Ujagar Singh

ਪੰਜਾਬ ਦੀ ਤ੍ਰਾਸਦੀ ਉਸਨੂੰ ਉਜਾੜਿਆਂ ਨੇ ਉਜਾੜਿਆ - ਉਜਾਗਰ ਸਿੰਘ

ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਖੜਗਭੁਜਾ ਹੈ। ਇਸ ਲਈ ਪੰਜਾਬ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਪਰ ਹਮੇਸ਼ਾ ਪੰਜਾਬੀਆਂ ਨੇ ਪਹਿਰਾ ਦਿੱਤਾ ਹੈ। ਪਰਵਾਸ ਵੀ ਪੰਜਾਬ ਨੂੰ ਵਿਰਾਸਤ ਵਿਚ ਹੀ ਮਿਲਿਆ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਸ ਵਿਚ ਆਪਣੀਆਂ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਨਾਲ ਜਦੋਂ ਉਦਾਸੀਆਂ ਸਮੇਂ ਇਕ ਪਿੰਡ ਦੇ ਲੋਕਾਂ ਨੇ ਚੰਗਾ ਵਿਵਹਾਰ ਨਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਪ੍ਰੰਤੂ ਜਿਹੜੇ ਪਿੰਡ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਹੋਇਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉੱਜੜ ਜਾਣ ਦਾ ਆਸ਼ੀਰਵਾਦ ਦਿੱਤਾ। ਜਦੋਂ ਮਰਦਾਨੇ ਨੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਲੋਕ ਬਾਹਰ ਜਾ ਕੇ ਚੰਗਾ ਸਮਾਜ ਸਿਰਜਣਗੇ। ਇਸ ਕਰਕੇ ਪੰਜਾਬੀ ਪਰਵਾਸ ਵਿਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਤੇ ਪਹਿਰਾ ਦੇ ਕੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦੀ ਕਹਾਵਤ ਸਹੀ ਹੁੰਦੀ ਜਾਪਦੀ ਹੈ। ਪੰਜਾਬ ਤੋਂ ਬਾਹਰ ਕੈਨੇਡਾ ਵਿਚ ਜਾ ਕੇ ਗਦਰੀ ਬਾਬਿਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕਰਕੇ ਮੁਹਿੰਮ ਸ਼ੁਰੂ ਕੀਤੀ ਸੀ। ਪੰਜਾਬੀ ਜਦੋਂ ਕੈਨੇਡਾ ਪਹਿਲੀ ਵਾਰੀ ਰੋਜ਼ੀ ਰੋਟੀ ਲਈ ਗਏ ਸਨ ਤਾਂ ਜਦੋਂ ਉਨ੍ਹਾਂ ਨਾਲ ਉਥੇ ਦੁਰਵਿਵਹਾਰ ਹੋਇਆ ਤਾਂ ਉਨ੍ਹਾਂ ਉਥੇ ਹੀ ਕੈਨੇਡਾ ਵਿਚ ਰੋਸ ਵਜੋਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਗਦਰ ਲਹਿਰ ਨੂੰ ਜਨਮ ਦਿੱਤਾ ਸੀ, ਉਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਕੈਨੇਡਾ ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਗਦਰੀਆਂ ਦੀ ਇਸ ਲਹਿਰ ਦਾ ਸਾਰੇ ਪਾਸੇ ਸਵਾਗਤ ਹੋਇਆ ਸੀ। ਇਕ ਕਿਸਮ ਨਾਲ ਉਹ ਪੰਜਾਬ ਦਾ ਪਹਿਲਾ ਉਜਾੜਾ ਹੋਇਆ ਸੀ ਪ੍ਰੰਤੂ ਇਹ ਸ਼ਾਂਤਮਈ ਉਜਾੜਾ ਸੀ। ਉਸ ਸਮੇਂ ਕੁਝ ਚੋਣਵੇਂ ਅਣਪੜ੍ਹ ਲੋਕ ਹੀ ਪਰਵਾਸ ਵਿਚ ਜਾਂਦੇ ਸਨ। ਸਕਿਲਡ ਜਾਣੀ ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਵਿਅਕਤੀ ਬਹੁਤ ਘੱਟ ਹੀ ਜਾਂਦੇ ਸਨ, ਜਿਹੜੇ ਜਾਂਦੇ ਵੀ ਸਨ, ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਕੇ ਵਾਪਸ ਭਾਰਤ ਆ ਜਾਂਦੇ ਸਨ, ਜਿਸਦਾ ਭਾਰਤ ਨੂੰ ਲਾਭ ਹੁੰਦਾ ਸੀ। ਇਕਾ ਦੁੱਕਾ ਉਥੇ ਰਹਿ ਜਾਂਦੇ ਸਨ। ਕੈਨੇਡਾ ਤੋਂ ਇਲਾਵਾ ਸੰਸਾਰ ਦੇ ਹੋਰ ਦੇਸਾਂ ਵਿਚ ਵੀ ਪੰਜਾਬੀ ਜਾਂਦੇ ਰਹੇ ਪ੍ਰੰਤੂ ਉਨ੍ਹਾਂ ਦਾ ਮੰਤਵ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੁੰਦਾ ਸੀ। ਜਿਹੜਾ ਕੁਝ ਉਹ ਉੱਥੇ ਰਹਿ ਕੇ ਕਮਾਉਂਦੇ ਸਨ, ਉਹ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਭੇਜ ਦਿੰਦੇ ਸਨ, ਜਿਸਦੇ ਸਿੱਟੇ ਵਜੋਂ ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਸੀ ਕਿਉਂਕਿ ਪੈਸਾ ਪੰਜਾਬ ਆਉਂਦਾ ਸੀ। ਪਹਿਲੇ ਉਜਾੜੇ ਵਿਚ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਜਦੋਂ ਉਹ ਗਦਰੀ ਬਾਬੇ ਵਾਪਸ ਭਾਰਤ ਆ ਕੇ ਅੰਗਰੇਜ਼ਾਂ ਦੇ ਦੁਰਵਿਵਹਾਰ ਵਿਰੁਧ ਮੁਹਿੰਮ ਸ਼ੁਰੂ ਕਰਨ ਲਈ ਕਲਕੱਤਾ ਵਿਖੇ ਬਜਬਜ ਘਾਟ ਤੇ ਵਿਸ਼ੇਸ ਜਹਾਜ ਰਾਹੀ੬ਂ ਪਹੁੰਚੇ ਤਾਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
       ਦੂਜਾ ਉਜਾੜਾ ਦੇਸ ਦੀ ਵੰਡ ਸਮੇਂ ਰਾਜਨੀਤਕ ਲੋਕਾਂ ਦੀ ਮਾਨਸਿਕਤਾ ਦਾ ਨਤੀਜਾ ਸੀ। ਪੰਜਾਬ ਨੂੰ ਵੰਡਕੇ ਦੋ ਹਿੱਸੇ ਕਰ ਦਿੱਤੇ ਗਏ। ਦੂਜੇ ਉਜਾੜੇ ਸਮੇਂ ਪੰਜਾਬੀਆਂ ਦੇ ਹੋਏ ਅੰਨ੍ਹੇਵਾਹ ਕਤਲੇਆਮ ਪਿਛੇ ਲੁੱਟ-ਖੋਹ, ਲਾਲਚ, ਧਿੰਗਾਜੋਰੀ ਅਤੇ ਬਿਮਾਰ ਮਾਨਸਿਕਤਾ ਕਰਕੇ ਇਸਤਰੀਆਂ ਦੇ ਬਲਾਤਕਾਰ ਹੋਏ, ਜਿਸਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਪੰਜਾਬੀ ਸਮਾਜਿਕ, ਆਰਥਿਕ, ਮਾਨਸਿਕ ਅਤੇ ਸਭਿਆਚਾਰਕ ਤੌਰ ਤੇ ਵਲੂੰਧਰੇ ਗਏ। ਬੋਲੀ ਵੰਡੀ ਗਈ, ਘਰ ਪਰਿਵਾਰ ਵੰਡੇ ਗਏ। ਨਫ਼ਰਤ ਦਾ ਬੋਲਬਾਲਾ ਹੋ ਗਿਆ। ਰਿਸ਼ਤਿਆਂ ਦਾ ਨਿੱਘ ਤਹਿਸ ਨਹਿਸ ਹੋ ਗਿਆ, ਜਿਸ ਕਰਕੇ ਰਿਸ਼ਤਿਆਂ ਦੇ ਘਾਣ ਹੋ ਗਏ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਲੱਖਾਂ ਪੰਜਾਬੀ ਆਪਣੇ ਘਰੋਂ ਬੇਘਰ ਹੋ ਗਏ। ਹਸਦੇ ਵਸਦੇ ਘਰ ਉਜੜ ਗਏ। ਤਬੇਲਿਆਂ ਅਤੇ ਹਵੇਲੀਆਂ ਦੇ ਮਾਲਕਾਂ ਨੂੰ ਤੰਬੂਆਂ ਵਿਚ ਦਿਨ ਕੱਟਣੇ ਪਏ। ਭਾਈਚਾਰਕ ਸੰਬੰਧ ਲੀਰੋ ਲੀਰ ਹੋ ਗਏ। ਇਸ ਤੋਂ ਬਾਅਦ ਦੋ ਵਾਰ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਚੀਨ ਦੀ ਜੰਗ ਦਾ ਸਾਹਮਣਾ ਕਰਨਾ ਪਿਆ।
      ਦੇਸ ਦੀ ਵੰਡ ਦੇ ਉਜਾੜੇ ਤੋਂ ਪੂਰੇ 33 ਸਾਲ ਬਾਅਦ 1980ਵਿਆਂ ਵਿਚ ਨਵੀਂ ਕਿਸਮ ਦੇ ਤੀਜੇ ਫਿਰਕੂ ਉਜਾੜੇ ਨੇ ਪੰਜਾਬੀਆਂ ਦੇ ਖ਼ੂਨ ਵਿਚ ਨਫ਼ਰਤ ਦਾ ਬੀਜ ਬੋ ਦਿੱਤਾ। ਭਾਈ, ਭਾਈ ਦਾ ਦੁਸ਼ਮਣ ਬਣਨ ਲੱਗ ਪਿਆ। ਭਾਈਚਾਰਕ ਸੰਬੰਧ ਤਾਰ ਤਾਰ ਹੋ ਗਏ। ਨਹੁੰ ਮਾਸ ਦੇ ਰਿਸ਼ਤੇ ਲਹੂ ਲੁਹਾਣ ਹੋ ਗਏ। ਇਹ ਸਿਲਸਲਾ 1992 ਤੱਕ ਲਗਾਤਾਰ ਜਾਰੀ ਰਿਹਾ। ਸਰਕਾਰੀ ਤੰਤਰ ਅਤੇ ਅਖਾਉਤੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਨੌਜਵਾਨੀ ਦਾ ਖ਼ਾਤਮਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪੰਜਾਬੀ ਭਾਈਚਾਰਾ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਇਕ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਰਹਿੰਦੀ ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਇਸ ਦੌਰ ਵਿਚ ਮਰਨ ਅਤੇ ਮਾਰਨ ਵਾਲੇ ਦੋਵੇਂ ਇਕੋ ਭਾਈਚਾਰੇ ਦੇ ਸਨ। ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਹੈ।
        ਚੌਥਾ ਉਜਾੜਾ ਉਦੋਂ ਹੋਇਆ ਜਦੋਂ ਕੇਂਦਰ ਸਰਕਾਰ ਨੇ ਫੌਜ ਦੀ ਰਹਿਨੁਮਾਈ ਵਿਚ ਸਿੱਖ ਜਗਤ ਦੇ ਸਰਵੋਤਮ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਤੋਪਾਂ ਨਾਲ ਉਸ ਦਿਨ ਹਮਲਾ ਕਰ ਦਿੱਤਾ ਜਦੋਂ ਸਿੱਖ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਨਤਮਸਤਕ ਹੋਣ ਲਈ ਆਏ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਹੀਦ ਕਰ ਦਿੱਤੇ ਗਏ। ਸਿੱਖ ਜਗਤ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਧਾਰਮਿਕ ਉਜਾੜੇ ਨੂੰ ਕੇਂਦਰ ਸਰਕਾਰ ਨੇ ਅਮਲੀ ਰੂਪ ਦਿੱਤਾ। ਅਜੇ ਸਿੱਖਾਂ ਦੇ ਜ਼ਖ਼ਮ ਰਿਸਦੇ ਸਨ। ਅੱਲੇ ਜ਼ਖ਼ਮਾ ਤੇ ਖਰੀਂਢ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਪੰਜਵਾਂ ਉਜਾੜਾ ਦਿੱਲੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਹੋਇਆ, ਜਿਸਨੂੰ ਸਿੱਖਾਂ ਦੇ ਨਾਂ ਨਾਲ ਮੜ੍ਹਕੇ ਸਮੁਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਦਿੱਲੀ ਅਤੇ ਦੇਸ ਦੇ ਹੋਰ ਮੁੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ। ਚੁਣ ਚੁਣ ਕੇ ਘਰਾਂ ਵਿਚੋਂ ਬਾਹਰ ਕੱਢਕੇ ਗਲਾਂ ਵਿਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ। ਇਸਤਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਸਨੂੰ ਉਜਾੜਾ ਨਹੀਂ ਕਿਹਾ ਜਾ ਸਕਦਾ। ਸਿੱਖਾਂ ਅਤੇ ਪੰਜਾਬੀਆਂ ਦਾ ਅਜਿਹੇ ਉਜਾੜਿਆਂ ਨੇ ਘਾਣ ਕੀਤਾ ਹੈ।
       ਸਤਵੇਂ ਅਤੇ ਅੱਠਵੇਂ ਉਜਾੜੇ 2007 ਤੋਂ ਪੰਜਾਬ ਨੂੰ ਇੱਕ ਨਵੀਂ ਕਿਸਮ ਦੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਉਜਾੜਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ। ਰਵਾਇਤੀ ਨਸ਼ੇ ਸ਼ਰਾਬ, ਅਫੀਮ ਅਤੇ ਡੋਡੇ ਆਦਿ ਦਾ ਸੇਵਨ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ ਪ੍ਰੰਤੂ ਸਿੰਥੈਟਿਕ ਨਸ਼ੇ ਪਹਿਲੀ ਵਾਰ ਪੰਜਾਬ ਵਿਚ ਆਏ ਹਨ, ਜਿਹੜੇ ਇਤਨੇ ਘਾਤਕ ਹਨ, ਜਿਤਨਾ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਦੇ ਸੇਵਨ ਕਰਨ ਨਾਲ ਮੌਤ ਤਾਂ ਬਹੁਤ ਜਲਦੀ ਆਉਂਦੀ ਹੀ ਹੈ ਪ੍ਰੰਤੂ ਇਹ ਹੋਰ ਵੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਪੈਦਾ ਕਰਦੇ ਹਨ, ਉਦਾਹਰਣ ਲਈ ਲੜਕੇ ਅਤੇ ਲੜਕੀਆਂ ਨੂੰ ਨਪੁੰਸਕ ਬਣਾ ਦਿੰਦੇ ਹਨ। ਨਸ਼ਿਆਂ ਦੇ ਉਜਾੜੇ ਨੇ ਪੰਜਾਬ ਦੀ ਨੌਜਵਾਨੀ ਦਾ ਮਲੀਆ ਮੇਟ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੜਕਿਆਂ ਦੇ ਨਾਲ ਲੜਕੀਆਂ ਵੀ ਨਸ਼ਿਆਂ ਵਿਚ ਗ੍ਰਸਤ ਹੋ ਗਈਆਂ ਹਨ। ਪੰਜਾਬ ਨੂੰ ਉਜਾੜਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦਾ ਇਹ ਕਾਰਾ ਹੋ ਸਕਦਾ ਹੈ। ਨਸ਼ਿਆਂ ਦੇ ਨਾਲ ਜੁੜਵਾਂ ਉਜਾੜਾ ਗੈਂਗਸਟਰਾਂ ਦਾ ਬਣਨਾ ਪੰਜਾਬ ਲਈ ਮੰਦਭਾਗੀ ਗੱਲ ਹੈ। ਇਸ ਤੋਂ ਪਹਿਲਾਂ ਬਿਹਾਰ ਅਤੇ ਉਤਰ ਪ੍ਰਦੇਸ ਵਿਚ ਗੈਂਗਸਟਰਾਂ ਦੀ ਗੱਲ ਸੁਣੀਂਦੀ ਸੀ ਪ੍ਰੰਤੂ ਹੁਣ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਗੈਂਗਸਟਰ ਵੀ 2007 ਤੋਂ ਬਾਅਦ ਚੋਣ ਜਿੱਤਣ ਲਈ ਸਿਆਸਤਦਾਨਾਂ ਨੇ ਪੈਦਾ ਕੀਤੇ ਸਨ,  ਜਿਸਦਾ ਖਮਿਆਜਾ ਹੁਣ ਸਿਆਸਤਦਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਨੌਵੇਂ ਭਰਿਸ਼ਟਾਚਾਰ ਦੇ ਉਜਾੜੇ ਨੇ ਵੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।
        ਪੰਜਾਬੀਆਂ ਦਾ ਦਸਵਾਂ ਉਜਾੜਾ ਇਸ ਸਮੇਂ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਹਰ ਵਿਦਿਆਰਥੀ ਜਿਹੜਾ ਪਲੱਸ ਟੂ ਪਾਸ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਗਲ ਗੂਠਾ ਦੇ ਕੇ ਪਰਵਾਸ ਵਿਚ ਪੜ੍ਹਨ ਲਈ ਤੱਤਪਰ ਰਹਿੰਦਾ ਹੈ। ਹਾਲਾਂ ਕਿ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜੇ ਜ਼ਿੰਦਗੀ ਬਸਰ ਕਰਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਉਹ ਆਈ ਲੈਟ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੇ ਉਤਨੇ ਪਿੰਡ ਤੇ ਸ਼ਹਿਰ ਨਹੀਂ ਹਨ, ਜਿਤਨੀਆਂ ਆਈ ਲੈਟ ਦੀਆਂ ਦੁਕਾਨਾ ਖੁਲ੍ਹੀਆਂ ਹੋਈਆਂ ਹਨ। ਪੰਜਾਬ ਵਿਚੋਂ ਹਰ ਸਾਲ ਲਗਪਗ ਦੋ ਲੱਖ ਵਿਦਿਆਰਥੀ ਪਰਵਾਸ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਜਿਹੇ ਵਿਅਕਤੀ ਹਨ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜੰਗਲਾਂ ਬੇਲਿਆਂ, ਰੇਗਿਸਤਾਨਾ ਅਤੇ ਸਮੁੰਦਰਾਂ ਵਿਚ ਕਿਸ਼ਤੀਆਂ ਰਾਹੀਂ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਰਸਤੇ ਵਿਚ ਹੀ ਜਦੋਜਹਿਦ ਕਰਦੇ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਲੈਂਦੇ ਹਨ। ਪਿਛੇ ਮਾਂ ਬਾਪ ਸਾਰੀ ਉਮਰ ਤੜਫਦੇ ਹੀ ਜੀਵਨ ਗੁਜਾਰਦੇ ਹਨ। ਪੜ੍ਹਾਈ ਕਰਨਾ ਤਾਂ ਉਨ੍ਹਾਂ ਦਾ ਬਹਾਨਾ ਹੁੰਦਾ ਹੈ। ਅਸਲ ਵਿਚ ਉਹ ਤਾਂ ਹਰ ਹਾਲਤ ਵਿਚ ਪਰਵਾਸ ਵਿਚ ਸੈਟਲ ਹੋਣਾ ਚਾਹੁੰਦੇ ਹਨ। ਪਰਵਾਸ ਦੀ ਜ਼ਿੰਦਗੀ ਵੀ ਇਤਨੀ ਸੁਖਾਲੀ ਨਹੀਂ। ਸਗੋਂ ਉਨ੍ਹਾਂ ਨੂੰ ਗੁਜਾਰਾ ਕਰਨ ਲਈ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਉਹ ਆਪਣੀ ਰੋਟੀ ਆਪ ਚੁੱਕਕੇ ਨਹੀਂ ਖਾਂਦੇ ਪ੍ਰੰਤੂ ਪਰਵਾਸ ਵਿਚ ਹਰ ਕੰਮ ਆਪ ਹੀ ਕਰਨਾ ਪੈਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਰੋਜ਼ਗਾਰ ਨਹੀਂ ਹੈ, ਇਸ ਲਈ ਬੇਰੋਜ਼ਗਾਰੀ ਕਰਕੇ ਬਾਹਰ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੰਗੇ ਖਾਂਦੇ ਪੀਂਦੇ ਰੱਜੇ ਪੁੱਜੇ ਘਰਾਂ ਦੇ ਲੜਕੇ ਲੜਕੀਆਂ ਵੀ ਪਰਵਾਸ ਵਿਚ ਸੈਟਲ ਹੋਣ ਲਈ ਪਾਗਲ ਹੋਏ ਫਿਰਦੇ ਹਨ। ਜਿਵੇਂ ਉਹ ਪਰਵਾਸ ਵਿਚ ਜਾ ਕੇ ਹੱਥੀਂ ਕੰਮ ਕਰਦੇ ਹਨ, ਜੇਕਰ ਪੰਜਾਬ ਵਿਚ ਕੰਮ ਕਰਨ ਤਾਂ ਇਥੇ ਵੀ ਬਾਰੇ ਨਿਆਰੇ ਹੋ ਸਕਦੇ ਹਨ। ਪੰਜਾਬ ਵਿਚ ਕੰਮ ਕਰਨ ਲਈ ਬਿਹਾਰ ਅਤੇ ਦੇਸ ਦੇ ਹੋਰ ਰਾਜਾਂ ਤੋਂ ਲੋਕ ਆਉਂਦੇ ਹਨ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ। ਪਰਵਾਸ ਵਿਚ ਹਰ ਕਿਸਮ ਦਾ ਕੰਮ ਕਰਨ ਲਈ ਤੱਤਪਰ ਹਨ। ਜਿਸ ਮਿਕਦਾਰ ਨਾਲ ਹੁਣ ਵਿਦਿਆਰਥੀ ਜਾ ਰਹੇ ਹਨ, ਉਸ ਤੋਂ ਤਾਂ ਇਉਂ ਲੱਗਦਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਪੰਜਾਬ ਖਾਲੀ ਹੋ ਜਾਵੇਗਾ। ਪੰਜਾਬ ਦੀ ਆਰਥਿਤਾ ਬਰਬਾਦ ਹੋ ਰਹੀ ਹੈ ਕਿਉਂਕਿ ਜਿਹੜੇ ਪਰਵਾਸ ਵਿਚ ਵਸ ਜਾਂਦੇ ਹਨ, ਉਹ ਹੁਣ ਪੰਜਾਬ ਵਿਚ ਇਕ ਪੈਸਾ ਵੀ ਇਨਵੈਸਟ ਨਹੀਂ ਕਰਦੇ। ਪੰਜਾਬ ਵਿਚ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਲੱਗਦੀਆਂ। ਕੋਈ ਸਮਾਂ ਹੁੰਦਾ ਸੀ ਜਦੋਂ ਪਰਵਾਸੀ ਪੰਜਾਬ ਵਿਚ ਜਾਇਦਾਦਾਂ ਖ੍ਰੀਦਦੇ ਸਨ। ਹੁਣ ਤਾਂ ਕਰੋੜਾਂ ਰੁਪਿਆ ਪੰਜਾਬ ਵਿਚੋਂ ਫੀਸਾਂ ਦੇ ਰੂਪ ਵਿਚ ਬਾਹਰ ਜਾ ਰਿਹਾ ਹੈ। ਇਕੱਲੀ ਇਹੋ ਗੱਲ ਨਹੀਂ ਸਗੋਂ ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨੌਜਵਾਨਾ ਦੀ ਕਰੀਮ ਜਿਹੜੇ ਦਿਮਾਗੀ ਹੁਸ਼ਿਆਰ ਵਿਦਿਆਰਥੀ ਹਨ, ਉਨ੍ਹਾਂ ਦਾ ਲਾਭ ਬਾਹਰਲੇ ਦੇਸ ਲੈ ਰਹੇ ਹਨ। ਅਸੀਂ ਦਿਮਾਗੀ ਤੌਰ ਤੇ ਕੰਗਾਲ ਹੋ ਰਹੇ ਹਾਂ। ਪਰਵਾਸ ਵਿਚ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀਆਂ ਦਾ ਬੋਲਬਾਲਾ ਹੈ। ਟਰਾਂਸਪੋਰਟ ਅਤੇ ਹੋਟਲ ਇੰਡਸਟਰੀ ਵਿਚ ਪੰਜਾਬੀਆਂ ਦਾ ਕਬਜ਼ਾ ਹੈ।
      ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਏਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿਚ ਜਾਣਾ ਜ਼ਾਰੀ ਰਿਹਾ ਤਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜਿਹੜੇ ਆਪਣੇ ਬੱਚਿਆਂ ਦੇ ਮੂੰਹ ਵੇਖਣ ਲਈ ਤਰਸਦੇ ਰਹਿਣਗੇ। ਪੰਜਾਬ ਨੂੰ ਕਈ ਤਰ੍ਹਾਂ ਦੇ ਉਜਾੜਿਆਂ ਨੇ ਉਜਾੜ ਕੇ ਰੱਖ ਦਿੱਤਾ। ਇਉਂ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਮਾੜੇ ਲੋਕ ਆਪੋ ਆਪਣੇ ਘਰਾਂ ਵਿਚ ਵਸਦੇ ਰਹਿਣ ਪ੍ਰੰਤੂ ਸਿਆਣੇ ਤੇ ਸੁਲਝੇ ਹੋਏ ਲੋਕ ਉਜੜਕੇ ਸੰਸਾਰ ਵਿਚ ਜਾ ਕੇ ਸੰਸਾਰ ਦਾ ਭਲਾ ਕਰਨ ਇਸੇ ਥਿਊਰੀ ਅਨੁਸਾਰ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੀ ਵਿਦਵਤਾ ਸਿੱਕਾ ਜਮ੍ਹਾ ਰਹੇ ਹਨ।

