ਜੰਗ ਨਾਲੋਂ ਜੰਗ-ਬੰਦੀ ਬਿਹਤਰ : ਨਫ਼ਾ ਨੁਕਸਾਨ ਨਹੀਂ ਵੇਖੀਦਾ - ਉਜਾਗਰ ਸਿੰਘ
ਜੰਗ ਸ਼ਬਦ ਹੀ ਖ਼ਤਰਨਾਕ ਹੁੰਦਾ ਹੈ। ਜੰਗ ਦਾ ਤਬਾਹਕੁਨ ਹੋਣਾ ਕੁਦਰਤੀ ਹੈ। ਜੰਗ ਤਬਾਹੀ ਦਾ ਪ੍ਰਤੀਕ ਹੁੰਦਾ ਹੈ। ਜੰਗ ਦੇ ਨਤੀਜੇ ਕਦੀਂ ਵੀ ਸਾਕਾਰਾਤਮਕ ਨਹੀਂ ਹੋ ਸਕਦੇ। ਜੰਗ ਦੇ ਨਤੀਜੇ ਹਮੇਸ਼ਾ ਦਿਲ ਨੂੰ ਦੁਖਾਉਣ, ਦਹਿਲਾਉਣ ਵਾਲੇ ਤੇ ਹਿਰਦੇਵੇਦਿਕ ਹੁੰਦੇ ਹਨ। ਜੰਗ-ਬੰਦੀ ਸਾਕਾਰਾਤਮਕ ਸੋਚ ਦਾ ਪ੍ਰਗਟਾਵਾ ਹੁੰਦੀ ਹੈ। ਜੰਗ-ਬੰਦੀ ਵਿੱਚ ਨਫ਼ਾ ਨੁਕਸਾਨ ਨਹੀਂ ਵੇਖਿਆ ਜਾਣਾ ਚਾਹੀਦਾ। ਜੰਗ ਮਾਨਵਤਾ ਦਾ ਘਾਣ ਕਰਦੀ ਹੈ, ਪ੍ਰੰਤੂ ਜੰਗ-ਬੰਦੀ ਮਾਨਵਤਾ ਦੇ ਭਲੇ ਵਿੱਚ ਹੁੰਦੀ ਹੈ ਤੇ ਮਾਨਵਤਾ ਦਾ ਬਚਾਓ ਕਰਦੀ ਹੈ। ਸ਼ਾਂਤੀ ਦਾ ਪ੍ਰਤੀਕ ਹੁੰਦੀ ਹੈ। ਸੁਹਾਵਣਾ ਜੀਵਨ ਜਿਓਣ ਲਈ ਸਾਂਤਮਈ ਵਾਤਾਵਰਨ ਜ਼ਰੂਰੀ ਹੁੰਦਾ ਹੈ। ਦੇਸ਼ ਦਾ ਆਰਥਿਕ, ਸਮਾਜਿਕ, ਸਭਿਅਚਾਰਕ, ਵਿਗਿਆਨਕ, ਸਰੀਰਕ ਤੇ ਮਾਨਸਿਕ ਵਿਕਾਸ ਸ਼ਾਂਤੀ ਦੇ ਸਮੇਂ ਹੀ ਹੋ ਸਕਦਾ ਹੈ। ਇਸ ਲਈ ਕਿਸੇ ਵੀ ਦੇਸ਼ ਦੇ ਵਿਕਾਸ ਲਈ ਸ਼ਾਂਤੀ ਹੋਣੀ ਜ਼ਰੂਰੀ ਹੁੰਦੀ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ-ਬੰਦੀ ਦਾ ਦੋਹਾਂ ਦੇਸ਼ਾਂ ਦੇ ਅਮਨਪਸੰਦ ਲੋਕਾਂ ਨੇ ਸਵਾਗਤ ਕੀਤਾ ਹੈ। ਜੰਗ-ਬੰਦੀ ਦਾ ਐਲਾਨ ਹੋਣ ‘ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਵਿੱਚ 26 ਸੈਰ ਸਪਾਟਾ ਕਰਨ ਗਏ ਬੇਕਸੂਰ ਮਾਸੂਮ ਲੋਕ ਮਾਰੇ ਗਏ ਸਨ। ਉਸ ਸਮੇਂ ਭਾਰਤ ਵਿੱਚ ਪਾਕਿਸਤਾਨ ਵਿਰੁੱਧ ਰੋਸ ਦੀ ਲਹਿਰ ਉਠ ਖੜ੍ਹੀ ਹੋਈ ਸੀ। ਭਾਰਤ ਦੇ ਲੋਕ ਸਰਕਾਰ ਤੋਂ ਪਾਕਿਸਤਾਨ ਤੋਂ ਬਦਲਾ ਲੈਣ ਲਈ ਕੋਈ ਸਾਰਥਿਕ ਕਾਰਵਾਈ ਉਮੀਦ ਰੱਖਦੇ ਸਨ। ਭਾਰਤ ਨੇ ਪੂਰੀ ਤਿਆਰੀ ਤੋਂ ਬਾਅਦ 6-7 ਮਈ ਦੀ ਰਾਤ ਨੂੰ ਪਾਕਿਸਤਾਨ ਵਿੱਚ ਸਥਿਤ ਅਤਵਾਦੀਆਂ ਦੇ 9 ਸਿਖਲਈ ਟਿਕਾਣਿਆਂ ‘ਤੇ ‘ਅਪ੍ਰੇਸ਼ਨ ਸਿੰਧੂਰ’ ਂਰਾਹੀਂ ਹਮਲਾ ਕਰਕੇ ਸਿਖਲਾਈ ਸੈਂਟਰ ਤਬਾਹ ਕਰ ਦਿੱਤੇ। ਫਿਰ ਪਾਕਿਸਤਾਨ ਦੇ 6 ਏਅਰ ਬੇਸ ਵੀ ਤਬਾਹ ਕਰ ਦਿੱਤੇ। ਪਾਕਿਸਤਾਨ ਨੇ ਵੀ ਭਾਰਤ ‘ਤੇ ਡਰੋਨਾ ਨਾਲ ਹਮਲੇ ਕੀਤੇ। ਇੱਕ ਕਿਸਮ ਨਾਲ ਦੋਹਾਂ ਦੇਸ਼ਾਂ ਦਰਮਿਆਨ ਲੜਾਈ ਸ਼ੁਰੂ ਹੋ ਗਈ। ਐਲ ਓ ਸੀ ‘ਤੇ ਵੀ ਗੋਲਾਬਾਰੀ ਹੁੰਦੀ ਰਹੀ। ਪੁਣਛ ਵਿੱਚ ਪਾਕਿਸਤਾਨ ਨੇ ਭਾਰਤ ਦਾ ਨੁਕਸਾਨ ਕੀਤਾ। ਇੱਕ ਕਿਸਮ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ‘ਅਪ੍ਰੇਸ਼ਨ ਸਿੰਧੂਰ’ ਕਰਨਾ ਬਿਲਕੁਲ ਜ਼ਾਇਜ ਸੀ ਪ੍ਰੰਤੂ ਇਸ ਨਾਲ ਬਦਲਾ ਤਾਂ ਲੈ ਲਿਆ ਪ੍ਰੰਤੂ ਜੇਕਰ ਜੰਗ ਜ਼ਾਰੀ ਰਹਿੰਦੀ ਤਾਂ ਬਹੁਤ ਸਾਰੀਆਂ ਇਸਤਰੀਆਂ ਦੇ ਸਿੰਧੂਰ ਲਹਿ ਜਾਣੇ ਸਨ। 10 ਮਈ ਨੂੰ ਸ਼ਾਮ 5-00 ਵਜੇ ਅਮਰੀਕਾ ਦੀ ਵਿਚੋਲਗੀ ਨਾਲ ਜੰਗ-ਬੰਦੀ ਦਾ ਦੋਹਾਂ ਦੇਸ਼ਾਂ ਨੇ ਐਲਾਨ ਕਰ ਦਿੱਤਾ, ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਦੋਹਾਂ ਦੇਸ਼ਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਹੋਣ ਲੱਗ ਪਏ। ਭਾਰਤ ਵਿੱਚ ਕੁਝ ਲੋਕਾਂ ਨੇ ਜੰਗ-ਬੰਦੀ ਦਾ ਸਵਾਗਤ ਕੀਤਾ, ਪ੍ਰੰਤੂ ਕੁਝ ਲੋਕਾਂ ਨੇ ਭਾਰਤ ਵੱਲੋਂ ਅਮਰੀਕਾ ਦੀ ਵਿਚੋਲਗੀ ‘ਤੇ ਸਵਾਲ ਚੁੱਕਦਿਆਂ ਇਸਨੂੰ ਭਾਰਤ ਦੇ ਹਿੱਤ ਵਿਰੁੱਧ ਕਿਹਾ, ਸਗੋਂ ਇਸਨੂੰ ਭਾਰਤ ਦੀ ਹਾਰ ਦੇ ਰੂਪ ਵਿੱਚ ਪ੍ਰਚਾਰਿਆ ਗਿਆ। ਜੋ ਸਰਾਸਰ ਗ਼ਲਤ ਹੈ, ਡੀਫੈਸ ਪੜਚੋਲਕਾਰਾਂ ਅਨੁਸਾਰ ਜੰਗ-ਬੰਦੀ ਨੂੰ ਜਿੱਤ-ਹਾਰ ਤੇ ਨਫ਼ਾ-ਨੁਕਸਾਨ ਦੇ ਤੌਰ ‘ਤੇ ਨਹੀਂ ਵੇਖਣਾ ਚਾਹੀਦਾ। ਜੰਗ-ਬੰਦੀ ਦੇਸ਼ ਦੀ ਆਰਥਿਕਤਾ ਲਈ ਲਾਹੇਬੰਦ ਹੁੰਦੀ ਹੈ। ਲੋਕ ਆਪਣਾ ਰੋਜ ਮਰ੍ਹਾ ਦਾ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਦੇ ਸਮਰੱਥ ਹੁੰਦੇ ਹਨ। ਜੰਗ ਦੌਰਾਨ ਜਨ-ਜੀਵਨ ਵਿੱਚ ਖੜੋਤ ਆ ਜਾਂਦੀ ਹੈ। ਕਰਫਿਊ ਤੇ ਬਲੈਕ ਆਊਟ ਕਾਰੋਬਾਰ ਬੰਦ ਕਰ ਦਿੰਦੀ ਹੈ। ਜਾਨ-ਮਾਲ ਦਾ ਵੱਖਰਾ ਨੁਕਸਾਨ ਹੁੰਦਾ ਹੈ। ਮਨੁੱਖੀ ਜੀਵਨ ਦਾ ਬਚਾਓ ਸਭ ਤੋਂ ਵੱਡੀ ਪ੍ਰਾਪਤੀ ਹੁੰਦਾ ਹੈ। ਲੋਕਾਂ ਦਾ ਸੁੱਖ-ਚੈਨ ਖ਼ਤਮ ਹੋ ਜਾਂਦਾ ਹੈ। ਜੰਗ-ਬੰਦੀ ਦੇਸ਼ ਅਤੇ ਲੋਕਾਂ ਦੇ ਹਿੱਤ ਵਿੱਚ ਹੁੰਦੀ ਹੈ। ਸਰਕਾਰਾਂ ਦਾ ਮੰਤਵ ਵੀ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਹੁੰਦਾ ਹੈ। ਭਾਰਤ ਲਈ ਜੰਗ-ਬੰਦੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਉਸ ਦੇ ਲਗਪਗ ਸਾਰੇ ਗੁਆਂਢੀ ਦੇਸ਼ਾਂ ਦੇ ਭਾਰਤ ਨਾਲ ਸੰਬੰਧ ਸਾਜਗਾਰ ਨਹੀਂ ਹਨ।
