ਸਿਹਤਮੰਦ ਰੱਖਣ ਵਿਚ ਵੀ ਅੰਜੀਰ ਲਾਹੇਵੰਦ ਹੈ।
ਸ਼ਕਰ ਰੋਗੀਆਂ ਲਈ ਅੰਜੀਰ ਰੱਬੀ ਸੁਗ਼ਾਤ ਹੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਸ਼ੱਕਰ ਦੀ ਮਾਤਰਾ ਕਾਫੀ ਘੱਟ ਹੈ। ਇਸ ਵਿਚ ਨਮਕ ਵੀ ਕਾਫੀ ਘੱਟ ਹੈ ਤੇ ਥਿੰਦਾ ਉੱਕਾ ਹੀ ਨਹੀਂ ਹੈ।
ਗਰਭਵਤੀ ਔਰਤਾਂ ਵੀ ਜੇ ਰੋਜ਼ ਰਾਤ ਦੋ ਅੰਜੀਰਾਂ ਭਿਉਂ ਕੇ ਸਵੇਰੇ ਖਾਂਦੀਆਂ ਰਹਿਣ ਤਾਂ ਜੱਚਾ-ਬੱਚਾ, ਦੋਵਾਂ ਨੂੰ ਹੀ ਫ਼ਾਇਦਾ ਪਹੁੰਚ ਜਾਂਦਾ ਹੈ।
ਜੇ ਮਾਹਵਾਰੀ ਦੌਰਾਨ ਥਕਾਨ, ਪੀੜ, ਚੱਕਰ ਆਦਿ ਆਉਂਦੇ ਹੋਣ ਤਾਂ ਦਵਾਈ ਦੇ ਨਾਲ ਉਨ੍ਹਾਂ ਦਿਨਾਂ ਵਿਚ ਅੰਜੀਰ ਜ਼ਰੂਰ ਖਾ ਲੈਣੀ ਚਾਹੀਦੀ ਹੈ।
    ਜਿਨ੍ਹਾਂ ਦੀ ਮਾਹਵਾਰੀ ਬੰਦ ਹੋ ਚੁੱਕੀ ਹੋਵੇ, ਉਨ੍ਹਾਂ ਲਈ ਵੀ ਮਾੜੇ ਲੱਛਣ ਘਟਾਉਣ ਵਿਚ ਅੰਜੀਰ ਮਦਦ ਕਰਦੀ ਹੈ। ਜਿਨ੍ਹਾਂ ਵਿਚ ਹਾਰਮੋਨਾਂ ਦੀ ਗੜਬੜੀ ਹੋਵੇ (PCOD), ਉਨ੍ਹਾਂ ਔਰਤਾਂ ਨੂੰ ਵੀ ਤਿੰਨ ਮਹੀਨੇ ਲਗਾਤਾਰ ਰੋਜ਼ ਸਵੇਰੇ ਰਾਤ ਦੀਆਂ ਭਿਉਂ ਕੇ ਰੱਖੀਆਂ ਤਿੰਨ ਅੰਜੀਰਾਂ ਗਰਮ ਦੁੱਧ ਨਾਲ ਖਾ ਲੈਣੀਆਂ ਚਾਹੀਦੀਆਂ ਹਨ। ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਨਾਲੋ-ਨਾਲ ਡਾਕਟਰੀ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ।
ਜਿਨ੍ਹਾਂ ਨੂੰ ਨੀਂਦਰ ਠੀਕ ਨਾ ਆਉਂਦੀ ਹੋਵੇ,ਉਨ੍ਹਾਂ ਨੂੰ ਵੀ ਰਾਤ ਵੇਲੇ ਤਣਾਓ ਘਟਾ ਕੇ, ਮਧੁਰ ਸੰਗੀਤ ਸੁਣਦਿਆਂ, ਤਲੀਆਂ ਚੀਜ਼ਾਂ ਖਾਣ ਦੀ ਥਾਂ ਗਰਮ ਦੁੱਧ ਵਿਚ ਦੋ ਅਜ਼ੀਰਾਂ ਉਬਾਲ ਕੇ ਜ਼ਰੂਰ ਖਾ ਲੈਣੀਆਂ ਚਾਹੀਦੀਆਂ ਹਨ।



ਵਾਲਾਂ ਲਈ :-
ਅੰਜੀਰ ਵਿਚਲੇ ਮੈਗਨੀਸ਼ੀਅਮ, ਵਿਟਾਮਿਨ ਸੀ ਅਤੇ ਈ ਇਸ ਨੂੰ ਵਾਲ ਵਧਾਉਣ ਲਈ ਵਧੀਆ ਦਵਾਈ ਬਣਾ ਦਿੰਦੇ ਹਨ।


ਗੁਰਦੇ ਦੀ ਪਥਰੀ :-
ਪੂਰਾ ਡਾਕਟਰੀ ਇਲਾਜ ਕਰਨ ਦੇ ਨਾਲ ਜੇ ਖ਼ੁਰਾਕ ਦੀ ਤਬਦੀਲੀ ਕੀਤੀ ਜਾਵੇ ਅਤੇ ਰੋਜ਼ ਅੰਜੀਰ ਵੀ ਖਾ ਲਈ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਇਕ ਅੰਜੀਰ ਨੂੰ 5 ਤੋਂ 10 ਮਿੰਟ ਤੱਕ ਇਕ ਗਿਲਾਸ ਪਾਣੀ ਵਿਚ ਉਬਾਲ ਕੇ ਪੀਣਾ ਚਾਹੀਦਾ ਹੈ। ਇੰਜ ਦਿਨ ਵਿਚ ਚਾਰ ਗਿਲਾਸ ਪੀ ਲੈਣੇ ਚਾਹੀਦੇ ਹਨ।


ਭਾਰ ਘਟਾਉਣ ਲਈ :-
ਰੋਜ਼ਾਨਾ ਕਸਰਤ ਤੇ ਸੰਤੁਲਿਤ ਖ਼ੁਰਾਕ ਦੇ ਨਾਲ ਰੋਜ਼ ਦੋ ਅੰਜੀਰਾਂ ਖਾਣ ਨਾਲ ਇਸ ਵਿਚਲੇ ਫਾਈਬਰ ਸਦਕਾ ਭਾਰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਜੇ ਰੋਜ਼ 6 ਤੋਂ ਵੱਧ ਅੰਜੀਰਾਂ ਖਾਧੀਆਂ ਜਾਣ ਤਾਂ ਭਾਰ ਵਧਣ ਲੱਗ ਸਕਦਾ ਹੈ, ਤਗੜੀ ਐਲਰਜੀ ਹੋ ਸਕਦੀ ਹੈ, ਤਿੱਖੀ ਢਿੱਡ ਪੀੜ ਹੋ ਸਕਦੀ ਹੈ, ਅਫ਼ਾਰਾ ਹੋ ਸਕਦਾ ਹੈ, ਬਲੱਡ ਪ੍ਰੈੱਸ਼ਰ ਘੱਟ ਹੋ ਸਕਦਾ ਹੈ, ਟੱਟੀਆਂ ਲੱਗ ਸਕਦੀਆਂ ਹਨ, ਨਿੱਛਾਂ ਆ ਸਕਦੀਆਂ ਹਨ, ਲਹੂ ਵਿਚ ਸ਼ੱਕਰ ਦੀ ਮਾਤਰਾ ਕਾਫੀ ਘੱਟ ਹੋ ਜਾਂਦੀ ਹੈ ਤੇ ਅੱਖ ਦੀ ਅੰਦਰਲੀ ਪਰਤ ਵਿਚ ਲਹੂ ਤੱਕ ਚੱਲ ਸਕਦਾ ਹੈ।
ਹਾਲਾਂਕਿ ਕਈ ਇਨਸਾਨਾਂ ਉੱਤੇ ਹੋਈ ਖੋਜ ਇਹ ਤੱਥ ਸਾਬਤ ਨਹੀਂ ਕਰ ਸਕੀ ਪਰ ਚੂਹਿਆਂ ਉੱਤੇ ਹੋਈ ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਅੰਜੀਰ ਲਹੂ ਵਗਣ ਵਿਚ ਰੋਕ ਲਾ ਸਕਦੀ ਹੈ ਕਿਉਂਕਿ ਇਸ ਦੇ ਅਸਰ ਅਧੀਨ ਲਹੂ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ।


ਲੋਹ ਕਣ ਭਰਪੂਰ ਫਲ ਸਬਜ਼ੀਆਂ :-
ਅੰਜੀਰ ਤਾਂ ਲੋਹ ਕਣਾਂ ਨਾਲ ਭਰਪੂਰ ਹੈ ਹੀ, ਪਰ ਜੇ ਸਭ ਦੀ ਰੋਜ਼ਾਨਾ ਦੀ ਖ਼ੁਰਾਕ ਵਿਚ ਵੱਖੋ ਵੱਖ ਫਲ ਸਬਜ਼ੀਆਂ ਸ਼ਾਮਲ ਕਰ ਲਈਆਂ ਜਾਣ ਤਾਂ ਲਹੂ ਦੀ ਕਮੀ ਖ਼ਤਮ ਕੀਤੀ ਜਾ ਸਕਦੀ ਹੈ।  ਇਹ ਹਨ :-
- ਹਦਵਾਣਾ        - ਪਾਲਕ
- ਸੌਗੀ            - ਸ਼ਕਰਕੰਦੀ
- ਖਜੂਰ        - ਮਟਰ
- ਸਟਰਾਅਬੈਰੀ        - ਬਰੌਕਲੀ
- ਆੜੂ        - ਹਰੀਆਂ ਫਲੀਆਂ
- ਅਲੂਚਾ        - ਕੇਲ ਪੱਤਾ
ਸਾਰ :-
ਕੁਦਰਤ ਨੇ ਸਾਨੂੰ ਬੇਸ਼ਕੀਮਤੀ ਚੀਜ਼ਾਂ ਤੰਦਰੁਸਤ ਰਹਿਣ ਲਈ ਦਿੱਤੀਆਂ ਹੋਈਆਂ ਹਨ। ਜੇ ਅਸੀਂ ਇਨ੍ਹਾਂ ਦੀ ਸਹੀ ਸੰਭਾਲ ਕਰ ਕੇ ਸਹੀ ਢੰਗ ਨਾਲ ਖਾਣਾ ਸ਼ੁਰੂ ਕਰ ਦੇਈਏ ਤਾਂ ਲੰਮੀ ਉਮਰ ਭੋਗ ਸਕਦੇ ਹਾਂ ਅਤੇ ਅਨੇਕ ਬੀਮਾਰੀਆਂ ਤੋਂ ਬਚ ਵੀ ਸਕਦੇ ਹਾਂ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਅਸੀਂ ਚੀਜ਼ਾਂ ਭੁੱਲਦੇ ਕਿਉਂ ਹਾਂ ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਵਧਦੀ ਉਮਰ ਨਾਲ ਦਿਮਾਗ਼ ਦੇ ਸੁੰਗੜਨ ਅਤੇ ਨਵੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚਲੀ ਦਿੱਕਤ, ਆਮ ਹੀ ਦਿਸਦੀ ਹੈ। ਪਰ ਜੇ ਇਹ ਦਿੱਕਤ ਛੋਟੀ ਉਮਰ ਵਿਚ ਦਿਸਣ ਲੱਗ ਪਵੇ ਤਾਂ ਉਸ ਦੇ ਕਾਰਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਇਹ ਮੰਨੀ ਪਰਮੰਨੀ ਗੱਲ ਹੈ ਕਿ 65 ਸਾਲ ਦੀ ਉਮਰ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਪਹਿਲਾਂ ਨਾਲੋਂ ਦੁਗਣੀ ਯਾਦਾਸ਼ਤ ਦੀ ਕਮੀ ਹੋਣ ਲੱਗ ਪੈਂਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਸੰਤੁਲਿਤ ਖ਼ੁਰਾਕ, ਵਧੀਆ ਦੋਸਤੀਆਂ, ਮੇਲ-ਜੋਲ, ਕਸਰਤ ਆਦਿ ਨਾਲ ਵਡੇਰੀ ਉਮਰ ਤੱਕ ਯਾਦਾਸ਼ਤ ਤੇਜ਼ ਰੱਖੀ ਜਾ ਸਕਦੀ ਹੈ।
ਦੂਜੇ ਪਾਸੇ ਨੌਜਵਾਨਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਦੇ ਦੋਰਾਨ ਪੜ੍ਹੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚ ਵੀ ਦਿੱਕਤ ਹੋ ਜਾਂਦੀ ਹੈ। ਯਾਨੀ ਹਮੇਸ਼ਾ ਵੱਡੀ ਬੀਮਾਰੀ ਹੀ ਨਹੀਂ ਬਲਕਿ ਸਿਰਫ਼ ਪਾਣੀ ਦੀ ਕਮੀ ਵੀ ਭੁੱਲਣ ਦਾ ਕਾਰਨ ਬਣ ਸਕਦੀ ਹੈ। ਇੰਜ ਹੀ ਥਾਇਰਾਇਡ ਹਾਰਮੋਨਾਂ ਦੀ ਗੜਬੜੀ (ਘੱਟ ਕੰਮ ਕਰਨਾ) ਵਿਚ ਹੁੰਦਾ ਹੈ।
ਰਾਤ ਭਰ ਬਹਿ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਕਿਵੇਂ ਸਵੇਰੇ ਪੇਪਰ ਤੋਂ ਪਹਿਲਾਂ ਸਾਰੀਆਂ ਪੜ੍ਹੀਆਂ ਚੀਜ਼ਾਂ ਭੁੱਲ ਜਾਂਦੀਆਂ ਹਨ। ਇਸ ਤੱਥ ਦੀ ਵਿਗਿਆਨਿਕ ਵਿਆਖਿਆ ਕੀਤੀ ਜਾ ਚੁੱਕੀ ਹੈ। ਦਰਅਸਲ ਸੌਣ ਦੌਰਾਨ ਪਹਿਲਾਂ ਦੀਆਂ ਪੜ੍ਹੀਆਂ ਜਾਂ ਯਾਦ ਕੀਤੀਆਂ ਚੀਜ਼ਾਂ ਨੂੰ ਪਕੀਆਂ ਕਰਨ ਦਾ ਕੰਮ ਦਿਮਾਗ਼ ਅੰਦਰ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਨੀਂਦਰ ਦਾ ਸਮਾਂ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਅੱਠ ਘੰਟੇ ਦੀ ਨੀਂਦਰ, ਰੋਜ਼ਾਨਾ ਦੀ ਕਸਰਤ, ਸੌਣ ਸਮੇਂ ਕੌਫ਼ੀ ਜਾਂ ਸ਼ਰਾਬ ਨਾ ਪੀਣੀ, ਯਾਦ ਕੀਤੀਆਂ ਚੀਜ਼ਾਂ ਨੂੰ ਪੱਕਿਆਂ ਕਰਨ ਵਿਚ ਮਦਦ ਕਰਦੇ ਹਨ।

ਕੁੱਝ ਹੋਰ ਚੀਜ਼ਾਂ ਦਾ ਅਸਰ :-
1. ਦਵਾਈਆਂ :-
ਨੀਂਦਰ ਵਾਲੀਆਂ ਦਵਾਈਆਂ ਯਾਦਾਸ਼ਤ ਉੱਤੇ ਮਾੜਾ ਪ੍ਰਭਾਵ ਛੱਡਦੀਆਂ ਹਨ। ਇਸ ਦੇ ਨਾਲੋ-ਨਾਲ ਜ਼ੁਕਾਮ, ਬਲੱਡ ਪ੍ਰੈੱਸ਼ਰ, ਤਣਾਓ, ਢਹਿੰਦੀ ਕਲਾ ਆਦਿ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਵੀ ਯਾਦਾਸ਼ਤ ਘਟਾ ਦਿੰਦੀਆਂ ਹਨ। ਇਹ ਅਸਰ ਹਰ ਕਿਸੇ ਉੱਤੇ ਇੱਕੋ ਜਿਹਾ ਨਹੀਂ ਹੁੰਦਾ। ਹਰ ਸਰੀਰ ਵੱਖੋ-ਵੱਖ ਤਰ੍ਹਾਂ ਦਵਾਈਆਂ ਦਾ ਅਸਰ ਅਪਣਾਉਂਦਾ ਹੈ ਇਸੇ ਲਈ ਕੁੱਝ ਜਣੇ ਜ਼ੁਕਾਮ ਦੀਆਂ ਤਿੰਨ ਗੋਲੀਆਂ ਰੋਜ਼ ਖਾਣ ਬਾਅਦ ਵੀ ਚੁਸਤ ਰਹਿੰਦੇ ਹਨ ਤੇ ਕੁੱਝ ਅੱਧੀ ਗੋਲੀ ਨਾਲ ਹੀ ਮੂਧੇ ਪੈ ਜਾਂਦੇ ਹਨ।
ਜੇ ਜ਼ਿਆਦਾ ਨਸ਼ਾ ਮਹਿਸੂਸ ਹੋ ਰਿਹਾ ਹੋਵੇ ਤਾਂ ਦਵਾਈ ਦੀ ਖ਼ੁਰਾਕ ਘਟਾ ਦੇਣੀ ਚਾਹੀਦੀ ਹੈ ਜਾਂ ਦਵਾਈ ਬਦਲ ਲੈਣੀ ਚਾਹੀਦੀ ਹੈ।

2. ਸ਼ੱਕਰ ਰੋਗ :-
ਸਰੀਰ ਅੰਦਰ ਵਧੀ ਹੋਈ ਸ਼ੱਕਰ ਲਹੂ ਦੀਆਂ ਮਹੀਨ ਨਾੜੀਆਂ ਨੂੰ ਸੁੰਗੇੜ ਦਿੰਦੀ ਹੈ ਜਿਸ ਨਾਲ ਦਿਮਾਗ਼ ਵੱਲ ਜਾਂਦਾ ਲਹੂ ਘੱਟ ਜਾਂਦਾ ਹੈ ਤੇ ਯਾਦਾਸ਼ਤ ਵੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਨਸੂਲਿਨ ਦੀ ਵਾਧੂ ਮਾਤਰਾ ਵੀ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਘਟਾ ਕੇ ਦਿਮਾਗ਼ ਦੇ ਸੈੱਲਾਂ ਦਾ ਨੁਕਸਾਨ ਕਰ ਦਿੰਦੀ ਹੈ। ਇੰਜ ਡੀਮੈਂਸ਼ੀਆ ਰੋਗ (ਭੁੱਲ ਜਾਣਾ) ਹੋਣ ਦੇ ਆਸਾਰ ਵੱਧ ਜਾਂਦੇ ਹਨ।
ਜੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਸਹੀ ਰੱਖੀ ਜਾਵੇ ਅਤੇ ਸਹੀ ਖ਼ੁਰਾਕ ਖਾਧੀ ਜਾਵੇ ਤਾਂ ਯਾਦਾਸ਼ਤ ਦੇਰ ਤੱਕ ਸਹੀ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਰੈਗੂਲਰ ਕਸਰਤ ਵੀ ਬਹੁਤ ਫ਼ਾਇਦੇਮੰਦ ਹੈ।

3. ਜੀਨ :-
ਟੱਬਰ ਦੇ ਜੀਨਾਂ ਉੱਤੇ ਬਹੁਤ ਕੁੱਝ ਆਧਾਰਿਤ ਹੁੰਦਾ ਹੈ। ਜੇ ਘਰ ਵਿਚ ਪਹਿਲਾਂ ਵੱਡਿਆਂ ਦੀ ਯਾਦਾਸ਼ਤ ਛੋਟੀ ਉਮਰ ਵਿਚ ਘੱਟ ਰਹੀ ਹੋਵੇ ਤਾਂ ਅੱਗੋਂ ਬੱਚਿਆਂ ਵਿਚ ਵੀ ਅਜਿਹਾ ਵੇਖਣ ਨੂੰ ਮਿਲ ਸਕਦਾ ਹੈ। ਕਮਾਲ ਤਾਂ ਇਹ ਹੈ ਕਿ ਕਈ ਵਾਰ ਜੌੜੇ ਜੰਮੇ ਬੱਚਿਆਂ ਵਿੱਚੋਂ ਇੱਕ ਦੀ ਯਾਦਾਸ਼ਤ ਘਟੀ ਵੇਖੀ ਗਈ ਜਦ ਕਿ ਦੂਜਾ ਠੀਕ ਠਾਕ ਰਿਹਾ। ਇਸ ਸੰਬੰਧੀ ਡਾਕਟਰੀ ਖੋਜ ਹਾਲੇ ਅਧੂਰੀ ਹੈ।

4. ਪਾਸਾ ਮਾਰਿਆ ਜਾਣਾ :-
ਦਿਮਾਗ਼ ਦੇ ਇੱਕ ਹਿੱਸੇ ਵਿਚ ਰੋਕੇ ਸਦਕਾ ਲਹੂ ਦਾ ਘਟਣਾ, ਦਿਲ ਦੇ ਰੋਗ, ਬਲੱਡ ਪ੍ਰੈੱਸ਼ਰ ਦਾ ਵਧਣਾ, ਸਿਗਰਟ ਪੀਣੀ ਆਦਿ ਕਾਰਨਾਂ ਨਾਲ ਜਦੋਂ ਪਾਸਾ ਮਾਰਿਆ ਜਾਵੇ ਤਾਂ ਯਾਦਾਸ਼ਤ ਉੱਤੇ ਵੀ ਕਾਫ਼ੀ ਫ਼ਰਕ ਪੈ ਜਾਂਦਾ ਹੈ।
ਮੂੰਹ ਦਾ ਢਿਲਕਣਾ, ਬਾਂਹ ਦੀ ਕਮਜ਼ੋਰੀ ਅਤੇ ਬੋਲਣ ਵਿਚ ਅੜਚਨ, ਪਾਸਾ ਮਾਰੇ ਜਾਣ ਦੇ ਮੁੱਢਲੇ ਲੱਛਣ ਹੁੰਦੇ ਹਨ।

5. ਸਿਗਰਟਨੋਸ਼ੀ :-
ਇਹ ਲਹੂ ਦੀਆਂ ਨਾੜੀਆਂ ਉੱਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸੇ ਲਈ ਪਾਸਾ ਮਾਰੇ ਜਾਣ ਦੇ ਨਾਲ ਯਾਦਾਸ਼ਤ ਵੀ ਘਟਾਉਂਦੀ ਹੈ।

6. ਦਿਲ ਦੇ ਰੋਗ :-
ਲਹੂ ਦੀਆਂ ਨਾੜੀਆਂ ਅੰਦਰ ਜੰਮਦੇ ਝੱਪੇ ਹਾਰਟ ਅਟੈਕ ਦਾ ਖ਼ਤਰਾ ਵੀ ਵਧਾਉਂਦੇ ਹਨ ਤੇ ਨਾਲੋ ਨਾਲ ਪਾਸਾ ਮਾਰੇ ਜਾਣ ਅਤੇ ਯਾਦਾਸ਼ਤ ਘਟਣ ਦਾ ਵੀ।
ਇਹੋ ਸਭ ਕੁੱਝ ਬਲੱਡ ਪ੍ਰੈੱਸ਼ਰ ਦੇ ਵਾਧੇ ਨਾਲ ਹੁੰਦਾ ਹੈ। ਇਸੇ ਲਈ ਸੰਤੁਲਿਤ ਖ਼ੁਰਾਕ, ਕਸਰਤ, ਤਣਾਓ ਘਟਾਉਣਾ, ਧਿਆਨ ਲਾਉਣਾ ਆਦਿ ਕਾਫ਼ੀ ਅਸਰਦਾਰ ਸਾਬਤ ਹੋਏ ਹਨ। ਬਲੱਡ ਪ੍ਰੈੱਸ਼ਰ ਘਟਾਉਣ ਲਈ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।

7. ਢਹਿੰਦੀ ਕਲਾ ਅਤੇ ਤਣਾਓ :-
ਘਬਰਾਹਟ, ਤਣਾਓ ਅਤੇ ਢਹਿੰਦੀ ਕਲਾ ਦੇ ਨਾਲ ਗੁੱਸਾ ਸਿਰਫ਼ ਆਪਣੇ ਸਰੀਰ ਅਤੇ ਦਿਮਾਗ਼ ਦਾ ਹੀ ਨਾਸ ਮਾਰਦੇ ਹਨ। ਇਸੇ ਲਈ ਯਾਦਾਸ਼ਤ ਘਟਾਉਣ ਨਾਲੋਂ ਜ਼ਿੰਦਗੀ ਨੂੰ ਰੱਜ ਕੇ ਜੀਉਣ ਅਤੇ ਸਕਾਰਾਤਮਕ ਸੋਚ ਨਾਲ ਵਧੀਆ ਸਮਾਂ ਲੰਘਾਇਆ ਜਾ ਸਕਦਾ ਹੈ।

8. ਸਿਰ ਦੀ ਸੱਟ :-
ਇਕਦਮ ਵੱਜੀ ਸੱਟ ਨਾਲ ਉਸ ਸਮੇਂ ਬਾਰੇ ਕੁੱਝ ਵੀ ਚੇਤੇ ਨਹੀਂ ਰਹਿੰਦਾ। ਸੱਟ ਠੀਕ ਹੋਣ ਬਾਅਦ ਵੀ ਉਹ ਯਾਦ ਕਈ ਵਾਰ ਵਾਪਸ ਨਹੀਂ ਆਉਂਦੀ ਤੇ ਅੱਗੋਂ ਵੀ ਗੱਲਾਂ ਛੇਤੀ ਭੁੱਲਣ ਲੱਗ ਪੈਂਦੀਆਂ ਹਨ। ਪੂਰਾ ਆਰਾਮ, ਸਹੀ ਸਮੇਂ ਸਿਰ ਲਈਆਂ ਦਵਾਈਆਂ, ਪਿਆਰ-ਦੁਲਾਰ, ਹੱਲਾਸ਼ੇਰੀ ਅਤੇ ਸਹੀ ਖ਼ਰਾਕ ਯਾਦਾਸ਼ਤ ਵਿਚ ਵਾਧਾ ਕਰ ਸਕਦੀ ਹੈ।
ਬੌਕਸਿੰਗ ਵਰਗੀਆਂ ਖੇਡਾਂ ਵਿਚ ਲਗਾਤਾਰ ਸਿਰ ਉੱਤੇ ਵਜਦੀਆਂ ਸੱਟਾਂ ਨਾਲ ਵੀ ਵਡੇਰੀ ਉਮਰ ਤੋਂ ਪਹਿਲਾਂ ਹੀ ਯਾਦਾਸ਼ਤ ਘਟਣ ਲੱਗ ਪੈਂਦੀ ਹੈ। ਜੇ ਹਲਕੀ ਸੱਟ ਵੱਜੀ ਹੋਵੇ ਪਰ ਨਜ਼ਰ ਧੁੰਧਲੀ ਪੈਂਦੀ ਦਿਸੇ, ਚੱਕਰ, ਘਬਰਾਹਟ, ਦਿਲ ਕੱਚਾ ਅਤੇ ਕੁੱਝ ਸਮਝ ਨਾ ਪੈ ਰਹੀ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

9. ਮੋਟਾਪਾ :-
ਮੋਟਾਪੇ ਦੇ ਸ਼ਿਕਾਰ ਲੋਕਾਂ ਵਿਚ ਵੀ ਅਧੇੜ ਉਮਰ ਤੋਂ ਪਹਿਲਾਂ ਹੀ ਯਾਦਾਸ਼ਤ ਦੀ ਕਮੀ ਵੇਖਣ ਨੂੰ ਮਿਲੀ ਹੈ। ਮੋਟਾਪੇ ਵਿਚ ਦਿਲ ਦੇ ਰੋਗ ਵੀ ਜਲਦੀ ਹੁੰਦੇ ਹਨ ਜਿਹੜੇ ਦਿਮਾਗ਼ ਦੀਆਂ ਨਸਾਂ ਉੱਤੇ ਅਸਰ ਪਾ ਸਕਦੇ ਹਨ। ਇਸੇ ਲਈ ਖ਼ੁਰਾਕ ਸਹੀ ਕਰ ਕੇ ਰੋਜ਼ਾਨਾ ਕਸਰਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

