ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ - ਉਜਾਗਰ ਸਿੰਘ
ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ ਉਹ ਪਿਤਰੀ ਸਮਾਜ ਦਾ ਸੰਤਾਪ ਭੋਗ ਰਹੀਆਂ ਹਨ ਪ੍ਰੰਤੂ ਪਰਵਾਸ ਵਿੱਚ ਔਰਤ ਦੀ ਆਜ਼ਾਦੀ ਦਾ ਵੱਖਰਾ ਹੀ ਰੰਗ-ਢੰਗ ਵੇਖ ਕੇ ਉਹ ਆਪਣੀ ਵਿਰਾਸਤ ਤੇ ਪਰਵਾਸ ਦੀਆਂ ਔਰਤਾਂ ਦੇ ਮਨ ਦੀ ਸਥਿਤੀ ਨੂੰ ਕਵਿਤਾਵਾਂ ਦਾ ਰੂਪ ਦਿੰਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਔਰਤ ਉਸ ਦੀ ਮਾਨਸਿਕਤਾ ਨੂੰ ਕੁਰੇਦ ਰਹੀ ਹੈ ਕਿ ਅਸੀਂ ਸਮਾਜ ਦਾ ਕੀ ਵਿਗਾੜਿਆ ਹੈ? ਸਾਡੇ ਨਾਲ ਪਿਤਰੀ ਸਮਾਜ ਵੱਲੋਂ ਇਸ ਤਰ੍ਹਾਂ ਕਿਉਂ ਵਿਵਹਾਰ ਕੀਤਾ ਜਾਂਦਾ ਹੈ? ਜਗਜੀਤ ਸੰਧੂ ਔਰਤ ਦੀ ਤਰਜਮਾਨੀ ਕਰਦਾ ਹੋਇਆ ਉਸਦਾ ਮਰਦਾਂ ਦੀ ਉਤਪਤੀ ਦਾ ਮੁੱਲ ਮੋੜਨਾ ਚਾਹੁੰਦਾ ਹੈ। ਉਸ ਦੀਆਂ ਕਵਿਤਾਵਾਂ ਮਰਦ ਨੂੰ ਔਰਤ ਦੀ ਮਾਨਸਿਕਤਾ ਅਨੁਸਾਰ ਚਲਣ ਦੀ ਤਾਕੀਦ ਕਰਦੀਆਂ ਹਨ। ਔਰਤ ਮਰਦ ਕੋਲੋਂ ਪਿਆਰ ਦਾ ਹੁੰਗਾਰਾ ਭਾਲਦੀ ਹੈ, ਜੇ ਮਰਦ ਥੋੜ੍ਹਾਂ ਜਿਹਾ ਵੀ ਪਿਆਰ ਦੇ ਦੇਵੇ ਤਾਂ ਉਹ ਪੂਰੀ ਦੀ ਪੂਰੀ ਉਸਦੀ ਝੋਲੀ ਵਿੱਚ ਡਿਗਣ ਨੂੰ ਤਿਆਰ ਹੋ ਜਾਂਦੀ ਹੈ ਪ੍ਰੰਤੂ ਮਰਦ ਉਸਦਾ ਨਜ਼ਾਇਜ ਲਾਭ ਉਠਾਉਣ ਤੋਂ ਪ੍ਰਹੇਜ ਨਹੀਂ ਕਰਦੇ। ਔਰਤ ਆਪਣੀ ਮਾਂ ਨੂੰ ਅਜਿਹੇ ਮਰਦ ਢੂੰਡਣ ਦੀ ਬੇਨਤੀ ਕਰਦੀ ਹੈ, ਜਿਹੜਾ ਉਸਦੀ ਕਦਰ ਕਰਦਾ ਹੋਵੇ, ਉਸਦੇ ਹੰਝੂ ਵਗਣ ਹੀ ਨਾ ਦੇਵੇ। ਮਰਦ ਧੋਖੇ ਕਰਨ ਤੋਂ ਹਟਦੇ ਨਹੀਂ। ਮਰਦ ਔਰਤ ਨੂੰ ਸਿਰਫ ਵਰਤਦਾ ਹੈ, ਉਸ ਲਈ ਔਰਤ ਸਿਰਫ ਤੇ ਸਿਰਫ ਵਰਤਣ ਦੀ ਚੀਜ਼ ਹੈ। ਔਰਤ ਮਰਦ ਦੇ ਪਿਆਰ ਨੂੰ ਤਰਸਦੀ ਰਹਿੰਦੀ ਹੈ ਪ੍ਰੰਤੂ ਮਰਦ ਸਿਰਫ ਤੇ ਸਿਰਫ ਆਪਣੀ ਤ੍ਰਿਪਤੀ ਲਈ ਔਰਤ ਦੀ ਮੁਹੱਬਤ ਦਾ ਨਜ਼ਾਇਜ਼ ਲਾਭ ਉਠਾਉਂਦਾ ਹੈ। ਕਵੀ ਮਰਦਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਲਿਖਦਾ ਹੈ ਕਿ ਉਹ ਹਰ ਪ੍ਰਕਾਰ ਦੇ ਲੋਭੀ ਹੁੰਦੇ ਹਨ। ਮੁੱਢਲੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜਗਜੀਤ ਸੰਧੂ ਨੇ ਆਪਣੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸਾਰੰਸ਼ ‘ਮੇਰੇ ਲਈ ਨਾਰੀਮੁਖੀ ਕਵਿਤਾ ਲਿਖਣ ਤੋਂ ਵਧੀਆ ਕਥਾਰਸਿਸ ਕੋਈ ਨਹੀਂ. .’ ਸਿਰਲੇਖ ਵਿੱਚ ਲਿਖ ਦਿੱਤਾ ਹੈ। ਕਵੀ ਦੀਆਂ ਸਾਰੀਆਂ ਹੀ ਕਵਿਤਾਵਾਂ ਸਿੰਬਾਲਿਕ ਹਨ। ਉਸਨੇ ਘਰੇਲੂ ਅਤੇ ਕੰਮ ਕਾਜੀ ਇਸਤਰੀਆਂ ਦੀ ਰੋਜ-ਮਰ੍ਹਾ ਦੀ ਜ਼ਿੰਦਗੀ ਵਿੱਚ ਕਦਮ-ਦਰ-ਕਦਮ ‘ਤੇ ਜਿਹੜੀਆਂ ਦੁਸ਼ਾਵਰੀਆਂ ਆ ਰਹੀਆਂ ਹਨ, ਉਨ੍ਹਾਂ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਬਾਕਮਾਲ ਦਾ ਵਰਣਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ ਕਿ ਕਵੀ ਨੇ ਔਰਤ ਦੇ ਅੰਤਰਮਨ ਦੀ ਸਥਿਤੀ ਨੂੰ ਪੜ੍ਹਕੇ ਕਵਿਤਾਵਾਂ ਦਾ ਰੂਪ ਦੇ ਕੇ ਲੋਕਾਈ ਨੂੰ ਇਸਤ੍ਰੀ ਦੀ ਤ੍ਰਾਸਦੀ ਨੂੰ ਦੂਰ ਕਰਨ ਦੀ ਪ੍ਰੇਰਨਾ ਕੀਤੀ ਹੋਵੇ। ਜਗਜੀਤ ਸੰਧੂ ਆਪਣੇ ਮਨ ਦੀ ਗੱਲ ਅਸਿੱਧੇ ਢੰਗ ਨਾਲ ਕਵਿਤਾਵਾਂ ਵਿੱਚ ਲਿਖਦਾ ਹੈ। ‘ਘਾਹ, ਚਿੜੀਆਂ, ਬਾਲ, ਬਿਰਧ’ ਕਵਿਤਾ ਵਿੱਚ ਔਰਤ ਨੂੰ ਆਪਣੇ ਸੁਪਨੇ ਸਿਰਜਕੇ ਆਪੇ ‘ਚੋਂ ਬਾਹਰ ਆ ਕੇ ਆਪਣੀ ਅਹਿਮੀਅਤ ਸਮਝਣ ਲਈ ਪ੍ਰੇਰਦਾ ਹੈ। ਦੂਜੀ ਕਵਿਤਾ ‘ਰਿਸ਼ਟ ਪੁਸ਼ਟ ਅਤੇ ਖ਼ੁਸ਼’ ਪਰਵਾਸ ਵਿਚਲੀ ਇਸਤਰੀ ਦੀ ਆਜ਼ਾਦੀ ਦੇ ਵੱਖਰੇ ਰੰਗਾਂ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਉਹ ਆਪਣਾ ਸ਼ੋਸ਼ਣ ਖੁਦ ਕਰਵਾਕੇ ਖ਼ੁਸ਼ ਹੁੰਦੀਆਂ ਹਨ। ਸਮਾਜ ਔਰਤ ਪਿੱਛੇ ਲੜਾਈਆਂ ਕਰਦੈ ਤੇ ਧਾਰਮਿਕ ਲੋਕ ਉਸ ਦੀ ਭਲਾਈ ਬਾਰੇ ਸੋਚਦੇ ਹਨ। ‘ਟਰੌਪੀਕਲ’ ਕਵਿਤਾ ਵਿੱਚ ਉਹ ਮਰਦਾਂ ਨੂੰ ਸਲਾਹ ਦਿੰਦਾ ਹੈ ਕਿ ਔਰਤ ਦੀ ਸੁੰਦਰਤਾ ਹੀ ਨਾ ਵੇਖੋ ਸਗੋਂ ਉਸ ਦੀਆਂ ਭਾਵਨਾਵਾਂ ਨੂੰ ਸਮਝੋ। ਔਰਤ ਦੀ ਹਮਦਰਦੀ ਲਈ ਦਲੇਰੀ ਦਾ ਪਾਖੰਡ ਕਰਨ ਦੀ ਥਾਂ ਪਿਆਰ ਤੇ ਸਤਿਕਾਰ ਦਿਓ। ਔਰਤ ਦੇ ਮਨ ਨੂੰ ਪੜ੍ਹੋ ਤੇ ਖੁਲ੍ਹੇ ਦਿਮਾਗ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਤਾਪਸੀ’ ਕਵਿਤਾ ਵੀ ਸਿੰਬਾਲਿਕ ਹੈ, ਕਵੀ ਮਰਦ ਦੀ ਮਾਨਸਿਕਤਾ ਨੂੰ ਤਪ ਕਰਕੇ ਮੋਕਸ ਪਾਉਣ ਵਾਲੇ ਸਾਧ ਸੰਤਾਂ ਵਰਗੀ ਦਸਦਾ ਹੈ, ਜਿਹੜਾ ਇਸਤਰੀ ‘ਤੇ ਡੋਰੇ ਡਾਲਣ ਲਈ ਤਪ ਕਰ ਰਿਹਾ ਹੁੰਦਾ ਜਦੋਂ ਕਿ ਔਰਤ ਉਸ ਦੀਆਂ ਚਾਲਾਂ ਤੋਂ ਬੇਖ਼ਬਰ ਹੁੰਦੀ ਹੈ। ਔਰਤ ਨੂੰ 366 ਚਲਿਤਰਾਂ ਵਾਲੀ ਕਹਿ ਕੇ ਨੀਵਾਂ ਵਿਖਾਇਆ ਜਾਂਦਾ ਹੈ, ਹਾਲਾਂ ਕਿ ਮਰਦ ਨੂੰ ਉਹ ਨਹੀਂ ਖਾਂਦੀ, ਸਗੋਂ ਮਰਦ ਹੀ ਉਸਨੂੰ ਨਿਘਾਰ ਜਾਣਾ ਚਾਹੁੰਦਾ ਹੈ। ਮਰਦ ਔਰਤ ਰਾਹੀਂ ਆਪਣੀ ਉਦਾਸੀ ਦੂਰ ਕਰਦਾ ਹੈ। ਔਰਤ ਦੇ ਜੀਵਨ ਪੰਧ ਵਿੱਚ ਆਉਣ ਵਾਲੀ ਹਰ ਮੁਸ਼ਕਲ ਬਾਰੇ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਦੱਸਿਆ ਹੈ। ਔਰਤ ਸੰਜਮੀ ਹੁੰਦੀ ਹੈ ਤੇ ਮਰਦ ਦੀ ਹਰ ਹਰਕਤ ਨੂੰ ਸਹਿੰਦੀ ਰਹਿੰਦੀ ਹੈ। ਮਰਦ ਉਸਨੂੰ ਹਮੇਸ਼ਾ ਗ਼ਲਤ ਭਾਸ਼ਾ ਨਾਲ ਵਿਵਹਾਰ ਕਰਦੇ ਹਨ। ਉਸ ਲਈ ਸੁਆਣੀ ਬਣਨਾ ਔਖਾ ਹੈ, ਪਰ ਉਹ ਫਿਰ ਵੀ ਸੁਆਣੀ ਤੇ ਸਿਆਣੀ ਬਣਦੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜ਼ਰੂਰਤ ਲਈ ਜਲਦੀ ਕੰਮ ਕਰਨੇ ਪੈਂਦੇ ਹਨ। ਸਵੇਰੇ ਉਠਦਿਆਂ ਹੀ ਰਾਤ ਦੀਆਂ ਗੱਲਾਂ ਭੁਲਾਕੇ ਤਾਜ਼ਾ ਤਰੀਨ ਬਣਕੇ ਕੰਮਾ ਵਿੱਚ ਰੁਝ ਜਾਣਾ ਹੁੰਦਾ ਹੈ। ਉਸਨੂੰ ਪੀੜਾ ਦਿਲ ਵਿੱਚ ਹੀ ਜ਼ਜ਼ਬ ਕਰਨੀ ਪੈਂਦੀ ਹੈ। ਸਭ ਤੋਂ ਔਖਾ ਧੀ ਬਣਨਾ ਹੁੰਦਾ ਹੈ। ਔਰਤ ਮਰਦ ਦੇ ਗਿਰਗਿਟ ਵਾਂਗੂੰ ਬਦਲਦੇ ਰੰਗਾਂ ਨੂੰ ਸਮਝਦੀ ਹੈ ਪ੍ਰੰਤੂ ਬੇਬਸ ਹੁੰਦੀ ਹੈ। ਮਰਦ ਮਖੌਟਾ ਪਹਿਨ ਕੇ ਔਰਤ ਨਾਲ ਵਿਚਰਦਾ ਹੈ ਪ੍ਰੰਤੂ ਬਲਾਤਕਾਰ ਕਰਨ ਮੌਕੇ ਅਸਲੀ ਰੂਪ ਵਿੱਚ ਆ ਜਾਂਦੈ। ਔਰਤ ਮਰਦ ਦੀ ਹਰ ਕੋਝੀ ਹਰਕਤ ਬਰਦਾਸ਼ਤ ਕਰਦੀ ਹੈ, ਬੱਸਾਂ ਵਿੱਚ, ਕਲਾਸਾਂ ਵਿੱਚ, ਡਾਕਟਰਾਂ ਕੋਲ ਅਤੇ ਹੋਰ ਬਹੁਤ ਥਾਵਾਂ ‘ਤੇ, ਮਰਦ ਔਰਤ ਦੀ ਉਮਰ ਦਾ ਵੀ ਧਿਆਨ ਨਹੀਂ ਰੱਖਦਾ ਪ੍ਰੰਤੂ ਉਸਦੀ ਹਵਸ ਪੂਰੀ ਹੋਣੀ ਚਾਹੀਦੀ ਹੈ। ਕਵੀ ਦੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ, ਜਦੋਂ ਉਹ ਔਰਤ ਦੇ ਸੰਤਾਪ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਕਾਵਿਕ ਰੂਪ ਦਿੰਦਾ ਹੈ। ਸੰਤਾਪ ਭੋਗਦੀ ਔਰਤ ਸਿਗਰਟ ਦੀਆਂ ਚੁਸਕੀਆਂ ਲੈਂਦੀ ਮਰਦ ਨੂੰ ਪਿਆਰ ਦੀ ਗੁਹਾਰ ਲਗਾਉਂਦੀ ਹੋਈ ਕਹਿੰਦੀ ਹੈ, ਜੇ ਇਸੇ ਤਰ੍ਹਾਂ ਮੋਹ ਦੀਆਂ ਤੰਦਾਂ ਕਾਇਮ ਰੱਖੇਂਗਾ ਤਾਂ ਸਿਗਰਟ ਵਰਗੀ ਬਿਮਾਰੀ ਤੋਂ ਖਹਿੜਾ ਛੁੱਟ ਸਕਦਾ ਹੈ। ਸ਼ਾਇਰ ਕਵਿਤਾਵਾਂ ਵਿੱਚ ਅਜਿਹੇ ਤੀਰ ਮਾਰਕੇ ਮਰਦਾਂ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਮਰਦ ਵੀ ਮੋਮ ਦੇ ਪੁਤਲੇ ਬਣਨ ਲੱਗਦੇ ਹਨ। ਕਵੀ ਵਿਆਹ ਦੇ ਪਵਿਤਰ ਬੰਧਨਾ, ਰਸਮਾ ਤੇ ਕਟਾਖਸ਼ ਕਰਦਾ ਲਿਖਦਾ ਹੈ ਅਹੁਦਿਆਂ ਤੇ ਚਾਵਾਂ ਨਾਲ ਹੋਏ ਵਿਆਹ ਵੀ ਪੂਰ ਨਹੀਂ ਚੜ੍ਹਦੇ ਸਗੋਂ ਅਲਾਮਤਾਂ ਲੱਗ ਜਾਂਦੀਆਂ ਹਨ। ਨਵੇਂ ਸ਼ਾਇਰਾਂ ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਮੁਖੌਟੇ ਪਾ ਕੇ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਨੌਜਵਾਨ ਲੜਕੀਆਂ ਵਿੱਚ ਜਿੰਮ ਜਾਣ ਦੀ ਪ੍ਰਵਿਰਤੀ, ਸ਼ਰਾਬ, ਮਨੀ ਪਲਾਂਟ, ਆਦਿ ਆਧੁਨਿਕਤਾ ਦਾ ਸੰਤਾਪ ਬਦ ਤੋਂ ਬਦਤਰ ਬਣਦਾ ਜਾ ਰਿਹਾ ਹੈ। ਮਰਦ ਔਰਤ ਨੂੰ ਖ਼ੁਸ਼ ਕਰਨ ਲਈ ਨਹੀਂ ਸਗੋਂ ਆਪਣੇ ਅਧੀਨ ਕਰਨ ਲਈ ਤੋਹਫ਼ੇ ਵਿੱਚ ਮੁੰਦਰੀ ਤੇ ਕੋਠੀ ਦਿੰਦਾ ਹੈ। ‘ਸਰਦਲ’ ਬਹੁਤ ਹੀ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਮਰਦ ਆਪਣੀ ਹਓਮੈ ਦਾ ਸ਼ਿਕਾਰ ਹੈ ਤੇ ਔਰਤ ਨੂੰ ਪਤਿਆਉਂਦਾ ਹੈ ਪ੍ਰੰਤੂ ਔਰਤ ਸੰਜਮੀ ਹੁੰਦੀ ਚੁੱਪ ਰਹਿੰਦੀ ਹੈ, ਉਸ ਨੂੰ ਪਤਾ ਹੈ ਕਿ ਇਹ ਹੁਣ ਆਪਣੀ ਹਵਸ ਪੂਰੀ ਕਰਕੇ ਵਾਪਸ ਚਲਾ ਜਾਵੇਗਾ ਤੇ ਉਸਨੂੰ ਉਡੀਕ ਦੀ ਦਲਦਲ ਵਿੱਚ ਫਸਾ ਜਾਵੇਗਾ। ਪਿਆਰ ਦਾ ਛਲਾਵਾ ਔਰਤ ਨੂੰ ਮੰਝਧਾਰ ਵਿੱਚ ਲਟਕਾਈ ਰੱਖਦਾ ਹੈ। ਔਰਤ ਏਸੇ ਕਰਕੇ ਸ਼ਕਤੀਸ਼ਾਲੀ ਹੈ ਕਿ ਉਹ ਮਰਦ ਦੀ ਹਰ ਜ਼ਿਆਦਤੀ ਸਹਿ ਲੈਂਦੀ ਹੈ। ਮਰਦ ਆਪਣੀ ਖੁਦਗਰਜੀ ਲਈ ਔਰਤ ਦੀ ਖੂਬਸੂਰਤੀ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦਾ ਹੈ। ਕਵੀ ਕਹਿੰਦਾ ਹੈ ਕਿ ਕਦੀ ਤਾਂ ਉਸਦੀ ਅੰਦਰਲੀ ਖੂਬਸੂਰਤੀ ਦੀ ਕਦਰ ਕਰ ਲਓ। ਭਾਵੇਂ ਔਰਤ ਕਿਤਨੀ ਹੀ ਮੁਸ਼ਕਲ ਵਿੱਚ ਹੋਵੇ ਉਹ ਹਮੇਸ਼ਾ ਹੰਝੂ ਲੁਕਾਉਂਦੀ ਰਹਿੰਦੀ ਹੈ। ਮਰਦ ਔਰਤ ਨੂੰ ਮੈਸਜ ਦੇ ਕੇ ਪਰਚਾਉਂਦਾ ਰਹਿੰਦਾ ਹੈ। ਸ਼ਾਇਰਾਂ ਨੂੰ ਲੇਖਕ ਉਨ੍ਹਾਂ ਦੀਆਂ ਔਰਤਾਂ ਸੰਬੰਧੀ ਸੋਚਾਂ ਤੇ ਟਕੋਰਾਂ ਕਰਦਾ ਹੈ। ਮਾਡਰਨ ਔਰਤਾਂ ਵਾਈਨ ਦਾ ਸੇਵਨ ਕਰਨ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੀਆਂ ਪ੍ਰੰਤੂ ਫਿਰ ਸ਼ੋਸ਼ਲਿਜ਼ਮ ਦੇ ਚਕਰ ਵਿੱਚ ਵਰਗਲਾਈਆਂ ਜਾਂਦੀਆਂ ਹਨ। ਸ਼ਰਾਬ ਤੇ ਸਿਗਰਟ ਮਰਦ ਦੇ ਸ਼ੌਕ ਤੇ ਔਰਤ ਦਾ ਨਾਸ ਕਰਦੇ ਹਨ। ਸ਼ਾਇਰ ਨੇ ਪਰਵਾਸੀ ਔਰਤਾਂ ਤੇ ਮਰਦਾਂ ਦੀਆਂ ਕਮਜ਼ੋਰੀਆਂ ਨੂੰ ਬਾਖ਼ੂਬੀ ਦਰਸਾਇਆ ਹੈ। ਪੁਸਤਕ ਵਿਚਲੇ ਕੁਝ ਚਿਤਰ ਔਰਤ ਦੀ ਮਾਨਸਿਕਤਾ ਅਤੇ ਕਵਿਤਾਵਾਂ ਅਰਥਾਂ ਬਾਰੇ ਸੰਕੇਤ ਕਰਦੇ ਹਨ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਗਜੀਤ ਸਿੰਘ ਸੰਧੂ ਨੇ ਔਰਤਾਂ ਦੇ ਦਿਲ ਦੀ ਹੂਕ ਦਾ ਪ੍ਰਗਟਾਵਾ ਕੀਤਾ ਹੈ। ਭਵਿਖ ਵਿੱਚ ਕਵੀ ਤੋਂ ਹੋਰ ਬਿਹਤਰੀਨ ਕਾਵਿ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ।
87 ਪੰਨਿਆਂ, ਸੁੰਦਰ ਮੁੱਖ ਕਵਰ, ਭਾਰਤ ਵਿੱਚ 225 ਰੁਪਏ ਤੇ ਪਰਵਾਸ ਵਿੱਚ 12 ਡਾਲਰ ਕੀਮਤ ਵਾਲਾ, ਤਾਪਸੀ ਕਾਵਿ ਸੰਗ੍ਰਹਿ ਸ਼ਬਦਲੋਕ ਪਬਲੀਕੇਸ਼ਨਜ਼ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
24 ਸਤੰਬਰ ਦੇ ਅੰਕ ਲਈ ਵਿਸ਼ੇਸ਼ - ‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’ ਦੇ ਪਹਿਰੇਦਾਰ : ਗੁਰਚਰਨ ਸਿੰਘ ਟੌਹੜਾ - ਉਜਾਗਰ ਸਿੰਘ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋਇਆਂ ਨੂੰ ਸਿਰਫ 20 ਸਾਲ ਹੋ ਗਏ ਹਨ। ਪ੍ਰੰਤੂ ਪੰਥਕ ਸੋਚ ਦੇ ਨਿਘਾਰ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਦੀਆਂ ਬੀਤ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਿੱਖ/ ਪੰਥਕ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਪੰਥਕ ਸੋਚ ਵਾਲੀ ਲੀਡਰਸ਼ਿਪ ਗਾਇਬ ਹੀ ਹੋ ਗਈ ਜਾਂ ਸਿਆਸੀ ਤਾਕਤ ਦੇ ਨਸ਼ੇ ਵਿੱਚ ਘੂਕ ਸੁੱਤੀ ਪਈ ਹੈ। ਸਿੱਖ ਜਗਤ ਅਤੇ ਸ਼੍ਰੋਮਣੀ ਅਕਾਲੀ ਦਲ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ ‘‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’’ ਦੇ ਸਿਧਾਂਤ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰੰਘ ਟੌਹੜਾ ਦੀ ਯਾਦ ਸਤਾ ਰਹੀ ਹੈ। ਅੱਜ ਦੇ ਅਖੌਤੀ ਪੰਥ ਹਿਤੈਸ਼ੀ ਇਸ ਵਿਚਾਰਧਾਰਾ ਦੇ ਵਿਰੁੱਧ ਚਲ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਦਾ ਲਾਹਾ ਲੈਣ ਲਈ ਉਨ੍ਹਾਂ ਦਾ 100ਵਾਂ ਜਨਮ ਦਿਵਸ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਨੇਤਾ ਪੱਬਾਂ ਭਾਰ ਹੋਏ ਪਏ ਹਨ, ਪ੍ਰੰਤੂ ਜਥੇਦਾਰ ਟੌਹੜਾ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਨਹੀਂ ਕਰ ਰਹੇ। ਇਹ ਵੀ ਉਨ੍ਹਾਂ ਦਾ ਸਿਆਸੀ ਤਾਕਤ ਹਾਸਲ ਕਰਨ ਦਾ ਢਕੌਂਸਲਾ ਹੀ ਹੈ। ਸਿੱਖ ਲੀਡਰਸ਼ਿਪ ਪੀਰੀ ਦੀ ਥਾਂ ਮੀਰੀ ਲਈ ਲਲਚਾ ਰਹੀ ਹੈ। ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਉਸ ਦੇ ਬਹੁਤੇ ਸਿਆਸੀ ਤੇ ਧਾਰਮਿਕ ਰਹਿਬਰਾਂ ਨੇ ਸਿਆਸਤ ਨੂੰ ਵਿਓਪਾਰ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹ ਇਤਨੇ ਖ਼ੁਦਗਰਜ ਹੋ ਗਏ ਹਨ ਕਿ ਉਨ੍ਹਾਂ ਨੇ ਧਰਮ ਨੂੰ ਵੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣਾ ਲਿਆ ਹੈ। ਆਪਣੇ ਪਰਿਵਾਰਾਂ ਅਤੇ ਨਜ਼ਦੀਕੀਆਂ ਨੂੰ ਸਿਆਸਤ ਦੇ ਵਾਰਸ ਬਣਾ ਲਿਆ ਹੈ। ਪੰਥ ਦਾ ਕਿਸੇ ਨੂੰ ਫ਼ਿਕਰ ਨਹੀਂ। ਖ਼ੁਦਗਰਜ ਸਿਆਸਤਦਾਨਾ ਨੇ ਧਾਰਮਿਕ/ਗੁਰਮਤਿ ਦੇ ਧਾਰਨੀ ਪੰਥਕ ਹਿਤੈਸ਼ੀ ਗੁਰਮੁਖਾਂ ਅਤੇ ਪਾਰਟੀ ਦੇ ਵਫ਼ਾਦਾਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪੰਥਕ ਸੋਚ ਨੂੰ ਤਿਲਾਂਜ਼ਲੀ ਦਿੱਤੀ ਗਈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ‘॥ ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਭਾਵ ਭਾਵੇਂ ਸਾਰਾ ਘਾਹ ਅੱਗ ਨਾਲ ਸੜ ਜਾਵੇ ਤਾਂ ਵੀ ਕੁਝ ਬੂਟੇ ਸਹੀ ਸਲਾਮਤ ਰਹਿ ਜਾਂਦੇ ਹਨ। ਅਰਥਾਤ ਭਰਿਸ਼ਟ ਧਾਰਮਿਕ ਤੇ ਸਿਆਸੀ ਨੇਤਾਵਾਂ ਵਿੱਚ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਅਧਿਆਤਮਿਕ ਇਨਸਾਨ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ ਨੈਤਿਕਤਾ ਨਾਲ ਵਿਚਰਦੇ ਰਹੇ। ਉਹ ਭ੍ਰਿਸ਼ਟਾਚਾਰ ਦੇ ਦਾਵਾਨਲ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਸਿਆਸੀ ਤੇ ਧਾਰਮਿਕ ਜੀਵਨ ਵਿੱਚ ਵਿਚਰਦੇ ਹੋਇਆਂ ਨੇ ਆਪਣੀ ਚਿੱਟੀ ਚਾਦਰ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਪਾਕਿ ਤੇ ਪਵਿਤਰ ਰਹਿੰਦਿਆਂ ਆਪਣਾ ਜੀਵਨ ਬਸਰ ਕੀਤਾ। ਭਾਵੇਂ ਉਨ੍ਹਾਂ ਦੇ ਆਲੇ ਦੁਆਲੇ ਵੀ ਖ਼ੁਦਗਰਜ਼ ਸਿਆਸਤਦਾਨਾਂ ਨੇ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਜਥੇਦਾਰ ਟੌਹੜਾ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਨੇ ਧਾਰਮਿਕ ਸਿਧਾਂਤਾਂ ਅਤੇ ਸਿਆਸਤ ਵਿੱਚ ਭਾਈ ਭਤੀਜਾਵਾਦ ਤੋਂ ਦੂਰ ਰਹਿੰਦਿਆਂ ਸਿੱਖ ਪੰਥ ਦੀ ਬਾਂਹ ਫੜੀ ਰੱਖੀ। ਜਿਤਨੀ ਦੇਰ ਉਹ ਇਸ ਸੰਸਾਰ ਵਿੱਚ ਰਹੇ, ਉਨ੍ਹਾਂ ਸਿੱਖ ਸਿਆਸਤਦਾਨਾ ਨੂੰ ਪੰਥਕ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਬਾਕੀ ਕਰਕੇ ਉਸ ਸਮੇਂ ਦੇ ਦਿਗਜ ਨੇਤਾ ਵੀ ਤਿਬਕਦੇ ਰਹੇ। ਉਹ ਸਿੱਖਾਂ ਦੇ ਹੱਕ ਤੇ ਸੱਚ ਦੇ ਮੁੱਦਈ ਬਣਕੇ ਖੜ੍ਹਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਧਿਆਤਮਵਾਦ ਅਤੇ ਸਿਆਸਤ ਦਾ ਸੁਮੇਲ ਸਨ। ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਤੋਂ ਸਰਵੋਤਮ, ਆਧੁਨਿਕ ਅਤੇ ਨਵਾਂ ਧਰਮ ਹੈ। ਇਸਦੇ ਜਨਮ ਨੂੰ ਮਸਾਂ ਅਜੇ ਸਾਢੇ ਪੰਜ ਕੁ ਸਦੀਆਂ ਹੀ ਹੋਈਆਂ ਹਨ, ਫਿਰ ਵੀ ਸਿੱਖ ਧਰਮ ਦੁਨੀਆਂ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਪੰਜਾਬ ਇਸ ਦੀ ਜਨਮ ਭੂਮੀ ਹੈ। ਦੁੱਖ ਇਸੇ ਗੱਲ ਦਾ ਹੈ ਕਿ ਪੰਜਾਬੀ ਪੰਥਕ ਸੋਚ ਤੋਂ ਥਿੜ੍ਹਕ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ, ਦਰਸ਼ਨ, ਪਰੰਪਰਾਵਾਂ ਅਤੇ ਦਾਰਸ਼ਨਿਕਤਾ ਮਾਨਵਤਾ ਅਰਥਾਤ ਸਰਬਤ ਦੇ ਭਲੇ ਦੇ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਹੁਣ ਤੱਕ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿੱਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਜੇ ਇਉਂ ਕਹਿ ਲਈਏ ਕਿ ਉਹ ਸਿੱਖੀ ਨੂੰ ਪ੍ਰਣਾਏ ਹੋਏ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿੱਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰ ਨਹੀਂ ਵਰਤੀ, ਸਗੋਂ ਆਪਣੇ ਭਰੋਸੇਯੋਗ ਸਹਿਯੋਗੀਆਂ ਦੀ ਕਾਰ ਦੀ ਹੀ ਵਰਤੋਂ ਕਰਦੇ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਦੀਂ ਵੀ ਟੀ.ਏ.ਡੀ.ਏ.ਨਹੀਂ ਲਿਆ। ਉਨ੍ਹਾਂ ਨੂੰ ਸਿਆਸਤ ਵਿੱਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ।
