ਬੇਹੱਦ ਖਤਰਨਾਕ ਹੈ ਨਿੱਜੀ ਲੋਭ ਲਾਲਸਾ ਬਦਲੇ ਦੁਬਿਧਾ ਪੈਦਾ ਕਰਕੇ ਸਿੱਖ ਮਾਨਤਾਵਾਂ ਦੇ ਘਾਣ ਕਰਨ ਦਾ ਰੁਝਾਨ - ਬਘੇਲ ਸਿੰਘ ਧਾਲੀਵਾਲ

ਸਿੱਖ ਕੌਂਮ ਦਾ ਜਿੰਨਾ ਨੁਕਸਾਨ ਦੁਬਿਧਾ ਵਿੱਚ ਪੈਣ ਕਰਕੇ ਹੋਇਆ ਹੈ ਸਾਇਦ ਹੀ ਹੋਰ ਕਿਸੇ ਕਾਰਨ ਕਰਕੇ ਐਨਾ ਨੁਕਸਾਨ ਹੋਇਆ ਹੋਵੇ।ਸਿੱਖੀ ਦੀ ਮਰਿਯਾਦਾ ਵਿੱਚ ਦੁਬਿੱਧਾ ਹੈ,ਸਿੱਖੀ ਦੇ ਸਿਧਾਂਤਾਂ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।ਬਾਣੀ ਪ੍ਰਤੀ ਸੰਕੇ ਖੜੇ ਕੀਤੇ ਜਾ ਰਹੇ ਹਨ।ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਦੁਵਿਧਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਇਸ ਸਾਰੇ ਵਰਤਾਰੇ ਪਿੱਛੇ ਉਹ ਲੋਕ ਹੀ ਸ਼ਾਮਲ ਹਨ,ਜਿਹੜੇ ਭੇਖ ਤੋ ਸਿੱਖ ਦਿਖਾਈਦਿੰਦੇ ਹਨ,ਪਰ ਉਹਨਾਂ ਦੇ ਅਮਲ ਵਿੱਚ ਸਿੱਖੀ ਦੀ ਵਿਚਾਰਧਾਰਾ ਦਾ ਕਿਣਕਾ ਮਾਤਰ ਵੀ ਨਹੀ ਹੈ। ਸਿੱਖ ਵਿਚਾਰਧਾਰਾ ਮਹਿਜ਼ ਕਿਤਾਬੀ ਵਿਚਾਰਾਧਾਰਾ ਨਹੀ ਹੈ। ਇਹਦਾ ਹਰ ਸਿਧਾਂਤ ਅਮਲਾਂ ਦੀ ਕਸਵੱਟੀ ਦੀ ਪਰਖ ਵਿੱਚੋਂ ਨਿਕਲ ਕੇ ਆਇਆ ਹੈ।ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਿਧਾਂਤਾਂ ਨੂੰ ਪਹਿਲਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਲਾਗੂ ਕਰਨ ਤੋ ਉਪਰੰਤ ਹੀ ਸਿੱਖਾਂ ਨੂੰ ਉਹ ਸਿਧਾਂਤਾਂ ਨੂੰ ਮੰਨਣ ਦੀ ਤਾਕੀਦ ਕੀਤੀ ਗਈ ਹੈ।ਮਸਾਲ ਦੇ ਤੌਰ ਤੇ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਦਾ ਸਿਧਾਂਤ ਦਿੱਤਾ ਹੈ,ਤਾਂ ਖੁਦ ਅੰਤਲੇ 18 ਸਾਲ ਖੁਦ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਖੇਤੀ ਕੀਤੀ ਹੈ।ਗੁਰੂ ਅਰਜਨ ਸਾਹਿਬ ਨੇ ਸਿੱਖ ਨੂੰ ਭਾਣਾ ਮੰਨਣ ਦਾ ਹੁਕਮ ਕੀਤਾ ਹੈ,ਤਾਂ ਪਹਿਲਾਂ ਇਸ ਸਿਧਾਂਤ ਨੂੰ ਖੁਦ ਆਪਣੇ ਪਿੰਡੇ ਤੇ ਹੰਢਾਇਆ ਹੈ।ਜਹਾਂਗੀਰ ਬਾਦਸ਼ਾਹ ਵੱਲੋਂ ਜਦੋ ਉਹਨਾਂ ਨੂੰ ਭਿਆਨਕ ਸਜ਼ਾ ਦਿੰਦਿਆਂ ਤੱਤੀਆਂ ਤਬੀਆਂ ਤੇ ਬਿਠਾਇਆ ਗਿਆ ਸੀ,ਤਾਂ ਉਹਨਾਂ ਨੇ ਇਹੋ ਸਬਦ ਦਾ ਉਚਾਰਣ ਕੀਤਾ ਸੀ,
“ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕੁ ਮਾਗੈ” 
ਸੋ ਇਸੇਤਰਾਂ ਜਦੋ ਗੁਰੂ ਪਿਤਾ ਦੀ ਸ਼ਹਾਦਤ ਤੋ ਬਾਅਦ ਛੇਵੇ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹਕੂਮਤ ਦੇ ਜੁਲਮਾਂ ਖਿਲਾਫ ਲੜਨ ਦਾ ਹੋਕਾ ਦਿੱਤਾ ਸੀ,ਤਾਂ ਪਹਿਲਾਂ ਉਹਨਾਂ ਨੇ ਖੁਦ ਰਣਜੀਤ ਨਗਾਰੇ ਤੇ ਚੋਟ ਲਾ ਕੇ ਸਮੇ ਦੇ ਹਾਕਮ ਨੂੰ ਵੰਗਾਰਿਆ ਸੀ,ਫਿਰ ਹੀ ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਤੇ ਅਜਾਦ ਪ੍ਰਭੁ ਸੱਤਾ ਦੀ ਸੰਸਥਾ ਦੀ ਬਖਸ਼ਿਸ਼ ਕੀਤੀ।ਏਸੇਤਰਾਂ ਹੀ  ਨੌਵੇਂ ਨਾਨਕ ਨੇ ਜਦੋ 
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” 
ਦਾ ਹੋਕਾ ਦਿੱਤਾ ਸੀ ਤਾਂ ਜੁਲਮ ਦੀਆਂ ਕੰਧਾਂ ਕੰਬ ਗਈਆਂ ਸਨ ਕਿਉਂਕਿ ਔਰੰਗਜੇਵ ਵਰਗੇ ਸਕਤੀਸ਼ਾਲੀ ਅਤੇ ਜਾਬਰ ਹਾਕਮ ਨੂੰ ਚੈਲਿੰਜ ਕਰਨ ਦੀ ਹਿੰਮਤ ਸਮੇ ਦੇ ਕੋਈ ਵੀ ਰਾਜਨੀਤਕ ਜਾਂ ਧਾਰਮਿਕ ਆਗੂ ਨਹੀ ਸੀ ਕਰ ਸਕਿਆ,ਸੋ ਸੁਭਾਵਿਕ ਹੈ ਕਿ ਅਜਿਹਾ ਕਰਨ ਵਾਲਾ ਜਰੂਰ ਕੋਈ ਅਮਲਾਂ ਦੇ ਨਵੇੜਿਆਂ ਨੂੰ ਪਰਨਾਇਆ ਹੋਇਆ ਯੁੱਗ ਪੁਰਸ਼ ਹੋ ਸਕਦਾ ਹੈ। ਜਦੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦਾ ਸਿਰ ਕਲਮ ਕਰਨ ਦਾ ਹੁਕਮ ਹੋਇਆ ਸੀ,ਤਾਂ ਗੁਰੂ ਸਾਹਿਬ ਬਿਲਕੁਲ ਅਡੋਲ ਹੀ ਬੈਠੇ ਰਹੇ ਸਨ ,ਜਿਵੇਂ ਕੁੱਝ ਵੀ ਅਜਿਹਾ ਨਹੀ ਹੋ ਰਿਹਾ ਜਿਸ ਤੋ ਡਰਨ ਦੀ ਲੋੜ ਹੋਵੇ। ਸੋ ਇਹ ਸਿੱਖੀ ਦੀ ਵਿਚਾਰਧਾਰਾ ਹੀ ਹੈ,ਜਿਹੜੀ ਟਿਕੀ ਹੀ ਅਮਲਾਂ ‘ਤੇ ਹੋਈ ਹੈ।ਜਦੋ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਦੀ ਧਾਰ ਚੋ ਖਾਲਸਾ ਪ੍ਰਗਟ ਕੀਤਾ ਸੀ,ਉਸ ਮੌਕੇ ਜਿਹੜਾ ਬਚਨ ਉਹਨਾਂ ਵੱਲੋਂ ਸੀਸ ਅਰਪਣ ਕਰਕੇ ਪਰਗਟ ਹੋਏ ਪੰਜ ਪਿਆਰਿਆ ਦੇ ਸਨਮੁਖ ਰੱਖਿਆ ਗਿਆ,ਉਹਦੇ ਤੇ ਸਾਰਾ ਬੰਸ ਕੁਰਬਾਨ ਕਰਨ ਤੱਕ  ਅਡੋਲਤਾ ਨਾਲ ਪਹਿਰਾ ਦਿੱਤਾ।ਉਹਨਾਂ ਨੇ ਚਮਕੌਰ ਦੀ ਜੰਗ ਵਿੱਚੋਂ ਖਾਲਸੇ ਦੇ ਹੁਕਮ ਕਰਨ ਤੇ ਕੱਚੀ ਗੜੀ ਛੱਡ ਕੇ ਜਾਣ ਸਮੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਲਾਸਾਂ ਨੂੰ ਬਾਕੀ ਸਿੰਘਾਂ ਤੋ ਵੱਖ ਕਰਕੇ ਨਹੀ ਦੇਖਿਆ ਗਿਆ,ਜੇਕਰ ਅਜਿਹਾ ਹੁੰਦਾ,ਤਾਂ ਉਹਨਾਂ ਦੇ ਜਿਗਰ ਦੇ ਟੁਕੜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਨਹੀ ਸਨ ਹੋਣੇ ਬਲਕਿ ਉਹ ਵੀ ਕੱਚੀ ਗੜੀ ਚੋ ਬਚ ਕੇ ਆਪਣੇ ਗੁਰੂ ਪਿਤਾ ਨਾਲ ਜਾ ਰਹੇ ਹੋਣੇ ਸਨ,ਪਰ ਅਜਿਹੀ ਗੈਰ-ਅਸੂਲੀ ਸਿੱਖੀ ਵਿੱਚ ਸਿਖਾਈ ਨਹੀ ਗਈ।ਇਹ ਗੁਰੂ ਦੀ ਵਿਚਾਰਧਾਰਾ  ਦੇ ਅਮਲਾਂ ਦੀ ਹੀ ਰਹਿਮਤ ਹੈ ਕਿ ਆਪਣੇ ਪਰਗਟ ਹੋਣ ਤੋ ਕੁੱਝ ਸਮਾ ਬਾਅਦ ਹੀ ਖਾਲਸੇ ਦੇ ਹਲੇਮੀ ਰਾਜ ਦੇ ਪਰਚਮ ਲਹਿਰਾਉਣ ਲੱਗੇ ਸਨ।ਪਰੰਤੂ ਅੱਜ ਦੇ ਸਮੇ ਵਿੱਚ ਸਿੱਖ ਪੰਥ ਅੰਦਰ ਬਹੁਤ ਸਾਰੀਆਂ ਅਜਿਹੀਆਂ ਨਸਲਾਂ ਆ ਗਈਆਂ ਹਨ,ਜਿਹੜੀਆਂ ਪੈਦਾ ਤਾਂ ਸਿੱਖਾਂ ਦੇ ਘਰਾਂ ਵਿੱਚ ਹੋਈਆਂ ਹਨ,ਪਰ ਵਿਚਾਰਧਾਰਾ ਉਹਨਾਂ ਨੂੰ ਰੂਸ,ਚੀਨ ਜਾਂ ਨਾਗਪੁਰ 
ਦੀ ਚੰਗੀ ਲੱਗਦੀ ਹੈ,ਕਿਉਂਕਿ ਉੱਧਰੋ ਸਿੱਖੀ ਦੇ ਨੁਕਸਾਨ ਬਦਲੇ ਉਹਨਾਂ ਦੇ ਨਿੱਜੀ ਲੋਭ ਲਾਲਸਾ ਦੀ ਭਰਪਾਈ ਕੀਤੀ ਜਾਂਦੀ ਹੈ।ਸਿੱਖ ਇਸ ਸਾਜਿਸ਼ ਦੀ ਤਹਿ ਤੱਕ ਜਾਣ ਲਈ ਸੁਹਿਰਦ ਹੀ ਨਹੀਂ ਹਨ। ਇਹ ਬੜੀ ਵੱਡੀ ਸਾਜਿਸ਼ ਹੈ ਸਿੱਖੀ ਨੂੰ ਖੋਰਾ ਲਾਉਣ ਦੇ ਲਈ, ਸਿੱਖੀ ਨੂੰ ਹਰ ਪਾਸੇ ਤੋਂ ਘੇਰਿਆ ਜਾ ਰਿਹਾ ਹੈ।  ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ ਲੱਚਰ ਗਾਇਕੀ ਲੰਮਾ ਸਮਾ ਪੰਜਾਬ ਵਿੱਚ ਰਾਜ ਕਰਦੀ ਰਹੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ, ਪੰਜਾਬ ਦੀ ਜਵਾਨੀ ਦਾ, ਸਿੱਖ ਜਵਾਨੀ ਦਾ ਖਾਸ ਕਰਕੇ ਕੀਤਾ ਹੈ ਨਸ਼ਿਆਂ ਨਾਲ।  ਨਸ਼ਿਆਂ ਕਾਰਨ ਪੂਰੀ ਇੱਕ ਜਨਰੇਸ਼ਨ ਲਗਭਗ ਖਤਮ ਹੋ ਗਈ ਹੈ ਜਾਂ ਖਤਮ ਹੋਣ ਕਿਨਾਰੇ ਹੈ। ਇਸ ਦੇ ਬਾਵਜੂਦ ਵੀ ਸਿੱਖ ਇਹਨਾਂ ਵਿੱਚੋਂ ਕਿਸੇ ਵੀ ਸਮੱਸਿਆ ਨੂੰ ਸਮਝਣ ਲਈ ਕੋਸ਼ਿਸ਼ ਹੀ ਨਹੀਂ ਕਰ ਰਹੇ ਅਤੇ ਨਾ ਹੀ ਕਿਸੇ ਵੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਹਰ ਗੱਲ ਨੂੰ ਸਿਰਫ ਰੱਬ ਦੇ ਸਹਾਰੇ ਤੇ  ਛੱਡ ਦੇਣਾ ਵੀ ਜਾਇਜ਼ ਨਹੀਂ ਹੈ। ਸਿਆਣੇ ਲੋਕ ਕਹਿੰਦੇ ਨੇ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਖੁਦ ਕਰਨ ਦੀ ਹਿੰਮਤ ਰੱਖਦੇ ਹਨ। ਪਿਛਲੇ ਕਈ ਸਾਲਾਂ ਤੋਂ ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਾਹਿਬ ਦੇ ਜਨਮ ਦਿਹਾੜਿਆਂ ਨੂੰ ਲੈ ਕੇ ਦੁਬਿਧਾ ਪਾਈ ਜਾ ਰਹੀ ਹੈ।ਉਸ ਤੋਂ ਵੀ ਪਹਿਲਾਂ ਕੈਲੰਡਰ ਨੂੰ ਲੈ ਕੇ ਦੁਵਿਧਾ ਚੱਲ ਰਹੀ ਹੈ ਅਤੇ ਹੁਣ ਇਸ ਵਾਰ ਇੱਕ ਨਵੀਂ ਦੁਵਿਧਾ ਨੂੰ ਉਸ ਮੌਕੇ ਤੂਲ ਦਿੱਤਾ ਗਿਆ ਹੈ ਜਦੋਂ ਸਿੱਖ ਪੋਹ ਦਾ ਸਭ ਤੋਂ ਦੁਖਦਾਈ ਹਫਤਾ ਮਨਾ ਰਹੇ ਹਨ।ਜਦੋਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਖਾਲਸਾ ਅਤੇ ਸਾਰਾ ਪਰਿਵਾਰ ਇੱਕੋ ਹਫਤੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਿਆ ਸੀ, ਸਿੱਖ ਉਸ ਦੁਖਦਾਈ ਸਮੇਂ ਵਿੱਚੋਂ ਲੰਘ ਰਹੇ ਹਨ,ਤਾਂ ਐਨ ਉਸ ਮੌਕੇ ਇਹ ਨਵੀਂ ਦੁਵਿਧਾ ਨੂੰ ਤੂਲ ਦਿੱਤਾ ਗਿਆ ਹੈ।