ਰਿਸ਼ਤਿਆਂ ਦੀ ਅਹਿਮੀਅਤ ਸਮਝੋ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਸਾਵਿਣ ਸਰਸੀ ਕਾਮਣੀ ... - ਸੁਖਪਾਲ ਸਿੰਘ ਗਿੱਲ
ਨਾਨਕਸ਼ਾਹੀ ਸੰਮਤ ਦਾ ਚੇਤ ਤੋਂ ਸ਼ੁਰੂ ਹੋਏ ਸਾਲ ਦਾ ਪੰਜਵਾਂ ਮਹੀਨਾ ਸਾਵਣ ਹੈ । ਇਸ ਮਹੀਨੇ ਨੂੰ ਸੋਣ ਅਤੇ ਸਾਉਣ ਦੇ ਨਾਂ ਨਾਲ ਵੀ ਪੁਕਾਰਦੇ ਹਨ । ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤੱਕ ਇਹ ਦੇਸੀ ਮਹੀਨਾ ਹੁੰਦਾ ਹੈ । ਪਰਕਿਰਤੀ ਦਾ ਖੂਬਸੂਰਤ ਨਕਸ਼ਾ ਚਿਤਰਨ ਵਾਲਾ ਇਹ ਮਹੀਨਾ ਆਪਣੀ ਬੁੱਕਲ ਵਿੱਚ ਕਈ ਤਰ੍ਹਾਂ ਦੇ ਵੰੰਨਗ ਸਾਂਭੀ ਬੈਠਾ ਹੈ। ਇਸ ਮਹੀਨੇ ਦਾ ਮਨੁੱਖੀ ਜੀਵਨ ਤੇ ਅਧਿਆਤਮਕ ਪੱਖ ਤੋਂ ਪਵਿੱਤਰ ਗੁਰਬਾਣੀ ਨੇ ਇਉਂ ਫੁਰਮਾਣ ਕੀਤਾ ਹੈ —
" ਸਾਵਿਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ।।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮ ਅਧਾਰ ।।
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ।।
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ।।
ਵਣੁ ਤਿਣੁ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰੁ ।।
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ।।
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ।।
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ।।
ਸਾਵਿਣ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ।। "
ਸਾਵਣ ਮਹੀਨਾ ਸੱਭਿਅਤਾ , ਸੱਭਿਆਚਾਰ ਅਤੇ ਰੀਤੀ ਰਿਵਾਜ਼ਾ ਦਾ ਮਹੀਨਾ ਹੈ । ਇਸ ਤੋਂ ਪਹਿਲੇ ਹਾੜ੍ਹ ਦੀ ਤਪਸ਼ ਤੋਂ ਬਾਅਦ ਇਸ ਮਹੀਨੇ ਬਾਰੇ ਕਥਾ ਵਿਚਾਰ ਹੈ ਕਿ ਇਹ ਸੱਪਾਂ , ਮਿਰਗਾਂ ਅਤੇ ਮੱਛੀਆਂ ਨੂੰ ਖੁਸ਼ੀ ਦਿੰਦਾ ਹੈ ਜਦੋਂ ਕਿ ਗਾਂ ਤੇ ਪੁੱਤ ਬਲਦ , ਗਰੀਬ , ਰਾਹਗੀਰ ਅਤੇ ਨੌਕਰ ਚਾਕਰ ਨੂੰ ਖੁਸ਼ੀ ਨਹੀਂ ਦਿੰਦਾ । ਇਸ ਵਿੱਚਾਰ ਦੇ ਤੱਥ ਆਪਣੇ ਵਿੱਚ ਬਹੁਤ ਕੁਝ ਸਮਾਈ ਬੈਠੇ ਹਨ । ਲੂਹ ਤੋਂ ਬਾਅਦ ਠੰਡਕ ਦੇ ਬੁੱਲੇ ਆਉਂਦੇ ਹਨ । ਇੱਕ ਪੰਛੀ ਜਿਸਦਾ ਸਾਵਣ ਨਾਲ ਇਤਿਹਾਸਕ , ਮਿਥਿਹਾਸਕ ਸਬੰਧ ਹੈ ਉਸਨੂੰ ਬੰਬੀਹਾ , ਪਪੀਹਾ ਅਤੇ ਚਾਤਰਿਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਸ ਮਹੀਨੇ ਇਹ ਪੰਛੀ ਮੀਂਹ ਦੀ ਪੁਕਾਰ ਕਰਦਾ ਹੈ ਅਤੇ ਸਵਾਤੀ ਬੂੰਦ ਮੰਗਦਾ ਹੈ । ਕੋਇਲ ਵੀ ਬਾਗਾਂ ਵਿੱਚ ਬੋਲੀਆਂ ਪਾਉਂਦੀ ਹੈ —
" ਪਈ ਕੂ — ਕੂ , ਕੂ — ਕੂ ਕਰਦੀ ਨੀ ਸਈਓ ਕੋਇਲ ਹੰਝੂ ਡੋਲੇ ,
ਪਪੀਹਾ ਵੇਖੋ ਨੀਂ ਭੈੜਾ ਪੀਆ ਪੀਆ ਬੋਲੈ "
ਔਰਤਾਂ ਦੀਆਂ ਰੀਝਾਂ ਨੂੰ ਪੇਸ਼ ਕਰਨ ਦਾ ਮੌਕਾ ਸਾਂਭੀ ਬੈਠਾ ਮਰਦ ਪ੍ਰਧਾਨਤਾ ਤੋਂ ਆਰਜ਼ੀ ਰਾਹਤ ਵੀ ਦਿਵਾਉਂਦਾ ਹੈ । ਔਰਤ ਨਾਲ ਸੋਣ ਦਾ ਜਿਸਮ ਰੂਹ ਵਾਲਾ ਸੁਮੇਲ ਹੈ । ਗੀਤ ਸੰਗੀਤ ਅਤੇ ਰਿਵਾਜ ਇੱਕਸੁਰ ਹੋ ਕੇ ਚਾਅ ਮਲਾਰ ਵੰਡਦੇ ਹਨ । ਪਰ ਅੱਜ ਆਧੁਨਿਕਤਾ ਦੀ ਦੌੜ ਨੇ ਇਹਨਾਂ ਨੂੰ ਘਸਮੰਡਿਆ ਜ਼ਰੂਰ ਹੈ । ਵਿਆਹੀ ਕੁੜੀ ਸਾਵਣ ਮਹੀਨਾ ਕੱਟਣ ਆਪਣੇ ਮਾਪੇ ਜਾਂਦੀ ਹੈ । ਇਸਨੂੰ ਲੈਰਾਂ ਮਹੀਨਾਂ ਵੀ ਕਿਹਾ ਜਾਂਦਾ ਹੈ । ਸੱਸ ਅਤੇ ਪਤੀ ਨਾਲੋਂ ਦੂਰੀ ਰੱਖਣ ਇਹ ਮਹੀਨਾਂ ਤੱਥ ਅਤੇ ਤੱਥ ਰਹਿਤ ਵਿਚਾਰ ਰੱਖਦਾ ਹੈ । ਲੋਕ ਬੋਲੀਆਂ ਵਿੱਚ ਵੀ ਇਸ ਮਹੀਨੇ ਗਿੱਧੇ ਦੀ ਲੌਰ ਨੂੰ ਇਉਂ ਪੇਸ਼ ਕੀਤਾ ਹੈ —
" ਸਾਉਣ ਮਹੀਨਾ ਦਿਨ ਗਿੱਧੇ ਦੇ ਸਭੇ ਸਹੇਲੀਆਂ ਆਈਆਂ ,
ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ੍ਹ ਆਈਆਂ "
ਤਮਾਮ ਬਨਸਪਤੀ ਦੀ ਪਿਆਸ ਬੁਝਾ ਕੇ ਇਹ ਮਹੀਨਾ ਪ੍ਰਕਿਰਤੀ ਨੂੰ ਹਰੀ ਭਰੀ ਕਰਨ ਦਾ ਹੁਲਾਰਾ ਅਤੇ ਹੁੰਗਾਰਾ ਦਿੰਦਾ ਹੈ । ਇਸ ਤੋਂ ਇਲਾਵਾ ਕੁਦਰਤ ਅਤੇ ਗੀਤ ਸੰਗੀਤ ਨੂੰ ਰਸ ਭਿੰਨਾ ਬਣਾਉਂਦਾ ਹੈ । ਅੰਬ ਅਤੇ ਜਮੋਏ ਪੂਰੇ ਜੋਬਨ ਤੇ ਰਸਦੇ ਹਨ । ਸਕੂਲਾਂ ਕਾਲਜਾਂ ਅਤੇ ਪਿੰਡਾਂ ਦੇ ਵਿਰਸੇ ਨੂੰ ਉਘਾੜਨ ਦਾ ਉਪਰਾਲਾ ਕਰਦਾ ਹੈ । ਰੀਝਾਂ ਦਾ ਵਰਣਨ ਕਰਦਾ ਪਤੀ ਨਾਲੋਂ ਬਿਰਹੋਂ ਦੀਆਂ ਪੀੜ੍ਹਾਂ ਅਤੇ ਸਖੀਆਂ ਸਹੇਲੀਆਂ ਨਾਲ ਮੇਲ ਕਰਾਉਂਦਾ ਹੈ । ਕੁਆਰੀਆਂ ਕੁੜੀਆਂ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ ਜਿਸ ਨਾਲ ਉਹਨਾਂ ਨੂੰ ਮਨ ਪਸੰਦ ਵਰ ਦੀ ਧਾਰਨਾ ਬੱਝਦੀ ਹੈ । ਹਰੀਆਂ ਚੂੜੀਆਂ ਔਰਤਾਂ ਪਹਿਨਦੀਆਂ ਹਨ ਅਤੇ ਸੋਮਵਾਰ ਸ਼ਿਵ ਜੀ ਦਾ ਵਰਤ ਰੱਖੀਆਂ ਹਨ । ਔਰਤਾਂ ਦੇ ਸਮੁੱਚੇ ਪੱਖਾਂ ਦੀ ਕਲਾਕਾਰੀ ਅਤੇ ਤਰਜ਼ਮਾਨੀ ਕਰਦਾ ਹੋਇਆ ਕੁੜੀਆਂ ਦੀ ਜਵਾਨੀ ਦੇ ਹੜ੍ਹ ਨੂੰ ਇਉਂ ਚਿਤਰਦਾ ਹੈ —
" ਆਇਆ ਸੋਣ ਮਹੀਨਾ ਕੁੜੀਓ ਲੈਕੇ ਠੰਡੀਆਂ ਹਵਾਵਾਂ ,
ਪੇਕੇ ਘਰੋਂ ਮੈਨੂੰ ਆਈਆਂ ਝਾਜਰਾਂ ਮਾਰ ਅੱਡੀ ਛਣਕਾਵਾਂ ,
ਖੱਟਾ ਡੋਰੀਆ ਉਡ — ਉਡ ਜਾਂਦਾ ਜਦ ਮੈਂ ਪੀਂਘ ਚੜਾਵਾਂ ,
ਸੋਣ ਦਿਆ ਬਦਲਾ ਵੇ ਮੈਂ ਤੇਰਾ ਜੱਸ ਗਾਵਾਂ "
ਸਾਉਣ ਮਹੀਨੇ ਰੱਖੜ ਪੁੰਨਿਆ ਨੂੰ ਰੱਖੜੀ ਦਾ ਤਿਉਹਾਰ ਆਉਦਾਂ ਹੈ , ਜੋ ਭੈਣ ਭਰਾ ਦਾ ਪਿਆਰ ਜਤਾਉਂਦਾ ਹੈ ਇਸ ਮਹੀਨੇ ਵਿਆਹੀਆਂ ਕੁੜੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ । ਸਾਉਣ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾਂ ਤੀਆ ਦਾ ਤਿਉਹਾਰ ਮਨਾਉਣ ਲਈ ਕੁੜੀਆ ਗਿੱਧੇ ਪਾਉਂਦੀਆਂ ਅਤੇ ਪੀਂਘਾਂ ਝੂਟਦੀਆਂ ਹਨ । ਤਰ੍ਹਾਂ — ਤਰ੍ਹਾਂ ਦੇ ਸਵਾਦੀ ਪਕਵਾਨ ਬਣਾਉਂਦੀਆਂ ਹਨ । ਜੋ ਕੁੜੀਆਂ ਤੀਆਂ ਵਿੱਚ ਸ਼ਰੀਕ ਹੋਣੋ ਖੁੰਝ ਜਾਂਦੀਆਂ ਉਹਨਾਂ ਨੂੰ ਸਹੁਰੇ ਘਰ ਹੀ ਤੀਆਂ ਦਾ ਤਿਉਹਾਰ ਪੁੱਜਦਾ ਕੀਤਾ ਜਾਂਦਾ ਹੈ । ਤੀਆਂ ਤੋਂ ਪਹਿਲੀ ਰਾਤ ਮਹਿੰਦੀ ਲਾਉਣ ਦੀ ਹੁੰਦੀ ਹੈ । ਸਭ ਔਰਤਾਂ ਦੇ ਹੱਥ ਮਹਿੰਦੀ ਨਾਲ ਸੂਹੇ ਨਜ਼ਰ ਪੈਂਦੇ ਹਨ । ਚੂੜੀਆਂ , ਰੀਬਨਾਂ ਅਤੇ ਹਾਰ ਸ਼ਿੰਗਾਰ ਦੇ ਲਿਸ਼ਕਾਰੇ ਵੱਜਦੇ ਹਨ । ਮਾਪਿਆਂ ਦੀਆਂ ਵਧੀਆਂ ਰੋਣਕਾਂ ਕਰਕੇ ਸਾਉਣ ਦੀ ਸਿਫਤ ਕੀਤੀ ਜਾਂਦੀ ਹੈ ਅਤੇ ਵਿਛੋੜੇ ਕਰਕੇ ਭਾਦੋਂ ਨੂੰ ਉਲਾਂਭਾ ਦਿੱਤਾ ਜਾਂਦਾ ਹੈ । —
" ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ "
ਕੁਦਰਤ ਦਾ ਮਾਨਵੀਕਰਨ ਕਰਦਾ ਹੋਇਆ ਸਾਵਣ ਮਹੀਨਾ ਨਣਦ ਭਰਜਾਈ ਦੇ ਰਿਸ਼ਤੇ ਨੂੰ ਗੂੜ੍ਹਾ ਬਣਾਉਂਦਾ ਹੈ । ਪੰਜਾਬ ਦੇ ਪੇਂਡੂ ਇਲਾਕਿਆ ਵਿੱਚ ਇਹ ਰੀਤ ਪ੍ਰਚਲਤ ਸੀ ਕਿ ਵਿਆਹ ਤੋਂ ਬਾਅਦ ਕੁੜੀਆਂ ਪਹਿਲਾ ਸਾਵਣ ਮਹੀਨਾ ਮਾਪਿਆ ਕੋਲ ਸੁਹਾਗਮਈ ਤਰੀਕੇ ਨਾਲ ਮੰਨਾਉਂਦੀਆ ਹਨ ਅਤੇ ਉਸ ਤੋਂ ਬਾਅਦ ਮਾਪਿਆ ਕੋਲ ਜ਼ਰੂਰੀ ਨਹੀਂ ਸੀ । ਬਾਅਦ ਵਿੱਚ ਆਪਣੀ ਕਬੀਲਦਾਰੀ ਵਿੱਚ ਖੁੱਭ ਜਾਂਦੀਆ ਹਨ । ਆਪੋ ਆਪਣੇ ਤਰੀਕੇ ਨਾਲ ਜਿੰਦਗੀ ਭਰ ਸਾਵਣ ਮੰਨਾਉਂਦੀਆ ਰਹਿੰਦੀਆਂ ਹਨ । ਆਪਣੇ ਪਰਿਵਾਰਾਂ ਅਤੇ ਚੰਨ ਮਾਹੀ ਨਾਲ ਸੁਪਨੇ ਸੁਜੋਦੀਆਂ ਔਰਤਾਂ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਰ ਵਿੱਚ ਇਉਂ ਅਵਾਜ਼ ਦਿੰਦੀਆਂ —
" ਲੰਘ ਗਿਆ ਵੇ ਮਾਹੀਆ ਸਾਵਣ ਲੰਘ ਗਿਆ ,
ਸਾਰੀ ਧਰਤ ਲਲਾਰੀ ਸਾਵੀ ਰੰਗ ਗਿਆ ।
ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ , ਬਾਗ਼ੀਂ ਪੀਂਘਾਂ ਪਾਈਆਂ ,
ਮੈਂ ਤੱਤੜੀ ਪਈ ਯਾਦ ਤੇਰੀ ਸੰਗ ,ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ , ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ ... ।
ਵੇਖ ਘਟਾਂ ਵਿੱਚ ਉਡਦੇ ਬਗਲੇ ਨੈਣਾਂ ਛਹਿਬਰ ਲਾਈ ,
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ ,ਜਿੰਦ ਮੇਰੀ ਕਮਲਾਈ
ਕਾਲਾ ਬਿਸ਼ੀਆਰ ਨਾਗ ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ ...।
ਕੰਤ ਹੋਰਾਂ ਦੇ ਪਰਤੇ ਘਰ ਨੂੰ , ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ , ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ, ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ ...। "
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਮੋਰੀ ਰੁਣ ਝੁਣ ਲਾਇਆ ...... - ਸੁਖਪਾਲ ਸਿੰਘ ਗਿੱਲ
