ਕਰਵੇ ਚੌਥ ਦਾ ਵਰਤ - ਮਲਕੀਅਤ 'ਸੁਹਲ,
ਕਰਵੇ ਚੌਥ ਦਾ ਵਰਤ ਨਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਸ੍ਹਾਵਾਂ ਤੋਂ ਜੋ ਵੱਧ ਪਿਆਰਾ।
ਪਤੀ - ਪੂਜਣ ਦਾ ਤਿਉਹਾਰ।
ਕਰਦੀ ਔਰਤ ਹਾਰ ਸ਼ਿੰਗਾਰ।
ਸੁੱਖੀ-ਸਾਂਦੀ ਹੈ ਦਿਨ ਆਇਆ,
ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ;
ਕਰਵੇ ਚੌਥ ਦਾ ਵਰਤ ਨਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਸ੍ਹਾਵਾਂ ਤੋਂ ਜੋ ਵਧ ਪਿਆਰਾ।
ਪਤੀ ਨੂੰ ਮੈਡਮ ਕਹੇ ਮਨਖ਼ਟੂ।
ਕਦੀ ਕਹਿੰਦੀ, ਭਾੜੇ ਦਾ ਟੱਟੂ।
ਪੀ ਕੇ ਨਿੱਤ ਕੁਟਾਪਾ ਚਾੜ੍ਹੇ,
ਕਰਦਾ ਨਹੀਂ ਸਾਡਾ ਛੁਟਕਾਰਾ;
ਕਰਵੇ ਚੌਥ ਦਾ ਵਰਤ ਨਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਸ੍ਹਾਵਾਂ ਤੋਂ ਜੋ ਵੱਧ ਪਿਆਰਾ।
ਮੈਂ ਤਾਂ ਲੋਕੋ ! ਜੀਊਂਦੀ ਮੋਈ।
ਲਾਈਲਗ ਪਤੀ ਨਾ ਹੋਵੇ ਕੋਈ।
ਇਹ ਗੰਦੇ ਬੰਦੇ ਦੀ ਗੱਲ ਛਡੋ,
ਤਾਂ ਵੀ ਕਰਨਾ ਪਊ ਗੁਜ਼ਾਰਾ;
ਕਰਵੇ ਚੌਥ ਦਾ ਵਰਤ ਨਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਸ੍ਹਾਵਾਂ ਤੋਂ ਜੋ ਵੱਧ ਪਿਆਰਾ।
ਘਰ 'ਚ ਕਰਦਾ ਰਹਿੰਦਾ ਦੰਗੇ।
ਲੋਕਾਂ ਨਾਲ ਵੀ ਲੈਂਦਾ ਪੰਗੇ।
ਕਿਸੇ ਨਾਲ ਨਾ ਬਣਦੀ ਉਹਦੀ,
ਮੇਰੇ ਘਰ ਵਿਚ ਸੰਕਟ ਭਾਰਾ;
ਕਰਵੇ ਚੌਥ ਦਾ ਵਰਤ ਨਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਜਾਂ ਫਿਰ ਕਰ ਜਾਂ ਮੈਂ ਕਿਨਾਰਾ।
ਉਹ ਨਾ ਸੁਣੇ ਮੇਰੀ ਅਰਜੋਈ।
ਮੈਂ ਤਾਂ ਜਾਪਾਂ ਜੀਊਂਦੀ ਮੋਈ।
ਬੱਚਿਆਂ 'ਤੇ ਵੀ ਤਰਸ ਨਾ ਖਾਏ
ਉਹ ਤਾਂ ਹੋਇਆ ਫਿਰੇ ਆਵਾਰਾ;
ਕਰਵੇ ਚੌਥ ਦਾ ਵਰਤ ਪਿਆਰਾ।
ਜੀਊਂਦਾ ਰਹੇ ਪਤੀ ਪਰਮੇਸ਼ਰ,
ਮੇਰੇ ਪ੍ਰਾਣਾ ਤੋਂ ਜੋ ਪਿਆਰਾ।
ਮੈਂ ਤੁਰ ਜਾਵਾਂ,ਜੇ ਛਡ ਜਹਾਨ।
ਛੁੱਟ ਜਾਏ,ਸੱਸ ਸਹੁਰੇ ਤੋਂ ਜਾਨ।
ਬੁੜ-ਬੁੜ ਕਰਦੇ ਕਹਿੰਦੇ ਰਹਿਂਦੇ
ਜੋ ਚੰਗਾ ਨਹੀਂ ਕਰਦੇ ਵਰਤਾਰਾ।
ਕੜਵੇ ਚੌਥ ਦਾ ਵਰਤ ਨਿਆਰਾ।
ਮੈਂ ਮਰ ਜਵਾਂ ਜਾਂ ਉਹ ਮਰ ਜਾਏ,
ਕੋਈ ਨਾ ਲਗੇ ਮੈਨੂੰ ਪਿਆਰਾ।
ਫਿਰ ਵੇਖੋ! ਕੈਸੇ ਵਰਤੇ ਭਾਣੇ।
ਸੁੱਤੇ ਛੱਡ ਗਈ ਪੰਜ ਨਿਆਣੇ।
ਕੋਈੇ ਨਵਾਂ ਪਤੀ ਪਰਮੇਸ਼ਰ ਲਭਾ,
ਕਰ ਗਈ ਅੱਜ ਨਵਾਂ ਹੀ ਕਾਰਾ;
ਕਰਵੇ ਚੌਥ ਦਾ ਵਰਤ ਨਿਆਰਾ।
ਮੈਂ ਭੈੜੇ ਤੋਂ ਜਾਨ ਛੁਡਾਈ,
ਨਵਾਂ ਲਭ ਲਿਆ ਪਤੀ ਪਿਆਰਾ।
ਇਹ ਵੀ ਪਤੀ ਨਾ ਭਾਇਆ ਮੈਨੂੰ।
ਜਿਸੇ ਗਹਿਣੇ ਜੂਏ ਪਾਇਆ ਮੈਨੂੰ।
''ਸੁਹਲ'' ਕੀਤਾ ਬੜਾ ਹੀ ਚਾਰਾ,
ਵਰਤ ਮੇਰੇ 'ਤੇ ਪੈ ਗਿਆ ਭਾਰਾ,
ਕੰਨਾ ਨੂੰ ਹੱਥ ਲਾ ਕੇ ਆਖਾਂ,
ਰੱਬਾ! ਮਿਲ ਜਾਏ ਨਵਾਂ ਸਹਾਰਾ।
ਭੈੜਾ ਪਤੀ - ਪਰਮੇਸ਼ਰ ਛਡਕੇ,
ਲਿਉ ਨਾ ਕੋਈੇ ਪਤੀ ਹੁਧਾਰਾ।
ਮਲਕੀਅਤ 'ਸੁਹਲ,
ਨੋਸ਼ਹਿਰਾ (ਤਿੱਬੜੀ) ਗੁਰਦਾਸਪੁਰ)
ਮੋਬਾ-98728-48610