Malkiat Singh Sohal

ਕਰਵੇ ਚੌਥ ਦਾ ਵਰਤ - ਮਲਕੀਅਤ 'ਸੁਹਲ,

      ਕਰਵੇ ਚੌਥ ਦਾ ਵਰਤ ਨਿਆਰਾ।
      ਜੀਊਂਦਾ ਰਹੇ  ਪਤੀ ਪਰਮੇਸ਼ਰ,
      ਸ੍ਹਾਵਾਂ  ਤੋਂ ਜੋ  ਵੱਧ  ਪਿਆਰਾ।

      ਪਤੀ - ਪੂਜਣ  ਦਾ ਤਿਉਹਾਰ।
      ਕਰਦੀ  ਔਰਤ  ਹਾਰ ਸ਼ਿੰਗਾਰ।
      ਸੁੱਖੀ-ਸਾਂਦੀ ਹੈ ਦਿਨ ਆਇਆ,
      ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ;
      ਕਰਵੇ ਚੌਥ ਦਾ ਵਰਤ ਨਿਆਰਾ।
      ਜੀਊਂਦਾ ਰਹੇ  ਪਤੀ  ਪਰਮੇਸ਼ਰ,
      ਸ੍ਹਾਵਾਂ ਤੋਂ  ਜੋ  ਵਧ  ਪਿਆਰਾ।

       ਪਤੀ ਨੂੰ  ਮੈਡਮ  ਕਹੇ  ਮਨਖ਼ਟੂ।
       ਕਦੀ  ਕਹਿੰਦੀ, ਭਾੜੇ  ਦਾ ਟੱਟੂ।
       ਪੀ  ਕੇ  ਨਿੱਤ   ਕੁਟਾਪਾ  ਚਾੜ੍ਹੇ,
       ਕਰਦਾ ਨਹੀਂ  ਸਾਡਾ  ਛੁਟਕਾਰਾ;
       ਕਰਵੇ ਚੌਥ ਦਾ ਵਰਤ ਨਿਆਰਾ।
       ਜੀਊਂਦਾ ਰਹੇ  ਪਤੀ  ਪਰਮੇਸ਼ਰ,
       ਸ੍ਹਾਵਾਂ  ਤੋਂ  ਜੋ  ਵੱਧ  ਪਿਆਰਾ।

       ਮੈਂ ਤਾਂ  ਲੋਕੋ ! ਜੀਊਂਦੀ  ਮੋਈ।
       ਲਾਈਲਗ  ਪਤੀ  ਨਾ ਹੋਵੇ ਕੋਈ।
       ਇਹ ਗੰਦੇ  ਬੰਦੇ  ਦੀ ਗੱਲ  ਛਡੋ,
       ਤਾਂ ਵੀ  ਕਰਨਾ  ਪਊ  ਗੁਜ਼ਾਰਾ;
       ਕਰਵੇ ਚੌਥ ਦਾ  ਵਰਤ ਨਿਆਰਾ।
       ਜੀਊਂਦਾ  ਰਹੇ  ਪਤੀ  ਪਰਮੇਸ਼ਰ,
       ਸ੍ਹਾਵਾਂ  ਤੋਂ  ਜੋ  ਵੱਧ  ਪਿਆਰਾ।

       ਘਰ 'ਚ  ਕਰਦਾ  ਰਹਿੰਦਾ ਦੰਗੇ।
       ਲੋਕਾਂ  ਨਾਲ  ਵੀ   ਲੈਂਦਾ  ਪੰਗੇ।
       ਕਿਸੇ ਨਾਲ ਨਾ  ਬਣਦੀ  ਉਹਦੀ,
       ਮੇਰੇ  ਘਰ ਵਿਚ  ਸੰਕਟ  ਭਾਰਾ;
       ਕਰਵੇ ਚੌਥ ਦਾ  ਵਰਤ ਨਿਆਰਾ।
       ਜੀਊਂਦਾ ਰਹੇ  ਪਤੀ  ਪਰਮੇਸ਼ਰ,
       ਜਾਂ ਫਿਰ ਕਰ ਜਾਂ  ਮੈਂ ਕਿਨਾਰਾ।




                     








                                         ਉਹ ਨਾ ਸੁਣੇ  ਮੇਰੀ  ਅਰਜੋਈ।
                                         ਮੈਂ ਤਾਂ  ਜਾਪਾਂ  ਜੀਊਂਦੀ  ਮੋਈ।
                                         ਬੱਚਿਆਂ 'ਤੇ ਵੀ ਤਰਸ ਨਾ ਖਾਏ
                                         ਉਹ ਤਾਂ ਹੋਇਆ ਫਿਰੇ ਆਵਾਰਾ;
                                         ਕਰਵੇ ਚੌਥ ਦਾ  ਵਰਤ ਪਿਆਰਾ।
                                         ਜੀਊਂਦਾ  ਰਹੇ  ਪਤੀ  ਪਰਮੇਸ਼ਰ,
                                         ਮੇਰੇ  ਪ੍ਰਾਣਾ  ਤੋਂ  ਜੋ  ਪਿਆਰਾ।

