ਕਿਸਾਨ ਅੰਦੋਲਨ ਨੇ ਅਕਾਲੀ ਦਲ ਨੂੰ ਬੀ ਜੇ ਪੀ ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ - ਉਜਾਗਰ ਸਿੰਘ
ਕਿਸਾਨ ਅੰਦੋਲਨ ਨੇ ਅਕਾਲੀ ਦਲ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 22 ਸਾਲ ਪੁਰਾਣੀ ਭਾਈਵਾਲੀ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ। ਸਿਆਸੀ ਤਾਕਤ ਛੱਡਣ ਲਈ ਬਾਦਲ ਪਰਿਵਾਰ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਕਰਕੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ ਵੀ ਉਦੋਂ ਦਿਵਾਇਆ ਜਦੋਂ ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਕਿਸਾਨਾ ਨਾਲ ਸਾਰਾ ਪੰਜਾਬ ਖੜ੍ਹਾ ਹੋ ਗਿਆ ਅਤੇ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਵਿਚ ਵੜਨਾ ਅਸੰਭਵ ਹੋ ਜਾਵੇਗਾ। ਪੰਜਾਬ ਦੇ ਕਿਸਾਨਾ ਨੂੰ ਅਸਤੀਫਾ ਵੀ ਇਕ ਢੌਂਗ ਹੀ ਲੱਗਿਆ। ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਬੰਦ ਵਿਚ ਲੋਕਾਂ ਦੇ ਉਮੜੇ ਜਨਸਮੂਹ ਨੇ ਅਕਾਲੀ ਦਲ ਨੂੰ ਤੌਣੀਆਂ ਲਿਆ ਦਿੱਤੀਆਂ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਖ਼ਰੀਆਂ ਖ਼ਰੀਆਂ ਸੁਣਾਈਆਂ ਤਾਂ ਕਿਤੇ ਬੇਬਸੀ ਵਿਚ ਉਸਨੇ ਬੀ ਜੇ ਪੀ ਨਾਲੋਂ ਸੰਬੰਧ ਤੋੜਨ ਲਈ ਹਾਮੀ ਭਰੀ। ਅਕਾਲੀ ਦਲ ਦੇ ਜਕੋ ਤਕੀ ਦੇ ਫੈਸਲਿਆਂ ਕਰਕੇ ਅਜੇ ਵੀ ਪੰਜਾਬ ਦੇ ਲੋਕ ਅਤੇ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੀਆਂ। ਲੋਕ ਮੋਦੀ ਜਿਤਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਸਮਝਦੇ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਭਾਰਤ ਦੀ ਖੜਗਭੁਜਾ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਸਰਹੱਦਾਂ ਤੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਭਾਰਤ ਅਮਰੀਕਾ ਤੋਂ ਅਨਾਜ ਭੀਖ ਦੀ ਤਰ੍ਹਾਂ ਮੰਗਦਾ ਸੀ, ਉਦੋਂ ਵੀ ਪੰਜਾਬੀ ਕਿਸਾਨਾ ਨੇ ਭਾਰਤ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ ਅਤੇ ਭਾਰਤੀਆਂ ਦੀ ਬਾਂਹ ਫੜੀ ਸੀ। ਇਸ ਸਮੇਂ ਜਦੋਂ ਪੰਜਾਬ ਦਾ ਕਿਸਾਨ ਆਰਥਿਕ ਤੌਰ ਤੇ ਮੰਦਹਾਲੀ ਦੇ ਸਮੇਂ ਵਿਚੋਂ ਲੰਘ ਰਿਹਾ ਸੀ ਤਾਂ ਭਾਰਤ ਸਰਕਾਰ ਨੂੰ ਹਰੀ ਕਰਾਂਤੀ ਦਾ ਸਮਾਂ ਯਾਦ ਕਰਕੇ ਉਸਦੀ ਬਾਂਹ ਫੜਨੀ ਚਾਹੀਦੀ ਸੀ। ਜੇਕਰ ਸਨਅਤਕਾਰਾਂ ਦੇ ਕਰਜ਼ੇ ਮੁਆਫ ਹੋ ਸਕਦੇ ਹਨ ਤਾਂ ਕਿਸਾਨਾ ਦੇ ਕਿਉਂ ਨਹੀਂ ਹੋ ਸਕਦੇ ? ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜਿਹੇ ਹਾਲਾਤ ਵਿਚ ਭਾਰਤ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਬਣਾਕੇ ਪੰਜਾਬੀ ਕਿਸਾਨਾ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨ ਦਾ ਰਸਤਾ ਅਪਣਾ ਲਿਆ ਹੈ। ਕੇਂਦਰ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਜੇਕਰ ਪੰਜਾਬ ਦਾ ਕਿਸਾਨ ਕਮਜ਼ੋਰ ਹੁੰਦਾ ਹੈ ਤਾਂ ਜਿਹੜੇ ਪੰਜਾਬ ਵਿਚ ਦੂਜੇ ਸੂਬਿਆਂ ਵਿਚੋਂ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਰੋਜ਼ੀ ਰੋਟੀ ਲਈ ਆ ਕੇ ਆਪਣੇ ਪਰਿਵਾਰ ਪਾਲਦੇ ਹਨ ਉਹ ਵੀ ਤਬਾਹ ਹੋ ਜਾਣਗੇ। ਭਾਰਤ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਰੋਸ ਪ੍ਰਗਟ ਕਰਨ ਲਈ ਪੰਜਾਬ ਦੇ ਕਿਸਾਨਾ ਅਤੇ ਲੋਕਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿਉਂਕਿ ਉਨ੍ਹਾਂ ਕਿਸਾਨੀ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਪਹਿਲੀ ਵਾਰ ਜੋਸ਼ ਖ਼ਰੋਸ਼ ਨਾਲ ਇਕਮੁੱਠਤਾ ਦਾ ਸਬੂਤ ਦਿੱਤਾ ਹੈ। 31 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਕਿਸਾਨੀ ਲਹਿਰ ਦੇ ਰੂਪ ਵਿਚ ਚਰਮ ਸੀਮਾ ਤੇ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਨਿੱਜੀ ਮੁਫਾਦਾਂ ਨੂੰ ਤਿਲਾਂਜ਼ਲੀ ਦੇ ਕੇ ਏਕਤਾ ਦਾ ਸਬੂਤ ਦਿੱਤਾ ਹੈ। 25 ਸਤੰਬਰ ਨੂੰ ਪੰਜਾਬ ਵਿਚ ਲਗਪਗ 200 ਥਾਵਾਂ ਤੇ ਧਰਨੇ ਲਗਾਕੇ ਤਿੰਨ ਕਾਨੂੰਨਾਂ ਦੇ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਇਸ ਤੋਂ ਇਲਾਵਾ ਰੇਲਵੇ ਲਾਈਨਾ ਤੇ ਧਰਨੇ ਦਿੱਤੇ ਗਏ। ਇਨ੍ਹਾਂ ਧਰਨਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀਆਂ ਨੇ ਹਿੱਸਾ ਲਿਆ। ਸੰਤੁਸ਼ਟੀ ਦੀ ਗੱਲ ਹੈ ਕਿ ਇਨ੍ਹਾਂ ਧਰਨਿਆਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਨਾਅਰੇ ਨਹੀਂ ਲਗਾਏ ਗਏ। ਸਿਰਫ ਭਾਰਤੀ ਕਿਸਾਨ ਯੂਨੀਅਨ ਦਾ ਦਬਦਬਾ ਸੀ। ਸਾਰਾ ਪੰਜਾਬ ਲਿਕੁਲ ਬੰਦ ਰਿਹਾ। ਕੋਈ ਇਕ ਵੀ ਦੁਕਾਨ ਖੁਲ੍ਹੀ ਨਹੀਂ ਸੀ। ਇਥੋਂ ਤੱਕ ਕਿ ਰੇਹੜੀ ਵੀ ਨਹੀਂ ਲੱਗੀ ਹੋਈ ਸੀ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਭਾਰਤ ਦੇ ਵੀ ਕੁਝ ਸੂਬਿਆਂ ਵਿਚ ਬੰਦ ਰਿਹਾ। ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਪੰਜਾਬ ਨੇ ਪਹਿਲਾਂ ਹੀ ਅੱਸੀਵਿਆਂ ਵਿਚ ਸੰਤਾਪ ਭੋਗਿਆ ਹੈ। ਕਿਤੇ ਇਹ ਅੰਦੋਲਨ ਕਿਸਾਨਾ ਦੇ ਹੱਥਾਂ ਵਿਚੋਂ ਨਿਕਲ ਨਾ ਜਾਵੇ ਕਿਉਂਕਿ ਕਈ ਵਾਰ ਗਲਤ ਲੋਕ ਘੁਸਪੈਠ ਕਰ ਜਾਂਦੇ ਹਨ। ਬਰਨਾਲਾ ਵਿਖੇ ਇਕ ਕਿਸਾਨ ਨੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਅਤੇ ਉਸਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਕਿਸਾਨ ਜਥੇਬੰਦੀਆਂ ਨੂੰ ਕਿਸਾਨਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਜਿਹੀਆਂ ਕਾਰਵਾਈਆਂ ਜਾਇਜ ਨਹੀਂ ਹਨ। ਆਤਮ ਹੱਤਿਆ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ। ਜਦੋਂ ਬਹੁਤੀ ਭੀੜ ਇਕੱਠੀ ਹੋ ਜਾਂਦੀ ਹੈ ਤਾਂ ਕਈ ਵਾਰ ਆਪ ਮੁਹਾਰੀ ਹੋ ਜਾਂਦੀ ਹੈ, ਜਿਸਦੇ ਨਤੀਜੇ ਖ਼ਤਨਾਕ ਨਿਕਲਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਕੇ ਕੋਈ ਸਾਰਥਿਕ ਹਲ ਕੱਢਣਾ ਚਾਹੀਦਾ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਿਸਾਨ ਨੇਤਾਵਾਂ ਨੂੰ ਗੱਲਬਾਤ ਦਾ ਰਾਹ ਲੱਭਣ ਦੀ ਕੋਸਿਸ਼ ਕਰਨੀ ਚਾਹੀਦੀ ਹੈ। ਹਰ ਸਮੱਸਿਆ ਦਾ ਹੱਲ ਸਿਰਫ ਗੱਲਬਾਤ ਹੀ ਹੁੰਦੀ ਹੈ। ਇਥੋਂ ਤੱਕ ਕਿ ਜਦੋਂ ਦੋ ਦੇਸਾਂ ਵਿਚਕਾਰ ਜੰਗ ਹੁੰਦੀ ਹੈ ਤਾਂ ਅਖੀਰ ਫੈਸਲਾ ਗਲਬਾਤ ਰਾਹੀਂ ਹੀ ਹੁੰਦਾ ਹੈ। ਸਿਆਸੀ ਪਾਰਟੀਆਂ ਨੂੰ ਅਜਿਹੇ ਨਾਜ਼ੁਕ ਮੁੱਦੇ ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਇਕ ਦੂਜੀ ਦੀ ਨਿੰਦਿਆ ਕਰੀ ਜਾਂਦੀਆਂ ਹਨ। ਇਸ ਵਕਤ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਦੇਸ਼ ਦਾ ਕਿਸਾਨ ਸੁਰੱਖਿਅਤ ਹੈ ਤਾਂ ਦੇਸ ਆਪਣੇ ਆਪ ਵਿਚ ਸੁਰੱਖਿਅਤ ਰਹੇਗਾ। ਜਦੋਂ ਵੀ ਦੇਸ ਉਪਰ ਕੋਈ ਆਫਤ ਆਈ ਹੈ ਭਾਵੇਂ ਅਨਾਜ ਜਾਂ ਦੇਸ ਦੀਆਂ ਸਰਹੱਦਾਂ ਤੇ ਤਾਂ ਕਿਸਾਨੀ ਨੇ ਦਿਲ ਖੋਲ੍ਹਕੇ ਮਦਦ ਹੀ ਨਹੀਂ ਕੀਤੀ ਸਗੋਂ ਜਾਨਾ ਵਾਰਨ ਲਈ ਮੋਹਰੀ ਦੀ ਭੂਮਿਕਾ ਨਿਭਾਈ ਹੈ। ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਐਵੇਂ ਤਾਂ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਹਰਾ ਨਹੀਂ ਦਿੱਤਾ ਸੀ। ਉਹ ਇਕ ਦੂਰ ਅੰਦੇਸ਼ੀ ਪ੍ਰਧਾਨ ਮੰਤਰੀ ਸੀ। ਉਨ੍ਹਾਂ ਨੂੰ ਪਤਾ ਸੀ ਇਨ੍ਹਾਂ ਦੋਹਾਂ ਦੇ ਸਿਰ ਤੇ ਦੇਸ ਸੁਰੱਖਿਅਤ ਰਹਿ ਸਕਦਾ ਹੈ। ਜ਼ਿੰਦਾ ਰਹਿਣ ਲਈ ਦੇਸ਼ ਵਾਸੀਆਂ ਨੂੰ ਅਨਾਜ ਕਿਸਾਨ ਦਿੰਦਾ ਹੈ ਅਤੇ ਨਿਸਚਿੰਤ ਸ਼ਾਂਤਮਈ ਢੰਗ ਨਾਲ ਜੀਵਨ ਬਸਰ ਕਰਨ ਲਈ ਜਵਾਨ ਦੀ ਬਹਾਦਰੀ ਕੰਮ ਆਉਂਦੀ ਹੈ। ਆਜ਼ਾਦ ਭਾਰਤ ਵਿਚ ਸਾਰੀਆਂ ਸਿਆਸੀ ਪਾਰਟੀਆਂ ਹੁਣ ਤੱਕ ਕਿਸਾਨਾ ਦੇ ਹਿੱਤਾਂ ਦੀ ਰਾਖੀ ਦੇ ਨਾਮ ਤੇ ਵੋਟਾਂ ਵਟੋਰਦੀਆਂ ਰਹੀਆਂ ਹਨ। ਹੁਣ ਜਦੋਂ ਕਿਸਾਨ ਦਾ ਵਜੂਦ ਹੀ ਖ਼ਤਰੇ ਵਿਚ ਹੈ ਤਾਂ ਉਨ੍ਹਾਂ ਨੂੰ ਕਿਸਾਨੀ ਦੇ ਹਿੱਤਾਂ ਤੇ ਆਪਣੇ ਨਿੱਜੀ ਹਿਤਾਂ ਨੂੰ ਤਿਲਾਂਜਲੀ ਦੇ ਕੇ ਪਹਿਰਾ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਐਨ ਡੀ ਏ ਦੀ ਕੇਂਦਰੀ ਸਰਕਾਰ ਬਹੁਮਤ ਦੇ ਹੰਕਾਰ ਵਿਚ ਕਿਸਾਨੀ ਨੂੰ ਵੱਡੇ ਵਿਓਪਾਰੀਆਂ ਦੇ ਪੈਰਾਂ ਵਿਚ ਰੋਲਣ ਤੇ ਤੁਲੀ ਹੋਈ ਹੈ। ਜੇਕਰ ਕਿਸਾਨ ਕਮਜ਼ੋਰ ਹੋਵੇਗਾ ਤਾਂ ਭਾਰਤ ਅਨਾਜ ਲਈ ਮੰਗਤਾ ਬਣੇਗਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਲੋਕ ਉਸਨੂੰ ਤਾਕਤ ਦੇ ਸਕਦੇ ਹਨ ਤਾਂ ਉਹ ਸਿਆਸੀ ਤਾਕਤ ਖੋਹ ਵੀ ਸਕਦੇ ਹਨ। ਇਕ ਤਸੱਲੀ ਦੀ ਗੱਲ ਹੈ ਕਿ ਖੇਤੀਬਾੜੀ ਨਾਲ ਸੰਬੰਧਤ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਦੇ ਵਿਰੁਧ ਸਮੁਚਾ ਪੰਜਾਬੀ ਵਰਗ ਕਿਸਾਨਾ ਦੇ ਨਾਲ ਖੜ੍ਹਾ ਹੈ। ਏਥੇ ਹੀ ਬਸ ਨਹੀਂ ਪਹਿਲੀ ਵਾਰ ਕਿਸਾਨ ਜਥੇਬੰਦੀਆਂ ਨੇ ਵੀ ਇਕਮੁੱਠਤਾ ਦਾ ਸਬੂਤ ਦਿੱਤਾ ਹੈ। ਇਸ ਅੰਦੋਲਨ ਨੇ ਬਹੁਤ ਪਹਿਲ ਕਦਮੀ ਵਾਲੇ ਬਹੁਤ ਕਦਮ ਚੁੱਕੇ ਜਾ ਰਹੇ ਹਨ। ਕਿਸੇ ਵੀ ਅੰਦੋਲਨ ਵਿਚ ਪਹਿਲੀ ਵਾਰ ਇਸਤਰੀਆਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੀਆਂ ਹਨ। ਨੌਜਵਾਨ ਵਰਗ ਵੀ ਪੂਰੀ ਤਾਦਾਦ ਵਿਚ ਅੰਦੋਲਨ ਵਿਚ ਹਿੱਸਾ ਲੈ ਰਿਹਾ ਹੈ। ਇਸੇ ਤਰ੍ਹਾਂ ਸਮਾਜ ਦਾ ਹਰ ਵਰਗ ਮਜ਼ਦੂਰ, ਆੜ੍ਹਤੀਆ, ਦੁਕਾਨਦਾਰ, ਕਰਮਚਾਰੀ, ਸੇਵਾ ਮੁਕਤ ਅਧਿਕਾਰੀ, ਕਲਾਕਾਰ, ਧਾਰਮਿਕ ਆਗੂ, ਬੁੱਧੀਜੀਵੀ ਅਤੇ ਰੇਹੜੀਆਂ ਲਗਾਉਣ ਵਾਲੇ ਆਦਿ ਵੱਧ ਚੜ੍ਹਕੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਕਹਿਣ ਤੋਂ ਭਾਵ ਕੋਈ ਅਜਿਹਾ ਪੰਜਾਬੀ ਕੋਈ ਵਰਗ ਨਹੀਂ ਜਿਹੜਾ ਇਸ ਅੰਦੋਲਨ ਵਿਚ ਆਪਣਾ ਹਿੱਸਾ ਨਹੀਂ ਪਾ ਰਿਹਾ ਕਿਉਂਕਿ ਪੰਜਾਬੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਤਿੰਨੋ ਕਾਨੂੰਨ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਅੰਦੋਲਨ ਨੂੰ ਪੂਰਾ ਸਹਿਯੋਗ ਕਰ ਰਹੀਆਂ ਹਨ। ਇਹ ਵੀ ਚੰਗਾ ਸੰਕੇਤ ਹੈ ਕਿ ਸਿਆਸੀ ਪਾਰਟੀਆਂ ਭਾਵੇਂ ਆਪੋ ਆਪਣੇ ਸਮਾਗਮ ਕਰ ਰਹੀਆਂ ਹਨ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਦੇ ਸਮਾਗਮਾ ਵਿਚ ਉਹ ਆਪਣੀਆਂ ਪਾਰਟੀਆਂ ਦੇ ਝੰਡਿਆਂ ਤੋਂ ਬਗੈਰ ਸ਼ਾਮਲ ਹੋ ਰਹੀਆਂ ਹਨ। ਸਿਰਫ ਅਕਾਲੀ ਦਲ ਬਾਦਲ ਅਜਿਹੀ ਪਾਰਟੀ ਹੈ, ਜਿਹੜੀ ਭਾਰਤੀ ਕਿਸਾਨ ਯੂਨੀਅਨ ਦੇ ਸਮਾਗਮਾ ਵਿਚ ਸ਼ਾਮਲ ਨਹੀਂ ਹੋ ਰਹੀ। ਜੇਕਰ ਉਨ੍ਹਾਂ ਦਾ ਕੋਈ ਨੇਤਾ ਮੰਚ ਤੇ ਆਉਣ ਦੀ ਕੋਸਿਸ਼ ਕਰਦਾ ਹੈ ਤਾਂ ਉਸਨੂੰ ਬੇਰੰਗ ਵਾਪਸ ਕਰ ਦਿੱਤਾ ਜਾਂਦਾ ਹੈ। ਕਿਸਾਨ ਭਰਾਵੋ ਸਰਕਾਰ ਕੋਲ ਬਹੁਤ ਸਾਧਨ ਹੁੰਦੇ ਹਨ, ਤੁਹਾਡੇ ਵਿਚ ਫੁੱਟ ਦੇ ਬੀਜ ਬੀਜਣ ਲਈ, ਇਸ ਲਈ ਤੁਸੀਂ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂਂ ਬਚਕੇ ਰਹਿਣਾ। ਆਪਣੇ ਅੰਦੋਲਨ ਨੂੰ ਵੀ ਸ਼ਾਂਤਮਈ ਰੱਖਣਾ ਕਿਉਂਕਿ ਸ਼ਰਾਰਤੀ ਲੋਕ ਅਜਿਹੇ ਮੌਕਿਆਂ ਵਿਚ ਮਾਹੌਲ ਖਰਾਬ ਕਰਨ ਲਈ ਆ ਵੜਦੇ ਹਨ। ਇਹ ਵੀ ਧਿਆਨ ਰੱਖਣਾ ਕਿ ਤੁਹਾਡੇ ਅੰਦੋਲਨ ਨਾਲ ਆਮ ਜਨਤਾ ਨੂੰ ਕੋਈ ਮੁਸ਼ਕਲ ਨਾ ਪੈਦਾ ਹੋਵੇ। ਪਰਜਾਤੰਤਰਿਕ ਢੰਗ ਹੀ ਵਰਤੇ ਜਾਣ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਜੋ ਅੰਦੋਲਨ ਦੇ ਮਕਸਦ ਦੀ ਨਿੰਦਿਆ ਨਾ ਹੋ ਸਕੇ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ 25 ਸਤੰਬਰ ਦਾ ਬੰਦ ਸ਼ਾਂਤਮਈ ਰਿਹਾ ਹੈ। ਸਰਕਾਰ ਬੜੇ ਹੱਥਕੰਡੇ ਵਰਤਕੇ ਅੰਦੋਲਨ ਵਿਚ ਗੜਬੜ ਪੈਦਾ ਕਰਨ ਵਾਲੇ ਅਨਸਰਾਂ ਨੂੰ ਵਾੜ ਸਕਦੀ ਹੈ। ਹੁਣ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਕਾਨੂੰਨ ਤਾਂ ਹੁਣ ਬਣ ਗਏ ਹਨ। ਕੇਂਦਰ ਸਰਕਾਰ ਦਾ ਰਵੱਈਆ ਵੀ ਬਹੁਤਾ ਚੰਗਾ ਨਹੀਂ ਉਹ ਵਿਰੋਧ ਦੇ ਬਾਵਜੂਦ ਵੀ ਆਪਣੇ ਫੈਸਲਿਆਂ ਤੇ ਅੜੀ ਰਹਿੰਦੀ ਹੈ। ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਨੂੰ ਫੇਲ੍ਹ ਕਰ ਦਿੱਤਾ ਸੀ। ਤੁਹਾਡਾ ਅੰਦੋਲਨ ਵੀ ਬਹੁਤਾ ਲੰਮਾ ਨਹੀਂ ਰਹਿ ਸਕਣਾ ਕਿਉਂਕਿ ਲਗਾਤਾਰ ਅੰਦੋਲਨ ਕਰਨਾ ਅਸੰਭਵ ਹੁੰਦਾ ਹੈ। ਰੇਲ ਲਾਈਨਾਂ ਤੇ ਧਰਨੇ 29 ਸਤੰਬਰ ਤੱਕ ਵਧਾ ਦਿੱਤੇ ਹਨ। ਫਿਰ ਦੁਆਰਾ ਪਹਿਲੀ ਅਕਤੂਬਰ ਤੋਂ ਧਰਨੇ ਲਗਾਏ ਜਾਣਗੇ। ਲਗਾਤਾਰ ਅੰਦੋਲਨ ਚਲਣ ਨਾਲ ਲੋਕਾਂ ਦਾ ਉਤਸ਼ਾਹ ਘਟ ਜਾਂਦਾ ਹੈ। ਕਿਸਾਨ ਪਹਿਲਾਂ ਹੀ ਆਰਥਿਕ ਤੌਰ ਤੇ ਡਾਵਾਂਡੋਲ ਹੈ। ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅੰਦੋਲਨ ਦੀ ਵਾਗਡੋਰ ਨਿਰਪੱਖ ਹੱਥਾਂ ਵਿਚ ਰਹਿਣੀ ਚਾਹੀਦੀ ਹੈ। ਨੇਤਾਵਾਂ ਦੀ ਖਰੀਦੋ ਫਰੋਕਤ ਹੋ ਸਕਦੀ ਹੈ। ਇਸ ਅੰਦੋਲਨ ਨੂੰ ਸਹੀ ਤਰਤੀਬ ਦੇਣ ਲਈ ਕੋਈ ਸਾਰਥਿਕ ਪਹੁੰਚ ਅਪਣਾਈ ਜਾਵੇ। ਆਪਣਾ ਰੋਸ ਵਿਖਾਉਣ ਲਈ ਸਮੁਚੇ ਦੇਸ ਵਿਚ ਸਰਕਾਰ ਦੇ ਅਹੰਕਾਰ ਵਿਰੁਧ ਲਹਿਰ ਪੈਦਾ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਤਖ਼ਤ ਨੂੰ ਖ਼ਤਰਾ ਪੈਦਾ ਹੋ ਜਾਵੇ ਤਾਂ ਹੀ ਸਰਕਾਰ ਕਿਸਾਨਾ ਨਾਲ ਗਲਬਾਤ ਕਰਨ ਲਈ ਅੱਗੇ ਆਵੇਗੀ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਪਰਜਾਤੰਤਰ ਵਿਚ ਕੋਈ ਵੀ ਸਮੱਸਿਆ ਸੰਬਾਦ ਨਾਲ ਹੀ ਹਲ ਕੀਤੀ ਜਾ ਸਕਦੀ ਹੈ। ਇਹ ਵੀ ਧਿਆਨ ਰੱਖਣਾ ਕਿ ਸੰਬਾਦ ਕਰਨ ਵਾਲੇ ਕਿਤੇ ਤੁਹਾਡੇ ਹਿਤਾਂ ਨੂੰ ਹੀ ਵੇਚ ਨਾ ਜਾਣ। ਬਰਗਾੜੀ ਮੋਰਚੇ ਨੂੰ ਫੇਲ੍ਹ ਕਰਨ ਲਈ ਸਿਆਸੀ ਪਾਰਟੀਆਂ ਨੇ ਬਰਾਬਰ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਹ ਬਿਲਕੁਲ ਠੀਕ ਹੈ ਕਿ ਕਿਸਾਨਾ ਵਿਚ ਗੁੱਸੇ ਤੇ ਵਿਦਰੋਹ ਦੀ ਲਹਿਰ ਚਲੀ ਹੋਈ ਹੈ ਪ੍ਰੰਤੂ ਅਜਿਹੇ ਮੌਕੇ ਤੇ ਸੰਜੀਦਗੀ ਦੀ ਵੀ ਲੋੜ ਹੁੰਦੀ ਹੈ। ਗੱਲਬਾਤ ਦਾ ਰਸਤਾ ਜਰੂਰ ਲੱਭਿਆ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਕੱਚੀ ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ - ਉਜਾਗਰ ਸਿੰਘ