ਪੰਛੀਆਂ ਵਿੱਚੋਂ ਸੋਹਣਾ ਸੁਨੱਖਾ ਮੋਰ ਸੱਭਿਆਚਾਰਕ, ਸਾਹਿਤਕ ਅਤੇ ਅਧਿਆਤਮਿਕ ਤੌਰ ਤੇ ਉੱਤਮ ਮੰਨਿਆ ਜਾਂਦਾ ਹੈ। ਹਰ ਦੇਸੀ ਮਹੀਨਾ ਪੰਜਾਬ ਦੀ ਰੂਹ-ਏ-ਰਵਾਂ ਨਾਲ ਜੁੜਿਆ ਹੋਇਆ ਹੈ। ਸਾਵਣ ਮਹੀਨੇ ਦੀ ਸੱਭਿਆਚਾਰਕ ਮਹੱਤਤਾ ਦੇ ਨਾਲ ਨਾਲ ਮੋਰ ਦਾ ਵੀ ਬਹੁਤ ਸਾਰਥਿਕ ਸਥਾਨ ਹੈ। ਮੋਰ ਦੀ ਚਿਤਰਕਾਰੀ ਰੱਬ ਦੇ ਰੂਪ ਨੂੰ ਉਜਾਗਰ ਕਰਦੀ ਹੈ। ਸਾਵਣ ਮਹੀਨੇ ਮੋਰ ਬਾਗਾਂ ਚ ਰਹਿਣਾ ਪਸੰਦ ਕਰਦਾ ਹੈ। ਮੋਰ ਅਤੇ ਸਾਵਣ ਮਹੀਨੇ ਦਾ ਜਿਸਮ ਰੂਹ ਵਾਲਾ ਸੁਮੇਲ ਹੁੰਦਾ ਹੈ। ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਲੱਗਦੇ ਹਨ। ਬਰਸਾਤ ਦਾ ਪਹਿਲਾ ਮਹੀਨਾ ਸਾਵਣ ਹੁੰਦਾ ਹੈ। ਇਸ ਵਿੱਚ ਮੋਰ ਦੀ ਰੂਹ ਅਤੇ ਕੂਕ ਬੋਲਦੀ ਹੋਈ ਧਰਤੀ ਤੇ ਸਵਰਗ ਦੀ ਬਾਤ ਵੀ ਪਾਉਂਦੀ ਹੁੰਦੀ ਹੈ। ਹਰ ਪੱਖ ਤੋਂ ਮੋਰ ਸਾਵਣ ਮਹੀਨੇ ਨੂੰ ਰੂਪਮਾਨ ਕਰਦਾ ਹੋਇਆ ਰੂਹਾਨੀ ਰੂਪ ਦਿੰਦਾ ਹੈ।
ਮੋਰ ਇੱਕ ਨਿਵੇਕਲਾ ਪੰਛੀ ਹੈ। ਜਿਸ ਦਾ ਮੂਲ ਸਥਾਨ ਦੱਖਣ ਪੂਰਬੀ ਏਸ਼ੀਆ ਹੈ। ਇਸ ਦਾ ਮੂਲ ਸਥਾਨ ਵੀ ਖੁੱਲੇ ਖੁੱਲੇ ਬਾਗਾਂ ਵਿੱਚ ਹੁੰਦਾ ਹੈ। ਨੀਲਾ ਮੋਰ ਭਾਰਤ ਅਤੇ ਸ਼੍ਰੀ ਲੰਕਾ ਦਾ ਰਾਸ਼ਟਰੀ ਪੰਛੀ ਵੀ ਹੈ। ਨਰ ਮੋਰ ਦਾ ਵਿਗਿਆਨਕ ਗੁਣ ਇਹ ਹੈ ਕਿ ਇਹ ਆਪਣੀ ਖੂਬਸੂਰਤ ਪੂਛ ਨਾਲ ਪ੍ਰੇਮ ਨੂੰ ਪ੍ਰਗਟਾਉਂਦਾ ਹੈ। ਖਾਸ ਕਰਕੇ ਸਾਵਣ ਦੇ ਮਹੀਨੇ ਵਿੱਚ ਇਹ ਆਪਣੇ ਪ੍ਰੇਮ ਦੇ ਪ੍ਰਸੰਗ ਛੇੜਦਾ ਹੈ। ਮਿਲਾਪ ਵੀ ਕਰਦਾ ਹੈ।ਮੋਰ ਦੀ ਮਾਦਾ ਨੂੰ ਮੋਰਨੀ ਕਿਹਾ ਜਾਂਦਾ ਹੈ। ਮੋਰ ਦੀ ਖਾਸੀਅਤ ਸੁੰਦਰਤਾ ਕਰਕੇ ਹੀ ਇਸ ਨੂੰ ਰਾਸ਼ਟਰੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ। ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਚੁਣੇ ਜਾਣ ਦਾ ਇਤਿਹਾਸ ਖੂਬਸੂਰਤੀ ਦੇ ਨਾਲ ਨਾਲ ਹੋਰ ਵੀ ਕਈ ਕਾਰਨਾਂ ਕਰਕੇ ਹੈ। ਮਾਧਵੀ ਕ੍ਰਿਸ਼ਨਨ ਨੇ 1961 ਵਿੱਚ ਲਿਖੇ ਆਪਣੇ ਇੱਕ ਲੇਖ ਵਿੱਚ ਕਿਹਾ ਸੀ, ਕਿ ਓਟਾਂਕਮੁੰਡ ਵਿੱਚ ਭਾਰਤੀ ਜੰਗਲੀ ਜੀਵ ਬੋਰਡ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਰਸ ਕਰੇਨ, ਬ੍ਰਾਹਮਣੀ ਪਤੰਗ, ਬਸਟਰਡ ਅਤੇ ਹੰਸ ਦੇ ਨਾਵਾਂ ਦੀ ਚਰਚਾ ਹੋਈ। ਇਨਾਂ ਸਾਰਿਆਂ ਵਿੱਚੋਂ ਮੋਰ ਚੁਣਿਆ ਗਿਆ। ਇਸੇ ਲਈ 26 ਜਨਵਰੀ 1963 ਨੂੰ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਬਣਾਇਆ ਗਿਆ। ਰਾਸ਼ਟਰੀ ਪੰਛੀ ਐਲਾਨੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੰਛੀ ਸਾਰੇ ਭਾਰਤ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਆਮ ਆਦਮੀ ਨੂੰ ਇਸ ਦੀ ਪਛਾਣ ਹੋਣੀ ਚਾਹੀਦੀ ਹੈ। ਸਮਰਾਟ ਚੰਦਰਗੁਪਤ ਮੋਰੀਆ ਦੇ ਰਾਜ ਵਿੱਚ ਸਿੱਕਿਆਂ ਦੇ ਇੱਕ ਪਾਸੇ ਮੋਰ ਦੀ ਫੋਟੋ ਹੁੰਦੀ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਤਖਤ ਵੀ ਮੋਰ ਦੀ ਸ਼ਕਲ ਦਾ ਸੀ। ਇਸ ਤਖਤ ਦਾ ਨਾਮ ਤਖਤ-ਏ- ਤਾਊਸ ਸੀ। ਅਰਬੀ ਭਾਸ਼ਾ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਮੋਰ ਨੂੰ "ਬਲੂ ਪਿਫਾਊਲ ਅਤੇ ਵਿਗਿਆਨਿਕ ਭਾਸ਼ਾ ਵਿੱਚ ਮੋਰ ਨੂੰ "ਪਾਵੋ ਕ੍ਰਿਸਟੇਟਸ" ਕਿਹਾ ਜਾਂਦਾ ਹੈ। ਮੋਰ ਇਕ ਤੋਂ ਵੱਧ ਜੋੜੇ ਬਣਾਉਂਦਾ ਹੈ। ਜਿਸ ਕਰਕੇ ਵਿਗਿਆਨ ਨੇ ਇਸ ਨੂੰ ਬਹੁ- ਵਿਵਾਹਿਤ ਸ਼੍ਰੇਣੀ ਵਿੱਚ ਰੱਖਿਆ ਹੈ। ਇਹ ਵੀ ਸਬੂਤ ਮਿਲਦੇ ਹਨ ਕਿ ਦੱਖਣ ਏਸ਼ੀਆ ਦੇ। ਵਿੱਚ ਜਾਵਾ ਦੇ ਹਰੇ ਰੰਗ ਵਾਲੇ ਮੋਰ ਨੂੰ ਅਸਲ ਵਿੱਚ ਪਤਨੀ ਵਰਤਿਆ ਮੋਰ ਕਿਹਾ ਜਾਂਦਾ ਹੈ।
ਮੋਰ ਬਾਰੇ ਕਿਤਾਬ ਦੱਸਦੀ ਹੈ ਕਿ ਰੋਮਾਂਸ ਸਮੇਂ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੈਲ ਪਾਉਂਦਾ ਹੈ ਇਸ ਸਮੇਂ ਉਸ ਦਾ ਸੁਹੱਪਣ ਦੂਣਾ ਚੌਣਾ ਹੋ ਜਾਂਦਾ ਹੈ। ਇਸ ਸਮੇਂ ਰੋਮਾਂਸ ਦੀਆਂ ਤਰੰਗਾਂ ਅਤੇ ਆਵਾਜ਼ਾਂ ਨੂੰ ਸੁਣ ਕੇ ਮਾਦਾ ਮੋਰਨੀ ਕੋਲ ਆ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੋਰਨੀ ਜਿਸ ਮੋਰ ਦੀਆਂ ਪੂੰਛਾਂ ਤੇ ਸੁਹੱਪਣ ਅਤੇ ਖੰਭਾਂ ਤੇ ਅੱਖਾਂ ਤੇ ਨਿਸ਼ਾਨ ਹੋਣ ਮੋਰਨੀ ਉਸ ਵੱਲ ਵੱਧ ਆਕਰਸ਼ਿਤ ਹੁੰਦੀ ਹੈ। ਖੁਰਾਕ ਦੇ ਤੌਰ ਤੇ ਮੋਰ ਨੂੰ ਸਭ ਕੁਝ ਹਜ਼ਮ ਹੁੰਦਾ ਹੈ। ਕੀੜੇ -ਮਕੌੜੇ, ਸੱਪ ਅਤੇ ਫਸਲੀ ਚੱਕਰ ਵਿੱਚ ਇਹ ਆਪਣੀ ਖੁਰਾਕ ਲੈਂਦਾ ਹੈ ।ਕਈ ਜੀਵ ਇਸ ਦੀ ਖੁਰਾਕ ਦਾ ਆਧਾਰ ਬਣ ਜਾਂਦੇ ਹਨ। ਖੁਰਾਕੀ ਲੋੜਾਂ ਸਮੇਂ ਸਾਵਣ ਵਿੱਚ ਇਹ ਆਪਣਾ ਨਜ਼ਾਰਾ ਹੋਰ ਵੀ ਵੱਧ ਬੰਨਦਾ ਹੈ। ਇਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸਾਉਣ ਦੇ ਮਹੀਨੇ ਦੀ ਮਹੱਤਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਉਂ ਅੰਕਿਤ ਕੀਤਾ ਹੈ:-
" ਮੋਰੀ ਰੋਣ ਝੁਣ ਲਾਇਆ, ਭੈਣੇ ਸਾਵਣ ਆਇਆ" ਭਾਵ ਪ੍ਰਗਟਾਇਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਹੇ, ਭੈਣ ਸਾਵਣ ਆ ਗਿਆ ਹੈ ਇਸ ਨਾਲ ਜੀਵ ਇਸਤ੍ਰੀ ਨੂੰ ਸਿੱਖਿਆ ਦਿੱਤੀ ਗਈ ਹੈ।ਸਾਵਣ ਦੀਆਂ ਕਾਲੀਆਂ ਘਟਾਵਾਂ ਦੇਖ ਕੇ ਮੋਰਾਂ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਪ੍ਰਸੰਗ ਵਿੱਚ ਜੀਵ ਇਸਤਰੀ ਨੂੰ ਮੁਖਾਤਬ ਹੋ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ।
ਅਧਿਆਤਮਿਕ ਤੌਰ ਤੇ ਸਨਾਤਨ ਮੱਤ ਵਿੱਚ ਮੋਰ ਦੀ ਪ੍ਰਤਿਭਾ ਕਾਫੀ ਮਹਾਨ ਮੰਨੀ ਜਾਂਦੀ ਹੈ। ਮੋਰ ਦੇ ਖੰਭਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਖੰਭ ਫਜ਼ੂਲ ਖਰਚੀ ਰੋਕਣ ਲਈ ਵੀ ਪੂਜਾ ਦੇ ਸਥਾਨ ਤੇ ਲਗਾਇਆ ਜਾਂਦਾ ਹੈ। ਸਾਕਾਰਆਤਮਿਕ ਊਰਜਾ ਲਈ ਮੋਰ ਦਾ ਖੰਭ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਵਸਤੂ ਸ਼ਾਸਤਰ ਵਿੱਚ ਮੋਰ ਦਾ ਖੰਭ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ।ਮੰਨਿਆ ਜਾਂਦਾ ਹੈ ਕਿ ਇਸ ਦੇ ਸੋਹਣੇ ਖੰਭ ਦੇਖ ਕੇ ਸਾਕਾਰਆਤਮਿਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਸਿਰ ਤੇ ਸਜਾਉਣ ਲਈ ਵੀ ਚੁਣਿਆ ਸੀ। ਨਿਆਣੇ ਹੁੰਦੇ ਅਸੀਂ ਵੀ ਆਪਣੀਆਂ ਕਿਤਾਬਾਂ ਵਿੱਚ ਮੋਰ ਦੇ ਖੰਭ ਰੱਖਦੇ ਹੁੰਦੇ ਸਨ। ਸਾਡੀ ਮਿੱਥ ਹੁੰਦੀ ਸੀ ਕਿ ਕਿਤਾਬਾਂ ਵਿੱਚ ਮੋਰ ਦਾ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਉਂਦੀ ਹੈ। ਲਾਲਾ ਹਰਦਿਆਲ ਨੇ ਇੱਕ ਵਾਰ ਕਿਹਾ ਸੀ ਕਿ "ਪੰਛੀਆਂ ਅਤੇ ਕੀੜੀਆਂ ਨੂੰ ਕੇਵਲ ਸ਼ੁਗਲ ਲਈ ਨਾ ਮਾਰੋ, ਜ਼ਾਲਮ ਹੋਣ ਚ ਕੋਈ ਸ਼ੁਗਲ ਨਹੀਂ ਹੁੰਦਾ" ਮੋਰ ਦਾ ਸ਼ਿਕਾਰ ਕਰਕੇ ਇਸ ਨੂੰ ਚੋਰੀ ਛਿਪੇ ਖਾਧਾ ਵੀ ਜਾਂਦਾ ਹੈ। ਉਂਝ ਮੋਰ ਦੇ ਸ਼ਿਕਾਰ ਦੀ ਮਨਾਹੀ ਹੈ।ਇਹ ਕਨੂੰਨੀ ਕਾਇਦੇ ਵਿੱਚ ਆਉਂਦਾ ਹੈ।ਪਿਛਲੇ ਸਮਿਆਂ ਵਿੱਚ ਪੰਜਾਬ ਚ ਇੱਕ ਅਫਸਰ ਮੋਰ ਦੇ ਸ਼ਿਕਾਰ ਵਿੱਚ ਨਾਮਜ਼ਦ ਹੋਇਆ ਸੀ। ਮੋਰ ਮਿੱਤਰ ਅਤੇ ਦੁਸ਼ਮਣ ਨੂੰ ਪਛਾਣਦਾ ਹੈ। ਇਹ ਹਿੰਸਾ ਕਰਨ ਵਾਲੇ ਨੂੰ ਦੇਖ ਕੇ ਭੱਜ ਜਾਂਦਾ ਹੈ। ਜਦੋਂ ਕਿ ਪ੍ਰੇਮੀ ਅਤੇ ਰਿਸ਼ੀਆਂ -ਮੁਨੀਆਂ ਦੇ ਕੋਲ ਆ ਜਾਂਦਾ ਹੈ। ਮੋਰ ਬੰਦੇ ਦਾ ਵਧੀਆ ਮਿੱਤਰ ਹੈ। ਇਹ ਦੇਖਣ ਸੁਣਨ ਵਿੱਚ ਖੂਬਸੂਰਤੀ ਹੀ ਦਿੰਦਾ ਹੈ। ਇਸ ਦੇ ਖੰਭਾਂ ਦੀ ਗਿਣਤੀ ਲਗਭਗ 200 ਹੁੰਦੀ ਹੈ। ਆਵਾਜ਼ ਇਸਦੀ ਉੱਚੀ ਅਤੇ ਤਿੱਖੀ ਹੁੰਦੀ ਹੈ। ਸਾਹਿਤਕ ਅਤੇ ਸੱਭਿਆਚਾਰਕ ਪੱਖ ਵਿੱਚ ਮੋਰ ਦਾ ਕਾਫੀ ਸਹਾਰਾ ਲਿਆ ਜਾਂਦਾ ਹੈ। ਪੰਜਾਬ ਰੰਗਲਾ ਸੂਬਾ ਹੈ। ਇੱਥੇ ਕੁਦਰਤ ਬਹੁ ਰੰਗੀ ਨਿਖਾਰ ਪੇਸ਼ ਕਰਦੀ ਹੈ। ਹਰਿਆਵਲ ਮੀਂਹ ਘਟਾਵਾਂ ਅਤੇ ਮੌਸਮ ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪ੍ਰਸੰਗ ਵਿੱਚ ਕੁਦਰਤ ਨੂੰ ਜੋੜਿਆ ਹੈ "ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ"। ਪੰਜਾਬਣ ਦੀ ਤੋਰ ਦੀ ਤੁਲਨਾ ਵੀ ਮੋਰ ਦੀ ਚਾਲ ਨਾਲ ਕੀਤੀ ਜਾਂਦੀ ਹੈ। ਸਿਰ ਤੇ ਮੁਕਟ ਵਾਲੇ ਮੋਰ ਨੂੰ ਕਲਹਿਰੀ ਮੋਰ ਕਿਹਾ ਜਾਂਦਾ ਹੈ।