ਅੰਜੀਰ - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਤੁਰਕੀ ਵਿਚ ਇਸ ਸਮੇਂ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਉੱਗ ਰਹੀ ਅਤੇ ਹੋਰਨਾਂ ਮੁਲਕਾਂ ਵਿਚ ਭੇਜੀ ਜਾਣ ਵਾਲੀ ਅੰਜੀਰ ਨੂੰ 'ਸੁਰਗਾਂ ਦਾ ਫਲ' ਕਿਹਾ ਜਾਂਦਾ ਹੈ।
ਭਾਰਤ ਵਿਚ ਸਭ ਤੋਂ ਪੁਰਾਣਾ ਅੰਜੀਰ ਦਾ ਦਰਖਤ ਬੋਧ ਗਯਾ ਵਿਚ ਬੋਧੀਆਂ ਵੱਲੋਂ ਬੀਜਿਆ ਅੱਜ ਵੀ ਵੇਖਿਆ ਜਾ ਸਕਦਾ ਹੈ ਜੋ 2305 ਸਾਲ ਪੁਰਾਣਾ ਹੈ।
ਜੇ ਕਿਸੇ ਨੇ ਜੌਰਡਨ ਦੇ ਇਕ ਪੁਰਾਤਨ ਪਿੰਡ ਵਿਚ ਕੀਤੀ ਖੁਦਾਈ ਬਾਰੇ ਪੜ੍ਹਿਆ ਸੁਣਿਆ ਹੋਵੇ, ਤਾਂ ਉੱਥੇ ਪੱਥਰ ਬਣ ਚੁੱਕੀਆਂ ਅੰਜੀਰਾਂ ਦੀਆਂ 9 ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ ਜੋ ਈਸਾ ਮਸੀਹ ਤੋਂ 9400 ਸਾਲ ਪਹਿਲਾਂ ਦੀਆਂ ਹਨ।
    ਸੰਸਕ੍ਰਿਤ ਵਿਚ ਉਦੁੰਬਰਾ ਵਜੋਂ ਜਾਣੀ ਜਾਂਦੀ ਅੰਜੀਰ ਬਾਰੇ ਕੁਰਾਨ ਵਿਚ ਵੀ ਜ਼ਿਕਰ ਹੈ ਕਿ - ''ਰਬ ਵੀ ਅੰਜੀਰ ਦੀ ਸਹੁੰ ਖਾ ਕੇ ਕਹਿੰਦਾ ਹੈ।'' (ਤਰਜਮੇ ਦੀ ਕਾਪੀ ਵਿੱਚੋਂ ਲਿਖਿਆ ਮਿਲਿਆ ਹੈ -By the fig)
ਈਸਾ ਮਸੀਹ ਤੋਂ 5000 ਸਾਲ ਪਹਿਲਾਂ ਪੁਰਾਣੇ ਰੋਮ ਵਿੱਚੋਂ ਖੁਦਾਈ ਦੌਰਾਨ 29 ਵੱਖੋ ਵੱਖ ਕਿਸਮਾਂ ਦੀਆਂ ਅੰਜੀਰਾਂ ਲੱਭੀਆਂ ਜਾ ਚੁੱਕੀਆਂ ਹਨ।
ਇਹ ਮੰਨਿਆ ਜਾ ਚੁੱਕਿਆ ਹੈ ਕਣਕ ਜਾਂ ਬਾਜਰੇ ਤੋਂ ਵੀ ਕਈ ਹਜ਼ਾਰ ਵਰ੍ਹੇ ਪਹਿਲਾਂ ਮਨੁੱਖ ਨੇ ਅੰਜੀਰ ਦਾ ਦਰਖਤ ਲਾਉਣਾ ਸ਼ੁਰੂ ਕੀਤਾ ਸੀ। ਇਸ ਦੇ ਸਬੂਤ ਵਜੋਂ ਰੋਮ ਦੇ ਨੇੜੇ 11,400 ਸਾਲ ਪਹਿਲਾਂ ਦੇ ਅਨੇਕ ਦਰਖ਼ਤ ਇੱਕੋ ਥਾਂ ਉਗਾਏ ਲੱਭੇ ਜਾ ਚੁੱਕੇ ਹਨ।