ਇਹ ਦੁਵਿਧਾ ਹੈ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਨੂੰ ਲੈ ਕੇ ਪੈਦਾ ਕੀਤੀ ਗਈ ਹੈ,ਜਿਸ ਵਿੱਚ ਕੁੱਝ ਭਾੜੇ ਦੇ ਅਨਸਰਾਂ ਵੱਲੋਂ ਅਤੇ ਕੁਝ ਅਜਿਹੇ ਹੀ ਅਖੌਤੀ ਲੇਖਕਾਂ ਵੱਲੋਂ ਚਮਕੌਰ ਦੀ ਕੱਚੀ ਗੜੀ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੰਜ ਸਿੰਘਾਂ ਵੱਲੋਂ ਗੜੀ ਸਾਡੇ ਜਾਣ ਦਾ ਹੁਕਮ ਕੀਤਾ ਗਿਆ ਸੀ,ਇਸ ਮੌਕੇ ਗੁਰੂ ਸਾਹਿਬ ਨੇ ਆਪਣੀ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਇਸ ਕਰਕੇ ਸਜਾਅ ਦਿੱਤਾ ਸੀ ਕਿਉਂਕਿ ਇਤਿਹਾਸਿਕ ਹਵਾਲਿਆਂ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਚਿਹਰਾ ਮੋਹਰਾ ਗੁਰੂ ਸਾਹਿਬ ਨਾਲ ਮੇਲ ਖਾਂਦਾ ਸੀ, ਸੋ ਦੁਸ਼ਮਣ ਫੌਜਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਇਹ ਗੁਰੂ ਸਾਹਿਬ ਅਤੇ ਗੜੀ ਵਿਚਲੇ ਸਿੰਘਾਂ ਵੱਲੋਂ ਇੱਕ ਨੀਤੀ ਅਨੁਸਾਰ ਅਜਿਹਾ ਫੈਸਲਾ ਕੀਤਾ ਗਿਆ ਸੀ, ਪ੍ਰੰਤੂ ਹੁਣ ਕੁਝ ਇਸ ਤਰ੍ਹਾਂ ਦੇ ਲੇਖਕ ਜਿਨਾਂ ਦਾ ਕੰਮ ਹੀ ਪੰਥ ਵਿੱਚ ਦੁਵਿਧਾ ਪਾਕੇ ਨਿੱਜੀ ਲਾਭ ਪ੍ਰਾਪਤ ਕਰਨਾ ਹੈ, ਅਤੇ ਅਤੇ ਅਜਿਹੀਆਂ ਨਿੱਜੀ ਲਾਲਸਾਵਾਂ ਕਾਰਨ ਸਿੱਖ ਇਤਿਹਾਸ ਨੂੰ ਕਲੰਕਤ ਕਰਨਾ ਹੈ, ਉਹਨਾਂ ਵੱਲੋਂ ਇੱਕ ਵਾਰ ਫਿਰ ਕੌਮ ਘਾਤ ਦਾ ਰਾਹ ਚੁਣਿਆ ਗਿਆ ਹੈ।
ਉਹਨਾਂ ਲੇਖਕਾਂ ਵਿੱਚ ਇੱਕ ਅਜਿਹੇ ਵਿਅਕਤੀ ਦਾ ਨਾਮ ਵੀ ਆਉਂਦਾ ਹੈ ਜਿਸਨੇ ਨੇ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਦਲੇ ਵਿੱਚ ਭਾਵੇਂ ਸਿੱਖਾਂ ਵੱਲੋਂ ਉਹਨਾਂ ਨੂੰ ਰੱਜ ਕੇ ਕੋਸਿਆ ਗਿਆ,ਪਰ ਇਹ ਲਾਲਸਾ ਅਜਿਹੀ ਬੁਰੀ ਬਲਾਅ ਹੈ ਕਿ ਬੰਦਾ ਜੁੱਤੀਆਂ ਨੂੰ ਵੀ  ਤੁੱਸ ਸਮਝਣ ਲੱਗ  ਜਾਂਦਾ ਹੈ।