Ravinder-Singh-Kundra

ਭ੍ਰਿਸ਼ਟ ਇਨਸਾਫ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਸੱਥਾਂ ਨੂੰ ਪਈਆਂ ਦੰਦਲਾਂ, ਖਾਮੋਸ਼ ਨੇ ਸਭ ਅਦਾਲਤਾਂ,
ਕੇਸਾਂ ਦੇ ਲੱਗੇ ਢੇਰਾਂ ਪਿੱਛੇ, ਲੁਕੀਆਂ ਨੇ ਸ਼ਰਾਰਤਾਂ।

ਕਾਨੂੰਨ ਕਿਤਾਬ ਵਿੱਚ ਤੜਫਦਾ, ਸਫੇ ਖੁੱਲ੍ਹਣ ਨੂੰ ਲੋਚਦੇ,
ਗ਼ਰਦ ਦੀਆਂ ਪਰਤਾਂ ਦੇ ਵਿੱਚ, ਤੜਪ ਰਹੀਆਂ ਨੇ ਖਾਹਿਸ਼ਾਂ।

ਰਿਸ਼ਵਤਾਂ ਦੀ ਤੇਜ਼ ਗੋਲੀ, ਚੀਰਦੀ ਹੈ ਹਰ ਦੀਵਾਰ,
ਇਨਸਾਫ ਦੀ ਉਡੀਕ ਵਿੱਚ, ਹਨ ਕਈ ਜੇਲ੍ਹਾਂ 'ਤੇ ਬੈਰਕਾਂ।

ਮੁਨਸਫੀ ਗੋਦਾਮਾਂ ਵਿੱਚ, ਧਨ ਦੀਆਂ ਧਾਂਕਾਂ ਅਥਾਹ,
ਸਾੜ ਨਾ ਸਕੀਆਂ ਸਾੜ ਕੇ ਵੀ, ਬੇਵੱਸ, ਲਾਚਾਰ ਆਤਿਸ਼ਾਂ।

ਪੇਟਾਂ ਵਿੱਚ ਪਲ ਰਿਹਾਂ ਨੂੰ, ਅਦਾਲਤਾਂ ਉਡੀਕਣ ਨਿੱਤ,
ਪੈਰ ਪੈਰ 'ਤੇ ਘੜੀਆਂ ਜਾਣ, ਰੋਜ਼ ਨਵੀਆਂ ਸਾਜ਼ਿਸ਼ਾਂ।

ਇਨਸਾਫ਼ ਨੂੰ ਦਮ ਤੋੜਦੇ ਹੋਏ, ਦੇਖ ਕੇ ਨੇ ਹਸਦੀਆਂ,
ਬੇ ਕਿਰਕ 'ਤੇ ਖ਼ੌਫ਼ਨਾਕ, ਨਿੱਤ ਅਦਾਲਤੀ  ਮਹਿਫਲਾਂ।

ਇਨਸਾਨ ਦੀ ਇਨਸਾਨੀਅਤ ਨੂੰ, ਹੋਰ ਖੁਰਨੋ ਰੋਕਣ ਲਈ, 
ਆਓ ਰਲ ਕਰ ਦੇਖੀਏ, ਕਾਮਯਾਬ ਆਪਣੀਆਂ ਆਜਿਜ਼ਾਂ।

ਰਸਤੇ ਭਾਵੇਂ ਹੋਣ ਬਿਖੜੇ, 'ਤੇ ਮੰਜ਼ਿਲਾਂ ਭਾਵੇਂ ਹੋਣ ਦੂਰ,
ਪਰ ਸਰ ਕਰਨ ਲਈ ਇਹ ਨਹੀਂ, ਕੋਈ ਐਸੀਆਂ ਵੀ ਕਹਿਕਸ਼ਾਂ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਭ੍ਰਿਸ਼ਟ ਇਨਸਾਫ - ਰਵਿੰਦਰ ਸਿੰਘ ਕੁੰਦਰਾ


ਸੱਥਾਂ ਨੂੰ ਪਈਆਂ ਦੰਦਲਾਂ, ਖਾਮੋਸ਼ ਨੇ ਸਭ ਅਦਾਲਤਾਂ,
ਕੇਸਾਂ ਦੇ ਲੱਗੇ ਢੇਰਾਂ ਪਿੱਛੇ, ਲੁਕੀਆਂ ਨੇ ਸ਼ਰਾਰਤਾਂ।

ਕਾਨੂੰਨ ਕਿਤਾਬ ਵਿੱਚ ਤੜਫਦਾ, ਸਫੇ ਖੁੱਲ੍ਹਣ ਨੂੰ ਲੋਚਦੇ,
ਗ਼ਰਦ ਦੀਆਂ ਪਰਤਾਂ ਦੇ ਵਿੱਚ, ਤੜਪ ਰਹੀਆਂ ਨੇ ਖਾਹਿਸ਼ਾਂ।

ਰਿਸ਼ਵਤਾਂ ਦੀ ਤੇਜ਼ ਗੋਲੀ, ਚੀਰਦੀ ਹੈ ਹਰ ਦੀਵਾਰ,
ਇਨਸਾਫ ਦੀ ਉਡੀਕ ਵਿੱਚ, ਹਨ ਕਈ ਜੇਲ੍ਹਾਂ 'ਤੇ ਬੈਰਕਾਂ।

ਮੁਨਸਫੀ ਗੋਦਾਮਾਂ ਵਿੱਚ, ਧਨ ਦੀਆਂ ਧਾਂਕਾਂ ਅਥਾਹ,
ਸਾੜ ਨਾ ਸਕੀਆਂ ਸਾੜ ਕੇ ਵੀ, ਬੇਵੱਸ, ਲਾਚਾਰ ਆਤਿਸ਼ਾਂ।

