ਦਿੱਲੀ ਦੀ ਹਿੱਕ ਉੱਤੇ - ਮਲਕੀਅਤ 'ਸੁਹਲ'

ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਪੈਰਾਂ ਥੱਲੇ ਸੱਪਾਂ ਦੀਆਂ,ਸਿਰੀਆਂ ਜੋ ਨੱਪਦੇ।
ਟੱਪ ਕੇ ਉਹ ਦਿੱਲੀ ਦਿਆਂ, ਬਾਡਰਾਂ ਤੇ ਨੱਚਦੇ।
ਹੁਣ ਦੇਸ਼ ਦੇ ਹਾਕਮ ਵੀ, ਹੋ ਗਏ ਨੇ ਹੈਰਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਕੈਸਾ ਹਾਲ ਹੋਇਆ ਹੈ,ਅੱਜ ਅੰਨਦਾਤੇ ਦਾ।
ਦਰਦ ਨਾ ਸੁਣੇ ਕੋਈ, ਜੱਗ ਦੇ ਵਿਧਾਤੇ ਦਾ।
ਸੀਸ ਨਿਵਾਈਏ ਜਿਹੜੇ ,ਹੋ ਗਏ ਕੁਰਬਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
ਪੋਹ ਦੇ ਮਹੀਨੇ ਵਿਚ,ਧੁੰਦ ਦੀਆਂ ਛਾਵਾਂ ਜੀ।
ਲੰਗਰ ਪਕਾਉਂਦੀਆਂ ਨੇ,ਭੈਣਾ ਤੇ ਮਾਵਾਂ ਜੀ।
ਮਜ਼ਦੂਰਾਂ ਅਤੇ ਬੱਚਿਆਂ ਦਾ,ਚੜ੍ਹਿਆ ਤੂਫ਼ਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
 
'ਸੁਹਲ'ਇਹ ਕਨੂੰਨ ਕਾਲੇ,ਵਾਪਿਸ ਕਰਾਂਵਾਂਗੇ
ਲੈ ਕੇ ਹੱਕ ਆਪਣੇ, ਤਾਂ ਹੀ ਘਰ ਜਾਵਾਂਗੇ।
ਇਹ ਝੂੱਠੀਆਂ ਬੁਝਾਰਤਾਂ ਨਹੀਂ ਸਾਨੂੰ ਪ੍ਰਵਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ।
 
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਪੁਲ ਤਿੱਬੜੀ) ਗੁਰਦਾਸਪੁਰ