10. ਕਸਰਤ ਨਾ ਕਰਨੀ :-
ਜਿਨ੍ਹਾਂ ਵਿਚ ਯਾਦਾਸ਼ਤ ਦੀ ਕਮੀ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਵੀ ਜੇ ਰੈਗੂਲਰ ਕਸਰਤ ਕਰਵਾਈ ਜਾਵੇ ਤਾਂ ਯਾਦਾਸ਼ਤ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇਸੇ ਗੱਲ ਤੋਂ ਹੀ ਸਮਝ ਆ ਜਾਂਦੀ ਹੈ ਕਿ ਕਸਰਤ ਦੀ ਕਮੀ ਕਿਵੇਂ ਦਿਮਾਗ਼ ਨੂੰ ਸੁੰੰਨ ਕਰ ਕੇ ਰੱਖ ਦਿੰਦੀ ਹੈ। ਭਾਵੇਂ ਦੌੜਿਆ ਜਾਵੇ, ਨੱਚਿਆ ਜਾਵੇ, ਤੈਰਿਆ ਜਾਵੇ ਜਾਂ ਤੇਜ਼ ਤੁਰਿਆ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ 40 ਮਿੰਟ ਕਸਰਤ ਕਰਨੀ ਜ਼ਰੂਰੀ ਹੈ।


11. ਖ਼ੁਰਾਕ :-
ਜਿਹੜੀ ਖ਼ੁਰਾਕ ਦਿਲ ਲਈ ਸਿਹਤਮੰਦ ਹੋਵੇ, ਉਹੀ ਖ਼ੁਰਾਕ ਦਿਮਾਗ਼ ਨੂੰ ਵੀ ਚੁਸਤ ਦਰੁਸਤ ਰੱਖਦੀ ਹੈ। ਛਾਣਬੂਰੇ ਵਾਲਾ ਆਟਾ, ਫਲ, ਸਬਜ਼ੀਆਂ, ਮੱਛੀ, ਸੁੱਕੇ ਮੇਵੇ, ਓਲਿਵ ਤੇਲ, ਬਲੂਬੈਰੀ, ਐਵੋਕੈਡੋ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਹਰੀਆਂ ਫਲੀਆਂ ਆਦਿ, ਵਧੀਆ ਹਨ।
ਲਾਲ ਮੀਟ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ। ਵਾਧੂ ਥਿੰਦਾ ਅਤੇ ਮਿੱਠਾ ਵੀ ਨਹੀਂ ਖਾਣਾ ਚਾਹੀਦਾ। ਇੰਜ ਹੀ ਵਾਧੂ ਲੂਣ ਵੀ ਨੁਕਸਾਨ ਕਰਦਾ ਹੈ।

12. ਸਿਰ ਅੰਦਰ ਰਸੌਲੀ, ਕੀਟਾਣੂਆਂ ਦਾ ਹਮਲਾ
13. ਵਿਟਾਮਿਨ ਬੀ 12 ਦੀ ਕਮੀ :-
ਦਿਮਾਗ਼ ਦੇ ਸੈੱਲ ਅਤੇ ਸਰੀਰ ਦੇ ਲਾਲ ਸੈੱਲਾਂ ਨੂੰ ਸਹੀ ਰੱਖਣ ਵਿਚ ਇਹ ਸਹਾਈ ਹੁੰਦਾ ਹੈ। ਇਸੇ ਲਈ ਇਸ ਦੀ ਕਮੀ ਨਾਲ ਯਾਦਾਸ਼ਤ ਘੱਟ ਹੋ ਸਕਦੀ ਹੈ।
ਵਿਟਾਮਿਨ ਬੀ 12 ਜ਼ਿਆਦਾਤਰ ਮਾਸਾਹਾਰੀ ਖ਼ੁਰਾਕ ਵਿਚ ਹੁੰਦਾ ਹੈ।

14. ਸ਼ਰਾਬ :-
ਸ਼ਰਾਬ ਦਿਮਾਗ਼ ਵੱਲ ਜਾਂਦੀਆਂ ਨਾੜੀਆਂ ਭੀੜੀਆਂ ਕਰ ਦਿੰਦੀ ਹੈ। ਦਿਮਾਗ਼ ਵੱਲ ਜਾਂਦੇ ਲਹੂ ਦੀ ਕਮੀ ਸਦਕਾ ਯਾਦਾਸ਼ਤ ਘੱਟ ਹੋ ਜਾਂਦੀ ਹੈ।

15. ਕੈਨੋਲਾ ਤੇਲ, ਕੌਰਨ ਤੇਲ ਤੇ ਸੈਫਲਾਵਰ ਤੇਲ (ਸਬਜ਼ੀਆਂ ਤੋਂ ਬਣੇ ਤੇਲ)
ਇਨ੍ਹਾਂ ਵਿਚ ਓਮੇਗਾ 6 ਫੈਟੀ ਏਸਿਡ ਵੱਧ ਹੁੰਦਾ ਹੈ ਜੋ ਓਮੇਗਾ ਤਿੰਨ ਫੈਟੀ ਏਸਿਡ ਦਾ (ਮੱਛੀ, ਅਖਰੋਟ) ਦਾ ਅਸਰ ਘਟਾ ਦਿੰਦਾ ਹੈ। ਇਸ ਤਰ੍ਹਾਂ ਯਾਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।

16. ਸੋਡੇ ਤੇ ਐਨਰਜੀ ਡਰਿੰਕਸ :-
ਸੰਨ 2013 ਅਤੇ 2017 ਵਿਚ ਹੋਈਆਂ ਖੋਜਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮਿੱਠੇ ਠੰਡੇ ਸੋਡੇ ਦਿਮਾਗ਼ ਦੇ ਯਾਦਾਸ਼ਤ ਵਾਲੇ ਹਿੱਸੇ ਦਾ ਨਾਸ ਮਾਰ ਦਿੰਦੇ ਹਨ। ਇਨ੍ਹਾਂ ਨਾਲ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਵੱਧ ਹੋ ਜਾਂਦਾ ਹੈ।

17. ਬਰੈੱਡ, ਪਾਸਤਾ, ਚੌਲ, ਆਲੂ :-
ਇਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਵੱਧ ਹੋਣ ਸਦਕਾ ਇਨ੍ਹਾਂ ਨੂੰ ਖਾਂਦੇ ਸਾਰ ਸਰੀਰ ਅੰਦਰ ਇਨਸੂਲਿਨ ਝਟਪਟ ਵੱਧ ਜਾਂਦੀ ਹੈ। ਜੇ ਇਹ ਰੈਗੂਲਰ ਵਰਤੇ ਜਾਂਦੇ ਹੋਣ ਤਾਂ ਦਿਮਾਗ਼ ਦੇ ਯਾਦਾਸ਼ਤ ਦੇ ਸੈਂਟਰ ਦਾ ਨੁਕਸਾਨ ਹੋ ਸਕਦਾ ਹੈ।

18. ਤਲੀਆਂ ਚੀਜ਼ਾਂ :-
18,080 ਲੋਕਾਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ ਤਲੀਆਂ ਚੀਜ਼ਾਂ ਜਿਵੇਂ ਫਰੈਂਚ ਫਰਾਈਜ਼, ਫਰਾਈਡ ਚਿਕਨ, ਡੋਨੱਟ ਆਦਿ ਵੱਧ ਖਾਂਦੇ ਰਹਿਣ ਵਾਲਿਆਂ ਵਿਚ ਯਾਦਾਸ਼ਤ ਦੀ ਕਮੀ ਛੇਤੀ ਹੋ ਜਾਂਦੀ ਹੈ।
ਇੰਜ ਹੀ ਡਾਈਟ ਸੋਡੇ ਪੀਣ ਵਾਲਿਆਂ ਵਿਚ ਵੀ ਲੱਭਿਆ ਗਿਆ।
ਪ੍ਰੋਸੈੱਸਡ ਖਾਣੇ ਵੀ ਓਨੇ ਹੀ ਹਾਣੀਕਾਰਕ ਲੱਭੇ ਗਏ।

ਕਿਹੜੇ ਖਾਣੇ ਯਾਦਾਸ਼ਤ ਸਹੀ ਰੱਖਣ ਲਈ ਫਾਇਦੇਮੰਦ ਸਾਬਤ ਹੋ ਚੁੱਕੇ ਹਨ ?
1. ਮੱਛੀ :-
ਸਾਰਡੀਨ, ਟਰਾਊਟ, ਟੂਨਾ ਆਦਿ ਓਮੇਗਾ ਤਿੰਨ ਫੈਟੀ ਏਸਿਡ ਭਰਪੂਰ ਹਨ। ਦਿਮਾਗ਼ ਦਾ 60 ਫੀਸਦੀ ਹਿੱਸਾ ਥਿੰਦੇ ਦਾ ਭਰਿਆ ਪਿਆ ਹੈ ਜਿਸ ਵਿਚ ਜ਼ਿਆਦਾਤਰ ਓਮੇਗਾ ਤਿੰਨ ਫੈਟੀ ਏਸਿਡ ਹੁੰਦੇ ਹਨ।
2. ਸਵੇਰ ਵੇਲੇ ਪੀਤੀ ਕੌਫ਼ੀ :-
ਇਸ ਵਿਚਲੀ ਕੇਫ਼ੀਨ ਅਤੇ ਐਂਟੀਆਕਸੀਡੈਂਟ ਦਿਮਾਗ਼ ਨੂੰ ਚੁਸਤ ਅਤੇ ਸਿਹਤਮੰਦ ਰੱਖਦੇ ਹਨ। ਕੌਫ਼ੀ ਡੋਪਾਮੀਨ ਵੀ ਵਧਾ ਕੇ ਚੰਗਾ ਮਹਿਸੂਸ ਕਰਵਾਉਂਦੀ ਹੈ।
ਦਿਨ ਵਿਚ ਦੋ ਵਾਰ ਪੀਤੀ ਕੌਫ਼ੀ (ਬਹੁਤ ਸਟਰੌਂਗ ਨਾ ਹੋਵੇ) ਦੇਰ ਤੱਕ ਯਾਦਾਸ਼ਤ ਸਹੀ ਰੱਖਣ ਵਿਚ ਮਦਦ ਕਰਦੀ ਹੈ। ਚੇਤੇ ਰਹੇ ਕਿ ਇਸ ਵਿਚ ਮਿੱਠਾ ਬਿਲਕੁਲ ਨਹੀਂ ਪਾਉਣਾ ਹੁੰਦਾ।
3. ਬਲੂਬੈਰੀਆਂ :-
ਐਂਥੋਸਾਇਆਨਿਨ ਸਦਕਾ ਇਨ੍ਹਾਂ ਨੂੰ ਖਾਣ ਨਾਲ ਦਿਮਾਗ਼ ਦੇ ਸੈੱਲਾਂ ਵਿਚਲੇ ਜੋੜ ਅਤੇ ਉਨ੍ਹਾਂ ਦਾ ਕੰਮ ਕਾਰ ਸਹੀ ਰਹਿੰਦਾ ਹੈ। ਹਫ਼ਤੇ ਵਿਚ ਘੱਟੋ-ਘੱਟ ਤਿੰਨ ਦਿਨ ਨਾਸ਼ਤੇ ਵਿਚ ਅੱਧੀ ਕੌਲੀ ਬਲੂਬੈਰੀਆਂ ਖਾ ਲੈਣੀਆਂ ਚਾਹੀਦੀਆਂ ਹਨ।
4. ਹਲਦੀ :-
ਇੱਕ ਗੱਲ ਤਾਂ ਪੱਕੀ ਹੈ ਕਿ ਹਲਦੀ ਸਿੱਧਾ ਦਿਮਾਗ਼ ਵਿਚ ਪਹੁੰਚ ਨਹੀਂ ਸਕਦੀ। ਸਦੀਆਂ ਤੋਂ ਲੋਕ ਸੋਜ਼ਿਸ਼ ਘਟਾਉਣ, ਸੱਟ ਫੇਟ ਦੀ ਪੀੜ ਘਟਾਉਣ ਲਈ ਅਤੇ ਖੰਘ ਜ਼ੁਕਾਮ ਲਈ ਹਲਦੀ ਦੀ ਵਰਤੋਂ ਕਰਦੇ ਰਹੇ ਹਨ। ਇਹ ਸਾਰੇ ਅਸਰ ਹਲਦੀ ਵਿਚਲੇ ਕੁਰਕੁਮਿਨ ਸਦਕਾ ਦਿਸਦੇ ਹਨ। ਇਹੀ ਸੋਚ ਕੇ ਘਟੀ ਯਾਦਾਸ਼ਤ ਵਾਲੇ ਮਰੀਜ਼ਾਂ ਨੂੰ ਹਲਦੀ ਖੁਆਈ ਗਈ। ਹਲਦੀ ਵਿਚਲੇ ਐਂਟੀਆਕਸੀਡੈਂਟ ਅਤੇ ਕੁਰਕੁਮਿਨ ਨੇ ਦਿਮਾਗ਼ ਅੰਦਰ ਜੰਮੇ ਐਮੀਲਾਇਡ ਥੱਦੇ ਖੋਰ ਦਿੱਤੇ ਅਤੇ ਸਿਰੋਟੋਨਿਨ ਦੇ ਨਾਲ ਡੋਪਾਮੀਨ ਦੀ ਮਾਤਰਾ ਵਧਾ ਕੇ ਢਹਿੰਦੀ ਕਲਾ ਵੀ ਕਾਫ਼ੂਰ ਕਰ ਦਿੱਤੀ। ਸਿਰਫ਼ ਏਥੇ ਹੀ ਬਸ ਨਹੀਂ ਹੋਈ ਬਲਕਿ ਦਿਮਾਗ਼ ਵਿਚ ਨਵੇਂ ਸੈੱਲ ਬਣਾਉਣ ਵਿਚ ਵੀ ਹਲਦੀ ਦਾ ਵਧੀਆ ਅਸਰ ਲੱਭਿਆ। ਇਹ ''ਨਿਊਰੋਟਰੋਪਿਕ ਫੈਕਟਰ'' ਸਦਕਾ ਹੋਇਆ। ਖੋਜ ਵਿਚ ਸਾਰੇ ਮਰੀਜ਼ਾਂ ਨੂੰ 500 ਤੋਂ 2000 ਮਿਲੀਗ੍ਰਾਮ ਕੱਚੀ ਹਲਦੀ ਵਿਚ ਰੋਜ਼ ਕਾਲੀ ਮਿਰਚ ਰਲਾ ਕੇ ਦਿੱਤੀ ਗਈ ਸੀ। ਇਹ ਤਿੰਨ ਮਹੀਨੇ ਲਗਾਤਾਰ ਖਾਧੀ ਗਈ ਸੀ।


5. ਬਰੌਕਲੀ :-
ਵਿਟਾਮਿਨ ਕੇ ਭਰਪੂਰ ਬਰੌਕਲੀ ਵੀ ਵਧੀਆ ਅਸਰ ਵਿਖਾਉਂਦੀ ਹੈ। ਇੱਕ ਕੱਪ ਰੋਜ਼ ਬਰੌਕਲੀ ਖਾਣ ਨਾਲ ਦਿਮਾਗ਼ ਵਿਚਲੇ ਸਫਿੰਗੋਲਿਪਿਡ ਵਧ ਗਏ ਲੱਭੇ ਜੋ ਦਿਮਾਗ਼ ਦੇ ਸੈੱਲਾਂ ਦੇ ਕੰਮ ਕਾਰ ਲਈ ਲੋੜੀਂਦੇ ਹਨ।
6. ਪੇਠੇ ਦੇ ਬੀਜ :-
ਮੈਗਨੀਸ਼ੀਅਮ, ਲੋਹ ਕਣ, ਜ਼ਿੰਕ ਅਤੇ ਕੌਪਰ ਦੇ ਨਾਲ ਢੇਰ ਸਾਰੇ ਐਂਟੀਆਕਸੀਡੈਂਟ ਦਿਮਾਗ਼ ਲਈ ਬਿਹਤਰੀਨ ਸਾਬਤ ਹੋ ਚੁੱਕੇ ਹਨ। ਰੋਜ਼ ਨਾਸ਼ਤੇ ਵਿਚ ਇੱਕ ਚਮਚ ਤਿੰਨ ਮਹੀਨੇ ਲਗਾਤਾਰ ਖਾ ਲੈਣੇ ਚਾਹੀਦੇ ਹਨ।
7. ਡਾਰਕ ਚਾਕਲੇਟ :-
ਇਸ ਕਾਲੀ ਕੌੜੀ ਚਾਕਲੇਟ ਵਿਚ ਫਲੇਵੋਨਾਇਡ, ਕੇਫ਼ੀਨ ਅਤੇ ਐਂਟੀਆਕਸੀਡੈਂਟ ਭਰੇ ਪਏ ਹਨ। ਵਧਦੀ ਉਮਰ ਨਾਲ ਸੁੰਗੜਦਾ ਦਿਮਾਗ਼ ਵੀ ਇਸ ਦੀ ਵਰਤੋਂ ਨਾਲ ਦੇਰ ਤੱਕ ਚੁਸਤ ਦਰੁਸਤ ਰਹਿ ਸਕਦਾ ਹੈ। ਇਹ ਮੂਡ ਵੀ ਵਧੀਆ ਕਰ ਦਿੰਦੀ ਹੈ।
8. ਸੁੱਕੇ ਮੇਵੇ :-
ਕੁੱਝ ਔਰਤਾਂ ਉੱਤੇ ਸੰਨ 2014 ਵਿਚ ਹੋਈ ਖੋਜ ਅਨੁਸਾਰ ਸੁੱਕੇ ਮੇਵੇ ਲਗਾਤਾਰ ਰੋਜ਼ ਇੱਕ ਮੁੱਠੀ ਖਾਣ ਵਾਲੀਆਂ ਔਰਤਾਂ ਦੀ ਯਾਦਾਸ਼ਤ ਦੂਜਿਆਂ ਨਾਲੋਂ ਵੱਧ ਤੇਜ਼ ਲੱਭੀ। ਓਮੇਗਾ ਤਿੰਨ ਫੈਟੀ ਏਸਿਡ, ਵਿਟਾਮਿਨ ਈ, ਐਂਟੀਆਕਸੀਡੈਂਟ ਸਦਕਾ ਇਹ ਅਸਰ ਲੱਭੇ।
9. ਸੰਤਰੇ : -
ਇੱਕ ਵਿਚਕਾਰਲੇ ਮੇਲ ਦਾ ਸੰਤਰਾ ਰੋਜ਼ ਖਾਣਾ ਵੀ ਲਾਹੇਵੰਦ ਹੋ ਸਕਦਾ ਹੈ। ਇਸ ਵਿਚਲੇ ਵਿਟਾਮਿਨ ਸੀ ਸਦਕਾ ਇਹ ਅਸਰ ਦਿਸਦੇ ਹਨ।
10. ਅੰਡੇ :-
ਵਿਟਾਮਿਨ ਬੀ 6, 12, ਫੋਲੇਟ ਅਤੇ ਕੋਲੀਨ ਜਿੱਥੇ ਯਾਦਾਸ਼ਤ ਵਧਾਉਣ ਵਿਚ ਮਦਦ ਕਰਦੇ ਹਨ, ਉੱਥੇ ਮੂਡ ਵੀ ਵਧੀਆ ਕਰ ਦਿੰਦੇ ਹਨ।
ਇੱਕ ਅੰਡੇ ਦੇ ਪੀਲੇ ਹਿੱਸੇ ਵਿਚ 112 ਮਿਲੀਗ੍ਰਾਮ ਕੋਲੀਨ ਹੈ ਜੋ ਦਿਮਾਗ਼ ਨੂੰ ਚੁਸਤ ਦਰੁਸਤ ਰੱਖਣ ਵਿਚ ਸਹਾਈ ਸਾਬਤ ਹੋ ਚੁੱਕੀ ਹੈ।
11. ਹਰੀ ਚਾਹ :-
ਇਸ ਵਿਚਲਾ ਕੇਫੀਨ, ਥੀਆਨੀਨ (ਅਮਾਈਨੋ ਏਸਿਡ) ਦਿਮਾਗ਼ ਅੰਦਰ 'ਗਾਬਾ' ਵਧਾ ਕੇ ਦਿਮਾਗ਼ ਦੀ ਤਰਥੱਲੀ ਘਟਾ ਕੇ ਜਿੱਥੇ ਆਨੰਦ ਮਹਿਸੂਸ ਕਰਵਾਉਂਦੇ ਹਨ, ਉੱਥੇ ਸੈੱਲਾਂ ਦੀ ਗਿਣਤੀ ਵੀ ਘਟਣ ਨਹੀਂ ਦਿੰਦੇ।
    

ਬਸ ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਖਾਣੇ ਜਾਦੂ ਟੂਣੇ ਵਾਂਗ ਅਸਰ ਨਹੀਂ ਵਿਖਾਉਂਦੇ ਬਲਕਿ ਰੋਜ਼ ਖਾਂਦੇ ਰਹਿਣ ਨਾਲ ਹੀ ਚੰਗਾ ਅਸਰ ਛੱਡਦੇ ਹਨ।

ਸਾਰ :-
ਹਰ ਸਾਲ ਦੁਨੀਆ ਭਰ ਵਿਚ 3.2 ਮਿਲੀਅਨ ਲੋਕ ਕਸਰਤ ਨਾ ਕਰਨ ਸਦਕਾ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਕੁੱਝ ਮੋਟਾਪੇ ਦੇ ਸ਼ਿਕਾਰ ਹੋ ਕੇ ਅਨੇਕ ਬੀਮਾਰੀਆਂ ਸਹੇੜ ਲੈਂਦੇ ਹਨ।
ਅੱਜ ਦੇ ਦਿਨ ਪੂਰੀ ਦੁਨੀਆ ਵਿਚ 55 ਮਿਲੀਅਨ ਲੋਕ ਯਾਦਾਸ਼ਤ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਹਰ ਸਾਲ ਇਸ ਗਿਣਤੀ ਵਿਚ 10 ਮਿਲੀਅਨ ਵਾਧਾ ਹੋ ਜਾਂਦਾ ਹੈ। ਬਹੁਤਿਆਂ ਨੂੰ ਇੰਜ ਹੀ ਧੱਕੇ ਖਾਣ ਲਈ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਬਥੇਰੇ ਘਰਾਂ ਅੰਦਰ ਬੰਨ੍ਹ ਕੇ ਰੱਖ ਦਿੱਤੇ ਜਾਂਦੇ ਹਨ। ਬਥੇਰੇ ਗ਼ਰੀਬ ਘਰਾਂ ਵਿਚਲੇ ਇਸ ਬੀਮਾਰੀ ਨਾਲ ਜੂਝਦੇ ਇਲਾਜ ਖੁਣੋਂ ਮੌਤ ਦੇ ਮੂੰਹ ਵੱਲ ਚਲੇ ਜਾਂਦੇ ਹਨ।
ਅੱਜ ਦੇ ਦਿਨ ਦੁਨੀਆ ਵਿਚਲੇ ਸਭ ਤੋਂ ਵੱਧ ਡੀਮੈਂਸ਼ੀਆ ਦੇ ਮਰੀਜ਼ ਕਤਰ, ਦੁਬਈ, ਬਹਿਰੀਨ, ਸਾਉਦੀ ਅਰਬ, ਓਮਾਨ, ਕੁਵੈਤ ਤੇ ਇਰਾਕ ਵਿਚ ਹਨ।
ਇਸ ਸਮੇਂ ਵਿਸ਼ਵ ਪੱਧਰ ਉੱਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਵੇਲੇ ਸਿਰ ਕਦਮ ਨਾ ਪੁੱਟੇ ਗਏ ਤਾਂ ਸੰਨ 2050 ਤੱਕ ਡੀਮੈਂਸ਼ੀਆ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੋਂ ਤਿੰਨ ਗੁਣਾ (153 ਮਿਲੀਅਨ) ਵੱਧ ਹੋ ਜਾਣ ਵਾਲੀ ਹੈ ਜੋ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅੱਜ ਦੇ ਦਿਨ ਭਾਰਤ ਵਿਚ ਵੀ 10 ਮਿਲੀਅਨ ਤੋਂ ਵੱਧ ਮਰੀਜ਼ ਭੁੱਲ ਜਾਣ ਦੀ ਬੀਮਾਰੀ ਨਾਲ ਜੂਝ ਰਹੇ ਹਨ ਜਿਨ੍ਹਾਂ ਵਿੱਚੋਂ 60 ਸਾਲ ਦੀ ਉਮਰ ਤੋਂ ਵੱਧ 80 ਫੀਸਦੀ ਹਨ ਤੇ ਬਾਕੀ ਛੋਟੀ ਉਮਰ ਦੇ।
ਇਨ੍ਹਾਂ ਅੰਕੜਿਆਂ ਤੋਂ ਸਮਝ ਆ ਜਾਂਦੀ ਹੈ ਕਿ ਮੌਜੂਦਾ ਲੇਖ ਕੀ ਅਹਿਮੀਅਤ ਰੱਖਦਾ ਹੈ।