ਸੰਸਾਰ ਵਿੱਚ ਬਹੁਤ ਸਾਰੇ ਸਿੱਖ ਸਿਆਸਤਦਾਨ ਹਨ/ਸਨ, ਉਨ੍ਹਾਂ ਵਿੱਚੋਂ ਕੁਝ ਇਕ ਨੂੰ ਘਾਗ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਿੱਖ ਸਿਆਸਤਦਾਨਾ ਵਿੱਚੋਂ ਸਟੇਟਸਮੈਨ ਕਿਤਨੇ ਕੁ ਹਨ/ਸਨ। ਹੋਰ ਵੀ ਕੁਝ ਸਟੇਟਸਮੈਨ ਹੋਣਗੇ ਪ੍ਰੰਤੂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸਿਆਸਤਦਾਨਾ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਿਹਤਰੀਨ ਸਟੇਟਸਮੈਨ ਸਮਝਦਾ ਹਾਂ। ਸਟੇਟਸਮੈਨ ਆਪਣੀ ਕਾਰਗੁਜ਼ਾਰੀ ਨਾਲ ਬਣਦਾ ਹੈ। ਸਟੇਟਸਮੈਨ ਸਮਾਜ ਵਿੱਚ ਵਿਚਰਦਿਆਂ ਕਦੀਂ ਵੀ ਜ਼ਾਤ ਪਾਤ, ਧਰਮ ਅਤੇ ਸਿਆਸੀ ਪਾਰਟੀ ਨੂੰ ਤਰਜੀਹ ਨਹੀਂ ਦਿੰਦਾ। ਉਹ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਹੈ। ਇਥੇ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇੱਕ ਉਦਾਹਰਣ ਦਿੰਦਾ ਹਾਂ, ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇੱਕ ਵਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਮੈਂ ਇਕ ਸਿਆਸਤਦਾਨ ਕੋਲ ਕਿਸੇ ਦੋਸਤ ਦੇ ਕੰਮ ਲਈ ਗਿਆ ਤਾਂ ਉਸ ਸਿਆਸਤਦਾਨ ਨੇ ਕਿਹਾ ਕਿ ਭਾਵੇਂ ਤੁਹਾਡਾ ਕੰਮ ਜਾਇਜ਼ ਹੈ ਪ੍ਰੰਤੂ ਇਹ ਕੰਮ ਮੁੱਖ ਮੰਤਰੀ ਦੀ ਇਜ਼ਾਜਤ ਤੋਂ ਬਿਨਾ ਸੰਭਵ ਨਹੀਂ। ਇਸ ਲਈ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲ ਲਵੋ, ਉਹ ਹੀ ਮੁੱਖ ਮੰਤਰੀ ਤੋਂ ਕਰਵਾ ਸਕਦੇ ਹਨ। ਮੈਂ ਦੂਜੇ ਦਿਨ ਸਵਖਤੇ ਹੀ ਜਿਸ ਦੋਸਤ ਦਾ ਕੰਮ ਸੀ, ਉਸ ਨੂੰ ਨਾਲ ਲੈ ਕੇ ਟੌਹੜਾ ਪਿੰਡ ਪਹੁੰਚ ਗਿਆ। ਟੌਹੜਾ ਸਾਹਿਬ ਨੂੰ ਮਿਲਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਜਦੋਂ ਮੇਰੀ ਵਾਰੀ ਆਈ ਤਾਂ ਦਰਵਾਜੇ ਤੇ ਖੜ੍ਹੇ ਵਿਅਕਤੀ ਨੇ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਮੈਨੂੰ ਸ੍ਰ.ਬੇਅੰਤ ਸਿੰਘ ਦਾ ਬੰਦਾ ਸਮਝਿਆ ਜਾਂਦਾ ਸੀ। ਜਦੋਂ ਉਹ ਵਿਅਕਤੀ ਥੋੜ੍ਹਾ ਐਧਰ ਓਧਰ ਹੋਇਆ ਮੈਂ ਮੌਕਾ ਤਾੜ ਕੇ ਕਮਰੇ ਵਿੱਚ ਦਾਖ਼ਲ ਹੋ ਗਿਆ। ਟੌਹੜਾ ਸਾਹਿਬ ਉਠ ਕੇ ਖੜ੍ਹੇ ਹੋ ਗਏ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਉਨ੍ਹਾਂ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਵਿਅਕਤੀ ਨੂੰ ਚਾਹ ਲਿਆਉਣ ਲਈ ਕਹਿ ਦਿੱਤਾ, ਜਿਹੜਾ ਮੈਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਰਿਹਾ ਸੀ। ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੜਕਾ ਜਿਹੜਾ ਮੇਰੇ ਨਾਲ ਹੈ, ਇਸ ਦਾ ਕੰਮ ਫਲਾਣੇ ਸਿਆਸਤਦਾਨ ਕੋਲ ਹੈ ਪ੍ਰੰਤੂ ਉਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਸਿਫ਼ਾਰਸ਼ ਤੋਂ ਬਿਨਾ ਕੰਮ ਨਹੀਂ ਹੋ ਸਕਦਾ। ਟੌਹੜਾ ਸਾਹਿਬ ਮੈਨੂੰ ਕਹਿਣ ਲੱਗੇ ‘ ਉਸ ਸਿਆਸਦਾਨ ਨੂੰ ਜਾ ਕੇ ਕਹਿ ਦਿਓ, ਆਪਣੇ ਬਾਦਲ. . . . ਨੂੰ ਕਹਿ ਦੇਣ ਕਿ ਇਹ ਕੰਮ ਮੇਰਾ ਹੈ।’ ਮੈਂ ਸਮਝਿਆ ਟੌਹੜਾ ਸਾਹਿਬ ਨੇ ਮੈਨੂੰ ਟਰਕਾ ਦਿੱਤਾ ਹੈ। ਮੈਂ ਵਾਪਸ ਆ ਕੇ ਉਸ ਸਿਆਸਤਦਾਨ ਕੋਲ ਚਲਾ ਗਿਆ ਤੇ ਟੌਹੜਾ ਸਾਹਿਬ ਦਾ ਸੰਦੇਸ਼ਾ ਦੇ ਦਿੱਤਾ। ਬਾਅਦ ਵਿੱਚ ਉਹ ਕੰਮ ਹੋ ਗਿਆ। ਅੱਜ ਉਹ ਅਧਿਕਾਰੀ ਟੌਹੜਾ ਸਾਹਿਬ ਦੇ ਗੁਣਗਾਨ ਕਰ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਐਨਾ ਲੰਮਾਂ ਸਮਾਂ ਪ੍ਰਧਾਨ ਰਹਿਣ ਦਾ ਉਨ੍ਹਾਂ ਦਾ ਬੇਦਾਗ਼ ਰਿਕਾਰਡ ਹੈ। ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਆਮ ਤੌਰ ਤੇ ਕਿਸੇ ਨਾ ਕਿਸੇ ਟਿਪਣੀ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ, ਉਹ ਹਮੇਸ਼ਾ ਵਿਲੱਖਣ ਚਰਚਾ ਹੀ ਛੇੜਦੇ ਸਨ ਪ੍ਰੰਤੂ ਜਥੇਦਾਰ ਟੌਹੜਾ ਜਿੰਨਾ ਕੋਈ ਵੀ ਸਿਆਸਤਦਾਨ ਸੂਝਵਾਨ ਅਤੇ ਇਮਾਨਦਾਰ ਹੋਣਾ ਮੁਸ਼ਕਲ ਹੈ। ਇਸੇ ਕਰਕੇ ਉਹਨਾਂ ਨੂੰ ਸਿੱਖਾਂ ਦਾ ਰੌਸ਼ਨ ਦਿਮਾਗ ਨੇਤਾ ਕਿਹਾ ਜਾਂਦਾ ਸੀ। ਕੋਈ ਵੀ ਗੱਲ ਉਹ ਅਵੇਸਲੇ ਹੋਕੇ ਜਾਂ ਅਚਾਨਕ ਨਹੀਂ ਸਗੋਂ ਜਾਣ ਬੁਝ ਕੇ ਹੀ ਕਰਦੇ ਸਨ।
ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ, ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ। ਹਰਮੇਲ ਸਿੰਘ ਟੌਹੜਾ ਦਾ ਲੜਕਾ ਹਰਿੰਦਰਪਾਲ ਸਿੰਘ ਟੌਹੜਾ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਰਿਹਾ ਹੈ। ਸਿੱਖ ਇਤਿਹਾਸ ਵਿਚ ਜੱਥੇਦਾਰ ਟੌਹੜਾ ਇਮਾਨਦਾਰੀ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਰਹਿਣਗੇ। ਉਚੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਜਿਹੜੀ ਜਾਇਦਾਦ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀ, ਉਹੀ ਅਖ਼ੀਰ ਤੱਕ ਰਹੀ। ਅਜਿਹੇ ਵਿਲੱਖਣ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੀ ਮਿਲਦੇ ਹਨ। ਉਹ 1 ਅਪ੍ਰੈਲ 2004 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਮਰਨ ਉਪਰੰਤ ਉਨ੍ਹਾਂ ਨੂੰ ਪੰਥ ਰਤਨ ਦਾ ਖ਼ਿਤਾਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤਾ ਗਿਆ। ਜਥੇਦਾਰ ਟੌਹੜਾ ਨੇ ਆਪਣੀ ਲਿਆਕਤ, ਦਿਆਨਤਦਾਰੀ ਅਤੇ ਇਮਾਨਦਾਰੀ ਕਰਕੇ ਆਪਣੀ ਕਰਨੀ ਤੇ ਕਹਿਣੀ ਦਾ ਸਿੱਕਾ ਆਪਣੇ ਵਿਰੋਧੀਆਂ ਤੇ ਵੀ ਚਲਾਇਆ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦਾ ਪਾਂਧੀ ਰਿਹਾ ਹੈ ਪ੍ਰੰਤੂ ਕਦੇ ਲੜਖੜਾਇਆ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਕ ਮਜ਼ਬੂਰੀਆਂ ਕਰਕੇ ਉਸ ਨੂੰ ਥੋੜ੍ਹਾਂ ਥਿੜ੍ਹਕਣਾ ਪਿਆ।
ਤਸਵੀਰਾਂ: 1:ਜਥੇਦਾਰ ਟੌਹੜਾ ਨਾਲ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਕੰਵਲਜੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ।
ਜਥੇਦਰ ਟੌਹੜਾ ਆਪਣੀ ਪਤਨੀ ਨਾਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬਿੰਦਰ ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ
ਬੱਚਿਆਂ ਨੂੰ ਬੱਚੇ ਮਨ ਦੇ ਸੱਚੇ ਕਿਹਾ ਜਾਂਦਾ ਹੈ। ਬੱਚਿਆਂ ਦੇ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦੇ ਹਨ। ਉਹ ਵੱਡਿਆਂ ਦੀ ਹਰ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਪਾਕਿ ਤੇ ਪਵਿਤਰ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਸੱਚੇ-ਸੁੱਚੇ ਬਾਲ ਮਨਾਂ ਨੂੰ ਚੰਗੇ ਪਾਸੇ ਲਗਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ‘ਤੇ ਦੱਸੀ ਤੇ ਕਹੀ ਹਰ ਗੱਲ ਦਾ ਪ੍ਰਭਾਵ ਪੈਂਦਾ ਹੈ। ਇਸ ਲਈ ਬਾਲ ਮਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਨੂੰ ਚੰਗੇ ਸਿਹਤਮੰਦ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਕਵਿਤਾ ਤੇ ਗੀਤ ਬੱਚਿਆਂ ਦੇ ਮਨਾਂ ਨੂੰ ਬਹੁਤ ਪ੍ਰਭਾਵਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਸੰਗੀਤ ਹੁੰਦਾ ਹੈ। ਸੰਗੀਤ ਬੱਚਿਆਂ ਦੇ ਮਨ ਨੂੰ ਮੋਂਹਦਾ ਹੈ। ਬੱਚਿਆਂ ਦਾ ਸਾਹਿਤ ਰਚਣ ਲਈ ਲੇਖਕ ਨੂੰ ਮਾਨਸਿਕ ਤੌਰ ‘ਤੇ ਬਾਲ ਅਵਸਥਾ ਵਿੱਚ ਪਹੁੰਚਕੇ ਲਿਖਣਾ ਪੈਂਦਾ ਹੈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇੱਕ ਬਾਲ ਕਾਵਿ/ ਗੀਤ ਸੰਗ੍ਰਹਿ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਉਸ ਦਾ ਨਾਮ ਵੀ ਬੱਚਿਆਂ ਨੂੰ ਪ੍ਰਭਾਵਤ ਕਰਨ ਵਾਲਾ ‘ਆਓ ਗਾਈਏ’ ਰੱਖਿਆ ਹੈ। ਗਾਉਣਾ ਬੱਚਿਆਂ ਨੂੰ ਚੰਗਾ ਲਗਦਾ ਹੁੰਦਾ ਹੈ। ਇਸ ਬਾਲ ਕਾਵਿ/ ਗੀਤ ਸੰਗ੍ਰਹਿ ਵਿੱਚ ਉਸ ਨੇ 35 ਕਵਿਤਾਵਾਂ/ਗੀਤ ਸ਼ਾਮਲ ਕੀਤੇ ਹਨ। ਇਹ ਕਵਿਤਾਵਾਂ/ਗੀਤ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਤ ਹਨ। ਇਨ੍ਹਾਂ ਨੂੰ ਪੜ੍ਹਕੇ ਬੱਚਿਆਂ ਦੇ ਮਨ ਵਿੱਚ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਇਹ ਕਵਿਤਾਵਾਂ/ਗੀਤ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੰਦੇ ਹਨ ਤਾਂ ਜੋ ਉਹ ਵੱਡੇ ਹੋ ਕੇ ਉਚ ਅਹੁਦਿਆਂ ‘ਤੇ ਪਹੁੰਚਕੇ ਆਪਣਾ ਸੁੱਖਮਈ ਜੀਵਨ ਬਤੀਤ ਕਰ ਸਕਣੇ। ਵਰਤਮਾਨ ਨੈਟ/ਆਧੁਨਿਕਤਾ ਦੇ ਜ਼ਮਾਨੇ ਵਿੱਚ ਬੱਚਿਆਂ ਨੂੰ ਸਹੀ ਸੇਧ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਸੰਗ੍ਰਹਿ ਵਿੱਚਲੀਆਂ ਕਵਿਤਾਵਾਂ/ਗੀਤ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਜ਼ਾਤਪਾਤ ਅਤੇ ਧਾਰਮਿਕ ਬੰਧਨਾ ਤੋਂ ਉਪਰ ਉਠਕੇ ਸਦਭਾਵਨਾ ਦਾ ਵਾਤਾਵਰਨ ਬਣਾਉਣ ਵਿੱਚ ਸਹਾਈ ਹੋਣਗੀਆਂ। ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ/ਗੀਤ ਬੱਚਿਆਂ ਦੀ ਮਾਨਸਿਕਤਾ ਨੂੰ ਖ਼ੁਰਾਕ ਦੇਣ ਵਾਲੀਆਂ ਹਨ। ਜ਼ਿੰਦਗੀ ਬਸਰ ਕਰਨ ਦੇ ਗੁਣ ਦੱਸੇ ਗਏ ਹਨ। ਇਹ ਕਵਿਤਾਵਾਂ/ਗੀਤ ਭਾਵੇਂ ਉਪਦੇਸ਼ ਦੇਣ ਦੇ ਮੰਤਵ ਨਾਲ ਲਿਖੀਆਂ ਗਈਆਂ ਹਨ ਪ੍ਰੰਤੂ ਇਨ੍ਹਾਂ ਦਾ ਪ੍ਰਭਾਵ ਮਨੋਰੰਜਨ ਕਰਨਾ ਵੀ ਹੈ। ਭਾਵ ਮਨੋਰੰਜਨ ਰਾਹੀਂ ਬੱਚੇ ਬਹੁਤ ਸਾਰੀਆਂ ਨਵੀਂਆਂ ਗੱਲਾਂ ਸਿੱਖਣ ਦੇ ਸਮਰੱਥ ਹੋਣਗੇ। ਦੇਸ਼ ਪਿਆਰ ਦੀ ਭਾਵਨਾ ਵੀ ਪੈਦਾ ਕਰਨਗੀਆਂ। ‘ਸਾਡਾ ਕੈਰੀ’ ਕਵਿਤਾ ਇਸ ਪ੍ਰਕਾਰ ਹੈ:
ਦੇਸ਼ ਪਿਆਰ ਉਹ ਮਨ ਵਿੱਚ ਰੱਖਦਾ,
ਧਰਮ ਤੇ ਜ਼ਾਤ ਦੇ ਭੇਦ ਨੂੰ ਫ਼ਜ਼ੂਲ ਦੱਸਦਾ।
ਕਰਨ ਲਈ ਵਤਨ ਦੀ ਰਾਖੀ,
ਕਹਿੰਦਾ ਮੈਂ ਸਰਹੱਦ ‘ਤੇ ਜਾਣਾ।
ਕੈਰੀ ਸਾਡਾ ਬੜਾ ਸਿਆਣਾ. . . . . . .।
Êਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਪ੍ਰਕੋਪ ਨੌਜਵਾਨਾ ਦਾ ਭਵਿਖ ਖ਼ਤਰੇ ਵਿੱਚ ਪਾ ਰਿਹਾ ਹੈ। ਇਹ ਵੀ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ ਕਿ ਸਕੂਲਾਂ ਦੇ ਬੱਚੇ ਵੀ ਨਸ਼ਿਆਂ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨ। ਇਸ ਲਈ ਅੱਲ੍ਹੜ ਮਨਾ ਨੂੰ ਸਹੀ ਮਾਰਗ ਦਰਸ਼ਨ ਕਰਨਾ ਅਤਿਅੰਤ ਜ਼ਰੂਰੀ ਹੈ। ਚੰਗੀਆਂ ਆਦਤਾਂ ਗ੍ਰਹਿਣ ਕਰਨ, ਵੱਡਿਆਂ ਦਾ ਸਤਿਕਾਰ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ‘ਨਵੇਂ ਵਰ੍ਹੇ ਦੇ ਜਸ਼ਨ’ ਕਵਿਤਾ ਵਿੱਚ ਕਵੀ ਲਿਖਦਾ ਹੈ:
ਨਸ਼ੇ ਸਿਹਤ ਦਾ ਕਰਦੇ ਨਾਸ਼, ਗੱਲ ਇਹ ਸਮਝਣ ਵਾਲੀ ਖਾਸ।
ਖ਼ੁਦ ਵੀ ਰਹੀਏ ਦੂਰ ਇਹਨਾਂ ਤੋਂ, ਸਾਥੀਆਂ ਨੂੰ ਵੀ ਸਮਝਾਈਏ।
ਨਵੇਂ ਵਰ੍ਹੇ ਦੇ ਜਸ਼ਨ ਮਨਾਈਏ. . . . . . . ।
ਪਹਾੜੇ ਯਾਦ ਕਰਨਾ ਬੱਚਿਆਂ ਨੂੰ ਔਖਾ ਲੱਗਦਾ ਹੁੰਦਾ ਹੈ। ਇਸ ਲਈ ਵਾਰ-ਵਾਰ ਦੁਹਰਾ ਕੇ ਪਹਾੜੇ ਯਾਦ ਕਰਵਾਏ ਜਾਂਦੇ ਹਨ। ਇਹ ਪਹਾੜੇ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਕਵੀ ਨੇ ‘ਸਿਖਿਆਦਾਇਕ ਪਹਾੜਾ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਤਾਂ ਕਮਾਲ ਹੀ ਕਰ ਦਿੱਤੀ। ਪਹਾੜੇ ਵੀ ਯਾਦ ਕਰਵਾ ਦਿੱਤੇ ਨਾਲ ਹੀ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਨਸੀਅਤ ਦੇ ਦਿੱਤੀ। ਇੱਕ ਕਵਿਤਾ ਵਿੱਚ ਨਾਲੇ ਪਹਾੜਾ ਯਾਦ ਕਰਨ ਦਾ ਢੰਗ ਦੱਸ ਦਿੱਤਾ ਨਾਲੇ ਚੰਗੇ ਗੁਣ ਪੈਦਾ ਕਰਨ ਦੇ ਗੁਰ ਦੱਸ ਦਿੱਤੇ:
ਇੱਕ ਦੂਣੀ ਦੂਣੀ, ਦੋ ਦੂਣੀ ਚਾਰ,
ਨਫ਼ਰਤਾਂ ਦਾ ਛੱਡ ਖਹਿੜਾ,
ਕਰੀਏ ਸਭਨਾ ਤਾਈਂ ਪਿਆਰ।
ਸਾਡੇ ਸਮਾਜ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ। ਲੜਕੀਆਂ ਵਿੱਚ ਮਾਤਵਾਂ ਹੀ ਹੀਣ ਭਾਵਨਾ ਪੈਦਾ ਕਰਨ ਵਾਲੀਆਂ ਗੱਲਾਂ ਕਰਦੀਆਂ ਹਨ, ਜਿਹੜੀਆਂ ਲੜਕੀਆਂ ਨੂੰ ਜ਼ਿੰਦਗੀ ਭਰ ਸਤਾਉਂਦੀਆਂ ਰਹਿੰਦੀਆਂ ਹਨ। ਬਿੰਦਰ ਸਿੰਘ ਖੁੱਡੀ ਕਲਾਂ ਨੇ ਲੜਕੇ ਤੇ ਲੜਕੀਆਂ ਵਿੱਚ ਅੰਤਰ ਰੱਖਣ ਦੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ‘ਲੋਹੜੀ ਨਵੇਂ ਜੀਅ ਦੀ’ ਵਿੱਚ ਲਿਖਿਆ ਹੈ:
