ਅੰਤਰ ਝਾਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਨਾ ਕਹਿ ਬੁਰਾ ਜ਼ਿੰਦਗੀ ਨੂੰ ਸੱਜਣਾ, ਜੇ ਵਕਤ ਹੈ ਚੱਲਦਾ ਔਖਾ,
ਕਰਨਾ ਸਿੱਖ ਸਤਿਕਾਰ ਪਲਾਂ ਦਾ, ਜੇ ਰਹਿਣਾ ਚਾਹੁਨੈਂ ਸੌਖਾ।
ਇਹ ਜੀਵਨ ਹੈ ਦਾਤਾਂ ਦੀ ਗੁੱਥਲੀ, ਜੋ ਭਰੀ ਹੈ ਰੱਜ ਕੇ ਚੋਖੀ,
ਲੱਭਣਗੇ ਤੈਨੂੰ ਹਰ ਖੂੰਜੇ ਚੋਂ, ਜੇ ਲੱਭਣੇ ਚਾਹੇਂ ਮੋਤੀ।
ਪੂਰੀਆਂ ਹੋਣਗੀਆਂ ਆਖਿਰ ਸਭ, ਜੋ ਆਸਾਂ ਤੂੰ ਰੱਖੀਆਂ,
ਝੋਲੀਆਂ ਭਰ ਕੇ ਮਿਲ ਜਾਣਗੀਆਂ, ਤੈਨੂੰ ਸਾਰੀਆਂ ਖੁਸ਼ੀਆਂ।
ਜੀਵਨ ਹੀ ਦੂਜਾ ਨਾਂ ਹੈ ਸੱਜਣਾ, ਮੁਸ਼ੱਕਤ ਦੀ ਚੱਕੀ ਦਾ,
ਕਦੀ ਵੀ ਦੂਜਾ ਬਦਲ ਨ੍ਹੀਂ ਲੱਭਦਾ, ਸੋਲਾਂ ਆਨੇ ਸੱਚੀ ਦਾ।
ਹੱਥ ਦੀ ਪੂੰਜੀ ਸਾਂਭ ਕੇ ਰੱਖ ਤੂੰ, ਦੂਜੇ ਵੱਲ ਝਾਤ ਨਾ ਮਾਰ,
ਨਹੀਂ ਤਾਂ ਖੁੱਸ ਜਾਵੇਗੀ ਸਾਰੀ, ਤੂੰ ਅੱਧੀ ਨਾਲ ਹੀ ਸਾਰ।
ਕਈ ਦੇਖੇ ਬਹੁਤੀ ਨੂੰ ਭੱਜਦੇ, ਅੱਧੀ ਨੂੰ ਹੱਥੋਂ ਤੱਜ ਕੇ,
ਉਹ ਅੱਧੀ ਵੀ ਗਵਾ ਬਹਿੰਦੇ ਨੇ, ਨਿੱਤ ਇੱਧਰ ਉੱਧਰ ਭੱਜ ਕੇ।
ਆਪਣੇ ਵਿਤ ‘ਤੇ ਕੱਦ ਤੋਂ ਵਧ ਕੇ, ਨਾ ਆਪਣੇ ਪੈਰ ਪਸਾਰ,
ਨਹੀਂ ਤਾਂ ਚਾਦਰ ਨਿੱਕਲੂ ਛੋਟੀ, ਤੂੰ ਹੋ ਜਾਵੇਂਗਾ ਖੁਆਰ।
ਨਾ ਕਹਿ ਬੁਰਾ ਜ਼ਿੰਦਗੀ ਨੂੰ ਸੱਜਣਾ, ਜੇ ਵਕਤ ਹੈ ਚੱਲਦਾ ਔਖਾ,
ਕਰਨਾ ਸਿੱਖ ਸਤਿਕਾਰ ਪਲਾਂ ਦਾ, ਜੇ ਰਹਿਣਾ ਚਾਹੁਨੈਂ ਸੌਖਾ।
ਜ਼ਿੰਦਾ ਲਾਸ਼ਾਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਅਕਸਰ ਦਿਖਾਈ ਦਿੰਦੇ ਨੇ,
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ,
ਹਰ ਤਰਫੋਂ ਹੋਏ ਹਤਾਸ਼ ਜਿਹੇ।
ਚੱਲ ਰਹੇ ਨੇ ਇਸ ਤਰਾਂ,
ਜਿਵੇਂ ਕੋਈ ਵੀ ਮੰਜ਼ਿਲ ਨਾ ਹੋਵੇ,
ਦਿਸ਼ਾ ਹੀਣ ਅਣਜਾਣੇ ਪਾਂਧੀ,
ਇੱਕ ਤੁਰਦੀ ਫਿਰਦੀ ਲਾਸ਼ ਜਿਹੇ।
ਨਜ਼ਰਾਂ ਨੇ ਸੱਧਰਾਂ ਤੋਂ ਖਾਲੀ,
ਜੇਬਾਂ ਨੇ ਛੇਕਾਂ ਦੀਆਂ ਭਰੀਆਂ,
ਲੜਖੜਾਂਦੀਆਂ ਲੱਤਾਂ ਕਮਜ਼ੋਰ,
ਹੱਥ ਮਲਦੇ ਪਸ਼ਚਾਤਾਪ ਜਿਹੇ।
ਪਿਆਰ ਦੀ ਬਾਜ਼ੀ ਹਾਰੇ ਹੋਏ,
ਆਪਣਿਆਂ ਤੋਂ ਦੁਰਕਾਰੇ ਹੋਏ,
ਗਹਿਮਾ ਗਹਿਮੀ ਦੁਨੀਆ ਵਿੱਚ,
ਸੁੰਨਸਾਨ ਉੱਜੜੇ ਜੰਗਲਾਤ ਜਿਹੇ।
