ਕਹਾਣੀ : ਝਾਂਜਰ - ਲਾਲ ਸਿੰਘ
ਉਸ ਨੂੰ ਬਾਹਰੋਂ ਕਿਸੇ ਨੇ ਕੱਸਵੀਂ ‘ਵਾਜ਼ ਮਾਰੀ -“ਓਏ, ਸੋਹਣ ਓਏ ....।“
ਅੰਦਰੋਂ ਕੋਈ ਉੱਤਰ ਨਾ ਆਇਆ ।
ਬਾਹਰਲੀ ਆਵਾਜ਼ ਫਿਰ ਜ਼ੋਰ ਦੀ ਗੜ੍ਹਕੀ – “ ਓ ਸੋਹਣ ਦਿਆਂ ਤੁਖਮਾਂ.....ਹੈਗਾਂ ਅੰਦਰ ਕਿ ਮਰ ਗਿਐਂ....! “
ਇਸ ਵਾਰ ਮੰਜੀ ਤੋਂ ਕਿਸੇ ਦੇ ਹਿੱਲਣ-ਸਰਕਣ ਦੀ ਆਹਟ ਬੰਦ ਭਿੱਤਾਂ ਵਿਚੋਂ ਦੀ ਬਾਹਰ ਖੜ੍ਹੇ ਘੋਨੇ ਤਕ ਪਹੁੰਚੀ । ਘੋਨੇ ਨੂੰ ਜਾਪਿਆ ,ਸੋਹਣ ਉੱਠ ਖੜੋਇਆ ਐ , ਹੁਣ ਬਾਹਰ ਵੀ ਆਊ ।
ਪਰ ਸੋਹਣ ਨਹੀਂ ਸੀ ਉੱਠਿਆ । ਇਹ ਉਸ ਦੀ ਮਾਂ ਸੀ , ਬੰਤੀ । ਜੁੱਲੀ ਦੇ ਨਿੱਘ ‘ਚੋਂ ਮਸਾਂ ਬਾਹਰ ਆਈ ਸੀ , ਡੋਲਦੀ-ਡਿੱਗਦੀ । ਥਾਂ ਸਿਰ ਰੱਖੀ ਡੱਬੀ ਉਸ ਨੇ ਇਹੋ ਟੋਹ ਨਾਲ ਚੁੱਕ ਲਈ । ਤੀਲ੍ਹੀ ਬਾਲ ਕੇ ਸਹਿਜ ਨਾਲ ਦੀਵਾ ਵੀ ਜਗਦਾ ਕਰ ਲਿਆ ।
...ਜਗਉਨੀ ਆਂ ਪੁੱਤ ਏਨੂੰ ....ਕੌਣ ਆਂ ? ਘੋਨਾ ਆਂ.....,।“ ਬੰਤੀ ਨੇ ਬਾਹਰਲੀ ਆਵਾਜ਼ ਨੂੰ ਮੋੜਵਾਂ ਹੁੰਗਾਰਾ ਭਰਿਆ । ਨਾਲ ਦੀ ਉਹ ਲਾਗਦੀ ਜੁੱਲੀ ‘ਚ ਕੁੰਗੜੇ ਪਏ ਸੋਹਣ ਨੂੰ ਹਿਲਾਉਣ ਲੱਗ ਪਈ – “ ਉੱਠ ਪੁੱਤ, ਘੋਨਾ ਆਇਆ । ਬਾਹਰ । ਹਾਕਾਂ ਮਾਰਦਾ ਤੈਨੂੰ ....। ਦੇਖ ਕੀ ਕੰਮ ਆਂ ....।“
ਬੰਤੀ ਨੇ ਸੋਹਣ ਨੂੰ ਉੱਪਰੋਂ-ਥੱਲੀ ਕਈ ਵਾਰ ਹਿਲੂਣਿਆ ।
ਕਿੰਨੀ ਈ ਚਿਰੀਂ ਜੇ ਉਹ ਹਿੱਲਿਆ ਈ ਹਿੱਲਿਆ ਤਾਂ “ ਮੈਤੋਂ ਨਹੀਂ ਲਗਦਾ ਐਸਲੇ , “ ਆਖ ਕੇ ਮੁੜ ਪਾਸਾ ਵੱਟ ਕੇ ਪੈ ਗਿਆ ।
ਬਾਹਰ ਖੜ੍ਹਾ ਘੋਨਾ ਉਸਦਾ ਜਵਾਬ ਸੁਣ ਕੇ ਉਭਾਸਰ ਕੇ ਪਿਆ – “ ਨਹੀਂ ਉੱਠਦਾ ਚਾਚੀ ? ਮੈਂ ਉਠਆਉਣਾ, ਏਨੂੰ ਲਾਟ-ਸਾਬ੍ਹ ਨੂੰ ....। ਬੂਹਾ ਖੋਲ੍ਹ ਤੂੰ ਜਰਾ....।“
ਬੰਤੀ ਨੇ ਬੂਹਾ ਖੋਲ੍ਹਣ ਦੀ ਕਾਹਲ ਨਾ ਕੀਤੀ । ਉਹ ਜਾਣਦੀ ਸੀ –ਘੋਨਾ ਜਦ ਅੰਦਰ ਆ ਬੈਠਦਾ, ਉੱਠਣ ਦਾ ਨਾਂ ਈ ਨਈਂ ਲੈਂਦਾ । ਇਕ ਦੋ ਉਹਦੇ ਅਰਗੇ ਲਬੌੜ-ਪੰਥੀ ਹੋਰ ਆਰ ਜੁੜਦੇ ਆ ਅੰਦਰ । ਏਧਰ ਸੋਹਣ ਵੀ ਕਿਸੇ ਦੀ ਮਾਂ-ਧੀ ਨਾਲੋਂ ਪਿੱਛੋਂ ਨਈਂ ਰਹਿੰਦਾ । ਦੋਨੋਂ ਮੰਜੀਆਂ ਮੱਲੀ , ਉਹ ਕਿੰਨਾ-ਕਿੰਨਾ ਚਿਰ ਗਪੋੜੇ ਮਾਰੀ ਜਾਂਦੇ । ਜਿਵੇਂ ਕਿਸੇ ਢਾਬੇ-ਠੇਕੇ ਤੇ ਉਤਾਰਾ ਕੀਤਾ ਹੋਵੇ। ਬੰਤੀ ਵਿਚਾਰੀ ਭੂੰਤੇ ਈ ਕਿਤੇ ਪੀੜ੍ਹੀ-ਬੋਰੀ ਤੇ ਬੈਠੀ ਰਹਿੰਦੀ , ਗੋਡਿਆਂ ਤੇ ਸਿਰ ਰੱਖੀ ਹੋਵੇ ।ਬੰਤੀ ਵਿਚਾਰੀ ਭੂੰਜੇ ਈ ਕਿਤੇ ਪੀੜ੍ਹੀ-ਬੋਰੀ ਤੇ ਬੈਠੀ ਰਹਿੰਦੀ , ਗੋਡਿਆਂ ਤੇ ਸਿਰ ਰੱਖੀ ।
ਘੋਨੇ ਨੇ ਬਾਹਰੋਂ ਇਕ ਹੋਰਕਾ ਹੋਰ ਮਾਰਿਆ ।
ਸੋਹਣ ਨੂੰ ਜਗਾਉਣ ਦਾ ਆਹਰ-ਪਾਰਰ ਕਰਦੀ ਬੰਤੀ , ਖੜੀ-ਖੜੀ ਪਹਿਲਾਂ ਦੀਵੇ ਲਾਗੇ ਨੂੰ ਹੋਈ, ਫਿਰ ਮੋਮੀ ਕਾਗਜ਼ ‘ਚ ਲਿਪਟੀ ਬੇਰ ਜਿੱਡੀ ਗੋਲੀ ਨਾਲੋਂ ਮਾਸਾ ਕੁ ਡੁੰਗ ਕੇ ਪੋਟਿਆਂ ‘ਚ ਘੁੱਟ ਲਈ ।
ਉਨ੍ਹੀਂ ਪੈਰੀਂ ਮੁੜ ਉਹ ਸੋਹਣ ਤੇ ਸਿਰ੍ਹਾਣੇ ਆਂ ਰੁਕੀ । ਰਤਾ-ਕੁ ਪਿੱਠ ਨੀਵੀਂ ਕਰਕੇ , ਉਸਦੀ ਜੁੱਲੀ ਦਾ ਇਕ ਸਿਰ ਚੁੱਕ ਕੇ ਪਰ੍ਹਾਂ ਕਰ ਦਿੱਤਾ ।
ਪਰ, ਸੋਹਣ ਤੇ ਮੂੰਹ ਵੱਲ ਨੂੰ ਸਰਕਦਾ ਬੰਤੀ ਦਾ ਭਾਰਾ-ਬੋਝਲ ਹੱਥ ਉਸਦੇ ਤਨ-ਬਦਨ ਵਾਂਗ ਸਾਰਾ ਕੰਬ ਗਿਆ ।
ਅਜੇ ਕੱਲ ਈ ਤਾਂ ਉਸਨੇ ਕਸਮ ਖਾਧੀ ਸੀ ,ਨਵੇਂ ਸਿਰਿਊਂ । ਤਾਰੇ ਦੀ ਤਸਵੀਰ ਤੇ ਹੱਥ ਰੱਖ ਕੇ – “ਖੂਹ ‘ਚ ਪਏ ਐਹਾ-ਜੇਈ ਕਮਾਈ ! ਨਈਂ ਚਾਰ ਛਿੱਲੜ ਆਉਂਦੇ ਨਾ ਆਉਣ । ਮੰਗ-ਚੁੰਗ ਕੇ ਗੁਜ਼ਾਰਾ ਕਰ ਲਉਂ । ਮੈਂ ਪੁੱਤ ਨੂੰ ਹੋਰ ਕੋੜ੍ਹੀ ਨਈਂ ਕਰਨਾ ....।“ ਪਰ, ਉਸਦੀ ਇਹ ਕਸਮ ਵੀ ਝੱਟ ਈ ਟੁੱਟ ਗਈ । ਪਹਿਲੀਆਂ ਕਈ ਕਸਮਾਂ ਵਾਂਗ ।
ਘੋਨੇ ਦੀ ਦੂਜੀ-ਤੀਜੀ ‘ਵਾਜ਼ ਨਾਲ ਹੀ ।
ਨਾ ਚਾਹੁੰਦਿਆਂ ਹੋਇਆਂ ਵੀ ਉਸਦਾ ਡਿਕੋਡੋਲੇ ਖਾਂਦਾ ਹੱਥ, ਸੋਹਣ ਬੁੱਲਾਂ ਤਕ ਚਲਾ ਗਿਆ ।
ਮਾਂ ਦੇ ਕੌੜੇ-ਕੁਸੈਲੇ ਪੋਟੇ ਬੁੱਲ੍ਹਾਂ ‘ਚ ਨੱਪ ਕੇ ਸੋਹਣ ਨੇ ਮਿੱਠੀ ਜਿਹੀ ਹੂੰਅਉ ਕੀਤੀ । ਅੱਧੀ ਕੁ ਜੁੱਲੀ ਪੁਆਂਦੀ ਵੱਲ ਨੂੰ ਰੇੜ੍ਹ ਕੇ ਉਹ ਝੱਟ ਉੱਠ ਬੈਠਾ । ਪਾਵੇ ਲਾਗੇ ਪਈ ਗੜਵੀ ‘ਚੋਂ ਘੁੱਟ ਕੁ ਪਾਣੀ ਸੁੜ੍ਹਕ ਕੇ ਉਸਨੇ ਜ਼ੋਰ ਦਾ ਗੜ੍ਹਕਾ ਮਾਰਿਆ - “ਕੇੜ੍ਹਾ ਈ ਓਏ ਐਸਲੇ ...ਸੌਣ ਵੀ ਨਈਂ ਦਿੰਦੇ ਸਾਲੇ ...।“ ਸੋਹਣ ਨੂੰ ਹੁਣ ਤਕ ਦੀਆਂ ‘ਵਾਜ਼ਾਂ-ਹਾਕਾਂ ਦਾ ਬਿਲਕੁਲ ਪਤਾ ਨਈਂ ਸੀ ਲੱਗਾ ।
“ਬਾਅਰ ਨਿਕਲ ਦੱਸਦਾਂ ਕੌਣ ਆਂ....” , ਘੋਨੇ ਦਾ ਬੋਲ ਪਛਾਣ ਕੇ ਸੋਹਣ , ਵੱਡੀ ਦੁਕਾਨ ਦਾ ਪੱਲਾ ਥੋੜ੍ਹਾ ਕੁ ਸਰਦਾ ਕੇ ਬਾਹਰ ਚਲਾ ਗਿਆ ।
ਅੰਦਰ ਖੜ੍ਹੀ ਬੰਤੀ ਅਜੇ ਵੀ ਕੰਬੀ ਜਾ ਰਹੀ ਸੀ , ਸਿਰ ਤੋਂ ਲੈ ਕੇ ਪੈਰਾਂ ਤਕ । ਬਰਫ਼ ਉਤੇ ਡਿੱਗੇ ਬੋਟ ਵਾਂਗ ।
ਉੱਪਰ ਲਈ ਖੇਸੀ ਉਸਨੇ ਚੰਗੀ ਤਰ੍ਹਾਂ ਹੋਰ ਘੁੱਟ ਲਈ । ਡੂਢੀ ਬੁੱਕਲ ਮਾਰ ਕੇ । ਪਰ ਠਰਨ ਅਜੇ ਵੀ ਉਵੇਂ ਦੀ ਉਵੇਂ ਸੀ ।
ਲਾਚਾਰ ਜਿਹੀ ਹੋਈ ਉਹ ਸੋਹਣ ਦੀ ਮੰਜੀ ਤੇ ਡਿੱਗਣ ਵਾਂਗ ਬੈਠ ਗਈ ।
ਆਪਣੀ ਮੰਜੀ ਤਕ ਜਾਣ ਦੀ ਹਿੰਮਤ ਈ ਨਹੀਂ ਰਹੀ , ਸੀ ਉਸ ਵਿਚ ।
ਸੋਹਣ ਦੀ ਜੁੱਲੀ ਅਜੇ ਨਿੱਘੀ ਸੀ । ਬੰਤੀ ਦੇ ਭਾਰੇ ਅੱਧਖੜ ਹੱਡਾਂ ਨੂੰ ਕਾਫੀ ਸਾਰਾ ਨਿੱਘ ਚੜ੍ਹਦਾ ਲੱਗਾ ।
ਪਰ, ਉਹ ਅੰਦਰਲੇ ਕਾਂਬੇ ਦਾ ਕੀ ਕਰਦੀ ?
ਸੋਹਣ ਦਾ ਬਿਸਤਰਾ ਛੱਡ, ਉਹ ਨੇ ਫਿਰ ਤਸਵੀਰ ਚੁੱਕ ਲਈ । ਦੁਕਾਨ ਦੇ ਇਕ ਸਿਰੇ ਦੋ ਸਰੀੲ ਗੱਡ ਕੇ ਟਿਕਾਏ ਫੱਟੇ ਤੋਂ । ਕਾਲੀ ਜਿਹੀ ਬੇ-ਪਛਾਣ ਤਸਵੀਰ । ਜਿਹੜੀ ਕਈ ਸਾਲ ਪਹਿਲਾਂ ਉਹਦੇ ਫੌਜੀ ਨੇ ਡਾਕ ਰਾਹੀਂ ਭੇਜੀ ਸੀ । ਰੰਗਰੂਟੀ ਪੂਰੀ ਹੋਣ ਤੇ । ਐਨ ‘ਟੈਸ-ਫੈਂਸ ’ਹੋ ਕੇ । ਇਹਦੇ ਆਸਰੇ ਈ ਹੁਣ ਤੱਕ ਉਹਨੇ ਉਮਰ ਦੇ ਕਈ ਵਰ੍ਹੇ ਗੁਜ਼ਾਰ ਲਏ ਸਨ । ਫੌਜ ਦੀ ਨੌਕਰੀ ਵੇਲੇ ਤਾਂ ਚਲੋ ਦੂਰ-ਪਾਰ ਰਹਿਣ ਦੀ ਮਜ਼ਬੂਰੀ ਸੀ ਉਸਦੀ , ਪੈਨਸ਼ਨ ਆਇਆ ਵੀ ਤਾਰਾ, ਬੰਤੀ ਕੋਲ ਟਿੱਕ ਕੇ ਨਹੀਂ ਸੀ ਬੈਠਦਾ । ਉਹ ਕਦੀ ਕਿਧਰੇ ਨਿਕਲ ਜਾਂਦਾ , ਕਦੀ ਕਿਧਰੇ । ਕਿਸੇ ਮੱਠ, ਮੰਦਰ ਜਾਂ ਡੇਰੇ-ਦੁਆਰੇ । ਪੂਰਾ ਟਿੱਲ ਲਾ ਕੇ ਬੰਤੀ ਉਸ ਨੂੰ ਮਸਾਂ ਲੱਭ ਕੇ ਲਿਆਉਂਦੀ ।ਪਿੰਡ ਆਏ ਦੇ ਉਹਦੇ ਕੰਨਾਂ ‘ਚ ਫਿਰ ਕੋਈ ਨਾ ਕੋਈ ‘ਫੂਕ’ ਵੱਜ ਜਾਂਦੀ । ਸੱਚੀ-ਝੂਠੀ । ਉਹ ਰਹਿੰਦਾ ਵੀ ਉੱਪਰਾਮ ਹੋ ਉੱਠਦਾ । ਨਾਸ਼ਵਾਨ ਸੰਸਾਰ ਤੋਂ, ਕੂੜ-ਕੁਫ਼ਰ ਰਿਸ਼ਤੇ-ਨਾਤੇ ਤੋਂ ।.....ਕਈ ਵਾਰ ਤਾਂ ਉਸਦਾ ਜੀਅ ਕਰਦਾ , ਮੀਂਹੇਂ-ਬੰਤੀ ਦੋਨਾਂ ਦੇ ਡੱਕਰੇ ਕਰਕੇ ਇਕੋ ਥਾਂ ਦੱਬ ਦੇਵੇ ।
ਪਰ,ਏਨੀ ਹਿੰਮਤ ਹੈ ਕਿੱਥੇ ਸੀ ਉਹਦੇ ‘ਚ ।
ਸਾਰੀ ਉਮਰ ਤਾਂ ਉਹਦੇ ਤਾਬੇਦਾਰੀ ਕੀਤੀ ਸੀ । ਨਿੱਕੇ ਹੁੰਦੇ ਨੇ ਵਿਆਹਾਂ-ਸ਼ਾਦੀਆਂ ਦਾ ਭਾਂਡਾ-ਠੀਕਰ ਮਾਂਜ ਕੇ ਤੇ ਵੱਡਾ ਹੋ ਕੇ , ਅਰਚਲੀ-ਪੁਣਾਂ ਕਰਦਿਆਂ । ਸਾਬ੍ਹ-ਸਾਬ੍ਹਣੀ ਦਾ ।
ਉਹਨੂੰ ਰਹਿ-ਰਹਿ ਕੇ ਸਾਬ੍ਹਣੀ ਯਾਦ , ਆਂਉਂਦੀ । ਸਾਬ੍ਹ ਯਾਦ ਆਉਂਦਾ। ਸਾਬ੍ਹ ਦੇ ਆਖੇ-ਦੱਸੇ ਬੋਲ ਯਾਦ ਆਉਂਦੇ –“....ਨਹੀਂ ਹੋ ਸਕਤੇ ਤਾਰਾ ਸੀਂਘ ਨਹੀਂ ਹੋ ਸਕਤੇ । ਕੋਈ ਭੀ ਨਹੀਂ ਕਰ ਸਕਤਾ .....ਬੜਾ ਸੇ ਬੜਾ ਫੋਰਸ ਭੀ ਨਹੀਂ.....।”
ਖਿਝਦਾ-ਖੱਪਦਾ ਤਾਰਾ ਆਨਾ-ਬਹਾਨਾ ਮਾਰ ਕੇ ਫਿਰ ਗਾਇਬ ਹੋ ਜਾਂਦਾ ।
ਪਿਛਲੇ ਕਿੰਨਾਂ ਈ ਚਿਰ ਤੋਂ ਤਾਂ ਉਸਦਾ ਊਈਂ ਥੋਹ-ਪਤਾ ਨਈਂ ਸੀ ਬੰਤੀ ਨੁੰ । ਹੁਣ..... ਉਸਦੇ ਪਾਸ ਉਸਦੀ ਤਸਵੀਰ ਈ ਸੀ , ਕਾਲੀ ਜਿਹੀ ਬੇ-ਪਛਾਣ ਤਸਵੀਰ । ਜਿਸ ਨੂੰ ਦੇਖ ਕੇ ਉਹ ਰੋ-ਡੁਕਸ ਲੈਂਦੀ । ਕਦੀ ਉਸਤੇ ਹੱਥ ਰੱਖ ਕੇ ਕਸਮਾਂ ਖਾ ਲੈਂਦੀ । ਸੋਹਣ ਨੂੰ ਕੋਈ ਨੂੰ ਕੋਈ ਚੰਗੀ-ਮਾੜੀ ਸ਼ੈਅ-ਵਸਤ ਦੇਣ ਤੋਂ ਤੋਬਾ ਕਰ ਲੈਂਦੀ । ਘੱਟੋ-ਘੱਟ ਆਪਣੇ ਹੱਥੀਂ ।
ਡਰੈਵਰਾਂ-ਕਲੀਵਰਾਂ-ਕਲੀਨਰਾਂ ਨਾਲ ਉੱਠਦਾ-ਬੈਠਦਾ ਸੋਹਣ, ਉਹਨਾਂ ਤੋਂ ਕਿਤੇ ਅਗਾਂਹ ਲੰਘ ਗਿਆ-ਫੀਮ,ਜਾਂਜਾ,ਲਾਅਣ,ਭੁੱਕੀ । ਜੇ ਚਾਰੇ ਸਿਰੇ ਨਾ ਈ ਸਬੱਬ ਬਣੇ ਤਾਂ ਗੋਲ੍ਹੀਆਂ-ਟੀਕੇ। ਬਿਨਾਂ ਖਾਧਿਆਂ-ਪੀਤਿਆਂ ਸੋਹਣ ਨਿਰੀ ਮਿੱਟੀ ਹੁੰਦਾ ।ਉਹ ਚੌਫਾਲ ਪਿਆ ਰਹਿੰਦਾ । ਅੰਦਰ ਜਾਂ ਬਾਹਰ ਦੁਕਾਨ ਤੇ । ਬੈਂਚ ਤੇ ਜਾਂ ਹੇਠਾਂ ਕਿਸੇ ਬੋਰੀ –ਦਰੀ ਤੇ । ਕੰਮ-ਕਾਰ ਵਲੋਂ ਪੂਰਾ ਬੇ-ਸੁੱਧ । ਉਸਦਾ ਅੱਡਾ ਵੀ ਕੇੜ੍ਹਾ ਕਿਸੇ ਟਿਕਾਣੇ ਸਿਰ ਸੀ ? ਸ਼ਹਿਰੋਂ ਚਾਰ ਮੀਲ ਹਟਵਾਂ । ਲਾਗੇ ਨਾ ਕੋਈ ਢਾਬਾ ਨਾ ਠੇਕਾ । ਏਥੇ ਜੇ ਕੋਈ “ਰੈਂਦ-ਖੂੰਦ” ਆਉਂਦਾ ਈ ਆਉਂਦਾ ਤਾਂ ਸੋਹਣ ਅੱਗੋਂ ਚੌੜ-ਚਪੱਟ ਪਿਆ ਹੁੰਦਾ । ਅਧਮੋਏ ਡੰਗਰ ਵਾਂਗ ।ਮਜ਼ਬੂਰੀ ਵੱਸ ਬੰਤੀ ਉਸ ਲਈ ਥੋੜ੍ਹਾ-ਬਹੁਤ ਓੜ੍ਹ-ਪੇਹੜ ਕਰੀ ਰੱਖਦੀ । ਘੋਨੇ ਦਾ ਮਿੰਨਤ ਤਰਲਾ ਕਰਕੇ ਯੂ.ਪੀਊਂ ਮੰਗਵਾ ਰੱਖਦੀ , ਜ਼ਰਾ ਸਸਤੀ ।
...ਵੱਡੀ ਦੁਕਾਨੋਂ ਬਾਹਰ ਨਿਕਲਿਆ ਸੋਹਣ, ਮੁੜਦੇ ਪੈਰੀਂ ਅੰਦਰ ਆ ਗਿਆ , ਛੋਟੀ ਦੁਕਾਨ ਦੀ ਚਾਬੀ ਲੈਣ ।
ਘੋਨੇ ਦੀ ਗੱਡੀ ਦਾ ਇਕ ਟਾਇਰ ਪੰਚਰ ਸੀ ।
ਤਸਵੀਰ ਸਾਂਭਦੀ ਬੰਤੀ ਨੇ ਬਾਹਰ ਮੁੜਦੇ ਸੋਹਣ ਵੱਲ ਫਿਰ ਦੇਖਿਆ , ਟਿਕਵੀਂ ਨੀਝ ਲਾ ਕੇ , ਸਾਰੇ ਮੋਹ-ਪਿਆਰ ਨਾਲ – ਜਿਵੇਂ ਬਾਹਰ ਜਾਂਦੇ ਜਿਸਮ ‘ਚੋਂ ਗੁਆਚੀ-ਗੁੰਮੀਂ ਦੇਹ ਲੱਭ ਰਹੀ ਹੋਵੇ – ਭਰਵੇਂ ਜੁੱਸੇ ਵਾਲੀ , ਹੱਡਾਂ ਪੈਰਾਂ ਤੋਂ ਮੋਕਲੀ ਛੇ-ਫੁੱਟੀ ਦੇਹ ।
ਪਰ, ਬਾਹਰ ਜਾਂਦਾ ਜਿਸਮ ਤਾਂ ਨਿਰਾ ਹੱਡੀਆਂ ਦਾ ਜੋੜ-ਤੋੜ ਸੀ । ਕਰੰਗ ਦਾ ਕਰੰਗ । ਸੋਹਣ ਦੀ ਝੰਬੀ-ਹਾਰੀ ਪਿੱਠ, ਹਾਰੀ-ਥੱਕੀ ਨੂੰ ਇਕ ਡੋਬੂ ਹੋਰ ਦੇ ਗਈ ।
ਸਾਹਮਣੇ ਫੱਟੇ ਤੇ ਪਿਆ ਦੀਵਾ ਉਸਨੂੰ ਭਵਾਕੇ ਮਾਰਦਾ ਲੱਗਾ । ਦੁਕਾਨ ਅੰਦਰਲਾ ਅਰਧ-ਚਾਨਣ ਜਿਵੇਂ ਉਸ ਨੂੰ ਚਾਰੇ ਬੰਨਿਉਂ ਘੇਰ-ਵੱਲ ਕੇ ਖਲੋ ਗਿਆ-ਤੇਜ਼-ਤਿੱਖੀਆਂ ਨਹੁੰਦਰਾਂ ਮਾਰਨ ਲਈ ।
ਭੈ-ਭੀਤ ਹੋਈ ਉਹ ਕੰਬਦੀ-ਡੋਲਦੀ ਬਾਹਰ ਆ ਗਈ । ਦੋਨਾਂ ਮੁੰਡਿਆਂ ਲਾਗੇ ।
ਘੋਨੇ ਦੀ ‘ਲੋਡ-ਗੱਡੀ’ਕਿੰਨੀ ਸਾਰੀ ਅਗਾਂਹ ਕਰਕੇ ਖੜ੍ਹੀ ਸੀ । ਦੂਜੇ ਅੰਦਰੋਂ ਜੈੱਕ-ਰਾਡ ਲਿਆ ਕੇ ਸੋਹਣ ਨੇ ਨਿੱਤ ਦੀ ਭਾਸ਼ਾ ਬੋਲੀ – “ਏਨੂੰ ਮਾਂ ਨੂੰ ਔਹ ਜੁ ਲੈ ਗਿਆਂ, ਮੀਲ ਭਰ ਅੱਗੇ ,ਨੇਰ੍ਹ ਖਾਨੇ ‘ਚ ! ਐਥੋਂ ਨਈਂ ਸੀ ਲਗਦੀ ਲਾਗੇ .....?”
“ ਹੈਥੇ ਤਾਂ ਮੈਂ ਕੈਨ੍ਹਾਂ ਲਾਟੂ ਜਗਦੇ ਹੋਣੇ ਆਂ ਜ਼ਾਰ-ਜ਼ਾਰ ਵਾਟ ਕੇ ....। ਸ਼ਰਮ ਤਾਂ ਨਈਂ ਆਉਂਣੀ ਰਤਾ-ਮਾਸਾ ਚੜੱਮ ਨੁੰ ।...ਹੋਰ ਨਈਂ ਤਾਂ ਬੰਦਾ ਜੋਗੇ ਈ ਬਚਾ ਲਏ ।ਚੰਗਾ ਭਲਾ ਪਤਆ ਪਈ ਏਦੇ ਬਿਨਾਂ ਸਰਦਾ ਨਈਂ ....। ਫੇਏ ਸਿੱਧੀਆਂ ਜੋੜਦਾ ਫਿਰੂ ਪੇਏ ਆਲੀਆਂ....।“
ਦੋਨ ਵਿਕਾਰ ਚਲਦਾ ‘ਇੱਟ-ਖੜਿੱਕਾ ’ਬੰਤੀ ਲਈ ਕੋਈ ਓਪਰਾ ਨਹੀਂ ਸੀ । ਨਿੱਕੇ ਹੁੰਦਿਆਂ ਤੋਂ ਉਹ ਦੋਨੋਂ ‘ਲੜਦੇ-ਝਗੜਦੇ ’ ਰਹੇ ਸਨ ।ਇਕੱਠੇ ਪੜ੍ਹੇ, ਇਕੱਠੇ ਖੋਲ੍ਹੇ ।ਦੂਜੇ-ਚੌਥੇ ਇਕ ਦੂਜੇ ਨਾਲ ਗੁੱਥਮ-ਗੁੱਥਾ ਵੀ ਹੁੰਦੇ । ਪਰ ਨਾ ਸੋਹਣ ਤੋਂ ਘੋਨੇ ਬਿਨਾਂ ਰਿਹਾ ਜਾਂਦਾ, ਨਾ ਘੋਨਾ ਸੋਹਣ ਬਿਨਾਂ ਪੈਰ ਪੁੱਟਦਾ । ਸਕੂਲ ਜਾਣ ਲੱਗਾ ਵੀ , ਆਉਣ ਲੱਗਾ ਵੀ । ਪਿਉਂ ਦੋਨਾਂ ਦੇ ਫੋਜੀ । ਯੂਨਿਟ ਵੀ ਕਈ ਚਿਰ ਇਕੋ ਰਹੀ । ਇਕ ਛੁੱਟੀ ਆਉਂਦਾ ਤਾਂ ਦੂਜੇ ਘਰ ਵੀ ਰੌਣਕ ਲਗਦੀ ।ਘੋਨੇ ਹੋਣਾਂ ਦੇ ਜ਼ਰਾ ਬਹੁਤੀ । ਇਕ ਤਾਂ ਮੀਹਾਂ ਮੂੰਹ ਸ਼ੁਕੀਨ ਬਹੁਤਾ ਸੀ , ਪੀਣ-ਛੀਣ ਦਾ , ਦੂਜੇ ਉਸਦੀ ਬੋਲ-ਚਾਲ ਕਰੀਬ ਸਾਰਿਆਂ ਨਾਲ ਸੀ ਪਿੰਡ ‘ਚ । ਉਹ ਐਮੇਂ ਈ ਚਾਰ-ਯਾਰ ਇਕੱਠੇ ਕਰੀ ਰੱਖਦਾ । ਫਿਰ ਕਈ ਦਿਨ ਚੱਲ ਸੋ ਚੱਲ । ਪਰ ਸੋਹਣ ਦਾ ਪਿਓ ਤਾਰਾ ਇਉ ਨਹੀਂ ਸੀ ਕਰਦਾ । ਉਹ ਤਾਂ ਸਗੋਂ ਮੀਹਾਂ ਮੂੰਹ ਨੂੰ ਵੀ ਗੁਸੇ-ਰਾਜ਼ੀ ਹੁੰਦਾ – “”ਛੱਡ ਵੀ ਕਰ ਮੀਹਾਂ ਸਿਆਂ, ਕੀ ਰੱਖਦਿਆਂ ਆ ਏਸ ਭੈੜੀ ਵਾਦੀ ‘ਚ । ਪੈਹੇ-ਧੇਲੇ ਦੀ ਖ਼ਰਾਬੀ ਵਾਧੂ, ਨਾਲ ਸਰੀਰ ਢਿੱਲਾ.....। ਦੱਸ ਲੱਭਦਾ ਕੁਸ਼ ? ਹੈਅ ਕੋਈ ਫੈਦਆ ਇਕ ਵੀ......।“