ਪੁੱਤਾਂ ਦੇ ਵਾਂਗ ਹੀ ਧੀਆਂ ਦੀ, ਲੋਹੜੀ ਮਨਾਈਏ ਸਭ ਨਵੇਂ ਜੀਆਂ ਦੀ।
ਬਿੰਦਰ ਮੱਤਭੇਦ ਦੀ ਗੱਲ ਮੁਕਾਈ, ਲੋਹੜੀ ਆਈ ਲੋਹੜੀ ਆਈ।
ਵਾਤਾਵਰਨ ਨੂੰ ਬਹੁਤ ਸਾਰੇ ਢੰਗਾਂ ਨਾਲ ਗੰਧਲਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੱਚੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ, ਉਨ੍ਹਾਂ ਤਿਓਹਾਰਾਂ ਵਿੱਚ ਪਟਾਕੇ ਚਲਾਉਣਾ ਆਮ ਜਹੀ ਗੱਲ ਹੋ ਗਈ ਹੈ। ਪਟਾਕੇ ਵੀ ਬੱਚੇ ਹੀ ਚਲਾਉਂਦੇ ਹਨ। ਇਸ ਲਈ ਪਟਾਕੇ ਨਾ ਚਲਾਉਣ ਦੀ ਨਸੀਅਤ ਅਤੇ ਸ਼ੁਧ ਵਾਤਾਰਨ ਰੱਖਣ ਦੇ ਲਾਭ ਦਰਸਾਉਂਦੀ ‘ਦੀਪ ਜਗਾਈਏ ਪਿਆਰਾਂ ਦੇ’ ਕਵਿਤਾ ਵਿੱਚ ਕਵੀ ਨੇ ਲਿਖਿਆ ਹੈ:
ਨਵੀਂਆਂ ਪਿਰਤਾਂ ਪਾਵਾਂਗੇ, ਪਟਾਕੇ ਨਹੀਂ ਚਲਾਵਾਂਗੇ।
ਵਾਤਾਵਰਨ ਲਈ ਖ਼ਤਰਾ ਇਹ, ਦੁਸ਼ਮਣ ਨੇ ਬੀਮਾਰਾਂ ਦੇ।
‘ਘਟਾਵਾਂ ਕਾਲੀਆਂ’ ਸਿਰਲੇਖ ਵਾਲੀ ਕਵਿਤਾ ਵੀ ਰੁੱਖ ਲਗਾਉਣ ਅਤੇ ਬਿਮਾਰੀਆਂ ਭਜਾਉਣ ਦੀ ਗੱਲ ਕਰਦੀ ਹੈ:
ਂਰੁੱਖਾਂ ਨਾਲ ਜੇ ਪਾ ਲਈਏ ਯਾਰੀ, ਸੁਖੀ ਵਸੇ ਫਿਰ ਖਲਕਤ ਸਾਰੀ।
ਬਿਮਾਰੀਆਂ ਤੋਂ ਵੀ ਮਿਲ ਜੇ ਮੁਕਤੀ, ਪ੍ਰਦੂਸ਼ਣ ਨੇ ਹਨ ਜੋ ਫੈਲਾਈਆਂ।
ਘਟਾਵਾਂ ਕਾਲੀਆਂ ਆਈਆਂ. . ।
72 ਪੰਨਿਆਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਪਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ - ਉਜਾਗਰ ਸਿੰਘ
ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ ਕਰਦੀਆਂ ਹੋਈਆਂ ਪਾਠਕਾਂ ਦੇ ਮਨਾਂ ਨੂੰ ਰੁਸ਼ਨਾ ਜਾਂਦੀਆਂ ਹਨ। ਮਨ ਬਾਗੋ ਬਾਗ ਹੋ ਜਾਂਦਾ ਹੈ। ਗ਼ਜ਼ਲਾਂ ਪੜ੍ਹਦਿਆਂ ਪਾਠਕ ਵਿਸਮਾਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਇਨਸਾਨੀ ਮਨਾ ‘ਤੇ ਅਜਿਹਾ ਜਾਦੂਮਈ ਪ੍ਰਭਾਵ ਛੱਡਦੀਆਂ ਹਨ ਕਿ ਉਨ੍ਹਾਂ ਨੂੰ ਸਰਸ਼ਾਰ ਕਰ ਦਿੰਦੀਆਂ ਹਨ। ਗ਼ਜ਼ਲਾਂ ਪਾਠਕਾਂ ਨੂੰ ਸਾਹਿਤਕ ਚਾਨਣ ਦੀਆਂ ਤਰੰਗਾਂ ਦੇ ਵਹਿਣ ਵਿੱਚ ਗੋਤੇ ਮਾਰਨ ਲਈ ਮਜ਼ਬੂਰ ਕਰ ਦਿੰਦੀਆਂ ਹਨ। ਗੁਰਭਜਨ ਗਿੱਲ ਪੰਜਾਬੀ ਦਾ ਬਹੁ-ਪੱਖੀ, ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਸਰਬਾਂਗੀ ਸਾਹਿਤਕਾਰ ਹੈ। ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਰੁਬਾਈਆਂ ਇਸ਼ਕ-ਮੁਸ਼ਕ ਦੇ ਰੁਮਾਂਸਵਾਦੀ ਦ੍ਰਿਸ਼ਟੀਕੋਣ ਤੋਂ ਕੋਹਾਂ ਦੂਰ ਹੁੰਦੀਆਂ ਹਨ। ਪ੍ਰੰਤੂ ਸਾਫ਼ ਸੁਥਰੀ ਮੁਹੱਬਤ ਦੀ ਅਜਿਹੀ ਬਾਤ ਪਾਉਂਦੀਆਂ ਹਨ, ਜਿਹੜੀ ਪਾਠਕਾਂ ਨੂੰ ਸਮਾਜਿਕ ਸਥਿਤੀਆਂ ਨਾਲ ਨਿਪਟਣ ਲਈ ਪ੍ਰੇਰਤ ਕਰਦੀ ਹੈ। ਉਹ ਸਮਾਜਿਕ, ਕਲਾਤਮਿਕ, ਸੰਗੀਤਿਕ ਅਤੇ ਸੁਹਜ ਸੁਆਦ ਦੀ ਪਿਉਂਦ ਵਾਲਾ ਸਾਹਿਤ ਰਚਦਾ ਹੈ, ਜਿਹੜਾ ਮਾਨਵਤਾ ਦੀ ਦੁਖਦੀ ਰਗ ‘ਤੇ ਹੱਥ ਧਰਦਾ ਹੋਇਆ ਗੁੱਝੇ ਤੀਰ ਮਾਰਕੇ ਇਨਸਾਨੀ ਮਾਨਸਿਕਤਾ ਨੂੰ ਝੰਜੋੜਦਾ ਹੈ। ਆਮ ਤੌਰ ‘ਤੇ ਗ਼ਜ਼ਲ ਨੂੰ ਇਸਤਰੀ Çਲੰਗ ਕਿਹਾ ਜਾਂਦਾ ਹੈ ਕਿਉਂਕਿ ਹੁਣ ਤੱਕ ਗ਼ਜ਼ਲ ਇਸਤਰੀ ਤੇ ਰੁਮਾਂਸਵਾਦ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਪ੍ਰੰਤੂ ਗੁਰਭਜਨ ਗਿੱਲ ਨੇ ਇਸ ਸੰਕਲਪ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਇਸ਼ਕ ਤੇ ਬ੍ਰਿਹਾ ਦਾ ਰੋਣਾ ਧੋਣਾ ਨਹੀਂ, ਜਿਵੇਂ ਆਮ ਤੌਰ ‘ਤੇ ਵੇਖਿਆ ਜਾਂਦਾ ਹੈ। ਉਸ ਨੇ ਗ਼ਜ਼ਲ ਨੂੰ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਨ ਤੇ ਦਰਦ ਦੂਰ ਕਰਨ ਵਾਲੀ ਸਾਬਤ ਕਰ ਦਿੱਤਾ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਲੋਕਾਈ ਦੀ ਚੰਗਿਆਈ ਅਤੇ ਇਨਸਾਨੀਅਤ ਦੀ ਰਹਿਨੁਮਾਈ ਉਸ ਦੀਆਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਹੁੰਦਾ ਹੈ। ਗ਼ਜ਼ਲਾਂ ਪ੍ਰਦੂਸ਼ਣ ਰਹਿਤ ਵਾਤਵਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ: ‘ਧਰਤ ਹਵਾ ਤੇ ਗੰਧਲੇ ਪਾਣੀ, ਇਸ ਤੋਂ ਵੱਧ ਧਰੋਹ ਨਾ ਹੋਵੇ’। ਮਨੁੱਖੀ ਜੀਵਨ ਨੂੰ ਸੁਖਮਈ ਤੇ ਇਨਸਾਨੀਅਤ ਦੀ ਸਿਹਤ ਲਈ ਸਾਰਥਿਕ ਬਣਾਉਣ ਲਈ ਹਵਾ, ਪਾਣੀ ਅਤੇ ਰੁੱਖਾਂ ਦੀ ਅਤਿਅੰਤ ਜ਼ਰੂਰਤ ਮਹਿਸੂਸ ਕਰਦਿਆਂ ਗ਼ਜ਼ਲਕਾਰ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਨ੍ਹਾਂ ਤਿੰਨਾ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਦਾ ਅਹਿਸਾਸ ਕਰਵਾਇਆ ਹੈ। ਇਨ੍ਹਾਂ ਤਿੰਨਾ ਨੂੰ ਗੁਰਬਾਣੀ ਵਿੱਚ ਮਹੱਤਤਾ ਦਿੱਤੀ ਗਈ ਹੈ। ਰੁੱਖਾਂ ਦੀ ਕਟਾਈ ਸੰਬੰਧੀ ਦੋਹਰੇ ਮਾਪ ਦੰਡਾਂ ਬਾਰੇ ਲਿਖਦਾ ਹੈ:
ਤੇਰੇ ਹੱਥ ਕੁਹਾੜਾ, ਆਰੀ, ਹੁਣ ਤਾਂ ਪੁਛਣਾ ਬਣਦਾ ਹੈ,
ਤੂੰ ਤਾਂ ਸਾਨੂੰ ਇਹ ਕਹਿੰਦਾ ਸੀ, ਲੜਨਾ ਹੈ, ਗੁਲਜ਼ਾਰ ਲਈ।
ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪੰਜਾਬੀ ਸਭਿਆਚਾਰ ਵਿੱਚੋਂ ਸ਼ਬਦਾਵਲੀ ਵਰਤਦਾ ਹੈ ਤਾਂ ਜੋ ਪੰਜਾਬੀ ਆਪਣੇ ਵਿਰਸੇ ਨਾਲ ਜੁੜੇ ਰਹਿਣ। ਗ਼ਜ਼ਲਾਂ ਦਿਹਾਤੀ ਸਭਿਆਚਾਰ ਦੀ ਸਾਦਗੀ, ਸ਼ਹਿਰੀ ਸਭਿਆਚਾਰ ਦੀ ਚੁਸਤੀ-ਚਲਾਕੀ, ਪਿੰਡਾਂ ਦੀਆਂ ਬੋਹੜਾਂ/ਪਿਪਲਾਂ ਦੀ ਛਾਂ ਹੇਠਲੀਆਂ ਸੱਥਾਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਵਰਣਨ ਕਰਦੀਆਂ ਹਨ। ਦੋ ਸ਼ਿਅਰ ਦਿਹਾਤੀ ਤੇ ਸ਼ਹਿਰੀ ਲੋਕਾਂ ਦੀ ਸਥਿਤੀ ਦਾ ਪ੍ਰਗਟਾਵਾ ਕਰਦੇ ਹਨ:
ਸਾਡੇ ਪਿੰਡ ਦੇ ਚਿਹਰੇ ‘ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
ਪਿੰਡਾਂ ਪੱਲੇ ਕੁਝ ਨਹੀਂ ਬਚਿਆ, ਫਿਰ ਵੀ ਜੱਫੀਆਂ ਪਾਉਂਦੇ, ਗਾਉਂਦੇ,
ਖਾਂਦਾ ਪੀਂਦਾ ਨਿੱਘਰ ਚੱਲਿਆ, ਤੇਰਾ ਸ਼ਹਿਰ ਉਦਾਸ ਕਿਉਂ ਹੈ?
ਧਾਰਮਿਕ ਤੇ ਨਸਲੀ ਭੇਦਭਾਵ ਮਾਨਵਤਾ ਦੀ ਸਦਭਾਵਨਾ ਨੂੰ ਠੇਸ ਪਹੁੰਚਾਉਦੇ ਹਨ, ਗੁਰਭਜਨ ਗਿੱਲ ਨੇ ਲੋਕਾਂ ਨੂੰ ਆਪਣੀਆਂ ਗ਼ਜ਼ਲਾਂ ਰਾਹੀਂ ਕੱਟੜਤਾ ਤੋਂ ਲੋਕਾਈ ਨੂੰ ਪ੍ਰਹੇਜ਼ ਕਰਨ ਦੀ ਨਸੀਅਤ ਦਿੱਤੀ ਹੈ। ਸੰਕੀਰਣ ਸੋਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਉਂਦੀ ਹੈ। ਉਸ ਦੀਆਂ ਗ਼ਜ਼ਲਾਂ ਸੰਕੀਰਣ ਸੋਚ ਤੋਂ ਖਹਿੜਾ ਛੁਡਾਉਣ ਦੀ ਗਵਾਹੀ ਭਰਦੀਆਂ ਹਨ। ਵਹਿਮਾ-ਭਰਮਾ, ਪਖੰਡਾਂ, ਅਡੰਬਰਾਂ, ਧੋਖ਼ੇ-ਫ਼ਰੇਬਾਂ, ਚੁਸਤੀਆਂ-ਚਲਾਕੀਆਂ ਅਤੇ ਵਿਸ਼ਵਾਸਘਾਤਾਂ ਨੂੰ ਆੜੇ ਹੱਥੀਂ ਲੈਂਦੀਆਂ ਹੋਈਆਂ ਇਨ੍ਹਾਂ ਦੇ ਵਿਰੁੱਧ ਲਾਮਬੰਦ ਹੋਣ ਦੀ ਸਲਾਹ ਦਿੰਦੀਆਂ ਹਨ। ਧਰਮ ਦੀ ਥਾਂ ਧਾਰਮਿਕ ਪੁਜ਼ਾਰੀਆਂ ਨੇ ਸਾਂਭ ਲਈ ਹੈ, ਪੁਜ਼ਾਰੀ ਧਰਮ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਦੀ ਥਾਂ ਆਪਣੇ ਨਿੱਜੀ ਹਿੱਤਾਂ ਦੀ ਗੱਲ ਕਰਦੇ ਹਨ। ਧਰਮ ਵਿੱਚ ਪੁਜ਼ਾਰੀਵਾਦ ਭਾਰੂ ਹੋ ਗਿਆ ਹੈ, ਜਦੋਂ ਕਿ ਧਰਮ ਮੁੱਖ ਹੋਣਾ ਚਾਹੀਦਾ ਹੈ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਅਜਿਹੀਆਂ ਕੁਰੀਤੀਆਂ ਦਾ ਡੱਟ ਕੇ ਵਿਰੋਧ ਕਰਦੀਆਂ ਹਨ। ਸਰਕਾਰਾਂ ਅਤੇ ਦਰਬਾਰਾਂ ਦੀਆਂ ਕਾਰਗੁਜ਼ਾਰੀਆਂ ‘ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਸਿਆਸਤਦਾਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਭਰਿਸ਼ਟਾਚਾਰ ਵਰਗੀਆਂ ਅਲਾਮਤਾਂ ਨੂੰ ਬੜਾਵਾ ਦੇ ਰਹੇ ਹਨ। ਲੋਕ ਭਲਾਈ ਦੀ ਥਾਂ ਵੋਟਾਂ ਵਟੋਰਨਾ ਸਿਆਸਤਦਾਨਾ ਦਾ ਮੁੱਖ ਕੰਮ ਬਣ ਗਿਆ। ਇਸ ਸੰਬੰਧੀ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਵਿੱਚ ਤਵਾਇਫ਼ ਜਹੀ,
ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ।
ਸੁਣੋ ਸਿਆਸਤਦਾਨਾਂ ਨੂੰ ਤਾਂ ਇੰਜ ਕਿਉਂ ਲੱਗਦਾ ਰਹਿੰਦਾ ਹੈ,
ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ।
ਇਹ ਦਰਬਾਰੀ, ਅਖ਼ਬਾਰੀ ਜੋ, ਭਰਮਾ ਦਾ ਜਾਲ ਵਿਛਾਉਂਦੇ ਨੇ,
ਇਨ੍ਹਾਂ ਤੋਂ ਮੁਕਤੀ ਸੌਖੀ ਨਹੀਂ, ਕਦ ਤੀਕ ਭੁਲੇਖੇ ਖਾਉਗੇ।
ਆਈਆਂ ਚੋਣਾਂ, ਘਰ ਘਰ ਰੋਣਾ, ਫਿਰ ਧੜਿਆਂ ਵਿੱਚ ਵੰਡਣਗੇ,
ਬੱਕਰੇ ਦੀ ਮਾਂ ਕਿੰਜ ਉਡੀਕੇ, ਦੱਸੋ ਜੀ, ਬਕਰੀਦਾਂ ਨੂੰ।
ਹੁਣ ਤੱਕ ਗੁਰਭਜਨ ਗਿੱਲ ਨੇ 35 ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਸਦਾ ਇੱਕ ਕਾਵਿ ਸੰਗ੍ਰਹਿ ਅਤੇ 4 ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਦੇ 8 ਗ੍ਰੰਥ ਸੰਗ੍ਰਹਿਾਂ ਦੀਆਂ ਗ਼ਜ਼ਲਾਂ ‘ਅੱਖਰ ਅੱਖਰ’ ਦੇ ਰੂਪ ਵਿੱਚ ਇਕ ਸੰਗਠਤ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋਇਆ ਹੈ, ਜਿਹੜਾ ਗੁਰਭਜਨ ਗਿੱਲ ਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਕਰਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 900 ਗ਼ਜ਼ਲਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਸਾਰੀਆਂ ਗ਼ਜ਼ਲਾਂ ਨੂੰ ਇੱਕ ਥਾਂ ਇਕੱਠਾ ਕਰਕੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਕਰਵਾਉਣਾ ਭਵਿਖ ਵਿੱਚ ਸਾਹਿਤਕ ਖੋਜੀਆਂ ਲਈ ਲਾਹੇਬੰਦ ਸਾਬਤ ਹੋਵੇਗਾ। ਇਸ ਸੰਗ੍ਰਹਿ ਦੀ ਹਰ ਗ਼ਜ਼ਲ ਇੱਕ ਨਵੀਂ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀ ਹੈ। ਗ਼ਜ਼ਲ ਦਾ ਹਰ ਸ਼ਿਅਰ ਸਮਾਜਿਕ ਸਰੋਕਾਰਾਂ ਦੀ ਤਰਜਮਾਨੀ ਕਰਦਾ ਹੈ। ਇਸ ਦੇ ਨਾਲ ਹੀ ਉਸ ਦੀਆਂ ਗ਼ਜ਼ਲਾਂ ਦੀ ਕਮਾਲ ਇਸ ਗੱਲ ਵਿੱਚ ਵੀ ਹੈ ਕਿ ਉਹ ਗ਼ਜ਼ਲ ਦੇ ਮਾਪ ਦੰਡਾਂ ‘ਤੇ ਪੂਰੀਆਂ ਉਤਰਦੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਕੋਈ ਅਜਿਹਾ ਵਿਸ਼ਾ ਨਹੀਂ ਹੈ, ਜਿਸ ਬਾਰੇ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਉਸ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਗ਼ਜ਼ਲਾਂ ਵਿੱਚੋਂ ਸੰਗੀਤਕ ਸੁਰ ਦੀਆਂ ਰਿਸ਼ਮਾ ਦੀ ਮਿੱਠੀ-ਮਿੱਠੀ ਤੇ ਨਿੰਮੀ-ਨਿੰਮੀ ਮਧੁਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਾਜਿਕ ਤਾਣੇ-ਬਾਣੇ ਵਿੱਚ ਵਾਪਰ ਰਹੀਆਂ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਸੁਖਾਵੀਆਂ ਤੇ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਭਾਵਾਂ ਬਾਰੇ ਪ੍ਰੇਰਨਾਦਾਇਕ ਜਾਣਕਾਰੀ ਦਿੰਦੀਆਂ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇਸ ਗ਼ਜ਼ਲ ਸੰਗ੍ਰਹਿ ਰਾਹੀਂ ਗੁਰਭਜਨ ਗਿੱਲ ਨੇ ਪੰਜਾਬੀ ਦਿਹਾਤੀ ਸਭਿਅਚਾਰ ਨੂੰ ਸੰਭਾਲਕੇ ਵੱਡਾ ਉਦਮ ਕੀਤਾ ਹੈ ਤਾਂ ਜੋ ਪੰਜਾਬੀ ਆਪਣੀ ਵਿਰਾਸਤ ਨਾਲ ਬਾਵਾਸਤਾ ਰਹਿ ਸਕਣ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਗ਼ਜ਼ਲਾਂ ਸਮਾਜਿਕ ਵਿਸੰਗਤੀਆਂ ‘ਤੇ ਸਿੱਧੇ ਅਤੇ ਅਸਿੱਧੇ ਤੁਣਕੇ ਮਾਰਦੀਆਂ ਹਨ। ਬਹੁਤੀਆਂ ਗ਼ਜ਼ਲਾਂ ਬਹੁ-ਅਰਥੀ ਸਿੰਬਾਲਿਕ ਹਨ, ਪੜ੍ਹਨ ਤੇ ਸੁਣਨ ਵਾਲਿਆਂ ਦੀ ਸਮਝ ‘ਤੇ ਨਿਰਭਰ ਕਰਦਾ ਹੈ ਕਿ ਉਹ ਗ਼ਜ਼ਲਕਾਰ ਦੀਆਂ ਰਮਜ਼ਾਂ ਦੀ ਪਛਾਣ ਕਰਦੇ ਹਨ ਕਿ ਨਹੀਂ, ਵੈਸੇ ਗ਼ਜ਼ਲਾਂ ਦੀ ਭਾਸ਼ਾ ਸਰਲ ਹੈ। ਮਝੈਲ ਹੋਣ ਦੇ ਬਾਵਜੂਦ ਗੁਰਭਜਨ ਗਿੱਲ ਨੇ ਇਹ ਗ਼ਜ਼ਲਾਂ ਸਾਧਾਰਨ ਲੋਕਾਂ ਦੀ ਆਮ ਬੋਲ ਚਾਲ ਵਾਲੀ ਠੇਠ ਸਰਲ ਭਾਸ਼ਾ ਵਿੱਚ ਲਿਖੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿੱਚੋਂ ਵਿਦਵਾਨੀ ਦੀ ਥਾਂ ਗਿਆਨਵਾਨ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲਾਂ ਦੇ ਸ਼ਿਅਰਾਂ ਵਿੱਚੋਂ ਆ ਰਹੀ ਸਾਹਿਤਕ ਸੁਗੰਧ ਪਾਠਕਾਂ ਨੂੰ ਮੰਤਰ ਮੁਗਧ ਕਰਦੀ ਹੈ। ਇਸ ਦੇ ਨਾਲ ਹੀ ਇਨਸਾਨੀਅਤ ਦੀਆਂ ਕਰੂਰ ਹਰਕਤਾਂ ਦਾ ਚਿੱਟਾ ਚਿੱਠਾ ਵੀ ਖੋਲ੍ਹਦੀਆਂ ਹਨ। ਗੁਰਭਜਨ ਗਿੱਲ ਦੇ ਬੇਬਾਕੀ ਨਾਲ ਲਿਖੇ ਸ਼ਿਅਰ ਸਰਕਾਰੇ ਦਰਬਾਰੇ ਅਤੇ ਸਮਾਜ ਵਿੱਚ ਘੁਸਰ-ਮੁਸਰ ਜ਼ਰੂਰ ਪੈਦਾ ਕਰਕੇ ਆਪੋ ਆਪਣੇ ਫ਼ਰਜ਼ ਨਿਭਾਉਣ ਦੀ ਤਾਕੀਦ ਕਰਦੇ ਹਨ। ਸਮਾਜ ਵਿੱਚ ਜਿਹੜੀਆਂ ਅਲਾਮਤਾਂ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਪੁਲੀਤ ਕਰਦੀਆਂ ਹਨ, ਉਨ੍ਹਾਂ ਬਾਰੇ ਗ਼ਜ਼ਲਕਾਰ ਨੇ ਸਮਾਜ ਨੂੰ ਜਾਗ੍ਰਤਿ ਹੋ ਕੇ ਹੰਭਲਾ ਮਾਰਨ ਦੀ ਤਾਕੀਦ ਕੀਤੀ ਹੈ। ਇਹ ਗ਼ਜ਼ਲਾਂ ਹੋਸ਼ ਨਾਲ ਜੋਸ਼ ਦੀ ਵਰਤੋਂ ਕਰਨ ਲਈ ਵੀ ਪ੍ਰੇਰਦੀਆਂ ਹਨ। ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਦਾ ਹੈ ਕਿ ਜੇਕਰ ਸਮਾਜ ਇਕਮੁੱਠ ਨਾ ਹੋਇਆ ਤੇ ਅਵੇਸਲਾ ਰਿਹਾ ਤਾਂ ਅਜਿਹਾ ਸਮਾਂ ਆਵੇਗਾ ਕਿ ਇਨਸਾਨੀਅਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਜਾਵੇਗੀ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਜਦੋਜਹਿਦ ਕਰਨੀ ਕੋਈ ਗ਼ਲਤ ਗੱਲ ਨਹੀਂ। ਉਹ ਲੋਕਾਈ ਨੂੰ ਏਕਤਾ ਦਾ ਸਬੂਤ ਦਿੰਦਿਆਂ ਇਕਮੁੱਠ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਨਸਾਨੀਅਤ ਦੇ ਸਮਾਜਿਕ ਵਿਵਹਾਰ ਬਾਰੇ ਗ਼ਜ਼ਲਕਾਰ ਕਟਾਖ਼ਸ਼ ਕਰਦਾ ‘ਜਗ ਰਹੇ ਜੁਗਨੂੰ’ ਗ਼ਜ਼ਲ ਵਿੱਚ ਉਹ ਲਿਖਦਾ ਹੈ: ‘ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ, ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ’। ਭਾਵ ਇਨਸਾਨ ਭਾਵਨਾਵਾਂ ਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਗਿਆ ਹੈ। ਇਨਸਾਨਾ ਦੇ ਦੋਹਰੇ ਕਿਰਦਾਰ ਬਾਰੇ ਲਿਖਦਾ ਹੈ ‘ਤਨ ‘ਤੇ ਨਿੱਘਾ ਕੋਟ ਸਵੈਟਰ, ਮਨ ਦੇ ਪਾਲ਼ੇ ਕਰਕੇ ਠਰੀਏ’। ਮਨੁੱਖ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਗ਼ਜ਼ਲਕਾਰ ਲਈ ਪੰਜਾਬੀਆਂ ਦਾ ਵੱਡੀ ਗਿਣਤੀ ਵਿੱਚ ਪਰਵਾਸ ਵਿੱਚ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ:
ਪਰਦੇਸਾਂ ਵਿਚ ਬਣੇ ਸਹਾਰਾ ਕੱਲਿ੍ਹਆਂ ਦਾ, ਸਾਂਭੇ ਦਿਲ ਦੀ ਲਾਟ ਡੋਲਦੀ ਮਾਂ।
ਦੂਰ ਦੇਸ ਪਰਦੇਸ ਗੁਆਚੇ ਬੱਚਿਆਂ ਨੂੰ, ਫਿਰਦੀ ਦਿਨ ਤੇ ਰਾਤ ਟੋਲਦੀ ਮਾਂ।
ਸੱਤ ਸਮੁੰਦਰ ਪਾਰ ਤੂੰ ਬੈਠੀ, ਆਪੇ ਫਾਥੜੀਏ,