ਤਲਬ ਹੈ ਜ਼ਿੰਦਗੀ ਲੱਭਣ ਦੀ,
ਕਿਸੇ ਪਾਸੇ, ਕੰਢੇ ਲੱਗਣ ਦੀ,
ਸ਼ੂਕਦੇ ਭਰ ਦਰਿਆਵਾਂ ਵਿੱਚ,
ਤਿਣਕੇ ਦੀ ਤਲਾਸ਼ ਜਿਹੇ।
ਖਲਾਅ ਵਿੱਚ ਨਜ਼ਰ ਟਿਕੀ ਹੋਈ,
ਜ਼ਮੀਰ ਮੂਲੋਂ ਹੀ ਮਰੀ ਹੋਈ,
ਬੇਰੋਕ ਹੀ ਕੋਸੇ ਹੰਝੂਆਂ ਦੀ,
ਬੇ ਮੌਸਮੀ ਬਰਸਾਤ ਜਿਹੇ।
ਸੁੰਨੀਆਂ ਥਾਵਾਂ ਦੇ ਵਾਸੀ,
ਸ਼ਿੰਗਾਰ ਨੇ ਕਈ ਚੌਰਾਹਿਆਂ ਦੇ,
ਕੋਝੀਆਂ ਨਜ਼ਰਾਂ ਤੋਂ ਬਚਦੇ,
ਤਰਸਦੀ ਹੋਈ ਮੁਲਾਕਾਤ ਜਿਹੇ।
ਧਰਤੀ 'ਤੇ ਨਰਕ ਹੰਢਾਉਂਦੇ ਹੋਏ,
ਹਵਾਈ ਮਹਿਲ ਬਣਾਉਂਦੇ ਹੋਏ,
ਦੜ ਵੱਟ ਜ਼ਮਾਨਾ ਕੱਟਦੇ ਹੋਏ,
ਭਲੇ ਦਿਨਾਂ ਦੀ ਆਸ ਜਿਹੇ।
ਅਕਸਰ ਦਿਖਾਈ ਦਿੰਦੇ ਨੇ,
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ,
ਹਰ ਤਰਫੋਂ ਹੋਏ ਹਤਾਸ਼ ਜਿਹੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਜੇਠਾ ਐਤਵਾਰ - ਰਵਿੰਦਰ ਸਿੰਘ ਕੁੰਦਰਾ
ਮੈਂ ਦੇਖਾਂਗਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਦੋਂ ਤੱਕ ਤੇਰਾ ਜ਼ੁਲਮੀ ਰਾਜ, ਰਹਿੰਦਾ ਮੈਂ ਦੇਖਾਂਗਾ,
ਕੋਰੇ ਝੂਠ ਦਾ ਤੇਰਾ ਰਿਵਾਜ, ਢਹਿੰਦਾ ਮੈਂ ਦੇਖਾਂਗਾ।
ਦੇਖੇ ਬਹੁਤ ਨੇ ਦਾਅਵੇ ਕਰਦੇ, ਤੇਰੇ ਵਰਗੇ ਝੂਠੇ,
ਝੂਠ ਦਾ ਫੰਧਾ ਤੇਰੇ ਗਲ ਕਦੀ, ਪੈਂਦਾ ਮੈਂ ਦੇਖਾਂਗਾ।
ਦੇਖਾਂਗਾ ਕਿ ਕਦ ਤੱਕ ਤੇਰੀਆਂ, ਅੱਖਾਂ ਖੁੱਲ੍ਹਣਗੀਆਂ,
ਅੰਨ੍ਹਾ ਤੇਰਾ ਸਮਾਜ ਕਦ ਤੱਕ, ਰਹਿੰਦਾ ਮੈਂ ਦੇਖਾਂਗਾ।
ਕਦੀ ਭੁੱਖ ਨਾਲ ਤੂੰ ਵੀ ਤਾਂ, ਕਦੇ ਮਰ ਵੀ ਸਕਦਾ ਹੈਂ,
ਤੇਰੇ ਭਰੇ ਭੰਡਾਰਾਂ ਦਾ ਭੱਠਾ, ਬਹਿੰਦਾ ਮੈਂ ਦੇਖਾਂਗਾ।
ਭੰਨੇਗਾ ਤੂੰ ਕਦ ਤੱਕ, ਚੱਲਦੀਆਂ ਕਲਮਾਂ ਸੱਚ ਦੀਆਂ,
ਕਿੰਨਾ ਮੇਰਾ ਤਰਕ ਤੂੰ ਕਦ ਤੱਕ, ਸਹਿੰਦਾ ਮੈਂ ਦੇਖਾਂਗਾ।
ਕਿਲੇ ਬੜੇ ਨੇ ਉਸਰੇ ਦੇਖੇ, ਥਾਉਂ ਥਾਈਂ ਤੇਰੇ,
ਕਦੀ ਮੇਰੀ ਕੁੱਲੀ ਤੋਂ ਤੇਰਾ ਕਿਲਾ, ਤਰਿੰਹਦਾ ਮੈਂ ਦੇਖਾਂਗਾ।
ਹੱਦਾਂ ਅਤੇ ਸਰਹੱਦਾਂ ਸਭ, ਤੇਰੀਆਂ ਹੀ ਮਿਥੀਆਂ ਨੇ,
ਕਦੀ ਮੇਰੀ ਲਕੀਰ ਦਾ ਖਾਕਾ ਵੀ, ਵਹਿੰਦਾ ਮੈਂ ਦੇਖਾਂਗਾ।
ਇਤਿਹਾਸ ਗਵਾਹ ਹੈ, ਤੇਰੇ ਵਰਗੇ ਕਈ ਆਏ ਗਏ,