                                          ਮੈਂ ਤੁਰ ਜਾਵਾਂ,ਜੇ ਛਡ  ਜਹਾਨ।
                                          ਛੁੱਟ ਜਾਏ,ਸੱਸ ਸਹੁਰੇ ਤੋਂ ਜਾਨ।
                                          ਬੁੜ-ਬੁੜ ਕਰਦੇ ਕਹਿੰਦੇ ਰਹਿਂਦੇ
                                          ਜੋ ਚੰਗਾ ਨਹੀਂ ਕਰਦੇ ਵਰਤਾਰਾ।
                                          ਕੜਵੇ ਚੌਥ ਦਾ  ਵਰਤ ਨਿਆਰਾ।
                                          ਮੈਂ ਮਰ ਜਵਾਂ ਜਾਂ ਉਹ ਮਰ ਜਾਏ,
                                          ਕੋਈ ਨਾ  ਲਗੇ  ਮੈਨੂੰ  ਪਿਆਰਾ।
                                          ਫਿਰ ਵੇਖੋ!  ਕੈਸੇ  ਵਰਤੇ  ਭਾਣੇ।
                                          ਸੁੱਤੇ  ਛੱਡ  ਗਈ  ਪੰਜ ਨਿਆਣੇ।
                                          ਕੋਈੇ ਨਵਾਂ ਪਤੀ ਪਰਮੇਸ਼ਰ ਲਭਾ,
                                          ਕਰ ਗਈ ਅੱਜ ਨਵਾਂ ਹੀ  ਕਾਰਾ;
                                          ਕਰਵੇ ਚੌਥ ਦਾ ਵਰਤ  ਨਿਆਰਾ।
                                          ਮੈਂ   ਭੈੜੇ  ਤੋਂ   ਜਾਨ  ਛੁਡਾਈ,
                                          ਨਵਾਂ ਲਭ ਲਿਆ ਪਤੀ ਪਿਆਰਾ।

                                          ਇਹ ਵੀ ਪਤੀ ਨਾ ਭਾਇਆ ਮੈਨੂੰ।
                                          ਜਿਸੇ ਗਹਿਣੇ ਜੂਏ ਪਾਇਆ ਮੈਨੂੰ।
                                          ''ਸੁਹਲ'' ਕੀਤਾ  ਬੜਾ ਹੀ ਚਾਰਾ,
                                          ਵਰਤ ਮੇਰੇ 'ਤੇ  ਪੈ ਗਿਆ ਭਾਰਾ,
                                          ਕੰਨਾ  ਨੂੰ  ਹੱਥ  ਲਾ  ਕੇ  ਆਖਾਂ,
                                          ਰੱਬਾ! ਮਿਲ ਜਾਏ  ਨਵਾਂ ਸਹਾਰਾ।
                                          ਭੈੜਾ  ਪਤੀ - ਪਰਮੇਸ਼ਰ  ਛਡਕੇ,
                                          ਲਿਉ ਨਾ  ਕੋਈੇ  ਪਤੀ  ਹੁਧਾਰਾ।

                                                    ਮਲਕੀਅਤ 'ਸੁਹਲ,
                                               ਨੋਸ਼ਹਿਰਾ (ਤਿੱਬੜੀ) ਗੁਰਦਾਸਪੁਰ)
                                                 ਮੋਬਾ-98728-48610    

ਦੀਦਾਰ ਹੁੰਦਾ ਰਹੇ - ਮਲਕੀਅਤ 'ਸੁਹਲ

ਸਫਲਤਾ ਦਾ ਸਦਾ ਹੀ,ਦੀਦਾਰ ਹੁੰਦਾ ਰਹੇ।
ਚਿੱਟੀ ਧੁੱਪ ਜਿਹਾ ਤੇਰਾ,ਨਿੱਖ਼ਾਰ ਹੁੰਦਾ ਰਹੇ।

ਸੰਗਰਸ਼ ਦੇ ਲਾ ਚੱਪੂ,ਹਿੰਮਤ ਦੀ ਠੇਲ ਬੇੜੀ
ਤੇਰੇ ਸਿਦਕ 'ਤੇ ਸਦਾ,ਇਤਬਾਰ ਹੁੰਦਾ ਰਹੇ।

ਪੈਰਾਂ 'ਚ ਚੁੱਭਦੇ ਰਹੇ ਭੱਖ਼ੜੇ ਦੇ ਸਖ਼ਤ ਕੰਡੇ
ਤੂਫ਼ਾਨਾਂ ਨਾਲ ਵੀ ਤੇਰਾ,ਤਕਰਾਰ ਹੁੰਦਾ ਰਹੇ।

ਸਬਰ ਦਾ ਘੁੱਟ ਭਰਕੇ,ਸਾਗਰ ਡਕਾਰ ਜਾਵੇਂ
ਫਿਰ ਤੇਰਾ ਜ਼ੁਲਮ 'ਤੇ,  ਸ਼ੁਮਾਰ ਹੁੰਦਾ ਰਹੇ।

ਬੇਕਦਰੇ ਲੋਕ ਤੇਰੀ,ਕਦਰ ਕਰਨਗੇ 'ਸੁਹਲ'
ਹੋਕਾ ਜਿੱਤ ਲਈ ਤੇਰਾ,ਦੰਮਦਾਰ ਹੁੰਦਾ ਰਹੇ।

ਮਲਕੀਅਤ 'ਸੁਹਲ'  ਮੋਬਾ-9872848610
ਨੋਸ਼ਹਿਰਾ ਬਹਾਦਰ,  ਡਾਕ-ਤਿੱਬੜੀ  (ਗੁਰਦਾਸਪੁਰ)

