Ravinder-Singh-Kundra

ਅਣਖ ਨੂੰ ਵੰਗਾਰ - ਰਵਿੰਦਰ ਸਿੰਘ ਕੁੰਦਰਾ

ਕਲੀਆਂ ਟੁੱਟ ਜਾਵਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਬੂਟੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਬੂਟੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਸਿਰਫ਼ ਪੰਛੀ ਦਾ ਦਿਲ ਹੀ ਜਾਣ ਸਕਦਾ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।

ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਜੇ ਸਦਾ ਲਈ ਤੁਸਾਂ ਤੋਂ ਉਹ।
ਕਿਸੇ ਜ਼ਾਲਮ ਦੇ ਹੱਥ ਉਹ ਚੜ੍ਹ ਕੇ ਤੇ,
ਕਿਸੇ ਸਾਜ਼ਿਸ਼ ਦਾ ਹੋ ਸ਼ਿਕਾਰ ਜਾਵਣ।
ਵਿਸ਼ਵਾਸ ਘਾਤ ਹੋਵੇ ਉਨ੍ਹਾਂ ਨਾਲ ਜੇਕਰ,
ਛੁੱਟ ਜਾਵੇ ਸਹਾਰੇ ਦਾ ਹਰ ਦਾਮਨ।

ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਜਿਨ੍ਹਾਂ ਜ਼ੁਲਮ  ਨੂੰ ਨਹੀਂ  ਕਬੂਲ  ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭੇ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।

ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਯੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ, ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਆਪਣੀ ਜ਼ਮੀਰ ਦਾ ਗਲਾ ਘੁੱਟ ਕੇ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਵੱਲ ਅਸੀਂ ਅੱਜ ਢਲ ਗਏ।

ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਿੱਖ ਕੇ ਸਬਕ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨਾਂ ਮੱਤੇ ਸਿੱਖੀ ਅਸੂਲਾਂ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹੀ ਮਹਾਨ ਜਜ਼ਬਾ,
ਨਾਮ ਕੌਮ ਦਾ ਫੇਰ ਚਮਕਾ ਦਈਏ।
ਰਵਿੰਦਰ ਸਿੰਘ ਕੁੰਦਰਾ

ਜਿੱਤ ਦੇ ਸੋਹਲੇ ਗਾ ਚੱਲੇ ਹਾਂ -  ਰਵਿੰਦਰ ਸਿੰਘ ਕੁੰਦਰਾ

ਜਿੱਤ  ਦੇ  ਸੋਹਲੇ  ਗਾ  ਚੱਲੇ ਹਾਂ,

ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।

ਤੱਕਦਾ ਰਹੀਂ ਕਿਤੇ ਆਂਦਾ ਜਾਂਦਾ,

ਸਬਰ ਦਾ ਬਾਗ਼ ਲਗਾ ਚੱਲੇ ਹਾਂ।

ਤੇਰੀ   ਰੁੱਖੀ   ਧਰਤੀ   ਉੱਤੇ,

ਪਸੀਨੇ ਬਹੁਤ  ਵਹਾ ਚੱਲੇ ਹਾਂ।

ਤੇਰੇ   ਜ਼ਾਲਮ   ਸੇਵਕਾਂ  ਤਾਈਂ,

ਬਾਬੇ ਦਾ ਲੰਗਰ ਛਕਾ ਚੱਲੇ ਹਾਂ।

ਕੁੱਛ ਮਿੱਠੀਆਂ ਤੇ ਕੌੜੀਆਂ ਯਾਦਾਂ,

ਸੀਨੇ  ਵਿੱਚ  ਸਮਾ  ਚੱਲੇ  ਹਾਂ।

ਕੌੜੇ  ਬੋਲ  'ਤੇ  ਕੋਝ੍ਹੇ  ਤਾਹਨੇ,

ਆਪਣੀ  ਝੋਲੀ  ਪਾ  ਚੱਲੇ ਹਾਂ।

ਸਬਰ, ਸਿਦਕ ਤੂੰ ਪਰਖਿਆ ਸਾਡਾ,

ਪਰਖ 'ਚੋਂ  ਜਿੰਦ ਲੰਘਾ ਚੱਲੇ ਹਾਂ।

ਜਿੱਥੇ  ਸੀ  ਤੂੰ  ਕਿੱਲ  ਲਗਾਏ,

ਉੱਥੇ  ਫੁੱਲ  ਵਿਛਾ  ਚੱਲੇ  ਹਾਂ।

ਸੱਭੈ   ਸਾਂਝੀਵਾਲ   ਸਦਾਇਣ,

ਅਨੋਖਾ ਸਬਕ ਪੜ੍ਹਾ ਚੱਲੇ ਹਾਂ।

ਨਾਨਕ  ਦੀ ਚੜ੍ਹਦੀ  ਕਲਾ ਦਾ,

ਨਵਾਂ ਸੰਦੇਸ਼  ਫੈਲਾਅ ਚੱਲੇ ਹਾਂ।

ਜਿੱਤ  ਦੇ  ਸੋਹਲੇ  ਗਾ ਚੱਲੇ  ਹਾਂ,

ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।

ਰਵਿੰਦਰ ਸਿੰਘ ਕੁੰਦਰਾ

ਕਵੈਂਟਰੀ ਯੂ ਕੇ

ਬਣ ਜਾਣ ਸਾਰੇ ਨਾਨਕ ਦੇ ਵਰਗੇ - ਰਵਿੰਦਰ ਸਿੰਘ ਕੁੰਦਰਾ

ਗਲੀਆਂ ਵਿੱਚ ਕੂੜਾ ਤੇ ਨਾਲੀਆਂ ਵਿੱਚ ਗੰਦਗੀ,
ਬਚ ਬਚ ਕੇ ਪੈਰ ਟਿਕਾ ਰਿਹਾ ਸਾਂ।
ਗਰਮੀ ਦਾ ਮੌਸਮ ਤੇ ਦੁਪਹਿਰ ਦੀ ਤਲਖ਼ੀ,
ਮੈਂ ਪਿੰਡੇ ਤੇ ਅਪਣੇ ਹੰਢਾ ਰਿਹਾ ਸਾਂ।
ਅਪਣਾ ਸੀ ਪਿੰਡ ਜਾਂ ਕੋਈ ਬੇਗਾਨਾ?
ਕਿਆਫੇ ਤੇ ਕਿਆਫਾ ਮੈਂ ਲਾ ਰਿਹਾ ਸਾਂ।
ਸਮਝ ਕੋਈ ਨਹੀਂ ਸੀ ਪੈਂਦੀ ਪਰ ਮੈਨੂੰ,
ਕਿ ਮੈਂ ਕਿਧਰੋਂ ਕਿੱਧਰ ਨੂੰ ਜਾ ਰਿਹਾ ਸਾਂ।