ਸਾਵਣ ਅਤੇ ਬਾਗਾਂ ਨਾਲ ਰਿਸ਼ਤੇ ਨੂੰ ਵੀ ਮੋਰ ਵੱਲੋਂ ਸਾਂਭਿਆ ਜਾਂਦਾ ਹੈ। ਖੇਤਾਂ ਵਿੱਚੋਂ ਦੁਸ਼ਮਣ ਕੀੜੇ ਖਾਣ ਲਈ ਕਿਸਾਨ ਦਾ ਸਾਥੀ ਵੀ ਸਮਝਿਆ ਜਾਂਦਾ ਹੈ। ਸਾਹਿਤ ਦੀਆਂ ਸਤਰਾਂ ਵਿੱਚ ਇਸ ਦੀਆਂ ਵੰਨਗੀਆਂ ਇਸ ਤਰ੍ਹਾਂ ਹਨ:- "ਮੋਰ ਪਾਵੇ ਪੈਲਾਂ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਇਆ ਡੱਡ ਨੂੰ" ਮੋਰ ਦੀ ਮਨਮੋਹਕ ਚਾਲ ਦੀ ਤੁਲਨਾ ਸੱਭਿਆਚਾਰ ਵਿੱਚ ਬਾਖੂਬੀ ਮਿਲਦੀ ਹੈ"ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ, ਤੇਰੇ ਹੱਥ ਮੇਰੇ ਦਿਲ ਦੀ ਡੋਰ" ਇਹ ਵੀ ਕਿਹਾ ਜਾਂਦਾ ਹੈ ਕਿ, "ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ" ਚਰਖੇ ਦੀ ਮਿੱਠੀ ਮਿੱਠੀ ਘੂੰ ਘੂੰ ਦੀ ਤੁਲਨਾ ਵੀ ਮੋਰ ਨਾਲ ਮਿਲਦੀ ਹੈ, "ਚੀਕੇ ਚਰਖਾ ਬਿਸ਼ਨੀਏ ਤੇਰਾ ਲੋਕਾਂ ਭਾਵੇਂ ਮੋਰ ਕੂਕਦਾ" ਪੰਜਾਬੀ ਜਵਾਨ ਆਪਣੇ ਸਰੀਰ ਤੇ ਮੋਰ ਮੋਰਨੀਆਂ ਦੀਆਂ ਤਸਵੀਰਾਂ ਬਣਵਾਉਂਦੇ ਹਨ। ਮੋਰਾਂ ਦੀ ਬਾਗ ਨਾਲ ਨੇੜਤਾ ਨੂੰ ਇੱਕ ਲੋਕ ਸਾਹਿਤ ਦੀ ਵੰਨਗੀ ਵਿੱਚ ਇਉਂ ਤਰਾਸ਼ਿਆ ਗਿਆ ਹੈ, "ਸੁਣ ਵੇ ਬਾਗ ਬਗ਼ੀਚਿਆਂ ਦੇ ਮਾਲੀ,ਹੋਰਾਂ ਦੇ ਬਾਗੀ ਮੋਰ ਬੋਲਦੇ ਤੇਰੇ ਬਾਗ ਕਿਉਂ ਖਾਲੀ"ਸਾਹਿਤਿਕ ਪੱਖ ਦੀ ਇੱਕ ਹੋਰ ਵੰਨਗੀ ਵੀ ਗੂੰਜਦੀ ਹੈ। ਸਾਵਣ ਦੇ ਮਹੀਨੇ ਨਵੀਆਂ ਵਿਆਹੀਆ ਮਾਪਿਆਂ ਦੇ ਘਰ ਕੱਟਦੀਆਂ ਹਨ।ਇਸ ਪਿੱਛੇ ਸਿਹਤ ਦਾ ਕਾਰਣ ਦੱਸਿਆ ਜਾਂਦਾ ਹੈ।ਇਸ ਲਈ ਇਸ ਸਮੇਂ ਦੇ ਦ੍ਰਿਸ਼ ਨੂੰ ਵੀ ਮੋਰ ਰਾਹੀਂ ਕਲਮ ਬੰਦ ਕੀਤਾ ਹੈ, "ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਅਸੀਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ" ਮੋਰ ਕੁਦਰਤ ਨਾਲ ਇੱਕਮਿਕਤਾ ਨੂੰ ਵੀ ਦਰਸਾਇਆ ਗਿਆ ਹੈ, "ਪੰਛੀ ਬੋਲਣ ਮਿੱਠੜੇ ਬੋਲ ਰੱਖਣ ਕੁਦਰਤ ਦਾ ਸੰਮਤੋਲ"ਜਦੋਂ ਸੱਜ ਵਿਆਹੀ ਮਾਪੇ ਨਹੀਂ ਆਉਂਦੀ ਤਾਂ ਧੀ ਦਾ ਬਾਪ ਇਉਂ ਸੁਨੇਹਾ ਭੇਜਦਾ ਹੈ:-"ਮੋਰਾਂ ਨੇ ਪੈਲਾਂ ਪਾ ਲਈਆਂ ਬਾਬਲ ਛਮ ਛਮ ਰੋਵੇ, ਨਾ ਰੋਅ ਮੇਰਿਆ ਬਾਬਲਾ ਧੀਆਂ ਤਨ ਪਰਾਇਆ"
ਮੁੱਕਦੀ ਗੱਲ ਇਹ ਹੈ ਕਿ ਮੋਰ ਇੱਕ ਅਜਿਹਾ ਪੰਛੀ ਹੈ ਜਿਸ ਬਿਨਾਂ ਸਾਵਣ ਮਹੀਨਾ ਅਧੂਰਾ ਲੱਗਦਾ ਹੈ। ਬਾਗੀਂ ਬੋਲਦੇ ਮੋਰ ਸਾਵਣ ਨੂੰ ਖੂਬਸੂਰਤ ਬਣਾ ਕੇ ਸੱਭਿਆਚਾਰ ਦੀ ਚਾਦਰ ਵਿੱਚ ਵਲੇਟ ਦਿੰਦੇ ਹਨ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਸਵਾਰਥੀ ਜੀਵਨਸ਼ੈਲੀ ਦਾ ਤਿਆਗ ਕਰੋ - ਸੁਖਪਾਲ ਸਿੰਘ ਗਿੱਲ
ਸਵਾਰਥੀ ਜੀਵਨਸ਼ੈਲੀ ਦਾ ਤਿਆਗ ਕਰੋ - ਸੁਖਪਾਲ ਸਿੰਘ ਗਿੱਲ
ਸਾਡੇ ਜੀਵਨ ਦੇ ਚੱਲਦੇ ਪੰਧ ਵਿੱਚ ਆਪੋਧਾਪੀ ਮਚੀ ਹੋਈ ਹੈ। ਸਵਾਰਥ ਸਾਡੀ ਜਿੰਦਗੀ ਵਿੱਚ ਭਾਰੂ ਹੈ। ਸਵਾਰਥ ਮਨੁੱਖ ਦੀ ਹੋਂਦ ਦੇ ਨਾਲ-ਨਾਲ ਚੱਲਦਾ ਹੈ। ਇਸ ਦੇ ਤਾਣੇ-ਬਾਣੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੇਂ ਅਸੀਂ ਸਭ ਕੁੱਝ ਛਿੱਕੇ ਟੰਗ ਕੇ ਆਪਣਾ ਉੱਲੂ ਸਿੱਧਾ ਕਰਦੇ ਹਾਂ, ਦੂਜਾ ਭਾਵੇਂ ਖੂਹ ਵਿੱਚ ਜਾਵੇ। ਆਪਣੇ ਅੰਦਰ ਸੱਚੇ ਮੰਨ ਨਾਲ ਝਾਤੀ ਮਾਰਕੇ ਦੇਖੀਏ ਤਾਂ ਲੱਗਦਾ ਹੈ ਕਿ ਮੈਂ ਵੀ ਸਵਾਰਥੀ ਹਾਂ। ਉਂਝ ਤਾਂ ਸਾਰੀ ਦੁਨੀਆਂ ਸਵਾਰਥੀ ਹੈ ਪਰ ਅਸੀਂ ਵੀ ਉਹਨਾਂ ਵਿੱਚੋਂ ਇੱਕ ਹੁੰਦੇ ਹਾਂ। ਸਾਡਾ ਜੀਵਨ ਸਵਾਰਥ ਨਾਲੋਂ ਪਰਸਵਾਰਥੀ ਅਤੇ ਪਰਉਪਕਾਰੀ ਬਣੇ ਤਾਂ ਜੀਵਨ ਸੁਖਾਲਾ ਹੁੰਦਾ ਹੈ। ਮਤਲਬ ਲਈ ਗਧੇ ਨੂੰ ਬਾਪ ਬਣਾਉਣ ਦਾ ਸੰਕਲਪ ਦਰ ਕਿਨਾਰ ਹੋਣਾ ਚਾਹੀਦਾ ਹੈ। ਸਮਾਜ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਸਵਾਰਥੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਉਸ ਦੇ ਸਵਾਰਥ ਦੀ ਸਿੱਧੀ ਅਗਲੇ ਉੱਤੇ ਨਿਰਭਰ ਕਰਦੀ ਹੈ। ਸਵਾਰਥੀ ਦੀ ਅੱਖ ਅੰਦਰੋਂ ਜ਼ਰੂਰ ਸ਼ਰਮਾਉਂਦੀ ਹੈ। ਉਸ ਦੀ ਆਦਤ ਪੱਕ ਚੁੱਕੀ ਹੁੰਦੀ ਹੈ। ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਮਝਣ ਵਿੱਚ ਵੀ ਨਾਕਾਮ ਰਹੇ। ਸ਼੍ਰੀ ਗੁਰੂ ਅਰਜਨ ਦੇਵ ਜੀ ਸਮਝਾ ਵੀ ਗਏ ਸਨ, “ਕਿਸੈ ਨਾ ਬਦੈ ਆਪਿ ਅਹੰਕਾਰੀ, ਧਰਮਰਾਇ ਤਿਸੁ ਕਰੇ ਖੁਆਰੀ, ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ, ਸੋ ਜਨੁ ਨਾਨਕ ਦਰਗਹ ਪਰਵਾਨੁ”
ਸਾਡੇ ਵਿੱਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਚਾਹਨਾ ਹੁੰਦੀ ਹੈ। ਸਾਡੀ ਕੋਸਿਸ਼ ਹੁੰਦੀ ਹੈ ਕਿ ਅਸੀਂ ਅਗਲੇ ਨੂੰ ਮਿੱਧ ਕੇ ਅੱਗੇ ਲੰਘੀਏ, ਜਦੋਂ ਕਿ ਇਹ ਅਭਿਆਸ ਗਲਤ ਹੁੰਦਾ ਹੈ। ਸਾਨੂੰ ਆਪਣਾ ਵੱਖਰਾ ਰਸਤਾ ਅਖਤਿਆਰ ਕਰਕੇ ਅੱਗੇ ਲੰਘਣਾ ਚਾਹੀਦਾ ਹੈ। ਇਸ ਧਾਰਨਾ ਵਿੱਚ ਸਾਡਾ ਸਵਾਰਥ ਅਤੇ ਈਰਖਾ ਲੁਕੀ ਹੈ। ਸਾਇੰਸ ਦੱਸਦੀ ਹੈ ਕਿ ਸਾਹਮਣੇ ਖੜਾ ਬੰਦਾ ਹਲੀਮੀ ਨਾਲ ਪੇਸ਼ ਆਵੇ ਤਾਂ ਸਵਾਰਥੀ ਬੰਦੇ ਦੇ ਦਿਮਾਗ ਅੰਦਰਲੇ ਸੈਲਫਿਸ਼ ਝੱਟਕੇ ਉਸ ਨੂੰ ਦੂਜੇ ਦਾ ਫਾਇਦਾ ਲੈਣ ਲਈ ਉਕਸਾਉਂਦੇ ਰਹਿੰਦੇ ਹਨ, ਇੰਝ ਸਵਾਰਥੀ ਬੰਦਾ ਦਿਮਾਗ ਵਿੱਚਲੇ ਸੁਨੇਹਿਆ ਦੇ ਭੰਡਾਰ ਹੇਠ ਦੂਜੇ ਦਾ ਮਾੜਾ ਕਰ ਜਾਂਦਾ ਹੈ। ਆਮ ਲੋਕਾਂ ਵਿੱਚ ਸਵਾਰਥੀ ਬੰਦੇ ਦੇ ਲੱਛਣ ਇਹ ਹੁੰਦੇ ਹਨ ਕਿ ਬਦਲਾ ਲਊ ਭਾਵਨਾ, ਆਵਾਜ਼ ਨਰਮ ਰੱਖਣੀ, ਕਿੰਤੂ ਪ੍ਰੰਤੂ ਸਵਿਕਾਰ ਨਾ ਕਰਨਾ, ਝੂਠ ਦੀ ਮੁਹਾਰਤ ਵਗੈਰਾ-ਵਗੈਰਾ। ਸਵਾਰਥ ਅਜਿਹੀ ਚੀਜ ਹੈ ਜੋ ਬੰਦੇ ਨੂੰ ਆਪਣੇ ਆਪ ਸਿਆਣਾ ਬਣਾ ਦਿੰਦੀ ਹੈ। ਜਿਸ ਨਾਲ ਕੰਮ ਵਾਹ ਵਾਸਤਾ ਪੈਣ ਦੀ ਆਸ ਹੋਵੇ ਉਸ ਪ੍ਰਤੀ ਸ਼ਬਦਾਵਲੀ ਬਦਲ ਜਾਂਦੀ ਹੈ। ਉਂਝ ਸਵਾਰਥ ਬੁਰੀ ਆਦਤ ਹੈ ਇਸ ਨੂੰ ਤਿਆਗ ਕੇ ਖੁਦ ਬਾਹੂਵਲੀ ਬਣਨਾ ਚਾਹੀਦਾ ਹੈ। ਸਵਾਰਥੀ ਆਪਣੇ ਗੁਣ ਤੋਂ ਜਾਣੂ ਹੁੰਦਾ ਹੋਇਆ ਵੀ ਅਨਜਾਣ ਬਣ ਜਾਂਦਾ ਹੈ। ਇਹ ਥਾਮਸ ਕਾਰਲਾਇਲ ਦੇ ਇਸ ਕਥਨ ਨੂੰ ਝੂਠਾ ਕਰ ਦਿੰਦਾ ਹੈ, “ਆਦਮੀ ਦਾ ਸਭ ਤੋਂ ਵੱਡਾ ਔਗਣ ਆਪਣੇ ਕਿਸੇ ਔਗਣ ਤੋਂ ਜਾਣੂ ਨਾ ਹੋਣਾ ਹੈ”। ਮਨੁੱਖ ਬੁਨਿਆਦੀ ਤੌਰ ਤੇ ਚੰਗਾ ਹੁੰਦਾ ਹੈ ਪਰ ਸਵਾਰਥ ਭਰਪੂਰ ਜਿੰਦਗੀ ਇਸ ਦੇ ਆਸ਼ਾਵਾਦੀ ਗੁਣਾਂ ਨੂੰ ਨਿਰਾਸ਼ਾਵਾਦ ਵੱਲ ਧੱਕਣ ਦਾ ਕੰਮ ਕਰਦੀ ਹੈ। ਹਾਂ ਇਕ ਗੱਲ ਜ਼ਰੂਰ ਹੈ ਜੇ ਅਸੀਂ ਸਵਾਰਥੀ ਦੀ ਪਹਿਚਾਣ ਕਰਦੇ ਹਾਂ ਤਾਂ ਘੱਟੋ ਘੱਟ ਆਪਣੇ ਆਪ ਨੂੰ ਇਸ ਆਦਤ ਤੋਂ ਦੂਰ ਰੱਖ ਸਕਦੇ ਹਾਂ।
ਮਨੁੱਖ ਉਹੀ ਕੁੱਝ ਕਰਦਾ ਹੈ ਜੋ ਸੋਚਦਾ ਹੈ। ਸਵਾਰਥ ਦੀ ਲੋੜ ਅਤੇ ਹੋੜ ਰੱਖਣਾ ਅਨੈਤਿਕਤਾ ਅਤੇ ਆਤਮਿਕ ਦੀਵਾਲੀਪਣ ਹੁੰਦਾ ਹੈ, ਇਹ ਹੋਰ ਕਿਸੇ ਕਾਸੇ ਜੋਗਾ ਨਹੀਂ ਰਹਿਣ ਦਿੰਦਾ। ਅੱਜ ਦੇ ਯੁੱਗ ਵਿੱਚ ਸਵਾਰਥ ਸੱਚਾ ਜਿਹਾ ਅਤੇ ਪਰਸਵਾਰਥ ਝੂਠਾ ਜਿਹਾ ਨਜ਼ਰੀ ਆਉਂਦਾ ਹੈ। ਇਹ ਇਕ ਆਮ ਵਰਤਾਰਾ ਅਤੇ ਆਦਤ ਬਣ ਚੁੱਕੀ ਹੈ। ਇਹ ਬਿਰਤੀ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਸਿਆਣੇ ਕਹਿੰਦੇ ਹਨ ਨਾ-ਸ਼ੁਕਰੇ ਵਿਅਕਤੀ ਨਾਲੋਂ ਵਫਾਦਾਰ ਕੁੱਤਾ ਪਾਲ ਲਵੋਂ ਤਾਂ ਚੰਗਾ ਹੈ। ਸਵਾਰਥ ਵੇਲੇ ਬੇਹੱਦ ਨਿਮਰਤਾ ਆ ਜਾਂਦੀ ਹੈ ਬਾਦ ਵਿੱਚ ਵਿਅਕਤੀ ਆਪਣੀ ਅਸਲ ਜਿੰਦਗੀ ਵੱਲ ਪਰਤ ਆਉਂਦਾ ਹੈ। ਸਵਾਰਥ ਨੁਮਾ ਜਿੰਦਗੀ ਨਾਲ ਜੀਵਨ ਸੁਖਾਲਾ ਨਹੀਂ ਬਲਕਿ ਪਰਤ ਦਰ ਪਰਤ ਔਖਾ ਹੁੰਦਾ ਹੈ। ਇਹ ਸਮਾਜਿਕ ਤਾਣੇ-ਬਾਣੇ ਨਾਲੋਂ ਤੋੜ ਦਿੰਦਾ ਹੈ। ਆਖਿਰ ਸਵਾਰਥੀ ਸਮਾਜ ਵਿੱਚ ਮਜਾਕ ਦਾ ਪਾਤਰ ਰਹਿੰਦਾ ਹੈ। ਅਜਿਹੀ ਪਰਵਿਰਤੀ ਹਮੇਸ਼ਾ ਅਧੂਰੀ ਰਹਿੰਦੀ ਹੈ ਕਿਉਂਕਿ ਇਕ ਤੋਂ ਬਾਅਦ ਦੂਜੀ ਇੱਛਾ ਖੜ੍ਹੀ ਰਹਿੰਦੀ ਹੈ। ਇਸ ਲਈ ਯਥਾਰਥ ਭਰੀ ਜਿੰਦਗੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕੁੱਝ ਧਾਰਨਾਵਾਂ ਤਾਂ ਇਹ ਵੀ ਹਨ ਕਿ ਸਮਾਜਿਕ ਪ੍ਰਾਣੀ ਲਈ ਸਵਾਰਥ ਆਪਣਾ ਰਸਤਾ ਆਪ ਅਖਤਿਆਰ ਕਰ ਲੈਂਦਾ ਹੈ। ਜੇ ਕਿਸੇ ਸਵਾਰਥੀ ਦੀ ਪਹਿਚਾਣ ਕਰਨੀ ਹੋਵੇ ਤਾਂ ਦੂਜੇ ਸਵਾਰਥੀ ਕੋਲ ਉਸ ਦੀ ਵਡਿਆਈ ਕਰਕੇ ਦੇਖੋ ਸਭ ਕੁੱਝ ਸਾਹਮਣੇ ਆ ਜਾਵੇਗਾ। ਅਸੂਲਾਂ ਲਈ ਲੜਨਾ ਤਾਂ ਸੋਖਾ ਹੈ ਪਰ ਅਸੂਲਾਂ ਅਨੁਸਾਰ ਜਿੰਦਗੀ ਜਿਊਣਾ ਬਹੁਤ ਔਖਾ ਹੈ। ਸਵਾਰਥ ਦੇ ਨਿਯਮ ਅਤੇ ਸਿਧਾਂਤ ਇਹ ਹਨ ਕਿ ਸਵਾਰਥੀ ਸਵਾਰਥ ਰਹਿਤ ਹੋ ਹੀ ਨਹੀਂ ਸਕਦਾ। ਸਵਾਰਥੀ ਬਨਾਵਟੀ ਮਿੱਤਰਤਾ ਭਰਪੂਰ ਹੁੰਦਾ ਹੈ। ਇਹ ਬਿਰਤੀ ਅਤੇ ਪਰਵਿਰਤੀ ਸਮਾਜ ਵਿੱਚ ਨਿਰਾਦਰ ਅਤੇ ਮਜ਼ਾਕ ਕਰਵਾਉਂਦੀ ਹੈ।