ਇਤਿਹਾਸ ਦੇ ਪੱਤਰੇ ਤੋਂ ਨਾਂ ਤੇਰਾ, ਲਹਿੰਦਾ ਮੈਂ ਦੇਖਾਂਗਾ।
ਅਤੀਤ ਤੋਂ ਸਿੱਖ ਲੈ ਸਬਕ, ਸਮਾਂ ਜੇ ਹੈ ਤੇਰੇ ਕੋਲ,
ਨਹੀਂ ਤਾਂ ਬੁਰਾ ਤੈਨੂੰ ਜ਼ਮਾਨਾ, ਕਹਿੰਦਾ ਮੈਂ ਦੇਖਾਂਗਾ।
ਕਦੋਂ ਤੱਕ ਤੇਰਾ ਜ਼ੁਲਮੀ ਰਾਜ, ਰਹਿੰਦਾ ਮੈਂ ਦੇਖਾਂਗਾ,
ਸਫੈਦ ਝੂਠ ਦਾ ਤੇਰਾ ਰਿਵਾਜ, ਢਹਿੰਦਾ ਮੈਂ ਦੇਖਾਂਗਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਜ਼ਿੰਦਗੀ ਅਜਬ ਤਮਾਸ਼ਾ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ, ਯੂ ਕੇ
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਕਦੀ ਰੰਗਾਂ ਵਿੱਚ ਇਹ ਵਸਦੀ ਹੈ,
ਕਦੀ ਘੋਰ ਗ਼ਮਾਂ ਵਿੱਚ ਧਸਦੀ ਹੈ।
ਕਦੀ ਉੱਚੀਆਂ ਰੋਜ਼ ਉਡਾਰੀਆਂ ਨੇ,
ਕਦੀ ਧੁਰ ਪਤਾਲ ਦੁਸ਼ਵਾਰੀਆਂ ਨੇ।
ਕਦੀ ਬਚਪਨ ਕਦੀ ਬੁਢਾਪਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਬਿਨ ਮੰਗੇ ਮੋਤੀ ਮਿਲਦੇ ਨੇ,
ਕਦੀ ਮੰਗਿਆਂ ਮੌਤ ਵੀ ਨਹੀਂ ਮਿਲਦੀ।
ਕਦੀ ਪੱਤਝੜ ਵਿੱਚ ਫੁੱਲ ਖਿੜਦੇ ਨੇ,
ਕਦੀ ਬਹਾਰੀਂ ਕਲੀ ਵੀ ਨਹੀਂ ਖਿੜਦੀ।
ਕਦੀ ਸਾਉਣ 'ਚ ਫੁੱਲ ਪਿਆਸਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਕਦੀ ਮੇਲ 'ਤੇ ਕਦੀ ਵਿਛੋੜਾ ਹੈ,
ਕਦੀ ਕੱਲੀ 'ਤੇ ਕਦੀ ਜੋੜਾ ਹੈ।
ਕਦੀ ਜੁੜ ਕੇ ਫੇਰ ਵੀ ਕੱਲੀ ਹੈ,
ਕਦੀ ਕੱਲੀ ਝੱਲ ਵਲੱਲੀ ਹੈ।
ਕਦੀ ਲੱਭਦਾ ਨਹੀਂ ਕੋਈ ਪਾਸਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਇਹ ਜ਼ਿੰਦਗੀ ਅਜਬ ਤਮਾਸ਼ਾ ਹੈ,
ਕਦੀ ਰੋਣਾ 'ਤੇ ਕਦੀ ਹਾਸਾ ਹੈ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ, ਯੂ ਕੇ
ਸ਼ੀਸ਼ਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਸਭ ਖੋਟ ਤੋਂ ਖਰਾ ਉਦੋਂ ਹੀ, ਝੱਟ ਨਿਖਰ ਜਾਏਗਾ,
ਜਦੋਂ ਝੂਠ ਦਾ ਪਰਦਾ, ਸ਼ੀਸ਼ੇ ਮੋਹਰੇ ਉਤਰ ਜਾਏਗਾ।
ਬਣਿਆ ਹੈ ਸ਼ੀਸ਼ਾ ਸਦਾ ਹੀ, ਜ਼ਾਹਿਰਾ ਸੱਚ ਲਈ,
ਕੌਣ ਕਹਿੰਦਾ ਹੈ ਕਦੀ ਵੀ, ਇਹ ਗੰਧਲ ਜਾਏਗਾ?
