ਅਸੀਂ ਚੀਜ਼ਾਂ ਭੁੱਲਦੇ ਕਿਉਂ ਹਾਂ ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਵਧਦੀ ਉਮਰ ਨਾਲ ਦਿਮਾਗ਼ ਦੇ ਸੁੰਗੜਨ ਅਤੇ ਨਵੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚਲੀ ਦਿੱਕਤ, ਆਮ ਹੀ ਦਿਸਦੀ ਹੈ। ਪਰ ਜੇ ਇਹ ਦਿੱਕਤ ਛੋਟੀ ਉਮਰ ਵਿਚ ਦਿਸਣ ਲੱਗ ਪਵੇ ਤਾਂ ਉਸ ਦੇ ਕਾਰਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਇਹ ਮੰਨੀ ਪਰਮੰਨੀ ਗੱਲ ਹੈ ਕਿ 65 ਸਾਲ ਦੀ ਉਮਰ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਪਹਿਲਾਂ ਨਾਲੋਂ ਦੁਗਣੀ ਯਾਦਾਸ਼ਤ ਦੀ ਕਮੀ ਹੋਣ ਲੱਗ ਪੈਂਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਸੰਤੁਲਿਤ ਖ਼ੁਰਾਕ, ਵਧੀਆ ਦੋਸਤੀਆਂ, ਮੇਲ-ਜੋਲ, ਕਸਰਤ ਆਦਿ ਨਾਲ ਵਡੇਰੀ ਉਮਰ ਤੱਕ ਯਾਦਾਸ਼ਤ ਤੇਜ਼ ਰੱਖੀ ਜਾ ਸਕਦੀ ਹੈ।
ਦੂਜੇ ਪਾਸੇ ਨੌਜਵਾਨਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਦੇ ਦੋਰਾਨ ਪੜ੍ਹੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚ ਵੀ ਦਿੱਕਤ ਹੋ ਜਾਂਦੀ ਹੈ। ਯਾਨੀ ਹਮੇਸ਼ਾ ਵੱਡੀ ਬੀਮਾਰੀ ਹੀ ਨਹੀਂ ਬਲਕਿ ਸਿਰਫ਼ ਪਾਣੀ ਦੀ ਕਮੀ ਵੀ ਭੁੱਲਣ ਦਾ ਕਾਰਨ ਬਣ ਸਕਦੀ ਹੈ। ਇੰਜ ਹੀ ਥਾਇਰਾਇਡ ਹਾਰਮੋਨਾਂ ਦੀ ਗੜਬੜੀ (ਘੱਟ ਕੰਮ ਕਰਨਾ) ਵਿਚ ਹੁੰਦਾ ਹੈ।
ਰਾਤ ਭਰ ਬਹਿ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਕਿਵੇਂ ਸਵੇਰੇ ਪੇਪਰ ਤੋਂ ਪਹਿਲਾਂ ਸਾਰੀਆਂ ਪੜ੍ਹੀਆਂ ਚੀਜ਼ਾਂ ਭੁੱਲ ਜਾਂਦੀਆਂ ਹਨ। ਇਸ ਤੱਥ ਦੀ ਵਿਗਿਆਨਿਕ ਵਿਆਖਿਆ ਕੀਤੀ ਜਾ ਚੁੱਕੀ ਹੈ। ਦਰਅਸਲ ਸੌਣ ਦੌਰਾਨ ਪਹਿਲਾਂ ਦੀਆਂ ਪੜ੍ਹੀਆਂ ਜਾਂ ਯਾਦ ਕੀਤੀਆਂ ਚੀਜ਼ਾਂ ਨੂੰ ਪਕੀਆਂ ਕਰਨ ਦਾ ਕੰਮ ਦਿਮਾਗ਼ ਅੰਦਰ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਨੀਂਦਰ ਦਾ ਸਮਾਂ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਅੱਠ ਘੰਟੇ ਦੀ ਨੀਂਦਰ, ਰੋਜ਼ਾਨਾ ਦੀ ਕਸਰਤ, ਸੌਣ ਸਮੇਂ ਕੌਫ਼ੀ ਜਾਂ ਸ਼ਰਾਬ ਨਾ ਪੀਣੀ, ਯਾਦ ਕੀਤੀਆਂ ਚੀਜ਼ਾਂ ਨੂੰ ਪੱਕਿਆਂ ਕਰਨ ਵਿਚ ਮਦਦ ਕਰਦੇ ਹਨ।

ਕੁੱਝ ਹੋਰ ਚੀਜ਼ਾਂ ਦਾ ਅਸਰ :-
1. ਦਵਾਈਆਂ :-
ਨੀਂਦਰ ਵਾਲੀਆਂ ਦਵਾਈਆਂ ਯਾਦਾਸ਼ਤ ਉੱਤੇ ਮਾੜਾ ਪ੍ਰਭਾਵ ਛੱਡਦੀਆਂ ਹਨ। ਇਸ ਦੇ ਨਾਲੋ-ਨਾਲ ਜ਼ੁਕਾਮ, ਬਲੱਡ ਪ੍ਰੈੱਸ਼ਰ, ਤਣਾਓ, ਢਹਿੰਦੀ ਕਲਾ ਆਦਿ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਵੀ ਯਾਦਾਸ਼ਤ ਘਟਾ ਦਿੰਦੀਆਂ ਹਨ। ਇਹ ਅਸਰ ਹਰ ਕਿਸੇ ਉੱਤੇ ਇੱਕੋ ਜਿਹਾ ਨਹੀਂ ਹੁੰਦਾ। ਹਰ ਸਰੀਰ ਵੱਖੋ-ਵੱਖ ਤਰ੍ਹਾਂ ਦਵਾਈਆਂ ਦਾ ਅਸਰ ਅਪਣਾਉਂਦਾ ਹੈ ਇਸੇ ਲਈ ਕੁੱਝ ਜਣੇ ਜ਼ੁਕਾਮ ਦੀਆਂ ਤਿੰਨ ਗੋਲੀਆਂ ਰੋਜ਼ ਖਾਣ ਬਾਅਦ ਵੀ ਚੁਸਤ ਰਹਿੰਦੇ ਹਨ ਤੇ ਕੁੱਝ ਅੱਧੀ ਗੋਲੀ ਨਾਲ ਹੀ ਮੂਧੇ ਪੈ ਜਾਂਦੇ ਹਨ।
ਜੇ ਜ਼ਿਆਦਾ ਨਸ਼ਾ ਮਹਿਸੂਸ ਹੋ ਰਿਹਾ ਹੋਵੇ ਤਾਂ ਦਵਾਈ ਦੀ ਖ਼ੁਰਾਕ ਘਟਾ ਦੇਣੀ ਚਾਹੀਦੀ ਹੈ ਜਾਂ ਦਵਾਈ ਬਦਲ ਲੈਣੀ ਚਾਹੀਦੀ ਹੈ।