ਢਾਈ ਦਰਿਆ - ਮਲਕੀਅਤ 'ਸੁਹਲ'

ਵੰਡਿਆ  ਜਦੋਂ  ਪੰਜਾਬ ਨੂੰ,
ਰਹਿ ਗਏ  ਢਾਈ ਦਰਿਆ।
ਜੋ ਨਿੱਤ ਬੇੜੀ  ਸੀ ਪਾਂਵਦੇ,
ਉਹ  ਕਿੱਥੇ  ਗਏ  ਮਲਾਹ।

ਦੋ ਕੰਢ੍ਹੇ  ਭਰੀਆਂ ਬੇੜੀਆਂ,
ਪਨਾਹੀਆਂ  ਭਰਿਆ ਪੂਰ।
ਅੱਧ ਵਿਚ  ਹੁੰਦੇ  ਮੇਲ ਸੀ,
ਰਹਿਆ  ਨਾ  ਕੰਢ੍ਹਾ  ਦੂਰ।

ਰਾਵੀ ਦੀ  ਹਿੱਕ ਚੀਰ ਕੇ,
ਉਹਦੇ  ਟੋਟੇ  ਕੀਤੇ   ਦੋ।
ਕਾਲੀਆਂ  ਰਾਤਾਂ  ਵੇਖ ਕੇ,
ਮੇਰੇ ਦਿਲ ਨੂੰ  ਪੈਂਦੇ  ਡੋਅ।

ਪਾਣੀ ਤੇ ਲੀਕਾਂ ਪੈ ਗਈਆਂ
ਸੱਭ ਦੀ  ਮੁੱਠ ਵਿਚ  ਜਾਨ।
ਜਨੂਨੀ ਅੱਗ 'ਚ ਭੜਕਿਆ
ਜਦ ਹਿੰਦ ਤੇ ਪਾਕਿਸਤਾਨ।

ਘਰ ਆਪਣੇ ਛਡਣ ਵਾਸਤੇ,
ਇਹ ਜਨਤਾ ਹੋਈ ਮਜ਼ਬੁਰ।
ਵੰਡੇ ਗਏ ਹਾਣੀ, ਯਾਰ ਵੀ,
ਜੋ, ਰੱਬ ਨੂੰ, ਨਾ- ਮਨਜ਼ੂਰ।

ਮਾਰ ਦੁਹੱਥੜ  ਰਾਵੀ ਰੋਈ,
ਹੋ  ਗਈ  ਲਹੂ - ਲੁਹਾਨ।
ਅਣਗਿਣਤ ਜਾਨਾਂ ਮਰੀਆਂ,
ਕਈ ਹੋਈਆਂ  ਬੇ- ਪਛਾਣ।

ਬੱਚਿਆਂ ਨੂੰ ਮਾਵਾਂ ਰੋਂਦੀਆਂ,
ਭੈਣਾਂ  ਤੋਂ  ਵਿੱਛੜੇ  ਵੀਰ।
ਕੋਈ  ਨਾ  ਉਥੇ   ਲੱਭਦਾ,
ਜੋ  ਅੱਖੀਉਂ  ਪੂੰਝੇ  ਨੀਰ।

ਪਤੀ ਤੋਂ  ਵਿਛੜੀ  ਪਤਨੀ,
ਬੱਾਪੂ ਦੀ ਟੁੱਟ  ਗਈ ਬਾਂਹ।
ਸੱਜਣ ਵੀ  ਹੱਥ ਛੁਡਾ ਗਏ,
ਮੇਰਾ ਲੁੱਟਿਆ ਗਿਆ ਗਰਾਂ।
                                                  
ਜਦ ਵੰਡੇ ਗਏ ਪਰਵਾਰ ਵੀ,
ਫਿਰ ਵੰਡੇ  ਗਏ  ਦਰਿਆ।
ਢਾਈ-ਢਾਈ ਹਿੱਸੇ ਆ ਗਏ
ਬੰਦ ਹੋਏ  ਦੋਵਾਂ  ਦੇ  ਰਾਹ।

ਸੁੱਖ ਨਾ ਪਾਇਆ  ਰਾਵੀਏ,
ਤੇਰੀ ਸੁਣੀ  ਕਿਸੇ ਨਾ ਹੂੱਕ।
ਸਭ ਖਾਲੀ ਹੱਥੀਂ  ਤੁਰ ਪਏ
ਤੂੰ ਅੱਗੋਂ  ਰਹੀ  ਸੀ  ਛੂੱਕ।

ਕਾਣੀਆਂ ਵੰਡਾਂ ਹੋ ਗਈਆਂ,
ਲੋਕੋ! ਵੰਡੇ  ਗਏ  ਪਿਆਰ।
ਜਬਰੀਂ  ਹੋਏ  ਨਿਕਾਹ ਦੀ,
ਕਿਸੇ  ਨਾ  ਸੁਣੀ  ਪੁਕਾਰ।

