ਹਕੀਕੀ ਸਿੱਖਿਆ ਦੀ ਅਣਹੋਂਦ ਵਿਚ - ਅਵਿਜੀਤ ਪਾਠਕ
ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਅੰਕਾਂ ਦੇ ਖੁੱਲ੍ਹੇ ਗੱਫ਼ੇ ਵੰਡੇ ਜਾ ਰਹੇ ਹੋਣ ਤੇ ਕੋਚਿੰਗ ਕੇਂਦਰਾਂ ਦਾ ਧੰਦਾ ਖ਼ੂਬ ਫ਼ਲ-ਫੁੱਲ ਰਿਹਾ ਹੋਵੇ ਤਾਂ ਅਸਲ ਵਿਦਿਆ ਤੇ ਸਾਰਥਕ ਸਿੱਖਿਆ ਦੀ ਫ਼ਿਕਰ ਕੌਣ ਕਰੇ? ਜਾਂ ਫਿਰ ਮਾਪਿਆਂ ਅਤੇ ਅਧਿਆਪਕਾਂ ਦੇ ਰੂਪ ਵਿਚ ਅਸੀਂ ਸਮੂਹਿਕ ਤੌਰ ’ਤੇ ਭਾਣਾ ਮੰਨ ਲਿਆ ਹੈ ਕਿ ਪ੍ਰੀਖਿਆਵਾਂ ਦੇ ਆਡੰਬਰ ਤੋਂ ਬਿਨਾ ਅਸਲ ਸਿੱਖਿਆ ਨਾਂ ਦੀ ਕੋਈ ਸ਼ੈਅ ਨਹੀਂ ਹੁੰਦੀ, ਸਾਡੇ ਵਲੋਂ ਸਿੱਖਿਆ ਦੇ ਅਨੁਭਵ ਦੇ ਮਿਕਦਾਰੀਕਰਨ ਦਾ ਖ਼ਬਤ ਪਾਲ਼ਿਆ ਹੋਇਆ ਹੈ ਅਤੇ ਟੈਕਨੋ-ਆਰਥਿਕ ਸ਼ਕਤੀ ਦੇ ਮਕਾਨਕੀ ਤਰਕ ਵਲੋਂ ਪਰਿਭਾਸ਼ਤ ਸਫ਼ਲਤਾ ਦੇ ਮਿੱਥ ਦੀ ਪੂਜਾ ਕੀਤੀ ਜਾ ਰਹੀ ਹੈ ? ਆਪਣੇ ਆਲੇ-ਦੁਆਲੇ ਹਰ ਕਿਸਮ ਦੇ ਕੋਚਿੰਗ ਕੇਂਦਰਾਂ ਦੇ ਬ੍ਰਾਂਡ ਅੰਬੈਸਡਰ ਬਣੇ ‘ਟੌਪਰਾਂ’ ਦੀਆਂ ਘੁੰਮਦੀਆਂ ਤਸਵੀਰਾਂ ਅਤੇ ਖੁੰਬਾਂ ਵਾਂਗ ਉਗਦੀਆਂ ਸਿੱਖਿਆ ਦੀਆਂ ਦੁਕਾਨਾਂ ਦੇ ਚੁੰਧਿਆ ਦੇਣ ਵਾਲੇ ਇਸ਼ਤਿਹਾਰ ਦੇਖੋ ਜੋ ਹੋਟਲ ਮੈਨੇਜਮੈਂਟ, ਫੈਸ਼ਨ ਡਿਜ਼ਾਈਨਿੰਗ ਜਾਂ ਸੂਚਨਾ ਤਕਨਾਲੋਜੀ ਜਿਹੇ ਕੋਰਸ ਕਰਵਾਉਂਦੀਆਂ ਹਨ ਤੇ ਪਲੇਸਮੈਂਟਾਂ ਅਤੇ ਭਾਰੀ ਭਰਕਮ ਪੈਕੇਜਾਂ ਦਾ ਬਿਰਤਾਂਤ ਸਿਰਜ ਕੇ ਸੰਭਾਵੀ ਗਾਹਕਾਂ ਨੂੰ ਲਲਚਾਉਂਦੀਆਂ ਹਨ। ਕਿਸੇ ਵੀ ਕਸਬੇ ਜਾਂ ਸ਼ਹਿਰ ਵਿਚ ਘੁੰਮ ਕੇ ਕਿਤਾਬਾਂ ਦੀਆਂ ਦੁਕਾਨਾਂ ‘ਤੇ ਨਿਗਾਹ ਮਾਰੋ, ਦੇਖੋ ਕਿਵੇਂ ਹਰ ਕਿਸਮ ਦੀ ਸਫ਼ਲਤਾ ਦੇ ਮੰਤਰਾਂ ਵਾਲੀਆਂ ਗਾਈਡਾਂ ਨੇ ਚੇਤਨਾ ਦੀਆਂ ਬੂਹੇ ਬਾਰੀਆਂ ਖੋਲ੍ਹਣ ਵਾਲੇ ਜਾਂ ਮਨੁੱਖੀ ਸੰਵੇਦਨਾ ਤੇ ਨਿਰਖ ਪਰਖ ਕਰਨ ਦੀ ਕੁੱਵਤ ਬਖ਼ਸ਼ਣ ਵਾਲੇ ਸਾਹਿਤ ਨੂੰ ਹੂੰਝ ਕੇ ਪਰ੍ਹੇ ਸੁੱਟਿਆ ਹੋਇਆ ਹੈ।
ਅਜਿਹੇ ਕਿਸੇ ਵਿਦਿਆਰਥੀ ਦੀ ਹੋਣੀ ਦਾ ਕਿਆਸ ਕਰੋ ਜਿਸ ਨੂੰ ਉਸ ਦੇ ਘਾਬਰੇ ਮਾਪਿਆਂ ਵਲੋਂ ਇਹੀ ਗੁੜ੍ਹਤੀ ਦਿੱਤੀ ਜਾਂਦੀ ਹੈ ਕਿ ‘ਟੌਪਰ’ ਰਹਿਣ ਦੀ ਖ਼ਾਹਿਸ਼ (ਬੋਰਡ ਪ੍ਰੀਖਿਆਵਾਂ ਵਿਚ 99 ਫ਼ੀਸਦ ਅੰਕ ਲੈਣ ਦੇ ਖ਼ਬਤ), ਆਈਟੀਟੀ-ਜੇਈਈ ਦਾਖ਼ਲਾ ਟੈਸਟ ਪਾਸ ਕਰਨ ਦੀ ਜੁਗਤ ਅਤੇ ਤੇਜ਼ ਦੌੜਨ ਤੇ ਦੂਜਿਆਂ ਨੂੰ ਪਛਾੜ ਕੇ ਅੱਗੇ ਵਧਣ ਦੀ ਮੁਕਾਬਲੇ ਦੀ ਭਾਵਨਾ ਤੋਂ ਬਿਨਾ ਜ਼ਿੰਦਗੀ ਵਿਚ ਹੋਰ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ। ਕਿਸੇ ਅਜਿਹੇ ਵਿਦਿਆਰਥੀ ਦੀ ਚੇਤਨਾ ਦੀ ਹਾਲਤ ਦਾ ਕਿਆਸ ਕਰ ਕੇ ਦੇਖੋ ਜਿਸ ਨੂੰ ਉਸ ਦੇ ਕੋਚਿੰਗ ਕੇਂਦਰਾਂ ਦੇ ‘ਗੁਰੂਆ’ ਵਲੋਂ ਸਿਰਫ਼ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ ਦਾਖ਼ਲਾ ਟੈਸਟਾਂ ਵਿਚ ਸਫ਼ਲਤਾ ਲਈ ਜ਼ਰੂਰੀ ਮੰਤਰ ਰਟਣ ਤੋਂ ਇਲਾਵਾ ਭੌਤਿਕ ਸ਼ਾਸਤਰ, ਰਸਾਇਣ ਸ਼ਾਸਤਰ ਅਤੇ ਗਣਿਤ ਤੇ ਜੈਵ ਸ਼ਾਸਤਰ ਵਿਚ ਤਲਾਸ਼ ਕਰਨ ਵਾਲਾ ਹੋਰ ਕੁਝ ਵੀ ਨਹੀਂ ਹੈ, ਜਾਂ ਫਿਰ ਉਸ ਘੜੀ ਦਾ ਤਸੱਵੁਰ ਕਰੋ ਜਦੋਂ ਕਿਸੇ ਨੂੰ ਆਪਣੇ ਅੰਤਰ ਮਨ ਦੀ ਆਵਾਜ਼ ਸੁਣਨ, ਆਪਣੀਆਂ ਮਖ਼ਸੂਸ ਰੁਚੀਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਜਦੋਂ ਉਸ ਨੂੰ ਟੈਕਨੋ-ਵਿਗਿਆਨ, ਕਾਮਰਸ ਤੇ ਮੈਨੇਜਮੈਂਟ ਦੇ ਸਫ਼ਲਤਾ ਦੇ ਤੈਅਸ਼ੁਦਾ ਪੰਧ ’ਤੇ ਚੱਲਣ ਲਈ ਮਜਬੂਰ ਕੀਤਾ ਜਾਂਦਾ ਹੋਵੇ। ਇਹ ਮਨੁੱਖੀ ਸੰਭਾਵਨਾਵਾਂ ਨੂੰ ਕਤਲ਼ ਕਰਨ ਦੇ ਤੁੱਲ ਹੈ, ਇਕ ਕਿਸਮ ਦੀ ਅਲਹਿਦਗੀ ਹੈ ਅਤੇ ਇਸ ਦਾ ਮਨੋਰਥ ਕੁੰਠਿਤ ਹਜੂਮੀ ਵਿਹਾਰ ਪੈਦਾ ਕਰਨਾ ਹੁੰਦਾ ਹੈ।
ਬਹੁਤ ਜ਼ਿਆਦਾ ਆਬਾਦੀ ਵਾਲੇ ਸਾਡੇ ਵਰਗੇ ਮੁਲ਼ਕ ਵਿਚ ਅਸੀਂ ਢਾਂਚੇ ਦੀਆਂ ਭਿਅੰਕਰ ਮਜਬੂਰੀਆਂ ਵਿਚ ਜਿਊਂਦੇ ਹਾਂ। ਵਸੀਲਿਆਂ ਅਤੇ ਅਵਸਰਾਂ ਦੀ ਕਮੀ ਵਿਚ ਬੇਰੁਜ਼ਗਾਰੀ ਦਾ ਭੂਤ ਸਾਨੂੰ ਡਰਾਉਂਦਾ ਰਹਿੰਦਾ ਹੈ, ਬੇਹਿਸਾਬ ਸਮਾਜਿਕ-ਆਰਥਿਕ ਅਸਮਾਨਤਾ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਨੌਕਰੀ ਦਿਵਾਉਣ ’ਚ ਸਹਾਈ ਹੋਣ ਵਾਲੀ ਤਕਨੀਕੀ ਸਿੱਖਿਆ ਜਾਂ ਕੋਈ ਹੁਨਰਮੰਦੀ ਦੇ ਸਹਾਰੇ ਹੀ ਕੋਈ ਸ਼ਖਸ ਸਮਾਜ ਦੇ ਉਪਰਲੇ ਪੱਧਰ ’ਤੇ ਪਹੁੰਚ ਸਕਦਾ ਹੈ। ਇਸ ਕਰ ਕੇ ਹੈਰਾਨੀ ਨਹੀਂ ਹੁੰਦੀ ਕਿ ਹਰ ਜਗ੍ਹਾ ਦਿਲਕਸ਼ ਨਾਵਾਂ ਵਾਲੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਖੁੱਲ੍ਹ ਗਏ ਹਨ, ਕੰਟਰੈਕਟਰਾਂ ਤੇ ਸਿਆਸਤਦਾਨਾਂ ਦੇ ਸਾਂਝੇ ਨਿਵੇਸ਼ ਜ਼ਰੀਏ ਧੜਾਧੜ ਇੰਜਨੀਅਰਿੰਗ/ ਮੈਨੇਜਮੈਂਟ/ ਬੀਐੱਡ ਕਾਲਜ ਖੁੱਲ੍ਹ ਗਏ ਹਨ। ਰਾਜਸਥਾਨ ਦਾ ਕੋਟਾ ਸ਼ਹਿਰ ਬ੍ਰਾਂਡਿਡ ਕੋਚਿੰਗ ਕੇਂਦਰਾਂ ਲਈ ਮਸ਼ਹੂਰ ਹੈ ਜੋ ਦਿਹਾਤੀ ਹੀ ਨਹੀਂ ਸਗੋਂ ਸ਼ਹਿਰੀ ਲਾਲਸੀ ਸ਼੍ਰੇਣੀ ਦੇ ਸੁਪਨਿਆਂ ਦਾ ਵੀ ਪ੍ਰਤੀਕ ਬਣ ਗਿਆ ਹੈ, ਤੇ ਜਦੋਂ ਕਿਸੇ ਮੱਧ ਵਰਗੀ ਪਰਿਵਾਰ ਦਾ ਬੱਚਾ ਬੀਟੈੱਕ/ਐੱਮਬੀਏ ਦੀ ਡਿਗਰੀ ਲੈ ਕੇ ਯੂਰੋ-ਅਮਰੀਕਨ ਦੁਨੀਆ ਵੱਲ ਪਰਵਾਸ ਕਰ ਜਾਂਦਾ ਹੈ ਤਾਂ ਉਹ ਟੌਹਰ ਨਾਲ ਫੁੱਲ ਕੇ ਕੁੱਪ ਬਣ ਜਾਂਦਾ ਹੈ। ਇਕ ਲੇਖੇ ਇਹ ਭਾਰੂ ਸੋਝੀ ਦਾ ਸਮਾਜ ਸ਼ਾਸਤਰ ਹੈ ਜੋ ਭਾਰਤ ਵਿਚ ਸਿੱਖਿਆ ਦੀ ਰਵਾਇਤ ਬਣ ਚੁੱਕਿਆ ਹੈ।
ਬਹਰਹਾਲ, ਜਦੋਂ ਬਾਜ਼ਾਰ ਸੇਧਤ ਇਹ ਸਹੂਲਤ ਸਾਨੂੰ ਮਿਲ ਰਹੀ ਹੈ ਤਾਂ ਅਸੀਂ ਕੁਝ ਬਹੁਤ ਹੀ ਗਹਿਰੀ ਤੇ ਪਾਏਦਾਰ ਚੀਜ਼ ਦੀ ਕਮੀ ਮਹਿਸੂਸ ਕਰ ਰਹੇ ਹਾਂ, ਤੇ ਜੇ ਅਸੀਂ ਇਸ ਦੀ ਸਾਰ ਨਾ ਲਈ ਤਾਂ ਅਸੀਂ ਆਪਣੇ ਸਮਾਜ ਦਾ ਬਹੁਤ ਹੀ ਵੱਡਾ ਬੌਧਿਕ, ਰੂਹਾਨੀ ਤੇ ਸਿਆਸੀ-ਨੈਤਿਕ ਹਰਜਾ ਕਰ ਬੈਠਾਂਗੇ। ਇਹਦੇ ਲਈ ਇਹ ਅਹਿਸਾਸ ਪੈਦਾ ਕਰਨ ਦੀ ਲੋੜ ਹੈ ਕਿ ਸਾਰਥਕ ਸਿੱਖਿਆ ਮਹਿਜ਼ ਕੋਈ ਸਿਖਲਾਈ ਜਾਂ ਹੁਨਰ ਦੀ ਸਿੱਖਿਆ ਲੈਣਾ ਜਾਂ ਤਕਨੀਕੀ ਕੁਸ਼ਲਤਾ ਹਾਸਲ ਕਰਨਾ ਨਹੀਂ ਹੁੰਦੀ, ਨਾ ਹੀ ਖਰੀ ਸਿੱਖਿਆ ਨੂੰ ਸਫ਼ਲਤਾ ਦੀ ਤੱਕੜੀ ’ਚ ਤੋਲਿਆ ਨਾਪਿਆ ਜਾ ਸਕਦਾ ਹੈ। ਇਹ ਅਹਿਸਾਸ ਜਗਾਉਣਾ ਵੀ ਓਨਾ ਹੀ ਅਹਿਮ ਹੈ ਕਿ ਸਾਡੇ ਬੱਚੇ ਕੋਈ ‘ਸਰੋਤ’ ਨਹੀਂ ਹਨ ਜਿਨ੍ਹਾਂ ਨੂੰ ਕੋਚਿੰਗ ਕੇਂਦਰਾਂ ਅਤੇ ਇੰਜਨੀਅਰਿੰਗ/ਮੈਨੇਜਮੈਂਟ ਦੇ ਕਾਲਜਾਂ ਵਿਚ ਸਿਖਲਾਈ ਦਿੱਤੀ ਜਾਵੇ ਅਤੇ ਫਿਰ ਟੈਕਨੋ-ਕਾਰਪੋਰੇਟ ਸਾਮਰਾਜ ਦੀ ਸੇਵਾ ਵਿਚ ਲਗਾ ਦਿੱਤਾ ਜਾਵੇ। ਸਾਡੇ ਬੱਚੇ ਸੰਭਾਵਨਾਵਾਂ ਨਾਲ ਸਰਸ਼ਾਰ ਹਨ, ਉਨ੍ਹਾਂ ਦਾ ਜਨਮ ਇਤਿਹਾਸ ਜਾਂ ਭੂਗੋਲ ਦੇ ਤੱਥਾਂ ਨੂੰ ਯਾਦ ਕਰਨ, ਭੌਤਿਕ, ਗਣਿਤ ਦੇ ਅੰਕਾਂ ਤੇ ਸਮੀਕਰਨ ਹੱਲ ਕਰਨ ਤੇ ਦਮਨਕਾਰੀ ਫ਼ਤਵੇਦਾਰ ਸਮਾਜ ਅੱਗੇ ਇਹ ਸਿੱਧ ਕਰਨ ਲਈ ਨਹੀਂ ਹੋਇਆ ਕਿ ਉਹ ‘ਹੁਸ਼ਿਆਰ’ ਤੇ ‘ਹੋਣਹਾਰ’ ਹਨ।
ਆਓ, ਇਸ ਨੂੰ ਸਵੀਕਾਰਨਾ ਸ਼ੁਰੂ ਕਰੀਏ। ਸਾਡੇ ਬੱਚੇ ਕੋਈ ਪ੍ਰੀਖਿਆ ਲੜਾਕੇ ਨਹੀਂ ਸਗੋਂ ਸੰਭਾਵੀ ਤੌਰ ’ਤੇ ਜਗਿਆਸੂ, ਫਿਰਤੂ, ਖੋਜੀ ਹਨ, ਉਨ੍ਹਾਂ ਦੀਆਂ ਅੱਖਾਂ ਹਨ ਜਿਨ੍ਹਾਂ ਨਾਲ ਉਹ ਦੁਨੀਆ ਦੇਖਦੇ ਹਨ, ਦਿਮਾਗ ਹੈ ਜਿਸ ਨਾਲ ਗਿਆਨ ਤੇ ਬੋਧ ਮਿਲਦਾ ਹੈ, ਦਿਲ ਹੈ ਜਿਸ ਜ਼ਰੀਏ ਅਹਿਸਾਸ ਤੇ ਅਨੁਭਵ ਹੁੰਦਾ ਹੈ ਅਤੇ ਹੱਥ ਤੇ ਟੰਗਾਂ ਹਨ ਜਿਨ੍ਹਾਂ ਰਾਹੀਂ ਉਹ ਕੰਮ ਅੰਜਾਮ ਦਿੰਦੇ ਹਨ। ਸਾਰਥਕ ਸਿੱਖਿਆ ਬੁਨਿਆਦੀ ਤੌਰ ’ਤੇ ਅੰਦਰੂਨੀ ਮਹਿਕ ਖਿਲਾਰਨ ਦਾ ਸਿਲਸਿਲਾ ਹੈ, ਇਹ ਤਰਕ ਤੇ ਪਿਆਰ ਦੀਆਂ ਇਕਜੁੱਟ ਸ਼ਕਤੀਆਂ ਅਤੇ ਕਰਤਾਰੀ ਕਿਰਤ ਅਤੇ ਬੌਧਿਕ ਸੂਝ ਦੇ ਵਿਕਾਸ ਦੀ ਖੋਜ ਹੈ। ਸਿੱਖਿਆ ਚੇਤਨਾ ਦਾ ਜਸ਼ਨ ਹੈ। ਜ਼ਿੰਦਗੀ ਅਤੇ ਜਗਤ ਪ੍ਰਤੀ ਸੰਵੇਦਨਾ ਹੈ। ਸਿੱਖਿਆ ਕੋਈ ਰੱਟਾ ਪਾਠ ਨਹੀਂ ਹੁੰਦੀ ਨਾ ਹੀ ਇਹ ਸਰਕਾਰੀ ਸਿਲੇਬਸ ਦੇ ਚੌਖਟੇ ਵਿਚ ਕੈਦ ਹੋ ਕੇ ਰਹਿੰਦੀ ਹੈ। ਇਹ ਅਨੰਤ ਹੈ। ਇਹ ਵਿਗਿਆਨ ਦੀ ਜਗਿਆਸਾ ਹੈ, ਦਰਸ਼ਨ ਦਾ ਕਮਾਲ ਹੈ, ਕਵਿਤਾ ਦੀ ਰਚਨਾਤਮਿਕਤਾ ਹੈ, ਕਲਾਕਾਰ ਦਾ ਹੁਨਰ ਹੈ ਜਾਂ ਕਿਸੇ ਗਣਿਤ ਸ਼ਾਸਤਰੀ ਦੀ ਤਰਕਸ਼ੀਲਤਾ ਹੈ। ਕਾਬਲੀਅਤ ਜਾਂ ਜ਼ਹਾਨਤ ਕੋਈ ਮਾਪਣ ਵਾਲੀ ਸ਼ੈਅ ਨਹੀਂ ਹੁੰਦੀ ਸਗੋਂ ਇਹ ਆਪਣੇ ਆਪ ਵਿਚ ਸਿਫ਼ਤ ਹੁੰਦੀ ਹੈ, ਇਹ ਸਾਰਥਕਤਾ ਨਾਲ ਜਿਊਣ, ਕਰਤਾਰੀ ਸੰਤੁਸ਼ਟੀ ਨੂੰ ਸਫ਼ਲਤਾ ਦੇ ਬਾਹਰੀ ਨਿਸ਼ਾਨਾਂ ਤੋਂ ਨਿਖੇੜਨ ਅਤੇ ਸਾਧਾਰਨ ਨੂੰ ਅਸਾਧਾਰਨ ਵਿਚ ਤਬਦੀਲ ਕਰਨ ਦੀ ਕਾਬਲੀਅਤ ਹੁੰਦੀ ਹੈ।
ਬਹਰਹਾਲ, ਇਸ ਕਿਸਮ ਦੀ ਸੁਹਜ ਭਰੀ ਤੇ ਜ਼ਿੰਦਗੀ ਨੂੰ ਤਬਦੀਲ ਕਰਨ ਵਾਲੀ ਸਿੱਖਿਆ ਪਾਉਣ ਵਾਸਤੇ ਸਾਨੂੰ ਚੋਟੀ ਦੇ ਉਸਤਾਦ, ਗੂੜ੍ਹ ਵਿਦਵਾਨ ਤੇ ਮਾਹਿਰ ਅਤੇ ਸੰਵੇਦਨਸ਼ੀਲ ਮਾਪੇ ਦਰਕਾਰ ਹਨ। ਕਦੇ ਕਦਾਈਂ ਮੈਂ ਸੋਚਦਾ ਹਾਂ ਕਿ ਸੰਭਾਵੀ ਤੌਰ ’ਤੇ ਸਾਡੇ ਬਹੁਤੇ ਨੌਜਵਾਨਾਂ ਨੂੰ ਕਦੇ ਕੋਈ ਸੱਚਾ ਅਧਿਆਪਕ ਨਹੀਂ ਮਿਲ ਸਕੇਗਾ, ਮਸਲਨ ਰਾਬਿੰਦਰਨਾਥ ਟੈਗੋਰ, ਜਿੱਦੂ ਕ੍ਰਿਸ਼ਨਾਮੂਰਤੀ ਜਾਂ ਪਾਓਲੋ ਫ੍ਰੇਅਰ ਜਿਹਾ ਕੋਈ ਅਧਿਆਪਕ, ਜਾਂ ਕੋਈ ਅਜਿਹਾ ਉਸਤਾਦ ਜੋ ਜਗਿਆਸੂ ਦੀ ਆਤਮਾ ਟੁੰਬ ਸਕਦਾ ਹੋਵੇ। ਉਨ੍ਹਾਂ ਨੂੰ ਸਕੂਲ ਪ੍ਰਿੰਸੀਪਲ ਮਿਲੇ ਹੋਣਗੇ ਜੋ ਕਲਾਸਾਂ ਵਿਚ ਵਿਵਸਥਾ ਕਾਇਮ ਕਰਨ ਲਈ ਅਨੁਸ਼ਾਸਨ ਅਤੇ ਟੋਹਾਂ ਦੀਆਂ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ‘ਮਾਹਿਰ’ ਤੇ ‘ਵਿਸ਼ੇਸ਼ੱਗ’ ਮਿਲੇ ਹੋਣਗੇ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਕੋਚਿੰਗ ‘ਗੁਰੂ’ ਮਿਲੇ ਹੋਣਗੇ ਜਿਨ੍ਹਾਂ ਵਾਸਤੇ ਸਿੱਖਿਆ ਮੰਡੀ ਵਿਚ ਖ਼ਰੀਦੋ-ਫਰੋਖ਼ਤ ਵਾਲੀ ਕਿਸੇ ਸ਼ੈਅ ਨਾਲੋਂ ਵੱਧ ਨਹੀਂ ਹੁੰਦੀ। ਉਹ ਆਖਦਾ ਹੈ ‘ਤੁਸੀਂ ਮੈਨੂੰ ਪੈਸਾ ਦਿਓ, ਮੈਂ ਤੁਹਾਨੂੰ ਸਫ਼ਲ ਹੋਣ ਦੇ ਮੰਤਰਾਂ ਦਾ ਪੈਕੇਜ ਦੇਵਾਂਗਾ’! ਤੇ ਸਿਤਮ ਦੀ ਗੱਲ ਇਹ ਹੈ ਕਿ ਮਾਪਿਆਂ ਦੇ ਤੌਰ ’ਤੇ ਸਾਨੂੰ ਵੀ ਇਸ ਕਿਸਮ ਦੀ ਅਲਾਮਤ ਨਾਲ ਚੱਲਣ ਵਿਚ ਕੋਈ ਔਖ ਮਹਿਸੂਸ ਨਹੀਂ ਹੋ ਰਹੀ।
* ਲੇਖਕ ਸਮਾਜ ਸ਼ਾਸਤਰੀ ਹੈ।
ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ - ਅਵਿਜੀਤ ਪਾਠਕ
ਅਜਿਹੇ ਸਮਾਜ ਦਾ ਤਸੱਵਰ ਕਰੋ, ਜਿਥੇ ਸ਼ਹਿਰੀਆਂ ਦੀ ਨਿਗਾਹਬਾਨੀ ਆਮ ਗੱਲ ਹੈ ਅਤੇ ਸਿਆਸੀ ਤੇ ਸੱਭਿਆਚਾਰਕ ਵਿਰੋਧੀਆਂ ਖ਼ਿਲਾਫ਼ ਦੇਸ਼ ਧਰੋਹ ਦੇ ਮੁਕੱਦਮੇ ਅਕਸਰ ਹੀ ਦਾਇਰ ਕੀਤੇ ਜਾਂਦੇ ਹਨ। ਨਾਲ ਹੀ ਉਸ ਹਕੂਮਤ ਵੱਲ ਵੀ ਗ਼ੌਰ ਕਰੋ, ਜਿਹੜੀ ਚਾਹੁੰਦੀ ਹੈ ਕਿ ਅਸੀਂ ਇਹ ਮੰਨ ਲਈਏ ਕਿ ਪੈਗਾਸਸ ਸਪਾਈਵੇਅਰ ਰਾਹੀਂ ਨਿਗਾਹਬਾਨੀ/ਜਾਸੂਸੀ ਦੇ ਲਾਏ ਜਾ ਰਹੇ ਇਲਜ਼ਾਮ ਗ਼ਲਤ ਹਨ ਅਤੇ ਮੁਲਕ ਵਿਚ ਸਾਰਾ ਕੁਝ ਠੀਕ ਚੱਲ ਰਿਹਾ ਹੈ, ਬੱਸ ਐਵੇਂ ਕੁਝ ‘ਅੜਿੱਕਾ-ਪਾਊ’/‘ਦੇਸ਼-ਵਿਰੋਧੀ’ ਸਾਜ਼ਿਸ਼ੀ ਖ਼ਾਹਮਖ਼ਾਹ ਖੱਪ ਪਾ ਰਹੇ ਹਨ। ਕੀ ਇਹ ਉਸ ਸੁਪਨੇ ਦਾ ਟੁੱਟ ਜਾਣਾ ਨਹੀਂ, ਜਿਸ ਲਈ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਜੂਝਦੇ ਰਹੇ – ਇਕ ਨਵੇਂ ਭਾਰਤ ਦਾ ਸੁਪਨਾ, ਜਿਹੜਾ ਗ਼ੈਰ-ਬਸਤੀਵਾਦੀ ਭਾਵਨਾ ਦੇ ਵਿੱਚੋਂ ਵਿਕਸਤ ਹੋਇਆ ਅਤੇ ਜਿਹੜਾ ਬਰਾਬਰੀ, ਇਨਸਾਫ਼ ਤੇ ਇਖ਼ਲਾਕੀ, ਬੌਧਿਕ, ਸਿਆਸੀ ਆਜ਼ਾਦੀ ਦੀ ਗੱਲ ਕਰਦਾ ਸੀ ਅਤੇ ਨਾਲ ਹੀ ਮਿਲੇ-ਜੁਲੇ ਬਹੁਲਤਾਵਾਦੀ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਸੀ? ਕੀ ਹੁਣ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦੇਣ ਦਾ ਵਕਤ ਨਹੀਂ ਆ ਗਿਆ ਅਤੇ ਨਾਲ ਹੀ ਸਾਡੇ ਡਿਸਟੋਪੀਅਨ ਦੌਰ ਭਾਵ ਮਨਹੂਸ ਸਮੇਂ ਵਿਚ ਦਾਖ਼ਲ ਹੋਣ ਦਾ ਵੀ ਸਮਾਂ ਆ ਗਿਆ ਹੈ। (Dystopian age ਭਾਵ ਡਿਸਟੋਪੀਆ ਨਾਮੀ ਡਰਾਉਣੀ, ਦਹਿਸ਼ਤ ਤੇ ਸਹਿਮ ਭਰੀ ਮਨਹੂਸ ਮੰਨੀ ਜਾਂਦੀ ਖ਼ਿਆਲੀ ਦੁਨੀਆਂ।)
ਹਾਂ ਇਹ ਬਹੁਤ ਡਰਾਉਣੇ ਹਾਲਾਤ ਹਨ। ਤਾਂ ਵੀ, ਸਾਨੂੰ ਇਨ੍ਹਾਂ ਨੂੰ ਪਰਵਾਨ ਕਰਨਾ ਪਵੇਗਾ। ਨਾਲ ਹੀ ਸੰਭਵ ਤੌਰ ’ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਵੇਗੀ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਹ ਡਿਸਟੋਪੀਆ ਇੰਨਾ ਸਾਕਾਰ ਰੂਪ ਕਿਉਂ ਧਾਰਦਾ ਜਾ ਰਿਹਾ ਹੈ। ਆਓ ਅਸੀਂ ਸੱਤਾ ਦੇ ਜ਼ੁਲਮਾਂ ਅਤੇ ਬੁਨਿਆਦੀ ਜਮਹੂਰੀ ਕਦਰਾਂ-ਕੀਮਤਾਂ ਨੂੰ ਨਕਾਰਾ ਬਣਾਉਂਦੇ ਜਾਣ ਦੇ ਅਮਲ ਉਤੇ ਗ਼ੌਰ ਕਰੀਏ। ਅੱਜ ਵਿਚਾਰ-ਵਟਾਂਦਰੇ ਤੇ ਸੰਵਾਦ ਨੂੰ ਸੁਪਰੀਮ (ਸਿਖਰਲੇ) ਆਗੂ ਦੇ ਆਤਮ-ਭਾਸ਼ਣ ਵਿਚ ਬਦਲ ਦਿੱਤਾ ਗਿਆ ਹੈ; ਬਹੁਗਿਣਤੀਵਾਦ ਨੂੰ ਆਖ਼ਰੀ ਨੈਤਿਕ ਸੱਚ ਬਣਾ ਦਿੱਤਾ ਗਿਆ ਹੈ, ਵਿਰੋਧ ਦੀ ਹਰੇਕ ਆਵਾਜ਼ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਵਜੋਂ ਦੇਖਿਆ ਤੇ ਪ੍ਰਚਾਰਿਆ ਜਾਂਦਾ ਹੈ, ਅਤੇ ਇਸ ਪ੍ਰਚਾਰ ਮਸ਼ੀਨਰੀ ਦਾ ਇਕ ਵਿਆਪਕ ਨੈਟਵਰਕ ਆਪਣੀ ਤਕਨੀਕੀ ਚਮਕ-ਦਮਕ ਤੇ ਦੇਸ਼-ਭਗਤੀ ਦੇ ਸ਼ੋਰ-ਸ਼ਰਾਬੇ ਰਾਹੀਂ ਸਭ ਕਾਸੇ ਨੂੰ ਇਸ ਦੇ ਵਿਰੋਧ ਵਿਚ ਖੜ੍ਹਾ ਕਰ ਦੇਣਾ ਚਾਹੁੰਦਾ ਹੈ – ਜਿਵੇਂ ਕਿ ਹੱਕਾਂ ਦੇ ਹਮਾਇਤੀ ਕਾਰਕੁਨਾਂ ਨੂੰ ਦਹਿਸ਼ਤਗਰਦ ਬਣਾ ਦੇਣਾ, ਕਿਸੇ ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਪ੍ਰੋਫੈਸਰ ਨੂੰ ਸਾਜ਼ਿਸ਼ਕਾਰ ਬਣਾ ਦੇਣਾ ਜਾਂ ਫਿਰ ਨੌਜਵਾਨ/ਆਦਰਸ਼ਵਾਦੀ ਵਿਦਿਆਰਥੀਆਂ ਨੂੰ ਦੇਸ਼ ਦੇ ਦੁਸ਼ਮਣ ਕਰਾਰ ਦੇਣਾ। ਕੀ ਇੰਝ ਨਹੀਂ ਹੈ ਕਿ ਅੱਜ ਤੁਸੀਂ ਤੇ ਨਾਲ ਹੀ ਮੈਂ ਵੀ ਇਸ ਸੱਭਿਆਚਾਰ ਦੇ ਵੱਧ ਤੋਂ ਵੱਧ ਆਦੀ ਬਣਦੇ ਜਾ ਰਹੇ ਹਾਂ? ਕੀ ਅਸੀਂ ਆਜ਼ਾਦੀ ਤੋਂ ਲੁਕ ਨਹੀਂ ਰਹੇ ਤੇ ਹੰਕਾਰੀ ਸੋਚ ਨੂੰ ਪਰਵਾਨ ਨਹੀਂ ਕਰਨ ਲੱਗ ਪਏ? ਜਾਂ ਫਿਰ ਇਹ ਕਿ ਆਪਣੀ ਸੱਤਾ ਦੇ ਜ਼ੁਲਮਾਂ ਅਤੇ ਉੱਭਰਦੀਆਂ ਤਾਨਾਸ਼ਾਹ ਸ਼ਖ਼ਸੀਅਤਾਂ ਰਾਹੀਂ ਸਟੇਟ/ਰਿਆਸਤ ਦੇਸ਼ ਵਾਸੀਆਂ ਵਿਚ ਡਰ ਤੇ ਸਹਿਮ ਦੀ ਮਨੋਬਿਰਤੀ ਹੀ ਸਿਰਜ ਦੇਣੀ ਚਾਹੁੰਦੀ ਹੈ ?
