ਕਹਾਣੀ : ਇਕ ਕੰਢੇ ਵਾਲਾ ਦਰਿਆ - ਲਾਲ ਸਿੰਘ

ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ ।  ਕੁਮਾਰ ਜੀ ਦਾ ਹੁਕਮ ਸੀ – ‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘

ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ ਹੋ ਉੱਠਿਆ । ਬਿਨਾਂ ਕਿਸੇ ਨਿੱਜੀ ਅੰਗ-ਰਾਖੇ ਦੇ ਕਰਮੇ ਦੀ ਕੁੱਲੀ ਸਾਹਮਣੇ ਆ ਭੱਬਕਿਆ – “ਓਏ ਕਰਮੂੰ ਕੇ ਬੱਚੇ,ਬਾਹਰ ਆ ਜ਼ਰਾ.....।“

ਕਰਮਾ ਅਜੇ ਆਇਆ ਈ ਸੀ ਕੰਮ ਤੋਂ । ਥ੍ਰੀ-ਵੀਲਰ ਖੜ੍ਹਾ ਕਰਕੇ ਅਜੇ ਗਿਆ ਈ ਸੀ ਅੰਦਰ । ਉਸ ਦੀ ਚੀਕ ਜਿਹੀ ਸੁਣ ਕੇ , ਝੱਟ ਬਾਹਰ ਆ ਗਿਆ । ਬਿਨਾਂ ਕਿਸੇ ਡਰ-ਭੈਅ ਦੇ ਉਹ ਵਰਮੇ ਦੀ ਗੱਡੀ ਸਾਹਮਣੇ ਆ ਖੜ੍ਹਾ ਹੋਇਆ ।

ਵਰਮੇ ਦੀਆਂ ਅੱਖਾਂ ਜਿਵੇਂ ਲਹੂ ਡੋਲ੍ਹ ਰਹੀਆਂ ਹੋਣ ।ਬਿਨਾਂ ਬੋਲੇ ਜਿਵੇਂ ਉਹ ਵਿੰਡ-ਗਲਾਸ ਵਿਚੋਂ ਦੀ ਕਰਮੇ ਦੀ ਮਾਂ ਦੀ , ਧੀ ਦੀ ਕਰ ਰਹੀਆਂ ਹੋਣ ।

ਉਸਦੀ ਬਿਫ਼ਰੀ-ਬਿਗੜੀ ਹਾਲਤ ਦੇਖ ਕੇ ਕਰਮਾ ਕੁਝ ਡਰਿਆ । ਪਰ, ਆਂਡ-ਗੁਆਂਢ ਤੋਂ ਉਸ ਵੱਲ, ਸਰਕ ਆਈ ਕਿੰਨੀ ਸਾਰੀ ਭੀੜ ਦੇਖ ਕੇ ਮੁੜ ਹੌਸਲਾ ਫੜ ਗਿਆ – “ ਆ ਓਏ ਬਾਊ...ਉਤਰ ਆ ਬੱਲੇ ।.....ਦੱਸ ਕੀ ਹੁਕਮ ਆਂ ? “

ਬਾਉ ਵੀ ਕਰਮਾ ਉਸ ਨੂੰ ਕਿਸੇ ਦੇ ਸਾਹਮਣੇ ਈ ਕਿਹਾ ਕਰਦਾ ਸੀ , ਨਹੀਂ ਕੱਲੇ ਨੂੰ ਉਹ ਉਸ ਨੂੰ ਬਰਮੂੰ ਆ ਕੇ ਬੁਲਾਉਂਦਾ ਜਾਂ ਸ਼ਰਮਾ। ਥਾਂ ਘਰ ਥਾਂ ਛੇਕ ਕਰਨ ਵਾਲਾ ਜੰਤਰ ।ਕੁਮਾਰ ਬਾਬੂ ਦਾ ਹੱਥ-ਠੋਕਾ । ਉਂਝ ਵਰਮੇ ਦਾ ਅਸਲ ਨਾਂ ਵੀ ਕਰਮੇ ਨੂੰ ਨਹੀਂ ਸੀ ਪਤਾ ।ਪਤਾ ਕਰਨ ਦੀ ਲੋੜ ਈ ਨਹੀਂ ਸੀ ਪਈ । ਉਨ੍ਹਾਂ ਦੇ ਕੰਮਕਾਰ ਦੀ ਸਾਂਝ ਵੀ ਰਹੀ, ਥਾਂ-ਟਿਕਾਣੇ ਦੀ ਵੀ । ਜਿੰਨਾ ਕੁ ਵਰਮੇ ਨੇ ਦੱਸਿਆ , ਪਹਿਲੀ ਵਾਰ ਮਿਲਣ ‘ਤੇ , ਉਸੇ ਨਾਲ ਹੀ ਚਲਦੀ ਰਹੀ ਗੱਡੀ ।

ਵਰਮਾ ਉਸ ਨੂੰ ਵੀਹ ਕੁ ਵਰ੍ਹੇ ਪਹਿਲਾਂ ਟੱਕਰਿਆ ਸੀ, ਵੱਡੀ ਮਸੀਤ ਸਾਹਮਣੇ । ਤੰਗ ਜਿਹੇ ਫੁੱਟ-ਪਾਥ ‘ਤੇ ।ਸ਼ਾਮੀ ਮੂੰਹ-ਹਨੇਰੇ ਜਿਹੇ । ਉੱਚੇ ਜੰਗਲੇ ਦੀ ਓਟ ‘ਚ । ਜਿਥੇ ਕਰਮਾ ਹਰ ਰੋਜ਼ ਰਾਤੀ ਆ ਟਿਕਦਾ ।....ਇਕ ਦਿਨ ਉਸ ਤੋਂ ਪਹਿਲਾਂ ਹੀ ਕੋਈ ਓਪਰਾ ਮੁੰਡਾ ਉਸਦੀ ਥਾਂ ਮੱਲੀ ਪਿਆ ਸੀ । ਉਸ ਨੇ ਆਉਂਦੇ ਨੇ ਉਹਨੂੰ ਉੱਥੋਂ ਹਟ ਜਾਣ ਲਈ ਕਿਹਾ । ਉਹ ਅੱਗੁਂ ਪੈਂਦੀ ਸੱਟੇ ਕਰਮੇ ਦੇ ਗਲ਼ ਪੈ ਗਿਆ । ਗਾਲੀ-ਗਲੋਚ ਤੋਂ ਵਧਦੀ ਗੱਲ ਹੱਥੋਪਾਈ ਤਕ ਅੱਪੜ ਗਈ ।ਉਨ੍ਹਾਂ ਦੇ ਲਾਗੇ ਪਾਸੇ ਪਏ-ਸੁੱਤੇ ਕਈਆਂ ਨੇ ਪੈ-ਪੁਆ ਕੇ ਝਗੜਾ ਮੁੱਕਦਾ ਕਰ ਲਿਆ । ਕਰਮੇ ਨੂੰ ਉਸਦੀ ਪਹਿਲੀ ਥਾਂ ਮਿਲ ਗਈ, ਪਰ ਦੂਜੀ ਮੁੰਡਾ ਵੀ ਕਿਧਰੇ ਦੂਰ-ਪਾਰ ਨਾ ਗਿਆ ।ਉਹ ਵੀ ਲਾਗੇ ਹੀ ਪਿਆ ਰਹਿਣ ਲਈ ਰਾਜ਼ੀ ਹੋ ਗਿਆ, ਥੋੜ੍ਹਾ ਕੁ ਹਟਵਾਂ। ਸਵੇਰੇ ਉੱਠਦਿਆਂ ਦੋਨਾਂ ਦੀਆਂ ਅੱਖਾਂ ‘ਚ ਨਾ ਗਿਆ ਸੀ ,ਨਾ ਗੁੱਸਾ । ਥੋੜ੍ਹੀ ਬਓਤ ਅਪਣੱਤ ਜ਼ਰੂਰ ਸੀ ਜਾਂ ਜ਼ਰਾ ਕੁ ਜਿੰਨੀ ਨਮੋਸ਼ੀ-ਫੁੱਟਪਾਥੀ ਹੋਣ ਦੀ ਨਮੋਸ਼ੀ ।

“ ਮੈਂ ਕਰਮਾ ਆਂ...ਤੇਰੇ ਨਾਂ ਕੀ ਆ....” ਕਰਮੇ ਨੇ ਉਸ ਨੂੰ ਆਪਣਾ ਨਾਂ ਦੱਸ ਕੇ ਗੱਲ ਤੋਰਨ ਲਈ ਗੱਲ ਤੋਰੀ ਸੀ ।

“  ਜੇ ਤੂੰ ਕਰਮਾ ਤਾਂ ਮੈਂ ਵਰਮਾ...,” ਉਸ ਨੇ ਜਿਵੇਂ  ਨਹਿਲੇ ‘ਤੇ ਦਹਿਲਾ ਮਾਰਨ ਲਈ ਤਰ੍ਹਾਂ-ਮਿਸਰਾ ਜੋੜ ਦਿੱਤਾ ਹੋਵੇ।

ਫਿਰ ਕਿੰਨੇ ਹੀ ਦਿਨ ਵਰਮਾ, ਨਵੀਂ ਲੱਭੀ ਥਾਂ ‘ਤੇ ਆ ਟਿਕਦਾ ਰਿਹਾ ।

ਗਈ ਰਾਤ ਤਕ, ਉਹ ਆਪਣੇ ਕਾਰ-ਕਿੱਤੇ ਦੇ ਗੱਫੇ-ਤਰਾਰੇ ਕਰਮੇ ਨੁੰ ਦੱਸਦਾ, ਉਸਨੂੰ ਕੁਲੀ-ਗੀਰੀ ਦੇ ਭਾਰ-ਬੋਝ ਤੋਂ ੳਚਾਟ ਕਰਦਾ ਰਿਹਾ ....ਤੇ ਇਕ ਦਿਨ ਉਹ ਵੱਡੀ ਮਸੀਤ ਸਾਹਮਣਲੇ ‘ਰਿਹਾਇਸ਼ੀ-ਅੱਡੇ’ ਤੋਂ ਫਿਰ  ਗਾਇਬ ਸੀ,ਕਰਮੇ ਸਮੇਤ।

ਅਸਲ ‘ਚ ਵਰਮਾ ਕਿਸੇ ਵੀ ਇਕ ਥਾਂ ਬਓਤਾ ਚਿਰ ਟਿਕਿਆ ਨਹੀਂ ਸੀ ਰਿਹਾ ਸਕਿਆ ।

ਇਥੇ ਵੀ ਉਸਨੇ ਅੱਠ-ਸੱਤ ਵਰ੍ਹੇ ਹੀ ਕੱਟੇ ਸਨ, ਇਸ ਬਸਤੀ ‘ਚ । ਜਿਥੇ ਹੁਣ ਉਸਦੀ ਗੱਡੀ ਆ ਧਮਕੀ ਸੀ , ਬਿਨਾਂ ਕਿਸੇ ਅੰਗ-ਰਾਖੇ ਦੇ । ਬਿਨਾਂ ਕਿਸੇ ਭੈਅ-ਡਰ ਦੇ । ਇਥੋਂ ਦੇ ਸਾਰੇ ਲੋਕ ਤਾਂ ਉਸਦੇ ਦੇਣਦਾਰ ਸਨ। ਅਤਿ ਦੇ ਅਹਿਸਾਨਮੰਦ । ਨਹੀਂ ਤਾਂ ਇਨ੍ਹਾਂ ‘ਚ ਕਿਸੇ ਦੀ ਕੀ ਹਿੰਮਤ ਸੀ । ਐਨੀ ਉੱਚੀ, ਐਨੀ ਖੁੱਲ੍ਹੀ ਥਾਂ ਘੇਰ ਕੇ ਬੈਠਣ ਦੀ । ਮੁਫ਼ਤੋ-ਮੁਫ਼ਤ । ਧੁੱਸੀ-ਬੰਨ੍ਹ ਦੇ ਅੰਦਰ । ਇਨ੍ਹਾਂ ਤਾਂ ਮਹਾਂਨਗਰ ਦੇ ਅੰਦਰਲੇ-ਬਾਹਰਲੇ ਫੁੱਟ-ਪਾਥਾਂ ਤੇ  ਰੁੜ੍ਹ-ਖੁੜ੍ਹ ਕੇ ਮਰ-ਮੁੱਕ ਜਾਣਾ ਸੀ ਹੁਣ ਨੂੰ । ਇਹ ਤਾਂ ਭਲਾ ਹੋਵੇ ਉੱਚੇ-ਉੱਚੇ ਮਹਿਲਾਂ ਵਰਗੇ ਬੰਗਲਿਆਂ-ਵਿੱਲਿਆਂ ਅੰਦਰ ਰਸਣ-ਵਸਣ ਵਾਲੀ ਨਰਮ-ਨਾਜ਼ੁਕ ਲਗਰ-ਪੂੰਗ ਦਾ , ਜਿਨ੍ਹਾਂ ਦੀ ਕਮਸਿਨ ਮਹਿਲਾ-ਸੰਮਤੀ ਦੀ ਸਭ ਤੋਂ ਮਾਡਰਨ-ਮਾਡਲ ਕੁਰਸੀ ਰਾਣੀ ਤੋਂ ਅਛੋਪਲੇ ਜਿਹੇ ਉਸਦੇ ਰਮਾਂਚਿਤ ਸੁਭਾਅ ਦੇ ਰਾਜ-ਕੁਮਾਰ ਦੇ ਮੂੰਹ-ਕੰਨ ਨਾਲ ਮੂੰਹ ਜੋੜ ਕੇ ਬੱਸ ਐਨੀ ਕੁ ਗੱਲ ਆਖੀ ਸੀ – “ ਡੀਅਰ ਹਮੇਂ ਫੁੱਟ-ਪਾਥੋਂ, ਸੜਕੋਂ-ਬਾਜ਼ਾਰੋਂ ਪਏ ਸੋਤੇ-ਘੂੰਮਤੇ , ਗੰਦੇ-ਮੰਦੇ ਲੋਕ ਬਿਲਕੁਲ ਅੱਛੇ ਨਹੀ ਲਗਤੇ....ਜੀਆ ਮਤਲਾ ਜਾਤਾ ਹੈਅ  ਹਮਰਾ ਉਨ ਪਏ ਨਜ਼ਰ ਗਿਰਤੇ ਹੀ ....। ਕੁਝ ਕਰੋ ਨਾ, ਡਾਰਲਿੰਗ ...ਪਲੀਜ਼....! “

