
ਚਮਕੌਰ ਦੀ ਕੱਚੀ ਗੜੀ, ਜਿੱਥੇ ਸਿੰਘਾਂ ਨੇ ਸਵਾ ਸਵਾ ਲੱਖ ਨਾਲ ਲੜ ਕੇ ਗੁਰੁ ਦੇ ਸੰਕਲਪ ਨੂੰ ਸੱਚ ਕਰ ਦਿਖਾਇਆ - ਬਘੇਲ ਸਿੰਘ ਧਾਲੀਵਾਲ
ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਕੁਝ ਅਜਿਹੀਆਂ ਅਦੁੱਤੀ ਘਟਨਾਵਾਂ ਦਰਜ ਹਨ ਜੋ ਸਮੇਂ ਦੀਆਂ ਹੱਦਾਂ ਤੋਂ ਪਾਰ ਹੋ ਕੇ ਵੀ ਮਨੁੱਖਤਾ ਨੂੰ ਹੌਂਸਲਾ ਅਤੇ ਜ਼ੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਾ ਸਬੱਬ ਬਣਦੀਆਂ ਹਨ। ਚਮਕੌਰ ਦੀ ਕੱਚੀ ਗੜ੍ਹੀ ਵਿੱਚ ਹੋਈ ਲੜਾਈ ਅਜਿਹੀ ਹੀ ਇਕ ਅਮਰ ਘਟਨਾ ਹੈ,ਜਿਸਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ “ਸਵਾ ਲਾਖ ਸੇ ਏਕ ਲੜਾਊਂ” ਦੇ ਸੰਕਲਪ ਨੂੰ ਸਾਕਾਰ ਕੀਤਾ।ਇਹ ਅਸਾਵੀਂ ਜੰਗ ਦੁਨਿਆਵੀ ਹਾਉਮੈ ਅਤੇ ਰੁਹਾਨੀਅਤ ਦੇ ਸਹਿਜ ਦਰਮਿਆਨ ਅਟੱਲ ਟੱਕਰ ਸੀ, ਇਹ ਲੜਾਈ ਧਰਮ, ਨਿਆਂ ਅਤੇ ਆਜ਼ਾਦ ਸੋਚ ਦੀ ਉਹ ਪਰਚੰਡ ਲਲਕਾਰ ਸੀ, ਜਿਸ ਨੇ ਸਾਬਤ ਕਰ ਦਿੱਤਾ ਕਿ ਗਿਣਤੀ ਨਹੀਂ, ਹੌਸਲਾ,ਹਿੰਮਤ,ਗੁਰੂ ‘ਤੇ ਭਰੋਸਾ ਅਤੇ ਸਿਧਾਂਤ ਵੱਡੇ ਹੁੰਦੇ ਹਨ। 1704 ਈਸਵੀ ਵਿੱਚ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਲੰਮੇ ਸਮੇਂ ਲਈ ਘੇਰੇ ‘ਚ ਰੱਖਿਆ। ਭੁੱਖ, ਤਰੇਹ ਅਤੇ ਅਣਗਿਣਤ ਤਕਲੀਫਾਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਅਤੇ ਖਾਲਸੇ ਨੇ ਹੌਂਸਲਾ ਨਹੀਂ ਹਾਰਿਆ। ਜਦੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਅਤੇ ਵਾਅਦੇ ਦੇ ਕਰਕੇ ਗੁਰੂ ਸਾਹਿਬ ਤੋਂ ਅਨੰਦਪੁਰ ਸਾਹਿਬ ਦਾ ਕਿਲਾ ਛਡਵਾਇਆ, ਜਦੋਂਕਿ ਬਾਅਦ ਵਿੱਚ ਉਹੀ ਵਾਅਦੇ ਤੋੜ ਕੇ ਪਿੱਛੇ ਤੋਂ ਹਮਲੇ ਕੀਤੇ ਗਏ। ਇਹ ਧੋਖਾ ਸਿੱਖ ਇਤਿਹਾਸ ਦਾ ਦਰਦਨਾਕ ਪਰ ਸਿਖਾਉਣ ਵਾਲਾ ਅਧਿਆਇ ਬਣਿਆ।ਚਮਕੌਰ ਵਿੱਚ ਇਕ ਕੱਚੀ ਗੜ੍ਹੀ ਮਿੱਟੀ ਦੀਆਂ ਕੰਧਾਂ ਵਾਲੀ ਅਸਧਾਰਨ ਹਵੇਲੀ ਨੂੰ ਗੁਰੂ ਸਾਹਿਬ ਨੇ ਧਰਮ ਯੁੱਧ ਦਾ ਮੋਰਚਾ ਬਣਾਇਆ।ਗੁਰੂ ਸਾਹਿਬ ਦੀ ਕੱਚੀ ਗੜ੍ਹੀ ਦੀ ਚੋਣ ਤੋ ਸਪੱਸਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਯੁੱਧ ਨੀਤੀ ਵਿੱਚ ਕਿੰਨੀ ਨਿਪੁੰਨਤਾ ਰੱਖਦੇ ਸਨ।ਇਸ ਉੱਚੀ ਗੜੀ ਦੇ ਨੇੜੇ ਲੱਗਣਾ ਵੀ ਦੁਸ਼ਮਣ ਲਈ ਅਸਾਨ ਨਹੀ ਸੀ। ਗੁਰੂ ਜੀ ਨਾਲ ਦੋ ਸਾਹਿਬਜ਼ਾਦਿਆਂ ਸਮੇਤ 40 ਕੁ ਸਿੰਘ ਸਨ, ਜਦਕਿ ਸਾਹਮਣੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ 10 ਲੱਖ ਫੌਜ ਸੀ। ਇਹ ਅਸਾਵੀਂ ਟੱਕਰ ਹੀ ਚਮਕੌਰ ਦੀ ਲੜਾਈ ਨੂੰ ਦੁਨੀਆਂ ਦੀ ਹਰ ਛੋਟੀ ਅਤੇ ਵੱਡੀ ਜੰਗ ਤੋ ਅਲੱਗ ਕਰਦੀ ਹੈ।ਫੌਜਾਂ ਅਤੇ ਸਿੰਘਾਂ ਦੀ ਗਿਣਤੀ ਬਾਰੇ ਗੁਰੂ ਸਾਹਿਬ ਖੁਦ ਹੀ ਜਫਰਨਾਮਾ ਵਿੱਚ ਔਰੰਗਜੇਵ ਨੂੰ ਸੰਬੋਧਨ ਕਰਦੇ ਹੋਏ ਸਪੱਸਟ ਕਰ ਚੁੱਕੇ ਹਨ,ਇਸ ਲਈ ਦੋਵਾਂ ਪਾਸਿਆਂ ਦੀ ਇਸ ਅਸਾਵੀਂ ਗਿਣਤੀ ਪ੍ਰਤੀ ਕੋਈ ਸੰਦੇਹ ਨਹੀ ਰਹਿ ਜਾਂਦਾ।ਜਦੋਂ ਦੁਸ਼ਮਣ ਫੌਜਾਂ ਨੇ ਕੱਚੀ ਗੜ੍ਹੀ ਨੂੰ ਚਾਰੋਂ ਪਾਸਿਓਂ ਘੇਰ ਲਿਆ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਜੰਗ ਜਿੱਤ-ਹਾਰ ਦੀ ਨਹੀਂ, ਸਗੋਂ ਧਰਮ ਅਤੇ ਜੁਲਮ ਵਿਚਕਾਰ ਹੈ।