ਨਵੀਂ ਰਾਸ਼ਟਰੀ ਖੇਡ - ਬਲਾਤਕਾਰ - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਭਾਰਤ ਵਿਚ ਖੇਡੀਆਂ ਜਾ ਰਹੀਆਂ ਖੇਡਾਂ ਵਿਚ ਇਕ ਨਵੀਂ ਖੇਡ ਸ਼ਾਮਲ ਕਰ ਦਿੱਤੀ ਗਈ ਹੈ, ਜਿਸ ਦੀ ਚਰਚਾ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਰਹੀ ਹੈ।
ਇਸ ਖੇਡ ਦਾ ਨਾਂ ਹੈ ਬਲਾਤਕਾਰ! ਖੇਡ ਇਸ ਲਈ ਕਿਹਾ ਹੈ ਕਿਉਂਕਿ ਇਸ ਖੇਡ ਨੂੰ ਹੁਣ ਟੀਮਾਂ ਬਣਾ ਕੇ ਖੇਡਿਆ ਜਾਣ ਲੱਗ ਪਿਆ ਹੈ! ਇਸ ਖੇਡ ਦੇ ਰੂਲ ਵੀ ਅਜੀਬ ਹਨ। ਇਕ ਪਾਸੇ ਕਮਜ਼ੋਰ ਨਿਹੱਥੀ ਬਾਲੜੀ ਤੇ ਦੂਜੇ ਪਾਸੇ ਛੇ ਤੋਂ ਵੀਹ ਜਣੇ ਪੂਰੇ ਹਥਿਆਰਾਂ ਨਾਲ ਲੈਸ !!! ਜਿੰਨੀ ਵੱਧ ਦਰਿੰਦਗੀ, ਓਨੀ ਹੀ ਉਹ ਖੇਡ ਵਧੀਆ ਮੰਨੀ ਜਾਂਦੀ ਹੈ। ਜਿਸ ਖੇਡ ਦੇ ਫਾਈਨਲ ਮੈਚ ਵਿਚ ਪੂਰੀ ਵੀਡੀਓਗ੍ਰਾਫੀ ਨਾਲ ਬਾਲੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ, ਉਹ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਤੇ ਭਾਰੀ ਜਿੱਤ ਦਾ ਐਲਾਨ ਕੀਤਾ ਜਾਂਦਾ ਹੈ। ਇਸ ਖੇਡ ਦੇ ਮੂਕ ਦਰਸ਼ਕਾਂ ਵਿਚ ਚੋਟੀ ਦੇ ਸਿਆਸਤਦਾਨ, ਪੁਲਿਸ-ਕਰਮੀ, ਮੀਡੀਆ-ਕਰਮੀ, ਡਾਕਟਰ, ਇੰਜੀਨੀਅਰ, ਵਕੀਲ, ਜੱਜ, ਪ੍ਰਿੰਸੀਪਲ, ਅਧਿਆਪਕ, ਬਸ ਤੇ ਟਰੱਕ ਡਰਾਈਵਰ, ਟੈਕਸੀ-ਚਾਲਕ ਤੇ ਹੋਰ ਵੀ ਅਣਗਿਣਤ ਲੋਕ ਸ਼ਾਮਲ ਹਨ।
ਗੱਲ ਕੀ ਹਰ ਪੇਸ਼ੇ ਦੇ ਲੋਕਾਂ ਨੂੰ ਇਹ ਖੇਡ ਖੇਡਣ ਦੀ ਖੁੱਲ ਦਿੱਤੀ ਗਈ ਹੈ। ਜਿਹੜੇ ਇਹ ਖੇਡ ਨਹੀਂ ਖੇਡਦੇ, ਕੀ ਉਨ੍ਹਾਂ ਨੂੰ ਕਦੇ ਅਖ਼ਬਾਰਾਂ ਦੀ ਸੁਰਖੀ ਮਿਲਦੀ ਵੇਖੀ ਹੈ?
