Nirmal Singh Kandhalvi

ਗਧੇ ਗਾਜਰਾਂ ‘ਚ - ਨਿਰਮਲ ਸਿੰਘ ਕੰਧਾਲਵੀ

ਵਿਧਾਇਕ; ਨਵਾਂ ਵਿਧਾਇਕ ਸੀ.ਐੱਮ.ਨੂੰ ਕਹਿਣ ਲੱਗਾ,
            ਪੜਦੇ ਪਿਛਲੀ ਸਰਕਾਰ ਦੇ ਫੋਲੀਏ  ਜੀ।
            ਕਿਹੜੇ ਕਿਹੜੇ  ਘਪਲੇ  ਕਰਵਾਏ  ਏਨ੍ਹਾਂ,
            ਭੇਦ  ਵੋਟਰਾਂ  ਨੂੰ ਇਨ੍ਹਾਂ  ਦੇ  ਖੋਲ੍ਹੀਏ  ਜੀ।

            ਹਿਸਾਬ ਕਿਤਾਬ ਦੀ ਪੂਰੀ ਘੋਖ ਕਰ ਕੇ,
            ਦੱਸੀਏ  ਇਨ੍ਹਾਂ ਦੀਆਂ  ਹੇਰਾ ਫੇਰੀਆਂ ਜੀ।
            ਵਿਚ  ਵੋਟਰਾਂ  ਦੇ ਨੰਬਰ  ਬਣਾ  ਲਈਏ,
            ਮੰਨੋ ਗੱਲਾਂ  ਸੀ.ਐੱਮ. ਸਾਬ ਮੇਰੀਆਂ ਜੀ।

ਸੀ.ਐੱਮ:  ਤੂੰ ਏਂ ਨਵਾਂ ਤੇ ਤਜਰਬੇ ਦੀ ਏ ਘਾਟ ਤੈਨੂੰ,
            ਲੱਲ ਵਲੱਲੀਆਂ  ਤੂੰ ਤਾਹੀਉਂ  ਮਾਰਦਾ ਏਂ।
            ਕੁਝ ਸਿੱਖ  ਲੈ ਤੂੰ  ਸਾਡੇ  ਤਜਰਬਿਆਂ ਤੋਂ,
            ਗਧੇ ਗਾਜਰਾਂ ‘ਚ  ਕਾਹਨੂੰ  ਤੂੰ ਵਾੜਦਾ ਏਂ।

            ਖੱਖਰ ਭੂੰਡਾਂ ਦੇ  ਛੇੜ ਆਪਾਂ  ਨੇ  ਕੀ ਲੈਣੈ,
            ਕਾਹਨੂੰ  ਵੈਰ  ਕਿਸੇ  ਨਾਲ  ਪਾਵੀਏ  ਓਏ।
            ਚੰਦ ਅਸੀਂ  ਵੀ ਤਾਂ ਪੰਜ ਸਾਲ ਚਾੜ੍ਹਨੇ ਨੇ,
            ਇੱਜ਼ਤ  ਆਪਣੀ  ਆਪ  ਬਚਾਵੀਏ  ਓਏ।

ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ - ਨਿਰਮਲ ਸਿੰਘ ਕੰਧਾਲਵੀ

ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ
ਤੁਸੀਂ ਬੰਦੇ ਬੜੇ ਕਮਾਲ
ਵਿਕਾਸ ਦਾ ਝੁਰਲੂ ਫੇਰ ਫੇਰ ਕੇ
ਕਰ ‘ਤੇ ਮੰਦੜੇ ਹਾਲ ਲੀਡਰ ਜੀ.....ਤੁਸੀਂ ਬੰਦੇ.......

ਪੰਡ ਕਰਜ਼ੇ ਦੀ ਵਧਦੀ ਜਾਵੇ
ਕੇਂਦਰ ਥੋਨੂੰ ਠੁੱਠ ਵਿਖਾਵੇ
ਗੁਲਦਸਤੇ ਵੀ ਕੰਮ ਨਹੀਂ ਕਰਦੇ
ਬਣਨ ਕੂੜੇ ਦਾ ਮਾਲ ਲੀਡਰ ਜੀ...ਤੁਸੀਂ ਬੰਦੇ

ਲੋਕਾਂ ਦੀਆਂ ਉਮੀਦਾਂ ਮੁੱਕੀਆਂ
ਫ਼ਸਲਾਂ ਪਾਣੀ ਬਾਝੋਂ ਸੁੱਕੀਆਂ
ਧੱਕੇ ਨਾਲ਼ ਤੁਸੀਂ ਠੇਕੇ ਖੋਲ੍ਹੋਂ
ਵਗਣ ਦਾਰੂ ਦੇ ਖਾਲ਼ ਲੀਡਰ ਜੀ...ਤੁਸੀ ਬੰਦੇ....

ਡੋਬ ‘ਤੀ ਨਸ਼ਿਆਂ ਵਿਚ ਜੁਆਨੀ
ਵੰਡ ਗਰਾਂਟਾਂ ਤੁਸੀਂ ਬਣਦੇ ਦਾਨੀ
ਭੋਲ਼ੇ  ਲੋਕ  ਨਾ  ਮੂਲ਼ੋਂ  ਸਮਝਣ
ਇਹ ਉਹਨਾਂ ਦਾ ਹੀ ਮਾਲ ਲੀਡਰ ਜੀ...ਤੁਸੀਂ ਬੰਦੇ....
ਸਭ ਪਾਸੇ ਚਿੱਟੇ ਦਾ ਰੌਲਾ
ਘਾਲ਼ਾ-ਮਾਲ਼ਾ, ਰੋਲ਼-ਘਚੋਲ਼ਾ
ਘਰ ਘਰ ਵੇਚਣ ਦੇ ਲਈ ਚਿੱਟਾ
ਨੀਲੇ ਚਿੱਟੇ ਫਿਰਨ ਦਲਾਲ....ਤੁਸੀਂ ਬੰਦੇ......

ਫਿਰਦੀ ਬੇਰੋਜ਼ਗਾਰ ਜਵਾਨੀ
ਲੱਭਦੀ ਫਿਰਦੀ ਧਰਤ ਬਿਗਾਨੀ
ਭਰੇ ਜਹਾਜ਼ ਰੋਜ਼ ਨਿੱਤ ਉਡਦੇ
ਤੇ ਨਾਲ਼ ਹੀ ਜਾਂਦਾ ਮਾਲ ਲੀਡਰ ਜੀ...ਤੁਸੀਂ ਬੰਦੇ....

ਇਸ ਧਰਤੀ ਦੇ ਜਾਏ ਅਣਖ਼ੀਲੇ
ਕਰ ‘ਤੀ ਅਣਖ਼ ਤੁਸੀਂ ਤੀਲੇ ਤੀਲੇ
ਭੁੱਲ ਗਏ ਲੋਕੀਂ ਅਣਖ ਦਾ ਜੀਣਾ
ਮੰਗਦੇ ਬਸ ਹੁਣ ਆਟਾ ਦਾਲ਼ ਲੀਡਰ ਜੀ...ਤੁਸੀਂ ਬੰਦੇ......

ਸੇਵਾ ਦਾ ਤੁਸੀਂ ਹੋਕਾ ਲਾਵੋਂ
ਸੇਵਾ ਕਰ, ਫਿਰ ਕਿਉਂ ਘਬਰਾਵੋਂ?
ਕਿਉਂ ਗੰਨਮੈਨਾਂ ਦੀਆਂ ਹੇੜ੍ਹਾਂ ਰੱਖੋਂ
ਪੁੱਛਣ ਲੋਕ ਸਵਾਲ ਲੀਡਰ ਜੀ.....ਤੁਸੀਂ ਬੰਦੇ...
.
ਘੇਰਨ ਪੱਤਰਕਾਰ ਜਦ ਥੋਨੂੰ
ਪੁੱਛਣ ਕੋਈ ਸਵਾਲ ਜਦ ਥੋਨੂੰ
ਖਚਰੀ ਹਾਸੀ ਹੱਸ ਕੇ ਲੀਡਰੋ
ਤੁਸੀਂ ਦਿੰਦੇ ਓ ਟਾਲ਼ ਸਵਾਲ ਲੀਡਰ ਜੀ...ਤੁਸੀਂ ਬੰਦੇ......

ਖ਼ਤਰੇ  ਦੀ ਜਦ  ਘੰਟੀ ਵੱਜਦੀ
ਜਦ ਕੁਰਸੀ ਹੈ ਹਿੱਲਦੀ ਲਗਦੀ
ਯਾਦ ਆਉਂਦੈ ਥੋਨੂੰ ਇਕੋ ਝੁਰਲੂ
ਤੇ ਦੇਸ਼ ਬਣਾਵੋਂ ਢਾਲ ਲੀਡਰ ਜੀ...ਤੁਸੀਂ ਬੰਦੇ.....

ਹੁਣ ਤਾਂ ਸਹੁਰੀ ਕੁਰਸੀ ਛੱਡੋ
ਮੋਹ ਮਾਇਆ ਦਾ ਫ਼ਸਤਾ ਵੱਢੋ
ਰਾਮ  ਨਾਮ  ਦੀ  ਜੋੜੋ  ਪੂੰਜੀ
ਇਹੋ ਜਾਂਦੀ ਹੈ ਨਾਲ਼ ਲੀਡਰ ਜੀ...ਤੁਸੀਂ ਬੰਦੇ.......

ਆਪਣੀ ਆਪਣੀ ਬੋਲੀ (ਕਹਾਣੀ)