ਅਸੀਂ ਡਰ ਦੇ ਮਾਹੌਲ ਵਿਚ ਜੀਅ ਰਹੇ ਹਾਂ – ਇਹ ਡਰ ਕਿ ਕਿਤੇ ਅਸੀਂ ਹਕੂਮਤ ਦਾ ਨਿਸ਼ਾਨਾ ਨਾ ਬਣ ਜਾਈਏ ਤੇ ਕਿਤੇ ਸਾਨੂੰ ‘ਸਾਜ਼ਿਸ਼ੀ’ ਨਾ ਗਰਦਾਨ ਦਿੱਤਾ ਜਾਵੇ, ਨਿਗਾਹਬਾਨੀ ਦੀਆਂ ਨਵੀਆਂ ਵਿਕਸਿਤ ਅਤਿ-ਆਧੁਨਿਕ ਤਕਨਾਲੋਜੀਆਂ ਦੀ ਮਦਦ ਨਾਲ ਨਿਗਰਾਨੀ ਤੇ ਨਿਗਾਹਬਾਨੀ ਵਿਚ ਰੱਖੇ ਜਾਣ ਦਾ ਡਰ, ਅਸਵੱਛਤਾ ਭਰੀ ਤੇ ਬਹੁਤ ਹੀ ਭੀੜ-ਭੜੱਕੇ ਵਾਲੀ ਜੇਲ੍ਹ ਦੀ ਕਿਸੇ ਕਾਲ ਕੋਠੜੀ ਵਿਚ ਸੁੱਟ ਦਿੱਤੇ ਜਾਣ ਅਤੇ ਫਿਰ ਕਦੇ ਵੀ ਜ਼ਮਾਨਤ ਨਾ ਦਿੱਤੇ ਜਾਣ ਦਾ ਡਰ। ਖ਼ੈਰ, ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਆਗੂਆਂ ਨੇ ਜ਼ਰੂਰ ਆਜ਼ਾਦੀ ਦੇ ਸਿਧਾਂਤ ਨੂੰ ਸੰਭਾਲ ਕੇ ਅੱਗੇ ਵਧਾਇਆ ਹੋਵੇਗਾ ਅਤੇ ਇਨ੍ਹਾਂ ਆਧੁਨਿਕ/ਗਿਆਨਵਾਨ ਫਿਲਾਸਫਰਾਂ ਨੇ ਹੀ ਇਸ ਚਾਹਤ ਨੂੰ ਪੈਦਾ ਕੀਤਾ ਹੋਵੇਗਾ। ਪਰ ਹੁਣ, ਇਸ ਡਿਸਟੋਪੀਅਨ ਦੌਰ ਵਿਚ ਆਜ਼ਾਦੀ ਮਹਿਜ਼ ਮਿੱਥ ਜਾਪਦੀ ਹੈ। ਕੀ ਅਸੀਂ ਆਜ਼ਾਦੀ ਦਾ ਅਸਲੀ ਖ਼ਿਆਲ ਨੂੰ ਤਿਆਗ ਨਹੀਂ ਰਹੇ ਅਤੇ ਅਸੀਂ ਮਹਿਜ਼ ਕੁਝ ਵੀ ਖ਼ਰੀਦ ਸਕਣ ਤੇ ਖ਼ਪਤ ਕਰ ਸਕਣ, ਜਾਂ ਟੀਵੀ ਦੇ ਰਿਮੋਟ ਕਰੰਟੋਲ ਦੇ ਬਟਨ ਨੱਪਦਿਆਂ ਵੱਖੋ-ਵੱਖ ਚੈਨਲ ਘੁਮਾਉਣ ਅਤੇ ਕ੍ਰਿਕਟ ਮੈਚ, ਰੋਜ਼ਾਨਾ ਕਿਸ਼ਤਾਂ ਵਾਲੇ (ਸੋਪ ਓਪੇਰਾ) ਟੀਵੀ ਲੜੀਵਾਰ ਜਾਂ ਬਾਲੀਵੁੱਡ ਦੀਆਂ ਮਸਾਲੇਦਾਰ ਖ਼ਬਰਾਂ ਤੇ ਕਹਾਣੀਆਂ ਦੇਖ ਸਕਣ ਦੀ ਹੀ ਆਜ਼ਾਦੀ ਮਾਨਣ ਤੱਕ ਸੀਮਤ ਹੋ ਕੇ ਨਹੀਂ ਰਹਿ ਗਏ?
ਜਿਵੇਂ ਕਿ ਪੈਗਾਸਸ ਪ੍ਰਾਜੈਕਟ ਦੀਆਂ ਲੱਭਤਾਂ ਤੋਂ ਸਹਮਣੇ ਆਇਆ ਹੈ, ਅੱਜ ਪਰਦੇਦਾਰੀ ਜਾਂ ਨਿੱਜਤਾ ਨਾਂ ਦੀ ਕੋਈ ਧਾਰਨਾ ਬਾਕੀ ਨਹੀਂ ਬਚੀ, ਅਤੇ ਹਾਲਾਤ ਇਹ ਹਨ ਕਿ ਅੱਜ ਕਿਸੇ ਦਾ ਵੀ ਟੈਲੀਫੋਨ ਨੰਬਰ ਵਰਤ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਭਾਵੇਂ ਉਹ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਹੋਵੇ, ਜਿਸ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਉਤੇ ਜਿਨਸੀ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ ਜਾਂ ਫਿਰ ਰਾਹੁਲ ਗਾਂਧੀ। ਇਹ ਵੀ ਸਾਫ਼ ਹੀ ਹੈ ਕਿ ਅਜਿਹੀਆਂ ਨਿਗਾਹਬਾਨ ਤਕਨਾਲੋਜੀਆਂ ਮੁਲਕ ਵਿਚ ਤਾਨਾਸ਼ਾਹੀ ਆਧਾਰਤ ਸੱਭਿਆਚਾਰ ਨੂੰ ਹੋਰ ਹੁਲਾਰਾ ਹੀ ਦੇਣਗੀਆਂ।
ਫਿਰ ਨਾਲ ਹੀ ਲਗਾਤਾਰ ਵਧ ਰਹੀ ਨਿਗਾਹਬਾਨੀਆਂ ਦੀ ਇਸ ਲੜੀ ਦਾ ਵਰਤਾਰਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਇਕ ਹੋਰ ਅਹਿਮ ਸਵਾਲ ਵੀ ਖੜ੍ਹਾ ਕਰਦਾ ਹੈ। ਕੀ ਅਜਿਹਾ ਨਹੀਂ ਹੈ ਕਿ ਅੱਜ ਮਹਿਜ਼ ਸਟੇਟ/ਰਿਆਸਤ ਹੀ ਨਹੀਂ, ਸਗੋਂ ਤੁਸੀਂ ਅਤੇ ਇਥੋਂ ਤੱਕ ਕਿ ਮੈਂ ਵੀ ਨਿਗਾਹਬਾਨੀ ਦੇ ਇਸ ਵਿਚਾਰ ’ਤੇ ਖ਼ੁਸ਼ੀ ਮਨਾਉਣੀ ਤੇ ਇਸ ਨੂੰ ਆਪਣੇ ਦਿਲ ਵਿਚ ਵਸਾਉਣਾ ਤੇ ਜ਼ਿੰਦਗੀ ਵਿਚ ਸ਼ਾਮਲ ਕਰ ਲੈਣਾ ਸ਼ੁਰੂ ਕਰ ਦਿੱਤਾ ਹੈ? ਹਾਂ ਬਿਲਕੁਲ, ਸੀਸੀਟੀਵੀ ਕੈਮਰੇ ਅੱਜ ਸਾਡੀ ਆਤਮਾ ਦੇ ਅੰਦਰ ਤੱਕ ਜਾ ਵੜੇ ਹਨ। ਕਿਸੇ ਸਕੂਲ ਦੀ ਪ੍ਰਿੰਸੀਪਲ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਉਤੇ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖ ਰਹੀ ਹੈ, ਉਨ੍ਹਾਂ ਨੂੰ ਦੇਖ ਰਹੀ ਹੈ, ਜ਼ਾਬਤਾਬੰਦ ਬਣਾ ਰਹੀ ਤੇ ਉਨ੍ਹਾਂ ਉਤੇ ਰੋਅਬ ਪਾ ਰਹੀ ਹੈ। ਇਸੇ ਤਰ੍ਹਾਂ ਕੁਝ ‘ਚੌਕਸ’ ਮਾਪੇ ਵੀ ਸੀਸੀਟੀਵੀ ਕੈਮਰਿਆਂ ਰਾਹੀਂ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ। ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਮਾਰਕੀਟ ਕੰਪਲੈਕਸਾਂ ਤੋਂ ਲੈ ਕੇ ਸਿਨਮਾ ਹਾਲਾਂ ਤੱਕ – ਅਸੀਂ ਹਰ ਥਾਂ ਨਿਗਾਹਬਾਨੀ ਹੇਠ ਹਾਂ। ਜਾਪਦਾ ਹੈ ਕਿ ਅਸੀਂ ‘ਸੁਰੱਖਿਆ’ ਤੇ ‘ਸਲਾਮਤੀ’ ਦੇ ਨਾਂ ਉਤੇ ਇਸ ਨੂੰ ਪਰਵਾਨ ਕਰ ਲਿਆ ਹੈ, ਸਗੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਸੀਂ ਖ਼ੁਦ ਵੱਧ ਤੋਂ ਵੱਧ ਨਿਗਾਹਬਾਨੀ ਰੱਖੇ ਜਾਣ ਦੀ ਮੰਗ ਕਰ ਰਹੇ ਹਾਂ। ਇਹ ਸਾਡੇ ਦੌਰ ਦੀ ਵਿਅੰਗਾਤਮਕ ਸਥਿਤੀ ਹੈ। ਇਸ ਤਰ੍ਹਾਂ, ਅਸੀਂ ਖ਼ੁਦ ਹੀ ਅਜਿਹਾ ਰਾਹ ਪੱਧਰਾ ਕੀਤਾ ਹੈ, ਜਿਸ ਰਾਹੀਂ ਸਟੇਟ/ਰਿਆਸਤ ਸਿੱਧਿਆਂ ਸਾਡੇ ਬੈੱਡਰੂਮ ਤੱਕ ਪੁੱਜ ਤੇ ਇਸ ਵਿਚ ਝਾਕ ਸਕਦੀ ਹੈ।
ਇਸ ਦੇ ਨਾਲ ਹੀ ਸਾਨੂੰ ਇਹ ਸਵਾਲ ਵੀ ਪੁੱਛਣਾ ਪਵੇਗਾ: ਕੀ ਸਾਨੂੰ ਸੱਚਮੁੱਚ ਆਪਣੀ ਨਿੱਜਤਾ ਦੀ ਕਦਰ ਹੈ ਤੇ ਅਸੀਂ ਇਸ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ? ਲਗਾਤਾਰ ਵਧਦੀਆਂ ਜਾ ਰਹੀਆਂ ਸੰਚਾਰ ਤਕਨਾਲੋਜੀਆਂ ਨਾਲ ਸਾਡੀ ਜਨੂੰਨੀ ਸਾਂਝ ਨੂੰ ਹੀ ਦੇਖ ਲਓ, ਅੱਜ ਸਾਡੀ ਜ਼ਿੰਦਗੀ ਦਾ ਜੋ ਕੁਝ ਵੀ ਨਿਜੀ ਹੈ, ਉਹ ਸਾਰਾ ਜਨਤਕ ਖ਼ਪਤ ਲਈ ਇਕ ਚੀਜ਼ ਦਾ ਰੂਪ ਧਾਰਦਾ ਜਾ ਰਿਹਾ ਹੈ, ਭਾਵੇਂ ਇਹ ਹਨੀਮੂਨ ਦੀਆਂ ਤਸਵੀਰਾਂ ਹੋਣ ਜਾਂ ਫਿਰ ਦੀਵਾਲੀ ਮੌਕੇ ਖ਼ਰੀਦੀ ਗਈ ਨਵੀਂ ਕਾਰ। ਬਹੁਤ ਸਾਰੇ ਲੋਕਾਂ ਲਈ ‘ਨਿੱਜੀ’ ਤੇ ‘ਜਨਤਕ’ ਵਿਚਕਾਰਲਾ ਫ਼ਰਕ ਰੱਖਣਾ ਆਸਾਨ ਨਹੀਂ ਰਹਿ ਗਿਆ, ਖ਼ਾਸਕਰ ਉਦੋਂ ਫੇਸਬੁੱਕ/ਵਟਸਟੈਪ ਨੇ ਸਾਨੂੰ ‘ਸ਼ੇਅਰ’ ਕਰਨ, ‘ਫਾਲੋ’ ਕਰਨ ਅਤੇ ‘ਸਬਸਕ੍ਰਾਈਬ’ ਕਰਨ ਦੇ ਰਾਹ ਤੋਰ ਦਿੱਤਾ ਹੈ। ਜਿਉਂ-ਜਿਉਂ ਤਕਨਾਲੋਜੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਮੋਹਿਤ ਕਰਦੀ ਜਾਂਦੀ ਹੈ, ਅਸੀਂ ਉਂਨਾ ਹੀ ਵੱਧ ਨਿਗਾਹਬਾਨੀ ਦੀਆਂ ਜ਼ੰਜੀਰਾਂ ਵਿਚ ਜਕੜੇ ਜਾਂਦੇ ਹਾਂ। ਡਿਸਟੋਪੀਅਨ ਦੌਰ ਵਿਚ ਤਕਨਾਲੋਜੀ ਸਾਨੂੰ ਖੁੱਲ੍ਹ ਨਹੀਂ ਦਿੰਦੀ, ਸਗੋਂ ਸਾਨੂੰ ਨਿਗਾਹਬਾਨੀ ਦੀਆਂ ਜ਼ੰਜੀਰਾਂ ਵਿਚ ਜਕੜਦੀ ਹੈ।
ਇਹ ਡਿਸਟੋਪੀਅਨ ਸੁਨੇਹਾ ਆਖ਼ਰ ਕੀ ਕਹਿਣਾ ਚਾਹੁੰਦਾ ਹੈ ? ਆਜ਼ਾਦੀ ਨੂੰ ਭੁੱਲ ਜਾਓ। ਸਗੋਂ ਵਫ਼ਾਦਾਰ ਪਿਛਲੱਗੂ ਬਣ ਜਾਓ। ਆਪਣੀ ਰਚਨਾਤਮਕ ਸੋਚ ਨੂੰ ਨਕਾਰ ਦਿਓ ਅਤੇ ਸੁਪਰੀਮ ਆਗੂ ਵੱਲੋਂ ਕੀਤੇ ਜਾਣ ਵਾਲੇ ਕ੍ਰਿਸ਼ਮੇ ਦੀ ਉਡੀਕ ਕਰੋ। ਤੁਹਾਨੂੰ ਦਿੱਤੀ ਜਾ ਰਹੀ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਪਾਲਣ ਕਰੋ – ਇਸ ਦੇ ਪ੍ਰਤੀਕਾਂ, ਇਸ ਦੇ ਲਿਬਾਸ ਤੇ ਫ਼ੌਜੀ ਸੁਪਨਿਆਂ ਦਾ ਪਾਲਣ। ‘ਲਾਭਕਾਰੀ’/‘ਉਪਜਾਊ’ ਬਣੋ, ਦੇਸ਼ ਦੀ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਤੇ ਸਮਾਰਟ ਸਿਟੀਜ਼ ਕਾਇਮ ਕਰਨ ਵੱਲ ਸੇਧਿਤ ਕਾਰਪੋਰੇਟ ਸਾਮਰਾਜ ਦੇ ‘ਨੇਕ ਇਰਾਦਿਆਂ’ ’ਤੇ ਹਰਗਿਜ਼ ਸਵਾਲ ਨਾ ਕਰੋ, ਜਿਹੜੇ ਲੋਕ ਗਾਂਧੀ ਤੇ ਮਾਰਕਸ ਸਬੰਧੀ ਸੋਚਦੇ ਹਨ, ਟੈਗੋਰ ਅਤੇ ਯਾਂ ਪਾਲ ਸਾਰਤਰ ਵਰਗਿਆਂ ਨੂੰ ਪਿਆਰ ਕਰਦੇ ਹਨ, ਜੌਰਜ ਔਰਵੈੱਲ ਤੇ ਮਿਸ਼ੇਲ ਫੂਕੋ ਨੂੰ ਪੜ੍ਹਦੇ ਹਨ ਅਤੇ ਨਾਲ ਹੀ ਆਜ਼ਾਦੀ, ਸੱਤਿਆਗ੍ਰਹਿ ਅਤੇ ਰਚਨਾਤਮਕ ਮਾਣ ਦੀਆਂ ਗੱਲਾਂ ਕਰਦੇ ਹਨ, ਉਹ ‘ਫ਼ਜ਼ੂਲ’ ਹਨ, ‘ਗ਼ੈਰ-ਉਤਪਾਦਕ’ ਅਤੇ ‘ਖ਼ਤਰਨਾਕ’ ਹਨ। ਨਾਲ ਹੀ ਨਿਗਾਹਬਾਨੀ ਦੇ ਤਰਕ ਨੂੰ ਮੰਨ ਲਵੋ। ਇਸੇ ਵਿਚ ਤੁਹਾਡਾ ਫ਼ਾਇਦਾ ਤੇ ਭਲਾ ਹੈ। ‘ਸੁਰੱਖਿਆ’ ਤੇ ‘ਸਲਾਮਤੀ’ ਨੂੰ ਯਕੀਨੀ ਬਣਾਓ, ਕਿਉਂਕਿ ਇਸ ਨਾਲ ਉਨ੍ਹਾਂ ਸਾਰੇ ਖ਼ਤਰਿਆਂ ਦਾ ਖ਼ਦਸ਼ਾ ਮੁੱਕ ਜਾਂਦਾ ਹੈ, ਜਿਹੜੇ ‘ਦਹਿਸ਼ਤਗਰਦਾਂ’, ‘ਮਾਓਵਾਦੀਆਂ’, ‘ਵਾਤਾਵਰਨ ਬੁਨਿਆਦਪ੍ਰਸਤਾਂ’, ‘ਨਾਫੁਰਮਾਨ ਪੱਤਰਕਾਰਾਂ’ ਅਤੇ ਯੂਨੀਵਰਸਿਟੀਆਂ ਦੇ ‘ਖ਼ਰੂਦੀ’ ਵਿਦਿਆਰਥੀਆਂ ਵੱਲੋਂ ਪੈਦਾ ਕੀਤੇ ਜਾ ਸਕਦੇ ਹਨ!
ਹੁਣ ਫ਼ੈਸਲਾ ਅਸੀਂ ਕਰਨਾ ਹੈ ਕਿ ਕੀ ਅਸੀਂ ਇਸ ਡਿਸਟੋਪੀਅਨ ਦੌਰ ਵਿਚ ਦਾਖ਼ਲ ਹੋਣ ਲਈ ਤਿਆਰ ਹਾਂ, ਜਾਂ ਅਸੀਂ ਇਹ ਕਹਿਣ ਦਾ ਜੇਰਾ ਕਰ ਸਕਦੇ ਹਾਂ ਕਿ ਸਾਨੂੰ ਆਪਣੀ ਆਜ਼ਾਦੀ ਪਿਆਰੀ ਹੈ। ਇੱਜ਼ਤ-ਮਾਣ ਦੀ ਜ਼ਿੰਦਗੀ ਨਾਲ ਹੀ ਖੁੱਲ੍ਹੇ ਅਸਮਾਨ ਵਿਚ ਉਡਾਰੀ ਭਰੀ ਜਾ ਸਕਦੀ ਹੈ।
* ਲੇਖਕ ਸਮਾਜਸ਼ਾਸਤਰੀ ਹੈ।
ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ ! - ਅਵਿਜੀਤ ਪਾਠਕ
ਮੈਂ ਅਕਸਰ ਮਹਿਸੂਸ ਕਰਦਾ ਹਾਂ ਕਿ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਣੀ ਲਾਜ਼ਮੀ ਸੀ ਕਿਉਂਕਿ ਫਿਰਕੂ ਅਤੇ ਹਿੰਸਕ ਬਣ ਚੁੱਕਿਆ ਭਾਰਤੀ ਸਮਾਜ ਮਹਾਤਮਾ ਦੀ ਜ਼ਮੀਰ - ਉਨ੍ਹਾਂ ਦੀ ਆਤਮਿਕ ਰਾਜਨੀਤੀ ਲਈ ਤਾ-ਜ਼ਿੰਦਗੀ ਖੋਜ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਲਈ ਸਵਰਾਜ ਜਾਂ ਫਿਰ ਸਾਦਗੀ ਭਰਪੂਰ ਤੇ ਵਾਤਾਵਰਨ ਜ਼ਾਵੀਏ ਤੋਂ ਹੰਢਣਸਾਰ ਤੌਰ ਤਰੀਕੇ ਮੁਤਾਬਕ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਸੀ। ਇਸ ਲਿਹਾਜ਼ ਤੋਂ ਨਾਥੂਰਾਮ ਗੋਡਸੇ ਉਸ ਵਹਿਸ਼ੀ ਤਾਕਤ, ਆਧੁਨਿਕ ਰਾਸ਼ਟਰਵਾਦ ਦੇ ਧੱਕੜ ਸੁਪਨੇ ਅਤੇ ਵਿਕਾਸ ਦੇ ਧਾਵੇ ਦਾ ਪ੍ਰਤੀਕ ਬਣ ਗਿਆ ਸੀ। ਇਸ ਲਿਹਾਜ਼ ਤੋਂ ਗਾਂਧੀ ਦੇ ਸੁਪਨਿਆਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਸੀ। ਸੱਤਾ ਦੀ ਭੁੱਖੀ ਸਿਆਸੀ ਜਮਾਤ, ਠੇਕੇਦਾਰਾਂ, ਵਪਾਰੀਆਂ ਦੇ ਗਰੋਹਾਂ ਅਤੇ ਉਭਰਦੇ ਕੁਲੀਨ ਵਰਗ ਲਈ ਗਾਂਧੀ ਸ਼ਰਮਿੰਦਗੀ ਦਾ ਵਾਇਸ ਬਣ ਗਏ ਸਨ।
ਇਸੇ ਤਰ੍ਹਾਂ ਅੱਜ ਕੱਲ੍ਹ ਇਕ ਹੋਰ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ : ਕੀ ਸਮਾਜ ਦੇ ਤੌਰ ‘ਤੇ ਅਸੀਂ ਇਸ ਗੱਲ ਦੇ ਲਾਇਕ ਹਾਂ ਕਿ ਫਾਦਰ ਸਟੈਨ ਸਵਾਮੀ ਵਰਗਾ ਕੋਈ ਸ਼ਖ਼ਸ ਸਾਡੇ ਦਰਮਿਆਨ ਰਹੇ? ਉਸ ਦੀ ਮੌਤ ਜਾਂ ਫਿਰ ਉਸ ਦੀ ਅਥਾਹ ਨਿਰਸਵਾਰਥ ਅਤੇ ਸਮਾਜਿਕ ਤੌਰ ‘ਤੇ ਪ੍ਰਤੀਬੱਧ ਜ਼ਿੰਦਗੀ ਦੀ ਪਰਵਾਜ਼ - ਇਕੋ ਸਮੇਂ ਬਹੁਤ ਸਾਰੀਆਂ ਸ਼ੈਆਂ ਦਾ ਖੁਲਾਸਾ ਕਰਦੀ ਹੈ, ਮਸਲਨ, ਰਹੱਸਮਈ ਤੇ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਦੀ ਬੇਹੂਦਗੀ (ਸੋਚੋ ਕਿਵੇਂ ਹਿੰਦ ਸਵਰਾਜ ਨੇ ਇਸ ਵੱਲ ਧਿਆਨ ਖਿੱਚਿਆ ਸੀ ਤੇ ਗਾਂਧੀ ਨੇ ਇਸ ਨੂੰ ਕਿੰਨਾ ਖ਼ੂਬਸੂਰਤ ਚਿਤਰਿਆ ਸੀ) ਜਾਂ ਉਹ ਮਨਹੂਸ ਤੇ ਦਮਨਕਾਰੀ ਨੌਕਰਸ਼ਾਹੀ ਦਾ ਕਹਿਰ (ਕੀ ਸਟੈਨ ਸਵਾਮੀ ਫਰਾਂਜ਼ ਕਾਫ਼ਕਾ ਦੀ ਰਚਨਾ ‘ਦਿ ਟ੍ਰਾਇਲ’ ਦੇ ਪਾਤਰ ਜੋਸਫ ਕੇ ਵਾਂਗ ਸੀ ?), ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਰੂਪ ਵਿਚ ਸਾਕਾਰ ਹੋ ਰਹੀ ਸੱਤਾ ਦੀ ਤਾਨਾਸ਼ਾਹੀ, ਸੰਵੇਦਨਹੀਣਤਾ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਜਿਸ ਨੇ ਛੋਟੇ ਮੋਟੇ ਅਫ਼ਸਰਾਂ ਨੂੰ ਭ੍ਰਿਸ਼ਟ ਕਰ ਕੇ ਰੱਖ ਦਿੱਤਾ ਅਤੇ ਸਭ ਤੋਂ ਵਧ ਕੇ ਲੋਕਰਾਜ ਦੀਆਂ ਸਾਰੀਆਂ ਰਹੁ-ਰੀਤਾਂ ਦੇ ਹੁੰਦੇ ਸੁੰਦੇ ਨਿਰੰਕੁਸ਼ਵਾਦ ਦਾ ਪਸਾਰ। ਜੀ ਹਾਂ, ਯਕੀਨ ਕਰੋ ਕਿ ਸਵਾਮੀ ਨੇ ਮਰਨਾ ਹੀ ਸੀ। ਗਾਂਧੀ ਵਾਂਗ ਉਹ ਵੀ ਸਾਡੇ ਲਈ ਨਮੋਸ਼ੀ ਦਾ ਸਬਬ ਸੀ।
ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸਿਆਸੀ ਸਮੀਖਿਅਕ ਉਸ ਨੂੰ ਗਾਂਧੀਵਾਦੀ ਜਾਂ ਅੰਬੇਡਕਰਵਾਦੀ ਆਖਣਗੇ ਜਾਂ ਨਹੀਂ, ਉਂਜ, ਸਟੇਟ ਦੀਆਂ ਨਜ਼ਰਾਂ ਵਿਚ ਉਹ ਕਿਸੇ ‘ਦਹਿਸ਼ਤਗਰਦ’ ਵਾਂਗ ਹੀ ਸੀ ਜਿਸ ਦੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸਬੰਧ ਸਨ। ਖ਼ੈਰ, ਮੇਰੇ ਲਈ ਇਹ ਗੱਲ ਲੇਬਲਾਂ ਤੇ ਵੰਨਗੀਆਂ ਤੋਂ ਕਿਤੇ ਪਰ੍ਹੇ ਹੈ। ਗਾਂਧੀ ਵਾਂਗ ਉਹ ਵੀ ਨੇਕ ਰੂਹ ਸੀ। ਆਦਿਵਾਸੀਆਂ ਅਤੇ ਹੋਰਨਾਂ ਮਹਿਰੂਮ ਤਬਕਿਆਂ ਦੇ ਹੱਕਾਂ ਲਈ ਲੜਨ ਦਾ ਉਸ ਦਾ ਸਿਰੜ, ਜ਼ਮੀਨ, ਜੰਗਲਾਂ ਅਤੇ ਕਿਰਤੀਆਂ ਦੇ ਹੱਕਾਂ ਦੇ ਮੁਤੱਲਕ ਉਸ ਵਲੋਂ ਬੁਲੰਦ ਕੀਤੀ ਜਾਣ ਵਾਲੀ ਗਰਜਵੀਂ ਆਵਾਜ਼, ਨਜ਼ਰਬੰਦਾਂ (ਜਿਨ੍ਹਾਂ ਨਾਲ ਸਾਡੀਆਂ ਪਹਿਲਾਂ ਤੋਂ ਹੀ ਤੂੜੀਆਂ ਪਈਆਂ ਜੇਲ੍ਹਾਂ ਭਰੀਆਂ ਪਈਆਂ ਹਨ) ਦੀ ਰਿਹਾਈ ਲਈ ਉਸ ਦੀ ਗਹਿਰੀ ਮਾਨਵਵਾਦੀ/ਰੂਹਾਨੀ ਧੂਹ ਜਾਂ ਉਸ ਦੀ ਸਾਦਗੀ ਅਤੇ ਇਮਾਨਦਾਰੀ ਦੀ ਰੂਹਾਨੀ ਤਾਕਤ ਨੂੰ ਵਿੰਹਦਿਆਂ ਆਪਣੇ ਵਿਕਾਸ ਦੇ ਡਾਢੇ ਏਜੰਡੇ ਦੀ ਹੋੜ ਵਿਚ ਜੁਟਿਆ ਸਾਡਾ ਬਾਹੂਬਲੀ ਰਾਸ਼ਟਰ, ਫਾਦਰ ਸਟੈਨ ਸਵਾਮੀ ਦੇ ਇਸ ਰਾਜਸੀ-ਰੂਹਾਨੀ ਖਜ਼ਾਨੇ ਦੀ ਕਦਰ ਜਾਣਨ ਦੇ ਸਮੱਰਥ ਨਹੀਂ ਹੈ। ਇਸ ਕਰ ਕੇ 84 ਸਾਲਾਂ ਦੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇਸ ਜੀਸਸਵਾਦੀ ਪਾਦਰੀ ਨੂੰ ਸਾਜਿ਼ਸ਼ਕਾਰ, ਤਾਕਤਵਰ ਭਾਰਤੀ ਸਟੇਟ ਲਈ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ। ਉਸ ਨੂੰ ਤਾਂ ਮਰਨਾ ਹੀ ਪੈਣਾ ਸੀ। ਫਿਰ ਭਾਵੇਂ ਇਹ ਕੋਵਿਡ ਕਰ ਕੇ ਆਮ ਮੌਤ ਹੁੰਦੀ ਜਾਂ ਫਿਰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਬਿਸਤਰ ‘ਤੇ ਫ਼ੌਤ ਹੋ ਜਾਣਾ - ਇਹ ਤਾਂ ਸਰਕਾਰੀ ਅੰਕੜਿਆਂ ਵਿਚ ਮਹਿਜ਼ ਇਕ ਵਾਧਾ ਹੈ, ਜਾਂ ਫਿਰ ਐੱਨਆਈਏ ਅਫਸਰਾਂ, ਜੇਲ੍ਹ ਜਾਂ ਅਦਾਲਤਾਂ ਦੇ ਅਹਿਲਕਾਰਾਂ ਨੇ ਮਿਲ ਜੁਲ ਕੇ ਉਸ ਦਾ ਮਰਨਾ ਸੌਖਾ ਬਣਾ ਦਿੱਤਾ ਸੀ? ਇਸ ਸਵਾਲ ਤੋਂ ਅੱਖਾਂ ਚੁਰਾਉਣੀਆਂ ਸੰਭਵ ਨਹੀਂ। ਇਸ ਬਾਰੇ ਸੋਚੋ। ਸਵਾਮੀ ਨੇ ਪਾਣੀ ਪੀਣ ਲਈ ਸਿਰਫ਼ ਇਕ ਨਲੀ (ਸਟ੍ਰਾਅ) ਮੰਗੀ ਸੀ ਅਤੇ ਐੱਨਆਈਏ ਨੇ ਇਸ ਦਾ ਜਵਾਬ ਦੇਣ ਲਈ ਵੀਹ ਦਿਨ ਲਾ ਦਿੱਤੇ ਸਨ। ਫਾਦਰ ਸਵਾਮੀ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਦਲੀਲਾਂ ਸੁਣਨ ਲਈ ਚਾਰ ਮਹੀਨੇ ਲਾ ਦਿੱਤੇ ਤੇ ਅੰਤ ਨੂੰ ਅਰਜ਼ੀ ਰੱਦ ਕਰ ਦਿੱਤੀ। ਇਹੀ ਨਹੀਂ, ਐੱਨਆਈਏ ਨੇ ਤਾਂ ਇਹ ਗੱਲ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਕਿ ਪਾਰਕਿਨਸਨ ਜਿਹੀ ਨਾਮੁਰਾਦ ਬਿਮਾਰੀ ਦਾ ਉਨ੍ਹਾਂ ਦੇ ਕਮਜ਼ੋਰ ਸਰੀਰ ‘ਤੇ ਕਿੰਨਾ ਘਾਤਕ ਅਸਰ ਪੈ ਰਿਹਾ ਸੀ।
ਬਹਰਹਾਲ, ਇਕ ਹੋਰ ਸਵਾਲ ਹੈ ਜੋ ਸਾਨੂੰ ਪੁੱਛਣ ਦੀ ਲੋੜ ਹੈ। ਕੀ ਸਮਾਜ ਦੇ ਨਾਤੇ ਸਾਡਾ ਨਿਘਾਰ ਮੁਕੰਮਲ ਹੋ ਚੁੱਕਿਆ ਹੈ, ਜਾਂ ਸਾਡੀਆਂ ਕਦਰਾਂ ਕੀਮਤਾਂ, ਖ਼ਾਹਸ਼ਾਂ ਹੀ ਬਿਲਕੁੱਲ ਬਦਲ ਗਈਆਂ ਹਨ ਅਤੇ ਸਾਡਾ ਨੈਤਿਕ ਅੰਬਰ ਪੂਰੀ ਤਰ੍ਹਾਂ ਬਿਖਰ ਚੁੱਕਿਆ ਹੈ? ਦੇਖੋ ਧੜਵੈਲ ਰਾਸ਼ਟਰਵਾਦ ਦੇ ਪ੍ਰਵਚਨ ਨੇ ਸਭ ਕੁਝ ਉਲਟਾ ਕਰ ਕੇ ਰੱਖ ਦਿੱਤਾ ਹੈ : ਖਰੂਦੀ/ਹਿੰਸਕ ਮਰਦ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਮਦਹੋਸ਼ ਹੋਈ ਭੀੜ ਵਿਚ ਪੱਥਰ ਦਿਲ ਬਣਿਆ ਆਦਮੀ ਸੱਚਾ ਦੇਸ਼ਭਗਤ ਗਿਣਿਆ ਜਾਂਦਾ ਹੈ ਜਦਕਿ ਫਾਦਰ ਸਵਾਮੀ ਵਰਗਿਆਂ ਨੂੰ ਦੇਸ਼-ਧ੍ਰੋਹੀ ਤੇ ਸਾਜਿ਼ਸ਼ਘਾੜਿਆਂ ਦਾ ਲਕਬ ਦਿੱਤਾ ਜਾਂਦਾ ਹੈ। ਦੇਖੋ ਅਸੀਂ ਕਿਵੇਂ ਹਰ ਬੜਬੋਲੀ, ਸ਼ੋਰੀਲੀ ਅਤੇ ਬੱਜਰ ਚੀਜ਼ ਜਿਵੇਂ ਸ਼ੋਰੀਲੇ ਧਰਮ, ਸ਼ੋਰੀਲੇ ਰਾਸ਼ਟਰਵਾਦ, ਸ਼ੋਰੀਲੀ ਭਾਸ਼ਣਬਾਜ਼ੀ, ਬੜਬੋਲੇ ਸਿਆਸਤਦਾਨ ਅਤੇ ਬੜਬੋਲੇ ਟੈਲੀਵਿਜ਼ਨ ਐਂਕਰਾਂ ਦੀ ਬੇਹੱਦ ਕਦਰ ਕਰਨ ਲੱਗ ਪਏ ਹਾਂ। ਇਸ ਸ਼ੋਰ ਸ਼ਰਾਬੇ ਵਿਚ ਅਸੀਂ ਸਵਾਮੀ ਨੂੰ ਕਿਵੇਂ ਸੁਣ ਸਕਦੇ ਸਾਂ, ਜਾਂ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਹਨੀ ਬਾਬੂ ਦਾ ਗੁੱਸਾ ਕਿਵੇਂ ਸਮਝ ਸਕਦੇ ਹਾਂ? ਤੇ ਦੇਖੋ ਕਿਵੇਂ ਅਸੀਂ ਅਡਾਨੀਆਂ ਅਤੇ ਅੰਬਾਨੀਆਂ ਨੂੰ ਸਾਡੇ ਵਿਕਾਸ ਦੇ ਪ੍ਰਵਚਨ ਨੂੰ ਵਿਉਂਤਣ ਦਾ ਜ਼ਿੰਮਾ ਸੌਂਪ ਦਿੱਤਾ ਹੈ। ਫਿਰ ਸਟੈਨ ਸਵਾਮੀ ਨਾਲ ਸੰਵਾਦ ਅਤੇ ਉਸ ਦੀ ਸਬਾਲਟਰਨ ਦੀ ਦਲੀਲ ਲਈ ਗੁੰਜਾਇਸ਼ ਕਿੱਥੇ ਬਚੀ ਹੈ?
