Lal-Singh-Dasuya

ਕਹਾਣੀ: ਬਾਕੀ ਦਾ ਸੱਚ - ਲਾਲ ਸਿੰਘ

ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ?

ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ ਕਦੀ ਵੀ ਘਰ  ਨਹੀਂ ਸੀ ਬੈਠਾ ਉਹ ਲੁਕ ਕੇ ,ਸ਼ਹਿ ਕੇ ।

ਬੈਠ ਹੀ ਨਹੀਂ ਸੀ ਹੋਇਆ ਉਸ ਤੋਂ ।

ਵਰ੍ਹਦੀ ਅੱਗ ‘ਚ ਵੀ ਨਹੀਂ ।

ਤੋਚੀ ਦੇ ਪਾਸਾ ਵੱਟ ਜਾਣ ਦੇ ਬਾਵਜੂਦ ।

ਸੀ ਤਾਂ ਤੋਚੀ ਵੀ ਉਸਦਾ ਜੋਟੀਦਾਰ । ਰਿਹਾ  ਉਹ ਕਈ ਚਿਰ ਉਸ ਦੇ ਅੰਗ-ਸੰਗ। ਸਕੂਲ ਪੜ੍ਹਾਈ ਸਮੇਂ ਤੋਂ ਲੈ ਕੇ ਢੇਰ ਚਿਰ ਪਿੱਛੋਂ ਤੱਕ ।

ਹਰ ਥਾਂ, ਹਰ ਔਖ-ਮੁਸ਼ਕਲ ਵੇਲੇ ।

ਇਹ  ਔਖਾਂ-ਮੁਸ਼ਕਲਾਂ ਵੀ ਉਹਨਾਂ ਇਕੋ ਵੇਲੇ ਸਹੇੜੀਆਂ । ਇਕੱਠਿਆਂ । ਸਕੂਲੀ ਪੜ੍ਹਾਈ ਪੜ੍ਹਦਿਆਂ ।

ਪਰਮਜੀਤ ਮਾਰਟਰ ਤੋਂ ਸਮਝ  -ਪੁੱਛ ਕੇ ।

ਕਿਸੇ ਡੂੰਘੀ ਸੋਚ-ਵਿਚਾਰ ‘ਚ ਖੁੱਭੇ ਦਿਸਦੇ ਪੱਮੀ ਮਾਸਟਰ ਦੀ ਚਾਲ-ਢਾਲ ਉਹਨਾਂ ਦੂਜੇ ਅਧਿਆਪਕਾਂ ਨਾਲੋਂ ਬਿਲਕੁਲ ਵੱਖਰੀ-ਵੱਖਰੀ ਲੱਗਦੀ । ਨਾ ਉਸ ਨੂੰ ਆਪਣੇ ਆਪ ਦੀ ਸੁੱਧ-ਬੁੱਧ ਹੁੰਦੀ, ਨਾ ਲੀੜੇ-ਕੱਪੜੇ ਦੀ । ਕੁੜਤਾ-ਪਜਾਮਾ ਜੇ ਮੈਲਾ ਤਾਂ ਮੈਲਾ ਈ ,ਜੇ ਧੋਤਾ ਤਾਂ ਸਲ੍ਹੀਆਂ ਵਲ੍ਹਾਂ ਨਾਲ਼ ਸ਼ਕਲੋਂ ਬੇ-ਸ਼ਕਲ । ਪੈਰੀਂ ਪਾਈ ਜੁੱਤੀ-ਚੱਪਲ ਵੀ ਘੱਟੇ-ਮਿੱਟੀ ਨਾਲ਼ ਲੱਥ-ਪੱਥ ।

ਬੱਸ ਇਕੋ-ਇਕ ਬਸਤਕ ਸੀ ਪਗੜੀ, ਜਿਸ ਨੁੰ ਖੂਬ ਘੁੱਟ-ਲਿਪੇਟ ਕੇ ਬੰਨ੍ਹਦਾ । ਪੋਚ-ਸੁਆਰ ਕੇ ਰੱਖਦਾ । ਇਸ ਦੇ ਪੋਚੇ-ਸੁਆਰੇ ਲੜਾਂ ਤੋਂ ਉਹ ਅਧਿਆਪਕ ਵੀ ਲੱਗਦਾ ਤੇ ਕੋਈ ਅਫ਼ਸਰ ਵੀ ।

ਗਾਮੀ ਤੋਚੀ ਆਨੇ-ਬਹਾਨੇ ਉਸ ਕੋਲ ਜਾ ਅੱਪੜਦੇ ।

ਬਹੁਤੀ ਵਾਰ ਸਕੂਲੇ ਹੀ ਉਸਦੇ ਕਮਰੇ ‘ਚ ਸਾਇੰਸ ਰੂਮ ‘ਚ । ਵਿਚ ਵਾਰ ਉਸਦੇ ਘਰ , ਉਸਦੇ ਪਿੰਡ ।

ਉਸ ਦਿਨ ਸ਼ਾਇਦ ਪਰਮਜੀਤ ਮਾਸਟਰ ਨੇ ਉਹਨਾਂ ਨੂੰ ਪਿੰਡ ਗਿਆਂ ਨੂੰ ਪਹਿਲੀ ਵਾਰ ਰੋਕਿਆ ਸੀ , ਰਾਤ ਠਹਿਰਨ ਲਈ ਆਪਣੇ ਕੋਲ਼, ਬਾਹਰ ਬੰਬੀ ‘ਤੇ ।....ਉਸਦੀ ਪੇਚਦਾਰ ਪੱਗੜੀ ਹੇਠ ਨੱਪ ਹੋਈ ਬੁਲਬੁਲ ਦੇਖ ਕੇ ,ਹੈਰਾਨੀ ਹੀ ਨਹੀਂ ਅਚੰਭਾ ਹੋਇਆ ਸੀ ਉਹਨਾਂ ਨੂੰ । ਹੋਰ ੳ ਪੰਜ-ਚਾਰ ‘ਓਪਰੇ ਜਿਹੇ ’ ਮਿਲੇ ਸਨ ਉੱਥੇ । ਸਭ ਦੀ ਸ਼ਕਲ ਸੂਰਤ ਇਕੋ –ਲੋੜ ਪੈਣ ਤੇ ਸਿੰਘ-ਬੰਧੂ ,ਕਦੀ-ਕਦਾਈਂ ਮੀਆਂ-ਮੁੱਲਾਂ । ਆਮ-ਦਿੱਖ ਲਈ ਬਾਬੂ ਜੀ । ਤੋਚੀ ਗਾਮੀ ਕਿੰਨਾ ਈ ਚਿਰ ਉਹਨਾਂ  ਵੱਲ ਦੇਖਦੇ ਰਹੇ ਸਨ, ਇਕ-ਟੱਕ । ਦੁਬਿਧਾ ਗ੍ਰਸਤ ਹੋਏ ।

“....ਇਹ ਸਕੁਲ-ਸੂਰਤ ਦੀ ਇਕ-ਸਾਰਤਾ ,ਢੇਰ ਸਾਰਾ ਬਚਾ ਕੀਤੀ ਰੱਖਦੀ ਐ ,ਮਨੁੱਖ-ਮਾਤਰ ਦੀ –ਹੀਣ –ਭਾਵਨਾ , ਉੱਚ-ਭਾਵਨਾ ਦੇ ਮੋਨੋਰੋਗ ਤੋਂ.....”ਪੱਮੀ ਮਾਸਟਰ ਦੇ ਇਸ ਸਿੱਧੇ-ਸਾਧੇ ਵਾਕ ਨੇ ਤੋਚੀ ਨੂੰ ਤਾਂ ਰਤੀ ਭਰ ਵੀ ਸਹਿਜ ਨਹੀਂ ਸੀ ਕੀਤਾ ਪਰ ਗਾਮੀ ਅੰਦਰਲੇ ਤੌਖਲੇ ਨੂੰ ਕਾਫੀ ਸਾਰੀ ਰਾਹਤ ਮਿਲੀ ਸੀ ,ਮੁੱਖ-ਅਧਿਆਪਕ ਪੰਡਿਤ ਤੀਰਥ ਰਾਮ ਵੱਲੋਂ ਪ੍ਰਾਥਨਾ ਥੜੇ ਤੋਂ ਨਿੱਤ ਦਿਨ ਮਿਲਦੀਆਂ  ਨਸੀਅਤਾਂ-ਹਦਾਇਤਾਂ ਨਾਲ ਇਕ-ਮਿੱਕ ਹੋ ਕੇ, ਜੀਵਨ ਸੰਬੰਧੀ , ਪੜ੍ਹਾਈ ਸੰਬੰਧੀ , ਅਨੁਸ਼ਾਸ਼ਨ ਸੰਬੰਧੀ , ਖਾਸ ਕਰ ਵਰਦੀ ਅਨੁਸ਼ਾਸ਼ਨ ਸੰਬੰਧੀ । “....ਇਹ ਸਕੂਲ ਯੂਨੀਫਾਰਮ , ਇਕੋ-ਵਰਗੀ ਦਿੱਖ,ਹਰ ਬੱਚੇ ਦੇ ਇਕ-ਬਰਾਬਰ ਦਿੱਸਣ ਦਾ ਸਭ ਤੋਂ ਪਹਿਲਾ ਅਧਾਰ  ਹੁੰਦੀ ਐ ।ਕਲਾਸ ਕਮਰੇ ‘ਚ ਬੈਠਾ ਨਾ ਕੋਈ ਵਿਦਿਆਰਥੀ ਅਮੀਰ ਘਰੋਂ ਆਇਆ ਲੱਗਦਾ, ਨਾ ਗ਼ਰੀਬ ਘਰੋਂ ....ਜਾਤੀ –ਜਮਾਤੀ ਉੱਚ-ਭਾਵਨਾ,ਹੀਣ-ਭਾਵਨਾ ਤੋਂ ਬਿਲਕੁਲ ਮੁਕਤ । “

ਸਕੂਲੀ ਪੜ੍ਹਾਈ ਪੜ੍ਹਦਾ ਗਾਮੀ ਸੱਚ-ਮੱਚ ਹੀ ਕਿਸੇ ਜਾਤੀ-ਜਮਾਤੀ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਸੀ ਹੋਇਆ । ਨਾ ਹੀ ਉਸਦੇ ਕਿਸੇ ਸੰਗੀ-ਸਾਥੀ, ਹਾਣੀ-ਬੇਲੀ ਨੇ ਉਸਦੇ ਮਾਂ-ਪਿਓ ਦੀ ਬਰਾਦਰੀ ਹੋਂਦ ਦਾ ਜ਼ਿਕਰ ਕੀਤਾ ਸੀ ਨਾਲ਼। ਉਹਨਾਂ ਦੇ ਬੇ-ਜ਼ਮੀਨੇ ਦਿਹਾੜੀਦਾਰ ਹੋਣ ਦਾ ਮਿਹਣਾ ਜਿਹਾ ਮਾਰਕੇ ।

ਪਰ,ਰਤਾ ਕੁ ਵੱਡੇ ਹੋਏ ਨੂੰ ,ਕਾਲਜ ਦੀ ਜੂਹ ‘ਚ ਘੁੰਮਦੇ-ਫਿਰਦੇ ਨੂੰ ਪਤਾ ਨਈਂ ਕਿਵੇਂ ਇਹਨਾਂ ਸੰਗਿਆਵਾਂ ਦੀ ਪਰਛਾਈ ਪਹਿਲਾਂ ਉਸਦੇ ਧੁਰ ਅੰਦਰ ਕਿਧਰੇ ਉੱਸਲਵੱਟੇ ਲੈਣ ਲੱਗ ਪਈ ਫਿਰ ਉਸਦੇ ਤਨ-ਬਦਨ ਨੂੰ ਅੱਛਾ-ਖਾਸਾ ਠਾਰਨ ਸੇਕਣ ਲੱਗ ਪਈ । ਕਿਤਾਬੀ ਪੜ੍ਹਾਈ ਕਰਦਿਆਂ ਉਸਦਾ ਧਿਆਨ ਉੱਖੜ-ਉੱਖੜ ਪੈਣ ਲੱਗ ਪਿਆ । ਉਸਨੂੰ ਕਲਾਸੋਂ ਅੰਦਰ-ਬਾਹਰ ਆਉਂਦੇ ਜਾਂਦੇ ਨੂੰ ਇਉਂ ਲੱਗਦਾ, ਜਿਵੇਂ ਥਾਂ-ਪੁਰ-ਥਾਂ ਮਿਲੀ –ਟੱਕਰੀ ਵਿਹਲੀ ਮੰਢੀਰ ਉਸ ਵੱਲ ਹੋਰੂੰ-ਹੋਰੂੰ ਜਿਹਾ ਝਾਕਦੀ ਰਹੀ ਹੋਵੇ । ਉਸ ਨੂੰ ਲੈਂਡ-ਲੈੱਸ ਕੰਮੀ-ਕਾਮਾਂ ਜਾਂ ਦਿਹਾੜੀ ਕੁੱਟ ਵਰਗੇ ਲੇਖਾਂ-ਸਿਰਲੇਖਾਂ ਨਾਲ਼ ਯਾਦ ਕਰਦੀ ਰਹੀ ਹੋਵੇ – ਉਸਦਾ ਸਾਦ-ਮੁਰਾਦਾ ਪਹਿਰਾਵਾ ਦੇਖ ਕੇ ਜਾਂ ਉਸਦੇ ਚਿਹਰੇ ‘ਤੇ ਉੱਕਰੀ ਹੋਈ ਬੇ-ਜ਼ਮੀਨੇ ਘਰ ਦੀ ਆਭਾ ਸਾਫ਼-ਸਾਫ਼ ਦਿਸਦੀ ਹੋਣ ਕਰਕੇ । ਵਰਦੀ-ਅਨੁਸ਼ਾਸ਼ਨ ਊਈਂ ਖਾਰਜ ਸੀ ਕਾਲਜੋਂ ।

ਮਾਂ-ਬਾਪ ਦੇ ਗੁੱਸੇ-ਰਾਜ਼ੀ ਹੋਣ ਦੇ ਬਾਵਜੂਦ ਬਣਾਈ ਪੱਮੀ ਮਾਸਟਰ ਵਰਗੀ ਸ਼ਕਲ-ਸੂਰਤ ਨੇ ਤਾਂ ਉਸ ਲਈ ਹੋਰ ਵੀ ਬਿਪਤਾ ਖੜ੍ਹੀ ਕਰ ਛੱਡੀ – ਹਰ ਜਾਣ-ਅਣਜਾਨ ਉਸ ਕੋਲੋਂ ਦੀ ਲੰਘਦਾ, ਮੁਸਕੜੀਏ ਹੱਸਦਾ, ਕੋਈ ਜਣਾ ਟਾਂਚ-ਟਕੋਰ ਵੀ ਲਾਉਂਦਾ ।

ਇਸ ਸਾਰੀ ਲੱਗ-ਲਬੇੜ ‘ਚ ਉਹ ਲਿਖਣ-ਪੜ੍ਹਨ ਕਾਰਜ ਵੱਲੋਂ ਅਵੇਸਲਾ ਹੁੰਦਾ  ਗਿਆ ।ਅਸਲੋਂ ਹੀ ਢਿੱਲਾ । ਕਈ ਕਈ ਨਾਗੇ ਕਰਦਾ, ਉਹ ਕਾਲਜ ਜਾਣੋਂ ਬੰਦ ਈ ਹੋ ਗਿਆ । ਘਰ ਬੈਠ ਗਿਆ । ਪਰ, ਇਉਂ ਨਈਂ ਹੁਣ ਬੈਠ ਗਿਆ ਸੀ ।ਸਾਹ ਸੂਤ ਕੇ, ਗੁੰਮ ਸੁੰਮ ਹੋ ਕੇ ।ਚੰਗਾ ਭਲਾ ਕਾਰ ਕਿੱਤੇ ਲੱਗਾ, ਮੁਨਸ਼ੀਗੀਰੀ ਦੇ ।ਸ਼ਾਮ ਬਾਬੂ ਦੇ ਭੱਠੇ ‘ਤੇ ।

ਉਦੋਂ ਉਸਨੂੰ ਕਿੰਨੀ ਸਾਰੀ ਸਮਝ-ਬੂਝ ਹੈ ਸੀ । ਦੱਸ ਸਕਦਾ ਸੀ । ਸਮਝਾ ਸਕਦਾ ਸੀ ਹਰ ਕਿਸੇ ਨੂੰ ,ਪੱਮੀ ਮਾਸਟਰ ਦੀ ਬਦੌਲਤ – ਜੋ ਕੁਝ ਉਹ ਕਰ ਰਿਹੈ । ਜਿੰਨਾ ਕੁ ਪੜ੍ਹ-ਲਿਖ ਰਿਹੈ । ਜੀਹਦੇ ਲਈ ਲਿਖ ਪੜ੍ਹ ਰਿਹੈ । ਉਸਦੀ ਲਿਖਾ-ਪੜ੍ਹੀ ਦੇ ਕਿੰਨੇ ਗੁਣੇ ਪੈਣੇ ? ਕੀ ਮਿਲੂ ਉਸਨੂੰ ? ਉਸਦੇ ਮਾਤਾ-ਪਿਤਾ ਨੂੰ ? ਕਿੰਨਾ ਕੁ ਲਾਭ ਹੋਊ  ਉਸ ਨੂੰ ‘ਨੌਕਰੀ ’ ਦੇਣ ਵਾਲੇ ਨੂੰ । ਕੰਮ ਤੇ ਰੱਖਣ ਵਾਲੇ ਮਾਲਕ ਨੂੰ ? ਹੁਣ...ਹੁਣ ਮੁਨਸ਼ੀਗੀਰੀ ਦੀ ਢਾਈ ਹਜ਼ਾਰ ਤਨਖਾਹ ਛੱਡ ਕੇ ਉਸ ਤੋਂ ਕੁਝ ਵੀ ਨਹੀਂ ਸੀ ਦੱਸ ਹੋ ਰਿਹਾ , ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਨਹੀਂ ।

ਉਸਦੀ ਸਾਰੀ ਸਮਝ –ਸੂਝ ਜਿਵੇਂ ਇਸ ਥਾਂ ਆ ਕੇ ਜਵਾਬ ਦੇ ਗਈ ਹੋਵੇ , ਅਟਕ ਗਈ ਹੋਵੇ ।

ਤੋਚੀ ਨੇ ਵੀ ਇਸ ਵਾਰ ਉਸਨੂੰ ਸਲਾਹ-ਮਸ਼ਵਰੇ ਦੀ ਥਾਂ ਚੰਗੀ ਭਰਵੀਂ ਚੋਭ ਲਾਈ , ਜ਼ਰਾ ਲੁਕਵੇਂ ਢੰਗ ਨਾਲ –“ ਜਦੋਂ ਵੇਲਾ ਸੀ , ਉਦੋਂ ਹਿੱਲਿਆ ਨਈਂ ਤੁਰਿਆ ਨਈ ਕਿਸੇ ਬੰਨੇ । ਉਦੋਂ ਹਾਅ ਬਾਬੂਗੀਰੀ ਜਿਹੀ ਘੁੱਟ ਕੇ ਫੜੀ ਰੱਖੀ....ਹੁਣ ਕੀ ਲੱਭੂ ਉੱਥੋਂ ? .....ਹੁਣ ਆਪਣੇ ਵਲ਼ ਨਈਂ ਤਾਂ ਬੁੱਢੇ ਮਾਂ-ਪਿਓ ਅੱਲ ਈ ਦੇਖ ਲਾਆ ਕਸ਼ ....!!”

....ਬੁੱਢੇ ਮਾਂ ਪਿਓ ਵੱਲ ‘ਦੇਖਣ ’ ਖਾਤਰ ਹੀ ਤਾਂ ਗਾਮੀਂ ਨੇ ਸ਼ਾਮ ਬਾਬੂ ਦੀ ਨੌਕਰੀ ਕਰਨੀ ਠੀਕ ਸਮਝੀ ਸੀ , ਉਨ੍ਹੀ ਦਿਨੀਂ । ਇਕੋ ਵਾਰ ਭਵਾਕਾ ਮਾਰ ਕੇ ਕੁਝ ਜਾਣ ਦੀ ਥਾਂ ਉਸਨੇ ਨਿੰਮੀ-ਨਿੰਮੀ ਲਾਟੇ ਜਗਦੇ ਰਹਿਣਾ ਮੁਨਾਸਿਬ ਸਮਝਿਆ , ਨਹੀਂ ਤਾ ਉਦੋਂ ਦੇ ਝੱਖੜ-ਝਾਂਜੇ ‘ਚ ਕੀ ਪਤਾ ਲੱਗਦਾ ਸੀ , ਕਿਹੜਾ ਕੀ ਕਰ ਗਿਆ, ਕਿਹੜਾ ਕਿੰਨਾ ਰੱਖ ਗਿਆ ।

ਉਦੋਂ ਅਜੇ ਕਾਫੀ ਸਾਰੀ ਲਾਗ ਬਾਕੀ ਸੀ ਉਸ ‘ਤੇ ....ਪੱਮੀ ਮਾਸਟਰ ਤੋਂ ਗ੍ਰਹਿਣ ਕੀਤੀ ਸ਼ਿਖਸ਼ਾ ਦੀ । ....ਭੱਠੇ ਦਾ ਕੰਮ ਕਾਰ ਕਰਦਾ ਵੀ ,ਉਹ ਆਪਣੇ ਕੰਮ ਲੱਗਾ ਰਹਿੰਦਾ । ਪੜ੍ਹਨ-ਪੜ੍ਹਾਈ ਦੇ ।  ਸਕੂਲ ਵੇਲੇ ਤੋਂ ਲੱਗੀ ਚੇਟਕ, ਪੜਾ-ਵਾਰ ਪੱਕੀ ਹੁੰਦੀ ਗਈ । ਕਾਲਜ ਛੱਡਣ ਪਿੱਛੋਂ ਹੋਰ ਵੀ ਪੱਕੀ । ਪੱਮੀ ਮਾਸਟਰ ਨੇ ਉਸ ਨੂੰ ਕੰਮ ਵੀ ਉਹੋ ਜਿਹਾ ਸੌਂਪਿਆ , ਉਸਦੇ  ਮਨਭਾਉਂਦਾ । ਕਾਲਜੋਂ ਵਿਹਲਾ ਹੋਏ ਨੂੰ । ਚੁਸਤ-ਫੁਰਤੀਲਾ ਹੋਣ ਕਰਕੇ – ‘ਲੁਪਤ-ਗੁਪਤ ਛਪਦੇ ਪੱਤਰ-ਪੁਸਤਕਾਂ , ਲੁਪਤ-ਗੁਪਤ ਥਾਵਾਂ ਤੇ ਅੱਪੜਦੀਆਂ ਕਰਨਾ । ਵੇਲੇ-ਕੁਵੇਲੇ । ਰਾਤ-ਬਰਾਤੇ । ਬੜੀ ਚੌਕਸੀ ਨਾਲ । ਇਕ ਥਾਂ ਤੋ ਦੂਜੀ ਥਾਂ । ਦੂਜੀ ਤੋਂ ਤੀਜੀ , ਤੀਜੀ ਤੋਂ ਅੱਗੇ ।

ਇਸ ਢੋਆ-ਢੁਆਈ ‘ਚ ਉਸ ਨੂੰ ਇਕ ਵਾਰ ਐਹੋ ਜਿਹੀ ਚੀਜ਼-ਵਸਤ ਚੱਕਣੀ ਪਈ, ਜਿਸ ਨੂੰ ਦੇਖਦੇ ਇਕ ਵਾਰ ਤਾਂ ਉਹ ਊਈਂ ਬੌਂਦਲ ਗਿਆ – ਵੱਡੀ ਬੋਰੀ ਦੇ ਉਛਾਲ ‘ਚ ਲਿਪਟੀ ਜੰਗਾਲੀ ਜਿਹੀ ਥਰੀ-ਨਾਟ ਥਰੀ ,ਰਾਈਫ਼ਲ ।

ਫਿਰ ਥੋੜਾ ਕੁ ਸੰਭਲ ਕੇ ਬੜੀ ਚੌਕਸੀ ਨਾਲ਼, ਹੋਰ ਵੀ ਤੜਕਸਾਰ ਉੱਠ ਕੇ ਆਪਣਾ ਕਾਰਜ ਸਿਰੇ ਚਾੜ੍ਹਿਆ , ਡਰਦੇ –ਡਰਦੇ ਨੇ , ਪਰ ਛੇਤੀ ਹੀ ਉਸਦੇ ਕਦਮ ਪਹਿਲੀ ਚਾਲੇ ਹੋ ਤੁਰੇ ਸਨ । ਆਉਂਦੇ ਗੇੜਿਆ ਲਈ । ਨਿਡਰ ਜਿਹੇ ਬਣ ਕੇ , ਨਿਰ ਭੈਅ ਜਿਹੇ ਹੋ ਕੇ ।

ਸ਼ਾਮ ਬਾਬੂ ਦੇ ਭੱਠੇ ਦੀ ਮੁਨਸ਼ੀਗੀਰੀ ਕਰਦਾ ਵੀ , ਉਹ ਕਿਸੇ ਤੋਂ ਕਦੀ ਨਹੀਂ ਸੀ ਡਰਿਆ ।

ਨਾ ਸਰਪੰਚ ਦੀਆਂ ਗਿੱਦੜ-ਭਵਕੀਆਂ ਤੋਂ , ਨਾ ਬਾਵੇ ਦੇ ਸਿੱਧੇ ਹਮਲੇ ਤੋਂ ।

ਜੇ ਉਹ ਚਾਹੁੰਦੇ ਤਾਂ ਅੱਖ  ਫਰੋਕੇ ਅੰਦਰ ਹੀ ਢੇਰੀ ਕਰ ਸਕਦੇ ਸਨ ਗਾਮੀ ਨੂੰ । ਪਰ, ਉਨ੍ਹਾਂ ਕੀਤਾ ਨਾ , ਉਸਦੇ ਪੂਰਬਲੇ ਇਤਿਹਾਸ ਤੋਂ ਵਾਕਿਫ ਹੋਣ ਕਰਕੇ । ਤੋਚੀ ਰਾਹੀਂ । ਤੋਚੀ ਰਾਹੀਂ ਹੀ ਉਹਨਾਂ ਗਾਮੀ ਨੂੰ ਆਖ ਵੀ ਭੇਜਿਆ , ਤਾੜਨਾ ਵੀ ਕੀਤੀ ਸੀ ਕਈ ਵਾਰ -...ਭਲਾ-ਮਾਣਸ ਬਣ ਕੇ ਦਾੜ੍ਹੀ-ਕੇਸ ਕਤਲ ਕਰਨੇ ਛੱਡ ਨਈਂ ਤਾਂ, ਤੈਨੂੰ ....ਵਿਚੇ ਈ ਤੇਰੇ ਸਿਰ-ਘਸੇ ਜਿਹੇ ਬਾਊ ਨੂੰ .....।“

ਗਾਮੀ  ਨੂੰ ਉਹਨਾਂ ਦੇ ਖੋਖਲੇ ਜਿਹੇ ਦਬਕੇ-ਦਬਾਕਿਆਂ ਦਾ ਇਲਮ ਸੀ , ਮੂੰਹ-ਜ਼ਬਾਨੀ ਦੀਆਂ ਗਿੱਦੜ-ਭਵਕੀਆਂ ਦਾ । ਉਹ ਨਾ ਤਾਂ ਸ਼ਾਮ ਬਾਬੂ ਨੂੰ ਈ ਸੱਟ-ਪੇਟ ਮਾਰ ਕੇ ਰਾਜ਼ੀ ਸਨ,  ਨਾ ਗਾਮੀ ਨੂੰ । ਸੋਨੇ ਦੇ ਆਂਡੇ ਦਿੰਦੇ ਸਨ ਦੋਨੋਂ ।...ਗਾਮੀ ਨੁੰ ਤਾਂ ਉਹ ਜੋੜਨਾ ਚਾਹੁੰਦੇ ਸਨ ਪੱਕੀ ਤਰ੍ਹਾਂ ਆਪਦੇ ਨਾਲ਼ ਆਪਣੀ ਲਹਿਰ ਨਾਲ਼ । ਦੂਜੇ ਵੰਨਿਉਂ ਤੋੜ ਕੇ ।

ਇਸ ਕੰਮ ਲਈ ਉਹਨਾਂ ਸੱਦਿਆ ਵੀ ਉਸ ਨੂੰ ਦੋ-ਤਿੰਨ ਵਾਰ, ਬਾਹਰ ਕਿਸੇ ਥਾਂ ।ਗਾਮੀ ਗਿਆ ਵੀ ਦੱਸੇ ਸਮੇਂ ‘ਤੇ  ਦੱਸੇ ਟਿਕਾਣੇ ‘ਤੇ । ਜਾ ਕੇ ਪੇਸ਼ ਵੀ ਹੋਇਆ ਉਹਨਾਂ ਦੀ ਕਚਹਿਰੀ ‘ਚ ਪਰ ਉਹ ...ਉਹਨਾਂ ਪੇਸ਼ਕਸ਼ ਪ੍ਰਵਾਨ ਕਰਨ ਲਈ ਕਿਸੇ ਵੀ ਤਰ੍ਹਾਂ ਹਾਂ ਨਹੀਂ ਸੀ ਕਰ ਸਕਿਆ ।

ਆਖਿਰ ਉਹਨਾਂ ਇਕ ਦਾਅ ਹੋਰ ਵਰਤਿਆ । ਗਾਮੀ ਦੀ ਵਜ੍ਹਾ-ਕਤਾ ਦਾ, ਉਸਦਾ ਥੋੜ੍ਹਾ ਕੁ ਜਾਣੂ-ਪਛਾਣੂ ਬੰਦਾ ਬੜੀ ਉਚੇਚ ਨਾਲ਼ ਉਸਦੇ ਪਿੱਛੇ ਲਾ ਦਿੱਤਾ ।

ਥੋੜਾ ਕੁ ਫੇਰ ਵਗਲ਼ ਪਾ ਕੇ ।

ਉਸ ਨੇ ਕਾਫੀ ਸਾਰੀ ਸਾਂਝ-ਭਿਆਲੀ ਕਾਇਮ ਕਰਕੇ ਇਕ ਦਿਨ ਗਾਮੀ ਦੀ ਦੁਖਦੀ ਰਗ ਟੋਹ ਲਈ , ਟੋਹੀ ਈ ਨਹੀਂ ਅੱਛੀ ਖਾਸੀ ਛੇੜ ਵੀ ਛੱਡੀ – ਉਸਨੂੰ ਬੇ-ਜਮੀਨਾ ਹੋਣ ਦਾ ਮਿਹਣਾ ਜਿਹਾ ਮਾਰਕੇ । ਜ਼ਿਮੀਂ-ਮਾਲਕੀ ਨਸ਼ੇ ਤੋਂ ਵਾਂਝਾ ਹੋਣ ਦਾ ਉਲ੍ਹਾਮਾ ਜਿਹਾ ਦੇ ਕੇ । ਗੱਲਾਂ-ਗੱਲਾਂ ‘ ਚ ।

ਪੱਮੀ ਮਾਸਟਰ ਨਾਲ ਘੁੰਮਦਿਟਾਂ –ਵਿਚਰਦਿਆਂ ਤਾਂ ਗਾਮੀ ਨੇ ਇਸ ਰਗ ਨੂੰ ਭਰਨੋਂ-ਫਿਸਣੋਂ ਕਾਫੀ ਸਾਰਾ ਰੋਕੀ ਰੱਖਿਆ ਸੀ । ਮੁਨਸ਼ੀਗੀਰੀ ਦੇ ਟੌਰ੍ਹ-ਟੱਪੇ ਨੇ ਵੀ ਇਸ ਦੇ ਫੁਰਕਣ-ਫੱਟਕਣ ਦਾ ਕਦੀ ਚੇਤਾ ਨਹੀਂ ਸੀ ਆਉਣ ਦਿੱਤਾ । ਪਰ, ਉਸਦੀ ਵਜ੍ਹਾ-ਕਤਾ  ਵਾਲੇ  ਬੰਦੇ ਨੇ ਉਸਦੀ ਉਦੋਂ ਤੱਕ ਦੀ ਰੱਖ-ਸੰਭਾਲ ਕਾਫੀ ਸਾਰੀ ਖਿੰਡ ਬਿਖੇਰ ਦਿੱਤੀ । ...ਉਸਦੇ  ਭਲੇ-ਚੰਗੇ ਚਲਦੇ-ਫਿਰਦੇ ਅੰਗ ਪੈਰ ਮੁੜ ਤੋਂ ਅਚੋਆਈ ਜਿਹੀ,ਤੋੜਾ-ਖੋਹੀ ਜਿਹੀ ਦੀ ਗ੍ਰਿਫ਼ਤ ਅੰਦਰ ਕੱਸੇ ਗਏ ।

‘...ਅਜੇ ਵੀ ਡੁੱਲ੍ਹੇ ਬੇਰਾਂ ਦਾ.....,’ਬੱਸ ਐਨੀ ਕੁ ਗੱਲ ਗਾਮੀ ਦੇ ਮੱਥੇ ‘ਚ ਖੁਣ ਕੇ, ਉਸਨੇ ਉਵੇਂ ਦੀ ਉਵੇਂ ਬਾਤ-ਵਾਰਤਾ ਸਰਪੰਚ ਨੂੰ ਜਾ ਦੱਸੀ ।

ਅਗਲੇ ਹੀ ਦਿਨ ਸਰਪੰਚ ਗਾਮੀ ਕੋਲ ਪਹੁੰਚ ਗਿਆ ਸੀ ,ਹਨੇਰੇ ਪਏ । ਮਾਣ –ਮੱਤਾ ।

ਗਾਮੀ ਜਾਣ ਈ ਲੱਗਾ ਸੀ ਘਰ ਨੂੰ । ਚਾਬੀ ਲਾਉਣ ਈ ਲੱਗਾ ਸੀ ਬਾਹਰਲੇ ਜਿੰਦਰੇ ਨੂੰ । ਸਰਪੰਚ ਦਾ ਖੰਗੂਰਾ ਸੁਣ  ਕੇ ਥਾਏਂ ਜੰਮ ਗਿਆ । ਉਸ ਅੰਦਰਲੀ ਧੜਕਣ , ਇਕ ਵਾਰ ਤਾਂ ਪੂਰੇ ਜ਼ੋਰ ਦੀ ਬੜਕ ਕੇ ਜਿਵੇਂ ਰੁਕਣ ਕੰਢੇ ਪਹੁੰਚ ਗਈ ਸੀ ।

“ ਕਿਉ ਡਰ ਗਿਆ...।“ ਸਰਪੰਚ ਨੂੰ ਹੂੰ-ਹਾਂ ਕਹਿਣ ਦੀ ਹਿੰਮਤ ਵੀ ਗਾਮੀ ਅੰਦਰ ਘੜੀ ਪਲ ਅਟਕ ਕੇ ਪੈਦਾ ਹੋਈ ਸੀ ,ਉਸਦਾ ਭਾਰਾ ਮੁਲਾਇਮ ਹੱਥ ਮੋਢੇ ‘ਤੇ ਟਿਕਿਆ ਦੇਖ ਕੇ ।

“...ਆਹ ਲੈ ਫੜ੍ਹ, ਸਾਂਭ । ਰਾਖ ਕਰੂ ਤੇਰੀ । ਤੈਨੂੰ ਤਾਂ ਫਿਕਰ ਨਈਂ ਅਪਣੀ, ਮੈਨੂੰ ਤਾਂ ਹੈਅ ਨਾ । “ ਕੱਲਾ-ਕੈਰ੍ਹਾਂ ਹੁੰਨਾ ਤੂੰ ਭੱਠੇ ‘ਤੇ । ਨ੍ਹੇਰੇ-ਸਵੇਰੇ ਆਉਣਾ-ਜਾਣ ਹੁੰਦਾਅ ਪਿੰਡ ਨੂੰ । ਹੋਰ ਨਾ ਜਾਹ ਜਾਂਦੀ ਏ....। ਊਂ ਵੀ ਤੇਰੇ ਆਹ ਬਾਊ ਕੰਜਰ ਦੀ ਬੋਲ-ਬਾਣੀ.....,” ਬੰਦ ਭਿੱਤਾਂ ਨਾਲ ਢੋਅ ਲਾਈ ਖੜੇ ਸਰਪੰਚ ਨੇ ਉਸਨੂੰ ਕਈ ਸਾਰੀਆਂ ਗੱਲਾਂ ਹੋਰ ਵੀ ਕਹੀਆਂ । ਕਈ ਸਾਰੀਆਂ ਹਦਾਇਤਾਂ ਹੋਰ ਵੀ ਦਿੱਤੀਆਂ ।ਉਹ ਜਿਵੇਂ ਉਸਨੂੰ ਸੁਣੀਆਂ ਈ ਨਾ ਹੋਣ । ਉਸਦੀ ਸੁਰਤ-ਬਿਰਤੀ ਤਾਂ ਕਿਧਰੇ ਹੋਰ ਈ ਪਾਸੇ ਜੁੜੀ ਰਹੀ ਸੀ –ਅੱਧੀ ਕੁ ਸ਼ਾਮ ਬਾਬੂ ਦੀ ਬੋਲ ਬਾਣੀ ਨਾਲ਼, ਭੱਠਾ ਲੇਬਰ ਨਾਲ ਉਸਦੇ ਵਰਤੋਂ-ਵਿਹਾਰ ਨਾਲ਼। ਜਿਸ ਵਿਚ ਗਾਮੀ ਆਪਣੇ ਆਪ ਨੂੰ ਵੀ ਸ਼ਾਮਲ ਸਮਝਦਾ ਸੀ । ਤੇ ਅੱਧੀ ਕੁ ਸਰਪੰਚ ਦੇ ਬਦਲੇ ਵਤੀਰੇ ਨਾਲ਼ ।....ਸਰਪੰਚ ਨੇ ਇਸ ਵਾਰ ਸ਼ਾਮ ਬਾਬੂ ਨੂੰ ਤਾਂ ਸਿਰ ਘਸਿਆ ਕਹਿਣ ਤੋਂ ਵੀ  ਤਿੱਖੀ ‘ਕੰਜਰ ’ ਹੋਣ ਤਕ ਦੀ ਤੋਹਮਤ ਲਾਈ , ਪਰ ਗਾਮੀ ਨੂੰ ਉਸਦੀ ਸ਼ਕਲ-ਸੂਰਤ  ਦਾ ਕੋਈ ਉਲ੍ਹਾਮਾ ਨਹੀਂ ਸੀ ਦਿੱਤਾ । ਗਾਮੀਂ ਦੇ ਰੱਖ-ਬਚਾ ਦੀ ਸਾਰੀ ਚਿੰਤਾ ਵੀ ਸਰਪੰਚ ਨੇ ਆਪਣੀ ਨਿੱਜੀ ਫਿਕਰਮੰਦੀ ‘ਚ ਸ਼ਾਮਲ ਕਰ ਲਾਈ ਸੀ , ਇਸ ਵਾਰ ।

ਉਸਦੀਆਂ ਧਮਕੀਆਂ ਡਰਾਉਂਣੀਆਂ ਹੁਣ ਤੱਕ, ਭਾਵੇਂ ਨਾ ਤਾਂ ਗਾਮੀ ਉੱਪਰ ਹੀ ਸਿੱਧੀਆ ਡਿੱਗੀਆਂ ਸਨ, ਨਾ ਹੀ ਸ਼ਾਮ ਬਾਬੂ ਉੱਤੇ ।ਤਾਂ ਵੀ ਉਸਦੇ ਰੁੱਖੇ-ਹਾਕਮੀਂ ਪੈਂਤੜੇ ਤੋਂ ਗਾਮੀ  ਕਦੇ ਅਵੇਸਲਾ ਨਹੀਂ ਸੀ ਹੋਇਆ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ  ਤੋਂ ਕਿੰਨਾ ਸਾਰਾ ਹਟ ਕੇ ਪੱਮੀ ਮਾਸਟਰ ਲਾਗੇ ,  ਉਸਦੀ ਬੰਬੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ ,ਜਾਂ ਫਿਰ ਉਹ....ਉਹ ਆਪ ਸਰਪੰਚ ਦੇ ਨੇੜੇ , ਥੋੜ੍ਹਾ ਕੁ ਹੋਰ ਹੋ ਚੁੱਕਿਆ ਹੈ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ ਤੋਂ ਕਿੰਨਾ  ਸਾਰਾ ਹਟ ਕੇ ਪੱਮੀ ਮਾਸਟਰ ਲਾਗੇ , ਉਸਦੀ ਬੰਸੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ , ਜਾਂ ਫਿਰ ਉਹ....ਉਹ ਆਪ ਸਰਪੰਚ ਦੇ ਨੇੜੇ, ਥੋੜ੍ਹਾ ਕੁ ਹੋਰ ਨੇੜੇ ਹੋ ਚੁੱਕਿਆ ਹੈ ।

ਇਸ ਅੜਾਉਣੀ ‘ਚ ਘਿਰਿਆ , ਉਹ ਥੋੜ੍ਹਾ ਕੁ ਚਿਰ ਹੋਰ ਉਵੇਂ ਦਾ ਉਵੇਂ ਖੜਾ ਰਿਹਾ , ਚੁੱਪ-ਚਾਪ ।

“ ....ਕਿੱਥੇ ਗੁਆਚ ਗਿਐਂ ? “ ਸਰਪੰਚ ਨੇ ਉਸਦਾ ਲਮਕਦਾ ਹੱਥ, ਉਚੇਚ ਨਾਲ ਉੱਪਰ ਚੱਕ ਕੇ , ਅਖ਼ਬਾਰੀ ਕਾਗ਼ਜ਼ ‘ਚ ਲਿਪਟੀ ਕਰੜੀ ਜਿਹੀ ਸ਼ੈਅ-ਵਸਤ ਬੜੇ ਸਹਿਜ ਨਾਲ਼ ਉਸਦੀ ਸੱਜੀ ਤਲੀ ‘ਤੇ ਟਿੱਕਦੀ ਕਰ ਦਿੱਤੀ ।

ਆਪਣੀ ਹੀ ਗੁੰਮ-ਗੁਆਚ ਤੋਂ ਬਾਹਰ ਆਏ ਗਾਮੀ ਨੂੰ ਸਰਪੰਚ ਦੀ ਇਕ ਕਿਰਿਆ ਨੇ ਸਹਿਜ ਸੀ ਜਾਂ ਬੇਚੈਨ , ਇਸਦੀ ਉਸਨੂੰ ਘੜੀ ਪਲ ਤਾਂ ਸਮਝ ਨਾ ਲੱਗੀ.....ਪਰ ਅਗਲੇ ਹੀ ਛਿਣ ਨਾਜਾਇਜ਼ ਹਥਿਆਰ ਰੱਖਣ ਦਾ ਭੈਅ ਉਸਨੂੰ ਅੰਗ-ਅੰਗ ਤੇ ਪਸਰ ਗਿਆ । ਉਸਦਾ ਜੀਅ ਕੀਤਾ ਕਿ ਸਰਪੰਚ ਤੋਂ ਲਿਆ ਪੁਰਜਾ ਝੱਟ ਉਸਨੂੰ ਵਾਪਸ ਫੜਾ ਕੇ ਝੱਟ ਉਹ ਬਾਹੋਂ ਖਿਸਕਣਾ ਬਣੇ । ਪਰ , ਉਹ ਇੰਝ ਕਰ ਨਹੀਂ ਸੀ ਸਕਿਆ ।

ਸਰਪੰਚ ਨੂੰ ਨਾਂਹ-ਨੁੱਕਰ ਕਰਨ ਦੀ ਹਿੰਮਤ ਹੀ ਨਹੀਂ ਸੀ ਹੋਈ ਗਾਮੀ ਦੀ ।

ਇਹ ਗੱਲ ਨਹੀਂ ਕਿ ਗਾਮੀ ਅਸਲੋਂ ਈ ਹਥਿਆਰ ਸੁੱਟ ਬੈਠਾ ਸੀ , ਸਰਪੰਚ ਅੱਗੇ ।...ਜੇ ਉਹ ਚਾਹੁੰਦਾ ਤਾ ਕਿਧਰੇ ਵੀ ਲੁਕ-ਛਿਪ ਸਕਦਾ ਸੀ ਰਤਾ ਕੁ ਝੁੱਕੀ ਦੇ ਕੇ ।ਘਾਟ ਅੰਦਰ, ਚੱਕਿਆਂ ਉਹਲੇ ਜਾਂ ਐਧਰ ਉਧਰ ਛੰਨਾਂ-ਛੱਪਰਾਂ ਪਿੱਛੇ , ਜਿਵੇਂ ਉਹ ਕਦੇ ਕਦਾਈਂ ਕਰ ਲਿਆ ਕਰਦਾ ਸੀ , ਦਿਨੇ ਕਿਸੇ ਓਪਰੇ ਪਰਾਏ ਦੇ ‘ਆ ’ ਜਾਣ ‘ਤੇ ।ਏਥੇ...ਨਾ ਤਾਂ ਸਰਪੰਚ ਉਸ ਲਈ ਓਪਰਾ ਸੀ ,ਨਾ ਉਹ ਸਰਪੰਚ ਲਈ ।ਉਲਟਾ ਪੱਕੀ-ਪੀਡੀ ਸਾਂਝ ਸੀ ਦੋਨਾਂ ਵਿਚਕਾਰ । ਦੋਨੋਂ ਇਕ ਦੂਜੇ ਦੇ ਯਾਰ-ਮਿੱਤਰ ਸਨ, ਸੰਘਣੇ ਗੂੜ੍ਹੇ ।....ਗਾਮੀ ਨੂੰ ਹੁਣ ਤਕ ਬਚਾ ਕੇ ਰੱਖਿਆ ਸੀ ਸਰਪੰਚ ਨੇ, ਬਾਵੇ ਹੋਰਾਂ ਦੇ ਐਕਸ਼ਨ ਤੋਂ ।ਤੇ ਸਰਪੰਚ ...ਸਰਪੰਚ ਦੀ ਕੋਈ ਵੀ ‘ਥਹੁ-ਪਤਾ’  ਨਹੀਂ ਸੀ ਦੱਸਿਆ ਗਾਮੀ ਨੇ ਸ਼ਾਮ ਬਾਬੂ ਨੂੰ । ਭੱਠਾ ਮਾਲਕ ਨੂੰ । ਜਿਸ ਦਾ ਉਹ ਨੌਕਰ ਈ ਨਹੀ ਰਾਖਾ ਸੀ ਪੂਰਾ । ਨਹੀਂ ਤਾਂ ਕੌਣ ਕਿਸੇ ਦੀ ਆਈ ‘ਤੇ ਆਪ ਅੱਗ ਮੂਹਰੇ ਹੁੰਦਾ ।

ਗਾਮੀ ਨੇ ਸ਼ਾਮ ਬਾਬੂ ਦੀ ਇਕ ਨਈ, ਤਿੰਨ-ਚਾਰ ਵਾਰ ਰੱਖਿਆ ਕੀਤੀ ਸੀ , ਬਾਵੇ ਹੋਣਾਂ ਦੇ ਧੱਕੇ ਹਮਲੇ ਤੋਂ ।

ਉਂਝ ਤਾਂ ਮਹੀਨਾ ਭਰਨ ਦੀ ਸੰਧੀ ਦੀ ਮੁੱਖ-ਧਾਰਾ ਅਨੁਸਾਰ ,ਸ਼ਾਮ ਬਾਬੂ ਆਪਣੇ ਸਾਰੇ ਭੱਠਿਆਂ ਤੇ ਰਾਤ-ਦਿਨ ਘੁੰਮ ਫਿਰ ਸਕਦਾ ਸੀ ,ਬੇ-ਖੌਫ਼ ।ਬਿਨਾਂ ਡਰ-ਭੈਅ ਦੇ । ਪਰ ਸ਼ਾਮ ਬਾਬੂ ਨੇ ਕਦੀ ਵੀ ਖ਼ਤਰਾ ਮੁੱਲ ਨਹੀਂ ਸੀ  ਲਿਆ,  ਉਹ ਤਾਂ ਬੱਸ ਦਿਨ ਖੜੇ ਹੀ ਸ਼ਹਿਰ ਜਾ ਲੁਕਦਾ । ਆਪਣੇ ‘ਕਿਲੇ ’ ‘ਚ । ਲੌਢੇ ਕੁ ਵੇਲੇ ਤਕ ਹੋਈ ਵੇਚ-ਵਟਕ ਇਕੱਠੀ ਕਰਕੇ । ....ਉਸ ਦਿਨ ਉੱਪਰੋਂ ਸ਼ੇਰਗੜ੍ਹੋਂ ਮੁੜਦਿਆਂ ਉਸਦੀ ਗੱਡੀ ਸਕਰਾਲਾ ਚੋਅ  ‘ਚ ਫਸ ਗਈ ।

ਸਹਿਵਨ !

ਜਾਂ ਸ਼ਾਮ ਬਾਬੂਦੀ ਅਣਗਹਿਲੀ ਕਾਰਨ ।

ਲੀਹ ਪਾਟਣ ਨਾਲ਼ ।

ਗਿੱਟੇ ਗਿੱਟੇ ਵਗਦੇ ਪਾਣੀ ਹੇਠਲੀ ਮੋਟੀ ਰੇਤ, ਜਿਵੇਂ ਉਸਦ ਬੁਲਟ-ਪਰੂਫ਼ ਵੈਨ ਨੂੰ ਫੜ ਕੇ ਬੈਠ ਗਈ ।

ਕਾਫੀ ਸਾਰੇ ਜ਼ੋਰ-ਧੱਕੇ ਪਿੱਛੋਂ ਕਿਧਰੇ ਉਸਦੀ ਜਾਨ-ਖ਼ਲਾਸੀ ਹੋਈ ।

ਉਹ ਵੀ ਰਾਹਗੀਰਾਂ ਦੀ ਸਾਹਇਤਾ ਸਦਕਾ ।

ਦਿਨ ਛਿਪਦੇ ਕਰਦੇ ।

ਸਾਹੋ ਸਾਹ ਹੋਇਆ ਬਾਬੂ ਅਜੇ ਪਹੁੰਚਿਆ ਈ ਸੀ , ਬੁੱਢੀ ਪਿੰਡ , ਨੀਵ਼ ਪਾਈ ਬੈਠੇ , ਵੇਚ-ਵਟਕ ਗਿਣਦੇ ਗਾਮੀਂ ਕੋਲ ਖੜਾ ਈ ਹੋਇਆ ਸੀ ਆ ਕੇ ਕਿ ਪਤਾ ਨਈਂ ਕਿਧਰੋਂ ਬਾਵਾ ਉਸਦੇ  ਮਗਰੇ ਈ ਆ ਧਮਕਿਆ ,ਦਫ਼ਤਰ । ਪਿੱਠ ਉਹਲੇ ਲਟਕਦੀ ਅਸਾਲਟ ਨਾ ਉਹਨੇ ਮੋਢਿਉਂ ਲਾਹੀ, ਨਾ ਕਿਸੇ ਵੱਲ ਨੂੰ ਤਾਣੀ । ਬੱਸ ਅੜਵੈਂਗ ਜਿਹੇ ਢੰਗ ਨਾਲ਼, ਸੱਜਾ ਹੱਥ ਅੱਗੇ ਨੂੰ ਵਧਾ ਕੇ ਰੁੱਖੇ ਜਿਹੇ ਬੋਲ ਬੋਲੇ – “ ਹਾਅ ਚਾਬੀ ਦੇ ਓ ਬਾਊ , ਗੱਡੀ ਚਾਹੀਦੀ ਆ ...ਤੂੰ ਵੀ ਫੜਾ ਹਾਅ ਪੈਹਾ-ਧੇਲਾ , ਸਾਲਿਆ ਟੁੱਕੜ-ਬੋਚਾ ....।“

ਸ਼ਾਮ ਬਾਬੂ ਨੇ ਤਾਂ  ਕੰਬਦੇ ਹੱਥਾਂ ਨਾਲ਼ ਚਾਬੀ,ਉਸੇ ਵੇਲੇ, ਉਸ ਵੱਲ ਸਰਕਦੀ ਕਰ ਦਿੱਤੀ , ਪਰ ਗਾਮੀ ਨੇ ਦਰਾਜ਼ ‘ਚ ਖਿੱਲਰੇ ਨੋਟਾਂ ਦੀ ਥੱਦੀ ਫੜਾਉਂਦਿਆਂ ਹੱਥ ਥੋੜਾ ਟਿਕਵਾਂ ਰੱਖਿਆ ।

ਗਾਮੀ ਨੇ ਹੁਣ ਤਕ ਕਈ ਤਰ੍ਹਾਂ ਦੇ ਟੋਣੇ-ਟਕੋਰਾਂ ਝੇੱਲੇ ਸਹਾਰੇ ਸਨ । ਦਿਹਾੜੀ-ਕੁੱਟ , ਬੇ-ਜ਼ਮੀਨਾ,ਕੰਮੀ-ਕਾਮਾ ਹੋਣ ਤੱਕ ਦੇ ਬੋਲ-ਕਬੋਲ  ਬਰਦਾਸ਼ਤ ਕੀਤੇ ਸਨ, ਥਾਂ ਪੁਰ ਥਾਂ ਮਿਹਨਤ-ਮਜ਼ਦੂਰੀ ,ਕਰਦੇ ਮਾਂ-ਪਿਓ ਨਾਲ ਤੁਰਦਿਆਂ ਵਿਚਰਦਿਆਂ । ਪਰ, ਹੁਣ ਤਕ ਉਸ ਨੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ।ਕਿਸੇ ਪਾਸੋਂ ਤਰਸ ਦੀ ,ਦਾਨ-ਰਹਿਮਤ ਦੀ ਮੰਗ ਨਹੀਂ ਸੀ ਕੀਤੀ । ਨਾ ਸਕੂਲ ਕਾਲਜ ਦੀ ਪੜ੍ਹਾਈ ਪੜ੍ਹਦਿਆਂ,ਨਾ ਹੀ ਉਸ ਤੋਂ ਪਿੱਛੋਂ ਕਦੀ ਫਾਕਾ- ਮਸਤੀ ਵਰਗੀ ਦਿਨ-ਕਟੀ ਕਰ ਦਿਆਂ ਕਈ ਵਰ੍ਹੇ ।

ਪੱਮੀ ਮਾਸਟਰ ਦੀ ਬੰਬੀ ‘ਤੇ ਘੜੇ-ਉਲੀਕੇ ਲਕਸ਼-ਉਦੇਸ਼ ਵੀ ਉਸ ਨੂੰ ਕਿੰਨਾ ਈ ਚਿਰ ਕਿਧਰੇ ਦਿਖਾਈ ਨਾ ਦਿੱਤੇ ।

ਜੇ ਉਹ ਚਾਹੁੰਦਾ ਤਾਂ ਉਹ ਵੀ ਤੋਚੀ ਵਾਂਗ ਕਦੋਂ ਦਾ ਚਰਨੀਂ ਲੱਗਾ ਹੋਣਾ ਸੀ ਸਰਪੰਚ ਦੇ । ਉਹ ਵੀ ਕੜਾ-ਕਮਾਂਡਰ ਬਣਿਆ ਹੋਣਾ ਸੀ ਹੁਣ ਨੂੰ ,ਬਾਵੇ ਨਾਲੋਂ ਵੀ ਲੰਮੇ ਚੌੜੇ ਏਰੀਏ ਦਾ ।

ਆਲੂ-ਸਟੋਰਾ ,ਦਾਣਾ –ਮੰਡੀਆਂ ਦਾ ਧੂੜ-ਘੱਟਾ ਫੱਕਦੇ ਉਸਦੇ ਮਾਂ –ਬਾਪ ਕਦੋਂ ਦੇ ਇੱਜ਼ਤਦਾਰ ਮਾਲਿਕ ਬਣੇ ਹੋਣੇ ਸਨ,ਟਰੈਕਟਰਾਂ-ਬੰਬੀਆਂ ਦੇ ।

‘...ਅਜੇ ਵੀ ਡੁੱਲ੍ਹੇ ਬੇਰਾਂ ਦਾ ......।‘

ਬੱਸ ਐਨਾ ਕੁ ਨੁਕਤਾ , ਗਾਮੀਂ ਦੇ ਤਨ-ਬਦਨ ਅੰਦਰ ਸੁੱਟਦਾ ਕਰਨ ਵਿਚ ਸਰਪੰਚ ਆਖਿਰ ਕਾਮਯਾਬ ਹੋ ਹੀ ਗਿਆ , ਗਾਮੀ ਦੀ ਵਜਾ-ਕਤਾ ਵਰਗੇ ਬੰਦੇ ਦੀ ਵਿਚੋਲਗੀਰੀ ਰਾਹੀ ।

ਸਰਪੰਚ ਤੋਂ ਲਿਆ –ਫੜਿਆ ਮਾਊਜ਼ਰ ਉਸ ਨੇ ਬੜੀ ਇਤਿਆਦ ਨਾਲ਼ ਸਾਂਭਦਾ ਕਰ ਲਿਆ ਸੀ ,ਡੱਬ ‘ ਚ ਰੱਖ ਕੇ ਲੁਕਦਾ ਕਰਕੇ । ਉਸੇ ਦਿਨ ਤੋਂ ।

ਫਿਰ....ਫਿਰ ਪਤਾ ਨਈਂ...ਕੱਲ੍ਹ ਦੇ ਛੋਕਰੇ ਬਾਵੇ ਦੇ   ਆਖੇ ਟੁਕੜ ਬੋਚ ਹੋਣ ਦੇ ਬੋਲ-ਕਬੋਲ ਉਸਨੂੰ ਦੂਰ ਅੰਦਰ ਤਕ ਪੁੱਛਦਾ ਕਰ ਗਏ ਜਾਂ ਉਸਦੀ ਵਜਾ-ਕਤਾ ਵਰਗੇ ਬੰਦੇ ਦੀ ਚੇਤੇ ਕਰਵਾਈ ਬੇ-ਜ਼ਮੀਨਾ ਹੋਣ ਦੀ ਨਮੋਸ਼ੀ , ਉਸਦੇ ਡੱਬ ਅੰਦਰਲੇ ਹਥਿਆਰ ਨਾਲ਼ ਜ਼ਰਬ ਖਾ ਗਈ ? ਦੋਨੋਂ ਚੀਜ਼ਾਂ ਸੰਭਾਲ ਬਾਵਾ ਦਫ਼ਤਰੋਂ ਬਾਹਰ  ਹੋਣ ਈ ਲੱਗਾ ਸੀ ਕਿ ਗਾਮੀਂ ਦੇ ਅੰਗਾਂ-ਪੈਰਾਂ ‘ਚ ਅਸਮਾਨੀ ਬਿਜਲੀ ਵਰਗੀ ਤੇਜ਼ੀ ਚਮਕ ਉੱਠੀ ।

ਖੱਬੀ ਵੱਖੀ ਨਾਲ ਘੁੱਟ ਹੋਇਆ ਮਾਊਜ਼ਰ ਅੱਖ-ਫ਼ਰੋਕ ਅੰਦਰ , ਉਸਦੀ ਮੁੱਠ ‘ਚ ਆ ਕੇ ਬਾਵੇ ‘ਤੇ ਟੁੱਟ ਪਿਆ।

ਬੜੇ ਹਿਰਖ਼ ਨਾਲ਼ ।

ਘੜੀ ਪਲ ਤਾਂ ਗਾਮੀ ਨੂੰ ਆਪਣੇ ਬੇ-ਕਾਬੂ ਹੋਏ ਆਪੇ ਦੀ ਬਿਲਕੁਲ ਸੋਝੀ ਨਾ ਰਹੀ ।.....ਉਸ ਨੂੰ ਪਤਾ ਤੱਕ ਨਾ ਲੱਗਾ ਕਿ ਉਸਨੇ ਇਹ ਐਕਸ਼ਨ ਕੀਤਾ ਕਿਸ ਲਈ ਐ –ਬਾਵੇ ਦੀ ਕੱਢੀ ‘ਗਾਲ੍ਹ ’ਦਾ ਉੱਤਰ ਦੇਣ ਲਈ ਜਾਂ ਆਪਣੀ ਜਾਤੀ –ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਹੋ ਕੇ ।

ਉਹ ਆਪਣੀ ਜਾਤੀ-ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਪਹਿਲੋਂ ਤਾਂ ਕਦੀ ਨਹੀਂ ਸੀ ਹੋਇਆ ।ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।....ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀਂ ਸੀ ਕੀਤਾ । ਉਸਨੂੰ ਜਾਂ ਉਸਦੇ ਸਹਾਇਕ ਮੁਨਸ਼ੀ ਨੂੰ । ਚੌਕੀਦਾਰਾਂ,ਡਰਾਇਵਰਾਂ ਨੂੰ ਹੂਰਾ-ਮੁੱਕੀ ਕਰਨਾ, ਠੁੱਡੇ ਮਾਰਨਾ ਤਾ ਆਮ ਜਿਹਾ ‘ਸ਼ੁਗਲ ’ ਸੀ ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।....ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾ ਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀ ਸੀ ਕੀਤਾ ।ਉਸਨੂੰ ਜਾਂ ਉਸਦੇ ਸਾਹਇਕ ਮੁਨਸ਼ੀ ਨੂੰ । ਚੌਕੀਦਾਰਾਂ, ਡਰਾਈਵਰਾਂ ਨੂੰ ਹੂਰਾ-ਮੁੱਕੀ ਕਰਨਾ,ਠੁੱਡੇ ਮਾਰਨਾ ਤਾਂ ਆਮ ਜਿਹਾ ‘ਸ਼ੁਗਲ ’ ਸੀ ਸ਼ਾਮੀ ਬਾਬੂ ਦਾ । ਕਦੀ ਦਫ਼ਤਰ ਬੁਲਾ ਕੇ, ਕਦੀ ਭੱਠੇ ਦੀ ਹੱਦ-ਹਦੂਦ ਅੰਦਰ ।ਕਿਸੇ ਵੀ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਜਾਂ ਐਵੇ ਈ ਆਪਣੀ ਬਾਬੂਗੀਰੀ ਦੱਸਣ ਲਈ ।

ਪਥੇਰਿਆਂ ਚੁਣਾਵਿਆਂ ਨਾਲ ਵੀ ਉਸਨੇ ਕਦੀ ਘੱਟ ਨਹੀਂ ਸੀ ਗੁਜ਼ਾਰੀ । ਗਾਮੀਂ ਸਾਹਮਣੇ । ਉਸਦੀ ਮੁਨਸ਼ੀਗੀਰੀ ਵਾਲੇ ਭੱਠੇ ‘ਤੇ ।

ਫਿਰ ਹੋਰ ਵੀ ਬਾਰਾਂ ਭੱਠੇ ਸਨ, ਉਸਦੀ ਮਾਲਕੀ ਹੇਠ ।ਹੋਰ ਵੀ ਡਰਾਇਵਰ, ਚੌਕੀਦਾਰ , ਮੁਨਸ਼ੀ, ਸਹਾਇਕ-ਮੁਨਸ਼ੀ ਸਨ ਕਈ ਸਾਰੇ । ਉਹਨਾਂ ‘ਚੋਂ ਕਿਸੇ ਨੇ ਕਦੀ ਚੂੰ ਤੱਕ ਨਹੀਂ ਸੀ ਕੀਤੀ ਮਾਲਿਕ ਬਾਬੂ ਅੱਗੇ ।ਉਹ ਤਾਂ ਬੱਸ ਦਿਨਾਂ-ਵਿਹਾਰਾਂ ਛੇ ਮਿਲਦੇ ਰਾਮਪੁਨਿਆਂ ਨਾਲ ਹੀ ਵਰਚੇ ਰਹਿੰਦੇ ਸਨ। ਦਿਨ-ਵਿਹਾਰ ਵੀ ਕਿਹੜਾ ਥੋੜੇ ‘ਮੰਨਦਾ ’  ਸੀ ਸ਼ਾਮ ਬਾਬੂ – ਲੋਹੜੀ , ਵਿਸਾਖੀ , ਦੁਸਹਿਰਾ , ਦੀਵਾਲੀ । ਤੇ ਸਭ ਤੋਂ ਵੱਡਾ ਉਸਦੇ ਪੁਰਖਿਆਂ ਦਾ ਸ਼ਰਾਧ ।

ਉਹ ਦਿਨ ਤਾਂ ਜਾਣੋਂ ਪੂਰਾ ਬ੍ਰਹਮ-ਯੋਗ ਹੋ ਨਿੱਬੜਦਾ ਸਾਰੇ ਭੱਠਿਆਂ ਦੀ ਸਾਰੇ ਲੇਬਰ ਲਈ । ਕੜਾਹ-ਪੂਰੀ ,ਦਾਲ-ਭਾਜੀ, ਚੌਲ-ਭਾਤ; ਸ਼ਹਿਰ ਉਸਦੇ ਬੰਗਲੇ ਪਹੁੰਚ ਕੇ । ਤੇ ਦਾਰੂ-ਪਾਣੀ, ਭੰਗ-ਭੁੱਕੀ ਆਪਣੇ ਆਪਣੇ ਟਿਕਾਣੇ ਗਿਆਂ ਨੂੰ । ਢੋਲਕੀਆਂ ,ਛੈਣੇ , ਚੁੰਮਦੇ , ਘੁੰਗਰੂ ਹਰ ਵਾਰ ਨਵੇਂ । ਇਸਤਰੀਆਂ ਲਈ ਧੋਤੀਆਂ , ਬਾਕੀ ਸਭ ਲਈ ਰਾਮ-ਪਰਨੇ । ਨਿੱਕੇ ਤੋਂ ਲੈ ਕੇ ਵੱਡੇ ਤਕ । ਕੁਸ਼ਟ-ਆਸ਼ਰਮ ਭੇਜੇ ਜਾਂਦੇ ਪਰਨਿਆਂ ਨਾਲੋਂ ਵਧੀਆ । ਦੁਨੀਆਦਾਰ ਹੋਣ ਕਰਕੇ । ਨਹੀ ਸੀ ਦਿੱਤੀ । ਉਹ ਵੀ ਮੰਦਰੀਂ-ਤੀਰਥੀਂ ਪਹੁੰਚ ਕੇ । ਹਰ ਇਕ ਦੇਵੀ-ਮਾਂ ਲਈ ਇਕ ਟਰੱਕ ਪੱਕਾ ।ਨਕਦੀ-ਲੰਗਰ ਤੋਂ ਇਲਾਵਾ ।

“.....ਇੱਤਾ ਘਨਾ ਦਾਨ-ਪੁੰਨ ਈ ਬਾਬੂ ਮਾਲਿਕ ਕੋ ਬਚਾਏ ਰੱਖਵੇ....ਨਾਹੀਂ ਹਮਾਰ ਲੋਗਨ ਕੀ ਰੋਜ਼-ਰੋਜ਼ ਕੀ ਬਦ-ਦੁਆ ਈ ਸੁਸਰੇ ਕੋ ਇਕਾਈ ਦਿਨ ਮਾਂ ਭਸਮ ਕਰ ਛੋੜੇ...।“

“ ਨਾਹੀਂ ਭਈਆ ਨਾਹੀਂ, ਹਮ ਲੋਗਨ ਅਪਨ ਕੈ ਧਰਮ-ਬੰਧੂ ਕੋ ਬਦ-ਦੁਆ ਬੋਲਤ ਹੀ ਕੈਸੋ ਸਕਤ ਹੋ...ਦੇਵੀ ਮਾਂ ਸਰਾਪ ਦੇਵਤ ਹੋ ਸਰਾਪ....।“ ਨਾਚ-ਗਾਣੇ ਦੀ ਮਸਤੀ ‘ਚ ਡੁੱਬੇ ,ਜੇ ਕਿਸੇ ਬਿਰਧ-ਅੱਧਖੜ ਦਾ ਹਓਕਾ ਸ਼ਾਮ ਬਾਬੂ ਦੇ ਜ਼ੁਲਮ –ਧੱਕੇ ਦਾ ਚੇਤਾ ਕਰਾਉਂਦਾ ਵੀ , ਤਾਂ ਲਾਗਿਓਂ ਕੋਈ ਦੂਜਾ ਜਣਾ ਝੱਟ ਉਸਨੂੰ ਰੋਕ-ਟੋਕ ਦਿੰਦਾ । ਉਸੇ ਵੇਲੇ ਭੁੱਲ-ਭੁਲਾ ਜਾਣ ਲਈ । ਬੀਤੇ ਵਰ੍ਹੇ ਦੇ ਬਾਕੀ ਦਿਨਾਂ ਵਾਂਗ । ਕਰੀਬ-ਕਰੀਬ ਗਾਮੀਂ ਦੀ ਤਰਜ਼ ਤੇ ਹੀ । ਫ਼ਰਕ ਸਿਰਫ ਏਨਾ ਸੀ ਕਿ ਉਸਦੀ ਮੁਨਸ਼ੀਗੀਰੀ ਹੇਠਲੇ ਭੱਠੇ ਦੇ ਕਿਸੇ ਵੀ ਕਹਿੰਦੇ ਨੂੰ ਪਈ ਮਾਰ ਦੀ ਖ਼ਬਰ-ਘਟਨਾ, ਗਾਮੀ ਅੰਦਰ ਘੜੀ-ਪਲ ਲਈ ਰੋਹ-ਹਿਰਖ਼ ਜ਼ਰੂਰ ਭਰ ਛੱਡਦੀ ।

ਕਈ ਵਾਰ ਉਸਦਾ ਚਿੱਤ ਵੀ ਕਰਦਾ ਕਿ ਹਰ ਕਿਸੇ ਵੱਲ ਨੂੰ ਟੀਰੀ-ਅੱਖ ਦੇਖਦੇ, ਸ਼ਾਮ ਬਾਬੂ ਦਾ ਮੂੰਹ-ਸਿਰ , ਇੱਟਾਂ-ਰੋੜੇ ਮਾਰਕੇ ਤੋੜ-ਭੰਨ ਦੇਵੇ । ਪਰ, ਉਸਤੋਂ ਅਜੇ ਤੱਕ ਅਜਿਹੀ ਹਿੰਮਤ ਹੋਈ ਕਦੇ ਨਾ ।

ਪੂਰੀ ਤਰ੍ਹਾਂ ਖਪੇ-ਤਪੇ ਤੋਂ ਵੀ ਨਹੀਂ ।

ਬਾਵੇ ਉੱਪਰ ਵਾਰ ਕਰਨ ਲੱਗੇ ਗਾਮੀ ਅੰਦਰ ਪਤਾ ਨਈਂ ਐਨੀ ਹਿੰਮਤ ਕਿੱਥੋਂ ਜਾਗ ਪਈ ।

ਇਕ-ਦਮ ।

ਅਜੇ ਪਿਛਲੇ ਦਿਨੀਂ ਸਰਪੰਚ ਤੋਂ ਲਿਆ ਮਾਊਜ਼ਰ ਉਸਨੇ ਝੱਟ ਦੇਣੀ ‘ਸਰਪੰਚ ’ਉੱਪਰ ਹੀ ਵਰ੍ਹਦਾ ਕਰ ਦਿੱਤਾ ।

ਸ਼ਾਮ ਬਾਬੂ ਦੀ ਥਾਂ ।

ਸੰਭਲਦੇ ਬਚਦੇ ਬਾਵੇ ਦੀ ਜ਼ਖਮੀ ਹੋਈ ਸੱਚੀ ਬਾਂਹ ਨਾ ਉਸਦੇ ਮੋਢਿਓਂ ਢਿਲਕੀ ਅਸਾਲਟ ਨੂੰ ਸਾਂਭਦਾ ਕਰ ਸਕੀ ,ਨਾ ਉਸਦੇ ਹੱਥ,ਮੁੱਠ ‘ਚ ਘੁੱਟੇ ਨੋਟਾਂ ਨੂੰ ।

ਬੁੱਢੀ ਪਿੰਡ ਭੱਠੇ ‘ਤੇ ਤਾਇਨਾਤ ਹੋਮਗਾਰਡ ਟੁਕੜੀ ਸਮੇਂ ਸਿਰ ਤੇ ਕਿਧਰੇ ਰੜਕੀ ਨਾ, ਉਂਝ ਲੁੱਟ-ਖੋਹ ਦੀ ਵਾਰਦਾਤ ਦੇ ਵਿਫ਼ਲ ਕਰਨ ਦਾ ਸਿਹਰਾ ਸਾਰਾ ਉਹਦੇ ਸਿਰ ਹੀ ਬੱਝਾ ।

‘ਗਾਮੀ ਦਾ ’ ਨਵਾਂ-ਨਿਕੋਰ ਮਾਊਜ਼ਰ ਵੀ ਮੁੱਠ-ਭੇੜ ਸਮੇਂ ‘ਖੋਹੇ ’ ਹਥਿਆਰਾਂ ਦੀ ਲੰਮੀ ਸੂਚੀ ‘ਚ ਸ਼ਾਮਲ ਕਰ ਕੇ ਅੱਤਵਾਦੀਆਂ ਦੇ ਪੇਟੇ ਪਾ ਲਿਆ ਗਿਆ ।

ਸ਼ਾਮ ਬਾਬੂ ਦੀ ‘ਪਹੁੰਚ ’ ਸਦਕਾ ।

ਬਿਨ ਕਿਸੇ ਡਰ-ਭੈਅ ਦੇ ਗਾਮੀ ਅਗਲੇ ਦਿਨ ਫਿਰ ਹਾਜ਼ਰ ਸੀ ,ਭੱਠਾ ਡਿਊਟੀ ‘ਤੇ ।

ਸਰਪੰਚ ਨਾਲ, ਬਾਵੇ ਨਾਲ ਸਿੱਧੀ ਦੁਸ਼ਮਣੀ ਮੁੱਲ ਲੈ ਕੇ ਵੀ ,ਉਹ ਘਰ ਨਹੀਂ ਸੀ ਬੈਠਾ ।

ਜਿਵੇਂ ਹੁਣ ਬੈਠ ਗਿਆ ਸੀ ।

ਬਿਨਾਂ ਕੁਝ ਦੱਸੇ-ਪੁੱਛੇ ਕਿਸੇ ਨੂੰ ।

ਤੋਚੀ ਨੂੰ ਵੀ ਨਹੀਂ ।

ਤੋਚੀ ਭਾਵੇਂ ਪੱਕਾ ਓਧਰ ਸੀ ਓਦੋਂ, ਪਰ ਗਾਮੀ ਨਾਲ ਪੂਰੀ ਸਾਂਝ  ਉਸਦੀ ।ਪੂਰਾ ਤਾਲ-ਮੇਲ ।.....ਬਚਪਨ ਦੀ ਆੜੀ ਕਰਕੇ ਜਾਂ ਉਸਦੇ ਭੱਠਾ ਮਾਲਕ ਨਾਲ ਫਸੀ ਕੁੜਿੱਕੀ ‘ਚੋਂ ਤੋਜੀ ਨੂੰ ਕੱਢਣ ਕਰਕੇ ।

....ਪਿੰਡ ਦੀ ਚੜ੍ਹਦੀ ਬਾਹੀ ਤੋਚੀ ਹੋਰਾਂ ਕੋਲ ਚਾਰ ਹੀ ਖੇਤ ਸਨ । ਪਿਓ-ਦਾਦੇ ਦੀ ਵਿਰਾਸਤ ।

ਵਿਚਕਾਰ ਬੰਬੀ ।

ਸ਼ਾਮ ਬਾਬੂ ਨੂੰ ਪਹਿਲਾਂ ਦੋ ਖੇਤਾਂ ਦੀ ਮਿੱਟੀ ਵੇਚੀ ਉਹਨਾਂ, ਇੱਟਾਂ ਪੱਥਣ ਨੁੰ । ਸਮੇਤ ਪਾਣੀ ।

ਵੱਡੀ ਭੈਣ ਦੇ ਵਿਆਹ ਵੇਲੇ । ਫਿਰ ਅਗਲੇ ਦੋਂਹ ਦੀ , ਟਰੈਕਟਰ ਲੈਣ ਦੀ ਮਨਸ਼ਾ ਨਾਲ ।ਵਾਅਦੇ ਮੁਤਾਬਿਕ ਤਾਂ ਪਹਿਲੇ ਦੋਨੋਂ ਖੇਤ ਦੋ ਸਾਲ ਪਹਿਲਾਂ ਖਾਲੀ ਹੋਣੇ ਸਨ ਤੇ ਅਗਲੇ ਦੋਨੋਂ ਅਗਲੇ ਦੋ ਸਾਲਾਂ ਪਿੱਛੋਂ । ਪਰ, ਪੱਕੇ ਕਾਗਜ਼ਾਂ ਦੀ ਲਿਖਤ-ਪੜ੍ਹਤਾ ਨੇ ਐਹੋ ਜਿਹੇ ਅਰਥ ਕੱਢੇ, ਐਹੋ ਜਿਹਾ ਘਚੋਲਾ ਮਾਰਿਆ ਕਿ ਤੋਚੀ ਹੋਰਾਂ ਦੇ ਚਾਰੋਂ ਖੇਤ ਚਾਰ ਸਾਲ ਫਸੇ ਰਹੇ ਸ਼ਾਮ ਬਾਬੂ ਦੇ ਕਬਜ਼ੇ ਹੇਠ ।

ਚੰਗਾ ਭਲਾ ਖੇਤੀ ਕਿੱਤੇ ਲੱਗਾ ਤੋਚੀ , ਕਈ ਚਿਰ ‘ਬੇ-ਜ਼ਮੀਨਾ,ਬੇ-ਅਰਥਾ ’ ਜਿਹਾ ਬਣਿਆ ਘੁੰਮਦਾ ਰਿਹਾ ।

ਟਰੈਕਟਰ ਲੈਣ ਲਈ ਵਸੂਲੀ ਰਕਮ, ਥੋੜ੍ਹੀ ਕੁ ਚੌਕੇ-ਚੁੱਲ੍ਹੇ ਦੀ ਭੇਟਾ ਚੜ੍ਹ ਗਈ , ਬਹੁਤੀ ਸ਼ਾਮ ਬਾਬੂ ਨਾਲ਼ ਚਲਦੇ ਕਚਹਿਰੀ ਝਗੜੇ  ਦੀ ।

ਹਾਰ ਕੇ ਉਸਨੇ ਆਪਣੇ ਤਨ-ਬਦਨ ਦੀ ਕੁੱਲ ਸੇਵਾ ਸਰਪੰਚ ਨੂੰ ਸੌਪ ਛੱਡੀ ।

ਸ਼ਾਮ ਬਾਬੂ ਦਾ ਫ਼ਸਤਾ ਵੱਢਣ ਦੇ ਇਰਾਦੇ ਨਾਲ ।

ਸਰਪੰਚ ਚਾਹੁੰਦਾ  ਤਾਂ ਉਸਨੂੰ ਵੀ ਉਹੋ ਜਿਹਾ ਪੁਰਜ਼ਾ ਦੇ ਸਕਦਾ ਸੀ , ਜਿਹੋ ਜਿਹਾ ਗਾਮੀ ਨੂੰ ਦਿੱਤਾ ਸੀ ਕਦੇ । ਉਸਨੂੰ ਵੀ ਉਵੇਂ ਦਾ ‘ਕੰਮ ’ ਸੌਂਪ ਸਕਦਾ ਸੀ , ਜਿਵੇਂ ਦਾ ਗਾਮੀ ਨੂੰ ਸੌਂਪਿਆ  ਸੀ ,ਇਕ ਵਾਰ ।

ਪਰ ਉਸਨੇ ਐਹੋ ਜਿਹਾ , ਤੱਤ-ਫ਼ੜੱਤ ਫੈਸਲਾ ਲਿਆ ਨਾ ।....ਉਹ ਤਾਂ ਹੁਣ ‘ਛੱਡ-ਛੁਡਾ ’ ਆਇਆ ਸੀ ਓਧਰਲਾ ਬੰਨਾ । ਉਹ ਤਾਂ ਕਦੋਂ ਦਾ ਅਦਲਾ  -ਬਦਲਾ ਕੀਤੀ ਬੈਠਾ ਸੀ –ਰੰਗ-ਰੂਪ , ਕੱਪੜਾ-ਲੱਤਾ, ਕੁੜਤੀ –ਪੱਗੜੀ । ਹੁਣ ਤਾਂ ਸਗੋਂ ਉਹ ‘ਕੱਟੜ- ਵਿਰੋਧੀ ’ ਸੀ ਲੁੱਟਾਂ-ਖੋਹਾਂ ਕਰਨ ਵਾਲੇ ਗੈਂਰ-ਸਮਾਜੀ ਤੱਤਾਂ ਦਾ । ਦੇਸ਼-ਕੌਮ ਦਾ ਅਮਨ-ਚੈਨ ਭੰਗ ਕਰਨ ਵਾਲੇ ਆਪ-ਹੁਦਰੇ ਜੁੱਟਾਂ ਦਾ ।

ਤਾਂ ਵੀ , ਵੇਲਾ ਵਿਚਾਰ ਕੇ ਸਰਪੰਚ ਨੇ ਬੜੇ ਠਰ੍ਹੰਮੇ ਨਾਲ਼ ਤੋਚੀ ਦੀ ਔ   

ਸੁਣ ਕੇ ਵਾਚੀ-ਘੋਖੀ ।

ਉਸਦੀ ‘ਹਾਂ ’ ਪ੍ਰਾਪਤ ਕਰਕੇ ਤੋਚੀ ਮਹੀਨਾ ਖੰਡ ਚੁੱਪ ਤਾਂ ਰਿਹਾ , ਪਰ ਉਸਨੂੰ ਟਿਕਾ ਜਿਹਾ ਨਾ ਆਇਆ ।

ਉਹ ਮੁੜ ਸਰਪੰਚ ਦੇ ਪੈਰੀਂ ਜਾ ਪਿਆ ।

ਅੱਗੋਂ ਸਰਪੰਚ ਵੀ ਏਹੀ ਚਾਹੁੰਦਾ ਸੀ । ਏਨਾ ਕੁ ਈ ਟੋਹਣਾ ਸੀ ਉਸਨੂੰ ‘ਆਮ ਰੱਕਰੁਟੋ ’  ਤੋਂ ‘ਖਾਸ ਸਿਪਾਹੀ ’ ਭਰਤੀ ਕਰਨ ਲੱਗਿਆ । ਏਧਰ ਤਾਂ ਸਗੋਂ ਬਹੁਤੀ ਲੋੜ ਸੀ । ਉਸਨੂੰ ‘ਧਰਮੀ ’’ਆਗਿਆਕਾਰ ’ ਤੇ ‘ਸਿਰਲੱਥ ’ਮਰਜੀਵੜਿਆਂ ਦੀ ।

ਥੋੜ੍ਹਾ ਕੁ ਨਿਰਖ-ਪਰਖ਼ ਕੇ ਉਸਨੇ ਇਕ ਦਿਨ ਤੋਚੀ ਦੀ ਕੰਡ ਪੂਰੇ ਮੋਹ ਨਾਲ਼ ਥਾਪੜੀ – “ ....ਏਹ ਕਿੱਡਾ ਕੁ ਔਖਾ ਕੰਮ ਆ , ਅੱਜ ਹੀ ਹੋਇਆ ਲੈ ! ....ਜਾਹ ਗਾਮੀ ਨੂੰ ਮਿਲ਼ ਲਾ ਜਾ ਕੇ , ਆਪਣੇ ਪਿੰਡੇ ਆਲੇ ਨੂੰ । ਆਖੀਂ ਸਰਪੰਚ ਨੇ ਭੇਜਿਆ , ਰੱਖਾ ਸੂੰਹ ਨੇ .....।“

ਸਰਪੰਚ ਮੂੰਹੋਂ ਗਾਮੀ ਦਾ ਨਾਂ ਸੁਣ ਦੇ ਤੋਚੀ ਥੋੜ੍ਹਾ ਘਾਬਰਿਆ । ਇਸ ਲਈ ਨਹੀਂ ਕਿ  ਗਾਮੀ ਤੋਂ ਭੈਅ ਆਉਂਦਾ ਸੀ ਉਸਨੂੰ ,ਜਾਂ ਉਸ ਨਾਲ ਵੈਰ-ਵਿਰੋਧ ਸੀ ਕਿਸ ਕਿਸਮ ਦਾ । ਉਹ ਤਾਂ ਸਗੋਂ , ਯਾਰ-ਮਿੱਤਰ ਰਹੇ ਸਨ ਸ਼ੁਰੂ ਤੋਂ । ਭਲੀ-ਭਾਂਤ ਸਮਝਦੇ-ਸਿਆਣਦੇ ਸਨ ਇਕ ਦੂਜੇ ਨੁੰ । ਥੋੜ੍ਹਾ ਬਹੁਤ ਓਹਲਾ-ਪਰਦਾ ਰੱਖ ਕੇ ਵੀ ਕਿੰਨੀ ਸਾਰੀ ਸਾਂਝ ਸੀ ਦੋਨਾਂ ਵਿਚਕਾਰ । ਬਾਵੇ ਉੱਤੇ ਗੋਲੀ ਦਾਗ਼ਣ ਕਾਰਨ ਥੋੜ੍ਹੀ ਬਹੁਤ ਰੰਜਸ਼ ਹੋਈ ਵੀ ਤੋਚੀ ਨੂੰ , ਤਾਂ ਉਹ ਉਸਨੇ ਗਾਮੀ ਦਾ ਪਾਰਟੀ ਐਕਸ਼ਨ ਸਮਝ ਕੇ ਛੇਤੀ ਹੀ ਭੁੱਲ-ਭੁਲਾ ਛੱਡੀ । ਉਹ.....ਉਹ ਤਾਂ ਅਜੇ ਤਕ ਵੀ ਓਧਰ ਹੀ ਗਾਮੀ ਨੂੰ ,ਪੱਮੀ ਮਾਸਟਰ ਵਲਾਂ । ਉਸਦੇ ਤਾਂ ਚਿੱਤ ਚੇਤੇ ਵੀ ਨਹੀ ਸੀ ਕਿ ਟੁੱਟੇ-ਖੁੱਸੇ ਜਿਹੇ ਘਰ-ਘਾਟ ਵਾਲਾ ਗਾਮੀ ਐਡਾ ‘ਵੱਡਾ ਕਾਰਕੁਨ ’ ਹੋ ਸਕਦਾ ਐਧਰਲੇ ਵੰਨੇ.....।

ਸਾਰਾ ਵਹਿਮ ਭੁਲ-ਭੁਲਾ ਕੇ ਉਹ ਓਸੇ ਦਿਨ ਗਾਮੀ ਨੂੰ ਜਾ ਮਿਲਿਆ ਸੀ , ਉਸਦੇ ਪੱਕੀ ਇੱਟ ਕੇ ਬਗਲੇ ਵਾਲੇ ਕੱਚੇ ਘਰ ‘ਚ । ਸ਼ਾਮੀ ਹਨੇਰੇ ਪਏ ।

ਬਿਨਾਂ ਕਿਸੇ ਲੱਗ-ਲਿਬੈੜ ਦੇ ਉਹਨੇ ਸਰਪੰਚ ਦੀ ਆਖੀ ਬੋਲੀ ਸਾਰੀ ਬਾਤ-ਵਾਰਤਾ ਉਵੇਂ ਦੀ ਉਵੇਂ ਗਾਮੀਂ ਨੂੰ ਆਖੀ ਸੁਣਾਈ – “.....ਏਹ ਲੱਤਾਂ-ਠੁੱਡਿਆਂ ਦੇ ਯਾਰ ਗੱਲੀਂ-ਬਾਤੀਂ ਸੂਤ ਨਈਂ ਆਉਣੇ । ਏਨਾਂ ਤਾਂ ਦੂਜੇ ਰੁਕ ਈ ਸਿੱਧੇ ਹੋਣਾ ਟੇਢੇ ਢੰਗ ਨਾ ....ਵਿੰਗੀ ਉਗਲ ਦੇਖ ਕੇ .....”,ਸੱਜੇ ਹੱਥ ਦੀ ਉਂਗਲੀ ਘੋੜਾ ਦੱਬਣ ਵਾਂਗ ਵਿੰਗੀ ਕਹਿੰਦੀਆਂ ਤੋਚੀ ਨੇ ਆਪਣਾ ਹਿਰਖ਼ ਉਵੇਂ ਜਾਰੀ ਰੱਖਿਆ – “....ਮਿੱਟੀ-ਪਾਣੀ ਸਾਡੇ ਖੇਤਾਂ ਦਾ, ਸਿੱਖ-ਜੱਟਾਂ ਦਾ ਨੇ ਘਰ-ਤਜੋਰੀਆਂ ਏਹ ਭਰੀ ਜਾਂਦੇ ਆ ਸਿਰ ਘਸੇ ।...ਏਨ੍ਹਾਂ ਤਾਂ ਸਾਨੂੰ ਲੋਕਾਂ ਨੂੰ ਘਸਿਆਰੇ ਬਣਾ ਛੱਡਿਆ ਘਸਿਆਰੇ, ਦੋ-ਦੋ ਟਕੇ ਦੇ ਮੰਗਤੇ । ....ਲੱਖਾਂ ਦੇ ਜੀਮੀਂ ਮਾਲਕ ਅਹੀਂ ਨੰਗ ਹੋਏ ਫਿਰਦੇ ਆ, ਨੰਗ । ਲੈ ਭਰਾ, ਮੇਰਾ ਕੰਮ ਤੇਰੇ ਜੁੰਮੇ  ਆਂ, ਤੂੰ ਈ ਕਰਨਾ । ਸਰਪੰਚ ਆਂਹਦਾ ਸੀ ,ਤਕੜਾ ਹੋ ਤਕੜਾ , ਐਮੇਂ ਨਾ ਮੋਕ ਜਿਹੀ ਮਾਰੀ ਜਾਇਆ ਕਰ, ਜੱਟ-ਸਿੱਖਾਂ ਦਾ ਪੁੱਤਰ ਹੋ ਕੇ....।“

ਤੇਰੀ ਹੱਥ ਆਇਆ ਸਰਪੰਚ ਦਾ ਸੁਨੇਹਾ ਸੁਣ ਕੇ  ਗਾਮੀ ਨੂੰ ਚਿੰਤਾ ਤਾਂ ਜ਼ਰੂਰ ਹੋਈ , ਪਰ ਜੱਟ ਹੋਣ ਦਾ ਸੰਕਲਪ ਉਸਦੇ ਸੰਘੋਂ ਹੇਠਾਂ ਨਹੀਂ ਸੀ ਉਤਰਿਆ , ਨਾ ਸਿੱਖ ਹੋਣ ਦਾ ।...ਹੁਣ ਤੱਕ ਤਾਂ ਉਸਦੇ ਭਾਈਚਾਰੇ ਨੇ ਉਸਨੂੰ ਕਦੀ ਆਪਣਾ ਨਹੀਂ ਸੀ ਸਮਝਿਆ , ਆਪਣੇ ਵਿਚੋਂ ।ਨਾ ਈ ਉਸਦੇ ਮਾਂ-ਪਿਓ ਨੂੰ । ਜੱਟ ਹੁੰਦਿਆਂ ਵੀ ,ਸਿੱਖ ਹੁੰਦਿਆਂ ਵੀ । ਗਾਮੀ ਤਾਂ ਹੋਰ ਵੀ ਦੋ ਲਾਂਘਾਂ ਪਿਛਾਂਹ ਸੀ ਉਹਨਾਂ ਤੋਂ । ਮੁੱਲਾਂ-ਕੱਟ ਕਰਵਾ ਕੇ । ਪੰਮੀ ਮਾਸਟਰ ਵਰਗਾ । ਉਸਦੀ ਬੰਬੀ ‘ਤੇ ਅਕਸਰ ਅੳਦੇ-ਮਿਲਦੇ ਕਈਆਂ ਹੋਰਨਾਂ ਵਰਗਾ । ਜਿਹਨਾਂ ਮੂੰਹੋਂ ਕਦੀ ਵੀ ਗਾਮੀ ਨੇ ਜਾਤਾ-ਗੋਤਾਂ, ਧਰਮਾਂ-ਮਜ਼ਹਬਾਂ ਦੀ ਗੱਲ ਨਹੀ ਸੀ ਸੁਣੀ ।ਹਾਸੇ-ਠੱਠੇ ‘ਚ ਵੀ ਨਹੀਂ ।

ਹੁਣ ਤੱਕ ਉਹਨਾਂ ਵਰਗਾ ਬਣੇ ਰਹੇ ਗਾਮੀ ਨੂੰ , ਸਰਪੰਚ ਨੇ ਆਪਣੇ ਵਰਗਾ ਆਖ ਕੇ , ਕਾਫੀ ਸਾਰਾ ਬੇਚੈਨ ਕਰ ਦਿੱਤਾ ।

ਉਸਦਾ ਜੀਅ ਕੀਤਾ ਕਿ ਉਸੇ ਵੇਲੇ ਸਰਪੰਚ ਵੱਲੋਂ ਆਏ ‘ਸਰੋਪੇ ’ ਦਾ ਮੋੜਵਾਂ ਉੱਤਰ ਦੇ ਭੇਜੇ । ਉਸਨੂੰ , ਉਸਦੇ ਮਾਂ-ਪਿਓ ਨੂੰ ਹੁਣ ਤੱਕ ਆਪਣੇ , ਆਪਣੀ ਦਿੱਖ ਵਰਗੇ ਭਾਈਚਾਰੇ ਤੋਂ ਬਾਹਰ ਰੱਖੀ ਰੱਖਣ ਦਾ ਕਾਰਨ ਪੁੱਛੇ,ਪਰ ਉਸਨੇ ਅੰਦਰ ਉੱਠੇ ਜਵਾਰਭਾਟੇ ਨੁੰ ਦੱਬ ਹੀ ਲਿਆ ਸੀ , ਇਕ ਦਮ ।

ਸ਼ਾਇਦ ਤੋਚੀ ਖਾਤਰ ।

ਤੋਚੀ ਰਾਹੀਂ ਆਇਆ ਸਰਪੰਚ ਦਾ ਸੁਨੇਹਾ , ਉਸਨੇ ਸ਼ਾਮ ਬਾਬੂ ਤਕ ਅਗਲੇ ਦਿਨ ਹੀ ਅੱਪੜਦਾ ਕਰ ਦਿੱਤਾ, ਥੋੜ੍ਹਾ ਕੁ ਹੋਰ ਤਿੱਖਾ ਕਰਕੇ ।

ਬੱਸ, ਦਿਨਾਂ ਅੰਦਰ ਹੀ ਤੋਚੀ ਦੇ ਚਾਰੋਂ ਖੇਤ, ਖੇਤੀ ਕਾਰਜ ਲਈ ਵਿਹਲੇ ਹੋ ਗਏ ਸਨ ।

ਸਮੇਤ ਵਿਆਜ ।

ਤੋਚੀ ਦਾ ਭਲਾ ਕਰਕੇ ਗਾਮੀ ਨੇ ਜਾਂ ਉਸ ਨਾਲ ਪੱਗ-ਵਟਾ ਵਰਗੀ ਯਾਰੀ ਦੀ ਲਾਜ  ਰੱਖੀ ਹੋਊ , ਜਾਂ ਆਪਣੀ ਹੀ ਵਜਾ-ਕਤਾ ਵਰਗੇ ਬੰਦੇ ਦੀ ਸਮਝਾਈ ਰਣ-ਨੀਤੀ ਦੇ ਕਿਸੇ ਛੇਦ-ਅਨੁਛੇਦ ਦੀ ਪਾਲਣਾ ਕੀਤੀ ਹੋਊ , ਪਰ ਏਨੀ ਕੁ ਮੱਲ ਮਾਰਕੇ ਉਸ ਅੰਦਰ ਇਕ ਵੱਖਰੀ ਕਿਸਮ ਦੀ ਹਲਚਲ ਜਿਹੀ ਹੋਣ ਲੱਗ ਪਈ । ਇਕ ਹੋਰ ਈ ਤਰ੍ਹਾਂ ਦਾ ਵਹਾ ਜਿਹਾ ਵਗਣ ਲੱਗ ਪਿਆ – “.... ਨੇ ਜਾਣੀਏ ਏਹ ਮਾਰਕਾ.....। ਨੇ ਜਾਣੀਏ ਏਹ ਜਿੱਤ....! ਹੁਣ ਤਕ ਉਹ ਐਮੇ ਈ ਜੱਟ-ਸਿੱਖ ਭਾਈਚਾਰੇ ਨੂੰ ...? ਹੁਣ ਤਕ ਐਮੇਂ ਈ ਉਹ ਸਿਰ-ਘਸੇ ਜਿਹੇ ਬਾਊ ਦੇ ਬੋਲ-ਕਬੋਲ...? “

ਉਸ ਅੰਦਰ ਉਂਗਮ ਆਈ ਹਲਕੀ ਜਿਹੀ ਤਬਦੀਲੀ ਬੱਸ ਥੋੜੇ ਕੁ ਦਿਨਾਂ ‘ਚ ਉਸਦੇ ਬਾਹਰ ਵੀ ਦਿੱਸਣ ਲੱਗ ਪਈ । ਉਸਦੇ ਮੂੰਹ-ਮੱਥੇ ‘ਤੇ , ਉਸਦੇ ਅੰਗਾਂ-ਪੈਰਾਂ ‘ਤੇ । ਉਸਦੀ ਚਾਲ-ਢਾਲ , ਬੋਲ-ਬਾਣੀ ਕਾਫੀ ਸਾਰੀ ਬਦਲ ਜਿਹੀ ਗਈ ।

ਬਾਬੂ ਮਾਲਿਕ ਨੂੰ ਆਪਣੇ ਦਫ਼ਤਰ  ਮੁਨਸ਼ੀ ਦਾ ਰੰਗ-ਢੰਗ ਦੇਖ ਕੇ ਢੇਰ ਸਾਰਾ ਸ਼ੱਕ ਹੋਰ ਵਧ ਗਿਆ ।

ਸ਼ੱਕ ਤਾਂ ਉਸਨੂੰ ਪਹਿਲਾਂ ਵੀ ਹੈਗਾ ਸੀ ਗਾਮੀ ‘ਤੇ , ਦਫ਼ਤਰ ਵਾਪਰੀ ਘਟਨਾ ਕਾਰਨ । ਪਰ ,ਓਦੋਂ ਗਾਮੀ ਨੇ ਸਰਾ-ਸਰ ਰਾਖੀ ਕੀਤੀ ਸੀ ਸ਼ਾਮ ਬਾਬੂ ਦੀ । ਰਾਖੀ ਹੀ ਨਹੀਂ ਸਗੋਂ ਜ਼ਿੰਦਗੀ ਬਖਸ਼ੀ ਸੀ ਉਸਨੂੰ । ਨਹੀਂ ਤਾਂ ਕੁਝ ਵੀ ਵਾਪਰ ਸਕਦਾ ਸੀ ਗੱਡੀ ਨਾਲ਼ ।ਜੇ ਨਾਂਹ-ਨੁੱਕਰ ਕਰਦਾ ਚਾਬੀ ਦੇਣੋਂ, ਤਾਂ ਉਸ ਨਾਲ਼ ਵੀ ।

ਉਸ ਤੋਂ ਪਿੱਛੋਂ ਸਰਪੰਚ ਦੇ ਕਿਸੇ ਬੰਦੇ ਦੀ ਹਿੰਮਤ ਨਹੀ ਸੀ ਹੋਈ , ਸ਼ਾਮ ਬਾਬੂ ਵੱਲ, ਉਸਦੇ ਕਿਸੇ ਵੀ ਭੱਠਾ  ਦਫ਼ਤਰ ਵਲ ਮੂੰਹ ਕਰਨ ਦੀ ।

ਚੰਦਾ-ਢਾਲ ਮੰਗਣ ਦੀ ਵੀ ਨਹੀਂ ।

ਹੁਣ ਤਕ ਉਸਦਾ ਸ਼ੱਕ  ਗਾਮੀਂ ਦੇ ਅਹਿਸਾਸ ਹੇਠ ਦੱਬ ਹੋਇਆ ਕਦੀ ਵੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ ।

ਤੋਚੀ ਦੇ ਖੇਤਾਂ  ਦੀ ਮੋੜ-ਮੁੜਾਈ ਪਿਛੋਂ ਤੋਂ ਉਸਨੇ ਗਾਮੀਂ ਵੱਲ ਨੁੰ ਹੋਰੂੰ-ਹੋਰੂੰ  ਜਿਹਾ ਝਾਕਦਾ ਸ਼ੁਰੂ ਕਰ ਦਿੱਤਾ ।

ਕੌੜੀ ਜਿਹੀ ਗਹਿਰੀ ਜਿਹੀ ਅੱਖੇ ।

ਉਂਝ ਮੂੰਹੋ-ਤੂਹੋਂ ਕਿਹਾ-ਬੋਲਿਆ ਕੁਝ ਨਾ, ਗਾਮੀ ਨੂੰ ।

ਕਹਿਣ-ਬੋਲਣ ਦੀ ਹਿੰਮਤ ਨਾ ਹੋਈ , ਡਰਦੇ ਦੀ ।

ਜਿੱਥੇ ਹੁੰਦੀ ਸੀ ਹਿੰਮਤ , ਉੱਥੇ ਉਸਦੇ ਠੁੱਡੇ-ਮੁੱਕੀਆਂ ਸਗੋਂ ਚਾਂਬਲ ਗਏ ।

ਬੰਦੂਆ ਮਜ਼ਦੂਰਾਂ ਵਰਗੀ ਕਾਰੀਗਰ ਲੇਬਰ ‘ਤੇ ।

ਆਏ ਦਿਨ ਕੋਈ ਨਾ ਕੋਈ ਲਹੂ-ਲੁਹਾਨ ਹੋਇਆ ਹੁੰਦਾ-ਨਿਕਾਸੀ –ਭਰਾਈ ਵਾਲਾ , ਚੁਣਾਵਾ ਪਥੇਰਾ ਜਾਂ ਹੋਰ ਕੋਈ ਮਾੜੀ-ਧਾੜ ।

ਉਸਦੇ ਘਸੁੰਨ-ਮੁੱਕੇ ਖਾ ਕੇ ।

ਐਵੇਂ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਰੋਂਦੀ-ਕਲਪਦੀ ਲੇਬਰ ਮੁੜ ਘੜੀ ਗਾਮੀ ਕੋਲ ਅੱਪੜਦੀ । ਉਸ ਉੱਤੇ ਗਿਲੇ-ਸ਼ਿਕਵੇ ਕਰਦੀ । ਉਲ੍ਹਾਮੇ ਦਿੰਦੀ ਉਸਨੂੰ – “.... ਯਾ ਕਾ ਹੋਵਤ ਹੈ ਮੁਨਸ਼ੀ  ਬਾਬੂ....ਕਾਹੇ ਜੁਲਮ ਹੋਵਤ ਹੈ ਹਮ ਪੇ ! ....ਤੁਮ ਤੋ ਬੋਲਤ ਰਹੋ  ਨਾਹੀ ਕਰਤ ਹੋ ਮਾਰਪੀਟ , ਅੱਬ ਕੀ ਬਾਰ । ਨਾਹੀ ਦੇਵਤ ਹੋ ਗਾਲੀ ਹਮਹੀ ਜਾਤ ਕੋ , ਹਮਰੇ ਦੇਸ-ਗਾਂਵ ਕੋਂ .....! ਉਧਰ ਐਸਾ ਈ ਬੋਲਤ ਹੈ ਨਾ ਤੂੰ ਮੁਨਸ਼ੀ ਬਾਬੂ....!! ‘’