ਆਪ ਸਹੇੜਿਆ ਜਾਲ ਮਕੜੀਏ, ਇਹ ਬਨਵਾਸ ਨਹੀਂ।
ਬਿਰਧ ਘਰਾਂ ਵਿੱਚ ਰੁਲਦੇ ਹੌਕੇ, ਲੋਰੀ ਦੇਵਣਹਾਰੀ ਡੁਸਕੇ,
ਸੱਚ ਕਹੀਏ ਤਾਂ, ਇਸ ਤੋਂ ਵੱਧ ਕੇ ਮਮਤਾ ਦਾ ਅਪਮਾਨ ਨਹੀਂ।
ਸਮਾਜ ਵਿੱਚ ਫ਼ੈਲੇ ਭਰਿਸ਼ਟਾਚਾਰ ਦੀ ਚਿੰਤਾ ਇਸ ਸ਼ਿਅਰ ਵਿੱਚੋਂ ਸ਼ਪਸ਼ਟ ਵਿਖਾਈ ਦਿੰਦੀ ਹੈ:
ਕੀਹਦੇ ਕੋਲ ਸ਼ਿਕਾਇਤ ਕਰਾਂ ਤੇ ਰੋਵਾਂ ਕਿੱਥੇ ਜਾ ਕੇ,
ਹਰ ਕੁਰਸੀ ਦੀ ਨਾਲ ਲੁਟੇਰੇ, ਹਰ ਥਾਂ ਹਿੱਸਾ-ਪੱਤੀ।
472 ਪੰਨਿਆਂ, 1000 ਭਾਰਤੀ ਰੁਪਏ, 20 ਅਮਰੀਕੀ ਡਾਲਰ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਰਘਬੀਰ ਸਿੰਘ ਹਿਊਸਟਨ ਅਮਰੀਕਾ ਰਾਹੀਂ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਭਗਵੰਤ ਸਿੰਘ ਤੇ ਡਾ.ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ ਪੁਸਤਕ - ਉਜਾਗਰ ਸਿੰਘ
ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੌਰ ਦੀ ਸੰਪਾਦਿਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਸੰਕਲਪ ਦੀ ਵਿਆਖਿਆ ਕਰਨ ਅਤੇ ਸੰਗਠਤ ਜਾਣਕਾਰੀ ਦੇਣ ਵਾਲੀ ਪੁਸਤਕ ਹੈ। ਇਸ ਪੁਸਤਕ ਦੀ ਖ਼ੂਬੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਾਰੇ ਪੱਖਾਂ ਦੀ ਉਚ ਕੋਟੀ ਦੇ 14 ਵਿਦਵਾਨ ਇਤਿਹਾਸਕਾਰਾਂ ਵੱਲੋਂ ਆਪਣੇ ਲੇਖਾਂ ਵਿੱਚ ਦਿੱਤੀ ਗਈ ਸਾਰਥਿਕ ਤੱਥਾਂ 'ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਪੁਸਤਕ ਖੋਜੀ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਇੱਕ ਪੁਸਤਕ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੇ ਸਾਰੇ ਪੱਖਾਂ ਦੀ ਜਾਣਕਾਰੀ ਉਪਲਭਧ ਹੈ। ਪ੍ਰੋ.ਤੇਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇਤਿਹਾਸਕ ਪਿਛੋਕੜ ਬਾਰੇ ਲਿਖਦਿਆਂ ਰਾਜ ਦਾ ਆਧਾਰ ਸਿੱਖ ਧਰਮ ਦੀ ਧਰਮ ਨਿਰਪੱਖ ਵਿਚਾਰਧਾਰਾ ਦੱਸਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਵਿਚਾਰਧਾਰਾ 'ਤੇ ਸਿੱਖ ਰਾਜ ਸਥਾਪਤ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਸੰਕਲਪ ਨੂੰ ਅੱਗੇ ਵਧਾਇਆ ਹੈ। 1809 ਤੱਕ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਨੇ ਰਾਜਨੀਤਕ ਸ਼ਕਤੀ ਨੂੰ ਧਾਰਮਿਕ ਸਰਦਾਰੀ ਨਾਲ ਸੰਮਿਲਤ ਕੀਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਮਤੇ ਨੂੰ ਰਾਜਨੀਤਕ ਮਾਮਲਿਆਂ ਦੇ ਸੰਬੰਧ ਵਿੱਚ ਸਮਾਪਤ ਕਰ ਦਿੱਤਾ, ਜਿਸ ਅਨੁਸਾਰ ਸਿੱਖਾਂ ਅਤੇ ਗ਼ੈਰ ਸਿੱਖ ਸਲਾਹਕਾਰਾਂ ਦੀ ਸਲਾਹ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜ਼ਾਤ ਬਰਾਦਰੀ ਨੂੰ ਤਿਲਾਂਜ਼ਲੀ ਦੇ ਕੇ ਰਾਜ ਪ੍ਰਬੰਧ ਚਲਾਇਆ। ਡਾ.ਗੰਡਾ ਸਿੰਘ ਦੇ ਪੁਸਤਕ ਵਿੱਚ ਤਿੰਨ ਲੇਖ ਹਨ। ਉਨ੍ਹਾਂ ਨੇ ਆਪਣੇ ਖੋਜੀ ਲੇਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਪੁਰਖਿਆਂ ਤੋਂ ਸ਼ੁਰੂ ਕਰਕੇ ਅਖ਼ੀਰ ਤੱਕ ਹੋਈਆਂ ਘਟਨਾਵਾਂ ਦਾ ਵਿਸਤਾਰ ਪੂਰਬਕ ਤੱਥਾਂ 'ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਤੇ ਤਲਵਾਰ ਲੈ ਕੇ ਹਰ ਮੁਹਿੰਮ ਦੀ ਬਹਾਦਰੀ ਨਾਲ ਅਗਵਾਈ ਕਰਦੇ ਰਹੇ। ਰਣਜੀਤ ਸਿੰਘ ਦੀ ਪ੍ਰਸ਼ਾਸ਼ਨਿਕ ਅਤੇ ਯੁਧ ਨੀਤੀ ਬਾਰੇ ਜਾਣਕਰੀ ਦਿੱਤੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿਧੀ ਕਰਕੇ 1822 ਵਿੱਚ ਇਟਲੀ ਦੇ ਵੈਨਤੂਰਾ ਅਤੇ ਫਰਾਂਸ ਦੇ ਐਲਾਰਡ ਲਾਹੌਰ ਵੱਲ ਆਕਰਸ਼ਿਤ ਹੋਏ, ਉਨ੍ਹਾਂ ਨੂੰ ਕ੍ਰਮ ਅਨੁਸਾਰ ਪੈਦਲ ਸੈਨਾ ਅਤੇ ਘੋੜ ਸਵਾਰ ਫ਼ੌਜ ਵਿੱਚ 2500 ਰੁਪਏ ਪ੍ਰਤੀ ਮਹੀਨਾ ਭਰਤੀ ਕਰ ਲਿਆ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਪਤਨ ਬਾਰੇ ਵੀ ਤੱਥਾਂ ਨਾਲ ਸਬੂਤ ਦਿੰਦਿਆਂ ਲਿਖਿਆ ਹੈ। ਗੰਡਾ ਸਿੰਘ ਨੇ ਮਹਾਰਾਜਾ ਦੇ ਪਰਿਵਾਰ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਦਾ ਬਿਨਾ ਲਿਹਾਜ ਕੀਤਿਆਂ ਚਿੱਠਾ ਖੋਲ੍ਹ ਕੇ ਰੱਖ ਦਿੱਤਾ। ਸੀਤਾ ਰਾਮ ਕੋਹਲੀ ਨੇ ਆਪਣੇ ਲੇਖ ਵਿੱਚ ਸਿੱਖ ਮਿਸਲਾਂ ਦਾ ਸੰਗਠਨ ਅਤੇ ਖ਼ਾਲਸਾ ਫ਼ੌਜ ਬਾਰੇ ਦੱਸਿਆ ਕਿ ਉਨ੍ਹਾਂ ਦੇ ਰਾਜ ਦੇ ਆਲੇ ਦੁਆਲੇ ਛੋਟੀਆਂ ਛੋਟੀਆਂ ਰਿਆਸਤਾਂ ਅਤੇ 12 ਸਿੱਖ ਮਿਸਲਾਂ ਆਜ਼ਾਦ ਰਾਜ ਕਰਦੀਆਂ ਸਨ ਪ੍ਰੰਤੂ ਇਹ ਅੰਦਰੂਨੀ ਲੜਾਈ ਝਗੜਿਆਂ ਵਿੱਚ ਮਸਤ ਸਨ। ਰਾਜਸੀ ਸੂਝ ਬੂਝ ਨਾਲ ਉਨ੍ਹਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਕੇ ਆਪਣੇ ਅਧੀਨ ਲਿਆਂਦਾ। ਇੱਕ ਠੋਸ ਰਾਜ ਦੀ ਸਥਾਪਨਾ ਮਹਾਰਾਜੇ ਦੀ ਕਾਬਲੀਅਤ ਦਾ ਸਬੂਤ ਸੀ। ਫ਼ੌਜ ਦੇ ਸਾਰੇ ਅੰਗਾਂ ਵਿੱਚ ਇੱਕ ਲੱਖ ਵਿਅਕਤੀਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਉਦਯੋਗਾਂ ਦਾ ਰਾਜ ਦੁਆਰਾ ਲਗਾਏ ਗਏ ਕਾਰਖਾਨਿਆਂ ਵਿੱਚ ਲੜਾਈ ਦਾ ਸਾਮਾਨ ਬਣਨ ਲੱਗ ਪਿਆ। ਫ਼ੌਜੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਜ਼ਾਤਾਂ 'ਤੇ ਅਧਾਰਤ ਨਹੀਂ ਸਗੋਂ ਕਾਬਲੀਅਤ 'ਤੇ ਕੀਤੀਆਂ। ਇਹ ਸੋਚ ਕਾਬਲੇ ਤਾਰੀਫ਼ ਸੀ। ਆਪਣੀ ਹਿਫ਼ਾਜ਼ਤ ਲਈ ਗਰੁਪ ਬਣੇ ਤੇ ਗਰੁਪ ਲੀਡਰਾਂ ਨੂੰ ਨਵਾਬ ਕਪੂਰ ਸਿੰਘ ਨੇ ਇਕੱਠਿਆਂ ਕੀਤਾ ਤੇ ਦਲ ਖਾਲਸਾ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਫ਼ੌਜ ਦੇ ਨਾਲ ਆਧੁਨਿਕ ਤਕਨੀਕਾਂ ਵਰਤਣ ਦੀ ਸਕੀਮ ਬਣਾਈ। ਪੈਦਲ ਤੇ ਤੋਪਖਾਨਾ ਫ਼ੌਜ ਨੂੰ ਸਿਖਲਾਈ ਦਵਾਈ। ਹਰੀ ਰਾਮ ਗੁਪਤਾ ਨੇ ਵਿਸਤਾਰ ਨਾਲ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਨੇ ਪੈਦਲ ਤੇ ਤੋਪਖਾਨਾ ਫ਼ੌਜੀਆਂ ਦੀਆਂ ਤਨਖਾਹਾਂ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ। ਯੂਰਪੀਨ ਅਧਿਕਾਰੀ ਅਤੇ ਤੋਪਚੀ ਫ਼ੌਜੀਆਂ ਨੂੰ ਸਿੱਖਿਅਤ ਕਰਨ ਲਈ ਬੁਲਾਏ ਗਏ। ਤੋਪਖਾਨੇ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਵਰਗੀਕਰਣ ਕੀਤਾ ਗਿਆ। ਤੋਪਾਂ ਦੀ ਢਲਾਈ ਲਈ ਲਾਹੌਰ ਵਿੱਚ ਫ਼ਾਊਂਡਰੀ ਬਣਾਈ ਹੋਈ ਸੀ। ਘੋੜ ਸਵਾਰ ਫ਼ੌਜ ਨੂੰ ਪੱਛਵੀਂ ਲੀਹਾਂ 'ਤੇ ਸਿਖਲਾਈ ਕੋਰਸ ਕਰਵਾਏ ਜਾਂਦੇ ਸਨ। ਅਨੁਸ਼ਾਸਨ ਦੇ ਕਠੋਰ ਨਿਯਮ ਸਨ। ਇਨ੍ਹਾਂ ਦੇ ਵਰਗੀਕਰਣ ਵਿੱਚ ਨਿਯਮਤ ਘੋੜ ਸਵਾਰ, ਘੋੜਚੜ੍ਹਾ ਫ਼ੌਜ ਅਤੇ ਜਾਗੀਰਦਾਰੀ ਫ਼ੌਜ। ਜਿਨ੍ਹਾਂ ਸ਼ਾਸ਼ਕਾਂ ਨੂੰ ਹਰਾਇਆ ਤੇ ਆਪਣੇ ਨਾਲ ਜੋੜਿਆ, ਉਨ੍ਹਾਂ ਦੀ ਵਫ਼ਦਾਰੀ ਜਿੱਤਣ ਲਈ ਬਖ਼ਸ਼ਿਸ਼ਾਂ ਦਿੱਤੀਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁਝ ਭੱਤੇ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਪੁਰਸਕਾਰ ਵਿੱਚ ਖਿਲਅਤ ਦਿੱਤੀ ਜਾਂਦੀ ਸੀ, ਉਸ ਵਿੱਚ ਬਸਤਰ, ਗਹਿਣੇ ਆਦਿ ਅਤੇ ਖਿਤਾਬ ਵੀ ਦਿੱਤੇ ਜਾਂਦੇ ਸਨ। ਪੱਛਵੀਂ ਤਰਜ 'ਤੇ 'ਆਰਡਰ ਆਫ ਮੈਰਿਟ ਜਾਂ ਸਟਾਰ ਆਫ ਦਾ ਪੰਜਾਬ' ਜਿਸ ਵਿੱਚ ਬਹੁਤ ਮਹਿੰਗੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਡਾ.ਜੀ ਐਲ.ਚੋਪੜਾ ਨੇ ਆਪਣੇ ਲੇਖ ਵਿੱਚ ਦੱਸਿਆ ਸਿਵਲ ਪ੍ਰਸ਼ਾਸਨ ਚਲਾਉਣ ਲਈ 15 ਵਿਭਾਗ ਸਥਾਪਤ ਕੀਤੇ ਸਨ। ਇਸ ਤੋਂ ਬਾਅਦ 'ਟਾਲ ਮਟੋਲ ਵਾਲੇ ਮਹਿਕਮੇ' ਸਨ, ਜਿਸ ਤੋਂ ਭਾਵ ਹੈ ਕਿ ਸਾਰਾ ਕੰਮ ਇੱਕ ਨਿਯਮਤ ਢੰਗ ਨਾਲ ਕੀਤਾ ਜਾਂਦਾ ਸੀ। ਮਹਾਰਾਜੇ ਦਾ ਹੁਕਮ ਇੱਕ ਤੋਂ ਬਾਅਦ ਅੱਗੇ ਤੋਂ ਅੱਗੇ ਸਾਰੇ ਮਹਿਕਮਿਆਂ ਨੂੰ ਭੇਜਿਆ ਜਾਂਦਾ ਸੀ। ਕੋਈ ਹੇਰਾਫੇਰੀ ਨਹੀਂ ਹੋ ਸਕਦੀ ਸੀ। 'ਵਿੱਤੀ ਪ੍ਰਸ਼ਾਸਨ' ਵਿੱਚ ਦੱਸਿਆ ਗਿਆ ਕਿ ਖ਼ਰਚੇ ਦਾ ਸਹੀ ਢੰਗ ਨਾਲ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਬਾਕਾਇਦਾ ਨਿਯੁਕਤ ਕੀਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਰਾਹੀਂ ਮਹਾਰਾਜੇ ਦੇ ਹੁਕਮ ਲਾਗੂ ਹੁੰਦੇ ਸੀ। ਇਲਾਕਾਈ ਵੰਡ ਵਿੱਚ ਚਾਰ ਸੂਬੇ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਸਨ। ਲਾਹੌਰ ਵਿੱਚ ਇੱਕ ਵਿਸ਼ੇਸ਼ ਅਦਾਲਤ ਸੀ। ਗ਼ਲਤ ਫ਼ੈਸਲੇ ਨਹੀਂ ਹੁੰਦੇ ਸਨ ਕਿਉਂਕਿ ਮਹਾਰਾਜੇ ਦਾ ਡਰ ਬਰਕਰਾਰ ਰਹਿੰਦਾ ਸੀ। ਅਦਾਲਤੀ ਪ੍ਰਬੰਧ ਵਿੱਚ ਲਿਖਤੀ ਕੋਈ ਪ੍ਰਣਾਲੀ ਨਹੀਂ ਸੀ। ਪਿੰਡ ਪੱਧਰ 'ਤੇ ਪੰਚਾਇਤ , ਸਾਲਸੀ, ਕਾਰਦਾਰਾਂ ਅਤੇ ਮਹੱਤਵਪੂਰਨ ਮਸਲਿਆਂ ਲਈ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ। ਕਤਲ ਦੇ ਕੇਸਾਂ ਵਿੱਚ ਜ਼ੁਰਮਾਨੇ ਹੁੰਦੇ ਸਨ। ਜ਼ਮੀਨਾ ਦੇ ਫ਼ੈਸਲੇ ਰਿਕਾਰਡ ਅਨੁਸਾਰ ਹੁੰਦੇ ਸਨ। ਹਰਦਿੱਤ ਸਿੰਘ ਢਿਲੋਂ ਨੇ ਕਰ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਣਾਲੀ ਬਹੁਤ ਸਰਲ ਸੀ। ਜ਼ਮੀਨ ਤੋਂ ਕਰ ਇਕੱਤਰ ਕਰਨ ਦੀ ਪ੍ਰਣਾਲੀ ਬਿਲਕੁਲ ਵਰਤਮਾਨ ਪੰਜਾਬ ਵਰਗੀ 7 ਪ੍ਰਕਾਰ ਦੀ ਸੀ। ਬਟਾਈ, ਕਨਕੂਤ, ਨਕਦ ਭੁਗਤਾਨ, ਮਿਸ਼੍ਰਿਤ ਪ੍ਰਣਾਲੀ, ਬਿੱਘਾ-ਆਧਾਰ ਪ੍ਰਣਾਲੀ, ਹਲ-ਆਧਾਰ ਪ੍ਰਣਾਲੀ ਅਤੇ ਖੂਹ-ਆਧਾਰ ਪ੍ਰਣਾਲੀ ਸੀ। ਇਹ ਕਰ ਭੂਮੀ ਦੀ ਉਪਜਾਊ ਸ਼ਕਤੀ ਅਨੁਸਾਰ ਨਿਸਚਤ ਕੀਤੇ ਜਾਂਦੇ ਸਨ। ਸਾਲ ਵਿਚ ਦੋ ਵਾਰ ਕਰ ਲਿਆ ਜਾਂਦਾ ਸੀ। ਸੀਮਾ ਕਰ ਤੇ ਆਬਕਾਰੀ ਕਰ ਵੀ ਲਾਗੂ ਸੀ। ਜਾਗੀਰਾਂ, ਇਜਾਰੇਦਾਰੀਆਂ ਨਿਆਇਕ ਸੰਸਥਾਵਾਂ ਦਾ ਕਰ ਅਤੇ ਕਿੱਤਾ ਕਰ ਵੀ ਲਗਾਏ ਹੋਏ ਸਨ। ਹਰਬੰਸ ਸਿੰਘ ਨੇ ਖੇਤੀਬਾੜੀ ਪ੍ਰਬੰਧ ਦੀ ਜਾਣਕਾਰੀ ਦਿੱਤੀ, ਜਿਸ ਅਨੁਸਾਰ ਕਿਸਾਨਾ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਜਿਥੇ ਸਿੰਜਾਈ ਦਾ ਪ੍ਰਬੰਧ ਨਹੀਂ ਸੀ ਉਥੇ ਨਹਿਰ ਪੁੱਟ ਕੇ ਸਿੰਜਾਈ ਦਾ ਪ੍ਰਬੰਧ ਕੀਤਾ ਜਾਂਦਾ ਸੀ। ਬੈਰਾਨੀ ਇਲਾਕਿਆਂ ਵਿੱਚ ਪਸ਼ੂ ਪਾਲਣ 'ਤੇ ਜ਼ੋਰ ਦਿੱਤਾ ਜਾਂਦਾ ਸੀ। ਕਣਕ ਮੁੱਖ ਫਸਲ ਸੀ। ਸਿੰਜਾਈ ਵਿਵਸਥਾ ਬਾਰੇ ਗੁਰਦਿੱਤ ਸਿੰਘ ਨੇ ਲਿਖਿਆ ਕਿ ਮਹਾਰਾਜਾ ਨੇ ਬੰਜਰ ਇਲਾਕੇ ਤੇ ਖਾਸ ਤੌਰ 'ਤੇ ਮੁਲਤਾਨ ਦੇ ਇਲਾਕੇ ਲਈ ਨਹਿਰਾਂ ਖੁਦਵਾ ਕੇ ਨਹਿਰੀ ਸਿੰਜਾਈ ਦਾ ਪ੍ਰਬੰਧ ਕੀਤਾ। 16 ਨਹਿਰਾਂ ਵਿੱਚੋਂ 9 ਸਤਲੁਜ 7 ਝਨਾਅ ਦਰਿਆ 'ਚੋਂ ਕੱਢੀਆਂ ਗਈਆਂ ਸਨ। ਲਗਪਗ 10 ਲੱਖ ਏਕੜ ਨਹਿਰੀ ਸਿੰਜਾਈ ਅਧੀਨ ਲਿਆਂਦਾ। ਆਬਅਿਾਨਾ 12 ਰੁਪਏ ਪ੍ਰਤੀ ਝਲਾਰ ਲਿਆ ਜਾਂਦਾ ਸੀ। ਖੂਹ ਟੈਕਸ ਰੱਬੀ ਫ਼ਸਲ ਲਈ 1 ਰੁਪਿਆ ਤੇ ਖਰੀਫ਼ ਲਈ 2 ਰੁਪਏ ਸੀ। ਪ੍ਰੋ. ਸੱਯਦ ਅਬਦੁਲ ਕਾਦਿਰ ਅੰਗਰੇਜ਼ਾਂ ਨਾਲ ਸੰਬੰਧਾਂ ਬਾਰੇ ਲਿਖਦਾ ਹੈ ਕਿ ਮਹਾਰਾਜਾ ਨੇ ਬਹੁਤ ਹੀ ਸਿਆਣਪ ਨਾਲ ਅੰਗਰੇਜ਼ਾਂ ਨਾਲ ਕੋਈ ਪੰਗਾ ਨਹੀਂ ਲਿਆ, ਸਗੋਂ ਸਦਭਾਵਨਾ ਦਾ ਮਾਹੌਲ ਬਣਾਈ ਰੱਖਿਆ, ਜਿਸ ਦੇ ਸਿੱਟੇ ਵਜੋਂ ਸਤਲੁਜ ਦੇ ਉਰਾਰ ਦੀਆਂ ਰਿਆਸਤਾਂ ਨੂੰ ਆਪਣੀ ਸਿੱਖਾਂ ਦਾ ਰਾਜਾ ਬਣਨ ਦੀ ਇੱਛਾ ਪੂਰੀ ਨਾ ਕਰ ਸਕਿਆ ਪ੍ਰੰਤੂ ਇਸ ਪਾਸਿਉਂ ਉਸ ਨੂੰ ਅੰਗਰੇਜ਼ਾਂ ਤੋਂ ਕੋਈ ਡਰ ਨਾ ਰਿਹਾ। ਜਿਸ ਕਰਕੇ ਮੁਲਤਾਨ, ਝੰਗ, ਕਸ਼ਮੀਰ, ਡੇਰਾ ਇਸਮਾਈਲ ਖ਼ਾਨ, ਡੇਰਾ ਗਾਜ਼ੀ ਖਾਨ, ਪੇਸ਼ਾਵਰ ਅਤੇ ਪੰਜਾਬ ਦੇ ਮੈਦਾਨੀ ਇਲਾਕੇ, ਲਾਹੌਰ ਤੋਂ ਖੈਬਰ ਦੱਰੇ ਤੱਕ ਤੇ ਦੂਜੇ ਪਾਸੇ ਲਾਹੌਰ ਤੋਂ ਸਿੰਧ ਦਰਿਆ ਤੱਕ ਸਾਰਾ ਇਲਾਕਾ ਜਿੱਤ ਲਿਆ। ਇੱਕ ਕਿਸਮ ਨਾਲ ਸਿੱਖਾਂ ਦਾ ਰੱਖਿਅਕ ਵੀ ਅਖਵਾਇਆ। ਸਿੰਧ, ਸ਼ਿਕਾਰਪੁਰ ਤੇ ਫ਼ੀਰੋਜਪੁਰ ਵੀ ਅੰਗਰੇਜ਼ਾਂ ਨੇ ਮਹਾਰਾਜਾ ਨੂੰ ਨਾ ਦਿੱਤੇ। ਤਿਪੱਖੀ ਸੰਧੀ ਵੀ ਮਜ਼ਬੂਰਨ ਕਰਨੀ ਪਈ। ਇਹ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਦੇ ਵਾਅਦਿਆਂ ਤੋਂ ਮੁਕਰਨ ਦੇ ਬਾਵਜੂਦ ਮਹਾਰਾਜਾ ਦੀ ਸਮਝੌਤਾ ਰੁਚੀ ਹੀ ਕੂਟਨੀਤੀ ਦੀ ਆਤਮਾ ਹੈ। ਉਹ ਅੰਗਰੇਜ਼ਾਂ ਨਾਲ ਟਕਰਾਓ ਤੋਂ ਬਚਦਾ ਰਿਹਾ। ਪ੍ਰੋ.ਗੁਲਸ਼ਨ ਰਾਏ ਨੇ ਰਣਜੀਤ ਸਿੰਘ ਅਤੇ ਭਾਰਤ ਦੀ ਉੱਤਰ ਪੱਛਮੀ ਸੀਮਾ ਬਾਰੇ ਲੇਖ ਵਿੱਚ ਲਿਖਿਆ ਕਿ ਅੰਗਰੇਜ਼ਾਂ ਨਾਲ ਸਮਝੌਤੇ, ਉਨ੍ਹਾਂ ਦੀਆਂ ਕੂਟਨੀਤਕ ਚਾਲਾਂ ਕਰਕੇ ਰਣਜੀਤ ਸਿੰਘ ਸਿਰਫ ਪੱਛਮ ਵਲ ਹੀ ਆਪਣਾ ਰਾਜ ਸਥਾਪਤ ਕਰ ਸਕਿਆ। ਪ੍ਰੋ.ਗੁਰਮੁਖ ਨਿਹਾਲ ਸਿੰਘ ਨੇ ਰਣਜੀਤ ਸਿੰਘ ਦੀਆਂ ਮਜ਼ਬੂਰੀਆਂ ਅਤੇ ਚਾਰ ਮੁੱਖ ਸਫਲਤਾਵਾਂ ਅਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਸਦੇ ਸ਼ਾਸ਼ਨ ਦਾ ਰਾਸ਼ਟਰੀ ਸਰੂਪ ਸੀ, ਅਧਿਕਾਰ ਭਾਵੇਂ ਵੰਡੇ ਹੋਏ ਸਨ ਪ੍ਰੰਤੂ ਆਖ਼ਰੀ ਹੁਕਮ ਉਸਦਾ ਹੁੰਦਾ ਸੀ, ਕੁਝ ਬੰਦਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਏ ਸਨ, ਜਿਹੜੇ ਸਿੱਖ ਰਾਜ ਦੇ ਖਾਤਮੇ ਦਾ ਕਾਰਨ ਬਣੇ ਅਤੇ ਚੌਥਾ ਨਿਆਂ ਅਧਿਕਾਰੀਆਂ ਤੇ ਸਰਦਾਰਾਂ ਕੋਲ ਸੀ ਪ੍ਰੰਤੂ ਉਸਦਾ ਫ਼ੈਸਲਾ ਆਖਰੀ ਹੁੰਦਾ ਸੀ ਕਿਉਂਕਿ ਉਹ ਆਪ ਦੌਰੇ ਬਹੁਤ ਕਰਦਾ ਸੀ। ਬਾਵਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ ਕਿ ਮਹਾਰਾਜਾ ਨੇ 40 ਸਾਲ ਰਾਜ ਕੀਤਾ, ਕਿਸੇ ਨੂੰ ਵੀ ਮੌਤ ਦੀ ਸਜਾ ਨਹੀਂ ਦਿੱਤੀ। ਬਚਨ ਦਾ ਪੱਕਾ ਸੀ। ਨਿਆਇਕ ਪ੍ਰਣਾਲੀ ਭਾਵ ਪੂਰਤ ਸੀ। ਸ਼ਾਸ਼ਨ ਧਾਰਮਿਕ ਭੇਦਭਾਵ ਤੋਂ ਰਹਿਤ ਲੋਕ ਸ਼ਾਸ਼ਨ ਸੀ। ਗ਼ਲਤੀ ਸੁਧਾਰਨ ਦੇ ਹੱਕ ਵਿੱਚ ਸੀ। ਸਿੱਖੀ ਦਾ ਪੱਕਾ ਪ੍ਰੰਤੂ ਸਾਰੇ ਧਰਮਾ ਦਾ ਸਤਿਕਾਰ ਕਰਦਾ ਸੀ। ਕੇ.ਸੀ.