ਸ਼ਿਕਾਰ ਖੇਡੀ ਜਾਣ ਵਾਲੀ ਬਾਲੜੀ ਦੋ ਮਹੀਨਿਆਂ ਦੀ ਵੀ ਹੋ ਸਕਦੀ ਹੈ ਤੇ 90 ਵਰ੍ਹਿਆਂ ਦੀ ਔਰਤ ਵੀ! ਪੁੱਤਰ ਹੋਵੇ ਤੇ ਭਾਵੇਂ ਪਿਓ, ਚਾਚਾ, ਤਾਇਆ, ਕੋਈ ਵੀ ਇਸ ਖੇਡ ਨੂੰ ਖੇਡਣ ਤੋਂ ਪਰ੍ਹਾਂ ਰਹਿ ਨਹੀਂ ਸਕਿਆ।
ਇਸ ਨੂੰ ਖੇਡ ਦਾ ਨਾਂ ਇਸ ਲਈ ਵੀ ਦਿੱਤਾ ਗਿਆ ਹੈ ਕਿ ਮਾਰੇ ਜਾਣ ਬਾਅਦ ਵੀ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਅਜਿਹੇ ਖਿਡਾਰੀ ਧੌਣ ਅਕੜਾ ਕੇ ਸਮਾਜ ਵਿਚ ਆਪਣੀ ਛਾਤੀ ਉੱਤੇ ਜਿੱਤ ਦਾ ਬਿੱਲਾ ਲਾ ਕੇ ਘੁੰਮਦੇ ਹਨ।
ਵਿਕੇ ਹੋਏ ਮੀਡੀਆ ਦੇ ਅੰਸ਼ ਇਸ ਨੂੰ ਹੋਰ ਉਘਾੜਦੇ ਹਨ ਤੇ ਵਿਰੋਧ ਕਰਨ ਵਾਲਿਆਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ।
ਪਹਿਲਿਆਂ ਸਮਿਆਂ ਵਿਚ ਜੰਗਲ ਵਿਚ ਸ਼ਿਕਾਰ ਕਰਨ ਲਈ ਅਜਿਹਾ ਹੀ ਢੰਗ ਵਰਤਿਆ ਜਾਂਦਾ ਸੀ ਜਿੱਥੇ ਸ਼ਿਕਾਰ ਕੀਤੇ ਜਾਣ ਵਾਲੇ ਜਾਨਵਰ ਨੂੰ ਚੁਫ਼ੇਰਿਓਂ ਘੇਰ ਕੇ ਮਾਰ ਮੁਕਾਇਆ ਜਾਂਦਾ ਸੀ। ਫਿਰ ਪੂਰੇ ਦਬਦਬੇ ਨਾਲ ਉਸ ਲਾਸ਼ ਨੂੰ ਨੁਮਾਇਸ਼ ਕਰਦਿਆਂ ਘਰ ਲਿਆ ਕੇ ਖੱਲ ਵਿਚ ਭੂਸਾ ਭਰ ਕੇ ਕੰਧ ਉੱਤੇ ਟੰਗ ਦਿੱਤਾ ਜਾਂਦਾ ਸੀ।
