ਸਿੱਖਿਆ ਬੋਰਡ ਤੋਂ ਵੱਧ ਅਹਿਮ ਜ਼ਿੰਦਗੀ ਦੇ ਇਮਤਿਹਾਨ - ਅਵਿਜੀਤ ਪਾਠਕ
ਕੋਵਿਡ ਕਰ ਕੇ ਵੱਖ ਵੱਖ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੇ ਜਾਣ ਕਾਰਨ, ਮੈਨੂੰ ਜਾਪਦਾ ਹੈ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਅਤੇ ਫ਼ਿਕਰ ਵਿਚੋਂ ਗੁਜ਼ਰ ਰਹੇ ਹਨ। ਇਸ ਆਲਮੀ ਮਹਾਮਾਰੀ ਦੇ ਦੌਰ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਸਲਾਮਤੀ ਤੋਂ ਵੱਧ ਅਹਿਮ ਭਾਵੇਂ ਕੁਝ ਵੀ ਨਹੀਂ ਹੈ ਪਰ ਤਾਂ ਵੀ ਜਾਪਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਕਾਫ਼ੀ ਨਾਰਾਜ਼ ਹਨ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਸਿੱਖਿਆ ਦਾ ਮੌਜੂਦਾ ਅਮਲ ਮਿਆਰੀ ਟੈਸਟਾਂ ਅਤੇ ਇਮਤਿਹਾਨਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਨਾਲ ਹੀ ਸਾਡੀ ਸੋਚ ਵੀ ਅਜਿਹੀ ਬਣ ਗਈ ਹੈ ਕਿ ਅਸੀਂ ਇਹੋ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਦੀ ਲਿਆਕਤ, ਮੁਹਾਰਤ ਜਾਂ ਬੌਧਿਕਤਾ/ਗਿਆਨ ਦੇ ਵਿਕਾਸ ਨੂੰ ਪਰਖਣ ਦਾ ਅਜਿਹੀਆਂ ਪ੍ਰੀਖਿਆਵਾਂ ਤੋਂ ਬਿਨਾ ਕੋਈ ਚਾਰਾ ਨਹੀਂ। ਇਸ ਲਈ ਇੰਜ ਮੁਕਾਬਲਾ ਕਰਨ ਅਤੇ ਇਮਤਿਹਾਨਾਂ ਵਿਚ ਬੈਠਣ ਤੇ ਦੱਬ ਕੇ ਲਿਖਣ (ਜਿਸ ਨਾਲ ਘਬਰਾਹਟ, ਰਾਤਾਂ ਦਾ ਉਨੀਂਦਰਾ ਤੇ ਧਾਰਮਿਕ ਸਥਾਨਾਂ ਵਿਚ ਜਾ ਕੇ ਕੀਤੀਆਂ ਅਰਜੋਈਆਂ ਵੀ ਸ਼ਾਮਲ ਹੁੰਦੀਆਂ ਹਨ) ਦਾ ਮੌਕਾ ਨਾ ਮਿਲਣ, ਤੇ ਨਾਲ ਹੀ ਇਸ ਕੇਂਦਰੀਕ੍ਰਿਤ ਢਾਂਚੇ ਰਾਹੀਂ ਗਰੇਡਿੰਗ ਤੇ ਦਰਜਾਬੰਦੀ ਨਾ ਹੋਣ ਦਾ ਮਤਲਬ ਹੈ: ਮੁਕਾਬਲੇ ਵਾਲੇ ਸਮਾਜ ਵਿਚ ਭਾਰੀ ਅਹਿਮੀਅਤ ਰੱਖਦੀ ਚੀਜ਼, ਭਾਵ ਲੜਨ ਤੇ ਜੂਝਣ ਦੀ ਭਾਵਨਾ ਅਤੇ ਪ੍ਰਾਪਤੀਆਂ ਕਰਨ ਦੀ ਪ੍ਰੇਰਨਾ ਦਾ ਖ਼ਾਤਮਾ ਕਰ ਦੇਣਾ। ਇਸ ਕਾਰਨ ਇਹ ਖ਼ਦਸ਼ਾ ਮਹਿਸੂਸ ਕੀਤਾ ਜਾਂਦਾ ਹੈ ਕਿ ਬੋਰਡ ਇਮਤਿਹਾਨ ਨਾ ਹੋਣ ਦੀ ਸੂਰਤ ਵਿਚ ਸਿੱਖਿਆ ਦਾ ਮਿਆਰ ਡਿੱਗਣਾ ਹੀ ਡਿੱਗਣਾ ਹੈ।
ਇਸ ਦੇ ਬਾਵਜੂਦ, ਸਾਡੇ ਦਰਮਿਆਨ ਅਜਿਹੇ ਕੁਝ ਸਿੱਖਿਆ ਸ਼ਾਸਤਰੀ ਅਤੇ ਵਿੱਦਿਅਕ ਮਾਹਿਰ ਹਨ ਜਿਹੜੇ ਇਸ ਤੋਂ ਕੁਝ ਵੱਖਰੀ ਤਰ੍ਹਾਂ ਸੋਚਦੇ ਹਨ। ਆਮ ਹਾਲਾਤ ਵਿਚ ਵੀ, ਜਿਵੇਂ ਉਹ ਸਾਨੂੰ ਚੇਤੇ ਕਰਾਉਂਦੇ ਹਨ ਕਿ ਕੇਂਦਰੀਕ੍ਰਿਤ ਇਮਤਿਹਾਨਾਂ ਉਤੇ ਇਕਤਰਫ਼ਾ ਭਾਰੀ ਜ਼ੋਰ ਦੇਣ ਦੇ ਤਬਾਹਕੁਨ ਸਿੱਟੇ ਨਿਕਲ ਸਕਦੇ ਹਨ। ਪਹਿਲਾ, ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ ਜਿਸ ਦਾ ਸਕੂਲੀ ਢਾਂਚਾ ਬਹੁਤ ਹੀ ਊਚ-ਨੀਚ ਭਰਿਆ ਹੈ ਅਤੇ ਨਾਲ ਹੀ ਸਮਾਜਿਕ ਤੇ ਸੱਭਿਆਚਾਰਕ ਨਾ-ਬਰਾਬਰੀ ਵੀ ਬਹੁਤ ਜਿ਼ਆਦਾ ਹੈ, ਉਸ ਵਿਚ ਬੋਰਡ ਇਮਤਿਹਾਨਾਂ ਨੂੰ ‘ਨਿਰਪੱਖ’ ਨਹੀਂ ਮੰਨਿਆ ਜਾ ਸਕਦਾ। ਇਥੋਂ ਤੱਕ ਕਿ ਦਿੱਲੀ ਦੀ ਕਿਸੇ ਮਜ਼ਦੂਰ ਬਸਤੀ ਦੇ ਕਿਸੇ ਮਿਉਂਸਿਪੈਲਿਟੀ ਸਕੂਲ ਦੇ ਵਿਦਿਆਰਥੀਆਂ ਅਤੇ ਮੁੰਬਈ ਦੇ ਕਿਸੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਇਕੋ ਜਿਹਾ ਪਾਠਕ੍ਰਮ ਪੜ੍ਹਨ ਅਤੇ ਇਕੋ ਜਿਹੇ ਇਮਤਿਹਾਨ ਦੇਣ ਲਈ ਆਖਿਆ ਜਾਂਦਾ ਹੈ, ਜਦੋਂਕਿ ਉਹ ਇਸ ਦੌੜ ਵਿਚ ਕਿਵੇਂ ਵੀ ਬਰਾਬਰੀ ਵਾਲੇ ਸ਼ਰੀਕ ਨਹੀਂ ਹੋ ਸਕਦੇ। ਸੰਭਵ ਤੌਰ ’ਤੇ ਇਹੋ ਜਿਹਾ ਇਮਤਿਹਾਨੀ ਪ੍ਰਬੰਧ ਤਾਂ ਸਗੋਂ ਸਾਡੀ ਪਹਿਲਾਂ ਹੀ ਮੌਜੂਦ ਸਮਾਜਿਕ ਨਾ-ਬਰਾਬਰੀ ਨੂੰ ‘ਯੋਗਤਾ’ ਦੇ ਤਰਕ ਰਾਹੀਂ ਹੋਰ ਵਾਜਬੀਅਤ ਬਖ਼ਸ਼ਦਾ ਹੈ।
ਦੂਜਾ, ਉਹ ਇਹ ਦਲੀਲ ਦਿੰਦੇ ਹਨ ਕਿ ਇਮਤਿਹਾਨਾਂ ਨੂੰ ਕਰਮ-ਕਾਂਡਾਂ ਵਾਂਗ ਪੱਕੇ ਬਣਾ ਦੇਣਾ ਵੀ ਸਿੱਖਿਆ ਦੇ ਉਚੇਰੇ ਟੀਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਖ਼ੁਸ਼ੀ ਖ਼ੁਸ਼ੀ ਤੇ ਆਨੰਦਮਈ ਢੰਗ ਨਾਲ ਸਿੱਖਣ/ਭੁਲਾਉਣ ਦੀ ਭਾਵਨਾ ਜਾਂਦੀ ਰਹਿੰਦੀ ਹੈ, ਇਸ ਅੰਦਰ ਬਸ ਇਕੋ ਚੀਜ਼ ਦੀ ਅਹਿਮੀਅਤ ਹੈ- ‘ਲੜ ਮਰਨ ਦੀ ਭਾਵਨਾ’, ‘ਸਹੀ’ ਜਵਾਬ ਲਿਖ ਸਕਣ ਦੀ ਰਣਨੀਤੀ ਅਤੇ ਹਰ ਤਰ੍ਹਾਂ ਦੀ ਸਿੱਖਿਆ ਨੂੰ ਮਹਿਜ਼ ‘ਜਾਣਕਾਰੀ ਦੇ ਕੈਪਸੂਲ’ ਬਣਾ ਕੇ ਰੱਖ ਦੇਣਾ, ਤੇ ਬੱਸ ਇਨ੍ਹਾਂ ਨੂੰ ਘੋਲ ਕੇ ਦਿਮਾਗ਼ ਵਿਚ ਪਾਉਂਦੇ ਜਾਣਾ। ਇਸ ਵੱਡੇ ਪੱਧਰ ’ਤੇ ਅੰਕ ਦਿੱਤੇ ਜਾਣ ਦੇ ਦੌਰ ਵਿਚ, ਜਦੋਂ ਫਿਜਿ਼ਕਸ ਵਿਚ ਕਿਸੇ ਬੱਚੇ ਦੇ 100 ਫ਼ੀਸਦੀ ਅੰਕ ਆਉਂਦੇ ਹਨ, ਤਾਂ ਉਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਇਹ ਕਿਸੇ ਨਵੇਂ ਆਇੰਸਟਾਈਨ ਦੇ ਆਉਣ ਦਾ ਇਸ਼ਾਰਾ ਹੈ, ਜਾਂ ਅੰਗਰੇਜ਼ੀ ਵਿਚ ਆਏ 99 ਫ਼ੀਸਦੀ ਅੰਕ (ਭਾਵੇਂ ਤੁਹਾਡੇ ਬੱਚੇ ਦਾ ਕਿਸੇ ਵਧੀਆ ਸਕੂਲ ਵਿਚ ਦਾਖ਼ਲਾ ਤਾਂ ਯਕੀਨੀ ਬਣਾ ਦੇਣ) ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਸ ਬੱਚੇ ਨੂੰ ਵਿਲੀਅਮ ਬਲੇਕ ਜਾਂ ਚਾਰਲਸ ਡਿਕਨਜ਼ ਨੇ ਕੀਲ ਲਿਆ ਹੈ। ਦੂਜੇ ਲਫ਼ਜ਼ਾਂ ਵਿਚ, ਇਮਤਿਹਾਨਾਂ ਨੂੰ ਦਿੱਤੀ ਜਾਣ ਵਾਲੀ ਇੰਨੀ ਅਹਿਮੀਅਤ ਨੂੰ ਘਟਾਉਣ ਦੀ ਲੋੜ ਹੈ।
