ਚਿੰਤਾਜਨਕ ਹੈ ਸਿੱਖਾਂ ਪ੍ਰਤੀ ਰਾਜਸਥਾਨ ਸਰਕਾਰ ਦੀ ਮੰਦ ਭਾਵਨਾ - ਬਘੇਲ ਸਿੰਘ ਧਾਲੀਵਾਲ
ਉਂਜ ਤਾਂ ਆਏ ਦਿਨ ਭਾਰਤ ਅੰਦਰ ਸਿੱਖਾਂ ਸਮੇਤ ਸਮੁੱਚੀਆਂ ਹੀ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ,ਪਰ ਜਿਸ ਤਰਾਂ ਰਾਜਸਥਾਨ ਦੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ,ਇਹ ਬੇਹੱਦ ਹੀ ਨਿੰਦਣ ਯੋਗ ਅਤੇ ਚਿੰਤਾਜਨਕ ਵਰਤਾਰਾ ਹੈ।ਦੇਖਣ ਵਿੱਚ ਆਇਆ ਹੈ ਕਿ ਰਾਜਸਥਾਨ ਸਰਕਾਰ 1984 ਵੇਲੇ ਦੇ ਕੇਸਾਂ ਵਿੱਚੋਂ ਸਜਾਵਾਂ ਪੂਰੀਆਂ ਕਰਕੇ ਬਾਹਰ ਆ ਚੁੱਕੇ ਜਾਂ ਬਰੀ ਹੋ ਚੁੱਕੇ ਸਿੱਖਾਂ ਦੀ ਮੁੜ ਸਨਾਖਤ ਕਰਕੇ ਉਹਨਾਂ ਨੂੰ ਥਾਣਿਆਂ ਵਿੱਚ ਸੱਦ ਕੇ ਹੈਰਾਨ ਪਰੇਸ਼ਾਨ ਕਰ ਰਹੀ ਹੈ।ਸੋਚਣ ਵਾਲੀ ਗੱਲ ਹੈ ਕਿ ਜਿੰਨਾਂ ਕੇਸਾਂ ਵਿੱਚ ਸਿੱਖ ਬਰੀ ਹੋ ਚੁੱਕੇ ਹਨ ਜਾਂ ਸਜਾਵਾਂ ਭੁਗਤ ਕੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਕੰਮ ਧੰਦਾ ਕਰ ਕੇ ਪਰਿਵਾਰ ਪਾਲ਼ ਰਹੇ ਹਨ,ਉਹਨਾਂ ਕੇਸਾਂ ਵਿੱਚੋਂ ਸਿੱਖਾਂ ਨੂੰ ਫਾਰਗ ਹੋਇਆਂ ਨੂੰ ਵੀ ਦਹਾਕਿਆਂ ਬੱਧੀ ਸਮਾ ਬੀਤ ਚੁੱਕਾ ਹੈ, ਹੁਣ 40,40 ਸਾਲ ਬਾਅਦ ਬਜ਼ੁਰਗ ਹੋ ਚੁੱਕੇ ਸਿੱਖਾਂ ਨੂੰ ਉਹਨਾਂ ਪੁਰਾਣੇ ਕੇਸਾਂ ਦਾ ਹਵਾਲਾ ਦੇ ਕੇ ਮੁੜ ਥਾਣਿਆਂ ਵਿੱਚ ਬੁਲਾ ਕੇ ਪੁੱਛ ਪੜਤਾਲ ਦੇ ਨਾਮ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।ਉਹਨਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਜਾ ਰਹੇ ਹਨ, ਕੀ ਅਜਿਹਾ ਕਰਨਾ ਜਾਇਜ਼ ਹੈ ? ਅਦਾਲਤਾਂ ਤੋ ਬਰੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਥਾਣਿਆਂ ਚ ਸੱਦਿਆ ਜਾਣਾ ਬਣਦਾ ਹੈ,ਉਹ ਵੀ ਬਗੈਰ ਕਿਸੇ ਦੋਸ਼ ਤੋ, ਬਗੈਰ ਕਿਸੇ ਸ਼ਿਕਾਇਤ ਤੋ ਅਤੇ ਬਗੈਰ ਕਿਸੇ ਕਨੂੰਨੀ ਨੋਟਿਸ ਤੋਂ ? ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ,ਤਾਂ ਆਮ ਸਿੱਖ ਭਾਂਵੇਂ ਉਹ ਕਿਤੇ ਵੀ ਰਹਿ ਰਿਹਾ ਹੋਵੇ ਉਹਦਾ ਦਾ ਮਨ ਵੀ ਗੁਲਾਮੀ ਦਾ ਅਨੁਭਵ ਕਰਨ ਲੱਗਦਾ ਹੈ। ਰਾਜਸਥਾਨ ਦੇ ਸ੍ਰੀ ਗੰਗਾ ਨਗਰ ਦੇ ਬੱਸ ਸਟੈਂਡ ਪੁਲਿਸ ਚੌਂਕੀ ਤੋ ਜਨਤਕ ਹੋਈ ਵੀਡੀਓ ਵਿੱਚ ਪੀੜਤ ਸਿੱਖਾਂ ਵੱਲੋਂ ਭਾਜਪਾ ਚ ਬੈਠੇ ਸਿੱਖ ਚੌਧਰੀਆਂ ਅਤੇ ਸੰਘੀ ਸਿੱਖਾਂ ਨੂੰ ਵੀ ਨਿਹੋਰੇ ਦਿੱਤੇ ਗਏ ਹਨ।ਖਾਸ ਕਰਕੇ ਦਿੱਲੀ ਅਤੇ ਪੰਜਾਬ ਵਾਲੇ ਸਿੱਖਾਂ ‘ਤੇ ਇਸ ਗੱਲ ਦਾ ਗਿਲਾ ਜਤਾਇਆ ਗਿਆ ਹੈ ਕਿ ਜਿਹੜੀ ਪਾਰਟੀ ਸਿੱਖਾ ਦੀ ਹੋਂਦ ਮਿਟਾਉਣ ਲਈ ਜਤਨਸ਼ੀਲ ਹੈ,ਤੁਸੀ ਉਹਨਾਂ ਤੋ ਚੇਅਰਮੈਨੀਆਂ,ਵਜ਼ੀਰੀਆਂ ਮਾਨਣ ਦੇ ਲਾਲਚ ਵਿੱਚ ਆਪਣੀ ਹੀ ਕੌਂਮ ਨਾਲ ਹੁੰਦੀਆਂ ਬੇ ਇਨਸਾਫੀਆਂ ਵੱਲ ਪਿੱਠ ਕਰ ਲਈ ਹੈ।ਰਾਜਸਥਾਨ ਦੇ ਉਹਨਾਂ ਪੀੜਤ ਸਿੱਖਾਂ ਦਾ ਕਹਿਣਾ ਹੈ ਕਿ ਜਦੋ ਕਿਸੇ ਜਾਟ ਸਮਾਜ,ਰਾਜਪੂਤ ਸਮਾਜ ਬਾਗੜੀ ਜਾ ਮੀਣੇ ਸਮਾਜ ਦੇ ਲੋਕਾਂ ਤੇ ਅਜਿਹੀ ਕੋਈ ਬਿਪਤਾ ਪੈਂਦੀ ਹੈ ਤਾਂ ਝੱਟ ਉਹ ਸਾਰਾ ਸਮਾਜ ਇਕੱਠਾ ਹੋ ਜਾਂਦਾ ਹੈ ਤੇ ਇਨਸਾਫ ਲਈ ਇੱਕਜੁੱਟਤਾ ਨਾਲ ਅਵਾਜ ਬੁਲੰਦ ਕਰਦਾ ਹੈ,ਜਿਸ ਦੇ ਫਲ ਸਰੂਪ ਉਹ ਲੋਕ ਆਪਣੇ ਹੱਕ ਅਤੇ ਇਨਸਾਫ ਪਰਾਪਤ ਕਰ ਲੈਂਦੇ ਹਨ,ਪਰ ਸਿੱਖਾਂ ਲਈ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਆਪਣੇ ਨਾਲ ਹੁੰਦੇ ਅਨਿਆਂ ਦੇ ਖਿਲਾਫ ਬੋਲਣ ਤੋਂ ਵੀ ਟਾਲ਼ਾ ਵੱਟਣ ਲੱਗੀ ਹੈ।ਇੱਕੋ ਇੱਕ ਸਿੱਖ ਕੌਂਮ ਹੀ ਅਜਿਹੀ ਕੌਂਮ ਹੈ,ਜਿਹੜੀ ਆਪਣੇ ਹੱਕ ਹਿਤ ਤਲਵਾਰ ਨਾਲ ਲੈਣਾ ਜਾਣਦੀ ਹੈ,ਅਤੇ ਤਲਵਾਰ ਦੀ ਬਹਾਦਰੀ ਨਾਲ ਵੱਡੇ ਰਾਜ ਭਾਗ ਹੰਢਾ ਵੀ ਚੁੱਕੀ ਹੈ,ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਸਭ ਤੋ ਵੱਧ ਕੁਰਬਾਨੀਆਂ ਵੀ ਸਿੱਖ ਕੌਂਮ ਦੇ ਹਿੱਸੇ ਆਈਆਂ ਹਨ,ਪਰੰਤੂ ਇਸ ਦੇ ਬਾਵਜੂਦ ਹੁਣ ਉਹਨਾਂ ਦੀ ਗੈਰਤ ਉਹਨਾਂ ਨੂੰ ਆਪਣੇ ਸਮਾਜ ਨਾਲ ਖੜਨ ਲਈ ਗਫਲਤ ਦੀ ਨੀਂਦ ਚੋਂ ਨਹੀ ਜਗਾਉਂਦੀ,ਆਪਣੇ ਫਿਰਕੇ ਦੇ ਲੋਕਾਂ ਨਾਲ ਹੁੰਦੇ ਅਨਿਆ ਦੇ ਖਿਲਾਫ ਇਕੱਠਿਆਂ ਹੋਣ ਲਈ ਸਿੱਖ ਮਨਾਂ ਅੰਦਰ ਤਾਂਘ ਪੈਦਾ ਨਹੀ ਕਰਦੀ,ਲਿਹਾਜ਼ਾ ਭਾਰਤ ਵਰਸ਼ ਅੰਦਰ ਸਮੁੱਚੀ ਸਿੱਖ ਕੌਂਮ ਦੀ ਦੁਰਗਤੀ ਇੱਕ ਆਮ ਵਰਤਾਰਾ ਬਣ ਗਿਆ ਹੈ। ਇੱਕ ਪਾਸੇ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਸਿੱਖ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਜੋਰ ਸ਼ੋਰ ਨਾਲ ਪਰਚਾਰਦੀ ਹੈ,ਦੂਜੇ ਪਾਸੇ ਗੁਰਦੁਆਰੇ ਢਾਹੁਣ ਦੀਆਂ ਵੀਡੀਓ ਜਨਤਕ ਹੋ ਜਾਂਦੀਆਂ ਹਨ। ਇਹ ਕਿਹੋ ਜਿਹੀ ਦੰਭੀ ਸਿਆਸਤ ਹੈ ਇੱਕ ਪਾਸੇ ਸਿੱਖਾਂ ਨੂੰ ਵਡਿਆਉਣ ਲਈ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਦੀ ਗੱਲ ਪਰਚਾਰੀ ਜਾਂਦੀ ਹੈ,ਉਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਕੌਂਮ ਦੇ ਸੋਹਿਲੇ ਵੀ ਖੂਬ ਗਾਏ ਜਾਂਦੇ ਹਨ,ਪਰ ਉਸ ਸਮੇ ਹੀ ਦੂਜੇ ਪਾਸੇ ਸਿੱਖਾਂ ਨਾਲ ਅਨਿਆਂ ਦੀਆਂ ਖਬਰਾਂ ਆ ਜਾਂਦੀਆਂ ਹਨ।ਹੁਣ ਵੀ ਇਸਤਰਾਂ ਦਾ ਹੀ ਵਰਤਾਰਾ ਸਾਹਮਣੇ ਆਇਆ ਹੈ।ਇੱਕ ਪਾਸੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਦਾ ਪਰਚਾਰ ਕਰ ਰਹੀਆਂ ਹਨ, ਪਰ ਦੂਜੇ ਪਾਸੇ ਗੁਆਂਢੀ ਸੂਬੇ ਰਾਜਸਥਾਨ ਅੰਦਰ 80, 90 ਦੇ ਦਹਾਕੇ ਵਿੱਚ ਸਿੱਖ ਹਿਤਾਂ ਦੀ ਲੜਾਈ ਵਿੱਚ ਸ਼ਾਮਲ ਉਹਨਾਂ ਸਿੱਖਾਂ ਨੂੰ ਥਾਣਿਆਂ ਵਿੱਚ ਸੱਦ ਕੇ ਪੁਲਿਸ ਕਾਰਵਾਈ ਇਸ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ ਕਿ 1984 ਵਿੱਚ ਉਹਨਾਂ ਨੇ ਪੰਥਕ ਕਾਰਜਾਂ ਲਈ ਜੇਲ ਕੱਟੀ ਸੀ। ਜਿਹੜੇ ਸਿੱਖ ਬਜ਼ੁਰਗ ਉਮਰ ਵਿੱਚ ਵੀ 80, 80 ਸਾਲਾਂ ਦੇ ਕਰੀਬ ਹੋ ਚੁੱਕੇ ਹਨ ਅਤੇ ਉਹਨਾਂ ਦੇ ਪੁਲਿਸ, ਕਚਹਿਰੀਆਂ ਵਿੱਚੋਂ ਕੇਸ ਨਿਬੜਿਆਂ ਨੂੰ ਵੀ 25,25 ਸਾਲ ਗੁਜਰ ਚੁੱਕੇ ਹਨ,ਉਹਨਾਂ ਨੂੰ ਹੁਣ ਦੁਵਾਰਾ ਥਾਣਿਆਂ ਵਿੱਚ ਬੁਲਾ ਕੇ ਇਹ ਕਹਿਕੇ ਤੰਗ ਪਰੇਸ਼ਾਨ ਕਰਨਾ ਕੀ ਇਹ ਦੂਹਰੇ ਮਾਪਦੰਡ ਨਹੀ ? ਕੀਇਹ ਸਿੱਖਾ ਦੇ ਜਖਮਾਂ ਤੇ ਲੂਣ ਪਾਉਣ ਵਰਗਾ ਵਿਰਤਾਂਤ ਨਹੀ ਹੈ ? ਅਜਿਹੇ ਵਿਤਕਰੇਵਾਜੀ ਵਾਲੇ ਅਤੇ ਨਫਰਤੀ ਹਾਲਾਤਾਂ ਨੂੰ ਪੈਦਾ ਹੋਣ ਤੋ ਰੋਕਣਾ ਕੇਂਦਰ ਦੀ ਜਿੰਮੇਵਾਰੀ ਬਣਦੀ ਹੈ। ਜੇਕਰ ਕੇਂਦਰ ਸਰਕਾਰ ਸੱਚਮੁੱਚ ਹੀ ਸਿੱਖਾਂ ਦੀ ਅਹਿਸਾਨਮੰਦ ਹੈ ਅਤੇ ਸਿੱਖਾਂ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੀ ਹੈ,ਤਾਂ ਉਹਨਾਂ ਨੂੰ ਰਾਜਸਥਾਨ ਵਰਗੇ ਸੂਬਿਆਂ ਦੀਆਂ ਸਰਕਾਰਾਂ ਨੂੰ ਅਜਿਹਾ ਕਰਨ ਤੋ ਸਖ਼ਤੀ ਨਾਲ ਵਰਜਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਮਨਾਂ ਵਿੱਚ ਬੇਗਾਨਗੀ ਦੀ ਭਾਵਨਾ ਹੋਰ ਵਧੇਗੀ,ਜਿਸ ਦੇ ਦੂਰਗਾਮੀ ਨਤੀਜੇ ਹਕੂਮਤਾਂ ਦੇ ਕਿਆਫ਼ਿਆਂ ਦੇ ਅਨੁਕੂਲ ਨਹੀ ਹੋ ਸਕਣਗੇ।
ਬਘੇਲ ਸਿੰਘ ਧਾਲੀਵਾਲ
99142-58142
ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ - ਬਘੇਲ ਸਿੰਘ ਧਾਲੀਵਾਲ
ਅਣਖਾਂ ਦੀ ਜਰਖੇਜ ਮਿੱਟੀ ਚੋ ਪੈਦਾਂ ਹੋਏ ਪੰਜਾਬੀਆਂ ਦੀ ਅਣਖ ਨੂੰ ਜਦੋ ਵੀ ਕਿਸੇ ਨੇ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ,ਉਹਨੂੰ ਮੂੰਹ ਦੀ ਖਾਣੀ ਪਈ ਹੈ।ਇਹ ਕੋਈ ਕਹਿਣ ਦੀਆਂ ਗੱਲਾਂ ਨਹੀ ਹਨ,ਬਲਕਿ ਪੰਜਾਬ ਦਾ ਇਤਿਹਾਸ ਅਜਿਹਾ ਸਮਝਾ ਰਿਹਾ ਹੈ।ਇਹ ਬਾਬਰ,ਜਹਾਂਗੀਰ ਤੋ ਲੈ ਕੇ ਔਰੰਗਜੇਬ,ਫਰਖ਼ਸ਼ੀਅਰ, ਦੁਰਾਨੀਆਂ ਅਵਦਾਲੀਆਂ ਤੋ ਹੁੰਦਾ ਹੋਇਆ ਗੋਰੇ ਫਰੰਗੀਆਂ ਤੋ ਇੰਦਰਾ ਗਾਂਧੀ ਤੱਕ ਅਤੇ ਉਸ ਤੋ ਵੀ ਅੱਗੇ ਦਿੱਲੀ ਅੰਦੋਲਨ ਤੱਕ ਦਾ ਵਰਤਾਰਾ ਇਸ ਇਤਿਹਾਸਿਕ ਸਚਾਈ ਦੀ ਗਵਾਹੀ ਭਰਦਾ ਹੈ,ਕਿ ਪੰਜਾਬ ਨੇ ਕਦੇ ਵੀ ਆਪਣੀ ਅਣਖ ਨੂੰ ਆਂਚ ਨਹੀ ਆਉਣ ਦਿੱਤੀ।ਹੁਣ ਜਦੋ ਪੰਜਾਬ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ,ਜਿਸ ਦੀ ਬੁਨਿਆਦ ਹੀ ਪੰਜਾਬ ਦੇ ਸਿਰ ਤੇ ਖੜੀ ਹੈ ਅਤੇ ਜੇਕਰ 2014 ਵਿੱਚ ਪੰਜਾਬ ਦੇ ਵੋਟਰ ਚਾਰ ਮੈਬਰ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਵਿੱਚ ਨਾ ਭੇਜਦੇ ਤਾਂ ਅੱਜ ਤੋ ਕਾਫੀ ਸਮਾ ਪਹਿਲਾਂ ਹੀ ਇਹ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੁੰਦੀ।ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਸ ਨਾਲ ਬਣਾਈ ਸੀ ਕਿ ਇਹ ਪੰਜਾਬ ਵਿੱਚ ਅਜਿਹਾ ਬਦਲਾਓ ਲੈ ਕੇ ਆਵੇਗੀ,ਜਿਹੜਾ ਉਹਨਾਂ ਦੇ ਪਿਛਲੇ 70,75 ਸਾਲਾਂ ਵਿੱਚ ਬਦ ਤੋ ਬਦਤਰ ਹੋਏ ਹਾਲਾਤਾਂ ਨੂੰ ਸੁਧਾਰਨ ਦੇ ਉਪਰਾਲੇ ਕਰੇਗਾ,ਪਰ ਹੋਇਆ ਕੀ ? ਸਾਰਾ ਕੁੱਝ ਹੀ ਉਲਟ। ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦੇ ਫਰਕ ਤੋ ਵੀ ਜਿਆਦਾ ਫਰਕ,ਬਲਕਿ ਮੋਮੋਠਗਣੀਆਂ ਦੇ ਮਾਹਰ ਦਿੱਲੀ ਦੀ ਨਵੀ ਸਿਆਸਤ ਨੇ ਪੰਜਾਬ ਨੂੰ ਅਸਲੋਂ ਹੀ ਬੁੱਧੂ ਸਮਝ ਲਿਆ।ਉਹ ਇਹ ਗੱਲ ਸਾਇਦ ਅਜੇ ਤੱਕ ਵੀ ਨਹੀ ਸਮਝੇ ਕਿ ਉਹਨਾਂ ਦੀ ਪੰਜਾਬ ‘ਤੇ ਜਿੱਤ ਜਿੱਥੇ ਉਹਨਾਂ ਦੇ ਸਬਜ ਬਾਗਾਂ ਦੀ ਭਰਮਾਰ ਕਰਕੇ ਵੀ ਸੀ,ਓਥੇ ਇਸ ਦਾ ਮੁੱਖ ਕਾਰਨ ਤਾਂ ਲੋਕਾਂ ਦਾ ਇੱਥੋ ਦੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਤੋ ਮੋਹ ਭੰਗ ਹੋਣ ਕਰਕੇ ਸੀ,ਪਰ ਆਪ ਦੀ ਦਿੱਲੀ ਦੀ ਲੀਡਰਸ਼ਿੱਪ ਇਸ ਜਿੱਤ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਨਾਉਣ ਦੀ ਆਪਣੀ ਕਾਬਲੀਅਤ ਸਮਝਣ ਦੀ ਭੁੱਲ ਕਰ ਬੈਠੀ। ਇਹ ਦੁਖਾਂਤ ਹੀ ਸਮਝਣਾ ਹੋਵੇਗਾ ਕਿ ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ,ਬਲਕਿ ਗਲਤ ਅੰਦਾਜੇ ਲਾਕੇ ਭਵਿੱਖ ਦੀ ਰਾਜਨੀਤੀ ਤਹਿ ਕਰਨ ਦੇ ਮਨਸੂਬੇ ਬਣਾ ਰਹੀ ਹੈ। ਲਿਹਾਜ਼ਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਨੇਤਾ ਮੁਨੀਸ਼ ਸ਼ਿਸ਼ੋਦੀਆ ਦੀ ਵਾਇਰਲ ਹੋਈ ਵੀਡੀਓ ਤੋ ਸਪੱਸਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ ਦੇ ਲੋਕਾਂ ਨੂੰ ਅਸਲ ਵਿੱਚ ਕੀ ਸਮਝ ਬੈਠੀ ਹੈ।ਉਹਨਾਂ ਦਾ ਮੰਨਣਾ ਹੈ ਕਿ ਜਿਸਤਰਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾ ਕੇ ਅਤੇ ਝੂਠ ਮੂਠ ਦੇ ਇਨਕਲਾਬ ਦੇ ਨਾਹਰਿਆਂ ਨਾਲ 2014 ਤੋ ਲੈ ਕੇ ਭਰਮਾਉਂਦੇ ਆ ਰਹੇ ਹਨ,ਸ਼ਾਇਦ ਹੁਣ ਵੀ ਕੁੱਝ ਇਹੋ ਜਿਹਾ ਹੀ ਕਰਕੇ ਮੁੜ ਸੱਤਾ ਤੇ ਕਾਬਜ਼ ਹੋ ਸਕਣਗੇ।ਬਲਕਿ ਇਸ ਵਾਰ ਤਾਂ ਮੁਨੀਸ ਸ਼ਿਸ਼ੋਦੀਆ “ਸਾਮ ਦਾਮ ਦੰਡ ਭੇਦ ਦੇ ਨਾਲ ਲੜਾਈਆਂ ਝਗੜੇ“ ਕਰਵਾਉਣ ਦੀ ਗੱਲ ਵੀ ਬੜੇ ਹੰਕਾਰ ਨਾਲ ਕਰਦੇ ਸਾਫ ਦਿਖਾਈ ਦਿੰਦੇ ਹਨ, ਜਿਸ ਤੋ ਸਪੱਸਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਨਸਲੀ ਫਸਾਦ ਕਰਵਾਉਣ ਦਾ ਮਨ ਬਣਾਈ ਬੈਠੇ ਹਨ,ਜਿਸ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਗਏ ਹਨ।ਉਹਨਾਂ ਦੀ ਇਸ ਵੀਡੀਓ ਨੇ ਆਪ ਨੇਤਾ ਦੇ ਮਸੂਮ ਚਿਹਰੇ ਦੀ ਅਸਲ ਪਛਾਣ ਕਰਵਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ, ਵਰਕਰ,ਪੁਰਸ਼, ਮਹਿਲਾਵਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਤੋ ਉਪਰੋਕਤ ਤੇ ਸਹੀ ਪਵਾਉਂਦੇ ਹੋਏ ਜਦੋ ਵਾਅਦਾ ਲੈ ਰਹੇ ਹਨ ਤਾਂ ਉਸ ਮੌਕੇ ਮੁੱਖ ਮੰਤਰੀ ਦੇ ਬੁੱਲਾਂ ਦੀ ਮੁਸਕਾਨ ਪ੍ਰਤੀ ਜਿੱਥੇ ਭਾਰੀ ਰੰਜਸ਼ ਹੈ,ਉੱਥੇ ਸੂਬਾ ਪ੍ਰਧਾਨ ਦੇ ਚਿਹਰੇ ਦੀ ਗੰਭੀਰਤਾ ਭਾਵੇਂ ਕੁੱਝ ਹੋਰ ਬਿਆਨ ਕਰਦੀ ਹੈ,ਪਰ ਦਿੱਲੀ ਵਾਲੇ ਨੇਤਾ ਦੇ ਪ੍ਰਵਚਨ ਸੁਣਕੇ ਚੁੱਪ ਬੈਠੇ ਰਹਿਣ ਕਾਰਨ ਉਹਨਾਂ ਦੀ ਪੰਜਾਬ ਪ੍ਰਤੀ ਇਮਾਨਦਾਰੀ ਅਤੇ ਦਿਆਨਤਦਾਰੀ ਤੇ ਸਵਾਲੀਆ ਨਿਸ਼ਾਨ ਵੀ ਲੱਗਦਾ ਹੈ। ਬਲਕਿ ਉਹਨਾਂ ਨੂੰ ਰੋਸ ਪਰਗਟ ਕਰਨਾ ਚਾਹੀਦਾ ਸੀ ਅਤੇ ਆਪ ਦੀ ਹਾਈਕਮਾਂਡ ਨੂੰ ਇਹ ਦੱਸਣਾ ਵੀ ਬਣਦਾ ਸੀ ਕਿ ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਐਨੇ ਭੋਲ਼ੇ ਵੀ ਨਹੀ ਜਿਹੜੇ ਫਿਰਕੂ ਅਤੇ ਮਾਰੂ ਚਲਾਕੀਆਂ ਨੂੰ ਵੀ ਸਮਝ ਨਹੀ ਸਕਣਗੇ। ਇਹ ਪੰਜਾਬ ਦੇ ਲੋਕਾਂ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ‘ਤੇ ਪ੍ਰਗਟਾਏ ਗਏ ਅਥਾਹ ਭਰੋਸ਼ੇ ਦਾ ਹੀ ਨਤੀਜਾ ਹੈ ਕਿ ਆਪ ਦੇ ਆਗੂ ਪੰਜਾਬ ਦੇ ਲੋਕਾਂ ਦੀ ਲਿਆਕਤ ਨੂੰ ਬੇਵਕੂਫੀ ਸਮਝ ਬੈਠੇ ਹਨ।ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਲੜਾਈ ਝਗੜੇ ਕਰਵਾ ਕੇ ਵੋਟਾਂ ਵਟੋਰਨ ਲਈ ਉਕਸਾ ਰਹੇ ਸਾਫ ਦਿਖਾਈ ਦਿੰਦੇ ਹਨ। ਉਹ ਮੀਸ਼ਣੀ ਹਾਸੀ ਹੱਸਦੇ ਹੋਏ ਹਾਜਰੀਨ ਤੋ ਵਾਅਦਾ ਲੈਂਦੇ ਕਹਿ ਰਹੇ ਹਨ, ਕੀ ਤੁਸੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਹੋ।ਸ਼ਿਸ਼ੋਦੀਆ ਦਾ ਅਜਿਹਾ ਫਿਰਕੂ ਭਾਸ਼ਣ ਸੁਣਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿ ਜਾਂਦੀ ਕਿ ਇਸ ਪਾਰਟੀ ਨੂੰ ਵੀ ਦਿਸ਼ਾ ਨਿਰਦੇਸ਼ ਕਿੱਥੋ ਮਿਲਦੇ ਹੋਣਗੇ।ਮੈ ਪਹਿਲਾਂ ਵੀ ਬਹੁਤ ਵਾਰੀ ਇਹ ਲਿਖ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕੂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੋ ਵੱਧ ਖਤਰਨਾਕ ਨਹੀ ਹੋ ਸਕਦੀ,ਕਿਉਕਿ ਭਾਜਪਾ ਆਪਣੇ ਏਜੰਡੇ ਪ੍ਰਤੀ ਸਪੱਸਟ ਹੈ,ਉਹਨਾਂ ਨੇ ਜੋ ਕਰਨਾ ਹੈ ਉਹ ਡੰਕੇ ਦੀ ਚੋਟ ਤੇ ਕਰਨ ਦਾ ਦਾਅਵਾ ਕਰਦੀ ਹੈ। ਮਿਸਾਲ ਦੇ ਤੌਰ ਤੇ ,ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ,ਉਹਦੇ ਲਈ ਬਿਲਕੁਲ ਸਪੱਸਟ ਹਨ,ਉਹ ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਨਹੀ ਰੱਖਦੇ,ਉਹਦੇ ਲਈ ਵੀ ਉਹਨਾਂ ਦੀਆਂ ਨੀਤੀਆਂ ਸਪੱਸਟ ਹਨ,ਪਰ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਕਿਤੇ ਵੱਧ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਉਹਨਾਂ ਤੋ ਵੀ ਮਾੜੀ ਸੋਚ ਮਨ ਵਿੱਚ ਕੈ ਕੇ ਲੁਕਮੇ ਏਜੰਡੇ ਨਾਲ ਅੱਗੇ ਵਧ ਰਹੀ ਹੈ,ਜਿਹੜਾ ਘੱਟ ਗਿਣਤੀਆਂ ਲਈ ਭਾਜਪਾ ਤੋ ਵੱਧ ਖਤਰਨਾਕ ਅਤੇ ਜਹਿਰੀਲਾ ਹੈ।ਇਸ ਤੋ ਵੀ ਵੱਧ ਦੰਭ ਅਤੇ ਅਕਿਰਤਘਣਤਾ ਇਹ ਹੈ ਕਿ ਜਿਹੜੇ ਸੂਬੇ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੀ ਜੜ ਲਾਈ ਉਹਨਾਂ ਦੀਆਂ ਝੂਠੀਆਂ ਨੀਤੀਆਂ ਵਿੱਚ ਵਿਸਵਾਸ਼ ਪ੍ਰਗਟਾ ਕੇ ਰਿਕਾਰਡ ਤੋੜ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਈ,ਅੱਜ ਉਹਨਾਂ ਲੋਕਾਂ ਨੂੰ ਇਹ ਲੋਕ ਬੇ-ਗੈਰਤੇ,ਬੇ-ਅਣਖੇ ਅਤੇ ਬੇ-ਅਕਲੇ ਸਮਝਣ ਦੀ ਭੁੱਲ ਕਰਕੇ ਆਪਣੇ ਪੈਰ ਤੇ ਖੁਦ ਕੁਹਾੜਾ ਮਾਰਨ ਵਾਲੀ ਬੇਵਕੂਫੀ ਖੁਦ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਜੋ ਪਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ।ਜੇਕਰ ਸ਼ਿਸ਼ੋਦੀਆ ਹੁਰਾਂ ਨੇ ਪੰਜਾਬ ਦੇ ਲੋਕਾਂ ਦੀ ਲਿਆਕਤ ਅਤੇ ਸਿਆਣਪ ਦਾ ਗਲਤ ਅੰਦਾਜਾ ਨਾ ਲਾਇਆ ਹੁੰਦਾ ਤਾਂ ਉਹਨਾਂ ਦੀ ਅਜਿਹੀ ਵੀਡੀਓ ਸਾਹਮਣੇ ਨਹੀ ਸੀ ਆਉਣੀ।ਸੋ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਦੰਭੀ ਸੋਚ ਨੂੰ ਜਨਤਕ ਕਰ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਇਕੱਠ ਵਿੱਚ ਬੈਠੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਬਹਾਦਰ ਸਿਪਾਹੀਆਂ ਅਤੇ ਸਿਪਾਹ ਸਲਾਰਾਂ ਦੀ ਅਣਖ ਹਲੂਣਾ ਖਾਵੇਗੀ,ਜਾਂ ਡੇਢ ਕੁ ਸਾਲ ਦੀ ਬਾਕੀ ਬਚੀ ਸੱਤਾ ਦੇ ਅਨੰਦ ਦੀ ਲਾਲਸਾ ਉਹਨਾਂ ਦੀ ਅਣਖ ਤੇ ਭਾਰੂ ਹੀ ਰਹੇਗੀ। ਪਰੰਤੂ ਪੰਜਾਬ ਦਾ ਇਤਿਹਾਸ ਅਜਿਹਾ ਹੀ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਨਾ ਕਦੇ ਚੰਗਾ ਕਰਨ ਵਾਲਿਆਂ ਨੂੰ ਵਿਸਾਰਦੇ ਹਨ ਅਤੇ ਨਾ ਹੀ ਮਾੜਾ ਕਰਨ ਵਾਲਿਆਂ ਨੂੰ ਚੇਤਿਆਂ ਵਿੱਚੋਂ ਮਨਫੀ ਹੋਣ ਦਿੰਦੇ ਹਨ। ਪੰਜਾਬ ਪ੍ਰਤੀ ਅਜਿਹੀ ਮੰਦ ਭਾਵਨਾ ਨੂੰ ਵੀ ਲੋਕ ਚੇਤਿਆਂ ਵਿੱਚੋ ਕੱਢਿਆ ਨਹੀ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142
ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ - ਬਘੇਲ ਸਿੰਘ ਧਾਲੀਵਾਲ
ਅਣਖਾਂ ਦੀ ਜਰਖੇਜ ਮਿੱਟੀ ਚੋ ਪੈਦਾਂ ਹੋਏ ਪੰਜਾਬੀਆਂ ਦੀ ਅਣਖ ਨੂੰ ਜਦੋ ਵੀ ਕਿਸੇ ਨੇ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ,ਉਹਨੂੰ ਮੂੰਹ ਦੀ ਖਾਣੀ ਪਈ ਹੈ।ਇਹ ਕੋਈ ਕਹਿਣ ਦੀਆਂ ਗੱਲਾਂ ਨਹੀ ਹਨ,ਬਲਕਿ ਪੰਜਾਬ ਦਾ ਇਤਿਹਾਸ ਅਜਿਹਾ ਸਮਝਾ ਰਿਹਾ ਹੈ।ਇਹ ਬਾਬਰ,ਜਹਾਂਗੀਰ ਤੋ ਲੈ ਕੇ ਔਰੰਗਜੇਬ,ਫਰਖ਼ਸ਼ੀਅਰ, ਦੁਰਾਨੀਆਂ ਅਵਦਾਲੀਆਂ ਤੋ ਹੁੰਦਾ ਹੋਇਆ ਗੋਰੇ ਫਰੰਗੀਆਂ ਤੋ ਇੰਦਰਾ ਗਾਂਧੀ ਤੱਕ ਅਤੇ ਉਸ ਤੋ ਵੀ ਅੱਗੇ ਦਿੱਲੀ ਅੰਦੋਲਨ ਤੱਕ ਦਾ ਵਰਤਾਰਾ ਇਸ ਇਤਿਹਾਸਿਕ ਸਚਾਈ ਦੀ ਗਵਾਹੀ ਭਰਦਾ ਹੈ,ਕਿ ਪੰਜਾਬ ਨੇ ਕਦੇ ਵੀ ਆਪਣੀ ਅਣਖ ਨੂੰ ਆਂਚ ਨਹੀ ਆਉਣ ਦਿੱਤੀ।ਹੁਣ ਜਦੋ ਪੰਜਾਬ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ,ਜਿਸ ਦੀ ਬੁਨਿਆਦ ਹੀ ਪੰਜਾਬ ਦੇ ਸਿਰ ਤੇ ਖੜੀ ਹੈ।ਜੇਕਰ 2014 ਵਿੱਚ ਪੰਜਾਬ ਦੇ ਵੋਟਰ ਚਾਰ ਮੈਬਰ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਵਿੱਚ ਨਾ ਭੇਜਦੇ ਤਾਂ ਅੱਜ ਤੋ ਕਾਫੀ ਸਮਾ ਪਹਿਲਾਂ ਹੀ ਇਹ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੁੰਦੀ।ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਸ ਨਾਲ ਬਣਾਈ ਸੀ ਕਿ ਇਹ ਪੰਜਾਬ ਵਿੱਚ ਅਜਿਹਾ ਬਦਲਾ ਲੈ ਕੇ ਆਵੇਗੀ,ਜਿਹੜਾ ਉਹਨਾਂ ਦੇ ਪਿਛਲੇ 70,75 ਸਾਲਾਂ ਵਿੱਚ ਬਦ ਤੋ ਬਦਤਰ ਹੋਏ ਹਾਲਾਤਾਂ ਨੂੰ ਸੁਧਾਰਨ ਦੇ ਉਪਰਾਲੇ ਕਰੇਗਾ,ਪਰ ਹੋਇਆ ਕੀ ? ਸਾਰਾ ਕੁੱਝ ਹੀ ਉਲਟ। ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦੇ ਫਰਕ ਤੋ ਵੀ ਜਿਆਦਾ ਫਰਕ,ਬਲਕਿ ਮੋਮੋਠਗਣੀਆਂ ਦੇ ਮਾਹਰ ਦਿੱਲੀ ਦੀ ਨਵੀ ਸਿਆਸਤ ਨੇ ਪੰਜਾਬ ਨੂੰ ਅਸਲੋਂ ਹੀ ਬੁੱਧੂ ਸਮਝ ਲਿਆ।ਉਹ ਇਹ ਗੱਲ ਸਾਇਦ ਅਜੇ ਤੱਕ ਵੀ ਨਹੀ ਸਮਝੇ ਕਿ ਉਹਨਾਂ ਦੀ ਪੰਜਾਬ ‘ਤੇ ਜਿੱਤ ਜਿੱਥੇ ਉਹਨਾਂ ਦੇ ਸਬਜ ਬਾਗਾਂ ਦੀ ਭਰਮਾਰ ਕਰਕੇ ਵੀ ਸੀ,ਓਥੇ ਇਸ ਦਾ ਮੁੱਖ ਕਾਰਨ ਤਾਂ ਲੋਕਾਂ ਦਾ ਇੱਥੋ ਦੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਤੋ ਮੋਹ ਭੰਗ ਹੋਣ ਕਰਕੇ ਸੀ,ਪਰ ਆਪ ਦੀ ਦਿੱਲੀ ਦੀ ਲੀਡਰਸ਼ਿੱਪ ਇਸ ਜਿੱਤ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਨਾਉਣ ਦੀ ਆਪਣੀ ਕਾਬਲੀਅਤ ਸਮਝਣ ਦੀ ਭੁੱਲ ਕਰ ਬੈਠੀ। ਇਹ ਦੁਖਾਂਤ ਹੀ ਸਮਝਣਾ ਹੋਵੇਗਾ ਕਿ ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ। ਲਿਹਾਜ਼ਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਨੇਤਾ ਮੁਨੀਸ਼ ਸ਼ਿਸ਼ੋਦੀਆ ਦੀ ਵਾਇਰਲ ਹੋਈ ਵੀਡੀਓ ਤੋ ਸਪੱਸਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ ਦੇ ਲੋਕਾਂ ਨੂੰ ਅਸਲ ਵਿੱਚ ਕੀ ਸਮਝ ਬੈਠੀ ਹੈ।ਉਹਨਾਂ ਦਾ ਮੰਨਣਾ ਹੈ ਕਿ ਜਿਸਤਰਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾ ਕੇ ਅਤੇ ਝੂਠ ਮੂਠ ਦੇ ਇਨਕਲਾਬ ਦੇ ਨਾਹਰਿਆਂ ਨਾਲ 2014 ਤੋ ਲੈ ਕੇ ਭਰਮਾਉਂਦੇ ਆ ਰਹੇ ਹਨ,ਸ਼ਾਇਦ ਹੁਣ ਵੀ ਕੁੱਝ ਇਹੋ ਜਿਹਾ ਹੀ ਕਰਕੇ ਮੁੜ ਸੱਤਾ ਤੇ ਕਾਬਜ਼ ਹੋ ਸਕਣਗੇ।ਬਲਕਿ ਇਸ ਵਾਰ ਤਾਂ ਮੁਨੀਸ ਸ਼ਿਸ਼ੋਦੀਆ ਸਾਮ ਦਾਮ ਦੰਡ ਭੇਦ ਦੇ ਨਾਲ ਲੜਾਈਆਂ ਝਗੜੇ ਕਰਵਾਉਣ ਦੀ ਗੱਲ ਵੀ ਬੜੀ ਬੇਸ਼ਰਮੀ ਨਾਲ ਕਰਦੇ ਸਾਫ ਦਿਖਾਈ ਦਿੰਦੇ ਹਨ, ਜਿਸ ਤੋ ਸਪੱਸਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਨਸਲੀ ਫਸਾਦ ਕਰਵਾਉਣ ਦਾ ਮਨ ਬਣਾਈ ਬੈਠੇ ਹਨ,ਜਿਸ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਗਏ ਹਨ।ਉਹਨਾਂ ਦੀ ਇਸ ਵੀਡੀਓ ਨੇ ਜਿੱਥੇ ਉਹਨਾਂ ਦੇ ਮਸੂਮ ਚਿਹਰੇ ਦੇ ਮਖੌਟੇ ਨੂੰ ਉਤਾਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ,ਓਥੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਪੁਰਸ਼ ਮਹਿਲਾਵਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਦੀ ਹਾਜਰੀ ਵਿੱਚ ਉਹਨਾਂ ਨੂੰ ਸੰਬੋਧਨ ਹੋ ਕੇ ਪਾਰਟੀ ਕਾਰਕੁਨਾਂ ਤੋ ਉਪਰੋਕਤ ਦਾ ਲਿਆ ਗਿਆ ਵਾਅਦਾ ਪੰਜਾਬ ਦੀ ਅਣਖ ਨੂੰ ਹਲੂਣਾ ਵੀ ਦੇ ਗਿਆ ਹੈ। ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਐਨੇ ਭੋਲ਼ੇ ਵੀ ਨਹੀ ਜਿਹੜੇ ਫਿਰਕੂ ਅਤੇ ਮਾਰੂ ਚਲਾਕੀਆਂ ਨੂੰ ਵੀ ਸਮਝ ਨਹੀ ਸਕਣਗੇ। ਇਹ ਪੰਜਾਬ ਦੇ ਲੋਕਾਂ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ‘ਤੇ ਪ੍ਰਗਟਾਏ ਗਏ ਅਥਾਹ ਭਰੋਸ਼ੇ ਦਾ ਹੀ ਨਤੀਜਾ ਹੈ ਕਿ ਆਪ ਦੇ ਆਗੂ ਪੰਜਾਬ ਦੇ ਲੋਕਾਂ ਦੀ ਲਿਆਕਤ ਨੂੰ ਬੇਵਕੂਫੀ ਸਮਝ ਬੈਠੇ ਹਨ।ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਲੜਾਈ ਝਗੜੇ ਕਰਵਾ ਕੇ ਵੋਟਾਂ ਵਟੋਰਨ ਲਈ ਉਕਸਾ ਰਹੇ ਸਾਫ ਦਿਖਾਈ ਦਿੰਦੇ ਹਨ। ਉਹ ਮੀਸ਼ਣੀ ਹਾਸੀ ਹੱਸਦੇ ਹੋਏ ਹਾਜਰੀਨ ਤੋ ਵਾਅਦਾ ਲੈਂਦੇ ਕਹਿ ਰਹੇ ਹਨ, ਕੀ ਤੁਸੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਹੋ।ਸ਼ਿਸ਼ੋਦੀਆ ਦਾ ਅਜਿਹਾ ਫਿਰਕੂ ਭਾਸ਼ਣ ਸੁਣਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿ ਜਾਂਦੀ ਕਿ ਇਸ ਪਾਰਟੀ ਨੂੰ ਵੀ ਦਿਸ਼ਾ ਨਿਰਦੇਸ਼ ਕਿੱਥੋ ਮਿਲਦੇ ਹੋਣਗੇ।ਮੈ ਪਹਿਲਾਂ ਵੀ ਬਹੁਤ ਵਾਰੀ ਇਹ ਲਿਖ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕੂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੋ ਵੱਧ ਖਤਰਨਾਕ ਨਹੀ ਹੋ ਸਕਦੀ,ਕਿਉਕਿ ਭਾਜਪਾ ਆਪਣੇ ਏਜੰਡੇ ਪ੍ਰਤੀ ਸਪੱਸਟ ਹੈ,ਉਹਨਾਂ ਨੇ ਜੋ ਕਰਨਾ ਹੈ ਉਹ ਡੰਕੇ ਦੀ ਚੋਟ ਤੇ ਕਰਨ ਦਾ ਦਾਅਵਾ ਕਰਦੀ ਹੈ। ਮਿਸਾਲ ਦੇ ਤੌਰ ਤੇ ,ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ,ਉਹਦੇ ਲਈ ਬਿਲਕੁਲ ਸਪੱਸਟ ਹਨ,ਉਹ ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਨਹੀ ਰੱਖਦੇ,ਉਹਦੇ ਲਈ ਵੀ ਉਹਨਾਂ ਦੀਆਂ ਨੀਤੀਆਂ ਸਪੱਸਟ ਹਨ,ਪਰ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਕਿਤੇ ਵੱਧ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਉਹਨਾਂ ਤੋ ਵੀ ਮਾੜੀ ਸੋਚ ਮਨ ਵਿੱਚ ਕੈ ਕੇ ਲੁਕਮੇ ਏਜੰਡੇ ਨਾਲ ਅੱਗੇ ਵਧ ਰਹੀ ਹੈ,ਜਿਹੜਾ ਘੱਟ ਗਿਣਤੀਆਂ ਲਈ ਭਾਜਪਾ ਤੋ ਵੱਧ ਖਤਰਨਾਕ ਅਤੇ ਜਹਿਰੀਲਾ ਹੈ।ਇਸ ਤੋ ਵੀ ਵੱਧ ਦੰਭ ਅਤੇ ਅਕਿਰਤਘਣਤਾ ਇਹ ਹੈ ਕਿ ਜਿਹੜੇ ਸੂਬੇ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੀ ਜੜ ਲਾਈ ਉਹਨਾਂ ਦੀਆਂ ਝੂਠੀਆਂ ਨੀਤੀਆਂ ਵਿੱਚ ਵਿਸਵਾਸ਼ ਪ੍ਰਗਟਾ ਕੇ ਰਿਕਾਰਡ ਤੋੜ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਈ,ਅੱਜ ਉਹਨਾਂ ਲੋਕਾਂ ਨੂੰ ਇਹ ਲੋਕ ਬੇ-ਗੈਰਤੇ,ਬੇ-ਅਣਖੇ ਅਤੇ ਬੇ-ਅਕਲੇ ਸਮਝਣ ਦੀ ਭੁੱਲ ਕਰਕੇ ਆਪਣੇ ਪੈਰ ਤੇ ਖੁਦ ਕੁਹਾੜਾ ਮਾਰਨ ਵਾਲੀ ਬੇਵਕੂਫੀ ਖੁਦ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਜੋ ਪਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ।ਜੇਕਰ ਸ਼ਿਸ਼ੋਦੀਆ ਹੁਰਾਂ ਨੇ ਪੰਜਾਬ ਦੇ ਲੋਕਾਂ ਦੀ ਲਿਆਕਤ ਅਤੇ ਸਿਆਣਪ ਦਾ ਗਲਤ ਅੰਦਾਜਾ ਨਾ ਲਾਇਆ ਹੁੰਦਾ ਤਾਂ ਉਹਨਾਂ ਦੀ ਅਜਿਹੀ ਵੀਡੀਓ ਸਾਹਮਣੇ ਨਹੀ ਸੀ ਆਉਣੀ।ਸੋ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਦੰਭੀ ਸੋਚ ਨੂੰ ਜਨਤਕ ਕਰ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਇਕੱਠ ਵਿੱਚ ਬੈਠੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਬਹਾਦਰ ਸਿਪਾਹੀਆਂ ਅਤੇ ਸਿਪਾਹ ਸਲਾਰਾਂ ਦੀ ਅਣਖ ਹਲੂਣਾ ਖਾਵੇਗੀ,ਜਾਂ ਡੇਢ ਕੁ ਸਾਲ ਦੀ ਬਾਕੀ ਬਚੀ ਸੱਤਾ ਦੇ ਅਨੰਦ ਦੀ ਲਾਲਸਾ ਉਹਨਾਂ ਦੀ ਅਣਖ ਤੇ ਭਾਰੂ ਹੀ ਰਹੇਗੀ। ਪਰੰਤੂ ਪੰਜਾਬ ਦਾ ਇਤਿਹਾਸ ਅਜਿਹਾ ਹੀ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਨਾ ਕਦੇ ਚੰਗਾ ਕਰਨ ਵਾਲਿਆਂ ਨੂੰ ਵਿਸਾਰਦੇ ਹਨ ਅਤੇ ਨਾ ਹੀ ਮਾੜਾ ਕਰਨ ਵਾਲਿਆਂ ਨੂੰ ਚੇਤਿਆਂ ਵਿੱਚੋਂ ਮਨਫੀ ਹੋਣ ਦਿੰਦੇ ਹਨ। ਪੰਜਾਬ ਪ੍ਰਤੀ ਅਜਿਹੀ ਮੰਦ ਭਾਵਨਾ ਨੂੰ ਵੀ ਲੋਕ ਚੇਤਿਆਂ ਵਿੱਚੋ ਕੱਢਿਆ ਨਹੀ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142
ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ-ਬਘੇਲ ਸਿੰਘ ਧਾਲੀਵਾਲ
ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਗੁਰਮਤਿਆਂ ਦੀ ਰੌਸ਼ਨੀ ਵਿੱਚ ਕੁੱਝ ਵਿਚਾਰਾਂ ਕਰਨੀਆਂ ਇਸ ਲਈ ਜ਼ਰੂਰੀ ਬਣਦੀਆਂ ਹਨ ਕਿਉਂਕਿ ਜਦੋ ਇਹ ਲਿਖਤ ਛਪ ਰਹੀ ਹੈ,ਉਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਬਣਾਈ ਗਈ ਭਰਤੀ ਕਮੇਟੀ, ਸ੍ਰੋਮਣੀ ਅਕਾਲੀ ਦਾ ਨਵਾਂ ਪ੍ਰਧਾਨ ਚੁਣਨ ਜਾ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਅਕਾਲੀ ਦਲ ਦੀ ਭਰਤੀ ਕੀਤੀ ਹੈ।ਇਸ ਭਰਤੀ ਕਮੇਟੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਦਾ ਰਿਹਾ ਹੈ।ਪਰ ਇਸ ਦੇ ਬਾਵਜੂਦ ਹੁਣ ਜਦੋ ਪ੍ਰਧਾਨਗੀ ਦੀ ਵਾਰੀ ਆਈ ਹੈ,ਤਾਂ ਉਕਤ ਕਮੇਟੀ ਸਮੇਤ ਮੂਹਰਲੀ ਕਤਾਰ ਦੀ ਲੀਡਰਸ਼ਿੱਪ ਵੱਲੋਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਪਾਰਦਰਸੀ ਢੰਗ ਨਾਲ ਨੇਪਰੇ ਚੜ੍ਹਨ ਦੀ ਬਜਾਏ ਮਹਿਜ਼ ਵੋਟ ਪਰਾਪਤੀ ਦਾ ਲਾਹਾ ਲੈਣ ਵਾਲੀ ਸੋਚ ਨੂੰ ਹੀ ਅਪਣਾਏ ਜਾਣ ਦੀ ਚਰਚਾ ਚੱਲ ਪਈ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਬਣਨ ਵਾਲੇ ਅਕਾਲੀ ਦਲ ਨੂੰ ਪੁਰਾਣੇ ਧੜਿਆਂ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕੇਗਾ।ਜਦੋਕਿ ਚਾਹੀਦਾ ਇਹ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਚੰਗੇ ਸੱਚੇ ਸੁੱਚੇ ਗੁਰਸਿੱਖ ਤੁਜਰਬੇਕਾਰ ਅਤੇ ਨਵੇਂ ਅਤੇ ਪੁਰਾਣੇ ਚਿਹਰਿਆਂ ਦੀ ਸਨਾਖਤ ਕਰਕੇ ਉਹਨਾਂ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਪਰਧਾਨਗੀ ਲਈ ਅੱਗੇ ਲੈ ਕੇ ਆਉਣ ਚਾਹੀਦਾ ਸੀ,ਜਿਹੜੇ ਪੰਥਕ ਹਿਤਾਂ ਦੇ ਹਾਮੀ,ਸਿਧਾਂਤ ਦੇ ਰਾਖੇ ਅਤੇ ਦ੍ਰਿੜ-ਵਿਸਵਾਸ਼ੀ ਹੋਣ।ਪੰਥ ਵਿੱਚ ਅਜਿਹੇ ਵਿਅਕਤੀ ਇੱਕ ਨਹੀ ਬਲਕਿ ਅਨੇਕਾਂ ਮਿਲ ਸਕਦੇ ਸਨ,ਪਰ ਜੋ ਨਾਮ ਪ੍ਰਧਾਨਗੀ ਲਈ ਸੁਝਾਏ ਜਾ ਰਹੇ ਹਨ,ਉਹਨਾਂ ਤੋ ਜਾਪਦਾ ਹੈ ਕਿ ਸੁਧਾਰਵਾਦੀ ਨੇਤਾ ਵੀ ਸੱਤਾ ਪਰਾਪਤੀ ਤੋਂ ਅੱਗੇ ਕੁੱਝ ਵੀ ਸੋਚਣਾ ਨਹੀ ਚਾਹੁੰਦੇ,ਸਗੋਂ ਇੱਕੋ ਇੱਕ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਆਪਣੇ ਪੱਖੀ ਕਿਸੇ ਅਜਿਹੇ ਵਿਅਕਤੀ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਦਾ ਹੀ ਰਹਿ ਗਿਆ ਜਾਪਦਾ ਹੈ,ਜਿਸਦਾ ਕੱਦ ਬੁੱਤ ਪੰਥ ਦੇ ਵਿਹੜੇ ਵਿੱਚ ਪਰਵਾਨ ਚੜ ਸਕੇ।ਇਹਦੇ ਵਿੱਚ ਵੀ ਕੋਈ ਝੂਠ ਜਾ ਸ਼ੱਕ ਦੀ ਗੁੰਜਾਇਸ਼ ਨਹੀ ਕਿ ਉਕਤ ਸੁਧਾਰਵਾਦੀਆਂ ਵਿੱਚ ਵੀ ਬਹੁ ਗਿਣਤੀ ਵਿੱਚ ਉਹ ਲੋਕ ਹੀ ਅੱਗੇ ਹਨ ਜਿਹੜੇ ਕੇਂਦਰੀ ਸੱਤਾ ਤੇ ਕਾਬਜ ਧਿਰ ਨਾਲ ਮੁੜ ਤੋ ਗੈਰ ਸਿਧਾਂਤਕ ਗੱਠਜੋੜ ਕਰਕੇ ਸੱਤਾ ਪਰਾਪਤੀ ਦੇ ਇੱਛਕ ਹਨ ਅਤੇ ਇਹ ਵੀ ਸੱਚ ਹੈ ਕਿ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਛੱਡ ਕੇ ਬਾਕੀ ਬਹੁ ਗਿਣਤੀ ਉਹਨਾਂ ਆਗੂਆਂ ਦੀ ਹੈ,ਜਿਹੜੇ ਪਹਿਲਾਂ ਹੀ ਲੋਕਾਂ ਵੱਲੋਂ ਨਕਾਰੇ ਹੋਏ ਹਨ,ਜਿੰਨਾਂ ਨੂੰ ਅੱਜ ਵੀ ਸਿੱਖ ਓਨਾ ਹੀ ਕਸੂਰਵਾਰ ਮੰਨਦੇ ਹਨ,ਜਿੰਨਾ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਹਨ,ਕਿਉਂਕਿ ਸੁਧਾਰ ਲਹਿਰ ਦਾ ਕੋਈ ਇੱਕ ਵੀ ਨੇਤਾ ਅਜਿਹਾ ਨਹੀ ਹੈ,ਜਿਸਨੇ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਪਾਰਟੀ ਦੇ ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕੀਤਾ ਹੋਵੇ,ਕਿਸੇ ਇੱਕ ਨੇ ਵੀ ਬਾਦਲ ਸਰਕਾਰ ਦੀਆਂ ,ਮਨਮਾਨੀਆਂ, ਪੰਜਾਬ ਅਤੇ ਪੰਥ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਅਸਤੀਫਾ ਦਿੱਤਾ ਹੋਵੇ,ਬਲਕਿ ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਤੇ ਸਹੀ ਪਾਉਂਦੇ ਰਹੇ ਹਨ।ਇੱਥੋਂ ਤੱਕ ਕਿ ਕਿਸੇ ਇੱਕ ਵੀ ਨੇਤਾ ਨੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਵਿਰੋਧ ਵਿੱਚ ਵੀ ਕਦੇ ਬੋਲਣ ਦੀ ਹਿੰਮਤ ਨਹੀ ਸੀ ਕੀਤੀ। ਹਾਂ ਇਹ ਜਰੂਰ ਕੀਤਾ ਕਿ ਜਦੋ ਤਤਕਾਲੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦੇਣ ਦਾ ਗੁਰਮਤਾ ਪਾਸ ਕੀਤਾ ਗਿਆ ਤਾਂ ਉਹਦੇ ਪ੍ਰਤੀਕਰਮ ਵਿੱਚ ਮੌਜੂਦਾ ਸੁਧਾਰ ਲਹਿਰ ਦੇ ਆਗੂਆਂ ਨੇ ਵੀ ਉਕਤ ਫੈਸਲੇ ਦੀ ਸਲਾਘਾ ਕੀਤੀ ਸੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਦਰਮਿਆਨ ਪਿਛਲੇ ਲੰਮੇ ਸਮੇ ਤੋ ਚੱਲ ਰਹੇ ਆਪਸੀ ਤਣਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ।ਪਰੰਤੂ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਪੰਜ ਸਿੰਘ ਸਾਹਿਬਾਨ ਵੱਲੋਂ ਪੁੱਛੇ ਸਵਾਲ ਤੇ ਚੰਦੂਮਾਜਰਾ ਆਪਣੇ ਉਸ ਬਿਆਨ ਤੋ ਸਾਫ ਤੌਰ ਤੇ ਮੁਕਰ ਗਏ ਸਨ।ਸੋ ਕਹਿਣ ਦਾ ਭਾਵ ਇਹ ਹੈ ਕਿ ਉਕਤ ਸਾਰੇ ਅਕਾਲੀ ਨੇਤਾਵਾਂ ਨੇ ਅਕਾਲੀ ਦਲ ਤੋ ਕਿਨਾਰਾ ਉਦੋਂ ਨਹੀ ਸੀ ਕੀਤਾ ਜਦੋਂ ਉਹ ਸੱਤਾ ਦੇ ਹੰਕਾਰ ਵਿੱਚ ਪੰਥ ਨੂੰ ਵਿਸਾਰ ਚੁੱਕਾ ਸੀ,ਬਲਕਿ ਉਦੋਂ ਕੀਤਾ ਹੈ,ਜਦੋ ਅਕਾਲੀ ਦਲ ਦੀ ਹੋਂਦ ਹੀ ਖਤਮ ਹੋਣ ਦੀ ਕਾਗਾਰ ਤੇ ਆ ਖੜੀ ਸੀ,ਇਸ ਲਈ ਉਕਤ ਆਗੂਆਂ ਤੇ ਸਿੱਖਾਂ ਦਾ ਵਿਸਵਾਸ਼ ਬੱਝਣਾ ਬੇਹੱਦ ਮੁਸ਼ਕਲ ਜਾਪਦਾ ਹੈ।ਭਾਂਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਚਿਹਰੇ ਪੰਥਕ ਸਫਾਂ ਵਿੱਚ ਸਤਿਕਾਰਿਤ ਹਨ,ਪਰ ਇਸ ਦੇ ਬਾਵਜੂਦ ਵੀ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਮੁੜ ਤੋ ਤਕੜਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਵਿਚਾਰਨਾ ਬਣਦਾ ਹੈ।ਜੇਕਰ ਬੀਬੀ ਸਤਵੰਤ ਕੌ੍ਰ ਦੀ ਗੱਲ ਕੀਤੀ ਜਾਵੇ,ਤਾਂ ਬਿਨਾ ਸ਼ੱਕ ਉਹ ਬਹੁਤ ਹੀ ਸਤਿਕਾਰਿਤ ਸ਼ਹੀਦੀ ਪਰਿਵਾਰ ਦੇ ਵਿੱਚੋਂ ਹਨ,ਜਿੰਨਾਂ ਨੂੰ ਪੰਥ ਦਿਲ ਜਾਨ ਤੋ ਵੱਧ ਸਤਿਕਾਰ ਦਿੰਦਾ ਹੈ,ਪ੍ਰੰਤੂ ਨਾਲ ਹੀ ਇਹ ਵਿਚਾਰ ਵੀ ਬੜੀ ਸ਼ਿੱਦਤ ਨਾਲ ਸਾਹਮਣੇ ਆ ਰਿਹਾ ਹੈ ਕਿ ਬੀਬੀ ਸਤਵੰਤ ਕੌਰ ਦਾ ਕੌਂਮੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੋਣਾ ਹੀ ਪ੍ਰਧਾਨਗੀ ਲਈ ਸਹੀ ਪੈਮਾਨਾ ਨਹੀ ਹੋ ਸਕਦਾ,ਕਿਉਂਕਿ ਇਸ ਤੋ ਪਹਿਲਾਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਰਾਤਾ ਭਾਈ ਮਨਜੀਤ ਸਿੰਘ ਨੂੰ ਵੀ ਸਿੱਖ ਪੰਥ ਨੇ ਬਹੁਤ ਸਤਿਕਾਰ ਦਿੱਤਾ ਸੀ ਅਤੇ ਦੇ ਵੀ ਰਿਹਾ ਹੈ,ਪਰ ਉਹਨਾਂ ਨੇ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦੀ ਬਜਾਏ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਰਲਕੇ ਸੱਤਾ ਸੁਖ ਭੋਗਣ ਨੂੰ ਪਹਿਲ ਦਿੱਤੀ। ਇਸ ਦਾ ਮਤਲਬ ਇਹ ਵੀ ਨਹੀ ਕੱਢਣਾ ਚਾਹੀਦਾ ਕਿ ਬੀਬੀ ਸਤਵੰਤ ਕੌਰ ਯੋਗ ਨਹੀ ਹਨ,ਪਰ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਪ੍ਰਧਾਨ ਬੀਬੀ ਸਤਵੰਤ ਕੌਰ ਹੀ ਬਣ ਜਾਣ ਪਰ ਬਣਾਏ ਜਾਣ ਦੀ ਪ੍ਰਕਿਰਿਆ ਦਰੁਸਤ ਹੋਣਿ ਚਾਹੀਦੀ ਹੈ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਬੇਸ਼ੱਕ ਚੰਗੇ ਬੁਲਾਰੇ,ਇਤਿਹਾਸ ਦੇ ਗਿਆਤਾ ਅਤੇ ਦੁਨਿਆਵੀ ਵਿੱਦਿਆ ਵਿੱਚ ਵੀ ਉੱਚਾ ਮੁਕਾਮ ਹਾਸਲ ਕਰਨ ਵਾਲੇ ਸਤਿਕਾਰਿਤ ਆਗੂ ਹਨ,ਪਰ ਉਹ ਪਹਿਲਾਂ ਹੀ ਐਨੇ ਸਤਿਕਾਰਿਤ ਅਤੇ ਸਰਬ ਉੱਚ ਰੁਤਬੇ ‘ਤੇ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਵਿਰਾਜਮਾਨ ਰਹਿ ਚੁੱਕੇ ਹਨ,ਜਿੰਨਾਂ ਦੇ ਸਾਹਮਣੇ ਕਿਸੇ ਵੀ ਸਿਆਸੀ ਪਾਰਟੀ ਦੀ ਪ੍ਰਧਾਨਗੀ ਵਰਗੇ ਆਹੁਦੇ ਬੌਨੇ ਰਹਿ ਜਾਂਦੇ ਹਨ,ਇਸ ਲਈ ਉਹਨਾਂ ਨੂੰ ਇਸ ਦੌੜ ਵਿੱਚ ਇਸ ਲਈ ਘਸੀਟਣਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇ ਸਕਦੇ ਹਨ,ਚੰਗੀ ਸੋਚ ਦਾ ਫੈਸਲਾ ਨਹੀ ਸਮਝਿਆ ਜਾ ਸਕਦਾ ਹੈ।ਜਿਸਤਰਾਂ ਉਪਰ ਲਿਖਿਆ ਜਾ ਚੁੱਕਾ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪਾਰਟੀ ਦਾ ਪ੍ਰਧਾਨ ਪੰਥਕ ਹਿਤਾਂ ਨੂੰ ਪਰਨਾਇਆ ਹੋਇਆ ਬੇਦਾਗ,ਗੁਰਸਿੱਖ,ਨਿਰ ਸੁਆਰਥ ਅਤੇ ਸਿੱਖ ਜਜ਼ਬੇ ਵਾਲਾ ਅਡੋਲ ਅਤੇ ਨਿੱਡਰ ਆਗੂ ਹੋਣਾ ਚਾਹੀਦਾ ਹੈ,ਜਿਸਨੂੰ ਪੂ੍ਰੀ ਪਾਰਦਰਸ਼ੀ ਪ੍ਰਕਿਰਿਆ ਨਾਲ ਪਰ ਸਰਬ ਸੰਮਤੀ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈ।ਭਾਵਨਾਵਾਂ ਚ ਬਹਿ ਕੇ ਲਏ ਗਏ ਫੈਸਲੇ ਕਦੇ ਵੀ ਦੂਰ ਅੰਦੇਸੀ ਵਾਲੇ ਨਹੀ ਹੋ ਸਕਦੇ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਮਹਿਜ਼ ਭਾਵਨਾਵਾਂ ਦਾ ਬਹਿਣ ਨਹੀ ਹੈ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਦੀ ਸਖਤ ਜ਼ਰੂਰਤ ਹੈ। ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਕੀਤੀ ਜਾਣੀ ਬਣਦੀ ਹੈ ਕਿ ਵਾਹਿਗੁਰੂ ਸਮੁੱਚੀ ਲੀਡਰਸ਼ਿੱਪ ਅਤੇ ਪੰਥ ਨੂੰ ਸੁਮੱਤ ਬਖਸ਼ੇ ਤਾਂ ਕਿ ਬੁਰੀ ਤਰਾਂ ਖਿੰਡ ਪੁੰਡ ਚੁੱਕੀ ਪੰਥਕ ਸੋਚ ਮੁੜ ਤਾਕਤਵਰ ਸਿਆਸੀ ਧਿਰ ਵਿੱਚ ਬਦਲ ਜਾਵੇ,ਜਿਸ ਨਾਲ ਪੰਥ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰਾ ਮਿਲ ਸਕੇ। ਬਘੇਲ ਸਿੰਘ ਧਾਲੀਵਾਲ 99142-58142
ਆਪਣੇ ਆਚਰਣ ‘ਤੇ ਖੁਦ ਹੀ ਉਂਗਲ ਚੁੱਕਣਾ ਰਾਜਸ਼ੀ ਸੱਤਾ ਅਤੇ ਰੁਤਬੇ ਮਾਨਣ ਦੀ ਭੁੱਖੀ ਮਾਨਸਿਕਤਾ ਦਾ ਪ੍ਰਗਟਾਵਾ - ਬਘੇਲ ਸਿੰਘ ਧਾਲੀਵਾਲ