ਉਹਨਾਂ ਦੇ ਸੱਚ ਸਾਹਮਣੇ ਛਿੱਥੇ ਪਏ ਗਾਮੀਂ ਨੂੰ ਸਰਪੰਚ ਦੇ ਤੋਚੀ ਹੱਥ ਭੇਜੇ ਬੋਲ ਹਰ ਵਾਰ ਥਾਪੀ ਦਿੰਦੇ ਉਸਨੂੰ – “....ਏਹ ਲੱਤਾਂ-ਠੱਡਿਆਂ ਦੇ ਯਾਰ, ਗੱਲੀ-ਬਾਤੀਂ ਸੂਤ ਨਈਂ ਆਉਣੇ । ਏਨ੍ਹਾਂ ਨੂੰ ਦੂਜੇ ਰੁਕ ਈ ਸੂਤ....।“ਵਿਚੋਂ ਹੀ ਕਿਧਰੇ ਪੱਮੀ ਮਾਸਟਰ ਦੀ ਸਿੱਖਿਆ-ਵਿਦਿਆ ਵੀ ਉਸਦੀ ਪਿੱਠ ਆ ਥਾਪੜਦੀ – “ ....ਏਹ ਮਾਇਆਧਾਰੀ ਜਮਾਤ ਪੈਰਾਂ ਦੀ ਬੜੀ ਥਿੜਕੂ  ਹੁੰਦੀ , ਇਕ ਨੰਬਰ ਦੀ ਡਰਪੋਕ । ਜ਼ਰ ਕੁ  ਅੱਖ ਗਹਿਰੀ ਕਰਨ ਤੇ ਬੱਸ ....।“

ਪਰ, ਗਾਮੀ ਨੇ ਹੁਣ ਤਕ ਨਾ ਤਾਂ ਕਦੀ ਮਾਲਿਕ ਬਾਬੂ ਵੱਲ ਨੂੰ ਗਹਿਰੀ ਅੱਗੇ ਦੇਖਿਆ ਸੀ ,ਨਾ ਈ ਉਸਨੂੰ ਦੂਜੇ ਰੁਕ ਸੂਤ ਕਰਨ ਲਈ ਉਬਾਲਾ ਖਾਧਾ ਸੀ , ਉਸਦੇ ਅੰਦਰ ਨੇ ।

ਸਰਪੰਚ ਤੋਂ ਲਿਆ ਫੜਿਆ ਨਵਾਂ-ਨਿਕੋਰ ਪੁਰਜ਼ਾਂ ਸਾਂਭ ਪਕੜ ਕੇ ਵੀ ਨਹੀਂ ।

ਪੱਮੀ ਮਾਰਟਰ ਦਾ ਸਮਝਾਇਆ ਤਿੱਖਾ ਸੰਘਰਸ਼ੀ ਰਾਹ ਵੀ ਉਸਨੂੰ ਬਾਵੇ ਨੂੰ ਜ਼ਖਮੀ ਕਰਨ ਤੋਂ ਪਿੱਛੋਂ ਜਾ ਕੇ ਕਿਤੇ ਯਾਦ ਆਇਆ – “.....ਏਹ ਹਥਿਆਰ ਸ਼ਕਤੀ ,ਜਥੇਬੰਦਕ ਸ਼ਕਤੀ ਦੀ ਮੁੱਠ ‘ਚ ਹੋਣੀ ਚਾਹੀਦੀ ,ਕੱਲੇ-ਕਹਿਰੇ ਨਾਇਕ ਦੇ ਹੱਥ ‘ਚ ਨਹੀਂ । ਨਹੀਂ ਤਾਂ .....ਨਹੀਂ ਤਾਂ .....।“

ਬਾਵੇ ਦੀ ਪੈੜ ਚਾਲ ਵਰਗੀ ਪੁੱਟੀ ਪਹਿਲੀ ਲਾਂਘ ਹੀ ਉਸਨੂੰ ਬਿਲਕੁਲ ਹੀ ਦੂਜੇ ਬੰਨੇ ਲੈ ਤੁਰੀ ਸੀ , ਉਲਟ ਬੰਨੇ । ਸ਼ਾਮ ਬਾਬੂ ਕਰਨ ਵੱਲ , ਉਲਟਾ ਉਸਦੀ ਰਾਖੀ ਕਰਨ ਵਲ ।

ਉਸਦੇ ਵਹਿਸ਼ੀਆਨਾ ਵਰਤੋਂ ਵਿਹਾਰ ਨੂੰ ਰੋਕਣ ਟੋਕਣ ਲਈ, ਉਸਦੀ ਜਾਂਗਲੀ ਕਿਸਮ ਦੇ ਹਊ ਭਾਵਨਾ ਨੂੰ ਹੋੜਨ ਮੋੜਨ ਲਈ ,ਹੁਣ ਤਕ ਉਸਦੀ ਬਾਬੂਗੀਰੀ ਵਿਰੁੱਧ ਇਕ ਵੀ ਸ਼ਬਦ ਮੂੰਹੋਂ ਨਹੀਂ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹੋਂ ਨਹੀ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹ ‘ਤੇ ਜਾਂ ਪਿੱਠ ਪਿੱਛੇ ।

ਖਿਝੀ-ਖਪੀ ਲੇਬਰ ਨੂੰ ਠਾਰਸ ਦੇਣ ਲਈ ਵੀ ਨਹੀਂ ।

...ਕਿੰਨੇ ਪਾਪੜ ਵੇਲਣੇ ਪੈਂਦੇ ਸਨ ਉਸਨੂੰ ਆਈ ਵਾਰ ਭੱਠਾ ਲੇਬਰ ਨੂੰ ਘਰੋਂ ਤੋਰਨ ਲੱਗਿਆਂ ।ਉਹਨਾਂ ਦੇ ਪ੍ਰਦੇਸੋਂ ਯੂ.ਪੀ., ਬਿਹਾਰ ਜਾਂ ਰਾਜਿਸਥਾਨ ਤੋਂ ।ਕਿਸੇ ਦੀ ਟੁੱਟੀ-ਉੱਖੜੀ ਝੁੱਗੀ-ਝੌਂਪੜੀ ਦਾ ਸਿਰ ਢਕਣ ਕਰਕੇ , ਕਿਸੇ ਦਾ ਰੋਂਦਾ ਵਿਲਕਦਾ ਬਾਲ-ਬੱਲਾ ਵਰਚਾ-ਪਰਚਾ ਕੇ , ਜਾਂ  ਕਿਸੇ ਦੇ ਟੱਬਰ-ਟੀਰ , ਮਾਈ-ਬਾਪ ਦੀਆਂ ਜਗਦੀਆਂ-ਬੁਝਦੀਆਂ ਅੱਖਾਂ ‘ਚ ਕੱਖਾਂ ਕਾਨਿਆਂ ਦ ਝੁੱਗੇ ਢਾਰਿਆਂ ਦੀ ਥਾਂ, ਪੱਕੀਆਂ ਇੱਟਾਂ ਦੇ ਘਰ-ਕੋਠੜਿਆਂ ਦੇ ਸੁਪਨੇ ਲਟਕਦੇ ਕਰਕੇ ।

ਉੱਚੇ ਆਲੀਸ਼ਾਨ ਭਵਨਾਂ ਲਈ ਪੱਕੀ ਇੱਟ ਦੇ ਅੰਬਾਰ ਲਾਉਣ ਵਾਲੀ ਕੱਚੀ ਲੇਬਰ ਦੇ ਟੱਬਰ-ਟੀਰ , ਮਾਈ ਬਾਪ ਦੀਆਂ ਜਗਦੀਆਂ ਬੁਝਦੀਆਂ ਅੱਖਾਂ ‘ਚ ।

ਪਰ, ਹੁਣ ਤਕ ਨਾ ਤਾਂ ਉਹ ਕਿਸੇ ਦਾ ਘਰ ਕੋਠੜੀ ਹੀ ਪੱਕਾ ਕਰਵਾ ਸਕਿਆ ਸੀ ,ਸ਼ਾਮ ਬਾਬੂ ਨੂ ਆਖ ਸੁਣ ਕੇ , ਕਦ ਇਮਦਾਦ ਕਰਵਾ ਕੇ , ਤੇ ਨਾ ਹੀ ਉਸਦੇ ਗੇੰਦੇ-ਮੰਦੇ ਗਾਲੀ ਗਲੋਚ , ਲੱਤਾਂ ਹੂਰੇ ਮੱਕੀਆਂ ਦੀ ਮਾਰ ਤੋਂ ਰੱਖ ਬਚਾਅ ਹੀ ਕਰ ਸਕਿਆ , ਉਹਨਾਂ ਦਾ ।

ਦਿਲੋਂ ਮਨੋਂ ਚਾਹੁੰਦਾ ਹੋਇਆ ਵੀ ।

ਹੋਰ ਤਾਂ ਹੋਰ ਬਾਬੂ ਮਾਲਿਕ ਤਕ ਉਹਨਾਂ ਦਾ ਗਿਲਾ ਸ਼ਿਕਵਾ ਅੱਪੜਦਾ ਕਰਨ ਦੀ ਹਿੰਮਤ ਕਦੀ ਨਹੀਂ ਸੀ ਕੀਤੀ ਗਾਮੀ ਨੇ ।

ਪਰ , ਤੋਚੀ ਦੇ ਖੇਤ ਮੁੜਦੇ ਕਰਨ ਦਾ ਸਰਪੰਚ ਦਾ ‘ਸੁਨੇਹਾ ’ ਸ਼ਾਮ ਬਾਬੂ ਤਕ     ਅਪੜਦਾ ਕਰਨ ਲਈ ,ਉਸ ਅੰਦਰ ਪਤਾ ਨਈਂ ਕਿਵੇਂ ਦੀ ਹਿੰਮਤ ਜਾਗ ਪਈ ।......ਜੱਟ ਸਿੱਖ ਹੋਣ ਦੀ ਉਪਾਧੀ ਮਿਲ ਜਾਣ ਕਰਕੇ ਜਾਂ ਪੱਮੀ ਮਾਸਟਰ ਦੀ ਬੰਬੀ ਤੇ ਮਿਲਦੇ ਟੱਕਰਦੇ ਰਹੇ ਓਪਰੇ ਜਿਹੇ ਬੰਦਿਆਂ ਦਾ ਪੰਡਿਤ  ਤੀਰਥ ਰਾਮ ਦਾ ਕਿਹਾ ਸੁਣਿਆ ਸਾਰਾ ਕੁਝ ਭੁੱਲ-ਭੁਲਾ ਜਾਣ ਕਰਕੇ ।

ਉਸਦੇ ਆਪਣੇ ਯਤਨਾਂ ਨਾਲ ਆਈ ਦੂਰ-ਪਾਰ ਦੀ ਲੇਬਰ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਉਲ੍ਹਾਮਾ ਲਈ ਉਸਦਾ ਦਫ਼ਤਰ ਮੱਲੀ  ਰੱਖਦੀ , ਉਸਦੀ ਤਰਫ਼ਦਾਰੀ ਭਾਲਣ ਲਈ ।ਪਿਛਲੇ ਕੱਲ੍ਹ ਦੀ ਘਟਨਾ ਨੇ ਤਾਂ ਜਿਵੇਂ ਉਸਨੂੰ ਉਸਦੇ ਤਰਫ਼ਦਾਰੀ ਦੇ ਖੋਲ ‘ਚੋਂ ਭੁੜਕਾ ਕੇ ਬਾਹਰ ਵਗਾਹ ਮਾਰਿਆ ਹੋਵੇ, ਰੜੇ-ਪੱਧਰੇ । ....ਰੋਂਦੇ ਵਿਲਕਦੇ ਛਾਂਗੂ ਰਾਮ ਨੂੰ ਵਰਚਾ-ਪਰਚਾ ਕੇ ਉਹ ਅਜੇ ਮੁੜਿਆ ਸੀ ਦਫ਼ਤਰ , ਕਿ ਨਿਕਾਸੀ ਕਰਦੀ ਸਾਰੀ ਲੇਬਰ, ਉਸ ਦੁਆਲੇ ਆ ਜੁੜੀ-ਛਾਂਗੂ ਰਾਮ ਨੂੰ ਪਈ  ਮਾਰ ਦਾ ਕਾਰਨ ਪੁੱਛਣ ।

ਹਰ ਕੋਈ ਆਪਣੀ ਆਪਣੀ ਸੁਰ ‘ਚ ਮੰਦਾ-ਚੰਗਾ ਬੋਲਦਾ ਗਿਆ – ਸ਼ਾਮ ਬਾਬੂ ਨੂੰ ਵਿਚੇ ਈ ਗਾਮੀ ਨੂੰ ।

ਕਿਸੇ ਦੇ ਉੱਚੇ-ਨੀਵੇਂ ਬੋਲ ਗਾਮੀਂ ਦੀ ਸਮਝ ਪੈਂਦੇ ਕਿਸੇ ਦੇ ਨਾ ਵੀ ।.....ਬਾਬੂ ਤਾਂ ਆਪਣੀ ਕਾਰਵਾਈ ਪਾ ਕੇ ਉਸੇ ਵੇਲੇ ਖਿਸਕ ਗਿਆ ਸੀ ,ਭੱਠੇ ਤੋਂ ।

ਥੋੜ੍ਹਾ ਕੁ ਚਿਰ ਤਾਂ ਗਾਮੀ ਉਹਨਾਂ ਦਾ ਗੁੱਸਾ-ਗਿਲਾ ਚੁੱਪ-ਚਾਪ ਸੁਣਦਾ ਰਿਹਾ, ਜਿਵੇਂ ਸੁਣਿਆ ਕਰਦਾ ਸੀ ਹਰ ਵਾਰ । ਫਿਰ ....ਫਿਰ ਪਤਾ ਨਈਂ ਉਸਦੇ ਅੰਦਰ ਨੇ ਕਿਹੋ ਜਿਹਾ ਉਛਾਲਾ ਮਾਰਿਆ , ਕਿਹੋ ਜਿਹਾ ਤਾਅ ਚੜਿਆ ਉਸਨੂੰ-ਕੁਰਸੀ ਤੋਂ ਉਠਦਿਆਂ ਸਾਰ ਉਹ ਟੁੱਟ ਹੀ ਪਿਆ ‘ਰੋਂਦੀ-ਵਿਲਕਦੀ ’ ਧੂੜ-ਘੱਟਾ ਹੋਈ ਹਮ ਸ਼ਕਲ ਲੇਬਰ  ‘ਤੇ ।ਪੂਰੇ ਜਲ-ਜਲੋ ਨਾਲ਼, ਪੂਰੀ ਜੱਟ ਹਊ ਨਾਲ਼ ।

ਨਾਲੋਂ-ਨਾਲ ਹੂਰੇ-ਮੁੱਕੀਆਂ, ਲੱਤੇ-ਠੁੱਡੇ , ਨਾਲੋ-ਨਾਲ , ਗਾਲੀ –ਗਲੋਚ , ਗੰਦ-ਮੰਦ ।

ਵਿਚੋਂ ਉਹਨਾਂ ਨੂੰ ,ਵਿਚੇ ਉਹਨਾਂ ਦੇ ਪ੍ਰਾਂਤਾਂ-ਸੂਬਿਆਂ ,ਗੋਤਾਂ-ਜਾਤਾਂ ਨੂੰ ।

ਬਿਲਕੁਲ ਸ਼ਾਮ ਬਾਬੂ ਵਾਂਗ । ਅੱਵਲ ਉਸ ਤੋਂ ਵੀ ਦੋ ਰੱਤੀਆਂ ਉੱਪਰ,ਉੱਚੀ-ਤਿੱਖੀ ਸੁਰ ‘ਚ ।

ਦੌੜਦੀ-ਭੱਜਦੀ ,ਭੈਅ-ਭੀਤ  ਹੋਈ ਨਿਕਾਸੀ ਲੇਬਰ ਤਾਂ ਗਾਮੀ ਨੂੰ ਭੋਣ ਚੜ੍ਹਿਆ ਦੇਖ ਕੇ, ਆਪਣੀ, ਆਪਣੀ ਘੁਰਨੀਂ ਜਾ ਲੁਕੀ, ਪਰ ਸਾਹੋ-ਸਾਹ ਹੋਇਆ ਗਾਮੀਂ ਹੋਰ ਕਿੰਨਾ ਈ ਚਿਰ ਦਫ਼ਤਰੋਂ ਬਾਹਰ ਖੜ੍ਹਾ ਅਵਾ-ਤਵਾ ਬੋਲਦਾ ਰਿਹਾ ।ਪਤਾ ਨਈਂ ਕਿਸ ਕਿਸ ਨੂੰ , ਕੀ ਕੀ ?

ਅਵਾ-ਤਵਾ ਬੋਲਦਾ ਉਹ ਥੋੜ੍ਹੇ ਚਿਰ ਪਿੱਛੋਂ ਫਿਰ ਜਿਵੇਂ ਸੁੰਨ ਹੀ ਹੋ ਗਿਆ, ਇਕ ਦਮ ਚੁੱਪ  । ਹੁਣੇ ਹੁਣੇ ਗੜ੍ਹਕਦੇ-ਗਰਜਦੇ ਬੋਲ ਜਿਵੇਂ ਉਸਦੇ ਅੰਦਰ ਸੌ ਈ ਗਏ, ਦੱਬ ਈ ਗਏ ਹੋਣ ।

ਉਸਦੇ ਕੰਬਦੇ-ਡੋਲਦੇ ਅੰਗ ਪੈਰ ਵੀ ਭੱਠੇ ਦੇ ਕਿਸੇ ਵੀ ਕਿਸੇ ਹਿੱਸੇ ਵੱਲ ਨੂੰ ਤੁਰਨ ਤੋਂ ਇਨਕਾਰੀ ਹੋ ਉੱਠੇ ।

ਨਾ ਅਗਾਂਹ ਘਾਟ ਵੱਲ ਨੂੰ , ਨਾ ਪਿਛਾਂਹ ਦਫ਼ਤਰ ਵੱਲੋ ਨੁੰ ।

ਦਿਨ ਭਰ ਦੀ ਵੇਚ-ਵਟਕ ਉਵੇਂ ਦੀ ਉਵੇਂ ਪਈ ਛੱਡ,ਉਹ ਇੱਟਾਂ ਦੀ ਜੂਹ ‘ਚੋਂ ਬਾਹਰ ਨਿਕਲ ਆਇਆ ।....ਰਵਾਂ-ਰਵੀਂ ਤੁਰਿਆ ਉਹ ਪਿੰਡ ਪਹੁੰਚ ਗਿਆ, ਸਿੱਧਾ ਆਪਣੇ ਘਰ ।

ਘਰ ਦੀ ਚਾਰ-ਦੀਵਾਰੀ ਅੰਦਰ  ਬੰਦ ਹੋਇਆ , ਫਿਰ ਕਈ ਦਿਨ ਅੰਦਰੋਂ ਬਾਹਰ ਨਾ ਨਿਕਲਿਆ ।

ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ....ਉਹ ਇਸ ਦਾ ਕੀ ਕਾਰਨ ਦੱਸੇ ਕਿਸੇ ਨੂੰ.....।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ.....।

 

                                                ------------------

 

ਪਤਾ : ਲਾਲ ਸਿੰਘ ਦਸੂਹਾ

ਨੇੜੇ ਸੈਂਟ ਪਾਲ ਕਾਨਵੈਂਟ ਸਕੂਲ,

ਵਾਰਡ ਨੰਬਰ 6 ,ਨਿਹਾਲਪੁਰ,

 ਦਸੂਹਾ(ਹੁਸ਼ਿਆਰਪੁਰ)

Mobile No : 094655-74866

web page – lalsinghdasuya.yolasite.com

ਕਹਾਣੀ : ਇਕ ਕੰਢੇ ਵਾਲਾ ਦਰਿਆ - ਲਾਲ ਸਿੰਘ

ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ ।  ਕੁਮਾਰ ਜੀ ਦਾ ਹੁਕਮ ਸੀ – ‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘

ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ ਹੋ ਉੱਠਿਆ । ਬਿਨਾਂ ਕਿਸੇ ਨਿੱਜੀ ਅੰਗ-ਰਾਖੇ ਦੇ ਕਰਮੇ ਦੀ ਕੁੱਲੀ ਸਾਹਮਣੇ ਆ ਭੱਬਕਿਆ – “ਓਏ ਕਰਮੂੰ ਕੇ ਬੱਚੇ,ਬਾਹਰ ਆ ਜ਼ਰਾ.....।“

ਕਰਮਾ ਅਜੇ ਆਇਆ ਈ ਸੀ ਕੰਮ ਤੋਂ । ਥ੍ਰੀ-ਵੀਲਰ ਖੜ੍ਹਾ ਕਰਕੇ ਅਜੇ ਗਿਆ ਈ ਸੀ ਅੰਦਰ । ਉਸ ਦੀ ਚੀਕ ਜਿਹੀ ਸੁਣ ਕੇ , ਝੱਟ ਬਾਹਰ ਆ ਗਿਆ । ਬਿਨਾਂ ਕਿਸੇ ਡਰ-ਭੈਅ ਦੇ ਉਹ ਵਰਮੇ ਦੀ ਗੱਡੀ ਸਾਹਮਣੇ ਆ ਖੜ੍ਹਾ ਹੋਇਆ ।

ਵਰਮੇ ਦੀਆਂ ਅੱਖਾਂ ਜਿਵੇਂ ਲਹੂ ਡੋਲ੍ਹ ਰਹੀਆਂ ਹੋਣ ।ਬਿਨਾਂ ਬੋਲੇ ਜਿਵੇਂ ਉਹ ਵਿੰਡ-ਗਲਾਸ ਵਿਚੋਂ ਦੀ ਕਰਮੇ ਦੀ ਮਾਂ ਦੀ , ਧੀ ਦੀ ਕਰ ਰਹੀਆਂ ਹੋਣ ।

ਉਸਦੀ ਬਿਫ਼ਰੀ-ਬਿਗੜੀ ਹਾਲਤ ਦੇਖ ਕੇ ਕਰਮਾ ਕੁਝ ਡਰਿਆ । ਪਰ, ਆਂਡ-ਗੁਆਂਢ ਤੋਂ ਉਸ ਵੱਲ, ਸਰਕ ਆਈ ਕਿੰਨੀ ਸਾਰੀ ਭੀੜ ਦੇਖ ਕੇ ਮੁੜ ਹੌਸਲਾ ਫੜ ਗਿਆ – “ ਆ ਓਏ ਬਾਊ...ਉਤਰ ਆ ਬੱਲੇ ।.....ਦੱਸ ਕੀ ਹੁਕਮ ਆਂ ? “

ਬਾਉ ਵੀ ਕਰਮਾ ਉਸ ਨੂੰ ਕਿਸੇ ਦੇ ਸਾਹਮਣੇ ਈ ਕਿਹਾ ਕਰਦਾ ਸੀ , ਨਹੀਂ ਕੱਲੇ ਨੂੰ ਉਹ ਉਸ ਨੂੰ ਬਰਮੂੰ ਆ ਕੇ ਬੁਲਾਉਂਦਾ ਜਾਂ ਸ਼ਰਮਾ। ਥਾਂ ਘਰ ਥਾਂ ਛੇਕ ਕਰਨ ਵਾਲਾ ਜੰਤਰ ।ਕੁਮਾਰ ਬਾਬੂ ਦਾ ਹੱਥ-ਠੋਕਾ । ਉਂਝ ਵਰਮੇ ਦਾ ਅਸਲ ਨਾਂ ਵੀ ਕਰਮੇ ਨੂੰ ਨਹੀਂ ਸੀ ਪਤਾ ।ਪਤਾ ਕਰਨ ਦੀ ਲੋੜ ਈ ਨਹੀਂ ਸੀ ਪਈ । ਉਨ੍ਹਾਂ ਦੇ ਕੰਮਕਾਰ ਦੀ ਸਾਂਝ ਵੀ ਰਹੀ, ਥਾਂ-ਟਿਕਾਣੇ ਦੀ ਵੀ । ਜਿੰਨਾ ਕੁ ਵਰਮੇ ਨੇ ਦੱਸਿਆ , ਪਹਿਲੀ ਵਾਰ ਮਿਲਣ ‘ਤੇ , ਉਸੇ ਨਾਲ ਹੀ ਚਲਦੀ ਰਹੀ ਗੱਡੀ ।

ਵਰਮਾ ਉਸ ਨੂੰ ਵੀਹ ਕੁ ਵਰ੍ਹੇ ਪਹਿਲਾਂ ਟੱਕਰਿਆ ਸੀ, ਵੱਡੀ ਮਸੀਤ ਸਾਹਮਣੇ । ਤੰਗ ਜਿਹੇ ਫੁੱਟ-ਪਾਥ ‘ਤੇ ।ਸ਼ਾਮੀ ਮੂੰਹ-ਹਨੇਰੇ ਜਿਹੇ । ਉੱਚੇ ਜੰਗਲੇ ਦੀ ਓਟ ‘ਚ । ਜਿਥੇ ਕਰਮਾ ਹਰ ਰੋਜ਼ ਰਾਤੀ ਆ ਟਿਕਦਾ ।....ਇਕ ਦਿਨ ਉਸ ਤੋਂ ਪਹਿਲਾਂ ਹੀ ਕੋਈ ਓਪਰਾ ਮੁੰਡਾ ਉਸਦੀ ਥਾਂ ਮੱਲੀ ਪਿਆ ਸੀ । ਉਸ ਨੇ ਆਉਂਦੇ ਨੇ ਉਹਨੂੰ ਉੱਥੋਂ ਹਟ ਜਾਣ ਲਈ ਕਿਹਾ । ਉਹ ਅੱਗੁਂ ਪੈਂਦੀ ਸੱਟੇ ਕਰਮੇ ਦੇ ਗਲ਼ ਪੈ ਗਿਆ । ਗਾਲੀ-ਗਲੋਚ ਤੋਂ ਵਧਦੀ ਗੱਲ ਹੱਥੋਪਾਈ ਤਕ ਅੱਪੜ ਗਈ ।ਉਨ੍ਹਾਂ ਦੇ ਲਾਗੇ ਪਾਸੇ ਪਏ-ਸੁੱਤੇ ਕਈਆਂ ਨੇ ਪੈ-ਪੁਆ ਕੇ ਝਗੜਾ ਮੁੱਕਦਾ ਕਰ ਲਿਆ । ਕਰਮੇ ਨੂੰ ਉਸਦੀ ਪਹਿਲੀ ਥਾਂ ਮਿਲ ਗਈ, ਪਰ ਦੂਜੀ ਮੁੰਡਾ ਵੀ ਕਿਧਰੇ ਦੂਰ-ਪਾਰ ਨਾ ਗਿਆ ।ਉਹ ਵੀ ਲਾਗੇ ਹੀ ਪਿਆ ਰਹਿਣ ਲਈ ਰਾਜ਼ੀ ਹੋ ਗਿਆ, ਥੋੜ੍ਹਾ ਕੁ ਹਟਵਾਂ। ਸਵੇਰੇ ਉੱਠਦਿਆਂ ਦੋਨਾਂ ਦੀਆਂ ਅੱਖਾਂ ‘ਚ ਨਾ ਗਿਆ ਸੀ ,ਨਾ ਗੁੱਸਾ । ਥੋੜ੍ਹੀ ਬਓਤ ਅਪਣੱਤ ਜ਼ਰੂਰ ਸੀ ਜਾਂ ਜ਼ਰਾ ਕੁ ਜਿੰਨੀ ਨਮੋਸ਼ੀ-ਫੁੱਟਪਾਥੀ ਹੋਣ ਦੀ ਨਮੋਸ਼ੀ ।

“ ਮੈਂ ਕਰਮਾ ਆਂ...ਤੇਰੇ ਨਾਂ ਕੀ ਆ....” ਕਰਮੇ ਨੇ ਉਸ ਨੂੰ ਆਪਣਾ ਨਾਂ ਦੱਸ ਕੇ ਗੱਲ ਤੋਰਨ ਲਈ ਗੱਲ ਤੋਰੀ ਸੀ ।

“  ਜੇ ਤੂੰ ਕਰਮਾ ਤਾਂ ਮੈਂ ਵਰਮਾ...,” ਉਸ ਨੇ ਜਿਵੇਂ  ਨਹਿਲੇ ‘ਤੇ ਦਹਿਲਾ ਮਾਰਨ ਲਈ ਤਰ੍ਹਾਂ-ਮਿਸਰਾ ਜੋੜ ਦਿੱਤਾ ਹੋਵੇ।

ਫਿਰ ਕਿੰਨੇ ਹੀ ਦਿਨ ਵਰਮਾ, ਨਵੀਂ ਲੱਭੀ ਥਾਂ ‘ਤੇ ਆ ਟਿਕਦਾ ਰਿਹਾ ।

ਗਈ ਰਾਤ ਤਕ, ਉਹ ਆਪਣੇ ਕਾਰ-ਕਿੱਤੇ ਦੇ ਗੱਫੇ-ਤਰਾਰੇ ਕਰਮੇ ਨੁੰ ਦੱਸਦਾ, ਉਸਨੂੰ ਕੁਲੀ-ਗੀਰੀ ਦੇ ਭਾਰ-ਬੋਝ ਤੋਂ ੳਚਾਟ ਕਰਦਾ ਰਿਹਾ ....ਤੇ ਇਕ ਦਿਨ ਉਹ ਵੱਡੀ ਮਸੀਤ ਸਾਹਮਣਲੇ ‘ਰਿਹਾਇਸ਼ੀ-ਅੱਡੇ’ ਤੋਂ ਫਿਰ  ਗਾਇਬ ਸੀ,ਕਰਮੇ ਸਮੇਤ।

ਅਸਲ ‘ਚ ਵਰਮਾ ਕਿਸੇ ਵੀ ਇਕ ਥਾਂ ਬਓਤਾ ਚਿਰ ਟਿਕਿਆ ਨਹੀਂ ਸੀ ਰਿਹਾ ਸਕਿਆ ।

ਇਥੇ ਵੀ ਉਸਨੇ ਅੱਠ-ਸੱਤ ਵਰ੍ਹੇ ਹੀ ਕੱਟੇ ਸਨ, ਇਸ ਬਸਤੀ ‘ਚ । ਜਿਥੇ ਹੁਣ ਉਸਦੀ ਗੱਡੀ ਆ ਧਮਕੀ ਸੀ , ਬਿਨਾਂ ਕਿਸੇ ਅੰਗ-ਰਾਖੇ ਦੇ । ਬਿਨਾਂ ਕਿਸੇ ਭੈਅ-ਡਰ ਦੇ । ਇਥੋਂ ਦੇ ਸਾਰੇ ਲੋਕ ਤਾਂ ਉਸਦੇ ਦੇਣਦਾਰ ਸਨ। ਅਤਿ ਦੇ ਅਹਿਸਾਨਮੰਦ । ਨਹੀਂ ਤਾਂ ਇਨ੍ਹਾਂ ‘ਚ ਕਿਸੇ ਦੀ ਕੀ ਹਿੰਮਤ ਸੀ । ਐਨੀ ਉੱਚੀ, ਐਨੀ ਖੁੱਲ੍ਹੀ ਥਾਂ ਘੇਰ ਕੇ ਬੈਠਣ ਦੀ । ਮੁਫ਼ਤੋ-ਮੁਫ਼ਤ । ਧੁੱਸੀ-ਬੰਨ੍ਹ ਦੇ ਅੰਦਰ । ਇਨ੍ਹਾਂ ਤਾਂ ਮਹਾਂਨਗਰ ਦੇ ਅੰਦਰਲੇ-ਬਾਹਰਲੇ ਫੁੱਟ-ਪਾਥਾਂ ਤੇ  ਰੁੜ੍ਹ-ਖੁੜ੍ਹ ਕੇ ਮਰ-ਮੁੱਕ ਜਾਣਾ ਸੀ ਹੁਣ ਨੂੰ । ਇਹ ਤਾਂ ਭਲਾ ਹੋਵੇ ਉੱਚੇ-ਉੱਚੇ ਮਹਿਲਾਂ ਵਰਗੇ ਬੰਗਲਿਆਂ-ਵਿੱਲਿਆਂ ਅੰਦਰ ਰਸਣ-ਵਸਣ ਵਾਲੀ ਨਰਮ-ਨਾਜ਼ੁਕ ਲਗਰ-ਪੂੰਗ ਦਾ , ਜਿਨ੍ਹਾਂ ਦੀ ਕਮਸਿਨ ਮਹਿਲਾ-ਸੰਮਤੀ ਦੀ ਸਭ ਤੋਂ ਮਾਡਰਨ-ਮਾਡਲ ਕੁਰਸੀ ਰਾਣੀ ਤੋਂ ਅਛੋਪਲੇ ਜਿਹੇ ਉਸਦੇ ਰਮਾਂਚਿਤ ਸੁਭਾਅ ਦੇ ਰਾਜ-ਕੁਮਾਰ ਦੇ ਮੂੰਹ-ਕੰਨ ਨਾਲ ਮੂੰਹ ਜੋੜ ਕੇ ਬੱਸ ਐਨੀ ਕੁ ਗੱਲ ਆਖੀ ਸੀ – “ ਡੀਅਰ ਹਮੇਂ ਫੁੱਟ-ਪਾਥੋਂ, ਸੜਕੋਂ-ਬਾਜ਼ਾਰੋਂ ਪਏ ਸੋਤੇ-ਘੂੰਮਤੇ , ਗੰਦੇ-ਮੰਦੇ ਲੋਕ ਬਿਲਕੁਲ ਅੱਛੇ ਨਹੀ ਲਗਤੇ....ਜੀਆ ਮਤਲਾ ਜਾਤਾ ਹੈਅ  ਹਮਰਾ ਉਨ ਪਏ ਨਜ਼ਰ ਗਿਰਤੇ ਹੀ ....। ਕੁਝ ਕਰੋ ਨਾ, ਡਾਰਲਿੰਗ ...ਪਲੀਜ਼....! “

ਬੱਸ , ਉਸ ਦੇ ਫੁੱਲ-ਪੱਤੀਆਂ ਵਰਗੇ ਰੰਗ-ਬਿਰੰਗੇ ਬੁੱਲ੍ਹਾਂ ‘ਚੋਂ ਐਨੇ ਕੁ ਬੋਲ ਕਿਰਨ ਦੀ ਦੇਰ ਸੀ ਕਿ ਯੁਵਾ-ਵਿੰਗ ਦੇ ਸਰਵੇ-ਸਰਵਾ ਨੇ ਝੱਟ ਅਗਲਾ ਕਾਰਜ ਆਰੰਭ ਦਿੱਤਾ । ...ਕੁਰਸੀ ਰਾਣੀ ਦੇ ਰੋਕਦਿਆਂ-ਟੋਕਦਿਆਂ ।

ਕੁਰਸੀ ਰਾਣੀ ਨੇ ਬਥੇਰਾ ਕਿਹਾ, ਬਥੇਰਾ ਸਮਝਾਇਆ – “ ਬੇਟਾ ਜੀ , ਯਹ ਤੋਂ ਸ਼ਕਤੀ –ਸਥੱਲ , ਰਾਜ-ਸਥੱਲ ਹੈਅ  ਹਮਾਰ ਲੋਗੋਂ ਕਾ, ਯਹ ਤੋਂ ਸੰਘਸ਼ਣ-ਖੜਾਮ ਹੈਅ ਹਮਰੇ ਖਾਨਦਾਨ ਕੀ ....। ਇਨ ਕੋਅ ਊਚਾ ਉਠਾਨੇ ਕੇ ਲੀਏ ਤੋਂ ਲਾਏ ਹੈਅ ਯਹਾਂ, ਦੂਰ-ਦਰਾਜ਼ ਖੇਤੋਂ –ਜੰਗਲੋਂ ਮੇਂ ਸੇ ਉਠਾ ਕਰਕੇ ....।“

ਪਰ, ਇਸ਼ਕੀ-ਮੁਸ਼ਕੀ ਯੁਵਾ-ਨੇਤਾ , ਯੁਵਕੀ-ਸ਼ਕਤੀ ਦੀ ਨਿਕਾਰੀ ਜਿਹੀ ‘ਮੰਗ ’ ਨਜ਼ਰ-ਅੰਦਾਜ਼ ਕਰ  ਕਿਵੇਂ ਸਕਦਾ ਸੀ ।

ਅਗਲੇ ਹੀ ਦਿਨ ਸਾਰਾ ਪ੍ਰਸ਼ਾਸ਼ਨ, ਉਸਦੀਆਂ ਫ਼ਰਮਾਇਸ਼ ਸ਼ੁਦਾ ਆਖੀਆਂ ਦੱਸੀਆਂ ਥਾਵਾਂ ਦੀ ਪੂਰਨ-ਸਫਾਈ ਕਰਨ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।

ਰੇਲ-ਪੁਲ ਹੇਠਲੇ ਪਹਿਲੇ ਥਮਲੇ ਦੀ ਢੋਅ ਨਾਲ ਘੁਰਨਾ ਬਣਾਈ ਬੈਠੇ ਕਰਮੇ-ਵਰਮੇ ਦੇ ਮੌਰਾਂ ‘ਚ ਵੀ ਪੁਲਸੀ  ਡਾਂਗਾਂ ਆ ਵਰ੍ਹੀਆਂ ।

ਅੱਠ-ਦਸ ਦਿਨ ਇਧਰ-ਉਧਰ ਟੱਕਰਾਂ ਮਾਰਦੇ, ਆਖਿਰ ਉਹ ਇਸ ਥਾਂ ਅੱਪੜ ਗਏ, ਜਿਥੇ  ਹੁਣ ਵਰਮੇ ਦੀ ਮਰਸੀਡੀਜ਼ ਆ ਖੜ੍ਹੀ ਸੀ ਤੇ ਕਾਲੇ ਤਰਪਾਲ ਦੇ ਓਟਣੇ ਹੇਠ ਸਾਹ ਲੈਣ ਲਈ ਆ ਰੁਕਿਆ ਕਰਮੇ ਦਾ ਥ੍ਹੀ—ਵੀਲਰ ।

ਵਰਮੇ ਦੇ ਮਨ ‘ਚ ਆਈ ਕਿ ਸਟੇਰਿੰਗ –ਸੀਟ ਤੋਂ ਉਤਰ ਕੇ ਉਹ ਕਰਮੇ ਨੂੰ ਜੂੜਿਓਂ ਫੜ ਲਏ । ਖੱਬੇ-ਸੱਜੇ ਹੱਥ ਦੇ ਦੋ-ਚਾਰ ਲੱਫੜ ਮਾਰਕੇ ਉਦ੍ਹਾ ਬੁਥਾੜ ਭੰਨ ਕੇ ਪੁੱਛੇ...ਹਰਾਮਦੀਏ ਜਿਣਸੇ ,ਤੇਰੇ ਕੋਈ  ਹੱਡ-ਚੰਮ ਲੱਗਦੀ ਵੀ ਆ ਕਿ ਨਈਂ ,ਮੰਗ-ਖਾਣੀ ਜਾਤ ਦੇਏ ....। ਵਾਹਲਾ ਈ ਸੰਨਿਆਸੀ ਬਣਿਆ ਫਿਰਦਾ....ਜੂਠ ਕਿਸੇ ਥਾਂ ਦੀ ....।“

ਪਰ, ਝੱਟ ਹੀ ਉਸ ਨੂੰ ਕੁਮਾਰ ਜੀ ਦੀ ਹੁਣੇ-ਹੁਣੇ ਕੀਤੀ ਹਦਾਇਤ ਚੇਤੇ ਆ ਗਈ – “ ਛੋੜੋ...ਛੋੜੋ ਉਸੇ ....ਏਕ ਦਮ ਦਫਾ ਕਰੋ ...ਖੁਆਜ਼ਾ ਨਗਰ ਦਾ ਸਾਰਾ ਕਾਮ ਅੱਬ ਗੋਪੀ ਕੇ ਸੌਪ ਦੋ, ਗੋਪੀ ਕੋਅ ....।“

ਝੱਟ ਉਸਨੇ ਸਾਰੇ ਦਾ ਸਾਰਾ ਗੁੱਸਾ ਇਕੋ ਡੀਕੇ ਨਿਘਾਰ ਲਿਆ । ਕਰਮੇ ਨਾਲ਼ ਹੂਰਾ-ਮੁੱਕੀ ਹੋਣ ਦੀ ਬਜਾਏ ਉਹ ਗੋਪੀ ਨੂੰ ਇਕ ਪਾਸੇ ਲੈ ਤੁਰਿਆ ।ਇਕੱਲ-ਵੰਨ੍ਹੇ । ਨੱਕ-ਮੂੰਹ ‘ਤੇ  ਰੁਮਾਲ ਰੱਖ ਕੇ ।....ਨਾ ਚਾਹੁੰਦਾ ਹੋਇਆ ਵੀ ।

ਕਰਮੇ ਨੂੰ ਉਹ ਐਵੇਂ ਕਿਵੇਂ ‘ਸੁੱਟਣਾ ’ ਨਹੀਂ ਸੀ ਚਾਹੁੰਦਾ । ਹੁਣ ਇਸ ਤੋਂ ਬਿਨਾਂ ਚਾਰਾ ਕੋਈ ਨਹੀਂ ਸੀ ਉਸ ਪਾਸ ।

-“ ਕੀ ਹਾਲ  ਐ ਠੱਠੀ ਦਾ , ਗੋਪੀ ਸ਼ਾਹ....? ਬੜੇ ਢਿੱਲੇ-ਮੱਠੇ ਚਲਦੇ ਓਂਅ ਐਤਕੀ...? “

“ਨਈਂ ਜਨਾਬ ਬਿਲਕੁਲ ਨਈਂ ....ਐਹੋ ਜੇਈ ਕੋਈ ਗੱਲ ਨਈਂ....ਊਂ ਥੂਆਨੂੰ ਪਤਾ , ਢਿੱਲ-ਮੱਠ ਵੀ ਤਾਂ ਤੁਹੀ ਈ ਦੂਰ ਕਰਨੀ .....। ਬਾਕੀ ਤੁਹੀਂ ਫਿਕਰ ਨਾ ਕਰੋ , ਅਹੀਂ ਸਭ ਤਿਆਰ ਆਂ, ਪੱਕੇ-ਠੱਕੇ ।.....ਆਪਾਂ ਬਓਤ ਸੁਲਝੈ ਬੰਦੇ ਆਂ....।“

‘ਬਾਕੀ ਤਸੀਂ ਫਿਕਰ ਨਾ ਕਰੋ , ਅਹੀ ਸਭ ਤਿਆਰ ਆਂ, ਪੱਕ-ਠੱਕ’, ਵਾਲੀ ਗੱਲ ਗੋਪੀ ਨੇ ਆਪਣੇ ਵੱਲੋਂ ਪੂਰੇ ਜ਼ੋਰ ਨਾਲ ਉਭਾਰੀ , ਜਿਵੇਂ ਪਿਛਾਂਹ ਗੱਡੀ ਲਾਗੇ ਖੜ੍ਹੇ ਆਂਢ-ਗੁਆਂਢ ਨੁੰ ਸੁਣਾ ਕੇ ਆਖ ਰਿਹਾ ਹੋਵੇ । ਨਾਲ ਹੀ ਉਸ ਨੇ ਵਰਮੇ ਨਾਲ ਬਣੀ ‘ਨੇੜਤਾ ’ ਦਾ ਲਾਹਾ ਲੈਂਦਿਆਂ, ਕਰਮੇ ਦੀ ਅਲਗਰਜ਼ੀ ਵੀ ਉਸ ਤਕ ਅੱਪੜਦੀ ਕਰ ਛੱਡੀ । ਥੋੜ੍ਹਾ ਹੋਰ ਪਰ੍ਹਾਂ ਸਰਕ ਕੇ – “...ਹੋਰ ਤਾਂ ਸਭ ਠੀਕ ਆ ਬਾਊ ਬੈਬ ਜੀ ....ਥੁਆਨੂੰ ਪਤਆ ਆਪਾਂ ਬਓਤ ਸੁਲਝੇ ਬੰਦੇ ਆਂ .....। ਤੁਹੀਂ ਮੇਰੇ ਨਾਲ ਕਰਨੀਂ ਸੀ ਸਾਰੀ ਗੱਲ....।“

“ ਅੱਛਾ....ਊਂ  ਮਿਲੇ ਕਿੰਨੇ-ਕਿੰਨੇ ਆਂ ? ਅੱਧ-ਪੁਚੱਧ ਤਾਂ ਮਿਲ ਈ ਗਿਆ ਹੋਊ ....।“ ਅਣਜਾਣ ਬਣਦੇ ਵਰਮੇ ਨੇ ਗੋਪੀ ਦੇ ਮੋਢੇ ‘ਤੇ ਧਰਿਆ ਹੱਥ ਰਤਾ ਕੁ ਉਸਦੀ ਕੰਡ ਵੱਲ ਨੂੰ ਹੋਰ ਸਰਕਦਾ ਕਰ ਦਿੱਤਾ ।

“ ਓ ਕਿੱਥੇ ਬਾਊ ਜੀ ....! ਚਲੋ ਛੱਡੋ,ਅਹੀਂ ਸਮਝਾਂਗੇ ਸਾਰੇ ਈ ਮਿਲ੍ਹ ਗਏ । ਊਂ ਥੁਆਨੂੰ ਪਤਾ ਈ ਆ , ਆਪਾਂ ਬਓਤ ਸੁਲਝੇ ਬੰਦੇ ਆਂ...” ਤੈਅ ਹੋਏ ਸੌਦੇ ਦਾ ਸੱਚ-ਝੂਠ ਦੱਸ-ਪੁੱਛ ਕੇ ਵਾਪਸ ਮੁੜਦੇ ਗੋਪੀ ਨੇ ਨੀਵੀਂ ਕੀਤੀ ਸੁਰ ਮੁੜ ਪਹਿਲਾਂ ਵਾਂਗ ਉੱਚੀ ਕਰ ਲਈ – “ ਬਾਕੀ ਤੁਹੀ ਫਿਕਰ ਨਾ ਕਰੋ ....। ਮਜਾਆਲ ਆ ਇਕ ਵੀ ਬੰਦਾ ਠੱਗੀ-ਠੋਰੀ ਮਾਰੇ ਸਾਡੇ ‘ਚੋਂ....ਆਪਾਂ ਬਓਤ ਸੁਲਝੇ ਬੰਦੇ ਆਂ......”

ਗੋਪੀ ਤੋਂ ਦੋ ਕਦਮ ਹਟਵੇਂ ਮੁੜਦੇ ਵਰਮੇ ਨੇ ਇਕ ਵਾਰ ਫਿਰ ਕਰਮੇ ਨੂੰ ਗਹਿਰੀ ਨਜ਼ਰੇ ਘੂਰਿਆ । ਜਿਵੇਂ ਆਖ ਰਿਹਾ ਹੋਵੇ- “ ਜੇ ਨਈਂ ਸੀ ਕਰਨਾ –ਮਰਨਾ  ਕੁਛ ਵੀ , ਤਾਂ ਫੜ ਕਾਨੂੰ ਲਿਆ ਸੀ , ਲਿਫਾਫਾ......! “

... ਹੁਣ ਤਕ ਉਸਨੇ ਐਹੋ ਜਿਹੇ ਅਨੇਕਾਂ ‘ਡੀਲ’ ਨਪੇੜੇ ਚਾੜ੍ਹੇ ਸਨ ।ਏਥੇ ਇਸ ਬਸਤੀ ‘ਚ ਰਹਿੰਦਿਆਂ ਵੀ ਤੇ ਕੁਮਾਰ ਜੀ ਦੇ ਕੁਆਟਰ ‘ਚ ਪੁੱਜ ਕੇ ਵੀ । ਕਰਮਾ ਵੀ ਉਸਦਾ ਭਾਈਵਾਲ ਰਿਹਾ ਸੀ ਹਰ ਥਾਂ । ਉਹਨਾਂ ਸਭਨਾਂ ਦਾ ਇਕੋ-ਇਕ ਨਿਯਮ ਚੇਤੇ ਸੀ ਉਸਨੂੰ – ‘ਅੱਧੀ ਰਕਮ ਅਡਵਾਂਸ,ਅੱਧੀ ਕੰਮ ਹੋਏ ਤੇਏ.....।‘ ਹੁਣ ਤੱਕ ਉਸਦੇ ਕਿਸੇ ਵੀ ‘ਬਾਸ ‘ ਨੇ ਧੋਖਾ-ਦੇਹੀ ਨਹੀਂ ਸੀ ਕੀਤੀ ਉਸ ਨਾਲ , ਨਾ ਹੀ ਉਸਨੇ ਅਗਾਂਹ ਕੀਤੀ ਸੀ , ਕਿਸੇ ਵੀ ‘ਕਾਰੋਬਾਰੀ ’ ਬੰਦੇ ਨਾਲ ।

ਪਰ ਹੁਣ ਉਸਦਾ ਕਾਰੋਬਾਰੀ ਬੰਦਾ ਈ ਅੜ ਖਲੋਤਾ ਸੀ – ਉਹ ਵੀ ਉਸਦੀ ਆਪਣੀ ‘ਰਿਆਸਤ ’ ‘ਚ । ਜਿਥੇ ਦਾ ਉਹ ਆਪ ‘ਰਾਜਾ ’ ਹੁੰਦਾ ਸੀ ਕਦੀ । ਪੱਤਾ ਨਹੀਂ ਸੀ ਹਿੱਲ ਸਕਦਾ ਉਸਦੇ ਕਹਿਣਾ –ਆਖਣ ਤੋਂ ਬਿਨਾਂ । ....ਹਿੱਲਣਾ ਵੀ ਕਿਵੇਂ । ਹੋਰ ਕਿਸੇ  ਦੀ ਹਿੰਮਤ ਕਿੱਥੇ ਸੀ ਐਹੋ ਜਿਹੀ ਉੱਚੀ-ਪੱਧਰੀ ਥਾਂ ਸਾਭ ਕੇ ਬੈਠਣ ਦੀ ।

 ਮਹਾਂ-ਨਗਰ ਦੀ ਸਫਾਈ-ਅਭਿਆਨ ‘ਚ ਉਜੜੇ-ਪੁਜੜੇ ਲੋਕ ਤਾਂ ਕਿੰਨਾ-ਕਿੰਨਾ ਚਿਰ ਊਈਂ ਤਾਬੇ ਨਹੀਂ ਸਨ ਆਏ । ਉਂਝ ਦੇ ਉਂਝ ਹੀ ਘੁੰਮਦੇ-ਭਟਕਦੇ ਰਹੇ ਸਨ, ਕਿਸੇ ਵੀ ਠਾਹਰ-ਅੱਡੇ ਦੀ ਢੂੰਡ-ਭਾਲ ‘ਚ । ਪਰ ਵਰਮੇ-ਕਰਮੇ ਦੇ ਪੈਰਾਂ ਹੇਠਾਂ ਜਿਵੇਂ ਝੱਟ ਦੇਣੀ ਮੋਟਾ-ਤਾਜ਼ਾ ਬਟੇਰਾ ਨੱਪਿਆ ਗਿਆ । ....ਨਵੇਂ ਪੁਲ ਤੇ ਮਟਰ-ਗਸ਼ਤੀ ਕਰਦਿਆਂ ਇਹ ਟਿੱਬੀ ਉਨ੍ਹਾਂ ਦੇ ਸਹਿਵਲ ਹੀ ਨਜ਼ਰੀ ਪੈ ਗਈ ਸੀ –ਕੱਖਾਂ ਕਾਨਿਆਂ ਦੀਆਂ ਉੱਜੜੀਆਂ –ਪੁਜੜੀਆਂ ਕਈ ਸਾਰੀਆਂ ਕੁੱਲੀਆਂ ਵਾਲੀ ਉੱਚੀ –ਰੇਤਲੀ ਟਿੱਬੀ ।

ਉਸੇ ਵਕਤ ਉਨ੍ਹਾਂ ਇਸ ਨਵੀਂ-ਲੱਭੀ ਠਾਹਰ ਤੇ ਇਕ ਕੁੱਲੀ ਆ ਸੁਆਰੀ । ਉਨ੍ਹਾਂ ਰੀਸੇ ਅਨੇਕਾਂ ਹੋਰਨਾਂ ਥਾਂ-ਥਾਂ ਆਪਣੇ-ਆਪਣੇ ਤਰਪਾਲ ਤਾਣ ਲਏ ।

ਗੋਡੇ-ਗੋਡੇ ਡੂੰਘੀਆਂ, ਛੋਟੀਆਂ-ਵੱਡੀਆਂ ਕਈ ਸਾਰੀਆਂ ਖਾਲਾਂ-ਵੱਟਾਂ ਢਾਹ-ਪੂਰ ਕੇ ।

ਬਰਸਾਤ ਮੁਕਦੇ ਹੀ ਅਰਾਈ ਟੱਬਰ ਇਸ ਰੇਤ ਸਾਗਰ ‘ਚ ਖੇਲ੍ਹਾਂ ਆ ਪੁੱਟਦੇ । ਸ਼ਹਿਰ ਲਾਗਲੇ ਗੰਦ-ਢੇਰਾਂ ਦਾ ਗੰਦ-ਕੂੜਾਂ ਇਨ੍ਹਾਂ ਅੰਦਰ ਲਿਆ ਖਿਲਾਰਦੇ ।

ਪੁਗਾਰਾ ਰੁੱਤ ‘ਚ ਬੀਜੀਆਂ ਵੱਲਾਂ,ਪਿੰਡਾਂ ਲੂੰਹਦੀ ਗਰਮੀ ਦਾ ਤਾਅ ਸਹਿੰਦਿਆਂ-ਸਹਾਰਦਿਆਂ ਆਖਰ ਸੁੱਕ-ਸੜ ਜਾਂਦੀਆਂ ਤੇ ਸਬਜ਼ੀ ਭਾਜੀ ਨਾਲ ਰਸਦਾ ਝੂੰਗੀ-ਝੂੰਡ ਮੁੜ ਆਉਦੇ ਸਿਆਲੇ ਤਕ ਉਜਾੜ ਦਿਸਣ ਲੱਗਦਾ ।

ਪਰ, ਵਰਮੇ-ਕਰਮੇ ਦੀ ਖੋਜ ਪਹਿਲ ਸਦਕਾ, ਇਕ ਵਾਰ ਵਸਿਆ ‘ਪਿੰਡ’ ਮੁੜ ਕਦੀ ਨਾ ਉੱਜੜਿਆ । ਆਸ-ਪਾਸ ਦੇ ਵੰਨ-ਸੁਵੰਨੇ ਬਹੁ-ਮੰਜ਼ਲੇ ਵਿਹਾਰਾਂ-ਪਾਰਕਾਂ ਦੇ ਡਰ-ਡਰਾਵੇ ‘ਤੇ ਵੀ ਨਹੀਂ । ਉਹਨਾਂ ਦੇ ਆਸ-ਪਾਸ ਸਜੇ-ਉਸਰੇ ਵਿਹਾਰਾਂ-ਪਾਰਕਾਂ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ । ਇਕ ਵਾਰ ਨਈਂ  ਕਈ ਵਾਰ ਡੈਪੂਟੇਸ਼ਨ ਲੇ ਕੇ ਵੀ ਮਿਲੇ । ਮੂੰਹ ਜ਼ੁਬਾਨੀ ਵੀ ਗਿਲੇ ਪ੍ਰਗਟ ਕੀਤੇ ਕਿ – “ ਵਿੰਨਡੋਪੈਨਾਂ, ਵੈਨਟੀਲੇਟਰਾਂ ਦੇ ਅਪਾਰਦਰਸ਼ੀ ਸ਼ੀਸ਼ਿਆਂ-ਪਰਦਿਟਾ ਰਾਹੀਂ ਵੀ ਖੁਆਜਾ-ਨਗਰੀ ਦੇ ਗੰਦੇ-ਮੰਦੇ ਲੋਕਾਂ ਦੀ ਭੈੜੀ-ਚਿੱਬੀ ਦਿੱਖ, ਉਹਨਾਂ ਦੇ ਡਰਾਇੰਗ-ਰੂਮਾਂ , ਬੈੱਡ-ਰੂਮਾਂ, ਬਾਥਰੂਮਾਂ ਤਕ ਪੁੱਜਣੋਂ ਬਾਜ਼ ਨਈਂ ਆਉਂਦੀ । ਇਨ੍ਹਾਂ ਨੂੰ ਹਰ ਹੀਲੇ ਹਟਾਇਆ ਜਾਏ ਇਸ ਥਾਂ ਤੋਂ .....।“

ਇਹ ਤਾਂ ਭਲਾ ਹੋਵੇ ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਹੁਣਾਂ ਦਾ, ਉਹ ਨਾ ਮਲਟੀ-ਸਟੋਰੀ-ਦਬਾ ਅੱਗੇ ਝੁਕੇ, ਨਾ ਹਾਈ-ਪਾਵਰ-ਸੁਝਾਅ ਅੱਗੇ । ਉਹਨਾਂ ਹਰ-ਮੈਜਸਟੀ ਮੈਡਮ ਜੀ ਤੋਂ ਸਿੱਧੀ ਪ੍ਰਵਾਨਗੀ ਲੈ ਲਈ ਬਾਹਰੋ-ਬਾਹਰ ਪਣੇ ਦੋਨਾਂ ਮੱਤਾਂ ਲਈ । ਕੁਮਾਰ ਜੀ ਦਾ ਪਹਿਲਾ ਮੱਤ ਸੀ – ‘ਹਵਾ ਦੀ ਛੱਤ ਤੇ ਦੂਰ-ਉੱਪਰ ਤਕ ਖਿਲਰੇ-ਬਿਖਰੇ ਕੱਲੇ-ਕੱਲੇ ਪੈਕਟਾਂ ਨਾਲੋਂ, ਇਕ ਥਾਂ ਜੰਮਘਟਾ ਬਣੀ ਵੋਟ-ਪੌਕਿਟ ਦੀ ਤਰੱਕੀ ਭਲਾਈ ਕਰਨੀ ਆਸਾਨ ਹੀ ਨਹੀਂ, ਅਤਿਅੰਤ ਸੌਖੀ ਵੀ ਐ । ਉਨ੍ਹਾਂ ਦਾ ਦੂਜਾ ਮੱਤ ਸੀ ਕਿ ਅਕਾਸ਼ ਛੂੰਹਦੀਆਂ ਬਹੁਮੰਜਲੀ ਇਮਾਰਤਾਂ ‘ਚ ਰਸਦੀ ਵਸਦੀ ਦਸ ਕੁ ਫੀਸਦੀ ਆਬਾਦੀ ਦੀ ਨੱਬੇ ਫੀਸਦੀ ਅਕਲ-ਸੂਝ ਆਪਣੀ ਹੁੰਦੀ,ਉਹਦੇ ਨਾਲ ਕੌਣ ਮੱਥਾ ਮਾਰੇ ।.....ਤੇ ਇਧਰ ਐਸ ਥਾਂ, ਵਰਮੇ-ਕਰਮੇ ਵੰਨੀ, ਐਨ ਉਸਦੇ ਉਲਟ । ਸੋ, ਜਿੰਨੀ ਵਾਰ ਵੀ ਉਨ੍ਹਾਂ ਦੀ ਹਾਈ ਪਾਵਰ ਕਮੇਟੀ ਤੇ ਉਨ੍ਹਾਂ ਦੀ ਜਿੰਦ ਜਾਨ ਨਾਲੋਂ ਪਿਆਰੀ ਵੋਟ-ਨਗਰੀ ਨੂੰ ਢਹਿ-ਢੇਰੀ ਕਰਨ ਲਈ ਵਿਹਾਰਾਂ-ਪਾਰਕਾਂ ਦਾ ਦਬਾ ਵਧਿਆ, ਉਨੀ ਵਾਰ ਹੀ ਉਹ ਬੁਲਡੋਜ਼ਰ ਅੱਗੇ ਸਿੱਧੇ ਲੰਮੇ ਪੈ ਕੇ ਖੁਆਜਾ-ਨਗਰੀ ਦਾ ਬਚਾ ਕਰਦੇ ਰਹੇ ।

ਵਰਮੇ-ਕਰਮੇ ਦੀ ‘ਇੱਜ਼ਤ-ਆਰਬੂ’ ਦਾ ਵੀ ।

ਅੱਗੋਂ ਵਰਮੇ-ਕਰਮੇ ਨੇ ਵੀ ਕੁਮਾਰ ਜੀ ਦੀ ਕਿਸੇ ਗੱਲੇ ਪਿੱਠ ਨਹੀਂ ਸੀ ਲੱਗਣ ਦਿੱਤੀ । ਨਾ ਉਹਨਾਂ ਦੇ ਗੰਗਾ ਤਟ ਲਾਗਲੇ ਫਾਰਮ ‘ਤੇ , ਨਾ ਉਹਨਾਂ ਦੀ ਰਾਜਧਾਨੀ ਅੰਦਰਲੀ ਚੋਣ-ਅਸਟੇਟ ਅੰਦਰ ।

ਕੁਮਾਰ ਜੀ ਦੀ ਜੱਦੀ-ਪੁਸ਼ਤੀ ਫਾਰਮ ਲੇਬਰ ਚੰਗੀ-ਭਲੀ ‘ਖਾਂਦੀ-ਪੀਦੀ’ ਐਮੇਂ ਈ ‘ਸਮਾਨ ਨੂੰ ਛੜਾਂ ਮਾਰਨ ਲੱਗ ਪੈਂਦੀ ਸੀ ,ਵਿਚ-ਵਿਚਾਲੇ ’ । ਉਂਝ ਤਾਂ ਕੁਮਾਰ ਜੀ ਹਰ ਫ਼ਸਲੇ ਉਹਨਾਂ ਦੇ ਢਿੱਡ ਭਰਨ ਜੋਗਾ ਦਾਲ-ਭਾਤ ਛੱਡ ਵੀ ਆਉਂਦੇ ਸਨ, ਪਿੱਛੇ । ਪਰ,ਉਹ ਪੇਟੂ ਕਿਸਮ ਦੇ ਜਿੰਨ-ਜਨੌਰ ਰੱਖਣ ਦਾ ਨਾਂ ਈ ਨਹੀਂ  ਸੀ ਲੈਂਦੇ । ਐਨ ਵਿਚਕਾਰ ਜਿਹੇ ਆ ਕੇ ਅੜ ਖਲੋਂਦੇ ਸਨ ਢੀਠ ਜਿਹੇ ਬਣਕੇ । ਅਖੇ – ‘ਇੱਤੇ ਸੇ ਹਮਰਾ ਘਰ-ਬਾਰ ਨਾਹੀ ਚਲਤ ਹੈ ਬਾਬੂ ਸਾਬ੍ਹ ਜੀਈ....ਹਮਾਰ ਬਾਲ-ਬੱਚਾ ਭੂਕਾ ਰਹਿਤ ਹੋ .....।‘

ਦਰਿਆ ਦਿਲ ਕੁਮਾਰ ਜੀ ਨੇ ਉਹਨਾਂ ਦੀ ਅੜੀ-ਥੁੜੀ ਲੋੜ-ਮੰਗ ਪੂਰੀ ਵੀ ਕੀਤੀ ਕਈ ਵਾਰ, ਪਰ ਉਹਨਾਂ ਨੇ ਜਿਵੇਂ ਸ਼ਰਮ-ਹਯਾ ਘੋਟ ਕੇ ਪੀ ਰੱਖੀ  ਹੋਵੇ ।

ਆਏ ਸੀਜ਼ਨ ਫਿਰ ਉਹੀ ਅਪਲ-ਟਪਲੀਆਂ....।

ਇਹ ਤਾਂ ਵਰਮੇ-ਕਰਮੇ ਦੇ ਖੁਆਜਾ ਨਗਰੀ ਜੁੱਟ ਨੇ ਬੱਸ ਤਿੰਨ ਕੁ ‘ਵਿਜ਼ਟਾਂ ’ ਪਾਈਆਂ ਉੱਪਰੋਂ-ਥਲੀ ਕੁਮਾਰ  ਜੀ ਦੇ ‘ਗੰਗਾ-ਤੱਟ ਫਾਰਮ ’ ਤੇ ਕਿ ਮੁੜ ਸੁੱਕੇ-ਸੜੇ ਜਿਹੇ ਕੰਮੀਂ-ਕਮੀਣ ਹੁਣ ਤੱਕ ਕੰਨ ‘ਚ ਪਾਇਆਂ ਨਹੀਂ ਸੀ ਰਕੜਕੇ ।

ਪਿਛਲੀ ਵਾਰ ਦਾ ਕੁਮਾਰ ਜੀ ਦੀ ਜਮਨਾ-ਤਟ ਪਾਰਲੀ ਚੋਣ-ਅਸਟੇਟ ਵਾਲਾ ਕਾਰਜ ਤਾਂ ਕਰਮੇ-ਵਰਮੇ ਨੇ ਏਨੇ ਚਾਅ ਨਾਲ ਸੰਪੰਨ ਕੀਤਾ , ਐਨੀ ਸਫ਼ਲਤਾ ਨਾਲ ਨੇਪੜੇ ਚਾੜ੍ਹਿਆ ਕਿ ਕੁਮਾਰ ਜੀ ਦਾ ਨੰਬਰ  ਕਿਤੋਂ ਹੇਠੋਂ ਚੁੱਕ ਹੋ ਕੇ ਕਿਤੇ ਉਤਾਂਹ ਚੜ੍ਹ ਗਿਆ ਸੀ ਉਹਨਾਂ ਦੀ ‘ਜਨ-ਕਲਿਆਣ-ਸਭਾ ’ ‘ਚ ।ਨਾਲ਼ ਹੀ ਉਹਨਾਂ ਦੀ ਸੀਟ-ਟਿਕਟ ਇਕ-ਦਮ ਪੱਕੀ-ਠੱਕੀ ਨੱਥੀ-ਗੰਢੀ ਗਈ ਸੀ ਦਰਿਆਉਂ ਪਾਰਲੇ ਚੋਣ ਹਲਕੇ ਨਾਲ ।

ਕੰਮ ਸੀ ਵੀ ਵਰਮੇ-ਕਰਮੇ ਦੇ ਸੁਭਾਅ ਦੇ ਪੂਰਾ ਫਿੱਟ ।

...ਇਕ ਸ਼ਾਮੀਂ ਹਨੇਰੇ ਜਿਹੇ ਕੁਮਾਰ ਜੀ ਨੇ ਵਰਮੇ-ਕਰਮੇ ਨੂੰ ‘ਕੁਮਾਰ-ਕੁਟੀਰ ’ ਬੁਲਾ ਕੇ ਦੱਸਿਆ – “ ਹਾਈ ਪਾਵਾਰ ਕਮੇਟੀ ਦੀ ਰੂਹੇ ਰਵਾਂ, ਸਭ ਤੋਂ ਵੱਡੀ ਕੁਰਸੀ ਨੂੰ ਬੜੇ ਭੈੜੇ ਭੈੜੇ ਸੁਪਨੇ ਆਉਂਦੇ, ਬੱਸ ਥੋੜ੍ਹੇ ਕੁ ਦਿਨੋਂ ਤੋਂ....ਚੋਣ ਮਿਆਦ ਪੁੱਗਣ ਕੰਢੇ ਆਈ ਤੋਂ । ਰਾਤੀਂ ਸੁੱਤੀ-ਸੁੱਤੀ ਉਹ ਅਬੜਬਾਹੇ ਉੱਠ ਬੈਠਦੀ ਆ, ਬੁੜ-ਬੁੜਾ ਕੇ । .....ਏ ਤੋਂ ਲੈ ਕੇ ਜ਼ੈੱਡ ਕਿਸਮ ਦੀ ਸੁਰੱਖਿਆ  ਉਲੰਘ ਕੇ ਵੀ ਕੋਈ ਜਿੰਨ-ਭੂਤ ਉਹਦੀ ਛਾਤੀ ‘ਤੇ ਆ ਚੜ੍ਹਦਾ । ਉਹ ਇੰਨੂ ਵਰਚਾਉਂਦਾ, ਭਰਮਾਉਂਦਾ ।ਪਰ ਨਾਲ ਦੀ ਨਾਲ ਆਉਂਦੀਆਂ ਚੋਣਾਂ ‘ਚ ਚਿੱਤ ਕਰਨ ਦੀ ਧਮਕੀ ਵੀ ਮਾਰਦਾ । ਕਦੀ ਉਹਦੇ ਹੱਥ  ‘ਚ ਕਲਮ ਹੁੰਦੀ , ਕਦੀ ਖੰਜਰ । ਕਦੀ ਉਹਦੇ ਕੋਲ ਸੰਖ ਹੁੰਦਾ ਕਦੀ ਇੱਕਤਾਰਾ । ......ਆਪਾਂ ਉਦ੍ਹਾ ਉਪਾਅ ਕਰਨ ....।“

ਅੰਨ੍ਹਾ ਕੀ ਭਾਲੇ ਦੋ ਅੱਖਾਂ ।

ਐਹੋ ਜਿਹੇ ਉਪਾਅ ਕਰਨਾ ਉਹਨਾਂ ਦੇ ਸੱਜੇ-ਖੱਬੇ ਹੱਥ ਦਾ ਕੰਮ ਸੀ । ਉਹਨਾਂ ਦੇ ਅੰਗਾਂ-ਪੈਰਾਂ ਨੂੰ ਗਰਮੀਂ-ਸਰਗਰਮੀਂ ਪ੍ਰਦਾਨ ਕਰਨ ਵਾਲੇ ਰੰਗੀਨ ਅਵਸਰ । ਇਸ ਵਾਰ ਦਾ ਰੰਗੀਨ-ਕਾਰਜ ਕਰਨਾ ਵੀ ਕੁਮਰ ਜ ਨਾਲ ਮਿਲ਼ ਕੇ ਸੀ ,ਉਹਨਾਂ ਦੀ ਛਤਰ-ਛਾਇਆ ਹੇਠ । ਕਰਮੇ-ਵਰਮੇ ਨੂੰ ਮਨ-ਭਾਉਂਦਾ ਕੰਮ ਮਿਲਦਿਆਂ ਸਾਰ, ਸਿਰੇ ਦਾ ਚਾਅ ਚੜ੍ਹ ਗਿਆ । ਕੁਮਾਰ ਜੀ ਦੇ ਦੱਸੇ ਊਲ-ਜਲੂਲ ਜਿਹੇ ਸ਼ਬਦ, ਕਲਮ-ਸ਼ੋਖ-ਤੂੰਬੀ , ਉਹਨਾਂ ਲਈ ਕੋਈ ਅਰਥ ਨਹੀਂ ਸਨ ਰੱਖਦੇ ਤੇ ਛੁਰਿਆਂ-ਖੰਜਰਾਂ ਤੋਂ ਹੁਣ ਉਹੀ ਕਦੀ ਡਰੋ-ਘਾਬਰੇ ਨਹੀਂ ਸਨ ।

ਨਾ ਫੁੱਟ-ਪਾਥ ‘ਤੇ ਰਹਿੰਦੇ ਵਿਚਰਦੇ, ਨਾ ਖੁਆਜਾ-ਨਗਰੀ ਪਹੁੰਚ  ਕੇ ।....ਥੋੜ੍ਹਾ ਕੁ ਜਿੰਨ ਨੋਰ ‘ਚ ਹੋਇਆਂ ਨੂੰ ਕੁਮਾਰ ਜੀ ਨੇ ਉਹਨਾਂ ਨੂੰ ,ਉਸ ਬੇ-ਹਯਾ, ਬੇ-ਸ਼ਰਮ ਭੂਤ-ਪਰੇਤ ਦੀ ਥੋੜ੍ਹੀ ਕੁ ਜਿੰਨੀ ਜਾਣਕਾਰੀ ਵੀ ਦੇ ਛੱਡੀ – ‘ਭਰਵਾਂ ’ ਡਰਾਉਣਾ ਜੁੱਸਾ , ਲਾਲ ਗਹਿਰੀਆਂ ਅੱਖਾਂ ਤੇ ਮੂੰਹ-ਸਿਰ ‘ਤੇ ਲੰਮੇ-ਲੰਮੇ ਵਾਲ .....।‘

ਫਿਰ ਪਤਾ ਨਈ ਉਹ ਦੋ-ਦੋ ਪੈਗ ਹੋਰ ਚਾੜ੍ਹ ਕੇ, ਉਸ ਵਿਕੋਲਿੱਤਰੀ ਇੱਲਬਲਾ ਦੀ ਪਛਾਣ ਕਰਨੀ ਈ ਭੁੱਲ ਗਏ, ਜਾਂ ਕੁਮਾਰ ਜੀ ਨੇ ਉਹਨਾਂ ਦੀ ਅਰਥ-ਬੇਹੋਸ਼ੀ ਦਾ ਯੋਗ ਲਾਹਾ ਲੈਂਦਿਆਂ, ਉਹਨਾਂ ਦੇ ਕੰਨਾਂ ਵਿਚ ਕਸੇ ਹੋਰ ਢੰਗ ਦੀ ਫੂਕ ਮਾਰ ਛੱਡੀ ।....ਅਗਲੇ ਦਿਨ ਦਾ ਸਾਰਾ ਆਕਾਸ਼ , ਭਰਵੇਂ ਜੁੱਸੇ , ਲਾਲ-ਗਹਿਰੀਆਂ ਅੱਖਾਂ ਤੇ ਲੰਮੇ-ਲੇੰਮੇ ਵਾਲਾਂ ਵਾਲੀ ਓਪਰੀ-ਸ਼ੈਅ ਦੀ ਅੰਸ਼-ਵੰਨਸ਼ੀ ਸਾੜ-ਫੂਕ ਨਾਲ ਕਾਲਾ-ਸਿਆਹ ਹੋਇਆ ਪਿਆ ਸੀ ।

ਨਾ ਕੋਈ ਬਿਰਧ ਬਚਿਆ ਸੀ , ਨਾ ਜੁਆਨ , ਨਾ ਕੋਈ ਵੋਟਰ ਬਚਿਆ ਸੀ ,ਨਾ ਉਮੀਦਵਾਰ ।

ਅਗਲੇ ਦਿਨ ਵੀ ਉਹ ਕੁਝ ਹੋਇਆ , ਉਸ ਤੋਂ ਅਗਲੇ ਦਿਨ ਵੀ ।

ਤਿੰਨ ਕੁ ਦਿਨ ਤਾਂ ਕੁਮਾਰ ਜ ਆਪਣੇ ਬੰਗਲੇ ਦੀ ਧੁਰ ਉੱਪਰਲੀ ਬਾਲਕੋਨੀ ‘ਚ ਬੈਠੇ , ਸਾਰੇ ਦਾ ਸਾਰਾ ਹੋ-ਹੱਲਾ ਬੜ ਅਨੰਦ ਨਾਲ਼ ਦੇਖਦੇ ਮਾਣਦੇ ਰਹੋ । ਵਿੱਚਵਾਰ ਕਿਸੇ ਰਹਿ ਗਏ , ਬਚ ਗਏ ਏਰੀਏ ਮੁਹੱਲੇ ਨੂੰ ‘ਪੂਰਾ-ਟਰੀਟ ’ ਕਰਨ ਲਈ ਹਦਾਇਤਾਂ ਵੀ ਜਾਰੀ ਕਰਦੇ ਰਹੇ , ਪਰ ਠੀਕ ਚੌਥੇ ਦਿਨ ਉਹਨਾਂ ਨੂੰ ਆਪਣਾ ਨਰਮ-ਨਾਜ਼ੁਕ ਮੰਨਵਾ ਥੋੜ੍ਹਾ ਕੁ ਬਦਲਣਾ ਪੈ ਗਿਆ । ਲਹੂ-ਲੁਹਾਣ ਹੋਏ ਬਾਜ਼ਾਰਾਂ-ਵਿਹਾਰਾਂ, ਕੁੰਜਾਂ-ਐਵੇਨਿਉਆਂ, ਪਾਰਕਾਂ-ਨਗਰਾਂ ਤੇ ਢੇਰ ਸਾਰੀ  ਦਇਆ ਕਰਨ ਪੈ ਗਈ ।

ਕਰਮੇ ਦੀ ‘ਨਲਾਇਕੀ ’ ਕਾਰਨ ।

ਕਰਮੇ ਦੇ ਵਿੱਟਰ ਬੈਠਣ ‘ਤੇ ਕੁਮਾਰ ਜੀ ਫਿਕਰਮੰਦ ਤਾਂ ਹੋਏ ਸਨ, ਪਰ ਘਬਰਾਏ ਨਹੀਂ । ਅੱਗ-ਭਬੂਕਾ ਨਹੀਂ ਸੀ ਹੋਏ। ਜਿਵੇਂ ਵਰਮਾ ਹੋਇਆ ਪਿਆ ਸੀ , ਹੁਣ । ਕੁਮਾਰ ਜੀ ਦਾ ਨੰਬਰ-ਦੋ ।  ਮਰਸੀਡੀਜ਼ ‘ਚੋਂ ਉਤਰਿਆ । ਕਰਮੇ ਦੀ ਢਾਰੀ ਸਾਹਮਣੇ । ਇਕੱਲਾ , ਬਿਨਾਂ ਕਿਸੇ ‘ਨਿੱਜੀ ’ ਅੰਗ-ਰਾਖੇ ਦੇ ।

ਆਏ ਕੁਮਾਰ ਜੀ ਵੀ ਇਕਲੇ ਈ ਸਨ, ਉਸ ਦਿਨ । ਕਾਰ ਉਹਨਾਂ ਵੀ ਕਰਮੇ ਦੀ ਢਾਰੀ ਸਾਹਮਣੇ ਈ ਖੜ੍ਹੀ ਕੀਤੀ ਸੀ । ਪਰ, ਉਹਨਾਂ ਦੀਆਂ ਅੱਖਾਂ ਵਿੱਚ ਲਹੂ ਨਹੀਂ ਜਾਣੋਂ ਨਮੀਂ ਸਿੰਮਦੀ ਸੀ , ਨਮੀਂ ।ਹਲਕੀ-ਪੇਤਲੀ ਸਿੱਲ੍ਹ, ਜਿਹੜੀ ਕਿਸੇ ਵੀ ਤਰ੍ਹਾਂ ਅੱਥਰੂ-ਤੁਪਕੇ ਦਾ ਰੂਪ ਨਹੀਂ ਸੀ ਧਾਰਨ ਕਰ ਸਕੀ –ਪੂਰਾ ਯਤਨ ਕਰਨ ‘ਤੇ ਵੀ ਨਹੀਂ ।

ਆਉਂਦਿਆਂ ਸਾਰ ਉਹਨਾਂ ਕਰਮੇ-ਵਰਮੇ ਸਮੇਤ ਸਾਰੇ ਖੁਆਜਾ ਨਗਰ ਦੀ ਚੰਗੀ-ਚੋਖੀ ‘ਝਾੜ-ਝੰਬ ’ ਕੀਤੀ ਸੀ – ਯਹ ਕਿਆ ਕਰ ਦੀਆ ਤੁਮ ਨੇ , ਕਿਆ ਕਰ ਦੀਆ....ਹਰਾਮੀਓਂ, ਬਦਮਾਸ਼ੋ.! ‘....ਐਸਾ ਤੋਂ, ਐਸਾ ਤੋਂ ਕਿਸੀ ਅਬਦਾਲੀ ਨੇ ਵੀ ਨਹੀਂ ਕੀਆ ਥਾ, ਕਿਸੀ ਚੰਗੇਜ਼ ਨੇ ਵੀ ਨਹੀਂ ....। ਯਹ ਤੋਂ ਥੇ ਹੀ ਤੁਮ ਕੇ ਹਮਵਤਨੀ, ਭਾਈ-ਬੰਧੂ ,ਮਿੱਤਰ-ਦੋਸਤ । ਉਏ....ਹੋਏ ਬਓਤਾ ਬੁਰਾ ਕੀਆ , ਬਓਤ ਬੁਰਾ ਕੀਆ ....ਤੁਮ ਲੋਗੋਂ ਨੇ ।...ਨਹੀਂ ਦੇਖ ਜਾਤ, ਹਮ ਸੇਏ....ਬਿਲਕੁਲ ਨਹੀਂ ਦੇਖ ਜਾਤ । ....ਬੰਦ ਕਰੋ , ਬੰਦ ਕਰੋ ,.....ਯਹ ਸਭ ....।‘

ਕੁਮਾਰ ਜੀ ਬੁੱਲੇ ਵਾਂਗ ਆਏ ਸਨ ਤੇ ਹਨ੍ਹੇਰੀ ਵਾਂਗ  ਵਾਪਸ ਮੁੜਦੇ ਹੋਏ ਸਨ । ਬਦਲਵੇਂ ਆਦੇਸ਼ ਜਾਰੀ ਕਰਕੇ ।

ਵਰਮਾ ਤਾਂ ਖੈਰ ਚਾਲੂ ਬੰਦਾ ਸੀ । ਸਭ ਕੁਝ ਚੁੱਪ-ਚਾਪ  ਸੁਣਦਾ ਰਿਹਾ ।ਪਰ , ਕਰਮੇ ਨੂੰ ਕੁਮਾਰ ਜੀ ਦੀ ਖੇਖਨਬਾਜ਼ੀ ਹੋਰ ਵੀ ਤਪਦਾ ਕਰ ਗਈ । .....ਘਾਇਲ ਤਾਂ ਉਹ ਪਹਿਲਾਂ ਹੀ ਹੋਇਆ ਪਿਆ ਸੀ । ਉਹ ਤਾਂ ਅਜੇ ਉਵੇਂ ਦਾ ਉਵੇਂ ਤੜਪ ਰਿਹਾ ਸੀ , ਪਿਛਲੇ ਕੱਲ੍ਹ ਦੀ ਘਟਨਾ ਕਾਰਨ । ਸੁੰਦਰ-ਨਗਰ ਦੀ ਵਿਚਕਾਰਲੀ ਗਲੀ ਦੇ ਅਖੀਰਲੇ ਘਰ ਵਿਚ ਹੋਈ-ਵਾਪਰੀ ਅਲੋਕਾਰੀ ਘਟਨਾ ਕਾਰਨ।.....ਤੀਜੇ ਦਿਨ ਦੇ ਕਾਮਯਾਬ ਅਭਿਆਨ ਪਿੱਛੋਂ , ਸ਼ਾਮੀਂ ਜਿਹੇ ਖੁਆਜਾ ਨਗਰ ਵੱਲ ਨੂੰ ਵਾਪਸ ਮੁੜਕੇ ਕਰਮੇ ਨੁੰ ਕੁਮਾਰ ਜੀ  ਦੇ ਨਿੱਜੀ –ਗਾਰਡ ਵਗਰੀ ਸੁਰੱਖਿਆ ਟੋਲੀ ਲੇ ਉਸਦੇ ਨੇੜੇ ਜਿਹੇ ਰੁਕਦਿਆਂ ਦੱਸਿਆ – “ਇਕ ਸ਼ਿਕਾਰ ਉੱਥੇ ਵੀ ਐ, ਅੰਦਰ ਜਿਹੇ ਨੂੰ....।“

ਉਸੇ ਵਕਤ ਕਰਮਾ ਪੂਰੀ ਗੈਂਗ ਨਾਲ ਉਸ ਘਰ ‘ਤੇ  ਜਾ ਚੜ੍ਹਿਆ । ਬਾਹਰਲਾ ਲੱਕੜ ਦਾ ਦਰਵਾਜ਼ਾ ਉਸਦੇ ਬੰਦਿਆਂ ਇਕੋ ਧੱਕਾ ਮਾਰ ਕੇ ਡੇਗ-ਸੁੱਟ ਦਿੱਤਾ ।ਫਿਰ ਦੋ ਕੁ ਮੰਜੀਆਂ  ਦੇ ਕੱਲੇ-ਕਹਿਰੇ ਕਮਰੇ ਵਿਚ ਸਹਿਮੇ –ਦੜੇ ਘਰ ਦੇ ਤਿੰਨਾਂ ਜਾਂ ਜੀਆਂ ਵਿੱਚੋਂ ਉਹ ਕਰਮੇ ਕੁ ਦੀ ਉਮਰ ਦੇ ਮਾੜਚੂ ਜਿਹੇ ਬੰਦੇ ਨੂੰ ਜੂੜਿਓਂ ਫੜ ਕੇ ਬਾਹਰ ਧੂਹ ਲਿਆਏ, ਵਿਹੜੇ ‘ਚ ।

ਅਗਲੇ ਹੀ ਪਲ ਸਰੀਆਂ-ਰਾਡਾਂ ਦੀ ਮਾਰ ਹੇਠ ਤੜਫਦੇ-ਸਿਸਕਦੇ ਘਰ ਦੇ ਮਾਲਕ ਦੀਆਂ ਖੁਸ਼ਕ ਡੂੰਘੀਆਂ ਅੱਖਾਂ, ਉਸਦੇ ਡਰੇ –ਸਹਿਮੇਂ ਕੋਇਆ ‘ਚ ਬਾਰਰ ਟੱਡੀਆਂ ਗਈਆਂ । ਉਸ ਨੂੰ ਬੇ-ਤਹਾਸ਼ਾ ਮਾਰ  ਤੋਂ ਬਚਾਉਂਦੀ ਉਸਦੀ ਘਰ ਵਾਲੀ ਵੀ ਇਕ-ਦੋ ਸੱਟਾਂ ਖਾ ਕੇ ਬੇਹੋਸ਼ ਜਿਹੀ ਹੋਈ ਪਾਸੇ ਲੁੜਥ ਗਈ , ਪਰ ਵਿਹੜੇ ਦੇ ਕਹਿਰ ਅੰਦਰ ਘਿਰੀ ਉਹਨਾਂ ਦੀ ਤਿੰਨਾਂ ਕੁ ਸਾਲਾਂ ਦੀ ਬਲੂਰ ਜਿਹੀ ਬਾਲੜ੍ਹੀ ਲੇਹਲੜਾਂ ਕੱਢਦੀ ਇਕ-ਸਾਰ ਬੇੱਸ ਇਕੋ ਤਰਲਾ ਕਰਦੀ ਰਹੀ  - ‘ਨਾ ਮਾਲੋ ਪਾਪਾ ਨੂੰ , ਨਾ ਮਾਲ ਆਮਾਂ ਨੂੰ ਮਆਮਾ, ਮਾਮਾ ਜੀ ਈ ...ਨਾ ਮਾਲੋ ।“

ਕਰਮੇ ਨੇ ਪਿਛਲੇ ਤਿੰਨ ਦਿਨਾਂ ਵਿਚ ਮਾਮਾ ਸ਼ਬਦ ਕਿਸੇ ਮੂੰਹੋਂ ਨਹੀਂ ਸੀ ਸੁਣਿਆ, ਨਾ ਈ ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿਸੇ ਵੀ ਬਾਲ-ਬਾਲਕੀ ਨੇ ਉਸ ਨੂੰ ਮਾਮਾ ਕਹਿ ਕੇ ਬੁਲਾਇਆ ਸੀ । ਅੰਕਲ, ਅੰਕਲ ਜੀ ਵਰਗੇ ਸ਼ਬਦ ਤਾਂ ਅਨੇਕਾਂ ਵਾਰ ਉਸਦੇ ਕੰਨੀਂ ਪਏ ਸਨ । ਭਰਾ ,ਭਾਈ, ਵੀਰ ਤਾਂ ਕਰੀਬ ਹਰ ਘਰ ਦੀ ਸੁਆਣੀ , ਉਸ ਨੂੰ ਬਣਿਆ ਲੋਚਦੀ ਸੀ – ਲੁੱਟ ਹੁੰਦੇ ਘਰ ਦੀ ਇੱਜ਼ਤ ਆਬਰੂ ਨੂੰ ਬਚਿਆ ਰੱਖਣ ਲਈ , ਪਰ ਇਹਨਾਂ ਸ਼ਬਦਾਂ ਦੇ ਚਾਲੂ ਜਿਹੇ  ਅਰਥਾਂ ਨੇ ਉਸਦੇ ਹੱਥਾਂ-ਪੈਰਾਂ ਦੀ ਗਤੀਵਿਧੀ ਰਤਾ ਮਾਸਾ ਵੀ ਕਿਧਰੇ ਮੱਠੀ ਨਹੀਂ ਸੀ ਪੈਣ ਦਿੱਤੀ ।

...ਇਸ ਘਰ ਦੀ ਨਿੱਕੀ ਜਿਹੀ ਬੱਚੀ ਦੀ ਤੋਤਲੀ ਜਿਹੀ ਲੇਅਰ-ਚੀਕ ‘ਨਾ ਮਾਲੋ, ਪਾਪਾ ਨੂੰ , ਆਮਾਂ ਨੂੰ ਮਾਮਾ, ਮਾਮਾ ਜੀ .....’  ਤਾਂ ਜਿਵੇਂ ਉਸਦਾ ਸੀਨਾ ਚੀਰਦੀ ਧੁਰ ਉਸਦੇ ਅੰਦਰ ਤਕ ਧੱਸ ਗਈ ਸੀ ।

ਉਸਦੀਆਂ ਲਾਲ-ਲਾਲ ਡੋਰੇ ਉਗਲਦੀਆਂ ਅੱਖਾਂ ਬੱਗੀ-ਚਿੱਟੀ ਬਾਲੜੀ  ਦੀ ਡਰੀ-ਸਹਿਮੀ ਨਿਗਾਹ ਸਾਹਮਣੇ ਚੌੜ-ਚਪੱਟ ਚਿੱਤ ਹੋ ਗਈਆਂ । ਪੂਰੇ ਜ਼ੋਰ ਦਾ ਦਬਕਾ ਮਾਰ ਕੇ ਉਸਨੇ ਆਪਣੀ ਕੁਮਾਂਡ ਹੇਠਲੀ ਗੈਂਗ ਨੂੰ ਅਗਲੀ ਕਾਰਵਾਈ ਕਰਨੋਂ ਰੋਕ ਦਿੱਤਾ ।

ਘਰ ਦੇ ਪੱਕੇ ਫਰਸ਼ ਤੇ ਥ੍ਰੀ-ਵੀਲਰ ਉਲਟਾ ਕੇ ਡੋਲ੍ਹਿਆ ਉਸੇ ਘਰ ਦਾ ਪੈਟਰੋਲ, ਉਸੇ ਤਰ੍ਹਾਂ ਰੁੜ੍ਹਿਆ ਛੱਡ ਕੇ ਉਹ ਆਪਣੀ ਢਾਰੀ ‘ਚ ਆ ਡਿੱਗਿਆ , ਖੁਆਜ਼ਾ-ਨਗਰ ।

ਰਾਤ ਭਰ ਉਸਦੀ ਹਾਰੀ-ਥੱਕੀ ਦੇਹ , ਉਸਦੇ ਸਾੜੇ-ਫੂਕੇ ਘਰਾਂ ‘ਚੋਂ ਉੱਠਦੀਆਂ ਲਾਟਾਂ ਵਾਂਗ ਸੜਦੀ-ਭਖ਼ਦੀ ਰਹੀ ।ਅਗਲਾ ਸਾਰਾ ਦਿਨ ੳਹ ਵੀ ਉਵੇਂ ਦਾ ਉਵੇਂ ਪਿਆ ਰਿਹਾ , ਟੁੱਟਿਆ-ਬਿਖ਼ਰਿਆ, ਸਾਹ-ਸੱਤ ਹੀਣ ।

ਵਰਮੇਂ ਦਾ ਕਿਹਾ-ਸੁਣਿਆ, ਅਣਸੁਣਿਆ ਕਰਕੇ । ਉਸ ਨੂੰ ‘ਮਾਮਾ ਜੀ’ ਦੇ ਰਿਸ਼ਤੇ ‘ਚ ਗੰਢਣ ਵਾਲੀ ਬੱਗੀ-ਚਿੱਟੀ ਬਾਲੜੀ ਤਾ ਉਸਨੂੰ ਖੁਆਜਾ-ਨਗਰ ‘ਚ ਉਠਾਲ,ਉਂਗਲੀ ਲਾਈ ਦੂਰ ਪਿਛਾਂਹ ਛੱਡ ਆਈ ਸੀ । ਉਸਦੇ ਪਿੰਡ ।

ਪਿੰਡ ਦੇ ਕੱਚੇ-ਪਿੱਲੇ ਘਰ ‘ਚ ।

ਉਸਦੇ ਮਾਂ-ਬਾਪ ਕੋਲ ।.....ਦੋ ਹੀ ਭੈਣ-ਭਰਾ ਸਨ ਉਹ । ਉਸ ਤੋਂ ਕਈ ਵਰ੍ਹੇ ਵੱਡੀ ਭੈਣ ਦਾ ਲੋਗੜੂ ਜਿਹਾ ਨਿੱਕਾ, ਨਾਨਕੇ ਘਰ ਹੀ ਜੰਮਿਆ ਤੇ ਬਓਤਾ ਸਮਾਂ ਕਰਮੇ ਕੋਲ ਹੀ ਰਿਹਾ ।

ਉਸਦੇਂ ਕੋਲ ਵਿਹਲ ਹੀ ਕਿੱਥੇ ਹੀ ਕਿੱਥੇ ਸੀ , ਉਹਨੂੰ ਸਾਂਭਣ ਦੀ  ।.....ਸਹੁਰੇ ਪਿੰਡ ਦੇ ਠਾਕੁਰ ਮਾਲਕਾਂ ਦੀ ਕੋਠੀ-ਹਵੇਲੀ ਦਾ ਕੂੜਾ-ਗੋਹਾ ਈ ਸਾਹ ਨਹੀਂ ਸੀ ਲੈਣ ਦਿੰਦਾ ਉਸਨੂੰ ।ਉੱਪਰੋਂ ਬਹੂ-ਠਾਕਰਨੀ ਨੇ ਮੁੜ ਅਗਲਾ ਪੂਰ ਝੋਲੀ ਪਾ ਲਿਆ । ਪਹਿਲਾਂ ਵੀ ਕਰਮੀ ਛੋਟੀ-ਬਹੂ ਦਾ ਜੋੜਾ ਜਣੇਪਾ ਸਾਂਭ ਚੁੱਕੀ ਸੀ ,ਪਿਛਲੇ ਤੋਂ ਪਿਛਲੇ ਸਾਲ । ਉਦੋਂ ਉਹ ਆਪ ‘ਕੇੱਲੀ ਸੀ , ਇਕੱਲੀ-ਕਹਿਰੀ । ਨਿੱਕਾ ਅਜੇ ਉਸਦੀ ਕੁੱਖ ‘ਚੋਂ ਨਿਕਲ ਕੇ ਗੋਦੀ ਨਹੀਂ ਸੀ ਚੜ੍ਹਿਆ ।‘

ਪਰ,ਹੁਣ.....ਉਹ ਵਾੜੇ –ਢਾਰੋ ਦੀ ਹੱਦ-ਹਦੂਦ ਅੰਦਰ ਰਿੜ੍ਹਦਾ ਘੁੰਮਦਾ ਨਾ ਕਰਮੀਂ ਦਾ ਅੰਦਰਲਾ ਕੰਮ ਮੁੱਕਣ ਦਿੰਦਾ ਸੀ, ਨਾ ਬਾਹਰਲਾ ।

ਲੈ ਦੇ ਕੇ ਕਰਮੀਂ ਦੀ ਓਟ, ਉਸਦੀ ਮਾਂ ਭੰਤੀ ਸੀ ,ਜਾਂ ਉਦਾ ਪਿਓ ਰੁਲੀਆ ।

ਉਹ ਭਲਾ ਕਿਵੇਂ ਧੱਕਾ ਦਿੰਦੇ ਆਪਣੀ ਇਕੋ-ਇਕ ਧੀ ਦੀ ਪਹਿਲੀ-ਪਠੇਲੀ ਆਂਦਰ ਨੂੰ ।

ਦਿਹਾੜੀ-ਦੱਪਾ ਕਰਦੇ ਕਦੀ ਉਹ ਨਿੱਕੇ ਨੂੰ ਢੱਕੀਂ ਚੁੱਕ ਖੜ੍ਹਦੇ, ਕਦੀ ਗਲੀ-ਮੁਹੱਲੇ ਦੀ ਛੋਟੀ-ਵੱਡੀ ਮੁਢੀਰ ਨਾਲ਼ ਕੌਡ-ਕਬੱਡੀ ਖੇਲਦੇ ਕਰਮੇ ਦੇ ਹਵਾਲੇ ਕਰ ਜਾਂਦੇ ।

ਕੁਛੜੋਂ ਲਾਹੇ ਬੋਟ ਦਾ ਹੇਰਵਾ ਕਰਦੀ ਕਰਮੀਂ ਪੰਦਰੀਂ-ਵੀਹੀਂ ਦਿਨੀ ਉਸਨੂੰ ਜ਼ਰੂਰ ਆ ਚਿੰਮੜਦੀ । ਨਿੱਕਾ ਵੀ ਉਸਦੀ ਹਿੱਕ-ਛਾਤੀ ਨਾਲ਼ ਚਿਪਕਿਆ, ਉਸਦੀਆਂ ਢੱਕਾਂ ਤੋਂ ਉਤਰਨ ਦਾ ਨਾਂ ਨਾ ਲੈਂਦਾ । ਕਰਮਾ ਉਸ ਨੂੰ ਖਿੱਚਦਾ-ਧੂੰਹਦਾ । ਜਾਣ ਲੱਗੀ ਕਰਮੀਂ ਨਾਲੋਂ ਖਿੱਚਣ-ਤੋੜਨ ਲਈ ਧੌਲ-ਧੱਫਾ ਵੀ ਕਰਦਾ ।

ਡਰੇ-ਸਹਿਮੇ ਰੀਂ-ਰੀਂ ਕਰਦੇ ਨਿੱਕੇ ਨੂੰ ਘਰ ਦੇ ਅੰਦਰਲੇ –ਬਾਹਰਲੇ ਵਰਤਾਰੇ ਦੀ ਰੱਤੀ ਭਰ ਸਮਝ ਨਾ ਲੱਗਦੀ । ਉਹ ਤਾਂ ਬੱਸ ਡਿੱਡੋ-ਲਿੱਕਾ ਜਿਹਾ ਹੋਇਆ – ‘ ਨਾ ਮਾਲ, ਨਾ ਮਾਲ , ਮਾਮਾ , ਮਾਮਾ ਜੀ ਈ ਕਰਦਾ ਥੋੜ੍ਹੇ ਕੁ ਚਿਰ ਪਿੱਛੋਂ ਸੁੰਨ ਜਿਹਾ ਹੋ ਜਾਂਦਾ , ਇਕ ਦਮ ਚੁੱਪ । ....ਨਾਨੀ ਦੀ ਬੁੱਕਲ ਵਿੱਚ ਲੁਕ ਦੇ ਜਾਂ ਉਸਦੇ ਢਿੱਡ-ਛਾਤੀ ਨਾਲ ਘੁੱਟ ਹੋ ਕੇ ।

ਪਰ ਬੇ-ਸੁੱਧ ਹੋਈ ਅੰਮੀ ਦੀਆਂ ਲੱਤਾਂ ਨਾਲ ਚਿਮੜੀ ਸੁੰਦਰ ਨਗਰ ਦੀ ਬਾਲੜੀ ਨਾ ਸੁੰਨ ਹੋਈ ਸੀ , ਨਾ ਚੁੱਪ । ਉਸਦੇ ਤੋਤਲੇ ਜਿਹੇ ਬੋਲਾਂ ਨਾਲ ਸਿਸਕਦੀ ਹਰ ਡਰੀ-ਸਹਿਮੇ ਲੇਰ-ਚੀਕ ਤਾਂ ਜਿਵੇਂ ਕਰਮੇ ਦੇ ਲੋਗੜੂ ਜਿਹੇ ਭਾਜਣੇ ਨੂੰ । ਉਸਦੇ ਲਾਗੇ ਹੋਰ ਲਾਗੇ ਵੱਲ ਨੂੰ ਖਿੱਚਦੀ  ਲਿਆਈ ਸੀ ।.....ਆਪਣੇ ਵੱਲੋਂ ਲੱਖ ਯਤਨ ਕੀਤੇ ਸਨ ਉਸਨੇ । ਸਟੇਸ਼ਨਾਂ ਬੱਸ-ਅੱਡਿਆਂ,ਮੰਦਰਾਂ , ਦੁਆਰਿਆਂ ਸਾਹਮਣੇ ਹੱਥ-ਅੱਡੀ , ਲੇਹਲੜੀਆਂ ਕੱਢਦੇ ਅਨੇਕਾਂ ਬਾਲ, ਬੜੀ ਲੀਝ ਲਾ ਕੇ ਦੇਖੇ-ਵਾਚੇ ਸਨ  ਉਸਨੇ । ਪਰ , ਕਿਧਰੇ ਵੀ ਕਰਮੇ ਨੂੰ ਨਿੱਕੇ ਦੀ ਆਲੀ-ਭੋਲੀ ,ਬੀਬੀ ਰਾਣੀ ਸੂਰਤ-ਮੂਰਤ ਨਜ਼ਰੀਂ ਨਹੀਂ ਸੀ ਪਈ ।

ਮਹਾਂ-ਨਗਰ ਦੇ ਕਿਸੇ ਵੀ ਹਿੱਸੇ ‘ਚ ।

ਜਿਥੇ ਕੁ ਦਕ ਉਸਦੇ ਨੰਗੇ ਪੈਰ ਚੱਲ-ਫਿਰ ਸਕੇ ਸਨ । ਕਈ ਵਾਰ ਤਾਂ ਉਸਦੇ ਸੁੱਤ-ਉਨੀਂਦਰੇ ਕੰਨਾਂ ਤਕ ‘ਮਾਮਾ....ਮਾਮਾ ਜੀ ਈ....’ ਦੀ ਲੰਮੀ ਵਿਲਕਵੀਂ ਹੇਕ ਅੱਪੜਦੀ ਮਹਿਸੂਸ ਵੀ ਹੁੰਦੀ, ਪਰ ਹਰ ਵਾਰ ਇਹ ਭੁਲਾਵਾ ਝੱਟ ਅੱਗੋਂ ਓਝਲ ਹੋ ਕੇ ,ਉਸ ਨੂੰ ਹੋਰ ਵੀ ਉਦਾਸ ਕਰ ਜਾਂਦਾ । ਘਰ ਦੇ ਪਿੰਡ ਦੇ ਕਿਸੇ ਵੀ ਜੀਅ ਦਾ ਮੂੰਹ-ਚਿਹਰਾ ਦੇਖਣ ਨੂੰ ਤਰਸਦੀ ਉਸਦੀ ਹਾਰੀ-ਥੱਕੀ ਨਿਗਾਹ ਘੰਟਿਆਂ ਬੱਧੀ ਸੜਕਾਂ-ਚੌਕਾਂ ਦੀ ਭੀੜ-ਉਜਾੜ ਵਿੱਚ ਗੁਆਚੀ ਡੁਸਕਦੀ ਰਹਿੰਦੀ ।