ਇਹ ਬਹਿਸ ਤਾਂ ਚੱਲਦੀ ਰਹਿਣੀ ਹੈ ਪਰ ਜਿਹੜੀ ਗੱਲ ਸਾਨੂੰ ਸਾਰਿਆਂ ਨੂੰ ਜੋ ਮੰਨਣੀ ਪਵੇਗੀ, ਉਹ ਹੈ : ਨਾ ਸੀਬੀਐੱਸਈ ਤੇ ਨਾ ਹੀ ਆਈਸੀਐੱਸਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਕੁਝ ਸਿਖਾ ਸਕਦੇ ਹਨ, ਜਾਂ ਉਸ ਇਮਤਿਹਾਨ ਲਈ ਤਿਆਰ ਕਰ ਸਕਦੇ ਹਨ ਜਿਹੜੇ ਇਮਤਿਹਾਨ ਦਾ ਸਾਹਮਣਾ ਉਨ੍ਹਾਂ ਨੂੰ ਆਲਮੀ ਮਹਾਮਾਰੀ ਨੇ ਕਰਵਾਇਆ ਹੈ। ਸਾਨੂੰ ਇਹ ਤਸਲੀਮ ਕਰਨ ਦੀ ਲੋੜ ਵੀ ਹੈ ਕਿ ਜ਼ਿੰਦਗੀ ਵਿਚ ਜੂਝਣ ਦੀ ਤਿਆਰੀ (ਬਿਲਕੁਲ, ਮਹਾਮਾਰੀ ਨੇ ਦਿਖਾ ਦਿੱਤਾ ਹੈ ਕਿ ਇਹ ਜਿ਼ੰਦਗੀ ਕੋਈ ਪਿਕਨਿਕ ਪਾਰਟੀ ਨਹੀਂ ਸਗੋਂ ਮੌਤ, ਦਰਦ, ਪ੍ਰੇਸ਼ਾਨੀਆਂ ਤੇ ਨਾਸ਼ਵਾਨਤਾ ਨਾਲ ਨਾਲ ਚੱਲਦੇ ਹਨ) ਮਹਿਜ਼ ਮੁਗ਼ਲ ਸਲਤਨਤ ਦੇ ਪਤਨ ਦੇ ਦਸ ਕਾਰਨਾਂ ਨੂੰ ਰੱਟਾ ਮਾਰ ਲੈਣਾ ਜਾਂ ਇਮਤਿਹਾਨ ਦੇ ਔਖੇ ਸਵਾਲ ਹੱਲ ਕਰ ਲੈਣਾ ਨਹੀਂ, ਤੇ ਨਾ ਹੀ ਇਹ ਆਈਆਈਟੀ/ਆਈਆਈਐੱਮ ਢਾਂਚੇ ਵਿਚ ਖ਼ੁਦ ਨੂੰ ਜਜ਼ਬ ਕਰ ਲੈਣਾ ਹੈ। ਕੀ ਮੌਜੂਦਾ ਸਿੱਖਿਆ ਪ੍ਰਬੰਧ ਜਿਸ ਵਿਚ ਕਿਤਾਬੀ ਜਾਣਕਾਰੀ, ਮਸ਼ੀਨੀ ਸਮਝਦਾਰੀ ਅਤੇ ‘ਸਫਲਤਾ’ ਦੇ ਮੰਤਰ ਉਤੇ ਹੀ ਜਿ਼ਆਦਾ ਜ਼ੋਰ ਦਿੱਤਾ ਜਾਂਦਾ ਹੈ, ਸੱਚਮੁੱਚ ਸਾਡੇ ਬੱਚਿਆਂ ਨੂੰ ਜਿ਼ੰਦਗੀ ਅਤੇ ਇਸ ਨਾਲ ਜੁੜੇ ਹੋਏ ਹੋਰ ਜ਼ਰੂਰੀ ਸਵਾਲਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਤਿਆਰ ਕਰਦਾ ਹੈ?