ਤੇ ਦੇਖੋ ਅਸੀਂ, ਭਾਵ ਮੱਧ ਵਰਗ ਕਿਵੇਂ ਬਦਲ ਗਿਆ ਹੈ : ਕਿਵੇਂ ਅਸੀਂ ਆਪਣੇ ਆਪ ਨੂੰ ਮਾਨਸਿਕ ਜ਼ਹਿਰ ਨਾਲ ਭ੍ਰਿਸ਼ਟ ਕਰ ਲਿਆ ਹੈ, ਉਸ ਵਾਇਰਸ ਨਾਲ ਜੋ ਸੱਤਾਧਾਰੀ ਨਿਜ਼ਾਮ ਦੀ ਪ੍ਰਾਪੇਗੰਡਾ ਮਸ਼ੀਨਰੀ ਫੈਲਾਉਂਦੀ ਹੈ, ਜਾਂ ਕਿਵੇਂ ਅਸੀਂ ਖ਼ੁਦਪ੍ਰਸਤੀ ਦੇ ਬਿੰਬ ਨੂੰ ਸਾਡੀ ਮੌਲਿਕ ਤੇ ਆਲੋਚਨਾਤਮਿਕ ਸੋਚ ਨੂੰ ਖੁੰਢਾ ਕਰਨ ਦੀ ਆਗਿਆ ਦੇ ਦਿੱਤੀ। ਦੇਖੋ ਕਿਵੇਂ ਅਸੀਂ ਇਮਾਨਦਾਰੀ ‘ਤੇ ਪੈਸੇ ਨੂੰ, ਲਾਹੇਵੰਦੀ ਨੂੰ ਨੈਤਿਕਤਾ ‘ਤੇ, ਫੋਕੀ ਦਲੀਲਬਾਜ਼ੀ ਨੂੰ ਕਿਸੇ ਨੇਕ ਕਾਜ ਪ੍ਰਤੀ ਜ਼ਿੰਦਗੀ ਭਰ ਦੀ ਪ੍ਰਤੀਬੱਧਤਾ ‘ਤੇ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮੰਨ ਲਵੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਟੈਨ ਸਵਾਮੀ ਜਾਂ ਮੇਧਾ ਪਟਕਰ ਵਰਗੇ ਬਣਨ, ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਧੀ ਵਾਂਗ ਸੱਚ ਨਾਲ ਅੱਖਾਂ ਮਿਲਾਉਣ ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਪੰਨੇ ਪਲਟ ਕੇ ਦੇਖਣ। ਇਸ ਦੀ ਬਜਾਇ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਚਤਰ ਚਲਾਕ ਅਤੇ ਸਫ਼ਲ ਬਣਨ - ਜੀ ਹਾਂ, ਚੰਗਾ ਖਾ, ਪੀ ਤੇ ਪਹਿਨ ਕੇ ਦਿਓਕੱਦ ਕਾਰਪੋਰੇਟ ਕੰਪਨੀਆਂ ਦੇ ਗ਼ੁਲਾਮ ਬਣਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਉਹੀ ਕੁਝ ਪਾਇਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ : ਸੰਤਾਂ ਦੇ ਭੇਸ ਵਿਚ ਗੁੰਡੇ ਬਦਮਾਸ਼, ਦਾਨਵੀਰ ਦਾ ਸਵਾਂਗ ਰਚਦੇ ਲਾਲਚ ਵਿਚ ਅੰਨ੍ਹੇ ਪੂੰਜੀਪਤੀ ਅਤੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਲਫਟੈਣ ਬਣੇ ਫਿਰਦੇ ਮੁੱਖਧਾਰਾ ਦੇ ਸਿਆਸਤਦਾਨ।
ਸੰਭਵ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਆਪਣੇ ਆਕਾਵਾਂ ਨੂੰ ਚੁਣਦੇ ਰਹਾਂਗੇ, ਅਸੀਂ ਅਰਬਾਂਪਤੀਆਂ, ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਖ਼ੁਦਪ੍ਰਸਤ ਸਿਆਸਤਦਾਨਾਂ ਅਤੇ ਇਹੋ ਜਿਹੇ ਹਰ ਕਿਸਮ ਦੇ ‘ਦੇਸ਼ਭਗਤਾਂ ਦੀਆਂ ਸਫ਼ਲਤਾਵਾਂ’ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੁੰਦੇ ਰਹਾਂਗੇ। ਤੇ ਕੁਝ ‘ਨਾਸਮਝ ਆਦਰਸ਼ਵਾਦੀ’ ਉਨ੍ਹਾਂ ਰਾਹਾਂ ‘ਤੇ ਤੁਰਦੇ ਰਹਿਣਗੇ ਜਿਨ੍ਹਾਂ ‘ਤੇ ਸਟੈਨ ਸਵਾਮੀ ਨੇ ਚੱਲ ਕੇ ਦਿਖਾਇਆ ਸੀ, ਅਸੀਂ ਸਿਆਸੀ ਜੁਅਰਤਮੰਦੀ ਅਤੇ ਦਹਿਸ਼ਤਵਾਦ ਵਿਚਾਲੇ ਫ਼ਰਕ ਕਰਨ ਦੀ ਕੁੱਵਤ ਖੋਂਦੇ ਜਾਵਾਂਗੇ। ਫਿਰ ਵੀ ਸਾਡੇ ਬੱਚਿਆਂ ਨੂੰ ਸਰਕਾਰੀ ਵਿਦਿਆਦਾਨੀ, ਸੈਲੇਬ੍ਰਿਟੀ ਬਾਬੇ ਅਤੇ ਸਟਾਰ ਟੈਲੀਵਿਜ਼ਨ ਐਂਕਰ ਪਾਠ ਪੜ੍ਹਾਉਂਦੇ ਰਹਿਣਗੇ ਕਿ ਭਾਰਤ ਦਾ ਲੋਕਤੰਤਰ - ਇਸ ਦੀ ਨੌਕਰਸ਼ਾਹੀ, ਇਸ ਦੀ ਪੁਲੀਸ, ਕਾਨੂੰਨੀ ਪ੍ਰਬੰਧ ਸਭ ਕੁਝ ਬਾਕਮਾਲ ਹੈ। ਰਾਸ਼ਟਰਵਾਦ ਅਮਰ ਰਹੇ!
ਮੁਆਫ਼ ਕਰਨਾ, ਫਾਦਰ ਸਟੈਨ ਸਵਾਮੀ! ਅਸੀਂ ਤੁਹਾਡੇ ਲਾਇਕ ਨਹੀਂ ਹਾਂ। ਤੁਸੀਂ ਸਾਡੇ ਲਈ ਸ਼ਰਮਿੰਦਗੀ ਦਾ ਸਬਬ ਬਣ ਗਏ ਸਓ।
* ਲੇਖਕ ਸਮਾਜ ਸ਼ਾਸਤਰੀ ਹੈ।
ਅੰਦਰੂਨੀ ਖਾਲੀਪਣ ਅਤੇ ‘ਰੂਹ’ ਦੀ ਸਨਅਤ - ਅਵੀਜੀਤ ਪਾਠਕ
ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਅਸੀਂ ਝਟਾਪਟੀ ਅਤੇ ਤੁਰਤ-ਫੁਰਤ ਖਪਤਵਾਦ ਦੇ ਕਿਸੇ ਯੁੱਗ ਵਿਚ ਜੀਅ ਰਹੇ ਹਾਂ। ਮਕਡੋਨਲਡ ਦਾ ਬਰਗਰ ਹੋਵੇ, ਸਟਾਰਬੱਕ ਕੌਫ਼ੀ ਦਾ ਕੱਪ ਹੋਵੇ, ਟਵਿੱਟਰ ਦਾ ਕੋਈ ਸੁਨੇਹਾ ਜਾਂ ਫਿਰ ਯੂਟਿਊਬ ’ਤੇ ਕੋਈ ਸਿਆਸੀ ਵਿਅੰਗ- ਹਰ ਇਕ ਚੀਜ਼ ਇੰਨੀ ਤੇਜ਼ੀ ਨਾਲ ਉਪਜ ਤੇ ਸੜ੍ਹਾਕੀ ਜਾ ਰਹੀ ਹੈ ਕਿ ਇਸ ਦਾ ਕਿਆਸ ਲਾਉਣਾ ਮੁਸ਼ਕਿਲ ਹੈ। ਜਿਣਸਾਂ, ਸੰਕੇਤਕ ਵਸਤਾਂ, ਫੇਸਬੁੱਕ/ਇੰਸਟਾਗ੍ਰਾਮ ਦੀਆਂ ਤਸਵੀਰਾਂ ਤੇ ਸੰਦੇਸ਼ਾਂ ਦਾ ਵਹਾਓ ਇੰਨੀ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ ਕਿ ਸਮਝ ਨਹੀਂ ਪੈਂਦੀ ਇਹ ਕਿੱਥੇ ਜਾ ਕੇ ਮੁੱਕੇਗਾ। ਇੰਜ ਜਾਪਦਾ ਹੈ ਕਿ ਅਸੀਂ ਸਿਰਫ਼ ਦੌੜ ਰਹੇ ਹਾਂ ਅਤੇ ਸਦੀਆਂ ਤੋਂ ਕਿਸੇ ‘ਉਤੇਜਕ’ ਤੇ ‘ਨਵੀਂ’ ਚੀਜ਼ ਦੇ ਭੁੱਖੇ ਹਾਂ। ਵੇਖੋ ਕਿੰਜ ਤੁਰਤ-ਫੁਰਤ ਖਪਤਵਾਦ ਦੇ ਇਸ ਯੁੱਗ ਨੇ ਧਾਰਮਿਕਤਾ/ਅਧਿਆਤਮਵਾਦ ਨੂੰ ਵੀ ਇਕ ਵਸਤ ਵਿਚ ਬਦਲ ਦਿੱਤਾ ਹੈ। ਸਾਹ ਦੀਆਂ ਕਿਰਿਆਵਾਂ ਸਿੱਖਣ ਲਈ ਕਿਸੇ ਫੈਂਸੀ ਆਸ਼ਰਮ ਦੀ ਫੇਰੀ ’ਤੇ ਜਾਂਦਿਆਂ ਹਵਾਈ ਅੱਡੇ ’ਤੇ ਕੁਝ ਪਲਾਂ ਦੀ ਉਡੀਕ ਦੌਰਾਨ ਪੜ੍ਹਨ ਨੂੰ ਮਿਲੀ ਓਸ਼ੋ ਦੀ ਕਿਤਾਬ ਤੋਂ ਲੈ ਕੇ ਲਾਲਸਾਮਈ ਤੇ ਗਤੀਮਾਨ ਸ਼੍ਰੇਣੀ ਨੇ ‘ਵਿਕਲਪਾਂ’ ਨੂੰ ਵੀ ਖਪਤਯੋਗ ਵਸਤ ਦਾ ਰੂਪ ਦੇ ਦਿੱਤਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੀਡੀਆ ਤੋਂ ਥੱਕੇ ਟੁੱਟੇ ਇਸ ਸੰਸਾਰ ਵਿਚ ਤੁਰਤ-ਫੁਰਤ ਜਨ ਜਾਗ੍ਰਿਤੀ ਦੇ ਬੇਹਿਸਾਬ ਪੈਕੇਜਾਂ ਨਾਲ ਯੂਟਿਊਬ ਭਰੀ ਪਈ ਹੈ : ਜ਼ੈੱਨ ਬੁੱਧਿਜ਼ਮ : ਦਿ ਈਜ਼ੀਐਸਟ ਸਪਿਰਚੁਅਲ ਪਾਥ ਆਨ ਅਰਥ, ‘2 ਮਿਨਟਸ ਟੂ ਹੀਲ ਯੋਅਰ ਅਪਸੈੱਟ ਮਾਈਂਡ’ ਜਾਂ ਇਹੋ ਜਿਹਾ ਹੋਰ ਬਹੁਤ ਕੁਝ ਕਿ ‘ਜੇ ਤੁਸੀਂ ਹਰ ਰੋਜ਼ ਇਹ ਇਕ ਕੰਮ ਕਰੋਗੇ ਤਾਂ ਤੁਹਾਡੇ ’ਤੇ ਪਰਮਾਤਮਾ ਦੀ ਅਪਾਰ ਕਿਰਪਾ ਵਰ੍ਹੇਗੀ।’
ਵਧ ਫੁੱਲ ਰਹੀ ਇਸ ਆਤਮਿਕ ਸਨਅਤ ਬਾਰੇ ਕੀ ਲੱਖਣ ਲਾਇਆ ਜਾਵੇ? ਸੰਭਵ ਹੈ ਕਿ ਇਸ ਲਈ ਬੇਹੱਦ ਰੁੱਝੀ ਹੋਈ ਤੇ ਦਬਾਅ ਦੇ ਸ਼ਿਕਾਰ ਪ੍ਰੋਫੈਸ਼ਨਲ ਲੋਕਾਂ ਜਾਂ ਫਿਰ ਫਿਲਮ ਸਟਾਰਾਂ ਤੋਂ ਲੈ ਕੇ ਕ੍ਰਿਕਟ ਦੀਆਂ ਵੱਡੀਆਂ ਹਸਤੀਆਂ ਦੀ ਨਵ-ਉੱਭਰੀ ਲਾਲਸਾਮਈ ਸ਼੍ਰੇਣੀ ਦੇ ਅੰਦਰੂਨੀ ਖਾਲੀਪਣ ਦੀ ਗਹਿਰੀ ਸਮਝ ਦਰਕਾਰ ਹੈ ਜਿਸ ਨੂੰ ਹਰ ਸਮੇਂ ਆਪਣੀਆਂ ਉੱਚੀਆਂ ਪੁਜ਼ੀਸ਼ਨਾਂ ਬਰਕਰਾਰ ਰੱਖਣ ਦਾ ਤੌਖ਼ਲਾ ਲੱਗਿਆ ਰਹਿੰਦਾ ਹੈ। ਇਕ ਲੇਖੇ ਇਹ ਸਫ਼ਲਤਾ ਦਾ ਦਵੰਦ ਹੈ। ਤੁਸੀਂ ਜਿੰਨੇ ਜ਼ਿਆਦਾ ਸਫ਼ਲ ਹੁੰਦੇ ਹੋ, ਓਨੇ ਹੀ ਜ਼ਿਆਦਾ ਤੁਸੀਂ ਡਰੇ ਸਹਿਮੇ ਰਹਿੰਦੇ ਹੋ। ਤੇ ਇਕ ਸਮੇਂ, ਬੰਦਾ ਇਸ ਤੋਂ ਥੱਕ ਜਾਂਦਾ ਹੈ ਤੇ ਉਸ ਅੰਦਰ ਵਿਅਰਥਤਾ ਦਾ ਭਾਵ ਭਰ ਜਾਂਦਾ ਹੈ। ਤਾਂ ਵੀ, ਬੁਰੀ ਤਰ੍ਹਾਂ ਅੱਕ-ਥੱਕ ਜਾਣ ਦੇ ਬਾਵਜੂਦ ਸਮਾਜੀ ਡਾਰਵਿਨਵਾਦ ਦੇ ਇਸ ਅਤਿ ਦੇ ਮੁਕਾਬਲੇ ਦੀ ਖੇਡ ਤੋਂ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਦੇਖੋ ਕਿਵੇਂ ਉਤਪਾਦਕਤਾ, ਅਨੰਤ ਵਿਕਾਸ ਤੇ ਬੇਤਹਾਸ਼ਾ ਖਪਤਵਾਦ ਦੇ ਜਨੂੰਨੀ ਟੈਕਨੋ-ਪੂੰਜੀਵਾਦ ਨੇ ਸਾਡੇ ’ਚੋਂ ਬਹੁਤ ਸਾਰਿਆਂ ਲਈ ਖ਼ਾਮੋਸ਼ੀ ਨਾਲ ਜ਼ਿੰਦਗੀ ਨੂੰ ਜਿਊਣ ਦੇ ਲਾਇਕ ਨਹੀਂ ਛੱਡਿਆ। ਇਸ ਦੀ ਬਜਾਏ ਘੜੀ ਦੀਆਂ ਸੂਈਆਂ ਨਾਲ ਘੰਟਿਆਂ, ਮਿੰਟਾਂ ਤੇ ਸਕਿੰਟਾਂ ਵਿਚ ਸਮੇਂ ਨੂੰ ਮਾਪਿਆ ਜਾਂਦਾ ਹੈ ਤੇ ਅਸੀਂ ਇਸ ਦਾ ਇਕ ਇਕ ਪਲ ਉਤਪਾਦਕ ਮੰਤਵਾਂ ਲਈ ਵਰਤਣ ਦੇ ਆਦੀ ਹੋ ਗਏ ਹਾਂ। ਸਮਾਂ-ਸਾਰਣੀ ਦੀ ਕਰੜਾਈ ਸਾਨੂੰ ਬੇਚੈਨ ਕਰ ਦਿੰਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਸੀਂ ਹਰ ਵੇਲੇ ਕਾਹਲੀ ’ਚ ਰਹਿੰਦੇ ਹਾਂ। ਦਰਅਸਲ, ਗੱਲ ਇਹ ਹੈ ਕਿ ਜੇ ਤੁਸੀਂ ‘ਰੁੱਝੇ ਹੋਏ’ ਨਾ ਦਿਸੋਂ ਤਾਂ ਤੁਹਾਨੂੰ ਅਸਫ਼ਲ ਮੰਨ ਲਿਆ ਜਾਂਦਾ ਹੈ। ਸਮੇਂ ਦੀ ਬੱਚਤ ਦੇ ਹਰ ਕਿਸਮ ਦੇ ਸਾਧਨ ਮਯੱਸਰ ਹੋਣ ਦੇ ਬਾਵਜੂਦ ਕਿਸੇ ਮਲੂਕ ਜਿਹੇ ਫੁੱਲ ਜਾਂ ਛਿਪਦੀ ਹੋਈ ਸੂਰਜ ਦੀ ਟਿੱਕੀ ਨੂੰ ਨਿਹਾਰਨ ਜਾਂ ਫਿਰ ਵਾਲਟ ਵਿਟਮੈਨ ਦੇ ਇਨ੍ਹਾਂ ਸ਼ਬਦਾਂ ਨਾਲ ਸਾਂਝ ਪਾਉਣ ਦੀ ਵੀ ਵਿਹਲ ਨਹੀਂ ਹੁੰਦੀ ਕਿ - ‘ਮੇਰੇ ਲਈ ਖਲਾਅ ਦਾ ਹਰੇਕ ਇੰਚ ਕਰਾਮਾਤ ਹੈ।’ ਇਸ ਦੀ ਬਜਾਏ ਸਵੇਰ ਦੀ ਸੈਰ ਤੋਂ ਲੈ ਕੇ ਹਰੇਕ ਕੰਮ ਫ਼ਾਇਦੇ ਨੁਕਸਾਨ ਦੇ ਜ਼ਾਵੀਏ ਤੋਂ ਤੋਲਿਆ ਜਾਂਦਾ ਹੈ (ਮਸਲਨ, ਖ਼ੂਨ ’ਚ ਸ਼ੂਗਰ ਦੀ ਮਾਤਰਾ ਤੇ ਤਣਾਅ ਵਿਚ ਕਿੰਨੀ ਕਮੀ ਆਈ ਹੈ)। ਅਸੀਂ ਸਮੇਂ ਦੇ ਗ਼ੁਲਾਮ ਹੋ ਗਏ ਹਾਂ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੁਹੱਬਤ ਤੇ ਧਾਰਮਿਕਤਾ ਵੀ ਫਾਸਟ ਫੂਡ ਦੀ ਤਰ੍ਹਾਂ ਹੀ ਝਟਪਟ ਖਪਤ ਦੀ ਸ਼ੈਅ ਬਣਦੀ ਜਾ ਰਹੀ ਹੈ।
ਕੁਝ ਪਲ ਆਉਂਦੇ ਹਨ ਜਦੋਂ ਇਸ ਸ਼੍ਰੇਣੀ ਨੂੰ ਅਮਨ-ਚੈਨ ਅਤੇ ਆਤਮ ਬੋਧ ਦੀ ਲੋੜ ਮਹਿਸੂਸ ਹੁੰਦੀ ਹੈ। ਉਂਜ, ਜਿਹੜੀਆਂ ਸੁੱਖ ਸਹੂਲਤਾਂ ਤੇ ਵਿਸ਼ੇਸ਼ਾਧਿਕਾਰਾਂ ਦੀ ਇਸ ਨੂੰ ਆਦਤ ਪੈ ਚੁੱਕੀ ਹੈ, ਉਨ੍ਹਾਂ ਤੋਂ ਖਹਿੜਾ ਛੁਡਾਉਣਾ ਸੌਖਾ ਨਹੀਂ ਹੁੰਦਾ ਤੇ ਨਾ ਹੀ ਝਟਾਪਟੀ ਦਾ ਮਿਜਾਜ਼ ਬਦਲਣਾ ਸਹਿਲ ਕੰਮ ਹੈ। ਤੇ ਇੱਥੇ ਹੀ ਹਰ ਤਰ੍ਹਾਂ ਦੇ ਜੀਵਨ ਕੋਚਾਂ, ਪ੍ਰੇਰਕ ਵਕਤਿਆਂ ਅਤੇ ਨਵੇਂ ਜ਼ਮਾਨੇ ਦੇ ਰੂਹਾਨੀ ਮਸੀਹਿਆਂ ਦੀ ਆਮਦ ਹੁੰਦੀ ਹੈ। ਇਹ ਝਟਪਟ ਨਿਰਵਾਣ ਦੇ ਪੈਕੇਜ ਲੈ ਕੇ ਸਾਹਮਣੇ ਆਉਂਦੇ ਹਨ- ਦੋ ਚਾਰ ਦਿਨ ਦੇ ਆਤਮ ਸੁੱਖ ਤੋਂ ਬਾਅਦ ਜ਼ਿੰਦਗੀ ਫਿਰ ਰੋਬੋਟ ਦੀ ਤਰ੍ਹਾਂ ਕੰਮ ਕਰਨ, ਕਮਾਈ, ਬੱਚਤਾਂ, ਖਪਤ ਅਤੇ ਹਰ ਕਿਸਮ ਦੇ ਬੀਮੇ ਖਰੀਦਣ ਦੇ ਉਸੇ ਰੂਟੀਨ ’ਤੇ ਵਾਪਸ ਆ ਜਾਂਦੀ ਹੈ। ਦਫ਼ਤਰ ਤੋਂ ਘਰ ਵਾਪਸ ਆਓ, ਚਾਹ-ਕੌਫ਼ੀ ਦਾ ਕੱਪ ਪੀਓ, ਆਪਣਾ ਲੈਪਟੌਪ ਖੋਲ੍ਹੋ, ਪੰਜ ਮਿੰਟ ਬਿਤਾਓ, ਯੂਟਿਊਬ ਦੀ ਕਰਾਮਾਤ ਮਹਿਸੂਸ ਕਰੋ ਅਤੇ ਮਿਸਾਲ ਦੇ ਤੌਰ ’ਤੇ ਬ੍ਰਹਮਕੁਮਾਰੀ ਸ਼ਿਵਾਨੀ ਦਾ ‘ਹਰ ਸਮੇਂ ਸਹੀ ਸੋਚ ਰੱਖਣ ਲਈ ਦੋ ਕਦਮ’ ਪ੍ਰਵਚਨ ਜਾਂ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ‘ਸਵੇਰਸਾਰ 15 ਮਿੰਟ ਦਾ ਧਿਆਨ ਸ਼ਿਵਿਰ’ ਸਰਵਣ ਕਰੋ।
ਬਿਲਕੁਲ, ਆਤਮਿਕ ਨਿਰਵਾਣ ਲਈ 15 ਮਿੰਟ ਬਿਤਾਉਣਾ ਸੌਖਾ ਨਹੀਂ ਹੈ ਤੇ ਨਾ ਹੀ ਫਿਰਤੂ ਬਣਨਾ ਤੇ ਅੰਦਰੂਨੀ ਖਾਲੀਪਣ ਦਾ ਅਸਲ ਸਰੋਤ ਜਿਸ ਨੂੰ ਗੌਤਮ ਬੁੱਧ ਦੁਨਿਆਵੀ ਐਸ਼-ਇਸ਼ਰਤ ਦੀ ਲਾਲਸਾ ਕਹਿੰਦੇ ਹਨ, ਨੂੰ ਤਿਆਗਣਾ ਸਹਿਲ ਹੈ। ਨਵੇਂ ਜ਼ਮਾਨੇ ਦੇ ਇਨ੍ਹਾਂ ਗੁਰੂਆਂ-ਬਾਬਿਆਂ ਦੀ ਬੁਨਿਆਦੀ ਮਨੋਵਿਗਿਆਨਕ/ ਹੋਂਦਮਈ/ ਰੂਹਾਨੀ ਕ੍ਰਾਂਤੀ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਫ਼ੌਰੀ ਤੌਰ ’ਤੇ ਤੁਹਾਡੀ ਤ੍ਰਿਸ਼ਨਾ ਮਿਟਾਉਣ ਲਈ ਕੁਝ ਕੈਪਸੂਲ ਦਿੰਦੇ ਹਨ ਤੇ ਘੰਟੇ ਕੁ ਭਰ ਲਈ ਤੁਹਾਨੂੰ ਰਾਹਤ ਮਹਿਸੂਸ ਕਰਵਾ ਦਿੰਦੇ ਹਨ। ਅੱਜਕੱਲ੍ਹ ਇਹ ਸੈਲੇਬ੍ਰਿਟੀ ਬਾਬੇ ਨਿਰੰਤਰ ਪ੍ਰਵਚਨ ਕਰਦੇ ਰਹਿੰਦੇ ਹਨ ਤੇ ਇਨ੍ਹਾਂ ਦੀਆਂ ਕਾਇਮ ਕੀਤੀਆਂ ਕੰਪਨੀਆਂ ਅਣਗਿਣਤ ਵੀਡੀਓਜ਼ ਤਿਆਰ ਕਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਰਾਹੀਂ ਫੌਰੀ ਖਪਤ ਦੇ ਹਰ ਕਿਸਮ ਦੇ ਚਕਿਤਸਾ ਨੁਸਖ਼ੇ ਸੁਝਾਏ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ‘ਅਸ਼ੁੱਧੀਆਂ ਤੇ ਤਣਾਅ ਤੋਂ ਮੁਕਤੀ ਕਿਵੇਂ ਪਾਈ ਜਾਵੇ’। ਕਦੇ ਕਦਾਈਂ ਮੈਂ ਆਪਣੇ ਆਪ ਤੋਂ ਸਵਾਲ ਪੁੱਛਦਾ ਹਾਂ : ਕੀ ਇਨ੍ਹਾਂ ਬਾਬਿਆਂ ਨੇ ਆਪ ਕਦੇ ਚੁੱਪ ਦੀਆਂ ਗਹਿਰਾਈਆਂ ਦਾ ਅਭਿਆਸ ਕੀਤਾ ਹੈ, ਉਹ ਚੁੱਪ ਜੋ ਤੁਹਾਨੂੰ ਜ਼ਿੰਦਗੀ ਤੇ ਮੌਤ ਤੋਂ ਪਾਰ ਲੈ ਜਾਂਦੀ ਹੈ ਜਾਂ ਉਹ ਚੁੱਪ ਜੋ ਕਿਸੇ ਨੂੰ ਹਰੇਕ ਸ਼ੈਅ ਦੇ ਖਾਲੀਪਣ ਦੇ ਦਰਸ਼ਨ ਕਰਵਾਉਂਦੀ ਹੈ ? ਜਾਂ ਫਿਰ ਉਹ ਟੇਪ ਰਿਕਾਰਡਰ ਦੀ ਤਰ੍ਹਾਂ ਲਗਾਤਾਰ ਬੋਲਦੇ ਹੀ ਰਹਿੰਦੇ ਹਨ? ਇੰਜ ਲੱਗਦਾ ਜਿਵੇਂ ਉਹ ਦੁਨੀਆ ਦੀ ਹਰ ਸ਼ੈਅ ਬਾਰੇ ਬੋਲਣ ਲਈ ਹੀ ਪੈਦਾ ਹੋਏ ਹਨ- ‘ਨੌਜਵਾਨ ਮੁੰਡੇ ਕੁੜੀਆਂ ਆਪਣੇ ਮਾਪਿਆਂ ਦਾ ਆਖਾ ਕਿਉਂ ਨਹੀਂ ਮੰਨਦੇ’; ‘ਜ਼ਿਆਦਾ ਸੋਚਣ ਤੋਂ ਕਿੰਜ ਬਚੀਏ’, ਜਾਂ ‘ਸਫ਼ਲਤਾ ਦਾ ਇਕ ਆਸਾਨ ਮੰਤਰ’। ਇਹ ਸੂਚੀ ਬਹੁਤ ਲੰਮੀ ਹੈ। ਇਹੀ ਸਭ ਕੁਝ ਤਾਂ ਹੈ ਜੋ ਆਤਮਿਕ ਸਨਅਤ ਕਰਦੀ ਰਹਿੰਦੀ ਹੈ, ਇਹ ਖਾਣ-ਪੀਣ ਦੀਆਂ ਚੀਜ਼ਾਂ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਵਸਤਾਂ ਤਿਆਰ ਕਰਦੀ ਹੈ ਤੇ ਝਟਪਟ ਰਾਹਤ ਦੀ ਗਾਰੰਟੀ ਦਿੰਦੀ ਹੈ।