ਬੇ ਧਿਆਨੇ ਪੈਰ ਜਾ ਨਾਲੀ ਵਿੱਚ ਵੱਜਾ,
ਲਿੱਬੜ ਗਿਆ ਸਾਰਾ ਜਦ ਬੂਟ ਮੇਰਾ।
ਤੱਕਿਆ ਚੁਫੇਰੇ ਵਸੀਲਾ ਜੇ ਕੋਈ ਹੋਵੇ,
ਪਾਣੀ ਦਾ ਪ੍ਰਬੰਧ ਕਿਤੇ ਹੋਵੇ ਬਹੁਤੇਰਾ।
ਕਿਸਮਤ ਸੀ ਚੰਗੀ ਤੇ ਨਲਕਾ ਸੀ ਨੇੜੇ,
ਸਾਹ ਵਿੱਚ ਸਾਹ ਫਿਰ ਆਇਆ ਤੱਦ ਮੇਰਾ।
ਧੋ ਕੇ ਸਾਰਾ ਬੂਟ, ਤੇ ਪੈਰ ਮੈਂ ਅਪਣਾ,
ਪਾ ਲਿਆ ਵਾਪਸ ਬੂਟ ਵਿੱਚ ਮੇਰਾ।
ਸੁਰੀਲੀ ਆਵਾਜ਼ ਇੱਕ ਪਈ ਮੇਰੇ ਕੰਨੀ,
ਹਰਜਿੰਦਰ ਸਿੰਘ ਨੇ ਪਾਇਆ ਹੋਵੇ ਜਿਵੇਂ ਫੇਰਾ।
ਖਿੱਚਿਆ ਗਿਆ ਮੈਂ ਉਸੇ ਹੀ ਪਾਸੇ,
ਹਜੂਮ ਨੇ ਸੀ ਜਿੱਥੇ ਪਾਇਆ ਉਸ ਨੂੰ ਘੇਰਾ।
ਮੰਤਰ ਮੁਗਧ ਸਰੋਤੇ ਅਨੰਦਤ ਸਨ ਹੋਏ,
ਗੁਰਬਾਣੀ ਦਾ ਪਰਵਾਹ ਸੀ ਜਿੱਥੇ ਘਨੇਰਾ।

ਜਾਪਦਾ ਸੀ ਜਿਵੇਂ ਉਹ ਦਰ ਦਰ ਹੈ ਗਾਉਂਦਾ,
ਅਤੇ ਦੇਂਦਾ ਹੈ ਸਭ ਨੂੰ ਉਹ ਸਿੱਖੀ ਦਾ ਹੋਕਾ।
ਗਰੀਬੜੇ ਜਿਹੇ ਦੀ ਅਜੀਬ ਸੀ ਹਾਲਤ,
ਸਮਝ ਨਾ ਸਕਿਆ ਇਹ ਸਾਰਾ ਮੈਂ ਮੌਕਾ।
ਕਿੱਥੇ ਉਹ ਲੱਖਾਂ ਵਿੱਚ ਖੇਡਣ ਵਾਲਾ,
ਕਿੱਥੇ ਹੋਇਆ ਫਿਰਦਾ ਹੈ ਇੰਨਾ ਇਹ ਔਖਾ।
ਕੀ ਹੈ ਇਹ ਮਾਜਰਾ ਤੇ ਕੀ ਇਹ ਕਹਾਣੀ,
ਸਮਝਣਾ ਇਹ ਸਭ ਕੁੱਝ ਨਹੀਂ ਲੱਗਦਾ ਸੀ ਸੌਖਾ।

ਹਿੰਮਤ ਕਰ ਮੈਂ ਹੋਇਆ ਉਸ ਦੇ ਸਾਹਮੇਂ,
ਚਾਹਿਆ ਮੈਂ ਪੁੱਛਣਾ ਉਸ ਤੋਂ ਇਸ ਬਾਰੇ।
ਪਰ ਝੇਪ ਗਿਆ ਮੈਂ ਇਸ ਗੱਲੋਂ ਡਰ ਕੇ,
ਮਤੇ ਹੋ ਜਾਵੇ ਤੌਹੀਨ ਉਸ ਦੀ ਸਾਰੇ।
ਫੇਰ ਵੀ ਜੇਰਾ ਮੈਂ ਕੀਤਾ ਕੰਨ ਦੇ ਕੋਲੇ,
ਹੌਲੀ ਜਿਹੀ ਜਾ ਕੇ ਮੈਂ ਪੁੱਛਿਆ ਪਿਆਰੇ?
ਕਿਵੇਂ ਹੋਈ ਤੇਰੀ ਕਾਇਆਂ ਦੀ ਕਲਪ,
ਕਿੱਥੇ ਗਏ ਤੇਰੇ ਉਹ ਵਾਰੇ ਤੇ ਨਿਆਰੇ।
ਨੀਵੀਂ ਜਿਹੀ ਪਾ ਕੇ ਆਜਿਜ਼ ਜਿਹਾ ਹੋ ਕੇ,
ਕਹਿੰਦਾ ਇਹ ਆਖ਼ਰ ਸਬਕ ਹੈ ਮੈਂ ਸਿੱਖਿਆ।
ਘਰ ਘਰ ਜਾਕੇ ਇਹ ਹੋਕਾ ਹੈ ਦੇਣਾ,
ਮੰਗਣੀ ਹੈ ਲੋਕਾਂ ਤੋਂ ਹਲੀਮੀ ਦੀ ਭਿੱਖਿਆ।
ਨਾਨਕ ਨੇ ਵੀ ਕੀਤਾ ਸੀ ਐਸਾ ਹੀ ਧੰਦਾ,
ਚੱਲਦਾ ਰਿਹਾ ਉਹ ਕਿਤੇ ਵੀ ਨਾ ਟਿਕਿਆ।
ਬਹੁਤੀ ਮਾਇਆ ਲਈ ਕੀਤੇ ਮੈਂ ਹੀਲੇ,
ਪਰ ਮਿਲਿਆ ਉਹੀ ਜੋ ਧੁਰ ਤੋਂ ਹੈ ਲਿਖਿਆ।
ਸੁਣ ਕੇ ਉਸ ਦਾ ਸੱਚਾ ਇਹ ਉੱਤਰ,
ਕੀ ਮੈਂ ਸੁਣਾਵਾਂ ਹੁਣ ਬਾਕੀ ਦੀ ਵਿੱਥਿਆ।