ਪੇਟਾਂ ਵਿੱਚ ਪਲ ਰਿਹਾਂ ਨੂੰ, ਅਦਾਲਤਾਂ ਉਡੀਕਣ ਨਿੱਤ,
ਪੈਰ ਪੈਰ 'ਤੇ ਘੜੀਆਂ ਜਾਣ, ਰੋਜ਼ ਨਵੀਆਂ ਸਾਜ਼ਿਸ਼ਾਂ।

ਇਨਸਾਫ਼ ਨੂੰ ਦਮ ਤੋੜਦੇ ਹੋਏ, ਦੇਖ ਕੇ ਨੇ ਹਸਦੀਆਂ,
ਬੇ ਕਿਰਕ 'ਤੇ ਖ਼ੌਫ਼ਨਾਕ, ਨਿੱਤ ਅਦਾਲਤੀ  ਮਹਿਫਲਾਂ।

ਇਨਸਾਨ ਦੀ ਇਨਸਾਨੀਅਤ ਨੂੰ, ਹੋਰ ਖੁਰਨੋ ਰੋਕਣ ਲਈ, 
ਆਓ ਰਲ ਕਰ ਦੇਖੀਏ, ਕਾਮਯਾਬ ਆਪਣੀਆਂ ਆਜਿਜ਼ਾਂ।

ਰਸਤੇ ਭਾਵੇਂ ਹੋਣ ਬਿਖੜੇ, 'ਤੇ ਮੰਜ਼ਿਲਾਂ ਭਾਵੇਂ ਹੋਣ ਦੂਰ,
ਪਰ ਸਰ ਕਰਨ ਲਈ ਇਹ ਨਹੀਂ, ਕੋਈ ਐਸੀਆਂ ਵੀ ਕਹਿਕਸ਼ਾਂ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ

ਹਿਟਲਰ ਚੜ੍ਹ ਕੇ ਆ ਰਿਹਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਹਿਟਲਰ ਫਿਰ ਚੜ੍ਹ ਕੇ ਆ ਰਿਹਾ, ਉਏ ਸੰਭਲੋ ਲੋਕੋ,
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਦੂਜੀ ਸੰਸਾਰੀ ਜੰਗ ਦੇ ਜ਼ਖ਼ਮ ਹਾਲੇ ਤੱਕ ਮਿਲਦੇ,
ਕਈ ਮਨੁੱਖੀ ਕੁਕਰਮ ਹਾਲੇ ਵੀ ਭੁੱਲਿਆਂ ਨਹੀਂ ਭੁੱਲਦੇ।
ਇਹ ਹੋਰ ਵੀ ਜ਼ੁਲਮ ਕਮਾ ਰਿਹਾ, ਉਏ ਸੰਭਲੋ ਲੋਕੋ,
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਨਵੀਆਂ ਨਸਲਾਂ ਹਾਲੇ ਵੀ ਅਪਾਹਜ ਨੇ ਜੰਮਦੀਆਂ,
ਦਰਦ ਦੀਆਂ ਆਹਾਂ ਹਾਲੇ ਵੀ ਥੰਮਿਆਂ ਨਹੀਂ ਥੰਮਦੀਆਂ।
ਉਹ ਬੰਬ ਫੜ ਕੇ ਫਿਰ ਆ ਰਿਹਾ, ਉਏ ਸੰਭਲੋ ਲੋਕੋ।
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਰੋਜ਼ਾਨਾ ਧਮਕੀਆਂ ਦੇਵੇ ਅਤੇ ਦੁਨੀਆ ਨੂੰ ਡਰਾਵੇ,
ਦੇਸ਼ਾਂ ਉੱਤੇ ਕਬਜ਼ੇ ਕਰਨ ਦੇ ਕਰਦਾ ਨਿੱਤ ਦਾਅਵੇ।
ਟੈਰਿਫ ਹਰ ਉੱਤੇ ਲਾ ਰਿਹਾ, ਉਏ ਸੰਭਲੋ ਲੋਕੋ,
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਕੱਠੇ ਰਲ਼ ਕੇ ਲੜੇ ਤਾਂ ਸ਼ਾਇਦ ਬਚ ਜਾਉਗੇ,
ਕੱਲੇ ਕੱਲੇ ਲੜੇ ਤਾਂ ਲਾਜ਼ਮ ਮਰ ਜਾਉਗੇ।
ਕਈਆਂ ਨੂੰ ਚਾਰਾ ਪਾ ਰਿਹਾ, ਉਏ ਸੰਭਲੋ ਲੋਕੋ।
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਹਿਟਲਰ ਫਿਰ ਚੜ੍ਹ ਕੇ ਆ ਰਿਹਾ, ਉਏ ਸੰਭਲੋ ਲੋਕੋ,
ਹਰ ਤਰਫ ਸਨਾਟਾ ਛਾ ਰਿਹਾ, ਉਏ ਸੰਭਲੋ ਲੋਕੋ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਾਸ਼ ਕਿ ਪਰਲੋਂ ਆ ਜਾਂਦੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਾਸ਼ ਕਿ ਪਰਲੋਂ ਆ ਜਾਂਦੀ, 
ਇੱਕ ਹੋਰ ਭਾਣਾ ਵਰਤਾ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
ਫੇਰ ਝਗੜਾ ਗੋਰੇ ਕਾਲ਼ੇ ਦਾ, 
ਇੱਕ ਝਟਕੇ ਵਿੱਚ ਹੀ ਮੁੱਕ ਜਾਂਦਾ,
‘ਤੇ ਰਿਸ਼ਤਾ ਜੀਜੇ ਸਾਲ਼ੇ ਦਾ, 
ਇੱਕ ਝਪਕੀ ਦੇ ਵਿੱਚ ਮਿਟ ਜਾਂਦਾ।
ਕੋਈ ਨੀਂਵਾਂ ਕਿਸੇ ਨੂੰ ਨਾ ਕਰਦਾ, 
ਨਾ ਊਚੇ ਦੀ ਗੁੱਡੀ ਤਹਾਂ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
ਅੱਲਾ ਆਪਣੀ ਚੌਧਰ ਵਿੱਚ, 
ਫੇਰ ਕੱਲਿਆਂ ਬਾਂਗ ਸੁਣਾਂਦਾ ਨਾ,
‘ਤੇ ਰਾਮ ਵੀ ਆਪਣੇ ਡੰਕੇ ਦਾ, 
ਹਰ ਪਾਸੇ ਟੱਲ ਖੜਕਾਂਦਾ ਨਾ।
‘ਤੇ ਪਾਕ ਪਵਿੱਤਰ ਥਾਂਵਾਂ ਦੀ, 
ਇਹ ਮਿੱਟੀ ਪਲੀਤ ਕਰਾ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
‘ਤੇ ਪੈਸੇ ਦੇ ਮੰਦਵਾੜੇ ਦਾ, 
ਸੰਸਾਰੀ ਪੁਆੜਾ ਠੱਲ੍ਹ ਜਾਂਦਾ,
ਕਰੋੜਾਂ ਦਾ ਚੜ੍ਹਿਆ ਕਰਜ਼ਾ ਫਿਰ, 
ਇੱਕ ਫੁਰਨੇ ਦੇ ਵਿੱਚ ਤਰ ਜਾਂਦਾ।
ਲੰਡਿਆਂ ਵਿੱਚ ਉੱਕਰੀ ਲਾਲੇ ਦੀ, 
ਵਹੀ ਖਾਤ ਨੂੰ ਧਾ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
ਮੁਰਦੇ ਨੂੰ ਦੱਬਣ ‘ਤੇ ਫੂਕਣ ਦਾ, 
ਝਗੜਾ ਇੱਥੇ ਹੀ ਥੰਮ ਜਾਂਦਾ,
ਨਾ ਸਵਰਗ ਦੇ ਸੁਪਨੇ ਲੈਂਦਾ ਕੋਈ, 
ਨਾ ਨਰਕ ਦਾ ਕੋਈ ਗ਼ਮ ਖਾਂਦਾ।
ਨਾ ਦੇਵਤੇ ਕਿਸੇ ਨੂੰ ਭਰਮਾ ਸਕਦੇ, 
ਨਾ ਦੈਂਤਾਂ ਦੀ ਕੋਈ ਵਾਹ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
ਨਾ ਅੱਤਵਾਦ ਦਾ ਹਊਆ ਕੋਈ, 
ਕਿਸੇ ਨੂੰ ਕਦੀ ਡਰਾ ਸਕਦਾ,
ਨਾ ਐਟਮ ਬੰਬ ‘ਤੇ ਤੋਪਾਂ ਨਾਲ, 
ਕੋਈ ਕਿਸੇ ਨੂੰ ਹਰਾ ਸਕਦਾ।
ਵੱਡੇ ਨਾਂਵਾਂ ਦੀ ਸ਼ੋਹਰਤ ਵੀ, 
ਝੱਟ ਮਿੱਟੀ ਵਿੱਚ ਸਮਾ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।
 