ਕਿਵੇਂ ਪਤਾ ਲੱਗੇ ਕਿ ਭੁੱਲਣ ਦੀ ਬੀਮਾਰੀ ਸੀਰੀਅਸ ਹੋ ਰਹੀ ਹੈ?
1. ਇੱਕੋ ਸਵਾਲ ਬਾਰ ਬਾਰ ਪੁੱਛਿਆ ਜਾ ਰਿਹਾ ਹੋਵੇ
2. ਆਮ ਜਿਹੇ ਸ਼ਬਦ ਵੀ ਬੋਲਣ ਲੱਗਿਆਂ ਭੁੱਲਣ ਲੱਗ ਪੈਣ
3. ਲਫਜ਼ਾਂ ਵਿਚ ਗੜਬੜੀ ਜਿਵੇਂ ਮੇਜ਼ ਨੂੰ ਮੰਜਾ ਕਹਿ ਦੇਣਾ
4. ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਉਸ ਦਾ ਢੰਗ ਭੁੱਲਣ ਲੱਗ ਪਵੇ ਜੋ ਰੋਜ਼ ਬਣਾਇਆ ਜਾਂਦਾ ਹੋਵੇ ਜਿਵੇਂ ਦਹੀਂ ਜਮਾਉਣਾ, ਦਾਲ ਬਣਾਉਣੀ ਆਦਿ।
5. ਊਟ ਪਟਾਂਗ ਚੀਜ਼ਾਂ ਕਰਨੀਆਂ ਜਿਵੇਂ ਤੜਕੇ ਵਿਚ ਚਾਹ ਪੱਤੀ ਪਾਉਣੀ ਜਾਂ ਪਰਸ ਰਸੋਈ ਦੇ
ਫੱਟੇ ਉੱਤੇ ਰੱਖ ਦੇਣਾ, ਚਾਬੀ ਗੁਸਲਖਾਨੇ ਵਿਚ ਰੱਖ ਦੇਣੀ ਆਦਿ।
6. ਉਸੇ ਰਾਹ ਚੱਲਦਿਆਂ ਰਸਤਾ ਭੁੱਲ ਜਾਣਾ
7. ਰੋਜ਼ ਵਾਲਾ ਆਲਾ-ਦੁਆਲਾ ਵੇਖ ਕੇ ਵੀ ਯਾਦ ਨਾ ਆਵੇ ਕਿੱਧਰ ਜਾਣਾ ਹੈ
8. ਇਕਦਮ ਭੜਕ ਜਾਣਾ ਜਾਂ ਅਜੀਬ ਵਿਹਾਰ ਕਰਨ ਲੱਗ ਜਾਣਾ ਜਿਸ ਪਿੱਛੇ ਓਨਾ ਮਾੜਾ ਕਿਹਾ ਹੀ ਨਾ ਗਿਆ ਹੋਵੇ।
ਜੇ ਅਜਿਹੇ ਲੱਛਣ ਦਿਸਣ ਤਾਂ ਬੰਦੇ ਨੂੰ ਤੁਰੰਤ ਸਿਆਣੇ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਦਸਤਾਰਧਾਰੀ ਜਾਂਬਾਜ਼ - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਜਾ ਕੇ ਜੋ ਸਰੀਰਾਂ ਅੰਦਰ ਰੂਹ ਫੂਕੀ ਸੀ, ਉਸ ਨੇ ਕਿਵੇਂ ਦੇ ਜਾਂਬਾਜ਼ ਪੈਦਾ ਕੀਤੇ, ਉਨ੍ਹਾਂ ਵਿੱਚੋਂ ਹੀ ਕੁੱਝ ਦਾ ਜ਼ਿਕਰ ਕਰਨ ਲੱਗੀ ਹਾਂ।
ਸਭ ਤੋਂ ਔਖਾ ਉਹ ਸਮਾਂ ਹੁੰਦਾ ਹੈ ਜਦੋਂ ਸਾਹਮਣੇ ਮੌਤ ਵੇਖ ਕੇ ਵੀ ਆਪਣੇ ਲਈ ਨਹੀਂ, ਬਲਕਿ ਹੋਰਨਾਂ ਦੀ ਰਾਖੀ ਕਰਦਿਆਂ ਆਪ ਹੀ ਅਗਾਂਹ ਹੋ ਕੇ ਭਰ ਜਵਾਨੀ ਵਿਚ ਮੌਤ ਨੂੰ ਲਾੜੀ ਦੇ ਤੁਲ ਮੰਨ ਕੇ ਹਸਦਿਆਂ ਕੁਰਬਾਨ ਹੋ ਜਾਣਾ। ਆਪਣੇ ਜੰਮਣ ਵਾਲਿਆਂ, ਜੀਵਨ ਸਾਥਣ, ਗੋਦ ਵਿਚ ਪੈ ਕੇ ਕਿਲਕਾਰੀ ਮਾਰਨ ਨੂੰ ਤਰਸਦਾ ਬਾਲ ਅਤੇ ਅੱਗੇ ਆਉਣ ਵਾਲੇ ਖੁਸ਼ਨੁਮਾ ਪਲਾਂ ਨੂੰ ਕੁਰਬਾਨ ਕਰਕੇ ਸਿਰਫ਼ ਦੇਸ ਦਾ ਮਾਣ ਵਧਾਉਣ ਲਈ ਜਿਨ੍ਹਾਂ ਨੇ ਇੱਕ ਹੁੰਦਿਆਂ ਵੀ ਸਵਾ ਲੱਖ ਨਾਲ ਲੜ ਕੇ ਦਸਤਾਰ ਨਾਲ ਮਿਲੀ ਰੂਹਾਨੀ ਤਾਕਤ ਨੂੰ ਦੁਨੀਆ ਸਾਹਮਣੇ ਦਰਸਾਇਆ, ਉਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਹੋਰ ਹਿੱਸਿਆਂ ਵਿਚ ਹਾਲੇ ਤੱਕ ਦਿਸੀ ਨਹੀਂ।
ਜੈਸਲਮੇਰ ਦੇ ਫੌਜੀ ਇਲਾਕੇ ਵਿਚ ਰੋਜ਼ ਸ਼ਾਮ ਨੂੰ ਇੱਕ ਫਿਲਮ ਵਿਖਾਈ ਜਾਂਦੀ ਹੈ ਜਿਸ ਵਿਚ ਉਸ ਥਾਂ ਉੱਤੇ 23 ਪੰਜਾਬ ਰੈਜਮੈਂਟ ਵੱਲੋਂ ਵਿਖਾਈ ਲਾਮਿਸਾਲ ਵੀਰਤਾ ਦੀ ਕਹਾਣੀ ਦੁਹਰਾਈ ਜਾਂਦੀ ਹੈ। ਬੜੇ ਫ਼ਖ਼ਰ ਨਾਲ ਅਨੇਕ ਵਾਰ ਇੱਕ-ਇੱਕ ਦਸਤਾਰਧਾਰੀ ਜਾਂਬਾਜ਼ ਵੱਲੋਂ ਗੱਜ ਕੇ ਬੁਲਾਏ ਫਤਹਿ ਦੇ ਜੈਕਾਰੇ ਨੂੰ ਗਗਨ ਚੁੰਬੀ ਆਵਾਜ਼ ਨਾਲ ਚੁਫ਼ੇਰੇ ਰੌਸ਼ਨੀਆਂ ਹੇਠ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਵਿਚ ਸੁਣਾਇਆ ਜਾਂਦਾ ਹੈ। ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਸ਼ੇਰ ਵਰਗੀ ਦਹਾੜ ਜਦੋਂ ਸੁਣਦੀ ਹੈ ਤਾਂ ਹਰ ਵੇਖਣ ਵਾਲੇ ਦੇ ਸਰੀਰ ਅੰਦਰਲਾ ਲਹੂ ਉਬਾਲੇ ਖਾਣ ਲੱਗ ਪੈਂਦਾ ਹੈ।
ਜਿਉਂ ਹੀ ਲਾਈਟ ਐਂਡ ਸਾਊਂਡ ਫਿਲਮ ਵਿਚ ਆਰ ਜਾਂ ਪਾਰ ਦੀ ਜੰਗ ਵਿੱਢਣ ਤੋਂ ਪਹਿਲਾਂ ਖਾਲਸਾ ਝੰਡਾ ਸਕਰੀਨ ਉੱਤੇ ਵਿਖਾ ਕੇ, ਫਿਰ ਖੰਡਾ ਲਹਿਰਾ ਕੇ, ਗੱਜ ਕੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਨਾਲ 'ਜੈ ਹਿੰਦ' ਕਹਿੰਦਿਆਂ ਦਸਤਾਰਧਾਰੀ ਛਾਲਾਂ ਮਾਰਦਿਆਂ ਅਗਾਂਹ ਤੁਰਦੇ ਵਿਖਾਉਂਦੇ ਹਨ ਤਾਂ ਹਰ ਵੇਖਣ ਵਾਲਾ ਜਾਤ-ਪਾਤ, ਧਰਮ ਭੁਲਾ ਕੇ ਫਤਹਿ ਦੇ ਜੈਕਾਰੇ ਦੇ ਨਾਲ ਹੀ ਸਤਿ ਸ੍ਰੀ ਅਕਾਲ ਅਤੇ ਜੈ ਹਿੰਦ ਬੁਲਾਉਂਦਾ ਦਿਸਦਾ ਹੈ। ਜਿਸ ਬਹਾਦਰੀ ਨਾਲ ਸਿੱਖ ਫੌਜੀਆਂ ਵੱਲੋਂ ਪਾਕਿਸਤਾਨੀ ਟੈਂਕਾਂ ਉੱਤੇ ਹੱਲਾ ਬੋਲਦਿਆਂ ਵਿਖਾਇਆ ਜਾਂਦਾ ਹੈ, ਹਰ ਕਿਸੇ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਸਿੱਖ ਫੌਜੀ ਨੂੰ ਸ਼ਹੀਦ ਹੁੰਦਿਆਂ ਵੇਖ ਇੱਕ ਵੀ ਜਣਾ ਹੰਝੂ ਕੇਰਨ ਤੋਂ ਬਿਨਾਂ ਨਹੀਂ ਰਹਿੰਦਾ। ਜਿਉਂ ਹੀ 'ਦੇਹ ਸ਼ਿਵਾ' ਉਚਾਰਿਆ ਜਾਂਦਾ ਹੈ, ਉੱਥੇ ਸਭ ਖੜ੍ਹੇ ਹੋ ਕੇ ਮਹਾ ਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਜਿਉਂਦੀ ਜਾਗਦੀ ਤਸਵੀਰ ਤੇ ਚਿਹਰੇ ਦੇ ਜਲੌਅ ਨੂੰ ਵੇਖ ਸਲਾਮ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਮੇਰੇ ਪਤੀ ਡਾ. ਗੁਰਪਾਲ ਸਿੰਘ ਦੇ ਸਿਰ ਸਜੀ ਦਸਤਾਰ ਵੇਖ ਹਰ ਫੌਜੀ ਨੇ ਸੈਲੂਟ ਕਰ ਕੇ ਇੱਜ਼ਤ ਦਿੰਦਿਆਂ ਇਹੀ ਕਿਹਾ- ''ਆਜ ਜੈਸਲਮੇਰ ਅਗਰ ਭਾਰਤ ਕਾ ਹਿੱਸਾ ਹੈ ਤੋ ਸਿਰਫ਼ ਏਕ ਬੱਬਰ ਸ਼ੇਰ ਕੁਲਦੀਪ ਚਾਂਦਪੁਰੀ ਜੀ ਕੇ ਕਾਰਨ ਹੀ ਹੈ। ਹਰ ਸਿੱਖ ਭਾਈ ਕੋ ਹਮਾਰਾ ਸਲਾਮ ਹੈ। ਉਨਕੇ ਜਜ਼ਬੇ ਕੋ ਸਲਾਮ ਹੈ।''
23 ਪੰਜਾਬ ਰੈਜਮੈਂਟ ਦੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ 120 ਫੌਜੀਆਂ ਕੋਲੋਂ ਜਿਸ ਬਹਾਦਰੀ ਨਾਲ ਚਾਂਦਪੁਰੀ ਜੀ ਨੇ 5 ਅਤੇ 6 ਦਸੰਬਰ 1971 ਨੂੰ 20,000 ਪਾਕਿਸਤਾਨੀ ਫੌਜੀਆਂ, ਟੈਂਕਾਂ, ਤੋਪਾਂ ਦੇ ਸਾਹਮਣੇ ਜੂਝਣ ਲਈ ਟਿਕਾਈ ਰੱਖਿਆ, ਉਹ ਜੰਗ ਅੱਜ ਬ੍ਰਿਟੇਨ ਵਿਖੇ ਇਕ ਮਿਸਾਲੀ ਜੰਗ ਵਜੋਂ ਫੌਜੀਆਂ ਲਈ ਸਿਖਲਾਈ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਸਭ ਮੰਨਦੇ ਹਨ ਕਿ ਬੋਲੇ ਸੋ ਨਿਹਾਲ ਦੇ ਜੈਕਾਰੇ ਏਨੇ ਬੁਲੰਦ ਸਨ ਕਿ ਪਾਕਿਸਤਾਨੀ ਫੌਜੀਆਂ ਨੂੰ ਭੁਲੇਖਾ ਪੈ ਗਿਆ ਸੀ ਕਿ ਲੌਂਗੇਵਾਲ ਦੀ ਨਿੱਕੀ ਜਿਹੀ ਪੋਸਟ ਉੱਤੇ ਖ਼ੌਰੇ 50,000 ਦੀ ਫੌਜ ਖੜ੍ਹੀ ਹੋਈ ਹੈ।
ਏਨੀ ਫੌਜ ਨਾਲ ਜੂਝਦਿਆਂ ਸਿਰਫ਼ ਦੋ ਸ਼ਹੀਦੀਆਂ ਹੋਣੀਆਂ ਤੇ ਦੁਸ਼ਮਨ ਫੌਜੀਆਂ ਅਤੇ ਉਨ੍ਹਾਂ ਦੇ ਟੈਂਕਾਂ ਨੂੰ ਨੇਸਤਾ ਨਾਬੂਤ ਕਰ ਦੇਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।
ਕੌਣ ਭੁਲਾ ਸਕਦਾ ਹੈ ਲੈਫ. ਜਨਰਲ ਬਿਕਰਮ ਸਿੰਘ ਜੀ ਨੂੰ! ਸੰਨ 1933 ਵਿਚ ਫੌਜ ਵਿਚ ਭਰਤੀ ਹੋਏ ਬਿਕਰਮ ਸਿੰਘ ਜੀ ਨੂੰ ਅੱਜ ਤਾਈਂ ਚੀਨੀ ਭੁਲਾ ਨਹੀਂ ਸਕੇ ਅਤੇ ਹੁਣ ਤੱਕ ''ਡਰੈਗਨ ਕਿੱਲਰ'' ਵਜੋਂ ਹੀ ਯਾਦ ਕਰਦੇ ਹਨ। ਸੰਨ 1962 ਵਿਚ ਲੱਦਾਖ ਵਿਚ ਚੀਨੀ ਫੌਜੀਆਂ ਨੂੰ ਜਿਸ ਢੰਗ ਨਾਲ ਵੱਢਿਆ ਤੇ ਦਹਿਸ਼ਤ ਫੈਲਾਈ, ਚੀਨੀ ਫੌਜੀ ਦਸਤਾਰ ਵੇਖਦਿਆਂ ਪਿਛਾਂਹ ਭੱਜਣ ਲੱਗ ਪਏ ਸਨ।
ਲੱਦਾਖ ਦੇ ਬੋਧੀਆਂ ਨੇ ਅਜਿਹੀ ਬਹਾਦਰੀ ਬਾਰੇ ਕਦੇ ਸੁਣਿਆ ਵੇਖਿਆ ਹੀ ਨਹੀਂ ਸੀ। ਉਨ੍ਹਾਂ ਨੂੰ 'ਸਿੰਘ' ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਸੀ। ਇਹੀ ਕਾਰਨ ਹੈ ਕਿ ਉੱਥੇ ਵੱਸਦਾ ਹਰ 'ਲਾਮਾ' ਆਪਣੇ ਗੋਂਪੇ ਵਿਚ ਅਤੇ ਬੁੱਧ ਮੋਨੈਸਟਰੀਆਂ ਵਿਚ ਲੈਫ. ਜਨਰਲ ਬਿਕਰਮ ਸਿੰਘ ਨੂੰ ਹੀਰੋ ਵਜੋਂ ਯਾਦ ਰੱਖਣ ਵਾਸਤੇ ਨਾ ਸਿਰਫ਼ ਯਾਦਗਾਰ ਬਣਾ ਕੇ ਬੈਠਾ ਹੈ ਬਲਕਿ ਲੋਕ ਗੀਤਾਂ ਦਾ ਹਿੱਸਾ ਬਣਾ ਕੇ ਅਮਰ ਕਰ ਚੁੱਕਿਆ ਹੈ।
ਜੰਮੂ ਵਿਚ ਇੱਕ ਚੌਂਕ ਦਾ ਨਾਂ ਹੀ ਬਿਕਰਮ ਸਿੰਘ ਉੱਤੇ ਰੱਖਿਆ ਗਿਆ ਹੈ ਅਤੇ ਉੱਥੇ ਉਨ੍ਹਾਂ ਦਾ ਬੁੱਤ ਸੁਸ਼ੋਭਿਤ ਹੈ।
ਪੰਜਾਬ ਦੇ ਫ਼ਰੀਦਕੋਟ ਦਾ ਨਾਯਾਬ ਹੀਰਾ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ ਭਾਰਤ ਦੀ ਫੌਜ ਦੇ ਚਮਕਦੇ ਸਿਤਾਰਿਆਂ ਦੀ ਸਿਖਰਲੀ ਕਤਾਰ ਵਿਚ ਸ਼ਾਮਲ ਕੀਤਾ ਗਿਆ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਦੁਸ਼ਮਨਾਂ ਦੇ ਛੱਕੇ ਛੁਡਾਉਣ ਵਾਲਾ ਇਹ ਹੀਰਾ ਅੱਜ ਤੱਕ ''ਸੰਤ ਸਿਪਾਹੀ'' ਵਜੋਂ ਹੀ ਯਾਦ ਕੀਤਾ ਜਾਂਦਾ ਹੈ। ਸਿੱਖੀ ਦੇ ਸਿਧਾਂਤਾਂ ਨੂੰ ਪ੍ਰਣਾਇਆ ਇਹ ਹੀਰਾ ਸਵਾ ਲੱਖ ਨਾਲ ਲੜ ਜਾਣ ਵਾਲਾ ਮੰਨਿਆ ਜਾ ਚੁੱਕਿਆ ਹੈ। ਸ਼ਾਂਤ ਸੁਭਾਅ ਅਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲਾ ਇਹ ਜਾਂਬਾਜ਼ ਇੱਕ ਨਹੀਂ ਦੋ ਦੋ ਜੰਗਾਂ ਵਿਚ ਸਰਵਉੱਚ ਸਨਮਾਨ ਹਾਸਲ ਕਰਨ ਵਾਲਾ ਸਾਬਤ ਹੋਇਆ। ਭਾਰਤੀ ਫੌਜ ਸੰਤ ਸਿੰਘ ਜੀ ਦੇ 1965 ਅਤੇ 1971 ਦੀ ਹਿੰਦ-ਪਾਕ ਜੰਗ ਵਿਚਲੇ ਬਹਾਦਰੀ ਦੇ ਕਾਰਨਾਮੇ ਭੁਲਾ ਹੀ ਨਹੀਂ ਸਕਦੀ ਕਿਉਂਕਿ ਪਾਕਿਸਤਾਨ ਦੀ ਭਾਰੀ ਫੌਜ ਦਾ ਜਿਸ ਬਹਾਦਰੀ ਨਾਲ ਥੋੜੇ ਜਿੰਨੇ ਫੌਜੀਆਂ ਨਾਲ ਸਾਹਮਣਾ ਕਰ ਕੇ, ਗੋਲਿਆਂ ਅਤੇ ਗੋਲੀਆਂ ਦੀ ਬੌਛਾਰ ਵਿੱਚੋਂ ਵੀ ਉਨ੍ਹਾਂ ਨੂੰ ਖਦੇੜ ਕੇ ਮੈਮਨ ਸਿੰਘ ਅਤੇ ਮਾਧੋਪੁਰ ਇਲਾਕਾ ਭਾਰਤ ਨਾਲ ਜੋੜਿਆ, ਇਹ ਸਿਰਫ਼ ਸੰਤ ਸਿਪਾਹੀ ਦੇ ਜੇਰੇ ਅਤੇ ਉਸ ਦੇ ਗਗਨ-ਚੁੰਬੀ ਫਤਹਿ ਦੇ ਜੈਕਾਰਿਆਂ ਸਦਕਾ ਹੀ ਸੰਭਵ ਹੋ ਸਕਿਆ।
ਕਦੇ ਕੋਈ ਸੁਫ਼ਨੇ ਵਿਚ ਵੀ ਸੋਚ ਸਕਦਾ ਹੈ ਕਿ ਇੱਕ ਜਰਨੈਲ ਇੱਕੋ ਦਿਨ ਵਿਚ ਦੁਸ਼ਮਨ ਦੇ 67 ਟੈਂਕ ਫ਼ਨਾਹ ਕਰ ਸਕਦਾ ਹੈ? ਸਵਾ ਲਾਖ ਸੇ ਏਕ ਲੜਾਉਂ ਦਾ ਜਿਊਂਦਾ ਜਾਗਦਾ ਇਤਿਹਾਸ ''ਮੇਜਰ ਜਨਰਲ ਰਾਜਿੰਦਰ ਸਿੰਘ'' ਨੇ ਲਿਖਿਆ! ''ਸਪੈਰੋ'' ਨਾਂ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੂੰ ਦੋ ਵਾਰ ਬੇਮਿਸਾਲ ਬਹਾਦਰੀ ਵਾਸਤੇ ਮਹਾਵੀਰ ਚੱਕਰ ਦਿੱਤਾ ਗਿਆ। ਪਹਿਲਾ, ਸੰਨ 1947 ਵਿਚ 'ਝੰਗਰ' ਨੂੰ ਪਾਕਿਸਤਾਨ ਹੱਥੋਂ ਬਚਾ ਕੇ ਭਾਰਤ ਵਿਚ ਸ਼ਾਮਲ ਕਰਨ ਲਈ ਅਤੇ ਦੂਜੀ ਵਾਰ 1965 ਦੀ ਭਾਰਤ ਪਾਕ ਜੰਗ ਵਿਚ! ਭਾਰਤੀ ਫੌਜ ਦੇ ਹਰ ਜਵਾਨ ਨੂੰ ਇਹ ਬਹਾਦਰੀ ਦੀ ਗਾਥਾ ਸੁਣਾਈ ਜਾਂਦੀ ਹੈ ਕਿ ਕਿਵੇਂ ਬੱਬਰ ਸ਼ੇਰ ਸਪੈਰੋ ਨੇ ਫਿਲੌਰਾ ਦੀ ਜੰਗ ਵਿਚ ਇੱਕੋ ਦਿਨ 67 ਦੁਸ਼ਮਨਾਂ ਦੇ ਟੈਂਕ ਫਨਾਹ ਕੀਤੇ ਅਤੇ ਆਪਣੀ ਛੋਟੀ ਜਿਹੀ ਫੌਜੀ ਟੁਕੜੀ ਨਾਲ 15 ਦਿਨ ਲਗਾਤਾਰ ਦੁਸ਼ਮਨਾਂ ਨਾਲ ਟੱਕਰ ਲੈਂਦਿਆਂ ਬਾਜ਼ ਵਾਂਗ ਵਾਰ ਕਰਦਿਆਂ 250 ਦੁਸ਼ਮਨਾਂ ਦੇ ਟੈਂਕ ਫੁੰਡ ਸੁੱਟੇ।
ਜਿੱਥੇ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਹੋਵੇ, ਉਸ ਜੋਜ਼ਿਲਾ ਪਾਸ ਉੱਤੇ ਦੁਸ਼ਮਨਾਂ ਨੂੰ ਮੂੰਹ ਦੀ ਸਿਰਫ਼ ਇਸ ਕਰਕੇ ਖਾਣੀ ਪਈ ਕਿਉਂਕਿ ਉੱਡਣੇ ਬਾਜ਼ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ ਅਤੇ ਜੋਜ਼ਿਲਾ ਪਾਸ ਉੱਤੇ ਟੈਂਕ ਪਹੁੰਚਾ ਕੇ ਦੁਸ਼ਮਨਾਂ ਦੇ ਦੰਦ ਖੱਟੇ ਕਰ ਦਿੱਤੇ। ਇਹ ਦੁਨੀਆ ਦਾ ਵਿਲੱਖਣ ਰਿਕਾਰਡ ਹੈ ਕਿ ਏਨੀ ਉਚਾਈ ਉੱਤੇ ਕੋਈ ਵੀ ਟੈਂਕ ਪਹੁੰਚਾ ਨਹੀਂ ਸਕਿਆ, ਜੋ 'ਸਪੈਰੋ' ਨੇ ਕਰ ਵਿਖਾਇਆ। ਤਿੰਨ ਅਕਤੂਬਰ 1911 ਨੂੰ ਜੰਮਿਆ ਸਪੈਰੋ ਬਰਿਟਿਸ਼ ਆਰਮੀ ਰੈਜਮੈਂਟ ਲਿਵਰਪੂਲ ਵਿਖੇ ਵੀ ਨੌਕਰੀ ਕਰਦਾ ਰਿਹਾ ਸੀ ਤੇ ਉਸ ਨੇ ਵਿਸ਼ਵ ਜੰਗ ਦੂਜੀ ਵਿਚ ਵੀ ਬਹਾਦਰੀ ਦੇ ਜੌਹਰ ਵਿਖਾਏ ਸਨ। ਸੰਨ 1948 ਦੇ ਕਸ਼ਮੀਰ ਅਪਰੇਸ਼ਨ ਦੌਰਾਨ ਲੱਦਾਖ ਦਾ ਰਾਹ ਖੋਲਣ ਵਾਲਾ ਇਹ ਬੱਬਰ ਸ਼ੇਰ ਦਸਤਾਰ ਦਾ ਮਾਣ ਵਧਾ ਗਿਆ। ਸਲਾਮ ਹੈ ਉਸ ਦੇ ਜਜ਼ਬੇ ਨੂੰ।
ਕੈਪਟਨ ਈਸ਼ਰ ਸਿੰਘ ਦੀ ਵੀਰਤਾ ਦਾ ਲੋਹਾ ਫਿਰੰਗੀਆਂ ਨੇ ਵੀ ਮੰਨਿਆ। ਤੀਹ ਦਸੰਬਰ 1895 ਨੂੰ ਜੰਮੇ ਸਰਦਾਰ ਬਹਾਦਰ ਈਸ਼ਰ ਸਿੰਘ ਜੀ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਬੇਮਿਸਾਲ ਯੋਧੇ ਵਜੋਂ 25 ਵਰ੍ਹਿਆਂ ਦੀ ਉਮਰ ਵਿਚ 28 ਪੰਜਾਬ ਰੈਜਮੈਂਟ ਵੱਲੋਂ ਵਜ਼ੀਰਸਤਾਨ ਵਿਚ ਬ੍ਰਿਟੇਨ ਵੱਲੋਂ ਲੜਦਿਆਂ ਵਿਕਟੋਰੀਆ ਕਰਾਸ ਦਿੱਤਾ ਗਿਆ। ਛਾਤੀ ਵਿਚ ਗੋਲੀ ਵੱਜਣ ਦੇ ਬਾਵਜੂਦ ਅਤੇ ਦੁਸ਼ਮਨਾਂ ਵੱਲੋਂ ਸਾਰੇ ਸਾਥੀ ਫੌਜੀਆਂ ਦੇ ਮਾਰੇ ਜਾਣ ਬਾਅਦ ਵੀ ਲਗਾਤਾਰ ਇਕੱਲੇ ਜੂਝਦਿਆਂ ਨਾ ਸਿਰਫ਼ ਆਪਣੀ ਬੰਦੂਕ ਵਾਪਸ ਖੋਹੀ, ਬਲਕਿ ਵਹਿੰਦੇ ਲਹੂ ਨਾਲ ਸਾਹਮਣੇ ਖੜ੍ਹੀ ਹਥਿਆਰਾਂ ਨਾਲ ਲੈਸ ਦੁਸ਼ਮਨ ਫੌਜੀਆਂ ਦੀ ਟੁਕੜੀ ਵੀ ਮਾਰ ਮੁਕਾਈ। ਹਾਲੇ ਏਥੇ ਹੀ ਬਸ ਨਹੀਂ ਹੋਈ, ਜਦੋਂ ਈਸ਼ਰ ਸਿੰਘ ਜੀ ਨੂੰ ਹਸਪਤਾਲ ਭੇਜਣ ਲਈ ਤਿਆਰੀ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਫੌਜੀਆਂ ਨੂੰ ਇਲਾਜ ਲਈ ਭੇਜਿਆ ਅਤੇ ਓਨੀ ਦੇਰ ਇਕੱਲੇ ਹੀ ਛਾਤੀ ਵਿੱਚੋਂ ਲਗਾਤਾਰ ਵਗਦੇ ਲਹੂ ਨਾਲ ਦੁਸ਼ਮਨਾਂ ਦਾ ਗੋਲੀਆਂ ਮਾਰ ਕੇ ਸਾਹਮਣੇ ਕਰਦੇ ਰਹੇ। ਜਦੋਂ ਇਲਾਜ ਲਈ ਡਟੇ ਡਾਕਟਰ ਵੱਲ ਦੁਸ਼ਮਨਾਂ ਨੇ ਗੋਲੀਆਂ ਚਲਾਈਆਂ ਤਾਂ ਈਸ਼ਰ ਸਿੰਘ ਜੀ ਨੇ ਆਪਣੇ ਸਰੀਰ ਨੂੰ ਢਾਲ ਬਣਾ ਕੇ ਸਾਥੀ ਜ਼ਖ਼ਮੀ ਫੌਜੀਆਂ ਅਤੇ ਡਾਕਟਰ ਨੂੰ ਬਚਾਇਆ। ਤਿੰਨ ਘੰਟੇ ਇੰਜ ਹੀ ਵਗਦੇ ਲਹੂ ਅਤੇ ਛਲਣੀ ਸਰੀਰ ਨਾਲ ਡਟੇ ਰਹਿਣ ਸਦਕਾ ਹੀ ਵਿਸ਼ਵ ਜੰਗ ਦੂਜੀ ਵਿਚ ਉਨ੍ਹਾਂ ਨੂੰ ਪਹਿਲਾਂ ਦੇ ਮਿਲੇ ਵਿਕਟੋਰੀਆ ਕਰਾਸ ਦੇ ਨਾਲ ਬ੍ਰਿਟੇਨ ਦਾ ਸਰਵਉੱਚ ਸਨਮਾਨ ''ਸਰਦਾਰ ਬਹਾਦਰ'' ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ।
ਨਾਇਬ ਸੂਬੇਦਾਰ ਨੰਦ ਸਿੰਘ ਨੂੰ ਭਾਰਤ ਦੇ ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧੇ ਵਜੋਂ ਮਾਨਤਾ ਦਿੱਤੀ ਗਈ ਹੈ। ਪਹਿਲੇ ਵਿਸ਼ਵ ਜੰਗ ਵਿਚ ਵਿਕਟੋਰੀਆ ਕਰਾਸ ਹਾਸਲ ਕਰਨ ਤੋਂ ਬਾਅਦ 1947 ਵਿਚ ਜੰਮੂ ਕਸ਼ਮੀਰ ਵਿਚ ਉੜੀ ਇਲਾਕੇ ਵਿਚ ''ਇੱਕ ਸਿੱਖ ਰੈਜਮੈਂਟ'' ਵੱਲੋਂ ਹਿੰਦ ਪਾਕਿ ਜੰਗ ਵਿਚ ਆਪਣੇ ਸਾਥੀਆਂ ਨੂੰ ਬਚਾਉਂਦੇ ਅਤੇ ਉਸ ਇਲਾਕੇ ਉੱਤੇ ਦੁਸ਼ਮਨਾਂ ਦੇ ਦੰਦ ਖੱਟੇ ਕਰਦਿਆਂ ਜਾਨ ਤੱਕ ਵਾਰ ਦਿੱਤੀ। ਮਹਾਵੀਰ ਚੱਕਰ ਵਿਜੇਤਾ ਦੇ ਬੇਜਾਨ ਸਰੀਰ ਨੂੰ ਅਤਿ ਦੇ ਘਿਨਾਉਣੇ ਢੰਗ ਨਾਲ ਮੁਜੱਫਰਾਬਾਦ ਵਿਚ ਟਰੱਕ ਉੱਤੇ ਰੱਖ ਦੁਸ਼ਮਨਾਂ ਵੱਲੋਂ ਨਿਰਾਦਰ ਕੀਤਾ ਗਿਆ। ਵਿਕਟੋਰੀਆ ਕਰਾਸ ਹਾਸਲ ਕਰਨਾ ਸੂਬੇਦਾਰ ਨੰਦ ਸਿੰਘ ਜੀ ਦੀ ਵਿਲੱਖਣ ਮਿਸਾਲ ਇਸ ਲਈ ਹੈ ਕਿਉਂਕਿ ਤਿੱਖੀ ਚੋਟੀ ਉੱਤੇ ਬੈਠੀ ਦੁਸ਼ਮਨ ਟੁਕੜੀ ਨੂੰ ਹੇਠੋਂ ਭਾਰੇ ਹਥਿਆਰ ਚੁੱਕ ਕੇ, ਫੱਟੜ ਲੱਤ, ਮੂੰਹ ਅਤੇ ਬਾਂਹ ਨਾਲ ਜਿਵੇਂ ਕਾਬੂ ਕੀਤਾ ਅਤੇ ਅੱਗੋਂ ਹੋਰ ਦੋ ਚੋਟੀਆਂ ਵੀ ਦੁਸ਼ਮਨਾਂ ਤੋਂ ਆਜ਼ਾਦ ਕਰਵਾਈਆਂ, ਉਸ ਵਰਗਾ ਕੋਈ ਹੋਰ ਬਲਵਾਨ ਹਾਲੇ ਤੱਕ ਸਾਬਤ ਨਹੀਂ ਕੀਤਾ ਜਾ ਸਕਿਆ। ਇਹ ਇੱਕੋ ਇੱਕ ਭਾਰਤੀ ਫੌਜੀ ਹੈ ਜਿਸ ਨੂੰ ਵਿਕਟੋਰੀਆ ਕਰਾਸ ਅਤੇ ਮਹਾਵੀਰ ਚੱਕਰ ਵੀ ਹਾਸਲ ਹੋਇਆ। ਮਾਨਸਾ ਜ਼ਿਲ੍ਹੇ ਦਾ ਬਹਾਦਰਪੁਰ ਪਿੰਡ ਅੱਜ ਵੀ ਆਪਣੇ ਇਸ ਮਹਾਨ ਯੋਧੇ ਨੂੰ ਪ੍ਰਣਾਮ ਕਰਦਾ ਹੈ।
ਨਾਇਬ ਸੂਬੇਦਾਰ ਬਾਨਾ ਸਿੰਘ ਨੇ ਦਸਤਾਰ ਦਾ ਰੁਤਬਾ ਹੋਰ ਚੁੱਕਾ ਕਰ ਦਿੱਤਾ। ਛੇ ਜਨਵਰੀ 1949 ਵਿਚ ਜੰਮੇ ਬਾਨਾ ਸਿੰਘ ਜੀ ਨੂੰ ਸਿਆਚਿਨ ਦੇ ਹੀਰੋ ਵਜੋਂ ਯਾਦ ਕੀਤਾ ਜਾਂਦਾ ਹੈ। ਪਰਮਵੀਰ ਚੱਕਰ ਵਿਜੇਤਾ ਬਾਨਾ ਸਿੰਘ ਜੀ ਨੇ ਜਿਸ ਬੇਮਿਸਾਲ ਬਹਾਦਰੀ ਨਾਲ ਸਿਆਚਿਨ ਦੀ ਸਭ ਤੋਂ ਉੱਚੀ ਚੋਟੀ ਨੂੰ ਪਾਕਿਸਤਾਨ ਤੋਂ ਜਿੱਤ ਕੇ ਵਾਪਸ ਭਾਰਤ ਨਾਲ ਮਿਲਾਇਆ, ਉਸੇ ਸਦਕਾ ਅੱਜ ਉਸ ਚੋਟੀ ਨੂੰ 'ਬਾਨਾ ਚੋਟੀ' ਦਾ ਨਾਂ ਦੇ ਦਿੱਤਾ ਗਿਆ ਹੈ।
ਫ਼ਖ਼ਰ ਨਾਲ ਸਿਰ ਦੋ ਗੁਣਾ ਉੱਚਾ ਹੋ ਜਾਂਦਾ ਹੈ ਜਦੋਂ ਸਿਰ ਉੱਤੇ ਦਸਤਾਰ ਸਜਾਈ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂ ਲਿਆ ਜਾਂਦਾ ਹੈ। ਪੂਰੀ ਦੁਨੀਆ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ ਜਿੱਥੇ ਢਾਕੇ ਵਿਖੇ ਦਸੰਬਰ 1971 ਵਿਚ 93,000 ਪਾਕਿਸਤਾਨ ਫੌਜੀਆਂ ਨੇ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਗੋਡੇ ਟੇਕ ਦਿੱਤੇ ਅਤੇ ਬੰਗਲਾਦੇਸ ਦੇ ਵਾਸੀਆਂ ਨੂੰ ਆਜ਼ਾਦ ਧਰਤੀ ਉੱਤੇ ਸਾਹ ਲੈਣ ਦਿੱਤਾ। ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਣ ਹਾਸਲ ਕਰਨ ਵਾਲੇ ਜਗਜੀਤ ਸਿੰਘ ਜੀ ਸਮੁੱਚੇ ਭਾਰਤ ਦਾ ਮਾਣ ਹਨ।
ਜਰਨੈਨਾਂ ਦੇ ਜਰਨੈਲ, ਮੇਜਰ ਜਨਰਲ ਸ਼ਬੇਗ ਸਿੰਘ ਨੇ ਸਾਬਤ ਕਰ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖਾਲਸਾ ਕਿਵੇਂ ਕੌਤਕ ਸਿਰਜਦਾ ਹੈ। ਸੰਨ 1925 ਵਿਚ ਖ਼ਿਆਲਾ ਪਿੰਡ (ਅੰਮ੍ਰਿਤਸਰ ਨੇੜੇ) ਵਿਖੇ ਜੰਮੇ ਸ਼ਬੇਗ ਸਿੰਘ ਵੱਲੋਂ ਸਟਾਫ ਕਾਲਜ ਵਿਚ ਘੁੜਸਵਾਰੀ ਵਿਚ ਜਿੱਤੀਆਂ ਅੱਠ ਰੇਸਾਂ ਦਾ ਰਿਕਾਰਡ ਅੱਜ ਤਾਈਂ ਕੋਈ ਨਹੀਂ ਤੋੜ ਸਕਿਆ। ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਅਤੇ ਮਿਲਟਰੀ ਸਾਇੰਸ ਵਿਚ ਜਿੰਨੇ ਪ੍ਰਬੀਨ ਸ਼ਬੇਗ ਸਿੰਘ ਜੀ ਸਨ, ਉਸ ਦਾ ਸਾਨੀ ਹਾਲੇ ਤੱਕ ਕੋਈ ਬਣ ਹੀ ਨਹੀਂ ਸਕਿਆ।
ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਜੋ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿਚ ਸਨ, ਨੂੰ ਜਿਸ ਢੰਗ ਨਾਲ ਫਤਹਿ ਕੀਤਾ ਗਿਆ, ਉਸ ਲਾਮਿਸਾਲ ਬਹਾਦਰੀ ਨੂੰ ਵੇਖਦਿਆਂ ਅਤੇ ਜੰਗੀ ਨੁਕਤਿਆਂ ਦਾ ਵਿਲੱਖਣ ਢੰਗ ਵਰਤ ਕੇ ਅਗਵਾਈ ਕਰਨ ਦੀ ਜੁਗਤ ਸਦਕਾ ਹੀ ਬੰਗਲਾਦੇਸ ਤਿਆਰ ਕਰਨ ਦਾ ਪੂਰਾ ਮਿਲਟਰੀ ਅਪਰੇਸ਼ਨ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਨੇ ਸ਼ਬੇਗ ਸਿੰਘ ਨੂੰ ਸੌਂਪ ਦਿੱਤਾ ਸੀ। ਮੁਕਤੀ ਵਾਹਿਨੀ ਦਾ ਹੀਰੋ ਅਤੇ ਗੁਰਿੱਲਾ ਟਰੇਨਿੰਗ ਦਾ ਸਭ ਤੋਂ ਉੱਤਮ ਆਗੂ ਵਜੋਂ ਮੰਨਿਆ ਜਾਣਾ ਆਪਣੇ ਆਪ ਵਿਚ ਹੀ ਸ਼ਬੇਗ ਸਿੰਘ ਜੀ ਨੂੰ ਮਹਾਂ-ਮਾਨਵ ਸਿੱਧ ਕਰ ਗਿਆ। ਇਸੇ ਮੁਕਤੀ ਵਾਹਿਨੀ ਦੇ ਅਣਥੱਕ ਯੋਧੇ ਸਦਕਾ ਹੀ ਪਾਕਿਸਤਾਨੀ ਜਰਨੈਲਾਂ ਦੇ ਛੱਕੇ ਛੁਟ ਗਏ ਤੇ ਅੰਤ ਉਹ ਪੂਰੀ ਫੌਜ ਨਾਲ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਨਤਮਸਤਕ ਹੋ ਗਏ।
ਵਿਰਲੇ ਹੀ ਕਿਸੇ ਮਾਂ ਦੇ ਲਾਲ ਵਿਚ ਏਨੀ ਹਿੰਮਤ ਹੋ ਸਕਦੀ ਹੈ ਜਿੰਨੀ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ਼ ਹਰੀ ਸਿੰਘ ਨਲੂਏ ਵਿਚ ਸੀ। ਇੰਜ ਹੀ ਭਾਰਤ ਦਾ ਨੇਪੋਲੀਅਨ ਮੰਨਿਆ ਜਾ ਚੁੱਕਿਆ ਸੂਰਬੀਰਾਂ ਦਾ ਸੂਰਬੀਰ ਜਰਨੈਲ ਜ਼ੋਰਾਵਰ ਸਿੰਘ ਸੀ।
ਇਹੋ ਜਿਹੇ ਅਣਗਿਣਤ ਸੂਰਮਿਆਂ ਵਿਚ ਜਰਨੈਲ ਮੋਹਨ ਸਿੰਘ ਵੀ ਸ਼ਾਮਲ ਹੈ ਜਿਸ ਨੇ ਆਜ਼ਾਦ ਹਿੰਦ ਫੌਜ ਦੀ ਅਗਵਾਈ ਕੀਤੀ।
ਪੰਜਾਬ ਵਿਚਲੇ ਇਨ੍ਹਾਂ ਮਹਾਂ ਮਾਨਵਾਂ ਵਿਚ ਕਦੇ ਕਮੀ ਨਹੀਂ ਆਈ। ਗਲਵਾਨ ਘਾਟੀ ਦੇ ਸੂਰਮੇ ਸਿਪਾਹੀ ਗੁਰਤੇਜ ਸਿੰਘ ਅਤੇ ਹਵਲਦਾਰ ਤੇਜਿੰਦਰ ਸਿੰਘ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਜਿਵੇਂ ਚੀਨੀ ਸੈਨਿਕਾਂ ਨੂੰ ਦਬੋਚ ਕੇ ਮੌਤ ਦੇ ਘਾਟ ਉਤਾਰਿਆ, ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਵੀ ਭਾਰਤ ਦੀ ਰਾਜ ਸਭਾ ਵਿਚ ਪੇਸ਼ ਹੋਏ ਤੱਥ ਅਸਲ ਹਾਲਾਤ ਤੋਂ ਜਾਣੂੰ ਕਰਵਾਉਂਦੇ ਹਨ ਕਿ ਪੰਜਾਬ ਵਿਚ 2132 ਸ਼ਹੀਦਾਂ ਦੀਆਂ ਵਿਧਵਾਵਾਂ ਹਨ, ਜਦਕਿ ਉੱਤਰ ਪ੍ਰਦੇਸ, ਜੋ ਪੂਰੇ ਮੁਲਕ ਦੀ 17 ਫੀਸਦੀ ਜਨਸੰਖਿਆ ਬਣਾਉਂਦਾ ਹੈ, ਵਿਚ 1805 ਵਿਧਵਾਵਾਂ ਹਨ। ਪੰਜਾਬ ਭਾਰਤ ਦੀ ਜਨਸੰਖਿਆ ਦਾ ਸਿਰਫ਼ 2.3 ਫੀਸਦੀ ਹਿੱਸਾ ਹੈ ਅਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਇਸੇ ਸੂਬੇ ਵਿੱਚੋਂ ਹਨ।
ਬੱਚਾ ਬੱਚਾ ਜਾਣਦਾ ਹੈ ਕਿ ਜੇ ਜਨਰਲ ਹਰਬਖ਼ਸ਼ ਸਿੰਘ ਨਾ ਹੁੰਦੇ ਤਾਂ ਅੱਜ ਅੰਮ੍ਰਿਤਸਰ ਭਾਰਤ ਦਾ ਹਿੱਸਾ ਨਾ ਹੁੰਦਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਵੀਰ ਚੱਕਰ ਹਾਸਲ ਦਸਤਾਰਧਾਰੀ ਹਰਬਖਸ਼ ਸਿੰਘ ਵਿਸ਼ਵ ਜੰਗ ਦੂਜੀ ਵਿਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕਿਆ ਸੀ।
ਵਿਸ਼ਵ ਭਰ ਵਿਚ ਸਿੱਖਾਂ ਦੀ ਸੂਰਮਤਾਈ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਅੱਜ ਤੱਕ ਪੂਰੀ ਦੁਨੀਆ ਦੇ ਕਿਸੇ ਹਿੱਸੇ ਵਿਚ ਸਾਰਾਗੜ੍ਹੀ ਵਰਗੇ 21 ਸੂਰਮਿਆਂ ਜਿੰਨੇ ਮਾਨਸਿਕ ਪੱਖੋਂ ਤਗੜੇ ਯੋਧੇ ਨਹੀਂ ਵੇਖੇ ਗਏ ਜਿਹੜੇ 10,000 ਕਬਾਈਲੀਆਂ ਨਾਲ ਸਿੱਧੀ ਟੱਕਰ ਲੈਣ ਲੱਗਿਆਂ ਰਤੀ ਭਰ ਨਾ ਥਿੜਕੇ ਹੋਣ। ਪੂਰੀ ਮਾਨਸਿਕ ਤਾਕਤ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਈ ਖਾਲਸਾ ਫੌਜ ਨੂੰ ਯਾਦ ਕਰਕੇ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਗੂੰਜਦੇ ਗਗਨ ਚੁੰਬੀ ਜੈਕਾਰਿਆਂ ਰਾਹੀਂ ਉਨ੍ਹਾਂ ਨੂੰ ਮਿਲਦੀ ਰਹੀ।
ਮੈਂ ਹਾਲੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਦਸਤਾਰਧਾਰੀ ਜਾਂਬਾਜ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਤੋਂ ਇਲਾਵਾ ਅਣਗਿਣਤ ਸੂਰਮੇ ਹੋਰ ਹਨ ਜਿਨ੍ਹਾਂ ਬਾਰੇ ਕਿਤਾਬਾਂ ਦੇ ਢੇਰ ਲਿਖੇ ਜਾ ਸਕਦੇ ਹਨ।
ਇੱਕ ਗਲ ਸਪਸ਼ਟ ਹੋ ਚੁੰਕੀ ਹੈ ਕਿ ਭਾਰਤ ਨੂੰ ਚੁਫ਼ੇਰਿਓਂ ਦੁਸ਼ਮਨਾਂ ਤੋਂ ਬਚਾਉਣ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਤੋਂ ਵੱਧ ਸਿੱਖ ਮੁੱਛ ਫੁੱਟ ਗਭਰੂ ਹੀ ਸਨ। ਗੋਲੀਆਂ ਨਾਲ ਛਲਣੀ ਕਰਵਾਉਣ ਵਾਲੀਆਂ ਛਾਤੀਆਂ ਅਤੇ ਦਸਤਾਰਾਂ ਨਾਲ ਸਜੇ ਅਣਖ ਨਾਲ ਉੱਚੇ ਚੁੱਕੇ ਸਿਰਾਂ ਦੇ ਜਜ਼ਬੇ ਸਦਕਾ ਹੀ ਤਖ਼ਤੋ-ਤਾਜ ਇਨ੍ਹਾਂ ਅੱਗੇ ਝੁਕ ਕੇ ਸਲਾਮ  ਕਰਦੇ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਦੁਨੀਆ ਭਰ ਵਿਚ ਆਪਣੀ ਤਾਕਤ ਦਾ ਲੋਹਾ ਮੰਨਵਾਉਣ ਵਾਲੇ ਸਿੰਘਾਂ ਦਾ ਇੱਕੋ ਸੁਣੇਹਾ ਰਿਹਾ ਹੈ - ''ਪੰਜਾਬ ਦੀ ਧਰਤੀ ਵਿੱਚੋਂ ਸੂਰਮੇ ਉੱਗਦੇ ਹਨ। ਇਹ ਧਰਤੀ ਹਰੀ ਭਰੀ ਰੱਖਣਾ। ਇਸ ਨੂੰ ਬੰਜਰ ਨਾ ਹੋਣ ਦੇਣਾ। ਇੱਥੇ ਡੁੱਲੇ ਹਰ ਲਹੂ ਦੀ ਬੂੰਦ ਦਾ ਸਤਿਕਾਰ ਕਰਨਾ।''
ਅਖ਼ੀਰ ਵਿਚ ਬਸ ਇਹੋ ਕਹਿਣਾ ਹੈ - ਕੀ ਅਸੀਂ ਪੰਜਾਬ ਨੂੰ ਆਬਾਦ ਰੱਖਾਂਗੇ? ਕੀ ਉਨ੍ਹਾਂ ਸੂਰਮਿਆਂ ਦੀ ਯਾਦ ਤਾਜ਼ਾ ਰੱਖਾਂਗੇ?
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਕੀ ਮੇਰਾ ਬੱਚਾ ਠੀਕ ਠਾਕ ਵੱਧ ਫੁੱਲ ਰਿਹਾ ਹੈ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.,


