ਬਾਬੇ ਦਾ ਅਤੇ ਨੀਲੇ ਦਾ ਸੰਵਾਦ - ਨਿਰਮਲ ਸਿੰਘ ਕੰਧਾਲਵੀ

ਬਾਬਾ: ਨੀਲਿਆ, ਆਹ ਘੜੇ ਦਾ ਚੱਪਣ ਕੀਹਨੇ ਚੁੱਕ ਦਿੱਤੈ ਭਾਈ, ਬਹੁਤ ਝੱਖੜ ਝੁੱਲਦਾ ਪਿਐ।
ਨੀਲਾ: ਬਾਬਾ ਜੀ, ਚੋਣਾਂ ਆ ਗਈਆਂ ਨਾ ਸਿਰ ‘ਤੇ। ਸਿਆਸੀ ਲੀਡਰ ਘੜੇ ਤੋਂ ਚੱਪਣ ਚੁੱਕੀ ਜਾਂਦੇ ਐ ਤੇ ਵਾਅਦਿਆਂ ਦੀ ਹਨ੍ਹੇਰੀ ਵਗਾਈ ਜਾਂਦੇ ਐ।


ਬਾਬਾ: ਪਰ ਨੀਲਿਆ, ਲੋਕ ਇਨ੍ਹਾਂ ਨੂੰ ਪੁੱਛਦੇ ਨਹੀਂ ਪਈ ਪਿਛਲੇ ਵਾਅਦੇ ਤਾਂ ਇਹਨੀਂ ਪੂਰੇ ਕੀਤੇ ਨਹੀਂ ਤੇ ਗਾਂਹ ਹੋਰ ਪੰਡਾਂ ਖੋਲ੍ਹੀ ਜਾਂਦੇ ਆ।
ਨੀਲਾ: ਲੋਕਾਂ ਦਾ ਤੁਹਾਨੂੰ ਪਤਾ ਈ ਆ ਬਾਬਾ ਜੀ, ਜਿਹੜੇ ਮੁਫ਼ਤ ਦੇ ਪਕੌੜਿਆਂ ਬਦਲੇ ਪੱਗੋ-ਲੱਥੀ ਹੋ ਜਾਂਦੇ ਐ, ਉਨ੍ਹਾਂ ਤੋਂ ਤਾਂ ਆਸ ਰੱਖਣੀ ਇਉਂ ਐਂ ਜਿਵੇ ਕੋਈ ਝੋਟੇ ਵਾਲ਼ੇ ਘਰੋਂ ਲੱਸੀ ਭਾਲ਼ਦਾ ਹੋਵੇ। ਉਹ ਤਾਂ ਅੱਡੀਆਂ ਚੁੱਕ ਚੁੱਕ ਵੇਖਦੇ ਆ ਕਿ ਚੋਣਾਂ ਕਦੋਂ ਆਉਂਦੀਆਂ। ਬਾਬਾ ਜੀ, ਅਜੇ ਅੱਠ ਮਹੀਨੇ ਰਹਿੰਦੇ ਆ ਚੋਣਾਂ ‘ਚ ਤੇ ਇਹ ਹੁਣੇ ਈ ਜ਼ਿੰਦਾਬਾਦ ਮੁਰਦਾਬਾਦ ਕਰਦੇ ਸਾਹੋ ਸਾਹ ਹੋਏ ਫਿਰਦੇ ਆ।


ਬਾਬਾ: ਪਰ ਨੀਲਿਆ, ਅਸੀਂ ਤਾਂ ਸੁਣਿਆਂ ਸੀ ਕਿ ਸੋਸ਼ਲ ਮੀਡੀਆ ਨੇ ਬਹੁਤ ਜਾਗ੍ਰਿਤੀ ਲਿਆਂਦੀ ਐ ਲੋਕਾਂ ‘ਚ।
ਨੀਲਾ: ਬਾਬਾ ਜੀ, ਹੋ ਸਕਦੈ ਕੋਈ ਵਿਰਲਾ ਟਾਂਵਾਂ ਬੰਦਾ ਹੋ ਗਿਆ ਹੋਵੇ ਜਾਗਰੂਕ ਪਰ ਬਹੁਤੇ ਤਾਂ ਅਜੇ ਵੀ ਟਿੱਕ-ਟਾਕ ‘ਚ ਈ ਉਂਗਲਾਂ ਫ਼ਸਾਈ ਰੱਖਦੇ ਐ। ਕਿਤੇ ਅੱਧਾ ਘੰਟਾ ਇੰਟਰਨੈੱਟ ਬੰਦ ਹੋ ਜਾਏ ਤਾਂ ਇਨ੍ਹਾਂ ਦੇ ਭਾਅ ਦੀਆਂ ਬਣ ਜਾਂਦੀਆਂ।