ਹੰਭ-ਥੱਕ ਕੇ , ਉਹ ਮੁੜ ਉਸੇ ਥਾਂ ਜਾ ਟਿਕਦਾ – ਰੇਲ ਸਟੇਸ਼ਨ ਬਾਹਰਲੀ ਖੁੱਲ੍ਹੀ ਸ਼ੈਂਡ ਹੇਠਾਂ ।ਜਿਥੇ ਮਹਿੰਦੀ-ਰੰਗੀਆਂ ਕੰਨ-ਪਟੀਂਆਂ ਵਾਲਾ ਮੰਗਤਾ ਬਾਬਾ ਉਸਨੂੰ ਬੈਠਦਾ ਕਰਕੇ ਗਿਆ ਸੀ , ਗੱਡੀਊਂ ਉਤਾਰ ਕੇ । ਬਾਹਰਲੇ ਗੇਟ ਵੱਲ ਨੂੰ , ਨਿੱਕੇ ਸਮੇਤ ।ਉਸ ਲਈ ਚੀਜ਼ੀ ਲੈਣ । ‘ਇਸ ਚੀਜ਼ ਖਾਣ ਦੀ ਲਾਲਸਾ ਨੇ ਹੀ ਓਸਦੀ ਇਹ ਬਾਬ ਕੀਤੀ ਸੀ ‘, ਪੱਕੇ ਬੈਂਚ ਤੇ ਬੈਠਾ ਉਹ ਆਪਣੇ ਆਪ ਨੂੰ ਕੋਸਦਾ । ‘ਨਹੀਂ ਹੋਰ ਵੀ ਕਈ ਸਾਰੇ ਬਾਲ-ਬੱਚੇ ਸਨ ਹੀ । ਉਸ ਤੋਂ ਵੱਡੇ ਵੀ, ਕਈ ਉਸ ਤੋਂ ਛੋਟੇ । ਉਹ ਮੰਗਤੇ ਤੋਂ ਮਿਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਖਾ ਕੇ ਵੀ ਘਰਾਂ ਨੂੰ ਦੌੜ ਜਾਂਦੇ ,ਤੇ ਉਹ ....ਉਹ ‘ ...ਕੁਬੜੇ ਜਿਹੇ ਸਾਈਂ-ਬਾਬੇ ਦੇ ਮੋਢੇ ਲੱਗਾ ਨਿੱਕਾ, ਪਿਛਾਂਹ ਪੱਕੇ ਬੈਂਚ ‘ਤੇ ਬੈਠ ਰਹੇ ਕਰਮੇ ਵੱਲ ਨੁੰ ਦੇਖਦਾ, ਉਸ ਨੂੰ ਥੋੜ੍ਹਾ ਕੁ ਚਿਰ ਹੋਰ ‘ਦਿਸਦਾ ’ ਰਿਹਾ ਉਹ ਉਸਦੇ ਵੱਡੀ ਮਸੀਤ ਸਾਹਮਣੇ ਅੱਡੇ ਤਕ ਵੀ ਉਸਦੇ ਪਿੱਛੇ-ਪਿੱਛੇ ‘ਆਇਆ ’ ਰਿੜ੍ਹਕਾ-ਲੁੜ੍ਹਕਦਾ ।ਪਰ , ਵਰਮੇ ਨਾਲ਼ ਜੋਟੀ ਬਣ ਜਾਣ ਪਿੱਛੋਂ ਨਿੱਕਾ ਉਸ ਤੋਂ ਦੂਰ , ਬਓਤ ਦੂਰ ਪਿਛਾਂਹ ਰਹਿ ਗਿਆ । ਮੁੜ ਜੇ ਕਦੀ ਕਿਧਰੇ ਉਸਦੇ ਚੇਤੇ ਦੀ ਦਹਿਲੀਜ਼ ਤੇ ਨਿੱਕੇ ਦੀ ਯਾਦ ਦੀ ਹਲਕੀ-ਪਤਲੀ ਲਿਸ਼ਕੋਰ ਪਈ ਈ ਪਈ ਤਾਂ ਉਸਨੇ ਉਸੇ ਵੇਲੇ ਛੰਡ ਝੰਜੋੜ ਕੇ ਪਰ੍ਹਾਂ ਵਗਾਹ ਮਾਰੀ –‘..ਮਰ ਖਪ ਗਿਆ ਹੋਣਾ ਕਿਧਰੇ...ਲੂਲਾ ਲੰਗੜਾ ਬਣਾ ਕੇ ਵੇਚ-ਵੱਟ ਛੱਡਿਆ ਹੋਣਾ, ਉਸ ਹਰਾਮ ਦੀ ਬਾਬਾ ਜਿਣਸ ਨੇ ....। ‘ ਫਿਰ.... ਫਿਰ ਉਸਨੂੰ ਬੱਸ ਆਪਣਾ ਆਪ ਚੇਤੇ ਸੀ ਜਾਂ ਚਿੱਬ –ਖੜਿੱਬੀ ਦਿੱਖ ਵਾਲੇ ਗੰਦੇ-ਮੰਦੇ ਲੋਕਾਂ ਵਰਗਾ ਹਮ-ਉਮਰ ਵਰਮਾ ।

ਮਹਾਂ-ਨਗਰ ਦੀ ਸਫਾਈ ਮੁਹਿੰਮ ਤਾਂ ਜਿਵੇਂ ਉਹਨਾਂ ਦੋਨਾਂ ਦੀ ਕੁੱਬੀ ਹੋਈ ਪਿੱਠ ਵਿੱਚ ਲੱਤ ਵੱਜਣ ਵਾਂਗ ਆ ਵੱਜੀ ।

ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਨੇ ਤਾਂ ਜਾਣੋਂ ਉਹਨਾਂ ਨੂੱ ਹੱਥਾਂ ‘ਤੇ ਹੀ ਚੁੱਕ ਲਿਆ ।ਉਹਨਾਂ ਦੀ ਉੱਨਤੀ-ਤਰੱਕੀ ਕਰਨ ਲਈ ।ਉਹਨਾਂ ਦੀ ਹਰ ਔਖ-ਮੁਸ਼ਕਲ ਦੂਰ ਕਰਨ ਲਈ ਜਾਂ,ਵਿਚ-ਵਿਚ ਕਿਧਰੇ ਆਪਣੀ ਜਾਂ ਆਪਣੇ  ਕਿਸੇ ਹਿੱਤੂ-ਹਿਤੈਸ਼ੀ ਦਾ ਦੁਖ-ਕਸ਼ਟ ਹਰਨ ਲਈ ।

ਇਸ ਵਾਰ ਵੀ ਉਹਨਾਂ ਕੁਮਾਰ ਜੀ ਦਾ ਹਾਈ-ਪਾਵਰ ਕਮੇਟੀ ਦੀ ਸਭ ਤੋਂ ਵੱਡੀ ਕੁਰਸੀ ਦਾ ਦੁਖ –ਕਸ਼ਟ ਹਰਨ ਲਈ ਹੀ ਲਹੂ –ਪਾਣੀ ਇਕ ਕੀਤਾ ਸੀ , ਪੂਰੇ ਤਿੰਨ ਦਿਨ ਲਗਾਤਾਰ ।

ਇਹ ਤਾਂ ਪਤਾ ਨਹੀਂ ਸੁੰਦਰਨਗਰ ਦੀ ਵਿਚਕਾਰਲੀ ਗਲੀ ਵਾਲੇ ਆਖਰੀ ਘਰ ਨੇ ਕਰਮੇ ਦੇ ਕਿਹੋ ਜਿਹਾ ਡੰਗ ਮਾਰਿਆ , ਕਿਹੋ ਜਿਹਾ ਝਟਕਾ ਦਿੱਤਾ, ਕਿ ਚੌਥੇ ਦਿਨ ਦੀ ਸਵੇਰ ਨੂੰ ਉਸਨੇ ਵਰਮੇ ਦੀ ਦੱਸੀ ਸਮਝਾਈ ਦਿਸ਼ਾ ਵੱਲ ਨੂੰ ਜਾਣੋਂ ਅਸਲੋਂ ਨਾਂਹ ਕਰ ਦਿੱਤੀ ।

ਵਰਮੇ ਤੋਂ ੳਸਦੀ ‘ਹੁਕਮ-ਅਦੂਲੀ ’ ਬਰਦਾਸ਼ਤ ਨਾ ਹੋਈ – “ ਏਹ ਸਾਲਾ ਖਾਂਦਾ –ਪੀਦਾ ਸਮਾਨ ਨੂੰ ਛੜਾਂ ਮਾਰਦਾ....ਹੁਕਮ ਹੋਵੇ ਤਾਂ....”, ਖਿਝੇ-ਖਪੇ ਨੇ ਉਸਨੇ ਉਸੇ ਵੇਲੇ ਕੁਮਾਰ ਜੀ ਤੋਂ ਅਗਲੀ ਕਾਰਵਾਈ ਕਰਨ ਦੀ ਆਗਿਆ ਜਾ ਮੰਗੀ ।

“ ਨਹੀਂ ਨਹੀਂ ......ਨਹੀਂ ਨਹੀਂ...ਐਸੇ ਨਾਜ਼ੁਕ ਸਮੇਂ ਪੇ ਐਸੀ ਕਠੋਰ ਕਾਰਵਾਈ ਕਦਾਚਿੱਤ ਨਹੀਂ,ਕਦਾਚਿੱਤ ਨਹੀਂ ।....ਰੈਹਨੇ ਦੀ ਜੀਏ ਉਸੇ , ਰੈਹਨੇ ਦੀ ਜੀਏ, ਜੈਸਾ ਵੀ ਹੈਠ , ਜੈਸਾ ਵੀ ਹੈਅ, ....ਅਪਨੇ ਆਪ ਮੇਂ ਗੁੰਮ.....ਗੁੰਮ ਅਰ ਵਿਅਸਤ.....।“

ਤੇ ਆਪਣੇ ਆਪ ਅੰਦਰ ਗੁੰਮ ਹੋਇਆ ਕਰਮਾ, ਸਵੇਰੇ ਦਾ ਨਿਕਲਿਆ ਕਿਧਰੇ ਸ਼ਾਮੀ ਹਨ੍ਹੇਰੇ ਪਏ ਘਰ ਮੁੜਦਾ ।

ਨਵੇਂ ਪੁਲ ਲਾਗਲੇ ਟੈਂਪੂ ਸਟੈਂਡ ਤੋਂ ।

ਪੂਰੇ ਤਿੰਨ ਮਹੀਨੇ ਨਾ ਉਸਨੇ ਕਿਸੇ ਨਾਲ ਹਾਸੇ-ਠੱਠੇ ਦੀ ਗੱਲ ਕੀਤੀ , ਨਾ ਕਿਸੇ ਕੋਲ ਉੱਠਣ-ਬੈਠਣ ਦੀ ।

ਸਾਰਾ-ਸਾਰਾ ਦਿਨ ਉਸਦੀ ਦੌੜ-ਦੁੜਕੀ ਲੱਗੀ ਰਹਿੰਦੀ । ਕਦੀ ਕਿਸੇ ਬੰਨੇ , ਕਦੀ ਕਿਸੇ ਪਾਸੇ ।.......ਅੰਦਰ ਸੰਘਣੇ ਸ਼ਹਿਰ ਵੱਲ ਨੂੰ , ਜਾਂ ਬਾਹਰ ਖੁੱਲ੍ਹੇ-ਮੋਕਲੇ ਵਿਹਾਰਾਂ-ਪਾਰਕਾਂ ਵੱਲ ਨੂੰ ।

ਪਰ , ਸੁੰਦਰ ਨਗਰ ਮੁਹੇੱਲੇ ਦੀ ਵਿਚਕਾਰਲੀ ਗਲੀ ਸਾਹਮਣਿਓਂ ਲੰਘਦਿਆਂ ਤਾਂ ਉਸਦੀ ਰੂਹ-ਜਾਨ ਨਵੇਂ ਸਿਰਿਉਂ ਪੱਛੀ ਜਾਂਦੀ । .....ਵੱਡੀ ਗਲੀ ਵੱਲੋਂ ਦੌੜਦੀ ਆਈ ਬੱਗੀ-ਚਿੱਟੀ ਬਾਲੜੀ,ਹਰ ਵਾਰ ਉਸਦੇ ਨਿੱਕੇ ਨੂੰ ਗਲਵੱਕੜੀ ਪਾਈ ਉਸਨੂੰ ਬਾਹਰ ਚੁਰਾਹੇ ਵਿੱਚ ਆਈ ਖੜੀ ਦਿਸਦੀ ।

ਐਨ ਉਸਦੇ ਸਾਹਮਣੇ ।

ਉਸਦੇ ਥ੍ਰੀ-ਵੀਲ੍ਹਰ ਦੇ ਅਗਲੇ ਪਹੀਏ ਲਾਗੇ ....ਪਹੀਏ ਹੇਠਾਂ......।

ਝੱਟ ੳਸਦੇ ਬੇਸੁਰਤ ਹੋਏ ਅੰਗ-ਪੈਰ ਸੁਰਤ ਸਿਰ ਹੋ ਉੱਠਦੇ ।

ਤੇਜ਼  ਦੌੜਦਾ ਥ੍ਰੀ-ਵੀਲਰਾ ਥਾਏਂ ਰੁਕ ਜਾਂਦ –ਸਫ਼ਰ ਕਰਦੀ ਹਰ ਸਵਾਰੀ ਨੂੰ ਤਕੜਾ ਝਟਕਾ ਦੇ ਕੇ ।

-“ ਕਿਆ ਹੂਆ ਭਈਆ...? ਕਿਆ ਬਾਤ ਹੂਈ....?” ਕਦੀ ਕੋਈ ਸਿਆਣੀ ਦਿੱਖ ਵਾਲਾ ਯਾਤਰੂ , ਉਸਨੂੰ ਬਿਨਾਂ ਕਾਰਨ ਲਾਈ ਬਰੇਕ ਦਾ ਕਾਰਨ ਪੁੱਛ ਵੀ ਲੈਂਦਾ । ਪਰ ,ਬਓਤੀ ਵਾਰ ਉਸਨੂੰ – ‘ ਸਾਲਾ ਅਮਲੀ ,ਬੇਵਕੂਫ, ਬੇਹੂਦਾ ਡਰੈਵਰ ‘ਵਰਗੇ ਵਿਸ਼ੇਸ਼ਣ ਹੀ ਪ੍ਰਾਪਤ ਕਰਨੇ ਪੈਂਦੇ ।

ਹਥਲਾ ਗੇੜਾ ਮਸਾਂ ਪੂਰਾ ਕਰਕੇ , ਉਹ ਉਸੇ ਵੇਲੇ ਬਸਤੀ ਪਰਤ ਆਉਂਦਾ । ਡਿੱਗਦਾ-ਡੋਲਦਾ,ਤੁਰੰਡਿਆ-ਹਿਲੂਣਿਆ....ਦੋ ਨੰਨੇ-ਮੁੰਨੇ ਬਾਲਾਂ ਦਾ ‘ਖੂਨ ’ ਕਰ ਦੇਣ ਦੇ ਅਹਿਸਾਸ ਨਾਲ ਜ਼ਖ਼ਮੀ ਹੋਇਆ ।

ਫਿਰ ਕਈ ਦਿਨ ਉਸਦੀ ਹੰਭੀ-ਹਾਰੀ ਦੇਹ ਕਿਸੇ ਵੀ ਨਿੱਕੇ ਮੋਟੇ ਫੇਅਰੇ ਲਈ ਰਾਜ਼ੀ ਨਾ ਹੁੰਦੀ ।

ਉਸਦੀ ਉਲਝੀ-ਵਿਗੜੀ ਹਾਲਤ ਦੇਖਦੇ ਵਰਮੇ ਨੇ ਉਸਨੂੰ ਕਈ ਵਾਰ ਸਮਝਾਇਆ –ਵਰਚਾਇਆ ਵੀ – “ ਸਾਰੀ ਉਮਰ ਆਹ ਭੂੰਡ ਜਿਹਾ ਈ ਘੁਮਾਈ ਜਾਏਂਗਾ ਕਿ ਹੋਰ ਵੀ ਕਰੇਗਾ ਕੋਈ ਕੰਮ ਦੀ ਸਵਾਰੀ .....। ਆ ਬੈਠ ਮੇਰੇ ਨਾ, ਤੈਨੂੰ ਸ਼ੀਸ਼-ਮਹਿਲੀਂ ਘੁਮਾ –ਫਿਰਾ ਲਿਆਵਾਂ.....।“

ਸ਼ੀਸ਼ –ਮਹਿਲ ਵਰਮਾ ਰੰਗ-ਬਰੰਗੇ ਹੋਟਲਾਂ-ਰੈਸਟੋਰੈਂਟਾਂ ਨੂੰ ਕਿਹਾ ਕਰਦਾ ਸੀ ।

ਸ਼ੀਸ਼-ਮਹਿਲੀਂ ਕਰਮਾ ਉਸ ਨਾਲ ਗਿਆ ਵੀ ਕਈ ਵਾਰ ।ਉਹਨਾਂ ਥਾਂਵਾਂ ਦਾ ਰੰਗ-ਰੋਸ਼ਨ ਉਸਦੇ ਮਾਣਿਆ-ਚਖਿਆ ਵੀ । ਪਰ, ਉਹਨਾਂ ਥਾਵਾਂ ਤੋਂ ਮੁੜਦੇ ਆਏ ਵੀ ਉਸਦੇ ਚਿਹਰੇ ਦੀ ਆਭਾ ਰਹਿੰਦੀ ਵੀ ਹਾਰੀ-ਮਧੋਲੀ ਜਾਂਦੀ ।

ਹਾਰੀ-ਮਧੋਲੀ ਤੇ ਗ਼ਮਗੀਨ ।.....ਬੈਰ੍ਹਿਆਂ ਵੇਟਰਾਂ ਜਾਂ ਨਾਚ-ਗਾਣਾ ਕਰਦੀਆਂ ਕੁੜੀਆਂ-ਕੰਜਕਾਂ ਦੇ ਗੱਭਰੂ ਹੋਏ ਚਿਹਰਿਆਂ ‘ਚੋਂ ਕਿਸੇ ਥਾਂ ਉਸਨੂੰ ਬੱਗੀ-ਚਿੱਟੀ ਬਾਲੜੀ ਦੇ ਨੈਣ ਨਕਸ਼ ਝਲਕਦੇ ਦਿਸਣ ਲੱਗਦੇ, ਕਿਸੇ ਥਾਂ ਗੋਭਲੇ ਜਿਹੇ ਨਿੱਕੇ ਦੇ ।ਨਿੱਕੇ ਦੇ ਗੁੰਮਣ-ਗੁਆਚਣ ਦਾ ਕੁੱਲ ਦੋਸ਼ ਉਸਨੇ ਮੁੜ ਤੋਂ ਆਪਣੇ ਸਿਰ ਆਪਣੇ ਮੱਥੇ ‘ਤੇ ਸਾਫ਼-ਸਾਫ਼ ਮੜ੍ਹਦਾ ਕਰ ਲਿਆ ਸੀ – ‘ਓਹਨੇ ਭਲਾ ਪੈਰ ਈ ਕਿਉਂ ਪੁੱਟੇ ਸੀ ਘਰੋਂ ਬਾਹਰ , ਬੀਬੀ-ਭਾਪੇ ਦੇ ਦਿਹਾੜੀ ਗਿਆਂ ?....ਉਹ ਭਲਾ ਆਇਆ ਈ ਕਿਉਂ ਸੀ , ਸਾਧੜੇ ਜੇਹੇ ਦੀਆਂ ਗੱਲਾਂ ਵਿੱਚ ਮੋਮੋਠੱਗਣੀਆਂ ‘ਚ ??.... ਓਹਨੇ ਭਲਾ ਨਿੱਕੇ ਨੂੰ ਜਾਣ ਈ ਕਿਉਂ ਦਿੱਤਾ ਸੀ ਕੱਲੇ ਨੂੰ ਉਹਦੇ ਨਾਲ ‘ਟੇਸ਼ਣੋਂ ਬਾਹਰ ??? ....ਖ਼ਬਰੇ ਕੇੜ੍ਹੇ ਹਾਲੀਂ ਜੀਉਂਦਾ ਭਟਕਦਾ ਪਊਂ ਉਸਦੀ ਭੈਣ ਦਾ ਮਾਸੂਮ ਜਿਹਾ ਬੋਟ.....।“

‘ਨਾ ਮਾਲ, ਆਮਾਂ ਨੂੰ ਪਾਪਾ ਨੂੰ ,ਨਾ ਮਾਲ ਮਾਮਾ .....ਮਾਮਾ ਜੀ ਈ ....’ , ਸੰਖੇਪ ਜਿਹੇ ਵਾਕ ਨੇ ਉਸ ਅੰਦਰ , ਮਰ ਮੁੱਕ ਚੁੱਕੇ ਸਾਰੇ ਰਿਸ਼ਤੇ ਜਿਵੇਂ ਸਿਰਿਉਂ ਜਾਗਦੇ ਕਰ ਛੱਡੇ । ਮਾਂ, ਬਾਪੂ, ਭੈਣ , ਦੇ ਭੁੱਲੇ –ਵਿਸਰੇ ਚਿਹਰੇ ਵਾਰ-ਵਾਰ ਉਸਦੀਆਂ ਬੁਝੀਆਂ –ਬੁਝੀਆਂ ਅੱਖਾਂ ਸਾਹਮਣੇ ਸਾਖਸ਼ਾਤ ਖੜੋਣ ਲੱਗ ਪਏ ।

ਕਰੀਬ ਵੀਹ ਵਰ੍ਹੇ ਪਹਿਲਾਂ ਉਸ ਨਾਲ ਥੋੜ੍ਹਾ ਕੁ ਚਿਰ ਖੇਲਿਆ –ਵਰਚਿਆ ਨਿੱਕਾ ਤਾਂ ਹੁਣ ਉਸਦੀ ਘੁਨੇੜੀਓਂ ਉਤਰਨ ਦਾ ਨਾਂ ਈ ਨਹੀ ਸੀ ਲੈਂਦਾ ।

ਵਰਮੇ ਦੇ , ਕੁਮਾਰ ਜੀ ਦੇ ਵੰਨ-ਸੁਵੰਨੇ ਯਤਨਾਂ ਦੇ ਬਾਵਜੂਦ ।

ਹਾਰ ਕੇ ਕੁਮਾਰ ਜੀ ਨੇ ਵਰਮੇ ਨੂੰ ਬਦਲਵੀਂ ਹਦਾਇਤ ਜਾਰੀ ਕਰ ਦਿੱਤੀ – “ ਛੋੜੋ, ਛੋੜੋ ਉਸੇ , ਏਕ ਦਮ ਦਫਾ ਕਰੋ ,ਦਫਾ ਕਰੋ ਗੰਦੇ-ਲੋਕ ਕੋਅ ।....ਖੁਆਜਾ ਨਗਰ ਕਾ ਸਾਰਾ ਕਾਮ ਅੱਬ ਗੋਪੀ ਕੋ ਸੌਂਪ ਦੋ , ਗੋਪੀ ਕੋਆ ...ਆਹ ਹੀ , ਆਜ ਹੀ ਇਸੀ ਵਕਤ । ....ਫੀਸ ਦੁੱਗਨੀ ਕਰਦੋ ਸਭ ਕੀ ਦੁੱਗਨੀ ।.....ਆਖਿਰ ਹਮਰੀ ਇੱਜ਼ਤ.....।“

ਵੱਡੀ ਕੁਰਸੀ ਦਾ ਸੁਪਨ-ਭੈਅ ਉੱਡ-ਪੁੱਡ ਜਾਣ ਤੇ ਪੂਰੇ ਸੌਵੇਂ ਦਿਨ ਕੀਤੀ ਜਾਣ ਵਾਲੀਂ ‘ਚੋਣ ਸਫ਼ਲਤਾ ਰੈਲੀ ’ ਦੀ ਗਿਣਤੀ-ਮਿਣਤੀ ਨਾਲ ਹੀ ਤਾਂ ਕੁਮਾਰ ਜੀ ਦੀ ਇੱਜ਼ਤ ਆਬਰੂ .....।

ਪਰ, ਠੀਕ ਚਾਰ ਦਿਨ ਪਹਿਲਾਂ ਕਰਮੇ ਨੂੰ ਸੌਂਪਿਆ ਰੈਲੀ –ਫੰਡ , ਅਜੇ ਤੱਕ ਖੁਆਜਾ-ਨਗਰ ਦੀ ਕਿਸੇ ਵੀ ਛੱਪਰੀ ਤਕ ਅੱਪੜਦਾ ਨਹੀਂ ਸੀ ਹੋਇਆ ।

ਅੱਧ-ਪਚੱਧ ਵੀ ਨਹੀਂ ।

ਖੁਆਜਾ ਨਗਰ ਤੋਂ ਛੇ-ਸੱਤ ਟਰੱਕ ਤਾਂ ਕਦੀ ਵੀ ਘਟਣ ਨਹੀਂ ਸੀ ਦਿੱਤੇ ਕਰਮੇ ਨੇ – ਕਿਸੇ ਓਪਰੇ-ਪਰਾਏ ਨਾਲ਼ ਭੇਜਣ-ਤੋਰਨ ਲਈ ,ਇਹ ਤਾਂ ਭਲਾ ।

ਕੁਮਾਰ ਜੀ ਨੂੰ ਸੱਚਮੁੱਚ ਦੀ ਚਿੰਤਾ ਆ ਚਿਮੜੀ ।

ਵਰਮੇ ਨੂੰ ਉਸ ਤੋਂ ਵੱਧ .....।

ਉਸੇ ਵਰਤ ਵਰਮਾ , ਕਰਮੇਂ ਦੀ ਢਾਰੀ ਸਾਹਮਣੇ ਆ ਰੁਕਿਆ , ਇਕੱਲਾ ।

ਅੱਗ-ਭਬੂਕਾ ਹੋਇਆ ।

ਗੋਪੀ ਨੂੰ ਇਕੱਲੇਵੰਝੇ ਕਰਕੇ ਉਸਨੂੰ ਥੋੜ੍ਹਾ ਕੁ ਜਿੰਨਾ ਹੋਰ ਪਰਖਿਆ ।

ਉਹ ਤਾਂ ਚਿਰਾਂ ਤੋਂ ਠਿੱਬੀ ਲਾਊ ਸੀ , ਕਰਮੇ ਨੂੰ – “ ਬਾਕੀ ਤੁਹੀ ਫਿਕਰ ਨਾ ਕਰੋ ....ਆਪਾਂ ਬਓਤ ਸੁਲਝੇ ਬੰਦੇ ਆਂ ...ਮਜਾਲ ਆ ਇਕ ਵੀ ਬੰਦਾ ਠੰਗੀ-ਠੋਰੀ । “

ਗੋਪੀ ਤੋਂ ਦੋ ਕੁ ਕਦਮ ਹਟਵੇਂ ਮੁੜਦੇ ਆਏ ਵਰਮੇ ਨੂੰ ਕਰਮੇ ਨੇ ਬਗ਼ਲ ਹਠ ਨੱਪਿਆ ਵੱਡਾ ਖਾਕੀ ਲਿਫਾਫਾ ਲੰਮੀ ਬਾਂਹ ਕਰਕੇ ਵਾਪਸ ਕਰਦਿਆਂ ਬੇਹੱਦ ਠਰ੍ਹੰਮੇ ਨਾਲ਼ ਕਿਹਾ – “ ਆਹ ਫੜ ਲਾਆ ...ਏਨੂੰ ਦੇ ਜਾਂ ਆਪੇ ਈ ਵੰਡ ਲਾਅ.....। ਮੈਥੋਂ ਨਹੀਂ ਹੁੰਦੇ ਐਹੇ ਜਏ ਗੰਦੇ-ਕੰਮ , ਗੰਦੇ-ਲੋਕਾਂ ਦੇ ਏ....।“ ਪਤਾ ਨਈਂ ਉਸਦੇ ਗੰਦੇ-ਕੰਮਾਂ ਵਾਲੇ ਗੰਦ ਲੋਕ ਕਿਸ ਨੂੰ ਕਿਹਾ ਸੀ – ਕੁਮਾਰ ਜੀ ਨੂੰ , ਵਰਮੇ ਨੂੰ , ਆਪਣੇ ਆਪ ਨੂੰ ਜਾਂ ਉਸਦੀ ਢਾਰੀ ਲਾਗੇ ਜੁੜੀ ਖੁਆਜਾ ਨਗਰ ਦੀ ਗੋਪੀ-ਨੁਮਾ ਸਾਰੀ ਦੀ ਸਾਰੀ ਭੀੜ ਨੂੰ ........।

 

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ (ਹੁਸ਼ਿਆਰਪੁਰ)

Mobile No : 094655-74866

Web Site   -     www.lalsinghdasuya.yolasite.com

ਕਹਾਣੀ : ਬੂਟਾ ਰਾਮ ਪੂਰਾ ਹੋ ਗਿਐ ! - ਲਾਲ ਸਿੰਘ

ਕਿੰਨਾ ਈ ਚਿਰ ਤੋਂ ਮੈਂ ਉਸ ਨਾਲ ਦੁਆ-ਸਲਾਮ ਨਹੀਂ ਸੀ ਕੀਤੀ । ਨਾ ਈ ਉਸ ਨੇ ਮੇਰਾ ਰਾਹ ਰੋਕ ਕੇ ,ਮੇਰੇ ਮੇਢੇ ‘ਤੇ ਹੱਥ ਰੱਖ ਕੇ ਹੁਣ ਕਦੀ ਪੁੱਛਿਆ ਸੀ – “ ਕੀ ਹਾਲ ਐ ਭਾਅ ਤੇਰੀ ਪੜ੍ਹਾਈ ਲਿਖਾਈ ਦਾਆ ....? “

ਅਸੀਂ ਜਦ ਦੇ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਸਾਂ ਉਹ ਮੈਨੂੰ ਕਈ ਵਾਰ ਇਹੋ ਗੱਲ ਆਖ ਚੁੱਕਾ ਸੀ – “ ਭਾਅ ਜੀ ਤੂੰ ਲਿਖਣ-ਪੜ੍ਹਨ ਆਲਾ ਬੰਦਾ ਐਂ ,ਇਲਮ-ਵਿਦਿਆ ‘ਨਾ ਧੋਖਾ ਨਾ ਕਰੀਂ । ਜੋ ਕੁਸ਼ ਤੇਰਾ ਅੰਦਰਲਾ ਆਖੇ , ਓਹੀ ਅਪਣੀ ਕਲਮ ਦੀ ਜੀਭ ‘ਤੇ ਲਿਆਈਂ .....। ਏਹੀ ਤੇਰੀ ਅਸਲ ਕਮਾਈ ਐ.....।“

ਪਿੰਡ ਦੇ ਹੋਰਨਾਂ ਮੁੰਡਿਆਂ ਨੂੰ ਵੀ ਉਹ ਚੰਗੀਆਂ-ਸੋਹਣੀਆਂ ਗੱਲਾਂ ਦੱਸਣਾ । ਕਿਸੇ ਨੂੰ ਪੜ੍ਹਨ-ਲਿਖਣ ਦੀਆਂ,  ਕਿਸੇ ਨੂੰ ਖੇਤੀ-ਨੌਕਰੀ ਦੀਆਂ, ਕਾਰ-ਕਿੱਤੇ ਦੀਆਂ ,ਸੈਰ- ਕਸਰਤ ਬਾਰੇ ਜਾਂ ਕੁਸ਼ਤੀ ਲੜਨ ਬਾਰੇ । ਆਪਣੇ ਤੋਂ ਛੋਟਿਆਂ ਨੂੰ ਵੀ , ਆਪਣੇ ਤੋਂ ਵੱਡਿਆਂ ਨੂੰ ਵੀ  । ਕਹਿੰਦਾ ਉਹ ਸਭ ਨੂੰ ਭਾਅ ਜੀ ਈ ।

ਬਚਨਾ ਉਸ ਦੀ ਇਕੋ ਨਸੀਅਤ ਨਾਲ ਤੰਦਰੁਸਤ ਹੋ ਗਿਆ । ਦਿਨਾਂ ਅੰਦਰ ਹੀ ਫਿਰਨ-ਤੁਰਨ ਲੱਗ ਪਿਆ ,ਘੋੜੇ ਵਾਂਗ । ਸਵੇਰ ਦੀ ਗਜ਼ਾ ਕਰਦਾ, ਉਹ ੳਚੇਚ ਨਾਲ ਇਕ ਦਿਨ ਉਸ ਦੇ ਘਰ ਜਾ ਕੇ ਆਖ ਆਇਆ – “ ਭਾਅ ਜੀ ਤੂੰ ਰੇਜ ਅੱਡੇ ਤੱਕ ਸੈਰ ਕਰਿਆ ਕਰ । ਇਕ ਮੀਲ ਆਉਣ ਇਕ ਜਾਣ । ਆਉਂਦੀ ਵੇਰੀ ਮੈਨੂੰ ਮਿਲ ਕੇ ਆਉਣਾ, ਬਰ ਜ਼ਰੂਰ ....।“ ਹੁਣ ਮੀਂਹ ਜਾਏ ਹਨ੍ਹੇਰੀ ਜਾਏ , ਬਚਨੇ ਨੂੰ ਸੈਰ ਕਰਨੀ ਨਈਂ ਭੱਲੀ । ਕਈ ਸਾਲ ਹੋ ਗਏ ।

ਕੀੜੀ ਦਾ ਨਸ਼ਾ-ਪੱਤਾ ਵੀ ਬਾਬੇ ਨੇ ਚੁਟਕੀ ‘ਚ ਵਗਾਹ ਮਾਰਿਆ । ਆਖਣ ਲੱਗਾ –“ ਭਾਅ ਕੀੜੀ ਸਿਆਂ, ਜਿਸਲੇ ਪੀਣ ਨੂੰ ਜੀਅ ਕਰੇ , ਐਥੇ ਪਹੁੰਚ ਜਿਆ ਕਰ ਨੱਠ ਕੇ । ਅੱਗੇ ਮੈਂ ਜਾਣਾ ਮੇਰਾ ਕੰਮ....।“ ਓਹੀ ਗੱਲ ਹੋਈ । ਕੁਟੀਆ ਪਹੁੰਚ ਕੀੜੀ ਨੂੰ ਸ਼ਰਦਾਈ ਮਿਲਦੀ ਠੰਢੀ-ਠਾਰ । ਚਾਹ ਮਿਲਦੀ ਲੌਂਗ-ਲੈਚੀਆਂ ਵਾਲੀ , ਤਰ –ਗਰਮ । ਕੀੜੀ ਦੀ ਬਾਏ-ਖੁਸ਼ਕੀ ਜੜ੍ਹੋਂ ਚੁੱਕੀ ਗਈ ।ਕੀੜੀ ਨੇ ਹੁਣ ਤੱਕ ਬਾਬੇ ਦੇ ਪੈਰ ਨਈਂ ਛੱਡੇ- “ ਤੂੰ ਤਾਂ ਬਾਬਾ ਰੱਖ ਵਖਾਈ ਆ । ਮੈਂ ਤੇਰਾ ‘ਹਸਾਨ ਜ਼ਿੰਦਗੀ ਭਰ ਨਈਂ ਭੁਲਦਾ....।“ ਇਹੋ ਹਾਲ ਬਾਗੇ ਦਾ ਸੀ , ਬਾਗੇ ਜੱਫਲ ਦਾ ।ਉਹਦੀ ਘਰਦਿਆਂ ਨਾਲ ਕੜਈਂ ਨਈਂ ਸੀ ਬਣਦੀ । ਹਰ ਵੇਲੇ ਵੰਢੂੰ-ਖਾਊਂ , ਵੱਢੂੰ-ਖਾਊਂ ਕਰਦਾ ਰਹਿੰਦਾ – “ ਮੈਂ ਓਨਾ ਚਿਰ ਕਰਨਾ ਕੱਖ ਨਈਂ । ਡੱਕਾ ਦੋਹਰਾ ਨਹੀਂ ਕਰਨਾ ਜਿੰਨਾ ਚਿਰ ਅੱਧੀ ਪੈਲੀ ਮੇਰੇ ਨਾਂ ਨਈਂ ਲੱਗਦੀ । ਮੈਂ ਅਨਪੜ੍ਹ-ਗਵਾਰ ਛੋਟੇ ਦੇ ਮੂੰਹ ਅੱਲ ਦੇਖੂੰ ! ਉਹਨੇ ਤਾਂ ਰੁੱਗਾਂ ਦੇ ਰੁੱਗ ਲਿਆਉਣੇ ਆਂ ਅਫਸਰ ਬਣ ਕੇ । ਮੈਂ ਕਿਉਂ ਗੋਡੇ ਤੜਾਮਾਂ ਕਿਸੇ ਲਈ ! ਅੱਗੋ ਦੇਖ ਈ ਲਿਆ ਤਾਏ ਨੇ ਕਿੱਦਾਂ ਕੀਤੀ ਆ, ਪੇਅ ਸਾਡੇ ‘ਨਾ....।“ ਉਹਦਾ ਹਿਰਖ਼ ਬਾਬਾ ਕਈ ਚਿਰ ਸੁਣਦਾ ਰਿਹਾ । ਕਈ ਚਿਰ ਉਸ ਨੂੰ ਮਿੱਠਿਆਂ-ਪਿਆਰੀਆਂ ਸੁਣਾਉਂਦਾ ਰਿਹਾ ।ਪਰ, ਬਾਗੋ ਦੀ ਪਾਣ ਰਤਾ-ਮਾਸਾ ਵੀ ਮੱਠੀ ਨਾ ਪਈ ।ਹਾਰ ਕੇ ਬਾਬੇ ਨਾ ਇਕ ਦਿਨ ਉਸ ਨੂੰ ਮਸ਼ਕਰੀ ਜਿਹੀ ਕੀਤੀ – “  ਜੇ ਨਈਂ ਚਿੱਤ ਖੁੱਭਦਾ ਕੰਮ ‘ਚ , ਤਾਂ ਆ ਬਹਿ ਐਥੇ ,ਮੇਰੇ ਲਾਗੇ । ਸਾਧ ਬਣ ਜਾ ਸਾਧ ਮੇਰੇ ਅਰਗਾ । ਮਿਹਨਤ –ਮੁਸ਼ੱਕਤ ਤੋਂ ਬਚਣ ਦਾ ਇਹ ਰਾਹ ਵਧੀਆ । ਗਜ਼ਾ ਕਰ  ਛੱਡੀ , ਦਾਲ ਫੁਲਕਾ ਖਾ ਛੱਡਿਆ ।ਬਾਕੀ ਸਭ ਠੀਕ-ਠਾਕ ! “ ਬਾਗੇ ਦੀ ਜੱਟ-ਹਊਂ ਉਸ ਦਿਨ ਪਤਾ ਨਈਂ ਵੱਟ ਜਿਹਾ ਖਾ ਗਈ, ਪਤਾ ਨਈਂ ਹੋਰ ਕੋਈ ਸੰਸਾ ਉਸ ਦਾ ਅੰਦਰ ਮੱਲ ਬੈਠਾ । ਅੱਗੇ ਤੋਂ ਘਰਦਿਆਂ ਅੱਗੇ ਚੂੰ ਨਈਂ ਕੀਤੀ ਉਹਨੇ ।ਪੂਰਾ ਖੁੱਭ ਕੇ ਖੇਤੀ ਕੀਤੀ ।ਐਨ ਡਟ ਕੇ ਸੇਵਾ ਕੀਤੀ ਬਾਗਾਂ ਦੀ ।ਗੁੱਲੂ ਬਾਗਬਾਨੀ ਦਾ ਈ ਕੋਈ ਖਾਸ ਵਿਗਿਆਨੀ ਬਣ ਗਿਆ । ਕਈ ਵਾਰ ਬਾਹਰਲੇ ਦੇਸੀਂ ਜਾਂਦੀ , ਸਲਾਹਾਂ ਦੇਣ ।ਉਸ ਦੀਆਂ  ਫੋਟੋਆਂ ਅਖ਼ਬਾਰਾਂ ਵਿੱਚ ਛਪਦੀਆਂ । ਬਾਗਾ ਬੜੇ ਮਾਣ ਨਾਲ ਬਾਬੇ ਨੂੰ ਦਿਖਾਉਂਦਾ । ਪੂਰਾ ਹੁੱਬ ਕੇ ਭਰਾ ਦੀ ਗੱਲ ਕਰਦਾ – “ ਆਹ ਦੇਖੋ ਆਪਣਾ ਗੁੱਲੂ , ਕਿੰਨੀ ਟੋਹਰ ਆ ਘੋਲੂ ਜਿਏ ਦੀ ।ਪਛਾਣ ਹੁੰਦਾ ਕਿਤੇ ! ਹੈਂਅ ਦੇਖ ਲਾਆ ਕਿੱਡਾ ਅਪਸਰ ਲਗਦਾ ....।“ ਬਾਬਾ ਉਹਦੀ ਕੰਡ ‘ਤੇ ਹੱਥ ਰੱਖ ਕੇ ਮੁਸਕਰਾ ਛੱਡਦਾ । ਉਹਨੂੰ ਕਹਿੰਦਾ ਕੁਝ ਨਾ ।

ਮੇਰੀ ਪੜ੍ਹਾਈ-ਲਿਖਾਈ ਵੀ ਇਕ ਤਰ੍ਹਾਂ ਨਾਲ ਬਾਬੇ ਦੀ ਹੱਲਾ-ਸ਼ੇਰੀ ਨਾਲ ਈ ਸਿਰੇ ਚੜ੍ਹੀ ਸੀ ।ਪੰਜ ਭੈਣ-ਭਰਾ ਸੀ ਅਸੀਂ । ਸਾਰੇ ਮੈਥੋਂ ਛੋਟੇ । ਪਿਉ ਦਿਹਾੜੀ-ਦੱਪਾ  ਕਰਦਾ, ਕਦੀ ਗੋਡੀ-ਵਾਡੀ ਜਾਂ ਲਾਵੀ-ਝੋਕੀ ।ਮਸਾਂ ਡੰਗ ਸਰਦਾ । ਦਸਵੀਂ ਤੱਕ ਉਹਨੇ ਹਿੰਮਤ ਬਣਾਈ ਰੱਖੀ । ਅੱਗੇ ਨੰਨਾ ਨਾ ਧਰਿਆ । ਧਰਿਆ ਵੀ ਕਾਦ੍ਹੇ ਆਸਰੇ ! ਅਗਲੇ ਖ਼ਰਚੇ ਵੀ ਕਿਹੜੇ ਛੋਟੇ ਸੀ ਕਾਲਿਜਾਂ ਦੇ । ਓਧਰ ਮਾਂ ਦਾ ਦਾਰੂ-ਦਰਮਲ ਈ ਸਾਹ ਨਈਂ ਸੀ ਲੈਣ ਦਿੰਦਾ। ਪਤਾ ਨਈਂ ਕੀ ਕਸਰ ਸੀ ਉਹਨੂੰ ! ਦੋ ਦਿਨ ਰਾਜ਼ੀ ਚਾਰ ਦਿਨ ਮੰਜੇ ‘ਤੇ । ਕਦੀ ਹੱਡ-ਗੋਡੇ ਦੁਖਦੇ , ਕਦੀ ਸਿਰ ਮੱਥੇ ‘ਚ ਹੁੱਲਾਂ ਪੈਂਦੀਆਂ । ਬਾਪੂ ਆਪ ਮੰਨੀਆਂ ਥੱਪਦਾ । ਬਾਲ-ਬੱਚਾ ਵੀ ਸਾਂਭਦਾ ਤੇ ਦਿਹਾੜੀ ਵੀ ਕਰਦਾ । ਉਹਨੂੰ ਹੱਕ ਸਾੜਦਾ ਦੇਖ , ਮਾਂ ਹੋਰ ਝੂਰਦੀ – “ ਤੂੰ ਵੱਡੇ ਨੂੰ ਵਿਆਹ ਲਾਆ ,ਕਿਉਂ ਜਾਨ ਗਾਲਦਾਂ ? “ ਬਾਪੂ ਕਦੀ ਹਾਮੀਂ ਭਰਦਾ , ਕਦੀ ਨਾ ਵੀ ।ਉਂਝ ਉਹ ਵਿਹੜੇ ਦੇ ਹੋਰਨਾ ਬੰਦਿਆਂ ਵਰਗਾ ਨਈਂ ਸੀ- “ ਓਧਰ ਮੁੰਡੇ ਨੇ ਸਿਰ ਚੁੱਕਿਆ, ਏਧਰ ਫਾਹ ਕੇ  ਲਾਂਭੇ ਕੀਤਾ । ਮਾਜੀ ਜਾਏ ਟੱਕਰਾਂ ਅਗਲਾ ਟੋਕਰੀ-ਕੈਹੀ ਨਾਲ, ਰੰਬੇ-ਖੁਰਪੇ ਨਾਲ ਸਾਰੀ ਉਮਰ ।“ ਬਾਪੂ ਕਹਿੰਦਾ – “ ਜੇੜ੍ਹਾ ਹੋਵੇਈ ਏਸੇ ਲੈਕ, ਉਨ੍ਹੇ ਤਾਂ ਫਾਹੇ ਲੱਗਣਾ ਈ ਲੱਗਣਾ । ਜੇੜ੍ਹਾ ਬਚ ਸਕਦਾ, ਉਹ ਤਾਂ ਬਚੇ, ਏਸ ਦਲਿੱਦਰ ਤੋਂ .....।“

ਘਰ ਦੀ ਹਾਲਤ ਦੇਖ-ਸਮਝ ਕੇ , ਮੈਂ ਟਾਈਪ ਸਿੱਖਣ ਲੱਗ ਪਿਆ । ਮਹੀਨਾ –ਖੰਡ ਗਿਆ ਵੀ ਸ਼ਹਿਰ ਸਾਈਕਲ ‘ਤੇ । ਪਰ ਚਿੱਤ ਜਿਹਾ ਖੁੱਭਿਆ ਨਾ ਪੂਰੀ ਤਰ੍ਹਾਂ । ਇਕ ਤਾਂ ਪਾੜ੍ਹੇ ਮੁੰਡਿਆਂ ਨਾਲ ਤੁਰਿਆ ਮੈਂ ਹੀਣਾ-ਹੀਣਾ ਮਹਿਸੂਸ ਕਰਦਾ ਸਾਂ, ਦੂਜੇ ਊਈਂ ਉਬਲੀ ਜਾਂਦਾ ਸੀ ਕੁੱਛ, ਮੇਰੇ ਅੰਦਰ । ਇਸ ਦੀ ਸਮਝ ਮੈਨੂੰ ਕਾਫੀ ਚਿਰ ਪਿੱਛੋਂ ਜਾ ਕੇ ਪਈ ।ਕਾਲਿਜ਼ ਦੀ ਪੜ੍ਹਾਈ ਚਾਲੂ ਕਰਕੇ । ਬਾਪੂ ਤਾਂ ਏਸ ਅਦਲਾ-ਬਦਲੀ ‘ਤੇ ਰਾਜ਼ੀ ਨਹੀਂ ਸੀ ਬਹੁਤਾ ,ਬਾਬੇ ਨੇ ਈ ਜ਼ੋਰ ਮਾਰਿਆ । ਬਾਪੂ ਨੂੰ ਆਖਣ ਲੱਗਾ – “ ਫੀਸਾਂ ਤੁਆਡੀਆਂ ਮਾਫ਼ । ਵਜ਼ੀਫਾ ਨਾਲ ਮਿਲਦਾ । ਕਿਤਾਬਾਂ ਕਾਲਜੋਂ ਇਸ਼ੂ ਹੋ ਜਾਂਦੀਆਂ । ਫੇਰ ਰਹਿ ਕੀ ਗਿਆ ? ਝੱਗਾ-ਪਜਾਮਾ ! ਏਨੀ ਕੁ ‘ਮਦਾਦ ਮੈਂ ਕਰ ਦੂੰ । ਮੁੰਡਾ ਕਿਸੇ ਸਿਰੇ ਲੱਗੂ । ਘਰ ਦਾ ਮੂੰਹ –ਮੱਥਾ ਸੁਆਰੂ । ਮੈਡੀਕਲ , ਨਾਲ-ਮੈਡੀਕਲ ਪਾਸ ਕਰ ਲਏ ਤਾਂ ਸੁਧਾ ਈ ਸੋਨਾ । “

ਬਾਬੇ ਦੇ ਕਹਿਣ-ਸੁਨਣ ‘ਤੇ ਬਾਪੂ ਦਾ ਤੌਖ਼ਲਾ ਤਾਂ ਘਟ ਗਿਆ, ਪਰ ਮੈਨੂੰ ਅਚੋਆਈ ਜਿਹੀ ਲੱਗ ਗਈ – “ ਬਾਬੇ ਨੂੰ ਐਨਾ ਕੁਸ਼ ਕਿੱਦਾਂ ਪਤਾ ਆ.....! “ ਮੈਨੂੰ ਉਸ ਦੇ ਗਿਆਨ ‘ਤੇ ‘ਸ਼ੱਕ ’ ਹੋਣ ਲੱਗ ਪਿਆ ।

ਉਂਝ ਤਾਂ ਪਿੰਡ ਦੀ ਸਾਰੀ ਮੁਢੀਰ ਈ ਬਾਬੇ ਦੀ ਸ਼ਰਧਾਲੂ ਸੀ – ਸ਼ਰਦਾਈ ਚਾਹ ਵਾਲੇ ਵੱਖਰੇ , ਡੰਡ-ਬੈਠਕਾਂ ਵਾਲੇ ਤੇ ਗੱਲਾਂ-ਗੜੱਪਾਂ ਵਾਲੇ ਵੱਖਰੇ । ਮੇਰੀ ਜੋਟੀ ਬਾਗੇ-ਬਚਨੇ –ਕੀੜੀ ਨਾਲ ਸੀ । ਮੈਂ ਉਹਨਾਂ ਤੋਂ ਅੱਗੇ-ਪਿਛੇ ਵੀ ਉਸ ਕੋਲ ਚਲਾ ਜਾਂਦਾ ।ਬਾਬੇ ਨੂੰ ਵੀ ਇਹ ਗੱਲ ਚੰਗੀ-ਚੰਗੀ ਲੱਗਦੀ । ਉਹ ਕਿਤਾਬਾਂ ਦੀਆਂ ,ਸਲੇਬਸ ਦੀਆਂ ,ਆਮ ਵਾਕਫੀ ਦੀਆਂ ਗੱਲਾਂ ਪੁੱਛਦਾ-ਦੱਸਦਾ , ਮੈਨੂੰ ਹੋਰ ਵੀ ਹੈਰਾਨ ਕਰ ਦਿੰਦਾ ।

ਉਸ  ਦੇ ਕਹਿਣ ਮੂਜਬ ਹੀ ਮੇਂ ਕਾਲਜ ਪਹੁੰਚ ਕੇ ਸਾਇੰਸ ਰੱਖੀ ਸੀ । ਉਹ ਚੱਲੀ ਨਾ, ਕੌਮਰਸ ਲੈ ਲਿਆ। ਉਹ ਵੀ ਨਾ ਤੁਰਿਆ , ਆਰਟਸ ‘ਤੇ ਪਹੁੰਚ  ਗਿਆ । ਮੇਰਾ ਚਿੱਤ ਫਿਰ ਡੋਲ ਗਿਆ – ‘ਕੇੜ੍ਹਾ ਭੜੂਆ ਨੌਕਰੀ ਦਊ , ਹਿਸਟਰੀ-ਪੰਜਾਬੀ ਆਲੇ ਨੂੰ .....! ‘ ਮੈਂ ਆਪਣੀ ਨਿਰਾਸ਼ਾਂ ਬਾਬੇ ਨੂੰ ਜਾ ਦੱਸੀ । ਉਹਨੇ ਅੱਗੋਂ ਬੜੇ ਹੀ ਸਹਿਜ-ਭਾਅ ਨਾਲ ਉੱਤਰ ਦਿੱਤਾ – “ ਪੜ੍ਹਾਈ-ਲਿਖਾਈ ਸਿਰਫ ਨੌਕਰੀ ਲੱਭਣ ਲਈ ਈ ਕਰੀਦੀ ਐ ? ਆਪਣਾ ਆਪ ਸੁਆਰਨ ਲਈ, ਆਲਾ-ਦੁਆਲਾ ਵਾਚਣ ਲਈ , ਦੀਨ-ਦੁਨੀਆਂ ਜਾਨਣ ਲਈ ਕੀ ਪੜ੍ਹਨਾ-ਲਿਖਣਾ ਜ਼ਰੂਰੀ ਨਈਂ....?”

“ ਬਹੁਤ ਜ਼ਰੂਰੀ ਐ ਬਾਬਾ ਜੀ , ਪਰ ਤੁਸੀਂ ਤਾਂ ਜਾਣਦੇ ਈ ਓ ਮੇਰੇ ਘਰ ਹੀ ਹਾਲਤ .....।“

“ ਤੇਰਾ ਕੱਲਾ ਈ ਘਰ ਨਈਂ ਐਹੋ ਜਿਹਾ , ਮੁਲਕ ਭਰਿਆ ਪਿਆ ਸਾਰਾ , ਤੇਰੇ ਅਰਗੇ  ਬੁੜਿਆਂ ਘਰਾਂ ਨਾਲ ।ਜਿਨ੍ਹਾਂ ਦੇ ਲਾਇਕ ਤੋਂ ਲਾਇਕ ਧੀਆਂ-ਪੁੱਤ ਸਿਰਫ ਏਸ ਲਈ ਅੱਗੇ ਨਈਂ ਜਾਣ ਦਿੱਤੇ ਜਾਂਦੇ ਕਿ ਖੇਤਾਂ-ਫਾਰਮਾਂ ਦੀ ਲਾਵੀ ਕੌਣ ਕਰੂ ,ਪਿੱਛੇ । ਗਲੀਆਂ-ਨਾਲੀਆਂ ਦਾ ਗੰਦ ਕੌਣ ਚੱਕੂ , ਐਥੇ । “

ਬਾਬੇ ਦੀਆਂ ਸਾਰੀਆਂ ਗੱਲਾਂ ਬੀ.ਏ. ਟੂ ‘ਚ ਪੜ੍ਹਦੇ ਮੱਟੂ ਨਾਲ ਮਿਲਦੀਆਂ ਹੋਣ ਕਰ ਕੇ , ਮੈਂ ਉਸ ਨੂੰ ਬਾਬੇ ਦੀ ਥਾਂ ਬਾਬਾ ਜੀ ਕਹਿਣ ਲੱਗ ਪਿਆ ।

ਮੱਟੂ ਸਾਡੀ ਕਾਲਜ-ਸਭਾ ਦਾ ਆਗੂ ਸੀ । ਦਲੇਰ ਤੇ ਸਾਫ਼ਗੋ ।ਵਿਦਿਆਰਥੀ ਜੱਥੇਬੰਦੀ ਦਾ ਅਹੁਦੇਦਾਰ ਵੀ ਸੀ ਉਹ । ਉਸ ਦਾ ਸੰਗਤਾ ਕਰਦਿਆਂ ਮੇਰਾ ਰੁਕਿਆ ਅੰਦਰ ਜਿਵੇਂ ਆਪ-ਮੁਹਾਰੇ ਵਗ ਤੁਰਿਆ । ਖਿੱਝਿਆ-ਖੱਪਿਆ ਚਿੱਤ ਹਲਕਾ-ਫੁਲਕਾ ਹੁੰਦਾ ਗਿਆ ਤੇ ਨਾ ਸਮਝ ਆਉਣ ਵਾਲੀਆਂ ਗੱਲਾਂ ਹੌਲੀ-ਹੌਲੀ ਸਮਝ ਪੈਣ ਲੱਗੀਆਂ । ਤੇ...ਤੇ ਗੂੰਗੇ-ਗੂੰਗੇ ਜਿਹੇ ਮੇਰੇ ਬੋਲ ਬੋਲ ਗੀਤ-ਕਵਿਤਾਵਾਂ ਬਣ ਕੇ ਬਾਹਰ ਆਉਣ ਲੱਗੇ । ਪਹਿਲਾਂ ਕਲਾ-ਸਭਾ ਅੰਦਰ ਫਿਰ ਕਾਲਿਜ ਸਟੇਜਾਂ ‘ਤੇ , ਫਿਰ ਅੱਗੇ ਵੀ । ਤੁਰਦੀ-ਤੁਰਦੀ ਗੱਲ ਬਾਬੇ ਤੱਕ ਵੀ ਪਹੁੰਚ ਗਈ । ਉਸ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ।ਮੈਨੂੰ ਰਾਹ ‘ਚ ਘੇਰ ਕੇ ਆਖਣ ਲੱਗਾ – “ ਸੁਣਿਆਂ ਜਿੰਨਾ ਕੁਸ਼ ਪੜ੍ਹ ਕੇ ਅੰਦਰ ਲੰਘਾਉਂਦੈਂ , ਉਹਤੋਂ ਬਹੁਤਾ ਬਾਹਰ ਕੱਢਣ ਲੱਗ ਪਿਐਂ । ਸੱਚੀ ਗੱਲ ਆ ਇਹ ? “ ਮੈਂ ਸ਼ਰਮਿੰਦਾ ਜਿਹਾ ਹੋਇਆ ਨੀਵੀਂ ਪਾਈ ਖੜ੍ਹਾ ਰਿਹਾ ।“....ਕੋਈ ਮਾਤ੍ਹਤਾਂ ਨੂੰ ਵੀ ਦੱਸ ਛੱਡਣਾ ਸੀ ਚਮਤਕਾਰ ....! “ ਮੈਂ ਮਾਣ ਜਿਹੇ ਨਾਲ ਬਗਲ-ਝੋਲੇ ‘ਚੋਂ ਡਾਇਰੀ ਕੱਢ ਕੇ ਉਸ ਵੱਲ ਧਮਾ ਦਿੱਤੀ ।

“ ਐਂ ਨਈਂ , ਕੁਟੀਆ  ਅੰਦਰ ਚੱਲ ਕੇ , ਰਮਾਨ ਨਾਲ ਬੈਠ ਕੇ ....।“

ਇੱਕਲਵੰਜੇ ਬੈਠ , ਮੈਂ ਪਹਿਲਾਂ ਦੋ-ਚਾਰ ਗੀਤ ਸੁਣਾਏ ਫਿਰ ਪੰਜ-ਸੱਤ ਕਵਿਤਾਵਾਂ । ਸੁਣਦਾ-ਸੁਣਦਾ ਉਹ ਮੈਨੁੰ ਝਈ ਲੈ ਕੇ ਪਿਆ – “ ਚੱਲ ਬੱਸ ਕਰ, ਬਥੇਰਾ ਸੁਣ ਲਿਆ ਹੁਣ.....!” ਮੇਰੇ ਨਾਲ ਪਹਿਲੇ ਕਦੀ ਇਵੇਂ ਨਹੀਂ ਸੀ ਹੋਈ – ਨਾ ਕਾਲਿਜ,ਨਾ ਗੁਰਦਵਾਰੇ ਨਾ ਕਿਸੇ ‘ਮੇਲੇ ’ ਚ ! ਉਨ੍ਹਾਂ ਥਾਈਂ ਤਾਂ ਮੇਰੀ ਵਾਹ-ਵਾਹ ਦੇ ਪੁਲ ਬੱਝਿਆ ਕਰਦੇ ਸਨ, ਵੱਡੇ-ਵੱਡੇ ।ਮਾਇਆ –ਛਾਪਿਆ ਵੀ ਲੱਭ ਜਾਂਦੀ , ਖ਼ਰਚ-ਪਾਣੀ ਲਈ । ਪਰ ਬਾਬੇ ਦੀ ਬੇ-ਰੁਖੀ ਨੇ ਮੇਰਾ ਸਾਰਾ ਈ ਉਤਸ਼ਾਹ ਮਾਰ ਦਿੱਤਾ ।ਮੈਂ ਤਾਂ ਉਦਾਸ ਹੋਣਾ ਈ ਹੋਣਾ ਸੀ , ਉਹ ਮੈਥੋਂ ਵੀ ਜਿਆਦਾ ! ਪੈਰ ਘਸੀਟਦਾ ਉਹ ਓਸਲੇ ਕੁੱਲੀ ਅੰਦਰ ਚਲਾ ਗਿਆ ।ਅੰਦਰੋਂ ਦੋ-ਤਿੰਨ ਕਾਇਦੇ ਜਿਹੇ ਲਿਆ ਕੇ ਫੜਾਉਂਦਾ ਹਿਰਖ ਜਿਹੇ ਨਾਲ ਕਹਿਣ ਲੱਗਾ – “ ਪਹਿਲਾਂ ਆਹ ਪੜ੍ਹ ਧਿਆਨ ਨਾਲ, ਫੇਰ ਕਰੀਂ ਹਾਅ ਦਿਮਾਗੀ ਕਸਰਤ....।“

ਮੈਨੂੰ ਬਾਬੇ ਦੀ ਆਖੀ ਨਸ਼ਤਰ ਵਾਂਗ ਵਿੰਨ੍ਹ ਗਈ ।

ਉਹ ਛੋਟੇ-ਛੋਟੇ ‘ਕੈਦੇ ’ ਮੈਂ ਚੰਗੀ ਤਰ੍ਹਾਂ ਪੜ੍ਹੇ । ਇਕ ਵਾਰ ਹੋਰ ਪੜ੍ਹੇ । ਉਹਨਾਂ ਲਿਖਿਆ ਸਾਰਾ ਕੁਝ ਮੇਰੇ ਲਈ ਨਵਾਂ ਸੀ । ਨਵਾਂ ਤੇ ਅਜੀਬ । ਅਜੀਬ ਤੇ ਸੱਚ । ਮੇਰੇ ਕਿਆਸੇ ਸੱਚ ਨਾਲੋਂ ਕਈ ਗੁਣਾ ਵੱਡਾ ਤੇ ਵੱਖਰੀ ਕਿਸਮ ਦਾ । ਜਿਸ ਸਾਹਮਣੇ ਆਪਦੇ ਗੀਤ-ਸ਼ੀਤ ਬਿਲਕੁਲ ਕੂੜਾ  ਲੱਗੇ ਮੈਨੂੰ ।ਕੜੀਆਂ –ਕਵਿਤਾਵਾਂ ਖੇਹ-ਸੁਆਹ ਜਾਪੀਆਂ ਸਾਰੀਆਂ ।

ਕਿੰਨਾ ਈ ਚਿਰ ਮੈਥੋਂ ਫਿਰ ਕੁਝ ਵੀ ਨਾ ਲਿਖਿਆ ਗਿਆ । ਫਿਰ ....ਕਾਲਿਜ ‘ਚ ਕੋਈ ਦਿਨ ਮਨਾਉਣਾ ਸੀ ।ਸ਼ਾਇਕ ਛੱਬੀ ਜਨਵਰੀ ਜਾਂ ਪੰਦਰਾਂ ਅਗਸਤ । ਮੈਂ ਵੀ ਕਵਿਤਾ ਲਿਖੀ । ਲਿਖੀ ਤੇ ਬੋਲੀ ।......ਅਗਲੇ ਦਿਨ ਈ ਪ੍ਰਿੰਸੀਪਲ ਦਫ਼ਤਰ ਫਾਲਿਨ । ਕਾਲਿਜੋਂ ਕੱਢੇ ਜਾਣ ਦਾ ਨੋਟਿਸ ਮੇਰੇ ਹੱਥਾਂ ‘ਚ ਸੀ । ਮੈਂ ਓਹੀ ਫ਼ਰਲਾ ਮੱਟੂ ਨੂੰ ਜਾ ਫੜਾਇਆ ਓਦਾਂ ਈ । ਉਹਨੂੰ ਅੱਗਂ ਤੇਸ਼ ਚੜ੍ਹ ਗਿਆ  - “ ਅਸੀਂ ਐਂ ਨਈਂ ਤੇਰੀ ਕਲਾ ਦੀ ਪਿੱਠ ਲੱਗਣ  ਦਿੰਦੇ । ਬੱਸ ਤੂੰ ਕੈਮ ਰਹਿ । ਹੁਣ ਤੋਂ ਸਾਡਾ ਅਮਲ ਸ਼ੁਰੂ । ‘ ...ਅਗਲੀ ਘੰਟੀ ਸਭ ਕਲਾਸਾਂ ਕਮਰਿਆਂ ‘ਚੋਂ ਬਾਹਰ । ਅਗਲੇ ਦਿਨ ਵੀ ਉਹੀ ਹਾਲ । ਤੀਜੇ ਦਿਨ ਜਾ ਕੇ ਸਮਝੌਤਾ ਹੋਇਆ । ਮੇਰੀ ਮੁਅੱਤਲੀ ਰੱਦ ਕੀਤੀ ਗਈ । ਬੱਸ ਐਨੀ ਕੁ ਸ਼ਰਤ ਲੱਗੀ ਮੇਰੇ ‘ਤੇ “ ਨੈਸ਼ਨਲ ਡੇਅਜ਼ ‘ਤੇ ਜਿਹੀਆਂ ਕਵਿਤਾਵਾਂ ਨਾ ਪੜ੍ਹੀਆਂ ਜਾਣ....ਬਾਕੀ ਦਿਨਾਂ ‘ਤੇ ਖੁਲ੍ਹ ਐ ।“

ਉਸ ਦਿਨ ਬਾਬੇ ਨੇ ਮੈਨੂੰ ਅੱਡਿਓਂ ਉਤਰਦੇ ਨੂੰ ਈ ਬੋਚ ਲਿਆ ।ਘੁੱਟ ਕੇ ਜੱਫੀ  ਪਾਈ । ਅੱਖਾਂ ‘ਚ ਢੇਰ ਸਾਰੀ ਚਮਕ ਭਰ ਕ ਆਖਣ ਲੱਗਾ –“ਹੁਣ ਤੇਰੀ ਮਿਹਨਤ ਨੂੰ ਕਿਸੇ ਝੰਜਟ-ਝਾਟੇ ਦਾ ਡਰ ਨਈਂ ....। ਹੁਣ ਹਰ ਹੀਲੇ ਇਹ ਉਨ੍ਹਾਂ ਤੱਕ ਪੁੱਜੂ , ਜਿਨ੍ਹਾਂ ਦੀ ਅਮਾਨਤ ਐ ....ਸਾਬਾਸ਼ । ਅੱਜ ਥੋੜ੍ਹਾ ਕੁ ਮਟੀਰੀਅਲ ਹੋਰ ਲੈ ਜਾਈਂ, ਸ਼ਾਮੀ । “ ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਹਨੇਰੇ ਪਏ ਕੁਟੀਆ ਜਾ ਪੁੱਜਾ । “ ਸੁਣਾਓ ਭਾਅ ਜੀ ਈ , ਕੀ ਹਾਲ ਐ ਤੁਆਡੀ ਪੜ੍ਹਾਈ-ਲਿਖਾਈ ਦਾਆ....?” ਉਸ ਦਿਨ ਉਸ ਨੇ ਮੈਨੂੰ ਇਹ ਵਾਕ ਸੁਭਾਵਕ ਪੁੱਛਿਆ ਸੀ ਜਾਂ ਜਾਣ-ਬੁੱਝ ਕੇ – ਇਸ ਗੱਲ ਦੀ ਤਾਂ ਮੈਨੂੰ ਸਮਝ ਨਾ ਲੱਗੀ, ਪਰ ਜਿਹੜੀ ਗੱਲ ਹੁਣ ਤੱਕ ਮੈਂ ਚੰਗੀ ਤਰ੍ਹਾਂ ਸਮਝ ਸਕਿਆ ਸੀ , ਉਹ ਸਾਫ਼-ਸਾਫ਼ ਆਖ ਦੱਸੀ – “ ਬਾਬਾ ਜੀ , ਪੜ੍ਹਾਈ-ਲਿਖਾਈ ਦੀ ਤਾਂ ਏਸ ਸ੍ਹਾਬ ਨਾਲ ਮੈਂ ਪੂਣੀ ਵੀ ਨਹੀਂ ਛੋਹੀ ਲਗਦੀ ! “ ਇਸ ਵਾਰ ਬਾਬੇ ਦੀਆਂ ਅੱਖਾਂ ‘ਚ ਚਮਕ ਨਹੀਂ , ਸਿਲ੍ਹ ਸੀ । ਸੰਘਣੀ ਸਿਲ੍ਹ, ਜਿਹੜੀ ਉਸ ਦੇ ਰੋਕਦਿਆਂ-ਰੋਕਦਿਆਂ ਵੀ ਉਸ ਦੀਆਂ ਪਲਕਾਂ ‘ਤੇ ਲਮਕ ਪਈ । ਅੱਖ ਬਚਾ ਕੇ ਉਹਨੇ ਅੱਖਾਂ ਪੂੰਝ ਲਈਆਂ । ਸਿਰ੍ਹਾਣੇ ਹੇਠ ਰੱਖੇ ਕਿੰਨੇ ਕਿਤਾਬਚੇ ਮੇਰੀ ਵੱਲ ਧਮਾ ਕੇ ਆਖਣ ਲੱਗਾ – “ ਜਿੱਥੋਂ ਨਾ ਸਮਝ ਲੱਗੇ, ਨਿਸੰਗ ਪੁੱਛ ਲਈਂ .....।“

ਮੈਂ ਪ੍ਰਸ਼ਾਦ ਲੈਣ ਵਾਂਗ ਦੋਨਾਂ ਹੱਥਾਂ ਵਿਚ ਸਾਰਾ ਕੁਝ ਸਾਂਭ ਲਿਆ । ਕੀਲੀ ਨਾਲ ਲਟਕਦੀ ਲਾਲਟੈਨ ਲਾਗੇ ਖਲੋ ਕੇ ਰਿਸਾਲੇ-ਪੁਸਤਕਾਂ ਫਰੋਲਣ ਲੱਗਾ । ਰਿਸਾਲੇ-ਪੁਸਤਕਾਂ ਫਰੋਲਦਾ ਮੈਂ ਕਦੀ ਕੁਟੀਆ ਵੱਲ ਦੇਖ ਲੈਂਦਾ , ਕਦੀ ਕਰਮੰਡਲ ਵਲ੍ਹ, ਖੂੰਟੇ ਵਲ੍ਹ, ਖੜਾਵਾਂ ਵਲ੍ਹ । ਮੇਰੀ ਸ਼ੱਕ ‘ਤੇ ਸ਼ੱਕ ਕਰਦਾ ਉਹ ਇਕ ਦਮ ਉੱਠ ਪੜੋਇਆ -  “ ਤੂੰ ਭਾਅ ਹੁਣ ਜਾਹ ....! ਮੈਂ ਉਸ ਦੇ ਆਦੇਸ਼ ਸੁਣ ਕੇ ਹਿੱਲਿਆ ਨਾ । ਸਗੋਂ ਮੋਟੀ-ਮੋਟੀ ਉਲੱਦ-ਪਲੱਦ ਕਰਦਾ , ਹੋਰ ਅੰਦਰ-ਧਿਆਨ ਹੁੰਦਾ ਗਿਆ । ਖਾਸ ਕਰ ਇਕ ਨਾਂ ਨੂੰ ਪੜ੍ਹਦਾ । ‘ਬੂਟਾ ’ ਨਾਮ ਦੇ ਦੋ-ਅੱਖਰੇ ਸ਼ਬਦ ਨੂੰ । ਜਿਹੜਾ ਹਰ ਕਿਤਾਬਚੇ ਦੇ ਅੰਦਰਲੇ ਕਵਰ ‘ਤੇ ਵਾਰ-ਵਾਰ ਲਿਖਿਆ ਪਿਆ ਸੀ । ਕਾਲੀ, ਨੀਲੀ,ਹਰੀ ਜਾਂ ਲਾਲ ਸਿਆਹੀ ਨਾਲ । ਖੁਸ਼ਖਤ ਕਰ ਕੇ । ਪਰ , ਅੱਗੜ-ਦੁਗੜੀਆਂ ,ਵਿੰਗ-ਤੜਿੰਗੀਆਂ ਪਾਲਾਂ ਅੰਦਰ ।

“ਇਹ ਬੂਟਾ ਕੌਣ ਹੋਇਆ ? ਤੁਆਡਾ ਨਾਂ ਆ ਇਹ ਕਿ ਕਿਸੇ ਹੋਰ ਦਾਆ ? “ ਮੇਰੀ ਇਸ ਪੁੱਛ ਦੀ ਬਾਬੇ ਨੇ ਕੋਈ ਰੋਕ-ਟੋਕ ਨਾ ਕੀਤੀ । ਸਗੋਂ ਭਰਵੀਂ ਜਿਹੀ ਮੁਸਕਾਨ ਸਾਰੇ ਚਿਹਰੇ ‘ਤੇ ਖਿਲੇਰਦਿਆਂ ਆਖਿਆ – “ ਅਸੀਂ ਸਾਰੇ ਬੂਟੇ ਈ ਆਂ ਭਾਅ ਜੀ, ਰੁੱਖੀ-ਬੰਜਰ ਧਰਤੀ ‘ਤੇ ਠੰਡੀ-ਮਿੱਠੀ ਛਾਂ ਕਰਨ ਵਾਲੇ  ਛਾਂ-ਦਾਰ ਬੂਟੇ- ਤੂੰ, ਮੈਂ ਤੇ ਹੋਰ ਵੀ ਕਿੰਨੇ ਜਣੇ .....।“

ਉਸ ਦਾ ਗੋਲ-ਮੋਲ ਉੱਤਰ ਸੁਣ ਕੇ ਮੇਰੀ ਦੁਬਿਧਾ ਹੋਰ ਵਧ ਗਈ । ਬੇਚੈਨ ਜਿਹਾ ਹੋਇਆ ਅਜੇ ਕੁਝ ਬੋਲਣ-ਪੁੱਛਣ ਈ ਲੱਗਾ ਸੀ ਕਿ ਉਸ ਨੇ ਤਲਖੀ ਮਹਿਸੂਸਦਿਆਂ ਆਖਿਆ – “ ਹੁਣ.... ਹੁਣ ਜਲ-ਪਾਨ ਦਾ ਵੇਲਾ ਆ , ਬਾਕੀ ਦਾ ਫੇਅਰ ! ...ਹਾਅ ਪੜ੍ਹ ਤੂੰ ਅਜੇ .....।‘

ਉਸ ਦਾ ਹੁਕਮ ਮੰਨ ਕੇ ਮੈਂ ਮਹੀਨੇ ਖੰਡ ‘ਚ ਸਾਰੀ ਸਮੱਗਰੀ ਪੜ੍ਹ ਮੁਕਾਈ । ਪਰ ਪੂਰੀ ਤਰ੍ਹਾਂ ਖੁੱਭਿਆ ਨਾ ਗਿਆ , ਉਸ ‘ਚ । ਧਿਆਨ ਬਹੁਤ ਕਰਕੇ ਉਖੜਿਆ ਰਿਹਾ – ਇਕ ਬਾਬੇ ਦੇ ਰਹਿਣ-ਵਿਚਰਨ ਦੇ ਢੰਗ-ਤਰੀਕੇ ਕਰ ਕੇ , ਦੂਜੇ ਉਸ ਦੇ ਗਿਆਨ-ਭੰਡਾਰ ਦੀ ਵੰਨ-ਸੁਵੰਨਤਾ ਕਰ ਕੇ ।

ਵੇਲਾ ਤਾੜ ਕੇ ਮੈਂ ਥੋੜ੍ਹੇ ਕੁ ਦਿਨੀਂ ਉਸ ਨੂੰ ਆਪਣੀ ਉਠਝਟ ਫਿਰ ਆਖ ਸੁਣਾਈ । ਉਸ ਨੇ ਕਿਸੇ ਵੀ ਤਰ੍ਹਾਂ ਦਾ ਸੰਸਾ ਨਾ ਕੀਤਾ । ਮੇਰੇ ਮੋਢੇ ‘ਤੇ ਹੱਥ ਰੱਖ ਕੇ ਬੜੇ ਸਹਿਜ-ਭਾਅ ਨਾਲ ਆਖਣ ਲੱਗਾ –“ ਵਹਿਮ ਨਾ ਕਰ ਤੂੰ ਭਾਅ.....। ਤੇਰਾ ਸਾਰਾ  ਤੌਖਲਾ ਦੂਰ ਹੋ  ਜਾਊ । ਸਭ ਕੁਝ ਪਤਾ ਲੱਗ ਜੂ ਤੈਨੂੰ ....ਹੈਨਾਂ ਪੁਸਤਕਾਂ ‘ਚੋਂ । ਚੰਗੀ ਤਰ੍ਹਾਂ ਪੜ੍ਹ ਇਹ, ਪੂਰੇ ਧਿਆਨ  ਨਾਲ.....।“

ਸੱਚ-ਮੁੱਚ ਪੂਰੇ ਧਿਆਨ ਨਾਲ ਪੜ੍ਹਨ-ਵਾਚਣ ‘ਤੇ ਉਹ ਕਿਤਾਬਚੇ  ਮੈਨੂੰ ਬਹੁਤ ਵੱਡਾ ਖਜ਼ਾਨਾ ਲੱਗੇ । ਵੱਡਾ ਤੇ ਕੀਮਤੀ । ਅਤੇ ਪਿੰਡ ਦੀ ਉਜਾੜ-ਝਿੜੀ ‘ਚ ਕੁਟੀਆ ਬਣਾਈ ਬੈਠਾ ਭਾਅ ਜੀ ਇਕ ਹੀਰਾ , ਇਕ ਅਮੋਲ ਰਤਨ । ਜਿਸ ਨੇ ਪਿੰਡ ਦੇ ਕਿਸੇ ਜੀਆਂ ਨੂੰ ਆਪਣੇ ‘ਤੇ ਸ਼ੱਕ ਨਹੀਂ ਸੀ ਹੋਣ ਦਿੱਤਾ ।ਉਹ ਬਾਲਾਂ ‘ਚ ਬਾਲ, ਗੱਭਰੂਆਂ ‘ਚ ਗੱਭਰੂ, ਸਿਆਣਿਆਂ ‘ਚ ਸਿਆਣਾ, ਬਣ ਕੇ ਰਹਿੰਦਾ ਰਿਹਾ । ਪਿੰਡ ਦੀ ਹਰ ਧੀ ਭੈਣ ਉਸ ਨੂੰ ਆਪਣੀ ਸਕਾ ਭਰਾ ਗਿਣਦੀ । ਮੇਰਾ ਵੀ ਉਹ ਪਹਿਲਾਂ ਪਹਿਲ ਨਿਰਾ ਭਾਅ  ਈ ਸੀ , ਹੋਰਨਾਂ ਵਰਗਾ । ਫਿਰ ਉ ਮੇਰਾ ਭਾਅ-ਜੀ ਬਣ ਗਿਆ । ਫਿਰ ਗੂੜ੍ਹਾ ਮਿੱਤਰ ਤੇ ਹਮਰਾਜ਼ । ਇਸ ਵਿਚ ਸਾਡਾ ਦੋਨਾਂ ਦਾ ਭਲਾ ਸੀ । ਮੈਨੂੰ ਆਪਣੇ ਆਪ ਦੀ , ਆਲੇ-ਦੁਆਲੇ ਦੀ , ਜਗਤ-ਵਰਤਾਰੇ ਦੀ ਹੌਲੀ-ਹੌਲੀ ਸਮਝ ਪੈਂਦੀ ਗਈ ਤੇ ਉਸ ਨੂੰ ..... ਉਸ ਦੇ ਦਿਲ-ਦਿਮਾਗ ‘ਤੇ ਪਿਆ ਮਣਾਂ-ਮੂਹੀਂ ਭਾਰ ਸਹਿਜੇ-ਸਹਿਜੇ ਹੌਲਾ ਹੁੰਦਾ ਗਿਆ । ਮੇਰੇ ‘ਤੇ ਕਾਫੀ ਸਾਰਾ ਵਿਸ਼ਵਾਸ਼ ਬਣਿਆ ਜਾਣੇ ਕੇ , ਥੋੜ੍ਹਾ-ਬਹੁਤ ਆਪਣੇ ਬਾਰੇ ਦੱਸਦਾ ਉਹ ਕਦੀ ਉਦਾਸ ਹੋ ਜਾਂਦਾ ਕਦੀ ਉਤੇਜਤ ।

.....ਮੇਰੇ ਵਾਂਗ ਉਹ ਵੀ ਕੰਮੀ-ਕਮੀਣ ਘਰ ‘ਚ ਜੰਮਿਆ-ਪਲਿਆ ਸੀ । ਮੋਚੀ ਸੀ ਉਹਦਾ ਪਿਉ । ਪਿੰਡ ਖਾਸਾ ਵੱਡਾ ਸੀ ਉਹਨਾਂ ਦਾ । ਕਈ ਸਾਰੀਆਂ ਹੱਟੀਆਂ ਸਨ ਇਕੱਠੀਆਂ , ਵਿਚਕਾਰ ਜਿਹੇ । ਭੌਣ ਵਾਲੀ ਖੂਹੀ ਲਾਗੇ । ਉਹਦਾ  ਪਿਉ ‘ਹੱਟੀ ’ ਕਰਦਾ ਸੀ ਬੋਹੜ ਹੇਠਾਂ ।ਥੜ੍ਹੀ ‘ਤੇ । ਆਪਣਾ ਧੌੜੀ ਦੀਆਂ ਜਾਂ ਕੁਰਮ ਦੀਆਂ । ਦੇਸੀ , ਫੈਨਸੀ ਦੋਨੋਂ । ਇਕ ਤਾਂ ਉਹ ਸੀ ਕੱਲਾ ਸਾਰੇ ਬਾਜ਼ਾਰ ‘ਚ , ਦੂਜੇ ਮਾਲ ਬਹੁਤ ਪੁਖ਼ਤਾ ਤਿਆਰ ਕਰਦਾ । ਐਨ ਸਿੱਕੇ-ਮੰਦ । ਕਰੀਬ ਹਰ-ਰੋਜ਼ ਉਹਦੀ ਵਟਕ ਹੁੰਦੀ । ਬਾਕੀ ਦੀ ਗੰਢ-ਤੁੱਪ ਵਾਫ਼ਰ । ਆਪਣੇ ਦੋਨੋਂ ਬੱਚਿਆਂ ਨੂੰ ਉਹਨੇ ਕਦੀ ‘ਤੰਗ ’ ਨਹੀਂ ਸੀ ਹੋਣ ਦਿੱਤਾ ਕਿਸੇ ਗੱਲੋਂ । ਬੇੱਚੇ ਵੀ ਦੋਨੋਂ ਹੁਸ਼ਿਆਰ , ਐਨ ਸਿਰੇ  ਦੇ ਲਾਇਕ । ਇਕ ਦੂਜੇ ਤੋਂ ਵੱਧ-ਚੜ੍ਹ ਕੇ ਨਾਮਣਾ ਖੱਟਦੇ । ਪੜ੍ਹਾਈ ‘ਚ ਵੀ । ਵੱਡਾ ਨਿੰਦਰ ਤਾਂ ਉੱਪਰ ਤੱਕ ਪੜ੍ਹ ਕੇ ਡਾਕਟਰੀ ਕਰ ਗਿਆ । ਤੇ ਛੋਟਾ, ਜਿਹੜਾ ਸਾਡਾ ਭਾਅ ਜੀ ਸੀ , ਸਾਡੀ ਪਿੰਡ ਦੀ ਮਸਾਣ-ਝਿੜੀ ‘ਚ ਕੁੱਲੀ ਬਣਾ ਕੇ ਰਹਿੰਦਾ ਸੀ , ਪੜ੍ਹਾਈ ਪੂਰੀ ਕੀਤੇ ਬਿਨਾਂ ਈ ‘ਨਿਕਲ ’ਤੁਰਿਆ ।ਹੇਠਲੀ-ਉੱਪਰ ਕਰਨ, ਯੁੱਗ-ਗਰਦੀ ਲਿਆਉਣ ਤੇ ਇਕ ਗਰਮਾਂ-ਗਰਮ ਜੋਸ਼ੋ-ਕਰਮ ਵਾਲੀ ਥਿਊਰੀ ਨੂੰ ਅਮਲੀ ਰੂਪ ਦੇਣ । ....ਆਪਣੀ ਕਵਿਤਾ ਤੇ ਜ਼ੋਰ ਨਾਲ, ਭਾਸ਼ਨਾਂ ਦੀ ਗਰਮੀ ਨਾਲ ਜਾਂ ਸੰਗਠਨਕਾਰੀ ਤਾਕਤ ਨਾਲ । ਇਹ ਤਿੰਨੇ ਗੁਣ  ਉਸ ਦੇ ਵਿਸ਼ੇਸ਼ ਗੁਣ ਸਨ ਕਦੇ । ਵਰਦਾਨ ਸਮਝਦਾ ਸੀ ਉਹ ਇਹਨਾਂ ਨੂੰ ਪੜ੍ਹਾਈ ਕਰਦਿਆਂ । ਪਰ ਹੁਣ  ਉਹ ਇਹਨਾਂ ਨੂੰ ਸਰਾਪ ਆਖਦਾ – “ਏਨ੍ਹਾਂ ਗੁਣਾਂ ਨੇ ਈ ਮੈਨੂੰ ਪੱਟਿਆ,ਨਈਂ ਹੁਣ ਨੂੰ ਮੈਂ ਵੀ ਕਿਸੇ ਸਿਰੇ ਲੱਗਾ ਹੁੰਦਾ , ਵੱਡੇ ਭਾਈ ਵਾਂਗ....।“

ਵੱਡੇ ਭਾਈ ਨਿੰਦਰ ਨਾਲ ਹੁਣ ਉਸ ਨੂੰ ਈਰਖਾ ਰਹੀ ਸੀ , ਨਾ ਰਸ਼ਕ । ਨਾ ਮੋਹ ਰਿਹਾ ਸੀ ਨਾ ਨਫ਼ਰਤ । ਸਤਿਕਾਰ ਵਜੋਂ ਉਹ ਉਸ ਨੂੰ ਨਾ ਭਾਈ-ਸਾਬ੍ਹ ਆਖ ਕੇ ਚੇਤੇ ਕਰਦਾ , ਨਾ ਘਿਰਣਾ  ਦੀ ਰੋਅ ‘ਚ ਉਹਨੂੰ ਬੁਰਾ-ਭਲਾ ਈ ਕਹਿੰਦਾ । ਜਿਵੇਂ ਨਿੰਦਰ ਫਿਟਕਾਰ ਦਿੰਦਾ ਸੀ ਉਸਨੂੰ । ਗੱਲ ਗੱਲ ‘ਤੇ ਹੇਠੀ ਕਰ ਦਿਆ ਕਰਦਾ ਸੀ ਉਸਦੀ  , ਵੇਲੇ –ਕੁਵੇਲੇ ਘਰ ਆਏ ਦੀ – “ਹੇਨਾਂ ਲੱਛਣਾਂ ਨੇ ਤੈਨੂੰ , ਨਾ ਘਰ ਜੋਗਾ ਰੈਣ ਦੇਣਾ ਨਾ ਘਾਟ ਜੋਗਾ....ਮੇਰੀ ਗੱਲ ਯਾਦ ਰੱਖੀਂ ਤੂੰ , ਹਾਂਆਂ.....।“

ਤੇ ਸੱਚ-ਮੱਚ ਅੱਠੀਂ-ਦਸੀਂ ਸਾਲੀਂ ਜਦ ਉਹ ਹਾਰ-ਥੱਕ ਕੇ ਘਰ ਪਰਤ ਆਇਆ, ਹੱਥ-ਪੱਲੇ ਵੀ ਕੁਝ ਨਾ ਪਿਆ ਉਸਦੇ , ਤਾਂ ਵੱਡੇ ਨਿੰਦਰ ਨੇ ਪੈਂਦੀ ਸੇੱਟੇ ਈ ਸਿਰੇ ਦੀ ਆਖ ਦਿੱਤੀ – “ ਆਪ ਤਾਂ ਤੂੰ ਮਰਿਆਂ , ਸਾਨੂੰ ਕਾਤ੍ਹੇ ਮੂਰਆਉਨਾ ? ਲੋਕ ਕੀ ਆਖਣਗੇ , ਇਕ ਭਰਾ ਅਫ਼ਸਰ ਇਕ ਆਵਾਰਗਰਦ ਲੁੱਚਾ-ਲਫੰਗਾ ਤੇ ਨਿਕੰਮਾ । .....ਨਾ ਬਈ ਨਾ , ਆਪਣੀ ਬੇ-ਵਾਹ ਐ ।“

ਮੈਨੂੰ ਜਿਉਂ ਜਿਉਂ ਪਤਾ ਲਗਦਾ ਗਿਆ ਉਸ ਬਾਰੇ, ਮੈਂ ਨਾਲੋ-ਨਾਲ ਦੱਸਦਾ ਗਿਆ ।ਮੱਟੂ ਨੂੰ । ਪਰਦੇ ਨਾਲ  । ਪਰ ਉਸ ਲਈ ਜਿਵੇਂ ਇਹ ਆਮ ਜਿਹੀ ਗੱਲ ਹੋਵੇ । ਉਹ ਕੋਈ ਖਾਸ ਹੈਰਾਨ ਨਾ ਹੁੰਦਾ , ਜਿਵੇਂ ਮੈਂ ਹੁੰਦਾ ਸੀ ।ਬਾਬੇ ਦੀਆਂ ਗੱਲਾਂ ਸੁਣ ਕੇ । ਉਸ ਦੀ ਜੀਵਨ-ਕਥਾ ਜਾਣ ਕੇ । ਮੈਨੂੰ ਤਾ ਜਿਵੇਂ ਪਾਣ ਜਿਹੀ ਚੜ੍ਹਦੀ ਗਈ । ਕਾਵਿ-ਉਡਾਰੀ ਹੋਰ ਤਿੱਖੀ ਹੁੰਦੀ ਗਈ-ਗਰਮ ਤੇ ਜੋਸ਼ੀਲੀ । ਮੈਂ ਅੱਠੇ-ਪਹਿਰ ਹਵਾ-ਮੰਡਲ ‘ਚ ਰਹਿੰਦਾ । ਮੱਟੂ ਹੋਰਾਂ ਦੀ ਦੋਸਤੀ ਨੇ ਮੈਨੂੰ ਹੋਰ ਉਤਾਂਹ ਚੁੱਕੀ ਰੱਖਿਆ । ਬਾਬਾ  ਵੀ ਜਦ ਮੇਰੀ ਪੜ੍ਹਾਈ-ਲਿਖਾਈ ਬਾਰੇ ਪੁੱਛਦਾ, ਮੈਂ ਅੱਗੇ ਟੁਣਕਵਾਂ ਉੱਤਰ ਦਿੰਦਾ – “ ਚੜ੍ਹਦੀ ਕਲਾ ਆ ਕਿ ਪੂਰੀ ,ਕਾਟੋ ਐਨ ਫੁੱਲਾਂ ‘ਤੇ ਆ ਕਿ....।“

ਮੈਂ ਆਪਣੀ ਏਸ ਕਾਟੋ ਦੀ ਗੱਲ ਕਦੇ-ਕਦਾਈਂ ਬਾਪੂ ਨੂੰ ਦੱਸਦਾ ।ਬੜੇ ਮਾਣ ਨਾਲ ਬੜੇ ਉਤਸ਼ਾਹ ਨਾਲ ।ਬਾਪੂ ਅੱਗੋਂ ਝਈ ਲੈ ਕੇ ਪੈਦਾ ਮੈਨੁੰ – “ ਓਥੇ ਪੜ੍ਹਨ ਜਾਨਾ ਕਿ  ਹਾਅ ਕੋਲੇ ਜੇਹੈ ਕੇੱਠੇ ਕਰਨ ? ਕਾਵਿ-ਮੁਕਾਬਲਿਆਂ ‘ਕ ਜਿੱਤੇ ਕੱਪਾਂ ਨੁੰ ਬਾਪੂ ਕੋਲੇ ਜਿਹੇ ਆਖ ਕੇ ਫਿਟ-ਕਾਰਦਾ । ਮੈਂ ਬੜੀ ਹਲੀਮੀ ਨਾਲ ਉਸ ਨੂੰ ਕੱਪਾਂ-ਟਰਾਫਿਆਂ ਦੀ ਅਹਿਮੀਅਤ ਸਮਝਾਉਂਦਾ –“ ਇਹ ਮੇਰੀ ਜ਼ਿੰਦਗੀ ਦੇ ਗਹਿਣੇ ਆ ਗਹਿਣੇ ਬਾਪੂ, ਕਾਮਾ-ਜਮਾਤ ਦੀ ਬੰਦ-ਖਲਾਸੀ ਦੇ ਚਿੰਨ੍ਹ ਤੇ ਜੁੱਗ-ਬਦਲੀ ਦੀ ਗਰੰਟੀ । ਏਨ੍ਹਾਂ ਦਾ ਝੌਲਾ-ਭਰੀ ਮੈਂ ਜੇੜ੍ਹੇ ਜੇੜ੍ਹੇ ਰਾਹੇ ਵੀ ਲੰਘੂ , ਉਨ੍ਹਾਂ ਉਪਰਲੇ ਸਾਰੇ ਵਸੀਲੇ ਝੱਟ ਤੇਰੀ ਝੋਲੀ ‘ਚ ਆ ਡਿਗਣੇ ।....ਤੇਰਾ ਸਭ ਕੁਝ ਬਦਲਿਆ ਜਾਊ ਘਰ-ਬਾਰ,ਕਾਰ-ਕਿੱਤਾ, ਰੈਹਣੀ-ਬੈਹਣੀ ।“

ਬਾਪੂ ਮੇਰੀ ਖੁਸ਼-ਫਹਿਮੀ ‘ਤੇ ਕਲਪਦਾ । ਮੇਰੀ ‘ਖੁਲ੍ਹੀ-ਕਵਿਤਾ ’ਸੁਣ ਕੇ ਮੱਥੇ ‘ਤੇ ਹੱਥ ਮਾਰਦਾ “ ਤੁਆਡੀਆਂ ਹਾਅ ਗੱਲਾਂ ਸੁਣਦਿਆਂ ਉਮਰ ਲੰਘ ਗਈ ਮੇਰੀ .....। ਮੇਰਾ ਨਾ ਈ ਕੁਸ਼ ਬਦਲਿਆ ਤੇ ਨਾ ਈ ਬਦਲਨਾ....।“ ਬਾਪੂ ਭਾਵੇਂ ਲਾਵੀ ਈ ਕਰਦਾ ਸੀ ,ਬਹੁਤਾ ਕਰਕੇ ਪਿੰਡ ਦੀ । ਪਰ ਖ਼ਬਰ ਸਾਰੀ ਰੱਖਦਾ ਸੀ ਉਹ । ਆਲੇ-ਦੁਆਲੇ ਦੀ , ਸਮਿਆਂ ਦੀ , ਸਸਕਾਰਾਂ ਦੀ । ਛੋਟੋ-ਵੱਡੈ ਲੋਕਾਂ ਦੀ । ਉਸ ਦੀ ਇਸ ਜਾਣਕਾਰੀ ਕਰਕੇ ਈ ਬਾਬੇ ਦਾ ਸਾਡੇ ਘਰ ਆਉਣ-ਜਾਣ ਵਧਿਆ ।ਮੈਨੂੰ ਕਾਲਿਜ ਭੇਜਣ ਲਈ ਵੀ ਇਸੇ ਲਈ ਮੰਨ ਗਿਆ ਸੀ ਬਾਪੂ ,ਔਖਾ ਸੌਖਾ । ਨਈਂ ਤਾਂ ਹੋਰ ਵੀ ਕਿੰਨੀ ਸਾਰੀ ਮੁਢੀਰ ਸੀ , ਵਿਹਲੇ ਦੀ । ਅੱਵਲ ਤਾਂ ਉਹ ਸਾਰੇ ਦਸਵੀਂ ਦੇ ਰਾਹ ‘ਚ ਈ ਰਹਿ ਗਏ । ਜੇ ਕੋਈ ਪਹੁੰਚਿਆ ਈ ਪਹੁੰਚਿਆ ਪਹਿਲੀ ਪਉੜੀ ‘ਤੇ ਕਿਸੇ ਦੇ ਘਰਦਿਆਂ ਸ਼ਹਿਰ ਨਾ ਭੇਜਿਆ । ਬਰਾਬਰ ਦੀ ਦਿਹਾੜੀ ਲੈਣ ਵਾਲੇ ਮੁੰਡੇ ਨੂੰ ਅੱਗੇ ਪੜ੍ਹਾਉਣ ਲਈ ਹਾਮੀ ਨਾ ਭਰੀ – ਕਰਮਾ ਸੀ । ਫੀਲਾ ਸੀ , ਨਿੰਬੋ ਸੀ , ਪਾਸ਼ਾ ਸੀ ,ਐਬੂ ਸੀ , ਭਜਨੀ ਸੀ , ਰੁਲਦਾ ਸੀ ,ਨਾਨਕੂ ਸੀ । ਸਭ ਘਰੇਈ ਘੁੰਮਦੇ ਸਨ । ਡਗਾਰੇ-ਲਾਵੀਆਂ ਕਰਦੇ । ਕਣਕਾਂ ਵਢਦੇ , ਗੋਡੀਆਂ ਕਰਦੇ । ਝੋਨੇ ਲਾਉਂਦੇ , ਤਾਲ ਕਰਦੇ , ਆਲੂ ਬੀਜਦੇ , ਪੁਟਦੇ ਜਾ ਹੋਰ ਕੋਈ ਦਿਹਾੜੀ-ਦੱਪਾ ।ਐਧਰ-ਓਧਰ , ਕਿਸੇ ਵੀ ਥਾਂ । ਕਿਸੇ ਵੀ ਰਾਜ-ਮਿਸਤਰੀ ਨਾਲ ਜਾਂ ਕਿਸੇ ਠੇਕੇਦਾਰ ਕੋਲ ।ਚਾਰੇ ਸਿਰੇ ਜੇ ਨਾ ਈ ਕੋਈ ਸਬੱਬ ਬਣੇ, ਤਾਂ ਸ਼ਹਿਰ ਚਲੇ ਜਾਦੇ । ਇਮਲੀ-ਚੌਕ ‘ਚ ਜਾ ਬੈਠਦੇ , ਸਾਝਰੇ ਦੀ ਸਵੇਰੇ ।ਉਥੇ ਵਾਹਵਾ ‘ ਮੰਡੀ ’ ਲਗਦਾ ਦਿਹਾੜੀਦਾਰਾਂ ਦੀ ਕਲੀਗੀਰਾਂ ਦੀ ਜਾਂ ਛੋਟੇ-ਮੋਟੇ ਰਾਜ ਮਿਸਤਰੀਆਂ, ਲੱਕੜ-ਮਿਸਤਰੀਆਂ ਦੀ । ਉਥੇ ਜਿਹੜਾ ਵੀ ‘ਖ਼ਰੀਦਾਰ ’ ਆਉਂਦਾ ਪਹਿਲਾਂ ‘ ਮੁੱਲ ’ ਕਰਦਾ । ਇਹ ਜੇ ਵੀਹ ਮੰਗਣ ,ਅਗਲਾ ਅਠਾਰਾ ਦਿੰਦਾ । ਕੋਈ ਸੋਲਾਂ-ਪੰਦਰਾਂ ਵੀ । ਅੱਠ ਵੱਜਣ ਤਕ ਬਹੁਤੇ ਚਲੇ ਜਾਂਦੇ ਕੰਮੀ-ਕਾਰੀਂ , ਬਾਕੀ ਬਰੰਗ । ਉਹ ‘ਰੋਟੀ ’ ਪਰਨੇ ਨਾਲ ਲਟਕਾਈ  ਘਰੀਂ ਪਰਤ ਆਉਂਦੇ – ਉਦਾਸ, ਗ਼ਮਗੀਨ ਤੇ ਅਧਮੋਏ ਜਿਹੇ ।

ਮੈਂ ਜਿੰਨੇ ਵੀ ਕੱਪ ਜਿੱਤੇ , ਜਿੰਨੀਆਂ ਵੀ ਸ਼ੀਲਡਾਂ ਆਂਦੀਆਂ , ਸਭ ਇਨ੍ਹਾਂ ਉੱਤੇ ਲਿਖੀਆਂ ਆਈਟਮਾਂ ਨੂੰ ਹੀ  ਪ੍ਰਾਪਤ ਹੋਈਆਂ ਸਨ ।ਸਿੱਧੀਆਂ ਇਨ੍ਹਾਂ ਦੇ ਨਾਵਾਂ ਹੇਠ , ਏਨ੍ਹਾ ਦੇ ਘਰਾਂ ਦੇ ਰੇ ਜੀਆਂ ਦੇ ‘ਨਕਸ਼ੇ ’ ਖਿੱਚ ਕੇ । ਜਿਹਨਾਂ ਦਾ ਵਰਨਣ ਜਿੰਨਾਂ ਮੈਂ ‘ਵਧੀਆ ’ ਕਰ ਸਕਦਾ ਸੀ , ਹੋਰ ਕੋਈ ਨਹੀਂ ਸੀ ਕਰ ਸਕਦਾ । ਨਾ ਆਪਣੇ ਕਾਲਿਜ ‘ਚ , ਨਾ  ਹੋਰਨੀਂ ਥਾਈਂ । ਸਰੋਤੇ ਅਸ਼-ਅਸ਼ ਕਰ ਉੱਠਦੇ ਮੇਰੇ ਬੋਲਾਂ ਤੇ ਮੇਰੀ ਪੇਸ਼ਕਾਰੀ ‘ਤੇ । ਖਾਸ ਕਰ ਖਾਂਦੇ-ਪੀਂਦੇ ਘਰਾਂ ਦੇ ਕੁੰੜੀਆਂ-ਮੰਡੇ ।ਉਂਝ ਤਾਂ ਮੇਰੀ ਯਾਰੀ ਟੌਰ੍ਹ ਠੋਰ ਵਾਲੇ ਮੁੰਡਿਆਂ ਨਾਲ ਬਹੁਤੀ ਨਹੀਂ ਸੀ , ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਨਾਲ ਰੱਖਦੇ । ਧੂਹ ਕੇ ਕੰਨਟੀਨ ਲੈ ਜਾਂਦੇ । ਚਾਹ-ਕੌਫੀ ਪਿਲਾਉਂਦੇ ਮੇਰੀ ਸਿਫ਼ਤ ਕਰਦੈ ।ਮੇਰੀ ਸ਼ਾਇਰੀ ਦੀ ਵੀ । ਪਕੌੜੇ-ਬਰਫੀ ਖਾਂਦੇ ਉਹ ਬਹੁਤੀ ਵਾਰ ਇਕੋ ਈ ਫ਼ਰਮਾਇਸ਼ ਕਰਦੇ – “ ਉਹ-ਉਹ ਸੁਣਾ ਯਾਰ , ਓਦਣ ਆਲੀ ਪੋਇਮ , ਫੈਸਟੀਬਲ ਆਲੀ । ਕੀ ਨਾ ਆ ਉਦ੍ਹੀ ਹੀਰੋਇਨ ਦਾ ?....ਰਜਨੀ , ਨਈਂ ਸੱਚ , ਰੱਜੋ –ਰੱਜੋ । ਕਿਆ ਬਾਤ ਐ ਉਹ ਕੁੜੀ । ਨਿਰੀ ਅੱਗ ,ਧਰਮ ਨਾ ਨਿਰਾ ਨਿਰਾ ਈ ਇਨਕਲਾਬ ! ਐਹੋ ਜੇਏ  ਪਾਤਰ , ਕਿਥੋਂ ਲੱਭਦੈ ਤੂੰ ਬ੍ਰਦਰ.....? “ ਮੈਂ ਦਿਨ ਰਾਤ ਉਨ੍ਹਾਂ ‘ਚ ਰਹਿਨਾਂ ਵੀਰੇ , ਲੱਭਣ ਕਿਥੇ ਜਾਣਾ ! ਉਨ੍ਹ਼ਂ ਵਾਂਗ ਵਿਚਰਦਾ ਮੈਂ ,ਹਰ ਤਰਾਂ ਦੀ ਸਾਂਝ ਆ ਹਰੇਕ ਨਾਲ ਮੇਰੀ ....” ਮੈਂ ਬੜੇ ਮਾਣ ਨਾਲ ਆਪਣੇ ਵਿਸ਼ੇ-ਵਸਤੂ ਦੀ ਲੱਭਤ ਬਾਰੇ ਦੱਸਣਾ । ‘ਫੇਅਰ ਤੇ ਤੂੰ ਬਉਂਤ ਲੱਕੀ ਏ ਪਾਰਟਰਨਰ .....। ਜੇਦ੍ਹੇ ਕੋਲ ਐਨਾ ਵਧੀਆ ਰਾਅ-ਮੈਟੀਰੀਅਲ ਹੇਵੇ, ਉਦ੍ਹੀ ਇੰਨਡਸਟਰੀ ਘਾਟੇ ‘ਚ ਜਾ ਈ ਨੀ ਸਕਦੀ । ਉਨੂੰ ਤਾਂ ਹਰ ਸਟੇਜ ‘ਤੇ ਪਰਫਿੱਟ ਈ ਪਰਾਫਿੱਟ ਐ । ਅੱਜ ਨਹੀਂ ਤਾਂ ਕਲ੍ਹ ਤੂੰ ਵੱਡਾ ਸ਼ੈਅਰ ਬਣਿਆ ਲੈ , ਸਟਾਰ ਪੇਇਟ ! ਫੇਰ ਤਾ ਸਾਰਾ ਮੀਡੀਆ ਸਾਡੇ ਯਾਰ ਮਗਰ ਘੁਮੂੰ – ‘ਮਰੀਕ ਚੰਦ ਮਗਰ । ....ਸੋਰੀ ਅਮਰੀਕ ਚੰਦ ‘ਮੀਕੇ ’ ਮਗਰ....।“

ਉਹਨਾਂ ਨਾਲ ਮੇਰੀ ਇਸ ਸਾਂਝ ਭਿਆਲੀ ਨੂੰ ਮੱਟੂ ਨੇ ਕਈ ਵਾਰ ਟੋਕਿਆ । ਦਰਸ਼ਨ ਨੇ ਵੀ । ਪਾਲੇ ਨੇ ਤਾਂ   ਦੋ ਤਿੰਨ ਵਾਰ ਝਿੜਕਿਆ ਵੀ । ਪਰ ਮੈਂ “ ਕਲਾ ਤੇ ਪ੍ਰਸੰਸਾ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਦਾ, ਉਹਨਾਂ ਨੂੰ ਅੱਗਿਉਂ ਵਗਲ ਲੈਂਦਾ। ਬਹੁਤ ਸਾਰੇ ਅਧਿਆਪਕ ਵੀ ਮੇਰੇ ਨਾਲ ਸਹਿਮਤ ਸਨ । ਉਹ ਡਟ ਕੇ ਮੇਰਾ ਪੱਖ ਪੂਰਦੇ । ਬਾਬੇ ਤੋਂ ਵੀ ਮੈਂ ਇਹੋ ਆਸ ਰੱਖ਼ਦਾ ਸਾਂ । ਪਰ, ੳਸਨੇ ਕਦੀ ਮੇਰੀ ਸੱਧਰ ਪੂਰੀ ਨਹੀਂ ਸੀ ਕੀਤੀ । ਇਕ ਦਿਨ ਤਾਂ ਉਸਨੇ ਮੇਰੀ ਊਈਂ ਝੰਡ ਕਰ ਦਿੱਤੀ – “ ਆਪਣੀ ਈ ਭੁੱਖ-ਨੰਗ ਦਾ ਰਮਾਂਚੀਕਰਣ ਕਰਕੇ ਕਿੰਨਾ ਚੁ ਚਿਰ ਸਵੈ-ਧੋਖੇ ‘ਚ ਵਿਚਰਕੇ ਰਹੋਗੇ , ਸ਼ਾਇਰ-ਸਾਬ੍ਹ....। “ ਪੈਂਦੀ ਸੱਟੇ ਤਾਂ ਮੈਨੂੰ ਉਹਦੀ ਗੱਲ ਸਮਝ ਨ ਆਂਈ, ਫਿਰ ਕਈ ਸਾਰੀਆਂ ਗਿਆਨ-ਗੋਸ਼ਟੀਆਂ ਪਿਛੋਂ ਆਈ ਈ ਆਈ ਤਾਂ ਪਾਸਾ ਈ ਪਲਟ ਗਿਆ ।ਰੰਗ-ਤਰੰਗ ਈ ਜਾਂਦਾ ਰਿਹਾ  , ਸ਼ਾਇਰੀ ਦਾ । ਪਹਿਲੇ ਵਰਗਾ ਵੇਗ ਈ ਨਾ ਰਿਹਾ ।ਖੁਸ਼ਕ ਹੋ ਗਿਆ ਕਿਸੇ ਰੇਗਸਤਾਨ ‘ਚ  । ਫਿਰ ਜਦ  ਕਿਧਰੇ ਦੋ ਅੱਖਰ ਲਿਖੇ ਈ ਜਾਂਦੇ , ਉਹ ਏਨੇ ਬੋਝਲ ਹੁੰਦੇ  ਏਨੇ ਖੁਸ਼ਕ ਹੁੰਦੇ  ਕਿ ਸੁਣਦਾ ਈ ਕੋਈ ਨਾ । ਨਾ ਹਾਣੀ-ਬੇਲੀ , ਨਾ ਮਿੱਤਰ-ਯਾਰ । ਉਹ ਤਾਂ ਸਗੋਂ ਟਕੋਰਾਂ ਕਰਕੇ ਅੱਗੇ – “ ਕੀ ਹੋ ਗਿਆ ਤੈਨੂੰ ਮੀਕਿਆ ? ਤੇਰਾ ਖੇਤਰ ਫਿਲਾਸਫੀ ਨਈਂ ‘ਮਰੀਕ ਚੰਦਾ ਸ਼ੈਅਰੀ ਆ ਸ਼ੈਅਰੀ ! ਤੇ ਨਿਰੋਲ ਸ਼ਾਇਰੀ ਕਰਨ ਲਈ ਭਾਵਨਾਵਾਂ ਦੀ ਕਦਰ ਕਰਨੀ ਪੈਂਦੀ ਐ , ਤਰਕ  ਦੀ ਨਈਂ .....। ਗੱਲ , ਉਹ ਵੀ ਬੇ-ਅਰਥ ਨਹੀਂ ਸੀ ਕਰਕੇ , ਤੇ ....ਤੇ ਬਾਬੇ ਦਾ ਆਖਿਆ  ਵੀ ਪੂਰਾ ਮੁੱਲ ਰੱਖਦਾ ਸੀ –“ ਨਿਰੀਆਂ ਭਾਵਨਾਵਾਂ ਹਵਾ ‘ਚ ਉਡਦੇ  ਗੁਬਾਰਿਆ ਵਾਂਗ ਸੁੰਦਰ-ਸੁਹਾਣੀਆਂ ਤਾਂ ਜ਼ਰੂਰ ਲਗਦੀਆਂ , ਪਰ ਰਤਾ ਕੁ ਸੇਕ ਲੱਗਣ ਜਾ ਠੋਕਰ ਵੱਜਣ ‘ਤੇ ਠਾਹ , ਫਟ ਕੇ ਔਹ ਜਾਂਦੀਆਂ । ਤੂੰਬਾ ਤੂੰਬਾ ਹੋ ਕੇ ਖਿੱਲਰ ਜਾਂਦੀਆਂ ।ਅੱਗੇ ਤੂੰ ਆਪਣਾ ਰਾਹ ਆਪ ਚੁਣ , ਤੈਨੂੰ ਕਿਹੜਾ ਮਨਜੂਰ ਆ-ਸਵੈ-ਧੋਖੇ ਦਾ ਜਾਂ ਸਵੈ-ਸੂਝ ਦਾਆ....!”