ਮੂਲ ਲੇਖਕ: ਮੁਹੰਮਦ ਦਾਊਦ ਬਲੋਚ            ਪੇਸ਼ਕਸ਼: ਨਿਰਮਲ ਸਿੰਘ ਕੰਧਾਲਵੀ

ਮੈਂ ਇਕ ਛੋਟਾ ਜਿਹਾ ਕਿਸਾਨ ਹਾਂ।
ਸ਼ਹਿਰ ਤੋਂ ਦੂਰ ਇਕ ਨਿੱਕੇ ਜਿਹੇ ਪਿੰਡ ਵਿਚ ਮੇਰਾ ਛੋਟਾ ਜਿਹਾ ਘਰ ਹੈ।
ਮੇਰੇ ਕੋਲ਼ ਸਿਰਫ਼ ਦੋ ਵਿੱਘੇ ਜ਼ਮੀਨ ਹੈ।ਇਸ ਜ਼ਮੀਨ ਦਾ ਮਾਲਕ ਵੀ ਤੇ ਹਾਲ਼ੀ ਵੀ ਮੈਂ ਹੀ ਹਾਂ।ਜੇ ਤਾਂ ਮੌਸਮ ਮੇਰੇ ਹੱਕ ਵਿਚ ਭੁਗਤ ਜਾਏ ਤਾਂ ਥੋੜ੍ਹੀ ਬਹੁਤ ਫ਼ਸਲ ਘਰ ਆ ਜਾਂਦੀ ਹੈ ਨਹੀਂ ਤਾਂ ਫਾਕਿਆਂ ਤੱਕ ਨੌਬਤ ਆ ਜਾਂਦੀ ਹੈ।
ਖੇਤੀ ਕਰਨ ਲਈ ਮੇਰੇ ਪਾਸ ਬਲਦਾਂ ਦੀ ਇਕ ਜੋੜੀ ਹੈ।ਸਵੇਰ ਤੋਂ ਸ਼ਾਮ ਤੱਕ ਮੈਂ ਖੇਤਾਂ ਵਿਚ ਜਾਨ ਮਾਰ ਕੇ ਕੰਮ ਕਰਦਾ ਹਾਂ।ਮੇਰੀ ਜ਼ਮੀਨ ਦੇ ਇਰਦ ਗ਼ਿਰਦ ਵੀ ਪਹਿਲਾਂ ਸਭ ਸਿੰਧੀ ਕਿਸਾਨ ਹੁੰਦੇ ਸਨ ਪਰ ਜਦੋਂ ਤੋਂ ਸੇਠ ਨੈਣ ਮੱਲ ਸਿੰਧ ਛੱਡ ਕੇ ਹਿੰਦੁਸਤਾਨ ਚਲਾ ਗਿਆ ਹੈ, ਤਦ ਤੋਂ ਉਹਦੀ ਜ਼ਮੀਨ ਹਿੰਦੁਸਤਾਨੋਂ ਆਏ ਪੰਜਾਬੀ ਸ਼ਰਨਾਰਥੀਆਂ ਵਿਚ ਵੰਡ ਦਿੱਤੀ ਗਈ ਹੈ।
ਅਸੀਂ, ਸਾਰੇ ਕਿਸਾਨ ਇਕ ਦੂਸਰੇ ਨਾਲ਼ ਭਰਾਵਾਂ ਵਾਲ਼ਾ ਵਿਹਾਰ ਕਰਦੇ ਹਾਂ।ਕਦੀ ਮੇਰੇ ਕੋਲ਼ ਕੋਈ ਪੰਜਾਬੀ ਕਿਸਾਨ ਆ ਕੇ ਬਹਿ ਜਾਂਦਾ ਹੈ ਤੇ ਕਦੀ ਮੈਂ ਉਨ੍ਹਾਂ ਵਲ ਚਲਾ ਜਾਂਦਾ ਹਾਂ। ਭਾਵੇਂ ਸਾਡੀ ਬੋਲੀ ਸਾਂਝੀ ਨਹੀਂ ਪਰ ਅਸੀਂ ਇਸ਼ਾਰਿਆਂ ਨਾਲ਼ ਹੀ ਖੇਤੀ-ਬਾੜੀ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ।ਅਸੀਂ ਆਮ ਤੌਰ 'ਤੇ ਜ਼ਮੀਨਾਂ, ਪਸ਼ੂਆਂ, ਫ਼ਸਲਾਂ ਤੇ ਮੌਸਮ ਆਦਿ ਅਤੇ ਕਦੀ ਵੱਡੇ ਜ਼ਿੰਮੀਂਦਾਰਾਂ ਵਲੋਂ ਕੀਤੇ ਜਾਂਦੇ ਅਨਿਆਂ ਦੀਆਂ ਹੀ ਗੱਲਾਂ ਕਰਦੇ ਹਾਂ।ਬੱਸ ਸਾਡੀ ਦੁਨੀਆਂ ਏਨੀ ਕੁ ਹੀ ਹੈ।
ਮੈਂ ਆਪਣੇ ਪੰਜਾਬੀ ਗੁਆਂਢੀਆਂ ਨੂੰ ਕਹਿਨਾ, '' ਮੈਨੂੰ ਪੰਜਾਬੀ ਉਰਦੂ ਸਿਖਾ ਦਿਓ''।ਜਵਾਬ ਵਿਚ ਉਹ ਕਹਿੰਦੇ ਹਨ, '' ਤੂੰ ਸਾਨੂੰ ਆਪਣੀ ਸਿੰਧੀ ਜ਼ੁਬਾਨ ਸਿਖਾ ਦੇ''।
ਇਕ ਵਾਰੀ ਇੰਜ ਹੀ ਇਕ ਮਹਿਫ਼ਲ ਵਿਚ ਖੈਰਾਲ ਦੀਨ ਪੰਜਾਬੀ ਨੇ ਮੇਰੇ ਨਾਲ਼ ਮੇਰੇ ਬਲ਼ਦਾਂ ਦਾ ਸੌਦਾ ਕਰ ਲਿਆ।ਮੇਰੇ ਬਲ਼ਦ ਤਕੜੇ ਤੇ ਸੁਡੌਲ ਸਨ, ਇਸ ਲਈ ਖੈਰਾਲ ਦੀਨ ਨੇ ਮੇਰੇ ਬਲ਼ਦਾਂ ਬਦਲੇ ਮੈਨੂੰ ਆਪਣੇ ਦੋਵੇਂ ਬਲ਼ਦ ਅਤੇ ਨਾਲ਼ ਇਕ ਖੋਤਾ ਦੇਣ ਦੀ ਪੇਸ਼ਕਸ਼ ਕੀਤੀ।ਮੈਨੂੰ ਸੌਦਾ ਚੰਗਾ ਲੱਗਿਆ ਤੇ ਮੈਂ ਹਾਂ ਕਰ ਦਿੱਤੀ।ਮੈਂ ਖ਼ੁਸ਼ ਸਾਂ ਕਿ ਭਾਰ ਢੋਣ ਲਈ ਮੈਨੂੰ ਇਕ ਖੋਤਾ ਵਾਧੂ ਮਿਲ ਗਿਆ ਸੀ।ਖੈਰਾਲ ਦੀਨ ਆਪਣੇ ਥਾਂ ਖ਼ੁਸ਼ ਸੀ ਕਿ ਉਸ ਨੂੰ ਤਕੜੇ ਸੁਡੌਲ ਬਲ਼ਦ ਮਿਲ ਗਏ ਸਨ।ਸ਼ਾਮੀਂ ਮੈਂ ਉਹਦੇ ਬਲ਼ਦ ਅਤੇ ਖੋਤਾ ਆਪਣੇ ਘਰ ਲੈ ਆਇਆ।ਸਵੇਰ ਹੁੰਦਿਆਂ ਹੀ ਰੋਜ਼ ਵਾਂਗ ਮੈਂ ਨਵੇਂ ਬਲ਼ਦਾਂ 'ਤੇ ਜੂਲ਼ਾ ਰੱਖਿਆ ਤੇ ਖੇਤ ਵਲ ਚਲ ਪਿਆ।
ਜਦੋਂ ਖੇਤ ਵਿਚ ਮੈਂ ਬਲ਼ਦਾਂ ਨੂੰ ਆਪਣੀ ਸਿੰਧੀ ਜ਼ੁਬਾਨ 'ਚ ਕਿਹਾ, '' ਖਬਰੀ ਜਾਟ ਅਥੇਈ (ਖੱਬੂ! ਅੱਗੇ ਚਲ ਰਸਤਾ ਹੈ) ਤਾਂ ਦੋਵਾਂ ਬਲ਼ਦਾਂ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ, ਸਗੋਂ ਇਕ ਦੂਜੇ ਨਾਲ਼ ਖਹਿਣ ਲੱਗ ਪਏ ਤੇ ਖੇਤ 'ਚੋਂ ਬਾਹਰ ਨਿਕਲਣ ਦੀ ਖਿੱਚੋਤਾਣ ਕਰਨ ਲੱਗੇ।ਮੈਂ ਬਹੁਤ ਵਾਰੀ ਕਿਹਾ, '' ਖਬਰੀ ਸਾਜ਼ਤਰੇ, ਅੰਦਰ ਬਾਹਰਿ! ਪੈਰ 'ਤੇ ਆ'' ( ਖੱਬੇ ਹੋ, ਹੁਣ ਸੱਜੇ ਹੋ, ਹੁਣ ਅੰਦਰ ਬਾਹਰ ਜਾਹ, ਠਹਿਰ ਜਾ) ਪਰ ਉਨ੍ਹਾਂ ਨੇ ਜੇ ਕਦੇ ਸਿੰਧੀ ਬੋਲੀ ਸੁਣੀ ਹੁੰਦੀ ਤਾਂ ਹੀ ਮੇਰੀ ਗੱਲ ਸਮਝਦੇ।
ਮੈਂ ਉਨ੍ਹਾਂ ਨੂੰ ਆਪਣੀ ਬੋਲੀ ਮੁਤਾਬਕ ਤੋਰ ਨਾ ਸਕਿਆ।ਮੈਂ ਦੁਚਿੱਤੀ ਵਿਚ ਪੈ ਗਿਆ।ਮੇਰਾ ਮਨ ਮੈਨੂੰ ਕਹੇ ਕਿ ਖੈਰਾਲ ਦੀਨ ਨੇ ਤੇਰੇ ਨਾਲ਼ ਧੋਖਾ ਕੀਤਾ ਹੈ।ਮੈਨੂੰ ਖੋਤੇ ਦੇ ਲਾਲਚ ਵਿਚ ਨਿਕੰਮੇ ਬਲ਼ਦ ਦੇ ਦਿੱਤੇ ਹਨ।ਪਰ ਹੁਣ ਤਾਂ ਸੌਦਾ ਹੋ ਚੁੱਕਾ ਸੀ।ਕੀ ਕਰ ਸਕਦਾ ਸਾਂ।
ਮੈਂ ਫ਼ੈਸਲਾ ਕਰ ਲਿਆ ਕਿ ਇਸ ਧੋਖੇ ਦਾ ਖੈਰਾਲ ਦੀਨ ਤੋਂ ਬਦਲਾ ਜ਼ਰੂਰ ਲਵਾਂਗਾ।
ਬਲ਼ਦਾਂ ਨੂੰ ਪਰਾਣੀਆਂ ਮਾਰਦਿਆਂ ਮਾਰਦਿਆਂ ਮੇਰਾ ਦੂਸਰਾ ਦਿਨ ਵੀ ਲੰਘ ਗਿਆ ਪਰ ਉਨ੍ਹਾਂ ਨੂੰ ਮੇਰੀ ਬੋਲੀ ਦੀ ਸਮਝ ਨਾ ਆਈ।
ਮੈਂ ਹਾਰ ਗਿਆ।ਉੱਪਰੋਂ ਵੱਤਰ ਦੇ ਦਿਨ ਸਨ।ਖੇਤ ਨੂੰ ਛੇਤੀ ਵਾਹੁਣਾ ਬੜਾ ਜ਼ਰੂਰੀ ਸੀ।
ਮੈਂ ਸੋਚ ਲਿਆ ਕਿ ਚਾਹੇ ਪੰਚਾਇਤ ਇਕੱਠੀ ਕਰ ਕੇ ਹੀ ਖੈਰਾਲ ਦੀਨ ਨਾਲ਼ ਕੀਤਾ ਹੋਇਆ ਸੌਦਾ ਕਿਉਂ ਨਾ ਤੋੜਨਾ ਪਵੇ, ਮੈਂ ਹੁਣ ਪਿੱਛੇ ਨਹੀਂ ਹਟਾਂਗਾ।ਪਰ ਇਸ ਤੋਂ ਪਹਿਲਾਂ ਮੈਂ ਇਕ ਵਾਰ ਖੈਰਾਲ ਦੀਨ ਨਾਲ਼ ਗੱਲ ਕਰਨ ਬਾਰੇ ਸੋਚਿਆ ਤੇ ਮੈਂ ਉਹਦੇ ਬਲ਼ਦ ਅਤੇ ਖੋਤਾ ਲੈ ਕੇ ਉਹਦੇ ਘਰ ਵਲ ਚਲ ਪਿਆ।
ਹਾਲੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਖੈਰਾਲ ਦੀਨ ਮੇਰੇ ਬਲ਼ਦਾਂ ਸਮੇਤ ਆਉਂਦਾ ਦਿਸ ਪਿਆ।ਮੈਂ ਸਮਝਿਆ ਕਿ ਉਹ ਆਪਣੇ ਖੇਤ ਨੂੰ ਜਾ ਰਿਹਾ ਹੋਵੇਗਾ।ਜਦ ਉਹ ਮੇਰੇ ਨੇੜੇ ਆਇਆ ਤਾਂ ਕਹਿਣ ਲੱਗਾ, '' ਬਈ, ਤੇਰੇ ਬਲ਼ਦ ਤਾਂ ਮੇਰੀ ਪੰਜਾਬੀ ਦੀ ਇਕ ਗੱਲ ਨਹੀਂ ਸਮਝਦੇ।ਮੈਂ ਤਾਂ ਮਾਰ ਮਾਰ ਕੇ ਥੱਕ ਗਿਆਂ! ਤੇ ਹੁਣ ਇੰਜ ਕਰੀਏ ਕਿ ਤੂੰ ਆਪਣੇ ਬਲ਼ਦ ਵਾਪਸ ਲੈ ਲੈ ਤੇ ਮੇਰੇ ਮੈਨੂੰ ਦੇ ਦੇ''।
ਸਾਡੇ ਦੋਵਾਂ ਦੇ ਬਲ਼ਦ ਇੰਜ ਆਪਣੇ ਆਪਣੇ ਮਾਲਕ ਵਲ ਦੌੜੇ ਜਿਵੇਂ ਛੋਟਾ ਬੱਚਾ ਮਾਂ ਵਲ ਦੌੜਦਾ ਹੈ।  
ਮੇਰੇ ਬਲ਼ਦਾਂ ਦੀਆਂ ਨਿਰਾਸ਼ ਅੱਖਾਂ ਸਭ ਕੁਝ ਬਿਆਨ ਕਰ ਰਹੀਆਂ ਸਨ।
ਖੈਰਾਲ ਦੀਨ ਦਾ ਮਾਲ ਵਾਪਸ ਕਰ ਕੇ ਤੇ ਆਪਣੇ ਬਲ਼ਦ ਲੈ ਕੇ ਮੈਂ ਜਲਦੀ ਜਲਦੀ ਆਪਣੇ ਘਰ ਵਲ ਤੁਰ ਪਿਆ।ਅਚਾਨਕ ਮੇਰੀ ਨਜ਼ਰ ਆਪਣੇ ਬਲ਼ਦਾਂ ਦੀਆਂ ਪਿੱਠਾਂ 'ਤੇ ਪਈ।ਖੈਰਾਲ ਦੀਨ ਨੇ ਮਾਰ ਮਾਰ ਕੇ ਉਨ੍ਹਾਂ ਦੀ ਚਮੜੀ ਦੀਆਂ ਟਾਕੀਆਂ ਕੱਢ ਸੁੱਟੀਆਂ ਸਨ।ਮੇਰੀਆਂ ਅੱਖਾਂ 'ਚੋਂ ਹੰਝੂਆਂ ਦੀ ਧਾਰ ਵਹਿ ਤੁਰੀ।ਮੈਂ ਸੋਚਿਆਂ ਜੇ ਆਪਣੀ ਬੋਲੀ ਛੱਡਣ ਨਾਲ਼ ਜਾਨਵਰਾਂ ਦੀ ਇਹ ਦਸ਼ਾ ਹੁੰਦੀ ਹੈ ਤਾਂ ਆਪਣੀ ਬੋਲੀ ਛੱਡਣ ਨਾਲ ਬੰਦੇ ਦੀ ਨਾ ਜਾਣੇ ਕੀ ਦੁਰਦਸ਼ਾ ਹੁੰਦੀ ਹੋਵੇਗੀ।           