ਕਿੰਨਾ ਦੁੱਖ ਹੁੰਦਾ ਜਦੋ ਕੋਈ ਆਪਣੀ ਨਸਲ ਦਾ ਬੰਦਾ ਆਪਣੀ ਹੀ ਨਸਲ ਨੂੰ ਭੰਡਣ ਸਮੇ ਸਾਰੇ ਹੱਦਾਂ ਬੰਨੇ ਪਾਰ ਕਰ ਜਾਂਦਾ ਹੈ। ਅਜਿਹਾ ਕੋਈ ਵੀ ਇਨਸਾਨ ਸਹਿਜ ਸੁਭਾਅ ਨਹੀ ਕਰਦਾ ਬਲਕਿ ਇਹ ਸਥਾਪਤੀ ਦੀ ਖੁਸ਼ੀ ਦੇ ਲਈ ਕੀਤਾ ਜਾਂਦਾ ਹੈ,ਤਾਂ ਕਿ ਚੰਗੇ ਰੁਤਬੇ ਮਾਨਣ ਦਾ ਸਮਾ ਲਮੇਰਾ ਹੁੰਦਾ ਰਹੇ। ਸ਼ੋਸ਼ਲ ਮੀਡੀਏ ਤੇ ਭਾਸ਼ਾ ਵਿਭਾਗ ਪੰਜਾਬ ਦੇ ਬਹੁ ਚਰਚਿਤ ਡਾਇਰੈਕਟਰ ਜਸਵੰਤ ਸਿੰਘ ਜਫਰ ਹੁਣਾਂ ਦੀ ਇੰਟਰਵਿਊ ਦੀ ਇੱਕ ਕਲਿੱਪ ਤੇਜੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿੱਚ ਉਹਨਾਂ ਨੇ ਆਪਣੇ ਇਤਿਹਾਸ ਨੂੰ,ਆਪਣੇ ਪੁਰਖਿਆਂ ਦੀਆਂ ਲਾਸ਼ਾਨੀ ਕੁਰਬਾਨੀਆਂ ਨੂੰ ਅਤੇ ਉਹਨਾਂ ਦੇ ਚੰਗੇ ਚਰਿੱਤਰ ਵਿਹਾਰ ਦੇ ਸਦਗੁਣਾਂ ਤੋ ਆਪਣੇ ਆਪ ਨੂੰ ਮੂਲ਼ੋਂ ਹੀ ਵੱਖ ਕਰ ਲਿਆ ਹੈ।ਉਹ ਆਪਣੇ ਇਤਿਹਾਸ ਤੇ ਮਾਣ ਕਰਨ ਵਾਲਿਆਂ ਦਾ ਮਜਾਕ ਉਡਾਂਉਂਦੇ ਹੋਏ ਕਹਿੰਦੇ ਹਨ ਕਿ ਜੋ ਅਸੀ ਇਤਿਹਾਸ ਤੇ ਮਾਣ ਕਰਦੇ ਹਾਂ ਉਹ ਸਾਡਾ ਹੈ ਹੀ ਨਹੀ,ਬਲਕਿ ਸਾਡਾ ਤਾਂ ਸੌ ਡੇਢ ਸੌ ਸਾਲ ਬਾਅਦ ਇਤਿਹਾਸ ਬਣੇਗਾ। ਸੌ ਡੇਢ ਸੌ ਸਾਲ ਬਾਅਦ ਬਣਨ ਵਾਲੇ ਇਤਿਹਾਸ ਵਿੱਚ ਉਹਨਾਂ ਨੇ ਸਿੱਖ ਆਚਰਣ ਨੂੰ ਬੇਹੱਦ ਨੀਵੇਂ ਪੱਧਰ ਤੇ ਦਿਖਾਇਆ ਹੈ। ਅਜਿਹਾ ਕਰਨ ਲਈ ਉਹ ਕਿਸੇ ਸਰਬੇ ਦਾ ਜਿਕਰ ਵੀ ਕਰਦੇ ਹਨ,ਜਿਸ ਵਿੱਚ ਉਹ ਕਹਿੰਦੇ ਹਨ ਕਿ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਤੇ ਕਰਵਾਏ ਗਏ ਸਰਬੇ ਵਿੱਚ ਸਿੱਖਾਂ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ,ਪਰੰਤੂ ਉਹਨਾਂ ਵੱਲੋਂ ਉਸ ਸਰਬੇ ਬਾਰੇ ਸਪੱਸਟ ਨਹੀ ਕੀਤਾ ਗਿਆ ਕਿ ਉਹ ਸਰਬੇ ਕਦੋਂ, ਕਿੱਥੇ ਅਤੇ ਕੀ ਦੇਖ ਕੇ ਕੀਤਾ ਗਿਆ ਹੈ। ਜੇਕਰ ਸਰਬੇ ਭਾਰਤ ਵਿੱਚ ਹੋਇਆ ਹੈ,ਤਾਂ ਕੀ ਜਫਰ ਸਾਹਬ ਦੱਸ ਸਕਦੇ ਹਨ ਕਿ ਸਿੱਖਾਂ ਨਾਲੋਂ ਹੋਰ ਕਿਹੜੇ ਫਿਰਕੇ ਦੇ ਲੋਕਾਂ ਨੂੰ ਅਜਿਹਾ ਮਾਣ ਹਾਸਲ ਹੋਇਆ ਹੈ,ਜਿੰਨਾਂ ਦੇ ਮਨਾਂ ਵਿੱਚ ਔਰਤ ਪ੍ਰਤੀ ਐਨਾ ਸਤਿਕਾਰ ਪਾਇਆ ਗਿਆ ਹੈ ? ਪੰਜਾਬ ਤੋ ਬਗੈਰ ਭਾਰਤ ਦਾ ਅਜਿਹਾ ਕਿਹੜਾ ਸੂਬਾ ਹੈ ਜਿੱਥੇ ਕੋਈ ਗੈਰ ਫਿਰਕੇ ਦੀ ਬਹੂ ਬੇਟੀ ਆਪਣੇ ਆਪ ਨੂੰ ਸੁਰਖਿਅਤ ਸਮਝ ਸਕਦੀ ਹੈ ? ਜਫਰ ਸਾਹਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੌਂਮਾਂ ਹੀ ਇਤਿਹਾਸ ਸਿਰਜਦੀਆਂ ਹਨ ਜਿੰਨਾਂ ਦੇ ਪੁਰਖਿਆਂ ਨੇ ਇਤਿਹਾਸ ਬਣਾਇਆ ਹੁੰਦਾ ਹੈ। ਮਾਣਮੱਤੇ ਇਤਿਹਾਸ ਤੇ ਮਾਣ ਕਰਕੇ ਹੀ ਉਹਨਾਂ ਦੇ ਵਾਰਸ ਆਪਣੀ ਗੈਰਤ ਨੂੰ ਜਿਉਂਦਾ ਰੱਖਦੇ ਹਨ,ਅਤੇ ਭਵਿੱਖ ਵਿੱਚ ਨਵੇਂ ਮੀਲ ਪੱਥਰ ਗੱਡਦੇ ਹਨ।ਇਹ ਸਿੱਖੀ ਦੇ ਸ਼ਾਨਾਂ ਮੱਤੇ ਇਤਿਹਾਸ ਦੀ ਬਦੌਲਤ ਹੀ ਸੀ ਕਿ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘਾਂ ਨੇ ਧਰਮ ਛੱਡਣਾ ਨਹੀ, ਮਰਨਾ ਸਵੀਕਾਰ ਕੀਤਾ ਸੀ। ਉਹਨਾਂ ਦੇ ਸਾਹਮਣੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਹਾਸ ਸੀ,ਉਹਨਾਂ ਦੇ ਸਾਹਮਣੇ ਚਾਂਦਨੀ ਚੌਂਕ ਵਿੱਚ ਸੀਸ ਕਟਾ ਕੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਤੂੰਬਾ ਤੂੰਬਾ ਹੋਏ ਸ਼ਹੀਦਾਂ ਸ਼ਾਨਾਮੱਤਾ ਇਤਿਹਾਸ ਖੜਾ ਸੀ।ਉਹਨਾਂ ਨੂੰ ਗੁਰੂ ਸਾਹਿਬ ਦੇ ਸੱਤ ਅਤੇ ਨੌ ਸਾਲ ਦੇ ਨੰਨੇ ਲਾਲਾਂ ਦੇ ਨੀਹਾਂ ਵਿੱਚ ਅਡੋਲ ਖੜੇ ਨੂਰੀ ਚਿਹਰੇ ਪਰਤੱਖ ਦਿਖਾਈ ਦੇ ਰਹੇ ਸਨ,ਜਿਸ ਦੀ ਬਦੌਲਤ ਉਹਨਾਂ ਨੇ ਧਰਮ ਛੱਡਣਾ ਨਹੀ ਬਲਕਿ ਧਰਮ ਤੋ ਕੁਰਬਾਨ ਹੋਣਾ ਚੁਣਿਆ ਸੀ। ਜੇਕਰ ਬਹੁਤਾ ਦੂਰ ਨਾ ਵੀ ਜਾਈਏ ਤਾਂ ਅਜੇ ਮਸਾਂ ਚਾਲੀ ਇਕਤਾਲੀ ਸਾਲ ਪੁਰਾਣੀ ਗਾਥਾ ਹੀ ਹੈ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਚੜਕੇ ਆਉਣ ਦੀ ਤਿਆਰੀ ਕਰ ਰਹੀਆਂ ਸਨ,ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਆਪਣੇ ਕੁੱਝ ਮੁੱਠੀ ਭਰ ਮਰਜੀਵੜਿਆਂ ਨਾਲ ਡਟੇ ਕੌਂਮ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਦੁਨੀਆਂ ਇਸ ਮੁਕਾਬਲੇ ਨੂੰ ਦੇਖੇਗੀ,ਅਸੀ ਕੱਚੀ ਗੜੀ ਦਾ ਇਤਹਾਸ ਦੁਹਰਾ ਦੇਵਾਂਗੇ।ਸੋ ਹੋਇਆ ਵੀ ਠੀਕ ਉਹਨਾਂ ਦੇ ਕਹਿਣ ਮੁਤਾਬਿਕ ਹੀ ਸੀ,ਜਦੋ ਮਾਰੂ ਹਥਿਆਰਾਂ,ਟੈਂਕਾਂ ਤੋਪਾਂ ਅਤੇ ਜਹਿਰੀਲੇ ਬੰਬਾਂ ਨਾਲ ਲੈਸ ਲੱਖਾਂ ਭਾਰਤੀ ਫੌਜਾਂ ਦੇ ਕੁੱਝ ਕੁ ਗਿਣਤੀ ਦੇ ਸਿੱਖ ਨੌਜਵਾਨਾਂ ਨੇ ਸੱਤ ਦਿਨ ਤੱਕ ਛੱਕੇ ਛੁਡਾ ਕੇ ਰੱਖੇ ਸਨ।ਕੀ ਇਹ ਇਤਿਹਾਸ ਦਾ ਕਮਾਲ ਨਹੀ ਹੈ ? ਜੇਕਰ ਇਤਿਹਾਸ ਹੀ ਮੱਸੇ ਰੰਘੜ ਜਾਂ ਨਰੈਣੂ ਮਹੰਤ ਵਾਲਾ ਹੁੰਦਾ ਤਾਂ ਉਹਨਾਂ ਦੇ ਵਾਰਸਾਂ ਨੇ ਸੱਤ ਦਿਨ ਤੱਕ ਲੜਾਈ ਨਹੀ ਸੀ ਕਰਨੀ ਬਲਕਿ ਪਹਿਲੇ ਹੀ ਦਿਨ ਉਹਨਾਂ ਅੱਗੇ ਗੋਡੇ ਟੇਕ,ਈਨ ਮੰਨ ਕੇ ਹਰ ਖਿਦਮਤ ਲਈ ਹਾਜਰ ਹੋਣ ਦਾ ਅਹਿਦ ਲੈਣਾ ਸੀ। ਜੇਕਰ ਇਤਿਹਾਸ ਕਿਸੇ ਕੌਂਮ ਲਈ ਮਇਨੇ ਹੀ ਨਾਹ ਰੱਖਦਾ ਹੁੰਦਾ ਤਾਂ ਕੌਂਮਾਂ ਨਵੇਂ ਇਤਿਹਾਸ ਸਿਰਸਜਣ ਦੇ ਕਾਬਲ ਵੀ ਨਾ ਹੋ ਸਕਦੀਆਂ।ਇਹ ਪੁਰਖਿਆਂ ਦੇ ਪਾਏ ਸਾਨਦਾਰ ਪੂਰਨਿਆਂ ਅਤੇ ਰਵਾਇਤਾਂ ਦੀ ਬਦੌਲਤ ਹੀ ਹੈ ਕਿ ਪੰਜਾਬ ਦੇ ਜਾਏ ਅੱਜ ਵੀ ਬੇਗਾਨੀਆਂ ਬਹੂ ਬੇਟੀਆਂ ਦੀ ਇੱਜ਼ਤਾਂ ਦੀ ਰਾਖੀ ਆਪਣੀ ਜਾਨ ਤੇ ਖੇਡ ਕੇ ਕਰਦੇ ਹਨ,ਇਹ ਕੋਈ ਬਹੁਤ ਪੁਰਾਣੇ ਵਾਕਿਆਤ ਵੀ ਨਹੀ ਹਨ ਬਲਕਿ ਅਜੇ ਕੱਲ੍ਹ ਦੀਆਂ ਗੱਲਾਂ ਹਨ ਜਦੋ ਮਹਾਨ ਭਾਰਤ ਦੇ ਮੌਜੂਦਾ ਸਮੇ ਦੇ ਨੇਤਾਵਾਂ ਨੇ ਮੁਸਲਮ ਬੀਬੀਆਂ ਦੀ ਇੱਜਤ ਨਾਲ ਖੇਡਣ ਦੇ ਨਾਹਰੇ ਦਿੱਤੇ ਸਨ,ਪਰ ਉਹ ਪੰਜਾਬ ਦੇ ਜਾਏ ਹੀ ਸਨ ਜਿੰਨਾਂ ਨੇ ਮੁਤੱਸਬੀ ਭੇੜੀਆਂ ਦੇ ਅਜਿਹੇ ਇਰਾਦਿਆਂ ਨੂੰ ਮਿੱਟੀ ਵਿੱਚ ਮਿਲਾਇਆ ਸੀ ਅਤੇ ਕਸ਼ਮੀਰੀ ਮੁਸਲਮ ਬੇਟੀਆਂ ਨੂੰ ਬਾ-ਇਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਸੀ।ਕੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਉਹ ਸਮਾ ਐਨੀ ਜਲਦੀ ਭੁੱਲ ਗਿਆ ਹੈ ? ਜੇਕਰ ਯਾਦ ਹੈ ਤਾਂ ਕੀ ਉਹ ਦੱਸਣਗੇ ਪਈ ਜੇਕਰ ਸਿੱਖ ਆਪਣੇ ਸਾਨਦਾਰ ਵਿਰਸੇ ਨੂੰ ਭੁੱਲੇ ਹੁੰਦੇ ਅਤੇ ਜਫਰ ਸਾਹਬ ਦੇ ਕਹਿਣ ਮੁਤਾਬਿਕ ਜੇਕਰ ਸਿੱਖਾ ਨੇ ਵੀ ਇਹ ਸੋਚ ਲਿਆ ਹੁੰਦਾ ਕਿ ਸਾਡਾ ਉਸ ਇਤਿਹਾਸ ਨਾਲ ਕੋਈ ਸਬੰਧ ਹੀ ਨਹੀ ਹੈ,ਫਿਰ ਉਹਨਾਂ ਅਜਿਹੇ ਧਰਮੀ ਕੰਮ ਕਰ ਸਕਣੇ ਸਨ ? ਜੇਕਰ ਉਹਨਾਂ ਦੇ ਜਿਕਰ ਕੀਤੇ ਸਰਬੇ ਨੂੰ ਸੱਚ ਮੰਨ ਵੀ ਲਿਆ ਜਾਵੇ,ਫਿਰ ਉਹ ਸਿੱਖ ਨੌਜਵਾਨ ਕੌਣ ਸਨ ਜਿਹੜੇ ਹਿੰਦੁਸਤਾਨੀ ਹਬਸੀ ਭੇੜੀਆਂ ਤੋ ਬਚਾ ਕੇ ਮੁਸਲਮ ਕਸ਼ਮੀਰੀ ਬੱਚੀਆਂ ਨੂੰ ਉਹਨਾਂ ਦੇ ਘਰਾਂ ਤੱਕ ਸੁਰਖਿਅਤ ਪਹੁੰਚਾ ਕੇ ਆਏ ਸਨ। ਜਫਰ ਸਾਹਬ ਤੁਹਾਨੂੰ ਸਿੱਖ ਹੋਣ ਤੇ ਮਾਣ ਹੀ ਨਹੀ ਹੈ, ਜੇਕਰ ਹੁੰਦਾ ਤਾਂ ਜਦੋ ਤੁਸੀ ਕਸ਼ਮੀਰ ਵਿੱਚ ਜਾਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਾਬਦੀ ਵਰ੍ਹਾ ਮਨਾਉਣ ਗਏ ਸੀ ਤਾਂ ਤੁਹਾਡੇ ਇਹ ਵਾਕਿਆਤ ਵੀ ਜਰੂਰ ਯਾਦ ਹੋਣਾ ਸੀ,ਜਿਸ ਨਾਲ ਤੁਹਾਨੂੰ ਕਸ਼ਮੀਰ ਵਿੱਚ ਹੋਰ ਵੀ ਮਾਨ ਸਨਮਾਨ ਮਿਲਣਾ ਸੀ, ਪਰ ਤੁਸੀ ਅਜਿਹਾ ਨਹੀ ਸੀ ਕਰ ਸਕਦੇ,ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਤੋ ਸ਼ਥਾਪਤੀ ਨੇ ਨਰਾਜ਼ ਹੋ ਜਾਣਾ ਸੀ, ਸੋ ਅਜਿਹਾ ਪੰਗਾ ਤੁਸੀ ਕਿਸੇ ਵੀ ਕੀਮਤ ਤੇ ਨਹੀ ਲੈ ਸਕਦੇ ਜਿਸ ਦੇ ਨਾਲ ਤੁਹਾਡੇ ਰੁਤਬੇ ਨੂੰ ਖਤਰਾ ਪਹੁੰਚਦਾ ਹੋਵੇ। ਪਿਛਲੇ ਦੋ ਦਿਨ ਦੀ ਗੱਲ ਹੈ ਜਦੋ ਮੈਨੂੰ ਕਿਸੇ ਕੰਮ ਦੇ ਸਿਲਸਿਲੇ ਵਿੱਚ ਲੁਧਿਆਣੇ ਲਾਗੇ ਡੇਹਲੋਂ ਜਾਣਾ ਪਿਆ ਸੀ,ਇਤਫਾਕਨ ਮੈਨੂੰ ਉਥੇ ਇੱਕ ਚੰਡੀਗੜ ਤੋ ਆਇਆ ਪੱਤਰਕਾਰ ਦੋਸਤ ਮਿਲ ਗਿਆ,ਉਹਦੇ ਨਾਲ ਇੱਕ ਕਸ਼ਮੀਰਨ ਕੁੜੀ ਸੀ ਜਿਹੜੀ ਉਹਨੂੰ ਆਪਣੀ ਮਦਦ ਲਈ ਡੇਹਲੋਂ ਦੇ ਨਰਸਿੰਗ ਕਾਲਜ ਲੈ ਕੇ ਆਈ ਸੀ,ਜਿੱਥੇ ਉਹ ਨਰਸਿੰਗ ਦੀ ਪੜਾਈ ਕਰਦੀ ਸੀ ਪਰ ਹੁਣ ਉਹ ਪਿਛਲੇ ਸਾਲ ਡੇਢ ਸਾਲ ਤੋ ਕਾਲਜ ਨਹੀ ਸੀ ਆਈ।ਕਾਲਜ ਦੀ ਮੈਨੇਜਮੈਂਟ ਨੇ ਉਹਨੂੰ ਜੁਰਮਾਨਾ ਲਾ ਦਿੱਤਾ ਸੀ,ਉਹਨੇ ਕਸ਼ਮੀਰ ਤੋ ਆਕੇ ਉਸ ਪੱਤਰਕਾਰ ਨੂੰ ਆਪਣੀ ਮਦਦ ਲਈ ਡੇਹਲੋਂ ਬੁਲਾਇਆ ਸੀ।ਮੈਨੂੰ ਵੀ ਉਸ ਬੱਚੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ।ਮੈ ਉਸ ਨੂੰ ਪੁੱਛਿਆ ਕਿ ਹੁਣ ਤੁਹਾਨੂੰ ਡਰ ਨਹੀ ਲੱਗਦਾ,ਤਾਂ ਉਹਦਾ ਜਵਾਬ ਜਦੋ ਤੁਸੀ ਵੀ ਸੁਣੋਗੇ ਤਾਂ ਸਿੱਖਾਂ ਦੇ ਆਚਰਣ ਸਬੰਧੀ ਸਾਰਾ ਕੁੱਝ ਆਪਣੇ ਆਪ ਹੀ ਸਪੱਸਟ ਹੋ ਜਾਵੇਗਾ, ਉਸ ਕੁੜੀ ਦਾ ਬੜਾ ਖੂਬਸੂਰਤ ਜਵਾਬ ਸੀ ਕਿ “ਜਦੋ ਸਰਦਾਰ ਭਰਾ ਨਾਲ ਹੋਣ ਫਿਰ ਡਰ ਕਿਸ ਗੱਲ ਦਾ ਜੀ”, ਪਰ ਜਫਰ ਸਾਹਬ ਕਹਿੰਦੇ ਹਨ ਕਿ ਸਰਬੇ ਵਿੱਚ ਸਿੱਖਾਂ ਦਾ ਆਚਰਣ ਬੇਹੱਦ ਮਾੜਾ ਦਰਜ ਕੀਤਾ ਗਿਆ ਹੈ,ਜਿਸਨੂੰ ਉਹ ਸ਼ਿੱਦਤ ਨਾਲ ਸਵੀਕਾਰਦੇ ਹੋਏ ਇਤਿਹਾਸ ਦੀ ਪਰਸੰਗਿਕਤਾ ਤੋ ਮੁਨਕਰ ਹੋ ਰਹੇ ਹਨ। ਇਸ ਤੋ ਅੱਗੇ ਜਦੋ ਉਸ ਵੀਡੀਓ ਦੇ ਹੇਠਾਂ ਇੱਕ ਹੋਰ ਜ਼ਿੰਮੇਵਾਰ ਹਸਤੀ,ਅਕਾਲੀ ਦਲ ਦੇ ਹਰਚਰਨ ਸਿੰਘ ਬੈਂਸ ਦੀ ਟਿੱਪਣੀ ਦੇਖੀ ਤਾਂ ਉਹਨਾਂ ਨੇ ਉਸ ਬਹਿਸ ਦੇ ਪੱਖ ਵਿੱਚ ਹੋਰ ਵੀ ਅੱਗੇ ਵਧਦਿਆਂ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਦੱਸਣ ਤੇ ਸਾਰਾ ਜੋਰ ਲਾ ਦਿੱਤਾ ਹੈ।ਉਹਨਾਂ ਨੇ ਸਿੱਖਾਂ ਦੀ ਵੱਖਰੀ ਕੌਂਮ ਹੋਣ ਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।। ਇਤਿਹਾਸ ਵਿੱਚ ਸਿੱਖਾਂ ਵੱਲੋਂ ਹਿੰਦੂ ਬਹੂ ਬੇਟੀਆਂ ਨੂੰ ਜਰਵਾਣਿਆਂ ਦੀ ਕੈਦ ਵਿੱਚੋਂ ਛੁਡਾਉਣ ਵਾਲੇ ਕਿੱਸਿਆਂ ਨੂੰ ਨਕਾਰਦਿਆਂ ਉਹਨਾਂ ਕਿਹਾ ਹੈ ਕਿ ਪੁਰਾਤਨ ਸਿੱਖਾਂ ਨੇ ਕਿਸੇ ਗੈਰ ਬਹੂ ਬੇਟੀਆਂ ਨੂੰ ਨਹੀ ਸੀ ਛਡਵਾਇਆ ਸਗੋਂ ਉਹ ਉਹਨਾਂ ਸਿੱਖਾਂ ਦੀਆਂ ਹੀ ਬਹੂ ਬੇਟੀਆਂ ਸਨ ਕਿਉਕਿ ਉਦੋਂ ਸਿੱਖ ਹਿੰਦੂਆਂ ਵਿੱਚੋ ਨਵੇਂ ਨਵੇਂ ਹੀ ਗਏ ਸਨ। ਗੁਲਾਮ ਮਨਸਿਕਤਾ ਨੇ ਉਹਨਾਂ ਨੂੰ ਆਪਣੀ ਹੋਂਦ ਨੂੰ ਸਵੀਕਾਰ ਕਰਨ ਤੋ ਹੀ ਵਰਜ ਦਿੱਤਾ ਹੈ।ਅਜਿਹਾ ਲਿਖਦੇ ਉਹ ਇਹ ਬਿਲਕੁਲ ਭੁੱਲ ਜਾਂਦੇ ਹਨ ਜਾਂ ਜਾਣਬੁੱਝ ਕੇ ਨਜਰਅੰਦਾਜ ਕਰ ਦਿੰਦੇ ਹਨ ਕਿ ਸਿੱਖ ਉਦੋ ਨਵੇਂ ਨਵੇ ਹਿੰਦੂ ਧਰਮ ਵਿੱਚੋਂ ਨਹੀ ਸਨ ਆਏ ਸਗੋ ਉਸ ਤੋ ਢਾਈ ਪੌਣੇ ਤਿੰਨ ਸੌ ਸਾਲ ਪਹਿਲਾਂ ਉਦੋ ਵੱਖਰੇ ਹੋ ਗਏ ਸਨ ਜਦੋ ਸ੍ਰੀ ਗੁਰੂ ਨਾਨਕ ਸਾਹਿਬ ਨੇ ਪੰਜ ਸਾਲ ਦੀ ਉਮਰ ਵਿੱਚ ਜ਼ੇਨਿਊ ਪਾਉਣ ਤੋ ਇਨਕਾਰ ਕਰ ਦਿੱਤਾ ਸੀ।ਖੁਦ ਸਿੱਖਾਂ ਵੱਲੋਂ ਸਿੱਖਾਂ ਖਿਲਾਫ ਬਣਾਈ ਜਾ ਰਹੀ ਗਲਤ ਧਾਰਨਾ ਦੇ ਨਾਲ ਹਿੰਦੁਸਤਾਨ ਪੱਧਰ ਤੇ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਨਫਰਤੀ ਅਤੇ ਝੂਠੇ ਵਿਰਤਾਂਤਾਂ ਨੂੰ ਹੋਰ ਬਲ ਮਿਲਦਾ ਹੈ। ਸੋ ਉਪਰੋਕਤ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਇਹ ਕਹਿਣਾ ਵਾਜਬ ਹੋਵੇਗਾ ਕਿ ਸਿੱਖਾਂ ਦੇ ਸੱਚੇ ਸੁੱਚੇ ਆਚਰਣ ਤੇ ਸਿੱਖਾਂ ਵੱਲੋਂ ਹੀ ਉਂਗਲ ਚੁੱਕੇ ਜਾਣ ਵਰਗੇ ਆਪਾ ਵਿਰੋਧੀ ਵਿਰਤਾਂਤ ਸਿਰਜੇ ਜਾਣ ਲਈ ਰਾਜਨੀਤਕ ਸੱਤਾ ਅਤੇ ਰੁਤਬੇ ਮਾਨਣ ਦੀ ਭੁੱਖੀ ਮਾਨਸਿਕਤਾ ਜਿੰਮੇਵਾਰ ਹੈ।
ਬਘੇਲ ਸਿੰਘ ਧਾਲੀਵਾਲ 99142-58142
ਪੁਲਿਸ ਮੁਕਾਬਲੇ ਬਨਾਮ ਕਨੂੰਨ - ਬਘੇਲ ਸਿੰਘ ਧਾਲੀਵਾਲ