ਇੰਨੇ ਉਤਸ਼ਾਹ ਨਾਲ ਮੈਂ ਵਾਹ ਵਾਹ ਜੋ ਕੀਤਾ,
ਕੜੱਕ ਟੁੱਟ ਗਈ ਮੇਰੀ ਨੀਂਦ ਦੀ ਖ਼ੁਮਾਰੀ।
ਸੁਪਨਾ ਇੰਝ ਟੁੱਟਾ ਜਾਗ ਜਿਵੇਂ ਆਈ,
ਸਮਝ ਫਿਰ ਆਈ ਕਹਾਣੀ ਇਹ ਸਾਰੀ।
ਪਰ ਸੋਚ ਮੇਰੀ ਨੇ ਚੜ੍ਹ ਤਸੱਵਰ ਦੇ ਘੋੜੇ,
ਕਿਹਾ ਜੇ ਮੇਰੇ ਸੁਪਨੇ ਹੋ ਜਾਵਣ ਸਾਕਾਰੀ।
ਜੇ ਸਾਰੇ ਹੀ ਰਾਗੀ, ਪ੍ਰਚਾਰਕ ਤੇ ਬਾਬੇ,
ਛੱਡਣ ਸਟੇਜਾਂ, ਡੇਰਿਆਂ ਦੀ ਸਰਦਾਰੀ।
ਬਣ ਜਾਣ ਸਾਰੇ ਨਾਨਕ ਦੇ ਵਰਗੇ,
ਸਿੱਖੀ ਦੇ ਕਲਾਵੇ ਆਵੇ ਦੁਨੀਆ ਸਾਰੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ ।