ਰਤਾ ਇਨ੍ਹਾਂ ਬੱਚਿਆਂ ਵੱਲ ਦੇਖੋ, ਉਨ੍ਹਾਂ ਦੇ ਦਬਾਅ, ਤਣਾਅ ਤੇ ਪ੍ਰੇਸ਼ਾਨੀ ਦਾ ਅਹਿਸਾਸ ਕਰੋ ਅਤੇ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਮਹਿਸੂਸ ਕਰੋ, ਜਦੋਂ ਉਹ ਮੌਤ ਦੇ ਅੰਕੜਿਆਂ ਨਾਲ ਦੋ-ਚਾਰ ਹੁੰਦੇ ਹਨ ਅਤੇ ਇਨਸਾਨ ਵੱਲੋਂ ਆਪਣੀ ਮਨਮਰਜ਼ੀ ਮੁਤਾਬਕ ਚੱਲਣ ਵਾਲੀ ਸਮਝੀ ਜਾਣ ਵਾਲੀ ਇਸ ਦੁਨੀਆ ਨੂੰ ਉਹ ਆਪਣੀਆਂ ਅੱਖਾਂ ਸਾਹਮਣੇ ਢਹਿ ਢੇਰੀ ਹੁੰਦੀ ਦੇਖਣ ਲਈ ਮਜਬੂਰ ਹਨ। ਮੈਂ ਇਹ ਨਹੀਂ ਆਖ ਰਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਦੁਖੀ ਰਹਿਣਾ ਚਾਹੀਦਾ ਹੈ ਪਰ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਹ ਆਖਣ ਵਿਚ ਕੋਈ ਝਿਜਕ ਨਹੀਂ ਕਿ ਫਿਜਿ਼ਕਸ ਜਾਂ ਇਤਿਹਾਸ ਦੇ ਕਿਸੇ ਸਬਕ ਦੀ ਵੀ ਆਪਣੀ ਅਹਿਮੀਅਤ ਹੁੰਦੀ ਹੈ ਅਤੇ ਇਨ੍ਹਾਂ ਅਕਾਦਮਿਕ ਜਾਣਕਾਰੀਆਂ ਤੇ ਇਨ੍ਹਾਂ ਵਿਚ ਰੁਚੀ ਦੇ ਆਪਣੇ ਫ਼ਾਇਦੇ ਹੁੰਦੇ ਹਨ। ਨੌਜਵਾਨਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਪੜ੍ਹਨ ਅਤੇ ਆਪਣੀ ਜਾਣਕਾਰੀ, ਗਿਆਨ ਤੇ ਦਿਸਹੱਦਿਆਂ ਦਾ ਘੇਰਾ ਹੋਰ ਵੱਡਾ ਕਰਨ। ਇਸ ਦੇ ਬਾਵਜੂਦ, ਇਹ ਆਲਮੀ ਮਹਾਮਾਰੀ ਸਾਨੂੰ ਇਹੋ ਸਿਖਾ ਰਹੀ ਹੈ ਕਿ ਸਾਡੇ ਨੌਜਵਾਨਾਂ ਲਈ ਜ਼ਰੂਰੀ ਹੈ, ਉਹ ਤੈਅ ਪਾਠਕ੍ਰਮ ਦੇ ਮੁਕਾਬਲੇ ਹੋਰ ਜਿ਼ਆਦਾ ਡੂੰਘਾਈ ਵਿਚ ਜਾ ਕੇ ਵਧੇਰੇ ਸੰਜੀਦਾ ਗਿਆਨ ਹਾਸਲ ਕਰਨ। ਜਾਗਰੂਕਤਾ ਵਾਲੀ ਇਸ ਸਿਆਣਪ ਤੋਂ ਬਿਨਾ ਜਦੋਂ ਸਾਡੇ ਬੱਚੇ ਖੁੱਲ੍ਹੇ ਸੰਸਾਰ ਵਿਚ ਕਦਮ ਧਰਨਗੇ ਅਤੇ ਹਕੀਕਤ ਦਾ ਸਾਹਮਣਾ ਕਰਨਗੇ ਤਾਂ ਜਿ਼ੰਦਗੀ ਅਰਥ ਭਰਪੂਰ ਢੰਗ ਨਾਲ ਨਹੀਂ ਜੀਵੀ ਜਾ ਸਕੇਗੀ। ਜਿ਼ੰਦਗੀ ਦੇ ਇਸ ਅਸਲ ਇਮਤਿਹਾਨ ਦਾ ਟਾਕਰਾ ਕਰਨ ਲਈ ਉਨ੍ਹਾਂ ਨੂੰ ਆਪਣੇ ਅੰਦਰ ਕਿਹੜੇ ਗੁਣ ਵਿਕਸਤ ਕਰਨ ਦੀ ਲੋੜ ਹੈ?
