ਡਾਕਟਰ ਬਣਨ ਦਾ ਸੁਪਨਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ

ਕਲਾ ਅਤੇ ਅਕਲ ਦੀ ਦੁਨੀਆ ਨਿੱਤ ਛੜੱਪੇ ਮਾਰੇ,
ਕਲਯੁਗ ਦੇ ਅਜੋਕੇ ਰੌਂ ਵਿੱਚ ਅੱਗੇ ਵਧਦੀ ਜਾਵੇ।
ਹਰ ਪਾਸੇ ਭਰਮਾਰ ਹੈ ਡਾਕਟਰਾਂ ਅਤੇ ਅਦੀਬਾਂ ਦੀ,
ਨਿੱਘਰਦੀ ਜਾਵੇ ਸਾਡੀ ਹਾਲਤ ਬੇਚਾਰੇ 'ਤੇ ਗ਼ਰੀਬਾਂ ਦੀ।
ਕਿੰਨੇ ਭਾਵੇਂ ਸਿਆਣੇ ਬਣੀਏ ਵੁੱਕਤ ਨਾ ਕੋਈ ਪੈਂਦੀ,
ਸਾਡੀ ਵਧੀਆ ਗੱਲ ਵੀ ਲੋਕਾਂ ਦੇ ਨੇੜੇ ਨਹੀਂ ਖਹਿੰਦੀ।
ਦੂਜੇ ਪਾਸੇ ਉਹ ਚਤਰ ਲੋਕ ਜੋ ਡੱਡੇ ਨੂੰ ਡੰਡਾ ਲਾਉਂਦੇ,
ਲੋਕਾਂ ਕੋਲੋਂ ਧੌਂਸ ਨਾਲ ਹੀ ਖ਼ੁਦ ਡਾਕਟਰ ਕਹਿਲਾਉਂਦੇ।
ਆਕੜ ਦੇ ਵਿੱਚ ਨਹੁੰ ਨਹੀਂ ਖੁਭਦਾ ਗਰਦਣ ਰੱਖਦੇ ਸਿੱਧੀ,
ਕੀ ਕੱਦ ‘ਤੇ ਕੀ ਸ਼ੋਰਬਾ ਨਿੱਕਲੇ ਜੇ ਪਾਈਏ ਦੀ ਹੋਵੇ ਪਿੱਦੀ।
ਨਖਰੇ ਉਨ੍ਹਾਂ ਦੇ ਦੇਖ ਦੇਖ ਮੇਰੇ ਮਨ ਨੂੰ ਪੈਂਦੀਆਂ ਘੇਰਾਂ,
ਦਿਲ ਕਰਦੈ ਕਿ ਮੈਂ ਵੀ ਡਾਕਦਾਰ ਬਣ ਜਾਵਾਂ ਇੱਕ ਵੇਰਾਂ।
ਫੋਕੀ ਸ਼ੋਹਰਤ ਮੈਂ ਵੀ ਖੱਟਾਂ ਠੁੱਕ ਜਿਹਾ ਫ਼ੇਰ ਬੱਝੇ,
ਜਿੱਧਰ ਜਾਵਾਂ ਹੋਣ ਸਲਾਮਾਂ ਕੀ ਸੱਜੇ ‘ਤੇ ਕੀ ਖੱਬੇ।
ਇਸ ਚਾਹਤ ਦੇ ਸੁਪਨੇਂ ਲੈਂਦਿਆਂ ਕਾਲ਼ੇ ਹੋ ਗਏ ਧੌਲ਼ੇ,
ਮੜਕ ਸ਼ੜਕ ਸਭ ਮੱਠੀ ਪੈ ਗਈ ਪੈਰ ਚੱਲਣ ਹੁਣ ਹੌਲ਼ੇ।