ਇਹ ਇਤਿਹਾਸਿਕ ਸਚਾਈ ਹੈ ਕਿ ਪੰਜਾਬ ਨੂੰ ਕਦੇ ਵੀ ਸੁਖ ਚੈਨ ਨਾਲ ਰਹਿਣਾ ਨਸੀਬ ਨਹੀ ਹੋਇਆ। ਇਹਦਾ ਕਾਰਨ ਇੱਥੋਂ ਦੀ ਮਿੱਟੀ ਹੈ ਜਿਸ ਦੇ ਵਿੱਚੋਂ ਗੈਰਤ ਮਾਰਿਆਂ ਵੀ ਮੁੱਕਣ ਦਾ ਨਾਮ ਹੀ ਨਹੀ ਲੈਂਦੀ। ਇਹ ਪੰਜਾਬ ਦੇ ਜਾਏ ਹੀ ਹਨ ਜਿਹੜੇ ਹਰ ਹਕੂਮਤੀ ਜਬਰ ਦੇ ਖਿਲਾਫ ਅਵਾਜ ਬੁਲੰਦ ਰੱਖਦੇ ਹਨ। ਹਰ ਬੇ ਇਨਸਾਫੀ ਦਾ ਡਟ ਕੇ ਮੁਕਾਬਲਾ ਕਰਨ ਦਾ ਹੋਕਾ ਦਿੰਦੇ ਹਨ।ਆਪਣੇ ਹਿਤਾਂ ਦੀ ਲੜਾਈ ਵਿੱਚ ਮੋਹਰੀ ਹੋਕੇ ਲੜਦੇ ਹਨ। ਇੱਥੋਂ ਤੱਕ ਕਿ ਦੇਸ ਦੀਆਂ ਹੱਦਾਂ ਸਰਹੱਦਾਂ ਤੇ ਵੀ ਸਭ ਤੋ ਮੂਹਰੇ ਹੁੰਦੇ ਹਨ।ਇਹ ਸੱਚ ਹੈ ਕਿ ਭਾਵੇਂ ਪੁਲਿਸ ਵਾਲੇ ਨੌਜਵਾਨ ਹੋਣ ਜਾਂ ਅਪਰਾਧ ਦੀ ਦੁਨੀਆਂ ਦੇ ਨੌਜਵਾਨ ਪਰ ਹਨ ਤਾਂ ਸਾਰੇ ਇੱਕੋ ਮਿੱਟੀ ਦੀ ਉਪਜ। ਇਹੋ ਕਾਰਨ ਹੈ ਕਿ ਪੰਜਾਬ ਦੀ ਨਾਬਰੀ ਹਮੇਸਾਂ ਹੀ ਕੇਂਦਰੀ ਤਾਕਤਾਂ ਲਈ ਸਿਰਦਰਦੀ ਰਹੀ ਹੈ,ਜਿਸ ਦੇ ਫਲ ਸਰੂਪ ਪੰਜਾਬ ਨੂੰ ਵੱਡੇ ਮੁੱਲ ਵੀ ਤਾਰਨੇ ਪਏ ਹਨ,ਪਰ ਪੰਜਾਬ ਦਾ ਸਭ ਤੋ ਦੁਖਦਾਈ ਪਹਿਲੂ ਪੰਜਾਬ ਦੀ ਪੁਲਿਸ ਦਾ ਲੋਕ ਵਿਰੋਧੀ ਖਾਸਾ ਹੈ,ਜਿਸ ਨੇ ਜਬਰ ਜੁਲਮ ਕਰਨ ਵਿੱਚ ਪੂਰੇ ਭਾਰਤ ਦੀ ਪੁਲਿਸ ਨੂੰ ਬੌਨਾ ਕਰਕੇ ਰੱਖਿਆ ਹੈ।ਪੰਜਾਬ ਪੁਲਿਸ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਉਹਨਾਂ ਨੇ ਕਦੇ ਵੀ ਕੇਂਦਰ ਦੀ ਪੰਜਾਬ ਵਿਰੋਧੀ ਮਨਸਿਕਤਾ ਨੂੰ ਸਮਝਣ ਦਾ ਯਤਨ ਨਹੀ ਕੀਤਾ।ਭਾਂਵੇਂ ਬਾਕੀ ਸੂਬਿਆਂ ਦੀ ਪੁਲਿਸ ਵੀ ਅਜਿਹੇ ਮਾਮਲਿਆਂ ਵਿੱਚ ਘੱਟ ਨਹੀ ਕਰਦੀ,ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵੱਡੇ ਵੱਡੇ ਲੋਕ ਘੋਲਾਂ ਵਿੱਚ ਆਪਣੇ ਸੂਬੇ ਦੇ ਲੋਕਾਂ ਦੇ ਜੇਕਰ ਨਾਲ ਖੜੀ ਨਹੀ ਵੀ ਹੁੰਦੀ ਤਾਂ ਉਹਨਾਂ ਦੀ ਫਰਜਾਂ ਅਤੇ ਜਿੰਮੇਵਾਰੀ ਦੇ ਨਾਲ ਨਾਲ ਆਪਣੇ ਲੋਕਾਂ ਨਾਲ ਹਮਦਰਦੀ ਸਾਫ ਝਲਕਦੀ ਦਿਖਾਈ ਦਿੰਦੀ ਹੈ,ਪਰ ਇਸ ਦੇ ਮੁਕਾਬਲੇ ਪੰਜਾਬ ਦੀ ਪੁਲਿਸ ਅਜਿਹਾ ਨਹੀ ਕਰਦੀ,ਉਹ ਉਪਰੋ ਆਏ ਹੁਕਮਾਂ ਤੋ ਵੀ ਹਮੇਸਾਂ ਦੋ ਕਦਮ ਅੱਗੇ ਹੋਕੇ ਕੰਮ ਕਰਦੀ ਹੈ। ਆਪਣੇ ਹੀ ਭਰਾਵਾਂ ਤੇ ਜਬਰ ਕਰਨ ਤੋ ਕਦੇ ਵੀ ਗੁਰੇਜ਼ ਨਹੀ ਕਰਦੀ। ਉੱਤਰੀ ਭਾਰਤ ਵਿੱਚ ਹੋਰ ਕਿੱਧਰੇ ਵੀ ਅਜਿਹਾ ਨਹੀ ਦੇਖਿਆ ਗਿਆ ਕਿ ਪੁਲਿਸ ਆਪਣੀ ਵਾਹਵਾ ਖੱਟਣ ਦੀ ਖਾਤਰ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੋਵੇ।ਪੰਜਾਬ ਦੇਸ ਦਾ ਇੱਕ ਅਜਿਹਾ ਅਭਾਗਾ ਸੂਬਾ ਹੈ ਜਿਸ ਦੇ ਜਾਇਆਂ ਨੂੰ ਬਿਨਾ ਕਸੂਰੋਂ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਲਗਾਤਾਰ ਹੋਣਾ ਪੈ ਰਿਹਾ ਹੈ। ਬੀਤੇ ਦਿਨੀ ਅਬੋਹਰ ਵਿੱਚ ਇੱਕ ਕੱਪੜਾ ਵਪਾਰੀ ਦੇ ਕਤਲ ਤੋ ਬਾਅਦ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਚਰਚਾ ਨੇ ਹਰ ਇਨਸਾਫ ਪਸੰਦ ਵਿਅਕਤੀ ਦਾ ਧਿਆਨ ਖਿੱਚਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਝੂਠੇ ਮੁਕਾਬਲਿਆਂ ਦੀ ਕਹਾਣੀ ਬਨਾਉਣ ਸਮੇ ਇਹ ਬਿਲਕੁਲ ਵੀ ਪ੍ਰਵਾਹ ਨਹੀ ਕਰਦੀ ਕਿ ਇਹ ਕਹਾਣੀ ਹੁਣ ਐਨੀ ਪੁਰਾਣੀ ਹੋ ਗਈ ਹੈ,ਲੋਕ ਪ੍ਰਵਾਨ ਕਿਵੇਂ ਕਰਨਗੇ।ਮੁਲਕ ਸਮੇਤ ਸੂਬੇ ਦੇ ਸਮੁੱਚੇ ਤੰਤਰ ਨੇ ਬਹੁਤ ਤਰੱਕੀ ਕੀਤੀ ਹੈ,ਪੰਜਾਬ ਪੁਲਿਸ ਕੋਲ ਵੀ ਸਮੇ ਦੇ ਹਾਣ ਦੇ ਹਥਿਆਰ,ਸੰਚਾਰ ਸਾਧਨ ਅਤੇ ਤਕਨਾਲੋਜੀ ਦਾ ਵੱਡਾ ਸਿਸਟਮ ਹੈ।ਪਰ ਇਸ ਦੇ ਬਾਵਜੂਦ ਵੀ ਝੂਠੇ ਮੁਕਾਬਲਿਆਂ ਦੀ ਕਹਾਣੀ 1970,71 ਤੋ ਅੱਗੇ ਨਹੀ ਵਧ ਸਕੀ ਜਾਂ ਪੁਲਿਸ ਜਰੂਰਤ ਹੀ ਮਹਿਸੂਸ ਨਹੀ ਕਰਦੀ,ਕਿਉਂਕਿ ਨਵੀਆਂ ਕਹਾਣੀਆਂ ਦੀ ਲੋੜ ਫਿਰ ਹੀ ਪੈ ਸਕਦੀ ਹੈ,ਜੇਕਰ ਸੂਬਾ ਅਤੇ ਕੇਂਦਰ ਸਰਕਾਰਾਂ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਣ ਲਈ ਸੁਹਿਰਦ ਹੋਣਗੀਆਂ,ਜਦੋ ਸੂਬਾ ਸਰਕਾਰਾਂ ਮਹਿਜ ਆਪਣੀ ਸੱਤਾ ਸਲਾਮਤੀ ਲਈ ਲੋਕ ਰੋਹ ਨੂੰ ਕਾਬੂ ਵਿੱਚ ਕਰਨ ਲਈ ਅਜਿਹੇ ਘਿਨਾਉਣੇ ਜੁਰਮ ਕਰਨ ਦੀ ਖੁੱਲ੍ਹ ਦੇਣਗੀਆਂ ਤਾਂ ਅਜਿਹੇ ਦਰਦਨਾਕ ਵਰਤਾਰੇ ਵਾਪਰਦੇ ਰਹਿਣਗੇ। 19770,71 ਤੋ ਲਗਾਤਾਰ ਹੁੰਦੇ ਆ ਰਹੇ ਝੂਠੇ ਮੁਕਾਬਲਿਆਂ ਦੀ ਤੁਲਨਾ ਜੇਕਰ ਮੌਜੂਦਾ ਸਮੇ ਨਾਲ ਕੀਤੀ ਜਾਵੇ ਤਾਂ ਇੰਜ ਜਾਪਦਾ ਹੈ ਜਿਵੇਂ ਪੰਜਾਬ 90 ਦੇ ਖੂੰਨੀ ਦਹਾਕੇ ਵਿੱਚੋਂ ਗੁਜਰ ਰਿਹਾ ਹੋਵੇ। ਸੂਬੇ ਦੀ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਅਜਿਹੇ ਕਾਰਨਾਮਿਆਂ ਦੀ ਗਿਣਤੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵਿੱਚ ਵਧ ਗਈ ਹੈ। ਹੁਣ ਤਾਂ ਇੰਜ ਜਾਪਦਾ ਹੈ ਜਿਵੇ ਝੂਠਾ ਮੁਕਾਬਲਾ ਬਨਾਉਣਾ ਪੁਲਿਸ ਲਈ ਖੇਡ ਬਣ ਗਿਆ ਹੋਵੇ। ਇਹ ਸਵਾਲ ਅਕਸਰ ਉੱਠਦੇ ਹਨ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਪੁਲਿਸ ਦੀ ਗ੍ਰਿਫਤ ਵਿੱਚ ਨੂੜਿਆ ਹੋਇਆ ਕੋਈ ਦੋਸੀ ਜਾਂ ਬੇਕਸੂਰ ਵਿਅਕਤੀ ਹਥਿਆਰਾਂ ਦੀ ਬਰਾਮਦਗੀ ਸਮੇ ਪੁਲਿਸ ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰੇ।ਇਹ ਕਿੰਨਾ ਹਾਸੋਹੀਣਾ ਨਾਟਕ ਹੈ ਕਿ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਵਿਅਕਤੀ ਨੇ ਦੱਬਿਆ ਹੋਇਆ ਅਸਲਾ ਕੱਢ ਕੇ ਉਸ ਅਸਲੇ ਨਾਲ ਹੀ ਪੁਲਿਸ ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਫਾਇਰਿੰਗ ਵਿੱਚ ਉਹ ਮਾਰਿਆ ਗਿਆ।ਅਜਿਹਾ ਇੱਕ ਨਹੀ ਅਨੇਕਾਂ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ,ਕਿ ਕਿਸੇ ਦੇ ਲੱਤ ਵਿੱਚ ਗੋਲੀ,ਕਿਸੇ ਦੇ ਹਿੱਕ ਵਿੱਚ ਗੋਲੀ ਸਿਰਫ ਤੇ ਸਿਰਫ ਅਸਲੇ ਦੀ ਬਰਾਮਦਗੀ ਦਿਖਾ ਕੇ ਹੀ ਮਾਰੀ ਗਈ ਹੈ। ਇਸਦੇ ਬਾਵਜੂਦ ਜੁਰਮਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਫਿਰੌਤੀਆਂ,ਧਮਕੀਆਂ ਕਤਲੋ ਗਾਰਤ ਆਮ ਵਰਤਾਰਾ ਬਣ ਗਿਆ ਹੈ।ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਯੁੱਧ ਵਿੱਢੇ ਹੋਣ ਦੇ ਬਾਵਜੂਦ ਪੰਜਾਬ ਦਾ ਇੱਕ ਵੀ ਅਜਿਹਾ ਪਿੰਡ ਨਹੀ ਜਿਸ ਵਿੱਚੋ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਦਾ ਦਾਅਵਾ ਕੀਤਾ ਜਾ ਸਕੇ, ਬਲਕਿ ਨਸ਼ਿਆਂ ਦੀ ਤਾਦਾਦ ਹੋਰ ਵਧ ਗਈ ਪਰਤੀਤ ਹੁੰਦੀ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਿੱਚ ਕੋਈ ਕਮੀ ਨਹੀ ਆਈ ਸਗੋ ਵਧੀ ਹੈ,ਇਹ ਵੱਖਰੀ ਗੱਲ ਹੈ ਕਿ ਚਿੱਟੇ ਵਰਗੇ ਮਾਰੂ ਨਸ਼ਿਆਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ ਦੇ ਕਾਰਨ ਹੀ ਬਦਲ ਦਿੱਤੇ ਜਾ ਰਹੇ ਹਨ। ਗੈਂਗਵਾਰ ਦਾ ਖੌਫ ਸਰੀਫ ਲੋਕਾਂ ਦੀ ਨੀਦ ਹਰਾਮ ਕਰ ਰਿਹਾ ਹੈ। ਪਿਛਲੇ ਸਾਲਾਂ ਵਿੱਚ ਮਸਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਦੇ ਸਰਕਾਰੀ ਤੰਤਰ ਦੇ ਮੂੰਹ ਤੇ ਕਾਲਖ ਦਾ ਅਜਿਹਾ ਧੱਬਾ ਹੈ ਜਿਸ ਨੂੰ ਮਿਟਾਇਆ ਨਹੀ ਜਾ ਸਕੇਗਾ। ਕੀ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇ ਦਿੰਦੀ ਹੈ,ਜਿਹੜੇ ਸਮਾਜਿਕ ਵਰਤਾਰੇ ਨੂੰ ਹੀ ਡਾਵਾਂਡੋਲ ਕਰ ਦਿੰਦੇ ਹਨ। ਕੀ ਕਨੂੰਨ ਦੀ ਪਾਲਣਾ ਪੁਲਿਸ ਦੇ ਮੁਢਲੇ ਫਰਜਾਂ ਵਿੱਚ ਸ਼ਾਮਲ ਨਹੀ ? ਕੀ ਕਨੂੰਨ ਦਾ ਪਾਲਣ ਕਰਨ ਦਾ ਪਾਠ ਸਿਰਫ ਲੋਕਾਂ ਨੂੰ ਪੜ੍ਹਾਉਂਣ ਵਾਸਤੇ ਹੀ ਹੁੰਦਾ ਹੈ ? ਇਨਸਾਨੀਅਤ ਦੇ ਨਜਰੀਏ ਤੋ ਕੋਈ ਵੀ ਵਿਅਕਤੀ ਐਨਾ ਵਹਿਸੀ ਕਿਵੇਂ ਹੋ ਸਕਦਾ ਹੈ,ਕਿ ਉਹਨਾਂ ਨੂੰ ਬੇ ਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਪਰਮਾਤਮਾ ਦਾ ਰੱਤੀ ਭਰ ਵੀ ਖ਼ੌਫ਼ ਨਹੀ ਸਤਾਉਂਦਾ। ਕੀ ਉਹਨਾਂ ਲਈ ਤਰੱਕੀਆਂ,ਇਨਾਮ ਅਤੇ ਉਪਰਲੇ ਅਧਿਕਾਰੀਆਂ ਦੀ ਸ਼ਾਬਾਸ਼ੀ ਪਰਮਾਤਮਾ ਦੀਆਂ ਅਨੇਕਾਂ ਬਖਸ਼ਿਸ਼ਾਂ ਤੋ ਵੀ ਉੱਪਰ ਹਨ। ਇਹ ਹਮੇਸਾਂ ਯਾਦ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਕਚਹਿਰੀ ਵਿੱਚ ਸਭ ਨੂੰ ਹਿਸਾਬ ਦੇਣਾ ਪਵੇਗਾ।ਉਹਦਾ ਕਨੂੰਨ ਭਾਂਵੇਂ ਦੇਰ ਨਾਲ ਹੀ ਸਹੀ ਪਰ ਨਿਆ ਜਰੂਰ ਕਰਦਾ ਹੈ। ਇਸ ਲਈ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਵਿਅਕਤੀ ਭਾਵੇਂ ਉਹ ਅਪਰਾਧੀ ਹੋਵੇ ਜਾਂ ਪੁਲਿਸ ਅਧਿਕਾਰੀ ਜਾਂ ਕੋਈ ਹੋਰ,ਦੇਰ ਸਵੇਰ ਚੰਗੇ ਮਾੜੇ ਕਰਮਾਂ ਦਾ ਹਿਸਾਬ ਦੇਣਾ ਹੀ ਪਵੇਗਾ। ਉੱਧਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ,ਨੌਕਰਸਾਹਾਂ ਦੀ ਡੋਰ ਜਿੰਨੀ ਮੌਜੂਦਾ ਸਮੇ ਵਿੱਚ ਢਿੱਲੀ ਛੱਡੀ ਗਈ ਹੈ,ਸਾਇਦ ਪਹਿਲਾਂ ਕਦੇ ਵੀ ਨਹੀ,ਇਸ ਲਈ ਸ਼ਾਸ਼ਨ ਪ੍ਰਸ਼ਾਸ਼ਨ ਤੇ ਪਕੜ ਬਣਾਏ ਬਗੈਰ ਆਉਣ ਵਾਲਾ ਡੇਢ ਕੁ ਸਾਲ ਬਹੁਤ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।ਇਹ ਨਾ ਹੋਵੇ ਕਿ ਕੁਰਸੀ ਛੱਡਣ ਤੋ ਬਾਅਦ ਲੋਕਾਂ ਵਿੱਚ ਜਾਣ ਤੋ ਝਿਜਕ ਮਹਿਸੂਸ ਹੋਵੇ,ਕਿਉਂਕਿ ਲੋਕਾਂ ਨੂੰ ਸਵਾਲ ਕਰਨ ਦਾ ਪਾਠ ਵੀ ਸ੍ਰ ਭਗਵੰਤ ਸਿੰਘ ਮਾਨ ਨੇ ਹੀ ਪੜ੍ਹਾਇਆ ਸੀ,ਇਸ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਰ ਸਵੇਰ ਉਹਨਾਂ ਨੂੰ ਵੀ ਦੇਣੇ ਪੈਣਗੇ।2027 ਦੀਆਂ ਚੋਣਾਂ ਦੌਰਾਨ ਲੋਕ ਕਚਹਿਰੀ ਵਿੱਚ ਤੁਹਾਡੀ ਹਾਜਰ ਜਵਾਬੀ ਦਾ ਵੀ ਇਮਤਿਹਾਨ ਹੋਵੇਗਾ।ਇੱਕ ਵਾਰੀ ਲੋਕ ਨਜਰਾਂ ਤੋ ਲਹਿ ਕੇ ਸਿਆਸਤ ਵਿੱਚ ਟਿਕ ਪਾਉਣਾ ਬੇਹੱਦ ਕਠਨ ਕੰਮ ਹੈ,ਇਸ ਲਈ ਚਿਰ ਸਥਾਈ ਟਿਕੇ ਰਹਿਣ ਲਈ ਦੂਰ ਅੰਦੇਸੀ ਨਾਲ ਚੱਲਣ ਦੀ ਲੋੜ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਤੋ ਹੋ ਰਹੀਆਂ ਗੈਰ ਸਿਧਾਂਤਕ ਕਾਰਵਾਈਆਂ,ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ - ਬਘੇਲ ਸਿੰਘ ਧਾਲੀਵਾਲ
ਇਹ ਸਚਾਈ ਹੈ ਕਿ ਮੌਜੂਦਾ ਸਮੇ ਵਿੱਚ ਸਿੱਖ ਦੁਨੀਆਂ ਪੱਧਰ ਤੇ ਸਭ ਤੋ ਵੱਧ ਸਤਿਕਾਰੀ ਜਾਣ ਵਾਲੀ ਕੌਂਮ ਹੈ। ਦੁਨੀਆਂ ਦੇ ਸਭ ਤੋ ਸ਼ਕਤੀਸ਼ਾਲੀ ਮੰਨੇ ਜਾਂਦੇ ਅਮਰੀਕਾ ਵਰਗੇ ਦੇਸ਼ ਸਿੱਖਾਂ ਦੀ ਹੋਂਦ ਨੂੰ ਸਵੀਕਾਰਦੇ ਅਤੇ ਸਤਿਕਾਰਦੇ ਹਨ। ਹਰ ਵੱਡੇ ਛੋਟੇ ਮੁਲਕ ਸਿੱਖਾਂ ਨੂੰ ਸ਼ਾਸ਼ਨ ਅਤੇ ਪ੍ਰਸ਼ਾਸ਼ਨਿਕ ਜਿੰਮੇਵਾਰੀਆਂ ਦੇ ਕੇ ਇਹਨਾਂ ਦੀ ਕਾਬਲੀਅਤ ਨੂੰ ਸਿਜਦਾ ਕਰ ਰਹੇ ਹਨ। ਪਰ ਭਾਰਤ ਅੰਦਰ ਮੌਜੂਦਾ ਸਮੇ ਸਿੱਖਾਂ ਦੀ ਹਾਲਤ ਤਕੜੇ ਹੋਣ ਦੇ ਬਾਵਜੂਦ ਵੀ ਕੋਈ ਬਹੁਤ ਵਧੀਆ ਅਤੇ ਤਾਕਤਵਰ ਨਹੀ ਮੰਨੀ ਜਾ ਸਕਦੀ। ਸਿੱਖਾਂ ਦੀ ਧਾਰਮਿਕ ਰਾਜਨੀਤਕ ਅਤੇ ਰੁਹਾਨੀ ਸਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤਾਂ ਦੀ ਰੁਹਾਨੀ ਸਿਧਾਂਤਕ ਇੱਕਜੁੱਟਤਾ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਤਖਤ ਸ੍ਰੀ ਪਟਨਾ ਸਾਹਿਬ ਤੋ ਜਾਰੀ ਹੋ ਰਹੇ ਹੁਕਮਨਾਮੇ ਸਿੱਖਾਂ ਦੇ ਆਪਸੀ ਟਕਰਾਅ ਅਤੇ ਸਿਧਾਂਤਕ ਨਿਘਾਰ ਦੀ ਉੱਘੜਵੀਂ ਤਸਵੀਰ ਪੇਸ ਕਰਦੇ ਹਨ। ਹਰ ਮੋੜ ਤੇ ਖਤਰਨਾਕ ਅਤੇ ਗੁੰਝਲਦਾਰ ਚਣੌਤੀਆਂ ਸਿੱਖਾਂ ਦਾ ਰੋਹ ਰੋਕੀ ਖੜੀਆਂ ਪਰਤੀਤ ਹੁੰਦੀਆਂ ਹਨ। ਨਸਲੀ ਭੇਦ ਭਾਵ ਸਿੱਖਾਂ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋ ਵੱਡੀ ਚਣੌਤੀ ਬਣ ਕੇ ਖੜਾ ਹੈ। ਸਿੱਖਾਂ ਦੀ ਵੱਖਰੀ ਪਛਾਣ ਆਪਣੇ ਮੁਲਕ ਵਿੱਚ ਹੀ ਪਰੇਸਾਨੀ ਦਾ ਕਾਰਨ ਬਣੀ ਹੋਈ ਹੈ।80 ਫੀਸਦੀ ਤੋ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਵਾਉਣ ਵਾਲੀ ਕੌਂਮ ਦੇ ਆਪਣੇ ਭਵਿੱਖ ਉੱਪਰ ਖਤਰੇ ਮੰਡਰਾਉਂਦੇ ਦਿਖਾਈ ਦੇ ਰਹੇ ਹਨ। ਪੰਜਾਬ ਦੀ ਧਰਤੀ,ਪਾਣੀ ਅਤੇ ਹਵਾ ਨੂੰ ਜਾਣਬੁੱਝ ਕੇ ਜਹਿਰੀਲਾ ਬਣਾ ਦਿੱਤਾ ਗਿਆ ਹੈ। ਉਪਜਾਊ ਜਮੀਨਾਂ ਤੇ ਕਬਜੇ ਕਰਨ ਲਈ ਚੱਲਦੇ ਸਰਕਾਰੀ ਸਰਪ੍ਰਸਤੀ ਵਾਲੇ ਬੁਲਡੋਜਰਾਂ ਨੂੰ ਦੇਖ ਕੇ ਪੰਜਾਬ ਦੀ ਸੋਨਾ ਉਗਲਦੀ ਜਰਖੇਜ਼ ਧਰਤੀ ਤੇ ਲਹਿ ਲਹਾਉਂਦੀਆਂ ਫਸਲਾਂ ਕਿਸਾਨੀ ਦੀ ਹੋਣੀ ਤੇ ਕੀਰਨੇ ਪਾਉਂਦੀਆਂ ਜਾਪਦੀਆਂ ਹਨ।ਜਦੋ ਪੰਜਾਬ ਵਿੱਚੋਂ ਖੇਤੀ ਖਤਮ ਤਾਂ ਸਮਝੋ ਪੰਜਾਬ ਖਤਮ,ਪੰਜਾਬ ਦੀ ਹੋਂਦ ਖਤਮ।ਖੇਤੀ, ਸਿੱਖ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਹੋਈ ਪੰਜਾਬ ਦੀ ਵਿਰਾਸਤੀ ਕਿਰਤ ਹੈ ,ਜਿਹੜੀ ਪੰਜਾਬ ਦੇ ਜਾਇਆਂ ਨੂੰ ਇੱਜਤ,ਗੈਰਤ ਨਾਲ ਰੋਜੀ ਰੋਟੀ ਕਮਾਉਣ ਦੇ ਮੌਕੇ ਪਰਦਾਨ ਕਰਦੀ ਹੈ। ਪੰਜਾਬ ਦੀ ਕਿਰਤ ਤੇ ਹਮਲੇ ਮਹਿਜ ਜਮੀਨ ਹੜੱਪਣ ਤੱਕ ਦਾ ਵਰਤਾਰਾ ਨਹੀ ਹੈ,ਸਗੋ ਇਸ ਤੋ ਅਗਲੇ ਵਿਰਤਾਂਤ ਨੂੰ ਸਮਝਣ ਦੀ ਵੀ ਲੋੜ ਹੈ। ਖਤਰਾ ਪੰਜਾਬ ਦੀ ਦਸਤਾਰ ਤੋ ਹੈ,ਸਿੱਖ ਸਰੂਪ ਤੋ ਖਤਰਾ ਹੈ,ਅਤੇ ਸਭ ਤੋ ਵੱਧ ਖਤਰਾ ਸਿੱਖ ਸਿਧਾਂਤਾਂ ਤੋ ਹੈ,ਜਿਸ ਨੂੰ ਢਾਹ ਲਾਉਣ ਲਈ ਪੰਜਾਬ ਅੰਦਰ ਨਸ਼ਿਆਂ ਦਾ ਪਸਾਰਾ ਅਤੇ ਲੱਚਰਤਾ ਦੇ ਅੱਡੇ ਖੋਹਲੇ ਜਾ ਰਹੇ ਹਨ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੱਖ ਗੁਰਦੁਆਰਾ ਪਰਬੰਧ ਵਿੱਚ ਦਖਲਅੰਦਾਜੀ, ਇਹ ਇੱਕੋ ਲੜੀ ਦੇ ਵੱਖੋ ਵੱਖਰੇ ਨਿਰਧਾਰਤ ਕਾਰਜ ਹਨ,ਜਿੰਨਾਂ ਨੂੰ ਪੂਰੀ ਜਿੰਮੇਵਾਰੀ,ਤਨਦੇਹੀ ਅਤੇ ਸਤੱਰਕਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਸਿੱਖ ਇਹ ਸਾਰਾ ਕੁੱਝ ਵਾਪਰਦਾ ਦੇਖ ਰਹੇ ਹਨ। ਦੁਸ਼ਮਣ ਜਮਾਤ ਦੇ ਮਨਸੂਬਿਆਂ ਨੂੰ ਸਮਝਣ ਦੀ ਬਜਾਏ ਇੱਕ ਦੂਜੇ ਤੇ ਚਿੱਕੜ ਸੁੱਟਣ ਵਿੱਚ ਸਮਾ ਬਰਬਾਦ ਹੀ ਨਹੀ ਕਰ ਰਹੇ,ਬਲਕਿ ਅੰਦਰੂਨੀ ਖਾਨਾਜੰਗੀ ਵੱਲ ਵੀ ਵਧ ਰਹੇ ਹਨ।ਆਪਸੀ ਪਾਟੋਧਾੜ ਦੇ ਅਸਲ ਕਾਰਨਾਂ ਨੂੰ ਸਮਝਣ ਦੀ ਬਜਾਏ ਆਪਸੀ ਦੂਸ਼ਣਵਾਜੀ ਭਾਰੂ ਹੋ ਰਹੀ ਹੈ।ਆਪਣਿਆਂ ਨਾਲ ਮਤਭੇਦ ਮਿਟਾਉਣ ਦੀ ਬਜਾਏ ਪੰਜਾਬ ਵਿਰੋਧੀ ਤਾਕਤਾਂ ਨਾਲ ਖੜਨ ਵਿੱਚ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਇੰਜ ਜਾਪਦਾ ਹੈ ਜਿਵੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੋਵੇ। ਇਹ ਸਮਾ 1839 ਤੋ 1849 ਤੱਕ ਦੇ ਦਹਾਕੇ ਨੂੰ ਦੁਹਰਾਉਂਦਾ ਪਰਤੀਤ ਹੁੰਦਾ ਹੈ,ਜਦੋ ਸਿੱਖਾਂ ਨੇ ਦੁਸ਼ਮਣ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਕੇ ਆਪਣਾ ਰਾਜ ਭਾਗ ਗੁਆ ਲਿਆ ਸੀ।ਆਪਸੀ ਖਾਨਾਜੰਗੀ ਦੇ ਕਰਕੇ ਦੱਰਰਾ ਖੈਬਰ ਤੋ ਲੇਹ ਲਦਾਖ ਤੱਕ ਫੈਲਿਆ ਮਹਾਂਨ ਖਾਲਸਾ ਰਾਜ ਮਹਿਜ 10 ਸਾਲਾਂ ਵਿੱਚ ਦੁਨੀਆਂ ਦੇ ਨਕਸੇ ਤੋ ਗਾਇਬ ਹੋ ਗਿਆ ਸੀ। ਅੱਜ ਸਿੱਖਾਂ ਕੋਲ ਆਪਣਾ ਰਾਜ ਭਾਗ ਨਹੀ ਹੈ,ਪਰੰਤੂ ਰਾਜ ਭਾਗ ਦੀ ਤਾਂਘ ਹੋਣ ਦੇ ਬਾਵਜੂਦ ਚਲਾਕ ਦੁਸ਼ਮਣ ਤਾਕਤਾਂ ਨੇ ਸਿੱਖਾਂ ਦੀ ਆਪਸੀ ਧੜੇਬੰਦੀ ਨੂੰ ਐਨੀ ਕੁ ਗਹਿਰੀ ਕਰ ਦਿੱਤੀ ਹੈ ਕਿ ਉਹਨਾਂ ਦੀ ਤਾਂਘ ਅਤੇ ਉਹਨਾਂ ਦੇ ਮਨੋਰਥ, ਹੋਰ ਪਾਸੇ ਵੱਲ ਮੋੜਾ ਕੱਟ ਜਾਂਦੇ ਹਨ।1849 ਵਿੱਚ ਅੰਗਰੇਜ ਹਕੂਮਤ ਨੇ ਸਿੱਖਾਂ ਤੋ ਰਾਜ ਭਾਗ ਖੋਹ ਲੈਣ ਤੋ ਬਾਅਦ ਸਭ ਤੋ ਪਹਿਲਾਂ ਗੁਰਦੁਆਰਾ ਪ੍ਰਬੰਧ ਤੇ ਕਬਜਾ ਕੀਤਾ ਸੀ।ਹੁਣ ਵੀ ਹਾਲਾਤ ਉਸ ਸਮੇ ਤੋ ਵੱਖ ਨਹੀ ਹਨ। ਹੁਣ ਵੀ ਲੱਗਭੱਗ ਸਮੁੱਚੇ ਗੁਰਦੁਆਰਾ ਪਰਬੰਧ ਤੇ ਕੇਂਦਰੀ ਤਾਕਤਾਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਕਬਜਾ ਕਰ ਚੁੱਕੀਆਂ ਹਨ।ਖਾਲਸੇ ਦੇ ਮਹਾਨ ਪੰਜ ਤਖਤ ਸਾਹਿਬਾਨ ਵਿੱਚੋਂ ਦੋ ਦਾ ਪਰਬੰਧ ਮੁਕੰਮਲ ਰੂਪ ਵਿੱਚ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਹੈ।ਤਖਤ ਸ੍ਰੀ ਪਟਨਾ ਸਾਹਿਬ ਦਾ ਘਟਨਾਕ੍ਰਮ ਉਸ ਸਾਜਿਸ਼ ਦਾ ਹਿੱਸਾ ਹੈ,ਜਿਸ ਦਾ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ। ਇਹ ਸਿੱਖਾਂ ਦੀ ਆਪਸੀ ਫੁੱਟ ਦੀ ਸ਼ਿਖਰ ਦਾ ਦੌਰ ਹੈ,ਜਦੋ ਤਖਤ ਸਾਹਿਬ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ ਹਨ। ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਣੌਤੀ ਇੱਕ ਅਜਿਹੀ ਸਾਜਿਸ਼ ਹੈ,ਜਿਸਨੂੰ ਸਿੱਖਾਂ ਨੇ ਗੰਭੀਰਤਾ ਨਾਲ ਲਿਆ ਹੀ ਨਹੀ।ਤਾਜੇ ਘਟਨਾਕਰਮ ਦੌਰਾਨ ਬਹੁਤ ਸਾਰੇ ਸਿੱਖ ਇਸ ਗੱਲ ਤੇ ਖੁਸ਼ ਹੋ ਰਹੇ ਹਨ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ।ਉਹ ਇਹ ਸਮਝਣ ਦਾ ਯਤਨ ਹੀ ਨਹੀ ਕਰ ਰਹੇ ਕਿ ਇਹ ਸਿੱਖ ਸਿਧਾਂਤਾਂ ਤੇ ਹੁਣ ਤੱਕ ਦੇ ਹਮਲਿਆਂ ਵਿੱਚੋਂ ਸਭ ਤੋ ਤਕੜਾ ਹਮਲਾ ਹੈ,ਜਿਸ ਨੇ ਸਿੱਖਾਂ ਦੀ ਪਹਿਲਾਂ ਹੀ ਵੰਡੀ ਹੋਈ ਤਾਕਤ ਨੂੰ ਇੱਕਦਮ ਅੱਧਾ ਕਰ ਦਿੱਤਾ ਹੈ ਅਤੇ ਅੰਦਰੂਨੀ ਖਾਂਨਾਜੰਗੀ ਦਾ ਰਾਹ ਪੱਧਰਾ ਕਰ ਦਿੱਤਾ ਹੈ। ਜੇਕਰ ਸਿੱਖ ਅਜੇ ਵੀ ਆਪਸੀ ਈਰਖਾਵਾਜੀਆਂ,ਧੜੇਬੰਦੀਆਂ ਲੜਾਈਆਂ ਵਿੱਚ ਸਮਾ ਬਰਬਾਦ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀ ਜਦੋ ਤਖਤ ਸ੍ਰੀ ਪਟਨਾ ਸਾਹਿਬ ਵਰਗੇ ਸਿੱਖਾਂ ਦੇ ਪਵਿੱਤਰ ਅਸਥਾਨ ਸਿੱਖ ਰਹਿਤ ਮਰਯਾਦਾ ਤੋ ਸੱਖਣੇ ਮੂਰਤੀ ਪੂਜਾ ਦੇ ਮੰਦਰ ਹੋਣਗੇ ਅਤੇ ਗੈਰ ਸਿੱਖ ਗਤੀਵਿਧੀਆਂ ਦੇ ਵੱਡੇ ਕੇਂਦਰ ਬਣ ਜਾਣਗੇ। ਇਸ ਨਾਜੁਕ ਸਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਜਿੰਮੇਵਾਰੀ ਨਿਭਾਉਣੀ ਪਵੇਗੀ।ਬਗੈਰ ਕਿਸੇ ਵੀ ਧੜੇ ਦੀ ਪ੍ਰਵਾਹ ਕੀਤਿਆਂ ਤਖਤ ਸਾਹਿਬਾਨ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਲਈ ਪਹਿਲ ਕਰਨੀ ਪਵੇਗੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮਜਬੂਤ ਕਰਨ ਲਈ ਸਖਤ ਕਦਮ ਚੁੱਕਣੇ ਪੈਣਗੇ। ਆਪੋ ਆਪਣੀਆਂ ਡਫਲੀਆਂ ਵਜਾ ਰਹੇ ਸਮੁੱਚੇ ਸਿੱਖ ਧੜਿਆਂ,ਅਕਾਲੀ ਦਲਾਂ ਨੂੰ ਬਗੈਰ ਕਿਸੇ ਤੋਹਮਤ ਤੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਮੰਨਣਾ ਹੋਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਰੁਹਾਨੀ ਅਧਿਕਾਰਿਤ ਤਾਕਤ ਨੂੰ ਕਬੂਲ ਕਰਕੇ ਆਪਸੀ ਦੁਬਿਧਾ ਦੂਰ ਕਰਨ ਲਈ ਸਫਾਂ ਵਸਾ ਕੇ ਬੈਠਣਾ ਹੀ ਇੱਕ ਮਾਤਰ ਚਾਰਾ ਹੈ। ਸਿੱਖ ਵਿਰੋਧੀ ਵੱਡੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਤੋ ਬਿਨਾ ਸਿੱਖਾਂ ਕੋਲ ਨਾ ਪਹਿਲਾਂ ਕਦੇ ਕੋਈ ਅਜਿਹਾ ਕੇਂਦਰ ਰਿਹਾ ਹੈ,ਜਿਹੜਾ ਸਿੱਖਾਂ ਨੂੰ ਇੱਕ ਲੜੀ ਵਿੱਚ ਪਰੋਣ ਦੇ ਸਮਰੱਥ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਕੋਈ ਹੋਰ ਕੇਂਦਰ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਬਲਵਾਨ ਅਤੇ ਸੂਝਵਾਨ ਬਣਾ ਸਕਦਾ ਹੈ।ਸੋ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਨਾ-ਕਾਮਯਾਬ ਕਰਨ ਲਈ ਆਪਸੀ ਮਤਭੇਦਾਂ ਨੂੰ ਪਿੱਛੇ ਛੱਡਕੇ,ਅਜਾਦ ਸਿੱਖ ਪ੍ਰਭੁਤਾ ਦੇ ਪਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣਾ ਹੀ ਇੱਕ ਮਾਤਰ ਰਸਤਾ ਹੈ। ਮੀਰੀ ਪੀਰੀ ਦੇ ਪਵਿੱਤਰ ਅਸਥਾਨ ਦੀ ਰੁਹਾਨੀ ਤਾਕਤ ਹੀ ਕੁਰਸੀ ਦੀ ਲੋਭ ਲਾਲਸਾ ਖਾਤਰ ਸਿੱਖ ਵਿਰੋਧੀ ਤਾਕਤਾਂ ਦੀ ਝੋਲ਼ੀ ਪੈਣ ਵਾਲੀ ਮਨੋ ਬਿਰਤੀ ਨੂੰ ਖਤਮ ਕਰ ਸਕਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142
ਦੁਸ਼ਵਾਰੀਆਂ ਚ ਫਸੀ ਦੁਨੀਆਂ ਦੀ ਬਹਾਦਰ ਕੌਮ - ਬਘੇਲ ਸਿੰਘ ਧਾਲੀਵਾਲ
ਜਦੋ ਸਮਾ ਅਨਕੂਲ ਨਾ ਹੋਵੇ ਤਾਂ ਬਹੁਤ ਕੁੱਝ ਅਜਿਹਾ ਵਾਪਰਦਾ ਹੈ,ਜਿਹੜਾ ਕਿਆਸ ਅਰਾਈਆਂ ਵਿੱਚ ਵੀ ਨਹੀ ਹੁੰਦਾ।ਸਮਾ ਅਨੁਕੂਲ ਨਾ ਹੋਣ ਦਾ ਮਤਲਬ ਹੈ ਜਦੋ ਤੁਹਾਡੀ ਕਿਸੇ ਪਾਸੇ ਕੋਈ ਅਵਾਜ ਨਾ ਸੁਣੀ ਜਾਂਦੀ ਹੋਵੇ।ਸੱਤਾ ਤੁਹਾਡੇ ਹੱਕ ਵਿੱਚ ਨਾ ਹੋਵੇ। ਉਦੋਂ ਤੁਹਾਡੇ ਚਤਰ ਚਲਾਕ ਦੁਸ਼ਮਣਾਂ ਵੱਲੋਂ ਤੁਹਾਡੇ ਖਿਲਾਫ ਅਜਿਹਾ ਭੰਡੀ ਪਰਚਾਰ ਕਰ ਦਿਤਾ ਜਾਂਦਾ ਹੈ,ਜਿਸ ਨਾਲ ਤੁਸੀ ਦੁਸ਼ਮਣਾਂ ਵਿੱਚ ਤਾਂ ਦੁਰਕਾਰੇ ਜਾਵੋਂਗੇ ਹੀ ਬਲਕਿ ਤੁਹਾਡੇ ਆਪਣੇ ਵੀ ਤੁਹਾਨੂੰ ਸ਼ੱਕ ਦੀ ਨਜਰ ਨਾਲ ਦੇਖਣ ਲੱਗਦੇ ਹਨ।ਸੋ ਅਜਿਹਾ ਵਰਤਾਰਾ ਮੌਜੂਦਾ ਦੌਰ ਵਿੱਚ ਸਿੱਖਾਂ ਨਾਲ ਵਾਪਰ ਰਿਹਾ ਹੈ।ਸਿੱਖ ਕਿਉਕਿ ਦੁਨੀਆਂ ਦੀਆਂ ਬਹਾਦਰ ਕੌਂਮਾਂ ਵਿੱਚੋਂ ਇੱਕ ਹੈ,ਇਸ ਕੌਮ ਨੇ ਆਪਣੀ ਬਹਾਦਰੀ ਦਾ ਲੋਹਾ 18ਵੀਂ 19ਵੀ ਅਤੇ 20ਵੀਂ ਸਦੀ ਵਿੱਚ ਮਨਾਇਆ ਹੈ। ਭਾਰਤੀ ਸੱਤਾ ਉੱਤੇ ਅਜਿਹੀਆਂ ਤਾਕਤਾਂ ਦਾ ਬੋਲਬਾਲਾ ਹਮੇਸਾਂ ਹੀ ਰਿਹਾ ਹੈ,ਜਿਹੜੀਆਂ ਮੁਤੱਸਵੀ ਸੋਚ ਨੂੰ ਪਰਨਾਈਆਂ ਹੋਈਆਂ ਹਨ।ਇਹੋ ਕਾਰਨ ਹੈ ਕਿ ਅਜਾਦ ਭਾਰਤ ਅੰਦਰ ਦੋ ਵਾਰ ਸਿੱਖਾਂ ਦੇ ਸਰਬ ਉੱਚ ਅਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਪਰ ਕੇਂਦਰੀ ਹਾਕਮਾਂ ਵੱਲੋਂ ਅਤੇ ਇੱਕ ਵਾਰ ਕੇਂਦਰੀ ਹਾਕਮਾਂ ਦੇ ਥਾਪੇ ਸੂਬੇਦਾਰ ਦੀ ਪਦਵੀ ਵਾਲੇ ਮੁੱਖ ਮੰਤਰੀ ਵੱਲੋਂ ਫੌਜੀ ਤਰਜ ਦੇ ਓਪਰੇਸ਼ਨ ਕੀਤੇ ਗਏ ਹਨ।ਇੱਥੋ ਦੇ ਲੋਕਾਂ ਦੀ ਬਦ-ਕਿਸਮਤੀ ਇਹ ਰਹੀ ਹੈ ਕਿ ਇਹਨਾਂ ਦੇ ਹੱਕਾਂ ਹਿਤਾਂ ਦੀ ਨਾ ਕੋਈ ਗੱਲ ਕਰਨ ਵਾਲਾ ਆਇਆ ਅਤੇ ਨਾ ਕੋਈ ਸੁਨਣ ਵਾਲਾ ,ਜਿਹੜਾ ਹੱਕਾਂ ਲਈ ਉੱਠਿਆ ਉਹ ਕੁਚਲਿਆ ਗਿਆ। ਜਿਹੜੇ ਹੱਥ ਮਿਲਾ ਗਏ ਉਹ ਰਾਜ ਭਾਗ ਦੇ ਮਾਲਕ ਬਣਦੇ ਰਹੇ। ਪੰਜਾਬ ਕਿਉਂਕਿ ਇੱਕ ਵਿਰੋਧੀ ਸੋਚ ਅਤੇ ਵੱਖਰੇ ਮਜਹਬ ਦੇ ਲੋਕਾਂ ਦੀ ਧਰਤੀ ਹੋਣ ਕਰਕੇ ਹਮੇਸਾਂ ਹੀ ਕੇਂਦਰੀ ਤਾਕਤਾਂ ਦੇ ਅੱਖਾਂ ਵਿੱਚ ਰੜਕਦਾ ਰਿਹਾ। ਪੰਜਾਬੀਆਂ ਵੱਲੋਂ ਆਪਣੇ ਹੱਕਾਂ ਲਈ ਉਠਾਈ ਜਾਂਦੀ ਆਵਾਜ ਨੂੰ ਕਦੇ ਵੀ ਉਸ ਨਜਰੀਏ ਨਾਲ ਨਹੀ ਦੇਖਿਆ ਗਿਆ,ਜਿਸ ਨਜਰੀਏ ਨਾਲ ਬਾਕੀ ਸੂਬਿਆਂ ਨੂੰ ਦੇਖਿਆ ਜਾਂਦਾ ਹੈ।ਮਸਾਲ ਦੇ ਤੌਰ ਤੇ ਜੇਕਰ ਤਤਕਾਲੀ ਪ੍ਰਧਾਨ ਮੰਤਰੀ ਨੇ ਐਮਰਜੰਸੀ ਲਾਈ ਤਾਂ ਉਹਦੇ ਵਿਰੋਧ ਵਿੱਚ ਭਾਰਤ ਦੇ ਲੋਕਾਂ ਨੇ ਵਿਰੋਧ ਜਤਾਇਆ,ਜੇਲਾਂ ਭਰੀਆਂ,ਪਰ ਇਹ ਹੀ ਵਿਰੋਧ ਜਦੋ ਪੰਜਾਬ ਨੇ ਕੀਤਾ ਤਾਂ ਉਹ ਸੱਤਾ ਦੇ ਚੇਤਿਆਂ ਵਿੱਚ ਵਸ ਗਿਆ,ਕਾਲਜੇ ਤੇ ਲੜਦਾ ਰਿਹਾ।ਸੱਤਾਧਾਰੀਆਂ ਦੀ ਓਨੀ ਦੇਰ ਨੀਂਦ ਹਰਾਮ ਕਰਦਾ ਰਿਹਾ ਜਿੰਨੀ ਦੇਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਨਹੀ ਉਤਾਰ ਦਿੱਤਾ ਗਿਆ,ਜਿੰਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਨਹੀ ਕਰ ਦਿੱਤਾ।ਏਸੇ ਤਰਾਂ ਹੀ ਦਿੱਲੀ ਵਿੱਚ ਭਾਰਤ ਪੱਧਰ ਦੇ ਲੱਖਾਂ ਕਿਸਾਨਾਂ ਨੇ ਅੰਦੋਲਨ ਕੀਤਾ ਪਰ ਦੇਸ ਦੇ ਹਾਕਮ ਨੂੰ ਸਭ ਤੋ ਵੱਧ ਦਰਦ ਪੰਜਾਬ ਦੇ ਲੋਕਾਂ ਦੇ ਵਿਰੋਧ ਨੇ ਦਿੱਤਾ,ਬੀਤੇ ਦਿਨੀ ਜਦੋ ਭਾਂਰਤ ਨੇ ਪਾਕਿਸਤਾਨ ਤੇ ਹਮਲਾ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀਆਂ ਨੇ ਇਸ ਜੰਗ ਦਾ ਵਿਰੋਧ ਕੀਤਾ।ਉਹਨਾਂ ਇਸ ਜੰਗ ਦਾ ਵਿਰੋਧ ਇਸ ਕਰਕੇ ਨਹੀ ਕੀਤਾ ਕਿ ਪਾਕਿਸਤਾਨ ਨਾਲ ਉਹਨਾਂ ਦੀ ਜਿਆਦਾ ਨੇੜਤਾ ਹੈ ਬਲਕਿ ਇਸ ਕਰਕੇ ਕੀਤਾ ਕਿਉਂਕਿ ਦੋਵਾਂ ਪਾਸਿਆਂ ਤੋ ਹੋਣ ਵਾਲੇ ਹਮਲਿਆਂ ਵਿੱਚ ਸਭ ਤੋ ਵੱਧ ਘਾਣ ਪੰਜਾਬ ਦਾ ਹੀ ਹੋਣਾ ਸੀ।ਸੋ ਭਾਵੇ ਪੰਜਾਬੀਆਂ ਦਾ ਭਾਰਤ ਪਾਕਿਸਤਾਨ ਦੀ ਜੰਗ ਦਾ ਵਿਰੋਧ ਕਰਨਾ ਜਾਇਜ ਸੀ,ਪਰ ਹਾਕਮ ਨੂੰ ਅਜਿਹਾ ਵੀ ਬਿਲਕੁਲ ਪਸੰਦ ਨਹੀ ਹੈ,ਕਿਉਂਕਿ ਵਿਰੋਧ ਕਰਨ ਵਾਲੇ ਉਹਦੇ ਆਪਣੇ ਨਹੀ ਹਨ,ਬਲਕਿ ਉਹ ਇੱਕ ਅਜਿਹੀ ਵੱਖਰੀ ਕੌਂਮ ਹੈ,ਜਿਸ ਦਾ ਡੰਕਾ ਸਾਰੀ ਦੁਨੀਆਂ ਤੇ ਅੱਜ ਵੀ ਵੱਜਦਾ ਹੈ। ਇਹੋ ਕਾਰਨ ਹੈ ਕਿ ਹਾਕਮ ਹਮੇਸਾਂ ਪੰਜਾਬ ਨੂੰ ਪਰਾਏ ਰੂਪ ਵਿੱਚ ਦੇਖਦਾ ਅਤੇ ਵਿਹਾਰ ਕਰਦਾ ਹੈ।ਜੇ ਕਨੂੰਨ ਦੀ ਗੱਲ ਕਰੀਏ ਤਾਂ ਬੀਤੇ ਵਿੱਚ ਬੀਬੀ ਇੰਦਰਾ ਗਾਂਧੀ ਖਾਤਰ ਜਹਾਜ਼ ਅਗਵਾ ਕਰਨ ਵਾਲੇ ਨੂੰ ਬਜੀਰੀਆਂ ਨਾਲ ਨਿਵਾਜਿਆ ਗਿਆ।ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਿਆਂ ਨੂੰ ਬਜੀਰੀਆਂ ਦੀ ਬਖਸ਼ਿਸ਼ ਹੋਈ,ਇੱਥੋ ਤੱਕ ਕਿ ਰਜੀਵ ਗਾਂਧੀ ਦਾ ਕਤਲ ਕਰਨ ਵਾਲਿਆਂ ਨੂੰ ਨੂੰ ਵੀ ਰਿਹਾਅ ਕਰ ਦਿੱਤਾ ਗਿਆ,ਪਰ ਆਪਣੇ ਹੱਕਾਂ ਲਈ ਢੱਠੇ ਅਕਾਲ ਤਖਤ ਸਾਹਿਬ ਦੇ ਰੋਸ ਵਜੋਂ ਹੱਥਾਂ ਵਿੱਚ ਹਥਿਆਰ ਲੈ ਕੇ ਬਦਲਾ ਲੈਣ ਲਈ ਖਾੜਕੂ ਸੰਘਰਸ਼ ਦੇ ਰਾਹ ਪਏ ਸਿੱਖ ਨੌਜਵਾਨਾਂ ਨੂੰ ਬੁਰੀ ਤਰਾਂ ਕੁਚਲ ਦਿੱਤਾ ਗਿਆ ਬਲਕਿ ਉਹਨਾਂ ਦੀ ਇੱਕ ਪੀਹੜੀ ਨੂੰ ਮੁਕੰਮਲ ਰੂਪ ਵਿੱਚ ਖਤਮ ਕਰ ਦਿੱਤਾ ਗਿਆ,ਉਸ ਤੋ ਅਗਲੀ ਨੂੰ ਨਸ਼ਿਆਂ ਦੇ ਰਾਹ ਤੋਰਕੇ ਸੁਰਖਰੂ ਹੋਇਆ ਸਮਝਦਾ ਦੇਸ ਦਾ ਹਾਕਮ ਹਥਿਆਰਬੰਦ ਸੰਘਰਸ ਦੌਰਾਨ ਗਿਰਫਤਾਰ ਕੀਤੇ ਨੌਜਵਾਨਾਂ ਨੂੰ 30,30 35,35 ਸਾਲ ਜੇਲ ਦੀਆਂ ਹਨੇਰੀਆਂ ਕਾਲ ਕੋਠੜੀਆਂ ਵਿੱਚ ਸਾੜਨ ਦੇ ਬਾਵਜੂਦ ਵੀ ਰਿਹਾਅ ਕਰਨ ਲਈ ਤਿਆਰ ਨਹੀ।ਇਸ ਦਾ ਮਤਲਬ ਸਪੱਸਟ ਹੈ ਕਿ ਇਸ ਦੇਸ ਦੇ ਹਾਕਮ ਨੇ ਅਤੇ ਦੇਸ ਦੇ ਕਨੂੰਨ ਨੇ ਪੰਜਾਬ ਦੇ ਜਾਇਆਂ ਨੂੰ ਆਪਣੇ ਸਮਝਿਆ ਹੀ ਨਹੀ।ਜਦੋ ਵੀ ਕਿਧਰੇ ਭਾਰਤ ਪੱਧਰ ਤੇ ਕੋਈ ਸੰਘਰਸ਼ ਉੱਠਦਾ ਹੈ,ਤਾਂ ਉਹਦੇ ਵਿੱਚ ਬਹੁ ਗਿਣਤੀ ਵਿੱਚ ਮਰਨ ਵਾਲੇ ਗੈਰ ਹਿੰਦੂ ਹੀ ਹੋਣਗੇ।ਕਿਉ ਕਿ ਹਿੰਦੂ ਭਾਈਚਾਰੇ ਦਾ ਤਾਂ ਆਪਣਾ ਮੁਲਕ ਹੈ,ਉਹਨਾਂ ਨੂੰ ਕਿਸੇ ਗਰੀਬ ਦਲਿੱਤ ਦੇ ਮੂੰਹ ਵਿੱਚ ਪਿਸਾਬ ਕਰਨ ਦਾ ਵੀ ਅਧਿਕਾਰ ਹੈ,ਉਹਨਾਂ ਨੂੰ ਬੇਰਹਿਮੀ ਨਾਲ ਮਾਰਨ ਦਾ ਵੀ ਪੂਰਾ ਅਧਿਕਾਰ ਹੈ,ਇੱਕ ਕਾਤਲ ਪਰਧਾਨ ਮੰਤਰੀ ਦੇ ਕਤਲ ਦੇ ਬਦਲੇ ਵਿੱਚ ਹਜਾਰਾਂ ਸਿੱਖ ਪਰਿਵਾਰਾਂ ਨੂੰ ਸ਼ਰੇਆਮ ਤੇਲ ਪਾਕੇ, ਗਲ਼ਾਂ ਵਿੱਚ ਟਾਇਰ ਪਾਕੇ ਜਿਉਂਦੇ ਸਾੜਨ ਤੱਕ ਦਾ ਅਧਿਕਾਰ ਪਰਾਪਤ ਹੈ,ਕਿਉਂਕਿ ਰਾਜ ਭਾਗ ਆਪਣਾ ਹੈ।