Ujagar Singh

‘‘ਚੰਨ ਅਜੇ ਦੂਰ ਹੈ’’ ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ - ਉਜਾਗਰ ਸਿੰਘ

ਰਾਜਵਿੰਦਰ ਕੌਰ ਜਟਾਣਾ ਦਾ ਗ਼ਜ਼ਲ ਸੰਗ੍ਰਹਿ ਚੰਨ ਅਜੇ ਦੂਰ ਹੈ, ਮੁਹੱਬਤ, ਬਿਰਹਾ ਅਤੇ ਸਮਾਜਿਕ ਸਰੋਕਰਾਂ ਦਾ ਸੁਮੇਲ ਹੈ। ਸ਼ਾਇਰਾ ਦੀ ਕਵਿਤਾਵਾਂ ਦੀ ਇੱਕ ਆਹਟ ਨਾਮ ਦੀ ਪੁਸਤਕ ਪਹਿਲਾਂ ਹੀ 2016 ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। ਇਹ ਉਨ੍ਹਾਂ ਦੀ ਦੂਜੀ ਅਰਥਾਤ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ। ਸ਼ਾਇਰਾ ਦਾ ਪਿਛੋਕੜ ਮਾਲਵੇ ਦਾ ਦਿਹਾਤੀ ਹੋਣ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਨਿਰੋਲ ਦਿਹਾਤੀ ਮਲਵਈ ਹੈ। ਉਨ੍ਹਾਂ ਨੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ ਤਾਂ ਜੋ ਪਾਠਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ਼ਾਇਰਾ ਨੇ ਪੇਂਡੂ ਆਮ ਜੀਵਨ ਵਿਚ ਬੋਲੇ ਜਾਣ ਵਾਲੇ ਸ਼ਬਦਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਲੋਕਾਂ ਦੀ ਸ਼ਾਇਰਾ ਬਣਨ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ ਤੇ ਹੁਣ ਤੱਕ ਗ਼ਜ਼ਲ ਨੂੰ ਇਸਤਰੀ Çਲੰਗ ਕਹਿਕੇ ਔਰਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਪ੍ਰੰਤੂ ਆਧੁਨਿਕਤਾ ਦੇ ਦੌਰ ਵਿਚ ਇਹ ਧਾਰਨਾ ਵੀ ਬਦਲ ਗਈ ਹੈ। ਹੁਣ ਗ਼ਜ਼ਲ ਦੇ ਵਿਸ਼ੇ ਦਾ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਮੁੱਖ ਤੌਰ ਤੇ ਲਗਪਗ ਹਰ ਗ਼ਜ਼ਲ ਵਿਚ ਸਮਾਜਿਕ ਸਰੋਕਾਰਾਂ, ਮੁਹੱਬਤ, ਵਸਲ ਅਤੇ ਬਿਰਹਾ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲ ਵਿਚ ਕਿਉਂਕਿ ਇਕ ਸ਼ੇਅਰ ਦੂਜੇ ਸ਼ੇਅਰ ਨਾਲ ਮਿਲਣਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਰਾਜਵਿੰਦਰ ਕੌਰ ਜਟਾਣਾ ਦੀਆਂ ਲਗਪਗ ਸਾਰੀਆਂ ਗ਼ਜ਼ਲਾਂ ਵਿਚ ਕਈ ਵਿਸ਼ਿਆਂ ਨੂੰ ਛੂਹਿਆ ਹੁੰਦਾ ਹੈ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਬਹੁਮੰਤਵੀ ਅਤੇ ਬਹੁਰੰਗੀਆਂ ਹਨ। ਉਨ੍ਹਾਂ ਨੇ ਆਪਣੀ ਪਹਿਲੀ ਗ਼ਜ਼ਲ ਵਿਚ ਪੰਜਾਬ ਦੇ ਮਾਲਵੇ, ਦੁਆਬੇ ਅਤੇ ਮਾਝੇ ਦੇ ਵਸਿੰਦਿਆਂ ਦੀ ਫਿਤਰਤ ਬਾਰੇ ਲਿਖਦਿਆਂ ਮਲਵਈਆਂ ਨੂੰ ਸ਼ਪਸ਼ਟ ਅੰਦਰੋਂ ਬਾਹਰੋਂ ਇਕ, ਯਾਰਾਂ ਦੇ ਯਾਰ ਅਤੇ ਮੁਹੱਬਤੀ ਸੁਭਆ, ਦੁਆਬੀਆਂ ਦੀ ਦੇਸ਼ ਵਿਦੇਸ਼ ਵਿਚਲੀ ਸ਼ੋਭਾ ਦੀ ਚਰਚਾ ਕਰਦਿਆਂ, ਉਨ੍ਹਾਂ ਨੂੰ ਸ਼ੌਕੀਨ ਪ੍ਰੰਤੂ ਚੁਸਤ ਚਾਲਾਕ ਟੇਡੀ ਅੱਖ ਨਾਲ ਵੇਖਣ ਵਾਲੇ ਅਤੇ ਮਾਝੇ ਵਾਲਿਆਂ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਬਹਾਦਰ ਕਿਹਾ ਹੈ। ਇਕ ਕਿਸਮ ਨਾਲ ਪੰਜਾਬੀਆਂ ਦੇ ਕਿਰਦਾਰ ਨੂੰ ਸ਼ਪਸ਼ਟ ਕਰ ਦਿੱਤਾ। ਉਸ ਗ਼ਜ਼ਲ ਦੇ ਸ਼ੇਅਰ ਹਨ-

                   ਮਲਵਈਆਂ ਦੇ ਖੁਲ੍ਹੇ ਖਾਤੇ, ਯਾਰੀ ਤੇ ਦਿਲਦਾਰੀ ਦੇ,

                    ਭਰ-ਭਰ ਵੰਡਣ ਪਿਆਰ ਮੁਹੱਬਤ ਮੜਕ ਬੜੀ ਹੀ ਹੋਰ ਜਹੀ।

                     ਦੇਸ਼ ਵਿਦੇਸੀਂ ਤੂਤੀ ਬੋਲੇ ਵੇਖੋ ਲੋਕ ਦੁਆਬੇ ਦੇ,

                      ਟੌਹਰ ਸ਼ੁਕੀਨੀ ਲਾ ਕੇ ਰੱਖਣ, ਤੱਕਣੀ ਏ ਚਿੱਤ ਚੋਰ ਜਹੀ।

                       ਦੂਰੋਂ ਹੀ ਪਹਿਚਾਣੇ ਦੁਨੀਆ, ਮਾਝੇ ਦੇ ਸਰਦਾਰਾਂ ਨੂੰ,

                       ਗੁਰੂਆਂ ਪੀਰਾਂ ਹਿੰਮਤ ਦਿੱਤੀ, ਮਜ਼ਲੂਮਾ ਵਿੱਚ ਜ਼ੋਰ ਜਹੀ।

   ਇਸ ਗ਼ਜ਼ਲ ਸੰਗ੍ਰਹਿ ਵਿੱਚ ਬਹੁਤੀਆਂ ਗ਼ਜ਼ਲਾਂ ਮੁਹੱਬਤ, ਬਿਰਹਾ ਅਤੇ ਰੁਮਾਂਸਵਾਦ ਨਾਲ ਸੰਬੰਧਤ ਹਨ। ਇਨ੍ਹਾਂ ਗ਼ਜ਼ਲਾਂ ਵਿੱਚ ਆਸ਼ਕ ਮਸ਼ੂਕ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਤਾਅਨੇ ਮਿਹਣੇ ਦਿੰਦੇ ਹਨ। ਬੇਵਫ਼ਾਈ ਦੇ ਕੀਰਨੇ ਪਾਉਂਦੇ ਹਨ। ਮੁਹੱਬਤ ਵਿਚ ਭਾਵਨਾਵਾਂ ਨੂੰ ਸਮਝਣ ਦਾ ਜ਼ਿਕਰ ਕਰਦੇ ਹਨ। ਰੂਹ ਦੇ ਅਹਿਸਾਸ ਦਾ ਚੇਤਾ ਕਰਵਾਉਂਦੇ ਹਨ। ਕੁਝ ਗ਼ਜ਼ਲਾਂ ਦੇ ਸ਼ੇਅਰ ਹਨ-

                         ਤੇਰਾ ਜਾਣਾ, ਸਾਡਾ ਜੀਵਨ ਕਰ ਇੱਦਾਂ ਵੀਰਾਨ ਗਿਆ,

                         ਕੱਕੇ ਰੇਤ ‘ਚ ਤੜਪੇ ਮਛਲੀ ਤੱਕਦੀ ਛੱਲਾਂ ਲਹਿਰ ਦੀਆਂ।

                         ਤੇਰੀ ਮੇਰੀ ਜੋੜੀ ਸੱਜਣਾ ਚੰਨ ਚਕੋਰ ਜਿਹੀ ,

                          ਇਸ ਮਿੱਠੇ ਅਹਿਸਾਸ ਨੂੰ ਮਨੋਂ ਭੁਲਾਇਆ ਨਾ ਕਰ ਤੂੰ।

                           ਬੇਵਫ਼ਾਈ ਨਾਲ ਜਿਹੜੇ ਰੱਖ ਬੈਠੇ ਰਾਬਤਾ ਨੇ,

                             ਮਾਫ਼ ਕੀਤੇ ਜਾਣਗੇ ਨਾ ਬੋਲਦੀ ਤਹਿਰੀਕ ਸੀ।

                              ਸੁਣੀ ਨਾ ਹੂਕ ਬੇਦਰਦਾਂ, ਬੜਾ ਹੀ ਤਿਲਮਿਲਾਏ ਸੀ,

                              ਸਜ਼ਾ ਦਿੱਤੀ ਵਿਛੋੜੇ ਦੀ, ਵਫ਼ਾਵਾਂ ਚਾਹੁਣ ਤੋਂ ਪਹਿਲਾਂ।

        ਜਦੋਂ ਪਿਆਰ ਮੁਹੱਬਤ ਵਿਚ ਗ਼ਰਜਾਂ ਆ ਜਾਂਦੀਆਂ ਹਨ ਤਾਂ ਇਸ ਦੀ ਪਵਿਤਰਤਾ ਨੂੰ ਦਾਗ਼ ਲੱਗ ਜਾਂਦਾ ਹੈ। ਸ਼ਾਇਰਾ ਨੇ ਅਜਿਹੇ ਮੌਕੇ ਮਸ਼ੂਕ ਦੀਆਂ ਭਾਵਨਾਵਾਂ ਨੂੰ ਵੀ ਬੜੇ ਸੁਚੱਜੇ ਢੰਗ ਨਾਲ ਆਪਣੇ ਸ਼ੇਅਰਾਂ ਵਿਚ ਲਿਖਿਆ ਹੈ। ਸ਼ਾਇਰਾ ਅਨੁਸਾਰ ਤਲਬ ਦੀ ਪ੍ਰਾਪਤੀ ਲਈ ਬਣਿਆਂ ਰਿਸ਼ਤਾ ਚਿਰ ਸਥਾਈ ਨਹੀਂ ਹੁੰਦਾ। ਮਿੰਟਾਂ ਸਕਿੰਟਾਂ ਵਿਚ ਹੀ ਰਿਸ਼ਤਾ ਖ਼ਤਮ ਹੋ ਜਾਂਦਾ ਹੈ, ਜਦੋਂ ਦੋਵੇਂ ਇਕ ਦੂਜੇ ਨੂੰ ਧੋਖਾ ਦੇਣ ਵਾਲੇ ਹੋਣ। ਫਿਰ ਸਾਰੀ ਉਮਰ ਵਿਛੋੜੇ ਦਾ ਸੰਤਾਪ ਹੰਢਾਉਣਾ ਪੈਂਦਾ ਹੈ। ਜਦੋਂ ਪਿਆਰਾ ਅਰਮਾਨਾ ਦਾ ਕਤਲ ਕਰਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ। ਸ਼ਾਇਰਾ ਕੁੜੀਆਂ ਨੂੰ ਸੁਚੇਤ ਕਰਦੀ ਹੋਈ ਲਿਖਦੀ ਹੈ ਕਿ ਭਟਕਣਾ ਵਿਚ ਪੈ ਕੇ ਆਸ਼ਕਾਂ ਦੇ ਬਹਿਕਾਵੇ ਵਿੱਚ ਨਾ ਆ ਜਾਇਓ। ਸ਼ੇਅਰ ਇਸ ਪ੍ਰਕਾਰ ਹਨ।

                             ਕਾਵਾਂ ਹੱਥ ਸੁਨੇਹੇ ਘੱਲੇ ਸੁਣਦਾ ਬਾਤ ਨਹੀਂ।

                              ਗ਼ਰਜ਼ਾਂ ਖ਼ਾਤਰ ਨਿਤ ਮਿਲਣ ਲਈ ਆਇਆ ਨਾ ਕਰ ਤੂੰ।

                               ਤਲਬ ਦੇ ਲਈ ਬਣਿਆ ਰਿਸ਼ਤਾ ਤਿੜਕੇ ਪਲਕਾਂ ਝਪਕਦਿਆਂ,

                                ਉਮਰਾਂ ਦਾ ਪਛਤਾਵਾ ਪੱਲੇ ਹੋਵੇ ਫੇਰ ਜੁਦਾਈ ਦਾ।

                                 ਅਰਮਾਨਾ ਦੀ ਫਸਲ ਚੰਗੇਰੀ ਹੋਈ ਸੀ,

                                 ਰੂਹ ਦਾ ਭੇਤੀ ਆਇਆ ਜੜ੍ਹ ਤੋਂ ਪੁੱਟ ਗਿਆ।

                                  ਭਟਕਣ ਵਾਲੇ ਰਾਹੀਂ ਪੈਰ ਟਿਕਾਇਓ ਨਾ,

                                   ਚੋਗਾ ਪਾਉਣ ਸ਼ਿਕਾਰੀ ਕੁੜੀਓ ਖਾਇਓ ਨਾ।

 ਇਸ਼ਕ ਦੇ ਵਣਜ ਨੂੰ ਸ਼ਾਇਰਾ ਘਾਟੇ ਦਾ ਸੌਦਾ ਵੀ ਦਸਦੀ ਹੋਈ ਲਿਖਦੀ ਹੈ ਕਿ ਕਈ ਆਸ਼ਕ ਮਸ਼ੂਕ ਪਿਆਰ ਦੇ ਝਾਂਸੇ ਵਿਚ ਪਾ ਕੇ ਧੋਖਾ ਦੇ ਜਾਂਦੇ ਹਨ।

                                ਜਗਾਈ ਪਿਆਰ ਦੀ ਬੱਤੀ, ਬੁਝਾਈ ਓਸਨੇ ਆ ਕੇ,

                                ਵਸਲ ਦੀ ਆਸ ਦਾ ਬੂਹਾ ਸਦਾ ਫ਼ਿਰ ਢੋਹ ਗਿਆ ਮੈਥੋਂ।

                                ਇਸ਼ਕ ਦਾ ਪੈਂਡਾ ਔਖਾ ਮਿੱਤਰਾ ਇਸ ਤੋਂ ਥੋੜ੍ਹਾ ਦੂਰ ਰਹੀਂ,

                                ਨੇੜੇ ਹੋ-ਹੋ ਦਿਲ ਦੀਆਂ ਸੱਧਰਾਂ ਲੁੱਟਣ ਵਾਲੇ ਦੇਖੇ ਨੇ।

   ਨਸ਼ਿਆਂ ਦੀ ਸਮਾਜਿਕ ਬਿਮਾਰੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਸਨੂੰ ਵੀ ਸ਼ਾਇਰਾ ਨੇ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਨਸ਼ਿਆਂ ਬਾਰੇ ਕੁਝ ਸ਼ੇਅਰ ਹਨ-

                             ਚਿੱਟਾ ਲੈ ਕੇ ਬਹਿ ਗਿਆ ਸਾਡੇ ਸਾਰੇ ਰੰਗ,

                              ਗੋਦਾਂ ਹੋਈਆਂ ਸੁੰਨੀਆਂ ਹਰ ਥਾਂ ਭੁੱਜਦੀ ਭੰਗ।

                              ਨਸ਼ਿਆਂ ਵਾਲੇ ਕੋੜ੍ਹ ਦਾ ਲਾ ਲਿਆ ਜੇਕਰ ਵੈਲ,

                              ਇਹ ਹੈ ਕੋਰੀ ਜ਼ਹਿਰ ਜੋ ਨਸ-ਨਸ ਜਾਣੀ ਫੈਲ।

                              ਨਸ਼ਿਆਂ ਵਿਚ ਗ਼ਲਤਾਨ ਜਵਾਨੀ , ਐਨੀ ਹਾਲਤ ਮਾੜੀ ਹੈ,

                               ਆਪਣੇ ਹੱਥੀਂ ਆਪਣੀਆਂ ਕਬਰਾਂ ਪੁੱਟਣ ਵਾਲੇ ਦੇਖੇ ਨੇ।

   ਰਾਜਵਿੰਦਰ ਕੌਰ ਜਟਾਣਾ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧਤ ਹੋਣ ਕਰਕੇ ਕਿਸਾਨਾ ਦੇ ਦਰਦ ਨੂੰ ਭਲੀ ਪ੍ਰਕਾਰ ਸਮਝਦੀ ਹੈ। ਮਾਲਵੇ ਦੇ ਇਲਾਕੇ ਦੇ ਕਿਸਾਨਾ ਦੀ ਆਰਥਿਕ ਮੰਦਹਾਲੀ ਨੂੰ ਬੜਾ ਨੇੜਿਓਂ ਵੇਖਿਆ ਹੈ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਇਸ ਕਰਕੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਲਿਖਦੀ ਹੈ-

                       ਗ਼ਰੀਬੀ ਨਾਲ ਘੁਲਦੀ  ਇਉਂ ਕਿਸਾਨੀਂ ਏ,

                        ਕਿਸੇ ਦਿਨ ਵੇਖ ਹਾਲਤ ਮਾਲਵਾ ਬਣ ਕੇ।

                         ਖ਼ੁਦਕਸ਼ੀਆਂ ਦਾ ਰੱਸਾ ਜਿੱਥੇ ਲਟਕ ਰਿਹਾ,

                         ਕਿੰਨੇ ਕਰਮਾਂ ਹਾਰੀ ਟਾਹਲੀ ਬੇਰੀ ਸੀ।

                          ਗੁਨਾਹਗਾਰਾਂ ਲਈ ‘ਤੇ, ਹਰ ਸਜ਼ਾ ਹੁਣ ਮਾਫ਼ ਹੋ ਜਾਂਦੀ,

                           ਕਿਸਾਨੀ ਮਸਲਿਆਂ ਦੇ ਹਲ, ਬਸ ਸਲਫਾਸ ਹੁੰਦੇ ਨੇ।

                         ਤਾਅ ਉਮਰ ਵਿਹਾਈ ਖੇਤਾਂ ਵਿੱਚ, ਮਿੱਟੀ ਨਾ’ ਮਿੱਟੀ ਸੀ ਬਣਿਆ,

                           ਉਹਦਾ ਤਨ ਕੱਜਣ ਨੂੰ ਲੀਰ ਨਹੀਂ ਤੇ ਉਹਦਾ ਕੋਠਾ ਚੋਇਆ।

    ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਉਣ ਨਾਲ ਚੋਰੀਆਂ, ਠੱਗੀਆਂ ਵਿਚ ਵਾਧਾ ਹੋ ਗਿਆ ਹੈ। ਸਿਆਸਤਦਾਨ ਵੀ ਸਿਰਫ ਵੋਟ ਬੈਂਕ ਦਾ ਧਿਆਨ ਰੱਖਦੇ ਹਨ। ਇਸ ਮੰਤਵ ਲਈ ਵੋਟਰ ਨਸ਼ੇ ਅਤੇ ਪੈਸਿਆਂ ਦੀ ਖ਼ਾਤਰ ਆਪਣਾ ਈਮਾਨ ਵੇਚ ਦਿੰਦੇ ਹਨ। ਇਸ ਸੰਬੰਧੀ ਸ਼ਾਇਰਾ ਦੇ ਕੁਝ ਸ਼ੇਅਰ ਹਨ-

                            ਹੋ ਗਏ ਨੇ ਆਮ ਚੋਰੀ, ਠੱਗੀਆਂ ਦੇ ਮਾਮਲੇ,

                            ਮਿਲ ਰਹੇ ਨੇ ਚੋਰ, ਕੁੱਤੀ ਵਿਕ ਰਿਹਾ ਈਮਾਨ।

                           ਦਿਖਾਵੇ ਮੋਹ ਜਦੋਂ, ਨੇਤਾ ਜਤਾਵੇ ਹੱਕ ਕੁਰਸੀ ‘ਤੇ,

                           ਗ਼ਰੀਬਾਂ ਦੀ ਭਲਾਈ ਵਾਸਤੇ ਉਂਝ, ਹਿੱਤ ਨਾ ਹੁੰਦਾ।

                           ਹੁਣ ਵਿਕਾਊ ਵੋਟ ਉਸ ਦੀ ਚੰਦ ਟਕਿਆਂ ਵਾਸਤੇ,

                            ਤੇ ਨਸ਼ੇ ਵਿਚ ਗੁੱਟ ਆਉਂਦਾ ਘਰ ਰਿਹਾ ਹੈ ਆਦਮੀ।

  ਸ਼ਾਇਰਾ ਅਨੁਸਾਰ ਸਮਾਜਕ ਤਾਣੇ ਬਾਣੇ ਵਿਚ ਘੋਰ ਬੇਇਨਸਾਫੀ ਦਾ ਬੋਲ ਬਾਲਾ ਹੋ ਗਿਆ ਹੈ। ਜਿਸ ਕਰਕੇ ਬੱਚਿਆਂ ਦੀ ਮਾਨਸਿਕਤਾ ਬਿਮਾਰ ਹੋ ਗਈ ਹੈ। ਬਜ਼ੁਰਗਾਂ ਨੂੰ ਅਣਡਿਠ ਕੀਤਾ ਜਾਂਦਾ ਹੈ-

                               ਢਿਡੋਂ ਜੰਮੇ ਸਾਰ ਨਾ ਲੈਂਦੇ ਜਦੋਂ ਬੁਢਾਪਾ ਆਉਂਦਾ ਏ,

                                  ਆਪਣੇ ਤਨ ਦਾ ਆਪੇ ਸਭ ਨੂੰ ਬੋਝਾ ਚੁੱਕਣਾ ਪੈਂਦਾ ਹੈ

                                   ਬਜ਼ੁਰਗਾਂ ਦੀ ਸੇਵਾ ਬਣੇਂ ਤੇਰਾ ਤੀਰਥ,

                                   ਧੂੜਾਂ ਨੂੰ ਫੱਕਣ ਦੀ ਆਦਤ ਨਾ ਰੱਖੀਂ।

  ਰਾਜਵਿੰਦਰ ਕੌਰ ਜਟਾਣਾ ਇਨਸਾਨੀਅਤ ਵਿਚ ਆਈ ਗਿਰਾਵਟ ਨੂੰ ਪਾਣੀ ਵਿਚ ਜ਼ਹਿਰ ਘੋਲਣ ਵਾਲੇ ਸ਼ੇਅਰਾਂ ਰਾਹੀਂ ਦੱਸਣਾ ਚਾਹੁੰਦੀ ਹੈ ਕਿ ਇਨਸਾਨ ਨੂੰ ਆਪਣੀ ਮਾਨਸਿਕਤਾ ਨੂੰ ਪਵਿਤਰ ਰੱਖਣਾ ਜ਼ਰੂਰੀ ਹੈ। ਪਾਣੀ ਵਿੱਚ ਸਿੱਧੇ ਤੌਰ ਤੇ ਜ਼ਹਿਰ ਮਿਲਾਉਣਾ ਨਹੀਂ ਸਗੋਂ ਉਹ ਤਾਂ ਪਾਣੀ ਨੂੰ ਇਨਸਾਨੀਅਤ ਅਤੇ ਸਾਗਰ ਨੂੰ ਸਮਾਜ ਦੇ ਤੌਰ ਵਰਤਿਆ ਹੈ। ਭਾਵ ਇਨਸਾਨੀਅਤ ਵਿਚ ਜ਼ਹਿਰ ਮਿਲ ਗਿਆ ਹੈ। ਸ਼ਾਇਰਾ ਦੇ ਸ਼ੇਅਰ ਹਨ-

                           ਐਵੇਂ ਤਾਂ ਨੀ ਸਾਗਰ ਵਿੱਚੋਂ ਉਠਦੀਆਂ ਲਹਿਰਾਂ ਕਹਿਰ ਦੀਆਂ,

                           ਪਾਣੀ ਵਿੱਚ ਮਿਲਾ ਗਿਆ ਹੋਣਾ ਕੋਈ ਘੁੱਟਾਂ ਜ਼ਹਿਰ ਦੀਆਂ।

                           ਜ਼ਹਿਰ ਨਾ ਤੂੰ ਘੋਲ ਪਾਣੀ ਪਾਕ ਮੇਰੇ ਦੇਸ਼ ਦਾ,

                           ਰਹਿਬਰਾ ਵੇ ਪਾਣੀਆਂ ਨੂੰ ਪੀਣ ਜੋਗਾ ਰਹਿਣ ਦੇ।

   ਸ਼ਾਇਰਾ ਇਹ ਵੀ ਕਹਿੰਦੀ ਹੈ ਕਿ ਅਮੀਰ ਗ਼ਰੀਬ ਦੇ ਪਾੜੇ ਦਾ ਇਲਜ਼ਾਮ ਕੁਦਰਤ ‘ਤੇ ਲਾਉਣਾ ਜ਼ਾਇਜ਼ ਨਹੀਂ।  ਇਨਸਾਨ ਨੂੰ ਹਿੰਮਤ ਅਤੇ ਹੌਸਲੇ ਨਾਲ ਮਿਹਨਤ ਕਰਨੀ ਚਾਹੀਦੀ ਹੈ। ਧਰਮਾ ਦੇ ਠੇਕੇਦਾਰਾਂ ਤੋਂ ਵੀ ਬਚਕੇ ਰਹਿਣਾ ਚਾਹੀਦਾ ਹੈ। ਉਹ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਸ਼ੇਅਰਾਂ ਤੋਂ ਸਾਫ਼ ਹੋ ਜਾਂਦਾ ਹੈ-

                           ਇਹ ਪਾੜੇ ਮੁਲਕ ਨੇ ਪਾਏ ਅਮੀਰੀ ਗ਼ਰੀਬੀ ਦੇ,

                           ਨਾ ਕੁਦਰਤ ਭੇਦ ਕਰਦੀ ਏ ਦਿਸੇ ਹਰ ਪਾਸਿਉਂ ਚੰਗੀ।

                           ਜੋਸ਼, ਹਿੰਮਤ, ਹੌਸਲਾ ਜਿਸ ਕੋਲ ਹੈ,

                           ਸਫ਼ਲਤਾ ਦੇ ਨਿੱਘ ਅਕਸਰ ਮਾਣਦੇ।

                           ਜੇ ਕਰ ਲਓ ਮਿਹਨਤਾਂ ਡਟ ਕੇ ਕਮਾਈ ਫੇਰ ਹੋਣੀ ਏ,

                            ਕਿਸੇ ਝਾੜੀ ਲਗਾਇਆ ਆਪਣੇ ‘ਤੇ ਵਿੱਤ ਨਾ ਹੁੰਦਾ।

                             ਜਦੋਂ ਧਰਮਾਂ ਦੇ ਠੇਕੇਦਾਰ ਪਾਉਂਦੇ ਵੰਡੀਆਂ ਰਲ ਕੇ,

                             ਉਦੋਂ ਮੈਦਾਨ ਵਿੱਚ ਤਲਵਾਰ ਤੇ ਤਰਸ਼ੂਲ ਹੁੰਦੀ ਹੈ।

       ਚੰਨ ਅਜੇ ਦੂਰ ਹੈ ਗ਼ਜ਼ਲ ਸੰਗ੍ਰਹਿ ਵਿਚ 84 ਗ਼ਜ਼ਲਾਂ, 96 ਪੰਨੇ, 175 ਰੁਪਏ ਕੀਮਤ ਅਤੇ ਸਪਰੈਡ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਗ਼ਜ਼ਲਾਂ ਲਿਖਣ ਦਾ ਰਾਜਵਿੰਦਰ ਕੌਰ ਦਾ ਪਹਿਲਾ ਤਜ਼ਰਬਾ ਹੈ, ਉਨ੍ਹਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿਚ ਹੋਰ ਬਿਹਤਰ ਯੋਗਦਾਨ ਪਾਉਣਗੇ।

 