ਸਵਾਰਥੀ ਨੂੰ ਪਰਸਵਾਰਥੀ ਅਤੇ ਪਰਸਵਾਰਥੀ ਨੂੰ ਸਵਾਰਥੀ ਕਹਿਣਾ ਸਮਾਜ ਵਿੱਚ ਵੱਡਾ ਧੌਖਾ ਹੈ। ਹਮੇਸ਼ਾ ਯਥਾਰਥ ਭਰੀ ਜਿੰਦਗੀ ਹੀ ਨਿੱਖਰ ਕੇ ਸਾਹਮਣੇ ਆਉਂਦੀ ਹੈ। ਸਵਾਰਥ ਕਿਤੇ ਨਾ ਕਿਤੇ ਸਹਿਣਸ਼ੀਲਤਾ ਨੂੰ ਖਾ ਲੈਂਦਾ ਹੈ, ਇਹ ਆਲਸੀ ਬਣਾ ਕੇ ਆਪਣੇ ਆਪ ਨੂੰ ਹਿੰਸਾ ਦੀ ਤਰ੍ਹਾ ਕਰ ਲੈਂਦਾ ਹੈ। ਸਵਾਰਥ ਨਾਲ ਪ੍ਰਾਪਤ ਕੀਤੀ ਉੱਜਵਲ ਵਸਤੂ ਮੈਲੀ ਹੀ ਸਮਝੀ ਜਾਂਦੀ ਹੈ। ਸਵਾਰਥੀ ਬੀਤ ਗਈ ਉਹ ਬਾਤ ਗਈ ਦੇ ਸਿਧਾਂਤ ਨੂੰ ਅਪਣਾਉਂਦਾ ਹੈ। ਸਾਡੇ ਸਿਆਣਿਆਂ ਦੀਆਂ ਕਹਾਵਤਾਂ ਪਿੱਛੇ ਇਕ ਲੰਬਾ-ਚੌੜਾ ਤਜਰਬਾ ਅਤੇ ਇਤਿਹਾਸ ਹੈ ਤਾਂ ਜਾ ਕੇ ਕਿਸੇ ਫਲਦਾਇਕ ਨਤੀਜੇ ਤੇ ਪਹੁੰਚਦਿਆਂ ਹਨ। ਗੌਂ ਭਨਾਵੇ ਜੌਂ ਦੀ ਕਹਾਵਤ ਸਵਾਰਥ ਨੂੰ ਸਿੱਧ ਕਰਦੀ ਹੈ, ਇਸ ਵਿੱਚ ਬਹੁਤ ਕੁੱਝ ਸਮਾਇਆ ਹੋਇਆ ਹੈ। ਸਵਾਰਥ ਦੀ ਪੂਰਤੀ ਲਈ ਨੱਥੂ ਤੋਂ ਨੱਥਾ ਸਿੰਘ ਬਣ ਸਕਦਾ ਹੈ। ਅਧਿਆਤਮਵਾਦ ਵਿੱਚ ਪਰਸਵਾਰਥ ਨੂੰ ਸਤਯੁੱਗ ਦਾ ਮੁੱਖ ਲੱਛਣ ਅਤੇ ਸਵਾਰਥ ਨੂੰ ਕਲਯੁੱਗ ਦਾ ਮੁੱਖ ਲੱਛਣ ਕਿਹਾ ਜਾਂਦਾ ਹੈ। ਸਵਾਰਥ ਅਜਿਹੀ ਆਦਤ ਹੈ ਕਿ ਬੰਦੇ ਨੂੰ ਆਪਣੇ ਆਪ ਵਿੱਚ ਸਿਆਣਾ ਬਣਾ ਦਿੰਦੀ ਹੈ। ਸਵਾਰਥ ਵਿਅਕਤੀ ਦੇ ਚੰਗੇ ਗੁਣਾਂ ਨੂੰ ਖਤਮ ਕਰ ਦਿੰਦਾ ਹੈ। ਹਰ ਮਨੁੱਖ ਦੇ ਸੁਪਨੇ ਹੁੰਦੇ ਹਨ ਉਹਨਾਂ ਨੂੰ ਪੂਰਾ ਕਰਨ ਲਈ ਇੱਛਾ ਰੱਖਣੀ ਤਾਂ ਜਰੂਰੀ ਹੈ ਪਰ ਚਲਾਕੀ ਅਤੇ ਸਵਾਰਥ ਰੱਖ ਕੇ ਦੂਜੇ ਤੋਂ ਪੂਰਤੀ ਦਾ ਆਸ ਨਹੀਂ ਰੱਖਣੀ ਚਾਹਦੀ। ਬਹੁਤੀਵਾਰ ਦੇਖਿਆ ਜਾਂਦਾ ਹੈ ਕਿ ਮਨੁੱਖ ਭਾਵੇਂ ਛੋਟਾ ਹੀ ਹੋਵੇ ਪਰ ਉਸ ਦਾ ਸਵਾਰਥ ਬਹੁਤ ਵੱਡਾ ਹੁੰਦਾ ਹੈ। ਸਵਾਰਥ ਲਈ ਸਭ ਨਿਵਦੇ ਹਨ। ਇਸ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਪਹਿਲੇ ਸਪੱਸ਼ਟ ਕਰ ਦਿੱਤਾ ਸੀ ਅਤੇ ਸਵਾਰਥੀਪੁਣੇ ਤੇ ਕਰਾਰੀ ਚੋਟ ਮਾਰੀ ਸੀ, “ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋਇ”।
ਸਵਾਰਥ ਅਤੇ ਹਿੰਮਤ ਨਾਲ ਕੀਤੀ ਇੱਛਾ ਪੂਰਤੀ ਬਰਾਬਰ ਨਹੀਂ ਹੁੰਦੀ ਕਿਹਾ ਜਾਂਦਾ ਹੈ ਜਿਸ ਮਨੁੱਖ ਕੋਲ ਕਾਰਜ ਸਮਰਥਾ ਅਤੇ ਇਮਾਨਦਾਰੀ ਹੈ ਉਸ ਦੇ ਸਿਦਕ ਨੂੰ ਦਬਾਇਆ ਨਹੀਂ ਜਾ ਸਕਦਾ, ਅਜਿਹੇ ਮਨੁੱਖ ਸਵਾਰਥ ਨੂੰ ਦਰਕਿਨਾਰ ਕਰਕੇ ਆਪਣੀ ਸਮਰਥਾ ਨਾਲ ਇੱਛਾ ਪੂਰਤੀ ਕਰਦੇ ਹਨ। ਆਪਣੀ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਕੇ ਸਵਾਰਥ ਨੂੰ ਅੰਦਰੋਂ ਬਾਹਰ ਕੱਢੋ। ਵਧੀਆ ਆਦਤਾਂ ਅਤੇ ਸਾਰਥਕ ਸੁਭਾਅ ਰੱਖੋ। ਸਵਾਰਥ ਦੀ ਉਡੀਕ ਅਤੇ ਝਾਕ ਹਮੇਸ਼ਾ ਲਈ ਆਪਣੇ ਅੰਦਰੋਂ ਕੱਢੋ। ਅਸੂਲਾਂ ਅਨੁਸਾਰ ਜਿੰਦਗੀ ਜਿਊਣ ਦਾ ਹੁਨਰ ਸਿੱਖੋ, ਇਸ ਨਾਲ ਹੀ ਸਮਾਜ ਵਿੱਚ ਬੰਦੇ ਦਾ ਇਖਲਾਕ ਉੱਚਾ ਹੁੰਦਾ ਹੈ। ਪ੍ਰਸਿੱਧ ਦਾਰਸ਼ਨਿਕ ਐਡਮਿੰਡ ਵਰਕ ਨੇ ਕਿਹਾ ਸੀ, “ਹੱਕ ਸੱਚ ਅਤੇ ਨੈਤਿਕਤਾ ਦੀ ਲੜਾਈ ਵਿੱਚ ਜਿੱਤ ਅੰਤ ਨੂੰ ਉਸਦੀ ਹੁੰਦੀ ਹੈ ਜਿਸ ਦਾ ਇਖਲਾਕ ਉੱਚਾ ਹੋਵੇ” ਮੁੱਕਦੀ ਗੱਲ ਇਹ ਹੈ ਕਿ ਆਪਣੇ ਅੰਦਰੋਂ ਸਵਾਰਥ ਦੇ ਕੀਟਾਣੂਆਂ ਨੂੰ ਕੱਢ ਕੇ ਪਰਸਵਾਰਥੀ ਅਤੇ ਨਿਰਸਵਾਰਥੀ ਕੀਟਾਣੂ ਪੈਦਾ ਕਰੀਏ ਤਾਂ ਜੋ ਸਮਾਜ ਵਿੱਚ ਖੁਸ਼ਹਾਲ ਜੀਵਨ ਜੀਅ ਸਕੀਏ। ਆਓ ਸਵਾਰਥ ਰਹਿਤ ਜਿੰਦਗੀ ਜਿਉਣ ਦਾ ਸੰਕਲਪ ਲਈਏ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445
ਵਿਹੜੇ ਦੀ ਰੌਣਕ ਹੁੰਦੇ ਹਨ – ਬੇਬੇ ਬਾਪੂ - ਸੁਖਪਾਲ ਸਿੰਘ ਗਿੱਲ
ਬੇਬੇ ਬਾਪੂ ਦਾ ਨਾਮ ਸੁਣਦਿਆ ਹੀ ਮਮਤਾ ਦਾ ਸਮੁੰਦਰ ਵਹਿਣ ਲੱਗ ਪੈਦਾ ਹੈ। "ਪੰਜਾਬੀ ਸੱਭਿਆਚਾਰ ਦੀ ਨੁਹਾਰ ਬਾਪੂ ਬੇਬੇ ਦਾ ਪਰਿਵਾਰ" ਦੇ ਕਥਨ ਅਨੁਸਾਰ ਬੇਬੇ ਬਾਪੂ ਦੇ ਸ਼ਬਦ ਵਿੱਚੋਂ ਸਮਾਜ ਅਤੇ ਸੱਭਿਆਚਾਰ ਦੀ ਤਸਵੀਰ ਝਲਕਦੀ ਹੈ। ਇਹਨਾਂ ਦੀ ਹਾਜ਼ਰੀ ਵਿੱਚ ਸਮਾਜਿਕ ਸੁਰੱਖਿਆ ਯਕੀਨੀ ਬਣ ਜਾਂਦੀ ਹੈ। ਪੀੜ੍ਹੀ ਦੇ ਪਾੜ੍ਹੇ ਅਨੁਸਾਰ ਤੀਜੀ ਪੀੜ੍ਹੀ ਤੱਕ ਤਾਂ ਬੇਬੇ ਬਾਪੂ ਘਰ ਦੀ ਰੌਣਕ ਦੇ ਨਾਲ-ਨਾਲ ਘਰ ਅਤੇ ਸਮਾਜ ਵਿੱਚ ਵੱਧ ਸਤਿਕਾਰਤ ਹੋ ਜਾਂਦੇ ਹਨ। ਇਹ ਸਮਾਜਿਕ ਸਫਿਆਂ ਉੱਤੇ ਸਮਾਜੀ ਫੈਸਲੇ ਅਤੇ ਨੇਕ ਸਲਾਹ ਦੇ ਸਮੁੰਦਰ ਹੁੰਦੇ ਹਨ। ਇਹਨਾਂ ਦਾ ਦੋ-ਤਿੰਨ ਪੀੜ੍ਹੀਆਂ ਤੱਕ ਦਾ ਤਜ਼ਰਬਾ ਹੁੰਦਾ ਹੈ। ਬਿਤਾਈ ਜਿੰਦਗੀ ਵਿੱਚੋਂ ਹਾਸਲ ਗਿਆਨ ਨਾਲ ਹੀ ਇਹ ਸਿਆਣਪ ਦਾ ਮੁਜੱਸਮਾਂ ਬਣ ਜਾਂਦੇ ਹਨ। ਇਹਨਾਂ ਦਾ ਗਿਆਨ ਰਾਮ ਕ੍ਰਿਸ਼ਨ ਪਰਮਹੰਸ ਦੇ ਕਥਨ ਅਨੁਸਾਰ, “ਗਿਆਨ ਏਕਤਾ ਪੈਦਾ ਕਰਦਾ ਹੈ ਅਤੇ ਅਗਿਆਨ ਵੱਖਰੇਪਣ ਨੂੰ ਜਨਮ ਦਿੰਦਾ ਹੈ ਇਸ ਤੱਥ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਸ ਘਰ ਵਿੱਚ ਬਜ਼ੁਰਗ ਗਿਆਨਵਾਨ ਅਤੇ ਦਾਨਿਸ਼ਵੰਦ ਹੁੰਦੇ ਹਨ ਉੱਥੇ ਸਾਂਝਾ ਪਰਿਵਾਰ ਰਹਿਣ ਦੀ ਵੱਧ ਗੁਜਾਇਸ਼ ਹੁੰਦੀ ਹੈ ਅਜਿਹੇ ਪਰਿਵਾਰ ਖੁਸ਼ਹਾਲ ਵੀ ਹੁੰਦੇ ਹਨ”। ਇਹ ਬਜ਼ੁਰਗ ਤੇ ਨਿਰਭਰ ਕਰਦਾ ਹੈ ਕਿ ਬਜ਼ੁਰਗ ਕਿਹੋ ਜਿਹੇ ਹਨ। ਇਸੇ ਲਈ ਕਿਹਾ ਵੀ ਗਿਆ ਹੈ ਕਿ, “ ਸਿਆਣਾ ਮੱਤ ਦਾ ਅਤੇ ਮੀਂਹ ਵੱਤ ਦਾ”।
ਘਰ ਪਰਿਵਾਰ ਵਿੱਚ ਸੰਗ, ਸ਼ਰਮ ਅਤੇ ਸਤਿਕਾਰ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਇਹ ਬੇਬੇ ਬਾਪੂ ਦੇ ਸਮਾਜਿਕ ਰੁਤਬੇ ਨੂੰ ਬਹਾਲ ਰੱਖਦੇ ਹਨ।ਇਬਰਾਹੀਮ ਲਿੰਕਨ ਨੇ ਕਿਹਾ ਸੀ ਮੈਂ ਜੋ ਵੀ ਹਾਂ ਮਾਂ ਦੀ ਬਦੌਲਤ ਹਾਂ। ਉੱਧਰ ਬਾਪੂ ਬਾਰੇ ਚਾਣਕੀਆ ਨੀਤੀ ਦੱਸਦੀ ਹੈ ਕਿ ਪਿਤਾ ਦਾ ਫਰਜ਼ ਹੈ ਕਿ ਔਲਾਦ ਨਾਲ ਬਹੁਤਾ ਪਿਆਰ ਨਾ ਕਰੇ ਕਿਉਂਕਿ ਪਿਆਰ ਬੱਚੇ ਨੂੰ ਵਿਗਾੜ ਦਿੰਦਾ ਹੈ। ਬੇਬੇ ਬਾਪੂ ਆਪਣੇ ਬੱਚਿਆਂ ਨੂੰ ਆਪਣੀ ਆਗਿਆ ਜਾਂ ਸਖਤ ਅਨੁਸ਼ਾਸਨ ਵਿੱਚ ਰੱਖੇ ਤਾਂ ਕਿ ਉਹ ਸਮਾਜ ਦਾ ਮੁੱਖ ਅੰਗ ਬਣ ਸਕਣ। ਉੱਧਰ ਬੇਬੇ ਬਾਪੂ ਚੱਲਦਾ ਫਿਰਦਾ ਬੈਂਕ ਹੁੰਦੇ ਹਨ ਜਿਹਨਾਂ ਵਿੱਚ ਪੈਸਾ ਕਢਾਇਆ ਜਾਂਦਾ ਹੈ ਜਮਾਂ ਨਹੀਂ ਕਰਵਾਇਆ ਜਾਂਦਾ। ਛੋਟੇ ਹੁੰਦੇ ਦੇਖਿਆ ਵੀ ਹੈ ਕਿ ਬਾਪੂ ਦੇ ਘਸੇ ਹੋਏ ਗੀਜੇ (ਜੇਬ) ਵਿੱਚੋਂ ਅਤੇ ਅੰਮੜੀ ਦੀ ਚੁੰਨੀ ਦੀ ਗੱਠੀ ਬੰਨੇ ਹੋਏ ਪੈਸੇ ਮਿਲ ਜਾਂਦੇ ਸਨ। ਔਲਾਦ ਤੋਂ ਮਾਂ ਪਿਉ, ਮਾਪਿਆਂ ਤੋਂ ਦਾਦਾ-ਦਾਦੀ, ਨਾਨਾ-ਨਾਨੀ ਬਜ਼ੁਰਗ ਬਣ ਜਾਂਦੇ ਹਨ। ਇਹ ਸਮਾਂ ਬਹੁਤ ਹੀ ਰੱਬੀ ਮਿਹਰਬਾਨੀ ਨਾਲ ਮਿਲਦਾ ਹੈ ਅਤੇ ਮਨੁੱਖੀ ਜੀਵਨ ਦਾ ਸੁਨਹਿਰੀ ਮੌਕਾ ਹੁੰਦਾ ਹੈ ਜਿਸ ਨੂੰ ਬਜ਼ੁਰਗ ਬੇਬੇ ਬਾਪੂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਪਿਆਰ ਮਿਲਦਾ ਹੈ। ਬੇਬੇ ਬਾਪੂ ਜੀਵਨ ਜਾਂਚ ਲਈ ਕੋਈ ਸਪੈਸ਼ਲ ਸਮਾਂ ਨਹੀਂ ਦਿੰਦੇ ਪਰ ਇਹਨਾਂ ਦਾ ਹਰ ਪਲ ਹਰ ਕਦਮ ਬੱਚਿਆਂ ਨੂੰ ਜੀਵਨ ਜਾਂਚ ਸਿਖਾਉਂਦਾ ਹੈ। ਅੱਜ ਦੇ ਸਮੇਂ ਸੱਚੀ ਸਲਾਹ ਅਤੇ ਸੱਚੀ ਸਿੱਖਿਆ ਸਿਰਫ ਤੇ ਸਿਰਫ ਬੇਬੇ ਬਾਪੂ ਹੀ ਦਿੰਦੇ ਹਨ। ਇਹੀ ਗਲਤ ਕੰਮ ਤੋਂ ਰੋਕਦੇ ਹਨ। ਝਿੜਕ ਕੇ ਵੀ ਗਲ ਲਾਉਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ, “ ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”।
ਪੀੜ੍ਹੀ ਦੇ ਵੱਧਦੇ ਪਾੜ੍ਹੇ ਨਾਲ ਬੱਚੇ ,ਬੇਬੇ ਬਾਪੂ ਮਾਂ ਪਿਉ ਤੋਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਣ ਜਾਂਦੇ ਹਨ। ਇਹਨਾਂ ਨੂੰ ਹਰ ਤਰ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਟੱਬਰ ਵਿੱਚ ਇਹ ਦੋਵੇਂ ਸਤਿਕਾਰ ਦੇ ਪਾਤਰ ਹੁੰਦੇ ਹਨ। ਇਹਨਾਂ ਦੇ ਸ਼ਬਦ ਸਿਰੇ ਦਾ ਫੁਰਮਾਨ ਹੁੰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਬਾਪੂ ਸਮਾਜਿਕ ਸੁਰੱਖਿਆ ਲਈ ਵਿਹੜੇ ਅਤੇ ਬੈਠਕ ਵਿੱਚ ਬੈਠਦੇ ਰੁਤਬਾ ਨਿਖਾਰਦੇ ਹਨ।। ਬੈਠਕ ਬਜ਼ੁਰਗਾਂ ਦੀ ਮਹਿਫਲ ਦੀ ਪ੍ਰਤੀਕ ਹੁੰਦੀ ਹੈ। ਇਸੇ ਲਈ ਬਾਪੂ ਦੇ ਹਮਸਾਥੀ ਬੈਠਕ ਵਿੱਚ ਹੀ ਬੈਠਦੇ ਹਨ। ਸਾਰਾ ਦਿਨ ਬਾਪੂ ਮਿਹਨਤ ਅਤੇ ਮੁਸ਼ੱਕਤ ਕਰਕੇ ਸ਼ਾਮ ਨੂੰ ਘਰ ਆਉਂਦਾ ਹੈ ਤਾਂ ਉਹ ਘਰ ਆਉਂਦੀ ਸਾਰ ਹੀ ਖੰਘੂਰਾ ਮਾਰਦਾ ਹੈ ਤਾਂ ਕਿ ਕੁੜੀ ਕਤਰੀ ਅਤੇ ਬਹੂਆਂ ਸਿਰ ਤੇ ਚੁੰਨੀ ਅਤੇ ਘੁੰਡ ਕੱਢ ਲੈਣ। ਖੰਘੂਰਾ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਅਸਲੀ ਇਕ ਨਕਲੀ ਖੰਘੂਰਾ। ਅਸਲੀ ਖੰਘੂਰਾ ਗਲ ਵਗੈਰਾ ਸਾਫ ਕਰਨ ਲਈ ਮਾਰਿਆ ਜਾਂਦਾ ਹੈ ਜਦਕਿ ਨਕਲੀ ਖੰਘੂਰਾ ਬਜ਼ੁਰਗਾਂ ਦੀ ਪਹਿਚਾਣ ਹੁੰਦਾ ਹੈ। ਬਾਪੂ ਵੱਲੋਂ ਵਿਹੜੇ ਵੜਨ ਤੋਂ ਪਹਿਲਾ ਖੰਘੂਰਾ ਇਸ ਲਈ ਮਾਰਿਆ ਜਾਂਦਾ ਹੈ ਕਿ ਘਰ ਦੀਆਂ ਔਰਤਾਂ ਸੁਚੇਤ ਹੋ ਜਾਣ। ਉੱਧਰ ਬਾਪੂ ਦੀ ਵੀ ਹਿੰਮਤ ਨਹੀਂ ਪੈਦੀ ਸੀ ਕਿ ਬਿਨ੍ਹਾਂ ਖੰਘੂਰਾ ਮਾਰੇ ਵਿਹੜੇ ਵਿੱਚ ਵੜ ਜਾਵੇ। ਇਸ ਲਈ ਇਕ ਸੱਭਿਅਤਾ ਵੰਨਗੀ ਰਾਹੀਂ ਬਾਪੂ ਨੂੰ ਘਰ ਆਉਣ ਦੀ ਖਬਰ ਵਜੋਂ ਖੰਘੂਰਾ ਮਾਰਨ ਦਾ ਇਲਮ ਹੁੰਦਾ ਸੀ। ਬਾਪੂ ਦਾ ਸਮਾਜਿਕ ਫਰਜ਼ ਵੀ ਖੰਘੂਰਾ ਮਾਰਨਾ ਹੈ।ਸਾਡੀ ਸੱਭਿਆਚਾਰਕ ਵਿਰਾਸਤ ਵਿੱਚ ਖੰਘੂਰੇ ਦਾ ਬਾਪੂ ਨਾਲ ਇਉਂ ਮੇਲ ਕਰਾਇਆ ਗਿਆ ਹੈ, “ਵਿਹੜੇ ਵੜਦਾ ਖਬਰ ਨਹੀਂ ਕਰਦਾ ਬਾਪੂ ਗਲ ਟੱਲ ਪਾ ਦਿਓ”।