ਇਸ ਸਭ ਕੁਝ ਦਾ ਸਾਡੀ ਆਤਮਿਕ ਖੋਜ ਤੇ ਚੇਸ਼ਟਾ ਦਾ ਮੁਹਾਂਦਰਾ ਵਿਗਾੜਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਹੈ। ਨਾ ਹੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਰੇ ਵੀਡੀਓਜ਼ ਬੇਕਾਰ ਹਨ। ਮੈਂ ਖ਼ੁਦ ਯੂਟਿਊਬ ’ਤੇ ਕਦੇ-ਕਦੇ ਐਲਨ ਵਾਟਸ ਜਾਂ ਜਿੱਡੂ ਕ੍ਰਿਸ਼ਨਾਮੂਰਤੀ ਦੀਆਂ ਵੀਡੀਓਜ਼, ਤਾਓ ਦਾ ‘ਜਲ ਦੀ ਨਿਆਈਂ’ ਪ੍ਰਵਚਨ ਦੇਖਦਾ-ਸੁਣਦਾ ਹਾਂ ਜੋ ਰੂਹ ਦੀਆਂ ਤਰਬਾਂ ਜਗਾ ਦਿੰਦੇ ਹਨ। ਫਿਰ ਵੀ ਚੌਕਸੀ ਵਰਤਣੀ ਜ਼ਰੂਰੀ ਹੈ ਕਿਉਂਕਿ ਝਟਾਪਟੀ ਦੇ ਇਸ ਯੁੱਗ ਵਿਚ ਅਤਿ-ਆਧੁਨਿਕ ਖਪਤਕਾਰਾਂ ਲਈ ‘ਆਤਮਿਕ ਪੈਕੇਜਾਂ ਦੀ ਲੋੜੋਂ ਵੱਧ ਪੈਦਾਵਾਰ ਹੋਣ ਨਾਲ ਉਸ ਤਲਾਸ਼ ਨੂੰ ਛੁਟਿਆ ਕੇ ਧਰ ਦਿੱਤਾ ਹੈ ਜਿਸ ਨੂੰ ਰਾਬਿੰਦਰਨਾਥ ਟੈਗੋਰ ਨੇ ਸਰਪਲੱਸ ਆਖਣਾ ਸੀ - ਭਾਵ ਉਪਯੋਗਤਾਵਾਦ ਦੇ ਦਿਸਹੱਦਿਆਂ ਤੋਂ ਪਰ੍ਹੇ ਤੱਕਣ ਅਤੇ ਅਨੰਤ ਦੇ ਝਲਕਾਰਿਆਂ ਦਾ ਅਨੁਭਵ ਕਰਨ ਦੀ ਚੇਸ਼ਟਾ।
ਸਿੱਖਿਆ ਬੋਰਡ ਤੋਂ ਵੱਧ ਅਹਿਮ ਜ਼ਿੰਦਗੀ ਦੇ ਇਮਤਿਹਾਨ - ਅਵਿਜੀਤ ਪਾਠਕ
ਕੋਵਿਡ ਕਰ ਕੇ ਵੱਖ ਵੱਖ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੇ ਜਾਣ ਕਾਰਨ, ਮੈਨੂੰ ਜਾਪਦਾ ਹੈ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਅਤੇ ਫ਼ਿਕਰ ਵਿਚੋਂ ਗੁਜ਼ਰ ਰਹੇ ਹਨ। ਇਸ ਆਲਮੀ ਮਹਾਮਾਰੀ ਦੇ ਦੌਰ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਸਲਾਮਤੀ ਤੋਂ ਵੱਧ ਅਹਿਮ ਭਾਵੇਂ ਕੁਝ ਵੀ ਨਹੀਂ ਹੈ ਪਰ ਤਾਂ ਵੀ ਜਾਪਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਕਾਫ਼ੀ ਨਾਰਾਜ਼ ਹਨ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਸਿੱਖਿਆ ਦਾ ਮੌਜੂਦਾ ਅਮਲ ਮਿਆਰੀ ਟੈਸਟਾਂ ਅਤੇ ਇਮਤਿਹਾਨਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਨਾਲ ਹੀ ਸਾਡੀ ਸੋਚ ਵੀ ਅਜਿਹੀ ਬਣ ਗਈ ਹੈ ਕਿ ਅਸੀਂ ਇਹੋ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਦੀ ਲਿਆਕਤ, ਮੁਹਾਰਤ ਜਾਂ ਬੌਧਿਕਤਾ/ਗਿਆਨ ਦੇ ਵਿਕਾਸ ਨੂੰ ਪਰਖਣ ਦਾ ਅਜਿਹੀਆਂ ਪ੍ਰੀਖਿਆਵਾਂ ਤੋਂ ਬਿਨਾ ਕੋਈ ਚਾਰਾ ਨਹੀਂ। ਇਸ ਲਈ ਇੰਜ ਮੁਕਾਬਲਾ ਕਰਨ ਅਤੇ ਇਮਤਿਹਾਨਾਂ ਵਿਚ ਬੈਠਣ ਤੇ ਦੱਬ ਕੇ ਲਿਖਣ (ਜਿਸ ਨਾਲ ਘਬਰਾਹਟ, ਰਾਤਾਂ ਦਾ ਉਨੀਂਦਰਾ ਤੇ ਧਾਰਮਿਕ ਸਥਾਨਾਂ ਵਿਚ ਜਾ ਕੇ ਕੀਤੀਆਂ ਅਰਜੋਈਆਂ ਵੀ ਸ਼ਾਮਲ ਹੁੰਦੀਆਂ ਹਨ) ਦਾ ਮੌਕਾ ਨਾ ਮਿਲਣ, ਤੇ ਨਾਲ ਹੀ ਇਸ ਕੇਂਦਰੀਕ੍ਰਿਤ ਢਾਂਚੇ ਰਾਹੀਂ ਗਰੇਡਿੰਗ ਤੇ ਦਰਜਾਬੰਦੀ ਨਾ ਹੋਣ ਦਾ ਮਤਲਬ ਹੈ: ਮੁਕਾਬਲੇ ਵਾਲੇ ਸਮਾਜ ਵਿਚ ਭਾਰੀ ਅਹਿਮੀਅਤ ਰੱਖਦੀ ਚੀਜ਼, ਭਾਵ ਲੜਨ ਤੇ ਜੂਝਣ ਦੀ ਭਾਵਨਾ ਅਤੇ ਪ੍ਰਾਪਤੀਆਂ ਕਰਨ ਦੀ ਪ੍ਰੇਰਨਾ ਦਾ ਖ਼ਾਤਮਾ ਕਰ ਦੇਣਾ। ਇਸ ਕਾਰਨ ਇਹ ਖ਼ਦਸ਼ਾ ਮਹਿਸੂਸ ਕੀਤਾ ਜਾਂਦਾ ਹੈ ਕਿ ਬੋਰਡ ਇਮਤਿਹਾਨ ਨਾ ਹੋਣ ਦੀ ਸੂਰਤ ਵਿਚ ਸਿੱਖਿਆ ਦਾ ਮਿਆਰ ਡਿੱਗਣਾ ਹੀ ਡਿੱਗਣਾ ਹੈ।
ਇਸ ਦੇ ਬਾਵਜੂਦ, ਸਾਡੇ ਦਰਮਿਆਨ ਅਜਿਹੇ ਕੁਝ ਸਿੱਖਿਆ ਸ਼ਾਸਤਰੀ ਅਤੇ ਵਿੱਦਿਅਕ ਮਾਹਿਰ ਹਨ ਜਿਹੜੇ ਇਸ ਤੋਂ ਕੁਝ ਵੱਖਰੀ ਤਰ੍ਹਾਂ ਸੋਚਦੇ ਹਨ। ਆਮ ਹਾਲਾਤ ਵਿਚ ਵੀ, ਜਿਵੇਂ ਉਹ ਸਾਨੂੰ ਚੇਤੇ ਕਰਾਉਂਦੇ ਹਨ ਕਿ ਕੇਂਦਰੀਕ੍ਰਿਤ ਇਮਤਿਹਾਨਾਂ ਉਤੇ ਇਕਤਰਫ਼ਾ ਭਾਰੀ ਜ਼ੋਰ ਦੇਣ ਦੇ ਤਬਾਹਕੁਨ ਸਿੱਟੇ ਨਿਕਲ ਸਕਦੇ ਹਨ। ਪਹਿਲਾ, ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ ਜਿਸ ਦਾ ਸਕੂਲੀ ਢਾਂਚਾ ਬਹੁਤ ਹੀ ਊਚ-ਨੀਚ ਭਰਿਆ ਹੈ ਅਤੇ ਨਾਲ ਹੀ ਸਮਾਜਿਕ ਤੇ ਸੱਭਿਆਚਾਰਕ ਨਾ-ਬਰਾਬਰੀ ਵੀ ਬਹੁਤ ਜਿ਼ਆਦਾ ਹੈ, ਉਸ ਵਿਚ ਬੋਰਡ ਇਮਤਿਹਾਨਾਂ ਨੂੰ ‘ਨਿਰਪੱਖ’ ਨਹੀਂ ਮੰਨਿਆ ਜਾ ਸਕਦਾ। ਇਥੋਂ ਤੱਕ ਕਿ ਦਿੱਲੀ ਦੀ ਕਿਸੇ ਮਜ਼ਦੂਰ ਬਸਤੀ ਦੇ ਕਿਸੇ ਮਿਉਂਸਿਪੈਲਿਟੀ ਸਕੂਲ ਦੇ ਵਿਦਿਆਰਥੀਆਂ ਅਤੇ ਮੁੰਬਈ ਦੇ ਕਿਸੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਇਕੋ ਜਿਹਾ ਪਾਠਕ੍ਰਮ ਪੜ੍ਹਨ ਅਤੇ ਇਕੋ ਜਿਹੇ ਇਮਤਿਹਾਨ ਦੇਣ ਲਈ ਆਖਿਆ ਜਾਂਦਾ ਹੈ, ਜਦੋਂਕਿ ਉਹ ਇਸ ਦੌੜ ਵਿਚ ਕਿਵੇਂ ਵੀ ਬਰਾਬਰੀ ਵਾਲੇ ਸ਼ਰੀਕ ਨਹੀਂ ਹੋ ਸਕਦੇ। ਸੰਭਵ ਤੌਰ ’ਤੇ ਇਹੋ ਜਿਹਾ ਇਮਤਿਹਾਨੀ ਪ੍ਰਬੰਧ ਤਾਂ ਸਗੋਂ ਸਾਡੀ ਪਹਿਲਾਂ ਹੀ ਮੌਜੂਦ ਸਮਾਜਿਕ ਨਾ-ਬਰਾਬਰੀ ਨੂੰ ‘ਯੋਗਤਾ’ ਦੇ ਤਰਕ ਰਾਹੀਂ ਹੋਰ ਵਾਜਬੀਅਤ ਬਖ਼ਸ਼ਦਾ ਹੈ।
ਦੂਜਾ, ਉਹ ਇਹ ਦਲੀਲ ਦਿੰਦੇ ਹਨ ਕਿ ਇਮਤਿਹਾਨਾਂ ਨੂੰ ਕਰਮ-ਕਾਂਡਾਂ ਵਾਂਗ ਪੱਕੇ ਬਣਾ ਦੇਣਾ ਵੀ ਸਿੱਖਿਆ ਦੇ ਉਚੇਰੇ ਟੀਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਖ਼ੁਸ਼ੀ ਖ਼ੁਸ਼ੀ ਤੇ ਆਨੰਦਮਈ ਢੰਗ ਨਾਲ ਸਿੱਖਣ/ਭੁਲਾਉਣ ਦੀ ਭਾਵਨਾ ਜਾਂਦੀ ਰਹਿੰਦੀ ਹੈ, ਇਸ ਅੰਦਰ ਬਸ ਇਕੋ ਚੀਜ਼ ਦੀ ਅਹਿਮੀਅਤ ਹੈ- ‘ਲੜ ਮਰਨ ਦੀ ਭਾਵਨਾ’, ‘ਸਹੀ’ ਜਵਾਬ ਲਿਖ ਸਕਣ ਦੀ ਰਣਨੀਤੀ ਅਤੇ ਹਰ ਤਰ੍ਹਾਂ ਦੀ ਸਿੱਖਿਆ ਨੂੰ ਮਹਿਜ਼ ‘ਜਾਣਕਾਰੀ ਦੇ ਕੈਪਸੂਲ’ ਬਣਾ ਕੇ ਰੱਖ ਦੇਣਾ, ਤੇ ਬੱਸ ਇਨ੍ਹਾਂ ਨੂੰ ਘੋਲ ਕੇ ਦਿਮਾਗ਼ ਵਿਚ ਪਾਉਂਦੇ ਜਾਣਾ। ਇਸ ਵੱਡੇ ਪੱਧਰ ’ਤੇ ਅੰਕ ਦਿੱਤੇ ਜਾਣ ਦੇ ਦੌਰ ਵਿਚ, ਜਦੋਂ ਫਿਜਿ਼ਕਸ ਵਿਚ ਕਿਸੇ ਬੱਚੇ ਦੇ 100 ਫ਼ੀਸਦੀ ਅੰਕ ਆਉਂਦੇ ਹਨ, ਤਾਂ ਉਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਇਹ ਕਿਸੇ ਨਵੇਂ ਆਇੰਸਟਾਈਨ ਦੇ ਆਉਣ ਦਾ ਇਸ਼ਾਰਾ ਹੈ, ਜਾਂ ਅੰਗਰੇਜ਼ੀ ਵਿਚ ਆਏ 99 ਫ਼ੀਸਦੀ ਅੰਕ (ਭਾਵੇਂ ਤੁਹਾਡੇ ਬੱਚੇ ਦਾ ਕਿਸੇ ਵਧੀਆ ਸਕੂਲ ਵਿਚ ਦਾਖ਼ਲਾ ਤਾਂ ਯਕੀਨੀ ਬਣਾ ਦੇਣ) ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਸ ਬੱਚੇ ਨੂੰ ਵਿਲੀਅਮ ਬਲੇਕ ਜਾਂ ਚਾਰਲਸ ਡਿਕਨਜ਼ ਨੇ ਕੀਲ ਲਿਆ ਹੈ। ਦੂਜੇ ਲਫ਼ਜ਼ਾਂ ਵਿਚ, ਇਮਤਿਹਾਨਾਂ ਨੂੰ ਦਿੱਤੀ ਜਾਣ ਵਾਲੀ ਇੰਨੀ ਅਹਿਮੀਅਤ ਨੂੰ ਘਟਾਉਣ ਦੀ ਲੋੜ ਹੈ।
ਇਹ ਬਹਿਸ ਤਾਂ ਚੱਲਦੀ ਰਹਿਣੀ ਹੈ ਪਰ ਜਿਹੜੀ ਗੱਲ ਸਾਨੂੰ ਸਾਰਿਆਂ ਨੂੰ ਜੋ ਮੰਨਣੀ ਪਵੇਗੀ, ਉਹ ਹੈ : ਨਾ ਸੀਬੀਐੱਸਈ ਤੇ ਨਾ ਹੀ ਆਈਸੀਐੱਸਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਕੁਝ ਸਿਖਾ ਸਕਦੇ ਹਨ, ਜਾਂ ਉਸ ਇਮਤਿਹਾਨ ਲਈ ਤਿਆਰ ਕਰ ਸਕਦੇ ਹਨ ਜਿਹੜੇ ਇਮਤਿਹਾਨ ਦਾ ਸਾਹਮਣਾ ਉਨ੍ਹਾਂ ਨੂੰ ਆਲਮੀ ਮਹਾਮਾਰੀ ਨੇ ਕਰਵਾਇਆ ਹੈ। ਸਾਨੂੰ ਇਹ ਤਸਲੀਮ ਕਰਨ ਦੀ ਲੋੜ ਵੀ ਹੈ ਕਿ ਜ਼ਿੰਦਗੀ ਵਿਚ ਜੂਝਣ ਦੀ ਤਿਆਰੀ (ਬਿਲਕੁਲ, ਮਹਾਮਾਰੀ ਨੇ ਦਿਖਾ ਦਿੱਤਾ ਹੈ ਕਿ ਇਹ ਜਿ਼ੰਦਗੀ ਕੋਈ ਪਿਕਨਿਕ ਪਾਰਟੀ ਨਹੀਂ ਸਗੋਂ ਮੌਤ, ਦਰਦ, ਪ੍ਰੇਸ਼ਾਨੀਆਂ ਤੇ ਨਾਸ਼ਵਾਨਤਾ ਨਾਲ ਨਾਲ ਚੱਲਦੇ ਹਨ) ਮਹਿਜ਼ ਮੁਗ਼ਲ ਸਲਤਨਤ ਦੇ ਪਤਨ ਦੇ ਦਸ ਕਾਰਨਾਂ ਨੂੰ ਰੱਟਾ ਮਾਰ ਲੈਣਾ ਜਾਂ ਇਮਤਿਹਾਨ ਦੇ ਔਖੇ ਸਵਾਲ ਹੱਲ ਕਰ ਲੈਣਾ ਨਹੀਂ, ਤੇ ਨਾ ਹੀ ਇਹ ਆਈਆਈਟੀ/ਆਈਆਈਐੱਮ ਢਾਂਚੇ ਵਿਚ ਖ਼ੁਦ ਨੂੰ ਜਜ਼ਬ ਕਰ ਲੈਣਾ ਹੈ। ਕੀ ਮੌਜੂਦਾ ਸਿੱਖਿਆ ਪ੍ਰਬੰਧ ਜਿਸ ਵਿਚ ਕਿਤਾਬੀ ਜਾਣਕਾਰੀ, ਮਸ਼ੀਨੀ ਸਮਝਦਾਰੀ ਅਤੇ ‘ਸਫਲਤਾ’ ਦੇ ਮੰਤਰ ਉਤੇ ਹੀ ਜਿ਼ਆਦਾ ਜ਼ੋਰ ਦਿੱਤਾ ਜਾਂਦਾ ਹੈ, ਸੱਚਮੁੱਚ ਸਾਡੇ ਬੱਚਿਆਂ ਨੂੰ ਜਿ਼ੰਦਗੀ ਅਤੇ ਇਸ ਨਾਲ ਜੁੜੇ ਹੋਏ ਹੋਰ ਜ਼ਰੂਰੀ ਸਵਾਲਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਤਿਆਰ ਕਰਦਾ ਹੈ?
ਰਤਾ ਇਨ੍ਹਾਂ ਬੱਚਿਆਂ ਵੱਲ ਦੇਖੋ, ਉਨ੍ਹਾਂ ਦੇ ਦਬਾਅ, ਤਣਾਅ ਤੇ ਪ੍ਰੇਸ਼ਾਨੀ ਦਾ ਅਹਿਸਾਸ ਕਰੋ ਅਤੇ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਮਹਿਸੂਸ ਕਰੋ, ਜਦੋਂ ਉਹ ਮੌਤ ਦੇ ਅੰਕੜਿਆਂ ਨਾਲ ਦੋ-ਚਾਰ ਹੁੰਦੇ ਹਨ ਅਤੇ ਇਨਸਾਨ ਵੱਲੋਂ ਆਪਣੀ ਮਨਮਰਜ਼ੀ ਮੁਤਾਬਕ ਚੱਲਣ ਵਾਲੀ ਸਮਝੀ ਜਾਣ ਵਾਲੀ ਇਸ ਦੁਨੀਆ ਨੂੰ ਉਹ ਆਪਣੀਆਂ ਅੱਖਾਂ ਸਾਹਮਣੇ ਢਹਿ ਢੇਰੀ ਹੁੰਦੀ ਦੇਖਣ ਲਈ ਮਜਬੂਰ ਹਨ। ਮੈਂ ਇਹ ਨਹੀਂ ਆਖ ਰਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਦੁਖੀ ਰਹਿਣਾ ਚਾਹੀਦਾ ਹੈ ਪਰ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਹ ਆਖਣ ਵਿਚ ਕੋਈ ਝਿਜਕ ਨਹੀਂ ਕਿ ਫਿਜਿ਼ਕਸ ਜਾਂ ਇਤਿਹਾਸ ਦੇ ਕਿਸੇ ਸਬਕ ਦੀ ਵੀ ਆਪਣੀ ਅਹਿਮੀਅਤ ਹੁੰਦੀ ਹੈ ਅਤੇ ਇਨ੍ਹਾਂ ਅਕਾਦਮਿਕ ਜਾਣਕਾਰੀਆਂ ਤੇ ਇਨ੍ਹਾਂ ਵਿਚ ਰੁਚੀ ਦੇ ਆਪਣੇ ਫ਼ਾਇਦੇ ਹੁੰਦੇ ਹਨ। ਨੌਜਵਾਨਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਪੜ੍ਹਨ ਅਤੇ ਆਪਣੀ ਜਾਣਕਾਰੀ, ਗਿਆਨ ਤੇ ਦਿਸਹੱਦਿਆਂ ਦਾ ਘੇਰਾ ਹੋਰ ਵੱਡਾ ਕਰਨ। ਇਸ ਦੇ ਬਾਵਜੂਦ, ਇਹ ਆਲਮੀ ਮਹਾਮਾਰੀ ਸਾਨੂੰ ਇਹੋ ਸਿਖਾ ਰਹੀ ਹੈ ਕਿ ਸਾਡੇ ਨੌਜਵਾਨਾਂ ਲਈ ਜ਼ਰੂਰੀ ਹੈ, ਉਹ ਤੈਅ ਪਾਠਕ੍ਰਮ ਦੇ ਮੁਕਾਬਲੇ ਹੋਰ ਜਿ਼ਆਦਾ ਡੂੰਘਾਈ ਵਿਚ ਜਾ ਕੇ ਵਧੇਰੇ ਸੰਜੀਦਾ ਗਿਆਨ ਹਾਸਲ ਕਰਨ। ਜਾਗਰੂਕਤਾ ਵਾਲੀ ਇਸ ਸਿਆਣਪ ਤੋਂ ਬਿਨਾ ਜਦੋਂ ਸਾਡੇ ਬੱਚੇ ਖੁੱਲ੍ਹੇ ਸੰਸਾਰ ਵਿਚ ਕਦਮ ਧਰਨਗੇ ਅਤੇ ਹਕੀਕਤ ਦਾ ਸਾਹਮਣਾ ਕਰਨਗੇ ਤਾਂ ਜਿ਼ੰਦਗੀ ਅਰਥ ਭਰਪੂਰ ਢੰਗ ਨਾਲ ਨਹੀਂ ਜੀਵੀ ਜਾ ਸਕੇਗੀ। ਜਿ਼ੰਦਗੀ ਦੇ ਇਸ ਅਸਲ ਇਮਤਿਹਾਨ ਦਾ ਟਾਕਰਾ ਕਰਨ ਲਈ ਉਨ੍ਹਾਂ ਨੂੰ ਆਪਣੇ ਅੰਦਰ ਕਿਹੜੇ ਗੁਣ ਵਿਕਸਤ ਕਰਨ ਦੀ ਲੋੜ ਹੈ?
ਪਹਿਲਾ : ਦ੍ਰਿੜ੍ਹਤਾ, ਮਜ਼ਬੂਤੀ ਤੇ ਧੀਰਜ ਦੀ ਕਲਾ ਸਭ ਤੋਂ ਅਹਿਮ ਸਬਕ ਹੈ ਜੋ ਸਿੱਖਣਾ ਚਾਹੀਦਾ ਹੈ। ਜਦੋਂ ਚਾਰੇ ਪਾਸੇ ਹਨੇਰਾ ਹੋਵੇ ਤੇ ਸਭ ਕੁਝ ਧੁੰਦਲਾ ਤੇ ਨਿਰਾਸ਼ਾਮਈ ਹੋਵੇ, ਤਾਂ ਜ਼ਰੂਰੀ ਹੈ ਕਿ ਉਨ੍ਹਾਂ ਅੰਦਰ ਇਹ ਹੌਸਲਾ ਤੇ ਹਿੰਮਤ ਬਰਕਰਾਰ ਰਹੇ ਕਿ ਉਹ ਉਡੀਕ ਕਰ ਸਕਣ ਅਤੇ ਇਹ ਸੋਚਦਿਆਂ ਆਪਣੇ ਆਪ ਵਿਚ ਜ਼ਬਤ ਰੱਖ ਸਕਣ ਕਿ ਇਹ ਹਨੇਰਾ ਦੌਰ ਆਖ਼ਰ ਲੰਘ ਜਾਵੇਗਾ, ਤੇ ਛੇਤੀ ਹੀ ਪਹੁ-ਫੁਟਾਲਾ ਹੋਵੇਗਾ, ਕਿਉਂਕਿ ਨਵੀਂ ਸਵੇਰ ਦਾ ਆਉਣਾ ਓਨਾ ਹੀ ਹਕੀਕੀ ਹੈ, ਜਿੰਨਾ ਕਾਲੀ ਰਾਤ ਦਾ ਇਹ ਗਾੜ੍ਹਾ ਹਨੇਰਾ। ਜਿਵੇਂ ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਦਾ ਨਾਇਕ ਕਹਿੰਦਾ ਹੈ: “ਮੈਂ ਸੋਚ ਸਕਦਾ ਹਾਂ, ਉਡੀਕ ਸਕਦਾ ਹਾਂ, ਜ਼ਬਤ ਰੱਖ ਸਕਦਾ ਹਾਂ।” ਇੰਜ ਉਹ ਸਾਨੂੰ ਜਿ਼ੰਦਗੀ ਦਾ ਇਹ ਅਹਿਮ ਸਬਕ ਸਿਖਾਉਂਦਾ ਹੈ ਕਿ ਹਰ ਖੋਜੀ (ਕਿਉਂਕਿ ਵਿਦਿਆਰਥੀ ਵੀ ਖੋਜੀ ਹੀ ਹੁੰਦਾ ਹੈ, ਇਮਤਿਹਾਨਾਂ ਦਾ ਯੋਧਾ ਨਹੀਂ) ਨੂੰ ਹੋਂਦ ਦੇ ਔਖੇ ਪੰਧ ਤੋਂ ਲੰਘਣ ਲਈ ਸਿੱਖਣਾ ਚਾਹੀਦਾ ਹੈ, ਮੌਤ, ਦਰਦ, ਆਨੰਦ ਅਤੇ ਚੋਟੀਆਂ ਤੇ ਵਾਦੀਆਂ ਇਸ ਦਾ ਹਿੱਸਾ ਹਨ।
ਦੂਜਾ : ਹਮਦਰਦੀ ਤੇ ਸੰਵੇਦਨਾ ਦੀ ਸੂਖਮ ਕਲਾ ਇਕ ਹੋਰ ਅਹਿਮ ਸਬਕ ਹੈ। ਕੀ ਇਹ ਸਹੀ ਹੈ ਕਿ ਸਾਡੇ ਬੱਚੇ ਹੰਕਾਰ ਭਰੀ ਸਫਲਤਾ ਲਈ ਜਨੂਨੀ ਬਣੇ ਰਹਿਣ? ਜਾਂ ਉਨ੍ਹਾਂ ਲਈ ਇਹ ਜਿ਼ਆਦਾ ਅਹਿਮ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਦਾ ਦਰਦ ਜਾਂ ਉਨ੍ਹਾਂ ਲੋਕਾਂ ਦੀ ਪੀੜ ਜਿਨ੍ਹਾਂ ਨੇ ਮਹਿਜ਼ ਆਕਸੀਜਨ ਦਾ ਸਿਲੰਡਰ ਨਾ ਮਿਲਣ ਕਾਰਨ ਆਪਣੇ ਕਰੀਬੀਆਂ ਨੂੰ ਗੁਆ ਲਿਆ, ਜਾਂ ਇਸ ਦੌਰਾਨ ਜਿਨ੍ਹਾਂ ਦੇ ਰੁਜ਼ਗਾਰ ਖੁੱਸ ਗਏ, ਉਨ੍ਹਾਂ ਦੀ ਲਾਚਾਰੀ ਨੂੰ ਸਮਝ ਤੇ ਮਹਿਸੂਸ ਕਰ ਸਕਣ ?
ਤੀਜਾ : ਰਚਨਾਤਮਕ ਰੂਪ ਨਾਲ ਸੂਖਮ ਆਲੋਚਨਾਤਮਕ ਚੇਤਨਾ ਦਾ ਵਿਕਾਸ ਸਮੇਂ ਦੀ ਲੋੜ ਹੈ। ਇਹ ਸੀਬੀਐੱਸਈ ਦੇ ਰਾਜਨੀਤੀ ਸ਼ਾਸਤਰ ਦੇ ਸਵਾਲਾਂ ਨੂੰ ਰੱਟਾ ਮਾਰਨ ਦਾ ਮਾਮਲਾ ਨਹੀਂ ਸਗੋਂ ਹੈਂਕੜਬਾਜ਼ ਹਾਕਮ ਜਮਾਤ ਦੇ ਭੱਦੇਪਣ, ਭਾਰਤੀ ਸਮਾਜ ਦੇ ਵਿਸਫੋਟਕ ਸੁਭਾਅ, ਵੈਕਸੀਨ ਦੀ ਨਾ-ਬਰਾਬਰੀ ਦੀ ਕਠੋਰਤਾ ਨੂੰ ਦੇਖ ਸਕਣ ਅਤੇ ਇਸ ਸਾਰੇ ਦੇ ਬਾਵਜੂਦ ਆਲਮੀ ਮਹਾਮਾਰੀ ਦੀ ਦੁਨੀਆ ਵਿਚ ਸਾਂਭ-ਸੰਭਾਲ ਦੀ ਨੈਤਿਕਤਾ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਦੀ ਕਾਬਲੀਅਤ ਹੈ।
ਕੀ ਬੱਚਿਆਂ ਦੇ ਮਾਪੇ, ਅਧਿਆਪਕ ਅਤੇ ਸਿੱਖਿਆ ਸ਼ਾਸਤਰੀ ਇਸ ਅਸਲੀ ਇਮਤਿਹਾਨ ਬਾਰੇ ਸੋਚਣ ਦੀ ਜ਼ਹਿਮਤ ਉਠਾਉਗੇ ਜਿਸ ਬਾਰੇ ਕਿਸੇ ਸਿੱਖਿਆ ਬੋਰਡ ਨੇ ਸੋਚਿਆ ਤੱਕ ਵੀ ਨਹੀਂ ਹੋਵੇਗਾ?