ਇੱਕ ਸ਼ਕਲ ਉਦੋਂ ਬਦਲ ਜਾਵੇਗੀ, ਅਨੇਕਾਂ ਦੇ ਵਿੱਚ,
ਜਦੋਂ ਟੁੱਟ ਕੇ ਇਹ ਸ਼ੀਸ਼ਾ, ਰੂ ਬਾ ਰੂ ਖਿਲਰ ਜਾਏਗਾ।
ਆ ਤੈਨੂੰ ਦਿਖਾਵਾਂ ਮੈਂ ਤੇਰਾ ਹੀ, ਸ਼ੀਸ਼ਾ ਮੇਰੇ ਯਾਰਾ,
ਕਰੂਪਤਾ ਆਪਣੀ ਦੇਖ, ਲਾਜ਼ਮੀ ਦਹਿਲ ਜਾਏਂਗਾ।
ਹਨ ਪਰਦੇ 'ਤੇ ਪਰਦੇ, ਚਿਹਰਿਆਂ ਤੇ ਛਾਏ ਹੋਏ,
ਡਰੇਂਗਾ ਜਦੋਂ ਇਹ ਪਰਦਾ, ਤੇਰਾ ਫਿਸਲ ਜਾਏਗਾ।
ਸ਼ੀਸ਼ਾ ਕਰਦਾ ਨਹੀਂ ਥੱਕਦਾ, ਸਿਫ਼ਤ ਹੁਸਨ ਦੀ ਅੱਜ,
ਜਦੋਂ ਢਲੀ ਇਹ ਜਵਾਨੀ, ਫੇਰ ਮੁਸਲਸਲ ਡਰਾਏਗਾ।
ਸਮਾਂ ਹੈ, ਬਦਲ ਲੈ ਆਪਣਾ, ਤੂੰ ਰਵਈਆ ਬੰਦੇ,
ਨਹੀਂ ਤਾਂ ਸ਼ੀਸ਼ਾ ਹੀ ਤੈਨੂੰ, ਸਬੂਤਾ ਨਿਗਲ ਜਾਏਗਾ।
ਸਭ ਖੋਟ ਤੋਂ ਖਰਾ ਉਦੋਂ ਹੀ, ਝੱਟ ਨਿਖਰ ਜਾਏਗਾ,
ਜਦੋਂ ਝੂਠ ਦਾ ਪਰਦਾ, ਸ਼ੀਸ਼ੇ ਮੋਹਰੇ ਉਤਰ ਜਾਏਗਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਡਾਕਟਰ ਬਣਨ ਦਾ ਸੁਪਨਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਕਲਾ ਅਤੇ ਅਕਲ ਦੀ ਦੁਨੀਆ ਨਿੱਤ ਛੜੱਪੇ ਮਾਰੇ,
ਕਲਯੁਗ ਦੇ ਅਜੋਕੇ ਰੌਂ ਵਿੱਚ ਅੱਗੇ ਵਧਦੀ ਜਾਵੇ।
ਹਰ ਪਾਸੇ ਭਰਮਾਰ ਹੈ ਡਾਕਟਰਾਂ ਅਤੇ ਅਦੀਬਾਂ ਦੀ,
ਨਿੱਘਰਦੀ ਜਾਵੇ ਸਾਡੀ ਹਾਲਤ ਬੇਚਾਰੇ 'ਤੇ ਗ਼ਰੀਬਾਂ ਦੀ।
ਕਿੰਨੇ ਭਾਵੇਂ ਸਿਆਣੇ ਬਣੀਏ ਵੁੱਕਤ ਨਾ ਕੋਈ ਪੈਂਦੀ,
ਸਾਡੀ ਵਧੀਆ ਗੱਲ ਵੀ ਲੋਕਾਂ ਦੇ ਨੇੜੇ ਨਹੀਂ ਖਹਿੰਦੀ।
ਦੂਜੇ ਪਾਸੇ ਉਹ ਚਤਰ ਲੋਕ ਜੋ ਡੱਡੇ ਨੂੰ ਡੰਡਾ ਲਾਉਂਦੇ,
ਲੋਕਾਂ ਕੋਲੋਂ ਧੌਂਸ ਨਾਲ ਹੀ ਖ਼ੁਦ ਡਾਕਟਰ ਕਹਿਲਾਉਂਦੇ।
ਆਕੜ ਦੇ ਵਿੱਚ ਨਹੁੰ ਨਹੀਂ ਖੁਭਦਾ ਗਰਦਣ ਰੱਖਦੇ ਸਿੱਧੀ,
ਕੀ ਕੱਦ ‘ਤੇ ਕੀ ਸ਼ੋਰਬਾ ਨਿੱਕਲੇ ਜੇ ਪਾਈਏ ਦੀ ਹੋਵੇ ਪਿੱਦੀ।
ਨਖਰੇ ਉਨ੍ਹਾਂ ਦੇ ਦੇਖ ਦੇਖ ਮੇਰੇ ਮਨ ਨੂੰ ਪੈਂਦੀਆਂ ਘੇਰਾਂ,