2. ਸ਼ੱਕਰ ਰੋਗ :-
ਸਰੀਰ ਅੰਦਰ ਵਧੀ ਹੋਈ ਸ਼ੱਕਰ ਲਹੂ ਦੀਆਂ ਮਹੀਨ ਨਾੜੀਆਂ ਨੂੰ ਸੁੰਗੇੜ ਦਿੰਦੀ ਹੈ ਜਿਸ ਨਾਲ ਦਿਮਾਗ਼ ਵੱਲ ਜਾਂਦਾ ਲਹੂ ਘੱਟ ਜਾਂਦਾ ਹੈ ਤੇ ਯਾਦਾਸ਼ਤ ਵੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਨਸੂਲਿਨ ਦੀ ਵਾਧੂ ਮਾਤਰਾ ਵੀ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਘਟਾ ਕੇ ਦਿਮਾਗ਼ ਦੇ ਸੈੱਲਾਂ ਦਾ ਨੁਕਸਾਨ ਕਰ ਦਿੰਦੀ ਹੈ। ਇੰਜ ਡੀਮੈਂਸ਼ੀਆ ਰੋਗ (ਭੁੱਲ ਜਾਣਾ) ਹੋਣ ਦੇ ਆਸਾਰ ਵੱਧ ਜਾਂਦੇ ਹਨ।
ਜੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਸਹੀ ਰੱਖੀ ਜਾਵੇ ਅਤੇ ਸਹੀ ਖ਼ੁਰਾਕ ਖਾਧੀ ਜਾਵੇ ਤਾਂ ਯਾਦਾਸ਼ਤ ਦੇਰ ਤੱਕ ਸਹੀ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਰੈਗੂਲਰ ਕਸਰਤ ਵੀ ਬਹੁਤ ਫ਼ਾਇਦੇਮੰਦ ਹੈ।

3. ਜੀਨ :-
ਟੱਬਰ ਦੇ ਜੀਨਾਂ ਉੱਤੇ ਬਹੁਤ ਕੁੱਝ ਆਧਾਰਿਤ ਹੁੰਦਾ ਹੈ। ਜੇ ਘਰ ਵਿਚ ਪਹਿਲਾਂ ਵੱਡਿਆਂ ਦੀ ਯਾਦਾਸ਼ਤ ਛੋਟੀ ਉਮਰ ਵਿਚ ਘੱਟ ਰਹੀ ਹੋਵੇ ਤਾਂ ਅੱਗੋਂ ਬੱਚਿਆਂ ਵਿਚ ਵੀ ਅਜਿਹਾ ਵੇਖਣ ਨੂੰ ਮਿਲ ਸਕਦਾ ਹੈ। ਕਮਾਲ ਤਾਂ ਇਹ ਹੈ ਕਿ ਕਈ ਵਾਰ ਜੌੜੇ ਜੰਮੇ ਬੱਚਿਆਂ ਵਿੱਚੋਂ ਇੱਕ ਦੀ ਯਾਦਾਸ਼ਤ ਘਟੀ ਵੇਖੀ ਗਈ ਜਦ ਕਿ ਦੂਜਾ ਠੀਕ ਠਾਕ ਰਿਹਾ। ਇਸ ਸੰਬੰਧੀ ਡਾਕਟਰੀ ਖੋਜ ਹਾਲੇ ਅਧੂਰੀ ਹੈ।

4. ਪਾਸਾ ਮਾਰਿਆ ਜਾਣਾ :-
ਦਿਮਾਗ਼ ਦੇ ਇੱਕ ਹਿੱਸੇ ਵਿਚ ਰੋਕੇ ਸਦਕਾ ਲਹੂ ਦਾ ਘਟਣਾ, ਦਿਲ ਦੇ ਰੋਗ, ਬਲੱਡ ਪ੍ਰੈੱਸ਼ਰ ਦਾ ਵਧਣਾ, ਸਿਗਰਟ ਪੀਣੀ ਆਦਿ ਕਾਰਨਾਂ ਨਾਲ ਜਦੋਂ ਪਾਸਾ ਮਾਰਿਆ ਜਾਵੇ ਤਾਂ ਯਾਦਾਸ਼ਤ ਉੱਤੇ ਵੀ ਕਾਫ਼ੀ ਫ਼ਰਕ ਪੈ ਜਾਂਦਾ ਹੈ।
ਮੂੰਹ ਦਾ ਢਿਲਕਣਾ, ਬਾਂਹ ਦੀ ਕਮਜ਼ੋਰੀ ਅਤੇ ਬੋਲਣ ਵਿਚ ਅੜਚਨ, ਪਾਸਾ ਮਾਰੇ ਜਾਣ ਦੇ ਮੁੱਢਲੇ ਲੱਛਣ ਹੁੰਦੇ ਹਨ।