ਬੱਸ , ਉਸ ਦੇ ਫੁੱਲ-ਪੱਤੀਆਂ ਵਰਗੇ ਰੰਗ-ਬਿਰੰਗੇ ਬੁੱਲ੍ਹਾਂ ‘ਚੋਂ ਐਨੇ ਕੁ ਬੋਲ ਕਿਰਨ ਦੀ ਦੇਰ ਸੀ ਕਿ ਯੁਵਾ-ਵਿੰਗ ਦੇ ਸਰਵੇ-ਸਰਵਾ ਨੇ ਝੱਟ ਅਗਲਾ ਕਾਰਜ ਆਰੰਭ ਦਿੱਤਾ । ...ਕੁਰਸੀ ਰਾਣੀ ਦੇ ਰੋਕਦਿਆਂ-ਟੋਕਦਿਆਂ ।

ਕੁਰਸੀ ਰਾਣੀ ਨੇ ਬਥੇਰਾ ਕਿਹਾ, ਬਥੇਰਾ ਸਮਝਾਇਆ – “ ਬੇਟਾ ਜੀ , ਯਹ ਤੋਂ ਸ਼ਕਤੀ –ਸਥੱਲ , ਰਾਜ-ਸਥੱਲ ਹੈਅ  ਹਮਾਰ ਲੋਗੋਂ ਕਾ, ਯਹ ਤੋਂ ਸੰਘਸ਼ਣ-ਖੜਾਮ ਹੈਅ ਹਮਰੇ ਖਾਨਦਾਨ ਕੀ ....। ਇਨ ਕੋਅ ਊਚਾ ਉਠਾਨੇ ਕੇ ਲੀਏ ਤੋਂ ਲਾਏ ਹੈਅ ਯਹਾਂ, ਦੂਰ-ਦਰਾਜ਼ ਖੇਤੋਂ –ਜੰਗਲੋਂ ਮੇਂ ਸੇ ਉਠਾ ਕਰਕੇ ....।“

ਪਰ, ਇਸ਼ਕੀ-ਮੁਸ਼ਕੀ ਯੁਵਾ-ਨੇਤਾ , ਯੁਵਕੀ-ਸ਼ਕਤੀ ਦੀ ਨਿਕਾਰੀ ਜਿਹੀ ‘ਮੰਗ ’ ਨਜ਼ਰ-ਅੰਦਾਜ਼ ਕਰ  ਕਿਵੇਂ ਸਕਦਾ ਸੀ ।

ਅਗਲੇ ਹੀ ਦਿਨ ਸਾਰਾ ਪ੍ਰਸ਼ਾਸ਼ਨ, ਉਸਦੀਆਂ ਫ਼ਰਮਾਇਸ਼ ਸ਼ੁਦਾ ਆਖੀਆਂ ਦੱਸੀਆਂ ਥਾਵਾਂ ਦੀ ਪੂਰਨ-ਸਫਾਈ ਕਰਨ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।

ਰੇਲ-ਪੁਲ ਹੇਠਲੇ ਪਹਿਲੇ ਥਮਲੇ ਦੀ ਢੋਅ ਨਾਲ ਘੁਰਨਾ ਬਣਾਈ ਬੈਠੇ ਕਰਮੇ-ਵਰਮੇ ਦੇ ਮੌਰਾਂ ‘ਚ ਵੀ ਪੁਲਸੀ  ਡਾਂਗਾਂ ਆ ਵਰ੍ਹੀਆਂ ।

ਅੱਠ-ਦਸ ਦਿਨ ਇਧਰ-ਉਧਰ ਟੱਕਰਾਂ ਮਾਰਦੇ, ਆਖਿਰ ਉਹ ਇਸ ਥਾਂ ਅੱਪੜ ਗਏ, ਜਿਥੇ  ਹੁਣ ਵਰਮੇ ਦੀ ਮਰਸੀਡੀਜ਼ ਆ ਖੜ੍ਹੀ ਸੀ ਤੇ ਕਾਲੇ ਤਰਪਾਲ ਦੇ ਓਟਣੇ ਹੇਠ ਸਾਹ ਲੈਣ ਲਈ ਆ ਰੁਕਿਆ ਕਰਮੇ ਦਾ ਥ੍ਹੀ—ਵੀਲਰ ।

ਵਰਮੇ ਦੇ ਮਨ ‘ਚ ਆਈ ਕਿ ਸਟੇਰਿੰਗ –ਸੀਟ ਤੋਂ ਉਤਰ ਕੇ ਉਹ ਕਰਮੇ ਨੂੰ ਜੂੜਿਓਂ ਫੜ ਲਏ । ਖੱਬੇ-ਸੱਜੇ ਹੱਥ ਦੇ ਦੋ-ਚਾਰ ਲੱਫੜ ਮਾਰਕੇ ਉਦ੍ਹਾ ਬੁਥਾੜ ਭੰਨ ਕੇ ਪੁੱਛੇ...ਹਰਾਮਦੀਏ ਜਿਣਸੇ ,ਤੇਰੇ ਕੋਈ  ਹੱਡ-ਚੰਮ ਲੱਗਦੀ ਵੀ ਆ ਕਿ ਨਈਂ ,ਮੰਗ-ਖਾਣੀ ਜਾਤ ਦੇਏ ....। ਵਾਹਲਾ ਈ ਸੰਨਿਆਸੀ ਬਣਿਆ ਫਿਰਦਾ....ਜੂਠ ਕਿਸੇ ਥਾਂ ਦੀ ....।“

ਪਰ, ਝੱਟ ਹੀ ਉਸ ਨੂੰ ਕੁਮਾਰ ਜੀ ਦੀ ਹੁਣੇ-ਹੁਣੇ ਕੀਤੀ ਹਦਾਇਤ ਚੇਤੇ ਆ ਗਈ – “ ਛੋੜੋ...ਛੋੜੋ ਉਸੇ ....ਏਕ ਦਮ ਦਫਾ ਕਰੋ ...ਖੁਆਜ਼ਾ ਨਗਰ ਦਾ ਸਾਰਾ ਕਾਮ ਅੱਬ ਗੋਪੀ ਕੇ ਸੌਪ ਦੋ, ਗੋਪੀ ਕੋਅ ....।“

ਝੱਟ ਉਸਨੇ ਸਾਰੇ ਦਾ ਸਾਰਾ ਗੁੱਸਾ ਇਕੋ ਡੀਕੇ ਨਿਘਾਰ ਲਿਆ । ਕਰਮੇ ਨਾਲ਼ ਹੂਰਾ-ਮੁੱਕੀ ਹੋਣ ਦੀ ਬਜਾਏ ਉਹ ਗੋਪੀ ਨੂੰ ਇਕ ਪਾਸੇ ਲੈ ਤੁਰਿਆ ।ਇਕੱਲ-ਵੰਨ੍ਹੇ । ਨੱਕ-ਮੂੰਹ ‘ਤੇ  ਰੁਮਾਲ ਰੱਖ ਕੇ ।....ਨਾ ਚਾਹੁੰਦਾ ਹੋਇਆ ਵੀ ।

ਕਰਮੇ ਨੂੰ ਉਹ ਐਵੇਂ ਕਿਵੇਂ ‘ਸੁੱਟਣਾ ’ ਨਹੀਂ ਸੀ ਚਾਹੁੰਦਾ । ਹੁਣ ਇਸ ਤੋਂ ਬਿਨਾਂ ਚਾਰਾ ਕੋਈ ਨਹੀਂ ਸੀ ਉਸ ਪਾਸ ।

-“ ਕੀ ਹਾਲ  ਐ ਠੱਠੀ ਦਾ , ਗੋਪੀ ਸ਼ਾਹ....? ਬੜੇ ਢਿੱਲੇ-ਮੱਠੇ ਚਲਦੇ ਓਂਅ ਐਤਕੀ...? “

“ਨਈਂ ਜਨਾਬ ਬਿਲਕੁਲ ਨਈਂ ....ਐਹੋ ਜੇਈ ਕੋਈ ਗੱਲ ਨਈਂ....ਊਂ ਥੂਆਨੂੰ ਪਤਾ , ਢਿੱਲ-ਮੱਠ ਵੀ ਤਾਂ ਤੁਹੀ ਈ ਦੂਰ ਕਰਨੀ .....। ਬਾਕੀ ਤੁਹੀਂ ਫਿਕਰ ਨਾ ਕਰੋ , ਅਹੀਂ ਸਭ ਤਿਆਰ ਆਂ, ਪੱਕੇ-ਠੱਕੇ ।.....ਆਪਾਂ ਬਓਤ ਸੁਲਝੈ ਬੰਦੇ ਆਂ....।“

‘ਬਾਕੀ ਤਸੀਂ ਫਿਕਰ ਨਾ ਕਰੋ , ਅਹੀ ਸਭ ਤਿਆਰ ਆਂ, ਪੱਕ-ਠੱਕ’, ਵਾਲੀ ਗੱਲ ਗੋਪੀ ਨੇ ਆਪਣੇ ਵੱਲੋਂ ਪੂਰੇ ਜ਼ੋਰ ਨਾਲ ਉਭਾਰੀ , ਜਿਵੇਂ ਪਿਛਾਂਹ ਗੱਡੀ ਲਾਗੇ ਖੜ੍ਹੇ ਆਂਢ-ਗੁਆਂਢ ਨੁੰ ਸੁਣਾ ਕੇ ਆਖ ਰਿਹਾ ਹੋਵੇ । ਨਾਲ ਹੀ ਉਸ ਨੇ ਵਰਮੇ ਨਾਲ ਬਣੀ ‘ਨੇੜਤਾ ’ ਦਾ ਲਾਹਾ ਲੈਂਦਿਆਂ, ਕਰਮੇ ਦੀ ਅਲਗਰਜ਼ੀ ਵੀ ਉਸ ਤਕ ਅੱਪੜਦੀ ਕਰ ਛੱਡੀ । ਥੋੜ੍ਹਾ ਹੋਰ ਪਰ੍ਹਾਂ ਸਰਕ ਕੇ – “...ਹੋਰ ਤਾਂ ਸਭ ਠੀਕ ਆ ਬਾਊ ਬੈਬ ਜੀ ....ਥੁਆਨੂੰ ਪਤਆ ਆਪਾਂ ਬਓਤ ਸੁਲਝੇ ਬੰਦੇ ਆਂ .....। ਤੁਹੀਂ ਮੇਰੇ ਨਾਲ ਕਰਨੀਂ ਸੀ ਸਾਰੀ ਗੱਲ....।“

“ ਅੱਛਾ....ਊਂ  ਮਿਲੇ ਕਿੰਨੇ-ਕਿੰਨੇ ਆਂ ? ਅੱਧ-ਪੁਚੱਧ ਤਾਂ ਮਿਲ ਈ ਗਿਆ ਹੋਊ ....।“ ਅਣਜਾਣ ਬਣਦੇ ਵਰਮੇ ਨੇ ਗੋਪੀ ਦੇ ਮੋਢੇ ‘ਤੇ ਧਰਿਆ ਹੱਥ ਰਤਾ ਕੁ ਉਸਦੀ ਕੰਡ ਵੱਲ ਨੂੰ ਹੋਰ ਸਰਕਦਾ ਕਰ ਦਿੱਤਾ ।

“ ਓ ਕਿੱਥੇ ਬਾਊ ਜੀ ....! ਚਲੋ ਛੱਡੋ,ਅਹੀਂ ਸਮਝਾਂਗੇ ਸਾਰੇ ਈ ਮਿਲ੍ਹ ਗਏ । ਊਂ ਥੁਆਨੂੰ ਪਤਾ ਈ ਆ , ਆਪਾਂ ਬਓਤ ਸੁਲਝੇ ਬੰਦੇ ਆਂ...” ਤੈਅ ਹੋਏ ਸੌਦੇ ਦਾ ਸੱਚ-ਝੂਠ ਦੱਸ-ਪੁੱਛ ਕੇ ਵਾਪਸ ਮੁੜਦੇ ਗੋਪੀ ਨੇ ਨੀਵੀਂ ਕੀਤੀ ਸੁਰ ਮੁੜ ਪਹਿਲਾਂ ਵਾਂਗ ਉੱਚੀ ਕਰ ਲਈ – “ ਬਾਕੀ ਤੁਹੀ ਫਿਕਰ ਨਾ ਕਰੋ ....। ਮਜਾਆਲ ਆ ਇਕ ਵੀ ਬੰਦਾ ਠੱਗੀ-ਠੋਰੀ ਮਾਰੇ ਸਾਡੇ ‘ਚੋਂ....ਆਪਾਂ ਬਓਤ ਸੁਲਝੇ ਬੰਦੇ ਆਂ......”