ਤਾਰਾ , ਪਹਿਲੀਆਂ ‘ਚ ਕਿਧਰੇ ਹੋਇਆ ਹਊ, ਹਵਾ-ਪਿਆਜ਼ੀ । ਉਹ ਵੀ ਮਾੜਾ-ਪਤਲਾ ਈ । ਫੇਰ ਛੇਤੀ ਹੀ ਛੱਡ ਗਿਆ, ਪੀਣੀ । ਐਵੇਂ ਘਿਣਤ ਜਿਹੀ ਹੋ ਗਈ ਉਹਨੂੰ , ਅਪਣੇ ਸਾਬ੍ਹ ਦੀ ਪਤਨੀ ਵੱਲ ਦੇਖ ਕੇ ਜਿਸਦਾ ਉਹ ਅਰਦਲੀ ਸੀ । ਉਹਦਾ ਸਾਬ੍ਹ ਤਾਂ ਬਹੁਤ ਜਥ੍ਹੇ ਵਾਲਾ ਅਫ਼ਸਰ ਸੀ । ਪੂਰਾ ਰੋਹਬ-ਦਾਬ੍ਹ ਸੀ ਉਹਦਾ । ਵੱਡੇ ਅਫ਼ਸਰਾਂ ਨਾਲੋਂ ਵੀ ਚਾਰ ਰੱਤੀਆਂ ਉੱਪਰ । ਉਹਨੇ ਜੇ ਪੈਂਗ-ਸ਼ੈਗ ਮਾਰਨਾ ਵੀ ਹੋਵੇ ਤਾਂ ਅਪਣੇ ਬੰਗਲੇ । ਬਾਹਰ ਖੁੱਲ੍ਹੀ ਥਾਂ ਬੈਠ ਕੇ ਫੁੱਲ-ਬੂਟਿਆਂ ਲਾਗੇ । ਲਾਅਨ ‘ਚ ਜਾਂ ਬਰਾਂਡੇ ‘ਚ । ਬੜੇ ਸਲੀਕੇ ਨਾਲ । ਉਹ ਵੀ ਸ਼ਾਮੀ ਜਿਹੇ । ਫੌਜੀ , ਗੈਰ-ਫੌਜੀ ਮੈਸਾਂ-ਕਲੱਬਾਂ ਦੀ ਹੁੱਨੜ-ਬਾਜ਼ੀ ਬਿਲਕੁਲ ਪਸੰਦ ਨਹੀਂ ਸੀ । ਉਹਨੂੰ ਨਾ ਈ ਅੱਧੀ-ਅੱਧੀ ਰਾਤ ਤਾਈਂ ਹੁੰਦਾ-ਚਲਦਾ ਕੰਜਰ ਪਓ । ਪਰ, ਉਹਦੀ ਸਾਬ੍ਹਣੀ ਐਨ ਦੂਜਾ ਸਿਰਾ । ਨਿਰੀ ਝਾਟੋ । ਕਾਟ-ਕਲਹਿਰੀ ਜਿਹੀ। ਨਾ ਮੂੰਹ ਨਾ ਮੱਥਾ । ਉਹ ਹਰ ਰੋਜ਼ ਕਿਧਰੇ ਚਲੀ ਜਾਂਦੀ – ਛੋਟੀ ਜਾਂ ਵੱਡੀ ਮੈਸ ‘ਚ । ਉਥੋਂ ਖੂਬ ਲੁੜਕਦੀ ਆਉਂਦੀ । ਉਹਨੂੰ ਨਾ ਅਪਨੀ ਸੁਰਤ ਰਹਿੰਦੀ ਨਾ ਲੀੜੇ-ਕੱਪੜੇ ਦੀ । ਸੁੱਧ-ਬੁੱਧ ਗੁਆਈ ਕਦੀ ਉਹ ਹੈਂਡ-ਪਰਸ ਗੁਆ ਆਉਂਦੀ ,ਕਦੀ ਸਿਰ ਦਾ ਸਕਾਰਫ਼ । ਕਦੀ ਸ਼ਾਲ-ਚੁੰਨੀ ਸੁੱਟ ਆਉਂਦੀ , ਕਦੀ ਸੈਂਡਲ –ਚੱਪਲ । ਇਕ ਵਾਰ ਤਾਂ ਉਹ , ਪੈਰੀਂ ਪਈ ਝਾਂਜਰ ਈ ਕਿਧਰੇ ਸੁੱਟ ਆਈ । ਨੱਚਦੀ-ਟੱਪਦੀ । ਕਿਸੇ ਕੜੀ-ਕਾਕਟੇਲ ਪਾਰਟੀ ‘ਚ ।ਵੱਡੀ ਮੈੱਸ ਦਾ ਖਾਨਸਾਮਾ ਦੂਜੇ ਦਿਨ ਸਵੇਰੇ ਉਹਨੂੰ ਬੰਗਲੇ ਦੇ ਕੇ ਗਿਆ । ਉਹਦੇ ਸਾਬ੍ਹ ਨੂੰ ਉਹਦੀ ਇਕ ਹਰਕਤ ਦਾ ਪਤਾ ਲੱਗਾ ਤਾਂ ਉਹਨੇ ਵਾਹਵਾ ਝਿੜਕ-ਝੰਭ ਕੀਤੀ । ਪਰ, ਉਸ ਦੇ ਕੋਈ ਅਸਰ ਈ ਨਾ ਹੋਇਆ । ਸੰਗ-ਸ਼ਰਮ ਤਾਂ ਪਈ ਢੱਠੇ ਖੂਹ ‘ਚ ਉਹਨੇ ਇਕ ਵਾਰ ਵੀ ‘ਸੌਰੀ ’ ਨਾ ਕਿਹਾ। ਸਗੋਂ ਘੂਰ-ਘੂਰ ਜਿਹੀ ਕਰਦੀ ਰਹੀ ਅੱਗੋਂ , ਬਾਹਰਲੀ ਬਿੱਲੀ ਵਾਂਗ ।
ਤਾਰੇ ਨੂੰ ਆਪਣੀ ਸਾਬ੍ਹਣੀ ਦੇ ਇਸ ਵਤੀਰੇ ‘ਤੇ ਬੜਾ ਗੁੱਸਾ ਆਇਆ – “ਜੇ.....ਜੇ ਮੈਂ ਹੋਮਾਂ ਨਾ ਸਾਬ੍ਹ ਜੀਈ ਤੁਆਡੀ ਥਾਂ, ਡੱਕਰੇ ਕਰ ਦਿਆਂ ਐਹੇ ਜਿਹੀ ਕੰਮਜਾਤ ਦੇ ......।”
“....ਨਈਂ ਹੋ ਸਕਤੇ ਤਾਰਾ ਸੀਂਘ , ਨਹੀਂ ਹੋ ਸਕਦੇ .....। ਕੋਈ ਭ੍ਹੀ ਨਹੀਂ ਕਰ ਸਕਦਾ .....” ਬੜਾ ਸੇ ਬੜਾ ਫੋਕਸ ਭ੍ਹੀ ਨਹੀਂ....” ਪੂਰੀ ਯੂਨਿਟ ਤੇ ਕਮਾਂਡ ਕਰਨ ਵਾਲਾ ਸਾਬ੍ਹ ਉਸਨੂੰ ਹੋਰ ਈ ਸਮਝਾਉਣੀਆਂ ਦਿੰਦਾ ਰਿਹਾ – “ ਦਰ-ਅਸਲ ...ਦਰ ਅਸਲ ਬਾੜ ਯੇਹ ਹੈਅ ਤਾਰਾ ਸੀੱਘ , ਯੇਹ ਲੇਡੀਜ਼ ਲੋਗ ਜਿਤਨਾ ਬਾਹਰ ਸੇ ਹਾਰਡ ਹੈਅ ਨਾ , ਉਤਨਾ ਹੀ ਅੰਦਰ ਸੇ ਨਰਮ ਹੈਅ, ਨਰਮ ।ਏਕ-ਦੰਮ ਐਕਸਟਰਾ-ਸਾਫ਼ਟ । ਆਈ-ਮੀਨ ਫ਼ਰੋਲ ਐਂਡ ਫੀਬਲ । ਅਪਨੇ ਬਲ-ਬੂਤੇ ਯਹ ਏਕ ਕਦਮ ਭ੍ਰੀ ਆਗੇ ਨਹੀਂ ਬੜ ਸ਼ਕਤਾ । ਹਮੇਸ਼ਾਂ ਕੋਈ ਨਾ ਕੋਈ ਸਪੋਰਟ ਮਾਂਗਤਾ ਹੈਅ, ਸਪੋਰਟਸ । ਆਈ-ਮੀਨ ਮੈਨਜ਼ ਕੰਪਨੀ ਐੱਡ ਲਵ ਸਪੋਰਟ ।.....ਵੋਹ ਘਰ ਸੇ ਮਿਲੇ ਜਾ ਬਾਹਰ ਸੇ ਇਸ ਸੇ ਇਨ ਕੋ ਕੋਈ ਸਰੋਕਾਰ ਨਹੀਂ ....।“
“ ਤਾਂ ਕੀ ਹੋਇਆ ਸਾਬ੍ਹ ਸੀ , ਦੋ ਲੜਕੇ ਹੈਂਅ ਤੁਆਡੇ ਹੀਰਿਆਂ ਅਰਗੇ.....। ਹੋਰ ਕੀ ਚਾਹੀਦੀ ਜ਼ਨਾਨੀ-ਜ਼ਾਤ ਕੋ ....? “ ਸਾਬ੍ਹ ਦੀ ਗੱਲ ਦੇ ਪੂਰੇ ਅਰਥ ਸਮਝੇ ਬਿਨਾਂ ਹੀ ਤਾਰੇ ਨੇ ਅਪਨੀ ਸੂਝ ਮੁਤਾਬਿਕ ਇਕ ਨਿਰਣਾਂ ਹੋਰ ਕੱਢ ਮਾਰਿਆ – “ ਮੈਂ ਕੇਨ੍ਹਾਂ ਸਾਬ੍ਹ ਜੀਈ , ਏਹ ਸਾਰਾ ਵਿਗਾੜ ੲ. ਸੋਹਰੀ ਦੀ ਰੰਮ ਦਾ ਆ , ਰੰਮ ਦਾ ! ਹੋਰ ਗੱਲ ਕੋਈ ਨਈਂ ਵਿਚੋਂ ।ਏਹ ਰੰਮ ਬਉਤ ਮਾੜੀ ਚੀਜ਼ ਆ ਸਾਬ੍ਹ ਜੀਈ...।“ ਰੰਮ ਤੋਂ ਵੱਡਾ ਨਾਂ ਤਾਰੇ ਨੂੰ ਆਉਂਦਾ ਵੀ ਕਿੱਥੇ ਸੀ ।
ਬੱਸ ਉਹਨਾਂ ਈ ਦਿਨਾਂ ‘ਚ ਤਾਰਾ ਸਵੇਰੇ-ਸਵੇਰੇ ਯੂਨਿਟ ਅੰਦਰਲੇ ਗੁਰਦੁਆਰੇ ਗਿਆ । ਗਲ ‘ਚ ਪੌਲਾ ਪਾ ਕੇ , ਇਕ –ਮਨ ,ਇਕ-ਚਿੱਤ ਹੋ ਕੇ ਅਰਦਾਸਾ ਕੀਤਾ – “ ਹੇ ਸੱਚਿਆ ਪਾਤਸ਼ਾਹ ਜਿੰਨੀ ਕੁ ਭੁੱਲ ਹੋ ਗਈ, ਓਨੀ ਤੋਂ ਮਾਫੀ...ਅੱਗੇ ਤੋਂ ਲਾਗੇ ਲਈਂ ਜਾਂਦਾ , ਐਹੀ ਜੇਈ ਕੁੱਤੀ ਚੀਜ਼ ਦੇ .....। “
ਇਹੋ ਨਸੀਅਤ ਉਹਨੇ ਕਈ ਵਾਰ ਮੀਹਾਂ ਮੂੰਹ ਨੂੰ ਵੀ ਕੀਤੀ । ਬਹੁਤੀ ਵਾਰ ਗੁੱਸੇ-ਦਾਬੇ ਨਾਲ ਵੀ – ਆ ਬਾਜ਼ ਆ ਜਾ ਮੀਹਾਂ ਸਿਆਂ , ਤੇਰੇ ਹੱਡੀਂ ਬੈਠ ਜਾਣੀ ਆਂ ਏਹ , ਹਾਂ ....ਮੇਰੀ ਗੱਲ ਯਾਦ ਰੱਖੀਂ ਤੂੰ .....। “ ਪਰ, ਉਸ ਦੇ ਆਖੇ-ਦੱਸੇ ‘ਤੇ ਗੱਲ ਕੋਈ ਬਣੀ ਨਾ । ਉਲਟਾ ਹੋਰ ਵਿਗੜ ਗਈ । ਲੈ ਦੇ ਪੈਲੀ ਈ ਸੀ , ਚਾਰ ਸਿਆੜ । ਬੇ-ਜੁਬਾਨ । ਉਹਨੇ ਕਿਹੜਾ ਉਜਰ ਕਰਨਾ ਸੀ , ਪਰਾਏ ਹੱਥ ਜਾਂਦੀ ਨੇ ਉਹਦੇ ਜਿਗਰੀ ਯਾਰ ਤਾਰੇ ਨੇ ਫਿਰ ਤਰਲਾ ਕੀਤਾ – “ ਕਿਉਂ ਲੱਗਾਂ ਬਲੂਰਾਂ ਮੂੰਹੋਂ ਰੋਟੀ ਖੋਹਣ ! ਅਕਲ ਕਰ ਕੁਝ ਅਕਲ !! ਜੇ ਜਮਾਂ ਈ ਥੀਨ ਟੁੱਟਾ ਪਿਆ ਤਾਂ ਮਰਲਾ ਖੰਭ ਅੰਡੇ ਆਲੇ ਖੇੱਤੇ ‘ਚੋਂ ਦੇ ਛੱਡ । ਪੈਹੇ ਵੀ ਚਾਰ ਵੱਟੇ ਜਾਣਗੇ , ਪੈਲੀ ਵੀ ਘੱਟ ਉੱਜੜੂ ....।“
ਮੀਂਹਾਂ ਸੂਹ ਨੂੰ ਉਸਦੀ ਸਲਾਹ ਮਿੱਠੀ ਸ਼ੈਤ ਲੱਗੀ । ਪਰ, ਗਾਹਕ ਕੌਣ ਬਣੇ ? ਪੈਸੇ ਕੌਣ ਖਰਚੇ ਐਨੀ ਦੂਰ ? ਓਥੇ ਚੌਕ ਨਾ ਚੁਰੱਸਤਾ । ਨਾ ਰਾਹ ਨਾ ਖਹਿੜਾ । ਝੁੰਗੇ ‘ਚ ‘ਰੇਲ –ਟੇਸ਼ਨ ’ ਸੀ , ਉਹ ਵੀ ਨਾਂ-ਮਾਤਰ ਦਾ । ਬੰਦ ਪਿਆ ਸੀ ਚਿਰਾਂ ਤੋਂ । ਬੱਸਾਂ ਭਰ ਪਰ੍ਹਾਂ ਰੁਕਦੀਆਂ ਸਨ, ਫਾਟਕ ਲਾਗੇ ।
ਕਈ ਦਿਨ ਮੀਹਾਂ ਸੂੰਹ, ਗੱਲੋ-ਗੱਲੀ ਕਈ ਸਾਰੇ ਬੰਦੇ ਟੋਂਹਦਾ ਰਿਹਾ । ਉਹ ਬਾਣੀਆਂ ਮੁਹੱਲੇ ਵੀ ਪਹੁੰਚਿਆ ,ਕਾਰੀਗਰਾਂ-ਮਿਸਤਰੀਆਂ ਵੱਲ ਵੀ ਗੇੜੇ ਮਾਰੇ । ਉਹਨਾਂ ‘ਚੋਂ ਵੀ ਕਿਸੇ ਨੇ ਹਾਂ ਨਾ ਕੀ । ਹੋਰ ਤਾਂ ਕਿਸੇ ਦੇ ਹਿਸਾਬ ‘ਓ ਕੀ ਆਉਣੀ ਸੀ ਐਨੀ ਕੁ ਥਾਂ । ਹਾਰ ਕੇ ਮੀਹਾਂ ਸੁੰਹ ਨੇ ਤਾਰੇ ਦੇ ਜਾਣੋ ਪੈਰ ਈ ਫੜ ਲਏ – ਜਿਉਂ ਜਾਣਦਾ ਤੂੰ ਈ ਕਰ ਕੁਸ਼ ਹੇਠਾ-ਉੱਤਾ ! ਨਈਂ ਤਾਂ ਮਰ ਜਊਂ ਮੈਂ ਤਾਂ, ਮੇਰੇ ਤਾਂ ਹੱਡ-ਗੋਡੇ ਜਮਾਂ ਈ ਖੜ੍ਹ ਗਏ ।
ਐਂ ਈਂ ਖੜ੍ਹਨੇ ਆ ਤੇਰੇ ਹੱਡ-ਗੋਡੇ । ਐਂ ਈ ਮਰਨਾ ਤੈਂ ਰਗੜ ਹੁੰਦੇ ਨੇ । ਓਦੋਂ ਮੇਰੀ ਮੰਨਦਾ ਤਾਂ .....। ਓਪਰੀ ਓਪਰੀ ਨਾਂਹ-ਨੁੱਕਰ ਕਰਦਾ ਕਰਦਾ ਤਾਰਾ ਬੰਤੀ ਦੇ ਜ਼ੋਰ ਪਾਉਣ ਤੇ ਪੂਰਾ ਮੰਨ ਗਿਆ । ਉਹਨੇ ਤਾਰੇ ਨੂੰ ਸਮਝਾਇਆ – ਡਾ ਮੁੰਡਾ ਆਰ੍ਹੇ ਲੱਗੂ ਨਾਲੇ ਤੇਰਾ ਚਿੱਤ ਖੁੱਬੂ ਘਰ ਦੀ ਕਬੀਲਦਾਰੀ ‘ਚ । ਹੋਰ ਸਾਡੇ ਕੋਲ ਹੈ ਈ ਕੀ ਸਿਵਾ ਮ੍ਹਿਨਤ-ਮਜ਼ੂਰੀ ਦੇ ....। ਦਿਨ-ਦਿਹਾਰ ਕੋੜ੍ਹਾ ਹਰ ਰੋਜ ਮਿਲਦੇ ਆ , ਝੀਰਾਂ-ਨਾਈਆਂ ਨੂੰ ....!! “