                                                          ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                                                                    

                                                                                   ਮੋਬਾਈਲ-94178 13072

                                                                                                                     ujagarsingh480yahoo.com

ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ -  ਉਜਾਗਰ ਸਿੰਘ

ਜਿਹੜੇ ਫੁੱਲ ਨੇ ਖ਼ੁਸ਼ਬੂ ਨਾਲ ਇਨਸਾਨੀਅਤ ਨੂੰ ਸ਼ਰਸਾਰ ਕਰਨਾ ਹੋਵੇ, ਜਿਸ ਬੂਟੇ ਨੇ ਫਲ ਦੇਣੇ ਹੋਣ, ਜਿਸ ਰੁੱਖ ਨੇ ਸੰਘਣੀ ਛਾਂ ਦੇਣੀ ਹੋਵੇ, ਜਿਸ ਦਰਖ਼ਤ ‘ ਤੇ ਪੰਛੀਆਂ ਨੇ ਆਲ੍ਹਣੇ ਪਾਉਣੇ ਹੋਣ ਅਤੇ ਜਿਸਤੇ ਚਿੜੀਆਂ ਨੇ ਚਹਿਕਣਾ ਹੋਵੇ, ਉਹ ਪੱਥਰ ਪਾੜਕੇ ਵੀ ਉਗ ਪੈਂਦਾ ਹੈ। ਬਿਲਕੁਲ ਉਸੇ ਤਰ੍ਹਾਂ ਇਨਸਾਨੀਅਤ ਦੇ ਰੂਪ ਵਿਚ ਆਪਣੀਆਂ ਰਹਿਮਤਾਂ ਦੀਆਂ ਖ਼ੁਸ਼ਬੋਆਂ ਵੰਡਣ ਲਈ ਭੀਮ ਇੰਦਰ ਸਿੰਘ ਇਸ ਪਦਾਰਥਵਾਦੀ ਸੰਸਾਰ ਵਿੱਚ ਆਏ ਅਤੇ ਵਿਦਿਆ ਦੀ ਰੌਸ਼ਨੀ ਨਾਲ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਹੋਏ ਹਨ। ਪੱਥਰ ਪਾੜਕੇ ਸੰਸਾਰ ਵਿਚ ਆਉਣ ਨੂੰ ਭਾਵੇਂ ਅਸੀਂ ਕੁਦਰਤ ਦਾ ਕਿ੍ਰਸ਼ਮਾ ਤਾਂ ਕਹਿ ਦਿੰਦੇ ਹਾਂ ਪ੍ਰੰਤੂ ਇਹ ਸਾਰਾ ਕੁਝ ਉਸ ਰੁੱਖ ਰੂਪੀ ਇਨਸਾਨ ਦੀ ਲਗਨ, ਦਿ੍ਰੜ੍ਹਤਾ, ਮਿਹਨਤ ਅਤੇ ਦੂਰਅੰਦੇਸ਼ੀ ‘ਤੇ ਨਿਰਭਰ ਕਰਦਾ ਹੈ। ਉਹ ਸੰਸਾਰ ਵਿਚ ਆ ਕੇ ਆਪਣੀ ਕਾਬਲੀਅਤ ਦਾ ਸਦਉਪਯੋਗ ਕਰਦਾ ਹੈ ਜਾਂ ਇਨਸਾਨੀ ਜੀਵਨ ਨੂੰ ਅਜਾਈਂ ਗੁਆ ਦਿੰਦਾ ਹੈ। ਪਰਮਾਤਮਾ ਇਕ ਮੌਕਾ ਤਾਂ ਹਰ ਇਨਸਾਨ ਨੂੰ ਦੇ ਦਿੰਦਾ ਹੈ ਪ੍ਰੰਤੂ ਉਸ ਅਵਸਰ ਨੂੰ ਸਾਂਭਣਾ ਤਾਂ ਉਸ ਇਨਸਾਨ ਦੀ ਕਾਬਲੀਅਤ ‘ਤੇ ਨਿਰਭਰ ਕਰਦਾ ਹੈ। ਬਿਲਕੁਲ ਉਸੇ ਤਰ੍ਹਾਂ ਭੀਮ ਇੰਦਰ ਸਿੰਘ ਦਾ ਜਦੋਜਹਿਦ ਅਤੇ ਦੁਸ਼ਾਵਰੀਆਂ ਵਾਲਾ ਬਚਪਨ ਸੀ, ਭਵਿਖ ਧੁੰਧਲਾ ਵਿਖਾਈ ਦਿੰਦਾ ਸੀ, ਜਦੋਂ ਸਿਰਫ਼ ਢਾਈ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਮਾਤਾ ਰਣਜੀਤ ਕੌਰ 1973 ਵਿਚ ਕਿਸਾਨੀ ਸੰਕਟ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਆਤਮ ਹੱਤਿਆ ਕਰ ਗਏ, ਬੱਚੇ ਨੇ ਅਜੇ ਮਾਂ ਦੀ ਗੋਦ ਦਾ ਨਿੱਘ ਮਾਣਦਿਆਂ ਉਭਰਨਾ ਸੀ ਤਾਂ ਉਹ ਸਮਾਂ ਉਨ੍ਹਾਂ ਦੇ ਹੱਥੋਂ ਰੇਤ ਦੀ ਤਰ੍ਹਾਂ ਕਿਰ ਗਿਆ ਪ੍ਰੰਤੂ ਭੀਮ ਇੰਦਰ ਸਿੰਘ ਨੇ ਪਰਮਾਤਮਾ ਦੀ ਉਸ ਅਣਹੋਣੀ ਦੇ ਮੌਕੇ ਨੂੰ ਵੀ ਵੰਗਾਰ ਸਮਝਦਿਆਂ ਆਪਣੇ ਆਪ ਨੂੰ ਸੰਭਾਲਿਆ ਅਤੇ ਉਸਦਾ ਨਤੀਜਾ ਤੁਹਾਡੇ ਸਾਹਮਣੇ ਅੱਜ ਡਾ ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਦੇ ਮੁੱਖੀ ਦੇ ਰੂਪ ਵਿਚ ਹਾਜ਼ਰ ਹਨ। ਉਨ੍ਹਾਂ ਦੀ ਮਾਤਾ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜੀ ਸ਼ਾਦੀ ਕਰਵਾ ਲਈ, ਜਿਥੋਂ ਭੀਮ ਇੰਦਰ ਸਿੰਘ ਦੀ ਸੰਘਰਮਈ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਦੋ ਛੋਟੀਆਂ ਭੈਣਾ ਵੀ ਮਾਂ ਦੇ ਨਾਲ ਹੀ ਇਸ ਸੰਸਾਰ ਤੋਂ ਵਿਦਾ ਹੋ ਗਈਆਂ। ਸੰਗਰੂਰ ਵਿਖੇ ਤੀਜੀ ਕਲਾਸ ਵਿਚੋਂ ਫ਼ੇਲ੍ਹ ਹੋਣ ਤੇ ਸਕੂਲ ਦੇ ਅਧਿਆਪਕ ਨੇ ਉਨ੍ਹਾਂ ਨੂੰ ਪਿੰਡ ਜਾ ਕੇ ਡੰਗਰ ਚਾਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਇਹ ਬੱਚਾ ਪੜ੍ਹ ਨਹੀਂ ਸਕਦਾ। ਪਿਤਾ ਨੇ ਭੀਮ ਇੰਦਰ ਸਿੰਘ ਨੂੰ 1979 ਵਿੱਚ ਦਾਦਾ-ਦਾਦੀ ਕੋਲ ਉਨ੍ਹਾਂ ਦੇ ਪਿੰਡ ਲੌਂਗੋਵਾਲ ਭੇਜ ਦਿੱਤਾ। ਉਥੇ ਪ੍ਰਾਈਵੇਟ ਸਕੂਲ ਵਿਚ ਦਾਖ਼ਲਾ ਲੈ ਲਿਆ। ਜਦੋਂ ਪੰਜਵੀਂ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਚਾਚਾ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰ ਲਈ। ਉਹ ਪਰਿਵਾਰਿਕ ਖੇਤੀਬਾੜੀ ਵਿਚ ਹੱਥ ਵਟਾਉਂਦੇ  ਰਹੇ ਅਤੇ ਡੰਗਰ ਚਾਰਦੇ ਰਹੇ। 6ਵੀਂ ਕਲਾਸ ਵਿਚ ਹੈਂਡਬਾਲ ਖੇਡਣਾ ਸ਼ੁਰੂ ਕੀਤਾ। ਹੈਂਡਬਾਲ ਦੀ ਕੋਚਿੰਗ ਲਈ ਹਰ ਰੋਜ਼ ਲੌਂਗੋਵਾਲ ਤੋਂ ਸੰਗਰੂਰ 18 ਕਿਲੋਮੀਟਰ ਜਾਣਾ ਪੈਂਦਾ ਸੀ। 8ਵੀਂ ਨੌਵੀਂ ਤੱਕ ਹੈਂਡਬਾਲ ਵਿਚ ਨੈਸ਼ਨਲ ਖੇਡਣ ਲਈ ਜੰਮੂ ਕਸ਼ਮੀਰ ਗਏ। ਜਦੋਂ ਉਹ 9ਵੀਂ ਕਲਾਸ ਵਿਚ ਪੜ੍ਹਦੇ ਸਨ ਤਾਂ ਦਾਦੀ ਵੀ ਸਵਰਗ ਸਿਧਾਰ ਗਏ। ਫਿਰ ਉਹ ਆਪਣੀ ਨਾਨੀ ਕੋਲ ਮੰਗਵਾਲ ਪਿੰਡ ਚਲੇ ਗਏ। ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਵੱਖ-ਵੱਖ ਰਿਸ਼ਤੇਦਾਰਾਂ ਕੋਲ ਪੜ੍ਹਨ ਲਈ ਜਾਣ ਕਰਕੇ 5 ਸਕੂਲ ਬਦਲਣੇ ਪਏ ਕਿਉਂਕਿ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਪਿਤਾ ਨੇ ਮੁੜਕੇ ਸਾਰ ਨਾ ਲਈ। ਅਜਿਹੇ ਹਾਲਾਤ ਵਿਚ ਭੀਮ ਇੰਦਰ ਸਿੰਘ ਦੇ ਅੰਦਰੋਂ ਆਵਾਜ਼ ਆਈ ਕਿ ਉਨ੍ਹਾਂ ਨੂੰ ਇਕੱਲਿਆਂ ਹੀ ਆਪਣਾ ਜੀਵਨ ਜਿਓਣ ਅਤੇ ਭਵਿਖ ਬਣਾਉਣ ਲਈ ਪੜ੍ਹਾਈ ਕਰਨੀ ਪਵੇਗੀ। ਪੜ੍ਹਾਈ ਅਤੇ ਰੋਜ਼ੀ ਰੋਟੀ ਲਈ ਵੀ ਆਪ ਹੀ ਹਿੰਮਤ ਕਰਨੀ ਪਵੇਗੀ। ਫਿਰ ਉਨ੍ਹਾਂ ਨੇ ਪੜ੍ਹਾਈ ਕਰਕੇ ਆਪਣਾ ਜੀਵਨ ਸਾਰਥਿਕ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦੋਂ ਉਨ੍ਹਾਂ 10+2 ਪਾਸ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਜੇਕਰ ਸਪੋਰਟਸ ਵਿਚ ਡੀ ਏ ਵੀ ਕਾਲਜ ਚੰਡੀਗੜ੍ਹ ਦਾਖ਼ਲਾ ਲੈ ਲਵੇਂ ਤਾਂ ਫੀਸ ਮਾਫ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਕਾਲਜ ਦੇਵੇਗਾ। ਚੰਡੀਗੜ੍ਹ ਇੰਟਰਵਿਊ ‘ਤੇ ਜਾਣ ਲਈ ਜੇਬ ਵਿਚ ਦੋ ਰੁਪਏ ਸਨ, ਜਦੋਂ ਕਿਰਾਇਆ 7 ਰੁਪਏ ਸੀ। ਦੋਸਤਾਂ ਮਿੱਤਰਾਂ ਤੋਂ ਉਧਾਰ ਫੜਕੇ ਚੰਡੀਗੜ੍ਹ ਗਿਆ ਅਤੇ ਸਪੋਰਟਸ ਵਿੰਗ ਵਿਚ ਦਾਖਲਾ ਮਿਲ ਗਿਆ। ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਟਰਨਿੰਗ ਪੁਆਇੰਟ ਸੀ। ਚੰਡਗੜ੍ਹ ਪੜ੍ਹਦਿਆਂ ਵੀ ਉਨ੍ਹਾਂ ਨੂੰ ਗੁਜ਼ਾਰਾ ਤੋਰਨ ਲਈ ਕਈ ਵੇਲਣ ਵੇਲਣੇ ਪਏ, ਰਿਕਸ਼ਾ ਚਲਾਇਆ, ਲਾਂਗਰੀਪੁਣਾ ਕੀਤਾ, ਸਬਜ਼ੀ ਮੰਡੀ ਵਿਚ ਸਬਜ਼ੀ ਵੇਚੀ, ਦੋਧੀ ਦਾ ਕੰਮ ਵੀ ਕੀਤਾ ਅਤੇ ਵਿਆਹਾਂ ਸ਼ਾਦੀਆਂ ਵਿਚ ਆਰਕੈਸਟਰਾ ਨਾਲ ਗਾਉਣ ਦਾ ਕੰਮ ਵੀ ਕੀਤਾ। ਸੰਘਰਸ਼ਮਈ ਜੀਵਨ ਤੋਂ ਜ਼ਿੰਦਗੀ ਜਿਓਣ ਦਾ ਲਈ ਬੜਾ ਕੁਝ ਸਿਖਿਆ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਸਾਧਾਰਨ ਜ਼ਿੰਦਗੀ ਜਿਓਣਾ, ਜ਼ਮੀਨ ਨਾਲ ਜੁੜੇ ਰਹਿਣਾ ਅਤੇ ਨਮਰਤਾ ਦਾ ਪੱਲਾ ਫੜਕੇ ਰੱਖਣਾ ਸਫਲਤਾ ਲਈ ਸਹਾਈ ਹੋਵੇਗਾ। ਚੰਡੀਗੜ੍ਹ ਦੀਆਂ ਗਲੀਆਂ ਵਿਚ ਗੁਰਸ਼ਰਨ ਸਿੰਘ ਭਾਅ ਜੀ ਨਾਲ ਨੁਕੜ ਨਾਟਕ ਕਰਦੇ ਰਹੇ। ਜਦੋਂ ਉਹ ਬੀ ਏ ਦੂਜੇ ਸਾਲ ਵਿਚ ਪੜ੍ਹ ਰਹੇ ਸਨ ਤਾਂ ਨਾਰਥ ਜੋਨ ਕਲਚਰ ਸੈਂਟਰ ਦੇ ਡਾਇਰੈਕਟਰ ਐਸ ਕੇ ਆਹਲੂਵਾਲੀਆ ਨੇ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਚ ਲਗਾਈਆਂ ਜਾਂਦੀਆਂ ਨੁਮਾਇਸ਼ਾਂ ਵਿਚ ਕੰਮ ਕਰਨ ਲਈ ਪਾਰਟ ਟਾਈਮ ਨੌਕਰੀ ਦਿੱਤੀ।
             ਸਾਹਿਤਕ ਮਸ ਭੀਮ ਇੰਦਰ ਸਿੰਘ ਨੂੰ ਜਦੋਜਹਿਦ ਵਾਲੀ ਜ਼ਿੰਦਗੀ ਦੌਰਾਨ 6ਵੀਂ ਕਲਾਸ ਵਿਚ ਹੀ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਦਾ ਲੱਗ ਗਿਆ ਸੀ, ਜਦੋਂ ਉਹ ਆਦਰਸ਼ ਮਾਡਲ ਸਕੂਲ ਵਿਚ ਪੜ੍ਹ ਰਹੇ ਸਨ। ਇਹ ਕਵਿਤਾਵਾਂ ਅਤੇ ਕਹਾਣੀਆਂ ਉਨ੍ਹਾਂ ਦੀ ਆਪਣੀ ਸੰਘਰਸ਼ ਵਾਲੀ ਜ਼ਿੰਦਗੀ ਤੇ ਤਜ਼ਰਬਿਆਂ ‘ਤੇ ਅਧਾਰਤ ਸਨ। ਕਹਾਣੀਕਾਰ ਗੁਰਮੇਲ ਮਡਾਹੜ ਨੇ ਆਪਣੇ ਰਸਾਲੇ ਸੋਖ਼ੀਆਂ ਵਿਚ ਪ੍ਰਕਾਸ਼ਤ ਕੀਤੀਆਂ। ਉਨ੍ਹਾਂ ਦੇ ਸਾਹਿਤਕ ਮਸ ਨੂੰ ਸ਼ਕਤੀ ਚੰਡੀਗੜ੍ਹ ਦੀ ਸਾਹਿਤ ਸਭਾ ਵਿਚ ਜਾਣ ਤੋਂ ਹੋਰ ਮਿਲੀ। ਚੰਡੀਗੜ੍ਹ ਸਾਹਿਤ ਸਭਾ ਵਿਚ ਉਨ੍ਹਾਂ ਦਾ ਮੇਲ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਨਾਲ ਹੋਇਆ, ਜਿਨ੍ਹਾਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁੱਖੀ ਮਾਰਕਸਵਾਦੀ ਚਿੰਤਕ  ਪ੍ਰੋ ਡਾ ਕੇਸਰ ਸਿੰਘ ਕੇਸਰ ਨਾਲ ਮਿਲਾਇਆ। ਉਨ੍ਹਾਂ ਦੀ ਅਗਵਾਈ ਵਿਚ ਭੀਮ ਇੰਦਰ ਸਿੰਘ ਨੇ ਐਮ ਏ ਪੰਜਾਬੀ ਆਨਰਜ਼ ਅਤੇ ‘‘ ਪੰਜਾਬੀ ਕਹਾਣੀ ਵਿਚ ਰਾਜਨੀਤਕ ਚੇਤਨਾ’’ ਵਿਸ਼ੇ ‘ਤੇ ਪੀ ਐਚ ਡੀ ਕੀਤੀ। ਪੀ ਐਚ ਡੀ 1994 ਵਿੱਚ ਸ਼ੁਰੂ ਕੀਤੀ ਅਤੇ ਅਤੇ 8 ਸਾਲ ਦੀ ਖੋਜ ਤੋਂ ਬਾਅਦ 2002 ਵਿਚ ਮੁਕੰਮਲ ਕੀਤੀ। ਡਾ ਕੇਸਰ ਦੀ ਅਗਵਾਈ ਵਿਚ ਹੀ ਉਹ ਕਹਾਣੀਆਂ ਤੋਂ ਹਟਕੇ ਆਲੋਚਨਾ ਦੇ ਖੇਤਰ ਵਿਚ ਸਰਗਰਮ ਹੋ ਗਏ। 1994 ਵਿਚ ਜਦੋਂ ਅਜੇ ਉਨ੍ਹਾਂ ਦਾ ਐਮ ਏ ਪੰਜਾਬੀ ਦਾ ਨਤੀਜਾ ਆਇਆ ਨਹੀਂ ਸੀ ਤਾਂ ਉਨ੍ਹਾਂ ਦੀ ਚੋਣ ਯਾਦਿਵੰਦਰਾ ਪਬਲਿਕ ਸਕੂਲ ਪਟਿਆਲਾ ਵਿਚ ਪੰਜਾਬੀ ਅਧਿਆਪਕ ਦੀ ਹੋ ਗਈ।  ਯਾਦਵਿੰਦਰਾ ਪਬਲਿਕ ਸਕੂਲ ਵਿਚ ਅੰਗਰੇਜ਼ੀ ਦੇ ਪ੍ਰਸਿੱਧ ਕਹਾਣੀਕਾਰ ਪਿ੍ਰੰਸੀਪਲ ਡਾ ਹਰੀਸ਼ ਢਿਲੋਂ ਦੇ ਸਹਿਯੋਗ ਨੇ ਉਨ੍ਹਾਂ ਹੋਰ ਉਤਸ਼ਾਹਤ ਕੀਤਾ। ਯਾਦਵਿੰਦਰਾ ਸਕੂਲ ਵਿਚ ਪੜ੍ਹਾਉਂਦਿਆਂ ਹੀ ਉਨ੍ਹਾਂ ਦੀ ਪਹਿਲੀ ਆਲੋਚਨਾਤਮਿਕ ਲੇਖਾਂ ਦੀ ਪੁਸਤਕ 2000 ਵਿੱਚ ‘‘ਸਮਾਜ, ਸਿਆਸਤ ਅਤੇ ਸਾਹਿਤ’’ ਪ੍ਰਕਾਸ਼ਤ ਹੋਈ। ਦੂਜੀ ਆਲੋਚਨਾ ਦੀ ਪੁਸਤਕ ਵੀ ਇਸੇ ਸਾਲ ‘‘ਸਮਕਾਲੀ ਮਾਰਕਸੀ ਚਿੰਤਨ’’ ਪ੍ਰਕਾਸ਼ਤ ਹੋਈ। ਇਨ੍ਹਾਂ ਪੁਸਤਕਾਂ ਤੋਂ ਬਾਅਦ ਭੀਮ ਇੰਦਰ ਸਿੰਘ ਦੀ ਆਲੋਚਨਾ ਦੇ ਖੇਤਰ ਵਿਚ ਪਛਾਣ ਬਣ ਗਈ। ਇਸ ਤੋਂ ਬਾਅਦ ਤਾਂ ਚਲ ਸੋ ਚਲ ਹੁਣ ਤੱਕ ਉਨ੍ਹਾਂ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 8 ਮੌਲਿਕ, 4 ਅਨੁਵਾਦ, 7 ਸੰਪਾਦਤ ਪੁਸਤਕਾਂ ਅਤੇ 6 ਖੋਜ ਨਾਲ ਸਬੰਧਤ ਪੱਤਰਿਕਾ ਸੰਪਾਦਿਤ ਸ਼ਾਮਲ ਹਨ। ਉਨ੍ਹਾਂ ਦੇ ਖੋਜ ਭਰਪੂਰ ਆਲੋਚਨਾ ਦੇ ਖੇਤਰ ਵਿਚ ਖੋਜ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਸਿਮਪੋਜੀਅਮ ਵਿਚ ਪ੍ਰਕਾਸ਼ਤ ਹੋਏ ਹਨ। ਇਸੇ ਤਰ੍ਹਾਂ 150 ਖੋਜ ਵਾਲੇ ਲੇਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੇ ਹਨ। ਦੋ ਦਸਤਾਵੇਜੀ ਫਿਲਮਾਂ ਮੋਹਨ ਭੰਡਾਰੀ ਅਤੇ ਜਸਵੰਤ ਸਿੰਘ ਕੰਵਲ ਦੀ ਸਾਹਿਤਕ ਦੇਣ ਬਾਰੇ ਵਿਭਾਗ ਵੱਲੋਂ ਤਿਆਰ ਕੀਤੀਆਂ ਹਨ। ਉਨ੍ਹਾਂ ਦਾ ਖੇਤਰ ਮਾਰਕਸਵਾਦੀ ਵਿਚਾਰਧਾਰ ਅਤੇ ਆਲੋਚਨਾ ਹੈ। ਲਿਖਣ ਦਾ ਇਹ ਪ੍ਰਵਾਹ ਲਗਾਤਾਰ ਚਾਲੂ ਹੈ। ਉਹ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਲੇਖਕ ਸਭਾਅਤੇ ਪਾਸ਼ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਹਨ। 9 ਸਾਲ ਯਾਦਵਿੰਦਰਾ ਪਬਲਿਕ ਸਕੂਲ ਵਿਚ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਦੀ ਚੋਣ 2003 ਵਿਚ ਪਬਲਿਕ ਕਾਲਜ ਸਮਾਣਾ ਵਿਚ ਲੈਕਚਰਾਰ ਦੀ ਹੋ ਗਈ। ਉਸ ਸਮੇਂ ਤੱਕ ਉਨ੍ਹਾਂ ਦੀਆਂ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਵਿਚ ਲੈਕਚਰਾਰ ਦੀ ਹੋ ਗਈ। ਉਨ੍ਹਾਂ ਦੀ ਅਗਵਾਈ ਵਿਚ 7 ਖੋਜਾਰਥੀ ਪੀ ਐਚ ਡੀ ਕਰ ਚੁੱਕੇ ਹਨ ਅਤੇ 12 ਖੋਜਾਰਥੀ ਪੀ ਐਚ ਡੀ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਐਮ ਫਿਲ ਵੀ ਕੀਤੀ ਹੈ ਅਤੇ ਹੋਰ ਵੀ ਕਰ ਰਹੇ ਹਨ। ਡਾ ਭੀਮ ਇੰਦਰ ਸਿੰਘ ਨੂੰ ਕਰਨਲ ਨਰੈਣ ਸਿੰਘ ਭੱਠਲ ਅਵਾਰਡ 1997 ਵਿਚ, ਨਛੱਤਰ ਕੌਰ ਯਾਦਗਾਰੀ ਅਵਾਰਡ ਅਤੇ ਪੰਜ ਪਾਂਡਵ ਯਾਦਗਾਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ।
   1997 ਵਿਚ ਭੀਮ ਇੰਦਰ ਸਿੰਘ ਦਾ ਵਿਆਹ ਡਾ ਨਿਵੇਦਿਤਾ ਸਿੰਘ ਨਾਲ ਹੋ ਗਿਆ ਜੋ ਕਲਾਸਿਕੀ ਮੌਸਿਕੀ ਦੇ ਚੋਟੀ ਦੇ ਸੰਗੀਤਕਾਰ ਹਨ। ਉਨ੍ਹਾਂ ਦੀ ਸੱਸ ਡਾ ਕਮਲੇਸ਼ ਉਪਲ ਰੰਗ ਮੰਚ ਦੇ ਵਿਦਵਾਨ ਆਲੋਚਕ ਅਤੇ ਉਨ੍ਹਾਂ ਦੇ ਸਹੁਰਾ ਦਲੀਪ ਸਿੰਘ ਉਪਲ ਉਘੇ ਵਾਰਤਕਕਾਰ ਅਤੇ ਪੰਜਾਬੀ ਸਾਹਿਤ ਦੇ ਸੁਜੱਗ ਪਾਠਕ ਹਨ। ਡਾ ਭੀਮ ਇੰਦਰ ਸਿੰਘ ਦਾ ਇਸ ਪਰਿਵਾਰ ਨਾਲ ਸੰਬਧ ਵਰਦਾਨ ਸਾਬਤ ਹੋਇਆ ਕਿਉਂਕਿ ਸਾਹਿਤਕ ਅਤੇ ਸੰਗੀਤਕ ਪਰਿਵਾਰ ਦਾ ਮੇਲ ਉਸਾਰੂ ਸਾਬਤ ਹੋਇਆ। ਭੀਮ ਇੰਦਰ ਸਿੰਘ ਦੇ ਇਕ ਲੜਕਾ ਰਿਆਜ਼ ਅਤੇ ਲੜਕੀ ਅਸਾਵਰੀ ਹਨ ਜੋ ਚੰਡੀਗੜ੍ਹ ਵਿਖੇ ਉਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1972 ਨੂੰ ਪਿਤਾ ਨਿਰੰਜਨਣ ਸਿੰਘ ਅਤੇ ਮਾਤਾ ਰਣਜੀਤ ਕੌਰ ਦੇ ਘਰ ਹੋਇਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ - ਉਜਾਗਰ ਸਿੰਘ 