(ਓਟਿਜ਼ਮ ਦੇ ਮੁੱਢਲੇ ਲੱਛਣ)

ਮਾਪਿਆਂ ਲਈ ਇਹ ਆਮ ਜਿਹੀ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਹਾਣ ਦਿਆਂ ਨਾਲ  ਜ਼ਰੂਰ ਮੇਚਦੇ ਹਨ ਕਿਉਂਕਿ ਮਨ ਅੰਦਰ ਇਹ ਭਰਮ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਬੱਚਾ ਕਿਤੇ ਪਿਛਾਂਹ ਨਾ ਰਹਿ ਜਾਵੇ। ਡਾਕਟਰਾਂ ਕੋਲ ਵੀ ਬੱਚੇ ਸਭ ਤੋਂ ਵੱਧ ਇਸੇ ਲਈ ਲਿਜਾਏ ਜਾਂਦੇ ਹਨ ਕਿ ਉਨ੍ਹਾਂ ਦਾ ਬੱਚਾ ਕਮਜ਼ੋਰ ਹੈ ਜਾਂ ਘੱਟ ਖਾਂਦਾ ਹੈ ਭਾਵੇਂ ਭਾਰ ਵਜੋਂ ਬੱਚਾ ਤਿੰਨ ਗੁਣਾ ਹੀ ਕਿਉਂ ਨਾ ਵੱਧ ਰਿਹਾ ਹੋਵੇ!
ਇਸ ਲੇਖ ਵਿਚ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚਲੇ ਵਿਗਾੜ ਬਾਰੇ ਝਾਤ ਮਰਵਾਈ ਗਈ ਹੈ ਤਾਂ ਜੋ ਮਾਪੇ ਵੇਲੇ ਸਿਰ ਇਹ ਲੱਛਣ ਪਛਾਣ ਕੇ ਡਾਕਟਰੀ ਸਲਾਹ ਲੈ ਸਕਣ। ਇੰਜ ਅਨੇਕ ਬੱਚੇ ਵੇਲੇ ਸਿਰ ਸਹੀ ਇਲਾਜ ਹੋ ਜਾਣ ਸਦਕਾ ਨਾਰਮਲ ਜ਼ਿੰਦਗੀ ਜੀਅ ਸਕਦੇ ਹਨ।
1. ਪਹਿਲੇ ਤੋਂ ਚੌਥੇ ਮਹੀਨੇ ਦੀ ਉਮਰ ਵਿਚ
ਅੱਗੇ ਦੱਸੇ ਲੱਛਣ ਜ਼ਰੂਰ ਹਰ ਮਾਂ ਨੂੰ ਧਿਆਨ ਨਾਲ ਵੇਖਣੇ ਚਾਹੀਦੇ ਹਨ :-
- ਉੱਚੀ ਅਵਾਜ਼ ਵੱਲ ਧਿਆਨ ਨਾ ਦੇ ਰਿਹਾ ਹੋਵੇ ਜਾਂ ਤ੍ਰਭਕ ਨਾ ਰਿਹਾ ਹੋਵੇ
- ਦੋ ਮਹੀਨੇ ਦੀ ਉਮਰ ਉੱਤੇ ਅੱਖਾਂ ਅੱਗੇ ਘੁੰਮਦੀ ਚੀਜ਼ ਵੱਲ ਅੱਖ ਨਾ ਘੁਮਾ ਰਿਹਾ ਹੋਵੇ
- ਦੋ ਮਹੀਨੇ ਦੀ ਉਮਰ ਤੱਕ ਮਾਂ ਦੀ ਆਵਾਜ਼ ਸੁਣ ਕੇ ਮੁਸਕੁਰਾਏ ਨਾ
- ਤਿੰਨ ਮਹੀਨੇ ਦੀ ਉਮਰ ਪੂਰੀ ਹੋ ਜਾਣ ਉੱਤੇ ਵੀ ਹੱਥ ਵਿਚ ਚੀਜ਼ ਜਾਂ ਖਿਡੌਣਾ ਫੜਾਉਣ ਉੱਤੇ
ਫੜੇ ਨਾ।
- ਤਿੰਨ ਮਹੀਨੇ ਦੀ ਉਮਰ ਹੋ ਜਾਣ ਉੱਤੇ ਵੀ ਕਿਸੇ ਵੱਲ ਵੇਖ ਕੇ ਨਾ ਮੁਸਕੁਰਾਏ
- ਤਿੰਨ ਮਹੀਨੇ ਪੂਰੇ ਹੋ ਜਾਣ ਉੱਤੇ ਵੀ ਸਿਰ ਉੱਕਾ ਹੀ ਨਾ ਸੰਭਾਲ ਰਿਹਾ ਹੋਵੇ
- ਚੌਥੇ ਮਹੀਨੇ ਵਿਚ ਵੀ ਚੀਜ਼ ਮੂੰਹ ਵੱਲ ਨਾ ਲਿਜਾ ਰਿਹਾ ਹੋਵੇ।
- ਜੇ ਕੱਛਾਂ ਥੱਲੋਂ ਫੜ ਕੇ ਪੈਰ ਮੰਜੇ ਉੱਤੇ ਲਾਉਣ ਬਾਅਦ ਵੀ ਪੈਰਾਂ ਉੱਤੇ ਉੱਕਾ ਹੀ ਜ਼ੋਰ ਨਾ ਪਾਵੇ।
- ਅੱਖਾਂ ਚਾਰੇ ਪਾਸੇ ਘੁਮਾ ਨਾ ਸਕ ਰਿਹਾ ਹੋਵੇ
- ਲਗਾਤਾਰ ਟੀਰ ਮਾਰਦਾ ਹੋਵੇ।

2. ਚੌਥੇ ਤੋਂ ਸੱਤਵੇਂ ਮਹੀਨੇ ਦੀ ਉਮਰ ਵਿਚ
- ਲੱਤਾਂ ਜਾਂ ਬਾਹਵਾਂ ਜਾਂ ਪਿੱਠ ਅਕੜਾ ਕੇ ਰੱਖਦਾ ਹੋਵੇ
- ਪੱਠਿਆਂ ਵਿਚ ਉੱਕਾ ਹੀ ਜਾਨ ਨਾ ਹੋਵੇ ਤੇ ਬਾਹਵਾਂ ਲੱਤਾਂ ਐਵੇਂ ਹੀ ਲਮਕਦੀਆਂ ਢਿੱਲੀਆਂ ਦਿਸਣ
- ਪੰਜ ਮਹੀਨੇ ਤੱਕ ਵੀ ਸਿਰ ਨਾ ਸੰਭਾਲ ਰਿਹਾ ਹੋਵੇ
- ਬਿਲਕੁਲ ਨਾ ਮੁਸਕੁਰਾ ਰਿਹਾ ਹੋਵੇ ਤੇ ਮਾਂ ਨੂੰ ਵੀ ਨਾ ਪਛਾਣੇ
- ਕਿਸੇ ਵੱਲੋਂ ਚੁੱਕੇ ਜਾਣ ਉੱਤੇ ਚੀਕਾਂ ਮਾਰਨ ਜਾਂ ਰੋਣ ਲੱਗ ਪਵੇ
- ਲਗਾਤਾਰ ਜਾਂ ਵਾਰ-ਵਾਰ ਟੀਰ ਮਾਰਦਾ ਹੋਵੇ।
- ਰੌਸ਼ਨੀ ਵਿਚ ਅੱਖਾਂ ਨਾ ਖੋਲ੍ਹ ਸਕਦਾ ਹੋਵੇ ਜਾਂ ਲਗਾਤਾਰ ਅੱਖ ਵਿੱਚੋਂ ਪਾਣੀ ਵੱਗਦਾ ਰਹੇ।
- ਕਿਸੇ ਵੀ ਆਵਾਜ਼ ਵੱਲ ਧਿਆਨ ਨਾ ਦੇਵੇ ਤੇ ਨਾ ਹੀ ਸਿਰ ਘੁਮਾਏ
- ਮੂੰਹ ਵਿਚ ਚੀਜ਼ ਨਾ ਪਾ ਸਕਦਾ ਹੋਵੇ
- ਛੇ ਮਹੀਨੇ ਦੀ ਉਮਰ ਪੂਰੀ ਹੋ ਜਾਣ ਉੱਤੇ ਪਾਸਾ ਲੈ ਕੇ ਪੁੱਠਾ ਢਿੱਡ ਪਰਨੇ ਨਾ ਹੋ ਸਕਦਾ ਹੋਵੇ
- ਛੇ ਮਹੀਨੇ ਦਾ ਹੋ ਜਾਣ ਉੱਤੇ ਵੀ ਆਪੇ ਬੈਠ ਨਾ ਸਕ ਰਿਹਾ ਹੋਵੇ।
- ਪੰਜ ਛੇ ਮਹੀਨੇ ਤੱਕ ਉੱਕਾ ਹੀ ਕੋਈ ਅਵਾਜ਼ ਨਾ ਕੱਢ ਰਿਹਾ ਹੋਵੇ ਤੇ ਨਾ ਹੀ ਹੱਸ ਰਿਹਾ ਹੋਵੇ।
- ਛੇ ਮਹੀਨੇ ਦਾ ਹੋ ਜਾਣ ਉੱਤੇ ਵੀ ਖਿਡੌਣਾ ਫੜਨ ਦੀ ਕੋਸ਼ਿਸ਼ ਨਾ ਕਰੇ।
- ਛੇ ਮਹੀਨੇ ਦੀ ਉਮਰ ਵਿਚ ਵੀ ਲੱਤਾਂ ਉੱਤੇ ਉੱਕਾ ਹੀ ਭਾਰ ਨਾ ਪਾਵੇ।