ਗੋਪੀ ਤੋਂ ਦੋ ਕਦਮ ਹਟਵੇਂ ਮੁੜਦੇ ਵਰਮੇ ਨੇ ਇਕ ਵਾਰ ਫਿਰ ਕਰਮੇ ਨੂੰ ਗਹਿਰੀ ਨਜ਼ਰੇ ਘੂਰਿਆ । ਜਿਵੇਂ ਆਖ ਰਿਹਾ ਹੋਵੇ- “ ਜੇ ਨਈਂ ਸੀ ਕਰਨਾ –ਮਰਨਾ  ਕੁਛ ਵੀ , ਤਾਂ ਫੜ ਕਾਨੂੰ ਲਿਆ ਸੀ , ਲਿਫਾਫਾ......! “

... ਹੁਣ ਤਕ ਉਸਨੇ ਐਹੋ ਜਿਹੇ ਅਨੇਕਾਂ ‘ਡੀਲ’ ਨਪੇੜੇ ਚਾੜ੍ਹੇ ਸਨ ।ਏਥੇ ਇਸ ਬਸਤੀ ‘ਚ ਰਹਿੰਦਿਆਂ ਵੀ ਤੇ ਕੁਮਾਰ ਜੀ ਦੇ ਕੁਆਟਰ ‘ਚ ਪੁੱਜ ਕੇ ਵੀ । ਕਰਮਾ ਵੀ ਉਸਦਾ ਭਾਈਵਾਲ ਰਿਹਾ ਸੀ ਹਰ ਥਾਂ । ਉਹਨਾਂ ਸਭਨਾਂ ਦਾ ਇਕੋ-ਇਕ ਨਿਯਮ ਚੇਤੇ ਸੀ ਉਸਨੂੰ – ‘ਅੱਧੀ ਰਕਮ ਅਡਵਾਂਸ,ਅੱਧੀ ਕੰਮ ਹੋਏ ਤੇਏ.....।‘ ਹੁਣ ਤੱਕ ਉਸਦੇ ਕਿਸੇ ਵੀ ‘ਬਾਸ ‘ ਨੇ ਧੋਖਾ-ਦੇਹੀ ਨਹੀਂ ਸੀ ਕੀਤੀ ਉਸ ਨਾਲ , ਨਾ ਹੀ ਉਸਨੇ ਅਗਾਂਹ ਕੀਤੀ ਸੀ , ਕਿਸੇ ਵੀ ‘ਕਾਰੋਬਾਰੀ ’ ਬੰਦੇ ਨਾਲ ।

ਪਰ ਹੁਣ ਉਸਦਾ ਕਾਰੋਬਾਰੀ ਬੰਦਾ ਈ ਅੜ ਖਲੋਤਾ ਸੀ – ਉਹ ਵੀ ਉਸਦੀ ਆਪਣੀ ‘ਰਿਆਸਤ ’ ‘ਚ । ਜਿਥੇ ਦਾ ਉਹ ਆਪ ‘ਰਾਜਾ ’ ਹੁੰਦਾ ਸੀ ਕਦੀ । ਪੱਤਾ ਨਹੀਂ ਸੀ ਹਿੱਲ ਸਕਦਾ ਉਸਦੇ ਕਹਿਣਾ –ਆਖਣ ਤੋਂ ਬਿਨਾਂ । ....ਹਿੱਲਣਾ ਵੀ ਕਿਵੇਂ । ਹੋਰ ਕਿਸੇ  ਦੀ ਹਿੰਮਤ ਕਿੱਥੇ ਸੀ ਐਹੋ ਜਿਹੀ ਉੱਚੀ-ਪੱਧਰੀ ਥਾਂ ਸਾਭ ਕੇ ਬੈਠਣ ਦੀ ।

 ਮਹਾਂ-ਨਗਰ ਦੀ ਸਫਾਈ-ਅਭਿਆਨ ‘ਚ ਉਜੜੇ-ਪੁਜੜੇ ਲੋਕ ਤਾਂ ਕਿੰਨਾ-ਕਿੰਨਾ ਚਿਰ ਊਈਂ ਤਾਬੇ ਨਹੀਂ ਸਨ ਆਏ । ਉਂਝ ਦੇ ਉਂਝ ਹੀ ਘੁੰਮਦੇ-ਭਟਕਦੇ ਰਹੇ ਸਨ, ਕਿਸੇ ਵੀ ਠਾਹਰ-ਅੱਡੇ ਦੀ ਢੂੰਡ-ਭਾਲ ‘ਚ । ਪਰ ਵਰਮੇ-ਕਰਮੇ ਦੇ ਪੈਰਾਂ ਹੇਠਾਂ ਜਿਵੇਂ ਝੱਟ ਦੇਣੀ ਮੋਟਾ-ਤਾਜ਼ਾ ਬਟੇਰਾ ਨੱਪਿਆ ਗਿਆ । ....ਨਵੇਂ ਪੁਲ ਤੇ ਮਟਰ-ਗਸ਼ਤੀ ਕਰਦਿਆਂ ਇਹ ਟਿੱਬੀ ਉਨ੍ਹਾਂ ਦੇ ਸਹਿਵਲ ਹੀ ਨਜ਼ਰੀ ਪੈ ਗਈ ਸੀ –ਕੱਖਾਂ ਕਾਨਿਆਂ ਦੀਆਂ ਉੱਜੜੀਆਂ –ਪੁਜੜੀਆਂ ਕਈ ਸਾਰੀਆਂ ਕੁੱਲੀਆਂ ਵਾਲੀ ਉੱਚੀ –ਰੇਤਲੀ ਟਿੱਬੀ ।

ਉਸੇ ਵਕਤ ਉਨ੍ਹਾਂ ਇਸ ਨਵੀਂ-ਲੱਭੀ ਠਾਹਰ ਤੇ ਇਕ ਕੁੱਲੀ ਆ ਸੁਆਰੀ । ਉਨ੍ਹਾਂ ਰੀਸੇ ਅਨੇਕਾਂ ਹੋਰਨਾਂ ਥਾਂ-ਥਾਂ ਆਪਣੇ-ਆਪਣੇ ਤਰਪਾਲ ਤਾਣ ਲਏ ।

ਗੋਡੇ-ਗੋਡੇ ਡੂੰਘੀਆਂ, ਛੋਟੀਆਂ-ਵੱਡੀਆਂ ਕਈ ਸਾਰੀਆਂ ਖਾਲਾਂ-ਵੱਟਾਂ ਢਾਹ-ਪੂਰ ਕੇ ।

ਬਰਸਾਤ ਮੁਕਦੇ ਹੀ ਅਰਾਈ ਟੱਬਰ ਇਸ ਰੇਤ ਸਾਗਰ ‘ਚ ਖੇਲ੍ਹਾਂ ਆ ਪੁੱਟਦੇ । ਸ਼ਹਿਰ ਲਾਗਲੇ ਗੰਦ-ਢੇਰਾਂ ਦਾ ਗੰਦ-ਕੂੜਾਂ ਇਨ੍ਹਾਂ ਅੰਦਰ ਲਿਆ ਖਿਲਾਰਦੇ ।

ਪੁਗਾਰਾ ਰੁੱਤ ‘ਚ ਬੀਜੀਆਂ ਵੱਲਾਂ,ਪਿੰਡਾਂ ਲੂੰਹਦੀ ਗਰਮੀ ਦਾ ਤਾਅ ਸਹਿੰਦਿਆਂ-ਸਹਾਰਦਿਆਂ ਆਖਰ ਸੁੱਕ-ਸੜ ਜਾਂਦੀਆਂ ਤੇ ਸਬਜ਼ੀ ਭਾਜੀ ਨਾਲ ਰਸਦਾ ਝੂੰਗੀ-ਝੂੰਡ ਮੁੜ ਆਉਦੇ ਸਿਆਲੇ ਤਕ ਉਜਾੜ ਦਿਸਣ ਲੱਗਦਾ ।

ਪਰ, ਵਰਮੇ-ਕਰਮੇ ਦੀ ਖੋਜ ਪਹਿਲ ਸਦਕਾ, ਇਕ ਵਾਰ ਵਸਿਆ ‘ਪਿੰਡ’ ਮੁੜ ਕਦੀ ਨਾ ਉੱਜੜਿਆ । ਆਸ-ਪਾਸ ਦੇ ਵੰਨ-ਸੁਵੰਨੇ ਬਹੁ-ਮੰਜ਼ਲੇ ਵਿਹਾਰਾਂ-ਪਾਰਕਾਂ ਦੇ ਡਰ-ਡਰਾਵੇ ‘ਤੇ ਵੀ ਨਹੀਂ । ਉਹਨਾਂ ਦੇ ਆਸ-ਪਾਸ ਸਜੇ-ਉਸਰੇ ਵਿਹਾਰਾਂ-ਪਾਰਕਾਂ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ । ਇਕ ਵਾਰ ਨਈਂ  ਕਈ ਵਾਰ ਡੈਪੂਟੇਸ਼ਨ ਲੇ ਕੇ ਵੀ ਮਿਲੇ । ਮੂੰਹ ਜ਼ੁਬਾਨੀ ਵੀ ਗਿਲੇ ਪ੍ਰਗਟ ਕੀਤੇ ਕਿ – “ ਵਿੰਨਡੋਪੈਨਾਂ, ਵੈਨਟੀਲੇਟਰਾਂ ਦੇ ਅਪਾਰਦਰਸ਼ੀ ਸ਼ੀਸ਼ਿਆਂ-ਪਰਦਿਟਾ ਰਾਹੀਂ ਵੀ ਖੁਆਜਾ-ਨਗਰੀ ਦੇ ਗੰਦੇ-ਮੰਦੇ ਲੋਕਾਂ ਦੀ ਭੈੜੀ-ਚਿੱਬੀ ਦਿੱਖ, ਉਹਨਾਂ ਦੇ ਡਰਾਇੰਗ-ਰੂਮਾਂ , ਬੈੱਡ-ਰੂਮਾਂ, ਬਾਥਰੂਮਾਂ ਤਕ ਪੁੱਜਣੋਂ ਬਾਜ਼ ਨਈਂ ਆਉਂਦੀ । ਇਨ੍ਹਾਂ ਨੂੰ ਹਰ ਹੀਲੇ ਹਟਾਇਆ ਜਾਏ ਇਸ ਥਾਂ ਤੋਂ .....।“

ਇਹ ਤਾਂ ਭਲਾ ਹੋਵੇ ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਹੁਣਾਂ ਦਾ, ਉਹ ਨਾ ਮਲਟੀ-ਸਟੋਰੀ-ਦਬਾ ਅੱਗੇ ਝੁਕੇ, ਨਾ ਹਾਈ-ਪਾਵਰ-ਸੁਝਾਅ ਅੱਗੇ । ਉਹਨਾਂ ਹਰ-ਮੈਜਸਟੀ ਮੈਡਮ ਜੀ ਤੋਂ ਸਿੱਧੀ ਪ੍ਰਵਾਨਗੀ ਲੈ ਲਈ ਬਾਹਰੋ-ਬਾਹਰ ਪਣੇ ਦੋਨਾਂ ਮੱਤਾਂ ਲਈ । ਕੁਮਾਰ ਜੀ ਦਾ ਪਹਿਲਾ ਮੱਤ ਸੀ – ‘ਹਵਾ ਦੀ ਛੱਤ ਤੇ ਦੂਰ-ਉੱਪਰ ਤਕ ਖਿਲਰੇ-ਬਿਖਰੇ ਕੱਲੇ-ਕੱਲੇ ਪੈਕਟਾਂ ਨਾਲੋਂ, ਇਕ ਥਾਂ ਜੰਮਘਟਾ ਬਣੀ ਵੋਟ-ਪੌਕਿਟ ਦੀ ਤਰੱਕੀ ਭਲਾਈ ਕਰਨੀ ਆਸਾਨ ਹੀ ਨਹੀਂ, ਅਤਿਅੰਤ ਸੌਖੀ ਵੀ ਐ । ਉਨ੍ਹਾਂ ਦਾ ਦੂਜਾ ਮੱਤ ਸੀ ਕਿ ਅਕਾਸ਼ ਛੂੰਹਦੀਆਂ ਬਹੁਮੰਜਲੀ ਇਮਾਰਤਾਂ ‘ਚ ਰਸਦੀ ਵਸਦੀ ਦਸ ਕੁ ਫੀਸਦੀ ਆਬਾਦੀ ਦੀ ਨੱਬੇ ਫੀਸਦੀ ਅਕਲ-ਸੂਝ ਆਪਣੀ ਹੁੰਦੀ,ਉਹਦੇ ਨਾਲ ਕੌਣ ਮੱਥਾ ਮਾਰੇ ।.....ਤੇ ਇਧਰ ਐਸ ਥਾਂ, ਵਰਮੇ-ਕਰਮੇ ਵੰਨੀ, ਐਨ ਉਸਦੇ ਉਲਟ । ਸੋ, ਜਿੰਨੀ ਵਾਰ ਵੀ ਉਨ੍ਹਾਂ ਦੀ ਹਾਈ ਪਾਵਰ ਕਮੇਟੀ ਤੇ ਉਨ੍ਹਾਂ ਦੀ ਜਿੰਦ ਜਾਨ ਨਾਲੋਂ ਪਿਆਰੀ ਵੋਟ-ਨਗਰੀ ਨੂੰ ਢਹਿ-ਢੇਰੀ ਕਰਨ ਲਈ ਵਿਹਾਰਾਂ-ਪਾਰਕਾਂ ਦਾ ਦਬਾ ਵਧਿਆ, ਉਨੀ ਵਾਰ ਹੀ ਉਹ ਬੁਲਡੋਜ਼ਰ ਅੱਗੇ ਸਿੱਧੇ ਲੰਮੇ ਪੈ ਕੇ ਖੁਆਜਾ-ਨਗਰੀ ਦਾ ਬਚਾ ਕਰਦੇ ਰਹੇ ।

ਵਰਮੇ-ਕਰਮੇ ਦੀ ‘ਇੱਜ਼ਤ-ਆਰਬੂ’ ਦਾ ਵੀ ।

ਅੱਗੋਂ ਵਰਮੇ-ਕਰਮੇ ਨੇ ਵੀ ਕੁਮਾਰ ਜੀ ਦੀ ਕਿਸੇ ਗੱਲੇ ਪਿੱਠ ਨਹੀਂ ਸੀ ਲੱਗਣ ਦਿੱਤੀ । ਨਾ ਉਹਨਾਂ ਦੇ ਗੰਗਾ ਤਟ ਲਾਗਲੇ ਫਾਰਮ ‘ਤੇ , ਨਾ ਉਹਨਾਂ ਦੀ ਰਾਜਧਾਨੀ ਅੰਦਰਲੀ ਚੋਣ-ਅਸਟੇਟ ਅੰਦਰ ।