ਕਾਸ਼ ਕਿ ਪਰਲੋਂ ਆ ਜਾਂਦੀ, 
ਇੱਕ ਹੋਰ ਭਾਣਾ ਵਰਤਾ ਜਾਂਦੀ,
ਇਸ ਸੜਦੀ ਬਲ਼ਦੀ ਦੁਨੀਆ ਦੇ, 
ਇਹ ਸੀਨੇ ਠੰਢ ਵਰਤਾ ਜਾਂਦੀ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਦਮਖ਼ੋਰ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕੌਣ ਨੇ ਇਹ ਲੋਕ ਜੋ, ਸ਼ਰਾਫਤੀ ਮਖੌਟੇ ਪਹਿਨ ਕੇ,
ਉਤਰ ਆਏ ਨੇ ਮੈਦਾਨ ਵਿੱਚ, ਮਚਾ ਰਹੇ ਨੇ ਤਹਿਲਕੇ।

ਮੂੰਹਾਂ ਤੋਂ ਉਚਰਨ ਰਾਮ ਰਾਮ, ਛੁਰੀਆਂ ਨੇ ਬਗਲੀਂ ਦੱਬੀਆਂ,
ਉੱਚੀਆਂ ਕੰਧਾਂ ਦੇ ਪਿੱਛੇ, ਡਰਾਵਣੇ ਨੇ ਕਹਿਕਹੇ।

ਸ਼ੀਸ਼ੇ ਵੀ ਸ਼ਰਮਸਾਰ ਨੇ, ਕਰੂਪਤਾ ਨੂੰ ਦੇਖ ਦੇਖ,
ਤੜਪ ਰਹੇ ਨੇ ਦਿਨ ਬਦਿਨ  ਸੁੰਦਰਤਾ ਨੂੰ ਸਹਿਕਦੇ।

ਦਿਲਾ ਨਾ ਲੱਭ ਦਿਲਦਾਰੀਆਂ, ਬੇਦਿਲਾਂ ਦੀ ਭੀੜ ਵਿੱਚ,
ਅਦਾਕਾਰ ਨੇ ਇਰਦ ਗਿਰਦ, ਜੋ ਕਦੀ ਵੀ ਨਹੀਂ ਚਹਿਕਦੇ।