ਮੀਹਾਂ ਸੂੰਹ ਨੂੰ ਤਾਰਾ ਇਸ ਵਾਰ ਜਿਵੇਂ ਰੱਬ ਬਣ ਕੇ ਬਹੁੜਿਆ । ਪੈਨਸ਼ਨ ਵੇਲੇ ਦੀ ਸਾਂਭੀ ਰਕਮ ਚੋਂ ਕਿੰਨੀ ਸਾਰੀ ਮੀਹਾਂ ਸੂੰਹ ਦੇ ਮੂਹਰੇ ਢੇਰੀ ਕਰ ਦਿੱਤੀ । ਭੱਠੀ ਵਾਲਾ ਢਾਰਾ ਢਾਹ-ਉਦੇੜ ਕੇ ਉਹਨੇ ਦੁਕਾਨ ਖੜ੍ਹੀ ਕਰ ਲਈ , ਟੇਸ਼ਨ ਸਾਹਮਣੇ । ਪੰਚਰ ਲਾਉਣ ਦੀ ਗੱਡੀਆਂ-ਮੋਟਰਾਂ ਨੂੰ । ਕੰਮਪਰੈਸ਼ਨ ਉਹਨੂੰ ਪਿੰਡੋਂ ਲੱਭ ਗਿਆ ਸੱਸਤਾ, ਧੀਰੇ ਹੋਣ ਕਿਉਂ । ਥੋੜ੍ਹਾ ਕੁ ਚੱਲਿਆ । ਉਹ ਕਿਧਰੇ ਬਾਹਰ ਚਲੇ ਗਿਆ ਸੀ – ਡੁਬਈ, ਮਾਸਕੱਟ ।
ਫੌਜੀ ਕੋਟੇ ‘ਤੇ ਤਾਰੇ ਦੀ ਬਿਜਲੀ –ਮੋਟਰ ਵੀ ਛੇਤੀ ਹੀ ਘੁੰਮਦੀ ਹੋ ਗਈ ।
ਸਕੂਲੋਂ ਹਟ ਕੇ ਸੋਹਣ ਤਾਰੇ ਤੋਂ ਵੀ ਪਹਿਲਾਂ ਦੁਕਾਨੇ ਜਾ ਬੈਠਾ । ਘੋਨਾ ਵੀ ਓਨਾ ਚਿਰ ਈ ਸਕੂਲ ਗਿਆ ਜਿੰਨਾ ਚਿਰ ਸੋਹਣ ਜਾਂਦਾ ਰਿਹਾ । ਉਹ ਜਾਂਦਾ ਵੀ ਕਾਹਦੇ ਆਸਰੇ । ਮੀਹਾਂ ਸੂੰਹ ਨੂੰ ਤਾ ਅਪਣੀ ਈ ਸੁਰਤ ਨਈਂ ਸੀ । ਸਵੇਰੇ ਉੱਠਦਾ ਈ ਉਹ ਟੱਲੀ ਹੋ ਜਾਂਦਾ । ਫਿਰ ਸ਼ਾਮ ਤੱਕ ਚੱਲ ਸੋ ਚੱਲ । ਘਰ ਵਾਲੀ ਸੌ ਕਲਪਟ ਕਰਦੀ । ਬਾਲ-ਬੱਚਾ ਵੱਖ ਲੇਹਲੜ੍ਹੀਆਂ ਕੱਢਦਾ । ਉਸ ਤੇ ਕੋਈ ਅਸਰ ਨਾ ਹੁੰਦਾ । ਤਾਰਾ ਤਾਂ ਉਸ ਨੂੰ ਕਹਿਣੋਂ-ਸੁਣਨੋਂ ਈ ਹਟ ਗਿਆ ਸੀ । ਆਖੇ ਵੀ ਕੀ ਘੜੀ-ਮੁੜੀ ਵਾਰ-ਵਾਰ ਉਹੀ ਸਿੱਖਿਆ , ਉਹੀ ਨਸੀਅਤ । ਉਹਦੇ ਸਾਬ੍ਹ ਨੇ ਵੀ ਹਾਰ ਕੇ ਇਵੇਂ ਈ ਕੀਤਾ ਸੀ । ਉਹਦੀ ਸਾਬ੍ਹਣੀ ਨੂੰ ਉਹ ਘੂਰਨੋ-ਝਿੜਕਣੋ ਹੀ ਹਟ ਗਿਆ ਸੀ । ਭਾਵੇਂ ਉਹ ਇਕ ਝਾਂਜਰ ਸੁੱਟ ਆਵੇ ,ਭਾਵੇਂ ਦੋਨੋਂ ਈ । ਮੀਹਾਂ ਸੂੰਹ ਨੇ ਵੀ ਅੱਡੇ ਵਾਲਾ ਖੱਤਾ, ਮਰਲਾ-ਮਰਲਾ ਕਰਕੇ ਛੇਤੀ ਈ ਲੇਖੇ ਲਾ ਛੱਡਿਆ ।ਉਥੇ ਛੇੜ ਪੈਣ ਦੀ ਦੇਰ ਸੀ , ਫਿਰ ਕਿੰਨੇ ਗਾਹਕ ਹੋਰ ਟੱਕਰ ਪਏ । ਕਿਸੇ ਨੇ ਕਰਿਆਨਾ ਰੱਖ ਲਿਆ, ਕਿਸੇ ਨੇ ਚਾਹ-ਪਕੌੜੇ । ਕੋਈ ਪੰਪ-ਪੇਚਕਸ ਲੈ ਬੈਠਾ , ਕੋਈ ਮੂੰਗਫਲੀ –ਭੁਜੀਆ । ਤਾਰੇ ਨੇ ਵੀ ਵਗਦੀ ਗੰਗਾ ‘ਚ ਇਕ ਵਾਰ ਫਿਰ ਹੱਥ ਧੋ ਲਏ । ਪਹਿਲੀ ਨਾਲ ਜੁੜਵੀਂ ਇਕ ਦੁਕਾਨ ਹੋਰ ਬਣਾ ਲਈ । ਥੋੜ੍ਹੀ ਵੱਡੀ ।ਉਹਦੇ ਅੰਦਰ ਨਿੱਕੇ-ਮੋਟੇ ਹਿੱਸੇ-ਪੁਰਜ਼ੇ ਨਵੇਂ ਰੱਖ ਲਏ –ਲੰਗੋਟੀਆਂ , ਗੇਟਸ,ਵਾਲ ,ਦੋ-ਚਾਰ ਨਵੀਆਂ ਟਿਊਬਾਂ, ਇਕ-ਅੱਧ ਪੁਰਾਣਾ ਟਾਇਰ ।
ਚਲਦੇ ਕੰਮ ਨੂੰ ਹੋ ਤਿੱਖਾ ਕਰਨ ਲਈ ਤਾਰੇ ਨੇ ਇਕ ਜੁਗੜ ਹੋਰ ਵਰਤੀ । ਦੋਨਾਂ ਦੁਕਾਨਾਂ ਦੇ ਮੱਥੇ ‘ਤੇ ਸੋਹਣਾ ਜਿਹਾ ਚਿੱਟਾ ਬੋਰਡ ਲਿਖਵਾ ਕੇ ਬੀੜ ਛੱਡਿਆ – ਸੋਹਣੇ ਦੀ ਹੱਟੀ ਤੇ ਮੋਟੇ ਕਾਲੇ ਸਿਰਲੇਖ ਹੇਠ ਲਿਖਿਆ , ਏਥੇ ਰਾਤ ਸਮੇਂ ਪੰਚਰ ਲਗਾਏ ਜਾਂਦੇ ਹਨ, ਵਾਲਾ ਵਾਕ ਹਰ ਡਰੈਵਰ ਨੂੰ ਦੂਰੋਂ ਨਜ਼ਰੀਂ ਪੈਂਦਾ । ਘੋਨੇ ਨੂੰ ਵੀ । ਉਹਦਾ ਜਦ ਵੀ ਏਧਰਲਾ ਗੇੜਾ ਲਗਦਾ, ਏਥੇ ਜ਼ਰੂਰ ਰੁਕਦਾ । ਆਪਣੇ ਖੱਤੇ ਅੱਗੇ ।
...ਟਾਇਰ ਲਾਹੁੰਦੇ ਸੋਹਣ ਲਾਗੇ ਖੜ੍ਹੇ ਘੋਨੇ ਨੂੰ ਕਿਸੇ ਦੇ ਪੈਰਾਂ ਦੀ ਆਹਟ ਸੁਣੀ । ਉਹਨੇ ਪਿਛਵਾੜੀ ਵੰਨੀ ਦੇਖਿਆ ।ਬੰਤੀ ਸੋਟੀ ਦਾ ਆਸਰਾ ਲਈ ਉਸਦੇ ਲਾਗੇ ਖੜ੍ਹੀ ਸੀ – “ ਤੂੰ ਕਾਹਨੂੰ ਠੰਡ ‘ਚ ਘੁੰਮਦੀ ਆਂ ਬਆਰ , ਅੰਦਰ ਬੈਠ ਰਮਾਨ ਨਾ....।“
ਬੰਤੀ ਅੱਗੋਂ ਬੋਲੀ ਕੁਝ ਨਾ । ਥੋੜ੍ਹਾ ਕੁ ਜਿੰਨਾ ਸਰਕ ਕੇ ਉਹ ਘੋਨੇ ਦੇ ਹੋਰ ਲਾਗੇ ਜਿਹੇ ਨੂੰ ਹੋ ਗਈ । ਦੋਨੋਂ ਇਕ ਦੂਜੇ ਦੀ ਪੁੱਛ-ਦੱਸ ਸਮਝ ਗਏ ।
ਘੋਨੇ ਦਾ ਕਲੀਨਰ ਖਾਲੀ ਬੋਤਲ ਫੜੀ ਖੇਤਾਂ ਵਲੋਂ ਪਰਤ ਆਇਆ । ਉਸ ਨੂੰ ਸੋਹਣ ਨਾਲ ਜੋੜ ਕੇ, ਘੋਨਾ ਬਿੰਦ ਕੁ ਪਿੱਠ ਲਾਉਣ ਲੱਗਾਂ ਆਖ, ਪਹਿਲਾਂ ਸਟੇਰਿੰਗ ਸੀਟ ਤਕ ਗਿਆ , ਫਿਰ ਚਾਚੀ ਦੇ ਮਗਰੇ-ਮਗਰ ਸੋਹਣ ਦੀ ਮੰਜੀ ਤੇ ਜਾ ਪਿਆ ।
ਅਪਣੀ ਜੁੱਲੀ ਦੇ ਝੁੰਡ ‘ਚ ਕੁੰਗੜ ਕੇ ਬੈਠਦੀ ਬੰਤੀ ਨੂੰ ਲੱਗਾ – ਘੋਨਾ ਪੈਂਦਿਆਂ ਸਾਰ ਸੌਂ ਗਿਆ ਹੈ । ਹੁਣ ਘੁਰਾੜੇ ਵੀ ਮਾਰੂ । ਮੀਹਾਂ ਸੂੰਹ ਵਾਂਗ । ....ਛੁੱਟੀ ਆਇਆ ਮੀਹਾ ਸੂੰਹ ਵੀ ਇਉਂ ਈ ਕਰਿਆ ਕਰਦਾ ਸੀ । ਖਾਣ-ਪੀਣ ਦੀ ਨਿਸ਼ਾ ਕਰਕੇ ਉਹ ਥਾਂਏ ਪੈ ਜਾਂਦੇ , ਬੰਤੀ ਲਾਗੇ । ਚਰਨੋ ਵੀ ਲੱਭਦੀ-ਲਭਾਉਂਦੀ ਮਗਰੇ ਈ ਪਹੁੰਚ ਜਾਂਦੀ । ਉਹ ਕੋਈ ਬਹੁਤਾ ਉਜਰ ਨਾ ਕਰਦੀ । ਦੋਨਾਂ ਦਾ ਵਰਤੋਂ-ਵਿਹਾਰ ਈ ਇਹੋ ਜਿਹਾ ਸੀ । ਕੋਈ ਜੀਅ ਇਕ-ਦੂਜੇ ਨੂੰ ਓਪਰਾ ਨਹੀਂ ਸੀ ਗਿਣਦਾ । ਹਾਸਾ-ਮਖੌਲ ਵੀ ਦੋਨਾਂ ਵਿਚਕਾਰ ਖੁੱਲ੍ਹਾ-ਖੁਲਾਸਾ ਚਲਦਾ । ਮੀਹਾਂ ਸੂੰਹ ਦੇ ਮੁੰਡੇ ਤਾਰੇ ਨੂੰ ਚਾਚਾ ਕਹਿ ਕੇ ਬੁਲਾਉਂਦੇ ਤੇ ਦਾਰੇ ਦਾ ਬਾਲ-ਬੱਚਾ ਮੀਹਾਂ ਸੂੰਹ ਨੂੰ ।
ਤਾਰੇ ਦੇ ਸੌਂਹ ਪਾਉਣ ਪਿੱਛੋਂ ਮੀਹਾਂ ਸੂੰਹ ਆਪਣੀ ਲਿਆਂਦੀ ਮੁਕਾ ਕੇ ਬੰਤੀ ਕੋਲ ਜ਼ਰੂਰ ਪਹੁੰਚਦਾ – “ ਬੰਤ ਕੋਰੇ ਕੱਢ ਫੇ ਰੱਖੀ-ਰਖਾਈ ।ਭਰਾ ਤਾਂ ਸਾਡਾ ਉੱਦਾਂ ਈ ਛੱਡ ਗਿਆ ਹੋਣਾ, ਸਾਰੀ ਸੁਮੱਧੀ ਸੀਲ-ਬੰਦਾ । “
“ਸੀਗੀ ਤਾਂ ਬਥੇਰੀ , ਔਂਤ ਜਾਣਾ ਵੀਰ੍ਹਾ ਈ ਨਈ ਲੱਥਾ ਮਗਰੋਂ,ਗੱਡੇ-ਆਲਾ । ਸਾਰੀਆਂ ਈ ਦਬੋਚ ਗਿਆ , ਕੱਲੀ-ਕੱਲੀ ਕਰ ਕੇ .....’, ਆਂਡ-ਗੁਆਂਢ ਦੀ ਘੁਸਰ-ਮੁਸਰ ਤੋ ਬਚਦੀ , ਬੰਤ ਕੌਰ ਕਈ ਵਾਰ ਟਾਲਮ-ਟੋਲ ਵੀ ਕਰਦੀ ।
ਫੇਰ ਵੀ ਮਾਰ ਕਿਸੇ ਖੂੰਜੇ-ਖਰਲੇ ਹੱਥ । ਪਈ ਹੋਣੀ ਆਂ ਕਿਤੇ ਨਾ ਕਿਤੇ । ਵੱਡੇ ਘਰ ਦੀ ਤਾਂ ਘਰੋਲੀ ਬਹੁਤ ਆ ਮੇਰੇ ਜੋਗੀ । ...ਭਰਾ ਤਾਂ ਸਾਡਾ , ਪੂਰਾ ਈ ਰੈਤ੍ਹੀਆ ਹੋ ਗਿਆ ਲੱਗਦਾ, ਸਭ ਕਾਸੇ ਤੋਂ .....”, ਬਹੁਤੀ ਨਾਂਹ-ਨੁੱਕਰ ਹੁੰਦੀ ਜਾਚ ਕੇ ਮੀਹਾਂ ਸੂੰਹ ਫੌਜੀ ਦਾਅ ਖੋਲ੍ਹਦਾ ।
“ ਕਿਉਂ ਬੇਏ ਤੈਨੂੰ ਕਿੱਦਾਂ ਪਤਾ ....” ਏਦ੍ਹੀ ਸਾਬ੍ਹਣੀ ਪਤਾ ਕਿੰਨੀ ਔਖੀ ਹੁੰਦੀ ਆ । ਅੱਧੀ-ਅੱਧੀ ਰਾਤ ਤਾਈਂ ਭੱਜੀ-ਨੱਠੀ ਰੈਂਦ੍ਹੀ ਆ, ਕਦੀ ਕਿਧਰੇ ,ਕਦੀ ਕਿਧਰੇ । .....ਏਹ ਜੇ ਕੰਮ ਦਾ ਹੋਵੇ ਤਾਂ ਧੇੱਕੇ ਤਾਂ ਨਾ ਖਾਣੇ ਪੈਣ ਉੱਨੂੰ ....।“
“ਛੱਡਿਆ ਵੀ ਕਰ, ਬੇ-ਸ਼ਰਮ ਕਿਸੇ ਥਾਂ ਦਾ ।....ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰ ਕਦੇ ! ਬਿੱਲੀ ਨੂੰ ਹਰ ਵਖ਼ਤ ਚੂਹਿਆ ਦੇ ਈ ਸੁਫ਼ਨੇ । ਮੋਇਆ ਨਾ ਹੋਵੇ ਤਾਂ ....। ਕਿਉਂ ਬੇਏ ਏਦੀ ਸਾਬ੍ਹਣੀ ਦਾ ਬਾਬ੍ਹ ਕਿਤੇ ਵਲੇਛ ਚਲਿਆ ਗਿਆ ਕਿ ਬਸਰੇ ...?”