3. 8 ਮਹੀਨੇ ਤੋਂ 12 ਮਹੀਨੇ ਤੱਕ ਦੀ ਉਮਰ ਵਿਚ
- ਰੀਂਗਣਾ ਸ਼ੁਰੂ ਨਾ ਕਰੇ
- ਇਕ ਲੱਤ ਘੜੀਸ ਰਿਹਾ ਹੋਵੇ
- ਸਹਾਰੇ ਨਾਲ ਵੀ ਖੜ੍ਹਾ ਨਾ ਹੋਵੇ
- 10 ਮਹੀਨੇ ਦੀ ਉਮਰ ਵਿਚ ਵੀ ਗੁੰਮਿਆ ਹੋਇਆ ਬੌਲ ਨਾ ਲੱਭੇ
- ਮਾਂ-ਮਾਂ ਜਾਂ ਦਾ-ਦਾ ਉੱਕਾ ਹੀ ਲਫਜ਼ ਨਾ ਬੋਲੇ
- ਹੱਥ ਹਿਲਾ ਕੇ 'ਟਾਟਾ' ਨਾ ਕਰੇ
- 10 ਮਹੀਨੇ ਦਾ ਹੋ ਕੇ ਵੀ ਬਿਨਾਂ ਸਹਾਰੇ ਦੇ ਬਹਿ ਨਾ ਸਕੇ
- 'ਨਾ' ਜਾਂ 'ਹਾਂ' ਵਿਚ ਸਿਰ ਨਾ ਹਿਲਾ ਰਿਹਾ ਹੋਵੇ
- ਲੁਕਣ ਮੀਟੀ ਕਰਦੀ ਮਾਂ ਵੱਲ ਰਤਾ ਵੀ ਧਿਆਨ ਨਾ ਕਰੇ।

4. 12 ਤੋਂ 24 ਮਹੀਨਿਆਂ ਦੀ ਉਮਰ ਵਿਚ
- ਡੇਢ ਸਾਲ ਤੱਕ ਦੀ ਉਮਰ ਵਿਚ ਵੀ ਤੁਰਨ ਦੀ ਕੋਸ਼ਿਸ਼ ਨਾ ਕਰੇ।
- ਸਿਰਫ਼ ਪੱਬਾਂ ਭਾਰ ਤੁਰੇ
- ਡੇਢ ਸਾਲ ਤੋਂ ਬਾਅਦ ਦੀ ਉਮਰ ਤੱਕ 15 ਸ਼ਬਦ ਨਾ ਬੋਲ ਸਕਦਾ ਹੋਵੇ
- ਦੋ ਵਰ੍ਹਿਆਂ ਦਾ ਹੋਣ ਬਾਅਦ ਵੀ ਦੋ ਲਾਈਨਾਂ ਨਾ ਬੋਲ ਸਕ ਰਿਹਾ ਹੋਵੇ
- ਡੇਢ ਦੋ ਵਰ੍ਹਿਆਂ ਦੀ ਉਮਰ ਹੋ ਜਾਣ ਉੱਤੇ ਵੀ ਟੈਲੀਫੂਨ, ਚਮਚ, ਚਾਬੀ ਵਰਗੀ ਚੀਜ਼ ਨਾ ਸਮਝੇ
- ਦੋ ਸਾਲਾਂ ਦਾ ਹੋ ਕੇ ਵੀ ਕੋਈ ਬੋਲੀ ਗੱਲ ਨਾ ਦੁਹਰਾਏ ਤੇ ਨਾ ਹੀ ਆਖੇ ਲੱਗ ਰਿਹਾ ਹੋਵੇ।

5. 24 ਤੋਂ 36 ਮਹੀਨਿਆਂ ਦੀ ਉਮਰ ਵਿਚ
- ਵਾਰ-ਵਾਰ ਤੁਰਦਿਆਂ ਡਿੱਗ ਰਿਹਾ ਹੋਵੇ
- ਪੌੜੀਆਂ ਨਾ ਚੜ੍ਹ ਰਿਹਾ ਹੋਵੇ
- ਉੱਕਾ ਹੀ ਨਾ ਬੋਲ ਰਿਹਾ ਹੋਵੇ
- ਮੂੰਹ ਵਿੱਚੋਂ ਲਗਾਤਾਰ ਥੁੱਕ ਬਾਹਰ ਵੱਗਦਾ ਹੋਵੇ
- ਚਾਰ ਬਲੌਕ ਇੱਕ ਦੂਜੇ ਉੱਪਰ ਨਾ ਰੱਖ ਸਕਦਾ ਹੋਵੇ
- ਤਿੰਨ ਸਾਲ ਦਾ ਹੋ ਕੇ ਵੀ ਗੋਲਾ ਨਾ ਵਾਹ ਸਕੇ
- ਖਿਡੌਣਾ ਚੁੱਕ ਕੇ ਸਹੀ ਥਾਂ ਨਾ ਰੱਖ ਸਕੇ
- ਬਿਲਕੁਲ ਕਿਸੇ ਗੱਲ ਦਾ ਜਵਾਬ ਨਾ ਦੇਵੇ
- ਦੂਜੇ ਬੱਚਿਆਂ ਵੱਲ ਉੱਕਾ ਧਿਆਨ ਨਾ ਕਰੇ
- ਦੋ ਚਾਰ ਸ਼ਬਦ ਵੀ ਇਕੱਠੇ ਨਾ ਬੋਲੇ
- ਕਿਸੇ ਗੱਲ ਦੇ ਆਖੇ ਨਾ ਲੱਗੇ।
- ਸਿਰਫ਼ ਮਾਂ ਦੀ ਗੋਦ ਹੀ ਚੜ੍ਹਿਆ ਰਹੇ ਤੇ ਉਤਰਦਿਆਂ ਚੀਕਾਂ ਮਾਰਨ ਲੱਗ ਪਵੇ।

6. ਤਿੰਨ ਤੋਂ 4 ਸਾਲ ਦਾ ਬੱਚਾ
- ਛਾਲ ਨਾ ਮਾਰ ਸਕਦਾ ਹੋਵੇ
- ਛੋਟੀ ਸਾਈਕਲ ਉੱਤੇ ਨਾ ਬੈਠੇ ਤੇ ਨਾ ਹੀ ਚਲਾਏ।
- ਉਂਗਲ ਤੇ ਅੰਗੂਠੇ ਨਾਲ ਪੈਨ ਜਾਂ ਪੈਨਸਿਲ ਨਾ ਫੜੇ।
- ਲਾਈਨ ਮਾਰਨ ਵਿਚ ਜਾਂ ਗੋਲਾ ਵਾਹੁਣ ਵਿਚ ਦਿੱਕਤ ਲੱਗੇ।
- ਇੱਕ ਦੇ ਉੱਪਰ ਦੂਜਾ ਚੌਕੋਰ ਨਾ ਰੱਖ ਸਕੇ
- ਮਾਂ ਦੇ ਪਰ੍ਹਾਂ ਹੁੰਦਿਆਂ ਹੀ ਚੀਕ ਚਿੰਘਾੜਾ ਮਚਾਉਣਾ ਸ਼ੁਰੂ ਕਰ ਦੇਵੇ।
- ਹੋਰ ਬੱਚਿਆਂ ਨਾਲ ਨਾ ਖੇਡੇ
- ਸਾਹਮਣੇ ਪਏ ਖਿਡੌਣੇ ਵੱਲ ਉੱਕਾ ਹੀ ਧਿਆਨ ਨਾ ਦੇਵੇ
- ਓਪਰੇ ਨੂੰ ਵੇਖ ਕੇ ਚੀਕਾਂ ਮਾਰਨ ਲੱਗ ਪਵੇ
- ਗੁਸਲਖਾਨੇ ਜਾਣ, ਕਪੜੇ ਬਦਲਣ ਜਾਂ ਸੌਣ ਵੇਲੇ ਬਹੁਤ ਜ਼ਿਆਦਾ ਤੰਗ ਕਰੇ
- ਚੀਜ਼ਾਂ ਤੋੜਦਾ ਭੰਨਦਾ ਹੋਵੇ ਜਾਂ ਭਰਿਆ ਗਿਲਾਸ ਖਿੱਝ ਕੇ ਰੋੜ੍ਹ ਰਿਹਾ ਹੋਵੇ
- ਉੱਚੀ ਉੱਚੀ ਚੀਕਾਂ ਮਾਰ ਕੇ ਨਿੱਕੀ ਨਿੱਕੀ ਗੱਲ ਉੱਤੇ ਜ਼ਿੱਦ ਕਰਦਾ ਹੋਵੇ।
- ਤਿੰਨ ਸ਼ਬਦਾਂ ਤੋਂ ਵੱਧ ਨਾ ਬੋਲ ਸਕਦਾ ਹੋਵੇ, ਜਿਵੇਂ ''ਮੈਂ ਪਾਣੀ ਪੀਣੈ'', ਆਦਿ।
- ਆਪਣੇ ਆਪ ਨੂੰ ਮੈਂ ਜਾਂ ਦੂਜੇ ਨੂੰ ਤੁਸੀਂ ਨਾ ਕਹਿ ਰਿਹਾ ਹੋਵੇ ਅਤੇ ਲਿੰਗ ਵੀ ਉਲਟ ਬੋਲ ਰਿਹਾ
ਹੋਵੇ।
ਇਨ੍ਹਾਂ ਸਾਰੇ ਲੱਛਣਾਂ ਨੂੰ ਓਟਿਜ਼ਮ ਦੇ ਲੱਛਣ ਮੰਨ ਕੇ ਤੁਰੰਤ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ। ਓਟਿਜ਼ਮ ਵਿਚ ਵੀ ਬੱਚੇ ਨੂੰ ਕਈ ਵੱਖੋ-ਵੱਖ ਕਿਸਮਾਂ ਦੇ ਲੱਛਣ ਹੋ ਸਕਦੇ ਹਨ ਜਿਨ੍ਹਾਂ ਨੂੰ 'ਓਟਿਜ਼ਮ ਸਪੈਕਟਰਮ ਡਿਸਆਰਡਰ' ਕਿਹਾ ਜਾਣ ਲੱਗ ਪਿਆ ਹੈ।
ਕਈ ਵਾਰ ਜੰਮਦੇ ਸਾਰ ਬੱਚੇ ਦੇ ਦਿਮਾਗ਼ ਨੂੰ ਪੂਰੀ ਆਕਸੀਜਨ ਨਾ ਪਹੁੰਚਣ ਕਾਰਨ ਵੀ ਅਨੇਕ ਮਾੜੇ ਲੱਛਣਾਂ ਦੇ ਨਾਲ ਦੌਰੇ ਵੀ ਪੈ ਸਕਦੇ ਹਨ। ਅੰਨ੍ਹੇ ਜਾਂ ਬੋਲੇ ਬੱਚੇ ਵੀ ਹੋਰ ਜਮਾਂਦਰੂ ਨੁਕਸ, ਜਿਵੇਂ ਦਿਲ ਦੇ ਰੋਗਾਂ ਨਾਲ ਪੀੜਤ ਹੋ ਸਕਦੇ ਹਨ। ਇਸੇ ਲਈ ਉੱਪਰ ਦੱਸੇ ਲੱਛਣਾਂ ਵਾਲੇ ਬੱਚੇ ਨੂੰ ਬਿਨ੍ਹਾਂ ਦੇਰੀ ਸਪੈਸ਼ਲਿਸਟ ਬੱਚਿਆਂ ਦੇ ਡਾਕਟਰ ਕੋਲ ਤੁਰੰਤ ਚੈਕਅੱਪ ਲਈ ਲੈ ਜਾਣਾ ਚਾਹੀਦਾ ਹੈ।
ਕਮਾਲ ਦੀ ਖੋਜ ਤਾਂ ਇਹ ਵੀ ਦਸਦੀ ਹੈ ਕਿ ਜੱਚਾ ਦਾ ਤਣਾਓ ਵੀ ਬੱਚੇ ਵਿਚ ਓਟਿਜ਼ਮ ਹੋਣ ਦਾ ਖ਼ਤਰਾ ਕਈ ਗੁਣਾ ਵਧਾ ਦਿੰਦਾ ਹੈ। ਸੋ ਖ਼ੁਸ਼ ਰਹੋ, ਤੰਦਰੁਸਤ ਰਹੋ!
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਨਵੀਂ ਕਿਸਮ ਦੀ ਅਗਨ ਪ੍ਰੀਖਿਆ  - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਭਾਰਤੀ ਇਤਿਹਾਸ ਮੰਨਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ਉੱਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਅੱਜ ਤੱਕ ਵੀ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ ਕਿਸੇ ਸਦੀ ਵਿਚ ਕਦੇ ਤ੍ਰਿਪਤ ਹੋਈ ਹੀ ਨਹੀਂ!
    ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ 'ਕੁਆਰੀ' ਬਾਲੜੀ ਦੀ ਭਾਲ ਵਾਸਤੇ ਜੁਟ ਜਾਂਦੇ ਹਨ।
    ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ 'ਓਥੈਲੋ ਸਿੰਡਰੋਮ' ਦੀ ਸ਼ਕਲ ਵਿਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਹੀ ਨਹੀਂ ਤੇ ਬੇਦੋਸੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ।
    ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸਨੂੰ ਕੁੱਟਦਾ ਰਹਿੰਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ। ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ!
    ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨਣ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ।
    ਬੰਨਣ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਹੋਈ ਨੂੰ ਛੱਡ ਕੇ, ਉਸ ਨੂੰ ਗਾਲ੍ਹਾਂ ਕੱਢ ਕੇ, ਪਤੀ ਭੱਜ ਗਿਆ।
    ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਉਸ ਸਮੇਂ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ!
    ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹ ਦਿੰਦਾ ਹੈ।
    ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ।
    ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨ ਲਿਆ ਹੈ।
    ਅਫਰੀਕਾ ਵਿਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੂਰੀ ਰਿਪੋਰਟ ਛਪੀ ਹੈ।
    ਛੇ ਤੋਂ ਸੱਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਤ ਹਨ, ਦਾ ਮੂੰਹ ਦੱਬ ਕੇ, 'ਖਤਨਾ' ਦਾ ਨਾਂ ਦੇ ਕੇ ਜ਼ਿੰਦਗੀ ਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ 'ਮਸੂਮਾ ਰਨਾਲਵੀ' ਤੇ ਉਸ ਨਾਲ 17 ਹੋਰ ਔਰਤਾਂ ਨੇ 'ਓਨਲਾਈਨ ਪੈਟੀਸ਼ਨ' ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।
    ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ਵਿਚ ਹਨ੍ਹੇਰੇ ਕਮਰੇ ਵਿਚ ਚਾਕਲੇਟ ਦੇ ਲਾਲਚ ਵਿਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਣਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ ਮੁੱਕ ਜਾਣਾ ਹੁੰਦਾ ਹੈ।
    ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ 'ਹਰਾਮ ਦੀ ਬੋਟੀ' ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।
    ਅਮਰੀਕਾ ਵਿਚ ਬੈਠੀ 'ਜ਼ਹਿਰਾ ਪਤਵਾ' ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ।
    ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ।
    ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿਚ ਜਾਂ ਕਿਸੇ ਸਮਾਗਮ ਵਿਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।
    ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ਵਿਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ।
    ਭਾਰਤ ਵਿਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ।
    ਅਸਟ੍ਰੇਲੀਆ ਵਿਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਬਾਅਦ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ।
    ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਕੱਢਣ ਉੱਤੇ ਸਮਾਜ ਔਰਤਾਂ ਵਿਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਉੱਤੇ ਮਜਬੂਰ ਕਰ ਦਿੰਦਾ ਹੈ।
    ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ। ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਲੋੜ ਹੈ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ। ਇਸ ਅਤਿ ਦੇ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ।
    ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀਆਂ ਦੀ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਹੋਣੀ ਬੰਦ ਹੋਵੇਗੀ। ਆਖ਼ਰ ਕਿਸੇ ਸਦੀ ਵਿਚ ਤਾਂ ਔਰਤ ਨੂੰ ਸਹੀ ਮਾਅਣਿਆਂ ਵਿਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
                        ਬੱਚਿਆਂ ਦੀ ਮਾਹਰ,
                        28, ਪ੍ਰੀਤ ਨਗਰ, ਲੋਅਰ ਮਾਲ
                        ਪਟਿਆਲਾ। ਫੋਨ ਨੰ: 0175-2216783