ਜਾਗ ਨਹੀਂ ਸਕਦੇ ਕਦੀ, ਸੁੱਤੇ ਜ਼ਮੀਰਾਂ ਵੇਚ ਕੇ,
ਤੈਨੂੰ ਕੀ ਸਹਾਰਾ ਦੇਣਗੇ, ਜੋ ਹਰ ਕਦਮ ਨੇ ਬਹਿਕਦੇ।

ਕਿਉਂ ਆਦਮੀ ਨੂੰ ਆਦਮੀ ਹੀ, ਖਾ ਰਹੇ ਨੇ ਦਿਨੇ ਰਾਤ,
ਰੱਤ ਦੇ ਸੋਹਲੇ ਗਾ ਰਹੇ ਨੇ, ਬੇ ਸੁਰੀਲੀ ਬਹਿਰ ਦੇ।

ਕਦੀ ਫਾਂਸੀਆਂ ਸਨ ਸਜ਼ਾਵਾਂ, ਅਜਿਹੇ ਜੁਰਮਾਂ ਦੀਆਂ,
ਅੱਜ ਮੁਜਰਮ ਜਸ਼ਨ ਮਨਾ ਰਹੇ ਨੇ, ਛਲਕਦੇ ਨੇ ਮੈਅਕਦੇ।

ਭਰੇ ਹੋਏ ਬਜ਼ਾਰ ਨੇ, ਵੀਰਾਨੀਆਂ ਦੇ ਸਾਮਾਨ ਨਾਲ,
ਨਹੀਂ ਮਹਿੰਗੇ ਭਾਅ ਵੀ ਮਿਲ ਰਹੇ, ਸਾਮਾਨ ਮਨੁੱਖੀ ਮੈਚ ਦੇ।

ਕੌਣ ਨੇ ਇਹ ਲੋਕ ਜੋ, ਸ਼ਰਾਫਤੀ ਮਖੌਟੇ ਪਹਿਨ ਕੇ,
ਉਤਰ ਆਏ ਨੇ ਮੈਦਾਨ ਵਿੱਚ, ਮਚਾ ਰਹੇ ਨੇ ਤਹਿਲਕੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅੰਤਰ ਝਾਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਨਾ ਕਹਿ ਬੁਰਾ ਜ਼ਿੰਦਗੀ ਨੂੰ ਸੱਜਣਾ, ਜੇ ਵਕਤ ਹੈ ਚੱਲਦਾ ਔਖਾ,
ਕਰਨਾ ਸਿੱਖ ਸਤਿਕਾਰ ਪਲਾਂ ਦਾ, ਜੇ ਰਹਿਣਾ ਚਾਹੁਨੈਂ ਸੌਖਾ।
 
ਇਹ ਜੀਵਨ ਹੈ ਦਾਤਾਂ ਦੀ ਗੁੱਥਲੀ, ਜੋ ਭਰੀ ਹੈ ਰੱਜ ਕੇ ਚੋਖੀ,
ਲੱਭਣਗੇ ਤੈਨੂੰ ਹਰ ਖੂੰਜੇ ਚੋਂ, ਜੇ ਲੱਭਣੇ ਚਾਹੇਂ ਮੋਤੀ।
 
ਪੂਰੀਆਂ ਹੋਣਗੀਆਂ ਆਖਿਰ ਸਭ, ਜੋ ਆਸਾਂ ਤੂੰ ਰੱਖੀਆਂ,
ਝੋਲੀਆਂ ਭਰ ਕੇ ਮਿਲ ਜਾਣਗੀਆਂ, ਤੈਨੂੰ ਸਾਰੀਆਂ ਖੁਸ਼ੀਆਂ।
 
ਜੀਵਨ ਹੀ ਦੂਜਾ ਨਾਂ ਹੈ ਸੱਜਣਾ, ਮੁਸ਼ੱਕਤ ਦੀ ਚੱਕੀ ਦਾ,
ਕਦੀ ਵੀ ਦੂਜਾ ਬਦਲ ਨ੍ਹੀਂ ਲੱਭਦਾ, ਸੋਲਾਂ ਆਨੇ ਸੱਚੀ ਦਾ।
 
ਹੱਥ ਦੀ ਪੂੰਜੀ ਸਾਂਭ ਕੇ ਰੱਖ ਤੂੰ, ਦੂਜੇ ਵੱਲ ਝਾਤ ਨਾ ਮਾਰ,
ਨਹੀਂ ਤਾਂ ਖੁੱਸ ਜਾਵੇਗੀ ਸਾਰੀ, ਤੂੰ ਅੱਧੀ ਨਾਲ ਹੀ ਸਾਰ।
 
ਕਈ ਦੇਖੇ ਬਹੁਤੀ ਨੂੰ ਭੱਜਦੇ, ਅੱਧੀ ਨੂੰ ਹੱਥੋਂ ਤੱਜ ਕੇ,
ਉਹ ਅੱਧੀ ਵੀ ਗਵਾ ਬਹਿੰਦੇ ਨੇ, ਨਿੱਤ ਇੱਧਰ ਉੱਧਰ ਭੱਜ ਕੇ।
 
ਆਪਣੇ ਵਿਤ ‘ਤੇ ਕੱਦ ਤੋਂ ਵਧ ਕੇ, ਨਾ ਆਪਣੇ ਪੈਰ ਪਸਾਰ,
ਨਹੀਂ ਤਾਂ ਚਾਦਰ ਨਿੱਕਲੂ ਛੋਟੀ, ਤੂੰ ਹੋ ਜਾਵੇਂਗਾ ਖੁਆਰ।
 