ਕੁਮਾਰ ਜੀ ਦੀ ਜੱਦੀ-ਪੁਸ਼ਤੀ ਫਾਰਮ ਲੇਬਰ ਚੰਗੀ-ਭਲੀ ‘ਖਾਂਦੀ-ਪੀਦੀ’ ਐਮੇਂ ਈ ‘ਸਮਾਨ ਨੂੰ ਛੜਾਂ ਮਾਰਨ ਲੱਗ ਪੈਂਦੀ ਸੀ ,ਵਿਚ-ਵਿਚਾਲੇ ’ । ਉਂਝ ਤਾਂ ਕੁਮਾਰ ਜੀ ਹਰ ਫ਼ਸਲੇ ਉਹਨਾਂ ਦੇ ਢਿੱਡ ਭਰਨ ਜੋਗਾ ਦਾਲ-ਭਾਤ ਛੱਡ ਵੀ ਆਉਂਦੇ ਸਨ, ਪਿੱਛੇ । ਪਰ,ਉਹ ਪੇਟੂ ਕਿਸਮ ਦੇ ਜਿੰਨ-ਜਨੌਰ ਰੱਖਣ ਦਾ ਨਾਂ ਈ ਨਹੀਂ  ਸੀ ਲੈਂਦੇ । ਐਨ ਵਿਚਕਾਰ ਜਿਹੇ ਆ ਕੇ ਅੜ ਖਲੋਂਦੇ ਸਨ ਢੀਠ ਜਿਹੇ ਬਣਕੇ । ਅਖੇ – ‘ਇੱਤੇ ਸੇ ਹਮਰਾ ਘਰ-ਬਾਰ ਨਾਹੀ ਚਲਤ ਹੈ ਬਾਬੂ ਸਾਬ੍ਹ ਜੀਈ....ਹਮਾਰ ਬਾਲ-ਬੱਚਾ ਭੂਕਾ ਰਹਿਤ ਹੋ .....।‘

ਦਰਿਆ ਦਿਲ ਕੁਮਾਰ ਜੀ ਨੇ ਉਹਨਾਂ ਦੀ ਅੜੀ-ਥੁੜੀ ਲੋੜ-ਮੰਗ ਪੂਰੀ ਵੀ ਕੀਤੀ ਕਈ ਵਾਰ, ਪਰ ਉਹਨਾਂ ਨੇ ਜਿਵੇਂ ਸ਼ਰਮ-ਹਯਾ ਘੋਟ ਕੇ ਪੀ ਰੱਖੀ  ਹੋਵੇ ।

ਆਏ ਸੀਜ਼ਨ ਫਿਰ ਉਹੀ ਅਪਲ-ਟਪਲੀਆਂ....।

ਇਹ ਤਾਂ ਵਰਮੇ-ਕਰਮੇ ਦੇ ਖੁਆਜਾ ਨਗਰੀ ਜੁੱਟ ਨੇ ਬੱਸ ਤਿੰਨ ਕੁ ‘ਵਿਜ਼ਟਾਂ ’ ਪਾਈਆਂ ਉੱਪਰੋਂ-ਥਲੀ ਕੁਮਾਰ  ਜੀ ਦੇ ‘ਗੰਗਾ-ਤੱਟ ਫਾਰਮ ’ ਤੇ ਕਿ ਮੁੜ ਸੁੱਕੇ-ਸੜੇ ਜਿਹੇ ਕੰਮੀਂ-ਕਮੀਣ ਹੁਣ ਤੱਕ ਕੰਨ ‘ਚ ਪਾਇਆਂ ਨਹੀਂ ਸੀ ਰਕੜਕੇ ।

ਪਿਛਲੀ ਵਾਰ ਦਾ ਕੁਮਾਰ ਜੀ ਦੀ ਜਮਨਾ-ਤਟ ਪਾਰਲੀ ਚੋਣ-ਅਸਟੇਟ ਵਾਲਾ ਕਾਰਜ ਤਾਂ ਕਰਮੇ-ਵਰਮੇ ਨੇ ਏਨੇ ਚਾਅ ਨਾਲ ਸੰਪੰਨ ਕੀਤਾ , ਐਨੀ ਸਫ਼ਲਤਾ ਨਾਲ ਨੇਪੜੇ ਚਾੜ੍ਹਿਆ ਕਿ ਕੁਮਾਰ ਜੀ ਦਾ ਨੰਬਰ  ਕਿਤੋਂ ਹੇਠੋਂ ਚੁੱਕ ਹੋ ਕੇ ਕਿਤੇ ਉਤਾਂਹ ਚੜ੍ਹ ਗਿਆ ਸੀ ਉਹਨਾਂ ਦੀ ‘ਜਨ-ਕਲਿਆਣ-ਸਭਾ ’ ‘ਚ ।ਨਾਲ਼ ਹੀ ਉਹਨਾਂ ਦੀ ਸੀਟ-ਟਿਕਟ ਇਕ-ਦਮ ਪੱਕੀ-ਠੱਕੀ ਨੱਥੀ-ਗੰਢੀ ਗਈ ਸੀ ਦਰਿਆਉਂ ਪਾਰਲੇ ਚੋਣ ਹਲਕੇ ਨਾਲ ।

ਕੰਮ ਸੀ ਵੀ ਵਰਮੇ-ਕਰਮੇ ਦੇ ਸੁਭਾਅ ਦੇ ਪੂਰਾ ਫਿੱਟ ।

...ਇਕ ਸ਼ਾਮੀਂ ਹਨੇਰੇ ਜਿਹੇ ਕੁਮਾਰ ਜੀ ਨੇ ਵਰਮੇ-ਕਰਮੇ ਨੂੰ ‘ਕੁਮਾਰ-ਕੁਟੀਰ ’ ਬੁਲਾ ਕੇ ਦੱਸਿਆ – “ ਹਾਈ ਪਾਵਾਰ ਕਮੇਟੀ ਦੀ ਰੂਹੇ ਰਵਾਂ, ਸਭ ਤੋਂ ਵੱਡੀ ਕੁਰਸੀ ਨੂੰ ਬੜੇ ਭੈੜੇ ਭੈੜੇ ਸੁਪਨੇ ਆਉਂਦੇ, ਬੱਸ ਥੋੜ੍ਹੇ ਕੁ ਦਿਨੋਂ ਤੋਂ....ਚੋਣ ਮਿਆਦ ਪੁੱਗਣ ਕੰਢੇ ਆਈ ਤੋਂ । ਰਾਤੀਂ ਸੁੱਤੀ-ਸੁੱਤੀ ਉਹ ਅਬੜਬਾਹੇ ਉੱਠ ਬੈਠਦੀ ਆ, ਬੁੜ-ਬੁੜਾ ਕੇ । .....ਏ ਤੋਂ ਲੈ ਕੇ ਜ਼ੈੱਡ ਕਿਸਮ ਦੀ ਸੁਰੱਖਿਆ  ਉਲੰਘ ਕੇ ਵੀ ਕੋਈ ਜਿੰਨ-ਭੂਤ ਉਹਦੀ ਛਾਤੀ ‘ਤੇ ਆ ਚੜ੍ਹਦਾ । ਉਹ ਇੰਨੂ ਵਰਚਾਉਂਦਾ, ਭਰਮਾਉਂਦਾ ।ਪਰ ਨਾਲ ਦੀ ਨਾਲ ਆਉਂਦੀਆਂ ਚੋਣਾਂ ‘ਚ ਚਿੱਤ ਕਰਨ ਦੀ ਧਮਕੀ ਵੀ ਮਾਰਦਾ । ਕਦੀ ਉਹਦੇ ਹੱਥ  ‘ਚ ਕਲਮ ਹੁੰਦੀ , ਕਦੀ ਖੰਜਰ । ਕਦੀ ਉਹਦੇ ਕੋਲ ਸੰਖ ਹੁੰਦਾ ਕਦੀ ਇੱਕਤਾਰਾ । ......ਆਪਾਂ ਉਦ੍ਹਾ ਉਪਾਅ ਕਰਨ ....।“

ਅੰਨ੍ਹਾ ਕੀ ਭਾਲੇ ਦੋ ਅੱਖਾਂ ।

ਐਹੋ ਜਿਹੇ ਉਪਾਅ ਕਰਨਾ ਉਹਨਾਂ ਦੇ ਸੱਜੇ-ਖੱਬੇ ਹੱਥ ਦਾ ਕੰਮ ਸੀ । ਉਹਨਾਂ ਦੇ ਅੰਗਾਂ-ਪੈਰਾਂ ਨੂੰ ਗਰਮੀਂ-ਸਰਗਰਮੀਂ ਪ੍ਰਦਾਨ ਕਰਨ ਵਾਲੇ ਰੰਗੀਨ ਅਵਸਰ । ਇਸ ਵਾਰ ਦਾ ਰੰਗੀਨ-ਕਾਰਜ ਕਰਨਾ ਵੀ ਕੁਮਰ ਜ ਨਾਲ ਮਿਲ਼ ਕੇ ਸੀ ,ਉਹਨਾਂ ਦੀ ਛਤਰ-ਛਾਇਆ ਹੇਠ । ਕਰਮੇ-ਵਰਮੇ ਨੂੰ ਮਨ-ਭਾਉਂਦਾ ਕੰਮ ਮਿਲਦਿਆਂ ਸਾਰ, ਸਿਰੇ ਦਾ ਚਾਅ ਚੜ੍ਹ ਗਿਆ । ਕੁਮਾਰ ਜੀ ਦੇ ਦੱਸੇ ਊਲ-ਜਲੂਲ ਜਿਹੇ ਸ਼ਬਦ, ਕਲਮ-ਸ਼ੋਖ-ਤੂੰਬੀ , ਉਹਨਾਂ ਲਈ ਕੋਈ ਅਰਥ ਨਹੀਂ ਸਨ ਰੱਖਦੇ ਤੇ ਛੁਰਿਆਂ-ਖੰਜਰਾਂ ਤੋਂ ਹੁਣ ਉਹੀ ਕਦੀ ਡਰੋ-ਘਾਬਰੇ ਨਹੀਂ ਸਨ ।

ਨਾ ਫੁੱਟ-ਪਾਥ ‘ਤੇ ਰਹਿੰਦੇ ਵਿਚਰਦੇ, ਨਾ ਖੁਆਜਾ-ਨਗਰੀ ਪਹੁੰਚ  ਕੇ ।....ਥੋੜ੍ਹਾ ਕੁ ਜਿੰਨ ਨੋਰ ‘ਚ ਹੋਇਆਂ ਨੂੰ ਕੁਮਾਰ ਜੀ ਨੇ ਉਹਨਾਂ ਨੂੰ ,ਉਸ ਬੇ-ਹਯਾ, ਬੇ-ਸ਼ਰਮ ਭੂਤ-ਪਰੇਤ ਦੀ ਥੋੜ੍ਹੀ ਕੁ ਜਿੰਨੀ ਜਾਣਕਾਰੀ ਵੀ ਦੇ ਛੱਡੀ – ‘ਭਰਵਾਂ ’ ਡਰਾਉਣਾ ਜੁੱਸਾ , ਲਾਲ ਗਹਿਰੀਆਂ ਅੱਖਾਂ ਤੇ ਮੂੰਹ-ਸਿਰ ‘ਤੇ ਲੰਮੇ-ਲੰਮੇ ਵਾਲ .....।‘

ਫਿਰ ਪਤਾ ਨਈ ਉਹ ਦੋ-ਦੋ ਪੈਗ ਹੋਰ ਚਾੜ੍ਹ ਕੇ, ਉਸ ਵਿਕੋਲਿੱਤਰੀ ਇੱਲਬਲਾ ਦੀ ਪਛਾਣ ਕਰਨੀ ਈ ਭੁੱਲ ਗਏ, ਜਾਂ ਕੁਮਾਰ ਜੀ ਨੇ ਉਹਨਾਂ ਦੀ ਅਰਥ-ਬੇਹੋਸ਼ੀ ਦਾ ਯੋਗ ਲਾਹਾ ਲੈਂਦਿਆਂ, ਉਹਨਾਂ ਦੇ ਕੰਨਾਂ ਵਿਚ ਕਸੇ ਹੋਰ ਢੰਗ ਦੀ ਫੂਕ ਮਾਰ ਛੱਡੀ ।....ਅਗਲੇ ਦਿਨ ਦਾ ਸਾਰਾ ਆਕਾਸ਼ , ਭਰਵੇਂ ਜੁੱਸੇ , ਲਾਲ-ਗਹਿਰੀਆਂ ਅੱਖਾਂ ਤੇ ਲੰਮੇ-ਲੇੰਮੇ ਵਾਲਾਂ ਵਾਲੀ ਓਪਰੀ-ਸ਼ੈਅ ਦੀ ਅੰਸ਼-ਵੰਨਸ਼ੀ ਸਾੜ-ਫੂਕ ਨਾਲ ਕਾਲਾ-ਸਿਆਹ ਹੋਇਆ ਪਿਆ ਸੀ ।

ਨਾ ਕੋਈ ਬਿਰਧ ਬਚਿਆ ਸੀ , ਨਾ ਜੁਆਨ , ਨਾ ਕੋਈ ਵੋਟਰ ਬਚਿਆ ਸੀ ,ਨਾ ਉਮੀਦਵਾਰ ।

ਅਗਲੇ ਦਿਨ ਵੀ ਉਹ ਕੁਝ ਹੋਇਆ , ਉਸ ਤੋਂ ਅਗਲੇ ਦਿਨ ਵੀ ।

ਤਿੰਨ ਕੁ ਦਿਨ ਤਾਂ ਕੁਮਾਰ ਜ ਆਪਣੇ ਬੰਗਲੇ ਦੀ ਧੁਰ ਉੱਪਰਲੀ ਬਾਲਕੋਨੀ ‘ਚ ਬੈਠੇ , ਸਾਰੇ ਦਾ ਸਾਰਾ ਹੋ-ਹੱਲਾ ਬੜ ਅਨੰਦ ਨਾਲ਼ ਦੇਖਦੇ ਮਾਣਦੇ ਰਹੋ । ਵਿੱਚਵਾਰ ਕਿਸੇ ਰਹਿ ਗਏ , ਬਚ ਗਏ ਏਰੀਏ ਮੁਹੱਲੇ ਨੂੰ ‘ਪੂਰਾ-ਟਰੀਟ ’ ਕਰਨ ਲਈ ਹਦਾਇਤਾਂ ਵੀ ਜਾਰੀ ਕਰਦੇ ਰਹੇ , ਪਰ ਠੀਕ ਚੌਥੇ ਦਿਨ ਉਹਨਾਂ ਨੂੰ ਆਪਣਾ ਨਰਮ-ਨਾਜ਼ੁਕ ਮੰਨਵਾ ਥੋੜ੍ਹਾ ਕੁ ਬਦਲਣਾ ਪੈ ਗਿਆ । ਲਹੂ-ਲੁਹਾਣ ਹੋਏ ਬਾਜ਼ਾਰਾਂ-ਵਿਹਾਰਾਂ, ਕੁੰਜਾਂ-ਐਵੇਨਿਉਆਂ, ਪਾਰਕਾਂ-ਨਗਰਾਂ ਤੇ ਢੇਰ ਸਾਰੀ  ਦਇਆ ਕਰਨ ਪੈ ਗਈ ।