“ ਗਿਆ ਗੁਆ ਕਿਤੇ ਨਈਂ , ਊਈਂ ਬੱਸ ਟਿਕਾਅ ਜਿਆ ਨਈਂ ਉਨੂੰ ,ਇਕ ਥਾਂ.....।”
“ਜਿੱਦਾਂ ਤੈਨੂੰ ....ਢੀਠ ਹੱਡੀ ਨੂੰ ......” ਬੰਤੀ ਦੀ ਟਕੋਰ ਸੁਣਦਾ ਮੀਹਾਂ ਸੂੰਹ ਸਗੋਂ ਮੱਛਰ ਜਾਂਦਾ । ਬੰਤ ਕੌਰ ਵੀ ਉਹਦੇ ਲਈ ਰੱਖੀ-ਸਾਂਭੀ ਅੱਧੀ-ਪੌਣੀ ਝਟ ਉਹਨੂੰ ਲਿਆ ਫੜਾਉਂਦੀ ।ਜੇ ਚਾਹੇ ਸਿਰੇ ਨਾ ਈ ਸਬੱਬ ਬਣਦਾ ਦਿਸੇ , ਤਾਂ ਉਹਦੇ ਲਈ ਪੈਦਾ ਜ਼ਰੂਰ ਕਰਦੀ , ਪੱਲਾ ਖ਼ਰਚ ਕੇ ਵੀ ।
ਮੀਹਾਂ ਸੂੰਹ ਵੀ ਉਹਦੇ ਨਾਲ ਔਹੋ ਜਿਹਾ ਆਡਾ ਉਂਦੋਂ ਲਾਉਂਦਾ, ਜਦੋਂ ਛੁੱਟੀ ਆਉਣ ਲੱਗਾ, ਉਹ ਆਰਮੀ ਕੰਨਟੀਨ ‘ਚੋਂ ਘੋਨੇ ਦੀ ਬੀਬੀ ਲਈ ਕੋਈ ਨਫੀਬ ਸ਼ੈਅ ਖ਼ਰੀਦਣ ਗਿਆ, ਇਕ ਦੀ ਥਾਂ ਦੋ ਚੀਜਾਂ ਲੈ ਆਉਂਦਾ । ਜਿਵੇਂ ਕੰਘੀ,ਪਰਾਂਦੀ , ਸੁਰਖੀ-ਬਿੰਦੀ, ਅਤਰ ਦੀ ਸ਼ੀਸ਼ੀ, ਮੁਸ਼ਕਣਾ ਸਾਬਣ ਜਾਂ ਐਹੋ ਜਿਹੀ ਹੋਰ ਕੋਈ ਹੁਸੀਨ ਵਸਤੂ,ਜਿਸ ਨੂੰ ਤਾਰਾ ਬਿਲਕੁਲ ਫ਼ਜੂਲ ਖ਼ਰਚੀ ਗਿਣਦਾ ਸੀ ।
ਮੀਂਹੇ-ਬੰਤੀ ਵਿਚਕਾਰ ਰੰਗ-ਬਰੰਗਾ ਮੋਹ-ਪਿਆਰ ਕੰਨੋ-ਕੰਨੀ ਚਰਨੋ ਤੱਕ ਵੀ ਅੱਪੜਦਾ । ਪਰ ਉਸ ਨੇ ਕਦੀ ਧਿਆਨ ਈ ਨਹੀਂ ਸੀ ਦਿੱਤਾ ।ਸੂਝ-ਬੂਝ ਈ ਏਨੀ ਕੁ ਸੀ ਉਹਨੂੰ । ਉਸ ਨੂੰ ਨਾ ਬਹੁਤੀ ਘਰ ਦੀ ਸੁਰਤ ਸੀ , ਨਾ ਬਾਹਰ ਦੀ । ਝਾੜ੍ਹ-ਬਹਾਰੀ ,ਭਾਂਡਾ-ਠੀਕਰ ਜਿੱਥੇ ਪਿਆ , ਪਿਆ ਰਹਿੰਦਾ । ਉਹ ਜਿੱਥੇ ਬੈਠ ਗਈ , ਬੈਠ ਗਈ । ਬਾਰ-ਬੂਹੇ ਖੁੱਲ੍ਹੇ ਤਾਂ ਖੁੱਲੇ , ਬੰਦਾ ਤਾਂ ਬੰਦ ।
ਉਂਜ ਕੰਘੀ-ਪੱਟੀ,ਸੁਰਖੀ-ਬਿੰਦੀ ਦਾ ਰਤਾ ਵਿਸਾਹ ਨਾ ਕਰਦੀ । ਵਾਲ ਵਾਹੁਣ ਲੱਗਦੀ ਤਾਂ ਘੰਟਾ ਭਰ ਕੰਘੀ ਫੜੀ ਰੱਖਦੀ । ਸੁਰਖੀ-ਪਊਡਰ ਲਾਉਣ ਲਗਦੀ ਤਾਂ ਦੇਹ ਤੇਰੇ ਦੀ , ਚੱਲ ਸੋ ਚੱਲ । ਉਹਦੇ ਕੰਮਾਂ-ਕਾਰਾਂ ਵੱਲ ਦੇਖਦਾ ਹਰ ਕੋਈ ਉਹਦੇ ਪੁੱਠੇ-ਸਿੱਧੇ ਨਾਂ ਰੱਖਦਾ । ਕੋਈ ਉਸ ਨੂੰ ਸਿੱਧੜ ਕਹਿੰਦਾ , ਕੋਈ ਸ਼ੂਦੈਣ , ਕੋਈ ਝੱਲੋ , ਕੋਈ ਚਲਾਕੋ । ਉਹ ਅੱਗੋਂ ਰਤੀ ਭਰ ਗੁੱਸਾ ਨਾ ਕਰਦੀ । ਸੁਭਾ ਈ ਐਹੋ ਜਿਹਾ ਸੀ ਉਸ ਦਾ । ਉਸ ਨੂੰ ਬੱਸ ਦੋ-ਵੇਲੇ ਦੀ ਰੋਟੀ ਚਾਹੀਦੀ ਸੀ । ਉਹ ਮਿਲੀ ਜਾਂਦੀ ਸੀ ।
ਪਰ,ਇਕ ਚਿੰਤਾ ਉਸ ਨੂੰ ਜ਼ਰੂਰ ਔਖਿਆ ਕੀਤੀ ਰੱਖਦੀ । ਮੀਹਾਂ ਸੂੰਹ ਦੇ ਬਹੁਤੀ ਪੀਣ ਦੀ ਚਿੰਤਾ । ਥੋੜ੍ਹੀ ਨਾਲ ਮੀਹਾਂ ਸੂੰਹ ਨੂੰ ਬਣਦਾ ਕੁਝ ਨਹੀਂ ਸੀ । ਬਹੁਤੀ ਪੀ ਕੇ ਉਹ ਊਂ ਲੁੜਕ ਜਾਂਦਾ । ਆਪਣਾ ਆਪ ਸਾਂਭਿਆ ਨਾ ਜਾਂਦਾ ਉਸ ਤੋਂ ਛੁੱਟੀ ਆਏ ਦਾ ਤਾਂ ਉਸਦਾ ਨਿੱਤ-ਨਵੇਂ ਇਹੋ ਹਾਲ ਹੁੰਦਾ । ਹਰ-ਰੋਜ਼ ਈ ਕਿਧਰੇ ਡਿੱਗਿਆ ਪਿਆ ਹੁੰਦਾ । ਕਿਸੇ ਦੇ ਘਰ-ਹਵੇਲੀ ਜਾਂ ਰਾਹ-ਖਹਿੜੇ ‘ਚ ਕਿਧਰੇ ।ਉਸ ਨੂੰ ਲੱਭਦੀ-ਲਭਾਉਂਦੀ ਚਰਨੋਂ, ਬੰਤੀ ਕੋਲ ਜ਼ਰੂਰ ਅੱਪੜਦੀ । ਬਹੁਤੀ ਵਾਰ ਤਾਂ ਮੀਹਾਂ ਸੂੰਹ ਉੱਥੇ ਮਿਲਦਾ ਵੀ ਨਾ ।ਪਰ ਚਰਨੋਂ ਦਾ ਦੁੱਖ-ਦਰਦ ਸਮਝਦੀ ਬੰਤੀ ਬੜੇ ਮੋਹ ਤਾਂ ਮੀਹਾਂ ਸੂੰਹ ਉੱਥੇ ਮਿਲਦਾ ਵੀ ਨਾ । ਪਰ ਚਰਨੋਂ ਦਾ ਦੁੱਖ-ਦਰਦ ਸਮਝਦੀ ਬੰਤੀ ਥੜੇ ਮੋਹ ਨਾਲ ਉਸਨੂੰ ਹੌਸਲਾ ਦਿੰਦੀ – “ ਧੰਨ ਦੀ ਆਂ ਤੂੰ ਮੇਰੀਏ ਭੈਣੇ, ਇਕ ਵੀ ਦਿਨ ਸੁੱਖ ਦਾ ਨਈਂ ਕੱਟਿਆ ਤੂੰ ਏਸ ਬੰਦੇ ਨਾ.....। ਹੋਰ ਵੀ ਪੀਂਦੇ ਆ ਸਾਰੇ ,ਐਂ ਥੋੜ੍ਹੀ ਵਖਤ ਪਾਈ ਰੱਖਦੇ ਆ ਘਰਦੀਆਂ ਨੂੰ ....। ਚੱਲ ਮੈਂ ਚਲਦੀ ਆਂ ਤੇਰੇ ਨਾਂ । ਆਪਾਂ ਦੋਨੋਂ ਜਣੀਆਂ ਲੱਭ ਕੇ ਲਿਆਉਨੀਆਂ.....।“
ਜੇ ਕਦੀ ਮੀਹਾਂ ਸੂੰਹ ਬੰਤੀ ਕੋਲ ਪਿਆ-ਡਿੱਗਿਆ ਲੱਭ ਜਾਂਦਾ ਤਾਂ ਉਹ ਊਈਂ ਮਛਰੇਵਾਂ ਜਿਹਾ ਕਰਦੀ ਆਖਦੀ – “ ਤੈਤੋਂ ਕੁੱਤੀਏ ਇਕ ਬੰਦਾ ਨਈਂ ਸਾਂਭਿਆ ਜਾਂਦਾ, ਉਹ ਵੀ ਸ਼ਰਾਬੀ-ਅਮਲੀਂ । ਲੋਕੜੀਆਂ ਖਸਮਾਂ-ਖਾਣੀਆਂ ਕਈ-ਕਈ ....”,ਬੰਤੀ ਦੀ ਝੇਡ ਪੂਰੀ ਹੋਣ ਤੋਂ ਪਹਿਲਾਂ ਈ ਚਰਨੋ ਨੂੰ ਟੋਕ ਦਿੰਦੀ – “ ਨਾ ਭੈਣ ਨਾ, ਏਹ ਤੇਰਾ ਈ ਕਿਸਬ ਆ ,ਮੈਤੋਂ ਨਈਂ ਹੁੰਦੇ ,ਐਹੋ ਜਏ ਪਾਪੀ ਕੰਮ.....।“
“ ਹੈਅ ਹਰਾਮਜ਼ਾਦੀ, ਕੰਜਰੀ ....। ਇਕ ਤੇਰਾ ਬੰਦਾ ਸਾਂਭ ਕੇ ਅੰਦਰ ਪਾਈਏ , ਇਕ ਤੂੰ ਸਾਡੇ ਕੰਮ ਨੂੰ ਪਾਪੀ-ਕੰਮ ਆਖੇ। ਹੈਅ ਕਿ ਨਈਂ ਲੋੜ੍ਹਾ.....। ਨਈਂ ਤਬਾਹ ਮੇਰੇ ‘ਤੇ ਔਹ ਪਿਆ ਈ ਤੇਰਾ ਸਕਦਾ ਲਾੜਾ । ਚੁੱਕ ਲਾ ਕੁੱਛੜ ਤੇ ਲੈ ਜਾ ਜਿੱਥੇ ਖੜਨਾ ....। ਦੱਸ ,ਹੈਅ ਕੋਈ ਜਾਣਦਾ ਕਿਸੇ ਦੀ ਕੀਤੀ ਨੂੰ ....?”