ਓਨਲਾਈਨ ਝੂਠ ਤੇਜ਼ੀ ਨਾਲ ਕਿਉਂ ਫੈਲਦੇ ਹਨ? - ਡਾ. ਹਰਸ਼ਿੰਦਰ ਕੌਰ

ਖ਼ਬਰਾਂ ਅਨੁਸਾਰ ਸੰਨ 2006 ਤੋਂ ਸੰਨ 2017 ਤੱਕ ਟਵਿੱਟਰ ਉੱਤੇ 30 ਲੱਖ ਲੋਕਾਂ ਨੇ ਇਕ ਲੱਖ ਛੱਬੀ ਹਜ਼ਾਰ ਝੂਠ ਫੈਲਾਏ। ਇਹ ਵੀ ਪਤਾ ਲੱਗਿਆ ਕਿ ਚੋਟੀ ਦੀਆਂ ਝੂਠੀਆਂ ਇਕ ਫੀਸਦੀ ਖ਼ਬਰਾਂ ਨੇ ਇਕ ਲੱਖ ਲੋਕਾਂ ਤੱਕ ਪਹੁੰਚ ਕੀਤੀ ਤੇ ਹਰ ਜਣੇ ਨੇ ਘੱਟੋ ਘੱਟ 40 ਤੋਂ 100 ਵਾਰ ਅੱਗੇ ਸ਼ੇਅਰ ਕੀਤੀ। ਦੂਜੇ ਪਾਸੇ ਸੱਚੀ ਖ਼ਬਰ ਵੱਧੋ ਵੱਧ ਇਕ ਹਜ਼ਾਰ ਲੋਕਾਂ ਨੇ ਅੱਗੋਂ ਟਵੀਟ ਕੀਤੀ। ਇਸ ਤੋਂ ਬਾਅਦ ਆਮ ਪਰ ਮਸਾਲੇਦਾਰ ਖ਼ਬਰਾਂ ਵੱਲ ਧਿਆਨ ਕੀਤਾ ਗਿਆ। ਅਜਿਹੀਆਂ ਖਬਰਾਂ 45 ਲੱਖ ਵਾਰ ਅੱਗੋਂ ਟਵੀਟ ਹੋਈਆਂ। ਇਹ ਸਾਰੀਆਂ ਖ਼ਬਰਾਂ ਵਧਾ ਚੜ੍ਹਾ ਕੇ ਸੱਚ ਨੂੰ ਵਿਗਾਾੜ ਕੇ ਜਾਂ ਨਿਰੇ ਝੂਠ ਦੇ ਆਧਾਰ ਉੱਤੇ ਸਨ।ਝੂਠੀਆਂ ਖ਼ਬਰਾਂ ਦੇ ਵੱਧ ਫੈਲਣ ਦੇ ਕਾਰਨ ਲੱਭਦਿਆਂ ਇਹ ਨੁਕਤਾ ਦਿਸਿਆ ਕਿ ਸਿਆਸਤ ਨਾਲ ਸਬੰਧਤ ਝੂਠੀਆਂ ਖ਼ਬਰਾਂ ਅੱਗ ਵਾਂਗ ਫੈਲਦੀਆਂ ਸਨ। ਦੂਜੇ ਨੰਬਰ ਉੱਤੇ ਝੂਠੇ ਅੱਤਵਾਦ ਨਾਲ ਸੰਬੰਧਤ, ਉਸ ਤੋਂ ਬਾਅਦ ਕੁਦਰਤੀ ਆਫਤਾਂ, ਫਿਰ ਸਾਇੰਸ ਵਿਚਲਾ ਝੂਠ ਤੇ ਫਿਰ ਗਲੀ ਮੁਹੱਲੇ ਜਾਂ ਵਿੱਤੀ ਸੰਕਟ ਦੀਆਂ ਝੂਠੀਆਂ ਖਬਰਾਂ।ਦਰਅਸਲ ਝੂਠੀਆਂ ਖਬਰਾਂ ਗਲਪ ਕਹਾਣੀਆਂ ਵਾਂਗ ਸਾਡਾ ਧਿਆਨ ਖਿਚਦੀਆਂ ਹਨ ਕਿਉਂਕਿ ਉਸ ਵਿਚ ਡਰ, ਪਿਆਰ, ਤਣਾਓ, ਗੁੱਸਾ, ਘਬਰਾਹਟ, ਖੁਸ਼ੀ ਆਦਿ, ਸਭ ਦਾ ਮਿਸ਼ਰਨ ਮਿਲ ਜਾਂਦਾ ਹੈ, ਜਦਕਿ ਅਸਲ ਘਟਨਾਵਾਂ ਵਿਚ ਸਭ ਕੁੱਝ ਇਕ ਵਾਰ ਨਹੀਂ ਮਿਲਦਾ। ਸਿਆਸੀ ਖਬਰਾਂ ਇਸ ਲਈ ਵੱਧ ਧਿਆਨ ਖਿੱਚਦੀਆਂ ਹਨ, ਕਿਉਂਕਿ ਉਨ੍ਹਾਂ ਵਿਚਲੇ ਪਾਤਰ ਸਾਡੇ ਤੋਂ ਕਾਫੀ ਅਗਾਂਹ ਲੰਘ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਨੂੰ ਢਾਅ ਲੱਗਦੀ ਖ਼ਬਰ ਸਾਡੇ ਅੰਦਰ ਸਕੂਨ ਪਹੁੰਚਾਉਂਦੀ ਹੈ। ਸਿਆਸੀ ਉਥਲ ਪੁਥਲ ਨਾਲ ਆਪਣੇ ਪੂੰਜੀ ਨਿਵੇਸ਼, ਨੌਕਰੀ, ਤਰੱਕੀ, ਵਪਾਰ ਆਦਿ ਦਾ ਬਹੁਤ ਕੁੱਝ ਜੁੜਿਆ ਹੋਣਾ ਵੀ ਅਜਿਹੀਆਂ ਖ਼ਬਰਾਂ ਵੱਲ ਛੇਤੀ ਧਿਆਨ ਖਿੱਚਦਾ ਹੈ। ਇਹੀ ਕਾਰਨ ਹੈ ਕਿ ਸਿਆਸੀ ਖੇਡ ਵਿਚ ਝੂਠੀਆਂ ਖ਼ਬਰਾਂ ਨਾਲ ਲੋਕਾਂ ਦਾ ਧਿਆਨ ਖਿੱਚ ਕੇ ਹੋਰ ਪਾਸੇ ਕੇਂਦ੍ਰਿਤ ਕਰਨ ਦੀ ਰੁਚੀ ਵਧਦੀ ਜਾ ਰਹੀ ਹੈ। ਇੰਝ ਅਸਲ ਮੁੱਦਿਆਂ ਤੋਂ ਪੂਰੀ ਤਰ੍ਹਾਂ ਭਟਕਾ ਕੇ ਲੋਕਾਂ ਨੂੰ ਸੌਖਿਆਂ ਗੁਮਰਾਹ ਕੀਤਾ ਜਾ ਸਕਦਾ ਹੈ।ਮਿਸਾਲ ਵਜੋਂ, ਘੱਟ ਤਨਖਾਹ ਤੇ ਦੋ ਵੇਲੇ ਦੀ ਰੋਟੀ ਨਾ ਮਿਲਣ ਤੋਂ ਦੁਖੀ ਜਨਤਾ ਨੂੰ ਅਸਲ ਨੁਕਤੇ ਤੋਂ ਭਟਕਾਉਣ ਲਈ ਕਿਸੇ ਨੇਤਾ ਦੇ ਇਸ਼ਕ ਦੇ ਚੱਕਰ ਬਾਰੇ ਖ਼ਬਰ ਪੜ੍ਹਨ ਨੂੰ ਪਰੋਸ ਦਿੱਤੀ ਜਾਵੇ ਤਾਂ ਉਹ ਇਨ੍ਹਾਂ ਸਿਆਸੀ ਉਲਝਣਾਂ ਵਿਚ ਹੀ ਫਸ ਕੇ ਰਹਿ ਜਾਂਦਾ ਹੈ।ਝੂਠੀਆਂ ਖ਼ਬਰਾਂ ਨਾਲ ਸਟੌਕ ਮਾਰਕਿਟ ਵੀ ਖ਼ਰਬਾਂ ਦਾ ਘਾਟਾ ਸਹਿਣ ਲਈ ਮਜਬੂਰ ਹੋ ਜਾਂਦੀ ਹੈ।ਹੁਣ ਤਾਂ ਇਹ ਸਭ ਵੇਖਦਿਆਂ ਝੂਠੇ ਬੰਬ ਦੀ ਖ਼ਬਰ, ਅੱਤਵਾਦੀ ਹਮਲੇ, ਪ੍ਰਧਾਨ ਮੰਤਰੀ ਦੇ ਝੂਠੇ ਐਕਸੀਡੈਂਟ ਤੋਂ ਲੈ ਕੇ ਕਿਸੇ ਮਹਾਂਮਾਰੀ ਬਾਰੇ ਭੈਅ ਫੈਲਾਉਣ ਲਈ ਝੂਠੀਆਂ ਖ਼ਬਰਾਂ ਦਾ ਅੰਬਾਰ ਲੱਗ ਚੁੱਕਿਆ ਹੈ।ਇਸ ਵਾਸਤੇ ਅਨੇਕ ਬੰਦੇ ਬਾਕਾਇਦਾ ਨੌਕਰੀ ਉਤੇ ਲਾਏ ਜਾਂਦੇ ਹਨ, ਜਿਨ੍ਹਾਂ ਦਾ ਕੰਮ ਹੀ ਝੂਠੀਆਂ ਤੇ ਮਸਾਲੇਦਾਰ ਖ਼ਬਰਾਂ ਬਣਾ ਕੇ ਫੈਲਾਉਣਾ ਹੁੰਦਾ ਹੈ।ਡੈਲ ਵਿਕੇਰੀਓ ਤੇ ਬੈਸੀ ਖੋਜੀਆਂ ਨੇ ਵਿਗਿਆਨ ਅਤੇ ਕਿਸੇ ਸ਼ਖ਼ਸੀਅਤ ਨੂੰ ਢਾਅ ਲਾਉਣ ਨਾਲ ਸਬੰਧਤ ਫੈਲਾਏ ਝੂਠ ਦੀਆਂ ਕਹਾਣੀਆਂ ਨੂੰ ਘੋਖਿਆ। ਉਨ੍ਹਾਂ ਨੇ ਖੋਜੀ ਫਰਿਗੇਰੀ ਵਲੋਂ 4000 ਝੂਠੀਆਂ ਖ਼ਬਰਾਂ ਉਤੇ ਕੀਤੀ ਖੋਜ ਨੂੰ ਆਧਾਰ ਬਣਾਇਆ ਜਿਹੜੀਆਂ ਫੇਸਬੁੱਕ ਰਾਹੀਂ ਫੈਲਾਈਆਂ ਗਈਆਂ ਸਨ।ਬਦਕਿਸਮਤੀ ਨਾਲ ਮਨੁੱਖੀ ਦਿਮਾਗ਼ ਵਾਰ ਵਾਰ ਸੁਣੇ ਝੂਠ ਨੂੰ ਸੱਚ ਮੰਨਣ ਲੱਗ ਪੈਂਦਾ ਹੈ। ਇਸੇ ਨੂੰ ਆਧਾਰ ਬਣਾ ਕੇ ਅਤੇ ਕਿਸੇ ਕੋਰਟ ਕੇਸ ਵਿਚ ਫਸਣ ਤੋਂ ਬਚਣ ਲਈ-''ਸੂਤਰਾਂ ਤੋਂ ਪਤਾ ਲੱਗਿਆ ਹੈ'', ''ਸੂਹ ਮਿਲੀ ਹੈ'', ਵਰਗੀਆਂ ਸਤਰਾਂ ਨੂੰ ਝੂਠੀ ਖ਼ਬਰ ਤੋਂ ਪਹਿਲਾਂ ਜੋੜ ਲਿਆ ਜਾਂਦਾ ਹੈ। ਇੰਝ ਹੀ ਅਸਲ ਫੋਟੋ ਵਿਚ ਕੰਪਿਊਟਰ ਰਾਹੀਂ ਥੋੜਾ ਬਹੁਤ ਜੋੜ-ਤੋੜ ਕਰਕੇ ਸੋਖਿਆਂ ਹੀ ਹੋਰਨਾਂ ਨੂੰ ਭਰਮਾਇਆ ਜਾ ਸਕਦਾ ਹੈ। ਝੂਠੀ ਖ਼ਬਰ ਫੈਲਾਉਣ ਦੇ ਵੀ ਵੱਖੋ ਵੱਖ ਢੰਗ ਹੁੰਦੇ ਹਨ:-1)  ਰਿਊਮਰ ਡਿਫਿਊਜ਼ਨ : ਇਸ ਅਧੀਨ ਕਿਸੇ ਝੂਠੀ ਖ਼ਬਰ ਨੂੰ ਇਕ ਬੰਦੇ ਤੋਂ ਸ਼ੁਰੂ ਕੀਤਾ ਜਾਂਦਾ ਹੈ ਤੇ ਫਿਰ ਉਸੇ ਖ਼ਬਰ ਨੂੰ 200 ਬੰਦਿਆਂ ਵਲੋਂ 'ਰੀ-ਟਵੀਟ' ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਲੋਕ ਆਪ ਹੀ ਇਸ ਨੂੰ ਅੱਗੋਂ ਟਵੀਟ ਕਰਨ ਲੱਗ ਪੈਂਦੇ ਹਨ।2) ਰਿਊਮਰ ਕੈਸਕੇਡ :- ਇੱਕੋ ਝੂਠੀ ਕਹਾਣੀ ਨੂੰ ਥੋੜਾ ਜਿੰਨਾ ਬਦਲ ਕੇ ਕਿਸੇ ਹੋਰ ਵੱਲੋਂ ਵੱਖ ਟਵੀਟ ਕਰਵਾਇਆ ਜਾਂਦਾ ਹੈ। ਇੰਝ ਕਹਾਣੀ ਦਾ ਅਸਲ ਨੁਕਤਾ ਉਹੀ ਰੱਖਿਆ ਜਾਂਦਾ ਹੈ ਪਰ ਵਿਚ ਲਾਏ ਮਸਾਲੇ ਖੱਟੇ, ਮਿੱਠੇ ਜਾਂ ਤਿੱਖੇ ਕਰ ਦਿੱਤੇ ਜਾਂਦੇ ਹਨ। ਇਹੋ ਜਿਹੇ ਵੱਖੋ ਵੱਖ ਟਵੀਟ ਝੂਠੀ ਖ਼ਬਰ ਨੂੰ ਹੋਰ ਪਕਿਆਈ ਵਿਚ ਲੈ ਜਾਂਦੇ ਹਨ। ਫਿਰ ਅਜਿਹੇ ਵੱਖੋ ਵੱਖ ਝੂਠੇ ਟਵੀਟ ਕਾਫ਼ਲੇ ਵਾਂਗ ਅਸਰ ਵਿਖਾਉਂਦੇ ਹਨ ਤੇ ਅੱਗੋਂ ਹਰ ਵੱਖਰਾ ਟਵੀਟ 200 ਬੰਦਿਆਂ ਤੋਂ ਰੀ-ਟਵੀਟ ਕਰਵਾਇਆ ਜਾਂਦਾ ਹੈ ਜੋ ਲੱਖਾਂ ਲੋਕਾਂ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਟਵੀਟ ਨੂੰ 'ਵਾਇਰਲ' ਦਾ ਨਾਂ ਦੇ ਕੇ ਅੰਤਰਰਾਸ਼ਟਰੀ ਖ਼ਬਰ ਬਣਾ ਦਿੱਤਾ ਜਾਂਦਾ ਹੈ।ਅਜਿਹੇ ਟਵੀਟ ਕਈ ਵਾਰ ਪੁਸ਼ਤਾਂ ਤੱਕ ਉਸੇ ਝੂਠ ਨੂੰ ਅਗਾਂਹ ਤੋਰਦੇ ਸੱਚ ਵਿਚ ਤਬਦੀਲ ਹੋ ਜਾਂਦੇ ਹਨ।ਰਿਊਮਰ ਕੈਸਕੇਡ ਆਮ ਤੌਰ 'ਤੇ 1000 ਬੰਦਿਆਂ ਤੋਂ ਇਕ ਅੱਧੇ ਦਿਨ ਦੇ ਫ਼ਾਸਲੇ 'ਤੇ ਸ਼ੁਰੂ ਕਰਵਾਏ ਜਾਂਦੇ ਹਨ। ਮਿਸਾਲ ਵਜੋਂ ਕਿਸੇ ਨੂੰ 'ਪੱਪੂ' ਸਾਬਤ ਕਰਨਾ ਹੋਵੇ ਤਾਂ ਉਸ ਬਾਰੇ ਝੂਠੇ, ਮੂਰਖਤਾ ਵਾਲੇ ਨਿੱਕੇ ਨਿੱਕੇ ਟਵੀਟ ਜਾਂ ਚੁਟਕਲਿਆਂ ਤੋਂ ਸ਼ੁਰੂ ਕਰਕੇ, ਉਸ ਵੱਲੋਂ ਬੋਲੇ ਸ਼ਬਦਾਂ ਵਿਚ ਰਤਾ ਹੇਰ ਫ਼ੇਰ ਕਰਕੇ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ।ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵੇਲੇ ਸਿਆਸੀ ਖ਼ਬਰਾਂ ਦਾ ਜੋੜ-ਤੋੜ ਸਿਖਰਾਂ ਉੱਤੇ  ਸੀ। ਇਸ ਦੀ ਸ਼ੁਰੂਆਤ 2013 ਤੋਂ ਹੋਈ ਤੇ ਸੰਨ 2015 ਤੱਕ ਇਹ ਕੰਮ ਪੂਰਾ ਜ਼ੋਰ ਫੜ ਗਿਆ। ਸੰਨ 2016 ਵਿਚ ਰਿਊਮਰ ਡਿਫਿਊਜ਼ਨ ਤੋਂ ਰਿਊਮਰ ਕੈਸਕੇਡ ਵੱਲ ਕੰਮ ਤੋਰ ਦਿੱਤਾ ਗਿਆ। ਉਸ ਦੌਰਾਨ ਰਿਕਾਰਡ ਤੋੜ ਕੈਸਕੇਡ ਕੀਤੇ ਗਈ, ਯਾਨੀ 45,000 ਤੋਂ ਵੀ ਵੱਧ।ਇਨ੍ਹਾਂ ਵਿਚ ਹੀ ਸਾਇੰਸ, ਵੱਡੀਆਂ ਸਖਸ਼ੀਅਤਾਂ, ਵਪਾਰ, ਅੱਤਵਾਦੀ ਸੰਗਠਨਾਂ ਆਦਿ ਬਾਰੇ ਵੀ ਅਨੇਕ ਝੂਠ ਫੈਲਾਏ ਗਏ ਤਾਂ ਜੋ ਲੋਕ ਸੱਚ ਝੂਠ ਵਿਚ ਫਰਕ ਕਰ ਹੀ ਨਾ ਸਕਣ ਤੇ ਉਲਝਦੇ ਤੁਰੀ ਜਾਣ।ਇਸ ਤੋਂ ਬਾਅਦ ਦੂਜਾ ਨੁਕਤਾ ਸਾਹਮਣੇ ਆਇਆ ਜਿਸ ਵਿਚ ਇੱਕੋ ਥਾਂ ਤੋਂ 'ਪੂਰਨ ਸੱਚ', 'ਅੱਧਾ ਸੱਚ', ਅੱਧਾ ਝੂਠ' ਤੇ 'ਕੋਰਾ ਝੂਠ' ਟਵੀਟ ਕਰਵਾਇਆ ਗਿਆ। ਇਹ ਵੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੇ ਰਲਗੱਡ ਟਵੀਟਾਂ ਵਿਚ ਲੋਕ ਪੂਰੀ ਤਰ੍ਹਾਂ ਉਲਝ ਜਾਂਦੇ ਹਨ ਤੇ ਕਦੇ ਵੀ ਪੂਰਾ ਝੂਠ ਫੜ ਨਹੀਂ ਸਕਦੇ। ਇਹ ਨੁਕਤਾ ਸੰਨ 2017 ਵਿਚ ਪੂਰਾ ਜ਼ੋਰ ਫੜ ਗਿਆ।ਇਸ ਤਰ੍ਹਾਂ ਦੇ ਟਵੀਟਾਂ ਵਿਚੋਂ ਵੀ ਅੱਧਾ ਝੂਠ ਤੇ ਕੋਰਾ ਝੂਠ ਅੱਗੋਂ ਵੱਧ ਟਵੀਟ ਕੀਤੇ ਗਏ ਪਰ ਲੋਕਾਂ ਵਲੋਂ 'ਨਿਰੇ ਝੂਠ' ਨੂੰ ਬਾਕੀਆਂ ਨਾਲੋਂ 19 ਗੁਣਾ ਵੱਧ ਟਵੀਟ ਕੀਤਾ ਗਿਆ ਤੇ ਘੰਟਿਆਂ ਵਿਚ ਹੀ ਇਕ ਲੱਖ ਲੋਕਾਂ ਤੱਕ ਪਹੁੰਚ ਗਿਆ। ਟੀ. ਵੀ. ਜਾਂ ਅਖ਼ਬਾਰਾਂ ਨਾਲੋਂ ਵੀ ਵੱਧ ਝੂਠੇ ਟਵੀਟ ਦੀ ਪਹੁੰਚ ਵੇਖੀ ਗਈ।ਇਸ ਦੇ ਉਲਟ ਸੱਚੀ ਖ਼ਬਰ ਛੇ ਗੁਣਾਂ ਵੱਧ ਸਮੇਂ ਬਾਅਦ ਵੀ ਸਿਰਫ 1500 ਲੋਕਾਂ ਤੱਕ ਪਹੁੰਚਦੀ ਦਿਸੀ। ਇੱਕੋ ਵੇਲੇ ਦੋ ਵੱਖੋ ਵੱਖ ਜਣਿਆਂ ਤੋਂ ਇੱਕੋ ਖ਼ਬਰ ਦੇ ਸੱਚੇ ਤੇ ਝੂਠੇ ਪਹਿਲੂ ਟਵੀਟ ਕਰਵਾਏ ਗਏ। ਕਮਾਲ ਹੀ ਹੋ ਗਈ ਜਦੋਂ ਇਹ ਖ਼ਬਰਾਂ 1:10 ਦੇ ਹਿਸਾਬ ਨਾਲ ਫੈਲੀਆਂ ਲੱਭੀਆਂ। ਯਾਨਿ ਲੋਕਾਂ ਨੇ ਝੂਠ ਨੂੰ ਵੱਧ ਸ਼ੌਂਕ ਨਾਲ ਪੜ੍ਹਿਆ ਤੇ ਅੱਗੋਂ 10 ਗੁਣਾ ਵੱਧ ਟਵੀਟ ਕਰ ਕੇ 1000 ਗੁਣਾਂ ਵੱਧ ਲੋਕਾਂ ਤੱਕ ਪਹੁੰਚਾ ਦਿੱਤਾ।ਸਪਸ਼ਟ ਹੋ ਗਿਆ ਕਿ ਕਿਸੇ ਦੀ ਉਮਰ ਭਰ ਦੀ ਕਮਾਈ ਸ਼ੋਹਰਤ ਨੂੰ ਪਲਾਂ ਵਿਚ ਹੀ ਢਾਹਿਆ ਜਾ ਸਕਦਾ ਹੈ। ਅਜਿਹੇ ਨੈਟਵਰਕ ਹੁਣ ਸੈਂਕੜਿਆਂ ਦੀ ਗਿਣਤੀ ਵਿਚ ਕੰਮ ਕਰ ਰਹੇ ਹਨ, ਜਿੱਥੇ ਅੱਗੋਂ ਹਜ਼ਾਰਾਂ ਲੋਕ ਇਸ ਕੰਮ ਵਿਚ ਲਾਏ ਹੋਏ ਹਨ, ਜਿਨ੍ਹਾਂ ਦਾ ਕੰਮ ਸਿਰਫ਼ ਟਵੀਟ ਨੂੰ ਅਗਾਂਹ ਤੋਰਨਾ ਹੈ ਜੋ ਕਰੋੜਾਂ ਲੋਕਾਂ ਤੱਕ ਝੱਟਪਟ ਪਹੁੰਚ ਜਾਂਦਾ ਹੈ।ਜਦੋਂ ਝੂਠ ਫੜਿਆ ਜਾਵੇ :- ਜਦੋਂ ਕਿਸੇ ਇਕ ਜਣੇ ਵਲੋਂ ਕੀਤੇ ਝੂਠੇ ਟਵੀਟ ਜਾਂ ਫੇਸਬੁੱਕ ਉੱਤੇ ਲਿਖੇ ਝੂਠ ਦੋ ਕੁ ਵਾਰ ਫੜੇ ਜਾਣ ਅਤੇ ਝੂਠੇ ਸਬਤ ਹੋ ਜਾਣ ਤਾਂ ਇਹ ਵੇਖਣ ਵਿਚ ਆਇਆ ਕਿ ਲੋਕ ਉਸ ਵਲੋਂ ਕੀਤੇ ਇਕ ਅੱਧ ਸੱਚੇ ਟਵੀਟ ਵੀ ਮੰਨਣੋਂ ਹੱਟ ਜਾਂਦੇ ਹਲ। ਇਸੇ ਲਈ ਝੂਠ ਫੈਲਾਉਣ ਵਾਲੇ ਲਗਾਤਾਰ ਕੁਝ ਸੱਚ ਤੇ ਬਾਕੀ ਸਾਰਾ ਝੂਠ ਰਲਗੱਡ ਕਰਕੇ ਅਨੇਕ ਥਾਵਾਂ ਤੋਂ ਇੱਕੋ ਵੇਲੇ ਝਮੇਲਾ ਪਾ ਕੇ ਰੱਖ ਦਿੰਦੇ ਹਨ ਕਿ ਇਕ ਆਮ ਬੰਦਾ ਇਸ ਵਿਚਲੇ ਕਿੰਨੇ ਫੀਸਦੀ ਸੱਚ ਜਾਂ ਕਿੰਨਾ ਝੂਠ, ਲੱਭ ਹੀ ਨਹੀਂ ਸਕਦਾ।ਇਕ ਥਿਊਰੀ ਦੇ ਅਨੁਸਾਰ ਅਜਿਹੇ ਝੂਠ ਸੱਚ ਦਾ ਮਿਸ਼ਰਨ ਆਮ ਤੌਰ 'ਤੇ ਲੋਕ ਰਾਇ ਤਬਦੀਲ ਕਰਨ, ਸਿਆਸੀ ਲਾਹਾ ਲੈਣ ਜਾਂ ਵਪਾਰ ਵਧਾਉਣ ਲਈ ਕੀਤਾ ਜਾ ਰਿਹਾ ਹੈ।ਮਿਸਾਲ ਵਜੋਂ ਇਹੋ ਜਿਹਾ ਇਸ਼ਤਿਹਾਰ, ''ਇਹ ਫੈਸ਼ਨ ਤਾਂ ਟਰੈਂਡਿੰਗ ਵਿਚ ਹੈ! ਤੈਨੂੰ ਪਤਾ ਹੀ ਨਹੀਂ?'' ਇਹ ਕੋਰਾ ਝੂਠ ਹੋਣ ਦੇ ਬਾਵਜੂਦ ਅਣਗਿਣਤ ਲੋਕਾਂ ਨੂੰ ਉਸ ਪਾਸੇ ਖਿੱਚੇਗਾ ਤੇ ਬਦੋਬਦੀ ਖ਼ਰੀਦਣ ਉੱਤੇ ਮਜਬੂਰ ਕਰੇਗਾ।ਇਸ ਵਿਚ ਮਨੁੱਖੀ ਮਨ ਦੇ ਦੋ ਪੱਖ ਛੋਹੇ ਗਏ। ਪਹਿਲਾ, ਇਹ ਫੈਸ਼ਨ ਅਣਗਿਣਤ ਲੋਕ ਪਹਿਲਾਂ ਹੀ ਅਪਣਾ ਚੁੱਕੇ ਹਨ ਤੇ ਮੈਨੂੰ ਪਤਾ ਹੀ ਨਹੀਂ। ਦੂਜੇ, ਕਿਤੇ ਮੈਂ ਸਭ ਤੋਂ ਵੱਖ ਪਿਛਾਂਹ ਰਹਿ ਕੇ ਮਜ਼ਾਕ ਦਾ ਪਾਤਰ ਹੀ ਨਾ ਬਣ ਜਾਵਾਂ! ਇਸ ਹੀਣ ਭਾਵਨਾ ਨੂੰ ਘਟਾਉਣ ਲਈ ਬੰਦਾ ਉਹੀ ਟਵੀਟ ਅਗਾਂਹ ਕਰ ਦਿੰਦਾ ਹੈ ਕਿ ਮੈਨੂੰ ਪਤਾ ਹੈ ਤੇ ਮੈਂ ਵੀ ਇਸ ਦਾ ਹਿੱਸਾ ਹਾਂ।ਇਕ ਖੋਜ ਅਧੀਨ ਟਵਿਟਰ ਨੇ 5 ਹਜ਼ਾਰ ਲੋਕ ਸ਼ਾਮਲ ਕੀਤੇ, ਜਿਨ੍ਹਾਂ ਵਿਚ ਸੱਚ ਝੂਠ ਲਿਖਣ ਵਾਲੇ ਸਾਰੇ ਹੀ ਬਿਨਾਂ ਕਿਸੇ ਚੋਣ ਦੇ ਜੋੜ ਲਏ ਗਏ। ਉਨ੍ਹਾਂ ਵਿੱਚੋਂ ਛਾਣਬੀਣ ਕੀਤੇ ਬਗ਼ੈਰ 25 ਹਜ਼ਾਰ ਟਵੀਟ ਕੱਢੇ ਜਿਹੜੇ ਦੋ ਮਹੀਨੇ ਪਹਿਲਾਂ ਤੋਂ ਇਨ੍ਹਾਂ ਨੇ ਵੇਖੇ ਹੋਏ ਸਨ। ਫਿਰ ਇਹ ਲੱਭਿਆ ਗਿਆ ਕਿ ਇਨ੍ਹਾਂ ਵਿਚੋਂ ਕਿੰਨੇ ਰੀ-ਟਵੀਟ ਕੀਤੇ ਗਏ। ਲਗਭਗ 200 ਤੋਂ ਵੱਧ ਵੱਖੋ ਵੱਖਰੇ ਵਿਸ਼ਿਆਂ ਉੱਤੇ ਕੀਤੇ ਗਏ ਟਵੀਟ ਸਨ ਤੇ ਵੱਖੋ ਵੱਖ ਜ਼ੁਬਾਨਾਂ ਵਿਚਲੇ ਲੋਕ ਸ਼ਾਮਲ ਕੀਤੇ ਗਏ ਸਨ।ਸਾਰੇ ਹੀ ਤੱਥਾਂ ਨੂੰ ਵੇਖਦੇ ਹੋਏ ਇਹ ਨਿਚੋੜ ਨਿਕਲਿਆ, ਜੋ ''ਨੈਸ਼ਨਲ ਰੀਸਰਚ ਕਾਊਂਸਲ ਕੈਨੇਡਾ'' ਅਨੁਸਾਰ 8 ਕਿਸਮਾਂ ਦੇ ਹਾਵ ਭਾਵ ਉਜਾਗਰ ਕਰ ਸਕਦੀਆਂ ਹਨ, ਉਹੀ ਖ਼ਬਰਾਂ ਸਭ ਤੋਂ ਵੱਧ ਰੀ-ਟਵੀਟ ਹੋ ਕੇ ਲੱਖਾਂ ਲੋਕਾਂ ਤੱਕ ਪਹੁੰਚਦੀਆਂ ਹਨ। ਇਨ੍ਹਾਂ ਵਿਚ ਗੁੱਸਾ, ਭੈਅ, ਉਮੀਦ, ਵਿਸ਼ਵਾਸ, ਹੈਰਾਨੀ, ਉਦਾਸੀ, ਖੁਸ਼ੀ ਤੇ ਨਫ਼ਰਤ ਸ਼ਾਮਲ ਸਨ।ਲਗਭਗ 32 ਹਜ਼ਾਰ ਅਜਿਹੇ ਟਵੀਟ ਜਿਹੜੇ ਇਨ੍ਹਾਂ ਅੱਠ ਕਿਸਮਾਂ ਦੇ ਹਾਵ-ਭਾਵ ਨਾਲ ਲਬਰੇਜ਼ ਸਨ, ਉਹੀ ਸਭ ਤੋਂ ਵੱਧ ਲੋਕਾਂ ਤੱਕ ਰੀ-ਟਵੀਟ ਹੋ ਕੇ ਪਹੁੰਚੇ।ਸਪਸ਼ਟ ਹੋ ਗਿਆ ਕਿ ਸੱਚੀਆਂ ਘਟਨਾਵਾਂ ਜਾਂ ਖਬਰਾਂ ਇਹ ਅੱਠ ਹਾਵ-ਭਾਵ ਉਜਾਗਰ ਨਹੀਂ ਕਰ ਸਕਦੀਆਂ ਤੇ ਇਸੇ ਲਈ ਜ਼ਿਆਦਾ ਦੇਰ ਜ਼ਹਿਨ ਵਿਚ ਨਹੀਂ ਟਿਕਦੀਆਂ।ਇੰਝ ਹੀ ਕਿਸੇ ਦੀ ਸਿਫ਼ਤ-ਸਲਾਹ ਸੁਣ ਕੇ ਅਚੇਤ ਮਨ ਕਿਤੇ ਨਾ ਕਿਤੇ ਆਹਤ ਹੋ ਜਾਂਦਾ ਹੈ ਤੇ ਸ਼ਾਂਤ ਹੋਣ ਲਈ ਕਿਸੇ ਨਿਖੇਧੀ ਜਾਂ ਢਾਅ ਲਾਉਣ ਵਾਲੀ ਗੱਲ ਲੱਭਣ ਵੱਲ ਲੱਗ ਜਾਂਦਾ ਹੈ। ਜਿਉਂ ਹੀ ਕੋਈ ਨੁਕਤਾ ਲੱਭੇ ਤਾਂ ਉਸ ਵਿਚ ਮਿਰਚ-ਮਸਾਲਾ ਲਾ ਕੇ ਮਨ ਅੰਦਰਲਾ ਗ਼ੁਬਾਰ ਕੱਢ ਕੇ ਦੂਜੇ ਨੂੰ ਦਾਗ਼ੀ ਸਾਬਤ ਕਰ ਦਿੱਤਾ ਜਾਂਦਾ ਹੈ! ਫਿਰ 'ਰੀ-ਟਵੀਟ' ਜਾਂ 'ਸ਼ੇਅਰ' ਦਾ ਚੱਕਰਵਿਊ ਸ਼ੁਰੂ!ਮੈਸਾਚਿਊਸਟ ਇੰਸਟੀਚਿਊਟ ਔਫ ਟੈਕਨੌਲੋਜੀ ਤੇ ਵੈਲਸਲੇ ਕਾਲਜ ਨੇ ਰਲ ਕੇ ਅੰਗਰੇਜ਼ੀ ਵਿਚ ਕੀਤੇ 30 ਲੱਖ ਟਵੀਟਾਂ ਉਤੇ ਖੋਜ ਕੀਤੀ ਜੋ ਸੰਨ 2016 ਤੋਂ 2018 ਤੱਕ ਚੱਲੀ ਸੀ। ਉਨ੍ਹਾਂ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਕ ਫੀਸਦੀ ਸੱਚ ਨਾਲ 99 ਫੀਸਦੀ ਝੂਠ ਰਲਾ ਕੇ ਜ਼ਿਆਦਾ ਲੋਕਾਂ ਤੱਕ ਪਹੁੰਚ ਕਰਦਾ ਹੈ ਤੇ ਉਨ੍ਹਾਂ ਦੇ ਸੋਚਣ ਸਮਝਣ ਦੇ ਸੈਂਟਰ ਨੂੰ ਆਪਣੇ ਕਾਬੂ ਵਿਚ ਕਰ ਕੇ ਲੋਕ ਰਾਇ ਤਬਦੀਲ ਕਰਨ ਵਿਚ ਮਦਦ ਕਰਦਾ ਹੈ।ਹੁਣ ਆਪਾਂ ਸਾਰੇ ਵੇਖ ਰਹੇ ਹਾਂ ਕਿ ਚੁਫ਼ੇਰੇ ਕੂੜ ਹੀ ਕੂੜ ਦਾ ਪਸਾਰਾ ਹੈ। ਇਸ ਵਿਚ ਸੱਚ ਪਿਸ ਕੇ ਰਹਿ ਚੁੱਕਿਆ ਹੈ। ਝੂਠ ਦੀਆਂ ਡੂੰਘੀਆਂ ਜੜ੍ਹਾਂ ਸਮਾਜ ਨੂੰ ਖੋਖਲਾ ਕਰ ਚੁੱਕੀਆਂ ਹਨ। ਨਿੱਕੀ ਤੋਂ ਨਿੱਕੀ ਗੱਲ ਦਾ ਆਧਾਰ ਵੀ ਝੂਠ ਉਤੇ ਟਿਕਿਆ ਹੈ ਤੇ ਝੂਠ ਹੁਣ ਸੱਚ ਨੂੰ ਚੱਬਣ ਵੀ ਲੱਗ ਚੁੱਕਿਆ ਹੈ।ਸਿਰਫ਼ ਇੱਕੋ ਗੱਲ ਦਾ ਇੰਤਜ਼ਾਰ ਹੈ :-ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥(ਸ੍ਰੀ ਗੁਰੂ ਨਾਨਕ ਦੇਵ ਜੀ-ਅੰਗ 953)
ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ,28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783 