ਪਹਿਲਾ : ਦ੍ਰਿੜ੍ਹਤਾ, ਮਜ਼ਬੂਤੀ ਤੇ ਧੀਰਜ ਦੀ ਕਲਾ ਸਭ ਤੋਂ ਅਹਿਮ ਸਬਕ ਹੈ ਜੋ ਸਿੱਖਣਾ ਚਾਹੀਦਾ ਹੈ। ਜਦੋਂ ਚਾਰੇ ਪਾਸੇ ਹਨੇਰਾ ਹੋਵੇ ਤੇ ਸਭ ਕੁਝ ਧੁੰਦਲਾ ਤੇ ਨਿਰਾਸ਼ਾਮਈ ਹੋਵੇ, ਤਾਂ ਜ਼ਰੂਰੀ ਹੈ ਕਿ ਉਨ੍ਹਾਂ ਅੰਦਰ ਇਹ ਹੌਸਲਾ ਤੇ ਹਿੰਮਤ ਬਰਕਰਾਰ ਰਹੇ ਕਿ ਉਹ ਉਡੀਕ ਕਰ ਸਕਣ ਅਤੇ ਇਹ ਸੋਚਦਿਆਂ ਆਪਣੇ ਆਪ ਵਿਚ ਜ਼ਬਤ ਰੱਖ ਸਕਣ ਕਿ ਇਹ ਹਨੇਰਾ ਦੌਰ ਆਖ਼ਰ ਲੰਘ ਜਾਵੇਗਾ, ਤੇ ਛੇਤੀ ਹੀ ਪਹੁ-ਫੁਟਾਲਾ ਹੋਵੇਗਾ, ਕਿਉਂਕਿ ਨਵੀਂ ਸਵੇਰ ਦਾ ਆਉਣਾ ਓਨਾ ਹੀ ਹਕੀਕੀ ਹੈ, ਜਿੰਨਾ ਕਾਲੀ ਰਾਤ ਦਾ ਇਹ ਗਾੜ੍ਹਾ ਹਨੇਰਾ। ਜਿਵੇਂ ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਦਾ ਨਾਇਕ ਕਹਿੰਦਾ ਹੈ: “ਮੈਂ ਸੋਚ ਸਕਦਾ ਹਾਂ, ਉਡੀਕ ਸਕਦਾ ਹਾਂ, ਜ਼ਬਤ ਰੱਖ ਸਕਦਾ ਹਾਂ।” ਇੰਜ ਉਹ ਸਾਨੂੰ ਜਿ਼ੰਦਗੀ ਦਾ ਇਹ ਅਹਿਮ ਸਬਕ ਸਿਖਾਉਂਦਾ ਹੈ ਕਿ ਹਰ ਖੋਜੀ (ਕਿਉਂਕਿ ਵਿਦਿਆਰਥੀ ਵੀ ਖੋਜੀ ਹੀ ਹੁੰਦਾ ਹੈ, ਇਮਤਿਹਾਨਾਂ ਦਾ ਯੋਧਾ ਨਹੀਂ) ਨੂੰ ਹੋਂਦ ਦੇ ਔਖੇ ਪੰਧ ਤੋਂ ਲੰਘਣ ਲਈ ਸਿੱਖਣਾ ਚਾਹੀਦਾ ਹੈ, ਮੌਤ, ਦਰਦ, ਆਨੰਦ ਅਤੇ ਚੋਟੀਆਂ ਤੇ ਵਾਦੀਆਂ ਇਸ ਦਾ ਹਿੱਸਾ ਹਨ।