ਦਿਲ ਕਰਦੈ ਕਿ ਮੈਂ ਵੀ ਡਾਕਦਾਰ ਬਣ ਜਾਵਾਂ ਇੱਕ ਵੇਰਾਂ।
ਫੋਕੀ ਸ਼ੋਹਰਤ ਮੈਂ ਵੀ ਖੱਟਾਂ ਠੁੱਕ ਜਿਹਾ ਫ਼ੇਰ ਬੱਝੇ,
ਜਿੱਧਰ ਜਾਵਾਂ ਹੋਣ ਸਲਾਮਾਂ ਕੀ ਸੱਜੇ ‘ਤੇ ਕੀ ਖੱਬੇ।
ਇਸ ਚਾਹਤ ਦੇ ਸੁਪਨੇਂ ਲੈਂਦਿਆਂ ਕਾਲ਼ੇ ਹੋ ਗਏ ਧੌਲ਼ੇ,
ਮੜਕ ਸ਼ੜਕ ਸਭ ਮੱਠੀ ਪੈ ਗਈ ਪੈਰ ਚੱਲਣ ਹੁਣ ਹੌਲ਼ੇ।
ਪਰ ਇੱਕ ਰਾਤ ਸੁਪਨੇ ਦੇ ਵਿੱਚ ਚਮਤਕਾਰ ਜੋ ਹੋਇਆ,
ਸੁੱਤੇ ਦਾਸ ਨੂੰ ਰੱਬ ਨੇ ਆ ਕੇ ਰਜਾਈ 'ਚ ਇੱਝ ਝੰਜੋਇਆ।
ਉੱਠ ਉਏ ਸੱਜਣਾ ਕਿਹੜੀ ਗਾਫ਼ਲ ਨੀਂਦ ਤੂੰ ਪਿਆਂ ਏ ਸੁੱਤਾ,
ਆ ਅੱਜ ਰੱਜ ਕੇ ਕਰੀਏ ਤੇਰੇ ਕਰਮਾਂ ਦਾ ਕਿੱਸਾ ਕੁੱਤਾ।
ਚੁੰਧਿਆ ਗਈਆਂ ਅੱਖਾਂ ਮੇਰੀਆਂ ਦਿਲ ਬਾਗ਼ ਬਾਗ਼ ਫਿਰ ਹੋਇਆ,
ਸ਼ਾਖਸ਼ਾਤ ਜੱਦ ਰੱਬ ਨੂੰ ਦੇਖਿਆ ਸਾਹਮਣੇ ਮੇਰੇ ਖਲੋਇਆ।
ਬੋਲਿਆ, ਬੰਦਿਆ ਭਾਗ ਮੈਂ ਤੇਰੇ ਆਇਆਂ ਹੱਥੀਂ ਖੋਲ੍ਹਣ,
ਭਾਵਨਾਵਾਂ ਤੇਰੀਆਂ ਦੇ ਪਰਚੇ ਤਾਂ ਆਪ ਮੁਹਾਰੇ ਬੋਲਣ।
ਭਾਵੇਂ ਤੈਨੂੰ ਸਭ ਕੁੱਝ ਮਿਲਿਆ ਫ਼ੇਰ ਵੀ ਤੂੰ ਨਿੱਤ ਝੁਰਦਾ,
ਖ਼ੁਦ ਨੂੰ ਡਾਕਟਰ ਕਹਾਵਣ ਬਾਝੋਂ ਤੇਰਾ ਝੱਟ ਨਹੀਂ ਤੁਰਦਾ।
ਸ਼ੁਰੂ ਕਰ ਲੈ ਤੂੰ ਵੀ ਅੱਜ ਤੋਂ ਖ਼ੁਦ ਡਾਕਦਾਰ ਕਹਿਲਾਉਣਾ,
ਮੈਂ ਹਾਂ ਤੇਰੀ ਪਿੱਠ ‘ਤੇ ਬੰਦਿਆ ਛੱਡ ਦੇ ਤੂੰ ਘਬਰਾਉਣਾ।
ਮੈਂ ਕਿਹਾ ਰੱਬ ਜੀ! ਇਹ ਕੰਮ ਨਹੀਂ ਲੱਗਦਾ ਇੰਨਾ ਸੌਖਾ,
ਇਸ ਦੁਨੀਆ ਵਿੱਚ ਝੂਠ ਦਾ ਖਮਿਆਜ਼ਾ ਭਰਨਾ ਬੜਾ ਹੈ ਔਖਾ।
ਇੱਥੇ ਤਾਂ ਕਈ ਵੇਲਣ ਵੇਲ ਕੇ ਦੁਨੀਆ ਕਰਦੀ ਸੌਦੇ,
ਸਿਫਾਰਸ਼ਾਂ ਅਤੇ ਵੱਢੀਆਂ ਰਾਹੀਂ ਕਈ ਕਰਦੇ ਫਿਰਦੇ ਲੋੱਦੇ।
ਤਾਂ ਜਾ ਕੇ ਕਿਤੇ ਉਨ੍ਹਾਂ ਨੂੰ ਇੱਕ ਕਾਗਜ਼ ਜਿਹਾ ਹਥਿਆਉਂਦਾ,
ਤਾਹੀਉਂ ਡਾਕਦਾਰ ਪੈਰ ਪੈਰ ‘ਤੇ ਰੋਅਬ ਜਿਹਾ ਫਿਰ ਪਾਉਂਦਾ।
ਹੱਸ ਪਿਆ ਫੇਰ ਰੱਬ ਮੇਰੇ ‘ਤੇ ਕਹਿੰਦਾ ਉਏ ਭੋਲੇ ਬੰਦੇ!