* ਲੇਖਕ ਸਮਾਜ ਸ਼ਾਸਤਰੀ ਹੈ।
ਅਕਾਦਮਿਕ ਮਿਆਰ ਅਤੇ ਮੌਲਿਕਤਾ ਦੇ ਸਵਾਲ - ਅਵਿਜੀਤ ਪਾਠਕ
ਅੰਦਰੋਂ ਅਸੀਂ ਸਾਰੇ ਟੁੱਟ ਚੁੱਕੇ ਹਾਂ ਅਤੇ ਫੱਟਾਂ ਦੇ ਝੰਬੇ ਪਏ ਹਾਂ। ਸ਼ਾਇਦ ਹੀ ਕੋਈ ਪਰਿਵਾਰ ਬਚਿਆ ਹੋਵੇਗਾ ਜੋ ਕਿਸੇ ਨਾ ਕਿਸੇ ਰੂਪ ਵਿਚ ਕੋਵਿਡ-19 ਮਹਾਮਾਰੀ ਦੀ ਮਾਰ ਤੋਂ ਅਛੂਤਾ ਰਹਿ ਸਕਿਆ ਹੋਵੇਗਾ। ਫਿਰ ਵੀ ਆਪਣੀ ਸੰਵੇਦਨਹੀਣਤਾ ਕਰ ਕੇ ਜਾਣੀ ਜਾਂਦੀ ਸਾਡੀ ਅਕਾਦਮਿਕ ਨੌਕਰਸ਼ਾਹੀ ਦੇ ਸਿਰੋਂ ‘ਅਕਾਦਮਿਕ ਮਿਆਰਾਂ’ ਦਾ ਭੂਤ ਨਹੀਂ ਲੱਥ ਸਕਿਆ ਅਤੇ ਆਪਣੀ ਮਾਨਸਿਕ ਤੇ ਹੋਂਦ ਦੇ ਸੰਕਟ ਵਿਚੋਂ ਲੰਘ ਰਹੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ‘ਅਕਾਦਮਿਕ ਮਿਆਰ’ ਬਰਕਰਾਰ ਰੱਖਣ ਦੇ ਫ਼ਰਮਾਨ ਸੁਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਇਸ ‘ਮਿਆਰ’ ਦੀ ਖਿੱਲੀ ਉਡਾਉਣ ਦਾ ਨੈਤਿਕ/ਉਸਤਾਦਾਨਾ ਹੱਕ ਹਾਸਲ ਕਰ ਸਕੀਏ, ਅਸੀਂ ਪਹਿਲਾਂ ਇਹ ਸਮਝ ਲੈਂਦੇ ਹਾਂ ਕਿ ਦਰਅਸਲ ਕਿਸੇ ਵਿਦਿਆਰਥੀ ਜਾਂ ਅਧਿਆਪਕ ਦੀ ਰੋਜ਼ਮੱਰਾ ਜ਼ਿੰਦਗੀ ਵਿਚ ਇਸ ਦਾ ਅਰਥ ਕੀ ਹੁੰਦਾ ਹੈ।
ਸਾਡੇ ਸਿਰਮੌਰ ਕਾਲਜਾਂ/ਯੂਨੀਵਰਸਿਟੀਆ ਦਾ ਕੋਈ ਅੰਦਰਲਾ ਜਾਣਕਾਰ ਬੰਦਾ ਇਹ ਗੱਲ ਪ੍ਰਵਾਨ ਕਰੇਗਾ ਕਿ ਮਿਆਰਾਂ ਦੇ ਇਸ ਖ਼ਬਤ ਦਾ ਅਰਥ ਤਿੰਨ ਲਾਜ਼ਮੀ ਗੱਲਾਂ ਹੁੰਦੀਆਂ ਹਨ : ਵਿਦਿਆਰਥੀਆਂ ਤੇ ਅਸਾਇਨਮੈਂਟਾਂ ਦੀ ਲਗਾਤਾਰ ਬੰਬਾਰੀ ਕਰਦੇ ਰਹਿਣਾ, ਉਨ੍ਹਾਂ ਤੇ ਕਾਰਗੁਜ਼ਾਰੀ ਦਿਖਾਉਣ ਦਾ ਅੱਤ ਦਾ ਦਬਾਅ ਪਾ ਕੇ ਉਤਪਾਦਕਤਾ ਦਾ ਛਲਾਵਾ ਸਿਰਜਣਾ ਅਤੇ ਸਭ ਤੋਂ ਵੱਧ ਗ੍ਰੇਡਿੰਗ ਤੇ ਰੈਂਕਿੰਗ ਉੱਤੇ ਇਕਤਰਫ਼ਾ ਜ਼ੋਰ ਦੇਣਾ। ਸਾਰਥਕ ਅਤੇ ਬੰਦ-ਖਲਾਸੀ ਵਾਲੀ ਸਿੱਖਿਆ ਦਾ ਹੋਰ ਕੋਈ ਰਾਹ ਨਾ ਹੋਣ ਕਰ ਕੇ ਅਕਾਦਮਿਕ ਨੌਕਰਸ਼ਾਹੀ ਕਿਸੇ ਕਾਲਜ / ਯੂਨੀਵਰਸਿਟੀ ਨੂੰ ਰੂਹਹੀਣ ਮਸ਼ੀਨ ਵਿਚ ਬਦਲਣ ਦੀ ਤਾਕ ਵਿਚ ਲੱਗੀ ਰਹਿੰਦੀ ਹੈ ਹਾਲਾਂਕਿ ਮਹਾਮਾਰੀ ਨੇ ਸਾਡੇ ਪ੍ਰਿੰਸੀਪਲਾਂ ਅਤੇ ਵਾਈਸ ਚਾਂਸਲਰਾਂ ਦੀ ਵੀ ਬੱਸ ਕਰਾ ਦਿੱਤੀ ਹੈ। ਅਧਿਆਪਕ ਤਾਂ ਉਂਜ ਵੀ ਇਸ ਮਸ਼ੀਨ ਦਾ ਪੁਰਜ਼ਾ ਬਣ ਕੇ ਰਹਿ ਗਏ ਹਨ ਜਿਨ੍ਹਾਂ ਦਾ ਕੰਮ ਬੱਸ ਇਨ੍ਹਾਂ ਟੈਕਨੋ-ਮੈਨੇਜਰਾਂ ਦੇ ਫ਼ਰਮਾਨ ਲਾਗੂ ਕਰਨਾ ਹੀ ਰਹਿ ਗਿਆ ਹੈ। ਸਿਤਮ ਦੀ ਗੱਲ ਇਹ ਹੈ ਕਿ ਇੰਨੇ ਜ਼ਿਆਦਾ ਮਾਨਸਿਕ ਸੰਤਾਪ, ਮੌਤ ਤੇ ਦੁੱਖਾਂ ਦੇ ਆਲਮ ਵਿਚ ਇਹ ਸੰਸਥਾਵਾਂ ਸਾਲਾਨਾ ਰਿਪੋਰਟਾਂ ਛਾਪ ਕੇ ਆਪੋ-ਆਪਣੀਆਂ ‘ਸਫ਼ਲਤਾਵਾਂ ਦੀਆਂ ਕਹਾਣੀਆਂ’ ਦਾ ਵਖ਼ਾਨ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆ : ਗੋਲਡ ਮੈਡਲਿਸਟਾਂ ਦੀ ਕਿੰਨੀ ਸੰਖਿਆ, ਕਿੰਨੇ ਵੈਬਿਨਾਰ ਕਰਵਾਏ ਗਏ, ਕਿੰਨੇ ਲੈਕਚਰ ਦਿਵਾਏ ਗਏ ਤੇ ਕਿੰਨੇ ਪੇਪਰ ਪ੍ਰਕਾਸ਼ਤ ਕਰਵਾਏ ਗਏ।
ਅਧਿਆਪਕ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਮਿਆਰ ਦੇ ਇਸ ਖ਼ਬਤ ਤੇ ਕਿੰਤੂ ਕਰਨਾ ਚਾਹੀਦਾ ਹੈ। ਮੇਰਾ ਪਹਿਲਾ ਨੁਕਤਾ ਇਹ ਹੈ ਕਿ ਹਰ ਸਾਲ ਇਹ ਖ਼ਬਤ ਜਵਾਨ ਮਨਾਂ ਦਾ ਸਤਿਆਨਾਸ ਕਰਦਾ ਹੈ। ਕੋਈ ਸ਼ਖ਼ਸ ਉਦੋਂ ਹੀ ਸਿੱਖ ਜਾਂ ਆਪਣਾ ਸਿੱਖਿਆ ਹੋਇਆ ਭੁਲਾ ਸਕਦਾ ਹੈ ਜਦੋਂ ਉਸ ਵਿਚ ਬਿਨਾਂ ਸ਼ਰਤ, ਦੋ-ਤਰਫ਼ਾ ਅਤੇ ਸ਼ਾਂਤ ਮਨ ਵਾਲੀ ਤਾਂਘ ਤੇ ਤੀਬਰਤਾ ਹੋਵੇ। ਜਦੋਂ ਵਿਦਿਆਰਥੀ ਨੂੰ ਰੱਟੇ ਦੀ ਮਸ਼ੀਨ ਵਿਚ ਬਦਲ ਦਿੱਤਾ ਜਾਂਦਾ ਹੈ ਤਾਂ ਉਸ ਵਿਚੋਂ ਸਿੱਖਣ ਦੇ ਇਹ ਗੁਣ ਖਾਰਜ ਹੋ ਜਾਂਦੇ ਹਨ ਤੇ ਉਹ ਅਜਿਹੀ ਮਸ਼ੀਨ ਬਣ ਕੇ ਰਹਿ ਜਾਂਦਾ ਹੈ ਜੋ ਬੇਹਿਸਾਬ ਸੈਮੀਨਾਰ ਪੇਪਰ, ਅਸਾਇਨਮੈਂਟਾਂ ਪੈਦਾ ਤੇ ਕਿਤਾਬਾਂ ਦੇ ਮੁਲੰਕਣ ਕਰਦੀ ਰਹਿੰਦੀ ਹੈ, ਜਾਂ ਫਿਰ ਇਮਤਿਹਾਨਾਂ ਵਿਚ ਕਿਤਾਬੀ ਜਵਾਬ ਦੇਣ ਵਿਚ ਖਪਦੀ ਰਹਿੰਦੀ ਹੈ। ਇਕ ਟਰਮ ਦੇ ਪੇਪਰ ਮੁੱਕਦੇ ਹਨ, ਦੂਜੀ ਦੇ ਸ਼ੁਰੂ ਹੋ ਜਾਂਦੇ ਹਨ, ਇਸ ਤਰ੍ਹਾਂ ਇਮਤਿਹਾਨ-ਦਰ-ਇਮਤਿਹਾਨ ਚਲਦੇ ਰਹਿੰਦੇ ਹਨ। ਅਜਿਹੇ ਵੇਲੇ ਜਦੋਂ ਮਹਾਮਾਰੀ ਦੇ ਦੌਰ ਵਿਚ ਮੌਤ ਮਹਿਜ਼ ਅੰਕੜਾ ਬਣ ਚੁੱਕੀ ਹੈ ਤਾਂ ਹੋਂਦ ਦੇ ਅਰਥ ਜਾਣਨ ਦਾ ਸਮਾਂ ਕੀਹਦੇ ਕੋਲ ਹੈ, ਉਹ ਵੀ ਉਦੋਂ ਜਦੋਂ ਖ਼ਬਰ ਦਾ ਅਰਥ ਸਾਡੀ ਪਵਿੱਤਰ ਨਦੀ ਵਿਚ ਤੈਰਦੀਆ ਲੋਥਾਂ ਦੀ ਇਕ ਹੋਰ ਕਹਾਣੀ ਤੱਕ ਸਿਮਟ ਗਿਆ ਹੈ। ਕਿਸੇ ਵਿਦਿਆਰਥੀ ਦੀ ਮਾਂ ਮਰ ਗਈ ਹੋਵੇ, ਜਾਂ ਕਿਸੇ ਹੋਰ ਦੀ ਮਾਂ ਹਸਪਤਾਲ ਵਿਚ ਆਕਸੀਜਨ ਦੇ ਸਹਾਰੇ ਸਾਹ ਗਿਣ ਰਹੀ ਹੋਵੇ, ਫਿਰ ਵੀ ਉਸ ਨੂੰ 5000 ਸ਼ਬਦਾਂ ਦਾ ਸੈਮੀਨਾਰ ਪੇਪਰ ਦੇਣਾ ਪੈਣਾ ਹੈ, ਤੇ ਯੂਨੀਵਰਸਿਟੀ ਦਾ ਹੁਕਮ ਹੈ ਕਿ ਮਿਥੀ ਹੋਈ ਮਿਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਤੁਹਾਡੇ ਮਿੱਤਰ-ਪਿਆਰੇ ਮਰਦੇ ਹਨ ਤਾਂ ਮਰਦੇ ਰਹਿਣ ਪਰ ‘ਅਕਾਦਮਿਕ ਮਿਆਰ’ ਹਰ ਹਾਲ ਕਾਇਮ ਰਹਿਣਾ ਚਾਹੀਦਾ ਹੈ। ਮੈਂ ਹੁਣ ਆਪਣੇ ਵਿਸ਼ੇ ਨੂੰ ਹੀ ਲੈਂਦਾ ਹਾਂ, ਵਿਦਿਆਰਥੀਆਂ ਨੂੰ ਫਰਾਂਸੀਸੀ ਉੱਤਰ-ਆਧੁਨਿਕ ਚਿੰਤਕਾਂ ਬਾਰੇ ਪੇਸ਼ਕਾਰੀ ਦੀ ਵਿਧਾ ਦੀ ਮੁਹਾਰਤ ਹੋਣੀ ਲਾਜ਼ਮੀ ਹੈ। ਮੈਂ ਤਾਂ ਇਸ ਨੂੰ ਬੇਹੂਦਗੀ ਕਹਾਂਗਾ। ਇਹ ਸੰਵੇਦਨਾ ਨੂੰ ਕੁੰਦ ਕਰਦੀ ਹੈ ਤੇ ਅਹਿਸਾਸ ਨੂੰ ਮਾਰ ਦਿੰਦੀ ਹੈ।
ਮੇਰਾ ਦੂਜਾ ਨੁਕਤਾ ਇਹ ਹੈ ਕਿ ਆਮ ਹਾਲਾਤ ਵਿਚ ਵੀ ਇਸ ਕਿਸਮ ਦੀ ਮਹਾਮਾਰੀ ਮੌਲਿਕਤਾ, ਪ੍ਰਮਾਣਿਕ ਪ੍ਰਗਟਾਵੇ ਅਤੇ ਅਨੂਠੇ ਤੇ ਆਜ਼ਾਦਾਨਾ ਵਿਸ਼ਲੇਸ਼ਣ ਨੂੰ ਖਤਮ ਕਰ ਦਿੰਦੀ ਹੈ। ਦਰਅਸਲ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਾਹਿਤਕ/ਅਧਿਐਨ ਚੋਰੀ (ਪਲੇਜਿਰਿਜ਼ਮ) ਦੀਆਂ ਜੜ੍ਹਾਂ ਇਸੇ ਵਿਚੋਂ ਫੁੱਟਦੀਆਂ ਹਨ। ਇੱਥੋਂ ਤੱਕ ਕਿ ਜਦੋਂ ਕਿਸੇ ਦੀ ਪੁਸਤਕ ਅਤੇ ਹਵਾਲਾ ਸੂਚੀ ਤਕਨੀਕੀ ਤੌਰ ਤੇ ਤਰਤੀਬ ਵਿਚ ਵੀ ਹੋਵੇ ਅਤੇ ਸਾਫਟਵੇਅਰ ਪ੍ਰਮਾਣਿਕ ਦਸਤਾਵੇਜ਼ ਦੇ ਤੌਰ ਤੇ ਤਸਦੀਕ ਵੀ ਕਰ ਦੇਵੇ ਤਾਂ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਦਾ ਦਸਤਾਵੇਜ਼ ਪ੍ਰਮਾਣਿਕ ਤੇ ਮੌਲਿਕ ਹੈ। ਕਾਰਨ ਇਹ ਹੈ ਕਿ ਵਿਦਿਆਰਥੀ ਖਪਤਕਾਰ ਬਣਾ ਦਿੱਤੇ ਗਏ ਹਨ, ਉਨ੍ਹਾਂ ਦੇ ਪ੍ਰੋਫੈਸਰ ਉਨ੍ਹਾਂ ਨੂੰ ਹਰ ਕਿਸਮ ਦਾ ਕਿਤਾਬੀ ਗਿਆਨ ਡੀਕ ਜਾਣ ਲਈ ਆਖਦੇ ਰਹਿੰਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਡੀਕੇ ਗਏ ਇਸ ਗਿਆਨ ਦੀ ਸਮਕਾਲ ਵਿਚ ਕੋਈ ਸਾਰਥਿਕਤਾ ਹੈ ਵੀ ਜਾਂ ਨਹੀਂ ਤੇ ਯੂਰੋਪੀਅਨ-ਅਮਰੀਕਨ ਵਿਦਵਾਨਾਂ ਵਲੋਂ ਇਸ ਤੇ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਜਾਂਦੀ।
ਤੱਥ ਇਹ ਹੈ ਕਿ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਾਇਦ ਹੀ ਕਦੇ ਉਨ੍ਹਾਂ ਦੇ ਆਪਣੇ ਵਿਲੱਖਣ ਢੰਗ ਮੁਤਾਬਕ ਦੁਨੀਆ ਨੂੰ ਚਿਤਵਣ ਅਤੇ ਵਿਉਂਤਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਿਹਾਜ਼ਾ, ਮੇਰੇ ਕੋਲ ਉਦੋਂ ਜਸ਼ਨ ਮਨਾਉਣ ਦਾ ਕੋਈ ਕਾਰਨ ਨਹੀਂ ਹੁੰਦਾ ਜਦੋਂ ਸਮਾਜ ਸ਼ਾਸਤਰ ਦੇ ਸਾਡੇ ‘ਟੌਪਰ’ ਲੀਵਾਇ ਸਟਰੌਸ, ਮਿਸ਼ੈਲ ਫੂਕੋ ਅਤੇ ਜੂਡਿਥ ਬਟਲਰ ਵਲੋਂ ਰਚੇ ਗ੍ਰੰਥਾਂ ਦਾ ਤੋਤਾ ਰਟਨ ਕਰਦੇ ਹਨ। ਨਕਲ ਤਾਂ ਨਕਲ ਹੈ, ਫਿਰ ਭਾਵੇਂ ਇਹ ਕਿਸੇ ਗਾਈਡ ਬੁੱਕ ਤੋਂ ਮਾਰੀ ਗਈ ਹੋਵੇ, ਜਾਂ ਫਿਰ ਆਪਣੀ ਕਿਸੇ ਠੋਸ ਵਿਆਖਿਆ ਤੋਂ ਬਗ਼ੈਰ ਉੱਘੇ ਚਿੰਤਕਾਂ ਦੇ ਕਥਨ ਚੁਸਤੀ ਨਾਲ ਵਰਤ ਲਏ ਜਾਣ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਾਡਾ ਅਧਿਆਪਨ ਵੀ ਸਾਹਿਤ ਚੋਰੀ ਦੀ ਅਲਾਮਤ ਤੋਂ ਮੁਕਤ ਨਹੀਂ ਹੈ। ਮਹਾਮਾਰੀ ਦੇ ਸਮਿਆਂ ਵਿਚ ਤਾਂ ਇਹ ਚਿੱਟੇ ਦਿਨ ਵਾਂਗ ਉੱਘੜ ਕੇ ਸਾਹਮਣੇ ਆ ਗਈ ਹੈ। ਸਮਾਜ ਸ਼ਾਸਤਰੀ ਦੇ ਤੌਰ ਤੇ ਅਕਸਰ ਮੈਂ ਆਪਣੇ ਆਪ ਤੋਂ ਪੁੱਛਦਾ ਰਹਿੰਦਾ ਹਾਂ : ਹੁਣ ਜਦੋਂ ਇਕ ਦੂਜੇ ਤੋਂ ਦੂਰੀ ਦਾ ਅੱਜ ਦਾ ਨਵਾਂ ਰੁਝਾਨ ਤੈਅ ਕਰ ਦਿੱਤਾ ਗਿਆ ਹੈ ਤਾਂ ਕੀ ਮੈਨੂੰ ਇਮਾਇਲ ਦੁਰਖ਼ਾਇਮ ਦੇ ‘ਸੋਸ਼ਲ’ ਸਿਧਾਂਤ ਬਾਰੇ ਪੜ੍ਹਾਉਂਦੇ ਰਹਿਣਾ ਚਾਹੀਦਾ ਹੈ? ਜਾਂ ਕੀ ਜਦੋਂ ਖ਼ਾਸਕਰ ਪਰਵਾਸੀ ਕਾਮਿਆਂ ਦੀ ਘਰ ਵਾਪਸੀ ਹੋ ਰਹੀ ਹੋਵੇ, ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜ੍ਹਾ ਹੋਵੇ ਅਤੇ ਇਕ ਨਵੇਂ ਕਿਸਮ ਦੀ ਛੂਤ-ਛਾਤ ਨੇ ਸਾਡੇ ਪਿੰਡਾਂ ਦਾ ਸਮਾਜਿਕ ਧਰਾਤਲ ਬਦਲ ਦਿੱਤਾ ਹੈ ਤਾਂ ਕੀ ਮੈਨੂੰ ਐੱਮਐੱਨ ਸ੍ਰੀਨਿਵਾਸ ਦੀਆਂ ਲਿਖਤਾਂ ਪੜ੍ਹਾਉਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਆਪਣੇ ਸਮਿਆਂ ਵਿਚ ਭਾਰਤੀ ਪਿੰਡਾਂ ਦੀ ਜ਼ਿੰਦਗੀ ਅੱਖੀਂ ਦੇਖ ਕੇ ਰਚੀਆਂ ਸਨ?
ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਰੋਣ-ਧੋਣ ਤੋਂ ਬਿਨਾਂ ਹੋਰ ਕੁਝ ਨਹੀਂ ਸੁੱਝਣਾ ਚਾਹੀਦਾ, ਜਾਂ ਫਿਰ ਡਿਪ੍ਰੈਸ਼ਨ ਰੋਕੂ ਦਵਾਈਆਂ ਲੈਣੀਆਂ ਚਾਹੀਦੀਆਂ ਹਨ, ਨਾ ਹੀ ਮੈਂ ਇਹ ਕਹਿ ਰਿਹਾ ਹਾਂ ਕਿ ਸਾਡੇ ਕਾਲਜਾਂ/ਯੂਨੀਵਰਸਿਟੀਆਂ ਨੂੰ ਇਤਿਹਾਸ ਤੇ ਅਕਾਊਂਟੈਂਸੀ, ਜੀਵ ਵਿਗਿਆਨ ਤੇ ਮੈਨੇਜਮੈਂਟ ਜਾਂ ਪਲੈਟੋ ਤੇ ਅਰਸਤੂ ਬਾਰੇ ਪੜ੍ਹਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਆਨਲਾਈਨ ਕਲਾਸਾਂ ਦੀਆਂ ਸੀਮਤਾਈਆਂ ਦੇ ਬਾਵਜੂਦ ਇਨ੍ਹਾਂ ਦੀ ਭੂਮਿਕਾ ਬਣਦੀ ਹੈ ਪਰ ਸਾਨੂੰ ਇਹ ਅਹਿਸਾਸ ਕਰਨਾ ਪੈਣਾ ਹੈ ਕਿ ਅਕਾਦਮਿਕ ਮਿਆਰ ਦਾ ਕੋਈ ਮਤਲਬ ਨਹੀਂ ਰਹਿੰਦਾ, ਜੇ ਇਹ ਮਹਿਜ਼ ਅਜਿਹੀ ਮਾਪਣਯੋਗ ਦਰਜਾਬੰਦੀ ਦੇ ਤੌਰ ਤੇ ਅਧਿਆਪਕਾਂ ਵਲੋਂ ਪੱਤ੍ਰਿਕਾਵਾਂ ਵਿਚ ਛਪੇ ‘ਅਤਿ ਪ੍ਰਭਾਵਸ਼ਾਲੀ’ ਪੇਪਰਾਂ ਦੀ ਸੰਖਿਆ ਬਣ ਕੇ ਜਾਂ ਫਿਰ ਵਿਦਿਆਰਥੀਆਂ ਨੂੰ ਮਿਲੀਆਂ ਕੌਮਾਂਤਰੀ ਫੈਲੋਸ਼ਿਪਾਂ ਦਾ ਅੰਕੜਾ ਬਣ ਕੇ ਰਹਿ ਜਾਂਦਾ ਹੈ। ਦਰਅਸਲ, ਇਕ ਹੀ ਮਿਆਰ ਮਾਇਨੇ ਰੱਖਦਾ ਹੈ ਕਿ ਕੀ ਸਿਖਿਅਕ ਦੇ ਤੌਰ ਤੇ ਅਸੀਂ ਸੰਵੇਦਨਸ਼ੀਲ ਅਤੇ ਹਮਦਰਦ ਭਾਵੀ (ਬੇਚੈਨ ਮੁਕਾਬਲੇਬਾਜ਼ ਨਹੀਂ) ਬਣੇ ਹਾਂ, ਕੀ ਕਰੁਣਾ ਤੇ ਵਿਵੇਕਸ਼ੀਲ (ਡਿਗਰੀਆਂ ਤੇ ਸਰਟੀਫਿਕੇਟਾਂ ਦੀ ਹਉਂ ਦੇ ਪੁਤਲੇ ਨਹੀਂ) ਬਣੇ ਹਾਂ ਜਾਂ ਨਹੀਂ। ਯਕੀਨ ਜਾਣਿਓਂ, ਜੇ ਗਿਆਨ ਨੂੰ ਨੈਤਿਕਤਾ, ਹੁਨਰ ਨੂੰ ਸਮਾਜਿਕ ਜ਼ਿੰਮੇਵਾਰੀ ਅਤੇ ਸਾਇੰਸ ਨੂੰ ਰੂਹਾਨੀਅਤ ਨਾਲੋਂ ਤੋੜ ਦਿੱਤਾ ਜਾਵੇ ਤਾਂ ਸਾਡੀਆਂ ਉਚ-ਦੁਮਾਲੜੀਆਂ ਯੂਨੀਵਰਸਿਟੀਆ ਇਨਸਾਨੀਅਤ ਦੇ ਡੱਕਾ ਕੰਮ ਦੀਆਂ ਨਹੀਂ ਰਹਿਣਗੀਆਂ। ਜ਼ਮੀਰ ਤੋਂ ਵਿਰਵੇ ਮਾਹਿਰਾਂ ਤੇ ਕੋਮਲ ਭਾਵ ਤੋਂ ਸੱਖਣੇ ਟੌਪਰਾਂ ਦਾ ਅਸੀਂ ਕੀ ਕਰਾਂਗੇ, ਜ਼ਿੰਦਾਦਿਲੀ ਤੋਂ ਬਗ਼ੈਰ ਕਿਤਾਬਾਂ ਵਿਚੋਂ ਕੀ ਕੱਢਾਂਗੇ? ਠੀਕ ਇਵੇਂ ਹੀ ਟੀਐੱਸ ਇਲੀਅਟ ਨੇ ਵੀ ਇਕ ਥਾਂ ਲਿਖਿਆ ਹੈ : ‘ਜਿੱਥੇ ਗਿਆਨ ਵਿਚੋਂ ਸੋਝੀ ਗੁਆਚ ਜਾਂਦੀ ਹੈ/ਜਿੱਥੇ ਸੂਚਨਾ ਵਿਚੋਂ ਗਿਆਨ ਬਿਖਰ ਜਾਂਦਾ ਹੈ ?’
– ਕੀ ਸਾਡੇ ਅਕਾਦਮਿਕ ਨੌਕਰਸ਼ਾਹ ਇਸ ‘ਤੇ ਗ਼ੌਰ ਕਰਨਗੇ?