ਹਰਸਿਮਰਤ ਕੌਰ ਬਾਦਲ ਨੇ ਭਾਵੇਂ ਕੇਂਦਰੀ ਮੰਤਰੀ ਮੰਡਲ ਚੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ ਹੈ ਪ੍ਰੰਤੂ ਕਿਸਾਨਾ ਵਿਚ ਉਨ੍ਹਾਂ ਪ੍ਰਤੀ ਅਜੇ ਵੀ ਵਿਦਰੋਹ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨ ਇਸ ਅਸਤੀਫੇ ਨੂੰ ਡਰਾਮੇਬਾਜ਼ੀ ਕਹਿ ਰਹੇ ਹਨ। ਸਿਆਸਤ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਲੋਕ ਹਿਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਤਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਕਰਕੇ ਦੂਜੀ ਵਾਰ ਸਰਕਾਰ ਬਣਾ ਲਈ ਹੈ। ਉਸ ਸਰਕਾਰ ਵਿਚ ਪੰਜਾਬ ਦੀ ਧਾਰਮਿਕ ਪਾਰਟੀ ਸ਼ਰੋਮਣੀ ਅਕਾਲੀ ਦਲ ਵੀ ਹਿੱਸੇਦਾਰ ਹੈ। ਦੋਵੇਂ ਧਾਰਮਿਕ ਪਾਰਟੀਆਂ ਹੋਣ ਕਰਕੇ ਕੁਦਰਤੀ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵਖਰੇਵਾਂ ਅਤੇ ਟਕਰਾਓ ਹੋਵੇਗਾ ਪ੍ਰੰਤੂ ਰਾਜਨੀਤੀ ਅਜਿਹਾ ਕਾਰੋਬਾਰ ਹੈ, ਇਸ ਵਿਚ ਨਿੱਜੀ ਹਿਤਾਂ ਦੀ ਪੂਰਤੀ ਲਈ ਰਾਜ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਅਜਿਹੇ ਫੈਸਲੇ ਕਰ ਰਹੀ ਸੀ, ਜਿਹੜੇ ਅਕਾਲੀ ਦਲ ਦੇ ਫੈਡਰਲ ਢਾਂਚੇ ਦੀ ਨੀਤੀ ਅਤੇ ਘੱਟ ਗਿਣਤੀਆਂ ਦੇ ਉਲਟ ਸਨ। ਪ੍ਰੰਤੂ ਅਕਾਲੀ ਦਲ ਬਾਦਲ ਪਰਿਵਾਰ ਦੀ ਨੂੰਹ ਦੀ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਚੁੱਪ ਕਰਕੇ ਸਹਿੰਦਾ ਰਿਹਾ। ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ 10 ਸਾਲ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੀ ਲਗਾਤਾਰ ਅਗਵਾਈ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਮਿਲਦੇ ਸਨ ਤਾਂ ਹਮੇਸ਼ਾ ਉਨ੍ਹਾਂ ਦੇ ਪੈਰਾਂ ਨੂੰ ਛੂੰਹਦੇ ਸਨ। ਬਾਦਲ ਸਾਹਿਬ ਨੂੰ ਪਤਾ ਨਹੀਂ ਕਿਉਂ ਲਾਲ ਕ੍ਰਿਸ਼ਨ ਅਡਵਾਨੀ ਦਾ ਧਿਆਨ ਨਹੀਂ ਆਇਆ ਕਿ ਉਹਦੇ ਵੀ ਮੋਦੀ ਸਾਹਿਬ ਪੈਰੀਂ ਹੱਥ ਲਾਉਂਦੇ ਸਨ। ਵਿਚਾਰਾ ਪੈਰੀਂ ਹੱਥ ਲਵਾਕੇ ਪਛਤਾ ਰਿਹਾ। ਜਦੋਂ ਮੋਦੀ ਸਾਹਿਬ ਕੋਈ ਸਿਆਸੀ ਫੈਸਲਾ ਕਰਦੇ ਹਨ ਤਾਂ ਉਹ ਅਕਾਲੀ ਦਲ ਦੀ ਸੁਣ ਤਾਂ ਲੈਂਦੇ ਸਨ ਪ੍ਰੰਤੂ ਕਰਦੇ ਆਪਣੀ ਮਨ ਮਰਜ਼ੀ ਹਨ। ਕਹਿਣ ਤੋਂ ਭਾਵ ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੁੰਦਾ ਸੀ। ਇਕ ਗੱਲ ਪ੍ਰਧਾਨ ਮੰਤਰੀ ਨੇ ਬਾਦਲ ਸਾਹਿਬ ਦੀ ਜ਼ਰੂਰ ਮੰਨੀ ਸੀ ਕਿ ਉਨ੍ਹਾਂ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤਜਰਬੇਕਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੂੰ ਅਣਡਿਠ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਸੀ। ਪਰਕਾਸ਼ ਸਿੰਘ ਬਾਦਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸੰਬੰਧਾਂ ਨੂੰ ਨਹੁੰ ਮਾਸ ਦੇ ਰਿਸ਼ਤੇ ਦਾ ਦਾਅਵਾ ਕਰਦੇ ਸਨ ਪ੍ਰੰਤੂ ਇਸ ਰਿਸ਼ਤੇ ਵਿਚ ਵੀ ਦਰਾੜ ਪੈ ਗਈ ਹੈ। ਨਹੁੰ ਮਾਸ ਨਾਲੋਂ ਵੱਖਰਾ ਹੋ ਗਿਆ ਹੈ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਇਕ ਕਿਸਮ ਨਾਲ ਮਜ਼ਬੂਰੀ ਬਣ ਗਿਆ ਸੀ। ਉਨ੍ਹਾਂ ਨੂੰ ਬੇਬਸੀ ਵਿਚ ਕੁਰਸੀ ਛੱਡਣੀ ਪਈ ਹੈ। ਪੰਜਾਬੀ ਦੀ ਇਕ ਕਹਾਵਤ ਹੈ 'ਮਰਦੀ ਕੀ ਨਹੀਂ ਕਰਦੀ' ਬਿਲਕੁਲ ਉਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਰਦੀ ਨੇ ਅੱਕ ਚੱਬਿਆ ਹੈ। ਜਦੋਂ ਗੱਦੀ ਬਚਾਉਣ ਦੇ ਸਾਰੇ ਹੀਲੇ ਖ਼ਤਮ ਹੋ ਗਏ ਫਿਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਤ ਤਿੰਨ ਬਿਲਾਂ ਦਾ ਸੰਸਦ ਵਿਚ ਪੇਸ਼ ਕਰਨਾ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਸੀ। ਇਥੋਂ ਤੱਕ ਕਿ ਬਾਦਲ ਅਕਾਲੀ ਦਲ ਦੇ ਅਸਤਿਤਵ ਲਈ ਖ਼ਤਰਾ ਖੜ੍ਹਾ ਹੋ ਗਿਆ ਸੀ। ਅਕਾਲੀ ਦਲ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮਾਫੀ ਦਿਵਾਉਣ ਕਰਕੇ ਆਪਣਾ ਜਨ ਆਧਾਰ ਗੁਆ ਚੁੱਕਾ ਸੀ। ਇਕ ਕਿਸਮ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਸੀ। ਜਿਸ ਕਰਕੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਹਿਲੀ ਵਾਰ ਅਕਾਲੀ ਦਲ ਵਿਰੋਧੀ ਧਿਰ ਦਾ ਲੀਡਰ ਬਣਾਉਣ ਵਿਚ ਵੀ ਅਸਫਲ ਰਿਹਾ ਹੈ। ਸਿਰਫ ਵਿਧਾਨ ਸਭਾ ਦੀਆਂ 14 ਸੀਟਾਂ ਜਿੱਤ ਸਕਿਆ ਸੀ। ਲੋਕ ਸਭਾ ਦੀਆਂ ਮਈ 2019 ਦੀਆਂ ਚੋਣਾਂ ਵਿਚ ਸਿਰਫ ਦੋ ਸੀਟਾਂ ਉਹ ਵੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕੇ ਸਨ। ਭਾਵੇਂ ਕੇਂਦਰ ਸਰਕਾਰ ਦੇ ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ, ਨਾਗਰਿਕ ਸੋਧ ਐਕਟ ਬਣਾਉਣ, ਬਿਜਲੀ ਸੋਧ ਕਾਨੂੰਨ ਬਣਾਉਣ, ਘੱਟ ਗਿਣਤੀਆਂ ਦੇ ਵਿਰੁਧ ਫੈਸਲੇ ਕਰਨ ਅਤੇ ਹੋਰ ਬਹੁਤ ਸਾਰੇ ਵਾਦਵਿਵਾਦ ਵਾਲੇ ਫੈਸਲਿਆਂ ਕਰਕੇ ਅਕਾਲੀ ਦਲ ਦਾ ਯੋਗਦਾਨ ਪੰਜਾਬੀਆਂ ਅਤੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਸੀ। ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਰਿਹਾ ਸੀ। ਅਕਾਲੀ ਦਲ ਅੰਦਰੋ ਅੰਦਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਸਮੁਦਾਏ ਵਿਚੋਂ ਰਾਸ਼ਟਰੀ ਸਿੱਖ ਸੰਗਤ ਬਣਾਕੇ ਸੰਨ੍ਹ ਲਗਾਉਣ ਉਪਰ ਵੀ ਨਰਾਜ ਸੀ। ਛੋਟੇ ਮੋਟੇ ਅਕਾਲੀ ਨੇਤਾ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਜਾ ਰਹੇ ਸਨ, ਵੱਡੇ ਨੇਤਾਵਾਂ ਤੇ ਵੀ ਭਾਰਤੀ ਜਨਤਾ ਪਾਰਟੀ ਡੋਰੇ ਪਾ ਰਹੀ ਸੀ, ਕੁਝ ਸੀਨੀਅਰ ਨੇਤਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਸਨ। ਅਕਾਲੀ ਦਲ ਫੈਡਰਲ ਢਾਂਚੇ ਦਾ ਮੁਦਈ ਕਹਾਉਂਦਾ ਹੈ ਅਤੇ ਹੁਣ ਤੱਕ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਅੰਦੋਲਨ ਕਰਦਾ ਰਿਹਾ ਹੈ। ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਫੈਡਰਲ ਢਾਂਚੇ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਰਹੇ ਹਨ। ਜਿਸ ਕਰਕੇ ਅਕਾਲੀ ਦਲ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਹੋਈ ਸੀ। ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸਿੱਖਾਂ ਅਤੇ ਕਿਸਾਨਾ ਦੀ ਨੁਮਾਇੰਦਾ ਪਾਰਟੀ ਕਹਾਉਂਦਾ ਸੀ। ਉਹ ਦੋਹਾਂ ਸਮੁਦਾਏ ਵਿਚ ਆਪਣਾ ਆਧਾਰ ਗੁਆ ਚੁੱਕਾ ਸੀ। ਸਿੱਖਾਂ ਵਿਚ ਅਕਾਲੀ ਦਲ ਵਿਰੁਧ ਰੋਹ ਇਸ ਗੱਲ ਕਰਕੇ ਵੀ ਹੈ ਕਿ ਅਕਾਲੀ ਦਲ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਸੀ ਬੀ ਆਈ ਤੋਂ ਬੰਦ ਕਰਵਾਉਣਾ ਆਪਣੇ ਪੈਰੀਂ ਕੁਹਾੜੀ ਮਾਰਨ ਦੇ ਬਰਾਬਰ ਸੀ। ਇਥੇ ਹੀ ਬਸ ਨਹੀਂ ਨਸ਼ਿਆਂ ਦੀ ਪੜਤਾਲ ਕਰ ਰਹੇ ਈ ਡੀ ਦੇ ਅਧਿਕਾਰੀ ਨਰਿੰਜਣ ਸਿੰਘ ਦੀ ਬਦਲੀ ਕਰਵਾਉਣਾ ਵੀ ਅਕਾਲੀ ਦਲ ਨੂੰ ਪੁੱਠਾ ਪਿਆ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਜਿਹੜਾ ਪੰਜ ਵਾਰ ਪੰਜਾਬ ਦਾ ਮੁਖ ਮੰਤਰੀ ਰਿਹਾ ਹੋਵੇ ਤੇ ਸਿਆਸਤ ਦਾ ਬਾਬਾ ਬੋਹੜ ਕਰਕੇ ਜਾਣਿਆਂ ਜਾਂਦਾ ਹੋਵੇ, ਉਹ ਆਰਡੀਨੈਂਸਾਂ ਨੂੰ ਜਾਇਜ ਠਹਿਰਾਉਣ ਲਈ ਪਿਛਲੇ ਤਿੰਨ ਮਹੀਨੇ ਲਗਾਤਾਰ ਦਲੀਲਾਂ ਦਿੰਦਾ ਰਿਹਾ। ਜਾਣੀ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਜ਼ਾਇਜ ਠਹਿਰਾਉਣ ਲਈ ਬਾਦਲ ਪਰਿਵਾਰ ਨੇ ਆਪਣੀ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਵੱਲੋਂ ਇਨ੍ਹਾਂ ਬਿਲਾਂ ਦੀ ਸਪੋਰਟ ਨਾ ਕਰਨ ਬਾਰੇ ਦਿੱਤੀ ਸਲਾਹ ਨੂੰ ਵੀ ਨਹੀਂ ਮੰਨਿਆਂ। ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਦੀ ਚਿੱਠੀ ਲਿਆਕੇ ਇਨ੍ਹਾਂ ਬਿਲਾਂ ਨੂੰ ਸਹੀ ਕਹਿ ਰਿਹਾ ਸੀ। ਜਦੋਂ ਕਿ ਪੰਜਾਬ ਦਾ ਹਰ ਬੱਚਾ ਬੱਚਾ, ਜਿਹੜਾ ਮਾੜੀ ਮੋਟੀ ਸਿਆਸੀ ਸੂਝ ਬੂਝ ਰੱਖਦਾ ਸੀ, ਉਹ ਮਹਿਸੂਸ ਕਰ ਰਿਹਾ ਸੀ ਇਹ ਆਰਡੀਨੈਂਸ ਪੰਜਾਬ ਦੀ ਇਕੱਲੀ ਕਿਸਾਨੀ ਨੂੰ ਹੀ ਨਹੀਂ ਸਗੋਂ ਕਿਸਾਨੀ ਉਪਰ ਨਿਰਭਰ ਮਜ਼ਦੂਰਾਂ, ਛੋਟੇ ਤੇ ਦਰਮਿਆਨੇ ਵਿਓਪਾਰੀਆਂ ਜਿਹੜੇ ਖੇਤੀ ਨਾਲ ਸੰਬੰਧਤ ਹਨ ਦਾ ਵੀ ਸਤਿਆਨਾਸ ਕਰ ਦੇਣਗੇ। ਪੰਜਾਬ ਦੀ ਆਰਥਿਕਤਾ ਕਿਸਾਨੀ ਉਪਰ ਨਿਰਭਰ ਕਰਦੀ ਹੈ , ਉਹ ਤਬਾਹ ਹੋ ਜਾਵੇਗੀ। ਇਸਦਾ ਅਸਰ ਸਾਰੇ ਪੰਜਾਬੀਆਂ ਤੇ ਵੀ ਪਵੇਗਾ। ਪ੍ਰੰਤੂ ਬਾਦਲ ਪਰਿਵਾਰ ਨੇ ਮੈਂ ਨਾ ਮਾਨੂੰ ਦੀ ਰਟ ਲਗਾਈ ਰੱਖੀ। ਬਾਦਲ ਪਰਿਵਾਰ ਨੂੰ ਉਦੋਂ ਵੀ ਹੈਰਾਨੀ ਹੋਈ ਸੀ, ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਾ ਖਿਤਾਬ ਦਿੱਤਾ ਸੀ। ਹਰਿਆਣਾ ਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੇ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਸਮਝੌਤਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਅਕਾਲੀ ਦਲ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਫਿਰ ਵੀ ਉਹ ਭਾਰਤੀ ਜਨਤਾ ਪਾਰਟੀ ਨਾਲ ਚਿੰਬੜੇ ਰਹੇ। ਬਾਦਲ ਪਰਿਵਾਰ ਸੁਖਦੇਵ ਸਿੰਘ ਢੀਂਡਸਾ ਦੀ ਵਧਦੀ ਲੋਕਪ੍ਰਿਅਤਾ ਤੋਂ ਵੀ ਘਬਰਾਇਆ ਹੋਇਆ ਸੀ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਢੀਂਡਸਾ ਅਕਾਲੀ ਦਲ ਦਾ ਭੂਤ ਬਾਦਲ ਪਰਿਵਾਰ ਨੂੰ ਸੁਪਨੇ ਵਿਚ ਵੀ ਡਰਾ ਰਿਹਾ ਸੀ ਕਿਉਂਕਿ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਈ ਜਾ ਰਹੇ ਸਨ। ਇਸ ਸਿਆਸੀ ਘਬਰਾਹਟ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਖੇਤੀਬਾੜੀ ਨਾਲ ਸੰਬੰਧਤ ਤਿੰਨੋ ਬਿਲਾਂ ਨੇ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿਲਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਅੰਦੋਲਨ ਦਾ ਸਾਥ ਦੇ ਰਹੀਆਂ ਹਨ। ਅਕਾਲੀ ਦਲ ਬਾਦਲ ਅਲੱਗ ਥਲੱਗ ਹੋ ਗਿਆ ਸੀ। ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਕਿ ਜੇਕਰ ਅਜਿਹੇ ਨਾਜ਼ਕ ਸਮੇਂ ਵੀ ਆਪਣੇ ਨੁਮਾਇੰਦੇ ਤੋਂ ਅਸਤੀਫਾ ਨਾ ਦਵਾਇਆ ਤਾਂ ਉਹ ਪੰਜਾਬ ਵਿਚ ਸਿਆਸੀ ਤੌਰ ਤੇ ਖ਼ਤਮ ਹੋ ਜਾਵੇਗਾ। ਇਸ ਸਮੇਂ ਇਨ੍ਹਾਂ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲਾਭ ਲੈਣ ਲਈ ਵਰਤ ਰਹੀਆਂ ਹਨ। ਜੇਕਰ ਹਰਸਿਮਰਤ ਕੌਰ ਬਾਦਲ ਤੋਂ ਅਕਾਲੀ ਦਲ ਅਸਤੀਫਾ ਨਾ ਦਵਾਉਂਦਾ ਤਾਂ ਉਸਦਾ ਹਸ਼ਰ ਮਾੜਾ ਹੋਣਾ ਸੀ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਆਪਣੇ ਖ਼ਤਮ ਹੋਏ ਅਕਸ ਨੂੰ ਵਿਰਾਮ ਦੇਣ ਦੀ ਕੋਸਿਸ਼ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦਾ ਖੇਤੀ ਕਾਨੂੰਨ ਬਣਾਉਣਾ ਸੋਚ ਸਮਝਕੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਫੈਸਲਾ ਹੈ। ਕਿਉਂਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਹੀ ਬਹੁਤਾ ਆਧਾਰ ਨਹੀਂ। ਦੇਸ ਦੇ ਬਾਕੀ ਰਾਜਾਂ ਵਿਚ ਖੇਤੀਬਾੜੀ ਦਾ ਕੰਮ ਬਹੁਤਾ ਨਹੀਂ ਹੈ ਪ੍ਰੰਤੂ ਵੋਟਾਂ ਜ਼ਿਆਦਾ ਹਨ। ਬਾਕੀ ਰਾਜਾਂ ਤੋਂ ਵੋਟਾਂ ਦੇ ਲਾਭ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਐਮ ਐਸ ਪੀ ਸਿਰਫ ਪੰਜਾਬ ਤੇ ਹਰਿਆਣਾ ਨੂੰ ਹੀ ਮਿਲਦੀ ਹੈ। ਬਾਕੀ ਰਾਜਾਂ ਨੂੰ ਕੋਈ ਫਰਕ ਨਹੀਂ ਪੈਣਾ। ਜੇਕਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗਠਜੋੜ ਨਾ ਤੋੜਿਆ ਤਾਂ ਵੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਵਜਦੀ ਰਹੇਗੀ ਕਿਉਂਕਿ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਨਿਰਾਸ਼ਤਾ ਪੈਦਾ ਕਰ ਦਿੱਤੀ ਹੈ। ਭਾਵੇਂ ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਉਹ ਪੰਜਾਬ ਵਿਚ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀਆਂ। ਇਸ ਘਟਨਾ ਕਰਮ ਤੋਂ ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਹੁਣ ਅਕਾਲੀ ਦਲ ਲੋਕਾਂ ਵਿਚ ਜਾਣ ਜੋਗਾ ਹੋ ਗਿਆ ਹੈ ਪ੍ਰੰਤੂ ਉਹ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਵੇਗਾ। ਭਾਵੇਂ ਅਜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕ ਸਾਲ ਤੋਂ ਵੱਧ ਦਾ ਸਮਾ ਹੈ ਪ੍ਰੰਤੂ ਅਜ ਦਿਨ ਕਿਸੇ ਪਾਰਟੀ ਨੂੰ ਵੀ ਬਹੁਮਤ ਆਉਣ ਦੀ ਉਮੀਦ ਨਹੀਂ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Converted from Satluj to Unicode
©2020 Aglsoft - Disclaimer - Feedback
ਭੋਗ ਤੇ ਵਿਸੇਸ਼ 20 ਸਤੰਬਰ : ਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ - ਉਜਾਗਰ ਸਿੰਘ
ਦੀਨ ਦੁਖੀਆਂ, ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਦੀ ਸਹਾਇਤਾ ਕਰਨ ਦੀ ਗੁੜ੍ਹਤੀ ਦਵਿੰਦਰ ਕੌਰ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲੀ ਸੀ। ਵਿਆਹ ਤੋਂ ਬਾਅਦ ઠਉਸਦੇ ਸਹੁਰਿਆਂ ਦਾ ਪਰਿਵਾਰ ਵੀ ਸਿਆਸੀ ਅਤੇ ਸਮਾਜ ਸੇਵਾ ਕਰਨ ਵਾਲਾ ਸੀ, ਜਿਸ ਕਰਕੇ ਉਸਦੀ ਸਮਾਜ ਸੇਵਾ ਦੀ ਪ੍ਰਵਿਰਤੀ ਲਗਾਤਾਰ ਜ਼ਾਰੀ ਰਹੀ। ਉਨ੍ਹਾਂ ਦਾ ਪੇਕਾ ਪਰਿਵਾਰ ਦੇਸ ਭਗਤ ਅਤੇ ਸੁਤੰਤਰਤਾ ਸੰਗਰਾਮੀ ਸੀ। ਜਿਸ ਕਰਕੇ ਦੇਸ ਭਗਤੀ ਅਤੇ ਸਮਾਜ ਸੇਵਾ ਦੀ ਚਿਣਗ ਉਨ੍ਹਾਂ ਨੂੰ ਬਚਪਨ ਵਿਚ ਹੀ ਲੱਗ ਗਈ ਸੀ। ਜਦੋਂ ਉਹ ਗਰਲਜ਼ ਕਾਲਜ ਸਿਧਵਾਂ ਕਲਾਂ ਵਿਚ ਪੜ੍ਹ ਰਹੇ ਸਨ ਤਾਂ ਐਨ ਐਸ ਐਸ ਨਾਲ ਜੁੜ ਗਏ, ਜਿਥੋਂ ਉਨ੍ਹਾਂ ਵਿਚ ਸਮਾਜ ਸੇਵਾ ਕਰਨ ਦੀ ਰੁਚੀ ਨੂੰ ਹੋਰ ਬਲ ਮਿਲਿਆ। ਪੜ੍ਹਿਆ ਲਿਖਿਆ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਸਮਾਜਿਕ ਸਰਗਰਮੀਆਂ ਵਿਚ ਵਿਚਰਣ ਦੀ ਪੂਰੀ ਖੁਲ੍ਹ ਸੀ। ਉਨ੍ਹਾਂ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕੰਮ ਸੀ, ਜਿਸ ਕਰਕੇ ਗਰੀਬਾਂ ਦੀ ਮਦਦ ਕਰਨ ਲਈ ਕਦੀ ਆਰਥਕ ਸਮੱਸਿਆ ਨਹੀਂ ਆਈ। ਦਾਖਾ ਪਿੰਡ ਤੋਂ ਜਦੋਂ ਉਨ੍ਹਾਂ ਸਿਧਾਰ ਕਾਲਜ ਵਿਚ ਦਾਖ਼ਲ ਲਿਆ ਤਾਂ ਉਥੇ ਜਾਣ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਪਿੰਡ ਅਤੇ ਇਲਾਕੇ ਦੀਆਂ ਲੜਕੀਆਂ ਲਈ ਸਮੱਸਿਆ ਪੈਦਾ ਹੋ ਗਈ ਤਾਂ ਦਵਿੰਦਰ ਕੌਰ ਨੇ ਆਪਣੇ ਪਿਤਾ ਨੂੰ ਕਹਿਕੇ ਲੜਕੀਆਂ ਨੂੰ ਕਾਲਜ ਲੈ ਕੇ ਅਤੇ ਵਾਪਸ ਲਿਆਉਣ ਲਈ ਪਰਿਵਾਰ ਦੀ ਬਸ ਦਾ ਇੰਤਜ਼ਾਮ ਕਰਵਾਇਆ ਅਤੇ ਲੜਕੀਆਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਸੀ। ઠਉਨ੍ਹਾਂ ਗ੍ਰੈਜੂਏਸ਼ਨ ਗਰਲਜ਼ ਕਾਲਜ ਸਿਧਵਾਂ ਕਲਾਂ ਤੋਂ ਪਾਸ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਉਨ੍ਹਾਂ ਗਰੀਬ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਵਿਆਹ ਲੁਧਿਆਣਾ ਜਿਲ੍ਹੇ ਦੇ ਬਿਲਾਸਪੁਰ ਪਿੰਡ ਦੇ ਸਮਾਜ ਸੇਵਕ ਅਤੇ ਸਿਆਸਤਦਾਨ ਪਰਿਵਾਰ ਵਿਚ ਸ੍ਰ. ਤੇਜ ਪ੍ਰਕਾਸ਼ ઠਸਿੰਘ ਸਪੁਤਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ 1969 ਵਿਚ ਹੋਇਆ। ਸਹੁਰੇ ਪਰਿਵਾਰ ਵਿਚ ਆ ਕੇ ਵੀ ਉਨ੍ਹਾਂ ਆਪਣਾ ਸਮਾਜ ਸੇਵਾ ਦਾ ਕੰਮ ਪਰਿਵਾਰ ਦੀ ਵੇਖ ਭਾਲ ਦੇ ਨਾਲ ਹੀ ਕਰਨਾ ਜ਼ਾਰੀ ਰੱਖਿਆ। ਜਦੋਂ ਸ੍ਰ ਤੇਜ ਪ੍ਰਕਾਸ਼ ਸਿੰਘ ਮੰਤਰੀ ਸਨ ਤਾਂ ਆਪ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਉਨ੍ਹਾਂ ਦੀ ਇਕ ਖ਼ੂਬੀ ਇਹ ਵੀ ਸੀ ਕਿ ਉਹ ਸਮਾਜ ਸੇਵਾ ਚੁੱਪ ਚੁਪੀਤੇ ਕਰਦੇ ਰਹਿੰਦੇ ਸਨ। ਉਨ੍ਹਾ ਦਾ ਵੱਡਾ ਲੜਕਾ ਗੁਰਕੀਰਤ ਸਿੰਘ ਕੋਟਲੀ ਖੰਨਾ ਤੋਂ ਵਿਧਾਨਕਾਰ ਹੈ ਅਤੇ ਸਰਬ ਭਾਰਤੀ ਕਾਂਗਰਸ ਦਾ ਸੰਯੁਕਤ ਸਕੱਤਰ ਹੈ। ਛੋਟਾ ਲੜਕਾ ਹਰਕੀਰਤ ਸਿੰਘ ਜੋ ਕੋਟਲਾ ਅਫਗਾਨਾ ਪਿੰਡ ਦਾ ਸਰਪੰਚ ਸੀ ਸਵਰਗ ਸਿਧਾਰ ਗਿਆ ਸੀ।