ਕਰਮੇ ਦੀ ‘ਨਲਾਇਕੀ ’ ਕਾਰਨ ।

ਕਰਮੇ ਦੇ ਵਿੱਟਰ ਬੈਠਣ ‘ਤੇ ਕੁਮਾਰ ਜੀ ਫਿਕਰਮੰਦ ਤਾਂ ਹੋਏ ਸਨ, ਪਰ ਘਬਰਾਏ ਨਹੀਂ । ਅੱਗ-ਭਬੂਕਾ ਨਹੀਂ ਸੀ ਹੋਏ। ਜਿਵੇਂ ਵਰਮਾ ਹੋਇਆ ਪਿਆ ਸੀ , ਹੁਣ । ਕੁਮਾਰ ਜੀ ਦਾ ਨੰਬਰ-ਦੋ ।  ਮਰਸੀਡੀਜ਼ ‘ਚੋਂ ਉਤਰਿਆ । ਕਰਮੇ ਦੀ ਢਾਰੀ ਸਾਹਮਣੇ । ਇਕੱਲਾ , ਬਿਨਾਂ ਕਿਸੇ ‘ਨਿੱਜੀ ’ ਅੰਗ-ਰਾਖੇ ਦੇ ।

ਆਏ ਕੁਮਾਰ ਜੀ ਵੀ ਇਕਲੇ ਈ ਸਨ, ਉਸ ਦਿਨ । ਕਾਰ ਉਹਨਾਂ ਵੀ ਕਰਮੇ ਦੀ ਢਾਰੀ ਸਾਹਮਣੇ ਈ ਖੜ੍ਹੀ ਕੀਤੀ ਸੀ । ਪਰ, ਉਹਨਾਂ ਦੀਆਂ ਅੱਖਾਂ ਵਿੱਚ ਲਹੂ ਨਹੀਂ ਜਾਣੋਂ ਨਮੀਂ ਸਿੰਮਦੀ ਸੀ , ਨਮੀਂ ।ਹਲਕੀ-ਪੇਤਲੀ ਸਿੱਲ੍ਹ, ਜਿਹੜੀ ਕਿਸੇ ਵੀ ਤਰ੍ਹਾਂ ਅੱਥਰੂ-ਤੁਪਕੇ ਦਾ ਰੂਪ ਨਹੀਂ ਸੀ ਧਾਰਨ ਕਰ ਸਕੀ –ਪੂਰਾ ਯਤਨ ਕਰਨ ‘ਤੇ ਵੀ ਨਹੀਂ ।

ਆਉਂਦਿਆਂ ਸਾਰ ਉਹਨਾਂ ਕਰਮੇ-ਵਰਮੇ ਸਮੇਤ ਸਾਰੇ ਖੁਆਜਾ ਨਗਰ ਦੀ ਚੰਗੀ-ਚੋਖੀ ‘ਝਾੜ-ਝੰਬ ’ ਕੀਤੀ ਸੀ – ਯਹ ਕਿਆ ਕਰ ਦੀਆ ਤੁਮ ਨੇ , ਕਿਆ ਕਰ ਦੀਆ....ਹਰਾਮੀਓਂ, ਬਦਮਾਸ਼ੋ.! ‘....ਐਸਾ ਤੋਂ, ਐਸਾ ਤੋਂ ਕਿਸੀ ਅਬਦਾਲੀ ਨੇ ਵੀ ਨਹੀਂ ਕੀਆ ਥਾ, ਕਿਸੀ ਚੰਗੇਜ਼ ਨੇ ਵੀ ਨਹੀਂ ....। ਯਹ ਤੋਂ ਥੇ ਹੀ ਤੁਮ ਕੇ ਹਮਵਤਨੀ, ਭਾਈ-ਬੰਧੂ ,ਮਿੱਤਰ-ਦੋਸਤ । ਉਏ....ਹੋਏ ਬਓਤਾ ਬੁਰਾ ਕੀਆ , ਬਓਤ ਬੁਰਾ ਕੀਆ ....ਤੁਮ ਲੋਗੋਂ ਨੇ ।...ਨਹੀਂ ਦੇਖ ਜਾਤ, ਹਮ ਸੇਏ....ਬਿਲਕੁਲ ਨਹੀਂ ਦੇਖ ਜਾਤ । ....ਬੰਦ ਕਰੋ , ਬੰਦ ਕਰੋ ,.....ਯਹ ਸਭ ....।‘

ਕੁਮਾਰ ਜੀ ਬੁੱਲੇ ਵਾਂਗ ਆਏ ਸਨ ਤੇ ਹਨ੍ਹੇਰੀ ਵਾਂਗ  ਵਾਪਸ ਮੁੜਦੇ ਹੋਏ ਸਨ । ਬਦਲਵੇਂ ਆਦੇਸ਼ ਜਾਰੀ ਕਰਕੇ ।

ਵਰਮਾ ਤਾਂ ਖੈਰ ਚਾਲੂ ਬੰਦਾ ਸੀ । ਸਭ ਕੁਝ ਚੁੱਪ-ਚਾਪ  ਸੁਣਦਾ ਰਿਹਾ ।ਪਰ , ਕਰਮੇ ਨੂੰ ਕੁਮਾਰ ਜੀ ਦੀ ਖੇਖਨਬਾਜ਼ੀ ਹੋਰ ਵੀ ਤਪਦਾ ਕਰ ਗਈ । .....ਘਾਇਲ ਤਾਂ ਉਹ ਪਹਿਲਾਂ ਹੀ ਹੋਇਆ ਪਿਆ ਸੀ । ਉਹ ਤਾਂ ਅਜੇ ਉਵੇਂ ਦਾ ਉਵੇਂ ਤੜਪ ਰਿਹਾ ਸੀ , ਪਿਛਲੇ ਕੱਲ੍ਹ ਦੀ ਘਟਨਾ ਕਾਰਨ । ਸੁੰਦਰ-ਨਗਰ ਦੀ ਵਿਚਕਾਰਲੀ ਗਲੀ ਦੇ ਅਖੀਰਲੇ ਘਰ ਵਿਚ ਹੋਈ-ਵਾਪਰੀ ਅਲੋਕਾਰੀ ਘਟਨਾ ਕਾਰਨ।.....ਤੀਜੇ ਦਿਨ ਦੇ ਕਾਮਯਾਬ ਅਭਿਆਨ ਪਿੱਛੋਂ , ਸ਼ਾਮੀਂ ਜਿਹੇ ਖੁਆਜਾ ਨਗਰ ਵੱਲ ਨੂੰ ਵਾਪਸ ਮੁੜਕੇ ਕਰਮੇ ਨੁੰ ਕੁਮਾਰ ਜੀ  ਦੇ ਨਿੱਜੀ –ਗਾਰਡ ਵਗਰੀ ਸੁਰੱਖਿਆ ਟੋਲੀ ਲੇ ਉਸਦੇ ਨੇੜੇ ਜਿਹੇ ਰੁਕਦਿਆਂ ਦੱਸਿਆ – “ਇਕ ਸ਼ਿਕਾਰ ਉੱਥੇ ਵੀ ਐ, ਅੰਦਰ ਜਿਹੇ ਨੂੰ....।“

ਉਸੇ ਵਕਤ ਕਰਮਾ ਪੂਰੀ ਗੈਂਗ ਨਾਲ ਉਸ ਘਰ ‘ਤੇ  ਜਾ ਚੜ੍ਹਿਆ । ਬਾਹਰਲਾ ਲੱਕੜ ਦਾ ਦਰਵਾਜ਼ਾ ਉਸਦੇ ਬੰਦਿਆਂ ਇਕੋ ਧੱਕਾ ਮਾਰ ਕੇ ਡੇਗ-ਸੁੱਟ ਦਿੱਤਾ ।ਫਿਰ ਦੋ ਕੁ ਮੰਜੀਆਂ  ਦੇ ਕੱਲੇ-ਕਹਿਰੇ ਕਮਰੇ ਵਿਚ ਸਹਿਮੇ –ਦੜੇ ਘਰ ਦੇ ਤਿੰਨਾਂ ਜਾਂ ਜੀਆਂ ਵਿੱਚੋਂ ਉਹ ਕਰਮੇ ਕੁ ਦੀ ਉਮਰ ਦੇ ਮਾੜਚੂ ਜਿਹੇ ਬੰਦੇ ਨੂੰ ਜੂੜਿਓਂ ਫੜ ਕੇ ਬਾਹਰ ਧੂਹ ਲਿਆਏ, ਵਿਹੜੇ ‘ਚ ।

ਅਗਲੇ ਹੀ ਪਲ ਸਰੀਆਂ-ਰਾਡਾਂ ਦੀ ਮਾਰ ਹੇਠ ਤੜਫਦੇ-ਸਿਸਕਦੇ ਘਰ ਦੇ ਮਾਲਕ ਦੀਆਂ ਖੁਸ਼ਕ ਡੂੰਘੀਆਂ ਅੱਖਾਂ, ਉਸਦੇ ਡਰੇ –ਸਹਿਮੇਂ ਕੋਇਆ ‘ਚ ਬਾਰਰ ਟੱਡੀਆਂ ਗਈਆਂ । ਉਸ ਨੂੰ ਬੇ-ਤਹਾਸ਼ਾ ਮਾਰ  ਤੋਂ ਬਚਾਉਂਦੀ ਉਸਦੀ ਘਰ ਵਾਲੀ ਵੀ ਇਕ-ਦੋ ਸੱਟਾਂ ਖਾ ਕੇ ਬੇਹੋਸ਼ ਜਿਹੀ ਹੋਈ ਪਾਸੇ ਲੁੜਥ ਗਈ , ਪਰ ਵਿਹੜੇ ਦੇ ਕਹਿਰ ਅੰਦਰ ਘਿਰੀ ਉਹਨਾਂ ਦੀ ਤਿੰਨਾਂ ਕੁ ਸਾਲਾਂ ਦੀ ਬਲੂਰ ਜਿਹੀ ਬਾਲੜ੍ਹੀ ਲੇਹਲੜਾਂ ਕੱਢਦੀ ਇਕ-ਸਾਰ ਬੇੱਸ ਇਕੋ ਤਰਲਾ ਕਰਦੀ ਰਹੀ  - ‘ਨਾ ਮਾਲੋ ਪਾਪਾ ਨੂੰ , ਨਾ ਮਾਲ ਆਮਾਂ ਨੂੰ ਮਆਮਾ, ਮਾਮਾ ਜੀ ਈ ...ਨਾ ਮਾਲੋ ।“

ਕਰਮੇ ਨੇ ਪਿਛਲੇ ਤਿੰਨ ਦਿਨਾਂ ਵਿਚ ਮਾਮਾ ਸ਼ਬਦ ਕਿਸੇ ਮੂੰਹੋਂ ਨਹੀਂ ਸੀ ਸੁਣਿਆ, ਨਾ ਈ ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿਸੇ ਵੀ ਬਾਲ-ਬਾਲਕੀ ਨੇ ਉਸ ਨੂੰ ਮਾਮਾ ਕਹਿ ਕੇ ਬੁਲਾਇਆ ਸੀ । ਅੰਕਲ, ਅੰਕਲ ਜੀ ਵਰਗੇ ਸ਼ਬਦ ਤਾਂ ਅਨੇਕਾਂ ਵਾਰ ਉਸਦੇ ਕੰਨੀਂ ਪਏ ਸਨ । ਭਰਾ ,ਭਾਈ, ਵੀਰ ਤਾਂ ਕਰੀਬ ਹਰ ਘਰ ਦੀ ਸੁਆਣੀ , ਉਸ ਨੂੰ ਬਣਿਆ ਲੋਚਦੀ ਸੀ – ਲੁੱਟ ਹੁੰਦੇ ਘਰ ਦੀ ਇੱਜ਼ਤ ਆਬਰੂ ਨੂੰ ਬਚਿਆ ਰੱਖਣ ਲਈ , ਪਰ ਇਹਨਾਂ ਸ਼ਬਦਾਂ ਦੇ ਚਾਲੂ ਜਿਹੇ  ਅਰਥਾਂ ਨੇ ਉਸਦੇ ਹੱਥਾਂ-ਪੈਰਾਂ ਦੀ ਗਤੀਵਿਧੀ ਰਤਾ ਮਾਸਾ ਵੀ ਕਿਧਰੇ ਮੱਠੀ ਨਹੀਂ ਸੀ ਪੈਣ ਦਿੱਤੀ ।

...ਇਸ ਘਰ ਦੀ ਨਿੱਕੀ ਜਿਹੀ ਬੱਚੀ ਦੀ ਤੋਤਲੀ ਜਿਹੀ ਲੇਅਰ-ਚੀਕ ‘ਨਾ ਮਾਲੋ, ਪਾਪਾ ਨੂੰ , ਆਮਾਂ ਨੂੰ ਮਾਮਾ, ਮਾਮਾ ਜੀ .....’  ਤਾਂ ਜਿਵੇਂ ਉਸਦਾ ਸੀਨਾ ਚੀਰਦੀ ਧੁਰ ਉਸਦੇ ਅੰਦਰ ਤਕ ਧੱਸ ਗਈ ਸੀ ।

ਉਸਦੀਆਂ ਲਾਲ-ਲਾਲ ਡੋਰੇ ਉਗਲਦੀਆਂ ਅੱਖਾਂ ਬੱਗੀ-ਚਿੱਟੀ ਬਾਲੜੀ  ਦੀ ਡਰੀ-ਸਹਿਮੀ ਨਿਗਾਹ ਸਾਹਮਣੇ ਚੌੜ-ਚਪੱਟ ਚਿੱਤ ਹੋ ਗਈਆਂ । ਪੂਰੇ ਜ਼ੋਰ ਦਾ ਦਬਕਾ ਮਾਰ ਕੇ ਉਸਨੇ ਆਪਣੀ ਕੁਮਾਂਡ ਹੇਠਲੀ ਗੈਂਗ ਨੂੰ ਅਗਲੀ ਕਾਰਵਾਈ ਕਰਨੋਂ ਰੋਕ ਦਿੱਤਾ ।