ਖੰਨਾ ਮਹਾਰਾਜਾ ਦੇ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਕੀਤੇ ਕੰਮਾ ਬਾਰੇ ਲਿਖਦਾ ਹੈ ਕਿ ਉਸ ਨੇ ਧਰਮ ਦੀ ਥਾਂ ਧਰਮ ਨਿਰਪੱਖਤਾ ਨੂੰ ਆਪਣੀ ਸੱਤਾ ਦਾ ਆਧਾਰ ਬਣਾਇਆ ਸੀ। ਰਣਜੀਤ ਸਿੰਘ ਨੇ ਉਚਿਤ ਕੰਮ ਲਈ ਉਚਿਤ ਬੰਦੇ ਚੁਣੇ ਜ਼ਾਤ ਤੇ ਧਰਮ ਦੀ ਥਾਂ ਕੁਸ਼ਲਤਾ ਨੂੰ ਤਰਜੀਹ ਦਿੱਤੀ। ਮਹਾਰਾਜਾ ਨੇ ਸਰਕਾਰ ਚਲਾਉਣ ਲਈ ਸਾਰੀਆਂ ਸੰਪਰਦਾਵਾਂ ਦੀ ਇਕਸਾਰਤਾ ਰੱਖੀ, ਜਿਸ ਕਰਕੇ ਉਸ ਦਾ ਸ਼ਾਸਨ ਰਾਸ਼ਟਰੀ ਪ੍ਰਤੀਤ ਹੁੰਦਾ ਹੈ। ਸਰ ਜੋਗੇਂਦਰਾ ਸਿੰਘ ਨੇ ਆਪਣੇ ਲੇਖ ਵਿੱਚ ਮਹਾਰਾਜਾ ਦੀ ਕੁਸ਼ਲ ਪ੍ਰਬੰਧਕੀ ਕਾਬਲੀਅਤ ਨੂੰ ਸਲਾਮ ਅਤੇ ਹਰਬੰਸ ਸਿੰਘ ਨੇ ਘੋੜਿਆਂ ਦੇ ਪ੍ਰੇਮ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਪਹਿਲੇ ਐਡੀਸ਼ਨ ਬਾਰੇ ਪ੍ਰਤੀਕਰਮ ਦਿੱਤੇ ਗਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਣਾਈ ਰੱਖਣਾਂ ਸਿੱਖ ਪੰਥ ਦੀ ਜ਼ਿੰਮੇਵਾਰੀ - ਉਜਾਗਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖ ਜਗਤ ਲਈ ਸਰਵੋਤਮ ਪਵਿਤਰ ਸਥਾਨ ਹੈ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਪੀਰੀ ਤੇ ਮੀਰੀ ਦੇ ਸਥਾਨ ਦੀ ਸਥਾਪਨਾ ਸਿਆਸੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ, ਸਿੱਖ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ, ਅਧਿਆਤਮਿਕ ਅਗਵਾਈ ਤੇ ਰਾਜਨੀਤਕ ਪ੍ਰਭੁਸਤਾ ਹਾਸਲ ਕਰਨ ਲਈ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਪੰਥਕ ਕੇਂਦਰ ਵਜੋਂ ਅਕਾਲ ਬੁੰਗੇ ਦੇ ਰੂਪ ਵਿੱਚ ਹੋਈ ਸੀ। ਪੀਰੀੇ/ਧਰਮ ਅਤੇ ਮੀਰੀੇ/ਸਿਆਸਤ, ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਪੀਰੀੇ/ਧਰਮ ਪਹਿਲਾਂ ਰੱਖਿਆ ਤੇ ਮੀਰੀੇ/ਸਿਆਸਤ ਬਾਦ ਵਿੱਚ। ਬਾਅਦ ਵਿੱਚ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖ ਧਰਮ ਦੇ ਅਨੁਆਈਆਂ ਭਾਵ ਸਿੱਖਾਂ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ। ਜਿਹੜੇ ਸਿੱਖ, ਸਿੱਖ ਧਰਮ ਦੀ ਵਿਚਾਰਧਾਰਾ, ਪਰੰਪਰਾਵਾਂ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਕਰਨ, ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਛੇਕਣਾ ਪ੍ਰੰਤੂ ਜੇਕਰ ਬਹੁਤੀ ਗੰਭੀਰ ਗ਼ਲਤੀ ਨਹੀਂ ਤਾਂ ਧਾਰਮਿਕ ਤਨਖ਼ਾਹ ਲਗਾ ਕੇ ਮੁੜ ਪੰਥ ਵਿੱਚ ਸ਼ਾਮਲ ਕਰਨਾ ਹੁੰਦਾ ਹੈ। ਗੁਨਾਹ ਮੁਆਫ਼ ਨਹੀਂ ਹੋ ਸਕਦਾ। ਕੋਈ ਸੱਚਾ ਸੁੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਵੰਗਾਰ ਨਹੀਂ ਸਕਦਾ ਅਤੇ ਨਾ ਹੀ ਉਸ ਦੇ ਹੁਕਮਨਾਮੇ/ਗੁਰਮਤੇ ਨੂੰ ਅਣਡਿਠ ਕਰ ਸਕਦਾ ਹੈ। ਸਰਵੋਤਮ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਥੇਦਾਰ ਉਸਦਾ ਮੁੱਖੀ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਬਰਕਰਾਰ ਰੱਖਣਾ ਵੀ ਸਿੱਖ ਸੰਗਤ ਦਾ ਫ਼ਰਜ਼ ਬਣਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਭ ਨਾਲੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਕੋਲ ਆਈਆਂ ਸਿੱਖ ਮਰਿਆਦਾ ਦੀ ਉਲੰਘਣਾ ਸੰਬੰਧੀ ਸ਼ਿਕਾਇਤਾਂ ਬਾਰੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਨਿਰਪੱਖ ਫ਼ੈਸਲੇ ਕਰਕੇ ਹੁਕਮਨਾਮੇੇ/ਗੁਰਮਤੇ ਜ਼ਾਰੀ ਕਰਨ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਨੂੰ 1609 ਵਿੱਚ ਨਿਯੁਕਤ ਕੀਤਾ ਸੀ, ਜਿਹੜੇ 1637 ਤੱਕ 28 ਸਾਲ ਇਸ ਪਵਿਤਰ ਅਹੁਦੇ ‘ਤੇ ਰਹੇ। ਦੂਜੇ ਜਥੇਦਾਰ ਭਾਈ ਮਨੀ ਸਿੰਘ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਨਿਯੁਕਤ ਕੀਤਾ ਸੀ, ਜਿਹੜੇ 1737 ਤੱਕ 38 ਸਾਲ ਜਥੇਦਾਰ ਰਹੇ। ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ 4 ਜਥੇਦਾਰ ਦਰਬਾਰਾ ਸਿੰਘ, ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਅਕਾਲੀ ਫੂਲਾ ਸਿੰਘ ਤੱਕ ਸਰਬੱਤ ਖਾਲਸਾ ਨਿਯੁਕਤੀ ਕਰਦੀ ਰਹੀ। ਦੋ ਜਥੇਦਾਰ ਹਨੂਮਾਨ ਸਿੰਘ ਅਤੇ ਪਰਹਲਾਦ ਸਿੰਘ ਬੁੱਢਾ ਦਲ ਨੇ ਨਿਯੁਕਤ ਕੀਤੇ ਸਨ। ਤੇਜਾ ਸਿੰਘ ਭੁੱਚਰ ਨੂੰ ਸਰਬਤ ਖਾਲਸਾ ਨੇ 1920 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਤੇ ਉਹ 1921 ਤੱਕ ਇਸ ਅਹੁਦੇ ‘ਤੇ ਰਹੇ। ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਦੀ ਆ ਰਹੀ ਹੈ। ਸਿੱਖ ਸਿਆਸਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੋਂ 99 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ 1708 ਵਿੱਚ ਆਉਣ ਤੋਂ ਬਾਅਦ ਆਈ। 1980 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਮਤਿ ਦੇ ਧਾਰਨੀ ਧਾਰਮਿਕ ਗੁਰਮੁੱਖ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ, ਜਿਹੜੇ ਮੰਨੇ ਪ੍ਰਮੰਨੇ ਅਧਿਆਤਮਿਕ ਤੌਰ ਤੇ ਪ੍ਰਮਾਣਤ ਸਿੱਖ ਧਰਮ ਦੇ ਗਿਆਤਾ ਹੁੰਦੇ ਸਨ। 1980 ਤੱਕ ਉਚ ਕੋਟੀ ਦੇ ਜਥੇਦਾਰ ਹੋਣ ਕਰਕੇ ਕੋਈ ਵਾਦਵਿਵਾਦ ਨਹੀਂ ਹੋਇਆ। ਇੱਥੋਂ ਤੱਕ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੋ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਵੀ ਸਨ ਅਤੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਸਿੱਖ ਜਗਤ ਦਾ ਹੈ ਨਾ ਕਿ ਕਿਸੇ ਇੱਕ ਪਾਰਟੀ ਦਾ, ਸਿੱਖ ਤਾਂ ਸਾਰੀਆਂ ਪਾਰਟੀਆਂ ਵਿੱਚ ਹਨ। ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮ ਗ੍ਰੰਥੀ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੋਣਾ ਕੋਈ ਗ਼ਲਤ ਗੱਲ ਨਹੀਂ ਪ੍ਰੰਤੂ ਉਸਦਾ ਨਿਰਪੱਖ ਰਹਿਣਾ ਅਸੰਭਵ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਧੀਨ ਕੰਮ ਕਰਨਾ ਪੈਂਦਾ ਹੈ। ਕਮੇਟੀ ਤੋਂ ਨੌਕਰੀ ਦੀ ਤਨਖ਼ਾਹ ਲੈਂਦਾ ਹੈ, ਕੁਦਰਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਰਹੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਿਸੇ ਦੇ ਅਧੀਨ ਨਹੀਂ ਹੋ ਸਕਦਾ। ਇਸ ਪਵਿਤਰ ਸਥਾਨ ਤੇ ਨਿਯੁਕਤ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਧੀਨ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਠੋਕੇ ਬਣਨ ਤੋਂ ਇਨਕਾਰ ਕੀਤਾ, ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਰਿਹਾ। ਇਥੋਂ ਤੱਕ ਕਿ ਕਾਰਜਕਾਰੀ ਭਾਵ ਕੰਮ ਚਲਾਊ ਜਥੇਦਾਰ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਉਹ ਆਪਣੇ ਹੁਕਮਰਾਨਾ ਦੇ ਹੁਕਮਾ ਦੀ ਪਾਲਣਾ ਕਰਦੇ ਰਹਿਣ। 1952 ਵਿੱਚ ਪਹਿਲੀ ਵਾਰ ਪਰਤਾਪ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਟਿੰਗ ਅਰਥਾਤ ਕੰਮ ਚਲਾਊ ਜਥੇਦਾਰ ਲਗਾਇਆ। ਉਸਤੋਂ ਬਾਅਦ 10 ਵਾਰੀ ਹੋਰ ਐਕਟਿੰਗ ਜਥੇਦਾਰ ਨਿਯੁਕਤ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਆਪਣੀ ਮਰਜ਼ੀ ਅਨੁਸਾਰ ਚਲਾਉਣ ਲੱਗਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਦੀ ਲਾਈਨ ਟੋਅ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜਥੇਦਾਰ ਟੌਹੜਾ ਨੂੰ ਹੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਫਿਰ ਤਾਂ ਪ੍ਰਧਾਨਗੀ ਦੀ ਪਰਚੀ ਦੇ ਦੋਸ਼ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਵਿੱਚੋਂ ਨਿਕਲਣ ਦੇ ਲੱਗਣ ਲੱਗ ਪਏ। ਅਕਾਲ ਤਖ਼ਤ ਦੇ ਦੋ ਜਥੇਦਾਰ ਭਾਈ ਮਨਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਵੀ ਸਰਕਾਰੀ ਲਾਈਨ ਟੋਅ ਨਾ ਕਰਨ ਕਰਕੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਜੋ ਫ਼ੈਸਲੇ ਪੰਥਕ ਹਿੱਤਾਂ ਦੇ ਵਿਰੁੱਧ ਕਰਵਾਏ ਗਏ, ਉਨ੍ਹਾਂ ਨੂੰ ਸਿੱਖ ਸੰਗਤ ਜਾਣਦੀ ਹੈ। ਉਨ੍ਹਾਂ ਵਾਦਵਿਵਾਦ ਵਾਲੇ ਫ਼ੈਸਲਿਆਂ ਤੋਂ ਬਾਅਦ ਅਕਾਲੀ ਦਲ ਵੀ ਹਾਸ਼ੀਏ ‘ਤੇ ਚਲਾ ਗਿਆ। ਜਿਸ ਸੋਚ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੀਰੀ ਤੇ ਮੀਰੀ ਦਾ ਸੰਕਲਪ ਦਿੱਤਾ ਸੀ, ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਤਹਿਸ ਨਹਿਸ ਕਰ ਦਿੱਤਾ। ਸੋਚਣ ਵਾਲੀ ਗੱਲ ਤਾਂ ਇਹੋ ਹੈ ਕਿ ਕੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਥੇਦਾਰ ਨਿਰਪੱਖ ਹੋ ਕੇ ਫ਼ੈਸਲੇ ਕਰ ਸਕਦੇ ਹਨ? ਪੁਰਾਤਨ ਪਰੰਪਰਾ ਅਨੁਸਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਰਬੱਤ ਖਾਲਸਾ ਦੁਆਰਾ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਪ੍ਰੰਤੂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯੁਕਤ ਕਰਨੇ ਹਨ ਤਾਂ ਉਨ੍ਹਾਂ ਲਈ ਕੋਈ ਨਿਯਮ ਬਣਾਉਣੇ ਚਾਹੀਦੇ ਹਨ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਮਿਆਦ ਨਿਸਚਤ ਹੋਣੀ ਚਾਹੀਦੀ ਹੈ। ਐਕਟਿੰਗ ਜਥੇਦਾਰ ਨਹੀਂ ਹੋਣੇ ਚਾਹੀਦੇ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਸਹੀ ਨਿਯਮਾ ਅਨੁਸਾਰ ਕਰਦੀ ਤਾਂ ਸਮਾਨਾਂਤਰ ਜਥੇਦਾਰ ਨਿਯੁਕਤ ਨਹੀਂ ਕਰਨੇ ਪੈਣੇ ਸਨ। ਨਿਰਪੱਖ ਫ਼ੈਸਲਿਆਂ ਲਈ ਨਿਰਪੱਖ ਗੁਰਮੁੱਖ ਗੁਰਮਤਿ ਦੇ ਧਾਰਨੀ ਹੋਣੇ ਚਾਹੀਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਜ ਤਖ਼ਤਾਂ ਦੇ ਮੁੱਖ ਗ੍ਰੰਥੀਆਂ/ ਜਥੇਦਾਰਾਂ ਨਾਲ ਮੀਟਿੰਗ ਕਰਕੇ ਫ਼ੈਸਲੇ ਕਰਕੇ ਹੁਕਮਨਾਮੇ /ਗੁਰਮਤੇ ਜ਼ਾਰੀ ਕਰਦੇ ਹਨ ਪ੍ਰੰਤੂ ਬਾਕੀ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੁੰਦੇ ਹਨ। ਸਿੱਖ ਧਰਮ ਦੇ 5 ਤਖ਼ਤ ਹਨ, ਜਿਨ੍ਹਾਂ ਦੇ ਮੁਖੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਵਿੱਚ ਫ਼ੈਸਲੇ ਕਰਕੇ ਹੁਕਮਨਾਮੇ /ਗੁਰਮਤੇ ਜ਼ਾਰੀ ਕਰਦੇ ਹਨ। ਉਨ੍ਹਾਂ ਦੇ ਫ਼ੈਸਲੇ ਕਦੀਂ ਵੀ ਨਿਰਪੱਖ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਨਖ਼ਾਹ ਲੈਂਦੇ ਹਨ। ਸਿੱਖ ਸੰਗਤ ਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਮੁਖੀਆਂ ਨੂੰ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਬੁਲਾਕੇ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਕਿਹਾ ਗਿਆ ਸੀ। ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਤੌਹੀਨ ਹੋਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਬਿਨਾ ਸ੍ਰੀ ਅਕਾਲ ਤਖ਼ਤ ‘ਤੇ ਪੇਸ਼ ਹੋਇਆਂ ਹੀ ਮੁਆਫ਼ੀ ਦੇਣਾ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਣ ਦੇ ਬਰਾਬਰ ਸੀ। ਵੈਸੇ ਰਾਮ ਰਹੀਮ ਤਾਂ ਸਿੱਖ ਹੀ ਨਹੀਂ, ਉਸ ਨੂੰ ਤਖ਼ਤ ‘ਤੇ ਬੁਲਾਇਆ ਹੀ ਨਹੀਂ ਜਾ ਸਕਦਾ, ਮੁਆਫ਼ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਕਮਨਾਮੇ /ਗੁਰਮਤੇ ਵਾਪਸ ਲਏ ਹੀ ਨਹੀਂ ਜਾ ਸਕਦੇ। ਇਥੇ ਹੀ ਬਸ ਨਹੀਂ ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਜਾਇਜ਼ ਸਾਬਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਇਹ ਸਾਬਤ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ‘ਤੇ ਹੋਇਆ ਸੀ। ਜੇਕਰ ਸ੍ਰੀ ਅਕਾਲ ਤਖ਼ਤ ਦਾ ਇਹ ਫ਼ੈਸਲਾ ਸਹੀ ਸੀ ਤਾਂ ਫਿਰ ਸਿੱਖ ਸਿੱਖ ਸੰਗਤਾਂ ਦੇ ਵੱਡੇ ਪੱਧਰ ‘ਤੇ ਕੀਤੇ ਗਏ ਵਿਰੋਧ ਤੋਂ ਬਾਅਦ ਵਾਪਸ ਕਿਉਂ ਲਿਆ ਗਿਆ? ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਦਾ ਭਾਵ ਇਹ ਸੀ ਕਿ ਰਾਜਨੀਤਕ ਤਾਕਤ ਦੀ ਛਤਰਛਾਇਆ ਹੇਠ ਸਿੱਖ ਧਰਮ ਪ੍ਰਫੁਲਤ ਹੋਵੇਗਾ ਪ੍ਰੰਤੂ ਰਾਜਨੀਤਕ ਲੋਕਾਂ ਵੱਲੋਂ ਅਜਿਹੇ ਫ਼ੈਸਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਭਾਵਨਾ ਦੇ ਉਲਟ ਕਰਕੇ ਉਹ ਲੋਕ ਕੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਰਾਜਨੀਤਕ ਲੋਕ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਟਿੱਚ ਸਮਝਦੇ ਹਨ? ਮਾਸਟਰ ਤਾਰਾ ਸਿੰਘ ਦੇ ਸਮੇਂ ਤੱਕ ਸਿਆਸਤਦਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਕੰਮ ਵਿੱਚ ਦਖ਼ਅੰਦਾਜ਼ੀ ਨਹੀਂ ਹੋਈ। ਇੱਕ ਕਿਸਮ ਨਾਲ ਰਾਜਨੀਤਕ ਲੋਕ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸੋਚ ਤੇ ਕਾਰਜਸ਼ੈਲੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਬਰਕਰਾਰ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ ਤੇ ਉਹ ਸਮੁੱਚੀ ਸਿੱਖ ਸੰਗਤ ਨੂੰ ਜਵਾਬਦੇਹ ਹੋਵੇਗਾ ਨਾ ਕਿ ਸਿਆਸਤਦਾਨਾ ਨੂੰ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ - ਉਜਾਗਰ ਸਿੰਘ
ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ ਪਰਿਕਰਮਾ’ ਉਸ ਦਾ ਤੀਜਾ ਕਾਵਿ ਸੰਗ੍ਰਹਿ ਹੈ। ਉਸ ਦੀ ਹਰ ਕਵਿਤਾ ਦਾ ਹਰ ਸ਼ਬਦ ਮੁਹੱਬਤ ਦੀ ਬਾਤ ਪਾਉਂਦਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਨਿੱਕੀਆਂ ਤੇ ਵੱਡੀਆਂ 70 ਕਵਿਤਾਵਾਂ ਹਨ। ਇਹ ਕਾਵਿ ਸ੍ਰੰਗਹਿ ਆਮ ਕਾਵਿ ਸ੍ਰੰਗਹਿਾਂ ਤੋਂ ਨਿਵੇਕਲਾ ਹੈ ਕਿਉਂਕਿ ਇਨ੍ਹਾਂ ਸਾਰੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਦੇ ਅਰਥਾਂ ਨੂੰ ਦਰਸਾਉਂਦੇ ਚਿਤਰ ਬਰਾਬਰ ਦੇ ਪੰਨੇ ‘ਤੇ ਬਣਾਏ ਹੋਏ ਹਨ। ਜਦੋਂ ਤੁਸੀਂ ਕਾਵਿ ਸ੍ਰੰਗਹਿ ਪੜ੍ਹਨ ਲਈ ਖੋਲ੍ਹਦੇ ਹੋ ਤਾਂ ਪਹਿਲਾਂ ਖੱਬੇ ਹੱਥ ਚਿਤਰ ਤੇ ਸੱਜੇ ਹੱਥਲੇ ਪੰਨੇ ‘ਤੇ ਕਵਿਤਾ ਹੁੰਦੀ ਹੈ। ਇਹ ਚਿਤਰ ਹੀ ਕਵਿਤਾ ਦੀ ਭਾਵਨਾ ਪ੍ਰਗਟਾ ਦਿੰਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪਿਆਰ ਮੁਹੱਬਤ ਹੈ ਪ੍ਰੰਤੂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੀ ਕੁਝ ਕਵਿਤਾਵਾਂ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਮੰਤਵੀ ਤੇ ਬਹੁ-ਪਰਤੀ ਹਨ। ਡੂੰਘੇ ਅਰਥਾਂ ਵਾਲੀਆਂ ਹਨ, ਜਿਨ੍ਹਾਂ ਨੂੰ ਸਿੰਬਾਲਿਕ ਵੀ ਕਿਹਾ ਜਾ ਸਕਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਦਵਿੰਦਰ ਬਾਂਸਲ ਦੇ ਅੰਤਰ ਮਨ ਦੀ ਆਵਾਜ਼ ਹਨ। ਇਹ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਲਖ਼ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਦਵਿੰਦਰ ਬਾਂਸਲ ਦੀ ਕਮਾਲ ਹੈ ਕਿ ਉਸ ਨੇ ਇਨ੍ਹਾਂ ਕਵਿਤਾਵਾਂ ਨੂੰ ਲੋਕਾਈ ਦੇ ਦਰਦ ਵਿੱਚ ਬਦਲ ਦਿੱਤਾ ਹੈ। ਇਹ ਹਰ ਇਸਤਰੀ ‘ਤੇ ਢੁਕਦੀਆਂ ਹਨ। ਕਵਿਤਰੀ ਨੇ ਆਪਣਾ ਮਨ ਇਨ੍ਹਾਂ ਕਵਿਤਾਵਾਂ ਰਾਹੀਂ ਦ੍ਰਿਸ਼ਟਾਂਤਿਕ ਰੂਪ ਵਿੱਚ ਪ੍ਰਗਟਾਅ ਦਿੱਤਾ ਹੈ। ਕਵਿਤਰੀ ਔਰਤਾਂ ਨੂੰ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੀ ਪਛਾਣ ਕਰਨ ਲਈ ਜਾਗਰੂਕ ਕਰ ਰਹੀ ਹੈ। ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਸਵੈ ਦੀ ਪਰਿਕਰਮਾ’ ਵਿੱਚ ਔਰਤ ਨੂੰ ਬਹਾਦਰੀ ਨਾਲ ਸਮਾਜਿਕ ਤਾਣੇ ਬਾਣੇ ਦਾ ਡੱਟਕੇ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ। ਸਮਰਪਣ ਕਵਿਤਾ ਵੀ ਔਰਤਾਂ ਨੂੰ ਸਵੈ ਦੀ ਪਹਿਚਾਣ ਕਰਨ ਲਈ ਪ੍ਰੇਰਦੀ ਹੈ। ਹਰ ਇਸਤਰੀ ਇਨ੍ਹਾਂ ਕਵਿਤਾਵਾਂ ਵਿੱਚ ਆਪਣਾ ਅਕਸ ਵੇਖ ਰਹੀ ਹੈ।