5. ਸਿਗਰਟਨੋਸ਼ੀ :-
ਇਹ ਲਹੂ ਦੀਆਂ ਨਾੜੀਆਂ ਉੱਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸੇ ਲਈ ਪਾਸਾ ਮਾਰੇ ਜਾਣ ਦੇ ਨਾਲ ਯਾਦਾਸ਼ਤ ਵੀ ਘਟਾਉਂਦੀ ਹੈ।

6. ਦਿਲ ਦੇ ਰੋਗ :-
ਲਹੂ ਦੀਆਂ ਨਾੜੀਆਂ ਅੰਦਰ ਜੰਮਦੇ ਝੱਪੇ ਹਾਰਟ ਅਟੈਕ ਦਾ ਖ਼ਤਰਾ ਵੀ ਵਧਾਉਂਦੇ ਹਨ ਤੇ ਨਾਲੋ ਨਾਲ ਪਾਸਾ ਮਾਰੇ ਜਾਣ ਅਤੇ ਯਾਦਾਸ਼ਤ ਘਟਣ ਦਾ ਵੀ।
ਇਹੋ ਸਭ ਕੁੱਝ ਬਲੱਡ ਪ੍ਰੈੱਸ਼ਰ ਦੇ ਵਾਧੇ ਨਾਲ ਹੁੰਦਾ ਹੈ। ਇਸੇ ਲਈ ਸੰਤੁਲਿਤ ਖ਼ੁਰਾਕ, ਕਸਰਤ, ਤਣਾਓ ਘਟਾਉਣਾ, ਧਿਆਨ ਲਾਉਣਾ ਆਦਿ ਕਾਫ਼ੀ ਅਸਰਦਾਰ ਸਾਬਤ ਹੋਏ ਹਨ। ਬਲੱਡ ਪ੍ਰੈੱਸ਼ਰ ਘਟਾਉਣ ਲਈ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।

7. ਢਹਿੰਦੀ ਕਲਾ ਅਤੇ ਤਣਾਓ :-
ਘਬਰਾਹਟ, ਤਣਾਓ ਅਤੇ ਢਹਿੰਦੀ ਕਲਾ ਦੇ ਨਾਲ ਗੁੱਸਾ ਸਿਰਫ਼ ਆਪਣੇ ਸਰੀਰ ਅਤੇ ਦਿਮਾਗ਼ ਦਾ ਹੀ ਨਾਸ ਮਾਰਦੇ ਹਨ। ਇਸੇ ਲਈ ਯਾਦਾਸ਼ਤ ਘਟਾਉਣ ਨਾਲੋਂ ਜ਼ਿੰਦਗੀ ਨੂੰ ਰੱਜ ਕੇ ਜੀਉਣ ਅਤੇ ਸਕਾਰਾਤਮਕ ਸੋਚ ਨਾਲ ਵਧੀਆ ਸਮਾਂ ਲੰਘਾਇਆ ਜਾ ਸਕਦਾ ਹੈ।

8. ਸਿਰ ਦੀ ਸੱਟ :-
ਇਕਦਮ ਵੱਜੀ ਸੱਟ ਨਾਲ ਉਸ ਸਮੇਂ ਬਾਰੇ ਕੁੱਝ ਵੀ ਚੇਤੇ ਨਹੀਂ ਰਹਿੰਦਾ। ਸੱਟ ਠੀਕ ਹੋਣ ਬਾਅਦ ਵੀ ਉਹ ਯਾਦ ਕਈ ਵਾਰ ਵਾਪਸ ਨਹੀਂ ਆਉਂਦੀ ਤੇ ਅੱਗੋਂ ਵੀ ਗੱਲਾਂ ਛੇਤੀ ਭੁੱਲਣ ਲੱਗ ਪੈਂਦੀਆਂ ਹਨ। ਪੂਰਾ ਆਰਾਮ, ਸਹੀ ਸਮੇਂ ਸਿਰ ਲਈਆਂ ਦਵਾਈਆਂ, ਪਿਆਰ-ਦੁਲਾਰ, ਹੱਲਾਸ਼ੇਰੀ ਅਤੇ ਸਹੀ ਖ਼ਰਾਕ ਯਾਦਾਸ਼ਤ ਵਿਚ ਵਾਧਾ ਕਰ ਸਕਦੀ ਹੈ।
ਬੌਕਸਿੰਗ ਵਰਗੀਆਂ ਖੇਡਾਂ ਵਿਚ ਲਗਾਤਾਰ ਸਿਰ ਉੱਤੇ ਵਜਦੀਆਂ ਸੱਟਾਂ ਨਾਲ ਵੀ ਵਡੇਰੀ ਉਮਰ ਤੋਂ ਪਹਿਲਾਂ ਹੀ ਯਾਦਾਸ਼ਤ ਘਟਣ ਲੱਗ ਪੈਂਦੀ ਹੈ। ਜੇ ਹਲਕੀ ਸੱਟ ਵੱਜੀ ਹੋਵੇ ਪਰ ਨਜ਼ਰ ਧੁੰਧਲੀ ਪੈਂਦੀ ਦਿਸੇ, ਚੱਕਰ, ਘਬਰਾਹਟ, ਦਿਲ ਕੱਚਾ ਅਤੇ ਕੁੱਝ ਸਮਝ ਨਾ ਪੈ ਰਹੀ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