ਖਿੱਲਾਂ ਵਾਂਗ ਬੁੜ੍ਹਕਦੀ ਬੰਤੀ ਜਾਣੋ ਅੰਦਰ ਮਘ੍ਹਦੇ ਸੇਕ ਤੋਂ ਛੁਟਕਾਰਾ ਪਾਉਣ ਦਾ ਬਹਾਨਾ ਭਾਲ ਰਹੀ ਹੋਵੇ ।
ਤਾਰੇ ਦੀ ਨਾਕਬਲੀ ਦਾ ਸੇਕ ।
ਉਹਦੇ ਲਈ ਉਹ ਛੁੱਟੀ ਆਇਆ , ਨਾ ਆਇਆ ਇਕ ਬਰਾਬਰ ਸੀ । ਅੱਵਲ ਤਾਂ ਉਹ ਸਾਰਾ-ਸਾਰਾ ਦਿਨ ਅੰਦਰੋਂ ਈ ਬਾਹਰ ਨਾ ਨਿਕਲਦਾ ਈ ਨਿਕਲਦਾ ਤਾ ਵੱਧ ਤੋਂ ਵੱਧ ਗੁਰਦਵਾਰੇ , ਮੰਦਰ ਜਾਂ ਨਾਥਾਂ ਦੇ ਡੇਰੇ । ਘਰ ‘ਚ, ਪਿੰਡ ‘ਚ , ਕਿਸੇ ਨਾਲ ਨਾ ਬਾਤ-ਚੀਤ , ਨਾ ਹਾਸ-ਮਖੋਲ । ਪੀਣ ਦੀ ਸੌਂਹ ਪਾਉਣ ਪਿੱਛੋਂ ਤਾਂ ਪੂਰਾ ਈ ਭਗਤ ਬਣ ਗਿਆ ਉਹ । ਬੰਤੀ ਉਸ ਨੂੰ ਸੌ ਆਰ੍ਹਾਂ ਲਾਉਂਦੀ , ਉਸ ਦੇ ਗੁੱਗਾ-ਪਿੰੜਾ ਬਣੇ ਰਹਿਣ ‘ਤੇ ਗੁੱਸੇ-ਰਾਜ਼ੀ ਵੀ ਹੁੰਦੀ , ਪਰ ਉਸ ਉੱਤੇ ਰਤਾ ਮਾਸਾ ਵੀ ਅਸਰ ਨਾ ਹੁੰਦਾ ।
ਤਾਰੇ ਦੀ ਛੁੱਟੀ ਤੋਂ ਵੱਧ ਬੰਤੀ ਮੀਹਾਂ ਸੂੰਹ ਦੇ ਪਿੰਡ ਆਉਣ ਦੀ ਉਡੀਕ ਕਰਦੀ ਰਹਿੰਦੀ ।
ਛੁੱਟੀ ਆਇਆ ਮੀਹਾਂ ਸੂੰਹ ਵੀ ਦੋ-ਤਿੰਨ ਵਾਰ ਬੰਤੀ ਕੋਲ ਜ਼ਰੂਰ ਪਹੁੰਚਦਾ –ਕੰਘੀ , ਪਰਾਂਦੀ ,ਸੁਰਖੀ-ਬਿੰਦੀ ,ਅਤਰ ਦੀ ਸ਼ੀਸ਼ੀ ਜਾਂ ਔਹੋ ਜਿਹੀ ਕੋਈ ਹੁਸੀਨ-ਵਸਤੂ ਲੈ ਕੇ । ਬੰਤੀ ਤੋਂ,ਰੱਖੀ-ਬਚਾਈ , ਉਹ ਖੱਟੀਆਂ-ਮਿੱਠੀਆਂ ਸੁਣਾ ਕੇ ਕਢਵਾ ਵੀ ਜ਼ਰੂਰ ਲੈਂਦਾ ।ਖਾਣ-ਪੀਣ ਦੀ ਨਿਸ਼ਾ ਕਰਕੇ ਉਹ ਉੱਥੇ ਈ ਲੇਟ ਜਾਂਦਾ, ਤੇ ਲੇਟਦਿਆਂ ਸਾਰ ਘਰਾੜੇ ਮਾਰਨ ਲੱਗਦਾ।
.... ਪਰ, ਸੋਹਣ ਦੀ ਜੁੱਲੀ ‘ਚ ਪਿਆ ਘੋਨਾ ਸੁੱਤਾ ਨਹੀਂ ਸੀ ।ਉਹ ਤਾਂ ਅੱਠ-ਦਸ ਵਰ੍ਹੇ ਪਿਛਾਂਹ ਪਰਤ ਦੇ ਐਸੇ ਈ ਦੁਕਾਨ ‘ਤੇ ਆ ਬੈਠਾ ਸੀ । ਬਾਹਰ ਪਏ ਲੱਕੜ ਕੇ ਬੈਂਚ ‘ਤੇ । ਉਦਾਸ ਤੇ ਬੇ-ਸਹਾਰਾ । ਅੱਡੇ ਵਾਲਾ ਖੱਤਾ ਮੁਕਾ ਕੇ ਮੀਹਾਂ ਸੂੰਹ ਨੇ ਖੂਹ ਬੰਨੇ ਟੱਕ ਧਰ ਲਿਆ । ਘੋਨੇ ਦਾ ਬਾਲ-ਮਨ ਹੋਰ ਬੁਝ ਗਿਆ ।ਕਹਿਣ-ਸੁਨਣ ਵਾਂਲੇ ਉਸ ਨੂੰ ਰਹਿੰਦਾ ਵੀ ਨਿਢਾਲ ਕੀਤੀ ਰੱਖਦੇ । ਨਿਮੋਝੂਣ ਹੋਇਆ, ਉਹ ਹਰ ਰੋਜ਼ ਸੋਹਣ ਦੀ ਹੱਟੀ ‘ਤੇ ਆ ਬੈਠਦਾ ।ਇਥੋਂ ਈ ਇਕ ਦਿਨ ਉਹ ਗੀਬੇ ਨਾਲ ਚੜ੍ਹ ਗਿਆ। ਬਿਨਾਂ ਕਿਸੇ ਨੂੰ ਦੱਸੇ । ਗੀਬਾ ਉਸ ਦੇ ਨਾਨਕੇ ਪਿੰਡੋਂ ਸੀ ।ਮਾਮਾ ਲਗਦਾ ਸੀ ।ਸਕਿਆਂ ‘ਚੋਂ ਨਈਂ, ਆਂਡ-ਗੁਆਂਢ ‘ਚੋਂ ।ਉਹਨੇ ਘੋਨੇ ਨੂੰ ਆਪਣਾ ਸਮਝ ਦੇ ਹੱਥ ਸਿੱਧੇ ਕੀਤੇ ।ਘੋਨਾਂ ਦਿੱਲੀ-ਦੱਖਣ ਸਾਰੇ ਘੁੰਮ ਆਉਂਦਾ । ਕਦੀ ਕੱਲਾ, ਕਦੀ ਜੁੱਟ ਨਾਲ । ਵਿਚ-ਵਿਚਾਲੇ ਪਿੰਡ ਵੀ ਗੇੜਾ ਮਾਰਦਾ । ਜਾਣ ਲੱਗਾ ਹਵੇਲੀ ਜ਼ਰੂਰ ਜਾਂਦਾ । ਕਦੀ ਨਹੋਰੇ ਨਾਲ, ਕਦੀ ਹਾਸੇ-ਬਲਾਸੇ ‘ਚ ਪਿਓ ਨੂੰ ਟੋਂਹਦਾ ਵੀ – “ਕੰਨੀ ਕੁ ਰੈਂਦ੍ਹੀ ਹਜੇ ....। ਮੁੱਕੀ ਨਈਂ , ਖੂਹ ਆਲੀ ਸਾਰੀ ....?” ਮੀਹਾਂ ਸੂੰਹ ‘ਚ ਪਹਿਲੋਂ ਵਾਲੀ ਕੰਡ ਰਹੀ ਨਹੀਂ ਸੀ ਹੁਣ । ਇਕ ਉਮਰ ਸਿਆਣੀ ਹੋ ਜਾਣ ਕਰਕੇ ,ਦੂਜੇ ਸਰੀਰ ਨੂੰ ਲੇੱਗੇ ਖੋਰੇ ਕਰਕੇ ।ਉਹ ਛਿੱਥਾ ਜਿਹਾ ਪਿਆ ਘੋਨੇ ਨੁੰ ਕਹਿੰਦਾ ਕੁਝ ਨਾ ।ਬੱਸ, ਅਪਣੇ ਈ ਕੰਨਾਂ ਤਕ ਸਮਾਂ ਪੁੱਜਦੀ ਆਵਾਂਜ਼ ‘ਚ ਇਕ ਥੁੜ-ਬੁੜ ਜ਼ਰੂਰ ਕਰਦਾ । ਜਿਵੇਂ ਕੋਈ ਬਹੁਤ ਡੂੰਘੀ ਗੱਲ ਉਸ ਦੇ ਅੰਦਰ ਕਿਧਰੇ ਧੱਸ ਕੇ ਰੁਕੀ ਪਈ ਹੋਵੇ – “ਐਂ ਕਰੀਂ.....ਮੇਰਾ ਬੀਬਾ ਪੁੱਤ....ਐਂ ਕਰੀਂ , ਮੇਰਾ ਇਕ ਕੰਮ ਜ਼ਰੂਰ ਕਰੀਂ .....।“
ਬਹੁਤੀ ਵਾਰ ਤਾਂ ਘੋਨੇ ਨੇ ਉਹਦੀ ਵੱਲ ਉਹਦੀ ਵੱਲ ਉਈਂ ਕੋਈ ਧਿਆਨ ਨਾ ਦਿੱਤਾ ।ਜੇ ਇਕ ਅੱਧ ਵਾਰ ਮਾੜਾ ਪਤਲਾ ਦਿੱਤਾ ਈ ਦਿੱਤਾ ਤਾਂ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਮੁੜਦਾ ਬਣਿਆ – “ਏਨ੍ਹੇ ਕੋਈ ਉਲਟੀਓ ਫਰਮੈਸ਼ ਪਾਉਣੀ ਆਂ....। ਬੋਤਲ ਦੀ ਨਾ ਨਈਂ, ਫੀਮ-ਫੂਮ ਦੀਓ ਪਾਊ ....!” ਪਰ ਪਿਛਲੇ ਸਿਆਲ ,ਪਿਓ ਦੀਆਂ ਅੱਖਾਂ ‘ਚ ਭਰੇ ਢੇਰ ਸਾਰੇ ਗਲੇਡੂ ਦੇਖ ਕੇ ਘੋਨਾ ਬਹੁਤਾ ਈ ਪਸੀਜ਼ ਗਿਆ ।ਲੌਢੇ ਕੁ ਵੇਲੇ ਦੀ ਟਿਕਵੀਂ ਧੁੱਪ ‘ਚ ਕੁੰਗੜੇ ਬੈਠੇ ਮੀਹਾਂ ਸੂੰਹ ਦੇ ਐਨ ਪਾਲੇ ਜਿਹੇ ਨੂੰ ਹੋ ਕੇ ਪੁੱਛਣ ਲੱਗਾ – “....ਦੱਸ ਕੀ ਗੱਲ ਆ ਬਾਪੂ , ਐਉਂ ਕਿਉ ਹਿਰਾਸਿਆਂ ਬੈਠਾਂ ....! ਦੱਸ ਕੀ ਚਾਹੀਦਾ ਮੈਨੂੰ .....?”
ਘੋਨਾ ਉਸ ਦੇ ਐਨ ਲਾਗੇ ਕਦੀ ਨਹੀਂ ਸੀ ਹੋਇਆ । ਨਾ ਈ ਐਨੇ ਮੋਹ ਨਾਲ ਉਸ ਨੂੰ ਬੁਲਾਇਆ ਸੀ ਕਦੀ । ਇਕ ਵਾਰ ਤਾਂ ਮੀਹਾਂ ਸੂੰਹ ਦਾ ਡੱਕ ਹੋਇਆ ਅੰਦਰ ਇਕੱਠਾ ਈ ਫੁੱਟ ਨਿਕਲਿਆ । ਉਹ ਭੁੱਬੀ ਰੋ ਪਿਆ। ਫਿਰ ਝੱਟ ਦੇਣੀ ਸੰਭਲ ਕੇ ਉਸ ਦੇ ਚਿਰਾਂ ਤੋਂ ਆਖਣ ਆਖਣ ਹੁੰਦੀ , ਇਕੋ ਸਾਹੇ ਆਖ ਸੁਣਾਈ । ਜਿਵੇਂ ਉਸ ਨੂੰ ਅਗਲਾ ਸਾਹ ਆਉਣ ਦੀ ਉਮੀਦ ਈ ਨਾ ਹੋਵੇ –“.........ਤੇਰੀ ਬੀਬੀ ਦੀ ਝਾਜਰ ਡਿੱਗ ਪਈ ਸੀ ਮੈਂਤੋਂ, ਸੋਹਣ ਦੀ ਬੀਬੀ ਲਾਗੇ ...ਬੜਾ ਚਿਰ ਹੋ ਗਿਆ ਏਸ ਗੱਲ ਨੂੰ ...ਮੈਤੋਂ ਉਹ ਲਿਆਂਦੀ ਨਈਂ ਗਈ ਮੁੜ ਕੇ , ਮੇਰਾ ਬੀਬਾ ਪੁੱਤ ਤੂੰ ਜ਼ਰੂਰ ਤੂੰ ਜ਼ਰੂਰ ਮੋੜ ਲਿਆਈਂ ਉਸ ਤੋਂ....ਮੇਰੇ ਦੇ ਜੀਅ.......।“
ਘੋਨਾ ਉਸ ਦੀ ‘ਬੇ-ਰਵੀ ’ਜਿਹੀ ਸੁਣ ਕੇ ਥੋੜ੍ਹਾ ਕੁ ਹੱਸਿਆ । ਐਵੇਂ ਬੱਧਾ-ਰੁੱਧਾ ਜਿਹਾ ।ਮੀਹਾਂ ਸੂੰਹ ਦਾ ਚਿੱਤ ਰਾਜ਼ੀ ਕਰਨ ਲਈ ਜਾਂ ਅਪਣੇ ਅੰਦਰ ਇਕੋ ਤਾੜੇ ਬਲ ਉੱਠੇ ਸੇਕ ਤੋਂ ਘੜੀ ਪਲ ਛੁਟਕਾਰਾ ਪਾਉਣ ਲਈ – “ ਡਿੱਗ ਪਈ ਸੀ ਕਿ ਆਪੂੰ ਸੁੱਟ ਆਇਆ ਸੀ , ਨਸ਼ਈ ਹੋ ਕੇ ...? “ ਮੀਹਾਂ ਸੂੰਹ ਨੂੰ ਘੋਨੇ ਦੀ ਟਕੋਰ ਜਿਵੇਂ ਸੁਣੀ ਈ ਨਾ ਹੋਵੇ ।ਉਹ ਤਾਂ ਅੰਦਰੋਂ ਵਗਦੀ ਰੋਅ ਅੰਦਰ ਪੂਰੀ ਤਰ੍ਹਾਂ ਡੁੱਬਾ ਪਿਆ ਸੀ – “ ਊੱ ਮੈਂ ਲਿਆਂਦੀ ....ਊਂ ਮੈਂ ਲਿਆਂਦੀ ਉਹ .....ਊਂ ਮੈਂ ਲਿਆਂਦੀ ਉਹ ਤੇਰੀ ਬੀਬੀ ਲਈ ਸੀ...ਪੂਨਿਉਂ...।‘
ਪੀਲ-ਪਾਵੇ ਲਾਗੇ ਖੜਾ ਘੋਨਾ ਪਿਉ ਦੀ ਫ਼ਰਮਾਇਸ਼ ਸੁਣ ਕੇ ਇਕ-ਟੱਕ ਸਿੰਨ੍ਹਿਆ ਗਿਆ । ਨਿਮੋਝੂਣ ਹੋਇਆ , ਉਹ ਪੈਰ ਘਸੀਟਦਾ ਹਵੇਲੀਉਂ ਬਾਹਰ ਆ ਗਿਆ ।...ਉਸ ਦੇ ਵਿਹੜੇ ਦੇ ਕਈ ਸਾਰੇ ਤਾਏ-ਚਾਚੇ ਉਸ ਦੀਆਂ ਅੱਖਾਂ ਅੱਗੋਂ ਦੀ ਲੰਘ ਗਏ । ਉਹ ਸਾਰੇ ਉਸ ਦੇ ਪਿਓ ਵਰਗੇ ਈ ਸਨ- ਕਿਸੇ ਨੂੰ ਕੋਈ ਵੈਲ, ਕਿਸੇ ਨੂੰ ਕੋਈ ਅਮਲ । ਪਰ ,ਉਹਨਾਂ ਸੌਂਹ ਖਾਣ ਨੂੰ ਵੀ ਘਰ ਦੀ ਇੱਜ਼ਤ-ਪੱਤ ਐਹ-ਕੌਡੀਆਂ ਨਹੀਂ ਸੀ ਕੀਤੀ । ਨਕਾਰੇ ਅਧੀਏ-ਪਉਏ ਪਿੱਛੇ । ਅੜੀ-ਬੁੱੜੀ ਨੂੰ ਹਰ ਕੋਈ ਡੰਗ-ਬੁੱਤਾ ਪੂਰਾ ਕਰਦਾ ਈ ਕਰਦਾ । ਕਦੀ ਟੁੰਬ-ਛੱਲਾ ਰੱਖ ਕੇ ਕਦੀ ਖੇਤ-ਬੰਨਾ ।ਪਰ ਆਉਂਦੀ ਫ਼ਸਲੇ ਸਭ ਕਰਜ਼ੇ ਸਾਫ । ਅਪਣੀ ਚੀਜ਼ ਅਪਣੇ ਘਰ, ਅਗਲੇ ਦੀ ਰਕਮ , ਸਮੇਤ ਵਿਆਜ ਵਾਪਸ ।
ਗਹਿਣੇ ਪਈ ਪੈਲੀ ਤੋਂ ਕਿਤੇ ਵੱਧ ਘੋਨੇ ਨੂੰ ‘ਗਿਰਵੀ ਹੋਈ ’ ਝਾਂਜਰ ਦੀ ਚਿੰਤਾ ਆ ਚਿੰਮੜੀ ।