ਪੰਜਾਬੀ ਕਵਿਤਾ ਵਿੱਚ ਮੁਹੱਬਤ ਅਤੇ ਬਿਰਹਾ ਹਮੇਸ਼ਾ ਹੀ ਭਾਰੂ ਰਹੇ ਹਨ। ਬਹੁਤੇ ਕਵੀ ਅਤੇ ਕਵਿਤਰੀਆਂ ਆਪਣਾ ਸਾਹਿਤਕ ਸਫਰ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਕਵਿਤਾਵਾਂ ਲਿਖਕੇ ਸ਼ੁਰੂ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਅਤੇ ਮੁਹੱਬਤ ਦੀ ਕਵਿਤਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਸਤਵਿੰਦਰ ਸਿੰਘ ਧਨੋਆ ਵੀ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਤੋਂ ਪ੍ਰਭਾਵਤ ਹੋ ਕੇ ਬਿਰਹਾ ਅਤੇ ਮੁਹੱਬਤ ਦੀ ਕਵਿਤਾ ਲਿਖਣ ਲੱਗੇ ਹਨ। ਇਸ ਤੋਂ ਪਹਿਲਾਂ ਉਹ ਗੀਤ ਲਿਖਦੇ ਸਨ। ਧਨੋਆ ਦੀਆਂ ਕਵਿਤਾਵਾਂ ਮੁਹੱਬਤ ਦੇ ਬਾਜ਼ਾਰੀਕਰਨ ਬਾਰੇ ਵੀ ਕਿੰਤੂ ਪ੍ਰੰਤੂ ਕਰਦੀਆਂ ਹਨ। ਉਹ ਮੁਹੱਬਤ ਨੂੰ ਪਾਕਿ ਪਵਿਤਰ ਸਮਝਦੇ ਹਨ। ਮੁਹੱਬਤ ਭਾਵੇਂ ਇਸ਼ਕ ਮਜ਼ਾਜ਼ੀ ਅਤੇ ਇਸ਼ਕ ਹਕੀਕੀ ਹੋਵੇ, ਪ੍ਰੰਤੂ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ। ਕਵੀ ਅਨੁਸਾਰ ਬਹੁਤੇ ਲੋਕ ਮੁਹੱਬਤ ਦਾ ਦੁਰਉਪਯੋਗ ਕਰਦੇ ਹਨ। ਮੁਹੱਬਤ ਨੂੰ ਸਿਰਫ ਸਰੀਰਕ ਖਿੱਚ ਤੱਕ ਸੀਮਤ ਰੱਖਦੇ ਹਨ। ਜਦੋਂ ਕਿ ਅਸਲ ਵਿੱਚ ਮੁਹੱਬਤ ਦੋ ਰੂਹਾਂ ਦਾ ਆਤਮਕ ਮੇਲ ਮਿਲਾਪ ਹੁੰਦੀ ਹੈ। ਮੁਹੱਬਤ ਕਰਨ ਵਾਲੇ ਇਕ ਮਿਕ ਹੁੰਦੇ ਹਨ। ਕਵੀ ਮੁਹੱਬਤ ਵਿੱਚ ਵਿਖਾਵੇ ਨੂੰ ਵੀ ਚੰਗਾ ਨਹੀਂ ਸਮਝਦੇ। ਮੁਹੱਬਤ ਦਿਲ ਤੋਂ ਦਿਲ ਤੱਕ ਪਹੁੰਚਣ ਦਾ ਰਾਹ ਹੈ। ਮੁਹੱਬਤ ਅਤੇ ਬਿਰਹਾ ਨੂੰ ਵੀ ਸਤਵਿੰਦਰ ਸਿੰਘ ਧਨੋਆ ਇਕ ਸਿੱਕੇ ਦੇ ਦੋ ਪਹਿਲੂ ਸਮਝਦੇ ਹਨ। ਜਿਥੇ ਮੁਹੱਬਤ ਹੋਵੇਗੀ, ਉਥੇ ਬਿਰਹਾ ਦਾ ਹੋਣਾ ਕੁਦਰਤੀ ਹੈ ਕਿਉਂਕਿ ਮੁਹੱਬਤ ਸੁਮੇਲ ਭਾਲਦੀ ਹੈ। ਜਦੋਂ ਸੁਮੇਲ ਨਹੀਂ ਹੁੰਦਾ, ਉਦੋਂ ਬਿਰਹਾ ਪੈਦਾ ਹੁੰਦਾ ਹੈ। ਫਿਰ ਪਿਆਰੇ ਬਿਰਹਾ ਦਾ ਸੰਤਾਪ ਭੋਗਦੇ ਹਨ, ਤੜਪਦੇ, ਕੁਰਲਾਉਂਦੇ ਆਪਣੇ ਵਿਛੋੜੇ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ। ਸੁਮੇਲ ਹੋਣ ਉਪਰੰਤ ਬਿਰਹਾ ਖ਼ੰਭ ਲਾ ਕੇ ਉਡ ਜਾਂਦਾ ਹੈ। ਸਤਵਿੰਦਰ ਸਿੰਘ ਧਨੋਆ ਦੀ ਕਵਿਤਾ ਵਿੱਚ ਮੁਹੱਬਤ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਮੁਹੱਬਤ ਕਬਜ਼ਾ ਨਹੀਂ ਪਛਾਣ ਹੈ ‘ਤੇ ਅਧਾਰਤ ਹੈ। ਜਦੋਂ ਉਹ ਇਹ ਗੱਲ ਕਰਦੇ ਹਨ ਕਿ ਮੁਹੱਬਤ ਕਬਜ਼ਾ ਨਹੀਂ ਪਛਾਣ ਹੈ ਤਾਂ ਉਹ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ। ਕਵੀ ਦੀ ਖ਼ੂਬੀ ਇਹ ਹੈ ਕਿ ਉਹ ਮਾਲਵੇ ਦੇ ਦਿਹਾਤੀ ਇਲਾਕੇ ਦਾ ਜੰਮਪਲ ਹੋਣ ਕਰਕੇ, ਉਨ੍ਹਾਂ ਨੇ ਸਾਰੀਆਂ ਕਵਿਤਾਵਾਂ ਆਮ ਘਰਾਂ ਵਿਚ ਬਾਤ ਚੀਤ ਵਿੱਚ ਬੋਲੀ ਜਾਣ ਵਾਲੀ ਠੇਠ ਪੰਜਾਬੀ ਬੋਲੀ ਵਿੱਚ ਲਿਖੀਆਂ ਹਨ। ਸਹੀ ਅਰਥਾਂ ਵਿੱਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਦਿ੍ਰਸ਼ਟਾਤਮਿਕ ਢੰਗ ਵਰਤਿਆ ਹੈ। ਕਵਿਤਾਵਾਂ ਪੜ੍ਹਕੇ ਇਉਂ ਲੱਗਣ ਲੱਗ ਜਾਂਦਾ ਹੈ ਜਿਵੇਂ ਪਾਠਕ ਪਿੰਡਾਂ ਦੀਆਂ ਗਲੀਆਂ ਅਤੇ ਖੇਤਾਂ ਵਿੱਚ ਗੇੜੀ ਲਾ ਰਿਹਾ ਹੋਵੇ। ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ਤੇ ਤਾਂ ਮੁਹੱਬਤ ਅਤੇ ਬਿਰਹਾ ਹਨ। ਲੂਣਾ ਅਤੇ ਅੱਛਰਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੇ ਹੋਏ, ਕਵੀ ਦੋਹਾਂ ਦੇ ਪਿਆਰ ਨੂੰ ਆਪੋ ਆਪਣੀ ਜਗ੍ਹਾ ਸਹੀ ਠਹਿਰਾਉਂਦੇ ਹਨ। ਮਜ਼ਬੂਰੀ, ਮੁਹੱਬਤ ਅਤੇ ਬਿ੍ਰਹਾ ਦੀ  ਚੀਸ ਇਨ੍ਹਾਂ ਕਵਿਤਾਵਾਂ ਦੇ ਸ਼ੇਅਰਾਂ ਤੋਂ ਜ਼ਾਹਰ ਹੁੰਦੀ ਹੈ-

ਮੈਂ ਹਾਂ ਇੱਕ ਨਿਮਾਣਾ ਬੁੱਲਾ, ਝੱਖੜ ਬਣ ਕੇ ਝੁਲ ਨਹੀਂ ਸਕਦਾ।

ਦਿਲ ਵਿੱਚ ਪੀੜਾਂ, ਚੀਸਾਂ, ਕਸਕਾਂ, ਫੇਰ ਵੀ ਖੋਲ੍ਹ ਮੈਂ ਬੁੱਲ੍ਹ ਨੀ ਸਕਦਾ।

ਇੱਛਰਾਂ ਤੋਂ ਮੁੱਖ ਮੋੜ ਨਹੀਂ ਸਕਦਾ, ਲੂਣਾ ਤਾਈਂ ਭੁੱਲ ਨਹੀਂ ਸਕਦਾ।

ਇੱਛਰਾਂ ਦੇ ਅਹਿਸਾਨ ਬੜੇ ਨੇ, ਮੋੜ ਵੀ ਉਹਦਾ ਮੁੱਲ ਨਹੀਂ ਸਕਦਾ।

ਭੱਠ ਹੈ ਮੇਰਾ ਬਿ੍ਰਹੜਾ, ਤੇ ਜਿੰਦ ਭੱਠੀ ਦੇ ਦਾਣੇ,

ਖ਼ੁਸ਼ੀਆਂ ਚੁੰਗ ਵਿੱਚ ਦੇਤੀਆਂ, ਮੇਰੇ ਪੱਲੇ ਗ਼ਮ ਅਣਜਾਣੇ।

ਬਿ੍ਰਹਣ ਰੂਹ ਦੇ ਰੱਕੜ ਮੈਰੇ, ਕਿੱਥੇ ਫ਼ਸਲ ਗੁਲਾਬਾਂ ਦੀ।

ਜੀਹਨੇ ਹਿਜ਼ਰ ਹੰਢਾਈਆਂ ਪੀੜਾਂ, ਉਹੀਓ ਈ ਤਨ ਜਾਣੇ।

ਪੀੜਾਂ ਨੇ ਮਸ਼ੂਕਾਂ ਪੱਲੇ, ਹਉਕੇ ਹਾਅਵਾਂ ਕੂਕਾਂ ਪੱਲੇ।

ਗ਼ਮ ਗੂੜ੍ਹਾ ਯਾਰ ਏ, ਫੇਰ ਪਤਾ ਨਹੀਂ, ਮੈਨੂੰ ਕੀਹਦਾ ਇੰਤਜ਼ਾਰ ਏ।

ਉਹ ਹੱਸ ਕੇ ਜੇ ਬੋਲੀ, ਕੌਣ ਵਿਰਾਉਂਦਾ ਰੋਂਦੇ ਨੂੰ।

ਮੈਂ ਕਹਿਤਾ ਹਿਜ਼ਰ ਰਵਾਉਂਦਾ, ਰੋ ਰੋ ਵਿਰਦਾ ਹਾਂ।

   ਸ਼ਾਇਰ ਬਿ੍ਰਹਾ, ਮੁਹੱਬਤ, ਪੀੜਾਂ ਬਾਰੇ ਕਹਿੰਦੇ ਹਨ ਕਿ ਜਿਸ ਤਨ ਨੂੰ ਇਹ ਲਗਦੀਆਂ ਹਨ, ਉਨ੍ਹਾਂ ਦੀ ਪੀੜ ਉਹੀ ਜਣ ਸਕਦਾ ਹੈ। ਖ਼ੁਸ਼ੀਆਂ ਤਾਂ ਬਹੁਤ ਘੱਟ ਇਕ ਚੰਗ ਦੀ ਤਰ੍ਹਾਂ ਹੀ ਮਿਲਦੀਆਂ ਹਨ। ਕਵੀ ਦੀ ਦਿਹਾਤੀ ਅਤੇ ਆਮ ਜਨ ਜੀਵਨ ਵਿੱਚੋਂ ਲੈ ਕੇ ਵਰਤੀ ਗਈ ਸ਼ਬਦਾਵਲੀ ਉਦਾਹਰਣ ਚੁੰਗ ਸ਼ਬਦ ਤੋਂ ਪਤਾ ਲਗਦੀ ਹੈ। ਕਵੀ ਦੀਆਂ ਕਵਿਤਾਵਾਂ ਆਮ ਪਾਠਕ ਦੀ ਸਮਝ ਵਿੱਚ ਆਉਣ ਵਾਲੀਆਂ ਹਨ। ੲਨ੍ਹਾਂ ਦੀ ਭਾਸ਼ਾ ਸਰਲ ਅਤੇ ਸ਼ਪਸ਼ਟ ਹੈ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਬੁਝਾਰਤਾਂ ਨਹੀਂ ਪਾਉਂਦਾ ਸਗੋਂ ਸਾਫਗੋਈ ਨਾਲ ਗੱਲ ਕਰਦਾ ਹੈ-

ਇਹ ਲਾਂਬੂ ਮੇਰੇ ਵੱਸੋਂ ਬਾਹਰਾ, ਧੁਰ ਦਰਗਾਹੋਂ ਆਇਆ।

ਇਸ ਅੱਗੇ ਮੇਰੀ ਵਾਹ ਨਹੀਂ ਚਲਦੀ, ਜਾਂਦਾ ਨਹੀਂ ਬੁਝਾਇਆ।

ਬਿਰਹਣ ਅੱਖ ਦਾ ਨੀਰ ਵੇ ਅੜਿਆ, ਜਦ ਬਲਦੀ ‘ਤੇ  ਪੈਂਦਾ।

ਇਹ ਅੰਦਰ ਦੀ ਲਾਟ ‘ਤੇ ਅੜਿਆ, ਘੀ ਦਾ ਕੰਮ ਕਰੇਂਦਾ।

ਤੇਰੇ ਕਾਮਣ ਨੈਣਾਂ ਥਾਣੀਂ, ਜਦ ਆਪਣਾ ਮੈਂ ਕਿਰਦਾਰ ਤੱਕਿਆ।

ਰੁਲਿਆ-ਖ਼ੁਲਿਆ ਲੀਰਾਂ ਹੋਇਆ, ਆਪਣਾ ਸੁੱਚਾ ਪਿਆਰ ਮੈਂ ਤੱਕਿਆ।

ਉਹ ਤਾਂ ਸੱਟਾਂ ਫੇਟਾਂ ਖਾ ਕੇ ਸੰਭਲ ਗਈ,

 ਮੈਂ ਅੱਜ ਵੀ ਲੜਖੜਾਉਂਨਾ, ਉਠਦਾ ਗਿਰਦਾ ਹਾਂ। 

  ਸੱਚੇ ਸੁੱਚੇ ਪਿਆਰ ਕਰਨ ਵਾਲਿਆਂ ਨੂੰ ਮੁਹੱਬਤ ਦੇ ਨਾਂ ‘ਤੇ ਦਿੱਤੇ ਜਾਂਦੇ ਧੋਖਿਆਂ ਬਾਰੇ ਕਵੀ ਲਿਖਦਾ ਹੈ ਕਿ ਪਿਆਰਿਆਂ ਦੇ ਧੋਖਿਆਂ ਗ੍ਰਸਿਆ ਇਨਸਾਨ ਸਪ ਦੀ ਤਰ੍ਹਾਂ ਵਲ ਖਾਂਦਾ ਅਤੇ ਝੁਰਦਾ ਰਹਿੰਦਾ ਹੈ ਪ੍ਰੰਤੂ ਉਹ ਕਰ ਕੁਝ ਨਹੀਂ ਸਕਦਾ। ਕਵੀ ਆਪਣੀ ਹਾਰ ਨੂੰ ਸਫਲਤਾ ਦਾ ਨਾਂ ਲੈ ਕੇ ਤਸੱਲੀ ਦਿੰਦਾ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਅਗਨੀ ਦੀ ਪ੍ਰੀਖਿਆ ਵਿਚੋਂ ਗੁਜਰਨਾ ਪੈਂਦਾ ਹੈ।  ਮੁਹੱਬਤ ਵਿੱਚ ਹੋਈ ਅਸਫਲਤਾ ਨੂੰ ਵੀ ਆਪਣੇ ਮਨ ਨੂੰ ਧਰਵਾਸ ਦੇਣ ਲਈ ਆਪਣੇ ਆਪ ਵਿੱਚ ਹੀ ਖੋਟ ਮਹਿਸੂਸ ਕਰਦਾ ਹੈ-

ਹਰ ਹਾਰ ‘ਚ ਜਿੱਤਾਂ ਛੁਪੀਆਂ ਨੇ, ਐਵੇਂ ਨਾ ਸੱਜਣਾ ਡੋਲ ਜਾਵੀਂ।

ਸੋਨੇ ਨੂੰ ਜੇਵਰ ਬਣਨ ਲਈ, ਅਗਨੀ ‘ਚੋਂ ਗੁਜ਼ਰਨਾ ਪੈਂਦਾ ਏ।

ਸਾਡਾ ਜ਼ਿੰਦਗੀ ਵਾਲਾ ਉਲਝ ਗਿਆ ਏ ਤਾਣਾ।

ਸੀ ਕੋਈ ਕਸਰ ਮੁਹੱਬਤਾਂ ਵਿੱਚ ਜਾਂ ਸਾਡੇ ਲੇਖਾਂ ‘ਚ।

    ਪਿਆਰ ਦੇ ਨਾਂ ‘ਤੇ ਕੀਤੀਆਂ ਜਾਂਦੀਆਂ ਬੇਵਫ਼ਾਈ ਨੂੰ ਧਨੋਆ ਬਾਖ਼ੂਬੀ ਚਿਤਰਦੇ ਹਨ। ਕਵੀ ਦੀ ਸ਼ਬਦਾਂ ਦੀ ਚੋਣ ਕਵਿਤਾ ਵਿੱਚ ਰਸ ਹੀ ਪੈਦਾ ਨਹੀਂ ਕਰਦੀ ਸਗੋਂ ਪਿਆਰੇ ਨੂੰ ਗੁਮਰਾਹ ਹੋਣ ਤੋਂ ਵੀ ਪ੍ਰੇਰਦੀ ਹੋਈ ਡੂੰਘੀ ਚੋਟ ਮਾਰਦੀ ਹੈ। ਉਹ ਇਹ ਵੀ ਮੰਨਦਾ ਹੈ ਕਿ ਧੋਖੇਬਾਜ਼ ਇਸ਼ਕ ਦੇ ਵਿਪਾਰੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਹੋਣਗੇ। ਜੁਗਾਂ ਜੁਗਾਂਤਰਾਂ ਤੋਂ ਪਿਆਰ ਦੇ ਵਣਜ ਵਿੱਚ ਇਹ ਧੋਖਾਂ ਅਤੇ ਫ਼ਰੇਬ ਚਲਦਾ ਆ ਰਿਹਾ ਹੈ, ਜਦੋਂ ਉਹ ਲਿਖਦੇ ਹਨ-

 ਕਤਲ ਵਸਾਹ ਦੇ ਕੀਤੇ ਬੇਵਸਾਹੀਆਂ ਨੇ,

ਗਲ ਪਿਆਰਾਂ ਦੇ ਘੋਟੇ ਬੇਵਫ਼ਾਈਆਂ ਨੇ।

ਚਾਨਣ ਤਰਲੇ ਪਾਉਂਦਾ ਕਾਲੀਆਂ ਰਾਤਾਂ ਦੇ,

ਕਿਰਨਾ ਥੱਕ ਟੁੱਟ ਸੌਈਆਂ ਛਟਿਆ ਨੇ੍ਹਰਾ ਨਹੀਂ।

 ਪਾਕਿ-ਪਵਿਤਰ ਰੂਹ ਤੇਰੀ, ਵੱਸ ਪਈ ਪਲੀਤਾਂ ਦੇ।

ਕਿੱਥੇ ਵਿਸ਼ੇ ਵਿਕਾਰਾਂ ਨੇ, ਇਸ ਰੂਹ ‘ਚੋਂ ਛਣ ਹੋਣਾ।

    ਸਤਵਿੰਦਰ ਸਿੰਘ ਧੰਨੋਆ ਇਹ ਵੀ ਕਹਿੰਦਾ ਹੈ ਕਿ ਅਜਿਹੀ ਕਵਿਤਾ ਲਿਖਣ ਦਾ ਕੋਈ ਅਰਥ ਨਹੀਂ ਜੇਕਰ ਉਸਦੀ ਕਵਿਤਾ ਸਮਾਜ ਦੇ ਹਿਤਾਂ ਤੇ ਪਹਿਰਾ ਨਾ ਦੇਵੇ। ਇਸ ਲਈ ਕਵੀ ਨੇ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਜਿਵੇਂ ਭਰੂਣ ਹੱਤਿਆ, ਵਾਤਾਵਰਨ, ਦਹਿਸ਼ਤਗਰਦੀ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਵੀ ਲਿਖੀਆਂ ਹਨ ।

ਮੈਂ ਦੇਖੇ ਨੇ ਪੰਜਾਬ ਦੇ ਪੁੱਤਾਂ ਦੇ ਕਤਲ, ਬਹਾਰ ਰੁੱਤਾਂ ਦੇ ਕਤਲ।

ਡੋਰੀਆਂ ਗੁੱਤਾਂ ਦੇ ਕਤਲ, ਹਰਿਆਂ ਰੁੱਖਾਂ ਦੇ ਕਤਲ।

ਕੁਆਰੀਆਂ ਕੁੱਖਾਂ ਦੇ ਕਤਲ, ਵਸਦੇ ਵਿਹੜਿਆਂ ਦੇ ਸੁੱਖਾਂ ਦੇ ਕਤਲ।

ਰਿਜ਼ਕਾਂ ਦੀ ਥੋੜ੍ਹ ਮੈਂ ਭੋਗੀ ਹੈ, ਭੁੱਖੇ ਢਿਡਾਂ ਦੀ ਲੋੜ ਮੈਂ ਭੋਗੀ ਹੈ।

ਕਿਰਤ ਦੀਆਂ ਲੁੱਟਾਂ ਦੀ ਹੋੜ ਮੈਂ ਭੋਗੀ ਹੈ, ਸੰਸਿਆਂ-ਸੰਤਾਪਾਂ ਦੀ ਤੋੜ ਮੈਂ ਭੋਗੀ ਹੈ।

  ਜਿਸਮਾਂ ਦੇ ਵਿਓਪਾਰ ਦਾ ਜ਼ਿਕਰ ਕਰਦਿਆਂ ਕਵੀ ਲਿਖਦਾ ਹੈ-

 ਤੈਨੂੰ ਤ੍ਰੇਹ ਅੜੀਏ ਜਿਸਮਾ ਦੀ, ਕਿਉਂ ਢੌਂਗ ਰਚੇਂਦੀ ਪਿਆਰਾਂ ਦੇ।

 ਅਸੀਂ ਵੀ ਤੈਥੋਂ ਵੱਖਰੇ ਨਹੀਂ, ਬੜੇ ਸ਼ੌਕੀ ਮੌਜ ਬਹਾਰਾਂ ਦੇ।

ਬਸ ਫ਼ਰਕ ਏਨਾ ਕੁ ਹੈ ਅੜੀਏ, ਜੋ ਕਹਿੰਦੇ ਓਹੀ ਕਰਦੇ ਹਾਂ।

ਨਾ ਤੂੰ ਸਾਡੇ ਬਿਨ ਮਰਦੀ ਏਂ, ਨਾ ਬਿਨ ਤੇਰੇ ਅਸੀਂ ਮਰਦੇ ਹਾਂ।

ਇਸ਼ਕ ਕਮਾਉਦੇ, ਖ਼ੂਨ ਪਿਆਉਂਦੇ ਹਿਜ਼ਰਾਂ ਨੂੰ,

ਮਾਸ ਪਕਾਉਣੇ ਤਨ ਦੇ, ਬਾਲਣ ਹੱਡੀਆਂ ਦਾ।

ਅੱਖ ਮਟੱਕੇ ਇਸ਼ਕ ਮਜ਼ਾਜ਼ੀ ਥਾਂ-ਥਾਂ ‘ਤੇ।

ਦਿਲ ਵਟਾਉਣਾ ਫ਼ੈਸ਼ਨ ਹੋ ਗਿਆ ਨੱਢੀਆਂ ਦਾ।

         ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਸਤਵਿੰਦਰ ਧਨੋਆ ਦੀ ਸ਼ੁਰੂਆਤ ਚੰਗੀ ਹੈ ਪ੍ਰੰਤੂ ਅਜੇ ਹੋਰ ਮਿਹਨਤ ਕਰਕੇ ਸਮਾਜਿਕ ਸਰੋਕਾਰਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। 160 ਪੰਨਿਆਂ, 240 ਰੁਪਏ ਕੀਮਤ, 68 ਕਵਿਤਾਵਾਂ ਵਾਲੀ ਪੁਸਤਕ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                  

                                                                               ਮੋਬਾਈਲ-94178 13072

                                                                                                   ujagarsingh48@yahoo.com

 

 

ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ - ਉਜਾਗਰ ਸਿੰਘ


    ਮੇਰਾ ਪਿੰਡ ਕੱਦੋਂ ਲੁਧਿਆਣਾ ਜਿਲ੍ਹੇ ਵਿਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈ। ਮੈਂ ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਦੋਰਾਹਾ ਵਿਚ ਪੜ੍ਹਦਾ ਸੀ। ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿਬਿਆਂ ਵਾਲੇ ਰਸਤੇ ਵਿਚ ਪੈਦਲ ਜਾਣਾ ਪੈਂਦਾ ਸੀ। ਜੁਤੀ ਪਾਉਣੀ ਜਾਂ ਨਾ ਪਾਉਣੀ ਇਕ ਬਰਾਬਰ ਹੁੰਦੀ ਸੀ। ਰੇਤਾ ਇਤਨਾ ਹੁੰਦਾ ਸੀ ਕਿ ਗਰਮੀਆਂ/ਸਰਦੀਆਂ ਦੇ ਦਿਨਾ ਵਿਚ ਜੁੱਤੀਆਂ ਵਿਚ ਤੱਤਾ/ਠੰਡਾ ਰੇਤਾ ਪੈ ਜਾਂਦਾ ਸੀ। ਕਈ ਵਾਰ ਜੁਤੀ ਚੁੱਕ ਕੇ ਭੱਜਕੇ ਜਾਣਾ ਪੈਂਦਾ ਸੀ ਤਾਂ ਜੋ ਪੈਰ ਨਾ ਸੜਨ/ਠਰਨ। ਸਕੂਲ ਵਿਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਹੀ ਅਨੁਸਾਸ਼ਨ ਪਸੰਦ ਸਨ। ਉਹ ਡੰਡਾ ਹਰ ਵਕਤ ਆਪਣੇ ਕੋਲ ਰੱਖਦੇ ਸਨ। ਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨ। ਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ। ਮੈਂ ਨੌਵੀਂ ਦੇ ਸਾਲਾਨਾ ਪੇਪਰਾਂ ਵਿਚ ਅੰਗਰੇਜ਼ੀ ਦਾ ਪੇਪਰ ਦੇ ਰਿਹਾ ਸੀ, ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿਚ ਕੁੰਡੀ ਫਸ ਗਈ ਕਿ ਜਵਾਹਰ ਵਿਚ ਤਿੰਨ ‘ਏ’ ਨਹੀਂ ਹੋ ਸਕਦੀਆਂ। ਅੱਗੇ ਬੈਠੇ ਸਾਥੀ ਨੂੰ ਪੁਛਣ ਦੀ ਕੋਸਿਸ਼ ਕਰ ਰਿਹਾ ਸੀ ਤਾਂ ਅੰਗਰੇਜ਼ੀ ਦੇ ਅਧਿਆਪਕ ਗੁਰਚਰਨ ਸਿੰਘ ਜੋ ਪਟਿਆਲਾ ਤੋਂ ਆਉਂਦੇ ਸਨ ਆ ਕੇ ਮੇਰੇ ਕੋਲ ਖੜ੍ਹ ਗਏ। ਉਨ੍ਹਾਂ ਮੈਨੂੰ ਖੜ੍ਹਾ ਕਰਕੇ ਪਿਆਰ ਨਾਲ ਕਿਹਾ ਕਿ ਅਧਿਆਪਕ ਦੀਆਂ ਨਜ਼ਰਾਂ ਵਿਚ ਚੰਗਾ ਵਿਦਿਆਰਥੀ ਬਣਨਾ ਵੱਡੀ ਗੱਲ ਨਹੀਂ ਹੁੰਦੀ ਪ੍ਰੰਤੂ ਚੰਗਿਆਈ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੁੰਦਾ ਹੈ। ਇਤਨੀ ਗੱਲ ਕਹਿਕੇ ਮੈਨੂੰ ਇਮਤਿਹਾਨ ਦੇਣ ਲਈ ਬਿਠਾ ਗਏ। ਉਹ ਦਿਨ ਤੋਂ ਬਾਅਦ ਮੈਂ ਆਪਣੇ ਅਧਿਆਪਕ ਦੀ ਗੱਲ ਪੱਲੇ ਬੰਨ੍ਹੀ ਹੋਈ ਹੈ। ਅੱਜ ਜਦੋਂ ਮੈਂ ਅਧਿਆਪਕਾਂ ਅਤੇ ਵਿਦਿਅਰਥੀਆਂ ਦੇ ਟਕਰਾਓ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੈਨੂੰ ਭਲੇ ਵੇਲੇ ਯਾਦ ਆਉਂਦੇ ਹਨ, ਜਦੋਂ ਅਸੀਂ ਅਧਿਆਪਕਾਂ ਨੂੰ ਦੇਖ ਕੇ ਘਾਊਂ ਮਾਊਂ ਹੋ ਜਾਂਦੇ ਸੀ, ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰਦੇ ਸੀ। ਮੈਨੂੰ ਮਾਪਿਆਂ ਨੇ ਦਸਵੀਂ ਤੋਂ ਬਾਅਦ ਪੜ੍ਹਾਉਣ ਤੋਂ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਇਨਕਾਰ ਕਰ ਦਿੱਤਾ। ਪ੍ਰੰਤੂ ਮੈਂ ਅੱਗੇ ਪੜ੍ਹਕੇ ਲੈਕਚਰਾਰ ਬਣਨਾ ਚਾਹੁੰਦਾ ਸੀ।  ਮੇਰੇ ਵੱਡੇ ਭਰਾ ਸ੍ਰ ਧਰਮ ਸਿੰਘ ਪਟਿਆਲੇ ਆਬਕਾਰੀ ਤੇ ਕਰ ਵਿਭਾਗ ਵਿਚ ਸਹਾਇਕ ਲੱਗੇ ਹੋਏ ਸਨ, ਉਹ ਮੈਨੂੰ ਆਪਣੇ ਕੋਲ ਲੈ ਗਏ। ਪ੍ਰਾਈਵੇਟਲੀ ਗਿਆਨੀ ਦੇ ਇਮਤਿਹਾਨ ਦੇਣ ਲਈ ਪਟਿਆਲੇ ਪੁਰਾਣੀ ਕੋਤਵਾਲੀ ਚੌਕ ਵਿਚ ਪ੍ਰੋ ਬਾਬੂ ਸਿੰਘ ਗੁਰਮ ਦੀ ਇਕ ਨਿਊ ਆਕਸਫੋਰਡ ਨਾਂ ਦੀ ਅਕਾਡਮੀ ਹੁੰਦੀ ਸੀ, ਜੋ ਸਵੇਰੇ ਸ਼ਾਮ ਕਲਾਸਾਂ ਲਗਾਕੇ ਪਹਿਲਾਂ ਗਿਆਨੀ ਅਤੇ ਫਿਰ 6-6 ਮਹੀਨੇ ਬਾਅਦ 50 ਨੰਬਰ ਦੀ ਅੰਗਰੇਜ਼ੀ ਜ਼ਰੂਰੀ ਵਿਸ਼ੇ ਨਾਲ ਬੀ ਏ ਕਰਵਾ ਦਿੰਦੇ ਸਨ। ਇਸ ਪੜ੍ਹਾਈ ਨੂੰ ਵਾਇਆ ਬਠਿੰਡਾ ਕਹਿੰਦੇ ਸਨ। ਕਲਾਸ ਵਿਚ ਬਹੁਤੇ ਕਰਨ ਵਾਲੇ ਨੌਕਰੀਆਂ ਵਾਲੇ ਮੁਲਾਜ਼ਮ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਇਸ ਅਕਾਡਮੀ ਦਾ ਬੜਾ ਨਾਮ ਚਲਦਾ ਸੀ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਹੁਤੇ ਵਿਦਿਆਰਥੀ ਸੰਜੀਦਾ ਸਨ ਪ੍ਰੰਤੂ ਕੁਝ ਵਿਦਿਆਰਥੀ ਮਨਪ੍ਰਚਾਵੇ ਲਈ ਹੀ ਆਉਂਦੇ ਸਨ, ਜਿਹੜੇ ਅਨੁਸ਼ਾਸਨ ਖ਼ਰਾਬ ਕਰਦੇ ਸਨ। ਪਿ੍ਰੰਸੀਪਲ ਜੋ ਇਕ ਜੱਟ ਪਰਿਵਾਰ ਨਾਲ ਸੰਬੰਧਤ ਸੀ, ਉਸ ਲਈ ਵੀ ਵਿਦਿਆਰਥੀਆਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀ। ਕੁਝ ਸਾਡੇ ਵਰਗੇ ਵਿਦਿਆਰਥੀ ਸੰਜੀਦਾ ਸਨ, ਜਿਹੜੇ ਕਾਲਜਾਂ ਦੀ ਫੀਸ ਨਹੀਂ ਦੇ ਸਕਦੇ ਸੀ। ਪੜ੍ਹਾਈ ਕੋ ਐਜੂਕੇਸ਼ਨ ਸੀ। ਮੈਂ ਅਤੇ ਮਰਹੂਮ ਜਸਵੰਤ ਡਡਹੇੜੀ ਨੇ ਵੀ ਅਕਾਡਮੀ ਵਿਚ ਦਾਖ਼ਲਾ ਲੈ ਲਿਆ। ਅਕਾਡਮੀ ਦਾ ਮਾਲਕ ਆਪ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਲੁਧਿਆਣੇ ਜਿਲ੍ਹੇ ਦੇ ਸਮਰਾਲਾ ਕੋਲ ਪਿੰਡ ਭਰਥਲਾ ਦੇ ਰਹਿਣ ਵਾਲੇ ਸਨ। ਅਸੀਂ ਵੀ ਦੋਵੇਂ ਲੁਧਿਆਣਾ ਜਿਲ੍ਹੇ ਦੇ ਅਤੇ ਸੰਜੀਦਾ ਵਿਦਿਆਰਥੀ ਹੋਣ ਕਰਕੇ ਇਕ ਦਿਨ ਉਨ੍ਹਾਂ ਨੇ ਸਾਨੂੰ ਆਪਣੇ ਦਫਤਰ ਵਿਚ ਬੁਲਾਇਆ ਤੇ ਕਿਹਾ ਕਿ ਅਕਾਡਮੀ ਵਿਚ ਕੁਝ ਬਾਹਰਲੇ ਮੁੰਡੇ ਆ ਕੇ ਕੁੜੀਆਂ ਨੂੰ ਤੰਗ ਕਰਦੇ ਹਨ। ਤੁਸੀਂ ਮੇਰੀ ਮਦਦ ਕਰੋ। ਅਸੀਂ ਚੌੜ ਵਿਚ ਆ ਕੇ ਜ਼ਿੰਮੇਵਾਰੀ ਲੈ ਬੈਠੇ। ਸਾਡੀ ਦਿਖ ਤਾਂ ਠੀਕ ਸੀ ਪ੍ਰੰਤੂ ਐਨੀ ਰੋਹਬਦਾਰ ਨਹੀਂ ਸੀ ਕਿ ਮੁੰਡਿਆਂ ਨੂੰ ਦਬਕਾ ਮਾਰ ਸਕਦੇ। ਜਸਵੰਤ ਡਡਹੇੜੀ ਦਾ ਛੋਟਾ ਭਰਾ ਹਰਦਿਆਲ ਸਿੰਘ ਖਾਲਸਾ ਕਾਲਜ ਪਟਿਆਲਾ ਵਿਚ ਪੜ੍ਹਦਾ ਸੀ, ਉਹ ਥੋੜ੍ਹਾ ਇਲਤੀ ਅਤੇ ਰੋਹਬ ਦਾਬ ਵਾਲਾ ਸੀ। ਅਸੀਂ ਉਸਨੂੰ ਨਾਲ ਲੈ ਆਏ ਤੇ ਸਾਰੀ ਗੱਲ ਦੱਸੀ। ਉਸਨੇ ਦਬਕੇ ਮਾਰੇ ਕਿ ਜੇਕਰ ਸਾਡੀਆਂ ਭੈਣਾ ਨਾਲ ਕਿਸੇ ਨੇ ਛੇੜਖਾਨੀ ਕਰਨ ਦੀ ਕੋਸਿਸ਼ ਕੀਤੀ ਤਾਂ ਉਸਦੀ ਖੈਰ ਨਹੀਂ। ਮੁੜਕੇ ਕੋਈ ਵੀ ਲੜਕਾ ਅਕਾਡਮੀ ਦੇ ਮੂਹਰੇ ਵੀ ਨਾ ਲੰਘਿਆ ਕਰੇ, ਸਾਡਾ ਮੁਫ਼ਤ ਦਾ ਹੀ ਰੋਹਬ ਪੈ ਗਿਆ। ਅਕਾਡਮੀ ਦੇ ਮਾਲਕ ਨੇ ਸਵਾਗਤ ਕਰਤਾ ਦੇ ਕੋਲ ਦੋ ਕੁਰਸੀਆਂ ਲਵਾ ਦਿੱਤੀਆਂ ਤੇ ਸਾਨੂੰ ਕਦੇ ਕਦੇ ਉਥੇ ਬੈਠਣ ਲਈ ਕਿਹਾ ਤਾਂ ਜੋ ਕੋਈ ਹੋਰ ਅਨੁਸ਼ਾਸ਼ਨ ਭੰਗ ਨਾ ਕਰੇ। ਉਸ ਦਿਨ ਤੋਂ ਬਾਅਦ ਪਿ੍ਰੰਸੀਪਲ ਨੇ ਸਾਡੀ ਫੀਸ ਮਾਫ ਕਰ ਦਿੱਤੀ। ਅਸੀਂ ਗਿਆਨੀ ਅਤੇ ਬੀ ਏ ਮੁਫਤ ਵਿਚ ਪਾਸ ਕੀਤਆਂ।
      ਫਿਰ ਅਸੀਂ ਮਹਿੰਦਰਾ ਕਾਲਜ ਪਟਿਆਲਾ ਵਿਚ ਈਵਨਿੰਗ ਕਲਾਸਾਂ ਵਿਚ ਐਮ ਏ ਪੰਜਾਬੀ ਵਿਚ ਦਾਖਲਾ ਲੈ ਲਿਆ। ਸਾਡੀ ਕਲਾਸ ਵਿੱਚ  16 ਵਿਦਿਆਰਥੀ ਸਨ, ਉਨ੍ਹਾਂ ਵਿਚ ਕਾਲਜ ਦੇ ਪਿ੍ਰੰਸੀਪਲ ਦਾ ਸਟੈਨੋ ਹਰਨਾਮ ਸਿੰਘ ਵੀ ਸ਼ਾਮਲ ਸੀ, ਜੋ ਬਾਅਦ ਵਿਚ ਜਿਲ੍ਹਾ ਸਿਖਿਆ ਅਧਿਕਾਰੀ ਬਣ ਗਏ ਸਨ। ਬਹੁਤੇ ਸ਼ਹਿਰੀ ਅਤੇ ਅਸੀਂ ਚਾਰ ਕੁ ਪੇਂਡੂ ਵਿਦਿਆਰਥੀ ਸੀ। ਪ੍ਰੋ ਕਰਤਾਰ ਸਿੰਘ ਲੂਥਰਾ ਪੰਜਾਬੀ ਵਿਭਾਗ ਦੇ ਮੁੱਖੀ ਸਨ। ਉਹ  ਇਕੱਲੇ ਨਾਭਾ ਗੇਟ ਰਹਿੰਦੇ ਸਨ। ਮੇਰਾ ਕਿਉਂਕਿ ਨਿਸ਼ਾਨਾ ਲੈਕਚਰਾਰ ਬਣਨਾ ਸੀ, ਇਸ ਲਈ ਮੈਂ ਸ਼ਾਮ ਨੂੰ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ ਤਾਂ ਜੋ ਮੈਨੂੰ ਅਗਵਾਈ ਦੇ ਸਕਣ। ਉਨ੍ਹਾਂ ਮੈਨੂੰ ਇਕ ਪੁਸਤਕ ਪੜ੍ਹਨ ਲਈ ਦਿੱਤੀ ਤੇ ਜਦੋਂ ਮੈਂ ਪੁਸਤਕ ਪੜ੍ਹ ਰਿਹਾ ਸੀ ਤਾਂ ਉਸ ਵਿਚੋਂ  100 ਦਾ ਨੋਟ ਮਿਲਿਆ। ਉਨ੍ਹਾਂ ਦਿਨਾ ਵਿਚ ਇਹ ਰਕਮ ਵੱਡੀ ਸੀ। ਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਤਾਂ ਮੇਰੀ ਇਮਾਨਦਾਰੀ ਦੇ ਕਾਇਲ ਹੋ ਗਏ। ਅੱਗੋਂ ਵਾਸਤੇ ਉਨ੍ਹਾਂ ਮੇਰਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਸ਼ਾਇਦ ਮੇਰੀ ਪਰਖ ਕਰਨ ਲਈ ਹੀ ਉਨ੍ਹਾਂ ਇੰਜ ਕੀਤਾ ਹੋਵੇ। ਅਜੇ ਮੈਂ ਐਮ ਏ ਪਹਿਲੇ ਸਾਲ ਵਿਚ ਹੀ ਪੜ੍ਹ ਰਿਹਾ ਸੀ ਤਾਂ ਇਕ ਅਸਾਮੀ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦਾ ਇਸ਼ਤਿਹਾਰ ਨਿਕਲਿਆ। ਕਲਾਸ ਵਿਚ ਚਰਚਾ ਹੋਈ ਤੇ ਫੈਸਲਾ ਹੋਇਆ ਕਿ ਸਾਰੇ 16 ਵਿਦਿਆਰਥੀਆਂ ਵਿਚੋਂ ਇਕ ਹੀ ਅਪਲਾਈ ਕਰੇ। ਪ੍ਰੋ ਲਥਰਾ ਨੇ ਵੀ ਮੇਰੀ ਸਪੋਰਟ ਕਰ ਦਿੱਤੀ।ਗੁਣਾ ਮੇਰੇ ਤੇ ਪੈ ਗਿਆ। ਮੈਨੂੰ ਅਪਲਾਈ ਕਰਨਾ ਵੀ ਨਹੀਂ ਆਉਂਦਾ ਸੀ। ਹਰਨਾਮ ਸਿੰਘ ਸਟੈਨੋ ਨੇ ਆਪੇ ਮੇਰੀ ਅਰਜ਼ੀ ਟਾਈਪ ਕਰਕੇ ਮਨੀਆਰਡਰ ਨਾਲ ਲਾ ਕੇ ਪੋਸਟ ਕਰ ਦਿੱਤੀ। ਲਿਖਤੀ ਟੈਸਟ ਆ ਗਿਆ। ਇਹ ਅਸਾਮੀ ਪੰਜਾਬੀ ਸ਼ਾਖਾ ਵਿਚ ਸੀ। ਪੰਜਾਬੀ ਸ਼ਾਖਾ ਦਾ ਮੁੱਖੀ ਪੀ ਆਰ ਓ, ਪੰਜਾਬੀ ਦੇ ਕਵੀ ਸੁਖਪਾਲਵੀਰ ਸਿੰਘ ਹਸਰਤ ਸਨ। ਉਹ ਹੀ ਜਾਗ੍ਰਤੀ ਪੰਜਾਬੀ ਸਰਕਾਰੀ ਰਸਾਲੇ ਦੇ ਸੰਪਾਦਕ ਸਨ। ਮੈਂ ਪੇਂਡੂ ਪਿਛੋਕੜ ਵਾਲਾ ਇਸਤੋਂ ਪਹਿਲਾਂ ਕਦੀਂ ਚੰਡੀਗੜ੍ਹ ਨਹੀਂ ਗਿਆ ਸੀ। ਔਖਾ ਸੌਖਾ ਪੁਛਦਾ ਪੁਛਾਉਂਦਾ ਚੰਡੀਗੜ੍ਹ ਸਕੱਤਰੇਤ ਪਹੁੰਚ ਗਿਆ। ਸਾਡਾ ਟੈਸਟ ਅਮਲਾ ਸ਼ਾਖਾ ਵਿਚ ਲਿਆ ਗਿਆ। ਰਮੇਸ਼ ਗੁਪਤਾ ਅਤੇ ਬਲਜੀਤ ਸਿੰਘ ਸੈਣੀ ਦੀ ਟੈਸਟ ਲੈਣ ਦੀ ਜ਼ਿੰਮੇਵਾਰੀ ਵਿਭਾਗ ਨੇ ਲਗਾਈ ਹੋਈ ਸੀ। ਸੁਖਪਾਲਵੀਰ ਸਿੰਘ ਹਸਰਤ ਨੇ ਪੇਪਰ ਬਣਾਇਆ ਸੀ, ਉਨ੍ਹਾਂ ਨੇ 80 ਨੰਬਰਾਂ ਦਾ ਸਾਹਿਤਕ ਅਤੇ 20 ਨੰਬਰ ਦਾ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਬਣਾਉਣ ਦਾ ਪੇਪਰ ਪਾਇਆ। ਮੈਂ ਤਾਂ50 ਨੰਬਰ ਦੀ ਜ਼ਰੂਰੀ ਅੰਗਰੇਜ਼ੀ ਨਾਲ ਬੀ ਏ ਕੀਤੀ ਸੀ, ਇਸ ਲਈ ਅੰਗਰੇਜ਼ੀ ਦਾ ਮੇਰਾ ਹੱਥ ਬਹੁਤ ਤੰਗ ਸੀ । ਮੈਂ ਕਿਉਂਕਿ ਐਮ ਏ ਪੰਜਾਬੀ ਪਹਿਲੇ ਸਾਲ ਦਾ ਵਿਦਿਆਰਥੀ ਸੀ, ਇਸ ਲਈ ਸਾਹਿਤਕ ਸਾਰਾ ਪੇਪਰ ਹਲ ਕਰ ਦਿੱਤਾ। ਮੇਰੀ ਲਿਖਾਈ ਵੀ ਬਹੁਤੀ ਚੰਗੀ ਨਹੀਂ ਸੀ ਪ੍ਰੰਤੂ ਪੜ੍ਹੀ ਜਾਂਦੀ ਸੀ। ਜਿਹੜਾ ਰਮੇਸ਼ ਗੁਪਤਾ ਟੈਸਟ ਲੈ ਰਿਹਾ ਸੀ, ਉਹ ਮੇਰੇ ਕੋਲ ਆ ਕੇ ਕਹਿੰਦਾ ਸ਼ੀਟਾਂ ਤਾਂ ਐਨੀਆਂ ਲਈ ਜਾਂਦਾ ਹੈਂ, ਤੇਰੇ ਕੂਕਾਂ ਬਿੱਲੀ ਘਾਂਗੜੇ ਕੌਣ ਪੜ੍ਹੇਗਾ? ਬੜਾ ਆਇਆ ਨਿਬੰਧਕਾਰ ਬਣਨ ਲਈ। 32 ਉਮੀਦਵਾਰ ਇਮਤਿਹਾਨ ਦੇਣ ਆਏ ਸਨ, ਜਿਨ੍ਹਾਂ ਵਿਚ ਇਸੇ ਵਿਭਾਗ ਵਿਚ ਕੰਮ ਕਰਦੇ ਉਰਦੂ ਦੇ ਅਨੁਵਾਦਕ ਹਰਬੰਸ ਸਿੰਘ ਤਸੱਵਰ ਵੀ ਸ਼ਾਮਲ ਸਨ। ਉਹ ਉਰਦੂ ਦੇ ਸ਼ਾਇਰ ਅਤੇ ਵਿਅੰਗਕਾਰ ਲੇਖਕ ਵੀ ਸਨ। ਉਥੇ ਕਾਨਾਫੂਸੀ ਹੋ ਰਹੀ ਸੀ ਕਿ ਟੈਸਟ ਤਾਂ ਨਾਮ ਦਾ ਹੀ ਹੈ, ਚੋਣ ਤਾਂ ਹਰਬੰਸ ਸਿੰਘ ਤਸੱਵਰ ਦੀ ਹੀ ਹੋਣੀ ਹੈ ਕਿਉਂਕਿ ਉਸਦੀ ਵਿਦਿਅਕ ਯੋਗਤਾ ਵੀ ਹੈ ਅਤੇ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸੂਬਾ ਸਿੰਘ ਦੀ ਸਿਫਾਰਸ਼ ਹੈ। ਜਦੋਂ ਟੈਸਟ ਦਾ ਨਤੀਜਾ ਨਿਕਲਿਆ ਤਾਂ ਮਂੈ ਪਹਿਲੇ ਨੰਬਰ ਤੇ ਅਤੇ ਹਰਬੰਸ ਸਿੰਘ ਤਸੱਵਰ ਦੂਜੇ ਨੰਬਰ ਤੇ ਆਏ। ਇੰਟਰਵਿਊ ਵਿਚ ਮੈਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁਛੇ ਗਏ ਜਦੋਂ ਕਿ ਅਸਾਮੀ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੀ। ਅਸਲ ਵਿਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਪੰਜਾਬੀ ਦੀ ਜਿਤਨੀ ਵੀ ਪ੍ਰਕਾਸ਼ਨਾ ਹੁੰਦੀ ਸੀ, ਉਹ ਨਿਬੰਧਕਾਰ ਪੰਜਾਬੀ ਹੀ ਪੀ ਆਰ ਓ ਪੰਜਾਬੀ ਦੀ ਨਿਗਰਾਨੀ ਹੇਠ ਕਰਾਉਂਦਾ ਸੀ। ਨਿਬੰਧਕਾਰ ਹੀ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਹੁੰਦਾ ਸੀ। ਸੁਖਪਾਲਵੀਰ ਸਿੰਘ ਹਸਰਤ, ਹਰਬੰਸ ਸਿੰਘ ਤਸੱਵਰ ਤੋਂ ਜ਼ਿਆਦਾ ਵਿਦਵਾਨ ਤੇ ਬਰਾਬਰ ਦਾ ਸ਼ਾਇਰ ਹੋਣ ਕਰਕੇ ਤਿਬਕਦਾ ਸੀ। ਉਨ੍ਹਾਂ ਨੇ ਮੈਨੂੰ ਪਹਿਲੇ ਨੰਬਰ ਤੇ ਚੁਣ ਲਿਆ ਅਤੇ ਤਸੱਵਰ ਨੂੰ ਵੇਟਿੰਗ ਸੂਚੀ ਵਿਚ ਰੱਖ ਲਿਆ। ਮੈਂ ਕਿਉਂਕਿ ਐਮ ਏ ਪਹਿਲੇ ਸਾਲ ਦੇ ਪੇਪਰ ਦੇਣੇ ਸਨ ਤੇ ਲੈਕਚਰਾਰ ਬਣਨਾ ਚਾਹੁੰਦਾ ਸੀ, ਇਸ ਲਈ ਨੌਕਰੀ ਜਾਇਨ ਕਰਨ ਤੋਂ ਝਿਜਕਦਾ ਸੀ। ਮੈਂ ਹਸਰਤ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਇਨ ਕਰਨ ਵਿਚ ਇਕ ਮਹੀਨੇ ਦੀ ਮੋਹਲਤ ਦੇ ਦਿਓ ਤਾਂ ਜੋ ਪੇਪਰ ਦੇ ਸਕਾਂ। ਉਹ ਕਹਿਣ ਲੱਗੇ ਜੇ ਜਾਇਨ ਕਰਨਾ ਤਾਂ ਕਰ ਲਓ ਨਹੀਂ ਤਾਂ ਮੇਰੇ ਤੇ ਸੂਬਾ ਸਿੰਘ ਦਾ ਪ੍ਰੈਸ਼ਰ ਹੈ ਕਿ ਹਰਬੰਸ ਸਿੰਘ ਤਸੱਵਰ ਨੂੰ ਜਾਇਨ ਕਰਵਾ ਲਵਾਂਗਾ। ਮੈਂ ਪਟਿਆਲਾ ਆ ਕੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਨੌਕਰੀ ਨਹੀਂ ਜਾਇਨ ਕਰਨੀ ਕਿਉਂਕਿ ਸੰਪਾਦਕ ਨੇ ਇਕ ਮਹੀਨੇ ਦੀ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੇ ਨੌਕਰੀ ਜਾਇਨ ਕਰਕੇ ਪੇਪਰ ਦਿੱਤੇ ਤਾਂ ਚੰਗੇ ਨੰਬਰ ਨਹੀਂ ਆਉਣੇ, ਮੇਰਾ ਲੈਕਚਰਾਰ ਬਣਨ ਦਾ ਸਪਨਾ ਪੂਰਾ ਨਹੀਂ ਹੋਣਾ।  ਮੇਰੇ ਭਰਾ ਕਹਿਣ ਲੱਗੇ ਕਿ ਹੁਜਤਾਂ ਨਾ ਕਰ ਮੇਰੀ ਉਤਨੀ ਤਨਖ਼ਾਹ ਨਹੀਂ ਜਿਤਨੀ ਤੇਰੀ ਹੋ ਜਾਣੀ ਹੈ। ਫਿਰ ਮੈਂ ਜਾਇਨ ਕਰ ਲਿਆ ਅਤੇ ਹਸਰਤ ਸਾਹਿਬ ਨੇ ਤੁਰੰਤ ਨਾਲ ਹੀ ਮੈਨੂੰ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲਾ ਲਿਆ। ਵੈਸੇ ਮੇਰੇ ਤੋਂ ਪਹਿਲਾਂ ਪੰਜਾਬੀ ਦੇ ਨਿਬੰਧਕਾਰ ਸੁਰਿੰਦਰ ਮੋਹਨ ਸਿੰਘ ਸੀਨੀਅਰ ਸਨ ਪ੍ਰੰਤੂ ਉਨ੍ਹਾਂ ਤੋਂ ਵੀ ਹਸਰਤ ਸਾਹਿਬ ਡਰਦੇ ਸਨ, ਜਿਸ ਕਰਕੇ ਮੇਰਾ ਨੌਕਰੀ ਅਤੇ ਸਹਾਇਕ ਸੰਪਾਦਕੀ ਲਈ ਤੁਕਾ ਲੱਗ ਗਿਆ। ਸੁਰਿੰਦਰ ਮੋਹਨ ਸਿੰਘ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਸੇਵਾ ਮੁਕਤ ਹੋਏ ਹਨ। ਮੇਰੇ ਹਮੇਸ਼ਾ ਹੀ ਤੁਕੇ ਲਗਦੇ ਰਹੇ, ਜਿਸ ਕਰਕੇ ਮੈਂ ਜ਼ਿੰਦਗੀ ਵਿਚ ਸਫਲ ਹੁੰਦਾ ਰਿਹਾ। ਇਸ ਤਰ੍ਹਾਂ ਮੇਰੀ ਤਿੰਨ ਵਾਰ ਲਾਟਰੀ ਨਿਕਲ ਆਈ। ਪਹਿਲੀ ਵਾਰ ਮੁਫਤ ਵਿਚ ਬੀ ਏ, ਦੂਜੀ ਵਾਰ ਸਾਹਿਤਕ ਪੇਪਰ ਹੋਣ ਕਰਕੇ ਲਿਖਤੀ ਟੈਸਟ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ ਅਤੇ ਤੀਜੀ ਵਾਰ ਬਿਨਾ ਸਿਫਾਰਸ਼ ਨੌਕਰੀ ਮਿਲ ਗਈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com



ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ?  - ਉਜਾਗਰ ਸਿੰਘ

ਪੰਜਾਬ ਦਾ ਲੁਧਿਆਣਾ ਜਿਲ੍ਹਾ ਕਈ ਖੇਤਰਾਂ ਵਿਚ ਬਾਕੀ ਜਿਲਿ੍ਹਆਂ ਨਾਲੋਂ ਮੋਹਰੀ ਗਿਣਿਆਂ ਜਾਂਦਾ ਹੈ। ਇਸ ਜਿਲ੍ਹੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਦੀ ਜਦੋਜਹਿਦ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਗ਼ਦਰ ਲਹਿਰ ਵਿਚ ਵੀ ਲੁਧਿਅਣਾ ਜਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦੀ ਬਿਹਤਰੀਨ ਹਿੱਸੇਦਾਰੀ ਰਹੀ ਹੈ। ਕਪੂਰ ਸਿੰਘ ਆਈ ਸੀ ਐਸ (ਜਗਰਾਉਂ) ਅਤੇ ਮੰਗਲ ਸਿਘ (ਗਿੱਲਾਂ) ਨਿਵਾਸੀ ਦੇ ਯੋਗਦਾਨ ਨੂੰ ਕੌਣ ਭੁੱਲਿਆ ਹੋਇਆ ਹੈ। ਤਿੰਨ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ (     ), ਪੰਜਾਬ ਦੇ ਜਸਟਿਸ ਗੁਰਨਾਮ ਸਿੰਘ ਅਤੇ ਬੇਅੰਤ ਸਿੰਘ ਇਸੇ ਜਿਲ੍ਹੇ ਨਾਲ ਸੰਬੰਧਤ ਸਨ। ਭਾਵ ਇਸ ਜਿਲ੍ਹੇ ਦੇ ਲੋਕਾਂ ਦਾ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਵਿੱਚ ਵੱਡਾ ਯੋਗਦਾਨ ਹੈ। ਜਦੋਂ ਮੈਂ ਆਪਣੇ ਦੋਸਤ ਗੁਰਮੀਤ ਸਿੰਘ ਭੰਗੂ  ਸਿਆਸੀ ਸਕੱਤਰ ਮਰਹੂਮ ਮੁੱਖ ਮੰਤਰੀ ਪੰਜਾਬ ਸ੍ਰ ਬੇਅੰਤ ਸਿੰਘ ਬਾਰੇ ਪੁਸਤਕ ਲਿਖਣ ਲਈ ਸਮੱਗਰੀ ਇਕੱਤਰ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਭੰਗੂ ਦਾਖ਼ਾ ਪਿੰਡ ਦੇ ਸੇਖ਼ੋਂ ਪਰਿਵਾਰ ਨਾਲ ਸੰਬੰਧਤ ਸਨ।  ਉਹ ਕਹਿਣ ਲੱਗੇ ਸੇਖ਼ੋਂ ਪਰਿਵਾਰ ਦਾ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਸੇਖ਼ੋਂ ਪਰਿਵਾਰ ਦੇ ਮੁੱਖੀ ਵਰਿਆਮ ਸਿੰਘ ਸੇਖ਼ੋਂ ਅਤੇ ਗੁਲਾਬ ਕੌਰ ਸੇਖ਼ੋਂ ਬਾਰੇ ਕਾਫੀ ਦਿਲਚਸਪ ਗੱਲਾਂ ਦੱਸੀਆਂ। ਹਾਲਾਂ ਕਿ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਉਨ੍ਹਾਂ ਦੇ ਕੰਮ ਬਹੁਤੇ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਸਾਯੋਗ ਹਨ। ਪਿੰਡਾਂ ਦੇ ਲੋਕਾਂ ਦੇ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਮਹਿਸੂਸ ਹੀ ਨਹੀਂ ਕਰਦੇ ਸਨ, ਸਗੋਂ ਉਨ੍ਹਾਂ ਦੇ ਨਿਪਟਾਰੇ ਲਈ ਸਾਰੀ ਉਮਰ ਉਦਮਸ਼ੀਲ ਰਹੇ। ਅੱਡਾ ਦਾਖਾ ਵਸਾਉਣਾ, ਵਿਉਂਤਬੰਦੀ ਕਰਨੀ, 250 ਦੇ ਲਗਪਗ ਦੁਕਾਨਾ ਅਤੇ ਰਹਾਇਸ਼ੀ ਘਰ ਬਣਾਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਉਥੇ ਵਸਾਉਣਾ ਆਦਿ ਵਿਲੱਖਣ ਕੰਮ ਹਨ। ਉਨ੍ਹਾਂ ਦੁਕਾਨਾ ਅਤੇ ਦੁਕਾਨਦਾਰਾਂ ਦੇ ਪਰਿਵਾਰਾਂ ਲਈ ਸੁਰੱਖਿਆ ਦਾ ਪ੍ਰਬੰਧ ਕਰਨਾ ਆਦਿ ਅਨੇਕਾਂ ਯੋਜਨਾਵਾਂ ਬਣਾਕੇ ਸਿਰੇ ਚੜ੍ਹਾਈਆਂ। ਦੁਕਾਨਾ ਦੇ ਕੰਪਲੈਕਸ ਦਾ ਡੀਜ਼ਾਇਨ ਤਿਆਰ ਕਰਨਾ ਜੋ ਅਸਲ ਵਿਚ ਇਕ ਆਰਕੀਟੈਕਟ ਦਾ ਕੰਮ ਸੀ। ਉਹ ਵੀ ਉਨ੍ਹਾਂ ਆਪ ਕੀਤਾ। ਪਿੰਡਾਂ ਦੇ ਲੋਕਾਂ ਵਿਚ ਸਦਭਾਵਨਾ ਬਣਾਈ ਰੱਖਣ, ਵਿਓਪਾਰ ਕਿਵੇਂ ਸਥਾਪਤ ਕਰਕੇ ਸਫਲ ਬਣਾਉਣਾ ਆਦਿ ਇਹ ਸਾਰੇ ਕਾਰਜ਼ ਇਕ ਦੂਰ ਅੰਦੇਸ਼ ਵਿਅਕਤੀ ਦੇ ਹੀ ਹੋ ਸਕਦੇ ਹਨ। ਵਰਿਆਮ ਸਿੰਘ ਸੇਖ਼ੋਂ ਅਤੇ ਉਨ੍ਹਾਂ ਦੀ ਪਤਨੀ ਗੁਲਾਬ ਕੌਰ ਸੇਖ਼ੋਂ ਵੱਲੋਂ ਆਪਣੇ ਵੱਡੇ ਪਰਿਵਾਰ ਨੂੰ ਬਿਹਤਰੀਨ ਸਿਖਿਆ ਲੈਣ ਦੇ ਮੌਕੇ ਦੇ ਕੇ ਪੜ੍ਹਾਇਆ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੰਸਾਰ ਦੇ ਵੱਖ-ਵੱਖ ਖਿਤਿਆਂ ਵਿਚ ਨਾਮਣਾ ਖੱਟ ਰਹੇ ਹਨ। ਇਸਦੀ ਜਾਣਕਾਰੀ ਪੁਸਤਕ ਪੜ੍ਹਨ ‘ਤੇ ਮਿਲ ਜਾਵੇਗੀ। ਉਦੋਂ ਮੈਂ ਮਨ ਬਣਾ ਲਿਆ ਸੀ ਕਿ ਗੁਰਮੀਤ ਸਿੰਘ ਦੀ ਪੁਸਤਕ ਮੁਕੰਮਲ ਕਰਨ ਤੋਂ ਬਾਅਦ ਇਸ ਸੇਖ਼ੋਂ ਪਰਿਵਾਰ ਬਾਰੇ ਪੁਸਤਕ ਲਿਖਾਂਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਮਿਲ ਸਕੇ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਫਲਤਾ ਹਾਸਲ ਕਰ ਸਕਣ। ਲਗਪਗ ਇਕ ਸਾਲ ਦੀ ਮਿਹਨਤ ਤੋਂ ਬਾਅਦ ਇਹ ਸਪਨਾ ਪੂਰਾ ਹੋਇਆ ਹੈ। ਇਸ ਸਪਨੇ ਨੂੰ ਪੂਰਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਦਲਜੀਤ ਸਿੰਘ ਭੰਗੂ ਦਾ ਹੈ, ਜਿਨ੍ਹਾਂ ਨੇ ਸੇਖ਼ੋਂ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਜਾਣਕਾਰੀ ਇਕੱਤਰ ਕੀਤੀ। ਜੇ ਦਲਜੀਤ ਸਿੰਘ ਭੰਗੂ ਮੈਨੂੰ ਪੁਸਤਕ ਲਿਖਣ ਲਈ ਉਤਸ਼ਾਹਤ ਨਾ ਕਰਦੇ ਅਤੇ ਜਾਣਕਾਰੀ ਇਕੱਤਰ ਕਰਕੇ ਨਾ ਦਿੰਦੇ ਤਾਂ ਇਸ ਪੁਸਤਕ ਦਾ ਪ੍ਰਕਾਸ਼ਤ ਹੋਣਾ ਸੰਭਵ ਨਹੀਂ ਸੀ। ਮੈਂ ਕਿਉਂਕਿ ਕੁਝ ਪਰਿਵਾਰਾਂ ਨੂੰ ਛੱਡਕੇ ਬਾਕੀਆਂ ਬਾਰੇ ਬਹੁਤਾ ਜਾਣਦਾ ਨਹੀਂ ਸੀ। ਹੋ ਸਕਦਾ ਹੁਣ ਵੀ ਪੂਰੀ ਜਾਣਕਾਰੀ ਨਾ ਦੇ ਸਕਿਆ ਹੋਵਾਂ। ਇਹ ਰਵਾਇਤੀ ਪੁਸਤਕਾਂ ਵਰਗੀ ਨਹੀਂ ਹੈ ਕਿਉਂਕਿ ਇਹ ਦਲਜੀਤ ਸਿੰਘ ਭੰਗੂ ਦੀਆਂ ਭਾਵਨਾਵਾਂ ਅਨੁਸਾਰ ਲਿਖੀ ਗਈ ਹੈ। ਇਸ ਪੁਸਤਕ ਵਿੱਚ ਸੇਖ਼ੋਂ ਪਰਿਵਾਰ ਦੀਆਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ। ਉਮੀਦ ਹੈ ਪਰਿਵਾਰਕ ਮੈਂਬਰ ਇਸ ਪੁਸਤਕ ਨੂੰ ਪ੍ਰਵਾਨ ਕਰਨਗੇ।

ਪੰਜਾਬ ਦੇ ਕਾਂਗਰਸੀ ਆਪਣਾ ਆਲ੍ਹਣਾ ਬਣਾਉਣ ਅਤੇ ਢਾਹੁਣ ਵਿੱਚ ਮੋਹਰੀ  - ਉਜਾਗਰ ਸਿੰਘ

ਪੰਜਾਬ ਕਾਂਗਰਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਇਕਸੁਰਤਾ ਨਾਲ ਨਿਭਣਾ ਸ਼ੁਭ ਸੰਕੇਤ ਦੇ ਰਿਹਾ ਹੈ। ਪ੍ਰੰਤੂ ਪਿਛਲੇ ਸਮਝੌਤਿਆਂ ਦੇ ਮੱਦੇ ਨਜ਼ਰ ਇਸ ਇਕਸੁਰਤਾ ਦਾ ਲੰਬੇ ਸਮੇਂ ਲਈ ਚਲਣਾ ਅਸੰਭਵ ਲਗਦਾ ਹੈ। ਕਿਉਂਕਿ ਪੰਜਾਬ ਕਾਂਗਰਸ ਵਿੱਚ ਕੁਰਸੀ ਯੁਧ ਦਾ ਘਮਾਸਾਨ ਜ਼ੋਰ ਸ਼ੋਰ ਨਾਲ ਚਲਦਾ ਰਿਹਾ ਹੈ। ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਉਹੀ ਖਿਚੋਤਾਣ ਬਰਕਰਾਰ ਰਹੀ ਹੈ। ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਤੋਂ ਬਾਅਦ ਖੁਦ ਵੀ ਸਾਰੇ ਉਸੇ ਕੁਰਸੀ ‘ਤੇ ਟਪੂਸੀ ਮਾਰਕੇ ਚੜ੍ਹਨ ਲਈ ਜਦੋਜਹਿਦ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕੁਰਸੀ ਖਾਲੀ ਨਹੀਂ ਪ੍ਰੰਤੂ ਨੇਤਾ ਮੁੱਦਿਆਂ ਦੀ ਆੜ ਵਿੱਚ ਕੁਰਸੀ ਦੀ ਲੜਾਈ ਵਿੱਚ ਉਲਝੇ ਪਏ ਹਨ। ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਸਮੇਂ, ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ਖੂਹ ਖਾਤੇ ਪੈ ਗਏ ਲਗਦੇ ਹਨ। ਉਨ੍ਹਾਂ ਨੂੰ ਉਦੋਂ ਵੀ ਪਤਾ ਸੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਣਗੇ? ਮੁੱਖ ਮੰਤਰੀ ਦੀ ਕੁਰਸੀ ਖੋਹਣ ਵਿੱਚ ਤਾਂ ਸਾਰੇ ਇਕਜੁੱਟ ਸਨ ਪ੍ਰੰਤੂ ਕੁਰਸੀ ‘ਤੇ ਕਾਬਜ਼ ਹੋਣ ਲਈ ਅੱਡੋ ਫਾਟੀ ਹੋ ਕੇ ਤਰਲੋਮੱਛੀ ਹੋ ਰਹੇ ਹਨ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਨੂੰ ਵਿਰੋਧੀਆਂ ਵੱਲੋਂ ਨਿੰਦਣਾ ਤਾਂ ਕੁਦਰਤੀ ਹੈ ਪ੍ਰੰਤੂ ਆਪਣਿਆਂ ਵੱਲੋਂ ਲੱਤਾਂ ਖਿਚਣ ਤੋਂ ਲੋਕਾਂ ਵਿੱਚ ਪ੍ਰਭਾਵ ਚਲਿਆ ਗਿਆ ਕਿ ਕੈਪਟਨ  ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਕਰਕੇ ਨਹੀਂ ਹਟਾਇਆ ਗਿਆ ਸਗੋਂ ਕੁਰਸੀ ਪ੍ਰਾਪਤ ਕਰਨਾ ਮੁੱਖ ਮੰਤਵ ਸੀ। ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਦਾ ਮੁੱਖ ਮੰਤਰੀ ਬਣਕੇ ਆਮ ਆਦਮੀ ਪਾਰਟੀ ਦਾ ਏਜੰਡਾ ਖੋਹ ਲਿਆ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਲੋਕ ਹਿੱਤ ਦੇ ਫ਼ੈਸਲਿਆਂ ਦੀ ਫੂਕ ਕੱਢ ਦਿੱਤੀ ਹੈ। ਪੰਜਾਬ ਦੇ ਕਾਂਗਰਸੀ ਹਮੇਸ਼ਾ ਕਈ ਖੇਤਰਾਂ ਵਿੱਚ ਮਾਹਰਕੇ ਮਾਰਕੇ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਸਿਆਸੀ ਤਾਕਤ ਲੈਣ ਅਤੇ ਵਿਰੋਧੀ ਨੂੰ ਢਾਹੁਣ ਲਈ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਦਾਅ ‘ਤੇ ਲਾ ਦਿੰਦੇ ਹਨ। ਸਿਆਸੀ ਤਾਕਤ ਹਥਿਆਉਣ ਲਈ ਸੀਨੀਅਰ ਨੇਤਾਵਾਂ ਨੂੰ ਮਾਈ ਬਾਪ ਤੱਕ ਕਹਿ ਦਿੰਦੇ ਹਨ। ਬਦਲਣ ਲੱਗੇ ਵੀ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਪੰਜਾਬ ਕਾਂਗਰਸ ਦੀ  ਖਿਚੋਤਾਣ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸਿੱਖਾਂ ਦੇ ਸਭ ਤੋਂ ਪਵਿਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਾਂਗਰਸ ਪਾਰਟੀ ਦੀ ਕੇਂਦਰੀ ਸਰਕਾਰ ਵੱਲੋਂ ਬਲਿਊ ਸਟਾਰ ਅਪ੍ਰੇਸ਼ਨ ਕਰਕੇ ਬੇਹੁਰਮਤੀ ਕਰਨ ਤੋਂ ਬਾਅਦ ਵੀ 1992, 2002 ਅਤੇ 2017 ਵਿੱਚ ਤਿੰਨ ਵਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਗਈ। ਜਦੋਂ 2017 ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਦਿਨ ਸਨ, ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ੋਰਾ ਲੱਗ ਰਿਹਾ ਸੀ ਤਾਂ ਉਸ ਸਮੇਂ ਵੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ। ਪੰਜਾਬ ਦੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਦੇ ਭੁਚਾਲ ਵਰਗੇ ਉਭਾਰ ਨੂੰ ਵੀ ਰੋਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾ ਦਿੱਤੀ ਸੀ। ਪੰਜਾਬ ਕਾਂਗਰਸ ਨੇ ਇਹ ਚੋਣਾ ਜਿਤੱਣ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਰਣਨੀਤੀਕਾਰ ਬਣਾਕੇ ਮੋਹਰੀ ਦੀ ਭੂਮਿਕਾ ਨਿਭਾਈ ਸੀ। ਭਾਵ ਪੰਜਾਬ ਦੇ ਸਿਆਸਤਦਾਨਾਂ ਨੂੰ ਆਪਣੀ ਕਾਬਲੀਅਤ ‘ਤੇ ਸ਼ੱਕ ਹੋਇਆ ਸੀ, ਜਿਸ ਕਰਕੇ ਰਣਨੀਤੀਕਾਰ ਦੀ ਮਦਦ ਲਈ ਗਈ ਸੀ। ਇਸ ਤੋਂ ਵੀ ਵੱਡੀ ਗੱਲ ਇਹ ਪੰਜਾਬ ਵਿੱਚ ਹੀ ਹੋਈ ਕਿ ਲੋਕਾਂ ਨੇ ਵੋਟਾਂ ਇਕ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਪਾਈਆਂ ਸਨ। ਜਾਣੀ ਕਿ ਪਾਰਟੀ ਨਾਲੋਂ ਵਿਅਕਤੀ ਸਰਵੋਤਮ ਸਮਝਿਆ ਗਿਆ ਸੀ। ਵੋਟਰ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀਆਂ ਦੇ ਸਿੱਖ ਨੇਤਾਵਾਂ ਨਾਲੋਂ ਚੰਗਾ ਸਿੱਖ ਸਮਝਦੇ ਸਨ। ਮਈ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਸਿਰਫ਼ 44 ਲੋਕ ਸਭਾ ਦੀਆਂ ਸੀਟਾਂ ਜਿੱਤ ਸਕੀ, ਜਿਨ੍ਹਾਂ ਵਿੱਚ 8 ਇਕੱਲੇ ਪੰਜਾਬ ਵਿੱਚੋਂ ਜਿੱਤੀਆਂ ਸਨ। ਫਿਰ ਕਾਂਗਰਸ ਨੇ ਇਕ ਹੋਰ ਨਵੀਂ ਵਾਅਦਿਆਂ ਦੀ ਝੜੀ ਲਾਉਣ ਵਿੱਚ ਵੀ ਪਹਿਲ ਕਦਮੀ ਕੀਤੀ ਸੀ। ਭਾਵ ਵਾਅਦਿਆਂ ਅਤੇ ਮੁਦਿਆਂ ਦੀ ਇਕੱਠੀ ਸਿਆਸਤ ਦੀ ਸ਼ੁਰੂਆਤ ਕੀਤੀ। ਇਕ ਹੋਰ ਪਹਿਲ ਧਾਰਮਿਕ ਪਵਿਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਨਸ਼ੇ ਖ਼ਤਮ ਕਰਨ/ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਜਦੋਂ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਥੇ ਧਰਮ ਦੀ ਆੜ ਵਿੱਚ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ। ਚੋਣ ਜਿੱਤਣ ਲਈ ਟਕਰਾਓ ਦੀ ਹਮਲਾਵਰ ਨੀਤੀ ਅਪਣਾਈ ਗਈ। ਟਕਰਾਓ ਵਿੱਚੋਂ ਕਾਂਗਰਸ ਸਰਕਾਰ ਪ੍ਰਗਟ ਹੋਈ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਕਰਾਓ ਦੀ ਨੀਤੀ ਨੂੰ ਤਿਲਾਂਜ਼ਲੀ ਦੇ ਕੇ ਨਵੀਂ ਸਿਆਸੀ ਚਾਲ ਚਲੀ। ਜਿਹੜੀ ਉਨ੍ਹਾਂ ਨੂੰ ਪੁੱਠੀ ਪੈ ਗਈ ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ‘ਤੇ ਬਾਦਲ ਪਰਿਵਾਰ ਨਾਲ ਰਲੇ ਹੋਏ ਦਾ ਇਲਜ਼ਾਮ ਲਾਉਣ ਲੱਗ ਪਏ। ਸਿਆਸਤ ਵਿੱਚ ਕਿਸੇ ਪਾਰਟੀ ਦੇ ਨੇਤਾਵਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋਣਾ ਆਮ ਜਿਹੀ ਗੱਲ ਹੁੰਦੀ ਹੈ ਪ੍ਰੰਤੂ ਇਸ ਵਖਰੇਵੇਂ ਨੂੰ ਸਿਆਸੀ ਪਲੇਟਫਾਰਮ ਦੀ ਥਾਂ ਆਮ ਇਕੱਠਾਂ ਵਿੱਚ ਪ੍ਰਗਟਾਉਣਾ ਜ਼ਾਇਜ਼ ਨਹੀਂ ਸਮਝਿਆ ਜਾਂਦਾ। ਪ੍ਰੰਤੂ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਪਹਿਲੀ ਵਾਰ ਬਠਿੰਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੋਕ ਸਭਾ ਦੀ ਚੋਣ ਵਿੱਚ ਕੀਤੀ ਰੈਲੀ ਵਿੱਚ ਪਿ੍ਰਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਅਸਿਧੇ ਢੰਗ ਨਾਲ ਸ਼ਰੇਆਮ ਆਪਣੀ ਹੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਫ਼ਰੈਂਡਲੀ ਮੈਚ ਕਹਿਕੇ ਵੀ ਮੋਹਰੀ ਦੀ ਭੂਮਿਕਾ ਨਿਭਾਈ। ਜਿਸਦੇ ਨਤੀਜੇ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਦੀ ਚੋਣ ਹਾਰ ਗਏ। ਇਸ ਤੋਂ ਬਾਅਦ ਤਾਂ ਗਾਹੇ ਵਗਾਹੇ ਅਜਿਹੇ ਕਿੰਤੂ ਪ੍ਰੰਤੂ ਕਰਨਾ ਆਮ ਜਹੀ ਗੱਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 4 ਸਾਲ ਤੋਂ ਬਾਅਦ ਕੁੱਝ ਕਾਂਗਰਸੀਆਂ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਨੇਤਾ ਸਨ, ਸਰਕਾਰ ਦੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਟਵੀਟ ਕਰਕੇ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾ ਪਹਿਲਕਦਮੀ ਕੀਤੀ ਕਿ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਰਾਹੁਲ ਗਾਂਧੀ ਹਨ। ਫੇਰ ਤਾਂ ਸਰਕਾਰੀ ਸ਼ਹਿ ‘ਤੇ ਮੰਤਰੀਆਂ, ਹੋਰ ਨੇਤਾਵਾਂ ਅਤੇ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਕੈਪਟਨ ਕਹਿਣਾ ਸ਼ੁਰੂ ਕਰ ਦਿੱਤਾ। ਇਕ ਕਿਸਮ ਨਾਲ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਸਿੱਧੀ ਵੰਗਾਰ ਦਿੱਤੀ ਗਈ। ਇਕ ਦੂਜੇ ਦੀਆਂ ਲੱਤਾਂ ਪਬਲੀਕਲੀ ਖਿਚਣ ਦੀ ਕਸ਼ਮਕਸ਼ ਵੀ ਪੰਜਾਬ ਦੇ ਕਾਂਗਰਸੀਆਂ ਨੇ ਕੀਤੀ। ਇਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਰਨ ਦੇ ਬਾਵਜੂਦ ਰਾਜ ਵਿੱਚ ਸਿਆਸੀ ਤਾਕਤ ਦਾ ਦੂਜਾ ਧੁਰਾ ਬਣਾਉਣ ਲਈ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਢਿਲੀ ਕਾਰਗੁਜ਼ਾਰੀ ਦੇ ਪਰਦੇ ਫਾਸ਼ ਕਰਨੇ ਸ਼ੁਰੂ ਕਰ ਦਿੱਤੇ। ਇਕ ਕਿਸਮ ਨਾਲ ਸਰਕਾਰ ਅਤੇ ਪਾਰਟੀ ਵਿੱਚ ਟਕਰਾਓ ਪੈਦਾ ਹੋ ਗਿਆ। ਪਾਰਟੀ ਦਾ ਅਕਸ ਡਿਗਣ ਲੱਗ ਪਿਆ। ਏਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ ਨੂੰ ਵੰਗਾਰਨ ਤੋਂ ਬਾਅਦ ਵਿਧਾਨਕਾਰਾਂ ਨੂੰ ਦਿੱਲੀ ਤਲਬ ਕਰਕੇ ਉਨ੍ਹਾਂ ਤੋਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਰਾਏ ਮੰਗੀ ਗਈ। ਫਿਰ ਇਹ ਵੀ ਪਹਿਲੀ ਵਾਰ ਹੋਇਆ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਵਿਧਾਨਕਾਰਾਂ ਨੂੰ ਸਿੱਧੇ ਫੋਨ ਕਰਕੇ ਪੁਛਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਰਾਏ ਹੈ? ਫਿਰ ਮੁੱਖ ਮੰਤਰੀ ਨੂੰ ਬੁਲਾਕੇ ਕੇਂਦਰੀ ਨੇਤਾਵਾਂ ਦੀ ਤਿੰਨ ਮੈਂਬਰੀ ਕਮੇਟੀ ਨੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਲਈ ਅਤੇ ਆਪਣੇ ਵੱਲੋਂ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਲਈ ਦਿੱਤਾ ਗਿਆ।  ਇਸ 18 ਨੁਕਾਤੀ ਪ੍ਰੋਗਰਾਮ ਨੂੰ ਨਾ ਲਾਗੂ ਕਰਨ ਕਰਕੇ ਵਿਧਾਨਕਾਰਾਂ ਨੂੰ ਦੁਬਾਰਾ ਦਿੱਲੀ ਬੁਲਾਇਆ ਗਿਆ। ਇਹ ਸਾਰਾ ਕੁਝ ਕਰਨ ਨੂੰ ਕਾਂਗਰਸ ਹਾਈ ਕਮਾਂਡ ਉਤਸ਼ਾਹਤ ਕਰ ਰਹੀ ਸੀ। ਫਿਰ ਇਹ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਕਾਂਗਰਸ ਦੀ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਾਂਗਰਸ ਹਾਈ ਕਮਾਂਡ ਨੇ ਸਿੱਧੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸ਼ਾਮ 4-00 ਵਜੇ ਬੁਲਾ ਲਈ ਜਦੋਂ ਕਿ ਇਹ ਅਧਿਕਾਰ ਲੈਜਿਸਲੇਚਰ ਪਾਰਟੀ ਦੇ ਨੇਤਾ ਅਰਥਾਤ ਮੁੱਖ ਮੰਤਰੀ ਨੂੰ ਹੁੰਦਾ ਹੈ। ਅਖ਼ੀਰ ਸੋਨੀਆਂ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵੇਰੇ ਮੀਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇਣ ਲਈ ਆਖ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਆਪਣੀ ਰਿਹਾਇਸ਼ ਮਹਿੰਦਰ ਬਾਗ ਸ਼ੀਸ਼ਵਾਂ ਵਿਖੇ ਦੁਪਹਿਰ 2-00 ਵਜੇ ਹਾਈ ਕਮਾਂਡ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਬੁਲਾ ਲਈ। ਕਾਂਗਰਸ ਹਾਈ ਕਮਾਂਡ ਨੇ ਵਿਧਾਨਕਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਾਲੀ ਮੀਟਿੰਗ ਵਿੱਚ ਜਾਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਬਤ ਕਰਨ ਲਈ ਤਾਂ ਉਹ ਇਕਮੁੱਠ ਸਨ ਪ੍ਰੰਤੂ ਜਦੋਂ ਉਨ੍ਹਾਂ ਦੀ ਥਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਸਾਰੇ ਹੀ ਉਮੀਦਵਾਰ ਬਣ ਬੈਠੇ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਪ੍ਰੰਤੂ ਮੰਤਰੀ ਮੰਡਲ ਦੇ ਗਠਨ ਮੌਕੇ ਫਿਰ ਤਲਵਾਰਾਂ ਕੱਢ ਲਈਆਂ। ਇਥੇ ਹੀ ਬਸ ਨਹੀਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕੈਪਟਨ ਵਿਰੁਧ ਬਗਾਬਤ ਦੀ ਅਗਵਾਈ ਕੀਤੀ ਸੀ, ਉਹ ਹੀ ਨਵੇਂ ਮੁੱਖ ਮੰਤਰੀ ਦੇ ਫੈਸਲਿਆਂ ਦੇ ਵਿਰੋਧ ਵਿੱਚ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਗਏ। ਆਪੇ ਬਣਾਏ ਮੁੱਖ ਮੰਤਰੀ ਨੂੰ ਠੂਠਾ ਵਿਖਾ ਦਿੱਤਾ। ਫਿਰ ਹਾਈ ਕਮਾਂਡ ਨੇ ਸਮਝੌਤਾ ਇਕ ਧਾਰਮਿਕ ਸਥਾਨ ‘ਤੇ ਲਿਜਾ ਕੇ ਕੀਤਾ ਪ੍ਰੰਤੂ ਤੀਜੇ ਦਿਨ ਸਮਝੌਤਾ ਤੋੜ ਕੇ ਫਿਰ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਸਮੇਂ ਮੁੱਖ ਮੰਤਰੀ ਅਤੇ ਪ੍ਰਧਾਨ ਦੋਹਾਂ ਦੇ ਰਸਤੇ ਵੱਖਰੇ ਹਨ। ਇਸ ਪ੍ਰਕਾਰ ਪੰਜਾਬ ਕਾਂਗਰਸ ਦੇ ਨੇਤਾ ਆਪਣੀ ਪਾਰਟੀ ਦੀ ਸਰਕਾਰ ਬਣਾਉਣ  ਅਤੇ ਢਾਹੁਣ ਵਿੱਚ ਆਪ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਭਾਵ ਵਿਰੋਧੀ ਪਾਰਟੀ ਦਾ ਰੋਲ ਵੀ ਉਨ੍ਹਾਂ ਨੂੰ ਆਪ ਹੀ ਨਿਭਾਉਣਾ ਪੈ ਰਿਹਾ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਵਿਰੋਧੀਆਂ ਦੇ ਜਿੱਤਣ ਦਾ ਰਾਹ ਪੱਧਰਾ ਕਰ ਰਹੇ ਹਨ। ਹਾਈ ਕਮਾਂਡ ਆਪਣੇ ਕੀਤੇ ਫ਼ੈਸਲੇ ‘ਤੇ ਪਛਤਾ ਰਹੀ ਹੋਵੇਗੀ ਕਿਉਂਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਰਹਿੰਦੀ ਖੂੰਹਦੀ ਪਛਾਣ ਵੀ ਖ਼ਤਮ ਹੋਣ ਕਿਨਾਰੇ ਕਰ ਦਿੱਤੀ। ਕਾਂਗਰਸੀ ਭਰਾਵੋ ਤੇਲ ਦੇਖੋ ਤੇਲ ਦੀ ਧਾਰ ਵੇਖੋ ਤੁਹਾਡੀ ਕਿਸਮਤ ਕਿਸ ਕਰਵਟ ਬੈਠਦੀ ਹੈ। ਵੈਸੇ ਜ਼ਮੀਨ ਪੈਰਾਂ ਹੇਠੋਂ ਨਿਕਲ ਚੁੱਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਵਿਦਿਆ ਦੀ ਰੌਸ਼ਨੀ ਫੈਲਾਉਣ ਵਾਲਾ ਮਿਹਨਤ ਦਾ ਪ੍ਰਤੀਕ : ਪ੍ਰੀਤਮ ਸਿੰਘ ਭੁਪਾਲ - ਉਜਾਗਰ ਸਿੰਘ