ਬਾਥੂ - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਬਾਥੂ ਦੀ ਮਹੱਤਾ ਸਮਝਣ ਲਈ ਅੱਗੇ ਦੱਸੇ ਤੱਥ ਜ਼ਰੂਰ ਪੜ੍ਹ ਲੈਣੇ ਚਾਹੀਦੇ ਹਨ। ਸੌ ਗ੍ਰਾਮ ਪਾਲਕ ਵਿਚ 2.8 ਗ੍ਰਾਮ ਪ੍ਰੋਟੀਨ ਹੁੰਦੀ ਹੈ ਅਤੇ ਕੇਲ ਪੱਤੇ ਵਿਚ 2.6 ਗ੍ਰਾਮ, ਜਦ ਕਿ 100 ਗ੍ਰਾਮ ਬਾਥੂ ਵਿਚ 4.2 ਗ੍ਰਾਮ ਪ੍ਰੋਟੀਨ ਹੁੰਦੀ ਹੈ।
ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ, ਸੀ ਅਤੇ ਬੀ 6 ਨਾਲ ਭਰਪੂਰ ਬਾਥੂ ਜਿਗਰ, ਪਿੱਤੇ, ਗੁਰਦੇ ਅਤੇ ਤਿਲੀ ਲਈ ਵੀ ਬਹੁਤ ਲਾਹੇਵੰਦ ਸਾਬਤ ਹੋ ਚੁੱਕਿਆ ਹੈ।
ਪਾਲਕ ਨਾਲੋਂ ਵੱਧ ਪੋਟਾਸ਼ੀਅਮ, ਵਿਟਾਮਿਨ ਏ ਅਤੇ ਲੋਹ ਕਣ ਹੋਣ ਕਾਰਨ ਬਾਥੂ ਨੂੰ ਸਰਦੀਆਂ ਵਿਚ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸਮਰਥਾ ਵਧਾਉਣ ਵਾਲਾ ਮੰਨ ਲਿਆ ਗਿਆ ਹੈ।
ਕਬਜ਼, ਸ਼ੱਕਰ ਰੋਗ ਅਤੇ ਦਿਲ ਦੇ ਰੋਗਾਂ ਨਾਲ ਜੂਝਦੇ ਮਰੀਜ਼ ਬਾਥੂ ਤੋਂ ਕਾਫ਼ੀ ਫ਼ਾਇਦਾ ਲੈ ਸਕਦੇ ਹਨ। ਹੁਣ ਤੱਕ ਦੀਆਂ ਖੋਜਾਂ ਰਾਹੀਂ ਇਹ ਸਾਬਤ ਹੋਇਆ ਹੈ ਕਿ ਪੱਤਿਆਂ ਜਾਂ ਬੂਟਿਆਂ ਵਿੱਚੋਂ ਸਭ ਤੋਂ ਵੱਧ ਵਿਟਾਮਿਨ ਏ ਬਾਥੂ ਵਿਚ ਹੈ। ਸੌ ਗ੍ਰਾਮ ਬਾਥੂ ਵਿਚ 10,000 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਲੱਭੀ ਗਈ ਹੈ ਜੋ ਰੋਜ਼ਾਨਾ ਲੋੜੀਂਦੀ ਮਾਤਰਾ ਤੋਂ ਤਿੰਨ ਗੁਣਾ ਵੱਧ ਹੈ।
ਮੇਥੀ, ਪਾਲਕ ਅਤੇ ਸਰ੍ਹੋਂ ਦਾ ਸਾਗ ਵਰਤਦਿਆਂ ਬਾਥੂ ਨੂੰ ਭੁਲਾ ਹੀ ਦਿੱਤਾ ਗਿਆ ਜੋ ਥੋੜੀ ਮਾਤਰਾ ਵਿਚ ਖਾਣ ਨਾਲ ਵੀ ਠੰਡ ਨਾਲ ਹੁੰਦੇ ਖੰਘ ਜ਼ੁਕਾਮ ਤੋਂ ਬਚਾਓ ਕਰ ਦਿੰਦਾ ਹੈ।
ਸੈੱਲਾਂ ਦੀ ਟੁੱਟ ਫੁੱਟ ਨੂੰ ਘਟਾਉਣ ਅਤੇ ਨਵੇਂ ਸੈੱਲ ਬਣਾਉਣ ਵਿਚ ਬਾਥੂ ਵਿਚ ਭਰੇ ਅਮਾਈਨੋ ਏਸਿਡ ਕਾਫ਼ੀ ਮਦਦ ਕਰਦੇ ਹਨ।
ਫਾਈਬਰ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਅੰਤੜੀਆਂ ਦੇ ਰੋਗਾਂ ਵਿਚ ਫ਼ਾਇਦਾ ਹੁੰਦਾ ਹੈ ਅਤੇ ਕਬਜ਼ ਵੀ ਠੀਕ ਹੋ ਜਾਂਦੀ ਹੈ।
ਬਾਥੂ ਵਿਚਲੇ ਵਾਧੂ ਓਗਜ਼ੈਲਿਕ ਏਸਿਡ ਸਦਕਾ ਗੁਰਦੇ ਵਿਚ ਪਥਰੀ ਬਣਨ ਦਾ ਖ਼ਤਰਾ ਵੱਧ ਸਕਦਾ ਹੈ। ਇਸੇ ਲਈ ਬਹੁਤ ਥੋੜੀ ਮਾਤਰਾ ਹੀ ਖਾਣੀ ਚਾਹੀਦਾ ਹੈ।
ਸੌ ਗ੍ਰਾਮ ਬਾਥੂ ਵਿਚ ਸਿਰਫ਼ 43 ਕੈਲਰੀਆਂ ਹੁੰਦੀਆਂ ਹਨ ਜਿਸ ਸਦਕਾ ਭਾਰ ਵਧਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਬਾਥੂ ਦਾ ਸਾਗ, ਰਾਇਤਾ, ਪਰੌਂਠਾ, ਰੋਟੀ ਆਦਿ ਦਾਦੀਆਂ-ਨਾਨੀਆਂ ਬਹੁਤ ਪਿਆਰ ਨਾਲ ਦੇਸੀ ਘਿਓ ਨਾਲ ਲਾ ਕੇ ਆਪਣੇ ਪੋਤਰੇ-ਦੋਹਤਰੀਆਂ ਨੂੰ ਖੁਆਉਂਦੇ ਹੁੰਦੇ ਸਨ, ਜੋ ਹੁਣ ਗ਼ਾਇਬ ਹੁੰਦਾ ਜਾ ਰਿਹਾ ਹੈ।
ਸ਼ੱਕਰ ਰੋਗੀਆਂ ਲਈ ਤਾਂ ਬਾਥੂ ਸਿਹਤਮੰਦ ਰਹਿਣ ਲਈ ਜਾਦੂਈ ਮੰਤਰ ਵਾਂਗ ਹੈ। ਅੱਖਾਂ ਅਤੇ ਵਾਲਾਂ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕਿਆ ਹੈ। ਦੁਨੀਆ ਭਰ ਵਿਚ ਭਾਵੇਂ ਬਾਥੂ
ਦੀਆਂ 250 ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ ਪਰ ਭਾਰਤ ਵਿਚ ਸਿਰਫ਼ 21 ਕਿਸਮਾਂ ਹੀ ਮਿਲਦੀਆਂ ਹਨ। ਜੰਗਲੀ ਬੂਟੀ ਵਾਂਗ ਕਣਕਾਂ ਦੇ ਖੇਤ 'ਚ ਉਗਦੀ ਬੂਟੀ ਬਹੁਤੀ ਵਾਰ ਤਾਂ ਸਪਰੇਆਂ ਦੇ ਹੱਥੋਂ ਖ਼ਤਮ ਹੋ ਜਾਂਦੀ ਹੈ।
ਸਭ ਤੋਂ ਪਹਿਲਾਂ ਸੰਨ 1993 ਵਿਚ ਡਾ. ਪ੍ਰਕਾਸ਼ ਸਣੇ ਕੁੱਝ ਖੋਜੀਆਂ ਨੇ ਬਾਥੂ ਵਿਚਲੇ ਫਲੇਵੋਨਾਇਡ ਤੇ ਪੌਲੀਫਿਨੋਲ ਦੇ ਅਸਰਾਂ ਨੂੰ ਕੈਂਸਰ ਦੇ ਰੋਗੀਆਂ ਉੱਤੇ ਘੋਖਿਆ। ਫਿਰ ਸੰਨ 1994 ਵਿਚ ਡਾ. ਰੈਡੀ ਅਤੇ ਡਾ. ਅਗਰਵਾਲ ਨੇ ਕੈਂਸਰ ਦੇ ਸੈੱਲਾਂ ਦੇ ਵਧਣ ਦੀ ਤੇਜ਼ੀ ਵਿਚ ਕਮੀ ਲੱਭੀ ਅਤੇ ਨਸਾਂ ਅੰਦਰ ਜੰਮ ਰਹੇ ਥਿੰਦੇ ਵਿਚ ਵੀ ਘਾਟਾ ਵੇਖਿਆ। ਡਾ. ਖੂਬਚੰਦਾਨੀ ਨੇ ਸੰਨ 2000 ਵਿਚ ਅਤੇ 2006 ਵਿਚ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਬਾਥੂ ਵਿਚਲੇ ਅੰਸ਼ ਕੱਢ ਕੇ ਖੁਆਏ ਤਾਂ ਉਨ੍ਹਾਂ ਦੇ ਸਰੀਰ ਅੰਦਰ ਕੈਂਸਰ ਦੇ ਸੈੱਲਾਂ ਦਾ ਫੈਲਣਾ ਕਾਫ਼ੀ ਹਦ ਤੱਕ ਲਗਭਗ ਰੁੱਕ ਹੀ ਗਿਆ। ਇਹ ਅਸਰ ਬਾਥੂ ਵਿਚਲੇ ਕੈਫਿਕ ਏਸਿਡ, ਗੈਲਿਕ ਏਸਿਡ, ਵੈਨਿਲਿਕ ਏਸਿਡ, ਪਰੋਟੋਕੈਟੇ ਕਿਊਰਿਕ ਏਸਿਡ ਆਦਿ, ਸਦਕਾ ਦਿਸੇ।
ਪੁਰਾਣੇ ਸਮਿਆਂ ਵਿਚ ਢਿੱਡ ਅੰਦਰਲੇ ਕੀੜੇ ਕੱਢਣ, ਪਿਸ਼ਾਬ ਦਾ ਰੋਕਾ ਖੋਲ੍ਹਣ, ਕਬਜ਼ ਠੀਕ ਕਰਨ, ਹਾਜ਼ਮਾ ਠੀਕ ਕਰਨ ਅਤੇ ਸਰੀਰਕ ਕਮਜ਼ੋਰੀ ਵਾਸਤੇ ਬਾਥੂ ਵਰਤਿਆ ਜਾਂਦਾ ਸੀ। ਪੇਟ ਗੈਸ ਲਈ ਤਾਂ ਇਸ ਨੂੰ ਬਿਹਤਰੀਨ ਮੰਨ ਲਿਆ ਗਿਆ ਸੀ।
ਪੁਰਾਣੇ ਵੇਲੇ ਦੇ ਹਕੀਮ ਬਾਥੂ ਦੇ ਸੁੱਕੇ ਪੱਤਿਆਂ ਦੇ ਪਾਊਡਰ ਅਤੇ ਇਸ ਦੇ ਪੱਤਿਆਂ ਨੂੰ ਉਬਾਲ ਕੇ ਕੱਢੇ ਪਾਣੀ ਨੂੰ ਸੜੀ ਹੋਈ ਚਮੜੀ ਉੱਤੇ ਲਾਉਂਦੇ ਸਨ ਜਿਸ ਨਾਲ ਪੀੜ ਅਤੇ ਜਲਨ ਘੱਟ ਹੋ ਜਾਂਦੀ ਸੀ। ਹੁਣ ਵੀ ਇਹ ਐਮਰਜੈਂਸੀ ਵਿਚ ਘਰਾਂ ਵਿਚ ਵਰਤਿਆ ਜਾ ਰਿਹਾ ਹੈ ਜਿਸ ਨਾਲ ਪੀੜ ਨੂੰ ਛੇਤੀ ਆਰਾਮ ਮਿਲ ਜਾਂਦਾ ਹੈ।
ਮਰੀਜ਼ਾਂ ਉੱਤੇ ਇਕ ਨੁਸਖ਼ਾ ਅਜ਼ਮਾ ਕੇ ਵੇਖਿਆ ਜਾ ਚੁੱਕਿਆ ਹੈ ਜਿੱਥੇ ਬਾਥੂ ਦੇ ਪਾਊਡਰ ਵਿਚ ਸ਼ਰਾਬ ਨੂੰ ਮਿਲਾ ਕੇ ਸੁੱਜੇ ਹੋਏ ਜੋੜਾਂ ਉੱਤੇ ਲਾਉਣ ਨਾਲ ਆਰਥਰਾਈਟਿਸ ਦੀ ਪੀੜ ਨੂੰ ਕੁੱਝ ਚਿਰ ਲਈ ਆਰਾਮ ਮਿਲਿਆ ਲੱਭਿਆ।
ਮਾੜੇ ਅਸਰ :-
ਭਾਵੇਂ ਬਾਥੂ ਵਿਚ ਸਾਰੇ ਲੋੜੀਂਦੇ 10 ਅਮਾਈਨੋ ਏਸਿਡ ਭਰੇ ਪਏ ਹਨ ਜੋ ਇਸ ਨੂੰ ਬਿਹਤਰੀਨ ਖ਼ੁਰਾਕ ਸਾਬਤ ਕਰਦੇ ਹਨ ਅਤੇ 203 ਗ੍ਰਾਮ ਪ੍ਰੋਟੀਨ ਪ੍ਰਤੀ ਕਿੱਲੋ ਵੀ ਇਸ ਵਿਚ ਹੈ ਜੋ ਉਮਰ ਲੰਮੀ ਕਰਨ ਵਿਚ ਮਦਦ ਕਰਦੇ ਹਨ ਅਤੇ ਬੁਢੇਪਾ ਛੇਤੀ ਆਉਣ ਤੋਂ ਰੋਕਦੇ ਹਨ; ਵਾਇਰਲ ਸਮੇਤ ਉੱਲੀ ਵਰਗੇ ਕੀਟਾਣੂਆਂ ਤੋਂ ਵੀ ਬਚਾਉਂਦੇ ਹਨ, ਪਰ ਇਸ ਵਿਚਲੇ ਕੁੱਝ ਸੈਪੋਨਿਨ ਅਤੇ ਓਗਜ਼ੈਲਿਕ ਏਸਿਡ ਖ਼ਤਰਨਾਕ ਹਨ।
    