ਉਸ ਨੂੰ ਰਹਿ-ਰਹਿ ਕੇ ਪਿਓ ‘ਤੇ ਗੁੱਸਾ ਆਉਂਦਾ । ਨਾਲ ਦੀ ਨਾਲ ਬੰਤੀ ‘ਤੇ ਵੀ - ਉਸ ਨੂੰ ਈ ਸਮਝ ਚਾਹੀਦੀ ਸੀ ,ਕੁਸ਼ । ਬਾਪੂ ਤਾਂ ਸੀ ਈ ਐਹੋ ਜਿਹਾ ।ਚਾਰ ਘਰ ਤਾਂ ਡੈਣ ਵੀ ਛੱਡ ਲੈਂਦੀ ਆ , ਗਲੀ-ਗੁਆਂਢ ਦੇ.....! ਹੋਰ ਖ਼ਵਰੇ ਕੇੜ੍ਹੀ-ਕੇੜ੍ਹੀ ਚੀਜ਼ ਵਟੌਰੀ ਹੋਣੀ ਆ ਬੁੜ੍ਹੇ ਤੋਂ ....? “ ਅੰਦਰੋਂ –ਅੰਦਰ ਰਿਝਦਾ ਘੋਨਾ ਕਿੰਨਾ ਚਿਰ ਐਉਂ ਈ ਚਲਦਾ ਰਿਹਾ , ਭਰਿਆ ਪੀਤਾ ।
ਕਈ ਵਾਰ ਉਸ ਦੀ ਗੱਡੀ ਲੱਗਦੀ-ਲੱਗਦੀ ਮਸਾਂ ਬਚੀ ।
ਵਿਚ-ਵਾਰ ਮਿਲੇ ਗੀਬੇ ਨੂੰ ਉਸ ਨੇ ਜਾਣ-ਬੁੱਝ ਕੇ ਕੁਝ ਨਾ ਦੱਸਿਆ – “ ਮਾਮਾ ਸੁਭਾਅ ਦਾ ਤਿੱਖਾ, ਉਹਨੇ ਊਈਂ ਥੋਹ-ਸੋਟਾ ਜਾ ਮਾਰਨਾ ....। ਹੋਰ ਈ ਪੰਗਾ ਖੜਾ ਕਰੂ ,ਮੇਰੇ ਭਾਅ ਦਾ ....। “
ਉਸ ਨੂੰ ਸਮਝ ਨਹੀਂ ਸੀ ਆਉਂਦੀ , ਉਹ ਚਾਚੀ ਨਾਲ ਝਾਂਜਰ ਦੀ ਗੱਲ ਕਰੇ ਕਿੱਦਾਂ ।
ਪੀੜੀ ਦੀ ਸ਼ਰਮ ਮਾਰਦੀ ਸੀ ਉਸ ਨੂੰ ।
ਕਿੰਨੇ ਈ ਗੇੜੇ ਉਸ ਤੋਂ ਬੰਤੀ ਚਾਚੀ ਨਾਲ ਇਸ ਸਬੰਧੀ ਕੋਈ ਬਾਤ-ਚੀਤ ਨਾ ਹੋਈ । ਸਬੱਬ ਈ ਨਾ ਬਣਿਆ । ਜੇ ਇਕ-ਦੋ ਵਾਰ ਬਣਿਆ ਈ ਬਣਿਆ ਤਾਂ ਉਹਦੀ ਹਿੰਮਤ ਨਾ ਪਈ ਕਹਿਣ-ਪੁੱਛਣ ਦੀ ।
ਪਿਛਲੇ ਗੇੜੇ ,ਗੱਲ-ਗੜੱਪ ਮਾਰਦੇ ਨੇ , ਦਿਲ ਕੱਢਿਆ ਈ ਕੱਢਿਆ ਤਾਂ ਚੌਥਾ ਕੁ ਹਿੱਸਾ ਫਿਰਕਾਂ ਬੋਲੇ ਕੇ ਫਿਰ ਸੁੰਨ-ਵੱਟਾ ਹੋ ਗਿਆ । ਉਸ ਦੀ ਚਾਚੀ ਨੇ ਉਸ ਦੀ ਚੁੱਪ ਦਾ ਕਾਰਨ ੳਹੀ ਸਮਝਿਆ ਪੁਰਾਣਾ । ਉਹੀ ਉਸ ਨੂੰ ਗਿਣਿਆ –ਮਿਥਿਆ ਦਿਲਾਸਾ ਦੇਣ ਲੱਗ ਪਈ , ਪਹਿਲਾਂ ਵਾਲਾ “....ਲੱਖ-ਲੱਖ ਸ਼ੁਕਰ ਕਰ ਤੂੰ ਬੱਚਿਆ । ਖੋਹਣ ਆਲੇ ਨਾਲੋਂ ਦੇਣ ਵਾਲਾ ਬੜਾ ਡਾਢਾ , ਬੜਾ ਬੇਅੰਤ ਆ ......।“ ਘੋਨੇ ਨੂੰ ਢਾਰਸ ਦਿੰਦੀ ਬੰਤੀ ਇਸ ਵਾਰ ਬਹੁਤਾ ਈ ਡੋਲ ਗਈ ਲੱਗੀ – “...ਤੇਰਾ ਤਾਂ ਪੁੱਤ ਤੇਰਾ ਤੁਰ ਗਿਆ ।ਚਾਰ ਸਿਆੜ ਹੈਗੇ ਸੀ ਕੋਲ । .....ਉਹ ਜਾਣੇ ਹੁਣ ਵੀ ਉਹ ਤੇਜ਼ ਈ ਆ ।ਹੋਰ ਸਾਲ-ਖੰਡ ਨੂੰ ਛੋਟਾ ਵੀ ਸੁੱਖਨਾ ਰਲਿਆ ਲੈ.....। ਦੋਨੋਂ ਤੁਸੀਂ ਸਾਊ-ਸਿਆਣੇ ਬਰਾ-ਬਰੋਬਰ ਦੇ । ਕਿਸੇ ਨੂੰ ਕੋਈ ਐਬ ਨਈਂ । ...ਐਧਰ ਦੇਖ ਲੈ ਤੇਰੇ ਸਾਹਮਣੇ ੲ. ਸਾਰਾ ਕੁਸ਼ । ਨਾ ਇਕ ਕੰਮ ਦਾ ਨਾ ਦੂਜਾ.....। ਉਸ ਬੁੱਢ-ਬੁਲ੍ਹੇਦ ਨੂੰ ਖ਼ਬਰੇ ਕੇੜ੍ਹਾ ਪੱਛੀ-ਲੱਗੜਾ ਪੁੱਠੀਆਂ-ਸਿੱਧਿਆਂ ਪੜ੍ਹਾ ਛੱਡਦਾ, ਘਰ ਆਏ ਨੂੰ ।ਉਨ੍ਹੇ ਜੀਂਦੀ-ਜਾਨ ਦਾ ਲਹੂ-ਬਾਨਣ ਕੀਤਾ ਆ ਮੇਰਾ । ....ਦੱਸ ਵੇ ਪੁੱਤ, ਐਥੇ ਕੋਈ ਹੱਜ ਆ ਰੈਹਣ ਦਾ । ਪਿੰਡ ਹੋਰ ਨਈਂ ਤਾਂ ਸਰੀਕਾ-ਭਾਈਚਾਰਾ ਤਾ ਹੈਗਾ ਈ ਸੀਗਾ ਨਾ ਔਖ-ਸੌਖ ਨੂੰ ....ਬੀਬੀ ਤੇਰੀ ਸੀ ,ਭਾਪਾ ਤੇਰਾ ਸੀ .....। ਏਨ੍ਹਾਂ ਔਂਤ ਜਾਣਿਆਂ ਉਹ ਵੀ । ਅੱਛਾ, ਭਲਾ ਹੋਵੇ ਇਨ੍ਹਾਂ ਦਾ .....। ਮੈਂ ਤਾਂ ਕੈਨ੍ਹੀਂ ਆਂ ਦੋਨਾਂ ਦਾ ਭਲਾ ਕਰੇ , ਪਰਮੇਸਰ । “ ਟੁੱਟਵੀਂ ਜਿਹੀ ਲੜੀ ਜੋੜਦੀ ਬੰਤੀ ਹਊਕੇ ਭਰਦੀ ਭਰਦੀ ਡੁੱਸਕਣ ਲੱਗ ਪਈ ।
ਘੋਨੇ ਨੇ ਬੰਤੀ ਨੂੰ ਐਨਾ ਦੁਖੀ ਪਹਿਲੋਂ ਕਦੀ ਨਹੀਂ ਸੀ ਦੇਖਿਆ , ਨਾ ਹੀ ਕਦੀ ਉਹਦੇ ਮੂੰਹੋਂ ਮਾੜੀ-ਚੰਗੀ ਸੁਣੀ ਸੀ । ਨਾ ਚਾਚੇ ਬਾਰੇ , ਨਾ ਸੋਹਣ ਬਾਰੇ । ਉਹ ਤਾਂ ਬੱਸ ਐਨਾ ਕ ਕਿਆਫਾ ਲਾਈ ਬੈਠਾ ਸੀ ਕਿ ਤਾਰੇ ਤੇ ਸਾਧ ਹੋਣ ਪਿੱਛੋਂ ਬੰਤੀ ਆਪੂੰ ਆ ਟਿਕੀ ਆ ਐਥੇ । ਆਪਣੀ ਸੌਖ ਨੂੰ । ਸੋਹਣ ਲਾਗੇ । ਉਹਦੇ ਇਹ ਯਾਦ-ਚਿੱਤ ਵੀ ਨਹੀਂ ਸੀ ਕਿ ਕੋਠੇ ਜਿੱਡੀ ਡੀਲ-ਡੌਲ ਵਾਲਾ ਤਾਰਾ , ਸੋਹਣ ਨਾਲੋਂ ਵੀ ਗਿਆ ਗੁਜ਼ਰਿਆ ।
ਝੱਟ ਉਸ ਦਾ ਧਿਆਨ ਆਪਣੇ ਘਰ ਵੱਲ ਚਲਾ ਗਿਆ । ਘਰ ਦੀ ਤੰਗੀ-ਤੁਰਛੀ ਵੱਲ । ਆਪਣੇ ਪਿਉ ਵੱਲ । ਸੌ ਐਬ ਸਨ ,ਉਸ ਵਿੱਚ । ਸਿਰੇ ਦਾ ਅਮਲੀ ਵੈਲੀ ਸੀ ਉਹ । ਪਰ, ਉਹਨੇ ਕਦੀ ਘਰ ਦੇ ਜੀਆਂ ਨੂੰ ਖੱਜਲ-ਖੁਆਰ ਨਹੀਂ ਸੀ ਕੀਤਾ । ਜਿਵੇਂ ਉਸ ਦੇ ਸਾਧੂ-ਸੁਭਾ ਚਾਚੇ ਨੇ ਕੀਤਾ ਸੀ । ਗਿਆਨੀ-ਧਿਆਨੀ ਤਾਰੇ ਨੇ ।.....ਉਸ ਜਦ ਵੀ ਕੋਈ ‘ਬਚਨ-ਬਿਲਾਸ ’ ਕਰਦਾ , ਐਨ ਸਿਰੇ ਦਾ ਤੋੜਾ ਝਾੜਦਾ । ਸੁਅਰਗ-ਨਰਕ ਤੋਂ ਹੇਠਾਂ ਈ ਨਾ ਉੱਤਰਦਾ । ਮੇਲਾ ਸੂੰਹ ਦੀ ਟੋਲੀ ਨਾਲ ‘ਜਾਗਰੇ ’ ਗਏ ਦਾ ਤਾ ਉਸ ਦਾ ਕਥਾ-ਵਿਖਿਆਨ ਦੇਖਣ-ਸੁਣਨ ਵਾਲਾ ਹੁੰਦਾ । ਰਾਤ-ਭਰ , ਸੰਗਤ-ਪੰਗਤ ,ਮੰਤਰ –ਮੁਘਧ ਹੋਈ ਰਹਿੰਦੀ ।
ਅਗਲੇ ਸਵੇਰ , ਰਾਣੀ ਤਾਰਾ ਦੀ ਖੜਾਮ-ਕਥਾ ਮੁੱਕਣ ‘ਤੇ ਤਾਂ ਉਸ ਦੀ ਸਿੱਖੀ-ਸੇਵਕੀ ਹੋਰ ਵੀ ਚਮਕ ਉੱਠਦੀ ।ਹਰ ਕੋਈ ਉਸ ਦੇ ਲਾਗੇ ਹੋਰ ਲਾਗੇ , ਢੁੱਕਣ ਲਈ ਉਤਾਵਲਾ ਹੋਇਆ ਦਿਸਦਾ – ਉਸ ਦੀ ਸਿਫ਼ਤ-ਸਲਾਹ ਕਰਨ ਲਈ । ਉਸ ਦੇ ਬੋਲਾਂ-ਭਜਨਾਂ ਦੀ । ਉਸ ਦੀਆਂ ਹੇਕਾਂ-ਸੁਰਾਂ ਦੀ । ਜੇ ਕੋਈ ਭਗਤ-ਭਗਤਣੀ ਹੱਥ ਜੋੜ ਕੇ,ਸਿਰ ਝੁਕਾ ਕੇ ਉਸ ਦੇ ਰਾਗ-ਅਲਾਪ ਦਾ ਆਦਰ ਕਰਨਾ ਲੋਚਦੀ ਤਾਂ ਉਸ ਅੰਦਰਲਾ ਵੈਰਾਗ, ਉਸ ਦੇ ਧੁਰ ਅੰਦਰ ਦੀਆਂ ਡੂੰਘੀਆਂ-ਡੂੰਘਾਈਆਂ ਹੇਠਾਂ ਹੋਰ ਕਤੇ ਡੂੰਘਾ ਉਤਰ ਜਾਂਦਾ । ਉਸ ਦੇ ਲੁੱਟ-ਲੱਟ ਕਰਦੇ ਨੈਣ-ਨੇਤਰ ਝੱਟ ਮੁੰਦ ਹੋ ਕੇ ਧਰਤੀ ਵੱਲ ਨੂੰ ਝੁਕ ਜਾਂਦੇ । ਰਾਤ ਭਰ ਗੂੰਜਦੀ , ਹੇਕਾਂ ਭਰਦੀ ਰਹੀ ਉੱਚੀ-ਭਾਰੀ ਆਵਾਜ਼ ,ਇਕ ਦਮ ਦੱਬੀ-ਘੱਟੀ ਜਾਂਦੀ । ਉਸ ਨੂੰ ਆਪ ਨੂੰ ਵੀ ਇਸ ਗੱਲ ਦੀ ਸਮਝ ਨਾ ਪੈਂਦੀ ਕਿ ਉਸ ਦੀ ਕੀਤੀ ਕਥਾ-ਵਿਆਖਿਆ , ਉਹ ਦੇ ਗਾਏ ਭਜਨਾਂ-ਸ਼ਬਦਾਂ ਰਾਹੀਂ ਨਸ਼ਰ ਹੁੰਦੀ ਅਤਿ ਡੂੰਘੀ ਉਪਰਾਮਤਾ ਉਸ ਦੀ ਘਰ-ਵਾਲੀ ਬੰਤੀ ਦੀ ਮੀਹਾਂ ਸੂੰਹ ਨਾਲ ਚਿਰਾਂ ਤੋਂ ਚੱਲੀ ਆਉਂਦੀ ਸਾਂਝ-ਨੇੜਤਾ ਕਾਰਨ ਉੱਪਜਦੀ ਹੈ ਜਾਂ ਉਸ ਦੇ ਸਾਬ੍ਹ-ਸਾਬ੍ਹਣੀ ਦੇ ਸ਼ੁਰੂ ਤੋਂ ਉਲਝੇ ਤਾਣੇ-ਬਾਣੇ ਕਾਰਨ ।
...ਉਦੋਂ ਤਾਂ ਤਕੜਾ ਵੱਟ ਜਿਹਾ ਖਾ ਕੇ ਉਸ ਨੇ ਸਾਬ੍ਹ ਦਾ ਪੱਖ ਪੂਰਦਿਆਂ ਰਤੀ ਭਰ ਵੀ ਢਿੱਲ ਨਹੀਂ ਸੀ ਕੀਤੀ – “ ਜੇ....ਜੇ ਮੈਂ ਹੋਮਾਂ ਨਾ ਸਾਬ੍ਹ ਜੀ ਤੁਆਡੀ ਥਾਂ , ਡੱਕਰੇ ਕਰ ਦਿਆਂ ਐਹੋ ਜੇਈ ....।“
“ਨਈਂ ਹੋ ਸਕਦੇ ਤਾਰਾ ਸੀਂਘ ਨਹੀਂ ਹੋ ਸਕਤੇ .....। ਬੜਾ ਸੇ ਬੜਾ ਫੋਰਸ ਭ੍ਹੀ ਨਹੀਂ
ਉਸ ਦੇ ਸਾਬ੍ਹ ਦੇ ਸਹਿਜ-ਮਿੱਠੇ ਉੱਤਰ ਨੇ ਉਦੋਂ ਉਸ ਨੂੰ ਸਿਰਫ ਚਿੰਤਾ ਮੁਕਤ ਹੀ ਨਹੀਂ ਸੀ ਕੀਤਾ, ਸਗੋਂ ਉਸ ਦੀ ਉਮਰ ਕੇ ਬਾਕੀ ਰਹਿੰਦੇ ਸਾਰੇ ਵਰ੍ਹਿਆਂ ਦਾ ਰੰਗ-ਢੰਗ ਹੀ ਬਦਲ ਛੱਡਿਆ ਸੀ ।
ਫਿਰ ,ਨਾ ਕਦੀ ਉਹ ਆਪਣੇ ਸਾਬ੍ਹ-ਸਾਬ੍ਹਣੀ ਦੀ ਕਿਸੇ ਗੱਲ ‘ਚ ਆਇਆ , ਨਾ ਉਸ ਨੇ ਮੀਹੇਂ-ਬੰਤੀ ਨੂੰ ਕਿਸੇ ਗੱਲੋਂ ਰੋਕਿਆ-ਟੋਕਿਆ ।
ਫੌਜੀ ਪੈਨਸ਼ਨ ਆਏ ਦੀ ਤਾਂ ਉਸ ਦੀ ਬਿਰਤੀ ਰਹਿੰਦੀ ਦੀ ਉੱਪਰਾਮ ਹੋ ਗਈ । ਉਸ ਨੂੰ ਨਾ ਢਿੱਲੀ-ਮੱਠੀ ਰਹਿੰਦੀ ਬੰਤੀ ਦੀ ਚਿੰਤਾ ਰਹੀ ,ਨਾ ਮੀਹਾਂ ਸੂੰਹ ਦੇ ਖੇਤ ਬੰਨੇ ਦੀ ।