* ਲੇਖਕ ਸਮਾਜ ਸ਼ਾਸਤਰੀ ਹੈ।
ਸਿੱਖਿਆ ਪ੍ਰਣਾਲੀ ਬਾਰੇ ਮੁੜ ਸੋਚਣ ਦਾ ਵੇਲਾ - ਅਵਿਜੀਤ ਪਾਠਕ
ਭਿਆਨਕ ਮਹਾਮਾਰੀ ਕਾਰਨ ਚਾਰੇ ਪਾਸੇ ਫੈਲੇ ਹਨੇਰੇ ਦੌਰਾਨ ਵੀ ਸਾਡੀ ਜ਼ਿੰਦਗੀ ਦੀ ਆਸ ਬੰਨ੍ਹਾਉਣ ਵਾਲੀਆਂ ਤੇ ਉਦਾਰ ਕਲਪਨਾਵਾਂ ਨਿਸਤੇਜ ਹੋਣ ਤੋਂ ਇਨਕਾਰੀ ਹਨ। ਇਹ ਮਈ ਦਾ ਹੀ ਮਹੀਨਾ ਸੀ ਜਦੋਂ ਇਸ ਸਰਜ਼ਮੀਨ ਨੇ ਦੋ ਮਹਾਨ ਸ਼ਖ਼ਸੀਅਤਾਂ ਰਵਿੰਦਰ ਨਾਥ ਟੈਗੋਰ (7 ਮਈ, 1861) ਅਤੇ ਜਿੱਡੂ ਕ੍ਰਿਸ਼ਨਾਮੂਰਤੀ (11 ਮਈ, 1895) ਨੂੰ ਜਨਮ ਦਿੱਤਾ, ਤੇ ਹੁਣ ਮਈ 2021 ਦੌਰਾਨ ਭਾਵੇਂ ਅਸੀਂ ਬੁਰੀ ਤਰ੍ਹਾਂ ਟੁੱਟੇ ਅਤੇ ਜ਼ਖ਼ਮੀ ਹਾਲਾਤ ਵਿਚ ਹਾਂ, ਤਾਂ ਵੀ ਉਨ੍ਹਾਂ ਨੂੰ ਮੁੜ ਚੇਤੇ ਕਰਨਾ ਸੁਖਦ ਲੱਗਦਾ ਹੈ, ਜਦੋਂ ਉਨ੍ਹਾਂ ਤੋਂ ਸੇਧ ਲੈ ਕੇ ਇਸ ਗੱਲ ਤੇ ਮੁੜ ਵਿਚਾਰ ਕੀਤੀ ਜਾ ਸਕਦੀ ਹੈ ਕਿ ਅੱਜ ਮੁਲਕ ਵਿਚ ਮਿਆਰੀ ਅਤੇ ਮੁੱਖ ਧਾਰਾ ਸਿੱਖਿਆ ਦੇ ਨਾਂ ਤੇ ਕੀ ਚੱਲ ਰਿਹਾ ਹੈ। ਖ਼ੈਰ, ‘ਉਤਪਾਦਕਤਾ’, ‘ਉਪਯੋਗਤਾ’ ਅਤੇ ‘ਕੁਸ਼ਲਤਾ’ ਦੀ ਬਾਜ਼ਾਰ-ਮੁਖੀ ਧਾਰਨਾ ਦੇ ਭ੍ਰਿਸ਼ਟ ਕੀਤੇ ਇਸ ਦੌਰ ਵਿਚ ਬਹੁਤੇ ਲੋਕ ਹਰਗਿਜ਼ ਕਿਸੇ ਸ਼ਾਇਰ ਜਾਂ ਕਿਸੇ ਘੁਮੱਕੜ ਵਾਲੇ ਰਾਹ ਨਹੀਂ ਤੁਰਨਾ ਚਾਹੁਣਗੇ। ਇਸ ਦੇ ਬਾਵਜੂਦ ਸਿੱਖਿਆ ਦੇ ਮੌਜੂਦਾ ਪ੍ਰਚਲਿਤ ਰੂਪ ਤੋਂ ਜਿਹੜੇ ਲੋਕ ਬੇਚੈਨੀ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਟੈਗੋਰ ਅਤੇ ਕ੍ਰਿਸ਼ਨਾਮੂਰਤੀ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਇਸ ਸਿੱਖਿਆ ਢਾਂਚੇ ਵਿਚ ਦਮਨਕਾਰੀ ਸਕੂਲੀ ਪੜ੍ਹਾਈ, ਉਪਯੋਗਤਾਵਾਦੀ ਕੋਚਿੰਗ ਸੈਂਟਰਾਂ, ਗਲੇ-ਸੜੇ ਅਧਿਆਪਨ ਤਰੀਕਿਆਂ, ਇਮਤਿਹਾਨਾਂ ਦੇ ਭੈਅ, ਬਹੁਤ ਜਿ਼ਆਦਾ ਮੁਕਾਬਲੇਬਾਜ਼ੀ, ਦਿਮਾਗੀ ਖੁੰਢਾਪਣ ਆਦਿ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ। ਅਜਿਹੇ ਲੋਕਾਂ ਨੂੰ ਸਿੱਖਿਆ ਪ੍ਰਬੰਧ ਦੇ ਸੁਧਾਰ ਦੀ ਕੋਸ਼ਿਸ਼ ਕਰਦਿਆਂ ਮੌਜੂਦਾ ਢਾਂਚੇ ਖਿ਼ਲਾਫ਼ ਵਿਰੋਧ ਜਤਾਉਣਾ ਚਾਹੀਦਾ ਹੈ, ਭਾਵੇਂ ਮੌਜੂਦਾ ਸਥਾਪਤ ਢਾਂਚੇ ਅਤੇ ਇਸ ਦੇ ਤਕਨੀਕੀ ਪ੍ਰਬੰਧਕ ਨੀਤੀ ਨਿਰਮਾਤਾਵਾਂ ਵੱਲੋਂ ਤੁਹਾਡੇ ਵਿਚਾਰਾਂ ਨੂੰ ਮਹਿਜ਼ ਆਦਰਸ਼ਵਾਦੀ ਕਰਾਰ ਦੇ ਕੇ ਇਨ੍ਹਾਂ ਛੁਟਿਆਇਆ ਹੀ ਕਿਉਂ ਨਾ ਜਾਵੇ।
ਆਉ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਆਧੁਨਿਕ ਸਕੂਲੀ ਪ੍ਰਬੰਧ ਨੇ ਆਪਣੇ ਫ਼ੌਜੀ ਅਨੁਸ਼ਾਸਨ ਅਤੇ ਜ਼ਾਬਤੇ ਤੇ ਨਿਗਰਾਨੀ ਦੀਆਂ ਤਕਨੀਕਾਂ ਰਾਹੀਂ ਸਾਡੇ ਬੱਚਿਆਂ ਉਤੇ ਕੀ ਅਸਰ ਪਾਇਆ ਹੈ। ਇਸ ਨੇ ਬਨਾਉਟੀ ਸੁਰੱਖਿਆ, ਸੰਜਮੀ ਸਹਿਜਤਾ ਦੇ ਨਾਲ ਹੀ ਜਿ਼ੰਦਗੀ ਦੇ ਉਸਾਰੂ ਪ੍ਰਵਾਹ ਨੂੰ ਰੋਕ ਕੇ ਉਨ੍ਹਾਂ ਦੀ ਹੋਂਦ ਨੂੰ ਹੀ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਵੱਡੀਆਂ ਵੱਡੀਆਂ ਦੀਵਾਰਾਂ, ਸੀਸੀਟੀਵੀ ਕੈਮਰਿਆਂ, ਖੰਡਿਤ ਤੇ ਖਿੰਡੀਆਂ-ਪੁੰਡੀਆਂ ਗਿਆਨ ਰੂਪੀ ਖ਼ੁਰਾਕਾਂ (ਸਵੇਰੇ 9.30 ਵਜੇ ਫਿਜ਼ਿਕਸ ਦੀ ਕਲਾਸ, 10.15 ਵਜੇ ਕਵਿਤਾ ਤੇ 11 ਵਜੇ ਕਲੇਅ ਮਾਡਲਿੰਗ) ਦੇ ਨਾਲ ਹੀ ਘੰਟੀਆਂ ਤੇ ਘੜੀ ਦਾ ਜ਼ੁਲਮ ਅਤੇ ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਦਿਖਾਉਣ ਦਾ ਲਗਾਤਾਰ ਦਬਾਅ : ਇਸ ਸਭ ਕਾਸੇ ਨੇ ਸਾਡੇ ਸਕੂਲਾਂ ਨੂੰ ਜੇਲ੍ਹਾਂ ਬਣਾ ਦਿੱਤਾ ਹੈ। ਕੀ ਇਹ ਤਾਂ ਨਹੀਂ ਕਿ ਅਜਿਹੀ ਸਕੂਲੀ ਸਿੱਖਿਆ ਕਿਸੇ ਨੂੰ ਅਲੱਗ-ਥਲੱਗ ਕਾਮਾ ਜਾਂ ਬੇਪ੍ਰਵਾਹ ਖ਼ਪਤਕਾਰ ਬਣਾ ਦਿੰਦੀ ਹੈ? ਹੁਣ ਟੈਗੋਰ ਦੀ ਕਾਵਿਕ ਗੰਭੀਰਤਾ ਬਾਰੇ ਸੋਚੋ, ਉਨ੍ਹਾਂ ਦੇ ਫ਼ੌਜੀ ਅਨੁਸ਼ਾਸਨ ਦੇ ਵਿਰੋਧ ਬਾਰੇ, ਇਨ੍ਹਾਂ ਜੇਲ੍ਹ ਰੂਪੀ ਢਾਂਚਿਆਂ ਨੂੰ ਖ਼ਤਮ ਕਰ ਦੇਣ ਅਤੇ ਆਧੁਨਿਕ ‘ਤਪੋਵਨ’ ਸਿਰਜਣ ਦੀ ਉਨ੍ਹਾਂ ਦੀ ਖ਼ਾਹਿਸ਼ ਵੱਲ ਵੀ ਧਿਆਨ ਧਰੋ ਜਿਸ ਵਿਚ ਉਹ ਸਿੱਖਣ ਵਾਲਾ ਅਜਿਹਾ ਭਾਈਚਾਰਾ ਸਿਰਜਣ ਦੀ ਕਾਮਨਾ ਕਰਦੇ ਹਨ ਜਿਸ ਵਿਚ ਕੁਦਰਤ ਦੀ ਬਹੁਤਾਤ ਦੌਰਾਨ ਦੋਵੇਂ ਬੱਚੇ ਵੀ ਤੇ ਉਨ੍ਹਾਂ ਦੇ ਅਧਿਆਪਕ ਵੀ ਕਰੀਬੀ ਸੰਪਰਕ ਰਾਹੀਂ ਸਿੱਖਦੇ ਹੋਏ ਅੱਗੇ ਵਧਦੇ ਹਨ। ਕੁਦਰਤ ਦੀ ਛੋਹ, ਰੁੱਖਾਂ ਦੀ ਸਰਸਰਾਹਟ, ਉਨ੍ਹਾਂ ਦਾ ਨਿੱਘ ਮਾਨਣਾ, ਦੇਖਣਾ ਤੇ ਉਨ੍ਹਾਂ ਨਾਲ ਜੁੜਨਾ, ਮੌਨਸੂਨ ਦੇ ਬੱਦਲਾਂ ਦੀਆਂ ਅਸਮਾਨ ਵਿਚਲੀਆਂ ਲੁਕਣਮੀਟੀਆਂ ਅਤੇ ਰਾਤ ਨੂੰ ਅਸਮਾਨ ਵਿਚ ਚੰਦ ਦੇਖਣਾ, ਸਿੱਖਣ ਦੀ ਪ੍ਰਕਿਰਿਆ ਨੂੰ ਨਵਾਂ ਅਰਥ ਦਿੰਦੇ ਹਨ। ਇਹ ਇਉਂ ਨਹੀਂ, ਜਿਵੇਂ ਜਮਾਤ ਦੇ ਬੰਦ ਕਮਰੇ ਵਿਚ ਅਤੇ ਮਿਥੇ ਸਮੇਂ ਵਿਚ ਕੀਟਸ ਨੂੰ ਪੜ੍ਹਦੇ ਹੋਈਏ, ਇਹ ਤਾਂ ਸਗੋਂ ਖ਼ੁਦ ਹੀ ਕੋਈ ਨਜ਼ਮ, ਕੋਈ ਗ਼ਜ਼ਲ ਬਣ ਜਾਣਾ ਹੈ। ਦੂਜੇ ਲਫ਼ਜ਼ਾਂ ਵਿਚ ਅਜਿਹੀ ਸਿੱਖਿਆ ਅਜਿਹਾ ਆਧਾਰ ਸਿਰਜਦੀ ਹੈ ਜਿਥੇ ਕਲਾਤਮਕ ਪੱਖੋਂ ਅਮੀਰ ਅਤੇ ਹਾਲਾਤ ਪੱਖੋਂ ਸੰਵੇਦਨਸ਼ੀਲ ਆਪਾ ਸਿਰਜਿਆ ਜਾ ਸਕਦਾ ਹੈ। ਜਿਵੇਂ ਕਵੀ (ਟੈਗੋਰ) ਮਹਿਸੂਸ ਕਰਦਾ ਹੈ, ਇਹੋ ਤਾਂ ਸਿੱਖਿਆ ਦਾ ਮੂਲ ਤੱਤ ਹੈ। ਅਫ਼ਸੋਸ ਦੀ ਗੱਲ ਹੈ ਕਿ ਪੇਸ਼ੇਵਰ ਦੁਨੀਆ ਵਿਚ ਸਾਡੇ ਮੁੱਖ ਅਧਿਆਪਕ ਸ਼ਾਇਦ ਹੀ ਕਦੇ ਅੰਗਰੇਜ਼ੀ ਵਿਆਕਰਨ ਜਾਂ ਗਣਿਤ ਦੀਆਂ ਜ਼ਰਬਾਂ-ਤਕਸੀਮਾਂ ਤੋਂ ਅਗਾਂਹ ਕੁਝ ਦੇਖਦੇ ਤੇ ਸੋਚਦੇ ਹੋਣ।
ਦੂਜਾ, ਮੌਜੂਦਾ ਸਿੱਖਿਆ ਢਾਂਚੇ ਨੇ ਰਮਤਿਆਂ ਵਾਲੀ ਭਾਵਨਾ, ਵਲਗਣਾਂ ਦੇ ਆਦੀ ਹੋ ਚੁੱਕੇ ਦਿਲੋ-ਦਿਮਾਗ਼ ਤੋਂ ਪਾਰ ਸੋਚਣ-ਵਿਚਾਰਨ ਵਾਲੀ ਸੋਚ ਅਤੇ ਨਿਰਵਿਘਨ ਸਿੱਖਣ ਤੇ ਭੁਲਾ ਦੇਣ ਦੇ ਅਮਲ ਵਾਲੀ ਲਲਕ ਦਾ ਖ਼ਾਤਮਾ ਕਰ ਦਿੱਤਾ ਹੈ। ਅੱਜ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਹੁਤ ਹੀ ਸਮਾਰਟ (ਹੁਸ਼ਿਆਰ) ਰਣਨੀਤੀਘਾੜੇ, ਇਮਤਿਹਾਨਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਅਤੇ ਸੰਭਾਵੀ ਟਾਪਰ ਹੋਣ। ਨਾਲ ਹੀ ਉਨ੍ਹਾਂ ਦੀ ਚੇਤਨਾ ਵਿਚ ਇਹੋ ਬਿਠਾਇਆ ਜਾਂਦਾ ਹੈ ਕਿ ਗਿਆਨ ਤੇ ਜਾਣਕਾਰੀ ਦਾ ਅਰਥ ਮਹਿਜ਼ ਅਧਿਕਾਰਤ ਵਿੱਦਿਅਕ ਪਾਠਕ੍ਰਮ ਨੂੰ ਰਟ ਲੈਣਾ ਹੀ ਹੈ (ਤੇ ਆਈਆਈਟੀ ਵਿਚ ਜਾਣ ਦੇ ਕਿਸੇ ਚਾਹਵਾਨ ਲਈ ਫਿਜਿ਼ਕਸ ਹੋਰ ਕੁਝ ਨਹੀਂ, ਸਿਰਫ਼ ਐੱਫ਼ਆਈਆਈਟੀ-ਜੇਈਈ ਫਿਜਿ਼ਕਸ ਹੀ ਹੈ, ਤੇ ਇਸੇ ਤਰ੍ਹਾਂ ਗਣਿਤ ਹੋਰ ਕੁਝ ਨਹੀਂ, ਬੱਸ ਉਹੋ ਹੈ ਜਿਹੜਾ ਕੋਟਾ ਦੇ ਕੋਚਿੰਗ ਸੈਂਟਰਾਂ ਵਿਚ ਪੜ੍ਹਾਇਆ ਜਾਂਦਾ ਹੈ, ਦੱਸਣਯੋਗ ਹੈ ਕਿ ਕੋਟਾ ਰਾਜਸਥਾਨ ਦਾ ਸ਼ਹਿਰ ਹੈ ਜੋ ਸਾਡੇ ਸਿੱਖਿਆ ਪ੍ਰਬੰਧ ਦਾ ਜੋ ਵੀ ਹਨੇਰਾ ਤੇ ਭੱਦਾ ਪੱਖ ਹੈ, ਉਸ ਲਈ ਜਾਣਿਆ ਜਾਂਦਾ ਹੈ), ਭਾਵ ਇਹ ਉਹ ਉਤਪਾਦ ਹੈ ਜਿਸ ਦੀ ਖ਼ਪਤ ਕਰਨੀ ਪੈਣੀ ਹੈ। ਕ੍ਰਿਸ਼ਨਾਮੂਰਤੀ ਦਾ ਖਿ਼ਆਲ ਸੀ ਕਿ ਅਜਿਹੀਆਂ ਸ਼ਰਤਾਂ ਅਤੇ ਹੱਦਬੰਦੀਆਂ ਨਾਲ ਸਾਡੀ ਚੇਤਨਾ ਦਾ ਵਿਕਾਸ ਸੀਮਤ ਹੋ ਜਾਂਦਾ ਹੈ, ਇਹ ਕਿਸੇ ਬੰਦੇ ਨੂੰ ਜ਼ਿੰਦਗੀ ਦੀ ਰਵਾਨੀ - ਇਸ ਦੀ ਤਾਜ਼ਗੀ, ਇਸ ਦੀ ਅਣਹੋਣੀ ਅਤੇ ਇਸ ਦੀ ਬੇਯਕੀਨੀ - ਤੋਂ ਸਿੱਖਣ ਤੇ ਭੁਲਾਉਣ ਦੇ ਅਸਮਰੱਥ ਬਣਾ ਦਿੰਦੀਆਂ ਹਨ। ਕ੍ਰਿਸ਼ਨਾਮੂਰਤੀ ਦੱਸਦੇ ਹਨ ਕਿ ਸੱਚ ਪਗਡੰਡੀ ਰਹਿਤ ਜ਼ਮੀਨ ਹੈ ਪਰ ਸਾਡਾ ਸਿੱਖਿਆ ਪ੍ਰਬੰਧ ਸਾਨੂੰ ਇਕ ਦਿਸ਼ਾ ਵਿਚ ਹੀ ਦੇਖਣ ਤੇ ਸੋਚਣ ਵਾਲੇ ਬਣਾਉਂਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬੰਧਨਾਂ ਵਾਲਾ ਅਜਿਹਾ ਮਨ ਹਮੇਸ਼ਾ ਖ਼ੌਫ਼ਜ਼ਦਾ ਰਹਿੰਦਾ ਹੈ। ਇਹ ਕਦੇ ਵੀ ਖ਼ਤਰੇ ਮੁੱਲ ਨਹੀਂ ਲੈ ਸਕਦਾ, ਇਹ ਤੈਅ ਢਾਂਚੇ ਤੋਂ ਪਾਰ ਕਦੇ ਵੀ ਨਹੀਂ ਦੇਖ ਸਕਦਾ, ਇਹ ਕਦੇ ਵੀ ਉਸ ਰਾਹ ਤੇ ਨਹੀਂ ਤੁਰ ਸਕਦਾ ਜਿਸ ਨੂੰ ਰੌਬਰਟ ਫਰੌਸਟ ਨੇ ‘ਪਗਡੰਡੀ ਰਹਿਤ ਸਫ਼ਰ’ ਕਰਾਰ ਦਿੱਤਾ ਸੀ। ਇਸ ਤੋਂ ਵੀ ਵੱਧ, ਇਮਤਿਹਾਨਾਂ ਦੀ ਰਸਮ ਤੁਲਨਾ ਉਤੇ ਆਧਾਰਿਤ ਹੈ, ਇਸ ਲਈ ਇਹ ਫੇਲ੍ਹ ਹੋਣ, ਪਛੜ ਜਾਣ ਅਤੇ (ਨਾਲਾਇਕ ਹੋਣ ਦਾ) ਕਲੰਕ ਲੱਗਣ ਦਾ ਡਰ ਜਗਾਉਂਦੀ ਹੈ। ਅਧਿਆਪਕਾਂ, ਸਿੱਖਿਆ ਦਾਨੀਆਂ ਅਤੇ ਬੱਚਿਆਂ ਨਾਲ ਆਪਣੇ ਉਮਰ ਭਰ ਦੇ ਵਿਚਾਰ-ਵਟਾਂਦਰਿਆਂ ਰਾਹੀਂ ਕ੍ਰਿਸ਼ਨਾਮੂਰਤੀ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਸਿੱਖਿਆ ਦੇ ਜਾਗ੍ਰਿਤ ਬੁੱਧੀ, ਆਪਣੇ ਆਪੇ ਦੀ ਖੋਜ, ਜਿ਼ੰਦਗੀ ਪ੍ਰਤੀ ਸੰਵੇਦਨਸ਼ੀਲਤਾ, ਜਾਂ ਇਕ ਖੋਜ ਵਜੋਂ ਮੁੱਲ ਨੂੰ ਜਾਣੀਏ।
ਇਹ ਜਿਹੜਾ ਸੰਸਾਰ ਅਸੀਂ ਘੜ ਲਿਆ ਹੈ, ਇਸ ਬਾਰੇ ਸੋਚੋ। ਇਥੇ ਧਰਮ ਮਹਿਜ਼ ਕੱਟੜਤਾ ਹੈ, ਰਾਸ਼ਟਰਵਾਦ ਇਥੇ ਇਕ ਤਰ੍ਹਾਂ ਮਾਰਖੋਰੀ ਹਮਲਾਵਰ ਭਾਵਨਾ ਹੈ, ‘ਚੰਗਾ ਜੀਵਨ’ ਮਹਿਜ਼ ਆਨੰਦ-ਮਜ਼ੇ ਲੈਣ ਵੱਲ ਕੇਂਦਰਿਤ ਹੈ, ਜਿਵੇਂ ਭਰਮਾਊ ਖ਼ਪਤਵਾਦ ਨੇ ਇਸ ਨੂੰ ਬਣਾਇਆ ਹੈ, ਕੁਦਰਤ ਅਜਿਹਾ ਅੜਿੱਕਾ ਹੈ ਜਿਸ ਨੂੰ ਤਕਨੀਕੀ ਸਾਇੰਸ ਰਾਹੀਂ ਪਾਰ ਪਾਉਣਾ ਪਵੇਗਾ, ਸਮਾਜਿਕ ਡਾਰਵਿਨਵਾਦ (ਇਕ ਤਰ੍ਹਾਂ ਦਾ ਰੂੜ੍ਹੀਵਾਦ) ਹੀ ਅਹਿਮ ਮੰਤਰ ਹੈ, ਅਤੇ ਜਿੱਤ ਮਹਿਜ਼ ਹੋਰਾਂ ਨੂੰ ਹਰਾਉਣ ਦਾ ਸਰੂਰ ਹੈ। ਇਸ ਦੌਰਾਨ ਜੋ ਕੁਝ ਵੀ ਸਿੱਖਿਆ ਦੇ ਨਾਂ ਤੇ ਚੱਲ ਰਿਹਾ ਹੈ, ਉਹ ਸਾਨੂੰ ਇਸ ਕੋਹਜੇ ਤੇ ਕੁਲਹਿਣੇ ਸੰਸਾਰ ਤੋਂ ਪਰੇ ਨਹੀਂ ਲਿਜਾ ਸਕਦਾ। ਦਰਅਸਲ, ਇਹ ਸਿੱਖਿਆ ਤਾਂ ਹਿੰਸਾ ਦੇ ਇਸ ਸੱਭਿਆਚਾਰ ਨੂੰ ਹੋਰ ਹੁਲਾਰਾ ਦਿੰਦੀ ਹੈ। ਅਜਿਹੀ ਸਿੱਖਿਆ ਦਾ ਕੋਹਜ ਮਹਾਮਾਰੀ ਦੇ ਦੌਰ ਵਿਚ ਇਕ ਵਾਰੀ ਮੁੜ ਸਾਹਮਣੇ ਆਉਂਦਾ ਹੈ। ਅਕਾਦਮਿਕ ਅਫ਼ਸਰਸ਼ਾਹੀ ਬੀਤੇ ਉੱਤੇ ਝਾਤੀ ਮਾਰਨ ਤੋਂ ਇਨਕਾਰੀ ਹੈ, ਇਹ ‘ਆਨਲਾਈਨ ਸਿੱਖਿਆ’, ਅਧਿਕਾਰਤ ਪਾਠਕ੍ਰਮ ਮੁਕੰਮਲ ਕਰਨ, ਇਮਤਿਹਾਨ ਕਰਾਉਣ ਅਤੇ ਵਿਦਿਆਰਥੀਆਂ ਦੀ ਦਰਜਾਬੰਦੀ ਕਰਨ ਤੋਂ ਅਗਾਂਹ ਕੁਝ ਸੋਚ ਹੀ ਨਹੀਂ ਸਕਦੀ। ਇਹ ਲੋਕ ਮਾਨਸਿਕ ਤੇ ਹੋਂਦ ਦੇ ਸੰਕਟ ਦੇ ਇਸ ਦੌਰ ਦੌਰਾਨ ਵੀ ਚਾਹੁੰਦੇ ਹਨ ਕਿ ਅਧਿਆਪਕ ਮਹਿਜ਼ ਡੇਟਾ ਮੁਹੱਈਆ ਕਰਾਉਣ ਵਾਲੇ ਬਣੇ ਰਹਿਣ ਤਾਂ ਕਿ ਉਹ ਉੱਚ ਅਫ਼ਸਰਾਂ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਰਹਿਣ : ਜਿਵੇਂ ਵਿਦਿਆਰਥੀਆਂ ਦੀ ਹਾਜ਼ਰੀ, ਉਨ੍ਹਾਂ ਦੇ ਗਰੇਡ (ਅੰਕ) ਆਦਿ ਦੇ ਵੇਰਵੇ। ਸਿੱਖਿਆ ਬਾਰੇ ਅਜਿਹੀ ਪਹੁੰਚ ਦੇ ਖੋਖਲੇਪਣ ਬਾਰੇ ਸ਼ਾਇਦ ਹੀ ਕੋਈ ਗੰਭੀਰ ਸੋਚ-ਵਿਚਾਰ ਕੀਤੀ ਗਈ ਹੋਵੇ, ਜਦੋਂਕਿ ਇਹ ਸੰਸਾਰ ਢਹਿ ਢੇਰੀ ਹੋ ਚੁੱਕਾ ਹੈ।
ਇਸ ਦੇ ਬਾਵਜੂਦ, ਹਾਲੇ ਵੀ ਸਾਡੇ ਦਰਮਿਆਨ ਅਜਿਹੇ ਕੁਝ ਲੋਕ ਮੌਜੂਦ ਹਨ ਜਿਹੜੇ ਵੱਖਰੀ ਤਰ੍ਹਾਂ ਸੋਚਣ ਦਾ ਜੇਰਾ ਰੱਖਦੇ ਹਨ। ਬਤੌਰ ਅਧਿਆਪਕ ਮੇਰਾ ਖਿ਼ਆਲ ਹੈ ਕਿ ਉਹ ਲੋਕ ਜ਼ਰੂਰ ਚਿੰਤਨ ਕਰਨਗੇ, ਟੈਗੋਰ ਅਤੇ ਕ੍ਰਿਸ਼ਨਾਮੂਰਤੀ ਤੋਂ ਸੇਧ ਲੈ ਕੇ ਸੋਚਣਗੇ ਅਤੇ ਇਹੋ ਜਿਹੇ ਸਿੱਖਿਆ ਢਾਂਚੇ ਦੀ ਮੁੜ ਕਲਪਨਾ ਕਰਨਗੇ ਜਿਹੜਾ ਸਾਨੂੰ ਸ਼ਿੱਦਤ ਨਾਲ, ਮਾਣਮੱਤੇ ਢੰਗ ਨਾਲ ਅਤੇ ਸਾਰਥਕ ਢੰਗ ਨਾਲ ਜਿਊਣਾ ਤੇ ਮਰਨਾ ਸਿਖਾਵੇ।
* ਲੇਖਕ ਸਮਾਜ ਸ਼ਾਸਤਰੀ ਹੈ।
ਕਰੋਨਾ ਸੰਕਟ : ਸਮਾਜਿਕ ਹਕੀਕਤਾਂ ਦੇ ਰੂ-ਬ-ਰੂ - ਅਵਿਜੀਤ ਪਾਠਕ
ਆਪਣੀ ਜ਼ਿੰਦਗੀ ਵਿਚ ਆਦਮੀ ਦਾ ਮੁੱਖ ਮਨੋਰਥ ਐਸ਼-ਇਸ਼ਰਤ ਕਰਨਾ ਜਾਂ ਦੁੱਖਾਂ ਕਸ਼ਟਾਂ ਤੋਂ ਪਾਸਾ ਵੱਟਣਾ ਨਹੀਂ ਹੁੰਦਾ ਸਗੋਂ ਜ਼ਿੰਦਗੀ ਦਾ ਅਰਥ ਲੱਭਣਾ ਹੁੰਦਾ ਹੈ। - ਵਿਕਟਰ ਈ ਫ੍ਰੈਂਕਲ ।
ਮੈਂ ਜਿਹੜੇ ਸ਼ਹਿਰ ਵਿਚ ਰਹਿ ਰਿਹਾ ਹਾਂ, ਉਹ ਬਿਖਰ ਰਿਹਾ ਹੈ। ਕਿਸੇ ਮਿੱਤਰ ਦੀ ਮੌਤ ਦਾ ਸਦਮਾ, ਕਿਸੇ ਵਿਦਿਆਰਥੀ ਨੇ ਦੱਸਿਆ ਕਿ ਕੋਵਿਡ-19 ਦੀ ਲਪੇਟ ਵਿਚ ਆਈ ਆਪਣੀ ਮਾਂ ਦੀ ਖ਼ਾਤਰ ਆਕਸੀਜਨ ਦਾ ਸਿਲੰਡਰ ਹਾਸਲ ਕਰਨ ਲਈ ਉਸ ਨੂੰ ਕਿਹੋ ਜਿਹੇ ਖ਼ੌਫ਼ਨਾਕ ਤਜਰਬੇ ਵਿਚੋਂ ਲੰਘਣਾ ਪਿਆ, ਕਿਸੇ ਸਹਿਕਰਮੀ ਨੂੰ ਜਦੋਂ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਤਾਂ ਕਿਵੇਂ ਇਕ ਨੀਮ-ਸ਼ਹਿਰੀ ਹਸਪਤਾਲ ਵਿਚ ਉਸ ਲਈ ਬੈੱਡ ਦਾ ਇੰਤਜ਼ਾਮ ਕਰਨਾ ਪਿਆ। ਨਾ ਤਾਂ ਮਾੱਲਾਂ ਦੀ ਚਮਕ ਦਮਕ ਤੇ ਨਾ ਨਵਉਦਾਰਵਾਦੀ ਭਾਰਤ ਦੀ ਅਭਿਲਾਸ਼ੀ ਜਮਾਤ ਦੀ ਸੰਪਦਾ ਤੇ ਨਾ ਸਿਆਸੀ ਆਕਾਵਾਂ ਦਾ ਖ਼ੁਦਪ੍ਰਸਤੀ ਸਾਡੇ ਕਿਸੇ ਕੰਮ ਆ ਸਕੀ। ਸਾਨੂੰ ਮੌਤ ਦੀ ਬੂਅ ਆ ਗਈ, ਅਸੀਂ ਅਸਹਿ ਪੀੜਾ ਤੇ ਸੰਤਾਪ ਵਿਚੋਂ ਲੰਘ ਰਹੇ ਹਾਂ ਅਤੇ ਸਾਡੇ ਹੌਸਲੇ ਟੁੱਟ ਚੁੱਕੇ ਹਨ ਤੇ ਆਪਾ ਲਹੂ-ਲੁਹਾਣ ਹੋਇਆ ਪਿਆ ਹੈ। ਅਸੀਂ ਹੋਰ ਕਿੰਨਾ ਬਰਦਾਸ਼ਤ ਕਰਦੇ ਰਹਾਂਗੇ?