ਮੋਬਾਈਲ - 94178 13072
ujagarsingh48@yahoo.com

ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ - ਉਜਾਗਰ ਸਿੰਘ

ਪਰਜਾਤੰਤਰ ਸੰਸਾਰ ਵਿਚ ਸਭ ਨਾਲੋਂ ਬਿਹਤਰੀਨ ਰਾਜ ਪ੍ਰਬੰਧ ਦੀ ਪ੍ਰਣਾਲੀ ਹੈ ਕਿਉਂਕਿ ਹਰ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਮਰਜੀ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਪ੍ਰੰਤੂ ਪਰਜਾਤੰਤਰ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਦਾ ਅਰਥ ਇਹ ਵੀ ਨਹੀਂ ਹੁੰਦਾ ਕਿ ਉਹ ਆਪਣੀਆਂ ਮਨਮਾਨੀਆਂ ਕਰੇ। ਚੁਣੀ ਹੋਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪਰਜਾ ਦੇ ਲੋਕ ਹਿਤਾਂ ਦੀ ਰਾਖੀ ਕਰੇ। ਉਸਨੂੰ ਹਰ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਵਿਸਸ਼ਾਸ ਵਿਚ ਲੈਣਾ ਚਾਹੀਦਾ ਹੈ। ਨਰਿੰਦਰ ਮੋਦੀ ਨੇ ਤਾਂ ਮਈ 2018 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤ ਦੇ ਵੋਟਰਾਂ ਤੋਂ ਦੁਬਾਰਾ ਫਤਵਾ ਆਪਣੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਕਰਕੇ ਮੰਗਿਆ ਸੀ, ਹੋਇਆ ਇੰਜ ਜਿਵੇਂ ਇਕ ਕਹਾਵਤ ਹੈ ਕਿ ''ਹੱਸਦੀ ਨੇ ਫੁਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ''। ਭਾਰਤ ਦੇ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਇਕ ਫੁਲ ਦੀ ਥਾਂ ਸਾਰਾ ਬਾਗ ਹਵਾਲੇ ਕਰਕੇ ਬਾਗੋਬਾਗ ਕਰ ਦਿੱਤਾ। ਹੁਣ ਨਰਿੰਦਰ ਮੋਦੀ ਆਪਣੀਆਂ ਨੀਤੀਆਂ ਨਾਲ ਭਾਰਤੀ ਵੋਟਰਾਂ ਨੂੰ ਬਾਗੋਬਾਗ ਕਰ ਰਿਹਾ ਹੈ ਪ੍ਰੰਤੂ ਭਾਰਤੀ ਵੋਟਰਾਂ ਨੂੰ ਇਹ ਬਾਗੋਬਾਗ ਹੋਣ ਵਾਲੀ ਖ਼ੁਸ਼ੀ ਹਜ਼ਮ ਨਹੀਂ ਹੋ ਰਹੀ। ਭਾਰਤ ਦੇ ਵੋਟਰ ਸਾਰਾ ਬਾਗ ਹਵਾਲੇ ਕਰਕੇ ਪਛਤਾ ਰਹੇ ਹਨ। ਹੁਣ ਪਛਤਾਉਣ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਤਾਂ ਨਰਿੰਦਰ ਮੋਦੀ ਦੀ ਸਰਕਾਰ ਪੰਜ ਸਾਲ ਚੰਮ ਦੀਆਂ ਚਲਾਵੇਗੀ। ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁੱਗ ਗਈ ਖੇਤ। ਇਹ ਕਹਾਵਤ ਭਾਰਤ ਦੇ ਵੋਟਰਾਂ ਤੇ ਪੂਰੀ ਢੁਕਦੀ ਹੈ। ਉਦੋਂ ਤਾਂ ਵੋਟਰਾਂ ਨੇ ਨਰਿੰਦਰ ਮੋਦੀ ਦੀ ਝੋਲੀ ਭਰ ਦਿੱਤੀ। ਭਾਰਤ ਦੇ ਵੋਟਰ ਨੂੰ ਕੇਂਦਰ ਸਰਕਾਰ ਨਾਲ ਰੋਸ ਜਤਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਉਨ੍ਹਾਂ ਆਪਣੀਆਂ ਵੋਟਾਂ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਪਰ ਮੋਹਰ ਲਾ ਕੇ ਸਪੱਸ਼ਟ ਬਹੁਮਤ ਦੇ ਕੇ ਜਤਾਇਆ ਹੈ। ਇਸ ਲਈ ਉਨ੍ਹਾਂ ਨੂੰ ਸਰਕਾਰ ਦੇ ਫੈਸਲਿਆਂ ਤੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ, ਸਗੋਂ ਉਨ੍ਹਾਂ ਨੂੰ ਤਾਂ ਸਰਕਾਰ ਦੇ ਹਰ ਫੈਸਲੇ ਉਪਰ ਫੁਲ ਚੜ੍ਹਾਉਣੇ ਚਾਹੀਦੇ ਹਨ। ਜੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਵਿਚ ਵਿਸ਼ਵਾਸ ਨਾ ਹੁੰਦਾ ਤਾਂ ਉਹ ਇਤਨੀ ਵੱਡੀ ਮਾਤਰਾ ਵਿਚ ਵੋਟਾਂ ਕਿਉਂ ਪਾਉਂਦੇ। ਇਹ ਤਾਂ ਉਨ੍ਹਾਂ ਨਾਲ ਵਿਸ਼ਵਾਸਘਾਤ ਹੋ ਗਿਆ ਲੱਗਦਾ ਹੈ। ਅਜੇ ਤਾਂ ਸਰਕਾਰ ਬਣੀ ਨੂੰ ਡੇਢ ਸਾਲ ਹੀ ਹੋਇਆ ਹੈ। ਜਿਹੜੇ ਕੰਡੇ ਵੋਟਰਾਂ ਨੇ ਬੀਜੇ ਹਨ, ਉਨ੍ਹਾਂ ਨੂੰ ਉਹ ਆਪ ਹੀ ਚੁਗਣੇ ਪੈਣਗੇ। ਵੋਟਾਂ ਪਾਉਣ ਸਮੇਂ ਤਾਂ ਵੋਟਰ ਸਿਆਸਤਦਾਨਾ ਦੇ ਝਾਂਸੇ ਵਿਚ ਆ ਕੇ ਵੋਟਾਂ ਪਾ ਦਿੰਦੇ ਹਨ। ਅਸਲ ਵਿਚ ਸਿਆਸੀ ਪਾਰਟੀਆਂ ਹੁਣ ਅਸੂਲਾਂ ਦੀ ਸਿਆਸਤ ਕਰਨ ਤੋਂ ਪਾਸਾ ਵੱਟ ਗਈਆਂ ਹਨ। ਚੋਣਾਂ ਮੌਕੇ ਤਾਂ ਅਸੂਲਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਸਰਕਾਰਾਂ ਬਣਨ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਸਰਕਾਰਾਂ ਮਨਮਰਜੀ ਕਰਦੀਆਂ ਹਨ, ਲੋਕ ਧੱਕੇ ਖਾਂਦੇ ਰਹਿੰਦੇ ਹਨ।
        ਭਾਰਤ ਸੰਸਾਰ ਦਾ ਸਭ ਤੋਂ ਵੱਡਾ ਧਰਮ ਨਿਰਪੱਖ ਲੋਕਤੰਤਰ ਹੈ। ਕੇਂਦਰ ਸਰਕਾਰ ਨੇ ਤਾਂ ਦੇਸ ਭਗਤੀ ਅਤੇ ਲੋਕਤੰਤਰ ਦੀ ਪਰਿਭਾਸ਼ਾ ਹੀ ਬਦਲਕੇ ਰੱਖ ਦਿੱਤੀ। ਭਾਰਤ ਨੂੰ ਹਿੰਦੂ ਰਾਜ ਬਣਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ, ਜਿਸਦਾ ਧਰਮ ਨਿਰਪੱਖ ਸ਼ਕਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਹੋਣਾ ਕੁਦਰਤੀ ਵੀ ਸੀ ਕਿਉਂਕਿ ਦੇਸ ਦਾ ਸੰਵਿਧਾਨ ਇਹ ਇਜ਼ਾਜਤ ਨਹੀਂ ਦਿੰਦਾ। ਦੂਜੀ ਪਾਰੀ ਵਿਚ ਭਾਰੀ ਬਹੁਮਤ ਨਾਲ ਚੋਣਾ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਪਹਿਲੀ ਪਾਰੀ ਵਿਚ ਤਾਂ ਨੋਟਬੰਦੀ ਨੇ ਦੇਸ ਦੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਥਾਂ ਵਧਾ ਦਿੱਤੀਆਂ ਸੀ ਪ੍ਰੰਤੂ ਇਸ ਵਾਰ ਤਾਂ ਬਹੁਤ ਹੀ ਵਾਦਵਿਵਾਦ ਵਾਲੇ ਫੈਸਲੇ ਕੀਤੇ ਹਨ, ਜਿਨ੍ਹਾਂ ਵਿਚ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨਾ, ਤਿੰਨ ਤਲਾਕ, ਰਾਮ ਮੰਦਰ ਅਤੇ ਨਾਗਰਿਕ ਸੋਧ ਕਾਨੂੰਨ ਬਣਾਉਣਾ ਆਦਿ ਮਹੱਤਵਪੂਰਨ ਹਨ। ਨੈਸ਼ਨਲ ਰਜਿਸਟਰ ਆਫ ਸਿਟੀਜਨ ਅਤੇ ਹਿੰਦੂ ਹਿੰਦੁਸਤਾਨ ਇਕ ਦੇਸ ਅਤੇ ਇਕ ਭਾਸ਼ਾ ਦਾ ਵੀ ਰਾਮ ਰੌਲਾ ਪੈ ਰਿਹਾ ਹੈ। ਲਿੰਚਿੰਗ ਦੀਆਂ ਘਟਨਾਵਾਂ ਨੇ ਤਾਂ ਧਰਮ ਨਿਰਪੱਖਤਾ ਰਾਜ ਦਾ ਘਾਣ ਹੀ ਕਰ ਦਿੱਤਾ। ਜਿਹੜੇ ਬੁਧੀਜੀਵੀ ਸਰਕਾਰ ਦੀਆਂ ਅਜਿਹੀਆਂ ਸੰਕੀਰਨ ਨੀਤੀਆਂ ਦੀ ਨੁਕਤਾਚੀਨੀ ਕਰਦੇ ਸਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਮ ਆਉਣ ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਜੰਮੂ ਕਸ਼ਮੀਰ ਵਿਚ ਤਾਂ ਵਿਰੋਧੀ ਪਾਰਟੀਆਂ ਦੇ ਲੀਡਰ ਅਜੇ ਤੱਕ ਨਜ਼ਰਬੰਦ ਹਨ। ਅੱਜ ਕਲ੍ਹ ਨਾਗਰਿਕਤਾ ਸੋਧ ਕਾਨੂੰਨ ਵਾਦਵਿਵਾਦ ਦਾ ਵਿਸ਼ਾ ਬਣਿਆਂ ਹੋਇਆ ਹੈ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਅੰਦੋਲਨ ਹੋ ਰਹੇ ਹਨ। ਸਾੜ ਫੂਕ ਅਤੇ ਮਾਰ ਧਾੜ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਦੇਸ਼ ਦੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਅੰਦੋਲਨਾ ਵਿਚ 50 ਨਾਗਰਿਕ ਮਾਰੇ ਜਾ ਚੁੱਕੇ ਹਨ ਲਗਪਗ 500 ਸੁਰੱਖਿਆ ਅਮਲੇ ਦੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਹਾਲਾਤ ਕਾਬੂ ਹੇਠ ਆਉਂਦੇ ਨਜ਼ਰ ਨਹੀਂ ਆ ਰਹੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਘਟਨਾ ਨੇ ਤਾਂ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਜ਼ੋਰ ਜ਼ਬਰਦਸਤੀ ਦੀ ਅੰਤਹ ਹੋ ਗਈ। ਲੜਕੇ ਤੇ ਲੜਕੀਆਂ ਨੂੰ ਕਮਰਿਆਂ ਵਿਚੋਂ ਬਾਹਰ ਕੱਢਕੇ ਮਾਰਿਆ ਗਿਆ। ਉਹ ਵੀ ਪਾਰਟੀ ਦੇ ਵਰਕਰਾਂ ਨੇ ਉਲਟਾ ਵਿਦਿਆਰਥੀਆਂ ਤੇ ਕੇਸ ਦਰਜ ਕਰ ਦਿੱਤੇ। ਕਰੋੜਾਂ ਦੀ ਜਾਇਦਾਦ ਸੜ ਕੇ ਤਬਾਹ ਹੋ ਗਈ ਹੈ। ਹਾਲਾਂਕਿ ਭਾਰਤ ਵਿਚ ਮੀਆਂਮੀਰ ਤੋਂ ਰੋਹਹਿੰਗੀਆ ਮੁਸਲਮਾਨ ਆ ਕੇ ਰਹਿ ਰਹੇ ਹਨ, ਹੁਣ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ। ਕੁਝ ਲੋਕ ਨਾਗਰਿਕਤਾ ਕਾਨੂੰਨ ਨੂੰ ਪੜ੍ਹੇ ਤੇ ਬਗੈਰ ਹੀ ਸੁਣੀ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰ ਰਹੇ ਹਨ।
      ਇਹ ਕਾਨੂੰਨ 1951 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਬਣਿਆਂ ਸੀ। ਇਸ ਕਾਨੂੰਨ ਦਾ ਸੰਬੰਧ ਗੁਆਂਢੀ ਦੇਸਾਂ ਵਿਚੋਂ ਘੱਟ ਗਿਣਤੀਆਂ ਦੇ ਆਉਣ ਵਾਲੇ ਸ਼ਰਨਾਰਥੀਆਂ ਨਾਲ ਹੈ, ਜਿਨ੍ਹਾਂ ਉਪਰ ਉੱਥੇ ਤਸ਼ੱਦਦ ਹੋ ਰਿਹਾ ਹੋਵੇ। । ਅੰਤਰ ਰਾਸ਼ਟਰੀ ਪੱਧਰ ਤੇ ਅਜਿਹੇ ਕਾਨੂੰਨ ਬਣਦੇ ਰਹਿੰਦੇ ਹਨ। ਇਸ ਕਾਨੂੰਨ ਨੂੰ ਵੀ ਅੰਤਰਰਾਸ਼ਟਰੀ ਤੌਰ ਤੇ ਮਾਣਤਾ ਪ੍ਰਾਪਤ ਹੈ। ਇਹ ਕਾਨੂੰਨ ਇਸਲਾਮਿਕ ਦੇਸਾਂ ਵਿਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੋਂ ਪ੍ਰਭਾਵਤ ਲੋਕਾਂ ਨੂੰ ਸ਼ਰਨ ਦੇਣ ਨਾਲ ਸੰਬੰਧਤ ਹੈ। ਹੁਣ ਭਾਰਤ ਸਰਕਾਰ ਸਮੇਂ ਦੀ ਸਥਿਤੀ ਦਾ ਬਹਾਨਾ ਬਣਾਕੇ ਇਸ ਕਾਨੂੰਨ ਨੂੰ ਅਪਡੇਟ ਕਰਨ ਦੇ ਬਹਾਨੇ ਕੱਟ ਵੱਢ ਕਰ ਰਹੀ ਹੈ। ਇਸ ਨਵੇਂ ਕਾਨੂੰਨ ਦੀ ਕੱਟ ਆਫ ਡੇਟ 31 ਦਸੰਬਰ 2014 ਬਣਾ ਦਿੱਤੀ ਹੈ। ਇਸ ਨਵੇਂ ਕਾਨੂੰਨ ਅਧੀਨ ਤਿੰਨ ਇਸਲਾਮਿਕ ਗੁਆਂਢੀ ਦੇਸਾਂ ਪਾਕਿਸਤਾਨ, ਅਫ਼ਗਾਨਸਤਾਨ ਅਤੇ ਬੰਗਲਾ ਦੇਸ ਵਿਚੋਂ ਹਿੰਦੂ, ਸਿੱਖ, ਈਸਾਈ, ਬੋਧੀ, ਪਾਰਸੀ ਅਤੇ ਜੈਨੀਆਂ ਨੂੰ ਭਾਰਤ ਵਿਚ ਸ਼ਰਨ ਲੈਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਮੁਸਲਮਾਨ ਵੀ ਸ਼ਾਮਲ ਸਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਕਾਨੂੰਨ ਨਾਲ ਭਾਰਤ ਵਿਚ ਰਹਿ ਰਹੇ ਮੁਸਲਮਾਨਾ ਤੇ ਕੋਈ ਅਸਰ ਨਹੀਂ ਪੈਣਾ। ਪ੍ਰੰਤੂ ਅਰਬ ਅਤੇ ਯੂ ਏ ਈ ਵਿਚ 40 ਲੱਖ ਅਤੇ ਖਾੜੀ ਦੇਸਾਂ ਵਿਚ 70 ਲੱਖ ਭਾਰਤੀ ਰਹਿ ਰਹੇ ਹਨ। ਸੰਸਾਰ ਵਿਚ 1 ਅਰਬ 80 ਕਰੋੜ ਮੁਸਲਮਾਨ ਵਸ ਰਹੇ ਹਨ। ਭਾਵੇਂ ਉਨ੍ਹਾਂ ਮੁਲਕਾਂ ਉਪਰ ਇਸ ਕਾਨੂੰਨ ਦਾ ਕੋਈ ਅਸਰ ਨਹੀਂ ਪੈਂਦਾ ਪ੍ਰੰਤੂ ਮੁਸਲਮਾਨਾ ਵਿਚ ਭਾਰਤੀਆਂ ਵਿਰੁਧ ਮੰਦ ਭਾਵਨਾ ਪੈਦਾ ਹਵੇਗੀ। ਸ੍ਰੀਮਤੀ ਇੰਦਰਾ ਗਾਂਧੀ ਨੇ ਪਾਕਿਸਤਾਨ ਨਾਲੋਂ ਬੰਗਲਾ ਦੇਸ ਵੱਖਰਾ ਦੇਸ ਬਣਾ ਦਿੱਤਾ ਸੀ ਕਿਉਂਕਿ ਭਾਰਤ ਨੂੰ ਪੂਰਬ, ਪੱਛਮ ਅਤੇ ਦੱਖਣ ਤਿੰਨਾਂ ਪਾਸਿਆਂ ਵੱਲੋਂ ਪਾਕਿਸਤਾਨ ਤੋਂ ਅਤੇ ਉਤਰ ਵਿਚ ਚੀਨ ਤੋਂ ਹਮੇਸ਼ਾ ਹਮਲੇ ਦਾ ਖ਼ਤਰਾ ਰਹਿੰਦਾ ਸੀ। ਬੰਗਲਾ ਦੇਸ਼ ਬਣਨ ਨਾਲ ਪੂਰਬ ਅਤੇ ਦੱਖਣ ਵੱਲੋਂ ਚਿੰਤਾ ਖ਼ਤਮ ਹੋ ਗਈ ਸੀ। ਆਸਾਮ ਬੰਗਲਾ ਦੇਸ ਦੇ ਨਾਲ ਲੱਗਦਾ ਹੈ, ਇਸ ਲਈ ਉਥੇ ਬੰਗਲਾ ਦੇਸ਼ ਤੋਂ 19 ਲੱਖ ਸ਼ਰਨਾਰਥੀ ਆ ਕੇ ਵਸੇ ਹੋਏ ਹਨ ਇਨ੍ਹਾਂ ਵਿਚ 16 ਲੱਖ ਹਿੰਦੂ ਅਤੇ 3 ਲੱਖ ਮੁਸਲਮਾਨ ਹਨ। ਆਸਾਮ ਨੂੰ ਤਾਂ ਭਾਰਤ ਦੇ ਸੰਵਿਧਾਨ ਦੀ 371 ਧਾਰਾ ਅਧੀਨ ਵਿਸ਼ੇਸ ਦਰਜਾ ਪ੍ਰਾਪਤ ਹੈ। ਬੰਗਲਾ ਦੇਸ ਨਾਲ ਭਾਰਤ ਦੇ ਸੰਬੰਧ ਵੀ ਚੰਗੇ ਹਨ। ਹੁਣ ਇਸ ਨਵੇਂ ਨਾਗਰਿਕ ਸੋਧ ਕਾਨੂੰਨ ਦੇ ਬਣਨ ਨਾਲ ਬੰਗਲਾ ਦੇਸ ਤੋਂ ਆਏ 19 ਲੱਖ ਸ਼ਰਨਾਰਥੀਆਂ ਵਿਚੋਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਦਾ ਭਵਿਖ ਖ਼ਤਰੇ ਵਿਚ ਪੈ ਗਿਆ, ਜੇ ਉਨ੍ਹਾਂ ਨੂੰ ਵਾਪਸ ਬੰਗਲਾ ਦੇਸ ਜਾਣਾ ਪਵੇਗਾ ਤਾਂ ਸਾਡੇ ਬੰਗਲਾ ਦੇਸ ਨਾਲ ਸੰਬੰਧ ਵਿਗੜਨਗੇ। ਜਿਸਦਾ ਪਾਕਿਸਤਾਨ ਅਤੇ ਚੀਨ ਲਾਭ ਉਠਾਉਣਗੇ ਤੇ ਭਾਰਤ ਨੂੰ ਆਂਢ ਗੁਆਂਢ ਤੋਂ ਚਾਰੇ ਪਾਸੇ ਤੋਂ ਖ਼ਤਰਾ ਪੈਦਾ ਹੋ ਜਾਵੇਗਾ। ਇਨ੍ਹਾਂ ਤਿੰਨਾ ਦੇਸਾਂ ਪਾਕਿਸਤਾਨ, ਅਫਗਾਸਿਤਾਨ ਅਤੇ ਬੰਗਲਾ ਦੇਸ ਵਿਚ ਲਗਪਗ 32 ਹਜ਼ਾਰ ਹਿੰਦੂ, ਸਿੱਖ ਅਤੇ ਈਸਾਈ ਵਸ ਰਹੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਉਹ ਸਾਰੇ ਭਾਰਤ ਵਿਚ ਵਾਪਸ ਆ ਜਾਣਗੇ, ਜਿਨ੍ਹਾਂ ਕਰਕੇ ਇਹ ਸੋਧ ਬਿਲ ਬਣਾਇਆ ਹੈ। ਅਫਗਾਨਿਸਤਾਨ ਵਿਚ ਤਾਂ ਹੁਣ ਹਿੰਦੂ ਸਿੱਖ ਬਹੁਤ ਖ਼ੁਸ਼ੀ ਨਾਲ ਰਹਿ ਰਹੇ ਹਨ। ਇਕ ਹੋਰ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਲਈ ਸ਼ਰਨਾਰਥੀ ਕੈਂਪ ਬਣਾਵਾਂਗੇ ਤਾਂ ਉਨ੍ਹਾਂ ਦਾ ਸਾਰਾ ਖ਼ਰਚਾ ਭਾਰਤ ਸਰਕਾਰ ਨੂੰ ਸਹਿਣਾ ਪਵੇਗਾ। ਫਿਰ ਇਸ ਕਾਨੂੰਨ ਬਣਾਉਣ ਦਾ ਭਾਰਤ ਨੂੰ ਕੀ ਲਾਭ ਹੋਇਆ ਨਾਲੇ ਅੰਤਰਰਾਸ਼ਟਰੀ ਤੌਰ ਤੇ ਬਦਨਾਮੀ ਖੱਟੀ ਹੈ। ਇਸ ਨਾਗਰਿਕਤਾ ਸੋਧ ਕਾਨੂੰਨ ਦਾ ਦੇਸ ਵਿਚ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਬਿਹਾਰ ਤੋਂ ਨਿਤਿਸ਼ ਕੁਮਾਰ ਜਿਹੜੇ ਦੋਵੇਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਹਨ, ਉਹ ਵੀ ਪਿਛੇ ਹੱਟ ਰਹੇ ਹਨ। ਇਹ ਉਨ੍ਹਾਂ ਦੀ ਦੂਹਰੀ ਨੀਤੀ ਹੈ। ਬਿਲ ਪਾਸ ਕਰਨ ਸਮੇਂ ਤਾਂ ਉਨ੍ਹਾਂ ਬਿਲ ਦੇ ਹੱਕ ਵਿਚ ਵੋਟਾਂ ਪਾਈਆਂ ਸਨ। ਹੁਣ ਅਜਿਹੇ ਬਿਆਨ ਦੇ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ ਕਾਨੂੰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਵੱਖਰੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ। ਇਸ ਕਾਨੂੰਨ ਨਾਲ ਰਾਸ਼ਟਰੀ ਨਾਗਰਿਕ ਰਜਿਸਟਰ ਜੋੜ ਦਿੱਤਾ ਹੈ। ਅਰਥਾਤ ਮਰਦਮਸ਼ੁਮਾਰੀ ਵਿਚ ਜ਼ਾਤ ਅਤੇ ਧਰਮ ਲਿਖਾਉਣਾ ਪਵੇਗਾ ਜਿਸ ਤੋਂ ਹਿੰਦੂਆਂ ਤੋਂ ਬਿਨਾ ਬਾਕੀ ਸਾਰੀਆਂ ਘੱਟ ਗਿਣਤੀਆਂ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਇਹ ਕਾਨੂੰਨ ਭਾਰਤ ਦੀ ਧਰਮ ਨਿਰਪੱਖਤਾ ਦੀ ਸੋਚ ਨੂੰ ਖੋਖਲਾ ਕਰਦਾ ਹੈ। ਸੰਸਾਰ ਵਿਚ ਭਾਰਤ ਦੇ ਧਰਮ ਨਿਰਪੱਖ ਅਕਸ ਨੂੰ ਧੱਬਾ ਲੱਗ ਗਿਆ ਹੈ। ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਦੇ ਤਾਜ਼ਾ ਬਿਆਨ ਵਿਚ ਵਿਚ ਉਸਨੇ ਕਿਹਾ ਹੈ ਕਿ ਭਾਰਤ ਦੇ 1 ਅਰਬ 30 ਕਰੋੜ ਨਾਗਰਿਕ ਹਿੰਦੂ ਹਨ ਜਾਣੀ ਕਿ ਭਾਰਤ ਦੀ ਸਾਰੀ ਅਬਾਦੀ ਹਿੰਦੂਆਂ ਦੀ ਹੈ। ਉਸਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਭਾਰਤ ਦੀਆਂ ਘੱਟ ਗਿਣਤੀ ਕੌਮਾ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਹ ਬਿਆਨ ਕੇਂਦਰ ਸਰਕਾਰ ਦੀ ਨੀਤੀਆਂ ਦਾ ਪ੍ਰਤੀਕ ਹੈ। ਭਾਰਤ ਵਿਚ ਘੱਟ ਗਿਣਤੀਆਂ ਦਾ ਅਸਤਿਤਵ ਖ਼ਤਰੇ ਵਿਚ ਪੈ ਗਿਆ ਹੈ। ਪਹਿਲੀ ਸੱਟੇ ਇਸ ਕਾਨੂੰਨ ਰਾਹੀਂ ਮੁਸਲਮਾਨਾ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਬਾਅਦ ਦੂਜੇ ਧਰਮਾ ਦੇ ਲੋਕਾਂ ਨਾਲ ਵੀ ਇਹੋ ਸਲੂਕ ਹੋਣ ਦੀ ਉਮੀਦ ਹੈ।
ਮੋਬਾਈਲ - 94178 13072
ujagarsingh48@yahoo.com