ਨਾ ਕਹਿ ਬੁਰਾ ਜ਼ਿੰਦਗੀ ਨੂੰ ਸੱਜਣਾ, ਜੇ ਵਕਤ ਹੈ ਚੱਲਦਾ ਔਖਾ,
ਕਰਨਾ ਸਿੱਖ ਸਤਿਕਾਰ ਪਲਾਂ ਦਾ, ਜੇ ਰਹਿਣਾ ਚਾਹੁਨੈਂ ਸੌਖਾ।

ਜ਼ਿੰਦਾ ਲਾਸ਼ਾਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅਕਸਰ ਦਿਖਾਈ ਦਿੰਦੇ ਨੇ, 
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ, 
ਹਰ ਤਰਫੋਂ ਹੋਏ ਹਤਾਸ਼ ਜਿਹੇ।

ਚੱਲ ਰਹੇ ਨੇ ਇਸ ਤਰਾਂ,
ਜਿਵੇਂ ਕੋਈ ਵੀ ਮੰਜ਼ਿਲ ਨਾ ਹੋਵੇ,
ਦਿਸ਼ਾ ਹੀਣ ਅਣਜਾਣੇ ਪਾਂਧੀ,
ਇੱਕ ਤੁਰਦੀ ਫਿਰਦੀ ਲਾਸ਼ ਜਿਹੇ।

ਨਜ਼ਰਾਂ ਨੇ ਸੱਧਰਾਂ ਤੋਂ ਖਾਲੀ,
ਜੇਬਾਂ ਨੇ ਛੇਕਾਂ ਦੀਆਂ ਭਰੀਆਂ,
ਲੜਖੜਾਂਦੀਆਂ ਲੱਤਾਂ ਕਮਜ਼ੋਰ,
ਹੱਥ ਮਲਦੇ ਪਸ਼ਚਾਤਾਪ ਜਿਹੇ।

ਪਿਆਰ ਦੀ ਬਾਜ਼ੀ ਹਾਰੇ ਹੋਏ,
ਆਪਣਿਆਂ ਤੋਂ ਦੁਰਕਾਰੇ ਹੋਏ,
ਗਹਿਮਾ ਗਹਿਮੀ ਦੁਨੀਆ ਵਿੱਚ,
ਸੁੰਨਸਾਨ ਉੱਜੜੇ ਜੰਗਲਾਤ ਜਿਹੇ।

ਤਲਬ ਹੈ ਜ਼ਿੰਦਗੀ ਲੱਭਣ ਦੀ,
ਕਿਸੇ ਪਾਸੇ, ਕੰਢੇ ਲੱਗਣ ਦੀ,
ਸ਼ੂਕਦੇ ਭਰ ਦਰਿਆਵਾਂ ਵਿੱਚ,
ਤਿਣਕੇ ਦੀ ਤਲਾਸ਼ ਜਿਹੇ।

ਖਲਾਅ ਵਿੱਚ ਨਜ਼ਰ ਟਿਕੀ ਹੋਈ,
ਜ਼ਮੀਰ ਮੂਲੋਂ ਹੀ ਮਰੀ ਹੋਈ,
ਬੇਰੋਕ ਹੀ ਕੋਸੇ ਹੰਝੂਆਂ ਦੀ,
ਬੇ ਮੌਸਮੀ ਬਰਸਾਤ ਜਿਹੇ।

ਸੁੰਨੀਆਂ ਥਾਵਾਂ ਦੇ ਵਾਸੀ,
ਸ਼ਿੰਗਾਰ ਨੇ ਕਈ ਚੌਰਾਹਿਆਂ ਦੇ,
ਕੋਝੀਆਂ ਨਜ਼ਰਾਂ ਤੋਂ ਬਚਦੇ,
ਤਰਸਦੀ ਹੋਈ ਮੁਲਾਕਾਤ ਜਿਹੇ।

ਧਰਤੀ 'ਤੇ ਨਰਕ ਹੰਢਾਉਂਦੇ ਹੋਏ,
ਹਵਾਈ ਮਹਿਲ ਬਣਾਉਂਦੇ ਹੋਏ,
ਦੜ ਵੱਟ ਜ਼ਮਾਨਾ ਕੱਟਦੇ ਹੋਏ, 
ਭਲੇ ਦਿਨਾਂ ਦੀ ਆਸ ਜਿਹੇ।

ਅਕਸਰ ਦਿਖਾਈ ਦਿੰਦੇ ਨੇ, 
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ, 
ਹਰ ਤਰਫੋਂ ਹੋਏ ਹਤਾਸ਼ ਜਿਹੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜੇਠਾ ਐਤਵਾਰ  - ਰਵਿੰਦਰ ਸਿੰਘ ਕੁੰਦਰਾ