ਬੇਬੇ ਘਰ ਦੀਆਂ ਔਰਤਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਘਰ ਆਉਂਦੀ ਨੂੰਹ ਦਾ ਸਮਾਜੀਕਰਨ ਵੀ ਬੇਬੇ ਹੀ ਕਰਦੀ ਹੈ। ਇਸ ਲਈ "ਸਾਸ ਵੀ ਕਭੀ ਬਹੂ ਥੀ" ਦਾ ਪੈਂਡਾ ਤੈਅ ਕਰਦੀ ਹੋਈ ਬੇਬੇ ਸੱਸ ਦੇ ਰੂਪ ਵਿੱਚ ਸੁਰਿੰਦਰ ਕੌਰ ਦੀ ਜ਼ੁਬਾਨੀ ਸੱਭਿਆਚਾਰਕ ਵੰਨਗੀ ਇਉਂ ਪੇਸ਼ ਕਰਦੀ ਹੈ, “ਮਾਵਾਂ ਲਾਡ ਲਡਾਵਣ ਧੀ ਵਿਗਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ”। ਨਵੀਂ ਬਹੂ ਨੂੰ ਘਰ ਦੀ ਚਾਲ ਢਾਲ ਵੀ ਬੇਬੇ ਹੀ ਸਿਖਾਉਂਦੀ ਹੈ। ਖੇਤ ਬੰਨੇ ਦਾ ਗੇੜਾ ਲਗਵਾਉਂਦੀ ਹੈ। ਰਸੋਈ ਦਾ ਚੁੱਲ੍ਹਾ-ਚੌਕਾ,ਚੱਜ- ਅਚਾਰ ਅਤੇ ਵਿਵਹਾਰ ਵੀ ਬੇਬੇ ਹੀ ਸਿਖਾਉਂਦੀ ਹੈ। ਬੇਬੇ ਤਜ਼ਰਬੇ ਵਿੱਚੋਂ ਪ੍ਰਤਿਭਾ ਵੀ ਸਿਖਾਉਂਦੀ ਹੈ ਕਿ ਰੀਸ ਨਹੀਂ ਮਿਹਨਤ ਕਰੋ ਇਹ ਵੀ ਦੱਸਦੀ ਹੈ ਕਿ, “ਪ੍ਰਤਿੱਭਾ ਇੱਕ ਪ੍ਰਤੀਸ਼ਤ ਪ੍ਰੇਰਨਾ ਹੁੰਦੀ ਹੈ, ਨੜਿੰਨਵੇਂ ਪ੍ਰਤੀਸ਼ਤ ਮਿਹਨਤ ਹੁੰਦੀ ਹੈ”। ਬੇਬੇ ਘਰ ਪ੍ਰਤੀ ਆਪਣੀ ਮਿਹਨਤ ਦੀ ਗਾਥਾ ਸੁਣਾਕੇ ਬੱਚਿਆਂ ਨੂੰ ਪ੍ਰਭਾਵਿਤ ਵੀ ਕਰਦੀ ਹੈ। ਇੱਕ ਗੱਲ ਹੋਰ ਹੈ ਕਿ ਘਰ ਜਦੋਂ ਵੀ ਕੋਈ ਆਵਾਜ਼ ਮਾਰਦਾ ਹੈ ਤਾਂ ਬੇਬੇ ਬਾਪੂ ਦਾ ਨਾਮ ਲੈ ਕੇ ਬੁਲਾਉਂਦਾ ਹੈ। ਇੱਥੇ ਉਹਨਾਂ ਦਾ ਰੁਤਬਾ ਉੱਭਰਦਾ ਹੈ। ਇਸੇ ਪ੍ਰਸੰਗ ਵਿੱਚ ਨਰਿੰਦਰ ਸਿੰਘ ਕਪੂਰ ਕਹਿੰਦੇ ਹਨ ਕਿ, “ਬਾਪੂ ਦੀ ਗੈਰ ਹਾਜ਼ਰੀ ਵਿੱਚ ਘਰ ਖਾਲੀ ਲੱਗਦਾ ਹੈ ਪਰ ਬੇਬੇ ਦੀ ਗੈਰ ਹਾਜ਼ਰੀ ਵਿੱਚ ਉਲਟਿਆ ਪੁਲਟਿਆ ਲੱਗਦਾ ਹੈ ਬੇਬੇ ਸਾਨੂੰ ਸਿੱਖਾਉਂਦੀ ਹੈ ਕਿ ਬੋਲਣਾ ਕਿਵੇਂ ਹੈ ਜਦੋਂ ਕਿ ਬਾਪੂ ਸਾਨੂੰ ਸਿਖਾਉਂਦਾ ਹੈ ਕਿ ਚੁੱਪ ਕਿਵੇ ਰਹਿਣਾ”। ਬੇਬੇ ਬਾਪੂ ਨੂੰ ਘਰ ਦੀ ਕਿਸੇ ਵੀ ਚੀਜ਼ ਦੇ ਲੈਣ ਦੇਣ ਦਾ ਇਲਮ ਹੁੰਦਾ ਹੈ। ਚੰਗਾ ਗੁਆਂਢ ਵੀ ਬੇਬੇ ਬਾਪੂ ਦੇ ਸਿਰ ਤੇ ਹੁੰਦਾ ਹੈ। ਇਹ ਰੌਣਕ ਦੇ ਮੁਜੱਸਮਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਸੇ ਨੂੰ ਕਦੋਂ ਦੇਣੀ ਅਤੇ ਕਦੋਂ ਵਾਪਿਸ ਲੈਣੀ। ਬੇਬੇ ਬਾਪੂ ਦੀ ਘਰ ਵਿੱਚ ਇੱਕਮਿਕਤਾ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਘਰ ਪ੍ਰਤੀ ਹਰ ਚੀਜ਼ ਹਰ ਗੱਲ ਪ੍ਰਤੀ ਮੋਹ ਭਿੱਜੇ ਹੋਏ ਕੇ ਬੇਵੱਸ ਹੋ ਜਾਂਦੇ ਹਨ। ਬੇਵੱਸੀ ਵਿੱਚ ਘਰ ਅਤੇ ਪਰਿਵਾਰ ਦਾ ਮੋਹ ਕੁੱਟ-ਕੁੱਟ ਕੇ ਭਰਿਆ ਨਜ਼ਰ ਆਉਂਦਾ ਹੈ ਕਿ ਦੋਵੇਂ ਮੱਲੋ ਮੱਲੀ ਇਸ ਕਥਨ ਤੇ ਚੱਲ ਪੈਂਦੇ ਹਨ, “ਜੋ ਚੇਤੇ ਨਹੀਂ ਰੱਖਣਾ ਹੁੰਦਾ ਉਹ ਚੇਤੇ ਰਹਿ ਜਾਂਦਾ ਹੈ, ਜੋ ਭੁੱਲਣਾ ਚਾਹੁੰਦਾ ਹੈ ਉਸ ਨੂੰ ਭੁੱਲ ਨਹੀਂ ਸਕਦੇ”। ਘਰ ਪ੍ਰਤੀ ਛੋਟੀਆਂ ਮੋਟੀਆਂ ਗੱਲਾਂ ਵਿੱਚ ਆਦਤ ਅਨੁਸਾਰ ਹੀ ਇਹਨਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ। ਘਰ ਦੇ ਅੰਦਰ ਹੀ ਸਬਜ਼ੀ-ਭਾਜੀ ਅਤੇ ਫਲ ਫਰੂਟ ਉਗਾ ਕੇ ਦੇਖ ਰੇਖ ਕਰੀ ਜਾਂਦੇ ਹਨ। ਆਏ ਗਏ ਰਿਸ਼ਤੇਦਾਰ ਦੀ ਮਹਿਮਾਨ ਨਿਵਾਜ਼ੀ ਵੀ ਬੇਬੇ ਬਾਪੂ ਕੋਲੋ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਹੀ ਬਾਕੀ ਮੈਂਬਰਾਂ ਦਾ ਵਰਕਾ ਖੁੱਲਦਾ ਹੈ। ਦਰਾਣੀ-ਜਠਾਣੀ ਬਾਲ ਬੱਚੇ ਦੀ ਹਰ ਸ਼ਿਕਾਇਤ ਨੂੰ ਬੇਬੇ ਬਾਪੂ ਹੀ ਨਿਬੇੜਦੇ ਹਨ। ਹਾਂ ਪਰ ਜਿੱਥੇ ਬੇਬੇ ਬਾਪੂ ਨਿਰਪੱਖ ਨਾ ਹੋਣ ਉੱਥੇ ਉਲਟਾ-ਪੁਲਟਾ ਹੋ ਜਾਂਦਾ ਹੈ।
ਕਬੀਲਦਾਰੀ ਬਾਰੇ ਬੇਬੇ ਬਾਪੂ ਨੂੰ ਸਭ ਕੁੱਝ ਉਂਗਲਾਂ ਤੇ ਪਤਾ ਹੁੰਦਾ ਹੈ। ਵਿਹੜੇ ਵਿੱਚ ਬੈਠੇ ਬੇਬੇ ਬਾਪੂ ਬਿੜਕ ਨਾਲ ਹੀ ਸਭ ਕਾਸੇ ਦਾ ਅੰਦਾਜ਼ਾ ਲਗਾ ਲੈਂਦੇ ਹਨ। ਇਹ ਆਏ ਗਏ ਦੀ ਪੈੜ ਪੜ੍ਹਨ ਲਈ ਸਮਰੱਥ ਵੀ ਹੁੰਦੇ ਹਨ। ਕੋਈ ਵੀ ਮਸਲਾ ਹੋਵੇ ਇਸ਼ਾਰੇ ਵਿੱਚ ਹੀ ਥਾਂ ਦੀ ਥਾਂ ਹੱਲ ਕਰ ਦਿੰਦੇ ਹਨ। ਕਈ ਕੁੜੀਆਂ ਜਿਹਨਾਂ ਨੂੰ ਘਰ ਦੇ ਕੰਮ ਦੀ ਚੂੰਹਡ ਨਹੀਂ ਹੁੰਦੀ ਉਹ ਬਜ਼ੁਰਗਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਲੈਣ ਤਾਂ ਸੋਨੇ ਤੇ ਸੁਹਾਗਾਂ ਹੋ ਜਾਂਦਾ ਹੈ। ਜੋ ਬਹੂ ਬੇਬੇ ਦੀ ਥੋੜ੍ਹੀ ਜਿਹੀ ਸ਼ਖਤੀ ਸਹਿਣ ਕਰ ਲਵੇ ਉਹ ਭੱਵਿਖ ਦੀਆਂ ਵੰਗਾਰਾਂ ਦਾ ਸਾਹਮਣਾ ਕਰ ਸਕਦੀ ਹੈ। ਜੋ ਬਹੂਆਂ ਸਮਾਜੀਕਰਨ ਤੋਂ ਸੱਖਣੀਆਂ ਹੁੰਦੀਆਂ ਹਨ ਉਹ ਹਮੇਸ਼ਾਂ ਸੱਸ ਨੂੰ ਹੀ ਬੁਰਾ ਸਮਝਦੀਆਂ ਹਨ ਇਸ ਪ੍ਰਤੀ ਸਾਡੇ ਸੱਭਿਆਚਾਰ ਵਿੱਚ ਇਹ ਵੰਨਗੀ ਬਹੁਤਾ ਵਾਰੀ ਸੁਣਨ ਨੂੰ ਮਿਲ ਜਾਂਦੀ ਹੈ, “ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ”। ਬੇਬੇ ਬਾਪੂ ਚੱਲਦੀ ਫਿਰਦੀ ਲਾਇਬ੍ਰੇਰੀ ਅਤੇ ਚੱਲਦਾ ਫਿਰਦਾ ਖਜ਼ਾਨਾ ਹੋਣ ਦੇ ਨਾਲ ਨਾਲ ਸੱਭਿਅਤਾ ਅਤੇ ਸੱਭਿਆਚਾਰ ਦਾ ਸ਼ੀਸਾ ਹੁੰਦੇ ਹਨ। ਧੀਆਂ, ਪੁੱਤ, ਬੱਚੇ ਅਤੇ ਨੂੰਹਾਂ ਜੇ ਬਾਬੂ ਬੇਬੇ ਦੀ ਗੱਲ ਸੁਣ ਲੈਣ ਤਾਂ ਉਹ 25-30 ਸਾਲ ਆਮ ਲੋਕਾਂ ਤੋਂ ਅੱਗੇ ਹੋ ਸਕਦੇ ਹਨ। ਕਿਉਂਕਿ ਉਹਨਾਂ ਨੂੰ ਬੇਬੇ ਬਾਪੂ ਦਾ ਤਜ਼ਰਬਾ ਮਿਲ ਜਾਂਦਾ ਹੈ।
ਬੇਬੇ ਬਾਪੂ ਬਚਪਨ ਅਤੇ ਜਵਾਨੀ ਤੋਂ ਬਾਅਦ ਬਣਦੇ ਹਨ ਅਸਲ ਅਰਥਾਂ ਵਿੱਚ ਬੇਬੇ ਬਾਪੂ,"ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ" ਨੂੰ ਪ੍ਰਕਾਸ਼ਮਾਨ ਕਰਕੇ ਘਰ ਦਾ ਸਹੀ ਤੌਰ ਤੇ ਮਾਨਵੀਕਰਨ ਕਰਦੇ ਹਨ ਕਿਉਂਕਿ ਆਉਂਦੇ ਜਾਂਦੇ ਜੀਅ ਆਪਣੇ ਤਜ਼ਰਬੇ ਨਾਲ ਹੀ ਘਰ ਦੇ ਜੀਆਂ ਨੂੰ ਸਮਝਾਉਂਦੇ ਹਨ। ਜੋ ਜੀਵਨ ਵਿੱਚ ਸਿੱਖਿਆ ਹੁੰਦਾ ਹੈ ਉਹੀ ਅੱਗੇ ਦਿੰਦੇ ਹਨ। ਪਰਿਵਾਰ, ਔਲਾਦ ਲਈ ਬੇਬੇ ਬਾਪੂ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹੱਡਭੰਨਵੀਂ ਮਿਹਨਤ ਕਰਦੇ ਹਨ। ਘਰ ਦੀਆਂ ਮੁਸ਼ਕਲਾਂ ਅਤੇ ਖਰਚੇ ਪੂਰੇ ਕਰਦੇ ਹਨ। ਆਪਣੀ ਤੰਗੀ ਝੱਲ ਲੈਂਦੇ ਹਨ ਪਰ ਪਰਿਵਾਰ ਨੂੰ ਤੰਗੀ ਤੋਂ ਬਚਾਕੇ ਰੱਖਦੇ ਹਨ। ਬੇਬੇ ਬਾਪੂ ਸੱਭਿਅਤ ਇਤਿਹਾਸ ਸਿਰਜਦੇ ਹੋਏ ਔਲਾਦ ਨੂੰ ਹੌਸਲਾ ਤੇ ਸਹਾਰਾ ਦਿੰਦੇ ਹਨ। ਇਸ ਨਾਲ ਪਰਿਵਾਰ ਨੂੰ ਵੀ ਸਕੂਨ ਹਾਸਲ ਹੁੰਦਾ ਹੈ। ਬੇਬੇ ਬਾਪੂ ਹੱਥੀਂ ਮਿਹਨਤ ਨਾਲ ਤਿਆਰ ਕੀਤੇ ਤਾਣੇ-ਬਾਣੇ ਨੂੰ ਆਪਣੇ ਬੱਚਿਆਂ ਦੇ ਸਪੁਰਦ ਕਰਦੇ ਹਨ ਇਸੀ ਦਾ ਖਟਿਆਂ ਹੀ ਖਾਂਦੇ ਹਨ। ਬੇਬੇ ਬਾਪੂ ਦੀ ਸੂਝ-ਬੂਝ ਦਾ ਫ਼ਾਇਦਾ ਲੈਣ ਵਾਲੀ ਔਲਾਦ ਲਈ ਬਜ਼ੁਰਗ ਸਹੀ ਅਰਥਾਂ ਵਿੱਚ ਵਿਹੜੇ ਦੀ ਰੌਣਕ ਬਣ ਜਾਂਦੇ ਹਨ।ਗੁਰਬਾਣੀ ਵਿੱਚ ਫੁਰਮਾਨ ਮਿਲਦਾ ਹੈ, “ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨੁ, ਅਕਲੀ ਪੜ ਕੈ ਬੁਝੀਐ ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਇਹੋ ਹੋਰ ਗਲਾ ਸੈਤਾਨ”।
ਬੇਬੇ ਬਾਪੂ ਕਿਰਤ ਅਤੇ ਸਬਰ ਦਾ ਅਧਿਆਏ ਹੁੰਦੇ ਹਨ ਇਹ ਵਿਹੜੇ ਦੀ ਰੌਣਕ ਬਣਨ ਤੋਂ ਪਹਿਲਾਂ ਬਿਖੜੇ ਪੈਂਡਿਆਂ ਦੇ ਰਾਹਾਂ ਤੋਂ ਰਸਤਾ ਤੈਅ ਕਰਦੇ ਹਨ ਤਾਂ ਜਾ ਕੇ ਬੇਬੇ ਬਾਪੂ ਦੀ ਮੰਜ਼ਿਲ ਪ੍ਰਾਪਤ ਕਰਦੇ ਹਨ। ਬੇਬੇ ਬਾਪੂ ਜੀਉਂਦੀ ਜਿੰਦਗਾਨੀ ਦਾ ਅਜਿਹਾ ਵਰਕਾ ਹੈ ਕਿ ਇਹ ਖਿਤਾਬ ਬੁਢਾਪੇ ਵਿੱਚ ਮਿਲਦਾ ਹੈ , ਅਫ਼ਸੋਸ ਬੁਢਾਪਾ ਆਉਂਦਾ ਹੈ ਪਰ ਜਾਂਦਾ ਨਹੀਂ। ਬੇਬੇ ਬਾਪੂ ਘਰ ਦੀ ਰੌਣਕ ਅਤੇ ਚਿਰਾਗ ਵਾਂਗ ਵਿਹੜੇ ਵਿੱਚ ਰੋਸ਼ਨੀ ਦਿੰਦੇ ਹਨ ਇਸ ਲਈ ਬਜ਼ੁਰਗ ਬੇਬੇ ਬਾਪੂ ਦੀ ਸੁੰਦਰਤਾ ਕਿਸੇ ਪਵਿੱਤਰ ਸਥਾਨ ਅੰਦਰ ਜਗਦੀ ਹੋਈ ਚਿੱਟੀ ਮੋਮਬੱਤੀ ਵਰਗੀ ਹੁੰਦੀ ਹੈ। ਸਚਮੁੱਚ ਹੀ ਬੇਬੇ ਬਾਪੂ ਸਮਾਜਿਕ ਢਾਂਚੇ ਵਿੱਚ ਪਰਿਵਾਰ ਦੇ ਵਿਹੜੇ ਦੀ ਇੱਕ ਪਵਿੱਤਰ ਰੌਣਕ ਹੁੰਦੇ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445
ਦਿਲਜੀਤ ਨੇ ਦਿਲ ਜਿੱਤਿਆ - ਸੁਖਪਾਲ ਸਿੰਘ ਗਿੱਲ
ਸਰਦਾਰ ਜੀ 3 ਨਾਲ ਦੁਨੀਆਂ ਚ ਸਰਦਾਰੀ ਕਾਇਮ ਕਰਨ ਵਾਲਾ ਦਿਲਜੀਤ ਵਾਕਿਆ ਹੀ ਸਮੁੱਚੇ ਪੰਜਾਬੀਆਂ ਦਾ ਦਿਲ ਜਿੱਤ ਚੁੱਕਿਆ ਹੈ।ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਹਨਾਂ ਵਲੋਂ ਦੇਸ਼ ਪ੍ਰੇਮ ਦਾ ਸਬੂਤ ਦਿੱਤਾ ਜਾ ਚੁੱਕਾ ਹੈ ਇਸ ਨਾਲ ਉਹਨਾਂ ਦੀ ਦੇਸ਼ ਵਿੱਚ ਸਾਖ ਬਹੁਤ ਵਧੀ ਸੀ। ਮੋਦੀ ਸਾਹਿਬ ਅਤੇ ਦਿਲਜੀਤ ਮੁਲਾਕਾਤ ਸਮੇਂ ਫੱਬੇ ਵੀ ਬਹੁਤ ਸਨ। ਹੁਣ ਬੇਤੁਕਾ ਰੌਲਾ ਪੰਜਾਬੀਆਂ ਨੇ ਰੋਲ ਦਿੱਤਾ ਹੈ। ਦਿਲਜੀਤ ਹੋਰ ਵੀ ਨਿੱਖਰ ਗਿਆ।"ਪੰਜਾਬੀ ਆ ਗਏ ਓਏ" ਅਤੇ "ਸਤਿ ਸ੍ਰੀ ਆਕਾਲ" ਦੀ ਗੂੰਜ ਜਦ ਜਿੰਮੀ ਫੈਲਨ ਦੇ ਸ਼ੋਅ ਵਿੱਚ ਪਈ ਤਾਂ ਦਿਲਜੀਤ ਨੇ ਮੁਹੰਮਦ ਇਕਬਾਲ ਦਾ ਸ਼ੇਅਰ ਯਾਦ ਕਰਵਾ ਦਿੱਤਾ,"ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਹਿਰੀਰ ਸੇ ਪਹਿਲੇ,
ਖ਼ੁਦਾ ਬੰਦੇ ਸੇ ਖੁਦ ਪੂਛੇ,ਬਤਾ ਤੇਰੀ ਰਜ਼ਾ ਕਿਆ ਹੈ?