ਬਹਰਹਾਲ, ਕੋਈ ਸਮਾਂ ਸੀ ਜਦੋਂ ਅਸੀਂ ਇਸ ਸਵਾਲ ਦਾ ਕੋਈ ਵਿਗਿਆਨਕ ਉੱਤਰ ਲੱਭਣ ਦਾ ਯਤਨ ਕਰਦੇ। ਕਿਸੇ ਮੈਡੀਕਲ ਮਾਹਿਰ ਦੀ ਰਾਏ, ਮਹਾਮਾਰੀ ਦੇ ਮੌਤ ਦੀ ਲਹਿਰ ਦੀ ਪੇਸ਼ੀਨਗੋਈ ਦਾ ਕੋਈ ਹਿਸਾਬੀ ਕਿਤਾਬੀ ਮਾਡਲ; ਜਾਂ ਬਿਮਾਰੀ ਦੀ ਸ਼ਿੱਦਤ ਤੇ ਕਾਬੂ ਪਾਉਣ ਲਈ ਵੈਕਸੀਨ ਦੀ ਕਾਰਗੁਜ਼ਾਰੀ ਬਾਰੇ ਕੋਈ ਵਿਸ਼ੇਸ਼ ਖੋਜ। ਇਹ ਠੀਕ ਹੈ ਕਿ ਵਿਗਿਆਨ ਸਾਨੂੰ ਚੁਕੰਨਾ ਕਰਦਾ ਹੈ ਤੇ ਸੰਭਵ ਹੈ ਕਿ ਵਾਇਰਸ ਖਿਲਾਫ਼ ਲੜਾਈ ਵਿਚ ਜਿੱਤ ਦਰਜ ਕਰਨ ਦੇ ਸਾਧਨ ਵੀ ਮੁਹੱਈਆ ਕਰਵਾ ਦਿੰਦਾ ਪਰ ਸਾਡੇ ਅੰਦਰਲੀ ਬੈਚੇਨੀ ਨੇ ਸਾਨੂੰ ਉਸ ਰਾਹ ਤੇ ਤੁਰਨ ਹੀ ਨਹੀਂ ਦਿੱਤਾ। ਕਿਸੇ ਸਮੇਂ ਅਸੀਂ ਬਹੁਤ ਅੱਗ ਬਗੂਲਾ ਹੋ ਜਾਂਦੇ ਹਾਂ ਤੇ ਮਹਾਮਾਰੀ ਫੈਲਣ ਲਈ ਬੇਈਮਾਨ ਤੇ ਗ਼ੈਰ-ਜ਼ਿੰਮੇਵਾਰ ਸਿਆਸੀ ਜਮਾਤ ਨੂੰ ਕੋਸਣ ਲੱਗ ਪੈਂਦੇ ਹਾਂ - ਜਿਵੇਂ ਉਸ ਨੇ ਵਾਇਰਸ ਤੇ ਕਾਬੂ ਪਾਉਣ ਵਿਚ ਭਾਰਤ ਦੀ ਸਫ਼ਲਤਾ ਦੀ ਕਹਾਣੀ ਪਾਈ, ਕੁੰਭ ਮੇਲੇ ਨੂੰ ਆਗਿਆ ਦੇ ਦਿੱਤੀ ਜਾਂ ਹਾਲੀਆ ਚੋਣਾਂ ਵਿਚ ਵੱਡੀਆਂ ਵੱਡੀਆਂ ਰੈਲੀਆਂ ਤੇ ਜਲਸਿਆਂ ਨੂੰ ਹੱਲਾਸ਼ੇਰੀ ਦਿੱਤੀ ਸੀ, ਤਾਂ ਵੀ ਇਸ ਗੁੱਸੇ ਦੇ ਬਾਵਜੂਦ ਸਾਡੇ ਨਾਲ ਜੋ ਹੋ ਰਹੀ ਹੈ, ਅਸੀਂ ਇਸੇ ਦੇ ਲਾਇਕ ਸਾਂ ਅਤੇ ਪ੍ਰਚੱਲਤ ਸਿਆਸਤ ਵਿਚ ਸਾਨੂੰ ਹੋਰ ਕੁਝ ਨਹੀਂ ਸਗੋਂ ਆਪਣਾ ਹੀ ਅਕਸ ਨਜ਼ਰ ਆਉਂਦਾ ਹੈ।
ਪੀੜਾ ਤੇ ਦੁੱਖ ਦੇ ਇਸ ਆਲਮ ਵਿਚ ਅਸੀਂ ਕਿਸੇ ਕਿਸਮ ਦਾ ਰੂਹਾਨੀ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ। ਸੰਭਵ ਹੈ ਕਿ ਇਹ ਕਿਸੇ ਅਰਥ ਦੀ ਖੋਜ ਹੋਵੇ, ਹੋਂਦ ਦੀ ਸਚਾਈ ਨੂੰ ਜਾਨਣ ਦੀ ਚਾਹਨਾ ਹੋਵੇ ਜਾਂ ਆਪਣੇ ਅਵਚੇਤਨ ਦੀ ਯਾਤਰਾ ਹੋਵੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਸ਼ਵਾਨਤਾ ਦੀ। ਬੌਧਿਕ ਤੇ ਸਿਧਾਂਤਕ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਦੁਨੀਆ ਸਾਨੂੰ ਨਜ਼ਰ ਆਉਂਦੀ ਹੈ, ਜਿਸ ਨੂੰ ਅਸੀ ਛੋਂਹਦੇ ਤੇ ਚਿਤਵਦੇ ਹਾਂ, ਉਹ ਥਿਰ ਨਹੀਂ ਹੈ, ਹਰ ਚੀਜ਼ ਪਰਿਵਰਤਨਸ਼ੀਲ ਹੈ। ਜਦੋਂ ਅਸੀਂ ਕੋਈ ਪਿਕਨਿਕ ਪਾਰਟੀ ਮਨਾ ਰਹੇ ਹੁੰਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਮੌਜ-ਮਸਤੀ ਤੇ ਖੁਸ਼ੀਆਂ ਕਦੇ ਖਤਮ ਹੀ ਨਹੀਂ ਹੋਣਗੀਆਂ। ਇਸੇ ਕਰ ਕੇ ਅਸੀਂ ਆਪਣੀ ਹਊਮੈ ਨੂੰ ਪੱਠੇ ਪਾਉਂਦੇ ਹਾਂ ਅਤੇ ਆਪਣੀ ਖੁਦਪ੍ਰਸਤੀ ਦਾ ਹਰ ਕਿਤੇ ਦਿਖਾਵਾ ਕਰਦੇ ਰਹਿੰਦੇ ਹਾਂ, ਅਸੀਂ ਇਹ ਪ੍ਰਭਾਵ ਦੇਣ ਲੱਗ ਪੈਂਦੇ ਹਾਂ ਕਿ ਅਸੀਂ ਤਾਂ ਅਮਰ ਹਾਂ - ਦੁੱਖ ਕਸ਼ਟ, ਬਿਮਾਰੀ ਤੇ ਮੌਤ ਤੋਂ ਪਰ੍ਹੇ ਹਾਂ। ਅਫ਼ਸੋਸ ਦੀ ਗੱਲ ਇਹ ਹੈ ਕਿ ਭਾਵੇਂ ਅਸੀਂ ਤਕਨੀਕ-ਵਿਗਿਆਨ ਦੀ ਮੁਹਾਰਤ ਪਾ ਲਈ ਹੈ ਅਤੇ ਤਰਕਸ਼ੀਲਤਾ ਦਾ ਪਾਠ ਪੜ੍ਹਦੇ ਰਹਿੰਦੇ ਹਾਂ ਪਰ ਅਸੀਂ ਆਪਣੀ ਜ਼ਿੰਦਗੀ ਜਿਊਣ ਦਾ ਸਲੀਕਾ ਇਸ ਨਾਸ਼ਵਾਨਤਾ ਦੀ ਭਾਵਨਾ ਨਾਲ ਸਿੱਖਣ ਦਾ ਕਦੇ ਤਰੱਦਦ ਨਹੀਂ ਕਰਦੇ। ਕੀ ਸਾਨੂੰ ਇਸ ਧਰਤੀ ‘ਤੇ ਸਾਡੀ ਹੋਂਦ ਦਾ ਮੂਲ ਸੱਚ ਜਾਨਣ ਲਈ ਕਿਸੇ ਮਹਾਮਾਰੀ ਦੀ ਲੋੜ ਸੀ, ਮੈਂ ਜਿਹੜੇ ਸਰੀਰ ‘ਤੇ ਇੰਨਾ ਮਾਣ ਕਰਦਾ ਹਾਂ (ਜ਼ਰਾ ਸਾਡੇ ਸਮਿਆਂ ਵਿਚ ਸੁੰਦਰਤਾ/ਫ਼ੈਸ਼ਨ ਸਨਅਤ ਦਾ ਪ੍ਰਸਾਰ ਦੇਖੋ) ਸ਼ਮਸ਼ਾਨਘਾਟਾਂ ਵਿਚ ਉਸ ਦੀ ਸਨਮਾਨ ਨਾਲ ਅੰਤਮ ਕਿਰਿਆ ਕਰਨਾ ਵੀ ਨਸੀਬ ਨਹੀਂ ਹੋ ਰਹੀ, ਸਾਰੇ ਕਿਸਮ ਦੇ ਮੈਡੀਕਲ ਬੀਮਿਆਂ ਦੇ ਬਾਵਜੂਦ ਤੇ ਆਪਣੇ ਮਿੱਤਰ ਪਿਆਰਿਆਂ ਦੀ ਗ਼ੈਰ-ਮੌਜੂਦਗੀ ਵਿਚ ਮਰਨਾ ਪੈ ਰਿਹਾ ਹੈ। ਇਸ ਨਾਸ਼ਵਾਨਤਾ ਦੇ ਇਸ ਕੌੜੇ ਸੱਚ ਨੂੰ ਪ੍ਰਵਾਨ ਕਰਨਾ ਸਹਿਲ ਨਹੀਂ ਹੈ, ਤਾਂ ਵੀ ਨਾਸ਼ਵਾਨਤਾ ਨੂੰ ਪ੍ਰਵਾਨ ਕਰਨ ਨਾਲ ਅਸੀਂ ਕੋਈ ਗਹਿਰਾ ਤੇ ਅੰਤਰੀਵ ਅਨੁਭਵ ਕਰ ਸਕਦੇ ਹਾਂ।
ਸੰਭਵ ਹੈ ਕਿ ਅਸੀਂ ਸ਼ੁਕਰਾਨੇ ਦਾ ਭਾਵ ਸਿੱਖਣਾ ਸ਼ੁਰੂ ਕਰ ਦੇਈਏ। ਚੀਜ਼ਾਂ ਨਾਸ਼ਵਾਨ ਹਨ ਪਰ ਫਿਰ ਵੀ ਕਦੇ ਸਾਨੂੰ ਇਸ ਨੀਲੇ ਅੰਬਰ, ਇਨ੍ਹਾਂ ਪਹਾੜਾਂ, ਜੰਗਲਾਂ ਤੇ ਦਰਿਆਵਾਂ ਦਰਮਿਆਨ ਜਾਂ ਆਪਣੇ ਪਿਆਰਿਆਂ ਦੀ ਮੌਜੂਦਗੀ ਵਿਚ ਆਪਣੇ ਆਪ ਦੀ ਖੋਜ ਕਰਨ ਦਾ ਮੌਕਾ ਮਿਲ ਜਾਵੇ। ਜ਼ਿੰਦਾ ਰਹਿਣ ਲਈ ਇਸ ਸ਼ੁਕਰਾਨੇ ਦੇ ਭਾਵ ਨਾਲ ਜਿਊਣਾ। ਇਹ ਆਪਣੇ ਆਪ ਨੂੰ ਇਕ ਨਿਮਾਣੇ ਮੁਸਾਫ਼ਿਰ ਜਾਂ ਜਗਿਆਸੂ ਵਾਂਗ ਦੇਖਣਾ, ਨਾ ਕਿ ਕਿਸੇ ਹੰਕਾਰੀ ਜੇਤੂ ਵਾਂਗ। ਸਿਤਮਜ਼ਰੀਫ਼ੀ ਇਹ ਹੈ ਕਿ ਇਕ ਵਾਰ ਫਿਰ ਮਹਾਮਾਰੀ ਹੀ ਹੈ ਜੋ ਸਾਨੂੰ ਇਸ ਭੁੱਲੀ ਵਿਸਰੀ ਸਦਾਕਤ ਦਾ ਅਰਥ ਦਾ ਬੋਧ ਕਰਵਾ ਰਹੀ ਹੈ। ਅੱਜ ਕੱਲ੍ਹ ਰਾਤਾਂ ਮੌਤ ਤੇ ਤਬਾਹੀ ਦੇ ਨਿਰੰਤਰ ਸਮਾਚਾਰਾਂ ਦੇ ਬੋਝ ਨਾਲ ਗੁਜ਼ਰਦੀਆਂ ਹਨ, ਜਦੋਂ ਤੁਸੀਂ ਸਵੇਰੇ ਸੂਰਜ ਦੀ ਟਿੱਕੀ ਚੜ੍ਹਦੇ ਦੇਖਦੇ ਹੋ ਤਾਂ ਹੋਰ ਤੁਸੀਂ ਕੀ ਕਰ ਸਕਦੇ ਹੋ? ਦੋਵੇਂ ਹੱਥ ਜੋੜ ਕੇ ਤੁਸੀਂ ਪ੍ਰਾਰਥੀ ਦੇ ਰੂਪ ਵਿਚ ਸ਼ੁਕਰਾਨਾ ਅਦਾ ਕਰਦੇ ਹੋ : ‘ਮੈਂ ਅਜੇ ਵੀ ਜ਼ਿੰਦਾ ਹਾਂ, ਮੈਂ ਰੁੱਖਾਂ ਦੀ ਸਰਸਰਾਹਟ, ਪੰਛੀਆਂ ਦੀ ਚਹਿਚਹਾਟ ਸੁਣ ਸਕਦਾ ਹਾਂ ਜਾਂ ਫਿਰ ਮੈਂ ਆਪਣੇ ਬੱਚੇ ਦਾ ਕੋਮਲ ਚਿਹਰਾ ਨਿਹਾਰ ਸਕਦਾ ਹਾਂ।’
ਤੇ ਅਖੀਰ ਵਿਚ ਸ਼ੁਕਰਾਨੇ ਦੇ ਭਾਵ ਨਾਲ ਅੰਤਾਂ ਦਾ ਪਿਆਰ ਉਮੜਦਾ ਹੈ। ਕੌਣ ਜਾਣਦਾ ਹੈ ਕਿ ਭਲਕੇ ਤੁਸੀਂ ਤੇ ਮੈਂ ਕੋਵਿਡ ਕਾਰਨ ਮੌਤਾਂ ਦੇ ਅੰਕੜੇ ਵਿਚ ਸ਼ੁਮਾਰ ਹੋ ਜਾਈਏ? ਕੀ ਇਹ ਸਮਾਂ ਨਹੀਂ ਹੈ ਕਿ ਅਸੀਂ ਇਕ ਦੂਜੇ ਦਾ ਰੱਜ ਕੇ ਖਿਆਲ ਰੱਖੀਏ ਅਤੇ ਇਕ ਦੂਜੇ ਨੂੰ ਦਿਲੋਂ ਤੇ ਤਰੁੱਠ ਕੇ ਪਿਆਰ ਕਰੀਏ? ਕੌਣ ਜਾਣੇ ਕਿ ਅੱਜ ਸਾਡਾ ਆਖਰੀ ਦਿਨ ਹੋਵੇ? ਜਦੋਂ ਅਸੀਂ ਆਪਣੇ ਆਲੇ ਦੁਆਲੇ ਇਸ ਕਿਸਮ ਦੀ ਕੁੜੱਤਣ, ਨਾਂਹਮੁਖਤਾ, ਸਾੜੇ ਤੇ ਈਰਖਾ ਦੇ ਮਾਹੌਲ ਵਿਚ ਜੀਅ ਰਹੇ ਹਾਂ ਤਾਂ ਇਹ ਪਲ ਬਰਬਾਦ ਕਿਉਂ ਕਰੀਏ? ਹੋ ਸਕਦਾ ਹੈ ਕਿ ਮਹਾਮਾਰੀ ਨੇ ਜੋ ਇੰਨਾ ਕਸ਼ਟ ਦਿੱਤਾ ਹੈ, ਉਸ ਦਾ ਕੋਈ ਅਰਥ ਹੋਵੇ। ਇਹ ਇਕ ਸੰਦੇਸ਼ ਦੇ ਰਹੀ ਹੈ: ਕੱਲ੍ਹ ਕਿਸੇ ਨੇ ਨਹੀਂ ਦੇਖਿਆ, ਜੀਣ ਲਈ ਬੱਸ ਅੱਜ, ਇਹੀ ਘੜੀ ਤੇ ਇਹੀ ਪਲ ਹੈ ਜੋ ਨਾਸ਼ਵਾਨਤਾ ਦੀ ਗਹਿਰੀ ਸੋਝੀ, ਪਿਆਰ ਤੇ ਸ਼ੁਕਰਾਨੇ ਦੇ ਭਾਵ ਨਾਲ ਬਿਤਾਈ ਜਾਣੀ ਚਾਹੀਦੀ ਹੈ।
ਮਹਾਮਾਰੀ ਵੀ ਥਿਰ ਨਹੀਂ ਹੈ। ਵਿਗਿਆਨ ਸਾਨੂੰ ਇਹ ਲੜਾਈ ਜਿੱਤਣ ਲਈ ਬਿਹਤਰ ਦਵਾਈਆਂ ਤੇ ਵੈਕਸੀਨਾਂ ਨਾਲ ਲੈਸ ਕਰ ਦੇਵੇਗਾ ਜਾਂ ਸਿਆਸੀ ਜਮਾਤ ਇਸ ਟੈਕਨੋਕਰੈਟਿਕ/ਖਪਤਵਾਦੀ ਦੁਨੀਆ ਅੰਦਰ ਸਾਵਾਂਪਣ ਲਿਆਉਣ ਲਈ ਵਧੇਰੇ ਅਗਾਂਹਵਧੂ ਆਰਥਿਕ ਹੱਲ ਸਾਹਮਣੇ ਲੈ ਕੇ ਆ ਜਾਵੇ। ਬਹਰਹਾਲ, ਬੁਨਿਆਦੀ ਸਵਾਲ ਇਹ ਹੈ : ਕੀ ਮਾਨਵਤਾ ਇਸ ਸੰਕਟ ਤੋਂ ਕੋਈ ਗਹਿਰਾ ਸਬਕ ਹਾਸਲ ਕਰੇਗੀ ਜਾਂ ਨਹੀਂ, ਜੀਵਨ ਤੇ ਮੌਤ ਦੀ ਲੈਅ ਨੂੰ ਮੁੜ ਪਰਿਭਾਸ਼ਤ ਕਰੇਗੀ, ਅਤੇ ਰਵਾਦਾਰੀ, ਨਿਮਰਤਾ ਤੇ ਨਿਰਛਲ ਪਿਆਰ ਤੇ ਸ਼ੁਕਰਾਨੇ ਦੇ ਭਾਵ ਨਾਲ ਜੀਣਾ ਸ਼ੁਰੂ ਕਰੇਗੀ ? ਜੇ ਇਸ ਮਹਾਮਾਰੀ ਦਾ ਖਾਜਾ ਬਣਨ ਤੋਂ ਬਚੇ ਲੋਕ ਬਦ ਗ਼ੁਮਾਨੀ ਅਤੇ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਦੇ ਭਰਮ ਵਿਚ ਫਸ ਕੇ ਮੁੜ ਉਨ੍ਹਾਂ ਪੁਰਾਣੇ ਰਾਹਾਂ ਤੇ ਚੱਲ ਪੈਂਦੇ ਹਨ ਤਾਂ ਇਹ ਵਾਕਈ ਤਰਾਸਦੀ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਅਜਿਹੀ ਹੀ ਕਿਸੇ ਹੋਰ ਬਿਪਤਾ ਦਾ ਸਾਹਮਣਾ ਕਰਨਾ ਪਵੇਗਾ।
* ਲੇਖਕ ਸਮਾਜ ਸ਼ਾਸਤਰੀ ਹੈ।
ਰਾਜਕੀ ਸੱਤਾ ਦਾ ਜਸ਼ਨ ਅਤੇ ਆਮ ਲੋਕ - ਅਵਿਜੀਤ ਪਾਠਕ
ਆਪਣੇ ਪਿੰਡ ਦੇ ਮੇਲੇ ਵਿਚੋਂ ਆਪਣੀ ਬੱਚੀ ਲਈ ਖਿਡੌਣਾ ਖਰੀਦ ਰਹੀ ਕੋਈ ਔਰਤ ਕਿਸੇ ਵੀ ਤਰ੍ਹਾਂ ਟੀਵੀ ਕੈਮਰਿਆਂ ਸਾਹਮਣੇ ਆਪਣੀ ਬੱਚੀ ਨਾਲ ਘੁੰਮ ਰਹੀ ਐਸ਼ਵਰਿਆ ਰਾਏ ਤੋਂ ਘੱਟ ਸੁੰਦਰ ਨਹੀਂ, ਜਿੱਥੋਂ ਤੱਕ ਗਿਆਨ ਵੰਡਣ ਦੇ ਕਾਰਜ ਦਾ ਸਵਾਲ ਹੈ ਤਾਂ ਕਿਸੇ ਅਣਜਾਣੇ ਸਕੂਲ ਦਾ ਕੋਈ ਦਿਆਨਤਦਾਰ ਅਧਿਆਪਕ ਹਾਰਵਰਡ ਦੇ ਕਿਸੇ ਪ੍ਰੋਫੈਸਰ ਤੋਂ ਘੱਟ ਨਹੀਂ ਹੁੰਦਾ। ਸੂਝ ਬੂਝ ਅਤੇ ਲਗਨ ਦੀ ਇਸ ਗਹਿਰੀ ਕਲਾ ਦੇ ਜ਼ਰੀਏ ਹੀ ਅਸੀਂ ਅਜਿਹਾ ਸੰਸਾਰ ਸਿਰਜਣ ਵੱਲ ਜਾ ਸਕਦੇ ਹਾਂ ਜਿੱਥੇ ਸ਼ਕਤੀਸ਼ਾਲੀ ਵਿਅਕਤੀਆਂ ਲਈ ਸਭ ਸੁੱਖ ਸਹੂਲਤਾਂ ਦੀ ਬਜਾਇ ਹਰ ਇਨਸਾਨੀ ਰੂਹ ਦੇ ਖਿੜਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹੋਣ।
ਅੰਗਰੇਜ਼ੀ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਕੁਝ ਦਿਨ ਪਹਿਲਾਂ ਮੈਨੂੰ ਭਾਰਤ ਦੇ 100 ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸੀਅਤਾਂ ਦੀ ਇਕ ਸੂਚੀ ਛਾਪ ਕੇ ਆਗਾਹ ਕੀਤਾ ਸੀ। ਇਕ ਸਾਧਾਰਨ ਪ੍ਰਾਣੀ ਹੋਣ ਦੇ ਨਾਤੇ ਮੈਂ ਇਸ ਸੂਚੀ ਉੱਤੇ ਝਾਤ ਮਾਰੀ ਅਤੇ ਖ਼ੁਦ ਤੋਂ ਹੀ ਦੋ ਪ੍ਰੇਸ਼ਾਨਕੁਨ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ : ਇਹ ਕਿਉਂ ਹੈ ਕਿ ਇਨ੍ਹਾਂ ਸ਼ਕਤੀਸ਼ਾਲੀ ਵਿਅਕਤੀਆਂ ਦੇ ਹੁੰਦਿਆਂ ਸੁੰਦਿਆਂ ਅਸੀਂ ਨਿਰੋਲ ਅਸਮਾਨਤਾ, ਸਮਾਜਿਕ ਮਨੋ-ਬੇਚੈਨੀ ਅਤੇ ਸਮੂਹਿਕ ਹਿੰਸਾ ਦੇ ਚਹੁੰਪਾਸੀ ਦਲ ਦਲ ਵਿਚ ਧਸਦੇ ਹੀ ਜਾ ਰਹੇ ਹਾਂ? ਤੇ ਕੀ ਇਹੋ ਜਿਹੀ ਕੋਈ ਸੂਚੀ (ਜਾਂ ਇਸ ਦਾ ਜਸ਼ਨ ਮਨਾਉਣਾ) ਸਾਨੂੰ ਉਨ੍ਹਾਂ ਵਰਗੇ ਬਣਨ ਦੀਆਂ ਪਾਲੀਆਂ ਸਾਡੀਆਂ ਗੁੱਝੀਆਂ ਸੱਧਰਾਂ ਨੂੰ ਵੀ ਉਜਾਗਰ ਕਰਦੀ ਹੈ?
ਕਿਉਂ ਨਾ ਨਿਤਾਣਿਆਂ ਨੂੰ ਤਾਕਤ ਦੇਣ, ਰਹਿਮ ਦਿਲ ਬਣਨ ਦਾ ਹੌਸਲਾ ਦੇਣ, ਬਿਨਾਂ ਕਿਸੇ ਵੀ ਤਰ੍ਹਾਂ ਦੀ ਗਰਜ਼ ਤੋਂ ਮੁਕਤ ਹੋ ਕੇ ਕਿਸੇ ਦੀ ਮਹਿਕ ਬਖੇਰਨ ਦੀ ਕਾਬਲੀਅਤ ਦੇਣ ਦੀ ਕਾਮਨਾ ਕੀਤੀ ਜਾਵੇ। ਜਿਵੇਂ ਸੂਚੀ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਕਤੀਸ਼ਾਲੀ ਲੋਕ ਮੁੱਖ ਤੌਰ ਤੇ ਸਾਡੇ ਸਿਆਸੀ ਆਕਾ ਹਨ ਜਾਂ ਫਿਰ ਉਹ ਹਨ ਜੋ ਵੱਡੇ ਕਾਰਪੋਰੇਟੀ ਸਾਮਰਾਜ ਚਲਾਉਂਦੇ ਹਨ। ਅਸੀਂ ਅਕਸਰ ਇਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਾਂ- ਉਨ੍ਹਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੀ ਹਰ ਸੱਚੀ ਝੂਠੀ ਗੱਲ ਵੀ ਜਾਣਨਾ ਚਾਹੁੰਦੇ ਹਾਂ। ਇਹ ਕਹਿਣਾ ਬੇਵਜ੍ਹਾ ਨਹੀਂ ਹੋਵੇਗਾ ਕਿ ਸਮਾਜ ਦੇ ਤੌਰ ਤੇ ਅਸੀਂ ਇਸ ਕਿਸਮ ਦੀ ਸੱਤਾ ਦਾ ਜਸ਼ਨ ਮਨਾਉਂਦੇ ਹਾਂ। ਲਿਹਾਜ਼ਾ, ਸੱਤਾ ਦੇ ਪ੍ਰਵਚਨ ਉੱਤੇ ਕੁਝ ਚਾਨਣ ਪਾਉਣ ਦੀ ਆਪਣੀ ਅਹਿਮੀਅਤ ਹੈ। ਸੰਭਵ ਹੈ ਕਿ ਅਸੀਂ ਜਿਸ ਸੱਤਾ ਦੀ ਪੂਜਾ ਕਰਦੇ ਹਾਂ, ਉਹ ਹਉਂ ਦੀ ਸ਼ਕਤੀ ਹੈ: ਦਾਬੇ ਅਤੇ ਦੂਜਿਆਂ ਨੂੰ ਕੰਟਰੋਲ ਕਰਨ ਦੀ ਤਾਕਤ, ਜਾਂ ਤਕਨੀਕੀ-ਆਰਥਿਕ ਪੂੰਜੀ, ਰਾਜਸੀ-ਪ੍ਰਸ਼ਾਸਕੀ ਅਥਾਰਿਟੀ ਜਾਂ ਫਿਰ ਵਿਸ਼ੇਸ਼ ਕਿਸਮ ਦੇ ਗਿਆਨ (ਇਹ ਗਿਆਨ ਅਕਸਰ ਕਿਸੇ ਨੂੰ ਪਾਗਲ ਗਰਦਾਨਣ ਜਾਂ ਦੂਜਿਆਂ ਦੀਆਂ ਰਾਵਾਂ ਨੂੰ ਸਾਧਾਰਨ ਬੁੱਧੀ ਦੀ ਉਪਜ ਕਹਿ ਕੇ ਦੁਰਕਾਰਨ ਦੀ ਸ਼ਕਤੀ ਦੇ ਰੂਪ ਵਿਚ ਉਜਾਗਰ ਹੁੰਦੀ ਹੈ) ਦੇ ਨਾਂ ਤੇ ਆਪਣੀ ਸ਼੍ਰੇਸ਼ਠਤਾ ਸਿੱਧ ਕਰਨ ਦੀ ਤਾਕਤ ਹੀ ਹੁੰਦੀ ਹੈ। ਦਰਅਸਲ, ਕਾਰਲ ਮਾਰਕਸ, ਮੈਕਸ ਵੈਬਰ ਅਤੇ ਮਿਸ਼ੈਲ ਫੂਕੋ ਜਿਹੇ ਕੁਝ ਰੌਸ਼ਨ ਖ਼ਿਆਲ ਸਮਾਜ ਸ਼ਾਸਤਰੀਆਂ ਨੇ ਇਸ ਕਿਸਮ ਦੀ ਸ਼ਕਤੀ ਦੇ ਸਮੁੱਚੇ ਗਤੀਮਾਨ ਅਤੇ ਇਸ ਦੇ ਅਟਲ ਸਿੱਟਿਆਂ ਬਾਰੇ ਗਹਿਰੀ ਸੋਚ ਵਿਚਾਰ ਕੀਤੀ ਸੀ ਤੇ ਨੌਕਰਸ਼ਾਹੀ ਤੇ ਖ਼ੁਫ਼ੀਆ ਤੰਤਰ ਦੀਆ ਜ਼ੰਜੀਰਾਂ ਦੇ ਲੋਹ-ਪਿੰਜਰੇ ਵਿਚ ਕੈਦ ਸਾਡੀ ਬੇਮੁਖ ਹੋਂਦ ਜਾਂ ਇਨ੍ਹਾਂ ਸ਼ਕਤੀਸ਼ਾਲੀ ਲੋਕਾਂ ਦੀ ਬ੍ਰਿਗੇਡ ਦੀ ਰਹਿਮਦਿਲੀ ਤੇ ਸਾਡੀ ਨਿਰਭਰਤਾ ਦੀ ਥਾਹ ਪਾਈ ਸੀ। ਸਾਡੇ ਦੇਖਦਿਆਂ ਦੇਖਦਿਆਂ ਲੋਕਤੰਤਰ ਵੀ ਸਾਡੇ ਆਤਮ ਮੁਗਧ ਆਕਾਵਾਂ ਦੀ ਖਪਤ ਦੀ ਸਮੱਗਰੀ ਬਣ ਕੇ ਰਹਿ ਗਈ ਹੈ ਅਤੇ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਦੇ ਇਲਹਾਮ ਵਾਲੇ ਸਮਾਜਵਾਦ ਨੂੰ ਸਟਾਲਿਨਵਾਦੀ ਡਰਾਉਣੇ ਸੁਪਨੇ ਵਿਚ ਬਦਲਣ ਵਿਚ ਬਹੁਤੀ ਦੇਰ ਨਾ ਲੱਗੀ।
ਫਿਰ ਵੀ ਸਾਡੇ ਅੰਦਰੋਂ ਸੱਤਾ ਦੀ ਲਲਕ ਖ਼ਤਮ ਨਹੀਂ ਹੁੰਦੀ, ਕਿਉਂਕਿ ਇਹ ਸਾਡੀ ਗੁਬਾਰੇਨੁਮਾ ਹਉਂ ਨੂੰ ਪੱਠੇ ਪਾਉਂਦੀ ਆ ਰਹੀ ਹੈ ਅਤੇ ਪੀੜਤ ਅੰਦਰ ਜੇਤੂ ਬਣਨ ਦੀ ਚਿਣਗ ਪੈਦਾ ਕਰਦੀ ਹੈ। ਕੀ ਇਹ ਸੱਚ ਨਹੀਂ ਹੈ ਕਿ ਸਾਡੇ ਸਜਾਵਟੀ ਸਕੂਲ ਅਕਸਰ ਬੱਚਿਆਂ ਵਿਚ ਅਗਵਾਈ ਦੇ ਹੁਨਰ ਜਗਾਉਣ ਲਈ ਵਰਕਸ਼ਾਪਾਂ ਕਰਵਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਸਵੈ-ਸਿੱਧੀ, ਦਿਲਕਸ਼ ਪੇਸ਼ਕਾਰੀ ਅਤੇ ਆਤਮ-ਮੁਗਧ ਹੋਣ ਦੇ ਮਨੋਵਿਗਿਆਨ ਨੂੰ ਆਤਮ-ਸਾਤ ਕਰ ਲੈਣ? ਜਾਂ ਕੀ ਇਹ ਤੱਥ ਨਹੀਂ ਹੈ ਕਿ ਸਾਡੀ ਸਿਖਿਆ ਪ੍ਰਣਾਲੀ ਟੌਪਰਾਂ (ਸਾਡੇ ਸ਼ਹਿਰਾਂ ਤੇ ਕਸਬਿਆਂ ਵਿਚ ਥਾਂ ਥਾਂ ਲੱਗੇ ਇਨ੍ਹਾਂ ਆਈਆਈਟੀ-ਜੇਈਈ ਟੌਪਰਾਂ ਦੇ ਜੇਤੂ ਮਨੋਭਾਵ ਦਰਸਾਉਂਦੇ ਬੋਰਡ ਬੈਨਰ) ਦੇ ਬਿਰਤਾਂਤ ਵਿਚ ਹੀ ਫਸੀ ਪਈ ਹੈ? ਜਾਂ ਕੀ ਇਹ ਸੱਚ ਨਹੀਂ ਹੈ ਕਿ ਕੀ ਅਸੀਂ ਦੂਜਿਆਂ ‘ਤੇ ਪ੍ਰਭਾਵ ਪਾਉਣ ਲਈ ਆਪਣੀ ਸਮਾਜਕ ਪੂੰਜੀ ਦਾ ਦਿਖਾਵਾ ਕਰਦੇ ਹਾਂ - ਭਾਵ ਰਸੂਖਦਾਰ ਸਿਆਸਤਦਾਨਾਂ ਨਾਲ ਉੱਠਣੀ ਬੈਠਣੀ, ਆਈਏਐਸ/ਆਈਪੀਐਸ ਅਫ਼ਸਰਾਂ ਨਾਲ ਜਾਣ ਪਛਾਣ, ਕਾਰਪੋਰੇਟ ਘਰਾਣਿਆਂ ਨਾਲ ਸਾਂਝ ਅਤੇ ਇੰਡੀਆ ਹੈਬੀਟੈਟ ਸੈਂਟਰ ਵਿਚ ਕਿਹੋ ਜਿਹੇ ਵਿਦਵਾਨਾਂ ਤੇ ਸਭਿਆਚਾਰਕ ਹਸਤੀਆਂ ਨਾਲ ਖਾਂਦੇ ਪੀਂਦੇ ਹਾਂ? ਇਹੋ ਜਿਹੀ ਸ਼ਕਤੀ ਦੀ ਮਹਿਕ ਕਿਸੇ ਨੂੰ ਮੰਤਰ ਮੁਗਧ ਕਰ ਦਿੰਦੀ ਹੈ, ਇਹ ਆਪਣੇ ਆਪ ਨੂੰ ‘ਖ਼ਾਸ’ ਦਿਸਣ ਜਾਂ ਦੂਜਿਆਂ ਤੇ ਧਾਂਕ ਜਮਾਉਣ ਦੀ ਲਾਲਸਾ ਪੂਰੀ ਕਰਦੀ ਹੈ। ਸੱਤਾ ਦੇ ਇਸ ਪ੍ਰਵਚਨ ਵਿਚ ਕਿਸੇ ਨਾ ਕਿਸੇ ਕਿਸਮ ਦੀ ਆਤਮ-ਮੁਗਧ ਹੋਣਾ ਜਾਂ ਸੱਤਾਵਾਦ ਛੁਪਿਆ ਹੁੰਦਾ ਹੈ।