ਕੀ ਢੀਂਡਸਾ ਪਰਿਵਾਰ ਦਾ ਪੈਂਤੜਾ ਬਾਦਲ ਪਰਿਵਾਰ ਦੇ ਨੂੰ ਵੰਗਾਰ ਸਾਬਤ ਹੋਵੇਗਾ -  ਉਜਾਗਰ ਸਿੰਘ

ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧੜਿਆਂ ਵਿਚ ਵੰਡੇ ਹੋਏ ਅਕਾਲੀ ਦਲ ਵਿਚੋਂ ਇਕ ਧੜੇ ਨੂੰ ਹੀ ਸਿਆਸੀ ਤਾਕਤ ਦਿੱਤੀ ਹੈ। ਅਜੇ ਤੱਕ ਵੰਡਵੀਂ ਤਾਕਤ ਨਹੀਂ ਦਿੱਤੀ। ਧੜੇਬੰਦੀ ਅਕਾਲੀ ਦਲ ਦੀ 1920 ਵਿਚ ਸਥਾਪਨਾ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਜੋ ਬਾਕਾਇਦਾ ਜਾਰੀ ਹੈ। ਧੜੇਬੰਦੀ ਦੇ ਕਾਰਨ ਆਮ ਤੌਰ ਤੇ ਨੇਤਾਵਾਂ ਦੇ ਵਿਅਕਤੀਗਤ ਕਲੇਸ ਜਾਂ ਹਓਮੇਂ ਹੁੰਦੀ ਸੀ। ਇਸ ਵਾਰ ਦੀ ਧੜੇਬੰਦੀ ਸਿੱਖ ਧਰਮ ਦੇ ਪਵਿਤਰ ਗ੍ਰੰਥ ਜਿਸਨੂੰ ਗੁਰਬਾਣੀ ਵਿਚ ਸਿੱਖਾਂ ਲਈ ਗੁਰੂ ਦਾ ਦਰਜਾ ਦਿੱਤਾ ਗਿਆ, ਉਸਦੀ ਬੇਅਦਬੀ ਕਰਕੇ ਹੁੰਦੀ ਲੱਗਦੀ ਹੈ। ਅਕਾਲੀ ਦਲ ਵਿਚ ਬਗਾਬਤ ਦੀ ਅੱਗ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੁਲਗਣ ਲੱਗ ਗਈ ਸੀ। ਬਗਾਬਤ ਦਾ ਧੂੰਆਂ ਤਾਂ ਨਿਕਲ ਰਿਹਾ ਸੀ ਪ੍ਰੰਤੂ ਭਾਂਬੜ ਬਣਕੇ ਮੱਚ ਨਹੀਂ ਸੀ ਰਹੀ। ਹੁਣ ਹਾਲਾਤ ਬਣਦੇ ਜਾ ਰਹੇ ਹਨ ਕਿ ਇਹ ਸਿਆਸੀ ਭਾਂਬੜ ਅਕਾਲੀ ਦਲ ਉਪਰ ਕਾਬਜ਼ ਬਾਦਲ ਪਰਿਵਾਰ ਦਾ ਤਖ਼ਤੇ ਤਾਊਸ ਪਲਟਣ ਦੇ ਰੌਂ ਵਿਚ ਹਨ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਜਮ ਤੋਂ ਕੰਮ ਲੈ ਰਹੀ ਸੀ ਕਿਉਂਕਿ ਜਿਹੜਾ ਵੀ ਮਾੜੇ ਮੋਟੇ ਗੁੱਸੇ ਦੇ ਤੇਵਰ ਵਿਖਾਉਂਦਾ ਸੀ, ਉਸਨੂੰ ਸਿਆਸੀ ਤਾਕਤ ਦਾ ਘਾਹ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਉਪਰ ਪਿਛਲੇ ਪੰਜ ਦਹਾਕਿਆਂ ਤੋਂ ਭਾਰੂ ਰਹੇ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪਹਿਲੀ ਵਾਰ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਆਪਣੇ ਅਸਤਿਤਵ ਨੂੰ ਬਚਾਉਣ ਦੇ ਲਾਲੇ ਪੈ ਗਏ ਹਨ। ਪਰਕਾਸ਼ ਸਿੰਘ ਬਾਦਲ ਨੇ ਜਦੋਂ ਤੋਂ ਅਕਾਲੀ ਦਲ ਦੀ ਵਾਗ ਡੋਰ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੰਭਾਲ ਦਿੱਤੀ, ਉਸ ਦਿਨ ਤੋਂ ਸੀਨੀਅਰ ਨੇਤਾ ਖ਼ਾਰ ਖਾਣ ਲੱਗ ਪਏ ਸਨ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕੰਮ ਕਰਨ ਦਾ ਢੰਗ ਵਿਓਪਾਰਕ ਅਤੇ ਬਚਕਾਨਾ ਸੀ। ਸੁਖਬੀਰ ਸਿੰਘ ਬਾਦਲ ਨੇ ਬਜ਼ੁਰਗਾਂ ਦੀ ਥਾਂ ਉਨ੍ਹਾਂ ਦੇ ਹੀ ਨੌਜਵਾਨ ਸਪੁੱਤਰਾਂ ਨੂੰ ਮੂਹਰੇ ਕਰ ਲਿਆ ਸੀ। ਰਿਓੜੀਆਂ ਨੌਜਵਾਨਾ ਨੂੰ ਵੰਡ ਦਿੱਤੀਆਂ। ਉਨ੍ਹਾਂ ਨੌਜਵਾਨਾ ਨੂੰ ਇਸ ਆਸ ਨਾਲ ਅੱਗੇ ਕੀਤਾ ਸੀ ਕਿ ਉਹ ਉਸ ਦੀ ਅਗਵਾਈ ਨੂੰ ਵੰਗਾਰਨਗੇ ਨਹੀਂ ਅਤੇ ਆਪਣੇ ਮਾਪਿਆਂ ਨੂੰ ਸੁਖਬੀਰ ਦਾ ਵਿਰੋਧ ਕਰਨ ਤੋਂ ਰੋਕਣਗੇ ਪ੍ਰੰਤੂ ਪਰਮਿੰਦਰ ਸਿੰਘ ਢੀਂਡਸਾ ਤੇ ਉਹ ਫਾਰਮੂਲਾ ਲਾਗੂ ਨਹੀਂ ਕਰ ਸਕੇ।  ਸੀਨੀਅਰ ਨੇਤਾ ਯੋਗ ਸਮੇਂ ਦੀ ਉਡੀਕ ਕਰ ਰਹੇ ਸਨ। ਭਾਵੇਂ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਿਆਸਤ ਵਿਚ ਸਿਆਸੀ ਤੂਫ਼ਾਨ ਵਰਗੇ ਹਾਲਾਤ ਬਣਦੇ ਰਹੇ ਹਨ ਪ੍ਰੰਤੂ ਕੋਈ ਵੀ ਤੂਫ਼ਾਨ ਅਕਾਲੀ ਸਿਆਸਤ ਦੇ ਬਾਬਾ ਬੋਹੜ ਸ੍ਰ ਪਰਕਾਸ਼ ਸਿੰਘ ਬਾਦਲ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਜਿਹੜਾ ਵੀ ਨੇਤਾ ਪਰਕਾਸ਼ ਸਿੰਘ ਬਾਦਲ ਵਿਰੁਧ ਬੋਲਿਆ, ਉਸਨੂੰ ਬਾਦਲ ਨੇ ਮੱਖਣ ਵਿਚੋਂ ਵਾਲ ਦੀ ਤਰ੍ਹਾਂ ਅਕਾਲੀ ਦਲ ਵਿਚੋਂ ਕੱਢ ਕੇ ਮਾਰਿਆ। ਸਤੰਬਰ 2018 ਵਿਚ ਅਚਾਨਕ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਪਰਕਾਸਸ਼ ਸਿੰਘ ਬਾਦਲ ਉਸਨੂੰ ਮਨਾਉਣ ਢੀਂਡਸਾ ਦੇ ਘਰ ਗਿਆ ਪ੍ਰੰਤੂ ਉਸਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ ਪ੍ਰੰਤੂ ਉਸਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਲੀਡਰ  ਵਜੋਂ ਕੰਮ ਕਰਦੇ ਰਹੇ ਅਤੇ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਅਕਾਲੀ ਦਲ ਦੇ ਟਿਕਟ ਤੇ ਲੜੇ। 26 ਜਨਵਰੀ 2019 ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਨਮਾਨ ਨਾਲ ਪੰਜਾਬ ਦੇ ਲੋਕਾਂ ਨੂੰ ਸ਼ੱਕ ਹੋ ਗਈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਦਲਵੇਂ ਲੀਡਰ ਦੇ ਤੌਰ ਤੇ ਵੇਖ ਰਹੀ ਹੈ। ਇਥੇ ਹੀ ਬਸ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ 19  ਅਕਤੂਬਰ 2019 ਨੂੰ ਅਕਾਲੀ ਦਲ ਦੇ ਰਾਜ ਸਭਾ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਹੁਣ ਜਦੋਂ ਸ਼ਰੋਮਣੀ ਅਕਾਲੀ ਦਲ ਦਾ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਸਾ ਵੀ ਉਸ ਵਿਚ ਸ਼ਾਮਲ ਨਹੀਂ ਹੋਏ, ਜਿਸ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਟਕਸਾਲੀ ਦੀ ਸਟੇਜ ਤੇ ਪਹੁੰਚ ਗਿਆ। ਤਿੰਨ ਜਨਵਰੀ 202 ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਜਿਸ ਨਾਲ ਸ਼ਰੋਮਣੀ ਅਕਾਲੀ ਦਲ ਵਿਚ ਤਰਥੱਲੀ ਮੱਚ ਗਈ। ਹੁਣ ਅਕਾਲੀ ਦਲ ਦੇ ਵਰਕਰਾਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦਾ ਖਹਿੜਾ ਬਾਦਲ ਪਰਿਵਾਰ ਤੋਂ ਛੁੱਟ ਜਾਵੇਗਾ। ਸਿੱਖ ਜਗਤ ਦੀਆਂ ਨਿਗਾਹਾਂ ਹੁਣ ਅਕਾਲੀ ਦਲ ਟਕਸਾਲੀ ਵਲ ਹਨ। ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਕੀ ਫੈਸਲਾ ਕਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਕ ਵਾਰ ਤਾਂ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਤਾਂ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਲੱਗਦੀਆਂ ਹਨ ਕਿਉਂਕਿ ਇਹ ਸਿਆਸੀ ਤੂਫ਼ਾਨ ਨਹੀਂ ਸਗੋਂ ਇਹ ਤਾਂ ਸਿਆਸੀ ਸੁਨਾਮੀ ਹੈ। ਇਸ ਤੋਂ ਪਹਿਲਾਂ ਜਿਤਨੀ ਵਾਰ ਅਜਿਹੇ ਹਾਲਾਤ ਬਣੇ, ਉਹ ਸਿਰਫ ਅਕਾਲੀ ਸਿਆਸਤਦਾਨਾ ਵੱਲੋਂ ਸਿਆਸੀ ਕੁਰਸੀ ਪ੍ਰਾਪਤ ਕਰਨ ਜਾਂ ਆਪੋ ਆਪਣੀ ਸਰਬਉਚਤਾ ਬਣਾਈ ਰੱਖਣ ਦੇ ਉਪਰਾਲੇ ਵਜੋਂ ਸਮਝੇ ਜਾਂਦੇ ਸਨ। ਇਸ ਵਾਰ ਇਹ ਸਿਆਸੀ ਸੁਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਅਤੇ ਅਕਾਲੀ ਸਰਕਾਰ ਵੱਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਦੇ ਵਿਰੋਧ ਵਿਚ ਆਈ ਹੈ। ਏਥੇ ਹੀ ਬਸ ਨਹੀਂ ਸਗੋਂ ਸਿੱਖ ਸੰਸਥਾਵਾਂ ਨੂੰ ਰਾਜਨੀਤਕ ਹਿਤਾਂ ਲਈ ਵਰਤਕੇ ਰਾਜ ਪ੍ਰਬੰਧ ਉਪਰ ਕਾਬਜ਼ ਰਹਿਣ ਲਈ ਵਰਤੇ ਢੰਗ ਤਰੀਕਿਆਂ ਦਾ ਮਸਲਾ ਵੀ ਹੈ। ਇਉਂ ਲੱਗਦਾ ਹੈ ਕਿ ਢੀਂਡਸਾ ਪਰਿਵਾਰ ਦੀ ਅਗਵਾਈ ਵਿਚ ਇਹ ਕਦਮ ਸਿੱਖ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਅਸੂਲਾਂ ਦੀ ਲੜਾਈ ਦੇ ਤੌਰ ਤੇ ਸਮੂਹ ਸਿੱਖ ਸੰਗਤ ਦੀ ਲੜਾਈ ਹੋ ਨਿਬੜੇਗੀ।
       ਸ਼ਰੋਮਣੀ ਅਕਾਲੀ ਦਲ ਵਿਚ ਮੋਹਣ ਸਿੰਘ ਤੁੜ, ਪਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸੁਰਜਨ ਸਿੰਘ ਠੇਕੇਦਾਰ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਸਿੰਘ ਵਡਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਰਵੀਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਕਾਬਲ ਸਿੰਘ ਅਤੇ ਜਸਦੇਵ ਸਿੰਘ ਸੰਧੂ ਕਦਾਵਰ ਨੇਤਾ ਗਿਣੇ ਜਾਂਦੇ ਸਨ। ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਪਣੀ ਦੂਰ ਅੰਦੇਸ਼ੀ ਅਤੇ ਰਾਜਨੀਤਕ ਤਿਗੜਮਬਾਜ਼ੀ ਨਾਲ ਕਿਸੇ ਨੇਤਾ ਨੂੰ ਕੁਸਕਣ ਨਹੀਂ ਦਿੱਤਾ, ਸਗੋਂ ਜਿਹੜੇ ਵੀ ਨੇਤਾ ਨੇ ਵਿਰੋਧੀ ਸੁਰ ਅਲਾਪੀ ਉਸਨੂੰ ਅਕਾਲੀ ਦਲ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਵਿਚ ਦੇਰੀ ਨਹੀਂ ਕੀਤੀ। ਕਿਸੇ ਵੀ ਅਕਾਲੀ ਲੀਡਰ ਨੂੰ ਸਿਆਸੀ ਤੌਰ ਤੇ ਸਰਬਉਚ ਨੇਤਾ ਬਣਨ ਹੀ ਨਹੀਂ ਦਿੱਤਾ, ਜਾਣੀ ਕਿ ਸੈਕਿੰਡ ਰੈਂਕ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ, ਜਿਹੜੀ ਪਰਕਾਸ਼ ਸਿੰਘ ਬਾਦਲ ਲਈ ਵੰਗਾਰ ਬਣ ਸਕੇ, ਜਿਸਦਾ ਖ਼ਮਿਆਜਾ ਹੁਣ ਅਕਾਲੀ ਦਲ ਨੂੰ ਭੁਗਤਣਾ ਪਿਆ ਹੈ। ਮੋਹਣ ਸਿੰਘ ਤੁੜ ਦੇ ਪਰਿਵਾਰ ਨੂੰ ਪਹਿਲਾਂ ਉਸਦੇ ਸਪੁੱਤਰ ਲਹਿਣਾ ਸਿੰਘ ਤੁੜ ਅਤੇ ਬਾਅਦ ਵਿਚ ਤਰਲੋਚਨ ਸਿੰਘ ਤੁੜ ਨੂੰ ਵੀ ਸਿਆਸਤ ਵਿਚੋਂ ਬਾਹਰ ਕਰਕੇ ਮਾਝੇ ਵਿਚ ਨਵੇਂ ਨੇਤਾ ਪੈਦਾ ਕਰ ਦਿੱਤੇ, ਜਿਨ੍ਹਾਂ ਦੀ ਅੱਜ ਕਲ੍ਹ ਅਕਾਲੀ ਦਲ ਵਿਚ ਤੂਤੀ ਬੋਲਦੀ ਹੈ। ਜਗਦੇਵ ਸਿੰਘ ਤਲਵੰਡੀ ਇਕ ਵਾਹਦ ਨੇਤਾ ਸੀ, ਜਿਸਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਵਿਰੁਧ 1978 ਵਿਚ ਭਰਿਸ਼ਟਾਚਾਰ ਦੀ ਪੜਤਾਲ ਕਰਨ ਦਾ ਮੰਗ ਪੱਤਰ ਉਦੋਂ ਦੇ ਰਾਜਪਾਲ  ਨੂੰ ਉਸਦੀ ਸਰਕਾਰ ਬਰਖ਼ਾਸਤ ਕਰਨ ਲਈ ਦਿੱਤਾ ਸੀ। ਸ੍ਰ ਬਾਦਲ ਨੇ ਇਹ ਘਟਨਾ ਦਿਮਾਗ ਵਿਚ ਰੱਖੀ ਅਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਗੁਠੇ ਲਾਈਨ ਲਾ ਕੇ ਰੱਖਿਆ। ਉਸਤੋਂ ਬਾਅਦ 27  ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਤਾਬਦੀ ਸਮਾਗਮਾ ਦੇ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ, ਜਿਸਨੇ ਸਿਰਫ ਇਹ ਕਿਹਾ ਸੀ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਆਪਣੀ ਥਾਂ ਕਿਸੇ ਆਪਣੇ ਵਿਸ਼ਵਾਸ ਪਾਤਰ ਨੂੰ ਬਣਾ ਲੈਣ । ਜਥੇਦਾਰ ਟੌਹੜਾ ਨੇ ਸਰਬਹਿੰਦ ਅਕਾਲੀ ਦਲ ਬਣਾਕੇ ਵਿਧਾਨ ਸਭਾ ਦੀਆਂ ਚੋਣਾ ਵੀ ਲੜੀਆਂ ਪ੍ਰੰਤੂ ਸਫਲ ਨਾ ਹੋਏ।  ਜਸਦੇਵ ਸਿੰਘ ਸੰਧੂ ਦਾ ਘਨੌਰ ਤੋਂ ਟਿਕਟ ਹੀ ਕੱਟ ਦਿੱਤਾ।  ਸੁਖਜਿੰਦਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਦੀ ਟਿਕਟ ਹੀ ਨਾ ਦਿੱਤੀ। ਉਸਨੇ ਕਾਬਲ ਸਿੰਘ ਨਾਲ ਰਲਕੇ ਪੰਥਕ ਅਕਾਲੀ ਦਲ ਬਣਾ ਲਿਆ । ਟੌਹੜਾ ਪਰਿਵਾਰ ਨੂੰ ਮੁੜ ਬਾਦਲ ਦੀ ਸ਼ਰਨ ਵਿਚ ਆਉਣਾ ਪਿਆ। ਸੁਰਜੀਤ ਸਿੰਘ ਬਰਨਾਲਾ ਨੂੰ ਕਦੀ ਆਪਣਾ ਨੇਤਾ ਹੀ ਨਹੀਂ ਮੰਨਿਆਂ। ਰਵੀਇੰਦਰ ਸਿੰਘ ਭਾਵੇਂ ਉਨ੍ਹਾਂ ਦਾ  ਨਜ਼ਦੀਕੀ ਸੰਬੰਧੀ ਸੀ, ਉਸਨੂੰ ਵੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਜਿਸਨੇ ਆਪਣਾ ਅਕਾਲੀ ਦਲ19 ਬਣਾਇਆ ਹੋਇਆ ਹੈ। ਜਦੋਂ ਬੇਅਦਬੀ ਦੇ ਮੁੱਦੇ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਤੇਵਰ ਵਿਖਾਏ ਤਾਂ ਉਨ੍ਹਾਂ ਨੂੰ ਵੀ ਅਕਾਲੀ ਦਲ ਵਿਚੋਂ ਬਾਹਰ ਕਰ ਦਿੱਤਾ ਗਿਆ, ਜਿਵੇਂ ਅਕਾਲੀ ਦਲ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਜਾਗੀਰ ਹੋਵੇ। ਉਸ ਸਮੇਂ ਉਨ੍ਹਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀ ਦਲ ਟਕਸਾਲੀ ਬਣਾ ਲਿਆ। ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਟਕਸਾਲੀ ਸਫਲ ਨਹੀਂ ਹੋਇਆ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ ਨੂੰ ਵੀ ਮੂੰਹ ਨਹੀਂ ਲਾਇਆ। ਅਕਾਲੀ ਦਲ ਵਿਧਾਨ ਸਭਾ ਦੀਆਂ ਸਿਰਫ 14 ਸੀਟਾਂ ਜਿੱਤ ਸਕਿਆ, ਜਿਨ੍ਹਾਂ ਵਿਚ ਦੋਵੇਂ ਪਿਓ ਪੁੱਤਰ ਸ਼ਾਮਲ ਹਨ।
        ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੁੰਦੜ ਬਾਦਲ ਪਰਿਵਾਰ ਦੇ ਨੇੜੇ ਗਿਣੇ ਜਾਂਦੇ ਸਨ। ਅਕਾਲੀ ਦਲ ਬਾਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੂਜੇ ਨੰਬਰ ਤੇ ਸਨ। ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਜਿਲ੍ਹੇ ਦੇ ਅਕਾਲੀ ਦਲ ਵਿਚੋਂ ਕੱਢੇ ਹੋਏ ਨੇਤਾਵਾਂ, ਜਿਨ੍ਹਾਂ ਵਿਚ ਸੁਰਜੀਤ ਸਿੰਘ ਬਰਨਾਲਾ ਦਾ ਧੜਾ ਸ਼ਾਮਲ ਹੈ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਅਹੁਦੇ ਦੇ ਦਿੱਤੇ ਹਨ। ਇਥੇ ਹੀ ਬਸ ਨਹੀਂ ਸੰਗਰੂਰ ਜਿਲ੍ਹੇ ਤੋਂ ਗੋਬਿੰਦ ਸਿੰਘ ਲੌਂਗੋਵਾਲ ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨੇੜੇ ਦਾ ਸਹਿਯੋਗੀ ਰਿਹਾ ਹੈ,  ਨੂੰ ਪਿਛਲੇ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਵਾਰ ਦੁਬਾਰਾ ਵੀ ਇਸੇ ਕਰਕੇ ਉਸਨੂੰ ਪ੍ਰਧਾਨ ਬਣਾਇਆ ਗਿਆ ਹੈ ਤਾਂ ਜੋ ਸੁਖਦੇਵ ਸਿੰਘ ਢੀਂਡਸਾ ਨੂੰ ਉਸਦੇ ਆਪਣੇ ਜਿਲ੍ਹੇ ਵਿਚ ਹੀ ਸਿਆਸੀ ਤੌਰ ਤੇ ਨੀਵਾਂ ਵਿਖਾਇਆ ਜਾਵੇ।
        ਹੁਣ ਵੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਉਹ ਨੇਤਾ ਅਤੇ ਵਰਕਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮਾਨਸਿਕ ਤੌਰ ਤੇ ਜ਼ਖ਼ਮੀ ਹੋਏ ਅਕਾਲੀ ਦਲ ਵਿਚ ਘੁਟਣ ਮਹਿਸੂਸ ਕਰਦੇ ਸਨ,  ਕੀ ਉਹ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਗੇ। ਸੁਖਦੇਵ ਸਿੰਘ ਢੀਂਡਸਾ ਨੂੰ ਸੰਜਮੀ,   ਸ਼ਰੀਫ,  ਨੇਕ ਤੇ ਨਰਮ ਦਿਲ, ਲਿਬਰਲ ਅਤੇ ਸਰਬਪ੍ਰਵਾਨਤ ਨੇਤਾ ਗਿਣਿਆਂ ਜਾਂਦਾ ਹੈ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੀ ਬਗ਼ਾਬਤ ਜ਼ਰੂਰ ਕੋਈ ਰੰਗ ਵਿਖਾਏਗੀ ਅਤੇ ਅਕਾਲੀ ਦਲ ਜਿਸਦੀ ਸਥਾਪਨਾ ਹੀ ਵਿਚ ਗੁਰਦੁਆਰਾ ਸਾਹਿਬਾਨ ਦੀ ਦੇਖ ਰੇਖ ਲਈ ਕੀਤੀ ਗਈ ਸੀ ਹੁਣ ਆਪਣੀ ਧਾਰਮਿਕ ਜ਼ਿੰਮੇਵਾਰ ਨਿਭਾਏਗਾ।  ਪੰਜਾਬ ਦੇ ਲੋਕਾਂ ਦੀਆਂ ਕੇਂਦਰ ਸਰਕਾਰ ਵਲ ਨਿਗਾਹਾਂ ਟਿਕੀਆਂ ਹੋਈਆਂ ਹਨ ਕਿ ਕੀ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦੇਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵਾਉਂਦੇ ਹਨ ਜਾਂ ਨਹੀਂ। ਜੇ ਕੇਂਦਰ ਨੇ ਇਹ ਚੋਣਾ ਕਰਵਾ ਦਿੱਤੀਆਂ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਟਕਸਾਲੀ ਅਕਾਲੀ ਦਲ ਬਾਦਲ ਦਾ ਬਦਲ ਬਣਕੇ ਉਭਰ ਸਕਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਅਜੇ ਢਾਈ ਸਾਲ ਦਾ ਸਮਾ ਰਹਿੰਦਾ ਹੈ ਪ੍ਰੰਤੂ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਅਕਾਲੀ  ਦਲ ਟਕਸਾਲੀ ਗੁਰਚਰਨ ਸਿੰਘ ਟੌਹੜਾ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਬੇੜੀ ਵਿਚ ਵੱਟੇ ਤਾਂ ਪਾਉਣ ਦੇ ਸਮਰੱਥ ਹੋਵੇਗਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ  ਦੀ ਲੋੜ - ਉਜਾਗਰ ਸਿੰਘ