9. ਮੋਟਾਪਾ :-
ਮੋਟਾਪੇ ਦੇ ਸ਼ਿਕਾਰ ਲੋਕਾਂ ਵਿਚ ਵੀ ਅਧੇੜ ਉਮਰ ਤੋਂ ਪਹਿਲਾਂ ਹੀ ਯਾਦਾਸ਼ਤ ਦੀ ਕਮੀ ਵੇਖਣ ਨੂੰ ਮਿਲੀ ਹੈ। ਮੋਟਾਪੇ ਵਿਚ ਦਿਲ ਦੇ ਰੋਗ ਵੀ ਜਲਦੀ ਹੁੰਦੇ ਹਨ ਜਿਹੜੇ ਦਿਮਾਗ਼ ਦੀਆਂ ਨਸਾਂ ਉੱਤੇ ਅਸਰ ਪਾ ਸਕਦੇ ਹਨ। ਇਸੇ ਲਈ ਖ਼ੁਰਾਕ ਸਹੀ ਕਰ ਕੇ ਰੋਜ਼ਾਨਾ ਕਸਰਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

10. ਕਸਰਤ ਨਾ ਕਰਨੀ :-
ਜਿਨ੍ਹਾਂ ਵਿਚ ਯਾਦਾਸ਼ਤ ਦੀ ਕਮੀ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਵੀ ਜੇ ਰੈਗੂਲਰ ਕਸਰਤ ਕਰਵਾਈ ਜਾਵੇ ਤਾਂ ਯਾਦਾਸ਼ਤ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇਸੇ ਗੱਲ ਤੋਂ ਹੀ ਸਮਝ ਆ ਜਾਂਦੀ ਹੈ ਕਿ ਕਸਰਤ ਦੀ ਕਮੀ ਕਿਵੇਂ ਦਿਮਾਗ਼ ਨੂੰ ਸੁੰੰਨ ਕਰ ਕੇ ਰੱਖ ਦਿੰਦੀ ਹੈ। ਭਾਵੇਂ ਦੌੜਿਆ ਜਾਵੇ, ਨੱਚਿਆ ਜਾਵੇ, ਤੈਰਿਆ ਜਾਵੇ ਜਾਂ ਤੇਜ਼ ਤੁਰਿਆ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ 40 ਮਿੰਟ ਕਸਰਤ ਕਰਨੀ ਜ਼ਰੂਰੀ ਹੈ।


11. ਖ਼ੁਰਾਕ :-
ਜਿਹੜੀ ਖ਼ੁਰਾਕ ਦਿਲ ਲਈ ਸਿਹਤਮੰਦ ਹੋਵੇ, ਉਹੀ ਖ਼ੁਰਾਕ ਦਿਮਾਗ਼ ਨੂੰ ਵੀ ਚੁਸਤ ਦਰੁਸਤ ਰੱਖਦੀ ਹੈ। ਛਾਣਬੂਰੇ ਵਾਲਾ ਆਟਾ, ਫਲ, ਸਬਜ਼ੀਆਂ, ਮੱਛੀ, ਸੁੱਕੇ ਮੇਵੇ, ਓਲਿਵ ਤੇਲ, ਬਲੂਬੈਰੀ, ਐਵੋਕੈਡੋ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਹਰੀਆਂ ਫਲੀਆਂ ਆਦਿ, ਵਧੀਆ ਹਨ।
ਲਾਲ ਮੀਟ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ। ਵਾਧੂ ਥਿੰਦਾ ਅਤੇ ਮਿੱਠਾ ਵੀ ਨਹੀਂ ਖਾਣਾ ਚਾਹੀਦਾ। ਇੰਜ ਹੀ ਵਾਧੂ ਲੂਣ ਵੀ ਨੁਕਸਾਨ ਕਰਦਾ ਹੈ।

12. ਸਿਰ ਅੰਦਰ ਰਸੌਲੀ, ਕੀਟਾਣੂਆਂ ਦਾ ਹਮਲਾ
13. ਵਿਟਾਮਿਨ ਬੀ 12 ਦੀ ਕਮੀ :-
ਦਿਮਾਗ਼ ਦੇ ਸੈੱਲ ਅਤੇ ਸਰੀਰ ਦੇ ਲਾਲ ਸੈੱਲਾਂ ਨੂੰ ਸਹੀ ਰੱਖਣ ਵਿਚ ਇਹ ਸਹਾਈ ਹੁੰਦਾ ਹੈ। ਇਸੇ ਲਈ ਇਸ ਦੀ ਕਮੀ ਨਾਲ ਯਾਦਾਸ਼ਤ ਘੱਟ ਹੋ ਸਕਦੀ ਹੈ।
ਵਿਟਾਮਿਨ ਬੀ 12 ਜ਼ਿਆਦਾਤਰ ਮਾਸਾਹਾਰੀ ਖ਼ੁਰਾਕ ਵਿਚ ਹੁੰਦਾ ਹੈ।

14. ਸ਼ਰਾਬ :-
ਸ਼ਰਾਬ ਦਿਮਾਗ਼ ਵੱਲ ਜਾਂਦੀਆਂ ਨਾੜੀਆਂ ਭੀੜੀਆਂ ਕਰ ਦਿੰਦੀ ਹੈ। ਦਿਮਾਗ਼ ਵੱਲ ਜਾਂਦੇ ਲਹੂ ਦੀ ਕਮੀ ਸਦਕਾ ਯਾਦਾਸ਼ਤ ਘੱਟ ਹੋ ਜਾਂਦੀ ਹੈ।

15. ਕੈਨੋਲਾ ਤੇਲ, ਕੌਰਨ ਤੇਲ ਤੇ ਸੈਫਲਾਵਰ ਤੇਲ (ਸਬਜ਼ੀਆਂ ਤੋਂ ਬਣੇ ਤੇਲ)
ਇਨ੍ਹਾਂ ਵਿਚ ਓਮੇਗਾ 6 ਫੈਟੀ ਏਸਿਡ ਵੱਧ ਹੁੰਦਾ ਹੈ ਜੋ ਓਮੇਗਾ ਤਿੰਨ ਫੈਟੀ ਏਸਿਡ ਦਾ (ਮੱਛੀ, ਅਖਰੋਟ) ਦਾ ਅਸਰ ਘਟਾ ਦਿੰਦਾ ਹੈ। ਇਸ ਤਰ੍ਹਾਂ ਯਾਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।

16. ਸੋਡੇ ਤੇ ਐਨਰਜੀ ਡਰਿੰਕਸ :-
ਸੰਨ 2013 ਅਤੇ 2017 ਵਿਚ ਹੋਈਆਂ ਖੋਜਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮਿੱਠੇ ਠੰਡੇ ਸੋਡੇ ਦਿਮਾਗ਼ ਦੇ ਯਾਦਾਸ਼ਤ ਵਾਲੇ ਹਿੱਸੇ ਦਾ ਨਾਸ ਮਾਰ ਦਿੰਦੇ ਹਨ। ਇਨ੍ਹਾਂ ਨਾਲ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਵੱਧ ਹੋ ਜਾਂਦਾ ਹੈ।

17. ਬਰੈੱਡ, ਪਾਸਤਾ, ਚੌਲ, ਆਲੂ :-
ਇਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਵੱਧ ਹੋਣ ਸਦਕਾ ਇਨ੍ਹਾਂ ਨੂੰ ਖਾਂਦੇ ਸਾਰ ਸਰੀਰ ਅੰਦਰ ਇਨਸੂਲਿਨ ਝਟਪਟ ਵੱਧ ਜਾਂਦੀ ਹੈ। ਜੇ ਇਹ ਰੈਗੂਲਰ ਵਰਤੇ ਜਾਂਦੇ ਹੋਣ ਤਾਂ ਦਿਮਾਗ਼ ਦੇ ਯਾਦਾਸ਼ਤ ਦੇ ਸੈਂਟਰ ਦਾ ਨੁਕਸਾਨ ਹੋ ਸਕਦਾ ਹੈ।

18. ਤਲੀਆਂ ਚੀਜ਼ਾਂ :-
18,080 ਲੋਕਾਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ ਤਲੀਆਂ ਚੀਜ਼ਾਂ ਜਿਵੇਂ ਫਰੈਂਚ ਫਰਾਈਜ਼, ਫਰਾਈਡ ਚਿਕਨ, ਡੋਨੱਟ ਆਦਿ ਵੱਧ ਖਾਂਦੇ ਰਹਿਣ ਵਾਲਿਆਂ ਵਿਚ ਯਾਦਾਸ਼ਤ ਦੀ ਕਮੀ ਛੇਤੀ ਹੋ ਜਾਂਦੀ ਹੈ।
ਇੰਜ ਹੀ ਡਾਈਟ ਸੋਡੇ ਪੀਣ ਵਾਲਿਆਂ ਵਿਚ ਵੀ ਲੱਭਿਆ ਗਿਆ।
ਪ੍ਰੋਸੈੱਸਡ ਖਾਣੇ ਵੀ ਓਨੇ ਹੀ ਹਾਣੀਕਾਰਕ ਲੱਭੇ ਗਏ।

