
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦਹਾਕਾ, ਇਤਫਾਕ ਜਾਂ ਸਾਜਿਸ - ਬਘੇਲ ਸਿੰਘ ਧਾਲੀਵਾਲ
1 ਜੂਨ 2015 ਤੋਂ 19 ਜਨਵਰੀ 2026 ਤੱਕ ਦਾ ਸਮਾਂ ਸਿੱਖ ਇਤਿਹਾਸ ਵਿੱਚ ਬੇਹੱਦ ਨਮੋਸ਼ੀ ਭਰੇ ਦੌਰ ਵਜੋਂ ਦਰਜ ਕੀਤਾ ਜਾਵੇਗਾ।ਇਹ ਉਹ ਦੌਰ ਹੈ ਜਦੋਂ ਸਿੱਖ ਕੌਂਮ ਦੀ ਰੂਹ ਨੂੰ ਵਾਰ ਵਾਰ ਜਖਮ ਦਿੱਤੇ ਜਾਂਦੇ ਰਹੇ ਹਨ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਣ ਸ਼ਾਨ ਅਤੇ ਮਾਣ-ਮਰਿਆਦਾ ‘ਤੇ ਲਗਾਤਾਰ ਹਮਲੇ ਹੋਏ ਹਨ।ਦਸ ਸਾਲ ਤੋਂ ਵੱਧ ਸਮੇਂ ਦੌਰਾਨ ਦਰਜਨਾਂ ਨਹੀਂ, ਸੈਂਕੜਿਆਂ ਵਾਰ ਬੇਅਦਬੀ ਦੇ ਮਾਮਲੇ ਸਾਹਮਣੇ ਆਏ।ਪਰਜਾ ਮੰਡਲ ਦੇ ਮਹਾਂਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਜਨਮ ਭੂਮੀ ਠੀਕਰੀਵਾਲਾ ਵਿਖੇ ਉਸੇ ਦਿਨ ਗੁਟਕਾ ਸਾਹਿਬ ਦੇ ਅੰਗਾਂ ਨੂੰ ਗਲ਼ੀਆਂ ਵਿੱਚ ਰੋਲ਼ਿਆ ਜਾਣਾ,ਜਦੋ ਉਸ ਮਹਾਨ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੀ ਤਾਂ ਇਸਨੂੰ ਇਤਫਾਕ ਕਿਵੇਂ ਕਿਹਾ ਜਾ ਸਕਦਾ ਹੈ।ਇਹ ਕਹਿ ਦੇਣਾ ਕਿ “ਇਹ ਇਤਫ਼ਾਕ ਸੀ” ਜਾਂ “ਇਹ ਕਿਸੇ ਮੰਦ ਬੁੱਧੀ ਪਾਗਲ ਦੀ ਹਰਕਤ ਸੀ” ਜਾਂ ਕਿਸੇ ਪ੍ਰਬੰਧਕ ਨਾਲ ਸਿਰੋਪਾ ਨਾ ਦੇਣ ਦਾ ਝਗੜਾ ਹੋਣ ਕਰਕੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ,ਇਹ ਕੋਰਾ ਝੂਠ ਅਤੇ ਸੱਚ ਨਾਲ ਧੋਖਾ ਹੈ। ਇਤਫ਼ਾਕ ਇੱਕ ਵਾਰ ਹੁੰਦਾ ਹੈ। ਗਿਆਰਾਂ ਸਾਲਾਂ ਤੱਕ ਲਗਾਤਾਰ ਦੁਹਰਾਇਆ ਜਾਣ ਵਾਲਾ ਵਰਤਾਰਾ ਸਾਜ਼ਿਸ਼ ਅਤੇ ਧੋਖਾ ਹੁੰਦਾ ਹੈ। ਸਭ ਤੋਂ ਅਹਿਮ ਅਤੇ ਅਸਹਿਜ ਸਵਾਲ ਇਹ ਹੈ ਕਿ ਨਿਸ਼ਾਨਾ ਹਮੇਸ਼ਾ ਸਿਰਫ਼ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕਿਉਂ ਹੁੰਦੇ ਹਨ ? ਜੇ ਇਹ ਸਿਰਫ਼ ਧਾਰਮਿਕ ਨਫ਼ਰਤ ਦਾ ਮਾਮਲਾ ਹੁੰਦਾ, ਤਾਂ ਹੋਰ ਧਰਮਾਂ ਦੇ ਗ੍ਰੰਥ ਵੀ ਨਿਸ਼ਾਨੇ ‘ਤੇ ਹੁੰਦੇ,ਪਰ ਅਜਿਹਾ ਕਦੇ ਨਹੀ ਵਾਪਰਿਆ।