ਚੰਗੀ ਗੱਲ ਇਹ ਹੈ ਕਿ ਇਹ ਸੈਪੋਨਿਨ ਸਾਡਾ ਸਰੀਰ ਪੂਰੀ ਤਰ੍ਹਾਂ ਜਜ਼ਬ ਹੀ ਨਹੀਂ ਕਰਦਾ ਜਿਸ ਸਦਕਾ ਇਸ ਦੇ ਮਾੜੇ ਅਸਰਾਂ ਤੋਂ ਬਚਾਓ ਹੋ ਜਾਂਦਾ ਹੈ। ਜੇ ਬਾਥੂ ਨੂੰ ਰਿੰਨ੍ਹ ਲਿਆ ਜਾਏ ਤਾਂ ਇਹ ਸੈਪੋਨਿਨ ਟੁੱਟ ਫੁੱਟ ਜਾਂਦੇ ਹਨ ਅਤੇ ਖ਼ਤਰਨਾਕ ਨਹੀਂ ਰਹਿੰਦੇ।
1.    ਵਾਧੂ ਬਾਥੂ ਖਾਣ ਨਾਲ ਟੱਟੀਆਂ ਲੱਗ ਸਕਦੀਆਂ ਹਨ।
2.    ਚਮੜੀ ਉੱਤੇ ਐਲਰਜੀ ਹੋ ਸਕਦੀ ਹੈ।
3.    ਗਰਭਵਤੀ ਔਰਤਾਂ ਦਾ ਗਰਭ ਡਿੱਗ ਸਕਦਾ ਹੈ।
4.    ਮਰਦਾਨਾ ਕਮਜ਼ੋਰੀ ਵੀ ਵਾਧੂ ਬਾਥੂ ਖਾਣ ਨਾਲ ਵੇਖੀ ਗਈ ਹੈ ਅਤੇ ਸ਼ਕਰਾਣੂਆਂ ਦਾ ਹਿਲਣਾ ਜੁਲਣਾ ਵੀ ਹੌਲੀ ਹੋ ਜਾਂਦਾ ਹੈ।
ਏਨੇ ਕੁ ਮਾੜੇ ਅਸਰਾਂ ਤੋਂ ਜੇ ਬਚਾਓ ਹੋ ਜਾਵੇ ਅਤੇ ਸਹੀ ਮਾਤਰਾ ਵਿਚ ਬਾਥੂ ਸਰਦੀਆਂ ਵਿਚ ਖਾਧਾ ਜਾਵੇ ਤਾਂ ਪੱਠਿਆਂ ਵਿਚਲੀ ਪਈ ਖਿੱਚ ਅਤੇ ਪੀੜ ਨੂੰ ਤਾਂ ਬਿਨਾਂ ਦਵਾਈਆਂ ਦੇ, ਸਿਰਫ਼ ਬਾਥੂ ਖਾਣ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਇੰਜ ਹੀ ਸਰੀਰ ਅੰਦਰਲੇ ਇਮਿਊਨ ਸਿਸਟਮ ਨੂੰ ਤਗੜਾ ਕਰਨ, ਢਿੱਡ ਅੰਦਰਲਾ ਅਲਸਰ ਠੀਕ ਕਰਨ ਅਤੇ ਦਿਲ ਤਗੜਾ ਰੱਖਣ ਲਈ ਵੀ ਬਾਥੂ ਦਾ ਅਸਰ ਲਾਜਵਾਬ ਹੈ!
ਨਿਚੋੜ ਤਾਂ ਇਹੀ ਹੈ ਕਿ ਬਾਥੂ ਸਰਦੀਆਂ ਵਿਚ ਸਹੀ ਮਾਤਰਾ ਵਿਚ ਖਾ ਕੇ ਸਰੀਰ ਰੋਗ ਮੁਕਤ ਰੱਖਿਆ ਜਾ ਸਕਦਾ ਹੈ।
ਭਾਵੇਂ ਬਰਫ਼ ਪਈ ਹੋਵੇ ਤੇ ਭਾਵੇਂ ਅਤਿ ਦੀ ਗਰਮੀ ਜਾਂ ਸੋਕਾ ਪਿਆ ਹੋਵੇ, ਕੁਦਰਤ ਨੇ ਬਾਥੂ ਨੂੰ ਹਰ ਥਾਂ ਉੱਗਣ ਦੀ ਸਮਰਥਾ ਬਖ਼ਸ਼ ਦਿੱਤੀ ਹੋਈ ਹੈ। ਇਸੇ ਲਈ ਇਹ ਬੂਟੀ ਹਰਫ਼ਨ ਮੌਲਾ ਬਣ ਚੁੱਕੀ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਮਾਦਾ ਭਰੂਣ ਹੱਤਿਆ-ਸੰਨ 2021 ਦੀ ਰਿਪੋਰਟ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਮੈਨੂੰ ਇਕ ਸਮਾਗਮ ਉੱਤੇ ਬੁਲਾਇਆ ਗਿਆ ਸੀ ਜਿੱਥੇ ਇਕ ਥ੍ਰੀਵੀਲ੍ਹਰ ਚਲਾਉਣ ਵਾਲੇ ਦੀ ਬੇਟੀ ਦਾ ਸਨਮਾਨ ਹੋਣਾ ਸੀ। ਉਸ ਦੀ ਬੇਟੀ ਜੱਜ ਚੁਣੀ ਗਈ ਸੀ। ਚੁਫ਼ੇਰੇ ਖ਼ੁਸ਼ੀ ਦਾ ਮਾਹੌਲ ਸੀ। ਮੈਨੂੰ ਮੌਕਾ ਮਿਲਿਆ ਉਸ ਦੇ ਪਿਤਾ ਨਾਲ ਗੱਲ ਕਰਨ ਦਾ। ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਮੈਂ ਪੁੱਛਿਆ ਕਿ ਉਸ ਨੂੰ ਧੀ ਦੇ ਪਰਵਰਿਸ਼ ਵੇਲੇ ਕਿੰਨੀਆਂ ਕੁ ਔਕੜਾਂ ਦਾ ਸਾਹਮਣਾ ਕਰਨਾ ਪਿਆ!
    ਜੋ ਉਸ ਦਾ ਜਵਾਬ ਸੀ, ਉਸ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਦੱਸਿਆ, ''ਮੈਂ ਹਾਲੇ ਤੱਕ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਤੇ ਨਾ ਹੀ ਅੱਗੋਂ ਕਰਨ ਵਾਲਾ ਹਾਂ। ਤੁਸੀਂ ਇਸ ਵਿਸ਼ੇ ਉੱਤੇ ਕੰਮ ਕੀਤਾ ਹੈ, ਇਸੇ ਲਈ ਤੁਹਾਨੂੰ ਦੱਸ ਦਿੰਦਾ ਹਾਂ। ਮੇਰੀ ਆਪਣੀ ਕੋਈ ਔਲਾਦ ਨਹੀਂ ਸੀ। ਇਹ ਬੇਟੀ ਮੈਨੂੰ ਝਾੜੀਆਂ 'ਚ ਸੁੱਟੀ ਮਿਲੀ ਸੀ। ਮੈਂ ਸਾਰੀ ਉਮਰ ਇਸ ਨੂੰ ਆਪਣੀ ਸਮਝ ਕੇ ਪਾਲਦਾ ਰਿਹਾ ਹਾਂ। ਆਪਣਾ ਢਿੱਡ ਕੱਟ ਕੇ ਵੀ ਮੈਂ ਇਸ ਨੂੰ ਪੜ੍ਹਾਉਂਦਾ ਰਿਹਾ ਤਾਂ ਜੋ ਇਹ ਵੱਡੀ ਅਫ਼ਸਰ ਲੱਗ ਸਕੇ। ਮੇਰੀ ਇੱਛਾ ਸੀ ਕਿ ਮੈਂ ਇਸ ਦੇ ਅਸਲ ਮਾਪਿਆਂ ਵੱਲੋਂ ਕੀਤੀ ਗ਼ਲਤੀ ਸੁਧਾਰ ਸਕਾਂ।
    ਇਹੋ ਜਿਹੇ ਨੇਕ ਇਨਸਾਨਾਂ ਸਦਕਾ ਹੀ ਔਰਤ ਦਾ ਵਜੂਦ ਹਾਲੇ ਤੱਕ ਕਾਇਮ ਹੈ।
    ਰਤਾ ਧਿਆਨ ਕਰੀਏ ਸੰਨ 2020 ਵਿਚ ਯੂਨਾਈਟਿਡ ਪੌਪੂਲੇਸ਼ਨ ਫੰਡ ਵੱਲੋਂ ਰੀਲੀਜ਼ ਕੀਤੇ ਅੰਕੜਿਆਂ ਵੱਲ! ਕੀ ਕਿਸੇ ਨੂੰ ਅੰਦਾਜ਼ਾ ਹੈ ਕਿ ਭਾਰਤ ਦੀ ਪਿਛਲੇ 50 ਸਾਲਾਂ ਦੀ ਕਾਰਗੁਜ਼ਾਰੀ ਅਨੁਸਾਰ ਧੀਆਂ ਮਾਰਨ ਦੀ ਰਵਾਇਤ ਵਿਚ ਕਿਸ ਹੱਦ ਤੱਕ ਵਾਧਾ ਹੋਇਆ ਹੈ?
    ਸੰਨ 1970 ਵਿਚ ਇਸ ਧਰਤੀ ਉੱਤੇ 6 ਕਰੋੜ 10 ਲੱਖ ਕੁੜੀਆਂ ਘੱਟ ਲੱਭੀਆਂ ਸਨ। ਇਸ ਦਾ ਮਤਲਬ ਇਹ ਕੱਢਿਆ ਗਿਆ ਕਿ ਸਾਰੀਆਂ ਜੰਮਣ ਤੋਂ ਬਾਅਦ ਮਾਰ ਮੁਕਾ ਦਿੱਤੀਆਂ ਗਈਆਂ ਸਨ। ਸੰਨ 2020 ਦੇ ਅੰਕੜੇ ਹੋਰ ਵੀ ਦਿਲ ਕੰਬਾਊ ਸਨ। ਹੁਣ ਇਹ ਗਿਣਤੀ ਇੱਕ ਅਰਬ 42 ਕਰੋੜ 60 ਲੱਖ ਤੋਂ ਉਤਾਂਹ ਟੱਪ ਚੁੱਕੀ ਹੈ।
    ਅਸੀਂ ਭਾਰਤੀ, ਭਾਰਤ ਦੇ ਅੰਦਰ ਹੋਈਏ ਜਾਂ ਬਾਹਰ, ਦੁਨੀਆ ਭਰ ਵਿਚਲੀਆਂ ਔਰਤਾਂ ਦੀ ਘਟਦੀ ਜਾਂਦੀ ਗਿਣਤੀ ਵਿੱਚੋਂ ਲਗਭਗ 46 ਕਰੋੜ ਬੇਟੀਆਂ ਮਾਰਨ ਦੇ ਜ਼ਿੰਮੇਵਾਰ ਮੰਨੇ ਜਾ ਚੁੱਕੇ ਹਾਂ।
    ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਕੁੱਖ ਵਿਚ ਜਾਂ ਜੰਮਦੇ ਸਾਰ ਭਾਰਤ ਵਿਚ ਮਾਰੀਆਂ ਗਈਆਂ ਤੇ ਸਰਵੇਖਣ ਅਨੁਸਾਰ (ਯੂਨਾਈਟਿਡ ਨੇਸ਼ਨਜ਼ ਵੱਲੋਂ ਸੰਨ 2020 ਵਿਚ ਰੀਲੀਜ਼ ਕੀਤੇ ਗਏ ਅੰਕੜੇ) ਬਾਕੀ ਬਚੀਆਂ ਵਿੱਚੋਂ 26.8 ਫੀਸਦੀ ਕੁੜੀਆਂ ਬਲਾਤਕਾਰਾਂ ਤੋਂ ਬਚਾਉਣ ਤੇ ਆਪਣੀ ਮਰਜ਼ੀ ਦਾ ਵਰ ਨਾ ਚੁਣ ਲੈਣ ਦੇ ਡਰੋਂ 18 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤੀਆਂ ਗਈਆਂ।
    ਇਸ ਸਰਵੇਖਣ ਵਿਚ ਸਪਸ਼ਟ ਕੀਤਾ ਗਿਆ ਕਿ ਜਿੰਨੇ ਜ਼ਿਆਦਾ ਅਮੀਰ ਘਰਾਣੇ ਸਨ, ਓਨੇ ਹੀ ਵੱਧ ਉਹ ਕੁੜੀਮਾਰ ਸਨ। ਗ਼ਰੀਬ ਲੋਕਾਂ ਵਿਚ ਕੁੜੀਆਂ ਮਾਰਨ ਦਾ ਰੁਝਾਨ ਘੱਟ ਸੀ।
    ਭਾਰਤ ਦੇ ਹੋਮ ਅਫੇਅਰਜ਼ ਮੰਤਰਾਲੇ ਨੇ ਸੰਨ 2018 ਵਿਚ ਰਿਪੋਰਟ ਜਾਰੀ ਕੀਤੀ ਸੀ ਕਿ ਸੰਨ 2016 ਤੋਂ 2018 ਤੱਕ ਭਾਰਤ ਵਿੱਚ ਹਰ 1000 ਮੁੰਡਿਆਂ ਪਿੱਛੇ ਸਿਰਫ਼ 899 ਬੇਟੀਆਂ ਜੰਮੀਆਂ। ਇਨ੍ਹਾਂ ਕਤਲਾਂ ਵਿਚ ਮੁੱਖ ਹਿੱਸੇਦਾਰ ਸੂਬੇ ਸਨ-ਹਰਿਆਣਾ, ਉੱਤਰਾਖੰਡ, ਦਿੱਲੀ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ, ਮਹਾਰਾਸ਼ਟਰ, ਪੰਜਾਬ ਤੇ ਬਿਹਾਰ।
    ਭਾਰਤ ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ, ਜੋ ਸੰਨ 2015-16 ਵਿਚ ਕਰਵਾਇਆ ਗਿਆ, ਅਨੁਸਾਰ 26.8 ਫੀਸਦੀ ਭਾਰਤੀ ਕੁੜੀਆਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿਚ ਕੀਤਾ ਜਾ ਰਿਹਾ ਸੀ।
    ਬਿਹਾਰ ਤੇ ਬੰਗਾਲ ਵਿਚ ਹਰ ਪੰਜਾਂ ਵਿੱਚੋਂ ਦੋ ਕੁੜੀਆਂ ਦਾ ਵਿਆਹ 10 ਤੋਂ 13 ਸਾਲਾਂ ਦੀ ਉਮਰ ਵਿਚ ਹੀ ਕੀਤਾ ਜਾ ਰਿਹਾ ਹੈ। ਕਿਤੇ ਕਿਤੇ ਤਾਂ 8 ਸਾਲਾਂ ਦੀ ਕੁੜੀ ਹੀ ਵਿਆਹ ਕੇ ਤੋਰ ਦਿੱਤੀ ਜਾਂਦੀ ਹੈ।
    ਝਾਰਖੰਡ, ਰਾਜਸਥਾਨ, ਆਂਧਰ ਪ੍ਰਦੇਸ ਤੇ ਮੱਧ ਪ੍ਰਦੇਸ ਵਿਚਲੀ ਰਿਪੋਰਟ ਅਨਸਾਰ ਤਿੰਨਾਂ ਵਿੱਚੋਂ ਇੱਕ ਕੁੜੀ ਦਾ ਵਿਆਹ 13 ਸਾਲਾਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਜਾ ਰਿਹਾ ਹੈ।
    ਦੁਨੀਆ ਭਰ ਦੇ ਅੰਕੜਿਆਂ ਅਨੁਸਾਰ ਹਰ ਪੰਜਾਂ ਵਿੱਚੋਂ ਇੱਕ ਬੇਟੀ ਬਾਲ ਵਿਆਹ ਵਿਚ ਨੜ ਦਿੱਤੀ ਜਾਂਦੀ ਹੈ।
    ਜਦੋਂ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਮੁੱਖ ਕਾਰਨ ਸਰੀਰਕ ਸ਼ੋਸ਼ਣ ਤੋਂ ਬਚਾਉਣਾ ਸੀ। ਬਲਾਤਕਾਰ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਮਾਪੇ ਆਪਣੀਆਂ ਧੀਆਂ ਨੂੰ ਛੋਟੇ ਹੁੰਦਿਆਂ ਹੀ ਵਿਆਹੁਣ ਉੱਤੇ ਮਜਬੂਰ ਹੋ ਚੁੱਕੇ ਸਨ।
ਬਾਕੀ ਕਾਰਨ :-
1.    ਗਰੀਬੀ, ਪੜ੍ਹਾਈ ਨਾ ਕਰਵਾ ਸਕਣਾ, ਕੰਮ ਕਾਰ ਦੀ ਘਾਟ ਸਦਕਾ ਬੇਟੀ ਨੂੰ ਭਾਰ ਮੰਨਣਾ
2.    ਦਾਜ ਤੋਂ ਬਚਣ ਲਈ ਵਡੇਰੀ ਉਮਰ ਵਾਲੇ ਨਾਲ ਵਿਆਹ ਦੇਣਾ
3.    ਬੇਟੀ ਦੀ ਮਰਜ਼ੀ ਨਾਲ ਵਿਆਹ ਹੋਣ ਤੋਂ ਰੋਕਣਾ
       ਨੈਸ਼ਨਲ ਫੈਮਲੀ ਹੈਲਥ ਸਰਵੇਖਣ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੰਨ 2015-16 ਵਿਚ ਸਭ ਤੋਂ ਵੱਧ ਉਨ੍ਹਾਂ ਨਾਬਾਲਗ ਬੇਟੀਆਂ ਦੇ ਵਿਆਹ ਹੋਏ ਜਿਨ੍ਹਾਂ ਦੇ ਘਰ ਅਤਿ ਦੀ ਗ਼ਰੀਬੀ ਸੀ। ਨਾ ਉਨ੍ਹਾਂ ਬੇਟੀਆਂ ਨੂੰ ਪੜ੍ਹਾਇਆ ਗਿਆ ਸੀ ਤੇ ਨਾ ਹੀ ਘਰ ਖਾਣ ਨੂੰ ਕੁੱਝ ਦਿੱਤਾ ਜਾ ਰਿਹਾ ਸੀ। ਉਨ੍ਹਾਂ ਨੂੰ ਭਾਰ ਤੇ ਪਰਾਇਆ ਧਨ ਮੰਨਦਿਆਂ ਛੇਤੀ ਤੋਰ ਦਿੱਤਾ ਗਿਆ ਸੀ।
    ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਜੇ ਬੇਟੀਆਂ ਦੀ ਪੜ੍ਹਾਈ ਸ਼ੁਰੂ ਹੋ ਜਾਏ ਤੇ ਘੱਟੋ-ਘੱਟ ਅੱਠਵੀਂ ਤੱਕ ਜ਼ਰੂਰ ਲਾਜ਼ਮੀ ਕਰ ਦਿੱਤੀ ਜਾਏ ਤਾਂ ਇਨ੍ਹਾਂ ਵਿੱਚੋਂ ਅੱਧੀਆਂ ਤੋਂ ਵੱਧ 14 ਸਾਲ ਦੀ ਉਮਰ ਜ਼ਰੂਰ ਟੱਪ ਜਾਣਗੀਆਂ।
    ਇਹ ਤੱਥ ਇਸ ਲਈ ਬਹੁਤ ਤਗੜੇ ਤਰੀਕੇ ਉਘਾੜੇ ਗਏ ਕਿਉਂਕਿ ਵਿਸ਼ਵ ਪੱਧਰ ਉੱਤੇ ਇਹ ਅੰਕੜੇ ਪਰੇਸ਼ਾਨ ਕਰਨ ਵਾਲੇ ਸਨ :-
1.    ਜਿਹੜੀਆਂ ਭਾਰਤੀ ਬੇਟੀਆਂ 18 ਸਾਲਾਂ ਤੋਂ ਘੱਟ ਉਮਰ ਵਿਚ ਵਿਆਹੀਆਂ ਗਈਆਂ, ਉਨ੍ਹਾਂ ਵਿੱਚੋਂ 32 ਫੀਸਦੀ ਆਪਣੇ ਪਤੀਆਂ ਹੱਥੋਂ, ਜੋ ਕਿ ਉਮਰ ਵਿਚ ਲਗਭਗ ਦੁਗਣੀ ਵੱਡੀ ਉਮਰ ਦੇ ਸਨ, ਬੇਤਹਾਸ਼ਾ ਮਾਰ ਕੁਟਾਈ ਸਹਿ ਰਹੀਆਂ ਸਨ।
2.    ਇਹੀ ਅੰਕੜੇ ਸਿਰਫ਼ 17 ਫੀਸਦੀ ਵੇਖੇ ਗਏ ਜਦੋਂ ਬਾਲਗ ਔਰਤਾਂ ਦੇ ਵਿਆਹ ਕੀਤੇ ਗਏ। ਇਹ ਸਰਵੇਖਣ 8000 ਔਰਤਾਂ ਵਿਚ ਅਤੇ ਪੰਜ ਸੂਬਿਆਂ ਵਿਚ ਕੀਤਾ ਗਿਆ ਸੀ-ਆਂਧਰ ਪ੍ਰਦੇਸ, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਰਾਜਸਥਾਨ।
    ਦੱਖਣੀ ਭਾਰਤ ਵਿਚ ਸੰਨ 2015-16 ਵਿਚ ਲਗਾਤਾਰ ਜਾਗਰੂਕਤਾ ਫੈਲਾਉਣ ਬਾਅਦ ਸੰਨ 2005-06 ਦੇ ਅੰਕੜਿਆਂ ਨਾਲੋਂ ਬਾਲ ਵਿਆਹਾਂ ਵਿਚ 47 ਫੀਸਦੀ ਘਾਟਾ ਦਿਸਿਆ। ਇਸ ਸਭ ਦੇ ਬਾਵਜੂਦ 2.39 ਲੱਖ ਕੁੜੀਆਂ ਪੰਜ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਰਹੀਆਂ ਲੱਭੀਆਂ। ਕਾਰਨ- ਕੁੜੀਆਂ ਨੂੰ ਭਾਰ ਮੰਨਣਾ ਤੇ ਪਰਾਈ ਅਮਾਨਤ ਸਮਝ ਕੇ ਇਲਾਜ ਖੁਣੋਂ ਮਰਨ ਲਈ ਛੱਡ ਦੇਣਾ ਤੇ ਕੁਦਰਤੀ ਮੌਤ ਦਾ ਨਾਂ ਦੇ ਦੇਣਾ। ਇਹ ਅੰਕੜੇ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਸਨ।
    ਆਸਟ੍ਰੀਆ ਦੇ ਅੰਤਰਰਾਸ਼ਟਰੀ ਇੰਸਟੀਚਿਊਟ ਫਾਰ ਐਪਲਾਈਡ ਸਿਸਟਮ ਅਨੈਲਿਸਿਸ ਵੱਲੋਂ ਕੀਤੀ ਖੋਜ ਅਨੁਸਾਰ ਸੰਨ 2015-16 ਵਿਚ 2.39 ਲੱਖ ਬੱਚੀਆਂ ਜੰਮਣ ਤੋਂ ਬਾਅਦ ਤੇ ਇਨ੍ਹਾਂ ਤੋਂ ਕਿਤੇ ਵੱਧ ਜੰਮਣ ਤੋਂ ਪਹਿਲਾਂ ਭਾਰਤ ਵਿਚ ਮਾਰੀਆਂ ਜਾ ਰਹੀਆਂ ਸਨ।
    ਖੋਜੀ ਕਰਿਸਟੌਫ ਗਿਲਮੋਟੋ ਅਨੁਸਾਰ ਭਾਰਤ ਵਿਚ ਜੰਮਣ ਤੋਂ ਬਾਅਦ ਮਾਰੀਆਂ ਜਾ ਰਹੀਆਂ ਬੇਟੀਆਂ ਵਿੱਚੋਂ 90 ਫੀਸਦੀ ਨੂੰ ਘੱਟ ਖਾਣਾ ਖਾਣ ਨੂੰ ਦਿੱਤਾ ਜਾਂਦਾ ਹੈ, ਮੁਫ਼ਤ ਟੀਕਾਕਰਨ ਵੀ ਨਹੀਂ ਕਰਵਾਇਆ ਜਾਂਦਾ, ਪੂਰੇ ਕਪੜੇ ਵੀ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਤੇ ਲੋੜੋਂ ਵੱਧ ਕੰਮ ਕਰਵਾ ਕੇ ਇਲਾਜ ਖੁਣੋਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਇਹ ਤੱਥ ਵੀ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਹੀ ਸਨ ਜਿੱਥੇ ਪੂਰੇ ਭਾਰਤ ਵਿਚ ਨਾਬਾਲਗ ਬੇਟੀਆਂ ਦੀਆਂ ਹੋ ਰਹੀਆਂ ਮੌਤਾਂ ਦੇ ਦੋ ਤਿਹਾਈ ਕੇਸ ਲੱਭੇ। ਯੋਗਦਾਨ ਵਜੋਂ ਵੇਖੀਏ ਕਿ ਕਿੰਨੇ ਫੀਸਦੀ ਉੱਥੇ ਦੇ ਲੋਕ ਅਜਿਹੀ ਸੋਚ ਰੱਖਦੇ ਸਨ-ਉੱਤਰ ਪ੍ਰਦੇਸ਼ (30.5 ਫੀਸਦੀ), ਬਿਹਾਰ (28.5 ਫੀਸਦੀ), ਰਾਜਸਥਾਨ (22.1 ਫੀਸਦੀ) ਤੇ ਮੱਧ ਪ੍ਰਦੇਸ (25.4 ਫੀਸਦੀ)।
    ਇਨ੍ਹਾਂ ਵਿੱਚੋਂ 74.6 ਫੀਸਦੀ ਪੇਂਡੂ, ਗਰੀਬ, ਘੱਟ ਪੜ੍ਹੀਆਂ ਲਿਖੀਆਂ ਤੇ ਅਨੇਕ ਬੱਚੇ ਜੰਮ ਚੁੱਕੀਆਂ ਮਾਵਾਂ ਦੀਆਂ ਬੇਟੀਆਂ ਸਨ।
    ਨੰਦਿਤਾ ਸਾਈਕਿਆ, ਜੋ ਇਨ੍ਹਾਂ ਪਹਿਲੂਆਂ ਉੱਤੇ ਕੰਮ ਕਰਦੀ ਰਹੀ ਸੀ, ਨੇ ਵੀ ਸਪਸ਼ਟ ਕੀਤਾ ਸੀ ਕਿ ਇਨ੍ਹਾਂ ਸੂਬਿਆਂ ਵਿਚ ਬੇਟੀਆਂ ਦੀ ਬਹੁਤ ਬੇਕਦਰੀ ਕੀਤੀ ਜਾਂਦੀ ਸੀ ਤੇ ਹੁਣ ਤੱਕ ਵੀ ਜਾਰੀ ਹੈ। ਉੱਤਰੀ ਭਾਰਤ ਵਿਚ ਵੀ ਬੇਟੇ ਦੀ ਚਾਹ ਨੇ ਬੇਟੀਆਂ ਦੀ ਵੱਡੀ ਘਾਟ ਕਰ ਦਿੱਤੀ ਹੈ ਜੋ ਔਰਤਾਂ ਉੱਤੇ ਵਧਦੇ ਤਸ਼ੱਦਦ ਅਤੇ ਬਲਾਤਕਾਰਾਂ ਦਾ ਕਾਰਨ ਬਣਦਾ ਜਾ ਰਿਹਾ ਹੈ।
    ਯੂਨਾਈਟਿਡ ਨੇਸ਼ਨਜ਼ ਅਨੁਸਾਰ ਚੀਨ ਤੋਂ ਬਾਅਦ ਭਾਰਤ ਹੀ ਹੈ ਜੋ ਕੁੜੀਆਂ ਮਾਰਨ ਵਿਚ ਮੋਹਰੀ ਬਣਦਾ ਜਾ ਰਿਹਾ ਹੈ। ਚੀਨ ਵਿਚ 72 ਕਰੋੜ 30 ਲੱਖ ਕੁੜੀਆਂ ਸੰਨ 2020 ਵਿਚ ਘੱਟ ਲੱਭੀਆਂ ਤੇ ਭਾਰਤ ਵਿਚ 45 ਕਰੋੜ 80 ਲੱਖ। ਮੈਂ ਪਹਿਲਾਂ ਹੀ ਦਸ ਚੁੱਕੀ ਹਾਂ ਕਿ ਯੂਨਾਈਟਿਡ ਨੇਸ਼ਨਜ਼ ਅਨੁਸਾਰ ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਭਾਰਤ ਵਿਚ ਜੰਮਦੇ ਸਾਰ ਮਾਰੀਆਂ ਗਈਆਂ। ਉਸੇ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ ਦੋ ਤਿਹਾਈ ਜੰਮਣ ਤੋਂ ਪਹਿਲਾਂ ਤੇ ਇੱਕ ਤਿਹਾਈ ਜੰਮਣ ਤੋਂ ਬਾਅਦ ਮਾਰ ਮੁਕਾਈਆਂ ਗਈਆਂ। ਇਸ ਰਿਪੋਰਟ ਵਿਚ ਅੱਗੇ ਲਿਖਿਆ ਹੈ ਕਿ ਚੀਨ ਅਤੇ ਭਾਰਤ ਨੇ ਮਿਲ ਕੇ ਦੁਨੀਆ ਭਰ ਦੀਆਂ ਮਾਦਾ ਭਰੂਣ ਹੱਤਿਆਵਾਂ ਦਾ 95 ਫੀਸਦੀ ਹਿੱਸਾ ਆਪਣੇ ਸਿਰ ਲਿਆ ਹੋਇਆ ਹੈ। ਇਨ੍ਹਾਂ ਹੱਤਿਆਵਾਂ ਦੀ ਗਿਣਤੀ ਹਰ ਸਾਲ ਇੱਕ ਕਰੋੜ 50 ਲੱਖ ਤੱਕ ਪਹੁੰਚ ਜਾਂਦੀ ਹੈ।
    ਲੈਨਸਟ ਰਿਸਾਲੇ ਵਿਚ ਛਪੀ ਰਿਪੋਰਟ ਅਨੁਸਾਰ ਇਨ੍ਹਾਂ ਦੋਨਾਂ ਮੁਲਕਾਂ ਵਿਚ ਜਨਮ ਦਰ ਵੀ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਹੈ। ਨਤੀਜੇ ਵਜੋਂ ਕੁੜੀਆਂ ਦੀ ਦਿਨੋ ਦਿਨ ਘਟਦੀ ਗਿਣਤੀ ਸਦਕਾ ਅਣਵਿਆਹੇ ਮੁੰਡਿਆਂ ਦੀ ਭਰਮਾਰ, ਜੋ ਹੋਰਨਾਂ ਮੁਲਕਾਂ ਵਿੱਚੋਂ ਪਤਨੀਆਂ ਭਾਲਦੇ ਹਨ ਜਾਂ ਜਬਰ ਜ਼ਨਾਹ ਕਰ ਕੇ ਸਰੀਰਕ ਭੁੱਖ ਮਿਟਾਉਂਦੇ ਹਨ।
    ਇਸ ਸਾਲ ਭਾਰਤ ਕੁੜੀਆਂ ਦੀ ਮਾਰਨ ਦੀ ਗਿਣਤੀ ਵਿਚ ਮੋਹਰੀ ਹੋ ਗਿਆ ਹੈ ਤੇ ਹੁਣ ਹਰ ਜੰਮਣ ਵਾਲੀਆਂ ਨੌਂ ਵਿੱਚੋਂ ਇੱਕ ਭਾਰਤੀ ਧੀ ਕੁੱਖ ਵਿਚ ਮਾਰੀ ਜਾਣ ਲੱਗ ਪਈ ਹੈ। ਇਸ ਦਾ ਮਤਲਬ ਹੈ ਹਰ ਹਜ਼ਾਰ ਬੇਟੀਆਂ ਵਿੱਚੋਂ 13.5 ਫੀਸਦੀ ਜਨਮ ਹੀ ਨਹੀਂ ਲੈ ਰਹੀਆਂ।
    ਭਾਰਤ ਤੇ ਵੀਅਤਨਾਮ ਵਿਚ ਬੇਟੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। 'ਪਰਾਇਆ ਧਨ' ਦੀ ਥਾਂ 'ਆਪਣਾ ਧਨ' ਕਹਿਣ ਉੱਤੇ ਜ਼ੋਰ ਪਾਇਆ ਜਾਣ ਲੱਗ ਪਿਆ। ਔਰਤਾਂ ਲਈ ਰੈਜ਼ਰਵੇਸ਼ਨ ਤੇ ਉਨ੍ਹਾਂ ਦੀਆਂ ਹਾਸਲ ਕੀਤੀਆਂ ਸਫ਼ਲਤਾਵਾਂ ਉਜਾਗਰ ਕੀਤੀਆਂ ਜਾਣ ਲੱਗ ਪਈਆਂ ਹਨ। ਇੰਜ ਹੀ ਇਕੱਲੀਆਂ ਬੇਟੀਆਂ ਵਾਲੇ ਟੱਬਰ ਲਈ ਵੀ ਮਾਣ ਸਨਮਾਨ ਜਾਂ ਸਰਕਾਰੀ ਸਹੂਲਤਾਂ ਐਲਾਨ ਕੀਤੀਆਂ ਗਈਆਂ ਹਨ। ਮੁਫ਼ਤ ਵਿਦਿਆ, ਕਿਤਾਬਾਂ, ਵਰਦੀਆਂ, ਸਕੂਲੀ ਖਾਣਾ ਆਦਿ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। 'ਅਪਨੀ ਬੇਟੀ ਅਪਨਾ ਧਨ' ਭਾਰਤ ਵਿਚ ਐਲਾਨਿਆ ਗਿਆ ਹੈ।
    ਇਸ ਸਭ ਦੇ ਬਾਵਜੂਦ ਧੀਆਂ ਦਾ ਕੁੱਖ ਵਿਚ ਮਾਰਿਆ ਜਾਣਾ ਜਾਂ ਜੰਮਣ ਬਾਅਦ ਮਾਰਿਆ ਜਾਣਾ ਜਾਰੀ ਹੈ।
    ਇਸੇ ਲਈ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਵੱਲੋਂ ਹੁਣ ਜਾਰੀ ਕੀਤੀ ਚੇਤਾਵਨੀ ਅਨੁਸਾਰ ਗਰੀਬ ਘਰਾਂ ਲਈ ਨੂੰਹਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਅਮੀਰ ਘਰ ਹੋਰਨਾਂ ਦੀਆਂ ਬੇਟੀਆਂ ਦੇ ਬਾਲ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣਗੇ ਜਾਂ ਨੂੰਹਾਂ ਖ਼ਰੀਦ ਲਿਆਉਣਗੇ। ਨਤੀਜੇ ਵਜੋਂ ਸੰਨ 2050 ਤੱਕ 50 ਸਾਲਾ ਅਣਵਿਆਹੇ ਭਾਰਤੀ ਨੌਜਵਾਨਾਂ ਵਿਚ 10 ਫੀਸਦੀ ਹੋਰ ਵਾਧਾ ਹੋ ਜਾਣ ਵਾਲਾ ਹੈ।
    ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਗਰੀਬ ਘਰਾਂ ਦੇ ਬੇਰੁਜ਼ਗਾਰ ਜਾਂ ਘੱਟ ਕਮਾਈ ਵਾਲੇ ਨੌਜਵਾਨਾਂ ਕੋਲ ਸਰੀਰਕ ਭੁੱਖ ਮਿਟਾਉਣ ਦੇ ਦੋ ਹੀ ਰਾਹ ਬਚਣਗੇ-ਸਮੂਹਕ ਜਬਰਜ਼ਨਾਹ ਜਾਂ ਘਰ ਵਿਚਲੇ ਭਰਾਵਾਂ ਵਿੱਚ ਇੱਕੋ ਭਰਜਾਈ ਵੰਡ ਲਈ ਜਾਵੇ!
    ਮੌਜੂਦਾ ਭਿਆਨਕ ਤਰੀਕੇ ਹੋ ਰਹੇ ਜਬਰਜ਼ਨਾਹਾਂ ਵਿਚ ਵਾਧੇ ਦਾ ਇਹੋ ਕਾਰਨ ਮੰਨਦਿਆਂ ਯੂਨਾਈਟਿਡ ਨੇਸ਼ਨਜ਼ ਨੇ ਬੇਟੀਆਂ ਉੱਤੇ ਹੋ ਰਹੇ ਹੋਰ ਵੀ ਅਣਮਨੁੱਖੀ ਵਰਤਾਰਿਆਂ ਨੂੰ ਉਜਾਗਰ ਕੀਤਾ ਹੈ-ਬੇਟੀਆਂ ਦਾ ਖ਼ਤਨਾ, ਉਨ੍ਹਾਂ ਦੀਆਂ ਛਾਤੀਆਂ ਉੱਤੇ ਗਰਮ ਪ੍ਰੈਸ ਫੇਰਨੀ, ਅੰਦਰੂਨੀ ਅੰਗਾਂ ਦੀ ਕੱਟ ਵੱਢ!
    ਇਹ ਅਣਮਨੁੱਖੀ ਤਸੀਹੇ ਧੀਆਂ ਨੂੰ ਚੁਫ਼ੇਰੇ ਫਿਰਦੇ ਬਘਿਆੜਾਂ ਤੋਂ ਬਚਾਉਣ ਲਈ ਮਾਪੇ ਹੀ ਕਰਨ ਲੱਗ ਪਏ ਹਨ। ਸੰਨ 2021 ਦੇ ਅੰਤ ਤੱਕ ਅਜਿਹੇ ਅਣਮਨੁੱਖੀ ਵਰਤਾਰਿਆਂ ਦੀ ਭੇਂਟ ਚੜ੍ਹਨ ਵਾਲੀਆਂ ਬੇਟੀਆਂ ਦੀ ਗਿਣਤੀ ਯੂਨਾਈਟਿਡ ਨੇਸ਼ਨਜ਼ ਅਨੁਸਾਰ 41 ਲੱਖ ਪਹੁੰਚੇਗੀ ਤੇ 33,000 ਦੇ ਕਰੀਬ ਬੇਟੀਆਂ ਬਾਲ ਵਿਆਹਾਂ ਵੱਲ ਧੱਕੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਬਥੇਰੀਆਂ ਆਪਣੇ ਤੋਂ ਤਿੰਨ ਗੁਣਾਂ ਵਡੇਰੀ ਉਮਰ ਵਾਲਿਆਂ ਨਾਲ ਨਰਕ ਭੋਗਣ ਉੱਤੇ ਮਜਬੂਰ ਕਰ ਦਿੱਤੀਆਂ ਜਾਣਗੀਆਂ।
    ਸਭ ਤੋਂ ਭਿਆਨਕ ਅੰਕੜੇ ਇਹ ਦਰਸਾਏ ਗਏ ਹਨ ਕਿ ਕੁੱਖ ਵਿਚ ਮਾਰੇ ਜਾਣ ਵਾਲੀਆਂ ਧੀਆਂ ਦੀ ਗਿਣਤੀ ਇਸ ਸਾਲ 14 ਕਰੋੜ ਪਹੁੰਚੇਗੀ!
    ਕੋਵਿਡ ਮਹਾਂਮਾਰੀ ਦੌਰਾਨ ਲਗਭਗ ਇੱਕ ਕਰੋੜ 30 ਲੱਖ ਬੇਟੀਆਂ ਨੌਕਰੀਆਂ ਛੁਟ ਜਾਣ ਅਤੇ ਗਰੀਬੀ ਦੀ ਮਾਰ ਝੱਲਦੀਆਂ ਜਬਰੀ ਵਿਆਹੀਆਂ ਗਈਆਂ ਅਤੇ 20 ਲੱਖ ਦੇ ਕਰੀਬ ਨੂੰ ਜਬਰਜ਼ਨਾਹ ਤੋਂ ਬਚਾਉਣ ਲਈ ਅੰਦਰੂਨੀ ਅੰਗਾਂ ਦੇ ਵੱਢੇ ਜਾਣ ਦੀ ਪੀੜ ਸਹਿਣੀ ਪਈ।
    ਸਿਰਫ਼ ਇਹ ਹੀ ਨਹੀਂ, ਘਰਾਂ ਵਿਚ ਕੈਦ ਬਾਲੜੀਆਂ ਵਿੱਚੋਂ ਵੀ 41 ਤੋਂ 47 ਫੀਸਦੀ ਘਰੇਲੂ ਹਿੰਸਾ ਜਾਂ ਆਪਣਿਆਂ ਵੱਲੋਂ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ।
    ਸੰਨ 2021 ਜਨਵਰੀ ਵਿਚ ਯੂਨਾਈਟਿਡ ਨੇਸ਼ਨਜ ਪਾਪੂਲੇਸ਼ਨ ਫੰਡ ਵੱਲੋਂ ਜਾਰੀ ਪਰਚੇ ਅਨੁਸਾਰ ਜੇ ਹੁਣ 3.4 ਬਿਲੀਅਨ ਅਮਰੀਕਨ ਡਾਲਰ ਸੰਨ 2030 ਤੱਕ ਸਿਰਫ਼ ਧੀਆਂ ਦੀ ਸਕੂਲੀ ਪੜ੍ਹਾਈ, ਚੰਗੀ ਮਾੜੀ ਛੋਹ ਬਾਰੇ ਦੱਸਣ, ਬੇਟੀਆਂ ਦੀ ਸਰੀਰਕ ਤਾਕਤ ਵਧਾਉਣ ਅਤੇ ਉਨ੍ਹਾਂ ਨੂੰ ਕਮਾਈ ਯੋਗ ਬਣਾਉਣ ਉੱਤੇ ਲਾਏ ਜਾਣ, ਤਾਂ ਹੀ ਆਉਣ ਵਾਲੇ ਸਮੇਂ ਵਿਚ ਬੇਟੀਆਂ ਪ੍ਰਤੀ ਸੋਚ ਵਿਚ ਕੁੱਝ ਤਬਦੀਲੀ ਨਜ਼ਰ ਆ ਸਕਦੀ ਹੈ।
    ਪਰ ਸਭ ਤੋਂ ਅਹਿਮ ਨੁਕਤਾ ਜੋ ਇਸੇ ਪਰਚੇ ਵਿਚ ਉਜਾਗਰ ਕੀਤਾ ਗਿਆ ਹੈ, ਉਹ ਹੈ-ਪੁੱਤਰਾਂ ਤੇ ਆਦਮੀਆਂ ਨੂੰ ਸਕੂਲਾਂ ਕਾਲਜਾਂ ਵਿਚ ਸਿਰਫ਼ ਆਮਦਨ ਕਮਾਉਣ ਦੇ ਸਾਧਨ ਹੀ ਨਾ ਸਿਖਾਏ ਜਾਣ, ਬਲਕਿ ਔਰਤ ਜ਼ਾਤ ਦਾ ਆਦਰ ਕਰਨ ਅਤੇ ਉਸ ਨੂੰ ਬਰਾਬਰੀ ਦਾ ਦਰਜਾ ਦੇਣ ਉੱਤੇ ਜ਼ੋਰ ਪਾਉਣ ਬਾਰੇ ਸਮਝਾਇਆ ਜਾਵੇ।
    ਇਸੇ ਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਉੱਤੇ ਜ਼ੋਰ ਪਾਇਆ ਗਿਆ ਹੈ-ਘਰੇਲੂ ਹਿੰਸਾ ਉੱਤੇ ਸੰਪੂਰਨ ਰੂਪ ਵਿਚ ਰੋਕ! ਇੰਜ ਜਿੱਥੇ ਘਰ ਵਿਚਲੇ ਪੁੱਤਰਾਂ ਨੂੰ ਇੱਕ ਉਦਾਹਰਣ ਮਿਲੇਗੀ ਕਿ ਔਰਤਾਂ ਦੀ ਇੱਜ਼ਤ ਕਿਵੇਂ ਕਰਨੀ ਹੁੰਦੀ ਹੈ, ਉੱਥੇ ਪੁੱਤਰਾਂ ਨੂੰ ਘਰੇਲੂ ਕੰਮਾਂ, ਖ਼ਾਸ ਕਰ ਮਾਂ ਦਾ ਹੱਥ ਵਟਾਉਣਾ ਸਿਖਾਇਆ ਜਾਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
    ਇਨ੍ਹਾਂ ਸਾਰੇ ਅੰਕੜਿਆਂ, ਖੋਜਾਂ, ਅਗਾਊਂ ਕਰਨ ਵਾਲੇ ਕੰਮਾਂ ਅਤੇ ਨੁਕਤਿਆਂ ਉੱਤੇ ਮੈਂ ਵੇਲੇ ਸਿਰ ਚਾਨਣਾ ਪਾ ਦਿੱਤਾ ਹੈ। ਵੇਖੀਏ ਹੁਣ ਆਉਣ ਵਾਲਾ ਸਮਾਂ ਚੰਗਾ ਹੋਣ ਵਾਲਾ ਹੈ ਜਾਂ ਦਰਿੰਦਗੀ ਕਰਨ ਵਾਲੇ ਰਾਖ਼ਸ਼ਾਂ ਵਿਚ ਵਾਧਾ ਹੋਣ ਵਾਲਾ ਹੈ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783