ਕਿਹੜੇ ਖਾਣੇ ਯਾਦਾਸ਼ਤ ਸਹੀ ਰੱਖਣ ਲਈ ਫਾਇਦੇਮੰਦ ਸਾਬਤ ਹੋ ਚੁੱਕੇ ਹਨ ?
1. ਮੱਛੀ :-
ਸਾਰਡੀਨ, ਟਰਾਊਟ, ਟੂਨਾ ਆਦਿ ਓਮੇਗਾ ਤਿੰਨ ਫੈਟੀ ਏਸਿਡ ਭਰਪੂਰ ਹਨ। ਦਿਮਾਗ਼ ਦਾ 60 ਫੀਸਦੀ ਹਿੱਸਾ ਥਿੰਦੇ ਦਾ ਭਰਿਆ ਪਿਆ ਹੈ ਜਿਸ ਵਿਚ ਜ਼ਿਆਦਾਤਰ ਓਮੇਗਾ ਤਿੰਨ ਫੈਟੀ ਏਸਿਡ ਹੁੰਦੇ ਹਨ।
2. ਸਵੇਰ ਵੇਲੇ ਪੀਤੀ ਕੌਫ਼ੀ :-
ਇਸ ਵਿਚਲੀ ਕੇਫ਼ੀਨ ਅਤੇ ਐਂਟੀਆਕਸੀਡੈਂਟ ਦਿਮਾਗ਼ ਨੂੰ ਚੁਸਤ ਅਤੇ ਸਿਹਤਮੰਦ ਰੱਖਦੇ ਹਨ। ਕੌਫ਼ੀ ਡੋਪਾਮੀਨ ਵੀ ਵਧਾ ਕੇ ਚੰਗਾ ਮਹਿਸੂਸ ਕਰਵਾਉਂਦੀ ਹੈ।
ਦਿਨ ਵਿਚ ਦੋ ਵਾਰ ਪੀਤੀ ਕੌਫ਼ੀ (ਬਹੁਤ ਸਟਰੌਂਗ ਨਾ ਹੋਵੇ) ਦੇਰ ਤੱਕ ਯਾਦਾਸ਼ਤ ਸਹੀ ਰੱਖਣ ਵਿਚ ਮਦਦ ਕਰਦੀ ਹੈ। ਚੇਤੇ ਰਹੇ ਕਿ ਇਸ ਵਿਚ ਮਿੱਠਾ ਬਿਲਕੁਲ ਨਹੀਂ ਪਾਉਣਾ ਹੁੰਦਾ।
3. ਬਲੂਬੈਰੀਆਂ :-
ਐਂਥੋਸਾਇਆਨਿਨ ਸਦਕਾ ਇਨ੍ਹਾਂ ਨੂੰ ਖਾਣ ਨਾਲ ਦਿਮਾਗ਼ ਦੇ ਸੈੱਲਾਂ ਵਿਚਲੇ ਜੋੜ ਅਤੇ ਉਨ੍ਹਾਂ ਦਾ ਕੰਮ ਕਾਰ ਸਹੀ ਰਹਿੰਦਾ ਹੈ। ਹਫ਼ਤੇ ਵਿਚ ਘੱਟੋ-ਘੱਟ ਤਿੰਨ ਦਿਨ ਨਾਸ਼ਤੇ ਵਿਚ ਅੱਧੀ ਕੌਲੀ ਬਲੂਬੈਰੀਆਂ ਖਾ ਲੈਣੀਆਂ ਚਾਹੀਦੀਆਂ ਹਨ।
4. ਹਲਦੀ :-
ਇੱਕ ਗੱਲ ਤਾਂ ਪੱਕੀ ਹੈ ਕਿ ਹਲਦੀ ਸਿੱਧਾ ਦਿਮਾਗ਼ ਵਿਚ ਪਹੁੰਚ ਨਹੀਂ ਸਕਦੀ। ਸਦੀਆਂ ਤੋਂ ਲੋਕ ਸੋਜ਼ਿਸ਼ ਘਟਾਉਣ, ਸੱਟ ਫੇਟ ਦੀ ਪੀੜ ਘਟਾਉਣ ਲਈ ਅਤੇ ਖੰਘ ਜ਼ੁਕਾਮ ਲਈ ਹਲਦੀ ਦੀ ਵਰਤੋਂ ਕਰਦੇ ਰਹੇ ਹਨ। ਇਹ ਸਾਰੇ ਅਸਰ ਹਲਦੀ ਵਿਚਲੇ ਕੁਰਕੁਮਿਨ ਸਦਕਾ ਦਿਸਦੇ ਹਨ। ਇਹੀ ਸੋਚ ਕੇ ਘਟੀ ਯਾਦਾਸ਼ਤ ਵਾਲੇ ਮਰੀਜ਼ਾਂ ਨੂੰ ਹਲਦੀ ਖੁਆਈ ਗਈ। ਹਲਦੀ ਵਿਚਲੇ ਐਂਟੀਆਕਸੀਡੈਂਟ ਅਤੇ ਕੁਰਕੁਮਿਨ ਨੇ ਦਿਮਾਗ਼ ਅੰਦਰ ਜੰਮੇ ਐਮੀਲਾਇਡ ਥੱਦੇ ਖੋਰ ਦਿੱਤੇ ਅਤੇ ਸਿਰੋਟੋਨਿਨ ਦੇ ਨਾਲ ਡੋਪਾਮੀਨ ਦੀ ਮਾਤਰਾ ਵਧਾ ਕੇ ਢਹਿੰਦੀ ਕਲਾ ਵੀ ਕਾਫ਼ੂਰ ਕਰ ਦਿੱਤੀ। ਸਿਰਫ਼ ਏਥੇ ਹੀ ਬਸ ਨਹੀਂ ਹੋਈ ਬਲਕਿ ਦਿਮਾਗ਼ ਵਿਚ ਨਵੇਂ ਸੈੱਲ ਬਣਾਉਣ ਵਿਚ ਵੀ ਹਲਦੀ ਦਾ ਵਧੀਆ ਅਸਰ ਲੱਭਿਆ। ਇਹ ''ਨਿਊਰੋਟਰੋਪਿਕ ਫੈਕਟਰ'' ਸਦਕਾ ਹੋਇਆ। ਖੋਜ ਵਿਚ ਸਾਰੇ ਮਰੀਜ਼ਾਂ ਨੂੰ 500 ਤੋਂ 2000 ਮਿਲੀਗ੍ਰਾਮ ਕੱਚੀ ਹਲਦੀ ਵਿਚ ਰੋਜ਼ ਕਾਲੀ ਮਿਰਚ ਰਲਾ ਕੇ ਦਿੱਤੀ ਗਈ ਸੀ। ਇਹ ਤਿੰਨ ਮਹੀਨੇ ਲਗਾਤਾਰ ਖਾਧੀ ਗਈ ਸੀ।