ਦੂਜਾ : ਹਮਦਰਦੀ ਤੇ ਸੰਵੇਦਨਾ ਦੀ ਸੂਖਮ ਕਲਾ ਇਕ ਹੋਰ ਅਹਿਮ ਸਬਕ ਹੈ। ਕੀ ਇਹ ਸਹੀ ਹੈ ਕਿ ਸਾਡੇ ਬੱਚੇ ਹੰਕਾਰ ਭਰੀ ਸਫਲਤਾ ਲਈ ਜਨੂਨੀ ਬਣੇ ਰਹਿਣ? ਜਾਂ ਉਨ੍ਹਾਂ ਲਈ ਇਹ ਜਿ਼ਆਦਾ ਅਹਿਮ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਦਾ ਦਰਦ ਜਾਂ ਉਨ੍ਹਾਂ ਲੋਕਾਂ ਦੀ ਪੀੜ ਜਿਨ੍ਹਾਂ ਨੇ ਮਹਿਜ਼ ਆਕਸੀਜਨ ਦਾ ਸਿਲੰਡਰ ਨਾ ਮਿਲਣ ਕਾਰਨ ਆਪਣੇ ਕਰੀਬੀਆਂ ਨੂੰ ਗੁਆ ਲਿਆ, ਜਾਂ ਇਸ ਦੌਰਾਨ ਜਿਨ੍ਹਾਂ ਦੇ ਰੁਜ਼ਗਾਰ ਖੁੱਸ ਗਏ, ਉਨ੍ਹਾਂ ਦੀ ਲਾਚਾਰੀ ਨੂੰ ਸਮਝ ਤੇ ਮਹਿਸੂਸ ਕਰ ਸਕਣ ?
ਤੀਜਾ : ਰਚਨਾਤਮਕ ਰੂਪ ਨਾਲ ਸੂਖਮ ਆਲੋਚਨਾਤਮਕ ਚੇਤਨਾ ਦਾ ਵਿਕਾਸ ਸਮੇਂ ਦੀ ਲੋੜ ਹੈ। ਇਹ ਸੀਬੀਐੱਸਈ ਦੇ ਰਾਜਨੀਤੀ ਸ਼ਾਸਤਰ ਦੇ ਸਵਾਲਾਂ ਨੂੰ ਰੱਟਾ ਮਾਰਨ ਦਾ ਮਾਮਲਾ ਨਹੀਂ ਸਗੋਂ ਹੈਂਕੜਬਾਜ਼ ਹਾਕਮ ਜਮਾਤ ਦੇ ਭੱਦੇਪਣ, ਭਾਰਤੀ ਸਮਾਜ ਦੇ ਵਿਸਫੋਟਕ ਸੁਭਾਅ, ਵੈਕਸੀਨ ਦੀ ਨਾ-ਬਰਾਬਰੀ ਦੀ ਕਠੋਰਤਾ ਨੂੰ ਦੇਖ ਸਕਣ ਅਤੇ ਇਸ ਸਾਰੇ ਦੇ ਬਾਵਜੂਦ ਆਲਮੀ ਮਹਾਮਾਰੀ ਦੀ ਦੁਨੀਆ ਵਿਚ ਸਾਂਭ-ਸੰਭਾਲ ਦੀ ਨੈਤਿਕਤਾ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਦੀ ਕਾਬਲੀਅਤ ਹੈ।
ਕੀ ਬੱਚਿਆਂ ਦੇ ਮਾਪੇ, ਅਧਿਆਪਕ ਅਤੇ ਸਿੱਖਿਆ ਸ਼ਾਸਤਰੀ ਇਸ ਅਸਲੀ ਇਮਤਿਹਾਨ ਬਾਰੇ ਸੋਚਣ ਦੀ ਜ਼ਹਿਮਤ ਉਠਾਉਗੇ ਜਿਸ ਬਾਰੇ ਕਿਸੇ ਸਿੱਖਿਆ ਬੋਰਡ ਨੇ ਸੋਚਿਆ ਤੱਕ ਵੀ ਨਹੀਂ ਹੋਵੇਗਾ?
* ਲੇਖਕ ਸਮਾਜ ਸ਼ਾਸਤਰੀ ਹੈ।