ਘਰ ਦੇ ਪੱਕੇ ਫਰਸ਼ ਤੇ ਥ੍ਰੀ-ਵੀਲਰ ਉਲਟਾ ਕੇ ਡੋਲ੍ਹਿਆ ਉਸੇ ਘਰ ਦਾ ਪੈਟਰੋਲ, ਉਸੇ ਤਰ੍ਹਾਂ ਰੁੜ੍ਹਿਆ ਛੱਡ ਕੇ ਉਹ ਆਪਣੀ ਢਾਰੀ ‘ਚ ਆ ਡਿੱਗਿਆ , ਖੁਆਜ਼ਾ-ਨਗਰ ।

ਰਾਤ ਭਰ ਉਸਦੀ ਹਾਰੀ-ਥੱਕੀ ਦੇਹ , ਉਸਦੇ ਸਾੜੇ-ਫੂਕੇ ਘਰਾਂ ‘ਚੋਂ ਉੱਠਦੀਆਂ ਲਾਟਾਂ ਵਾਂਗ ਸੜਦੀ-ਭਖ਼ਦੀ ਰਹੀ ।ਅਗਲਾ ਸਾਰਾ ਦਿਨ ੳਹ ਵੀ ਉਵੇਂ ਦਾ ਉਵੇਂ ਪਿਆ ਰਿਹਾ , ਟੁੱਟਿਆ-ਬਿਖ਼ਰਿਆ, ਸਾਹ-ਸੱਤ ਹੀਣ ।

ਵਰਮੇਂ ਦਾ ਕਿਹਾ-ਸੁਣਿਆ, ਅਣਸੁਣਿਆ ਕਰਕੇ । ਉਸ ਨੂੰ ‘ਮਾਮਾ ਜੀ’ ਦੇ ਰਿਸ਼ਤੇ ‘ਚ ਗੰਢਣ ਵਾਲੀ ਬੱਗੀ-ਚਿੱਟੀ ਬਾਲੜੀ ਤਾ ਉਸਨੂੰ ਖੁਆਜਾ-ਨਗਰ ‘ਚ ਉਠਾਲ,ਉਂਗਲੀ ਲਾਈ ਦੂਰ ਪਿਛਾਂਹ ਛੱਡ ਆਈ ਸੀ । ਉਸਦੇ ਪਿੰਡ ।

ਪਿੰਡ ਦੇ ਕੱਚੇ-ਪਿੱਲੇ ਘਰ ‘ਚ ।

ਉਸਦੇ ਮਾਂ-ਬਾਪ ਕੋਲ ।.....ਦੋ ਹੀ ਭੈਣ-ਭਰਾ ਸਨ ਉਹ । ਉਸ ਤੋਂ ਕਈ ਵਰ੍ਹੇ ਵੱਡੀ ਭੈਣ ਦਾ ਲੋਗੜੂ ਜਿਹਾ ਨਿੱਕਾ, ਨਾਨਕੇ ਘਰ ਹੀ ਜੰਮਿਆ ਤੇ ਬਓਤਾ ਸਮਾਂ ਕਰਮੇ ਕੋਲ ਹੀ ਰਿਹਾ ।

ਉਸਦੇਂ ਕੋਲ ਵਿਹਲ ਹੀ ਕਿੱਥੇ ਹੀ ਕਿੱਥੇ ਸੀ , ਉਹਨੂੰ ਸਾਂਭਣ ਦੀ  ।.....ਸਹੁਰੇ ਪਿੰਡ ਦੇ ਠਾਕੁਰ ਮਾਲਕਾਂ ਦੀ ਕੋਠੀ-ਹਵੇਲੀ ਦਾ ਕੂੜਾ-ਗੋਹਾ ਈ ਸਾਹ ਨਹੀਂ ਸੀ ਲੈਣ ਦਿੰਦਾ ਉਸਨੂੰ ।ਉੱਪਰੋਂ ਬਹੂ-ਠਾਕਰਨੀ ਨੇ ਮੁੜ ਅਗਲਾ ਪੂਰ ਝੋਲੀ ਪਾ ਲਿਆ । ਪਹਿਲਾਂ ਵੀ ਕਰਮੀ ਛੋਟੀ-ਬਹੂ ਦਾ ਜੋੜਾ ਜਣੇਪਾ ਸਾਂਭ ਚੁੱਕੀ ਸੀ ,ਪਿਛਲੇ ਤੋਂ ਪਿਛਲੇ ਸਾਲ । ਉਦੋਂ ਉਹ ਆਪ ‘ਕੇੱਲੀ ਸੀ , ਇਕੱਲੀ-ਕਹਿਰੀ । ਨਿੱਕਾ ਅਜੇ ਉਸਦੀ ਕੁੱਖ ‘ਚੋਂ ਨਿਕਲ ਕੇ ਗੋਦੀ ਨਹੀਂ ਸੀ ਚੜ੍ਹਿਆ ।‘

ਪਰ,ਹੁਣ.....ਉਹ ਵਾੜੇ –ਢਾਰੋ ਦੀ ਹੱਦ-ਹਦੂਦ ਅੰਦਰ ਰਿੜ੍ਹਦਾ ਘੁੰਮਦਾ ਨਾ ਕਰਮੀਂ ਦਾ ਅੰਦਰਲਾ ਕੰਮ ਮੁੱਕਣ ਦਿੰਦਾ ਸੀ, ਨਾ ਬਾਹਰਲਾ ।

ਲੈ ਦੇ ਕੇ ਕਰਮੀਂ ਦੀ ਓਟ, ਉਸਦੀ ਮਾਂ ਭੰਤੀ ਸੀ ,ਜਾਂ ਉਦਾ ਪਿਓ ਰੁਲੀਆ ।

ਉਹ ਭਲਾ ਕਿਵੇਂ ਧੱਕਾ ਦਿੰਦੇ ਆਪਣੀ ਇਕੋ-ਇਕ ਧੀ ਦੀ ਪਹਿਲੀ-ਪਠੇਲੀ ਆਂਦਰ ਨੂੰ ।

ਦਿਹਾੜੀ-ਦੱਪਾ ਕਰਦੇ ਕਦੀ ਉਹ ਨਿੱਕੇ ਨੂੰ ਢੱਕੀਂ ਚੁੱਕ ਖੜ੍ਹਦੇ, ਕਦੀ ਗਲੀ-ਮੁਹੱਲੇ ਦੀ ਛੋਟੀ-ਵੱਡੀ ਮੁਢੀਰ ਨਾਲ਼ ਕੌਡ-ਕਬੱਡੀ ਖੇਲਦੇ ਕਰਮੇ ਦੇ ਹਵਾਲੇ ਕਰ ਜਾਂਦੇ ।

ਕੁਛੜੋਂ ਲਾਹੇ ਬੋਟ ਦਾ ਹੇਰਵਾ ਕਰਦੀ ਕਰਮੀਂ ਪੰਦਰੀਂ-ਵੀਹੀਂ ਦਿਨੀ ਉਸਨੂੰ ਜ਼ਰੂਰ ਆ ਚਿੰਮੜਦੀ । ਨਿੱਕਾ ਵੀ ਉਸਦੀ ਹਿੱਕ-ਛਾਤੀ ਨਾਲ਼ ਚਿਪਕਿਆ, ਉਸਦੀਆਂ ਢੱਕਾਂ ਤੋਂ ਉਤਰਨ ਦਾ ਨਾਂ ਨਾ ਲੈਂਦਾ । ਕਰਮਾ ਉਸ ਨੂੰ ਖਿੱਚਦਾ-ਧੂੰਹਦਾ । ਜਾਣ ਲੱਗੀ ਕਰਮੀਂ ਨਾਲੋਂ ਖਿੱਚਣ-ਤੋੜਨ ਲਈ ਧੌਲ-ਧੱਫਾ ਵੀ ਕਰਦਾ ।

ਡਰੇ-ਸਹਿਮੇ ਰੀਂ-ਰੀਂ ਕਰਦੇ ਨਿੱਕੇ ਨੂੰ ਘਰ ਦੇ ਅੰਦਰਲੇ –ਬਾਹਰਲੇ ਵਰਤਾਰੇ ਦੀ ਰੱਤੀ ਭਰ ਸਮਝ ਨਾ ਲੱਗਦੀ । ਉਹ ਤਾਂ ਬੱਸ ਡਿੱਡੋ-ਲਿੱਕਾ ਜਿਹਾ ਹੋਇਆ – ‘ ਨਾ ਮਾਲ, ਨਾ ਮਾਲ , ਮਾਮਾ , ਮਾਮਾ ਜੀ ਈ ਕਰਦਾ ਥੋੜ੍ਹੇ ਕੁ ਚਿਰ ਪਿੱਛੋਂ ਸੁੰਨ ਜਿਹਾ ਹੋ ਜਾਂਦਾ , ਇਕ ਦਮ ਚੁੱਪ । ....ਨਾਨੀ ਦੀ ਬੁੱਕਲ ਵਿੱਚ ਲੁਕ ਦੇ ਜਾਂ ਉਸਦੇ ਢਿੱਡ-ਛਾਤੀ ਨਾਲ ਘੁੱਟ ਹੋ ਕੇ ।

ਪਰ ਬੇ-ਸੁੱਧ ਹੋਈ ਅੰਮੀ ਦੀਆਂ ਲੱਤਾਂ ਨਾਲ ਚਿਮੜੀ ਸੁੰਦਰ ਨਗਰ ਦੀ ਬਾਲੜੀ ਨਾ ਸੁੰਨ ਹੋਈ ਸੀ , ਨਾ ਚੁੱਪ । ਉਸਦੇ ਤੋਤਲੇ ਜਿਹੇ ਬੋਲਾਂ ਨਾਲ ਸਿਸਕਦੀ ਹਰ ਡਰੀ-ਸਹਿਮੇ ਲੇਰ-ਚੀਕ ਤਾਂ ਜਿਵੇਂ ਕਰਮੇ ਦੇ ਲੋਗੜੂ ਜਿਹੇ ਭਾਜਣੇ ਨੂੰ । ਉਸਦੇ ਲਾਗੇ ਹੋਰ ਲਾਗੇ ਵੱਲ ਨੂੰ ਖਿੱਚਦੀ  ਲਿਆਈ ਸੀ ।.....ਆਪਣੇ ਵੱਲੋਂ ਲੱਖ ਯਤਨ ਕੀਤੇ ਸਨ ਉਸਨੇ । ਸਟੇਸ਼ਨਾਂ ਬੱਸ-ਅੱਡਿਆਂ,ਮੰਦਰਾਂ , ਦੁਆਰਿਆਂ ਸਾਹਮਣੇ ਹੱਥ-ਅੱਡੀ , ਲੇਹਲੜੀਆਂ ਕੱਢਦੇ ਅਨੇਕਾਂ ਬਾਲ, ਬੜੀ ਲੀਝ ਲਾ ਕੇ ਦੇਖੇ-ਵਾਚੇ ਸਨ  ਉਸਨੇ । ਪਰ , ਕਿਧਰੇ ਵੀ ਕਰਮੇ ਨੂੰ ਨਿੱਕੇ ਦੀ ਆਲੀ-ਭੋਲੀ ,ਬੀਬੀ ਰਾਣੀ ਸੂਰਤ-ਮੂਰਤ ਨਜ਼ਰੀਂ ਨਹੀਂ ਸੀ ਪਈ ।

ਮਹਾਂ-ਨਗਰ ਦੇ ਕਿਸੇ ਵੀ ਹਿੱਸੇ ‘ਚ ।

ਜਿਥੇ ਕੁ ਦਕ ਉਸਦੇ ਨੰਗੇ ਪੈਰ ਚੱਲ-ਫਿਰ ਸਕੇ ਸਨ । ਕਈ ਵਾਰ ਤਾਂ ਉਸਦੇ ਸੁੱਤ-ਉਨੀਂਦਰੇ ਕੰਨਾਂ ਤਕ ‘ਮਾਮਾ....ਮਾਮਾ ਜੀ ਈ....’ ਦੀ ਲੰਮੀ ਵਿਲਕਵੀਂ ਹੇਕ ਅੱਪੜਦੀ ਮਹਿਸੂਸ ਵੀ ਹੁੰਦੀ, ਪਰ ਹਰ ਵਾਰ ਇਹ ਭੁਲਾਵਾ ਝੱਟ ਅੱਗੋਂ ਓਝਲ ਹੋ ਕੇ ,ਉਸ ਨੂੰ ਹੋਰ ਵੀ ਉਦਾਸ ਕਰ ਜਾਂਦਾ । ਘਰ ਦੇ ਪਿੰਡ ਦੇ ਕਿਸੇ ਵੀ ਜੀਅ ਦਾ ਮੂੰਹ-ਚਿਹਰਾ ਦੇਖਣ ਨੂੰ ਤਰਸਦੀ ਉਸਦੀ ਹਾਰੀ-ਥੱਕੀ ਨਿਗਾਹ ਘੰਟਿਆਂ ਬੱਧੀ ਸੜਕਾਂ-ਚੌਕਾਂ ਦੀ ਭੀੜ-ਉਜਾੜ ਵਿੱਚ ਗੁਆਚੀ ਡੁਸਕਦੀ ਰਹਿੰਦੀ ।

