ਸਿੱਖਿਆ ਪ੍ਰਣਾਲੀ ਬਾਰੇ ਮੁੜ ਸੋਚਣ ਦਾ ਵੇਲਾ - ਅਵਿਜੀਤ ਪਾਠਕ
ਭਿਆਨਕ ਮਹਾਮਾਰੀ ਕਾਰਨ ਚਾਰੇ ਪਾਸੇ ਫੈਲੇ ਹਨੇਰੇ ਦੌਰਾਨ ਵੀ ਸਾਡੀ ਜ਼ਿੰਦਗੀ ਦੀ ਆਸ ਬੰਨ੍ਹਾਉਣ ਵਾਲੀਆਂ ਤੇ ਉਦਾਰ ਕਲਪਨਾਵਾਂ ਨਿਸਤੇਜ ਹੋਣ ਤੋਂ ਇਨਕਾਰੀ ਹਨ। ਇਹ ਮਈ ਦਾ ਹੀ ਮਹੀਨਾ ਸੀ ਜਦੋਂ ਇਸ ਸਰਜ਼ਮੀਨ ਨੇ ਦੋ ਮਹਾਨ ਸ਼ਖ਼ਸੀਅਤਾਂ ਰਵਿੰਦਰ ਨਾਥ ਟੈਗੋਰ (7 ਮਈ, 1861) ਅਤੇ ਜਿੱਡੂ ਕ੍ਰਿਸ਼ਨਾਮੂਰਤੀ (11 ਮਈ, 1895) ਨੂੰ ਜਨਮ ਦਿੱਤਾ, ਤੇ ਹੁਣ ਮਈ 2021 ਦੌਰਾਨ ਭਾਵੇਂ ਅਸੀਂ ਬੁਰੀ ਤਰ੍ਹਾਂ ਟੁੱਟੇ ਅਤੇ ਜ਼ਖ਼ਮੀ ਹਾਲਾਤ ਵਿਚ ਹਾਂ, ਤਾਂ ਵੀ ਉਨ੍ਹਾਂ ਨੂੰ ਮੁੜ ਚੇਤੇ ਕਰਨਾ ਸੁਖਦ ਲੱਗਦਾ ਹੈ, ਜਦੋਂ ਉਨ੍ਹਾਂ ਤੋਂ ਸੇਧ ਲੈ ਕੇ ਇਸ ਗੱਲ ਤੇ ਮੁੜ ਵਿਚਾਰ ਕੀਤੀ ਜਾ ਸਕਦੀ ਹੈ ਕਿ ਅੱਜ ਮੁਲਕ ਵਿਚ ਮਿਆਰੀ ਅਤੇ ਮੁੱਖ ਧਾਰਾ ਸਿੱਖਿਆ ਦੇ ਨਾਂ ਤੇ ਕੀ ਚੱਲ ਰਿਹਾ ਹੈ। ਖ਼ੈਰ, ‘ਉਤਪਾਦਕਤਾ’, ‘ਉਪਯੋਗਤਾ’ ਅਤੇ ‘ਕੁਸ਼ਲਤਾ’ ਦੀ ਬਾਜ਼ਾਰ-ਮੁਖੀ ਧਾਰਨਾ ਦੇ ਭ੍ਰਿਸ਼ਟ ਕੀਤੇ ਇਸ ਦੌਰ ਵਿਚ ਬਹੁਤੇ ਲੋਕ ਹਰਗਿਜ਼ ਕਿਸੇ ਸ਼ਾਇਰ ਜਾਂ ਕਿਸੇ ਘੁਮੱਕੜ ਵਾਲੇ ਰਾਹ ਨਹੀਂ ਤੁਰਨਾ ਚਾਹੁਣਗੇ। ਇਸ ਦੇ ਬਾਵਜੂਦ ਸਿੱਖਿਆ ਦੇ ਮੌਜੂਦਾ ਪ੍ਰਚਲਿਤ ਰੂਪ ਤੋਂ ਜਿਹੜੇ ਲੋਕ ਬੇਚੈਨੀ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਟੈਗੋਰ ਅਤੇ ਕ੍ਰਿਸ਼ਨਾਮੂਰਤੀ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਇਸ ਸਿੱਖਿਆ ਢਾਂਚੇ ਵਿਚ ਦਮਨਕਾਰੀ ਸਕੂਲੀ ਪੜ੍ਹਾਈ, ਉਪਯੋਗਤਾਵਾਦੀ ਕੋਚਿੰਗ ਸੈਂਟਰਾਂ, ਗਲੇ-ਸੜੇ ਅਧਿਆਪਨ ਤਰੀਕਿਆਂ, ਇਮਤਿਹਾਨਾਂ ਦੇ ਭੈਅ, ਬਹੁਤ ਜਿ਼ਆਦਾ ਮੁਕਾਬਲੇਬਾਜ਼ੀ, ਦਿਮਾਗੀ ਖੁੰਢਾਪਣ ਆਦਿ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ। ਅਜਿਹੇ ਲੋਕਾਂ ਨੂੰ ਸਿੱਖਿਆ ਪ੍ਰਬੰਧ ਦੇ ਸੁਧਾਰ ਦੀ ਕੋਸ਼ਿਸ਼ ਕਰਦਿਆਂ ਮੌਜੂਦਾ ਢਾਂਚੇ ਖਿ਼ਲਾਫ਼ ਵਿਰੋਧ ਜਤਾਉਣਾ ਚਾਹੀਦਾ ਹੈ, ਭਾਵੇਂ ਮੌਜੂਦਾ ਸਥਾਪਤ ਢਾਂਚੇ ਅਤੇ ਇਸ ਦੇ ਤਕਨੀਕੀ ਪ੍ਰਬੰਧਕ ਨੀਤੀ ਨਿਰਮਾਤਾਵਾਂ ਵੱਲੋਂ ਤੁਹਾਡੇ ਵਿਚਾਰਾਂ ਨੂੰ ਮਹਿਜ਼ ਆਦਰਸ਼ਵਾਦੀ ਕਰਾਰ ਦੇ ਕੇ ਇਨ੍ਹਾਂ ਛੁਟਿਆਇਆ ਹੀ ਕਿਉਂ ਨਾ ਜਾਵੇ।
ਆਉ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਆਧੁਨਿਕ ਸਕੂਲੀ ਪ੍ਰਬੰਧ ਨੇ ਆਪਣੇ ਫ਼ੌਜੀ ਅਨੁਸ਼ਾਸਨ ਅਤੇ ਜ਼ਾਬਤੇ ਤੇ ਨਿਗਰਾਨੀ ਦੀਆਂ ਤਕਨੀਕਾਂ ਰਾਹੀਂ ਸਾਡੇ ਬੱਚਿਆਂ ਉਤੇ ਕੀ ਅਸਰ ਪਾਇਆ ਹੈ। ਇਸ ਨੇ ਬਨਾਉਟੀ ਸੁਰੱਖਿਆ, ਸੰਜਮੀ ਸਹਿਜਤਾ ਦੇ ਨਾਲ ਹੀ ਜਿ਼ੰਦਗੀ ਦੇ ਉਸਾਰੂ ਪ੍ਰਵਾਹ ਨੂੰ ਰੋਕ ਕੇ ਉਨ੍ਹਾਂ ਦੀ ਹੋਂਦ ਨੂੰ ਹੀ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਵੱਡੀਆਂ ਵੱਡੀਆਂ ਦੀਵਾਰਾਂ, ਸੀਸੀਟੀਵੀ ਕੈਮਰਿਆਂ, ਖੰਡਿਤ ਤੇ ਖਿੰਡੀਆਂ-ਪੁੰਡੀਆਂ ਗਿਆਨ ਰੂਪੀ ਖ਼ੁਰਾਕਾਂ (ਸਵੇਰੇ 9.30 ਵਜੇ ਫਿਜ਼ਿਕਸ ਦੀ ਕਲਾਸ, 10.15 ਵਜੇ ਕਵਿਤਾ ਤੇ 11 