ਸੋ ਸਿੰਘਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਜੈਕਾਰੇ ਦੀ ਗੂੰਜ ਨਾਲ ਸਵੀਕਾਰਦਿਆਂ ਮੌਤ ਦੇ ਅੱਖਾਂ ਚ ਅੱਖਾਂ ਪਾ ਲਈਆਂ। ਜੰਗ ਸ਼ੁਰੂ ਹੋਈ। ਕੱਚੀ ਗੜ੍ਹੀ ਦੇ ਛੋਟੇ ਦਰਵਾਜ਼ੇ ਤੋਂ ਇਕ-ਇਕ ਸਿੰਘ ਨਿਕਲਦਾ ਅਤੇ ਵੱਡੀ ਫੌਜ ‘ਚ ਕਹਿਰ ਮਚਾ ਕੇ ਵਾਪਸ ਨਾ ਮੁੜਦਾ। ਹਰ ਸ਼ਹਾਦਤ ਦੁਸ਼ਮਣ ਲਈ ਡਰ,ਕਹਿਰ ਅਤੇ ਖਾਲਸੇ ਲਈ ਹੌਂਸਲਾ ਬਣਦੀ ਗਈ। ਮੁਗਲ ਫੌਜ ਨੂੰ ਹੈਰਾਨੀ ਸੀ ਕਿ ਇਹ ਥੋੜ੍ਹੇ ਜਿਹੇ ਸਿੱਖ ਕਿਵੇਂ ਅਜਿਹਾ ਮੁਕਾਬਲਾ ਕਰ ਰਹੇ ਹਨ।ਉਹ ਨਹੀ ਸਨ ਜਾਣਦੇ ਕਿ ਰੁਹਾਨੀ ਤਾਕਤਾਂ ਨਾਲ ਲੜਨਾ ਐਨਾ ਆਸਾਨ ਨਹੀ ਹੁੰਦਾ,ਜਿੰਨਾਂ ਸਮਝ ਕੇ ਮਗਲ ਅਤੇ ਪਹਾੜੀ ਸੈਨਾ ਗੁਰੂ ਸਾਹਿਬ ਨੂੰ ਫੜਨ ਦਾ ਅਨੁਮਾਨ ਲਾਈ ਬੈਠੀ ਸੀ। ਚਮਕੌਰ ਦੀ ਲੜਾਈ ਦਾ ਸਭ ਤੋਂ ਭਾਵੁਕ ਅਤੇ ਪ੍ਰੇਰਕ ਅਧਿਆਇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (ਉਮਰ ਲਗਭਗ 18 ਸਾਲ) ਨੇ ਗੁਰੂ ਪਿਤਾ ਕੋਲੋਂ ਆਗਿਆ ਲੈ ਕੇ ਜੰਗ ਭੂਮੀ ਵਿੱਚ ਛਾਲ ਮਾਰੀ। ਗੁਰੂ ਪਿਤਾ ਦੀ ਬਖਸ਼ਿਸ਼ ਅਤੇ ਥਾਪੜੇ ਸਦਕਾ ਵੱਡੀ ਫੌਜ ‘ਤੇ ਟੁੱਟ ਪਏ ਅਤੇ ਅਨੇਕਾਂ ਦੁਸ਼ਮਣਾਂ ਨੂੰ ਸੋਧਾ ਲਾਉਂਦੇ ਹੋਏ ਰਣ ਤੱਤੇ ਵਿੱਚ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਉਮਰ ਲਗਭਗ 14 ਸਾਲ) ਨੇ ਵੀ ਜੰਗ ‘ਚ ਜਾਣ ਦੀ ਅਰਜ਼ ਕੀਤੀ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਵੀ ਹੱਥੀ ਤਿਆਰ ਕਰਕੇ ਤੋਰਿਆ।ਨਿੱਕੇ ਸਾਹਿਬਜ਼ਾਦੇ ਨੇ ਅਦੁੱਤੀ ਸਾਹਸ ਨਾਲ ਲੜਦਿਆਂ ਸ਼ਹਾਦਤ ਦਾ ਅਮ੍ਰਿਤ ਪੀਤਾ ਅਤੇ ਵੱਡੇ ਭਰਾਤਾ ਨਾਲ ਜਾ ਰਲੇ। ਸਾਹਿਬਜ਼ਾਦਿਆਂ ਤੋਂ ਇਲਾਵਾ ਅਨੇਕਾਂ ਸਿੰਘ ਇਕ-ਇਕ ਕਰਕੇ ਸ਼ਹੀਦ ਹੋਏ। ਹਰ ਸਿੰਘ ਦੀ ਸ਼ਹਾਦਤ ਨਾਲ ਕੱਚੀ ਗੜ੍ਹੀ ਦੀ ਮਿੱਟੀ ਪਵਿੱਤਰ ਹੁੰਦੀ ਗਈ। ਇਹ ਸਾਰੀਆਂ ਕੁਰਬਾਨੀਆਂ ਮਿਲ ਕੇ ਖਾਲਸੇ ਦੀ ਅਟੱਲ ਅਤੇ ਅਜੇਤੂ ਆਤਮਾ ਦਾ ਪ੍ਰਤੀਕ ਬਣ ਗਈਆਂ। ਜਦੋਂ ਸਥਿਤੀ ਬਹੁਤ ਨਾਜ਼ੁਕ ਹੋ ਗਈ ਅਤੇ ਗੁਰੂ ਜੀ ਕੋਲ ਕੁਝ ਹੀ ਸਾਥੀ ਬਚੇ, ਤਾਂ ਪੰਜ ਸਿੰਘਾਂ ਨੇ ਇਕ ਇਤਿਹਾਸਕ ਗੁਰਮਤਾ ਪਾਸ ਕੀਤਾ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਖਾਲਸੇ ਦੀ ਅਗਵਾਈ ਜਾਰੀ ਰੱਖਣ ਲਈ ਉਹ ਇਥੋਂ ਨਿਕਲ ਜਾਣ। ਇਹ ਉਹ ਪਲ ਸੀ ਜਦੋਂ ਗੁਰੂ ਨੇ ਨਾ ਚਾਹੁੰਦੇ ਹੋਏ ਵੀ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਸਿੱਖੀ ਦੇ ਲੋਕਤਾਂਤਰਿਕ ਅਸੂਲ ਨੂੰ ਜਿਹੜੇ ਉਹਨਾਂ ਨੇ ਖੁਦ ਘੜੇ ਸਨ ਨੂੰ ਮਜ਼ਬੂਤ ਕੀਤਾ। ਰਾਤ ਦੇ ਹਨੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜ੍ਹੀ ਤੋਂ ਜੈਕਾਰੇ ਗੁੰਜਾਉਂਦੇ ਨਿਕਲ ਗਏ। ਭਾਈ ਸੰਗਤ ਸਿੰਘ ਨੇ ਗੁਰੂ ਵਰਗੀ ਦਿੱਖ ਧਾਰਨ ਕਰਕੇ ਦੁਸ਼ਮਣ ਨੂੰ ਭਰਮ ‘ਚ ਰੱਖਿਆ ਅਤੇ ਆਪ ਸ਼ਹੀਦ ਹੋ ਗਏ। ਇਹ ਕੁਰਬਾਨੀ ਸਿੱਖ ਇਤਿਹਾਸ ਵਿੱਚ ਅਦੁੱਤੀ ਮਿਸਾਲ ਹੈ, ਜਿਸ ਨੇ ਦਿਖਾਇਆ ਕਿ ਖਾਲਸਾ ਆਪਣੇ ਗੁਰੂ ਲਈ ਕਿੰਨੀ ਵੱਡੀ ਕੁਰਬਾਨੀ ਦੇ ਸਕਦਾ ਹੈ। ਚਮਕੌਰ ਦੀ ਕੱਚੀ ਗੜ੍ਹੀ ਦੀ ਲੜਾਈ ਨੇ ਸਾਬਤ ਕੀਤਾ ਕਿ ਜ਼ੁਲਮ ਦੇ ਸਾਹਮਣੇ ਝੁਕਣਾ ਖਾਲਸੇ ਦੀ ਫ਼ਿਤਰਤ ਨਹੀਂ। ਇਹ ਅਸਾਵੀਂ ਲੜਾਈ ਖਾਲਸੇ ਦੀ ਆਜ਼ਾਦ ਸੋਚ, ਅਡਿੱਗ ਵਿਸ਼ਵਾਸ ਅਤੇ ਅਦੁੱਤੀ ਜਿੱਤ ਦੀ ਪ੍ਰਤੀਕ ਬਣ ਗਈ। ਅੱਜ ਜਦੋਂ ਸਿੱਖ ਸਮਾਜ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਚਮਕੌਰ ਦੀ ਕੱਚੀ ਗੜ੍ਹੀ ਯਾਦ ਦਿਵਾਉਂਦੀ ਹੈ ਕਿ ਡਰ ਤੋਂ ਉੱਪਰ ਉੱਠ ਕੇ ਸਿਧਾਂਤਾਂ ਨਾਲ ਜੁੜੇ ਰਹਿਣਾ ਹੀ ਅਸਲੀ ਜਿੱਤ ਹੈ। ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ ਲੜੀ ਗਈ ਕੱਚੀ ਗੜੀ ਦੀ ਇਹ ਅਸਾਂਵੀਂ ਲੜਾਈ ਇਤਿਹਾਸ ਦਾ ਗੌਰਵਮਈ ਅਧਿਆਇ ਹੋਣ ਦੇ ਨਾਲ ਸਿੱਖ ਕੌਂਮ ਦੇ ਵਰਤਮਾਨ ਅਤੇ ਭਵਿੱਖ ਲਈ ਰਾਹ ਦਿਸੇਰਾ ਵੀ ਹੈ।ਇਸ ਸਿਧਾਂਤ ਤੇ ਪਹਿਰਾ ਦਿੰਦਿਆਂ ਹੀ ਵੀਹਵੀ ਸਦੀ ਦੇ ਸਿੱਖਾਂ ਨੇ ਜੰਗ ਦੇ ਅਤਿ ਆਧੁਨਿਕ ਸਾਜੋ ਸਮਾਨ ਨਾਲ ਲੈਸ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਕੀਤੇ ਗਏ ਜੂਨ 1984 ਦੇ ਅਸਾਵੇਂ ਹਮਲੇ ਮੌਕੇ ਕੱਚੀ ਗੜ੍ਹੀ ਦੇ ਇਤਿਹਾਸ ਨੂੰ ਮੁੜ ਦੁਹਰਾਇਆ ਗਿਆ ਸੀ,ਜਿੱਥੇ ਮੁੱਠੀ ਭਰ ਸਿੱਖ ਜੁਝਾਰੂਆਂ ਨੇ ਲੱਖਾਂ ਦੀ ਗਿਣਤੀ ਵਿੱਚ ਆਈ ਫੌਜ ਨੂੰ ਹਫਤਾ ਭਰ ਨੇੜੇ ਨਹੀ ਸੀ ਲੱਗਣ ਦਿੱਤਾ ਅਤੇ ਹਕੂਮਤ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਿਉਂਦੇ ਗ੍ਰਿਫਤਾਰ ਕਰਨ ਦੀਆਂ ਤਰਕੀਬਾਂ ਨੂੰ ਪੈਰਾਂ ਹੇਠ ਦਰੜਦਿਆਂ ਫੇਲ ਕਰ ਦਿੱਤਾ ਸੀ।ਚਮਕੌਰ ਦੀ ਕੱਚੀ ਗੜ੍ਹੀ ਵਿੱਚ ਹੋਈ ਲੜਾਈ ਸਿੱਖ ਇਤਿਹਾਸ ਦਾ ਉਹ ਪੰਨਾ ਹੈ,ਜਿਸ ਨੇ ਗੁਰੂ ਦੇ “ਸਵਾ ਲਾਖ ਸੇ ਏਕ ਲੜਾਊਂ” ਦੇ ਕਥਨ ਨੂੰ ਸੱਚ ਕੀਤਾ ਹੈ। ਕੱਚੀ ਗੜੀ ਦੀ ਅਸਾਂਵੀਂ ਜੰਗ ਖਾਲਸਾ ਪੰਥ ਲਈ ਪਰੇਰਨਾ ਹੀ ਨਹੀ ਬਲਕਿ ਸਿਧਾਂਤ ਬਣ ਗਈ ਹੈ,ਜਿਹੜੀ ਖਾਲਸਾ ਪੰਥ ਨੂੰ ਆਪਣੇ ਧਰਮ,ਆਪਣੀ ਨਿਆਰੀ ਹੋਂਦ ਹਸਤੀ ਨੂੰ ਬਣਾਈ ਰੱਖਣ ਲਈ ਸਾਹਸ ਅਤੇ ਜਬਰ ਜੁਲਮ ਦੇ ਖਿਲਾਫ ਲੜਦੇ ਰਹਿਣ ਲਈ ਹਮੇਸਾ ਪਰੇਰਤ ਕਰਦੀ ਰਹੇਗੀ।
ਬਘੇਲ ਸਿੰਘ ਧਾਲੀਵਾਲ
99142-58142