ਪਰ ਇੱਕ ਰਾਤ ਸੁਪਨੇ ਦੇ ਵਿੱਚ ਚਮਤਕਾਰ ਜੋ ਹੋਇਆ,
ਸੁੱਤੇ ਦਾਸ ਨੂੰ ਰੱਬ ਨੇ ਆ ਕੇ ਰਜਾਈ 'ਚ ਇੱਝ ਝੰਜੋਇਆ।
ਉੱਠ ਉਏ ਸੱਜਣਾ ਕਿਹੜੀ ਗਾਫ਼ਲ ਨੀਂਦ ਤੂੰ ਪਿਆਂ ਏ ਸੁੱਤਾ,
ਆ ਅੱਜ ਰੱਜ ਕੇ ਕਰੀਏ ਤੇਰੇ ਕਰਮਾਂ ਦਾ ਕਿੱਸਾ ਕੁੱਤਾ।
ਚੁੰਧਿਆ ਗਈਆਂ ਅੱਖਾਂ ਮੇਰੀਆਂ ਦਿਲ ਬਾਗ਼ ਬਾਗ਼ ਫਿਰ ਹੋਇਆ,
ਸ਼ਾਖਸ਼ਾਤ ਜੱਦ ਰੱਬ ਨੂੰ ਦੇਖਿਆ ਸਾਹਮਣੇ ਮੇਰੇ ਖਲੋਇਆ।
ਬੋਲਿਆ, ਬੰਦਿਆ ਭਾਗ ਮੈਂ ਤੇਰੇ ਆਇਆਂ ਹੱਥੀਂ ਖੋਲ੍ਹਣ,
ਭਾਵਨਾਵਾਂ ਤੇਰੀਆਂ ਦੇ ਪਰਚੇ ਤਾਂ ਆਪ ਮੁਹਾਰੇ ਬੋਲਣ।
ਭਾਵੇਂ ਤੈਨੂੰ ਸਭ ਕੁੱਝ ਮਿਲਿਆ ਫ਼ੇਰ ਵੀ ਤੂੰ ਨਿੱਤ ਝੁਰਦਾ,
ਖ਼ੁਦ ਨੂੰ ਡਾਕਟਰ ਕਹਾਵਣ ਬਾਝੋਂ ਤੇਰਾ ਝੱਟ ਨਹੀਂ ਤੁਰਦਾ।
ਸ਼ੁਰੂ ਕਰ ਲੈ ਤੂੰ ਵੀ ਅੱਜ ਤੋਂ ਖ਼ੁਦ ਡਾਕਦਾਰ ਕਹਿਲਾਉਣਾ,
ਮੈਂ ਹਾਂ ਤੇਰੀ ਪਿੱਠ ‘ਤੇ ਬੰਦਿਆ ਛੱਡ ਦੇ ਤੂੰ ਘਬਰਾਉਣਾ।

ਮੈਂ ਕਿਹਾ ਰੱਬ ਜੀ! ਇਹ ਕੰਮ ਨਹੀਂ ਲੱਗਦਾ ਇੰਨਾ ਸੌਖਾ,
ਇਸ ਦੁਨੀਆ ਵਿੱਚ ਝੂਠ ਦਾ ਖਮਿਆਜ਼ਾ ਭਰਨਾ ਬੜਾ ਹੈ ਔਖਾ।
ਇੱਥੇ ਤਾਂ ਕਈ ਵੇਲਣ ਵੇਲ ਕੇ ਦੁਨੀਆ ਕਰਦੀ ਸੌਦੇ,
ਸਿਫਾਰਸ਼ਾਂ ਅਤੇ ਵੱਢੀਆਂ ਰਾਹੀਂ ਕਈ ਕਰਦੇ ਫਿਰਦੇ ਲੋੱਦੇ।
ਤਾਂ ਜਾ ਕੇ ਕਿਤੇ ਉਨ੍ਹਾਂ ਨੂੰ ਇੱਕ ਕਾਗਜ਼ ਜਿਹਾ ਹਥਿਆਉਂਦਾ,
ਤਾਹੀਉਂ ਡਾਕਦਾਰ ਪੈਰ ਪੈਰ ‘ਤੇ ਰੋਅਬ ਜਿਹਾ ਫਿਰ ਪਾਉਂਦਾ।
ਹੱਸ ਪਿਆ ਫੇਰ ਰੱਬ ਮੇਰੇ ‘ਤੇ ਕਹਿੰਦਾ ਉਏ ਭੋਲੇ ਬੰਦੇ!
ਤੇਰੇ ਵਰਗੀ ਜ਼ਮੀਰ ਨਾਲ ਨਹੀਂ ਚੱਲਦੇ ਦੁਨੀਆ ਦੇ ਧੰਦੇ।
ਜੇ ਤੂੰ ਰੋਟੀ ਨਾਲ ਹੈ ਨਿੱਤ ਦਿਨ ਖਾਣੀ ਘਿਉ ‘ਤੇ ਸ਼ੱਕਰ,
ਤਾਂ ਸਿੱਖ ਲੈ ਅੱਜ ਤੋਂ ਹੀ ਕਰਨੇ ਚੋਟੀ ਦੇ ਤੂੰ ਮੱਕਰ।
ਮੇਰੀ ਇਨ੍ਹਾਂ ਦੀ ਯਾਰੀ ਗੂੜ੍ਹੀ ਤੈਨੂੰ ਕਿਉਂ ਨਹੀਂ ਦਿਸਦੀ?
ਤੇਰੇ ਸਾਹਮਣੇ ਇਨ੍ਹਾਂ ਦੇ ਅੱਗੇ ਦੁਨੀਆ ਜਾਂਦੀ ਵਿਛਦੀ।
ਮੈਂ ਜੋ ਹਾਂ ਤੇਰੀ ਪਿੱਠ ਉੱਤੇ ਫੇਰ ਤੈਨੂੰ ਹੈ ਕੀ ਚਿੰਤਾ?
ਕਹਾ ਤੂੰ ਡਾਕਦਾਰ ਹਿੱਕ ਠੋਕ ਕੇ ਵਿਚਰ ਤੂੰ ਨਿਸ਼ੰਗ ਅਚਿੰਤਾ!
ਕਹਾ ਤੂੰ ਡਾਕਦਾਰ ਹਿੱਕ ਠੋਕ ਕੇ ਵਿਚਰ ਤੂੰ ਨਿਸ਼ੰਗ ਅਚਿੰਤਾ!

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