ਨਕਸ਼ਾ ਬਦਲਿਆ ਧਰਤ ਦਾ
ਇਕ ਬਣਿਆਂ ਨਵਾਂ ਪੰਜਾਬ।
ਫਿਰ ਬਾਂਹਵਾਂ ਦੋਵੇਂ ਟੁੱਟੀਆਂ,
'ਤੇ ਉੱਡ ਗਏ ਸਭ ਖ਼ਵਾਾਬ।

ਫਿਰ ਹਿੱਸੇ ਆਏ ਪੰਜਾਬ ਨੂੰ
ਜਿਨ੍ਹਾਂ ਲੰਗੜਾ  ਦਿੱਤਾ ਕਰ।
'ਸੁਹਲ' ਰਾਵੀ ਨੂੰ ਅਜੇ ਵੀ,
ਦੋਵਾਂ  ਤੋਂ  ਲੱਗਦਾ   ਡਰ।
 
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ

ਨੀਹਾਂ ਵਿਚ ਖਲੋਤੇ - ਮਲਕੀਅਤ 'ਸੁਹਲ'

ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।

ਗੰਗੂ ਨੇ ਜੁਲਮ ਕਮਾ ਕੇ, ਕੀਤਾ ਸੀ ਨਮਕ ਹਰਾਮ।
ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ।
ਉਹ ਨਾਨੀ  ਤੇ ਨਾਨੇ ਦੇ, ਕਿਨੇਂ ਸੀ  ਸੋਹਣੇ ਦ੍ਹੋੋੱਤੇ,
ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਦੋਵੇਂ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ  ਵਿਚ ਖਲੋੱਤੇ।

ਨਿੱਕੇ ਜਿਹੇ ਬਾਲਾਂ ਉਤੇ,ਵੈਰੀ ਨੇ ਜੁਲਮ ਕਮਾਇਆ
ਫ਼ੁਲਾਂ ਜਿਹੇ ਲਾਲਾਂ ਨੂੰ,ਨੀਹਾਂ ਦੇ ਵਿਚ ਚਿਣਾਇਆ।
ਵੇਖ ਕੇ ਅੰਬਰ ਰੋਇਆ, ਜੋ ਦੁੱਧੀਂ ਸੀ ਨ੍ਹਾਤੇ-ਧੋੱਤੇ,
ਉਹ ਪੁੱਤਰ ਦਸ਼ਮੇਸ਼ ਦੇ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ  ਵਿਚ ਖਲੋੱਤੇ।

ਜੱਗ ਉਤੇ ਲਾਲਾਂ ਦੀ,ਬਣ ਗਈ ਹੈ ਅਮਰ ਕਹਾਣੀ।
ਚਿਣੇ ਗਏ ਨੀਹਾਂ ਅੰਦਰ, ਇੱਕੋ ਜਿਹੇ ਦੋਵੇਂ ਹਾਣੀ।
ਵੇਖ ਕੇ ਨਿੱਕੀਆਂ ਜਿੰਦਾਂ, ਦਿਲ ਵੀ ਹੈ ਖਾਂਦਾ ਗੋੱਤੇ,
ਉਹ ਪੁੱਤਰ ਦਸ਼ਮੇਸ਼ ਦੇ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ  ਵਿਚ ਖਲੋੱਤੇ।

ਜੋਰਾਵਰ,ਫ਼ਤਹਿ ਸਿੰਘ ਨੇ,ਰੱਖੀ ਸੀ  ਬੜੀ ਦਲੇਰੀ।
ਦਾਦੀ 'ਤੇ ਠੰਡੇ ਬੁਰਜ, ਝੁੱਲੀ ਸੀ  ਕਹਿਰ ਹਨੇਰੀ।
'ਸੁਹਲ' ਉਹ ਮੀਰੀ ਪੀਰੀ, ਵਾਲੇ ਦੇ ਸੀ ਪੱੜਪੋੱਤੇ,
ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ  ਵਿਚ ਖਲੋੱਤੇ।

ਮਲਕੀਅਤ 'ਸੁਹਲ'  ਮੋਬਾ- 9872848610
ਨੋਸ਼ਹਿਰਾ,ਡਾਕ-ਪੁਲ ਤਿੱਬੜੀ, ਗੁਰਦਾਸਪੁਰ-143530

ਬੰਦਾ ਮਰਵਾਇਆ- ਮਲਕੀਅਤ 'ਸੁਹਲ'

            ਧਰਮ ਦੇ ਨਾਂ ਤੇ ਹੋਣ ਡਰਾਮੇਂ।  
           ਲੋਕਾਂ ਤੋਂ ਕਰਵਾਉਣ ਹੰਗਾਮੇਂ।                                                                          
           ਭਾੜੇ-ਖੋਰੇ  ਅੱਗ  ਲਗਾਉਂਦੇ   
           ਉਹ ਇਨ੍ਹਾਂ ਦੇ, ਜੀਜੇ- ਮਾਮੇਂ।
    