ਇਹਨਾਂ ਦੋਨਾਂ ਟਿੱਪਣੀਆਂ ਵਿਚਕਾਰ ਫਸਿਆ ਮੈਂ ਕਿੰਨਾ ਚਿਰ ਕੋਈ ਨਿਰਣਾ ਨਾ ਕਰ ਸਕਿਆ । ਫਿਰ ਮੈਨੂੰ ਬਾਬੇ ਨੇ ਇਕ ਕਿਤਾਬ ਦਿੱਤੀ , ਵੱਡੀ ਸਾਰੀ । ਕਲਾ-ਸਿਧਾਂਤਾ ਬਾਰੇ ਸੀ ।  ਨਾਂ ਤਾ ਹੁਣ ਮੇਰੇ ਚੇਤੇ ਨਹੀਂ ਸੀ ਬਹੁਤ ਔਖੀ । ਬਹੁਤ ਸਾਰੇ ਚਿੰਤਕਾਂ ਦੇ ਵਿਚਾਰ ਸਨ ਉਸ ਵਿਚ । ਮੇਰਾ ਬਹੁਤ ਸਾਰਾ ਸਮਾਂ ਉਹ ਕਿਤਾਬ ਖਾਂਦੀ । ਜਾਂ ਉਹੋ ਜਿਹੀਆਂ ਹੋਰ ਵੀ ।ਜਿਹੜੀਆਂ  ਮੈਂ ਵੀ ਹੁਣ ਖ਼ਰੀਦਣੀਆਂ ਸਿੱਖ ਗਿਆ ਸਾਂ । ਸ਼ਹਿਰੋਂ , ਬੁੱਕ-ਸਟਾਲਾਂ ਤੋਂ ਜਾਂ ਪੁਸਤਕ-ਪ੍ਰਦਰਸ਼ਨੀਆਂ ‘ਚੋਂ । ਉਹਨਾਂ ਦੀ ਪੜ੍ਹਾਈ ਨਾਲ ਮੇਰੀ ਸ਼ਾਇਰੀ ਦੀ ਗਿਣਤੀ –ਮਿਣਤੀ ਈ ਬਦਲ ਗਈ । ਹੁਣ ਜੋ ਵੀ ਲਿਖਿਆ ਜਾਂਦਾ , ਬੜਾ ਸਮਝ –ਸੋਚ ਮਾਪ-ਤੋਲ ਕੇ । ਇਸ ਨਾਲ ਮੇਰੇ ਸਰੋਤੇ ਤਾ ਘਟਣੇ ਈ ਘਟਣੇ ਸਨ, ਪ੍ਰਸੰਸਕ ਵੀ ਜਾਂਦੇ ਰਹੇ ।ਮੈਨੂੰ ਚਾਹ-ਪਕੌੜੇ ਪੇਸ਼ ਕਰਨ ਵਾਲੇ ਪਾਸਾ ਵੱਟ ਕੇ ਲੰਘ ਜਾਂਦੇ । ਦਰਸ਼ਨ ਪਾਲਾ ਵੀ ਇਵੇਂ ਈ ਕਰਦੇ । ਉਹ ਹੁਣ ਪਹਿਲਾਂ ਵਾਲੇ ਦਰਸ਼ਨ-ਪਾਲਾਂ ਰਹੇ ਵੀ ਕਿੱਥੇ ਸਨ । ਮੱਟੂ ਦੀ ਪੜ੍ਹਾਈ ਮੁੱਕਣ ‘ਤੇ ਉਹਨਾਂ ਸਭ ਕੁਝ ਬਦਲ ਲਿਆ-ਗਰੁੱਪ ਵੀ ਗੱਲ-ਬਾਤ ਵੀ ,ਬਹਿਣੀ-ਬਹਿਣੀ ਵੀ । ਸਿੰਘ ਸਜ ਗਏ ਸਨ ਉਹ ਪੂਰੇ । ਪੀਲੀਆਂ ਦਸਤਾਰਾਂ , ਗਲੀ ਗਾਤਰੇ । ਹਰ ਵੇਲੇ ਮਾਰਧਾੜ ਦੀਆਂ ਗੱਲਾਂ ਕਰਦੇ । ਮੈਨੂੰ ਉਹਨਾਂ ਤੋਂ ਭੈਅ ਜਿਹਾ ਆਉਂਦਾ । ਮੈਂ ਉਹਨਾਂ ਤੋਂ ਬਚ ਕੇ ਰਹਿੰਦਾ, ਉਹ ਮੈਥੋਂ ਹਟਵੇ ਹਟਵੇ ਲੰਘਦੇ ।

ਦਰਸ਼ਨ-ਪਾਲੇ ਦੀ ਬੇਰੁਖੀ ਦੀ ਮੈਨੂੰ ਲਾਭ ਵੀ ਬੜਾ ਹੋਇਆ । ਮੈਂ ਕਾਫੀ ਸਾਰਾ ਧਿਆਨ ਕਲਾਸ ਪੜ੍ਹਾਈ ਵੱਲ ਦੇਣ ਲੱਗਾ । ਤੀਜੇ ਸਾਲ ‘ਚ ਪਹੁੰਚ ਕੇ ਮੈਂ ਵਾਹਵਾ ਹਿੰਮਤ ਮਾਰੀ । ਆਰਟਸ ਵਿਸ਼ਿਆਂ ‘ਚੋਂ ਦੂਜੇ ਦਰਜੇ ਦੇ ਨੰਬਰ ਪ੍ਰਾਪਤ ਕਰ ਲਏ ।

ਚੌਦਾਂ ਪਾਸ ਕਰਕੇ ਮੈਂ ਬਾਬੇ ਨਾਲ ਫਿਰ ਸਲਾਹ ਕੀਤੀ । ਉਸ ਨੇ ਕਿਹਾ “ ਟਰੇਨਿੰਗ ਕਰ ਲੈ । ਟੀਚਰ ਲਾਈਨ ‘ਚ ਬੜਾ ਸਮਾਂ ਕਲਾ-ਕੋਸ਼ਲਤਾ ਪ੍ਰਫੁੱਲਤ ਕਰਨ ਦਾ । ਅੱਜ ਦੇ ਨੱਥੇ ਪ੍ਰਸੈਂਟ ਸ਼ਾਇਰ ਟੀਚਰੀ ਕਰਕੇ ਜਾਂ ਪ੍ਰੋਫੈਸਰੀ । ਸਕੂਲਾਂ ‘ਚ ਤਾਂ ਮਾੜਾ-ਮੋਟਾ ਕਿਧਰੇ ਕਰਨਾ ਈ ਪੈਦਾ ਕੁਛ, ਕਾਲਿਜਾਂ ‘ਚ ਵਿਹਲ ਵੀ ਵਿਹਲ ਆ । ਜੀਅ ਕਰਦਾ ਘੰਟੀ ਲਾਓ , ਜੀਅ ਕਰਦਾ ਨਾ ਲਾਓ । ਰਜਿਸਟਰ ਪੂਰਾ ਹੋਣਾ ਚਾਹੀਦਾ , ਹਾਜ਼ਰੀ ਵਾਲਾ , ਕਿਤੇ ਵੀ ਬੈਠ ਕੇ ਜਾਂ ਖੜੋ ਕੇ , ਲਾਅਨ ‘ਚ ਕੰਨਟੀਨ ‘ਚ ਜਾਂ ਸਟਾਫ਼ ਰੂਮ ‘ਚ ......।“ ਬਾਬੇ ਦੀਆਂ ਗੱਲਾਂ ਸੁਣ ਕੇ ਮੇਰੇ ‘ਤੇ     ਪ੍ਰੋਫੈਸਰੀ ਭਾਰੂ ਹੋ ਗਈ । ਉਹ ਵੀ ਕਾਲਿਜ ਦੀ, ਸਰਕਾਰੀ ਕਾਲਿਜ ਦੀ ।.....ਮੈਂ ਚੇਤਨ ਆ , ਸ਼ਾਇਰ ਆ ਮਿਹਨਤੀ ਆ , ਮੇਰੇ ਲਈ ਐਮ.ਏ. ਕਰਨੀ ਕੀ ਔਖੀ ! ਰਿਜਰਵ ਕੋਟੇ ‘ਚੋਂ ਪ੍ਰੋਫੈਸਰੀ ਵੀ ਫੱਟ ਮਿਲਜੂ , ਨਿਕਲਦੇ ਨੂੰ ....। ਹੈਅ ਕਿੰਨੇ ਕੁ ਐ.ਏ. ਸਾਡੇ ‘ਚੋਂ । ਐਧਰ ਲਾਗੇ –ਚਾਗੇ ਤਾਂ ਦੀਹਦਾ ਕੋਈ ਨਹੀਂ ਮੈਨੂੰ ....।

ਏਸੇ ਵੇਗ ‘ਚ ਘੁੰਮਦੇ ਨੇ ਮੈਂ ਆਪਣੀ ਮੰਗ ਬਾਪੂ ਅੰਗੇ ਜਾ ਰੱਖੀ ।ਸ਼ਾਮ ਕੁ ਦਾ ਵੇਲਾ ਸੀ । ਬਾਪੂ ਅਜੇ ਆਇਆ ਈ ਸੀ , ਪਾਣੀ ਲਾ ਕੇ । ਸ਼ਾਇਦ ਨਿਹਾਲੇ-ਹੋਣਾਂ ਦੀ ਮੱਕੀ ਨੂੰ । ਮੀਂਹ ਪਿਆ ਨਹੀਂ ਸੀ ਐਂਤਕੀਂ । ਹੁਸੜ ਬਹੁਤ ਸੀ ....ਗਰਮੀ ਰੱਜ ਕੇ । ਬਾਪੂ ਨੇ ਖੂੰਜੇ ‘ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ । ਮੇਰੇ ਮਾਰਨ ਲਈ ਜਾਂ ਆਪਣੇ ਸਿਰ ‘ਚ ? ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ ‘ਚ ਕਿਥੇ ਸੀ ।ਕੈਹੀ ਹੱਥੋ, ਛੁੱਟ ਗਈ । ਸਿੱਧੀ ਉਸਦੇ ਪੈਰ ‘ਤੇ ਆ ਡਿੱਗੀ । ਤਿੰਨ ਉੱਗਲਾਂ ਲੂੜ੍ਹਕ ਗਈਆਂ ,ਅੰਗੂਠੇ ਸਮੇਤ । ਬਾਪੂ ਨੇ ਖੂੰਜੇ ‘ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ ।ਮੇਰੇ ਮਾਰਨ ਲਈ ਜਾਂ ਆਪਣੇ ਸਿਰ ‘ਚ ? ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ ‘ਚ ਕਿਥੇ ਸੀ । ਕੈਹੀ ਹੱਥੋ, ਛੁੱਟ ਗਈ । ਸਿੱਧੀ ਉਸਦੇ ਪੈਰ ‘ਤੇ ਆ ਡਿੱਗੀ । ਤਿੰਨ ਉਂਗਲਾਂ ਲੂੜ੍ਹਕ ਗਈਆਂ , ਅੰਗੂਠੇ ਸਮੇਤ । ਬਾਪੂ ਲਹੂ-ਲੁਹਾਣ ਹੋ ਗਿਆ । ਉਹ ਡੈਬਰਿਆਂ ਵਾਂਗ ਮੇਰੀ ਵੱਲ ਦੇਖੀ ਗਿਆ । ਪੈਰ ਦੀ ਉਸ ਨੂੰ ਰਤਾ ਭਰ ਵੀ ਚਿੰਤਾ ਨਹੀਂ ਸੀ ਲਗਦੀ । ਮੈਂ ਉਸਨੂੰ ਮੋਢੇ ਲਾ ਕੇ ਡਿਸਪੈਂਸਰੀ ਲੈ ਗਿਆ । ਟੰਕੇ ਲੱਗੇ ਕਈ ਸਾਰੇ । ਉਹ ਮਹੀਨਾ ਭਰ ਮੱਜੇ ‘ਤੇ ਰਿਹਾ ।  ਟੀਕੇ ਲਗਦੇ ਰਹੇ । ਪੱਟੀਆਂ ਹੁੰਦੀਆਂ ਰਹੀਆਂ । ਕਲੀਆਂ-ਕੈਪਸੂਲ ਚਲਦੇ ਰਹੇ ।  ਪਰ ਉਸ ਨੇ ਸੀਈ ਤਕ ਨਾ ਆਖੀ ਮੂੰਹੋਂ । ਨਾ ਕੋਈ ਰੋਸਾ-ਗਿਲਾ ਕੀਤਾ । ਉਂਝ ਬਿਨਾਂ ਬੋਲੇ ਹੀ ਬਹੁਤ ਕੁਝ ਆਖ ਚੁੱਕਾ ਸੀ ਉਹ । ਮੈਂ ਉਸਦੀ ਅਵਸਥਾ ਚੰਗੀ ਤਰ੍ਹਾਂ ਸਮਝ ਲਈ । ਮੈਨੂੰ ਉਸ ‘ ਤੇ ਰੋਹ ਨਈਂ ਤਰਸ ਆਉਣ ਲੱਗਾ ।ਬਾਬੇ ਨੂੰ ਵੀ । ਬਾਬਾ ਪਹਿਲੋਂ ਈ ਵਾਕਫ ਸੀ ਸਾਡੇ ਘਰ ਤੋਂ । ਸਵੇਰ ਦੀ ਗਜ਼ਾ ਵੇਲੇ ਉਹ ਬਾਪੂ ਨੂੰ ਜ਼ਰੂਰ ਮਿਲ ਕੇ ਜਾਂਦਾ । ਉਸ ਦ ਸਲਾਹ ‘ਤੇ ਮੈਂ ਨੌਕਰੀ ਕਰ ਲਈ ਸ਼ਹਿਰ । ਉਸਦੇ ਅੱਛੇ-ਖਾਸ ਜਾਣੂ-ਪਛਾਣੂ ਵਕੀਲ ਕੋਲ । ਬਤੌਰ ਮੁਣਸ਼ੀ । ਹੋਰ ਹੋ ਵੀ ਕੀ ਸਕਦਾਂ ਸੀ ਖੜ੍ਹੇ ਪੈਰ ।

ਮੁਣਸ਼ੀਗੀਰੀ ਦੇ ‘ਕਾਰੋਬਾਰ ’ ਨੇ ਮੇਰਾ ਸਾਰਾ ਕੁਝ ਈ ਬਦਲ ਦਿੱਤਾ ਸਿਰ  ਤੋਂ ਲੈ ਕੇ ਪੈਰਾਂ ਤਕ । ਕਈ ਸੁਪਨੇ ਚਕਨਾਚੂਰ ਹੋ ਗਏ । ਸ਼ਾਇਰੀ ਦੇ ਵੀ ਪ੍ਰੋਫੇਸਰੀ ਦੇ ਵੀ । ਰੰਗ-ਬਰੰਗੇ ਮਹੱਲਾ ਦੇ ਸੁਪਨੇ ਦੇਖਦਾ ਮੈਂ ਪਟਾਕ ਕਰਦਾ ਹੇਠਾਂ ਆ ਡਿੱਗਿਆ ਧਰਤੀ ‘ਤੇ । ਧਰਤੀ ਵੀ ਉਹ ਜਿਹਦਾ ਹਰ ਕਿਣਕਾ, ਹਰ ਨੁੱਕਰ , ਹਰ ਕੋਣਾਂ  ਅੱਸੀਆਂ ਵਾਲਾ ਛਿਲਤਰਾਂ ਭਰਿਆ । ਕੋਈ ਕਿਸੇ ਰੁੱਖ ਬੈਠੇ ਚੋਭ ਲੱਗਣੀ ਈਂ ਲੱਗਣੀ ਹੁੰਦੀ । ਛਿਲਤਰ ਖੁੱਭਣੀ ਈ ਖੁੱਭਣੀ ਹੁੰਦੀ । ਬੇ-ਕਸੂਰ ਦੇ ਵੀ ਕਸੂਰਵਾਰ ਦੇ ਵੀ । ਨਿਆਂ-ਕਾਨੂੰਨ ਨਾਮ ਦੀ ਏਥੇ ਕੋਈ ਸ਼ੈਅ  ਨਹੀਂ ਸੀ ਦੇਖਣ ਨੂੰ । ਏਥੇ ਸਿਰਫ਼ ਇਕੋ-ਇਕ ਵਸਤ ਪ੍ਰਧਾਨ ਸੀ –ਵਕਾਲਤ । ਸੱਚ ਵਿਰੁੱਧ ਝੂਠ ਦੀ ਵਕਾਲਤ ਦੇ ਝੂਠ ਵਿਰੁੱਧ ਸੱਚ ਦੀ । ਨਿਤਾਪ੍ਰਤੀ ਜੀਵਨ ਨਾਲੋਂ ਕਈ ਗੁਣਾਂ ਬਹੁਤੀ । ਬਹੁ-ਦਿਸ਼ਾਵੀ, ਬਹੁ-ਪਸਾਰੀ ਤੇ ਯੋਜਨਾ-ਬੱਧ । ਮੈਂ ਵੀ ਇਹਨਾਂ ਯੋਜਨਾਵਾਂ ਦੇ ਲਿਫਾਫੇ ਗਿਣਦਾ, ਸਭ ਕੁਝ ਭੁੱਲਣ ਲੱਗ ਪਿਆ । ਆਪਣਾ ਆਪ ਆਪਣਾ ਆਲਾ-ਦੁਆਲਾ , ਆਪਣੇ ਆਦਰਸ਼ ।  ਜਿਹਨਾਂ ਨੂੰ ਪਿਛਲੇ ਚੌਹ-ਪੰਜਾਂ ਸਾਲਾਂ ‘ਚ ਮੈਂ ਬੜੀ ਮੁਸ਼ਕਲ ਨਾਲ ਸਮਝਿਆ ਸੀ ।

ਕਚਹਿਰੀ ਪਹੁੰਚ ਕੇ ਜਿਹੜੀ ਮੈਂ ਖਾਸ ਨਵੀਂ ਚੀਜ਼ ਸਿੱਖੀ, ਉਹ ਸੀ ,ਠੱਗੀ-ਠੋਰੀ । ਗਾਹਕ ਲੱਭਣ ਵਿਚ ਵੀ, ਸਾਇਲ ਸਾਂਭਣ ਵਿਚ ਵੀ । ਇਸ ਤੋਂ ਬਿਨਾਂ ਗੁਜ਼ਾਰਾ ਈ ਨਹੀਂ ਸੀ ਏਥੇ । ਜਿੰਨਾ ਕੋਈ ਵਕੀਲ-ਮੁਣਸ਼ੀ ਚੰਟ ਓਨੀ ਈ ਉਸਦੀ ਵਕਾਲਤ ਕਾਮਯਾਬ । ਮੇਰਾ ਵਕੀਲ ਹੋਰ ਕਿਸਮ ਦਾ ਬੰਦਾ ਸੀ । ਮੜੇ-ਮੁਕੱਦਮਿਆਂ ਨਾਲ ਬਹੁਤਾ ਲਗਾਉਂ ਨਹੀਂ ਸੀ ਉਸਨੂੰ । ਉਹ ਤਾਂ ਬੈਠਣ ਖਾਤਰ ਦੀ ਕਚਹਿਰੀ ਬੈਠਦਾ ਸੀ ।ਧਿਆਨ ਉਹਦਾ ਹੋਰਨਾਂ ਕੰਮਾਂ ‘ਚ ਬਹੁਤਾ ਰਹਿੰਦਾ । ਆਹੀ , ਇੰਮਪੋਰਟ-ਐਕਸਪੋਰਟ ‘ਚੋਂ, ਢੋਆ-ਢੁਆਈ ‘ਚ , ਐਧਰ ਦਾ ਮਾਲ , ਓਧਰ ਤੇ ਓਧਰਲਾ ਐਧਰ । ਉਹਦੀ ਕੁੱਲੀ ‘ਚ ਆਉਂਦੇ –ਜਾਂਦੇ ਬੰਦੇ ਵੀ ਔਹੋ ਜਿਹੇ ਈ ਸਨ-ਜੈਂਡ ਦੇ ਜੈਂਡ । ਜੀਪਾਂ-ਕਾਰਾਂ ਵਾਲੇ ।ਸੋਨੇ ਦੀਆਂ ਮੁਰਕੀਆਂ ਵਾਲੇ । ਖੜਕਦੇ ਚਾਦਰਿਆਂ ਵਾਲੇ । ਨੋਕਦਾਰ ਖੁੱਸਿਆਂ ਵਾਲੇ । ਮੈਨੂੰ ਉਹ ਊਈਂ ਪੰਜਾਹ-ਸੌ ਫੜਾ ਜਾਂਦੇ , ਜਾਣ ਲੇੱਗੇ । ਮੈਨੂੰ ਫਿਰ ਹੋਰ ਫਰਜੰਟੀ ਮਾਰਨ ਦੀ ਲੋੜ ਈ ਨਾ ਰਹਿੰਦੀ । ਉਂਝ ੳਸ ਵੱਲੋਂ ਪੂਰੀ ਖੁਲ੍ਹ ਸੀ । ਮੇਰੇ ਵਕੀਲ ਵੱਲੋਂ । ਸੰਧੂ-ਸਾਬ੍ਹ ਵੱਲੋਂ । ਉਹ ਤਾਂ ਸਿੱਧਾ ਕਹਿ ਦਿਆ ਕਰਦਾ – “ਤੂੰ ਭਾਅ ਆਪਦੇ ਜੋਗੇ ਬਣਾ ਲਿਆ ਕਰ , ਤਰੀਕਾਂ-ਸ਼ਰੀਕਾਂ ਲੈ ਦੇ ਕੇ , ਮੇਰਾ ਸੁੱਖ ਲੇਖਾ.....। “ ਪਰ, ਮੇਰਾ , ਇਉਂ ਮਨ ਜਿਹਾ ਨਾ ਮੰਨਦਾ । ਆਖੇ ਜਿਹਾ ਨਾ ਲਗਦਾ ,ਨਿਰਾਈ ਝੂਠ  ਤੋਲਣ ਨੂੰ । ਹੋਰਨਾਂ ਮੁਣਸ਼ੀਆਂ ਵਾਂਗ । ਜਿਹੜੇ ਸਾਰਾ ਦਿਨ ਘੱਞਰੀ ਘੁਮਾਉਂਦੇ ਰਹਿੰਦੇ –ਆਉਂਦੇ ਲੋਕਾਂ ਮਗਰ । ਜਾਂਦੇ ਸਾਇਲਾਂ ਪਿੱਛੇ ।

ਕੰਮਕਾਰ ਭਾਵੇਂ ਬਹੁਤਾ ਨਹੀਂ ਸੀ ਮੇਰੇ ਕੋਲ, ਪਰ ਪਿੰਡ ਆਉਣਾ ਔਖਾ ਸੀ , ਹਰ ਰੋਜ਼ । ਵਕੀਲ ਸਾਬ੍ਹ ਨੇ ਮੈਨੂੰ ਕਮਰਾ ਲੈ ਦਿੱਤਾ । ਟਾਈਪ ਰਾਈਟਰ ਨਵੀਂ ਲੈ ਲਈ । ਥੋੜ੍ਹਾ ਬਓਤ ਕੰਮ ਰਾਤ ਨੁੰ ਵੀ ਕਰਦਾ, ਬਾਕੀ ਸਮਾਂ ਆਪਣੇ ਲਈ । ਆਪਣੀ ਸ਼ਾਇਰੀ ਲਈ  ਬੰਦ-ਖੁੱਲ੍ਹੀਆਂ ਕਵਿਤਾਵਾਂ ਲਿਖਣ ਲਈ । ਲਿਖ ਕੇ ਕੱਟਣ-ਵੱਡਣ ਲਈ  ਹਾਲਾਤ ਈ ਐਸੇ ਸਨ ਹੁਣ । ਇਕ ਦਿਨ ਦੀ ਲਿਖੀ ਦੂਜੇ ਦਿਨ ‘ਤੇ ਲਾਗੂ ਈ ਨਹੀਂ ਸੀ ਹੁੰਦੀ । ਅਰਥ ਈ ਬਦਲ ਜਾਂਦੇ ਸਨ ਉਸਦੇ । ਜੋ ਕੁਝ ਹੋ ਰਿਹਾ  ਸੀ ਦਿਨੋ-ਦਿਨ , ਜੋ ਵਾਪਰ ਰਿਹਾ ਸੀ , ਪਰ ਰੋਜ਼-ਏਨਾ ਦਰਦਨਾਕ ਸੀ , ਏਨ ਡਰਾਉਣਾ ਸੀ ਕਿ ਕਲਮ ਦੀ ਜੀਭ ਈ ਤਾਲੂ ਨਾਲ ਜਾ ਲਗਦੀ ।

ਅੱਵਲ ਤਾਂ ਕਿੰਨਾ ਕਿੰਨਾ ਚਿਰ ਕੁਝ ਲਿਖਿਆ-ਬੋਲਿਆ ਈ ਨਾ ਜਾਂਦਾ । ਜੇ ਖਿੱਚ-ਧੂਹ ਕਰਕੇ ਕੁਝ ਹੱਥ ਪੱਲੇ ਪੈਂਦਾ ਈ ਪੈਂਦਾ ਤਾਂ ਉਹ ਹਲਕਾ ਏਨਾਂ ਫੁਸਫੁਸਾ ਹੁੰਦਾ ਕਿ ਉਸ ਵਿੱਚੋਂ ਕਵਿਤਾ ਨਾਂ ਕੀ ਕੋਈ ਵਸਤ ਲੱਭਿਆ ਨਾ ਲੱਭਦੀ । ਲੱਭਦੀ ਵੀ ਕਿੱਦਾਂ । ਤੌਰ-ਤਰੀਕੇ ਈ ਬਦਲ ਗਏ ਸੀ ਮੇਰੇ ਕਚਹਿਰੀ ਆ ਕੇ । ਲਿਖਣ-ਸੋਚਣ ਦੇ ਵੀ , ਰਹਿਣ-ਸਹਿਣ ਦੇ ਵੀ । ਸੁਰਤੀ ਸਾਰਾ ਦਿਨ ਹੋਰ-ਹੋਰ ਪਾਸੇ ਈ ਖਿੰਡਰੀ ਰਹਿੰਦੀ । ਗੱਲਾਂ-ਗੜੱਪਾਂ ਵਲ੍ਹ ਜਾਂ ਦਾਰੂ-ਸਿੱਕੇ ਵਲ੍ਹ। ਓਧਰ ਹਰ ਐਤਵਾਰ ਪਿੰਡ ਆਉਣ ‘ਤੇ ਬਾਬੇ ਦੀ ਪੁੱਛ-ਪੜਤਾਲ ਰਾਹ ਰੋਕੀ ਖੜ੍ਹੀ ਹੁੰਦੀ – “ ਕੀ ਹਾਲੇ ਆ ਤੇਰੀ ਪੜ੍ਹਾਈ-ਲਿਖਾਈ ਦਾ ਮੁਣਸ਼ੀ ਭਾਅ  ਜੀ ..?” ਬਾਬੇ ਦੀ ਸੁਭਾਵਕ ਪੁੱਛ=ਗਿੱਛ ਮੈਨੂੰ ਧੁਰ ਅੰਦਰੋਂ ਹਿਲੂਣ ਦਿੰਦੀ । “....ਬੱਸ ਠੀਅਕ ਈ ਆ ,ਚੱਲੀ ਜਾਂਦੀ ਮਾੜੀ-ਮੋਟੀ ....” ਆਖ ਕੇ ਕਾਹਲੀ ਨਾਲ ਉਸਦੀ ਕੁਟੀਆ ਲਾਗਿਓਂ ਲੰਘ ਜਾਂਦਾ , ਸ਼ਰਮਿੰਦਾ ਜਿਹਾ ਹੋਇਆ । ਛੁੱਟੀ ਵਾਲਾ ਸਾਰਾ ਦਿਨ ਵੀ ਮੈਂ ਉਸ ਤੋਂ ਬਚਾ-ਬਚਾ ਕੇ ਗੁਜ਼ਾਰਦਾ । ਸਵੇਰੇ ਦੀ ਗਜ਼ਾ ਵੇਲੇ ਵੀ , ਮੈਂ ਹੁਣ ਕਦੀ ਆਪਣੇ ਹੱਥੀਂ ਰੋਟੀ ਨਹੀਂ ਸੀ ਰੱਖੀ ਉਸ ਦੇ ਕਰਮੰਡਲ ‘ਚ । ਨਾ ਕਦੀ ਚਾਹ-ਲੱਸੀ ਦਾ ਗਲਾਸ ਦਿੱਤਾ ਸੀ , ਉਹਨੂੰ । ਇਹ ਕੰਮ ਮੇਰੀ ਮਾਂ ਕਰਦੀ ਸੀ ਜਾਂ ਪਤਨੀ । ਮੈਂ ਰਾਤ ਦੇਰ ਤਕ ਪੜ੍ਹਦੇ ਰਹਿਣ ਦਾ ਬਹਾਨਾ ਕਰਕੇ, ਬਿਸਤਰੇ ‘ਚ ਈ ਗੁੱਛਾ ਹੋਇਆ ਰਹਿੰਦਾ। ਬਾਬਾ ਬਾਹਰੋ ਈ ‘ਹਾਜ਼ਰੀ ’ ਲੁਅ ਕੇ ਮੁੜ ਜਾਂਦਾ – “ਪਾੜ੍ਹਾ ਹਜੇ ਉੱਠਿਆ ਨਈਂ ਭਾਈ ....?”

ਪਰ ਇਹ ਸਿਲਸਲਾ ਬਹੁਤੀ ਦੇਰ ਨਾ ਚੱਲਿਆ । ਇਕ ਸ਼ਨਿੱਚਰ ਸ਼ਾਮੀਂ ਉਸ ਨੇ ਅੱਡਿਉਂ ਨਿਕਲਦੇ ਈ ਮੇਰੀ ਪੈੜ ਨੱਪ ਲਈ । ਅੱਗੜ ਪਿੱਛੜ ਅਸੀਂ ਪਿੰਡ ਵੱਲ ਨੂੰ ਹੋ ਤੁਰੇ । ਓਪਰੇ ਜਿਹੇ ਬਣੇ । ਚਾਣਚੱਕ ਮੇਰੀ ਪਿੱਠ ‘ਤੇ ਕਿਸੇ ਧੈਰ ਕਰਦਾ ਹੱਥ ਆ ਧਰਿਆ – “ ਕੀ ਹਾਲ ਆ ਤੇਰੀ ਲਿਖਾਈ-ਪੜ੍ਹਾਈ ਦਾ, ਕੀ ਸਰਗਰਮੀਂ ਆਂ ਅੱਜ ਕੱਲ ..?” ਬਾਬੇ ਦੀ ਆਵਾਜ਼ ‘ਚ ਅਜੀਬ ਕਿਸਮੇ ਦੀ ਤਲ਼ਖੀ ਸੀ ।ਮੈਂ ਇਸ ਅਚਿੰਤੇ ਵਾਰ ਤੋਂ ਘਬਰਾ ਜਿਹਾ ਗਿਆ । ਫਿਰ ਥੋੜ੍ਹਾ ਸੰਭਲ ਕੇ ਆਖਿਆ – “ ਠੀਅਕ ਈ ਐ ਪਰ ਪਹਿਲੇ ਅਰਗੀ ਖੁਲ੍ਹ ਹੈਅ ਨਈਂ ਹੁਣ ! ਹਰ ਗੱਲ ਬੜੇ ਸੰਕੋਚ ਨਾਲ ਕਰਨੀ ਪੈਂਦੀ ਆ...ਅੱਗਾ –ਪਿੱਛਾ ਦੇਖ ਕੇ ਲਿਖਣਾ ਪੈਂਦਾ ....ਕੀ ਪਤਾ ਕੇੜ੍ਹੇ ਲੇਏ ਕਿਧਰੋਂ....!”

“ ਏਦ੍ਹਾ ਮਤਲਬ , ਸੱਚ ਬੋਲਣ ਲਈ ਝੂਠ ਦਾ ਆਸਰਾ ਲੈਣਾਂ ਪੈਂਦਾ ! ਆਲੇ-ਦੁਆਲੇ ਤੋਂ ਬਚਨ ਲਈ ਮਖੌਟੇ ਚਾੜ੍ਹਨੇ....।“ ਉਸ ਦਾ ਖੁੱਲ੍ਹਾ ਖ਼ਲਾਸਾ ਵਾਕ ਅਜੇ ਪੂਰਾ ਨਹੀਂ ਸੀ ਹੋਇਆ ਕਿ ਮੇਰੀ  ਤੋਰ ਥਾਏ ਜੰਮ ਗਈ । ਉਹ ਵੀ ਰਤਾ ਕੁ ਵਿੱਥ ‘ਤੇ ਖੜੋ ਗਿਆ । ਮੇਰੀ ਵੱਲ ਸਿੱਧਾ ਝਾਕਦਾ ਉਹ ਪਹਿਲਾਂ ਥੋੜ੍ਹਾ ਕੁ ਮੁਸਕਰਾਇਆ , ਫਿਰ ਖੂਬ ਹੱਸਿਆ ਉੱਚੀ ਉੱਚੀ । ਮੈਨੁੰ ਉਸ ਦ ਇਹ ਤਨਜ਼ ਸਾਫ ਸਮਝ ਪੈ ਗਈ । ਇਕ ਵਾਰ ਤਾਂ ਮੇਰੇ ਮਨ ‘ਚ ਆਈ ਕਿ ਬਾਬੇ ਨੂੰ ਮੋੜਵਾਂ ਉੱਤਰ ਦਿਆਂ । ਉਸਨੂੰ ਠੋਕ-ਵਜਾ ਕੇ ਆਖਾਂ – “ ਤੈਨੂੰ ਕੀ ਪਤਾਅ ਬਾਬਿਆਂ , ਬਾਹਰ ਕੀ ਝਖੜ ਝੁਲਿਆ,ਪਿਆ ? ਕਿੰਨੀ ਅੱਗ ਵਰ੍ਹਦੀ ਐ ਲੋਕਾਂ ‘ਤੇ ? ਕਿੰਨੀ ਮਾਰ-ਧਾੜ ਮੱਚੀ ਪਈ ਆ ਹਰੇਕ ਥਾਂ ?ਦੁਨੀਆਂ ਐ ਥੋੜ੍ਹਾ ਵਸਦੀ ਆ ਸਾਰੀ ਕਿ ਗਜਾ ਕਰ ਛੱਡੀ , ਲੱਸੀ ਪੀ ਛੱਡੀ , ਬਾਕੀ ਸਭ ਰਾਜੀ-ਬਾਜੀ ! “ ਪਰ ਮੇਰੇ ਅੰਦਰਲੇ ਸਤਿਕਾਰ ਨੇ ਉਸਨੂੰ ਕੁਝ ਵੀ ਨਾ ਕਹਿਣ ਦਿੱਤਾ ।ਐਵੇਂ ਮਾੜੀ-ਮੋਟੀ ਸਾਬ੍ਹ-ਸਲਾਮ ਪਿੱਛੋਂ ਮੈਂ ਚਾਲ  ਰਤਾ ਕੁ ਤੇਜ਼ ਕਰ ਲਈ । ਉਹ ਮਸਤ ਚਾਲੇ ਤੁਰਿਆ , ਮੈਥੋਂ ਕਾਫੀ ਸਾਰਾ ਪਿਛਾਂਹ ਰਹਿ ਗਿਆਂ ।

ਉਹ ਐਤਵਾਰ ਮੈਂ ਬਹੁਤ ਔਖਾ ਹੋ ਕੇ ਪਿੰਡ ਕੱਟਿਆ । ਅਗਲੀ, ਛੁੱਟੀ ਊਂਈ ਘਰ ਨਾ ਆਇਆ । ਉਸ ਤੋਂ ਅਗਲੀ ਵੀ । ਵੀਹੀਂ ਕੁ ਦਿਨੀਂ ਜਾ ਮੈਂ ਕੁਟੀਆ ਲਾਗਿਓਂ ਲੰਘਿਆ ਤਾਂ ਸਭ ਪਾਸੇ ਸੁੰਨਮਸਾਨ ਸੀ । ਨਾ ਦੀਵਾ ਨਾ ਬੱਤੀ , ਨਾ ਹੂੰ ਨਾ ਹਾਂਅ । ਨਾ ਉਸਦੀ ‘ਜੈ ਹੋਓਅ ’ ਦੀ ਅਸ਼ੀਰਵਾਦੀ ਹੇਕ, ਜਿਹੜੀ ਹਰ ਕਿਸੇ ਦੀ ਪੈੜਚਾਲ ਪਛਾਣ ਕੇ ਈ ਰਾਹ ‘ਚ ਆ ਖਿਲਰਦੀ ਸੀ ।

ਮੈਨੂੰ ਕੁਟੀਆ ਦੀ ਉਜਾੜ ਦਸ਼ਾ ਤੇ ਵਹਿਮ ਜਿਹਾ ਹੋ ਗਿਆ । ਭੈੜੇ ਭੈੜੇ ਵਿਚਾਰ ਭੜਥੂ ਪਾਉਣ ਲੱਗੇ । ਘਰ ਪਹੁੰਚਿਆ , ਤਾਂ ਤਨ ਬਦਨ ਈ ਮਿੱਟੀ ਬਣ ਗਿਆ । ਬਾਪੂ ਨੇ ਬੂਹੇ ਵੜਦੇ ਨੂੰ ਈ ਖ਼ਬਰ ਦੱਸ ਦਿੱਤੀ – “ ਬਾਬੇ ਨੂੰ ਕਾਕਾ ਪੁਲਸ ਫੜ ਕੇ ਲੈ ਗਈ ....। ਹਥਿਆਰ ਨਿਕਲੇ ਓਦ੍ਹੇ ਕੋਲੋਂ ।.....ਖ਼ਬਰੇ ਸੱਚ ਆ ਕਿ ਝੂਠ ।“ਕੇੜ੍ਹੇ ਬਾਬੇ ਨੂੰ ਬੂਝੜ ਨੂੰ ....? “    ਮੈਂ ਸਹਿ-ਸੁਭਾ ਈ ਪੁੱਛਿਆ । “ ਉਨੂੰ ਕਾਨੂੰ ! ਉਹ ਤਾਂ ਹੈਥੇ ਈ ਫਿਰਦਾ ਟੁੰਡ ਲਮਕਾਈ , ਧੈੜ-ਧੁੱਲਾ ਜਿਆਂ । .....ਮੜ੍ਹੀਆਂ ਆਲੇ ਬਾਬੇ ਨੂੰ । ਕੈਂਦ੍ਹੇ ਅਸਲਾ ਫੜਿਆ ਗਿਆ, ਕੁਟੀਆ ‘ਚੋਂ ।“ ਮੈਂ ਜਿੱਥੇ ਖੜ੍ਹਾ ਈ ਰਹਿ ਗਿਆ ।ਡੌਰ-ਭੌਰ ਹੋਇਆ । ਨਾ ਅੱਗੇ ਪੈਰ ਪੁੱਟਿਆ ਗਿਆ ਨਾ ਪਿੱਛੇ । ਮੇਰੇ ਅੰਦਰ ਜਿਵੇਂ ਤੂਫਾ ਜਿਹਾ ਉੱਠ ਖੜਾ ਹੋਇਆ ‘ਜੇੜ੍ਹੇ ਅਸਲ  ਦੋਸ਼ੀ ਆ, ਆਇਆਂ ਗਿਆਂ ਨੂੰ ਸਾਂਭਦੇ ਆ, ਉਹ ਖੁੱਲ੍ਹੇ ਫਿਰਦੇ , ਹਿੱਕਾਂ ਚੌੜੀਆਂ ਕਰਕੇ ਬੂਟੇ ਬੂਝੜ ਅਰਗੇ ....।

...ਬੂਟਾ , ਕਾਬਲ ਦਾ ਛੋਟਾ ਭਰਾ ,ਫੌਜੀ ਕਾਬਲ ਦਾ ।ਪਿਉ ਉਹਨਾਂ ਦਾ ਵਾਹਵਾ ਚਿਰ ਸਿੰਘਾਪੁਰ ਰਿਹਾ । ਵਾਹਵਾ ਕਮਾਈ ਕੀਤੀ ਉਹਨੇ । ਚੰਗੀ-ਚੌਖੀ ਪੈਲੀ ਬਣਾ ਲਈ , ਪਿੰਡ ਲੰਬੜਾਂ ਬਰੋਬਰ ਮੰਜੀ ਡਹਿਣ ਲੱਗੀ , ਉਹਦੀ । ਵੱਡਾ ਮੁੰਡਾ ਕਾਬਲ ਫੌਜ ‘ਚ ਭਰਤੀ ਸੀ । ਛੋਟਾ ਪਹਿਲਾਂ ਵਿਆਹਿਆ ਗਿਆ, ਬੂਟਾ । ਫੌਜੀ ਜਦ ਛੁੱਟੀ ਆਉਂਦਾ ਬੂਟਾ ਹਵੇਲੀ ਜਾਂ ਸੌਦਾ । ਕਾਬਲ ਨੂੰ ਸੁਰਤ ਈ ਨਈਂ ਆਉਣ ਦਿੱਤੀ ਵਿਆਹ ਦੀ , ਨੌਕਰੀ ਸਮੇਂ । ਤੇ ਜਿਸ ਦਿਨ ਪੈਨਸ਼ਨ ਲੈ ਕੇ ਗੱਡੀਉਂ ਉਤਰਿਆ , ਰਾਹ ‘ਚ ਈ ਬੋਚ ਲਿਆ ਕਿਸੇ ਇੱਲ-ਬਲਾ ਨੇ । ਲੱਭਾ ਈ ਨਈਂ ਮੁੜ ਕੇ । ਦਿਸਿਆ ਈ ਨਈਂ ਕਿਸੇ ਨੂੰ , ਕਿੱਥੇ ਗਿਆ । ਬੂਟੇ ਨੂੰ ਜਿਵੇਂ ਕਿਸੇ ਗੱਲ ਦਾ ਪਤਾ ਈ ਨਾ ਹੋਵੇ । ਉਹ ਵਿਚਾਰਾ ਜਿਹਾ ਬਣ ਕੇ ਅੱਖਾਂ ‘ਮਲ੍ਹਦਾ ’ ਰਹਿੰਦਾ । ‘ਹਉਕੇ ’ ਭਰਦਾ ਰਹਿੰਦਾ – ‘ਹੁਣ ਨੁੰ ਖਿਲਾਰਦਾ ਉਹ ਬਾਹਲਾ ਈ ਹਿਰਖ਼ ਜਿਹਾ ਕਰਦਾ – “ ਅੱਛਿਆ ਮਾਲਕਾ, ਜਿੱਦਾਂ ਤੇਰੀ ਰਜ਼ਾ...ਐਥੇ ਆ ਕੇ ਬੰਦਾ ਫੇਅਲ ਆ .....ਹੱਥ ਬੱਸ ਈ ਕੁਸ਼ ਨਈਂ ਕਿਸੇ ਦੇ .....।“

ਮੂੰਹ ‘ਤੇ ਤਾਂ ਉਸਨੂੰ ਕਦੀ ਕਿਸੇ ਉਭਾਸਰ ਕੇ ਕਿਹਾ ਕੁਝ ਨਾ, ਉਸ ਦੇ ਪਰ੍ਹੇ-ਉਰੇ ਹੋਣ ‘ਤੇ ਸਾਰੇ ਹੀ ਉਸਦ ਖਿੱਲੀ ਉਡਾਉਂਦੇ – “ ਸਾਲਾ ਮਕਰਾ, ਖੇਖਨ ਕਰਦਾ । ਸ਼ੁਕਰ ਕਰ ਬਚ ਗਿਆ ਤੂੰ , ਨਈਂ ਅਗਲਿਆਂ ਤੇਰੇ ਵਿਚੋਂ ਈ ਕੱਢ ਲੈਣਾ ਸੀ ਕਾਬਲ । ....ਉਦ੍ਹਾ ਵੀ ਧੀ-ਪੁੱਤ ਹੁੰਦਾ ਜੇ ਕੋਈ ! “

ਪਰ ਬੂਟੇ ‘ਚੋਂ ਕਿਸੇ ਨੇ ਕੁਝ ਨਾ ਕੱਢਿਆ ।ਉਹਨੇ ਉਲਟਾ ਕਈਆਂ ਨੂੰ ਕੁੱਟ ਪੁਆਈ । ਸ਼ੱਕ ਮੂਜਬ । ਬਾਹੋਆਲੀਆਂ ਨੂੰ ਵੀ । ਉਹਨਾਂ ਦਾ ਬੰਨਾ ਸਾਂਝਾ ਸੀ ਬੂਝੜਾਂ ਨਾਲ । ਇਕੋ ਖੇਤ ਦਾ । ਆੜ ਲੰਘਦੀ ਸੀ ਵਿਚਕਾਰੋਂ ਸਾਂਝੈ ਹਲਟ ਦੀ, ਪਹਿਲੀਆਂ ‘ਚ । ਹੁਣ ਬੰਬੀਆਂ ਸਨ ਦੋਨਾਂ ਕੋਲ । ਉਹ ਕਹਿਣ – ਆੜ ਸਾਡੀ ਆ, ਅਸੀਂ ਵਾਹੁਣੀ । ਇਹ ਕਹੇ – ਮੇਰੀ ਆ, ਤੁਸੀਂ ਮਾਮੇ ਲਗਦੇਂ ।  ਬੱਸ ਐਨੀ ਕੁ ਗੱਲ ‘ਤੇ ਖਿੱਚਾ ਧੂਈ ਹੁੰਦੀ  ਰਹੀ । ਪੁਟਆਰ-ਖਾਨਿਆਂ ‘ਚ ਵੱਖਰੀ , ਠਾਣਿਆਂ-ਕਚਹਿਰੀਆਂ ‘ਚ ਵੱਖਰੀ । ਸੱਟਾਂ ਵੱਖਰੀਆਂ ਲੱਗੀਆਂ ਇਕ ਦੂਜੇ ਨੂੰ । ਬਾਹੋਆਲੀਏ ਬੰਦਿਆਂ ਵਾਲੇ ਬੰਦੇ ਸੀ , ਧੱਕੇ ਨਾਲ ਵਾਹ ਗਏ । ਬੂਟੇ ਨੇ ਰੜਕ ਰੱਖੀ । ਹੁਣ ਸਾਰੀ ਕੱਢ ਲਈ , ਕਾਬਲ ਦੀ ਆੜ ‘ਚ ....। ਅਗਲੇ ਕਿਹੜੇ ਕੰਗਣ ਪਾਈ ਬੈਠੇ ਸੀ । ਉਹਨਾਂ ਬੂਟੇ ਦੀ ਇਕ ਬਾਂਹ ਹੀ ਲਾਹਤੀ । ਸਾਲ ਖੰਡ ਅੰਦਰ ਰਹੇ । ਵੱਡੀ ਅਪੀਲੇ ਬਾਹਰ ਆ ਗਏ । ਘਰ ਪਹੁੰਚੇ ਫਿਰ ਉਹੀ ਸਿਲਸਿਲਾ । ਪਰ ਬੂਟਾ ਹੁਣ ਉੱਪਰਲੇ ਜੋੜਾਂ ‘ਚ ਸੀ । ਉਹਨੇ ਰਾਤ-ਬਰਾਤੇ ਘੁੰਮਣ-ਫਿਰਨ ਵਾਲਿਆਂ ਨਾਲ ‘ਯਾਰੀ’ ਗੰਢ ਲਈ । ਆਪ ਤਾਂ ਉਹ ੳਹਨਾਂ ਪਾਸ ਚੱਲ ਕੇ ਨਈਂ ਗਿਆ । ਪਰ ਅਗਲਿਆਂ ਆਪੇ ਈ ਲੱਭ ਲਿਆ, ਕੰਮ ਦਾ ਬੰਦਾ । ਸੇਵਾ ਕਰਨ ਵਾਲਾ, ਸੇਵਾ ਕਰਾਉਣ ਵਾਲਾ । ਇਕ ਦੋ ਵਾਰ ਫੜਿਆ ਵੀ ਗਿਆ , ਪਰ ਛੇਤੀ ਈ ‘ਬਰੀ ’ ਹੁੰਦਾ ਰਿਹਾ । ਪੁਰਾਣਾ ਖੁੰਢ ਸੀ ਨਾ । ਬਾਹਰ ਆ ਕੇ , ਸਗੋਂ ਚੌੜਾ ਹੋ ਕੇ ਫਿਰਦਾ , ਟੁੰਡ ਲਮਕਾਈਂ ।

....ਵਿਹੜੇ ਵਿਚਕਾਰ ਖੜ੍ਹਾ, ਮੈਂ ਸਿਰ ਤੋਂ ਪੈਰਾਂ  ਤਕ ਸੁੰਨ ਹੋ ਗਿਆ –‘ਇਹ ਕਿੱਦਾਂ ‘ ਹੋਇਆ ? ਬਾਬਾ ਤਾਂ ਹਥਿਆਰ ਨੀਤੀ ਦਾ ਮੁੱਢ ਤੋਂ ਈ ਵਿਰੋਧੀ, ਖੂਨ-ਖ਼ਰਾਬੇ ਦਾ ਕੱਟੜ ਦੁਸ਼ਮਣ । “....ਹਥਿਆਰ ਕਿਸੇ ਦੇ ਹੱਥ ‘ਚ ਹੋਵੇ ਜਾ ਮੋਢੇ ‘ਤੇ , ਉਹ ਖੂਨ  ਮੰਗੇਗਾ ਖੂਨ....ਤੇ ਖੂਨ-ਰੰਗੀ ਧਰਤੀ ਕਿਸੇ ਨੂੰ ਮੁਆਫ਼ ਨਹੀਂ ਕਰਦੀ – ਨਾ ਰਾਜੇ ਨੂੰ ,ਨਾ ਰੰਕ ਨੂੰ । ਨਾ ਦੋਸਤ ਨੂੰ , ਨਾ ਦੁਸ਼ਮਣ ਨੂੰ ....’,, ਉਹ ਅਕਸਰ ਆਖਦਾ । ਉਹਦੇ ‘ਆਪਣੇ ’ ਬੰਦਿਆਂ ਨਾਲ ਵੀ ਉਸਦੀ ਏਸੋ ਗੱਲ ‘ਤੇ ਵਿਗੜੀ ਸੀ । ਵਿਅਕਤੀਗਤ ਸਫਾਏ ਦੀ ਲਾਇਨ ‘ਤੇ । ਉਸਦਾ ਸਟੈਂਡ ਸੀ – ਸਿਆਸੀ ਲੜਾਈ ਸਿਆਸਤ ਤੋਂ ਸ਼ੁਰੂ ਕਰਨੀ ਚਾਂਈਦੀ ਐ ਗੋਲੀ ਤੇ ਨਈਂ । ਗੋਲੀ ਸਿੱਕਾ ਅਗਲਿਆਂ ਕੋਲ ਸਾਡੇ ਨਾਲੋਂ ਲੱਖਾਂ ਟਨ ਬਹੁਤਾ ਐ, ਉਸਦੇ ਬੰਦਿਆਂ ਉਸੇਲੇ ਪਾਰਟੀ ਅੰਦਰ ਬੈਠੇ ‘ਉਲਟ-ਇਨਕਲਾਬੀ ’ ਨੂੰ ‘ਪਾਸੇ ’ ਕਰਨ ਦਾ ਮਤਾ ਪਾ ਲਿਆ । ਪਰ , ਐਨ ਵੇਲੇ ਸਿਰ ਸੂਹ ਲੱਗਣ ‘ਤ ਉਹ ਬਚ ਨਿਕਲਿਆ । ਲੁਕਦਾ-ਛਿਪਦਾ ਘਰ ਪਹੁੰਚ ਗਿਆ , ਵੱਡੋ ਭਾਈ ਕੋਲ । ਅੱਗੋਂ ਹੋਰ ਵੀ ਅਵੈੜੀ ਠੋਕਰ ਵੱਜੀ । ਹਾਰ ਕੇ ਐਥੇ ਆ ਟਿਕਿਆ ,ਭਗਵੇਂ ਪਾ ਕੇ । ਪਰ , ਉਹਦੇ ਅੰਦਰ ਉੱਗਿਆ ਰੋਹ , ਰਤਾ ਵੀ ਮੱਠਾ ਨਾ ਪਿਆ ।...ਸਾਡੇ ਪਿੰਡ ਦੀ ਮਸਾਣ-ਝਿੜੀ ਚ ਬੈਠਾ ਕਿਸੇ ਨੂੰ ਕੁਝ ਸਿਖਾਉਂਦਾ ,ਕਿਸੇ ਨੂੰ ਕੁਝ ...ਘੁਲਣਾ,ਖੇਲ੍ਹਣਾ, ਪੜ੍ਹਨਾ ,ਲਿਖਣਾ ਜਾਂ ਹੋਰ ਕੋਈ ਕੰਮ ਜਿਸਦਾ ਕੋਈ ਉਲਾਮਾ ਨਾ ਹੋਵੇ ।ਮੈਂ ਉਸਦੇ ਹਰ ਕੰਮ ਨੂੰ ਗਹੁ ਨਾਲ ਵਾਚਦਾ ।ਉਹ ਨੇ ਵੀ ਮੇਰੀ ਨਿਗਾਹ ਛੇਤੀ ਈ ਤਾੜ ਲਈ । ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਉਸਲੂੰ ਇਕੱਲਿਆਂ ਮਿਲਦਾ ।ਉਸ ਜਿਹੜੀ ਵੀ ਗੱਲ ਕਰਦਾ, ਬੇਹੱਦ ਸੰਜਮ ਨਾਲ, ਜਿਵੇਂ ਉਹ ਬਹੁਤ ਭਾਰੇ ਬੋਝ ਹੇਠ ਦੱਬ ਹੋਇਆ ਹੋਵੇ । ਕਈ ਵਾਰ ਤਾਂ ਉਸਦੀ ਉਦਾਸੀ ਮੈਨੂੰ ਵੀ ਬੇਚੈਨ ਕਰ ਦਿੰਦੀ । ਮੇਰੀਆਂ ਅੱਖਾਂ ਵੀ ਉਹਦੇ ਕੋਇਆਂ ਵਾਂਗ ਸੁਲ੍ਹਾਭੀਆਂ ਜਾਂਦੀਆਂ । ...ਉਸ ਦੀ ਗਰਿਫ਼ਤਾਰੀ ਦੀ ਖ਼ਬਰ ਦੱਸ ਕੇ ਬਾਪੂ ਨੈ ਮੈਨੂੰ ਬੇ-ਸੁੱਧ ਈ ਕਰ ਦਿੱਤਾ ।

ਵੱਡੇ ਅੰਦਰ ਵੱਲ ਜਾਣ ਦੀ ਥਾਂ ਮੈਂ ਮੁੜ ਬਾਹਰ ਵੱਲ ਨੂੰ ਹੋ ਤੁਰਿਆ ।

“...ਤੂੰ ਹੁਣ ਕਿੱਧਰ ਨੂੰ ਐਸਲੇ ? “ ਬਾਪੂ ਦੀ ‘ਝਿੜਕ ’ ਸੁਣ ਕੇ ਮੇਰੀ ਗੁਆਚੀ ਸੁਰਤ ਥੋੜ੍ਹਾ ਕੁ ਪਰਤੀ , “.....ਤੇਰੀ ਜਾਚੇ ਪਿੰਡ ਅਵੇਸਲਾ ਬੈਠਾ । ਦਸ ਦਿਨ ਹੋ ਗਏ ਘੁੰਮਦਿਆਂ ਨੁੰ । ਕੋਈ ਪੱਲਾ ਈ ਨਈਂ ਫੜਾਉਂਦਾ। ਤਸੀਲ ਆਲੇ ਕੈਂਦ੍ਹੇ ਆ, ਅਸੀਂ ਨਈਂ ਲਿਆਂਦਾ , ਉਪਰੋਂ ਪਤਾ ਕਰੇ । ਜ਼ਿਲੇ ਆਲੇ ਕੈਂਦੇ ਆ, ਹੇਠਾਂ ਹੋਊ ਕਿਤੇ , ਸਾਡ ਕੋਅ ਐਨੀ ਵਿਹਲ ਕਿੱਥੇ ।“ ਕੱਲ੍ਹ ਨੂੰ ਫੇਅਰ ਚੱਲਣਾਂ ਸਾਰਿਆਂ । ਤੂੰ ‘ਰਮਾਨ ’ ਕਰ ਹੁਣ ਸਵੇਰੇ ਦੇਖੀ ਜਾਊ ।“

ਅਗਲੇ ਦਿਨ ਫਿਰ ਓਹੀ ਦੌੜ-ਭੱਜ । ਕਦੀ ਉੱਪਰ ਕਦੀ ਹੇਠਾਂ । ਠਾਣੇ ਤੋਂ ਜ਼ਿਲੇ , ਜ਼ਿਲੇ ਤੋਂ ਸਟਾਫ਼ । ਸਟਾਫ਼ ਤੋਂ ਫਿਰ ਨਾਣੇ । ਪਰ ਹੱਥ-ਪੱਲੇ ਕੁਝ ਨਾ ਪਿਆ । ਆਖਿਰ ਬੂਟੇ ਟੁੰਡੇ ਦੀ ‘ਵਾਕਫੀ ’ ਕੰਮ ਆਈ । ਉਸਨੇ ਇਕ ਮੁਣਸ਼ੀ ਨਾਲ ਸੀਟੀ ਮਿਲਾ ਕੇ ਬਾਬੇ ਦਾ ਪਤਾ ਕਰ ਲਿਆ – ਬਾਬਾ ਓਦਣ ਦਾ ਈ ਜ਼ਿਲਾ ਸਟਾਫ਼ ਕੋਲ ਸੀ । ਕਿਸੇ ਖਾਸ ਤਫਤੀਸ਼  ਹੇਠ । ਕਈ ਸਾਰੀਆਂ ‘ਅੜਚਨਾਂ ’ ਦੂਰ ਕਰਕੇ ਸਾਰਾ ਪਿੰਡ ਬਾਬੇ ਤਕ ਮਸਾਂ ਪੁੱਜਾ । ਬਾਬਾ ਮਧੋਲਿਆ ਬੈਠਾ ਸੀ , ਇਕ ਸਟੂਲ ‘ਤੇ ।ਇਕ ਬੰਦਾ ਉਸ ਦੇ ਪਿੱਛੇ ਖੜ੍ਹਾ ਸੀ ,ਆਸਰਾ ਦੇਣ ਲਈ । ਤਫ਼ਤੀਸ਼ੀ ਅਫ਼ਸਰ ਜ਼ਰਾ ਹਟਵਾਂ ਬੈਠਾ ਸੀ , ਮੇਜ਼ ਕੁਰਸੀ ‘ਡਾਹੀ ।ਅੰਦਰ ਲੰਘਦਿਆਂ ਸਾਨੂੰ ਉਸ ਨੇ ਆਪਦੀ ਵੱਲੇ ਸੱਦ ਲਿਆ – “ ਕੀ ਨਾ ਤੁਆਡੇ ਬੰਦੇ ਦਾਆ ? “ਅਸੀ ਬਾਬਾ ਜੀ , ਬਾਬਾ ਜੀ ,ਆਹਨੇ ਆਂ ਉਨੂੰ , ਨਾ ਦਾ ਤਾਂਆਂ .....ਪੱਕ......।“ ਬਾਪੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਮੈਂ ਪਿੱਛੇ ਖੜੋਤੇ ਨੇ ਉੱਚੀ ਸਾਰੀ ਕਿਹਾ – ਬਾਬਾ ਬੂਟਾ ਜੀ , ਬੂਟਾ.....” ।“ਹਆ ਕੇੜ੍ਹਾ ਆ ਬੂਟੇ ਆਲਾ, ਕਰੋ ਏਨੂੰ ਜ਼ਰਾ ਅੱਗੇ ....”, ਅਫ਼ਸਰ ਦੀ ਤਲਖੀ ਮੇਰੇ ਸਾਹਮਣੇ ਹੁੰਦਿਆਂ ਥੋੜੀ ਮੱਠੀ ਪੇ ਗਈ – ਅੱਛਿਆ,ਮੁਣਸ਼ੀ ਹੋਈ ਆ, ‘ਮਰੀਕ ਚੰਦ ਹੋਣੀ ।....ਔਹ ਜਾਚ ਲਓ ਤਾਡ੍ਹਾ ਈ ਆਦਮੀ ਆ ? ਸਾਡਾ ਸਭ ਦਾ ਧਿਆਨ ਪਹਿਲੇ ਈ ਬਾਬੇ ਵੱਲ ਸੀ ।  ਉਸਦੀ ਉੱਖੜੀ-ਪੁੱਖੜੀ ਦਸ਼ਾ ਵੱਲ ।ਮਾਰੀ-ਭੰਨੀ ਦੇਹ ਵੱਲੇ । ਬਿਰਖੇ ਕੇਸ, ਝਰੀਟਿਆ ਮੱਥਾ, ਢਿਲਕੇ ਭਰਵੱਟੇ , ਖੁਸ਼ਕ ਅੱਖਾਂ , ਜ਼ਰਦ  ,ਪੀਲਾ ਰੰਗ, ਜਿਹੜਾ ਦਸ ਦਿਨ ਪਹਿਲਾਂ ਗੁਲਾਬੀ ਭਾਅ ਮਾਰਦਾ ਝੱਲਿਆ ਨਹੀਂ ਸੀ ਜਾਂਦਾ । ਬਾਬੇ ਦੇ ਤਨ-ਬਦਨ ਦੀ ਸਾਰੀ ਟਹਿਕ ਜਿਵੇਂ ਕਿਸੇ ਨੇ ਖਰੋਚ ਕੇ ਖਾ ਲਈ ਹੋਵੇ । ਉਹਦੀ ਵੱਲ ਵੇਖਦਿਆ ਦੇ ਸਾਡੇ ਸਭ ਦੇ ਮੂੰਹ ਇਕ ਦਮ ਸੀਤੇ ਰਹੇ । ਕਿਸੇ ਤੋਂ ਉੱਚੀ ਸਾਹ ਤਕ ਨਾ ਭਰਿਆ ਗਿਆ ।

ਸਾਡੀ ਚੁੱਪ ਦੀ ਪਿਛਵਾੜੀਉਂ ਇਕ ਦਬਾਕਾ ਹੋਰ ਉੱਠਿਆ “ ਪਤਆ  ਕੌਣ ਏਹ ? “ ਦਫ਼ਤਰੋਂ ਨਿਕਲਿਆ ਹੌਲਦਾਰ ਝਿੜਕ ਮਾਰਨ ਵਾਂਗ ਬੋਲਿਆ – “ਏਹ ਭਜਨਾ ਆ ਭਜਨਾ, ਨਕਸਲਵਾੜੀਆ ਭਜਨਾ, ਤਿੰਨ  ਸੌ ਖੂਨ ਕੀਤੇ ਏਨ੍ਹੇ । ....ਹੁਣ ਖਾੜਕੂਆਂ ‘ਨਾ ਰਲਿਆ ਫਿਰਦਾ । ਪੁੱਛੋਂ ਖਾਂ ਏਨੂੰ , ਰੋਟੀਆਂ ਨਈਂ ਢੋਂਦਾ ਉਨ੍ਹਾਂ ਲਈ ? ਰਾਤਾਂ ਨਈਂ ਰੱਖਦਾ ਉਨ੍ਹਾਂ ਨੂੰ ਆਪਣੇ ਕੋਅਲ.....! “ ਹੌਲਦਾਰ ਦਾ ਗੜ੍ਹਕਾ ਸਾਨੂੰ ਸਾਰਿਆਂ ਨੂੰ ਮੂਰਫਤ ਕਰ ਗਿਆ।

ਮੋਰਾ ਤਾਂ ਜਿਵੇਂ ਹੇਠਲਾ ਸਾਹ ਹੇਠਾਂ , ਉੱਪਰਲਾ ਉੱਪਰ ਅਟਕ ਗਿਆ – ‘ ਭਜਨਾ ! ਸਾਥੀ ਹਰਭਜਨ !  ....ਮੱਟੂ ਗੱਲ-ਗੱਲ ‘ਤੇ ਉਦ੍ਹੀ ਗੱਲ  ਜੋੜਦਾ ਸੀ ।ਉਦ੍ਹੀ ਸਿਆਣਪ ਦੀ ,ਉਦ੍ਹੀ ਸੂਝ-ਬੂਝ ਦੀ । ਸਾਨੂੰ ਜਦ ਕਦੀ ਕੋਈ ਔਖੀ ਘਾਟੀ ਲੰਘਣੀ ਪੈਂਦੀ, ਕੋਈ ‘ਖ਼ਤਕਨਾਕ ’ ਚੋਟੀ ਸਰ ਕਰਨੀ ਪੈਂਦੀ, ਮੱਟੂ ਝੱਟ ਆਖ ਦਿੰਦਾ – “ ਐਥੇ ਈ ਰੁਕ ਜਾਓ ,ਅਗਲਾ ਸਟੈੱਪ ਭਜਨ ਤੋਂ ਪੁੱਛ ਕੇ.....। “ ਸੱਚ-ਮੁੱਚ ਅਗਲਾ ਸਟੈੱਪ ਭਜਨੇ ਦੀ ਦੂਰ-ਦ੍ਰਿਸ਼ਟੀ ਦਾ ਚਮਤਕਾਰ ਹੁੰਦਾ ।ਸਾਰੇ ਅਚੰਭਤ ਹੋ ਜਾਂਦੇ ।ਪਾਲਾ-ਦਰਸ਼ਨ ਵੀ ,ਮੈਂ ਵੀ । ਅਸੀਂ , ਮੱਟੂ ਨੂੰ ਕਈ ਵਾਰ ‘ਹੁਕਮ ’ ਵੀ ਕੀਤਾ , ਬੇਨਤੀ ਵੀ – “ਯਾਰ, ਭਜਨ ਕਾਮਰੇਡ ਦੇ ਦਰਸ਼ਨ-ਪਰਸ਼ਨ ਈ ਕਰਾ ਛੱਡ ਸਾਨੂੰ ....।“ ਉਹ ਅੱਗੋਂ ਹਲਕਾ ਜਿਹਾ ਮੁਸਕਰਾ ਕੇ ਟਾਲ ਛੱਡਦਾ “ ਜ਼ਰੂਰ-ਜ਼ਰੂਰ ਜਦ ਆਖੋਂ , ਕਹੋਂ ਤਾਂ ਅੱਜ ਈ....।” ਪਰ,  ਉਹਨੇ ਸਾਨੂੰ ਹਰਭਜਨ ਨਾਲ ਮਿਲਾਇਆ ਨਾ । ਨਾ ਈ ਕੋਈ ਮੀਟਿੰਗ ਕਰਵਾਈ ਉਸ ਨਾਲ। ਇਹ ਉਹਦਾ ਕੰਮ-ਢੰਗ ਦਾ ਤਰੀਕਾ ਸੀ ਜਾਂ ਕੋਈ ਹੋਰ ਭੇਤ । ਇਸ ਗੱਲ ਨੂੰ ਦਰਸ਼ਨ ਪਾਲਾ ਤਾਂ ਭਾਵੇਂ ਨਾ ਸਮਝੇ ਹੋਣ ਮੈਂ ਜ਼ਰੂਰ ਸਮਝ ਗਿਆ – ‘ਕਿ ਸਾਥੀ ਹਰਭਜਨ ਕੋਈ ਵੱਡੀ ਤੇ ਮਹਾਨ ਸ਼ਖਸ਼ੀਅਤ ਐ ਪੜ੍ਹੀ-ਗੁੜ੍ਹੀ । ਪੜ੍ਹੀ-ਗੁੜ੍ਹੀ ਤੇ ਗਹਿਰ-ਗੰਭੀਰ ,ਜਿਸ ਨੂੰ ਮਿਲਦਾ , ਮੀਟਿੰਗ ਕਰਨ ਹਾਰੀ –ਸਾਰੀ ਦਾ ਕੰਮ ਨਈਂ ।‘ ਪਰ .....ਪਰ ਜ਼ਿਲਾ ਸਟਾਫ ਦੇ ਇਹਾਤੇ ਅੰਦਰ ਸਟੂਲ ‘ਤੇ ਬੈਠੇ ਭਜਨੇ ਦਾ ਕੱਦ-ਬੁੱਤ ਨਾਪਦਾ ਮੈਂ ਸਿਰੋਂ-ਪੈਰੋਂ ਹਿੱਲ ਗਿਆ ।‘ਦੇਖੇ ਸੁਣੇ ‘ਚ ਏਨਾ ਫ਼ਰਕ....!” ਮੇਰੀ ਸਾਰੀ ਸੁਰਤ-ਸਮਝ ਮੁੱਢੋਂ-ਸੁੱਢੋਂ ਗੁੰਮ ਜਿਹੀ ਹੋ ਗਈ ।

ਤਫਤੀਸ਼ੀ ਅਫ਼ਸਰ ਤੋਂ ਆਗਿਆ ਲੈ ਕੇ ਮੈਂ ਉਸ ਦੇ ਲਾਗੇ ਜਾ ਖੜ੍ਹਾ ਹੋਇਆ । ਉਸਨੇ  ਅੱਧ ਝੁਕਿਆ ਸਿਰ ਹੋਰ ਨੀਵਾਂ ਕਰ ਲਿਆ। ਅੱਖ ਪੱਟ ਕੇ ਵੀ ਮੇਰੀ ਵੱਲੋ ਨਾ ਦੇਖਿਆ ।

ਕੁਰਸੀ ‘ਤੇ ਬੈਠੇ ਅਫ਼ਸਰ ਦੇ ਭਾਰੇ ਬੋਲ ਫਿਰ ਉੱਭਰੇ – “ਵੱਗਦੇ ਹੋਵੇ ਹੁਣ, ਅਸਾਂ ਹੋਰ ਵੀ ਕੰਮ ਕਰਨੇ ਵਾ.....।“

ਸ਼ਹਿਰੋਂ ਵਾਪਸ ਆਉਂਦਿਆਂ, ਮੈਂ ਜਿਵੇਂ ਕੋਹਲੂ-ਘਾਣੀ ਵਾਂਗ ਨਪੀੜ ਹੁੰਦੀ ਗਿਆ – ਬਾਬੇ ‘ਤੇ ਹੋਏ ਤਸ਼ੱਦਦ ਕਰਕੇ ਵੀ, ਉਸ ਵੱਲੋਂ ਰੱਖੇ ਉਹਲੇ ਕਰਕੇ ਵੀ । ...ਐਨਾ ਕੁਝ ਦੱਸ ਕੇ ਉਨ੍ਹੇ ਮੈਥੋਂ ਇਹ ਗੱਲ ਕਿਉਂ ਛੁਪਾਈ ਰੱਖੀ । ਆਪਣੇ ਅਸਲੀ ਨਾਂ ਵਾਲੀ ।

ਉਸ ‘ਤੇ ਪਈ ਸ਼ੱਕ ਘਟਣ ਦੀ ਬਜਾਏ ਸਗੋਂ ਵੱਧਦੀ ਗਈ ।

ਪਿੰਡ ਪਹੁੰਚਣ ਤਕ ਮੇਰੀ ਦੇਹ ਪੰਜ-ਪਹਾੜ ਭਖਣ ਲੱਗ ਪਈ । ਕਈ ਦਿਨ ਉੱਠਿਆ ਨਾ ਗਿਆ । ਬੁਖਾਰ ਸੀ ਜਾਂ ਨਮੋਸ਼ੀ , ਨਾ ਮੈਨੂੰ ਸਮਝ ਲੱਗੀ , ਨਾ ਡਾਕਟਰ ਨੂੰ । ਦਸੀਂ ਕੁ ਦਿਨੀਂ ਕਚਹਿਰੀ ਜਾ ਕੇ ਚਿੱਤ ਹੋਦਰੇ ਪਾਉਣ ਦੇ ਯਤਨ ਕੀਤੇ , ਪਰ ਵਿਅਰਥ । ਮੈਨੂੰ ਜਿੰਨਾ ਉਸਨੂੰ ਆਪਣੇ ਲਾਗਿਉਂ ਪਰ੍ਹਾਂ ਧੱਕਦਾ , ਓਨਾ ਈ ਉਹ ਮੇਰੇ ਲਾਗੇ ਲਾਗੇ ਹੋ ਢੁੱਕਦਾ । ਐਨਾ ਸਿਰ ‘ਤੇ ਆ ਬੈਠਦਾ ।

ਸਿਰ ਦਾ ਭਾਰ ਹੋਲਾ ਕਰਨ ਲਈ ,ਮੈਂ ਕਈ ਵਾਰ ਸਟਾਫ਼ ਦਫ਼ਤਰ ਗਿਆ ।‘ਕੱਲਾ ਵੀ , ਪੰਚਾਇਤ ਨਾਲ ਵੀ । ਹਰ ਵਾਰ ਓਹੀ ਬੋਲ ਸੁਣਦੇ ਪੈਂਦੇ ਅੱਗੋਂ – “ਬੰਦਾ ਤੇਰਾ ਬਓਤ ਖ਼ਤਰਨਾਕ ਐ, ਉਪਰਲੇ ਹੁਕਮਾਂ ਬਿਨਾਂ ਛੱਡਿਆ ਨਈਂ ਜਾਣਾ ....।“

ਉਪਰਲੇ ਹੁਕਮ ਪ੍ਰਾਪਤ ਕਰਨ ਲਈ ਮੈਂ ਸੰਧੂ ਸਾਬ੍ਹ ਨਾਲ ਗੱਲ ਤੋਰੀ । ਆਪਣੇ ਵਕੀਲ ਸਾਬ੍ਹ ਨਾਲ । ਉਨ੍ਹਾਂ ਅੱਗੋਂ ਝੱਟ ਆਖਿਆ – “ਤੂੰ ਪਹਿਲੋਂ ਨਈਂ ਦੱਸਿਆ , ਅੱਜ ਈ ਕਰਦੇ ਆਂ ਬੰਦੋਬਸਤ....। ਉਹ ਕੇੜ੍ਹਾ ਖਾੜਕੂਆਂ ‘ਚ ਫੜਿਆ ....।ਅਸਲ ‘ਚ ਉਨ੍ਹਾਂ ਹੋਰ ਕੰਮ ਲਈ ਡੱਕਿਆ ਉਹਨੂੰ ,ਆਪਣੇ ਕੰਮ ਲਈ । ਉਹ ਹਾਂ ਈ ਨਈਂ ਕਰਦਾ ਅੱਗੋਂ । ਬੜੀ ਢੀਡ ਹੱਡੀ ਆ....”,ਸੰਧੂ ਸਾਬ੍ਹ ਦੀ ‘ਵਾਕਫੀ ’ ਨੇ ਮੇਰੇ ਲੂੰ-ਕੰਡੇ ਹੋਰ ਅੜ੍ਹੇ ਕਰ ਛੱਡੇ ।

ਬਾਬੇ ਤੇ ਬਣੀ ਤੇ ਬਣੀ ਰਹਿੰਦੀ –ਬਚਦੀ ਸ਼ਰਧਾ ਹੋਰ ਤਿੜਕਣੇ ਤੋਂ ਤਾਂ ਬਚ ਗਈ , ਪਰ ਅੰਦਰ ਲੱਗਾ ਧੁੜਕੂ ਉਵੇਂ ਦਾ ਉਵੇਂ ਖੋਰੂ ਕਰਦਾ ਰਿਹਾ । .....ਮੈਨੂੰ ਨਾ ਰਾਤ ਚੈਨ ਆਉਂਦੀ ਨਾ ਦਿਨੇ ।

ਅਗਲੇ ਹਫ਼ਤੇ , ਦਿਨ-ਡੁੱਬੇ ਮੈਂ ਅੱਡਿਉ ਉਤਰਕੇ ਜਦ ਡੇਰੇ ਕੋਲ੍ਹ ਪੁੱਜਾ, ਤਾਂ ਕੁਟੀਆ ਅੰਦਰ ਮੱਧਮ ਜਿਹੀ ਲੋਅ ਸੀ । ਬਾਰ ਦੀਆਂ ਵਿਰਲਾਂ ਵਿਚੋਂ ਦੀ ਬਾਹਰ ਝਰਦੀ ਸੀ ਵਿਹੜੇ ‘ਚ । ਮੈਂ ਕੋਈ ਖਾਸ ਗਹੁ ਨਾ ਕੀਤਾ । ਆਪਣੀ ਚਾਲੇ ਤੁਰਿਆ ਅਗਾਂਹ ਲੰਘ ਗਿਆ, ਪਿੰਡ ਵੱਲ ਨੂੰ । ਚਾਲੀ-ਪੰਜਾਹ ਕਦਮ ਅੱਗੇ ਜਾ ਕੇ ਮੇਰੀ ਤੋਰ ਫਿਰ ਥੰਮ ਗਈ । ਪਰ, ਪਿਛਾਂਹ ਪਰਤਣ ਨੂੰ ਚਿੱਤ ਨਾ ਮੰਨਿਆ । ਬਾਬੇ  ਨਾਲ ਹੋਈ ਰੰਜਸ਼ ਕਰਕੇ । ਉਸ ਦੇ ‘ਕਾਮਨਾਮੇ ’ ਤੇ ਆਈ ਗਿਲਾਨੀ ਕਰਕੇ –ਕੀ ਲੋੜ ਸੀ ਉਸਨੂੰ ਕਿਸੇ ਨੂੰ ਰਾਤ ਰੱਖਣ ਦੀ ,ਰੋਟੀਆ   ਢੋਣ ਦੀ, ਬਚਾਉਣ ਸਾਂਭਣ ਦੀ ਉਨ੍ਹਾਂ ਨੂੰ ਜੇੜ੍ਹੇ ਅਸਾਲਟ-ਮਾਓਜ਼ਰ, ਦਾਗਣ ਤੇ ਸਿਵਾ ਜਾਣਦੇ-ਬੁਝਦੇ ਈ ਕੁਝ ਨਈਂ –ਨਾ ਦਲੀਲ ਦੀ ਬੋਲੀ , ਨਾ ਤਰਸ ਦੀ ਭਾਸ਼ਾ । ਚਾਰ ਦਿਨ ਜਿਦ੍ਹੇ ਲੰਗਰ-ਪਾਣੀ ਛਕਿਆ ,ਆਉਂਦੀ ਵੇਰ ਉਦ੍ਹਾ ਈ ਟੱਬਰ-ਟੀਰ ਖ਼ਤਮ , ਬਾਲ—ਬੱਚਾ ਮਲੀਆ –ਮੇਟੀ । ਲੜਾਈ ਕਿਸੇ ਨਾਲ ਆ ਉਨ੍ਹਾਂ ਦੀ, ਘਾਣ ਉਸ ਕਿਸੇ ਦਾ ਕਰੀ ਜਾਂਦੇ ਆ, ਵੱਡੇ ਸੂਰਮੇ...”ਅੰਦਰ ਜਿਵੇਂ ਕਚਹਿਰੀ ਦੀ ਹਵਾ ਬੋਲਦੀ ਹੋਵੇ ..ਚੱਲ ਜੇ ਅਗਲੇ ਤੜੀ ਨਾਲ, ਡਰਾ-ਧਮਕਾ ਕੇ ਆਉਣ-ਠਹਿਰਨ ਲੱਗ ਈ ਪਏ ਸੀ ,ਤਾਂ ਦੱਸਿਆ ਕਿਉਂ ਨਈਂ ? ਮੈਨੂੰ , ਸੰਧੂ ਸਾਬ੍ਹ ਨੂੰ ਜਾਂ ਸੁਰੱਖਿਆ ਅਮਲੇ ‘ਚੋਂ ਕਿਸੇ ਨੂੰ ! ਦੁਨੀਆਂ ਭਰ ਦੀ ਵਾਕਫੀ ਰੱਖਣ ਵਾਲੀ ਸੂਝ-ਬੂਝ ਐਥੇ ਕਿਉਂ ਸਹਿਮ ਗਈ ? ਹੋਰਨਾਂ ਲਈ ਰੱਖੇ ਉਪਦੇਸ਼ ਆਪਣੇ ‘ਤੇ ਲਾਗੂ ਕਿਉਂ ਨਾ ਹੋਏ ?....ਕਿਤੇ ਸੱਚ-ਮੁੱਚ ਈ ਤਾ ਨਈਂ ਉਨ੍ਹਾਂ ਨਾਲ ! “

“ਨਈਂ,ਨਈਂ ਇਉਂ ਹੋ ਸਕਦਾ ....” , ਬਾਬੇ ਸਿਰ ਸਿਰੇ ਦਾ ਦੋਸ਼ ਮੜ੍ਹ ਕੇ ਮੈਂ ਸ਼ਰਮਿੰਦਾ ਜਿਹਾ ਹੋਣ ਲੱਗਾ – “ ਐ ਨਈਂ ਡੋਲ ਸਕਦਾ ਉਹ । ਕਲਾ ਤੇ ਜ਼ਿੰਦਗੀ ਲਈ ਲੜ-ਮਰਨ ਵਾਲਾ ਸਿਪਾਹੀ ਐਉਂ ਜੇ ਡੋਲਿਆ ਹੁੰਦਾ , ਤਾਂ ਇਹ ਹਾਲ ਨਈਂ ਸੀ ਹੋਣ ਉਦ੍ਹਾ । ਉਨੂੰ ਕ ਨਈਂ ਸੀ ਆਉਦਾ – ਲੁਕਣਾ, ਛਿਪਣਾ, ਹਮਲਾ ਕਰਨਾ, ਰੋਕਣਾ ! ਸਭ ਜਾਣਦਾ ਸੀ ਉਹ ।....ਉਹ ਤਾਂ ਸਗੋਂ ਕੱਟੜ ਵਿਰੋਧੀ ਸੀ ਇਹੋ –ਜਿਹੀ ਅਪਰਾਧ ਨੀਤੀ ਦਾ,ਮਨੁੱਖ ਹੱਥੋਂ ਮਨੁੱਖ ਦੇ ਖਾਤਮੇ ਦਾ। ਫੇਰ...ਫਿਰ ਦੱਸਿਆ ਕਿਉਂ ਨਈਂ ਉਨ੍ਹੇ , ਸੱਚ ਜਾਂ ਝੂਠ । ਜੋ ਵੀ ਸੀ, ਹਾਂ ਜਾਂ ਨਾਂਹ । ਕਿਉਂ ਉਸ ਦੀ ਜੀਭ ਉਦ੍ਹੇ ਢਿੱਡ ‘ਚ ਉਤਰ ਗਈ ? ਏਨਾ ਹੀ ਦਹਿਲ ਗਿਆ ਸੀ ਉਨ੍ਹਾਂ ਤੋਂ !...ਮੱਟੂ ਤਾਂ ਸਗੋਂ ਬਿਲਕੁਲ ਉਲਟ ਦੱਸਦਾ ਸੀ ਉਦ੍ਹੇ ਬਾਰੇ । “

ਬਾਬੇ ‘ਤੇ ਹਿਰਖ਼ ਛਾਂਟਦਾ , ਮੈਂ ਫਿਰ ਪਿੰਡ ਵੱਲ ਨੂੰ ਹੋ ਤੁਰਿਆ । ਲੜਖੜਾਉਂਦਾ ਜਿਹਾ । ਦੁਬਿਧਾ-ਗ੍ਰਸਤ । ਦੋ-ਚਾਰ ਲਾਂਘਾਂ ਭਰ ਕੇ ਮੇਰੇ ਪੈਰ ਫਿਰ ਜੁੜ ਗਏ ।ਸੰਧੂ ਸਾਬ੍ਹ ਦੀ ਟਿੱਪਣੀ ਸੁੜ ਤੋਂ ਮੇਰਾ ਰਾਹ ਮੱਲ ਖਲੋਤੀ – ‘ਅਸਲ ‘ਚ ਉਨਾਂ ਹੋਰ ਕੰਮ ਲਈ ਡੱਕਿਆ ਉਨੂੰ ,ਆਪਣੇ ਕੰਮ ਲਈ , ੳਹ ਮੰਨਦਾ ਈ ਨਈਂ, ਹਾਂ ਈ ਨਈਂ ਕਰਦਾ ਅੱਗੋਂ ....।‘

“...ਕੇੜ੍ਹੇ ਕੰਮ ਲਈ ? ਮੁਖ਼ਬਰੀ ਕਰਨ ਲਈ । ਰਾਤ ਬਰਾਤੇ ਆ ਠਹਿਰਦੇ ‘ਰਾਹੀਆਂ ’ ਦੀ ਸੂਹ ਦੇਣ ਲਈ !...ਨਈਂ ਇਹ ਵੀ ਨਈਂ ਸੀ ਹੋਣਾਂ ਉਸ ਤੋਂ । ਤਨੋ-ਮਨੋ ਚਾਹੁੰਦਿਆਂ ਹੋਇਆਂ ਵੀ ਨਈਂ ਸੀ ਹੋ ਸਕਣਾ ਉਸ ਤੋਂ-ਹਥਿਆਰਬੰਦ ਅਪਰਾਧੀਆਂ ਨੂੰ ਹਥਿਆਰਬੰਦ ਕਸਾਈਆਂ ਹਵਾਲੇ ਕਰਨ ਦਾ ਕੰਮ ਨਈਂ ਸੀ ਕਰ ਸਕਦਾਂ ਉਹ । ....ਉਹ ਤਾਂ ਬਹੁਤ ਚੰਗੀ ਤਰ੍ਹਾਂ ਵਾਕਫ਼ ਸੀ ਪੁਲਸੀ ਢੰਗ-ਤਰੀਕੇ ਤੋਂ । ਉਦ੍ਹੇ ਕਈ ਸੰਗੀ-ਸਾਥੀ ਊਈਂ ਮਾਰ-ਖੱਪਾ ਛਡੇ ਸਨ, ਪੁਲਸ ਨੇ ।ਕੁੱਤੇ-ਬਿੱਲੀਆਂ ਸਮਝ ਕੇ । ਪਤਾ ਈ ਨਈਂ ਸੀ ਲੱਗਣ ਦਿੱਤਾ, ਕਿੱਧਰੋਂ ਫੜੇ ਕਿੱਧਰ ਗਏ ....! “ ਮੇਰੇ ਅੰਦਰਲੇ ਕਾਨੂੰਨ ਨੇ ਉਸ ਨੂੰ ਸਾਫ਼ ਬਰੀ ਕਰਦਿਆਂ , ਕਿੰਨਾ ਸਾਰਾ ਦੋਸ਼ ਆਪਣੇ ਸਿਰ ਲੈ ਲਿਆ ...” ਮੈਂ...ਮੈਂ ਭਲਾ ਉਸ ਦੀ ਸਾਰ ਕਿਉਂ ਨਾ ਲਈ, ਐਨਾ ਚਿਰ ? ਕਿਉਂ ਮੈਂ ਉਸ ਨਾਲ ਦੁਆ-ਸਲਾਮ ਬੰਦ ਕੀਤੀ ਰੱਖੀ , ਐਵੇਂ ਨਿਗੁਣੀ ਜਿਹੀ ਗੱਲ ਕਰਕੇ, ਕੋਈ ਚੰਗੀ ਲਿਖਤ ਨਾ ਲਿਖੀ ਜਾਣ ਕਰਕੇ । ਉਹਨੇ ਖ਼ਬਰੇ ਕਿਹੜੀ ਨਮੋਸ਼ੀ ਕਾਰਨ, ਕਈ ਚਿਰ ਤੋਂ ਮੇਰਾ ਰਾਹ ਰੋਕ ਕੇ , ਮੇਰੀ ਨਿਗਾਹ ‘ਚ ਨਿਗਾਹ ਗੱਡ ਕੇ ਵਾਰ ਵਾਰ ਪੁੱਛੀ , ਹੁਣ ਕਦੀ ਮੁੜ ਉਹੀ ਗੱਲ ਨਹੀਂ ਸੀ , ਪੁੱਛੀ –ਕੀ ਹਾਲ ਆ ਭਾਅ ਤੇਰੀ ਪੜ੍ਹਾਈ –ਲਿਖਾੲ. ਦਾਆ....। “ਪਛਤਾਵੇ ‘ਚ ਘਿਰਿਆ, ਮੈਂ ਆਖਿਰ ਪਿਛਾਂਹ ਪਰਤ ਆਇਆ । ਸਿੱਧਾ ਅੰਦਰ ਲੰਘ ਗਿਆ ਕੁਟੀਆ ਵੱਲ । ਅੰਦਰੋਂ ਕੋਈ ਆਵਾਜ਼ ਨਾ ਆਈ ।ਕਿਸੇ ਬੀੱਡੇ-ਟਿੱਡੇ ਦੀ ਵੀ ਨਾ । ਪੋਲੇ ਪੈਰੀਂ ਤੁਰਿਆ ਬਾਰ ਲਾਗੇ ਜਾ ਖੜ੍ਹਾ ਹੋਇਆ ।ਕੰਨ ਅੰਦਰ ਜੁੜੇ ਪਏ ਸਨ । ਬਾਬੇ ਨੂੰ ‘ਹੂੰਗਦਾ ’ ਸੁਣਨ ਲਈ । ਪਰ ਕੁੱਲੀ ਅੰਦਰ ਜਿਵੇਂ ਕਬਰ ਵਗਰੀ ਚੁੱਪ ਸੀ ।ਜ਼ਰਾ ਕੁ ਹੋਰ ਲਾਗੇ ਹੋ ਕੇ ਦੇਖਿਆ, ਕੁਟੀਆ ਬਾਹਰੋਂ ਬੰਦ ਸੀ । ਕੁੰਡਾ ਲੱਗਾਸੀ , ਭਿੱਤ ਨੂੰ । ਸਹਿਮੇ ਜਿਹੇ ਨੇ ਮੈਂ ਕੁੰਡਾ ਖੋਲ ਕੇ ਅੰਦਰ ਝਾਕਿਆ- ਨਾ ਬਾਬਾ,ਮੰਜਾਂ , ਨਾ ਬਿਸਤਰਾ । ਸਿਰਫ਼ ਦੀਵਾ ਜਗਦਾ ਸੀ , ਕੌੜੇ ਤੇਲ ਦਾ , ਵੱਡੇ ਆਲੇ ‘ਚ । ਕਰਮੰਡਲ ਉਸਦਾ ਕੀਲੀ ਨਾਲ ਸੀ , ਅਡੋਲ ਚੁੱਪ-ਚਾਪ ਲਟਕਦਾ। ਜਿਵੇਂ ਥੱਕ ਗਿਆ ਹੋਵੇ ,ਸੇਵਾ ਕਰਦਾ । ਤੇ ਖੂੰਟਾ, ਕੋਕਿਆਂ ਵਾਲਾ ਖੂੰਟਾ ਜਿਹਾੜਾ ਗਜ਼ਾ ਵੇਲੇ ਨਾਲ ਹੁੰਦਾ ਸੀ ਉਹਦੇ , ਆਸਰਾ ਦੇਣ ਲਈ ਜਾਂ ਉਂਝ ਈ ਦਰਵੇਸ਼ੀ ਵਜੋਂ, ਸਹਿਮਿਆਂ ਖੜ੍ਹਾ ਸੀ ਇਕ ਖੂੰਜੇ ।

ਮੈਨੂੰ ਸਾਰੀ ਕਥਾ ਝੱਟ ਸਮਝ  ਪੈ ਗਈ । ਨਿਢਾਲ ਜਿਹੇ ਹੋਏ  ਨੇ ਭਿੱਤ ਉਵੇਂ ਬੰਦ ਕਰ ਦਿੱਤੇ ।ਲੱਤਾਂ-ਪੈਰ ਘਸੀਟਦਾ, ਪਿੰਡ ਨੂੰ ਤੁਰ ਪਿਆ, ਅੱਧੋਰਾਣਾ ਜਿਹਾ , ਗੁਆਚਾ-ਗੁਆਚਾ । ਕੁਟੀਆ ਦੇ ਸਾਰੇ ਹਮਲਾਕਾਰੀਆਂ ਨੂੰ ਲੜੀ-ਵਾਰ ਕਰਦਾ । ਹਰ ਇਕ ਦੇ ਹਿੱਸੇ ਨੂੰ ਹਿੱਸਾ-ਵਾਰ ਕਰਦਾ – ਆਪਣਾ, ਡਾਕਟਰ ਨਿੰਦਰ ਦਾ, ਸੰਧੂ ਸਾਬ੍ਹ ਦੀ, ਖਾੜਕੂਆਂ ਦਾ, ਪੁਲਿਸ ਦਾ, ਜਿੰਨਾ  ਜਿੰਨਾ ਵੀ ਕਿਸੇ ਦਾ ਬਣਦਾ ਸੀ , ਬਾਬੇ ਨੂੰ ਮੁੱਕਦਾ ਕਰਨ ਵਿੱਚ ।.....ਘਰ ਪੁੱਜਾ ਤਾ ਬਾਪੂ ਓਟੋ ਲਾਗੇ ਬੈਠਾ ਸੀ ,ਮੂੜ੍ਹੇ ‘ਤੇ ।ਗੋਡਿਆਂ ’ਚ ਸਿਰ ਸੁੱਟੀ । ਮੇਰੀ ਪੈੜ-ਚਾਲ ਸੁਣ ਕੇ ਰਤਾ ਕੁ ਹਿੱਲਿਆ । ਵੱਡਾ ਸਾਰਾ ਹਓਕਾ ਭਰਕੇ । ਉਹਨੇ ਨਿੱਕੀ ਜਿੰਨੀ ਖ਼ਬਰ ਕਿੰਨਾ ਈ ਚਿਰ ਲਾ ਕੇ ਪੂਰੀ ਸੁਣਾਈ – “ ਬਾਬਾ...ਤਾਂ....ਪੂਰਾ....ਹੋ.....ਗਿਆ....ਓਧਰੋਂ.....ਆਉਂਦਾ...ਈ.... ਕਾਕਾ । ....ਬੂਟਾ....ਰਾਮ....ਬਾਬਾ......।

ਮੈਨੂੰ ਜਿਵੇਂ ਉਸ ਦੀ ਗੱਲ ਸੁਣੀ ਈ ਨਾ ਹੋਵੇ ।

ਮੈਂ ਆਪਣੇ ਧਿਆਨ ਸਿੱਧਾ ਵੱਡੇ ਅੰਦਰ ਲੰਘ ਗਿਆ। ਹੱਥਲਾ ਬੈਗ ਕੀਲੀ ਨਾਲ ਟੰਗ ਕੇ, ਫਿਰ ਬਾਹਰ ਆ ਖੜਾ ਹੋਇਆ ,ਵਿਹੜੇ ‘ਚ । ਵਿਹੜੇ ‘ਚ ਸਾਹ-ਸੂਤਵੀਂ ਚੁੱਪ ਸੀ,ਬਾਹਰਲੀ ਫਿਰਨੀ ਵਰਗੀ , ਤੇ ਫਿਰਨੀ ਨਾਲ ਜੁੜਵੇਂ ਬੂਟੇ ਬੂਝੜ ਤੇ ਖੇਤਾਂ ਵਰਗੀ । ਚੁੱਪ ਤੇ ਪਲੋ-ਪਲ ਵੱਧਦੀ ਰਾਤ ਦੀ ਕਾਲਖ਼ । ਜਿਸ ਨੂੰ ਚੀਰ ਕੇ ਲੰਘਦੀਆਂ ਇਕ-ਦੋ ਕਿਰਨਾਂ ਕੁੱਲੀ ‘ਚ ਸੁੱਤੇ-ਸਿਧ ਈ ਪਿੰਡ ਪਹੁੰਚ ਰਹੀਆਂ ਸਨ, ਪਿੰਡ ਦੇ ਘਰਾਂ-ਕੋਠਿਆਂ ਤੱਕ ।

ਆਪਦੀ ਇਕੱਠ ‘ਚ ਲੁਕਿਆ ,ਮੈਂ ਕਿੰਨਾ ਈ ਚਿਰ ਕੁਟੀਆ ਦੇ ਬੰਦ ਭਿੱਤਾਂ ‘ਚੋਂ ਝਰਦੀ ,ਮੱਧਮ ਜਿਹੀ  ਰੌਸ਼ਨੀ ਵੱਲ ਦੇਖੀ ਗਿਆ....ਦੇਖੀ ਗਿਆ ।