ਪਲੀਤ ਭਗਵਾਨ - ਰਵਿੰਦਰ ਸਿੰਘ ਕੁੰਦਰਾ

ਹਾਹਾਕਾਰ ਹੈ  ਸ਼ਹਿਰ ਦੇ  ਅੰਦਰ।
ਪਲੀਤ ਹੋ ਗਿਆ ਰੱਬ ਦਾ ਮੰਦਰ।

ਕਰਤੂਤ ਹੈ ਕਿਸੇ ਨੀਚ ਬਾਲਕ ਦੀ,
ਪੈਦਾ ਕੀਤਾ ਜਿਸ ਨੇ ਇਹ ਮੰਜ਼ਰ।

ਜ਼ਿਦ ਕਰ ਬੈਠਾ ਆਕੀ  ਹੋ ਗਿਆ,
ਰੱਬ ਦੇ ਪਿਆਰ ਦੀ ਮਹਿਮਾ ਅੰਦਰ।

ਮਿਲਣਾ   ਚਾਹੇ   ਚੁੰਮਣਾ  ਚਾਹੇ,
ਜੋ  ਵਸਦਾ ਹੈ ਹਰ  ਦਿਲ ਅੰਦਰ।

ਸੋਹਣਾ ਪਿਆਰਾ ਬੁੱਤ ਇਹ ਰੱਬ ਦਾ,
ਪੈਦਾ ਹੋਇਆ ਉਸਦੇ ਘਰ ਅੰਦਰ।

ਉਦੋਂ  ਇਹ  ਰੱਬ  ਇੱਕ  ਪੱਥਰ  ਸੀ,
ਅਣਘੜਤ  ਕਿਸੇ ਸਿਲ ਦੇ ਅੰਦਰ।

ਉਸ ਦੇ ਬਾਪ ਨੇ ਘੜ ਘੜ ਇਸ ਨੂੰ,
ਰੱਬ ਬਣਾਇਆ ਆਪਣੇ ਘਰ ਅੰਦਰ।

ਬਾਲਕ  ਦੀਆਂ  ਅੱਖਾਂ  ਦੇ  ਸਾਹਮੇਂ,
ਵਰਤਿਆ ਸੀ ਇਹ ਅਜਬ ਅਡੰਬਰ।

ਪੱਥਰ  ਤੋਂ  ਭਗਵਾਨ  ਦਾ  ਰੁਤਬਾ,
ਸਾਕਾਰ ਹੋਇਆ ਉਸ ਦੇ ਘਰ ਅੰਦਰ।

ਚਰਮ ਸੀਮਾਂ ਤੱਕ ਪਹੁੰਚ ਗਿਆ ਸੀ,
ਰੱਬ ਨਾਲ ਪਿਆਰ ਵੀ ਉਸ ਦੇ ਅੰਦਰ।

ਅਚਾਨਕ ਰੱਬ ਫਿਰ ਗਾਇਬ ਹੋ ਕੇ,
ਪਰਗਟ ਹੋ ਗਿਆ ਮੰਦਰ ਅੰਦਰ।

ਬਹਿਬਲ ਹੋ ਕੇ ਬਾਲਕ ਤੜਪਿਆ,
ਹੰਝੂਆਂ ਦਾ ਵਗ  ਗਿਆ ਸਮੁੰਦਰ।

ਸ਼ਾਂਤ  ਬਾਪ  ਵੀ  ਕਰ  ਨਾ ਸਕਿਆ,
ਉਬਲਦਾ  ਲਾਵਾ  ਬਾਲਕ  ਅੰਦਰ।

ਬਾਪ ਨੇ ਬਾਲਕ  ਨੂੰ  ਸਮਝਾਇਆ,
ਹੁਣ ਉਹ ਵਸਦਾ ਹੈ ਮੰਦਰ ਅੰਦਰ।

ਹੁਣ ਉਹ ਸਾਡਾ ਕੁੱਝ ਨਹੀਂ ਲੱਗਦਾ,
ਉਸਦਾ ਸਾਡਾ ਹੁਣ ਬਹੁਤ ਹੈ ਅੰਤਰ।

ਪਰ ਨਾਦਾਨ  ਸਮਝ  ਨਾ  ਸਕਿਆ,
ਅਜੀਬ  ਜਿਹਾ  ਇਹ  ਕੋਝਾ ਅੰਤਰ।

ਅੱਖ ਬਚਾ ਕੇ ਬਾਲਕ ਇੱਕ ਦਿਨ,
ਜਾ ਵੜਿਆ ਉਸ ਮੰਦਰ ਅੰਦਰ।

ਰੋ  ਰੋ  ਰੱਬ  ਨੂੰ  ਜੱਫੀਆਂ  ਪਾਈਆਂ,
ਸ਼ਾਂਤ ਕਰਨ ਲਈ ਆਪਣਾ ਅੰਦਰ।

ਹੁਣ  ਉਹ  ਉਸ ਦਾ ਰੱਬ ਨਹੀਂ ਸੀ,
ਊਚਾਂ  ਦਾ  ਉਹ  ਕਲਾ  ਕਲੰਦਰ।

ਲਾਲ  ਪੀਲਾ  ਹੋ ਗਿਆ  ਪੁਜਾਰੀ,
ਦੇਖ ਕੇ ਸਾਰਾ ਅਜੀਬ ਇਹ ਮੰਜ਼ਰ।

ਹਾਹਾਕਾਰ   ਮਚਾਈ   ਉਸ   ਨੇ,
ਚੁੱਕ ਲਿਆ ਸਿਰ 'ਤੇ ਸਾਰਾ ਮੰਦਰ।

ਹਾਇ ਓਏ ਨੀਚ ਪਲੀਤ ਕਰ ਗਿਆ,
ਪਾਕ ਪਵਿੱਤਰ ਸਾਡਾ ਇਹ ਮੰਦਰ।

ਕੱਢੋ  ਨੀਚਾਂ   ਨੂੰ  ਸ਼ਹਿਰ  ਤੋਂ,
ਜਾਂ ਕਰ ਦੇਵੋ ਸਭ ਨੂੰ ਅੰਦਰ।

ਕਰੋ ਜੁਰਮਾਨਾ ਜਾਂ ਲਾ ਦਿਓ ਫਾਹੇ,
ਕਰੋ ਸਭ  ਮਿੰਟ  ਸਕਿੰਟਾਂ  ਅੰਦਰ।

ਫਰਮਾਨ ਹੋਇਆ ਫੇਰ ਉਪਰੋਂ ਜਾ ਕੇ,
ਮਹਾਂ  ਯੱਗ  ਕਰੋ  ਵਿੱਚ  ਮੰਦਰ।

ਸੱਖਤ ਸਰਕਾਰੀ ਪਹਿਰਾ ਲਾ ਦਿਓ,
ਵੜੇ ਕੋਈ ਨੀਚ ਨਾ ਮੰਦਰ ਅੰਦਰ।

ਹੋਵੇ  ਨਾ  ਫਿਰ  ਮੁੜ  ਇਹ  ਕਾਰਾ,
ਪਿੱਟ ਦਿਓ ਡੌਂਡੀ ਸ਼ਹਿਰ ਦੇ ਅੰਦਰ।

ਹਾਹਾਕਾਰ ਹੈ  ਸ਼ਹਿਰ  ਦੇ ਅੰਦਰ,
ਪਲੀਤ ਹੋ ਗਿਆ ਰੱਬ ਦਾ ਮੰਦਰ।

ਰਵਿੰਦਰ ਸਿੰਘ ਕੁੰਦਰਾ

ਪਹਾੜ ਥੱਲੇ ਊਂਠ - ਰਵਿੰਦਰ ਸਿੰਘ ਕੁੰਦਰਾ

ਆਖਰ ਊਠ  ਪਹਾੜ ਦੇ ਥੱਲੇ ਆ  ਹੀ ਗਿਆ।
ਕਹਿੰਦੇ ਸਨ ਉਹ ਅੱਜ ਗਿਆ ਜਾਂ ਕੱਲ੍ਹ ਗਿਆ।

ਕਿਆਸ ਅਰਾਈਆਂ ਚਿਰ ਤੋਂ ਲੱਗਦੀਆਂ ਸਨ,
ਅਫਵਾਹਾਂ ਦਾ  ਦੌਰ ਵੀ ਆਖਰ ਠੱਲ੍ਹ ਗਿਆ।

ਇਲਜ਼ਾਮਾਂ ਦੀ ਪੰਡ ਨੂੰ ਆਪਣੇ ਸਿਰ ਰੱਖ ਕੇ,
ਲੌਟ ਕੇ  ਬੁੱਧੂ  ਆਪਣੇ  ਮੋਤੀ  ਮਹੱਲ ਗਿਆ।

ਆਪਣੇ ਵਾਸਤੇ ਖੋਦੀ ਆਪਣੀ ਕਬਰ ਵਿੱਚ ਹੀ,