ਬਾਬਾ: ਪਰ ਨੀਲਿਆ, ਹੁਣ ਤਾਂ ਸੱਤਰਾਂ ਸਾਲਾਂ ਤੋਂ ਉੱਤੇ ਹੋ ਗਏ ਆ ਭੱਸੜ ਭੰਨਾਉਂਦਿਆਂ ਨੂੰ, ਹੁਣ ਵੀ ਅਕਲ ਨਹੀਂ ਆਈ ਇਨ੍ਹਾਂ ਨੂੰ।
ਨੀਲਾ: ਬਾਬਾ ਜੀ, ਜਿਵੇਂ ਕਈ ਦੁਧਾਰੂ ਪਸ਼ੂ ਚਾਟ ‘ਤੇ ਲੱਗ ਜਾਂਦੇ ਐ ਇਵੇਂ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਨਸ਼ਿਆਂ, ਨਕਦ ਨਰੈਣ, ਆਟਾ-ਦਾਲ, ਫ਼ੋਨਾਂ, ਕਰਜ਼ੇ ਮਾਫ਼ੀਆਂ ਤੇ ਨੌਕਰੀਆਂ ਦੇ ਲਾਰਿਆਂ ਦੀ ਚਾਟ ‘ਤੇ ਲਾਇਆ ਹੋਇਐ। ਸ਼ਾਤਰ ਲੀਡਰ ਜਾਣਦੇ ਐ ਕਿ ਸਾਢੇ ਚਾਰ ਸਾਲ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਅਖੀਰਲੇ ਛੇ ਮਹੀਨੇ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ ਵਗਾ ਦਿਆਂਗੇ।


ਬਾਬਾ: ਨੀਲਿਆ, ਸੁਣਿਐ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਵੀ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ  ਵਗਾ ਦਿਤੀ ਐ।
ਨੀਲਾ: ਬਾਬਾ ਜੀ, ਉਹ ਗੁਰਦੁਆਰੇ ਦਾ ਪ੍ਰਧਾਨ ਘੱਟ ਐ ਤੇ ਸਿਆਸੀ ਪਾਰਟੀ ਦਾ ਕਰਿੰਦਾ ਵਧੇਰੇ ਐ, ਤੇ ਤੁਹਾਨੂੰ ਪਤਾ ਲੱਗ ਈ ਗਿਆ ਹੋਣੈ ਕਿ ਉੱਥੇ ਕਿਸੇ ਵੇਲੇ ਵੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ, ਇਸ ਲਈ ਉਸ ਵਾਸਤੇ ਵੀ ਲਾਰਿਆਂ ਦੀ ਹਨ੍ਹੇਰੀ ਵਗਾਉਣੀ ਬਹੁਤ ਜ਼ਰੂਰੀ ਸੀ।


ਬਾਬਾ: ਪਰ ਨੀਲਿਆ,  ਸੁਣਿਐਂ ਕਿ ਗੁਰਦੁਆਰੇ ਦੇ ਕਰਮਚਾਰੀਆਂ ਨੂੰ ਤਾਂ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿਤੀ ਤੇ ਕਰੋੜਾਂ ਦੇ ਲਾਰੇ ਲਾ ਕੇ ਕਿਹਨੂੰ ਮੂਰਖ ਬਣਾਉਂਦੈ ਉਹ?
ਨੀਲਾ: ਪਰ ਬਾਬਾ ਜੀ, ਜੇ ਲੋਕ ਮੂਰਖ ਬਣਨਾ ਚਾਹੁੰਦੇ ਆ ਤਾਂ ਉਹ ਕਿਉਂ ਨਾ ਬਣਾਵੇ!

ਬਾਬਾ: ਵਾਹਿਗੁਰੂ, ਵਾਹਿਗੁਰੂ, ਰੱਬਾ ਸੁਖ ਰੱਖੀਂ।
ਨਿਰਮਲ ਸਿੰਘ ਕੰਧਾਲਵੀ