ਬੜੇ ਚਿਰ ਪਿੱਛੋਂ ਮੇਰੇ ਅੰਦਰ ਜਿਵੇਂ ਦੱਬ ਹੋਏ, ਸੁੱਤੇ ਪਏ ਬੋਲਾਂ ਨੂੰ ਮੁੜ ਕੇ ਜਾਗ ਆ ਗਈ ਹੋਵੇ....।

ਇਕ ਪ੍ਰਸ਼ਨ-ਵਾਚਕ ਕਵਿਤਾ ਤੇ ਆਵੇਗ ਨੇ ਆਪ-ਮੁਹਾਰੇ ਮੇਰੀ ਜੀਭ ‘ਤੇ ਪਰ ਖਿਲਾਰ ਲਏ – “ ਬੂਟਾ ਰਾਮ ਪੂਰਾ ਹੋ ਗਿਐ ।ਸੱਚ-ਮੁੱਚ ਪੂਰਾ ਹੋ ਗਿਐ ...ਬੂਟਾ ਰਾਮ ? ....ਰੁੱਖੀ –ਬੰਜਰ ਧਰਤੀ ਤੇ ਠੰਢੀ-ਮਿੱਠੀ ਛਾਂ ਕਰਨ ਵਾਲਾ ਬੂਟਾ...ਰਾਮ....।

                                                            --------------------------

ਪਤਾ :ਲਾਲ ਸਿੰਘ ਦਸੂਹਾ

ਨੇੜੇ ਸੈਂਟ ਪਾਲ ਕਾਨਵੈਂਟ ਸਕੂਲ,ਵਾਰਡ ਨੰਬਰ -6

ਨਿਹਾਲਪੁਰ , ਦਸੂਹਾ(ਹੁਸ਼ਿਆਰਪੁਰ)

Mobile No : 094655-74866

ਵੈਬ-ਸਾਇਟ -  www.lalsinghdasuya.yolasite.com

ਕਹਾਣੀ : ਝਾਂਜਰ - ਲਾਲ ਸਿੰਘ

ਉਸ ਨੂੰ ਬਾਹਰੋਂ ਕਿਸੇ ਨੇ ਕੱਸਵੀਂ ‘ਵਾਜ਼ ਮਾਰੀ  -“ਓਏ, ਸੋਹਣ ਓਏ ....।“

ਅੰਦਰੋਂ ਕੋਈ ਉੱਤਰ ਨਾ ਆਇਆ ।

ਬਾਹਰਲੀ ਆਵਾਜ਼ ਫਿਰ ਜ਼ੋਰ ਦੀ ਗੜ੍ਹਕੀ – “ ਓ ਸੋਹਣ ਦਿਆਂ ਤੁਖਮਾਂ.....ਹੈਗਾਂ ਅੰਦਰ ਕਿ ਮਰ ਗਿਐਂ....! “

ਇਸ ਵਾਰ ਮੰਜੀ ਤੋਂ ਕਿਸੇ ਦੇ ਹਿੱਲਣ-ਸਰਕਣ ਦੀ ਆਹਟ ਬੰਦ ਭਿੱਤਾਂ ਵਿਚੋਂ ਦੀ ਬਾਹਰ ਖੜ੍ਹੇ ਘੋਨੇ ਤਕ ਪਹੁੰਚੀ ।  ਘੋਨੇ ਨੂੰ ਜਾਪਿਆ ,ਸੋਹਣ ਉੱਠ ਖੜੋਇਆ ਐ , ਹੁਣ ਬਾਹਰ ਵੀ ਆਊ ।

ਪਰ ਸੋਹਣ ਨਹੀਂ ਸੀ ਉੱਠਿਆ । ਇਹ ਉਸ ਦੀ ਮਾਂ ਸੀ , ਬੰਤੀ । ਜੁੱਲੀ ਦੇ ਨਿੱਘ ‘ਚੋਂ ਮਸਾਂ ਬਾਹਰ ਆਈ ਸੀ , ਡੋਲਦੀ-ਡਿੱਗਦੀ । ਥਾਂ ਸਿਰ ਰੱਖੀ ਡੱਬੀ ਉਸ ਨੇ ਇਹੋ ਟੋਹ ਨਾਲ ਚੁੱਕ ਲਈ । ਤੀਲ੍ਹੀ ਬਾਲ ਕੇ ਸਹਿਜ ਨਾਲ ਦੀਵਾ ਵੀ ਜਗਦਾ ਕਰ ਲਿਆ ।

...ਜਗਉਨੀ ਆਂ ਪੁੱਤ ਏਨੂੰ ....ਕੌਣ ਆਂ ? ਘੋਨਾ ਆਂ.....,।“ ਬੰਤੀ ਨੇ ਬਾਹਰਲੀ ਆਵਾਜ਼ ਨੂੰ ਮੋੜਵਾਂ ਹੁੰਗਾਰਾ ਭਰਿਆ । ਨਾਲ ਦੀ ਉਹ ਲਾਗਦੀ ਜੁੱਲੀ ‘ਚ ਕੁੰਗੜੇ ਪਏ ਸੋਹਣ ਨੂੰ ਹਿਲਾਉਣ ਲੱਗ ਪਈ – “ ਉੱਠ ਪੁੱਤ, ਘੋਨਾ ਆਇਆ  । ਬਾਹਰ । ਹਾਕਾਂ ਮਾਰਦਾ ਤੈਨੂੰ ....। ਦੇਖ ਕੀ ਕੰਮ ਆਂ ....।“

ਬੰਤੀ ਨੇ ਸੋਹਣ ਨੂੰ ਉੱਪਰੋਂ-ਥੱਲੀ ਕਈ ਵਾਰ ਹਿਲੂਣਿਆ ।

ਕਿੰਨੀ ਈ ਚਿਰੀਂ ਜੇ ਉਹ ਹਿੱਲਿਆ ਈ ਹਿੱਲਿਆ ਤਾਂ “ ਮੈਤੋਂ ਨਹੀਂ ਲਗਦਾ ਐਸਲੇ , “ ਆਖ ਕੇ ਮੁੜ ਪਾਸਾ ਵੱਟ ਕੇ ਪੈ ਗਿਆ ।

ਬਾਹਰ ਖੜ੍ਹਾ ਘੋਨਾ ਉਸਦਾ ਜਵਾਬ ਸੁਣ ਕੇ ਉਭਾਸਰ ਕੇ ਪਿਆ – “ ਨਹੀਂ ਉੱਠਦਾ ਚਾਚੀ ? ਮੈਂ ਉਠਆਉਣਾ, ਏਨੂੰ ਲਾਟ-ਸਾਬ੍ਹ ਨੂੰ ....। ਬੂਹਾ ਖੋਲ੍ਹ ਤੂੰ ਜਰਾ....।“

ਬੰਤੀ ਨੇ ਬੂਹਾ ਖੋਲ੍ਹਣ ਦੀ ਕਾਹਲ ਨਾ ਕੀਤੀ । ਉਹ ਜਾਣਦੀ ਸੀ –ਘੋਨਾ ਜਦ ਅੰਦਰ ਆ ਬੈਠਦਾ, ਉੱਠਣ ਦਾ ਨਾਂ ਈ ਨਈਂ ਲੈਂਦਾ । ਇਕ ਦੋ ਉਹਦੇ ਅਰਗੇ ਲਬੌੜ-ਪੰਥੀ ਹੋਰ ਆਰ ਜੁੜਦੇ ਆ ਅੰਦਰ । ਏਧਰ ਸੋਹਣ ਵੀ ਕਿਸੇ ਦੀ ਮਾਂ-ਧੀ ਨਾਲੋਂ ਪਿੱਛੋਂ ਨਈਂ ਰਹਿੰਦਾ । ਦੋਨੋਂ ਮੰਜੀਆਂ ਮੱਲੀ , ਉਹ ਕਿੰਨਾ-ਕਿੰਨਾ ਚਿਰ ਗਪੋੜੇ ਮਾਰੀ ਜਾਂਦੇ । ਜਿਵੇਂ ਕਿਸੇ ਢਾਬੇ-ਠੇਕੇ ਤੇ ਉਤਾਰਾ ਕੀਤਾ ਹੋਵੇ। ਬੰਤੀ ਵਿਚਾਰੀ ਭੂੰਤੇ ਈ ਕਿਤੇ ਪੀੜ੍ਹੀ-ਬੋਰੀ ਤੇ ਬੈਠੀ ਰਹਿੰਦੀ , ਗੋਡਿਆਂ ਤੇ ਸਿਰ ਰੱਖੀ ਹੋਵੇ ।ਬੰਤੀ ਵਿਚਾਰੀ ਭੂੰਜੇ ਈ ਕਿਤੇ ਪੀੜ੍ਹੀ-ਬੋਰੀ ਤੇ ਬੈਠੀ ਰਹਿੰਦੀ , ਗੋਡਿਆਂ ਤੇ ਸਿਰ ਰੱਖੀ ।

ਘੋਨੇ ਨੇ ਬਾਹਰੋਂ ਇਕ ਹੋਰਕਾ ਹੋਰ ਮਾਰਿਆ ।

ਸੋਹਣ ਨੂੰ ਜਗਾਉਣ ਦਾ ਆਹਰ-ਪਾਰਰ ਕਰਦੀ ਬੰਤੀ , ਖੜੀ-ਖੜੀ ਪਹਿਲਾਂ ਦੀਵੇ ਲਾਗੇ ਨੂੰ ਹੋਈ, ਫਿਰ ਮੋਮੀ ਕਾਗਜ਼ ‘ਚ ਲਿਪਟੀ ਬੇਰ ਜਿੱਡੀ ਗੋਲੀ ਨਾਲੋਂ ਮਾਸਾ ਕੁ ਡੁੰਗ ਕੇ ਪੋਟਿਆਂ ‘ਚ ਘੁੱਟ ਲਈ ।

ਉਨ੍ਹੀਂ ਪੈਰੀਂ ਮੁੜ ਉਹ ਸੋਹਣ ਤੇ ਸਿਰ੍ਹਾਣੇ ਆਂ ਰੁਕੀ । ਰਤਾ-ਕੁ ਪਿੱਠ ਨੀਵੀਂ ਕਰਕੇ , ਉਸਦੀ ਜੁੱਲੀ ਦਾ ਇਕ ਸਿਰ ਚੁੱਕ ਕੇ ਪਰ੍ਹਾਂ ਕਰ ਦਿੱਤਾ ।

ਪਰ, ਸੋਹਣ ਤੇ ਮੂੰਹ ਵੱਲ ਨੂੰ ਸਰਕਦਾ ਬੰਤੀ ਦਾ ਭਾਰਾ-ਬੋਝਲ ਹੱਥ ਉਸਦੇ ਤਨ-ਬਦਨ ਵਾਂਗ ਸਾਰਾ ਕੰਬ ਗਿਆ ।

ਅਜੇ ਕੱਲ ਈ ਤਾਂ ਉਸਨੇ ਕਸਮ ਖਾਧੀ ਸੀ ,ਨਵੇਂ ਸਿਰਿਊਂ । ਤਾਰੇ ਦੀ ਤਸਵੀਰ ਤੇ ਹੱਥ ਰੱਖ ਕੇ – “ਖੂਹ ‘ਚ ਪਏ ਐਹਾ-ਜੇਈ ਕਮਾਈ ! ਨਈਂ ਚਾਰ ਛਿੱਲੜ ਆਉਂਦੇ ਨਾ ਆਉਣ । ਮੰਗ-ਚੁੰਗ ਕੇ ਗੁਜ਼ਾਰਾ ਕਰ ਲਉਂ । ਮੈਂ ਪੁੱਤ ਨੂੰ ਹੋਰ ਕੋੜ੍ਹੀ ਨਈਂ ਕਰਨਾ ....।“ ਪਰ, ਉਸਦੀ ਇਹ ਕਸਮ ਵੀ ਝੱਟ ਈ ਟੁੱਟ ਗਈ । ਪਹਿਲੀਆਂ ਕਈ ਕਸਮਾਂ  ਵਾਂਗ ।

ਘੋਨੇ ਦੀ ਦੂਜੀ-ਤੀਜੀ ‘ਵਾਜ਼ ਨਾਲ ਹੀ ।

ਨਾ ਚਾਹੁੰਦਿਆਂ ਹੋਇਆਂ ਵੀ ਉਸਦਾ ਡਿਕੋਡੋਲੇ ਖਾਂਦਾ ਹੱਥ, ਸੋਹਣ ਬੁੱਲਾਂ ਤਕ ਚਲਾ ਗਿਆ ।

ਮਾਂ ਦੇ ਕੌੜੇ-ਕੁਸੈਲੇ ਪੋਟੇ ਬੁੱਲ੍ਹਾਂ ‘ਚ ਨੱਪ ਕੇ ਸੋਹਣ ਨੇ ਮਿੱਠੀ ਜਿਹੀ ਹੂੰਅਉ ਕੀਤੀ । ਅੱਧੀ ਕੁ ਜੁੱਲੀ ਪੁਆਂਦੀ ਵੱਲ ਨੂੰ ਰੇੜ੍ਹ ਕੇ ਉਹ ਝੱਟ ਉੱਠ ਬੈਠਾ । ਪਾਵੇ ਲਾਗੇ ਪਈ ਗੜਵੀ ‘ਚੋਂ ਘੁੱਟ ਕੁ ਪਾਣੀ ਸੁੜ੍ਹਕ ਕੇ ਉਸਨੇ ਜ਼ੋਰ ਦਾ ਗੜ੍ਹਕਾ ਮਾਰਿਆ  - “ਕੇੜ੍ਹਾ ਈ ਓਏ ਐਸਲੇ ...ਸੌਣ ਵੀ ਨਈਂ ਦਿੰਦੇ ਸਾਲੇ ...।“ ਸੋਹਣ ਨੂੰ ਹੁਣ ਤਕ ਦੀਆਂ ‘ਵਾਜ਼ਾਂ-ਹਾਕਾਂ  ਦਾ ਬਿਲਕੁਲ ਪਤਾ ਨਈਂ ਸੀ ਲੱਗਾ ।

“ਬਾਅਰ ਨਿਕਲ ਦੱਸਦਾਂ ਕੌਣ ਆਂ....” , ਘੋਨੇ ਦਾ ਬੋਲ ਪਛਾਣ ਕੇ ਸੋਹਣ , ਵੱਡੀ ਦੁਕਾਨ ਦਾ ਪੱਲਾ ਥੋੜ੍ਹਾ ਕੁ ਸਰਦਾ ਕੇ ਬਾਹਰ ਚਲਾ ਗਿਆ ।

ਅੰਦਰ ਖੜ੍ਹੀ ਬੰਤੀ ਅਜੇ ਵੀ ਕੰਬੀ ਜਾ ਰਹੀ ਸੀ , ਸਿਰ ਤੋਂ ਲੈ ਕੇ ਪੈਰਾਂ ਤਕ । ਬਰਫ਼ ਉਤੇ ਡਿੱਗੇ ਬੋਟ ਵਾਂਗ ।

ਉੱਪਰ ਲਈ ਖੇਸੀ ਉਸਨੇ ਚੰਗੀ ਤਰ੍ਹਾਂ ਹੋਰ ਘੁੱਟ ਲਈ । ਡੂਢੀ ਬੁੱਕਲ ਮਾਰ ਕੇ । ਪਰ ਠਰਨ ਅਜੇ ਵੀ ਉਵੇਂ ਦੀ ਉਵੇਂ ਸੀ ।

ਲਾਚਾਰ ਜਿਹੀ ਹੋਈ ਉਹ ਸੋਹਣ ਦੀ ਮੰਜੀ ਤੇ ਡਿੱਗਣ ਵਾਂਗ ਬੈਠ ਗਈ ।

ਆਪਣੀ ਮੰਜੀ ਤਕ ਜਾਣ ਦੀ ਹਿੰਮਤ ਈ ਨਹੀਂ ਰਹੀ , ਸੀ ਉਸ ਵਿਚ ।

ਸੋਹਣ ਦੀ ਜੁੱਲੀ ਅਜੇ ਨਿੱਘੀ ਸੀ । ਬੰਤੀ ਦੇ ਭਾਰੇ ਅੱਧਖੜ ਹੱਡਾਂ ਨੂੰ ਕਾਫੀ ਸਾਰਾ ਨਿੱਘ ਚੜ੍ਹਦਾ ਲੱਗਾ   ।

ਪਰ, ਉਹ ਅੰਦਰਲੇ ਕਾਂਬੇ ਦਾ ਕੀ ਕਰਦੀ ?

ਸੋਹਣ ਦਾ ਬਿਸਤਰਾ ਛੱਡ, ਉਹ ਨੇ ਫਿਰ ਤਸਵੀਰ ਚੁੱਕ ਲਈ । ਦੁਕਾਨ ਦੇ ਇਕ ਸਿਰੇ ਦੋ ਸਰੀੲ ਗੱਡ ਕੇ ਟਿਕਾਏ ਫੱਟੇ ਤੋਂ । ਕਾਲੀ ਜਿਹੀ ਬੇ-ਪਛਾਣ ਤਸਵੀਰ । ਜਿਹੜੀ ਕਈ ਸਾਲ ਪਹਿਲਾਂ ਉਹਦੇ ਫੌਜੀ ਨੇ ਡਾਕ ਰਾਹੀਂ ਭੇਜੀ ਸੀ । ਰੰਗਰੂਟੀ ਪੂਰੀ ਹੋਣ ਤੇ । ਐਨ ‘ਟੈਸ-ਫੈਂਸ ’ਹੋ ਕੇ । ਇਹਦੇ ਆਸਰੇ ਈ ਹੁਣ ਤੱਕ ਉਹਨੇ ਉਮਰ ਦੇ ਕਈ ਵਰ੍ਹੇ ਗੁਜ਼ਾਰ ਲਏ ਸਨ । ਫੌਜ ਦੀ ਨੌਕਰੀ ਵੇਲੇ ਤਾਂ ਚਲੋ ਦੂਰ-ਪਾਰ ਰਹਿਣ ਦੀ ਮਜ਼ਬੂਰੀ ਸੀ ਉਸਦੀ , ਪੈਨਸ਼ਨ ਆਇਆ ਵੀ ਤਾਰਾ, ਬੰਤੀ ਕੋਲ ਟਿੱਕ ਕੇ ਨਹੀਂ ਸੀ  ਬੈਠਦਾ । ਉਹ ਕਦੀ ਕਿਧਰੇ ਨਿਕਲ ਜਾਂਦਾ , ਕਦੀ ਕਿਧਰੇ । ਕਿਸੇ ਮੱਠ, ਮੰਦਰ ਜਾਂ ਡੇਰੇ-ਦੁਆਰੇ । ਪੂਰਾ ਟਿੱਲ ਲਾ ਕੇ ਬੰਤੀ ਉਸ ਨੂੰ ਮਸਾਂ  ਲੱਭ ਕੇ ਲਿਆਉਂਦੀ ।ਪਿੰਡ ਆਏ ਦੇ ਉਹਦੇ ਕੰਨਾਂ ‘ਚ ਫਿਰ ਕੋਈ ਨਾ ਕੋਈ ‘ਫੂਕ’ ਵੱਜ ਜਾਂਦੀ । ਸੱਚੀ-ਝੂਠੀ । ਉਹ ਰਹਿੰਦਾ ਵੀ ਉੱਪਰਾਮ ਹੋ ਉੱਠਦਾ । ਨਾਸ਼ਵਾਨ ਸੰਸਾਰ ਤੋਂ, ਕੂੜ-ਕੁਫ਼ਰ ਰਿਸ਼ਤੇ-ਨਾਤੇ ਤੋਂ ।.....ਕਈ ਵਾਰ ਤਾਂ ਉਸਦਾ ਜੀਅ ਕਰਦਾ , ਮੀਂਹੇਂ-ਬੰਤੀ ਦੋਨਾਂ ਦੇ ਡੱਕਰੇ ਕਰਕੇ ਇਕੋ ਥਾਂ ਦੱਬ ਦੇਵੇ ।

ਪਰ,ਏਨੀ ਹਿੰਮਤ ਹੈ ਕਿੱਥੇ ਸੀ ਉਹਦੇ ‘ਚ ।

ਸਾਰੀ ਉਮਰ ਤਾਂ ਉਹਦੇ ਤਾਬੇਦਾਰੀ ਕੀਤੀ ਸੀ । ਨਿੱਕੇ ਹੁੰਦੇ ਨੇ ਵਿਆਹਾਂ-ਸ਼ਾਦੀਆਂ ਦਾ ਭਾਂਡਾ-ਠੀਕਰ ਮਾਂਜ ਕੇ ਤੇ ਵੱਡਾ ਹੋ ਕੇ , ਅਰਚਲੀ-ਪੁਣਾਂ ਕਰਦਿਆਂ । ਸਾਬ੍ਹ-ਸਾਬ੍ਹਣੀ ਦਾ ।

ਉਹਨੂੰ ਰਹਿ-ਰਹਿ ਕੇ ਸਾਬ੍ਹਣੀ ਯਾਦ , ਆਂਉਂਦੀ । ਸਾਬ੍ਹ ਯਾਦ ਆਉਂਦਾ। ਸਾਬ੍ਹ ਦੇ ਆਖੇ-ਦੱਸੇ ਬੋਲ ਯਾਦ ਆਉਂਦੇ –“....ਨਹੀਂ ਹੋ ਸਕਤੇ ਤਾਰਾ ਸੀਂਘ ਨਹੀਂ ਹੋ ਸਕਤੇ । ਕੋਈ ਭੀ ਨਹੀਂ ਕਰ ਸਕਤਾ .....ਬੜਾ ਸੇ ਬੜਾ ਫੋਰਸ ਭੀ ਨਹੀਂ.....।”

ਖਿਝਦਾ-ਖੱਪਦਾ ਤਾਰਾ  ਆਨਾ-ਬਹਾਨਾ ਮਾਰ ਕੇ ਫਿਰ ਗਾਇਬ ਹੋ ਜਾਂਦਾ ।

ਪਿਛਲੇ ਕਿੰਨਾਂ ਈ ਚਿਰ ਤੋਂ ਤਾਂ ਉਸਦਾ ਊਈਂ ਥੋਹ-ਪਤਾ ਨਈਂ ਸੀ ਬੰਤੀ ਨੁੰ । ਹੁਣ..... ਉਸਦੇ ਪਾਸ ਉਸਦੀ ਤਸਵੀਰ ਈ ਸੀ , ਕਾਲੀ ਜਿਹੀ ਬੇ-ਪਛਾਣ ਤਸਵੀਰ । ਜਿਸ ਨੂੰ ਦੇਖ ਕੇ ਉਹ ਰੋ-ਡੁਕਸ ਲੈਂਦੀ । ਕਦੀ ਉਸਤੇ ਹੱਥ ਰੱਖ ਕੇ ਕਸਮਾਂ ਖਾ ਲੈਂਦੀ । ਸੋਹਣ ਨੂੰ ਕੋਈ ਨੂੰ ਕੋਈ  ਚੰਗੀ-ਮਾੜੀ ਸ਼ੈਅ-ਵਸਤ ਦੇਣ ਤੋਂ ਤੋਬਾ ਕਰ ਲੈਂਦੀ । ਘੱਟੋ-ਘੱਟ ਆਪਣੇ ਹੱਥੀਂ ।

ਡਰੈਵਰਾਂ-ਕਲੀਵਰਾਂ-ਕਲੀਨਰਾਂ ਨਾਲ ਉੱਠਦਾ-ਬੈਠਦਾ ਸੋਹਣ, ਉਹਨਾਂ ਤੋਂ ਕਿਤੇ ਅਗਾਂਹ ਲੰਘ ਗਿਆ-ਫੀਮ,ਜਾਂਜਾ,ਲਾਅਣ,ਭੁੱਕੀ । ਜੇ ਚਾਰੇ ਸਿਰੇ ਨਾ ਈ ਸਬੱਬ ਬਣੇ ਤਾਂ ਗੋਲ੍ਹੀਆਂ-ਟੀਕੇ। ਬਿਨਾਂ ਖਾਧਿਆਂ-ਪੀਤਿਆਂ ਸੋਹਣ ਨਿਰੀ ਮਿੱਟੀ ਹੁੰਦਾ ।ਉਹ ਚੌਫਾਲ ਪਿਆ ਰਹਿੰਦਾ । ਅੰਦਰ ਜਾਂ ਬਾਹਰ ਦੁਕਾਨ ਤੇ । ਬੈਂਚ ਤੇ ਜਾਂ ਹੇਠਾਂ ਕਿਸੇ ਬੋਰੀ –ਦਰੀ ਤੇ । ਕੰਮ-ਕਾਰ ਵਲੋਂ ਪੂਰਾ ਬੇ-ਸੁੱਧ । ਉਸਦਾ ਅੱਡਾ ਵੀ ਕੇੜ੍ਹਾ ਕਿਸੇ ਟਿਕਾਣੇ ਸਿਰ ਸੀ ? ਸ਼ਹਿਰੋਂ ਚਾਰ ਮੀਲ ਹਟਵਾਂ । ਲਾਗੇ ਨਾ ਕੋਈ ਢਾਬਾ ਨਾ ਠੇਕਾ । ਏਥੇ ਜੇ ਕੋਈ “ਰੈਂਦ-ਖੂੰਦ” ਆਉਂਦਾ ਈ ਆਉਂਦਾ ਤਾਂ ਸੋਹਣ ਅੱਗੋਂ ਚੌੜ-ਚਪੱਟ ਪਿਆ ਹੁੰਦਾ । ਅਧਮੋਏ ਡੰਗਰ ਵਾਂਗ ।ਮਜ਼ਬੂਰੀ ਵੱਸ ਬੰਤੀ ਉਸ ਲਈ  ਥੋੜ੍ਹਾ-ਬਹੁਤ ਓੜ੍ਹ-ਪੇਹੜ ਕਰੀ ਰੱਖਦੀ । ਘੋਨੇ ਦਾ ਮਿੰਨਤ ਤਰਲਾ ਕਰਕੇ ਯੂ.ਪੀਊਂ ਮੰਗਵਾ ਰੱਖਦੀ , ਜ਼ਰਾ ਸਸਤੀ ।

...ਵੱਡੀ ਦੁਕਾਨੋਂ ਬਾਹਰ  ਨਿਕਲਿਆ ਸੋਹਣ, ਮੁੜਦੇ ਪੈਰੀਂ ਅੰਦਰ ਆ ਗਿਆ , ਛੋਟੀ ਦੁਕਾਨ ਦੀ ਚਾਬੀ ਲੈਣ ।

ਘੋਨੇ ਦੀ ਗੱਡੀ ਦਾ ਇਕ ਟਾਇਰ ਪੰਚਰ ਸੀ ।

ਤਸਵੀਰ ਸਾਂਭਦੀ ਬੰਤੀ ਨੇ ਬਾਹਰ ਮੁੜਦੇ ਸੋਹਣ ਵੱਲ ਫਿਰ ਦੇਖਿਆ , ਟਿਕਵੀਂ ਨੀਝ ਲਾ ਕੇ , ਸਾਰੇ ਮੋਹ-ਪਿਆਰ ਨਾਲ – ਜਿਵੇਂ ਬਾਹਰ ਜਾਂਦੇ ਜਿਸਮ ‘ਚੋਂ ਗੁਆਚੀ-ਗੁੰਮੀਂ ਦੇਹ ਲੱਭ ਰਹੀ ਹੋਵੇ – ਭਰਵੇਂ ਜੁੱਸੇ ਵਾਲੀ , ਹੱਡਾਂ ਪੈਰਾਂ ਤੋਂ ਮੋਕਲੀ ਛੇ-ਫੁੱਟੀ ਦੇਹ ।

ਪਰ, ਬਾਹਰ ਜਾਂਦਾ  ਜਿਸਮ ਤਾਂ ਨਿਰਾ ਹੱਡੀਆਂ ਦਾ ਜੋੜ-ਤੋੜ ਸੀ । ਕਰੰਗ ਦਾ ਕਰੰਗ । ਸੋਹਣ ਦੀ ਝੰਬੀ-ਹਾਰੀ ਪਿੱਠ, ਹਾਰੀ-ਥੱਕੀ ਨੂੰ ਇਕ ਡੋਬੂ ਹੋਰ ਦੇ ਗਈ ।

ਸਾਹਮਣੇ ਫੱਟੇ ਤੇ ਪਿਆ ਦੀਵਾ ਉਸਨੂੰ ਭਵਾਕੇ ਮਾਰਦਾ ਲੱਗਾ । ਦੁਕਾਨ ਅੰਦਰਲਾ ਅਰਧ-ਚਾਨਣ ਜਿਵੇਂ ਉਸ ਨੂੰ ਚਾਰੇ ਬੰਨਿਉਂ ਘੇਰ-ਵੱਲ ਕੇ ਖਲੋ ਗਿਆ-ਤੇਜ਼-ਤਿੱਖੀਆਂ ਨਹੁੰਦਰਾਂ ਮਾਰਨ ਲਈ ।

ਭੈ-ਭੀਤ ਹੋਈ ਉਹ ਕੰਬਦੀ-ਡੋਲਦੀ ਬਾਹਰ ਆ ਗਈ । ਦੋਨਾਂ ਮੁੰਡਿਆਂ ਲਾਗੇ ।

ਘੋਨੇ ਦੀ ‘ਲੋਡ-ਗੱਡੀ’ਕਿੰਨੀ ਸਾਰੀ ਅਗਾਂਹ ਕਰਕੇ ਖੜ੍ਹੀ ਸੀ । ਦੂਜੇ ਅੰਦਰੋਂ ਜੈੱਕ-ਰਾਡ ਲਿਆ ਕੇ ਸੋਹਣ ਨੇ ਨਿੱਤ ਦੀ ਭਾਸ਼ਾ ਬੋਲੀ – “ਏਨੂੰ ਮਾਂ ਨੂੰ ਔਹ ਜੁ ਲੈ ਗਿਆਂ, ਮੀਲ ਭਰ ਅੱਗੇ ,ਨੇਰ੍ਹ ਖਾਨੇ ‘ਚ ! ਐਥੋਂ ਨਈਂ ਸੀ ਲਗਦੀ ਲਾਗੇ .....?”

“ ਹੈਥੇ ਤਾਂ  ਮੈਂ ਕੈਨ੍ਹਾਂ ਲਾਟੂ ਜਗਦੇ ਹੋਣੇ ਆਂ ਜ਼ਾਰ-ਜ਼ਾਰ ਵਾਟ ਕੇ ....। ਸ਼ਰਮ ਤਾਂ ਨਈਂ ਆਉਂਣੀ ਰਤਾ-ਮਾਸਾ ਚੜੱਮ ਨੁੰ ।...ਹੋਰ ਨਈਂ ਤਾਂ ਬੰਦਾ ਜੋਗੇ ਈ ਬਚਾ ਲਏ ।ਚੰਗਾ ਭਲਾ ਪਤਆ ਪਈ ਏਦੇ ਬਿਨਾਂ ਸਰਦਾ ਨਈਂ ....। ਫੇਏ ਸਿੱਧੀਆਂ ਜੋੜਦਾ ਫਿਰੂ ਪੇਏ ਆਲੀਆਂ....।“

ਦੋਨ  ਵਿਕਾਰ ਚਲਦਾ ‘ਇੱਟ-ਖੜਿੱਕਾ ’ਬੰਤੀ ਲਈ ਕੋਈ ਓਪਰਾ ਨਹੀਂ ਸੀ । ਨਿੱਕੇ ਹੁੰਦਿਆਂ ਤੋਂ ਉਹ ਦੋਨੋਂ ‘ਲੜਦੇ-ਝਗੜਦੇ ’ ਰਹੇ ਸਨ ।ਇਕੱਠੇ ਪੜ੍ਹੇ, ਇਕੱਠੇ ਖੋਲ੍ਹੇ ।ਦੂਜੇ-ਚੌਥੇ ਇਕ ਦੂਜੇ ਨਾਲ ਗੁੱਥਮ-ਗੁੱਥਾ ਵੀ ਹੁੰਦੇ । ਪਰ ਨਾ ਸੋਹਣ ਤੋਂ ਘੋਨੇ ਬਿਨਾਂ ਰਿਹਾ ਜਾਂਦਾ, ਨਾ ਘੋਨਾ ਸੋਹਣ ਬਿਨਾਂ ਪੈਰ ਪੁੱਟਦਾ । ਸਕੂਲ ਜਾਣ ਲੱਗਾ ਵੀ , ਆਉਣ ਲੱਗਾ  ਵੀ । ਪਿਉਂ ਦੋਨਾਂ ਦੇ ਫੋਜੀ । ਯੂਨਿਟ ਵੀ ਕਈ ਚਿਰ ਇਕੋ ਰਹੀ । ਇਕ ਛੁੱਟੀ ਆਉਂਦਾ ਤਾਂ ਦੂਜੇ ਘਰ ਵੀ ਰੌਣਕ ਲਗਦੀ ।ਘੋਨੇ ਹੋਣਾਂ ਦੇ ਜ਼ਰਾ ਬਹੁਤੀ । ਇਕ ਤਾਂ ਮੀਹਾਂ ਮੂੰਹ ਸ਼ੁਕੀਨ ਬਹੁਤਾ ਸੀ , ਪੀਣ-ਛੀਣ ਦਾ , ਦੂਜੇ ਉਸਦੀ ਬੋਲ-ਚਾਲ ਕਰੀਬ ਸਾਰਿਆਂ ਨਾਲ ਸੀ ਪਿੰਡ ‘ਚ । ਉਹ ਐਮੇਂ ਈ ਚਾਰ-ਯਾਰ ਇਕੱਠੇ ਕਰੀ ਰੱਖਦਾ । ਫਿਰ ਕਈ ਦਿਨ ਚੱਲ ਸੋ ਚੱਲ । ਪਰ ਸੋਹਣ ਦਾ ਪਿਓ ਤਾਰਾ ਇਉ ਨਹੀਂ ਸੀ ਕਰਦਾ । ਉਹ ਤਾਂ ਸਗੋਂ ਮੀਹਾਂ ਮੂੰਹ ਨੂੰ ਵੀ ਗੁਸੇ-ਰਾਜ਼ੀ ਹੁੰਦਾ – “”ਛੱਡ ਵੀ ਕਰ ਮੀਹਾਂ ਸਿਆਂ, ਕੀ ਰੱਖਦਿਆਂ ਆ ਏਸ ਭੈੜੀ ਵਾਦੀ ‘ਚ । ਪੈਹੇ-ਧੇਲੇ ਦੀ ਖ਼ਰਾਬੀ ਵਾਧੂ, ਨਾਲ ਸਰੀਰ ਢਿੱਲਾ.....। ਦੱਸ ਲੱਭਦਾ ਕੁਸ਼ ? ਹੈਅ ਕੋਈ ਫੈਦਆ ਇਕ ਵੀ......।“

ਤਾਰਾ , ਪਹਿਲੀਆਂ ‘ਚ ਕਿਧਰੇ ਹੋਇਆ ਹਊ, ਹਵਾ-ਪਿਆਜ਼ੀ । ਉਹ ਵੀ ਮਾੜਾ-ਪਤਲਾ ਈ । ਫੇਰ ਛੇਤੀ ਹੀ ਛੱਡ ਗਿਆ, ਪੀਣੀ । ਐਵੇਂ ਘਿਣਤ ਜਿਹੀ ਹੋ ਗਈ ਉਹਨੂੰ , ਅਪਣੇ ਸਾਬ੍ਹ ਦੀ ਪਤਨੀ ਵੱਲ ਦੇਖ ਕੇ ਜਿਸਦਾ ਉਹ ਅਰਦਲੀ ਸੀ । ਉਹਦਾ ਸਾਬ੍ਹ ਤਾਂ ਬਹੁਤ ਜਥ੍ਹੇ ਵਾਲਾ ਅਫ਼ਸਰ ਸੀ । ਪੂਰਾ ਰੋਹਬ-ਦਾਬ੍ਹ ਸੀ ਉਹਦਾ । ਵੱਡੇ ਅਫ਼ਸਰਾਂ ਨਾਲੋਂ ਵੀ ਚਾਰ ਰੱਤੀਆਂ ਉੱਪਰ । ਉਹਨੇ ਜੇ ਪੈਂਗ-ਸ਼ੈਗ ਮਾਰਨਾ ਵੀ ਹੋਵੇ ਤਾਂ ਅਪਣੇ ਬੰਗਲੇ । ਬਾਹਰ ਖੁੱਲ੍ਹੀ ਥਾਂ ਬੈਠ ਕੇ ਫੁੱਲ-ਬੂਟਿਆਂ ਲਾਗੇ । ਲਾਅਨ ‘ਚ ਜਾਂ ਬਰਾਂਡੇ ‘ਚ । ਬੜੇ ਸਲੀਕੇ ਨਾਲ । ਉਹ ਵੀ ਸ਼ਾਮੀ ਜਿਹੇ । ਫੌਜੀ , ਗੈਰ-ਫੌਜੀ ਮੈਸਾਂ-ਕਲੱਬਾਂ ਦੀ ਹੁੱਨੜ-ਬਾਜ਼ੀ ਬਿਲਕੁਲ ਪਸੰਦ ਨਹੀਂ ਸੀ । ਉਹਨੂੰ ਨਾ ਈ ਅੱਧੀ-ਅੱਧੀ ਰਾਤ ਤਾਈਂ ਹੁੰਦਾ-ਚਲਦਾ ਕੰਜਰ ਪਓ । ਪਰ, ਉਹਦੀ ਸਾਬ੍ਹਣੀ ਐਨ ਦੂਜਾ ਸਿਰਾ । ਨਿਰੀ ਝਾਟੋ । ਕਾਟ-ਕਲਹਿਰੀ ਜਿਹੀ। ਨਾ ਮੂੰਹ ਨਾ ਮੱਥਾ ।  ਉਹ ਹਰ ਰੋਜ਼ ਕਿਧਰੇ ਚਲੀ ਜਾਂਦੀ – ਛੋਟੀ ਜਾਂ ਵੱਡੀ ਮੈਸ ‘ਚ । ਉਥੋਂ ਖੂਬ ਲੁੜਕਦੀ ਆਉਂਦੀ । ਉਹਨੂੰ ਨਾ ਅਪਨੀ ਸੁਰਤ ਰਹਿੰਦੀ ਨਾ ਲੀੜੇ-ਕੱਪੜੇ ਦੀ । ਸੁੱਧ-ਬੁੱਧ ਗੁਆਈ ਕਦੀ ਉਹ ਹੈਂਡ-ਪਰਸ ਗੁਆ ਆਉਂਦੀ ,ਕਦੀ ਸਿਰ ਦਾ ਸਕਾਰਫ਼ । ਕਦੀ ਸ਼ਾਲ-ਚੁੰਨੀ ਸੁੱਟ ਆਉਂਦੀ , ਕਦੀ ਸੈਂਡਲ –ਚੱਪਲ ।  ਇਕ ਵਾਰ ਤਾਂ ਉਹ , ਪੈਰੀਂ ਪਈ ਝਾਂਜਰ ਈ ਕਿਧਰੇ ਸੁੱਟ ਆਈ । ਨੱਚਦੀ-ਟੱਪਦੀ । ਕਿਸੇ ਕੜੀ-ਕਾਕਟੇਲ ਪਾਰਟੀ ‘ਚ ।ਵੱਡੀ ਮੈੱਸ ਦਾ ਖਾਨਸਾਮਾ ਦੂਜੇ ਦਿਨ ਸਵੇਰੇ ਉਹਨੂੰ ਬੰਗਲੇ ਦੇ ਕੇ ਗਿਆ । ਉਹਦੇ ਸਾਬ੍ਹ ਨੂੰ ਉਹਦੀ ਇਕ ਹਰਕਤ ਦਾ ਪਤਾ ਲੱਗਾ ਤਾਂ ਉਹਨੇ ਵਾਹਵਾ ਝਿੜਕ-ਝੰਭ ਕੀਤੀ ।  ਪਰ, ਉਸ ਦੇ ਕੋਈ ਅਸਰ ਈ ਨਾ ਹੋਇਆ । ਸੰਗ-ਸ਼ਰਮ ਤਾਂ ਪਈ ਢੱਠੇ ਖੂਹ ‘ਚ ਉਹਨੇ ਇਕ ਵਾਰ ਵੀ ‘ਸੌਰੀ ’ ਨਾ ਕਿਹਾ। ਸਗੋਂ ਘੂਰ-ਘੂਰ ਜਿਹੀ ਕਰਦੀ ਰਹੀ ਅੱਗੋਂ , ਬਾਹਰਲੀ ਬਿੱਲੀ ਵਾਂਗ ।

ਤਾਰੇ ਨੂੰ ਆਪਣੀ ਸਾਬ੍ਹਣੀ ਦੇ ਇਸ ਵਤੀਰੇ ‘ਤੇ ਬੜਾ ਗੁੱਸਾ ਆਇਆ – “ਜੇ.....ਜੇ ਮੈਂ ਹੋਮਾਂ ਨਾ ਸਾਬ੍ਹ ਜੀਈ ਤੁਆਡੀ ਥਾਂ, ਡੱਕਰੇ ਕਰ ਦਿਆਂ ਐਹੇ ਜਿਹੀ ਕੰਮਜਾਤ ਦੇ ......।”

“....ਨਈਂ ਹੋ ਸਕਤੇ ਤਾਰਾ ਸੀਂਘ , ਨਹੀਂ ਹੋ ਸਕਦੇ .....। ਕੋਈ ਭ੍ਹੀ ਨਹੀਂ ਕਰ ਸਕਦਾ .....” ਬੜਾ ਸੇ ਬੜਾ ਫੋਕਸ ਭ੍ਹੀ ਨਹੀਂ....” ਪੂਰੀ ਯੂਨਿਟ ਤੇ ਕਮਾਂਡ ਕਰਨ ਵਾਲਾ ਸਾਬ੍ਹ ਉਸਨੂੰ ਹੋਰ ਈ ਸਮਝਾਉਣੀਆਂ ਦਿੰਦਾ ਰਿਹਾ – “ ਦਰ-ਅਸਲ ...ਦਰ ਅਸਲ ਬਾੜ ਯੇਹ ਹੈਅ ਤਾਰਾ ਸੀੱਘ , ਯੇਹ ਲੇਡੀਜ਼ ਲੋਗ ਜਿਤਨਾ ਬਾਹਰ ਸੇ ਹਾਰਡ ਹੈਅ ਨਾ , ਉਤਨਾ ਹੀ ਅੰਦਰ ਸੇ ਨਰਮ ਹੈਅ, ਨਰਮ ।ਏਕ-ਦੰਮ ਐਕਸਟਰਾ-ਸਾਫ਼ਟ । ਆਈ-ਮੀਨ ਫ਼ਰੋਲ ਐਂਡ ਫੀਬਲ । ਅਪਨੇ ਬਲ-ਬੂਤੇ ਯਹ ਏਕ ਕਦਮ ਭ੍ਰੀ ਆਗੇ ਨਹੀਂ ਬੜ ਸ਼ਕਤਾ । ਹਮੇਸ਼ਾਂ ਕੋਈ ਨਾ ਕੋਈ ਸਪੋਰਟ ਮਾਂਗਤਾ ਹੈਅ, ਸਪੋਰਟਸ । ਆਈ-ਮੀਨ ਮੈਨਜ਼ ਕੰਪਨੀ ਐੱਡ ਲਵ ਸਪੋਰਟ ।.....ਵੋਹ ਘਰ ਸੇ ਮਿਲੇ ਜਾ ਬਾਹਰ ਸੇ ਇਸ ਸੇ ਇਨ ਕੋ ਕੋਈ ਸਰੋਕਾਰ ਨਹੀਂ ....।“

“ ਤਾਂ ਕੀ ਹੋਇਆ ਸਾਬ੍ਹ ਸੀ  , ਦੋ ਲੜਕੇ ਹੈਂਅ ਤੁਆਡੇ ਹੀਰਿਆਂ ਅਰਗੇ.....। ਹੋਰ ਕੀ ਚਾਹੀਦੀ ਜ਼ਨਾਨੀ-ਜ਼ਾਤ ਕੋ ....? “ ਸਾਬ੍ਹ ਦੀ ਗੱਲ ਦੇ ਪੂਰੇ ਅਰਥ ਸਮਝੇ ਬਿਨਾਂ ਹੀ ਤਾਰੇ ਨੇ ਅਪਨੀ ਸੂਝ ਮੁਤਾਬਿਕ ਇਕ ਨਿਰਣਾਂ ਹੋਰ ਕੱਢ ਮਾਰਿਆ – “ ਮੈਂ ਕੇਨ੍ਹਾਂ ਸਾਬ੍ਹ ਜੀਈ , ਏਹ ਸਾਰਾ ਵਿਗਾੜ ੲ. ਸੋਹਰੀ ਦੀ ਰੰਮ ਦਾ ਆ , ਰੰਮ ਦਾ ! ਹੋਰ ਗੱਲ ਕੋਈ ਨਈਂ ਵਿਚੋਂ ।ਏਹ ਰੰਮ ਬਉਤ ਮਾੜੀ ਚੀਜ਼ ਆ ਸਾਬ੍ਹ ਜੀਈ...।“ ਰੰਮ ਤੋਂ ਵੱਡਾ ਨਾਂ ਤਾਰੇ ਨੂੰ ਆਉਂਦਾ ਵੀ ਕਿੱਥੇ ਸੀ ।

ਬੱਸ ਉਹਨਾਂ ਈ ਦਿਨਾਂ ‘ਚ ਤਾਰਾ ਸਵੇਰੇ-ਸਵੇਰੇ ਯੂਨਿਟ ਅੰਦਰਲੇ ਗੁਰਦੁਆਰੇ ਗਿਆ । ਗਲ ‘ਚ ਪੌਲਾ ਪਾ ਕੇ , ਇਕ –ਮਨ ,ਇਕ-ਚਿੱਤ ਹੋ ਕੇ ਅਰਦਾਸਾ ਕੀਤਾ – “ ਹੇ ਸੱਚਿਆ ਪਾਤਸ਼ਾਹ ਜਿੰਨੀ ਕੁ ਭੁੱਲ ਹੋ ਗਈ, ਓਨੀ ਤੋਂ ਮਾਫੀ...ਅੱਗੇ ਤੋਂ ਲਾਗੇ ਲਈਂ ਜਾਂਦਾ , ਐਹੀ ਜੇਈ ਕੁੱਤੀ ਚੀਜ਼ ਦੇ .....। “

ਇਹੋ ਨਸੀਅਤ ਉਹਨੇ ਕਈ ਵਾਰ ਮੀਹਾਂ ਮੂੰਹ ਨੂੰ ਵੀ ਕੀਤੀ । ਬਹੁਤੀ ਵਾਰ ਗੁੱਸੇ-ਦਾਬੇ ਨਾਲ ਵੀ – ਆ ਬਾਜ਼ ਆ ਜਾ ਮੀਹਾਂ ਸਿਆਂ , ਤੇਰੇ ਹੱਡੀਂ ਬੈਠ ਜਾਣੀ ਆਂ ਏਹ , ਹਾਂ ....ਮੇਰੀ ਗੱਲ ਯਾਦ ਰੱਖੀਂ ਤੂੰ .....। “ ਪਰ, ਉਸ ਦੇ ਆਖੇ-ਦੱਸੇ ‘ਤੇ  ਗੱਲ ਕੋਈ ਬਣੀ ਨਾ । ਉਲਟਾ ਹੋਰ ਵਿਗੜ ਗਈ । ਲੈ ਦੇ ਪੈਲੀ ਈ ਸੀ , ਚਾਰ ਸਿਆੜ । ਬੇ-ਜੁਬਾਨ । ਉਹਨੇ ਕਿਹੜਾ ਉਜਰ ਕਰਨਾ ਸੀ , ਪਰਾਏ ਹੱਥ ਜਾਂਦੀ ਨੇ ਉਹਦੇ ਜਿਗਰੀ ਯਾਰ ਤਾਰੇ ਨੇ ਫਿਰ ਤਰਲਾ ਕੀਤਾ – “ ਕਿਉਂ ਲੱਗਾਂ ਬਲੂਰਾਂ ਮੂੰਹੋਂ ਰੋਟੀ ਖੋਹਣ ! ਅਕਲ ਕਰ ਕੁਝ ਅਕਲ !! ਜੇ ਜਮਾਂ ਈ ਥੀਨ ਟੁੱਟਾ ਪਿਆ ਤਾਂ ਮਰਲਾ ਖੰਭ ਅੰਡੇ ਆਲੇ ਖੇੱਤੇ ‘ਚੋਂ ਦੇ ਛੱਡ । ਪੈਹੇ ਵੀ ਚਾਰ ਵੱਟੇ ਜਾਣਗੇ , ਪੈਲੀ ਵੀ ਘੱਟ ਉੱਜੜੂ ....।“

ਮੀਂਹਾਂ ਸੂਹ ਨੂੰ ਉਸਦੀ ਸਲਾਹ ਮਿੱਠੀ ਸ਼ੈਤ ਲੱਗੀ । ਪਰ, ਗਾਹਕ ਕੌਣ ਬਣੇ ? ਪੈਸੇ ਕੌਣ ਖਰਚੇ ਐਨੀ ਦੂਰ ? ਓਥੇ ਚੌਕ ਨਾ ਚੁਰੱਸਤਾ । ਨਾ ਰਾਹ ਨਾ ਖਹਿੜਾ । ਝੁੰਗੇ ‘ਚ ‘ਰੇਲ –ਟੇਸ਼ਨ ’ ਸੀ , ਉਹ ਵੀ ਨਾਂ-ਮਾਤਰ ਦਾ । ਬੰਦ ਪਿਆ ਸੀ ਚਿਰਾਂ ਤੋਂ । ਬੱਸਾਂ ਭਰ ਪਰ੍ਹਾਂ ਰੁਕਦੀਆਂ ਸਨ, ਫਾਟਕ ਲਾਗੇ ।

ਕਈ ਦਿਨ ਮੀਹਾਂ ਸੂੰਹ, ਗੱਲੋ-ਗੱਲੀ ਕਈ ਸਾਰੇ ਬੰਦੇ ਟੋਂਹਦਾ ਰਿਹਾ । ਉਹ ਬਾਣੀਆਂ ਮੁਹੱਲੇ ਵੀ ਪਹੁੰਚਿਆ ,ਕਾਰੀਗਰਾਂ-ਮਿਸਤਰੀਆਂ ਵੱਲ ਵੀ ਗੇੜੇ ਮਾਰੇ । ਉਹਨਾਂ ‘ਚੋਂ ਵੀ ਕਿਸੇ ਨੇ ਹਾਂ ਨਾ ਕੀ । ਹੋਰ ਤਾਂ ਕਿਸੇ ਦੇ ਹਿਸਾਬ ‘ਓ ਕੀ ਆਉਣੀ ਸੀ ਐਨੀ ਕੁ ਥਾਂ । ਹਾਰ ਕੇ ਮੀਹਾਂ ਸੁੰਹ ਨੇ ਤਾਰੇ ਦੇ ਜਾਣੋ ਪੈਰ ਈ ਫੜ ਲਏ – ਜਿਉਂ ਜਾਣਦਾ ਤੂੰ ਈ ਕਰ ਕੁਸ਼ ਹੇਠਾ-ਉੱਤਾ ! ਨਈਂ ਤਾਂ ਮਰ ਜਊਂ ਮੈਂ ਤਾਂ, ਮੇਰੇ ਤਾਂ ਹੱਡ-ਗੋਡੇ ਜਮਾਂ ਈ ਖੜ੍ਹ ਗਏ ।

ਐਂ ਈਂ ਖੜ੍ਹਨੇ ਆ ਤੇਰੇ ਹੱਡ-ਗੋਡੇ । ਐਂ ਈ ਮਰਨਾ ਤੈਂ ਰਗੜ ਹੁੰਦੇ ਨੇ । ਓਦੋਂ ਮੇਰੀ  ਮੰਨਦਾ ਤਾਂ .....। ਓਪਰੀ ਓਪਰੀ ਨਾਂਹ-ਨੁੱਕਰ ਕਰਦਾ ਕਰਦਾ ਤਾਰਾ ਬੰਤੀ ਦੇ ਜ਼ੋਰ ਪਾਉਣ ਤੇ ਪੂਰਾ ਮੰਨ ਗਿਆ । ਉਹਨੇ ਤਾਰੇ ਨੂੰ ਸਮਝਾਇਆ – ਡਾ ਮੁੰਡਾ ਆਰ੍ਹੇ ਲੱਗੂ ਨਾਲੇ ਤੇਰਾ ਚਿੱਤ ਖੁੱਬੂ ਘਰ ਦੀ ਕਬੀਲਦਾਰੀ ‘ਚ । ਹੋਰ ਸਾਡੇ ਕੋਲ ਹੈ ਈ ਕੀ ਸਿਵਾ ਮ੍ਹਿਨਤ-ਮਜ਼ੂਰੀ ਦੇ ....। ਦਿਨ-ਦਿਹਾਰ ਕੋੜ੍ਹਾ ਹਰ ਰੋਜ ਮਿਲਦੇ ਆ , ਝੀਰਾਂ-ਨਾਈਆਂ ਨੂੰ ....!! “

ਮੀਹਾਂ ਸੂੰਹ ਨੂੰ ਤਾਰਾ ਇਸ ਵਾਰ ਜਿਵੇਂ ਰੱਬ ਬਣ ਕੇ ਬਹੁੜਿਆ । ਪੈਨਸ਼ਨ ਵੇਲੇ ਦੀ ਸਾਂਭੀ ਰਕਮ ਚੋਂ ਕਿੰਨੀ ਸਾਰੀ ਮੀਹਾਂ ਸੂੰਹ ਦੇ ਮੂਹਰੇ ਢੇਰੀ ਕਰ ਦਿੱਤੀ । ਭੱਠੀ ਵਾਲਾ ਢਾਰਾ ਢਾਹ-ਉਦੇੜ ਕੇ ਉਹਨੇ ਦੁਕਾਨ ਖੜ੍ਹੀ ਕਰ ਲਈ , ਟੇਸ਼ਨ ਸਾਹਮਣੇ । ਪੰਚਰ ਲਾਉਣ ਦੀ ਗੱਡੀਆਂ-ਮੋਟਰਾਂ ਨੂੰ । ਕੰਮਪਰੈਸ਼ਨ ਉਹਨੂੰ ਪਿੰਡੋਂ ਲੱਭ ਗਿਆ ਸੱਸਤਾ, ਧੀਰੇ ਹੋਣ ਕਿਉਂ । ਥੋੜ੍ਹਾ ਕੁ ਚੱਲਿਆ । ਉਹ ਕਿਧਰੇ ਬਾਹਰ ਚਲੇ ਗਿਆ ਸੀ – ਡੁਬਈ, ਮਾਸਕੱਟ ।

ਫੌਜੀ ਕੋਟੇ ‘ਤੇ ਤਾਰੇ ਦੀ ਬਿਜਲੀ –ਮੋਟਰ ਵੀ ਛੇਤੀ ਹੀ ਘੁੰਮਦੀ ਹੋ ਗਈ ।

ਸਕੂਲੋਂ ਹਟ ਕੇ ਸੋਹਣ ਤਾਰੇ ਤੋਂ ਵੀ ਪਹਿਲਾਂ ਦੁਕਾਨੇ ਜਾ ਬੈਠਾ । ਘੋਨਾ ਵੀ ਓਨਾ ਚਿਰ ਈ ਸਕੂਲ ਗਿਆ  ਜਿੰਨਾ ਚਿਰ ਸੋਹਣ ਜਾਂਦਾ ਰਿਹਾ । ਉਹ ਜਾਂਦਾ ਵੀ ਕਾਹਦੇ ਆਸਰੇ । ਮੀਹਾਂ ਸੂੰਹ ਨੂੰ ਤਾ ਅਪਣੀ ਈ ਸੁਰਤ ਨਈਂ ਸੀ । ਸਵੇਰੇ ਉੱਠਦਾ ਈ ਉਹ ਟੱਲੀ ਹੋ ਜਾਂਦਾ । ਫਿਰ ਸ਼ਾਮ ਤੱਕ ਚੱਲ ਸੋ ਚੱਲ । ਘਰ ਵਾਲੀ ਸੌ ਕਲਪਟ ਕਰਦੀ । ਬਾਲ-ਬੱਚਾ ਵੱਖ ਲੇਹਲੜ੍ਹੀਆਂ ਕੱਢਦਾ । ਉਸ ਤੇ ਕੋਈ ਅਸਰ ਨਾ ਹੁੰਦਾ । ਤਾਰਾ ਤਾਂ ਉਸ ਨੂੰ ਕਹਿਣੋਂ-ਸੁਣਨੋਂ ਈ ਹਟ ਗਿਆ ਸੀ । ਆਖੇ ਵੀ ਕੀ ਘੜੀ-ਮੁੜੀ ਵਾਰ-ਵਾਰ ਉਹੀ ਸਿੱਖਿਆ , ਉਹੀ ਨਸੀਅਤ । ਉਹਦੇ ਸਾਬ੍ਹ ਨੇ ਵੀ ਹਾਰ ਕੇ ਇਵੇਂ ਈ ਕੀਤਾ ਸੀ । ਉਹਦੀ ਸਾਬ੍ਹਣੀ ਨੂੰ ਉਹ ਘੂਰਨੋ-ਝਿੜਕਣੋ ਹੀ ਹਟ ਗਿਆ ਸੀ । ਭਾਵੇਂ ਉਹ ਇਕ ਝਾਂਜਰ ਸੁੱਟ ਆਵੇ ,ਭਾਵੇਂ ਦੋਨੋਂ ਈ । ਮੀਹਾਂ ਸੂੰਹ ਨੇ ਵੀ ਅੱਡੇ ਵਾਲਾ ਖੱਤਾ, ਮਰਲਾ-ਮਰਲਾ  ਕਰਕੇ ਛੇਤੀ ਈ ਲੇਖੇ ਲਾ ਛੱਡਿਆ ।ਉਥੇ ਛੇੜ ਪੈਣ ਦੀ ਦੇਰ ਸੀ , ਫਿਰ ਕਿੰਨੇ ਗਾਹਕ ਹੋਰ ਟੱਕਰ ਪਏ । ਕਿਸੇ ਨੇ ਕਰਿਆਨਾ ਰੱਖ ਲਿਆ, ਕਿਸੇ ਨੇ ਚਾਹ-ਪਕੌੜੇ ।  ਕੋਈ ਪੰਪ-ਪੇਚਕਸ ਲੈ ਬੈਠਾ , ਕੋਈ ਮੂੰਗਫਲੀ –ਭੁਜੀਆ । ਤਾਰੇ ਨੇ ਵੀ ਵਗਦੀ ਗੰਗਾ ‘ਚ ਇਕ ਵਾਰ ਫਿਰ ਹੱਥ ਧੋ ਲਏ । ਪਹਿਲੀ ਨਾਲ ਜੁੜਵੀਂ ਇਕ ਦੁਕਾਨ ਹੋਰ ਬਣਾ ਲਈ । ਥੋੜ੍ਹੀ ਵੱਡੀ ।ਉਹਦੇ ਅੰਦਰ ਨਿੱਕੇ-ਮੋਟੇ ਹਿੱਸੇ-ਪੁਰਜ਼ੇ ਨਵੇਂ ਰੱਖ ਲਏ –ਲੰਗੋਟੀਆਂ , ਗੇਟਸ,ਵਾਲ ,ਦੋ-ਚਾਰ ਨਵੀਆਂ ਟਿਊਬਾਂ, ਇਕ-ਅੱਧ ਪੁਰਾਣਾ ਟਾਇਰ ।

ਚਲਦੇ ਕੰਮ ਨੂੰ ਹੋ ਤਿੱਖਾ ਕਰਨ ਲਈ ਤਾਰੇ ਨੇ ਇਕ ਜੁਗੜ ਹੋਰ ਵਰਤੀ । ਦੋਨਾਂ ਦੁਕਾਨਾਂ ਦੇ ਮੱਥੇ ‘ਤੇ ਸੋਹਣਾ ਜਿਹਾ ਚਿੱਟਾ ਬੋਰਡ ਲਿਖਵਾ ਕੇ ਬੀੜ  ਛੱਡਿਆ – ਸੋਹਣੇ ਦੀ ਹੱਟੀ ਤੇ ਮੋਟੇ ਕਾਲੇ ਸਿਰਲੇਖ ਹੇਠ ਲਿਖਿਆ , ਏਥੇ ਰਾਤ ਸਮੇਂ  ਪੰਚਰ ਲਗਾਏ ਜਾਂਦੇ ਹਨ, ਵਾਲਾ ਵਾਕ ਹਰ ਡਰੈਵਰ ਨੂੰ ਦੂਰੋਂ ਨਜ਼ਰੀਂ ਪੈਂਦਾ । ਘੋਨੇ ਨੂੰ ਵੀ । ਉਹਦਾ ਜਦ ਵੀ ਏਧਰਲਾ ਗੇੜਾ ਲਗਦਾ, ਏਥੇ ਜ਼ਰੂਰ ਰੁਕਦਾ । ਆਪਣੇ ਖੱਤੇ ਅੱਗੇ ।

...ਟਾਇਰ ਲਾਹੁੰਦੇ ਸੋਹਣ ਲਾਗੇ ਖੜ੍ਹੇ ਘੋਨੇ ਨੂੰ ਕਿਸੇ ਦੇ ਪੈਰਾਂ ਦੀ ਆਹਟ ਸੁਣੀ । ਉਹਨੇ  ਪਿਛਵਾੜੀ ਵੰਨੀ ਦੇਖਿਆ ।ਬੰਤੀ ਸੋਟੀ ਦਾ ਆਸਰਾ ਲਈ ਉਸਦੇ ਲਾਗੇ ਖੜ੍ਹੀ ਸੀ – “ ਤੂੰ ਕਾਹਨੂੰ ਠੰਡ ‘ਚ  ਘੁੰਮਦੀ ਆਂ ਬਆਰ , ਅੰਦਰ ਬੈਠ ਰਮਾਨ ਨਾ....।“

ਬੰਤੀ ਅੱਗੋਂ ਬੋਲੀ ਕੁਝ ਨਾ । ਥੋੜ੍ਹਾ ਕੁ ਜਿੰਨਾ ਸਰਕ ਕੇ ਉਹ ਘੋਨੇ ਦੇ ਹੋਰ ਲਾਗੇ ਜਿਹੇ ਨੂੰ ਹੋ ਗਈ । ਦੋਨੋਂ ਇਕ ਦੂਜੇ ਦੀ ਪੁੱਛ-ਦੱਸ ਸਮਝ ਗਏ ।

ਘੋਨੇ ਦਾ ਕਲੀਨਰ ਖਾਲੀ ਬੋਤਲ ਫੜੀ ਖੇਤਾਂ ਵਲੋਂ ਪਰਤ ਆਇਆ । ਉਸ ਨੂੰ ਸੋਹਣ ਨਾਲ ਜੋੜ ਕੇ, ਘੋਨਾ ਬਿੰਦ ਕੁ ਪਿੱਠ ਲਾਉਣ ਲੱਗਾਂ ਆਖ, ਪਹਿਲਾਂ ਸਟੇਰਿੰਗ ਸੀਟ ਤਕ ਗਿਆ , ਫਿਰ ਚਾਚੀ ਦੇ ਮਗਰੇ-ਮਗਰ ਸੋਹਣ ਦੀ ਮੰਜੀ ਤੇ ਜਾ ਪਿਆ ।

ਅਪਣੀ ਜੁੱਲੀ ਦੇ ਝੁੰਡ ‘ਚ ਕੁੰਗੜ ਕੇ ਬੈਠਦੀ ਬੰਤੀ ਨੂੰ ਲੱਗਾ – ਘੋਨਾ ਪੈਂਦਿਆਂ ਸਾਰ ਸੌਂ ਗਿਆ ਹੈ । ਹੁਣ ਘੁਰਾੜੇ ਵੀ ਮਾਰੂ । ਮੀਹਾਂ ਸੂੰਹ ਵਾਂਗ । ....ਛੁੱਟੀ ਆਇਆ ਮੀਹਾ ਸੂੰਹ ਵੀ ਇਉਂ ਈ ਕਰਿਆ ਕਰਦਾ ਸੀ । ਖਾਣ-ਪੀਣ ਦੀ ਨਿਸ਼ਾ ਕਰਕੇ ਉਹ ਥਾਂਏ ਪੈ ਜਾਂਦੇ , ਬੰਤੀ ਲਾਗੇ । ਚਰਨੋ ਵੀ ਲੱਭਦੀ-ਲਭਾਉਂਦੀ ਮਗਰੇ ਈ ਪਹੁੰਚ ਜਾਂਦੀ । ਉਹ ਕੋਈ ਬਹੁਤਾ ਉਜਰ ਨਾ ਕਰਦੀ । ਦੋਨਾਂ ਦਾ ਵਰਤੋਂ-ਵਿਹਾਰ ਈ ਇਹੋ ਜਿਹਾ ਸੀ । ਕੋਈ ਜੀਅ ਇਕ-ਦੂਜੇ ਨੂੰ ਓਪਰਾ ਨਹੀਂ ਸੀ ਗਿਣਦਾ । ਹਾਸਾ-ਮਖੌਲ ਵੀ ਦੋਨਾਂ ਵਿਚਕਾਰ ਖੁੱਲ੍ਹਾ-ਖੁਲਾਸਾ ਚਲਦਾ । ਮੀਹਾਂ ਸੂੰਹ ਦੇ ਮੁੰਡੇ ਤਾਰੇ ਨੂੰ ਚਾਚਾ ਕਹਿ ਕੇ ਬੁਲਾਉਂਦੇ ਤੇ ਦਾਰੇ ਦਾ ਬਾਲ-ਬੱਚਾ ਮੀਹਾਂ ਸੂੰਹ ਨੂੰ ।

ਤਾਰੇ ਦੇ ਸੌਂਹ ਪਾਉਣ ਪਿੱਛੋਂ ਮੀਹਾਂ ਸੂੰਹ ਆਪਣੀ ਲਿਆਂਦੀ ਮੁਕਾ ਕੇ ਬੰਤੀ ਕੋਲ ਜ਼ਰੂਰ ਪਹੁੰਚਦਾ – “ ਬੰਤ ਕੋਰੇ ਕੱਢ ਫੇ ਰੱਖੀ-ਰਖਾਈ ।ਭਰਾ ਤਾਂ ਸਾਡਾ ਉੱਦਾਂ ਈ ਛੱਡ ਗਿਆ ਹੋਣਾ, ਸਾਰੀ ਸੁਮੱਧੀ ਸੀਲ-ਬੰਦਾ । “

“ਸੀਗੀ ਤਾਂ ਬਥੇਰੀ , ਔਂਤ ਜਾਣਾ ਵੀਰ੍ਹਾ ਈ ਨਈ ਲੱਥਾ ਮਗਰੋਂ,ਗੱਡੇ-ਆਲਾ । ਸਾਰੀਆਂ ਈ ਦਬੋਚ ਗਿਆ , ਕੱਲੀ-ਕੱਲੀ ਕਰ ਕੇ .....’, ਆਂਡ-ਗੁਆਂਢ ਦੀ ਘੁਸਰ-ਮੁਸਰ ਤੋ ਬਚਦੀ , ਬੰਤ ਕੌਰ ਕਈ ਵਾਰ ਟਾਲਮ-ਟੋਲ ਵੀ ਕਰਦੀ ।

ਫੇਰ ਵੀ ਮਾਰ ਕਿਸੇ ਖੂੰਜੇ-ਖਰਲੇ ਹੱਥ । ਪਈ ਹੋਣੀ ਆਂ ਕਿਤੇ ਨਾ ਕਿਤੇ । ਵੱਡੇ ਘਰ ਦੀ ਤਾਂ ਘਰੋਲੀ ਬਹੁਤ ਆ ਮੇਰੇ ਜੋਗੀ । ...ਭਰਾ ਤਾਂ ਸਾਡਾ , ਪੂਰਾ ਈ ਰੈਤ੍ਹੀਆ ਹੋ ਗਿਆ ਲੱਗਦਾ, ਸਭ ਕਾਸੇ ਤੋਂ .....”, ਬਹੁਤੀ ਨਾਂਹ-ਨੁੱਕਰ ਹੁੰਦੀ ਜਾਚ ਕੇ ਮੀਹਾਂ ਸੂੰਹ ਫੌਜੀ ਦਾਅ  ਖੋਲ੍ਹਦਾ ।

“ ਕਿਉਂ ਬੇਏ ਤੈਨੂੰ ਕਿੱਦਾਂ ਪਤਾ ....” ਏਦ੍ਹੀ ਸਾਬ੍ਹਣੀ ਪਤਾ ਕਿੰਨੀ ਔਖੀ ਹੁੰਦੀ ਆ । ਅੱਧੀ-ਅੱਧੀ ਰਾਤ ਤਾਈਂ ਭੱਜੀ-ਨੱਠੀ ਰੈਂਦ੍ਹੀ ਆ, ਕਦੀ ਕਿਧਰੇ ,ਕਦੀ ਕਿਧਰੇ । .....ਏਹ ਜੇ ਕੰਮ ਦਾ ਹੋਵੇ ਤਾਂ ਧੇੱਕੇ ਤਾਂ ਨਾ ਖਾਣੇ ਪੈਣ ਉੱਨੂੰ ....।“

“ਛੱਡਿਆ ਵੀ ਕਰ, ਬੇ-ਸ਼ਰਮ ਕਿਸੇ ਥਾਂ ਦਾ ।....ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰ ਕਦੇ ! ਬਿੱਲੀ ਨੂੰ ਹਰ ਵਖ਼ਤ ਚੂਹਿਆ ਦੇ ਈ ਸੁਫ਼ਨੇ । ਮੋਇਆ ਨਾ ਹੋਵੇ ਤਾਂ ....। ਕਿਉਂ ਬੇਏ ਏਦੀ ਸਾਬ੍ਹਣੀ ਦਾ ਬਾਬ੍ਹ ਕਿਤੇ ਵਲੇਛ ਚਲਿਆ ਗਿਆ ਕਿ ਬਸਰੇ ...?”

“ ਗਿਆ ਗੁਆ ਕਿਤੇ ਨਈਂ , ਊਈਂ ਬੱਸ ਟਿਕਾਅ ਜਿਆ ਨਈਂ ਉਨੂੰ ,ਇਕ ਥਾਂ.....।”

“ਜਿੱਦਾਂ ਤੈਨੂੰ ....ਢੀਠ ਹੱਡੀ ਨੂੰ ......” ਬੰਤੀ ਦੀ ਟਕੋਰ ਸੁਣਦਾ ਮੀਹਾਂ ਸੂੰਹ ਸਗੋਂ ਮੱਛਰ ਜਾਂਦਾ । ਬੰਤ ਕੌਰ ਵੀ ਉਹਦੇ ਲਈ ਰੱਖੀ-ਸਾਂਭੀ ਅੱਧੀ-ਪੌਣੀ ਝਟ ਉਹਨੂੰ ਲਿਆ ਫੜਾਉਂਦੀ ।ਜੇ ਚਾਹੇ ਸਿਰੇ ਨਾ ਈ ਸਬੱਬ ਬਣਦਾ ਦਿਸੇ , ਤਾਂ ਉਹਦੇ ਲਈ ਪੈਦਾ  ਜ਼ਰੂਰ ਕਰਦੀ , ਪੱਲਾ ਖ਼ਰਚ ਕੇ ਵੀ ।

ਮੀਹਾਂ ਸੂੰਹ ਵੀ ਉਹਦੇ ਨਾਲ ਔਹੋ ਜਿਹਾ ਆਡਾ ਉਂਦੋਂ ਲਾਉਂਦਾ, ਜਦੋਂ ਛੁੱਟੀ ਆਉਣ ਲੱਗਾ, ਉਹ ਆਰਮੀ ਕੰਨਟੀਨ ‘ਚੋਂ ਘੋਨੇ ਦੀ ਬੀਬੀ ਲਈ ਕੋਈ ਨਫੀਬ ਸ਼ੈਅ ਖ਼ਰੀਦਣ ਗਿਆ, ਇਕ ਦੀ ਥਾਂ ਦੋ ਚੀਜਾਂ ਲੈ ਆਉਂਦਾ । ਜਿਵੇਂ ਕੰਘੀ,ਪਰਾਂਦੀ , ਸੁਰਖੀ-ਬਿੰਦੀ, ਅਤਰ ਦੀ ਸ਼ੀਸ਼ੀ, ਮੁਸ਼ਕਣਾ ਸਾਬਣ ਜਾਂ ਐਹੋ ਜਿਹੀ ਹੋਰ ਕੋਈ ਹੁਸੀਨ ਵਸਤੂ,ਜਿਸ ਨੂੰ ਤਾਰਾ ਬਿਲਕੁਲ ਫ਼ਜੂਲ ਖ਼ਰਚੀ ਗਿਣਦਾ ਸੀ ।

ਮੀਂਹੇ-ਬੰਤੀ ਵਿਚਕਾਰ ਰੰਗ-ਬਰੰਗਾ ਮੋਹ-ਪਿਆਰ ਕੰਨੋ-ਕੰਨੀ ਚਰਨੋ ਤੱਕ ਵੀ ਅੱਪੜਦਾ । ਪਰ ਉਸ ਨੇ ਕਦੀ ਧਿਆਨ ਈ ਨਹੀਂ ਸੀ ਦਿੱਤਾ ।ਸੂਝ-ਬੂਝ ਈ ਏਨੀ ਕੁ ਸੀ ਉਹਨੂੰ । ਉਸ ਨੂੰ ਨਾ ਬਹੁਤੀ ਘਰ ਦੀ ਸੁਰਤ ਸੀ , ਨਾ ਬਾਹਰ ਦੀ । ਝਾੜ੍ਹ-ਬਹਾਰੀ ,ਭਾਂਡਾ-ਠੀਕਰ ਜਿੱਥੇ ਪਿਆ , ਪਿਆ ਰਹਿੰਦਾ । ਉਹ ਜਿੱਥੇ ਬੈਠ ਗਈ , ਬੈਠ ਗਈ । ਬਾਰ-ਬੂਹੇ ਖੁੱਲ੍ਹੇ ਤਾਂ ਖੁੱਲੇ , ਬੰਦਾ ਤਾਂ ਬੰਦ ।

ਉਂਜ ਕੰਘੀ-ਪੱਟੀ,ਸੁਰਖੀ-ਬਿੰਦੀ ਦਾ ਰਤਾ ਵਿਸਾਹ ਨਾ ਕਰਦੀ । ਵਾਲ ਵਾਹੁਣ ਲੱਗਦੀ ਤਾਂ ਘੰਟਾ ਭਰ ਕੰਘੀ ਫੜੀ ਰੱਖਦੀ । ਸੁਰਖੀ-ਪਊਡਰ ਲਾਉਣ ਲਗਦੀ ਤਾਂ ਦੇਹ ਤੇਰੇ ਦੀ , ਚੱਲ ਸੋ ਚੱਲ । ਉਹਦੇ ਕੰਮਾਂ-ਕਾਰਾਂ ਵੱਲ ਦੇਖਦਾ ਹਰ ਕੋਈ ਉਹਦੇ ਪੁੱਠੇ-ਸਿੱਧੇ ਨਾਂ ਰੱਖਦਾ । ਕੋਈ ਉਸ ਨੂੰ ਸਿੱਧੜ ਕਹਿੰਦਾ , ਕੋਈ ਸ਼ੂਦੈਣ , ਕੋਈ ਝੱਲੋ , ਕੋਈ ਚਲਾਕੋ । ਉਹ ਅੱਗੋਂ ਰਤੀ ਭਰ ਗੁੱਸਾ ਨਾ ਕਰਦੀ । ਸੁਭਾ ਈ ਐਹੋ ਜਿਹਾ ਸੀ ਉਸ ਦਾ । ਉਸ ਨੂੰ ਬੱਸ ਦੋ-ਵੇਲੇ ਦੀ ਰੋਟੀ ਚਾਹੀਦੀ ਸੀ । ਉਹ ਮਿਲੀ ਜਾਂਦੀ ਸੀ ।

ਪਰ,ਇਕ ਚਿੰਤਾ ਉਸ ਨੂੰ ਜ਼ਰੂਰ ਔਖਿਆ ਕੀਤੀ ਰੱਖਦੀ । ਮੀਹਾਂ ਸੂੰਹ ਦੇ ਬਹੁਤੀ ਪੀਣ ਦੀ ਚਿੰਤਾ । ਥੋੜ੍ਹੀ ਨਾਲ ਮੀਹਾਂ ਸੂੰਹ ਨੂੰ ਬਣਦਾ ਕੁਝ ਨਹੀਂ ਸੀ । ਬਹੁਤੀ ਪੀ ਕੇ ਉਹ ਊਂ  ਲੁੜਕ ਜਾਂਦਾ । ਆਪਣਾ ਆਪ ਸਾਂਭਿਆ ਨਾ ਜਾਂਦਾ ਉਸ ਤੋਂ ਛੁੱਟੀ ਆਏ ਦਾ ਤਾਂ ਉਸਦਾ ਨਿੱਤ-ਨਵੇਂ ਇਹੋ ਹਾਲ ਹੁੰਦਾ । ਹਰ-ਰੋਜ਼ ਈ ਕਿਧਰੇ ਡਿੱਗਿਆ ਪਿਆ ਹੁੰਦਾ । ਕਿਸੇ ਦੇ ਘਰ-ਹਵੇਲੀ ਜਾਂ ਰਾਹ-ਖਹਿੜੇ ‘ਚ ਕਿਧਰੇ ।ਉਸ ਨੂੰ ਲੱਭਦੀ-ਲਭਾਉਂਦੀ ਚਰਨੋਂ, ਬੰਤੀ ਕੋਲ ਜ਼ਰੂਰ ਅੱਪੜਦੀ । ਬਹੁਤੀ ਵਾਰ ਤਾਂ ਮੀਹਾਂ ਸੂੰਹ ਉੱਥੇ ਮਿਲਦਾ ਵੀ ਨਾ ।ਪਰ ਚਰਨੋਂ ਦਾ ਦੁੱਖ-ਦਰਦ ਸਮਝਦੀ ਬੰਤੀ ਬੜੇ ਮੋਹ ਤਾਂ ਮੀਹਾਂ ਸੂੰਹ ਉੱਥੇ ਮਿਲਦਾ ਵੀ ਨਾ । ਪਰ ਚਰਨੋਂ ਦਾ ਦੁੱਖ-ਦਰਦ ਸਮਝਦੀ ਬੰਤੀ ਥੜੇ ਮੋਹ ਨਾਲ ਉਸਨੂੰ ਹੌਸਲਾ ਦਿੰਦੀ – “ ਧੰਨ ਦੀ ਆਂ ਤੂੰ ਮੇਰੀਏ ਭੈਣੇ, ਇਕ ਵੀ ਦਿਨ ਸੁੱਖ ਦਾ ਨਈਂ ਕੱਟਿਆ ਤੂੰ ਏਸ ਬੰਦੇ ਨਾ.....। ਹੋਰ ਵੀ ਪੀਂਦੇ ਆ ਸਾਰੇ ,ਐਂ ਥੋੜ੍ਹੀ ਵਖਤ ਪਾਈ ਰੱਖਦੇ ਆ ਘਰਦੀਆਂ ਨੂੰ ....। ਚੱਲ ਮੈਂ ਚਲਦੀ ਆਂ ਤੇਰੇ ਨਾਂ । ਆਪਾਂ ਦੋਨੋਂ ਜਣੀਆਂ ਲੱਭ ਕੇ ਲਿਆਉਨੀਆਂ.....।“

ਜੇ ਕਦੀ ਮੀਹਾਂ ਸੂੰਹ ਬੰਤੀ ਕੋਲ ਪਿਆ-ਡਿੱਗਿਆ ਲੱਭ ਜਾਂਦਾ ਤਾਂ ਉਹ ਊਈਂ ਮਛਰੇਵਾਂ ਜਿਹਾ ਕਰਦੀ ਆਖਦੀ – “ ਤੈਤੋਂ ਕੁੱਤੀਏ ਇਕ ਬੰਦਾ ਨਈਂ ਸਾਂਭਿਆ ਜਾਂਦਾ, ਉਹ ਵੀ ਸ਼ਰਾਬੀ-ਅਮਲੀਂ । ਲੋਕੜੀਆਂ ਖਸਮਾਂ-ਖਾਣੀਆਂ ਕਈ-ਕਈ ....”,ਬੰਤੀ ਦੀ ਝੇਡ ਪੂਰੀ ਹੋਣ ਤੋਂ ਪਹਿਲਾਂ ਈ ਚਰਨੋ ਨੂੰ ਟੋਕ ਦਿੰਦੀ – “ ਨਾ ਭੈਣ ਨਾ, ਏਹ ਤੇਰਾ ਈ ਕਿਸਬ ਆ ,ਮੈਤੋਂ ਨਈਂ ਹੁੰਦੇ ,ਐਹੋ ਜਏ ਪਾਪੀ ਕੰਮ.....।“

“ ਹੈਅ ਹਰਾਮਜ਼ਾਦੀ, ਕੰਜਰੀ ....। ਇਕ ਤੇਰਾ ਬੰਦਾ ਸਾਂਭ ਕੇ ਅੰਦਰ ਪਾਈਏ , ਇਕ ਤੂੰ ਸਾਡੇ ਕੰਮ ਨੂੰ ਪਾਪੀ-ਕੰਮ ਆਖੇ। ਹੈਅ ਕਿ ਨਈਂ ਲੋੜ੍ਹਾ.....। ਨਈਂ ਤਬਾਹ ਮੇਰੇ ‘ਤੇ ਔਹ ਪਿਆ ਈ ਤੇਰਾ ਸਕਦਾ ਲਾੜਾ । ਚੁੱਕ ਲਾ ਕੁੱਛੜ ਤੇ ਲੈ ਜਾ ਜਿੱਥੇ ਖੜਨਾ ....। ਦੱਸ ,ਹੈਅ ਕੋਈ ਜਾਣਦਾ ਕਿਸੇ ਦੀ ਕੀਤੀ ਨੂੰ ....?”

ਖਿੱਲਾਂ ਵਾਂਗ ਬੁੜ੍ਹਕਦੀ ਬੰਤੀ ਜਾਣੋ ਅੰਦਰ ਮਘ੍ਹਦੇ ਸੇਕ ਤੋਂ ਛੁਟਕਾਰਾ ਪਾਉਣ ਦਾ ਬਹਾਨਾ ਭਾਲ ਰਹੀ ਹੋਵੇ ।

ਤਾਰੇ ਦੀ ਨਾਕਬਲੀ ਦਾ ਸੇਕ ।

ਉਹਦੇ ਲਈ ਉਹ ਛੁੱਟੀ ਆਇਆ , ਨਾ ਆਇਆ ਇਕ ਬਰਾਬਰ ਸੀ । ਅੱਵਲ ਤਾਂ ਉਹ ਸਾਰਾ-ਸਾਰਾ ਦਿਨ ਅੰਦਰੋਂ ਈ ਬਾਹਰ ਨਾ ਨਿਕਲਦਾ ਈ ਨਿਕਲਦਾ ਤਾ ਵੱਧ ਤੋਂ ਵੱਧ ਗੁਰਦਵਾਰੇ , ਮੰਦਰ ਜਾਂ ਨਾਥਾਂ ਦੇ ਡੇਰੇ । ਘਰ ‘ਚ, ਪਿੰਡ ‘ਚ , ਕਿਸੇ ਨਾਲ ਨਾ ਬਾਤ-ਚੀਤ , ਨਾ ਹਾਸ-ਮਖੋਲ ।  ਪੀਣ ਦੀ ਸੌਂਹ ਪਾਉਣ ਪਿੱਛੋਂ ਤਾਂ ਪੂਰਾ ਈ ਭਗਤ ਬਣ ਗਿਆ ਉਹ । ਬੰਤੀ ਉਸ ਨੂੰ ਸੌ ਆਰ੍ਹਾਂ ਲਾਉਂਦੀ , ਉਸ ਦੇ ਗੁੱਗਾ-ਪਿੰੜਾ ਬਣੇ ਰਹਿਣ ‘ਤੇ ਗੁੱਸੇ-ਰਾਜ਼ੀ ਵੀ ਹੁੰਦੀ , ਪਰ ਉਸ ਉੱਤੇ ਰਤਾ ਮਾਸਾ ਵੀ ਅਸਰ ਨਾ ਹੁੰਦਾ ।

ਤਾਰੇ ਦੀ ਛੁੱਟੀ ਤੋਂ ਵੱਧ ਬੰਤੀ ਮੀਹਾਂ ਸੂੰਹ ਦੇ ਪਿੰਡ ਆਉਣ ਦੀ ਉਡੀਕ ਕਰਦੀ ਰਹਿੰਦੀ ।

ਛੁੱਟੀ ਆਇਆ ਮੀਹਾਂ ਸੂੰਹ ਵੀ ਦੋ-ਤਿੰਨ ਵਾਰ ਬੰਤੀ ਕੋਲ ਜ਼ਰੂਰ ਪਹੁੰਚਦਾ –ਕੰਘੀ , ਪਰਾਂਦੀ ,ਸੁਰਖੀ-ਬਿੰਦੀ ,ਅਤਰ ਦੀ ਸ਼ੀਸ਼ੀ ਜਾਂ ਔਹੋ ਜਿਹੀ ਕੋਈ ਹੁਸੀਨ-ਵਸਤੂ ਲੈ ਕੇ । ਬੰਤੀ ਤੋਂ,ਰੱਖੀ-ਬਚਾਈ , ਉਹ ਖੱਟੀਆਂ-ਮਿੱਠੀਆਂ ਸੁਣਾ ਕੇ ਕਢਵਾ ਵੀ ਜ਼ਰੂਰ ਲੈਂਦਾ ।ਖਾਣ-ਪੀਣ ਦੀ ਨਿਸ਼ਾ ਕਰਕੇ ਉਹ ਉੱਥੇ ਈ ਲੇਟ ਜਾਂਦਾ, ਤੇ ਲੇਟਦਿਆਂ ਸਾਰ ਘਰਾੜੇ ਮਾਰਨ ਲੱਗਦਾ।

.... ਪਰ, ਸੋਹਣ ਦੀ ਜੁੱਲੀ ‘ਚ ਪਿਆ ਘੋਨਾ ਸੁੱਤਾ ਨਹੀਂ ਸੀ ।ਉਹ ਤਾਂ ਅੱਠ-ਦਸ ਵਰ੍ਹੇ ਪਿਛਾਂਹ ਪਰਤ ਦੇ ਐਸੇ ਈ ਦੁਕਾਨ ‘ਤੇ ਆ ਬੈਠਾ ਸੀ । ਬਾਹਰ ਪਏ ਲੱਕੜ ਕੇ ਬੈਂਚ ‘ਤੇ । ਉਦਾਸ ਤੇ ਬੇ-ਸਹਾਰਾ । ਅੱਡੇ ਵਾਲਾ ਖੱਤਾ ਮੁਕਾ ਕੇ ਮੀਹਾਂ ਸੂੰਹ ਨੇ ਖੂਹ ਬੰਨੇ ਟੱਕ ਧਰ ਲਿਆ । ਘੋਨੇ ਦਾ ਬਾਲ-ਮਨ ਹੋਰ ਬੁਝ ਗਿਆ ।ਕਹਿਣ-ਸੁਨਣ ਵਾਂਲੇ ਉਸ ਨੂੰ ਰਹਿੰਦਾ ਵੀ ਨਿਢਾਲ ਕੀਤੀ ਰੱਖਦੇ । ਨਿਮੋਝੂਣ ਹੋਇਆ, ਉਹ ਹਰ ਰੋਜ਼ ਸੋਹਣ ਦੀ ਹੱਟੀ ‘ਤੇ ਆ ਬੈਠਦਾ ।ਇਥੋਂ ਈ ਇਕ ਦਿਨ ਉਹ ਗੀਬੇ ਨਾਲ ਚੜ੍ਹ ਗਿਆ। ਬਿਨਾਂ ਕਿਸੇ ਨੂੰ ਦੱਸੇ । ਗੀਬਾ ਉਸ ਦੇ ਨਾਨਕੇ ਪਿੰਡੋਂ ਸੀ ।ਮਾਮਾ ਲਗਦਾ ਸੀ ।ਸਕਿਆਂ ‘ਚੋਂ ਨਈਂ, ਆਂਡ-ਗੁਆਂਢ ‘ਚੋਂ ।ਉਹਨੇ ਘੋਨੇ ਨੂੰ ਆਪਣਾ ਸਮਝ ਦੇ ਹੱਥ ਸਿੱਧੇ ਕੀਤੇ ।ਘੋਨਾਂ ਦਿੱਲੀ-ਦੱਖਣ ਸਾਰੇ ਘੁੰਮ ਆਉਂਦਾ । ਕਦੀ ਕੱਲਾ, ਕਦੀ ਜੁੱਟ ਨਾਲ । ਵਿਚ-ਵਿਚਾਲੇ ਪਿੰਡ ਵੀ ਗੇੜਾ ਮਾਰਦਾ । ਜਾਣ ਲੱਗਾ ਹਵੇਲੀ ਜ਼ਰੂਰ ਜਾਂਦਾ । ਕਦੀ ਨਹੋਰੇ ਨਾਲ, ਕਦੀ ਹਾਸੇ-ਬਲਾਸੇ ‘ਚ ਪਿਓ ਨੂੰ ਟੋਂਹਦਾ ਵੀ – “ਕੰਨੀ ਕੁ ਰੈਂਦ੍ਹੀ ਹਜੇ ....। ਮੁੱਕੀ ਨਈਂ , ਖੂਹ ਆਲੀ ਸਾਰੀ ....?” ਮੀਹਾਂ ਸੂੰਹ ‘ਚ ਪਹਿਲੋਂ ਵਾਲੀ ਕੰਡ ਰਹੀ ਨਹੀਂ ਸੀ ਹੁਣ । ਇਕ ਉਮਰ ਸਿਆਣੀ ਹੋ ਜਾਣ ਕਰਕੇ ,ਦੂਜੇ ਸਰੀਰ ਨੂੰ ਲੇੱਗੇ ਖੋਰੇ ਕਰਕੇ ।ਉਹ ਛਿੱਥਾ ਜਿਹਾ ਪਿਆ ਘੋਨੇ ਨੁੰ ਕਹਿੰਦਾ ਕੁਝ ਨਾ ।ਬੱਸ, ਅਪਣੇ ਈ ਕੰਨਾਂ ਤਕ ਸਮਾਂ ਪੁੱਜਦੀ ਆਵਾਂਜ਼ ‘ਚ ਇਕ ਥੁੜ-ਬੁੜ ਜ਼ਰੂਰ ਕਰਦਾ । ਜਿਵੇਂ ਕੋਈ ਬਹੁਤ ਡੂੰਘੀ ਗੱਲ ਉਸ ਦੇ ਅੰਦਰ ਕਿਧਰੇ ਧੱਸ ਕੇ ਰੁਕੀ ਪਈ ਹੋਵੇ – “ਐਂ ਕਰੀਂ.....ਮੇਰਾ ਬੀਬਾ ਪੁੱਤ....ਐਂ ਕਰੀਂ , ਮੇਰਾ ਇਕ ਕੰਮ ਜ਼ਰੂਰ ਕਰੀਂ .....।“

ਬਹੁਤੀ ਵਾਰ ਤਾਂ ਘੋਨੇ ਨੇ ਉਹਦੀ ਵੱਲ ਉਹਦੀ ਵੱਲ ਉਈਂ ਕੋਈ ਧਿਆਨ ਨਾ ਦਿੱਤਾ ।ਜੇ ਇਕ  ਅੱਧ ਵਾਰ ਮਾੜਾ ਪਤਲਾ ਦਿੱਤਾ ਈ ਦਿੱਤਾ ਤਾਂ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਮੁੜਦਾ ਬਣਿਆ – “ਏਨ੍ਹੇ ਕੋਈ ਉਲਟੀਓ  ਫਰਮੈਸ਼ ਪਾਉਣੀ ਆਂ....। ਬੋਤਲ ਦੀ ਨਾ ਨਈਂ, ਫੀਮ-ਫੂਮ ਦੀਓ ਪਾਊ ....!” ਪਰ ਪਿਛਲੇ ਸਿਆਲ ,ਪਿਓ ਦੀਆਂ ਅੱਖਾਂ ‘ਚ ਭਰੇ ਢੇਰ ਸਾਰੇ ਗਲੇਡੂ ਦੇਖ ਕੇ ਘੋਨਾ ਬਹੁਤਾ ਈ ਪਸੀਜ਼ ਗਿਆ ।ਲੌਢੇ ਕੁ ਵੇਲੇ ਦੀ ਟਿਕਵੀਂ ਧੁੱਪ ‘ਚ ਕੁੰਗੜੇ ਬੈਠੇ ਮੀਹਾਂ ਸੂੰਹ ਦੇ ਐਨ ਪਾਲੇ ਜਿਹੇ ਨੂੰ ਹੋ ਕੇ ਪੁੱਛਣ ਲੱਗਾ – “....ਦੱਸ ਕੀ ਗੱਲ ਆ ਬਾਪੂ , ਐਉਂ ਕਿਉ ਹਿਰਾਸਿਆਂ ਬੈਠਾਂ ....! ਦੱਸ ਕੀ ਚਾਹੀਦਾ ਮੈਨੂੰ .....?”