            ਇਹ ਨੇ 'ਸ਼ੀਹ ਮੁੱਕਦਮ ਰਾਜੇ'
           ਅੱਜ ਵੀ ਲੀਡਰ ਨੇ ਸ਼ਹਿਜ਼ਾਦੇ।
           ਪੁੱਠੀ ਗਿਣਤੀ ਰਹੇ ਸਿਖਾਉਂਦੇ
           ਬਾਬੇ - ਲੀਡਰ  ਨੇ ਮਹਾਰਾਜੇ।

            ਮਾਂ ਬੋਲੀ ਨੂੰ ਭੁੱਲ ਗਏ ਜਿਹੜੇ
           ਕਿਵੇਂ ਪੈਣਗੇ  ਮਾਂ ਦੇ ਚਰਨੀਂ।
           ਪੜ੍ਹਿਆ ਨਾ ਜੇ  ਊੱੜਾ- ਐੜਾ
           ਉਨ੍ਹਾਂ ਨੇ ਪੈਂਤੀ  ਕਿਥੋਂ ਪੜ੍ਹਨੀ।

           ਜੀਊਂਦੀ ਮਾਂ ਦਾ ਸੁੱਖ ਬੜਾ ਹੈ।
           ਮਾਂ ਮਰ ਜਾਵੇ  ਦੁੱਖ  ਬੜਾ ਹੈ।
           ਕਰਦਾ ਜੋ ਵੀ  ਮਾਂ ਦੀ  ਸੇਵਾ  
           ਉਹ ਸਮਝਦਾਰ ਮਨੁੱਖ ਬੜਾ ਹੈ

            ਝਗੜੇ ਕਈ ਨੇ ਹੁਣ ਮਾਵਾਂ ਦੇ।
           ਕੁਝ ਝਗੜੇ ਨੇ  ਦਰਿਆਵਾਂ ਦੇ।
           ਹਿੰਦੂ, ਮੁਸਲਮ ਅਤੇ ਈਸਾਈ
           ਹੁਣ  ਦੰਗੇ ਸੂਰਾਂ,  ਗਾਵਾਂ  ਦੇ।

           ਇਹ ਗੱਲ ਸਭ ਨੂੰ ਕਹਿਣੀ ਹੈ।  
           ਹੁਣ ਨੀਤ  ਬਦਲਣੀਂ ਪੈਣੀ ਹੈ।
           ਪਰ! ਧਰਮ ਦੇ ਠੇਕੇਦਾਰਾਂ ਦੀ
           ਅਜੇ ਅੰਦਰੋਂ  ਸੋਚ ਪੁਰਣੀ ਹੈ।

          





           ਹਿੰਦੂ-ਮੁਸਲਮ ਸੀ ਦੋਵੇਂ ਰੋਏ।
           ਉਹ ਨਹੀਂ  ਭਾਂਬੜ ਮੱਠੇ ਹੋਏ।
           ਜੋ ਸੰਨ ਸੰਤਾਲੀ ਭਰੇ ਗਵਾਹੀ
           ਘਰ ਲੋਕਾਂ ਦੇ ਸੀ, ਢੱਠੇ ਹੋਏ।


           ਮਿਤੱਰਤਾ ਦੀ  ਲਹਿਰ ਬਣਾਓ।
           ਖ਼ੁਦ ਵੀ ਸਮਝੋ  ਤੇ  ਸਮਝਾਓ।
           ਇਵੇਂ ਬੇੜੀ  ਪਾਰ ਨਹੀਂ ਹੋਣੀ
           ਰਲ- ਮਿਲ ਸਾਰੇ  ਚੱਪੂ ਲਾਓ।


           ''ਸੁਹਲ''ਜੋ ਸੰਤਾਪ ਹੰਡਾਇਆ।
           ਨਹੀਉਂ ਜਾਣਾ ਕਦੇ ਭੁਲਾਇਆ।
           ਜਨੂਨੀਂ ૶ ਰਾਜਨੀਤਕ ਨੇ ਚਾਲਾਂ
           ਬੰਦੇ  ਤੋਂ  ਬੰਦਾ  ਮਰਵਾਇਆ।

ਅੱਖ ਚੁਰਾ ਕੇ - ਮਲਕੀਅਤ 'ਸੁਹਲ'

               ਤੂੰ ਕਿਹੜੀ ਜਿੱਤੀ ਜੰਗ, ਵੇ ਸੱਜਣਾ ਸਾਡੇ ਤੋਂ।
               ਨਾ ਅੱਖ ਚੁਰਾ ਕੇ ਲੰਘ, ਵੇ ਸੱਜਣਾ ਸਾਡੇ ਤੋਂ।

               ਬਹਿ ਕੇ ਦੁੱਖ-ਸੁੱਖ ਆਪਣਾਂ ਸਾਨੂੰ ਦਸ ਜਾਵੀਂ
               ਕਿਉਂ ਦਿਲ ਕੀਤਾ ਤੰਗ, ਵੇ ਸੱਜਣਾ ਸਾਡੇ ਤੋਂ।

               ਇਹ ਤੋੜ ਵਿਛੋੜੇ ਵਾਲੀ  ਗੱਲ ਜਦ ਰੜਕੇਗੀ
               ਕੋਈ ਤਾਂ ਆਊਗੀ ਸੰਗ, ਵੇ ਸੱਜਣਾ ਸਡੇ ਤੋਂ।