ਗੀਤਾ, ਬਾਈਬਲ, ਕੁਰਾਨ, ਹਦੀਸ,ਇਹ ਸਾਰੇ ਹੀ ਸਤਿਕਾਰਿਤ ਅਤੇ ਪਵਿੱਤਰ ਗ੍ਰੰਥ ਹਨ, ਪਰ ਸੋਚਣਾ ਤਾਂ ਬਣਦਾ ਹੈ ਕਿ ਉਨ੍ਹਾਂ ਨਾਲ ਅਜਿਹਾ ਸਿਸਟਮੈਟਿਕ ਸਲੂਕ ਕਿਉਂ ਨਹੀਂ ਹੁੰਦਾ? ਇਸ ਸਵਾਲ ਦਾ ਜਵਾਬ ਸਾਫ਼ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਧਾਰਮਿਕ ਗ੍ਰੰਥ ਨਹੀਂ ਹਨ ਬਲਕਿ ਇਹ ਬਿਪਰਵਾਦੀ ਢਾਂਚੇ ਲਈ ਵੱਡੀ ਚਣੌਤੀ ਹਨ।ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਸਿਰ ਝੁਕਾਉਣਾ ਨਹੀਂ,ਸਿਰ ਉੱਚਾ ਕਰਨਾ ਸਿਖਾਉਂਦੇ ਹਨ।ਦੁਨੀਆਂ ਦਾ ਇਹ ਅਤਿ ਪਵਿੱਤਰ,ਧੰਨ ਸ੍ਰੀ ਗੁਰੂ ਗਰੰਥ ਸਾਹਿਬ ਸਪੱਸਟ ਕਹਿੰਦੇ ਹਨ, ਕਿ ਜਾਤੀਵਾਦ ਮਨੁੱਖੀ ਝੂਠ ਹੈ। ਬ੍ਰਾਹਮਣ,ਸ਼ੂਦਰ ਵਰਨ-ਵੰਡ ਇੱਕ ਵੱਡੀ ਠੱਗੀ ਹੈ।ਰਾਜਾ ਵੀ ਪਰਜਾ ਨੂੰ ਜਵਾਬਦੇਹ ਹੈ,ਧਰਮ ਦਾ ਮਤਲਬ ਇਨਸਾਫ਼ ਹੈ, ਡਰ ਨਹੀਂ। ਇਹੀ ਕਾਰਨ ਹੈ ਕਿ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਉਸ ਤਾਕਤ ਨੂੰ ਚੁਭਦਾ ਹੈ ਜੋ ਲੋਕਾਂ ਨੂੰ ਡਰ ਨਾਲ, ਜਾਤੀ ਵੰਡ ਅਤੇ ਅੰਧ ਵਿਸ਼ਵਾਸ ਨਾਲ ਕਾਬੂ ਕਰਨਾ ਚਾਹੁੰਦੀ ਹੈ। ਸਿੱਖ ਕੌੰਮ ਦੀ ਗੈਰਤ ਨੂੰ ,ਉਹਨਾਂ ਦੀ ਆਸਥਾ ਨੂੰ ਅਤੇ ਉਹਨਾਂ ਦੇ ਸਿਧਾਂਤਕ ਜਜ਼ਬੇ ਨੂੰ ਪਰਖਣ ਲਈ ਮੰਦਬੁੱਧੀ ਇੱਕ ਸੁਵਿਧਾਜਨਕ ਨਾਟਕ ਹੈ,ਜਿਸਦਾ ਕੋਈ ਤੋੜ ਨਹੀ ਹੈ,ਕਿਉਂਕਿ ਹਰ ਬੇਅਦਬੀ ਮਗਰੋਂ ਇੱਕੋ ਸਕ੍ਰਿਪਟ ਚਲਦੀ ਹੈ,ਕਿ “ਦੋਸ਼ੀ ਮਾਨਸਿਕ ਤੌਰ ‘ਤੇ ਬਿਮਾਰ ਹੈ।” ਸਵਾਲ ਇਹ ਨਹੀਂ ਕਿ ਉਹ ਵਿਅਕਤੀ ਮੰਦਬੁੱਧੀ ਸੀ ਜਾਂ ਨਹੀਂ। ਸਵਾਲ ਤਾਂ ਇਹ ਹੈ ਕਿ ਉਹ ਮੰਦ ਬੁੱਧੀ ਗੁਰੂ ਘਰ ਵਿੱਚ ਹੀ ਕਿਵੇਂ ਪਹੁੰਚਦਾ ਹੈ ? ਉਹ ਕਿਸੇ ਮੰਦਰ ,ਮਸਜਦ,ਜਾਂ ਚਰਚਾ ਵਿੱਚ ਕਿਉਂ ਨਹੀ ਜਾਂਦਾ ? ਗੁਰੂ ਘਰ ਦੀ ਸੁਰੱਖਿਆ ਫੇਲ ਕਿਵੇਂ ਹੋ ਜਾਂਦੀ ਹੈ ? ਹਰ ਵਾਰ ਜਾਂਚ ਅਧੂਰੀ ਕਿਉਂ ਰਹਿੰਦੀ ਹੈ ? ਅਸਲ ਸਚਾਈ ਤਾਂ ਇਹ ਹੈ ਕਿ ਮੰਦਬੁੱਧੀ ਲੋਕ ਸਿਰਫ ਹਥਿਆਰ ਹੁੰਦੇ ਹਨ, ਹਥਿਆਰ ਬਣਾਉਣ ਵਾਲੇ ਕਦੇ ਸਾਹਮਣੇ ਨਹੀਂ ਆਉਂਦੇ। ਦਸ ਸਾਲ ਵੱਖ ਵੱਖ ਸਰਕਾਰਾਂ ਰਹੀਆਂ ਹਨ, ਪਰ ਨਤੀਜਾ ਇੱਕੋ ਚੁੱਪ ਹੈ, ਇੱਕੋ ਲਾਰਾ ਹੈ,ਜਾਂਚਾਂ ਹੋਈਆਂ, ਕਮੇਟੀਆਂ ਬਣੀਆਂ, ਫਾਈਲਾਂ ਭਰੀਆਂ ਗਈਆਂ, ਪਰ ਅਸਲ ਸਾਜ਼ਿਸ਼ਕਾਰ ਬਚੇ ਹੋਏ ਹਨ। ਕੀ ਇਹ ਸਰਕਾਰਾਂ ਦੀ ਨਲਾਇਕੀ ਹੈ ਜਾਂ ਫਿਰ ਮਹਾਨ ਸਿੱਖ ਵਿਚਾਰਧਾਰਾ ਪ੍ਰਤੀ ਨਫਰਤ ,ਬੇਈਮਾਨੀ ਅਤੇ ਈਰਖਾ ਹੈ,ਜਿਸ ਕਰਕੇ ਇਹ ਸਾਰਾ ਕੁੱਝ ਬੜੇ ਸਹਿਜੇ ਹੀ ਵਾਪਰ ਰਿਹਾ ਹੈ। ਜਦੋਂ ਕਿਸੇ ਇੱਕ ਧਰਮ ਦੇ ਸਭ ਤੋਂ ਪਵਿੱਤਰ ਗਰੰਥ ‘ਤੇ ਹਮਲੇ ਰੁਕਣ ਦਾ ਨਾਮ ਹੀ ਨਾ ਲੈਣ ਅਤੇ ਸੱਤਾ ਮੌਨ ਰਹੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਵੀ ਹੋ ਰਿਹਾ ਹੈ ਉਹ ਬਹੁਤ ਵੱਡੀ ਸਾਜਿਸ਼ ਤਹਿਤ ਹੋ ਰਿਹਾ ਹੈ,ਕਿਉਂਕਿ ਸੱਤਾ ਦਾ ਮੌਨ ਹੋਣਾ ਵੀ ਇੱਕ ਬਿਆਨ ਹੁੰਦਾ ਹੈ। ਬਿਪਰਵਾਦੀ ਭਾਰਤੀ ਰਾਜ ਢਾਂਚੇ ਵਿੱਚ ਬੈਠੀਆਂ ਕੁਝ ਤਾਕਤਾਂ ਸਿੱਖੀ ਨੂੰ ਹਮੇਸ਼ਾ “ਅਲੱਗ” ਸਮਝਦੀਆਂ ਰਹੀਆਂ ਹਨ। ਸਿੱਖੀ ਦੀ ਨਾਬਰੀ ਅਤੇ ਬਰਾਬਰੀ ਬਿਪਰਵਾਦ ਲਈ ਵੱਡਾ ਖ਼ਤਰਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਦੇਹ ਨੂੰ ਅਪਮਾਨਿਤ ਕਰਕੇ, ਸਿੱਖ ਮਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਸਵਾਲ ਫਿਰ ਖੜਾ ਹੈ ਕਿ ਸਿੱਖ ਕੌਮ ਗੁੱਸੇ ਤੋਂ ਅੱਗੇ ਕਦੋਂ ਸੋਚੇਗੀ ? ਅਸੀਂ ਹਰ ਵਾਰ ਗੁੱਸੇ ‘ਚ ਆਉਂਦੇ ਹਾਂ ਅਤੇ ਇਹ ਠੀਕ ਵੀ ਹੈ।ਪਰ ਸਿਰਫ਼ ਗੁੱਸਾ ਕਾਫ਼ੀ ਨਹੀਂ। ਜੇ ਅਸੀਂ ਹਰ ਵਾਰ ਭੜਕ ਕੇ, ਫਿਰ ਠੰਡੇ ਹੋ ਕੇ, ਭੁੱਲ ਜਾ ਰਹੇ ਹਾਂ ਤਾਂ ਸਾਜ਼ਿਸ਼ਕਾਰ ਜਿੱਤਦੇ ਹਨ।ਸਮਾਂ ਆ ਗਿਆ ਹੈ ਕਿ ਬੇਅਦਬੀ ਨੂੰ ਸਿਰਫ਼ ਧਾਰਮਿਕ ਮਸਲਾ ਨਹੀਂ, ਬਲਕਿ ਵਿਚਾਰਧਾਰਕ ਯੁੱਧ ਸਮਝਿਆ ਜਾਵੇ। ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਗੁਰੂ ਸਾਹਿਬ ਦੇ ਅੰਗਾਂ ‘ਤੇ ਜਾਂ ਅੱਖਰਾਂ ‘ਤੇ ਹੀ ਨਹੀਂ ਗੁਰੂ ਦੀ ਸੋਚ ‘ਤੇ ਹਮਲਾ ਹੈ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਆਮ ਧਾਰਮਿਕ ਗ੍ਰੰਥ ਨਹੀਂ। ਇਹ ਦੁਨੀਆ ਦੇ ਪਹਿਲੇ ਜਗਤ ਜੋਤ ਗੁਰੂ ਹਨ। ਇੱਥੇ ਮਨੁੱਖ ਨੂੰ ਮਨੁੱਖ ਬਣਨ ਦੀ ਸਿੱਖਿਆ ਮਿਲਦੀ ਹੈ। ਇੱਥੇ ਬ੍ਰਾਹਮਣਵਾਦ, ਜਾਤੀਵਾਦ, ਲਿੰਗ ਭੇਦ ਅਤੇ ਜਬਰ ਜ਼ੁਲਮ ਦੇ ਖ਼ਿਲਾਫ਼ ਸਪੱਸ਼ਟ ਇਨਕਾਰ ਅਤੇ ਸਰਬਤ ਦੇ ਭਲੇ ਦੀ ਸਿੱਖਿਆ ਮਿਲਦੀ ਹੈ।ਇਹੀ ਕਾਰਨ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਪਰਵਾਦੀ ਤਾਕਤਾਂ ਨੂੰ ਸਭ ਤੋਂ ਵੱਧ ਚੁਭਦਾ ਹੈ। ਇਹ ਸੋਚ ਸਵਾਲ ਪੁੱਛਦੀ ਹੈ, ਅੰਧ ਵਿਸ਼ਵਾਸ ਤੋੜਦੀ ਹੈ ਅਤੇ ਦਬੇ-ਕੁਚਲੇ ਨੂੰ ਬੋਲਣ ਦੀ ਹਿੰਮਤ ਦਿੰਦੀ ਹੈ।ਇਸ ਲਈ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਹੀਂ,ਨਿਸ਼ਾਨਾ ਉਸ ਦੀ ਰੂਹ ਹੈ,ਉਸ ਦੀ ਵਿਚਾਰਧਾਰਾ ਹੈ। ਧਰਨੇ ਲਗਦੇ ਹਨ,ਪ੍ਰਦ੍ਰਸ਼ਨ ਹੁੰਦੇ ਹਨ, ਨਾਅਰੇ ਲੱਗਦੇ ਹਨ, ਪਰ ਕੀ ਕਦੇ ਡੂੰਘਾਈ ਨਾਲ ਸੋਚਿਆ ਹੈ ਕਿ ਇਹ ਸਭ ਕੁੱਝ ਹੋ ਕਿਉਂ ਰਿਹਾ ਹੈ,ਜੇਕਰ ਸਾਜ਼ਿਸ਼ ਨੂੰ ਸਮਝਣ ਦਾ ਯਤਨ ਨਾ ਕੀਤਾ ਗਿਆ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਹੀ ਰੁਕਣਗੀਆਂ।ਇਹ ਸਮਝਣਾ ਪਵੇਗਾ ਕਿ ਬੇਅਦਬੀਆਂ ਦਾ ਵਰਤਾਰਾ ਕੋਈ ਆਮ ਵਾਪਰੀ ਘਟਨਾ ਨਹੀ ਬਲਕਿ ਇੱਕ ਵਿਚਾਰਧਾਰਾ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਅਤੇ ਇਸ ਸਾਜਿਸ਼ ਨੂੰ ਨਕਾਮ ਸਿਰਫ ਗੁੱਸੇ ਨਾਲ ਨਹੀਂ,ਬਲਕਿ ਆਪਸੀ ਏਕਤਾ ਅਤੇ ਵਰਤਾਰਿਆਂ ਦੀ ਸਮਝ ਆਉਣ ਨਾਲ ਕੀਤ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142