ਦਵਿੰਦਰ ਕੌਰ ਦਾ ਜਨਮ 1 ਫਰਵਰੀ 1950 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਦਾਖਾ ਵਿਖੇ ਮਾਤਾ ਸ਼੍ਰੀਮਤੀ ਕੁਲਵੰਤ ਕੌਰ ਅਤੇ ਪਿਤਾ ਸਰਦਾਰ ਲਛਮਣ ਸਿੰਘ ਸੇਖੋਂ ਦੇ ਘਰ ਹੋਇਆ। ਮੁਲਾਂਪੁਰ ਅੱਡਾ ਵੀ ਲਛਮਣ ਸਿੰਘ ਸੇਖੋਂ ਦਾ ਹੀ ਵਸਾਇਆ ਹੋਇਆ ਹੈ। ਲਛਮਣ ਸਿੰਘ ਸੇਖੋਂ ਸੁਤੰਤਰਤਾ ਸੰਗਰਾਮੀਏ ਸਨ, ਜਿਨ੍ਹਾਂ ਫੌਜ ਵਿਚ ਨੌਕਰੀ ਕੀਤੀ। ਫੌਜ ਦੀ ਨੌਕਰੀ ਦੌਰਾਨ ਹੀ ਉਨ੍ਹਾਂ ਦੇ ਮਨ ਨੂੰ ਅੰਗਰੇਜਾਂ ਦੇ ਵਿਵਹਾਰ ਤੋਂ ਠੇਸ ਲੱਗੀ ਅਤੇ ਉਨ੍ਹਾਂ ਫੌਜ ਵਿਚ ਹੀ ਬਗਾਬਤ ਕਰ ਦਿੱਤੀ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵਿਚ ਜਾਣ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਕਰਕੇ ਪਹਿਲਾਂ ਆਪ ਦਾ ਕੋਰਟ ਮਾਰਸ਼ਲ ਕੀਤਾ ਅਤੇ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਪ੍ਰੰਤੂ ਕੁਝ ਸਮੇਂ ਬਾਅਦ ਇਹ ਸਜ਼ਾ 15 ਸਾਲ ਦੀ ਕੈਦ ਵਿਚ ਬਦਲ ਗਈ। ਅੰਡੇਮਾਨ ਵਿਖੇ ਉਨ੍ਹਾਂ ਨੂੰ ਰੱਖਿਆ ਗਿਆ ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਦਵਿੰਦਰ ਕੌਰ ਕੋਟਲੀ 70 ਸਾਲ ਦੀ ਉਮਰ ਭੋਗ ਕੇ ਲੰਬੀ ਬਿਮਾਰੀ ਤੋਂ ਬਾਅਦ 16 ਸਤੰਬਰ ਨੂੰ ਪੀ ਜੀ ਆਈ ਵਿਚ ਸਵਰਗ ਸਿਧਾਰ ਗਏ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡਪਾਠ ਦਾ ਭੋਗ ਅਤੇ ਅੰਤਮ ਅਰਦਾਸ 20 ਸਤੰਬਰ ਨੂੰ ਹੋਵੇਗੀ। ਦੋਸਤਾਂ ਮਿਤਰਾਂ ਅਤੇ ਪਰਿਵਾਰ ਦੇ ਨਜ਼ਦੀਕੀਆਂ ਨੂੰ ਬੇਨਤੀ ਹੈ ਕਿ ਉਹ ਕੋਵਿਡ-19 ਸੰਬੰਧੀ ਸਰਕਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੇ ਘਰਾਂ ਵਿਚ ਹੀ ਅਰਦਾਸ ਕਰਨ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਪਹੁੰਚਣ ਦੀ ਖੇਚਲ ਨਾ ਕਰਨ।
ਕਾਂਗਰਸ ਦੇ ਨਵੇਂ ਅਹੁਦੇਦਾਰ : ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ ਪਟੜਾ - ਉਜਾਗਰ ਸਿੰਘ
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸੋਨੀਆਂ ਗਾਂਧੀ ਨੂੰ ਪਾਰਟੀ ਦੀ ਬਿਹਤਰੀ ਲਈ ਦਿੱਤੇ ਸੁਝਾਵਾਂ ਵਾਲਾ ਲਿਖਿਆ ''ਲੈਟਰ ਬੰਬ'' ਵੀ ਠੁਸ ਹੋ ਗਿਆ ਲਗਦਾ ਹੈ। ਇਕ ਗੱਲ ਤਾਂ ਸਾਫ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਪਰਜਾਤੰਤਰ ਨਾਂ ਦੀ ਕੋਈ ਚੀਜ਼ ਮੌਜੂਦ ਹੀ ਨਹੀਂ। ਲੈਟਰ ਬੰਬ ਤੋਂ ਬਾਅਦ ਨਵੀਂ ਸਫਬੰਦੀ ਰੋਕਣ ਲਈ ਸੋਨੀਆਂ ਗਾਂਧੀ ਨੇ ਐਸਾ ਧੋਬੀ ਪਟੜਾ ਮਾਰਿਆ ਕਿ ਲੈਟਰ ਤੇ ਦਸਖ਼ਤ ਕਰਨ ਵਾਲੇ ਨੇਤਾਵਾਂ ਵਿਚ ਫੁੱਟ ਪਾਉਣ ਦੇ ਇਰਾਦੇ ਨਾਲ ਚੋਣਵੇਂ ਨੇਤਾਵਾਂ ਨੂੰ ਨਵੀਂ ਵਰਕਿੰਗ ਕਮੇਟੀ ਦੀ ਮੈਂਬਰੀ ਅਤੇ ਅਹੁਦੇਦਾਰੀਆਂ ਦੇ ਦਿੱਤੀਆਂ। ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਤੋਂ ਤਾਂ ਹਟਾ ਦਿੱਤਾ ਗਿਆ ਪ੍ਰੰਤੂ ਮੁਕਲ ਵਾਸਨਿਕ ਨੂੰ ਜਨਰਲ ਸਕੱਤਰ ਬਣਾ ਦਿੱਤਾ। ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੂੰ ਵਰਕਿੰਗ ਕਮੇਟੀ ਵਿਚ ਰੱਖ ਲਿਆ ਹੈ। ਗੁਲਾਮ ਨਬੀ ਆਜ਼ਾਦ ਨਾਲ ਤਾਂ ਅਜਿਹੀ ਕੀਤੀ ਕਿ ਨਾ ਹਸਣ ਜੋਗਾ ਛੱਡਿਆ ਅਤੇ ਨਾ ਹੀ ਰੋਣ ਜੋਗਾ। ਰਾਜੀਵ ਸ਼ੁਕਲਾ ਅਤੇ ਜਤਿਨ ਪ੍ਰਸਾਦ ਨੂੰ ਰਾਜਾਂ ਦੇ ਇਨਚਾਰਜ ਬਣਾ ਦਿੱਤਾ ਗਿਆ ਹੈ। ਇੰਜ ਕਰਕੇ ਬਗਾਬਤ ਦੀ ਅੱਗ ਨੂੰ ਠੱਲ ਪਾਉਣ ਵਿਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪ੍ਰੰਤੂ ਫਿਲਹਾਲ ਤਾਂ ਸਾਰੇ ਚੱਪ ਕਰਾ ਦਿੱਤੇ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ, ਜਿਸਨੇ ਅਜ਼ਾਦੀ ਦੀ ਜਦੋਜਹਿਦ ਵਿਚ ਮੋਹਰੀ ਦੀ ਭੂਮਿਕਾ ਨਿਭਾਈ ਸੀ, ਹੁਣ ਉਹ ਖ਼ਤਮ ਹੋਣ ਦੇ ਕਿਨਾਰੇ ਉਪਰ ਖੜ੍ਹੀ ਸਿਸਕੀਆਂ ਲੈ ਰਹੀ ਹੈ। 1885 ਵਿਚ ਹੋਂਦ ਵਿਚ ਆਈ 135 ਸਾਲਾ ਪਾਰਟੀ ਦੇ ਹੁਣ ਤੱਕ 61 ਪ੍ਰਧਾਨ ਰਹੇ ਹਨ। ਉਹ ਸਾਰੇ ਉਚ ਕੋਟੀ ਦੇ ਵਿਅਕਤੀ ਸਨ। ਜਿਹੜੇ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਸਨ। ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਸੁਭਾਸ ਚੰਦਰ ਬੋਸ, ਬਲਵ ਭਾਈ ਪਟੇਲ, ਰਾਜਿੰਦਰ ਪ੍ਰਸਾਦ, ਮਦਨ ਮੋਹਨ ਮਾਲਵੀਆ, ਬ੍ਰਹਮਾ ਨੰਦ ਰੈਡੀ, ਐਸ ਨਿਜਿਲਿੰਗੱਪਾ, ਦੇਵ ਕਾਂਤ ਬਰੂਆ, ਸਰੋਜਨੀ ਨਾਇਡੂ, ਦਾਦਾ ਭਾਈ ਨਾਰੋਜੀ, ਅਬਦੁਲ ਕਲਾਮ ਆਜ਼ਾਦ, ਸੀਤਾ ਰਮਈਆ, ਕੇ ਕਾਮਰਾਜ, ਨੀਲਮ ਸੰਜੀਵਾ ਰੈਡੀ, ਇੰਦਰਾ ਗਾਂਧੀ ਅਤੇ ਜਗਜੀਵਨ ਰਾਮ ਵਰਗੇ ਉਚ ਕੋਟੀ ਦੇ ਸਿਆਸਤਦਾਨ ਸ਼ਾਮਲ ਸਨ। ਉਹ ਭਾਰਤੀ ਸਭਿਆਚਾਰ ਦੇ ਪਹਿਰੇਦਾਰ ਬਣਦੇ ਰਹੇ। ਵਰਤਮਾਨ ਸਮਾਜ ਵਿਚ ਆਈ ਗਿਰਾਵਟ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਵੀ ਵਿਖਾਈ ਦਿੰਦੀ ਹੈ। ਇਸ ਗਿਰਾਵਟ ਕਰਕੇ ਅੱਜ ਦੇ ਕਾਂਗਰਸੀ ਸਿਧਾਂਤਾਂ ਦੀ ਥਾਂ ਨਿੱਜੀ ਲਾਭ ਨੂੰ ਪਹਿਲ ਦਿੰਦੇ ਹਨ। ਉਹ ਜਿਹੜਾ ਨੇਤਾ ਉਨ੍ਹਾਂ ਦੇ ਹਿਤਾਂ ਤੇ ਪਹਿਰਾ ਦੇਵੇਗਾ, ਉਹ ਭਾਵੇਂ ਪਾਰਟੀ ਨੂੰ ਮਬੂਜ਼ਤ ਕਰਨ ਵਿਚ ਸਮਰੱਥ ਹੋਵੇ, ਭਾਵੇਂ ਨਾ ਪ੍ਰੰਤੂ ਉਸਦੀ ਮਦਦ ਲਈ ਅੱਗੇ ਆਉਣਗੇ ਕਿਉਂਕਿ ਉਨ੍ਹਾਂ ਵਾਸਤੇ ਪਾਰਟੀ ਦੇ ਸਿਧਾਂਤ ਅਤੇ ਅਕਸ ਜ਼ਰੂਰੀ ਨਹੀਂ ਸਗੋਂ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਲੋਕ ਸਭਾ, ਵਿਧਾਨ ਸਭਾਵਾਂ ਅਤੇ ਹੋਰ ਅਹੁਦਿਆਂ ਲਈ ਪਾਰਟੀ ਦੀਆਂ ਟਿਕਟਾਂ ਜ਼ਰੂਰੀ ਹਨ। ਜਿਸ ਕਰਕੇ ਪਾਰਟੀ ਦਾ ਪਤਨ ਹੋ ਰਿਹਾ ਹੈ ਅਤੇ ਧੜੇਬੰਦੀ ਪੈਦਾ ਹੁੰਦੀ ਹੈ। ਪਾਰਟੀ ਕਮਜ਼ੋਰ ਹੁੰਦੀ ਹੈ। ਕਾਂਗਰਸ ਪਾਰਟੀ ਦੇ ਪਹਿਲੇ ਪ੍ਰਧਾਨ ਵੋਮੇਸ਼ ਚੰਦਰ ਬੈਨਰਜੀ ਸਨ। 1933 ਤੱਕ ਸੀਨੀਅਰ ਨੇਤਾ ਇਕ-ਇਕ ਸਾਲ ਲਈ ਪ੍ਰਧਾਨ ਬਣਦੇ ਰਹੇ ਅਤੇ ਕਿਸੇ ਨੇਤਾ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ। ਉਸਤੋਂ ਬਾਅਦ ਤਾਂ ਇਕ ਤੋਂ ਵੱਧ ਵਾਰ ਵੀ ਪ੍ਰਧਾਨ ਬਣਦੇ ਰਹੇ। ਦੇਸ਼ ਦੇ ਅਜ਼ਾਦ ਹੋਣ ਤੋਂ 70 ਸਾਲ ਬਾਅਦ ਤੱਕ ਕਾਂਗਰਸ ਦੇ ਨੇਤਾ ਅਤੇ ਵਰਕਰ ਕਾਂਗਰਸੀ ਕਹਾਉਣ ਵਿਚ ਫਖ਼ਰ ਮਹਿਸੂਸ ਕਰਦੇ ਸਨ। ਕਾਂਗਰਸ ਪਾਰਟੀ ਦੇ ਇਤਿਹਾਸ ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਪਾਰਟੀ ਦੀ ਹੋਂਦ ਹੀ ਕਾਇਮ ਨਹੀਂ। ਕਈ ਵਾਰ ਉਤਰਾਅ ਝੜਾਅ ਆਏ ਪ੍ਰੰਤੂ ਮੁੜ ਘਿੜ ਖੋਤੀ ਬੋਹੜ ਥੱਲੇ ਹੀ ਆਉਂਦੀ ਰਹੀ। ਹੁਣ ਤੱਕ ਸਭ ਤੋਂ ਲੰਮਾ ਸਮਾਂ ਪ੍ਰਧਾਨ 61 ਵਿਚੋਂ 47 ਵਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰ ਹੀ ਰਹੇ ਹਨ। ਸਿਰਫ 14 ਵਾਰ ਇਸ ਪਰਿਵਾਰ ਤੋਂ ਬਾਹਰਲੇ ਪ੍ਰਧਾਨ ਰਹੇ। ਸਭ ਤੋਂ ਪਹਿਲਾਂ ਮੋਤੀ ਲਾਲ ਨਹਿਰੂ ਸਿਰਫ ਇਕ ਸਾਲ ਲਈ 1928 ਵਿਚ ਪ੍ਰਧਾਨ ਬਣੇ ਅਤੇ ਪੰਡਤ ਜਵਾਹਰ ਲਾਲ 1929, 30, 36, 37, 40, 46, 50, 52, 53 ਅਤੇ 54 ਵਿਚ ਪ੍ਰਧਾਨ ਬਣਦੇ ਰਹੇ। ਉਹ10 ਸਾਲ ਪ੍ਰਧਾਨ ਰਹੇ ਪ੍ਰੰਤੂ ਲਗਾਤਾਰ ਨਹੀਂ। ਪ੍ਰਧਾਨ ਮੰਤਰੀ ਹੁੰਦਿਆਂ ਸਿਰਫ 4 ਸਾਲ ਪ੍ਰਧਾਨ ਰਹੇ। ਸ਼੍ਰੀਮਤੀ ਇੰਦਰਾ ਗਾਂਧੀ 8 ਸਾਲ ਪ੍ਰਧਾਨ ਰਹੇ ਪ੍ਰੰਤੂ ਉਨ੍ਹਾਂ ਇਹ ਨਵੀਂ ਪਰੰਪਰਾ ਬਣਾ ਦਿੱਤੀ ਕਿ ਜਿਹੜਾ ਪ੍ਰਧਾਨ ਮੰਤਰੀ ਹੋਵੇਗਾ ਉਹੀ ਕਾਂਗਰਸ ਦਾ ਪ੍ਰਧਾਨ ਹੋਵੇਗਾ, ਜਿਹੜੀ ਰਾਜੀਵ ਗਾਂਧੀ ਅਤੇ ਨਰਸਿਮਹਾ ਰਾਓ ਤੱਕ ਜ਼ਾਰੀ ਰਹੀ। ਰਾਜੀਵ ਗਾਂਧੀ 7 ਸਾਲ ਅਤੇ ਰਾਹੁਲ ਗਾਂਧੀ ਸਿਰਫ ਦੋ ਸਾਲ ਪ੍ਰਧਾਨ ਰਿਹਾ। ਇਸ ਸਮੇਂ ਵਿਚ ਸਭ ਤੋਂ ਲੰਮਾ ਸਮਾਂ ਲਗਪਗ 20 ਸਾਲ ਸੋਨੀਆਂ ਗਾਂਧੀ ਪ੍ਰਧਾਨ ਰਹੀ ਹੈ। ਇਸ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਵਿਚ ਚਾਪਲੂਸੀ ਦਾ ਭਾਰੂ ਹੋਣਾ ਹੈ। ਪਿਛਲੇ 6 ਸਾਲਾਂ ਤੋਂ ਕਾਂਗਰਸ ਪਾਰਟੀ ਦਾ ਇਹ ਹਾਲ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਨਹੀਂ ਬਣਾ ਸਕੀ। ਦੇਸ ਦੇ ਬਹੁਤੇ ਰਾਜਾਂ ਵਿਚ ਗੈਰ ਕਾਂਗਰਸ ਸਰਕਾਰਾਂ ਹਨ। ਸੀਨੀਅਰ ਲੀਡਰਸ਼ਿਪ ਹੌਸਲਾ ਛੱਡੀ ਬੈਠੀ ਹੈ। ਤਾਜ਼ਾ ਘਟਨਾਕਰਮ ਅਨੁਸਾਰ ਕਾਂਗਰਸ ਪਾਰਟੀ ਦੇ 23 ਸੀਨੀਅਰ ਨੇਤਾਵਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਆਈ ਖੜੋਤ ਤੇ ਚਿੰਤਾ ਪ੍ਰਗਟ ਕਰਦਿਆਂ ਇਕ ਖਤ ਲਿਖਿਆ ਹੈ, ਜਿਸਨੂੰ ਲੈਟਰ ਬੰਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਵਿਚ ਕਾਂਗਰਸ ਪਾਰਟੀ ਦਾ ਵਕਾਰ ਬਹਾਲ ਕਰਨ ਲਈ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇਣ ਬਾਰੇ ਕਿਹਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾ ਜਿੱਤਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਰਜ਼ਸ਼ੀਲ ਹੋਣ ਲਈ ਖਤ ਲਿਖਿਆ ਹੈ। ਇਨ੍ਹਾਂ ਪਤਰ ਲਿਖਣ ਵਾਲੇ ਨੇਤਾਵਾਂ ਦੀ ਅਗਵਾਈ ਜਨਾਬ ਗੁਲਾਮ ਨਬੀ ਆਜ਼ਾਦ ਕਰ ਰਹੇ ਹਨ। ਲੈਟਰ ਬੰਬ ਤੇ ਦਸਤਖਤ ਕਰਨ ਵਾਲਿਆਂ ਵਿਚ ਭੁਪਿੰਦਰ ਸਿੰਘ ਹੁਡਾ, ਰਾਜਿੰਦਰ ਕੌਰ ਭੱਠਲ, (ਦੋਵੇਂ ਸਾਬਕਾ ਮੁੱਖ ਮੰਤਰੀ), ਕਪਿਲ ਸਿਬਲ, ਆਨੰਦ ਸ਼ਰਮਾ, ਸ਼ੱਸ਼ੀ ਥਰੂਰ, ਵੀਰੱਪਾ ਮੋਇਲੀ, ਮੁਕਲ ਵਾਸਨਿਕ, ਮਨੀ ਸ਼ੰਕਰ ਅਈਅਰ, ਰਾਜੀਵ ਸ਼ੁਕਲਾ, ਜਤਿਨ ਪ੍ਰਸ਼ਾਦ, ਮੁਨੀਸ਼ ਤਿਵਾੜੀ, ਰਾਜ ਬੱਬਰ, ਸੰਦੀਪ ਦੀਕਸ਼ਤ, ਪੀ ਜੇ ਕੁਰੀਅਨ ਅਤੇ ਮਿਲਿੰਦ ਦਿਓਰਾ ਮੁਖ ਹਨ। ਇਨ੍ਹਾਂ ਵਿਚ ਪੰਜਾਬ ਤੋਂ ਦੋ ਨੇਤਾ ਹਨ। ਮੁਨੀਸ਼ ਤਿਵਾੜੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿਚ ਗਿਣਿਆਂ ਜਾਂਦਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਖੁਲ੍ਹਕੇ ਸੋਨੀਆਂ ਗਾਂਧੀ ਦੇ ਹੱਕ ਵਿਚ ਬਿਆਨ ਦਿੱਤਾ ਸੀ। ਰਾਜਿੰਦਰ ਕੌਰ ਭੱਠਲ ਗੁਲਾਮ ਨਬੀ ਆਜ਼ਾਦ ਦੇ ਖੇਮੇ ਵਿਚੋਂ ਸੁਣੇ ਜਾਂਦੇ ਹਨ। ਪੰਜਾਬ ਵਿਚੋਂ ਕਿਸੇ ਸੀਨੀਅਰ ਕਾਂਗਰਸੀ ਨੂੰ ਕੋਈ ਅਹੁਦਾ ਨਹੀਂ ਦਿੱਤਾ ਪ੍ਰੰਤੂ ਕੁਲਜੀਤ ਸਿੰਘ ਨਾਗਰਾ ਵਿਧਾਇਕ ਨੂੰ ਤਿੰਨ ਰਾਜਾਂ ਦਾ ਇਨਚਾਰਜ ਬਣਾ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੂੰ ਵੀ ਕੋਈ ਅਹੁਦਾ ਨਹੀਂ ਦਿੱਤਾ। ਸੋਨੀਆਂ ਗਾਂਧੀ ਨੇ 1998 ਵਿਚ ਸੀਤਾ ਰਾਮ ਕੇਸਰੀ ਤੋਂ ਬਾਅਦ ਪਾਰਟੀ ਦੀ ਵਾਗ ਡੋਰ ਸੰਭਾਲੀ ਸੀ। ਸੋਨੀਆਂ ਗਾਂਧੀ ਦੇ ਇਨ੍ਹਾਂ 19 ਸਾਲਾਂ ਦੇ ਪ੍ਰਧਾਨਗੀ ਦੇ ਸਮੇਂ ਵਿਚ ਸਿਰਫ 10 ਸਾਲ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਰਹੀ ਹੈ। ਉਹ ਸਰਕਾਰ ਵੀ ਇਕੱਲੀ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਭਾਈਵਾਲ ਪਾਰਟੀਆਂ ਨਾਲ ਬਣਾਈ ਗਈ ਸੀ। ਦੂਜੀ ਵਾਰੀ ਡਾ ਮਨਮੋਹਨ ਸਿੰਘ ਦੇ ਨਾਂ ਤੇ ਚੋਣ ਜਿੱਤੀ ਸੀ। ਸੋਨੀਆਂ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਖੋਰਾ ਲਗਦਾ ਆ ਰਿਹਾ ਹੈ। ਪਿਛਲੀਆਂ ਲੋਕ ਸਭਾ ਦੀਆਂ ਦੋ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਕਾਂਗਰਸ ਪਾਰਟੀ ਦਾ ਗਰਾਫ ਬਹੁਤ ਹੀ ਨੀਵਾਂ ਹੋ ਗਿਆ। ਉਨ੍ਹਾਂ ਤੋਂ ਬਾਅਦ ਦੋ ਸਾਲ ਰਾਹੁਲ ਗਾਂਧੀ ਨੇ ਵੀ ਪ੍ਰਧਾਨਗੀ ਚਲਾਈ ਪ੍ਰੰਤੂ ਉਹ ਵੀ ਪਾਰਟੀ ਦਾ ਅਕਸ ਵਧਾ ਨਾ ਸਕੇ। ਪ੍ਰਿਅੰਕਾ ਗਾਂਧੀ ਨੂੰ ਵੀ ਲਿਆਂਦਾ ਪ੍ਰੰਤੂ ਉਹ ਵੀ ਪਾਰਟੀ ਵਕਾਰ ਵਧਾ ਨਹੀਂ ਸਕੀ। ਪਿਛਲੇ ਸਾਲ ਮਈ 2019 ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਦੁਬਾਰਾ ਸੋਨੀਆਂ ਗਾਂਧੀ ਨੂੰ ਇਕ ਸਾਲ ਲਈ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ। ਹੁਣ ਉਨ੍ਹਾਂ ਦੀ ਮਿਆਦ 10 ਅਗਸਤ ਨੂੰ ਖ਼ਤਮ ਹੋ ਗਈ ਸੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਇਕ ਸਾਲ ਲਈ ਫਿਰ ਸੋਨੀਆਂ ਦੇ ਹੱਕ ਵਿਚ ਹੋ ਗਿਆ। ਕਾਂਗਰਸ ਪਾਰਟੀ ਦੇ ਪਤਨ ਦਾ ਮੁੱਖ ਕਾਰਨ ਸੰਬਾਦ ਨਾ ਕਰਨਾ ਹੈ। ਸੋਨੀਆਂ ਗਾਂਧੀ ਦੀ ਸਭ ਤੋਂ ਵੱਡੀ ਕਮਜ਼ੋਰੀ ਭਾਰਤੀ ਭਾਸ਼ਵਾਂ ਅਤੇ ਸਭਿਆਚਾਰ ਜਾਣਕਾਰੀ ਅਤੇ ਮੁਹਾਰਤ ਨਾ ਹੋਣਾ ਵੀ ਹੈ। ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸੇ ਵੀ ਪ੍ਰਧਾਨ ਦੇ ਭਾਸ਼ਣ ਵਿਚ ਲੋਕਾਂ ਨੂੰ ਕੀਲਣ ਦੀ ਸਮਰੱਥਾ ਨਹੀਂ ਸੀ। ਕਾਂਗਰਸ ਪਾਰਟੀ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਮੰਥਨ ਕਰਨਾ ਚਾਹੀਦਾ ਹੈ। ਪਾਰਟੀ ਅੰਦਰ ਵਿਚਾਰ ਚਰਚਾ ਕੀਤੀ ਜਾਵੇ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸਿਸ਼ ਕੀਤੀ ਜਾਵੇ। ਪ੍ਰੰਤੂ ਜਿਹੜਾ ਅਜਿਹਾ ਕਰਨ ਦੀ ਕੋਸਿਸ਼ ਕਰਦਾ ਹੈ, ਉਸਨੂੰ ਹੀ ਨਿਸ਼ਾਨਾ ਬਣਾਕੇ ਭੰਡਿਆ ਜਾਂਦਾ ਹੈ। ਇਸ ਖਤ ਵਿਚ ਕੋਈ ਮਾੜੀ ਗੱਲ ਨਹੀਂ ਲਿਖੀ ਗਈ ਸੀ ਸਗੋਂ ਪਾਰਟੀ ਦੀ ਬਿਹਤਰੀ ਲਈ ਹੀ ਲਿਖਿਆ ਗਿਆ ਸੀ ਪ੍ਰੰਤੂ ਚਾਪਲੂਸਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਖਤ ਲਿਖਣ ਵਾਲੇ ਨੇਤਾਵਾਂ ਵਿਚ ਕਈ ਅਜਿਹੇ ਹਨ, ਜਿਹੜੇ ਕਦੀ ਵੀ ਨਾ ਤਾਂ ਕੋਈ ਚੋਣ ਲੜੇ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਆਪਣੀਆਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਫਿਕਰ ਹੈ। ਗੁਲਾਮ ਨਬੀ ਆਜ਼ਾਦ, ਕਪਿਲ ਸਿਬਲ ਅਤੇ ਆਨੰਦ ਸ਼ਰਮਾ ਰਾਜ ਸਭਾ ਵਿਚ ਹੀ ਜਾਣ ਦੇ ਇਛਕ ਹੁੰਦੇ ਹਨ। ਚਮਚਾਗਿਰੀ ਨੇ ਪਾਰਟੀ ਦਾ ਸਤਿਆਨਾਸ ਕੀਤਾ ਹੈ। ਪਾਰਟੀ ਵਿਚ ਦਲੀਲ ਨੂੰ ਛਿਕੇ ਤੇ ਟੰਗ ਦਿੱਤਾ ਗਿਆ ਹੈ। ਖਤ ਲਿਖਣ ਵਾਲੇ ਵੀ ਹੁਣ ਇਕ ਕਿਸਮ ਨਾਲ ਮੁਕਰਨ ਲੱਗ ਗਏ ਹਨ ਕਿਉਂਕਿ ਉਨ੍ਹਾਂ ਨੇ ਮਹਿਸੂਸ ਕਰ ਲਿਆ ਹੈ ਕਿ ਪ੍ਰਧਾਨਗੀ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾਵੇਗੀ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਓਥੇ ਦਾ ਓਥੇ ਰਹੇਗਾ। ਇਕ ਗੱਲ ਤਾਂ ਮੰਨਣਯੋਗ ਹੈ ਕਿ ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸੀ ਧੜੇ ਕਿਸੇ ਇਕ ਨੇਤਾ ਤੇ ਸਹਿਮਤ ਹੀ ਨਹੀਂ ਹੋ ਰਹੇ। ਗਾਂਧੀ ਪਰਿਵਾਰ ਕਾਂਗਰਸ ਦੀ ਮਜ਼ਬੂਰੀ ਬਣ ਗਿਆ ਹੈ।
ਅਗਲੇ ਸਾਲ ਪ੍ਰਧਾਨ ਦੀ ਚੋਣ ਵਿਚ ਅਖ਼ੀਰ ਗੁਣਾ ਫਿਰ ਰਾਹੁਲ ਗਾਂਧੀ ਤੇ ਹੀ ਪਵੇਗਾ। ਪ੍ਰੰਤੂ ਰਾਹੁਲ ਗਾਂਧੀ ਨੂੰ ਨੌਜਵਾਨਾ ਅਤੇ ਸੀਨੀਅਰ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਪਵੇਗਾ। ਦੋਹਾਂ ਵਿਚੋਂ ਕਿਸੇ ਇਕ ਨੂੰ ਬਹੁਤੀ ਮਹੱਤਤਾ ਦੇਣ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ ਜਿਵੇਂ ਪਹਿਲਾਂ ਰਾਹੁਲ ਗਾਂਧੀਂ ਨੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਕੇ ਨੁਕਸਾਨ ਹੀ ਉਠਾਇਆ ਹੈ। ਦੂਜੀ ਗੱਲ ਪਾਰਟੀ ਵਿਚੋਂ ਪਰਿਵਾਰਵਾਦ ਦਾ ਪ੍ਰਭਾਵ ਵੀ ਖ਼ਤਮ ਕਰਨਾ ਪਵੇਗਾ। ਇਹ ਜ਼ਰੂਰੀ ਨਹੀਂ ਕਿ ਨੇਤਾਵਾਂ ਦੇ ਬੱਚਿਆਂ ਨੂੰ ਹੀ ਅੱਗੇ ਲਿਆਂਦਾ ਜਾਵੇ। ਵਰਕਰਾਂ ਦੀ ਕਦਰ ਕੀਤੀ ਜਾਵੇ। ਸਥਾਨਕ ਪੱਧਰ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇ। ਭਰਿਸਟਾਚਾਰ ਨੇ ਵੀ ਪਾਰਟੀ ਬਦਨਾਮ ਕੀਤੀ ਹੈ। ਪਾਰਦਰਸ਼ਤਾ ਅਜੋਕੇ ਸਮੇਂ ਦੀ ਲੋੜ ਹੈ। ਜੇਕਰ ਕਾਂਗਰਸ ਪਾਰਟੀ ਦੀ ਵਰਕਿੰਗ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਨਾ ਲਿਆਂਦੀਆਂ ਤਾਂ ਪਾਰਟੀ ਦਾ ਭਵਿਖ ਵੀ ਧੁੰਧਲਾ ਹੀ ਹੋਵੇਗਾ।
ਮੋਬਾਈਲ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
-94178 13072
ujagarsingh48@yahoo.com
ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ - ਉਜਾਗਰ ਸਿੰਘ