ਹੀਰੇ ਜਵਾਹਰਾਤ ਖਾਣਾ ਵਿੱਚੋਂ ਨਿਕਲਦੇ ਹਨ। ਉਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਇਤਨੀ ਹੁੰਦੀ ਹੈ ਕਿ ਇਨਸਾਨ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਪ੍ਰੰਤੂ ਇਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਉਸੇ ਥਾਂ ਹੁੰਦੀ ਹੈ, ਜਿਥੇ ਇਹ ਮੌਜੂਦ ਹੁੰਦੇ ਹਨ। ਭਾਵ ਇਹ ਰੌਸ਼ਨੀ ਇਕ ਹੀ ਥਾਂ ਬਾਹਰੀ ਹੀ ਹੁੰਦੀ ਹੈ। ਜਿਹੜੇ ਹੀਰੇ ਜਵਾਰਾਤ ਇਨਸਾਨ ਦੇ ਰੂਪ ਵਿੱਚ ਸਾਧਾਰਣ ਪਰਿਵਾਰਾਂ ਵਿੱਚ ਪੈਦਾ ਹੁੰਦੇ ਹਨ, ਉਨ੍ਹਾਂ ਦੀ ਰੌਸ਼ਨੀ ਅੰਤਰੀਵ ਹੁੰਦੀ ਹੈ। ਇਨ੍ਹਾਂ ਹੀਰਿਆਂ ਵਿੱਚ ਆਪਣੀ ਰੌਸ਼ਨੀ ਸੰਸਾਰ ਵਿੱਚ ਫੈਲਾਉਣ ਦੀ ਸਮਰੱਥਾ ਹੁੰਦੀ ਹੈ, ਬਸ਼ਰਤੇ ਕਿ ਉਹ ਇਨਸਾਨ ਜ਼ਿੰਦਗੀ ਦਾ ਆਪਣਾ ਕੋਈ ਨਿਸ਼ਾਨਾ ਨਿਸਚਤ ਕਰ ਲੈਣ। ਅਜਿਹਾ ਹੀ ਇਕ ਇਨਸਾਨ ਹੈ, ਪ੍ਰੀਤਮ ਸਿੰਘ ਭੁਪਾਲ ਹੈ, ਜਿਹੜੇ ਗੋਦੜੀ ਦੇ ਲਾਲ ਇਕ ਆਮ ਦਿਹਾਤੀ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਪ੍ਰੰਤੂ ਆਪਣੀ ਲਿਆਕਤ, ਮਿਹਨਤ, ਦਿ੍ਰੜ੍ਹਤਾ, ਵਿਦਵਤਾ ਅਤੇ ਪ੍ਰਬੰਧਕੀ ਕਾਰਜਕੁਸ਼ਲਾ ਨਾਲ ਆਪਣੀ ਅੰਤਰੀਵ ਰੌਸ਼ਨੀ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਸਫਲ ਹੋਏ ਹਨ। ਉਨ੍ਹਾਂ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਟੀਚਾ ਨਿਸਚਤ ਕਰਕੇ ਉਸਦੀ ਪ੍ਰਾਪਤੀ ਲਈ ਜਦੋਜਹਿਦ ਕੀਤੀ, ਜਿਸਦੇ ਨਤੀਜੇ ਸਾਰਥਿਕ ਨਿਕਲੇ। ਉਨ੍ਹਾਂ ਦੇ ਹਜ਼ਾਰਾਂ ਵਿਦਿਆਰਥੀ ਅੱਜ ਦਿਨ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਵਿਦਿਅਕ ਰੌਸ਼ਨੀ ਦਾ ਪ੍ਰਗਟਾਵਾ ਕਰਦੇ ਹੋਏ ਬੁਲੰਦੀਆਂ ਨੂੰ ਛੂਹ ਰਹੇ ਹਨ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਵੱਡਾ ਨਿਸ਼ਾਨਾ ਨਿਸਚਤ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਵਿਦਿਆਰਥੀ ਆਪਣਾ ਟੀਚਾ ਨਿਸਚਤ ਕਰ ਲੈਣਗੇ ਤਾਂ ਹੀ ਉਸਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਨਿਸ਼ਾਨੇ ਤੋਂ ਬਿਨਾ ਅੰਧੇਰੇ ਵਿੱਚ ਤੀਰ ਮਾਰਨ ਦੇ ਬਰਾਬਰ ਹੁੰਦਾ ਹੈ। ਇਸ ਦੀ ਪ੍ਰਾਪਤੀ ਲਈ ਮਿਹਨਤ, ਲਗਨ, ਦਿ੍ਰੜ੍ਹਤਾ ਅਤੇ ਜਦੋਜਹਿਦ ਸੋਨੇ ‘ਤੇ ਸੁਹਾਗਾ ਬਣ ਸਕਦੀਆਂ ਹਨ। ਆਲਸ ਦਲਿਦਰੀ ਦੀ ਨਿਸ਼ਾਨੀ ਹੁੰਦੀ ਹੈ। ਆਮ ਤੌਰ ਤੇ ਦਿਹਾਤੀ ਇਲਾਕਿਆਂ ਦੇ ਸਾਧਾਰਨ ਪਰਿਵਾਰਾਂ ਲਈ ਉਸ ਜ਼ਮਾਨੇ ਵਿੱਚ ਜਦੋਂ ਪ੍ਰੀਤਮ ਸਿੰਘ ਭੁਪਾਲ ਪੜ੍ਹੇ ਹਨ, ਬੱਚਿਆਂ ਨੂੰ ਸਕੂਲ ਭੇਜਣ ਦੀ ਬਹੁਤੀ ਪਰੰਪਰਾ ਹੀ ਨਹੀਂ ਹੁੰਦੀ ਸੀ। ਬੱਚਿਆਂ ਦੇ ਭਵਿਖ ਵਲ ਬਹਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਅਤੇ ਨਾ ਹੀ ਬੱਚਿਆਂ ਨੂੰ ਗਾਈਡ ਕਰਨ ਵਾਲਾ ਪਰਿਵਾਰ ਦਾ ਕੋੲਂ ਮੈਂਬਰ ਹੁੰਦਾ ਸੀ। ਬੱਚਿਆਂ ਨੂੰ ਪਿਤਾ ਪੁਰਖੀ ਕੰਮਾ ਵਿੱਚ ਹੀ ਲਗਾ ਲਿਆ ਜਾਂਦਾ ਸੀ ਕਿਉਂਕਿ ਆਰਥਿਕ ਮਜ਼ਬੂਰੀਆਂ ਪਹਾੜ ਦੀ ਤਰ੍ਹਾਂ ਰਾਹ ਰੋਕ ਕੇ ਖੜ੍ਹ ਜਾਂਦੀਆਂ ਸਨ। ਪ੍ਰੰਤੂ ਪ੍ਰੀਤਮ ਸਿੰਘ ਭੁਪਾਲ ਵਿੱਚ ਪੜ੍ਹਾਈ ਕਰਨ ਦੀ ਇਛਾ ਉਸਲਵੱਟੇ ਲੈ ਰਹੀ ਸੀ। ਅਜਿਹੇ ਹਾਲਾਤ ਵਿੱਚ ਇਕ ਸਬੱਬ ਬਣਿਆਂ ਕਿ ਦੋ ਰਾਹੀਆਂ ਹਰਨਾਮ ਸਿੰਘ ਭਲਾਈ ਅਧਿਕਾਰੀ ਅਤੇ ਉਨ੍ਹਾਂ ਦੇ ਸਹਾਇਕ ਧਰਮ ਸਿੰਘ ਸਾਈਕਲਾਂ ‘ਤੇ ਨਾਲਗੜ੍ਹ ਤੋਂ ਆ ਰਹੇ ਸਨ। ਉਨ੍ਹਾਂ ਨੇ ਦੋਰਾਹੇ ਦੇ ਕੋਲ ਆਪਣੇ ਨਵਾਂ ਪਿੰਡ ਜਾਣਾ ਸੀ, ਪ੍ਰੰਤੂ ਉਨ੍ਹਾਂ ਨੂੰ ਰਸਤੇ ਵਿੱਚ ਪਿੰਡ ਲੱਲ ਕਲਾਂ ਪਹੁੰਚਦਿਆਂ ਹੀ ਰਾਤ ਪੈ ਗਈ। ਰਾਤ ਦੇ ਸਮੇਂ ਪਿੰਡ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਭਲੇ ਵੇਲਿਆਂ ਕਰਕੇ ਇਨਸਾਨੀਅਤ ਜ਼ਿੰਦਾ ਸੀ। ਪ੍ਰੀਤਮ ਸਿੰਘ ਭੁਪਾਲ ਦੇ ਮਾਤਾ ਗੁਰਨਾਮ ਕੌਰ ਅਤੇ ਪਿਤਾ ਗੁਰਦਿਆਲ ਸਿੰਘ ਨੇ ਹਰਨਾਮ ਸਿੰਘ ਅਤੇ ਧਰਮ ਸਿੰਘ ਨੂੰ ਰਾਤ ਠਹਿਰਨ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਰੁੱਖਾ ਮਿੱਸਾ ਪ੍ਰਸਾਦਾ ਛਕਾਇਆ। ਰਾਤ ਨੂੰ ਪਰਿਵਾਰ ਬਾਰੇ ਗੱਲਾਂ ਹੁੰਦਿਆਂ ਤਾਂ ਰਾਹੀਆਂ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਪੁਛਿਆ ਅਤੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਅਤੇ ਪਿਆਰਾ ਸਿੰਘ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ। ਹਰਨਾਮ ਸਿੰਘ ਨੇ ਗੁਰਦਿਆਲ ਸਿੰਘ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਪਟਿਆਲਾ ਰਿਆਸਤ ਦੇ ਪਾਇਲ ਕਸਬਾ ਵਿਖੇ ਸਟੇਟ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਜਾਵੇ। ਫੀਸ ਵੀ ਮੁਆਫ਼ ਹੋਵੇਗੀ, ਬੋਰਡਿੰਗ ਸਕੂਲ ਹੈ ਅਤੇ ਵਜ਼ੀਫ਼ਾ ਵੀ ਮਿਲੇਗਾ। ਸਾਰੀ ਪੜ੍ਹਾਈ ਮੁਫ਼ਤ ਹੋਵੇਗੀ। ਇਨ੍ਹਾਂ ਅਨੋਭੜ ਵਿਅਕਤੀਆਂ ਦੀ ਸਹੀ ਅਤੇ ਸੁਚੱਜੀ ਅਗਵਾਈ ਨੇ ਦੋਵੇਂ ਬੱਚਿਆਂ ਦੇ ਭਵਿਖ ਸੁਨਹਿਰੇ ਕਰ ਦਿੱਤੇ। ਪਿੰਡ ਦੇ ਸਕੂਲ ਤੋਂ ਚੌਥੀ ਜਮਾਤ ਪਾਸ ਕਰਨ ਉਪਰੰਤ ਬੱਚਿਆਂ ਨੂੰ ਸਟੇਟ ਹਾਈ ਸਕੂਲ ਪਾਇਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਉਨ੍ਹਾਂ ਦਿਨਾ ਵਿੱਚ ਸਕੂਲਾਂ ਵਿੱਚ ‘ਬਾਲ ਦਰਬਾਰ ਸਭਾ’ ਹੁੰਦੀ ਸੀ। ਬਾਲ ਪ੍ਰੀਤਮ ਸਿੰਘ ਇਸ ਸਭਾ ਵਿੱਚ ਧਾਰਮਿਕ ਕਵਿਤਾਵਾਂ ਸੁਣਾਇਆ ਕਰਦੇ ਸਨ, ਬੱਚਿਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦੇ ਮੌਕ ਮਿਲਦੇ ਸਨ। ਪ੍ਰੀਤਮ ਸਿੰਘ ਨੂੰ ਕਵਿਤਾ ਸੁਣਾਉਣ ਦਾ ਇਕ ਡਬਲੀ ਪੈਸਾ ਇਨਾਮ ਵਿੱਚ ਮਿਲਿਆ, ਜਿਸਨੂੰ ਉਨ੍ਹਾਂ ਦੀ ਮਾਤਾ ਨੇ ਕਾਫੀ ਸਮਾਂ ਸਾਂਭ ਕੇ ਰੱਖਿਆ। ਇਹ ਇਨਾਮ ਪ੍ਰੀਤਮ ਸਿੰਘ ਨੂੰ ਜ਼ਿੰਦਗੀ ਵਿੱਚ ਹੋਰ ਮਾਅਰਕੇ ਮਾਰਨ ਲਈ ਉਤਸ਼ਾਹਤ ਕਰਨ ਦਾ ਕਾਰਨ ਬਣਿਆਂ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਵੀ ਪ੍ਰੀਤਮ ਸਿੰਘ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾਉਂਦੇ ਰਹਿੰਦੇ ਸਨ। ਸ਼ੁਰੂ ਵਿੱਚ ਭਾਵੇਂ ਉਨ੍ਹਾਂ ਨੂੰ ਮੰਚ ‘ਤੇ ਜਾਣ ਸਮੇਂ ਹਿਚਕਚਾਹਟ ਹੁੰਦੀ ਰਹੀ ਪ੍ਰੰਤੂ ਅਖ਼ੀਰ ਉਨ੍ਹਾਂ ਸਫਲਤਾ ਪ੍ਰਾਪਤ ਕੀਤੀ। ਬਾਲ ਪ੍ਰੀਤਮ ਸਿੰਘ ਨੂੰ ਭਾਸ਼ਣ ਕਲਾ ਅਤੇ ਆਪਣਾ ਵਿਅਕਤਿਵ ਨਿਖਾਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਵਿੱਚ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਹੋ ਗਏ। ਪ੍ਰੀਤਮ ਸਿੰਘ ਪੜ੍ਹਾਈ ਵਿੱਚ ਹੁਸ਼ਿਆਰ ਸਨ, ਇਸ ਲਈ ਉਨ੍ਹਾਂ 1953 ਵਿੱਚ ਪਹਿਲੇ ਦਰਜੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਦਸਵੀਂ ਪਾਸ ਕਰ ਲਈ। ਉਨ੍ਹਾਂ ਦੀ ਰੀਸੋ ਰੀਸ ਉਨ੍ਹਾਂ ਦੇ ਪਿੰਡ ਅਤੇ ਆਲੇ ਦੁਆਲੇ ਦੇ ਇਲਾਕ ਦੇ ਅਨੁਸੂਚਿਤ ਜਾਤੀਆਂ ਦੇ ਹੋਰ ਬੱਚੇ ਵੀ ਪਾਇਲ ਸਟੇਟ ਸਕੂਲ ਵਿੱਚ ਦਾਖ਼ਲ ਹੋ ਗਏ ਸਨ। ਦਸਵੀਂ ਤੋਂ ਬਾਅਦ ਉਨ੍ਹਾਂ 1953 ਵਿੱਚ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ ਅਤੇ ਉਥੋਂ ਹੀ 1958 ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ। ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਅਤੇ ਬੀ ਐਡ ਦੀ ਪ੍ਰੀਖਿਆ ਪਾਸ ਕੀਤੀ। 1959 ਵਿੱਚ ਉਨ੍ਹਾਂ ਦੀ ਨਿਯੁਕਤੀ ਪੰਜਾਬ ਦੇ ਸਿਖਿਆ ਵਿਭਾਗ ਵਿੱਚ ਬਤੌਰ ਬੀ ਐਡ ਅਧਿਆਪਕ ਅਰਥਾਤ ਮਾਸਟਰ ਕੇਡਰ ਵਿੱਚ ਹੋ ਗਈ। ਵੱਖ-ਵੱਖ ਸਕੂਲਾਂ ਵਿੱਚ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਲੈਕਚਰਾਰ ਦੀ ਤਰੱਕੀ ਹੋ ਗਈ। 1967 ਵਿੱਚ ਮੁੱਖ ਅਧਿਆਪਕ ਦੇ ਤੌਰ ਤੇ ਤਰੱਕੀ ਹੋ ਗਈ। ਇਸ ਪ੍ਰਕਾਰ 7 ਸਾਲ ਉਹ ਮੁੱਖ ਅਧਿਆਪਕ ਦੇ ਤੌਰ ‘ਤੇ ਕੰਮ ਕਰਦੇ ਰਹੇ। ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿੰਦੇ ਰਹੇ। ਇਸ ਤੋਂ ਬਾਅਦ ਪਹਿਲਾਂ ਜਿਲ੍ਹਾ ਸਿਖਿਆ ਅਧਿਕਾਰੀ 8 ਸਾਲ, ਸਟੇਟ ਸਰਵੇ ਅਧਿਕਾਰੀ, ਸੀ ਈ ਓ, ਡਿਪਟੀ ਡਾਇਰੈਕਟਰ ਅਤੇ ਸਾਢੇ ਅੱਠ ਸਾਲ ਡੀ ਪੀ ਆਈ ਅਤੇ ਡਾਇਰੈਕਟਰ ਐਸ ਈ ਆਰ ਟੀ  ਪੰਜਾਬ ਆਪਣੀਆਂ ਸੇਵਾਵਾਂ ਨਿਭਾਈਆਂ, ਜਿਥੇ ਉਨ੍ਹਾਂ ਨੇ ਆਪਣੀ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਪ੍ਰਗਟਾਵਾ ਸੁਚੱਜੇ ਢੰਗ ਨਾਲ ਕੀਤਾ। ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ, ਸਭਿਆਚਾਰਕ, ਸਾਹਿਤਕ ਅਤੇ ਵਿਦਿਅਕ ਸਿਖਿਆ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹਨ ਦੇ ਕਾਬਲ ਬਣਾਇਆ। ਇਕ ਸਾਧਾਰਨ ਦਿਹਾਤੀ ਪਰਿਵਾਰ ਵਿੱਚੋਂ ਹੁੰਦੇ ਹੋਏ ਇਤਨੀਆਂ ਬੁਲੰਦੀਆਂ ਛੂਹੀਆਂ ਹਨ, ਜਿਨ੍ਹਾਂ ਉਪਰ ਉਨ੍ਹਾਂ ਦਾ ਸਮੁੱਚਾ ਭਾਈਚਾਰਾ ਮਾਣ ਕਰ ਸਕਦਾ ਹੈ। ਪ੍ਰੀਤਮ ਸਿੰਘ ਭੁਪਾਲ ਦਾ ਜਦੋਜਹਿਦ ਵਾਲਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ।
    ਮਈ 1993 ਵਿੱਚ ਸੇਵਾ ਮੁਕਤੀ ਤੋਂ ਬਾਅਦ ਵੀ ਪ੍ਰੀਤਮ ਸਿੰਘ ਭੁਪਾਲ ਧਾਰਮਿਕ ਅਤੇ ਸਵੈਇਛਤ ਸੰਸਥਾਵਾਂ ਵਿੱਚ ਲਗਾਤਾਰ ਬਾਖ਼ੂਬੀ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਵੈਇਛਤ ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਸਨਮਾਨਿਆਂ ਹੈ। ਉਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਸਨਮਾਨ  ਉਨ੍ਹਾਂ ਦੀਆਂ  ਪੰਜਾਬੀ ਬੋਲੀ, ਸਭਿਆਚਾਰਕ, ਸਾਹਿਤਕ ਅਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਕਰਕੇ ‘‘ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਅਵਾਰਡ-2015’’ ਹੈ। ਇਸ ਤੋਂ ਇਲਾਵਾ ਦਾ ਭਾਰਤ ਸਕਾਊਟਸ ਐਂਡ ਗਾਈਡਜ਼ ਨਵੀਂ ਦਿੱਲੀ ਦੇ ਚੁਣੇ ਹੋਏ ਫਾਈਨਾਂਸ ਮੈਂਬਰ, ਮੈਂਬਰ ਨੈਸ਼ਨਲ ਕੌਂਸਲ, ਸਟੇਟ ਆਨਰੇਰੀ ਖ਼ਜਾਨਚੀ, ਕਈ ਸਕੂਲ ਪ੍ਰਬੰਧਕੀ ਕਮੇਟੀਆਂ ਦੇ ਉਪ ਪ੍ਰਧਾਨ ਅਤੇ ਕਾਰਜਕਾਰੀ ਮੈਂਬਰ, ਜਨਰਲ ਸਕੱਤਰ ਭਾਰਤੀ ਦਲਿਤ ਸਾਹਿਤਯ ਅਕਾਡਮੀ ਪੰਜਾਬ ਅਤੇ ਚੰਡੀਗੜ੍ਹ ਚੈਪਟਰ, ਪੈਟਰਨ ਮੋਹਾਲੀ ਸੀਨੀਅਰ ਸਿਟੀਜ਼ਨਜ਼ ਵੈਲਫੇਅਰ  ਐਸੋਸੀਏਸ਼ਨ, ਪ੍ਰਧਾਨ ਕਨਜ਼ਿਊਮਰ ਫੋਰਮ ਐਂਡ ਰੀਡਰਸਲ ਆਫ ਗਰੀਵੀਐਂਸਜ਼ ਕਮੇਟੀ ਮੋਹਾਲੀ, ਪੈਨਲਿਸਟ ਆਫ ਇਨਕੁਆਇਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਪੈਨਲਿਸਟ ਬੈਂਕਿੰਗ ਸਰਵਿਸਜ਼ ਰਿਕਰੂਟਮੈਂਟ ਬੋਰਡ ਅਤੇ ਉਤਰ ਪ੍ਰਦੇਸ਼ ਸਰਵਿਸ ਕਮਿਸ਼ਨ ਆਦਿ ਵਰਨਣਯੋਗ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ -  ਉਜਾਗਰ ਸਿੰਘ

