ਅਸੀਂ ਲਾਸ਼ਾਂ ਦੇ ਵਿਉਪਾਰੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ

ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।

ਕੌਤਕ ਕੀ ਉਸ ਨੇ ਰਚਾਇਆ,
ਕੋਰੋਨਾ ਦੁਨੀਆ ਉੱਤੇ ਘੁਮਾਇਆ,
ਸਾਰੀ ਖ਼ਲਕਤ ਚੱਕਰ ਵਿੱਚ ਪਾ ਕੇ,
ਸਾਡਾ ਬਣਿਆ ਪਰਉਪਕਾਰੀ।

ਗੋਹੇ ਮੂਤਰ ਵਰਗੀਆਂ ਚੀਜ਼ਾਂ,  
ਸਾਡੀਆਂ ਸੋਨੇ ਦੇ ਭਾਅ ਵਿਕੀਆਂ,
ਲਾਸ਼ਾਂ ਢੋਅ ਸਾਡੀਆਂ ਗੱਡੀਆਂ ਨੇ,
ਕੀਤੀ ਖੂਬ ਕਮਾਈ ਭਾਰੀ।

ਉਜੜੇ ਘਰ ਕੌਡਾਂ ਭਾਅ ਲੈਕੇ,
ਕਰੋੜਾਂ ਅਸੀਂ ਕਮਾਏ ਵਾਹਵਾ,
ਜਸ਼ਨ ਮਨਾਏ ਅਸਾਂ ਨੇ ਰੱਜ ਕੇ,
ਸਾਡੀ ਸ਼ਾਨ ਬਣ ਗਈ ਨਿਆਰੀ।

ਲਾਸ਼ਾਂ ਲੱਦੀ ਗੰਗਾ ਦੇ ਵਿੱਚ,  
ਅਸੀਂ ਹੱਥ ਧੋਤੇ ਮੁੜ ਮੁੜ ਕੇ,
ਸ਼ਾਇਦ ਮੁੜ ਕੇ ਕਦੀ ਨਾ ਆਵੇ,
ਸਾਡੀ ਮਨ ਭਾਉਂਦੀ ਮਹਾਂਮਾਰੀ।

ਕਰਮ, ਧਰਮ 'ਤੇ ਸ਼ਰਮ ਦੇ ਝੰਜਟ,
ਸਾਡੇ ਲਈ ਸਾਰੇ ਹੀ ਖੋਟੇ,
ਇਨ੍ਹਾਂ ਬਿਨਾ ਅੱਜ ਦੇ ਯੁਗ ਵਿੱਚ,
ਸਾਡੀ ਚੱਲਦੀ ਦੁਨੀਆਦਾਰੀ।

ਚੋਰਾਂ ਕੋਲੋਂ ਸੰਨ੍ਹ ਲਗਵਾ ਕੇ,
ਸੁੱਤੇ ਘਰ ਵਾਲੇ ਜਗਾ ਕੇ,
ਲੁੱਟ ਦਾ ਦੋਹਰਾ ਖੇਲ੍ਹ ਰਚਾਈਏ,
ਕਾਇਮ ਸਦਾ ਆਪਣੀ ਸਰਦਾਰੀ।

ਸਾਡੇ ਵਪਾਰ 'ਚ ਕਦੀ ਨ੍ਹੀਂ ਘਾਟਾ,
ਭਾਵੇਂ ਦੁਨੀਆ ਪਲਟੇ ਪਾਸਾ,
ਪਾਂਸਕੂ ਵਾਲੀ ਤੱਕੜੀ ਸਾਡੀ ਦਾ,
ਪੱਲੜਾ ਰਹਿਣਾ ਸਦਾ ਹੀ ਭਾਰੀ।

ਨਸ਼ੇ ਉਥੇ ਪਹੁੰਚਾ ਸਕਦੇ ਹਾਂ,
ਜਿੱਥੇ ਕਦੀ ਦਵਾਈ ਨਾ ਪਹੁੰਚੇ,
ਪਰਵਾਹ ਨਹੀਂ ਸਾਨੂੰ ਕਿਸੇ ਦੀ,
ਮਰ ਜਾਏ ਭਾਵੇਂ ਦੁਨੀਆ ਸਾਰੀ।

ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