ਘੋਨਾ  ਉਸ ਦੇ ਐਨ ਲਾਗੇ ਕਦੀ ਨਹੀਂ ਸੀ  ਹੋਇਆ । ਨਾ ਈ ਐਨੇ ਮੋਹ ਨਾਲ ਉਸ ਨੂੰ ਬੁਲਾਇਆ ਸੀ ਕਦੀ । ਇਕ ਵਾਰ ਤਾਂ ਮੀਹਾਂ ਸੂੰਹ ਦਾ ਡੱਕ ਹੋਇਆ ਅੰਦਰ ਇਕੱਠਾ ਈ ਫੁੱਟ ਨਿਕਲਿਆ । ਉਹ ਭੁੱਬੀ ਰੋ ਪਿਆ। ਫਿਰ ਝੱਟ ਦੇਣੀ ਸੰਭਲ ਕੇ ਉਸ ਦੇ ਚਿਰਾਂ ਤੋਂ ਆਖਣ ਆਖਣ ਹੁੰਦੀ , ਇਕੋ ਸਾਹੇ ਆਖ ਸੁਣਾਈ । ਜਿਵੇਂ ਉਸ ਨੂੰ ਅਗਲਾ ਸਾਹ ਆਉਣ ਦੀ ਉਮੀਦ ਈ ਨਾ ਹੋਵੇ –“.........ਤੇਰੀ ਬੀਬੀ ਦੀ ਝਾਜਰ ਡਿੱਗ ਪਈ ਸੀ ਮੈਂਤੋਂ, ਸੋਹਣ ਦੀ ਬੀਬੀ ਲਾਗੇ ...ਬੜਾ ਚਿਰ ਹੋ ਗਿਆ ਏਸ ਗੱਲ ਨੂੰ ...ਮੈਤੋਂ ਉਹ ਲਿਆਂਦੀ ਨਈਂ ਗਈ ਮੁੜ ਕੇ , ਮੇਰਾ ਬੀਬਾ ਪੁੱਤ ਤੂੰ ਜ਼ਰੂਰ ਤੂੰ ਜ਼ਰੂਰ ਮੋੜ ਲਿਆਈਂ ਉਸ ਤੋਂ....ਮੇਰੇ ਦੇ ਜੀਅ.......।“

ਘੋਨਾ ਉਸ ਦੀ ‘ਬੇ-ਰਵੀ ’ਜਿਹੀ ਸੁਣ ਕੇ ਥੋੜ੍ਹਾ ਕੁ ਹੱਸਿਆ । ਐਵੇਂ ਬੱਧਾ-ਰੁੱਧਾ ਜਿਹਾ ।ਮੀਹਾਂ ਸੂੰਹ ਦਾ ਚਿੱਤ ਰਾਜ਼ੀ ਕਰਨ  ਲਈ ਜਾਂ ਅਪਣੇ ਅੰਦਰ ਇਕੋ ਤਾੜੇ ਬਲ ਉੱਠੇ ਸੇਕ ਤੋਂ ਘੜੀ ਪਲ ਛੁਟਕਾਰਾ ਪਾਉਣ ਲਈ – “ ਡਿੱਗ ਪਈ ਸੀ ਕਿ ਆਪੂੰ ਸੁੱਟ ਆਇਆ ਸੀ ,  ਨਸ਼ਈ ਹੋ ਕੇ ...? “ ਮੀਹਾਂ ਸੂੰਹ ਨੂੰ ਘੋਨੇ ਦੀ ਟਕੋਰ ਜਿਵੇਂ ਸੁਣੀ ਈ ਨਾ ਹੋਵੇ ।ਉਹ ਤਾਂ ਅੰਦਰੋਂ ਵਗਦੀ ਰੋਅ ਅੰਦਰ ਪੂਰੀ ਤਰ੍ਹਾਂ ਡੁੱਬਾ ਪਿਆ ਸੀ – “ ਊੱ ਮੈਂ ਲਿਆਂਦੀ ....ਊਂ ਮੈਂ ਲਿਆਂਦੀ ਉਹ .....ਊਂ ਮੈਂ ਲਿਆਂਦੀ ਉਹ ਤੇਰੀ ਬੀਬੀ ਲਈ ਸੀ...ਪੂਨਿਉਂ...।‘

ਪੀਲ-ਪਾਵੇ ਲਾਗੇ ਖੜਾ ਘੋਨਾ ਪਿਉ ਦੀ ਫ਼ਰਮਾਇਸ਼ ਸੁਣ ਕੇ ਇਕ-ਟੱਕ ਸਿੰਨ੍ਹਿਆ ਗਿਆ । ਨਿਮੋਝੂਣ ਹੋਇਆ , ਉਹ ਪੈਰ ਘਸੀਟਦਾ ਹਵੇਲੀਉਂ ਬਾਹਰ ਆ ਗਿਆ ।...ਉਸ ਦੇ ਵਿਹੜੇ ਦੇ ਕਈ ਸਾਰੇ ਤਾਏ-ਚਾਚੇ ਉਸ ਦੀਆਂ ਅੱਖਾਂ ਅੱਗੋਂ ਦੀ ਲੰਘ ਗਏ । ਉਹ ਸਾਰੇ ਉਸ ਦੇ ਪਿਓ ਵਰਗੇ ਈ ਸਨ- ਕਿਸੇ ਨੂੰ ਕੋਈ ਵੈਲ, ਕਿਸੇ ਨੂੰ ਕੋਈ ਅਮਲ । ਪਰ ,ਉਹਨਾਂ ਸੌਂਹ ਖਾਣ ਨੂੰ ਵੀ ਘਰ  ਦੀ ਇੱਜ਼ਤ-ਪੱਤ ਐਹ-ਕੌਡੀਆਂ ਨਹੀਂ ਸੀ ਕੀਤੀ । ਨਕਾਰੇ ਅਧੀਏ-ਪਉਏ ਪਿੱਛੇ । ਅੜੀ-ਬੁੱੜੀ ਨੂੰ ਹਰ ਕੋਈ ਡੰਗ-ਬੁੱਤਾ ਪੂਰਾ ਕਰਦਾ ਈ ਕਰਦਾ । ਕਦੀ ਟੁੰਬ-ਛੱਲਾ ਰੱਖ ਕੇ ਕਦੀ ਖੇਤ-ਬੰਨਾ ।ਪਰ ਆਉਂਦੀ ਫ਼ਸਲੇ ਸਭ ਕਰਜ਼ੇ ਸਾਫ । ਅਪਣੀ ਚੀਜ਼ ਅਪਣੇ ਘਰ, ਅਗਲੇ ਦੀ ਰਕਮ , ਸਮੇਤ ਵਿਆਜ ਵਾਪਸ ।

ਗਹਿਣੇ ਪਈ ਪੈਲੀ ਤੋਂ ਕਿਤੇ ਵੱਧ ਘੋਨੇ ਨੂੰ ‘ਗਿਰਵੀ ਹੋਈ ’ ਝਾਂਜਰ ਦੀ ਚਿੰਤਾ ਆ ਚਿੰਮੜੀ ।

ਉਸ ਨੂੰ ਰਹਿ-ਰਹਿ ਕੇ ਪਿਓ ‘ਤੇ ਗੁੱਸਾ ਆਉਂਦਾ । ਨਾਲ ਦੀ ਨਾਲ ਬੰਤੀ ‘ਤੇ ਵੀ  - ਉਸ ਨੂੰ ਈ ਸਮਝ ਚਾਹੀਦੀ ਸੀ ,ਕੁਸ਼ । ਬਾਪੂ ਤਾਂ ਸੀ ਈ ਐਹੋ ਜਿਹਾ ।ਚਾਰ ਘਰ ਤਾਂ ਡੈਣ ਵੀ ਛੱਡ ਲੈਂਦੀ ਆ , ਗਲੀ-ਗੁਆਂਢ ਦੇ.....! ਹੋਰ ਖ਼ਵਰੇ ਕੇੜ੍ਹੀ-ਕੇੜ੍ਹੀ ਚੀਜ਼ ਵਟੌਰੀ ਹੋਣੀ ਆ ਬੁੜ੍ਹੇ ਤੋਂ ....? “ ਅੰਦਰੋਂ –ਅੰਦਰ ਰਿਝਦਾ ਘੋਨਾ ਕਿੰਨਾ ਚਿਰ ਐਉਂ ਈ ਚਲਦਾ ਰਿਹਾ , ਭਰਿਆ ਪੀਤਾ ।

ਕਈ ਵਾਰ ਉਸ ਦੀ ਗੱਡੀ ਲੱਗਦੀ-ਲੱਗਦੀ ਮਸਾਂ ਬਚੀ ।

ਵਿਚ-ਵਾਰ ਮਿਲੇ ਗੀਬੇ ਨੂੰ ਉਸ ਨੇ ਜਾਣ-ਬੁੱਝ ਕੇ ਕੁਝ ਨਾ ਦੱਸਿਆ – “ ਮਾਮਾ ਸੁਭਾਅ ਦਾ ਤਿੱਖਾ, ਉਹਨੇ ਊਈਂ ਥੋਹ-ਸੋਟਾ ਜਾ ਮਾਰਨਾ ....। ਹੋਰ ਈ ਪੰਗਾ ਖੜਾ ਕਰੂ ,ਮੇਰੇ ਭਾਅ ਦਾ ....। “

ਉਸ ਨੂੰ ਸਮਝ ਨਹੀਂ ਸੀ ਆਉਂਦੀ , ਉਹ ਚਾਚੀ ਨਾਲ ਝਾਂਜਰ ਦੀ ਗੱਲ ਕਰੇ ਕਿੱਦਾਂ ।

ਪੀੜੀ ਦੀ ਸ਼ਰਮ ਮਾਰਦੀ ਸੀ ਉਸ ਨੂੰ ।

ਕਿੰਨੇ ਈ ਗੇੜੇ ਉਸ ਤੋਂ ਬੰਤੀ ਚਾਚੀ ਨਾਲ ਇਸ ਸਬੰਧੀ ਕੋਈ ਬਾਤ-ਚੀਤ ਨਾ ਹੋਈ । ਸਬੱਬ ਈ ਨਾ ਬਣਿਆ । ਜੇ ਇਕ-ਦੋ ਵਾਰ ਬਣਿਆ ਈ ਬਣਿਆ ਤਾਂ ਉਹਦੀ ਹਿੰਮਤ ਨਾ ਪਈ ਕਹਿਣ-ਪੁੱਛਣ ਦੀ ।

ਪਿਛਲੇ ਗੇੜੇ ,ਗੱਲ-ਗੜੱਪ ਮਾਰਦੇ ਨੇ , ਦਿਲ ਕੱਢਿਆ ਈ ਕੱਢਿਆ ਤਾਂ ਚੌਥਾ ਕੁ ਹਿੱਸਾ ਫਿਰਕਾਂ ਬੋਲੇ ਕੇ ਫਿਰ ਸੁੰਨ-ਵੱਟਾ ਹੋ ਗਿਆ । ਉਸ ਦੀ ਚਾਚੀ ਨੇ ਉਸ ਦੀ ਚੁੱਪ ਦਾ ਕਾਰਨ ੳਹੀ ਸਮਝਿਆ ਪੁਰਾਣਾ । ਉਹੀ ਉਸ ਨੂੰ ਗਿਣਿਆ –ਮਿਥਿਆ ਦਿਲਾਸਾ ਦੇਣ ਲੱਗ ਪਈ , ਪਹਿਲਾਂ ਵਾਲਾ “....ਲੱਖ-ਲੱਖ ਸ਼ੁਕਰ ਕਰ ਤੂੰ ਬੱਚਿਆ । ਖੋਹਣ ਆਲੇ ਨਾਲੋਂ ਦੇਣ ਵਾਲਾ ਬੜਾ ਡਾਢਾ , ਬੜਾ ਬੇਅੰਤ ਆ ......।“ ਘੋਨੇ ਨੂੰ ਢਾਰਸ ਦਿੰਦੀ ਬੰਤੀ ਇਸ ਵਾਰ ਬਹੁਤਾ ਈ ਡੋਲ ਗਈ ਲੱਗੀ – “...ਤੇਰਾ ਤਾਂ ਪੁੱਤ ਤੇਰਾ ਤੁਰ ਗਿਆ ।ਚਾਰ ਸਿਆੜ ਹੈਗੇ ਸੀ ਕੋਲ । .....ਉਹ ਜਾਣੇ ਹੁਣ ਵੀ ਉਹ ਤੇਜ਼ ਈ ਆ ।ਹੋਰ ਸਾਲ-ਖੰਡ ਨੂੰ ਛੋਟਾ ਵੀ ਸੁੱਖਨਾ  ਰਲਿਆ ਲੈ.....। ਦੋਨੋਂ ਤੁਸੀਂ ਸਾਊ-ਸਿਆਣੇ ਬਰਾ-ਬਰੋਬਰ ਦੇ । ਕਿਸੇ ਨੂੰ ਕੋਈ ਐਬ ਨਈਂ । ...ਐਧਰ ਦੇਖ ਲੈ ਤੇਰੇ ਸਾਹਮਣੇ ੲ.  ਸਾਰਾ ਕੁਸ਼ । ਨਾ ਇਕ ਕੰਮ ਦਾ ਨਾ ਦੂਜਾ.....। ਉਸ ਬੁੱਢ-ਬੁਲ੍ਹੇਦ ਨੂੰ ਖ਼ਬਰੇ ਕੇੜ੍ਹਾ ਪੱਛੀ-ਲੱਗੜਾ ਪੁੱਠੀਆਂ-ਸਿੱਧਿਆਂ ਪੜ੍ਹਾ ਛੱਡਦਾ, ਘਰ ਆਏ ਨੂੰ ।ਉਨ੍ਹੇ ਜੀਂਦੀ-ਜਾਨ ਦਾ ਲਹੂ-ਬਾਨਣ ਕੀਤਾ ਆ ਮੇਰਾ । ....ਦੱਸ ਵੇ ਪੁੱਤ, ਐਥੇ ਕੋਈ ਹੱਜ ਆ ਰੈਹਣ ਦਾ । ਪਿੰਡ  ਹੋਰ ਨਈਂ ਤਾਂ ਸਰੀਕਾ-ਭਾਈਚਾਰਾ ਤਾ ਹੈਗਾ ਈ ਸੀਗਾ ਨਾ ਔਖ-ਸੌਖ ਨੂੰ ....ਬੀਬੀ ਤੇਰੀ ਸੀ ,ਭਾਪਾ ਤੇਰਾ ਸੀ .....। ਏਨ੍ਹਾਂ ਔਂਤ ਜਾਣਿਆਂ ਉਹ ਵੀ । ਅੱਛਾ, ਭਲਾ ਹੋਵੇ ਇਨ੍ਹਾਂ ਦਾ .....। ਮੈਂ ਤਾਂ ਕੈਨ੍ਹੀਂ ਆਂ ਦੋਨਾਂ ਦਾ ਭਲਾ ਕਰੇ , ਪਰਮੇਸਰ । “ ਟੁੱਟਵੀਂ ਜਿਹੀ ਲੜੀ ਜੋੜਦੀ ਬੰਤੀ ਹਊਕੇ ਭਰਦੀ ਭਰਦੀ ਡੁੱਸਕਣ ਲੱਗ ਪਈ ।

ਘੋਨੇ ਨੇ ਬੰਤੀ ਨੂੰ ਐਨਾ ਦੁਖੀ ਪਹਿਲੋਂ ਕਦੀ ਨਹੀਂ ਸੀ ਦੇਖਿਆ , ਨਾ ਹੀ ਕਦੀ ਉਹਦੇ ਮੂੰਹੋਂ ਮਾੜੀ-ਚੰਗੀ ਸੁਣੀ ਸੀ । ਨਾ ਚਾਚੇ ਬਾਰੇ , ਨਾ ਸੋਹਣ ਬਾਰੇ । ਉਹ ਤਾਂ ਬੱਸ ਐਨਾ ਕ ਕਿਆਫਾ ਲਾਈ ਬੈਠਾ ਸੀ ਕਿ ਤਾਰੇ ਤੇ ਸਾਧ ਹੋਣ ਪਿੱਛੋਂ ਬੰਤੀ ਆਪੂੰ ਆ ਟਿਕੀ ਆ ਐਥੇ । ਆਪਣੀ  ਸੌਖ ਨੂੰ । ਸੋਹਣ ਲਾਗੇ । ਉਹਦੇ ਇਹ ਯਾਦ-ਚਿੱਤ ਵੀ ਨਹੀਂ ਸੀ ਕਿ ਕੋਠੇ ਜਿੱਡੀ ਡੀਲ-ਡੌਲ ਵਾਲਾ ਤਾਰਾ , ਸੋਹਣ ਨਾਲੋਂ ਵੀ ਗਿਆ ਗੁਜ਼ਰਿਆ ।

ਝੱਟ ਉਸ ਦਾ ਧਿਆਨ ਆਪਣੇ ਘਰ ਵੱਲ ਚਲਾ ਗਿਆ । ਘਰ ਦੀ ਤੰਗੀ-ਤੁਰਛੀ ਵੱਲ । ਆਪਣੇ ਪਿਉ ਵੱਲ । ਸੌ ਐਬ ਸਨ ,ਉਸ ਵਿੱਚ । ਸਿਰੇ  ਦਾ ਅਮਲੀ  ਵੈਲੀ ਸੀ ਉਹ । ਪਰ, ਉਹਨੇ ਕਦੀ ਘਰ ਦੇ ਜੀਆਂ ਨੂੰ ਖੱਜਲ-ਖੁਆਰ ਨਹੀਂ ਸੀ ਕੀਤਾ । ਜਿਵੇਂ ਉਸ ਦੇ ਸਾਧੂ-ਸੁਭਾ ਚਾਚੇ ਨੇ ਕੀਤਾ ਸੀ । ਗਿਆਨੀ-ਧਿਆਨੀ ਤਾਰੇ ਨੇ ।.....ਉਸ ਜਦ  ਵੀ ਕੋਈ ‘ਬਚਨ-ਬਿਲਾਸ ’ ਕਰਦਾ , ਐਨ ਸਿਰੇ ਦਾ ਤੋੜਾ ਝਾੜਦਾ । ਸੁਅਰਗ-ਨਰਕ ਤੋਂ ਹੇਠਾਂ ਈ ਨਾ ਉੱਤਰਦਾ । ਮੇਲਾ ਸੂੰਹ ਦੀ ਟੋਲੀ ਨਾਲ ‘ਜਾਗਰੇ ’ ਗਏ ਦਾ ਤਾ ਉਸ ਦਾ ਕਥਾ-ਵਿਖਿਆਨ ਦੇਖਣ-ਸੁਣਨ ਵਾਲਾ ਹੁੰਦਾ । ਰਾਤ-ਭਰ , ਸੰਗਤ-ਪੰਗਤ ,ਮੰਤਰ –ਮੁਘਧ ਹੋਈ ਰਹਿੰਦੀ ।

ਅਗਲੇ ਸਵੇਰ , ਰਾਣੀ ਤਾਰਾ ਦੀ ਖੜਾਮ-ਕਥਾ ਮੁੱਕਣ ‘ਤੇ ਤਾਂ ਉਸ ਦੀ ਸਿੱਖੀ-ਸੇਵਕੀ ਹੋਰ ਵੀ ਚਮਕ ਉੱਠਦੀ ।ਹਰ ਕੋਈ ਉਸ ਦੇ ਲਾਗੇ ਹੋਰ ਲਾਗੇ , ਢੁੱਕਣ ਲਈ ਉਤਾਵਲਾ ਹੋਇਆ ਦਿਸਦਾ – ਉਸ ਦੀ ਸਿਫ਼ਤ-ਸਲਾਹ ਕਰਨ ਲਈ । ਉਸ ਦੇ ਬੋਲਾਂ-ਭਜਨਾਂ ਦੀ । ਉਸ ਦੀਆਂ ਹੇਕਾਂ-ਸੁਰਾਂ ਦੀ । ਜੇ ਕੋਈ ਭਗਤ-ਭਗਤਣੀ ਹੱਥ ਜੋੜ ਕੇ,ਸਿਰ ਝੁਕਾ ਕੇ ਉਸ ਦੇ ਰਾਗ-ਅਲਾਪ ਦਾ ਆਦਰ ਕਰਨਾ ਲੋਚਦੀ ਤਾਂ ਉਸ ਅੰਦਰਲਾ ਵੈਰਾਗ, ਉਸ ਦੇ ਧੁਰ ਅੰਦਰ ਦੀਆਂ ਡੂੰਘੀਆਂ-ਡੂੰਘਾਈਆਂ ਹੇਠਾਂ ਹੋਰ ਕਤੇ ਡੂੰਘਾ ਉਤਰ ਜਾਂਦਾ । ਉਸ ਦੇ ਲੁੱਟ-ਲੱਟ ਕਰਦੇ ਨੈਣ-ਨੇਤਰ ਝੱਟ ਮੁੰਦ ਹੋ ਕੇ ਧਰਤੀ ਵੱਲ ਨੂੰ ਝੁਕ ਜਾਂਦੇ । ਰਾਤ ਭਰ  ਗੂੰਜਦੀ , ਹੇਕਾਂ ਭਰਦੀ ਰਹੀ ਉੱਚੀ-ਭਾਰੀ ਆਵਾਜ਼ ,ਇਕ ਦਮ ਦੱਬੀ-ਘੱਟੀ ਜਾਂਦੀ । ਉਸ ਨੂੰ ਆਪ ਨੂੰ ਵੀ ਇਸ ਗੱਲ ਦੀ ਸਮਝ ਨਾ ਪੈਂਦੀ ਕਿ ਉਸ ਦੀ ਕੀਤੀ ਕਥਾ-ਵਿਆਖਿਆ , ਉਹ ਦੇ ਗਾਏ ਭਜਨਾਂ-ਸ਼ਬਦਾਂ ਰਾਹੀਂ ਨਸ਼ਰ ਹੁੰਦੀ ਅਤਿ ਡੂੰਘੀ  ਉਪਰਾਮਤਾ ਉਸ ਦੀ ਘਰ-ਵਾਲੀ ਬੰਤੀ ਦੀ ਮੀਹਾਂ ਸੂੰਹ ਨਾਲ ਚਿਰਾਂ ਤੋਂ ਚੱਲੀ ਆਉਂਦੀ ਸਾਂਝ-ਨੇੜਤਾ ਕਾਰਨ ਉੱਪਜਦੀ ਹੈ ਜਾਂ ਉਸ ਦੇ ਸਾਬ੍ਹ-ਸਾਬ੍ਹਣੀ ਦੇ ਸ਼ੁਰੂ ਤੋਂ ਉਲਝੇ ਤਾਣੇ-ਬਾਣੇ ਕਾਰਨ ।

...ਉਦੋਂ  ਤਾਂ ਤਕੜਾ ਵੱਟ ਜਿਹਾ ਖਾ ਕੇ ਉਸ ਨੇ ਸਾਬ੍ਹ ਦਾ ਪੱਖ ਪੂਰਦਿਆਂ ਰਤੀ ਭਰ ਵੀ ਢਿੱਲ ਨਹੀਂ ਸੀ ਕੀਤੀ – “ ਜੇ....ਜੇ ਮੈਂ ਹੋਮਾਂ ਨਾ ਸਾਬ੍ਹ ਜੀ ਤੁਆਡੀ ਥਾਂ , ਡੱਕਰੇ ਕਰ ਦਿਆਂ ਐਹੋ ਜੇਈ ....।“

“ਨਈਂ ਹੋ ਸਕਦੇ ਤਾਰਾ ਸੀਂਘ ਨਹੀਂ ਹੋ ਸਕਤੇ .....। ਬੜਾ ਸੇ ਬੜਾ ਫੋਰਸ ਭ੍ਹੀ ਨਹੀਂ

ਉਸ ਦੇ ਸਾਬ੍ਹ ਦੇ ਸਹਿਜ-ਮਿੱਠੇ ਉੱਤਰ ਨੇ ਉਦੋਂ ਉਸ ਨੂੰ ਸਿਰਫ ਚਿੰਤਾ ਮੁਕਤ ਹੀ ਨਹੀਂ ਸੀ ਕੀਤਾ, ਸਗੋਂ ਉਸ ਦੀ ਉਮਰ ਕੇ ਬਾਕੀ ਰਹਿੰਦੇ ਸਾਰੇ ਵਰ੍ਹਿਆਂ ਦਾ ਰੰਗ-ਢੰਗ ਹੀ ਬਦਲ ਛੱਡਿਆ ਸੀ ।

ਫਿਰ ,ਨਾ ਕਦੀ ਉਹ ਆਪਣੇ  ਸਾਬ੍ਹ-ਸਾਬ੍ਹਣੀ ਦੀ ਕਿਸੇ ਗੱਲ ‘ਚ ਆਇਆ , ਨਾ ਉਸ ਨੇ ਮੀਹੇਂ-ਬੰਤੀ ਨੂੰ ਕਿਸੇ ਗੱਲੋਂ ਰੋਕਿਆ-ਟੋਕਿਆ ।

ਫੌਜੀ ਪੈਨਸ਼ਨ ਆਏ ਦੀ ਤਾਂ ਉਸ ਦੀ ਬਿਰਤੀ ਰਹਿੰਦੀ ਦੀ ਉੱਪਰਾਮ ਹੋ ਗਈ । ਉਸ ਨੂੰ ਨਾ ਢਿੱਲੀ-ਮੱਠੀ ਰਹਿੰਦੀ ਬੰਤੀ ਦੀ ਚਿੰਤਾ ਰਹੀ ,ਨਾ ਮੀਹਾਂ ਸੂੰਹ ਦੇ ਖੇਤ ਬੰਨੇ ਦੀ ।

ਅਪਣੀ ਤੋਰੇ ਤੁਰਿਆਰ, ਉਹ ਕਦੀ ਕਿਸੇ ਨਾਲ ਉੱਠ ਤੁਰਦਾ, ਕਦੀ ਕਿਸੇ ਨਾਲ । ਨਾਥਾਂ, ਜੋਗੀਆਂ ,ਸ਼ਿਵ-ਭਗਤਾਂ ਜਾਂ ਮੇਲਾ ਸੂੰਹ ਦੀ ਜਾਗਰਾ ਟੋਲੀ ਨਾਲ ।

ਪਿੰਡ ਵਾਲਾ ਪੱਕਾ ਘਰ ਵੇਚ ਕੇ ਉਹਨੇ ਸਾਰੀ ਰਾਸ਼ੀ ਜੀਉਂਦੇ –ਜੀਅ ਆਪਣੇ ਈ ਸ਼ਰਾਧ ‘ਤੇ ਖ਼ਰਚ ਛੱਡੀ ।

ਘਰੋਂ ਉੱਜੜੀ ਬੰਤੀ,ਬਾਹਰ ਸੋਹਣ ਕੋਲ ਆ ਟਿਕੀ , ਵੱਡੀ ਦੁਕਾਨ ‘ਚ । ਹੋਰ ਕਰ ਵੀ ਕੀ ਸਕਦੀ ਸੀ ਉਹ ।

...ਭੰਜੇ ਲੱਥੀ ਬੰਤੀ , ਘੋਨੇ ਤੋਂ ਇਕ ਪਲ ਵੀ ਸਹਾਰ ਨਹੀਂ ਸੀ ਹੋਈ । ਉਸ ਨਾਲ ਹੋਈ-ਬਣੀ ਰੰਜਸ਼ ਵੀ ਕਿੰਨੀ ਸਾਰੀ ਖੁਰਦ-ਬੁਰਦ ਹੋ ਗਈ । ਪਰ,....ਮੀਹਾਂ  ਸੂੰਹ ਦੀ ਜੇਬ ਵਿਚੋਂ, ਚਾਚੀ ਬੰਤੀ ਲਾਗੇ ‘ਡਿੱਗੀ ’ਝਾਂਜਰ ਦੀ ਕਿੰਨੀ ਸਾਰੀ ਤੰਦ ਸਹਿ-ਸਭਾ ਉਸ ਦੇ ਹੱਥ ਜ਼ਰੂਰ ਆ ਲੱਗੀ ।

...ਟਾਇਰ ਚਾੜ ਕੇ ਸੋਹਣ ਨੇ ਜੈੱਕ, ਲੀਵਰ,ਪਾਠੇ ਛੋਟੀ ਦੁਕਾਨ ‘ਚ ਲਿਆ ਸੁੱਟੇ ।ਘੋਨਾ ਅੰਦਰੋਂ ਬਾਹਰ ਨਾ ਆਇਆ । ਜਾਣ-ਬੁੱਝ ਕੇ ਕੀਤਾ ਖ਼ੜਾਕ ਸੁਣ ਕੇ ਵੀ ।ਸੋਹਣ ਨੇ ਫਿਰ ਉਸ ਦੀ ਗੱਡੀ ਦਾ ਪਰੇਸ਼ਰ-ਹਾਰਨ ਜਾ ਨੱਪਿਆ । ਮੋਟਰਾਂ-ਗੱਡੀਆਂ ਦੀ ਇਹ ਆਵਾਜ਼਼ ਮਾਰਨ ਦੀ ਭਾਸ਼ਾ ਸੁਣ ਕੇ,ਟਿਕੀ ਰਾਤ ‘ਚ ਸੁੱਤੇ ਪਏ ਕਈ ਪੰਛੀ ਤਾਂ ਅੱਥੜ-ਵਾਹੇ ਜਾਗ ਉੱਠੇ । ਪਰ, ਘੋਨਾ ਅਜੇ ਵੀ ਅੰਦਰੇ ਈ ਸੀ ।ਸੋਹਣ ਦੀ ਜੁੱਲੀ ‘ਚ ।ਚਾਚੀ ਬੰਤੀ ਲਾਗੇ । ਉਹਦੇ ਭਾਣੇ ਸੁੱਤਾ ਪਿਆ ।ਪਰ ਨੀਂਦ ਉਸ ਦੇ ਲਾਗੇ ਨਹੀਂ ਸੀ ਫੱਟਕੀ । ਅੱਖਾਂ ਮੂੰਦੀ ਪਿਆ, ਇਕੋ ਲੜੀ ਫੜੀ ਉਹ ਇਕੋ ਬਿੰਦੂ ਦੁਆਲੇ ਇਕ-ਸਾਰ ਘੁੰਮਦਾ ਰਿਹਾ ਸੀ । .....ਛੁੱਟੀ ਆਇਆ ਤਾਰਾ ਵੀ ਘੋਨੇ, ਹੋਰਾਂ ਨੂੰ ਜ਼ਰੂਰ ਮਿਲ ਕੇ ਜਾਂਦਾ । ਫੌਜੀ ਕੰਟੀਨ ‘ਚੋਂ ਸਸਤੇ ਭਾਅ ਲਿਆਂਦੀਆਂ ਚੀਜ਼ਾਂ-ਵਸਤਾਂ,ਕੱਲੇ-ਕੱਲੇ ਨੂੰ ਸੌਂਪ ਕੇ । ਘੋਨੇ-ਛਿੰਦੇ ਲਈ ਪੈਨ, ਪੈਨਸਲਾਂ-ਕਾਪੀਆਂ ਤੇ ਚਰਨੋਂ ਲਈ ਕੰਘਾ , ਕੜਾ, ਗੁਟਕਾ ਜਾ ਪੰਜ-ਗ੍ਰੰਥੀ । ਉਹ ਜਿੰਨਾ ਚਿਰ ਉਹਨਾਂ ਪਾਸ ਬੈਠਦਾ ,ਪਾਠ-ਪੂਜਾ ਦੀਆਂ, ਸਾਧਾਂ-ਸੰਤਾਂ ਦੀਆਂ, ਗੁਰੂਆਂ-ਚੇਲਿਆਂ ਦੀਆਂ, ਸਾਖੀਆਂ ਸੁਣਾਉਂਦਾ ।ਸਭ ਨੂੰ ਇਕ ਥਾਂ ਬਿਠਾ ਕੇ ,ਇਕੱਠਿਆਂ । ਉਹਨੇ ਸੌਂਹ ਖਾਣ ਨੂੰ ਵੀ । ਕਿਸੇ ਗੱਲ ਦਾ ਕਦੀ ਓਹਲਾ ਨਹੀਂ ਸੀ ਰੱਖਿਆ – ਕੋਈ ਸ਼ੈਅ-ਵਸਤ ਦੇਣ ਲੱਗਿਆਂ । ਨਾ ਉਹਨਾਂ ਦੋਨਾਂ ਤੋਂ, ਨਾ ਉਹਨਾਂ ਦੀ ਬੀਬੀ ਚਰਨੋਂ ਤੋਂ । ਜਿਵੇਂ ਉਸ ਦੇ ਪਿਉ ਨੇ ਰੱਖਿਆ ਸੀ , ਮੀਹਾਂ ਸੂੰਹ ਨੇ । ਬੰਤੀ ਲਾਗੇ ਝਾਂਜਰ ‘ਸੁੱਟਣ ’ਲੱਗਿਆਂ । ਬੰਤੀ ਜਿਹੜੀ ਕਦੀ ਵੀ ਉਸ ਨੂੰ ਓਪਰੀ ਨਹੀਂ ਸੀ ਲੱਗੀ । ਜਿਹਨੇ ਹੁਣ ਤੱਕ ਉਹਦੀ ਬੀਬੀ ਦੀ ਹਰ ਔਖ-ਸੌਖ ਵੇਲੇ,  ਹਰ ਤਰ੍ਹਾਂ ਸਾਹਇਤਾ ਕੀਤੀ ਸੀ , ਹਰ ਤਰ੍ਹਾਂ ਹੱਥ ਵਟਾਇਆ ਸੀ । ਵਾੜ-ਬਨੇਰਾ ਟੱਪ ਕੇ ਵੀ ।ਗੱਲਾਂ-ਕੁਵੱਲਾਂ ਸੁਣ ਕੇ ਵੀ । ਗਲੀ-ਗੁਆਂਢ ਦੀਆਂ ਵੀ , ਸੱਤ-ਪਰਾਇਆਂ ਦੀਆਂ ਵੀ ।......ਬੰਤੀ ਲਾਗੇ ਪਿਆ ਘੋਨਾ, ਬੱਸ ਉਸੇ ਚਾਚੀ ਸਾਹਮਣੇ ਖਲੋ ਸਕਣ ਲਈ ਅਪਣਾ ਆਪ ਜੋੜਦਾ ਰਿਹਾ । ਅਪਣੇ ਸਾਰੇ ਅੰਗ-ਪੈਰ ਇਕੱਠੇ ਕਰਦਾ ਰਿਹਾ ।  ਉਸ ਪਾਸੋਂ ਝਾਂਜਰ ਮੰਗਣ ਦੀ ਹਿੰਮਤ ਕਰਨ ਲਈ । ਝਾਂਜਰ ਜਿਹੜੀ ਉਸ ਦੇ ਪਿਉ ਕੋਲੋਂ ਉਹਦੀ ਚਾਚੀ ਲਾਗੇ ਡਿੱਗ ਪਈ ਸੀ ।

ਪਰੈਸ਼ਰ-ਹਾਰਨ ਦੀ ਕੰਨ-ਪਾੜਵੀਂ ਆਵਾਜ਼ ਸੁਣ ਕੇਂ ਉਸ ਨੇ ਰਤਾ ਕੁ ਅੱਖਾਂ ਖੋਲ੍ਹ ਕੇ ਫਿਰ ਬੰਦ ਕਰ ਲਈਆਂ ।

“......ਜਾਗ ਪਿਆ ਮੇਰਾ ਛਿੰਦਾ .....!” ਉਸ ਵੱਲ ਇਕ-ਟੱਕ ਦੇਖਦੀ ਬੰਤੀ ਦਾ ਪਹਾੜ ਜਿੱਡਾ ਹਉਕਾ, ਘੋਨੇ ਦੇ ਸਾਹਾਂ ਤਕ ਅਪੜ ਕੇ ਆਸੇ-ਪਾਸੇ ਖਿੱਲਰ ਗਿਆ ।“ .... ਉਹ ਜਾਣੇ ਲਾ ਈ ਲਿਆ ਢੌਂਕਾ ਘੜੀ ਦੋ ਘੜੀਆਂ....! ਬਾਪੂ ਤੇਰਾ ਵੀ ਐਂ ਈ ਕਰਦਾ ਜੀ , ਪਿਆ ਰੈਂਦ੍ਹਾ ਸੀ ਕਿੰਨਾ-ਕਿੰਨਾ ਚਿਰ ਪੀ ਖਾ ਕੇ,ਮੇਰੇ ਲਾਗੇ......।“

ਚਾਚੀ ਮੂੰਹੋਂ ਪਿਉ ਦਾ ਜ਼ਿਕਰ ਘੋਨੇ ਨੇ ਐਉਂ ਕਦੀ ਨਹੀਂ ਸੀ ਸੁਣਿਆ ।ਐਨੇ ਮੋਹ ਪਿਆਰ ਨਾਲ । “....ਐਥੇ ਨਈਂ ਤਾਂ ਹੋਰ ਕਿੱਥੇ ਸੁੱਟਣੀ ਸੀ ਝਾਂਜਰ ਬਾਪੂ-ਕੰਜਰ ਨੇ .....” ਉਹ ਅੰਦਰੋ-ਅੰਦਰ ਮੁਸਕਰਾ ਕੇ ਝੱਟ ਜਿੱਥਾ ਜਿਹਾ ਪੈ ਗਿਆ ।....ਉਸ ਨੂੰ ਲੱਗਾ, ਜਿਵੇਂ ਬੰਤੀ ਦੇ ਕੱਦ-ਬੁੱਤ ਸਾਹਮਣੇ ਉਹ ਅਪਣੇ ਪਿਊ ਨਾਲੋਂ ਵੀ ਨੀਵਾਂ ਹੋ ਡਿਗਿਆ ਹੋਵੇ ।

ਇਕ ਵਾਰ  ਤਾਂ ਉਸ ਦਾ ਮਨ ਬਣਿਆ ਕਿ ਪਿਉ ਦੀ ਅਮਾਨਤ ਉਹ ਚਾਚੀ ਪਾਸ ਹੀ ਰਹਿਣ ਦੇਵੇ ।ਚਾਚੀ ਬੰਤੀ ਪਾਸ । ਪਰ ਅਗਲੇ ਹੀ ਪਲ ਉਸ ਨੇ ਡੋਲਦਾ ਇਰਾਦਾ ਫਿਰ ਸੰਭਾਲ ਲਿਆ – “ ਬਾਪੂ ਆਂਹਦਾ ਸੀ – ਲਿਆਂਦੀ ਉਹਨੇ ਮੇਰੀ ਬੀਬੀ ਲਈ ਸੀ ....ਬੀਬੀ ਚਰਨ ਲਈ ...ਪੂਨਿਉਂ .....।“

....ਮਾੜੀ-ਮੋਟੀ ਹੂੰਅ-ਹੱਛਾ ਕਰਦਾ ਘੋਨਾ ਸਹਿਜ ਨਾਲ ਉੱਠਿਆ । ਢਿਲਕੀ ਲੋਈ ਦੀ ਬੁੱਕਲ ਕਸ ਕੇ ਦੋਨਾਂ ਮੰਜੀਆਂ ਵਿਚਕਾਰ ਖੜ੍ਹਾ ਹੋ ਗਿਆ ।ਬੜੇ ਧੀਰਜ ਨਾਲ ਉਸ ਨੇ ਬਗਲ ਹੇਠ ਨੱਪੀ ਪੇੜੇ ਜਿੱਡੀ ਡਲੀ ਬੰਤੀ ਵੱਲ ਵਧਾਉਂਦਿਆ ਬੜੇ ਹੀ ਠਰੰਮੇ ਨਾਲ ਆਖਿਆ – “ ਚਾਅਚੀ.....ਮੇਰੀ ਬੀਬੀ ਦੀ ਝਾਂਜਰ ਹੋਣੀ ਆਂ, ਤੇਰੇ ਕੋਅਲ ....ਬਾਪੂ ਆਂਹਦਾ ਸੀ .....ਮੇਰੇ ਜੀਂਦੇ ਜੀਅ......। “

ਬੰਤੀ ਨੂੰ ਉਸ ਦੀ ਸ਼ਰਮਾਕਲ ਜਿਹੀ ਮੰਗ ਓਪਰੀ ਵੀ ਲੱਗੀ ਤੇ ਸੁਭਾਵਕ ਵੀ ।

“....ਲੈ ਪੁੱਤ ਹੁਣੇ ਲੈ ਜਾ .....” ਆਖਣ ਨੂੰ ਤਾਂ ਉਹ ਝਟ ਦੇਣੀ ਘੋਨੇ ਨੂੰ ਐਨੀ ਕੁ ਗੱਲ ਆਖ ਗਈ । ਪਰ ਬੀਤੇ ਕਈ ਸਾਰੇ ਵਰ੍ਹਿਆਂ ਦਾ ਸੁਹਾਗ ਜਿੱਡਾ ਚਾਅ ਝਟ-ਪਟ ਹੱਥੋਂ ਕਿਰਦਾ ਦੇਖ , ਉਹ ਸਿਰ ਤੋਂ ਪੈਰਾਂ ਤੱਕ ਕੰਬ ਗਈ ।

ਘੋਨੇ ਹੱਥੋਂ ਕਾਲੀ ਠੋਸ ਪਿੰਕੀ ਦੁਆਲੇ ਲਿੱਪਟਿਆ ਖਣ-ਖਣ ਕਰਦਾ ਮੋਮੀ ਲਿਫਾਫਾ ਸਾਂਭਦੀ ਬੰਤੀ ਨੂੰ ਜਾਪਿਆ , ਕਿ ਭਰ-ਜੁਆਨੀ ਵੇਲੇ ਤੋਂ ਲੋਹੇ ਦੀ ਟਰੰਕੀ ‘ਚ ਸਾਂਭ ਕੇ ਰੱਖੀ ਚਰਨੋਂ ਦੀ ਕੋਰੀ-ਕੁਆਰੀ ਅਮਾਨਤ , ਮੁੜ ਸਹੀ-ਸਲਾਮਤ ਉਸ ਦੇ ਪੈਰਾਂ ਤੱਕ ਪਹੁੰਚਣ ਲਈ ਛਣਕ ਪਈ ਹੈ .....ਉਹ ਜਾਣੇ ਐਸ ਉਮਰੇ ਈ ਸਈ.....।

ਡੋਲਦੀ-ਕੰਬਦੀ ਨੇ ਉਸ ਨੇ ਧਾਹ ਕੇ ਘੋਨੇ ਨੂੰ ਦੋਨਾਂ ਬਾਹਾਂ ਵਿਚ ਘੁੱਟ-ਬਗਲ ਲਿਆ ।

ਇਉਂ ਤਾਂ ਕਦੀ ਉਸ ਨੇ ਆਪਣੇ ਸੋਹਣ ਨੂੰ ਵੀ ਨਹੀਂ ਸੀ ਘੁੱਟਿਆ-ਵਗਲਿਆ ।ਅਪਣੇ ਢਿੱਲੋਂ ਜਾਏ ਨੂੰ .....।

ਅਗਲੇ ਹੀ ਪਲ, ਉਹ ਆਪਣੀ ਜੁੱਲੀ ‘ਚ ਢੇਰੀ ਹੋਈ ਪਈ ਸੀ ।

....ਨਿਰੀ ਮਿੱਟੀ !!

----

ਪਤਾ :ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)

Mobile No : 094655-74866

ਵੈਬ-ਸਾਇਟ -  www.lalsinghdasuya.yolasite.com

ਕਹਾਣੀ : ਜ਼ਜ਼ੀਰੇ - ਲਾਲ ਸਿੰਘ

(1)

“ ....ਲਓ ਜੀ , ਬਾਬੂ ਜੀਈ , ਆਹ ਪਿਆ ਈ ਫ਼ਰਕ । ਹੈਅ ਨਾ ਇਕ ਪਾਸੇ ਚਾਨਣ, ਇਕ ਪਾਸੇ ਨ੍ਹੇਰ ! ਜਦ ਦੀ ਆਹ ਸੜਕ ਬਣੀ ਆ ਵਿਚਕਾਰਲੀ , ਇਹ ਫ਼ਰਕ ਸਗੋਂ ਉੱਭਰ ਕੇ ਦੀਹਦਾ । ਦਿਸੇ ਵੀ ਕਿਉਂ ਨਾ ਬਾਊ ਜੀਈ ! ਇਕ ਵੱਖੀ ਖੁਲ੍ਹੀਆਂ-ਮੌਕਲੀਆਂ ਸ਼ਾਨਦਾਰ ਕੋਠੀਆਂ । ਉੱਪਰ –ਹੇਠਾਂ ਨੂੰ ਲੱਟਕਦੇ ਰੰਗ-ਬਰੰਗੇ ਜੰਗਲੇ । ਬਾਲ-ਕੋਨੀਆਂ , ਪਾਣੀ –ਟੈਂਕੀਆਂ ,ਕੋਈ ਖੂਹ ਵਰਗੀ ਗੋਲ, ਕੋਈ ਚਬੱਚੇ ਵਰਗੀ ਚੌਰਸ । ਜਿਨ੍ਹਾਂ ‘ਚ ਭਰਿਆ-ਤੂਸਿਆ ਪਾਣੀ ਰਸੋਈ ਕਮਰਿਆਂ ਤੱਕ ਵੀ ਪਹੁੰਚਦਾ , ਗੁਸਲ-ਕਮਰਿਆਂ ਤੱਕ ਵੀ । ਕੂਲਰਾਂ-ਕਿਆਰੀਆਂ ਤੱਕ ਵੀ ਅੱਪੜਣਾ, ਵਾਸ਼-ਬੇਸਨਾਂ ਤੱਕ ਵੀ । ਏਹ ਸਾਰਾ ਕੁਛ ਏਨਾਂ ‘ਚ ਹੈਗਾ । ਹੋਵੇ ਵੀ ਕਿਉਂ ਨਾ ਬਾਊ ਜੀਈ , ਏਨਾਂ ਘਰਾ ‘ਚ ਰਹਿੰਦੀ ਕੁੱਲ ਵਟਾ ਕੁੱਲ ਜੈਨਟਰੀ ਸੋਝੀਵਾਨ ਐ ,ਹੁਸ਼ਿਆਰ ਐ , ਚੁਸਤ ਐ ਤੇ ਚਲਾਕ ਵੀ । ਆਲੇ-ਦੁਆਲੇ ਦੀ ਪੂਰੀ ਨਈਂ ਤਾਂ ਕਾਫੀ ਸਾਰੀ ਖ਼ਬਰ-ਸੁਰਤ ਹੈਗੀ ਆ ਸੱਭ ਨੂੰ । ਉਂ ਬਾਉ ਜੀਈ ਆਲੇ-ਦੁਆਲੇ ਦੀ ਖ਼ਬਰ-ਸਾਰ ਰੱਖ ਵੀ ਤਾਈਓਂ ਹੁੰਦੀ ਆ , ਜੇ ਹੱਥ ਸੌਖਾ ਹੋਵੇ । ਜ਼ੇਬ ਬਓਤੀ ਭਾਰੀ ਨਾ ਵੀ ਸੈਈ,ਤਰ ਜ਼ਰੂਰ ਹੋਵੇ । ਆਉਂਦੇ ਭਲਕ ਦੀ ਰੋਟੀ-ਟੁੱਕ ਦਾ ਝੋਰਾ ਨਾ ਹੋਵੇ । ਨਈਂ ਤਾਂ ....ਨਈਂ ਤਾਂ ਆਹ ਵੀ ਏਨ੍ਹਾਂ ਦੇ ਭੈਣ-ਭਾਈ, ਤਾਏ –ਚਾਚੇ , ਪਿਤਾ-ਪੁਰਖੋ ਈ ਆ ! ਆਹ ਐਸ ਬੰਨੇ ਆਲੇ ! ਹੈਅ ਕੋਈ ਸੁਰਤ-ਸਾਰ ਏਨ੍ਹਾਂ ਨੂੰ ! ਨਾ ਆਪਣੇ ਆਪ ਦੀ ,ਨਾ ਦੀਨ-ਦੁਨੀਆਂ ਦੀ ।.....ਹੋਵੇ ਵੀ ਕਿੱਦਾਂ ਬਾਊ ਜੀਈ , ਏਨਾਂ ਨੂੰ ਤਾਂ ਰੋਜ਼ੀ-ਰੋਟੀ ਦਾ ਝੋਰਾ ਈ ਸਾਹ ਨਈਂ ਲੈਣ ਦਿੰਦਾ ,ਰਾਤ-ਪੁਰ ਦਿਨੇ ।ਹਰ-ਰੋਜ਼ ਏਹ ਚੜ੍ਹਦੇ ਦਿਨ ਦਾ ਫਿਕਰ ਲੇ ਕੇ ਜਾਗਦੇ ਆ ਤੇ ਰਾਤ ਸਮੇਂ ਬੀਤੇ ਦਿਨ ਦਾ ਮਾਤਮ ਕਰਦੇ ਸਾਉਂਦੇ ਆ । ਏਨਾਂ ਦਾ ਤਾਂ ਡੰਗ-ਬੁੱਤਾ ਵੀ ਐਮੇਂ ਕਿਮੇਂ ਦਾ ਈ ਸਰਦਾ । ..... ਕੋਈ ਡੱਗੀ-ਛਾਬੜੀ ਲਾ ਕੇ ਵਰਤ ਕਟੀ ਕਰਦਾ, ਕੋਈ ਰੇੜ੍ਹੀ-ਰਿਕਸ਼ਾ ਵਾਹ ਕੇ। ਕਿਸੇ ਦਾ ਸਿਗਟਾਂ-ਬੀੜੀਆ ਦੀ ਖੋਖਾ , ਕਿਸੇ ਦਾ ਚਾਹ-ਪਾਣੀ ਦਾ । ਕੋਈ ਰਾਜਗੀਰੀ ਸਿੱਖ ਦੇ ਮਿਸਤਰੀਪੁਣਾ ਕਰਦਾ, ਕੋਈ ਡਰੈਵਰੀ ਸਿੱਖ ਕੇ ਡਰੈਵਰ-ਪੁਣਾ । ਉਸ ਵੀ ਕੋਈ ਵਿਰਲਾ ਈ । ਬਾਕੀ ਸੱਭ ਦਿਹਾੜੀ-ਦੱਪਾ ਰਕਦੇ ਆ ਜਾਂ ਕੁਲੀ-ਗੀਰੀ । .....ਕਮਾਈ-ਕਮੂਈ ਤਾਂ ਜੇੜੀ ਏਨਾਂ ਨੂੰ ਹੈਗੀ , ਦੀਹਦੀ ਈ ਸੱਭ ਨੂੰ । ਊਂ ਏਹ ਭਲੇਮਾਣਸ ਦੇਖਣ ਆਲੇ ਹੁੰਦੇ ਆ , ਤਕਾਲਾਂ ਜੇਈਆਂ ਨੂੰ ਬੜ੍ਹਕਾਂ ਮਾਰਦੇ । ਜੇਬ ‘ਚ ਕੋਈ ਧੇਲਾ ਬਚੇ ਨਾ ਬਚੇ , ਪੀਤੀ ਜ਼ਰੂਰ ਹੁੰਦੀ ਆ ਹਰ ਇਕ ਨੇ ।ਫੇਰ ਅੰਦਰ ਗਈ ਪਰਚੀ ਨਈਂ ਓਨਾ ਚਿਰ , ਜਿੰਨਾਂ ਚਿਰ  ਡਾਂਗ ਸੋਟਾ ਨ ਹੋ ਲੈਣ , ਰਾਹ-ਖੜਿੜੇ ‘ਚ ਈ ਕਿਸੇ ਨਾਲ , ਜਾਂ ਆਪੋ ਵਿਚ ਦੀ । ਚਾਰੇ ਸਿਰੇ ਜੇ ਹੋਰ ਕੋਈ ਜੁਗਾੜ ਨਾ ਈ ਬਣੇ , ਤਾਂ ਘਰ ਦੇ ਬਾਲ-ਬੱਚੇ ,ਬੁੱਢੇ-ਬੁੱਢੀਆਂ ‘ਚੋਂ ਕਿਸੇ ਨਾ ਕਿਸੇ ਦੀ ਸ਼ਾਮਤ ਆਈ ਹੁੰਦੀ ਆ । .....ਪਤਾ ਨਈਂ ਕੀਈ ਫਿਟਕ ਪੈ ਗਈ ਆ ਬਾਊ ਜੀਈ ਉੱਪਰਲਿਆਂ ਦੀ ਰੀਸੇ , ਸੌਂਹ ਖਾਣ ਨੂੰ ਇਕ ਵੀ ਬੰਦਾ ਕੰਮ ਆ ਨਈਂ ਲੱਭਦਾ, ਸੁਆਦ ਦੀ ਗੱਲ ਕਰਨ ਨੂੰ ! ਜੇ ਕਿਸੇ ਨਾ ਧੱਕ-ਬਲੱਕਾ ਕਰੋ ਈ ਕਰੋ , ਤਾਂ ਅਗਲਾ ਉੱਖੜੀ-ਕੁਹਾੜੀ ਆਂਗ ਉੱਲਰ  ਕੇ ਪੈਂਦਾ ਅੱਗੋਂ- ਜਾਹ ਓਏ ਜਾਹ , ਵੱਡਿਆ ਲੀਡਰਾ ! ਤੈਤੋ ਮੰਗ ਕੇ ਪੀਤੀ ਆ ? ਪੱਲਾ ਖ਼ਰਚਿਆ ਪੱਲਾ ! .....ਤੂੰ ਕੀ ਲੈਣਾ , ਫੁਣਕਣਾਂ ! .....ਦੱਸੋ ਫੇਏ ਕੀ ਕਰੇ ਬੰਦਾ , ਐਹੋ ਜੇਹੇ ਨੂੰ ! ਚਲੋ ਏਹ ਗੱਲ ਤਾਂ ਹੋਈ ਸੋ ਹੋਈ , ਇਕ ਗੱਲ ਹੋਰ ਵੀ ਆ ਬਾਊ ਜੀ , ਜ਼ਰੂਰੀ ਤੇ ਵਿਚਰਨਯੋਗ । -ਆਪਣਾ ਜੱਦੀ-ਪੁਸ਼ਤੀ ਕਾਰ-ਕਿੱਤਾ ਏਹ ਸਾਰੋਈ ਛੱਡ ਗਏ , ਐਥੋ ਆ ਕੇ । ਸਿਵਾ ਕਾਰੂੰ ਹੋਣਾਂ ਦੇ ਟੱਬਰ ਦੇਏ ।.....ਓਹੀ ਜਿਨ੍ਹਾਂ ਦੀ ਜੋੜੇ-ਜੁੱਤੀਆਂ ਦੀ ਦੁਕਾਨ ਆ ਵੱਡੀ ਸਾਰੀ । ਅੱਡਾ ਲੰਘ ਕੇ, ਬੈਂਕ ਆਲੇ ਪਾਸੇ ਨੂੰ , ਖੂਹੀ ਆਲੇ ਮੋੜ ਤੇ । .....ਹੁੰਦੇ ਆ ਨਾ ਤਿਨ ਜਣੇ ਇਕੋ ਥਾਂ ਬੈਠੇ । ਉਹ ਭਰਾ ਈ ਤਿੰਨੋਂ । ਬੁੜਾ ਵੀ ਹੈਗਾ ਅਜੇ ਉਨ੍ਹਾਂ ਦਾ, ਦੁਨੀਆਂ । ਉਨ੍ਹੇ ਮਾਈ ਦੇ ਲਾਲ ਨੇ ਵੀ ਰੰਬੀ –ਪੱਥਰੀ ਅਜੇ ਤੱਕ ਨਈਂ ਛੱਡੀ । ਅਜੇ ਸਭਿਆਰ ਨੂੰ ਅੱਧਾ ਉਹ ਐਸ ਬੰਨ੍ਹੇ ਆਂ, ਅੱਧਾ ਅਗਲੇ ਬੰਨੇ । ਨਾਂਹ ਉਦ੍ਹੀਆਂ ਅੱਖਾਂ ਕੰਮ ਕਰਦੀਆਂ , ਨਾ ਹੱਡ ਗੋਡੇ । ਅੰਗ-ਪੈਰ ਸਾਰੇ ਈ ਜੁੜੇ ਪਏ ਆਂ , ਬੈਠ ਬੈਠ ਕੇ । ਪਰ, ਓਸ ਪਿਉ ਦੇ ਪੁੱਤ ਨੇ, ਫੇਰ ਵੀ ਕਦੀ ਅੱਡਾ ਸੁੰਨਾ ਨਈਂ ਛੱਡਿਆ ! ਉਹ ਆਂਹਦਾ ਹੁੰਦਾ –“ਜੇਸ ਰੰਬੀ-ਪੱਥਰ ਨੇ ਆਹ ਪਿੰਡ ਵਸਦਾ ਕੀਤਾ , ਆਹ ਸਾਰਾ ਕੁਨਬਾ ਐਸ ਥਾਂ ਲਿਆਂਦਾ , ਹੱਡਾ-ਰੋੜੀਆਂ ‘ਚ ਕੱਢ ਕੇ, ਉਹ ਏਨੂੰ ਛੱਡ ਜਾਣ, ਸੋ ਵਾਰੀ ਛੱਡ ਜਾਣ ! ਮੈਂ ਤਾਂ ਨਈਂ ਛੱਡਦਾ ਜੀਂਏ ਜੀਅ........।” ਉਹ ਬੜਾ ਠੋਕ-ਵਜਾ ਕੇ ਕਹਿੰਦਾ ਹੁੰਦਾ ਬਾਊ ਜੀਈ – “ਸ਼ੈਰ੍ਹੀ ਥਾਈਂ ਅੱਪੜ ਕੇ ਤਾਂ ਸਾਡੀ ਜਾਤ ਦੋ ਡੰਡੇ ਉੱਚੀ ਹੋ ਗਈ , ਉੱਚੀ !..... ਹੁਣ ਅਸੀ ਨਾ ਮਰੇ ਡੰਗਰ ਚੁੱਕੀਏ , ਨਾ ਗਲੀਆਂ-ਨਾਲੀਆਂ ਸਾਫ਼ ਕਰੀਏ । ” ਸਾਨੂੰ ਤਾਂ ਪਾਤਅ ਈ ਨਈਂ ਲੱਗਾ ਐਨਾ ਚਿਰ – ਏ । ਕੰਮ ਸਾਡਾ ਨਸੀਂ , ਸਾਥੋਂ ਹੇਠਲੀਆਂ ਜਾਤਾਂ ਦਾ ਆ – ਚੂੜਿਆ, ਚੱਪੜਿਆਂ ਦਾ  । ਥਬੇਰਾ ਚਿਰ ਕਰ ਲਿਆ ਅਨਭੋਲਪੁਣੇ ‘ਚ । ....ਹੁਣ ਕਿਉਂ ਕਰੀਏ ..? ਤੇ ਜੜ੍ਹਾ ਕੰਮ ਸਾਰਾ , ਉਹ ਅਸੀਂ ਛੱਡੀਏ ਕਿਉਂ ? ਗੁਰੂ ਮ੍ਹਾਂਰਾਜ ਨੇ ਸਾਰੀ ਉਮਰ ਕੀਤਾ , ਰਵਿਦਾਸ ਮ੍ਹਾਰਾਂਜ਼ ਨੇ ।“....ਲੋਕ ਤਾਂ ਬਾਊ ਜੀ ,ਏਹ ਵੀ ਕਹਿੰਦੇ ਸੁਣੀਦੇ ਆ, ਪਈ  ਉਨੂੰ ਜੇੜ੍ਹੀ ਪੌਣ ਆਉਦੀ ਆ ਨਾ ਵੀਰਵਾਰ ਦੇ ਵੀਰਵਾਰ – ਉਹ ਵੀ ਰਵਿਦਾਸ ਮ੍ਹਾਂਰਾਜ ਦੀਓ ਆ .....। ਉਂਝ ਆਪਣੇ ਮੂੰਹੋਂ ਤਾਂ ਉਹਨੇ ਦੱਸੀ ਕਦੇ ਨਈਂ ।ਪਰ , ਵੀਰਵਾਰ ਦੇ ਵੀਰਵਾਰ ਜਦ ਚੌਂਕੀ ਲਗਦ ਆ ਉਦ੍ਹੀ ਤਾਂ ਰਵਿਦਾਸ ਮਾਹਰਾਜ ਦੀਆਂ ਫੋਟੋਆਂ ਉਦੇ ਅੱਗੇ-ਪਿੱਛੇ ਵੀ ਹੁੰਦੀਆਂ , ਸੱਜੇ-ਖੁੱਦੇ ਵੀ । ਉਂ ਬਾਉ ਜੀਈ ਉਨ੍ਹੀ ਦਿਨੀਂ ਦੇਖਣ ਆਲਾ ਹੁੰਦਾ  ਉਦ੍ਹਾ ਜਲ-ਜਲੋ ।......ਕਿਤੇ ਬੁੜ੍ਹਾ ਮਘ੍ਹਦਾ । ਕਿਤੇ ਫੂੰਕਾਰੇ ਮਾਰਦਾ !! ਕਿਤੇ ਗੱਜਦਾ ਬੁੜ੍ਹਕਦਾ !!!ਪਤਆ ਨਈ ਤਾਂ ਬਾਊ ਜੀ ਲਾਗੜ ਹੋ ਗਈਆਂ ਉਹ ,  ਜਾਂ ਹੋਰ ਕੋਈ ਗੱਲ ਆ ਵਿਚੋਂ । ....ਉਹ ਮਾਈ ਅੱਤੋ ਆ ਨਾ ਅੱਤੇ , ਨੀਮੀਂ ਗਲੀ ਆਲੀ , ੳਹੀ ਜੇਦ੍ਹਾ ਵੱਡਾ ਮੁੰਡਾ ਐਮ.ਸੀ. ਆ ਐਸ ਵਾਰਡ ਦਾ, ਉਹਦੇ ਤਾਂ ਧਰਮ ਨ ਡਰ-ਭਓ ਕਿਧਰੇ ਲਾਗਿਓ ਨਈਂ ਲੰਘਦਾ । ਡੋਲੀ ਖੇਲ੍ਹਦੀਆਂ ਤੀਮੀਆਂ ਨੂੰ ਐਉਂ ਜੁੜ ਲੈਂਦੀ ਆ ਝਾਟਿਓਂ ਫੜ ਕੇ, ਜਿਉਂ ਬੱਕਰੀ ਕਾਬੂ ਕਰੀਬੀ ਆ ,ਸਿੰਗਾਂ ਨੁੰ ਖੂੰਡ-ਗਲਾਮਾਂ ਦੇ ਕੇ । ਬਾਕੀ ਦਿਨਾਂ ‘ਚ ਉਹ ਖ਼ਟਾਰਾ ਜਿਆ ਕਿਧਰੇ ਕੰਨ ‘ਚ ਪਾਇਆ ਨਈਂ ਰੜਕਡਾ , ਪਰ ਵੀਰਵਾਰੀਂ ਉਦ੍ਹੀ ਕਿਤੇ ਅੱਡੀਂ ਭੁੰਜੇ ਨਈਂ ਲਗਦੀ । ....ਸਵੇਰੇ ਸੁੱਚੇ ਮੂੰਹ ਉਸ ਸਾਰਾ ਪਿੰਡ ਗਾਹ ਮਾਰੂ , ਘਰ ਘਰ ਜਾ ਕੇ ਹੋਕਾ ਦਿਊ – “ ਅੱਜ ਬਾਬੇ ਦੁਨੀਆ ਦਾਸ ਦੀ ਚੌਂਕੀ ਆ ਚੌਂਕੀ ....ਟੈਮ ਨਾ ਗੋਹਾ-ਕੂੜਾ ਕਰਕੇ  ਪੁਜਿਓ ਕੁੜੈ , ਬਾਬੇ ਦੀ ਕੁਟੀਆ । ਜੋੜੀ ਪਹਿਲਾਂ ਉੱਪੜੂ , ਉਦ੍ਹਾ ਨੰਬਰ ਪਹਿਲਾਂ  ਲੱਗੂ ....ਫੇਅਰ ਨਾ ਉਲ੍ਹਾਮਾਂ ਦੇਇਓ ਬੇਬੇ ਨੂੰ- ਮੈਂ ਰਹਿ ਗਈ , ਮੈਂ ਪੱਛੜ ਗਈ , ਹਾਂਆਂ ....।

ਲਓ ਬਾਊ ਜੀ ,ਤੁਸੀ ਝੂਠ ਮੰਨੋ ਜਾਂ ਸੱਚ , ਮੈਂ ਜਦ ਦਾ ਏਥੋ ਆਇਆਂ ਨਾ ਪਿੰਡੋ , ਮੇਰੇ ਤਾਂ ਕਪਾਟ ਈ ਖੁੱਲ ਗਏ ਆ, ਸੱਚ-ਝੂਠ ਨਿੱਤਰਦਾ ਦੇਖਦੇ ।.....ਉਹੀ ਮਾਈ ਅੱਤੋ , ਭਰੀ ਚੌਂਕੀ ‘ਚ ਵੀਰਵਾਰ ਦੇ ਵੀਰਵਾਰ ਜੇਹਦੀ ਪੁੱਛ ਸੱਭ ਤੋਂ ਪਹਿਲਾਂ ਕੱਢਦੀ ਆ, ਆਉਂਦੀ ਛਿਮਾਹੀ-ਤਿਮਾਹੀ ‘ਚ ਉਹਦੇ ਵਾਰੇ-ਨਿਆਰੇ ਹੋਈ ਤੁਰੇ ਜਾਂਦੇ ਆ – ਕਿਸੇ ਦਾ ਵਿਆਹ-ਸ਼ਾਦੀ ਕਿਸੇ ਨੂੰ ਨੌਕਰੀ-ਤਰੱਕੀ , ਕਿਸੇ ਦੇ ਪੁੱਤ-ਪੋਤਰਾ , ਕਿਸੇ ਨੂੰ ਨਫਾ –ਫੈਦਾ । ਸਾਲ ਖੰਡ ‘ਚ ਅਗਲਾ ਕਿਤੇ ਦਾ ਕਿਤੇ ਜਾ ਨਿਕਲਦਾ । ਨਾਲ ਈ ਸੜਕੋਂ ਪਾਰਲੀ ਬਸਤੀ ‘ਚ ਕੋਠੀ ਪੈ ਜਾਂਦੀ ਆ । .....ਦੀਸ਼ਾ ਆ , ਸੇਮਾਂ ਆਂ , ਲੋਚਨ ਆ , ਰਾਜੂ ਆ , ਭੱਗਾ, ਦੇਬੂ , ਅੰਬੂ , ਖੁਸ਼ੀਆ – ਕੀ ਹੁੰਦੇ ਸੀ ਪਹਿਲਾਂ , ਨਲੀ-ਚੋਚੋ ਜੇਏ ! ਪਏ ਹਰਲ-ਹਰਲ ਕਰਦੇ ਸੀ ਐਸੇ ਪਿੰਡ ਦੇ ਧੂੜ-ਘੱਟੇ ‘ਚ  । ਹੁਣ ਦੇਖ ਲਓ ਕਿੱਡੀ ਟੋਰ ‘ਚ ਘੁੰਮਦੇ ਆ ਸਾਰੇ ਈ । ....ਕੋਈ ਮਾਸਟਰੀ-ਹੈਡਮਾਸਟਰੀ ਕਰਦਾ , ਕੋਈ ਬੈਂਕ ਕਲਰਕੀ-ਅਫ਼ਸਰੀ । ਕੋਈ ਕਿਸੇ ਖ਼ਰੇ ਮਹਿਕਮੇ ‘ਚ ਡਟਿਆ ਪਿਆ , ਕੋਈ ਕਿਸੇ ਖ਼ਰੀ ਸੀਟ ਤੇ । ਅੱਗੋਂ ਘਰਾਂ ਵਾਲੀਆਂ ਵੀ ਉਹੋ ਜੇਈਆਂ ਕੁੱਟ ਲਈਆਂ , ਨੌਕਰੀ ਪੇਸ਼ਾਂ । ਉਹ ਕੱਮੀ-ਕਾਰੀਂ ਜਾਣ , ਨਾ ਜਾਣ , ਤਲਬਾਂ ਤਰਨੀਆਂ ਈ ਤਰਨੀਆਂ ਦੋਨਾਂ ਪਾਸਿਓਂ । ਹੁਣ ਨਾ ਉਨ੍ਹਾਂ ਨੂੰ ਦਿਹਾੜੀ-ਦੱਪੇ ਦਾ ਫਿਕਰ ਆ , ਨਾ ਸਵਾਰੀ –ਗ੍ਰਾਹਕ ਦਾਅ। ਜਿੱਦਾਂ ਦਾ ਏਨ੍ਹਾਂ ਦੇ ਭੈਣਾਂ-ਭਰਾਮਾਂ ਨੂੰ ਆਂ, ਐਧਰਲਿਆ ਨੂੰ ! ...ਉਨ੍ਹਾਂ ਦਾ ਮੇਲ-ਮਿਲਾਪ ਵੀ ਬਾਊ ਜੀ , ਹੁਣ ਅਪਣੇ ਪਿਤਾ-ਪੁਰਖਿਆਂ ਨਾਲ ਓਪਨ ਨਈਂ ਰਿਹਾ । ਓਪਨ ਤੋਂ ਮੇਰਾ ਮਤਲਬ ਕਿ ,ਮਾਂ-ਪਿਓ , ਤਾਏ-ਚਾਚੇ , ਭੈਣ-ਭਰਾ ਨੂੰ ਮਿਲਣ –ਗਿਲਣ ਲਈ ਰਾਤ ਦੀ ਉਡੀਕ ਕਰਨੀ ਪੈਂਦੀ ਏਨ੍ਹਾਂ ਨੂੰ । ਪਤਾ ਕਿਉਂ ? ਉਹ ਇਸ ਲਈ ਕਿ ਲੌਢੇ ਵੇਲੇ ਤੱਕ ਤਾਂ ਏਹ ਲੋਕੀਂ ਊਈਂ ਘਰੀਂ ਨਹੀਂ ਹੁੰਦੇ । ਕੋਈ ਸਕੂਲੀਂ ਗਿਆ ਹੁੰਦਾ, ਕੋਈ ਕਫ਼ਤਰੋਂ । ਪਰ, ਖੜੇ ਦਿਨ ਵੀ ਇਹ ਅਪਣੇ ਜੰਦੀ-ਪੁਸ਼ਤੀ ਘਰਾਂ ਵੱਲ ਮੂਹ ਨਈਂ ਕਰਦੇ । ਓਸਲੇ ਪਤਾ ਕਿੱਥੇ ਹੁੰਦੇ ਆ ਏਹ ? ਮੈਂ ਦੱਸਦਾਂ ਬਾਊ ਜੀਈ , ਕਿੱਥ ਹੁੰਦੇ ਆ ਓਸਲੇ । ਇਹ ਜਾਂ ਤਾ ਬੂਹੇ-ਕੁੰਡੇ ਲਾ ਕੇ ਅੰਦਰੀਂ ਡਿੳਗੇ ਹੁੰਦੇ ਆ ਸੋਫਿਆਂ-ਗੱਦਿਆ ਤੇ ਫੜੀਆਂ-ਫਿਲਮਾਂ ਦੇਖਦੇ ਜਾਂ ਕਿਧਰੇ ਅਪਣੇ ਸਵਰਨ ਜਾਤੀ ਸੀਨੀਅਰ-ਯੂਨੀਅਰ ਸਟਾਫ਼ ਮੈਂਬਰਾਂ ਨਾ ਗੱਪ-ਛੱਪ ਮਾਰਦੇ ਹੁੰਦੇ ਆ , ਉਨ੍ਹਾਂ ਦੇ ਘਰੀ-ਬੰਗਾਲੀਂ । ਨਾਲ ਹੁੰਦੀਆਂ ਏਨਾਂ ਦੀਆਂ ਤੀਮੀਆਂ-ਰਾਣੀਆਂ, ਪਟਰਾਣੀਆਂ । ਨਾਲ ਹੁੰਦਾ ਆ ਬਾਲ-ਬੱਚਾ , ਗੁੰਡੇ-ਗੁੱਡੀਆਂ ਵਰਗਾ , ਚਾਬੀਦਾਰ ਖਡੌਣਿਆਂ ਵਰਗਾ । ਇਹ ਬਾਲ-ਬੱਚਾ, ਧਰਮਪੁਰੀ ਬੱਚਾ-ਪਾਰਟੀ ਨਾਲ ਊਈਂ ਨਈਂ ਰਚਦਾ-ਮਿਚਦਾ । ਰਚੇ ਮਿਚੇ ਵੀ ਕਿੱਦਾਂ ਬਾਊ ਜੀਈ – ਇਕ ਪਾਸੇ ਫੈਸ਼ਨਦਾਰ ਜੀਨਾਂ-ਫਰਾਕਾਂ , ਦੂਜੇ ਪਾਸੇ ਟੁੱਟੇ-ਖੁੱਸੇ ਝੱਗੇ –ਪਜਾਮੇਂ । ਉਹ ਵੀ ਕਿਸੇ ਕਿਸੇ ਕੋਲ । ਬਾਕੀ ਦੀ ਸੱਭ ਨੰਗ-ਥੜੰਗ,ਮੈਲ੍ਹ-ਮਿੱਟੀ ‘ਚ ਲੱਥ-ਪੱਥ । ਹੈਅ ਕੋਈ ਮੇਲ ਦੋਨਾਂ ਪਾਸਿਆਂ ‘ਚ ? ਨਈਂ ਹੈ ਨਾ ? ਏਹੀ ਹਾਲ ਏਨਾਂ ਦੇ ਨਾਮਾਂ-ਥਾਮਾਂ  ਦਾਆ । ਉਹ ਦੀਸ਼ਾ ਆ ਨਾ ਦੀਸ਼ਾ , ਵਿੰਗੜ ਜਿਹਾ – ਅੱਤੋ ਮਾਂਈ ਦਾ ਵਿਚਕਾਰਲਾ ਮੁੰਡਾ, ਉਹਦਾ ਓਧਰਲਾ ਨਾ ਪੜਾਅ ਕੀ ਆ ? ਉਹਦਾ ਨਾਂ ਆ – ਡੀ.ਐਲ.ਭੱਟੀ । ਏਹੋ ਹਾਲ ਦੁਨੀਏ ਦੇ ਸੇਮੋਂ ਦਾ । ਉਹਦਾ ਨਾਂ ਆ – ਐਸ.ਐਲ.ਭਾਰਦਵਾਜ । ਏਦਾਂ ਦੀ ਲੋਚਨ ਆਂ – ਐਲ.ਕੇ.ਬਖਸ਼ੀ । ਏਦਾਂ ਈ ਰਾਜੂ ਆ – ਆਰ.ਕੇ. ਲੱਧੜ । ਰਿਹਾ ਕੋਈ ਫ਼ਰਕ ਤੁਆਡੇ ਨਾਲੋਂ , ਤੁਆਡੇ ਬਾਲ-ਬੱਚੇ ਨਾਲੋਂ ? ਨਈਂ ਰਿਹਾ ਨਾ । ਲਓ ਆਹੀ ਗੱਲ ਆ ਜੇੜ੍ਹੀ ਵੇਹੜੇ ਨੂੰ ਵੇਹੜੇ  ਨਾਲੋਂ ਕੋਹਾਂ ਦੂਰ ਕਰੀ ਬੈਠੀ ਆ । ਮੈਨੂੰ ਤਾਂ ਐ ਲਗਦਾ ਬਾਊ ਜੀਈ ਓਸ ਵੇਹੜੇ ਦਾ ਐਸ ਵੇਹੜੇ ਨਾ ਲੱਗ ਲਗਾਓ ਰਹਿਣਾ ਈ ਕੋਈ ਨਈਂ ਐਸ ਸਾਬ੍ਹ ਨਾ । ਅੱਵਲ ਤਾਂ ਉਹ ਅਪਣੇ ਪਿਤਾ-ਪੁਰਪਿਆਂ , ਤਾਇਆਂ-ਚਾਚਿਆਂ , ਭੈਣਾਂ-ਭਰਾਮਾਂ ਨੂੰ ਅਪਣੇ ਦਰੀਂ-ਘਰੀਂ ਖੁਲ੍ਹੇ-ਆਮ ਸੱਦਦੇ ਈ ਨਹੀਂ ,ਜੇ ਕਿਤੇ ਅਣਸਰਦੇ ਨੂੰ , ਕਿਸੇ ਕਾਰ-ਵਿਹਾਰ ਤੇ ਕਰਨਾ ਈ ਪਏ ਕੋਈ ਹੇਠਾ-ਉੱਤਾ ਤਾਂ ਏਨਾਂ ਦੇ ਪਿਤਾ-ਪੁਰਖਿਆਂ ਦੀ ਹਾਲਤ ਲਾਗੀਆਂ ਨਾਲੋਂ ਵੀ ਮਾੜੀ ਹੁੰਦੀ ਆ । ਕੋਈ ਵਿਚਾਰਾ ਭਾਂਡਾ-ਠੀਕਰ ਸਾਂਭਦਾ ਹੁੰਦਾ , ਕੋੲ. ਮੰਜੇ-ਬਿਸਤਰੇ । ਕੋਈ ਕਿਸੇ ਕੋਠੇ-ਬਨੇਰੇ ਬੜ੍ਹਿਆ ਬੈਠਾ ਵਕਤ ਕੱਟੀ ਕਰ ਰਿਹਾ ਹੁੰਦਾ , ਕੋਹੀ ਕਿਸੇ ਖੂੰਜੇ ਘੁਰਨੇ।  ਤੇ ਏਹ ਅਪਣੀ ਪੱਧਰ, ਅਪਣੀ ਕਿਸਮ ਦੇ ਆਇਆ-ਗਿਆਂ ਨਾਂ ਬੈਠਕਾਂ-ਬਰਾਂਡਿਆਂ ‘ਚ ਵੱਖਰੇ-ਵੱਖਰੇ ਜ਼ੀਜ਼ੀਰੇ ਬਣਾਈ ਗੱਲਾਂ-ਗੜੱਪਾਂ ‘ਚ ਮਘ੍ਹਨ ਹੁੰਦੇ ਆ ....। ਹੈ ਕਿ ਨਈਂ ਅਚੰਭੇ ਆਲੀ ਗੱਲ – ਸ਼ਾਨਦਾਰ ਭਾਰਤ ਦਾ ‘ਸ਼ਾਨਦਾਰ’ ਅਜੂਬਾ.....! ‘

ਨੀਵੀਂ ਪਾਈ ਤੁਰਿਆ ਸੂਤਰਧਾਰ , ਲਗਾਤਾਰ ਬੋਲੀ ਗਿਆ.....ਬੋਲੀ ਗਿਆ । ਤੁਰਦਾ-ਬੋਲਦਾ , ਉਹ ਅਗਲੇ ਚੌਂਕ ਤੱਕ ਅੱਪੜ ਗਿਆ.....ਗੋਲ ਥੜੀ ਵਾਲੇ ਵੱਡੇ ਚੌਂਕ ‘ਚ । ਜਿਹੜਾ ਨਵੀਂ ਬਸਤੀ ਦੇ ਨਕਸ਼ੇ ਲਈ ਅੰਬੇਦਕਰ ਚੌੱਕ ਸੀ ਤੇ ਪੁਰਾਣੇ ਧਰਮਪੁਰ ਲਹ. , ਗਾਂਧੀ ਚੌਂਕ ।

“....ਲਓ ਆਹ ਵੀ ਦੇਖ ਲਓ .....ਆਹ ਥੜੀ ਖ਼ਬਨੀ ਕਿੰਨੀ ਵਾਰ ਬਣੀ ਆਂ, ਕਿੰਨੀ ਵਾਰ ਢਿੱਠੀ ! ਹੈਅ ਹੋਈ ਸਾਬ੍ਹ ? ...ਹੁਣ ਤਾਂ ਏਸ ਥਾਂ ਹੋਏ ਉਦਘਾਟਨੀ ਜਸਲਿਆਂ ਦੀ ਗਿਣਤੀ ਵੀ ਚੇਤੇ ਨਈਂ । ....ਮੈਨੂੰ ਤਾਂ ਐਂ ਲਗਦਾ ਬਾਊ ਜੀਈ , ਏਥੇ ਹੋਰ ਕਿਸੇ ਨੇਤਾ ਦੀ ਪੁੜੀ ਨਈਂ ਖੁਲ੍ਹਣੀ । ਉਹ ਸਾਰੇ ਈ ਖੱਟੇ-ਬਾਸੇ ਹੋ ਗਏ ਆ,ਘਸ-ਪਿੱਟ ਕੇ । ...ਮੈਨੂੰ ਤਾਂ ਪੱਕਾ ਯਕੀਨ ਆਂ ਬਾਊ ਜੀ ,ਏਥੇ ਜਦ ਵੀ ਲੱਗੂ ਤੁਹਾਡਾ ਈ ਬੁੱਤ ਲੱਗੂ ਜਾਂ.....ਜਾਂ ਫਿਰ ਮੇ...ਮੇ....ਮੇ.....ਰਾ । ”

....ਉਸ ਨੂੰ ਲੱਗਾ ਕਿ ....ਕਿ ਉਸ ਦੇ ਨਾਲ ਨਾਲ ਤੁਰਦੇ ਆਏ ਬਾਊ ਜੀ , ਬੜਾ ਜ਼ੋਰਦਾਰ ਠਹਾਕਾ ਮਾਰਕੇ ਹੱਸੇ ਹਨ ,ਪੂਰਾ ਖਿੜ-ਖੜਾ ਕੇ ।

ਝੱਟ ਉਸ ਨੇ ਠਠੰਬਰ ਕੇ ਬਾਊ ਜੀ ਵਲੋਂ ਉੱਠੇ ਹਾਸੇ ਵੱਲਾ ਨਿਗਾਹ ਘੁਮਾਈ ਤਾਂ ਹੋਰ ਵੀ ਬੌਂਦਲ ਗਿਆ – ਨਾ ਉੱਥੇ ਬਾਊ ਜੀ ,ਨਾ ਬਾਊ ਜੀ ਦਾ ਜਿੰਨ-ਭੂਤ । ਜਗਦੀ-ਬੁਝਦੀ ਮਰਕਰੀ  ਬੱਤੀ ਵਾਲੇ  ਉੱਚੇ ਖੰਭੇ ਲਗੇ ਤਾ ਉਹ ਕੱਲਾ ਈ ਖੜਾ ਸੀ ਇਕਦੰਮ ਇਕੱਲਾ ।

ਪਲ ਦੀ ਪਲ , ਜਿਵੇਂ ਉਸਦੀ ਸਾਰੀ ਸੁਰਤੀ ਕਿਧਰੇ ਗੁੰਮ-ਗੁਆਚ ਗਈ ਹੋਵੇ .....।

ਉਸ ਨੂੰ ਰਤਾ-ਮਾਸਾ ਸਮਝ ਨਾ ਲੱਗੀ ਕਿ ਉਸ ਦੇ ਨਾਲ ਨਾਲ ਤੁਰਦੇ ਆਏ ਬਾਊ ਜੀ , ਬਾਊ ਜੀ ਸਨ ਕਿ ਛਲਾਵਾ !!

ਉਨ੍ਹੀਂ ਪੈਰੀਂ ਮੁੜਿਆ , ਉਹ ਅਪਣੇ ਕਮਰੇ ਦੀ ਟਿਕਵੀਂ ਮੱਧਮ ਰੌਸ਼ਨੀ ਦੀ ਜਾਣੀ-ਪਛਾਣੀ ਜੂਹ ਅੰਦਰ ਆ ਡਿਗਿਆ – ਨਾ ਖੁਸ਼ ,ਨਾ ਪ੍ਰਸੰਨ , ਨਾ ਉਦਾਸ , ਨਾ ਮਾਯੂਸ .....।

X                      X                      X                      X

“....ਵੇ ਕਰਮਿਆਂ ....ਵੇ ਕਰਮਿਆਂ ਵੇਏ ....ਦੇ , ਵੇ ਮਰੀ ਪੈਣਿਆਂ ਅੰਦਰ ‘ਕੀ ਕਰਦਆ ਐਸਲੇ ਤਾਈਂ ...?” ਬੁੱਢੀ ਮਾਈ ਅੱਤੋ ਸਵੇਰ ਸਾਰ ਕਰਮੇਂ ਦੇ ਘਰ ਮੂਹਰੇ ਆ ਧਮਕੀ ।ਉੱਪਰੋ-ਥਲੀ ਤਿੰਨ-ਚਾਰ ਆਵਾਜ਼ਾਂ ਮਾਰਦਿਆਂ , ਉਸਨੇ ਗਲੀ ਵੱਲ ਨੂੰ ਖੁਲ੍ਹਦੇ ‘ਬੈਠਕ ਦੇ ਦਰਵਾਜ਼ੇ ਦੇ ਹੱਥਲੀ ਸੋਟੀ ਜ਼ੋਰ ਦੀ ਮਾਰ  ਖੜਕਾਈ ।

ਸੁੱਤ-ਉਣੀਂਦਰੇ ਕਰਮੇਂ ਨੇ ਝੱਟ ਉੱਠ ਕੇ ਦਰਵਾਜੈ ਦੀ ਕੁੰਡੀ ਲਾਹੀ – “ਆ ਜਾ  ਮਾਸੀ , ਲੰਘ ਆ ਅੰਦਰ ....।”

“ਵੇ ਹੂੰ ਹਜੇ ਸੁੱਤਾ ਦੀ ਪਿਆਂ ...ਗਰਕ ਜਾਣਿਆਂ ਤੇਰੀ ਹਜੇ  ਜਾਗ ਈ ‘ਨਈਂ ਖੁੱਲੀ ! ਉਹ ਤੇਰੇ ਕੁਲਗਦੇ ਕਸਤੂਰੀ ਹੋਣੀ ਗੇੜਾ ਵੀ ਮਾਰ ਗਏ ਆ ਘਰੋ-ਘਰੀ । ...ਅੱਜ ਤਾਂ ਖ਼ਸਮਾਂ ਖਾਣੇ ਰੰਨਾ ਵੀ ਨਾਲ ਈ ਖਿੱਚੀ ਫਿਰਦੇ ਸੀ,ਬਣਾ-ਸੁਆਰ ਕੇਏ ....।”

’ਚਲ ਚੰਗਾ ਹੋਇਆ ਏਸੇ ਬਹਾਨੇ ਸ਼ਾਹਣੀਆਂ ਪਿੰਡ ਦੇਖ ਗਈਆਂ ਸਾਡਾ....” ਅੱਖਾਂ ਮਲ਼ਦਾ ਕਰਮਾ ਅੱਤੋ ਮਾਈ ਲਈ ਕੁਰਸੀ ਖਿੱਚ ਕੇ ਆਪ ਫਿਰ ਮੰਜੀ ਤੇ ਬੈਠ ਗਿਆ – “ਤੂੰ...ਤੂੰ ਦੱਸ ਕਿੱਦਾਂ ਚਰਨ ਪਾਏ ਆ ਸਵੇਰੇ ਸਵੇਰੇ ....?”

“ਵੇ ਟੁੱਟ ਪੈਣਿਆਂ , ਤੈਨੂੰ ਨਈਂ ਪੜਾਅ ਵੇ ਮੇਂ ਕਿੱਦਾਂ ਆਈ ਆਂ......। ਵੇ ਉੱਪਰੋਂ ਦਿਨ ਕੇਹੜੇ ਰਹਿ ਗਏ ਆ ਵਿਚਾਲੇ – ਇਕ ਅੱਜ ਦਾ, ਇਕ  ਇਸ ਤੋਂ ਅਗਲਾ ਵੀਰਵਾਰ , ਆਹੀ ਆ ਬੱਸ ।...... ਤੂੰ ਮੇਰਾ ਪੁੱਤ ਉੱਠ ਤੇ ਹੱਥ-ਮੂੰਹ ਧੋ ਕੇ ਤਿਆਰ ਹੋ । ਜਗੀਰ ਨੂੰ ਨਾਲ ਲੈਅ ਤੇ ਜਾਹਾ ਉਨ੍ਹਾ ਅਲ । ਘਰੇ ਈ ਹੋਣੇ ਆ ਸਾਰੇ ।.....ਜਗੀਰ ਕੈਂਦਾ ਸੀ ਛੁੱਟੀ ਆ ਅੱਜ ਦੀਈ ..ਭਲਾ ਕਾਹਦੀ ਛੁੱਟੀ ਆ....? ”

“ਗਾਂਧੀ ਜੈਨਤੀ ਦੀ , ਦੋ ਅਕਤੂਬਰ ਆ ਅੱਜ। ਤੈਨੂੰ .....ਤੈਨੂੰ ਨਈਂ ਇਲਮ । ਐਨਾ ਚਿਰ ਹੋ ਗਿਆ , ਤੈਨੂੰ ਚੱਲੀ ਨੂੰ ਉਨ੍ਹਾਂ ਨਾਲ ,ਬਾਪੂ ਹੁਣਾਂ ਨਾਲ , ਬਾਊ ਹੁਣਾਂ ਨਾਲ ......।”

“ਦੁਰ-ਫਿੱਟੇ ਮੂੰਹ ਤੇਰਾ ਮਾ-ਮਛਕਰੇ ਦਾਆ । ਵੇ ਇਕ ਤਾਂ ਮੇਰੀ ਜ਼ਿੰਦਗੀ ਬੀਤ ਗਈ ,ਹੱਡ –ਗੋਡੇ ਤੜਾਉਂਦੀ ਦੀ , ਤੁਆਡੀ ਖਾਤਰ , ਉੱਪਰੋਂ ਤੂੰ ਖ਼ਸਮਾਂ-ਖਾਣਿਆਂ ਮੱਛਕਰੀਆਂ ਕਰਦਆਂ ....!”

“ਏਹ ਮੱਛਕਰੀਆਂ ਥੋੜੀ ਆ ਮਾਸੀ ! ਮੈਂ ਤਾਂ ਆਹੀ ਕਹਿਨਾ ਕਹਿਨਾ ਪਈ ਐਨੇ ਹੱਡ-ਗੋਡੇ ਰਗੜਾ ਕੇ ਬਣਿਆ-ਸੌਰਿਆ ਕੀ ? ਹੱਥ-ਪੱਲੇ ਕੀ ਪਿਆ  ਸਾਡੇ ਲੋਕਾਂ ਦੇਦੇ...? “

“ ਕਿਉਂ ਵੇ , ਪਿਆ....ਕਿਉਂ ਨਈਂ ? ਮੇਰੇ ਸਾਹਬ ਨਾ ਤਾਂ ਬੜਾ ਫਰਕ ਪਿਆ ਅੱਗੇ ਨਾਲੋਂ ।.....ਕੀ ਹਾਲ ਸੀ ਸਾਡੇ ਲੋਕਾਂ ਦਾ , ਪਿੰਡੀ ਥਾਈਂ ! ਆਹੀ ਨਾ- ਮੋਏ ਡੰਗਰ ਚੁੱਕਣੇ , ਜੀਂਦੇ ਸਾਂਭਣੇ । ਗੋਹਾ-ਕੂੜਾ, ਪੱਠਾ-ਦੱਥਾ, ਲਾਵੀ-ਝੋਕੀ , ਸਵੇਰ ਤੋਂ ਲੈਕੇ ਤਕਾਲਾਂ ਤੱਕ । ਵਗਾਰਾਂ ਵਾਧੂ ਦੀਆਂ । ਨਿੱਕੇ ਤੋਂ ਲੈ ਕੇ ਵੱਡੇ ਤੱਕ, ਸਾਰਾ ਸਾਰਾ ਟੱਬਰ ਜੱਟਾਂ-ਜੀਮੀਂਦਾਰਾਂ ਘਰੀਂ-ਖੇਤੀਂ । ....ਜਦ ਲਾਵੀ-ਸੇਪੀ , ਮੇਹਨਤ-ਮਜ਼ੂਰੀ ਦੀ ਵਾਰੀ ਆਉਂਦੀ ਤਾਂ ਠੁਣ-ਠੁਣ ਗੁਪਾਲ ! ਦਸ-ਦਸ ਗੇੜੇਮਾਰ ਕੇ ,ਅੱਧ-ਪਚੱਧੀ ।ਕਦੀ ਉਹ ਵੀ ਨਾ । ....ਸੀਈ ਕੋਈ ਜੂਨ ਸਾਡੇ ਲੋਕਾਂ ਦੀ ।.....ਏਥੇ ਹੋਰ ਨਈਂ ਤਾਂ ਅਪਣੇ ਸਿਰ ਖੁਦ ਤਾਂ ਹੈਗੇ ਆ ਸਾਰੇ । ਦਿਹਾੜੀ-ਦੱਪਾ,ਹੱਟੀ-ਭੱਠੀ , ਰੇੜੀ-ਰਿਕਸ਼ਾ, ਮੋਟਰ-ਗੱਡੀ , ਸੱਭੋ ਈ ਸੁਖ ਨਾਂ ਅਪਣੇ ਕਾਰ-ਕਿੱਤੇ ਲੱਗਿਓ ਆ ।.....ਹੁਣ ਵੀ ਨਈਂ ਸਬਰ ਤਾਂ ਪੈਣ ਢੱਠੇ ਖੂਹ  ‘ਚ ਮੇਰੀ ਅਲੋਂ .....।“

“ ਲੈ ਹਾਅ ਕਿੱਡੀ ਕੁ ਵੱਡੀ ਸੁਦਾਗਰੀ ਬਣਦੀ ਆ ! ਲੈ ਦੇ ਕੇ ਦੋ-ਚਾਰ ਦੁਕਾਨਾਂ ,ਪੰਜ-ਦਸ , ਖੋਖੇ-ਕੋਈ ਚਾਹ-ਲੱਸੀ ਦਾ , ਕੋਈ ਲੀੜਾ-ਕੱਪੜਾ , ਚੱਪਲਾਂ –ਜੁੱਤੀਆਂ ਸੀਣ-ਪਰੋਣ , ਗੰਢਣ-ਤੁੱਪਣ ਦਾ । ਆਹੀ ਨਾਂ – ਆਏ ਗਏ ਹਰ ਕਿਸੇ ਦੀ ਜੂਠ ਧੋਵੇ , ਜੁੱਤੀਆਂ ਝਾੜੋ ! ਜਿਹੇ ਪਹਿਲਾਂ ਸੀ ਕੰਮੀ-ਕਮੀਣ , ਉਹੋ ਜਿਹੇ  ਹੁਣੇ । ਹੈਅ ਕੋਈ ਇੱਜ਼ਤਦਾਰ ਕਾਰ-ਕਿੱਤਾ ਸਾਡੇ ਕਿਸੇ ਵੀ ਬੰਦੇ  ਕੋਅਲ.....?”

“ਫ਼ਰਕ ਤਾ ਪਿਆ ਈ ਪਿਆ ਫੇਰ ਵੀ ਕੁਸ਼ । ਕਿੱਥੇ ਪਿੰਡੀਂ ਥਾਈਂ ,ਅਸੀਂ ਲੋਕੀ ਭਾਂਡੇ ਵੀ ਅਪਣੇ ਈ ਖੜਦੇ ਸੀ ਰੋਟੀ-ਟੁੱਕਰ ਲਈ , ਕਿੱਥੇ ਹੁਣ, ਆਇਆ ਗਿਆ ਵੱਡਾ-ਛੋਟਾ ਸਾਡੇ ਹੱਥ ਦੀ ਬਣੀ ਚਾਹ-ਲੱਸੀ ਪੀਂਦਾ । ਦੱਸ ਪੀਂਦਾ ਕਿ ਨਈਂ ! .... ਵੇ ਨਖਸਮੀਂ ਦਿਆ ਏਹ ਬਾਊ ਜੀ ਹੋਣਾਂ ਕਰਕੇ ਹੋਇਆ ਸਾਰਾ ਕੁਸ਼, ਬਾਪੂ ਜੀ ਹੋਣਾਂ ਕਰਕੇ ਈ ਹਟੀ ਆ ਛੂਤ-ਛਾਤ ।...ਪਹਿਲਾਂ ਕਦੇ ਲਾਲੇ-ਬਾਣੀਏ ਸਾਡੇ ਘਰੀਂ-ਦਰੀਂ ਗੇੜੇ ਮਾਰਦੇ ਸੀ ਐਂ .....!”

“ਮੈਂ ਤਾਈੳ ਤਾਂ ਕਹਿਨਾ  - ਤੂੰ ਓਸੇਈ ਬਾਪੂ ਜੀ ਦੀ ਜਨਮ ਤਰੀਕ ਵੀ ਭੁੱਲ ਗਈ , ਜਿਨ੍ਹੇ....।“ ਕਰਮੇ ਦੀ ਸ਼ਰਾਰਤ ਵਰਗੀ ਟਕੋਰ ਸੁਣ ਕੇ ਰਤਾ ਕੁ ਸ਼ਾਂਤ ਦਿਸਦੀ ਅੱਤੇ ਮਾਈ ਫਿਰ ਤਲਖ਼ ਹੋ ਉੱਠੀ –“ਵੇ ਉੱਠੇਂਗਾ ਵੀ ਕਿ ਹੈਥੇਈ ਬੈਠੇ ਦੀ ਲੁਤਰ-ਲੁਤਰ ਕਰੀ ਜਾਊ ਤੇਰੀ ਸੜ੍ਹ ਜਾਣੇ ਦੀ ਲੁਤਰੋ ! ਓੱਠ ਕੇ ਮੂੰਹ-ਹੱਥ ਧੋਹ ਤੇ ਜਾਹਾ ਉਹਨਾਂ ਥੇਹ-ਪੈਣਿਆਂ ਅਲ । ਜਗੀਰ ਡੀਕਦਾ ਹੋਣਾ ਤੈਨੂੰ ....। ਉੱਠ ਜਾਹਾ , ਓਥੇ ਈ ਪੀ ਲੀਂ ਜਾ ਕੇ ਚਾਹ ਦਾ ਘੱਟ....।“

ਕਰਮਾਂ ਅਜੇ ਵੀ ਅਧੋਰਾਣਾ ਜਿਹਾ ਬੈਠਾ , ਅੱਧਾ ਕੁ ਮਘ੍ਹਦੇ-ਸੁਲ੍ਹਘਦੇ ਵਰਤਮਾਨ ਨਾਲ ਜੁੜਿਆ ਪਿਆ ਸੀ , ਅੱਧਾ ਕੁ ਠੰਡੇ-ਮੱਠੇ ਅਤੀਤ ਨਾਲ-ਉਸ ਦੇ ਤਾਂ ਅਛੂਤ ਗਿਣੇ ਜਾਂਦੇ ਲੋਕਾਂ ਲਈ , ਮਸਾਂ ਹੱਥ ਲੱਗੀ ਵੱਡੀ ਪੜ੍ਹਾਈ ਦੀ ਅੱਧ-ਵਿਚਕਾਰ ਈ ਛੱਡ ਦਿੱਤੀ ਸੀ । ਚੰਗੇ-ਚੰਗੇ ਘਰਾਂ ਤੋਂ ਆਉਂਦੇ ਕਈ ਸਾਰੇ ਰਿਸ਼ਤੇ ਵੀ ਖਾਲੀ ਹੱਥ ਮੋੜ ਛੱਡੇ ਸਨ। .....ਅਪਣੇ ਲੋਕਾਂ ਦੀ ਹੋਣੀ ਨੂੰ ਧਿਆਨ ਨਾਲ ਵਾਚਦਾ , ਪਹਿਲਾਂ ਉਹ ਬਾਪੂ ਜੀ ਦੀ ਵਿਚਾਰਧਾਰਾ ਵਲ੍ਹ ਖਿਚਿਆ ਗਿਆ, ਫਿਰ ਅਪਣੇ ਈ ਸ਼ਹਿਰ ਦੇ, ਬਾਪੂ ਜੀ ਦੇ ਸੱਭ ਤੋਂ ਵੱਧ ਕਦਰਦਾਨ , ਬਾਊ ਜੀ ਵਲ੍ਹ । ਉਹਦੀ ਨਿਗਾਹ ‘ਚ ਬਾਊ ਜੀ ਇਨਸਾਨ ਨਹੀਂ ਦੇਵਤਾ ਸਾਨ ਦੇਵਤਾ । ਸਾਖ਼ਸ਼ਾਤ ਗਾਂਧੀ ਜੀ ਦਾ ਸਰੂਪ, ਤੱਪ-ਤਿਆਗ ਦੀ ਮੂਰਤੀ । ਕਿਲ੍ਹੇ ਜ਼ਿੱਡੀ ਕੋਠੀ ‘ਚ ਰਹਿੰਦਿਆਂ ਵੀ ਸਾਦ-ਮੁਰਾਦਾ ਜੀਵਨ । ਸਾਦ-ਮੁਰਾਦੇ ਕੱਪੜੇ । ਮੂੰਹ ‘ਚ ਮਿਸਰੀ ਵਰਗੀ ਮਿਠਾਸ । ਦੂਜੇ ਨਈਂ ਤਾਂ ਚੌਥੇ, ਉਹ ਧਰਮਪੁਰ ਜ਼ਰੂਰ ਗੇੜਾ ਮਾਰਦੇ । ਜਗੀਰ ਹੋਰਾਂ ਵਲੋਂ ਉੱਠ , ਕਰਮੇਂ ਦੀ ਬੈਠਕੇ ਕਿੰਨਾ-ਕਿੰਨਾਂ ਚਿਰ ਬੈਠੇ ਰਹਿੰਦੇ । ਅਛੂਤ ਕਲਿਆਣ ਯੋਜ਼ਨਾਵਾਂ ਦੀ ਜਾਣਕਾਰੀ ਦਿੰਦੇ ਰਹਿੰਦੇ -  ‘ਪੂਜਾ ਲਈ ਮੰਦਰ , ਪੜ੍ਹਾਈ ਲਈ ਸਕੂਲ ,ਰਹਿਣ ਲਈ ਬਸਤੀਆਂ , ਪੰਚਾਇਤਾਂ-ਕਮੇਟੀਆਂ ਤੋਂ ਲੈ ਕੇ ਅਸੈਂਬਲੀਆਂ –ਸਭਾਵਾਂ ਤੱਕ ਰਾਖ਼ਵੀਆਂ ਸੀਟਾ....। ’

ਕੁਲ ਵੇਰਵਾ ਸੁਣਦਾ , ਬਾਗੋ-ਬਾਗ ਹੋਇਆ ਕਰਮਾਂ ਕਦੀ ਬਾਊ ਜੀ ਦੇ ਗੋਡੀਂ ਹੱਥ ਲਾਉਂਦਾ  ਕਦੀ ਪੈਂਰੀ ।

“ ਨਾ ਬਈ ਨਾ ਕਰਮਿਆਂ , ਹੁਣ ਨਾ ਐਂ ਕਰ । ਅੱਗੇ ਈ ਥੜਾ ਕਸ਼ਟ ਭੋਗਿਆ ਤੁਸਾਂ !...ਤਿਹਾਸ ਭਰਿਆ ਪਿਆ । ਪੜ੍ਹਿਆ ਈ ਆ ਤੂੰ ਸਾਰਾ ! ਸੀਈ ਕੋਈ ਹਾਲ ਤੁਆਡੇ ਲੋਕਾਂ...ਨਈਂ ਸੀ ਨਾ । ਹੁਣ ਦੇਖ ਲਾਆ , ਕਿੰਨਾਂ ਕੁਸ਼ ਆ ।....ਹੈਅ  ਕੋਈ ਕਮੀਂ-ਪੇਸ਼ੀ , ਕਿਸੇ ਵੀ ਗਲੋਂ ....! ਜੇ ਕੋਈ ਹੋਈ ਵੀ ਮਾੜੀ-ਪਤਲੀ ਉਹ ਵੀ ਦੂਰ ਹੋਈ ਲੈਅ ਅੱਜ-ਭਲਕ । ...ਤੈਨੁੰ ਪਤਆ , ਤੇਰੇ ਪਿੰਡ ਦਾ ਨਾਂ ਧਰਮਪੁਰ ਨਈਂ , ਗਾਂਧੀ ਨਗਰ ਆ , ਗਾਂਧੀ ਨਗਰ ਮੇਰੇ ਕਾਗਜ਼ਾਂ ‘ਚ ....।“

ਬਾਊ ਜੀ ਦਾ ਬਚਨ-ਬਿਲਾਸ ਸੁਣਦੇ ਕਰਮੇਂ ਨੂੰ , ਸੱਚ-ਮੁਚ ਪਹਿਲਿਆਂ ਵੇਲਿਆਂ ਨਾਲ ਮੇਚ-ਖਾਂਦੀ ਕੋਈ ਵੀ ਕਮੀਂ ਪੇਸ਼ੀ , ਉਸਨੂੰ ਧਰਮਪੁਰ ਬਨਾਮ ਮਹੱਲੇ ‘ਚੋਂ ਨਾ ਲਭਦੀ – “ਆਹੀ ਕੁਸ਼ ਹੁੰਦਆ ਬੰਦੇ ਕੋਅਲ , ਹੋਰ ਕੀ ਹੁੰਦਆ ? – ਅਪਣਾ ਘਰ-ਘਾਟ , ਅਪਣਾ ਕੰਮ-ਕਾਰ । ਮਰਜ਼ੀ ਨਾਲ ਖਾਓ-ਹੰਢਾਓ , ਮਰਜ਼ੀ ਨਾਲ ਪਹਿਨੋਂ-ਪਾਓ । ਕਿਸੇ ਦੀ ਹਿੜਕ ਨਈਂ ਕਿਸੇ ਦੀ ਝਿੜਕ ਮਰਜ਼ੀ ਨਾਲ ਖਾਓ-ਹੰਢਾਓ , ਮਰਜ਼ੀ ਨਾਲ ਪਹਿਨੋਂ-ਪਾਓ । ਕਿਸੇ ਦੀ ਹਿੜਕ ਨਈਂ ਕਿਸੇ ਦੀ ਝਿੜਕ ਨਈਂ । ਪਹਿਲੀਆਂ ‘ਚ ਕਿੱਥੇ ਹੁੰਦਾ ਸੀ ਐਓਂ ! ਨਾ ਬੈਠਣ-ਉੱਠਣ ਨੂੰ ਕੋਈ ਥਾਂ ਹੁੰਦੀ ਸੀ , ਨਾ ਟਿਕਾਣਾ । ਹਰ ਵੇਲੇ ਦੀ ਗੁਲਾਮੀ । ਪੰਡਤਾਂ-ਪਰੋਤਾਂ ਦੀ ਵੱਖਰੀ , ਜੱਟਾਂ-ਜੀਮੀਂਦਾਰਾ ਦੀ ਵੱਖਰੀ । ਤੇ ਹੁਣ....ਹੁਣ ਦੇਅ ਲਾਅ – ਸਾਡੇ ਈ ਪਰਛਾਮਿਆਂ ਤੋਂ ਭਿੱਟ ਹੋਣ ਵਾਲੇ ਪੰਡਿਤ-ਪ੍ਰੋਹਤ , ਹੁਣ ਸਾਡੇ ਘਰੀਂ-ਬੈਠਕੀਂ ਚਾਹ-ਪਾਣੀ ਪੀਂਦੇ-ਛਕਦੇ ਆ । .....ਏਨੂੰ ਕਹਿੰਦੇ ਆ ਤਰੱਕੀ, ਸੱਚ-ਮੁੱਚ ਦਾ ਇਨਕਲਾਬ....,”ਅਪਣੇ ਆਪ ਨਾਲ ਗੱਲੀਂ ਪਿਆ ਕਰਮਾਂ , ਪਰ ਜਦ-ਕਦੀ ਉਹ ਹੋਰ ਡੂੰਘਾ ਉੱਤਰ ਕੇ ਅਪਣੇ ਲੋਕਾਂ ਨੂੰ ਹੋਰ ਨੀਝ ਨਾਲ ਦੇਖਦਾ ਤਾਂ ਧਰਮਪੁਰ-ਮਹੁੱਲੇ ਦੀ ਉਨਤੀ-ਤਰੱਕੀ , ਉਸ ਨੂੰ ਬਾਕੀ ਸ਼ਹਿਰ ਦੀ ਉਨਤੀ-ਤਰੱਕੀ ਦੇ ਪਾਸਕੂ ਵੀ ਨਜ਼ਰੀ ਨਾ ਪੈਂਦੀ । .....’ ਇਕ ਪਾਸੇ ਉਹੀ ਨਿੱਕੇ-ਨਿੱਕੇ, ਦੋ ਦੋ ਖਾਨਿਆਂ ਦੇ ਢਾਰਿਆਂ ਵਰਗੇ ਘਰ ।ਤੰਗ-ਤੰਗ ਵਿਹੜੇ । ਅੰਦਰੇ ਈ ਪਸ਼ੂ-ਡੰਗਰ , ਅੰਦਰੇ ਈ ਘਾ-ਪੱਠਾ । ਛੋਟੀਆਂ-ਛੋਟੀਆਂ ਵਿੰਗ-ਤੜਿੰਗੀਆਂ ਗਲ੍ਹੀਆਂ । ਸਾਡੇ ਪਿੰਡ ‘ਚ ਚਾਰ-ਪੰਜ ਟੁਟੀਆਂ । ਕਿਸੇ ਕਿਸੇ ਮੋੜ ਤੇ ਬੱਤੀ , ਉਹ ਵੀ ਮੱਧਮ ਜਿਹੀ । ਤੇ ....ਤੇ ਦੂਜੇ ਪਾਸੇ ! ਗਾਧੀਂ-ਚੌਂਕ  ਤੋਂ ਅਗਲੇ ਬੰਨ੍ਹੇ-ਰਾਜ-ਮਹਿਲਾਂ ਵਰਗੇ ਘਰ-ਕੋਠੀਆਂ , ਚੌੜੀਆਂ-ਵੱਡੀਆਂ ਸੜਕਾਂ, ਵਾਟਰ-ਸਪਲਾਈ , ਸੀਵਰੇਜ਼, ਲਾਈਟਾਂ, ਫਲੱਡ-ਲਾਇਟਾਂ....।“

“...ਵੇ ਤੂੰ ਕੇੜ੍ਹੇ ਖੂਹ ‘ਚ ਲਹਿ ਗਿਆ ਵੇ ....ਮੈਂ ਤੈਨੂੰ ਕੈਨ੍ਹੀਂ ਆ ਉੱਠ । ਜਾਹਾ ਉਨ੍ਹਾਂ ਅੱਲ ਨੂੰ । ਮੈਂ ਆਉਂਨੀ ਰਤਾ ਅਟਕ ਕੇ । ਜੱਦਾ ਆਮਾਂ ਪਿੰਡ । ਵੀਰਵਾਰ ਆ ਅੱਜ , ਚੌਕੀ ਆ ਨਾ ਭਾਈ ਹੋਣਾ ਦੀਈ ....।“ ਮਾਸੀ ਦੀ ਝਿੜਕ ਸੁਣ ਕੇ ਕਰਮਾਂ ਜਿਵੇਂ ਕਿਸੇ ਹਨੇਰੀ ਗੁਫਾ ‘ਚੋਂ ਬਾਹਰ ਆਇਆ ਹੋਵੇ – “ਹੈਅ  ...ਕੀਈ...ਅੱਛਾ ਅੱਛਾ ...ਲੈ ਹੁਣੇ ਜਾਂਦਾਆਂ ....। ”

ਅਣ ਮੰਨੇ ਜਿਹੇ ਮਨ ਨਾਲ ਕਰਮਾਂ ਮੰਜੇ ਤੋਂ ਉੱਠਿਆ ।  ਖੇਸੀ , ਦਰੀ ਤਹਿ ਕਰਕੇ ਪਿਛਲੇ ਅੰਦਰ ਪਈ ਪੇਟੀ ਤੇ ਜਾ ਇਕਾਈ । ਮੂੰਹ ਹੱਥ ਧੋਹ ਉਹ ਛੱਤੜੇ ਹੇਠ ਬੈਠੀ ਮਾਂ ਕੋਲ੍ਹੋਂ ਚਾਹ ਦਾ ਗਲਾਸ ਫ਼ੜਨ ਲੱਗਾ ਤਾਂ ਚੰਦੀ ਅੰਗੋਂ ਕਰਮੇ ਨੂੰ ਖਿਝ ਕੇ ਪੈ ਗਈ – “ਊਅ ...ਊਅ ...ਆ ...ਆਂ....ਆਂ.....ਅੰਞ....ਊਅਞ...ਆਂ.....ਊਆਂ......ਊਅ.......ਊਅ......।” ਗੂੰਗੀ ਮਾਈ ਚੰਦੀ ਦਾ  ਵਿਹਲਾ ‘ਰਹਿਆ-ਭਰੀਆ ’ ਨਹੀਂ ਸੀ ਕੀਤਾ । ਕਈਆਂ ਘਰਾਂ ਤੇ ਸਾਕ ਉਹਨੇ ਅਪਣੇ ਕੰਮ ‘ਚ ਵਿਗਨ ਪੈਣ ਡਰੋਂ ਊਈਂ ਮੋੜ ਛੱਡੇ ਸਨ । ਦੂਜੇ , ਉਸ ਨਾਲੋਂ ਕਿਤੇ ਨਫਿੱਟ ਮੁੰਡੇ-ਕੁੜੀਆਂ ਵੀ ਹੁਣ ਤੱਕ ਕਿਸੇ ਕਾਰ-ਕਿੱਤੇ ਲੱਗ ਕੇ ਕਿਧਰੇ ਦੇ ਕਿਧਰੇ ਪਹੁੰਚ ਗਏ ਸਨ । ਕੋਈ ਧਰਮਪੁਰ ਛੱਡ ਕੇ ਕਿਸੇ ਵੱਡੇ ਸ਼ਹਿਰ ਜਾ ਟਿਕਿਆ ਸੀ , ਕਿਸੇ ਨੇ ਨਵੀਂ ਸੜਕੋਂ ਪਾਰ ਖੁਲ੍ਹੀ-ਮੋਕਲੀ ਕੋਠੀ ਬਣਾ ਕੇ ਟੱਬਰ ਦਾ ਮੂੰਹ-ਮੱਥਾ ਸੁਆਰ ਲਿਆ । ....ਏਧਰ ਕਰਮੇਂ ਨੇ ਕਦੀ, ਨਾ ਅਪਣੀ ਬੁੱਢੀ ਅੱਮਾਂ ਵਲ੍ਹ ਧਿਆਨ ਦਿੱਤਾ , ਨਾ ਘਰ-ਘਾਟ ਵਲ੍ਹ ।ਬਹੁਤਾ ਈ ਕਹਿਣ-ਸੁਨਣ ਤੇ ਉਸਨੇ ਗਲ੍ਹੀ ਨਾਲ ਲਗਦਾ ਖਾਲੀ ਪਿਆ ਢਾਰਾ, ਢਾਹ ਕੇ ਇਕ ਨਿੱਕੀ ਜਿਹੀ ਬੈਠਕ ਬਣਾਈ ਈ ਬਣਾਈ , ਤਾਂ ਉਹ ਵੀ ਸਾਰਾ ਸਾਰਾ ਦਿਨ ਰੰਗ-ਬਰੰਗਾ ਆਇਆ –ਗਿਆ ਮੱਲੀ ਰੱਖਦਾ , ਜਿਸ ਨੂੰ ਚੰਦੀ ਨਾ ਜਾਣਦੀ ਸੀ ਨਾ ਬੁੱਝਦੀ । ਪਰ , ਸੱਭ ਤੋਂ ਵੱਧ ਗੁੱਸਾ ਚੰਦੀ ਨੂੰ ਓਦੋਂ ਆਉਂਦਾ , ਜਦ ਪੈਰ ਘਸੀਟਦੀ ਅੱਤੋ ਦੂਜੇ-ਚੌਥੇ ਕਰਮੇ ਦੇ ਸਰ੍ਹਾਣੈ ਆ ਬੈਠਦੀ । ਉਹ ਕਰਮੇਂ ਨੁੰ ਕਦੀ ਕਿਧਰੇ ਤੋਰੀ ਰੱਖਦੀ ਕਦੀ ਕਿਧਰੇ । ਕਰਮਾਂ ਅੱਗੋਂ ਰਤਾ ਭਰ ਵੀ ਉਜਰ ਨਾ ਕਰਦਾ । ਗੂੰਗੀ-ਬੋਲ੍ਹੀ ਚੰਦੀ ਨੂੰ ਅੱਤੋ ਵਲ੍ਹ ਦੇਖਦਿਆਂ ਸਾਰ ਤਾਅ ਚੜ੍ਹ ਜਾਂਦਾ – ‘ਲੈ ਆ ਗਈ ਫਫੇਕੁੱਟਣੀ , ਚਾਰ ਜਮਾਨੇ ਦੀ ਛੁੱਟੜ । ਹੁਣ ਮੇਰੇ ਪੁੱਤ ਨੂੰ ਕਿਤੇ ਨਾ ਕਿਤੇ ਭੇਜੂ, ਦੂਰ ਨੇੜੇ । ਏਸ ਰਾਂਡ ਨੇ ਅਪਣਾ ਪੁੱਤ ਚੌਧਰੀ ਬਣਾ ਕੇ ਗੋਡੇ ਮੁੱਢ ਬਠਾ ਲਿਆ, ਮੇਰੇ ਪੁੱਤ ਦਾ ਛੱਡਿਆ ਕੱਖ ਨਈਂ .....ਮੇਰਾ ਤਾਂ ਘਰ-ਘਾਟ ਉਜਾੜ ਤਾਆ, ਕੁਲੱਛਣੀ ਨੇ .....।

ਚਾਹ ਪੀਂਦੇ ਕਰਮੇਂ ਨੇਥੋੜ੍ਹਾ ਕੁ ਬੋਲ ਕੇ ਤੇ ਬਾਕੀ ਸਾਰਾ ਇਸ਼ਾਰੇ ਕਰਕੇ , ਅੱਤੋ ਦੇ ਆਉਣ ਦਾ ਕਾਰਨ ਦੱਸਿਆ ਤਾਂ ਚੰਦੀ ਸਗੋਂ ਬੇਹਾਲ ਹੋ ਉੱਠੀ – “ਊਅ....ਆਊਂ....ਊਅਈ ...ਊਅਞ...ਆਂ...ਆਂ...ਆ ....ਆਊਂ....ਆਊਂ....ਈ....ਈ.....ਈ....ਈ....,”, ਬਾਹਾਂ –ਉਲਾਰਦੀ, ਤੜਪਦੀ-ਘੁਰਕਦੀ ਉਹ ਚੌਂਕੇ ‘ਚੋਂ ਉੱਠ ਕੇ ਸਿੱਧੀ ਬੈਠਕ ਅੰਦਰ ਆ ਧੱਮਕੀ ।

ਉਸਦਾ ‘ਊਟ-ਪਟਾਂਗ ’ ਸੁਣਦੀ ਅੱਤੋ ਨੂੰ ਜਿਵੇਂ ਗੁੱਸੇ ਦਾ ਭਉਣ ਚੜ੍ਹ ਗਿਆ ਹੋਵੇ ।ਇਕ ਵਾਰ ਤਾਂ ਉਸਦਾ ਜੀਅ ਕੀਤਾ ਗਿਆ ਕਿ ਹੱਥ ਫੜੀ ਸੋਟੀ ਵਗਾਹ ਕੇ ਉਹਦੇ ਸਿਰ ‘ਚ ਮਾਰੇ ਤੇ ਕੌੜਾ ਕੁਸੈਲਾ ਸਾਰਾ ਲਹੂ ਉਦ੍ਹੇ ਨੱਕ-ਮੂੰਹ ਥਾਣੀ ਕੱਢ ਕੇ ਪੁੱਛੇ – ‘ਕਿਉਂ ਆਈ ਸੁਰਤ ? ਭੁੱਖੀਏ ਚੁੜੇਲੇ ! ਇਕ ਵਾਰ ਨਈਂ ਤੈਨੂੰ ਸੌ ਵਾਰ ਸਮਝਾਇਆ ਪਈ ਜੌੜਾ ਕੰਮ ਕਰਮੇਂ ਨੇ ਈ ਕਰਨਾ ....ਤੂੰ ਐਮੇਂ ਵਿਚਾਲੇ ਟੰਗਾਂ ਖੜੀਆ ਕਰੀ ਰੱਖਦੀ ਆਂ । ਮਾਰਾਂ ਤੇਰੇ ਸਿਰ ‘ਚ ਡਾਂਗ,ਫੇਂਹ ਕੇ ਰੱਖ ਦਿਆਂ ਤੇਰੀ ਖੋਪਰੀ, ਕੰਜਰ ਦੀ ਮਾਰ ਦੀਈ ....।“

ਪਰ ,ਝੱਟ ਉਸ ਨੂੰ ਚੇਤੇ ਆ ਗਿਆ – ‘ ਅੱਜ ਤਾਂ ਵੀਰਵਾਰ ਆ, ਭਾਈ ਜੀ ਦੀ ਚੌਂਕੀ ਵਾਲ ਦਿਨ । ਨਾਲੋਂ ਘਰੋਂ ਤਾਂ ਉਹ ਕਿਸੇ ਹੋਰ ਕੰਮ ਨਿਕਲੀ  ਆ , ਸਗਨਾਂ ਵਰਗੇ ਜਰੂਰੀ ਤੇ ਸ਼ੁੱਭ ਕੰਮ......!