ਰਾਜ ਭਾਗ ਬਹੁਤ ਵੱਡੀ ਚੀਜ ਹੈ। ਏਥੇ ਜਿਹੜਾ ਜਿੱਤਦਾ ਹੈ ਉਹ ਭਗਵਾਨ ਬਣ ਜਾਂਦਾ ਹੈ ਤੇ ਹਾਰਨ ਵਾਲਾ ਜਤ ਸਤ ਵਿੱਚ ਪੱਕਾ ਰਹਿਣ ਦੇ ਬਾਵਜੂਦ ਵਿਦਵਾਨ ਹੋਕੇ ਵੀ ਬਦੀ ਦਾ ਪਰਤੀਕ ਬਣ ਜਾਂਦਾ ਹੈ। ਅਜਿਹਾ ਕੁੱਝ ਹੀ ਸਿੱਖਾਂ ਨਾਲ ਵੀ ਵਾਪਰ ਰਿਹਾ ਹੈ। ਕਦੇ ਕਨਿਆ ਕੁਮਾਰੀ ਤੋ ਦੱਰਰਾ ਖੈਬਰ ਤੱਕ ਰਾਜ ਭਾਗ ਦੇ ਝੰਡੇ ਝੁਲਾਉਣ ਵਾਲੇ ਅੱਜ ਮੁੱਠੀ ਭਰ ਏਰੀਏ ਚ ਸੁੰਗੜ ਕੇ ਦਿਨ ਕਟੀ ਕਰਨ ਲਈ ਮਜਬੂਰ ਹਨ,ਬਲਕਿ ਆਪਣੀ ਬਹਾਦਰੀ ਕਰਕੇ ਹਾਕਮ ਦੀਆਂ ਅੱਖਾਂ ਵਿੱਚ ਸੂਈ ਦੀ ਚੋਭ ਵਾਂਗ ਰੜਕਦੇ ਹਨ। ਇਹੋ ਕਾਰਨ ਹੈ ਕਿ ਪਾਕਿਸਤਾਨ ਨਾਲ ਜੰਗ ਦੇ ਅਸਾਰ ਮੌਕੇ ਪੰਜਾਬ ਤੋ ਸਹਿਯੋਗ ਨਾ ਮਿਲਣ ਦਾ ਨਤੀਜਾ ਇਹ ਹੈ ਕਿ ਹੁਣ ਪਾਕਿਸਤਾਨ ਗਏ ਯਾਤਰੂਆਂ,ਪੱਤਰਕਾਰਾਂ ਦੀਆਂ ਆਈ ਐਸ ਆਈ ਨਾਲ ਸਬੰਧਾਂ ਨੂੰ ਦਰਸਾਉਂਦੀਆਂ ਫਾਇਲਾਂ ਖੁੱਲ ਰਹੀਆਂ ਹਨ। ਜਾਗਦੇ ਲੋਕਾਂ ਨੂੰ ਇੱਕ ਵਾਰ ਫਿਰ ਸਬਕ ਸਿਖਾਉਣ ਦਾ ਤਾਣਾ ਬੁਣਿਆ ਜਾ ਚੁੱਕਾ ਹੈ।ਪਹਿਲਾਂ ਹੀ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਦੇਸ ਦੇ ਹਾਕਮ ਦੇ ਸੂਬੇਦਾਰ ਤੋ ਵੱਧ ਤਾਕਤ ਨਹੀ ਰੱਖਦਾ,ਜਿਸ ਕਰਕੇ ਆਪਣੇ ਲੋਕਾਂ ਤੇ ਜੁਲਮ ਜਬਰ ਦਾ ਕੁਹਾੜਾ ਚਲਾਉਣ ਲਈ ਉਹਨੂੰ ਕੁਹਾੜੇ ਦਾ ਦਸਤਾ ਬਣਨ ਲਈ ਮਜਬੂਰ ਹੋਣਾ ਪੈਂਦਾ ਹੈ। ਪ੍ਰੈਸ ਦੀ ਜੁਬਾਨ ਬੰਦ ਕੀਤੀ ਹੋਈ ਹੈ,ਲੋਕਤੰਤਰ ਦੇ ਇਸ ਚੌਥੇ ਥੰਮ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ।ਇਹ ਸਾਰਾ ਵਰਤਾਰਾ ਬਾਕੀ ਦੇਸ਼ ਦੇ ਮੁਕਾਬਲੇ ਪੰਜਾਬ ਅੰਦਰ ਜਿਆਦਾ ਕਰੂਰਤਾ ਭਰਪੂਰ ਹੈ। ਇੱਥੋ ਦੇ ਬਹੁਗਿਣਤੀ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਵਿੱਚ ਕਰਨ ਲਈ ਪਰਵਾਸੀਆਂ ਨੂੰ ਜਾਇਦਾਦਾਂ ਦੇ ਮਾਲਕ ਬਣਾ ਕੇ ਵਸਾਇਆ ਜਾ ਰਿਹਾ ਹੈ।ਸਿੱਖ ਭਾਈਚਾਰੇ ਦੇ ਧਾਰਮਿਕ ਰੀਤੀ ਰਿਵਾਜ ਬਿਗਾੜੇ ਜਾ ਰਹੇ ਹਨ,ਸਿਧਾਤਾਂ ਨਾਲ ਛੇੜਛਾੜ ਵੱਡੇ ਪੱਧਰ ਤੇ ਹੋ ਰਹੀ ਹੈ।ਸਿੱਖ ਇਤਿਹਾਸ ਵਿਗਾੜਨ ਲਈ ਲਾਲਚੀ ਕਿਸਮ ਦੇ ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ,ਲਿਹਾਜ਼ਾ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਤੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ,ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜਿਆਂ ਤੇ ਮੱਤਭੇਦ ਬਣਾ ਦਿੱਤੇ ਗਏ ਹਨ,ਜਨਮ ਦਿਹਾੜਿਆਂ ਨੂੰ ਸ਼ਹੀਦੀ ਦਿਨਾਂ ਵਿੱਚ ਰਲਗੱਡ ਕਰਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਦੀ ਹੋਂਦ ਤੇ ਸਵਾਲ ਉਠਾ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋੰਦ ਨੂੰ ਵੀ ਚੈਲੰਜ ਕਰਨ ਦੇ ਯਤਨ ਹੋ ਰਹੇ ਹਨ। ਭਾਵ ਕਿ ਜਦੋ ਹਾਲਾਤ ਸ਼ਾਜਗਾਰ ਨ ਹੋਣ ਤਾਂ ਤੁਹਾਨੂੰ ਹਰ ਪਾਸੇ ਤੋ ਦੱਬਣ ਲਈ ਸਾਜਿਸ਼ਾਂ ਬਣਦੀਆਂ ਰਹਿਣਗੀਆਂ।ਤੁਹਾਡੀ ਰੁਹਾਨੀ ਅਤੇ ਦੁਨਿਆਵੀ ਤਾਕਤ ਨੂੰ ਕਮਜੋਰ ਕੀਤਾ ਜਾਵੇਗਾ। ਆਪਸੀ ਪਾਟੋਧਾੜ ਵੀ ਉਪਰੋਕਤ ਰਣਨੀਤੀ ਦੀ ਇੱਕ ਕੜੀ ਹੈ,ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖ ਸਮਝਣ ਨੂੰ ਤਿਆਰ ਨਹੀ ਹਨ।ਸਿੱਖ ਲੀਡਰਸ਼ਿੱਪ ਆਪਣਿਆਂ ਨਾਲੋਂ ਬੇਗਾਨਿਆਂ ਨਾਲ ਸਾਂਝ ਰੱਖਣ ਨੂੰ ਪਹਿਲ ਦਿੰਦੀ ਹੈ।ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਰਵਾਇਤੀ ਲੀਡਰਸ਼ਿੱਪ ਹਾਕਮ ਤੋ ਪਹਿਲਾਂ ਹੀ ਅਪਣੇ ਦੁਸ਼ਮਣ ਗਰਦਾਨ ਦਿੰਦੀ ਹੈ। ਕੌਂਮੀ ਅਜਾਦੀ ਜਾਂ ਕੌਂਮੀ ਘਰ ਦੀ ਗੱਲ ਕਰਨ ਵਾਲਿਆਂ ਨਾਲੋਂ ਨਿਖੇੜਾ ਕਰਕੇ ਕੇਂਦਰੀ ਹਾਕਮਾਂ ਨੂੰ ਵਫ਼ਾਦਾਰੀ ਦੇ ਸਬੂਤ ਪੇਸ਼ ਕੀਤੇ ਜਾਂਦੇ ਹਨ। ਲੰਘੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਨਿਭਾਏ ਜਥੇਦਾਰੀ ਦੇ ਫਰਜਾਂ ਤੋ ਰਵਾਇਤੀ ਲਾਣਾ ਖਫ਼ਾ ਜਾਪਦਾ ਹੈ।ਲਿਹਾਜ਼ਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਜਥੇਦਾਰ ਨੂੰ ਬਦਲਣ ਦੇ ਬਹਾਨੇ ਤਲਾਸਣ ਲੱਗੀ ਹੈ।ਜੇਕਰ ਇਹ ਖਦਸ਼ੇ ਸੱਚ ਹੁੰਦੇ ਹਨ,ਤਾਂ ਇਹ ਕੌਂਮ ਦੇ ਭਵਿੱਖ ਲਈ ਬੇਹੱਦ ਮਾੜਾ ਹੋਵੇਗਾ। ਸੋ ਉਪਰੋਕਤ ਦੁਸ਼ਵਾਰੀਆਂ ਚ ਫਸੀ ਦੁਨੀਆਂ ਦੀ ਬਹਾਦਰ ਕੌਂਮ ਦਾ ਓਨੀ ਦੇਰ ਭਲਾ ਹੋਣ ਦੀ ਕੋਈ ਸੰਭਾਵਨਾ ਨਹੀ ਜਿੰਨੀ ਦੇਰ ਸਿੱਖ ਲੀਡਰਸ਼ਿੱਪ ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਕੇ ਇਮਾਨਦਾਰੀ ਨਾਲ ਇੱਕਜੁੱਟਤਾ ਦੇ ਰਾਹ ਨਹੀ ਤੁਰਦੀ।
ਬਘੇਲ ਸਿੰਘ ਧਾਲੀਵਾਲ
99142-58142
ਘੱਲੂਘਾਰਾ ਦਿਵਸ ਬਨਾਮ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਕਲਪ - ਬਘੇਲ ਸਿੰਘ ਧਾਲੀਵਾਲ
ਸਿੱਖ ਕੌਂਮ ਇਸ ਮੌਕੇ ਬਹੁਤ ਮੁਸਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ।ਆਪਸੀ ਪਾਟੋਧਾੜ ਸਿਖਰਾਂ ਤੇ ਪੁੱਜੀ ਹੋਈ ਹੈ।ਦਰਜਨ ਤੋ ਵੱਧ ਸਿਖਾਂ ਦੀਆਂ ਰਾਜਸੀ ਪਾਰਟੀਆਂ ਬਣ ਚੁੱਕੀਆਂ ਹਨ,ਪਰ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਕਿਸੇ ਇੱਕ ਵਿੱਚ ਵੀ ਨਹੀ ਰਹੀ। ਇਸ ਪਾਟੋਧਾੜ ਦਾ ਹੀ ਨਤੀਜਾ ਹੈ ਕਿ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ।ਸਿੱਖ ਪਰੰਪਰਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਾਰੀ ਦੁਨੀਆਂ ਵਿੱਚ ਆਪਣੇ ਨਿਵੇਕਲੇ,ਨਿਆਰੇ ਅਤੇ ਸਰਬ ਸਾਂਝੀਵਾਲਤਾ ਵਾਲੇ ਮਾਨਵਤਾਵਾਦੀ ਸਿਧਾਂਤਾਂ ਦੇ ਕਰਕੇ ਸਤਿਕਾਰ ਪਾਉਣ ਵਾਲੀ ਕੌਂਮ ਨੂੰ ਆਪਣੇ ਮੁਲਕ ਵਿੱਚ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਹਨ। ਜੂਨ ਦਾ ਪਹਿਲਾ ਹਫਤਾ ਸਿੱਖਾਂ ਦੇ ਅਜਿਹੇ ਜਖਮਾਂ ਨੂੰ ਮੁੜ ਮੁੜ ਕੁਦੇੜਦਾ ਹੈ,ਜਿਹੜੇ ਕਦੇ ਵੀ ਭਰੇ ਨਹੀ ਜਾ ਸਕਣਗੇ।ਅੱਜ ਤੋ 41 ਸਾਲ ਪਹਿਲਾਂ ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸ਼ਹੀਦ ਹੋਏ ਹਜਾਰਾਂ ਸਿੰਘ ਸਿੰਘਣੀਆਂ,ਬੱਚੇ ਬਜੁਰਗਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਸਿੱਖ ਆਏ ਸਾਲ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਵਾਲੇ ਦਿਨ ਛੇ ਜੂਨ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ।ਸਿੱਖਾਂ ਵਿੱਚ ਇਸ ਹਫਤੇ ਨੂੰ ਲੈ ਕੇ ਰੋਸ ਅਤੇ ਉਤਸ਼ਾਹ ਦੋਵੇਂ ਹੀ ਉੱਪਰਲੇ ਪੱਧਰ ਤੇ ਹੁੰਦੇ ਹਨ,ਪਰ ਇਸਦੇ ਬਾਵਜੂਦ ਕਦੇ ਵੀ ਸਿੱਖਾਂ ਨੇ ਸਾਂਤੀ ਭੰਗ ਕਰਨ ਵਾਲਾ ਅਜਿਹਾ ਮਹੌਲ ਪੈਦਾ ਨਹੀ ਹੋਣ ਦਿੱਤਾ ਜਿਸ ਦੇ ਨਾਲ ਕਿਸੇ ਗੈਰ ਸਿੱਖ ਫਿਰਕੇ ਦੇ ਲੋਕਾਂ ਨੂੰ ਖਤਰਾ ਪੈਦਾ ਹੁੰਦਾ ਹੋਵੇ,ਪਰ ਆਪਸੀ ਟਕਰਾਅ ਹਮੇਸਾਂ ਹੀ ਬਰਕਰਾਰ ਰਿਹਾ ਹੈ। ਭਾਰਤੀ ਤੰਤਰ ਹਮੇਸਾਂ ਹੀ ਇਸ ਦਿਨ ਭੈਅ ਭੀਤ ਕਰਨ ਵਾਲੀਆਂ ਕੋਈ ਨਾ ਕੋਈ ਸਾਜਿਸ਼ਾਂ ਰਚਦਾ ਰਹਿੰਦਾ ਹੈ। ਇਸ ਵਾਰ ਦੇ ਘੱਲੂਘਾਰਾ ਦਿਵਸ ਮੌਕੇ ਵੀ ਸਿੱਖਾਂ ਦਾ ਟਕਰਾਅ ਕਰਵਾਉਣ ਦੇ ਪਰਪੰਚ ਰਚੇ ਗਏ,ਪਰ ਸਿਰੇ ਨਾ ਚੜ ਸਕੇ,ਪਰ ਇਹ ਜਰੂਰ ਹੋਇਆ ਕਿ ਆਮ ਸਿੱਖਾਂ ਦੇ ਮਨਾਂ ਅੰਦਰ ਡਰ ਦਾ ਮਹੌਲ ਬਣ ਗਿਆ ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੀ ਗਿਣਤੀ ਆਮ ਦਿਨਾ ਦੇ ਮੁਕਾਬਲੇ ਵੀ ਘੱਟ ਰਹੀ।ਇਸ ਦੇ ਬਾਵਜੂਦ ਇਹ ਸੱਚ ਹੈ ਕਿ ਹਰ ਧੜੇ ਨੇ ਆਪਣੇ ਆਪ ਨੂੰ ਸਥਾਪਤ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਵੱਡੇ ਵੱਡੇ ਜਥਿਆਂ ਦੇ ਰੂਪ ਵਿੱਚ ਆਪਣੀ ਹਾਜਰੀ ਲਗਵਾਈ।ਭਾਵੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਸਮੁੱਚਾ ਪਰਬੰਧ ਹੀ ਅਕਾਲੀ ਦਲ ਬਾਦਲ ਕੋਲ ਹੈ ਅਤੇ ਸਰੋਮਣੀ ਕਮੇਟੀ ਨੇ ਆਪਣੀ ਰਣਨੀਤੀ ਮੁਤਾਬਿਕ ਹੀ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੈਠਣ ਲਈ ਅਸਥਾਨ ਦਿੱਤੇ,ਪਰ ਸ੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਕਿਸੇ ਵੀ ਆਗੂ ਦੀ ਸਮੂਲੀਅਤ ਦਰਜ ਨਹੀ ਕੀਤੀ ਗਈ ਅਤੇ ਨਾ ਹੀ ਸਾਬਕਾ ਜਥੇਦਾਰ ਗਿਆਨੀ ਹਰਪਰੀਤ ਸਿੰਘ ਦਿਖਾਈ ਦਿੱਤੇ,ਜਦੋ ਕਿ ਸਮੁੱਚੀਆਂ ਪੰਥਕ ਧਿਰਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਦੇਖੇ ਗਏ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰੀ ਦਬਾਅ ਅਤੇ ਤਿੱਖੇ ਆਪਸੀ ਮੱਤਭੇਦਾਂ ਦੇ ਬਾਵਜੂਦ ਘੱਲੂਘਾਰਾ ਦਿਵਸ ਨੂੰ ਸਾਂਤੀ ਨਾਲ ਮਨਾਉਣ ਵਿੱਚ ਸਫਲਤਾ ਹਾਸਲ ਕੀਤੀ,ਪਰ ਇਹ ਵੀ ਸੱਚ ਹੈ ਕਿ ਸਿਧਾਂਤਾਂ ਦਾ ਘਾਣ ਅਤੇ ਪਰੰਪਰਾ ਨੂੰ ਤੋੜਨ ਦਾ ਇਲਜਾਮ ਵੀ ਪ੍ਰਧਾਨ ਧਾਮੀ ਸਿਰ ਲੱਗਿਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਾ ਪੜਨ ਦੇਣਾ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਨਾ ਕਰਨ ਦੇਣਾ ਦੋ ਵੱਡੀਆਂ ਅਵੱਗਿਆਵਾਂ ਹੋਈਆਂ ਹਨ,ਜੋ ਸਿੱਖ ਪਰੰਪਰਾਵਾਂ ਵਿੱਚ ਵਿਪਰਵਾਦੀ ਤਾਕਤਾਂ ਦੇ ਗਲਬੇ ਨੂੰ ਸਪੱਸਟ ਰੂਪ ਵਿੱਚ ਪ੍ਰਗਟ ਕਰਦੀਆਂ ਹਨ।ਵਿਪਰਵਾਦੀ ਤਾਕਤਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹੱਤਤਾ ਨੂੰ ਖਤਮ ਕਰਵਾ ਕੇ ਦੀ ਅਜਾਦ ਪ੍ਰਭੂਸੱਤਾ ਦੀ ਪਰਤੀਕ ਇਸ ਮਹਾਨ ਸੰਸਥਾ ਦਾ ਮਹੱਤਵ ਰਲਗੱਡ ਕਰਨਾ ਚਾਹੁੰਦੀਆਂ ਹਨ ਤਾਂਕਿ ਸਿੱਖਾਂ ਅੰਦਰੋਂ ਸਿੱਖ ਸਵੈ-ਮਾਣ ਅਤੇ ਰਾਜ ਕਰਨ ਦੀ ਭਾਵਨਾ ਨੂੰ ਮਾਰਿਆ ਜਾ ਸਕੇ। ਜੇਕਰ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਵੇ,ਤਾਂ ਇਹ ਕਿਹਾ ਜਾ ਰਿਹਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸਿੰਘ ਸਾਹਿਬ ਦਰਮਿਆਨ ਵਧੇ ਤਣਾਅ ਨੂੰ ਸਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿੱਚ ਪੈ ਕੇ ਪਹਿਲਾਂ ਹੀ ਸੁਲਝਾ ਲਿਆ ਸੀ,ਪਰ ਮੌਕੇ ਤੇ ਬਣੇ ਹਾਲਾਤਾਂ ਦੇ ਮੱਦੇਨਜਰ ਜਿਸਤਰਾਂ ਸਿੰਘ ਸਾਹਿਬ ਨੇ ਭਾਰੀ ਦਬਾਅ ਅਤੇ ਚੈਲੰਜ ਦੇ ਬਾਵਜੂਦ ਜਿਸ ਸੂਝ ਸਿਆਣਪ ਨਾਲ ਮੌਕੇ ਦੀ ਨਜਾਕਤ ਨੂੰ ਆਪਣੇ ਹੱਕ ਵਿੱਚ ਵਰਤਣ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਜਿਸਤਰਾਂ ਉਹਨਾਂ ਨੇ ਅਰਦਾਸ ਵਿੱਚ ਹੀ ਕੌਂਮ ਦੀ ਦੁਬਿਧਾ,ਸਿੱਖ ਹੋਮਲੈਂਡ ਦੀ ਗੱਲ,ਬੰਦੀ ਸਿਖਾਂ ਦੀ ਰਿਹਾਈ ਅਤੇ ਵੱਖ ਵੱਖ ਮੁਲਕਾਂ ਵਿੱਚ ਮਾਰੇ ਗਏ ਸੰਘਰਸ਼ੀ ਸਿੱਖਾਂ ਦੀ ਗੱਲ ਕੀਤੀ ਹੈ,ਉਹ ਕਾਬਲੇ ਤਾਰੀਫ਼ ਕਹੀ ਜਾ ਸਕਦੀ ਹੈ।ਜਥੇਦਾਰ ਕਿੰਨਾ ਸਮਾ ਰਹੇਗਾ ਇਹ ਦੇ ਬਾਰੇ ਕੁੱਝ ਵੀ ਕਹਿਣਾ ਅਸੰਭਵ ਹੈ,ਪਰ ਇੱਕ ਗੱਲ ਜਰੂਰ ਹੈ ਕਿ ਜੋ ਗੱਲਾਂ ਬੇਨਤੀਆਂ ਦੇ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਉਹਨਾਂ ਨੂੰ ਸਨਮੁੱਖ ਹੋ ਕੇ ਸਿੰਘ ਸਾਹਿਬ ਵੱਲੋਂ ਕੀਤੀਆਂ ਗਈਆਂ ਹਨ,ਉਹ ਕਿਸੇ ਜਥੇਦਾਰ ਨੇ ਅੱਜ ਤੱਕ ਨਹੀ ਕੀਤੀਆਂ।ਸਿੰਘ ਸਾਹਿਬ ਨੇ ਸੱਪ ਵੀ ਮਾਰ ਦਿੱਤਾ ਅਤੇ ਛੋਟਾ ਬਚਾਉਣ ਵਿੱਚ ਵੀ ਸਫਲਤਾ ਹਾਸਲ ਕਰਕੇ ਆਪਣੀ ਨਿਪੁੰਨਤਾ ਦਾ ਲੋਹਾ ਮਨਵਾ ਲਿਆ ਹੈ,ਪਰ ਅਜਿਹੇ ਜਥੇਦਾਰ ਦਾ ਬਹੁਤੀ ਦੇਰ ਤੱਕ ਟਿਕੇ ਰਹਿਣ ਦੀ ਉਮੀਦ ਨਹੀ ਕੀਤੀ ਜਾ ਸਕਦੀ,ਕਿਉਂਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਸਰਬੋਤਮ ਸਿੱਖ ਸੰਸਥਾਵਾਂ ਕੇਂਦਰੀ ਤਾਕਤਾਂ ਦੇ ਗਲਬੇ ਵਿੱਚ ਹਨ। ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਸਰਬ ਪਰਵਾਣਿਤ ਨਹੀ ਹੈ ਇਸ ਕਰਕੇ ਛੇ ਜੂਨ ਨੂੰ ਜਥੇਦਾਰ ਦਾ ਵਿਰੋਧ ਹੋਇਆ ਹੈ,ਅਜਿਹੀਆਂ ਕਥਾਵਾਂ ਤੇ ਸਵਾਲ ਉੱਠਦਾ ਹੈ ਕਿ 1849 ਤੋ ਲੈ ਕੇ ਮੌਜੂਦਾ ਸਮੇ ਤੱਕ ਸਿਵਾਏ ਨਵੰਬਰ 2015 ਦੇ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਹੋਰ ਕੋਈ ਵੀ ਅਤੇ ਕਦੇ ਵੀ ਕੋਈ ਜਥੇਦਾਰ ਸਰਬ ਪਰਵਾਣਿਤ ਨਹੀ ਰਿਹਾ। ਜੇਕਰ ਭਾਈ ਹਵਾਰਾ ਨੂੰ ਸਿੱਖਾਂ ਦੀ ਸਰਬ ਪਰਵਾਣਿਕਤਾ ਮਿਲੀ ਤਾਂ ਉਹਨਾਂ ਨੂੰ ਨਾਂ ਹੀ ਭਾਰਤੀ ਤਾਕਤਾਂ ਨੇ ਰਿਹਾਅ ਕੀਤਾ ਅਤੇ ਨਾ ਹੀ ਰਵਾਇਤੀ ਸਿੱਖ ਲੀਡਰਸ਼ਿੱਪ ਨੇ ਸਿੰਘ ਸਾਹਿਬ ਭਾਈ ਹਵਾਰਾ ਨੂੰ ਰਿਹਾਅ ਕਰਵਾਉਣ ਸਬੰਧੀ ਕਦੇ ਸੁਹਿਰਦਤਾ ਨਾਲ ਕੋਈ ਯਤਨ ਹੀ ਕੀਤਾ ਹੈ।ਸੋ ਇਹ ਸਰਬ ਪਰਵਾਣਿਕਤਾ ਜਥੇਦਾਰ ਦੀ ਕਾਰਜਸ਼ੈਲੀ ਤੇ ਨਿਰਭਰ ਕਰਦੀ ਹੈ। ਤਕਰੀਬਨ ਤਿੰਨ ਸਾਢੇ ਤਿੰਨ ਦਹਾਕਿਆਂ ਦੇ ਸਮੇ ਤੇ ਝਾਤ ਮਾਰਿਆਂ ਸਪੱਸਟ ਹੋ ਜਾਂਦਾ ਹੈ ਕਿ ਜਥੇਦਾਰ ਦੀ ਨਿਯੁਕਤੀ ਸਮੇ ਉਹਨਾਂ ਦੀ ਵਿਰੋਧਤਾ ਹੁੰਦੀ ਰਹੀ ਹੈ ਅਤੇ ਹਟਾਉਣ ਸਮੇ ਸਿੱਖਾਂ ਦੀ ਹਮਦਰਦੀ ਹਰ ਉਸ ਜਥੇਦਾਰ ਨਾਲ ਰਹੀ ਹੈ,ਜਿਹੜਾ ਵੀ ਤਖਤ ਸਾਹਿਬ ਤੋ ਬੇਇੱਜਤ ਕਰਕੇ ਹਟਾਇਆ ਜਾਂਦਾ ਰਿਹਾ ਹੈ। ਜੇਕਰ ਬਹੁਤਾ ਦੂਰ ਨਾ ਵੀ ਜਾਈਏ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਉਦਾਹਰਣ ਸਾਹਮਣੇ ਹੈ,ਜਦੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਾਇਆ ਜਾ ਰਿਹਾ ਸੀ ਤਾਂ ਬਹੁਤ ਸਾਰੀਆਂ ਧਿਰਾਂ ਵੱਲੋਂ ਵਿਰੋਧ ਜਤਾਇਆ ਗਿਆ ਸੀ,ਪਰ ਜਦੋ ਉਹਨਾਂ ਨੂੰ ਹਟਾਇਆ ਗਿਆ ਤਾਂ ਸਿੱਖ ਹਮਦਰਦੀ ਉਹਨਾਂ ਦੇ ਨਾਲ ਰਹੀ।ਸੋ ਅਜਿਹਾ ਹੀ ਮੌਜੂਦਾ ਸਮੇ ਦੌਰਾਨ ਵੀ ਵਾਪਰਨ ਵਾਲਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੋ ਜੋ ਬਿਆਨ ਦਿੱਤੇ ਜਾਂ ਬਤੌਰ ਜਥੇਦਾਰ ਜੋ ਕਾਰਜ ਕੀਤੇ ਹਨ ਉਹਨਾਂ ਨੂੰ ਜਰੂਰ ਯਾਦ ਕੀਤਾ ਜਾਵੇਗਾ।ਜਿਸ ਤਰਾਂ ਘੱਲੂਘਾਰਾ ਦਿਵਸ ਦੀ ਅਰਦਾਸ ਦੇ ਸਬੰਧ ਵਿੱਚ ਦੇਖਿਆ ਜਾ ਰਿਹਾ ਹੈ,ਉਸਤੋ ਇਹ ਹੀ ਆਸ ਬੱਝਦੀ ਹੈ ਕਿ ਜਥੇਦਾਰ ਗੜਗੱਜ ਦੇ ਅੰਦਰ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੈ ਬ ਸ਼ਰਤੇ ਕਿ ਉਹਨੂੰ ਸਿੱਖ ਪੰਥ ਦਾ ਸਹਿਯੋਗ ਮਿਲਦਾ ਰਹੇ।ਸੋ ਅਜਿਹੀ ਦੁਬਿਧਾ ਸਮੇ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਸਿੱਖ ਸੰਕਲਪ, ਸਿੱਖ ਜਜ਼ਬਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਣ ਚ ਆਕੇ ਭੁੱਲਾਂ ਬਖ਼ਸ਼ਾ ਲਈਏ,ਫਿਰ ਗੁਰੂ ਹਰਿਗੋਬਿੰਦ ਪਾਤਸ਼ਾਹ ਖੁਆਰ ਹੋਇਆਂ ਨੂੰ ਗਲ ਨਾਲ ਲਾ ਲੈਣਗੇ।
ਬਘੇਲ ਸਿੰਘ ਧਾਲੀਵਾਲ
99142-58142
ਇੱਕਜੁੱਟਤਾ ਨਾਲ ਮਨਾਉਣਾ ਚਾਹੀਦੈ ਛੇ ਜੂਨ ਦਾ ਘੱਲੂਘਾਰਾ ਦਿਵਸ,ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਬ ਉੱਚ ਸੰਸਥਾ - ਬਘੇਲ ਸਿੰਘ ਧਾਲੀਵਾਲ
ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਸਿੱਖ ਕੌਂਮ ਦੁਨੀਆਂ ਦੀ ਬਹਾਦਰ ਕੌਂਮ ਹੈ।ਪੁਰਾਤਨ ਸਿੱਖ ਜਰਨੈਲਾਂ ਵਿੱਚੋ ਸ੍ਰ ਹਰੀ ਸਿੰਘ ਨਲੂਏ ਦਾ ਨਾਮ ਦੁਨੀਆਂ ਦੇ ਸਭ ਤੋ ਵੱਧ ਸ਼ਕਤੀਸ਼ਾਲੀ ਯੋਧਿਆਂ ਵਿੱਚ ਸੁਮਾਰ ਹੈ।ਜਰਨਲ ਜੋਰਾਵਰ ਸਿੰਘ ਬਾਰੇ ਤਾਂ ਇੱਥੋ ਤੱਕ ਕਿਹਾ ਜਾਂਦਾ ਹੈ ਕਿ ਜਦੋਂ ਇਹ ਬਹਾਦਰ ਜਰਨੈਲ ਦੀ ਸ਼ਹਾਦਤ ਹੋਈ ਉਸ ਤੋ ਬਾਅਦ ਤਿਬਤੀ ਲੋਕਾਂ ਨੇ ਉਹਨਾਂ ਦੇ ਪਵਿੱਤਰ ਸਰੀਰ ਦਾ ਮਾਸ ਵੰਡ ਲਿਆ ਸੀ,ਕਿਉਂਕਿ ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਇੱਕ ਬਹਾਦਰ ਜਰਨੈਲ ਦਾ ਮਾਸ ਘਰ ਵਿੱਚ ਰੱਖਣ ਨਾਲ ਘਰ ਵਿੱਚ ਪੈਦਾ ਹੋਣ ਵਾਲੀ ਸੰਤਾਨ ਵੀ ਜਰਨੈਲ ਜੋਰਾਵਰ ਸਿੰਘ ਵਰਗੀ ਬਹਾਦਰ ਹੋਵੇਗੀ।ਸੁਣਿਆ ਹੈ ਅੱਜ ਵੀ ਉਹ ਲੋਕ ਉਸ ਬਹਾਦਰ ਸਿੱਖ ਜਰਨੈਲ ਜੋਰਾਵਰ ਸਿੰਘ ਦੀ ਸਮਾਧ ਦੀ ਪੂਜਾ ਕਰਦੇ ਹਨ।ਸੋ ਅਜਿਹੇ ਇੱਕ ਨਹੀ ਹਜਾਰਾਂ ਵਾਕਿਆਤ ਸਾਂਝੇ ਕੀਤੇ ਜਾ ਸਕਦੇ ਹਨ,ਜਿਹੜੇ ਇਸ ਕੌਂਮ ਦੀ ਗਿਣਤੀ ਬਹਾਦਰ ਕੌਂਮਾਂ ਵਿੱਚ ਮੋਹਰੀ ਕੌਂਮ ਵਜੋਂ ਕਰਵਾਉਣ ਦਾ ਪਰਮਾਣ ਹੋ ਨਿੱਬੜਦੇ ਹਨ।ਸਿੱਖ ਕੌਂਮ ਅੰਦਰ ਬਹਾਦਰੀ ਨਾਲ ਲੜਨ ਮਰਨ ਦਾ ਜਜ਼ਬਾ ਪੁਰਾਤਨ ਸਮਿਆਂ ਵਿੱਚ ਵੀ ਦੁਸ਼ਮਣ ਨੂੰ ਸੋਚਾਂ ਵਿੱਚ ਪਾਉਂਦਾ ਸੀ ਤੇ ਮੌਜੂਦਾ ਸਮੇ ਵਿੱਚ ਵੀ ਇਹ ਜਜ਼ਬਾ ਹੀ ਸਿੱਖ ਦੁਸ਼ਮਣ ਤਾਕਤਾਂ ਦੀ ਨੀਂਦ ਹਰਾਮ ਕਰਦਾ ਹੈ। ਭਾਂਵੇ ਸਿੱਖਾਂ ਦਾ ਸਰਬਤ ਦੇ ਭਲੇ ਦਾ ਸੰਕਲਪ ਅਤੇ ਲੰਗਰ ਪ੍ਰਥਾ ਦੀ ਮਹਾਨ ਪਰੰਪਰਾ ਨੇ ਦੁਨੀਆਂ ਪੱਧਰ ਤੇ ਸਿੱਖਾਂ ਦੀ ਪਛਾਣ ਨੂੰ ਨਿਖਾਰਿਆ ਅਤੇ ਸਤਿਕਾਰਿਆ ਹੈ,ਪਰ ਫਿਰ ਵੀ ਕਿਤੇ ਨਾ ਕਿਤੇ ਕਿਰਪਾਨ ਚੋ ਪਰਗਟ ਹੋਣ ਕਰਕੇ ਦੁਸ਼ਮਣ ਤਾਕਤਾਂ ਨੂੰ ਉਹਨਾਂ ਦੀ ਰੁਹਾਨੀ ਤਾਕਤ ਭੈ ਭੀਤ ਕਰਦੀ ਰਹਿੰਦੀ ਹੈ।ਲਿਹਾਜ਼ਾ ਸਿੱਖਾਂ ਨੂੰ ਮਾਨਸਿਕ,ਧਾਰਮਿਕ ਅਤੇ ਸਰੀਰਕ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿੱਖਾਂ ਨੂੰ ਗੁਰੂ ਨਾਲੋਂ ਤੋੜਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ,ਸਿਧਾਂਤਾਂ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਸਿੱਖਾਂ ਦੀ ਏਕਤਾ ਨੂੰ ਖੰਡਿਤ ਕਰਕੇ ਆਪਸ ਵਿੱਚ ਲੜਾਉਣ ਦਾ ਰੁਝਾਨ ਘਟਣ ਦੀ ਬਜਾਏ ਜੋਰ ਫੜਦਾ ਜਾ ਰਿਹਾ ਹੈ। ਸਿੱਖ ਕੌਂਮ ਵਾਸਤੇ ਇੱਕ ਕਹਾਵਤ ਬੜੀ ਪ੍ਰਸਿੱਧ ਹੈ ਕਿ “ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਂਮ ਕਦੇ ਨਾ ਹਾਰੇ”, ਇਹ ਬਿਲਕੁਲ ਸੱਚ ਹੈ ਕਿ ਜੇਕਰ ਸਿੱਖਾਂ ਵਿੱਚ ਏਕਤਾ ਹੋ ਜਾਵੇ ਤਾਂ ਕੋਈ ਵੀ ਤਾਕਤ ਸਿੱਖਾਂ ਨਾਲ ਜਿਆਦਤੀ ਕਰਨ ਬਾਰੇ ਸੋਚ ਵੀ ਨਹੀ ਸਕਦੀ। ਪਰ ਏਕਤਾ ਵਾਲੇ ਪੱਖ ਤੋਂ ਮੌਜੂਦਾ ਹਾਲਾਤ ਬੇਹੱਦ ਗੁੰਝਲਦਾਰ ਬਣੇ ਹੋਏ ਹਨ ਜਾਂ ਬਣਾਏ ਹੋਏ ਹਨ। ਜੇਕਰ ਇੱਕ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਚਾਰ ਉਹਦੇ ਵਿਰੋਧ ਵਿੱਚ ਉੱਠ ਖੜਦੇ ਹਨ,ਬਿਨਾ ਵਜਾਹ ਵਿਰੋਧ ਸੁਰੂ ਕਰ ਦਿੰਦੇ ਹਨ।ਬਹੁਤ ਸਾਰੇ ਕੇਂਦਰੀ ਤਾਕਤਾਂ ਨੂੰ ਖੁਸ ਕਰਨ ਲਈ ਅਜਿਹਾ ਕਰ ਰਹੇ ਹਨ। ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਤੀਜੇ ਘੱਲੂਘਾਰੇ ਦੀ 41ਵੀ ਯਾਦ ਮੌਕੇ ਛੇ ਜੂਨ ਦੇ ਸੰਦਰਭ ਵਿੱਚ ਦਿੱਤਾ ਗਿਆ ਬਿਆਨ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਬਾਬਾ ਹਰਨਾਮ ਸਿੰਘ ਧੁੰਮਾ ਦਾ ਉਪਰੋਕਤ ਬਿਆਨ ਬੇਹੱਦ ਮੰਦਭਾਗਾ ਅਤੇ ਕੌਂਮ ਅੰਦਰ ਖਾਨਾਜੰਗੀ ਪੈਦਾ ਕਰਨ ਵਾਲਾ ਹੈ। ਇਹ ਅਜਿਹਾ ਸਮਾ ਹੈ ਜਦੋ ਸਿੱਖਾਂ ਨੂੰ ਹਰ ਤਰਾਂ ਦੀਆਂ ਧੜੇਬੰਦੀਆਂ ਛੱਡ ਕੇ ਕੌਂਮ ਦੇ ਵਡੇਰੇ ਹਿਤਾਂ ਦੇ ਵਾਸਤੇ ਇੱਕ ਜੁੱਟ ਹੋਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ,ਪਰ ਬਾਬਾ ਹਰਨਾਮ ਸਿੰਘ ਧੁੰਮਾ ਨੇ ਇਸ ਨਾਜੁਕ ਦੌਰ ਵਿੱਚ ਅਜਿਹਾ ਕਰਕੇ ਆਪਣੀ ਸ਼ਖਸ਼ੀਅਤ ਤੇ ਇੱਕ ਹੋਰ ਸਵਾਲੀਆ ਨਿਸ਼ਾਨ ਲਵਾ ਲਿਆ ਹੈ। ਜਦੋਕਿ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਇਸ ਸੰਦਰਭ ਵਿੱਚ ਆਇਆ ਬਿਆਨ ਸਲਾਹੁਣਯੋਗ ਹੈ।ਉਹਨਾਂ ਵੱਲੋਂ ਬਾਬਾ ਧੁੰਮੇ ਨੂੰ ਅਜਿਹਾ ਕੋਈ ਵੀ ਕਦਮ ਨਾ ਪੁੱਟਣ ਦੀ ਅਪੀਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਦਿਖਾਈ ਗਈ ਸ਼ਰਧਾ ਦਾ ਸਵਾਗਤ ਕਰਨਾ ਬਣਦਾ ਹੈ।ਬਿਨਾ ਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਭ ਤੋ ਉੱਪਰ ਹੈ,ਉਹਨਾਂ ਦੇ ਸੇਵਾਦਾਰ ਦੇ ਰੂਪ ਵਿੱਚ ਬੈਠਾ ਵਿਅਕਤੀ ਭਾਵੇਂ ਕਿਸੇ ਵੀ ਧੜੇ ਤੋਂ ਆਇਆ ਹੋਵੇ,ਪਰ ਬਤੌਰ ਜਥੇਦਾਰ ਉਹ ਸਮੁੱਚੀ ਕੌਂਮ ਲਈ ਸਤਿਕਾਰਿਤ ਸਖਸ਼ੀਅਤ ਹੈ ਅਤੇ ਹੋਣੀ ਚਾਹੀਦੀ ਹੈ, ਬ-ਸ਼ਰਤੇ ਕਿ ਸਿੰਘ ਸਾਹਿਬ ਵੀ ਆਪਣੇ ਸਰਬ ਉੱਤਮ ਅਤੇ ਸਤਿਕਾਰਿਤ ਰੁਤਬੇ ਦਾ ਖਿਆਲ ਰੱਖ ਕੇ ਕੌਂਮ ਨੂੰ ਯੋਗ ਅਗਵਾਈ ਦੇਣ।ਇਹ ਕੋਈ ਪਹਿਲਾ ਮੌਕਾ ਨਹੀ ਜਦੋਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਬਾਦ ਵਿਵਾਦ ਪੈਦਾ ਹੋਇਆ ਹੋਵੇ ਬਲਕਿ ਇਹ ਵਰਤਾਰਾ ਸਿੱਖਾਂ ਦਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਨਿਰੰਤਰ ਵਾਪਰਦਾ ਆ ਰਿਹਾ ਹੈ, ਪ੍ਰੰਤੂ ਬਹੁ ਗਿਣਤੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸੱਚੀ ਸ਼ਰਧਾ ਅਤੇ ਸਤਿਕਾਰ ਰੱਖਦੇ ਹੋਣ ਕਰਕੇ ਜਥੇਦਾਰ ਨੂੰ ਸਵੀਕਾਰ ਲੈਂਦੇ ਹਨ।ਬੀਤੇ ਸਾਲਾਂ ਵਿੱਚ ਜਦੋ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਚੱਲਿਆ,ਉਸ ਮੌਕੇ ਦੇ ਜਥੇਦਾਰ ਨੂੰ ਕੌਂਮ ਨੇ ਨਕਾਰ ਦਿੱਤਾ ਅਤੇ ਸਰਬਤ ਖਾਲਸਾ ਬੁਲਾਕੇ ਲੱਖਾਂ ਦੇ ਬੇਮਿਸਾਲ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਅੰਦਰ ਬੇਹੱਦ ਸਤਿਕਾਰੇ ਜਾਣ ਵਾਲੇ ਸੰਘਰਸ਼ੀ ਬੰਦੀ ਸਿੱਖ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪ ਦਿੱਤਾ ਗਿਆ ਸੀ,ਪਰ ਉਹਨਾਂ ਦੀ ਰਿਹਾਈ ਨਾ ਹੋ ਸਕਣ ਕਰਕੇ ਸਿੱਖ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਸਵੀਕਾਰਦੇ ਆ ਰਹੇ ਹਨ।ਹੁਣ ਵੀ ਨਵ ਨਿਯੁਕਤ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਵੇਂ ਸਰੋਮਣੀ ਕਮੇਟੀ ਵੱਲੋਂ ਹੀ ਨਿਯੁਕਤ ਕੀਤੇ ਹੋਏ ਹਨ,ਪਰ ਉਹਨਾਂ ਦੀ ਕਾਰਜਸ਼ੈਲੀ ਤੋ ਇਹ ਆਸ ਕੀਤੀ ਜਾ ਸਕਦੀ ਹੈ ਕਿ ਮੀਰੀ ਪੀਰੀ ਦੇ ਸਿਧਾਂਤਕਾਰ ਛੇਵੇਂ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਪਵਿੱਤਰ ਰੁਤਬੇ ਦੀ ਲਾਜ ਖੁਦ ਰੱਖਣਗੇ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਰਪੱਖਤਾ ਨਾਲ ਸੇਵਾ ਕਰਨ ਦੀ ਹਿੰਮਤ,ਹੌਂਸਲਾ ਅਤੇ ਤਾਕਤ ਬਖਸ਼ਣ ਗੇ। ਅਜਿਹੇ ਬੇਹੱਦ ਨਾਜੁਕ ਸਮੇ ਜਦੋਂ ਕੇਂਦਰੀ ਤਾਕਤਾਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਰਾਹ ਤੁਰੀਆਂ ਹੋਈਆਂ ਹੋਣ ਤਾਂ ਕੌਂਮ ਦੇ ਆਗੂਆਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ ਨਿੱਜ ਨੂੰ ਪਿਛਾਂਹ ਸੁੱਟ ਕੇ ਕੌਂਮ ਦੇ ਭਲੇ ਬਾਰੇ ਸੋਚਣ,ਕੌਂਮ ਦਾ ਭਲਾ ਏਕਤਾ ਤੋ ਵਗੈਰ ਸੰਭਵ ਨਹੀ ਹੈ,ਇਸ ਸੰਦਰਭ ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸੁਹਿਰਦ ਧਿਰਾਂ ਲਈ ਸੰਜੀਦਗੀ ਨਾਲ ਵਿਚਾਰਨਯੋਗ ਹੈ।ਇਹ ਸਮੁੱਚੀਆਂ ਸਿੱਖ ਧਾਰਮਿਕ ਸੰਸਥਾਵਾਂ,ਪੰਥਕ ਜਥੇਬੰਦੀਆਂ,ਰਾਜਨੀਤਕ ਪਾਰਟੀਆਂ, ਅਕਾਲੀ ਦਲਾਂ ਅਤੇ ਸਿੱਖ ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਮਹਾਂਨ ਹੈ ਅਤੇ ਤਾਂ ਫਿਰ ਉਹਦੀ ਮਹਾਨਤਾਂ ਨੂੰ ਕਾਇਮ ਰੱਖਣਾ ਵੀ ਸਮੁੱਚੇ ਸਿੱਖਾਂ ਦਾ ਫਰਜ ਹੈ।ਸਿੱਖਾਂ ਦੇ ਆਪਸੀ ਵੈਰ ਵਿਰੋਧ ਪਹਿਲਾਂ ਹੀ ਵੱਡੇ ਨੁਕਸਾਨ ਕਰ ਚੁੱਕੇ ਹਨ,ਰਾਜ ਕਰਨ ਲਈ ਬਣੀ ਕੌਂਮ ਸਿਆਸਤ ਦੇ ਮੈਦਾਨ ਵਿੱਚੋਂ ਮਾਤ ਖਾ ਰਹੀ ਹੈ।ਕੇਂਦਰੀ ਤਾਕਤਾਂ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਸੰਸਥਾ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਦੀ ਫਿਰਾਕ ਵਿੱਚ ਹਨ,ਜਿੰਨਾਂ ਨੂੰ ਸਿੱਖ ਸੁਚੇਤ ਹੋ ਕੇ ਹੀ ਮਾਤ ਦੇ ਸਕਦੇ ਹਨ।ਅਜਿਹੇ ਹਾਲਾਤਾਂ ਦੇ ਮੱਦੇਨਜਰ ਛੇ ਜੂਨ ਦਾ ਦਿਨ ਮਹੱਤਵਪੂਰਨ ਹੈ।ਜੇਕਰ ਸਿੱਖ ਸਮੁੱਚੇ ਰੂਪ ਵਿੱਚ ਕੇਂਦਰੀ ਤਾਕਤਾਂ ਦੀ ਮੰਦ ਭਾਵਨਾ ਨੂੰ ਸਮਝਣ ਵਿੱਚ ਸਫਲ ਹੋ ਜਾਂਦੇ ਹਨ ਅਤੇ ਇੱਕਜੁੱਟਤਾ ਨਾਲ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਕੇ ਉਹਨਾਂ ਮਹਾਂਨ ਰੂਹਾਂ ਦੀਆਂ ਖੁਸ਼ੀਆਂ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ,ਫਿਰ ਸਿੱਖ ਕੌਂਮ ਲਈ ਉਜਲੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142