ਟਿੰਡ ‘ਚ ਕਾਨਾ - ਨਿਰਮਲ ਸਿੰਘ ਕੰਧਾਲਵੀ

ਟਿੰਡ “ਚ ਕਾਨਾ ਪਾਈ ਰੱਖ,
ਐਵੇਂ  ਸਿੰਗ  ਫ਼ਸਾਈ ਰੱਖ।
ਨਾ ਬੈਠੀਂ ਨਾ ਬੈਠਣ ਦੇਵੀਂ,
ਸਭ ਨੂੰ ਇੰਜ ਘੁੰਮਾਈ ਰੱਖ।
ਕੋਈ ਵੀ  ਸੁੱਕਾ  ਛੱਡੀਂ ਨਾ,
ਛੁਰੀ ਸਾਣ ‘ਤੇ ਲਾਈ ਰੱਖ।
ਲਿਫ਼ ਜਾ ਅੱਗੇ  ਤਕੜੇ ਦੇ,
ਮਾੜੇ ਨੂੰ  ਬਸ ਢਾਈ ਰੱਖ।
ਛੱਟੀ ਜਾਹ ਲੋਕਾਂ ਨੂੰ ਛੱਜੀਂ,  
ਆਪਣੇ ਐਬ ਛੁਪਾਈ ਰੱਖ।
ਚਾਨਣ ਨੂੰ  ਪ੍ਰਚਾਰੀ ਚਲ,
ਦੀਵਾ ਘਰੇ  ਬੁਝਾਈ ਰੱਖ।
ਮੁੰਨ ਕੇ ਸਿਰ ਤੂੰ ਲੋਕਾਂ ਦੇ,
ਆਪਣੀ ਟ੍ਹੌਰ ਬਣਾਈ ਰੱਖ।
ਘੁੱਟ ਕੇ ਰੱਖੀਂ ਜੇਬ ਆਪਣੀ,
ਗ਼ੈਰ ‘ਤੇ ਅੱਖ ਟਿਕਾਈ ਰੱਖ।