ਮੂਰਖ ਚੁਫੇਰਿਉਂ ਘਿਰ ਕੇ ਉਸ ਦੇ ਵੱਲ ਗਿਆ।

ਪੱਚੀ  ਪਝੰਤਰ  ਦੇ  ਸੌਦੇ  ਵਾਲਾ  ਵਿਉਪਾਰੀ,
ਝੂਠ ਦੀ  ਖੱਟੀ  ਖੱਟਣੋਂ  ਆਖਰ ਟਲ ਗਿਆ।

ਚੀਕੂੰ  ਚੀਕੂੰ  ਕਰਦੀ  ਕੁਰਸੀ  ਕੈਪਟਨ  ਦੀ,
ਪਤਾ ਨਹੀਂ ਕੋਈ  ਕਿਹੜੇ  ਵੇਲੇ ਮੱਲ ਗਿਆ।

ਸੀਤਾਫੱਲ  'ਤੇ  ਚੀਕੂ   ਵੀ  ਹੁਣ  ਰੋਂਦੇ  ਨੇ,
ਸਾਡਾ  ਆਸ਼ਕ  ਸਾਡੇ ਪਾ  ਕੜੱਲ  ਗਿਆ।

ਅਰੂਸਾ  ਵਿਚਾਰੀ  ਬੈਠ ਕੇ  ਹੁਣ ਸਿਰ  ਪਿੱਟੇ,
ਪਹਿਲਾਂ ਵਾਲੀ ਟੌਹਰ 'ਤੇ ਸਾਰਾ ਬੱਲ ਗਿਆ।

ਕਾਠ ਦੀ  ਹਾਂਡੀ ਚੜ੍ਹ  ਚੜ੍ਹ ਕੇ ਸੜ  ਹੀ ਗਈ,
ਸੱਚ ਦੀ ਅੱਗ ਦਾ ਜਾਦੂ ਆਖਰ  ਚੱਲ ਗਿਆ।

ਝੂਠੀਆਂ  ਸੌਹਾਂ  ਫੋਕੇ  ਦਾਅਵੇ  ਠੁੱਸ  ਹੋ  ਗਏ,
ਪਖੰਡ ਦਾ ਸੂਰਜ ਢਲਦਾ ਢਲਦਾ ਢਲ ਗਿਆ।

ਆਖਰ ਊਠ  ਪਹਾੜ ਦੇ  ਥੱਲੇ ਆ  ਹੀ ਗਿਆ।
ਕਹਿੰਦੇ ਸਨ ਉਹ ਅੱਜ ਗਿਆ ਜਾਂ ਕੱਲ ਗਿਆ।

ਇਸ ਹਮਾਮ 'ਚ ਸਾਰੇ ਨੰਗੇ - ਰਵਿੰਦਰ ਸਿੰਘ ਕੁੰਦਰਾ

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ  ਕਾਰੇ  ਨੇ  ਸਭ ਦੇ ਮੰਦੇ।
ਇਸ  ਹਮਾਮ 'ਚ  ਸਾਰੇ ਨੰਗੇ।

ਇੱਕ ਦੂਜੇ  ਦੇ ਪਿੱਛੇ  ਲੁਕਦੇ,
ਉਹਲੇ ਹੋ ਕੇ ਨਿੱਤ ਨੇ ਬੁੱਕਦੇ।
ਇੱਕ ਦੂਜੇ 'ਤੇ ਚਿੱਕੜ ਸੁੱਟਦੇ,
ਝੂਠ ਨੂੰ ਥਾਂ ਥਾਂ ਜਾਵਣ ਥੁੱਕਦੇ।
ਜਾਣ-ਬੁੱਝ ਕੇ ਲੈਣ ਇਹ ਪੰਗੇ,
ਇਸ  ਹਮਾਮ 'ਚ ਸਾਰੇ ਨੰਗੇ।

ਮੂੰਹ ਪਿਆ ਖਾਵੇ ਅੱਖ ਸ਼ਰਮਾਵੇ,
ਸ਼ਰਮ ਫੇਰ ਵੀ ਰਤਾ ਨਾ ਆਵੇ।
ਕਰਦੇ ਰੱਜ ਰੱਜ ਝੂਠੇ ਦਾਅਵੇ,
ਭੁੱਲਦੇ ਕਰ ਕਰ ਲੱਖਾਂ ਵਾਅਦੇ।
ਵੋਟਰ ਰਹਿ ਗਏ ਨੰਗ ਮਲੰਗੇ,
ਇਸ  ਹਮਾਮ 'ਚ  ਸਾਰੇ ਨੰਗੇ।

ਰੇਤਾ, ਬਜਰੀ, ਇੱਟਾਂ, ਵੱਟੇ,
ਪੱਚੀ ਪਝੱਤਰ 'ਚ ਸੱਭ ਗਏ ਚੱਟੇ।
ਕੇਬਲ, ਬੱਸਾਂ, ਸ਼ਰਾਬਾਂ, ਬੱਤੇ,
ਤਨਖਾਹ, ਪੈਨਸ਼ਨਾਂ ਸਾਰੇ ਭੱਤੇ।
ਖਾਣ ਪੀਣ ਤੋਂ ਮੂਲ ਨਾ ਸੰਗੇ,
ਇਸ ਹਮਾਮ 'ਚ ਸਾਰੇ ਨੰਗੇ।

ਅਵਾਰਾ ਕੁੱਤਿਆਂ ਵਰਗੇ ਕਾਰੇ,
ਟੁਕੜਿਆਂ ਉੱਤੇ ਵਿਕਦੇ ਸਾਰੇ।
ਭੌਂਕਣ ਮਸੀਤੀਂ ਛਕਣ ਗੁਰਦੁਆਰੇ,
ਚੌਧਰ ਲਈ ਫਿਰਦੇ ਮਾਰੇ ਮਾਰੇ।
ਚਿੱਟੇ,  ਨੀਲੇ,  ਭਗਵੇਂ  ਰੰਗੇ,
ਇਸ ਹਮਾਮ 'ਚ  ਸਾਰੇ ਨੰਗੇ।

ਗੰਦਾ  ਖ਼ੂਨ ਹੈ  ਵਧਦਾ-ਫੁਲਦਾ,
ਰਿਸ਼ਤੇਦਾਰੀ ਵਿੱਚ ਜਾਵੇ ਘੁਲਦਾ।
ਵਣਜ ਚੱਲੇ ਬੱਸ ਕੁੱਲ ਤੋਂ ਕੁੱਲ ਦਾ,
ਰਹੇ ਬੇਈਮਾਨੀ ਦਾ ਝੰਡਾ ਝੁਲਦਾ।
ਅਸੂਲ  ਰਹਿਣ ਬੱਸ  ਛਿੱਕੇ ਟੰਗੇ,
ਇਸ  ਹਮਾਮ  'ਚ  ਸਾਰੇ  ਨੰਗੇ।

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ ਕਾਰੇ  ਨੇ ਸਭ ਦੇ  ਮੰਦੇ।
ਇਸ ਹਮਾਮ 'ਚ  ਸਾਰੇ ਨੰਗੇ।
ਰਵਿੰਦਰ ਸਿੰਘ ਕੁੰਦਰਾ

ਦਿਲ ਇੱਕ 'ਤੇ ਇਸ਼ਕ ਅਨੇਕ -  ਰਵਿੰਦਰ ਸਿੰਘ ਕੁੰਦਰਾ

ਅਥਰੇ ਦਿਲ ਦੀ ਗਾਥਾ ਮੈਂ ਕੀ ਆਖਾਂ,
ਮੇਰੀ ਇੱਕ ਨਾ ਇਸ  ਨੇ ਕਦੀ ਮੰਨੀ।
ਥੱਕ ਗਿਆਂ  ਸਮਝਾ ਕੇ  ਲੱਖ ਵਾਰੀਂ,
ਨਾ ਫਿਰ ਭੱਜਦਾ ਰੋਜ਼ ਵੱਖ ਵੱਖ ਕੰਨੀ।
ਨਹੀਂ ਮੰਨਿਆ ਮੇਰੀ ਦਲੀਲ ਇੱਕ ਵੀ,
ਪੰਗਾ ਇਸ਼ਕ ਦਾ ਐਸਾ ਇਹ ਪਾ ਬੈਠਾ।
ਮਾਸ਼ੂਕ ਇੱਕ ਨਾਲ ਨਾ ਇਹ ਰੱਜ ਸਕਿਆ,
ਦਿਲ ਕਈਆਂ ਦੇ ਹੱਥ ਪਕੜਾ ਬੈਠਾ।