ਜੇਕਰ ਇਨਸਾਨ ਕਿਸੇ ਦੂਜੇ ਇਨਸਾਨ ਦਾ ਚੰਗਾ ਨਹੀਂ ਕਰ ਸਕਦਾ ਤਾਂ ਉਸਨੂੰ ਦੂਜਿਆਂ ਦਾ ਨੁਕਸਾਨ ਕਰਨ ਦਾ ਵੀ ਕੋਈ ਹੱਕ ਨਹੀਂ। ਇਨਸਾਨ ਨੂੰ ਜਿਹੜਾ ਇਹ ਜੀਵਨ ਮਿਲਿਆ ਹੈ, ਇਸਦਾ ਸਦਉਪਯੋਗ ਕਰਨਾ ਚਾਹੀਦਾ ਹੈ ਪ੍ਰੰਤੂ ਕੁਝ ਸਮਾਜ ਵਿਰੋਧੀ ਅਤੇ ਸ਼ਰਾਰਤੀ ਲੋਕ ਕੋਵਿਡ ਸੰਬੰਧੀ ਗ਼ਲਤ ਜਾਣਕਾਰੀ ਦੇ ਕੇ ਪੰਜਾਬੀਆਂ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਮਨੋਬਲ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਕਮਜ਼ੋਰ ਕਰ ਰਹੇ ਹਨ। ਕੋਵਿਡ-19 ਦੀ ਬਿਮਾਰੀ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਇਹ ਲੋਕ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਵਿਚ ਇਸ ਸਮੇਂ ਕਰੋਨਾ ਦੀ ਬਿਮਾਰੀ ਦਾ ਪ੍ਰਕੋਪ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਪੰਜਾਬੀਆਂ ਦੀ ਲਾਪਰਵਾਹੀ ਦਾ ਸੁਭਾਅ ਬਣਦਾ ਜਾ ਰਿਹਾ ਹੈ। ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਸੰਸਾਰ ਵਿਚ ਇਸ ਬਿਮਾਰੀ ਦੀ ਦਹਿਸ਼ਤ ਹੈ। ਦਹਿਸ਼ਤ ਦੇ ਮਾਹੌਲ ਵਿਚ ਕਿਸੇ ਵੀ ਇਨਸਾਨ ਦੀ ਕਹੀ ਹੋਈ ਗੱਲ ਸੱਚੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਇਨਸਾਨ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਸਗੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਇਨਸਾਨ ਦਾ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਜਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਲਾਗ ਦੀ ਬਿਮਾਰੀ ਹੈ, ਫਿਰ ਪੰਜਾਬੀ ਇਤਹਾਤ ਕਿਉਂ ਨਹੀਂ ਵਰਤਦੇ। ਇਸਦਾ ਨੁਕਸਾਨ ਉਨ੍ਹਾਂ ਨੂੰ ਖੁਦ, ਉਨ੍ਹਾਂ ਦੇ ਪਰਿਵਾਰਾਂ, ਸੰਬੰਧੀਆਂ ਅਤੇ ਸਮੁਚੇ ਸਮਾਜ ਨੂੰ ਹੋਣਾ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਪੰਜਾਬੀ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਬਾਰੇ ਅਵੇਸਲੇ ਹਨ। ਅਵੇਸਲਾਪਣ ਅਜਿਹੀ ਖ਼ਤਰਨਾਕ ਬਿਮਾਰੀ ਹੈ, ਜਿਹੜੀ ਮੌਤ ਦੇ ਮੂੰਹ ਤੱਕ ਲਿਜਾ ਸਕਦੀ ਹੈ। ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰੀ ਜਾ ਰਹੇ ਹਨ। ਅੱਜੋਕਾ ਵਿਗਿਆਨ ਦਾ ਯੁਗ ਹੈ। ਹਰ ਗੱਲ ਨਾਪ ਤੋਲਕੇ ਕੀਤੀ ਜਾਂਦੀ ਹੈ। ਕਰਾਮਾਤਾਂ ਵਹਿਮ ਭਰਮ ਵਿਚ ਕੋਈ ਯਕੀਨ ਨਹੀਂ ਕਰਦਾ। ਅਸੀਂ ਕਈ ਵਾਰੀ ਕਿਸੇ ਗੱਲ ਨੂੰ ਸੁਣਕੇ ਉਸਦੀ ਤਹਿ ਤੱਕ ਜਾਣ ਦੀ ਕੋਸਿਸ਼ ਹੀ ਨਹੀਂ ਕਰਦੇ। ਜੋ ਸੁਣਿਆਂ ਉਹੀ ਸੱਚ ਸਮਝ ਬੈਠਦੇ ਹਾਂ। ਆਪਣੀ ਅਕਲ ਤੋਂ ਕੰਮ ਲੈਣ ਤੋਂ ਵੀ ਗੁਰੇਜ ਕਰਨ ਲੱਗ ਪਏ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਵਿਚ ਇਸ ਬਿਮਾਰੀ ਦੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਫੈਲੇ ਦੀ ਅਣਗਹਿਲੀ ਬਾਰੇ ਅਫ਼ਵਾਹਾਂ ਦਾ ਦੌਰ ਭਾਰੂ ਹੋਇਆ ਪਿਆ ਹੈ। ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਸ਼ੋਸ਼ਲ ਮੀਡੀਆ ਪਾ ਰਿਹਾ ਹੈ। ਬਿਨਾ ਤਥਾਂ ਦੀ ਜਾਣਕਾਰੀ ਪ੍ਰਾਪਤ ਕੀਤੇ ਹੀ ਝੂਠੇ ਵਟਸ ਅਪ ਸੰਦੇਸ਼ ਅੱਗੇ ਗਰੁਪਾਂ ਵਿਚ ਭੇਜੇ ਜਾ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੜ੍ਹੇ ਲਿਖੇ ਲੋਕ ਵੀ ਅਜਿਹੇ ਝੂਠੇ ਸੰਦੇਸਾਂ ਨੂੰ ਅੱਗੇ ਤੋਰੀ ਜਾ ਰਹੇ ਹਨ। ਜੇਕਰ ਉਨ੍ਹਾਂ ਸੰਦੇਸਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਸਿਰ ਪੈਰ ਅਰਥਾਤ ਆਧਾਰ ਹੀ ਨਹੀਂ ਹੁੰਦਾ। ਜਿਹੜੀ ਗੱਲ ਹੋ ਹੀ ਨਹੀਂ ਸਕਦੀ, ਤੱਥਾਂ ਤੇ ਅਧਾਰਤ ਹੀ ਨਹੀਂ, ਉਸ ਬਾਰੇ ਵੀ ਲਿਖਿਆ ਜਾਂਦਾ ਹੈ ਅਤੇ ਲੋਕ ਉਸ ਨੂੰ ਸੱਚ ਮੰਨਕੇ ਅਮਲ ਕਰ ਰਹੇ ਹਨ। ਕੁਝ ਅਖ਼ਬਾਰਾਂ ਵਾਲੇ ਵੀ ਅਫ਼ਵਾਹਾਂ ਸੰਬੰਧੀ ਬਿਆਨ ਵੀ ਪ੍ਰਕਾਸ਼ਤ ਕਰੀ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਸੰਬੰਧਤ ਵਿਭਾਗ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ। ਸਭ ਤੋਂ ਵੱਧ ਗ਼ਲਤ ਖ਼ਬਰਾਂ ਅਤੇ ਅਫਵਾਹਾਂ ਸ਼ੋਸਲ ਮੀਡੀਆ ਫੈਲਾ ਰਿਹਾ ਹੈ ਕਿਉਂਕਿ ਇਸ ਤੇ ਕੋਈ ਵੀ ਗੱਲ ਆਪ ਪਾਈ ਜਾ ਸਕਦੀ ਹੈ। ਉਦਾਹਰਣ ਲਈ ਸੰਦੇਸਾਂ ਵਿਚ ਲਿਖਿਆ ਜਾਂਦਾ ਹੈ ਕਿ ਕਰੋਨਾ ਦੇ ਮਰੀਜ ਨੂੰ ਟੀਕਾ ਲਗਾਕੇ ਮਾਰ ਦਿੱਤਾ ਜਾਂਦਾ ਹੈ ਤੇ ਇਸ ਬਦਲੇ ਡਾਕਟਰਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਮਰੀਜਾਂ ਦੇ ਅੰਗ ਕੱਢ ਲਏ ਜਾਂਦੇ ਹਨ ਕਿਉਂਕਿ ਕਰੋਨਾ ਦੇ ਮਰੀਜ ਦੀ ਡੈਡ ਬਾਡੀ ਨੂੰ ਵੇਖਣ ਵੀ ਨਹੀਂ ਦਿੱਤਾ ਜਾਂਦਾ ਕਿ ਉਸਦੀ ਬਾਡੀ ਸਹੀ ਸਲਾਮਤ ਹੈ ਕਿ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਮਰੀਜਾਂ ਦੇ ਇਲਾਜ਼ ਵਾਸਤੇ ਹੁੰਦੇ ਹਨ ਨਾ ਕਿ ਮਾਰਨ ਵਾਸਤੇ। ਡਾਕਟਰਾਂ ਨੂੰ ਮਰੀਜਾਂ ਨੂੰ ਮਾਰਨ ਲਈ ਲੱਖਾਂ ਰੁਪਏ ਮਿਲਦੇ ਹਨ, ਇਹ ਰੁਪਏ ਕੌਣ ਤੇ ਕਿਉਂ ਦਿੰਦਾ ਹੈ ? ਡਾਕਟਰਾਂ ਨੂੰ ਪੈਸੇ ਦੇਣ ਵਾਲੇ ਨੂੰ ਕਿਸੇ ਨੂੰ ਮਾਰਨ ਵਿਚ ਕੀ ਦਿਲਚਸਪੀ ਹੋ ਸਕਦੀ ਹੈ। ਇਲਾਜ ਲਈ ਤਾਂ ਕੋਈ ਮਦਦ ਕਰ ਸਕਦਾ ਹੈ, ਮਾਰਨ ਲਈ ਕੌਣ ਦਿੰਦਾ ਹੈ। ਸਰਕਾਰੀ ਕਰਮਚਾਰੀ ਨੂੰ ਜੇ ਕੋਈ ਪੈਸਾ ਮਿਲਦਾ ਹੈ ਉਹ ਸਰਕਾਰੀ ਖ਼ਜਾਨੇ ਵਿਚੋਂ ਪਾਸ ਕਰਾਕੇ ਦਿੱਤਾ ਜਾਂਦਾ ਹੈ। ਖਜਾਨੇ ਵਿਚ ਸਾਰਾ ਹਿਸਾਬ ਕਿਤਾਬ ਹੁੰਦਾ ਹੈ। ਅਫਵਾਹਾਂ ਫੈਲਾਉਣ ਵਾਲੇ ਉਹ ਚੈਕ ਕਰ ਲੈਣ। ਅਗਲੀ ਗੱਲ ਮਰੀਜਾਂ ਦੇ ਅੰਗ ਕੱਢਣ ਬਾਰੇ ਹੈ। ਇਹ ਅੰਗ ਕੋਈ ਇਕੱਲਾ ਬੰਦਾ ਕੱਢ ਹੀ ਨਹੀਂ ਸਕਦਾ ਤੇ ਫਿਰ ਕੱਢਕੇ ਕੀ ਕਰੇਗਾ। ਇਸ ਮੰਤਵ ਲਈ ਅਪ੍ਰੇਸ਼ਨ ਥੇਟਰ ਦੀ ਲੋੜ ਹੁੰਦੀ ਹੈ। ਥੇਟਰ ਸਰਕਾਰੀ ਹਸਪਤਾਲਾਂ ਵਿਚ ਬੰਦ ਹਨ। ਇਹ ਸਰਕਾਰੀ ਹਸਪਤਾਲ ਹਨ, ਇਥੇ ਤਾਂ ਪੱਤਾ ਵੀ ਹਿਲਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਕੱਢੇ ਅੰਗ ਤਾਂ ਨਿਸਚਤ ਸਮੇਂ , 6 ਘੰਟੇ ਵਿਚ ਦੂਜੇ ਮਰੀਜ਼ ਦੇ ਲਗਾਉਣੇ ਹੁੰਦੇ ਹਨ। ਬਾਕਾਇਦਾ ਅਪ੍ਰੇਸ਼ਨ ਥੇਟਰ ਤੇ ਪੂਰੇ ਸਟਾਫ ਦੀ ਜਰੂਰਤ ਹੁੰਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਬਿਮਾਰ ਵਿਅਕਤੀ ਦੇ ਅੰਗ ਦੂਜਾ ਵਿਅਕਤੀ ਕਿਉਂ ਲਗਵਾਏਗਾ ? ਕਿਸੇ ਵਿਅਕਤੀ ਦਾ ਕੋਈ ਵੀ ਅੰਗ ਉਸਦੀ ਜਾਂ ਉਸਦੇ ਪਰਿਵਾਰ ਦੀ ਪ੍ਰਵਾਨਗੀ ਤੋਂ ਬਿਨਾ ਕੱਢਿਆ ਹੀ ਨਹੀਂ ਜਾ ਸਕਦਾ। ਅੰਮ੍ਰਿਤਸਰ ਵਿਖੇ ਦਸ ਸਾਲ ਪਹਿਲਾਂ ਅੰਗ ਕੱਢਣ ਦਾ ਅਜਿਹਾ ਸਕੈਂਡਲ ਆਇਆ ਸੀ। ਉਸ ਵਿਚ ਸ਼ਾਮਲ ਡਾਕਟਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ। ਅੰਗ ਕੱਢਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਡੈਡ ਬਾਡੀ ਇਸ ਕਰਕੇ ਵਿਖਾਈ ਨਹੀਂ ਜਾਂਦੀ ਵੇਖਣ ਵਾਲੇ ਨੂੰ ਕਿਉਂਕਿ ਇਹ ਬਿਮਾਰੀ ਨਾ ਹੋ ਜਾਵੇ । ਸਗੋਂ ਅਫ਼ਵਾਹਾਂ ਤਾਂ ਇਹ ਵੀ ਹਨ ਕਿ ਕਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਬੰਧੀ ਵੀ ਸਸਕਾਰ ਕਰਨ ਲਈ ਨੇੜੇ ਨਹੀਂ ਜਾਂਦੇ। ਕਈ ਕੇਸਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਸਸਕਾਰ ਕਰਨੇ ਪਏ। ਮੈਂ ਅੱਜ ਕਲ੍ਹ ਅਮਰੀਕਾ ਵਿਚ ਹਾਂ, ਏਥੇ ਵੀ ਡੈਡ ਬਾਡੀਆਂ ਸੰਬੰਧੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਅਤੇ ਨਾ ਵਿਖਾਈਆਂ ਜਾਂਦੀਆਂ ਹਨ। ਇਹ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਹਨ। ਭਾਰਤ ਵਿਚ ਵੀ ਉਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਮੈਡੀਕਲ ਸਟਾਫ ਦੀ ਪ੍ਰਸੰਸਾ ਕੀਤੀ ਜਾਵੇ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤੁਹਾਡਾ ਸਾਥ ਦੇ ਰਹੇ ਹਨ। ਅਫਵਾਹਾਂ ਫੈਲਾਉਣ ਵਾਲੇ ਇਤਨੀ ਗਰਮੀ ਵਿਚ ਪੀ ਪੀ ਕਿਟਾਂ ਪਾ ਸਕਦੇ ਹਨ। ਉਹ ਪਾ ਕੇ ਵੇਖਣ ਕਿ ਪਸੀਨੇ ਨਾ ਛੁਟ ਜਾਣ। ਇਤਨੀ ਗਰਮੀ ਵਿਚ ਮੈਡੀਕਲ ਸਟਾਫ ਇਹ ਕਿਟਾਂ ਪਾ ਕੇ ਆਪਣੇ ਫਰਜ ਨਿਭਾ ਰਿਹਾ ਹੈ। ਇਨ੍ਹਾਂ ਕਿਟਾਂ ਵਿਚ ਨਾ ਹਵਾ ਜਾ ਸਕਦੀ ਹੈ ਅਤੇ ਨਾ ਬਾਹਰ ਆ ਸਕਦੀ ਹੈ। ਡਾਕਟਰ ਅਤੇ ਮੈਡੀਕਲ ਸਟਾਫ ਕਈ-ਕਈ ਮਹੀਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਉਲਟਾ ਉਨ੍ਹਾਂ ਨੂੰ ਖਾਮਖਾਹ ਦੋਸ਼ੀ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਲਗਪਗ ਚਾਰ ਸੌ ਦੇ ਕਰੀਬ ਮੈਡੀਕਲ ਸਟਾਫ ਮੈਂਬਰ ਆਪਣੀ ਡਿਊਟੀ ਕਰਦਿਆਂ ਕਰੋਨਾ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਹਨ। ਉਨ੍ਹਾਂ ਨੂੰ ਮਰਨ ਦਾ ਸ਼ੌਕ ਹੈ। ਉਨ੍ਹਾਂ ਦੇ ਵੀ ਤੁਹਾਡੇ ਵਾਂਗ ਪਰਿਵਾਰ ਹਨ। ਸ਼ਰਮ ਕਰੋ ਅਫਵਾਹਾਂ ਫੈਲਾਉਣ ਅਤੇ ਉਨ੍ਹਾਂ ਤੇ ਯਕੀਨ ਕਰਨ ਵਾਲਿਓ। ਰੱਬ ਦਾ ਵਾਸਤਾ ਗ਼ਲਤ ਖ਼ਬਰਾਂ ਫੈਲਾ ਕੇ ਇਨਸਾਨੀਅਤ ਦਾ ਨੁਕਸਾਨ ਨਾ ਕਰੋ। ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਨਿਯਮਾ ਅਨੁਸਾਰ ਸਾਰਾ ਕੁਝ ਕੀਤਾ ਜਾਂਦਾ ਹੈ। ਇਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿਚ ਮਰੀਜਾਂ ਕੋਲ ਡਰਦੇ ਮਾਰੇ ਡਾਕਟਰ ਤੇ ਮੈਡੀਕਲ ਸਟਾਫ ਜਾਂਦਾ ਨਹੀ, ਦੂਜੇ ਪਾਸੇ ਟੀਕਾ ਲਗਾਉਣ ਦੀ ਗੱਲ ਕਰਦੇ ਹਨ। ਅੰਗ ਕੱਢਣ ਲਈ ਵੀ ਮਰੀਜ ਕੋਲ ਜਾਣਾ ਪਵੇਗਾ। ਇਹ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਰਕਾਰ ਦਾ ਮਰੀਜਾਂ ਨੂੰ ਬਚਾਉਣ ਦਾ ਫਰਜ ਹੈ, ਮਾਰਨ ਦਾ ਨਹੀਂ। ਸਰਕਾਰ ਆਪਣੀ ਬਦਨਾਮੀ ਕਿਉਂ ਕਰਵਾਏਗੀ ? ਸਰਕਾਰ ਭਾਵੇਂ ਕੋਈ ਹੋਵੇ ਉਹ ਅਜਿਹੇ ਗੈਰਕਾਨੂੰਨੀ ਕੰਮਾ ਦੀ ਪ੍ਰਵਾਨਗੀ ਕਦੀ ਵੀ ਨਹੀਂ ਦੇਵੇਗੀ। ਇਹ ਹੋ ਸਕਦਾ ਕਿ ਸਰਕਾਰੀ ਹਸਪਤਾਲਾਂ ਵਿਚ ਉਤਨਾ ਵਧੀਆ ਪ੍ਰਬੰਧ ਨਾ ਹੋਵੇ ਪ੍ਰੰਤੂ ਇਸਦਾ ਅਰਥ ਇਹ ਨਹੀਂ ਕਿ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਵਿਚ ਡਰ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਮੈਨੂੰ ਮੇਰੇ ਦੋ ਪੜ੍ਹੇ ਲਿਖੇ ਦੋਸਤਾਂ ਦੇ ਫੋਨ ਆਏ ਅਤੇ ਕਿਹਾ ਕਿ ਪੰਜਾਬ ਵਿਚ ਅਜੇ ਵਾਪਸ ਨਾ ਜਾਇਓ ਕਿਉਂਕਿ ਉਥੇ ਮਰੀਜਾਂ ਨੂੰ ਟੀਕੇ ਲਗਾਕੇ ਮਾਰਿਆ ਜਾ ਰਿਹਾ ਹੈ ਅਤੇ ਅੰਗ ਕੱਢ ਲਏ ਜਾਂਦੇ ਹਨ। ਜਦੋਂ ਮੈਂ ਦਲੀਲ ਨਾਲ ਗੱਲ ਕੀਤੀ ਫਿਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਮੇਰਾ ਇਹ ਦੱਸਣ ਦਾ ਭਾਵ ਹੈ ਕਿ ਸਭ ਤੋਂ ਵੱਧ ਅਫਵਾਹਾਂ ਕੁਝ ਪੜ੍ਹੇ ਲਿਖੇ ਲੋਕ ਫੈਲਾ ਰਹੇ ਹਨ।
ਪਰਜਾਤੰਤਰ ਵਿਚ ਪੰਚਾਇਤ ਪਰਜਾਤੰਤਰ ਦਾ ਸਭ ਤੋਂ ਮੁਢਲਾ ਥੰਮ ਹੈ। ਪੰਚਾਇਤਾਂ ਦੀ ਜ਼ਿੰਮੇਵਾਰੀ ਅਜਿਹੇ ਹਾਲਾਤ ਵਿਚ ਹੋਰ ਵੀ ਵੱਧ ਜਾਂਦੀ ਹੈ। ਵੈਸੇ ਵੀ ਪੰਚਾਇਤ ਦੇ ਮੈਂਬਰ ਸਮਝਦਾਰ ਸਿਆਣੇ ਅਤੇ ਸਮਾਜ ਸੇਵਕ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਪ੍ਰੰਤੂ ਕੁਝ ਪੰਚਾਇਤਾਂ ਅਫਵਾਹਾਂ ਦੇ ਮਗਰ ਲੱਗਕੇ ਗੁਮਰਾਹ ਹੋ ਰਹੀਆਂ ਹਨ। ਉਹ ਕਰੋਨਾ ਦੇ ਟੈਸਟ ਕਰਵਾਉਣ ਤੋਂ ਲੋਕਾਂ ਨੂੰ ਰੋਕ ਰਹੀਆਂ ਹਨ। ਇਥੋਂ ਤੱਕ ਕਿ ਕੁਝ ਪੰਚਾਇਤਾਂ ਨੇ ਕਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾ ਦਿੱਤੇ ਹਨ। ਮਤੇ ਪਾ ਕੇ ਉਹ ਸਮਾਜ ਦੇ ਵਿਰੋਧੀ ਲੋਕਾਂ ਦੇ ਇਸ਼ਾਰੇ ਤੇ ਚਲਕੇ ਆਪਣੇ ਫਰਜਾਂ ਤੋਂ ਕੁਤਾਹੀ ਕਰ ਰਹੇ ਹਨ। ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨਾ ਚਾਹੁੰਦੀ ਹੈ ਪ੍ਰੰਤੂ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰਕੇ ਉਸ ਕਹਾਵਤ ਵਾਲੀ ਗੱਲ ਕਰ ਰਹੇ ਹਨ ਜਿਸ ਵਿਚ ਕਿਹਾ ਜਾਂਦਾ ਹੈ ਕਿ ''ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨ ਰਹੇ ਹੋ''ੋ। ਜਦੋਂ ਪੁਲਿਸ ਨੇ ਗਲਤ ਅਫਵਾਹਾਂ ਫੈਲਾਉਣ ਸੰਬੰਧੀ ਵੀਡੀਓ ਪਾਉਣ ਵਾਲਿਆਂ ਤੇ ਸਿਕੰਜਾ ਕਸਿਆ ਤਾਂ ਹੁਣ ਉਹ ਵੀਡੀਓਜ ਪਾ ਕੇ ਕਹਿ ਰਹੇ ਹਨ ਕਿ ਗ਼ਲਤੀ ਹੋ ਗਈ। ਇਥੋਂ ਤੱਕ ਕਿ ਇਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇਕ ਪੱਤਰਕਾਰ ਨੂੰ ਗ਼ਲਤ ਵੀਡੀਓ ਬਣਾਕੇ ਪਾਉਣ ਲਈ ਰਿਸ਼ਵਤ ਦੇਣ ਦੀ ਕੋਸਿਸ਼ ਕੀਤੀ ਜਿਸਦੀ ਸ਼ਿਕਾਇਤ ਉਸਨੇ ਥਾਣੇ ਦੇ ਦਿੱਤੀ ਹੈ। ਰਾਜਨੀਤਕ ਪਾਰਟੀਆਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਮਿਲ ਸਕਦੇ ਹਨ। ਅਜਿਹੇ ਘਟੀਆ ਮੁਦਿਆਂ ਨਾਲ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ। ਆਮ ਲੋਕਾਂ ਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਇਨਸਾਨੀਅਤ ਦੇ ਭਲੇ ਲਈ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕੀਤਾ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh੪੮0 yahoo.com
ਕੀ ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ? - ਉਜਾਗਰ ਸਿੰਘ