ਦਸੰਬਰ ਦਾ ਮਹੀਨਾ ਸਿੱਖ ਜਗਤ ਲਈ ਬੜਾ ਮਹੱਤਵਪੂਰਨ ਅਤੇ ਦੁੱਖਦਾਈ ਹੈ ਕਿਉਂਕਿ ਇਸ ਮਹੀਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰੀ ਠੰਡੇ ਬੁਰਜ ਵਿਚ ਸਵਰਗ ਸਿਧਾਰ ਗਏ ਸਨ। ਲਗਪਗ ਤਿੰਨ ਸਦੀਆਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਮਾਨਵਤਾ ਦੀ ਰੱਖਿਆ ਲਈ ਜ਼ੁਲਮ ਦਾ ਮੁਕਾਬਲਾ ਕਰਦਿਆਂ ਆਪਣੀਆਂ ਮਾਸੂਮ ਜ਼ਿੰਦਗੀਆਂ ਦੀਆਂ ਕੁਰਬਾਨੀਆਂ ਦੇ ਕੇ ਸਿੱਖ ਸੰਗਤਾਂ ਨੂੰ ਸੱਚ ਦੇ ਰਾਹ ਤੇ ਚਲਣ ਅਤੇ ਆਪੋ ਆਪਣੇ ਧਰਮ ਵਿਚ ਮਜ਼ਬੂਤ ਅਤੇ ਸਥਾਈ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਮਾਤਾ ਗੁਜ਼ਰੀ ਜੀ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਠੰਡੇ ਬੁਰਜ ਵਿਚ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਸਮੇਂ ਸਿੱਖ ਜਗਤ ਵਿਚ ਬਹੁਤ ਜ਼ਿਆਦਾ ਨਿਘਾਰ ਆ ਚੱਕਾ ਹੈ। ਅਜਿਹੇ ਹਾਲਾਤ ਵਿਚ ਜਦੋਂ ਸਿੱਖ ਵਿਚਾਰਧਾਰਾ ਨੂੰ ਸਿੱਖਾਂ ਤੋਂ ਹੀ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਸਿਆਸਤ ਭਾਰੂ ਹੋ ਗਈ ਹੈ। ਲਾਲਚ ਨੇ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੋਇਆ ਹੈ। ਸਿੱਖ ਜਗਤ ਸਿੱਖ ਵਿਚਾਰਧਾਰਾ ਨੂੰ ਤਿਆਗਕੇ ਸਿਆਸੀ ਲਾਲਚ ਅਧੀਨ ਦੂਜੀਆਂ ਸਿਆਸੀ ਪਾਰਟੀਆਂ ਦੇ ਗ਼ੁਲਾਮ ਹੁੰਦੇ ਜਾ ਰਹੇ ਹਨ। ਵੋਟ ਦੀ ਰਾਜਨੀਤੀ ਨੇ ਸਿੱਖੀ ਨੂੰ ਸਭ ਤੋਂ ਵੱਧ ਨੁਕਮਸਾਨ ਪਹੁੰਚਾਇਆ ਹੈ। ਇਸ ਲਈ ਸਿੱਖ ਜਗਤ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਤੋਂ ਸਬਕ ਸਿੱਖਣ ਅਤੇ ਅਗਵਾਈ ਲੈਣ ਦੀ ਲੋੜ ਹੈ। ਕਿਸੇ ਵੀ ਕੌਮ ਦਾ ਭਵਿਖ ਉਸਦੇ ਬੱਚੇ ਹੁੰਦੇ ਹਨ, ਜਿਨ੍ਹਾਂ ਭਵਿਖ ਵਿਚ ਕੌਮ ਦੀ ਵਾਗ ਡੋਰ ਸੰਭਾਲਣੀ ਹੁੰਦੀ ਹੈ। ਇਸ ਲਈ ਸਿੱਖ ਬੱਚਿਆਂ ਅਤੇ ਨੌਜਵਾਨਾ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਆਪਣਾ ਜੀਵਨ ਬਸਰ ਕਰਦਿਆਂ ਧਰਮ ਦੀ ਰੱਖਿਆ ਲਈ ਕਾਰਗਰ ਰਹਿਣਾ ਚਾਹੀਦਾ ਹੈ। ਵੈਸੇ ਬਜ਼ੁਰਗ ਨੌਜਵਾਨਾ ਲਈ ਰਾਹ ਦਸੇਰਾ ਹੁੰਦੇ ਹਨ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਲਈ ਸਨ, ਜਿਸ ਕਰਕੇ ਸਾਹਿਬਜ਼ਾਦੇ ਆਪਣੇ ਧਰਮ ਦੇ ਅਸੂਲਾਂ ਤੇ ਡਟੇ ਰਹੇ। ਪ੍ਰੰਤੂ ਦੁੱਖ ਦੀ ਗੱਲ ਹੈ ਸਿੱਖ ਬਜ਼ੁਰਗ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕੇ, ਜਿਸ ਕਰਕੇ ਸਿੱਖ ਧਰਮ ਵਿਚ ਗਿਰਾਵਟ ਆ ਰਹੀ ਹੈ। ਸਿੱਖ ਸੰਗਤ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਵੀ ਸਿੱਖ ਵਿਚਾਰਧਾਰਾ ਅਨੁਸਾਰ ਮਨਾਉਣ ਤੋਂ ਬਾਗੀ ਹੋਈ ਪਈ ਹੈ। ਨਸ਼ਿਆਂ ਵਰਗੀਆਂ ਅਨੇਕਾਂ ਕੁਰੈਹਤਾਂ ਵਿਚ ਪੈ ਗਈ ਹੈ। ਸਿੱਖੀ ਸਰੂਪ ਨੂੰ ਵੀ ਤਿਲਾਂਜਲੀ ਦੇਈ ਬੈਠੀ ਹੈ। ਸਿੱਖ ਜਗਤ ਤਿੰਨ ਸਦੀਆਂ ਵਿਚ ਹੀ ਆਪਣੀ ਵਿਰਾਸਤ ਤੋਂ ਮੁੱਖ ਮੋੜ ਗਿਆ ਹੈ। ਸੰਸਾਰ ਦੇ ਇਤਿਹਾਸ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੋਂ ਇਲਾਵਾ ਅਜਿਹੀਆਂ ਕੁਰਬਾਨੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ, ਜਿਸ ਵਿਚ ਸਾਰੇ ਸਰਬੰਸ ਨੇ ਹੀ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਦਿਆਂ ਕੁਰਬਾਨੀਆਂ ਦਿੱਤੀਆਂ ਹੋਣ। ਇਤਨੀ ਛੋਟੀ ਉਮਰ ਵਿਚ ਜ਼ੁਲਮ ਦਾ ਮੁਕਾਬਲਾ ਕਰਦਿਆਂ ਕੁਰਬਾਨੀ ਕਰਨ ਦਾ ਵੀ ਹੋਰ ਕੋਈ ਇਤਿਹਾਸ ਨਹੀਂ ਹੈ। ਸਿੱਖ ਜਗਤ ਮਾਸੂਮਾਂ ਦੀਆਂ ਕੁਰਬਾਨੀਆਂ ਤੋਂ ਵੀ ਕੁਝ ਸਿੱਖਣ ਤੋਂ ਮੁਨਕਰ ਹੋ ਰਿਹਾ ਹੈ। ਵਰਤਮਾਨ ਸਮਾਜ ਵਿਚ ਸਿੱਖ ਜਗਤ ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਿਚ ਅਸਮਰੱਥ ਹੋਇਆ ਪਿਆ ਹੈ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਤਾਂ ਟੇਕਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਕਿਨਾਰਾ ਕਰੀ ਬੈਠੇ ਹਨ। ਛੋਟੇ ਛੋਟੇ ਅਹੁਦਿਆਂ ਦੇ ਲਾਲਚ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਅਤੇ ਪਰੰਪਰਾਵਾਂ ਦੇ ਵਿਰੁੱਧ ਭੁਗਤ ਰਹੇ ਹਨ। ਸਰਦਾਰ ਦਾ ਖ਼ਿਤਾਬ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਪ੍ਰੰਤੂ ਆਧੁਨਿਕ ਸਿੱਖ ਸਰਦਾਰੀਆਂ ਮਿੱਟੀ ਵਿਚ ਰੋਲ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣੇ ਹਨ ਪ੍ਰੰਤੂ ਮਨੁਖਤਾ ਦੇ ਹਿਤਾਂ ਤੇ ਪਹਿਰਾ ਦੇਣਾ ਅਤੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਆਪਣੇ ਜੀਵਨ ਵਿਚੋਂ ਵਿਸਾਰਨਾ ਸਿੱਖਾਂ ਲਈ ਆਤਮਘਾਤ ਦੇ ਬਰਾਬਰ ਹੋਵੇਗਾ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਕਿ ਕਿਸੇ ਉਪਰ ਹੱਥ ਨਾ ਚੁੱਕੋ ਪ੍ਰੰਤੂ ਜਦੋਂ ਕੋਈ ਹੋਰ ਹੱਦ ਬੰਨੇ ਟੱਪ ਕੇ ਜ਼ੁਲਮ ਕਰੇ ਤਾਂ ਤਲਵਾਰ ਚੁੱਕ ਲਓ ਪ੍ਰੰਤੂ ਸਿੱਖ ਸੰਗਤ ਇਨ੍ਹਾਂ ਗੱਲਾਂ ਤੋਂ ਹੀ ਕਿਨਾਰਾ ਕਰੀ ਬੈਠੀ ਹੈ। ਪਹਿਰਾਵਿਆਂ ਨਾਲ ਸਿੱਖ ਨਹੀਂ ਬਣਦਾ ਸਿੱਖ ਤਾਂ ਵਿਚਾਰਧਾਰਾ ਉਪਰ ਪਹਿਰਾ ਦੇਣ ਵਾਲਾ ਹੁੰਦਾ ਹੈ। ਹਾਲਾਂ ਕਿ ਸਿੱਖਾਂ ਦਾ ਇਤਿਹਾਸ ਬਹਾਦਰੀ, ਦ੍ਰਿੜ੍ਹਤਾ, ਲਗਨ ਅਤੇ ਸਰਬਤ ਦੇ ਭਲੇ ਦਾ ਪੈਰੋਕਾਰ ਹੈ। ਉਹ ਊਚ ਨੀਚ, ਜ਼ਾਤ ਪਾਤ ਅਤੇ ਸਮਾਜਿਕ ਵਰਗੀਕਰਨ ਦੇ ਵਿਰੁੱਧ ਹੈ। ਭਾਈ ਜੀਵਨ ਸਿੰਘ ਜਿਹੜਾ ਭਾਈ ਜੈਤਾ ਦੇ ਨਾਮ ਨਾਲ ਸਿੱਖ ਇਤਿਹਾਸ ਵਿਚ ਜਾਣਿਆਂ ਜਾਂਦਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸਨੂੰ ''ਰੰਘਰੇਟਾ ਗੁਰੂ ਕਾ ਬੇਟਾ'' ਕਿਹਾ ਸੀ। ਅਸੀਂ ਅਜੇ ਵੀ ਜ਼ਾਤ ਪਾਤ ਦੇ ਬੰਧਨ ਵਿਚ ਜਕੜੇ ਪਏ ਹਾਂ। ਮਜ਼ਹਬਾਂ, ਫਿਰਕਿਆਂ ਅਤੇ ਜ਼ਾਤਾਂ ਦੇ ਨਾਮ ਉਪਰ ਗੁਰਦੁਆਰੇ ਉਸਾਰ ਰਹੇ ਹਾਂ। ਸਿੱਖ ਗੁਰੂ ਦੀ ਬਾਣੀ ਦਾ ਪਾਠ ਤਾਂ ਕਰਦੇ ਹਨ ਪ੍ਰੰਤੂ ਉਸ ਉਪਰ ਅਮਲ ਨਹੀਂ ਕਰਦੇ, ਜਾਣੀ ਕਿ ਸਿੱਖ ਦੁਆਰਾ ਕਰਮ ਕਾਂਡਾਂ ਵਿਚ ਪੈ ਗਏ ਹਨ, ਜਿਨ੍ਹਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਢਣ ਦੀ ਕੋਸਿਸ਼ ਕੀਤੀ ਸੀ। ਸਿੱਖ ਜਗਤ ਦੀ ਵਿਰਾਸਤ ਅਮੀਰ ਹੈ। ਸੰਸਾਰ ਵਿਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ 7 ਅਤੇ 9 ਸਾਲ ਦੇ ਮਾਸੂਮ ਬੱਚਿਆਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੋਵੇ। ਇਸ ਸਮੇਂ ਸਿੱਖ ਆਪਣੀ ਵਿਰਾਸਤ ਤੋਂ ਮੁੱਖ ਮੋੜ ਰਹੇ ਹਨ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ 25 ਤੋਂ 27 ਦਸੰਬਰ ਦੇ ਦਰਮਿਆਨ ਮਨਾਇਆ ਜਾਂਦਾ ਹੈ। ਸਮੁੱਚੇ ਦੇਸ ਅਤੇ ਵਿਦੇਸ ਵਿਚੋਂ ਸਿੱਖ ਸੰਗਤਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਆਪਣੀ ਅਕੀਦਤ ਦੇ ਫੁਲ ਭੇਂਟ ਕਰਨ ਆਉਂਦੀਆਂ ਹਨ। ਇਸ ਮੌਕੇ ਤੇ ਸਿੱਖਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਸਾਰ ਵਿਚ ਜ਼ਬਰ ਜ਼ੁਲਮ ਦੇ ਵਿਰੁੱਧ ਇਕ ਮਤ ਹੋ ਕੇ ਲਾਮਬੰਦ ਹੋਣ ਅਤੇ ਸਰਬਤ ਦੇ ਭਲੇ ਦੇ ਸਿਧਾਂਤ ਤੇ ਪਹਿਰਾ ਦੇਣ। ਇਸ ਜੋੜ ਮੇਲ ਦੇ ਮੌਕੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿ ਸਿੱਖ ਸੰਗਤ ਵਿਚ ਕਿਹੜੀਆਂ ਊਣਤਾਈਆਂ ਆ ਗਈਆਂ ਹਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਕਿਹੜੇ ਉਪਰਾਲੇ ਕਰਨੇ ਚਾਹੀਦੇ ਹਨ। ਅਸੀਂ ਸ਼ਹੀਦੀ ਜੋੜ ਮੇਲ ਦੇ ਮੌਕੇ ਤੇ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਤੇ ਲੰਗਰ ਲਾ ਕੇ ਵਿਖਾਵੇ ਕਰਕੇ ਸ਼ਰਧਾ ਦੇ ਫੁਲ ਭੇਂਟ ਕਰਦੇ ਹਾਂ। ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ। ਲੰਗਰ ਦੀ ਭਾਵਨਾ ਸਮਝਣ ਦੀ ਲੋੜ ਹੈ। ਭੁਖਿਆਂ ਨੂੰ ਭੋਜਨ ਛਕਾਉਣਾ ਜ਼ਾਇਜ ਹੈ ਪ੍ਰੰਤੂ ਅਸੀਂ ਰਸਤਿਆਂ ਵਿਚ ਰੋਕਾਂ ਲਗਾਕੇ ਧੱਕੇ ਨਾਲ ਬੱਸਾਂ,  ਟਰੱਕਾਂ,  ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨਾ ਨੂੰ ਰੋਕ ਕੇ ਲੰਗਰ ਛਕਾਉਂਦੇ ਹਨ। ਲੰਗਰ ਵਿਚ ਖੀਰ,  ਲਡੂ,  ਜਲੇਬੀਆਂ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਪਕਵਾਨ ਬਣਾਉਂਦੇ ਹਾਂ ਜੋ ਬਿਲਕੁਲ ਹੀ ਜਾਇਜ ਨਹੀਂ। ਅਸੀਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਕੇਕ, ਖੀਰ, ਪੂੜੇ, ਪੀਜ਼ਾ, ਬਰਗਰ ਅਤੇ ਹੋਰ ਮਹਿੰਗੇ ਪਕਵਾਨ ਬਣਾਕੇ ਵਿਖਾਵਾ ਹੀ ਨਹੀਂ ਕੀਤਾ ਸਗੋਂ ਭਾਈ ਲਾਲੋ ਦੀ ਥਾਂ ਮਲਕ ਭਾਗੋ ਦਾ ਲੰਗਰ ਛਕਾ ਕੇ ਸੰਗਤ ਨੂੰ ਇਹ ਸੰਦੇਸ ਦਿੱਤਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਵਿਰੁੱਧ ਚਲੋ । ਗੁਰੂ ਦੇ ਸਿੱਖੋ ਆਧੁਨਿਕਤਾ ਦੇ ਰਾਹੀਂ ਸਿੱਖ ਸੰਕਲਪ ਦਾ ਨੁਕਸਾਨ ਕਰਨ ਤੋਂ ਬਾਜ ਆ ਜਾਓ, ਤੁਹਾਨੂੰ ਇਤਿਹਾਸ ਮੁਆਫ ਨਹੀਂ ਕਰੇਗਾ। ਤੁਹਾਡੇ ਨਾਲੋਂ ਤਾਂ ਇਕ ਹਿੰਦੂ ਆਈ ਏ ਐਸ ਅਧਿਕਾਰੀ ਸੁਰਿੰਦਰ ਕੁਮਾਰ ਵਾਲੀਆ ਹੀ ਚੰਗਾ ਰਿਹਾ ਜਿਹੜਾ ਜਦੋਂ ਉਹ ਡਿਪਟੀ ਕਮਿਸਨਰ ਫਤਿਹਗੜ੍ਹ ਸੀ ਤਾਂ ਉਸਨੇ ਅਜਿਹੇ ਲੰਗਰ ਲਾਉਣ ਦੀ ਮਨਾਹੀ ਕਰ ਦਿੱਤੀ ਸੀ ਅਤੇ ਨਾਲ ਹੀ ਅਸ਼ਲੀਲ ਪ੍ਰੋਗਰਾਮ ਭੰਗੜੇ, ਗਿੱਧੇ, ਜੂਆ, ਸਰਕਸਾਂ ਅਤੇ ਹੋਰ ਅਪਵਿਤਰ ਪੰਡਾਲ ਲਾਉਣ ਤੇ ਪਾਬੰਦੀ ਲਾ ਕੇ ਸਿੱਖ ਜਗਤ ਨੂੰ ਸਿੱਧੇ ਰਾਹ ਪਾਇਆ ਸੀ। ਤੁਸੀਂ ਗੁਰੂ ਦੇ ਸਿੱਖ ਹੋ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹੋ। ਸ਼ਹੀਦੀ ਜੋੜ ਮੇਲ ਉਪਰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਸੰਬੰਧੀ ਹੀ ਸਾਰੇ ਸਮਾਗਮਾ ਵਿਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣ ਤਾਂ ਜੋ ਸਿੱਖ ਸੰਗਤ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਸਕੇ। ਸਿਆਸੀ ਕਾਨਫਰੰਸਾਂ ਉਪਰ ਵੀ ਸਿਰਫ ਧਾਰਮਿਕ ਪ੍ਰੋਗਰਾਮ ਹੀ ਕੀਤੇ ਜਾਣੇ ਚਾਹੀਦੇ ਹਨ। ਆਪਣੇ ਅਮੀਰ ਇਤਿਹਾਸ ਤੇ ਨਜ਼ਰ ਮਾਰੋ ਜਦੋਂ ਇਹ ਭਾਣਾ ਵਰਤਿਆ ਸੀ ਤਾਂ ਇਸ ਸ਼ਹੀਦੀ ਜੋੜ ਮੇਲ ਦੇ ਸਮੇਂ ਆਲੇ ਦੁਆਲੇ ਦੇ ਪਿੰਡਾਂ ਵਿਚ ਅਫਸੋਸ ਵਜੋਂ ਰੋਟੀ ਨਹੀਂ ਪਕਾਈ ਜਾਂਦੀ ਸੀ। ਲੋਕ ਮੰਜਿਆਂ ਉਪਰ ਨਹੀਂ ਸਗੋਂ ਜ਼ਮੀਨ ਤੇ ਸੌਂਦੇ ਸਨ। ਲੋਕ ਸ਼ਹੀਦੀ ਜੋੜ ਮੇਲ ਤੇ ਕਾਲੇ ਕਪੜੇ ਪਹਿਨ ਕੇ ਆਉਂਦੇ ਸਨ। ਅਸੀਂ ਸਾਰਾ ਕੁਝ ਹੀ ਬਦਲ ਦਿੱਤਾ ਹੈ। ਸ਼ਹੀਦੀ ਜੋੜ ਮੇਲ ਦੇ ਮੌਕੇ ਵਾਹਿਗੁਰੂ ਵੀ ਅਫਸੋਸ ਵਜੋਂ ਮੀਂਹ ਪਾ ਕੇ ਅਥਰੂ ਕੇਰਦਾ ਹੈ। ਅਸੀਂ ਆਪਣੀਆਂ ਖੁਦਗਰਜੀਆਂ ਲਈ ਭੱਟਕ ਗਏ ਹਾਂ। ਮਹਿੰਗੇ ਰੁਮਾਲੇ, ਸੋਨੇ ਦੇ ਚੌਰ, ਖਾਮਖਾਹ ਦੀ ਸਜਾਵਟ ਅਤੇ ਹੋਰ ਵਿਖਾਵੇ ਕਰਕੇ ਆਪਣੀ ਉਸਤਤ ਕਰਵਾਉਣੀ ਚਾਹੁੰਦੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਗੁਰੂ ਦੇ ਲੜ ਲੱਗਕੇ  ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਕੋਸਿਸ਼ ਕਰਨੀ ਬਣਦੀ ਹੈ। ਲੰਘਿਆ ਵਕਤ ਹੱਥ ਨਹੀਂ ਆਉਣਾ ਆਪਣੀ ਵਿਰਾਸਤ ਨੂੰ ਸਾਬਤ ਸੂਰਤ ਵਿਚ ਰੱਖਣਾ ਹਰ ਸਿੱਖ ਦਾ ਫ਼ਰਜ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 
ujagarsingh48@yahoo.com

ਸਾਹਿਤ ਅਕਾਡਮੀ ਦਾ ਇਨਾਮ ਮਿਲਣ ਤੇ  ਸ਼ਬਦਾਂ ਦਾ ਜਾਦੂਗਰ ਕਹਾਣੀਕਾਰਕਾਰ : ਕ੍ਰਿਪਾਲ ਕਜ਼ਾਕ (ਪ੍ਰੋ.) - ਉਜਾਗਰ ਸਿੰਘ

ਪ੍ਰੋ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਸਾਹਿਤ ਅਕਾਡਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ'। ਕ੍ਰਿਪਾਲ ਕਜ਼ਾਕ ਨੂੰ ਇਹ ਸਨਮਾਨ ਮਿਲਣ ਤੇ ਜਿਹੜਾ ਆਮ ਸਾਹਿਤਕਾਰਾਂ ਵਿਚ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆਂ  ਰਹਿੰਦਾ ਸੀ ਕਿ ਸਾਹਿਤ ਅਕਾਡਮੀ ਦੇ ਇਨਾਮ ਸਿਰਫ ਜੁਗਾੜੀ ਸਾਹਿਤਕਾਰਾਂ ਨੂੰ ਹੀ ਮਿਲਦੇ ਹਨ, ਉਹ ਅੰਦੇਸ਼ਾ ਵੀ ਦੂਰ ਹੋ ਗਿਆ ਹੈ, ਹੁਣ ਬਿਨਾ ਸਿਫ਼ਾਰਸ ਵੀ ਅਵਾਰਡ ਮਿਲ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਤਨਾ ਵੱਡਾ ਕਹਾਣੀਕਾਰ ਪੰਜਾਬ ਵਿਚ ਉਹ ਵੀ ਉਨ੍ਹਾਂ ਦੇ ਮੁੱਖ ਦਫ਼ਤਰ ਵਾਲੇ ਪਟਿਆਲੇ ਸ਼ਹਿਰ ਵਿਚ ਰਹਿ ਰਿਹਾ ਹੈ। ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਉਸਨੇ ਦੋ ਦਰਜਨ ਦੇ ਲਗਪਗ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ। ਵੈਸੇ ਤਾਂ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਚਰਚਿਤ ਰਹੀਆਂ ਪ੍ਰੰਤੂ ਕੁਝ ਪੁਸਤਕਾਂ ਜਿਨ੍ਹਾਂ ਵਿਚ ਅੰਤਹੀਣ, ਕਾਲਾ ਇਲਮ, ਹੁੰਮਸ ਅਤੇ ਸ਼ਰੇਆਮ ਵਿਸ਼ੇਸ ਤੌਰ ਤੇ ਬਾਕੀਆਂ ਨਾਲੋਂ ਵਿਲੱਖਣ ਹਨ। ਕ੍ਰਿਪਾਲ ਕਜ਼ਾਕ ਨੇ ਪੰਜਾਬੀ ਯੂਨੀਵਰਸਿਟੀ ਵਿਚ ਜਾਣ ਤੋਂ ਬਾਅਦ ਬਹੁਤਾ ਖੋਜ ਦਾ ਕੰਮ ਕੀਤਾ। ਕਹਾਣੀਕਾਰਾਂ ਨੂੰ ਇਉਂ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਕਲਾ ਨੂੰ ਯੂਨੀਵਰਸਿਟੀ ਵਿਚ ਆਉਣ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਉਹ ਅਕਾਦਮਿਕ ਕੰਮ ਵਿਚ ਰੁੱਝ ਗਿਆ ਹੈ। ਉਸਨੇ ਕਹਾਣੀਆਂ ਲਿਖਣ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸਦਾ ਸਾਹਿਤ ਜਗਤ ਨੂੰ ਘਾਟਾ ਰਹੇਗਾ।
           ਉਸਨੇ ਯੂਨੀਵਰਸਿਟੀ ਵਿਚ ਸੇਵਾ ਮੁਕਤੀ ਤੋਂ ਬਾਅਦ ਫਿਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦਾ ਨਤੀਜਾ ਸਾਹਿਤ ਅਕਾਡਮੀ ਦਾ ਅਵਾਰਡ ਤੁਹਾਡੇ ਸਾਹਮਣੇ ਹੈ। ਸੇਵਾ ਮੁਕਤੀ ਤੋਂ ਬਾਅਦ ਉਸਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ। ਅੰਤਹੀਣ ਦੀਆਂ ਤਿੰਨ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਨੇ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਇਨਾਮ ਦੇਣ ਲਈ ਚੁਣਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆਂ ਹੈ, ਜਿਨ੍ਹਾਂ ਬਾਰੇ ਕ੍ਰਿਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ। ਕ੍ਰਿਪਾਲ ਕਜ਼ਾਕ ਦੀ ਜ਼ਿੰਦਗੀ ਇਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿਚ ਅਨੇਕ ਵਾਰੀ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇਕ ਰਾਹ ਦਸੇਰਾ ਬਣਕੇ ਉਭਰਿਆ ਹੈ। ਉਸਨੇ ਆਪਣੇ ਜੀਵਨ ਵਿਚ ਉਸਨੇ ਜੋ ਹੰਢਾਇਆ ਉਹੀ ਲਿਖਿਆ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ। ਉਸਦੀ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੈ। ਉਸਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜ ਕਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੋਸ਼ ਇਲਾਕੇ ਵਿਚ ਇਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿਚ ਜੀਵਨ ਬਸਰ ਕਰ ਰਿਹਾ ਹੈ, ਪ੍ਰੰਤੂ ਆਪਣੇ ਜੀਵਨ ਦੇ ਨਿਰਵਾਹ ਲਈ ਅਜੇ ਵੀ ਉਸਨੂੰ ਇਸ ਵਡੇਰੀ ਉਮਰ ਵਿਚ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਮੈਂ ਪਹਿਲੀ ਵਾਰ 1980 ਵਿਚ ਮੇਰੇ ਇਕ ਦੋਸਤ ਦਰਸ਼ਨ ਸਿੰਘ ਵਿਰਕ ਦੇ ਇਹ ਦੱਸਣ ਤੇ ਕਿ ਇੱਕ ਪੰਜਾਬੀ ਦਾ ਕਹਾਣੀਕਾਰ, ਜਿਸ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਐਮ ਏ ਦੇ ਸਲੇਬਸ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਰੋਜ਼ੀ ਰੋਟੀ ਲਈ ਰਾਜਗਿਰੀ ਦਾ ਕੰਮ ਕਰਦਾ ਹੈ, ਉਸਨੂੰ ਮਿਲਣ ਲਈ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨੇੜੇ ਗਿਆ ਸੀ। ਉਹ ਉਸ ਸਮੇਂ ਇੱਕ ਸ਼ੈਲਰ ਦੀ ਇਮਾਰਤ ਦੀ ਉਸਾਰੀ ਕਰ ਰਿਹਾ ਸੀ, ਮੈਂ ਉਸਨੂੰ ਪੈੜ ਤੇ ਹੀ ਉਪਰ ਚੜ੍ਹਕੇ ਮਿਲਿਆ। ਮੈਂ ਕਿਉਂਕਿ ਸਾਹਿਤ ਦਾ ਵਿਦਿਆਰਥੀ ਸੀ, ਇਸ ਲਈ ਮੇਰਾ ਸਿਰ ਕਿਰਪਾਲ ਕਜ਼ਾਕ ਦੇ ਸਤਿਕਾਰ ਵਿਚ ਝੁਕ ਗਿਆ ਕਿਉਂਕਿ ਉਸਦੀ ਨਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ਕੋਈ ਮੁਲ ਨਹੀਂ ਪਾ ਰਿਹਾ ਸੀ। ਕ੍ਰਿਪਾਲ ਕਜ਼ਾਕ ਨੂੰ ਇਸ ਗੱਲ ਦਾ ਵੀ ਕੋਈ ਹੰਦੇਸ਼ਾ ਨਹੀਂ ਸੀ। ਉਸਦੀ ਖਾਸੀਅਤ ਇਹ ਹੈ ਕਿ ਉਸਨੇ ਆਰਥਿਕ ਤੌਰ ਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰਿਵਾਰ ਵਿਚ ਵੱਡਾ ਹੋਣ ਦੇ ਨਾਤੇ ਪਹਿਲਾਂ ਉਸਨੇ ਆਪਣੇ ਪਿਤਾ ਦੇ ਸਾਰੇ ਪਰਿਵਾਰ ਦੀ ਪਾਲਣ ਪੋਸ਼ਣ ਕੀਤੀ ਅਤੇ ਫਿਰ ਆਪਣੇ ਪਰਿਵਾਰ ਨੂੰ ਪਾਲਿਆ। ਸਾਰੀ ਉਮਰ ਉਹ ਇਸੇ ਚੱਕਰ ਵਿਚ ਉਲਝਿਆ ਰਿਹਾ। ਉਸਨੇ ਆਪਣੇ ਬਹੁਤ ਸਾਰੇ ਸਾਹਿਤਕਾਰ ਦੋਸਤਾਂ ਦੇ ਘਰ ਆਪ ਡੀਜ਼ਾਈਨ ਕੀਤੇ ਅਤੇ ਆਪ ਹੀ ਉਸਾਰੀ ਕੀਤੀ। ਉਹ ਦੋਸਤਾਂ ਦਾ ਦੋਸਤ ਹੈ ਪ੍ਰੰਤੂ ਸਾਹਿਤ ਸਿਰਜਣਾ ਬਾਰੇ ਕੋਰਾ ਹੈ। ਸੱਚੀ ਗੱਲ ਮੂੰਹ ਤੇ ਕਹਿ ਦਿੰਦਾ ਹੈ। ਉਹ ਸਿਰੜੀ ਕਿਸਮ ਦਾ ਇਨਸਾਨ ਹੈ। ਉਸਨੇ ਕਈ ਵੇਲਣ ਵੇਲੇ। ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇਕ ਪੇਂਟਰ ਦੀ ਦੁਕਾਨ ਤੇ ਵਾਧੂ ਸਮੇਂ ਵਿਚ ਕੰਮ ਕਰਦਾ ਰਿਹਾ। ਉਸਨੇ ਆਪਣੇ ਪਿੰਡ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿਚ ਇਕ ਲਾਇਬਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ। ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਪਟਿਆਲਾ ਸਥਿਤ ਪੱਤਰਕਾਰ ਸ਼ੇਰ ਸਿੰਘ ਗੁਪਤਾ ਨੂੰ ਉਸਦੀ ਸਾਰੀ ਕਹਾਣੀ ਦੱਸੀ। ਉਨ੍ਹਾਂ ਕ੍ਰਿਪਾਲ ਕਜ਼ਾਕ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ੇਰ ਸਿੰਘ ਗੁਪਤਾ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਕ੍ਰਿਪਾਲ ਕਜ਼ਾਕ ਬਾਰੇ ਲੇਖ ਲਿਖਿਆ ''ਬਰਿਕ ਟੂ ਬਰਿਕ ਵਰਡ ਬਾਈ ਵਰਡ''। ਉਸਤੋਂ ਬਾਅਦ ਜਦੋਂ ਮੈਂ ਉਸ ਸਮੇਂ ਪੰਜਾਬ ਦੇ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ  ਕ੍ਰਿਪਾਲ ਕਜਜ਼ਾ ਬਾਰੇ ਦੱਸਿਆ ਤਾਂ ਉਨ੍ਹਾਂ ਡਾਕਟਰ ਭਗਤ ਸਿੰਘ ਉਪ ਕੁਲਪਤੀ ਨੂੰ ਫ਼ੋਨ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਵਿਚ ਇਤਨਾ ਵੱਡਾ ਕਹਾਣੀਕਾਰ ਰਹਿੰਦਾ ਹੈ ਤੇ ਉਹ ਰਾਜਗਿਰੀ ਦਾ ਕੰਮ ਕਰਦਾ ਹੈ। ਅਜਿਹੇ ਸਾਹਿਤਕਾਰ ਦਾ ਸਥਾਨ ਯੂਨੀਵਰਸਿਟੀ ਹੈ। ਇਸ ਲਈ ਉਸਦੀ ਕਾਬਲੀਅਤ ਦਾ ਲਾਭ ਉਠਾਇਆ ਜਾਵੇ। ਡਾ ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਦਾ ਰਾਹ ਖੁਲ੍ਹ ਗਿਆ। ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕ੍ਰਿਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਉਹ ਹਰ ਉਪ ਕੁਲਪਤੀ ਦਾ ਚਹੇਤਾ ਬਣ ਗਿਆ।
      ਸਾਹਿਤਕਾਰ ਆਮ ਵਿਅਕਤੀ ਨਹੀਂ ਹੁੰਦਾ। ਕੁਦਰਤ ਵੱਲੋਂ ਦਿੱਤੇ ਅਸਧਾਰਣ ਗੁਣ ਹੀ ਕਿਸੇ ਵਿਅਕਤੀ ਨੂੰ ਸਾਹਿਤਕਾਰ ਬਣਾਉਣ ਵਿਚ ਸਹਾਈ ਹੁੰਦੇ ਹਨ। ਸਾਹਿਤਕਾਰ ਆਮ ਲੋਕਾਂ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਨੂੰ ਵਧੇਰੇ ਤੀਖਣਤਾ ਨਾਲ ਅਨੁਭਵ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸਮਾਜ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਸਾਰਾ ਸਮਾਜ ਉਨ੍ਹਾਂ ਨੂੰ ਵੇਖਦਾ ਹੈ ਪ੍ਰੰਤੂ ਕੋਈ ਪ੍ਰਤੀਕ੍ਰਿਆ ਨਹੀਂ ਦਿੰਦਾ। ਸਾਹਿਤਕਾਰ ਉਨ੍ਹਾਂ ਹਾਲਾਤਾਂ ਨੂੰ ਵੇਖਕੇ ਸਹਿਜ ਅਵਸਥਾ ਵਿਚ ਨਹੀਂ ਰਹਿ ਸਕਦਾ, ਇਸ ਲਈ ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀ ਕਲਮ ਨਾਲ ਸਾਹਿਤਕ ਰੂਪ ਵਿਚ ਲਿਖਕੇ ਸਮਾਜ ਨੂੰ ਪ੍ਰੇਰਨਾ ਦਿੰਦਾ ਹੈ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ। ਲੇਖਕ ਅਕਾਦਿਮਕ ਵਿਦਿਆ ਦੇ ਨਾਲੋਂ ਸਮਾਜਿਕ ਤੌਰ 'ਤੇ ਵਿਚਰਿਆ ਅਤੇ ਗੁੜ੍ਹਿਆ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਜ ਵਿਚ ਜੋ ਵਾਪਰ ਰਿਹਾ ਉਸਦਾ ਅਨੁਭਵ ਲੈਣ ਦੀ ਤੀਖ਼ਣ ਬੁਧੀ ਹੋਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿਚ ਪ੍ਰੋ.ਕ੍ਰਿਪਾਲ ਕਜ਼ਾਕ ਦਾ ਸਥਾਨ ਜ਼ਮੀਨ ਨਾਲ ਜੁੜੇ ਹੋਏ ਲੇਖਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਅਕਾਦਮਿਕ ਤੌਰ ਤੇ ਭਾਵੇਂ ਉਹ ਬਹੁਤੀ ਸਿਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ ਤੇ ਉਹ ਗੁੜ੍ਹਿਆ ਹੋਇਆ ਸੁਘੜ ਅਤੇ ਸੰਜੀਦਾ ਲੇਖਕ ਹੈ। ਆਪਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਆਪ ਪੰਜਾਬੀ ਯੂਨੀਵਰਸਿਟੀ ਨੇ ਫੋਕ ਲੋਰ ਸਹਾਇਕ ਦੀ ਅਸਾਮੀ ਬਣਾਕੇ ਉਸ ਉਪਰ ਨਿਯੁਕਤ ਕਰ ਦਿੱਤਾ ਅਤੇ ਉਸਦਾ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ। ਸੰਤੋਸ਼ਜਨਕ ਗੱਲ ਹੈ ਕਿ ਆਪਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰਕੇ ਉਸਦਾ ਮੁੱਲ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕ੍ਰਿਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਪਦਵੀ ਤੇ ਨਿਯੁਕਤ ਕਰਕੇ ਨਾਮਣਾ ਖੱਟਿਆ ਹੈ। ਭਾਵੇਂ ਐਨ ਐਸ ਰਤਨ ਆੲਂ ਏ ਐਸ ਅਧਿਕਾਰੀ ਜੋ ਥੋੜ੍ਹਾ ਸਮਾਂ ਕਾਰਜਕਾਰੀ ਉਪਕੁਲਪਤੀ ਰਹੇ, ਉਹ ਕ੍ਰਿਪਾਲ ਕਜ਼ਾਕ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਥਾਂ ਸਵਰਨ ਸਿੰਘ ਬੋਪਾਰਾਏ ਨਿਯੁਕਤ ਹੋ ਗਏ। ਆਪ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤ੍ਰਿਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਆਪ ਨੂੰ ਜਾਂਦਾ ਹੈ। ਆਪਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ।
    ਪ੍ਰੋ.ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ੍ਰ ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਆਕੇ ਵੱਸ ਗਿਆ। ਆਪਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ। ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ। ਮਜਾਲ ਹੈ ਕੋਈ ਸ਼ਬਦ ਜੋੜ ਜਾਂ ਗ੍ਰਾਮਰ ਦੀ ਊਣਤਾਈ ਉਸਦੀ ਲੇਖਣੀ ਵਿਚ ਰਹਿ ਜਾਵੇ। ਉਹਨਾਂ ਪਿੰਡਾਂ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸਦੀ ਜਾਣਕਾਰੀ ਇੱਕਤਰ ਕੀਤੀ। ਪਿੰਡਾਂ ਦੇ ਲੋਕਾਂ ਦੇ ਜੀਵਨ ਜਿਉਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਂ ਵੇਖਿਆ। ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ, ਕਿਸ ਪ੍ਰਕਾਰ ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਮਜਬੂਰੀਆਂ ਦਾ ਕਿਸਾਨ ਜਾਂ ਖਾਂਦੇ ਪੀਂਦੇ ਪਰਿਵਾਰ ਨਜਾਇਜ਼ ਲਾਭ ਉਠਾਉਂਦੇ ਹਨ। ਇਸ ਕਰਕੇ ਉਸਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜਿੰਦਗੀ ਦਾ ਸਹੀ ਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ। ਸ਼ੁਰੂ ਦੇ ਸਮੇਂ ਵਿੱਚ ਆਪਨੇ ਕਹਾਣੀਆਂ ਦੀਆਂ ਚਾਰ ਪੁਸਤਕਾਂ ਅਤੇ ਇੱਕ ਨਾਵਲ ਲਿਖਿਆ । ਆਪਦੇ ਵਿਸ਼ੇ ਸਮੇਂ ਦੇ ਸੱਚ ਨੂੰ ਦਰਸਾਉਂਦੇ ਸਨ। ਇਸ ਤੋਂ ਉਪਰੰਤ ਆਪਨੇ ਸਿਕਲੀਗਰ ਲੋਕਾਂ ਦੀ ਜ਼ਿੰਦਗੀ ਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਹਨਾਂ ਨਾਲ ਰਹਿਕੇ ਉਹਨਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਤੇ ਖੋਜ ਭਰਪੂਰ ਪੁਸਤਕ ਲਿਖੀ, ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਇਆ ਅਤੇ ਹਿੰਦੀ ਤੇ ਅੰਗਰੇਜੀ ਵਿੱਚ ਅਨੁਵਾਦ ਕਰਵਾਕੇ ਵੀ ਪ੍ਰਕਾਸ਼ਤ ਕਰਵਾਇਆ। ਆਪਨੇ ਹੁਣ ਤੱਕ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ।
     ਇਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਆਪਨੇ ਇੱਕ ਫੀਚਰ ਫਿਲਮ, 11ਹਿੰਦੀ ਤੇ ਪੰਜਾਬੀ ਦੀਆਂ ਟੈਲੀ ਫਿਲਮਾਂ, 9 ਡਾਕੂਮੈਂਟਰੀ ਫਿਲਮਾਂ, 7 ਟੀ ਵੀ ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਵੀ ਲਿਖੇ ਹਨ। ਆਪ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਰਹੀਆਂ ਹਨ ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ। ਇਸ ਅਵਾਰਡ ਤੋਂ ਪਹਿਲਾਂ ਪ੍ਰੋ. ਕਿਰਪਾਲ ਕਜ਼ਾਕ ਦੀਆਂ ਬਹੁਤ ਸਾਰੀਆਂ ਪੁਸਤਕਾਂ ਤੇ ਮਾਣ ਸਨਮਾਨ ਵੀ ਮਿਲੇ ਹਨ ਆਪਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ। ਜਿਹਨਾਂ ਵਿੱਚ ਵਿਸ਼ੇਸ਼ ਜਿਕਰ ਯੋਗ ਹਨ, ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪ੍ਰਿੰ ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ।
         ਉਨ੍ਹਾਂ ਨੂੰ ਸਾਹਿਤ ਅਕਾਡਮੀ ਦਾ ਵਕਾਰੀ ਸਨਮਾਨ ਦਾ ਐਲਾਨ ਹੋਣ ਤੇ ਵੱਡੀ ਗਿਣਤੀ ਵਿਚ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਹੈ।
ਤਸਵੀਰਾਂ-ਕਿਰਪਾਲ ਕਜ਼ਾਕ
                    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                          ujagarsingh48@yahoo.com   
                         ਮੋਬਾਈਲ-94178 13072