ਤੇਜਿੰਦਰ ਸਿੰਘ ਫਰਵਾਹੀ ਦਾ ਕਹਾਣੀ ਸੰਗ੍ਰਹਿ ‘‘ਕਾਲ਼ੀ ਮਿੱਟੀ ਲਾਲ ਲਹੂ’’ ਕਲਪਨਾ, ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੁਰਾਤਨ ਅਤੇ ਆਧੁਨਿਕ ਵਿਚਾਰਾਂ ਦੇ ਟਕਰਾਓ ਦੀ ਬਾਖ਼ੂਬੀ ਜਾਣਕਾਰੀ ਦਿੰਦੀਆਂ ਹਨ। ਕਾਲ਼ੀ ਮਿੱਟੀ ਲਾਲ ਲਹੂ ਕਹਾਣੀ ਸੰਗ੍ਰਹਿ ਵਿੱਚ 11 ਕਹਾਣੀਆਂ ਹਨ। ਜਿਨ੍ਹਾਂ ਵਿਚੋਂ 3 ਕਹਾਣੀਆਂ ਕਾਲ਼ੀ ਮਿੱਟੀ ਲਾਲ ਲਹੂ, ਅਸਲੀ ਗਰੀਨ ਕਾਰਡ ਅਤੇ ਬੇਗਾਨੀ ਧਰਤ ਦਾ ਦਰਦ ਪਰਵਾਸ ਦੀ ਜਦੋਜਹਿਦ ਵਾਲੀ ਜ਼ਿੰਦਗੀ ਬਾਰੇ ਹਨ। ਇਨ੍ਹਾਂ ਕਹਾਣੀਆਂ ਵਿਚ ਪਰਵਾਸ ਵਿਚ ਲੜਕੀਆਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਅਤੇ ਅਣਜੋੜ ਵਿਆਹਾਂ ਅਤੇ ਪਰਵਾਸ ਵਿਚ ਪੱਕੇ ਹੋਣ ਲਈ ਮਰਦ ਪਹਿਲਾਂ ਪੰਜਾਬ ਵਿਚ ਵਿਆਹੇ ਹੋਣ ਦੇ ਬਾਵਜੂਦ ਪਰਵਾਸ ਵਿਚ ਦੂਜਾ ਵਿਆਹ ਕਰਵਾਕੇ ਵਸ ਜਾਂਦੇ ਹਨ। 3 ਕਹਾਣੀਆਂ ਮਲਕਾ, ਰੈਗਿੰਗ ਅਤੇ ਆਡੀਸ਼ਨ ਰੁਮਾਂਟਿਕ ਕਹਾਣੀਆਂ ਹਨ ਪ੍ਰੰਤੂ ਇਨ੍ਹਾਂ ਕਹਾਣੀਆਂ ਵਿੱਚ ਫਿਲਮਾ ਦੇ ਡਾਇਰੈਕਟਰਾਂ ਵੱਲੋਂ ਬਲੈਕ ਮੇÇਲੰਗ, ਰੈਗਿੰਗ ਦੀ ਸਮਾਜਿਕ ਬਿਮਾਰੀ ਅਤੇ ਮਲਕਾ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਭਾਵਨਾਵਾਂ ਵਿਚ ਵਹਿ ਜਾਣ ਕਰਕੇ ਪਿਆਰ ਦੇ ਬੰਧਨ ਵਿਚ ਬੱਝ ਜਾਣ ਬਾਰੇ ਹਨ। ਇਸੇ ਤਰ੍ਹਾਂ 4 ਕਹਾਣੀਆਂ ਹਨ੍ਹੇਰਾ ਕਦ ਤੱਕ, ਬੇਵਸ ਮਿੱਟੀ ਦੀ ਹੂਕ, ਕੂਕਦੀ ਲਾਚਾਰੀ ਅਤੇ ਪਰੀਆਂ ਵਾਲਾ ਖ਼ੂਹ ਸਮਾਜਿਕ ਵਿਸ਼ਿਆਂ, ਜਿਨ੍ਹਾਂ ਵਿਚ ਦਾਜ, ਵਹਿਮਾ ਭਰਮਾ, ਕਿਸਾਨੀ ਕਰਜ਼ੇ, ਨਸ਼ੇ, ਭਰੂਣ ਹੱਤਿਆ ਅਤੇ ਲੜਕੀਆਂ ਦੇ ਪੈਦਾ ਹੋਣ ਨੂੰ ਬੁਰਾ ਮਨਾਉਣ ਬਾਰੇ ਹਨ। ਇਕ ਕਹਾਣੀ ਬੱਦਲਾਂ ਨਾਲ ਇਸ਼ਕ ਪਹਾੜੀ ਜੀਵਨ ਦੀ ਸਖ਼ਤ ਜ਼ਿੰਦਗੀ ਬਾਰੇ ਹੈ, ਜਿਥੇ ਮਰਦ ਅਤੇ ਇਸਤਰੀਆਂ ਸਖ਼ਤ ਮਿਹਨਤ ਕਰਕੇ ਆਨੰਦਮਈ ਜੀਵਨ ਬਤੀਤ ਕਰਦੇ ਹੋਏ ਖ਼ੁਸ਼ ਰਹਿੰਦੇ ਹਨ। ਪਹਾੜਾਂ ਵਿੱਚ ਲੜਕੀਆਂ ਦੇ ਜੰਮਣ ਨੂੰ ਸ਼ੁਭ ਸ਼ਗਨ ਮੰਨਿਆਂ ਜਾਂਦਾ ਹੈ।  ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਲੋਕ ਹਿਤਾਂ ਨਾਲ ਸੰਬੰਧ ਕਹਾਣੀਆਂ ਲਿਖੀਆਂ ਹਨ। ਜਿਹੜੀ ਕਹਾਣੀਆਂ ਰੋਮਾਂਟਿਕ ਹਨ, ਉਨ੍ਹਾਂ ਵਿਚ ਵੀ ਪਾਤਰਾਂ ਦੀ ਸੋਚ ਸਮਾਜਿਕਤਾ ਨਾਲ ਜੁੜੀ ਹੋਈ ਵਿਖਾਈ ਗਈ ਹੈ। ਕਹਾਣੀਕਾਰ ਆਪਣੀਆਂ ਕਹਾਣੀਆਂ ਵਿਚ ਰੌਚਿਕਤਾ ਪੈਦਾ ਕਰਨ ਵਿਚ ਵੀ ਸਫਲ ਰਿਹਾ ਹੈ। ਪਾਠਕ ਦੀ ਕਹਾਣੀ ਨੂੰ ਲਗਾਤਾਰ ਪੜ੍ਹਨ ਲਈ ਅੱਗੇ ਕੀ ਹੋਵੇਗਾ ਦੀ ਚੇਸ਼ਟਾ ਬਣੀ ਰਹਿੰਦੀ ਹੈ? ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਪਰੀਆਂ ਵਾਲ਼ਾ ਖੂਹ ਨੂੰ ਓਪਰੀ ਨਿਗਾਹ ਨਾਲ ਪੜ੍ਹਦਿਆਂ ਵਹਿਮਾਂ ਭਰਮਾ ਵਿੱਚ ਪਾਉਣ ਵਾਲੀ ਲੱਗਦੀ ਹੈ, ਜਦੋਂ ਉਹ ਪਰੀਆਂ ਦੀ ਕਰਾਮਾਤ ਵਾਲੀ ਗੱਲ ਕਰਦਾ ਹੈ। ਪ੍ਰੰਤੂ ਅਸਲ ਵਿਚ ਕਹਾਣੀਕਾਰ ਲੋਕਾਂ ਨੂੰ ਵਹਿਮਾ ਭਰਮਾ ਵਿੱਚੋਂ ਨਿਕਲਕੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕਹਾਣੀ ਜ਼ਮੀਨੀ ਪਾਣੀ ਦੇ ਜੀਰੀ ਬੀਜਣ ਕਰਕੇ ਧਰਤੀ ਦੇ ਪਾਣੀ ਦਾ ਸਤਰ ਡੂੰਘਾ ਹੋਣ ਦੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਕਿਸਾਨ ਬਜ਼ੁਰਗ ਵਿਰਾਸਤੀ ਪੁਰਾਤਨ ਖੂਹ ਨੂੰ ਆਪਣੇ ਪੁਰਖਿਆਂ ਦੀ ਆਖਰੀ ਨਿਸ਼ਾਨੀ ਦੇ ਤੌਰ ਤੇੇ ਬਰਕਰਾਰ ਰੱਖਣਾ ਚਾਹੁੰਦਾ ਹੈ। ਪ੍ਰੰਤੂ ਕਿਸਾਨ ਦੇ ਦੋਵੇਂ ਸਪੁੱਤਰ ਤਰਿੰਦਰ ਸਿੰਘ ਅਤੇ ਅਮਰਦੀਪ ਸਿੰਘ ਖੂਹ ਦੇ ਵਿੱਚ ਹੀ ਸਬਮਰਸੀਬਲ ਬੋਰ ਕਰਕੇ ਜੀਰੀ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਬਜਿਦ ਹਨ। ਤਿੰਨ ਕਹਾਣੀਆਂ ਆਡੀਸ਼ਨ, ਰੈਗਿੰਗ ਅਤੇ ਮਲਕਾ ਵਿਚ ਬੇਸ਼ਕ ਦੋ ਪ੍ਰੇਮੀਆਂ ਦੇ ਪ੍ਰੇਮ ਦੀ ਗੱਲ ਵੀ ਕਰਦਾ ਹੈ ਪ੍ਰੰਤੂ ਪ੍ਰੇਮ ਦੀ ਗੱਲ ਕਰਨ ਦਾ ਭਾਵ ਸਿਰਫ ਕਹਾਣੀ ਵਿਚ ਪਾਠਕ ਦੀ ਰੌਚਕਤਾ ਪੈਦਾ ਕਰਨਾ ਹੈ। ਅਸਲ ਵਿਚ ਤਿੰਨਾ ਕਹਾਣੀਆਂ ਵਿਚ ਉਹ ਸਮਾਜਿਕਤਾ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਆਡੀਸ਼ਨ ਕਹਾਣੀ ਵਿਚ ਫਿਲਮ ਜਗਤ ਵਿਚ ਫ਼ਿਲਮਾਂ ਦੇੇ ਡਾਇਰੈਕਟਰਾਂ ਵੱਲੋਂ ਐਕਟਰੈਸਾਂ ਦੀ ਬਲੈਕ ਮੇÇਲੰਗ ਕਰਨ ਦਾ ਪਰਦਾ ਫ਼ਾਸ਼ ਕਰਦਾ ਹੈ। ਫਿਲਮ ਦਾ ਡਾਇਰੈਕਟਰ ਗੁਰਨੂਰ ਕੌਰ ਨੂੰ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਪਾ ਕੇ ਬਲੈਕ ਮੇਲ ਕਰਨਾ ਚਾਹੁੰਦਾ ਸੀ ਪ੍ਰੰਤੂ ਜਸ਼ਨ ਨੇ ਚੁਸਤੀ ਨਾਲ ਕੋਲਡ ਡਰਿੰਕ ਵਾਲਾ ਗਲਾਸ ਬਦਲਕੇ ਡਾਇਰੈਕਟਰ ਅੱਗੇ ਰੱਖ ਦਿੱਤਾ, ਜਿਸ ਦੇ ਪੀਣ ਨਾਲ ਗੁਰਨੂਰ ਕੌਰ ਦੀ ਥਾਂ ਉਹ ਬੇਹੋਸ਼ ਹੋ ਗਿਆ। ਡਾਇਰੈਕਟਰ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ। ਇਹ ਕਹਾਣੀ ਉਭਰਦੀਆਂ ਅਦਾਕਾਰਾਂ ਨੂੰ ਫਿਲਮਾ ਵਿਚ ਜਾਣ ਦੇ ਸਪਨੇ ਵੇਖਣ ਵਾਲੀਆਂ ਲੜਕੀਆਂ ਨੂੰ ਆਗਾਹ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸੇ ਤਰ੍ਹਾਂ ਰੈਗਿੰਗ ਵਿਚ ਭਾਵੇਂਂ ਕਹਾਣੀਕਾਰ ਰਾਜ ਉਰਫ ਰਾਜਿੰਦਰ ਸਿੰਘ ਅਤੇ ਅਵਨੀਤ ਕੌਰ ਦੇ ਪ੍ਰੇਮ ਦੀ ਬਾਤ ਪਾਉਂਦਾ ਹੈ ਪ੍ਰੰਤੂ ਇਹ ਕਹਾਣੀ ਰੈਗਿੰਗ ਵਰਗੀ ਸਮਾਜਿਕ ਬੁਰਾਈ ਰੋਕਣ ਦੀ ਪ੍ਰੇਰਨਾ ਕਰਦੀ ਹੈ। ਜਦੋਂ ਰਾਜ ਕਾਲਜ ਵਿਚ ਦਾਖ਼ਲਾ ਲੈਣ ਜਾਂਦਾ ਹੈ ਤਾਂ ਅਵਨੀਤ ਕੌਰ ਹੀ ਉਸਦੀ ਰੈਗਿੰਗ ਕਰਨ ਵਾਲੀਆਂ ਲੜਕੀਆਂ ਦੀ ਅਗਵਾਈ ਕਰਦੀ ਹੈ ਪ੍ਰੰਤੂ ਅਵਨੀਤ ਕੌਰ ਰਾਜ ਤੋਂ ਮੁਆਫੀ ਮੰਗਦੀ ਹੈ ਅਤੇ ਉਹ ਰੈਗਿੰਗ ਨਾਮ ਦਾ ਨਾਟਕ ਕਾਲਜ ਵਿੱਚ ਖੇਡਦੇ ਹਨ, ਜਿਦਾ ਨਾਇਕ ਰਾਜ ਅਤੇ ਨਾਇਕਾ ਅਵਨੀਤ ਬਣਦੇ ਹਨ। ਉਹ ਨਾਟਕ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ। ਕਾਲਜ ਦੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਨਵਜੋਤ ਸਿੰਘ ਨੇ ਐਲਾਨ ਕਰ ਦਿੰਦਾ ਹੈ ਕਿ ਹੁਣ ਕਾਲਜ ਵਿੱਚ ਨਾ ਰੈਗਿੰਗ ਹੋਵੇਗੀ ਅਤੇ ਨਾ ਹੀ ਰੈਗਿੰਗ ਦਾ ਸਮਰਥਨ ਹੋਵੇਗਾ।  ਕਾਲਜ ਵਿਚ ਐਂਟੀ ਰੈਗਿੰਗ ਫੈਡਰੇਸ਼ਨ ਦੀ ਸਥਾਪਨਾ ਕਰਕੇ ਰਾਜ ਉਰਫ ਰਾਜਿੰਦਰ ਸਿੰਘ ਨੂੰ ਇਸਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਬੇਵਸ ਮਿੱਟੀ ਦੀ ਹੂਕ ਵਿੱਚ ਗ਼ਰੀਬ ਕਿਸਾਨਾ ਦੀ ਤ੍ਰਾਸਦੀ ਭਰੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ ਕਿ ਜੱਗਾ ਕਿਸ ਪ੍ਰਕਾਰ ਆਪਣੀ ਲੜਕੀ ਪਾਲੀ ਦੇ ਵਿਆਹ ਲਈ ਕਰਜ਼ਾ ਲੈਂਦਾ ਹੈ ਕਿਉਂਕਿ ਮੌਕੇ ‘ਤੇ ਹੀ ਲੜਕੇ ਵਾਲੇ ਕਾਰ ਦੀ ਮੰਗ ਕਰ ਦਿੰਦੇ ਹਨ। ਜ਼ੈਲਦਾਰ ਹਮੇਸ਼ਾ ਭੋਲੇ ਭਾਲੇ ਕਿਸਾਨਾ ਨੂੰ ਕਰਜ਼ੇ ਲੈਣ ਲਈ ਉਤਸ਼ਾਹਤ ਕਰਕੇ ਉਨ੍ਹਾਂ ਦੀਆਂ ਜ਼ਮੀਨ ਗਹਿਣੇ ਲੈਣ ਲਈ ਜਾਲ ਬੁਣਦਾ ਰਹਿੰਦਾ ਹੈ। ਕਿਸਾਨ ਬਿਨਾ ਲੋੜ ਤੋਂ ਵਿਖਾਵੇ ਲਈ ਟਰੈਕਟਰ ਲੈਂਦੇ ਹਨ, ਫਿਰ ਕਿਸ਼ਤਾਂ ਨਹੀਂ ਮੁੜਦੀਆਂ। ਅੰਗਰੇਜ਼ੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਕੂਕ ਦੀ ਲਾਚਾਰੀ ਵਿਚ ਵੀ ਬੰਤਾ ਸਿੰਘ ਅਤੇ ਹਰਨਾਮ ਕੌਰ ਦੇ ਇਕਲੌਤੇ ਪੁਤਰ ਹਰਦੀਪ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਹਰਨਾਮ ਕੌਰ ਨੇ ਆਂਢਣਾ ਗੁਆਂਢਣਾ ਦੀ ਚੱਕ ਚਕਾਈ ਤੋਂ ਬਾਅਦ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਰਦੀਪ ਸਿੰਘ ਨੂੰ ਵੀ ਲੂਤੀਆਂ ਲਾ ਕੇ ਆਪਣੇ ਨਾਲ ਮਿਲਾ ਲਿਆ। ਅਖੀਰ ਕੁੱਟ ਮਾਰ ਕਰਕੇ ਦਾਜ ਵਿਚ ਕਾਰ ਲਿਆਉਣ ਲਈ ਘਰੋਂ ਕੱਢ ਦਿੱਤਾ। ਹਾਲਾਂ ਕਿ ਉਨ੍ਹਾਂ ਨੇ ਵੀ ਆਪਣੀਆਂ ਦੋ ਲੜਕੀਆਂ ਬਿਨਾ ਦਾਜ ਵਿਆਹੀਆਂ ਸਨ। ਕਹਾਣੀਕਾਰ ਨੇ ਬੜੇ ਵਧੀਆ ਢੰਗ ਨਾਲ ਕਹਾਣੀ ਨੂੰ ਸਿਖਰਤੇ ਪਹੁੰਚਾਉਂਦਿਆਂ ਹਰਨਾਮ ਕੌਰ ਦੇ ਜਵਾਈਆਂ ਤੋਂ ਦਾਜ ਦੀ ਮੰਗ ਕਰਵਾਕੇ ਬੰਤਾ ਸਿੰਘ ਅਤੇ ਹਰਨਾਮ ਕੌਰ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਬੰਤਾ ਸਿੰਘ ਅਤੇ ਹਰਨਾਮ ਕੌਰ  ਨੇ ਮਾਫ਼ੀ ਮੰਗਕੇ ਖਹਿੜਾ ਛੁਡਵਾਇਆ। ਇਹ ਕਹਾਣੀ ਵੀ ਬਿਹਤਰ ਸਮਾਜ ਸਿਰਜਣ ਦਾ ਉਪਰਾਲਾ ਹੈ। ਹਨ੍ਹੇਰਾ ਕਦ ਤੱਕ ਕਹਾਣੀ ਸਾਡੀ ਬਿਮਾਰ ਮਾਨਸਿਕਦਾ ਦਾ ਪ੍ਰਗਟਾਵਾ ਕਰਦੀ ਹੈ ਕਿਉਂਕਿ ਆਧੁਨਿਕਤਾ ਦੇ ਸਮੇਂ ਵਿਚ ਵੀ ਸਾਡਾ ਸਮਾਜ ਕੁੜੀਆਂ ਦਾ ਜੰਮਣਾ ਚੰਗਾ ਨਹੀਂ ਸਮਝਦਾ। ਲੜਕੇ ਦੀ ਚਾਹਤ ਲਈ ਪਰਿਵਾਰ ਵਧਾਈ ਜਾਂਦਾ ਹੈ। ਲੜਕੀਆਂ ਨੂੰ ਕੁੱਖ ਵਿਚ ਕਤਲ ਕਰਨ ਲਈ Çਲੰਗ ਟੈਸਟ ਤੇ ਪਾਬੰਦੀ ਦੇ ਬਾਵਜੂਦ ਰਿਸ਼ਵਤਾਂ ਦੇ ਕੇ ਟੈਸਟ ਕਰਵਾਈ ਜਾਂਦਾ ਹੈ। ਇਸ ਕਹਾਣੀ ਵਿਚ ਵੀ ਨਵਕਿਰਨ ਸਿੰਘ ਆਪਣੀ ਪਤਨੀ ਦੇ ਗਰਭਵਤੀ ਹੋਣ ‘ਤੇ Çਲੰਗ ਟੈਸਟ ਕਰਵਾਉਂਦਾ ਹੈ। ਲੜਕੇ ਦੇ ਚਕਰ ਵਿੱਚ ਦੋ ਲੜਕੀਆਂ ਪੈਦਾ ਹੋ ਜਾਂਦੀਆਂ ਹਨ। ਸ਼ਰੀਕਣਾ ਚੁਗਲੀਆਂ ਕਰਕੇ ਦਿਲਪ੍ਰੀਤ ਦੀ ਸੱਸ ਗੁਰਦੀਪ ਕੌਰ ਨੂੰ ਚੁੱਕੀ ਜਾਂਦੀਆਂ ਹਨ ਕਿ ਪਤਾ ਨਹੀਂ ਕਿਹੜੇ ਘਰ ਦੀ ਕਲਹਿਣੀ ਆ ਗਈ। ਨਵਕਿਰਨ ਸਿੰਘ ਇਸੇ ਗ਼ਮ ਵਿਚ ਸ਼ਰਾਬ ਪੀਣ ਲੱਗ ਜਾਂਦਾ ਹੈ। ਜਦੋਂ ਤੀਜੀ ਵਾਰ ਦਿਲਪ੍ਰੀਤ ਦੇ ਲੜਕਾ ਪੈਦਾ ਹੋ ਗਿਆ ਫਿਰ ਉਹੀ ਨੂੰਹ ਚੰਗੀ ਲੱਗਣ ਲੱਗ ਗਈ ਅਤੇ ਖ਼ੁਸ਼ੀਆਂ ਮਨਾਈਆਂ ਜਾਣ ਲੱਗ ਪਈਆਂ। ਇਹ ਕਹਾਣੀ ਸਾਡੇ ਸਮਾਜ ਦੀ ਲੜਕੀਆਂ ਪ੍ਰਤੀ ਭੈੜੀ ਪ੍ਰਵਿਰਤੀ ਨੂੰ ਦਰਸਾਉਂਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਜਿਸ ਵੀ ਵਿਸ਼ੇ ‘ਤੇ ਕਹਾਣੀ ਲਿਖ ਰਿਹਾ ਹੈ, ਉਸ ਬਾਰੇ ਉਨ੍ਹਾਂ ਦੀ ਜਾਣਕਾਰੀ ਮੁਕੰਮਲ ਹੈ, ਉਦਾਹਰਣ ਲਈ ਪਹਾੜੀ ਲੋਕਾਂ ਦੇ ਜੀਵਨ ਅਤੇ ਰੀਤੀ ਰਿਵਾਜਾਂ, ਹੈਲੀਕਾਪਟਰ , ਨਾਟਕਾਂ ਫਿਲਮਾਂ, ਪਰਵਾਸ ਦੀ ਜ਼ਿੰਦਗੀ, ਕਿਸਾਨੀ, ਇਸ਼ਕ ਮੁਸ਼ਕ ਅਤੇ ਪਿੰਡਾਂ ਦੀਆਂ ਇਸਤਰੀਆਂ ਦੇ ਸੁਭਾਅ ਬਾਰੇ ਵਿਆਖਿਆ ਨਾਲ ਲਿਖਿਆ ਗਿਆ ਹੈ। ਇਸ ਲਈ ਕਹਾਣੀਕਾਰ ਦੀ ਜੇਕਰ ਪ੍ਰਸੰਸਾ ਨਾ ਕੀਤੀ ਜਾਵੇ ਤਾਂ ਜ਼ਾਇਜ਼ ਨਹੀਂ ਹੋਵੇਗਾ। ਇਹ ਉਨ੍ਹਾਂ ਦੀ ਪਹਿਲੀ ਪੁਸਤਕ ਹੈ, ਭਵਿਖ ਵਿਚ ਹੋਰ ਚੰਗੀਆਂ ਕਹਾਣੀਆਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।  118 ਪੰਨਿਆਂ, 250 ਰੁਪਏ ਕੀਮਤ ਵਾਲੀ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।

  ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ - ਉਜਾਗਰ ਸਿੰਘ

ਰਾਵਿੰਦਰ ਸਿੰਘ ਸੋਢੀ ਮੁਢਲੇ ਤੌਰ ‘ਤੇ ਵਿਦਿਅਕ ਮਾਹਿਰ ਹਨ। ਉਨ੍ਹਾਂ ਹੁਣ ਤੱਕ 6 ਨਾਟਕ ਦੀਆਂ ਪੁਸਤਕਾਂ, ਇਕ ਆਲੋਚਨਾ, ਇਕ ਜੀਵਨੀ, ਇਕ ਖੋਜ, ਇਕ ਕਵਿਤਾ ਅਤੇ ਦੋ ਸਿੱਖ ਧਰਮ ਨਾਲ ਸੰਬੰਧਤ ਕੁਲ 10 ਪੰਜਾਬੀ ਅਤੇ ਇਕ ਹਿੰਦੀ ਵਿੱਚ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਜਿਥੇ ਬਾਬਾ ਪੈਰ  ਧਰੇ ਉਨ੍ਹਾਂ ਦਾ ਨਾਟਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਈ ਦਾ ਸੁਧਾਰ, ਵਹਿਮਾਂ ਭਰਮਾ ਵਿੱਚੋਂ ਬਾਹਰ ਕੱਢਣ ਅਤੇ ਕਰਮਾਤਾਂ ਦਾ ਖੰਡਨ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਾ ਹੈ।  ਨਾਟਕਕਾਰ ਦਾ ਇਹ ਨਾਟਕ ਲਿਖਣ ਦਾ ਮੰਤਵ ਇਨਸਾਨੀਅਤ ਨੂੰ ਚੰਗਿਆਈ ਦਾ ਪੱਲਾ ਫੜਨ ਅਤੇ ਰੱਬ ਦੀ ਰਜਾ ਵਿੱਚ ਰਹਿੰਦਿਆ ਭਾਈਚਾਰਕ ਸਾਂਝ ਬਣਾਉਂਦੇ ਹੋਏ ਧਰਮਾ ਦੀਆਂ ਵੰਡੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਹੈ।  ਰਾਵਿੰਦਰ ਸਿੰਘ ਸੋਢੀ ਦਾ ਇਹ ਨਾਟਕ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਦੇ ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ਸ਼ਾਮਲ ਕੀਤੀਆਂ ਗਈਆਂ ਹਨ, ਅਸਲ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਦੇ ਵਿਰੁੱਧ ਹਨ। ਉਨ੍ਹਾਂ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਵੀ ਇਹ ਨਾਟਕ ਲਿਖਕੇ ਚੰਗਾ ਉਪਰਾਲਾ ਕੀਤਾ ਲਗਦਾ ਹੈ। ਇਸ ਨਾਟਕ ਨੂੰ 11 ਦਿ੍ਰਸ਼ਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਿ੍ਰਸ਼ ਵਿੱਚ ਇਕ ਪੰਡਤ ਦੇ ਸਾਹਮਣੇ ਹੀ ਦੋ ਵਿਹਲੜ ਨੌਜਵਾਨ ਤਾਸ਼ ਖੇਡਦੇ ਵਿਖਾਏ ਹਨ। ਪੰਡਤ ਜੀ ਉਨ੍ਹਾਂ ਨੂੰ ਤਾਸ਼ ਖੇਡਕੇ ਵਕਤ ਗੁਆਉਣ ਤੋਂ ਰੋਕਣ ਦੀ ਵਿਜਾਏ ਆਪ ਉਨ੍ਹਾਂ ਨਾਲ ਹਾਸਾ ਠੱਠਾ ਕਰਦੇ ਹਨ। ਉਹ ਨੌਜਵਾਨ ਪੰਡਤ ਜੀ ਦੀ ਇਜ਼ਤ ਵੀ ਨਹੀਂ ਕਰਦੇ, ਇਸ ਮੌਕੇ ਤੇ ਇਕ ਗੁਰਦੁਆਰੇ ਦਾ ਭਾਈ ਸਮਾਜ ਸੁਧਾਰਕ ਦੇ ਰੂਪ ਵਿੱਚ ਆਉਂਦਾ ਹੈ ਜੋ ਨੌਜਵਾਨਾ ਨੂੰ ਵੱਡਿਆਂ ਦੀ ਇਜ਼ਤ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਪੰਡਤ ਜੀ ਨੂੰ ਵੀ ਨੌਜਵਾਨਾ ਨਾਲ ਵਿਚਰਨ ਤੋਂ ਰੋਕਦੇ ਹਨ। ਭਾਵ ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ। ਭਾਈ ਜੀ ਨੌਜਵਾਨਾ ਨੂੰ ਕੋਈ ਕਾਰੋਬਾਰ ਕਰਨ ਦੀ ਨਸੀਹਤ ਦਿੰਦੇ ਹਨ। ਜਾਪੀ ਪਾਤਰ ਕਹਿੰਦੇ ਹਨ ਪੜ੍ਹ ਲਿਖਕੇ ਆਪਣੇ ਬਾਪੂ ਨਾਲ ਦਿਹਾੜੀ ਕਰਨ ਜਾਣਾ ਠੀਕ ਨਹੀਂ। ਦੂਜਾ ਪਾਤਰ ਕਰਮਾ ਕਹਿੰਦਾ ਹੈ ਕਿ ਉਸਦਾ ਪਿਤਾ ਜਿਸ ਫ਼ੌਜੀ ਦੇ ਨਾਲ ਸੀਰੀ ਹਨ, ਉਹ ਗਾਲਾਂ ਕੱਢਦੇ ਹਨ। ਭਾਈ ਨੌਜਵਾਨਾ ਨੂੰ ਗੁਰਦੁਆਰਾ ਸਾਹਿਬ ਆ ਕੇ ਪਾਠ ਕਰਨ ਲਈ ਮਨਾਉਂਦੇ ਹਨ। ਜਾਪੀ ਕਹਿੰਦੇ ਹਨ ਕਿ ਗੁਰੂ ਜੀ ਦੀਆਂ ਜਨਮ ਸਾਖੀਆਂ ਵਿੱਚ ਕਰਾਮਾਤਾਂ ਵਿਖਾਈਆਂ ਗਈਆਂ ਹਨ, ਇਨ੍ਹਾਂ ਵਿੱਚ ਕਿਤਨੀ ਸਚਾਈ ਹੈ। ਭਾਈ ਜੀ ਦਸਦੇ ਹਨ ਕਿ ਗੁਰੂ ਜੀ ਲੋਕਾਂ ਨੂੰ ਅਜਿਹੇ ਵਹਿਮਾ ਭਰਮਾ ਤੋਂ ਬਾਹਰ ਕੱਢਦੇ ਸਨ। ਸਾਖੀਆਂ ਵਿੱਚ ਕੁਝ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ਰੱਬ ਦਾ ਦਰਜਾ ਦੇ ਦਿੱਤਾ। ਗੁਰੂ ਸਾਹਿਬ ਤਾਂ ਇਨ੍ਹਾਂ ਗੱਲਾਂ ਦੇ ਵਿਰੁੱਧ ਸਨ। ਭਾਈ ਸਾਹਿਬ ਜਾਪੀ ਅਤੇ ਕਰਮੇ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਨ। ਪਹਿਲਾ ਦਿ੍ਰਸ਼ ਖ਼ਤਮ ਹੋ ਜਾਂਦਾ ਹੈ। ਦੂਜੇ ਦਿ੍ਰਸ਼ ਵਿੱਚ ਮੋਦੀਖਾਨੇ ਵਿੱਚ ਕੰਮ ਕਰਨ ਕਰਕੇ ਕੁਝ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ, ਜੋ ਸਰਾਸਰ ਗ਼ਲਤ ਸਾਬਤ ਹੋਈ। ਨਵਾਬ, ਰਾਏ ਬੁਲਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਅਧਿਆਪਕਾਂ ਦੇ ਸਾਹਮਣੇ ਨਵਾਬ ਪਛਤਾਵਾ ਕਰ ਰਹੇ ਹਨ ਕਿ ਮੈਂ ਗੁਰੂ ਜੀ ‘ਤੇ ਲੋਕਾਂ ਦੇ ਕਹਿਣ ‘ਤੇ ਸ਼ੱਕ ਕਰ ਲਈ, ਜਿਸ ਤੋਂ ਬਾਅਦ ਗੁਰੂ ਜੀ ਲੰਬੀ ਉਦਾਸੀ ‘ਤੇ ਚਲੇ ਗਏ। ਇਸ ਦਿ੍ਰਸ਼ ਵਿੱਚ ਸਾਰੇ ਪਤਵੰਤੇ ਗਰੂ ਜੀ ਦੀ ਇਨਸਾਨੀਅਤ ਦੀ ਪ੍ਰਵਿਰਤੀ ਦੀ ਤਾਰੀਫ਼ ਕਰਦੇ ਵਿਖਾਏ ਗਏ ਹਨ। ਤੀਜੇ ਦਿ੍ਰਸ਼ ਵਿੱਚ ਮਲਕ ਭਾਗੋ ਗੁਰੂ ਜੀ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਆ ਕੇ ਭੋਜਨ ਕਰਨ ਦੀ ਥਾਂ ਭਾਈ ਲਾਲੋ ਦੇ ਘਰ ਜਾਣ ਨਾਲ ਆਪਣੀ ਹੇਠੀ ਸਮਝਦੇ ਹੋਏ, ਸਿੱਧੇ ਰਸਤੇ ਚਲਕੇ ਸੱਚੀ ਸੁੱਚੀ ਕਮਾਈ ਕਰਨ ਦਾ ਪ੍ਰਣ ਕਰਦੇ ਹੋਏ ਆਪਣੀਆਂ ਆਪਹੁਦਰੀਆਂ ‘ਤੇ ਪਛਤਾਵਾ ਕਰਦੇ ਵਿਖਾਏ ਹਨ। ਮਲਕ ਭਾਗੋ ਦੀ ਬੇਗਮ ਵਾਰ ਵਾਰ ਸੋਚਣ ਦੀ ਗੱਲ ਕਰਦੇ ਹਨ। ਦੁਨੀ ਚੰਦ ਦਾ ਪਾਤਰ ਵੀ ਦੋ ਮੁਸਾਫ਼ਰਾਂ ਨੂੰ ਆਪਣੀ ਫ਼ੋਕੀ ਸ਼ੋਹਰਤ ਦੀ ਗ਼ਲਤੀ ਦਾ ਅਹਿਸਾਸ ਕਰਦਾ ਹੋਇਆ ਦੱਸਦਾ ਹੈ ਕਿ ਗੁਰੂ ਜੀ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਮੌਤ ਤੋਂ ਬਾਅਦ ਕੋਈ ਵਸਤੂ ਨਾਲ ਨਹੀਂ ਜਾਣੀ, ਫਿਰ ਇਹ ਧਨ ਕਿਉਂ ਇਕੱਤਰ ਕੀਤਾ ਜਾਵੇ? ਇਕ ਸਜਣ ਨਾਮ ਦਾ ਪਾਤਰ ਜਿਹੜਾ ਆਪਣੀ ਧਰਮਸ਼ਾਲਾ ਵਿੱਚ ਦੋ ਦਲਾਲਾਂ ਰਸੂਲ ਅਤੇ ਨੂਰਾਂ ਰਾਹੀਂ ਲਿਆਂਦੇ ਮੁਸਾਫਰਾਂ ਨੂੰ ਮਾਰ ਕੇ ਲੁੱਟ ਲੈਂਦਾ ਸੀ। ਜਦੋਂ ਰਸੂਲ ਅਤੇ ਨੂਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਨੂੰ ਸਜਣ ਦੀ ਧਰਮਸ਼ਾਲਾ ਵਿੱਚ ਲੈ ਕੇ ਜਾਂਦੇ ਹਨ ਤਾਂ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣਕੇ ਸਿੱਧੇ ਰਸਤੇ ਪੈ ਗਿਆ। ਨੂਰਾਂ ਅਤੇ ਰਸੂਲ ਨੂੰ ਸਿੱਧੇ ਰਸਤੇ ਪਾਉਣ ਲਈ ਲੇਖਕ ਨੇ ਇਕ ਜੋਤ ਰੌਸ਼ਨੀ ਦੇ ਰੂਪ ਵਿੱਚ ਵਿਖਾਕੇ ਉਨ੍ਹਾਂ ਦੋਹਾਂ ਦਾ ਵੀ ਉਧਾਰ ਕੀਤਾ ਹੈ। ਚੌਥੇ ਦਿ੍ਰਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਸਮੇਂ ਆਪ ਆਪਣੇ ਖੇਤਾਂ ਨੂੰ ਪਾਣੀ ਦੇਣ ਅਤੇ ਜਿਹੜੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਨਾਲ ਚੰਗਾ ਵਰਤਾਓ ਨਹੀਂ ਕੀਤਾ ਸੀ, ਉਨ੍ਹਾਂ ਨੂੰ ਵਸਦੇ ਰਹੋ ਕਹਿਣਾ ਅਤੇ ਆਦਰ ਮਾਣ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ ਉਜੜ ਜਾਓ ਕਹਿਣ ਨੂੰ ਬੜੇ ਸੁਚੱਜੇ ਢੰਗ ਨਾਲ ਪਾਂਡਿਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ਦਾ ਸੁਧਾਰ ਕਰਨ ਨੂੰ ਦਿ੍ਰਸ਼ਟਾਂਤਿਕ ਤੌਰ ਤੇ ਰੰਗ ਮੰਚ ਤੇ ਦਰਸਾ ਕੇ ਕਮਾਲ ਕੀਤੀ ਗਈ ਹੈ। ਪੰਜਵੇਂ ਦਿ੍ਰਸ਼ ਵਿੱਚ ਗੋਪਾਲ ਅਤੇ ਤਰਲੋਕੀ ਪਾਤਰਾਂ ਦੀ ਵਿਚਾਰ ਚਰਚਾ ਗਗਨ ਮੈ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਦੇ ਦੁਆਲੇ ਘੁੰਮਦੀ ਵਿਖਾਈ ਗਈ ਹੈ, ਜਿਸਦਾ ਭਾਵ ਅਰਥ ਗੁਰੂ ਨੇ ਲੋਕਾਈ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਕੇ ਸਿੱਧੇ ਰਸਤੇ ਪਾਇਆ ਹੈ। ਛੇਵੇਂ ਦਿ੍ਰਸ਼ ਵਿੱਚ ਬਾਬਰ ਬਾਦਸ਼ਾਹ  ਮੰਚ ‘ਤੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਾ ਹੈ ਕਿ ਉਸਨੇ ਅਨੇਕ ਜ਼ੁਲਮ ਕੀਤੇ ਹਨ ਪ੍ਰੰਤੂ ਉਸਨੂੰ ਇਕ ਹੋਰ ਆਵਾਜ਼ ਆਉਂਦੀ ਹੈ, ਜਿਸਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਝਦਾ ਹੈ, ਉਹ ਹੀ ਉਸਨੂੰ ਸਿੱਧੇ ਰਸਤੇ ‘ਤੇ ਚਲਣ ਦੀ ਪ੍ਰੇਰਨਾ ਕਰਦੀ ਹੈ। ਇਸ ਦਿ੍ਰਸ਼ ਵਿੱਚ ਬਾਬਰ ਦਾ ਸੁਧਾਰ ਹੁੰਦਾ ਵਿਖਾਇਆ ਜਾਂਦਾ ਹੈ। ਸੱਤਵੇਂ ਦਿ੍ਰਸ਼ ਵਿੱਚ ਨਾਟਕਕਾਰ ਨੇ ਚਰਪਟ ਨਾਥ, ਲੋਹਾਰੀਪਾ ਅਤੇ ਭੰਗਰ ਨਾਥ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਲਣੀ ਤੋਂ ਬਾਅਦ ਆਪਸੀ ਪਰੀਚਰਚਾ ਕਰਵਾਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰਮ ਕਾਂਡ ਅਤੇ ਯੋਗ ਰਾਹੀਂ ਦੁਨੀਆਂ ਤੋਂ ਦੂਰ ਰਹਿਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਜ਼ਾਇਜ਼ ਨਹੀਂ, ਸਗੋਂ ਸੰਸਾਰੀ ਹੁੰਦਿਆਂ ਵੀ ਪਰਮ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਕਦਾ ਹੈ। ਅੱਠਵੇਂ ਦਿ੍ਰਸ਼ ਵਿੱਚ ਕਾਜ਼ੀ, ਤਾਜ਼ੂਦੀਨ ਅਤੇ ਜ਼ੈਨੂਲ  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿਸ ਵਿੱਚ ਪ੍ਰਮਾਤਮਾ ਹਰ ਥਾਂ ਚਾਰੇ ਪਾਸੇ ਅਤੇ ਹਰ ਸ਼ੈ ਵਿੱਚ, ਜ਼ਾਤ ਪਾਤ ਤੋਂ ਰਹਿਤ ਸਮਾਜ ਅਤੇ ਧਰਮਾ ਦੇ ਕੱਟੜ ਮਜ਼ਹਬੀ ਅਸੂਲ ਲੋਕਾਂ ਦੀ ਬਿਹਤਰੀ ਨਹੀਂ ਕਰ ਸਕਦੇ ਵਰਗੇ ਸੰਵਾਦ ਕਰਦੇ ਵਿਖਾਏ ਗਏ ਹਨ। ਅਖ਼ੀਰ ਵਿੱਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰਾਹ ਦਸੇਰਾ ਮੰਨਦੇ ਹਨ। ਨੌਵੇਂ ਦਿ੍ਰਸ਼ ਵਿੱਚ ਪੀਰ ਦਸਤਗੀਰ, ਅਬਦੁਲ ਅਤੇ ਅਕਰਮ ਦਰਮਿਆਨ ਸੰਬਾਦ ਕਰਵਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਹਨ ਪਰਮਾਤਮਾ, ਅੱਲਾ ਤਾਲਾ ਅਤੇ ਖ਼ੁਦਾ ਇਕ ਹੀ ਹੈ। ਉਹ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਖੁਦਾ ਵਿਖਾਈ ਨਹੀਂ ਦਿੰਦਾ ਪ੍ਰੰਤੂ ਹਰ ਵਸਤੂ ਵਿੱਚ ਮੌਜਦ ਹੈ। ਖੁਦਾ ਦੇ ਹੱਥ ਸਭ ਕੁਝ ਹੈ, ਅਰਥਾਤ ਗ਼ਰੀਬ ਨੂੰ ਅਮੀਰ ਅਤੇ ਅਮੀਰ ਨੂੰ ਗ਼ਰੀਬ ਬਣਾ ਸਕਦਾ ਹੈ। ਉਹ ਤਖ਼ਤ ਤਾਜ ਤੇ ਬਿਠਾ ਅਤੇ ਉਤਾਰ ਸਕਦਾ ਹੈ। ਦਸਵੇਂ ਦਿ੍ਰਸ਼ ਵਿੱਚ ਨਾਟਕਕਾਰ ਨੇ ਵਲੀ ਕੰਧਾਰੀ ਅਤੇ ਉਸਦੇ ਨੌਕਰ ਰਾਹੀਂ ਸੰਬਾਦ ਕਰਕੇ ਦਰਸਾਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਉਨ੍ਹਾਂ ਨੂੰ ਇਨਸਾਨੀਅਤ ਦਾ ਪੱਲਾ ਫੜਨ ਲਈ ਆਪਣੀ ਵਿਦਵਤਾ ਦੀ ਚਾਬੀ ਨਾਲ ਸਿੱਧੇ ਰਸਤੇ ਪਾਇਆ ਹੈ। ਗਿਆਰਵੇਂ ਅਤੇ ਆਖ਼ਰੀ ਦਿ੍ਰਸ਼ ਵਿੱਚ ਦਰਵੇਸ਼, ਪਹਿਲਾ ਆਦਮੀ ਅਤੇ ਦੂਜਾ ਆਦਮੀ ਪਾਤਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਨਸਾਨੀਅਤ, ਜ਼ਾਤ ਪਾਤ, ਵਹਿਮਾ ਭਰਮਾ, ਇਨਸਾਨੀਅਤ ਦੇ ਦਿਮਾਗਾਂ ਵਿੱਚ ਆਤਮ ਰੌਸ਼ਨੀ ਪੈਦਾ ਕਰਨ, ਧਰਮ ਦੇ ਠੇਕਦਾਰਾਂ ਤੋ ਬਚਣ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦਾ ਵਿਚਾਰ ਕਰਦੇ ਵਿਖਾਏ ਗਏ ਹਨ। ਇਨਸਾਨ ਨੂੰ ਸਮਾਜਿਕ, ਧਾਰਮਿਕ, ਭੂਗੋਲਿਕ ਅਤੇ ਪਰਮਾਤਮਾ ਦੀ ਵਿਚਾਰਧਾਰਾ ਦੀਆਂ ਵੰਡੀਆਂ ਪਾਉਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 1307
ujagarsingh48@yahoo.com

