ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ - ਨਿਰਮਲ ਸਿੰਘ ਕੰਧਾਲਵੀ

ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ
ਤੁਸੀਂ ਬੰਦੇ ਬੜੇ ਕਮਾਲ
ਵਿਕਾਸ ਦਾ ਝੁਰਲੂ ਫੇਰ ਫੇਰ ਕੇ
ਕਰ ‘ਤੇ ਮੰਦੜੇ ਹਾਲ ਲੀਡਰ ਜੀ.....ਤੁਸੀਂ ਬੰਦੇ.......

ਪੰਡ ਕਰਜ਼ੇ ਦੀ ਵਧਦੀ ਜਾਵੇ
ਕੇਂਦਰ ਥੋਨੂੰ ਠੁੱਠ ਵਿਖਾਵੇ
ਗੁਲਦਸਤੇ ਵੀ ਕੰਮ ਨਹੀਂ ਕਰਦੇ
ਬਣਨ ਕੂੜੇ ਦਾ ਮਾਲ ਲੀਡਰ ਜੀ...ਤੁਸੀਂ ਬੰਦੇ

ਲੋਕਾਂ ਦੀਆਂ ਉਮੀਦਾਂ ਮੁੱਕੀਆਂ
ਫ਼ਸਲਾਂ ਪਾਣੀ ਬਾਝੋਂ ਸੁੱਕੀਆਂ
ਧੱਕੇ ਨਾਲ਼ ਤੁਸੀਂ ਠੇਕੇ ਖੋਲ੍ਹੋਂ
ਵਗਣ ਦਾਰੂ ਦੇ ਖਾਲ਼ ਲੀਡਰ ਜੀ...ਤੁਸੀ ਬੰਦੇ....

ਡੋਬ ‘ਤੀ ਨਸ਼ਿਆਂ ਵਿਚ ਜੁਆਨੀ
ਵੰਡ ਗਰਾਂਟਾਂ ਤੁਸੀਂ ਬਣਦੇ ਦਾਨੀ
ਭੋਲ਼ੇ  ਲੋਕ  ਨਾ  ਮੂਲ਼ੋਂ  ਸਮਝਣ
ਇਹ ਉਹਨਾਂ ਦਾ ਹੀ ਮਾਲ ਲੀਡਰ ਜੀ...ਤੁਸੀਂ ਬੰਦੇ....
ਸਭ ਪਾਸੇ ਚਿੱਟੇ ਦਾ ਰੌਲਾ
ਘਾਲ਼ਾ-ਮਾਲ਼ਾ, ਰੋਲ਼-ਘਚੋਲ਼ਾ
ਘਰ ਘਰ ਵੇਚਣ ਦੇ ਲਈ ਚਿੱਟਾ
ਨੀਲੇ ਚਿੱਟੇ ਫਿਰਨ ਦਲਾਲ....ਤੁਸੀਂ ਬੰਦੇ......

ਫਿਰਦੀ ਬੇਰੋਜ਼ਗਾਰ ਜਵਾਨੀ
ਲੱਭਦੀ ਫਿਰਦੀ ਧਰਤ ਬਿਗਾਨੀ
ਭਰੇ ਜਹਾਜ਼ ਰੋਜ਼ ਨਿੱਤ ਉਡਦੇ
ਤੇ ਨਾਲ਼ ਹੀ ਜਾਂਦਾ ਮਾਲ ਲੀਡਰ ਜੀ...ਤੁਸੀਂ ਬੰਦੇ....

ਇਸ ਧਰਤੀ ਦੇ ਜਾਏ ਅਣਖ਼ੀਲੇ
ਕਰ ‘ਤੀ ਅਣਖ਼ ਤੁਸੀਂ ਤੀਲੇ ਤੀਲੇ
ਭੁੱਲ ਗਏ ਲੋਕੀਂ ਅਣਖ ਦਾ ਜੀਣਾ
ਮੰਗਦੇ ਬਸ ਹੁਣ ਆਟਾ ਦਾਲ਼ ਲੀਡਰ ਜੀ...ਤੁਸੀਂ ਬੰਦੇ......

ਸੇਵਾ ਦਾ ਤੁਸੀਂ ਹੋਕਾ ਲਾਵੋਂ
ਸੇਵਾ ਕਰ, ਫਿਰ ਕਿਉਂ ਘਬਰਾਵੋਂ?
ਕਿਉਂ ਗੰਨਮੈਨਾਂ ਦੀਆਂ ਹੇੜ੍ਹਾਂ ਰੱਖੋਂ
ਪੁੱਛਣ ਲੋਕ ਸਵਾਲ ਲੀਡਰ ਜੀ.....ਤੁਸੀਂ ਬੰਦੇ...
.
ਘੇਰਨ ਪੱਤਰਕਾਰ ਜਦ ਥੋਨੂੰ
ਪੁੱਛਣ ਕੋਈ ਸਵਾਲ ਜਦ ਥੋਨੂੰ
ਖਚਰੀ ਹਾਸੀ ਹੱਸ ਕੇ ਲੀਡਰੋ
ਤੁਸੀਂ ਦਿੰਦੇ ਓ ਟਾਲ਼ ਸਵਾਲ ਲੀਡਰ ਜੀ...ਤੁਸੀਂ ਬੰਦੇ......

ਖ਼ਤਰੇ  ਦੀ ਜਦ  ਘੰਟੀ ਵੱਜਦੀ
ਜਦ ਕੁਰਸੀ ਹੈ ਹਿੱਲਦੀ ਲਗਦੀ
ਯਾਦ ਆਉਂਦੈ ਥੋਨੂੰ ਇਕੋ ਝੁਰਲੂ
ਤੇ ਦੇਸ਼ ਬਣਾਵੋਂ ਢਾਲ ਲੀਡਰ ਜੀ...ਤੁਸੀਂ ਬੰਦੇ.....

ਹੁਣ ਤਾਂ ਸਹੁਰੀ ਕੁਰਸੀ ਛੱਡੋ
ਮੋਹ ਮਾਇਆ ਦਾ ਫ਼ਸਤਾ ਵੱਢੋ
ਰਾਮ  ਨਾਮ  ਦੀ  ਜੋੜੋ  ਪੂੰਜੀ
ਇਹੋ ਜਾਂਦੀ ਹੈ ਨਾਲ਼ ਲੀਡਰ ਜੀ...ਤੁਸੀਂ ਬੰਦੇ.......