ਦਵਿੰਦਰ ਬਾਂਸਲ ਭਾਵੇਂ ਕੀਨੀਆਂ ਦੀ ਜੰਮੀ ਪਲੀ ਤੇ ਪ੍ਰਵਾਸ ਵਿੱਚ ਹੀ ਪੜ੍ਹੀ ਲਿਖੀ ਹੈ ਪ੍ਰੰਤੂ ਉਸ ਦਾ ਪੰਜਾਬੀ ਵਿਰਾਸਤ ਨਾਲ ਮੋਹ ਤੇ ਇਸਤਰੀਆਂ ਦੀ ਮਨੋਦਿਸ਼ਾ ਦਾ ਡੂੰਘਾ ਅਧਿਐਨ, ਉਸ ਦੀਆਂ ਕਵਿਤਾਵਾਂ ਵਿੱਚੋਂ ਝਲਕਦਾ ਹੈ। ਇਸਤਰੀ ਦੀ ਜ਼ਿੰਦਗੀ ਦੇ ਉਤਰਾਅ ਝੜ੍ਹਾਅ ਕਵਿਤਰੀ ਦੀ ਮਾਨਸਿਕਤਾ ਨੂੰ ਟੁੰਬਦੇ ਰਹਿੰਦੇ ਹਨ। ਕੁਝ ਕਵਿਤਾਵਾਂ ਇਸਤਰੀਆਂ ਨੂੰ ਆਪਣਾ ਭਵਿਖ ਆਪ ਸੁਆਰਨ ਦੀ ਤਾਕੀਦ ਕਰਦੀਆਂ ਹਨ। ਉਹ ਇਸਤਰੀਆਂ ਨੂੰ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਕਹਿੰਦੀ ਹੈ ਪ੍ਰੰਤੂ ਸਮਾਜ ਉਸ ਨੂੰ ਬਣਦਾ ਮਨ ਸਨਮਾਨ ਦੇਣ ਤੋਂ ਕੰਨੀ ਕਤਰਾਉਂਦਾ ਹੈ। ਘਰੇਲੂ ਕਲੇਸ਼ ਤੇ ਹਿੰਸਾ ਔਰਤਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਨ। ਧੋਖੇ, ਦਗ਼ਾ, ਫਰੇਬ ਅਤੇ ਸਮਾਜਿਕ ਕੁਰੀਤੀਆਂ ਔਰਤ ਦੀ ਜ਼ਿੰਦਗੀ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਰਹਿੰਦੇ ਹਨ। ਸੰਗੀਤ ਤੇ ਮੁਹੱਬਤ ਇਨਸਾਨ ਦੀ ਮਾਨਸਿਕਤਾ ਨੂੰ ਟੁੰਬਦਾ ਹੈ ਤੇ ਫਿਰ ਜ਼ਿੰਦਗੀ ਸੌਖਿਆਂ ਬਸਰ ਕੀਤੀ ਜਾ ਸਕਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਮੁਹੱਬਤ ਨੂੰ ਜ਼ਿੰਦਗੀ ਦਾ ਦੂਜਾ ਨਾਮ ਦਿੰਦੀਆਂ ਹਨ। ਮੁਹੱਬਤ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਦਰਦ ਤੇ ਮੁਹੱਬਤ ਇਕ ਦੂਜੇ ਦੇ ਪੂਰਕ ਹਨ। ਮੁਹੱਬਤ ਜ਼ਿੰਦਗੀ ਨੂੰ ਰੰਗੀਨ ਬਣਾਉਂਦੀ ਹੈ, ਜਿਸ ਕਰਕੇ ਰੌਸ਼ਨੀ ਦੀ ਕਿਰਨ ਵਿਖਾਈ ਦੇਣ ਲੱਗਦੀ ਹੈ। ਵਸਲ ਦੀ ਤਾਂਘ ਜੀਣ ਦਾ ਬਹਾਨਾ ਬਣਦੀ ਹੈ। ਮੁਹੱਬਤ, ਵਸਲ ਤੇ ਬ੍ਰਿਹਾ ਦਾ ਆਪਸੀ ਗੂੜ੍ਹਾ ਨਹੁੰ ਮਾਸ ਦਾ ਸੰਬੰਧ ਹੁੰਦਾ ਹੈ। ਪਿਆਰ, ਮਹੱਬਤ ਤੇ ਇਸ਼ਕ ਵਿੱਚ ਇਹ ਤਿੰਨੋ ਅਵਸਥਾਵਾਂ ਹਰ ਹਾਲਤ ਵਿੱਚ ਆਉਂਦੀਆਂ ਹਨ। ਕਵਿਤਰੀ ਨੇ ਤਿੰਨੋ ਅਵਸਥਾਵਾਂ ਦੀਆਂ ਕਵਿਤਾਵਾਂ ਰਚੀਆਂ ਹਨ। ਇਸ਼ਕ ਦੀਆਂ ਚਸਕਾਂ ਦਾ ਦਰਦ ਬ੍ਰਿਹਾ ਦੇ ਰੂਪ ਵਿੱਚ ਵਾਸਤਾ, ਹਿਜਰ, ਜਿੰਦ ਬੀਤ ਚਲੀਏ, ਅਸੀਂ ਤੁਰ ਜਾਣਾ, ਹੱਡੀਂ ਰਚਿਆ ਇਸ਼ਕ, ਉਮੀਦ, ਹੋਂਦ, ਵਸਲ ਦੀ ਚਾਹਤ, ਦੂਰੀ, ਜੋਬਨ ਰੁੱਤੇ, ਬੇਗਾਨਗੀ, ਅਗਨ, ਆਜਾ ਮਾਹੀ ਕਵਿਤਾਵਾਂ ਰਾਹੀਂ ਪ੍ਰਗਟ ਹੁੰਦਾ ਹੈ। ਪਰਵਾਸ ਵਿੱਚ ਔਰਤ ਆ ਕੇ ਆਜ਼ਾਦੀ ਦੇ ਗ਼ਲਤ ਅਰਥ ਕੱਢਦੀ ਹੈ। ਪੈਸਾ ਹੀ ਜ਼ਿੰਦਗੀ ਨਹੀਂ ਹੁੰਦਾ। ਲੜਕੀਆਂ ਨੂੰ ਮਰਦਾਂ ਵੱਲੋਂ ਵਿਖਾਏ ਜਾਂਦੇ ਸਬਜਬਾਗਾਂ ਤੋਂ ਬਚਣਾ ਚਾਹੀਦਾ ਹੈ। ਕੁਝ ਕਵਿਤਾਵਾਂ ਵਿੱਚ ਉਸ ਦਾ ਪੰਜਾਬ ਵਾਪਸ ਆਉਣ ਦਾ ਹੇਰਵਾ ਵੀ ਵਿਖਾਈ ਦਿੰਦਾ ਹੈ। ਉਹ ਆਜ਼ਾਦ ਖਿਆਲਾਂ ਦੀ ਕਵਿਤਰੀ ਹੈ, ਜਿਹੜੀ ਆਪਣੀਆਂ ਕਵਿਤਾਵਾਂ ਰਾਹੀਂ ਹਰ ਇਸਤਰੀ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਬੇਖ਼ੌਫ਼ ਹੋ ਕੇ ਮੁਕਾਬਲਾ ਕਰਨ ਅਤੇ ਇਸਤਰੀ ਹੋਣ ਦੇ ਤੋਹਫ਼ੇ ਦਾ ਆਨੰਦ ਮਾਨਣ ਲਈ ਪ੍ਰੇਰਦੀ ਹੈ। ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਅਨੁਸਾਰ ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਸੱਚੀ-ਸੁੱਚੀ ਮੁਹੱਬਤ ਦੀ ਗਵਾਹੀ ਭਰਦੀ ਹੋਈ, ਸਮਾਜਿਕ ਪ੍ਰਾਣੀਆਂ ਨੂੰ ਮੁਹੱਬਤ ਦੇ ਪਵਿਤਰ ਸੰਕਲਪ ‘ਤੇ ਪਹਿਰਾ ਦੇਣ ਦੀ ਵਕਾਲਤ ਕਰਦੀ ਹੈ। ਉਹ ਵਰਤਮਾਨ ਸਮਾਜ ਵਿੱਚ ਇਸਤਰੀ ਨਾਲ ਹੋ ਰਹੇ ਦੁਰਵਿਵਹਾਰ ਤੋਂ ਬਹੁਤ ਖ਼ਫਾ ਹੈ। ਕਵਿਤਰੀ ਇਸਤਰੀ ਦੇ ਸੰਤਾਪ ਨੂੰ ਖ਼ੁਸ਼ਗਵਾਹ ਮਾਹੌਲ ਵਿੱਚ ਬਦਲਣ ਲਈ ਤਤਪਰ ਹੈ। ਦਵਿੰਦਰ ਬਾਂਸਲ ਦੀਆਂ ਸਮੁੱਚੀਆਂ ਕਵਿਤਾਵਾਂ ਮੁੜ ਘਿੜਕੇ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ, ਉਲਝਣਾਂ ਅਤੇ ਅਨੇਕ ਕਿਸਮ ਦੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਵਕਾਲਤ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਇਸਤਰੀ ਦੀ ਸੁੰਦਰਤਾ ਦੇ ਅਖੌਤੀ ਪੁਜਾਰੀ ਭਾਰੂ ਹੋਏ ਪਏ ਹਨ। ਕਵਿਤਰੀ ਇਸਤਰੀਆਂ ਨੂੰ ਉਨ੍ਹਾਂ ਦੇ ਅਡੰਬਰਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾਂ ਕਰਦੀ ਹੈ। ਔਰਤ ਦੇ ਹਾਰ ਸ਼ਿੰਗਾਰ ਅਪੂਰਨਤਾ ਦੀ ਨਿਸ਼ਾਨੀ ਹਨ। ਔਰਤ ਨੂੰ ਵੀ ਬਾਹਰੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਵਲ ਧਿਆਨ ਦੇਣਾ ਚਾਹੀਦਾ ਹੈ। ਹਰ ਮਰਦ ਭਾਵੇਂ ਪਿਤਾ, ਪਤੀ ਤੇ ਪੁੱਤਰ ਹੋਵੇ ਉਨ੍ਹਾਂ ਦਾ ਔਰਤ ਬਾਰੇ ਨਜ਼ਰੀਆ ਇੱਕੋ ਜਿਹਾ ਹੁੰਦਾ ਹੈ। ਉਹ ਆਪਣੀ ਅਸਫਲਤਾ ਸਮੇਂ ਹਮੇਸ਼ਾ ਔਰਤ ਦੇ ਚਰਿਤਰ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਔਰਤਾਂ ਵਹਿਮਾ-ਭਰਮਾ ਦੇ ਚੁੰਗਲ ਵਿੱਚੋਂ ਬਾਹਰ ਨਿਕਲ ਰਹੀਆਂ ਹਨ। ਸਮਾਜ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਇਸਤਰੀ ਸਿਰਫ਼ ਪਿਆਰ ਮੁਹੱਬਤ ਦੀ ਪ੍ਰਤੀਕ ਹੈ। ਪਿਆਰ ਨੂੰ ਦੁਰਾਚਾਰ ਨਾ ਬਣਾਇਆ ਜਾਵੇ। ਦਵਿੰਦਰ ਬਾਂਸਲ ਇਸਤਰੀ ਨੂੰ ਆਪਣੀ ਹਿਫ਼ਾਜ਼ਤ ਆਪ ਕਰਨ ਦੀ ਨਸੀਅਤ ਦਿੰਦੀ ਹੈ। ਸਮਾਜਿਕ ਬਘਿਆੜ ਰੂਪੀ ਮਨੁੱਖੀ ਕਿਰਦਾਰਾਂ ਤੋਂ ਸੁਚੇਤ ਹੋ ਕੇ ਉਨ੍ਹਾਂ ਦੀ ਬਦਨੀਅਤ ਨੂੰ ਖੇਰੂੰ-ਖੇਰੂੰ ਕਰਨ ਲਈ ਇਸਤਰੀਆਂ ਨੂੰ ਲਾਮਬੰਦ ਹੋਣਾ ਪਵੇਗਾ। ਮਰਦ ਔਰਤਾਂ ਦੇ ਜ਼ਜ਼ਬਿਆਂ ਅਰਥਾਤ ਭਾਵਨਾਵਾਂ ਲਾਲ ਖੇਡਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਔਰਤਾਂ ਭਾਵਕ ਹੋ ਕੇ ਚੁੰਗਲ ਵਿੱਚ ਫਸ ਜਾਂਦੀਆਂ ਹਨ। ਔਰਤਾਂ ਦੇ ਜ਼ਜ਼ਬਿਆਂ ਨਾਲ ਸੰਬੰਧਤ ਇਹ ਨਾ ਸੋਚੀਂ, ‘ਹਾਰ ਚਲੇ’, ‘ਹਾਰ ਗਏ ਹਾਂ’, ‘ਉਮੀਦ’, ‘ਕੀ ਕਰੀਏ’ ਆਦਿ ਹਨ। ‘ਤਿੜਕੀ ਹੋਂਦ’ ਕਵਿਤਾ ਵਿੱਚ ਕਵਿਤਰੀ ਇਨਸਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਗੱਲ ਕਰਦੀ ਹੈ।
ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾ ‘ਜ਼ਮਾਨਾ’ ਵਿੱਚ ਕਵਿਤਰੀ ਨੇ ਨਸ਼ੇ, ਭਰੂਣ ਹੱਤਿਆ ਤੇ ਵਿਖਾਵਾ ਕਰਨ ਦੀ ਪ੍ਰਵਿਰਤੀ ਤੋਂ ਪ੍ਰਹੇਜ ਕਰਨ ਲਈ ਕਿਹਾ ਹੈ। ‘ਖੈਰ ਮੰਗਾਂ’ ਕਵਿਤਾ ਵਿੱਚ ਬੇਰੋਜ਼ਗਾਰੀ ਕਰਕੇ ਪੰਜਾਬੀ ਪ੍ਰਵਾਸ ਦਾ ਰੁੱਖ ਅਖਤਿਆਰ ਕਰ ਰਹੇ ਹਨ ਪ੍ਰੰਤੂ ਪ੍ਰਵਾਸ ਵਿੱਚ ਸਭ ਕੁਝ ਅੱਛਾ ਨਹੀਂ, ਬੱਚਿਆਂ ਦਾ ਬਚਪਨ ਰੁਲ ਰਿਹਾ ਹੈ। ‘ਮੇਰੇ ਮਹਿਰਮ’ ਕਵਿਤਾ ਵਿੱਚ ਜੰਗ ਦਾ ਵਿਰੋਧ ਕਰਦੀ ਹੈ, ‘ਦੁਮੇਲ’ ਵਿੱਚ ਪ੍ਰਵਾਸ ਵਿੱਚ ਮਾਪਿਆਂ ਦੀ ਦੁਬਿਧਾ ਦਾ ਪ੍ਰਗਟਾਵਾ ਕਰਦੀ ਹੈ, ‘ਵਸੀਅਤ’ ਬੁਢਾਪੇ ਦੀ ਤ੍ਰਾਸਦੀ ਦਾ ਵਾਸਤਾ ਪਾਉਂਦੀ ਹੈ ਤੇ ‘ਘਰ’ ਵਿੱਚ ਮਰਦਾਂ ਦੀ ਗ਼ੁਲਾਮੀ ਕਰਦੀ ਔਰਤ ਤਿੜਕੇ ਰਿਸ਼ਤਿਆਂ ਨੂੰ ਬਚਾਉਂਦੀ ਦਰਸਾਈ ਹੈ। ‘ਜੀਵਨ ਰੁੱਤਾਂ’ ਕਵਿਤਾ ਜੋ ਕੋਲ ਹੈ, ਉਸ ਦਾ ਆਨੰਦ ਮਾਨਣ ਦੀ ਤਾਕੀਦ ਕਰਦੀ ਹੈ, ਹੋਰ ਪ੍ਰਾਪਤ ਕਰਨ ਦੀ ਇੱਛਾ ਤਿਆਗਣ। ‘ਰਾਖੀ’ ਅਤੇ ‘ਯੁੱਧ’ ਕਵਿਤਾਵਾਂ ਇਸਤਰੀਆਂ ਵੱਲੋਂ ਜ਼ੁਰਮਾ ਵਿੱਚ ਸ਼ਾਮਲ ਹੋਣ ਦੀ ਚਿੰਤਾ ਦਾ ਪ੍ਰਗਟਾਵਾ ਹਨ। ਭਵਿਖ ਵਿੱਚ ਦਵਿੰਦਰ ਬਾਂਸਲ ਤੋਂ ਹੋਰ ਵੀ ਵਧੀਆ ਕਾਵਿ ਸ੍ਰੰਗਹਿ ਦੀ ਕਾਮਨਾ ਕਰਦਾ ਹਾਂ।
155 ਪੰਨਿਆਂ, 240 ਰੁਪਏ, ਦਿਲਕਸ਼ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ - ਉਜਾਗਰ ਸਿੰਘ
ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ 'ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਤਾਜ਼ਾ ਘਟਨਾਕ੍ਰਮ ਵਿੱਚ ਰਿਪਬਕਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਜੇ ਟਰੰਪ 'ਤੇ ਕਾਤਲਾਨਾ ਹਮਲਾ ਹੈ। ਡੋਨਾਲਡ ਜੇ ਟਰੰਪ ਨੂੰ ਘਾਗ ਅਤੇ ਦਬੰਗ ਸਿਆਸਤਦਾਨ ਕਿਹਾ ਜਾਂਦਾ ਹੈ। ਉਹ 8 ਨਵੰਬਰ 2016 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ। ਨਵੰਬਰ 2020 ਵਿੱਚ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਇਕੱਠ ਕਰਕੇ ਜੋ ਬਾਇਡਨ ਦੀ ਚੋਣ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਥੋਂ ਤੱਕ ਕਿ ਜ਼ਬਰਦਸਤੀ ਦਫ਼ਤਰ ਵਿੱਚ ਵੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਕਾਨੂੰਨ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ, ਜਿਸ ਕਰਕੇ ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੇ 51 ਰਾਜਾਂ ਵਿੱਚੋਂ ਹਰ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆ ਹਨ। ਸੰਸਾਰ ਵਿੱਚ ਜਿਤਨੀਆਂ ਵੀ ਦੇਸ਼ਾਂ ਦੀਆਂ ਆਪਸ ਵਿੱਚ ਖਹਿਾਜ਼ੀ ਕਰਕੇ ਜੰਗਾਂ ਹੁੰਦੀਆਂ ਹਨ ਤਾਂ ਅਮਰੀਕਾ ਇੱਕ ਪਾਸੇ ਖੜ੍ਹ ਜਾਂਦਾ ਹੈ। ਕਈ ਵਾਰ ਤਾਂ ਵੀਟੋ ਵਰਤਕੇ ਆਪਣੀ ਮਨਮਾਨੀ ਕਰਦਾ ਹੈ। ਪ੍ਰੰਤੂ ਆਪਣਾ ਦੇਸ਼ ਸੰਭਾਲ ਨਹੀਂ ਸਕਦਾ। ਇਥੋਂ ਦੇ ਨਾਗਰਿਕਾਂ ਨੂੰ ਦੇਸ਼ ਦੇ ਕਾਨੂੰਨਾ ਦਾ ਪਾਲਣਾ ਕਰਨ ਵਾਲੇ ਕਿਹਾ ਜਾਂਦਾ ਹੈ ਪ੍ਰੰਤੂ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਦਾ ਸੇਕ ਪੰਜਾਬੀਆਂ ਖਾਸ ਤੌਰ 'ਤੇ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ।
ਡੋਨਾਲਡ ਜੇ ਟਰੰਪ ਤੋਂ ਪਹਿਲਾਂ ਅਮਰੀਕਾ ਦੇ 11 ਰਾਸ਼ਟਰਪਤੀਆਂ 'ਤੇ ਕਾਤਲਾਨਾ ਹਮਲੇ ਹੋ ਚੁੱਕੇ ਹਨ। ਡੋਨਾਲਡ ਜੇ ਟਰੰਪ 12ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਕਾਤਲਾਨਾ ਹਮਲਾ ਹੋਇਆ ਹੈ। ਅਮਰੀਕਾ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਬੰਦੂਕ ਖ੍ਰੀਦ ਸਕਦਾ ਹੈ, ਉਸ ਨੂੰ ਕੋਈ ਲਾਈਸੈਂਸ ਬਗੈਰਾ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਉਸ ਦੇ ਚਰਿਤਰ ਦੀ ਪੁਲਿਸ ਵੈਰੀਫੀਕੇਸ਼ਨ ਦੀ ਲੋੜ ਹੁੰਦੀ ਹੈ। ਬੱਚੇ ਵੀ ਬੰਦੂਕ ਖ੍ਰੀਦ ਸਕਦੇ ਹਨ। ਘਰਾਂ ਦੇ ਡਰਾਇੰਗ ਰੂਮਜ਼ ਵਿੱਚ ਬੰਦੂਕਾਂ ਲਟਕਦੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਰਾਜ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਵਾਸ਼ਿੰਗਟਨ ਦੇ ਬਰਮਿੰਗਮ ਸ਼ਹਿਰ ਵਿੱਚ ਜਿਸ ਦਿਨ ਡੋਨਾਲਡ ਜੇ ਟਰੰਪ ਤੇ ਹਮਲਾ ਹੋਇਆ, ਉਸੇ ਦਿਨ ਨਾਈਟ ਕਲੱਬ ਵਿੱਚ 4 ਵਿਅਕਤੀ ਅਤੇ ਇਕ ਹੋਰ ਥਾਂ ਤਿੰਨ ਵਿੱਅਕਤੀ ਕੁਲ 7 ਲੋਕ ਵੱਖ ਵੱਖ ਹਮਲਿਆਂ ਵਿੱਚ ਮਾਰੇ ਗਏ ਹਨ। ਇਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਸਾਥੀਆਂ ਨੂੰ ਸਕੂਲਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ। ਵਿਦਿਆਰਥੀ ਸਕੂਲਾਂ ਵਿੱਚ ਖਿਡੌਣਿਆਂ ਦੀ ਤਰ੍ਹਾਂ ਬੰਦੂਕਾਂ ਆਮ ਲਈ ਫਿਰਦੇ ਹਨ। ਬੱਚਿਆਂ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਬੰਦੂਕਾਂ ਤੋਹਫ਼ੇ ਵਜੋਂ ਦਿੰਦੇ ਹਨ। 2019 ਵਿੱਚ ਜਦੋਂ ਸਕੂਲਾਂ ਵਿੱਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਕਰਕੇ ਗੰਨ ਖ੍ਰੀਦਣ ਦੇ ਕਾਨੂੰਨ ਬਣਾਉਣ ਦੀ ਗੱਲ ਚਲੀ ਸੀ ਤਾਂ ਬੰਦੂਕ ਲਾਬੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਬੰਦੂਕਾਂ ਖ੍ਰੀਦਣ ਦੀ ਸਲਾਹ ਦਿੱਤੀ ਸੀ। ਅਮਰੀਕਾ ਦੀ ਬੰਦੂਕ ਲਾਬੀ ਇਤਨੀ ਭਾਰੂ ਹੈ, ਕੋਈ ਵੀ ਸਿਆਸੀ ਪਾਰਟੀ ਬੰਦੂਕ ਖ੍ਰੀਦਣ ਲਈ ਕਾਨੂੰਨ ਬਣਾਉਣ ਦੀ ਹਿੰਮਤ ਹੀ ਨਹੀਂ ਕਰਦੀ। ਹਾਲਾਂ ਕਿ ਉਨ੍ਹਾਂ ਦੇ ਦੇਸ਼ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਵਧੀ ਜਾ ਰਹੀਆਂ ਹਨ। ਡੋਨਾਲਡ ਜੇ ਟਰੰਪ ਉਪਰ ਕਾਤਲਾਨਾ ਹਮਲਾ ਪੈਨੇਸਲਵਾਕੀਆ ਰਾਜ ਵਿੱਚ ਬਟਲਰ ਕਾਊਂਟੀ ਵਿੱਚ ਹੋਇਆ। ਹਮਲਾ ਕਰਨ ਵਾਲਾ 20 ਸਾਲਾ ਥਾਮਸ ਮੈਥਊ ਕਰੁਕਸ ਰਿਪਬਲਿਕਨ ਪਾਰਟੀ ਦਾ ਮੈਂਬਰ ਸੀ। ਉਸ ਨੇ 300 ਫੁਟ ਉਚੀ ਥਾਂ ਤੋਂ ਬੈਠਕੇ ਏ.ਆਰ.15 ਸੈਮੀ ਆਟੋਮੈਟਿਕ ਅਸਾਲਟ ਰਾਈਫਲ ਨਾਲ ਨਿਸ਼ਾਨਾ ਸਾਧਿਆ ਸੀ, ਜਦੋਂ ਡੋਨਾਲਡ ਜੇ ਟਰੰਪ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਤਾੜ ਤਾੜ ਗੋਲੀਆਂ ਚਲਣ ਨਾਲ ਰੈਲੀ ਵਿੱਚ ਸਨਸਨੀ ਫੈਲ ਗਈ। ਪ੍ਰੰਤੂ ਡੋਨਲਡ ਜੇ ਟਰੰਪ ਦੀ ਖ਼ੁਸ਼ਕਿਸਮਤੀ ਰਹੀ ਕਿ ਉਹ ਵਾਲ ਵਾਲ ਬਚ ਗਏ ਤੇ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਜ਼ਖ਼ਮੀ ਕਰਦੀ ਅੱਗੇ ਲੰਘ ਗਈ। ਇਸ ਨੂੰ ਚਮਤਕਾਰੀ ਬਚਾਅ ਕਿਹਾ ਜਾ ਸਕਦਾ ਹੈ। ਗੋਲੀ ਲੱਗਣ ਤੋਂ ਬਾਅਦ ਜਦੋਂ ਸੁਰੱਖਿਆ ਦਸਤੇ ਡੋਨਾਲਡ ਜੇ ਟਰੰਪ ਨੂੰ ਬਾਹਰ ਲਿਜਾ ਰਹੇ ਸਨ ਤਾਂ ਟਰੰਪ ਉਚੀ ਉਚੀ ਬੜ੍ਹਕਾਂ ਮਾਰ ਰਹੇ ਸਨ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਰੀ ਕੰਪੇਰਟੇਰ ਮਾਰਿਆ ਗਿਆ। ਕਾਤਲ ਦੀ ਕਾਰ ਵਿੱਚੋਂ ਵਿਸਫੋਟਿਕ ਪਦਾਰਥ ਬਰਾਮਦ ਹੋਇਆ ਹੈ। ਹਮਲਾਵਰ ਪੈਨੇਸਿਲਵਾਨੀਆ ਦੇ ਬੈਥਲ ਸ਼ਹਿਰ ਦਾ ਰਹਿਣ ਵਾਲਾ ਸੀ। ਹਮਲਾਵਰ ਥਾਮਸ ਮੈਥਿਊ ਕਰੁਕਸ ਨੇ 2022 ਵਿੱਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਕੌਮੀ ਗਣਿਤ ਤੇ ਸਾਇੰਸ ਦਾ 500 ਡਾਲਰ ਦਾ 'ਇਨੀਸੀਏਟਿਵ ਸਟਾਰ ਅਵਾਰਡ' ਹੋਰ ਵਿਦਿਆਰਥੀਆਂ ਨਾਲ ਪ੍ਰਾਪਤ ਕੀਤਾ ਸੀ। ਕਾਤਲ ਨੂੰ ਪੁਲਿਸ ਦੀ ਸੀਕਰਿਟ ਸਰਵਿਸ ਨੇ ਮੌਕੇ 'ਤੇ ਹੀ ਮਾਰ ਦਿੱਤਾ। ਹਮਲਾ ਕਰਨ ਦੇ ਕਾਰਨਾ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਰਹੀ ਹੈ। 1981 ਵਿੱਚ ਰੋਨਾਲਡ ਰੀਗਨ ਤੇ ਹੋਏ ਹਮਲੇ ਤੋਂ 24 ਸਾਲ ਬਾਅਦ ਵੱਡੀ ਘਟਨਾ ਵਾਪਰੀ ਹੈ।