               ਜਾਂਦਾ ਹੋਇਆ ਦਿਲ ਦਾ ਦੁਖ ਜੇ ਦੱਸ ਦਿੰਦਾ
               ਹੁੰਦਾ ਨਾ ਮੁੱਖ ਬੇ- ਰੰਗ, ਵੇ ਸੱਜਣਾ ਸਾਡੇ ਤੋਂ।

               'ਸੁਹਲ' ਲੱਖ਼ ਮੁਬਾਰਕ, ਨਵਿਆਂ ਮਹਿਲਾਂ ਦੀ
               ਤੂੰ ਹੋਰ ਜੋ ਮੰਗਣਾ ਮੰਗ, ਵੇ ਸੱਜਣਾ ਸਾਡੇ ਤੋਂ।

                 ਮਲਕੀਅਤ 'ਸੁਹਲ'     ਮੋਬਾ- 9872848610                     

ਚੜ੍ਹਦੀ ਕਲਾ - ਮਲਕੀਅਤ 'ਸੁਹਲ'

          ਭਲਾ ਕਿਸੇ ਦਾ  ਕਰ ਕੇ ਹੱਥੀਂ,
        ਫਿਰ ਮੰਗੀਂ  ਸਰਬਤ ਦਾ ਭਲਾ।
        ਤੂੰ ਔਖੀ ਘਾੱਟੀ  ਜੇ ਚੜ੍ਹ ਜਾਵੇਂ,
        ਲੋਕ  ਕਹਿਣਗੇ  ਚੜ੍ਹਦੀ ਕਲਾ।

        ਜੀਵਨ ਸਫਲ  ਬਣਾਉਣਾਂ ਹੈ ਜੇ,
        ਤਾਂ ਕ੍ਰਿਤ ਕਰਨ ਤੋਂ  ਡੋਲੀਂ ਨਾ।
        ਮਿੱਠੀ ਬੜੀ ਹੈ ਗੁਰਾਂ ਦੀ ਬਾਣੀ,
        ਹੰਕਾਰ 'ਚ ਕਦੇ ਵੀ ਬੋਲੀਂ ਨਾ।
        ਤੂੰ ਹੱਥ 'ਚ ਫੜੀ ਛੁਰੀ ਨਾ ਹੋਵੇ
        ਨਾ ਛੁਰੀ  ਦੇ ਹੇਠਾਂ  ਹੋਵੇ ਗਲਾ;
        ਭਲਾ ਕਿਸੇ ਦਾ  ਕਰ ਕੇ ਹੱਥੀਂ,
        ਫਿਰ ਮੰਗੋ, ਸਰਬਤ ਦਾ ਭਲਾ।

        ਗੁਣ  ਚੰਗਿਆਈ, ਤਾਂ ਮਿਲੇਗੀ,
        ਜੇ ਤੇਰੀ  ਉੱਤਮ, ਹੋਵੇਗੀ ਬੁੱਧ।
        ਤੇਰਾ ਕੁਝ ਵਿਗਾੜ ਨਹੀਂ ਜਾਣਾ,
        ਜੇ, ਬੁੱਧ ਰਖੇਂਗਾ ਆਪਣੀ ਸ਼ੁੱਧ।
        ਹਰਦਮ ਹੈ, ਤੇਰੇ ਅੰਦਰ ਵਸਦਾ
        ਵਾਹਿਗੁ੍ਰ, ਰਾਮ, ਈਸਾ ਤੇ ਅੱਲਾ;
        ਭਲਾ ਕਿਸੇ ਦਾ  ਕਰ ਕੇ  ਹੱਥੀਂ,
        ਫਿਰ ਮੰਗੀਂ, ਸਰਬਤ  ਦਾ ਭਲਾ।

        ਮਿਹਨਤ ਤਾਂ ਹੀ  ਕੰਮ ਆਵੇਗੀ,
        ਕਰਨੀ ਛੱਡ ਦਈਂ  ਹੇਰਾ-ਫੇਰੀ।
        ਹੱਕ ਪਰਾਇਆ ਕਦੇ ਨਾ ਖਾਵੀਂ,
        ਤੂੰ ਇਹੋ ਹੀ ਗੱਲ ਮੰਨ ਲੈ ਮੇਰੀ।
        ਦੁਨੀਆਂ ਨਾਲ ਤੂੰ ਕਰਕੇ ਨਫ਼ਰਤ
        ਐਵੇਂ ਨਾ ਫਿਰ  ਹੋ ਜਾਈਂ ਝੱਲਾ;
        ਭਲਾ ਕਿਸੇ ਦਾ  ਕਰ ਕੇ  ਹੱਥੀਂ,
        ਫਿਰ ਮੰਗੀਂ ਸਰਬਤ  ਦਾ ਭਲਾ।