ਅਨੋਖਾ ਫ਼ੈਸਲਾ - ਨਿਰਮਲ ਸਿੰਘ ਕੰਧਾਲਵੀ

ਆਜ਼ਾਦੀ ਮਿਲਣ ਤੋਂ ਜਲਦੀ ਬਾਅਦ ਹੀ ਭਾਰਤ ਵਿਚ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ ਤਾਂ ਕਿ ਪਿੰਡਾਂ ਦੇ ਛੋਟੇ ਮੋਟੇ ਝਗੜਿਆਂ ਦਾ ਨਿਪਟਾਰਾ ਪਿੰਡਾਂ ਵਿਚ ਹੀ ਹੋ ਜਾਇਆ ਕਰੇ ਤੇ ਲੋਕਾਂ ਨੂੰ ਅਦਾਲਤਾਂ ਦੇ ਮਹਿੰਗੇ ਨਿਆਂ ਤੋਂ ਬਚਾਇਆ ਜਾ ਸਕੇ। ਪਰ ਹੌਲੀ ਹੌਲੀ ਸਿਆਸੀ ਲੋਕਾਂ ਨੇ ਇਸ ਸਿਸਟਮ ਨੂੰ ਖੋਰਾ ਲਾ ਕੇ ਪਿੰਡਾਂ ਨੂੰ ਸਿਆਸੀ ਧੜਿਆਂ ਵਿਚ ਵੰਡ ਦਿੱਤਾ ਜਿਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਚਾਇਤੀ ਚੋਣਾਂ ਵੇਲੇ ਕਿਵੇਂ ਗੁੰਡਾ-ਗਰਦੀ ਦਾ ਨੰਗਾ ਨਾਚ ਹੁੰਦਾ ਹੈ। ਗਾਲ਼ੀ-ਗਲੋਚ, ਦੰਗਾ ਫ਼ਸਾਦ ਤੇ ਇਥੋਂ ਤੀਕ ਕਿ ਕਤਲ ਵੀ ਹੋ ਜਾਂਦੇ ਹਨ। ਸਰਪੰਚੀ ਦੀ ਚੋਣ ਜਿੱਤਣ ਲਈ ਵੀ ਲੱਖਾਂ ਰੁਪਇਆ ਖ਼ਰਚਿਆ ਜਾਂਦਾ ਹੈ। ਪੈਸੇ,ਸ਼ਰਾਬ, ਅਫੀਮ, ਭੁੱਕੀ ਆਦਿਕ ਨਸ਼ਿਆਂ ਨਾਲ਼ ਵੋਟਾਂ ਖ਼ਰੀਦੀਆਂ ਜਾਂਦੀਆਂ ਹਨ।  
ਇਹ ਠੀਕ ਹੈ ਕਿ ਸ਼ੁਰੂ ਸ਼ੁਰੂ ਵਿਚ ਵੀ ਪਿੰਡਾਂ ਵਿਚ ਧੜੇ ਤਾਂ ਜ਼ਰੂਰ ਹੁੰਦੇ ਸਨ ਪਰ ਉਨ੍ਹਾਂ ਉੱਤੇ ਸਿਆਸੀ ਪਾਰਟੀਆਂ ਦਾ ਰੰਗ ਅਜੇ ਏਨਾ ਗੂੜ੍ਹਾ ਨਹੀਂ ਸੀ ਚੜ੍ਹਿਆ ਜਿਤਨਾ ਅੱਜ ਹੈ। ਬਹੁਤੇ ਪਿੰਡਾਂ ‘ਚ ਤਾਂ ਸਰਬ ਸੰਮਤੀ ਨਾਲ ਹੀ ਪੰਚਾਇਤਾਂ ਦਾ ਗਠਨ ਹੋ ਜਾਂਦਾ ਸੀ। ਅੱਜ ਵੀ ਕਿਤੇ ਕਿਤੇ ਕਿਸੇ ਪਿੰਡ ਵਿਚ ਸਰਬ ਸੰਮਤੀ ਨਾਲ ਪੰਚਾਇਤ ਬਣ ਜਾਂਦੀ ਹੈ ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਭਾਵੇਂ ਕਿ ਸਰਕਾਰ ਵਲੋਂ ਅਜਿਹੇ ਪਿੰਡਾਂ ਨੂੰ ਸਪੈਸ਼ਲ ਗਰਾਂਟ ਵੀ ਦਿਤੀ ਜਾਂਦੀ ਹੈ ਪਰ ਬਹੁਤੇ ਥਾਈਂ ਵੋਟ ਤੰਤਰ ਨਾਲ਼ ਹੀ ਫ਼ੈਸਲੇ ਹੁੰਦੇ ਹਨ। ਉਹਨਾਂ ਸਮਿਆਂ ਵਿਚ  ਪੰਚਾਇਤ ਦੇ ਫ਼ੈਸਲੇ ਨੂੰ ਆਮ ਤੌਰ ‘ਤੇ ਦੋਨੋਂ ਧਿਰਾਂ ਹੀ ਪ੍ਰਵਾਨ ਕਰ ਲੈਂਦੀਆਂ ਸਨ ਪਰ ਅੱਜ ਹਾਲਾਤ ਬਦਲ ਗਏ ਹਨ। ਅੱਜ ਲੋਕ ਨਿੱਕੀ ਨਿੱਕੀ ਗੱਲ ਬਦਲੇ ਥਾਣੇ, ਕਚਹਿਰੀ ਨੂੰ ਭੱਜਦੇ ਹਨ।
ਮੈਂ ਏਥੇ ਇਕ ਪੰਚਾਇਤੀ ਫ਼ੈਸਲੇ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਪਚਵੰਜਾ ਛਪੰਜਾਂ ਸਾਲ ਪੁਰਾਣਾ ਹੈ। ਮੇਰੇ ਮਾਤਾ ਜੀ ਵੀ ਪੰਚਾਇਤ ਮੈਂਬਰ ਸਨ। ਆਮ ਤੌਰ ‘ਤੇ ਸਰਪੰਚ ਸਾਹਿਬ ਛੋਟੇ ਮੋਟੇ ਝਗੜੇ, ਵਿਸ਼ੇਸ਼ ਤੌਰ ‘ਤੇ ਜਿੱਥੇ ਮਾਮਲਾ ਔਰਤਾਂ ਨਾਲ਼ ਸਬੰਧਤ ਹੋਵੇ, ਮੇਰੇ ਮਾਤਾ ਜੀ ਦੇ ਸਪੁਰਦ ਕਰ ਕੇ ਆਪ ਸੁਰਖ਼ੁਰੂ ਹੋ ਜਾਇਆ ਕਰਦੇ ਸਨ। ਕਈ ਵਾਰੀ ਅਜਿਹੇ ਝਗੜਿਆਂ ‘ਚ ਮੇਰੇ ਮਾਤਾ ਜੀ ਦੋਨਾਂ ਪਾਰਟੀਆਂ ਨੂੰ ਘਰ ਹੀ ਬੁਲਾ ਲਿਆ ਕਰਦੇ ਸਨ। ਮਾਤਾ ਜੀ ਨਰਮ ਅਤੇ ਗਰਮ ਦੋਨੋਂ ਕਿਸਮ ਦੇ ਸੁਭਾਅ ਦੇ ਮਾਲਕ ਸਨ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿੱਥੇ ਨਰਮਾਈ ਵਰਤਣੀ ਹੈ ਤੇ ਕਿੱਥੇ ਸਖ਼ਤਾਈ ਤੋਂ ਕੰਮ ਲੈਣਾ ਹੈ। ਕਿਉਂਕਿ ਪਿੰਡ ਵਿਚ ਸਭ ਇਕ ਦੂਜੇ ਨੂੰ ਜਾਣਦੇ ਪਛਾਣਦੇ ਹੁੰਦੇ ਹਨ ਇਸ ਕਰ ਕੇ ਮਾਮਲੇ ਦੀ ਤਹਿ ਤੱਕ ਜਾਣਾ ਆਸਾਨ ਹੁੰਦਾ ਹੈ। ਅਜਿਹੇ ਝਗੜਿਆਂ ‘ਚ ਦੋਨੋਂ ਪਾਰਟੀਆਂ ਆਪੋ ਆਪਣੀ ਗੱਲ ’ਤੇ ਅੜੀਆਂ ਹੋਈਆਂ ਹੁੰਦੀਆਂ ਹਨ।  
ਮਾਮਲਾ ਇਕ ਗ਼ਰੀਬ ਬਾਪ ਦੀ ਬੇਟੀ ਦੇ ਵਿਆਹ ਤੋਂ ਮਗਰੋਂ ਉੱਠੇ ਝਗੜੇ ਦਾ ਸੀ। ਲੜਕੀ ਦੇ ਬਾਪ ਦਾ ਇਕ ਰਿਸ਼ਤੇਦਾਰ ਉਸ ਦੀ ਲੜਕੀ ਦੇ ਰਿਸ਼ਤੇ ਬਾਰੇ ਪਰਵਾਰ ਦੇ ਪਿੱਛੇ ਹੀ ਪੈ ਗਿਆ। ਉਸ ਨੇ ਮੁੰਡੇ ਵਾਲਿਆਂ ਬਾਰੇ ਕਈ ਗੱਲਾਂ ਵਧਾ ਚੜ੍ਹਾ ਕੇ ਦੱਸੀਆਂ ਤੇ ਲੜਕੀ ਦੇ ਬਾਪ ਨੂੰ ਰਿਸ਼ਤੇ ਲਈ ਮਨਾ ਹੀ ਲਿਆ ਪਰ ਲੜਕੀ ਦੇ ਬਾਪ ਨੇ ਸ਼ਰਤ ਰੱਖੀ ਕਿ ਵਿਆਹ ਭਾਵੇਂ ਹੁਣ ਕਰ ਲਿਆ ਜਾਵੇ ਪਰ ਉਹ ਲੜਕੀ ਦਾ ਮੁਕਲਾਵਾ ਦੋ ਸਾਲਾਂ ਤੋਂ ਪਹਿਲਾਂ ਨਹੀਂ ਤੋਰੇਗਾ। ਵਿਚੋਲਾ ਅਤੇ ਮੁੰਡੇ ਦਾ ਬਾਪ ਦੋਵੇਂ ਇਸ ਗੱਲ ਲਈ ਰਜ਼ਾਮੰਦ ਹੋ ਗਏ ਪਰ ਅੰਦਰੋਂ ਦੋਵਾਂ ਦੀ ਗਿਟਮਿਟ ਸੀ ਕਿ ਇਕ ਵਾਰੀ ਵਿਆਹ ਹੋ ਜਾਵੇ ਫਿਰ ਲੜਕੀ ਦੇ ਬਾਪ ‘ਤੇ ਜ਼ੋਰ ਪਾ ਕੇ ਮੁਕਲਾਵਾ ਤੋਰਨ ਲਈ ਉਸ ਨੂੰ ਮਜਬੂਰ ਕਰ ਦੇਣਗੇ। ਖੈਰ,ਵਿਆਹ ਹੋ ਗਿਆ।
ਵਿਆਹ ਤੋਂ ਪੰਜ ਚਾਰ ਮਹੀਨਿਆਂ ਬਾਅਦ ਹੀ ਵਿਚੋਲੇ ਨੇ ਲੜਕੀ ਦੇ ਬਾਪ ‘ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਲੜਕੀ ਤੋਰ ਦੇਵੇ ਕਿਉਂਕਿ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਸੀ ਤੇ ਉਹ ਰੋਟੀ-ਟੁੱਕ ਕਰਨ ਤੋਂ ਆਤੁਰ ਸੀ। ਰਿਸ਼ਤੇ ਦੀ ਗੱਲ ਬਾਤ ਵੇਲੇ ਉਹਨਾਂ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਕਿ ਉਹ ਰੋਟੀ-ਟੁੱਕ ਕਰਨ ਵਾਲ਼ੀ ਔਰਤ ਦੀ ਲੋੜ ਕਰ ਕੇ ਰਿਸ਼ਤਾ ਮੰਗ ਰਹੇ ਸਨ।  ਲੜਕੀ ਦੇ ਬਾਪ ਨੇ ਵਿਚੋਲੇ ਨੂੰ ਬਥੇਰਾ ਕਿਹਾ ਕਿ ਉਹ ਆਪਣਾ ਵਾਅਦਾ ਯਾਦ ਕਰਨ ਪਰ ਉਹ ਇਕੋ ਰਟ ਲਗਾਈ ਗਿਆ ਕਿ ਮੁੰਡੇ ਵਾਲਿਆਂ ਨੂੰ ਰੋਟੀ-ਪਾਣੀ ਦੀ ਬਹੁਤ ਤੰਗੀ ਸੀ। ਇਕ ਦੋ ਵਾਰੀ ਵਿਚੋਲਾ ਮੁੰਡੇ ਦੇ ਬਾਪ ਨੂੰ ਵੀ ਲੈ ਕੇ ਆਇਆ ਪਰ ਲੜਕੀ ਦਾ ਬਾਪ ਆਪਣੀ ਗੱਲ ’ਤੇ ਅਡਿਗ ਰਿਹਾ।
ਆਖਰ ਗੱਲ ਇੱਥੇ ਤਾਈਂ ਪੁੱਜ ਗਈ ਕਿ ਲੜਕੇ ਦੇ ਬਾਪ ਨੇ ਸਾਡੇ ਪਿੰਡ ਦੀ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਕਰ ਦਿਤੀ ਕਿ ਲੜਕੀ ਦਾ ਬਾਪ ਲੜਕੀ ਨੂੰ ਤੋਰਨ ਤੋਂ ਇਨਕਾਰੀ ਹੈ ਤੇ ਪੰਚਾਇਤ ਇਸ ਮਾਮਲੇ ’ਚ ਉਨ੍ਹਾਂ ਦੀ ਮਦਦ ਕਰੇ ਤੇ ਲੜਕੀ ਦੇ ਬਾਪ ਨੂੰ ਕਹੇ ਕਿ ਉਹ ਮੁਕਲਾਵਾ ਤੋਰੇ। ਸਰਪੰਚ ਨੇ ਪਹਿਲਾਂ ਲੜਕੀ ਦੇ ਬਾਪ ਤੋਂ ਸਾਰਾ ਮਾਜਰਾ ਪਤਾ ਕਰ ਲਿਆ। ਲੜਕੀ ਦਾ ਬਾਪ ਬੜਾ ਭਲਾ ਤੇ ਨੇਕ ਪੁਰਸ਼ ਸੀ। ਸੋ, ਸਰਪੰਚ ਨੇ ਮੁਕੱਦਮਾ ਸੁਣਨ ਦੀ ਤਰੀਕ ਮਿਥ ਕੇ ਬਾਕੀ ਪੰਚਾਇਤ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਤੇ ਲੜਕੀ ਦੇ ਬਾਪ ਨੂੰ ਕਹਿ ਦਿਤਾ ਕਿ ਉਹ ਮੁੰਡੇ ਵਾਲਿਆਂ ਨੂੰ ਹਾਜ਼ਰ ਹੋਣ ਲਈ ਸੁਨੇਹਾ ਭੇਜ ਦੇਵੇ।
 ਮਿਥੀ ਤਰੀਕ ‘ਤੇ ਮੁੰਡੇ ਦਾ ਬਾਪ ਵਿਚੋਲੇ ਨੂੰ ਅਤੇ ਆਪਣੇ ਪਿੰਡ ਦੇ ਦੋ ਤਿੰਨ ਹੋਰ ਮੋਹਤਬਰ ਬੰਦਿਆਂ ਨੂੰ ਨਾਲ਼ ਲੈ ਕੇ ਪਹੁੰਚ ਗਿਆ। ਇਧਰੋਂ ਵੀ ਪੰਚਾਇਤ ਜੁੜ ਬੈਠੀ। ਮੁੰਡੇ ਦਾ ਬਾਪ ਇਹ ਤਾਂ ਮੰਨਦਾ ਸੀ ਕਿ ਉਸ ਨੇ ਲੜਕੀ ਦੇ ਬਾਪ ਨਾਲ਼ ਲੜਕੀ ਤੋਰਨ ਬਾਰੇ ਦੋ ਸਾਲਾਂ ਦਾ ਕਰਾਰ ਕੀਤਾ ਸੀ ਪਰ ਰੋਟੀ-ਟੁੱਕ ਦੀ ਗੱਲ ਨੂੰ ਵਾਰ ਵਾਰ ਅੱਗੇ ਰੱਖ ਕੇ ਲੜਕੀ ਨੂੰ ਤੋਰਨ ਬਾਰੇ ਆਖੀ ਜਾਂਦਾ ਸੀ ਤੇ ਨਾਲ਼ ਆਏ ਬੰਦੇ ਵੀ ਇਸੇ ਗੱਲ ‘ਤੇ ਹੀ ਜ਼ੋਰ ਦੇ ਰਹੇ ਸਨ। ਲੜਕੀ ਦਾ ਬਾਪ ਆਪਣੀ ਗੱਲ ਤੋਂ ਰਤਾ ਮਾਸਾ ਵੀ ਇਧਰ ਉਧਰ ਹੋਣ ਨੂੰ ਤਿਆਰ ਨਹੀਂ ਸੀ। ਮਸਲਾ ਕਿਸੇ ਤਣ ਪੱਤਣ  ਲਗਦਾ ਨਹੀਂ ਸੀ ਜਾਪਦਾ। ਸਰਪੰਚ ਸਾਹਿਬ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਉਹ ਹੀ ਕੋਈ ਸੁਝਾਅ ਦੇਣ। ਮੇਰੇ ਮਾਤਾ ਜੀ ਨੇ ਆਪਣੇ ਤੌਰ ‘ਤੇ ਸਾਰਾ ਮਾਜਰਾ ਪਹਿਲਾਂ ਹੀ ਘੋਖ ਲਿਆ ਸੀ ਤੇ ਇਹ ਵੀ ਪਤਾ ਲਗਾ ਲਿਆ ਸੀ ਕਿ ਮੁੰਡੇ ਦੀ ਮਾਂ ਬਿਮਾਰ ਜ਼ਰੂਰ ਰਹਿੰਦੀ ਸੀ ਪਰ ਏਨੀ ਵੀ ਬਿਮਾਰ ਨਹੀਂ ਸੀ ਕਿ ਉਹ ਦੋ ਬੰਦਿਆਂ ਦਾ ਰੋਟੀ-ਟੁੱਕ ਨਾ ਕਰ ਸਕਦੀ ਹੋਵੇ। ਹੁਣ ਵੀ ਉਨ੍ਹਾਂ ਨੇ ਗੱਲ ਬਾਤ ਨੂੰ ਬੜੇ ਗ਼ੌਰ ਨਾਲ ਸੁਣ ਲਿਆ ਸੀ, ਉਹ ਮੁੰਡੇ ਦੇ ਬਾਪ ਨੂੰ ਮੁਖ਼ਾਤਬ ਹੋ ਕੇ ਬੋਲੇ,” ਭਾਈ ਸਾਹਿਬ, ਤੁਸੀਂ ਵੈਸੇ ਆਪਣੀ ਕੀਤੀ ਹੋਈ ਜ਼ੁਬਾਨ ਤੋਂ ਮੁਕਰ ਰਹੇ ਹੋ, ਪਰ ਚਲੋ ਤੁਹਾਡਾ ਸਿਰਫ਼ ਰੋਟੀ-ਪਾਣੀ ਦਾ ਮਸਲਾ ਹੈ, ਕਿਉਂ ਠੀਕ ਹੈ ਨਾ? ਕੋਈ ਹੋਰ ਗੱਲ ਤਾਂ ਨਹੀਂ? ਜੇ ਹੈ ਤਾਂ ਹੁਣੇ ਹੀ ਦੱਸ ਦੇਵੋ।“
“ ਨਹੀਂ ਜੀ ਬਸ, ਅਸੀਂ ਰੋਟੀ-ਪਾਣੀ ਦੀ ਤੰਗੀ ਕਰ ਕੇ ਹੀ ਫਰਿਆਦ ਕਰ ਰਹੇ ਐਂ ਜੀ,” ਮੁੰਡੇ ਦਾ ਬਾਪ ਬੋਲਿਆ।
“ ਚਲੋ ਫਿਰ ਤੁਹਾਡਾ ਰੋਟੀ- ਪਾਣੀ ਦਾ ਮਸਲਾ ਪੰਚਾਇਤ ਹੱਲ ਕਰ ਦਿੰਦੀ ਹੈ।“   
ਮੁੰਡੇ ਦੇ ਬਾਪ ਦੇ ਚਿਹਰੇ ‘ਤੇ ਰੌਣਕ ਪਰਤੀ ਕਿ ਇਹ ਬੀਬੀ ਜ਼ਰੂਰ ਉਹਨਾਂ ਦੇ ਹੱਕ ਵਿਚ ਫ਼ੈਸਲਾ ਦੇਵੇਗੀ।
ਮਾਤਾ ਜੀ ਨੇ ਫਿਰ ਇਕ ਵਾਰ ਉਪਰੋਕਤ ਪ੍ਰਸ਼ਨ ਦੁਹਰਾਇਆ ਤੇ ਲੜਕੇ ਦੇ ਬਾਪ ਨੇ ਫਿਰ ਰੋਟੀ-ਟੁੱਕ ਦਾ ਵਾਸਤਾ ਪਾਇਆ। ਮਾਤਾ ਜੀ ਕਹਿਣ ਲੱਗੇ, “ ਠੀਕ ਐ ਫਿਰ, ਸਵੇਰੇ ਸ਼ਾਮ ਦੋ ਵੇਲੇ ਤੁਹਾਡਾ ਲੜਕਾ ਲੜਕੀ ਨੂੰ ਲੈ ਜਾਇਆ ਕਰੇ ਤੇ ਰੋਟੀ-ਟੁੱਕ ਕਰਵਾ ਕੇ ਵਾਪਸ ਛੱਡ ਜਾਇਆ ਕਰੇ। ਹਾਂ ਸੱਚ, ਜੇ ਲੜਕੀ ਨਾਲ ਕੋਈ ਹੋਰ ਬਦਸਲੂਕੀ ਕੀਤੀ ਤਾਂ ਤੁਹਾਨੂੰ ਬਹੁਤ ਮਹਿੰਗੀ ਪਵੇਗੀ, ਦੱਸੋ ਮੰਨਜ਼ੂਰ ਐ?”  ਲੜਕੇ ਦਾ ਬਾਪ ਤੇ ਨਾਲ਼ ਆਏ ਪੰਚਾਇਤੀਏ ਵਾੜ ‘ਚ ਫਸੇ ਬਿੱਲੇ ਵਾਂਗ ਇਕ ਦੂਜੇ ਵਲ ਲੱਗੇ ਝਾਕਣ। ਉਹਨਾਂ ਦਾ ਪਿੰਡ ਤਕਰੀਬਨ ਪੰਜ ਮੀਲ ਦੂਰ ਸੀ। ਮੁੰਡਾ ਕਿਸੇ ਰਾਜ ਮਿਸਤਰੀ ਨਾਲ਼ ਦਿਹਾੜੀ ਦਾ ਕੰਮ ਕਰਦਾ ਸੀ। ਪੰਚਾਇਤ ਦਾ ਸੁਝਾਉ ਸੁਣ ਕੇ ਮੁੰਡੇ ਦੇ ਬਾਪ ਨੇ ਸੋਚਿਆ ਪਈ ਪਹਿਲੀ ਗੱਲ ਤਾਂ ਜੇ ਮੁੰਡਾ ਕੁੜੀ ਨੂੰ ਸਵੇਰੇ ਲੈਣ ਤੇ ਬਾਅਦ ‘ਚ ਛੱਡਣ ਜਾਵੇਗਾ ਤਾਂ ਅੱਧਾ ਦਿਨ ਤਾਂ ਇੰਜ ਹੀ ਲੰਘ ਜਾਊ ਤੇ ਫਿਰ ਉਹ ਦਿਹਾੜੀ ‘ਤੇ ਕਿਵੇਂ ਜਾਊ ਤੇ ਉੱਪਰੋਂ ਸ਼ਾਮ ਨੂੰ ਫਿਰ ਲਿਆਉਣ ਤੇ ਵਾਪਸ ਛੱਡ ਕੇ ਆਉਣ ਦਾ ਝੰਜਟ।  ਅੱਧੀ ਦਿਹਾੜੀ ਲਾਉਣ ਵਾਲ਼ੇ ਨੂੰ ਕੌਣ ਕੰਮ ‘ਤੇ ਰੱਖੇਗਾ? ਇਹ ਸੋਚ ਕੇ ਹੀ ਉਸ ਦਾ ਸਿਰ ਚਕਰਾ ਗਿਆ। ਉਸ ਨੂੰ ਸੋਚੀਂ ਪਿਆ ਦੇਖ ਕੇ ਮਾਤਾ ਜੀ ਨੇ ਕਿਹਾ ਕਿ ਉਹ ਘਰ ਜਾ ਕੇ ਸੋਚ ਵਿਚਾਰ ਕੇ ਦੱਸ ਦੇਣ ਜੇ ਉਹਨਾਂ ਨੂੰ ਇਹ ਫ਼ੈਸਲਾ ਮੰਨਜ਼ੂਰ ਹੋਵੇ।
“ ਹਾਂ ਜੀ, ਅਸੀਂ ਸੋਚ ਵਿਚਾਰ ਕਰ ਕੇ ਪਤਾ ਦਿਆਂਗੇ ਜੀ,” ਮੁੰਡੇ ਦੇ ਪਿਉ ਨੇ ਘੱਗੀ ਜਿਹੀ ਆਵਾਜ਼ ‘ਚ ਮਸਾਂ ਹੀ ਇਹ ਲਫ਼ਜ਼ ਕਹੇ ਤੇ ਉਹ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਰਾਹ ਪਏ।
ਮੁੰਡੇ ਵਾਲਿਆਂ ਦਾ ਕੋਈ ਜਵਾਬ ਨਾ ਆਇਆ। ਲੜਕੀ ਦੇ ਬਾਪ ਨੇ ਮਿਥੇ ਹੋਏ ਸਮੇਂ ‘ਤੇ ਹੀ ਲੜਕੀ ਦਾ ਮੁਕਲਾਵਾ ਤੋਰਿਆ।
ਬਹੁਤ ਦੇਰ ਤੱਕ ਇਸ ਫ਼ੈਸਲੇ ਦੀਆਂ ਗੱਲਾਂ ਆਲੇ ਦੁਆਲ਼ੇ ਦੇ ਪਿੰਡਾਂ ‘ਚ ਹੁੰਦੀਆਂ ਰਹੀਆਂ।      

