ਢੀਠ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਹੈ ਬੜੇ ਹੀ ਭਾਗਾਂ ਵਾਲੇ,
ਜਿਨ੍ਹਾਂ ਨੂੰ ਢੀਠ ਹੋਣ ਦਾ ਵਰ ਮਿਲਿਆ,
ਨਾ ਹਿੱਸੇ ਉਨ੍ਹਾਂ ਦੇ ਸ਼ਰਮ ਆਈ,
ਨਾ ਬੇਇਜ਼ਤੀ ਦਾ ਕੋਈ ਡਰ ਮਿਲਿਆ।
ਸਦਾ ਢੋਲੇ ਦੀਆਂ ਗਾਉਂਦੇ ਨੇ,
'ਤੇ ਚੜ੍ਹੀ ਲੱਥੀ ਦੀ ਨਹੀਂ ਪਰਵਾਹ,
ਜੇ ਚਾਰ ਕੋਈ ਮਾਰ ਵੀ ਦੇਵੇ,
ਫੇਰ ਵੀ ਕਹਿੰਦੇ ਵਾਹ ਜੀ ਵਾਹ।
ਚਮੜੀ ਇਨ੍ਹਾਂ ਦੀ ਸਖਤ ਹੁੰਦੀ,
'ਤੇ ਸੱਟ ਇਨ੍ਹਾਂ ਦੇ ਲੱਗਦੀ ਨਹੀਂ,
ਬਿਨਾ ਖਾਧਿਉਂ ਕੁੱਟ ਇਨ੍ਹਾਂ ਨੂੰ,
ਰੋਟੀ ਖਾਧੀ ਵੀ ਪਚਦੀ ਨਹੀਂ।
ਬੇ ਹਿਆਈ ਦੇ ਸਿਰ 'ਤੇ ਹੀ,
ਸਦਾ ਦੁੱਧ ਮਲਾਈਆਂ ਖਾਂਦੇ ਨੇ,
ਸ਼ਰਮਾਵਣ ਵਾਲੇ ਸ਼ਰੀਫਾਂ ਨੂੰ,
ਰੱਜ ਕੇ ਠੁੱਠ ਦਿਖਾਉਂਦੇ ਨੇ।
ਜਿੱਧਰ ਜਾਵਣ ਚਾਰੇ ਪਾਸੇ,
ਮਸ਼ਹੂਰੀ ਆਪਣੀ ਕਰਾ ਬਹਿੰਦੇ,
ਨਾਮ ਭਾਵੇਂ ਕਿਤੇ ਨਾ ਵੀ ਬਣੇ,
ਬਦਨਾਮ ਹੋ ਕੇ ਵੀ ਖੁਸ਼ ਰਹਿੰਦੇ।
ਹੋਵੇ ਭਾਵੇਂ ਅਨਪੜ੍ਹ ਕੋਈ,
ਜਾਂ ਕੋਈ ਹੋਵੇ ਪੀ ਐਚ ਡੀ,
ਇਨ੍ਹਾਂ ਦੀ ਆਪਣੀ ਹੀ ਡਿਗਰੀ ਹੈ,
ਜੋ ਸਭ ਡਿਗਰੀਆਂ ਤੋਂ ਉੱਪਰ ਜੀ।
ਆਪਣਾ ਉੱਲੂ ਸਿਧਾ ਕਰਨੇ ਲਈ,
ਇਹ ਹੱਦਾਂ ਸਾਰੀਆਂ ਪਾਰ ਕਰਨ,
ਬੁਰੇ ਦੇ ਘਰ ਤੱਕ ਪਹੁੰਚਣ ਤੋਂ,
ਇਹ ਕਿਸੇ ਵੀ ਵੇਲੇ ਕਦੀ ਨਾ ਡਰਨ।
ਇੱਕ ਕੰਨ ਪਾ ਕੇ ਦੂਜੇ ਤੋਂ ਕੱਢਣੀ,
ਇਹ ਇਨ੍ਹਾਂ ਦੀ ਆਦਤ ਹੈ,
ਅਕਲ ਦੀ ਗੱਲ ਨੇੜਿਉਂ ਨਾ ਲੰਘੇ,
ਐਸੀ ਇਨ੍ਹਾਂ ਦੀ ਜ਼ਲਾਲਤ ਹੈ।
ਹੇਠੀ ਦਾ ਗਹਿਣਾ ਸਜੇ ਸਦਾ,
ਇਨ੍ਹਾਂ ਦੀਆਂ ਸ਼ਖ਼ਸੀਅਤਾਂ 'ਤੇ,
ਭਾਵੇਂ ਨੱਕ ਵੀ ਕੱਟਿਆ ਜਾਵੇ ਕਿਤੇ,
'ਤੇ ਰੁਲ ਜਾਵਣ ਪੁੱਛ ਪਰਤੀਤਾਂ ਜੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