ਅਮਰੀਕਾ ਵਿੱਚ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਉਮੀਦਵਾਰਾਂ 'ਤੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਇੱਕ ਦਰਜਨ ਦੇ ਕਰੀਬ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਰਾਸ਼ਟਰਪਤੀ ਮਾਰੇ ਵੀ ਗਏ ਸਨ। ਸਭ ਤੋਂ ਪਹਿਲਾ ਹਮਲਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ 'ਤੇ 14 ਅਪ੍ਰੈਲ 1865 ਨੂੰ ਫੋਰਡ ਥੇਟਰ ਵਿੱਚ ਹੋਇਆ ਸੀ। ਇਹ ਹਮਲਾ ਜੌਹਨ ਵਿਲਕੀਸ ਬੂਥ ਨੇ ਅਬਰਾਹਿਮ ਲਿੰਕਨ ਵੱਲੋਂ ਕਾਲੇ ਲੋਕਾਂ ਦੇ ਹੱਕਾਂ ਦੀ ਸਪੋਰਟ ਕਰਨ ਕਰਕੇ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਮਾਰੇ ਗਏ ਸਨ। ਕਾਤਲ ਵੀ 26 ਅਪ੍ਰੈਲ 1865 ਨੂੰ ਮਾਰਿਆ ਗਿਆ ਸੀ। ਜੇਮਜ਼ ਗੇਰਫੀਲਡ ਜੋ 20ਵੇਂ ਰਾਸ਼ਟਰਪਤੀ ਸਨ, ਉਨ੍ਹਾਂ ਉਪਰ 2 ਜੁਲਾਈ 1881 ਨੂੰ ਵਾਸ਼ਿੰਗਟਨ ਟਰੇਨ ਸਟੇਸ਼ਨ ਵਿਖੇ ਚਾਰਲਸ ਗੁਟੇਊ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਦੇ ਜ਼ਖ਼ਮਾਂ ਵਿੱਚ ਇਨਫੈਕਸ਼ਨ ਹੋਣ ਤੋਂ ਬਾਅਦ ਸਤੰਬਰ 1881 ਵਿੱਚ ਸਵਰਗ ਸਿਧਾਰ ਗਏ ਸਨ। 6 ਸਤੰਬਰ 1901 ਨੂੰ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਵਿਲੀਅਮ ਮੈਕਨਿਲੇ ਨਿਊਯਾਰਕ ਦੇ ਬੁਫੈਲੋ ਵਿਖੇ ਲਿਓਨ ਜੋਲਕੋਜ਼ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਚਾਰ ਦਿਨ ਬਾਅਦ ਸਵਰਗ ਸਿਧਾਰ ਗਏ ਸਨ। ਲਿਓਨ ਜੋਲਕੋਜ਼ ਨੂੰ 29 ਅਕਤੂਬਰ 1901 ਨੂੰ ਫ਼ਾਂਸੀ ਦਿੱਤੀ ਗਈ ਸੀ। 32ਵੇਂ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ 'ਤੇ ਫਰਵਰੀ 1933 ਵਿੱਚ ਗੈਸਪ ਜੰਗਾਰਾ ਨੇ ਹਮਲਾ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਜਾਨ ਬਚ ਗਈ ਸੀ ਪ੍ਰੰਤੂ ਮੇਅਰ ਐਨਟਨ ਸੀਮਕ ਮਾਰੇ ਗਏ ਸਨ। ਬਾਅਦ ਵਿੱਚ ਕਾਤਲ ਨੂੰ ਫਾਂਸੀ ਹੋ ਗਈ ਸੀ। ਅਮਰੀਕਾ ਦੇ 33ਵੇਂ ਰਾਸ਼ਟਰਪਤੀ ਹੈਰੀ.ਐਸ.ਟਰੂਮੈਨ ਉਪਰ ਆਸਕਰ ਕਲਾਜ਼ੋ ਨੇ ਕਾਤਲਾਨਾ ਹਮਲਾ ਬਲੇਅਰ ਹਾਊਸ ਵਿਖੇ ਨਵੰਬਰ 1950 ਵਿੱਚ ਕੀਤਾ ਸੀ। ਇਸ ਹਮਲੇ ਵਿੱਚ ਰਾਸ਼ਟਰਪਤੀ ਬਚ ਗਏ ਸਨ। ਜੌਹਨ ਐਫ.ਕੈਨੇਡੀ 35ਵੇਂ ਰਾਸ਼ਟਰਪਤੀ 'ਤੇ 22 ਨਵੰਬਰ 1963 ਨੂੰ ਟੈਕਸਾਸ ਦੇ ਡੱਲਾਸ ਸ਼ਹਿਰ ਵਿੱਚ ਲੀ ਹਾਰਵੇ ਓਸਵਾਲਡ ਨੇ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ ਸਨ। ਦੋ ਦਿਨ ਬਾਅਦ ਕਾਤਲ ਵੀ ਮਰ ਗਿਆ ਸੀ। 38ਵੇਂ ਰਾਸ਼ਟਰਪਤੀ ਗਰਾਲਡ ਫੋਰਡ ਉਪਰ 1975 ਵਿੱਚ ਦੋ ਵਾਰੀ ਹਮਲੇ ਹੋਏ। ਉਹ ਦੋਵੇਂ ਵਾਰੀ ਬਚ ਗਏ। ਇਕ ਵਾਰ ਲੀਨੇਟੇ ਫਰੌਮੀ ਅਤੇ ਦੂਜੀ ਵਾਰ ਸਾਰਾ ਜਾਨੇ ਮੂਰਾ ਨੇ ਹਮਲੇ ਕੀਤੇ ਸਨ। ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਾਲਡ ਰੀਗਨ 'ਤੇ 30 ਮਾਰਚ 1981 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਕਾਤਲਾਨਾ ਹਮਲਾ ਹੋਇਆ ਪ੍ਰੰਤੂ ਉਹ ਵਾਲ ਵਾਲ ਬਚ ਗਏ। 43 ਵੇਂ ਰਾਸ਼ਟਰਪਤੀ ਜੌਰਜ ਡਵਲਯੂ ਬੁਸ਼ 'ਤੇ ਜਾਰਜੀਆ ਦੇ ਟਬੀਲਿਸਟ ਸ਼ਹਿਰ ਵਿਖੇ 2005 ਵਿੱਚ ਗਰਨੇਡ ਸੁਟਿਆ ਗਿਆ, ਜਿਸ ਵਿੱਚ ਉਹ ਬਚ ਗਏ। ਕਾਤਲ ਨੂੰ ਉਮਰ ਕੈਦ ਦੀ ਸਜ਼ਾ ਹੋਈ। ਰਾਸ਼ਟਰਪਤੀ ਦੇ ਉਮੀਦਵਾਰਾਂ ਤੇ ਹੋਏ ਹਮਲਿਆਂ ਵਿੱਚ ਡੋਨਾਲਡ ਟਰੰਪ ਤੀਜਾ ਉਮੀਦਵਾਰ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਦੋ ਉਮੀਦਵਾਰਾਂ ਤੇ ਵੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਥਿਓਡੋਰੇ ਰੂਜ਼ਵੈਲਟ ਉਪਰ 1912 ਵਿੱਚ ਮਿਲਵਾਕੀ ਵਿਖੇ ਹਮਲਾ ਹੋਇਆ ਪ੍ਰੰਤੂ ਉਹ ਬਚ ਗਏ। ਦੂਜੇ ਉਮੀਦਵਾਰ ਰਾਬਰਟ ਐਫ.ਕੈਨੇਡੀ ਉਪਰ 5 ਜੂਨ 1968 ਨੂੰ ਲਾਸ ਏਂਜਲਸ ਵਿਖੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ। 12 ਰਾਸ਼ਟਰਪਤੀਆਂ 'ਤੇ ਹੋਏ ਹਮਲਿਆਂ ਵਿੱਚ 5 ਰਾਸ਼ਟਰਪਤੀ ਮਾਰੇ ਗਏ ਸਨ, 7 ਰਾਸ਼ਟਰਪਤੀ ਹਮਲਿਆਂ ਵਿੱਚ ਬਚ ਗਏ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਹਾ ਜਾਂਦਾ ਹੈ ਅਮਰੀਕਾ ਦੇ ਕਾਨੂੰਨ ਬੜੇ ਸਖ਼ਤ ਹਨ ਪ੍ਰੰਤੂ ਬਹੁਤੇ ਹਮਲਾਵਰਾਂ ਨੂੰ ਸਜ਼ਾ ਨਹੀਂ ਹੋ ਸਕੀ। ਜੇ ਅਮਰੀਕਾ ਦੇ ਉਚ ਅਹੁਦਿਆਂ ਵਾਲੇ ਸਰੱਖਿਅਤ ਨਹੀਂ ਹਨ ਤਾਂ ਆਮ ਸ਼ਹਿਰੀਆਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ।
ਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ ? - ਉਜਾਗਰ ਸਿੰਘ
ਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ ਹਨ? ਜੇਕਰ ਹੁਣ ਤੱਕ ਦੇ ਭਾਰਤ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪੰਜਾਬੀਆਂ ਨੇ ਹਮੇਸ਼ਾ ਹਰ ਪੱਖ ਵਿੱਚ ਮੋਹਰੀ ਦੀ ਭੂਮਿਕਾ ਨਿਭਾਈ ਹੈ। ਦੇਸ਼ ਦੀ ਆਜ਼ਾਦੀ ਹੋਵੇ, ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣੀ ਹੋਵੇ, ਦੇਸ਼ ਦੀ ਆਨਾਜ ਦੀ ਲੋੜ ਪੂਰੀ ਕਰਨੀ ਹੋਵੇ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਆਪਣੀਆਂ ਜਾਨਾਂ ਵਾਰਨ ਲਈ ਤੱਤਪਰ ਰਹੇ ਹਨ, ਪ੍ਰੰਤੂ ਇਹ ਸਮਝ ਨਹੀਂ ਆਉਂਦੀ ਪੰਜਾਬੀ ਵਾਤਾਵਰਨ ਨੂੰ ਬਚਾਉਣ ਵਿੱਚ ਅਵੇਸਲੇ ਕਿਉਂ ਹਨ? ਵਾਤਾਵਰਨ ਦਾ ਮੁੱਦਾ ਅੱਜ ਕਲ੍ਹ ਬਹੁਤ ਮਹੱਤਵਪੂਰਨ ਬਣਿਆਂ ਹੋਇਆ ਹੈ। ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਹੈ, ਤਪਸ ਵੱਧ ਰਹੀ ਹੈ, ਵਾਰਸ਼ਾਂ ਘਟ ਗਈਆਂ ਹਨ। ਪੜ੍ਹਾਈ ਕਰਕੇ ਲੋਕਾਂ ਵਿੱਚ ਜਾਗ੍ਰਤੀ ਬਥੇਰੀ ਆ ਚੁੱਕੀ ਹੈ। ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ, ਜ਼ਿੰਦਗੀ ਨੂੰ ਬਚਾਉਣ ਲਈ ਵਾਤਾਵਰਨ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਪ੍ਰੰਤੂ ਫਿਰ ਵੀ ਲੋਕ ਵਾਤਾਵਰਨ ਨੂੰ ਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਅੱਧੀ ਸਦੀ ਪਹਿਲਾਂ ਜਦੋਂ ਭਾਰਤ ਦੇ ਲੋਕ ਬਹੁਤੇ ਪੜ੍ਹੇ ਲਿਖੇ ਅਤੇ ਜਾਗ੍ਰਤ ਵੀ ਨਹੀਂ ਸਨ ਪ੍ਰੰਤੂ ਉਦੋਂ ਲੋਕ ਕੁਦਰਤ ਦੇ ਵਸੀਲਿਆਂ ਅਤੇ ਕੁਦਰਤ ਦੀਆਂ ਰਹਿਮਤਾਂ ਦੀ ਸਾਂਭ ਸੰਭਾਲ ਵਿੱਚ ਦਿਲਚਸਪੀ ਲੈਂਦੇ ਸਨ। ਉਨ੍ਹਾਂ ਦਾ ਆਨੰਦ ਵੀ ਮਾਣਦੇ ਸਨ। ਦੁੱਖ ਅਤੇ ਸੰਤਾਪ ਦੀ ਗੱਲ ਹੈ ਕਿ ਪੜ੍ਹਿਆ ਲਿਖਿਆ ਸਮਾਜ ਵੀ ਕੁਦਰਤ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਣ ਲੱਗਿਆਂ ਭੋਰਾ ਵੀ ਸੋਚਦਾ ਨਹੀਂ। ਉਹੀ ਦਰੱਖਤ, ਪਾਣੀ ਅਤੇ ਹਵਾ, ਜਿਹੜੇ ਇਨਸਾਨੀਅਤ ਦੀ ਲਾਈਫ਼ ਲਾਈਨ ਹਨ, ਉਨ੍ਹਾਂ ਦੀ ਬੇਕਿਰਕੀ ਨਾਲ ਦੁਰਵਰਤੋਂ ਕਰ ਰਹੇ ਹਨ। ਹੋਰ ਨਵੇਂ ਰੁੱਖ ਲਗਾ ਨਹੀਂ ਰਹੇ, ਸਗੋਂ ਦਰੱਖਤਾਂ ਨੂੰ ਵੱਢ ਕੇ ਆਧੁਨਿਕ ਢੰਗ ਦਾ ਫਰਨੀਚਰ ਤਿਆਰ ਕਰਕੇ ਸੁਖ ਮਾਨਣ ਦੀ ਗੱਲ ਕਰਦੇ ਹਨ, ਅਸਲ ਵਿੱਚ ਉਹ ਆਪਣਾ ਤੇ ਆਪਣੀਆਂ ਪੀੜ੍ਹੀਆਂ ਦਾ ਭਵਿਖ ਵੱਢ ਰਹੇ ਹਨ। ਸੰਸਾਰ ਵਿੱਚ ਗਲੋਬਲ ਵਾਰਮਿੰਗ ਨਾਲ ਮਨੁੱਖਤਾ ਤ੍ਰਾਹ-ਤ੍ਰਾਹ ਕਰ ਰਹੀ ਹੈ। ਆਧੁਨਿਕਤਾ ਨੇ ਮਾਨਵਤਾ ਨੂੰ ਬੇਸ਼ਕ ਸਹੂਲਤਾਂ ਦਿੱਤੀਆਂ ਹਨ ਪ੍ਰੰਤੂ ਨੁਕਸਾਨ ਵੀ ਬਹੁਤ ਕੀਤਾ ਹੈ। ਪੁਰਾਣੇ ਸਮੇਂ ਵਿੱਚ ਕਿਸਾਨ ਆਪਣੇ ਖੂਹਾਂ ਦੇ ਤੌੜਾਂ ਵਿੱਚ ਰੁੱਖ ਲਗਾਉਂਦੇ ਸਨ। ਖੇਤਾਂ ਦੇ ਆਲੇ ਦੁਆਲੇ ਘੱਟੋ ਘੱਟ ਖੇਤਾਂ ਦੇ ਕੋਨਿਆਂ 'ਤੇ ਨਿਸ਼ਾਨਦੇਹੀ ਲਈ ਦਰੱਖਤ ਲਗਾਉਂਦੇ ਸਨ। ਹੁਣ ਖੂਹ ਤੇ ਖੂਹਾਂ ਦੇ ਤੌੜ ਤਾਂ ਹੈ ਹੀ ਨਹੀਂ। ਪਾਣੀ ਵਾਲੀਆਂ ਮੋਟਰਾਂ/ਇੰਜਣਾਂ ਲਈ ਹੁਣ ਤਾਂ ਕੋਠੇ ਵੀ ਨਹੀਂ ਬਣਾਉਂਦੇ, ਦਰੱਖਤ ਤਾਂ ਕੀ ਲਗਾਉਣੇ ਹਨ। ਇਸ ਤੋਂ ਇਲਾਵਾ ਸਾਂਝੀਆਂ ਥਾਵਾਂ 'ਤੇ ਰੁੱਖ ਲਗਾ ਕੇ ਉਥੇ ਮਹਿਫ਼ਲਾਂ ਲੱਗਦੀਆਂ ਸਨ। ਗਰਮੀ ਦੇ ਮੌਸਮ ਵਿੱਚ ਰੁੱਖਾਂ ਦੀ ਸੰਘਣੀ ਛਾਂ ਦਾ ਆਨੰਦ ਮਾਣਦੇ ਸਨ। ਪਿੰਡਾਂ ਵਿੱਚ ਮੁਟਿਆਰਾਂ ਤੀਆਂ ਦੇ ਦਿਨਾ ਵਿੱਚ ਪੀਂਘਾਂ ਪਾਉਂਦੀਆਂ ਸਨ। ਹੁਣ ਸਾਰਾ ਕੁਝ ਬਨਾਉਣੀ ਬਣ ਗਿਆ ਹੈ। ਪੀਂਘਾਂ ਪਾਉਣ ਲਈ ਦਰੱਖਤ ਹੀ ਨਹੀਂ ਹਨ। ਮੇਰੇ ਪਿੰਡ ਕੱਦੋਂ ਦੇ ਲੋਕ ਰੁੱਖਾਂ ਦੀ ਅਹਿਮੀਅਤ ਸਮਝਣ ਵਾਲੇ ਹਨ ਪ੍ਰੰਤੂ ਪਾਣੀ ਬਚਾਉਣ ਲਈ ਸੁਚੇਤ ਨਹੀਂ ਹਨ। ਰੇਤਲੇ ਟਿਬਿਆਂ ਨੂੰ ਪੱਧਰੇ ਕਰਕੇ ਜੀਰੀ ਲਾ ਦਿੱਤੀ ਹੈ।
ਅੱਜ ਤੋਂ 64-65 ਸਾਲ ਪਹਿਲਾਂ 1960 ਦੀ ਗੱਲ ਹੈ, ਜਦੋਂ ਮੈਂ ਅਜੇ ਪੰਜਵੀਂ-ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਮੈਨੂੰ ਅਜੇ ਕੁਦਰਤੀ ਵਸੀਲਿਆਂ, ਕੁਦਰਤੀ ਨਿਹਮਤਾਂ, ਦੁਨੀਆਂਦਾਰੀ ਅਤੇ ਵਾਤਵਰਨ ਬਾਰੇ ਜਾਣਕਾਰੀ ਨਹੀਂ ਸੀ, ਜਿਵੇਂ ਆਮ ਤੌਰ 'ਤੇ ਬੱਚਿਆਂ ਨੂੰ ਖੇਡਣ ਮੱਲ੍ਹਣ ਦਾ ਸ਼ੌਕ ਹੁੰਦਾ ਹੈ। ਅਸੀਂ ਚਾਰ ਭਰਾ ਸੀ ਤੇ ਮੈਂ ਸਭ ਤੋਂ ਛੋਟਾ ਹੋਣ ਕਰਕੇ ਪਰਿਵਾਰ ਦਾ ਲਾਡਲਾ ਸੀ। ਮੈਂ ਬੱਚਿਆਂ ਨਾਲ ਖੇਡਦਾ ਰਹਿੰਦਾ ਸੀ। ਮੇਰਾ ਵੱਡਾ ਭਰਾ ਮਰਹੂਮ ਸ੍ਰ.ਧਰਮ ਸਿੰਘ ਪਟਿਆਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਵਿੱਚ ਨੌਕਰੀ ਕਰਨ ਲਈ ਆ ਗਿਆ ਸੀ। ਉਨ੍ਹਾਂ ਤੋਂ ਛੋਟੇ ਭਰਾ ਮਰਹੂਮ ਸ੍ਰ.ਚਰਨ ਸਿੰਘ ਅਤੇ ਮਰਹੂਮ ਦਰਸ਼ਨ ਸਿੰਘ ਮੇਰੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਦੇ ਸਨ। ਮੇਰੇ ਦੋਵੇਂ ਭਰਾ ਚਰਨ ਸਿੰਘ ਅਤੇ ਦਰਸ਼ਨ ਸਿੰਘ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਸਨ ਪ੍ਰੰਤੂ ਉਦਮੀ ਅਤੇ ਸਮਝਦਾਰ ਬਹੁਤ ਸੀ। ਵਾਤਾਵਰਨ ਪ੍ਰੇਮੀ ਸੀ। ਸਾਡੇ ਪਿੰਡ ਲਗਪਗ 20 ਏਕੜ ਥਾਂ ਵਿੱਚ ਸੰਘਣੇ ਰੁੱਖਾਂ ਵਾਲੀ ਇੱਕ ਝਿੜੀ ਹੈ, ਉਥੇ ਹੀ ਸ਼ਮਸ਼ਾਨ ਘਾਟ ਹੈ। ਮੇਰੇ ਭਰਾ ਬਰਸਾਤਾਂ ਵਿੱਚ ਮੈਨੂੰ ਖੇਡਣ ਤੋਂ ਹਟਾ ਕੇ ਪਿੰਡ ਦੀ ਸ਼ਮਸ਼ਾਨ ਘਾਟ ਵਾਲੀ ਝਿੜੀ ਵਿੱਚ ਆਪਣੇ ਨਾਲ ਲੈ ਜਾਂਦੇ ਸੀ। ਮੈਨੂੰ ਸ਼ਮਸ਼ਾਨ ਘਾਟ ਤੋਂ ਡਰ ਵੀ ਲਗਦਾ ਸੀ ਪ੍ਰੰਤੂ ਉਹ ਮੈਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਂਦੇ ਸਨ। ਮੈਨੂੰ ਯਾਦ ਹੈ, ਉਨ੍ਹਾਂ ਕੋਲ ਕਹੀਆਂ ਹੁੰਦੀਆਂ ਸਨ ਤੇ ਮੈਨੂੰ ਇੱਕ ਝੋਲਾ ਪਕੜਾ ਦਿੰਦੇ ਸੀ। ਝੋਲੇ ਵਿੱਚ ਕਿਕਰਾਂ ਦੇ ਬੀਜ ਹੁੰਦੇ ਸਨ। ਉਹ ਟੋਆ ਪੁਟਦੇ ਹੁੰਦੇ ਤੇ ਮੈਨੂੰ ਉਸ ਵਿੱਚ ਬੀਜ ਸੁੱਟਣ ਲਈ ਕਹਿੰਦੇ ਸੀ। ਬਰਸਾਤਾਂ ਦੇ ਦਿਨ ਉਹ ਅਕਸਰ ਇੰਜ ਕਰਦੇ ਰਹਿੰਦੇ ਸੀ। ਕਈ ਵਾਰੀ ਜਦੋਂ ਵਿਹਲ ਨਾ ਹੁੰਦੀ ਤਾਂ ਉਹ ਕਿਕਰਾਂ ਦੇ ਬੀਜਾਂ ਦਾ ਛੱਟਾ ਹੀ ਦੇ ਦਿੰਦੇ ਸੀ। ਏਸੇ ਤਰ੍ਹਾਂ ਪਿੰਡ ਦੇ ਕੁਝ ਹੋਰ ਲੋਕ ਵੀ ਝਿੜੀ ਵਿੱਚ ਰੁੱਖ ਲਗਾਉਂਦੇ ਸਨ। ਮੈਨੂੰ ਸਮਝ ਨਹੀਂ ਸੀ ਆਉਂਦੀ, ਉਹ ਇੰਜ ਕਿਉਂ ਕਰਦਾ ਹੈ। ਸ਼ਮਸ਼ਾਨ ਘਾਟ ਦੀ ਝਿੜੀ ਬਹੁਤ ਸੰਘਣੀ ਸੀ। ਉਸ ਝਿੜੀ ਵਿੱਚ ਜਿਤਨੇ ਰੁੱਖ ਸਨ, ਉਨ੍ਹਾਂ ਨੂੰ ਕੋਈ ਵੱਢ ਨਹੀਂ ਸਕਦਾ ਸੀ। ਝਿੜੀ ਵਿੱਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਹਨ। ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਲੱਕੜ ਕੱਟੇਗਾ ਉਸ ਨੂੰ ਸਰਾਪ ਲੱਗੇਗਾ। ਰੁੱਖਾਂ ਨੂੰ ਕੱਟਣ ਤੋਂ ਰੋਕਣ ਲੲਂੀ ਸਿਆਣਿਆਂ ਨੇ ਸਰਾਪ ਦਾ ਡਰਾਬਾ ਦਿੱਤਾ ਹੋਇਆ ਸੀ। ਸਿਰਫ ਮੁਰਦਿਆਂ ਦੇ ਸਸਕਾਰ ਲਈ ਲੱਕੜ ਕੱਟ ਸਕਦੇ ਸਨ। ਇਹ ਪਰੰਪਰਾ ਅੱਜ ਤੱਕ ਵੀ ਲਾਗੂ ਹੈ ਪ੍ਰੰਤੂ ਬ੍ਰਾਹਮਣ ਪਰਿਵਾਰ ਲੱਕੜ ਕੱਟ ਸਕਦੇ ਸਨ। ਵੈਸੇ ਲੱਕੜ ਵੱਢੀ ਨਹੀਂ ਜਾਂਦੀ ਸੀ ਪ੍ਰੰਤੂ ਜਿਹੜੇ ਰੁੱਖ ਬਿਰਧ ਹੋ ਕੇ ਸੁੱਕ ਜਾਂਦੇ ਸਨ, ਉਨ੍ਹਾਂ ਦੀ ਲੱਕੜ ਨਾਲ ਮੁਰਦਿਆਂ ਦੇ ਸਸਕਾਰ ਕੀਤੇ ਜਾਂਦੇ ਸਨ। ਅੱਜ ਕਲ੍ਹ ਵੀ ਇਹ ਪਰੰਪਰਾ ਚਾਲੂ ਹੈ ਪ੍ਰੰਤੂ ਬਹੁਤੇ ਲੋਕ ਮੁਰਦਿਆਂ ਦੇ ਸਸਕਾਰ ਲਈ ਝਿੜੀ ਵਿੱਚੋਂ ਲੱਕੜ ਨਹੀਂ ਵਰਤਦੇ ਸਗੋਂ ਬਾਜ਼ਾਰੋਂ ਮੁੱਲ ਲਿਆਉਂਦੇ ਹਨ। ਝਿੜੀ ਦੇ ਵਿਚਕਾਰ ਦੋ ਟੋਭੇ ਸਨ, ਇੱਕ ਟੋਭਾ ਵੱਡਾ ਸੀ, ਉਨ੍ਹਾਂ ਟੋਭਿਆਂ ਵਿੱਚੋਂ ਪਾਣੀ ਲੈ ਕੇ ਝਿੜੀ ਵਿੱਚ ਲਗਾਏ ਜਾਣ ਵਾਲੇ ਰੁੱਖਾਂ ਨੂੰ ਪਾਣੀ ਦਿੱਤਾ ਜਾਂਦਾ ਸੀ। ਇਹ ਟੋਭੇ ਹੁਣ ਸੁੱਕ ਚੁੱਕੇ ਹਨ ਪ੍ਰੰਤੂ ਪਿੰਡ ਦੇ ਲੋਕ ਹੁਣ ਵੀ ਝਿੜੀ ਵਿੱਚ ਦਰੱਖਤ ਲਗਾਉਂਦੇ ਰਹਿੰਦੇ ਹਨ। ਝਿੜੀ ਵਿੱਚ ਅਨੇਕਾਂ ਕਿਸਮਾ ਦੇ ਦਰੱਖਤ ਸਨ। ਪਿਪਲ, ਬਰੋਟਾ, ਬੇਰੀ, ਕਿਕਰ, ਪਲਾਹ, ਟਾਹਲੀ, ਤੂਤ ਅਤੇ ਕੇਸੂ ਦੇ ਰੁੱਖ ਹਨ। ਕੇਸੂ ਦੇ ਰੁੱਖਾਂ ਨੂੰ ਪੱਤੇ ਨਹੀਂ ਲੱਗਦੇ ਸਗੋਂ ਫੁੱਲ ਹੀ ਲੱਗਦੇ ਹਨ, ਜਿਹੜੇ ਸੁਹਾਵਣਾ ਵਾਤਵਰਨ ਬਣਾਉਂਦੇ ਹਨ। ਜਦੋਂ ਮੈਂ ਆਪਣੇ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਪੁਸਤਕ ਲਿਖ ਰਿਹਾ ਸੀ ਤਾਂ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਬਾਤ ਕਰਨ ਦਾ ਮੌਕਾ ਮਿਲਿਆ। ਮੈਨੂੰ ਦੱਸਿਆ ਗਿਆ ਕਿ ਪਿੰਡ ਦੇ ਦਰਜੀ ਨਾਥ ਸਿੰਘ ਭੱਲਾ ਵਾਤਾਵਰਨ ਪ੍ਰੇਮੀ ਸਨ। ਉਹ ਦੋਰਾਹੇ ਕਪੜੇ ਸਿਉਣ ਦਾ ਕੰਮ ਕਰਦੇ ਸਨ ਪ੍ਰੰਤੂ ਪਿੰਡ ਵਿੱਚ ਖਾਲੀ ਥਾਵਾਂ 'ਤੇ ਦਰੱਖਤ ਲਗਾਉਂਦੇ ਰਹਿੰਦੇ ਸਨ। ਹਰ ਰੋਜ਼ ਸਵੇਰੇ ਜਦੋਂ ਦੋਰਾਹੇ ਨੂੰ ਆਪਣੀ ਕਪੜੇ ਸਿਉਣ ਵਾਲੀ ਮਸ਼ੀਨ ਸਿਰ 'ਤੇ ਰੱਖਕੇ ਲੈ ਕੇ ਜਾਂਦੇ ਤਾਂ ਰਸਤੇ ਵਿੱਚਲੇ ਰੁੱਖਾਂ ਨੂੰ ਪਾਣੀ ਦਿੰਦੇ ਜਾਂਦੇ ਸਨ। ਦੋਰਾਹੇ ਦੇ ਰਾਹ ਵਿੱਚ ਜਿੰਨੇ ਦਰੱਖਤ ਉਨ੍ਹਾਂ ਨੇ ਲਗਾਏ ਸਾਰਿਆਂ ਦੀ ਵੇਖ ਭਾਲ ਵੀ ਖੁਦ ਕਰਦੇ ਸਨ। ਇਸ ਤਰ੍ਹਾਂ ਪਿੰਡ ਦੇ ਫ਼ੈਜ ਮੁਹੰਮਦ ਵੀ ਰੁੱਖਾਂ ਖਾਸ ਤੌਰ 'ਤੇ ਪਿਪਲ ਅਤੇ ਬਰੋਟਿਆਂ ਦੇ ਦਰਖਤ ਲਗਾਉਂਦੇ ਅਤੇ ਉਨ੍ਹਾਂ ਪਾਣੀ ਪਾ ਕੇ ਪਾਲਦੇ ਸਨ। ਆਧੁਨਿਕ ਸਮੇਂ ਦੇ ਪੜ੍ਹੇ ਲਿਖੇ ਤੇ ਜਾਗ੍ਰਤ ਲੋਕਾਂ ਨੂੰ ਆਪਣੇ ਪਿੰਡ ਦੇ ਬਜ਼ੁਰਗਾਂ ਦੀ ਵਿਰਾਸਤ ਤੋਂ ਕੁਝ ਤਾਂ ਸਿੱਖਣਾ ਬਣਦਾ ਹੈ। ਜੇਕਰ ਏਸੇ ਤਰ੍ਹਾਂ ਰੁੱਖਾਂ ਦੀ ਕਟਾਈ ਹੁੰਦੀ ਰਹੀ ਤਾਂ ਅਸੀਂ ਆਪਣਾ ਭਵਿਖ ਆਪ ਖ਼ਰਾਬ ਕਰ ਲਵਾਂਗੇ। ਸਾਡੇ ਪਿੰਡ ਦੀਆਂ ਸਵੈਇੱਛਤ ਸੰਸਥਾਵਾਂ 'ਕੱਦੋਂ ਨਿਸ਼ਕਾਮ ਸੇਵਾ ਸਸਾਇਟੀ' ਨੇ ਰੁੱਖ ਲਗਾਉਣ ਤੋਂ ਇਲਾਵਾ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਸਜਾਵਟੀ ਬੂਟੇ ਲਗਾਏ ਹੋਏ ਹਨ ਤਾਂ ਜੋ ਵਾਤਵਰਨ ਸਾਫ਼ ਸੁਥਰਾ ਰਹੇ ਅਤੇ ਸਾਡੀ ਲਾਈਫ਼ ਲਾਈਨ ਬਰਕਰਾਰ ਰਹੇ। ਸੌਣ ਦੇ ਮਹੀਨੇ ਜੰਗਲਾਤ ਵਿਭਾਗ ਦਰਖਤ ਲਗਾਉਣ ਦੀ ਮੁਹਿੰਮ ਤਾਂ ਚਲਾਉਂਦਾ ਹੈ ਪ੍ਰੰਤੂ ਦਰੱਖਤਾਂ ਦੀ ਵੇਖ ਭਾਲ ਨਹੀਂ ਕੀਤੀ ਜਾਂਦੀ। ਸਵੈਇੱਛਤ ਸੰਸਥਾਵਾਂ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਣ ਲਈ ਰੁੱਖ ਤਾਂ ਲਗਾਉਂਦੀਆਂ ਹਨ ਪ੍ਰੰਤੂ ਮੁੜਕੇ ਉਨ੍ਹਾਂ ਦੀ ਵੇਖ ਭਾਲ ਨਹੀਂ ਕਰਦੇ।
ਜੀਰੀ ਲਗਾਕੇ ਧਰਤੀ ਹੇਠਲਾ ਪਾਣੀ ਵੀ ਬੇਕਿਰਕੀ ਨਾਲ ਕੱਢਕੇ ਪੰਜਾਬੀ ਆਪਣਾ ਅਤੇ ਆਪਣੀ ਨਵੀਂ ਪੀੜ੍ਹੀ ਦਾ ਭਵਿਖ ਦਾਅ 'ਤੇ ਲਗਾ ਰਹੇ ਹਨ। ਪੰਜਾਬੀਆਂ ਨੂੰ ਜੀਰੀ ਲਗਾਉਣ ਵਿੱਚ ਪਹਿਲ ਕਰਕੇ ਬਦਲਵੀਂਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਉਹ ਜਿਵੇਂ ਹਰ ਖੇਤਰ ਵਿੱਚ ਮੋਹਰੀ ਹਨ, ਉਨ੍ਹਾਂ ਨੂੰ ਵਾਤਾਵਰਨ ਬਚਾਉਣ ਲਈ ਵੀ ਮੋਹਰੀ ਬਣਨਾ ਚਾਹੀਦਾ ਹੈ। ਕਰਮਜੀਤ ਸਿੰਘ 'ਜੀਤ ਕੱਦੋਂਵਾਲਾ' ਗੀਤਕਾਰ ਨੇ ਪ੍ਰਵਾਸੀਆਂ ਨੂੰ ਸੁਝਾਅ ਦਿੱਤਾਹੈ ਕਿ ਉਹ ਆਪਣੀਆਂ ਜ਼ਮੀਨਾ ਠੇਕੇ 'ਤੇ ਸਿਰਫ ਉਨ੍ਹਾਂ ਨੂੰ ਹੀ ਦੇਣ ਜਿਹੜੇ ਜੀਰੀ ਨਾ ਬੀਜਣ। ਇੰਜ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਪਰਵਾਸੀਆਂ ਪੰਜਾਬ ਲਈ ਇਹ ਵੱਡਾ ਯੋਗਦਾਨ ਸਾਬਤ ਹੋ ਸਕਦਾ ਹੈ। ਪੰਜਾਬੀਓ ਵਾਤਾਵਰਨ ਲਈ ਸੁਚੇਤ ਹੋ ਜਾਵੋ ਤਾਂ ਜੋ ਭਵਿਖ ਬਚਾਇਆ ਜਾ ਸਕੇ।
ਸਾਹਿਤ, ਸੁਤੰਤਰਤਾ ਸੰਗਰਾਮ ਅਤੇ ਅਧਿਆਤਮ ਦਾ ਸੁਮੇਲ : ਭਾਈ ਸਾਹਿਬ ਰਣਧੀਰ ਸਿੰਘ - ਉਜਾਗਰ ਸਿੰਘ
ਸਿੱਖ ਵਿਰਾਸਤ ਬਹੁਤ ਅਮੀਰ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਅਤੇ ਅਨੇਕ ਸੰਤਾਂ ਭਗਤਾਂ ਨੇ ਬਾਣੀ ਰਚਕੇ ਪੰਜਾਬੀ ਸਭਿਅਚਾਰ ਨੂੰ ਅਮੀਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਿਰਾਸਤ ਦਾ ਨਚੋੜ ਹੈ। ਸਮੁੱਚਾ ਸਿੱਖ ਭਾਈਚਾਰ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਜੀਵਨ ਬਸਰ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਉਸ ਦੀ ਸੁਚੱਜੇ ਢੰਗ ਨਾਲ ਵਿਆਖਿਆ ਕਰਕੇ ਲੋਕਾਈ ਨੂੰ ਵਿਚਾਰਧਾਰਾ ਤੋਂ ਸੇਧ ਲੈਣ ਦੀ ਪ੍ਰੇਰਨਾ ਦੇਣ ਵਾਲੇ ਭਾਈ ਰਣਧੀਰ ਸਿੰਘ ਅਜਿਹੇ ਵਿਦਵਾਨ ਤੇ ਰੌਸ਼ਨ ਦਿਮਾਗ ਇਨਸਾਨ ਸਨ, ਜਿਨ੍ਹਾਂ ਨੇ ਗੁਰਬਾਣੀ ਤੇ ਗੁਰਮਤਿ ਨੂੰ ਸਮਰਪਤ ਹੋ ਕੇ ਜੀਵਨ ਬਸਰ ਕੀਤਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿੱਖ ਕੌਮ ਦੀ ਮਾਇਆਨਾਜ਼ ਹਸਤੀ ਸਨ। ਇੱਕ ਰੱਜੇ-ਪੁੱਜੇ ਘਰਾਣੇ ਦੇ ਲਾਡਲੇ ਦਾ ਗੁਰਸਿੱਖੀ ਮਾਰਗ ਤੇ ਚਲਣਾ ਤੇ ਫਿਰ ਸੰਸਾਰਿਕ ਸੁੱਖਾਂ ਨੂੰ ਤਿਆਗਣਾ ਅਚੰਭਤ ਗੱਲ ਸੀ। ਰਾਜ ਭਾਗ ਦੇ ਹਿੱਸੇਦਾਰ ਹੋਣ ਦੇ ਬਾਵਜੂਦ ਤਲਵਾਰ ਦੀ ਨੋਕ 'ਤੇ ਚਲਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਉਨ੍ਹਾਂ ਦੇ ਪਿਤਾ ਨੱਥਾ ਸਿੰਘ ਨਾਭਾ ਰਿਆਸਤ ਵਿੱਚ ਹਾਈ ਕੋਰਟ ਦੇ ਜੱਜ ਸਨ। ਪਿਤਾ ਵੱਲੋਂ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਰਾਜ ਵਿੱਚ ਤਹਿਸੀਲਦਾਰ ਦੀ ਦਿਵਾਈ ਨੌਕਰੀ ਨੂੰ ਲੱਤ ਮਾਰਕੇ ਗੁਰਮਤਿ ਨੂੰ ਸਮਰਪਤ ਹੋ ਗਏ। ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ੍ਹ ਦੀ ਮੂਰਤ, ਸੁਤੰਤਰਤਾ ਸੰਗਰਾਮ ਦੀ ਗ਼ਦਰ ਲਹਿਰ ਦੇ ਨਾਇਕ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਅਤੇ ਸਿੱਖ ਚਿੰਤਕ ਵਿਦਵਾਨ ਸਨ। ਭਾਈ ਰਣਧੀਰ ਸਿੰਘ ਦਾ ਸਰਕਾਰ ਪ੍ਰਸਤ ਘਰਾਣੇ ਵਿੱਚੋਂ ਫਰੰਗੀ ਵਿਰੋਧੀ ਬਗ਼ਾਵਤ ਦੀ ਮਿਸ਼ਾਲ ਲੈ ਕੇ ਚਲਣਾ ਇੱਕ ਕਰਾਂਤੀਕਾਰੀ ਕਦਮ ਸੀ। ਇੱਕ ਪ੍ਰਕਾਰ ਉਹ ਯੁਗ ਪਲਟਾਊ ਵਿਦਰੋਹ ਦੇ ਨਾਇਕ ਸਨ, ਇਸ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਦੇਸ਼ ਭਗਤ ਕਿਹਾ ਜਾ ਸਕਦਾ ਹੈ । ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਦੇ ਪੋਤਰੇ ਦੇ ਕਹਿਣ 'ਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਤੌਰ ਹੋਸਟਲ ਸੁਪ੍ਰਇਨਟੈਂਟ ਲੱਗ ਗਏ। ਉਹ ਕਰਾਂਤੀਕਾਰੀ ਲਹਿਰ ਦੇ ਉਸਰਈਆਂ ਦੀ ਪਹਿਲੀ ਕਤਾਰ ਵਿੱਚ ਸਨ। ਸਿੰਘ ਸਭਾ ਲਹਿਰ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਪਿਉਂਦ ਦੇ ਕੇ ਗੁਰਦੁਆਰਾ ਲਹਿਰ ਵਿੱਚ ਰੂਹ ਫੂਕੀ ਸੀ। ਉਨ੍ਹਾਂ ਨੇ ਸਾਰੀ ਉਮਰ ਇੱਕ ਫਕੀਰ ਦਾ ਜੀਵਨ ਜੀਵਿਆ। ਭਾਈ ਰਣਧੀਰ ਸਿੰਘ ਸੰਤ ਸਰੂਪ ਬਹੁਗੁਣੀ ਮਹਾਨ ਮਹਾਂ ਪੁਰਸ਼ ਸਨ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਤੇ ਨਾਮ ਬਾਣੀ ਦੇ ਰਸੀਏ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਤ ਕਰ ਦਿੱਤਾ ਸੀ। ਉਨ੍ਹਾਂ ਦਾ ਸਮੁੱਚਾ ਜੀਵਨ ਇੱਕ 'ਗੁਰਮੁੱਖ ਗੁਰਸਿੱਖ' ਵਾਲਾ ਸੱਚਾ ਸੁੱਚਾ, ਸੱਚ ਨੂੰ ਕਮਾਉਣ ਵਾਲਾ ਪਰਉਪਕਾਰੀ ਸੀ। ਉਹ ਅਧਿਆਤਮਿਕ ਅਨੁਭਵ ਵਾਲੇ ਜਗਿਆਸੂ ਮਹਾਂ ਪਰਖ ਸਨ ਤੇ ਉਨ੍ਹਾਂ ਦਾ ਜੀਵਨ ਅੰਤਰਮੁਖੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਤੇ ਸਿਧਾਂਤ ਗੁਰਬਾਣੀ ਦੀ ਵਿਆਖਿਆ, ਕੀਰਤਨ ਅਤੇ ਚਿੰਤਨ ਸੀ। ਉਨ੍ਹਾਂ ਨੇ ਅਖੰਡ ਕੀਰਤਨ ਜੱਥੇ ਦੀ ਟਕਸਾਲ ਦੀ ਸਥਾਪਨਾ ਕੀਤੀ ਤਾਂ ਜੋ ਸਿੱਖ ਜਗਤ ਗੁਰਬਾਣੀ ਦੇ ਕੀਰਤਨ ਨਾਲ ਲਿਵ ਲਾ ਕੇ ਆਪਣਾ ਜੀਵਨ ਸਫ਼ਲ ਕਰ ਸਕੇ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਉਹ 30 ਸਾਲ ਤੋਂ ਥੋੜ੍ਹਾ ਵੱਧ ਸਮਾਂ ਇਸ ਸੰਸਾਰ ਵਿੱਚ ਸਰੀਰਕ ਜਾਮੇ ਵਿੱਚ ਰਹੇ। ਸਮੁੱਚੇ ਦੇਸ਼ ਵਿੱਚ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਅਤੇ ਅਖੰਡ ਕੀਰਤਨ ਜਥੇ ਦੀਆਂ ਇਕਾਈਆਂ ਸਥਾਪਤ ਕਰਕੇ ਉਨ੍ਹਾਂ ਰਾਹੀਂ ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ। ਅੱਜ ਵੀ ਅਖੰਡ ਕੀਰਤਨੀ ਜਥੇ ਧਰਮ ਪ੍ਰਚਾਰ ਕਰ ਰਹੇ ਹਨ। ਉਹ ਉਤਮ ਦਰਜੇ ਦੇ ਨਾਮ ਅਭਿਆਸੀ, ਚੋਟੀ ਦੇ ਅਣਥੱਕ ਤੇ ਨਿਸ਼ਕਾਮ ਕੀਰਤਨੀਏ, ਮਹਾਨ ਕਵੀ ਤੇ ਲੇਖਕ, ਨਿਧੜਕ ਜਰਨੈਲ, ਪੂਰਨ ਗ੍ਰਹਿਸਤੀ, ਨਿਮਰਤਾ, ਸ਼ਹਿਨਸੀਲਤਾ, ਧੀਰਜ ਤੇ ਦਇਆ ਦੇ ਪੁੰਜ ਸਨ। ਉਨ੍ਹਾਂ ਨੇ ਲਗਪਗ ਦੋ ਦਰਜਨ ਪੁਸਤਕਾਂ/ਟ੍ਰੈਕਟ/ਪੈਂਫਲਿਟ, ਜਿਨ੍ਹਾਂ ਵਿੱਚ ਜੇਲ੍ਹ ਚਿੱਠੀਆਂ (ਸਵੈ ਜੀਵਨੀ), ਗੁਰਮਤਿ ਨਾਮ ਅਭਿਆਸ ਕਮਾਈ, ਚਰਨ ਕੰਵਲ ਦੀ ਮਉਜ, ਗੁਰਮਤਿ ਸੱਚ ਨਿਰਣੈ, ਗੁਰਮਤਿ ਬਿਬੇਕ, ਗੁਰਮਤਿ ਗੌਰਵਤਾ, ਅਣਡਿਠੀ ਦੁਨੀਆਂ, ਗੁਰਮਤਿ ਅਧਿਆਤਮ ਕਰਮ ਫਿਲਾਸਫੀ, ਅਨਹਦ ਸ਼ਬਦ ਦਸਮ ਦੁਆਰ, ਸਚਖੰਡ ਦਰਸ਼ਨ, ਕਥਾ ਕੀਰਤਨ, ਨਾਮ ਤੇ ਨਾਮ ਦਾ ਦਾਤਾ ਸਤਿਗੁਰ, ਜੋਤਿ ਵਿਗਾਸ (1944), ਦਰਸ਼ਨ ਝਲਕਾਂ (1938), ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, ਜ਼ਾਹਿਰ ਜ਼ਹੂਰ ਗੁਰੂ ਗੋਬਿੰਦ ਸਿੰਘ, ਅੰਮ੍ਰਿਤ ਕੀ ਹੈ?, ਤੱਤ ਗੁਰਮਤਿ ਨਿਰਣਯ, ਬਾਬਾ ਵੈਦ ਰੋਗੀਆਂ ਦਾ, ਸੰਤ ਪਦ ਨਿਰਣੈ। ਗੁਰਮਤਿ ਰਮਜ਼ਾਂ, ਹਓਮੈ ਨਾਲ ਵਿਰੋਧ, ਸਿੱਖ ਕੌਣ ਹੈ?, ਆਸਤਕ ਤੇ ਨਾਸਤਕ, ਅੰਮ੍ਰਿਤ ਕਲਾ, ਗਗਨ ਉਡਾਰੀ ਆਦਿ ਸ਼ਾਮਲ ਹਨ। ਉਨ੍ਹਾਂ ਵੱਲੋਂ ਰਚਿਆ ਗਿਆ ਸਾਹਿਤ ਪੰਥ ਨੂੰ ਇੱਕ ਮਹਾਨ ਦੇਣ ਹੈ। ਹਰ ਪੁਸਤਕ ਗੁਰਮਤਿ ਦੇ ਕਿਸੇ ਨਾ ਕਿਸੇ ਸਿਧਾਂਤ ਉਤੇ ਗੁਰਬਾਣੀ ਰਾਹੀਂ ਰੌਸ਼ਨੀ ਪਾ ਕੇ, ਭਰਮ ਭੁਲੇਖੇ ਦੂਰ ਕਰਦੀ ਅਤੇ ਉਸ ਦਾ ਸਿੱਕਾ ਸਾਡੇ ਮਨਾ 'ਤੇ ਬਿਠਾ ਦਿੰਦੀ ਹੈ। ਸਿੱਖ ਇਤਿਹਾਸ ਵਿੱਚ ਕਿਸੇ ਸਿਮਰਨ-ਸਰੂਪ ਹੋਈ ਸ਼ਖ਼ਸੀਅਤ ਨੇ ਏਨਾ ਬਹੁ-ਪੱਖੀ ਧਾਰਮਿਕ ਸਾਹਿਤ ਨਹੀਂ ਰਚਿਆ। ਕਰਤਾਰ ਸਿੰਘ ਸਰਾਭਾ ਦੇ ਨਾਲ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਦੀ ਲੜੀ ਵਿੱਚ ਕੀਤੀਆਂ ਜਾਂਦੀਆਂ ਸਰਗਰਮੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗ਼ਦਰੀਆਂ ਨੇ ਫ਼ੌਜੀ ਛਾਉਣੀਆਂ ਵਿੱਚ ਬਗ਼ਾਬਤ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਭਾਈ ਰਣਧੀਰ ਸਿੰਘ ਦੀ ਡਿਊਟੀ ਫ਼ੀਰੋਜਪੁਰ ਛਾਉਣੀ ਜਾਣ ਦੀ ਲੱਗੀ ਸੀ। ਪੁਲਿਸ ਨੂੰ ਭਿਣਕ ਪੈ ਗਈ। ਬਗ਼ਾਬਤ ਨੂੰ ਰੋਕਣ ਲਈ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਮੁੱਲਾਂਪੁਰ ਤੋਂ ਭਾਈ ਰਣਧੀਰ ਸਿੰਘ ਰੇਲ ਗੱਡੀ ਵਿੱਚ 60 ਵਿਅਕਤੀਆਂ ਦੇ ਜਥੇ ਨਾਲ ਕੀਰਤਨ ਕਰਦੇ ਜਾ ਰਹੇ ਸਨ ਤਾਂ ਜੋ ਪੁਲਿਸ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਕਰਤਾਰ ਸਿੰਘ ਸਰਾਭਾ ਨੇ ਮੌਕੇ 'ਤੇ ਹੀ ਭਾਈ ਸਾਹਿਬ ਦੇ ਜੱਥੇ ਨੂੰ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦੇ ਦਿੱਤੀ, ਇਸ ਕਰਕੇ ਉਦੋਂ ਉਹ ਗ੍ਰਿਫ਼ਤਾਰੀ ਤੋਂ ਬਚ ਗਏ। ਇਸ ਤੋਂ ਪਹਿਲਾਂ ਉਨ੍ਹਾਂ ਛਾਉਣੀਆਂ ਵਿੱਚ ਬਗਾਬਤ ਕਰਵਾਉਣ ਲਈ ਗੁਜਰਵਾਲ ਪਿੰਡ ਵਿਖੇ ਮਾਲਵੇ ਦੇ ਗ਼ਦਰੀਆਂ ਦਾ ਵੱਡਾ ਇਕੱਠ 14 ਫ਼ਰਵਰੀ 1915 ਨੂੰ ਕੀਤਾ ਸੀ, ਜਿਸ ਵਿੱਚ ਵੱਡੇ ਗ਼ਦਰੀ ਬਾਬਿਆਂ ਨੇ ਹਿੱਸਾ ਲਿਆ ਸੀ। ਬਾਅਦ ਵਿੱਚ ਭਾਈ ਰਣਧੀਰ ਸਿੰਘ ਨੂੰ 9 ਮਈ 1915 ਨੂੰ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ 4 ਅਪ੍ਰੈਲ 1916 ਨੂੰ ਮੁਲਤਾਨ ਜੇਲ੍ਹ , ਜੁਲਾੲਂੀ 1917 ਹਜ਼ਾਰੀ ਬਾਗ, ਅਕਤੂਬਰ 1921 ਵਿੱਚ ਰਾਜਮੁੰਦਰੀ ਜੇਲ੍ਹ ਅਤੇ 1 ਦਸੰਬਰ 1922 ਨੂੰ ਨਾਗਪੁਰ ਆਦਿ ਕਈ ਥਾਵਾਂ ਤੇ ਰੱਖਿਆ ਗਿਆ। ਮੁਲਤਾਨ ਜੇਲ੍ਹ ਦੇ ਸਮੇਂ ਉਨ੍ਹਾਂ ਨੇ ਜੇਲ੍ਹ ਸੁਧਾਰਾਂ ਲਈ ਵੀ ਜਦੋਜਹਿਦ ਕੀਤੀ ਅਤੇ ਸਿੱਖੀ ਸਰੂਪ ਅਨੁਸਾਰ ਜੇਲ੍ਹ ਵਿੱਚ ਰਹਿਣ ਸਮੇਂ ਉਨ੍ਹਾਂ ਨੇ 40 ਦਿਨ ਭੁੱਖ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਸਨ। ਜੇਲ੍ਹ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਹੋਈ ਸੀ। ਇਥੇ ਹੀ ਆ ਕੇ ਉਨ੍ਹਾਂ ਗ਼ਦਰੀ ਕਰਾਂਤੀਕਾਰ ਕਵੀ ਮੁਨਸ਼ਾ ਸਿੰਘ ਦੁਖੀ ਆ ਕੇ ਮਿਲੇ ਸਨ। ਇਨ੍ਹਾਂ 'ਤੇ ਦੂਜਾ ਲਾਹੌਰ ਸਾਜ਼ਸ ਕੇਸ ਅਧੀਨ 29 ਅਕਤੂਬਰ 1929 ਨੂੰ ਮੁਕੱਦਮਾ ਚਲਾਇਆ ਗਿਆ। ਭਾਈ ਰਣਧੀਰ ਸਿੰਘ ਨੂੰ 30 ਮਾਰਚ 1916 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਸਾਰੀ ਪਰਿਵਾਰਿਕ ਜਾਇਦਾਦ ਜਬਤ ਕਰ ਲਈ। ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਸਰਕਾਰ ਤੋਂ ਜਾਇਦਾਦ ਵਾਪਸ ਨਹੀਂ ਮੰਗੀ ਸੀ। 14 ਜਨਵਰੀ 1914 ਨੂੰ ਜਦੋਂ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੀ ਗਈ ਤਾਂ ਉਹ ਇੱਕ ਸ਼ਹੀਦੀ ਜੱਥਾ ਲੈ ਕੇ 3 ਮਈ 1914 ਨੂੰ ਲਾਹੌਰ ਗਏ ਸਨ, ਜਿਥੇ ਰੋਸ ਵਜੋਂ ਸਿੱਖਾਂ ਦਾ ਭਾਰੀ ਸਮਾਗਮ ਹੋ ਰਿਹਾ ਸੀ। ਚੀਫ਼ ਖਾਲਸਾ ਦੀਵਾਨ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਉਸ ਨੇ 1914 ਵਿੱਚ ਸਰਕਾਰ ਦੇ ਕੰਧ ਢਾਹੁਣ ਦੇ ਫ਼ੈਸਲੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ। ਹਰਚੰਦ ਸਿੰਘ ਲਾਇਲਪੁਰ ਅਤੇ ਹਰਬੰਸ ਸਿੰਘ ਅਟਾਰੀ ਮਤੇ ਦੇ ਵਿਰੋਧ ਵਿੱਚ ਮੀਟਿੰਗ ਵਿੱਚੋਂ ਬਾਈਕਾਟ ਕਰਕੇ ਬਾਹਰ ਆ ਗਏ। ਭਾਈ ਰਣਧੀਰ ਸਿੰਘ ਨੇ ਹਰਚੰਦ ਸਿੰਘ ਲਾਇਲਪੁਰ ਨਾਲ ਮਿਲਕੇ ਵਿਰੋਧ ਕਰਨ ਦਾ ਸਾਰਾ ਕੰਮ ਆਪਣੇ ਹੱਥ ਲੈ ਲਿਆ। ਉਨ੍ਹਾਂ ਜ਼ਮਾਨੇ ਦੀ ਵੰਗਾਰ ਸੁਣੀ ਤੇ ਗੁਰਧਾਮਾ ਦੇ ਰਾਹ ਤੁਰ ਪਏ। ਉਹ ਆਧੁਨਿਕ ਯੁਗ ਦੇ ਮਹਾਨ ਤਪੱਸਵੀ, ਰਹੱਸਵਾਦੀ ਸੰਤ, ਕਵੀ ਤੇ ਵਾਰਤਕਕਾਰ ਸਨ। ਛੂਤ ਛਾਤ, ਵਹਿਮ ਭਰਮ ਅਤੇ ਊਚ ਨੀਚ ਦੇ ਸਖ਼ਤ ਵਿਰੋਧੀ ਸਨ। ਖਾਲਸਾ ਪੰਥ ਵੱਲੋਂ ਉਨ੍ਹਾਂ ਨੂੰ ਸਿੱਖ ਧਰਮ ਦੀ ਸੋਨ ਚਿੜੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਭਾਈ ਰਣਧੀਰ ਸਿੰਘ ਨੂੰ 15 ਸਤੰਬਰ 1931 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅਡੋਲ ਦ੍ਰਿੜ੍ਹਤਾ, ਨਿਸ਼ਕਾਮ ਕੁਰਬਾਨੀ ਅਤੇ ਗੁਰੂ ਪੰਥ ਦੀ ਉਘੀ ਸੇਵਾ ਲਈ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਤੋਂ ਵੀ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਸਾਰਾ ਜੀਵਨ ਆਦਰਸ਼ਕ ਸੀ। ਉਹ ਕਹਿਣੀ ਤੇ ਕਰਨੀ ਦੇ ਪੱਕੇ ਸਨ। ਉਹ ਐਫ.ਸੀ.ਕਾਲਜ ਲਾਹੌਰ ਦੀ ਹਾਕੀ ਟੀਮ ਦੇ ਕਪਤਾਨ ਵੀ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ 7 ਜੁਲਾਈ 1878 ਨੂੰ ਪਿਤਾ ਸ੍ਰ.ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਕੂਲ ਵਿੱਚ 'ਭੁਝੰਗੀ ਸਭਾ' ਬਣਾਈ ਜਿਸ ਦੇ ਉਹ ਪ੍ਰਧਾਨ ਸਨ। ਸਾਰੇ ਵਿਦਿਆਰਥੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਅੰਮ੍ਰਿਤਧਾਰੀ ਬਣਾਇਆ ਗਿਆ। ਫਿਰ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਲਾਹੌਰ ਭੇਜ ਦਿੱਤਾ ਗਿਆ। ਭਾਈ ਰਣਧੀਰ ਸਿੰਘ ਨੇ 1900 ਵਿੱਚ ਬੀ.ਏ., ਐਫ.ਸੀ.ਕਾਲਜ ਲਾਹੌਰ ਤੋਂ ਪਾਸ ਕੀਤੀ। ਉਨ੍ਹਾਂ ਦਾ ਨਾਮ ਬਸੰਤ ਸਿੰਘ ਸੀ ਪ੍ਰੰਤੂ ਅੰਮ੍ਰਿਤ ਛੱਕਣ ਤੋਂ ਬਾਅਦ ਰਣਧੀਰ ਸਿੰਘ ਰੱਖਿਆ ਗਿਆ। ਉਨ੍ਹਾਂ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਬਲਬੀਰ ਸਿੰਘ ਅਤੇ ਇੱਕ ਲੜਕੀ ਪੰਜਾਬ ਕੌਰ ਸਨ। ਭਾਈ ਰਣਧੀਰ ਦੀ ਵਿਰਾਸਤ ਨੂੰ ਬਲਬੀਰ ਸਿੰਘ ਦਾ ਦੋਹਤਾ ਜੁਝਾਰ ਸਿੰਘ ਸੰਭਾਲ ਰਿਹਾ ਹੈ। ਭਾਈ ਰਣਧੀਰ ਸਿੰਘ 16 ਅਪ੍ਰੈਲ 1961 ਨੂੰ ਸਵਰਗਵਾਸ ਹੋ ਗਏ