ਤੇਰੇ ਵਰਗੀ ਜ਼ਮੀਰ ਨਾਲ ਨਹੀਂ ਚੱਲਦੇ ਦੁਨੀਆ ਦੇ ਧੰਦੇ।
ਜੇ ਤੂੰ ਰੋਟੀ ਨਾਲ ਹੈ ਨਿੱਤ ਦਿਨ ਖਾਣੀ ਘਿਉ ‘ਤੇ ਸ਼ੱਕਰ,
ਤਾਂ ਸਿੱਖ ਲੈ ਅੱਜ ਤੋਂ ਹੀ ਕਰਨੇ ਚੋਟੀ ਦੇ ਤੂੰ ਮੱਕਰ।
ਮੇਰੀ ਇਨ੍ਹਾਂ ਦੀ ਯਾਰੀ ਗੂੜ੍ਹੀ ਤੈਨੂੰ ਕਿਉਂ ਨਹੀਂ ਦਿਸਦੀ?
ਤੇਰੇ ਸਾਹਮਣੇ ਇਨ੍ਹਾਂ ਦੇ ਅੱਗੇ ਦੁਨੀਆ ਜਾਂਦੀ ਵਿਛਦੀ।
ਮੈਂ ਜੋ ਹਾਂ ਤੇਰੀ ਪਿੱਠ ਉੱਤੇ ਫੇਰ ਤੈਨੂੰ ਹੈ ਕੀ ਚਿੰਤਾ?
ਕਹਾ ਤੂੰ ਡਾਕਦਾਰ ਹਿੱਕ ਠੋਕ ਕੇ ਵਿਚਰ ਤੂੰ ਨਿਸ਼ੰਗ ਅਚਿੰਤਾ!
ਕਹਾ ਤੂੰ ਡਾਕਦਾਰ ਹਿੱਕ ਠੋਕ ਕੇ ਵਿਚਰ ਤੂੰ ਨਿਸ਼ੰਗ ਅਚਿੰਤਾ!
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਰੋਸ਼ਨੀ ਤੋਂ ਬਾਅਦ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਬੁਝ ਜਾਵੇ ਭਾਵੇਂ, ਇਸ ਜੀਵਨ ਦੀ ਜੋਤੀ,
ਪਰ ਦਿਲਾਂ ਵਿੱਚ ਫੇਰ ਵੀ, ਜਗਦੀ ਰਹੇ।
ਵੰਡਦੀ ਰਹੇ, ਸਭ ਨੂੰ ਇਹ ਖੁਸ਼ੀਆਂ,
ਨਿੱਘੀ ਅੱਗ ਵਾਂਗੂੰ, ਇਹ ਮਘਦੀ ਰਹੇ।
ਸੁਣਦੇ ਰਿਹੋ ਮੇਰੇ, ਬੋਲਾਂ ਦੀ ਸਰਗਮ,
ਇਸ ਦੀ ਗੂੰਜ, ਕੰਨਾਂ ਵਿੱਚ ਰਸਦੀ ਰਹੇ।
ਖੁਸ਼ੀਆਂ ਅਤੇ ਗ਼ਮੀਆਂ, ਦੇ ਪਲਾਂ ਦੀ ਕਹਾਣੀ,
ਲੜੀ ਬਣ ਯਾਦਾਂ ਵਿੱਚ, ਪ੍ਰਗਟਦੀ ਰਹੇ।
ਕਿਰਨ ਉਮੀਦਾਂ ਦੀ, ਨਿੱਖਰੇ ਹਰ ਰੁੱਤੇ,
ਜਾਨਸ਼ੀਨਾਂ ਨੂੰ ਰਸਤਾ, ਇਹ ਦੱਸਦੀ ਰਹੇ।
ਨਾ ਕੋਈ ਫ਼ੁੱਲ ਟੁੱਟੇ, ਨਾ ਪੱਥਰ ਤਿੜਕੇ,
ਮੇਰੇ ਨਾਂ ਦਾ ਵੀ ਭਾਰ, ਧਰਤੀ ਨਾ ਸਹੇ।
ਜੇ ਚਾਹੋ ਤੁਸੀਂ ਰੋਣਾ, ਮੇਰੇ ਲਈ ਲੋਕੋ,
ਰੋਵੋ ਜੀਅ ਭਰ ਕੇ, ਪਰ ਚੇਤੇ ਰਹੇ।
ਚੱਲਣਾ ਹੈ ਜ਼ਿੰਦਗੀ, ‘ਤੇ ਚੱਲੇ ਸਦਾ ਹੀ,
ਰੁਕਣ ਨਾ ਕਦੀ, ਇਸ ਦੇ ਸੁਹਾਣੇ ਪਹੇ।