ਭੋਗ ਤੇ ਵਿਸਸ਼ੇ  : ਧਾਰਮਿਕ ਬਿਰਤੀ ਨੂੰ ਪ੍ਰਣਾਇਆ ਬਾਬਾ ਨਿਰਮਲ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ - ਉਜਾਗਰ ਸਿੰਘ

    ਪੰਜਾਬ ਦੀ ਧਰਤੀ 'ਤੇ ਸੰਤਾਂ, ਮਹਾਂ ਪੁਰਸ਼ਾਂ ਅਤੇ ਅਧਿਆਤਮਕ ਦਰਵੇਸਾਂ ਨੇ ਜਨਮ ਲਿਆ ਅਤੇ ਪੰਜਾਬ ਦੀ ਸਰ ਜ਼ਮੀਂ ਨੂੰ ਆਪਣੀ ਦਰਵੇਸ਼ੀ ਨਾਲ ਧਾਰਮਿਕ ਰੰਗ ਵਿਚ ਰੰਗ ਦਿੱਤਾ। ਅਧਿਆਤਮਿਕਤਾ ਦੀ ਖ਼ੁਸ਼ਬੂ ਨੇ ਪੰਜਾਬੀਆਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਪ੍ਰੇਰਨਾ ਭਰ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸਾਨੀ ਅਤੇ ਦਿਹਾਤੀ ਇਲਾਕਿਆਂ ਵਿਚ ਵਸਣ ਵਾਲੇ ਲੋਕ ਸਿੱਖ ਧਰਮ ਨੂੰ ਤਾਂ ਮੰਨਦੇ ਸਨ ਪ੍ਰੰਤੂ ਅੰਮ੍ਰਿਤਧਾਰੀ ਨਹੀਂ ਸਨ। ਸਿੰਘ ਸਭਾ ਲਹਿਰ ਅਧੀਨ ਲੁਧਿਆਣਾ ਜਿਲ੍ਹੇ ਦੇ ਰਾੜਾ ਸਾਹਿਬ ਅਤੇ ਰਾਮਪੁਰ ਪਿੰਡ ਕੋਲ ਰੇਰੂ ਸਾਹਿਬ ਵਿਖੇ ਗੁਰਮਤਿ ਦਾ  ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰੂ ਘਰਾਂ ਦੀ ਸਥਾਪਨਾ ਹੋਈ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਗੁਰਮਤਿ ਦੀ ਇਸ ਲਹਿਰ ਨੇ ਦਿਹਾਤੀ ਇਲਾਕਿਆਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਰਵ ਪ੍ਰਵਾਨ ਕਰਕੇ ਨੌਜਵਾਨ ਪੀੜ੍ਹੀ ਦੀ ਰਹਿਨੁਮਾਈ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਦੀ ਬਖ਼ਸ਼ਿਸ਼ ਨਾਲ ਪਿੰਡਾਂ ਵਿਚ ਵੀ ਗੁਰਮਤਿ ਦੀ ਲਹਿਰ ਦਾ ਅਜਿਹਾ ਅਸਰ ਹੋਇਆ ਕਿ ਪਿੰਡਾਂ ਦੇ ਨੌਜਵਾਨ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ। ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੋਰਾਹਾ ਅਤੇ ਪਾਇਲ ਦੇ ਅੱਧ ਵਿਚਕਾਰ ਜਰਨੈਲੀ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਹੈ,  ਜਿਹੜਾ ਪੜ੍ਹੇ ਲਿਖੇ ਵਿਦਵਾਨਾਂ,  ਗੀਤਕਾਰਾਂ,  ਡਾਕਟਰਾਂ,  ਇੰਜਨੀਅਰਾਂ, ਪ੍ਰੋਫੈਸਰਾਂ, ਖਿਡਾਰੀਆਂ, ਵਕੀਲਾਂ, ਕਵੀਆਂ, ਗਾਇਕਾਂ, ਕਲਾਕਾਰਾਂ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸ ਪਿੰਡ ਵਿਚ ਵੀ ਗੁਰਮਤਿ ਲਹਿਰ ਦਾ ਅਜਿਹਾ ਵਾਵਰੋਲਾ ਉਠਿਆ ਕਿ ਪਿੰਡ ਦੇ ਨੌਜਵਾਨਾਂ ਨੇ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਬੀੜਾ ਚੁੱਕਿਆ। ਅਜਿਹੇ ਨੌਜਵਾਨਾ ਵਿਚ ਇਕ ਅਜਿਹਾ ਫ਼ਕਰ ਕਿਸਮ ਦਾ ਨੌਜਵਾਨ ਸੀ, ਦਿਆਲ ਸਿੰਘ ਜਿਹੜਾ 3 ਭਰਾਵਾਂ  ਬਖਤੌਰ ਸਿੰਘ, ਸੰਪੂਰਨ ਸਿੰਘ, ਭਾਗ ਸਿੰਘ, ਦੋ ਭੈਣਾਂ  ਗੁਰਨਾਮ ਕੌਰ ਅਤੇ ਹਰਬੰਸ ਕੌਰ ਦਾ ਲਾਡਲਾ ਭਰਾ ਸੀ। ਉਸਦਾ ਜਨਮ 12 ਜੂਨ 1931 ਨੂੰ ਪਿਤਾ ਪੰਜਾਬ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਪਿੰਡ ਕੱਦੋਂ ਵਿਚ ਹੋਇਆ। ਦਿਆਲ ਸਿੰਘ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਸੀ ਪ੍ਰੰਤੂ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਲਹਿਰ ਵਿਚ ਉਹ ਅਜਿਹਾ ਸ਼ਾਮਲ ਹੋਇਆ ਕਿ ਉਹ ਗੁਰੂ ਘਰ ਨੂੰ ਪ੍ਰਣਾਇਆ ਗਿਆ ਅਤੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਸੰਤ ਈਸ਼ਰ ਸਿੰਘ ਕੋਲ ਕਰਮਸਰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਜਾ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਘਰ ਦੇ ਹੀ ਲੇਖੇ ਆਪਣਾ ਸਾਰਾ ਜੀਵਨ ਲਾਉਣ ਦਾ ਪ੍ਰਣ ਕਰ ਲਿਆ। ਅੰਮ੍ਰਿਤ ਛੱਕਣ ਤੋਂ ਬਾਅਦ ਉਸਦਾ ਨਾਮ ਨਿਰਮਲ ਸਿੰਘ ਰੱਖਿਆ ਗਿਆ,  ਜਿਸਦਾ ਜੀਵਨ ਸਵੱਛ ਪਾਣੀ ਦੀ ਤਰ੍ਹਾਂ ਨਿਰਮਲ ਅਤੇ ਪਵਿਤਰ ਸੀ। ਬਾਬਾ ਨਿਰਮਲ ਸਿੰਘ ਸੰਤ ਈਸ਼ਰ ਸਿੰਘ ਨਾਲ ਜਦੋਂ ਕੀਰਤਨ ਕਰਦੇ ਸਨ ਤਾਂ ਉਹ ਉਨ੍ਹਾਂ ਦੇ ਜਥੇ ਵਿਚ ਬਰਛਾ ਲੈ ਕੇ ਖੜ੍ਹਦਾ ਸੀ। ਜਦੋਂ ਸੰਤਾਂ ਦੇ ਕੀਰਤਨ ਨਹੀਂ ਹੁੰਦੇ ਸਨ ਤਾਂ ਉਹ ਲੰਗਰ ਵਿਚ ਸੇਵਾ ਕਰਦਾ ਸੀ। ਉਸਨੇ ਪਿੰਡ ਕੱਦੋਂ ਦੇ ਸਕੂਲ ਦੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ, ਉਨ੍ਹਾਂ ਨੂੰ ਰਾੜਾ ਸਾਹਿਬ ਗੁਰਦੁਆਰੇ ਵਿਚ ਲਿਜਾਉਣ ਦਾ ਪ੍ਰਬੰਧ ਵੀ ਕੀਤਾ। ਪਿੰਡ ਦੇ ਹੋਰ ਲੋਕਾਂ ਨੂੰ ਵੀ ਅਮ੍ਰਿਤ ਛੱਕਣ ਲਈ ਪ੍ਰੇਰ ਕੇ ਲੈ ਕੇ ਜਾਂਦੇ ਸਨ। ਉਸਦੇ ਉਦਮ ਸਦਕਾ ਪਿੰਡ ਕੱਦੋਂ ਵਿਖੇ 1972 ਵਿਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸਜਾਏ ਗਏ, ਜਿਸ ਵਿਚ ਪਿੰਡ ਕੱਦੋਂ ਅਤੇ ਉਸਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਅਮ੍ਰਿਤ ਪਾਨ ਕੀਤਾ। 1975 ਤੱਕ ਆਪ ਗੁਰਦੁਆਰਾ ਰਾੜਾ ਸਾਹਿਬ ਵਿਚ ਸੇਵਾ ਕਰਦੇ ਰਹੇ। ਜਦੋਂ 1975  ਵਿਚ ਸੰਤ ਈਸ਼ਰ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਬਾਬਾ ਨਿਰਮਲ ਸਿੰਘ ਆਪਣੇ ਪਿੰਡ ਕੱਦੋਂ ਆ ਗਏ। ਕੱਦੋਂ ਪਿੰਡ ਦੇ ਬਾਹਰਵਾਰ ਸ਼ਮਸ਼ਾਨ ਘਾਟ ਦੋਰਾਹੇ ਵਾਲੇ ਪਾਸੇ ਕਾਫੀ ਵੱਡੀ ਝਿੜੀ ਵਿਚ ਬਣੀ ਹੋਈ ਹੈ। ਦੋਰਾਹੇ ਜਾਣ ਲਈ ਲੋਕ ਭੂਤਾਂ ਪ੍ਰੇਤਾਂ ਤੋਂ ਡਰਦੇ ਦੂਸਰੇ ਰਸਤੇ ਦੋਰਾਹੇ ਨੂੰ ਵਿੰਗ ਵਲ ਪਾ ਕੇ ਜਾਂਦੇ ਸਨ। ਬਾਬਾ ਮੇਜਰ ਸਿੰਘ,  ਬਾਬਾ ਨਿਰਮਲ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਇੱਕ ਟਰੱਸਟ ਬਣਾਕੇ ਫੈਸਲਾ ਕੀਤਾ ਕਿ ਇਸ ਸ਼ਮਸ਼ਾਨ ਘਾਟ ਵਿਚ ਗੁਰਦੁਆਰਾ ਬਣਾਇਆ ਜਾਵੇ ਤਾਂ ਜੋ ਲੋਕਾਂ ਵਿਚੋਂ ਡਰ ਖ਼ਤਮ ਹੋ ਜਾਵੇ, ਲੋਕਾਂ ਵਿਚ ਸਿੱਖ ਧਰਮ ਨਾਲ ਜੁੜ ਜਾਣ ਅਤੇ ਦੋਰਾਹੇ ਜਾਣ ਲਈ ਲੋਕ ਸਿਧੇ ਰਸਤੇ ਜਾ ਸਕਣ। ਇਨ੍ਹਾਂ ਨੇ 1976 ਵਿਚ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਸਰੋਵਰ ਅਤੇ ਫਿਰ 1977 ਵਿਚ ਗੁਰੂ ਘਰ ਦੀ ਉਸਾਰੀ ਸ਼ੁਰੂ ਕੀਤੀ, ਜਿਥੇ ਹੁਣ ਆਲੀਸ਼ਾਨ ਬਾਬਾ ਸਿੱਧਸਰ ਗੁਰੂ ਘਰ ਅਤੇ ਇਕ ਸਿਵਲ ਹਸਪਤਾਲ ਗੁਰੂ ਘਰ ਦੇ ਟਰੱਸਟ ਦੀ ਸਰਪਰਸਤੀ ਹੇਠ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਰਾੜਾ ਸਾਹਿਬ ਤੋਂ ਵਾਪਸ ਆ ਕੇ ਬਾਬਾ ਨਿਰਮਲ ਸਿੰਘ ਸਿੱਧਸਰ ਗੁਰੂ ਘਰ ਵਿਚ ਹੀ ਰਹਿਣ ਲੱਗ ਪਏ ਸੀ। 1980 ਵਿਚ ਜਦੋਂ ਸਰਦਾਰ ਬੇਅੰਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਨ ਤਾਂ ਉਨ੍ਹਾਂ ਪਿੰਡ ਤੋਂ ਸਿੱਧਸਰ ਗੁਰੂ ਘਰ ਤੱਕ ਪੱਕੀ ਸੜਕ ਬਣਵਾ ਦਿੱਤੀ ਸੀ। ਇਸ ਸੜਕ ਦੇ ਆਲੇ ਦੁਆਲੇ ਲੋਹੇ ਦਾ ਜੰਗਲਾ,  ਲਾਈਟਾਂ ਅਤੇ ਗੁਰੂ ਘਰ ਤੋਂ ਕੀਰਤਨ ਸੁਣਨ ਲਈ ਸਪੀਕਰ ਪਿੰਡ ਦੀ ''ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ'' ਨੇ ਲਗਵਾ ਦਿੱਤੀਆਂ ਹਨ। ਬਾਬਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਬਾਬਾ ਨਿਰਮਲ ਸਿੰਘ ਦੇ ਬਿਮਾਰ ਹੋਣ ਕਰਕੇ ਉਸਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਸੀ। ਗੁਰਦੁਆਰਾ ਸਿੱਧਸਰ ਦੀ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਸਕੱਤਰ ਮਾਸਟਰ ਗੁਰਦੇਵ ਸਿੰਘ ਨੇ ਵੀ ਦੋ ਸਾਲ ਪਹਿਲਾਂ ਗੁਰੂ ਘਰ ਦੀ ਜ਼ਿੰਮੇਵਾਰੀ ਪਿੰਡ ਦੇ ਨੌਜਵਾਨਾ ਦੇ ਹੱਥ ਦੇ ਦਿੱਤੀ ਹੈ। ਗੁਰੂ ਘਰ ਸਿੱਧਸਰ ਵਿਚ ਸਿਆਸਤ ਨਾ ਹੋਣ ਕਰਕੇ ਹਸਪਤਾਲ ਅਤੇ ਗੁਰੂਘਰ ਦਾ ਕੰਮ ਵਧੀਆ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ 88 ਸਾਲ ਦੀ ਉਮਰ ਭੋਗ ਕੇ 14 ਦਸੰਬਰ 2019 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਭੋਗ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਿੱਧਸਰ ਪਿੰਡ ਕੱਦੋਂ ਵਿਖੇ 22 ਦਸੰਬਰ ਨੂੰ 12 ਵਜੇ ਦੁਪਹਿਰ ਤੋਂ 2 ਵਜੇ ਤੱਕ ਹੋਵੇਗੀ।
ਤਸਵੀਰ- ਬਾਬਾ ਨਿਰਮਲ ਸਿੰਘ     
                                                        ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                     
                                                              ਮੋਬਾਈਲ-94178 13072
                                                                  ujagarsingh48@yahoo.com
  

'ਅਣਗਾਹੇ ਰਾਹ' ਪੁਸਤਕ ਪਰਵਾਸੀਆਂ ਦੀ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੀ ਕਹਾਣੀ - ਉਜਾਗਰ ਸਿੰਘ