ਪੂਰਾ ਤਾਣ ਲਾ ਕੇ ਉਸਨੇ ਅੰਦਰੋਂ ਉੱਠਿਆ ਵਾ-ਵਰੋਲਾ ਅੰਦਰੇ-ਅੰਦਰ ਸਮੇਟ ਲਿਆ । ਗੁੱਸੇ-ਰਾਜ਼ੀ ਹੋਣ ਦੀ ਬਜਾਏ , ਉਹ ਡੰਗੋਰੀ ਟੇਕਦੀ ਚੰਦੀ ਦੇ ਐਨ ਲਾਗੇ ਹੋ ਖੜੋਈ , ਹੱਸਦੀ-ਮੁਸਕਰਾਉਂਦੀ – “ਐਮੇਂ ਨਾ ਪਿੱਟੀ ਜਾਇਆ ਕਰ ਜੱਲ੍ਹੀਏ ...। ਸ਼ੁਕਰ ਨਈਂ ਕਰਦੀ ਤੂੰ , ਮੁੰਡਾ ਤੇਰਾ ਐਸ ਪਾਸੇ ਲੱਗਾ ਆ .....। ਬਾਕੀ ਗੁਦ੍ਹੀੜ ਵੀ ਏਥੇ ਹੀ ਹਰਲ-ਹਰਲ ਤੁਰੀ ਫਿਰਦੀ ਆ । ....ਹੈਅ ਕਿਸੇ ਨੂੰ ਨਿੱਕੇ-ਨਿਆਣਿਆਂ ਦੀਆਂ ਨਲ੍ਹੀਆਂ ਪੂੰਝਣੋਂ ਵੈਹਲ....?”    ਅਪਣਾ ਝੁਰੜੀਆਂ ਭਰਿਆ ਹੱਥ ਚੰਦੀ ਦੇ ਮੋਢੇ ਦੇ ਧਰ ਕੇ ਅੱਤੋ ਨੇ ਉਸ ਨੂੰ ਹਲਕੀ ਜਿਹੀ ਝਿੜਕ ਮਾਰੀ ।

ਵਿਲਕਦੀ-ਵਿਲਕਦੀ ਚੰਦੀ ਨੂੰ ਉਸਨੇ ਆਖੇ-ਬੋਲੇ ਦੀ ਤਾਂ ਰਤਾ-ਮਾਸਾ ਵੀ ਸਮਝ ਨਾ ਪਈ , ਪਰ ਉਸਦੇ ਮੋਢੇ ਤੇ ਰੱਖ ਹੋਇਆ ਅੱਤੋ ਦਾ ਹਮਸਾਇਆਂ ਵਰਗਾ ਪੰਜਾ , ਜਿਵੇਂ ਜਾਦੂ ਦਾ ਅਸਰ ਕਰ ਗਿਆ । ਉਸਦਾ ਅੱਧ-ਅਸਮਾਨੇ ਚੜ੍ਹਿਆ ਤਾਅ, ਝੱਟ ਕਿਧਰੇ ਪਾਤਾਲ ਵਿਚ ਉਂਤਰ ਗਿਆ । ਮਨੂਰ-ਪੱਥਰ ਵਾਂਗ ਸੁੰਨ-ਵੱਟਾ ਹੋਈ , ਉਹ ਘੜੀ ਪਲ ਲਈ , ਉਵੇਂ ਦੀ ਉਂਵੇਂ ਖੜੋਤੀ ਰਹੀ ।..... ਫਿਰ ਪਤਾ ਨਈਂ ਉਸਦੇ ਅਮੋੜ ਮਨ ਅੰਦਰਲੇ ਵਹਾ ਨੂੰ ਕਿਹੋ ਜਿਹੀ ਝਣਝੁਣੀ ਆਈ , ਕਿ ਉਸਦਾ ਦੱਬਿਆ-ਘੁੱਟਿਆ ਅੰਦਰ ਇਕੋ ਵਾਰਗੀ ਫੁੱਟ ਨਿਕਲਿਆ । ਭੁੱਬਾ ਮਰਦੀ ਰੋਂਦੀ , ਉਹ ਕਰਮੇਂ ਦੀ ਮੰਜੀ ਤੇ ਡਿਗਣ ਵਾਂਗ ਬੈਠ ਗਈ । ਰੋਂਦੀ ਡੁਸਕਦੀ , ਹਟੋਕਰੇ ਭਰਦੀ ਨੇ ਉਸਨੇ ਸਰ੍ਹਾਣੇ ਪਿਆ ਲੋਗੜੂ  ਸਰਾਣਾ ਝਬੂਟੀ ਮਾਰਕੇ ਮੋਢੇ ਲਾ ਲਿਆ । ਆਪਣਾ ਝਾੜ-ਬੁਝੇ ਵਰਗਾ ਨੰਗਾ ਸਿਰ ਇਸ ਉੱਤੇ ਟਿਕਾ, ਉਹ ਇਸ ਨੂੰ ਪੋਲਾ-ਪੋਲਾ ਥਾਪੜਨ ਲੱਗ ਪਈ । ਨਾਲ ਨਾਲ ਹਟਕੋਰੇ ,ਨਾਲ ਨਾਲ ਸਿਸਕੀਆਂ ਨਾਲ ਨਾਲ ਮੋਢੇ ਲੱਗੇ ਸਰ੍ਹਾਣੇ ਨੂੰ ਲੋਰੀ ਦੇਣ ਵਰਗੀਆਂ ਹੇਕਾਂ – “ਆਂ....ਆਂ...ਆਂ...., ਆਂ.....ਆਂ...., ਅੰ....ਆਂ...., ਆਂ...ਆਂ.....ਆ....। ”

ਵਾਰੀ ਵਾਰੀ ਦੋਨਾਂ ਹੱਥਾਂ ਨਾਲ ਸਰ੍ਹਾਣਾਂ ਥਾਪੜਦੀ ਚੰਦੀ ਦੇ ਪਰਲ-ਪਰਲ ਵਗਦੇ ਹੰਝੂ ,ਉਸਦੀਆਂ ਅੱਖਾਂ ਦੇ ਟੋਇਆਂ ‘ਚੋਂ ਨਿਕਲਦੇ ੳਸਦੀਆਂ ਖਾਖਾਂ ਦੇ ਟੋਇਆਂ ਵਲ੍ਹ ਨੂੰ ਤਿਲਕਦੇ ਰਹੇ ।

ਪਿਛਲੇ ਅੰਦਰੋਂ ਕੁੜਤਾ-ਪਜਾਮਾਂ ਬਦਲ ਕੇ ਉਸਦੀ ਪਿਛਵਾੜੀ ਆ ਖੜਾ ਹੋਇਆ  ਕਰਮਾਂ ਵੀ ਜਿਵੇਂ ਅਪਣੀ ਮਾਂ ਦੀ ਉਜਾੜ ਗੋਦੀ ‘ਚ ਸਾਰੇ ਦਾ ਸਾਰਾ ਘਿਰ ਗਿਆ ਹੋਵੇ।ਉਸਦੀ ਬਾਹਰ ਵਲ੍ਹ ਨੂੰ ਵਧਣ ਲੱਗੀ ਪੈੜਚਾਲ ਆਪਣੀ ਹੀ ਬੈਠਕ ਦੀ ਸਰਦਲ ਨਾਲ ਟੱਕਰਾ ਕੇ ਘੜ੍ਹੀ-ਪਲ੍ਹ ਲਈ ਉਸੇ ਥਾਂ ਅਟਕ ਗਈ । ਪਰ ....ਅਗਲੇ ਹੀ ਛਿੰਨ , ਅੱਤੋ ਮਾਈ  ਦੀ ਹੱਠ-ਧਰਮੀ ਵਰਗਾ ਜਾਗੀਰ ਦਾ ਸੁਨੇਹਾ ਉਸਦੇ ਡਿਗਦੇ –ਡੋਲਦੇ ਮਨ ਨੂੰ ਮੁੜ ਠੁੱਮਣਾ ਦੇ ਕੇ ਖੜਾ ਕਰ ਗਿਆ ।

ਉਦਾਸ ਚਿੱਤ ਹੋਇਆ , ਉਹ ਡਿਕੋਡੋਲੇ ਖਾਂਦਾ, ਅੱਤੋ ਮਾਈ ਦੇ ਘਰ ਵਲ੍ਹ ਨੂੰ ਨਿਕਲ ਤੁਰਿਆ ਤੇ ਬੁੱਢੀ-ਠੇਰੀ ਅੱਤੋ ,ਧੜੱਪ-ਧੜੱਪ ਪੈਰੀ ਮਾਰਦੀ , ਧਰਮਪੁਰ ਪਿੰਡ ਦੇ ਤੰਗ-ਤੰਗ ਘਰਾਂ ਢਾਰਿਆਂ ਵਲ੍ਹ ਨੂੰ.....।

 

 

(2)

ਵਾਹ...ਵਾਅਦਾ...ਵਾਅਦਾ...ਵਾਅਦ...ਵਾਅ....! ਸਾਈ ਜੀ ਨਈਂ ਰੀਸਾਂ । ਤੁਸੀ ਤਾਂ ਕਮਾਲਾਂ ਈ ਕਰ ਛੱਡੀਆਂ , ਮੈਂ ਕੈਨ੍ਹਾਂ ਹੇਠਲੀ ਉੱਪਰ ਕਰ ਛੱਡੀ ਆ ਤੁਸੀਂ ਤਾਂ । ਸਾਨੂੰ ਨਈਂ ਸੀ ਉਮੀਦ, ਇਤਿਹਾਸ ਦਾ ਪਹੀਆ ਐਧਰ ਨੂੰ ਘੁੰਮੂੰ ਐਨੀ ਛੇਤੀ ਐਨੀ ਤੇਜ਼ ਗਤੀ ਨਾਲ। ਅੱਗੇ ਵੀ ਤਾਂ ਹੋ ਈ ਗਿਆ ਸੀ ਐਨਾ ਚਿਰ  ਚੌਂਕ ਬਣੇ ਨੁੰ ।ਪਹਿਲਾਂ ਨਈਂ ਲੱਗਾ ਕੋਈ ਵੀ ਬੁੱਤ ਕਿਸੇ ਵੀ ਨੇਤਾ ਦਾਆ-ਨਾ ਗਾਂਧੀ ਜੀ ਦਾ ,ਨਾ ਡਾਕਟਰ ਹੋਣਾ ਦਾ । ਤੇ , ਹੁਣ , ਹੁਣ ਦੇਖ ਲਓ । ਕਿੱਦਾਂ ਫਿੱਟ ਹੋਏ ਆ , ਇਕ ਥਾਂ ! ਕਿੰਨੇ ਵਧੀਆ ਲਗਦੇ ਆ , ਇਕ ਦੂਜੇ ਵਲ੍ਹ ਦੇਖਦੇ । .....ਏਨੂੰ ਕਹਿੰਦੇ ਅਸਲ ਬਰਾਬਰੀ । ਛੂਤ-ਛਾਤ ਦਾ ਮੁੱਢੋ-ਸੁੱਢੋ ਖਾਤਮਾ – ਸਵਰਨ-ਜਾਤੀ ਬੁੱਤ, ਨੀਚ –ਜਾਤੀ ਬੁੱਤ ਦੇ ਐਨ ਬਗ਼ਲਗੀਰ ! ਵਾਅਦਾ...ਵਾਅਦਾ....ਵਾਅਦਾ.....।

ਗਾਂਧੀ ਬਨਾਮ ਅੰਬੇਡਕਰ ਚੌਂਕ ‘ਚ ਬਣੇ ਦੋ ਥੜਿਆਂ ਵਿਚਕਾਰ ਖੜਾ ਸੂਤਰਧਾਰ ,ਦੋਨਾਂ ਬੁੱਤਾਂ ਵਲ੍ਹ ਦੇਖਦਾ ‘ਬਾਗੋ-ਬਾਗ ’ ਹੋਈ ਗਿਆ ।

ਦੋਹਾਂ ਬੁੱਤਾਂ ਵਲ੍ਹ ਨੂੰ ਪਿੱਠ ਕਰਕੇ , ਉਸ ਤੋਂ ਚਾਰ-ਪੰਜ ਕਦਮ ਹਟਵੇਂ ਖੜੇ ਸਾਈਂ ਜੀ ਨੇ ਜਿਵੇਂ ਉਸ ਵਲ੍ਹ ਗਹਿਰੀ ਨਿਗਾਹ ਸੁੱਟਦਿਆਂ ਖ਼ਤਰਨਾਕ ਘੂਰੀ ਵੱਟੀ ।

ਪਲ ਦੀ ਪਲ ਲਈ ਉਹ ਸਿਰ ਤੋਂ ਪੈਰਾਂ ਤੱਕ ਠੰਠਬਰ ਕੇ ਝਿੱਥਾ ਜਿਹਾ ਪੈ ਗਿਆ ।

ਝੱਟ ਹੀ ਉਸ ਦੇ ਜਾਣਬੁੱਝ ਕੇ ਕੀਤੀ ਗ਼ਲਤੀ ਨੂੰ ‘ਸੋਹੀ ’ ਦਿਸ਼ਾ ਵਲ੍ਹ ਮੋੜਦਿਆਂ ਸਾਈਂ ਜੀ ਦੀ ਉਸਤੱਤ –ਰੀਲ੍ਹ ਛੇੜ ਲਈ – “ਲਓ ਜੀ , .....ਆਹ ਤਾਂ ਕਮਾਲ ਈ ਕਰ ਵਿਖਾਈ ਆ ਤੁਸਾਂ , ਮੈਂ ਤਾਂ ਕਹਿਨਾ ਹੇਠਲੀ ਉੱਪਰ ਆ ਗਈ ਆ ਤੇ ਉੱਪਰਲੀ ਹੇਠਾਂ – ਆਹ ਓਸ ਬੰਨੇ ਆਲੀਆਂ ਕੋਠੀਆਂ ‘ਚ ਰਹਿਣ ਵਾਲੇ ਏਸੇ ਪਿੰਡ ਦੇ ਧੀਆਂ-ਪੁੱਤ ਤਾਂ ਕਦੀ ਰਾਤ ਸਮੇਂ ਵੀ ਜ਼ੱਦੀ ਪਿੰਡ ਵਲ੍ਹ ਨੂੰ ਮੂੰਹ ਨਈਂ ਸੀ ਕਰਦੇ । ਏਨਾਂ ਨੂੰ ਤਾਂ ਜਿਮੇਂ ਮੁਛਕ ਈ ਆਉਣ ਲੱਗ ਪਈ ਸੀ  ਆਪਣੇ ਪਿਤਾ-ਪੁਰਖਿਆ , ਤਾਇਆਂ-ਚਾਚਿਆਂ , ਭੈਣਾਂ-ਭਰਾਵਾਂ ਤੋਂ । ਤੇ ਹੁਣ , ਹੁਣ ਦੇਖ ਲਓ ਦਿੱਦਾ ਰਾਤ-ਪੁਰ-ਦਿਨੇ , ਦਿਨ ਪੁਰ ਰਾਤ ਜੁੜੇ ਫਿਰਦੇ ਆ , ਐਸ ਬੰਨੇ ਨਾਲ , ਬੰਨੇ ਦੇ ਘਰਾਂ ਢਾਰਿਆਂ ਨਾਲ ਮੋੜਾਂ-ਚੌਕਾਂ ਨਾਲ । ਵਾਅਦਾ....ਵਾਅਦਾ.....ਵਾਅਦ...... ।ਏਨੂੰ ਕਹਿੰਦੇ ਅਸਲੀ ਇਕਮੁਠੱਤਾ ! ਅਪਣਿਆਂ ਦਾ ਅਪਣਿਆਂ ਨਾਲ ਫਿਰ ਤੋਂ ਜੋੜ ਮੇਲ....!!”

ਪਰ , ਉਸਦਾ ਕਿਹਾ ਬੋਲਿਆ , ਸੁਣਿਆ-ਅਣਸੁਣਿਆਂ ਕਰਦਿਆਂ, ਥੋੜਾ ਕੁ ਭਾਰੀ ਦਿੱਖ ਵਾਲੇ ਸਾਈਂ ਜੀ , ਇਕ ਹਸਮੁੱਖ ਗੁਲਾਬ ਦਾ ਲਾਲ ਸੂਹਾਂ ਫੁੱਲ ਤੋੜ ਕੇ ਆਪਣੀ ਜਾਕਟ ਦੀ ਜੇਬ ਤੇ ਟੰਗਣ ਵਿਚ ਰੁੱਝੇ ਰਹੇ ।

ਅੰਬੇਡਕਰ ਬਨਾਮ ਗਾਂਧੀ ਚੌਂਕ ਤੱਕ ਰਸੀਵ ਕਰਨ ਆਈ ਦੋਨਾਂ ਬਸਤੀਆਂ ਦੀ ਕੁਲ ਭੀੜ ਚੌਂਕ-ਜੰਗਲੇ ਦੇ ਬਾਹਰ ਬਾਹਰ ਸੁਆਗਤੀ ਨਾਅਰ੍ਹੇ ਲਾਉਣ ਵਿਚ ਪੂਰਾ ਤਰ੍ਹਾਂ ਖੁੱਭੀ ਰਹੀ ।

ਸਟੇਸ਼ਨ ਤੋਂ ਵੱਡੇ ਚੌਂਕ ਤੱਕ ਆਇਆ ਸਰਕਾਰੀ , ਗੈਰ-ਸਰਕਾਰੀ ਕਾਰਾਂ, ਮੋਟਰਾਂ ਦਾ ਲੰਮਾਂ ਕਾਫ਼ਲਾ, ਸਾਈਂ ਜੀ ਨੇ ਅੱਖ ਦਾ ਇਸ਼ਾਰਾ ਕਰਕੇ ਪਿਛਾਂਹ ਨੂੰ ਮੁੜਦਾ ਕਰ ਦਿੱਤਾ ਤੇ ਆਪ ਅਪਣੇ ਲੋਕਾਂ ਨਾਲ ਬਗਲਗੀਰ ਹੁੰਦੇ ਧਰਮਪੁਰ ਬਨਾਮ ਗਾਂਧੀਨਗਰ ਵਲ੍ਹ ਜਾਣ ਦੀ ਬਜਾਏ ਨਵੀਂ ਬਸਤੀ ਬਨਾਮ ਅੰਬੇਡਕਰ ਨਗਰ ਵਲ੍ਹ ਨੂੰ ਹੋ ਤੁਰੇ । ....ਪੈਦਲ ....!

ਸਾਈਂ ਜੀ ਦੇ ਮੋਢੇ ਨਾਲ ਖਹਿ ਕੇ ਤੁਰਿਆ ਸੂਤਰਧਾਰ , ਓਪਰਾ ਓਪਰਾ ਮੁਕਸਕਾਉਂਦਾ , ਧੁਰ-ਅੰਦਰੋਂ ਕਿਸੇ ਡੂੰਘੇ ਫਿਕਰ ‘ਚ  ਡੁੱਬਾ ਰਿਹਾ ।

ਢਲਵੇਂ ਟਿਕਵੇਂ ਦਿਨ ਦੀ ਥੋੜਾ ਕੁ ਚੁੱਭਵੀਂ ਧੁੱਪ, ਉਸ ਨੂੰ ਸਾਈਂ ਜੀ ਦੇ ਚਿਹਰੇ ਨਾਲੋਂ ਕਿਧਰੇ ਵੱਧ ਅਪਣੇ ਚਿਹਰੇ ਤੇ ਚਮਕਦੀ ਜਾਪੀ । ....ਹੁਣ ਤੱਕ ਉਸ ਨੇ ਭਲੀ ਭਾਂਤ ਸਮਝ ਲਿਆ ਸੀ ਕਿ ਰਵਾਇਤੀ ਕਿਸਮ ਦੇ ਇਸ ਨਗਾਰਖਾਨੇ ‘ਚ ਵੀ ਉਸਦੀ ਬੰਸਰੀ ਮਧੁਰ ਸੁਰ ਕਿਸੇ ਵੀ ਤਰ੍ਹਾਂ ਸਾਈਂ ਦੇ ਕੰਨਾਂ ਤੱਕ ਨਹੀਂ ਅੱਪੜੇਗੀ ।

                        -------              -------              --------            --------

ਛੇਤੀ ਛੇਤੀ ਤੁਰਦੇ ਸਿਆਲੂ ਦਿਨ ਦਾ ਅੰਤਲਾ ਪਹਿਰ ਮੁੱਕਣ ਹੀ ਵਾਲਾ ਸੀ । ਸਹਿਜ ਸਹਿਜ ਡੰਗੋਰੀ ਟੇਕਦੀ ਬੁੱਢੀ ਮਾਈ ਅੱਤੋ , ਬਿਨਾਂ ਕੋਈ ‘ ਵਾਜ਼ ਮਾਰਿਆਂ, ਕਰਮੇਂ ਦੀ ਬੈਠਕ ਅੱਗੇ ਆ ਰੁਕੀ । ਬੈਠਕ ਅੰਦਰਲੇ ਮੰਜੇ ਤੇ ਨਿਰਜਿੰਦ ਜਿਹਾ ਪਿਆ ਕਰਮਾਂ ਬਾਹਰਲੀ ਬਿੜਕ ਸੁਣ ਕੇ ਉੱਠ ਖੜਾ ਹੋਇਆ । ਅੱਧਾ ਕੁ ਖੁੱਲ੍ਹਾ ਦਰਵਾਜ਼ਾ ...ਪੂਰਾ ਖੋਲ੍ਹ ਕੇ ਉਸ ਨੇ ਅੱਤੋ ਮਾਈ ਨੂੰ ਅੰਦਰ ਲੰਘ ਆਉਣ ਲਈ ਆਖਿਆ ।

ਗਲ੍ਹੀ ਵਾਲੇ ਪਾਸੇ ਦੀ ਕੰਧ ਨਾਲ ਪਈ ਕੁਰਸੀ ਤੇ ਬੈਠਦੀ ਅੱਤੋ ਠੰਡਾ ਸ਼ੀਤ ਹਓਕਾ ਭਰਦੀ ਜਿਵੇਂ ਕਿਸੇ ਡੂੰਘੇ ਖੂਹ ‘ਚ ਬੋਲੀ ਹੋਵੇ – “ਪੁੱਤ ਕਰਮਿਆਂ , ਐਤਕੀਂ ਕੀ ਹੋ ਗਿਆ ਵੇ, ਸਾਡੇ ਆਲੇ ਪਾਸੇ ਨੂੰ ....? ਕਿੱਧਰ ਚਲੀਆਂ ਗਈਆਂ ਦੋ ਜੱਕ ਜਾਣੀਆਂ .....!?”

“ਜਾਣੀਆਂ ਕਿੱਥੇ ਸੀ ਮਾਸੀ , ਐਧਰੇ ਈ ਲਾਗੇ ਚਾਗੇ ਸੜਕੋਂ ਪਾਰਲੇ ਡੱਬੇ ‘ਚ ਡਿਗਿਆਂ, ਬਿੱਕਰ ਸੂੰਹ ਆਲੇ ‘ਚ, ਐਸ ਪਾਸਿਓ ...ਨਿੱਖੜ ਕੇ .....” ਬੜੇ ਹੀ ਸਹਿਜ ਭਾਅ ਨਾਲ ਅਪਣੀ ਥਾਂ ਬੈਠਦੇ ਕਰਮੇਂ ਦਾ ਸੋਚਵਾਨ ਚਿਹਰਾ ਕਿੰਨਾਂ ਸਾਰਾ ਹੋਰ ਗੰਭੀਰ ਹੋ ਗਿਆ – “ਮੈਨੂੰ ਤਾਂ ਓਦਣੋਈ ਦੀਹਦਾ ਸੀ ਹਾਲ ਹਵਾਲ, ਓਦਣ ਜਿੱਦਣ ਸਾਈਂ ਹੁਣੀ ਆਲੀ ਸੀ ਓਧਰਲੇ ਬੰਨੇ....।“

“ਦੀਹਦਾ ਸੀਈ ਤਾਂ ਪਹਿਲਾਂ ਕਰਨਾ ਸੀ ਕੋਈ ਓੜ ਪੋੜ੍ਹ, ਓਦਣੇਈ ਕੈਣ੍ਹਾ ਸੀ ਉਨੂੰ ....ਪਈ.......।”

“ਕਿਹਾ ਤਾਂ ਸੀ ਮੈਂ ਝਕਦੇ-ਝਕਦੇ ਨੇ, ਉਨ੍ਹਾਂ ਅੱਗੋਂ ਸੁਣੀ ਇਕ ਨਈਂ । ਉਲਟਾ ਮੇਰੀ ਝਾੜ-ਝੰਭ ਕਰਤੀ ।ਕਹਿਣ ਲੱਗੇ , “ਤੂੰ...ਤੂੰ ਕਿਥੋਂ ਆ ਬੈਠਾਂ ਸਾਡੇ ‘ਚ, ਗੱਦਾਰਾ ! ਜਸੂਸੀ ਕਰਨ ਆਇਆ ਸਾਡੀ ? ਚੱਲ ਦਫਾ ਹੋ ਜਾ ਏਥੋਂ .....। ਦੱਸ ਮੈਂ ਕੀ ਕਰਦਾ ਫੇਏ ...?ਮੈਂ ਉੱਠ ਕੇ ਬਾਹਰ ਆ ਗਿਆ .....। “

“ਵੇ ਹਾਆ ਗੱਲ ਪਹਿਲਾਂ ਕਿਉਂ ਨਈਂ ਦੱਸੀ ਤੈਂ ........। ਉੱਜੜ ਜਾਣਿਆਂ ਮੈ ਉਨੂੰ ਪੁੱਛਦੀ ਟੁੱਟ ਪੈਣੇ ਨੂੰ  । ਨਾਲੇ ਪੁੱਛਦੀ ਉਦ੍ਹੇ ਚੇਲੇ-ਚਾਟਕਿਆਂ ਢੈਹ ਪੈਣਿਆਂ ਨੂੰ । .......ਹਾਏ ਹਾਏ ਵੋ ਤੁਆਡੇ ਰੱਖੇ ਜਾਣ ਵੇਏ , ਜਦ ਤੁਆਡਾ ਸਾਡਾ ਲੈਣ-ਦੇਣ ਈ ਕੋਈ ਨਈਂ, ਫੇਏ ਖੇਹ-ਖਾਣ ਆਏ –ਮਰੋ ਸੀਈ ਐਸ ਬੰਨੇ ....ਵੇ ਚਾਰ ਘਰ ਤਾਂ ਡੈਣ ਵੀ ਛੱਡ ਲੈਂਦੀ ਆ ਵੇਏ ਜ਼ੋਜ਼ਕ ਜਾਣਿਓਂ । ਪਿਛਲੀ ਵੇਰ ਵੀ ਆਹੀ ਖੇਹ ਸੀਈ ਸਿੜੀ ਪੈਣਿਓਂ ....ਮਜ਼ਾਲ ਆ ਕਿਤੇ ਇਕ ਵੀ ਮਰਿਆ ਹੋਵੇ, ਮੇਰੇ ਜਗੀਰ ਨੂੰਅ......।“

ਇਕੋ ਸਾਹ ਬੋਲਦੀ ਅੱਤੋ ਦਾ ਸਾਰਾ ਪਾਰ ਧੁਰ-ਉੱਪਰ ਚੜ੍ਹਿਆ ਦੇਖ ,ਓੜਕ ਛੋਹਾ ਬੈਠਾ ਕਰਮਾ ਇਕ ਵਾਰ ਫਿਰ ਉੱਠਿਆ । ਗਲ੍ਹੀ ਵਲ੍ਹ ਨੂੰ ਖੁਲ੍ਹਦੇ  ਦਰਵਾਜ਼ੇ ਦੇ ਦੋਨੋਂ ਭਿੱਤ ਪੂਰੇ ਭੇੜ ਕੇ ਉਸ ਨੇ ਬੈਠਕ ਦੀ ਵੱਡੀ ਬੱਤੀ ਜਗਦੀ  ਕਰ ਲਈ ।

“ ਇਕੋ ਸਾਹ ਬੋਲਦੀ ਅੱਤੋ ਦਾ ਸਾਰਾ ਪਾਰਾ ਧੁਰ-ਉੱਪਰ ਚੜ੍ਹਿਆ ਦੇਖ , ਓੜਕ ਛੋਹਾ ਬੈਠਾ ਕਰਮਾ ਇਕ ਵਾਰ ਫਿਰ ਉੱਠਿਆ । ਗਲ੍ਹੀ  ਵਲ੍ਹ ਨੂੰ ਖੁਲ੍ਹਦੇ ਦਰਵਾਜ਼ੇ ਦੇ ਦੋਨੋਂ ਭਿੱਤ ਪੂਰੇ ਭੇੜ ਕੇ ਉਸ ਨੇ ਬੈਠਕ ਦੀ ਵੱਡੀ ਬੱਤੀ ਜਗਦੀ ਕਰ ਲਈ ।

“ਅਸਲ ਕਹਾਣੀ ਹੋਰ ਆ ਮਾਸੀ .....”, ਮੁੜ ਆਪਣੀ ਥਾਂ ਬੈਠਦੇ ਕਰਮੇਂ ਨੇ ਮਾਈ ਅੱਤੋ ਨੂੰ ਇਕ ਭੇਤ-ਭਰੀ ਡੂੰਘੀ ਗੱਲ ਦੱਸਦੀ ਚਾਹ –“...ਸਾਡੇ ਮੁਲਕ ਦੀ ਕੁੱਲ ਸਿਆਸਤ , ਉੱਪਰਲੀ ਜਾਂ ਹੇਠਲੀ , ਨਾ ਤਾਂ ਸਾਡੇ ਲੋਕਾਂ ਦੀ ਮੁੱਢਲੀ ਜਾਤ-ਬਣਤਕ ਨੂੰ ਤੋੜਨਾ-ਭਨਣਾ ਚਾਹੁੰਦੀ ਆ , ਤੇ ਨਾ ਈ ਸੱਚੀ ਗੱਲ ਆ ਅਸੀਂ ਲੋਕ ਜਾਤ-ਕੁਜਾਤ ਦੀ ਗੰਦੀ-ਮੰਦੀ ਚਾਟ-ਚੱਟਣੋਂ ਬਾਜ਼ ਆਉਨੇ ਆਂ । ਆਖਣ ਨੂੰ ਜੋ ਮਰਜ਼ੀ ਆਖੀ ਜਾਈਏ .....। ਕਦੀ ਅਸੀਂ ਗਰਾਂਟਾਂ ਵਜ਼ੀਫਿਆਂ ਦੇ ਚੂਸਣੇ ਮੂੰਹ  ‘ਚ ਪਾਈ , ਕਬੂਤਰ ਆਂਗੂੰ ਅੱਖਾਂ ਮੀਟੀ ਰੱਖਦੇ ਆਂ, ਕਦੀ ਨੌਕਰੀਆਂ –ਤਰੱਕੀਆਂ , ਰੀਜ਼ਰਵ-ਸੀਟਾਂ ਦੇ ।........ ਅਗਲੇ ਬਿੱਲੀ ਆਂਗ ਸ਼ਹਿ ਲਾਈ ਬੈਠੇ , ਜਦ ਜੀਅ ਕਰਦਾ , ਸਾਡੇ ਖੰਭ ਖਲੇਰ ਕੇ ਪਾਸੇ ਹੁੰਦੇ ......।“

ਪੂਰੇ ਧਿਆਨ ਨਾਲ ਕਰਮੇਂ ਦੀ ਗੱਲ ਦਾ ਅੱਖਰ-ਅੱਖਰ ਸੁਣਦੀ ਅੱਤੋ ਮਾਈ ਫਿਰ ਹਿਰਖੀ –“ਵੇ ਖ਼ਰੀ ਤਰ੍ਹਾਂ ਦੱਸ ਵੇ ਮਾਈ ਨੂੰ ....ਹਾਅ ਕੀ ਗਰੇਜ਼ੀਆਂ ਜੇਹੀਆਂ ਮਾਰਨ ਡੈਹ ਪਿਆ ....?” ਕੁਰਸੀ ਤੇ ਰਤਾ ਕੁ ਤਣ ਕੇ ਬੈਠਦੀ ਅੱਤੋ ਫਿਕਰ-ਮੰਦ ਦਿਸਦੇ ਕਰਮੇਂ ਦੇ ਚਿਹਰੇ ਵਲ੍ਹ ਸਿੱਧਾ ਝਾਕਣ ਲੱਗ ਪਈ ।

“ ਗਰੇਜ਼ੀਆਂ ਨਈਂ ਮਾਸੀ , ਸੱਚੀਆਂ ਗੱਲਾ ਏਹ ਸੱਚੀਆਂ ।....ਦੇਖ, ਅਸੀਂ , ਸਾਡਾ ਸਾਰਾ ਵਿਹੜਾ, ਮੁਲਕ ਭਰ ਦੇ ਲੱਖਾਂ-ਕਰੋੜਾਂ ਸਾਰੇ ਲੋਕ, ਨਾ ਤਾਂ ਕਦੀ ਦੜੇ-ਦਲਿੱਤ ਬਣ ਕੇ ਇਕ ਛਾਬੇ ਤੁੱਲੇ ਆ, ਤੇ ਨਾ ਈ ਕਦੀ ਕੰਮੀ-ਕਮੀਣ ਬਣ ਕੇ । ....ਏਹ ਤਾ ਬੱਸ ਜਨਮ ਜਾਤ ਤੋਂ ਅਛੂਤ ਈ ਚੱਲੇ ਆਉਂਦੇ – ਵੱਖ-ਵੱਖ ਜਾਤਾਂ-ਕੁਜਾਤਾਂ ‘ਚ ਵੰਡ-ਟੁੱਕ ਹੋਏ ਵੰਖਰੇ-ਵੱਖਰੇ ਅਛੂ......।“

ਕਰਮੇਂ ਦੇ ਬੋਲ ਵਿਚਕਾਰੋਂ ਟੋਕਦੀ ਅੱਤੋ ਮਾਈ ਜਿਵੇਂ  ਉਸ ਨੂੰ ਖਾਣ ਨੂੰ ਪਈ ਹੋਵੇ – “ ਵੇ ਕੀ ਹੋ ਗਿਆ ਵੇ ਤੈਨੂੰ ਨਖ਼ਸਮੀ ਦਿਆ ? ਕੀ ਅਪਲ-ਟਪਲੀਆਂ ਮਾਰਨ ਡੈਹ ਪਿਆ ਤੂੰ ਮੀਂ.....? ਆਹੀ ਕੁਸ਼ ਘਰੋਂ ਸੁਣਦੀ ਆਈ ...ਆਂ ਮੈਂ ਢਹਿ-ਪੈਣੇ ਜਗੀਰੇ ਤੋਂ । ਵੇਲੇ , ਕਿਤੇ ਡਮਾਕ ਤਾਂ ਨਈਂ ਹਿੱਲ ਗਿਆ , ਤੁਹਾਡਾ ਦੋਨਾਂ ਦਾਆ....।“

“ ਨਾ ਨਾ ....ਡੜੇ-ਡਮਾਕਾਂ ਨੂੰ ਕੁਸ਼ ਨਈਂ ਹੋਇਆ , ਨਾ ਜਗੀਰ ਦੇ ਨੂੰ ਨਾ ਮੇਰੇ ਦੇ ਨੂੰ । ਮੈਂ ਤਾਂ ਤੇਰੇ ਨਾ ਆਹੀ ਗੱਲ ਕਰਦਾਂ , ਅਪਣੇ ਪਿੰਡ ਆਲੀ । ਪਿਛਲੀ ਵੇਰਾਂ ਈਘਰਾਂ ਨੇ ਜਿੱਤੀ ਸੀ ਕਮੇਟੀ ਸੀਟ, ਕੱਠੇ-ਵੱਠੇ ਰਰਿ ਕੇ । .....ਹੁਣ ਦੇਖ ਲਾਅ ਕੀ ਬਣਿਆ ਪਿਆ , ਐਡੀ ਵੱਡੀ ਆਬਾਦੀ ਵਾਲੇ ਓਸੇ ਈ ਧਰਮਪੁਰ ਦਾਆ । ਅਧਿਓ ਵੱਧ ਘਰ ਪਰਲੇ ਬੰਨੇ ਭੁਗਤੇ ਆ ,ਬਿੱਕਰ ਸੂੰਹ ਆਲੇ ਵੰਨੇ ....।“

ਡੂੰਘਾ ਜਿਹਾ ਸਾਹ ਭਰਦੀ ਅੱਤੋ ਨੇ ਖ਼ਫਾ ਹੋਏ ਕਰਮੇਂ ਦੀ ਥਾਂ, ਜਿਵੇਂ ਅਪਣੀ ਬੇ-ਬਸੀ ਨੂੰ ਦਿਲਾਸਾ ਦਿੱਤਾ ਹੋਵੇ – “ ਚੱਲ ਕੋਈ ਨਾ ਪੁੱਤ, ਏਸ ਵਾਰ ਐਸ ਪਾਸਿਉਂ ਨਾ ਸਈ , ਓਸ ਪਾਸਿਉਂ ਸਈ , ਅਸਕਰ ਤਾਂ ਅਪਣੀਉਂ ਜਾਤ-ਬਰਾਦਰੀ ਆ ਉਹ ਵੀ ....।“

ਨਈਂ ਮਾਸੀ ਨਈਂ, ਏਹ ਭੁਲੇਖਾ ਆ ਤੈਨੂੰ । ਅਪਣੀ-ਊਪਣੀ ਜਾਤ-ਬਰਾਦਰੀ ਕੋਈ ਨਈਂ ਹੈਗੀ ਉਹ !...ਉਹ ਜੇ ਅਪਣੀ ਜਾਤ-ਬਾਰਦਰੀ ਹੁੰਦੀ , ਤਾਂ  ਐਨੀ ਘਰੀਂ ਐ ਡਾਕੇ ਨ ਮਾਰਦੀ । ਅਪਣਾ ਈ ਪਿੰਡ ਲੀਰਾਂ-ਕਚੀਰਾਂ ਨਾ ਕਰਦੀ । .....ਉਨ੍ਹਾਂ ਤਾਂ ਬੇੜਾ ਗ਼ਰਕ ਕੀਤਾ । ਖਾਹ-ਮੁਖਾਹ ਖੱਜਲ-ਖੁਆਰੀ ਕੀਤੀ ਆ ਸਾਡੀ......!”

ਹੱਥਲੀ ਸੋਟੀ ਤੇ ਠੋਡੀ ਦਾ ਭਾਰ ਟਿਕਾਈ ਬੈਠੀ ਅੱਤੋ ਕਰਮੇਂ ਦੀ ਅਲੋਕਾਰੀ ਸੁਣ ਕੇ ਤ੍ਰਬਕ ਜਿਹੀ ਗਈ – “ਹੈਂਅ....!”

“ਹਾਂ...ਹਾਂ ਆਂ ...., ਆਹ ਜਿਨ੍ਹਾਂ ਨੂੰ ਅਪਦੇ ਕਹਿਨੀ ਆਂ ਤੂੰ, ਤੈਨੂੰ ਪਤਾ ਈ ਆ ਕਿੰਨੀ ਕੁ ਦੀਦ ਕਰਦੇ ਆ , ਤੇਰੇ ਐਸ ਬੰਨੇ ਕੀ ...? ਆਖਣ ਗੋਚਰੀ ਗੱਲ ਨੂੰ ਹੋਰ ਤਰਤੀਬ ਦਿੰਦੇ ਕਰਮੇ ਨੇ ਥੋੜਾ ਕੁ ਰੁਕ ਕੇ ਹੋਰ ਠਰੱਮੇਂ ਨਾਲ ਆਖਿਆ – “ ਦੇਖ ਮਾਸੀ , ਆਹ ਕਸਤੂਰੀ ਹੁਣੀ ,ਬਾਊ ਹੁਣੀਂ ਐਮੇ ਕਿਮੇਂ ‘ਚ ਸਿੱਧ-ਪੱਧਰੇ , ਕੱਚੇ-ਪਿੱਲੇ ਖਿਡਾਰੀ ਨਈਂ , ਜਿਹੋ-ਜਿਹੇ ਦੇਖਣ ਨੂੰ ਦੀਹਦੇ ਆ ।ਏਹ ਆਗ਼ ਈ ਪੂਰੇ ਘਾਗ਼, ਮੋਮੋਠਗਣੇ ਬੰਗਲੇ-ਭਗਤ । ਏਨਾ ਸਾਡੇ ਮੁਲਕ ਦੀ ਕੁੱਲ ਧਰਤੀ ਵੱਖ-ਵੱਖ ਸੂਬਿਆਂ ‘ਚ ਨਈਂ , ਵੱਖ-ਵੱਖ ਟਾਪੂਆਂ ‘ਚ ਵੰਡ ਕੇ ਰੱਖੀਊ ਆ –ਧਰਮਾਂ-ਮਜ਼੍ਹਬਾਂ ,ਰੰਗਾਂ-ਨਸਲਾਂ, ਜਾਤਾਂ-ਗੋਤਾਂ ਦੇ ਹਜ਼ਾਰ , ਹਜ਼ਾਰ-ਹਾ ਟਾਪੂਆਂ-ਜ਼ਜ਼ੀਰਿਆਂ ‘ਚ । ....ਤੇ ਵੰਡੇ-ਵਿਖਰੇ ਲੋਕਾਂ ਦਾ ਤੈਨੂੰ ਪਤਆ ਈ ਜੋ ਹਾਲ-ਹਵਾਲ ਹੁੰਦਆ ! ਨਿੱਕੇ-ਮੋਟੇ ਗੌਂ ਨੂੰ ਇਕ ਜਣਾ ਇਕ ਦੀ ਝੋਲੀ ਡਿਗਿਆ ਹੁੰਦਾ , ਦੂਜਾ ਦੀ , ਤੀਜਾ ਦੀ ....। ਆਹੀ ਕੁਸ਼ ਅਸੀਂ ਕਰਦੇ ਰਹੇ ਆ, ਧਰਮੀਪੁਰੀਏ , ਆਹੀ ਕੁਸ਼ ਹੁਣ ਉਹ ਕਰਨ ਲੱਗਿਓ ਆ ਪਾਰਲੇ .....।“

ਕਰਮੇਂ ਦੀ ਸਾਰੀ ਪੂਰੀ ਸਮਝੇ ਬਿਨਾਂ ਹੀ ਅੱਤੋ ਮਾਈ ਦਾ ਗੁੱਸਾ , ਮੁੜ ਪਾਰਲੇ ਬੰਨੇ ਤੇ ਝੜਨਾ ਸ਼ੁਰੂ ਹੋ ਗਿਆ – “ ਹੈਤ ਤੁਆਡੇ ਰੱਖੇ ਜਾਣ ਵੇ , ਅਗਲਾ ਦਿਨ ਨਾ ਥਿਆਏ ਖੇਹ-ਪੈਣਿਆਂ ਨੂੰ .....! ਹੈਤ ਤੁਆਡੇ ਰੱਖੇ ਜਾਣੇ ਵੇ, ਅਗਲਾ ਦਿਨ ਨਾ ਥਿਆਏ ਖੇਹ-ਪੈਣਿਆਂ ਨੂੰ ....! ਵੇ ਨਖ਼ਸਮੀ ਦਿਓ , ਤੁਸੀਂ  ਕੇੜ੍ਹੀ ਬੰਨੀਉ ਥੁੜੇ-ਨੰਗੇ ਰਹਿ ਗਏ ਓ ਵੇ ਗ਼ਰਕ-ਜਾਣਿਉਂ ...., ਵੇ ਮਹਿਲਾਂ ਅਰਗੇ ਥੁਆਡੇ  ਘਰ-ਕੋਠੜੇ ਵੇ,ਮੋਰਨੀਆਂ ਅਰਗੀਆਂ ਥੁਆਡੀਆਂ ਮੇਮਾਂ , ਖੇਹ-ਪੈਣੀਆਂ ਪੈਲਾਂ ਪਾਉਂਦੀਆਂ ਸਾਹ ਨਈਂ ਲੈਂਦੀਆਂ ....। ਵੇ ਧੀਆ-ਪੁੱਤਾ ਤਾਂਆਂ ਪਛਾਣਿਆਂ ਨਈਂ ਜਾਂਦਾ , ਥੁਆਡਾ ਆ ਕਿ ਕਿਸੇ ਹੋਰਸ ਦਾਆ ...। ਵੇ ਕੰਜਰੀ ਦਿਓ ਐਡੀ-ਐਡੀ ਉੱਚੀਆਂ ਥਾਈਂ ਉੱਪੜ ਕੇ ਹੁਣ ਕੀ ਬਿੱਜ ਪੈ ਗਈ ਆ ਥੁਆਨੂੰ ਸਿੜੀ-ਪੇਣਿਆਂ ਨੂੰਅ....ਆ....।“

“ਚੱਲ ਛੱਡ ਕਰ , ਤੂੰ ਕਿਉ ਕਲਪਾਟ ਕਰਦੀ ਆਂ ? ਕਿਉਂ ਲੂਨ੍ਹੀਂ ਆਂ ਪਰਣਾ ਆਪ । ਕਸੂਰ ਕੇੜ੍ਹਾ ਉਨ੍ਹਾਂ ਕੱਲਿਆ ਦਾਆ...। ਉਨ੍ਹਾਂ ਤਾਂ ਅੱਧ-ਅਸਮਾਨੇਂ ਲਟਕਿਆਂ ਨੇ ਕਿਤੇ ਡਿੱਗਣਾ ਈ ਡਿੱਗਣਾ ਸੀ , ਤੇਰੇ ਐਸ ਬੰਨੇ ਆਲਿਆਂ ਕੇੜ੍ਹਾ ਘੱਟ ਕੜ੍ਹੀ ਘੋਲ੍ਹੀ ਆ । ਐਮੇਂ ਈ ਅੰਨੇਵਾਹ ਉੱਠ ਤੁਰੇ ਉਨ੍ਹਾਂ ਪਿਛੇ , ਜਾਤ-ਬਰਾਦਰੀ ਦੇ ਨਾਂ ਤੇ, ਬਿਨਾਂ ਸੋਚੇ –ਸਮਝੇ । ਇਕ ਨਾ ਸੁਣੀ , ਨਾ ਤੇਰੀ ਨਾ ਤੇਰੀ ਜਗੀਰ ਦੀਈ । ....ਡੰਗਰ ਕਿਸੇ ਥਾਂ ਦੇਏ .....।“

“ਹੈਸੇ ਈ ਗੱਲ ਦਾ ਤਾਂ ਹਿਰਖ ਆ ਬੱਚੜਿਆ....। ਮੈਨੂੰ ਦੇਖ ਲਾਅ ਕਿੰਨਾ ਚਿਰ ਹੋ ਗਿਆ , ਏਨ੍ਹਾਂ ਪਿਛੇ ਮਰਦੀ ਨੂੰ । ਮੇਰੇ ਤਾਂ ਖ਼ਸਮਾਂ-ਖਾਣੇ ਕਰ-ਪੈਣ ਵੀ ਹਾਰ ਗਏ , ਹੋਕਾ ਦਿੰਦੀ ਦੇਏ ।...ਦੱਸ ਛੱਡਿਆ ਕੋਈ ਵੀਰਵਾਰ ! ਏਨ੍ਹਾਂ ਗ਼ਰਕ-ਜਾਣਿਆਂ, ਇਕ ਨਈਂ ਜਾਣੀ ਮੇਰੇ ਕੀਤੇ ਦੀਈ । ਏਹ ਖੇਹ ਪੈਣੇ ਮੁੜਕੇ ਓਸੇਈ ਖੂਹ ‘ਚ ਜਾ ਡਿੱਗੇ ਆ, ਜਿਥੋਂ ਕੱਢੇ ਸੀਈ ਬਾਊ ਜੀ ਹੋਣੀ , ਭਾਈ ਜੀ ਹੋਣੀ ਰਲ-ਮਿਲ ਕੇਏ ...। ਹਾਏ ਹਾਏ ਵੇ ਤੁਆਡੇ  ਰੱਖੇ ਜਾਣ ਵੇ , ਮਰੀ ਪੈਣਿਓਂ ਵੇ ਏ..ਏ....। “

“ ਨਈਂ ਮਾਸੀ ਨਹੀਂ ,ਆਹ ਵੀ ਦੇਖ , ਕਿੱਡੀ ਗ਼ਲਤ-ਫੈਹਿਮੀ ਆ ਤੇਰੀ । ਹੁਣੇ ਤਾਂ ਦੱਸਣਾ ਹਟਿਆਂ ਤੈਨੂੰ .....;ਅੱਜ ਤੱਕ ਨਾ ਈ ਤਾ ਕਿਸੇ ਬੜੇ-ਬਾਊ ਜੀ ਦੇ ਸਾਡੇ ਲੋਕਾ ਨੂੰ ਕਿਸੇ ਖੜੇ-ਖੂਹ ‘ਚੋਂ ਬਾਹਰ ਕੱਢਿਆ , ਤੇ ਨਾ ਈ ਤੇਰੇ ਹੋਕੇ – ਚੌਂਕੀ ਨੇ ਹੁਣ ਤੱਕ ਏਨ੍ਹਾਂ ਦਾ ਕੁਸ਼ ਬਣਾਇਆ-ਸੁਆਰਿਆ ....। ਤੁਸੀਂ ਤਾਂ ਉਲਟਾ ਰਲ੍ਹ-ਮਿਲ੍ਹ ਕੇ ਬੁੱਧੀ ਭਰਿਸ਼ਟ ਕਰ ਛੱਡੀ ਏਨ੍ਹਾਂ ਦੀ ; ਮਾੜੀ –ਮੋਟੀ ਵੀ ਸੋਝੀ ਨਈਂ ਆਉਣ ਦਿੱਤੀ – ਨਾ ਦੀਨ-ਦੁਨੀਆਂ ਦੀ, ਨਾ ਅਪਣੇ –ਆਪ ਦੀ । “

ਲੰਮੀਆਂ-ਲੰਮੀਆਂ ਹੇਕਾਂ ਲਾਉਂਦੀ ਅੱਤੋ ਮਾਈ ਬਾਊ ਜੀ ਸਮੇਤ ਅਪਣਾ ਵਿਰੋਧ ਸੁਣ ਕੇ ਇਕ-ਦੰਮ ਚੌਂਕ ਪਈ-ਕਿਓਂ ਵੇ ਕਾਦ੍ਹੀ ਗਲਤ-ਫੈਮ੍ਹੀ ! ਕੀ ਨਈਂ ਕੀਤਾ ਮੈਂ ...? ਕੀ ਨਈਂ ਕੀਤਾ ਬਾਊ ਜੀ ਨੇ ....? ਹੈਂਅ....ਹੱਦ ਹੋ ਗਈ ਤੇਰੇ ਆਲੀ । ਤੂੰ ਮੀਂ ਲੱਗ ਪਿਆਂ ਬਦਖੋਈ ਕਰਨ ; ਕੁੱਛੜ ਬੈਠ ਕੇ ਦਾੜ੍ਹੀ ਪੁੱਟਣ ! ਆਹੀ ਅਕਲ ਆ ਤੈਨੁੰ ....ਹੈਂਅ...? “

ਮਾਸੀ ਦਾ ਗਾਲ੍ਹੀ-ਗਲੋਚ ਬੰਦ ਹੋਇਆ ਜਾਚ ਕੇ , ਕਰਮੇਂ ਨੇ ਰਤਾ ਕੁ ਪਾਸੇ  ਗਈ ਵਾਰਤਾ, ਮੁੜ ਲੀਹ ਸਿਰ ਕਰਦਿਆਂ ਆਖਿਆ – “ ਤੂੰ ਗੁੱਸਾ ਕਰ ਭਾਮੇਂ ਰੋਸਾ, ਏਹ ਗੱਲ ਵੀਹ ਆਨੇ ਸੱਚ ਆ ਮਾਸੀ ਕਿ ਸਾਡੇ ਦੁਆਲੇ , ਖਾਸ ਕਰ ਕੰਮੀਂ ਲੋਕਾਂ ਦੁਆਲੇ ਜਾਤ-ਜਕੜ ਨਾ ਤਾਂ ਕਿਸੇ ਭੜੂਏ ਨੇ ਟੁੱਟਣ ਦੇਣੀ ਆ, ਨਾ ਈ ਢਿੱਲੀ ਪੈਣ ਦੇਣੀ ਆਂ । ਏਦ੍ਹੇ ਆਸਰੇ ਈ ਤਾਂ ਉਪਰਲਿਆਂ ਦਾ ਫੁਲਕ-ਮੰਡਾ ਚਲਦਾ ....। ਏਹ ਤਾਂ ਜਿੰਨਾ ਚਿਰ ਅਸੀਂ , ਸਾਡੀ ਤਰਾਂ ਦੀ ਆਬਾਦੀ ਵਾਲੀ ਸਾਰੀ ਗਿਣਤੀ , ਆਪੂੰ ਕੋਈ ਹੀਲਾ-ਵਸੀਲਾ ਨਈਂ ਕਰਦੀ; ਅਪਣੇ ਅੰਦਰਲਾ ਜਾਤ-ਵੰਡ-ਹੋਜ਼ ਮੁੱਢੋਂ –ਸੁਢੋਂ ਭਸਮ ਕਰਕੇ , ਵਰਗ-ਵੰਡ-ਸੂਝ ਅੰਦਰ ਤਬਦੀਲ ਨਈਂ ਕਰਦੀ , ਓਨਾ ਚਿਰ ਅਸੀਂ ਐਉਂ ਈ ਬੁੱਧੂ ਬਣੇ ਰਹਿਣਾ, ਕਦੀ  ਬਾਊ ਜੀ ਦੇ ਪਿਛਲੱਗ ਬਣ ਕੇਕਦੀ ਸਾਈਂ ਜੀ ਦੇ ।“

ਕਰਮੇਂ ਦੀ ਤੇਜ਼-ਤਰਾਰ ਭਾਸ਼ਾ ਅੰਦਰਲਾ ਸੱਚ ਸੁਣੀ ਅੱਤੋ ਮਾਈ , ਘਲੀ-ਪਲ ਲਈ ਜਿਵੇਂ ਆਵਾਕ ਜਿਹੀ ਹੋ ਗਈ । ਚੁੱਪ-ਚਾਪ ਹੋਈ ਦਿਸਦੀ ਦਾ ਖੁਸ਼ਕ-ਭਾਰਾ ਚਿਹਰਾ ਸਹਿਜੇ-ਸਹਿਜੇ ਪਹਿਲਾਂ ਹੇਠਾਂ ਵਲ੍ਹ ਨੂੰ ਝੁਕਿਆ , ਫਿਰ ਇਕੋ ਵਾਰਗੀ ਝਟਕਾ ਜਿਹਾ ਮਾਰ ਕੇ ਉਤਾਂਹ ਨੂੰ ਚੁੱਕਿਆ ਗਿਆ । ਐਧਰ ਓਧਰ ਦੇਖੋ ਬਗੈਰ ਉਸ ਨੇ ਸਾਰੀ ਦੀ ਸਾਰੀ ਨਿਗਾਹ ਸਾਹਮਛੇ ਬੈਠੇ ਖਿਝੇ-ਖਪੇ ਕਰਮੇਂ ਤੇ ਗੱਡ ਦਿੱਤੀ ।

ਉਸ ਦੀਆਂ ਬੋਝਲ ਹੋਈਆਂ ਅੱਖਾਂ ‘ਚ ਉਭਰੇ ਲਾਲ-ਲਾਲ ਡੋਰੇ ਦੇਖ ਕੇ , ਕਰਮਾਂ ਥੋੜਾ ਕੁ ਡਰਿਆ ,ਪਰ ਮਾਸੀ ਅੱਤੋ ਦੇ ਚਿਹਰੇ ਤੇ ਪੱਸਰੀ ਬੇ-ਜ਼ਬਾਨ ਆਭਾ ਉਸ ਨੂੰ ਹੋਰ ਅੱਗੋ ਬੋਲਣ ਲਈ ਹੱਲਾ-ਸ਼ੇਰੀ ਦੇ ਗਈ – “ਦੇਖ ਮਾਸੀ , ਆਹ ਜੇੜ੍ਹਾ ਪਾਰਲੀ ਬਸਤੀ ਵਾਲਾ ਬਿੱਕਰ ਸੂੰਹ ਇਸ ਵਾਰ ਚੋਣ ਜਿੱਤ ਕੇ ਕਮੇਟੀ ਘਰ ਪਹੁੰਚਿਆ ਨਾ , ਇਹ ਕੋਈ ਐਮੇਂ-ਕਿਮੇਂ ਦੀ ਗੱਲ ਲਈਂ, ਸਿੱਧ-ਪੱਧਰੀ ਜਿਹੀ । ਏਹ-ਇਹ ਸਾਡੇ ਐਸ ਵਿਹੜੇ ਨਾਲੋਂ ਤੋੜ-ਵਿਛੋੜਾ ਕਰਕੇ , ਰਤਾ ਕੁ ਉੱਪਰ ਉੱਠੇ ਬਾਬੂ-ਸ਼ਾਬੂ ਲੋਕਾਂ ਨੇ ਜੇੜ੍ਹਾ ਨਵਾਂ ਜਾਤ-ਜ਼ਜ਼ੀਰਾ ਖੜਾ ਕੀਤਾ  ਆ ਨਾ , ਉਨੂੰ ਮਾਨਤਾ ਦਿੱਤੀ ਆ, ਬਾਊ ਹੋਣੀ ।....ਅਗਲੇ ਤਾ ਸਗੋਂ ਐਹੋ ਜਿਹੇ ਕਾਰਨਾਮੇ ਆਪੂੰ ਕਰਦੇ , ਅਪਣੇ ਬੰਦੇ ਪਾ ਕੇ , ਏਹ  ਉਨ੍ਹਾਂ ਨੂੰ ਕੀਤਾ ਕਰਾਇਆ ਲੱਭ ਗਿਆ ....।“

ਅੱਤੋ ਮਾਈ ਦੇ ਚਿਹਰੇ ਤੇ ਗੱਡ ਹੋਈ ਟਿਕਟਿਕੀ ,ਲਗਾਤਾਰ ਬੋਲੀ ਗਏ ਕਰਮੇਂ ਤੋਂ, ਅਗਲਾ ਸੱਚ ਕਹਿਣ ਤੋਂ ਪਹਿਲਾਂ ਉਸ ਥਾਂ ਟਿਕੀ ਨਾ ਰਹਿ ਸਕੀ । ਢੇਲ੍ਹਾ ਜਿਹਾ ਹੋ ਕੇ ਉਸ ਦੇ ਪੈਰਾਂ ਵਲ੍ਹ ਨੁੰ ਦੇਖਦੇ ਨੇ ਬੜੀ ਮੁਸ਼ਕਲ ਨਾਲ ਅਜੇ ਏਨਾ ਕੁ ਆਖਿਆ ਸੀ – “ ਇਸ ਵਾਰ ਜਗੀਰ ਤੋਂ ਨਈਂ ਸੀ ਜਿੱਤ ....’, ਕਿ ਗੁੱਭ-ਗੁਬਾਰ ਬਣੀ ਦਿੱਸਦੀ ਅੱਤੋ ਇਕ ਦੰਮ ਅੰਗ-ਭਬੂਕਾ ਹੋ ਉੱਠੀ ।

“ ਵੇ ਮਰੀ-ਪੈਣਿਆਂ, ਤੈਨੂੰ ਜੇ ਹੈਨਾਂ ਘੁੰਡੀਆਂ ਦਾ ਇਲਮ ਸੀਈ ਤਾਂ ਪਹਿਲਾਂ ਕਿਉਂ ਨਈਂ ਫੁੱਟਿਆ ਮੂੰਹੋਂ.....। ਵੇ ਮੈਨੂੰ ਕਿਉਂ ਤੋਰੀ ਰੱਖਿਆ ਵੇ ਦਰ-ਦਰ ਦੀ ਮੰਗਤੀ ਬਣਾਂ ਕੇ ਵੇਏ .....। ਵੋ ਦਸ  ਕੀ ਲੇਖਾ ਦੇਣਾ ਸੀ  ਮੈਂ ਥੁਆਡਾ ਸਿੜੀ ਪੈਣਿਆਂ ਦੋਨਾ ਦਾ ਵੇਏ ....। ਵੇ ਮੇਰਾ ਤਾਂ ਤੁਸੀ ਅੱਗਾ ਈ ਮਾਰ ਛੱਡਿਆ ਵੇ ਨਖ਼ਸਮੀ ਦਿਓ ...ਓ....।ਮੇਰੀ ਤਾਂ ਅੱਜ ਦੀ ਚੌਂਕੀ ਵੀ ਰਹਿ ਗਈ ਆ ਵੇ....ਵੇ  ਮੈਂ ਕਿੱਦਾਂ ਭੁੱਲ ਬਖ਼ਸਾਊਂ ਉਸ ਗਰੀਬ ਤੋਅ.....ਵੇ ਕੱਖ ਨਾ ਰਏ ਵੇ ਥੁਆਡਾ ਉੱਪਰ-ਹੇਠਾਂ ਵਾਲਿਆਂ ਸਾਰਿਆਂ ਗ਼ਰਕ-ਜਾਣਿਆਂ ਦਾ ਵੇਏ...ਏ...” ਕਰਮੇਂ-ਜਗੀਰੇ ਸਮੇਤ ਸਭ ਕਿਸੇ ਦਾ ਅੱਗਾ-ਪਿੱਛਾ ਨੌਲ੍ਹ ਦੀ ਮਾਈ ਅੱਤੋ, ਕਰਮੇਂ ਦੀ ਬੈਠਕੋਂ ਉੱਠ ਕੇ ਝੱਟ ਗਲ੍ਹੀ ਵਲ੍ਹ ਨੂੰ ਨਿਕਲ ਗਈ ।

ਉਸ ਦੀ ਡੋਲਦੀ-ਡੁਲਕਦੀ ਪਿੱਠ ਤੇ ਨਿਗਾਹ ਟਿਕਾਈ ਇਕ-ਟੱਕ ਦੇਖਦਾ, ਬਰੂਹਾਂ ‘ਚ ਖੜ੍ਹਾ ਕਰਮਾਂ, ਵਿਰਧ-ਮਾਈ ਦੀ ਹੋਣੀ ਨਾਲੋਂ ਵੱਧ, ਅਪਣੇ ਆਪ ਤੇ ਸ਼ਰਮਸ਼ਾਰ ਵੀ ਹੁੰਦਾ ਰਿਹਾ ਤੇ ਮਾਯੂਸ ਵੀ ।

--------

 

ਲਾਲ ਸਿੰਘ ਦਸੂਹਾ,

ਨੇੜੇ ਸੈਂਟ ਪਾਲ ਕਾਨਵੈਂਟ ਸਕੁਲ,

ਵਾਰਡ ਨੰਬਰ-6, ਨਿਹਾਲਪੁਰ ,

ਦਸੂਹਾ ( ਹੁਸ਼ਿਆਰਪੁਰ)

ਪੰਜਾਬ

+91-94655-74866

ਕਹਾਣੀ : ਕੰਬਾਇਨ-ਕਰਫਿਊ-ਕਾਮਰੇਡ - ਲਾਲ ਸਿੰਘ

ਬੰਤਾ ਸੂੰਹ ਕਾਮਰੇਡ ਦਾ ਵੱਡਾ ਪੁੱਤਰ ਜੀਤਾ ਜਦ ਤੀਜਾ ਵਾਰ ਕਨੇਡਿਉਂ ਪਰਤਿਆ ਤਾਂ ਉਸ ਦਾ ਸਾਰਾ ਇਤਿਹਾਸ-ਭੂਗੋਲ ਬਦਲ ਚੁੱਕਾ ਸੀ – ਗੁਲਾਬੀ ਭਾਅ ਮਾਰਦਾ ਹੋਰਬਦਾਰ ,ਚਿਹਰਾ , ਸ਼ਾਹ-ਕਾਲੇ ਭਰਵੱਟੇ , ਚੌੜਾ ਚਮਕਦਾਰ ਮੱਥਾ ਉਪਰ ਚਿੱਟੀ ਪੋਚਵੀਂ ਤਹਿਦਾਰ ਪੱਗੜੀ , ਗਲੇ ਅੰਦਰ ਦੋਹਰੀ ਲਮਕਮੀਂ ਸਾਂਵਲੇ-ਸੁਨਹਿਰੀ ਰੰਗੀ ਦੀ ਮਾਲਾ , ਇਕ ਹੱਥ ਅਖਰੋਟ ਦੀ ਖੂੰਡੀ ਵਰਗੀ-ਵਲੇਵੇਂ-ਦਰ ਸੋਟੀ ,ਦੂਜੀ ਹੱਥ ਅਖ਼ਬਾਰ , ਜਿਵੇਂ ਸੋਭਾ ਸਿੰਘ ਦੀ ਚਿੱਤਰਕਲਾ ਦਾ ਕੋਈ ਦੇਵ-ਪੁਰਸ਼ ਸਾਖਸ਼ਾਤ ਪ੍ਰਗਟ ਹੋ ਗਿਆ ਹੈ ।

ਉਸ ਦੀਆਂ ਹਰ ਵੇਲੇ ਮੁੰਦ-ਰਹਿਣੀਆਂ ਅੱਖਾਂ ਵੱਲ ਦੇਖਦਿਆਂ, ਪਹਿਲੇ ਦੋ ਵਾਰ ਜਹਾਜ਼ੋਂ ਉਤਰੇ ਅਟੈਚੀ-ਕੇਸਾਂ ਬੈਗਾਂ ਉਤੇ ਉਕਰਿਆ ਉਸ ਦਾ ਪਹਿਲਾ ਨਾਂ ਜੀਤ .ਐਂਸ ਮਾਹਲ ਤਾਂ ਬਹੁਤ ਘੱਟ ਲੋਕਾਂ ਨੂੰ ਯਾਦ ਰਿਹਾ ਸੀ , ਪਰ ਉਸ ਨਾਲ ਕਿਸੇ ਵੇਲੇ ਜੁੜਿਆ ਨਲੀ-ਚੋ ਉਪਨਾਮ ਲੱਗਭੱਗ ਹਰ ਕਿਸੇ ਨੂੰ ਚੇਤੇ ਸੀ ।ਘਰੋਂ ਬਾਹਰ ਨਿਕਲਦੇ ਨੂੰ ਉਸ ਦੇ ਹਾਣੀ ਉਸ ਨੂੰ ਜੀਤਾ ਸਿਆਂ ਜਾਂ ਮਾਹਲ ਸਾਹਬ ਆਖ ਕੇ ਬੁਲਾਉਣਾ ਪਸੰਦ ਕਰਦੇ ,ਪਰ ਉਹ ਅੱਗੋਂ ‘ਸੰਤ ਜੀ ’ ਜਾਂ ‘ਕਨੇਡੀਅਨ ’ ਦਾ ਸੰਬੋਧਨ ਸੁਣ ਕੇ ਬਹੁਤਾ ਪ੍ਰਸੰਨ ਹੁੰਦਾ । ਪਿੰਡ ਦੇ ਪਿੱਪਲ ਹੇਠਲੇ ਥੜੇ ਤੇ ਜੁੜਦੀ ਜੁੰਡਲੀ ਉਸ ਨੂੰ ‘ਮੇਮ-ਸਾਹਬ’ ਆਖ ਕੇ ਠੱਠਾ ਕਰਦੀ । ਘਰ ਆਏ ਹਰ ਕਿਸੇ ਨੂੰ ਉਹ ਰਸਮੀਂ ਹਾਲ-ਚਾਲ ਰਾਹ ਅਡਿੱੜੇ ਟਕਰਦੇ ਨੂੰ ਹੱਥ ਜੋੜ , ਸਿਰ ਨਿਵਾ , ਅੱਖਾਂ ਮੁੰਦ ਕੇ ਬੜੀ ਅਦਬੀ ਫਤ੍ਹੇ ਬੁਲਾਉਂਦਾ ।

ਇੰਡੀਆਂ  ਆਉਣ ਦੀਆਂ ਪਹਿਲੀਆਂ ਦੋਨਾਂ ਫੇਰੀਆਂ ਵਾਂਗ ਉਸ ਦੀ ਸੰਗਤ ਵੀ ਹੁਣ ਅੱਧ-ਕੱਟੀਆਂ ਦਾਅੜ੍ਹੀਆਂ , ਲੰਮੀਆਂ-ਜਟੂਰੀਆਂ ਜਾਂ ਵੱਡੇ-ਵੱਡੇ ਪੱਗੜਾਂ ਵਾਲੇ ਯਾਰਾਂ-ਬੇਲੀਆਂ ਨਾਲ ਨਹੀਂ ਸੀ ਰਹੀ । ਥੜੇ ਦੀ ਜੁੰਡਲੀ ਲਾਗੇ ਵੀ ਜੇ ਕਦੀ ਉਹ ਆਵਾਜ਼ ਮਾਰਿਆਂ ਆਉਂਦਾ ਈ ਆਉਂਦਾ , ਤਾਂ ਕਿਸੇ ਦੀ ਧੀ-ਭੈਣ, ਨੌਂਹ-ਸੱਸ , ਮਾਈ-ਭਾਈ , ਸਾਧ-ਸਾਧਣੀ ਉਤੇ ਚਲਦੀ ਚੰਗੀ-ਮਾੜੀ ਟਿੱਪਣੀ ਸੁਣੀ-ਅਣਸੁਣੀ ਕਰ ਕਰੇ ਝੱਟ ਖਿਸਕਣ ਦੀ ਕਰਦਾ । ਉਂਝ ਬਹੁਤਾ ਸਮਾਂ ਉਹ ਆਪਣੇ ਘਰ ਹੀ ਗੁਜ਼ਾਰਦਾ ਜਾਂ ਲਹਿੰਦੀ ਬਾਹੀ ਫਿਰਨੀਉਂ ਪਾਰ ਬਣੀ ਭੀਖੂ ਸਾਈਂ ਦੀ ਕੁਟੀਆ । ਉਦਾਸੀਆਂ ਦੇ ਡੇਰੇ ਨਾਲ ਵੀ ਉਸ ਦੀ ਪੂਰੀ ਸਾਂਝ ਸੀ ਤੇ ਥੋੜੀ ਦੂਰ ਹਟਵੇਂ ਰਹਿੰਦੇ ਕੰਨ-ਪਾਟੇ ਨਾਥਾਂ ਨਾਲ ਵੀ ।  ਉਸ ਦੀ ਬਦਲੀ ਹੋਈ ਚਾਲ-ਢਾਲ ਦੇਖ ਕੇ ਹਰ ਕਿਸੇ ਨੂੰ ਹੈਰਾਨੀ ਤਾਂ ਹੁੰਦੀ ਈ ਹੁੰਦੀ , ਫਰ ਮੇਹਰੂ-ਉਟਨੱਟ ਵਾਂਗ ਉਸ ਨੂੰ ਸਿੱਧੀ ਟਕੋਰ ਲਾਉਣ ਵਿੱਚ ਕਿਸੇ ਨੇ ਪਹਿਲ ਨਾ ਕੀਤੀ ।

-ਓਏ ਜੀਤਾ ਸਿਆਂ .... ਨਾ ਕੀ , ਅਹੀਂ ਕੋਈ ਦੁੱਭਰਆਰੇ ਆਂ ਸਾਡੇ ਨਾਲ ਬਾਤ-ਚੀਤ ਕਰਨੋਂ ਤੂੰ ਐਉਂ ਤਹਿਕਦਾਂ ਜਿਉਂ ਭਿੱਟ ਹੋ ਚੱਲਿਆ ਹੁੰਨਾਂ....ਨਾ ਕੀ ‘ ।

-‘ਏਹ ਸਾਲਾ ਮਨ ਜਿਆ , ਨਾ ਕੀ , ਕਨੇਡੇ ਜਾ ਕੇ ਖੁਭਣੋਂ ਹਟਿਆ ਕਿ ਪਹਿਲੋਂ ਈ ਕੁਸ ਉਟਨੱਟ ਕਰਦਾ ਸੀ ....ਨਾ ਕੀ ।’

-‘ਬੱਸ ਕਿਸੇ ਤਰ੍ਹਾਂ ਸਮਝ ਲਓ , ਚਾਚਾ ਸਾਹਬ ਜੀ – ਆਖ , ਜੀਤ ਸੂੰਹ ਉਸ ਤੋਂ ਪੱਲਾ ਛੁਡਵਾ ਕੇ ਖਿਸਕਦਾ ਬਣਦਾ , ਪਰ ਖੁੱਲ੍ਹੇ-ਖੁਲਾਸੇ ਸੁਭਾ ਦਾ ਜੀਤ ਸਿੰਘ  ਦਾ  ਤਾਇਆ ਸੰਤਾ ਸਿਉਂ , ਥੜੇ ਤੇ ਬੁੱਕਲਾਂ ਮਾਰੀ ਬੈਠੀ ਮੁੰਡੀਰ ਨੂੰ ਜੀਤ ਨਾਲ ਜੁੜੇ ‘ਨਲੀ-ਚੋ’ ਦੇ ਵਿਸ਼ੇਸ਼ਣ ਦੀ ਵਿਆਖਿਆ ਕਰਦਾ ਕਿੰਨਾ-ਕਿੰਨਾ ਚਿਰ ਢਿੱਡੀ ਪੀੜਾਂ ਪੁਆਉਂਦਾ ਰਹਿੰਦਾ ।’

-‘ਲੈ ਸਾਬ੍ਹ ’... ਇਹ ਮੇਰਾ ਭਤੀਜਾ ਹਾਲੀਂ ਪੰਜਾਂ ਸਾਲਾਂ ਦਾ ਵੀ ਨਈਂ ਸੀ ਹੋਇਆ ਕਿ ਛੁੱਟੀ ਆਏ ਨੂੰ ਇਦ੍ਹੀ ਬੀਬੀ ਕਹਿੰਦੀ –ਮੈਂ ਕਿਆ ਭਾਈਆ.....ਤੂੰ ਐਸ ਲਬੂਦੜ ਜਿਹੇ ਦਾ ਨਾਮਾ ਈ ਲੁਆ ਦੇਣਾ ਸੀ ਸਕੂਲੇ ਜਾ ਕੇ ...ਪੇਏ  ਇਦ੍ਹੇ ਨੂੰ ਤਾਂ ਘਰ-ਬਾਰ ਦੀ ਸੁੱਧ-ਬੁੱਧ ਈਂ ਨਈਂ ....ਪਤਾ ਨਈਂ ਕਿਹੜੇ ‘’ਕਲਾਬ  ਮਗਰ ਨੱਠਾ-ਭੱਜਾ ਫਿਰਦਾ , ਕਈ ਕਈ ਮਹੀਨੇ ਘਰ ਈ ਨਈਂ  ਵੜਦਾ...ਕਲ੍ਹ-ਕਲੋਤਰ ਨੂੰ ਇਹ ਵੀ ਜੇ ਦੋ ਜਮਾਤਾਂ ਪੜ੍ਹ ਜੂ ਤਾਂ ਲੈ ਜਈਂ ਆਪਣੇ ਨਾਲ ਈ ਸ਼ਪਾਈ ਬਣਾ ਕੇ ।‘

-ਲੈ ਭਾਅ, ਆਪਾਂ ਛੋਟੀ ਭਰਜਾਈ ਦਾ ਆਖਾ ਕਿੱਦਾ ਮੋੜ ਸਕਦੇ ਸੇਏ , ਜਾ ਹਾਜ਼ਰ ਕੀਤੀ ਉਚੇ-ਬਢਾਲੇ ਮੱਖੀ-ਮਾਰ ਮੁਣਸ਼ੀ ਕੋਲ । ਲੈ ਭਾਅ......ਇਦ੍ਹਾਂ ਨਾਮ ਜਰਿਸ਼ਟਰ ਦੇ ਚਾੜ੍ਹ ਕੇ ਛੋਟਾ ਮੁਣਸ਼ੀ ਅਜੇ ਰਤੀ ਭਰ ਤਾਹਾਂ ਨੂੰ ਹੋਇਆ ਈ ਸੀ ਕਿ ਹਵਾ ‘ਚ ਉੜਦੀ ਇਕ ਮੱਖੀ ਸਹਿਵਨ ਉਦ੍ਹੀ ਨਜ਼ਰੇ ਚੜ੍ਹ ਗਈ । ਖੱਬੇ ਹੱਥ ਦੀ ਝਬੂਟੀ ਮਾਰ ਕੇ ਓਧਰ ਉਨ੍ਹੇ ਮੱਖੀ ਫੇਹ ਕੇ ਔਹ ਮਾਰੀ , ਏਧਰ ਐਸ ਸਾਧੜੇ ਜਿਹੇ ਦੀ ਨਲੀ ਉਦ੍ਹੇ ਗੋਡੇ ਤਾਂ ਆ ਡਿੱਗੀ । ਲੈ ਸਾਬ .....ਧੈੜ ਕਰਦਾ ਧੱਫਾ ਇਦ੍ਹੀ ਢੂਈ ‘ਚ ਮਾਰ ਕੇ ਮੱਖੀ ਮਾਰ ਕਹਿੰਦਾ –ਏਸਾਂ ਚੱਟ, ਮਾਈਂ ਝਾਂਵਿਆਂ ਚੱਟ ਏਸਾਂ ਨਈਂ ਤਾਂ ਹੱਡੀ-ਪੱਸਲੀ ਤੋੜ ਦੇਸਾਂ ਤੇਰੀ ਨਾਲੇ ਤੇਰੀ ਮਾਓਂ ਦੀ ।‘

-‘ਲੈ ਭਾਅ ..... ਮੈਂ ਅੱਗੇ ਹੋ ਕੇ ਇਹਦੇ ਝੱਗੇ ਨਾਲ ਉਦ੍ਹਾ ਗੋਡਾ ਸਾਫ਼ ਕੀਤਾ ਤਾਂ ਕਿਤੇ ਇਦ੍ਹੀ ਜਾਨ ਖਲਾਸੀ  ਹੋਈ ।’

-‘ਇਦ੍ਹਾ ਝੱਗਾ ਲਬੇੜ ਕੇ ਤੈਨੂੰ ਬੀ ਕੋਈ ਖੈਰ ਪਈ ਭਾਬੀ ਤੋਂ ਕੇ ਨਈਂ ਪੰਮੀ ਛੁਰਲੀ ਤਾਏ ਨੂੰ ਟੇਢੀ ਟਕੋਰ ਕਰਦਾ , ਪਰ ਛੜਾ-ਛਾਂਟ ਫੌਜੀ ਤਾਇਆ ਉਸ ਨੂੰ ਅਗਿਓਂ ਵਗਲ ਲੈਂਦਾ ।’

-‘ਲੈ ਪੁੱਤਰਾ , ਜੁਆਨੀ ਵੇਲੇ ਦਾ ਜਤ-ਸਤ ਐਮੇਂ ਤਾਂ ਨਈਂ ਕੱਟਿਆ ਜਾਂਦਾ , ਕੋਈ ਨਾ ਕੋਈ ਆਹਵੱਟ ਆਉਂਦੀ ਈ ਰਹਿੰਦੀ ਸੀ ......ਪੁੱਛ ਲਈਂ ਬੇਸ਼ਕ ਬੇਬੇ ਅਪਣੀ ਤੋਂ ਨਿਸ਼ੰਗ ਹੋ ਕੇ ।‘

ਫੌਜ ਦੀ ਨੌਕਰੀ ਸਮੇਂ ਪਿੰਡ ਦੀ ਹਰ ਮਹਿਫ਼ਲ ਸੰਤਾ ਸੂੰਹ ਤੋਂ ਬਿਨਾਂ ਅਧੂਰੀ ਜਾਪਦੀ ਸੀ । ਹਰ ਸਾਲ ਮਹੀਨੇ-ਦੋ-ਮਹੀਨੇ ਦੀ ਛੁੱਟੀ ਆਇਆ , ਉਹ ਹਰ ਵਿਹੜੇ ਹਰ ਘਰ ਵਿਚੋਂ ਦੀ ਬਿਨਾਂ ਰੋਕ-ਟੋਕ ਲੰਘਦਾ , ਸਭ ਨੂੰ ਆਪਣਾ-ਆਪਣੀ ਲਗਦਾ ਸੀ , ਪਰ ਉਸ ਦਿਨ ਸਭਨਾਂ ਨੂੰ ਉਹ ਓਪਰਾ-ਓਪਰਾ ਦਿੱਸਣ ਲੱਗ ਪਿਆ, ਜਿਸ ਦਿਨ ਅੱਧ-ਖੜ ਹੋਇਆ , ਪੈਨਸ਼ਨ ਲੈ ਕੇ ਘਰ ਪਰਤਿਆ ਜੱਦੀ-ਪੁਸ਼ਤੀ ਖੇਤੀ ਧੰਦੇ ਅੰਦਰ ਜੁੱਟ ਗਿਆ । ਛੋਟੀ ਕਿਸਾਨੀ ਦੀਆਂ ਮੂਹਰਲੀਆਂ ਸਫਾਂ ਵਿੱਚ ਕੰਮ ਕਰਦੇ ਨਿੱਕੇ ਭਰਾ ਬੰਤਾ ਸਿੰਘ ਨੇ ਛੜੇ ਭਰਾ ਸੰਤਾ ਸੂੰਹ ਨੂੰ ਕਈਆਂ ਪੀੜੀਆਂ ਤੋਂ ਚੱਲੀ ਪਿਰਤ ਅਨੁਸਾਰ ਖੇਤਾਂ ਦੀ ਵੱਖ-ਵੰਡ ਦੇ ਉਦਰੇਵੇਂ ਤੋਂ ਬਚਾ ਕੇ ਸਾਰੀ ਖੇਤੀ ਦਾ ਕਾਰ-ਮੁਖਤਾਰ ਬਣਾ ਦਿੱਤਾ। ਨਿਆਈਂ ਵਾਲੇ ਕੁਰੇ ਪਿੱਛੇ ਡੰਗਰਾਂ  ਦੇ ਛੱਪਰੇ ਹਟਵਾਂ, ਤਿੰਨ ਖਾਨੇ ਦਾ ਪੱਕਾ ਕੋਠਾ  ਉਸ ਲਈ ਵੱਖਰਾ ਬਣਵਾ , ਘਰ ਦਾ ਸਾਰਾ ਕਾਰ-ਵਿਹਾਰ ਉਸ ਨੂੰ ਸੌਂਪ , ਨਿਸ਼ਚਿੰਤ ਹੋ ਕੇ ਆਪ ਕਿਸਾਨੀ ਮੋਰਚੇ  ਦੀਆਂ ਸਰਗਮੀਆਂ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।

ਨਿੱਗਰ ਦੇਹੀ  ਤੇ ਫੌਜੀ ਵਕਤ ਦੀ ਪਾਬੰਦੀ ਵਰਗੇ ਨਿੱਤ-ਨੇਮ ਨਾਲ , ਸੰਤਾ ਸੂੰਹ ਨੇ ਥੋੜੇ ਜਿਹੇ ਸਮੇਂ ਅੰਦਰ ਹੀ ਕਾਮਿਆਂ –ਦਿਹਾੜੀਦਾਰਾਂ ਨੂੰ ਨਾਲ ਲੈ ਕੇ , ਇਕ ਤਾਂ ਕਈਆਂ ਸਾਲਾਂ ਤੋਂ ਨਖਸਮੇਂ ਪਏ ਅਪਣੇ ਮੁਰੱਬੇ ਨੂੰ ਹਰੇ ਇਨਕਲਾਬ ਵਾਂਗ ਚਮਕਾ ਲਿਆ ਅਤੇ ਦੂਜੇ ਨਲੀ-ਚੋ ਜੀਤੇ ਸਮੇਤ ਕਾਮਰੇਟ ਦੇ ਦੋਨਾਂ ਮੁੰਡਿਆਂ ਨੂੰ ਸਕੂਲ ਭੇਜ ਕੇ ਚਿੱਠੀ-ਪੱਤਰ ਲਿਖਣ ਜੋਗੇ ਚਾਰ ਅੱਖਰ ਪੜ੍ਹਾ ਲਏ । ਪਹਿਲੇ ਪਹਿਰ ਤੋਂ ਕੀਤੀ ਹਰਨਾਲੀ ਨੂੰ ਸਿਆੜੀਂ ਖਿਲਹਾਰ ਕੇ , ਮੂੰਹ-ਝਾਖਰੇ ਉਠਾਏ ਬਾਲ ਜਿੰਨਾ ਚਿਰ ਘਰ ਜਾਂ ਸਕੂਲ ਗਏ ਰਹਿੰਦੇ , ਓਨਾਂ ਚਿਰ ਉਹਨਾਂ ਦਾ ਪਿਓ-ਸਮਾਨ ਤਾਇਆ , ਜਾਂ ਤਾਂ ਫ਼ਸਲ-ਬਾੜੀ ਮਾਲ ਡੰਗਰ ਦੀ ਸਾਂਭ-ਸੰਭਾਲ ਅੰਦਰ ਜੁੱਟਿਆ ਰਹਿੰਦਾ , ਜਾਂ ਖੇਤਾਂ –ਬੰਨਿਆਂ ਖੁਰਲੀਆਂ –ਢਾਰਿਆਂ ਨੂੰ ਢਾਉਣ –ਉਸਾਰਨ ਵਿੱਚ ।

ਫਿਰਨੀ ਨਾਲ ਦੇ ਕੁਰੇ ਤੋਂ ਬੰਬੀ ਵੱਲ ਨੂੰ ਖਿਸਕੀ  ਉਹਨਾਂ ਦੀ ਸਰਦਾਰਾਂ ਵਰਗੀ ਹਵੇਲੀ ਅੰਦਰ , ਪੁਰਾਣੀ ਬੁੱਢੀ ਜੋਗ ਲਾਗੇ ਬੱਝੇ  ਹਿਸਾਰੋਂ ਲਿਆਂਦੇ ਚਾਰ ਬਲਦ ਦੇਖ ਕੇ ਘਰ ਆਏ ਬੰਤਾ ਸੂੰਹ ਨੇ ਇਕ ਦਿਨ ਸੰਤਾ ਸਿਓਂ ਨੂੰ ਆਖਿਆ ....ਭਾਅ......ਪਸ਼ੂਆਂ ਦੀ ਖੇਤੀ ਦਾ ਸਮਾਂ ਤਾਂ ਹੁਣ ਬਹੁਤ ਪਿਛਾਂਹ ਰਹਿ ਗਿਆ , ਆਖੇਂ ਤਾਂ ਟਰੈਕਟਰ ਦਾ ਪ੍ਰਬੰਧ ਕਰ ਲਈਏ ...?

ਦਿਨ ਰਾਤ ਕੀਤੀ ਸਖ਼ਤ ਮੁਸ਼ੱਕਤ ਕਾਰਨ ਤਿੜਕੇ ਹੱਡਾਂ ਨੂੰ ਪਲੋਸਦੀ ਉਸ ਦੀ ਨਿੱਘਰ ਹਾਮੀਂ ਪਲ ਕੁ ਭਰ ਲਈ ਦੁਚਿੱਤੀ ਉਹਲੇ ਹੋਈ ਬੋਲੀ-‘ ਹਰਜ ਤਾਂ ਕੋਈ ਨੀ , ਪਰ ਐਨ੍ਹਾਂ ਹੀਰਿਆਂ ਨੂੰ ਕੱਥੇ ਸੁਟਾਂਗੇ  !’

-‘ਇਨ੍ਹਾਂ ਨੂੰ ਬੇਚ ਦਈਂ । ਛੋਟੇ ਭਰਾ ਦੀ ਸਲਾਹ ਉਸਦਾ ਅੰਦਰਲਾ ਵਿਨ੍ਹਦੀ ਨਿਕਲ ਗਈ । ’

ਨਿੱਕੇ ਮਜ਼੍ਹਬੀ ਨੂੰ ਨਾਲ ਲਈ , ਕਈਆਂ ਰਾਤਾਂ ਦਾ ਉਣੀਂਦਰਾ ਝਾਖ , ਹਿਸਾਰੋਂ ਤੋਰ ਕੇ ਲਿਆਂਦੀਆਂ ਦੋਨਾਂ ਜੋਗਾਂ ਨੂੰ ਬੇਚ ਦੇਣ ਦਾ ਸੁਝਾ , ਇਕ ਵਾਰ ਤਾਂ ਉਸਦੇ  ਸਦਾ-ਸੱਜਰੇ ਮੋਹ ਨੂੰ ਡੰਗ ਮਾਰਦਾ ਨਿਕਲ ਗਿਆ , ਪਰ ਦੂਜੇ ਹੀ ਪਲ ਸਾਰੇ ਪਿੰਡ ‘ਚ ਪਹਿਲਾ ਟਰੈਕਟਰ ਅਪਣੇ ਖੇਤੀਂ ਚਲਦਾ ਦੇਖਣ ਦੀ ਹਉਂ , ਬਿਜਲੀ ਦੇ ਲਿਸ਼ਕਾਰੇ ਵਾਂਗ ਉਸ ਦੀ ਰਤਾ ਕੁ ਝੁਕਦੀ ਕਮਰ ਨੂੰ ਮੁੜ ਸਿੱਧਾ ਕਰ ਗਈ । ਕਈ ਦਿਨ ਲਗਾਤਾਰ ਉਹ ਪਿੱਪਲ ਹੇਠਲੇ ਥੜੇ ਦੇ ਜੁੜਦੀ ਜੁੰਡਲੀ ਅੰਦਰ ਵੀ ਸ਼ਾਮਿਲ ਨਾ ਹੋਇਆ । ਕਣਕਾਂ ਬੀਜ ਕੇ ਹੋਈ ਛੇ-ਚਾਰ ਦਿਨਾਂ ਦੀ ਵਿਹਲ ਅੰਦਰ ਵੀ ਉਸਦੀ ਥੜ੍ਹੇ ਨਾਲ ਪਾਈ ਕੱਚੀ , ਉਸਦੇ ਹਮਜੋਲੀਆਂ ਨਾਲੋਂ ਨਿੱਕੀ ਮੁੰਢੀਰ ਨੂੰ ਬਹੁਤੀ  ਚੁਭਦੀ ਰਹੀ । ਆਖਿਰ ਬੇ-ਸਹਾਰਾ ਹੋਇਆ ਸਾਰਾ ਟੋਲਾ, ਇਕ ਸ਼ਾਮੀਂ ਮੋਖੇ-ਗੁਟਕੂੰ ਦੀ ਸਲਾਹ ਤੇ ਤਾਏ  ਦੇ ਡੇਰੇ ਪਹੁੰਚ ਗਿਆ । ਤਪਦੇ ਚੁੱਭੇ ਕੋਲ ਖੇਸੀ ਦੀ ਬੁੱਕਲ ਮਾਰੀ ਬੈਠੇ ਇਕੱਲੇ ਤਾਏ ਨੂੰ ਦੂਰੋਂ ਦੇਖ ਕੇ ਬਾਗੇ –ਜੱਫ਼ਲ ਨੇ ਉੱਚੀ ਆਵਾਜ਼ ਮਾਰ ਕੇ ਪੁੱਛਿਆ- ‘ਤਾਇਆ...ਆ ਕੱਲਾ ਈ ਆਂ ਕਿ ਚਾਚੀ ......?’

-‘ਖੜੋ ,ਤੇਰੀ ਨਿੱਕੀ ਨੂੰ .....ਵੱਡਿਆ ਭਲਵਾਨਾ...........’ ਆਖਦਾ ਤਾਇਆ ਇਉਂ ਛੜੱਪਾ ਮਾਰ ਕੇ  ਉੱਠ ਖਲੋਇਆ ਜਿਵੇਂ ਸੱਚ-ਮੁੱਚ ਹੀ ਉਸਦੇ ਬੱਠਲ ਜਿਹੇ ਜਬਾੜੇ ਤੇ ਇਕ ਦੋ ਭਰਵੇਂ ਘਸੁੰਨ ਜੜ ਦੇਣੇ ਹੋਣ ।

-‘ਓਏ....ਜਾਣ ਦੇ ਤਾਇਆ , ਨਿਆਰਾ-ਸਿਆਣਾ ਆ , ਆਪੇ ਸਮਝ ਜੁ ਤੇਰੀ ਉਮਰੇ ਪਹੁੰਚ ਕੇ । ’ ਨਿੱਤ ਦਿਹਾੜੀ ਚਲਦੇ ਹਾਸੋ-ਠੱਠੇ ਵਾਂਗ ਹੀ ਹਮ ਉਮਰ ਕਰਨੈਲੇ ਨੇ ਉਸਨੂੰ ਫੜ ਕੇ ਬਠਾਉਂਦਿਆਂ ਪੁੱਛਿਆ – ‘.ਭਾਅ ...ਤਾਇਆ ਤੂੰ ਤਾਂ ਅੱਜ-ਕੱਲ ਰੜਕਦਾ ਈ ਨਈਂ ਕਿਤੇ ......?’