ਚੀਨ ਹਮੇਸ਼ਾ ਭਾਰਤ ਲਈ ਖ਼ਤਰਾ ਬਣਿਆਂ ਰਹਿੰਦਾ ਭਾਰਤ ਖਾਸ ਤੌਰ ‘ਤੇ ਪੰਜਾਬ ਨੇ 1947 ਵਿੱਚ ਦੇਸ ਦੀ ਵੰਡ, 1965 ਚੀਨ ਨਾਲ ਜੰਗ, 1971 ਪਾਕਿਸਤਾਨ ਨਾਲ ਲੜਾਈ, ਕਾਰਗਿੱਲ, ਪੁਲਵਾਮਾ ਤੇ ਹੁਣ ਪਹਿਲਗਾਮ ਦੇ ਭਿਆਨਕ ਨਤੀਜਿਆਂ ਦਾ ਸੰਤਾਪ ਭੋਗਿਆ ਹੈ। ਹਜ਼ਾਰਾਂ ਫੌਜੀਆਂ ਅਤੇ ਸਿਵਲੀਅਨ ਦਾ ਖ਼ੂਨ ਡੁਲਿ੍ਹਆ, ਇਸਤਰੀਆਂ ਵਿਧਵਾ ਹੋਈਆਂ, ਮਾਵਾਂ ਦੇ ਪੁੱਤ ਸ਼ਹੀਦ ਹੋਏ, ਭੈਣਾਂ ਭਰਾਵਾਂ ਦੇ ਰੱਖੜੀਆਂ ਬੰਨ੍ਹਣ ਤੋਂ ਰਹਿ ਗਈਆਂ ਤੇ ਬੱਚੇ ਮਾਤਾ ਪਿਤਾ ਤੋਂ ਵਾਂਝੇ ਹੋ ਗਏ। 1971 ਦੀ ਜੰਗ ਵਿੱਚ ਪਾਕਿਸਤਾਨਦਾ ਨੁਕਸਾਨ ਬਹੁਤ ਹੀ ਜਿਜ਼ਆਦ ਹੋਇਆ। ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬੰਗਲਾ ਦੇਸ ਪਾਕਿਸਤਾਨ ਨਾਲੋਂ ਵੱਖ ਹੋ ਗਿਆ। ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਸਦੇ 93000 ਫੌਜੀਆਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁੱਟ ਦਿੱਤੇ। ਪਾਕਿਸਤਾਨ ਇਤਨੀ ਬੁਰੀ ਤਰ੍ਹਾਂ ਹਾਰ ਤੇ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਸੁਧਰਨ ਦਾ ਨਾਮ ਨਹੀਂ ਲੈ ਰਿਹਾ। ਮਨੁੱਖਤਾ ਦਾ ਖ਼ੂਨ ਡੁਲ੍ਹਦਾ ਹੈ। ਅਸਲ ਵਿੱਚ ਪਾਕਿਸਤਾਨ ਵਿੱਚ ਲੋਕਾਂ ਦੀ ਸਰਕਾਰ ‘ਤੇ ਫੌਜ ਭਾਰੂ ਹੈ। ਉਥੇ ਫੌਜ ਦੀ ਹੀ ਪੁਗਦੀ ਹੈ। ਫੌਜ ਅਜਿਹੇ ਪੰਗੇ ਛੇੜੀ ਰੱਖਦੀ ਹੈ ਤਾਂ ਜੋ ਸਰਕਾਰ ਨੂੰ ਆਪਣੇ ਥੱਲੇ ਲਾ ਕੇ ਰੱਖ ਸਕੇ। ਜੰਗ ਕੋਈ ਖੇਡ ਨਹੀਂ ਹੁੰਦੀ। ਅੱਤਵਾਦੀਆਂ ਨੂੰ ਵੀ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ ਪ੍ਰੰਤੂ ਪਾਕਿਸਤਾਨ ਸਰਕਾਰ ਦੀ ਪੁਸਸ਼ ਪਨਾਹੀ ਹੋਣ ਕਰਕੇ ਗੁਮਰਾਹ ਹੋ ਕੇ ਫਿਰ ਵੀ ਉਹ ਅਜਿਹੇ ਕੰਮ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਨੇ 1980ਵਿਂਆਂ ਵਿੱਚ ਪਾਕਿਸਤਾਨ ਦੀ ਸ਼ਹਿ ‘ਤੇ ਕਥਿਤ ਅਤਵਾਦੀਆਂ ਤੇ ਸਰਕਾਰਾਂ ਦੀਆਂ ਜ਼ਿਆਦਤੀਆਂ ਦਾ ਸੰਤਾਪ ਭੋਗਿਆ। ਪੰਜਾਬ ਦੀ ਨੌਜਵਾਨੀ ਦਾ ਘਾਣ ਹੋਇਆ। ਇਸੇ ਤਰ੍ਹਾਂ 1984 ਵਿੱਚ ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿੱਚ ਸਿੱਖ ਨਸਲਕੁਸ਼ੀ ਹੋਈ, ਜਿਸ ਦਾ ਦੁੱਖ ਅੱਜ ਤੱਕ ਪੰਜਾਬੀਆਂ/ਸਿੱਖਾਂ ਦੇ ਅੱਲੇ ਜ਼ਖਮਾਂ ਵਿੱਚੋਂ ਰਿਸ ਰਿਹਾ ਹੈ। ਇਨ੍ਹਾਂ ਜੰਗਾਂ ਅਤੇ ਦੁਰਘਟਨਾਵਾਂ ਦਾ ਸਭ ਤੋਂ ਵੱਧ ਨੁਕਸਾਨ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਹੋਇਆ ਹੈ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਾਰਾ ਕੁਝ ਹੰਢਾਇਆ ਹੈ। ਇਨ੍ਹਾਂ ਪੰਜਾਬੀਆਂ ਨੂੰ ਪੁੱਛੋ ਜੰਗ ਦਾ ਕੀ ਨੁਕਸਾਨ ਹੁੰਦਾ ਹੈ? ਪੰਜਾਬੀ ਜੰਗ-ਬੰਦੀ ਦਾ ਸਵਾਗਤ ਕਰਦੇ ਹਨ। ਉਹ ਦੋਵੇਂ ਦੇਸਾਂ ਦੇ ਸਿਆਸਤਦਾਨਾ ਨੂੰ ਪੰਜਾਬੀਆਂ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਕੂਟਨੀਤਕ ਸੰਬੰਧਾਂ ਨਾਲ ਸਾਰੇ ਮਸਲੇ ਹੱਲ ਕਰਨ। ਕਿਸੇ ਵੀ ਦੇਸ਼ ਦੇ ਲੋਕਾਂ ਦਾ ਖ਼ੂਨ ਅਜਾਈਂ ਨਹੀਂ ਡੁਲ੍ਹਣਾ ਚਾਹੀਦਾ। ਪਾਕਿਸਤਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੈ, ਪ੍ਰੰਤੂ ਭਾਰਤ ਦੀ ਵੀ ਬਹੁਤੀ ਚੰਗੀ ਨਹੀਂ ਉਹ ਵੀ ਕਰਜ਼ਈ ਹੋਇਆ ਪਿਆ ਹੈ। ਸੰਸਾਰ ਦੇ ਵੱਡੇ ਦੇਸ਼ ਆਪੋ ਆਪਣੇ ਹਥਿਆਰ ਵੇਚਣ ਲਈ ਦੋਹਾਂ ਦੇਸਾਂ ਦੀ ਆਰਥਿਕਤਾ ਨੂੰ ਢਾਅ ਲਾ ਰਹੇ ਹਨ। ਰੂਸ ਜਿਸਨੂੰ ਭਾਰਤ ਆਪਣਾ ਹਮਦਰਦ ਕਹਿੰਦਾ ਹੈ, ਉਹ ਪਾਕਿਸਤਾਨ ਨੂੰ ਵੀ ਹਥਿਆਰ ਵੇਚਦਾ ਹੈ। ਹੀਰੋਸੀਮਾ ਤੇ ਨਾਗਾ ਸਾਕੀ ਦੇ ਪ੍ਰਮਾਣੂ ਹਮਲੇ ਦਾ ਭੂਤ ਅਜੇ ਤੱਕ ਮੰਡਰਾ ਰਿਹਾ ਹੈ, ਡੀਫੈਂਸ ਪੜਚੋਲਕਾਰਾਂ ਦੀ ਰਾਏ ਹੈ ਕਿ ਅਮਰੀਕਾ ਭਾਂਪ ਗਿਆ ਸੀ ਕਿ ਜੇਕਰ ਕਿਸੇ ਇੱਕ ਦੇਸ ਨੇ ਅਣਗਹਿਲੀ ਵਰਤ ਲਈ ਤਾਂ ਸੰਸਾਰ ਜੰਗ ਲੱਗ ਸਕਦੀ ਹੈ, ਸੰਸਾਰ ਆਰਥਿਕ ਮੰਦਹਾਲੀ ਵਿੱਚ ਤਾਂ ਪਹੁੰਚੇਗਾ ਹੀ ਪ੍ਰੰਤੂ ਪ੍ਰਮਾਣੂੰ ਖ਼ਤਰਾ ਸਭ ਤੋਂ ਵੱਧ ਨੁਕਸਾਨਦਾਇਕ ਹੋ ਸਕਦਾ ਹੈ, ਕਿਉਂਕਿ ਭਾਰਤ ਤੇ ਪਾਕਿਸਤਾਨ ਦੋਹਾਂ ਦੇਸਾਂ ਕੋਲ ਪ੍ਰਮਾਣੂ ਸ਼ਕਤੀ ਹੈ। ਰੂਸ ਅਤੇ ਯੂਕਰੇਨ ਦੀ ਲੜਾਈ ਖ਼ਤਮ ਹੋਣ ਵਿੱਚ ਨਹੀਂ ਆ ਰਹੀ। ਇਹ ਅਹੰਕਾਰ ਦੀ ਲੜਾਈ ਨਹੀਂ ਸਗੋਂ ਸ਼ਾਂਤੀ ਦਾ ਮਸਲਾ ਹੈ। ਜਿਹੜੇ ਲੋਕ ਸ਼ੋਸ਼ਲ ਮੀਡੀਆ ‘ਤੇ ਬੈਠਕੇ ਡੀਂਗਾਂ ਮਾਰ ਰਹੇ ਹਨ ਤੇ ਲੜਾਈ ਜਾਰੀ ਰੱਖਣ ਲਈ ਉਕਸਾ ਰਹੇ ਹਨ, ਉਨ੍ਹਾਂ ਨੂੰ ਜੰਗ ਦੇ ਸੰਤਾਪ ਬਾਰੇ ਤਜਰਬਾ ਨਹੀਂ। ਸਰਹੱਦਾਂ ‘ਤੇ ਜਦੋਂ ਸਾਡੇ ਸੈਨਿਕ ਸ਼ਹੀਦ ਹੁੰਦੇ ਹਨ ਤਾਂ ਕਿਤਨੇ ਘਰਾਂ ਵਿੱਚ ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਦਮਗਜ਼ੇ ਮਾਰਨੇ ਸੌਖੇ ਹਨ, ਪ੍ਰੰਤੂ ਸਰਹੱਦਾਂ ਤੇ ਜਾ ਕੇ ਲੜਨਾ ਅਤਿ ਮੁਸ਼ਕਲ ਹੁੰਦਾ ਹੈ। ਫੌਜੀ ਭਰਾ ਕੜਾਕੇ ਦੀ ਠੰਡ ਵਿੱਚ ਲੜਦੇ ਹਨ। ਪੀਣ ਲਈ ਪਾਣੀ ਨਹੀਂ ਮਿਲਦਾ, ਬਰਫ ਨੂੰ ਪਿਘਲਾ ਕੇ ਪਾਣੀ ਪੀਂਦੇ ਹਨ। ਅਸੀਂ ਘਰਾਂ ਵਿੱਚ ਬੈਠੇ ਗੱਲਾਂ ਕਰਨ ਜੋਗੇ ਹਾਂ। ਇਸਤੋਂ ਇਲਾਵਾ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਕਿਸਾਨ ਰਹਿੰਦੇ ਹਨ, ਉਨ੍ਹਾਂ ਨੂੰ ਪੁੱਛੋ ਕਿਵੇਂ ਉਨ੍ਹਾਂ ਦੇ ਸਿਰਾਂ ‘ਤੇ ਮੌਤ ਦਾ ਸਾਇਆ ਲਟਕਦਾ ਰਹਿੰਦਾ ਹੈ। ਉਹ ਹਮੇਸ਼ਾ ਤਲਵਾਰ ਦੀ ਨੋਕ ‘ਤੇ ਜ਼ਿੰਦਗੀ ਬਸਰ ਕਰ ਰਹੇ ਹਨ। ਹਰ ਵਕਤ ਮੌਤ ਦਾ ਡਰ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਟੀ ਵੀ ਅਤੇ ਵੈਬ ਚੈਨਲਾਂ ਵਾਲਿਆਂ ਨੂੰ ਵੀ ਕੜਕ-ਕੜਕ ਕੇ ਲੋਕਾਂ ਨੂੰ ਉਕਸਾਉਣਾ ਨਹੀਂ ਚਾਹੀਦਾ। ਗ਼ਲਤ ਤੇ ਗੁੰਮਰਾਹਕੁਨ ਬਿਨਾ ਕਨਫਰਮ ਕੀਤੇ ਖ਼ਬਰਾਂ ਵੀ ਨਹੀਂ ਲਗਾਉਣੀਆਂ ਚਾਹੀਦੀਆਂ। ਅਖ਼ਬਾਰਾਂ ਦੇ ਪ੍ਰਤੀਨਿਧਾਂ ਨੂੰ ਵੀ ਖ਼ਬਰਾਂ ਭੇਜਣ ਲੱਗੇ ਸੁਣੀਆਂ ਸੁਣਾਈਆਂ ਖ਼ਬਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਕੁਝ ਦੇਸ ਵਿਰੋਧੀ ਲੋਕ ਅਫ਼ਵਾਹਾਂ ਫੈਲਾਉਂਦੇ ਰਹਿੰਦੇ ਹਨ, ਜਿਹੜੀਆਂ ਲੋਕਾਂ ਵਿੱਚ ਡਰ ਪੈਦਾ ਕਰਦੀਆਂ ਹਨ। ਇਸ ਲਈ ਸਾਰਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਪਹਿਲਗਾਮ ਵਿਖੇ ਮਾਰੇ ਗਏ ਸੈਲਾਨੀਆਂ ਦਾ ਦੁੱਖ ਹਰ ਭਾਰਤੀ ਨੂੰ ਹੈ, ਪ੍ਰੰਤੂ ਸਮੇਂ ਦੀ ਨਜ਼ਾਕਤ ਅਤੇ ਦੇਸ ਦੀ ਸਰਕਾਰ ਦੀਆਂ ਹਦਾਇਤਾਂ ਦੀ ਪਹਿਰੇਦਾਰੀ ਕਰਨਾ ਹਰ ਭਾਰਤੀ ਦਾ ਫ਼ਰਜ਼ ਬਣਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com