ਜੇਠਾ ਐਤਵਾਰ ਜੋ ਆਇਆ, 
ਕੁੱਝ ਪੁਆੜੇ ਨਾਲ ਲਿਆਇਆ।
ਸਵੱਖਤੇ ਉਠ ਜਾਣਾ ਸੀ ਕਿਧਰੇ,
ਜਿਸ ਲਈ ਸਾਰਾ ਪਲੈਨ ਬਣਾਇਆ।
ਤਿਆਰ ਹੋ ਕੇ ਕਾਰ ਕੱਢਣ ਲਈ,
ਜਦ ਗੇਟ ਮੈਂ ਆਪਣਾ ਖੋਲ੍ਹਿਆ,
ਗੇਟ ਦੇ ਬਾਹਰ ਸੀ ਕਾਰ ਕਿਸੇ ਦੀ,
ਦੇਖ ਕੇ ਮੇਰਾ ਦਿਲ ਝੱਟ ਖੌਲਿਆ।
ਕੌਣ ਹੋ ਸਕਦਾ ਹੈ ਐਨਾ ਮੂਰਖ,
ਜਿਸ ਨੇ ਮੇਰਾ ਰਸਤਾ ਰੋਕਿਆ?
ਪਤਾ ਕਰਨ ਲਈ ਗੁਆਂਢੀ ਘਰਾਂ ਦਾ,
ਮੈਂ ਹਰ ਇੱਕ ਦਰਵਾਜ਼ਾ ਠੋਕਿਆ।
ਦਸ ਕੁ ਦਰਵਾਜ਼ੇ ਖੜਕਾਉਣ ਬਾਦ,
ਅਖੀਰ ਸੁਰਾਗ ਮੇਰੇ ਹੱਥ ਆਇਆ,
ਪਤਾ ਲੱਗਾ ਕੋਈ ਸੰਭਾਵੀ ਜਵਾਈ,
ਗੋਰਿਆਂ ਦੇ ਕਿਸੇ ਘਰ ਸੀ ਆਇਆ।
ਭੜੂਆ ਸਵੱਖਤੇ ਉੱਠ ਕੇ ਮੌਕੇ ਨਾਲ,
ਕਿਸੇ ਦੀ ਕਾਰ 'ਚ ਕਰ ਸਵਾਰੀ,
ਟਿਭ ਗਿਆ ਸੀ ਕਿਸੇ ਹੋਰ ਸ਼ਹਿਰ ਨੂੰ,
ਪਿੱਛੇ ਛੱਡ ਆਪਣੀ ਮਿੰਨੀ ਪਿਆਰੀ।
ਕੁੜੀ ਦੇ ਬਾਪ ਨੇ ਹਲੀਮੀ ਦੇ ਨਾਲ,
ਮੇਰੇ ਤੋਂ ਮੰਗੀ ਬੜੀ ਮੁਆਫੀ,
ਲੌਂਡੇ ਤੋਂ ਚਾਬੀ ਲੈ ਆਉਣ ਲਈ,
ਕੁੜੀ ਉਸ ਦੂਜੇ ਸ਼ਹਿਰ ਭਜਾ 'ਤੀ।
ਪਰ ਮੈਨੂੰ ਕਿਸੇ ਹੋਰ ਦੀ ਮਦਦ,
ਦਰਕਾਰ ਹੋ ਗਈ ਪਲਾਂ ਵਿੱਚ ਹੀ।
ਦੂਜੇ ਘਰੋਂ ਆਪਣੇ ਪੁੱਤਰ ਤੋਂ,
ਲਿਫਟ ਲੈਣ ਦੀ ਕੀਤੀ ਝੱਟ ਹੀ।
ਘੰਟਾ ਲੇਟ ਪ੍ਰੋਗਰਾਮ ਤੇ ਪਹੁੰਚ ਕੇ,
ਮੰਗੀ ਮੁਆਫੀ ਮੇਜ਼ਬਾਨਾਂ ਤੋਂ,
ਮੈਂ 'ਤੇ ਪਤਨੀ ਨੇ ਵੇਰਵੇ ਨਾਲ,
ਕਾਰਨ ਦੱਸਿਆ ਖ਼ੁਦ ਜ਼ੁਬਾਨਾਂ ਤੋਂ।
ਹੋ ਕੇ ਆਖ਼ਰ,ਜਸ਼ਨ ਵਿੱਚ ਸ਼ਾਮਲ,
ਅਸੀਂ ਆਪਣਾ ਫ਼ਰਜ਼ ਨਿਭਾਇਆ,
ਮੁੜ ਕੇ ਕਿਸੇ ਦੀ ਮਿੰਨਤ ਕਰਕੇ,
ਘਰ ਮੁੜਨ ਦਾ ਜੁਗਾੜ ਲਗਾਇਆ।
ਤੱਦ ਤੱਕ ਮੇਰੇ ਗੇਟ ਦੇ ਅੱਗਿਓਂ,
ਕਾਰ ਭੜੂਏ ਨੇ ਹਟਾ ਲਈ ਸੀ,
ਕਿਸੇ ਸ਼ਹਿਰ ਮੇਲਾ ਦੇਖਣ ਦੀ,
ਦੂਜੀ ਬਿਉਂਤ ਮੈਂ ਬਣਾ ਲਈ ਸੀ।
ਦੋਸਤ ਨੂੰ ਉਸ ਦੇ ਘਰੋਂ ਚੁੱਕ ਕੇ,
ਮੈਂ 'ਤੇ ਉਹ ਚੱਲ ਪਏ ਮੇਲੇ ਨੂੰ,
ਸ਼ੁਗਲੋ ਸ਼ੁਗਲੀ ਜਾ ਰਹੇ ਸੀ,
ਹੱਸਦੇ ਖੇਲ੍ਹਦੇ ਅਸੀਂ ਮੇਲੇ ਨੂੰ।
ਮੋਟਰਵੇਅ ਤੇ ਭੱਜਦੀ ਗੱਡੀ ਦੇ,
ਅਚਾਨਕ ਪੱਥਰ ਸ਼ੀਸ਼ੇ ਵਿੱਚ ਵੱਜਿਆ,
ਵਿੰਡ ਸਕ੍ਰੀਨ ਤਿੜਕ ਗਈ ਸੀ,
ਹਾਦਸਾ ਹੋਣ ਨੂੰ ਮਿੰਟ ਨਾ ਲੱਗਿਆ।
ਹੱਕੇ ਬੱਕੇ ਮੈਂ 'ਤੇ ਦੋਸਤ,
ਇੱਕ ਦੂਜੇ ਨੂੰ ਤੱਕਦੇ ਰਹਿ ਗਏ,
ਹਾਰਡ ਸ਼ੋਲਡਰ 'ਤੇ ਗੱਡੀ ਰੋਕ ਕੇ,
ਆਪਣੇ ਸਿਰ ਅਸੀਂ ਫੜ ਕੇ ਬਹਿ ਗਏ।
ਸੋਚ ਸੋਚ ਕੇ ਫੈਸਲਾ ਕੀਤਾ,
ਕਿ ਸਫਰ ਨੂੰ ਜਾਰੀ ਰੱਖਿਆ ਜਾਵੇ,
ਮੇਲਾ ਦੇਖਣ ਦਾ ਸਾਡਾ ਚਾਅ,
ਕਿਸੇ ਵੀ ਗੱਲੋਂ ਨਾ ਮੱਠਾ ਪੈ ਜਾਵੇ।
ਔਖੇ ਸੌਖੇ  ਨਿਸਚਿਤ ਥਾਂ ਵਿੱਚ, 
ਅਖੀਰ ਨੂੰ ਅਸੀਂ ਪਹੁੰਚ ਗਏ ਸੀ,
ਖਚਾ ਖਚ ਭਰੇ ਮੇਲੇ ਨੂੰ ਦੇਖ,
ਸਾਡੇ ਹੋਸ਼ ਹੋਰ ਉੱਡ ਗਏ ਸੀ।
ਮੇਲੇ ਦੁਆਲੇ ਸਾਰੀਆਂ ਸੜਕਾਂ,
ਕਾਰਾਂ ਨਾਲ ਪਈਆਂ ਸੀ ਭਰੀਆਂ,
ਸਾਨੂੰ ਕਿਤੇ ਵੀ ਥਾਂ ਨਾ ਲੱਭੀ,
ਤਰਕੀਬਾਂ ਅਸੀਂ ਲੜਾਈਆਂ ਬੜੀਆਂ।
ਇੱਕ ਘੰਟਾ ਖੂਬ ਖੱਜਲ਼ ਹੋ ਕੇ,
ਸਾਨੂੰ ਕੌੜਾ ਘੁੱਟ ਭਰਨਾ ਪੈ ਗਿਆ,
ਬਿਨਾ ਦੇਖਿਆਂ ਇਸ ਮੇਲੇ ਨੂੰ,
ਅਲਵਿਦਾ ਸਾਨੂੰ ਕਹਿਣਾ ਪੈ ਗਿਆ।
ਮਾਯੂਸ ਅਤੇ ਨਿਮੋਝੂਣੇ ਹੋ ਕੇ,
ਅਸੀਂ ਕੌਵੈਂਟਰੀ ਨੂੰ ਪਾ 'ਤੇ ਚਾੱਲੇ,
ਭੁੱਖੇ ਅਤੇ ਪਿਆਸੇ ਦੋਨੋਂ,
ਹੋ ਚੁੱਕੇ ਸੀ ਹਾਲੋਂ ਬੇ ਹਾਲੇ।
ਵਾਪਸ ਆ ਕੇ ਨਿਚੱਲੇ ਹੋ ਕੇ,
ਜਦ ਸਾਰੇ ਦਿਨ ਦਾ ਲੇਖਾ ਕੀਤਾ,
ਝੱਟ ਮੇਰੇ ਦਿਮਾਗ ਵਿੱਚ ਆ ਕੇ,
ਜੇਠੇ ਐਤਵਾਰ ਨੇ ਡੇਰਾ ਕੀਤਾ।
ਸੁਣਿਆ ਸੀ ਬਜ਼ੁਰਗਾਂ ਕੋਲੋਂ,
ਸਖਤ ਹੁੰਦਾ ਹੈ ਜੇਠਾ ਐਤਵਾਰ,
ਪਰ ਕਦੀ ਵੀ ਅੱਜ ਤੱਕ ਮੈਂ ਇਸ 'ਤੇ,
ਕੀਤਾ ਨਹੀਂ ਸੀ ਕੋਈ ਇਤਬਾਰ।
ਪਰ ਜਦ ਖਰੋਹੜ ਅਤੇ ਖਰੋਹੜ, 
ਮੇਰੇ ਉਸ ਦਿਨ ਸਾਹਮਣੇ ਆਈ,
ਮਨ ਸੋਚਣ 'ਤੇ ਮਜਬੂਰ ਹੋ ਗਿਆ,
ਸੱਚੀਂ ਇਸ ਵਿੱਚ ਹੈ ਕੋਈ ਸਚਾਈ?
ਰਵਿੰਦਰ ਸਿੰਘ ਕੁੰਦਰਾ 
ਕੌਵੈਂਟਰੀ
ਯੂ ਕੇ

ਮੈਂ ਦੇਖਾਂਗਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਦੋਂ ਤੱਕ ਤੇਰਾ ਜ਼ੁਲਮੀ ਰਾਜ,  ਰਹਿੰਦਾ ਮੈਂ ਦੇਖਾਂਗਾ,
ਕੋਰੇ ਝੂਠ ਦਾ ਤੇਰਾ ਰਿਵਾਜ, ਢਹਿੰਦਾ ਮੈਂ ਦੇਖਾਂਗਾ।

ਦੇਖੇ ਬਹੁਤ ਨੇ ਦਾਅਵੇ ਕਰਦੇ, ਤੇਰੇ ਵਰਗੇ ਝੂਠੇ,
ਝੂਠ ਦਾ ਫੰਧਾ ਤੇਰੇ ਗਲ ਕਦੀ, ਪੈਂਦਾ ਮੈਂ ਦੇਖਾਂਗਾ।

ਦੇਖਾਂਗਾ ਕਿ ਕਦ ਤੱਕ ਤੇਰੀਆਂ, ਅੱਖਾਂ ਖੁੱਲ੍ਹਣਗੀਆਂ,
ਅੰਨ੍ਹਾ ਤੇਰਾ ਸਮਾਜ ਕਦ ਤੱਕ, ਰਹਿੰਦਾ ਮੈਂ ਦੇਖਾਂਗਾ।

ਕਦੀ ਭੁੱਖ ਨਾਲ ਤੂੰ ਵੀ ਤਾਂ, ਕਦੇ ਮਰ ਵੀ ਸਕਦਾ ਹੈਂ,
ਤੇਰੇ ਭਰੇ ਭੰਡਾਰਾਂ ਦਾ ਭੱਠਾ, ਬਹਿੰਦਾ ਮੈਂ ਦੇਖਾਂਗਾ।

ਭੰਨੇਗਾ ਤੂੰ ਕਦ ਤੱਕ, ਚੱਲਦੀਆਂ ਕਲਮਾਂ ਸੱਚ ਦੀਆਂ,
ਕਿੰਨਾ ਮੇਰਾ ਤਰਕ ਤੂੰ ਕਦ ਤੱਕ, ਸਹਿੰਦਾ ਮੈਂ ਦੇਖਾਂਗਾ।

ਕਿਲੇ ਬੜੇ ਨੇ ਉਸਰੇ ਦੇਖੇ, ਥਾਉਂ ਥਾਈਂ ਤੇਰੇ,
ਕਦੀ ਮੇਰੀ ਕੁੱਲੀ ਤੋਂ ਤੇਰਾ ਕਿਲਾ, ਤਰਿੰਹਦਾ ਮੈਂ ਦੇਖਾਂਗਾ।

ਹੱਦਾਂ ਅਤੇ ਸਰਹੱਦਾਂ ਸਭ, ਤੇਰੀਆਂ ਹੀ ਮਿਥੀਆਂ ਨੇ,
ਕਦੀ ਮੇਰੀ ਲਕੀਰ ਦਾ ਖਾਕਾ ਵੀ, ਵਹਿੰਦਾ ਮੈਂ ਦੇਖਾਂਗਾ।

ਇਤਿਹਾਸ ਗਵਾਹ ਹੈ, ਤੇਰੇ ਵਰਗੇ ਕਈ ਆਏ ਗਏ,
ਇਤਿਹਾਸ ਦੇ ਪੱਤਰੇ ਤੋਂ ਨਾਂ ਤੇਰਾ, ਲਹਿੰਦਾ ਮੈਂ ਦੇਖਾਂਗਾ।

ਅਤੀਤ ਤੋਂ ਸਿੱਖ ਲੈ ਸਬਕ, ਸਮਾਂ ਜੇ ਹੈ ਤੇਰੇ ਕੋਲ,
ਨਹੀਂ ਤਾਂ ਬੁਰਾ ਤੈਨੂੰ ਜ਼ਮਾਨਾ, ਕਹਿੰਦਾ ਮੈਂ ਦੇਖਾਂਗਾ।

ਕਦੋਂ ਤੱਕ ਤੇਰਾ ਜ਼ੁਲਮੀ ਰਾਜ,  ਰਹਿੰਦਾ ਮੈਂ ਦੇਖਾਂਗਾ,
ਸਫੈਦ ਝੂਠ ਦਾ ਤੇਰਾ ਰਿਵਾਜ, ਢਹਿੰਦਾ ਮੈਂ ਦੇਖਾਂਗਾ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜ਼ਿੰਦਗੀ ਅਜਬ ਤਮਾਸ਼ਾ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ, ਯੂ ਕੇ

ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ। 

ਕਦੀ ਰੰਗਾਂ ਵਿੱਚ ਇਹ ਵਸਦੀ ਹੈ,
ਕਦੀ ਘੋਰ ਗ਼ਮਾਂ ਵਿੱਚ ਧਸਦੀ ਹੈ।
ਕਦੀ ਉੱਚੀਆਂ ਰੋਜ਼ ਉਡਾਰੀਆਂ ਨੇ,
ਕਦੀ ਧੁਰ ਪਤਾਲ ਦੁਸ਼ਵਾਰੀਆਂ ਨੇ।
ਕਦੀ ਬਚਪਨ ਕਦੀ ਬੁਢਾਪਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ। 

ਬਿਨ ਮੰਗੇ ਮੋਤੀ ਮਿਲਦੇ ਨੇ,
ਕਦੀ ਮੰਗਿਆਂ ਮੌਤ ਵੀ ਨਹੀਂ ਮਿਲਦੀ।
ਕਦੀ ਪੱਤਝੜ ਵਿੱਚ ਫੁੱਲ ਖਿੜਦੇ ਨੇ,
ਕਦੀ ਬਹਾਰੀਂ ਕਲੀ ਵੀ ਨਹੀਂ ਖਿੜਦੀ।
ਕਦੀ ਸਾਉਣ 'ਚ ਫੁੱਲ ਪਿਆਸਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ। 

ਕਦੀ ਮੇਲ 'ਤੇ ਕਦੀ ਵਿਛੋੜਾ ਹੈ,
ਕਦੀ ਕੱਲੀ 'ਤੇ ਕਦੀ ਜੋੜਾ ਹੈ।
ਕਦੀ ਜੁੜ ਕੇ ਫੇਰ ਵੀ ਕੱਲੀ ਹੈ,
ਕਦੀ ਕੱਲੀ ਝੱਲ ਵਲੱਲੀ ਹੈ।
ਕਦੀ ਲੱਭਦਾ ਨਹੀਂ ਕੋਈ ਪਾਸਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ। 

ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ। 

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ, ਯੂ ਕੇ