ਟਿੰਡ ‘ਚ ਕਾਨਾ - ਨਿਰਮਲ ਸਿੰਘ ਕੰਧਾਲਵੀ
ਟਿੰਡ “ਚ ਕਾਨਾ ਪਾਈ ਰੱਖ,
ਐਵੇਂ ਸਿੰਗ ਫ਼ਸਾਈ ਰੱਖ।
ਨਾ ਬੈਠੀਂ ਨਾ ਬੈਠਣ ਦੇਵੀਂ,
ਸਭ ਨੂੰ ਇੰਜ ਘੁੰਮਾਈ ਰੱਖ।
ਕੋਈ ਵੀ ਸੁੱਕਾ ਛੱਡੀਂ ਨਾ,
ਛੁਰੀ ਸਾਣ ‘ਤੇ ਲਾਈ ਰੱਖ।
ਲਿਫ਼ ਜਾ ਅੱਗੇ ਤਕੜੇ ਦੇ,
ਮਾੜੇ ਨੂੰ ਬਸ ਢਾਈ ਰੱਖ।
ਛੱਟੀ ਜਾਹ ਲੋਕਾਂ ਨੂੰ ਛੱਜੀਂ,
ਆਪਣੇ ਐਬ ਛੁਪਾਈ ਰੱਖ।
ਚਾਨਣ ਨੂੰ ਪ੍ਰਚਾਰੀ ਚਲ,
ਦੀਵਾ ਘਰੇ ਬੁਝਾਈ ਰੱਖ।
ਮੁੰਨ ਕੇ ਸਿਰ ਤੂੰ ਲੋਕਾਂ ਦੇ,
ਆਪਣੀ ਟ੍ਹੌਰ ਬਣਾਈ ਰੱਖ।
ਘੁੱਟ ਕੇ ਰੱਖੀਂ ਜੇਬ ਆਪਣੀ,
ਗ਼ੈਰ ‘ਤੇ ਅੱਖ ਟਿਕਾਈ ਰੱਖ।