ਗਿਆਨ ਸਿੰਘ ਸੰਧੂ ਦੀ ਪੁਸਤਕ ''ਅਣਗਾਹੇ ਰਾਹ'' ਪਰਵਾਸੀਆਂ ਦੀ ਜ਼ਿੰਦਗੀ ਵਿਚ ਸਫਲ ਹੋਣ ਲਈ ਜਦੋਜਹਿਦ ਭਰੀ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਦੀ ਦਾਸਤਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਪੁਸਤਕ ਨੂੰ ਪੜ੍ਹਨ ਲੱਗਿਆਂ ਇਹ ਸਵੈ ਜੀਵਨੀ ਜਾਪਦੀ ਸੀ ਪ੍ਰੰਤੂ ਜਦੋਂ ਪੂਰੀ ਪੁਸਤਕ ਪੜ੍ਹ ਲਈ ਤਾਂ ਮਹਿਸੂਸ ਹੋਇਆ ਕਿ ਇਹ ਇਕੱਲੇ ਗਿਆਨ ਸਿੰਘ ਸੰਧੂ ਦੀ ਕਹਾਣੀ ਨਹੀਂ ਸਗੋਂ ਇਹ ਕੈਨੇਡਾ ਵਿਚ ਵਸ ਰਹੇ ਹਰ ਪਰਵਾਸੀ ਦੀ ਸਵੈ ਜੀਵਨੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਿੱਖਾਂ/ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿਚ ਸੱਤ ਸਮੁੰਦਰੋਂ ਪਾਰ ਜਾ ਕੇ ਅਨੇਕਾਂ ਮੁਸ਼ਕਲਾਂ, ਦੁਸ਼ਵਾਰੀਆਂ ਅਤੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਦਾ ਹੋਇਆ ਸਫਲ ਹੋਇਆ ਹੈ। ਇਹ ਦਰਦ ਭਰੀ ਕਹਾਣੀ ਪੰਜਾਬੀਆਂ ਦੇ ਪਰਵਾਸ ਵਿਚ ਵਸਣ ਅਤੇ ਸਫਲ ਹੋਣ ਦੇ ਲਿਖੇ ਜਾਣ ਵਾਲੇ ਇਤਿਹਾਸ ਦਾ ਹਿੱਸਾ ਬਣ ਗਈ ਹੈ। ਇਹ ਪੁਸਤਕ ਪੜ੍ਹਕੇ ਹਰ ਪਰਵਾਸੀ ਨੂੰ ਇਹ ਉਸਦੀ ਆਪਣੀ ਜਦੋਜਹਿਦ ਦੀ ਦਾਸਤਾਂ ਲੱਗਦੀ ਹੈ। ਇਹੋ ਗਿਆਨ ਸਿੰਘ ਸੰਧੂ ਦੀ ਪ੍ਰਾਪਤੀ ਹੈ। 248   ਪੰਨਿਆਂ ਦੀ ਇਹ ਪੁਸਤਕ ਯੂਨੀਸਟਾਰ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋਂ ਪ੍ਰਕਾਸ਼ਤ ਕੀਤੀ, ਗਿਆਨ ਸਿੰਘ ਸੰਧੂ ਦੀ ਪੰਜਾਬੀ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਸਿੱਖ ਜਗਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ  2017  ਤੱਕ ਦੇ ਸਮੇਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਲੜੀਵਾਰ ਮੋਤੀਆਂ ਦੀ ਤਰ੍ਹਾਂ ਪ੍ਰੋਇਆ ਗਿਆ ਹੈ। ਲੇਖਕ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਇਨ੍ਹਾਂ ਘਟਨਾਵਾਂ ਦੇ ਸਿੱਖ ਜਗਤ ਉਪਰ ਪਏ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਸੰਧੂ ਦੀ ਲੇਖਣੀ ਦਾ ਉਸਾਰੂ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਜਿਸ ਵਿਚ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਬਾਦ ਕਰਨ ਦੀ ਵਿਚਾਰਧਾਰਾ ਦਾ ਆਸਰਾ ਲੈਣ ਦੀ ਨਸੀਅਤ ਦਿੱਤੀ ਹੈ। ਹਰ ਸਮੱਸਿਆ ਦਾ ਹਲ ਸੰਬਾਦ ਨਾਲ ਕਰਨ ਲਈ ਕਿਹਾ ਹੈ ਕਿਉਂਕਿ ਟਕਰਾਓ ਨਾਲ ਸਾਰਥਿਕ ਨਤੀਜੇ ਨਹੀਂ ਨਿਕਲਦੇ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ, ਪੰਡਤਾਂ ਅਤੇ ਮੱਕੇ ਵਿਖੇ ਮੁਸਲਮਾਨ ਭਾਈਚਾਰੇ ਨਾਲ ਸੰਬਾਦ ਕਰਕੇ ਆਪਣੀ ਗੱਲ ਨੂੰ ਮੰਨਵਾਇਆ ਸੀ। ਸਾਂਤਮਈ ਢੰਗ ਨਾਲ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਕੰਮ ਵਿਚ ਸੰਧੂ ਨੇ ਸ਼ਾਂਤਮਈ ਢੰਗ ਵਰਤਿਆ ਉਥੇ ਹੀ ਸਫਲਤਾ ਨੇ ਉਸਦੀਆਂ ਮੰਜ਼ਲਾਂ ਸਫਲ ਕੀਤੀਆਂ। ਭਾਵੇਂ ਸਿੱਖਾਂ ਅਤੇ ਗਿਆਨ ਸਿੰਘ ਸੰਧੂ 'ਤੇ ਅਨੇਕਾਂ ਦੋਸ਼ ਅਤੇ ਤੂਹਮਤਾਂ ਲੱਗੀਆਂ ਪ੍ਰੰਤੂ ਸ਼ਾਂਤੀ ਨਾਲ ਸੰਬਾਦ ਕਰਨ ਕਰਕੇ ਅਖ਼ੀਰ ਕੈਨੇਡਾ ਵਿਚ ਸਿੱਖ ਮੁੱਖ ਧਾਰਾ ਵਿਚ ਆਕੇ  ਵਿਲੱਖਣ ਯੋਗਦਾਨ ਪਾ ਰਹੇ ਹਨ। ਪੰਜਾਬੀ ਦੀ ਇਕ ਕਹਾਵਤ ਹੈ 'ਪੰਜਾਬੀਆਂ ਨੂੰ ਜੰਮਦਿਆਂ ਨਿਤ ਮੁਹਿੰਮਾ'। ਪੰਜਾਬੀ  ਇਨ੍ਹਾਂ ਮੁਹਿੰਮਾ ਵਿਚ  ਹਮੇਸ਼ਾ ਸਫਲ ਹੁੰਦੇ ਰਹੇ ਹਨ ਜਿਵੇਂ ਗਿਆਨ ਸਿੰਘ ਸੰਧੂ ਸਫਲ ਹੋਇਆ ਹੈ। ਉਸ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਜਦੋਂ ਉਹ ਕੈਨੇਡਾ ਜਾਣ ਤੋਂ ਬਾਅਦ, ਪਹਿਲੀ ਵਾਰ ਨੌਕਰੀ ਲੈਣ ਲਈ ਜਿਸ ਗੋਰੇ ਵਿਅਕਤੀ ਕੋਲ ਗਿਆ ਸੀ, ਉਸਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਅਖ਼ੀਰ ਉਹੀ ਗੋਰਾ ਉਸਦੇ ਕੋਲ ਨੌਕਰੀ ਲੈਣ ਲਈ ਆਇਆ ਤੇ ਉਸ ਦੇ ਕਾਰੋਬਾਰ ਵਿਚ ਨੌਕਰੀ ਕਰਦਾ ਰਿਹਾ।
        ਗਿਆਨ ਸਿੰਘ ਸੰਧੂ ਦੇ ਜੀਵਨ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ  ਜੇਕਰ ਇਨਸਾਨ ਆਪਣੇ ਧਰਮ ਵਿਚ ਪਰਪੱਕ ਹੋਵੇਗਾ ਤਾਂ ਹੀ ਉਸਨੂੰ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ। ਪਰਵਾਸ ਵਿਚ ਜਾ ਕੇ ਵਸਣ ਵਾਲੇ ਪੰਜਾਬੀਆਂ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਹੋਵੇਗੀ ਕਿਉਂਕਿ ਲੇਖਕ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਸ਼ਾਖ ਘਟਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਣੇ ਸਫਾਰਤਖਾਨੇ ਦੇ ਅਮਲੇ ਦੇ ਤਾਣੇ ਪੇਟੇ ਰਾਹੀਂ ਕੀਤੀਆਂ ਕਰਤੂਤਾਂ ਦਾ ਪਾਜ ਵੀ ਉਘੇੜਿਆ ਹੈ।  ਭਾਰਤ ਸਰਕਾਰ ਦੀ ਸਿੱਖਾਂ ਦੀ ਵੱਧਦੀ ਸ਼ੋਹਰਤ ਨੂੰ ਰੋਕਣ ਲਈ ਪਰਵਾਸ ਦੇ ਗੁਰਦੁਆਰਿਆਂ ਵਿਚ ਧੜੇਬੰਦੀ ਪੈਦਾ ਕਰਕੇ ਸੂਹੀਆ ਤੰਤਰ ਦਾ ਜਾਲ ਵਿਛਾਕੇ ਉਨ੍ਹਾਂ ਨੂੰ ਦੋਫਾੜ ਕਰਨ ਦੇ ਢੰਗ ਨੂੰ ਵੀ ਨੰਗਿਆਂ ਕੀਤਾ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਗਰਦਾਨਕੇ ਕੈਨੇਡਾ ਸਰਕਾਰ ਨੂੰ ਵੀ ਗ਼ਲਤ ਗੁਪਤ ਜਾਣਕਾਰੀ ਦੇ ਕੇ ਸਿੱਖਾਂ ਵਿਰੁੱਧ ਭੜਕਾਇਆ ਜਾਂਦਾ ਰਿਹਾ ਹੈ।  ਗਿਆਨ ਸਿੰਘ ਸੰਧੂ ਲਗਪਗ ਅੱਧੀ ਸਦੀ ਤੋਂ ਪਰਵਾਸ ਵਿਚ ਵਿਚਰ ਰਿਹਾ ਹੈ ਪ੍ਰੰਤੂ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਸ ਉਪਰ ਪੰਜਾਬ ਦੀਆਂ ਘਟਨਾਵਾਂ ਦਾ ਡੂੰਘਾ ਪ੍ਰਭਾਵ ਪਿਆ ਜਿਸਦਾ ਸੰਤਾਪ ਸਮੁੱਚਾ ਸਿੱਖ ਭਾਈਚਾਰਾ ਹੰਢਾਉਂਦਾ ਰਿਹਾ। ਇਸ ਵਜਾਹ ਕਰਕੇ ਪੰਜਾਬੀ ਭਾਈਚਾਰਾ ਕੈਨੇਡਾ ਵਿਚ ਹਾਸ਼ੀਏ ਤੋਂ ਦੂਰ ਰੱਖਿਆ ਗਿਆ। ਗਿਆਨ ਸਿੰਘ ਸੰਧੂ ਦੀ ਘਾਲਣਾ ਨੇ ਸਿੱਖ ਭਾਈਚਾਰੇ ਨੂੰ ਮੁੱਖਧਾਰਾ ਵਿਚ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਕਿਉਂਕਿ ਉਹ ਕੈਨੇਡਾ ਸਰਕਾਰ ਨੂੰ ਇਹ ਗੱਲ ਦਲੀਲਾਂ ਨਾਲ ਸਮਝਾਉਣ ਵਿਚ ਸਫਲ ਹੋਇਆ ਕਿ ਸਿੱਖ ਧਰਮ ਦੇ ਪੈਰੋਕਾਰ ਧਰਮ ਨਿਰਪੱਖ ਅਤੇ ਸ਼ਾਂਤੀ ਪਸੰਦ ਹਨ। ਜਿਹੜਾ ਉਨ੍ਹਾਂ ਬਾਰੇ ਗ਼ਲਤ ਪ੍ਰਚਾਰ ਕੀਤਾ ਗਿਆ ਉਹ ਗੈਰ ਵਾਜਬ ਹੈ। ਮੁੱਖ ਤੌਰ ਤੇ 'ਅਣਗਾਹੇ ਰਾਹ' ਦਾ ਵਿਸ਼ਾ ਭਾਰਤ ਅਤੇ ਕੈਨੇਡਾ ਵਿਚ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ 'ਤੇ ਹੋ ਰਹੀਆਂ ਜ਼ਿਆਦਤੀਆਂ ਅਤੇ ਬਦਨਾਮ ਕਰਨ ਦਾ ਵਿਵਰਣ ਦਿੰਦਾ ਹੈ। ਸਿੱਖ ਉਨ੍ਹਾਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਹੋਏ ਹਾਸ਼ੀਏ ਤੋਂ ਮੁੱਖ ਧਾਰਾ ਵਿਚ ਸ਼ਾਮਲ ਹੋ ਜਾਂਦੇ ਹਨ। ਪੁਸਤਕ ਵਿਚ  ਗਿਆਨ ਸਿੰਘ ਸੰਧੂ ਨੇ ਸੰਕੇਤਕ ਤੌਰ ਤੇ ਲਿਖਿਆ ਹੈ ਕਿ ਭਾਰਤ ਸਰਕਾਰ ਦੇ ਸਫਾਰਤਖਾਨੇ ਆਪਣੀ ਸਰਕਾਰੀ ਮਸ਼ਨਰੀ ਦੀ ਗੁਪਤ ਮਦਦ ਨਾਲ  ਕੁਝ ਲੋਕਾਂ ਤੋਂ ਖਾਲਿਸਤਾਨ ਦਾ ਪਰਪੰਚ ਚਲਾਕੇ ਸਿੱਖਾਂ ਨੂੰ ਬਦਨਾਮ ਕਰਦੇ ਰਹੇ ਹਨ। ਉਨ੍ਹਾਂ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪ੍ਰੰਤੂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਵਾਜ ਉਠਾਉਣ ਵਾਲਿਆਂ ਦੇ ਸ਼ਾਂਤੀ ਪੂਰਬਕ ਢੰਗ ਨਾਲ ਕੰਮ ਕਰਨ ਕਰਕੇ ਵੀ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਦਰਜ ਕਰਕੇ ਪੰਜਾਬ ਦੀ ਧਰਤੀ ਤੇ ਜਾਣ ਤੋਂ ਰੋਕਿਆ ਜਾਂਦਾ ਰਿਹਾ ਹੈ।
      ਇਸ ਪੁਸਤਕ ਨੂੰ ਭਾਵੇਂ ਗਿਆਨ ਸਿੰਘ ਸੰਧੂ ਨੇ ਦਸ ਭਾਗਾਂ ਵਿਚ ਵੰਡਿਆ ਹੈ ਪ੍ਰੰਤੂ ਅਸਲ ਵਿਚ ਇਸ ਪੁਸਤਕ ਦੇ ਤਿੰਨ ਭਾਗ ਹਨ। ਬਾਕੀ ਇਨ੍ਹਾਂ ਤਿੰਨਾਂ ਦੇ  ਉਪ ਭਾਗ ਹਨ।  ਪਹਿਲੇ ਭਾਗ ਵਿਚ ਦੇਸ ਦੀ ਵੰਡ  ਦਾ ਸੰਤਾਪ, ਖਾਲਿਸਤਾਨ ਦੀ ਮੁਹਿੰਮ, ਪੰਜਾਬ ਵਿਚ ਕਤਲੇਆਮ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਲਾਓ ਅਤੇ ਅੰਤ, ਸ੍ਰੀ ਹਰਿਮੰਦਰ ਸਾਹਿਬ ਉਪਰ ਨੀਲਾ ਤਾਰਾ ਅਪ੍ਰੇਸ਼ਨ, ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ, ਭਾਰਤੀ ਸਿਆਸਤ ਦੀ ਗੁੰਝਲਦਾਰ ਸਾਜਿਸ, ਸਿੱਖਾਂ ਵਿਚ ਗੁਪਤਚਰ ਏਜੰਸੀਆਂ ਦੀ ਘੁਸਪੈਠ ਸ਼ਾਮਲ ਹੈ। ਦੂਜੇ ਭਾਗ ਵਿਚ ਸਿੱਖ ਭਾਈਚਾਰੇ ਦੀ ਘੇਰਾਬੰਦੀ ਏਅਰ ਇੰਡੀਆ ਜਹਾਜ ਦਾ ਹਾਦਸਾ, ਸਿੱਖਾਂ ਨੂੰ ਬਦਨਾਮ ਕਰਨ ਕਰਕੇ ਤੇ ਸ਼ੱਕ ਦੀ ਸੂਈ ਸਿੱਖਾਂ ਵਲ ਕਰਨਾ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਸਰਗਰਮੀਆਂ, ਪਰਵਾਸੀਆਂ ਦੀ ਭਾਰਤ ਸਰਕਾਰ ਵੱਲੋਂ ਜਾਸੂਸੀ ਅਤੇ ਸਿੱਖਾਂ ਦਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ। ਤੀਜੇ ਭਾਗ ਵਿਚ ਰਾਇਲ ਕੈਨੇਡੀਅਨ ਮਾਂਉਂਟਿਡ ਪੁਲਿਸ ਵਿਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ, ਵਰਲਡ ਸਿੱਖ ਆਰਗੇਨਾਈਜੇਸਸ਼ਨ ਕੈਨੇਡਾ ਨੇ ਸਿੱਖ ਅਤੇ ਹੋਰ ਸਮੁਦਾਏ ਹਿਤਾਂ ਲਈ ਕੇਸ ਲੜਨੇ ਤੇ ਜਿਤ ਪ੍ਰਾਪਤ ਕਰਨੀ,  ਕਾਰੋਬਾਰ ਵਿਚ ਫੈਲਾਓ ਅਤੇ ਗਿਰਾਵਟ,  'ਦਾ ਕੂਇਨ ਗੋਲਡਨ  ਜੁਬਲੀ ਮੈਡਲ' ਅਤੇ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਸਨਮਾਨ ਦਾ ਮਿਲਣਾ, ਕ੍ਰਿਪਾਨ ਪਹਿਨਣ ਦਾ ਕੇਸ ਜਿੱਤਣਾ, ਦੂਜੇ ਸਮੁਦਾਏ ਦੇ ਕੇਸ ਲੜਕੇ ਜਿੱਤਣਾ, ਸਿੱਖਾਂ ਦਾ ਮੁੱਖ ਧਾਰਾ ਵਿਚ ਆਉਣਾ ਅਤੇ ਕਾਲੀ ਸੂਚੀ ਵਿਚੋਂ ਨਾਮ ਨਿਕਲਣਾ ਆਦਿ ਸ਼ਾਮਲ ਹਨ। ਭਾਵੇਂ ਪੁਸਤਕ ਦੇ ਇਨ੍ਹਾਂ ਤਿੰਨ ਭਾਗਾਂ ਅਤੇ ਉਪ ਭਾਗਾਂ ਦੇ ਨਾਵਾਂ ਤੋਂ ਹੀ ਉਨ੍ਹਾਂ ਵਿਚਲੀ ਸਮਗਰੀ ਦਾ ਪ੍ਰਗਟਾਵਾ ਹੋ ਜਾਂਦਾ ਹੈ ਪ੍ਰੰਤੂ ਫਿਰ ਵੀ ਪੁਸਤਕ ਪੜ੍ਹਨ ਲਈ ਰੌਚਕਤਾ ਬਰਕਰਾਰ  ਰਹਿੰਦੀ ਹੈ।
         ਇਸ ਪੁਸਤਕ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਿਆਨ ਸਿੰਘ ਸੰਧੂ ਦਾ ਇਕ ਆਮ ਮੱਧ ਵਰਗੀ ਪਰਿਵਾਰ ਵਿਚੋਂ ਕੈਨੇਡਾ ਵਿਚ ਜਾ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਲਡ ਕੈਨੇਡਾ, ਸਿੱਖ ਇੰਟਰਨੈਸ਼ਨਲ ਸੰਸਥਾ ਦਾ ਮੁੱਖੀ ਬਣਨਾ,  ਉਥੋਂ ਦੇ ਲਗਪਗ ਸਾਰੇ ਪ੍ਰਧਾਨ ਮੰਤਰੀਆਂ, ਸੰਸਦ ਤੇ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨਾਲ ਵਰਕਿੰਗ ਤਾਲਮੇਲ ਬਣਾਈ ਰੱਖਣਾ ਅਤੇ ਸਿੱਖ ਜਗਤ ਦੇ ਹਿਤਾਂ ਤੇ ਪਹਿਰਾ ਦੇਣਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾਦਾਇਕ ਸਾਬਤ ਹੋਵੇਗਾ ਹੈ ਕਿਉਂਕਿ ਨੌਜਵਾਨ ਪਨੀਰੀ ਲਈ ਉਹ ਇਕ ਮਾਰਗ ਦਰਸ਼ਕ ਦੇ ਤੌਰ ਤੇ ਜਾਣੇ ਜਾਣਗੇ। ਗਿਆਨ ਸਿੰਘ ਸੰਧੂ ਨੇ ਇਕ ਸਿੱਖ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਦੀ ਪਰਜਾਤੰਤਰ ਪੱਖੀ ਵਿਚਾਰਧਾਰਾ ਨੂੰ ਆਧਾਰ ਬਣਾਕੇ ਕੈਨੇਡਾ ਦੇ ਪ੍ਰਬੰਧਕੀ ਢਾਂਚੇ ਨੂੰ ਦਲੀਲਾਂ ਨਾਲ ਇਹ ਦੱਸਣ ਅਤੇ ਮਨਾਉਣ ਵਿਚ ਸਫਲ ਹੋਇਆ ਹੈ ਕਿ ਕੈਨੇਡਾ ਦਾ ਪਰਜਤੰਤਰਿਕ ਢਾਂਚਾ ਸਿੱਖ ਧਰਮ ਦੀ ਵਿਰਾਸਤ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਉਸਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਵੇਂ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ ਪ੍ਰੰਤੂ ਉਹ ਤੇ ਉਨ੍ਹਾਂ ਦੀਆਂ ਲੜਕੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਉਚ ਅਹੁਦੇ ਤੇ ਮਾਣ ਸਨਮਾਨ ਪ੍ਰਾਪਤ ਕਰਕੇ ਸਿੱਖ ਧਰਮ ਦੇ ਅਨੁਆਈਆਂ ਦਾ ਸਿਰ ਸਮਾਜ ਵਿਚ ਉਚਾ ਕੀਤਾ ਹੈ। ਉਨ੍ਹਾਂ ਦੀ ਇਕ ਲੜਕੀ ਪਲਬਿੰਦਰ ਕੌਰ ਕੇਸਕੀ ਸਜਾਉਂਦੀ ਹੈ ਤੇ ਇਸ ਸਮੇਂ ਉਹ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਇਸ ਤੋਂ ਸਿਖਿਆ ਮਿਲਦੀ ਹੈ ਕਿ ਮਿਹਨਤ ਅਤੇ ਦ੍ਰਿੜ੍ਹਤਾ ਹਮੇਸਾ ਰੰਗ ਲਿਆਉਂਦੀ ਹੈ। ਗਿਆਨ ਸਿੰਘ ਸੰਧੂ ਨੇ ਗਦਰੀ ਬਾਬਿਆਂ ਦੀ ਕੈਨੇਡੀਅਨ ਸਮਾਜ ਵਿਚ ਬਰਾਬਰਤਾ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿਉਂਕਿ ਗਦਰੀ ਬਾਬਿਆਂ ਨਾਲ ਵੀ ਨਸਲੀ ਵਿਤਕਰਿਆਂ ਕਰਕੇ ਅਨੇਕਾਂ ਮੁਸੀਬਤਾਂ ਆਈਆਂ ਸਨ ਇਥੋਂ ਤੱਕ ਕਿ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
  

 ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਤੁਰ ਗਿਆ - ਉਜਾਗਰ ਸਿੰਘ

ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ ਕਿੱਤੇ ਨੂੰ ਆਪਣੇ ਅਸਰ ਰਸੂਖ ਨਾਲ ਪ੍ਰਭਾਵਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਨਿਰਪੱਖਤਾ ਪੱਤਰਕਾਰੀ ਦਾ ਧੁਰਾ ਹੈ। ਜਿਹੜਾ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਵਿਚ ਸਫਲ ਹੋ ਗਿਆ, ਉਹ ਜ਼ਿੰਦਗੀ ਭਰ ਜਦੋਜਹਿਦ ਤਾਂ ਕਰਦਾ ਹੀ ਰਹੇਗਾ ਪ੍ਰੰਤੂ ਸਮਾਜ ਵਿਚ ਉਸਦਾ ਮਾਨ ਸਨਮਾਨ ਬਣਿਆਂ ਰਹੇਗਾ।
      ਸ਼ੰਗਾਰਾ ਸਿੰਘ ਭੁਲਰ ਅਜਿਹਾ ਪੱਤਰਕਾਰ ਤੇ ਸੰਪਾਦਕ ਸੀ ਜਿਸਨੇ ਲਿਖਿਆ ਵੀ ਨਿਰਪੱਖ ਹੋ ਕੇ ਅਤੇ ਦੋਸਤੀਆਂ ਬਣਾਈਆਂ ਤੇ ਨਿਭਾਈਆਂ ਵੀ। ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਗੁਣਾਂ ਕਰਕੇ ਉਹ ਸਮਾਜ ਵਿਚ ਸਤਿਕਾਰਿਆ ਜਾਂਦਾ ਸੀ। ਉਹ ਇਕੋ ਇਕ ਅਜਿਹਾ ਪੱਤਰਕਾਰ ਹੈ, ਜਿਹੜਾ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਇਕ ਨਿਊਜ ਏਜੰਸੀ ਦਾ ਸੰਪਾਦਕ ਰਿਹਾ ਹੈ। ਸ਼ੰਗਾਰਾ ਸਿੰਘ ਭੁਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਹੀ ਨੌਜਵਾਨੀ ਵਿਚ 'ਨਵਾਂ ਜ਼ਮਾਨਾ' ਅਖ਼ਬਾਰ ਵਿਚ ਉਪ ਸੰਪਾਦਕ ਦੇ ਤੌਰ ਤੇ ਆਪਣਾ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਅਖ਼ਬਾਰ ਦੀ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਨਿਰਪੱਖ ਪੱਤਰਕਾਰੀ ਦੀ ਗੁੜ੍ਹਤੀ ਨੇ ਸ਼ੰਗਾਰਾ ਸਿੰਘ ਭੁਲਰ ਨੂੰ ਜ਼ਿੰਦਗੀ ਭਰ ਡੋਲਣ ਨਹੀਂ ਦਿੱਤਾ ਅਤੇ ਪੱਤਰਕਾਰੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿਸ ਕਰਕੇ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ ਟਾਈਮਜ਼, ਰੋਜ਼ਾਨਾ ਸਪੋਕਸਮੈਨ ਅਤੇ ਇਕ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਸੰਪਾਦਕ ਬਣਕੇ ਪੱਤਰਕਾਰੀ ਵਿਚ ਆਪਣਾ ਨਾਮ ਕਮਾਇਆ। ਪੰਜਾਬੀ ਪੱਤਰਕਾਰੀ ਦਾ ਥੰਮ੍ਹ ਅਤੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਸ਼ੰਗਾਰਾ ਸਿੰਘ ਭੁਲਰ 74 ਸਾਲ ਦੀ ਉਮਰ ਭੋਗ ਕੇ ਆਪਣੇ ਪਿਛੇ ਪਤਨੀ ਅਮਰਜੀਤ ਕੌਰ ਭੁਲਰ, ਸਪੁੱਤਰ ਚੇਤਨਪਾਲ ਸਿੰਘ, ਰਮਨੀਕ ਸਿੰਘ ਅਤੇ ਸਪੁੱਤਰੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਿਮਰਤਾ, ਸਲੀਕੇ ਅਤੇ ਤਹਿਜ਼ੀਬ ਨਾਲ ਪੱਤਰਕਾਰੀ ਕਰਨ ਵਾਲਾ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਵੈਟਰਨ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਪੱਤਰਕਾਰੀ ਦੇ ਇਤਿਹਾਸ ਵਿਚ ਸੁਚਾਰੂ ਅਤੇ ਸਾਕਾਰਤਮਕ ਯੋਗਦਾਨ ਪਾਉਣ ਕਰਕੇ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਉਸ ਦੀਆਂ ਸੰਪਾਦਕੀਆਂ ਅਤੇ ਕਾਲਮ ਨਵੀਸ ਦੇ ਤੌਰ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਲਿਖੇ ਲੇਖਾਂ ਵਿਚਲੀਆਂ ਗੁਝੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ ਜੋ ਪ੍ਰਭਾਵਤ ਵਿਅਕਤੀਆਂ ਨੂੰ ਨਾ ਰੋਣ ਅਤੇ ਨਾ ਹੱਸਣ ਜੋਗਾ ਛੱਡਦੀਆਂ ਸਨ।
         9 ਜਨਵਰੀ 1946 ਨੂੰ ਆਪਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਭੁਲਰ ਪਿੰਡ ਵਿਚ ਇਕ ਆਮ ਸਾਧਾਰਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿਚ ਕਰਨ ਤੋਂ ਬਾਅਦ ਬੀ ਏ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਜਿੰਦਰ ਸਿੰਘ ਹਮਦਰਦ ਆਪ ਦਾ ਜਮਾਤੀ ਸੀ। ਅਸਲ ਵਿਚ ਸ਼ੰਗਾਰਾ ਸਿੰਘ ਭੁਲਰ ਦੋਸਤਾਂ ਦਾ ਦੋਸਤ ਸੀ। ਉਸਨੂੰ ਦੋਸਤੀ ਬਣਾਉਣੀ ਅਤੇ ਨਿਭਾਉਣੀ ਆਉਂਦੀ ਸੀ। ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੈ। ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਅਤੇ ਸਾਹਿਤਕਾਰਾਂ ਦੇ ਮੁਦੱਈ ਮਹਿੰਦਰ ਸਿੰਘ ਰੰਧਾਵਾ ਨਾਲ ਉਸਦੇ ਨਿਕਟਵਰਤੀ ਸੰਬੰਧ ਸਨ। ਨਵਾਂ ਜ਼ਮਨਾ ਅਖ਼ਬਾਰ ਦੀ ਉਪ ਸੰਪਾਦਕੀ ਤੋਂ ਬਾਅਦ ਉਨ੍ਹਾਂ ਆਪਣੀ ਕਰਮਭੂਮੀ ਦਿੱਲੀ ਨੂੰ ਬਣਾਇਆ, ਜਿਥੇ ਉਨ੍ਹਾਂ ਨੇ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਦੇ ਰੋਜ਼ਾਨਾ ਜਥੇਦਾਰ ਅਖ਼ਬਾਰ ਵਿਚ ਕੰਮ ਕਰਦਿਆਂ ਆਪਣਾ ਸਥਾਨ ਬਣਾਇਆ। ਦਿੱਲੀ ਤੋਂ ਬਾਅਦ ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਆ ਗਏ। ਇਥੇ ਤਰੱਕੀ ਕਰਦਿਆਂ ਪਹਿਲਾਂ ਡਿਪਟੀ ਐਡੀਟਰ ਅਤੇ ਬਾਅਦ ਵਿਚ ਸੰਪਾਦਕ ਬਣੇ। ਉਨ੍ਹਾਂ 28 ਸਾਲ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਕੀਤੀ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਆਪਨੇ ਤਤਕਾਲ ਮੁੱਦਿਆਂ ਤੇ ਲਿਖਣ ਲਈ ਨੌਵਾਂ ਕਾਲਮ ਸੰਪਾਦਕੀ ਪੰਨੇ ਤੇ ਸ਼ੁਰੂ ਕੀਤਾ, ਜਿਹੜਾ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ। 2006 ਵਿਚ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣੇ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬੀ ਦੀ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ। ਜਦੋਂ ਪੰਜਾਬੀ ਜਾਗਰਣ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਤਾਂ ਇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣਕੇ ਅਖ਼ਬਾਰ ਨੂੰ ਸਥਾਪਤ ਕੀਤਾ। ਪੰਜਾਬੀ ਜਾਗਰਣ ਅਖ਼ਬਾਰ ਵਿਚ ਸਾਹਿਤਕ ਪੰਨਾ ਸ਼ੁਰੂ ਕਰਨ ਦਾ ਮਾਣ ਵੀ ਸ਼ੰਗਾਰਾ ਸਿੰਘ ਭੁਲਰ ਨੂੰ ਜਾਂਦਾ ਹੈ, ਜਿਸ ਕਰਕੇ ਬਹੁਤ ਸਾਰੇ ਸਾਹਿਤਕਾਰ ਪੰਜਾਬੀ ਜਾਗਰਣ ਨਾਲ ਜੁੜ ਗਏ। ਇਸ ਸਮੇਂ ਆਪ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲਿਖਦੇ ਸਨ। ਉਹ ਆਖ਼ਰ ਸਮੇਂ ਤੱਕ ਸਰਗਰਮ ਪੱਤਰਕਾਰੀ ਕਰਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। 1993 ਵਿਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੀ ਸੰਸਥਾ ਜਿਸਦੇ ਗਿਆਨੀ ਹਰੀ ਸਿੰਘ ਪ੍ਰਧਾਨ ਅਤੇ ਸ਼ੰਗਾਰਾ ਸਿੰਘ ਭੁਲਰ ਜਨਰਲ ਸਕੱਤਰ ਸਨ ਤਾਂ ਪੱਤਰਕਾਰਾਂ ਦੀ ਇਕ ਅੰਤਰਾਸ਼ਟਰੀ ਕਾਨਫਰੰਸ ਕਰਵਾਈ ਸੀ। ਉਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਾਗਮਾ ਵਿਚ ਸ਼ਿਰਕਤ ਕਰਦੇ ਰਹਿੰਦੇ ਸਨ।
         ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੂੰ ਥਾਪੀ ਦੇ ਕੇ ਪੱਤਰਕਾਰਤਾ ਵਿਚ ਸਥਾਪਤ ਕੀਤਾ। ਲੱਗਪਗ ਅੱਧੀ ਸਦੀ ਉਹ ਪੰਜਾਬੀ ਪੱਤਰਕਾਰਤਾ ਵਿਚ ਆਪਣੀਆਂ ਲੇਖਣੀਆਂ ਕਰਕੇ ਛਾਏ ਰਹੇ। ਜਦੋਂ ਉਹ ਅਖ਼ਬਾਰਾਂ ਦੇ ਸੰਪਾਦਕ ਸਨ ਤਾਂ ਕੋਈ ਵੀ ਛੋਟੇ ਤੋਂ ਛੋਟਾ ਪੱਤਰਕਾਰ ਉਨ੍ਹਾਂ ਦੇ ਕਮਰੇ ਵਿਚ ਨਿਝੱਕ ਜਾ ਕੇ ਅਗਵਾਈ ਲੈ ਸਕਦਾ ਸੀ। ਇਨਸਾਨੀਅਤ ਉਨ੍ਹਾਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਦੀ ਨਿਗਾਹ ਵਿਚ ਕੋਈ ਵੱਡੇ ਛੋਟੇ ਵਿਅਕਤੀ ਦਾ ਫਰਕ ਨਹੀਂ ਸੀ। ਮੇਰਾ ਵੀ ਸ਼ੰਗਾਰਾ ਸਿੰਘ ਭੁਲਰ ਨਾਲ ਪਿਛਲੇ 40 ਸਾਲਾਂ ਤੋਂ ਵਾਹ ਵਾਸਤਾ ਸੀ। ਉਨ੍ਹਾਂ ਦੀ ਖ਼ੂਬੀ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇਕ ਵਾਰ ਮਿਲ ਗਿਆ ਉਸਨੂੰ ਹਮੇਸ਼ਾ ਲਈ ਆਪਣੀ ਬੁਕਲ ਵਿਚ ਲੈ ਕੇ ਆਪਣਾ ਬਣਾ ਲੈਂਦੇ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚੋਂ ਜਦੋਂ 2007 ਵਿਚ ਸੇਵਾ ਮੁਕਤ ਹੋਇਆ ਤਾਂ ਉਹ ਉਸ ਸਮੇਂ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਟਾਈਮਜ ਅਖ਼ਬਾਰ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਵਿਸ਼ੇਸ ਤੌਰ ਤੇ ਫੋਨ ਕਰਕੇ ਅਖ਼ਬਾਰ ਲਈ ਲੇਖ ਲਿਖਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤਾਂ ਨੌਕਰੀ ਸਮੇਂ ਸਰਕਾਰੀ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਤਿਆਰ ਕਰਦਾ ਰਿਹਾ ਹਾਂ ਮੇਰੀ ਤਾਂ ਲੇਖਣੀ ਵਿਚ ਸਰਕਾਰੀਪੁਣਾ ਹੋਵੇਗਾ ਪ੍ਰੰਤੂ ਉਨ੍ਹਾਂ ਕਿਹਾ ਕਿ ਤੁਹਾਡਾ ਤਜ਼ਰਬਾ ਕੰਮ ਆਵੇਗਾ, ਤੁਸੀਂ ਜ਼ਰੂਰ ਲੇਖ ਭੇਜਿਆ ਕਰੋ। ਮੈਨੂੰ ਸਥਾਪਤ ਕਰਨ ਵਿਚ ਵੀ ਭੁਲਰ ਸਾਹਿਬ ਦਾ ਵੱਡਾ ਯੋਗਦਾਨ ਹੈ , ਜਿਸ ਲਈ ਮੈਂ ਸਦਾ ਉਨਾਂ ਦਾ ਰਿਣੀ ਰਹਾਂਗਾ। ਉਨ੍ਹਾਂ ਦੇ ਸੁਭਾਅ ਦੀ ਇਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ਗੁੱਸਾ ਕਦੀਂ ਆਉਂਦਾ ਹੀ ਨਹੀਂ ਸੀ। ਉਹ ਹਮੇਸ਼ਾ ਹਰ ਵਿਅਕਤੀ, ਪੱਤਰਕਾਰ ਲਈ ਉਸਾਰੂ ਯੋਗਦਾਨ ਪਾਉਣ ਵਿਚ ਵਿਸ਼ਵਾਸ ਰੱਖਦੇ ਸਨ। ਪੰਜਾਬੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਅਣਹੋਂਦ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਕਿਉਂਕਿ ਪੰਜਾਬੀ ਪੱਤਰਕਾਰੀ ਨੂੰ ਜਿਹੜਾ ਘਾਟਾ ਉਨ੍ਹਾਂ ਦੇ ਜਾਣ ਨਾਲ ਪਿਆ ਹੈ, ਉਹ ਕਦੀਂ ਵੀ ਪੂਰਾ ਨਹੀਂ ਹੋ ਸਕਣਾ। ਮੈਂ 22 ਨਵੰਬਰ ਨੂੰ ਅਮਰੀਕਾ ਆਉਣਾ ਸੀ ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ 18 ਨਵੰਬਰ ਨੂੰ ਮੋਹਾਲੀ ਉਨ੍ਹਾਂ ਦੇ ਘਰ ਗਿਆ ਸੀ। ਭਾਵੇਂ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਸੀ ਪ੍ਰੰਤੂ ਉਹ ਚੜ੍ਹਦੀ ਕਲਾ ਵਿਚ ਸਨ। ਮੇਰੇ ਨਾਲ ਉਨ੍ਹਾਂ ਪੱਤਰਕਾਰੀ ਅਤੇ ਹੋਰ ਮਹਿੰਗਾਈ ਵਰਗੇ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਵੀ ਸਮਾਜਿਕ ਮੁੱਦਿਆਂ ਬਾਰੇ ਕਿਤਨੇ ਸੰਜੀਦਾ ਸਨ।

ਮੋਬਾਈਲ - 94178 13072
ਈ ਮੇਲ : ujagarsingh48@yahoo.com

ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ -  ਉਜਾਗਰ ਸਿੰਘ

ਬਲਾਤਕਾਰਾਂ ਦੇ ਕੇਸਾਂ ਵਿਚ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਦੇਰੀ ਕਿਉਂ ਹੁੰਦੀ ਹੈ ਅਤੇ ਸਜਾਵਾਂ ਕਿਉਂ ਨਹੀਂ ਹੁੰਦੀਆਂ, ਇਸ ਮੁੱਦੇ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਇਹ ਬੇਇਨਸਾਫੀ ਕਿਸੇ ਇਕ ਕਾਰਨ ਕਰਕੇ ਨਹੀਂ ਸਗੋਂ ਇਸਦੇ ਬਹੁਪਰਤੀ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੇ ਕੇਸਾਂ ਵਿਚ ਸਿਆਸਤਦਾਨ ਅਤੇ ਪ੍ਰਭਾਵਸ਼ਾਲੀ ਲੋਕ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ। ਵੱਡੇ ਲੋਕ ਜਿਨ੍ਹਾਂ ਵਿਚ ਐਮ ਪੀ, ਵਿਧਾਨਕਾਰ ਅਤੇ ਹੋਰ ਉਚ ਅਹੁਦਿਆਂ ਤੇ ਤਾਇਨਾਤ ਅਧਿਕਾਰੀ ਸ਼ਾਮਲ ਹਨ, ਉਨ੍ਹਾਂ ਦੇ ਕੇਸਾਂ ਦੇ ਜਾਂ ਤਾਂ ਫੈਸਲੇ ਲਮਕਾਏ ਜਾ ਰਹੇ ਹਨ ਜਾਂ ਪੁਲਿਸ ਸਰਕਾਰੀ ਸ਼ਹਿ ਹੋਣ ਕਰਕੇ ਨੇਪਰੇ ਨਹੀਂ ਚੜ੍ਹਨ ਦਿੰਦੀ। ਏ ਆਈ ਪੀ ਡਵਲਯੂ ਏ ਦੀ ਪ੍ਰਧਾਨ ਰਤੀ ਰਾਓ ਅਤੇ ਜਨਰਲ ਸਕੱਤਰ ਮੀਨਾ ਤਿਵਾੜੀ ਅਨੁਸਾਰ ਲਗਪਗ ਦੋ ਦਰਜਨ ਪਤਵੰਤਿਆਂ ਵਲੋਂ ਕੀਤੇ ਗਏ ਬਲਾਤਕਾਰਾਂ ਦੇ ਕੇਸ ਠੰਡੇ ਬਸਤਿਆਂ ਵਿਚ ਰੱਖੇ ਹੋਏ ਹਨ। ਦੂਜੇ ਨੰਬਰ ਤੇ ਪੁਲਿਸ ਪ੍ਰਸ਼ਾਸਨ ਲਾਲਚ ਵਸ ਕੇਸਾਂ ਨੂੰ ਲਮਕਾ ਦਿੰਦਾ ਹੈ।  ਇਸ ਤੋਂ ਬਾਅਦ ਗਵਾਹਾਂ ਨੂੰ ਲਾਲਚ ਦੇ ਕੇ ਮੁਕਰਾ ਦਿੱਤਾ ਜਾਂਦਾ ਹੈ। ਕਈ ਵਾਰ ਪੁਲਿਸ ਦੇ ਮੁਲਾਜ਼ਮ ਹੀ ਕੇਸ ਨੂੰ ਕਮਜ਼ੋਰ ਬਣਾਉਂਦੇ ਹਨ ਅਤੇ ਜਦੋਂ ਉਨ੍ਹਾਂ ਦੀ ਗਵਾਹੀ ਦਾ ਸਮਾਂ ਆਉਂਦਾ ਹੈ, ਉਹ ਹੀ ਮੁਕਰ ਜਾਂਦੇ ਹਨ। ਪੁਲਿਸ ਨੂੰ ਜਵਾਬਦੇਹ ਬਣਾਉਣਾ ਅਤਿਅੰਤ ਜ਼ਰੂਰੀ ਹੈ। ਕਾਨੂੰਨੀ ਪ੍ਰਕ੍ਰਿਆ ਵਿਚ ਪ੍ਰਭਾਵਤ ਲੜਕੀ ਤੋਂ ਅਜ਼ੀਬ ਕਿਸਮ ਦੇ ਸਵਾਲ ਪੁਛੇ ਜਾਂਦੇ ਹਨ, ਜਿਹੜੇ ਲੜਕੀਆਂ ਨੂੰ ਡੀਮਾਰਲਾਈਜ ਕਰਦੇ ਹਨ। ਪ੍ਰਭਾਵਸ਼ਾਲੀ ਲੋਕ ਪੁਲਿਸ ਵਾਲਿਆਂ ਦੀ ਮਦਦ ਨਾਲ ਪ੍ਰਭਾਵਤ ਲੜਕੀਆਂ ਤੇ ਸਮਝੌਤਾ ਕਰਨ ਜਾਂ ਕੇਸ ਵਾਪਸ ਲੈਣ ਦਾ ਦਬਾਓ ਪਾਇਆ ਜਾਂਦਾ ਹੈ। ਜੇ ਉਹ ਸਮਝੌਤਾ ਨਹੀਂ ਕਰਦੇ ਤਾਂ ਲੜਕੀਆਂ ਦੇ ਵਾਰਸਾਂ ਤੇ ਪੁਲਿਸ ਝੂਠੇ ਕੇਸ ਬਣਾ ਦਿੰਦੀ ਹੈ। ਦੋਸ਼ੀ ਜ਼ਮਾਨਤ ਤੇ ਆ ਕੇ ਇਨਸਾਫ ਦੇ ਰਾਹ ਵਿਚ ਰੋੜਾ ਬਣਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਸਾਡੇ ਦੇਸ ਵਾਸੀਆਂ ਦਾ ਅਜੇ ਤੱਕ ਕੌਮੀ ਕਰੈਕਟਰ ਹੀ ਨਹੀਂ ਬਣਿਆਂ। ਜਿਤਨੀ ਦੇਰ ਕੌਮੀ ਕਰੈਕਟਰ ਨਹੀਂ ਬਣਦਾ, ਉਤਨੀ ਦੇਰ ਪ੍ਰਭਾਵਤ ਲੜਕੀਆਂ ਨੂੰ ਇਨਸਾਫ ਮਿਲਣਾ ਤਾਂ ਇਕ ਪਾਸੇ ਰਿਹਾ ਦੋਸ਼ੀਆਂ ਨੂੰ ਸਜਾਵਾਂ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋਕਤੰਤਰ ਦੇ ਤਿੰਨ ਥੰਮ ਲੈਜਿਸਲੇਚਰ, ਕਾਰਜਕਾਰੀ ਅਤੇ ਨਿਆਇਕ ਪ੍ਰਣਾਲੀ ਆਪਣੇ ਫਰਜ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਭਾਰਤ ਦੀ ਨਿਆਇਕ ਪ੍ਰਣਾਲੀ ਵੀ ਗੁੰਝਲਦਾਰ ਅਤੇ ਇਨਸਾਫ ਨੂੰ ਲਮਕਾਉਣ ਵਾਲੀ ਹੈ। ਵਾਰ ਵਾਰ ਤਕਨੀਕੀ ਢੰਗ ਅਪਣਾ ਕੇ ਤਰੀਕਾਂ ਲੈ ਕੇ ਕੇਸ ਲਮਕਾਏ ਜਾਂਦੇ ਹਨ। ਜੇਕਰ ਹੇਠਲੀ ਕੋਰਟ ਵੱਲੋਂ ਸਜਾ ਹੋ ਜਾਂਦੀ ਹੈ ਤਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਅਪੀਲ ਹੋ ਜਾਂਦੀ ਹੈ, ਕਈ ਵਾਰ ਸਜਾ ਕਨਫਰਮ ਕਰਨ ਵਿਚ ਦੇਰੀ ਕਰ ਦਿੱਤੀ  ਜਾਂਦੀ ਹੈ। ਅਖ਼ੀਰ ਵਿਚ ਰਾਸ਼ਟਰਪਤੀ ਕੋਲ ਅਪੀਲ ਆ ਜਾਂਦੀ ਹੈ। ਜਿਹੜੀ ਕਈ ਸਾਲਾਂ ਤੱਕ ਲਮਕਦੀ ਰਹਿੰਦੀ ਹੈ। ਦਿੱਲੀ ਵਿਖੇ ਸਭ ਤੋਂ ਚਰਚਿਤ ਅਤੇ ਦਰਿੰਦਗੀ ਵਾਲੇ ਨਿਰਭੈ ਬਲਾਤਕਾਰ ਕੇਸ ਵਿਚ 7 ਸਾਲਾਂ ਬਾਅਦ ਵੀ ਅਜੇ ਤੱਕ ਫਾਂਸੀ ਦੀ ਸਜਾ ਨਹੀਂ ਸਿਰੇ ਚੜ੍ਹੀ। ਦੇਸ਼ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਸਭਿਅਕ ਸਮਾਜ ਵਿਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹਨ। ਅਸਿਫਾਬਾਦ ਵਿਚ ਪ੍ਰਿਅੰਕਾ ਰੈਡੀ ਦੇ ਬਲਾਤਕਾਰ ਦੇ ਕੇਸ ਦੇ ਰਿਪੋਰਟ ਹੋਣ ਤੋਂ ਤਿੰਨ ਦਿਨ ਪਹਿਲਾਂ ਤੀਹ ਸਾਲਾ ਦਲਿਤ ਇਸਤਰੀ ਨਾਲ ਬਲਾਤਕਾਰ ਕਰਕੇ ਮਾਰ ਦਿੱਤੀ ਗਈ। ਪ੍ਰਸ਼ਸਾਨ ਦੇ ਕੰਨ ਤੇ ਜੂੰ ਨਹੀਂ ਸਰਕੀ। ਤਿਲੰਗਨਾ ਰਾਜ ਵਿਚ ਸਾਦਨਗਰ ਵਿਖੇ ਤਾਜ਼ਾ ਘਟਨਾ 24 ਸਾਲਾ ਪਸ਼ੂਆਂ ਦੀ ਡਾਕਟਰ ਪ੍ਰਿਅੰਕਾ ਰੈਡੀ ਨਾਲ ਸਮੂਹਿਕ ਬਲਾਤਕਾਰ ਕਰਕੇ ਸਬੂਤ ਖ਼ਤਮ ਕਰਨ ਲਈ ਸਾੜ ਕੇ ਮਾਰਨ ਦੀ ਖ਼ਬਰ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੇ ਸਮਾਜਿਕ ਤਾਣੇ ਬਾਣੇ ਵਿਚ ਫੈਲੀ ਅਸਥਿਰਤਾ ਦਾ ਪ੍ਰਗਟਾਵਾ ਕਰਦੀਆਂ ਹਨ। ਆਮ ਤੌਰ ਤੇ ਅਮੀਰ ਘਰਾਂ ਦੇ ਕਾਕੇ ਅਤੇ ਸਿਆਸੀ ਸ਼ਹਿ ਪ੍ਰਾਪਤ ਅਸਰ ਰਸੂਖ ਵਾਲੇ ਲੋਕ ਅਜਿਹੀਆਂ ਘਟਨਾਵਾਂ ਵਿਚ  ਸ਼ਾਮਲ ਹੁੰਦੇ ਸਨ ਪ੍ਰੰਤੂ ਪ੍ਰਿਅੰਕਾ ਰੈਡੀ ਦੇ ਸਮੂਹਿਕ ਬਲਾਤਕਾਰ ਵਿਚ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦਾ ਸ਼ਾਮਲ ਹੋਣਾ ਮਨੁੱਖਤਾ ਦੀ ਖੋਖਲੀ ਮਾਨਸਿਕਤਾ ਦਾ ਪ੍ਰਤੀਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਥਿਤ 4 ਬਲਾਤਕਾਰੀ ਦਰਿੰਦਿਆਂ ਦੀ ਦਲੇਰੀ ਵੇਖਣ ਵਾਲੀ ਹੈ ਕਿ ਬੇਖੌਫ ਹੋ ਕੇ ਬਲਾਤਕਾਰ ਕਰਨ ਤੋਂ ਬਾਅਦ ਨੌਜਵਾਨ ਲੜਕੀ ਪ੍ਰਿਅੰਕਾ ਰੈਡੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਘਟਨਾ ਸਥਾਨ ਤੋਂ ਚਾਲੀ ਕਿਲੋਮੀਟਰ ਦੂਰ ਟਰੱਕ ਵਿਚ ਲਾਸ਼ ਰੱਖ ਕੇ ਚਟਨਪਲੀ ਦੇ ਸਥਾਨ ਤੇ ਇਕ ਹਾਈਵੇ ਦੇ ਪੁਲ ਦੇ ਹੇਠਾਂ ਤੇਲ ਪਾ ਕੇ ਅੱਗ ਲਗਾਕੇ ਸਾੜ ਦਿੱਤਾ। ਘਟਨਾ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਜਿਵੇਂ ਕੋਈ ਉਨ੍ਹਾਂ ਨੂੰ ਪੁਲਿਸ ਦਾ ਡਰ ਭੈ ਹੀ ਨਹੀਂ ਸੀ। ਪ੍ਰਿਅੰਕਾ ਰੈਡੀ ਦੀ ਭੈਣ ਐਫ ਆਈ ਆਰ ਦਰਜ ਕਰਵਾਉਣ ਲਈ ਖਜਲਖੁਆਰ ਹੁੰਦੀ ਰਹੀ ਪੁਲਿਸ ਰਿਪੋਰਟ ਦਰਜ ਕਰਨ ਤੋਂ ਕੰਨੀ ਕਤਰਾਉਂਦੀ ਰਹੀ। ਦੂਜੇ ਪਾਸੇ ਵੱਡੀ ਗੈਰਕਾਨੂੰਨੀ ਗੱਲ ਇਹ ਹੈ ਕਿ ਪੁਲਿਸ ਨੇ ਰਾਤ ਨੂੰ ਹੀ ਦੋਸ਼ੀ ਪਕੜ ਲਏ ਅਤੇ ਉਸੇ ਰਾਤ ਘਟਨਾ ਸਥਾਨ ਤੇ ਲਿਜਾਕੇ ਇਨਕਾਊਂਟਰ ਕਰਕੇ ਚਾਰੇ ਕਥਿਤ ਦੋਸ਼ੀ ਮਾਰ ਦਿੱਤੇ। ਹੋ ਸਕਦਾ ਇਨ੍ਹਾਂ ਨੂੰ ਮਾਰਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦਾ ਢੰਗ ਵਰਤਿਆ ਗਿਆ ਹੋਵੇ ਕਿਉਂਕਿ ਛਤੀਸਗੜ੍ਹ ਵਿਚ ਪੁਲਿਸ ਨੇ ਇਕ ਲੜਕੀ ਮੀਨਾ ਖਲੋਖੋ ਦਾ ਇਨਕਾਊਂਟਰ ਕਰਕੇ ਮਾਰ ਦਿੱਤੀ ਸੀ ਤੇ ਕਿਹਾ ਗਿਆ ਸੀ ਕਿ ਉਹ ਖੂੰਖਾਰ ਮਾਓਵਾਦੀ ਅਤਵਾਦੀ ਸੀ। ਅਸਲ ਵਿਚ ਉਸਦਾ ਸਮੂਹਿਕ ਬਲਾਤਕਾਰ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਕੀਤਾ ਸੀ,  ਜਿਸ ਦਾ ਪਤਾ ਸੀ ਬੀ ਆਈ ਪੜਤਾਲ ਤੋਂ ਲੱਗਿਅ ਸੀ। ਭਾਵੇਂ ਪੁਲਿਸ ਕਹਿ ਰਹੀ ਹੈ ਕਿ ਬਲਾਤਕਾਰ ਦੇ ਚਾਰ ਦੋਸ਼ੀਆਂ ਨੇ ਘਟਨਾ ਸਥਾਨ ਤੋਂ ਪੁਲਿਸ ਦੀਆਂ ਬੰਦੂਕਾਂ ਖੋਹ ਕੇ ਭੱਜਣ ਦੀ ਕੋਸਿਸ਼ ਕੀਤੀ ਸੀ, ਇਸ ਕਰਕੇ ਉਨ੍ਹਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਦੀ ਇਹ ਥਿਊਰੀ ਆਮ ਲੋਕਾਂ ਦੇ ਗਲੇ ਉਤਰ ਨਹੀਂ ਰਹੀ ਕਿਉਂਕਿ 2008 ਵਿਚ ਵੀ ਹੈਦਰਾਬਾਦ ਪੁਲਿਸ ਨੇ ਏਸਿਡ ਅਟੈਕ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਝੂਠਾ ਇਨਕਾਊਂਟਰ ਕਰਕੇ ਮਾਰ ਦਿੱਤਾ ਸੀ। ਲੋਕ ਸਭ ਜਾਣਦੇ ਹਨ ਕਿ ਇਹ ਇਨਕਾਊਂਟਰ ਝੂਠਾ ਹੈ ਕਿਉਂਕਿ ਨਿਹੱਥੇ ਵਿਅਕਤੀ ਪੁਲਿਸ ਕੋਲੋਂ ਭੱਜਣ ਦੀ ਹਿੰਮਤ ਨਹੀਂ ਕਰ ਸਕਦੇ। ਪ੍ਰੰਤੂ ਆਮ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰ ਰਹੇ ਹਨ। ਦੋਸ਼ੀਆਂ ਨੇ ਘਿਨਾਉਣੀ ਹਰਕਤ ਕੀਤੀ, ਜਿਸ ਕਰਕੇ ਦੇਸ ਦੇ ਲੋਕਾਂ ਵਿਚ ਗੁੱਸਾ ਹੈ। ਇਸ ਕਰਕੇ ਹੀ ਲੋਕ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ। ਪੁਲਿਸ ਦੀ ਇਹ ਕਾਰਵਾਈ ਕਾਨੂੰਨ ਅਨੁਸਾਰ ਸਰਾਸਰ ਗ਼ਲਤ ਹੈ। ਪੁਲਿਸ ਨੂੰ ਕਾਨੂੰਨ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਸੀ। ਪੁਲਿਸ ਵੀ ਕੀ ਕਰੇ ਉਹ ਵੀ ਮਜ਼ਬੂਰ ਹੈ ਕਿਉਂਕਿ ਦੇਸ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ ਪ੍ਰੰਤੂ ਕਾਨੂੰਨ ਉਹ ਪੁਰਾਣੇ ਘਸੇ ਪਿਟੇ ਹਨ, ਜਿਨ੍ਹਾਂ ਦੇ ਚਲਦਿਆਂ ਦੋਸ਼ੀਆਂ ਨੂੰ ਸਜਾ ਦਿਵਾਉਣੀ ਪੁਲਿਸ ਦੇ ਵਸ ਦੀ ਗੱਲ ਨਹੀਂ ਕਿਉਂਕਿ ਸਾਡੀ ਨਿਆਇਕ ਪ੍ਰਣਾਲੀ  ਅਨੁਸਾਰ ਮੌਕੇ ਦਾ ਗਵਾਹ ਹੋਣਾ ਜ਼ਰੂਰੀ ਹੈ। ਅਜਿਹੀ ਘਟਨਾ ਵਿਚ ਮੌਕੇ ਦਾ ਗਵਾਹ ਪੁਲਿਸ ਕਿਥੋਂ ਲਿਆਏਗੀ। ਜੇਕਰ ਝੂਠਾ ਗਵਾਹ ਖੜ੍ਹਾ ਕੀਤਾ ਜਾਵੇਗਾ ਤਾਂ ਵਕੀਲ ਗਵਾਹ ਨੂੰ ਉਲਝਾ ਲੈਂਦੇ ਹਨ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਮਨੁੱਖੀ ਹੱਕਾਂ ਦੇ ਰਖਵਾਲੇ ਦੋਸ਼ੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆ ਜਾਂਦੇ ਹਨ ਕਿਉਂਕਿ ਸਜਾ ਦੇਣ ਦਾ ਹੱਕ ਪੁਲਿਸ ਨੂੰ ਨਹੀਂ ਸਗੋਂ ਨਿਆਇਕ ਪ੍ਰਣਾਲੀ ਨੂੰ ਹੈ। ਪ੍ਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਮਨੁੱਖੀ ਹੱਕਾਂ ਦੇ ਰਖਵਾਲੇ ਜ਼ੁਰਮ ਕਰਨ ਵਾਲਿਆਂ ਦੇ ਹੱਕ ਵਿਚ ਤਾਂ ਆ ਜਾਂਦੇ ਹਨ ਪ੍ਰੰਤੂ ਜਦੋਂ ਮਜ਼ਲੂਮਾਂ ਉਪਰ ਜ਼ੁਲਮ ਹੁੰਦਾ ਹੈ, ਉਦੋਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਥੇ ਹੁੰਦੇ ਹਨ ਉਦੋਂ ਉਹ ਮੂੰਹ ਵਿਚ ਘੁੰਗਣੀਆਂ ਪਾ ਲੈਂਦੇ ਹਨ। ਮਨੁੱਖੀ ਹੱਕ ਤਾਂ ਸਾਰਿਆਂ ਦੇ ਬਰਾਬਰ ਹੁੰਦੇ ਹਨ। ਜਦੋਂ ਇਹ ਦਰਿੰਦੇ ਲੜਕੀਆਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ ਤਾਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਉਂ ਨਹੀਂ ਅੱਗੇ ਆਉਂਦੇ। ਇਹ ਵੇਖਣ ਵਿਚ ਆਇਆ ਹੈ ਕਿ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀਆਂ ਸੰਸਥਾਵਾਂ ਮੁਜ਼ਰਮ ਦਾ ਪੱਖ ਪੂਰਦੀਆਂ ਹਨ। ਪੁਲਿਸ ਨੇ ਵੀ ਇਹ ਇਨਕਾਊਂਟਰ ਗ਼ਰੀਬ ਦੋਸ਼ੀਆਂ ਦਾ ਕੀਤਾ ਹੈ। ਜੇਕਰ ਅਸਰ ਰਸੂਖ਼ ਵਾਲਿਆਂ ਦਾ ਕਰਦੀ ਫਿਰ ਤਾਂ ਪਤਾ ਲੱਗਦਾ ਕਿ ਪੁਲਿਸ ਵਿਚ ਕਿਤਨੀ ਜ਼ੁਅਰਤ ਹੈ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜਾ ਮਿਲਣ ਦੀ ਦਰ 1973 ਵਿਚ 44 ਫ਼ੀ ਸਦੀ, 1987 ਵਿਚ 37 ਫੀ ਸਦੀ, 2009 ਵਿਚ 26 ਫ਼ੀ ਸਦੀ, 2010 ਵਿਚ 24 ਫ਼ੀ ਸਦੀ ਅਤੇ 2012 ਵਿਚ 27 ਫ਼ੀ ਸਦੀ ਰਹੀ ਹੈ। 2013 ਦੀ ਰਿਪੋਰਟ ਅਨੁਸਾਰ 2012 ਵਿਚ 24923 ਬਲਾਤਕਾਰ ਦੇ ਕੇਸ ਹੋਏ, ਜਿਨ੍ਹਾਂ ਵਿਚੋਂ 24470 ਕੇਸਾਂ ਵਿਚ ਸਬੂਤ ਨਾ ਹੋਣ ਕਰਕੇ ਸਜਾ ਨਹੀਂ ਹੋ ਸਕੀ ਭਾਵ 98 ਫ਼ੀ ਸਦੀ ਕੇਸ ਫੇਲ੍ਹ ਹੋ ਗਏ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਰਾਜਸਥਾਨ ਦਾ ਜੋਧਪੁਰ ਅਤੇ ਦਿੱਲੀ ਸ਼ਹਿਰਾਂ ਵਿਚ 2015 ਵਿਚ ਸਭ ਤੋਂ ਜ਼ਿਆਦਾ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ ਸਨ। ਏ ਡੀ ਆਰ ਦੀ ਇਕ ਰਿਪੋਰਟ ਅਨੁਸਾਰ ਪ੍ਰਭਾਵਸ਼ਾਲੀ ਦੋਸ਼ੀਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਜ਼ਿਆਦ ਲੋਕ ਸ਼ਾਮਲ ਹਨ। ਉਨ੍ਹਾਂ ਦੇ ਕੁਝ ਚਰਚਿਤ ਕੇਸ ਅਜੇ ਵੀ ਕਚਹਿਰੀਆਂ ਵਿਚ ਲਟਕਦੇ ਹਨ,  ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ, ਉਨ੍ਹਾਂ ਵਿਚ 2009 ਵਿਚ ਇਕ ਰੂਸ ਦੀ ਲੜਕੀ ਦਾ ਬਲਾਤਕਾਰ,  16 ਦਸੰਬਰ 2012 ਨੂੰ ਦਿੱਲੀ ਵਿਖੇ ਨਿਰਭੈ ਬਲਾਤਕਾਰ, ਮਾਰਚ 2013 ਵਿਚ ਸਵਿਟਜ਼ਰੈਂਡ ਦੀ ਵਿਆਹੁਤਾ ਇਸਤਰੀ ਦਾ ਉਸਦੇ ਪਤੀ ਦੇ ਸਾਹਮਣੇ ਸਮੂਹਕ ਬਲਾਤਕਾਰ ਕੀਤਾ ਗਿਆ, ਅਗਸਤ 2013 ਵਿਚ 22 ਸਾਲਾ ਫੋਟੋ ਜਰਨਲਿਸਟ ਦਾ ਬੰਬਈ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ, 14 ਮਾਰਚ 2015 ਨੂੰ ਪੱਛਵੀਂ ਬੰਗਾਲ ਵਿਚ 71 ਸਾਲਾ ਨਨ ਨਾਲ ਸਮੂਹਿਕ ਬਲਾਤਕਾਰ, 29 ਮਾਰਚ 2016 ਨੂੰ  ਰਾਜਸਥਾਨ ਦੇ ਕਾਲਜ ਦੇ ਹੋਸਟਲ ਵਿਚ 17 ਸਾਲਾ ਦਲਿਤ ਲੜਕੀ ਨਾਲ ਪ੍ਰਿੰਸੀਪਲ, ਹੋਸਟਲ ਵਾਰਡਨ ਅਤੇ ਇਕ ਅਧਿਆਪਕ ਨੇ ਬਲਾਤਕਾਰ ਕਰਕੇ ਮਾਰ ਕੇ ਹੋਸਟਲ ਦੀ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤਾ, 2017 ਵਿਚ ਉਤਰ ਪ੍ਰਦੇਸ ਦੇ ਉਨਾਓ ਕਸਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਕੁਲਦੀਪ ਸਿੰਘ ਸੰਗਰ ਨੇ 17 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ, ਪਹਿਲਾਂ ਪੁਲਿਸ ਨੇ ਉਸ ਉਪਰ ਕੇਸ ਦਰਜ ਨਾ ਕੀਤਾ, ਜਦੋਂ ਲੋਕਾਂ ਦੇ ਦਬਾਓ ਤੋਂ ਬਾਅਦ ਕੇਸ ਦਰਜ ਕਰ ਲਿਆ ਤਾਂ ਸਮਝੌਤਾ ਕਰਨ ਲਈ ਜ਼ੋਰ ਪਾਇਆ ਗਿਆ। ਜਦੋਂ ਉਨ੍ਹਾਂ ਸਮਝੌਤਾ ਨਾ ਕੀਤਾ ਤਾਂ ਲੜਕੀ ਦੇ ਪਿਤਾ ਨੂੰ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਜੇਲ੍ਹ ਵਿਚ ਹੀ ਕੁੱਟ ਕੁੱਟ ਕੇ ਮਾਰ ਦਿੱਤਾ। ਇਕ ਗਵਾਹ ਯੂਨਸ ਨੂੰ ਵੀ ਮਰਵਾ ਦਿੱਤਾ। ਫਿਰ ਲੜਕੀ ਦੇ ਚਾਚੇ ਨੂੰ ਜੇਲ੍ਹ ਵਿਚ ਡੱਕ ਦਿੱਤਾ, ਜਿਹੜਾ ਉਸਦੇ ਕੇਸ ਦੀ ਪੈਰਵਾਈ ਕਰ ਰਿਹਾ ਸੀ। ਇਥੇ ਹੀ ਬਸ ਨਹੀਂ ਜਦੋਂ ਲੜਕੀ ਤਾਰੀਕ ਤੇ ਆਪਣੀਆਂ ਰਿਸ਼ਤੇਦਾਰ ਔਰਤਾਂ ਨਾਲ ਜਾ ਰਹੀ ਸੀ ਤਾਂ ਕਾਰ ਉਪਰ ਟਰੱਕ ਚੜ੍ਹਾ ਦਿੱਤਾ,  ਜਿਸ ਵਿਚ 2 ਔਰਤਾਂ ਮਾਰੀਆਂ ਗਈਆਂ ਅਤੇ ਲੜਕੀ ਅਤੇ ਉਸਦਾ ਵਕੀਲ ਗੰਭੀਰ ਜ਼ਖਮੀ ਹੋ ਗਈ। ਕੁਲਦੀਪ ਸਿੰਘ ਸੰਗਰ ਜੇਲ੍ਹ ਵਿਚੋਂ ਹੀ ਸਾਰੀਆਂ ਕਾਰਵਾਈਆਂ ਕਰ ਰਿਹਾ ਹੈ। ਉਨਾਵ ਉਤਰ ਪ੍ਰਦੇਸ ਦਾ ਇਕ ਹੋਰ  ਕੇਸ 12 ਦਸੰਬਰ 2018 ਨੂੰ  25 ਸਾਲਾ ਲੜਕੀ ਨਾਲ ਦੋ ਲੜਕਿਆਂ ਨੇ ਬਲਾਤਕਾਰ ਕੀਤਾ, ਜਿਸਦਾ ਕੇਸ ਚਲ ਰਿਹਾ ਸੀ ਪ੍ਰੰਤੂ ਕੇਸ ਵਾਪਸ ਲੈਣ ਲਈ ਦਬਾਓ ਪਾਇਆ ਜਾ ਰਿਹਾ ਸੀ। ਲੜਕੀ ਨੇ ਜਵਾਬ ਦੇ ਦਿੱਤਾ ਤਾਂ ਜ਼ਮਾਨਤ ਤੇ ਆਏ ਦੋਸ਼ੀਆਂ ਨੇ ਲੜਕੀ ਉਪਰ ਤੇਲ ਪਾ ਕੇ ਸਾੜ ਦਿੱਤਾ, ਜਿਸਦੀ 7 ਦਸੰਬਰ 2019 ਨੂੰ ਸਫਦਰਜੰਗ ਹਸਪਤਾਲ ਦਿੱਲੀ ਵਿਚ ਮੌਤ ਹੋ ਗਈ। 17 ਜਨਵਰੀ 2018 ਨੂੰ ਜੰਮੂ ਕਸ਼ਮੀਰ ਦੇ ਕਥੂਆ ਦੇ ਨੇੜੇ ਰਾਸਨਾ ਪਿੰਡ ਵਿਚ 8 ਸਾਲਾ ਲੜਕੀ ਆਸਫਾ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਜਦੋਂ ਪੁਲਿਸ ਨੇ ਦੋਸ਼ੀਆਂ ਵਿਰੁਧ ਕੇਸ ਦਰਜ ਕਰ ਲਿਆ ਤਾਂ ਜੰਮੂ ਕਸ਼ਮੀਰ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਕੇਸ ਦਰਜ ਕਰਨ ਵਿਰੁੱਧ ਦਿੱਤੇ ਧਰਨੇ ਵਿਚ ਬੈਠ ਗਏ। ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ। ਸਕੂਲ ਪੱਧਰ ਤੋਂ ਬੱਚਿਆਂ ਨੂੰ ਨੈਤਿਕਤਾ ਅਤੇ ਸੈਕਸ ਦੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤਾਂ ਜੋ ਉਹ ਵੱਡੇ ਹੋ ਕੇ ਚੰਗੇ ਸ਼ਹਿਰੀ ਬਣ ਸਕਣ। ਝੂਠੇ ਮੁਕਾਬਲਿਆਂ ਵਿਚ ਕਥਿਤ ਦੋਸ਼ੀਆਂ ਨੂੰ ਮਾਰਨ ਦੀ ਥਾਂ ਸਹੀ ਪੜਤਾਲ ਕਰਕੇ ਸਜਾਵਾਂ ਦਿਵਾਉਣਾ ਪੁਲਿਸ ਦਾ ਕੰਮ ਹੈ। ਸਜਾਵਾਂ ਦੇਣੀਆਂ ਕਚਹਿਰੀਆਂ ਦਾ ਕੰਮ ਹੈ। ਸਮਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੜਕਿਆਂ ਨੂੰ ਨੈਤਿਕਤਾ ਦੀ ਸਿਖਿਆ ਦੇਣ ਤਾਂ ਜੋ ਅਜਿਹੀਆਂ ਬਲਾਤਕਾਰਾਂ ਦੀਆਂ ਘਿਨਾਉਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ - ਉਜਾਗਰ ਸਿੰਘ

