ਕੰਡਾ - ਰਵਿੰਦਰ ਸਿੰਘ ਕੁੰਦਰਾ ਵੈਂਟਰੀ ਯੂ ਕੇ
ਕੁਦਰਤ ਨੇ ਆਪਣਾ ਪਹਿਲਾ ਅੱਖਰ, ਮੇਰੀ ਝੋਲੀ ਪਾਇਆ,
ਪਿਆਰ ਨਾਲ ਸਾਰੇ ਫ਼ਰਜ਼ ਸਮਝਾ ਕੇ, ਮੈਨੂੰ ਕਿੱਤੇ ਲਾਇਆ।
ਇਹ ਦੁਨੀਆ ਹੈ ਸੇਜ ਸੂਲਾਂ ਦੀ, ਚੋਭਾਂ ਨੇ ਹਰ ਪਾਸੇ,
ਤੇਰੇ ਲਈ ਪਰ ਸਭ ਨੇ ਇੱਕੋ, ਹੌਕੇ, ਹਾਅਵੇ, ਹਾਸੇ!
ਨਾ, ਨਾ ਕਦੀ ਤੂੰ ਸੀਅ ਨਹੀਂ ਕਰਨੀ, ਧਾਅ ਮਾਰ ਨਹੀਂ ਰੋਣਾ,
ਵਫ਼ਾਦਾਰੀ ਰੱਖੀਂ ਨਿੱਤ ਪੱਲੇ, ਜਿੱਥੇ ਵੀ ਪਵੇ ਖਲੋਣਾ!
ਸੁੰਦਰਤਾ 'ਤੇ ਕੋਮਲਤਾ ਦੀ, ਰਾਖੀ ਤੇਰੇ ਪੱਲੇ,
ਦੇਖੀਂ ਹਥਿਆਰ ਸਾਂਭ ਕੇ ਵਰਤੀਂ, ਰੱਖੀਂ ਹੱਥ ਨਿਚੱਲੇ!
ਕਈ ਬਣਨਗੇ ਤੇਰੇ ਦੁਸ਼ਮਣ, ਖ਼ਾਰ ਖਾਣਗੇ ਤੈਥੋਂ,
ਖੋਹਣਗੇ ਤੇਰੇ ਹੱਕ ਉਹ ਤੈਥੋਂ, ਇੱਧਰੋਂ, ਉਧਰੋਂ, ਹੈਥੋਂ!
ਜਿੱਥੇ ਵੀ ਹੋਵੇ ਜ਼ਿਕਰ ਫੁੱਲ ਦਾ, ਉੱਥੇ ਲਾਜ਼ਮੀ ਹੋਵੇ ਮੇਰਾ,
ਸ਼ਾਇਰ, ਅਦੀਬ ਹਮੇਸ਼ਾ ਦਿੰਦੇ, ਮੇਰਾ ਹੱਕ ਵਧੇਰਾ।
ਮਾਣ ਹੈ ਮੈਨੂੰ ਆਪਣੇ ਕੰਮ 'ਤੇ, ਕੁਰਬਾਨ ਹੋਵਾਂ ਲੱਖ ਵਾਰੀ,
ਦਿਲ ਉੱਤੇ ਲੱਖ ਨਸ਼ਤਰ ਚੱਲਣ, ਭਾਵੇਂ ਤਨ ਤੇਜ਼ ਕਟਾਰੀ।
ਕੰਡਾ ਹਾਂ ਕੰਡਾ ਹੀ ਰਹਾਂਗਾ, ਮੈਨੂੰ ਬੀਜੋ ਜਾਂ ਮੈਨੂੰ ਵੱਢੋ,
ਫਿਤਰਤ ਨਾ ਮੈਂ ਛੱਡਾਂ ਹੱਥੋਂ, ਮੈਨੂੰ ਰੱਖੋ 'ਤੇ ਭਾਵੇਂ ਛੱਡੋ।
ਸਫ਼ਰ ਬੜਾ ਹੀ ਮੈਂ ਤੈਅ ਕੀਤਾ, ਝੱਲੀ ਗਰਮੀ ਸਰਦੀ,
ਕਾਸ਼ ਇਸ ਜਹਾਨ 'ਤੇ ਹੁੰਦਾ, ਮੇਰਾ ਵੀ ਕੋਈ ਦਰਦੀ।