ਭਾਰਤ ਵਿਚ ਅੱਜ ਦੇ ਦਿਨ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ, ਕਰਨਾਟਕ ਅਤੇ ਤਾਮਿਲ ਨਾਡੂ ਵਿਖੇ ਅੰਜੀਰ ਕਾਫ਼ੀ ਉਗਾਈ ਜਾ ਰਹੀ ਹੈ।
ਅੰਜੀਰ ਦੀ ਸਭ ਤੋਂ ਵੱਧ ਮਹੱਤਾ ਇਸ ਨਾਲ ਮਿਲਦੇ ਮਰਦਾਨਾ ਕਮਜ਼ੋਰੀ ਵਿਚ ਫ਼ਾਇਦੇ ਸਦਕਾ ਹੈ। ਅਣਗਿਣਤ ਆਯੁਰਵੈਦਿਕ ਦਵਾਈਆਂ, ਐਲੋਪੈਥਿਕ ਖੋਜਾਂ ਅਤੇ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਵੱਲੋਂ ਸੁਝਾਏ ਨੁਕਤਿਆਂ ਅਨੁਸਾਰ ਮਰਦਾਨਾ ਕਮਜ਼ੋਰੀ ਲਈ ਰਾਤ ਭਰ ਭਿਉਂ ਕੇ ਰੱਖੀਆਂ ਦੋ ਅੰਜੀਰਾਂ, 4 ਬਦਾਮ ਅਤੇ 2 ਅਖਰੋਟ ਜਦੋਂ ਗਰਮ ਦੁੱਧ ਨਾਲ ਸਵੇਰੇ ਲੈ ਲਏ ਜਾਣ ਤਾਂ ਮਰਦਾਨਾ ਕਮਜ਼ੋਰੀ ਵਿਚ ਬਹੁਤ ਫ਼ਰਕ ਪੈ ਜਾਂਦਾ ਹੈ।
ਐਲੋਪੈਥਿਕ ਡਾਕਟਰ ਮੰਨਦੇ ਹਨ ਕਿ ਬਹੁਗਿਣਤੀ ਮਰਦਾਨਾ ਕਮਜ਼ੋਰੀ ਦੇ ਮਰੀਜ਼ਾਂ ਨੂੰ ਕੋਈ ਬੀਮਾਰੀ ਹੁੰਦੀ ਹੀ ਨਹੀਂ। ਘਬਰਾਹਟ ਅਤੇ ਮਾਨਸਿਕ ਨਿਤਾਣਾਪਨ ਹੀ ਹੁੰਦਾ ਹੈ ਜੋ ਅੰਜੀਰ ਖਾਣ ਨਾਲ ਬੰਦਾ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪੈਂਦਾ ਹੈ।
ਖੋਜਾਂ ਇਹ ਵੀ ਸਪਸ਼ਟ ਕਰ ਚੁੱਕੀਆਂ ਹਨ ਕਿ ਜਿਹੜੇ ਅੰਸ਼ ਅਤੇ ਤੱਤ ਸ਼ਕਰਾਣੂਆਂ ਨੂੰ ਤੰਦਰੁਸਤ ਰੱਖਣ ਅਤੇ ਹਿਲਜੁਲ ਸਹੀ ਕਰਨ ਲਈ ਲੋੜੀਂਦੇ ਹਨ, ਜਿਵੇਂ ਸੀਲੀਨੀਅਮ, ਵਿਟਾਮਿਨ ਈ, ਜ਼ਿੰਕ, ਓਮੇਗਾ ਤਿੰਨ ਫੈਟੀ ਏਸਿਡ, ਫੋਲੇਟ ਆਦਿ, ਸਭ ਅੰਜੀਰ ਵਿਚ ਮੌਜੂਦ ਹਨ ਤੇ ਪੂਰੀ ਮਾਤਰਾ ਵਿਚ ਹਨ। ਇਸੇ ਲਈ ਮਰਦਾਨਾ ਤਾਕਤ ਲਈ ਸੁਪਰ-ਫੂਡ ਮੰਨੀ ਜਾ ਚੁੱਕੀ ਅੰਜੀਰ ਨੂੰ ਹੁਣ ਕਈ ਲੋਕ ਰਾਤ ਭਰ ਭਿਉਂ ਕੇ ਉਸ ਨਾਲ ਭਿੱਜੇ ਬਦਾਮ, ਅਖਰੋਟ ਅਤੇ ਨਾਲੋ ਨਾਲ ਹੇਜ਼ਲ ਨੱਟ ਵੀ ਖਾਣ ਲੱਗ ਪਏ ਹਨ।
2 ਸੁੱਕੀਆਂ ਅੰਜੀਰਾਂ (ਦੋ ਕੱਟੇ ਟੋਟਿਆਂ) ਵਿਚ ਲਗਭਗ 95 ਕੈਲਰੀਆਂ ਹੁੰਦੀਆਂ ਹਨ।
ਲੋਹ ਕਣਾਂ ਵਿਚ ਭਰਪੂਰ ਹੋਣ ਸਦਕਾ ਅੰਜੀਰ ਲਹੂ ਦੀ ਕਮੀ ਨਾਲ ਜੂਝਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੋ ਚੁੱਕੀ ਹੈ। ਥਕਾਨ ਬਾਅਦ ਜੇ ਦੋ ਅੰਜੀਰਾਂ ਖਾ ਲਈਆਂ ਜਾਣ ਤਾਂ ਝਟਪਟ ਥਕਾਵਟ ਦੂਰ ਹੋ ਜਾਂਦੀ ਹੈ।
ਜੇ ਯੂਰਿਕ ਏਸਿਡ ਵਧਿਆ ਹੋਵੇ ਤਾਂ ਪੂਰੀ ਦਵਾਈ ਖਾਣ ਦੇ ਨਾਲੋ ਨਾਲ ਖਾਣ-ਪੀਣ ਵਿਚ ਪਰਹੇਜ਼ ਕਰਨ ਅਤੇ ਇੱਕ ਮਹੀਨੇ ਲਈ ਅੰਜੀਰ ਖਾਣ ਨਾਲ ਯੂਰਿਕ ਏਸਿਡ ਛੇਤੀ ਘੱਟ ਹੋ ਜਾਂਦਾ ਹੈ।
ਫਾਈਬਰ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਕਬਜ਼ ਵੀ ਠੀਕ ਹੋ ਸਕਦੀ ਹੈ। ਕੈਲਸ਼ੀਅਮ ਤੇ ਫ਼ਾਸਫੋਰਸ ਕਾਰਨ ਅੰਜੀਰ ਹੱਡੀਆਂ ਵੀ ਤੰਦਰੁਸਤ ਰੱਖਦੀ ਹੈ। ਦਿਲ ਸਿਹਤਮੰਦ ਰੱਖਣ ਵਿਚ ਵੀ ਅੰਜੀਰ ਲਾਹੇਵੰਦ ਹੈ।
ਸ਼ਕਰ ਰੋਗੀਆਂ ਲਈ ਅੰਜੀਰ ਰੱਬੀ ਸੁਗ਼ਾਤ ਹੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਸ਼ੱਕਰ ਦੀ ਮਾਤਰਾ ਕਾਫੀ ਘੱਟ ਹੈ। ਇਸ ਵਿਚ ਨਮਕ ਵੀ ਕਾਫੀ ਘੱਟ ਹੈ ਤੇ ਥਿੰਦਾ ਉੱਕਾ ਹੀ ਨਹੀਂ ਹੈ।
ਗਰਭਵਤੀ ਔਰਤਾਂ ਵੀ ਜੇ ਰੋਜ਼ ਰਾਤ ਦੋ ਅੰਜੀਰਾਂ ਭਿਉਂ ਕੇ ਸਵੇਰੇ ਖਾਂਦੀਆਂ ਰਹਿਣ ਤਾਂ ਜੱਚਾ-ਬੱਚਾ, ਦੋਵਾਂ ਨੂੰ ਹੀ ਫ਼ਾਇਦਾ ਪਹੁੰਚ ਜਾਂਦਾ ਹੈ।
ਜੇ ਮਾਹਵਾਰੀ ਦੌਰਾਨ ਥਕਾਨ, ਪੀੜ, ਚੱਕਰ ਆਦਿ ਆਉਂਦੇ ਹੋਣ ਤਾਂ ਦਵਾਈ ਦੇ ਨਾਲ ਉਨ੍ਹਾਂ ਦਿਨਾਂ ਵਿਚ ਅੰਜੀਰ ਜ਼ਰੂਰ ਖਾ ਲੈਣੀ ਚਾਹੀਦੀ ਹੈ।