        'ਸੁਹਲ' ਸੱਚੇ  ਕਰਮ ਕਮਾਇਉ,
        ਦੁੱਖੀਆਂ ਦਾ ਵੀ ਦੁੱਖ ਵੰਡਾਇਉ।
        ਕਦੇ ਨਾ ਸੋਚਿਉ ਬੁਰਾ ਕਿਸੇ ਦਾ,
        ਨਾ ਕੋਈ ਪੁੱਠਾ ਵਾਰ ਚਲਾਇਉ।
        ਚੰਗੇ ਕੰਮ ,ਤੇਰੇ ਨਾਲ  ਰਹਿਣਗੇ,
        ਕੋਈ ਕਹਿ ਸਕੇ ਨਾ  ਤੈਨੂੰ ਕਲ੍ਹਾ;
        ਭਲਾ ਕਿਸੇ ਦਾ  ਕਰ ਕੇ  ਹੱਥੀਂ
        ਫਿਰ ਮੰਗੀਂ ਸਰਬਤ  ਦਾ ਭਲਾ।

    ਮਲਕੀਅਤ 'ਸੁਹਲ'  ਮੋ-9872848610

ਦਿੱਲੀ ਦੀ ਹਿੱਕ ਉੱਤੇ - ਮਲਕੀਅਤ 'ਸੁਹਲ'

ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਪੈਰਾਂ ਥੱਲੇ ਸੱਪਾਂ ਦੀਆਂ,ਸਿਰੀਆਂ ਜੋ ਨੱਪਦੇ।
ਟੱਪ ਕੇ ਉਹ ਦਿੱਲੀ ਦਿਆਂ, ਬਾਡਰਾਂ ਤੇ ਨੱਚਦੇ।
ਹੁਣ ਦੇਸ਼ ਦੇ ਹਾਕਮ ਵੀ, ਹੋ ਗਏ ਨੇ ਹੈਰਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਕੈਸਾ ਹਾਲ ਹੋਇਆ ਹੈ,ਅੱਜ ਅੰਨਦਾਤੇ ਦਾ।
ਦਰਦ ਨਾ ਸੁਣੇ ਕੋਈ, ਜੱਗ ਦੇ ਵਿਧਾਤੇ ਦਾ।
ਸੀਸ ਨਿਵਾਈਏ ਜਿਹੜੇ ,ਹੋ ਗਏ ਕੁਰਬਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਪੋਹ ਦੇ ਮਹੀਨੇ ਵਿਚ,ਧੁੰਦ ਦੀਆਂ ਛਾਵਾਂ ਜੀ।
ਲੰਗਰ ਪਕਾਉਂਦੀਆਂ ਨੇ,ਭੈਣਾ ਤੇ ਮਾਵਾਂ ਜੀ।
ਮਜ਼ਦੂਰਾਂ ਅਤੇ ਬੱਚਿਆਂ ਦਾ,ਚੜ੍ਹਿਆ ਤੂਫ਼ਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
'ਸੁਹਲ'ਇਹ ਕਨੂੰਨ ਕਾਲੇ,ਵਾਪਿਸ ਕਰਾਂਵਾਂਗੇ
ਲੈ ਕੇ ਹੱਕ ਆਪਣੇ, ਤਾਂ ਹੀ ਘਰ ਜਾਵਾਂਗੇ।
ਇਹ ਝੂੱਠੀਆਂ ਬੁਝਾਰਤਾਂ ਨਹੀਂ ਸਾਨੂੰ ਪ੍ਰਵਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ।
 
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਪੁਲ ਤਿੱਬੜੀ) ਗੁਰਦਾਸਪੁਰ

ਧਰਤੀ ਉੱਤੇ - ਮਲਕੀਅਤ 'ਸੁਹਲ'

      ਫਸਲਾਂ ਦੀ  ਥਾਂ  ਖੇਤਾਂ ਵਿਚ
      ਜ਼ਹਿਰ ਉਗਾਇਆ ਜਾਂਦਾ ਹੈ,
     'ਆਪਿ ਬੀਜਿ ਆਪੇ ਹੀ ਖਾਹੁ' *
      ਸ਼ਬਦ ਸੁਣਾਇਆ  ਜਾਂਦਾ ਹੈ।

      ਦੋਸ਼ ਕਿਸੇ ਨੂੰ ਕਿਵੇਂ ਦਿਆਂਗੇ
      ਆਪੇ  ਹੀ  ਸਭ  ਦੋਸ਼ੀ  ਹਾਂ,
      ਜੀਵਨ ਦੀ  ਪ੍ਰਵਾਹ ਨਾ ਕੋਈ
      ਘਰ  ਲੁਟਾਇਆ  ਜਾਂਦਾ ਹੈ।

      ਝਾੜ ਵਧਾਕੇ ਰੁੱਤਬਾ ਪਾਉਣਾ
      ਸੋਚ  ਕੋਈ ਤਾਂ  ਚੰਗੀ ਨਹੀਂ,
      ਵੱਧ ਸੱਪ੍ਰੇ ਤੇ ਖਾਦ ਦੀ ਵਰਤੋਂ
      ਜੋਰ  ਲਗਾਇਆ  ਜਾਂਦਾ ਹੈ।

      ਅੰਨ ਹੈ ਸਾਡੇ ਬੱਚਿਆਂ ਖਾਣਾ
      ਬੌਣੇ ਜਿਹੇ   ਰਹਿ  ਨਾ ਜਾਣ,
      ਵਾਤਾਵਰਨ  ਗਵਾ  ਕੇ  ਹੱਥੋਂ
      ਫਿਰ ਪਛਤਾਇਆ ਜਾਂਦਾ ਹੈ।