ਹੁਣ ਇਹ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਵਾਲੀ ਦੁਵਿਧਾ ਨੂੰ ਵਧਾਕੇ ਲਾਭ ਲੈਣਾ ਚਾਹੁੰਦਾ ਹੈ, ਉਕਤ ਲੇਖਕ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ “ਗੁਰੂ ਸਾਹਿਬ ਬਾਕੀ ਸਿੰਘਾਂ ਤੋ ਵੱਧ ਭਾਈ ਜੀਵਨ ਸਿੰਘ ਤੇ ਭਰੋਸ਼ਾ ਕਰਦੇ ਸਨ,ਇਸ ਕਰਕੇ ਉਹਨਾਂ ਨੇ ਕੱਚੀ ਗੜੀ ਚੋ ਜਾਣ ਸਮੇ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਨਹੀ ਬਲਕਿ ਭਾਈ ਜੀਵਨ ਸਿੰਘ ਨੂੰ ਦਿੱਤਾ ਸੀ”,ਪਹਿਲ8 ਗੱਲ ਇਹ ਹੈ ਕਿ ਗੁਰੂ ਸਾਹਿਬ ਸਿੰਘਾਂ ਅਤੇ ਆਪਣੇ ਸਾਹਿਬਜ਼ਾਦਿਆਂ ਵਿੱਚ ਵੀ ਕੋਈ ਫਰਕ ਨਹੀਂ ਸਨ ਸਮਝਦੇ, ਭਾਈ ਜੀਵਨ ਸਿੰਘ ਨੂੰ ਉਹ ਸ੍ਰੀ ਗੁਰ7 ਤੇਗ ਬਹਤਦਰ ਸਾਹਿਬ ਜੀ ਦਾ ਸੀਸ ਲੈ ਕੇ ਆਉਣ ਸਮੇ ਹੀ ਆਪਣਾ ਬੇਟਾ ਮੰਨ ਚੁੱਕੇ ਸਨ, ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਅਤੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ ਮੁਗਲ ਅਤੇ ਪਹਾੜੀ ਫੌਜਾਂ ਦੇ ਨਾਲ ਹੋਏ ਮੁਕਾਬਲੇ ਵਿੱਚ ਲੜਦੇ ਸ਼ਹਾਦਤ ਪ੍ਰਾਪਤ ਕਰ ਗਏ ਸਨ। ਤੇ ਜਦੋਂ ਭਾਈ ਜੀਵਨ ਸਿੰਘ ਪਹਿਲਾਂ ਹੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ ਕੀ ਫਿਰ ਉਹਨਾਂ ਦੇ ਨਾਮ ਕਲਗੀ ਚੋਲਾ ਸਜਾਉਣ ਦੀ ਗੱਲ ਨੂੰ ਤੂਲ ਦੇਣ ਦਾ ਕੋਈ ਅਧਾਰ ਹੈ ? ਇਤਿਹਾਸਕ ਹਵਾਲੇ ਇਹ ਵੀ ਦੱਸਦੇ ਹਨ ਕਿ ਭਾਈ ਸੰਗਤ ਸਿੰਘ ਦਾ ਮੜ੍ਹੰਗਾ ਗੁਰੂ ਸਾਹਿਬ ਨਾਲ ਮੇਲ ਖਾਂਦਾ ਸੀ ਜਿਸ ਲਈ ਗੁਰੂ ਸਾਹਿਬ ਨੇ ਅਤੇ ਸਿੰਘਾਂ ਨੇ ਵਿਚਾਰ ਵਟਾਂਦਰੇ ਦੌਰਾਨ ਭਾਈ ਸੰਗਤ ਸਿੰਘ ਨੂੰ ਗੁਰੂ ਸਾਹਿਬ ਦਾ ਚੋਲਾ ਪਹਿਨਾਇਆ ਅਤੇ ਕਲਗੀਧਰ ਸਜਾਈ, ਤਾਂ ਕਿ ਮੁਗਲ ਅਤੇ ਪਹਾੜੀ ਫੌਜਾਂ ਨੂੰ ਭੁਲੇਖੇ ਵਿੱਚ ਰੱਖਿਆ ਜਾ ਸਕੇ, ਸੋ ਗੜੀ ਵਿਚਲੇ ਸਿੰਘ ਬੇਸ਼ੱਕ ਖੁਦ ਸਾਰੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ ਪ੍ਰੰਤੂ ਇਸ ਗੱਲ ਵਿੱਚ ਸਫਲ ਹੋਏ ਸਨ ਕਿਉਂਕਿ ਦੁਸ਼ਮਣ ਫੌਜਾਂ ਭਾਈ ਸੰਗਤ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਇਸ ਗੱਲ ਦੀ ਖੁਸ਼ੀ ਮਨਾਉਂਦੀਆਂ ਰਹੀਆਂ ਕਿ ਉਹਨਾਂ ਨੇ ਗੁਰੂ ਨੂੰ ਮਾਰ ਮੁਕਾਇਆ ਹੈ।ਇੱਥੇ ਇੱਕ ਸਵਾਲ ਹੋਰ ਅਜਿਹੇ ਅਖੌਤੀ ਲੇਖਕਾਂ ਨੂੰ ਪੁੱਛਣਾ ਬਣਦਾ ਹਾਂ ਕਿ ਕੀ ਜਿਸ ਸਿੰਘ ਨੂੰ ਗੁਰੂ ਸਾਹਿਬ ਨੇ ਆਪਣਾ ਬੇਟਾ ਬਣਾ ਲਿਆ ਹੋਵੇ ਉਸ ਤੋਂ ਵੱਡਾ ਸਤਿਕਾਰ ਜਾਂ ਅਜਿਹਾ ਰੁਤਬਾ ਹੈ ਜਿਹੜਾ ਪੁੱਤਰ ਦੇ ਰਿਸ਼ਤੇ ਤੋਂ ਵੀ ਉੱਪਰ ਹੋਵੇ‌? ਅਖੌਤੀ ਲੇਖਕ ਦੇ ਮੁਤਾਬਿਕ ਗੁਰੂ ਸਾਹਿਬ ਨੇ "ਆਪਣੇ ਵੱਧ ਭਰੋਸੇ ਵਾਲੇ ਸਿੰਘ ਨੂੰ ਆਪਣਾ ਕਲਗੀ ਚੋਲਾ ਦਿੱਤਾ" ਜੇ ਇਹ ਗੱਲ ਹੋਵੇ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਚੁਣਿਆ ਜਾ ਪੰਜ ਪਿਆਰਿਆਂ ਵਿੱਚੋਂ ਕਿਸੇ ਸਿੰਘ ਨੂੰ ਕਿਉਂ ਨਹੀਂ ਦਿੱਤਾ ?,ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ, ਇਹ ਅਜਿਹੇ ਲੇਖਕਾਂ ਅਤੇ ਕੁਝ ਹੋਰ ਜਾਤੀਵਾਦ ਨੂੰ ਸਿੱਖ ਕੌਮ ਵਿੱਚ ਮੁੜ ਤੋਂ ਉਤਸਾਹਿਤ ਕਰਨ ਵਾਲੇ  ਲਾਲਚੀ ਅਨਸਰਾਂ ਵੱਲੋਂ ਜਾਣ ਬੁਝ ਕੇ ਦੁਵਿਧਾ ਖੜੀ ਕੀਤੀ ਗਈ ਹੈ ਜਿਸ ਨੂੰ ਸਖਤੀ ਨਾਲ ਰੱਦ ਕਰਨ ਦੀ ਜਰੂਰਤ ਹੈ ਅਤੇ ਖਾਸ ਕਰਕੇ ਅਜਿਹੇ ਲੇਖਕਾਂ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਇਹਨਾਂ ਨੂੰ ਕੌਮ ਵਿੱਚ ਦੁਵਿਧਾ ਖੜੀ ਕਰਨ ਦੀ ਸਖਤ ਸਜ਼ਾ ਦੇਣ ਦੀ ਜਰੂਰਤ ਹੈ।
ਬਘੇਲ ਸਿੰਘ ਧਾਲੀਵਾਲ
99142-58142