ਪਰਜਾਤੰਤਰ ਵਿਚ ਲਿਖਣ, ਬੋਲਣ ਅਤੇ ਆਪਣੇ ਹੱਕਾਂ ਲਈ ਧਰਨੇ, ਜਲਸੇ, ਜਲੂਸ ਅਤੇ ਮੁਜ਼ਾਹਰੇ ਹਰ ਨਾਗਰਿਕ ਦਾ ਸੰਵਿਧਾਨਿਕ ਹੱਕ ਹਨ ਪ੍ਰੰਤੂ ਇਸਦੇ ਨਾਲ ਹੀ ਨਾਗਰਿਕਾਂ ਨੂੰ ਅਜਿਹੀਆਂ ਕਾਰਵਾਈਆਂ ਕਰਦਿਆਂ ਆਪਣੇ ਫਰਜ਼ਾਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਹੱਕ ਅਤੇ ਫਰਜ ਇਕ ਸਿੱਕੇ ਦੇ ਦੋ ਪਾਸੇ ਹਨ। ਪੰਜਾਬ ਵਿਚ ਹਰ ਰੋਜ਼ ਅਨੇਕਾਂ ਧਰਨੇ, ਜਲਸੇ, ਜਲੂਸ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਹ ਕਾਰਵਾਈਆਂ ਸਿਆਸੀ ਪਾਰਟੀਆਂ, ਸਮਾਜਿਕ, ਧਾਰਮਿਕ, ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੀਆਂ ਦਫਤਰੀ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਕ ਗੱਲ ਤਾਂ ਸਪਸ਼ਟ ਜ਼ਾਹਰ ਹੁੰਦੀ ਹੈ ਕਿ ਲੋਕਾਂ ਵਿਚ ਅਸੰਤੁਸ਼ਟਤਾ ਵਧੀ ਹੋਈ ਹੈ। ਸਰਕਾਰਾਂ ਤੋਂ ਲੋਕ ਖ਼ੁਸ਼ ਨਹੀਂ ਹਨ। ਲੋਕਾਂ ਨੇ ਆਪਣੀਆਂ ਇਛਾਵਾਂ ਵੀ ਵਧਾ ਲਈਆਂ ਹਨ। ਹਰ ਇੱਛਾ ਦੀ ਪੂਰਤੀ ਹੋਣਾ ਅਸੰਭਵ ਹੁੰਦਾ ਹੈ। ਸਿਆਸੀ ਪਾਰਟੀਆਂ ਨੇ ਆਪਣੀ ਸਿਆਸਤ ਕਰਨ ਦਾ ਢੰਗ ਬਦਲ ਲਿਆ ਹੈ। ਜਦੋਂ ਉਨ੍ਹਾਂ ਦੀ ਸਰਕਾਰ ਹੁੰਦੀ ਹੈ ਤਾਂ ਆਮ ਲੋਕਾਂ, ਇਨ੍ਹਾਂ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ਵਿਰੁਧ ਅਸਹਿਮਤੀ ਪ੍ਰਗਟ ਕਰਨ ਜਾਂ ਆਪਣੇ ਹੱਕਾਂ ਲਈ ਸਰਕਾਰ ਦਾ ਧਿਆਨ ਖਿੱਚਣ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਉਨ੍ਹਾਂ ਦੀ ਸਿਆਸੀ ਨਿਗਾਹ ਵਿਚ ਗੈਰਕਾਨੂੰਨੀ ਹੁੰਦੇ ਹਨ। ਪ੍ਰੰਤੂ ਜਦੋਂ ਉਨ੍ਹਾਂ ਦੀ ਆਪਣੀ ਸਰਕਾਰ ਨਹੀਂ ਹੁੰਦੀ ਤਾਂ ਲੋਕਾਂ, ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਅਪਣਾਏ ਜਾਂਦੇ ਇਹ ਸਾਰੇ ਢੰਗ ਉਨ੍ਹਾਂ ਨੂੰ ਕਾਨੂੰਨੀ ਹੱਕ ਦਿਖਣ ਲੱਗ ਜਾਂਦੇ ਹਨ। ਇਹ ਵੀ ਦਰੁਸਤ ਹੈ ਕਿ ਸਰਕਾਰਾਂ ਸਾਰੇ ਕੰਮ ਸਹੀ ਨਹੀਂ ਕਰਦੀਆਂ, ਇਸ ਕਰਕੇ ਆਮ ਲੋਕਾਂ, ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨੂੰ ਆਪਣੇ ਹੱਕਾਂ ਦੀ ਪੂਰਤੀ ਅਤੇ ਸਰਕਾਰਾਂ ਦੇ ਗ਼ਲਤ ਕੰਮਾਂ ਬਾਰੇ ਆਪਣਾ ਰੋਸ ਪ੍ਰਗਟ ਕਰਨ ਲਈ ਸੜਕਾਂ ਤੇ ਆਉਣਾ ਪੈਂਦਾ ਹੈ ਪ੍ਰੰਤੂ ਇਥੇ ਇਸ ਗੱਲ ਦਾ ਵੀ ਸੋਚਣਾ ਪਵੇਗਾ ਕਿ ਇਨ੍ਹਾਂ ਧਰਨਿਆਂ, ਮੁਜ਼ਾਹਰਿਆਂ, ਜਲਸਿਆਂ ਅਤੇ ਜਲੂਸਾਂ ਦਾ ਆਮ ਲੋਕਾਂ ਨੂੰ ਕੋਈ ਲਾਭ ਵੀ ਹੋ ਰਿਹਾ ਹੁੰਦਾ ਹੈ ਜਾਂ ਉਨ੍ਹਾਂ ਦੇ ਆਮ ਜਨ ਜੀਵਨ ਤੇ ਕੋਈ ਮਾੜਾ ਅਸਰ ਤਾਂ ਨਹੀਂ ਪੈ ਰਿਹਾ। ਕਈ ਵਾਰੀ ਕਿਸੇ ਬੀਮਾਰ ਵਿਅਕਤੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੁੰਦਾ ਪ੍ਰੰਤੂ ਇਨ੍ਹਾਂ ਧਰਨਿਆਂ, ਮੁਜ਼ਾਹਰਿਆਂ, ਜਲਸਿਆਂ ਅਤੇ ਜਲੂਸਾਂ ਕਰਕੇ ਉਹ ਮੌਕੇ ਸਿਰ ਹਸਪਤਾਲ ਨਹੀਂ ਪਹੁੰਚ ਸਕਦਾ। ਜਿਸ ਕਰਕੇ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਜੇਕਰ ਇਹ ਜਲਸੇ, ਜਲੂਸ ਸ਼ਾਂਤਮਈ ਅਤੇ ਅਵਾਜ਼ ਪ੍ਰਦੂਸ਼ਣ ਨਾ ਕਰਨ ਫਿਰ ਤਾਂ ਬਰਦਾਸ਼ਤ ਯੋਗ ਹੋ ਸਕਦੇ ਹਨ। ਰਸਤਿਆਂ ਵਿਚ ਕੋਈ ਰੁਕਾਵਟ ਨਾ ਪਾਉਣ। ਅੱਜ ਕਲ੍ਹ ਇਕ ਪਰੰਪਰਾ ਹੀ ਬਣ ਗਈ ਹੈ ਕਿ ਸਿਆਸੀ ਪਾਰਟੀ ਇਸ ਪਾਸੇ ਜ਼ਿਅਦਾ ਹੀ ਸਰਗਰਮ ਹੋ ਗਈਆਂ ਹਨ। ਧਰਨੇ, ਜਲਸੇ, ਜਲੂਸ ਅਤੇ ਮੁਜ਼ਾਹਰੇ ਕਰਨਾ ਉਨ੍ਹਾਂ ਦਾ ਮੁੱਖ ਮੰਤਵ ਬਣ ਗਿਆ ਹੈ। ਅਜਿਹੀਆਂ ਕਾਰਵਾਈਆਂ ਕਰਨ ਲੱਗੀਆਂ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀਆਂ ਪੀੜ੍ਹੀਆਂ ਥੱਲੇ ਸੋਟਾ ਕਿਉਂ ਨਹੀਂ ਫੇਰਦੀਆਂ? ਆਪੋ ਆਪਣੇ ਰਾਜ ਸਮੇਂ ਕੀਤੀਆਂ ਗ਼ਲਤੀਆਂ ਨੂੰ ਅਣਡਿਠ ਕਰਕੇ ਰਾਜ ਕਰ ਰਹੀ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਭਾਵੇਂ ਰਾਜ ਕਰ ਰਹੀ ਪਾਰਟੀ ਵੀ ਦੁੱਧ ਧੋਤੀ ਨਹੀਂ ਹੁੰਦੀ ਪ੍ਰੰਤੂ ਵਿਰੋਧੀਆਂ ਨੂੰ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕੇ, ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਸੀ। ਪਿਛੇ ਜਹੇ ਸ਼ਰੋਮਣੀ ਅਕਾਲੀ ਦਲ, ਜਿਸਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ, ਉਹ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਪਟਿਆਲਾ ਜਿਲ੍ਹੇ ਦੇ ਪਿੰਡ ਕਲਿਆਣ ਵਿਚੋਂ ਗੁਮਸ਼ੁਦੀ ਬਾਰੇ ਧਰਨੇ ਲਾ ਰਹੇ ਸਨ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਅਕਾਲੀ ਦਲ ਧਰਨੇ ਲਾ ਰਿਹਾ ਹੈ, ਜਿਸਦੀ ਸਰਕਾਰ ਸਮੇਂ 2015 ਵਿਚ ਫਰੀਦਕੋਟ ਜਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ। ਇਥੇ ਹੀ ਬਸ ਨਹੀਂ ਸਗੋਂ ਪਿੰਡ ਦੀਆਂ ਕੰਧਾਂ ਤੇ ਪੋਸਟਰ ਲਗਾਏ ਗਏ ਕਿ ਤੁਹਾਡਾ ਗੁਰੂ ਚੋਰੀ ਹੋ ਗਿਆ, ਲਭ ਲਵੋ ਕਿਥੇ ਹੈ ? ਇਥੇ ਹੀ ਬਸ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਪਿੰਡ ਵਿਚ ਸੁਟ ਦਿੱਤੇ ਗਏ ਸਨ। ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸੀ ? ਸੁਖਬੀਰ ਸਿੰਘ ਬਾਦਲ ਉਸ ਸਮੇਂ ਪੰਜਾਬ ਸਰਕਾਰ ਦਾ ਗ੍ਰਹਿ ਮੰਤਰੀ ਸੀ, ਉਦੋਂ ਤਾਂ ਪੁਲਿਸ ਨੇ ਜਿਹੜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਦੇ ਵਿਰੋਧ ਵਜੋਂ ਧਰਨੇ ਤੇ ਸ਼ਾਂਤਮਈ ਬੈਠੇ ਸਨ, ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਦੋ ਸਿੰਘ ਸ਼ਹੀਦ ਕਰ ਦਿੱਤੇ ਸਨ। ਉਦੋਂ ਸਿੱਖ ਸੰਗਤਾਂ ਦਾ ਉਹ ਧਰਨਾ ਗ਼ਲਤ ਸੀ ਜਾਂ ਇਹ ਅਕਾਲੀ ਦਲ ਬਾਦਲ ਦਾ ਧਰਨਾ ਗ਼ਲਤ ਹੈ। ਇਸਤੋਂ ਵੀ ਵੱਧ ਜਦੋਂ ਪੁਲਿਸ ਘਰਾਂ ਦੀ ਤਲਾਸ਼ੀ ਕਰ ਰਹੀ ਸੀ ਤਾਂ ਪੁਲਿਸ ਨੂੰ ਅੱਧ ਵਿਚਾਲੇ ਤਲਾਸ਼ੀ ਬੰਦ ਕਰਨ ਦੇ ਹੁਕਮ ਕਿਸਨੇ ਦਿੱਤੇ ਸਨ ? ਜਦੋਂ ਕਿ ਗੁਮ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਰਾਮਦਗੀ ਹੋਣ ਦੇ ਨੇੜੇ ਸੀ। ਸੱਚਾ ਸਿਆਸਦਾਨ ਜੇਕਰ ਸੱਚਾਈ ਤੇ ਪਹਿਰਾ ਦੇਣ ਦੀ ਗੱਲ ਕਰੇ ਤਾਂ ਉਸਦੀ ਹਮਾਇਤ ਕਰਨੀ ਚਾਹੀਦੀ ਹੈ ਪ੍ਰੰਤੂ ਜਿਹੜਾ ਆਪ ਸੱਚਾ ਨਹੀਂ ਉਸਨੂੰ ਅਜਿਹੇ ਧਰਨੇ ਸ਼ੋਭਾ ਨਹੀਂ ਦਿੰਦੇ। ਅਕਾਲੀ ਦਲ ਬਾਦਲ ਦੇ ਰਾਜ ਸਮੇਂ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਵੀ ਠੇਸ ਪਹੁੰਚੀ ਹੈ। ਪੰਥ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵਾਲੇ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਵਾਉਣ ਦਾ ਜ਼ਿੰਮੇਵਾਰ ਵੀ ਅਕਾਲੀ ਦਲ ਹੈ, ਜਿਸਨੇ ਗੁਰਮੀਤ ਰਾਮ ਰਹੀਮ ਦੀ ਅਪੀਲ ਤੋਂ ਬਿਨਾ ਹੀ ਸਾਧਾਰਣ ਚਿੱਠੀ ਉਪਰ ਮੁਆਫ ਕਰ ਦਿੱਤਾ ਸੀ। ਸਿੱਖ ਧਰਮ ਦੀ ਪਰੰਪਰਾ ਅਨੁਸਾਰ ਮੁਆਫੀ ਹੋ ਸਕਦੀ ਹੈ ਪ੍ਰੰਤੂ ਜੇਕਰ ਸਥਾਪਤ ਪ੍ਰਣਾਲੀ ਅਪਣਾਈ ਜਾਵੇ। ਗ਼ਲਤ ਢੰਗ ਨਾਲ ਦਿੱਤੀ ਗਈ ਮੁਆਫੀ ਨੂੰ ਜ਼ਾਇਜ ਠਹਿਰਾਉਣ ਲਈ ਨੱਬੇ ਹਜ਼ਾਰ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦਿੱਤੇ ਗਏ। ਜਦੋਂ ਪੰਜਾਬ ਦੇ ਲੋਕਾਂ ਨੂੰ ਗੁੱਸਾ ਇਤਨਾ ਸੀ ਕਿ ਉਨ੍ਹਾਂ ਨੇ ਇਕ ਮਹੀਨੇ ਲਈ ਸਰਕਾਰ ਦੇ ਮੰਤਰੀਆਂ ਨੂੰ ਘਰਾਂ ਵਿਚ ਬੰਦ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਜਦੋਂ ਲੋਕਾਂ ਦਾ ਗੁੱਸਾ ਠੰਡਾ ਹੁੰਦਾ ਨਾ ਵੇਖਿਆ ਤਾਂ ਉਦੋਂ ਮੁਆਫੀਨਾਮਾ ਵਾਪਸ ਲੈ ਲਿਆ। ਸਿੱਖ ਧਰਮ ਦੇ ਇਤਿਹਾਸ ਵਿਚ ਕਿਧਰੇ ਨਹੀਂ ਮਿਲਦਾ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਮੁੱਖ ਮੰਤਰੀ ਆਪਣੀ ਕੋਠੀ ਵਿਚ ਬੁਲਾਕੇ ਮੁਆਫੀਨਾਮਾ ਦੇਣ ਦੇ ਹੁਕਮ ਦੇਵੇ। ਇਸਦੇ ਵਿਰੋਧ ਵਜੋਂ ਵੀ ਧਰਨਿਆਂ ਵਿਚ ਜ਼ਿਆਦਾ ਲੋਕ ਸ਼ਾਮਲ ਹੋਏ ਉਨ੍ਹਾਂ ਧਰਨਿਆਂ ਦੇ ਨਤੀਜੇ ਖਖ਼ਤਨਾਕ ਰਹੇ। ਸਿੱਖ ਧਰਮ ਵਿਚ ਅਕਾਲ ਤਖ਼ਤ ਸਭ ਤੋਂ ਸਰਵੋਤਮ ਮੰਨਿਆਂ ਜਾਂਦਾ ਹੈ। ਜਿਸਦੇ ਮੁੱਖੀ ਜਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਸੀ। ਅਕਾਲੀ ਦਲ ਨੇ ਉਸ ਤਖ਼ਤ ਦੀ ਮਰਿਆਦਾ ਭੰਗ ਕਰ ਦਿੱਤੀ ਗਈ। ਪੰਜਾਬ ਦੇ ਲੋਕਾਂ ਦੇ ਅਜੇ ਵੀ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਜ਼ਖ਼ਮ ਅੱਲੇ ਹਨ। ਉਹ ਬੇਅਦਬੀ ਨਾਸੂਰ ਦੀ ਤਰ੍ਹਾਂ ਰੜਕ ਰਹੀ ਹੈ। ਬੇਅਦਬੀ ਭਾਵੇਂ ਕਦੇ ਵੀ ਹੋਵੇ ਉਹ ਸਹਿਣ ਯੋਗ ਨਹੀਂ ਕਿਉਂਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਇਸਦਾ ਸੰਬੰਧ ਹੈ। ਸਿਆਸੀ ਪਾਰਟੀਆਂ ਪਤਾ ਨਹੀਂ ਕਿਉਂ ਲੋਕਾਂ ਨੂੰ ਬੇਵਕੂਫ ਹੀ ਸਮਝਦੀਆਂ ਹਨ। ਲੋਕ ਸਭ ਕੁਝ ਜਾਣਦੇ ਹਨ, ਬੇਸ਼ਕ ਇਸ ਸਮੇਂ ਉਹ ਬੋਲਕੇ ਰੋਸ ਪ੍ਰਗਟ ਨਹੀਂ ਕਰ ਰਹੇ ਪ੍ਰੰਤੂ ਇਸਦਾ ਅਰਥ ਇਹ ਨਹੀਂ ਕਿ ਉਨ੍ਹਾਂ ਨੂੰ ਦੁੱਖ ਨਹੀਂ। ਸਹੀ ਸਮੇਂ ਤੇ ਸਹੀ ਫੈਸਲਾ ਕਰਕੇ, ਉਹ ਆਪਣਾ ਵਿਰੋਧ ਪ੍ਰਗਟ ਕਰ ਦੇਣਗੇ। ਪੰਜਾਬ ਦੇ ਲੋਕ ਅਕਾਲੀ ਦਲ ਦੇ ਮਗਰ ਮੱਛ ਦੇ ਅਥਰੂ ਵਹਾਉਣ ਨੂੰ ਸਮਝਦੇ ਹਨ। ਉਹ ਅਕਾਲੀ ਦਲ ਬਾਦਲ ਨੂੰ ਲੋਕਾਂ ਦੇ ਦਿਲਾਂ ਵਿਚ ਮੁੜ ਥਾਂ ਬਣਾਉਣ ਲਈ ਜਦੋਜਹਿਦ ਕਰਨੀ ਪਵੇਗੀ। ਇਉਂ ਲੱਗ ਰਿਹਾ ਹੈ ਕਿ ਅਕਾਲੀ ਦਲ ਆਪਦੀ ਵਿਚਾਰਧਾਰਾ ਤੋਂ ਭਟਕ ਗਿਆ ਹੈ। ਹੁਣ ਅਕਾਲੀ ਦਲ ਕਿਹੜੇ ਮੂੰਹ ਨਾਲ ਧਰਨੇ ਲਾ ਰਿਹਾ ਹੈ। ਸਿਆਸਤਦਾਨਾ ਦੀ ਬੇਸ਼ਰਮੀ ਦੀ ਤਾਂ ਹੱਦ ਹੀ ਹੋ ਗਈ। ਸਰਕਾਰ ਦੀ ਵਿਰੋਧੀ ਪਾਰਟੀ ਹੋਣ ਕਰਕੇ ਸਿਰਫ ਵਿਰੋਧ ਪ੍ਰਗਟ ਕਰਨ ਲਈ ਧਰਨੇ ਲਗਾਏ ਜਾ ਰਹੇ ਹਨ। ਕਿਸੇ ਸਿਧਾਂਤ ਉਪਰ ਅਧਾਰਤ ਨਹੀਂ। ਜੇਕਰ ਸਿਧਾਂਤ ਦੀ ਗੱਲ ਹੁੰਦੀ ਤਾਂ ਉਹ ਧਰਨੇ ਲਾਉਣ ਬਾਰੇ ਸੋਚ ਹੀ ਨਹੀਂ ਸਕਦੇ ਸਨ ਕਿਉਂਕਿ ਪਹਿਲਾਂ ਉਹ ਆਪ ਗੁਨਾਹਗਾਰ ਹਨ। ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਪਰ ਬਾਦਲ ਅਕਾਲੀ ਦਲ ਕਾਬਜ਼ ਹੈ, ਵੱਲੋਂ ਪ੍ਰਕਾਸ਼ਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੇਚੇ ਜਾਂਦੇ ਹਨ। 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਿਕਾਰਡ ਵਿਚੋਂ ਗਾਇਬ ਹਨ। ਕੀ ਇਹ ਬੇਅਦਬੀ ਨਹੀਂ ? ਜਦੋਂ ਇਕ ਸਰੂਪ ਦੇ ਗੁਮ ਹੋ ਜਾਣ ਨੂੰ ਬੇਅਦਬੀ ਸਮਝੀ ਜਾ ਸਕਦੀ ਹੈ ਤਾਂ ਇਤਨੀ ਵੱਡੀ ਮਾਤਰਾ ਵਿਚ ਗਾਇਬ ਹੋਇਆਂ ਨੂੰ ਕਿਉਂ ਨਹੀਂ ? ਜਿਹੜੇ ਪੰਥਕ ਧੜੇ ਹੁਣ ਧਰਨੇ ਜਾਂ ਮੁਜ਼ਾਹਰੇ ਕਰਕੇ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਅਕਾਲੀ ਦਲ ਗੈਰਕਾਨੂੰਨੀ ਕਹੇਗਾ। ਇਸ ਲਈ ਹਰ ਸੰਸਥਾ ਅਤੇ ਸਿਆਸੀ ਪਾਰਟੀ ਨੂੰ ਅਜਿਹੀਆਂ ਕਾਰਵਾਈਆਂ ਕਰਨ ਤੋਂ ਪਹਿਲਾਂ ਧੀਰਜ ਨਾਲ ਆਪੋ ਆਪਣੀਆਂ ਕਾਰਵਾਈਆਂ ਤੇ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਜੋ ਉਹ ਕਰਨ ਜਾ ਰਹੇ ਹਨ, ਕੀ ਉਹ ਸਹੀ ਵੀ ਹੈ। ਸਿਰਫ ਵਿਰੋਧ ਕਰਨ ਲਈ ਵਿਰੋਧ ਨਾ ਕੀਤਾ ਜਾਵੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨਿਰੋਲ ਧਾਰਮਿਕ ਹੋਣੀ ਚਾਹੀਦੀ ਹੈ। ਉਸ ਵਿਚ ਸਿਆਸਤ ਦਾ ਕੋਈ ਕੰਮ ਨਹੀਂ। ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੀਆਂ ਇਨ੍ਹਾਂ ਗ਼ਲਤੀਆਂ ਕਰਕੇ ਉਦੋਂ ਭਾਵਨਾਵਾਂ ਵਿਚ ਵਹਿਕੇ ਸਿੱਖ ਸੰਗਤਾਂ ਨੇ ਧਰਨੇ ਅਤੇ ਮੁਜ਼ਾਹਰੇ ਕੀਤੇ ਸਨ। ਉਦੋਂ ਵੀ ਪੰਥਕ ਆਗੂਆਂ ਨੂੰ ਸੜਕਾਂ ਨਹੀਂ ਰੋਕਣੀਆਂ ਚਾਹੀਦੀਆਂ ਸਨ। ਸਰਕਾਰ ਨੂੰ ਵੀ ਸ਼ਾਂਤਮਈ ਬੈਠੇ ਧਰਨਾਕਾਰੀਆਂ ਤੇ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਸਨ।
ਕਾਂਗਰਸ ਪਾਰਟੀ ਵੀ ਅਕਾਲੀ ਦਲ ਦੀ ਤਰ੍ਹਾਂ ਹੀ ਕਰਦੀ ਰਹੀ ਹੈ। ਹਰ ਸਿਆਸੀ ਪਾਰਟੀ ਆਪਣੀ ਪਾਰਟੀ ਨੂੰ ਲੋਕਾਂ ਸਾਹਮਣੇ ਉਭਾਰਨ ਲਈ ਹਰ ਨਿੱਕੀ ਮੋਟੀ ਘਟਨਾ ਤੇ ਧਰਨੇ ਜਲਸੇ ਜਲੂਸ ਅਤੇ ਮੁਜ਼ਹਰੇ ਕਰਦੀ ਰਹੀ ਹੈ। ਹੁਣ ਕਰੋਨਾ ਦੀ ਬਿਮਾਰੀ ਸੰਬੰਧੀ ਧਰਨੇ ਅਤੇ ਮੁਜ਼ਾਹਰੇ ਹੋ ਰਹੇ ਹਨ। ਏਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਸਕੈਂਡਲ ਸੰਬੰਧੀ ਧਰਨੇ ਚਲ ਰਹੇ ਹਨ। ਪੰਜਾਬ ਵਿਚ ਤਾਂ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਧਰਨੇ ਲਗਾਤਾਰ ਹੋ ਰਹੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ। ਉਸੇ ਤਰ੍ਹਾਂ ਹੁਣ ਪੰਜਾਬ ਵਿਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਖਾਸ ਤੌਰ ਤੇ ਲੋਕ ਇਨਸਾਫ ਪਾਰਟੀ ਪੰਜਾਬ ਵਿਚ ਅਜਿਹੀਆਂ ਕਾਰਵਾਈਆਂ ਕਰ ਰਹੀਆਂ ਹਨ। ਸਰਕਾਰਾਂ ਦੀਆਂ ਵਧੀਕੀਆਂ ਅਤੇ ਗਲਤ ਨੀਤੀਆਂ ਦੇ ਵਿਰੁਧ ਲੋਕਾਂ ਨੂੰ ਵਿਰੋਧ ਪ੍ਰਗਟ ਕਰਨ ਦਾ ਸੰਵਿਧਾਨਿਕ ਪੂਰਾ ਅਧਿਕਾਰ ਹੈ ਪ੍ਰੰਤੂ ਇਸ ਅਧਿਕਾਰ ਦੀ ਦੁਰਵਰਤੋਂ ਠੀਕ ਨਹੀਂ। ਇਸ ਲਈ ਧਰਨਾਕਾਰੀਆਂ ਨੂੰ ਵੀ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸ਼ਾਂਤਮਈ ਢੰਗ ਨਾਲ ਆਪਣੇ ਗੁਸੇ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਅਜਿਹੇ ਕੰਮਾ ਲਈ ਥਾਂ ਨਿਸਚਤ ਕਰਕੇ ਕੁਝ ਨਿਯਮ ਬਣਾ ਦੇਣੇ ਚਾਹੀਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh੪੮0yahoo.com
31 ਅਗਸਤ ਬਰਸੀ ਤੇ ਵਿਸ਼ੇਸ : ਦ੍ਰਿੜ੍ਹਤਾ ਅਤੇ ਬਚਨਵਧਤਾ ਦਾ ਮੁਜੱਸਮਾ - ਬੇਅੰਤ ਸਿੰਘ - ਉਜਾਗਰ ਸਿੰਘ
ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਹੁਣ ਤੱਕ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਬਾਰੇ ਆਮ ਤੌਰ ਤੇ ਇਕ ਸਫਲ ਜਾਂ ਅਸਫਲ ਮੁੱਖ ਮੰਤਰੀ ਦੇ ਤੌਰ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਪੱਖ ਹੈ। ਸਮਾਜ ਕਦੀਂ ਵੀ ਇਕ ਵਿਅਕਤੀ ਦੀ ਕਾਰਗੁਜ਼ਾਰੀ ਬਾਰੇ ਇਕਮਤ ਨਹੀਂ ਹੁੰਦਾ। ਕੁਝ ਲੋਕ ਤਾਂ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਅਤੇ ਕੁਝ ਬੇਅੰਤਹਾ ਨਿੰਦਿਆ ਕਰਦੇ ਹਨ। ਇੰਜ ਹੋਣਾ ਕੁਦਰਤੀ ਹੈ ਕਿਉਂਕਿ ਇਹ ਇਨਸਾਨ ਦੀ ਫਿਤਰਤ ਦਾ ਹਿੱਸਾ ਹੈ। ਜੋ ਲੋਕਾਂ ਨੇ ਅਖ਼ਬਾਰਾਂ ਵਿਚ ਪੜ੍ਹਿਆ ਜਾਂ ਸੁਣਿਆਂ ਹੁੰਦਾ ਹੈ, ਉਸ ਨਾਲ ਹੀ ਉਨ੍ਹਾਂ ਦੀ ਇਕਤਰਫਾ ਰਾਇ ਬਣਦੀ ਹੁੰਦੀ ਹੈ। ਆਮ ਤੌਰ ਤੇ ਬਹੁਤੇ ਲੋਕ ਸੁਣੀ ਸੁਣਾਈ ਗੱਲ ਤੇ ਵਿਸਵਾਸ਼ ਕਰ ਲੈਂਦੇ ਹਨ। ਕੋਈ ਬਹੁਤੀ ਪੁਛ ਪੜਤਾਲ ਨਹੀਂ ਕਰਦੇ। ਪ੍ਰੰਤੂ ਬੇਅੰਤ ਸਿੰਘ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂ ਵੀ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਨਹੀਂ। ਮੇਰਾ ਵੀ ਬਹੁਤਾ ਵਾਹ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਆਪਣੀ ਸਰਕਾਰੀ ਨੌਕਰੀ ਦੌਰਾਨ ਹੀ ਪਿਆ ਹੈ। ਮੈਂ ਉਨ੍ਹਾਂ ਦੇ ਜੀਵਨ ਦੇ ਕੁਝ ਅਜਿਹੇ ਪਹਿਲੂਆਂ ਬਾਰੇ ਦਸਣਾ ਚਾਹੁੰਦਾ ਹਾਂ, ਜਿਨ੍ਹਾਂ ਬਾਰੇ ਪਰਿਵਾਰਿਕ ਮੈਂਬਰਾਂ ਤੋਂ ਬਿਨਾ ਆਮ ਲੋਕਾਂ ਨੂੰ ਜਾਣਕਾਰੀ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਰਕਾਰੀ ਕਾਲਜ ਲਾਹੌਰ ਦੇ ਗ੍ਰੈਜੂਏਟ ਸਨ। ਜਿਸ ਕਰਕੇ ਅੰਗਰੇਜ਼ੀ ਅਤੇ ਉਰਦੂ ਦੇ ਸਾਹਿਤ ਨਾਲ ਉਨ੍ਹਾਂ ਨੂੰ ਬਹੁਤ ਲਗਾਵ ਸੀ। ਉਹ ਉਰਦੂ ਦੇ ਸਾਹਿਤਕਾਰਾਂ ਨੂੰ ਬਹੁਤ ਸ਼ਿਦਤ ਨਾਲ ਪੜ੍ਹਦੇ ਸਨ। ਇਸਦਾ ਸਬੂਤ ਉਦੋਂ ਮਿਲਿਆ ਜਦੋਂ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਕਾਂਗਰਸ ਭਵਨ ਵਿਚਲਾ ਉਨ੍ਹਾਂ ਦਾ ਕਮਰਾ ਖਾਲੀ ਕੀਤਾ ਸੀ ਤਾਂ ਉਥੋਂ ਉਰਦੂ ਦੇ ਸਾਹਿਤਕਾਰਾਂ ਦੀਆਂ ਇਕ ਦਰਜਨ ਪੁਸਤਕਾਂ ਜਿਨ੍ਹਾਂ ਵਿਚ ਮੁਹੰਮਦ ਇਕਬਾਲ, ਮੀਰ ਤੱਕੀ ਮੀਰ, ਹਾਲੀ, ਕੈਫੀ ਆਜ਼ਮੀ, ਨਿਦਾ ਫਾਜਲੀ, ਮਿਰਜ਼ਾ ਗਾਲਿਬ, ਬਸ਼ੀਰ ਬਦਰ, ਫੈਜ਼ ਅਹਿਮਦ ਫੈਜ਼, ਗੁਲਜ਼ਾਰ ਅਤੇ ਜਿਗਰ ਜਲੰਧਰੀ ਆਦਿ ਦੀਆਂ ਇਹ ਪੁਸਤਕਾਂ ਉਨ੍ਹਾਂ ਦੇ ਕਮਰੇ ਵਿਚੋਂ ਮਿਲੀਆਂ ਸਨ। ਦੂਜਾ ਉਹ ਮਾਨਵਤਾ ਦੇ ਪੁਜਾਰੀ ਸਨ, ਜਿਸਦੇ ਸਬੂਤ ਵਜੋਂ ਦਸ ਰਿਹਾ ਹਾਂ ਕਿ ਜਦੋਂ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਰਹੇ ਕਾਫਲੇ ਤੇ ਅਚਾਨਕ ਲੁਟੇਰਿਆਂ ਨੇ ਹਮਲਾ ਕੀਤਾ ਤਾਂ ਕਾਫਲੇ ਦੇ ਮੈਂਬਰਾਂ ਵਿਚ ਹਫੜਾ ਦਫੜੀ ਮੱਚ ਗਈ ਅਤੇ ਚੀਕ ਚਹਾੜਾ ਪੈ ਗਿਆ। ਇਸ ਕਾਫਲੇ ਵਿਚ ਆਪਣੇ ਪਰਿਵਾਰ ਦੇ ਨਾਲ ਉਹ ਵੀ ਆ ਰਹੇ ਸਨ। ਲੁਟੇਰਿਆਂ ਨੇ ਕਾਫਲੇ ਵਾਲਿਆਂ ਨੂੰ ਨਕਦੀ ਅਤੇ ਗਹਿਣੇ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਕਾਫਲੇ ਵਿਚ ਬਜ਼ੁਰਗ, ਬੱਚੇ, ਬੱਚੀਆਂ ਅਤੇ ਇਸਤਰੀਆਂ ਆਪਣੇ ਘਰਾਂ ਦਾ ਜ਼ਰੂਰੀ ਸਾਜੋ ਸਾਮਾਨ ਗੱਡਿਆਂ ਤੇ ਲੱਦ ਕੇ ਆ ਰਹੇ ਸਨ। ਉਦੋਂ ਅਚਾਨਕ ਇਕ ਅਲੂਆਂ ਜਿਹਾ ਮਸ ਫੁੱਟ ਸੁਡੌਲ ਸਰੀਰ ਵਾਲਾ ਸੁੰਦਰ ਨੌਜਵਾਨ ਬੰਦੂਕ ਨਾਲ ਲੈਸ ਆਪਣੀ ਘੋੜੀ ਦੌੜਾਉਂਦਾ ਅਤੇ ਹਵਾਈ ਫਾਇਰ ਕਰਦਾ ਕਾਫਲੇ ਦੇ ਅੱਗੇ ਆ ਕੇ ਕਾਫਲੇ ਦੀ ਢਾਲ ਬਣ ਗਿਆ। ਲੁਟੇਰਿਆਂ ਨੇ ਆਪਦੀ ਜਾਨ ਨੂੰ ਖ਼ਤਰੇ ਵਿਚ ਮਹਿਸੂਸ ਕਰਦੇ ਤੁਰੰਤ ਰਫੂ ਚੱਕਰ ਹੋ ਗਏ। ਜਿਤਨੀ ਦੇਰ ਇਹ ਕਾਫਲਾ ਭਾਰਤ ਦੀ ਸਰਹਦ ਵਿਚ ਦਾਖ਼ਲ ਨਹੀਂ ਹੋ ਗਿਆ, ਉਤਨੀ ਦੇਰ ਇਹ ਨੌਜਵਾਨ ਕਾਫਲੇ ਦੀ ਹਿਫਾਜ਼ਤ ਕਰਦਾ ਹੋਇਆ ਕਾਫਲੇ ਦੇ ਆਲੇ ਦੁਆਲੇ ਅਤੇ ਅੱਗੇ ਪਿਛੇ ਘੋੜੀ ਦੌੜਾਉਂਦਾ ਰਿਹਾ। ਭਾਰਤ ਵਿਚ ਪਹੁੰਚਣ ਤੇ ਕਾਫਲੇ ਦੇ ਮੈਂਬਰਾਂ ਨੇ ਸੁਖ ਦਾ ਸਾਹ ਲਿਆ। ਇਸਤਰੀਆਂ ਅਤੇ ਬਜ਼ੁਰਗਾਂ ਨੇ ਇਸ ਨੌਜਵਾਨ ਨੂੰ ਅਸੀਸਾਂ ਨਾਲ ਲੱਦ ਦਿੱਤਾ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਨੌਜਵਾਨ ਕਿਸੇ ਦਿਨ ਦੂਜੀ ਵਾਰ ਵੀ ਦੇਸ ਦੀ ਆਜ਼ਾਦੀ ਤੇ ਹੋਣ ਵਾਲੇ ਅਸਿਧੇ ਖ਼ਤਰੇ ਨੂੰ ਰੋਕਣ ਲਈ ਢਾਲ ਬਣਕੇ ਆਵੇਗਾ। ਉਹ ਨੌਜਵਾਨ ਕੈਪਟਨ ਹਜ਼ੂਰਾ ਸਿੰਘ ਦਾ ਹੋਣਹਾਰ ਸਪੁੱਤਰ ਬੇਅੰਤ ਸਿੰਘ ਸੀ, ਜਿਹੜਾ ਫਰਵਰੀ 1992 ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਅਤੇ ਪੰਜਾਬ ਵਿਚ ਮੁੜ ਸ਼ਾਂਤੀ ਸਥਾਪਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਕ ਹੋਰ ਅਜਿਹੀ ਘਟਨਾ ਦਾ ਜ਼ਿਕਰ ਕਰਾਂਗਾ। ਜ਼ਹਿਰੀਲੀ ਤੇ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਅੱਜ ਕਲ੍ਹ ਬੜੀ ਚਰਚਾ ਹੈ। ਉਨ੍ਹਾਂ ਦਿਨਾ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕ ਮਰ ਰਹੇ ਸਨ। ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕੋਲ ਇਕ ਬਜ਼ੁਰਗ ਇਸਤਰੀ ਆਈ, ਉਸਨੇ ਰੋਂਦਿਆਂ ਦੱਸਿਆ ਕਿ ਉਸਦੀ ਦੀ ਇਕਲੌਤੀ ਔਲਾਦ ਇਕੋ ਸਪੁੱਤਰ ਸੀ, ਜੋ ਸ਼ਰਾਬ ਪੀਣ ਦੀ ਲਤ ਕਰਕੇ ਸਵਰਗ ਸਿਧਾਰ ਗਿਆ ਹੈ। ਉਸਦੀ ਨੂੰਹ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ। ਹੁਣ ਨਾ ਤਾਂ ਉਸ ਕੋਲ ਰਹਿਣ ਲਈ ਥਾਂ ਅਤੇ ਨਾ ਹੀ ਰੋਟੀ ਖਾਣ ਲਈ ਪੈਸਾ ਹੈ। ਬੇਅੰਤ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਉਹ ਸ਼ਰਾਬ ਪੀਣ ਦੇ ਵਿਰੁਧ ਸਨ। ਉਨ੍ਹਾਂ ਤੁਰੰਤ ਮੁੱਖ ਸਕੱਤਰ ਅਜੀਤ ਸਿੰਘ ਚੱਠਾ ਨੂੰ ਬੁਲਾਇਆ ਅਤੇ ਮੋਹਾਲੀ ਵਿਖੇ ਉਸ ਇਸਤਰੀ ਨੂੰ ਸਰਕਾਰੀ ਐਮ ਆਈ ਜੀ ਦਾ ਫਲੈਟ ਅਲਾਟ ਕਰਨ ਕਰਨ ਲਈ ਕਿਹਾ। ਫਲੈਟ ਤਾਂ ਅਲਾਟ ਹੋ ਗਿਆ ਪ੍ਰੰਤੂ ਉਸ ਇਸਤਰੀ ਨੇ ਕਿਹਾ ਕਿ ਉਸ ਕੋਲ ਤਾਂ ਕੋਈ ਪੈਸਾ ਹੀ ਨਹੀਂ। ਉਨ੍ਹਾਂ ਆਪਣੇ ਕੋਲੋਂ ਫਲੈਟ ਦੀ ਕੀਮਤ ਦਿੱਤੀ ਅਤੇ ਉਸ ਇਸਤਰੀ ਦੀ ਬੁਢਾਪਾ ਪੈਨਸ਼ਨ ਲਗਾਉਣ ਦੇ ਹੁਕਮ ਕੀਤੇ। ਤੁਸੀਂ ਹੈਰਾਨ ਹੋਵੋਗੇ ਉਨ੍ਹਾਂ ਮੋਹਾਲੀ ਵਿਖੇ ਸਰਕਾਰੀ ਕੋਟੇ ਵਿਚ ਵਿਧਾਨਕਾਰ ਹੁੰਦਿਆਂ ਇਕ ਪਲਾਟ ਅਲਾਟ ਕਰਵਾਇਆ ਸੀ। ਉਸਦੀ ਇਕੋ ਕਿਸ਼ਤ ਭਰੀ ਸੀ। ਪਰਿਵਾਰ ਨੂੰ ਇਸਦਾ ਕੋਈ ਪਤਾ ਨਹੀਂ ਸੀ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਇਕ ਟਰੰਕ ਵਿਚੋਂ ਇਸ ਪਲਾਟ ਦੀ ਅਲਾਟਮੈਂਟ ਦੇ ਕਾਗਜ਼ ਮਿਲੇ। ਉਹ ਆਪ ਪਲਾਟ ਖ੍ਰੀਦ ਨਹੀਂ ਸਕੇ ਪ੍ਰੰਤੂ ਲੋੜਬੰਦ ਵਿਧਵਾ ਇਸਤਰੀ ਨੂੰ ਫਲੈਟ ਲੈ ਦਿੱਤਾ। ਤੀਜੀ ਉਦਾਹਰਣ ਇਹ ਹੈ ਕਿ ਜਦੋਂ ਇਕ ਵਾਰ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਵਿਚ ਬਹੁਤ ਸਾਰੇ ਵਿਧਾਨਕਾਰਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਹਲਕਿਆਂ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਰਕਾਰੇ ਦਰਬਾਰੇ ਸੁਣੀ ਜਾਂਦੀ ਹੈ। ਵਿਧਾਇਕਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲੋਂ ਵਿਰੋਧੀਆਂ ਦੇ ਕੰਮ ਜ਼ਿਆਦਾ ਹੁੰਦੇ ਹਨ। ਉਸ ਸਮੇਂ ਉਨ੍ਹਾਂ ਬੋਲਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਦਾ ਮੈਂਬਰ ਵਿਧਾਨਕਾਰ, ਮੰਤਰੀ ਅਤੇ ਮੁੱਖ ਮੰਤਰੀ ਚੁਣਿਆਂ ਜਾਂਦਾ ਹੈ ਤਾਂ ਉਸ ਸਮੇਂ ਉਹ ਉਸ ਪਾਰਟੀ ਦਾ ਨੁਮਾਇੰਦਾ ਨਹੀਂ ਹੁੰਦਾ ਸਗੋਂ ਸਾਰੇ ਹਲਕੇ ਦਾ ਵਿਧਾਨਕਾਰ ਅਤੇ ਮੰਤਰੀ ਤੇ ਮੁੱਖ ਮੰਤਰੀ ਸਮੁਚੇ ਪੰਜਾਬ ਦੇ ਹੁੰਦੇ ਹਨ, ਨੁਮਾਇੰਦੇ ਕਿਸੇ ਇਕ ਪਾਰਟੀ ਦੇ ਨਹੀਂ। ਇਸ ਲਈ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਚੌਥੇ ਉਹ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਪਹਿਲ ਦੇ ਆਧਾਰ ਤੇ ਮਿਲਕੇ ਉਨ੍ਹਾਂ ਦੇ ਕੰਮ ਕਰਦੇ ਸਨ। ਉਹ ਅਜਿਹੇ ਮੁੱਖ ਮੰਤਰੀ ਸਨ, ਜਿਨ੍ਹਾਂ ਦਾ ਸਤਿਕਾਰ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕਰਦੇ ਸਨ। ਇਥੋਂ ਤੱਕ ਕਿ ਅਕਾਲੀ ਦਲ ਨੇ ਉਨ੍ਹਾਂ ਚੋਣਾਂ ਦਾ ਵਿਰੋਧ ਕੀਤਾ ਸੀ ਪ੍ਰੰਤੂ ਮੁੱਖ ਮੰਤਰੀ ਬਣਨ ਤੇ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ ਜੋ ਕਿ ਅਕਾਲੀ ਦਲ ਦਾ ਦਿਗਜ ਪ੍ਰਧਾਨ ਵੀ ਰਿਹਾ ਸੀ ਨੇ ਵਧਾਈ ਦਾ ਫੋਨ ਕੀਤਾ ਸੀ। ਪੰਜਵਾਂ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਸੁਤੰਤਰਤਾ ਸੰਗਰਾਮੀਆਂ ਨੂੰ ਨਗਰ ਸੁਧਾਰ ਸਭਾਵਾਂ, ਜਿਲ੍ਹਾ ਪ੍ਰੀਸ਼ਦਾਂ, ਸਹਿਕਾਰੀ ਸੰਸਥਾਵਾਂ ਅਤੇ ਹੋਰ ਕਈ ਚੇਅਰਮੈਨੀਆਂ ਦੇ ਕੇ ਸਨਮਾਨਤ ਕੀਤਾ। ਛੇਵਾਂ ਉਨ੍ਹਾਂ ਕਿਸੇ ਵੀ ਯੋਗ ਸਰਕਾਰੀ ਅਧਿਕਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ। ਇਕ ਉਦਾਹਰਣ ਦੇਣੀ ਚਾਹਾਂਗਾ ਕਿ ਪੰਜਾਬ ਦੇ ਇਕ ਸੀਨੀਅਰ ਅਕਾਲੀ ਨੇਤਾ ਦਾ ਨਜ਼ਦੀਕੀ ਰਿਸ਼ਤੇਦਾਰ ਆਈ ਏ ਐਸ ਲਈ ਨਾਮਜ਼ਦ ਕੀਤਾ ਅਤੇ ਬਾਅਦ ਵਿਚ ਉਸਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਵਾਜਿਆ। ਹਾਲਾਂ ਕਿ ਕਈ ਕਾਂਗਰਸ ਦੇ ਮੰਤਰੀਆਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਪ੍ਰੰਤੂ ਉਨ੍ਹਾਂ ਹਮੇਸ਼ਾ ਮੈਰਿਟ ਤੇ ਫੈਸਲੇ ਕੀਤੇ। ਸਤਵਾਂ ਉਨ੍ਹਾਂ ਦੀ ਜੀਵਨ ਸ਼ੈਲੀ, ਰਹਿਣ ਸਹਿਣ, ਖਾਣ ਪੀਣ ਅਤੇ ਪਹਿਨਣ ਦੀ ਬੜੀ ਸਾਧਾਰਣ ਸੀ। ਜੋ ਮਿਲਿਆ ਖਾ ਤੇ ਪਹਿਨ ਲਿਆ। ਰਾਜ ਭਾਗ ਸੰਭਾਲਦਿਆਂ ਹੀ ਉਸਨੇ ਲੋਕ ਰਾਜ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਚਾਇਤਾਂ, ਨਗਰ ਪਾਲਿਕਾਵਾਂ ਅਤੇ ਸਹਿਕਾਰੀ ਸੰਸਥਾਵਾਂ ਦੀਆਂ ਚੋਣਾ ਕਰਵਾਈਆਂ। ਪੰਜਾਬ ਵਿਚ ਸਭਿਆਚਾਰਕ ਮੇਲੇ ਲਾਉਣ ਦਾ ਮਾਹੌਲ ਸਥਾਪਤ ਕੀਤਾ ਗਿਆ।
ਦੇਸ ਦੀ ਵੰਡ ਸਮੇਂ ਉਨ੍ਹਾਂ ਦੇ ਪਿਤਾ ਕੈਪਟਨ ਹਜ਼ੂਰਾ ਸਿੰਘ ਦੀ ਫੌਜ ਵਿਚ ਪੋਸਟਿੰਗ ਪੱਛਵੀਂ ਪੰਜਾਬ ਵਿਚ ਸੀ, ਇਸ ਕਰਕੇ ਉਨ੍ਹਾਂ ਦਾ ਪਰਿਵਾਰ ਮਿੰਟਗੁਮਰੀ ਜਿਲ੍ਹੇ ਵਿਚ ਓਕਾੜਾ ਨੇੜੇ ਚੱਕ 53 -ਐਲ ਵਿਚ ਰਹਿੰਦਾ ਸੀ। ਉਨ੍ਹਾਂ ਦਾ ਜੱਦੀ ਪਿੰਡ ਲੁਧਿਆਣਾ ਜਿਲ੍ਹੇ ਵਿਚ ਰਾੜਾ ਸਾਹਿਬ ਦੇ ਨੇੜੇ ਬਿਲਾਸਪੁਰ ਹੈ। ਆਪ ਦਾ ਪਿਤਾ ਕੈਪਟਨ ਹਜ਼ੂਰਾ ਸਿੰਘ, ਦੋ ਭਰਾ ਕੈਪਟਨ ਬਚਨ ਸਿੰਘ ਅਤੇ ਕਰਨਲ ਭਜਨ ਸਿੰਘ ਫੌਜ ਵਿਚ ਸਨ। ਇਸ ਕਰਕੇ ਦੇਸ਼ ਭਗਤੀ ਆਪ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਰਕੇ ਵੀ ਜਾਣਿਆਂ ਜਾਂਦਾ ਹੈ। ਜਿਥੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਅਮਨ ਕਾਨੂੰਨ ਦੇ ਰਖਵਾਲੇ ਸਾਬਤ ਹੋਏ, ਉਥੇ ਹੀ ਉਹ ਮਾਨਵਤਾ ਦੇ ਪੁਜਾਰੀ ਵੀ ਸਨ। ਸਰਕਾਰਾਂ ਵੀ ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾ ਰਹੀਆਂ। ਉਨ੍ਹਾਂ ਦੀ ਯਾਦ ਵਿਚ ਚੰਡੀਗੜ੍ਹ ਵਿਖੇ ਉਸਾਰਿਆ ਜਾਣ ਵਾਲਾ ਮੈਮੋਰੀਅਲ ਪਿਛਲੇ 25 ਸਾਲਾਂ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਤਾਲਮੇਲ ਦੀ ਅਣਹੋਂਦ ਕਾਰਨ ਅਧੂਰਾ ਪਿਆ ਹੈ। ਜਦੋਂ ਕਿ ਚੋਣਾਂ ਮੌਕੇ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਂ ਤੇ ਵੋਟਾਂ ਲੈਂਦੀ ਹੈ।
31 ਅਗਸਤ 1995 ਨੂੰ ਆਖਰ ਉਹ ਦੇਸ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦੀ ਪ੍ਰਾਪਤ ਕਰ ਗਏ। ਅੱਜ ਉਨ੍ਹਾਂ ਦੀ ਸਮਾਧੀ ਸਥਲ 'ਤੇ ਚੰਡੀਗੜ੍ਹ ਵਿਖੇ ਕਰੋਨਾ ਦੀ ਮਹਾਮਾਰੀ ਕਰਕੇ ਸਿਰਫ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ॥
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
18 ਅਗਸਤ ਦੇ ਅੰਕ ਲਈ ਕੋਤਰ ਸੌਵੇਂ ਜਨਮ ਦਿਵਸ ਤੇ ਵਿਸ਼ੇਸ਼ : ਅਦਬ ਦਾ ਵਗਦਾ ਦਰਿਆ - ਡਾ ਹਰਿਭਜਨ ਸਿੰਘ - ਉਜਾਗਰ ਸਿੰਘ
ਡਾ ਹਰਿਭਜਨ ਸਿੰਘ ਦਿੱਲੀ ਅਦਬ ਦਾ ਵਗਦਾ ਦਰਿਆ ਸਨ। ਉਨ੍ਹਾਂ ਦਾ ਹਰ ਸ਼ਬਦ ਅਦਬ ਦੀ ਖ਼ੁਸ਼ਬੂ ਨਾਲ ਲਬਰੇਜ਼ ਹੁੰਦਾ ਸੀ। ਉਹ ਸਾਹਿਤਕ ਪ੍ਰਤਿਭਾ ਦੇ ਮਾਲਕ ਸਨ। ਪ੍ਰਤਿਭਾ ਕੁਦਰਤ ਦੀ ਦੇਣ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ , ਨਾ ਹੀ ਕਦੀਂ ਲੁਕ ਛਿਪਕੇ ਰਹਿੰਦੀ ਹੈ। ਇਨਸਾਨ ਭਾਵੇਂ ਕਿਹੋ ਜਹੇ ਹਾਲਾਤ ਵਿਚੋਂ ਲੰਘ ਰਿਹਾ ਹੋਵੇ, ਪ੍ਰਤਿਭਾ ਆਪਣੇ ਰੰਗ ਵਿਖਾ ਦਿੰਦੀ ਹੈ ਪ੍ਰੰਤੂ ਪ੍ਰਤਿਭਾ ਨੂੰ ਉਸਾਰੂ ਕੰਮਾ ਲਈ ਵਰਤਣਾ ਹੈ ਜਾਂ ਨਾਂਹਪੱਖੀ, ਇਹ ਇਹ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਸਿਰਮੌਰ ਚਿੰਤਕ, ਖੋਜੀ ਵਿਦਵਾਨ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਸਫਲ ਅਧਿਆਪਕ, ਨਿਮਰਤਾ ਦੇ ਪੁੰਜ ਅਤੇ ਸਾਹਿਤ ਵਿਚ ਸੰਵਾਦ ਅਤੇ ਵਿਵਾਦ ਦੀ ਪਰੰਪਰਾ ਸ਼ੁਰੂ ਕਰਨ ਵਾਲੇ ਡਾ ਹਰਿਭਜਨ ਸਿੰਘ ਵਿਲੱਖਣ ਪ੍ਰਤਿਭਾ ਅਤੇ ਸ਼ਖਸ਼ੀਅਤ ਦੇ ਮਾਲਕ ਰਹੱਸਵਾਦੀ ਕਵੀ ਅਤੇ ਆਲੋਚਕ ਸਨ। ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਹੈ। ਡਾ ਹਰਿਭਜਨ ਸਿੰਘ ਦੀ ਵਿਦਵਤਾ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਬਾਰੇ ਲਿਖਣ ਲਈ ਉਨ੍ਹਾਂ ਦੇ ਬਰਾਬਰ ਦਾ ਵਿਦਵਾਨ ਹੋਣਾ ਚਾਹੀਦਾ ਹੈ। ਮੈਂ ਇਸਦੇ ਕਾਬਲ ਨਹੀਂ ਪ੍ਰੰਤੂ ਉਨ੍ਹਾਂ ਦੇ ਕੋਤਰ ਸੌ ਵੇਂ (101ਵੇਂ) ਜਨਮ ਦਿਨ ਤੇ ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਾ ਚਾਹੁੰਦਾ ਹਾਂ। ਇਸ ਲਈ ਲਿਖਣ ਦੀ ਕੋਸਿਸ਼ ਕਰਾਂਗਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਵੇਖਦਿਆਂ ਜ਼ਿਦੰਗੀ ਦੇ ਸਾਰੇ ਰੰਗ ਮਾਣੇ ਸਨ। ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ, ਗ਼ਰੀਬੀ ਦਾਵੇ ਵਿਚ ਪਾਲਣ ਪੋਸਣ ਹੋਇਆ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀ ਝੋਲੀ ਨੂੰ ਆਪਣੀ ਪ੍ਰਤਿਭਾ ਦੇ ਰੰਗ ਨਾਲ ਬਹੁਰੰਗਾ ਅਤੇ ਮਾਲੋਮਾਲ ਕੀਤਾ। ਉਹ ਆਧੁਨਿਕ ਪੰਜਾਬੀ ਕਵਿਤਾ ਅਤੇ ਚਿੰਤਨ 'ਤੇ ਲਗਪਗ ਅੱਧੀ ਸਦੀ ਤੱਕ ਛਾਏ ਰਹੇ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਪੰਜਾਬੀ ਸਾਹਿਤ ਨੂੰ ਬੜੇ ਸਲੀਕੇ, ਤਰਤੀਬ, ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਲਿਖਿਆ, ਜਿਹੜਾ ਪੰਜਾਬੀ ਦੇ ਇਤਿਹਾਸ ਦਾ ਹਿੱਸਾ ਬਣ ਗਿਆ। ਡਾ ਹਰਿਭਜਨ ਸਿੰਘ ਨੇ 82 ਸਾਲ ਦੀ ਜ਼ਿੰਦਗੀ ਵਿਚ 89 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਉਹ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਸੰਸਥਾ ਸਨ ਕਿਉਂਕਿ ਉਨ੍ਹਾਂ ਦਾ ਸਾਹਿਤਕ ਕੰਮ ਇਸਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਵਿਚ ਪੰਜਾਬੀ ਦੇ 15 ਕਾਵਿ ਸੰਗ੍ਰਹਿ, 18 ਸਮੀਖਿਆ, 10 ਪਾਠ ਪੁਸਤਕਾਂ, 22 ਅਨੁਵਾਦ, 4 ਚੋਣਵੇਂ ਸੰਗ੍ਰਹਿ, 2 ਬਾਲ ਸਾਹਿਤ, 3 ਗਦ ਰਚਨਾ, ਇੱਕ ਰੇਡੀਓ ਫੀਚਰ, 17 ਸੰਪਾਦਿਤ, 4 ਹਿੰਦੀ, 3 ਅੰਗਰੇਜ਼ੀ ਅਤੇ ਇੱਕ ਫੁਟਕਲ ਪੁਸਤਕਾਂ ਸ਼ਾਮਲ ਹਨ। ਉਹ ਫਕੀਰ ਕਿਸਮ ਦਾ ਮਸਤ ਮੌਲਾ ਕਵੀ ਸੀ, ਜਿਹੜਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਦਾ ਰਿਹਾ। ਉਸਦੀ ਹਰ ਕਵਿਤਾ ਕਿਸੇ ਖਾਸ ਉਦੇਸ ਨੂੰ ਮੁੱਖ ਰੱਖਕੇ ਲਿਖੀ ਹੋਈ ਹੁੰਦੀ ਸੀ। ਜਾਣੀ ਕਿ ਉਸ ਦੀਆਂ ਕਵਿਤਾਵਾਂ ਸਮਾਜਿਕ ਲਹਿਰਾਂ ਅਤੇ ਸਥਾਨਕ ਕੌਮੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਵਿਚੋਂ ਪੈਦਾ ਹੋਈਆਂ ਹੁੰਦੀਆਂ ਸਨ। ਪੰਜਾਬੀ ਦਾ ਉਹ ਇਕੋ ਇਕ ਸਿਰਮੌਰ ਕਵੀ ਹੈ, ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਡੀ ਆਈ ਜੀ ਅਟਵਾਲ ਦੇ ਕਤਲ ਨੂੰ ਸਿੱਖ ਵਿਚਾਰਧਾਰਾ ਦੇ ਵਿਰੁੱਧ ਕਿਹਾ। ਬਲਿਊ ਸਟਾਰ ਅਪ੍ਰੇਸ਼ਨ ਨੂੰ ਹਰ ਪੰਜਾਬੀ ਖਾਸ ਤੌਰ ਤੇ ਸਿੱਖ ਨੇ ਬਹੁਤ ਹੀ ਗਲਤ ਕਿਹਾ ਅਤੇ ਉਨ੍ਹਾਂ ਦੇ ਦਿਲ ਵਲੂੰਧਰੇ ਗਏ। ਡਾ ਹਰਿਭਜਨ ੋਿਸੰਘ ਨੇ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ਰੇਸ਼ਨ, ਚੌਰਾਸੀ ਦਾ ਦਿੱਲੀ ਅਤੇ ਦੇਸ ਦੇ ਹੋਰ ਹਿਸਿਆਂ ਵਿਚ ਹੋਏ ਕਤਲੇਆਮ ਬਾਰੇ ਅਤਿ ਦਰਦਨਾਇਕ ਕਵਿਤਾਵਾਂ ਲਿਖੀਆਂ ਜਿਹੜੀਆਂ ਪਾਠਕਾਂ ਦੇ ਦਿਲਾਂ ਨੂੰ ਵਲੂੰਧਰ ਗਈਆਂ ਸਨ। ਉਨ੍ਹਾਂ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ-
ਹਰਿਮੰਦਰ ਨੂੰ ਤੁਰਦੀ ਜਾਵਾਂ, ਮਨ ਵਿਚ ਸੰਸਾ ਭਾਰਾ।
ਹਿੰਦੂ ਪੇਕੇ ਮੇਰੇ ਸਿੱਖ ਸਹੁਰੇ, ਮੇਰਾ ਕਿਥੇ ਸ਼ੁਮਾਰਾ।
ਤੈਂ ਦਰ ਛੱਡ ਕੇ, ਮੈਂ ਕੈਂ ਦਰ ਜਾਵਾਂ।
ਫੌਜਾਂ ਕੌਣ ਦੇਸ ਤੋਂ ਆਈਆਂ, ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਨੇ, ਜਿਸਨੇ ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡੱਸਿਆ ਅੱਗਾਂ ਪੱਥਰ ਦੇ ਵਿਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ।
ਇਕ ਹੋਰ ਕਵਿਤਾ ਵਿਚ ਉਨ੍ਹਾਂ ਲਿਖਿਆ-
ਹਰਿਮੰਦਰ ਦੀ ਕਰਨ ਜੁਹਾਰੀ ਤੂੰ ਆਈ ਕਰ ਟੈਂਕ ਸਵਾਰੀ।
ਸਤਿ ਸਿੰਘਾਸਣ ਹੱਥੀਂ ਢਾਹਿਆ, ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੋਹੋ ਖੋਹੀ ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇਂ, ਆਪੇ ਤੂੰ ਸੰਕਟ ਉਪਜਾਵੇਂ।
ਨਿਕਟੀ ਹੋ ਕੇ ਆਪ ਬਚਾਵੇਂ ਨਿਤ ਨਿਰਮੋਹੀ ਸਦਾ ਸਨੇਹੀ।
ਪਰਕਰਮਾ ਤਕ ਆ ਪੁਜੀਆਂ ਨੇ ਆਂਦਰ ਆਂਦਰ ਮਾਵਾਂ।
ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਿਰਨਾਵਾਂ।
ਉਹ ਜਿਹੜੇ ਵਿਚ ਪਰਦਖਣਾ ਡੁਲ੍ਹ ਗਏ ਲੈ ਕੇ ਤੇਰਾ ਨਾਵਾਂ।
ਦਿੱਲੀ ਵਿਚ ਹੋਏ ਕਤਲੇਆਮ ਬਾਰੇ ਉਨ੍ਹਾਂ ਦੀ ਇਕ ਕਵਿਤਾ ਹੈ-
ਕਲ੍ਹ ਅਸੀਂ ਯਾਰ ਸਾਂ, ਕਲ੍ਹ ਹੋਵਾਂਗੇ ਅੱਜ ਅਸੀਂ ਯਾਰ ਨਹੀਂ।
ਕਲ੍ਹ ਤੋਂ ਤੁਰੇ ਤੇ ਕਲ੍ਹ ਤਕ ਪਹੁੰਚੇ ਅਜ ਵਿਚਕਾਰ ਨਹੀਂ।
ਇਕ ਇਤਬਾਰ ਸੀ ਜੋ ਟੁੱਟ ਚੁੱਕਾ ਜੁੜ ਜਾਵੇਗਾ।
ਜੁੜ ਕੇ ਫੇਰ ਨਹੀਂ ਟੁੱਟੇਗਾ ਇਹ ਇਤਬਾਰ ਨਹੀਂ।