    ਜਿਨ੍ਹਾਂ ਦੀ ਮਾਹਵਾਰੀ ਬੰਦ ਹੋ ਚੁੱਕੀ ਹੋਵੇ, ਉਨ੍ਹਾਂ ਲਈ ਵੀ ਮਾੜੇ ਲੱਛਣ ਘਟਾਉਣ ਵਿਚ ਅੰਜੀਰ ਮਦਦ ਕਰਦੀ ਹੈ। ਜਿਨ੍ਹਾਂ ਵਿਚ ਹਾਰਮੋਨਾਂ ਦੀ ਗੜਬੜੀ ਹੋਵੇ (PCOD), ਉਨ੍ਹਾਂ ਔਰਤਾਂ ਨੂੰ ਵੀ ਤਿੰਨ ਮਹੀਨੇ ਲਗਾਤਾਰ ਰੋਜ਼ ਸਵੇਰੇ ਰਾਤ ਦੀਆਂ ਭਿਉਂ ਕੇ ਰੱਖੀਆਂ ਤਿੰਨ ਅੰਜੀਰਾਂ ਗਰਮ ਦੁੱਧ ਨਾਲ ਖਾ ਲੈਣੀਆਂ ਚਾਹੀਦੀਆਂ ਹਨ। ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਨਾਲੋ-ਨਾਲ ਡਾਕਟਰੀ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ।
ਜਿਨ੍ਹਾਂ ਨੂੰ ਨੀਂਦਰ ਠੀਕ ਨਾ ਆਉਂਦੀ ਹੋਵੇ,ਉਨ੍ਹਾਂ ਨੂੰ ਵੀ ਰਾਤ ਵੇਲੇ ਤਣਾਓ ਘਟਾ ਕੇ, ਮਧੁਰ ਸੰਗੀਤ ਸੁਣਦਿਆਂ, ਤਲੀਆਂ ਚੀਜ਼ਾਂ ਖਾਣ ਦੀ ਥਾਂ ਗਰਮ ਦੁੱਧ ਵਿਚ ਦੋ ਅਜ਼ੀਰਾਂ ਉਬਾਲ ਕੇ ਜ਼ਰੂਰ ਖਾ ਲੈਣੀਆਂ ਚਾਹੀਦੀਆਂ ਹਨ।



ਵਾਲਾਂ ਲਈ :-
ਅੰਜੀਰ ਵਿਚਲੇ ਮੈਗਨੀਸ਼ੀਅਮ, ਵਿਟਾਮਿਨ ਸੀ ਅਤੇ ਈ ਇਸ ਨੂੰ ਵਾਲ ਵਧਾਉਣ ਲਈ ਵਧੀਆ ਦਵਾਈ ਬਣਾ ਦਿੰਦੇ ਹਨ।


ਗੁਰਦੇ ਦੀ ਪਥਰੀ :-
ਪੂਰਾ ਡਾਕਟਰੀ ਇਲਾਜ ਕਰਨ ਦੇ ਨਾਲ ਜੇ ਖ਼ੁਰਾਕ ਦੀ ਤਬਦੀਲੀ ਕੀਤੀ ਜਾਵੇ ਅਤੇ ਰੋਜ਼ ਅੰਜੀਰ ਵੀ ਖਾ ਲਈ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਇਕ ਅੰਜੀਰ ਨੂੰ 5 ਤੋਂ 10 ਮਿੰਟ ਤੱਕ ਇਕ ਗਿਲਾਸ ਪਾਣੀ ਵਿਚ ਉਬਾਲ ਕੇ ਪੀਣਾ ਚਾਹੀਦਾ ਹੈ। ਇੰਜ ਦਿਨ ਵਿਚ ਚਾਰ ਗਿਲਾਸ ਪੀ ਲੈਣੇ ਚਾਹੀਦੇ ਹਨ।


ਭਾਰ ਘਟਾਉਣ ਲਈ :-
ਰੋਜ਼ਾਨਾ ਕਸਰਤ ਤੇ ਸੰਤੁਲਿਤ ਖ਼ੁਰਾਕ ਦੇ ਨਾਲ ਰੋਜ਼ ਦੋ ਅੰਜੀਰਾਂ ਖਾਣ ਨਾਲ ਇਸ ਵਿਚਲੇ ਫਾਈਬਰ ਸਦਕਾ ਭਾਰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਜੇ ਰੋਜ਼ 6 ਤੋਂ ਵੱਧ ਅੰਜੀਰਾਂ ਖਾਧੀਆਂ ਜਾਣ ਤਾਂ ਭਾਰ ਵਧਣ ਲੱਗ ਸਕਦਾ ਹੈ, ਤਗੜੀ ਐਲਰਜੀ ਹੋ ਸਕਦੀ ਹੈ, ਤਿੱਖੀ ਢਿੱਡ ਪੀੜ ਹੋ ਸਕਦੀ ਹੈ, ਅਫ਼ਾਰਾ ਹੋ ਸਕਦਾ ਹੈ, ਬਲੱਡ ਪ੍ਰੈੱਸ਼ਰ ਘੱਟ ਹੋ ਸਕਦਾ ਹੈ, ਟੱਟੀਆਂ ਲੱਗ ਸਕਦੀਆਂ ਹਨ, ਨਿੱਛਾਂ ਆ ਸਕਦੀਆਂ ਹਨ, ਲਹੂ ਵਿਚ ਸ਼ੱਕਰ ਦੀ ਮਾਤਰਾ ਕਾਫੀ ਘੱਟ ਹੋ ਜਾਂਦੀ ਹੈ ਤੇ ਅੱਖ ਦੀ ਅੰਦਰਲੀ ਪਰਤ ਵਿਚ ਲਹੂ ਤੱਕ ਚੱਲ ਸਕਦਾ ਹੈ।
ਹਾਲਾਂਕਿ ਕਈ ਇਨਸਾਨਾਂ ਉੱਤੇ ਹੋਈ ਖੋਜ ਇਹ ਤੱਥ ਸਾਬਤ ਨਹੀਂ ਕਰ ਸਕੀ ਪਰ ਚੂਹਿਆਂ ਉੱਤੇ ਹੋਈ ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਅੰਜੀਰ ਲਹੂ ਵਗਣ ਵਿਚ ਰੋਕ ਲਾ ਸਕਦੀ ਹੈ ਕਿਉਂਕਿ ਇਸ ਦੇ ਅਸਰ ਅਧੀਨ ਲਹੂ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ।


ਲੋਹ ਕਣ ਭਰਪੂਰ ਫਲ ਸਬਜ਼ੀਆਂ :-
ਅੰਜੀਰ ਤਾਂ ਲੋਹ ਕਣਾਂ ਨਾਲ ਭਰਪੂਰ ਹੈ ਹੀ, ਪਰ ਜੇ ਸਭ ਦੀ ਰੋਜ਼ਾਨਾ ਦੀ ਖ਼ੁਰਾਕ ਵਿਚ ਵੱਖੋ ਵੱਖ ਫਲ ਸਬਜ਼ੀਆਂ ਸ਼ਾਮਲ ਕਰ ਲਈਆਂ ਜਾਣ ਤਾਂ ਲਹੂ ਦੀ ਕਮੀ ਖ਼ਤਮ ਕੀਤੀ ਜਾ ਸਕਦੀ ਹੈ।  ਇਹ ਹਨ :-
- ਹਦਵਾਣਾ        - ਪਾਲਕ
- ਸੌਗੀ            - ਸ਼ਕਰਕੰਦੀ
- ਖਜੂਰ        - ਮਟਰ
- ਸਟਰਾਅਬੈਰੀ        - ਬਰੌਕਲੀ
- ਆੜੂ        - ਹਰੀਆਂ ਫਲੀਆਂ
- ਅਲੂਚਾ        - ਕੇਲ ਪੱਤਾ
ਸਾਰ :-
ਕੁਦਰਤ ਨੇ ਸਾਨੂੰ ਬੇਸ਼ਕੀਮਤੀ ਚੀਜ਼ਾਂ ਤੰਦਰੁਸਤ ਰਹਿਣ ਲਈ ਦਿੱਤੀਆਂ ਹੋਈਆਂ ਹਨ। ਜੇ ਅਸੀਂ ਇਨ੍ਹਾਂ ਦੀ ਸਹੀ ਸੰਭਾਲ ਕਰ ਕੇ ਸਹੀ ਢੰਗ ਨਾਲ ਖਾਣਾ ਸ਼ੁਰੂ ਕਰ ਦੇਈਏ ਤਾਂ ਲੰਮੀ ਉਮਰ ਭੋਗ ਸਕਦੇ ਹਾਂ ਅਤੇ ਅਨੇਕ ਬੀਮਾਰੀਆਂ ਤੋਂ ਬਚ ਵੀ ਸਕਦੇ ਹਾਂ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783