ਬਾਬੇ ਦਾ ਅਤੇ ਨੀਲੇ ਦਾ ਸੰਵਾਦ - ਨਿਰਮਲ ਸਿੰਘ ਕੰਧਾਲਵੀ

ਬਾਬਾ: ਨੀਲਿਆ, ਆਹ ਘੜੇ ਦਾ ਚੱਪਣ ਕੀਹਨੇ ਚੁੱਕ ਦਿੱਤੈ ਭਾਈ, ਬਹੁਤ ਝੱਖੜ ਝੁੱਲਦਾ ਪਿਐ।
ਨੀਲਾ: ਬਾਬਾ ਜੀ, ਚੋਣਾਂ ਆ ਗਈਆਂ ਨਾ ਸਿਰ ‘ਤੇ। ਸਿਆਸੀ ਲੀਡਰ ਘੜੇ ਤੋਂ ਚੱਪਣ ਚੁੱਕੀ ਜਾਂਦੇ ਐ ਤੇ ਵਾਅਦਿਆਂ ਦੀ ਹਨ੍ਹੇਰੀ ਵਗਾਈ ਜਾਂਦੇ ਐ।


ਬਾਬਾ: ਪਰ ਨੀਲਿਆ, ਲੋਕ ਇਨ੍ਹਾਂ ਨੂੰ ਪੁੱਛਦੇ ਨਹੀਂ ਪਈ ਪਿਛਲੇ ਵਾਅਦੇ ਤਾਂ ਇਹਨੀਂ ਪੂਰੇ ਕੀਤੇ ਨਹੀਂ ਤੇ ਗਾਂਹ ਹੋਰ ਪੰਡਾਂ ਖੋਲ੍ਹੀ ਜਾਂਦੇ ਆ।
ਨੀਲਾ: ਲੋਕਾਂ ਦਾ ਤੁਹਾਨੂੰ ਪਤਾ ਈ ਆ ਬਾਬਾ ਜੀ, ਜਿਹੜੇ ਮੁਫ਼ਤ ਦੇ ਪਕੌੜਿਆਂ ਬਦਲੇ ਪੱਗੋ-ਲੱਥੀ ਹੋ ਜਾਂਦੇ ਐ, ਉਨ੍ਹਾਂ ਤੋਂ ਤਾਂ ਆਸ ਰੱਖਣੀ ਇਉਂ ਐਂ ਜਿਵੇ ਕੋਈ ਝੋਟੇ ਵਾਲ਼ੇ ਘਰੋਂ ਲੱਸੀ ਭਾਲ਼ਦਾ ਹੋਵੇ। ਉਹ ਤਾਂ ਅੱਡੀਆਂ ਚੁੱਕ ਚੁੱਕ ਵੇਖਦੇ ਆ ਕਿ ਚੋਣਾਂ ਕਦੋਂ ਆਉਂਦੀਆਂ। ਬਾਬਾ ਜੀ, ਅਜੇ ਅੱਠ ਮਹੀਨੇ ਰਹਿੰਦੇ ਆ ਚੋਣਾਂ ‘ਚ ਤੇ ਇਹ ਹੁਣੇ ਈ ਜ਼ਿੰਦਾਬਾਦ ਮੁਰਦਾਬਾਦ ਕਰਦੇ ਸਾਹੋ ਸਾਹ ਹੋਏ ਫਿਰਦੇ ਆ।


ਬਾਬਾ: ਪਰ ਨੀਲਿਆ, ਅਸੀਂ ਤਾਂ ਸੁਣਿਆਂ ਸੀ ਕਿ ਸੋਸ਼ਲ ਮੀਡੀਆ ਨੇ ਬਹੁਤ ਜਾਗ੍ਰਿਤੀ ਲਿਆਂਦੀ ਐ ਲੋਕਾਂ ‘ਚ।
ਨੀਲਾ: ਬਾਬਾ ਜੀ, ਹੋ ਸਕਦੈ ਕੋਈ ਵਿਰਲਾ ਟਾਂਵਾਂ ਬੰਦਾ ਹੋ ਗਿਆ ਹੋਵੇ ਜਾਗਰੂਕ ਪਰ ਬਹੁਤੇ ਤਾਂ ਅਜੇ ਵੀ ਟਿੱਕ-ਟਾਕ ‘ਚ ਈ ਉਂਗਲਾਂ ਫ਼ਸਾਈ ਰੱਖਦੇ ਐ। ਕਿਤੇ ਅੱਧਾ ਘੰਟਾ ਇੰਟਰਨੈੱਟ ਬੰਦ ਹੋ ਜਾਏ ਤਾਂ ਇਨ੍ਹਾਂ ਦੇ ਭਾਅ ਦੀਆਂ ਬਣ ਜਾਂਦੀਆਂ।


ਬਾਬਾ: ਪਰ ਨੀਲਿਆ, ਹੁਣ ਤਾਂ ਸੱਤਰਾਂ ਸਾਲਾਂ ਤੋਂ ਉੱਤੇ ਹੋ ਗਏ ਆ ਭੱਸੜ ਭੰਨਾਉਂਦਿਆਂ ਨੂੰ, ਹੁਣ ਵੀ ਅਕਲ ਨਹੀਂ ਆਈ ਇਨ੍ਹਾਂ ਨੂੰ।
ਨੀਲਾ: ਬਾਬਾ ਜੀ, ਜਿਵੇਂ ਕਈ ਦੁਧਾਰੂ ਪਸ਼ੂ ਚਾਟ ‘ਤੇ ਲੱਗ ਜਾਂਦੇ ਐ ਇਵੇਂ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਨਸ਼ਿਆਂ, ਨਕਦ ਨਰੈਣ, ਆਟਾ-ਦਾਲ, ਫ਼ੋਨਾਂ, ਕਰਜ਼ੇ ਮਾਫ਼ੀਆਂ ਤੇ ਨੌਕਰੀਆਂ ਦੇ ਲਾਰਿਆਂ ਦੀ ਚਾਟ ‘ਤੇ ਲਾਇਆ ਹੋਇਐ। ਸ਼ਾਤਰ ਲੀਡਰ ਜਾਣਦੇ ਐ ਕਿ ਸਾਢੇ ਚਾਰ ਸਾਲ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਅਖੀਰਲੇ ਛੇ ਮਹੀਨੇ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ ਵਗਾ ਦਿਆਂਗੇ।


ਬਾਬਾ: ਨੀਲਿਆ, ਸੁਣਿਐ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਵੀ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ  ਵਗਾ ਦਿਤੀ ਐ।
ਨੀਲਾ: ਬਾਬਾ ਜੀ, ਉਹ ਗੁਰਦੁਆਰੇ ਦਾ ਪ੍ਰਧਾਨ ਘੱਟ ਐ ਤੇ ਸਿਆਸੀ ਪਾਰਟੀ ਦਾ ਕਰਿੰਦਾ ਵਧੇਰੇ ਐ, ਤੇ ਤੁਹਾਨੂੰ ਪਤਾ ਲੱਗ ਈ ਗਿਆ ਹੋਣੈ ਕਿ ਉੱਥੇ ਕਿਸੇ ਵੇਲੇ ਵੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ, ਇਸ ਲਈ ਉਸ ਵਾਸਤੇ ਵੀ ਲਾਰਿਆਂ ਦੀ ਹਨ੍ਹੇਰੀ ਵਗਾਉਣੀ ਬਹੁਤ ਜ਼ਰੂਰੀ ਸੀ।


ਬਾਬਾ: ਪਰ ਨੀਲਿਆ,  ਸੁਣਿਐਂ ਕਿ ਗੁਰਦੁਆਰੇ ਦੇ ਕਰਮਚਾਰੀਆਂ ਨੂੰ ਤਾਂ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿਤੀ ਤੇ ਕਰੋੜਾਂ ਦੇ ਲਾਰੇ ਲਾ ਕੇ ਕਿਹਨੂੰ ਮੂਰਖ ਬਣਾਉਂਦੈ ਉਹ?
ਨੀਲਾ: ਪਰ ਬਾਬਾ ਜੀ, ਜੇ ਲੋਕ ਮੂਰਖ ਬਣਨਾ ਚਾਹੁੰਦੇ ਆ ਤਾਂ ਉਹ ਕਿਉਂ ਨਾ ਬਣਾਵੇ!