ਡਾ ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਆਸਾਮ ਰਾਜ ਦੇ ਲਮਡਿੰਗ ਸ਼ਹਿਰ ਵਿਚ ਪਿਤਾ ਗੰਡਾ ਸਿੰਘ ਅਤੇ ਮਾਤਾ ਗੰਗਾ ਦੇਈ (ਕਰਮ ਕੌਰ) ਦੇ ਘਰ ਹੋਇਆ। ਆਪਦੀਆਂ ਤਿੰਨ ਵੱਡੀਆਂ ਭੈਣਾ ਸਨ। ਆਪਦਾ ਜੱਦੀ ਪਿੰਡ ਭੁੱਲਰ ਅੰਮ੍ਰਿਤਸਰ ਜਿਲ੍ਹੇ ਵਿਚ ਸੀ। ਆਪਦੇ ਪਿਤਾ ਰੇਲਵੇ ਵਿਚ ਫੋਰਮੈਨ ਸਨ। ਚੰਗੀ ਜਾਇਦਾਦ ਵਾਲਾ ਖੁਸ਼ਹਾਲ ਪਰਿਵਾਰ ਸੀ ਪ੍ਰੰਤੂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਅਜੇ ਹਰਿਭਜਰਨ ਸਿੰਘ ਇਕ ਸਾਲ ਦਾ ਹੀ ਸੀ ਤਾਂ ਆਪਦੇ ਪਿਤਾ ਟੀ ਵੀ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਆਪਦੀ ਮਾਂ ਚਾਰੇ ਬੱਚਿਆਂ ਨੂੰ ਲੈ ਕੇ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਭੁਲਰ ਅਤੇ ਬਾਅਦ ਵਿਚ ਲਾਹੌਰ ਚਲੀ ਗਈ। ਤਿੰਨ ਸਾਲ ਪਿਤਾ ਦੀ ਜਾਇਦਾਦ ਦੇ ਸਹਾਰੇ ਚੰਗੇ ਨਿਕਲੇ ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾ ਵੀ ਸਵਰਗਵਾਸ ਹੋ ਗਈਆਂ। ਦੋਵੇਂ ਬੱਚੇ ਯਤੀਮ ਹੋ ਗਏ। ਬੱਚਿਆਂ ਦੀ ਵੇਖ ਭਾਲ ਕਰਨ ਵਾਲਾ ਕੋਈ ਨਾ ਰਿਹਾ। ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਲਮਡਿੰਗ ਵਾਲੀਆਂ ਪਿਤਾ ਪੁਰਖੀ ਜਾਇਦਾਦਾਂ ਤੇ ਕਬਜ਼ੇ ਕਰ ਲਏ, ਜਿਨ੍ਹਾਂ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਫਿਰ ਆਪਦੀ ਇਕ ਵਿਧਵਾ ਮਾਸੀ ਜਿਹੜੀ ਲਾਹੌਰ ਦੇ ਵਿਚ ਹੀ ਇਛਰਾਂ ਇਲਾਕੇ ਵਿਚ ਹੀ ਰਹਿੰਦੀ ਸੀ, ਉਸਨੇ ਬੱਚਿਆਂ ਦੀ ਜ਼ਿੰਮੇਵਰੀ ਲਈ ਅਤੇ ਉਨ੍ਹਾਂ ਨੂੰ ਪਾਲਿਆ। ਹਰਿਭਜਨ ਸਿੰਘ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਮਾਸੀ ਦੇ ਘਰ ਵਿਚ ਇਕੋ ਲਾਲਟੈਣ ਹੁੰਦੀ ਸੀ, ਜਦੋਂ ਘਰ ਦੇ ਕੰਮਾ ਤੋਂ ਵਿਹਲੀ ਹੁੰਦੀ ਤਾਂ ਫਿਰ ਮਾਸੀ ਉਹ ਲਾਲਟੈਣ ਹਰਿਭਜਨ ਸਿੰਘ ਦਿੰਦੀ ਤੇ ਫਿਰ ਉਹ ਉਸੇ ਦੀ ਰੌਸ਼ਨੀ ਵਿਚ ਪੜ੍ਹਾਈ ਕਰਦੇ ਸਨ। ਪੜ੍ਹਾਈ ਵਿਚ ਉਹ ਅਵਲ ਆਉਂਦਾ ਸੀ। ਦਸਵੀਂ ਡੀ ਏ ਵੀ ਸਕੂਲ ਲਾਹੌਰ ਵਿਚੋਂ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਨਾਲ ਪਾਸ ਕੀਤੀ। ਦਸਵੀਂ ਵਿਚੋਂ ਬੋਰਡ ਦੇ ਇਮਤਿਹਾਨ ਵਿਚੋਂ ਤੀਜੇ ਨੰਬਰ ਤੇ ਆਏ ਪ੍ਰੰਤੂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਹੋਮੋਪੈਥਿਕ ਕੈਮਿਸਟ ਦੀ ਦੁਕਾਨ ਤੇ ਸੇਲਜ਼ੈਨ ਦੀ ਨੌਕਰੀ ਕਰ ਲਈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੇਸ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਏ ਤੇ ਉਥੇ ਪਹਿਲਾਂ ਰੇਲਵੇ ਵਿਚ ਕਲਰਕ ਦੀ ਨੌਕਰੀ ਕੀਤੀ। ਉਸਤੋਂ ਬਾਅਦ ਭਾਰਤ ਸਰਕਾਰ ਵਿਚ ਅਪਰ ਡਵੀਜਨ ਕਲਰਕ ਭਰਤੀ ਹੋ ਗਏ। ਉਨ੍ਹਾਂ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਵਿਚ ਹੋਇਆ। ਆਪਦੇ ਤਿੰਨ ਲੜਕੇ ਹਨ। ਹਰਿਭਜਨ ਸਿੰਘ ਨੂੰ ਪੜ੍ਹਾਈ ਕਰਨ ਵਿਚ ਦਿਲਚਸਪੀ ਸੀ, ਇਸ ਕਰਕੇ ਕਲਰਕ ਦੀ ਨੌਕਰੀ ਛੱਡਕੇ ਉਸਨੇ ਖਾਲਸਾ ਸਕੂਲ ਦਿੱਲੀ ਵਿਖੇ ਸਹਾਇਕ ਲਾਇਬਰੇਰੀਅਨ ਦੀ ਨੌਕਰੀ ਕਰ ਲਈ। ਦਸਵੀਂ ਤੋਂ ਬਾਅਦ ਉਸਨੇ ਸਾਰੀ ਪੜ੍ਹਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਨੌਕਰੀ ਕਰਦਿਆਂ ਹੀ ਕੀਤੀ। ਸਭ ਤੋਂ ਪਹਿਲਾਂ 1940 ਵਿਚ ਪ੍ਰਭਾਕਰ, 1941 ਵਿਚ ਸਾਹਿਤਯ ਰਤਨ ਅਤੇ ਗਿਆਨੀ ਪਾਸ ਕੀਤੀ। ਉਸਤੋਂ ਬਾਅਦ ਮੁਨਸ਼ੀ ਫਾਜ਼ਲ, ਬੀ ਏ, ਐਮ ਏ ਹਿੰਦੀ ਅਤੇ ਐਮ ਏ ਅੰਗਰੇਜ਼ੀ ਲਿਟਰੇਚਰ ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਪੀ ਐਚ ਡੀ ਆਪਨੇ ''ਗੁਰਮੁਖੀ ਲਿਪੀ ਮੇਂ ਹਿੰਦੀ ਕਾਵਯ'' ਵਿਸ਼ੇ ਉਪਰ ਕੀਤੀ। ਪਹਿਲਾਂ ਆਪ 1958 ਵਿਚ ਖਾਲਸਾ ਕਾਲਜ ਦਿੱਲੀ ਅਤੇ ਬਾਅਦ ਵਿਚ ਹਿੰਦੀ ਦੇ ਲੈਕਚਰਾਰ ਲੱਗ ਗਏ। ਉਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਦੇ ਲੈਕਚਰਾਰ ਰਹੇ। ਦਿੱਲੀ ਯੂਨੀਵਰਸਿਟੀ ਵਿਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗੇ ਉਸਤੋਂ ਬਾਅਦ ਉਥੇ ਹੀ1968 ਵਿਚ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। 1984 ਵਿਚ ਸੇਵਾ ਮੁਕਤੀ ਤੋਂ ਬਾਅਦ ਆਖਰੀ ਸਮੇਂ ਤੱਕ ਉਹ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਮਰੈਟਿਸ ਰਹੇ। ਇਕ ਵਾਰ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਦੀ ਹੋ ਗਈ ਪ੍ਰੰਤੂ ਆਪਨੂੰ ਨੌਕਰੀ ਜਾਇਨ ਨਾ ਕਰਨ ਦਿੱਤੀ ਗਈ ਕਿਉਂਕਿ ਆਪ ਪੰਜਾਬੀ ਦੀ ਐਮ ਏ ਨਹੀਂ ਸਨ। ਹੈਰਾਨੀ ਦੀ ਗੱਲ ਹੈ, ਜਿਸ ਯੂਨੀਵਰਸਿਟੀ ਨੇ ਜਾਇਨ ਨਹੀਂ ਕਰਨ ਦਿੱਤਾ ਸੀ, ਉਸੇ ਯੂਨੀਵਰਸਿਟੀ ਨੇ ਆਪਨੂੰ 1996 ਵਿਚ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ। ਆਪਨੇ ਵੱਖ-ਵੱਖ ਵਿਸ਼ਿਆਂ ਕਵਿਤਾ, ਆਲੋਚਨਾ ਸਾਹਿਤਕ ਇਤਿਹਾਸ, ਜੀਵਨੀਆਂ ਅਤੇ ਅਨੁਵਾਦ ਦੀਆਂ ਪੰਜਾਬੀ ਭਾਸ਼ਾ ਵਿਚ 80 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਕੇ ਪੰਜਾਬੀ ਭਾਸ਼ਾ ਨੂੰ ਮਾਲੋਮਾਲ ਕੀਤਾ।
ਡਾ ਹਰਿਭਜਨ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਸਨ। ਉਨ੍ਹਾਂ ਨੇ ਦੋ ਮੌਕਿਆਂ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਆਯੋਜਤ ਸਮਾਗਮ ਜਿਸ ਵਿਚ ਸਮੁੱਚੇ ਸੰਸਾਰ ਤੋਂ ਪ੍ਰਤੀਨਿਧ ਆਏ ਹੋਏ ਸਨ ਵਿਚ ਭਾਰਤੀ ਪਰੰਪਰਾ ਤੇ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਚ ਸੂਫੀ ਮਤ ਤੇ ਭਾਰਤ ਵਿਸ਼ੇ ਤੇ ਭਾਸ਼ਣ ਦਿੱਤੇ ਜਿਨ੍ਹਾਂ ਨੇ ਡਾ ਹਰਿਭਜਨ ਸਿੰਘ ਦੀ ਵਿਲੱਖਣ ਵਿਦਵਤਾ ਦਾ ਸਿੱਕਾ ਜਮ੍ਹਾ ਦਿੱਤਾ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਸੀ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਹ ਸਮਰਪਤ ਭਾਵਨਾ ਵਾਲੇ ਬੁੱਧੀਜੀਵੀ ਸਨ। ਉਨ੍ਹਾਂ ਦੀ ਵਿਦਵਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਜਿਹੜੇ ਵਿਦਵਾਨਾ ਨੇ ਉਨ੍ਹਾਂ ਅਧੀਨ ਪੀ ਐਚ ਡੀ ਕੀਤੀ ਹੈ ਉਨ੍ਹਾਂ ਵਿਚ ਡਾ ਅਤਰ ਸਿੰਘ, ਡਾ ਸੁਤਿੰਦਰ ਸਿੰਘ ਨੂਰ, ਡਾ ਜਸਪਾਲ ਸਿੰਘ ਸਾਬਕਾ ਉਪਕੁਲਪਤੀ ਅਤੇ ਡਾ ਮਨਜੀਤ ਸਿੰਘ ਵਰਨਣਯੋਗ ਹਨ। ਡਾ ਹਰਿਭਜਨ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਦੇ ਲਗਪਗ 35 ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਸਨਮਾਨਿਆ। ਉਨ੍ਹਾਂ ਸਨਮਾਨਾ ਵਿਚੋਂ ਮੁੱਖ ਤੌਰ ਤੇ ਸਾਹਿਤ ਅਕਾਦਮੀ ਪੁਰਸਕਾਰ, ਬਿਰਲਾ ਫਾਊਂਡੇਸ਼ਨ ਸਰਸਵਤੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਅੰਤਰਰਾਸ਼ਟਰੀ ਸ਼ਰੋਮਣੀ ਸਾਹਿਤਕਾਰ ਸਨਮਾਨ, ਗਿਆਨੀ ਗੁਰਮੁੱਖ ਸਿੰਘ ਪੁਰਸਕਾਰ, ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਨਮਾਨ, ਸਾਹਿਤ ਕਲਾ ਪੁਰਸਕਾਰ, ਪੰਜਾਬ ਲਿਟਰੇਰੀ ਫੋਰਮ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਨੇ ਕਬੀਰ ਪੁਰਸਕਾਰ, ਉਤਰ ਪ੍ਰਦੇਸ ਸਰਕਾਰ ਦਾ ਸਨਮਾਨ ਅਤੇ ਵਾਰਿਸ ਸ਼ਾਹ ਪੁਰਸਕਾਰ ਵਰਨਣਯੋਗ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕੀ ਰੰਗ ਲਿਆਵੇਗਾ ? - ਉਜਾਗਰ ਸਿੰਘ
ਸਿਆਸਤ ਵਿਚੋਂ ਸੰਜੀਦਗੀ ਅਤੇ ਸਿਧਾਂਤ ਦੋਵੇਂ ਪਰ ਲਾ ਕੇ ਗਾਇਬ ਹੋ ਗਏ ਹਨ। ਖਾਸ ਤੌਰ ਤੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤਾਂ ਸੰਜੀਦਗੀ ਦੇ ਸਾਰੇ ਹੱਦ ਬੰਨੇ ਹੀ ਟੱਪ ਗਈ ਹੈ। ਸੰਜੀਦਾ ਮੁਦਿਆਂ ਉਪਰ ਵੀ ਹਲਕੀਆਂ ਤੂਹਮਤਾਂ ਦਾ ਦੌਰ ਚਲ ਰਿਹਾ ਹੈ। ਸਮਝ ਨਹੀਂ ਆ ਰਹੀ ਇਹ ਨੇਤਾ ਨੌਜਵਾਨ ਸਿਆਸਤਦਾਨਾ ਨੂੰ ਕਿਹੜੀ ਪ੍ਰੇਰਨਾ ਦੇਣੀ ਚਾਹੁੰਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣ। ਤਾਜ਼ਾ ਉਦਾਹਰਣ ਪੰਜਾਬ ਵਿਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ 119 ਇਨਸਾਨਾ ਦੀ ਮੌਤ ਦਾ ਮੁੱਦਾ ਹੈ। ਸਿਆਸਤਦਾਨਾ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਜਾਨੀ ਨੁਕਸਾਨ ਦੀ ਪੜਤਾਲ ਕਰਨ ਲਈ ਆਪਸ ਵਿਚ ਮਿਲ ਬੈਠਕੇ ਵਿਚਾਰ ਵਟਾਂਦਰਾ ਕਰਕੇ ਘਟਨਾ ਦੀ ਤਹਿ ਤੱਕ ਜਾ ਕੇ ਪੜਤਾਲ ਕਰਨ ਦੀ ਗੱਲ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀਆਂ ਤਜ਼ਵੀਜਾਂ ਦਾ ਮੁਲਾਂਕਣ ਕਰਦੇ ਸਗੋਂ ਉਹ ਤਾਂ ਆਪਸ ਵਿਚ ਹੀ ਉਲਝ ਗਏ। ਇਨਸਾਨੀਅਤ ਦੀਆਂ ਮੌਤਾਂ ਨੂੰ ਢਾਲ ਬਣਾਕੇ ਨਿੱਜੀ ਰੰਜ਼ਸ਼ਾਂ ਕੱਢਣਾ ਸਿਆਸਤਦਾਨਾ ਦਾ ਮੁੱਖ ਕੰਮ ਨਹੀਂ। ਇਤਨਾ ਸੰਜੀਦਾ ਮਸਲਾ ਉਥੇ ਦਾ ਉਥੇ ਹੀ ਖੜ੍ਹਾ ਰਹਿ ਗਿਆ। ਸਰਕਾਰ ਇਹ ਕਹਿਕੇ ਕਿ ਪੜਤਾਲ ਕਰਵਾਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਵਾਵਾਂਗੇ ਪੱਲਾ ਝਾੜਕੇ ਦੋਸ਼ ਮੁਕਤ ਨਹੀਂ ਹੋ ਸਕਦੀ। ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਿਸ ਕਰਵਟ ਬੈਠੇਗਾ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸਿਆਸਤ ਦੇ ਅਨਾੜੀ ਖਿਡਾਰੀਆਂ ਵਾਂਗ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ ਦੋਵੇਂ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ, ਤਿੰਨੋ ਇਕ ਦੂਜੇ ਤੇ ਹਲਕੇ ਪੱਧਰ ਦੇ ਦੋਸ਼ ਲਗਾ ਰਹੇ ਹਨ, ਜੋ ਉਨ੍ਹਾਂ ਦੇ ਸਟੇਟਸ ਅਨੁਸਾਰ ਸ਼ੋਭਾ ਨਹੀਂ ਦਿੰਦੇ। ਇਨ੍ਹਾਂ ਨੇਤਾਵਾਂ ਨੂੰ ਤਾਂ ਨੌਜਵਾਨ ਪੀੜ੍ਹੀ ਦੇ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਉਪਰ ਸੀਨੀਅਰ ਨੇਤਾਵਾਂ ਦੀ ਦੂਸ਼ਣਬਾਜ਼ੀ ਬੰਦ ਨਹੀਂ ਹੋ ਰਹੀ ਪਤਾ ਨਹੀਂ ਉਨ੍ਹਾਂ ਦੀ ਇਹ ਲੜਾਈ ਕੀ ਗੁਲ ਖਿਲਾਏਗੀ ਪ੍ਰੰਤੂ ਇਕ ਗੱਲ ਤਾਂ ਸਾਫ ਹੈ ਕਿ ਇਸ ਦੂਸ਼ਣਬਾਜ਼ੀ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਅਕਸ ਨੂੰ ਗਹਿਰਾ ਧੱਕਾ ਲੱਗੇਗਾ। ਦੋਵੇਂ ਧਿਰਾਂ ਆਪੋ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਵਿਚ ਲੱਗੀਆਂ ਹੋਈਆਂ ਹਨ। ਦੋਹਾਂ ਵਿਚੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ। ਇਸ ਦੂਸ਼ਣਬਾਜ਼ੀ ਨੂੰ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਰੋਕਣ ਦੀ ਕੋਸਿਸ਼ ਨਹੀਂ ਕਰ ਰਹੀ। ਅਸਲ ਵਿਚ ਇਹ ਬਿਆਨਬਾਜ਼ੀ ਕਮਜ਼ੋਰ ਕੇਂਦਰੀ ਲੀਡਰਸ਼ਿਪ ਦਾ ਨਤੀਜਾ ਹੈ। ਪੰਜਾਬ ਕਾਂਗਰਸ ਦੇ ਕੇਂਦਰੀ ਇਨਚਾਰਜ ਆਸ਼ਾ ਕੁਮਾਰੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋਈ ਹੈ। ਕੇਂਦਰ ਦੇ ਇਨਚਾਰਜ ਦਾ ਫਰਜ ਬਣਦਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨਾਲ ਬਿਹਤਰ ਤਾਲਮੇਲ ਰੱਖੇ। ਉਸਨੂੰ ਕਿਸੇ ਇਕ ਧੜੇ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਸ਼ਮਸ਼ੇਰ ਸਿੰਘ ਦੂਲੋ ਦੇ ਬਿਆਨ ਤੋਂ ਸਾਬਤ ਹੋ ਰਿਹਾ ਹੈ ਕਿ ਆਸ਼ਾ ਕੁਮਾਰੀ ਇਕ ਪਾਸੜ ਯੋਗਦਾਨ ਪਾ ਰਹੀ ਹੈ। ਇਹ ਬਿਲਕੁਲ ਸੱਚ ਹੈ ਕਿ ਸਿਆਸਤ ਵਿਚ ਹਰ ਵਿਅਕਤੀ ਕਿਸੇ ਅਹੁਦੇ ਦੀ ਪ੍ਰਾਪਤੀ ਦਾ ਨਿਸ਼ਾਨਾ ਲੈ ਕੇ ਆਉਂਦਾ ਹੈ। ਇਸਦਾ ਅਰਥ ਇਹ ਨਹੀਂ ਕਿ ਉਹ ਗ਼ਲਤ ਢੰਗ ਅਪਣਾਕੇ ਇਸਦੀ ਪ੍ਰਾਪਤੀ ਕਰੇ। ਸਿਆਸਤ ਵਿਚ ਲੋਕ ਸੇਵਾ ਦਾ ਸੰਕਲਪ ਖ਼ਤਮ ਹੁੰਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਿਚ ਇਸ ਸਮੇਂ ਹਰ ਸਿਆਸਤਦਾਨ ਵਰਕਰ ਬਣਕੇ ਕੰਮ ਕਰਨ ਨੂੰ ਤਿਆਰ ਨਹੀਂ, ਹਰ ਕੋਈ ਨੇਤਾ ਬਣਨਾ ਪਸੰਦ ਕਰਦਾ ਹੈ। ਸਿਆਸਤਦਾਨਾਂ ਵਿਚੋਂ ਦਰੀਆਂ ਵਿਛਾਕੇ, ਹੇਠਲੇ ਪੱਧਰ ਤੋਂ ਲੋਕ ਸੇਵਾ ਅਤੇ ਮਿਹਨਤ ਨਾਲ ਸਿਆਸਤ ਦੀ ਪੌੜੀ ਚੜ੍ਹਨਾ ਇਕ ਸਪਨਾ ਬਣਕੇ ਹੀ ਰਹਿ ਗਿਆ। ਲੋਕ ਸੇਵਾ ਦਾ ਸਭਿਆਚਾਰ ਸਿਆਸਤ ਵਿਚੋਂ ਮਨਫੀ ਹੋ ਗਿਆ ਹੈ। ਕਾਂਗਰਸ ਦਾ ਹਰ ਸਿਆਸਤਦਾਨ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ ਜਾਂ ਕੋਈ ਹੋਰ ਅਹੁਦੇ ਤੋਂ ਬਿਨਾ ਆਪਣੇ ਆਪਨੂੰ ਅਧੂਰਾ ਸਮਝਦਾ ਹੈ। ਇਸ ਲਈ ਇਨ੍ਹਾਂ ਅਹੁਦਿਆਂ ਦੀ ਪ੍ਰਾਪਤੀ ਲਈ ਸ਼ਾਰਟ ਕਟ ਮਾਰਕੇ ਸਿਖਰਲੀ ਪੌੜੀ ਚੜ੍ਹਨ ਦੀ ਕੋਸਿਸ਼ ਕਰ ਰਿਹਾ ਹੈ। ਜਿਸ ਕਰਕੇ ਪਾਰਟੀ ਵਿਚ ਨਿਘਾਰ ਆ ਰਿਹਾ ਹੈ। ਤਾਜਾ ਘਟਨਾਵਾਂ ਵਿਜੇਦਿਤਿਆ ਰਾਜੇ ਸਿੰਧੀਆ ਅਤੇ ਰਾਜੇਸ਼ ਪਾਇਲਟ ਦੀਆਂ ਹਨ, ਜਿਹੜੇ ਆਪਣੀ ਕਾਬਲੀਅਤ ਕਰਕੇ ਨਹੀਂ ਸਗੋਂ ਪਰਿਵਾਰਵਾਦ ਕਰਕੇ ਭਰ ਜਵਾਨੀ ਵਿਚ ਵੱਡੇ ਅਹੁਦੇ ਲੈ ਕੇ ਵੀ ਸੰਤੁਸ਼ਟ ਨਹੀਂ ਹੋਏ ਸਨ। ਇਨ੍ਹਾਂ ਦੋਹਾਂ ਨੌਜਵਾਨ ਨੇਤਾਵਾਂ ਦੇ ਵਿਵਹਾਰ ਦਾ ਸਾਰੇ ਰਾਜਾਂ ਦੀ ਕਾਂਗਰਸ ਤੇ ਪ੍ਰਭਾਵ ਪੈ ਰਿਹਾ ਹੈ। ਸਮੁੱਚੇ ਦੇਸ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਦਿਨ ਬਦਿਨ ਪਤਲੀ ਹੁੰਦੀ ਜਾ ਰਹੀ ਸੀ ਪ੍ਰੰਤੂ ਇਸਦੇ ਮੁਕਾਬਲੇ ਪੰਜਾਬ ਕਾਂਗਰਸ ਦੀ ਸਥਿਤੀ ਮਜ਼ਬੂਤ ਰਹੀ ਹੈ। 2009 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੇ ਦੇਸ ਵਿਚ ਕਾਂਗਰਸ ਪਾਰਟੀ ਨਿਘਾਰ ਵਲ ਨੂੰ ਜਾ ਰਹੀ ਹੈ। 2009 ਅਤੇ 2014 ਦੀਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਨੇਤਾ ਬਣਨ ਜੋਗੀਆਂ ਸੀਟਾਂ ਵੀ ਜਿੱਤ ਨਹੀਂ ਸਕੀ ਪ੍ਰੰਤੂ ਪੰਜਾਬ ਵਿਚ 2014 ਦੀਆਂ ਲੋਕ ਸਭਾ ਦੀਆਂ 13 ਸੀਟਾਂ ਵਿਚੋਂ 3 ਅਤੇ 2019 ਵਿਚ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿਚ ਕਾਂਗਰਸ ਪਾਰਟੀ ਦਾ ਆਧਾਰ ਅਜੇ ਬਰਕਰਾਰ ਹੈ ਪ੍ਰੰਤੂ ਪੰਜਾਬ ਸਰਕਾਰ ਦੀ ਕਮਜ਼ੋਰ ਕਾਰਗੁਜ਼ਾਰੀ ਅਤੇ ਨੇਤਾਵਾਂ ਦੀਆਂ ਖ਼ੁਦਗਰਜ਼ੀਆਂ ਵਾਲੀਆਂ ਹਰਕਤਾਂ ਪੰਜਾਬ ਕਾਂਗਰਸ ਨੂੰ ਵੀ ਲੈ ਡੁਬਣਗੀਆਂ। ਪੰਜਾਬ ਵਿਚ 2017 ਵਿਚ ਭਾਰੀ ਬਹੁਮਤ ਨਾਲ ਪੰਜਾਬ ਵਿਧਾਨ ਸਭਾ ਦੀ ਚੋਣ ਜਿਤਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਵੀ ਬਣਾ ਲਈ ਸੀ। ਪੰਜਾਬ ਦੇ ਕਾਂਗਰਸੀਆਂ ਨੂੰ ਸਰਕਾਰ ਰਾਸ ਨਹੀਂ ਆ ਰਹੀ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਾਂਗਰਸੀ ਨੇਤਾ ਸਰਕਾਰ ਦਾ ਅਕਸ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਨਿਤ ਦਿਨ ਨਵਾਂ ਵਾਦਵਿਵਾਦ ਛਿੜਿਆ ਰਹਿੰਦਾ ਹੈ। ਹਰ ਨੇਤਾ ਮੁੱਖ ਮੰਤਰੀ ਅਤੇ ਮੰਤਰੀ ਦੀਆਂ ਕੁਰਸੀਆਂ ਉਪਰ ਨਿਗਾਹ ਟਿਕਾਈ ਬੈਠਾ ਹੈ। ਇਸ ਕਰਕੇ ਹਰ ਤੀਜੇ ਦਿਨ ਕੋਈ ਨਾ ਕੋਈ ਅਜਿਹਾ ਬਿਆਨ ਦਾਗ ਦਿੰਦੇ ਹਨ, ਜਿਸ ਨਾਲ ਸਰਕਾਰ ਦੀ ਬਦਨਾਮੀ ਹੋਵੇ। ਇਹ ਨੇਤਾ ਕੇਂਦਰ ਵਿਚ ਬੈਠੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਸ਼ਹਿ ਉਪਰ ਢੋਲ ਵਜਾ ਰਹੇ ਹਨ। ਦਿੱਲੀ ਬੈਠੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੀ ਕਾਂਗਰਸ ਦੀਆਂ ਜੜਾਂ ਵਿਚ ਤੇਲ ਦੇ ਰਹੀ ਹੈ। ਇਕ ਕਹਾਵਤ ਹੈ, 'ਚੁੱਕੀ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ' ਇਹੋ ਪੰਜਾਬ ਦੇ ਕਾਂਗਰਸੀ ਕਰ ਰਹੇ ਹਨ। ਕੇਂਦਰ ਵਿਚ ਕਾਂਗਰਸ ਪਾਰਟੀ ਅਤਿਅੰਤ ਕਮਜ਼ੋਰ ਹੋਣ ਕਰਕੇ ਨਾ ਤਾਂ ਅਨੁਸ਼ਾਸਨ ਭੰਗ ਕਰਨ ਵਾਲਿਆਂ ਅਤੇ ਨਾ ਹੀ ਮੁੱਖ ਮੰਤਰੀ ਨੂੰ ਸਮਝਾਉਣ ਦੇ ਸਮਰੱਥ ਹੈ। ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਭਾਵੇਂ ਇਮਾਨਦਾਰ ਅਤੇ ਲੋਕਾਂ ਵਿਚ ਹਰਮਨ ਪਿਆਰਾ ਹੈ ਪ੍ਰੰਤੂ ਉਸਦੇ ਬਿਆਨਾ ਕਰਕੇ ਸਰਕਾਰ ਦੀਆਂ ਜੜ੍ਹਾਂ ਵਿਚ ਸੇਹ ਦਾ ਤਕਲਾ ਗੱਡਿਆ ਰਿਹਾ। ਚਲੋ ਉਹ ਤਾਂ ਅਜੇ ਸਿਆਸਤ ਵਿਚ ਬਹੁਤਾ ਤਜ਼ਰਬੇਕਾਰ ਵੀ ਨਹੀਂ ਸੀ, ਇਸ ਕਰਕੇ ਬਿਆਨਬਾਜ਼ੀ ਕਰਦਾ ਰਿਹਾ। ਉਹ ਤਾਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਦੀ ਦਖ਼ਲਅੰਦਾਜ਼ੀ ਨਾਲ ਸਿਧਾਂਤਾਂ ਨੂੰ ਮੁੱਖ ਰਖਕੇ ਨਹੀਂ ਸਗੋਂ ਇਕ ਨਿਸ਼ਾਨੇ ਨੂੰ ਆਧਾਰ ਬਣਾਕੇ ਕਾਂਗਰਸ ਵਿਚ ਆਇਆ ਸੀ, ਜਦੋਂ ਉਸਦਾ ਨਿਸ਼ਾਨਾ ਪੂਰਾ ਹੁੰਦਾ ਨਾ ਦਿਖਿਆ ਤਾਂ ਉਹ ਅਖ਼ੀਰ ਅਸਤੀਫਾ ਦੇ ਕੇ ਮੰਤਰੀ ਮੰਡਲ ਵਿਚੋਂ ਬਾਹਰ ਚਲਾ ਗਿਆ। ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਮੰਤਰੀ ਦੇ ਅਹੁਦੇ ਦੇ ਕੇ ਨਿਵਾਜਣ ਨਾਲ ਵੀ ਪੁਰਾਣੇ ਕਾਂਗਰਸੀਆਂ ਵਿਚ ਖੁਸਰਮੁਸਰ ਹੁੰਦੀ ਰਹੀ। ਪੰਜਾਬ ਦਾ ਤਾਜ਼ਾ ਘਟਨਾਕਰਮ ਬੜਾ ਹੀ ਅਜ਼ੀਬ ਕਿਸਮ ਦਾ ਹੋਇਆ ਹੈ। ਦੋ ਬਹੁਤ ਹੀ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ, ਦੋਵੇਂ ਸਾਬਕਾ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ, ਸਾਬਕਾ ਪੰਜਾਬ ਦੇ ਮੰਤਰੀ ਅਤੇ ਵਰਤਮਾਨ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਪਿਛਲੇ ਦਿਨੀ ਆਪਣੇ ਹੀ ਮੁੱਖ ਮੰਤਰੀ ਦੇ ਵਿਰੁੱਧ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਪੜਤਾਲ ਸੀ ਬੀ ਆਈ ਤੋਂ ਕਰਵਾਉਣ ਲਈ ਰਾਜਪਾਲ ਕੋਲ ਪਹੁੰਚ ਗਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਪੜਤਾਲ ਉਪਰ ਯਕੀਨ ਹੀ ਨਹੀਂ। ਚਾਹੀਦਾ ਤਾਂ ਇਹ ਸੀ ਕਿ ਉਹ ਪਹਿਲਾਂ ਮੁੱਖ ਮੰਤਰੀ ਨੂੰ ਸੀ ਬੀ ਆਈ ਪੜਤਾਲ ਕਰਵਾਉਣ ਲਈ ਕਹਿੰਦੇ, ਜੇ ਉਹ ਨਾ ਸੁਣਦੇ ਤਾਂ ਪਾਰਟੀ ਪੱਧਰ ਤੇ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਆਪਣੀ ਗੱਲ ਦੱਸਦੇ। ਪ੍ਰੰਤੂ ਉਨ੍ਹਾਂ ਤਾਂ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਤਰ੍ਹਾਂ ਜਿਵੇਂ ਉਸਨੇ ਆਪਣੇ ਹੀ ਮੁੱਖ ਮੰਤਰੀ ਦੇ ਭਰਿਸ਼ਟਾਚਾਰ ਵਿਰੁਧ ਰਾਜਪਾਲ ਨੂੰ ਯਾਦ ਪੱਤਰ ਦਿੱਤਾ ਸੀ, ਉਸੇ ਤਰ੍ਹਾਂ ਕੀਤਾ। ਇਹ ਦੋਵੇਂ ਨੇਤਾ ਪੜ੍ਹੇ ਲਿਖੇ, ਕਾਬਲ ਅਤੇ ਤਜ਼ਰਬੇਕਾਰ ਸਿਆਸਤਦਾਨ ਹਨ। ਉਹ ਆਪ ਉਚ ਅਹੁਦਿਆਂ ਤੇ ਰਹੇ ਹਨ। ਇਸ ਤਰ੍ਹਾਂ ਰਾਜਪਾਲ ਕੋਲ ਜਾਣ ਦੇ ਅਰਥ ਵੀ ਸਮਝਦੇ ਹਨ। ਉਨ੍ਹਾਂ ਨੂੰ ਇਸ ਯਾਦ ਪੱਤਰ ਦੇ ਲਾਭ ਨੁਕਸਾਨ ਬਾਰੇ ਸਭ ਕੁਝ ਪਤਾ ਹੈ। ਇਹ ਜਗਦੇਵ ਸਿੰਘ ਤਲਵੰਡੀ ਵਰਗੇ ਸਿਆਸਤਦਾਨ ਨਹੀਂ। ਏਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮੁੱਖ ਮੰਤਰੀ ਨੂੰ ਵੀ ਸੀਨੀਅਰ ਨੇਤਾਵਾਂ ਦੇ ਖਤਾਂ ਉਪਰ ਕਾਰਵਾਈ ਕਰਕੇ ਉਨ੍ਹਾਂ ਨੂੰ ਜਾਣਕਾਰੀ ਦੇਣੀ ਬਣਦੀ ਸੀ। ਦੋਹਾਂ ਨੇਤਾਵਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਪਹਿਲਾਂ ਬਹੁਤ ਸਾਰੇ ਮਸਲਿਆਂ ਬਾਰੇ ਖਤ ਲਿਖੇ ਹਨ ਪ੍ਰੰਤੂ ਮੁੱਖ ਮੰਤਰੀ ਦਫਤਰ ਨਾ ਤਾਂ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਕੋਈ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਰਾਜਪਾਲ ਕੋਲ ਉਨ੍ਹਾਂ ਦਾ ਜਾਣਾ ਜਾਇਜ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੂੰ ਸੰਜੀਦਾ ਕਿਸਮ ਦਾ ਸਿਆਸਤਦਾਨ ਸਮਝਿਆ ਜਾਂਦਾ ਸੀ ਉਸਨੇ ਤਾਂ ਪੈਂਦੀ ਸੱਟੇ ਜਲਦਬਾਜ਼ੀ ਵਿਚ ਇਨ੍ਹਾਂ ਦੋਹਾਂ ਸੀਨੀਅਰ ਨੇਤਾਵਾਂ ਵਿਰੁਧ ਕੌਮੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਅਨੁਸ਼ਾਸਨ ਭੰਗ ਕਰਨ ਕਰਕੇ ਅਨੁਸ਼ਾਸਨੀ ਕਾਰਵਾਈ ਕਰਨ ਲਈ ਲਿਖ ਦਿੱਤਾ। ਕਾਂਗਰਸ ਪਾਰਟੀ ਰਾਜ ਸਭਾ ਦੇ ਮੈਂਬਰਾਂ ਵਿਰੁਧ ਕਾਰਵਾਈ ਕਰਨ ਦੀ ਸਥਿਤੀ ਵਿਚ ਨਹੀਂ ਕਿਉਂਕਿ ਕਈ ਮਹੱਤਵਪੂਰਨ ਬਿਲ ਸੰਸਦ ਦੇ ਮੌਨਸੂਨ ਸੈਸਨ ਵਿਚ ਪੇਸ ਹੋਣੇ ਹਨ। ਏਥੇ ਹੀ ਬਸ ਨਹੀਂ ਪੰਜਾਬ ਦੇ ਮੰਤਰੀਆਂ ਨੇ ਵੀ ਦੋਹਾਂ ਨੇਤਾਵਾਂ ਵਿਰੁਧ ਕਾਰਵਾਈ ਕਰਨ ਲਈ ਬਿਆਨ ਦਾਗ ਦਿੱਤੇ ਹਨ। ਦੋਹਾਂ ਧਿਰਾਂ ਦੀਆਂ ਨਿੱਜੀ ਰੰਜ਼ਸਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਦੋਵੇਂ ਧਿਰਾਂ ਪੁਰਾਣੀਆਂ ਕਿੜਾਂ ਕੱਢ ਰਹੇ ਹਨ। ਕੋਈ ਵੀ ਕਾਂਗਰਸ ਪਾਰਟੀ ਹਿਤਾਂ ਨੂੰ ਮੁੱਖ ਰਖਕੇ ਸੰਜੀਦਗੀ ਤੋਂ ਕੰਮ ਨਹੀਂ ਲੈ ਰਿਹਾ। ਸ਼ਮਸ਼ੇਰ ਸਿੰਘ ਦੂਲੋ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਵੀ ਉਨ੍ਹਾਂ ਦਾ ਛੱਤੀ ਦਾ ਅੰਕੜਾ ਰਿਹਾ ਹੈ। ਉਸਨੇ ਤਾਂ ਇਕ ਹੋਰ ਬਿਆਨ ਦਿੱਤਾ ਹੈ ਜਿਸ ਵਿਚ ਸਾਰੇ ਮੰਤਰੀ ਮੰਡਲ ਅਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਤਾਜ਼ਾ ਬਿਆਨਬਾਜ਼ੀ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਦੇਵੇਗੀ। ਅਸਲ ਵਿਚ ਕਾਂਗਰਸੀਆਂ ਦੇ ਸਿਆਸੀ ਤਾਕਤ ਵੀ ਹਜ਼ਮ ਨਹੀਂ ਹੁੰਦੀ। ਕਾਂਗਰਸੀ ਹੀ ਵਿਰੋਧੀ ਪਾਰਟੀ ਦਾ ਰੋਲ ਅਦਾ ਕਰ ਰਹੇ ਹਨ। ਉਦੋਂ ਵੀ 2007 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਨੂੰ ਦੋਹਾਂ ਦੀ ਲੜਾਈ ਦਾ ਨੁਕਸਾਨ ਹੋਇਆ ਸੀ। ਹੁਣ ਵੀ ਪਾਰਟੀ ਘਾਟੇ ਵਿਚ ਰਹੇਗੀ ਜੇਕਰ ਕੇਂਦਰੀ ਕਾਂਗਰਸ ਨੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ - ਉਜਾਗਰ ਸਿੰਘ
ਪੰਜਾਬ ਦਾ ਸਭ ਤੋਂ ਜ਼ਿਅਦਾ ਨੁਕਸਾਨ ਕਈ ਤਰ੍ਹਾਂ ਦੇ ਮਾਫੀਆਂ ਨੇ ਕੀਤਾ ਹੈ। ਹਰ ਖੇਤਰ ਵਿਚ ਮਾਫੀਏ ਕੰਮ ਕਰ ਰਹੇ ਹਨ। ਨਸ਼ਿਆਂ ਦੇ ਮਾਫੀਏ ਨੇ ਤਾਂ ਪੰਜਾਬ ਦੀ ਜਵਾਨੀ ਹੀ ਖ਼ਤਮ ਕਰਨ ਦੇ ਕਿਨਾਰੇ ਲਿਆ ਕੇ ਖੜ੍ਹੀ ਕਰ ਦਿੱਤੀ। ਮੌਤ ਦੇ ਸੱਥਰਾਂ ਨੇ ਪੰਜਾਬ ਨੂੰ ਡਾਵਾਂਡੋਲ ਕਰ ਦਿੱਤਾ ਹੈ। ਪੰਜਾਬ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਗ਼ਲਤੀਆਂ ਕਰਕੇ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ। ਚਿੱਟੇ ਦਾ ਨਸ਼ਾ ਅਤੇ ਕਰੋਨਾ ਦਾ ਕਹਿਰ ਅਜੇ ਕਾਬੂ ਹੇਠ ਨਹੀਂ ਆ ਰਿਹਾ ਸੀ ਉਪਰੋਂ ਘਰ ਦੀ ਕੱਢੀ ਦੇਸੀ ਸ਼ਰਾਬ ਨੇ ਲਗਪਗ ਸਵਾ ਸੌ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਕਰੋਨਾਂ ਨਾਲ ਤਾਂ ਪੰਜਾਬ ਵਿਚ ਚਾਰ ਮਹੀਨਿਆਂ ਵਿਚ 4000 ਜਾਨਾ ਗਈਆਂ ਹਨ। ਜ਼ਹਿਰੀਲੀ ਸ਼ਰਾਬ ਨਾਲ ਤਾਂ ਇਕ ਦਿਨ ਵਿਚ ਹੀ 119 ਮੌਤਾਂ ਹੋ ਗਈਆਂ ਹਨ। ਗ਼ਰੀਬ ਘਰਾਂ ਦੇ ਰੋਜ਼ੀ ਰੋਟੀ ਕਮਾਉਣ ਵਾਲੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਦੇ ਪਰਿਵਾਰ ਰੁਲ ਜਾਣਗੇ। ਕੈਮੀਕਲ ਨਸ਼ਿਆਂ ਦੇ ਆਉਣ ਨਾਲ ਮਾਨਵਤਾ ਦਾ ਘਾਣ ਹੋ ਰਿਹਾ ਹੈ। ਹੁਣ ਤੱਕ ਚਿੱਟੇ ਦੇ ਨਸ਼ੇ ਨੂੰ ਹੀ ਸਭ ਤੋਂ ਘਾਤਕ ਸਮਝਿਆ ਜਾ ਰਿਹਾ ਸੀ ਪ੍ਰੰਤੂ ਘਰ ਦੀ ਕੱਢੀ ਦੇਸੀ ਸ਼ਰਾਬ ਵਿਚ ਕੈਮੀਕਲ ਪਾਉਣਾ, ਗ਼ਰੀਬ ਲੋਕਾਂ ਲਈ ਮੌਤ ਦਾ ਸੌਦਾਗਰ ਬਣਕੇ ਆਇਆ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਅਤੇ ਗੁਰਦਾਸਪੁਰ ਦੇ ਜਿਲ੍ਹਿਆਂ ਵਿਚ ਸ਼ਰਾਬ ਪੀਣ ਨਾਲ 119 ਵਿਅਕਤੀਆਂ ਦੇ ਮਾਰੇ ਜਾਣ ਨਾਲ ਪੰਜਾਬ ਵਿਚ ਇਕ ਵਾਰ ਫਿਰ ਤੋਂ ਸ਼ਰਾਬ ਮਾਫੀਆ ਚਰਚਾ ਵਿਚ ਆ ਗਿਆ ਹੈ। ਪੰਜਾਬ ਦਾ ਨੁਕਸਾਨ ਕਰਨ ਵਿਚ ਪਿਛਲੇ ਪੰਦਰਾਂ ਸਾਲਾਂ ਤੋਂ ਕਈ ਤਰ੍ਹਾਂ ਦੇ ਮਾਫੀਏ, ਜਿਨ੍ਹਾਂ ਵਿਚ ਮਾਈਨਿੰਗ, ਟਰਾਂਸਪੋਰਟ, ਗੈਂਗਸਟਰ, ਕੇਬਲ, ਲੈਂਡ, ਪ੍ਰਾਪਰਟੀ, ਟਰੈਵਲ ਏਜੰਟ ਅਤੇ ਮਨੁੱਖੀ ਤਸਕਰੀ ਬਹੁਤ ਜ਼ਿਆਦਾ ਹੀ ਸਰਗਰਮ ਹੋ ਗਏ ਹਨ। ਕਿਸੇ ਸਮੇਂ ਬਿਹਾਰ ਨੂੰ ਮਾਫੀਏ ਦਾ ਕੇਂਦਰ ਕਿਹਾ ਜਾਂਦਾ ਸੀ ਪ੍ਰੰਤੂ ਚੋਣਾ ਉਪਰ ਵਧੇਰੇ ਖਰਚੇ ਹੋਣ ਨਾਲ ਇਹ ਮਾਫੀਏ ਪੰਜਾਬ ਵਿਚ ਵੀ ਪੁਲਿਸ, ਅਫ਼ਸਰਸ਼ਾਹੀ ਅਤੇ ਰਾਜਨੀਤਕ ਲੋਕਾਂ ਦੀ ਸ਼ਰਨ ਵਿਚ ਆ ਕੇ ਪੈਰ ਜਮਾ ਗਏ ਹਨ। ਕਿਸੇ ਸਮੇਂ ਸ਼ਰਾਬ ਪੰਜਾਬ ਦੇ ਲਗਪਗ ਸਾਰੇ ਪਿੰਡਾਂ ਵਿਚ ਹੀ ਕੱਢੀ ਜਾਂਦੀ ਸੀ। ਉਹ ਸਿਰਫ ਲੋਕ ਆਪਣੇ ਪੀਣ ਜੋਗੀ ਹੀ ਕੱਢਦੇ ਸਨ। ਉਹ ਜ਼ਹਿਰੀਲੀ ਨਹੀਂ ਹੁੰਦੀ ਸੀ ਕਿਉਂਕਿ ਉਸ ਵਿਚ ਅੰਗੂਰ, ਸੌਂਫ, ਦਾਖਾਂ ਅਤੇ ਅਤੇ ਹੋਰ ਫਲ ਫਰੂਟ ਪਾ ਕੇ ਸੁਆਦਲੀ ਬਣਾਈ ਜਾਂਦੀ ਸੀ ਪ੍ਰੰਤੂ ਆਬਕਾਰੀ ਤੇ ਕਰ ਵਿਭਾਗ ਦੇ ਸਿਕੰਜਾ ਕਸਣ ਨਾਲ ਹੁਣ ਪੰਜਾਬ ਵਿਚ ਆਮ ਤੌਰ ਤੇ ਹੁਣ ਸ਼ਰਾਬ ਕੱਢੀ ਨਹੀਂ ਜਾਂਦੀ। ਹੁਣ ਤਾਂ ਸਿਰਫ ਅਜਿਹੇ ਇਲਾਕਿਆਂ ਵਿਚ ਸ਼ਰਾਬ ਕੱਢੀ ਜਾਂਦੀ ਹੈ, ਜਿਥੇ ਜਾਂ ਤਾਂ ਪੁਲਿਸ ਦੀ ਸਹਿ ਹੋਵੇ ਜਾਂ ਪੁਲਿਸ ਤੋਂ ਬਚਣ ਲਈ ਲੁਕਣ ਛਿਪਣ ਲਈ ਵਧੀਆ ਠਾਹਰ ਹੋਵੇ, ਭਾਵ ਦਰਿਆਵਾਂ ਦੇ ਕੰਢਿਆਂ, ਮੰਡ ਦਾ ਇਲਾਕਾ ਜਾਂ ਜੰਗਲ ਆਦਿ ਦੇ ਨੇੜੇ ਤੇੜੇ ਜਿਥੇ ਪੁਲਿਸ ਦਾ ਪਹੁੰਚਣਾ ਛੇਤੀ ਕੀਤਿਆਂ ਅਸੰਭਵ ਹੁੰਦਾ ਹੈ। ਹੁਣ ਪੰਜਾਬ ਦਾ ਮਾਲਵਾ ਅਤੇ ਦੁਆਬੇ ਦਾ ਇਲਾਕੇ ਇਹ ਕੰਮ ਥੋੜ੍ਹੇ ਲੋਕ ਕਰਦੇ ਹਨ। ਸਿਰਫ ਮਾਝੇ ਦੇ ਇਲਾਕੇ ਵਿਚ ਇਹ ਕੰਮ ਵੱਡੀ ਮਾਤਰਾ ਵਿਚ ਹੁੰਦਾ ਹੈ ਕਿਉਂਕਿ ਇਹ ਸਰਹੱਦੀ ਇਲਾਕਾ ਹੈ। ਸਭ ਤੋਂ ਖ਼ਤਨਾਕ ਰੁਝਾਨ ਇਹ ਪੈਦਾ ਹੋ ਗਿਆ ਕਿ ਹੁਣ ਘਰ ਦੀ ਕੱਢੀ ਦੇਸੀ ਸ਼ਰਾਬ ਦਾ ਵਿਓਪਾਰੀਕਰਨ ਹੋ ਗਿਆ। ਪਹਿਲਾਂ ਆਪੋ ਆਪਣੀ ਵਰਤੋਂ ਲਈ ਲੋਕ ਸ਼ਰਾਬ ਕੱਢਦੇ ਸਨ। ਹੁਣ ਵੇਚਣ ਦੇ ਕੰਮ ਦੇ ਸ਼ੁਰੂ ਹੋਣ ਨਾਲ ਇਸ ਨੂੰ ਬਣਾਉਣ ਲਈ ਕੈਮੀਕਲ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਜ਼ਿਆਦਾ ਮਾਤਰਾ ਵਿਚ ਵੇਚਣ ਲਈ ਸ਼ਰਾਬ ਬਣਾਉਣ ਲਈ ਜੇਕਰ ਪੁਰਾਣਾ ਤਰੀਕਾ ਅਪਣਾਇਆ ਜਾਵੇ ਤਾਂ ਘੱਟੋ ਘੱਟ ਪੰਦਰਾਂ ਦਿਨ ਦਾ ਪ੍ਰਾਸੈਸ ਹੁੰਦਾ ਹੈ। ਜਦੋਂ ਪੈਸਾ ਕਮਾਉਣ, ਛੇਤੀ ਅਮੀਰ ਬਣਨ ਅਤੇ ਵਿਓਪਾਰੀ ਰੁਚੀ ਹੁੰਦੀ ਹੈ, ਉਦੋਂ ਪਾਣੀ ਵਿਚ ਕੈਮੀਕਲ ਪਾ ਕੇ ਮਿੰਟਾਂ ਸਕਿੰਟਾਂ ਵਿਚ ਹੀ ਸਸ਼ ਤਿਆਰ ਹੋ ਜਾਂਦੀ ਹੈ। ਇਸਨੂੰ ਬਣਾਉਣ ਲਈ ਕੋਈ ਮਾਪ ਦੰਡ ਨਹੀਂ ਅਪਣਾਇਆ ਜਾਂਦਾ। ਇਸ ਕਰਕੇ ਉਹ ਅਤਿਅੰਤ ਜ਼ਹਿਰੀਲੀ ਹੁੰਦੀ ਹੈ। ਮਾਝੇ ਦੇ ਲੋਕ ਦਲੇਰ ਵੀ ਹੁੰਦੇ ਹਨ, ਇਨ੍ਹਾਂ ਵਿਚ ਪੁਲਿਸ ਅਤੇ ਆਬਕਾਰੀ ਵਿਭਾਗ ਦਾ ਬਹੁਤਾ ਡਰ ਨਹੀਂ ਮੰਨਦੇ ਪ੍ਰੰਤੂ ਫਿਰ ਵੀ ਪੁਲਿਸ, ਆਬਕਾਰੀ ਵਿਭਾਗ ਅਤੇ ਸਥਾਨਕ ਸਿਆਸਤਦਾਨਾ ਦੀ ਮਿਲੀਭੁਗਤ ਤੋਂ ਬਿਨਾ ਇਹ ਸੰਭਵ ਹੀ ਨਹੀਂ ਹੋ ਸਕਦਾ ਕਿਉਂਕਿ ਇਹ ਧੰਧਾ ਗ਼ੈਰ ਕਾਨੂੰਨੀ ਹੈ। ਪਿਛਲੀ ਸਰਕਾਰ ਦੇ ਮੌਕੇ ਹਲਕਾ ਇਨਚਾਰਜ ਦੀ ਜਿਹੜੀ ਪਰੰਪਰਾ ਸ਼ੁਰੂ ਹੋ ਗਈ, ਉਸਨੇ ਪ੍ਰਬੰਧਕੀ ਢਾਂਚੇ ਦਾ ਸਤਿਆਨਾਸ ਕਰ ਦਿੱਤਾ ਹੈ ਕਿਉਂਕਿ ਉਸ ਹਲਕੇ ਵਿਚ ਸੰਬੰਧਤ ਹਲਕਾ ਇਨਚਾਰਜ ਤੋਂ ਬਿਨਾ ਕੋਈ ਕਰਮਚਾਰੀ ਅਤੇ ਅਧਿਕਾਰੀ ਤਾਇਨਾਤ ਹੀ ਨਹੀਂ ਕੀਤਾ ਜਾਂਦਾ। ਇਹ ਕਰਮਚਾਰੀ ਅਤੇ ਅਧਿਕਾਰੀ ਹਲਕਾ ਇਨਚਾਰਜ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਕੰਮ ਹੀ ਨਹੀਂ ਕਰਦੇ। ਫਿਰ ਉਹ ਲੋਕਾਂ ਨਾਲ ਇਨਸਾਫ ਕਿਵੇਂ ਕਰ ਸਕਦੇ ਹਨ। ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਲੋਕ ਗ਼ਲਤ ਰਸਤੇ ਅਪਣਾਉਂਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਹੁਣ ਤੱਕ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਵਿਚ ਚਾਰ ਇਸਤਰੀਆਂ ਵੀ ਸ਼ਾਮਲ ਹਨ। ਮਾਫੀਆ ਵਾਲੇ ਇਸਤਰੀਆਂ ਨੂੰ ਢਾਲ ਬਣਾਕੇ ਵਰਤਦੇ ਹਨ ਕਿਉਂਕਿ ਇਸਤਰੀਆਂ ਤੇ ਛੇਤੀ ਕੀਤਿਆਂ ਸ਼ੱਕ ਨਹੀਂ ਕੀਤੀ ਜਾਂਦੀ। ਇਕ ਕੇਸ ਵਿਚ ਇਸ ਧੰਧੇ ਵਿਚ ਸ਼ਾਮਲ ਇਸਤਰੀ ਦੇ ਪਤੀ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਉਸ ਇਸਤਰੀ ਨੇ ਕੀ ਖੱਟਿਆ ਅਜਿਹਾ ਗ਼ੈਰਕਾਨੂੰਨੀ ਧੰਧਾ ਕਰਕੇ। ਆਪਣਾ ਪਤੀ ਗੁਆ ਲਿਆ ਅਤੇ ਆਪ ਜੇਲ੍ਹ ਵਿਚ ਚਲੀ ਗਈ। ਪਿਛੇ ਬੱਚੇ ਰੁਲਦੇ ਰਹਿਣਗੇ, ਮਾਸੂਮ ਬੱਚਿਆਂ ਦਾ ਕੀ ਕਸੂਰ ਹੈ। ਕਰੋਨਾ ਸਮੇਂ ਲਾਕ ਡਾਊਨ ਵਿਚ ਜਦੋਂ ਸਰਕਾਰੀ ਠੇਕੇ ਬੰਦ ਸਨ, ਉਦੋਂ ਇਹ ਕਾਰੋਬਾਰ ਵੱਧ ਗਿਆ। ਮਰਨ ਵਾਲੇ ਬਹੁਤੇ ਗ਼ਰੀਬ ਲੋਕ ਹਨ। ਗ਼ਰੀਬ ਲੋਕ ਮਹਿੰਗੀ ਸ਼ਰਾਬ ਖ੍ਰੀਦ ਨਹੀਂ ਸਕਦੇ । ਗੈਰਕਾਨੂੰਨੀ ਕੰਮ ਕਰਨ ਵਾਲਾ ਇਹ ਮਾਫੀਆ ਸਸਤੀ ਸ਼ਰਾਬ ਵੇਚਦਾ ਹੈ। ਸਸਤੀ ਸ਼ਰਾਬ ਦੇ ਲਾਲਚ ਅਤੇ ਵਧੇਰੇ ਪੈਸਾ ਕਮਾਉਣ ਦੀ ਲਾਲਸਾ ਨੇ ਮਨੁੱਖੀ ਜਾਨਾ ਦੀ ਪ੍ਰਵਾਹ ਨਹੀਂ ਕੀਤੀ।
ਇੱਕ ਗੱਲ ਤਾਂ ਸਾਫ ਜ਼ਾਹਰ ਹੈ ਕਿ ਇਹ ਕਾਰੋਬਾਰ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾ ਹੋ ਸੰਭਵ ਹੀ ਨਹੀਂ ਹੋ ਸਕਦਾ ਕਿਉਂਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਕੈਮੀਕਲਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੈਮੀਕਲ ਹਰ ਥਾਂ ਤੇ ਨਹੀਂ ਮਿਲਦੇ। ਇਹ ਦੋਵੇਂ ਵਿਭਾਗ ਸਿਆਸੀ ਅਸ਼ੀਰਵਾਦ ਤੋਂ ਬਿਨਾ ਅਜਿਹਾ ਕੰਮ ਕਰਨ ਦੀ ਪ੍ਰਵਾਨਗੀ ਨਹੀਂ ਦੇਣਗੇ। ਅਜਿਹੇ ਮਾਫੀਏ ਵਾਲੇ ਲੋਕ ਹਰ ਸਰਕਾਰ ਵਿਚ ਇਹ ਕੰਮ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਿਸ ਪਿੰਡ ਜਾਂ ਇਲਾਕੇ ਵਿਚ ਇਹ ਕਾਰੋਬਾਰ ਹੋ ਰਿਹਾ ਹੈ ਉਥੋਂ ਦੇ ਲੋਕ ਅਤੇ ਸਮਾਜ ਸੇਵਕ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਨੂੰ ਐਨੇ ਵੱਡੇ ਪੱਧਰ ਤੇ ਹੋ ਰਹੇ ਕਾਰੋਬਾਰ ਬਾਰੇ ਪਤਾ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰੀ ਪ੍ਰਣਾਲੀ ਕਸੂਰਵਾਰ ਹੈ ਪ੍ਰੰਤੂ ਇਕੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਸਮਾਜ ਦੀ ਵੀ ਕੋਈ ਜ਼ਿੰਮੇਵਾਰੀ ਹੈ। ਸਮਾਜ ਵੀ ਬਰਾਬਰ ਦਾ ਦੋਸ਼ੀ ਹੈ। ਪੰਚਾਇਤਾਂ ਕੀ ਕੰਮ ਕਰ ਰਹੀਆਂ ਹਨ। ਉਹ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੰਦੀਆਂ। ਜੇਕਰ ਪੁਲਿਸ ਫਿਰ ਵੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਅੱਜ ਕਲ੍ਹ ਮੀਡੀਆ ਬੜਾ ਸਰਗਰਮ ਹੈ। ਅਖ਼ਬਾਰਾਂ ਅਤੇ ਚੈਨਲਾਂ ਵਾਲਿਆਂ ਨੂੰ ਕਿਉਂ ਸੂਚਿਤ ਨਹੀਂ ਕੀਤਾ। ਉਹ ਆਪੇ ਹੀ ਪੜਤਾਲ ਕਰਕੇ ਖ਼ਬਰਾਂ ਪ੍ਰਕਾਸ਼ਤ ਕਰਦੇ। ਸ਼ੋਸਲ ਮੀਡੀਆ ਤੇ ਸਾਰੀ ਗੱਲ ਨਸਰ ਹੋ ਸਕਦੀ ਹੈ। ਬਹੁਤ ਦੁੱਖ ਦੀ ਗੱਲ ਹੈ ਇਤਨੀ ਵੱਡੀ ਤਾਦਾਦ ਵਿਚ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਜੇ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ। ਕਈਆਂ ਦੀ ਅੱਖਾਂ ਦੀ ਨਿਗਾਹ ਖ਼ਤਮ ਹੋ ਗਈ ਅਤੇ ਕਈਆਂ ਤੇ ਬੁਰਾ ਅਸਰ ਪਿਆ ਹੈ। ਸਰਕਾਰ ਮਰਨ ਵਾਲਿਆਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਿਆ ਦੇ ਕੇ ਪੱਲਾ ਝਾੜ ਰਹੀ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਮਗਰਮੱਛ ਦੇ ਹੰਝੂ ਵਹਾ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਕਈ ਰਾਜਨੀਤਕ ਪਾਰਟੀਆਂ ਤਾਂ ਇਤਨੇ ਵੱਡੇ ਦੁਖਾਂਤ ਤੇ ਮਰਨ ਵਾਲਿਆਂ ਦੇ ਵਾਰਸਾਂ ਨੂੰ 15- 15 ਲੱਖ ਰੁਪਏ ਮਦਦ ਦੇਣ ਅਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਰ ਰਹੀਆਂ ਹਨ। ਨੌਕਰੀਆਂ ਤਾਂ ਪੜ੍ਹੇ ਲਿਖੇ ਕਾਬਲ ਵਿਅਕਤੀਆਂ ਨੂੰ ਨਹੀਂ ਮਿਲ ਰਹੀਆਂ। ਨੌਜਵਾਨ ਬੇਰੋਜ਼ਗਾਰ ਫਿਰਦੇ ਹਨ। ਉਨ੍ਹਾਂ ਦੀ ਮੈਰਿਟ ਕਿਥੇ ਜਾਵੇਗੀ। ਸਿਆਸਤਦਾਨਾਂ ਨੂੰ ਅਜਿਹੀਆਂ ਮੰਗਾਂ ਕਰਨ ਤੋਂ ਪਹਿਲਾਂ ਆਪੋ ਆਪਣੀਆਂ ਪੀੜ੍ਹੀਆਂ ਥੱਲੇ ਸੋਟੇ ਫੇਰਨੇ ਚਾਹੀਦੇ ਕਿ ਕੀ ਉਨ੍ਹਾਂ ਆਪਣੀ ਸਿਆਸੀ ਜ਼ਿੰਮੇਵਾਰੀ ਨਿਭਾਈ ਹੈ। ਪੁਲਿਸ ਨੇ ਦੋ ਮਹੀਨੇ ਪਹਿਲਾਂ ਗ਼ੈਰ ਕਾਨੂੰਨੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਫੜੀਆਂ ਸਨ। ਉਸ ਤੋਂ ਬਾਅਦ ਤਾਂ ਸਰਕਾਰ ਨੂੰ ਕੰਨ ਹੋ ਜਾਣੇ ਚਾਹੀਦੇ ਸਨ ਕਿ ਇਹ ਧੰਧਾ ਹੋਰ ਥਾਵਾਂ ਤੇ ਵੀ ਚਲ ਰਿਹਾ ਹੋਵੇਗਾ। ਕੋਈ ਸਾਰਥਿਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹੁਣ ਗ੍ਰਿਫਤਾਰੀਆਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਬੰਧਕੀ ਢਾਂਚੇ ਨੂੰ ਘਟਨਾ ਹੋਣ ਤੋਂ ਬਾਅਦ ਜਾਗ ਆਉਂਦੀ ਹੈ। ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅਜਿਹੀਆਂ ਪੜਤਾਲਾਂ ਦੀਆਂ ਫਾਈਲਾਂ ਦਫਤਰਾਂ ਵਿਚ ਲਾਲਫੀਤਾਸ਼ਾਹੀ ਦੇ ਹੱਥਾਂ ਵਿਚ ਰੁਲਦੀਆਂ ਰਹਿੰਦੀਆਂ ਹਨ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਰੇ ਕਿਸਮ ਦੇ ਮਾਫੀਏ ਨੂੰ ਨੱਥ ਪਾਉਣ ਲਈ ਕਰੜੇ ਹੱਥੀਂ ਕਦਮ ਚੁਕ ਜਾਣ ਤਾਂ ਜੋ ਮਾਨਵਤਾ ਦਾ ਹੋਰ ਨੁਕਸਾਨ ਨਾ ਹੋ ਸਕੇ। ਜੇਕਰ ਸਰਕਾਰ ਨੇ ਸਾਰਥਿਕ ਉਪਾਅ ਨਾ ਕੀਤੇ ਗਏ ਤਾਂ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com