      'ਸੁਹਲ' ਪੁੱਛੋ  ਅੰਨਦਾਤੇ  ਨੂੰ
      ਖ਼ੁਦਕਸ਼ੀਆਂ ਕਿਉਂ ਕਰਦਾ ਹੈ,
      ਕਰਜੇ  ਹੇਠਾਂ  ਦੱਬੇ  ਹੋਏ  ਨੂੰ
      ਹੋਰ  ਦੱਬਾਇਆ  ਜਾਂਦਾ ਹੈ।
                          * ਜਪੁਜੀ ਸਾਹਿਬ ਵਿਚੋਂ

    ਮਲਕੀਅਤ 'ਸੁਹਲ'  ਮੋ-9872848610
     ਨੋਸ਼ਹਿਰਾ ਬਹਾਦਰ (ਤਿੱਬੜੀ)ਗੁਰਦਾਸਪੁਰ

ਗੁਰ ਨਾਨਕ ਪਰਗਟਿਆ - ਮਲਕੀਅਤ ''ਸੁਹਲ'

          ਸਤਿਗੁਰ   ਨਾਨਕ   ਪਰਗਟਿਆ,
          ਦੁਨੀਆਂ  'ਤੇ  ਚਾਨਣ  ਹੋਇਆ।

          ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ,
          ਅਰਸ਼ੋਂ ਪਰੀਆਂ ਆਈਆਂ।
          ਫਿਰ ਚੰਨ -ਸਿਤਾਰੇ  ਮੱਥਾ ਟੇਕਣ,
          ਸੂਰਜ  ਰਿਸ਼ਮਾਂ ਪਾਈਆਂ।
          ਮਹਿਤਾ ਕਾਲੂ  ਸ਼ੁਕਰ ਮਨਾਇਆ;
          ਦਰਸ਼ਨ ਕਰਨ ਖਲੋਇਆ,
         ਸਤਿਗੁਰ   ਨਾਨਕ   ਪਰਗਟਿਆ,
          ਦੁਨੀਆਂ  'ਤੇ  ਚਾਨਣ   ਹੋਇਆ।

          ਦੇਵੀ - ਦੇਵਤਿਆਂ  ਸਭ ਮਿਲ ਕੇ,
          ਰੱਬ ਦਾ ਸ਼ੁਕਰ ਮਨਾਇਆ।
          ਕੱਤਕ ਦੀ  ਪੂਰਨਮਾਸ਼ੀ  ਨੂੰ ਫਿਰ,
          ਸਭ ਨੇ ਸੀਸ  ਝੁਕਾਇਆ।
          ਖ਼ੁਸ਼ੀਆਂ ਵਿਚ ਹੀ  ਭੈਣ  ਨਾਨਕੀ;
          ਤੇਲ  ਬੂਹੇ  ਤੇ  ਚੋਇਆ,
         ਸਤਿਗੁਰ   ਨਾਨਕ   ਪਰਗਟਿਆ,
          ਦੁਨੀਆਂ  'ਤੇ   ਚਾਨਣ  ਹੋਇਆ।

          ਉਹ ਸੱਚਾ૶ਸੌਦਾ  ਕਰਨ ਗਏ ਤਾਂ,
          ਭੁੱਖਿਆਂ ਤਾਈਂ ਰੱਜਾਇਆ।
          ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ,
          ਘੱਾਟਾ ਨਜ਼ਰ ਨਾ ਆਇਆ।
          ਨਾਨਕ  ਜਾਣੀ - ਜਾਣ  ਗੁਰਾਂ ਨੇ;
          ਕੁਝ ਨਾ ਆਪ  ਲਕੋਇਆ,
          ਸਤਿਗੁਰ   ਨਾਨਕ   ਪਰਗਟਿਆ,
          ਦੁਨੀਆਂ 'ਤੇ   ਚਾਨਣ   ਹੋਇਆ।

          'ਸੁਹਲ' ਸਿੱਖੀ ਦਾ  ਬੂੱਟਾ ਜੱਗ ਤੇ,
          ਗੁਰੁ ਨਾਨਕ  ਨੇ ਲਾਇਆ।
          ਊਚ - ਨੀਚ ਦਾ, ਭੇਤ  ਮਿਟਾ ਕੇ,
          ਸਭ ਨੂੰ  ਗਲੇ ਲਗਾਇਆ।
          ਉਨ੍ਹਾਂ ਰੱਥੀਂ ਕਰਕੇ-ਕਿਰਤ ਕਮਾਈ:
          ਕਰਤਾਰਪੁਰੇ ਹੱਲ ਜੋਇਆ,
          ਸਤਿਗੁਰ   ਨਾਨਕ   ਪਰਗਟਿਆ,
          ਦੁਨੀਆਂ  'ਤੇ  ਚਾਨਣ   ਹੋਇਆ।

       (ਵਿਸੇਸ਼- ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ)

         ਮਲਕੀਅਤ ''ਸੁਹਲ' ਮੋ-9872848610
         ਨੋਸ਼ਹਿਰਾ ਬਹਾਦਰ(ਤਿੱਬੜੀ) ਗੁਰਦਾਸਪੁਰ