ਹੁਣ ਅਸੂਲ ਕੁੱਝ ਵੱਖ ਹਨ। ਸ਼ਿਕਾਰ ਹੁਣ ਸ਼ਹਿਰੀ ਕਨਕਰੀਟ ਜੰਗਲਾਂ ਅੰਦਰ ਹੁੰਦਾ ਹੈ। ਸ਼ਿਕਾਰ ਕਰਨ ਲਈ ਲੋਹੇ ਦੀਆਂ ਰਾਡਾਂ, ਬਲੇਡ, ਸੋਟੀਆਂ, ਕੰਡੋਮ, ਤੇਜ਼ਾਬ, ਜੰਬੂਰ, ਕੰਡਿਆਲੀਆਂ ਤਾਰਾਂ ਆਦਿ, ਵਰਤੀਆਂ ਜਾਣ ਲੱਗ ਪਈਆਂ ਹਨ। ਜਿਸਮ ਅੰਦਰ ਕੁੱਝ ਸਾਬਤ ਛੱਡਿਆ ਹੀ ਨਹੀਂ ਜਾਂਦਾ। ਬਾਹਰੀ ਖੱਲ ਵੀ ਇਸ ਬੇਹੂਦਗੀ ਨਾਲ ਚੀਰ ਦਿੱਤੀ ਜਾਂਦੀ ਹੈ ਕਿ ਭੂਸਾ ਭਰ ਕੇ ਰੱਖਣ ਯੋਗ ਨਹੀਂ ਰਹਿੰਦੀ। ਇਸੇ ਲਈ ਹੱਡੀਆਂ ਤੋੜ ਕੇ, ਅੰਨ੍ਹੇ ਕਰ ਕੇ, ਤੇਜ਼ਾਬ ਮੂੰਹ ਵਿਚ ਪਾ ਕੇ, ਸਰੀਰ ਉੱਤੇ ਦੰਦਾਂ ਨਾਲ ਚੱਕ ਮਾਰ ਕੇ, ਜੰਬੂਰਾਂ ਨਾਲ ਨਹੁੰ ਪੁੱਟ ਕੇ, ਬਲੇਡਾਂ ਨਾਲ ਚੀਰ ਕੇ, ਕਈ ਲਿਟਰ ਲਹੂ ਚੁਫ਼ੇਰੇ ਵਹਾ ਕੇ ਉੱਥੇ ਹੀ ਨਿਰਵਸਤਰ ਸੁੱਟ ਕੇ ਤਮਾਸ਼ਾ ਬਣਾਇਆ ਜਾਂਦਾ ਹੈ।
ਏਥੇ ਬਸ ਨਹੀਂ ਹੁੰਦੀ। ਫਿਰ ਇਸ ਸ਼ਿਕਾਰ ਦੀ ਵੀਡੀਓ ਬਣਾ ਕੇ, ਉਸ ਉੱਤੋਂ ਉਮਰ ਭਰ ਕਮਾਈ ਦਾ ਸਾਧਨ ਬਣਾ ਲਿਆ ਜਾਂਦਾ ਹੈ। ਸਾਲਾਂ ਸਾਲ ਤਰੀਕਾਂ ਪੈਂਦੀਆਂ ਹਨ। ਕੁੱਝ ਸਮੇਂ ਲਈ ਸੁਰਖ਼ੀਆਂ ਬਣਦੀਆਂ ਹਨ। ਫਿਰ ਹੋਰ ਨਵੀਂ ਸੁਰਖ਼ੀ ਆ ਜਾਂਦੀ ਹੈ। ਉਸ ਤੋਂ ਬਾਅਦ ਆਉਂਦੇ ਨੇ ਚੁਣਾਓ। ਇਹ ਖੇਡ ਖੇਡਣ ਵਾਲੇ ਸ਼ਿਕਾਰੀਆਂ ਦੀ ਲੋੜ ਪੈਂਦੀ ਹੈ। ਫਿਰ ਇਹ ਮੁੱਛਾਂ ਨੂੰ ਤਾਅ ਦੇ ਕੇ ਕੁੱਦ ਪੈਂਦੇ ਹਨ ਚੋਣ ਪਿੜ ਦੇ ਅੰਦਰ, ਲੋਕਾਂ ਨੂੰ ਆਪਣੀ ਤਾਕਤ ਅਤੇ ਸ਼ਿਕਾਰ ਕਰਨ ਦੇ ਢੰਗ ਬਾਰੇ ਚੇਤਾ ਕਰਵਾ ਕੇ ਵੋਟਾਂ ਹਥਿਆਉਣ ਲਈ।
ਇਸ ਖੇਡ ਦਾ ਪ੍ਰਚਲਨ ਏਨਾ ਵੱਧ ਗਿਆ ਹੈ ਕਿ 365 ਦਿਨਾਂ ਵਿੱਚੋਂ ਇੱਕ ਵੀ ਦਿਨ ਖਾਲੀ ਨਹੀਂ ਲੰਘਦਾ। ਕਦੇ ਕਦੇ ਤਾਂ ਇੱਕੋ ਦਿਨ ਵਿਚ ਤਿੰਨ ਜਾਂ ਚਾਰ ਸ਼ਿਕਾਰ ਵੀ ਕੀਤੇ ਜਾਂਦੇ ਹਨ।
ਹੁਣ ਤਾਂ ਇਹ ਵੀ ਭਾਰਤੀ ਰਿਕਾਰਡ ਬਣ ਚੁੱਕਿਆ ਹੈ ਜਿੱਥੇ ਇੱਕੋ ਦਿਨ ਤੇ ਉਹ ਵੀ ਵਿਸ਼ਵ ਮਹਿਲਾ ਦਿਵਸ ਵਾਲੇ ਦਿਨ ਤੇਰਾਂ ਔਰਤਾਂ ਤੇ ਬੱਚੀਆਂ ਦਾ ਸ਼ਿਕਾਰ ਕੀਤਾ ਗਿਆ।
ਨਿੱਤ ਨਵੇਂ ਘੜੇ ਜਾਂਦੇ ਅਸੂਲਾਂ ਤਹਿਤ ਹੁਣ ਤਾਂ ਦੋ ਸਕੀਆਂ ਭੈਣਾਂ ਨੂੰ ਸ਼ਿਕਾਰ ਬਣਾਉਣ ਬਾਅਦ ਦਰਖਤ ਉੱਤੇ ਨਿਰਵਸਤਰ ਹਾਲਤ ਵਿਚ ਫਾਂਸੀ ਦੇ ਦਿੱਤੀ ਜਾਂਦੀ ਹੈ।
ਹਾਲੇ ਇੱਥੇ ਵੀ ਬਸ ਨਹੀਂ। ਗਰਭਵਤੀ ਔਰਤ ਦਾ ਸ਼ਿਕਾਰ ਹੋਰ ਵੀ ਵੱਖ ਤਰ੍ਹਾਂ ਕੀਤਾ ਜਾਂਦਾ ਹੈ। ਢਿੱਡ ਪਾੜ ਕੇ ਢਿੱਡ ਅੰਦਰਲਾ ਬੱਚਾ ਵੀ ਨਾਲ ਹੀ ਸ਼ਿਕਾਰ ਕੀਤਾ ਜਾਂਦਾ ਹੈ।
ਪਹਿਲਾਂ ਦੇ ਅਤੇ ਹੁਣ ਦੇ ਸ਼ਿਕਾਰੀਆਂ ਵਿਚ ਇਕ ਹੋਰ ਅੰਤਰ ਵੀ ਸਪਸ਼ਟ ਨਜ਼ਰ ਆਉਂਦਾ ਹੈ। ਇੱਕ ਸ਼ਿਕਾਰੀ, ਲਛਮਨ ਦੇਵ ਗਰਭਵਤੀ ਹਿਰਨੀ ਦੇ ਸ਼ਿਕਾਰ ਬਾਅਦ ਮਾਧੋ ਦਾਸ ਤੇ ਫਿਰ ਬੰਦਾ ਸਿੰਘ ਬਹਾਦਰ ਵਜੋਂ ਦੁਨੀਆ ਭਰ ਵਿਚ ਆਪਣੀ ਬਹਾਦਰੀ ਦਾ ਸਿੱਕਾ ਜਮਾ ਗਿਆ।
ਅੱਜ ਦੇ ਦੌਰ ਦੀ ਖੇਡ ਜਾਨਵਰਾਂ ਦੀ ਥਾਂ ਔਰਤ ਜ਼ਾਤ ਨਾਲ ਖੇਡੀ ਜਾਂਦੀ ਹੈ, ਇਸੇ ਲਈ ਹੁਣ ਗਰਭਵਤੀ ਔਰਤ ਦੀ ਵੀ ਬੇਹੂਦਗੀ ਨਾਲ ਕੱਟ ਵੱਢ ਕਰ ਦਿੱਤੀ ਜਾਂਦੀ ਹੈ ਜੋ ਕਿਸੇ ਦੇ ਮਨ ਨੂੰ ਕਚੋਟਦੀ ਨਹੀਂ।
ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਕੋਈ ਵਿਰਲਾ ਹੀ ਮੌਕਾ ਖੁੰਝਾਉਂਦਾ ਹੈ, ਵਰਨਾ ਬਹੁਗਿਣਤੀ ਬੇਹਯਾਈ ਦੀਆਂ ਹੱਦਾਂ ਪਾਰ ਕਰਨ ਵਿਚ ਰਤਾ ਵੀ ਸੋਚਣ ਵਾਸਤੇ ਸਮਾਂ ਜ਼ਾਇਆ ਨਹੀਂ ਕਰਦੇ।
ਇਸ ਖੇਡ ਵਿਚ ਰੈਫਰੀ ਵੀ ਪਿਛਾਂਹ ਨਹੀਂ ਰਹਿੰਦਾ। ਉਹ ਆਪ ਵੀ ਖੇਡ ਦਾ ਹਿੱਸਾ ਬਣ ਜਾਂਦਾ ਹੈ। ਰੂਲ ਸਿਰਫ਼ ਇੱਕੋ-ਜਿੰਨੀ ਦਰਿੰਦਗੀ ਵੱਧ, ਓਨੀ ਮਸ਼ਹੂਰੀ ਵੱਧ!
ਬੇਹੂਦਗੀ ਦਾ ਮੰਜ਼ਰ ਇਹ ਹੈ ਕਿ ਛੇਵੀਂ ਜਮਾਤ ਦਾ ਬੱਚਾ ਵੀ ਤੀਜੀ ਜਮਾਤ ਦੀ ਬੱਚੀ ਨਾਲ ਛੇੜਖਾਨੀ ਕਰਦਾ ਫੜਿਆ ਜਾ ਚੁੱਕਿਆ ਹੈ।
ਲਾਵਾਰਿਸ ਔਰਤ ਦੀ ਲਾਸ਼ ਵੀ ਜ਼ਾਇਆ ਨਹੀਂ ਜਾਣ ਦਿੱਤੀ ਜਾਂਦੀ। ਉਸ ਨਾਲ ਵੀ ਕੁਕਰਮ ਕਰ ਕੇ ਵੀਡੀਓ ਬਣਾਉਣ ਬਾਅਦ ਫ਼ਿਲਮ ਵਿਚ ਕਿਸੇ ਜ਼ਿੰਦਾ ਕੁੜੀ ਦਾ ਚਿਹਰਾ ਲਾ ਦਿੱਤਾ ਜਾਂਦਾ ਹੈ ਤੇ ਫਿਰ ਉਸ ਵਿਚਾਰੀ ਜ਼ਿੰਦਾ ਕੁੜੀ ਨੂੰ ਜਬਰੀ ਇਸ ਖੇਡ ਵਿਚ ਖਿੱਚ ਲਿਆਇਆ ਜਾਂਦਾ ਹੈ!
ਰਿਸ਼ਤਿਆਂ ਦੀ ਪਵਿੱਤਰਤਾ ਤਾਂ ਤਾਰ ਤਾਰ ਹੋ ਹੀ ਚੁੱਕੀ ਹੈ। ਹੁਣ ਬਸ ਇੱਕੋ ਹੀ ਹੋਕਾ ਬਚਿਆ ਹੈ- ਵੇਖਿਓ ! ਕੋਈ ਧੀ, ਕੋਈ ਭੈਣ, ਕੋਈ ਮਾਂ, ਸਤਵੰਤੀ ਨਾ ਰਹਿ ਜਾਏ!