ਵਜੇ ਕਲੇਅ ਮਾਡਲਿੰਗ) ਦੇ ਨਾਲ ਹੀ ਘੰਟੀਆਂ ਤੇ ਘੜੀ ਦਾ ਜ਼ੁਲਮ ਅਤੇ ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਦਿਖਾਉਣ ਦਾ ਲਗਾਤਾਰ ਦਬਾਅ : ਇਸ ਸਭ ਕਾਸੇ ਨੇ ਸਾਡੇ ਸਕੂਲਾਂ ਨੂੰ ਜੇਲ੍ਹਾਂ ਬਣਾ ਦਿੱਤਾ ਹੈ। ਕੀ ਇਹ ਤਾਂ ਨਹੀਂ ਕਿ ਅਜਿਹੀ ਸਕੂਲੀ ਸਿੱਖਿਆ ਕਿਸੇ ਨੂੰ ਅਲੱਗ-ਥਲੱਗ ਕਾਮਾ ਜਾਂ ਬੇਪ੍ਰਵਾਹ ਖ਼ਪਤਕਾਰ ਬਣਾ ਦਿੰਦੀ ਹੈ? ਹੁਣ ਟੈਗੋਰ ਦੀ ਕਾਵਿਕ ਗੰਭੀਰਤਾ ਬਾਰੇ ਸੋਚੋ, ਉਨ੍ਹਾਂ ਦੇ ਫ਼ੌਜੀ ਅਨੁਸ਼ਾਸਨ ਦੇ ਵਿਰੋਧ ਬਾਰੇ, ਇਨ੍ਹਾਂ ਜੇਲ੍ਹ ਰੂਪੀ ਢਾਂਚਿਆਂ ਨੂੰ ਖ਼ਤਮ ਕਰ ਦੇਣ ਅਤੇ ਆਧੁਨਿਕ ‘ਤਪੋਵਨ’ ਸਿਰਜਣ ਦੀ ਉਨ੍ਹਾਂ ਦੀ ਖ਼ਾਹਿਸ਼ ਵੱਲ ਵੀ ਧਿਆਨ ਧਰੋ ਜਿਸ ਵਿਚ ਉਹ ਸਿੱਖਣ ਵਾਲਾ ਅਜਿਹਾ ਭਾਈਚਾਰਾ ਸਿਰਜਣ ਦੀ ਕਾਮਨਾ ਕਰਦੇ ਹਨ ਜਿਸ ਵਿਚ ਕੁਦਰਤ ਦੀ ਬਹੁਤਾਤ ਦੌਰਾਨ ਦੋਵੇਂ ਬੱਚੇ ਵੀ ਤੇ ਉਨ੍ਹਾਂ ਦੇ ਅਧਿਆਪਕ ਵੀ ਕਰੀਬੀ ਸੰਪਰਕ ਰਾਹੀਂ ਸਿੱਖਦੇ ਹੋਏ ਅੱਗੇ ਵਧਦੇ ਹਨ। ਕੁਦਰਤ ਦੀ ਛੋਹ, ਰੁੱਖਾਂ ਦੀ ਸਰਸਰਾਹਟ, ਉਨ੍ਹਾਂ ਦਾ ਨਿੱਘ ਮਾਨਣਾ, ਦੇਖਣਾ ਤੇ ਉਨ੍ਹਾਂ ਨਾਲ ਜੁੜਨਾ, ਮੌਨਸੂਨ ਦੇ ਬੱਦਲਾਂ ਦੀਆਂ ਅਸਮਾਨ ਵਿਚਲੀਆਂ ਲੁਕਣਮੀਟੀਆਂ ਅਤੇ ਰਾਤ ਨੂੰ ਅਸਮਾਨ ਵਿਚ ਚੰਦ ਦੇਖਣਾ, ਸਿੱਖਣ ਦੀ ਪ੍ਰਕਿਰਿਆ ਨੂੰ ਨਵਾਂ ਅਰਥ ਦਿੰਦੇ ਹਨ। ਇਹ ਇਉਂ ਨਹੀਂ, ਜਿਵੇਂ ਜਮਾਤ ਦੇ ਬੰਦ ਕਮਰੇ ਵਿਚ ਅਤੇ ਮਿਥੇ ਸਮੇਂ ਵਿਚ ਕੀਟਸ ਨੂੰ ਪੜ੍ਹਦੇ ਹੋਈਏ, ਇਹ ਤਾਂ ਸਗੋਂ ਖ਼ੁਦ ਹੀ ਕੋਈ ਨਜ਼ਮ, ਕੋਈ ਗ਼ਜ਼ਲ ਬਣ ਜਾਣਾ ਹੈ। ਦੂਜੇ ਲਫ਼ਜ਼ਾਂ ਵਿਚ ਅਜਿਹੀ ਸਿੱਖਿਆ ਅਜਿਹਾ ਆਧਾਰ ਸਿਰਜਦੀ ਹੈ ਜਿਥੇ ਕਲਾਤਮਕ ਪੱਖੋਂ ਅਮੀਰ ਅਤੇ ਹਾਲਾਤ ਪੱਖੋਂ ਸੰਵੇਦਨਸ਼ੀਲ ਆਪਾ ਸਿਰਜਿਆ ਜਾ ਸਕਦਾ ਹੈ। ਜਿਵੇਂ ਕਵੀ (ਟੈਗੋਰ) ਮਹਿਸੂਸ ਕਰਦਾ ਹੈ, ਇਹੋ ਤਾਂ ਸਿੱਖਿਆ ਦਾ ਮੂਲ ਤੱਤ ਹੈ। ਅਫ਼ਸੋਸ ਦੀ ਗੱਲ ਹੈ ਕਿ ਪੇਸ਼ੇਵਰ ਦੁਨੀਆ ਵਿਚ ਸਾਡੇ ਮੁੱਖ ਅਧਿਆਪਕ ਸ਼ਾਇਦ ਹੀ ਕਦੇ ਅੰਗਰੇਜ਼ੀ ਵਿਆਕਰਨ ਜਾਂ ਗਣਿਤ ਦੀਆਂ ਜ਼ਰਬਾਂ-ਤਕਸੀਮਾਂ ਤੋਂ ਅਗਾਂਹ ਕੁਝ ਦੇਖਦੇ ਤੇ ਸੋਚਦੇ ਹੋਣ।
ਦੂਜਾ, ਮੌਜੂਦਾ ਸਿੱਖਿਆ ਢਾਂਚੇ ਨੇ ਰਮਤਿਆਂ ਵਾਲੀ ਭਾਵਨਾ, ਵਲਗਣਾਂ ਦੇ ਆਦੀ ਹੋ ਚੁੱਕੇ ਦਿਲੋ-ਦਿਮਾਗ਼ ਤੋਂ ਪਾਰ ਸੋਚਣ-ਵਿਚਾਰਨ ਵਾਲੀ ਸੋਚ ਅਤੇ ਨਿਰਵਿਘਨ ਸਿੱਖਣ ਤੇ ਭੁਲਾ ਦੇਣ ਦੇ ਅਮਲ ਵਾਲੀ ਲਲਕ ਦਾ ਖ਼ਾਤਮਾ ਕਰ ਦਿੱਤਾ ਹੈ। ਅੱਜ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਹੁਤ ਹੀ ਸਮਾਰਟ (ਹੁਸ਼ਿਆਰ) ਰਣਨੀਤੀਘਾੜੇ, ਇਮਤਿਹਾਨਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਅਤੇ ਸੰਭਾਵੀ ਟਾਪਰ ਹੋਣ। ਨਾਲ ਹੀ ਉਨ੍ਹਾਂ ਦੀ ਚੇਤਨਾ ਵਿਚ ਇਹੋ ਬਿਠਾਇਆ ਜਾਂਦਾ ਹੈ ਕਿ ਗਿਆਨ ਤੇ ਜਾਣਕਾਰੀ ਦਾ ਅਰਥ ਮਹਿਜ਼ ਅਧਿਕਾਰਤ ਵਿੱਦਿਅਕ ਪਾਠਕ੍ਰਮ ਨੂੰ ਰਟ ਲੈਣਾ ਹੀ ਹੈ (ਤੇ ਆਈਆਈਟੀ ਵਿਚ ਜਾਣ ਦੇ ਕਿਸੇ ਚਾਹਵਾਨ ਲਈ ਫਿਜਿ਼ਕਸ ਹੋਰ ਕੁਝ ਨਹੀਂ, ਸਿਰਫ਼ ਐੱਫ਼ਆਈਆਈਟੀ-ਜੇਈਈ ਫਿਜਿ਼ਕਸ ਹੀ ਹੈ, ਤੇ ਇਸੇ ਤਰ੍ਹਾਂ ਗਣਿਤ ਹੋਰ ਕੁਝ ਨਹੀਂ, ਬੱਸ ਉਹੋ ਹੈ ਜਿਹੜਾ ਕੋਟਾ ਦੇ ਕੋਚਿੰਗ ਸੈਂਟਰਾਂ ਵਿਚ ਪੜ੍ਹਾਇਆ ਜਾਂਦਾ ਹੈ, ਦੱਸਣਯੋਗ ਹੈ ਕਿ ਕੋਟਾ ਰਾਜਸਥਾਨ ਦਾ ਸ਼ਹਿਰ ਹੈ ਜੋ ਸਾਡੇ ਸਿੱਖਿਆ ਪ੍ਰਬੰਧ ਦਾ ਜੋ ਵੀ ਹਨੇਰਾ ਤੇ ਭੱਦਾ ਪੱਖ ਹੈ, ਉਸ ਲਈ ਜਾਣਿਆ ਜਾਂਦਾ ਹੈ), ਭਾਵ ਇਹ ਉਹ ਉਤਪਾਦ ਹੈ ਜਿਸ ਦੀ ਖ਼ਪਤ ਕਰਨੀ ਪੈਣੀ ਹੈ। ਕ੍ਰਿਸ਼ਨਾਮੂਰਤੀ ਦਾ ਖਿ਼ਆਲ ਸੀ ਕਿ ਅਜਿਹੀਆਂ ਸ਼ਰਤਾਂ ਅਤੇ ਹੱਦਬੰਦੀਆਂ ਨਾਲ ਸਾਡੀ ਚੇਤਨਾ ਦਾ ਵਿਕਾਸ ਸੀਮਤ ਹੋ ਜਾਂਦਾ ਹੈ, ਇਹ ਕਿਸੇ ਬੰਦੇ ਨੂੰ ਜ਼ਿੰਦਗੀ ਦੀ ਰਵਾਨੀ - ਇਸ ਦੀ ਤਾਜ਼ਗੀ, ਇਸ ਦੀ ਅਣਹੋਣੀ ਅਤੇ ਇਸ ਦੀ ਬੇਯਕੀਨੀ - ਤੋਂ ਸਿੱਖਣ ਤੇ ਭੁਲਾਉਣ ਦੇ ਅਸਮਰੱਥ ਬਣਾ ਦਿੰਦੀਆਂ ਹਨ। ਕ੍ਰਿਸ਼ਨਾਮੂਰਤੀ ਦੱਸਦੇ ਹਨ ਕਿ ਸੱਚ ਪਗਡੰਡੀ ਰਹਿਤ ਜ਼ਮੀਨ ਹੈ ਪਰ ਸਾਡਾ ਸਿੱਖਿਆ ਪ੍ਰਬੰਧ ਸਾਨੂੰ ਇਕ ਦਿਸ਼ਾ ਵਿਚ ਹੀ ਦੇਖਣ ਤੇ ਸੋਚਣ ਵਾਲੇ ਬਣਾਉਂਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬੰਧਨਾਂ ਵਾਲਾ ਅਜਿਹਾ ਮਨ ਹਮੇਸ਼ਾ ਖ਼ੌਫ਼ਜ਼ਦਾ ਰਹਿੰਦਾ ਹੈ। ਇਹ ਕਦੇ ਵੀ ਖ਼ਤਰੇ ਮੁੱਲ ਨਹੀਂ ਲੈ ਸਕਦਾ, ਇਹ ਤੈਅ ਢਾਂਚੇ ਤੋਂ ਪਾਰ ਕਦੇ ਵੀ ਨਹੀਂ ਦੇਖ ਸਕਦਾ, ਇਹ ਕਦੇ ਵੀ ਉਸ ਰਾਹ ਤੇ ਨਹੀਂ ਤੁਰ ਸਕਦਾ ਜਿਸ ਨੂੰ ਰੌਬਰਟ ਫਰੌਸਟ ਨੇ ‘ਪਗਡੰਡੀ ਰਹਿਤ ਸਫ਼ਰ’ ਕਰਾਰ ਦਿੱਤਾ ਸੀ। ਇਸ ਤੋਂ ਵੀ ਵੱਧ, ਇਮਤਿਹਾਨਾਂ ਦੀ ਰਸਮ ਤੁਲਨਾ ਉਤੇ ਆਧਾਰਿਤ ਹੈ, ਇਸ ਲਈ ਇਹ ਫੇਲ੍ਹ ਹੋਣ, ਪਛੜ ਜਾਣ ਅਤੇ (ਨਾਲਾਇਕ ਹੋਣ ਦਾ) ਕਲੰਕ ਲੱਗਣ ਦਾ ਡਰ ਜਗਾਉਂਦੀ ਹੈ। ਅਧਿਆਪਕਾਂ, ਸਿੱਖਿਆ ਦਾਨੀਆਂ ਅਤੇ ਬੱਚਿਆਂ ਨਾਲ ਆਪਣੇ ਉਮਰ ਭਰ ਦੇ ਵਿਚਾਰ-ਵਟਾਂਦਰਿਆਂ ਰਾਹੀਂ ਕ੍ਰਿਸ਼ਨਾਮੂਰਤੀ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਸਿੱਖਿਆ ਦੇ ਜਾਗ੍ਰਿਤ ਬੁੱਧੀ, ਆਪਣੇ ਆਪੇ ਦੀ ਖੋਜ, ਜਿ਼ੰਦਗੀ ਪ੍ਰਤੀ ਸੰਵੇਦਨਸ਼ੀਲਤਾ, ਜਾਂ ਇਕ ਖੋਜ ਵਜੋਂ ਮੁੱਲ ਨੂੰ ਜਾਣੀਏ।
ਇਹ ਜਿਹੜਾ ਸੰਸਾਰ ਅਸੀਂ ਘੜ ਲਿਆ ਹੈ, ਇਸ ਬਾਰੇ ਸੋਚੋ। ਇਥੇ ਧਰਮ ਮਹਿਜ਼ ਕੱਟੜਤਾ ਹੈ, ਰਾਸ਼ਟਰਵਾਦ ਇਥੇ ਇਕ ਤਰ੍ਹਾਂ ਮਾਰਖੋਰੀ ਹਮਲਾਵਰ ਭਾਵਨਾ ਹੈ, ‘ਚੰਗਾ ਜੀਵਨ’ ਮਹਿਜ਼ ਆਨੰਦ-ਮਜ਼ੇ ਲੈਣ ਵੱਲ ਕੇਂਦਰਿਤ ਹੈ, ਜਿਵੇਂ ਭਰਮਾਊ ਖ਼ਪਤਵਾਦ ਨੇ ਇਸ ਨੂੰ ਬਣਾਇਆ ਹੈ, ਕੁਦਰਤ ਅਜਿਹਾ ਅੜਿੱਕਾ ਹੈ ਜਿਸ ਨੂੰ ਤਕਨੀਕੀ ਸਾਇੰਸ ਰਾਹੀਂ ਪਾਰ ਪਾਉਣਾ ਪਵੇਗਾ, ਸਮਾਜਿਕ ਡਾਰਵਿਨਵਾਦ (ਇਕ ਤਰ੍ਹਾਂ ਦਾ ਰੂੜ੍ਹੀਵਾਦ) ਹੀ ਅਹਿਮ ਮੰਤਰ ਹੈ, ਅਤੇ ਜਿੱਤ ਮਹਿਜ਼ ਹੋਰਾਂ ਨੂੰ ਹਰਾਉਣ ਦਾ ਸਰੂਰ ਹੈ। ਇਸ ਦੌਰਾਨ ਜੋ ਕੁਝ ਵੀ ਸਿੱਖਿਆ ਦੇ ਨਾਂ ਤੇ ਚੱਲ ਰਿਹਾ ਹੈ, ਉਹ ਸਾਨੂੰ ਇਸ ਕੋਹਜੇ ਤੇ ਕੁਲਹਿਣੇ ਸੰਸਾਰ ਤੋਂ ਪਰੇ ਨਹੀਂ ਲਿਜਾ ਸਕਦਾ। ਦਰਅਸਲ, ਇਹ ਸਿੱਖਿਆ ਤਾਂ ਹਿੰਸਾ ਦੇ ਇਸ ਸੱਭਿਆਚਾਰ ਨੂੰ ਹੋਰ ਹੁਲਾਰਾ ਦਿੰਦੀ ਹੈ। ਅਜਿਹੀ ਸਿੱਖਿਆ ਦਾ ਕੋਹਜ ਮਹਾਮਾਰੀ ਦੇ ਦੌਰ ਵਿਚ ਇਕ ਵਾਰੀ ਮੁੜ ਸਾਹਮਣੇ ਆਉਂਦਾ ਹੈ। ਅਕਾਦਮਿਕ ਅਫ਼ਸਰਸ਼ਾਹੀ ਬੀਤੇ ਉੱਤੇ ਝਾਤੀ ਮਾਰਨ ਤੋਂ ਇਨਕਾਰੀ ਹੈ, ਇਹ ‘ਆਨਲਾਈਨ ਸਿੱਖਿਆ’, ਅਧਿਕਾਰਤ ਪਾਠਕ੍ਰਮ ਮੁਕੰਮਲ ਕਰਨ, ਇਮਤਿਹਾਨ ਕਰਾਉਣ ਅਤੇ ਵਿਦਿਆਰਥੀਆਂ ਦੀ ਦਰਜਾਬੰਦੀ ਕਰਨ ਤੋਂ ਅਗਾਂਹ ਕੁਝ ਸੋਚ ਹੀ ਨਹੀਂ ਸਕਦੀ। ਇਹ ਲੋਕ ਮਾਨਸਿਕ ਤੇ ਹੋਂਦ ਦੇ ਸੰਕਟ ਦੇ ਇਸ ਦੌਰ ਦੌਰਾਨ ਵੀ ਚਾਹੁੰਦੇ ਹਨ ਕਿ ਅਧਿਆਪਕ ਮਹਿਜ਼ ਡੇਟਾ ਮੁਹੱਈਆ ਕਰਾਉਣ ਵਾਲੇ ਬਣੇ ਰਹਿਣ ਤਾਂ ਕਿ ਉਹ ਉੱਚ ਅਫ਼ਸਰਾਂ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਰਹਿਣ : ਜਿਵੇਂ ਵਿਦਿਆਰਥੀਆਂ ਦੀ ਹਾਜ਼ਰੀ, ਉਨ੍ਹਾਂ ਦੇ ਗਰੇਡ (ਅੰਕ) ਆਦਿ ਦੇ ਵੇਰਵੇ। ਸਿੱਖਿਆ ਬਾਰੇ ਅਜਿਹੀ ਪਹੁੰਚ ਦੇ ਖੋਖਲੇਪਣ ਬਾਰੇ ਸ਼ਾਇਦ ਹੀ ਕੋਈ ਗੰਭੀਰ ਸੋਚ-ਵਿਚਾਰ ਕੀਤੀ ਗਈ ਹੋਵੇ, ਜਦੋਂਕਿ ਇਹ ਸੰਸਾਰ ਢਹਿ ਢੇਰੀ ਹੋ ਚੁੱਕਾ ਹੈ।
ਇਸ ਦੇ ਬਾਵਜੂਦ, ਹਾਲੇ ਵੀ ਸਾਡੇ ਦਰਮਿਆਨ ਅਜਿਹੇ ਕੁਝ ਲੋਕ ਮੌਜੂਦ ਹਨ ਜਿਹੜੇ ਵੱਖਰੀ ਤਰ੍ਹਾਂ ਸੋਚਣ ਦਾ ਜੇਰਾ ਰੱਖਦੇ ਹਨ। ਬਤੌਰ ਅਧਿਆਪਕ ਮੇਰਾ ਖਿ਼ਆਲ ਹੈ ਕਿ ਉਹ ਲੋਕ ਜ਼ਰੂਰ ਚਿੰਤਨ ਕਰਨਗੇ, ਟੈਗੋਰ ਅਤੇ ਕ੍ਰਿਸ਼ਨਾਮੂਰਤੀ ਤੋਂ ਸੇਧ ਲੈ ਕੇ ਸੋਚਣਗੇ ਅਤੇ ਇਹੋ ਜਿਹੇ ਸਿੱਖਿਆ ਢਾਂਚੇ ਦੀ ਮੁੜ ਕਲਪਨਾ ਕਰਨਗੇ ਜਿਹੜਾ ਸਾਨੂੰ ਸ਼ਿੱਦਤ ਨਾਲ, ਮਾਣਮੱਤੇ ਢੰਗ ਨਾਲ ਅਤੇ ਸਾਰਥਕ ਢੰਗ ਨਾਲ ਜਿਊਣਾ ਤੇ ਮਰਨਾ ਸਿਖਾਵੇ।
* ਲੇਖਕ ਸਮਾਜ ਸ਼ਾਸਤਰੀ ਹੈ।