ਰੌਸ਼ਨੀ ਦੀਆਂ ਕਿਰਚਾਂ ਜਸਦੇਵ ਜੱਸ ਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਇਸ 104 ਪੰਨਿਆਂ, 200 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਅਤੇ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਪੁਸਤਕ ਵਿਚ 13 ਕਹਾਣੀਆਂ ਹਨ, ਜਿਹੜੀਆਂ ਦਿਹਾਤੀ ਜੀਵਨ ਸ਼ੈਲੀ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਬ੍ਰਿਤਾਂਤਿਕ ਢੰਗ ਨਾਲ ਜਾਣਕਾਰੀ ਦਿੰਦੀਆਂ ਹਨ। ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਪਿੰਡਾਂ ਦੇ ਜੀਵਨ ਵਿਚ ਵਿਚਰ ਰਹੇ ਲੋਕਾਂ ਦੇ ਸਮਾਜਿਕ ਸਰੋਕਾਰਾਂ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਦੇ ਤਾਣੇ ਬਾਣੇ ਨਾਲ ਸੰਬੰਧਤ ਹਨ। ਇਸ ਪੁਸਤਕ ਦੀ ਸ਼ਬਦਾਵਲੀ ਦਿਹਾਤੀ, ਸਰਲ, ਸ਼ਪਸ਼ਟ, ਗਲਬਾਤੀ ਅਤੇ ਨਿਵੇਕਲੀ ਹੈ। ਕੁਝ ਕਹਾਣੀਆਂ ਨੂੰ ਛੱਡਕੇ ਬਾਕੀ ਕਹਾਣੀਆਂ ਵਿਚ ਅੱਗੇ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ। ਲਗਪਗ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਮਿਲਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਸਨੇ ਕਹਾਣੀਆਂ ਦੀ ਰੌਚਿਕਤਾ ਬਣਾਉਣ ਲਈ ਇਸ਼ਕ ਮੁਸ਼ਕ ਦੀਆਂ ਬਾਤਾਂ ਵੀ ਪਾਈਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਸਮਾਜਿਕਤਾ ਦੀ ਝਲਕ ਵੀ ਆਉਂਦੀ ਹੈ। ਇਸਤਰੀ ਅਤੇ ਮਰਦ ਵਿਚ ਆਪਸੀ ਮਿਲਣ ਦੀ ਖਿੱਚ ਕੁਦਰਤੀ ਹੁੰਦੀ ਹੈ, ਜਿਸ ਬਾਰੇ ਕਈ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਇਹ ਕਹਾਣੀਆਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ, ਉਨ੍ਹਾਂ ਨੂੰ ਵੀ ਦ੍ਰਿਸ਼ਟਾਂਤਿਕ ਢੰਗ ਨਾਲ ਪੇਸ਼ ਕਰਦੀਆਂ ਹਨ। ਦਿਹਾਤੀ ਪਰਿਵਾਰਾਂ ਵਿਚ ਬੰਦਸ਼ਾਂ ਅਧੀਨ ਜੀਵਨ ਬਸਰ ਕਰ ਰਹੀਆਂ ਲੜਕੀਆਂ ਅਤੇ ਉਨ੍ਹਾਂ ਦੇ ਰੁਮਾਂਸ ਕਰਨ ਦੇ ਢੰਗ ਦੀ ਪ੍ਰਵਿਰਤੀ ਵੀ ਦੱਸੀ ਗਈ ਹੈ। ਆਮ ਤੌਰ ਤੇ ਪੇਂਡੂ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੇ ਆਪਣੀ ਮਾਨਸਿਕ ਤ੍ਰਿਪਤੀ ਲਈ ਲੁਕ ਛਿਪ ਕੇ ਜਿਹੜੇ ਢੰਗ ਤਰੀਕੇ ਵਰਤਕੇ ਪੂਰਤੀ ਕਰਦੇ ਹਨ, ਉਸਦਾ ਪ੍ਰਗਟਾਵਾ ਵੀ ਇਸ ਪੁਸਤਕ ਦੀਆਂ ਕਹਾਣੀਆਂ ਕਰਦੀਆਂ ਹਨ। 'ਉਸ ਨੂੰ ਕਹੀਂ' ਸਿਰਲੇਖ ਵਾਲੀ ਕਹਾਣੀ ਵਿਚ ਦੀਪਾਂ ਅਤੇ ਉਸਦੀ ਸਹੇਲੀ ਅੰਜੂ ਦੋਵੇਂ ਇਕ ਦੂਜੀ ਤੋਂ ਚੋਰੀ ਇਕ ਲੜਕੇ ਨੂੰ ਪਿਆਰ ਕਰਦੀਆਂ ਹਨ। ਇਕ ਦੂਜੀ ਨਾਲ ਮਿਤਰਤਾ ਦੇ ਢੌਂਗ ਵਿਚ ਖ਼ਾਰ ਵੀ ਖਾਂਦੀਆਂ ਹਨ, ਜਿਸ ਨਾਲ ਲੜਕੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਸ ਲੜਕੇ ਦੀ ਪ੍ਰਾਪਤੀ ਲਈ ਦੋਵੇਂ ਇਕੋ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਉਸਨੂੰ ਆਪੋ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਦਿਹਾਤੀ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੀਆਂ ਦੇ ਮਿਲਣ ਨੂੰ ਵਰਜਿਤ ਵਿਖਾਇਆ ਗਿਆ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਰੌਸ਼ਨੀ ਦੀਆਂ ਕਿਰਚਾਂ' ਵਿਚ ਇਸਤਰੀ ਅਤੇ ਮਰਦ ਦੀ ਵਿਆਹੁਤਾ ਜੀਵਨ ਦਾ ਆਨੰਦ ਮਾਨਣ ਦੀ ਲਾਲਸਾ ਵਿਖਾਈ ਗਈ ਹੈ। ਇਸ ਰੌਸ਼ਨੀ ਦੀ ਪ੍ਰਾਪਤੀ ਲਈ ਕਿਸ ਪ੍ਰਕਾਰ ਦੋਵੇਂ ਤਰਲੋਮੱਛੀ ਹੁੰਦੇ ਰਹਿੰਦੇ ਹਨ। ਜੇਕਰ ਉਨ੍ਹਾਂ ਦੀ ਇਹ ਇੱਛਾ ਦੀ ਪ੍ਰਾਪਤੀ ਨਾ ਹੋਵੇ ਤਾਂ ਭਾਗੂ ਅਤੇ ਚੰਨੋਂ ਦੀ ਤਰ੍ਹਾਂ ਉਸਲਵੱਟੇ ਲੈਂਦੇ ਰਹਿੰਦੇ ਹਨ ਪ੍ਰੰਤੂ ਸਮਾਜਿਕ ਨੈਤਿਕਤਾ ਦਾ ਪੱਲਾ ਵੀ ਨਹੀਂ ਛੱਡਦੇ। ਦੁਨੀਆਂਦਾਰੀ ਵਿਚ ਵਿਚਰਦਿਆਂ ਲੁਕਣ ਮੀਟੀ ਖੇਡਦੇ ਹਨ। ਢਲਾਣ 'ਤੇ ਰੁਕੇ ਕਦਮ ਕਹਾਣੀ ਵਿਚ ਦਸਾਂ ਨਹੁਾੰਂ ਦੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਜਿਸ ਵਿਚ ਪ੍ਰੀਤਮ ਸਿੰਘ ਦੀ ਵਿਹਲਾ ਰਹਿਣ ਤੇ ਸੰਤੁਸ਼ਟੀ ਨਹੀਂ ਹੁੰਦੀ ਪ੍ਰੰਤੂ ਉਸਦੇ ਬੱਚੇ ਅਮੀਰ ਹੋਣ ਤੇ ਜਲਦੀ ਹੀ ਪੈਰ ਛੱਡ ਜਾਂਦੇ ਹਨ, ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਅਤੇ ਨਾਲ ਹੀ ਆਪਣੀ ਅਣਗਹਿਣੀ ਕਰਕੇ ਪਛਤਾਉਂਦੇ ਹਨ। 'ਬੁਝੇ ਹੋਏ' ਕਹਾਣੀ ਵਿਚ ਮਰਦ ਅਤੇ ਔਰਤ ਦੀਆਂ ਅਸੰਤੁਲਤ ਭਾਵਨਾਵਾਂ ਪਦਮਾ ਅਤੇ ਦੇਵ ਦੇ ਪਾਤਰਾਂ ਰਾਹੀਂ ਦ੍ਰਿਸ਼ਟਾਂਤ ਕੀਤਾ ਗਿਆ ਹੈ। ਪਦਮਾ ਨੂੰ ਇਕ ਬੁਝਾਰਤ ਤੇ ਗੁੰਝਲਦਾਰ ਇਸਤਰੀ ਦੇ ਕਿਰਦਾਰ ਪੇਸ਼ ਕੀਤਾ ਗਿਆ ਹੈ, ਜਿਸਦੀ ਮਾਨਸਿਕਤਾ ਨੂੰ ਦੇਵ ਸਮਝ ਹੀ ਨਹੀਂ ਸਕਿਆ। ਔਰਤ ਨੂੰ ਸਮਝਣਾ ਬੜਾ ਕਠਿਨ ਕੰਮ ਹੈ। ਇਸਤਰੀ ਭਾਵੇਂ ਪਤਨੀ ਜਾਂ ਪ੍ਰੇਮਿਕਾ ਦੇ ਰੂਪ ਵਿਚ ਹੋਵੇ ਤਾਂ ਉਹ ਮਰਦ ਤੇ ਬੰਦਸ਼ਾਂ ਦਾ ਟੋਕਰਾ ਟਿਕਾ ਦਿੰਦੀ ਹੈ। ਅਰਥਾਤ ਆਪਣੀ ਮਰਜੀ ਅਨੁਸਾਰ ਮਰਦ ਨੂੰ ਉਂਗਲਾਂ ਤੇ ਨਚਾਉਣਾ ਚਾਹੁੰਦੀ ਹੈ। ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲਦੀ ਹੈ। ਜਾਦੂ ਕਹਾਣੀ ਵਿਚ ਮੋਹੀ ਇਸਤਰੀ ਪਾਤਰ ਆਪਣੀ ਤ੍ਰਿਪਤੀ ਲਈ ਇਕ ਅੱਲ੍ਹੜ੍ਹ ਉਮਰ ਦੇ ਅਣਭੋਲ ਬੱਚੇ ਸ਼ਿੰਦੇ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਇਹ ਵੀ ਔਰਤ ਦੀ ਅਤ੍ਰਿਪਤੀ ਦੀ ਮੂੰਹ ਬੋਲਦੀ ਤਸਵੀਰ ਹੈ। ਰੁੱਸੇ ਹੋਏ ਕਹਾਣੀ ਵਿਚ ਦਾਰਾ ਅਤੇ ਉਸਦੀ ਪਤਨੀ ਪਾਰੋ ਦੇ ਦਾਰੇ ਦੇ ਸ਼ਰਾਬ ਪੀਣ ਕਰਕੇ ਕਾਟੋ ਕਲੇਸ਼ ਬਾਰੇ ਜਾਣਕਾਰੀ ਦਿੰਦੀ ਹੈ, ਜਿਹੜੀ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦੀ ਹੈ। ਇਸੇ ਤਰ੍ਹਾਂ ਤਿਲਕਣ ਸਿਰਲੇਖ ਵਾਲੀ ਕਹਾਣੀ ਵੀ ਫ਼ੌਜੀ ਪਤੀ ਦੇ ਘਰੋਂ ਬਾਹਰ ਰਹਿਣ ਦੀ ਤ੍ਰਾਸਦੀ ਦੀ ਵਿਵਰਣ ਦਿੰਦੀ ਹੋਈ ਇਹ ਦਰਸਾਉਂਦੀ ਹੈ ਕਿ ਪੀਤੋ ਆਪਣੇ ਪਤੀ ਦੇ ਵਿਛੋੜੇ ਵਿਚ ਤਿਲਮਲਾਉਂਦੀ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਉਹ ਕਦੀਂ ਸਾਈਂ ਬਾਬੇ ਅਤੇ ਕਦੀਂ ਦੀਪੇ ਨੂੰ ਆਪਣੀਆਂ ਭਾਵਨਾਵਾਂ ਦੀ ਪੂਰਤੀ ਲਈ ਸਾਧਨ ਬਣਾਉਣ ਦੇ ਉਪਰਾਲੇ ਕਰਦੀ ਹੈ ਪ੍ਰੰਤੂ ਸਮਾਜਿਕ ਨੈਤਿਕਤਾ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। 'ਪਿੰਡ ਵਾਲੀ' ਕਹਾਣੀ ਇਕ ਘਰਾਂ ਨੂੰ ਰੰਗ ਰੋਗਨ ਕਰਨ ਵਾਲੇ ਨੌਜਵਾਨ ਦੇ ਇਕਤਰਫਾ ਪਿਆਰ ਦੀ ਕਹਾਣੀ ਹੈ, ਜਿਸ ਵਿਚ ਉਹ ਜਦੋਂ ਇਕ ਪਿੰਡ ਵਿਚ ਆਪਣਾ ਕੰਮ ਕਰਨ ਲਈ ਜਾਂਦਾ ਹੈ ਤਾਂ ਇਕ ਸਾਹਮਣੇ ਘਰ ਵਿਚ ਰਹਿਣ ਵਾਲੀ ਲੜਕੀ ਦੇ ਮੁਸਕੜੀਂ ਹੱਸਣ ਨੂੰ ਗ਼ਲਤ ਸਮਝਣ ਤੇ ਇਕਤਰਫੇ ਪਿਆਰ ਵਿਚ ਅਜਿਹਾ ਫਸ ਜਾਂਦਾ ਹੈ ਕਿ ਉਸਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅਜਿਹੀਆਂ ਗ਼ਲਤ ਫਹਿਮੀਆਂਵਿਚ ਪੈ ਕੇ ਆਪਣੀ ਚੈਨ ਨਹੀਂ ਗੁਆਉਣੀ ਚਹੀਦੀ। 'ਤੂੰ ਕੌਣ ਤੇ ਮੈਂ ਕੌਣ' ਕਹਾਣੀ ਜ਼ਾਤ ਪਾਤ ਦੀ ਪ੍ਰਵਿਰਤੀ ਵਿਚ ਫਸੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਰਮਜੀਤ ਜੋ ਕਿ ਟਰੱਕ ਡਰਾਇਵਰ ਹੈ ਆਪਣੇ ਦੋਸਤ ਦੀ ਜ਼ਾਤ ਤੋਂ ਅਣਜਾਣ ਹੋਣ ਕਕੇ ਉਸ ਨਾਲ ਘੁਲ ਮਿਲ ਜਾਂਦਾ ਹੈ ਅਤੇ ਇਕੱਠਿਆਂ ਖਾਣਾ ਖਾਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਉਸਦੀ ਜ਼ਾਤ ਦਾ ਪਤਾ ਲਗਦਾ ਹੈ ਤਾਂ ਕਰੋਧਿਤ ਹੋ ਕੇ ਦੁੱਖੀ ਹੁੰਦਾ ਹੈ। ਮੌਤ ਦਾ ਚਿਹਰਾ ਇਸ ਪੁਸਤਕ ਦੀ ਆਖ਼ਰੀ ਕਹਾਣੀ ਹੈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਬਹਾਦਰ ਬਿਮਾਰ ਹੋ ਜਾਂਦਾ ਹੈ ਤਾਂ ਦੁੱਖ ਦੇ ਔਖੇ ਸਮੇਂ ਵਿਚ ਸਭ ਦੋਸਤ ਮਿਤਰ ਅਤੇ ਰਿਸ਼ਤੇਦਾਰ ਸਾਥ ਛੱਡ ਦਿੰਦੇ ਹਨ। ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤੇ ਵੀ ਬਾਤ ਨਹੀਂ ਪੁਛਦੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com