ਹੰਭ-ਥੱਕ ਕੇ , ਉਹ ਮੁੜ ਉਸੇ ਥਾਂ ਜਾ ਟਿਕਦਾ – ਰੇਲ ਸਟੇਸ਼ਨ ਬਾਹਰਲੀ ਖੁੱਲ੍ਹੀ ਸ਼ੈਂਡ ਹੇਠਾਂ ।ਜਿਥੇ ਮਹਿੰਦੀ-ਰੰਗੀਆਂ ਕੰਨ-ਪਟੀਂਆਂ ਵਾਲਾ ਮੰਗਤਾ ਬਾਬਾ ਉਸਨੂੰ ਬੈਠਦਾ ਕਰਕੇ ਗਿਆ ਸੀ , ਗੱਡੀਊਂ ਉਤਾਰ ਕੇ । ਬਾਹਰਲੇ ਗੇਟ ਵੱਲ ਨੂੰ , ਨਿੱਕੇ ਸਮੇਤ ।ਉਸ ਲਈ ਚੀਜ਼ੀ ਲੈਣ । ‘ਇਸ ਚੀਜ਼ ਖਾਣ ਦੀ ਲਾਲਸਾ ਨੇ ਹੀ ਓਸਦੀ ਇਹ ਬਾਬ ਕੀਤੀ ਸੀ ‘, ਪੱਕੇ ਬੈਂਚ ਤੇ ਬੈਠਾ ਉਹ ਆਪਣੇ ਆਪ ਨੂੰ ਕੋਸਦਾ । ‘ਨਹੀਂ ਹੋਰ ਵੀ ਕਈ ਸਾਰੇ ਬਾਲ-ਬੱਚੇ ਸਨ ਹੀ । ਉਸ ਤੋਂ ਵੱਡੇ ਵੀ, ਕਈ ਉਸ ਤੋਂ ਛੋਟੇ । ਉਹ ਮੰਗਤੇ ਤੋਂ ਮਿਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਖਾ ਕੇ ਵੀ ਘਰਾਂ ਨੂੰ ਦੌੜ ਜਾਂਦੇ ,ਤੇ ਉਹ ....ਉਹ ‘ ...ਕੁਬੜੇ ਜਿਹੇ ਸਾਈਂ-ਬਾਬੇ ਦੇ ਮੋਢੇ ਲੱਗਾ ਨਿੱਕਾ, ਪਿਛਾਂਹ ਪੱਕੇ ਬੈਂਚ ‘ਤੇ ਬੈਠ ਰਹੇ ਕਰਮੇ ਵੱਲ ਨੁੰ ਦੇਖਦਾ, ਉਸ ਨੂੰ ਥੋੜ੍ਹਾ ਕੁ ਚਿਰ ਹੋਰ ‘ਦਿਸਦਾ ’ ਰਿਹਾ ਉਹ ਉਸਦੇ ਵੱਡੀ ਮਸੀਤ ਸਾਹਮਣੇ ਅੱਡੇ ਤਕ ਵੀ ਉਸਦੇ ਪਿੱਛੇ-ਪਿੱਛੇ ‘ਆਇਆ ’ ਰਿੜ੍ਹਕਾ-ਲੁੜ੍ਹਕਦਾ ।ਪਰ , ਵਰਮੇ ਨਾਲ਼ ਜੋਟੀ ਬਣ ਜਾਣ ਪਿੱਛੋਂ ਨਿੱਕਾ ਉਸ ਤੋਂ ਦੂਰ , ਬਓਤ ਦੂਰ ਪਿਛਾਂਹ ਰਹਿ ਗਿਆ । ਮੁੜ ਜੇ ਕਦੀ ਕਿਧਰੇ ਉਸਦੇ ਚੇਤੇ ਦੀ ਦਹਿਲੀਜ਼ ਤੇ ਨਿੱਕੇ ਦੀ ਯਾਦ ਦੀ ਹਲਕੀ-ਪਤਲੀ ਲਿਸ਼ਕੋਰ ਪਈ ਈ ਪਈ ਤਾਂ ਉਸਨੇ ਉਸੇ ਵੇਲੇ ਛੰਡ ਝੰਜੋੜ ਕੇ ਪਰ੍ਹਾਂ ਵਗਾਹ ਮਾਰੀ –‘..ਮਰ ਖਪ ਗਿਆ ਹੋਣਾ ਕਿਧਰੇ...ਲੂਲਾ ਲੰਗੜਾ ਬਣਾ ਕੇ ਵੇਚ-ਵੱਟ ਛੱਡਿਆ ਹੋਣਾ, ਉਸ ਹਰਾਮ ਦੀ ਬਾਬਾ ਜਿਣਸ ਨੇ ....। ‘ ਫਿਰ.... ਫਿਰ ਉਸਨੂੰ ਬੱਸ ਆਪਣਾ ਆਪ ਚੇਤੇ ਸੀ ਜਾਂ ਚਿੱਬ –ਖੜਿੱਬੀ ਦਿੱਖ ਵਾਲੇ ਗੰਦੇ-ਮੰਦੇ ਲੋਕਾਂ ਵਰਗਾ ਹਮ-ਉਮਰ ਵਰਮਾ ।

ਮਹਾਂ-ਨਗਰ ਦੀ ਸਫਾਈ ਮੁਹਿੰਮ ਤਾਂ ਜਿਵੇਂ ਉਹਨਾਂ ਦੋਨਾਂ ਦੀ ਕੁੱਬੀ ਹੋਈ ਪਿੱਠ ਵਿੱਚ ਲੱਤ ਵੱਜਣ ਵਾਂਗ ਆ ਵੱਜੀ ।

ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਨੇ ਤਾਂ ਜਾਣੋਂ ਉਹਨਾਂ ਨੂੱ ਹੱਥਾਂ ‘ਤੇ ਹੀ ਚੁੱਕ ਲਿਆ ।ਉਹਨਾਂ ਦੀ ਉੱਨਤੀ-ਤਰੱਕੀ ਕਰਨ ਲਈ ।ਉਹਨਾਂ ਦੀ ਹਰ ਔਖ-ਮੁਸ਼ਕਲ ਦੂਰ ਕਰਨ ਲਈ ਜਾਂ,ਵਿਚ-ਵਿਚ ਕਿਧਰੇ ਆਪਣੀ ਜਾਂ ਆਪਣੇ  ਕਿਸੇ ਹਿੱਤੂ-ਹਿਤੈਸ਼ੀ ਦਾ ਦੁਖ-ਕਸ਼ਟ ਹਰਨ ਲਈ ।

ਇਸ ਵਾਰ ਵੀ ਉਹਨਾਂ ਕੁਮਾਰ ਜੀ ਦਾ ਹਾਈ-ਪਾਵਰ ਕਮੇਟੀ ਦੀ ਸਭ ਤੋਂ ਵੱਡੀ ਕੁਰਸੀ ਦਾ ਦੁਖ –ਕਸ਼ਟ ਹਰਨ ਲਈ ਹੀ ਲਹੂ –ਪਾਣੀ ਇਕ ਕੀਤਾ ਸੀ , ਪੂਰੇ ਤਿੰਨ ਦਿਨ ਲਗਾਤਾਰ ।

ਇਹ ਤਾਂ ਪਤਾ ਨਹੀਂ ਸੁੰਦਰਨਗਰ ਦੀ ਵਿਚਕਾਰਲੀ ਗਲੀ ਵਾਲੇ ਆਖਰੀ ਘਰ ਨੇ ਕਰਮੇ ਦੇ ਕਿਹੋ ਜਿਹਾ ਡੰਗ ਮਾਰਿਆ , ਕਿਹੋ ਜਿਹਾ ਝਟਕਾ ਦਿੱਤਾ, ਕਿ ਚੌਥੇ ਦਿਨ ਦੀ ਸਵੇਰ ਨੂੰ ਉਸਨੇ ਵਰਮੇ ਦੀ ਦੱਸੀ ਸਮਝਾਈ ਦਿਸ਼ਾ ਵੱਲ ਨੂੰ ਜਾਣੋਂ ਅਸਲੋਂ ਨਾਂਹ ਕਰ ਦਿੱਤੀ ।

ਵਰਮੇ ਤੋਂ ੳਸਦੀ ‘ਹੁਕਮ-ਅਦੂਲੀ ’ ਬਰਦਾਸ਼ਤ ਨਾ ਹੋਈ – “ ਏਹ ਸਾਲਾ ਖਾਂਦਾ –ਪੀਦਾ ਸਮਾਨ ਨੂੰ ਛੜਾਂ ਮਾਰਦਾ....ਹੁਕਮ ਹੋਵੇ ਤਾਂ....”, ਖਿਝੇ-ਖਪੇ ਨੇ ਉਸਨੇ ਉਸੇ ਵੇਲੇ ਕੁਮਾਰ ਜੀ ਤੋਂ ਅਗਲੀ ਕਾਰਵਾਈ ਕਰਨ ਦੀ ਆਗਿਆ ਜਾ ਮੰਗੀ ।

“ ਨਹੀਂ ਨਹੀਂ ......ਨਹੀਂ ਨਹੀਂ...ਐਸੇ ਨਾਜ਼ੁਕ ਸਮੇਂ ਪੇ ਐਸੀ ਕਠੋਰ ਕਾਰਵਾਈ ਕਦਾਚਿੱਤ ਨਹੀਂ,ਕਦਾਚਿੱਤ ਨਹੀਂ ।....ਰੈਹਨੇ ਦੀ ਜੀਏ ਉਸੇ , ਰੈਹਨੇ ਦੀ ਜੀਏ, ਜੈਸਾ ਵੀ ਹੈਠ , ਜੈਸਾ ਵੀ ਹੈਅ, ....ਅਪਨੇ ਆਪ ਮੇਂ ਗੁੰਮ.....ਗੁੰਮ ਅਰ ਵਿਅਸਤ.....।“

ਤੇ ਆਪਣੇ ਆਪ ਅੰਦਰ ਗੁੰਮ ਹੋਇਆ ਕਰਮਾ, ਸਵੇਰੇ ਦਾ ਨਿਕਲਿਆ ਕਿਧਰੇ ਸ਼ਾਮੀ ਹਨ੍ਹੇਰੇ ਪਏ ਘਰ ਮੁੜਦਾ ।

ਨਵੇਂ ਪੁਲ ਲਾਗਲੇ ਟੈਂਪੂ ਸਟੈਂਡ ਤੋਂ ।

ਪੂਰੇ ਤਿੰਨ ਮਹੀਨੇ ਨਾ ਉਸਨੇ ਕਿਸੇ ਨਾਲ ਹਾਸੇ-ਠੱਠੇ ਦੀ ਗੱਲ ਕੀਤੀ , ਨਾ ਕਿਸੇ ਕੋਲ ਉੱਠਣ-ਬੈਠਣ ਦੀ ।

ਸਾਰਾ-ਸਾਰਾ ਦਿਨ ਉਸਦੀ ਦੌੜ-ਦੁੜਕੀ ਲੱਗੀ ਰਹਿੰਦੀ । ਕਦੀ ਕਿਸੇ ਬੰਨੇ , ਕਦੀ ਕਿਸੇ ਪਾਸੇ ।.......ਅੰਦਰ ਸੰਘਣੇ ਸ਼ਹਿਰ ਵੱਲ ਨੂੰ , ਜਾਂ ਬਾਹਰ ਖੁੱਲ੍ਹੇ-ਮੋਕਲੇ ਵਿਹਾਰਾਂ-ਪਾਰਕਾਂ ਵੱਲ ਨੂੰ ।

ਪਰ , ਸੁੰਦਰ ਨਗਰ ਮੁਹੇੱਲੇ ਦੀ ਵਿਚਕਾਰਲੀ ਗਲੀ ਸਾਹਮਣਿਓਂ ਲੰਘਦਿਆਂ ਤਾਂ ਉਸਦੀ ਰੂਹ-ਜਾਨ ਨਵੇਂ ਸਿਰਿਉਂ ਪੱਛੀ ਜਾਂਦੀ । .....ਵੱਡੀ ਗਲੀ ਵੱਲੋਂ ਦੌੜਦੀ ਆਈ ਬੱਗੀ-ਚਿੱਟੀ ਬਾਲੜੀ,ਹਰ ਵਾਰ ਉਸਦੇ ਨਿੱਕੇ ਨੂੰ ਗਲਵੱਕੜੀ ਪਾਈ ਉਸਨੂੰ ਬਾਹਰ ਚੁਰਾਹੇ ਵਿੱਚ ਆਈ ਖੜੀ ਦਿਸਦੀ ।

ਐਨ ਉਸਦੇ ਸਾਹਮਣੇ ।

ਉਸਦੇ ਥ੍ਰੀ-ਵੀਲ੍ਹਰ ਦੇ ਅਗਲੇ ਪਹੀਏ ਲਾਗੇ ....ਪਹੀਏ ਹੇਠਾਂ......।

ਝੱਟ ੳਸਦੇ ਬੇਸੁਰਤ ਹੋਏ ਅੰਗ-ਪੈਰ ਸੁਰਤ ਸਿਰ ਹੋ ਉੱਠਦੇ ।

ਤੇਜ਼  ਦੌੜਦਾ ਥ੍ਰੀ-ਵੀਲਰਾ ਥਾਏਂ ਰੁਕ ਜਾਂਦ –ਸਫ਼ਰ ਕਰਦੀ ਹਰ ਸਵਾਰੀ ਨੂੰ ਤਕੜਾ ਝਟਕਾ ਦੇ ਕੇ ।

-“ ਕਿਆ ਹੂਆ ਭਈਆ...? ਕਿਆ ਬਾਤ ਹੂਈ....?” ਕਦੀ ਕੋਈ ਸਿਆਣੀ ਦਿੱਖ ਵਾਲਾ ਯਾਤਰੂ , ਉਸਨੂੰ ਬਿਨਾਂ ਕਾਰਨ ਲਾਈ ਬਰੇਕ ਦਾ ਕਾਰਨ ਪੁੱਛ ਵੀ ਲੈਂਦਾ । ਪਰ ,ਬਓਤੀ ਵਾਰ ਉਸਨੂੰ – ‘ ਸਾਲਾ ਅਮਲੀ ,ਬੇਵਕੂਫ, ਬੇਹੂਦਾ ਡਰੈਵਰ ‘ਵਰਗੇ ਵਿਸ਼ੇਸ਼ਣ ਹੀ ਪ੍ਰਾਪਤ ਕਰਨੇ ਪੈਂਦੇ ।

ਹਥਲਾ ਗੇੜਾ ਮਸਾਂ ਪੂਰਾ ਕਰਕੇ , ਉਹ ਉਸੇ ਵੇਲੇ ਬਸਤੀ ਪਰਤ ਆਉਂਦਾ । ਡਿੱਗਦਾ-ਡੋਲਦਾ,ਤੁਰੰਡਿਆ-ਹਿਲੂਣਿਆ....ਦੋ ਨੰਨੇ-ਮੁੰਨੇ ਬਾਲਾਂ ਦਾ ‘ਖੂਨ ’ ਕਰ ਦੇਣ ਦੇ ਅਹਿਸਾਸ ਨਾਲ ਜ਼ਖ਼ਮੀ ਹੋਇਆ ।