 27 ਅਕਤੂਬਰ ਨੂੰ ਬਰਸੀ ‘ਤੇ ਵਿਸ਼ੇਸ਼ : ਸਿਦਕਵਾਨ   ਸਿੱਖ ਧਰਮ ਦਾ ਮਹਾਨ ਸਪੂਤ:ਸ਼ਹੀਦ ਦਰਸ਼ਨ ਸਿੰਘ ਫੇਰੂਮਾਨ - ਉਜਾਗਰ ਸਿੰਘ

  ਜਦੋਂ ਕਿਸੇ ਧਰਮ ਦੇ ਧਾਰਮਿਕ ਅਕੀਦਿਆਂ ਵਿਚ ਗਿਰਾਵਟ ਆਉਂਦੀ ਹੈ ਤਾਂ ਕੋਈ ਧਰਮੀ ਇਨਸਾਨ ਉਸ ਗਿਰਾਵਟ ਨੂੰ ਰੋਕਣ ਲਈ ਸਾਰਥਿਕ ਉਪਰਾਲਿਆਂ ਨਾਲ ਰੋਕਣ ਲਈ ਅੱਗੇ ਆਉਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਦਰਜ ਹੈ ਕਿ ਉਸ ਇਨਸਾਨ ਨੂੰ ਅਨੇਕਾਂ ਮੁਸ਼ਕਲਾਂ ਅਤੇ ਕਠਨਾਈਆਂ ਨਾਲ ਜੂਝਦਿਆਂ ਉਨ੍ਹਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। 60ਵਿਆਂ ਵਿਚ ਜਦੋਂ ਸਿੱਖ ਧਰਮ ਦੇ ਅਨੁਆਈਆਂ ਵਿਚ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਉਲੰਘਣਾ ਦਾ ਬੋਲਬਾਲਾ ਹੋ ਗਿਆ। ਸਿੱਖ ਲੀਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਰਦਾਸ ਕਰਕੇ ਮੁਕਰਨ ਲੱਗ ਪਏ ਤਾਂ ਇੱਕ ਮਰਦੇ ਮਜਾਹਦ ਸਿੱਖ ਧਰਮ ਦੀ ਵਿਚਾਰਧਾਰਾ ਦਾ ਪਰਪੱਕ ਸ਼ਰਧਾਵਾਨ ਦੇਸ਼ ਭਗਤ ਦਰਸ਼ਨ ਸਿੰਘ ਫੇਰੂਮਾਨ ਅੱਗੇ ਆਇਆ ਅਤੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਮਿਸਾਲ ਪੈਦਾ ਕਰ ਗਿਆ। ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲਿਆਂ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿਚ ਉਨ੍ਹਾਂ ਦਾ ਸਤਿਕਾਰ ਬਣ ਸਕੇ। ਅੱਜ ਦੇ ਸਿੱਖ ਸਿਆਸਤਦਾਨ ਧਰਮ ਦੀ ਪ੍ਰਫੁਲਤਾ ਲਈ ਕੰਮ ਕਰਨ ਦੀ ਥਾਂ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਕੰਮ ਕਰਦੇ ਹਨ, ਜਿਸ ਕਰਕੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉਠ ਗਿਆ ਹੈ। ਪੰਜਾਬ ਦੇ ਖਾਸ ਤੌਰ ਤੇ ਅਕਾਲੀ ਦਲ ਦੇ ਸਿੱਖ ਸਿਆਸਤਦਾਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਕੇ ਸ਼ੁਰੂ ਕੀਤੇ ਕੰਮਾਂ ਦੇ ਨੇਪਰੇ ਚੜ੍ਹਨ ਤੋਂ ਪਹਿਲਾਂ ਹੀ ਪਿੱਛੇ ਹਟ ਗਏ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ,  ਅਰਦਾਸ ਦੀ ਮਰਿਆਦਾ ਅਤੇ ਪਰੰਪਰਾ ਨੂੰ ਬਹਾਲ ਕਰਨ ਲਈ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਜੀਵਨ ਦੀ ਆਹੂਤੀ ਦਿੱਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਦਰਸਾਇਆ ਜਾ ਸਕੇ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋਤਮ ਅਤੇ ਪਵਿਤਰ ਗ੍ਰੰਥ ਹੈ। ਉਹ ਪੰਜਾਬ ਨੂੰ ਖ਼ੁਦਮੁਖਤਾਰ ਵੇਖਣਾ ਚਾਹੁੰਦਾ ਸੀ। ਉਸਦੀ ਸ਼ਹਾਦਤ ਨੂੰ ਸਿਰਫ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ਲਈ ਹੀ ਕਿਹਾ ਜਾਂਦਾ ਹੈ ਜਦੋਂਕਿ ਉਸਦਾ ਮਕਸਦ ਪੰਜਾਬੀ ਸਰੋਕਾਰਾਂ ਨਾਲ ਸੰਬੰਧਤ ਸੀ। ਇਸ ਲਈ ਉਹ ਆਪਣੀ ਵਸੀਅਤ ਵਿਚ ਲਿਖਦਾ ਹੈ ਕਿ ‘‘ਇਹ ਬਹੁਤ ਜ਼ਰੂਰੀ ਹੈ ਕਿ ਕੋਈ ਗੁਰੂ ਦਾ ਸਿੱਖ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰੇ ਤਾਂ ਜੋ  ਪੰਥ, ਆਜ਼ਾਦ ਹਿੰਦੋਸਤਾਨ ਵਿਚ ਆਜ਼ਾਦ ਪੰਥ  ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵਲ ਅਗਲਾ ਕਦਮ ਚੁੱਕ ਸਕੇ। ’’ ਦਰਸ਼ਨ ਸਿੰਘ ਫੇਰੂਮਾਨ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਫੇਰੂਮਾਨ ਵਿਖੇ 1 ਅਗਸਤ 1885 ਨੂੰ ਚੰਦਾ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਹੋਇਆ ਸੀ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਆਪ 1912 ਵਿਚ ਫ਼ੌਜ ਵਿਚ ਸਿਪਾਹੀ ਭਰਤੀ ਹੋ ਗਏ। ਮੁੱਢਲੇ ਤੌਰ ਤੇ ਆਪ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ। ਇਸ ਕਰਕੇ ਫ਼ੌਜ ਵਿਚ ਵੀ ਆਪ ਦਾ ਮਨ ਨਾ ਲੱਗਿਆ ਅਤੇ ਦੋ ਸਾਲ ਪਿਛੋਂ ਹੀ 1914 ਵਿਚ ਅਸਤੀਫਾ ਦੇ ਕੇ ਵਾਪਸ ਘਰ ਆ ਗਏ। ਉਸ ਤੋਂ ਬਾਅਦ ਹਿਸਾਰ ਵਿਖੇ ਠੇਕੇਦਾਰੀ ਸ਼ੁਰੂ ਕਰ ਲਈ। ਠੇਕੇਦਾਰੀ ਵਿਚ ਵੀ ਕਈ ਅਜਿਹੇ ਕੰਮ ਕਰਨੇ ਪੈਂਦੇ ਸਨ, ਜਿਨ੍ਹਾਂ ਲਈ ਆਪਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ। ਇਸ ਕਾਰੋਬਾਰ ਵਿਚ ਵੀ ਆਪ ਬਹੁਤੀ ਦੇਰ ਟਿਕ ਨਾ ਸਕੇ। ਇਸ ਲਈ ਆਪ ਨੇ ਆਪਣੇ ਆਪ ਨੂੰ ਧਾਰਮਿਕ ਕੰਮਾ ਨਾਲ ਹੀ ਜੋੜ ਲਿਆ। ਆਪ ਇਰਾਦੇ ਦੇ ਬੜੇ ਪੱਕੇ ਸਨ, ਜੋ ਕੰਮ ਕਰਨ ਦਾ ਮਨ ਬਣਾ ਲੈਂਦੇ ਸਨ, ਉਸਨੂੰ ਨੇਪਰੇ ਚਾੜ੍ਹਕੇ ਹੀ ਦਮ ਲੈਂਦੇ ਸਨ, ਭਾਵੇਂ ਉਸ ਲਈ ਆਪ ਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਟਾਕਰਾ ਕਿਉਂ ਨਾ ਕਰਨਾ ਪਵੇ। ਅਸਲ ਵਿਚ ਉਹ ਹਠੀ ਕਿਸਮ ਦੇ ਦਿ੍ਰੜ੍ਹ ਇਰਾਦੇ ਵਾਲੇ ਇਨਸਾਨ ਸਨ। ਉਸ ਸਮੇਂ ਗੁਰਦੁਆਰਾ ਸਾਹਿਬਾਨ ਤੇ ਅੰਗਰੇਜ਼ਾਂ ਦੇ ਪਿਠੂਆਂ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਤੇ ਮਹੰਤ ਉਥੇ ਸਿੱਖੀ ਰਵਾਇਤਾਂ ਦੇ ਉਲਟ ਕੰਮ ਕਰਦੇ ਸਨ। ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਮਹੰਤਾਂ ਤੋਂ ਚਾਬੀਆਂ ਲੈਣ ਦਾ ਮੋਰਚਾ ਲਗਾ ਦਿੱਤਾ, ਉਸ ਸਮੇਂ ਅਜੇ ਆਪ ਠੇਕੇਦਾਰੀ ਦਾ ਕਿਤਾ ਹੀ ਕਰ ਰਹੇ ਸਨ ਤਾਂ ਆਪ ਦੇ ਸੁਭਾਆ ਅਤੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਇੱਕ ਬਜ਼ੁਰਗ ਇਸਤਰੀ ਨੇ ਆਪ ਨੂੰ ਇਸ ਮੋਰਚੇ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ। ਆਪ ਨੇ ਠੇਕੇਦਾਰੀ ਦੇ ਕੰਮ ਨੂੰ ਤਿਲਾਂਜਲੀ ਦਿੰਦਿਆਂ, ਇਸ ਮੋਰਚੇ ਵਿਚ ਸ਼ਾਮਲ ਹੋ ਗਏ। ਇਸ ਮੋਰਚੇ ਵਿਚ ਹਿੱਸਾ ਲੈਣ ਕਰਕੇ ਆਪ ਨੂੰ 1921 ਵਿਚ ਗ੍ਰਿਫ਼ਤਾਰ ਕਰ ਲਿਆ ਅਤੇ ਇੱਕ ਸਾਲ ਦੀ ਸਜਾ ਹੋ ਗਈ। ਇਸ ਤੋਂ ਬਾਅਦ ਆਪ ਨੇ ਧਾਰਮਿਕ ਕੰਮਾਂ ਵਿਚ ਵਧ ਚੜ੍ਹਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਆਪ ਜੈਤੋ ਦੇ ਮੋਰਚੇ ਵਿਚ ਵੀ ਸ਼ਾਮਲ ਹੋ ਗਏ ਅਤੇ 1924 ਵਿਚ ਆਪ ਇਸ ਮੋਰਚੇ ਵਿਚ 14ਵਾਂ ਸ਼ਹੀਦੀ ਜੱਥਾ ਲੈ ਕੇ ਗਏ । ਆਪ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 10 ਮਹੀਨੇ ਦੀ ਸਜਾ ਹੋ ਗਈ। ਫਿਰ ਕਾਂਗਰਸ ਪਾਰਟੀ ਨੇ ਨਾਮਿਲਵਰਤਨ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਉਸ ਸਮੇਂ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਆਪਸ ਵਿਚ ਮਿਲਕੇ ਕੰਮ ਕਰਦੀਆਂ ਸਨ ਕਿਉਂਕਿ ਦੋਹਾਂ ਪਾਰਟੀਆਂ ਦਾ ਇੱਕੋ ਮਕਸਦ ਦੇਸ਼ ਨੂੰ ਅਜ਼ਾਦ ਕਰਾਉਣਾ ਸੀ। ਇਸ ਨਾਮਿਲਵਰਤਨ ਦੇ ਅੰਦੋਲਨ ਵਿਚ ਸ਼ਾਮਲ ਹੋਣ ਸੰਬੰਧੀ ਅਕਾਲੀ ਦਲ ਵਿਚ ਵਿਚਾਰਾਂ ਦਾ ਵਖਰੇਵਾਂ ਪੈਦਾ ਹੋ ਗਿਆ। ਮਾਸਟਰ ਤਾਰਾ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਮੋਰਚੇ ਵਿਚ ਸ਼ਮੂਲੀਅਤ ਕੀਤੀ ਅਤੇ ਆਪ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 14 ਮਹੀਨੇ ਦੀ ਸਜਾ ਹੋ ਗਈ। ਆਪ 1926 ਵਿਚ ਮਲਾਇਆ ਚਲੇ ਗਏ, ਮਲਾਇਆ ਵਿਚ ਵੀ ਆਪਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ, ਜਿਸ ਕਰਕੇ ਆਪ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਵਿਚ ਜਦੋਂ ਆਪ ਨੂੰ ਸਿੱਖਾਂ ਦੇ ਪੰਜ ਕਕਾਰ ਪਹਿਨਣ ਤੋਂ ਰੋਕਿਆ ਤਾਂ ਆਪ ਨੇ ਜੇਲ੍ਹ ਵਿਚ ਹੀ ਭੁਖ ਹੜਤਾਲ ਕਰ ਦਿੱਤੀ। ਆਪ ਦੀ ਭੁਖ ਹੜਤਾਲ 21 ਦਿਨ ਚੱਲੀ ਪ੍ਰੰਤੂ ਬ੍ਰਿਟਿਸ਼ ਸਰਕਾਰ ਨੂੰ ਅਖੀਰ ਝੁਕਣਾ ਪਿਆ ਅਤੇ ਆਪ ਨੂੰ ਜੇਲ੍ਹ ਵਿਚ ਪੰਜ ਕਕਾਰ ਤੇ ਕ੍ਰਿਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ। ਜੇਲ੍ਹ ਵਿਚੋਂ ਰਿਹਾ ਹੋਣ ਤੋਂ ਬਾਅਦ ਆਪ ਵਾਪਸ ਭਾਰਤ ਆ ਗਏ। ਆਪ ਨੇ ਸਿਵਿਲ ਨਾ ਫੁਰਮਾਨੀ ਅਤੇ ਭਾਰਤ ਛੋੜੋ ਅੰਦੋਲਨਾਂ ਵਿਚ ਵੀ ਵੱਧ ਚੜ੍ਹਕੇ ਹਿੱਸਾ ਲਿਆ। ਆਪ ਕਈ ਸਾਲ ਲਗਾਤਾਰ ਸ਼ਰੋਮਣੀ ਕਮੇਟੀ ਦੇ ਮੈਂਬਰ ਰਹੇ। ਦੋ ਵਾਰ ਆਪ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ। ਆਪ 1958 ਵਿਚ ਪੰਜਾਬ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1964 ਤੱਕ ਇਸ ਅਹੁਦੇ ਤੇ ਰਹੇ। ਫਿਰ ਆਪ ਨੇ ਸੁਤੰਤਰ ਪਾਰਟੀ ਬਣਾ ਲਈ ਅਤੇ ਆਪ ਉਸਦੇ ਫਾਊਂਡਰ ਪ੍ਰਧਾਨ ਬਣ ਗਏ। ਆਪ ਅਕਾਲੀ ਦਲ ਦੇ ਲੀਡਰਾਂ ਦੀਆਂ ਸਰਗਰਮੀਆਂ ਤੋਂ ਬਹੁਤ ਹੀ ਮਾਯੂਸ ਸਨ ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਸਹੁੰ ਚੁੱਕ ਕੇ ਉਸ ਤੋਂ ਲਗਾਤਾਰ ਮੁਕਰਦੇ ਰਹੇ। ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੱਘ ਵਲੋਂ ਵਾਰ ਵਾਰ ਮਰਨ ਵਰਤ ਰੱਖਕੇ ਤੋੜਨ ਨੂੰ ਉਨ੍ਹਾਂ ਬਹੁਤ ਹੀ ਬੁਰਾ ਮਨਾਇਆ ਅਤੇ ਆਪ ਦੇ ਮਨ ਨੂੰ ਇਨ੍ਹਾਂ ਲੀਡਰਾਂ ਦੀਆਂ ਕਾਰਵਾਈਆਂ ਨੇ ਗਹਿਰੀ ਠੇਸ ਪਹੁੰਚਾਈ। ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਲੀਡਰਾਂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪ੍ਰੇਰਨਾ ਨਹੀਂ ਮਿਲੇਗੀ, ਸਗੋਂ ਉਹ ਗੁਰੂ ਤੋਂ ਬੇਮੁਖ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨਵੀਂ ਪੀੜ੍ਹੀ ਨੂੰ ਰਾਹ ਦਿਖਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ 15 ਅਗਸਤ 1969 ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੇ ਇਰਾਦੇ ਨਾਲ ਅਣਮਿਥੇ ਸਮੇਂ ਲਈ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਉਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿਚ ਸਰਕਾਰ ਸੀ। ਸਰਕਾਰ ਨੇ ਆਪਨੂੰ 12 ਅਗਸਤ ਨੂੰ ਗਿ੍ਰਫਤਾਰ ਕਰ ਲਿਆ। ਆਪਨੇ ਅੰਮਿ੍ਰਤਸਰ ਜੇਲ੍ਹ ਵਿਚ ਹੀ ਮਰਨ ਵਰਤ ਰੱਖ ਦਿੱਤਾ। ਆਪਦੀ ਹਾਲਤ ਵਿਗੜਦੀ ਵੇਖ ਕੇ ਜਬਰੀ ਖਾਣ ਪੀਣ ਲਈ ਦੇਣ ਦੇ ਇਰਾਦੇ ਨਾਲ  26 ਅਗਸਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਪ੍ਰੰਤੂ ਆਪਨੇ ਜ਼ਬਰਦਸਤੀ ਦਿੱਤੀ ਜਾਣ ਵਾਲੀ ਖੁਰਾਕ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮਰਨਵਰਤ  ਖੁਲ੍ਹਵਾਉਣ ਲਈ ਬਹੁਤ ਢੰਗ ਵਰਤੇ ਗਏ ਪ੍ਰੰਤੂ ਆਪ ਆਪਣੇ ਮੰਤਵ ਦੀ ਪ੍ਰਾਪਤੀ ਲਈ ਅੜੇ ਰਹੇ। ਉਨ੍ਹਾਂ ਦਾ ਰੱਖਿਆ ਮਰਨ ਵਰਤ 74 ਦਿਨ ਚੱਲਿਆ ਅਤੇ ਅਖੀਰ 27 ਅਕਤੂਬਰ 1969 ਨੂੰ ਉਹ ਸਿੱਖ, ਸਿੱਖੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਜੀਵਨ ਦੀ ਆਹੂਤੀ ਦੇ ਗਏ। ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਵੀ ਕੇਂਦਰ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ। ਇਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਅਤੇ ਸਿੱਖ ਲੀਡਰਸ਼ਿਪ, ਜਿਨ੍ਹਾਂ ਉਸ ਮਹਾਨ ਸ਼ਹੀਦ ਤੋਂ ਕੋਈ ਪ੍ਰੇਰਨਾ ਤਾਂ ਕੀ ਲੈਣੀ ਸੀ, ਉਨ੍ਹਾਂ ਅੱਜ ਤੱਕ ਰਾਜ ਭਾਗ ਹੁੰਦਿਆਂ ਸੁੰਦਿਆਂ ਕਦੀਂ ਵੀ ਉਸ ਮਹਾਨ ਸਪੂਤ ਨੂੰ ਯਾਦ ਨਹੀਂ ਕੀਤਾ। ਕਾਂਗਰਸੀ ਨੇਤਾ ਸੋਹਣ ਸਿੰਘ ਜਲਾਲਉਸਮਾ ਨੇ ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਗੁਰਦਿਆਲ ਸਿੰਘ ਢਿਲੋਂ ਦੇ ਸਹਿਯੋਗ ਨਾਲ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਬਣਾਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮੈਨ ਰਈਆ ਵਿਖੇ ਸਥਾਪਤ ਕੀਤੇ। ਸੋਹਣ ਸਿੰਘ ਜਲਾਲਉਸਮਾ ਨੇ ਇਨ੍ਹਾਂ ਦੋਵੇਂ ਸੰਸਥਾਵਾਂ ਲਈ ਜ਼ਮੀਨ ਖ੍ਰੀਦੀ ਸੀ। ਇਹ ਦੋਵੇਂ ਸੰਸਥਾਵਾਂ ਵਿਚ ਸ੍ਰ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿਚ ਹਰ ਸਾਲ ਸਮਾਗਮ ਕੀਤੇ ਜਾਂਦੇ ਹਨ। ਸੰਗਰੂਰ ਵਿਖੇ ਵੀ ਇਕ ਪਾਰਕ ਅਤੇ ਉਸ ਵਿਚ ਦਰਸ਼ਨ ਸਿੰਘ ਫੇਰੂਮਾਨ ਦਾ ਬੁੱਤ ਲਗਾਇਆ ਗਿਆ, ਜਿਸਦਾ ਉਦਘਾਟਨ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਗੁਰਦਿਆਲ Îਸੰਘ ਢਿਲੋਂ ਨੇ ਕੀਤਾ ਸੀ। ਇਸ ਪਾਰਕ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਕਦੀਂ ਕੋਈ ਸਫਾਈ ਨਹੀਂ ਕੀਤੀ ਜਾਂਦੀ। ਅਕਾਲੀ ਦਲ ਦੀ ਪੰਜਾਬ ਵਿਚ 7 ਵਾਰ ਸਰਕਾਰ ਰਹੀ ਹੈ, ਅੱਜ ਤੱਕ ਨਾ ਤਾਂ ਸਰਕਾਰ ਨੇ ਕੋਈ ਯਾਦਗਾਰ ਬਣਾਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੀਂ ਕਿਸੇ ਸਮਾਗਮ ਵਿਚ ਯਾਦ ਕੀਤਾ ਹੈ।  ਅਕਾਲੀ ਦਲ ਨੇ ਹਮੇਸ਼ਾ ਆਪਣੇ ਸ਼ਹੀਦਾਂ ਬਾਰੇ ਦੋਗਲੀ ਨੀਤੀ ਅਖਤਿਆਰ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com