ਪਹਿਲਾਂ ਤਮੰਨਾ ਦਾ ਇਸ ਨੂੰ ਫ਼ਤੂਰ ਚੜ੍ਹਿਆ,
ਦਿਨ ਰਾਤ ਰਿਹਾ ਉਸਦਾ ਜਾਪ ਕਰਦਾ।
ਹੋਰ  ਸਾਰੀਆਂ ਸੁਰਾਂ ਤੇ  ਤਾਲ ਭੁੱਲਿਆ,
ਉਸ ਦੇ ਨਾਮ ਦਾ ਰਿਹਾ ਅਲਾਪ ਕਰਦਾ।
ਅਲ੍ਹੜ ਬਰੇਸ ਤੇ ਇਸ਼ਕ ਦਾ ਤਾਪ ਐਸਾ,
ਸਿਰ ਧੜ  ਦੀ ਬਾਜ਼ੀ  ਇਹ  ਲਾ ਬੈਠਾ।
ਤਮੰਨਾ ਆਪਣੀ ਸਿਰਫ਼ ਵਿੱਚ ਵਾੜ ਦਿਲ ਦੇ,
ਭੁਲਾ ਕੇ ਸੁੱਧ ਬੁੱਧ, ਆਪਣੇ ਯਾਰ ਬੈਠਾ।

ਮਰਜ਼ ਵਧੀ ਤੇ ਫ਼ੇਰ ਲਾਇਲਾਜ ਹੋ ਗਈ,
ਦਿਲ ਤੇ ਮਰਜ਼ੀ ਨੇ ਜਦੋਂ ਇੱਕ ਵਾਰ ਕੀਤਾ।
ਪੈਰ  ਪੈਰ ਤੇ  ਪਾਏ  ਉਸ  ਉਹ ਪੁਆੜੇ,
ਤਹਿਸ ਨਹਿਸ ਫੇਰ ਇਸਦਾ ਵਕਾਰ ਕੀਤਾ।
ਨਿਭਾਵੇ ਕਿਸ ਨਾਲ 'ਤੇ ਕਿਸ ਤੋਂ ਮੂੰਹ ਮੋੜੇ,
ਗਿਆ ਰਗੜਿਆ ਪੁੜਾਂ ਵਿਚਕਾਰ ਐਸਾ।
ਤਮੰਨਾ ਇਸ ਪਾਸੇ ਤੇ ਮਰਜ਼ੀ ਉਸ ਪਾਸੇ,
ਬੇੜਾ  ਡੋਲਿਆ ਵਿੱਚ  ਮੰਝਧਾਰ  ਐਸਾ।
ਮਰਜ਼ੀ  ਕਹੇ ਤੂੰ ਮੈਥੋਂ  ਨੀ ਭੱਜ  ਸਕਦਾ,
ਰਹਿ ਮੇਰਾ ਤੂੰ ਸਦਾ  ਦਿਲਦਾਰ ਬਣਕੇ।
ਮੈਂ ਹਾਂ  ਤੇਰੀ 'ਤੇ ਤੂੰ ਹੈ  ਮੇਰਾ ਸੱਜਣਾ,
ਵਾਰਾਂ ਜਾਨ  ਤੈਥੋਂ ਲੱਖ ਵਾਰ  ਸਦਕੇ।

ਨਹੀਂ ਹਿੱਲ ਸਕਦਾ ਇੱਕ  ਇੰਚ ਵੀ ਤੂੰ,
ਜਦੋਂ ਤੱਕ ਨਾ ਮਿਲੇ  ਇਜਾਜ਼ਤ ਮੇਰੀ।
ਕਰ ਮਿੰਨਤਾਂ ਤੇ ਭਾਵੇਂ ਹੁਣ ਪਾ ਤਰਲੇ,
ਕਰਨੀ ਪੈਸੀ ਹੁਣ ਤੈਨੂੰ ਇਬਾਦਤ ਮੇਰੀ।
ਮੈਂ ਵੀ ਇਜਾਜ਼ਤ ਹਾਂ ਮੈਨੂੰ ਨਾ ਘੱਟ ਸਮਝੀਂ,
ਮੇਰੇ ਸਾਹਮੇਂ ਕੀ ਤਮੰਨਾ 'ਤੇ ਕੀ ਮਰਜ਼ੀ।
ਮੇਰਾ ਇਸ਼ਕ ਹੈ ਗੂੜ੍ਹਾ ਤੇ ਪੁਰ ਹਕੀਕੀ,
ਸਮਝ ਬੈਠੀਂ ਨਾ ਇਸ ਨੂੰ ਕਦੀ ਫ਼ਰਜ਼ੀ।
ਕੋਈ ਤਰਸ ਨਾ ਕਰੇ ਨਾ ਯਕੀਨ ਇਸਤੇ,
ਪਿਆਰ ਸੱਚਾ ਇਹ ਕਿਸ ਨੂੰ ਜਤਾਏ ਜਾਕੇ।
ਦੇਵੇ ਤਸੱਲੀਆਂ ਭਾਵੇਂ ਇਹ ਲੱਖ ਵਾਰੀ,
ਭਾਵੇਂ ਲੱਖਾਂ ਹੀ ਤਰਲੇ ਇਹ ਪਾਏ ਜਾਕੇ।