ਆਪਣੀ ਸ਼ਖ਼ਸੀਅਤ ਨੂੰ ਲਗਭਗ ਬੀਹ ਬਾਈ ਸਾਲ ਦੀ ਤਪੱਸਿਆ ਤੋਂ ਬਾਅਦ ਆਲਮੀ ਪੱਧਰ ਤੇ ਉਭਾਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੀ ਤਕਦੀਰ ਆਪ ਲਿਖਣ ਦਾ ਤਰੀਕਾ ਇਹ ਦੱਸਿਆ ਕਿ ਆਪਾ ਅਤੇ ਆਪਣੀ ਜਗ੍ਹਾ ਨਾ ਭੁੱਲੋ। ਅਸੀਂ ਤਾਂ ਹਾਂ, ਜੇ ਸਾਡੇ ਅੰਦਰ ਪੰਜਾਬ ਹੈ। ਇਹਨਾਂ ਗੱਲਾਂ ਨੂੰ ਅੱਜ ਪੁਖਤਾ ਸਬੂਤ ਵਜੋਂ ਦਿਲਜੀਤ ਨੇ ਸਥਾਪਿਤ ਕਰ ਦਿੱਤਾ ਹੈ।ਇਸ ਤੋਂ ਇਲਾਵਾ ਪੰਜਾਬੀਅਤ ਲਈ ਅੰਦਰੋਂ ਨਵੀਂ ਪੀੜ੍ਹੀ ਵਿੱਚ ਨਵੀਂ ਨਕੋਰ ਰੂਹ ਪੈਦਾ ਕਰ ਦਿੱਤੀ।
6 ਜਨਵਰੀ 1984 ਨੂੰ ਦੁਸਾਂਝ ਕਲਾਂ ਜਲੰਧਰ ਵਿਖੇ ਪੈਦਾ ਹੋ ਕੇ ਮਾਂ ਸੁਖਵਿੰਦਰ ਕੌਰ ਦੀ ਕੁੱਖ ਨੂੰ ਸੁਲੱਖਣੀ ਕਰ ਦਿੱਤਾ।ਜਨਮ ਤੋਂ ਥੌੜਾ ਬਾਅਦ ਲੁਧਿਆਣਾ ਆ ਕੇ ਆਪਣੀ ਅੰਦਰੂਨੀ ਕਲਾ ਨੂੰ ਉਜਾਗਰ ਕਰ ਕੇ ਸੰਗੀਤ ਦੀ ਦੁਨੀਆਂ ਵਿੱਚ ਪੈਰ ਧਰ ਲਿਆ।ਬਸ ਫਿਰ ਚੱਲ ਸੋ ਚੱਲ। ਉਸਦੀ ਲਗਨ ਮਿਹਨਤ ਅੱਗੇ ਪੈਸਾ ਆਪਣੇ ਆਪ ਸਲਾਮ ਕਰਨ ਲੱਗਿਆ।2024 ਵਿੱਚ ਊੜਾ ਐੜਾ ਐਲਬਮ ਨਾਲ "ਨੱਚਦੀਆਂ ਅੱਲੜ ਕੁਆਰੀਆਂ""ਪੱਗਾਂ ਬੋਚਵੀਆਂ ਵਾਲੇ" ਨਾਲ ਜੀਵਨ ਦੀ ਸ਼ੁਰੂਆਤ ਕੀਤੀ ਪਾਰੀ ਨਾਲ ਹਰਫ਼ਨਮੌਲਾ ਗਾਇਕ ਬਣ ਗਿਆ। ਅਨੇਕਾਂ ਫਿਲਮਾਂ, ਗਾਣੇ ਅਤੇ ਹੋਰ ਰੰਗ ਮੰਚ ਰਾਹੀਂ ਹੁੰਦਾ ਹੋਇਆ ਚਮਕੀਲਾ ਅਤੇ ਜੱਟ ਐਂਡ ਜੂਲੀਅਟ 3 ਤੱਕ ਪੁੱਜ ਗਿਆ। ਥੌੜੀ ਕਸ਼ਮਕਸ਼ ਹੋਵੇ ਤਾਂ ਨਿਭ ਜਾਣ ਦਾ ਗੁਣ ਵੀ ਰੱਖਦਾ ਹੈ।2011ਤੋਂ ਪੰਜਾਬੀ ਫ਼ਿਲਮਾਂ ਨੂੰ ਫ਼ਿਲਮਾ ਕੇ ਨਵੀਂ ਪੀੜ੍ਹੀ ਨੂੰ ਨਵੇਂ ਸੁਪਨੇ ਅਤੇ ਸੁਨੇਹੇ ਦੇਣ ਵਾਲਾ ਪੰਜਾਬ ਨੂੰ ਮਹਿਕਾਉਣ ਲੱਗਿਆ ਹੋਇਆ ਹੈ। ਪੰਜਾਬ ਲਈ ਕੋਈ ਸਮਝੌਤਾ ਕਬੂਲ ਨਹੀਂ ਕੀਤਾ ਆਪਣੀ ਸਰਦਾਰੀ ਕਾਇਮ ਰੱਖੀ। ਪੰਜਾਬ ਦੀ ਸ਼ਾਨ ਪੱਗ ਨੂੰ ਦੁਨੀਆਂ ਵਿੱਚ ਅਤੇ ਫ਼ਿਲਮ ਖੇਤਰ ਵਿੱਚ ਵੱਖਰੀ ਪਛਾਣ ਦਿੱਤੀ। ਚਮਕੀਲਾ ਫ਼ਿਲਮ ਵਿੱਚ ਪੱਗ ਤੋਂ ਬਿਨਾਂ ਹੋਈ ਖਟਾਸ,ਮਿਠਾਸ ਵਿੱਚ ਤਾਂ ਬਦਲੀ ਕਿਉਂਕਿ ਪਾਤਰ ਬਣਨ ਲਈ ਪਾਤਰਤਾ ਦਾ ਹੁਲੀਆ ਜ਼ਰੂਰੀ ਸੀ। ਪੱਗ ਨਾਲ ਫਿਲਮ ਹੋਰ ਵੀ ਖੂਬਸੂਰਤ ਬਣਨੀ ਸੀ। ਚਲੋ ਖੈਰ....। ਦਿਲਜੀਤ ਦੇ ਪੰਜਾਬੀ ਪਹਿਰਾਵੇ ਚਾਦਰਾ, ਝੱਗਾ ਅਤੇ ਪੱਗ ਵਿੱਚੋਂ ਪੰਜਾਬ ਦਿੱਖਦਾ ਹੈ।
ਨਵੀਂਆਂ ਪਈਆਂ ਧੁੰਮਾਂ ਨਾਲ ਦਿਲਜੀਤ ਨੇ ਨਵੀਂਆਂ ਸੁਗੰਧਾਂ, ਨਵੀਆਂ ਪੈੜਾਂ ਸਿਰਜੀਆਂ ਹਨ। ਤਾਜ਼ਾ ਸਿਖ਼ਰ ਦੀ ਉਦਾਹਰਨ ਅੰਡਾਨੀ ਅੰਬਾਨੀ ਵਿਆਹ ਵਿੱਚ ਪੰਜਾਬ ਨੂੰ ਪੇਸ਼ ਕਰਕੇ ਇੱਕ ਮਿਸਾਲ ਆਪਣੇ ਨਾਮ ਕਰ ਗਿਆ ਸੀ।2023 ਵਿੱਚ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਸੰਗੀਤ ਸਮਾਗਮ ਕੋਚੇਲਾ ਚ ਤਾਰੇ ਵਾਂਗ ਚਮਕਦਾ ਦਿੱਖਿਆ। ਹੁਣ ਜਿੰਮੀ ਫੈਲਨ ਤੇ ਦਿਲਜੀਤ ਨੇ ਇੱਕ ਦੂਜੇ ਨੂੰ ਜਿੱਤਿਆ, ਜਦੋਂ ਜਿੰਮੀ ਫੈਲਨ ਨੇ ਕਿਹਾ "ਦਿਲਜੀਤ ਇਸ ਗ੍ਰਹਿ ਉੱਤੇ ਸਭ ਤੋਂ ਵੱਡਾ ਪੰਜਾਬੀ ਕਲਾਕਾਰ ਹੈ" ਇੱਕ ਦੋ ਵਾਰ ਬਾਬਾ ਬੋਹੜ ਗੁਰਦਾਸ ਮਾਨ ਜੀ ਨਾਲ ਅਜਿਹਾ ਨਕਸ਼ਾ ਪੇਸ਼ ਕੀਤਾ ਕਿ ਖ਼ਾਬਾਂ ਵਿੱਚੋਂ ਅਸਲੀ ਤਸਵੀਰ ਉੱਭਰਦੀ ਨਜ਼ਰ ਆਈ। ਦਿਲਜੀਤ ਨੇ ਸਿੱਧ ਕਰ ਦਿੱਤਾ ਕਿ ਸੰਗੀਤ ਵਿਸ਼ਵਵਿਆਪੀ ਭਾਸ਼ਾ ਹੈ। ਦਿਲਜੀਤ ਦੀ ਪੇਸ਼ਕਾਰੀ ਨੇ ਸੰਗੀਤਮਈ ਮਾਹੌਲ ਜ਼ਰੂਰ ਸਿਰਜਿਆ। ਪੰਜਾਬ ਦੇ ਹੌਂਸਲੇ ਬੁਲੰਦ ਕੀਤੇ ਹਨ।ਇੱਕ ਗੱਲ ਹੋਰ ਹੈ ਦਿਲਜੀਤ ਦੋਸਾਂਝ ਨੇ ਸਦਭਾਵਨਾ ਅਤੇ ਭਾਈਚਾਰਕ ਚਾਹਤ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ। ਪਰਉਪਕਾਰੀ ਸੁਭਾਅ ਅਤੇ ਸਾਦਗੀ ਵੀ ਦਿਲਜੀਤ ਦੀ ਦਿਲਚਸਪੀ ਹੁੰਦੀ ਹੈ।
ਦਿਲਜੀਤ ਦੋਸਾਂਝ ਦਾ ਸੰਗੀਤ ਹੈਵਾਨ ਨੂੰ ਇਨਸਾਨ ਬਣਾਉਣ , ਆਤਮਾ ਦੀ ਮੈਲ ਧੋਣ, ਸਮਾਜਿਕ ਏਕਤਾ ਅਤੇ ਸਾਂਝੀਵਾਲਤਾ ਦਾ ਸਬਕ ਸਿਖਾਉਂਦਾ ਹੈ। ਕਿਸਾਨਾਂ ਨੂੰ ਅੰਦੋਲਨ ਸਮੇਂ ਇੰਨਾ ਭਾਵਨਾਤਮਕ ਸੁਨੇਹਾ ਦੇ ਕੇ ਪੰਜਾਬ ਦੀਆਂ ਮਾਵਾਂ ਵਿਰੁੱਧ ਬੋਲਣ ਵਾਲਿਆਂ ਦੀ ਬੋਲਤੀ ਬੰਦ ਕਰਵਾਈ।"ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਹਨ, ਖੱਖਰਾਂ ਨੂੰ ਛੇੜਨ ਨਾਲੋਂ ਗੂਗਲ ਕਰ ਲਿਆ ਕਰੋ" ਦਿਲਜੀਤ ਦੀ ਇਸ ਸੋਚ ਅਤੇ ਸੁਨੇਹੇ ਦੇ ਪ੍ਰਭਾਵ ਅੱਜ ਵੀ ਦਿਖਦੇ ਹਨ। ੳਸ ਸਮੇਂ ਉਸ ਨੇ ਇਨਸਾਫ਼ ਨੂੰ ਸਰਕਾਰ ਦਾ ਮੰਤਵ ਬਣਾਉਣ ਲਈ ਲਹਿਰ ਨੂੰ ਉਭਾਰਨ ਵਿੱਚ ਪੰਜਾਬ ਦਾ ਪੁੱਤਰ ਹੋਣ ਦਾ ਸਬੂਤ ਦਿੱਤਾ ਸੀ।ਦਿਲਜੀਤ ਪੰਜਾਬ ਲਈ "ਉੱਠੇ ਪੁੱਤਰ ਗਿਆ ਦਲਿੱਦਰ" ਨੂੰ ਨਵੇਂ ਰੂਪ ਵਿੱਚ ਰੂਪਮਾਨ ਕਰ ਰਿਹਾ ਹੈ। ਹੁਣ ਤਾਜ਼ਾ ਇੰਟਰਵਿਊ ਵਿੱਚ ਦਿਲਜੀਤ ਨੇ ਸੰਭਾਨਾਵਾਂ ਦਾ ਅੰਤ ਕਰਕੇ ਕਹਿ ਦਿੱਤਾ "ਪੰਜਾਬੀ ਭਾਸ਼ਾ ਕਰਕੇ ਮੈਂ ਇੱਥੇ ਪੁੱਜਾ ਹਾਂ, ਮੇਰੇ ਲਈ ਪੰਜਾਬ ਦੀ ਮਿੱਟੀ ਸਭ ਕੁਝ ਹੈ" ਇੱਕ ਵਾਰ ਫਿਰ ਪੰਜਾਬ ਪੰਜਾਬੀ ਪੰਜਾਬੀਅਤ ਲਈ ਜਨੂੰਨ ਅਤੇ ਪਿਆਰ ਨੂੰ ਤਰੋਤਾਜ਼ਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਦਾ ਸ਼ਿੰਗਾਰ ਵੀ ਦਿਲਜੀਤ ਬਣਿਆ ਹੋਇਆ ਹੈ।
ਅੱਜ ਦਿਲਜੀਤ ਨੇ ਸਰਦਾਰ ਜੀ 3 ਨਾਲ ਦੁਨੀਆਂ ਵਿੱਚ ਪੰਜਾਬੀਆਂ ਦਾ ਝੰਡਾ ਗੱਡ ਦਿੱਤਾ ਹੈ।ਦਿਲਜੀਤ ਦੀ ਕਲਾ ਹੀ ਉਸ ਨੂੰ ਜੀਵਨ ਦੀ ਸੁਚੱਜੀ ਸ਼ਕਤੀ ਦਿੰਦੀ ਹੈ।ਇਸ ਮਾਣਮੱਤੀ ਸ਼ਖ਼ਸੀਅਤ ਨੇ ਦੱਸ ਦਿੱਤਾ ਹੈ ਕਿ "ਸੱਚੀ ਕਲਾ ਗੁਲਾਮੀ ਲਾਹ ਕੇ ਕਰਕੇ ਸੱਚੀ ਮਹਾਨਤਾ ਦਿੰਦੀ ਹੈ" ਅੱਜ ਪੰਜਾਬ ਦਾ ਜਾਇਆ ਦਿਲਜੀਤ ਸਾਰੀਆਂ ਭਾਸ਼ਾਈ, ਖਿੱਤਿਆਂ ਅਤੇ ਕੱਟੜਤਾ ਦੀਆਂ ਰੁਕਾਵਟਾਂ ਨੂੰ ਕਲਾਂ, ਕਲਮ, ਅਵਾਜ਼ ਅਤੇ ਸ਼ਖ਼ਸੀਅਤ ਨਾਲ ਪਾਰ ਕਰਕੇ ਆਲਮੀ ਪੱਧਰ ਤੇ "ਪੰਜਾਬੀਆਂ ਦੀ ਸ਼ਾਨ ਵੱਖਰੀ" ਦਾ ਸਬੂਤ ਅਤੇ ਸੁਨੇਹਾ ਦੇ ਰਿਹਾ ਹੈ।ਪੰਜਾਬੀਅਤ ਦਾ ਸੁਨੇਹਾ ਹੈ ਕਿ ਡੱਟਿਆ ਰਹਿ ਪੁਤਰਾ ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਜੈ ਜਵਾਨ ਜੈ ਕਿਸਾਨ ਜੈ ਵਿਗਿਆਨ - ਸੁਖਪਾਲ ਸਿੰਘ ਗਿੱਲ
ਆਪਣੇ ਦੇਸ਼ ਤੋਂ ਵੱਧ ਕੇ ਆਪਣਾ ਕੋਈ ਨਿਕਟ ਸੰਬੰਧੀ ਅਤੇ ਮਿੱਤਰ ਨਹੀਂ ਹੁੰਦਾ। ਉਧਰ ਦੇਸ਼ ਭਗਤ ਦਾ ਖੂਨ ਸੁਤੰਤਰਤਾ ਅਤੇ ਪ੍ਰਭੂਸੱਤਾ ਦੇ ਰੁੱਖ ਦਾ ਬੀਜ ਹੁੰਦਾ ਹੈ। ਇਹ ਵੀ ਸੱਚ ਹੈ ਕਿ ਭੁੱਖੇ ਢਿੱਡ ਨਾਲ ਦੇਸ਼ ਭਗਤ ਨਹੀਂ ਬਣਿਆ ਜਾ ਸਕਦਾ। ਦੇਸ਼ ਦੀ ਰਾਖੀ ਲਈ ਚਾਰੇ ਪਾਸਿਓ ਅਤੇ ਸਾਰੇ ਪੱਖਾਂ ਤੋਂ ਘੇਰਾਬੰਦੀ ਜਰੂਰੀ ਹੁੰਦੀ ਹੈ। ਇਸੇ ਲਈ ਕੋਈ ਸਿਧਾਂਤ ਪੇਸ਼ ਕਰਨ ਲਈ ਪਿੱਛੇ ਵੱਡੀ ਵਿਰਾਸਤ ਹੁੰਦੀ ਹੈ। ਕਹਾਵਤ ਵੀ ਹੈ ਕਿ ਸਿਧਾਂਤ ਪੇਸ਼ ਕਰਨ ਲਈ ਪਹਿਲਾਂ ਇਸ ਦੇ ਨਤੀਜਿਆਂ ਬਾਰੇ ਸੋਚਿਆ ਜਾਂਦਾ ਹੈ। ਇਸ ਲਈ ਇਹ ਪੁਖਤਾ ਬਣਦੇ ਹਨ। ਗੱਲ ਕਰੀਏ “ ਜੈ ਜਵਾਨ , ਜੈ ਕਿਸਾਨ, ਜੈ ਵਿਗਿਆਨ” ਜੇ ਸਫਰ ਦੀ ।
ਗੁਲਾਮੀ ਦੇ ਜੁੱਲੜ ਲਾਹੁਣ ਤੋਂ ਬਾਅਦ ਦੇਸ਼ ਕਈ ਤਰ੍ਹਾਂ ਦੇ ਦੌਰਾਂ ਵਿੱਚੋਂ ਲੰਘਿਆ। ਆਜ਼ਾਦੀ ਤੋਂ ਬਾਅਦ ਤਿੰਨ ਜੰਗਾਂ 1962 ਵਿੱਚ ਚੀਨ ਨਾਲ , 1965 ਵਿੱਚ ਪਾਕਿਸਤਾਨ ਨਾਲ ਅਤੇ 1971 ਵਿੱਚ ਪਾਕਿਸਤਾਨ ਨਾਲ ਲੜੀਆਂ ਗਈਆਂ। ਨਤੀਜਾ ਠੀਕ ਰਿਹਾ। ਪਰ ਫਿਰ ਵੀ ਕਈ ਪੱਖਾਂ ਤੋਂ ਲੋੜ ਮਹਿਸੂਸ ਕੀਤੀ ਜੋ ਸਮੇਂ ਦੀ ਚਾਲ ਨਾਲ ਪੂਰੀ ਕੀਤੀ ਜਾਂਦੀ ਰਹੀ। ਦੇਸ਼ ਨੂੰ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦੀ ਬੇਹੱਦ ਲੋੜ ਸੀ। ਭੁੱਖਮਰੀ ਤੋਂ ਬਚਾ ਕੇ ਅਤੇ ਦੁਸ਼ਮਣ ਤੋਂ ਬਚਾ ਕੇ ਰੱਖਣਾ ਰਾਜਨੀਤਿਕ ਵਰਗ ਦਾ ਮੁੱਢਲਾ ਫਰਜ਼ ਹੈ। ਇਸ ਦੇ ਨਾਲ ਹਰ ਦੇਸ਼ ਵਾਸੀ ਦਾ ਵੀ ਇਹੀ ਫਰਜ਼ ਹੈ। “ ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ” ਦੇ ਸਿਧਾਂਤ ਅਨੁਸਾਰ 1970 ਦੇ ਨੇੜੇ ਤੇੜੇ ਹਰੀ ਕ੍ਰਾਂਤੀ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕੀਤਾ। ਸਮੇਂ ਅਨੁਸਾਰ ਇਸਦੀ ਇੰਨੀ ਲੋੜ ਸੀ ਕਿ ਇਸਦੇ ਉਸ ਸਮੇਂ ਨਾਂਹ ਪੱਖੀ ਪ੍ਰਭਾਵ ਵਿਚਾਰੇ ਹੀ ਨਹੀਂ ਗਏ। ਇਸ ਨਾਲ ਅਨਾਜ ਪੱਖੋਂ ਦੇਸ਼ ਦੇ ਭੰਡਾਰ ਭਰ ਦਿੱਤੇ ਗਏ। ਇਹਨਾਂ ਪਿੱਛੇ ਕਿਸਾਨ ਦੀ ਸਖ਼ਤ ਮਿਹਨਤ ਅਤੇ ਭਾਵਨਾ ਸੀ। ਤਿੰਨ ਜੰਗਾਂ ਦੇ ਝੰਬਿਆਂ ਨੂੰ ਬਾਹਰੀ ਬਚਾਓ ਲਈ ਜਵਾਨ ਦੀ ਤਾਕਤ ਦੀ ਲੋੜ ਸੀ। ਇਸ ਸਭ ਕਾਸੇ ਨੂੰ ਦੇਖਦੇ ਹੋਏ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ “ ਜੈ ਜਵਾਨ, ਜੈ ਕਿਸਾਨ ” ਦਾ ਨਾਅਰਾ ਦਿੱਤਾ। ਇਸ ਨਾਅਰੇ ਨਾਲ ਦੇਸ਼ ਦਾ ਕਿਸਾਨ ਅਤੇ ਜਵਾਨ ਉਤਸੁਕ ਹੋਇਆ ਅਤੇ ਉਤਸ਼ਾਹ ਨਾਲ ਦੇਸ਼ ਪ੍ਰੇਮ ਵਿੱਚ ਜੁੱਟ ਗਿਆ। ਨਾਲ ਹੀ ਦੇਸ਼ ਹਰ ਪੱਖੋਂ ਆਤਮ ਨਿਰਭਰ ਹੋਣ ਦੀ ਰਾਹ ਪਿਆ। ਇਹ ਨਾਅਰਾ ਭਾਰਤ ਦੀ ਰੂਹ ਲਈ ਰਾਮ ਬਾਣ ਸਾਬਤ ਹੋਇਆ।
ਭਾਰਤ ਸਰਕਾਰ ਨੇ ਕਿਸਾਨਾਂ ਲਈ ਤਿੰਨ ਕਾਨੂੰਨ ਬਣਾਏ। ਬਣਾਉਣ ਵਾਲਾ ਕਹਿੰਦਾ ਕਿ ਇਹਨਾਂ ਦਾ ਫਾਇਦਾ ਹੈ ਜਿਨ੍ਹਾਂ ਲਈ ਬਣਾਏ ਉਹ ਕਹਿੰਦੇ ਸਾਡੇ ਲਈ ਨੁਕਸਾਨ ਹੈ। ਇਹ ਵਰਤਾਰਾ ਅੰਦੋਲਨ ਵਿੱਚ ਬਦਲ ਗਿਆ। ਆਖਰ ਸਮੇਂ ਦੀ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਹ ਕਾਨੂੰਨ ਵਾਪਸ ਲੈ ਲਏ ਕਿਸਾਨੀ ਭਾਵਨਾਵਾਂ ਦੀ ਕਦਰ ਕਰਕੇ ਜੈ ਕਿਸਾਨ ਕਰ ਦਿੱਤਾ। ਸਮੇਂ ਦਾ ਹਾਣੀ ਬਣਨਾ ਜਰੂਰੀ ਹੈ ਅੱਜ ਦੇ ਵਿਗਿਆਨਕ ਯੁੱਗ ਵਿੱਚ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਨੇ ਪੋਖਰਨ ਵਿੱਚੋਂ ਉਪਜੇ ਵਿਗਿਆਨ ਨੂੰ “ਜੈ ਜਵਾਨ ਜੈ ਕਿਸਾਨ ਜੈ ਵਿਗਿਆਨ” ਤਹਿਤ ਲੜੀ ਵਿੱਚ ਪਰੋ ਕੇ ਵਾਧਾ ਕੀਤਾ। ਇਸ ਦੀ ਸਮੇਂ ਅਨੁਸਾਰ ਭਾਰੀ ਲੋੜ ਸੀ। ਵਿਗਿਆਨ ਨਾਲ ਦੁਸ਼ਮਣ ਨੂੰ ਭਜਾਉਣਾ ਸੋਖਾ ਹੋ ਗਿਆ। ਵਿਗਿਆਨਕ ਯੁੱਗ ਵਿੱਚ ਨਵੇਂ-ਨਵੇਂ ਹਥਿਆਰਾਂ ਦੀ ਖਰੀਦ ਅਤੇ ਖੋਜ ਹੋਈ। ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦਾ ਨਾਅਰਾ ਨਵੇਂ ਰੂਪ ਵਿੱਚ ਅਟੱਲ ਹੋ ਗਿਆ “ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ” ਅੱਜ ਦੇ ਹਲਾਤਾਂ ਅਨੁਸਾਰ ਇਹ ਨਾਅਰਾ ਪ੍ਰੇਰਨਾ ਸਰੋਤ ਅਤੇ ਜੋਸ਼ ਭਰਭੂਰ ਹੈ। ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਗਿਆਨ ਦੇ ਨਾਲ ਵਿਗਿਆਨ ਦਾ ਹੋਣਾ ਵੀ ਜਰੂਰੀ ਹੈ। ਵਿਗਿਆਨ ਕਈ ਬਿਮਾਰੀਆਂ ਦਾ ਹੱਲ ਕਰਦਾ ਹੈ। ਸ਼੍ਰੀ ਚੰਦਰ ਸ਼ੇਖਰ ਵੈਕਟਾਰਮਨ ਵਿਗਿਆਨੀ ਨੇ ਸੁਨੇਹਾ ਦਿੱਤਾ ਸੀ“ਵਿਗਿਆਨ ਦਾ ਸਾਰ ਉਪਕਰਨ ਨਹੀਂ ਸਗੋਂ ਸੁਤੰਤਰ ਸੋਚ ਅਤੇ ਮਿਹਨਤ ਹੈ ”। ਇਸ ਨਵੇਂ ਨਾਅਰੇ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿਕ ਰਚਨਾ ਮੂੰਹੋਂ ਨਿਕਲਦੀ ਹੈ “ ਆਓ ਹਿੰਦੀਏ ਹਲ ਛੋਹੀਏ , ਕੋਈ ਇਸ਼ਕ ਦਾ ਤਿਖੜਾ ਤਾਲ ਵਲੇ, ਪਰਦੇ ਚਾਈਏ ਘੂੰਗਟ ਲਾਹੀਏ, ਨੱਚੀਏ ਨਾਲੋਂ ਨਾਲ ਵਲੇ, ਦੇਸ਼ ਪਿਆਰ ਦੀ ਮਦਰਾ ਪੀ ਕੇ , ਹੋਈਏ ਮਸਤ ਬੇਹਾਲ ਵਲੇ” ਇਸ ਨਾਅਰੇ ਨੇ ਇਸ ਤੱਥ ਨੂੰ ਪੁਖਤਾ ਹੈ ਕਿ ਨਾਅਰੇ , ਲੋਕ ਤੱਥ ਅਤੇ ਸਾਹਿਤ ਸਮੇਂ ਦੇ ਹਾਲਾਤ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚੋਂ ਉਪਜਦੇ ਹਨ। ਇਸੇ ਲਈ ਜੈ ਜਵਾਨ ਤੋਂ ਜੈ ਵਿਗਿਆਨ ਤੱਕ ਦਾ ਪੈਂਡਾਂ ਸਮੇਂ ਦੇ ਹਾਲਾਤਾਂ ਤੇ ਨਿਰਭਰ ਹੋ ਕੇ ਆਪ ਮੁਹਾਰੇ ਹੀ ਉਪਜਿਆ।