ਅਪਣੀ ਤੋਰੇ ਤੁਰਿਆਰ, ਉਹ ਕਦੀ ਕਿਸੇ ਨਾਲ ਉੱਠ ਤੁਰਦਾ, ਕਦੀ ਕਿਸੇ ਨਾਲ । ਨਾਥਾਂ, ਜੋਗੀਆਂ ,ਸ਼ਿਵ-ਭਗਤਾਂ ਜਾਂ ਮੇਲਾ ਸੂੰਹ ਦੀ ਜਾਗਰਾ ਟੋਲੀ ਨਾਲ ।
ਪਿੰਡ ਵਾਲਾ ਪੱਕਾ ਘਰ ਵੇਚ ਕੇ ਉਹਨੇ ਸਾਰੀ ਰਾਸ਼ੀ ਜੀਉਂਦੇ –ਜੀਅ ਆਪਣੇ ਈ ਸ਼ਰਾਧ ‘ਤੇ ਖ਼ਰਚ ਛੱਡੀ ।
ਘਰੋਂ ਉੱਜੜੀ ਬੰਤੀ,ਬਾਹਰ ਸੋਹਣ ਕੋਲ ਆ ਟਿਕੀ , ਵੱਡੀ ਦੁਕਾਨ ‘ਚ । ਹੋਰ ਕਰ ਵੀ ਕੀ ਸਕਦੀ ਸੀ ਉਹ ।
...ਭੰਜੇ ਲੱਥੀ ਬੰਤੀ , ਘੋਨੇ ਤੋਂ ਇਕ ਪਲ ਵੀ ਸਹਾਰ ਨਹੀਂ ਸੀ ਹੋਈ । ਉਸ ਨਾਲ ਹੋਈ-ਬਣੀ ਰੰਜਸ਼ ਵੀ ਕਿੰਨੀ ਸਾਰੀ ਖੁਰਦ-ਬੁਰਦ ਹੋ ਗਈ । ਪਰ,....ਮੀਹਾਂ ਸੂੰਹ ਦੀ ਜੇਬ ਵਿਚੋਂ, ਚਾਚੀ ਬੰਤੀ ਲਾਗੇ ‘ਡਿੱਗੀ ’ਝਾਂਜਰ ਦੀ ਕਿੰਨੀ ਸਾਰੀ ਤੰਦ ਸਹਿ-ਸਭਾ ਉਸ ਦੇ ਹੱਥ ਜ਼ਰੂਰ ਆ ਲੱਗੀ ।
...ਟਾਇਰ ਚਾੜ ਕੇ ਸੋਹਣ ਨੇ ਜੈੱਕ, ਲੀਵਰ,ਪਾਠੇ ਛੋਟੀ ਦੁਕਾਨ ‘ਚ ਲਿਆ ਸੁੱਟੇ ।ਘੋਨਾ ਅੰਦਰੋਂ ਬਾਹਰ ਨਾ ਆਇਆ । ਜਾਣ-ਬੁੱਝ ਕੇ ਕੀਤਾ ਖ਼ੜਾਕ ਸੁਣ ਕੇ ਵੀ ।ਸੋਹਣ ਨੇ ਫਿਰ ਉਸ ਦੀ ਗੱਡੀ ਦਾ ਪਰੇਸ਼ਰ-ਹਾਰਨ ਜਾ ਨੱਪਿਆ । ਮੋਟਰਾਂ-ਗੱਡੀਆਂ ਦੀ ਇਹ ਆਵਾਜ਼਼ ਮਾਰਨ ਦੀ ਭਾਸ਼ਾ ਸੁਣ ਕੇ,ਟਿਕੀ ਰਾਤ ‘ਚ ਸੁੱਤੇ ਪਏ ਕਈ ਪੰਛੀ ਤਾਂ ਅੱਥੜ-ਵਾਹੇ ਜਾਗ ਉੱਠੇ । ਪਰ, ਘੋਨਾ ਅਜੇ ਵੀ ਅੰਦਰੇ ਈ ਸੀ ।ਸੋਹਣ ਦੀ ਜੁੱਲੀ ‘ਚ ।ਚਾਚੀ ਬੰਤੀ ਲਾਗੇ । ਉਹਦੇ ਭਾਣੇ ਸੁੱਤਾ ਪਿਆ ।ਪਰ ਨੀਂਦ ਉਸ ਦੇ ਲਾਗੇ ਨਹੀਂ ਸੀ ਫੱਟਕੀ । ਅੱਖਾਂ ਮੂੰਦੀ ਪਿਆ, ਇਕੋ ਲੜੀ ਫੜੀ ਉਹ ਇਕੋ ਬਿੰਦੂ ਦੁਆਲੇ ਇਕ-ਸਾਰ ਘੁੰਮਦਾ ਰਿਹਾ ਸੀ । .....ਛੁੱਟੀ ਆਇਆ ਤਾਰਾ ਵੀ ਘੋਨੇ, ਹੋਰਾਂ ਨੂੰ ਜ਼ਰੂਰ ਮਿਲ ਕੇ ਜਾਂਦਾ । ਫੌਜੀ ਕੰਟੀਨ ‘ਚੋਂ ਸਸਤੇ ਭਾਅ ਲਿਆਂਦੀਆਂ ਚੀਜ਼ਾਂ-ਵਸਤਾਂ,ਕੱਲੇ-ਕੱਲੇ ਨੂੰ ਸੌਂਪ ਕੇ । ਘੋਨੇ-ਛਿੰਦੇ ਲਈ ਪੈਨ, ਪੈਨਸਲਾਂ-ਕਾਪੀਆਂ ਤੇ ਚਰਨੋਂ ਲਈ ਕੰਘਾ , ਕੜਾ, ਗੁਟਕਾ ਜਾ ਪੰਜ-ਗ੍ਰੰਥੀ । ਉਹ ਜਿੰਨਾ ਚਿਰ ਉਹਨਾਂ ਪਾਸ ਬੈਠਦਾ ,ਪਾਠ-ਪੂਜਾ ਦੀਆਂ, ਸਾਧਾਂ-ਸੰਤਾਂ ਦੀਆਂ, ਗੁਰੂਆਂ-ਚੇਲਿਆਂ ਦੀਆਂ, ਸਾਖੀਆਂ ਸੁਣਾਉਂਦਾ ।ਸਭ ਨੂੰ ਇਕ ਥਾਂ ਬਿਠਾ ਕੇ ,ਇਕੱਠਿਆਂ । ਉਹਨੇ ਸੌਂਹ ਖਾਣ ਨੂੰ ਵੀ । ਕਿਸੇ ਗੱਲ ਦਾ ਕਦੀ ਓਹਲਾ ਨਹੀਂ ਸੀ ਰੱਖਿਆ – ਕੋਈ ਸ਼ੈਅ-ਵਸਤ ਦੇਣ ਲੱਗਿਆਂ । ਨਾ ਉਹਨਾਂ ਦੋਨਾਂ ਤੋਂ, ਨਾ ਉਹਨਾਂ ਦੀ ਬੀਬੀ ਚਰਨੋਂ ਤੋਂ । ਜਿਵੇਂ ਉਸ ਦੇ ਪਿਉ ਨੇ ਰੱਖਿਆ ਸੀ , ਮੀਹਾਂ ਸੂੰਹ ਨੇ । ਬੰਤੀ ਲਾਗੇ ਝਾਂਜਰ ‘ਸੁੱਟਣ ’ਲੱਗਿਆਂ । ਬੰਤੀ ਜਿਹੜੀ ਕਦੀ ਵੀ ਉਸ ਨੂੰ ਓਪਰੀ ਨਹੀਂ ਸੀ ਲੱਗੀ । ਜਿਹਨੇ ਹੁਣ ਤੱਕ ਉਹਦੀ ਬੀਬੀ ਦੀ ਹਰ ਔਖ-ਸੌਖ ਵੇਲੇ, ਹਰ ਤਰ੍ਹਾਂ ਸਾਹਇਤਾ ਕੀਤੀ ਸੀ , ਹਰ ਤਰ੍ਹਾਂ ਹੱਥ ਵਟਾਇਆ ਸੀ । ਵਾੜ-ਬਨੇਰਾ ਟੱਪ ਕੇ ਵੀ ।ਗੱਲਾਂ-ਕੁਵੱਲਾਂ ਸੁਣ ਕੇ ਵੀ । ਗਲੀ-ਗੁਆਂਢ ਦੀਆਂ ਵੀ , ਸੱਤ-ਪਰਾਇਆਂ ਦੀਆਂ ਵੀ ।......ਬੰਤੀ ਲਾਗੇ ਪਿਆ ਘੋਨਾ, ਬੱਸ ਉਸੇ ਚਾਚੀ ਸਾਹਮਣੇ ਖਲੋ ਸਕਣ ਲਈ ਅਪਣਾ ਆਪ ਜੋੜਦਾ ਰਿਹਾ । ਅਪਣੇ ਸਾਰੇ ਅੰਗ-ਪੈਰ ਇਕੱਠੇ ਕਰਦਾ ਰਿਹਾ । ਉਸ ਪਾਸੋਂ ਝਾਂਜਰ ਮੰਗਣ ਦੀ ਹਿੰਮਤ ਕਰਨ ਲਈ । ਝਾਂਜਰ ਜਿਹੜੀ ਉਸ ਦੇ ਪਿਉ ਕੋਲੋਂ ਉਹਦੀ ਚਾਚੀ ਲਾਗੇ ਡਿੱਗ ਪਈ ਸੀ ।
ਪਰੈਸ਼ਰ-ਹਾਰਨ ਦੀ ਕੰਨ-ਪਾੜਵੀਂ ਆਵਾਜ਼ ਸੁਣ ਕੇਂ ਉਸ ਨੇ ਰਤਾ ਕੁ ਅੱਖਾਂ ਖੋਲ੍ਹ ਕੇ ਫਿਰ ਬੰਦ ਕਰ ਲਈਆਂ ।
“......ਜਾਗ ਪਿਆ ਮੇਰਾ ਛਿੰਦਾ .....!” ਉਸ ਵੱਲ ਇਕ-ਟੱਕ ਦੇਖਦੀ ਬੰਤੀ ਦਾ ਪਹਾੜ ਜਿੱਡਾ ਹਉਕਾ, ਘੋਨੇ ਦੇ ਸਾਹਾਂ ਤਕ ਅਪੜ ਕੇ ਆਸੇ-ਪਾਸੇ ਖਿੱਲਰ ਗਿਆ ।“ .... ਉਹ ਜਾਣੇ ਲਾ ਈ ਲਿਆ ਢੌਂਕਾ ਘੜੀ ਦੋ ਘੜੀਆਂ....! ਬਾਪੂ ਤੇਰਾ ਵੀ ਐਂ ਈ ਕਰਦਾ ਜੀ , ਪਿਆ ਰੈਂਦ੍ਹਾ ਸੀ ਕਿੰਨਾ-ਕਿੰਨਾ ਚਿਰ ਪੀ ਖਾ ਕੇ,ਮੇਰੇ ਲਾਗੇ......।“
ਚਾਚੀ ਮੂੰਹੋਂ ਪਿਉ ਦਾ ਜ਼ਿਕਰ ਘੋਨੇ ਨੇ ਐਉਂ ਕਦੀ ਨਹੀਂ ਸੀ ਸੁਣਿਆ ।ਐਨੇ ਮੋਹ ਪਿਆਰ ਨਾਲ । “....ਐਥੇ ਨਈਂ ਤਾਂ ਹੋਰ ਕਿੱਥੇ ਸੁੱਟਣੀ ਸੀ ਝਾਂਜਰ ਬਾਪੂ-ਕੰਜਰ ਨੇ .....” ਉਹ ਅੰਦਰੋ-ਅੰਦਰ ਮੁਸਕਰਾ ਕੇ ਝੱਟ ਜਿੱਥਾ ਜਿਹਾ ਪੈ ਗਿਆ ।....ਉਸ ਨੂੰ ਲੱਗਾ, ਜਿਵੇਂ ਬੰਤੀ ਦੇ ਕੱਦ-ਬੁੱਤ ਸਾਹਮਣੇ ਉਹ ਅਪਣੇ ਪਿਊ ਨਾਲੋਂ ਵੀ ਨੀਵਾਂ ਹੋ ਡਿਗਿਆ ਹੋਵੇ ।
ਇਕ ਵਾਰ ਤਾਂ ਉਸ ਦਾ ਮਨ ਬਣਿਆ ਕਿ ਪਿਉ ਦੀ ਅਮਾਨਤ ਉਹ ਚਾਚੀ ਪਾਸ ਹੀ ਰਹਿਣ ਦੇਵੇ ।ਚਾਚੀ ਬੰਤੀ ਪਾਸ । ਪਰ ਅਗਲੇ ਹੀ ਪਲ ਉਸ ਨੇ ਡੋਲਦਾ ਇਰਾਦਾ ਫਿਰ ਸੰਭਾਲ ਲਿਆ – “ ਬਾਪੂ ਆਂਹਦਾ ਸੀ – ਲਿਆਂਦੀ ਉਹਨੇ ਮੇਰੀ ਬੀਬੀ ਲਈ ਸੀ ....ਬੀਬੀ ਚਰਨ ਲਈ ...ਪੂਨਿਉਂ .....।“
....ਮਾੜੀ-ਮੋਟੀ ਹੂੰਅ-ਹੱਛਾ ਕਰਦਾ ਘੋਨਾ ਸਹਿਜ ਨਾਲ ਉੱਠਿਆ । ਢਿਲਕੀ ਲੋਈ ਦੀ ਬੁੱਕਲ ਕਸ ਕੇ ਦੋਨਾਂ ਮੰਜੀਆਂ ਵਿਚਕਾਰ ਖੜ੍ਹਾ ਹੋ ਗਿਆ ।ਬੜੇ ਧੀਰਜ ਨਾਲ ਉਸ ਨੇ ਬਗਲ ਹੇਠ ਨੱਪੀ ਪੇੜੇ ਜਿੱਡੀ ਡਲੀ ਬੰਤੀ ਵੱਲ ਵਧਾਉਂਦਿਆ ਬੜੇ ਹੀ ਠਰੰਮੇ ਨਾਲ ਆਖਿਆ – “ ਚਾਅਚੀ.....ਮੇਰੀ ਬੀਬੀ ਦੀ ਝਾਂਜਰ ਹੋਣੀ ਆਂ, ਤੇਰੇ ਕੋਅਲ ....ਬਾਪੂ ਆਂਹਦਾ ਸੀ .....ਮੇਰੇ ਜੀਂਦੇ ਜੀਅ......। “
ਬੰਤੀ ਨੂੰ ਉਸ ਦੀ ਸ਼ਰਮਾਕਲ ਜਿਹੀ ਮੰਗ ਓਪਰੀ ਵੀ ਲੱਗੀ ਤੇ ਸੁਭਾਵਕ ਵੀ ।
“....ਲੈ ਪੁੱਤ ਹੁਣੇ ਲੈ ਜਾ .....” ਆਖਣ ਨੂੰ ਤਾਂ ਉਹ ਝਟ ਦੇਣੀ ਘੋਨੇ ਨੂੰ ਐਨੀ ਕੁ ਗੱਲ ਆਖ ਗਈ । ਪਰ ਬੀਤੇ ਕਈ ਸਾਰੇ ਵਰ੍ਹਿਆਂ ਦਾ ਸੁਹਾਗ ਜਿੱਡਾ ਚਾਅ ਝਟ-ਪਟ ਹੱਥੋਂ ਕਿਰਦਾ ਦੇਖ , ਉਹ ਸਿਰ ਤੋਂ ਪੈਰਾਂ ਤੱਕ ਕੰਬ ਗਈ ।
ਘੋਨੇ ਹੱਥੋਂ ਕਾਲੀ ਠੋਸ ਪਿੰਕੀ ਦੁਆਲੇ ਲਿੱਪਟਿਆ ਖਣ-ਖਣ ਕਰਦਾ ਮੋਮੀ ਲਿਫਾਫਾ ਸਾਂਭਦੀ ਬੰਤੀ ਨੂੰ ਜਾਪਿਆ , ਕਿ ਭਰ-ਜੁਆਨੀ ਵੇਲੇ ਤੋਂ ਲੋਹੇ ਦੀ ਟਰੰਕੀ ‘ਚ ਸਾਂਭ ਕੇ ਰੱਖੀ ਚਰਨੋਂ ਦੀ ਕੋਰੀ-ਕੁਆਰੀ ਅਮਾਨਤ , ਮੁੜ ਸਹੀ-ਸਲਾਮਤ ਉਸ ਦੇ ਪੈਰਾਂ ਤੱਕ ਪਹੁੰਚਣ ਲਈ ਛਣਕ ਪਈ ਹੈ .....ਉਹ ਜਾਣੇ ਐਸ ਉਮਰੇ ਈ ਸਈ.....।
ਡੋਲਦੀ-ਕੰਬਦੀ ਨੇ ਉਸ ਨੇ ਧਾਹ ਕੇ ਘੋਨੇ ਨੂੰ ਦੋਨਾਂ ਬਾਹਾਂ ਵਿਚ ਘੁੱਟ-ਬਗਲ ਲਿਆ ।
ਇਉਂ ਤਾਂ ਕਦੀ ਉਸ ਨੇ ਆਪਣੇ ਸੋਹਣ ਨੂੰ ਵੀ ਨਹੀਂ ਸੀ ਘੁੱਟਿਆ-ਵਗਲਿਆ ।ਅਪਣੇ ਢਿੱਲੋਂ ਜਾਏ ਨੂੰ .....।
ਅਗਲੇ ਹੀ ਪਲ, ਉਹ ਆਪਣੀ ਜੁੱਲੀ ‘ਚ ਢੇਰੀ ਹੋਈ ਪਈ ਸੀ ।
....ਨਿਰੀ ਮਿੱਟੀ !!
----
ਪਤਾ :ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866
ਵੈਬ-ਸਾਇਟ - www.lalsinghdasuya.yolasite.com