ਫਿਰ ਕਈ ਦਿਨ ਉਸਦੀ ਹੰਭੀ-ਹਾਰੀ ਦੇਹ ਕਿਸੇ ਵੀ ਨਿੱਕੇ ਮੋਟੇ ਫੇਅਰੇ ਲਈ ਰਾਜ਼ੀ ਨਾ ਹੁੰਦੀ ।

ਉਸਦੀ ਉਲਝੀ-ਵਿਗੜੀ ਹਾਲਤ ਦੇਖਦੇ ਵਰਮੇ ਨੇ ਉਸਨੂੰ ਕਈ ਵਾਰ ਸਮਝਾਇਆ –ਵਰਚਾਇਆ ਵੀ – “ ਸਾਰੀ ਉਮਰ ਆਹ ਭੂੰਡ ਜਿਹਾ ਈ ਘੁਮਾਈ ਜਾਏਂਗਾ ਕਿ ਹੋਰ ਵੀ ਕਰੇਗਾ ਕੋਈ ਕੰਮ ਦੀ ਸਵਾਰੀ .....। ਆ ਬੈਠ ਮੇਰੇ ਨਾ, ਤੈਨੂੰ ਸ਼ੀਸ਼-ਮਹਿਲੀਂ ਘੁਮਾ –ਫਿਰਾ ਲਿਆਵਾਂ.....।“

ਸ਼ੀਸ਼ –ਮਹਿਲ ਵਰਮਾ ਰੰਗ-ਬਰੰਗੇ ਹੋਟਲਾਂ-ਰੈਸਟੋਰੈਂਟਾਂ ਨੂੰ ਕਿਹਾ ਕਰਦਾ ਸੀ ।

ਸ਼ੀਸ਼-ਮਹਿਲੀਂ ਕਰਮਾ ਉਸ ਨਾਲ ਗਿਆ ਵੀ ਕਈ ਵਾਰ ।ਉਹਨਾਂ ਥਾਂਵਾਂ ਦਾ ਰੰਗ-ਰੋਸ਼ਨ ਉਸਦੇ ਮਾਣਿਆ-ਚਖਿਆ ਵੀ । ਪਰ, ਉਹਨਾਂ ਥਾਵਾਂ ਤੋਂ ਮੁੜਦੇ ਆਏ ਵੀ ਉਸਦੇ ਚਿਹਰੇ ਦੀ ਆਭਾ ਰਹਿੰਦੀ ਵੀ ਹਾਰੀ-ਮਧੋਲੀ ਜਾਂਦੀ ।

ਹਾਰੀ-ਮਧੋਲੀ ਤੇ ਗ਼ਮਗੀਨ ।.....ਬੈਰ੍ਹਿਆਂ ਵੇਟਰਾਂ ਜਾਂ ਨਾਚ-ਗਾਣਾ ਕਰਦੀਆਂ ਕੁੜੀਆਂ-ਕੰਜਕਾਂ ਦੇ ਗੱਭਰੂ ਹੋਏ ਚਿਹਰਿਆਂ ‘ਚੋਂ ਕਿਸੇ ਥਾਂ ਉਸਨੂੰ ਬੱਗੀ-ਚਿੱਟੀ ਬਾਲੜੀ ਦੇ ਨੈਣ ਨਕਸ਼ ਝਲਕਦੇ ਦਿਸਣ ਲੱਗਦੇ, ਕਿਸੇ ਥਾਂ ਗੋਭਲੇ ਜਿਹੇ ਨਿੱਕੇ ਦੇ ।ਨਿੱਕੇ ਦੇ ਗੁੰਮਣ-ਗੁਆਚਣ ਦਾ ਕੁੱਲ ਦੋਸ਼ ਉਸਨੇ ਮੁੜ ਤੋਂ ਆਪਣੇ ਸਿਰ ਆਪਣੇ ਮੱਥੇ ‘ਤੇ ਸਾਫ਼-ਸਾਫ਼ ਮੜ੍ਹਦਾ ਕਰ ਲਿਆ ਸੀ – ‘ਓਹਨੇ ਭਲਾ ਪੈਰ ਈ ਕਿਉਂ ਪੁੱਟੇ ਸੀ ਘਰੋਂ ਬਾਹਰ , ਬੀਬੀ-ਭਾਪੇ ਦੇ ਦਿਹਾੜੀ ਗਿਆਂ ?....ਉਹ ਭਲਾ ਆਇਆ ਈ ਕਿਉਂ ਸੀ , ਸਾਧੜੇ ਜੇਹੇ ਦੀਆਂ ਗੱਲਾਂ ਵਿੱਚ ਮੋਮੋਠੱਗਣੀਆਂ ‘ਚ ??.... ਓਹਨੇ ਭਲਾ ਨਿੱਕੇ ਨੂੰ ਜਾਣ ਈ ਕਿਉਂ ਦਿੱਤਾ ਸੀ ਕੱਲੇ ਨੂੰ ਉਹਦੇ ਨਾਲ ‘ਟੇਸ਼ਣੋਂ ਬਾਹਰ ??? ....ਖ਼ਬਰੇ ਕੇੜ੍ਹੇ ਹਾਲੀਂ ਜੀਉਂਦਾ ਭਟਕਦਾ ਪਊਂ ਉਸਦੀ ਭੈਣ ਦਾ ਮਾਸੂਮ ਜਿਹਾ ਬੋਟ.....।“

‘ਨਾ ਮਾਲ, ਆਮਾਂ ਨੂੰ ਪਾਪਾ ਨੂੰ ,ਨਾ ਮਾਲ ਮਾਮਾ .....ਮਾਮਾ ਜੀ ਈ ....’ , ਸੰਖੇਪ ਜਿਹੇ ਵਾਕ ਨੇ ਉਸ ਅੰਦਰ , ਮਰ ਮੁੱਕ ਚੁੱਕੇ ਸਾਰੇ ਰਿਸ਼ਤੇ ਜਿਵੇਂ ਸਿਰਿਉਂ ਜਾਗਦੇ ਕਰ ਛੱਡੇ । ਮਾਂ, ਬਾਪੂ, ਭੈਣ , ਦੇ ਭੁੱਲੇ –ਵਿਸਰੇ ਚਿਹਰੇ ਵਾਰ-ਵਾਰ ਉਸਦੀਆਂ ਬੁਝੀਆਂ –ਬੁਝੀਆਂ ਅੱਖਾਂ ਸਾਹਮਣੇ ਸਾਖਸ਼ਾਤ ਖੜੋਣ ਲੱਗ ਪਏ ।

ਕਰੀਬ ਵੀਹ ਵਰ੍ਹੇ ਪਹਿਲਾਂ ਉਸ ਨਾਲ ਥੋੜ੍ਹਾ ਕੁ ਚਿਰ ਖੇਲਿਆ –ਵਰਚਿਆ ਨਿੱਕਾ ਤਾਂ ਹੁਣ ਉਸਦੀ ਘੁਨੇੜੀਓਂ ਉਤਰਨ ਦਾ ਨਾਂ ਈ ਨਹੀ ਸੀ ਲੈਂਦਾ ।

ਵਰਮੇ ਦੇ , ਕੁਮਾਰ ਜੀ ਦੇ ਵੰਨ-ਸੁਵੰਨੇ ਯਤਨਾਂ ਦੇ ਬਾਵਜੂਦ ।

ਹਾਰ ਕੇ ਕੁਮਾਰ ਜੀ ਨੇ ਵਰਮੇ ਨੂੰ ਬਦਲਵੀਂ ਹਦਾਇਤ ਜਾਰੀ ਕਰ ਦਿੱਤੀ – “ ਛੋੜੋ, ਛੋੜੋ ਉਸੇ , ਏਕ ਦਮ ਦਫਾ ਕਰੋ ,ਦਫਾ ਕਰੋ ਗੰਦੇ-ਲੋਕ ਕੋਅ ।....ਖੁਆਜਾ ਨਗਰ ਕਾ ਸਾਰਾ ਕਾਮ ਅੱਬ ਗੋਪੀ ਕੋ ਸੌਂਪ ਦੋ , ਗੋਪੀ ਕੋਆ ...ਆਹ ਹੀ , ਆਜ ਹੀ ਇਸੀ ਵਕਤ । ....ਫੀਸ ਦੁੱਗਨੀ ਕਰਦੋ ਸਭ ਕੀ ਦੁੱਗਨੀ ।.....ਆਖਿਰ ਹਮਰੀ ਇੱਜ਼ਤ.....।“

ਵੱਡੀ ਕੁਰਸੀ ਦਾ ਸੁਪਨ-ਭੈਅ ਉੱਡ-ਪੁੱਡ ਜਾਣ ਤੇ ਪੂਰੇ ਸੌਵੇਂ ਦਿਨ ਕੀਤੀ ਜਾਣ ਵਾਲੀਂ ‘ਚੋਣ ਸਫ਼ਲਤਾ ਰੈਲੀ ’ ਦੀ ਗਿਣਤੀ-ਮਿਣਤੀ ਨਾਲ ਹੀ ਤਾਂ ਕੁਮਾਰ ਜੀ ਦੀ ਇੱਜ਼ਤ ਆਬਰੂ .....।

ਪਰ, ਠੀਕ ਚਾਰ ਦਿਨ ਪਹਿਲਾਂ ਕਰਮੇ ਨੂੰ ਸੌਂਪਿਆ ਰੈਲੀ –ਫੰਡ , ਅਜੇ ਤੱਕ ਖੁਆਜਾ-ਨਗਰ ਦੀ ਕਿਸੇ ਵੀ ਛੱਪਰੀ ਤਕ ਅੱਪੜਦਾ ਨਹੀਂ ਸੀ ਹੋਇਆ ।

ਅੱਧ-ਪਚੱਧ ਵੀ ਨਹੀਂ ।

ਖੁਆਜਾ ਨਗਰ ਤੋਂ ਛੇ-ਸੱਤ ਟਰੱਕ ਤਾਂ ਕਦੀ ਵੀ ਘਟਣ ਨਹੀਂ ਸੀ ਦਿੱਤੇ ਕਰਮੇ ਨੇ – ਕਿਸੇ ਓਪਰੇ-ਪਰਾਏ ਨਾਲ਼ ਭੇਜਣ-ਤੋਰਨ ਲਈ ,ਇਹ ਤਾਂ ਭਲਾ ।

ਕੁਮਾਰ ਜੀ ਨੂੰ ਸੱਚਮੁੱਚ ਦੀ ਚਿੰਤਾ ਆ ਚਿਮੜੀ ।

ਵਰਮੇ ਨੂੰ ਉਸ ਤੋਂ ਵੱਧ .....।

ਉਸੇ ਵਰਤ ਵਰਮਾ , ਕਰਮੇਂ ਦੀ ਢਾਰੀ ਸਾਹਮਣੇ ਆ ਰੁਕਿਆ , ਇਕੱਲਾ ।

ਅੱਗ-ਭਬੂਕਾ ਹੋਇਆ ।

ਗੋਪੀ ਨੂੰ ਇਕੱਲੇਵੰਝੇ ਕਰਕੇ ਉਸਨੂੰ ਥੋੜ੍ਹਾ ਕੁ ਜਿੰਨਾ ਹੋਰ ਪਰਖਿਆ ।

ਉਹ ਤਾਂ ਚਿਰਾਂ ਤੋਂ ਠਿੱਬੀ ਲਾਊ ਸੀ , ਕਰਮੇ ਨੂੰ – “ ਬਾਕੀ ਤੁਹੀ ਫਿਕਰ ਨਾ ਕਰੋ ....ਆਪਾਂ ਬਓਤ ਸੁਲਝੇ ਬੰਦੇ ਆਂ ...ਮਜਾਲ ਆ ਇਕ ਵੀ ਬੰਦਾ ਠੰਗੀ-ਠੋਰੀ । “

ਗੋਪੀ ਤੋਂ ਦੋ ਕੁ ਕਦਮ ਹਟਵੇਂ ਮੁੜਦੇ ਆਏ ਵਰਮੇ ਨੂੰ ਕਰਮੇ ਨੇ ਬਗ਼ਲ ਹਠ ਨੱਪਿਆ ਵੱਡਾ ਖਾਕੀ ਲਿਫਾਫਾ ਲੰਮੀ ਬਾਂਹ ਕਰਕੇ ਵਾਪਸ ਕਰਦਿਆਂ ਬੇਹੱਦ ਠਰ੍ਹੰਮੇ ਨਾਲ਼ ਕਿਹਾ – “ ਆਹ ਫੜ ਲਾਆ ...ਏਨੂੰ ਦੇ ਜਾਂ ਆਪੇ ਈ ਵੰਡ ਲਾਅ.....। ਮੈਥੋਂ ਨਹੀਂ ਹੁੰਦੇ ਐਹੇ ਜਏ ਗੰਦੇ-ਕੰਮ , ਗੰਦੇ-ਲੋਕਾਂ ਦੇ ਏ....।“ ਪਤਾ ਨਈਂ ਉਸਦੇ ਗੰਦੇ-ਕੰਮਾਂ ਵਾਲੇ ਗੰਦ ਲੋਕ ਕਿਸ ਨੂੰ ਕਿਹਾ ਸੀ – ਕੁਮਾਰ ਜੀ ਨੂੰ , ਵਰਮੇ ਨੂੰ , ਆਪਣੇ ਆਪ ਨੂੰ ਜਾਂ ਉਸਦੀ ਢਾਰੀ ਲਾਗੇ ਜੁੜੀ ਖੁਆਜਾ ਨਗਰ ਦੀ ਗੋਪੀ-ਨੁਮਾ ਸਾਰੀ ਦੀ ਸਾਰੀ ਭੀੜ ਨੂੰ ........।

 

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ (ਹੁਸ਼ਿਆਰਪੁਰ)

Mobile No : 094655-74866

Web Site   -     www.lalsinghdasuya.yolasite.com