ਹੱਸ ਕੇ ਝੱਲੋ, ਜਦੋਂ ਪਵੇ ਇਹ ਵਿਛੋੜਾ,
ਚੱਲਦੇ ਅਸੀਂ ਚੰਗੇ, ਤੁਸੀਂ ਵਸਦੇ ਭਲੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਅਸੀਂ ਲਾਸ਼ਾਂ ਦੇ ਵਿਉਪਾਰੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।
ਕੌਤਕ ਕੀ ਉਸ ਨੇ ਰਚਾਇਆ,
ਕੋਰੋਨਾ ਦੁਨੀਆ ਉੱਤੇ ਘੁਮਾਇਆ,
ਸਾਰੀ ਖ਼ਲਕਤ ਚੱਕਰ ਵਿੱਚ ਪਾ ਕੇ,
ਸਾਡਾ ਬਣਿਆ ਪਰਉਪਕਾਰੀ।
ਗੋਹੇ ਮੂਤਰ ਵਰਗੀਆਂ ਚੀਜ਼ਾਂ,
ਸਾਡੀਆਂ ਸੋਨੇ ਦੇ ਭਾਅ ਵਿਕੀਆਂ,
ਲਾਸ਼ਾਂ ਢੋਅ ਸਾਡੀਆਂ ਗੱਡੀਆਂ ਨੇ,
ਕੀਤੀ ਖੂਬ ਕਮਾਈ ਭਾਰੀ।
ਉਜੜੇ ਘਰ ਕੌਡਾਂ ਭਾਅ ਲੈਕੇ,
ਕਰੋੜਾਂ ਅਸੀਂ ਕਮਾਏ ਵਾਹਵਾ,
ਜਸ਼ਨ ਮਨਾਏ ਅਸਾਂ ਨੇ ਰੱਜ ਕੇ,
ਸਾਡੀ ਸ਼ਾਨ ਬਣ ਗਈ ਨਿਆਰੀ।
ਲਾਸ਼ਾਂ ਲੱਦੀ ਗੰਗਾ ਦੇ ਵਿੱਚ,
ਅਸੀਂ ਹੱਥ ਧੋਤੇ ਮੁੜ ਮੁੜ ਕੇ,
ਸ਼ਾਇਦ ਮੁੜ ਕੇ ਕਦੀ ਨਾ ਆਵੇ,
ਸਾਡੀ ਮਨ ਭਾਉਂਦੀ ਮਹਾਂਮਾਰੀ।
ਕਰਮ, ਧਰਮ 'ਤੇ ਸ਼ਰਮ ਦੇ ਝੰਜਟ,
ਸਾਡੇ ਲਈ ਸਾਰੇ ਹੀ ਖੋਟੇ,
ਇਨ੍ਹਾਂ ਬਿਨਾ ਅੱਜ ਦੇ ਯੁਗ ਵਿੱਚ,
ਸਾਡੀ ਚੱਲਦੀ ਦੁਨੀਆਦਾਰੀ।
ਚੋਰਾਂ ਕੋਲੋਂ ਸੰਨ੍ਹ ਲਗਵਾ ਕੇ,
ਸੁੱਤੇ ਘਰ ਵਾਲੇ ਜਗਾ ਕੇ,
ਲੁੱਟ ਦਾ ਦੋਹਰਾ ਖੇਲ੍ਹ ਰਚਾਈਏ,
ਕਾਇਮ ਸਦਾ ਆਪਣੀ ਸਰਦਾਰੀ।
ਸਾਡੇ ਵਪਾਰ 'ਚ ਕਦੀ ਨ੍ਹੀਂ ਘਾਟਾ,
ਭਾਵੇਂ ਦੁਨੀਆ ਪਲਟੇ ਪਾਸਾ,
ਪਾਂਸਕੂ ਵਾਲੀ ਤੱਕੜੀ ਸਾਡੀ ਦਾ,
ਪੱਲੜਾ ਰਹਿਣਾ ਸਦਾ ਹੀ ਭਾਰੀ।
ਨਸ਼ੇ ਉਥੇ ਪਹੁੰਚਾ ਸਕਦੇ ਹਾਂ,
ਜਿੱਥੇ ਕਦੀ ਦਵਾਈ ਨਾ ਪਹੁੰਚੇ,
ਪਰਵਾਹ ਨਹੀਂ ਸਾਨੂੰ ਕਿਸੇ ਦੀ,
ਮਰ ਜਾਏ ਭਾਵੇਂ ਦੁਨੀਆ ਸਾਰੀ।
ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ
ਘੁੰਮਣਘੇਰੀਆਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਫ਼ਰਸ਼ਾਂ ਤੋਂ ਅਰਸ਼ਾਂ ਤੱਕ ਨੇ, ਹਰ ਪਾਸੇ ਘੁੰਮਣਘੇਰੀਆਂ,
ਕਹਾਣੀਆਂ ਨੇ ਚੱਕਰਾਂ ਵਿੱਚ, ਕਈ ਤੇਰੀਆਂ ਤੇ ਮੇਰੀਆਂ।
ਕਿੰਨੇ ਗ੍ਰਹਿ ਨੇ ਫਸੇ ਹੋਏ, ਆਵਾਗਵਣ ਦੇ ਜਾਲ਼ ਵਿੱਚ,
ਬੁੱਝਣੀਆਂ ਸਭ ਨੇ ਔਖੀਆਂ, ਬੁਝਾਰਤਾਂ ਰੱਬਾ ਤੇਰੀਆਂ।
ਕਈ ਐਸੇ ਵੀ ਨੇ ਚਾਲਬਾਜ਼, ਜੋ ਚੱਕਰਾਂ 'ਚ ਪਾਉਣ ਲਈ,
ਬੁਣਦੇ ਅਜਿਹੇ ਜਾਲ਼ ਕਈ, ਬੁਣਤੀਆਂ ਪਾ ਘਨੇਰੀਆਂ।
ਆਪਣੇ ਸਿਰ ਇਲਜ਼ਾਮ ਨਹੀਂ, ਦੂਜਿਆਂ 'ਤੇ ਦੋਸ਼ ਧਰ,
ਅਲੋਪ ਹੋ ਜਾਂਦੇ ਕਈ, ਕਰ ਜ਼ਿੰਦਗੀਆਂ ਕਈ ਹਨੇਰੀਆਂ।
ਜੀਵਨ ਦੇ ਰਾਹ ਖ਼ੁਦ ਵੀ ਕਦੀ, ਕੁਰਾਹੇ ਪਾ ਭਟਕਾਂਵਦੇ,
ਕਦੀ ਭਟਕਣਾਂ ਬਣ ਜਾਂਦੀਆਂ, ਨਵੀਆਂ ਰਾਹ ਦਸੇਰੀਆਂ।
ਜੇ ਜ਼ਮੀਰ ਵੀ ਘੁੰਮਣਘੇਰੀ ਹੈ, ਫਿਰ ਜੇਲ੍ਹਾਂ ਦੀ ਕੀ ਲੋੜ ਹੈ,
ਢਾਲ਼ ਸੁੱਟੋ ਸਭ ਭੱਠੀਆਂ ਵਿੱਚ, ਹਥਕੜੀਆਂ 'ਤੇ ਬੇੜੀਆਂ।
ਜ਼ਿੰਦਗੀ 'ਤੇ ਮੌਤ ਦਾ ਚੱਕਰ, ਵੀ ਤਾਂ ਘੁੰਮਣਘੇਰੀ ਹੈ,
ਇਸ ਦੇ ਪਿੱਛੇ ਵੀ ਛੁਪੀਆਂ ਨੇ, ਹਕੀਕਤਾਂ ਬਥੇਰੀਆਂ।
ਆਰੰਭ ਅਤੇ ਅਖੀਰ ਵੀ, ਕਦੀ ਗਿਆ ਨਾ ਆਂਕਿਆ,
ਹੰਭ ਜਾਵੇਗਾ ਇਹ ਬੰਦਾ, ਕਰੀਚਦਾ ਦੰਦੇਰੀਆਂ।
ਤੂੰ ਹੋ ਜਾ ਪੁੱਠਾ ਭਾਵੇਂ, ਭਾਵੇਂ ਸਿੱਧਾ ਚੱਲ ਕੇ ਦੇਖ,
ਨਹੀਂ ਤੇਰੇ ਹੱਥ ਆਉਣੀਆਂ, ਇਹ ਗੋਲ ਘੁੰਮਣਘੇਰੀਆਂ।
ਫ਼ਰਸ਼ਾਂ ਤੋਂ ਅਰਸ਼ਾਂ ਤੱਕ ਨੇ, ਹਰ ਪਾਸੇ ਘੁੰਮਣਘੇਰੀਆਂ,
ਕਹਾਣੀਆਂ ਨੇ ਚੱਕਰਾਂ ਵਿੱਚ, ਕਈ ਤੇਰੀਆਂ ਤੇ ਮੇਰੀਆਂ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