ਸਾਡੇ ਜਵਾਨਾਂ ਅਤੇ ਗਿਆਨਵਾਨ ਦੇਸ਼ ਵਾਸੀਆਂ ਨੂੰ ਇਸ ਨਾਅਰੇ ਨੇ ਜੋਸ਼ ਵਰਧਕ ਕੀਤਾ। ਅੱਜ ਇਹਨਾਂ ਦੇ ਜਿਹਨ ਵਿੱਚ ਇੱਕ ਹੀ ਗੱਲ ਹੈ ਕਿ ਇਹ ਕਥਨ ‘ਹੇਲ’ ਦੇ ਨੁਕਤੇ ਨੂੰ ਪਿੰਡੇ ਤੇ ਹੰਢਾਂ ਰਹੇ ਹਨ। ਕਥਨ ਹੈ ਕਿ “ ਮੈਨੂੰ ਕੇਵਲ ਇਹ ਹੀ ਅਫਸੋਸ ਹੈ ਕਿ ਮੇਰੇ ਪਾਸ ਦੇਸ਼ ਤੋਂ ਵਾਰਨ ਲਈ ਕੇਵਲ ਇੱਕ ਹੀ ਜੀਵਨ ਹੈ”। ਸਾਡੇ ਜਵਾਨ ਕਿਸਾਨ ਹਾਲਾਤ ਤੋਂ ਭੱਜਦੇ ਨਹੀਂ ਸਗੋਂ ਇਹਨਾਂ ਦੇ ਮਨ ਵਿੱਚ ਇਹ ਗੱਲ ਖਾਸ ਘਰ ਕਰ ਗਈ ਹੈ ਕਿ ਹਾਲਾਤ ਦਾ ਸਾਮ੍ਹਣਾ ਬਹਾਦਰੀ ਤੇ ਦਿਲ ਨਾਲ ਹੋਵੇਗਾ। ਇਹ ਨਾਅਰਾ ਜਦੋਂ ਜੰਗ ਦੇ ਦਿਨਾਂ ਵਿੱਚੋਂ ਗੁਜ਼ਰਦਾ ਹੈ ਤਾਂ ਦੇਸ਼ ਪ੍ਰੇਮ ਦੀ ਤਾਨ ਆਪਣੇ ਸ਼ੀਨੇ ਛਿੜਨ ਲੱਗਦੀ ਹੈ। ਸ਼ਹੀਦਾਂ ਦੀ ਯਾਦ ਅਤੇ ਤਾਬੂਤ ਦੇਖ ਕੇ ਇਹ ਸੁਨੇਹਾ ਯਾਦ ਆਉਂਦਾ ਹੈ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ , ਕਿਤੇ ਦਿਲਾਂ ਤੋਂ ਨਾ ਭੁੱਲਾ ਦੇਣਾ , ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ , ਸਾਨੂੰ ਦੇਖ ਕੇ ਨਾ ਘਬਰਾ ਜਾਣਾ , ” । ਜੈ ਜਵਾਨ , ਜੈ ਕਿਸਾਨ , ਜੈ ਵਿਗਿਆਨ ਦਾ ਨਾਅਰਾ ਹਰ ਭਾਰਤੀ ਦੇ ਦਿਲ ਵਿੱਚ ਲਗਨ ਪੈਦਾ ਕਰਦਾ ਹੈ “ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆ ਨੇ , ਜਿਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ”
ਹਰ ਰੋਜ਼ ਫੋਜੀ ਜਵਾਨ ਆਪਣੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਾ ਹੈ “ ਸੋਂ ਜਾਓ ਹਿੰਦ ਵਾਸੀਓ ,ਤੁਸੀਂ ਭਾਰਤ ਮਾਤਾ ਦੀ ਗੋਦ ਦਾ ਨਿੱਘ ਮਾਣੋ ,ਮੈਂ ਬਾਰਡਰ ਤੇ ਜਾਗਦਾ ਹੋਇਆ ਤੁਹਾਡੀ ਹਿਫਾਜ਼ਤ ਲਈ ਖੜ੍ਹਾ ਹਾਂ ” ਇਨ੍ਹਾਂ ਨਾਲ ਹਰ ਭਾਰਤੀ ਦਾ ਸੀਨਾ ਗਰਬ ਨਾਲ ਚੌੜਾ ਹੋ ਜਾਂਦਾ ਹੈ ਕਿ ਅਸੀਂ ਫੌਜ਼ੀ ਵੀਰਾਂ ਦੇ ਸਿਰ ਤੇ ਸੁਰੱਖਿਅਤ ਹਾਂ। ਕਿਸਾਨ ਅਤੇ ਜਵਾਨ ਹਮੇਸ਼ਾ ਆਸ਼ਾਵਾਦੀ ਰਹਿੰਦੇ ਹਨ। ਇੱਕ ਖੇਤੀਬਾੜੀ ਕਰਦਾ ਹੈ ਦੂਜਾ ਦੇਸ਼ ਦੀ ਰਾਖੀ ਕਰਦਾ ਹੈ। ਕਿਸਾਨ ਦਾ ਟੀਚਾ ਫ਼ਸਲ ਨੂੰ ਘਰ ਲਿਆਉਣਾ ਅਤੇ ਸਾਂਭਣਾ ਹੈ ਜਦ ਕਿ ਜਵਾਨ ਦਾ ਟੀਚਾ ਦੇਸ਼ ਨੂੰ ਦੁਸ਼ਮਣ ਤੋਂ ਬਚਾ ਕੇ ਰੱਖਣਾ ਹੈ। ਦੋਵੇਂ ਜ਼ੋਖਿਮ ਹੰਢਾ ਕੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਿੰਦੇ ਹਨ। ਵਿਗਿਆਨ ਦਾ ਟੀਚਾ ਹੈ ਕਿ ਦੋਵਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣੇ। ਅਸਲ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਚਾਹਤ ਨਾਲ ਜ਼ੋਖਿਮ ਉਠਾਉਣ ਦਾ ਫੈਸਲਾ ਕੀਤਾ ਹੈ ਉਹ ਹੀ ਸੱਚਾ ਜਵਾਨ ਅਤੇ ਕਿਸਾਨ ਹੈ। ਜਵਾਨ ਅਤੇ ਕਿਸਾਨ ਆਪਣੇ ਨਿੱਜੀ ਸਵਾਰਥ ਅਤੇ ਮੁਫਾਦਾਂ ਤੋਂ ਉੱਪਰ ਉੱਠ ਕੇ ਆਪਣੇ ਕਿੱਤੇ ਅਤੇ ਕਰਮ ਵਿੱਚ ਖੁੱਭੇ ਰਹਿੰਦੇ ਹਨ। ਦੋਵੇਂ ਜਮਾਤਾਂ ਅਜਿਹੀਆਂ ਹਨ ਜੋ ਆਪਣੀ ਕਿਸਮਤ ਅਤੇ ਤਕਦੀਰ ਆਪ ਘੜ੍ਹਦੀਆਂ ਹਨ। ਜਿੰਮਾ ਵੀ ਆਪ ਹੀ ਲੈਂਦੀਆਂ ਹਨ ਹਰ ਭਾਰਤੀ ਜੋ ਜਵਾਨ ਅਤੇ ਕਿਸਾਨ ਦੀ ਸ਼ਾਨ ਨੂੰ ਉੱਚੀ ਨਹੀਂ ਕਰਦਾ ਉਹ ਅਸੱਭਿਅਕ ਹੈ। ਹਰ ਭਾਰਤੀ ਦਾ ਫ਼ਰਜ਼ ਹੈ ਕਿ ਦੇਸ਼ ਦੇ ਜਵਾਨ ਅਤੇ ਕਿਸਾਨ ਨੂੰ ਸੱਚੇ ਸਮਝ ਕੇ ਇਨ੍ਹਾਂ ਦਾ ਆਦਰ ਮਾਣ ਕਰਨਾ। ਇਹ ਵੀ ਸਮਝਣਾ ਚਾਹੀਦਾ ਹੈ ਕਿ ਪ੍ਰਸਥਿਤੀਆਂ ਦੇ ਅਸਰ ਤੋਂ ਕੋਈ ਵੀ ਬਚ ਨਹੀਂ ਸਕਦਾ। ਕਿਸਾਨ ਅਤੇ ਜਵਾਨ ਦੋਵੇਂ ਕੌਮਾਂ ਕਾਨੂੰਨ ਦੀਆਂ ਅਤੇ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਅਤੇ ਪੂਰਤੀ ਕਰਦੀਆਂ ਹਨ। ਅਗਿਆਤ ਨੇ ਕਿਹਾ ਸੀ “ ਜਿਸਦੇ ਦਿਲ ਵਿੱਚ ਦੇਸ਼ ਦਾ ਦਰਦ ਨਹੀਂ , ਮੈਂ ਤੇ ਕਹਾਂਗਾਂ ਕਿ ਓਹ ਇਨਸਾਨ ਹੀ ਨਹੀਂ, ਜਿਸਦੀ ਮਾਂ ਦੀਆਂ ਮੀਂਢੀਂਆਂ ਗੈਰ ਪੁੱਟਣ ਬਾਪ ਆਪਣੇ ਦੀ ਓਹ ਸੰਤਾਨ ਹੀ ਨਹੀਂ” । ਹਰ ਦੇਸ਼ ਵਾਸੀ ਦਾ ਫ਼ਰਜ ਹੈ ਕਿ ਗਿਆਨ ਤੇ ਵਿਗਿਆਨ ਦੇ ਧਾਰਨੀ ਬਣ ਕੇ ਜਵਾਨ ਅਤੇ ਕਿਸਾਨ ਦੀ ਕਦਰ ਕਰੀਏ। ਇਹ ਦੋਵੇਂ ਹੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਭਾਰਤ ਦੇ ਸੱਚੇ ਸਪੂਤ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਹਕੁ ਪਰਾਇਆ ਨਾਨਕਾ - ਸੁਖਪਾਲ ਸਿੰਘ ਗਿੱਲ
ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਧੰਨ ਹੰਦੀ ਹੈ ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।
ਮਜਦੂਰਾਂ ਦੀ ਸਾਰ ਲੈਣ ਲਈ ਮਜਦੂਰ ਦਿਵਸ ਮਨਾ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਇਸ ਵਿੱਚ ਮਜਦੂਰ ਵਰਗ ਦੇ ਬੇਵੱਸੀ ਅਤੇ ਸਰਕਾਰੀ ਧਿਰ ਦੀ ਖਾਨਾਪੂਰਤੀ ਹੋ ਜਾਂਦੀ ਹੈ। ਲੋਟੂ ਜਮਾਤ ਜੋ ਮਜਦੂਰ ਦਾ ਖੂਨ ਪੀਂਦੀ ਹੈ ਉਹ ਨਾਨਕ ਸਿੰਘ ਦੇ ਕਥਨ “ਲੋਕ ਪਾਣੀ ਪੁਣ ਕੇ ਪੀਂਦੇ ਹਨ ਪਰ ਲੁਕਾਈ ਦਾ ਖੂਨ ਅਣਪੁਣਿਆਂ ਹੀ ਪੀ ਜਾਂਦੇ ਹਨ” ਦੇ ਕਥਨ ਅੱਜ ਵੀ ਢੁੱਕਵੇਂ ਹਨ। ਲੋਕਾਂ ਅਤੇ ਜੋਕਾਂ ਦਾ ਫਲਸਫਾ ਸ਼ੁਰੂ ਤੋਂ ਹੀ ਭਾਰੀ ਰਿਹਾ ਜਦੋਂ ਇਸ ਫਲਸਫੇ ਅਤੇ ਪਾੜੇ ਵਿਰੁੱਧ ਕੁੱਝ ਜਗਿਆਸਾ ਆਈ ਤਾਂ ਮਜਦੂਰ ਵਰਗ ਸੁਲਗਿਆ ਪਰ ਕਾਰਪੋਰੇਟ ਜਗਤ ਨੂੰ ਇਹ ਗੱਲ ਪਚੀ ਨਹੀਂ। ਇਸ ਲਈ ਹੰਊਮੇਂ ਅਤੇ ਹੰਕਾਰ ਵਿੱਚੋਂ ਮਜਦੂਰਾਂ ਦਾ ਘਾਣ ਕੀਤਾ। ਇਸੇ ਲਈ ਮਜਦੂਰ ਦਿਵਸ 01 ਮਈ 1886 ਤੋਂ ਮਜਦੂਰ ਦਿਵਸ ਮਨਾਉਣਾ ਸ਼ੁਰੂ ਹੋਇਆ। ਦੁਖਦ ਗੱਲ ਇਹ ਹੈ ਕਿ ਇਸ ਦਿਨ ਲਈ ਮਜਦੂਰਾਂ ਦਾ ਘਾਣ ਕੀਤਾ ਗਿਆ ਜਿਸ ਤੋਂ ਬਿਨਾ ਦਲੀਲਬਾਜੀ ਨਾਲ ਹੱਲ ਕੱਢਿਆ ਜਾ ਸਕਦਾ ਸੀ। ਇਸ ਵਰਤਾਰੇ ਪਿੱਛੇ ਕਾਰਪੋਰੇਟ ਦਾ ਹੰਕਾਰ ਗੂੰਜਿਆਂ। ਆਲਮੀ ਪੱਧਰ ਤੋਂ ਬਾਅਦ ਭਾਰਤ ਵਿੱਚ ਵੀ ਮਜਦੂਰਾਂ ਪ੍ਰਤੀ ਜਗਿਆਸਾ ਵਧੀ। ਇਸ ਲਈ ਭਾਰਤ ਵਿੱਚ ਮਜਦੂਰ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਿਆ। ਹਾਂ ਇੱਕ ਗੱਲ ਜਰੂਰ ਹੈ 1991 ਤੋਂ ਭਾਰਤ ਮਾਤਾ ਅੰਦਰ ਕਿਰਤ ਸੁਧਾਰਾਂ ਦੀ ਕੋਸ਼ਿਸ ਸ਼ੁਰੂ ਹੋਈ। ਉਂਝ ਭਾਰਤ ਵਿੱਚ ਮਜਦੂਰ ਦਿਵਸ ਮਨਾਉਣ ਦੀ ਸ਼ੁਰੂਆਤ 01 ਮਈ 1923 ਤੋਂ ਚੇਨਈ ਤੋਂ ਸ਼ੁਰੂ ਹੋਈ। ਇਸ ਦੀ ਸ਼ੁਰੂਆਤ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ। ਅੱਜ ਸੰਸਾਰ ਦੇ 80 ਦੇ ਲੱਗਭਗ ਦੇਸ਼ ਮਜਦੂਰ ਦਿਵਸ ਮਨਾਉਂਦੇ ਹਨ। ਇਹਨਾਂ ਸਭ ਕਾਸੇ ਪਿੱਛੇ 1886 ਦਾ ਸਾਕਾ ਹੀ ਕੰਮ ਕਰਦਾ ਹੈ। ਮਜਦੂਰ ਦਿਵਸ ਮਜਦੂਰ ਨੂੰ ਆਪਣੀ ਹੋਂਦ ਅਤੇ ਕਿਰਤ ਸ਼ਕਤੀ ਲਈ ਉਤਸ਼ਾਹਿਤ ਕਰਦਾ ਹੈ। ਇਸ ਨਾਲ ਮਜਦੂਰ ਜਾਗਰੂਕ ਹੋਕੇ ਕੁੱਝ ਸਮੇਂ ਲਈ ਸੁਰੱਖਿਆ ਮਹਿਸੂਸ ਕਰਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਰਾਜਨੀਤਿਕ ਵਰਗ ਵੀ ਜਵਾਬਦੇਹ ਬਣਦਾ ਹੈ।
ਮਜਦੂਰ, ਕਿਰਤ ਅਤੇ ਕਿਰਤ ਸ਼ਕਤੀ ਦੀ ਦਿਸ਼ਾ ਅਤੇ ਦਸ਼ਾ ਪਹਿਲੀ ਪਾਤਸ਼ਾਹੀ ਨੇ ਦੁਨਿਆਵੀ ਅਤੇ ਰੂਹਾਨੀ ਤੌਰ ਤੇ 1452 ਵਿੱਚ ਸੈਦਪੁਰ ਏਮਨਾਬਾਦ ਪਾਕਿਸਤਾਨ ਵਿੱਚ ਉਜਾਗਰ ਕੀਤੀ ਸੀ। “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦਾ ਸੁਨਹਿਰੀ ਸੁਨੇਹਾ ਵੀ ਇੱਥੋਂ ਹੀ ਮਿਲਦਾ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਅਤੇ ਭਾਈ ਲਾਲੋ ਦਾ ਨਿਖੇੜ ਅਤੇ ਨਿਬੇੜ ਕਰਕੇ ਕਿਰਤ ਨੂੰ ਪ੍ਰਧਾਨ ਬਣਾਇਆ। ਅੱਜ ਭਾਵੇਂ ਸਮੇਂ ਦੇ ਹਾਣ ਅਨੁਸਾਰ ਮਲਕ ਭਾਗੋ ਨਵੇਂ ਜਾਮੇ ਵਿੱਚ ਆ ਜਾਂਦੇ ਹਨ ਪਰ ਫੈਸਲਾ ਉਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ। ਕਰਤਾਰਪੁਰ ਵਿੱਚ ਖੁਦ ਖੇਤੀ ਦੀ ਹੱਥੀ ਕਿਰਤ ਕਰਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। “ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇ” ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘੱਟ ਲੋਕ ਪਲੇ ਬੰਨਦੇ ਹਨ ਬਹੁਤੇ ਲੋਕ ਕਲਯੁੱਗ ਦੇ ਘੇਰੇ ਵਿੱਚ ਹੀ ਹਨ। ਮਜਦੂਰ ਵਰਗ ਲਈ ਅੱਜ ਵੀ ਇਹ ਗੱਲ ਤਰੋ ਤਾਜ਼ਾ ਰਹਿੰਦੀ ਹੈ ਕਿ ਇਸ ਨੂੰ ਘੱਟ ਪੈਸੇ ਦਿੱਤੇ ਜਾਣ। ਮਜਦੂਰ ਲੋਕ ਹੱਥੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਨ। ਬਚਪਨ ਵਿੱਚ ਜਦੋਂ ਅਸੀਂ ਸੋਝੀ ਸੰਭਲੀ ਤਾਂ ਸਾਡੇ ਬਜੁਰਗ ਖੇਤਾਂ ਦੇ ਕੰਮ ਲਈ ਮਜਦੂਰ ਦਿਹਾੜੀ ਉੱਤੇ ਲਾਉਂਦੇ ਸਨ ਇਸ ਦੇ ਨਾਲ ਉਹਨਾਂ ਨੂੰ ਤਨਖਾਹ ਦੇ ਨਾਲ ਰੋਟੀ, ਚਾਹ ਅਤੇ ਪਾਣੀ ਵੀ ਦਿੰਦੇ ਸਨ। ਮਜਦੂਰ ਦਾ ਹੱਕ ਮਾਰਨ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਇਸੇ ਲਈ ਪਿੰਡਾਂ ਵਿੱਚ ਸੱਚੀਂ ਮੁੱਚੀਂ ਰੱਬ ਵੱਸਦਾ ਸੀ। ਮਜਦੂਰ ਦਾ ਹੱਕ ਅਤੇ ਪੈਸਾ ਮਾਰਨਾ ਆਪਣੀ ਸ਼ਾਨ ਅਤੇ ਹੱਕ ਸਮਝਣ ਵਾਲੇ ਲੋਕਾਂ ਨੂੰ ਗੁਰਬਾਣੀ ਦਾ ਇਹ ਹੁਕਮ ਮੰਨਣਾ ਪਵੇਗਾ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
