ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ - ਉਜਾਗਰ ਸਿੰਘ
ਹਰਪ੍ਰੀਤ ਕੌਰ ਸੰਧੂ ਮਨੋਵਿਗਿਆਨ ਦੀ ਵਿਦਿਆਰਥਣ ਹੈ। ਉਹ ਆਪਣੀ ਪੜ੍ਹਾਈ ਦੀ ਮੁਹਾਰਤ ਕਰਕੇ ਮਨੁੱਖ ਦੇ ਮਨ ਵਿੱਚ ਕੀ ਵਾਪਰ ਰਿਹਾ ਹੈ, ਉਸ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੀ ਹੈ? ਇਸ ਲਈ ਉਹ ਮਨ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਕੇ ਜ਼ਿੰੰਦਗੀ ਕਿਸ ਪ੍ਰਕਾਰ ਬਿਹਤਰੀਨ ਢੰਗ ਨਾਲ ਬਸਰ ਕੀਤੀ ਜਾ ਸਕਦੀ ਹੈ, ਬਾਰੇ ਨੁਸਖਿਆਂ ਦੇ ਰੂਪ ਵਿੱਚ ਲਘੂ ਲੇਖ ਲਿਖਦੀ ਰਹਿੰਦੀ ਹੈ। ਉਸ ਦੀ ਚਰਚਾ ਅਧੀਨ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਵਿੱਚ ਉਸ ਦੇ 63 ਲਘੂ ਲੇਖ ਹਨ। ਮਨੁੱਖੀ ਜ਼ਿੰਦਗੀ ਪਰਮਾਤਮਾ ਦਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਸਦਉਪਯੋਗ/ਦੁਰਉਪਯੋਗ ਕਰਨਾ ਇਨਸਾਨ ਦੇ ਆਪਣੇ ਹੱਥ ਵਿੱਚ ਹੁੰਦਾ ਹੈ। ਇਨਸਾਨ ਨੂੰ ਦੁੱਖ/ਸੁੱਖ ਦਾ ਲਾਭ/ਨੁਕਸਾਨ ਹੁੰਦਾ ਹੈ। ਹੋਰ ਕਿਸੇ ਨੂੰ ਇਸ ਦਾ ਫ਼ਰਕ ਨਹੀਂ ਪੈਂਦਾ, ਫਿਰ ਇਨਸਾਨ ਲੋਕਾਂ ਦੀ ਖ਼ੁਸ਼ਹਾਲੀ ਵੇਖ ਕੇ ਦੁੱਖੀ ਕਿਉਂ ਹੁੰਦਾ ਹੈ? ਜਿਸ ਕਰਕੇ ਉਹ ਦੁੱਖੀ ਹੁੰਦਾ ਹੈ, ਉਸ ਦਾ ਦੂਜੇ ਇਨਸਾਨ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਫਿਰ ਇਨਸਾਨ ਆਪਣਾ ਨੁਕਸਾਨ ਕਿਉਂ ਕਰਦਾ ਹੈ? ਪ੍ਰਸੰਸਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪ੍ਰਸੰਸਾ ਕਰਨ ਵਿੱਚ ਕੋਈ ਖ਼ਰਚਾ ਨਹੀਂ ਹੁੰਦਾ ਪ੍ਰੰਤੂ ਜਿਸਦੀ ਪ੍ਰਸੰਸਾ ਕਰਦੇ ਹਾਂ, ਉਸ ਨੂੰ ਉਤਸ਼ਾਹ ਮਿਲਦਾ ਹੈ। ਨਿੰਦਿਆ ਕਰਨ ਨਾਲ ਇਨਸਾਨ ਨਿਰਉਤਸ਼ਾਹ ਹੁੰਦਾ ਹੈ। ਇਨ੍ਹਾਂ ਲੇਖਾਂ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਇਹੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਅਨੇਕਾਂ ਛੋਟੇ-ਛੋਟੇ ਨੁਸਖ਼ੇ ਇਸ ਪੁਸਤਕ ਵਿੱਚ ਦਿੱਤੇ ਹਨ। ਕਿਸੇ ਦੀ ਜ਼ਿੰਦਗੀ ਵਿੱਚ ਬੇਲੋੜਾ ਦਖ਼ਲ ਨਾ ਦਿੱਤਾ ਜਾਵੇ। ਖ਼ੁਸ਼ੀ ਇਨਸਾਨ ਦੇ ਅੰਦਰ ਹੀ ਹੈ, ਇਸ ਲਈ ਇਸ ਨੂੰ ਮਹਿਸੂਸ ਕਰਕੇ ਵੰਡਿਆ ਜਾਵੇ। ਕਿਸੇ ਦਾ ਦੁੱਖ ਵੰਡਿਆ ਜਾਵੇ ਤਾਂ ਦੁੱਖ ਘੱਟਦਾ ਹੈ। ਇਕ ਚੁੱਪ ਸੌ ਸੁੱਖ ਵਾਲਾ ਮੁਹਾਵਰਾ ਵੀ ਅੱਜ ਦੇ ਸਮੇਂ ਸਹੀ ਸਾਬਤ ਨਹੀਂ ਹੋ ਰਿਹਾ। ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਸੰਵੇਦਨਸ਼ੀਲਤਾ ਦੇ ਅਰਥ ਵੀ ਬਦਲਣ ਦੀ ਜ਼ਰੂਰਤ ਹੈ। ਕਿਸੇ ਨੂੰ ਠੇਸ ਨਾ ਪਹੁੰਚਾਓ। ਹਲੀਮੀ, ਪਿਆਰ ਸਤਿਕਾਰ ਇਨਸਾਨ ਦੇ ਗਹਿਣੇ ਹਨ। ਇਕੱਲਤਾ ਡਿਪਰੈਸਨ ਪੈਦਾ ਕਰਦਾ ਹੈ ਤੇ ਡਿਪਰੈਸ਼ਨ ਨਸ਼ੇ ਦਾ ਕਾਰਨ ਬਣਦਾ ਹੈ। ਇਸ ਲਈ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਲਗਾਈ ਰੱਖੋ। ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤੇ ਬਣਦੇ/ਵਿਗੜਦੇ ਹਨ। ਸਾਫ਼ ਤੇ ਸਪਸ਼ਟ ਗੱਲ ਕਰੋ। ਸੰਸਾਰ ਵਿੱਚ ਕੋਈ ਵੀ ਚੀਜ਼ ਸਥਾਈ ਨਹੀਂ, ਧਨ ਇਕੱਠਾ ਕਰਕੇ ਮਨੁੱਖ ਖ਼ੁਸ਼ ਨਹੀਂ ਰਹਿ ਸਕਦਾ, ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਲੋਕਾਂ ਨੂੰ ਬਹੁਤਾ ਮਹੱਤਵ ਦੇਣ ਦੀ ਥਾਂ ਆਪਣੀ ਪਛਾਣ ਕਰੋ। ਤੁਹਾਡੇ ਕੋਲ ਹੀ ਰਹਿਮਤਾਂ ਦਾ ਖ਼ਜਾਨਾ ਹੈ। ਆਪਣਾ ਵਿਵਹਾਰ ਠੀਕ ਰੱਖੋ, ਲੋਕ ਆਪੇ ਬਦਲ ਜਾਣਗੇ, ਜੇ ਨਾ ਵੀ ਬਦਲਣ, ਤੁਸੀਂ ਆਪਣੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਹਰ ਪਲ ਦਾ ਆਨੰਦ ਮਾਣੋ ਕਿਉਂਕਿ ਜੀਵਨ ਨਾਸ਼ਵਾਨ ਹੈ। ਸੱਚ ਨੂੰ ਸਮਝਣ ਅਤੇ ਸਵੀਕਾਰ ਕਰਨ ਨੂੰ ਪਹਿਲ ਦਿਓ। ਲੋਕ ਦੋਹਰੇ ਕਿਰਦਾਰ ਵਾਲੇ ਹਨ। ਜੀਵਨ ਵਿੱਚ ਤਕਲੀਫ਼ਾਂ ਤੇ ਖ਼ੁਸ਼ੀਆਂ ਆਉਣਗੀਆਂ ਹੀ ਹਨ, ਇਨ੍ਹਾਂ ਨੂੰ ਹਸ ਕੇ ਪ੍ਰਵਾਨ ਕਰੋ, ਰੋਣ ਧੋਣ ਦਾ ਕੋਈ ਲਾਭ ਨਹੀਂ। ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਸੁੱਖ ਪਾਓਗੇ। ਜ਼ਿੰਦਗੀ ਵਿੱਚ ਨਾਕਾਰਾਤਮਿਕ ਸੋਚ ਤੋਂ ਦੂਰ ਰਹੋ, ਵਿਸ਼ਵਾਸ ਸੋਚ ਸਮਝਕੇ ਕਰੋ। ਲੋਕ ਆਪਣੀ ਅਸੁਰੱਖਿਆ ਨੂੰ ਦੂਜਿਆਂ ਤੇ ਥੋਪਦੇ ਹਨ। ਦੂਜਿਆਂ ਬਾਰੇ ਹਮੇਸ਼ਾ ਉਸਾਰੂ ਸੋਚ ਰੱਖੋ, ਤੁਹਾਡਾ ਵਰਤਾਓ ਲੋਕਾਂ ਲਈ ਅਹਿਮੀਅਤ ਰੱਖਦਾ ਹੈ। ਜੇ ਤੁਸੀਂ ਚੰਗੇ ਹੋਵੋਗੇ ਤਾਂ ਲੋਕਾਈ ਨੂੰ ਲਾਭ ਹੋ ਸਕਦਾ ਹੈ। ਜ਼ਿੰਦਗੀ ਵਿੱਚ ਸਲੀਕਾ ਤੇ ਅਨੁਸਾਸ਼ਨ ਸਫਲਤਾ ਦੇ ਗਹਿਣੇ ਹਨ। ਨਿਯਮਾ ਅਨੁਸਾਰ ਚਲੋ, ਕੁਦਰਤ ਦੇ ਨਿਯਮਾਂ ਤੋਂ ਸਿਖਿਆ ਪ੍ਰਾਪਤ ਕਰੋ। ਦੋਸਤੀ ਬਹੁਤ ਜ਼ਰੂਰੀ ਹੈ, ਪ੍ਰੰਤੂ ਦੋਸਤ ਧਿਆਨ ਨਾਲ ਬਣਾਓ ਕਿਉਂਕਿ ਲੋਕ ਖੁਦਗਰਜ਼ ਹੋ ਗਏ ਹਨ। ਜ਼ਿੰਦਗੀ ਦਾ ਆਨੰਦ ਮਾਣੋ, ਜ਼ਿੰਦਗੀ ਕੱਟੋ ਨਾ, ਉਮਰ ਦੇ ਵੱਧਣ ਨਾਲ ਸਰੀਰ ਵਿੱਚ ਆਈਆਂ ਤਬਦੀਲੀਆਂ ਕੁਦਰਤ ਦੇ ਨਿਯਮ ਹਨ। ਅਪਣਤ ਨਾਲ ਸੰਸਾਰ ਵਿੱਚ ਵਿਚਰੋ, ਲੋਕ ਤੁਹਾਡੇ ਮੁਦਈ ਬਣਨਗੇ। ਨਮ੍ਰਤਾ ਦਾ ਭਾਵ ਇਹ ਨਹੀਂ ਕਿ ਤੁਸੀਂ ਦੂਸਰਿਆਂ ਅੱਗੇ ਵਿਛ ਜਾਓ। ਆਪਣੀ ਮਹੱਤਤਾ ਅਨੁਸਾਰ ਵਿਵਹਾਰ ਕਰੋ। ਔਰਤ ਤੇ ਮਰਦ ਦਾ ਕੋਈ ਟਕਰਾਓ ਨਹੀਂ, ਉਹ ਇੱਕ ਦੂਜੇ ਦੇ ਪੂਰਕ ਹਨ ਤੇ ਸਿਰਜਣਾ ਦੇ ਪ੍ਰਤੀਕ। ਦੋਵੇਂ ਇਕ ਦੂਜੇ ਦੇ ਚੰਗੇ ਗੁਣਾ ਨੂੰ ਅਪਣਾ ਲੈਣ। ਭਲਾਈ ਕਰਕੇ ਜਤਾਉਣਾ ਨਹੀਂ ਸਗੋਂ ਨੇਕੀ ਕਰੋ ਤੇ ਭੁੱਲ ਜਾਓ। ਆਪਣੀ ਸਿਹਤ ਦਾ ਧਿਆਨ ਰੱਖੋ, ਕਿਸੇ ਦਾ ਗੁੱਸਾ ਨਾ ਕਰੋ ਸਗੋਂ ਮੁਆਫ਼ ਕਰ ਦਿਓ। ਮੁਆਫ਼ ਕਰਨ ਨਾਲ ਦੋਵੇਂ ਸੰਤੁਸ਼ਟ ਹੋ ਜਾਣਗੇ। ਆਪਣਾ ਖਿਆਲ ਆਪ ਹੀ ਰੱਖੋ, ਦੂਜਿਆਂ ਤੇ ਆਸ ਨਾ ਕਰੋ। ਮਨੁੱਖ ਕੋਈ ਵੀ ਸੰਪੂਰਨ ਨਹੀਂ। ਊਣਤਾਈਆਂ ਜ਼ਿੰਦਗੀ ਦਾ ਹਿੱਸਾ ਹਨ, ਪਰਫੈਕਸ਼ਨ ਦੀ ਭਾਲ ਨੇ ਇਨਸਾਨ ਨੂੰ ਉਲਝਾ ਦਿੱਤਾ ਹੈ। ਆਪਣੇ ਬੱਚਿਆਂ ਖਾਸ ਤੌਰ ‘ਤੇ ਲੜਕੀਆਂ ਦੀ ਕਾਬਲੀਅਤ ਦੀ ਤਾਰੀਫ਼ ਕਰੋ, ਜੇਕਰ ਅਵੇਸਲੇ ਰਹਾਂਗੇ ਤਾਂ ਉਹ ਬਾਹਰਲੇ ਲੋਕਾਂ ਦੀ ਤਾਰੀਫ ਦੇ ਝਾਂਸੇ ਵਿੱਚ ਆ ਜਾਣਗੀਆਂ। ਜੇ ਹੋ ਸਕੇ ਇਕ ਦੂਜੇ ਦੀ ਬਾਂਹ ਫੜ੍ਹੋ, ਆਪਣੇ ਕੰਮ ਤੱਕ ਸੀਮਤ ਰਹੋ, ਬਹੁਤੇ ਹੱਥ ਪੈਰ ਨਾ ਪਸਾਰੋ। ਪਰਵਾਸ ਵਿੱਚ ਜਾ ਕੇ ਹਰ ਤਰ੍ਹਾਂ ਦਾ ਕੰਮ ਕਰਦੇ ਹੋ, ਭਾਰਤ ਵਿੱਚ ਹੀ ਕਰੋ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਮੁਹੱਬਤ ਸਿਰਫ਼ ਪਤੀ ਤੇ ਪਤਨੀ ਤੱਕ ਮਹਿਦੂਦ ਨਹੀਂ। ਮੁਹੱਬਤ ਭੈਣ-ਭਰਾ, ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਹੋ ਸਕਦੀ ਹੈ। ਮੁਹੱਬਤ ਨੂੰ ਇਸ਼ਕ ਮਜ਼ਾਜੀ ਤੱਕ ਸੀਮਤ ਨਾ ਕਰੋ। ਫਿਲਮਾ ਅਸਲੀ ਜ਼ਿੰਦਗੀ ਨਹੀਂ ਹੁੰਦੀਆਂ। ਔਰਤ ਬਹੁਤ ਹੀ ਭਾਵਨਾਤਮਿਕ ਹੁੰਦੀ ਹੈ। ਦਿਲ ਤੋਂ ਜ਼ਿਆਦਾ ਕੰਮ ਲੈਂਦੀ ਤੇ ਤਿਆਗ ਦੀ ਮੂਰਤ ਹੁੰਦੀ ਹੈ। ਜ਼ਿੰਦਗੀ ਵਿੱਚ ਖੜੋਤ ਨਹੀਂ ਹੋਣੀ ਚਾਹੀਦੀ। ਸਵਾਲ ਜਵਾਬ ਦੇ ਚੱਕਰ ਵਿੱਚ ਕਈ ਵਾਰ ਰਿਸ਼ਤੇ ਵਿਗੜ ਜਾਂਦੇ ਹਨ। ਕਈ ਵਾਰ ਚੁੱਪ ਰਹਿਕੇ ਵੀ ਜਵਾਬ ਦਿੱਤਾ ਜਾ ਸਕਦਾ ਹੈ। ਮਨੁੱਖ ਗੁਣਾਂ ਦੀ ਗੁਥਲੀ ਹੁੰਦਾ ਹੈ, ਸਰੀਰਕ ਸੁੰਦਰਤਾ ਗੁਣਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਹਰ ਇਨਸਾਨ ਵਿੱਚ ਕੋਈ ਇਕ ਗੁਣ ਹੁੰਦਾ ਹੈ, ਉਸਦਾ ਸਦਉਪਯੋਗ ਕਰੋ। ਸਮਾਜਿਕ ਵਰਤਾਰੇ ਵਿੱਚ ਗ਼ਲਤ ਨੂੰ ਗ਼ਲਤ ਕਹਿਣਾ ਸਿੱਖੋ। ਕਹਿਣ ਦੀ ਜ਼ੁਅਰਤ ਕਰੋ। ਰਿਸ਼ਤਿਆਂ ਦੀਆਂ ਗੰਢਾਂ ਮਜ਼ਬੂਤ ਕਰਨ ਲਈ ਆਪਣਿਆਂ ਦੇ ਦਰਦ ਦੀ ਪਛਾਣ ਕਰੋ। ਇਹ ਜ਼ਰੂਰੀ ਨਹੀਂ ਕਿ ਔਰਤ ਜੇਕਰ ਤੁਹਾਡੇ ਨਾਲ ਚੰਗਾ ਵਿਵਹਾਰ ਕਰਦੀ ਹੈ ਤਾਂ ਉਹ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਹੈ। ਪਰ ਜੇਕਰ ਔਰਤ ਆਪਣੇ ਪ੍ਰੇਮੀ ਪੁਰਸ਼ ਨਾਲ ਹਮਬਿਸਤਰ ਹੋਣਾ ਚਾਹੁੰਦੀ ਹੈ ਤਾਂ ਉਹ ਚਰਿਤਰਹੀਣ ਨਹੀਂ, ਉਹ ਆਪਣੀਆਂ ਇਛਾਵਾਂ ਦੀ ਪੂਰਤੀ ਕਰਦੀ ਹੈ। ਬਿਮਾਰ ਮਾਨਸਿਕਤਾ ਵਾਲੇ ਔਰਤ ਨੂੰ ਚਰਿਤਰਹੀਣ ਕਹਿਣਗੇ ਪ੍ਰੰਤੂ ਮਰਦ ਅਜਿਹੇ ਰਿਸ਼ਤੇ ਬਣਾਉਂਦਾ ਤਾਂ ਉਸ ਨੂੰ ਬਹਾਦਰ ਗਿਣਿਆਂ ਜਾਂਦਾ ਹੈ। ਰਿਸ਼ਤਿਆਂ ਦੇ ਸਮੀਕਰਨ ਨੂੰ ਬਣਾ ਕੇ ਰੱਖਣਾ ਅਤਿਅੰਤ ਜ਼ਰੂਰੀ ਹੈ। ਰਿਸ਼ਤੇ ਰੂਹ ਦੇ ਹਾਣੀ ਨਾਲ ਖਿੜਦੇ ਹਨ। ਰਿਸ਼ਤਿਆਂ ਵਿੱਚ ਨਿਰਾਸਤਾ ਨਾ ਲਿਆਓ। ਕਈ ਵਾਰ ਰਿਸ਼ਤੇ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਬੋਝ ਨਾ ਬਣਨ ਦਿਓ। ਜੇਕਰ ਕੋਈ ਤੁਹਾਨੂੰ ਅਣਡਿਠ ਕਰਦਾ ਹੈ ਤਾਂ ਪਿੱਛੇ ਹਟ ਜਾਓ। ਪ੍ਰੰਤੂ ਕੁੜੱਤਣ ਨਾਲ ਰਿਸ਼ਤੇ ਖ਼ਤਮ ਨਾ ਕਰੋ। ਗ਼ਲਤਫਹਿਮੀ ਮੇਲ ਮਿਲਾਪ ਤੇ ਸੰਬੰਧ ਖ਼ਤਮ ਕਰਦੀ ਹੈ। ਗ਼ਲਤਫਹਿਮੀ ਦੇ ਅਰਥ ਹੀ ਸਾਫ਼ ਪ੍ਰਗਟਾਵਾ ਕਰਦੇ ਹਨ। ਆਪਣੀ ਆਤਮਾ ਦੀ ਆਵਾਜ਼ ਸੁਣਕੇ ਫ਼ੈਸਲੇ ਕਰੋ। ਜੋ ਤੁਸੀਂ ਕਰ ਰਹੇ ਹੋ, ਉਸ ਤੋਂ ਖ਼ੁਸ਼ ਰਹੋ ਦੁਚਿਤੀ ਵਿੱਚ ਨਾ ਪਓ। ਮਨ ਦੀ ਸ਼ਾਂਤੀ, ਖ਼ੁਸ਼ੀ ਅਤੇ ਸਕੂਨ ਮਨੁੱਖ ਦੇ ਅੰਦਰ ਹੀ ਹਨ, ਇਨ੍ਹਾਂ ਦਾ ਆਨੰਦ ਲੈਣਾ ਮਨੁੱਖ ਦੇੇ ਆਪਣੇ ਵਸ ਵਿੱਚ ਹੈ। ਸ਼ਰਾਫ਼ਤ ਕਮਜ਼ੋਰੀ ਨਹੀਂ ਹੁੰਦੀ ਪ੍ਰੰਤੂ ਚਲਾਕੀ ਕੋਈ ਗੁਣ ਨਹੀਂ ਹੁੰਦਾ। ਹੰਕਾਰ ਕਰਨ ਵਾਲਾ ਘਾਟੇ ਵਿੱਚ ਰਹਿੰਦਾ ਹੈ। ਅਣਖ਼ ਪੰਜਾਬੀਆਂ ਦੇ ਕਿਰਦਾਰ ਦਾ ਹਿੱਸਾ ਹੈ। ਹੰਕਾਰ ਤੇ ਅਣਖ ਦਰਮਿਆਨ ਥੋੜ੍ਹਾ ਜਿਹਾ ਅੰਤਰ ਹੈ। ਇਹ ਅੰਤਰ ਹੀ ਨੁਕਸਾਨ/ਲਾਭ ਦਾ ਕਾਰਨ ਬਣਦਾ ਹੈ। ਬੰਦਾ ਹੀ ਬੰਦੇ ਦਾ ਸਹਾਈ ਹੋ ਸਕਦਾ। ਹਰ ਇਨਸਾਨ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ, ਉਸ ਦੀ ਪਛਾਣ ਕਰੋ ਤੇ ਹੁਨਰਮੰਦ ਹੋ ਜਾਓ। ਕੁਦਰਤ ਬਹੁਰੰਗੀ ਹੈ। ਕੁਦਰਤ ਆਪਣੇ ਰੰਗਾਂ ਨਾਲ ਇਨਸਾਨ ਨੂੰ ਖ਼ੁਸ਼ੀ ਬਖ਼ਸ਼ਦੀ ਹੈ। ਵਿਖਾਵਾ, ਧੋਖਾ ਅਤੇ ਨਿਰਾਸ਼ਾ ਜ਼ਿੰਦਗੀ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ। ਘੜੱਮ ਚੌਧਰੀਆਂ ਤੋਂ ਦੂਰ ਰਹੋ। ਪਿੱਠ ਪਿੱਛੇ ਕਹੀਆਂ ਗੱਲਾਂ ਕਈ ਵਾਰ ਤੁਹਾਡੇ ਤੱਕ ਪਹੁੰਚਦੀਆਂ ਦੇ ਅਰਥ ਬਦਲ ਜਾਂਦੇ ਹਨ। ਕਦੀ ਵੀ ਹਾਰ ਨਾ ਮੰਨੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਲੇਖਿਕਾ ਨੇ ਇਨਸਾਨ ਨੂੰ ਆਪਣੀ ਜ਼ਿੰਦਗੀ ਬਿਹਤਰੀਨ ਢੰਗ ਨਾਲ ਜਿਓਣ ਦੇ ਨੁਕਤੇ ਦਿੱਤੇ ਹਨ। ਇਨ੍ਹਾਂ ਨੁਕਤਿਆਂ ਦੀ ਵਰਤੋਂ ਸੋਚ ਸਮਝਕੇ ਕਰਨੀ ਚਾਹੀਦੀ ਹੈ, ਹੋ ਸਕਦਾ ਹਰ ਇੱਕ ਲਈ ਇਹ ਸਾਰਥਿਕ ਨਾ ਹੋਣ ਪ੍ਰੰਤੂ ਇਹ ਨੁਕਤੇ ਵਜ਼ਨਦਾਰ ਹਨ।
112 ਪੰਨਿਆਂ, 195 ਰੁਪਏ ਕੀਮਤ ਵਾਲੀ ਇਹ ਪੁਸਤਕ ਕੈਲੀਬਰ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com