-‘ਰੜਕਣਾ ਕੀ ਆ , ਆਹ ਸਾਲੇ ਝੰਜਟ ਜਿਹੇ ਈ ਨਈਂ ਛੱਡਦੇ ਰਾਤ-ਪੁਰ ਦਿਨੇ , ਬੱਸ ਟੈਮ ਜਿਆ ਈ ਨਈਂ ਲਗਦਾ ਪਿੰਡ ਆਉਣ ਦਾ ...।’

-‘ਸਾਡਾ ਤਾਂ ਭਾਈ ਬਥੇਰਾ ਲੱਗਾ ਜਾਂਦਾ , ਤੇਰਾ ਖ਼ਬਨੀ ਕਿਓਂ ਨੀ ਲਗਦਾ .......ਆਹ ਜਿੜ੍ਹੀ ਕੱਠੀ ਕਰੀ ਜਾਨਾਂ ਚਾਰ-ਚੱਕ ਜਗੀਰ , ਤੇਰੇ ਨਾਲ ਨਈਂ ਜਾਣੀ ...... ਕਾਰੂੰ ਬਾਦਸ਼ਾ ਬੀ ਖਾਲੀ ਹੱਥੀਂ ਨਿਕਲਿਆ ਸੀ ਆਂਹਦੇ ਭਰਿਆ ਖਜ਼ਾਨਿਆਂ ’ਚੋਂ.....।‘

-‘ਨਈਂ ਭਾਆ.......ਐਹੋ ਜਈ ਤਾਂ ਕੋਈ ਗੱਲ ਨੀ , ਫੇਰ ਬੀ ਜਿੰਨਾ ਚਿਰ ਇਹ ਮਾਣਸ-ਦੇਹੀ ਚਲਦੀ ਐ, ਬੰਦਾ ਐਧਰ-ਓਧਰ ਹੱਥ ਪੈਰ ਤਾਂ ਮਾਰਦਾ ਈ ਨਾ .....ਸਾਬ੍ਹ । ’

-‘ਚਲੋ ਓਏ ਮੁੰਡਿਓ ਚੱਲੀਏ , ਮਾਰਨ ਦਿਓ  ਇਦ੍ਹੀ ਮਾਣਸ ਦੇਹੀ ਨੂੰ ਹੱਥ-ਪੈਰ ਐਧਰ ਓਧਰ.....’ ਬਾਬੇ ਬੰਸੀ ਦੇ ਬਲ ਸੁਣ ਕੇ ਸਾਰੇ ਜਣੇ ਬੁੱਕਲਾਂ ਕਸਦੇ ਉਹ ਸੱਚ-ਮੁੱਚ ਹੀ ਜਿਵੇਂ ਡੇਰਿਓਂ ਬਾਹਰ ਜਾਣ ਦੀ ਤਿਆਰੀ ਕਰਨ ਲੱਗ ਪਏ ਸਨ ਕਿ ਮੁਰੱਬੇ ਦੁਆਲੇ ਲਾਈ ਕੰਡਿਆਲੀ ਤਾਰ ਦੇ ਪਾਰਲੇ ਸਿਰੇ ਤੋਂ , ਦੋ ਜਗਦੀਆਂ ਬੱਤੀਆਂ ਦਾ ਮੂੰਹ ਉਹਨਾਂ ਵਲ੍ਹ ਨੂੰ ਘੁੰਮ ਗਿਆ । ਛਿੱਕ-ਛਿੱਕ ਦੀ ਸਹਿਜੇ –ਸਹਿਜੇ ਵਧਦੀ ਆਵਾਜ਼ ਤਾਏ ਦੇ ਡੇਰੇ ਵੱਲ ਨੂੰ ਆਉਂਦੀ ਹੋਰ ਉੱਚੀ ਹੁੰਦੀ ਗਈ ।

ਗਰਮ ਚੁੱਭੇ ਦੇ ਸੇਕ ਲਾਗੇ ਖੜ੍ਹੀ ਥੜ੍ਹੇ ਦੀ ਸਾਰੀ ਟੋਲੀ ਪਿੰਡ ਨੂੰ ਜਾਣਾ ਵਾਲਾ ਰਾਹ ਜਿਵੇਂ ਭੁੱਲ ਹੀ ਗਈ ਹੋਵੇ ।ਜਾਣੀ-ਜਾਣ ਤਾਇਆ ‘ਵਾਗੁਰੂ ’ ਆਖ ਕੇ ਉਠਿਆ  ਤੇ ਹਵੇਲੀ ਦੇ ਬਾਗਲੇ ਦੀ ਸਾਹਮਣੀ ਕੰਧ ਵਿਚਕਾਰ ਛੱਡੇ ਗੇਟ ਅੰਦਰੋਂ ਮੋੜ੍ਹੀ ਕੱਢ ਕੇ ਇਕ ਪਾਸੇ ਰੱਖ ਆਇਆ । ਫਿਰ ਬਰਾਂਡੇ ਤੱਕ ਪਈਆਂ-ਖਿਲਰੀਆਂ ਨਿੱਕੀਆਂ-ਵੱਡੀਆਂ ਸਾਰੀਆਂ ਵਸਤਾਂ ਚੁੱਕ ਕੇ ਵਿਹੜਾ ਪੱਧਰਾ ਕਰਨ ਲੱਗ ਪਿਆ । ਡੌਰ-ਭੌਰ ਹੋਈ ਚੁੱਪ-ਚਾਪ ਖੜੀ ਸਾਰੀ ਮੁੰਡੀਰ ਉਸ ਦੀ ਇਸ ਕਿਰਿਆ ਨੂੰ ਓਨਾਂ ਚਿਰ ਦੇਖਦੀ ਰਹੀ , ਜਿੰਨਾਂ ਚਿਰ ਤੱਕ ਛੱਕ-ਛੱਕ ਕਰਦੀ ਹਲਕੇ ਨੀਲੇ ਰੰਗ ਦੀ ਕੋਈ ਸ਼ੈਅ ਹੌਲੀ-ਹੌਲੀ ਤੁਰਦੀ ਵਾਗਲੇ ਅੰਦਰ ਨਾ ਆ ਖੜੀ ਹੋਈ । ਅਗਲੇ ਹੀ ਪਲ ਦੂਰ ਤੱਕ ਫੈਲਿਆ ਤਿੱਖੇ ਚਾਨਣ ਦਾ ਗੁਬਾਰ ‘ਇੱਚ’ ਦੀ ਆਵਾਜ਼ ਆਉਣ ਪਿਛੋਂ ਅੱਖ ਦੇ ਫਰੋਕੇ ਅੰਦਰ ਹੀ ਕਿਧਰੇ ਅਲੋਪ ਹੋ ਗਿਆ ਤੇ ਹੜ੍ਹ ਵਰਗੀ ਲਾਟ ਵਿਚ ਗੁਆਚੀ ਹਵੇਲੀ ਹਨੇਰਾ ਪਰਤ ਆਉਣ ਤੇ ਫਿਰ ਅਪਣੇ ਪਹਿਲੇ ਵਜੂਦ ਵਿਚ ਸਾਲਮ ਦਿੱਸਣ ਲੱਗ ਪਈ ।

ਗੇੜੀ ਦੀ ਗਾਧੀ ਕੋਲ ਪਾਲ ਬਣਾਈ ਖੜ੍ਹੇ ਝੁੰਬਲ-ਮਾਟਿਆਂ ਵਾਲੇ ਆਕਾਰ, ਤਾਏ ਦੀ ਹਵੇਲੀ ਆਏ ਟਰੈਕਟਰ ਨੂੰ ਦੇਖ ਜਿਵੇਂ ਸੁੰਨ-ਵੱਟਾ ਹੀ ਹੋ ਗਏ । ਤਿਰਛੀ ਗੱਦੇਦਾਰ ਸੀਟ ਤੋਂ ਛਾਲ ਮਾਰ ਕੇ ਉਤਰਿਆ ਜੀਤਾ ਨਲੀ ਚੋ, ਉਹਨਾਂ ਨੂੰ ਤਾਏ ਦਾ ਵੀ ਕੋਈ ਵੱਡਾ-ਵਡੇਰਾ ਜਾਪਿਆ ।

-‘ਬੱਲੇ ਓਏ ਜੀਤਾ ਸਿਆਂ , ਤੂੰ ਇਹ ਡਲੈਵਰੀ ਕਦੋਂ ਸਿੱਖ ਲੀ .......?’ ਫੁੰਮਣ-ਸ਼ਾਹਕੋਟੀ ਨੇ ਮਿਰਜ਼ੇ ਦੀ ਤਾਣ ਅਲਾਪਣ ਵਾਂਗ ਉਸ ਤੋਂ ਪੁੱਛਿਆ ।

-‘ਜਦ ਤੂੰ ਦੇਖ ਲਿਆ ......’ ਰੁੱਖਾ ਜਿਹਾ ਉੱਤਰ ਦੇ ਕੇ ਉਹ ਸਿੱਧਾ ਬਰਾਂਡੇ ਵੱਲ ਨੂੰ ਤੁਰ ਗਿਆ ਤੇ ਮੋਢੇ ਨਾਲ ਲਟਕਾਇਆ ਬੈਲਾ ਤਾਏ ਹੱਥ ਫੜਾ ਕੇ ਅਲਾਣੀਂ ਮੰਜੀ ਤੇ ਬੈਠ ਗਿਆ ।

ਬਰਾਂਡੇ ਅੰਦਰ ਖੜੇ ਤਾੲ ਨੇ ਖੰਘੂਰਾ ਜਿਹਾ ਮਾਰ ਕੇ ਟਰੈਕਟਰ ਕੋਲ੍ਹ ਖੜੇ ਆਪਣੇ ਯਾਰ-ਬੇਲੀਆਂ  ਨੂੰ ਕੋਲ ਬੁਲਾ ਲਿਆ ।ਤਾਏ ਨੂੰ ਵਧਾਈਆਂ ਦਿੰਦੇ ਟਰੈਕਟਰ ਦੇ ਟਾਇਰ, ਬੋਨਿਟ , ਸੀਟ, ਸਟੇਰਿੰਗ ਨੂੰ ਪਲੋਸਦੇ ਥੋੜੇ ਕੁ ਚਿਰ ਪਿਛੋਂ , ਜਦ ਉਹ ਆਪਣੇ ਘਰੀਂ ਪਰਤ ਰਹੇ ਸਨ, ਤਾਂ ਮੁੱਠਾਂ ਵਿਚਕਾਰ ਸਾਂਭੇ ਇਕ-ਇਕ , ਦੋ-ਦੋ ਲੱਡੂ ਰੋੜਾਂ ਵਾਂਗ, ਉਹਨਾਂ ਦੀਆਂ ਕਰੜ-ਬਰੜੀਆਂ ਤਲੀਆਂ ਤੇ ਚੋਭਾਂ ਮਾਰ ਰਹੇ ਸਨ ।

ਅਗਲੇ ਦਿਨ ਸਵੇਰੇ , ਪਿੰਡ ਦੇ ਐਨ  ਗੋਰੇ ਤੋਰੀਏ ਦਾ ਵੱਡ ਪੁੱਟਦੀਆਂ ਇਕੱਠੀਆਂ ‘ਸੱਤ ਪੱਥੀਆਂ’ ਪਿੰਡ ਦੇ ਜਿਹੜੇ ਵੀ ਜੱਟ-ਜ਼ਿੰਮੀਦਾਰ ਨੇ ਦੇਖਿਆ , ਉਸਨੂੰ ਆਪਣੀ ਮੁਤਾੜੀਆਂ ਕੰਨਾਂ ਵਾਲੀ ਜੋਗ ਪਿੱਛੇ  ਧੂਹ ਹੁੰਦੀ ਕੱਲੀ-ਕਹਿਰੀ ਪੱਥੀ ਐਵੇਂ ਈ ਸਿਆੜਾ ਉੱਪਰ ਤਰਦੀ ਜਿਹੀ ਜਾਪੀ । ਉਸ ਦਿਨ ਪਿੱਪਲ ਹੇਠਲੇ ਥੜ੍ਹੇ ਉੱਤੇ ਕੋਈ ਮੁੰਢੀਰ ਨਾ ਜੁੜੀ ਤੇ ਨਾ ਹੀ ਉਸ ਤੋਂ ਅਗਲੇ ਦਿਨ । ਬਾਕੀ ਬਚਦਾ ਸਾਰਾ ਸਿਆਲ ਕਣਕਾਂ ਦੀਆਂ ਗੋਡੀਆਂ ਤੇ ਕਮਾਦਾਂ ਦੀ ਪੀੜ-ਪੜਾਈ ਅੰਦਰ ਲੰਘ ਗਿਆ । ਮੀਂਹ ਹਨੇਰੀਆਂ ਤੇ ਪਾਲਿਆਂ-ਠੱਕਿਆਂ ਕਾਰਨ ਘਰੋ ਘਰੀ ਡੱਕੇ ਲੋਕ ਚੇਤਰ ਚੜ੍ਹਦਿਆਂ ਮੁੜ ਕਿਧਰੇ ਖੇਤੀਂ ਬੰਨੀਂ ਮਸਾਂ ਦਿੱਸਣ ਲੱਗੇ ।

ਚੇਤਰ ਮੁਕਦਿਆਂ ਕਰਦਿਆਂ, ਮਾਰੂ ਖੱਤਿਆਂ ਅੰਦਰ ਪੱਕੇ ਮਸਰ-ਛੋਲੇ ਗੱਡੇ-ਗੱਡੀਆਂ ਦੀ ਘਨੇਰੀ ਚੜ੍ਹ ਦੇ ਘਰੀਂ ਵਿਹੜੀਂ ਪਹੁੰਚ ਕੇ ਬੋਹਲ ਬਨਣ ਲੱਗ ਪਏ । ਸਿਰ ਚੜ੍ਹੀ ਵਾਢੀ ਦੀ ਤਿਆਰੀ ਲਈ ਦਾਤ-ਦਾਤੀਅ ਲੁਹਾਰਾਂ ਦੇ ‘ਕਾਰਖਾਨੇ ’ ਚੰਡੀਆਂ ਜਾਣ ਲੱਗੀਆਂ । ਵੇਲੇ ਸਿਰ ਵੱਢ ਕੇ ਰੱਖੇ ਸਲਵਾੜ ਦੀ ਕੱਟੀ ਮੁੰਜ ਕੇ ਵੇੜ ਹਾਰਾਂ-ਡੰਡੀਆਂ ਦੇ ਨਾਲ-ਨਾਲ ਦੂਰ ਤੱਕ ਵਿੱਛ ਗਏ । ਪਿਛਲੇ ਸਾਲ ਦੀਆਂ ਢੱਕੀਆਂ ਡਰੰਮੀਆਂ ਨੂੰ ਰਮਾ  ਕਰਕੇ ਸੱਜਰੇ ਪਿੜ੍ਹਾ ਦੀ ਤਿਆਰੀ ਹੋਣ ਲੱਗ ਪਈ , ਪਰ ਇਸ ਸਾਰੀ ਹਿੱਲ-ਜੁਲ ਅੰਦਰ ਤਾਏ ਸੰਤੇ ਦੀ ਥਿੜਕ ਕਿਧਰੇ ਨਾ ਪਈ । ਉੱਤਰ ਬੰਨੇ ‘ਤਾਲ-ਆਲੇ ’ ਵਸੀਮੇਂ ਤੱਕ ਖਿੱਲਰੇ ਤਾਏ ਤੇ ਮੁਰੱਬੇ ਵਿੱਚ ਚਲਦਾ ਉਸਦਾ ਟਰੈਕਟਰ ਵੀ ਕਈ ਦਿਨ ਕਿਸੇ ਨਾ ਦੇਖਿਆ । ਹਾੜੀ ਦੀ ਸਾਂਭ-ਸੰਭਾਲ ਲਈ ਕੀਤੇ ਕਮਰ-ਕੱਸਿਆਂ ਅੰਦਰ ਪਿੱਪਲ ਹੇਠ ਜੁੜਨ ਵਾਲੀ ਸੱਥ ਉਵੇਂ ਹੀ ਅਣਗੌਲੀ ਜਿਹੀ ਬਣ ਗਈ, ਜਿਵੇਂ ਉਸ ਨਾਲ ਤੋੜ-ਵਿਛੋੜਾ ਕਰਕੇ ਮੁਰੱਬੇ ਜਾ ਟਿਕਿਆ ਤਾਇਆ ਸੰਤਾ ।

ਪਰ, ਉਸ ਦਿਨ ਤਾਂ ਪਿੰਡ ਦੇ ਸਾਰੇ ਲੋਕਾਂ ਨੂੰ ਤਾਏ ਨਾਲ ਹੋਈ ‘ਈਰਖਾ ’ ਸਾਰੇ ਹੀ ਹੱਦਾਂ-ਬੰਨੇ ਟੱਪ ਗਈ , ਜਦ ਵਿਸਾਖੀ ਵਾਲੀ ਸੰਗਰਾਂ ਦੇ ਭੋਗ-ਵੇਲੇ ਸ਼ਿੰਗਾਰ ਦੇ ਗੁਰਦਵਾਰੇ ਲਿਆਂਦੇ ਟਰੈਕਟਰ ਦੀ ਸੀਟ ਉੱਤੇ ਉਹਨਾਂ ਦੀ ਥਾਂ ਛੋਟੇ ਮੀਤੇ ਨੂੰ ਬੈਠੇ ਦੇਖਿਆ ਅਤੇ ਟਰੈਕਟਰ ਪਿੱਛੇ ਰਿੜ੍ਹੀ ਆਉਂਦੀ ਹਾਥੀ ਵਰਗੀ ਬੇ-ਢਿੱਬੀ ਜਿਹੀ ਮਸ਼ੀਨ ਵੀ । ਕੁਝ ਹਿੱਤ ਵਜੋਂ ਕੁਝ ਸਾਂਝ ਵਜੋਂ ਤਾਏ ਦੇ ਬਹੁਤੇ ਯਾਰ-ਬੇਲੀ ਢਾਡੀ ਸਿੰਘਾਂ ਨੂੰ ਵਿਚਕਾਰੋਂ ਸੁਨਣਾ ਛੱਡ ਕੇ ਕਣਕ ਗਾਉਣ ਵਾਲੀ ਮਸ਼ੀਨ ਲਾਗੇ ਆ ਖੜੇ ਹੋਏ ।

-‘ਤੂੰ ਤਾਂ ਅਸਲੋਂ ਈ ਨਿਰਮੋਹ ਜਿਆ ਹੋ ਗਿਐਂ ........’

-‘ਕਰਨੈਲੇ ਨੂੰ ਹੋਈ ਹੈਰਾਨੀ ਦਾ ਕਾਰਨ ਤਾਇਆ ਸੀ ਜਾਂ ਮਸ਼ੀਨ , ਸਾਰੀ ਟੋਲੀ ‘ਚੋਂ ਕੋਈ ਜਣਾ ਵੀ ਨਿਰਣਾ ਨਾ ਕਰ ਸਕਿਆ । ‘

ਤਾਇਆ ਬਿਨਾਂ ਕੋਈ ਉੱਤਰ ਦਿੱਤੇ, ਮਿੰਨ੍ਹਾਂ ਜਿਹਾ ਮੁਸਕਰਾਇਆ ਅਤੇ ਫਿਰ ਚੁੱਪ ਦਾ ਚੁੱਪ ਕੀਤਾ ਰਿਹਾ ।

-ਤਾਇਆ, ਨਲੀ ਚੋ ਡਲੈਵਰ ਕਿੱਥੇ ਆ ....? ‘ ਪੰਮੀ ਛੁਰਲੀ ਤੋਂ ਆਖਿਰ ਨਾ ਰਿਹਾ ਗਿਆ ।

-ਐਓਂ ਨਈਂ ਅਵਾ-ਤਵਾ ਬੋਲੀਦਾ ਗੁਰੂ-ਮ੍ਹਾਰਾਜ ਦੇ ਘਰ ਆ ਕੇ ....ਜੀਤ ਸਿਉਂ ਨੂੰ ਤਾਂ ਸੁੱਖ ਨਾ ਕਨੇਡੇ ਢੁੱਕੇ ਨੂੰ ਕਈ ਮ੍ਹੀਨੇ ਹੋ ਚੱਲੇ ਆ ‘- ਤਾਏ ਨੇ ਛੁਰਲੀ ਨੂੰ ਡਾਂਟਣ ਵਰਗੀ ਨਸੀਅਤ ਕਰਦਿਆਂ , ਟਰੈਕਟਰ ਦੀ ਹੁੱਕ ਤੇ ਧਰੀ ਕਣਕ ਦੀ ਬੋਰੀ ਧਰਮੂੰ ਮਜ਼੍ਹਬੀ ਦੀ ਪਿੱਠ ਲੁਆਈ ਅਤੇ ਗੁਰਦਵਾਰੇ ਚੜ੍ਹਾਉਣ ਲਈ ਟੱਬਰ ਦੇ ਬਾਕੀ ਜੀਆਂ ਸਮੇਤ ਟਹਿਲਦਾ ਅੰਦਰ ਚਲਾ ਗਿਆ ।

ਫਿਰ , ਕਿੰਨਾਂ ਹੀ ਚਿਰ ਕਿਸੇ ਨੇ ਉਸ ਨੂੰ ਕਈ ਸੰਗਰਾਦਾਂ ਗੁਰਦਵਾਰੇ ਆਉਂਦਾ ਨਾ ਦੇਖਿਆ ਤੇ ਨਾ ਹੀ ਪਿੰਡ ਦੇ ਸਾਂਝੇ ਕਾਰਾਂ-ਵਿਹਾਰਾਂ ਅੰਦਰ ਉਸ ਲੇ ਕੋਈ ਤਿੰਨ-ਪੰਜ ਕੀਤੀ , ਪਰ ਵਿਚ-ਵਿਚਾਲੇ ਜੁੜਦੀ ਥੜ੍ਹੇ ਦੀ ਸੱਥ ਉਸਦੀ ਚਰਚਾ ਜ਼ਰੂਰ ਛਿੜਦੀ ਰਹੀ।

-‘ਵੱਡਾ ਸਰਦਾਰ ਹਊ ਤਾਂ ਅਪਣੇ ਘਰ ਹਊ, ਤੁਸੀਂ ਉਹਤੋਂ ਛੋਲੇ ਮੰਗਣ ਜਾਣਾ......ਹਰ ਟੈਮ ਉਦ੍ਹੀਆਂ ਈ ਘੋੜੀਆਂ ਗਾਉਂਦੇ ਰਹਿਨੇ ਉਂ- ਬਾਰੀਏ ਬੰਸੂ ਦਾ ਹਿਰਖ ਪਿੱਪਲ ਉਪਰਲੀਆਂ  ਟਾਹਣਾਂ ਜਾ ਛੋਂਹਦਾ । ’

-‘ਉਹਨੇ ਆਪਦੀ ਕਮਾਈ ਦਾ ਬਣਾਇਆ ਸੱਭ ਕੁਸ , ਕਿਸੇ ਨੂੰ ਕਾਹਣੀ ਪੀੜ ਐ - ’ ਤਾਏ ਤੇ ਵਰ੍ਹਦੀ ਅੱਗ ਦਾ ਜਵਾਬ ਉਸਦਾ ਹਮੈਤੀ ਦਿੰਦਾ ਜਾਂ ਕੋਈ ਸੂਝਵਾਨ ਬਿਰਧ ।

-‘ਨਾ ਕੀ .....ਡੋਰਿਆਂ ਆਲਿਆਂ ਦੀ ਕਣਕ ਹੋਣੀ ਐਂ ਮੁਲੈਮ ਤੇ ਉਹਦੀ ਮਸ਼ੀਨ ਅੰਦਰੋਂ ਦੀ ਲੰਘਦੀ ਹੋਣੀ ਐਂ ਸੌਖੀ , ਤੇ ਸਾਡੀ ਦੇ ਚੁਭਦੇ ਹੋਣੇ ਆ ਕਸਾਰ , ਨਾ....ਕੀ ’ –ਮੇਹਰੂ-ਉਟਨੱਟ ਸਿੱਧੀ ਟਕੋਰ ਮਾਰਦਾ ।

-‘ਅਮਲੀ ਸਿਆਂ, ਤੇਰੇ ਗੋਡਿਆਂ ਦੀ ਗਰੀਸ ਬੀ ਡੇਰੇ ਆਲਿਆਂ ਈ ਚੱਟੀ ਆ ਸਾਰੀ , ਘਰੇ ਤਾਂ ਭੋਰਾ ਨੀ ਲਾਈ  ਤੈਂ ਬੀਂ ਬਾਈ  ਮਲੂਕਾ ਸੂੰਹ ਵੀ ਉਸ ਨੂੰ ਸਾਵਾਂ ਹੋ ਕੇ ਟੱਕਰਦਾ । ’

ਤਾਏ ਬਾਰੇ ਚਲਦੀ ਉੱਚੀ-ਨੀਵੀਂ ਵਾਰਤਾ, ਕਦੀ ਹਾਸੇ –ਠੱਠੇ ਅੰਦਰ ਮੁੱਕ ਜਾਂਦੀ , ਕਦੀ ਉੱਚੇ ਨੀਵੇਂ ਬੋਲ-ਕਬੋਲਾਂਅੰਦਰ  । ਪਿੰਡ ਦੇ ਗੁਰਦਵਾਰੇ ਤੋਂ ਮੁੱਖ ਮੋੜ ਕੇ ਜਦ ਤੋਂ ਤਾਏ ਦੀ ਸਾਂਝ ਡੇਰਿਆਂ-ਵਾਲੀਆਂ ਨਾਲ ਜੁੜ ਗਈ ਸੀ , ਉਦੋਂ ਤੋਂ ਹੀ ਉਹਨਾਂ ਵਿਚਕਾਰ ਨਿੱਤ ਨਵੇਂ ਹੁੰਦੇ ਲੜਾਈ ਝਗੜੇ ਤੋਂ ਹਰ ਕੋਈ ਫਿਕਰ-ਮੰਦ ਸੀ । ਕਨੇਡੇ ਤੋਂ ਆਈ ਜੀਤੇ ਦੀ ਪਹਿਲੀ ਤਨਖਾਹ ਦਾ ਦਸਵੰਧ ਵੀ ਤਾਏ ਨੇ ਦੋਨਾਂ ਡੇਰਿਆਂ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਸੀ । ਪੁਰਬਾਂ-ਤਿਉਹਾਰਾਂ ਉੱਤੇ ਚੜ੍ਹਾਵਾ ਬਨਣ ਵਾਲੀ ਦਾਣਿਆਂ ਦੀ ਬੋਰੀ ਵੀ ਹੁਣ ਕਦੀ ਉਦਾਸੀਆਂ ਦੇ ਡੇਰੇ ਪਹੁੰਚਦੀ ਸੀ , ਕਦੀ ਕੰਨ-ਪਾਟੇ ਨਾਥਾਂ ਦੇ ਮੰਦਰ । ਪਰ , ਉਸ ਦਿਨ ਤਾਂ ਸਾਰੀ ਦੀ ਸਾਰੀ ਸੱਥ ਨੂੰ ਜਿਵੇਂ ਹੌਲ ਜਿਹਾ ਹੀ ਪੈ ਗਿਆ ਹੋਵੇ , ਜਿਸ ਦਿਨ ਪੰਮੀ-ਛੁਰਲੀ ਨੇ ਕੰਨ-ਪਾਟਿਆਂ ਦੇ ਤਾਏ ਕਿਆਂ ਨੂੰ ਬੈਅ ਹੋਏ ਤਿੰਨਾਂ ਖੇਤਾਂ ਦੀ ਧੁਸਕ ਪਤਾ ਨਹੀਂ  ਕਿਧਰੋਂ ਕੱਢ ਲਿਆਂਦੀ ਸੀ ।

ਕਿਸਾਨੀ ਮੰਗਾਂ ਲਈ ਛਿੜੀ ਲੰਮੀ ਲੜਾਈ ਅੰਦਰ ਦਿਨ ਰਾਤ ਨੱਠ-ਭੱਜ ਕਰਦੇ ਬੰਤਾ-ਸੂੰਹ ਕਾਮਰੇਡ ਦੇ ਕੰਨਾਂ ਤੱਕ ਵੀ ਕਿਸੇ ਨੇ ਸੰਤਾ ਸੂੰਹ ਦੀ ‘ਸ਼ਕੈਤ ’ ਪੁਜਦੀ ਕਰ ਦਿੱਤੀ । ਚਿੰਤਾ-ਚਿਖਾ ਅੰਦਰ ਡੁੱਬਿਆ ਹਨੇਰੇ ਪਏ ਇਕ ਸ਼ਾਮੀਂ ਉਹ ਬਾਹਰੋਂ-ਬਾਹਰ ਮੁਰੱਬੇ ਅੰਦਰਲੇ ਡੇਰੇ ਆਇਆ ਤੇ ਸਾਰੀ ਰਾਤ ਸੰਤਾ ਸੂੰਹ ਨੂੰ ਕਈ ਕੁਝ ਸਮਝਾ-ਬੁਝਾ ਕੇ ਤੜਕਸਾਰ ਅਪਣੇ ‘ਮੋਰਚੇ ’ ਤੇ ਪਰਤ ਗਿਆ । ਅਗਲੇ ਹੀ ਦਿਨ ਤਾਏ ਨੇ ਇਕ ਲੰਮੀ ਚੌੜੀ ਚਿੱਠੀ ਜੀਤੇ ਨੂੰ ਲਿਖ ਭੇਜੀ , ਜਿਸ ਵਿੱਚ  ਦੋਨਾਂ ਡੇਰਿਆਂ ਵਿਚਕਾਰ ਕਈ ਵਾਰ ਹੋਏ ਡਾਂਗ-ਸੋਟੇ ਲਈ ਉਸ ਨੇ ਅਪਣੇ ਆਪ ਨੂੰ ਵੀ ਓਨਾਂ ਹੀ ਦੋਸ਼ੀ ਗਰਦਾਨਿਆ ,ਜਿੰਨਾਂ ਸੱਤ ਸਮੁੰਦਰੋਂ ਪਾਰ ਬੈਠੇ ਜੀਤੇ ਨੂੰ । ਉਸ ਨੇ ਪਿਛਲੀ ਰਾਤ ਬੰਤਾ ਸੂੰਹ ਨਾਲ ਹੋਈ ਸਾਰੀ ਗੱਲ-ਬਾਤ ਬੇਧੜਕ ਹੋ ਕੇ ਲਿਖ ਸੁਣਾਈ ਤੇ ਅਗਾਂਹ ਤੋਂ ਡੇਰਿਆਂ ਦੀ ਜ਼ਮੀਨ ਹਥਿਆਉਣ ਲਈ ਘੜੀਆਂ ਸਾਰੀਆਂ ਸਕੀਮਾਂ ਵਾਪਸ ਜੀਤੇ ਨੂੰ ਮੋੜ ਭੇਜੀਆਂ ।

ਉਹ ਪਿੱਛੋਂ ਤਾਏ ਦੀ ਸਾਰੀ ਵਿਹਲ ਮੁੜ ਪਿੱਪਲ ਦੇ ਥੜ੍ਹੇ ਨਾਲ ਆ ਜੁੜੀ ਅਤੇ    ਉਸਦਾ ਹਾਸਾ-ਠੱਠਾ ਹਾਣ ਪ੍ਰਵਾਣ ਦੇ ਵਿਹੜਿਆਂ ਦੇ ਪੁਰਬਾਂ ਸੰਗਰਾਦਾਂ ਦੇ ਜੋੜ ਮੇਲਿਆਂ ਨਾਲ, ਪਰ ਉਸ ਨੂੰ ਜਾਪਿਆ ਕਿ ਇਹਨਾਂ ਅੰਦਰੋਂ ਪਹਿਲੋਂ ਵਰਗੀ ਕੋਮਲਤਾ ਜਿਵੇਂ ਕਿਧਰੇ ਪਰ ਲਾ ਕੇ ਉੱਡ ਗਈ ਹੋਵੇ । ਹੁਣ ਕਿਸੇ ਇਕ ਦੀ ਮਸ਼ਕਰੀ ਦੂਜੇ ਨੂੰ ਸੂਲ ਵਾਂਗ ਚੁਭਦੀ ਸੀ, ਕਿਸੇ ਦੂਜੇ ਦੀ ਚੂੰਡੀ ਤੀਜੇ ਤੇ ਮੱਥੇ ਤੇ ਤਿਊੜੀ ਬਣ ਕੇ ਉਭਰਦੀ ਸੀ । ਮੱਸਿਆ-ਸੰਗਰਾਂਦੇ ਗੁਰਦਵਾਰੇ ਹੁੰਦਾ ਇਕੱਠ ਵੀ ਕਈ ਵਾਰ ਤੂੰ-ਤੂੰ ਮੈਂ-ਮੈਂ ਅੰਦਰ ਬਦਲ ਜਾਂਦਾ ।

-ਸੰਗਤੋ ਗੁਰੂ ਕੇ ਬਣੋ, ਵੈਰ-ਵਿਰੋਧ ਤਿਆਗੋ, ਕਲ ਮੂੰਹੇਂ  ਕਾਮ-ਕਰੋਧ ਤੋਂ ਬਚੋ...ਧਰ ਕੀ ਬਾਣੀ ਆਈ ਜਿੰਨ ਸਗਲੀ ਚਿੰਤ ਮਿਟਾਈ ਦਾ ਪੱਲਾ ਫੜੋ , ਗੁਰਮੁਖੋ-ਭੋਗ ਦਾ ਪ੍ਰਸ਼ਾਦ ਵੰਡਦਾ ਭਾਈ ਮਹਿਮਾ ਸੂੰਹ , ਗੁਰੂ-ਘਰ ਪਹੁੰਚੇ ਹਰ ਮਾਈ ਭਾਈ ਨੂੰ ਭਵ-ਸਾਗਰ ਤੋਂ ਪਾਰ ਲੰਘਣ ਦੇ ਫਾਰਮੂਲੇ ਸਮਝਾਉਂਦਾ ਰਹਿੰਦਾ , ਪਰ ਮਹੀਨਾ ਸੁਨਣ ਆਈ ਸੰਗਤ ਕੰਨ-ਪਾਟੇ ਨਾਥਾਂ ਤੇ ਉਦਾਸੀਆਂ ਵਿਚਕਾਰ ਹੋਏ ਕਿਸੇ ਨਵੇਂ ਝਗੜੇ-ਝੋੜੇ ਨੂੰ ਉੱਚਾ –ਨੀਵਾਂ ਉਭਾਰਦੀ ਬੋਲ-ਬੁਲਾਰਾ ਪਾਈ ਰੱਖਦੀ ।

-ਹੈਨਾਂ ਸਾਧਾਂ ਦੀ ਭਲਾ ਕਾਹਤੋਂ ਮੱਤ ਮਾਰੀ ਗਈ ਪਈ ਉਨ੍ਹਾਂ ਦੇ ਚਲਦੇ ਭੰਡਾਰੇ ‘ਚ ਇਨ੍ਹਾਂ ਖਾਹਮਖਾਹ ਜਾ ਬੁਲਬਲੀ ਮਾਰੀ – ਭਾਈ ਕਿਆਂ ਦਾ ਬੁੱਢਾ ਮੀਹਾਂ ਸੂੰਹ ਢਿਲਕਦੀਆਂ ਐਨਕਾਂ ਦੀਆਂ ਡੋਰਾਂ ਕਸਦਾ ਹਿਰਖ ਛਾਂਟਣ ਵਰਗਾ ਗਿਲਾ ਕਰਦਾ ।

-“ਤੈਨੂੰ ਕੀਨੇ ਕਿਹਾ ਬੁੜਿਆ , ਬੁਲਬਲੀ ਇਨ੍ਹਾਂ ਮਾਰੀ ਆ ਪਹਿਲਾਂ ”-  ਕੌਂਕਿਆਂ ਦਾ ਪਾਲਾ ਜਾਂ ਵਿਰਕਾਂ ਦਾ ਕਾਕੂ , ਥਿੰਦੇ ਹੱਥ ਮੁਸਫੁੱਟੀ ਦਾਅੜ੍ਹੀ ਤੇਤ ਫੇਰਦਾ , ਤੜੀ ਦੇਣ ਵਰਗਾ ਉੱਤਰ ਦਿੰਦਾ ।

ਉਸ ਦਿਨ ਤਾਂ ਭਾਵੇਂ ਚਲੋ-ਛੱਡੋ , ਚਲੋ-ਛੱਡੋ ਕਰਕੇ ਇਕ ਦੂਜੇ ਨੂੰ ਚੁੱਪ ਕਰਾਉਂਦੇ , ਸਾਰੇ ਆਪਣੇ-ਆਪਣੇ ਘਰੀਂ ਚਲੇ ਜਾਂਦੇ , ਪਰ ਉਦਾਸ-ਚਿੱਤ ਤਾਇਆ ਸਹਿਜੇ –ਸਹਿਜੇ ਪੈਰ ਘਸੀਟਦਾ ਮੁੜ ਥੜ੍ਹੇ ਦੀ ਬੰਨੀਂ  ਤੇ ਜਾ ਬੈਠਾ ।

-‘ਮਖਿਆ......ਸਾਧਣੀਆਂ ਦੇ ਭੋਰਿਆਂ ‘ਚ ਮੱਖੀ-ਮੱਛਰ ਤੋਂ ਬੜਾ ‘ਰਮਾਨ ਹੋਣਾ ’,ਭਾਈ-ਨੰਗੇ ਢਿੱਡ ਨੂੰ ਪੱਖੀ ਝਲਦੇ , ਡੂੰਘੀਆਂ ਸੋਚਾਂ ਅੰਦਰ ਡੁੱਬੇ ਤਾਏ ਨੂੰ ਲਾਗੋ ਲੰਘਦੀ ਭਾਈਆਂ ਕੀ ਜੱਟੋ ਨੇ ਇਕ ਦਿਨ ਪੁਰਾਣੀ ਸਾਂਝ ਦਾ ਚੇਤਾ ਕਰਾਉਣ ਵਗਰੀ ਟਕੋਰ ਕੀਤੀ ।

ਅੱਧ-ਮੀਚੀਆਂ ਅੱਖਾਂ ਨੂੰ ਪੱਖੀ ਦੀ ਛਾਂ ਕਰਕੇ ਫੌਜੀ ਸੁਭਾ ਦਾ ਚੋਂਦਾ ਜਿਹਾ ਉੱਤਰ , ਉਹ ਛੋਟੀ  ਵੀਹੀ ਵੱਲ ਨੂੰ ਲੰਘਦੀ ਜੱਟੋ ਦੀ ਪੈੜ ਪਿੱਛੇ ਰੇੜ੍ਹਨ ਹੀ ਲੱਗਾ ਸੀ ਕਿ ਪਿਛਵਾੜਿਉਂ ਆਈ ਕਿਸੇ ਹਲਕੀ ਜਿਹੀ ਘੂਕਰ ਨੇ ਉਹਦੀ ਇਕਾਗਰ ਹੋਈ ਸਾਰੀ ਬਿਰਤੀ ਥੜ੍ਹੇ ਤੇ ਖਿੱਲਰੇ ਪੱਤਿਟਾਂ ਵਾਂਗ ਖੇਰੂੰ-ਖੇਰੂੰ ਕਰ ਮਾਰੀ । ਸ਼ਿਵ-ਦੁਆਲੇ ਦਾ ਮੋੜ ਮੁੜ ਕੇ ਪਿੱਪਲ ਵੱਲ ਨੂੰ ਆਉਂਦੀ ਇਕ ਸਲੇਟੀ ਰੰਗੀ ਕਾਰ ਥੜ੍ਹੇ ਕੋਲੋਂ ਦੀ ਲੰਘਦੀ ਥੋੜ੍ਹਾ ਅਗਾਂਹ ਜਾ ਕੇ ਹਿਟਕੋਰਾ ਜਿਹਾ ਮਾਰ ਕੇ ਰੁੱਕ ਗਈ । ਸੱਜੇ ਹੱਥ ਦੀ ਪਿੱਛਲੀ ਖਿੜਕੀ ਖੋਲ੍ਹ ਕੇ ਇਕ ਭਰ-ਜੁਆਨ ਆਕਾਰ ਬੜੇ ਸਹਿਜ-ਧੀਰਜ ਨਾਲ ਕਾਰ ਅੰਦਰੋਂ ਬਾਹਰ ਨਿਕਲਿਆ ਤੇ ਕਿਸੇ ਮਹਾਂ-ਰਿਸ਼ੀ ਵਾਂਗ ਮਟਕ-ਮਟਕ ਤੁਰਦਾ ਤਾਏ ਦੇ ਐਨ ਲਾਗੇ ਆ ਕੇ ਰੁਕ ਗਿਆ-ਗੁਲਾਬੀ ਭਾਅ ਮਾਰਦਾ ਰੋਹਬਦਾਰ ਚਿਹਰਾ ਸ਼ਾਹ ਕਾਲੇ ਭਰਵੱਟੇ, ਚੌੜਾ ਚਮਕਦਾਰ ਮੱਥਾ, ਉਪਰ ਚਿੱਟੀ ਪੋਚਵੀਂ ਤਹਿਦਾਰ ਪੱਗੜੀ, ਗਲੇ ਅੰਦਰ ਦੋਹਰੀ ਲਮਕਦੀ ਸਾਂਵਲੇ-ਸੁਨਹਿਰੀ ਰੰਗ ਦੀ ਮਾਲਾ,ਇਕ ਹੱਥ ਫੜੀ ਅਖਰੋਟ ਦੀ ਖੂੰਟੀ ਵਰਗੀ ਵਲੇਮੇਦਾਰ ਸੋਟੀ , ਜੋ ਤਾਏ ਨੂੰ ਫਤੇਹ ਬਲਾਉਣ ਲਈ ਜੁੜੇ ਦੋਨਾਂ ਹੱਥਾਂ ਵਿਚਕਾਰ ਨਾਗ ਵਾਂਗ ਲਮਕ ਗਈ ।

ਬੋਲ ਪਛਾਣ ਕੇ ਤਾਇਆ ਅੱਬੜਵਾਹੇ ਉਠਿਆ ਤੇ ਜੀਤ ਸੂੰਹ ਦੀ ਕੰਡ ਥਾਪੜਦਿਆਂ ਸਾਅ-ਸਰੀ-ਕਾਲ ਬੁਲਾਈ ।

-‘ਮਖ ਜੀਤਾ ਸਿਆਂ ,ਭੈੜਿਆ ਕੋਈ ਚਿੱਠੀ-ਚਪੱਠੀ ਈ ਪਾ ਦੇਣੀ ਸੀ, ਮੀਤਾ ਟੇਸ਼ਣੋਂ ਲੈ ਆਉਂਦਾ ਤੈਨੂੰ.......।’

-‘ਟੈਮ ਜਿਹਾ ਨਈਂ ਲੱਗਾ ਤਾਇਆ ਜੀਓ । ਬੱਸ ਨਿਰੰਕਾਰ ਦਾ ਹੁਕਮ ਆਇਆ ਤੇ ਅਸਾਂ ਚਾਲੇ ਪਾ ਦਿੱਤੇ ਇੰਡੀਆਂ ਨੂੰ .....।’

-‘ਐਹੋ ਜਿਆ ਹੁਕਮ ਤਾਂ ਫੌਜੀਆਂ ਨੂੰ ਮਿਲਦਾ ਹੁੰਦਾ ਜੇ ਕਿਤੇ ਦੁਸ਼ਮਣ ਦੇ ਕੰਮਾਂ ‘ਚ ਹਫੜਾ-ਦਫੜੀ ਮਚਾਉਣੀ ਹੋਵੇ । ....ਤੂੰ ਤਾਂ ਸੁੱਖ-ਨਾ ਆਪਣੇ ਘਰ ਮੁੜਨਾ ਸੀ ਪਰਦੋਸੋਂ ’- ਆਖਦਾ ਤਾਇਆ ਥੜ੍ਹੇ ਨੂੰ ਸੁੰਨਾ ਛੱਡ ਕੇ ਕਾਰ ਦੀਆਂ ਲੀਹਾਂ ਮਧੋਲਦਾ ਘਰ ਵੱਲ ਨੂੰ ਤੁਰ ਪਿਆ ।ਕੌਂਕਿਆਂ ਦੀ ਹਵੇਲੀ ਮੂਹਰੇ ਰੁਕੀ ਖਾਲੀ ਕਾਰ ਕੋਲੋਂ ਦੀ ਸੰਭਲ ਕੇ ਲੰਘਦਾ, ਉਹ ਘਰ ਨੂੰ ਜਾਂਦੀ ਲੰਮੀ ਗਲੀ ਵੱਲ ਨੂੰ ਜਾਣ ਹੀ ਲੱਗਾ ਸੀ ਕਿ ਜਾਮਣ-ਵਿਹੜੇ ਦੇ ਸਾਰੇ ਜੀਆਂ ਨੂੰ ਆਪਣੇ ਘਰ ਦੀਆਂ ਬਰੂਹਾਂ ਮੱਲੀ ਖੜੇ ਦੇਖ ਕੇ ਫਿਰ ਪਿਛਾਂਹ ਪਰਤ ਆਇਆ । ਚੜ੍ਹਦੇ ਜੇਠ ਦੀ ਕੜਕਵੀਂ ਧੁੱਪ ਨੰਗੀ ਪਿੰਡ ਤੇ ਲਿਸ਼ਕਾਉਂਦਾ ਉਹ ਮੁੜਦੇ ਪੈਰੀਂ ਫਿਰ ਥੜ੍ਹੇ ਤੇ ਆ ਟਿਕਿਆ ।

-‘ਨਾ ਕੀ.....ਤਾਇਆ ਵਧਾਈਆਂ ’-ਰਮਾ-ਰਮੀਂ ਤੁਰੇ ਆਏ ਮੇਹਰੂ-ਉਟਨੱਟ ਨੇ ਉਸ ਦੇ ਐਨ ਲਾਗੇ ਢੁੱਕ ਕੇ ਬੈਠਦਿਆਂ ਮੁਸਕੜੀ ਜਿਹੀ ਮਾਰੀ ।

-‘ਕਾਦੀਆਂ ਓਏ.......? ’

-‘ਮੇਮ ਦੀਆਂ .....ਨਾ ਕੀ । ’

-‘ਕੇੜ੍ਹੀ ਮੇਮ ਦੀਆਂ .....?’

-ਕਿੱਡਾ ਮਚਲਾ ਬਣਦਾ, ਨਾ ਕੀ .....ਆਹ ਗਈ ਨੀ ਹੁਣ , ਪੈਰੀਂ ਹੱਥ ਲਾ ਕੇ ਤੇਰੇ ....ਨਾ ਕੀ ।‘

-‘ਦੁਰ-ਫਿੱਟੇ ਮੂੰਹ ਤੇਰੇ ਜੰਮਣ ਦੇ ......ਫੁੱਟ-ਫੁਟ ਲੰਮੀ ਦਾਅੜੀ ਆ ਮੇਰੇ ਪੁੱਤ ਦੀ, ਤੈਨੂੰ ਉਹ ਮੇਮ ਦੀਹਦੀ ਆ ...ਕੰਜਰਾ । ’

-‘ਓਏ ਨਈਂ ਤਾਇਆ ......ਉਹ ਵੀ ਉਦ੍ਹੇ ਨਾਲ ਈ ਉਤਰੀ ਆ ਮੋਟਰ ’ਚੋਂ...... ਨਾ ਕੀ , ਰੋਡੀ ਸਾਧਣੀ ਅਰਗਾ ਮੁੰਨਿਆ ਸਰਿ , ਗੋਡਿਆਂ ਤੱਕ ਨੰਗੀਆਂ ਲੱਤਾਂ, ਬਾਹਾਂ ਤੇ ਧਰਮ-ਨਾ ਲੀਕ ਜਿੰਨੀ ਟਾਕੀ ਨਈਂ । ਹੋਰ ਤਾਂ ਹੋਰ , ਧੌਣ ਹੇਠਲਾ ਉਚਾ-ਨੀਮਾਂ ਚਿੱਟਾ ਚੰਮ ਸਾਰੇ ਦਾ ਸਾਰਾ ਅਲਫ਼-ਨੰਗਾ , ਸੌਂਹ ਗੁਰੂ ਦੀ , ਸ਼ਰਮ-ਹਯਾ ਆਲਾ ਬੰਦਾ ਤਾਂ ਊਈਂ  ਗਸ਼ ਖਾ ਕੇ ਡਿੱਞ ਪਏ .....ਨਾ ਕੀ । ਮੈਂ ਆਹਨਾਂ ਤੂੰ ਜ਼ਰਾ ਤਕੜਾ ਰਹਿ ਕੇ ਪਿਆਰ-ਸ਼ਿਆਰ ਦਈ , ਕਿਤੇ ਉਹੋ ਈ ਗੱਲ ਨਾ ਹੋਵੇ , ਨਾ ਕੀ.....।‘

-‘’ਅੱਛਾ...ਅੱਛਾ, ਢੱਕਿਆ ਰੌਹ , ਬੱਸ ਬੀ ਕਰ ਹੁਣ ‘ , - ਤਾਏ ਨੇ ਮੇਹਰੂ ਨੂੰ ਤਾਂ ਵਿਚਕਾਰੋਂ ਟੋਕਰਿਆਂ ਓਪਰਾ ਜਿਹਾ ਦਬਾਕਾ ਦੇ ਮਾਰਿਆ , ਪਰ ਉਸ ਦੇ ਆਪਣੇ ਅੰਦਰ ਇਕ ਅਜੀਬ ਤਰ੍ਹਾਂ ਦੀ ਹਲ-ਚਲ ਮੱਚ ਗਈ । ਕਦੀ ਉਸ ਦੀਆਂ ਅੱਖਾਂ ਸਾਹਮਣੇ ਜੀਤੇ ਦੀ ਅੱਠ-ਸੱਤ ਵਰ੍ਹੇ ਪਹਿਲਾਂ ਵਾਲੀ ਕੁਤਰੀ ਦਾਅੜੀ , ਹਿੱਧੀ ਕੱਟ ਜਟੂਰੀਆਂ ਤੇ ਫਸਵੀਂ ਜੀਨ ਦੀ ਪਤਲੂਣ ਆ ਖੜੀ ਹੁੰਦੀ ਅਤੇ ਕਦੀ ਖੁਲ੍ਹੀ ਲਮਕਮੀਂ ਸੰਘਣੀ ਦਾਅੜੀ ਤੇ ਤਹਿਦਾਰ ਪੋਚਵੀਂ ਪੱਗੜੀ । ਪਰ ,ਇਹਨਾਂ ਦੋਨਾਂ ਵਿਚਕਾਰ ਮੇਹਰੂ-ਉਟਨੱਟ ਦੀ ਦੱਸੀ ਲੰਮੇ ਉਚੇ ਕੱਦ ਦੀ ਅੱਧ-ਨੰਗੀ ਮੇਮ ,ਉਸ ਦੀਆਂ ਤਣੀਆਂ ਭਵਾਂ ਸਾਹਮਣੇ ਅਡੋਲ ਖੜੀ ਓਨਾਂ ਚਿਰ ਦਿਸਦੀ ਰਹੀ ,ਜਦ ਤੱਦ ਥੜ੍ਹੇ ਤੇ ਬਹਿੰਦੀ ਸਾਰੀ ਢਾਣੀ ਨੇ ਉਸ ਦੁਆਲੇ ਰੋਜ਼  ਵਾਂਗ ਧਮੱਚੜ ਨਾ ਆ ਪਾਇਆ । ਉਸ ਦਿਨ ਸੱਚ-ਮੁੱਚ ਹੀ ਹਰ ਕਿਸੇ ਨੂੰ ਚਿੱਤ ਕਰਨ ਵਾਲਾ ਤਾਇਆ , ਮੇਹਰੂ-ਉਟਨੱਟ ਦੀ ਸ਼ਰਾਰਤ ਸਦਕਾ ਆਪ ਠਿੱਠ ਹੋ ਗਿਆ ਸੀ । ਕਈ ਦਿਨਾਂ ਲਗਾਤਾਰ ਬਾਈ ਮਲੂਕਾ , ਪੰਮੀ ਛੁਰਲੀ , ਬਾਗਾ ਜੱਫਲ , ਹਾਣੀ ਕਰਨੈਲਾ , ਬਾਰੀਆਂ ਬੰਸਾ , ਮੱਖਾ ਗੁਟਕੂੰ , ਫੁੰਮਣ-ਸ਼ਾਹਕੋਟੀ ਤਾਏ ਦੇ ਘਰ ਉਤਰੀ ‘ਮੇਮ ’ ਦੇ ਚਸਕੇ ਲੈਂਦੇ ਰਹੇ । ਘਰੋਂ ਬਾਹਰ ਨਿਕਲਦੇ ਜੀਤਾ ਸੂੰਹ ਚੁੱਪ-ਚਾਪ ਟਹਿਲਦਾ ਕਦੀ ਉਦ ਸਾਧੜਾ ਆਖਦੇ , ਕਦੀ ‘ਮੇਮ-ਸਾਬ੍ਹ ’ । ਪਰ ਜੀਤਾ ਸੂੰਹ ਚੁੱਪ-ਚਾਪ ਟਹਿਲਦਾ ਕਦੀ ਉਦਾਸੀਆਂ ਵੱਲ ਨੂੰ ਨਿਕਲ ਜਾਂਦਾ ਕਦੀ ਕੰਨ-ਪਾਟੇ ਨਾਥਾਂ ਵੱਲ । ਥੜ੍ਹੇ ਦੀ ਜੁੰਡਲੀ ਵਿਚਕਾਰ ਘਿਰਿਆ ਤਾਇਆ ਸਾਰਾ ਸਮਾਂ ਹਾਸਾ-ਠੱਠਾ ਆਮ ਕਰਕੇ ਖਿੜੇ ਮੱਥੇ ਝਲਦਾ , ਪਰ ਕਦੀ ਕਦਾਈਂ ਬੈਠਾ ਬੈਠਾ ਉਹ ਅਜਿਹੇ ਡੂੰਘੇ ਸਮੁੰਦਰ ਅੰਦਰ ਲਹਿ ਜਾਂਦਾ , ਜਿਸ ਦੀ ਸਮਝ ਉਸਦੇ ਹਾਣੀ ਕਰਨੈਲੇ ਤੋਂ ਬਿਨਾਂ ਕਿਸੇ ਨੂੰ ਨਾ ਪੈਂਦੀ । ਉਸ ਦਿਨ ਬਾਕੀ ਸਾਰੇ ਆਨੇ-ਬਹਾਨੇ ਥੜ੍ਹੇ ਤੋਂ ਖਿਸਕਣ ਦੀ ਕਰਦੇ , ਪਰ ਕਰਨੈਲਾ ਤਾਏ ਨੂੰ ਲੱਗੀ ਚਿੰਤਾ ਦਾ ਕਾਰਨ ਪੁੱਛਣ ਦੀ ਜ਼ਿਦ ਕਰਦਾ ਰਹਿੰਦਾ ।

ਆਖਿਰ  ਇਕ ਦਿਨ ਤਾਏ ਦੀ ਉਦਾਸੀ ਦਾ ਭੇਤ, ਪਿੰਡੇ ਸਾੜਦੀ ਪੱਛੋਂ ਵਾਂਗ ਪਿੰਡ ਦੀ ਸਾਰੀ ਜੂਹ ਅੰਦਰ ਖਿੱਲਰ ਗਿਆ । ਕਿਸੇ ਪੈਲੀ-ਬੰਨੇ ਦੀ ਢਾਅ-ਭੰਨ ਅੰਦਰ ਉਦਾਸੀਆਂ ਨੇ ਕੰਨ-ਪਾਟਿਆਂ ਦੇ ਦੋ ਨਾਥ ਝਟਕਾ ਮਾਰੇ । ਤੁਰਦਿਆਂ ਗੱਲਾਂ ਵਿੱਚ ਤਾਏ ਦਾ ਨਾਂ ਪੂਰੀ ਤਰ੍ਹਾਂ ਘਸੀਟ ਹੁੰਦਾ ਸੁਣ ਕੇ ,ਥੜੇ ਦੀ ਸਾਰੀ ਮੁੰਡੀਰ ਵਿੱਚੋਂ ਕਿਸੇ ਨੇ ਵੀ  ਖੁਲ੍ਹ ਕੇ ਉਸ ਨਾਲ ਗੱਲ ਨਾ ਤੋਰੀ । ਨਿਮੋਝੂਣਾ ਹੋਇਆ ,  ਉਹ ਪਿੱਪਲ ਹੇਠੋਂ  ਉਠ , ਘਰ ਜਾਣ ਦੀ ਬਜਾਏ ਸਿੱਧਾ ਮੁਰੱਬੇ ਪਹੁੰਚ ਗਿਆ । ਰਾਤ ਦੀ ਰੋਟੀ ਮੀਤੇ ਨੇ ਡੇਰੇ ਪੁਜਦੀ ਕਰ ਦਿੱਤੀ ਜਿਹੜੀ ਉਵੇਂ ਦੀ ਉਵੇਂ ਬੱਝੀ ਬਾਹਰਲੀ ਕੰਧ ਦੀ ਕੀਲੀ ਨਾਲ ਲਟਕਦੀ  ਕੀੜੀਆਂ ਦਾ ਆਹਰ-ਪਾਹਰ ਬਣੀ ਰਹੀ ।

ਪਲੱਸਟਰ ਕੀਤੇ ਬਰਾਂਡੇ ਅੰਦਰ ਲੱਗੇ ਛੱਤ ਪੱਖੇ ਹੇਠੋਂ ਮੰਜੀ ਘਸੀਟ ਕੇ ਉਸਨੇ ਗੇੜੀ ਦੀ ਪੈੜ ਵਿਚਕਾਰ ਕਰ ਲਈ ਤੇ ਗਈ ਰਾਤ ਤੱਕ ਬੈਚੇਨ ਹੋਇਆ ਪਲਸੇਟੇ ਮਾਰਦਾ ਰਿਹਾ । ਖੁਰਲੀ ਲਾਗਲੇ ਪੱਕੇ ਫਰਸ਼ ਤੇ ਅਲਸਾਏ ਪਏ ਜੁਗਾਲੀ ਕਰਕੇ ਡੰਗਰਾਂ ਵੱਲ ਦੇਖਦੇ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਉਸ ਨੂੰ ਹਲਕੀ ਜਿਹੀ ਝੋਕ ਆ ਗਈ । ਉਸ ਨੂੰ ਜਾਪਿਆ ਕਿ ...’ਉਹ ਫੌਜੀ ਵਰਦੀ ਕੱਸੀ ਕਿਸੇ ਪਰੇਡ ਲਈ ਤਿਆਰ ਹੋਇਆ ਖੜਾ ਹੈ । ਝੱਟ ਪੱਟ ਉਸ ਨੇ ਆਪਣੀ ਪੱਕੀ ਬੰਦੂਕ ਖੱਬੇ ਮੋਢੇ ਨਾਲ ਲਟਕਾਈ ਹੈ । ਸਾਵਧਾਨ ਕੀਤੀ ਧੌਣ ਨੂੰ ਹਲਕਾ ਜਿਹਾ ਝਟਕਾ ਦੇ ਕੇ ਉਸ ਨੇ ਬੰਦੂਕ ਦੀ ਬੂਬਣੀ ਨਾਲ ਜੁੜੀ ਸੰਗੀਨ ਵਾਚੀ ਹੈ ।ਪਰ , ਆਪਣੀ ਥਾਂ ਤੋਂ ਸੰਗੀਨ ਗਾਇਬ ਹੋਈ ਦੇਖ ਕੇ ਉਹ ਥੋੜਾ ਤਲਮਲਾ ਜਾਂਦਾ ਹੈ । ....ਅਗਲੇ ਹੀ ਪਲ ਸੰਗੀਤ ਉਸ ਨੂੰ ਆਪਣੇ ਸੱਜੇ ਕੰਨ ਲਾਗੇ ਜੁੜੀ ਲਭਦੀ ਹੈ ਤੇ ਬੰਦੂਕ ਦੀ ਬੈਰਿਲ ਖੱਬੇ ਕੰਨ ਲਾਗੇ । ਇਕੱਲਾ ਬੱਟੇ ਦੋਨਾਂ ਹੱਥਾਂ ਵਿਚ ਸਾਂਭੀ ਉਹ ਮਾਰਚ ਕਰਨ ਲਈ ਹਾਲੀ ਇਕ ਉਲਾਂਘ ਹੀ ਅੱਗੇ ਪੁੱਟਦਾ ਹੈ ਕਿ ਇਕ ਪਾਸਿਓਂ ਉਸ ਨੂੰ ਉਦਾਸੀ ਸਾਧ ਆਉਂਦਾ ਦਿਖਾਈ ਦਿੰਦਾ ਹੈ ਅਤੇ ਦੂਜੇ ਪਾਸਿਓਂ ਕੰਨ-ਪਾਟਾ ਨਾਥ । ਇਕਾ-ਇਕ ਉਸ ਦੇ ਕੰਨਾਂ ਲਾਗੇ ਉਗਰੀ ਸੰਗੀਨ ਸਾਧ ਦੇ ਹੱਥਾਂ ‘ਚ ਚਲੀ ਜਾਂਦੀ ਹੈ ਤੇ ਬੈਰਿਲ ਕੰਨ-ਪਾਟੇ ਨਾਥ-ਹੱਥ । ਬਿਨਾਂ ਕਿਸੇ ਘਬਰਾਹਟ ਤੋਂ ਉਹ ਆਪ ਪਿਛਾਂਹ ਹੱਟ ਖਲੋਂਦਾ ਹੈ । ਬੈਂਡ ਨਿਰਦੇਸ਼ਕ ਵਾਂਗ ਬਟ ਨਾਲ ਇਸ਼ਾਰਾ ਮਾਰਦਾ ਹੈ ।ਉਦਾਸੀ ਅਤੇ ਨਾਥ ਖੂਨੀ ਹੋਲੀ ਖੇਡਦੇ ਹਨ । ਇਕ ਦਾ ਸਿਰ ਪਾਟਦਾ ਹੈ ਦੂਜੇ ਦੀ ਛਾਤੀ ਲਹੂ-ਲੁਹਾਣ ਹੈ । ਦੋਨੋਂ ਢਹਿ –ਢੇਰੀ ਹੁੰਦੇ ਹਨ । ਬੱਟ ਨਿਰਦੇਸ਼ਕ ਪੂਰੇ ਜ਼ੋਰ ਨਾਲ ‘ਹਾਲਟ ’ ਦਾ ਕਾਸ਼ਨ ਦਿੰਦਾ ....।‘’ ਓ ਤਾਇਆ , ਕਾ ਹੋਈਨ ਹੋ , ਕੋਨੋ ਸੁਫ਼ਨਾ –ਬੁਫ਼ਨਾ ਆਈਨ ਹੋ....., ਆਉਠੋ-ਆਉਠੋ , ਉਠਾਈਨ ਬੈਸੋਂ – ਵਾਗਲਿਓਂ ਬਾਹਰ ਸੁੱਤੇ ਭਈਏ ਛਾਂਗੂ ਰਾਮ ਨੇ ਨੱਠੇ ਨੱਠੇ ਆ ਕੇ ਤਾਏ ਨੂੰ ਜਗਾਇਆ । ਠੰਡੇ ਪਾਣੀ ਦੀ ਗੜਵੀ ਲਿਆਂਦੀ । ਤਾਏ ਨੇ ਹੂੰ...ਹਾਂ ਕਰਦਿਆਂ ਗੜਵੀ  ਆਪਣੇ ਸਰ੍ਹਾਣੇ ਰੱਖ ਲਈ ਤੇ ‘ਵਾਗੁਰੂ-ਵਾਗੁਰੂ ’ ਕਰਦਾ ਤਰਲੋ –ਮੱਛੀ ਹੋਇਆ ਵਾਗਲਿਓਂ ਬਾਹਰ ਆ ਖੜਾ ਹੋਇਆ ।

ਉਨੀਂਦਰੇ ਨਾਲ ਬੋਝਲ ਹੋਈਆਂ ਅੱਖਾਂ ਮਲਦੇ ਨੂੰ , ਸਾਹਮਣੇ ਦਿਸਦੀ ਉਦਾਸੀਆਂ ਦੇ ਡੇਰੇ ਦੀ ਉੱਚੀ ਬੱਤੀ ਉਸ ਨੂੰ ਸਫਾ-ਜੰਗ ਦੀ ਦੋ-ਮੂੰਹੀਂ ਧਾਰ ਵਰਗੀ ਜਾਪੀ ਅਤੇ ਨਾਥਾਂ ਦੇ ਮੰਦਰ ਦਾ ਚਮਕਦਾ ਕਲਸ ਨੋਕੀਲੇ ਤ੍ਰਿਸ਼ੂਲ ਵਰਗਾ । ਵਾਗਲੇ ਦੀ ਓਟ ਲਈ ਖੜਾ ਉਹ ਕਿੰਨਾਂ ਹੀ ਚਿਰ ,ਦੋਨਾਂ ਪਾਸਿਓਂ ਆਉਂਦੇ ਚਾਨਣ ਨੂੰ ਮੋਹ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ । ਕਦੀ ਉਸ ਨੂੰ ਇਹਨਾਂ ਬਲਬਾਂ ਵਿਚੋਂ ਛਣਦੀ ਰੌਸ਼ਨੀ ਚਿੱਟੀ-ਦੁਧੀਆ ਦਿਸਣ ਲੱਗ ਪੈਂਦੀ , ਕਦੀ ਕਿਰਮਚੀ ਰੰਗੀ ਦੀ ਘਸਮੈਲੀ । ਇਹਨਾਂ ਅੰਦਰ ਵਾਰ-ਵਾਰ ਪੈਂਦੇ ਫ਼ਰਕ ਨੂੰ ਸਮਝਣ ਲਈ ਉਸ ਨੇ ਆਪਣੀਆਂ ਅੱਖਾਂ ਕਈ ਵਾਰ ਝਮਕੀਆਂ , ਪਰ ਕੁਝ ਵੀ ਪਿੜ ਪੱਲੇ ਨਾ ਪੈਂਦਾ ਦੇਖ ਆਖਿਰ ਉਹ , ਉਹਨੀ ਪੈਰੀਂ ਪਿਛਾਂਹ ਪਰਤ ਆਇਆ ।

ਵਾਗਲੇ ਅੰਦਰ ਪੱਸਰੀ ਸੁੰਨ-ਮਸਾਨ ਨੂੰ ਗਰਮ ਸਾਹਾਂ ਦੀ ਤੇਜ਼-ਗਤੀ ਨਾਲ ਤੋੜਦਾ , ਉਹ ਮੰਜੀ ਤੇ ਬੈਠਣ ਲਈ ਰਤਾ ਕੁ ਹੇਠਾਂ ਝੁਕਿਆ ਹੀ ਸੀ ਕਿ ਕਿਸੇ ਦੇ ਪੈਰਾਂ ਦੀ ਆਈ ਬਿੜਕ ਨੇ ਉਸ ਨੂੰ ਫਿਰ ਸਾਵਧਾਨ ਕਰ ਦਿੱਤਾ । ਇਹ ਉਸ ਦਾ ਭਰਾ ਬੰਤਾ ਸੂੰਹ ਕਾਮਰੇਡ ਸੀ । ਲੰਗੜਾ ਕੇ ਤੁਰਦਾ ਆਇਆ ਸੀ ।ਪੈਰ ਲੱਤਾਂ , ਸਿਰ ਸਭ ਨੰਗੇ ਸਨ  । ਪੱਗੜੀ ਥੈਲੇ ਅੰਦਰ ਸਾਂਭੀ ਹੋਈ ਸੀ । ਤੇ ਥੈਲੇ ਸੱਜੇ ਮੋਢੇ ਨਾਲ । ਖੱਬੀ ਬਾਂਹ ਪਲੱਸਤਰ ਨਾਲ ਢੱਕੀ ਪਈ ਸੀ ਤੇ ਮੱਥਾ , ਸਿਰ ਪੱਟੀਆਂ ਨਾਲ ।

ਸੰਤਾ ਸਿਉਂ ਬੰਤਾ ਸੂੰਹ ਵੱਲ ਦੇਖ ਕੇ ਘਬਰਾ ਗਿਆ। ਕਾਮਰੇਡ ਨੇ ਉਸ ਨੂੰ ਹੌਂਸਲਾ ਦਿੱਤਾ । ਆਸਰਾ ਦੇ ਕੇ ਤਾਏ ਨੇ ਉਸ ਨੂੰ ਬਠਾਉਣ ਦਾ ਜਤਨ ਕੀਤਾ , ਪਰ ਗੋਡੇ ਦੀ ਸੱਟ ਕਾਰਨ ਕਾਮਰੇਡ ਤੋਂ ਬੈਠਿਆ ਨਾ ਗਿਆ । ਕਲਾਵਾ ਮਾਰ ਕੇ ਤਾੲ ਨੇ ਉਸ ਨੂੰ ਮੰਜੇ ਤੇ ਟੇਢਾ ਕੀਤਾ ਤੇ ਉਸ ਦੇ ਮੋਢਿਓਂ ਥੈਲਾ ਲਾਹ  ਕੇ ਕੀਲੀ ਨਾਲ ਟੰਗ ਦਿੱਤਾ । ਭਈਏ ਛਾਂਗੂ ਰਾਮ ਵਾਲੀ ਗੜਵੀ ਉਸ ਦੇ ਟੇਡੇ ਪਏ ਕਾਮਰੇਡ ਦੇ ਮੂੰਹ ਨਾਲ ਜੋੜ ਦਿੱਤੀ । ਡੀਕ ਲਾ ਪੀਤੇ ਪਾਣੀ ਪਿਛੋਂ, ਸੱਟਾਂ ਦੀ ਪੀੜ ਮਹਿਸੂਸਦਾ ਉਹ ਥੋੜ੍ਹਾ ਚਿਰ ਅੱਖਾਂ ਮੀਟੀ ਕਸੀਸ ਵੱਟ ਕੇ ਪਿਆ ਰਿਹਾ ।

-‘  ਕੀ ਹਾਲ ਐ .....ਭਾਅ....? ’ ਘੜੀ ਪਲ ਪਿਛੋਂ ਕਾਮਰੇਡ ਦੇ ਬੁਲ੍ਹ ਫਰਕੇ ।

-‘ਤਾਏ ਦਾ ਉੱਤਰ ਹਟਕੋਰਾ ਬਣ ਕੇ ਵਿਹੜੇ ਅੰਦਰ ਖਿਲਰ ਗਿਆ । ’

ਕਾਮਰੇਡ ਨੇ ਉਸ ਦਾ ਮੋਢਾ ਥਾਪੜਦਿਆਂ , ਕਿਸਾਨਾਂ ਉੱਤੇ ਹੋਏ ਲਾਠੀ-ਚਾਰਚ ਦਾ ਵੇਰਵਾ ਦਸਿਆ । ਚੁਤਾਲੀ ਤੋੜਨ ਗਏ ਸਤਿਆ-ਗ੍ਰਹੀਆਂ ਦੀ ਜੇਲ੍ਹ ਅੰਦਰ ਹੋਈ ਦੁਰਦਸ਼ਾ ਦੀ ਜਾਣਕਾਰੀ ਦਿੱਤੀ । ਕਿਸਾਨੀ ਉਪਜਾਂ ਤੇ ਖਾਦਾਂ-ਸੰਦਾਂ ਦੀਆਂ ਕੀਮਤਾਂ ਵਿਚਲੇ ਪਾੜੇ ਦਾ ਉਲੇਖ ਕੀਤਾ । ਗ੍ਰਿਫ਼ਤਾਰ ਉਪਜਾਂ ਦੇ ਖਾਦਾਂ-ਸੰਦਾਂ ਦੀਆਂ ਕੀਮਤਾਂ  ਵਿਚਲੇ ਪਾੜੇ ਦਾ ਉਲੇਖ ਕੀਤਾ । ਗ੍ਰਿਫ਼ਤਾਰ  ਕੀਤੇ ਕਿਸਾਨਾਂ ਨੂੰ ਰਾਤ-ਬਰਾਤੇ ਜੰਗਲੀਂ ਉਜਾੜੀਂ ਪੁਜਦਾ ਕਰ ਕੇ ‘ਰਿਹਾ ’ ਕੀਤੇ ਜਾਣ ਦੀ ਵਿਥਿਆ ਸੁਣਾਈ .....।

ਬੇਹਿਸ ਹੋਏ ਤਾਏ ਨੂੰ ਕਾਮਰੇਡ ਦੀਆਂ ਗੱਲਾਂ ਸੁਣ ਕੇ ਜਿਵੇਂ ਕੋਈ ਫੌਜੀ ਰੋਹ ਚੜ੍ਹ ਗਿਆ ਹੋਵੇ।  ਪੰਜ ਸੱਤ ਮੋਟੀਆਂ ਗਾਲ੍ਹਾਂ ਆਪਣੀਆਂ ਸਰਕਾਰਾਂ ਨੂੰ ਬਿਨਾਂ ਰੁਕੇ ਕੱਢ ਮਾਰੀਆਂ ।

ਕਾਮਰੇਡ ਨੇ ਉਸ ਨੂੰ ਸ਼ਾਂਤ ਕਰਨ ਲਈ ਫਿਰ ਕਈ ਕੁਝ ਦੱਸਿਆ । ਸਾਰੇ ਪੁਆੜੇ ਦੀ ਅਸਲੀ ਜੜ ਸਮਝਾਈ । ਸਰਮਾਏਦਾਰ ਦੇਸ਼ਾਂ ਦੀਆਂ ਚਾਲਾਂ ਦੀ ਮੋਟੀ ਮੋਟੀ ਜਾਣਕਾਰੀ ਦਿੱਤੀ । ਨਾਮ-ਨਿਹਾਦ ਜਮਰੂਹੀ ਸਰਕਾਰਾਂ ਵਲੋਂ ਗੱਦੀਆਂ ਬਚਾਈ ਰੱਖਣ ਲਈ ਵਰਤੇ ਜਾਣ ਵਾਲੇ ਹੱਥ-ਕੰਢਿਆਂ ਦਾ ਵੇਰਵਾ ਦਿੱਤਾ ।

ਰਾਤ ਅੱਧੀਓਂ ਵੱਧ ਲੰਘ ਗਈ ਸੀ ,ਪਰ ਤਾਏ ਤੋਂ ਕਾਮਰੇਡ ਨੂੰ ਲੱਗੀ ਭੁੱਖ ਬਾਰੇ ਪੁੱਛਣ ਦੀ ਸੁਰਤ ਹੀ ਨਾ ਰਹੀ । ਗੱਲੀਂ ਪਏ ਬੰਤਾ ਸੂੰਹ ਦਾ ਧਿਆਨ ਸਾਹਮਣੇ ਲਟਕਦੀ ਰੋਟੀ ਵੱਲ ਗਿਆ ਜਾਚ ਕੇ ,ਤਾਏ ਨੇ ਝੱਟ-ਪੱਟ ਕੀਲੀ ਨਾਲ ਟੰਗਿਆ ਪੋਣਾ ਖੋਲ੍ਹ ਲਿਆਂਦਾ । ਗੁੱਛਾ ਕੀਤੀ ਦਰੀ ਦੀ ਢੋਅ ਲਾਈ ਟੇਢਾ ਪਿਆ ਕਾਮਰੇਡ ਜਿੰਨਾਂ ਚਿਰ ਦੁਖਦੇ ਜੁਬਾੜੇ ਕਾਰਨ ਠੰਡੀ ਹੋਈ ਰੋਟੀ ਸਹਿਜੇ-ਸਹਿਜੇ ਚਿੱਥ ਕੇ ਖਾਦਾ ਰਿਹਾ , ਤਾਇਆ ਸ਼ਿਕਾਇਤਾਂ ਵਗਰੀਆਂ ਘਰ-ਬਾਹਰ ਦੀਆਂ , ਨਿੱਕੀਆਂ –ਵੱਡੀਆਂ ਗੱਲਾਂ-ਕਥਾਵਾਂ ਉਸ ਦੀ ਪੀੜ ਪਲੋਸਣ ਦਾ ਯਤਨ ਕਰਦਾ ਕਿਹਾ – ਜੀਤੇ ਦੀ ਕਨੇਡਿਓਂ ਆਏ ਦੀ ਖ਼ਬਰ , ਮੀਤੇ ਦੀ ਖੇਤੀ , ਪਿੰਡ ਦੇ ਕਈਆਂ ਬਿਰਧਾਂ ਦਾ ਚਲਾਣਾ ਸਰਪੰਚਾਂ –ਗਿੱਲਾਂ-ਲੰਬੜਾਂ-ਕੌਂਕਿਆਂ ਦੇ ਲਿਆਂਦੇ ਨਵੇਂ ਤੇ ਵਧੀਆ ਟਰੈਕਟਰ, ‘ਸੁਸੈਰੀਆਂ ’ ਕੇ ਕਰਜ਼ੇ ,ਡੀਜ਼ਲ-ਖਾਦ ਦੀ ਕਮੀਂ , ਲਾਵਿਆਂ –ਦਿਹਾੜੀਦਾਰਾਂ ਦਾ ਬਾਈਕਾਟ , ਲਾਹੌਰੀਆਂ ਦੀ ਕੁਰਸੀ , ਗੁਰਦਵਾਰੇ ਦੀ ਮਲਾਸ਼ੀ ਤੇ ਮਿਸਤਰੀਆਂ ਦੇ ਬੂਟੇ ਦੀ ‘ਪੁਲਿਸ-ਮਕਾਬਲੇ ’ ‘ਚ ਹੋਈ ਮੌਤ ਬਾਰੇ ਦਸਦੇ ਦਾ ਜਦ ਉਸ ਦਾ ਧਿਆਨ ਉਦਾਸੀਆਂ ਤੇ ਕੰਨ-ਪਾਟਿਆਂ ਵਿਚਕਾਰ ਹੋਏ ਖੂਨ-ਖਰਾਬੇ ਤੱਕ ਪਹੁੰਚਿਆ , ਤਾਂ ਉਸ ਨੂੰ ਜ਼ੋਰਦਾਰ ਕੰਬਣੀ ਜਿਹੀ ਛਿੜ ਗਈ । ਕੌਡ ਸਿੱਧੀ ਕਰਨ ਦੇ ਬਹਾਨੇ , ਉਹ ਕਾਮਰੇਡ ਦੀ ਪੁਆਦੀਓਂ ਉੱਠ ਟਾਹਲੀ ਹੇਠਲੀ ਖਾਲੀ ਮੰਜੀ ਤੇ ਡਿੱਗ ਜਾਣ ਵਾਂਗ ਸਿੱਧਾ-ਸਪਾਟ ਲੇਟ ਗਿਆ, ਤੇ ਅਗਲੇ ਦਿਨ ਦੀ ਲੋਅ ਲੱਗਣ ਤੱਕ, ਬੇਚੈਨ ਹੋਇਆ ਬੇਸੁਰਤਾਂ ਵਾਂਗ ਪਲਸੇਟੇ ਮਾਰਦਾ ਰਿਹਾ ।

ਆਪਣੇ ਆਪ ਅੰਦਰ ਗੁਆਚਿਆ ਤਾਇਆ , ਫਿਰ ਕਈ ਦਿਨ ਲਗਾਤਾਰ ਡੇਰਿਓਂ ਪਿੰਡ ਨਾ ਆਇਆ । ਕਾਮਰੇਡ  ਨੁੰ ਲੱਗੀਆਂ ਗੁੱਝੀਆਂ ਸੱਟਾਂ ਦੀ ਗਰਮ ਪਾਣੀ ਨਾਲ ਟਕੋਰ ਕਰਦਾ ਰਿਹਾ। ਮੀਤੇ ਤੋਂ ਮੰਗਵਾਈਆਂ ਦਵਾਈਆਂ ਮਲ ਮਲ ਕੇ ਸੁੱਜੇ ਅੰਗਾਂ ਤੇ ਲੋਗੜ ਝੰਨ੍ਹਦਾ ਰਿਹਾ । ਮਾਲ-ਡੰਗਰ ਦੀ ਸਾਂਭ-ਸੰਭਾਲ ਕਰਦਾ ਭਈਆ ਛਾਂਗੂ ਉਸ ਦੀ ਸੱਜੀ ਬਾਂਹ ਬਣਿਆ ਰਿਹਾ । ਪਰ , ਕਨੇਡੀਓਂ ਆਇਆ ਜੀਤ ਸੂੰਹ ਜਿੰਨੀ ਵਾਰ ਵੀ ਪਿਓ ਦਾ ਹਾਲ ਪੁੱਛਣ ਡੇਰੇ ਪਹੁੰਚਿਆ , ਓਨੀ ਵਾਰ ਹੀ ਤਾਏ ਨੇ ਐਧਰ-ਓਧਰ ਦੀਆਂ ਗੱਲਾਂ ਕਰ ਕੇ ਉਸ ਨੂੰ ਛੇਤੀ ਘਰ ਵਾਪਸ ਭੇਜਣ ਦੀ ਕੀਤੀ ।

‘ਥੋੜ੍ਹੇ ਕੁ ਦਿਨਾਂ ਅੰਦਰ ਹੀ , ਨਿੱਗਰ ਹੱਡਾਂ ਵਾਲੇ ਕਾਮਰੇਡ ਨੂੰ ਤੁਰਨ ਫਿਰਨ ਜੋਗਾ ਕਰ ਕੇ ਇਕ ਤਾਇਆ ਪੱਖੀ ਫੜੀ ਥੜੇ ਦੀ ਉਦਾਸੀ ਦੂਰ ਕਰਨ ਲਈ ਹਾਲੀਂ ਦੋ ਕੁ ਲਾਂਘਾਂ ਪਿੰਡ ਵੱਲੋ ਨੂੰ ਤੁਰਿਆ ਹੀ ਸੀ ਕਿ ਉਦਾਸੀਆਂ ਦੇ ਡੇਰੀਓਂ ਦਿਨ-ਦੁਪਹਿਰੇ  ਉੱਠਿਆ ਚੀਕ-ਚਿਹਾੜਾ ਚੀਕ-ਚਿਹਾੜਾ ਉਸ ਦੀ ਆਤਮਾ ਨੂੰ ਧੁਰ ਅੰਦਰ ਤੱਕ ਜ਼ਮਮੀ ਕਰ ਗਿਆ । ਰੋਣ-ਕੁਰਲਾਉਣ , ਲੇਰਾਂ –ਧਾਹਾਂ ਬਚਾਓ ਦੀਆਂ ਆਵਾਜ਼ਾਂ ਸੁਣਦਾ , ਉਹ ਵੀ ਡੇਰੇ ਵੱਲ ਨੂੰ ਦੌੜੇ ਜਾਂਦੇ ਪਿੰਡ ਦੇ ਬਾਕੀਅਜੀਆਂ ਨਾਲ ਜਾ ਰਲ੍ਹਿਆ । ਖਾਲੀ ਵੱਢਾਂ ਰਾਹੀਂ ਲੰਘਦਿਆਂ,ਨੰਗੇ ਪੈਰਾਂ ਅੰਦਰ ਖੁਭੇ ਖੁੰਗਿਆਂ ਦੀ ਪ੍ਰਵਾਹ ਕੀਤੇ ਬਿਨਾਂ ਪਲਾਂ –ਛਿਨਾਂ ਅੰਦਰ ਹੀ ਭਾਵੇਂ ਅਨੇਕਾਂ ਮਰਦ-ਇਸਤਰੀਆਂ ਉਦਾਸੀਆਂ ਦੇ ਹਲਵਾਹਕਾਂ ਦੇ ਬਚਾ ਲਈ ਪਹੁੰਚ ਗਏ, ਪਰ ਡੇਰੇ ਦੀ ਹੋਈ ਦੁਰ-ਦਸ਼ਾ ਦੇਖ ਕੇ , ਉਹ ਧਾਹਾਂ ਮਾਰ-ਮਾਰ ਕੁਰਲਾ ਉੱਠੇ । ਡੇਰੇ ਦਾ ਸਾਰਾ ਵਿਹੜਾ ਲਹੂ-ਲੁਹਾਣ ਹੋਇਆ ਪਿਆ ਸੀ । ਨਿੱਕੇ-ਨਿੱਕੇ ਬਾਲਾਂ ਦੇ ਲੋਥੜੇ ਮਿੱਟੀ-ਘੱਟੇ ਅੰਦਰ ਰੁਲਦੇ ਤੜਫ ਰਹੇ ਸਨ । ਬੁੱਢੀਆਂ ਬਿਰਧ ਲਾਸ਼ਾਂ ਪਾਣੀ ਦਾ ਘੁੱਟ ਉਡੀਕਦੀਆਂ ਵੱਡੀ ਨੀਂਦ ਸੌਂਦੀਆਂ ਜਾ ਰਹੀਆਂ ਸਨ । ਨੌਜਵਾਨ ਕੁੜੀਆਂ ਦਾ ਨੰਗੇਜ਼ ਆਪ-ਹੁਦਰੀ ਵਿਹਸ਼ਤ ਦੀ ਕਹਾਣੀ ਦੱਸ ਰਿਹਾ ਸੀ । ਕੱਖਾਂ-ਕਾਨਿਆ ਦੇ ਛਪਾਰਿਆ ਨੂੰ ਲੱਗੀ ਅੱਗ ਅੰਦਰ ਘਿਰੇ ਡੰਗਰਾਂ ਦੀ ਝੁਲਸੀ ਚਰਬੀ , ਲਾਟਾਂ ਬਣ ਬਣ ਉੱਠ ਰਹੀ ਸੀ । ਡੇਰੇ ਦੇ ਸਾਰੇ ਕੋਠੜੂ ਖੋਲ੍ਹੇ ਹੋਏ ਪਏ ਸਨ । ਹਰੇ-ਕਚੂਰ ਫੁੱਲ-ਬੂਟੇ,ਸੇਕ-ਧੂਏਂ ਨਾਲ ਝੁਲਸੇ ਪਏ ਸਨ ।

ਹੋਰ ਤਾਂ ਹੋਰ , ਤਾਏ ਦੀ ਝਿੜੀ ਨਾਲ ਲਗਦੀ ਪਿੰਡ ਦੇ ਜਠੇਰਿਆਂ ਦੀ ਉੱਚੀ ਚਿੱਟੀ ਮਮਟੀ ਵੀ ਫਿਤਾ-ਫੀਤਾ ਉੱਖੜੀ ਪਈ ਸੀ , ਜਿਸ ਨੂੰ ਦੇਖਦਿਆਂ ਸਾਰ ਪਿੰਡ ਦੀ ਸਾਰੀ ਵਹੀਰ ਦਾ ਰੋਹ ਅੱਗ ਦੇ ਸੇਕ ਵਾਂਗ ਬਲ ਉੱਠਿਆ । ਕਿਸੇ ਹੋਣੀ-ਅਣਹੋਣੀ ਦੀ ਪ੍ਰਵਾਹ ਕੀਤੇ ਬਿਨਾਂ ਉਹਨਾਂ ਅੰਦਰ ਖੜਕਦੀ ਤਾਰ ਸਭ ਨੂੰ ਇਕੱਠੇ ਕਰ ਕੇ ਕੰਨ-ਪਾਟਿਆਂ ਦੇ ਡੇਰੇ ਵੱਲ ਨੂੰ ਲੈ ਤੁਰੀ ।

ਵਾਹੋ-ਦਾਹੀ ਤੁਰੀ ਗਈ ਹਿਰਖੀ ਭੀੜ ਨੇ ਪਿੰਡ ਦਾ ਵਸੀਮਾ ਲੰਘ ਕੇ ਦੂਰੋਂ ਦੇਖਿਆ ਕਿ ਨਾਥਾਂ ਦੀ ਕੁਟੀਆ ਅਲਾਹਾਬਾਦੀ-ਬਨਾਰਸੀ ਹਾਥੀਆਂ-ਘੋੜਿਆਂ ਨਾਲ ਭਰੀ ਪਈ ਸੀ । ਥਾਂ ਥਾਂ ਤਪੀਆਂ ਧੂਣੀਆਂ ਦੀ ਠੰਢੀ-ਗਰਮ ਭਬੂਤੀ ਨੰਗੇ ਪਿੰਡਿਆ ਉਂਤੇ ਧੂੜੀ ਜਾ ਰਹੀ ਸੀ ।ਸੁੱਖਾ ਰਗੜਦੇ ਘੋਟਣਿਆਂ ਨਾਲ ਬੁੱਝੇ ਘੁੰਗਰੂਆਂ ਦੀ ਛਣਕਾਰ ਡੇਰਿਓਂ ਬਾਹਰ ਦੂਰ ਤੱਕ ਖਿਲਰੀ ਪਈ ਸੀ । ਅਤਿ ਆਧੁਨਿਕ ਬੰਦੂਕਾਂ ਸਟੇਨਾਂ, ਚਿੱਟੇ-ਭਗਵੇ ਚੋਲਿਆਂ ਦੇ ਮੋਢਿਆਂ ਨਾਲ ਲਟਕ ਰਹੀਆਂ ਸਨ ਅਤੇ ਚੀਕਦੇ ਚਿੰਗਾੜਦੇ ਹਾਥੀ-ਘੋੜੇ ਤਾਏ ਦੇ ਸੰਗਤਰਿਆਂ ਦੀਆਂ ਕਈ ਪਾਲਾਂ  ਮਰੁੰਡ ਕਰ ਚੁੱਕੇ ਸਨ ।

-ਓਏ ਨਾਥੋ , ਬਗਲੇ –ਭਗਤੋ –ਮੱਕਾਰੋ-ਦਗੇਬਾਜ਼ੋ , ਨਿਕਲੋ ਬਾਹਰ ...ਤੁਆਡੀ ਮਾਂ ਨੂੰ ਤੁਹਾਡੀ....ਨੂੰ, ਤਾਏ ਦਾ ਰੋਹ ਕਸਵੇਂ ਲਲਕਾਰੇ ਮਾਰਦਾ ਸਾਰੇ ਡੇਰੇ ਅੰਦਰ ਖਿੱਲਰ ਗਿਆ ।

-ਖਬਰਦਾਰ ਜੋ ਡੇਰੇ ਮਾਂ ਪੈਰ ਡਾਲਾ ਤੋ ....ਨਈਂ ਗੋਲੀ ਮਾਰ ਮਾਰ ਭੂਨ ਡਾਲੇਗਾ – ਸੁੱਖਾ ਪੀਤੀ ਝੂਮਦੇ ਨਾਥਾਂ ਦੇ ਅਣਪਛਾਤੇ ਮੁਖੀ ਨੇ ਮੰਦਰ ਸਾਹਮਣੇ ਖੜੋ ਕੇ ਤਾਏ ਦੀ ਭਬਕ ਤੋਂ ਚੜ੍ਹਵਾਂ ਉੱਤਰ ਭੇਜਿਆ ।

ਫੌਜੀ ਅਣਖ ਬਾਹਾਂ ਟੁੰਗਦੀ ਡੇਰੇ ਅੰਦਰ ਜਾ ਵੜੀ , ਪਰ ਅਗਲੇ ਹੀ ਛਿਣ ਟੀਂ....ਈਂ ਕਰਦੀ ਗੋਲੀ ਤਾਏ ਦੀ ਛਾਤੀ ਦੇ ਐਨ-ਵਿਚਕਾਰ ਆ ਖੁੱਭੀ । ਉਸ ਨੂੰ ਥਾਏਂ ਡਿਗਿਆ ਦੇਖ, ਉਸ ਨਾਲ ਗਈ ਪਿੰਡ ਦੀ ਸਾਰੀ ਵਹੀਰ ਹਫੜੋ-ਦਫੜੀ ਅੰਦਰ ਪਿਛਾਂਹ ਦੌੜਦੀ ਹਾਲੀਂ ਗੁਰਦਵਾਰੇ ਵਾਲੀ ਫਿਰਨੀ ਤੱਕ ਵੀ  ਨਹੀਂ ਸੀ ਪਹੁੰਚੀ ਕਿ ਸਾਹਮਣਿਓ  ਆਈ ਸਰਕਾਰ ਆਵਾਜ਼ ਨੇ ਸਭ ਨੂੰ ਹੱਥ ਖੜੇ ਕਰ ਕੇ ਆਤਮ ਸਮਰਪਣ ਕਰਨ ਲਈ ਹੁਕਮ ਚਾੜ੍ਹ ਦਿੱਤਾ । ਉਦਾਸੀਆਂ ਦੇ ਡੇਰੇ ਦਾ ਬਚਾਅ ਕਰਨ ਗਏ ਨਿਹੱਥੇ ਡੇਰੇ ਨੂੰ ਅੱਗ ਲਾਉਣ ਦੇ ਦੋਸ਼ ਹੇਠ ਹੱਥ-ਕੜੀਆਂ ਜ਼ੰਜ਼ੀਰਾਂ ਅੰਦਰ ਜਕੜੇ ਗਏ ।

ਭੁੱਖੇ-ਤਿਹਾਏ ‘ਬੰਦੀਆਂ ’ ਨੂੰ ਖਾਲੀ ਟਰੱਕਾਂ ਅੰਦਰ ਤਾੜ ਕੇ , ਵਾਪਸ ਪਰਤਣ ਲੱਗੀ ਪ੍ਰਬੰਧਕੀ ਆਵਾਜ਼ ਇਕ ਵਾਰ ਫਿਰ ਪੂਰੇ ਜਲੌ ਨਾਲ ਗੂੰਜੀ – ਕਲ੍ਹ ਸਵੇਰ ਤੱਕ ਪਿੰਡ ਦਾ ਕੋਈ  ਜੀਅ ਘਰੋਂ ਬਾਹਰ ਨਾ ਨਿਕਲੇ , ਨਹੀਂ ਕਰਫਿਊ ਕਾਨੂੰਨ ਦੀ ਉਲੰਘਣਾ ਤਹਿਤ ਦੇਖਦਿਆਂ ਸਾਰ ਗੋਲੀ ਮਾਰ ਦਿੱਤੀ ਜਾਵੇਗੀ ।

ਬਚਦੀ ਸਰਕਾਰੀ ਗਾਰਦ ਦੂਜੇ ਦਿਨ ਸਵੇਰ ਤੱਕ ਪਿੰਡ ਦੀਆਂ ਗਲ੍ਹੀਆਂ ਫਿਰਨੀਆਂ ਦਰੜਦੀ ਰਹੀ । ਪੂੰਜਿਆਂ-ਖੁਰਲੀਆਂ ਤੇ ਬੱਧੇ ਭੁੱਖੇ-ਤਿਹਾਏ ਡੰਗਰ , ਪਾਣੀ –ਪੱਠੇ ਨੁੰ ਤਰਸਦੇ ਅੜੰਭਦੇ ਰਹੇ । ਭਿੜੇ-ਦਰਾਂ ਦੇ ਕੱਚੇ ਵਿਹੜੇ ਨਿਆਣਿਆਂ-ਸਿਆਣਿਆਂ ਦੇ ਮਲ-ਮੂਤਰ ਨਾਲ ਸੜ੍ਹਾਂਦ ਮਾਰਨ ਲੱਗੇ । ਸਹਿਮੀਆਂ ਛੱਤਾਂ ਦੇ ਸਿਰਾਂ ਉੱਪਰ ਚੰਗਾੜਦੇ ਭੈਅ ਨੇ ਰਾਤ ਭਰ ਚਿੜੀ ਵੀ ਨਈਂ ਸੀ ਫੜਕਣ ਦਿੱਤੀ ।

ਅਗਲੇ ਦਿਨ ਦੀ ਤੜਕਸਾਰ ਤੱਕ ਭਾਵੇਂ ਗਰਮੀਂ ਰੁੱਤ ਦੇ ਹੁੱਸੜ ਨੇ ਬੰਦ ਹੋਏ ਬਾਰਾਂ ਨੂੰ ਬੇਬਸੀ ਵਰਗੀ ਤਲ਼ਖੀ ਲਾਈ ਰੱਖੀ ਸੀ , ਪਰ ਮੂੰਹ ਝਾਖਰੇ , ਰੁਮਕੀ , ਪੰਛੀਆਂ ਦੀ ਚਹਿ-ਚਹਾਹਟ ਨੇ ਕਾਨੂੰਨੀ ਹੁਕਮਾਂ ਦੀ ਉਲੰਘਣਾਂ ਕਰ ਕੇ ਖੁਲ੍ਹੀ ਫਿਜ਼ਾ ਅੰਦਰ ਪ੍ਰਵਾਜ਼ ਕਰਨ ਦੀ ਪਹਿਲ ਕਰ ਦਿੱਤੀ । ਕੱਚੇ ਦੁੱਧ ਵਰਗੇ ਫਿੱਕੇ ਚਾਨਣ ਦੇ ਛਿੱਟਿਆਂ ਨਾਲ , ਬੇਸੁੱਧ ਪਈਆਂ ਗਲੀਆਂ ਹਲਕੀਆਂ-ਹਲਕੀਆਂ ਅੱਖਾਂ ਪੱਟਣ ਲੱਗੀਆਂ । ਲੋਅ ਲੱਗਣ ਤੱਕ , ਤਿੱਖੀ ਚਾਲੇ ਤੁਰਦੀ ਪੁਰੇ ਦੀ ਹਵਾ ਨੇ ਸਾਰਾ ਆਕਾਸ਼ ਤਿੱਤਰਖੰਭੀ ਬੱਦਲਵਾਈ ਨਾਲ ਕੱਜ ਲਿਆ । ਸੂਰਜ ਚੜ੍ਹਦਿਆਂ ਕਰਦਿਆਂ , ਗੁਰਦਵਾਰੇ ਸਾਹਮਣੇ ਚੌਂਕ ਵਿੱਚ ਖੜੀ ਸਰਕਾਰੀ ਗੱਡੀ ਤਾਂ ਦਫਾ ਚੁਤਾਲੀ ਦਾ ਐਲਾਨ ਕਰ ਦੇ ਧੂੜ ਉਭਾਰਦੀ ਜਰਨੈਲੀ ਸੜਕ ਵੱਲ ਨੂੰ ਸਰਕ ਗਈ , ਪਰ ਸੁੰਨ-ਮਸਾਨ ਹੋਏ ਪਿੰਡ ਦੇ ਅੱਧਿਓਂ ਵੱਲ ਖਾਲੀ ਵਿਹੜਿਆਂ ਅੰਦਰ ਲੰਘ ਚੁੱਕੇ ਦੇਓ ਦੇ ਡਰ ਦਾ ਸਹਿਮ ਸ਼ਾਹ-ਵੇਲੇ ਤੱਕ ਕਿਰਦਾ ਰਿਹਾ ।

ਉਸ ਜ਼ਖ਼ਮੀ ਦਿਨ ਦੇ ਉਦਾਸ ਸੂਰਜ ਦੇ ਥੜੇ ਉਪਰਲੇ ਪਿੱਪਲ ਦੀਆਂ ਵਿਰਲਾਂ ਰਾਹੀਂ ਨੀਝ ਲਾ ਕੇ ਕਿੰਨਾਂ ਚਿਰ ਤੱਕ , ਤਾਏ ਦੀ ਭਾਲ  ਵਿਚ ਆਪਣੀ ਕਮਜ਼ੋਰ ਨਿਗਾਹ ਗੱਡੀ ਰੱਖੀ , ਪਰ ਉਸ ਦੀ ਸਾਰੀ ਝਾਕ ਸਰਾਸਰ ਵਿਅਰਥ ਗਈ । ਤਰਲੋ-ਮੱਛੀ ਹੋਇਆ ਉਹ ਥੜ੍ਹੇ ਨੂੰ ਛੱਕ ਕੇ ਕਿੰਨਾ ਸਾਰਾ ਪੈੱਡਾ ਹੋਰ ਅਗਾਂਹ ਨਿਕਲ ਆਇਆ ਅਤੇ ਸਾਰਾ ਪਿੰਡ ਛਾਣ ਮਾਰਿਆ , ਪਰ ਤਾਏ ਦ ਲਾਸ਼ ਵੀ ਉਸ ਨੂੰ ਕਿੱਧਰੇ ਨਾ ਲੱਭੀ । ਪਿੰਡ ਦੀ ਲਹਿੰਦੀ ਬਾਹੀ ਖੜੋ ਕੇ ਉਸ ਨੇ ਬੜੇ ਧਿਆਨ ਨਾਲ ਦੇਖਿਆ – ਸੰਤ ਜੀਤ ਸੂੰਹ ਕਨੇਡੀਅਨ ਵੀ ‘ਗਾਇਬ ’ ਸੀ ।

ਬੇਚੈਨ ਹੋਇਆ ਤੁਰਿਆ , ਉਹ ਭੀਖੂ ਸਾਈਂ ਦੀ ਕੁਟੀਆ ਉੱਪਰ ਪਹੁੰਚ ਗਿਆ ਤੇ ਨਿੱਕੀ ਜਿਹੀ ਇਕ ਬਦਲੀ ਉਹਲੇ ਜਾ ਖੜਾ ਹੋਇਆ । ਘੜੀ-ਪਰ ਸਾਹ ਲੈਣ ਪਿਛੋਂ ਇਕ ਵਾਰ ਫਿਰ ਉਸ ਨੇ ਪਿੰਡ ਦੀ ਜੂਹ ਅੰਦਰ ਵਸਦੇ ਦੋਨਾਂ ਡੇਰਿਆਂ ਦੇ ਆਕਾਸ਼ ਉੱਤੋ ਤੁਰਦੀ-ਤਰਦੀ ਨਿਗਾਹ ਖਿਲਾਰ ਦਿੱਤੀ । ਉਸ ਦੀਆਂ ਹਿਰਖੀਆਂ ਅੱਖਾਂ ‘ਚੋਂ ਝਰਦੀ ਸੰਧੂਰੀ ਲਾਲੀ ਨੇ ਬੜੇ ਧਿਆਨ ਨਾਲ ਜਾਚਿਆ ਕਿ ਅਜੇ ਦੋਨੋਂ ਡੇਰੇ ਲਗਾਤਾਰ ਇਕ ਦੂਜੇ ਵੱਲ ਖੂਨ-ਪੀਣੀਆਂ ਨਜ਼ਰਾਂ ਨਾਲ ਦੇਖ ਰਹੇ ਸਨ । ਉਸ ਨੇ ਵਾਰੀ-ਵਾਰੀ ਦੋਨਾਂ ਵਲ੍ਹ  ਮੂੰਹ ਘੁਮਾ ਕੇ ਆਪਣੀਆਂ ਤੇਜ਼-ਦਮਕੀਲੀਆਂ ਕਿਰਨਾਂ ਧੂਏਂ ਨਾਲ ਕਾਲੇ –ਸਿਆਹ ਹੋਏ ਡੇਰਿਆਂ ਤੇ ਸੁੱਟੀਆਂ , ਪਰ  ਕਿਸੇ ਵਲੋਂ ਵੀ ਹਸਮੁੱਖ ਹੁੰਗਾਰਾ ਨਾ ਮਿਲਣ ਤੇ , ਉਹ ਦੋਨਾਂ ਦੇ ਆਕਾਸ਼ ਤੇ  ਬਰਾਬਰ ਦਾ ਕਾਲਾ ਪੋਚਾ ਮਾਰ ਕੇ ਅਗਾਂਹ ਨਿਕਲ ਗਿਆ ।

ਕੁਮੇਲ ਦੀ ਬੁੱਕਲ ‘ਚ ਲੁੱਕਣ ਤੋਂ ਪਹਿਲਾਂ , ਉਸ ਦੀ ਅੰਦਰਲਾ , ਪਿੰਡ ਦੀ ਗੁਆਚੀ ਹੋਂਦ ਨੂੰ ਭਾਲਦਾ , ਇਕ ਵਾਰ ਫਿਰ ਪਿਛਾਂਹ ਰਹਿ ਗਈ ਪਿੰਡ ਦੀ ਵਰਾਨਗੀ ਵਲ੍ਹ ਝਾਕਿਆ । ਪਰ , ਇਸ ਵਾਰ ਉਸ ਦੇ ਤੌਖਲੇ ਉੱਪਰ , ਜਿਵੇਂ ਕਿਸੇ ਨੇ ਠੰਡੀ ਫੁਹਾਰ ਦੇ ਛਿੱਟੇ ਮਾਰ ਦਿੱਤੇ ਹੋਣ – ਬੰਤਾਂ ਸੂੰਹ ਕਾਮਰੇਡ , ਲੰਘੜਾਉਂਦਾ ਤੁਰਿਆ , ਉਦਾਸ-ਉਦਾਸ ਗਲ੍ਹੀਆਂ ਅੰਦਰੋਂ ਦੀ ਲੰਘ ਰਿਹਾ ਸੀ । ‘ਉੱਠੋ-ਜਾਗੋ ’ ਦਾ ਹੋਕਰਾ ਦਿੰਦਾ , ਉਹ ਅਬਲਾ-ਇਸਤਰੀਆਂ , ਅੰਝਾਣੇ ਬਾਲਾਂ ਦੀਆਂ ਸਿਸਕੀਆਂ ਆਪਣੇ ਖੁਲ੍ਹੇ ਕੁੜਤੇ ਦੀ ਝੋਲੀ ਅੰਦਰ ਸਮੇਟ ਰਿਹਾ ਸੀ । ਜੋਤ ਰਹਿਤ ਬਿਰਧ ਅੱਖਾਂ ਉਸ ਦੀ ਦਸਤੱਕ ਸੁਣ ਕੇ ਡੰਗੋਰੀ ਟੇਕਰੀਆਂ ਬਾਹਰ ਵਲ੍ਹ ਨੂੰ ਆਹੁਲਣ ਲੱਗ ਪਈਆਂ ਸਨ ਅਤੇ ਭੀਖੂ ਸਾਈਂ ਦੀ ਕੁਟੀਆ ਅੰਦਰ ਪੂਰੇ    ਗਏ ਸੰਧਿਆ ਦੇ ਸੰਖ ਦੀ ਆਵਾਜ਼ , ਕਾਮਰੇਡ ਦੇ ਮੱਥੇ ਤੇ ਆਇਆਂ ਪਸੀਨੇ ਦੀਆਂ ਬੂੰਦਾਂ ਪੂੰਝਣ ਲਈ, ਹਲਕੀ ਹਲਕੀ ਰੁਮਕਦੀ ਪੂਰੇ ਦੀ ਹਵਾ ਨਾਲ ਇਕ ਮਿੱਕ ਹੁੰਦੀ ਜਾ ਰਹੀ ਸੀ ।

---------------------

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)

Mobile No : 094655-74866