ਅੱਜ ਮਜਦੂਰ ਦਾ ਘਾਣ, ਸ਼ੋਸਣ ਅਤੇ ਹੱਕ ਮਾਰਨ ਦਾ ਤਰੀਕਾ ਨਵੇਂ ਯੁੱਗ ਅਨੁਸਾਰ ਬਿਰਾਜਮਾਨ ਹੈ। ਭੱਠਾ ਮਜਦੂਰ, ਖੇਤੀ ਖੇਤਰ, ਉਦਯੋਗਿਕ ਖੇਤਰ ਅਤੇ ਮਜਦੂਰ ਵਰਗ ਦੇ ਹੋਰ ਖੇਤਰ ਆਪਣੀ ਕਿਰਤ ਰਾਹੀਂ ਕਿਰਤ ਵੇਚਕੇ ਗੁਜਾਰਾ ਕਰਦੇ ਹਨ। ਕਿਰਤੀ ਵਰਗ ਅੱਜ ਵੀ ਸੁਰੱਖਿਅਤ ਨਹੀਂ ਹੈ। ਛੁੱਟੀ ਲਈ ਤਰਸਦਾ ਰਹਿੰਦਾ ਹੈ ਮਿਹਨਤ ਦੀ ਕੀਮਤ ਘੱਟ ਮਿਲਦੀ ਹੈ। ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਖੋਂ ਵੀ ਵਿਹੂਣਾ ਹੈ। ਮਜਦੂਰ ਅਤੇ ਧਨਾਢ ਦਾ ਪਾੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ। ਮਜਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਉਮਰ ਦਾ ਪੜਾਅ ਠੀਕ ਹੁੰਦਾ ਹੈ ਤਾਂ ਮਿਹਨਤ ਕਰਕੇ ਜੀਵਨ ਗੁਜਾਰ ਲੈਂਦਾ ਹੈ ਪਰ ਜਦੋਂ ਬੁਢਾਪੇ ਵਿੱਚ ਜਾਂਦਾ ਹੈ ਤਾਂ ਇਹਨਾਂ ਦਾ ਬੁਢਾਪਾ ਸਰਾਪਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਸਿਹਤ ਦੀ ਰੱਖਿਆ ਲਈ ਮਜਦੂਰ ਵਰਗ ਦੀ ਕੋਈ ਗਰੰਟੀ ਨਹੀਂ ਹੈ। ਕਰੋਨਾ ਕਾਲ ਵਿੱਚ ਮਜਦੂਰ ਦੀ ਦਸ਼ਾ ਨੇ ਨਵੇਂ ਅਧਿਆਏ ਲਿਖੇ। ਜਦੋਂ ਕਿਰਤੀ ਨੂੰ ਕਿਰਤ ਦਾ ਮੁੱਲ ਠੀਕ ਨਹੀਂ ਲੱਗਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਜੇ ਇਹਨਾਂ ਬਾਹਰ ਨੂੰ ਭੱਜਣ ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਇਹਨਾਂ ਦਾ ਸਰਬ ਪ੍ਰਵਾਨਿਤ ਜਵਾਬ ਹੁੰਦਾ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਵਿੱਚ ਕਿਰਤ ਦਾ ਅਸਲੀ ਅਤੇ ਸਹੀ ਮੁੱਲ ਮਿਲਦਾ ਹੈ। ਜਦੋਂ ਕਿਰਤ ਸ਼ਕਤੀ ਦੂਜੇ ਦੇਸ਼ਾਂ ਵੱਲ ਜਾਂਦੀ ਹੈ ਤਾਂ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਆਉਂਦੀ ਹੈ ਜਿਸ ਨਾਲ ਵਿਕਾਸ ਰੋਕਦਾ ਹੈ। ਸਾਡੇ ਆਪਣੇ ਮੁਲਕ ਵਿੱਚ ਸਰਕਾਰ ਨੂੰ ਹੋਰ ਵੀ ਮਜਦੂਰ ਵਰਗ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਕਾਇਦੇ ਕਾਇਮ ਹੋਣੇ ਚਾਹੀਦੇ ਹਨ। ਇਸ ਨਾਲ ਮਜਦੂਰ ਵਰਗ ਲਈ ਬਾਹਰਲੇ ਮੁਲਕਾਂ ਦੇ ਬਰਾਬਰ ਢੁੱਕਵੇ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 2022 ਵਿੱਚ ਮਜਦੂਰ ਲਈ ਸੁਨੇਹਾ ਦਿੱਤਾ ਸੀ “ਮਜਦੂਰ ਦਿਵਸ ਤੇ ਮੈਂ ਸਾਡੇ ਮਜਦੂਰਾਂ ਦੇ ਯਤਨਾਂ ਅਤੇ ਅਣਥੱਕ ਜ਼ਜਬੇ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੇ ਹੁਨਰ ਅਤੇ ਜਨੂੰਨ ਨੇ ਰਾਸ਼ਟਰ ਨਿਰਮਾਣ ਲਈ ਵਿਕਾਸ ਦੀਆਂ ਨਵੀਆਂ ਰਾਹਾਂ ਉੱਕਰੀਆਂ” ਸਾਡੇ ਦੇਸ਼ ਦੀ ਬਹੁ-ਗਿਣਤੀ ਦਸਾਂ ਨਹੁੰਆਂ ਦੀ ਕਿਰਤ ਕਰਦੀ ਹੈ ਪਰ ਉਜਰਤ ਘੱਟ ਮਿਲਦੀ ਹੈ। ਇਸ ਲਈ ਉਹਨਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੱਟਾ ਇਹ ਨਿਕਲਦਾ ਹੈ ਕਿ ਮਜਦੂਰ ਦੇ ਸਿਰ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ।
ਮਜਦੂਰ ਆਪਣੀ ਕਿਰਤ ਸ਼ਕਤੀ ਨੂੰ ਪੇਟ ਭਰਨ ਤੱਕ ਸੀਮਤ ਰਹਿੰਦਾ ਹੈ। ਸਿਆਣੇ ਲੋਕ ਮਜਦੂਰ ਦੀ ਮਜਦੂਰੀ ਦਾ ਖਿਆਲ ਰੱਖਦੇ ਹਨ। ਸਮਾਜ ਵਿੱਚ ਮਜਦੂਰੀ ਮਾਰਨ ਵਾਲੇ ਵੀ ਹੁੰਦੇ ਹਨ ਅਜਿਹੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਹੁੰਦੇ ਹਨ। ਪਿੰਡਾਂ ਦੇ ਲੋਕ ਰਸੋਈ ਆਪਣੇ ਅਤੇ ਮਜਦੂਰ ਲਈ ਇਕੋ ਤਰ੍ਹਾਂ ਦੀ ਰੱਖਦੇ ਹਨ। ਖਾਣੇ ਵਿੱਚ ਵਿਤਕਰਾ ਨਹੀਂ ਕਰਦੇ। ਅੱਜ ਸਭ ਤੋਂ ਮਾੜੀ ਹਾਲਤ ਬਾਲ ਮਜਦੂਰੀ ਕਰਕੇ ਵੀ ਹੁੰਦੀ ਹੈ। ਬਚਪਨ, ਚਾਅ ਮਲਾਰ ਅਤੇ ਖੇਲ ਖਿਲਾਰ ਛੱਡਕੇ ਜਦੋਂ ਬਾਲ ਮਜਦੂਰੀ ਲਈ ਮਜਬੂਰ ਹੋਣਾ ਪੈਦਾ ਹੈ ਤਾਂ ਬਾਲਪਣ ਦੇ ਅਰਮਾਨ ਮਰ ਜਾਂਦੇ ਹਨ। ਇਹ ਸਮਾਜ ਦੀ ਵੱਡੀ ਬੁਰਾਈ ਹੈ। ਦੇਸ਼ ਦੀ ਤਰੱਕੀ, ਸੱਭਿਅਤਾ ਅਤੇ ਆਲਮੀ ਮੁਹਾਂਦਰੇ ਲਈ ਮਜਦੂਰ ਦੀ ਤਰਾਸਦੀ ਸਭ ਤੋਂ ਖਤਰਨਾਕ ਅਤੇ ਪਿਛਾਂਹ ਖਿੱਚੂ ਸਮਝੀ ਜਾਂਦੀ ਹੈ। ਇਸ ਪਿੱਛੇ ਜਗੀਰੂ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਵਾਰ ਮਜਦੂਰ ਦਿਵਸ ਵਿੱਚੋਂ ਮਜਬੂਰ ਦਿਵਸ ਦੀ ਝੱਲਕ ਪੈਂਦੀ ਹੈ। ਮਜਦੂਰ ਦਿਵਸ ਹੋਰ ਹੀ ਮਨਾਈ ਜਾਂਦੇ ਹਨ ਜਦੋਂ ਕਿ ਮਜਦੂਰ ਤਾਂ ਵਿਚਾਰਾ ਆਪਣੀ ਮਜਦੂਰੀ ਅਤੇ ਢਿੱਡ ਭਰਨ ਲਈ ਮਿਹਨਤ ਵਿੱਚ ਖੁੱਭਿਆ ਰਹਿੰਦਾ ਹੈ। ਵਿਦਿਆ, ਸਿਹਤ, ਭੁੱਖ ਅਤੇ ਸਮਾਜਿਕ ਤਰਾਸਦੀ ਨਾਲ ਜੂਝਦਾ ਰਹਿੰਦਾ ਹੈ। ਇਸ ਸਾਰੇ ਵਿਰਤਾਰੇ ਨੂੰ ਸੰਤ ਰਾਮ ਉਦਾਸੀ ਨੇ ਇਉਂ ਵਰਨਣ ਕੀਤਾ ਸੀ।
“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿਥੇ ਤੰਗ ਨਾਲ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨੀਆਂ ਨੂੰ ਤੇ ਦੰਦ ਕਰੇੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਅੱਜ ਮਜਦੂਰ ਦੇ ਹਾਲਾਤ ਅਤੇ ਤਰਾਸਦੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਲੋੜ ਹੈ। ਮਜਦੂਰ ਨੂੰ ਲੁੱਟਣ ਵਾਲਾ ਆਰਥਿਕ ਨਿਜ਼ਾਮ ਨੰਗਾ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਅਤੇ ਅਮੀਰ ਵਰਗ ਦੇ ਪੱਖ ਤੋਂ ਵੀ ਘੋਖਣਾ ਚਾਹੀਦਾ ਹੈ। ਧਨਾਢ ਵਰਗ ਲਾਲਚ, ਦੌਲਤ, ਸ਼ਾਹੀ ਠਾਠਬਾਠ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਮਜਦੂਰ ਵਰਗ ਅੱਜ ਵੀ ਦੋ ਡੰਗ ਦੀ ਰੋਟੀ ਲਈ ਤਰਸਦਾ ਹੈ।
“ਤੁਹਾਨੂੰ ਤਾਂ ਬਸ ਵੇਹਲ ਨਹੀਂ ਆਪਣੀ ਆਯਾਸ਼ੀ ਤੋਂ,
ਤਾਹੀਉ ਤਾਂ ਅੱਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ,
ਮੈਂ ਤਾਂ ਹਮੇਸ਼ਾ ਦਬਿਆ ਰਹਾਂਗਾ,
ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ,
ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ”
ਮਜਦੂਰ ਦਿਵਸ ਦਾ ਉਦੇਸ਼ ਮਜਦੂਰਾਂ ਨੂੰ ਜਾਗਰੂਕ ਕਰਕੇ ਹਰ ਪੱਖ ਦੀ ਸੁਰੱਖਿਆ ਪ੍ਰਧਾਨ ਕਰਨਾ ਹੈ ਪਰ ਇਸ ਦੇ ਉਦੇਸ਼ ਜਿੱਥੋਂ ਚੱਲੇ ਸਨ ਉੱਥੇ ਹੀ ਦਬੇ ਪਏ ਹਨ। ਸਰਕਾਰਾਂ ਦੀਆਂ ਕੋਸ਼ਿਸਾਂ ਤਾਂ ਹੋਈਆਂ ਕੁੱਝ ਮਜਦੂਰ ਭਲਾਈ ਲਈ ਵੀ ਸਰਕਾਰਾਂ ਨੇ ਕੰਮ ਕੀਤੇ ਪਰ ਤਰਾਸਦੀ ਜਾਰੀ ਹੈ। ਕਿਸੇ ਵੀ ਸਮਾਜ ਦੇ ਵਿਕਾਸ ਲਈ ਮਜਦੂਰ ਹੱਥੀ ਕਿਰਤ, ਇਲਮ ਅਤੇ ਤਨਦੇਹੀ ਨਾਲ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਦਾ ਹੈ। ਇਸ ਨੂੰ ਤਰੋ ਤਾਜ਼ਾ ਰੱਖਣ ਲਈ ਸਰਮਾਏਦਾਰੀ ਬਨਾਮ ਕਿਰਤੀ ਸਵਰਾਜ ਵਿੱਚੋਂ ਮਜਦੂਰ ਜਮਾਤ ਨੂੰ ਇਨਕਲਾਬੀ ਰਾਹਾਂ ਦਾ ਪਾਂਧੀ ਬਨਣਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445
ਚੜਿਆ ਮਾਂਹ ਵਿਸਾਖ,ਅੰਬੇ ਪੱਕੀ ਦਾਖ - ਸੁਖਪਾਲ ਸਿੰਘ ਗਿੱਲ
ਰੁੱਤਾਂ ਦੇ ਚੱਕਰ ਵਿੱਚ ਰੋਜ਼ਾਨਾ ਸਵੇਰੇ ਉੱਠਦਿਆਂ ਪ੍ਰਕਿਰਤੀ ਦੀ ਖੁਸ਼ਬੂ, ਬਾਗਾਂ ਉੱਤੇ ਰੰਗਾਂ ਦੀ ਬਹਾਰ, ਅੰਬੀਆਂ ਨੂੰ ਬੂਰ ਕੁਦਰਤ ਤੇ ਕਾਦਰ ਦੇ ਜਲਵੇ ਨੂੰ ਪ੍ਰਗਟਾਉਂਦਾ ਹੈ।ਸਵੇਰ ਦੀ ਸੈਰ ਸਮੇਂ ਇਹਨਾਂ ਜਲਿਆਂ ਦਾ ਜਲੌਅ ਜਦ ਅੱਖੀਆਂ ਚ ਵਸਦਾ ਹੈ ਤਾਂ ਕੁਦਰਤ ਦਾ ਸੁਹੱਪਣ ਬੋਲਦਾ ਲਗਦਾ ਹੈ। ਦੋਆਬਾ ਕਾਫ਼ੀ ਸਮਾਂ ਪਹਿਲੇ ਵਿਦੇਸ਼ ਦਾ ਰੁੱਖ ਕਰ ਗਿਆ ਸੀ ਇਸ ਲਈ ਪੰਕਤੀ ਦਾ ਸੁਨੇਹਾ ਤਾਜ਼ਾ ਹੀ ਹੈ,"ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ"
ਪੰਜਾਬੀ ਸੱਭਿਆਚਾਰ ਚ ਗੂੰਜਦਾ ਅੰਬ ਬੂਰ ਪੈਂਦੀ ਸਾਰ ਹੀ ਕੋਇਲ ਨੂੰ ਸੱਦਾ ਦਿੰਦਾ ਹੈ। ਕੋਇਲ ਦੀ ਆਵਾਜ਼ ਅਤੇ ਆਮਦ ਨਾਲ ਅੰਬ ਦਾ ਗੂੜ੍ਹਾ ਸੰਬੰਧ ਹੈ।ਬੂਰ ਦੀ ਲਿਸ਼ਕੋਰ ਅਤੇ ਛੋਟੀਆਂ ਛੋਟੀਆਂ ਅੰਬੀਆਂ ਨਾਲ ਹੀ ਕੋਇਲ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਨੇ ਇਉਂ ਤਰਾਸਿਆ ਹੈ:-
"ਨੀ ਕੋਇਲੇ ਕੂ ਊ ਕੂ ਊ ਗਾ,
ਕੰਠ ਤੇਰੇ ਵਿੱਚ ਸੁਰ ਪੰਚਮ ਦਾ,
ਇਸ਼ਕ ਅਮੀਰਸ ਦੇ ਪ੍ਰੀਤਮ ਦਾ,
ਪੀਆ ਨੂੰ ਮਿਲਣ ਦਾ ਚਾਅ----"
"ਕੋਇਲਾਂ ਕੂਕਦੀਆਂ ਪ੍ਰਦੇਸੀਆਂ ਘਰ ਆ"
ਚੇਤੇ ਆਉਂਦਾ ਹੈ ਘਰਦੇ ਖੇਤਾਂ ਵਿੱਚ ਫਸਲਾਂ ਅੰਬਾਂ ਤੋਂ ਤੋਤੇ ਉਡਾਉਣ ਭੇਜਦੇ ਸਨ। ਅੰਬਾਂ ਦੇ ਬੂਟੇ ਥੱਲੇ ਰਾਖੀ ਕੀਤੀ ਜਾਂਦੀ ਸੀ। ਕੋਇਲ ਦਾ ਦਾਗੀ ਅਤੇ ਤੋਤਿਆਂ ਦੇ ਟੁੱਕੜੇ ਅੰਬ ਖਾਈ ਜਾਂਦੇ ਸਾਂ। ਜਿਉਂ ਜਿਉਂ ਅੰਬ ਵੱਡੇ ਹੁੰਦੇ ਰਾਖੀ ਦੀ ਜ਼ਿੰਮੇਵਾਰੀ ਵਧਦੀ ਜਾਂਦੀ ਸੀ।ਅੰਬ ਪੱਕਦੇ ਤੇ ਪਕਾਏ ਜਾਂਦੇ ਸਨ।ਅੰਬ ਪੱਕ ਕੇ ਥੱਲੇ ਗਿਰਦੇ ਵਾਲੇ ਨੂੰ ਟਪਕੇ ਦਾ ਅੰਬ ਕਿਹਾ ਜਾਂਦਾ ਹੈ।ਇਸ ਅੰਬ ਨੂੰ ਗਿਰਦੀ ਸਾਰ ਕਾਬੂ ਕਰਨਾ ਤੇ ਚੂਪਣਾ। ਘਰਦਿਆਂ ਨੇ ਪੈਲ ਪਾ ਕੇ ਪਕਾ ਕੇ ਅੰਬ ਦਿੱਤੇ ਜਾਂਦੇ ਸਨ। ਧੀਆਂ ਧਿਆਣੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਪੱਕੇ ਅੰਬ ਭੇਜੇ ਜਾਂਦੇ ਸਨ।
ਵਿਸਾਖ ਤੋਂ ਸਾਉਣ ਤੱਕ ਦੇ ਪੈਂਡੇ ਤਾਈਂ ਅੰਬ ਸੱਭਿਆਚਾਰ ਅਤੇ ਸਾਹਿਤ ਦੇ ਰਚੇਤੇ ਵੀ ਬਣਦੇ ਹਨ। ਮੁੰਡਾ ਅੰਬੀਆਂ ਨੂੰ ਰੋਂਦਾ ਹੈ ਮਾਂ ਚੁੱਪ ਕਰਾਉਂਦੀ ਮਿਹਣਾ ਦਿੰਦੀ ਹੈ,
"ਮੁੰਡਾ ਰੋਵੇ ਮੁੰਡਾ ਰੋਵੇ ਅੰਬੀਆਂ ਨੂੰ,
ਕਿਤੇ ਬਾਗ਼ ਨਜ਼ਰ ਨਾ ਆਵੇ,
ਚੁੱਪ ਚੁੱਪ ਕਰ ਕੰਜਰਾਂ ਦਿਆਂ,
ਤੇਰੇ ਮਾਮਿਆਂ ਦੇ ਬਾਗ਼ ਬਥੇਰੇ"
ਚੰਨ ਮਾਹੀ ਨੂੰ ਉਡੀਕਦੀ ਮੁਟਿਆਰ ਅੰਬਾਂ ਰਾਹੀਂ ਸੁਨੇਹਾ ਦਿੰਦੀ ਹੈ:-
"ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀਂ,
ਰੁੱਤ ਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀਂ"
ਸਵੇਰੇ ਉੱਠਦੀ ਸਾਰ ਪ੍ਰਕਿਰਤੀ ਦੀ ਲੋਅ ਖੁਸ਼ਬੂ ਸ਼ਾਮ ਤੱਕ ਮੱਧਮ ਪੈ ਜਾਂਦੀ ਹੈ। ਪੰਛੀ ਰੈਨ ਬਸੇਰਾ ਬਣਾ ਲੈਂਦੇ ਹਨ। ਅੰਬਾਂ ਦੀ ਖੁਸ਼ਬੂ ਸਮਾਜਿਕ ਵਰਤਾਰਿਆਂ ਵਿੱਚ ਵੀ ਮੱਧਮ ਪੈ ਚੁੱਕੀ ਹੈ। ਅੰਬਾਂ ਦੇ ਬੂਟੇ ਤਾਏ ਚਾਚੇ ਅਤੇ ਭਾਈਆਂ ਦੇ ਹਿੱਸੇ ਆ ਚੁੱਕੇ ਹਨ।ਅੰਬ ਵੀ ਵੰਡੇ ਗਏ ਪ੍ਰਕਿਰਤੀ ਵੀ ਵੰਡੀ ਗਈ। ਧਰਮਵੀਰ ਥਾਂਦੀ ਦਾ ਗਾਣਾ ਜਜ਼ਬਾਤ ਬਿਖੇਰਦਾ ਹੈ:-
"ਖੂਹ ਤੇ ਜਿਹੜਾ ਅੰਬ ਦਾ ਬੂਟਾ,ਬਾਪੂ ਦੇ ਹੱਥੀਂ ਲਾਇਆ,
ਲੱਗਿਆ ਮੈਨੂੰ ਉਹਦੇ ਵਰਗਾ,ਭੱਜ ਕੇ ਮੈਂ ਜੱਫ਼ਾ ਪਾਇਆ,
ਤੂੰ ਬਾਪੂ ਦਾ ਸਾਥ ਨਿਭਾਇਆ"
ਪ੍ਰਕਿਰਤੀ ਅਤੇ ਦੇਸੀ ਮਹੀਨਿਆਂ ਦੀ ਆਪਣੀ ਹੀ ਪਛਾਣ ਹੈ।ਸਮਾਜ ਅਤੇ ਸਮਾਂ ਬਦਲ ਗਿਆ ਰੁੱਤਾਂ ਤਿੱਥਾਂ ਆਪਣਾ ਪ੍ਰਭਾਵ ਜਾਰੀ ਰੱਖ ਰਹੀਆਂ ਹਨ। ਅੰਬੀਆਂ ਦੇ ਬੂਟੇ ਹੁਲਾਰਾ ਦੇ ਰਹੇ ਹਨ:-
"ਚੜਿਆ ਮਾਹ ਵਿਸਾਖ,ਅੰਬੇ ਪੱਕੀ ਦਾਖ,
ਅੰਬੇ ਰਸ ਚੋ ਪਿਆ,ਪੀਆ ਵਸੇ ਪ੍ਰਦੇਸ਼,
ਕਿ ਜੀਉੜਾ ਰੋ ਪਿਆ"
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