ਬਾਬਾ: ਵਾਹਿਗੁਰੂ, ਵਾਹਿਗੁਰੂ, ਰੱਬਾ ਸੁਖ ਰੱਖੀਂ।
ਨਿਰਮਲ ਸਿੰਘ ਕੰਧਾਲਵੀ

ਦੋ ਸ਼ਬਦ - ਨਿਰਮਲ ਸਿੰਘ ਕੰਧਾਲਵੀ

ਸਾਡੀ ਪੰਜਾਬੀ ਮਾਂ-ਬੋਲੀ ਨੂੰ ਹਮੇਸ਼ਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਸਿਆਸਤਦਾਨਾਂ ਨੇ ਇਸ ਭਾਸ਼ਾ ਨਾਲ ਬੇਈਮਾਨੀਆਂ ਕੀਤੀਆਂ ਉੱਥੇ ਅਫ਼ਸਰਸ਼ਾਹੀ ਨੇ ਵੀ ਇਸ ਦੇ ਰਾਹ ਵਿਚ ਕੰਡੇ ਵਿਛਾਏ। ਅਸੀਂ ਆਪ, ਆਪਣੀ ਮਾਤ-ਭਾਸ਼ਾ ਬੋਲਣ ਵਾਲੇ ਵੀ, ਆਪਣੇ ਆਪ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ‘ਤੇ, ਪੰਜਾਬ ਵਿਚ ਕੰਮ ਕਰਦਾ ਇਕ ਗੈਰ-ਪੰਜਾਬੀ ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦਾ ਅਸੀਂ ਸਾਰਾ ਟੱਬਰ ਉਸ ਨੂੰ ਪੰਜਾਬੀ ਬੋਲਣ ਨਹੀਂ ਲਗਾ ਸਕਦੇ, ਕਿਉਂ? ਮੌਜੂਦਾ ਸਮੇਂ ਪੰਜਾਬ ਵਿਚ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਆਪ ਹੀ ਆਪਣੀ ਮਾਤ-ਭਾਸ਼ਾ ‘ਤੇ ਕੁਹਾੜਾ ਚਲਾ ਰਹੇ ਹਨ। ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਅੱਜ ਮੈਂ ਪੰਜਾਬੀ ਭਾਸ਼ਾ ਦੇ ਉੱਘੇ ਗਲਪਕਾਰ ਨਵਤੇਜ ਸਿੰਘ ਪ੍ਰੀਤਲੜੀ ਦੇ ਦਸੰਬਰ 1973 ਦੇ ‘ਪ੍ਰੀਤਲੜੀ’ ਅੰਕ ਵਿਚ ਲਿਖੀ ਮਾਂ-ਬੋਲੀ ਨਾਲ਼ ਵਾਪਰੀ ਇਕ ਘਟਨਾ, ਜੋ ਉਹਨਾਂ ਨੇ ‘ਮੇਰੀ ਧਰਤੀ, ਮੇਰੇ ਲੋਕ’ ਕਾਲਮ ਵਿਚ ਲਿਖੀ ਸੀ, ਪੇਸ਼ ਕਰਨੀ ਚਾਹਾਂਗਾ, ਜਿਸ ਤੋਂ ਪਤਾ ਲਗਦਾ ਹੈ ਕਿ ਅਫ਼ਸਰਸ਼ਾਹੀ ਮੁੱਢ ਤੋਂ ਹੀ ਪੰਜਾਬੀ ਭਾਸ਼ਾ ਨਾਲ ਕਿਵੇਂ ਸਲੂਕ ਕਰਦੀ ਆ ਰਹੀ ਹੈ ਤੇ, ਅੱਜ ਵੀ ਕਰ ਰਹੀ ਹੈ। ਪੇਸ਼ ਹੈ ਉਹ ਰਚਨਾ।
                                           ਪੰਜਾਬੀ ਨੂੰ ਹੱਥਕੜੀ
ਜਲੰਧਰ, ਜਿੰਮਖਾਨਾ ਕਲੱਬ- ਸ਼ਹਿਰ ਦੇ ਵੱਡੇ ਅਫ਼ਸਰਾਂ, ਐਮ,ਐਲ.ਏਜ਼ ਤੇ ਪਤਵੰਤਿਆਂ ਦਾ ਕਲੱਬ। ਵੱਡੇ ਅਹੁਦੇਦਾਰ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ। ਨਵੰਬਰ ਦਾ ਮਹੀਨਾ ਸ਼ੁਰੂ, ਸੁਹਾਵਣਾ ਮੌਸਮ।
ਦੋ ਤਿੰਨ ਦਿਨ ਏਥੇ ਸਾਰੇ ਭਾਰਤ ਦੀਆਂ ਅਖ਼ਬਾਰਾਂ ਦੇ ਐਡੀਟਰਾਂ ਨੇ ਪ੍ਰੈਸ ਦੀ ਆਜ਼ਾਦੀ ਅਤੇ ਹੋਰ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰੇ ਕੀਤੇ, ਮਤੇ ਪਾਸ ਕੀਤੇ, ਕੇਂਦਰ ਦੇ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਕਰੀਰਾਂ ਸੁਣੀਆਂ, ਖਾਣੇ ਖਾਧੇ, ਸਭਿਆਚਾਰਕ ਪ੍ਰੋਗਰਾਮ ਮਾਣੇ.....
ਇਸ ਕਾਨਫਰੰਸ ਤੋਂ ਬਾਅਦ ਅਗਲੀ ਸ਼ਾਮ ਏਸੇ ਕਲੱਬ ਵਿਚ ਉਸ ਕਾਨਫਰੰਸ ਲਈ ਬਣੇ ਮੰਡਪ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਹੋਇਆ। ਗੀਤਕਾਰਾਂ, ਸਾਜ਼ਿੰਦਿਆਂ, ਨ੍ਰਿਤਕਾਰਾਂ ਤੇ ਕਲਾਕਾਰਾਂ ਨੇ ਰਲ਼ ਕੇ ਇਸ ਦੇਸ਼ ਦੇ ਵੰਨ-ਸੁਵੰਨੇ ਲੋਕ- ਗੀਤ ਤੇ ਲੋਕ ਨਾਚ ਪੇਸ਼ ਕੀਤੇ।
ਅਖੀਰ ਉੱਤੇ ਧੰਨਵਾਦ ਦੀ ਤਕਰੀਰ ਡਿਪਟੀ ਕਮਿਸ਼ਨਰ ਨੇ ਕਰਨੀ ਸੀ। ਉਹਨਾਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਸ਼ੁਰੂ ਕੀਤੀ।
ਸਰੋਤਿਆਂ ਵਿਚ ਪਿੱਛੇ ਬੈਠੇ ਇਕ ਸੱਜਣ ਨੇ ਉੱਚੀ ਸਾਰੀ ਕਿਹਾ, “ ਕਿਰਪਾ ਕਰ ਕੇ ਪੰਜਾਬੀ ਵਿਚ ਬੋਲੋ।”
ਡਿਪਟੀ ਕਮਿਸ਼ਨਰ ਸਟੇਜ ਉੱਤੋਂ ਅੰਗਰੇਜ਼ੀ ਵਿਚ ਹੀ ਗੱਜੇ, “ ਮੈਨੂੰ ਕੌਣ ਹਦਾਇਤ ਦੇ ਰਿਹਾ ਹੈ?”
ਉਸ ਸੱਜਣ ਨੇ ਜਵਾਬ ਦਿਤਾ, “ ਇਕ ਪੰਜਾਬੀ।“
ਡਿਪਟੀ ਕਮਿਸ਼ਨਰ ਨੇ ਗੁੱਸੇ ਨਾਲ਼ ਆਪਣਾ ਫ਼ੈਸਲਾ ਅੰਗਰੇਜ਼ੀ ਵਿਚ ਹੀ ਸੁਣਾਇਆ, “ ਮੈਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਹੀ ਜਾਰੀ ਰੱਖਾਂਗਾ।”
ਜਦੋਂ ਡਿਪਟੀ ਕਮਿਸ਼ਨਰ ਦੀ ਧੰਨਵਾਦੀ ਤਕਰੀਰ ਮੁੱਕ ਗਈ ਤਾਂ ਉਸ ਦੇ ਹੁਕਮ ਨਾਲ਼ ਉਸ ‘ਪੰਜਾਬੀ’ ਨੂੰ ਲੱਭਣਾ ਸ਼ੁਰੂ ਕੀਤਾ ਗਿਆ, ਜਿਸ ਨੇ ਏਡੇ ਵੱਡੇ ਕਲੱਬ ਵਿਚ, ਏਡੇ ਵੱਡੇ ਅਫ਼ਸਰ ਨੂੰ ਪੰਜਾਬੀ ਵਿਚ ਬੋਲਣ ਲਈ ਕਿਹਾ ਸੀ।
ਢੂੰਡ ਭਾਲ਼ ਪਿੱਛੋਂ ਪਤਾ ਲੱਗਾ ਕਿ ਉਹ ਸੱਜਣ ਉੱਥੋਂ ਜਾ ਚੁੱਕਿਆ ਸੀ। ਉਹਦੇ ਬਾਰੇ ਸੂਹ ਲਾਈ ਗਈ ਤਾਂ ਪਤਾ ਲੱਗਾ ਕਿ  ਉਹ ਕੇਂਦਰੀ ਸਰਕਾਰ ਨਾਲ ਸਬੰਧਤ ਇਕ ਸੰਸਥਾ ਦੇ ਕਰਮਚਾਰੀ ਦਾ ਪ੍ਰਾਹੁਣਾ ਸੀ। ਪੁਲਸ ਵਾਲੇ ਉਸ ਕਰਮਚਾਰੀ ਦੇ ਘਰ ਪੁੱਜ ਗਏ। ਉਸ ‘ਪੰਜਾਬੀ’ ਨੂੰ ਫੜ ਲਿਆ ਗਿਆ, ਉਹਨੂੰ ਹੱਥਕੜੀ ਲਗਾਈ ਗਈ, ਤੇ ਰਾਤ ਵੇਲੇ ਥਾਣੇ ਲਿਆਂਦਾ ਗਿਆ।
ਉਹ ‘ਪੰਜਾਬੀ’ ਜਿਸ ਸਰਕਾਰੀ ਕਰਮਚਾਰੀ ਦਾ ਪ੍ਰਾਹੁਣਾ ਸੀ, ਉਸ ਨੂੰ ਵੀ ਧਮਕਾਇਆ ਗਿਆ, ਨੌਕਰੀ ਆਦਿ ਦੇ ਡਰਾਵੇ ਦਿਤੇ ਗਏ। ਉਸ ‘ਪੰਜਾਬੀ’ ਨੂੰ ਆਪਣਾ ਤਾਂ ਕੋਈ ਡਰ ਨਹੀਂ ਸੀ ਪਰ ਆਪਣੇ ਮੇਜ਼ਬਾਨ ਨੂੰ ਖਾਹਮਖਾਹ ਕਿਸੇ ਤਕਤੀਫ਼ ਵਿਚ ਪਾਉਣ ਤੋਂ ਜ਼ਰੂਰ ਸੰਕੋਚ ਸੀ।
ਅਖੀਰ ਫ਼ੈਸਲਾ ਹੋਇਆ ਕਿ ਉਹ ‘ਪੰਜਾਬੀ’ ਅਗਲੀ ਸ਼ਾਮ ਉਸੇ ਜਿੰਮਖਾਨਾ ਕਲੱਬ ਵਿਚ, ਕਲੱਬ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸਾਹਿਬ ਤੋਂ ਆਪਣੀ ਗੁਸਤਾਖ਼ੀ ਦੀ ਮੁਆਫ਼ੀ ਮੰਗੇ।
ਦੂਜੇ ਦਿਨ ਜਿੰਮਖਾਨਾ ਕਲੱਬ ਅੰਦਰ ਪਤਵੰਤਿਆਂ ਦੀ ਮਹਿਫ਼ਲ ਵਿਚ ਡਿਪਟੀ ਕਮਿਸ਼ਨਰ ਸਾਹਿਬ ਸਜੇ। ਉਹਨਾਂ ਦੇ ਇਕ ਪਾਸੇ ਲੋਕਾਂ ਦੇ ਚੁਣੇ ਹੋਏ ਇਕ ਐਮ.ਐਲ.ਏ. ਵੀ ਸ਼ੁਸ਼ੋਭਿਤ ਸਨ। ਦੱਸਿਆ ਜਾਂਦਾ ਹੈ ਕਿ ਕਮਿਸ਼ਨਰ ਸਾਹਿਬ ਵੀ ਉਸ ਵੇਲੇ ਕਲੱਬ ਵਿਚ ਹੀ ਸਨ, ਭਾਵੇਂ ਉਸ ਮੁਆਫ਼ੀ- ਮਹਿਫ਼ਲ ਵਿਚ ਸ਼ਰੀਕ ਨਹੀਂ ਸਨ। ਕਿਸੇ ਹੋਰ ਸਰਗਰਮੀ ਵਿਚ ਰੁਝੇ ਹੋਏ ਸਨ।