5. ਬਰੌਕਲੀ :-
ਵਿਟਾਮਿਨ ਕੇ ਭਰਪੂਰ ਬਰੌਕਲੀ ਵੀ ਵਧੀਆ ਅਸਰ ਵਿਖਾਉਂਦੀ ਹੈ। ਇੱਕ ਕੱਪ ਰੋਜ਼ ਬਰੌਕਲੀ ਖਾਣ ਨਾਲ ਦਿਮਾਗ਼ ਵਿਚਲੇ ਸਫਿੰਗੋਲਿਪਿਡ ਵਧ ਗਏ ਲੱਭੇ ਜੋ ਦਿਮਾਗ਼ ਦੇ ਸੈੱਲਾਂ ਦੇ ਕੰਮ ਕਾਰ ਲਈ ਲੋੜੀਂਦੇ ਹਨ।
6. ਪੇਠੇ ਦੇ ਬੀਜ :-
ਮੈਗਨੀਸ਼ੀਅਮ, ਲੋਹ ਕਣ, ਜ਼ਿੰਕ ਅਤੇ ਕੌਪਰ ਦੇ ਨਾਲ ਢੇਰ ਸਾਰੇ ਐਂਟੀਆਕਸੀਡੈਂਟ ਦਿਮਾਗ਼ ਲਈ ਬਿਹਤਰੀਨ ਸਾਬਤ ਹੋ ਚੁੱਕੇ ਹਨ। ਰੋਜ਼ ਨਾਸ਼ਤੇ ਵਿਚ ਇੱਕ ਚਮਚ ਤਿੰਨ ਮਹੀਨੇ ਲਗਾਤਾਰ ਖਾ ਲੈਣੇ ਚਾਹੀਦੇ ਹਨ।
7. ਡਾਰਕ ਚਾਕਲੇਟ :-
ਇਸ ਕਾਲੀ ਕੌੜੀ ਚਾਕਲੇਟ ਵਿਚ ਫਲੇਵੋਨਾਇਡ, ਕੇਫ਼ੀਨ ਅਤੇ ਐਂਟੀਆਕਸੀਡੈਂਟ ਭਰੇ ਪਏ ਹਨ। ਵਧਦੀ ਉਮਰ ਨਾਲ ਸੁੰਗੜਦਾ ਦਿਮਾਗ਼ ਵੀ ਇਸ ਦੀ ਵਰਤੋਂ ਨਾਲ ਦੇਰ ਤੱਕ ਚੁਸਤ ਦਰੁਸਤ ਰਹਿ ਸਕਦਾ ਹੈ। ਇਹ ਮੂਡ ਵੀ ਵਧੀਆ ਕਰ ਦਿੰਦੀ ਹੈ।
8. ਸੁੱਕੇ ਮੇਵੇ :-
ਕੁੱਝ ਔਰਤਾਂ ਉੱਤੇ ਸੰਨ 2014 ਵਿਚ ਹੋਈ ਖੋਜ ਅਨੁਸਾਰ ਸੁੱਕੇ ਮੇਵੇ ਲਗਾਤਾਰ ਰੋਜ਼ ਇੱਕ ਮੁੱਠੀ ਖਾਣ ਵਾਲੀਆਂ ਔਰਤਾਂ ਦੀ ਯਾਦਾਸ਼ਤ ਦੂਜਿਆਂ ਨਾਲੋਂ ਵੱਧ ਤੇਜ਼ ਲੱਭੀ। ਓਮੇਗਾ ਤਿੰਨ ਫੈਟੀ ਏਸਿਡ, ਵਿਟਾਮਿਨ ਈ, ਐਂਟੀਆਕਸੀਡੈਂਟ ਸਦਕਾ ਇਹ ਅਸਰ ਲੱਭੇ।
9. ਸੰਤਰੇ : -
ਇੱਕ ਵਿਚਕਾਰਲੇ ਮੇਲ ਦਾ ਸੰਤਰਾ ਰੋਜ਼ ਖਾਣਾ ਵੀ ਲਾਹੇਵੰਦ ਹੋ ਸਕਦਾ ਹੈ। ਇਸ ਵਿਚਲੇ ਵਿਟਾਮਿਨ ਸੀ ਸਦਕਾ ਇਹ ਅਸਰ ਦਿਸਦੇ ਹਨ।
10. ਅੰਡੇ :-
ਵਿਟਾਮਿਨ ਬੀ 6, 12, ਫੋਲੇਟ ਅਤੇ ਕੋਲੀਨ ਜਿੱਥੇ ਯਾਦਾਸ਼ਤ ਵਧਾਉਣ ਵਿਚ ਮਦਦ ਕਰਦੇ ਹਨ, ਉੱਥੇ ਮੂਡ ਵੀ ਵਧੀਆ ਕਰ ਦਿੰਦੇ ਹਨ।
ਇੱਕ ਅੰਡੇ ਦੇ ਪੀਲੇ ਹਿੱਸੇ ਵਿਚ 112 ਮਿਲੀਗ੍ਰਾਮ ਕੋਲੀਨ ਹੈ ਜੋ ਦਿਮਾਗ਼ ਨੂੰ ਚੁਸਤ ਦਰੁਸਤ ਰੱਖਣ ਵਿਚ ਸਹਾਈ ਸਾਬਤ ਹੋ ਚੁੱਕੀ ਹੈ।
11. ਹਰੀ ਚਾਹ :-
ਇਸ ਵਿਚਲਾ ਕੇਫੀਨ, ਥੀਆਨੀਨ (ਅਮਾਈਨੋ ਏਸਿਡ) ਦਿਮਾਗ਼ ਅੰਦਰ 'ਗਾਬਾ' ਵਧਾ ਕੇ ਦਿਮਾਗ਼ ਦੀ ਤਰਥੱਲੀ ਘਟਾ ਕੇ ਜਿੱਥੇ ਆਨੰਦ ਮਹਿਸੂਸ ਕਰਵਾਉਂਦੇ ਹਨ, ਉੱਥੇ ਸੈੱਲਾਂ ਦੀ ਗਿਣਤੀ ਵੀ ਘਟਣ ਨਹੀਂ ਦਿੰਦੇ।
    

ਬਸ ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਖਾਣੇ ਜਾਦੂ ਟੂਣੇ ਵਾਂਗ ਅਸਰ ਨਹੀਂ ਵਿਖਾਉਂਦੇ ਬਲਕਿ ਰੋਜ਼ ਖਾਂਦੇ ਰਹਿਣ ਨਾਲ ਹੀ ਚੰਗਾ ਅਸਰ ਛੱਡਦੇ ਹਨ।