ਜਦੋਂ ਤਿੰਨਾਂ ਨੇ ਜੀਣਾ ਹਰਾਮ ਕੀਤਾ,
ਫੇਰ ਭੱਜ ਕੇ ਸ਼ਾਂਤੀ ਦੇ ਦੁਆਰ ਪਹੁੰਚਾ।
ਕਹੇ ਰੱਖ ਲੈ ਮੈਨੂੰ ਤੂੰ ਜਾਣ ਅਪਣਾ,
ਹੋ ਕੇ ਤਿੰਨਾਂ ਤੋਂ ਬੜਾ ਮੈਂ ਖੁਆਰ ਪਹੁੰਚਾ।
ਨਹੀਂ ਮਿਲਦੀ ਮੈਨੂੰ ਹੁਣ ਕਿਤੇ ਢੋਈ,
ਬਚਾ ਲੈ, ਸਾਂਭ ਲੈ, ਗਲ਼ੇ ਲਗਾ ਮੈਨੂੰ।
ਛੁਡਾ ਦੇ ਤਿੰਨਾਂ ਬਲਾਵਾਂ ਤੋਂ ਪਿੱਛਾ ਮੇਰਾ,
ਸੱਚੇ ਪਿਆਰ ਦਾ ਸਬਕ ਪੜ੍ਹਾ ਮੈਨੂੰ।
ਸ਼ਾਂਤੀ ਕਹੇ ਹੁਣ ਨਹੀਂ ਹੈ ਵੱਸ ਮੇਰੇ,
ਤੇਰੇ ਦਿਲ ਨੂੰ ਕੋਈ ਧਰਵਾਸ ਦੇਣਾ।

ਜਲੇਬੀ ਸਿੱਧੂ - ਰਵਿੰਦਰ ਸਿੰਘ ਕੁੰਦਰਾ

ਸਿੱਧਾ ਮੈਂ  ਜਲੇਬੀ  ਵਰਗਾ, ਸਿੱਧੂ ਮੈਨੂੰ  ਕਹਿੰਦੇ,
ਜਦੋਂ  ਜਦੋਂ ਵੀ  ਮੂੰਹ ਮੈਂ ਖੋਲ੍ਹਾਂ ਬੜੇ ਪੁਆੜੇ ਪੈਂਦੇ।

ਲੱਛੇਦਾਰ ਕਈ ਗੱਲਾਂ ਮੇਰੀਆਂ, ਲੋਕੀਂ ਕਰ ਕਰ ਹੱਸਦੇ,
ਠੋਕਣ ਤਾੜੀ ਖਟਾਕ ਕਰਕੇ, ਜੁਮਲੇ ਮੇਰੇ 'ਤੇ ਕੱਸਦੇ।

ਸੋਚਣ ਤੋਂ ਪਹਿਲਾਂ ਹੀ, ਬੋਲ  ਜਾਵੇ  ਮੇਰੀ ਲੁਤਰੋ,
ਗੱਲਂ ਗੱਲਾਂ ਵਿੱਚ ਹੋ ਜਾਂਦੀ, ਕਾਫੀ ਉਥਲੋ ਪੁਥਲੋ।

ਕਿਸ ਨੂੰ ਮੈਂ ਕੀ, ਕਦੋਂ ਕਿਹਾ ਸੀ, ਮੈਨੂੰ ਯਾਦ ਨਹੀਂ ਰਹਿੰਦਾ,
ਸੱਚ 'ਤੇ ਝੂਠ ਨੂੰ ਪਰਖਣ ਵਿੱਚ,  ਮੈਨੂੰ ਬੜਾ ਭੁਲੇਖਾ ਪੈਂਦਾ।

ਥੁੱਕ ਕੇ ਚੱਟਣ ਦਾ ਮੈਨੂੰ,  ਸੁਆਦ ਬੜਾ ਹੀ ਆਉਂਦਾ,
ਪੈਰ ਪੈਰ 'ਤੇ ਰੰਗ ਬਦਲਣਾ, ਸ਼ੌਂਕ ਮੇਰਾ ਮਨ ਭਾਉਂਦਾ।

ਸਾਂਭ ਸਾਂਭ ਮੈਂ ਰਿਸ਼ਤੇ ਗੰਢਾਂ, ਸੁਆਰਥ ਵਿੱਚ ਲਪੇਟੇ,
ਤੋੜ ਦੇਵਾਂ ਉਸੇ ਹੀ ਵੇਲੇ, ਜਦੋਂ ਚੜ੍ਹ ਜਾਣ ਮੇਰੇ ਟੇਟੇ।

ਬਦਨਾਮ ਮੁੰਨੀ ਅੱਜ ਮੇਰੀ ਮਾਂ ਹੈ, ਪੱਪੂ ਮੇਰਾ ਭਾਈ,
ਪ੍ਰੀਅ  ਮੇਰੀ  ਭੈਣ  ਹੈ ਅੰਕਾ, ਮੁੰਨੀ  ਦੀ  ਜੋ  ਜਾਈ।

ਨਿਮਰਤਾ ਹੈ ਹੁਣ ਮਾਸੀ ਮੇਰੀ, ਹਿੱਕ ਠੋਕ ਕੇ ਕਹਿਨਾਂ,
ਮਤਲਬ ਅਪਣਾ ਕੱਢਣ ਲਈ, ਖੋਤਿਆਂ ਦੇ ਪੈਰੀਂ ਪੈਨਾਂ।

ਬਾਪੂ ਵੀ ਮੈਂ ਕਈ ਨੇ ਬਦਲੇ, ਰਾਜਨੀਤੀ ਵਿੱਚ ਵੜ ਕੇ,
ਕਈਆਂ ਤੋਂ ਮੈਂ ਕਰੇ ਕਿਨਾਰੇ, ਜੋ ਮੇਰੀ ਅੱਖ ਵਿੱਚ ਰੜਕੇ।

ਚੌਕੇ  ਛਿੱਕੇ  ਗੱਲੀਂ ਬਾਤੀਂ,  ਮੂਰਖਾਂ  ਵਰਗੇ  ਹਾਸੇ,
ਵਿੰਗੇ ਟੇਢੇ ਸ਼ਿਅਰ ਸੁਣਾ ਕੇ, ਲਾਵਾਂ ਖ਼ੂਬ ਠਹਾਕੇ।

ਮੂਰਖਾਂ ਦੀ ਇਸ ਦੁਨੀਆ ਵਿੱਚ, ਮੇਰਾ ਸਿੱਕਾ ਚੱਲਦਾ,
ਛਲੇਡੇ ਵਾਂਗੂੰ ਰੂਪ ਬਦਲਣ ਤੋਂ, ਮੈਂ ਕਦੀ ਨਹੀਂ ਟਲਦਾ।