ਉਸ ‘ਪੰਜਾਬੀ’ ਨੇ ਸਭਿਆਚਾਰਕ ਪ੍ਰੋਗਰਾਮ ਵਿਚ ਕੀਤੀ ਗਈ ਆਪਣੀ ਮੰਗ ਦਾ ਜ਼ਿਕਰ ਕੀਤਾ, ਫੇਰ ਹੱਥਕੜੀ ਲੱਗਣ ਅਤੇ ਥਾਣੇ ਲਿਜਾਏ ਜਾਣ ਦਾ ਜ਼ਿਕਰ ਕੀਤਾ ਤੇ ਫੇਰ ਕਿਹਾ, “ ਜੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਦੁਖਾਇਆ ਹੈ, ਤਾਂ ਮੈਂ ਉਹਨਾਂ ਕੋਲੋਂ ਮੁਆਫ਼ੀ ਮੰਗਦਾ ਹਾਂ।“
ਡਿਪਟੀ ਕਮਿਸ਼ਨਰ ਸਾਹਿਬ ਨੇ ਮੁਆਫ਼ੀ ਬਾਰੇ ਸਿਰ ਹਿਲਾਇਆ। ਐਮ.ਐਲ. ਏ. ਸਾਹਿਬ ਬੋਲੇ ਕੁਝ ਨਾ ਪਰ ਉਹਨਾਂ ਦੇ ਮੂੰਹ ਉੱਤੇ ਇਸ ਮੁਆਫ਼ੀ ਦੇ ਮਤੇ ਦੀ ਤਾਈਦ ਮੁਸਕਰਾ ਰਹੀ ਸੀ। ਪਤਵੰਤਿਆਂ ਉੱਤੇ ਵੀ ਹਮਾਇਤੀ ਚੁੱਪ ਛਾਈ ਹੋਈ ਸੀ।
ਕਹਿੰਦੇ ਨੇ ਉੱਥੇ ਬੈਠੇ ਸਿਰਫ਼ ਇਕ ਪਤਵੰਤੇ ਨੇ, ਜਿਹੜਾ ਕੋਈ ਰਿਟਾਇਰਡ ਅਫ਼ਸਰ ਸੀ, ਕਿਹਾ, “ ਮੇਰੇ ਘਰ ਵੱਡੀ ਚੋਰੀ ਹੋਈ ਨੂੰ ਕਈ ਦਿਨ ਹੋ ਗਏ ਨੇ। ਮੈਂ ਅਪਣੇ ਵਾਕਫ਼ ਅਫ਼ਸਰਾਂ ਨੂੰ ਫ਼ੋਨ ਕੀਤੇ, ਮਿਲਿਆ ਵੀ, ਪਰ ਮੇਰੇ ਘਰ ਆਉਣ ਜਾਂ ਇਸ ਚੋਰੀ ਦੀ ਤਫ਼ਤੀਸ਼ ਕਰਨ ਲਈ ਪੁਲਸ ਨੂੰ ਹਾਲੀ ਤੱਕ ਵਿਹਲ ਨਹੀਂ ਮਿਲੀ। ਪਰ ਇਸ ਮਾਮਲੇ ਵਿਚ ਪੁਲਸ ਨੇ ਖ਼ੂਬ ਤੇਜ਼ੀ ਵਿਖਾਈ ਏ! ਇਸ ਸੱਜਣ ਨੂੰ ਰਾਤੋ ਰਾਤ ਲੱਭ ਕੇ ਥਾਣੇ ਲੈ ਗਏ ਤੇ ਅਗਲੇ ਦਿਨ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਦੇ ਹੁਕਮ ਦੀ ਤਾਮੀਲ ਵੀ ਕਰਾ ਲਈ।“
(... ਪਤਾ ਨਹੀਂ ਮੈਨੂੰ ਰਹਿ ਰਹਿ ਕੇ ਬਹੁਤ ਚਿਰ ਪਹਿਲਾਂ ਦੀ ਇਕ ਗੱਲ ਯਾਦ ਆ ਰਹੀ ਹੈ। ਇਕ ਵਾਰ ਮੇਰਾ ਇਕ ਵਾਕਫ਼ ਕਿਸੇ ਅਰਜ਼ੀ-ਨਵੀਸ ਕੋਲੋਂ ਡਿਪਟੀ ਕਮਿਸ਼ਨਰ ਵਲ ਇਕ ਅਰਜ਼ੀ ਲਿਖਵਾ ਰਿਹਾ ਸੀ। ਮੈਂ ਕੋਲ ਖੜੋਤਾ ਸਾਂ।
ਅਰਜ਼ੀ-ਨਵੀਸ ਨੇ ਸ਼ੁਰੂ ਕੀਤਾ, “ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ’।
ਮੈਂ ਪੁਛ ਲਿਆ, “ ਕੀ ਇਹ ਬਹਾਦਰ ਲਿਖਣਾ ਵੀ ਜ਼ਰੂਰੀ ਏ?”
ਅਰਜ਼ੀ-ਨਵੀਸ ਨੇ ਕਿਹਾ, “ ਜੀ ਇੰਜ ਹੀ ਲਿਖੀਦਾ ਏ।“
ਮੈਂ ਪੁੱਛਿਆ, “ ਪਰ ਤੁਹਾਨੂੰ ਕਿਵੇਂ ਪਤਾ ਏ ਉਹ ਜ਼ਰੂਰ ਹੀ ਬਹਾਦਰ ਹੋਏਗਾ? ਬੁਜ਼ਦਿਲ ਵੀ ਤਾਂ ਹੋ ਸਕਦਾ ਏ!”
ਬੁੱਢੇ ਅਰਜ਼ੀ-ਨਵੀਸ ਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਉਹਨੂੰ ਮੇਰੀ ਗੱਲ ਉੱਕਾ ਸਮਝ ਨਹੀਂ ਸੀ ਪਈ, ਤੇ ਉਹਦਾ ਉਹ ਹੱਥ, ਜਿਹਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਇਹਨਾਂ ਵੱਡੇ ਅਫਸਰਾਂ ਨੂੰ ‘ਬਹਾਦਰ’ ਲਿਖਣ ਦੇ ਲੇਖੇ ਲਾਇਆ ਸੀ, ਬੇਮਲੂਮਾ ਜਿਹਾ ਕੰਬ ਰਿਹਾ ਸੀ....)
ਮੈਂ ਪੰਜਾਬ ਦੇ ਮੁੱਖ-ਮੰਤਰੀ ਜਾਂ ਕਿਸੇ ਮੰਤਰੀ ਨੂੰ, ਜਿਹੜੇ ਪੰਜਾਬੀ ਨਾਲ ਬੜਾ ਪਿਆਰ ਦਸਦੇ ਹਨ, ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਬਹੁਤ ਵੱਡੇ ਕੌਮੀ ਕੰਮਾਂ ਵਿਚ ਰੁਝੇ ਰਹਿੰਦੇ ਹਨ, ਉਹਨਾਂ ਨੂੰ ਪੰਜਾਬੀ ਵਿਚ ਬੋਲਣ ਦੀ ਨਿਗੂਣੀ ਮੰਗ ਉੱਤੇ ‘ਪੰਜਾਬੀ’ ਨੂੰ ਹੱਥਕੜੀ ਲੱਗਣ ਬਾਰੇ ਸੋਚਣ ਦੀ ਵਿਹਲ ਨਹੀਂ। ਹਾਂ, ਮੈਂ ਸਿਰਫ਼ ਆਪਣੇ ਕੁਝ ਕੁ ਮੀਨ ਮੇਖ ਕੱਢਣ ਵਾਲੇ ਪਾਠਕਾਂ ਅੱਗੇ ਜ਼ਰੂਰ ਬੇਨਤੀ ਕਰਨੀ ਚਾਂਹਦਾ ਹਾਂ ਕਿ ਮੈਨੂੰ ਇਹ ਨਾ ਕਹਿਣ, “ ਭਲਾ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ? ਤੁਸੀ ਵਧਾ ਚੜ੍ਹ ਕੇ ‘ਮੇਰੀ ਧਰਤੀ, ਮੇਰੇ ਲੋਕ’ ਵਿਚ ਲਿਖਦੇ ਰਹਿੰਦੇ ਹੋ। ਹਰ ਮਹੀਨੇ ਆਪਣੇ ਦੇਸ਼ ਦੀ ਨਿੰਦਿਆ ਕਰਦੇ ਰਹਿੰਦੇ ਹੋ। ਤੁਸੀਂ ਇਹ ਸਭ ਆਪ ਜੋੜਦੇ ਹੋ। ਸਾਡੇ ਇਸ ਨਿਰਣੇ ਦਾ ਬੜਾ ਵੱਡਾ ਸਬੂਤ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਘਟਨਾ ਜਲੰਧਰ ਵਿਚ ਵਾਪਰੀ ਹੈ, ਪਰ ਜਲੰਧਰ ਤਾਂ ਪੰਜਾਬ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਦਾ ਕੇਂਦਰ ਹੈ। ਜੇ ਭਲਾ ਇਹ ਘਟਨਾ ਸੱਚੀ ਹੁੰਦੀ ਤਾਂ ਕੀ ਅਖ਼ਬਾਰਾਂ ਵਿਚ ਨਾ ਛਪਦੀ?”
ਮੈਂ ਸਿਰਫ਼ ਏਨਾ ਹੀ ਕਹਾਂਗਾ ਕਿ ਤੁਸੀਂ ਮੇਰੀ ਥਾਂ ਇਹ ਗੱਲ ਜਲੰਧਰ ਦੇ ਅਖ਼ਬਾਰਾਂ ਦੇ ਐਡੀਟਰਾਂ ਕੋਲੋਂ ਪੁੱਛੋ। ਜਦੋਂ ਇਹ ਘਟਨਾ ਵਾਪਰੀ ਸ਼ਾਇਦ ਉਹ ਬਾਹਰੋਂ ਆਏ ਮਹਿਮਾਨ ਐਡੀਟਰਾਂ ਨਾਲ਼ ਸਰਹੱਦ ਦੇ ਦੌਰੇ ਕਰ ਰਹੇ ਸਨ, (ਪਤਾ ਨਹੀਂ ਉਹਨਾਂ ਦੇ ਪੱਤਰ-ਪ੍ਰੇਰਕ ਜਿਹੜੇ ਔਰਤਾਂ ਨਾਲ ਛੇੜ –ਛਾੜ, ਉਧਾਲੇ, ਰਾਤ ਨੂੰ ਸੜਕਾਂ ਉੱਤੇ ਆਸ਼ਕਾ ਦੀਆਂ ਰੰਗਰਲ਼ੀਆਂ ਦੀ ਸੂਹ ਲਗਾਉਂਦੇ ਰਹਿੰਦੇ ਹਨ, ਉਹ ਕਿੱਥੇ ਸਨ?) , ਤੇ ਜਦੋਂ ਉਹ ਦੌਰਿਆਂ ਤੋਂ ਪਰਤੇ ਤਾਂ ਇਹ ਘਟਨਾ ‘ਖ਼ਬਰ’ ਨਹੀਂ ਸੀ ਰਹੀ, ਜਾਂ ਇਹਨਾਂ ਵਿਚੋਂ ਬਹੁਤਿਆਂ ਲਈ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਹੀ ਹਨ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ, ਤੁਸੀਂ ਆਪ ਪਤਾ ਕਰ ਸਕਦੇ ਹੋ। ਮੈਂ ਤਾਂ ਸਿਰਫ਼ ਇਹ ਹੀ ਕਹਿ ਸਕਦਾ ਹਾਂ ਕਿ ਮੈਂ ਜੋ ਲਿਖਿਆ ਹੈ, ਉਹ ਬਿਲਕੁਲ ਸੱਚ ਹੈ।
ਤੁਹਾਡੇ ਵਿਚੋਂ ਕੋਈ ਸ਼ਾਇਦ ਇਹ ਕਹੇ, “ ਹੋ ਸਕਦਾ ਹੈ ਕਿ ਡਿਪਟੀ ਕਮਿਸ਼ਨਰ ਪੰਜਾਬੀ ਨਾ ਹੋਣ, ਇਸ ਲਈ ਅੰਗਰੇਜ਼ੀ ਬੋਲ ਰਹੇ ਹੋਣ।“
ਹਾਂ- ਹੋ ਸਕਦਾ ਹੈ, ਪਰ ਜਿਹੜੇ ਪੰਜਾਬ ਵਿਚ ਏਨੀ ਦੇਰ ਤੋਂ ਅਫ਼ਸਰੀ ਕਰ ਰਹੇ ਹਨ, ਉਹ ਟੁੱਟੀ ਫੁੱਟੀ ਅਫ਼ਸਰਸ਼ਾਹੀ ਪੰਜਾਬੀ ਵਿਚ ਹੀ ਦੋ ਲਫ਼ਜ਼ ਬੋਲ ਕੇ, ਆਪਣੀ ਮਜਬੂਰੀ ਦਸ ਕੇ ਹਿੰਦੀ ਵਿਚ ਧੰਨਵਾਦ ਕਰ ਛੱਡਦੇ, ਬਾਅਦ ਵਿਚ ਭਾਵੇਂ ਅੰਗਰੇਜ਼ੀ ਹੀ ਬੋਲ ਲੈਂਦੇ, ਪਰ ਜਾਪਦਾ ਹੈ ਕਿ ਸਾਡੇ ਕਈ ਅਫ਼ਸਰ ਭਾਰਤੀ ਲੋਕਾਂ ਨਾਲ਼ ਭਾਰਤੀ ਭਾਸ਼ਾਵਾਂ ਵਰਤਣ ਦੀ ਥਾਂ ਹੱਥਕੜੀ ਵਰਤਣਾ ਵਧੇਰੇ ਪਸੰਦ ਕਰਦੇ ਹਨ।
ਨਵਤੇਜ ਸਿੰਘ ਪ੍ਰੀਤਲੜੀ

ਦਰਦਾਂ ਦੇ ਫੁੱਲ - ਨਿਰਮਲ ਸਿੰਘ ਕੰਧਾਲਵੀ

ਯਾਦਾਂ ਦੀ ਜਦੋਂ ਹਨ੍ਹੇਰੀ ਚੱਲੀ,
ਦਰਦਾਂ ਦੇ ਫੁੱਲ ਖਿਲਾਰ ਗਈ।
ਦਿਲ ਦਾ ਵਿਹੜਾ ਸੁੰਞਾਂ ਕਰ ਕੇ,
 ਕਿੱਧਰ ਉਹ ਬਹਾਰ ਗਈ?
ਚੁੱਪ ਚੁਪੀਤੇ ਵੱਟ ਗਿਆ ਪਾਸੇ,
 ਦੇ ਗਿਆ ਰੋਣੇ, ਖੋਹ ਕੇ ਹਾਸੇ,
ਦੱਸਦਾ ਪੁੱਛਦਾ ਕੁਝ ਤਾਂ ਮੈਥੋਂ,
ਮਿਟ ਹੀ ਜਾਂਦੀ ਪਿਆਰ ਲਈ।
ਅੱਖੀਆਂ ਤੋਂ ਵੀ ਹੋਇਆ ਓਹਲੇ,
ਪੈਰਾਂ ਤੋਂ ਵੀ ਦੂਰ ਉਹ ਹੋਇਆ।
ਰੂਹ ਸਾਡੀ ਵਿਚ ਪਰ ਮਨਿੰਦਰ,
 ਖੁੱਭੀ  ਤੇਰੀ  ਨੁਹਾਰ  ਰਹੀ।

ਉਹ ਦਿਨ - ਨਿਰਮਲ ਸਿੰਘ ਕੰਧਾਲਵੀ

ਨਵੰਬਰ 1991 ‘ਚ ਮੈਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਯੂ.ਕੇ. ਤੋਂ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਵਾਰ  ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਸਨ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਦਿਆਂ ਸਾਰ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ‘ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ, ਅਜੇ ਤੱਕ ਸਭ ਠੀਕ ਠਾਕ ਚਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਹੋਏ ਇਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਵਾਰ ਸਸਕਾਰ ‘ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬਸ ‘ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬਸਾਂ ਵਿਚ ਹੀ ਘੁੰਮਿਆਂ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਬਸ ਭੋਗ ਪੁਰ ਜਾ ਕੇ ਹੀ ਰੁਕੇਗੀ, ਰਾਹ ਦੀ ਸਵਾਰੀ ਨਾ ਹੋਵੇ ਕੋਈ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬਸ ਪਹਿਲਾਂ ਹੀ ਸਵਾਰੀਆਂ ਨਾਲ਼ ਆਫਰੀ ਪਈ ਸੀ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ‘ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ,” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ‘ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੁੰ ਵੱਡਾ ਨੋਟ ਦਿੰਦਾ ਤਾਂ ਬਸ ਉਸ ਦੇ ਗਲ਼ ਹੀ ਪੈ ਜਾਂਦਾ। ਕਿਸੇ ਬਜ਼ੁਰਗ ਦਾ, ਔਰਤ ਦਾ ਵੀ ਖ਼ਿਆਲ ਨਹੀੰ ਸੀ ਕਰ ਰਿਹਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ‘ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ‘ਚ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼,”  ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ‘ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ। ਗੱਲ ਅਸੂਲ ਦੀ ਐ, ਤੁਸੀਂ ਕੋਠੀਆਂ ਤਾਈਂ ਪਹੁੰਚ ਗਏ।“
ਬਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ, ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿਤੇ ਸਨ। ਉਹਨਾਂ ਗੰਨਮੈਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ, “ ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ‘ਚੋਂ ਪਿਆਵਾਂ?”
“ ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ?“ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ਼ ਕਿਹਾ।
“ ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਮੈਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ,” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬਸ ਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬਸ ‘ਚ ਚੜ੍ਹਨ ਵਾਲੇ ਧੁੱਸ ਦੇਈ ਚੜ੍ਹਨਾ ਚਾਹੁੰਦੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਡਰਾਈਵਰ ਰੇਸ ਪੈਡਲ ਵਾਰ ਵਾਰ ਦੱਬ ਕੇ ਬਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ ਸ਼ਾਇਦ ਉਹ ਆਪਣੀ ਭਾਸ਼ਾ ‘ਚ  ਸਵਾਰੀਆਂ ਨੂੰ ਛੇਤੀ ਕਰੋ, ਛੇਤੀ ਕਰੋ ਕਹਿ ਰਿਹਾ ਸੀ। । ਮੈਨੂੰ ਇੰਗਲੈਂਡ ਦੀਆਂ ਬਸਾਂ ਦੇ ਡਰਾਈਵਰ ਯਾਦ ਆ ਰਹੇ ਸਨ ਜੋ ਕਿ ਉਤਨਾ ਚਿਰ ਬਸ ਨਹੀਂ ਤੋਰਦੇ ਜਿਤਨਾ ਚਿਰ ਸਵਾਰੀਆਂ ਸੀਟਾਂ ‘ਤੇ ਬੈਠ ਨਾ ਜਾਣ ਖ਼ਾਸ ਕਰ ਕੇ ਜੇ ਵਡੇਰੀ ਉਮਰ ਦੀਆਂ ਸਵਾਰੀਆਂ ਹੋਣ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬਸ ਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ‘ਤੇ ਇਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬਸ ‘ਚ ਹੀ ਆਏ ਸਨ, ਸ਼ਾਇਦ ਪਿਛਲੀ ਬਾਰੀ ਉੱਤਰੇ ਸਨ, ਕਹਿਣ ਲੱਗੇ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜ ਕੱਲ ਕੀ ਹਾਲਾਤ ਚਲ ਰਹੇ ਨੇ ਏਥੇ! ਪੁਲਿਸ ਦੇ ਕੰਮ ‘ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ‘ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ, ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।“
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੜ੍ਹੀਆਂ ਹੋਈਆਂ ਅਜਿਹੀਆਂ ਖ਼ਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ, ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਵਾਰ ‘ਚ ਵਾਪਸ ਜਾਉ, ਅੱਛਾ ਸਤਿ ਸ੍ਰੀ ਅਕਾਲ,” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ‘ਤੇ ਪਸੀਨਾ ਆ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ

ਉਹ ਦਿਨ - ਨਿਰਮਲ ਸਿੰਘ ਕੰਧਾਲਵੀ

ਨਵੰਬਰ 1991 ‘ਚ ਮੈਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਵਾਰ  ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਿਦਆਂ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ‘ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ ਅਜੇ ਤੱਕ ਸਭ ਠੀਕ ਠਾਕ ਚਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਹੋਏ ਇਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਵਾਰ ਸਸਕਾਰ ‘ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬਸ ‘ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਅਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬਸਾਂ ਵਿਚ ਹੀ ਘੁੰਮਿਆਂ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਭੋਗ ਪੁਰ ਤੋਂ ਉਰੇ ਦੀ ਕੋਈ ਸਵਾਰੀ ਨਾ ਹੋਵੇ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬਸ ਵਿਚ ਸਭ ਸੀਟਾਂ ਭਰੀਆਂ ਹੋਈਆਂ ਸਨ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ ਸਨ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ‘ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ,” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ‘ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੁੰ ਵੱਡਾ ਨੋਟ ਦਿੰਦਾ ਤਾਂ ਬਸ ਉਸ ਦੇ ਗਲ਼ ਹੀ ਪੈ ਜਾਂਦਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ‘ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ‘ਚ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼,”  ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ‘ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ।”
ਬਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿਤੇ ਸਨ। ਉਹਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ, “ ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ‘ਚੋਂ ਪਿਆਵਾਂ?”
“ ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ,“ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ਼ ਕਿਹਾ।
“ ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਸਾਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ,” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬਸ ਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬਸ ‘ਚ ਚੜ੍ਹਨ ਵਾਲੇ ਧੁੱਸ ਦੇਈ ਦਰਵਾਜ਼ਾ ਰੋਕੀ ਖੜ੍ਹੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬਸ ਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ‘ਤੇ ਇਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬਸ ‘ਚੋਂ ਹੀ ਉੱਤਰੇ ਸਨ, ਕਹਿਣ ਲੱਗੇ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜ ਕੱਲ ਕੀ ਹਾਲਾਤ ਚਲ ਰਹੇ ਨੇ ਏਥੇ! ਪੁਲਿਸ ਦੇ ਕੰਮ ‘ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ‘ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।“
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੜ੍ਹੀਆਂ ਹੋਈਆਂ ਅਜਿਹੀਆਂ ਖਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ, ਜਿਹੜੇ ਕੰਮ ਆਏ ਹੋ, ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਵਾਰ ‘ਚ ਵਾਪਸ ਜਾਉ, ਅੱਛਾ ਸਤਿ ਸ੍ਰੀ ਅਕਾਲ,” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ‘ਤੇ ਪਸੀਨਾ ਆ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