ਕੀ ਇਸ ਦਾ ਕੋਈ ਬਦਲ ਹੈ? ਦੁਨੀਆ ਭਰ ਵਿਚ ਜਦੋਂ ਅਸੀਂ ਸੱਤਾਵਾਦ ਦਾ ਉਭਾਰ ਹੁੰਦਾ ਦੇਖ ਰਹੇ ਹਾਂ ਤਾਂ ਆਤਮ-ਮੁਗਧ ਰਾਸ਼ਟਰਵਾਦ ਦੇ ਨਾਂ ਤੇ ਮਨੁੱਖੀ ਚੇਤਨਾ ਦਾ ਫ਼ੌਜੀਕਰਨ, ਦੁਨੀਆ ਦੇ ਵੱਖ ਵੱਖ ਖੇਤਰਾਂ ਵਿਚ ਬੇਕਿਰਕ ਮੁੱਠੀ ਭਰ ਅਰਬਾਂਪਤੀਆਂ ਦੀ ਛਤਰ ਛਾਇਆ ਹੇਠ ਭੁੱਖਮਰੀ ਤੇ ਕੁਪੋਸ਼ਣ ਦੇ ਨਾਲ ਨਾਲ ਚੱਲ ਰਿਹਾ ਅੰਨ੍ਹੇਵਾਹ ਨਵ ਉਦਾਰਵਾਦ ਅਤੇ ਸੈਲੇਬ੍ਰਿਟੀ ਕਲਚਰ ਅਤੇ ਭਰਮਾਊ ਖ਼ਪਤਵਾਦ ਦੇ ਜ਼ਰੀਏ ਦਿਖਾਵੇਬਾਜ਼ /ਕਬਜ਼ਾਵਾਦੀ ਵਿਅਕਤੀਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਤਾਂ ਕੋਈ ਦਲੀਲ ਦੇ ਸਕਦਾ ਹੈ ਕਿ ਇਸ ਦਾ ਕੋਈ ਬਦਲ ਸੰਭਵ ਨਹੀਂ ਹੋ ਸਕਦਾ। ਇਸ ਦੇ ਬਾਵਜੂਦ ਅਸੀਂ ਇਸ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਕਿ ਮਨੁੱਖੀ ਸਭਿਅਤਾ ਦੌਰਾਨ ਬਿਲਕੁੱਲ ਵੱਖਰੀ ਕਿਸਮ ਦੀ ਤਲਾਸ਼ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਹ ਨੀਤਸ਼ੇ ਦੇ ‘ਸੁਪਰਮੈਨ’ ਦੀ ਖੋਜ ਨਹੀਂ ਹੈ ਜੋ ‘ਸੱਤਾ ਦੀ ਚਾਹਤ’ ਨਾਲ ਚਲਦੀ ਹੈ ਤੇ ਨਾ ਹੀ ਇਹ ਸਾਰੇ ਦੁਨਿਆਵੀ ਮਾਮਲਿਆਂ ਨੂੰ ਛੱਡ-ਛਡਾਅ ਕੇ ਦੌੜ ਜਾਣ ਦੀ ਕਾਇਰਤਾ ਜਾਂ ਉਦਾਸੀਨਤਾ ਹੈ। ਇਸ ਦੀ ਬਜਾਇ ਇਹ ਸਿਫ਼ਤੀ ਤੌਰ ਤੇ ਸ਼ਕਤੀ ਦਾ ਇਕ ਵੱਖਰੇ ਰੂਪ ਦੀ ਤਲਾਸ਼ ਹੈ, ਭਾਵ ਨਿਤਾਣਿਆਂ ਨੂੰ ਤਾਕਤ ਦੇਣ, ਰਹਿਮ ਦਿਲ ਤੇ ਨਰਮ ਦਿਲ ਬਣਨ ਦੀ ਦਲੇਰੀ ਅਤੇ ਬਿਨਾਂ ਕਿਸੇ ਤਜਾਰਤੀ ਗਰਜ਼ ਤੋਂ ਕਿਸੇ ਦੀ ਮਹਿਕ ਜਗਾਉਣ ਦੀ ਕਾਬਲੀਅਤ ਹੈ : ਜਿਵੇਂ ਦੋਸਤੋਵਸਕੀ ਦੇ ਨਾਵਲ ‘ਦਿ ਬ੍ਰਦਰਜ਼ ਕਰਮਾਜ਼ੋਵ’ ਵਿਚ ਅਲਿਓਸ਼ਾ ਫੁੱਲ ਵਾਂਗ ਖਿੜਦੀ ਹੈ। ਇਹ ਸਿਖਰਲੀ ਤਾਕਤ ਹੈ, ਮੁਹੱਬਤ ਦੀ ਤਾਕਤ ਜੋ ਕਿਸੇ ਨੂੰ ਅਪਣੀ ਹਓਮੈ ਦੀਆਂ ਵਲਗਣਾਂ ਤੋਂ ਪਰ੍ਹੇ ਦੇਖਣ ਦੇ ਯੋਗ ਬਣਾਉਂਦੀ ਹੈ ਅਤੇ ਅਨੰਤ ਦੀ ਬਹੁਤਾਤ ਦਾ ਅਭਿਆਸ ਕਰਾਉਂਦੀ ਹੈ। ਇਹ ਹੀ ਬੁੱਧ ਤੇ ਜੀਸਸ ਜਾਂ ਰੂਮੀ ਤੇ ਕਬੀਰ ਦੀ ਤਲਾਸ਼ ਸੀ। ਤੇ ਸੰਭਾਵੀ ਤੌਰ ਉੱਤੇ, ਸਰਗਰਮ ਸਿਆਸੀ ਖੇਤਰ ਵਿਚ ਕੁਝ ਲੋਕ ਕਹਿਣਗੇ ਕਿ ਗਾਂਧੀ, ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਦੀ ਤਲਾਸ਼ ਸੀ।
ਦਰਅਸਲ, ਮੈਂ ਜਿਹੜੀ ਸੂਚੀ ਦਾ ਜ਼ਿਕਰ ਕੀਤਾ ਸੀ, ਉਸ ਤੋਂ ਸੰਕੇਤ ਮਿਲਦਾ ਹੈ ਕਿ ਸਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ ਅਤੇ ਸਾਡੀਆਂ ਤਰਜੀਹਾਂ ਕੀ ਹਨ। ਗਹਿਰਾਈ ਵਿਚ ਉੱਤਰ ਕੇ ਇਹ ਦੱਸਦੀ ਹੈ ਕਿ ਦਰਜਾਬੰਦੀ ਨਾਲ ਸਾਨੂੰ ਕਿੰਨਾ ਖਬਤ ਹੈ ਤੇ ਦੇਵ-ਦਰਜਿਆਂ ਨਾਲ ਅਸੀਂ ਕਿੰਜ ਜੁੜੇ ਹੋਏ ਹਾਂ। ਇਸੇ ਲਈ ਅਸੀਂ ਬਹੁਤ ਚਾਅ ਨਾਲ ਦਸ ਸੁੰਦਰੀਆਂ, ਦਸ ਚੋਟੀ ਦੀਆਂ ਯੂਨੀਵਰਸਿਟੀਆਂ ਦਾ ਵਰਗੀਕਰਨ ਕਰਦੇ ਹਾਂ, ਜੇ ਹੋ ਸਕੇ ਤਾਂ ਦਸ ਚੋਟੀ ਦੇ ਮਾਰਕਸੀ ਬੁੱਧੀਜੀਵੀਆਂ ਦਾ ਵਰਗ ਤਿਆਰ ਕਰ ਸਕਦੇ ਹਾਂ। ਸਾਡੇ ਵਿਚੋਂ ਹਰ ਇਕ ਦੇ ਵੱਖਰੇਪਣ ਨੂੰ ਪਛਾਣਨਾ ਅਤੇ ਜੀਵਨ ਊਰਜਾ ਦੇ ਵੱਖੋ ਵੱਖਰੇ ਰੂਪਾਂ ਨੂੰ ਜਾਣਨਾ, ਇਸ ਕਿਸਮ ਦੇ ਦੇਵ ਦਰਜਾਬੱਧ ਮਨ ਤੇ ਕਿੰਤੂ ਕਰਨਾ ਵਾਕਈ ਬਹੁਤ ਔਖਾ ਕੰਮ ਹੈ। ਆਪਣੇ ਪਿੰਡ ਦੇ ਮੇਲੇ ਵਿਚੋਂ ਆਪਣੀ ਬੱਚੀ ਲਈ ਖਿਡੌਣਾ ਖਰੀਦ ਰਹੀ ਕੋਈ ਔਰਤ ਕਿਸੇ ਵੀ ਤਰ੍ਹਾਂ ਟੀਵੀ ਕੈਮਰਿਆਂ ਸਾਹਮਣੇ ਆਪਣੀ ਬੱਚੀ ਨਾਲ ਘੁੰਮ ਰਹੀ ਐਸ਼ਵਰਿਆ ਰਾਏ ਤੋਂ ਘੱਟ ਸੁੰਦਰ ਨਹੀਂ, ਜਿੱਥੋਂ ਤੱਕ ਗਿਆਨ ਵੰਡਣ ਦੇ ਕਾਰਜ ਦਾ ਸਵਾਲ ਹੈ ਤਾਂ ਕਿਸੇ ਅਣਜਾਣੇ ਸਕੂਲ ਦਾ ਕੋਈ ਦਿਆਨਤਦਾਰ ਅਧਿਆਪਕ ਹਾਰਵਰਡ ਦੇ ਕਿਸੇ ਪ੍ਰੋਫੈਸਰ ਤੋਂ ਘੱਟ ਨਹੀਂ ਹੁੰਦਾ, ਤੇ ਮੋਦੀ ਅਤੇ ਅੰਬਾਨੀ ਵਰਗੇ ਬੰਦੇ ਵੀ ਕਿਸੇ ਸੂਫ਼ੀ ਫ਼ਕੀਰ ਤੋਂ ਅਸਲ ਜ਼ਿੰਦਗੀ ਦੇ ਕੁਝ ਸਬਕ ਸਿੱਖ ਸਕਦੇ ਹਨ। ਸੂਝ ਬੂਝ ਅਤੇ ਲਗਨ ਦੀ ਇਸ ਗਹਿਰੀ ਕਲਾ ਦੇ ਜ਼ਰੀਏ ਹੀ ਅਸੀਂ ਇਕ ਅਜਿਹਾ ਸੰਸਾਰ ਸਿਰਜਣ ਵੱਲ ਜਾ ਸਕਦੇ ਹਾਂ ਜਿੱਥੇ 100 ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਲਈ ਸਭ ਸੁੱਖ ਸਹੂਲਤਾਂ ਦੀ ਬਜਾਇ ਹਰ ਇਕ ਇਨਸਾਨੀ ਰੂਹ ਦੇ ਖਿੜਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹੋਣ।
*ਲੇਖਕ ਸਮਾਜ ਸ਼ਾਸਤਰੀ ਹੈ।
ਸਮਾਜ ਵਿਚੋਂ ਰਹਿਮਦਿਲੀ ਖੰਭ ਲਾ ਕੇ ਉਡ ਗਈ - ਅਵਿਜੀਤ ਪਾਠਕ
ਅਸੀਂ ਹਿੰਸਾ ਦੀ ਹਵਾੜ ਵਿਚ ਰਹਿੰਦੇ ਅਤੇ ਹਿੰਸਾ ਵਿਚ ਹੀ ਸਾਹ ਲੈਂਦੇ ਹਾਂ, ਅੱਜ ਜਦੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਹਿੰਸਾ ਆਮ ਵਰਤਾਰਾ ਬਣ ਗਈ ਹੈ ਤਾਂ ਵੀ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਤੁਹਾਨੂੰ ਇਹ ਦੇਖਣ ਤੇ ਸਮਝਣ ਲਈ ਮਾਰਕਸਵਾਦੀ ਹੋਣ ਦੀ ਲੋੜ ਨਹੀਂ ਕਿ ਦੇਸ਼ ਦੀ ਹਾਕਮ ਜਮਾਤ ਜਿਉਂ ਹੀ ਕਿਸੇ ਵੀ ਤਰ੍ਹਾਂ ਦੇ ਸੱਤਾ ਵਿਰੋਧ ਦੀ ਕਰੂੰਬਲ ਫੁੱਟਦੀ ਦੇਖਦੀ ਹੈ ਤਾਂ ਉਹ ਫ਼ੌਰੀ ਇਸ ਨੂੰ ਦਬਾਉਣ ਵਾਸਤੇ ਸਟੇਟ/ਰਿਆਸਤ ਦੇ ਦਮਨਕਾਰੀ ਹੀਲੇ-ਵਸੀਲੇ ਵਰਤਣ ਲਈ ਕਾਹਲ਼ੀ ਪੈ ਜਾਂਦੀ ਹੈ। ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸਿ਼ਆ ਨਹੀਂ ਜਾਂਦਾ। ਇਸ ਦਾ ਸ਼ਿਕਾਰ ਬੰਗਲੌਰ ਨਾਲ ਸਬੰਧਤ ਵਾਤਾਵਰਨ ਕਾਰਕੁਨ ਹੋਈ ਹੈ, ਜਾਂ ਗੋਰਖਪੁਰ ਨਾਲ ਸਬੰਧਤ ਜਾਗਦੀ ਜ਼ਮੀਰ ਵਾਲਾ ਕੋਈ ਡਾਕਟਰ, ਜਾਂ ਦਿੱਲੀ ਦਾ ਕੋਈ ਯੂਨੀਵਰਸਿਟੀ ਵਿਦਿਆਰਥੀ। ਭਲਕ ਨੂੰ ਅਜਿਹਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਪਰ ਜਿਸ ਰਾਹ ਅਸੀਂ ਚੱਲ ਰਹੇ ਹਾਂ, ਸਾਡੇ ਸਮਾਜਿਕ ਅਮਲ ਤੇ ਸਾਡੀ ਸਾਂਝੀ ਮਾਨਸਿਕਤਾ ਵਿਚ ਰਿਆਸਤ ਜਾਂ ਹਾਕਮ ਜਮਾਤ ਦੇ ਕੰਮ-ਕਾਜ ਨੂੰ ਵੱਖ ਵੱਖ ਕਰਨਾ ਮੁਸ਼ਕਿਲ ਹੋਵੇਗਾ। ਆਮ ਸ਼ਹਿਰੀ ਹੋਣ ਦੇ ਨਾਤੇ ਸਾਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਇਹ ਘੋਖਣ ਦੀ ਲੋੜ ਹੈ ਕਿ ਕਿਤੇ ਅਸੀਂ ਖ਼ੁਦ ਵੀ ਇਸ ਹਿੰਸਾ ਨੂੰ ਹੁਲਾਰਾ ਤਾਂ ਨਹੀਂ ਦੇ ਰਹੇ।
ਸਾਨੂੰ ਇਹ ਤਸਲੀਮ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਸਮਾਜ ਹਿੰਸਾ ਭਰਿਆ ਹੈ। ਦਰਅਸਲ, ਸਾਡਾ ਉਹ ਸੱਭਿਆਚਾਰ ਜਿਸ ਨੇ ਕਦੇ ‘ਮਨੂੰ ਸਮ੍ਰਿਤੀ’ ਵਰਗਾ ਗ੍ਰੰਥ ਸਿਰਜਿਆ ਸੀ, ਅਜੇ ਵੀ ਬ੍ਰਾਹਮਣਵਾਦੀ ਪਿਤਾ-ਪੁਰਖੀ ਸੱਤਾਵਾਦੀ ਵਿਖਿਆਨ ਵਿਚੋਂ ਉਪਜੀ ਹਿੰਸਾ ਤੋਂ ਬਾਹਰ ਨਹੀਂ ਆ ਸਕਿਆ। ਕੀ ਸਾਡੇ ਵਿਚੋਂ ਅਜੇ ਵੀ ਬਹੁਤ ਸਾਰੇ ਉਹੋ ਸੋਚ ਆਪਣੇ ਦਿਲੋ-ਦਿਮਾਗ਼ ਵਿਚ ਚੁੱਕੀ ਨਹੀਂ ਫਿਰਦੇ, ਜਿਹੜੀ ‘ਦੂਜਿਆਂ’ ਪ੍ਰਤੀ ਊਚ-ਨੀਚ ਨੂੰ ਮੰਨਦੀ ਹੈ, ਉਨ੍ਹਾਂ ਨੂੰ ਸਮਾਜ ਤੋਂ ਨਿਖੇੜਦੀ ਹੈ ਤੇ ਡਰਾਉਂਦੀ ਹੈ, ਜਾਂ ਕਹਿ ਲਓ, ਕੀ ਇਹ ਇੰਜ ਨਹੀਂ ਹੈ ਕਿ ਅਸੀਂ ਦੇਸ਼ ਵੰਡ ਦੇ ਦੁਖੜੇ ਸਹਿਣ ਅਤੇ ਭਾਰੀ ਫਿ਼ਰਕੂ ਨਫ਼ਰਤ ਝੱਲਣ ਦੇ ਬਾਵਜੂਦ ਉਸ ਮਾੜੀ ਸੋਚ ਤੋਂ ਬਾਹਰ ਨਹੀਂ ਆ ਸਕੇ ਜੋ ਧਰਮ ਤੋਂ ਇਸ ਦੀ ਮੋਹ-ਮੁਹੱਬਤ ਖੋਹ ਲੈਂਦੀ ਹੈ, ਜੋ ਜ਼ਹਿਰ ਉਗਲਦੀ ਹੈ, ਜੋ ਮਿਲਜੁਲ ਕੇ ਜਿਊਣ ਤੇ ਸਬੰਧਤ ਹੋਣ ਦੀ ਭਾਵਨਾ ਨੂੰ ਨਕਾਰਦੀ ਹੈ ਅਤੇ ਵੰਡ ਦੀਆਂ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ? ਤੇ ਕੀ ਇਹ ਸੱਚ ਹੈ ਕਿ ਸਾਡੀ ਆਧੁਨਿਕਤਾ ਨੇ ਸਾਨੂੰ ‘ਅਤੀਤ ਦਾ ਭਾਰ ਢੋਣ’ ਤੋਂ ਨਿਜਾਤ ਦਿਵਾਉਣ ਦੀ ਥਾਂ ਮਹਿਜ਼ ਖ਼ਪਤਵਾਦ ਨੂੰ ਹੀ ਹੱਲਾਸ਼ੇਰੀ ਦਿੱਤੀ ਹੈ ਜਾਂ ਇਸ ਨੇ ਅਜਿਹਾ ਮੱਧ ਵਰਗ ਪੈਦਾ ਕਰ ਦਿੱਤਾ ਹੈ ਜੋ ਖ਼ਤਰਨਾਕ ਢੰਗ ਨਾਲ ਸਵੈ-ਕੇਂਦ੍ਰਿਤ ਹੈ, ਡਰਪੋਕ ਹੈ ਅਤੇ ਸਮਾਜ ਦੇ ਹੇਠਲੇ ਤਬਕੇ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਤੇ ਬੇਲਾਗ਼ ਹੈ ? ਕੀ ਇਹੋ ਕਾਰਨ ਹੈ ਕਿ ਅੰਨ੍ਹੇ ਰਾਸ਼ਟਰਵਾਦ ਦੀ ਵਿਚਾਰਧਾਰਾ ਆਪਣੇ ਸੱਭਿਆਚਾਰਕ ਤੌਰ ਤੇ ਪਿਛਾਂਹਖਿੱਚੂ ਵਿਖਿਆਨ ਰਾਹੀਂ ਸਾਡੇ ਅੰਦਰ ਸਾਡੀ ਉਸ ਫੁੱਟਪਾਊੁ, ਹਿੰਸਕ, ਜਾਤੀਵਾਦੀ, ਫਿ਼ਰਕੂ ਸੋਚ ਰਾਹੀਂ ਬਣੀ ਰਹਿੰਦੀ ਹੈ, ਜਿਹੜੀ ਸੋਚ ਸਾਨੂੰ ਲਗਾਤਾਰ ਵਿਰਸੇ ਵਿਚ ਮਿਲ ਰਹੀ ਹੈ ?
ਇਸ ਨੂੰ ਅਕਸਰ ਹਾਕਮ ਜਮਾਤ ਦੇ ਆਪਣੇ ‘ਦੁਸ਼ਮਣ’ ਸਿਰਜਣ, ਉਨ੍ਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ’ਚ ‘ਮਾਓਵਾਦੀ’, ‘ਸ਼ਹਿਰੀ ਨਕਸਲ’, ‘ਟੁਕੜੇ ਟੁਕੜੇ ਗੈਂਗ’, ਸ਼ਹਿਰੀ ਹੱਕਾਂ ਦੇ ਕਾਰਕੁਨ ਅਤੇ ਕਿਸਾਨ ਤੱਕ ਤੇ ‘ਅੰਦੋਲਨਜੀਵੀ’ ਵੀ ਸ਼ਾਮਲ ਹੈ। ਅਜਿਹੇ ਦੌਰ ਜਿਸ ’ਚ ਸਾਨੂੰ ਤਾਕਤਵਰ ਸਿਆਸੀ ਜਮਾਤ ਤੇ ਕਾਰਪੋਰੇਟ ਸਲਤਨਤਾਂ ਅਤੇ ਨਾਲ ਹੀ ਬਾਲੀਵੁੱਡ ਜਾਂ ਕ੍ਰਿਕਟ ਦੀਆਂ ਮਸ਼ਹੂਰ ਹਸਤੀਆਂ ਦਰਮਿਆਨ ਨੇੜਤਾ ਦਿਖਾਈ ਦਿੰਦੀ ਹੈ, ਦੌਰਾਨ ਇਹ ਸੁਭਾਵਿਕ ਹੈ ਕਿ ਬਰਾਬਰੀ, ਸੱਭਿਆਚਾਰਕ ਬਹੁਲਤਾਵਾਦ, ਬੌਧਿਕ ਜੋਸ਼ ਅਤੇ ਰੂਹਾਨੀ ਇਕਾਤਮਕਤਾ ਦੀ ਭਾਵਨਾ ਦਾ ਮਜ਼ਾਕ ਉਡਾਇਆ ਜਾਵੇ। ਇਸ ਹਾਲਤ ’ਚ ਸਿਰਫ਼ ਨਫ਼ਰਤੀ ਮਨੋਬਿਰਤੀ ਦਾ ਬੋਲਬਾਲਾ ਰਹਿ ਜਾਂਦਾ ਹੈ। ਪਾਕਿਸਤਾਨ ਨੂੰ ਨਫ਼ਰਤ। ਕਸ਼ਮੀਰੀ ਮੁਸਲਮਾਨਾਂ ਨਾਲ ਨਫ਼ਰਤ। ਕਮਿਊਨਿਸਟਾਂ ਨਾਲ ਨਫ਼ਰਤ। ਗਾਂਧੀਵਾਦੀ ਅਹਿੰਸਾ ਤੋਂ ਨਫ਼ਰਤ। ਉਸਾਰੂ ਸੋਚ ਤੋਂ ਨਫ਼ਰਤ। ਚੰਗੇਰਾ ਸੰਸਾਰ ਚਿਤਵਣ ਤੇ ਇਸ ਨੂੰ ਸਿਰਜਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਵਿਦਿਆਰਥੀਆਂ ਨਾਲ ਨਫ਼ਰਤ। ਹਰ ਪਾਸੇ ਸਾਜਿ਼ਸ਼ ਹੀ ਸਾਜਿ਼ਸ਼ ਦੇਖੋ : ਭਾਵੇਂ ਇਹ ਕੋਈ ਟਵੀਟ ਹੋਵੇ, ਸੈਮੀਨਾਰ ਹੋਵੇ, ਰੋਸ ਮੁਜ਼ਾਹਰਾ ਜਾਂ ਮਹਿਜ਼ ਕੋਈ ਵਿਅੰਗ ਜਾਂ ਲਤੀਫ਼ਾ ਹੀ ਹੋਵੇ। ਯੂਨੀਵਰਸਿਟੀ ਲਾਇਬਰੇਰੀ ਵਿਚ ਪੁਲੀਸ ਵਾੜ ਦਿਉ। ਐੱਫ਼ਆਈਆਰ ਅਤੇ ਦੇਸ਼-ਧ੍ਰੋਹ ਦੇ ਮੁਕੱਦਮਿਆਂ ਰਾਹੀਂ ਆਪਣਾ ਸੁਨੇਹਾ ਪੁੱਜਦਾ ਕਰੋ। ਗ਼ਾਜ਼ੀਪੁਰ, ਸਿੰਘੂ ਤੇ ਟਿਕਰੀ ਬਾਰਡਰਾਂ ਤੇ ਜਾਣ ਵਾਲਿਆਂ ਨੂੰ ‘ਖ਼ਾਲਿਸਤਾਨੀ’ ਸਮਝੋ । ਹਾਥਰਸ ਤੇ ਉਨਾਓ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਰ ਵਾਰ ਹੋਣ ਦਿਉ, ਤੇ ਮੱਧ ਵਰਗ ਨੂੰ ਬੰਦ-ਦਰਵਾਜ਼ਾ ਭਾਈਚਾਰਿਆਂ ਵਿਚ ਮਹਿਜ਼ ਸ਼ੋਰ ਮਚਾਉਣ ਵਾਲੇ ਟੈਲੀਵਿਜ਼ਨ ਐਂਕਰਾਂ ਦੇ ਪ੍ਰਭਾਵ ਹੇਠ ਪੂਰੀ ਤਰ੍ਹਾਂ ਉਦਾਸੀਨਤਾ ਤੇ ਬੇਲਾਗ਼ ਢੰਗ ਨਾਲ ਵੱਸਦਾ ਰਹਿਣ ਦਿਉ।
ਅਫ਼ਸੋਸ, ਅਸੀਂ ਹੰਕਾਰਵਾਦ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸੂਰਤੇਹਾਲ ਵਿਚ ਗੱਲਬਾਤ ਜਾਂ ਵਿਚਾਰ-ਵਟਾਂਦਰੇ ਦੀ ਭਾਵਨਾ ਜਾਂ ਸੰਵੇਦਨਸ਼ੀਲਤਾ ਤੇ ਨਰਮਾਈ ਨੂੰ ‘ਕਮਜ਼ੋਰ’ ਸ਼ਖ਼ਸੀਅਤ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ‘ਮਜ਼ਬੂਤ’ ਆਗੂ ਉਸ ਨੂੰ ਮੰਨਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਇਸ ਹੱਦ ਤੱਕ ਪਿਆਰ ਕਰਦਾ ਹੈ ਕਿ ਉਸ ਨੂੰ ਆਪਣਾ ਹਰ ਵਚਨ ਇਲਾਹੀ ਸੱਚ ਜਾਪਦਾ ਹੈ, ਤੇ ਉਸ ਦੇ ‘ਪੈਰੋਕਾਰ’ ਹੋਣ ਦੇ ਨਾਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਮੂੰਹੋਂ ਨਿਕਲੇ ਹਰ ਲਫ਼ਜ਼ ਦਾ ਪਾਲਣ ਕਰੀਏ ਜਾਂ ਨਾਟਕੀ ਢੰਗ ਨਾਲ ਉਸ ਦੀ ਮੌਜੂਦਗੀ ਨਾਲ ਹੀ ਕੀਲੇ ਜਾਈਏ। ਇਹੀ ਨਹੀਂ, ਮਜ਼ਬੂਤ ਆਗੂ ਸਭ ਤਰ੍ਹਾਂ ਦੀਆਂ ਜ਼ਨਾਨਾ ਸੰਵੇਦਨਸ਼ੀਲਤਾਵਾਂ ਨੂੰ ਨਫ਼ਰਤ ਕਰਦਾ ਹੈ ਅਤੇ ਹੰਕਾਰ ਤੇ ਅੰਨ੍ਹੇ ਮਰਦਾਨਾ ਹਮਲਾਵਰ ਅੰਦਾਜ਼ ਉਸ ਦੀ ਖ਼ੂਬੀ ਹੋਣੀ ਚਾਹੀਦੀ ਹੈ। ਆਗੂ ਦੀ ਅੰਤਾਂ ਦੀ ਆਕੜ, ਸੱਤਾ ਦਾ ਗ਼ਰੂਰ ਅਤੇ ਦੂਜੇ ਪਾਸੇ ਅਸੀਂ ਕੋਈ ਵੀ ਇਤਰਾਜ਼ ਨਾ ਕਰਨ ਵਾਲੇ ਖ਼ਾਮੋਸ਼ ਦਰਸ਼ਕ ਜਾਂ ਉਸ ਦੇ ਤਲਿੱਸਮ ਦੇ ਕੀਲੇ ਹੋਏ : ਫਿਰ ਇਸ ਹਾਲਤ ਵਿਚ ਜਮਹੂਰੀਅਤ ਦਾ ਮਰਸੀਆ ਪੜ੍ਹੇ ਜਾਣ ਵਿਚ ਕੀ ਕਸਰ ਬਾਕੀ ਰਹਿ ਗਈ ਹੈ ਜਾਂ ਇਕ ਨਵੀਂ ਤਰ੍ਹਾਂ ਦੀ ਤਾਨਾਸ਼ਾਹੀ ਦੀ ਆਮਦ ਵਿਚ ਹੋਰ ਕੀ ਦੇਰ ਹੈ? ਹਿੰਸਾ ਇਸ ਦਾ ਅਟੱਲ ਸਿੱਟਾ ਹੈ। ਸਾਡੀ ਭਾਸ਼ਾ ਜ਼ਹਿਰ ਭਰੀ ਹੈ, ਸਾਡੇ ਅਲਫ਼ਾਜ਼ ਤਬਾਹੀ ਦੇ ਹਥਿਆਰ ਹਨ: ‘ਗੋਲੀ ਮਾਰੋ... ਕੋ’ ਵਰਗਾ ਨਾਅਰਾ ਵੀ ਹੁਣ ਆਮ ਗੱਲ ਹੋ ਚੁੱਕਾ ਹੈ, ਨਾਲ ਹੀ ਟਰੋਲ ਆਰਮੀ ਵੀ ਅਜੋਕੇ ਸਿਆਸੀ-ਤਹਿਜ਼ੀਬੀ ਵਰਤਾਰੇ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਅਸੀਂ ਖ਼ਤਰਨਾਕ ਹੱਦ ਤੱਕ ਹਿੰਸਕ ਹੋ ਚੁੱਕੇ ਹਾਂ।
ਅੱਜ ਹਾਲਾਤ ਇਹ ਹਨ ਕਿ ਹਾਕਮ ਜਮਾਤ ਚਾਹੁੰਦੀ ਹੈ ਕਿ ਅਸੀਂ ਇਹ ਗੱਲ ਮੰਨ ਲਈਏ ਕਿ ਦਿਸ਼ਾ ਰਵੀ ਵਰਗੀ ਮੁਟਿਆਰ ‘ਭਾਰਤ ਦੀ ਬਦਨਾਮੀ ਕਰਨ ਵਾਲੀ ਕੌਮਾਂਤਰੀ ਸਾਜਿ਼ਸ਼’ ਵਿਚ ਸ਼ਾਮਲ ਹੈ। ਇਸ ਮੌਕੇ ਆਪਣੇ ਆਪ ਨੂੰ ਇਹ ਤਲਖ਼ ਹਕੀਕਤ ਚੇਤੇ ਕਰਾਉਣੀ ਜ਼ਰੂਰੀ ਹੈ : ਸਾਨੂੰ ਵਤਨ ਦੀ ਬਦਨਾਮੀ ਕਰਨ ਵਾਸਤੇ ਸਾਜਿ਼ਸ਼ੀਆਂ ਦੀ ਲੋੜ ਹੀ ਨਹੀਂ ਹੈ, ਅਸੀਂ ਤਾਂ ਆਪਣੀਆਂ ਕਰਤੂਤਾਂ ਰਾਹੀਂ ਆਪਣੇ ਵਤਨ ਦਾ ਅਪਮਾਨ ਕਰ ਰਹੇ ਹਾਂ। ਗਊ ਰੱਖਿਆ ਚੌਕਸੀ ਅਤੇ ਹਜੂਮੀ ਕਤਲਾਂ ਵਰਗੀ ਹਰ ਘਟਨਾ ਨਾਲ ਭਾਰਤ ਦੀ ਬਦਨਾਮੀ ਹੁੰਦੀ ਹੈ। ‘ਲਵ ਜਹਾਦ’ ਦੇ ਹਰ ਵਿਚਾਰ ਨਾਲ ਭਾਰਤ ਬਦਨਾਮ ਹੁੰਦਾ ਹੈ। ਔਰਤਾਂ ਨਾਲ ਹੋਣ ਵਾਲੀ ਜਿਨਸੀ ਹਿੰਸਾ ਨਾਲ ਵੀ ਭਾਰਤ ਦੀ ਵਡਿਆਈ ਨਹੀਂ ਹੁੰਦੀ। ਕਰੋਨਾ ਲੌਕਡਾਊਨ ਦੌਰਾਨ ਆਪਣੇ ਹੀ ਵਤਨ ‘ਚ ਬੇਵਤਨੇ ਹੋਏ ਪਰਵਾਸੀ ਮਜ਼ਦੂਰਾਂ ਦੀ ਮੰਦਹਾਲੀ ਸਾਰੀ ਦੁਨੀਆ ਨੇ ਦੇਖੀ ਜਿਸ ਨਾਲ ਭਾਰਤ ਦੀ ਘੱਟ ਹੇਠੀ ਨਹੀਂ ਹੋਈ। ਜਿਹੋ ਜਿਹਾ ਸਲੂਕ ਸਟੇਟ ਵੱਲੋਂ ਆਪਣੇ ਹੀ ਲੋਕਾਂ, ਖ਼ਾਸਕਰ ਕਿਸਾਨਾਂ, ਦਲਿਤ ਕਾਰਕੁਨਾਂ, ਵਿਦਿਆਰਥੀਆਂ ਜਾਂ ਆਮ ਕਸ਼ਮੀਰੀ ਮਰਦਾਂ ਤੇ ਔਰਤਾਂ ਨਾਲ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਕਿਵੇਂ ਉੱਭਰ ਰਹੀ ਤਾਨਾਸ਼ਾਹੀ ਚੁਣ ਚੁਣ ਕੇ ਜਮਹੂਰੀ ਸੋਚ ਨੂੰ ਖ਼ਤਮ ਕਰ ਰਹੀ ਹੈ। ਭਾਰਤ ਕੋਈ ਖ਼ੂਬਸੂਰਤ ਤਸਵੀਰ ਨਹੀਂ, ਭਾਰਤ ਰਿਸ਼ੀਆਂ ਤੇ ਯੋਗੀਆਂ ਦੀ ਕੋਈ ਮਿਥਿਹਾਸਕ ਕਹਾਣੀ ਨਹੀਂ, ਭਾਰਤ ਤਾਂ ਮਹਾਤਮਾ ਬੁੱਧ ਜਾਂ ਗਾਂਧੀ ਦੀ ਕੋਈ ਮੂਰਤੀ ਵੀ ਨਹੀਂ। ਭਾਰਤ ਉਹ ਵੀ ਨਹੀਂ ਜੋ ਇਸ ਦੇ ਸੰਵਿਧਾਨ ਵਿਚ ਲਿਖਿਆ ਹੈ। ਹੁਣ ਭਾਰਤ ਬੁਰੀ ਤਰ੍ਹਾਂ ਜ਼ਖ਼ਮੀ ਹੈ।
ਸਾਡੀ ਸਮੂਹਿਕ ਮੁਕਤੀ ਦੀ ਸੰਭਾਵਨਾ ਆਪਣੀ ਇਸ ਬਿਮਾਰੀ ਨੂੰ ਮੰਨ ਲੈਣ ਵਿਚ ਹੀ ਹੈ। ਫਿਰ ਆਪਣੇ ਅੰਦਰ ਝਾਕੀਏ ਤਾਂ ਕਿ ਅਸੀਂ ਦੂਜਿਆਂ ਨੂੰ ਦੁਖ ਦੇ ਕੇ ਖ਼ੁਸ਼ ਹੋਣ ਦੇ ਖ਼ਬਤ ਤੋਂ ਛੁਟਕਾਰਾ ਪਾ ਸਕੀਏ, ਘਮੰਡੀ ਤੇ ਦੰਭੀ ਹੋਣ ਦੇ ਖੋਖਲੇਪਣ ਨੂੰ ਪਛਾਣ ਸਕੀਏ, ਪਿਆਰ-ਮੁਹੱਬਤ ਤੇ ਰਹਿਮਦਿਲੀ ਦੀ ਭਾਵਨਾ ਦਾ ਅਹਿਸਾਸ ਕਰ ਸਕੀਏ।
* ਲੇਖਕ ਸਮਾਜ ਸ਼ਾਸਤਰੀ ਹੈ।