ਸਾਰ :-
ਹਰ ਸਾਲ ਦੁਨੀਆ ਭਰ ਵਿਚ 3.2 ਮਿਲੀਅਨ ਲੋਕ ਕਸਰਤ ਨਾ ਕਰਨ ਸਦਕਾ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਕੁੱਝ ਮੋਟਾਪੇ ਦੇ ਸ਼ਿਕਾਰ ਹੋ ਕੇ ਅਨੇਕ ਬੀਮਾਰੀਆਂ ਸਹੇੜ ਲੈਂਦੇ ਹਨ।
ਅੱਜ ਦੇ ਦਿਨ ਪੂਰੀ ਦੁਨੀਆ ਵਿਚ 55 ਮਿਲੀਅਨ ਲੋਕ ਯਾਦਾਸ਼ਤ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਹਰ ਸਾਲ ਇਸ ਗਿਣਤੀ ਵਿਚ 10 ਮਿਲੀਅਨ ਵਾਧਾ ਹੋ ਜਾਂਦਾ ਹੈ। ਬਹੁਤਿਆਂ ਨੂੰ ਇੰਜ ਹੀ ਧੱਕੇ ਖਾਣ ਲਈ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਬਥੇਰੇ ਘਰਾਂ ਅੰਦਰ ਬੰਨ੍ਹ ਕੇ ਰੱਖ ਦਿੱਤੇ ਜਾਂਦੇ ਹਨ। ਬਥੇਰੇ ਗ਼ਰੀਬ ਘਰਾਂ ਵਿਚਲੇ ਇਸ ਬੀਮਾਰੀ ਨਾਲ ਜੂਝਦੇ ਇਲਾਜ ਖੁਣੋਂ ਮੌਤ ਦੇ ਮੂੰਹ ਵੱਲ ਚਲੇ ਜਾਂਦੇ ਹਨ।
ਅੱਜ ਦੇ ਦਿਨ ਦੁਨੀਆ ਵਿਚਲੇ ਸਭ ਤੋਂ ਵੱਧ ਡੀਮੈਂਸ਼ੀਆ ਦੇ ਮਰੀਜ਼ ਕਤਰ, ਦੁਬਈ, ਬਹਿਰੀਨ, ਸਾਉਦੀ ਅਰਬ, ਓਮਾਨ, ਕੁਵੈਤ ਤੇ ਇਰਾਕ ਵਿਚ ਹਨ।
ਇਸ ਸਮੇਂ ਵਿਸ਼ਵ ਪੱਧਰ ਉੱਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਵੇਲੇ ਸਿਰ ਕਦਮ ਨਾ ਪੁੱਟੇ ਗਏ ਤਾਂ ਸੰਨ 2050 ਤੱਕ ਡੀਮੈਂਸ਼ੀਆ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੋਂ ਤਿੰਨ ਗੁਣਾ (153 ਮਿਲੀਅਨ) ਵੱਧ ਹੋ ਜਾਣ ਵਾਲੀ ਹੈ ਜੋ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅੱਜ ਦੇ ਦਿਨ ਭਾਰਤ ਵਿਚ ਵੀ 10 ਮਿਲੀਅਨ ਤੋਂ ਵੱਧ ਮਰੀਜ਼ ਭੁੱਲ ਜਾਣ ਦੀ ਬੀਮਾਰੀ ਨਾਲ ਜੂਝ ਰਹੇ ਹਨ ਜਿਨ੍ਹਾਂ ਵਿੱਚੋਂ 60 ਸਾਲ ਦੀ ਉਮਰ ਤੋਂ ਵੱਧ 80 ਫੀਸਦੀ ਹਨ ਤੇ ਬਾਕੀ ਛੋਟੀ ਉਮਰ ਦੇ।
ਇਨ੍ਹਾਂ ਅੰਕੜਿਆਂ ਤੋਂ ਸਮਝ ਆ ਜਾਂਦੀ ਹੈ ਕਿ ਮੌਜੂਦਾ ਲੇਖ ਕੀ ਅਹਿਮੀਅਤ ਰੱਖਦਾ ਹੈ।

ਕਿਵੇਂ ਪਤਾ ਲੱਗੇ ਕਿ ਭੁੱਲਣ ਦੀ ਬੀਮਾਰੀ ਸੀਰੀਅਸ ਹੋ ਰਹੀ ਹੈ?
1. ਇੱਕੋ ਸਵਾਲ ਬਾਰ ਬਾਰ ਪੁੱਛਿਆ ਜਾ ਰਿਹਾ ਹੋਵੇ
2. ਆਮ ਜਿਹੇ ਸ਼ਬਦ ਵੀ ਬੋਲਣ ਲੱਗਿਆਂ ਭੁੱਲਣ ਲੱਗ ਪੈਣ
3. ਲਫਜ਼ਾਂ ਵਿਚ ਗੜਬੜੀ ਜਿਵੇਂ ਮੇਜ਼ ਨੂੰ ਮੰਜਾ ਕਹਿ ਦੇਣਾ
4. ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਉਸ ਦਾ ਢੰਗ ਭੁੱਲਣ ਲੱਗ ਪਵੇ ਜੋ ਰੋਜ਼ ਬਣਾਇਆ ਜਾਂਦਾ ਹੋਵੇ ਜਿਵੇਂ ਦਹੀਂ ਜਮਾਉਣਾ, ਦਾਲ ਬਣਾਉਣੀ ਆਦਿ।
5. ਊਟ ਪਟਾਂਗ ਚੀਜ਼ਾਂ ਕਰਨੀਆਂ ਜਿਵੇਂ ਤੜਕੇ ਵਿਚ ਚਾਹ ਪੱਤੀ ਪਾਉਣੀ ਜਾਂ ਪਰਸ ਰਸੋਈ ਦੇ
ਫੱਟੇ ਉੱਤੇ ਰੱਖ ਦੇਣਾ, ਚਾਬੀ ਗੁਸਲਖਾਨੇ ਵਿਚ ਰੱਖ ਦੇਣੀ ਆਦਿ।
6. ਉਸੇ ਰਾਹ ਚੱਲਦਿਆਂ ਰਸਤਾ ਭੁੱਲ ਜਾਣਾ
7. ਰੋਜ਼ ਵਾਲਾ ਆਲਾ-ਦੁਆਲਾ ਵੇਖ ਕੇ ਵੀ ਯਾਦ ਨਾ ਆਵੇ ਕਿੱਧਰ ਜਾਣਾ ਹੈ
8. ਇਕਦਮ ਭੜਕ ਜਾਣਾ ਜਾਂ ਅਜੀਬ ਵਿਹਾਰ ਕਰਨ ਲੱਗ ਜਾਣਾ ਜਿਸ ਪਿੱਛੇ ਓਨਾ ਮਾੜਾ ਕਿਹਾ ਹੀ ਨਾ ਗਿਆ ਹੋਵੇ।
ਜੇ ਅਜਿਹੇ ਲੱਛਣ ਦਿਸਣ ਤਾਂ ਬੰਦੇ ਨੂੰ ਤੁਰੰਤ ਸਿਆਣੇ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783