ਮੇਰੇ ਵਰਗੇ ਬੰਦੇ - ਰਵਿੰਦਰ ਸਿੰਘ ਕੁੰਦਰਾ

ਸ਼ੁਕਰ ਹੈ ਦੁਨੀਆ ਦੇ ਵਿੱਚ ਨੇ, ਕੁੱਝ ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ ਸਦਕੇ  ਚੱਲਦੇ ਨੇ ਕੁੱਝ, ਮੇਰੇ ਕੰਮ ’ਤੇ  ਧੰਦੇ।

ਸਾਹ ਮੈਨੂੰ ਕੁੱਝ ਸੁੱਖ ਦਾ ਆਉਂਦਾ, ਜੇ ਕੋਈ ਅੱਖ ਮਿਲਾਵੇ,
ਹੈਰਤ ਹੁੰਦੀ  ਹੈ ਮਨ ਦੇ ਵਿੱਚ, ਕੋਈ ਅੱਖ  ਬਚਾ ਜੇ ਲੰਘੇ।

ਅਜੀਬ ਹੈ ਦੁਨੀਆ ਚਾਲਾਂ ਚੱਲਦੀ, ਸਮਝ ਨਹੀਂ ਕੋਈ ਪੈਂਦੀ,
ਖੋਹ ਲੈਣ ਲਈ  ਸਭ ਨੇ ਤਕੜੇ, ਦੇਣ ਵੇਲੇ  ਸਭ  ਨੰਗੇ।

ਮੂੰਹ ’ਤੇ ਹੋਰ ਪਰ ਪਿੱਠ ਪਿੱਛੇ, ਕੱਢ ਲੈਣ ਉਹ ਛੁਰੀਆਂ,
ਖੋਟੀ  ਨੀਅਤ  ਦੇ ਕੁੱਝ ਪਾਂਧੀ, ਲੁੱਟਦੇ  ਲਾ ਲਾ  ਫੰਧੇ।

ਵਿਰਲਾ ਹੀ ਕੋਈ ਸਾਊ ਦਿਸਦਾ, ਬਹੁਤੇ ਦਿਸਣ ਫ਼ਰੇਬੀ,
ਪੈਰ, ਪੈਰ ’ਤੇ  ਧੋਖੇ  ਦਿੰਦੇ,  ਕਈ  ਚਾਲਬਾਜ਼  ਲਫੰਗੇ।

ਸੂਰਤ ਮੋਮਨ ਸੀਰਤ ਕਾਫ਼ਰ,  ਤਰਕੋਂ ਤਰਜ਼ ਹੈ ਵੱਖਰੀ,
ਪਏ ਨੇ ਮੇਰੇ ਕਈ ਹੀ  ਵਾਰੀ, ਐਸਿਆਂ ਦੇ ਨਾਲ ਪੰਗੇ।

ਵਿਰਲੇ ਹੀ ਨੇ ਜੋ ਨਾ ਪਹਿਨਣ, ਚਿਹਰਿਆਂ ਉੱਤੇ ਮਖੌਟੇ,
ਚਿੱਟੇ ਦਿਨ ਦੀ ਤਰ੍ਹਾਂ ਜਿਨ੍ਹਾਂ ਦੇ, ਚਮਕਣ ਕਰਮ ਨਿਸ਼ੰਗੇ।

ਸਿਰ ਝੁਕਾਵਾਂ ਮੈਂ ਉਨ੍ਹਾਂ ਲਈ, ਜੋ ਕਹਿਣੀ ਕਰਨੀ ਦੇ ਪੱਕੇ,
ਸ਼ਮ੍ਹਾਂ  ਦੀ  ਖ਼ਾਤਿਰ  ਜਲ  ਮਰਦੇ ਨੇ, ਐਸੇ  ਕਈ ਪਤੰਗੇ।

ਸ਼ੁਕਰ ਹੈ  ਦੁਨੀਆ  ਦੇ ਵਿੱਚ ਨੇ, ਕੁੱਝ  ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ  ਸਦਕੇ  ਚੱਲਦੇ ਨੇ  ਕੁੱਝ, ਮੇਰੇ  ਕੰਮ ’ਤੇ ਧੰਦੇ।

ਤਾਰ ਮੇਰੇ ਦਿਲ ਵਾਲੇ - ਰਵਿੰਦਰ ਸਿੰਘ ਕੁੰਦਰਾ

ਸਾਂਭੇ ਹੋਏ ਨੇ ਸਾਰੇ,
ਤਾਰ ਓਹੀ ਦਿਲ ਵਾਲੇ,
ਛੇੜਿਆ ਜਿਨਾਂ ਨੇ ਕਦੀ ਰਾਗ,
ਤੇਰੇ ਪਿਆਰ ਦਾ ।

ਤਰਜ਼ ਉਹੀ ਫੇਰ ਉਠੀ,
ਹੇਕ ਜਿਹੀ ਬਣ ਕੇ ਤੇ,
ਚਾੜ੍ਹਿਆ ਸੀ ਜਿਸ ਨੇ ਖ਼ੁਮਾਰ,
ਤੇਰੇ ਪਿਆਰ ਦਾ।

ਇਹ ਚਸ਼ਮਾ ਹੈ ਜ਼ਮਜ਼ਮੀ,
ਫੁੱਟੀਆਂ ਫੁਹਾਰਾਂ ਵਾਲਾ,
ਵਗਦਾ ਰਹੇਗਾ ਲਗਾਤਾਰ,
ਤੇਰੇ ਪਿਆਰ ਦਾ ।

ਬਾਗ਼ 'ਤੇ ਬਗੀਚੇ,
ਰੰਗੀਨ ਬਣ ਨਿੱਖਰੇ ਨੇ,
ਮਹਿਕਾਂ ਬਖੇਰੇ ਗੁਲਜ਼ਾਰ,
ਤੇਰੇ ਪਿਆਰ ਦਾ ।

ਰਾਤ ਅਤੇ ਦਿਨ ਵਾਲਾ,
ਸਮਾਂ ਇੱਕੋ ਜਿਹਾ ਜਾਪੇ,
ਸੱਜਰੀ ਸਵੇਰ ਹੈ ਨਿਖਾਰ,
ਤੇਰੇ ਪਿਆਰ ਦਾ ।

ਸ਼ਾਲਾ ਤੇਰੇ ਰੂਪ ਦੀ ਨਾ,
ਧੁੱਪ ਕਦੀ ਹੋਵੇ ਮੱਠੀ,
ਸੇਕਦਾ ਰਹਾਂ ਮੈਂ ਅੰਗਿਆਰ,
ਤੇਰੇ ਪਿਆਰ ਦਾ।