ਲਾਅਣਤ ਹੈ ਇਸ ਦੋਗਲੇ ਸਮਾਜ ਉੱਤੇ! ਮੁਲਕ ਦਾ ਨਾਂ ਭਾਰਤ ''ਮਾਤਾ'' ਤੇ ਮਾਂ ਦੀ ਪੱਤ ਸੁਰੱਖਿਅਤ ਨਹੀਂ!
ਉੱਤੋਂ ਸਿਖਰ ਇਹ ਵੇਖੋ ਕਿ ਜਿੱਤ ਦਾ ਜਸ਼ਨ ਮਨਾਉਣ ਲਈ ਧਾਰਮਿਕ ਥਾਵਾਂ ਉੱਤੇ 'ਮਾਤਾ' ਦੇ ਨਾਂ ਦੇ 'ਜੈ' ਦੇ ਨਾਅਰੇ ਲਾਉਣ ਵਿਚ ਰਤਾ ਹਿਚਕਿਚਾਹਟ ਨਹੀਂ ਵਿਖਾਈ ਜਾਂਦੀ!
ਕੋਈ ਬਚਿਆ ਹੈ ਜ਼ਮੀਰ ਵਾਲਾ, ਜੋ ਆਵਾਜ਼ ਚੁੱਕਣੀ ਚਾਹੇਗਾ? ਹਾਲੇ ਵੀ 'ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ' ਕਹਿ ਕੇ- 'ਮੈਨੂੰ ਕੀ' ਕਹਿੰਦਿਆਂ ਅੱਖਾਂ ਬੰਦ ਕਰ ਕੇ ਉਦੋਂ ਤੱਕ ਬੈਠੇ ਰਹਿਣਾ ਹੈ ਜਦੋਂ ਤੱਕ ਇਹ ''ਖਿਡਾਰੀ'' ਸਾਡੇ ਆਪਣੇ ਘਰ ਦੀ ਧੀ, ਭੈਣ, ਪਤਨੀ ਜਾਂ ਮਾਂ ਨਾਲ ਇਹ ਖੇਡ ਖੇਡਣ ਨਾ ਪਹੁੰਚ ਜਾਣ?
ਰਬ ਦਾ ਵਾਸਤਾ ਜੇ, ਚੁੱਪੀ ਤੋੜ ਦਿਓ! ਜੇ ਦੇਰ ਹੋ ਗਈ, ਫਿਰ ਵੇਲਾ ਹੱਥ ਨਹੀਂ ਆਉਣਾ! ਚੇਤੇ ਰੱਖਿਓ ਇਤਿਹਾਸ ਵੀ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਹੀ ਬਾਹਵਾਂ ਫੈਲਾ ਕੇ ਛਾਤੀ ਨਾਲ ਲਾ ਕੇ ਸਾਂਭਦਾ ਹੈ, ਹੈਵਾਨਾਂ ਜਾਂ ਬੁੱਚੜਾਂ ਨੂੰ ਨਹੀਂ!
'ਭਾਰਤ ਮਾਤਾ ਦੀ ਜੈ' ਬੋਲਣ ਵਾਲਿਓ, ਤੁਹਾਡੇ ਜਵਾਬ ਦੀ ਉਡੀਕ ਵਿਚ ਖੜ੍ਹੀ ਹਾਂ, ਦੱਸੋ ਤਾਂ ਸਹੀ ਤਲਵਾਰ ਚੁੱਕਣ ਦਾ ਸਹੀ ਸਮਾਂ ਕਦੋਂ ਆਵੇਗਾ!
ਡਾ. ਹਰਸ਼ਿੰਦਰ ਕੌਰ, ਐੱਮ.ਡੀ.
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783